Amber (Punjabi Ghazals) : Amardeep Sandhawalia

ਅੰਬਰ (ਗ਼ਜ਼ਲ ਸੰਗ੍ਰਹਿ) : ਅਮਰਦੀਪ ਸੰਧਾਵਾਲੀਆਬੜੇ ਹੀ ਖ਼ੂਬਸੂਰਤ ਹਰ ਨਗਰ ਵਿਚ

ਬੜੇ ਹੀ ਖ਼ੂਬਸੂਰਤ ਹਰ ਨਗਰ ਵਿਚ ਘਰ ਵੀ ਹੁੰਦੇ ਨੇ ਅਤੀ ਸੁੰਦਰ ਤੇ ਵੇਖਣਯੋਗ ਕੁਝ ਖੰਡਰ ਵੀ ਹੁੰਦੇ ਨੇ ਅਜਬ ਨੇ ਸ਼ੌਕ ਲੋਕਾਂ ਦੇ ਕਿ ਸ਼ੀਸ਼ੇ ਦੇ ਘਰਾਂ ਅੰਦਰ ਸਜਾਵਟ ਵਾਸਤੇ ਰੱਖੇ ਉਨ੍ਹਾਂ ਪੱਥਰ ਵੀ ਹੁੰਦੇ ਨੇ ਘੜੀ ਵੱਲ ਵੇਖਦਾ ਉਹ ਤੇਜ਼ ਤੁਰਦਾ ਸੋਚਦਾ ਅਕਸਰ ਕਈ ਥਿਰ ਹੋ ਗਏ ਪਲ ਆਦਮੀ ਅੰਦਰ ਵੀ ਹੁੰਦੇ ਨੇ ਅਸਾਨੂੰ ਵੀ ਪਤਾ ਹੈ ਕਿ ਸਮੁੰਦਰ ’ਚੋਂ ਮਿਲਣ ਮੋਤੀ ਕਈ ਪ੍ਰਕਾਰ ਦੇ ਪਰ ਮਨ ’ਚ ਬੈਠੇ ਡਰ ਵੀ ਹੁੰਦੇ ਨੇ ਮੇਰੇ ਨੈਣਾਂ ’ਚ ਉਸਨੇ ਵੇਖਿਆ ਤੇ ਆਖਿਆ ਮੈਨੂੰ ਸਵਾਲਾਂ ਵਿਚ ਕਈ ਵਾਰੀ ਪਏ ਉੱਤਰ ਵੀ ਹੁੰਦੇ ਨੇ ਲਿਖੇ ਜਾਂਦੇ ਨੇ ਜੋ ਆਕਾਸ਼ ਤੇ ਹੀ ਰਾਤ ਅੱਧੀ ਨੂੰ ਹਿਜਰ ਦੀ ਪੀੜ ਦਾ ਅਨੁਵਾਦ ਉਹ ਅੱਖਰ ਵੀ ਹੁੰਦੇ ਨੇ ਉਡਾਰੀ ਲਾ ਗਈ ਉਹ ਵੀ ਉਤਾਰੀ ਅਰਸ਼ ਤੋਂ ਜਿਹੜੀ ‘ਅਮਰ’ ਸੀ ਭੁੱਲ ਬੈਠਾ ਕਿ ਪਰੀ ਦੇ ਪਰ ਵੀ ਹੁੰਦੇ ਨੇ

ਸਾਜ਼ਿਸ਼ਾਂ ਦੇ ਦੌਰ ਅੰਦਰ

ਸਾਜ਼ਿਸ਼ਾਂ ਦੇ ਦੌਰ ਅੰਦਰ ਹਾਦਸੇ ਤਾਂ ਹੋਣਗੇ ਹੋਣਗੇ ਬੇਆਸਰੇ ਸਭ, ਆਸਰੇ ਤਾਂ ਹੋਣਗੇ ਚੀਕਦੇ ਸ਼ਬਦਾਂ ’ਚੋਂ ਪਰਤੇ ਜੋ ਗੁਆ ਕੇ ਆਬਰੂ ਅਰਥ ਮੇਰੀ ਚੁੱਪ ਦੇ ਉਹ ਭਾਲਦੇ ਤਾਂ ਹੋਣਗੇ ਪਾਰਦਰਸ਼ੀ ਇਸ਼ਕ ਮੇਰੇ ਤੋਂ ਖ਼ਫ਼ਾ ਜੋ ਲੋਕ ਨੇ ਕੱਚ ਦਾ ਸਾਮਾਨ ਘਰ ਉਹ ਵਰਤਦੇ ਤਾਂ ਹੋਣਗੇ ਹਰਫ਼ ਜੋ ਮੇਰੀ ਕਥਾ ਦੇ ਹਾਣ ਦੇ ਨਾ ਹੋ ਸਕੇ ਬੇਵਜ੍ਹਾ ਮੈਨੂੰ ਬੜਾ ਉਹ ਕੋਸਦੇ ਤਾਂ ਹੋਣਗੇ ਹੁਣ ਦਿਮਾਗ਼ਾਂ ਦਾ ਚੁਫ਼ੇਰੇ ਬੋਲਬਾਲਾ ਹੋ ਗਿਆ ਉਂਝ ਹਾਲੇ ਵੀ ਦਿਲਾਂ ਦੇ ਮਾਮਲੇ ਤਾਂ ਹੋਣਗੇ ਚੱਲ ‘ਅਮਰ’ ਏਥੇ ਤਾਂ ਬੁੱਧੀਜੀਵੀਆਂ ਦੀ ਲੋੜ ਹੈ ਲੱਭੀਏ ਦੋ—ਚਾਰ ਕਿਧਰੇ ਸਿਰਫਿਰੇ ਤਾਂ ਹੋਣਗੇ

ਰਚਾ ਕੇ ਪਿਆਸ ਦਾ ਪੂਰਾ ਅਡੰਬਰ

ਰਚਾ ਕੇ ਪਿਆਸ ਦਾ ਪੂਰਾ ਅਡੰਬਰ ਨਦੀ ਇਕ ਪੀ ਗਈ ਸਾਰਾ ਸਮੁੰਦਰ ਰਹੇ ਖ਼ਾਮੋਸ਼ ਮੇਰੀ ਚੀਕ ਭਾਵੇਂ ਬੜਾ ਹੈ ਸ਼ੋਰ ਮੇਰੀ ਚੁੱਪ ਅੰਦਰ ਕਿਵੇਂ ਤਫ਼ਤੀਸ਼ ਕਾਤਿਲ ਦੀ ਕਰੋਗੇ ਉਨ੍ਹੇ ਨੈਣਾਂ ’ਚ ਰੱਖੇ ਸਾਂਭ ਖ਼ੰਜਰ ਧਨੁਸ਼ ਚੁੱਕਣਾ ਵਫ਼ਾ ਦਾ ਲਾਜ਼ਮੀ ਸੀ ਨ ਜਿੱਤ ਸਕਿਆ ਕੁਈ ਮੇਰਾ ਸੁਅੰਬਰ ਖਲੋਤਾ ਦਿਨ ਰਿਹਾ ਮੇਰੇ ਸਿਰ੍ਹਾਣੇ ਅਜਬ ਇਕ ਵੇਖਿਆ ਮੈਂ ਰਾਤ ਮੰਜ਼ਰ ਅਸਾਡੇ ਹੌਸਲੇ ਖ਼ਾਤਿਰ ਹੀ ਕਹਿ ਦੇ ਬੜੇ ਏਥੋਂ ਗਏ ਖ਼ਾਲੀ ਸਿਕੰਦਰ ਨਵਾਂ ਇਹ ਸਾਲ ਵੀ ਪਿਛਲੇ ਜਿਹਾ ਹੈ ਅਸੀਂ ਤਾਂ ਬਦਲਿਆ ਹੈ ਬਸ ਕਲੰਡਰ ਕਥਾ ਤੇਰੀ ’ਚ ਤੁਰਦਾ ਗ਼ੈਰ ਜਦ ਵੀ ਗ਼ਜ਼ਲ ਮੇਰੀ ਖਲੋ ਜਾਵੇ ਠਠੰਬਰ ‘ਅਮਰ’ ਨਾ ਤਾਰਿਆਂ ਦੀ ਗੱਲ ਕਰਦਾ ਸਿਆਣਾ ਹੈ, ਬੜਾ ਹੈ ਦੂਰ ਅੰਬਰ

ਨਗਰ ਦਾ ਹਰ ਬਸ਼ਰ ਹੁਣ

ਨਗਰ ਦਾ ਹਰ ਬਸ਼ਰ ਹੁਣ ਇਸ ਕਦਰ ਹੈ ਭਟਕਦਾ ਰਹਿੰਦਾ ਪਤਾ ਉਹ ਆਪਣਾ ਹੀ ਘਰ ਦੇ ਅੰਦਰ ਢੂੰਡਦਾ ਰਹਿੰਦਾ ਵਫ਼ਾ ਦੀ ਪਾਕ ਮੰਜ਼ਿਲ ’ਤੇ ਭਲਾ ਉਹ ਖ਼ਾਕ ਪਹੁੰਚੇਗਾ ਮੇਰੇ ਤੇ ਗ਼ੈਰ ਦੇ ਵਿਚਕਾਰ ਹੀ ਜੋ ਲਟਕਦਾ ਰਹਿੰਦਾ ਕਿਤੇ ਜੇ ਯਾਰ ਨੂੰ ਇਤਬਾਰ ਹੁੰਦਾ ਪਿਆਰ ਮੇਰੇ ’ਤੇ ਤਲੀ ’ਤੇ ਤੋੜ ਕੇ ਵੰਗ ਪਿਆਰ ਉਹ ਨਾ ਪਰਖਦਾ ਰਹਿੰਦਾ ਜਵਾਬੀ ਖ਼ਤ ’ਚ ਮਾਰੂਥਲ ਬਣਾ ਕੀ ਭੇਜਿਆ ਉਸਨੇ ਮੇਰੇ ਨੈਣਾਂ ’ਚੋਂ ਸਾਵਣ ਰਾਤ ਦਿਨ ਹੈ ਬਰਸਦਾ ਰਹਿੰਦਾ ਮੁਹੱਬਤ ਕੀ ਕਰੇਗਾ ਉਹ ਜੋ ਦਿਲ ਦੇ ਮਾਮਲੇ ਵਿਚ ਵੀ ਦਿਮਾਗ਼ੀ ਖੋਜ ਕਾਰਜ ਦੇ ਹਵਾਲੇ ਵਰਤਦਾ ਰਹਿੰਦਾ ਜਦੋਂ ਇਕ ਲਾਲ ਸੂਹਾ ਫੁੱਲ ਉਸਨੂੰ ਯਾਦ ਆ ਜਾਵੇ ਬੜਾ ਚਿਰ ਉਹ ਕਿਸੇ ਡਾਇਰੀ ਦੇ ਪੰਨੇ ਪਰਤਦਾ ਰਹਿੰਦਾ ਜਿਦੇ੍ਹ ਵਿਚ ਤਿਤਲੀਆਂ ਦੇ ਸ਼ੋਖ਼ ਰੰਗਾਂ ਨੂੰ ਨ ਫੜ ਸਕਿਆ ‘ਅਮਰ’ ਉਸ ਅਣਲਿਖੀ ਕਵਿਤਾ ਦੇ ਵਿਚ ਹੀ ਵਿਚਰਦਾ ਰਹਿੰਦਾ

ਕੁਝ ਦੇਰ ਬਸ ਉਹ ਠਹਿਰਿਆ

ਕੁਝ ਦੇਰ ਬਸ ਉਹ ਠਹਿਰਿਆ ਤੇ ਫਿਰ ਮੁਸਾਫ਼ਿਰ ਹੋ ਗਿਆ ਘਰ ਉਸਰਿਆ ਸੀ ਜੋ ਮਸਾਂ ਉਹ ਪਲ ’ਚ ਖੰਡਰ ਹੋ ਗਿਆ ਕੋਸੀ ਜਿਹੀ ਧੁੱਪ ਦੀ ਕਿਰਨ ਕੀ ਕਾਰਨਾਮਾ ਕਰ ਗਈ ਮੈਂ ਰਾਤ ਨੂੰ ਸੁਪਨੇ ’ਚ ਸੂਰਜ ਦੇ ਬਰਾਬਰ ਹੋ ਗਿਆ ਉਸਦੇ ਪਰਾਂ ਦੇ ਤੋਲ ਵਿਚ ਲੁਕਿਆ ਅਡੰਬਰ ਸੀ ਕਿਤੇ ਉਸਨੇ ਉਡਾਰੀ ਨਾ ਭਰੀ ਐਵੇਂ ਮੈਂ ਅੰਬਰ ਹੋ ਗਿਆ ਕੀ ਹੋ ਗਿਆ ਤੁਰਦੇ ਬਣੇ ਜੇ ਦੋ ਕੁ ਬੂੰਦਾਂ ਪੀ ਕੇ ਉਹ ਮੈਂ ਇਸ ਬਹਾਨੇ ਹੀ ਸਹੀ ਯਾਰੋ ਸਮੁੰਦਰ ਹੋ ਗਿਆ ਜਿਹੜੀ ਮਿਤੀ ਜਿਸ ਵਾਰ ਨੂੰ ਇਨਕਾਰ ਕੀਤਾ ਯਾਰ ਨੇ ਮੇਰੇ ਲਈ ਉਹ ਦਿਨ ਹੀ ਸਦੀਆਂ ਦਾ ਕਲੰਡਰ ਹੋ ਗਿਆ ਮੇਰੀ ਕਮੀ ਉਸਨੇ ਬੜੀ ਮਹਿਸੂਸ ਤਾਂ ਕੀਤੀ ਚਲੋ ਮੈਂ ਹਾਰਿਆ ਹੋਇਆ ਵੀ ਹੁਣ ਜੇਤੂ ਸਿਕੰਦਰ ਹੋ ਗਿਆ ਤਬਦੀਲ ਜਿਸਦੇ ਹਰਫ਼ ਮੇਰੇ ਹੰਝੂਆਂ ਵਿਚ ਹੋ ਗਏ ਉਸ ਅਣਲਿਖੀ ਕਵਿਤਾ ਦੇ ਕਰਕੇ ਮੈਂ ਵੀ ਸ਼ਾਇਰ ਹੋ ਗਿਆ

ਕਥਾ ਉਸਦੀ ਸੀ ਰੌਚਿਕ

ਕਥਾ ਉਸਦੀ ਸੀ ਰੌਚਿਕ ਤੇ ਅਦਾ ਵੀ ਖ਼ੂਬ ਕਾਵਿਕ ਸੀ ਕਿਵੇਂ ਨਾ ਦਾਦ ਮੈਂ ਦੇਂਦਾ, ਮੇਰਾ ਇਹ ਫ਼ਰਜ਼ ਨੈਤਿਕ ਸੀ ਨਿਰਾ ਉਹ ਨੂਰ ਚਾਹੇ ਦੂਰ ਮੇਰੀ ਪਹੁੰਚ ਤੋਂ ਸੀ ਪਰ ਨਜ਼ਾਰਾ ਕਲਪਨਾ ਉਸਦੀ ਕਰਨ ਦਾ ਹੀ ਅਲੌਕਿਕ ਸੀ ਅਸੀਂ ਦੋਵੇਂ ਹੀ ਦੋਸ਼ੀ ਹਾਂ ਕਿ ਮੈਂ ਡਰਦਾ ਸੀ ਰਸਮਾਂ ਤੋਂ ਤੇ ਮਨਭਾਉਂਦਾ ਵਿਸ਼ਾ ਮਹਿਬੂਬ ਮੇਰੇ ਦਾ ਸਮਾਜਿਕ ਸੀ ਬਹਾਰਾਂ ਦੇ ਨਜ਼ਾਰੇ ਦਾ ਹੀ ਕੇਵਲ ਸ਼ੌਕ ਸੀ ਉਸਨੂੰ ਬਦਲ ਮੌਸਮ ਗਿਆ ਤਾਂ ਬਦਲਣਾ ਉਸਦਾ ਸੁਭਾਵਿਕ ਸੀ ਜ਼ਰਾ ਅਫ਼ਸੋਸ ਨਾ ਕਿ ਮੈਂ ਉਦੇ੍ਹ ਅਨੁਸਾਰ ਕਿਉਂ ਚੱਲਿਆ ਗਿਲਾ ਹੈ ਕਿ ਉਦ੍ਹਾ ਵਿਵਹਾਰ ਨਾ ਮੇਰੇ ਮੁਤਾਬਿਕ ਸੀ

ਕਿਸ ਮੋੜ ’ਤੇ ਉਸ ਨਾਲ ਮੇਰਾ

ਕਿਸ ਮੋੜ ’ਤੇ ਉਸ ਨਾਲ ਮੇਰਾ ਬਣ ਗਿਆ ਹੈ ਰਾਬਤਾ ਏਥੇ ਤਾਂ ਕੋਈ ਪਿਆਰ ਨੂੰ ਦੇਂਦਾ ਨਹੀਂ ਹੈ ਮਾਨਤਾ ਨਜ਼ਦੀਕੀਆਂ ’ਚੋਂ ਦੂਰੀਆਂ ਮਿਟੀਆਂ ਨਹੀਂ ਤਾਂ ਨਾ ਸਹੀ ਇਹ ਫ਼ਾਸਲੇ ਵੀ ਠੀਕ ਨੇ ਕਾਇਮ ਰਹੇ ਜੇ ਨੇੜਤਾ ਕੈਸਾ ਵਿਡੰਬਨ ਭਾਅ ਗਈ ਮੈਨੂੰ ਜਿਦ੍ਹੀ ਦਾਨਿਸ਼ਵਰੀ ਉਸਨੂੰ ਪਸੰਦ ਆਈ ਹਮੇਸ਼ਾ ਹੀ ਮੇਰੀ ਅਗਿਆਨਤਾ ਹੈਰਾਨ ਹਾਂ ਮੈਂ ਉਸ ਨਦੀ ’ਚੋਂ ਕੀ ਪਿਆ ਹਾਂ ਭਾਲਦਾ ਜੋ ਆਪ ਜੀ ਸਾਗਰ ਕਿਸੇ ਵਿਚ ਹੋ ਗਈ ਹੈ ਲਾਪਤਾ ਉਸਨੇ ਉਦਾਸੀ ਦੀ ਵਜ੍ਹਾ ਦੱਸੀ ਨਹੀਂ ਬਸ ਇਹ ਕਿਹਾ ‘ਭਰਦਾ ਰਿਹਾ ਸੂਰਜ ਕਦੇ ਮੇਰਾ ਵੀ ਪਾਣੀ ਦੋਸਤਾ’ ਗ਼ੁਸਤਾਖ਼ੀਆਂ ਤੋਂ ਪੌਣ ਨੂੰ ਵੀ ਤਾਂ ਕਦੇ ਵਰਜੋ ਤੁਸੀਂ ਬਸ ਬਿਰਖ ਨੂੰ ਹੀ ਕਿਉਂ ਸਿਖਾਈ ਜਾ ਰਹੇ ਹੋ ਜ਼ਾਬਤਾ ਹੁਣ ਚੱਲ ‘ਅਮਰ’ ਕੁਝ ਸਿਰਫਿਰੇ ਲੋਕਾਂ ਦੀ ਸੰਗਤ ਮਾਣੀਏ ਮੁਸ਼ਕਿਲ ਹੈ ਸਹਿਣੀ ਹੋਰ ਹੁਣ ਦਾਨਿਸ਼ਵਰਾਂ ਦੀ ਵਾਰਤਾ

ਬਹਿਸ ਦਾ ਮੁੱਦਾ ਰਿਹਾ ਬਣਿਆ

ਬਹਿਸ ਦਾ ਮੁੱਦਾ ਰਿਹਾ ਬਣਿਆ ਉਹ ਸਾਰੀ ਰਾਤ ਸੀ ਰੱਖਿਆ ਜਿਸ ਲੇਖ ਦਾ ਸਿਰਲੇਖ ਮੈਂ ਪ੍ਰਭਾਤ ਸੀ ਭੂਮਿਕਾ ਅੰਦਰ ਹਨ੍ਹੇਰੇ ਦੀ ਵੀ ਗੱਲ ਕਰਨੀ ਪਈ ਕਹਿਣ ਨੂੰ ਤਾਂ ਕੋਲ ਮੇਰੇ ਚਾਨਣੀ ਦੀ ਬਾਤ ਸੀ ਸੀ ਪਿਆਰੀ ਖੇਡ ਕਿੰਨ੍ਹੀ ਯਾਰ ਸਾਡੇ ਪਿਆਰ ਦੀ ਜਿੱਤ ਨਾਲੋਂ ਵੀ ਮਜ਼ਾ ਦੇਂਦੀ ਜ਼ਿਆਦਾ ਮਾਤ ਸੀ ਗੀਤ ਮੇਰੇ ਇਸ਼ਕ ਦਾ ਯਾਰੋ ਅਧੂਰਾ ਰਹਿ ਗਿਆ ਸਾਜ਼ ਤਾਂ ਸੁਰ ਸੀ ਬੜੇ ਨਾਸਾਜ਼ ਪਰ ਹਾਲਾਤ ਸੀ ਹੋ ਗਿਆ ਪਾਗ਼ਲ ਮਸੀਹਾ ਰੋਗ ਮੇਰਾ ਭਾਲਦਾ ਮਰਜ਼ ਮੈਨੂੰ ਸੀ ਕਿ ਜ਼ਖ਼ਮੀ ਹੋ ਗਏ ਜਜ਼ਬਾਤ ਸੀ ਸੱਚ ਮੇਰੇ ਦੀ ਸਜ਼ਾ ਮੈਂ ਜਾਣਦਾ ਹਾਂ ਕੀ ਮਿਲੂ ਰਾਤ ਨੂੰ ਸੁਪਨੇ ’ਚ ਸਭ ਕੁਝ ਦੱਸ ਗਿਆ ਸੁਕਰਾਤ ਸੀ ਸ਼ੇਅਰ ਤਾਂ ਮੇਰਾ ਸਮਰਪਿਤ ਸੀ ਸੁਲਗਦੇ ਸੇਕ ਨੂੰ ਆਖਦੀ ਐਪਰ ਮੁਕੱਰਰ ਕਿਣਮਿਣੀ ਬਰਸਾਤ ਸੀ

ਲਟਕਦਾ ਨਕਸ਼ਾ ਪਿਆ ਹੈ

ਲਟਕਦਾ ਨਕਸ਼ਾ ਪਿਆ ਹੈ ਸਾਹਮਣੇ ਸੰਸਾਰ ਦਾ ਥਹੁ—ਪਤਾ ਕੋਈ ਟਿਕਾਣਾ ਪਰ ਮਿਲੇ ਨਾ ਯਾਰ ਦਾ ਨਾਖ਼ੁਦਾ ਨੂੰ ਮੈਂ ਖ਼ੁਦਾ ਦਾ ਵਾਸਤਾ ਪਾਇਆ ਬੜਾ ਛੱਡਿਆ ਫਿਰ ਵੀ ਨ ਉਸਨੇ ਆਰ ਦਾ ਨਾ ਪਾਰ ਦਾ ਬੱਦਲਾਂ ਦੇ ਨਾਲ ਮੇਰੇ ਨੈਣ ਵੀ ਹੁਣ ਬਰਸਦੇ ਇਹ ਸਿਲਾ ਮਿਲਿਆ ਹੈ ਮੈਨੂੰ ਚੰਨ ’ਤੇ ਇਤਬਾਰ ਦਾ ਧਰ ਕੇ ਪੱਥਰ ਕਾਲਜੇ ’ਤੇ ਆਖਦੀ ਮੈਨੂੰ ਨਦੀ ‘ਤੂੰ ਰਿਹਾ ਬਸ ਪਾਣੀਆਂ ’ਤੇ ਹੀ ਲਕੀਰਾਂ ਮਾਰਦਾ’ ਬੂਹਿਆਂ ਤੇ ਬਾਰੀਆਂ ਦਾ ਕੀ ਸਹਾਰਾ ਹੈ ਭਲਾ ਆਪ ਤਾਂ ਉਹ ਲੋੜਦੇ ਨੇ ਆਸਰਾ ਦੀਵਾਰ ਦਾ ਲਾਪਤਾ ਕੁਝ ਹੈ ਤਾਂ ਉਹ ਹੈ ਆਪਣਾ ਮੇਰਾ ਪਤਾ ਹਾਲ ਵੈਸੇ ਜਾਣਦਾ ਹਾਂ ਮੈਂ ਭਰੇ ਬਾਜ਼ਾਰ ਦਾ ਜਿਸ ਜਗ੍ਹਾ ’ਤੇ ਰੋਜ਼ ਹੀ ਕਰਦਾ ਹੈ ਕੋਈ ਖ਼ੁਦਕੁਸ਼ੀ ਐਨ ਨੇੜੇ ਓਸ ਦੇ ਦਫ਼ਤਰ ਵੀ ਹੈ ਰੁਜ਼ਗਾਰ ਦਾ ਕੱਲ੍ਹ ਨਾ ਕੋਈ ਵੀ ਘਟਨਾ ਅਣਸੁਖਾਵੀਂ ਵਾਪਰੀ ਇਹ ਬੜਾ ਚਰਚਿਤ ਵਿਸ਼ਾ ਹੈ ਅੱਜ ਦੀ ਅਖ਼ਬਾਰ ਦਾ

ਹੁਣ ਆਪਾਂ ਜੇਕਰ ਨਾ ਮਿਲੀਏ

ਹੁਣ ਆਪਾਂ ਜੇਕਰ ਨਾ ਮਿਲੀਏ ਤਾਂ ਠੀਕ ਰਹੇਗਾ ਰਿਸ਼ਤੇ ਨੂੰ ਬੋਝਲ ਨਾ ਕਰੀਏ ਤਾਂ ਠੀਕ ਰਹੇਗਾ ਇਕ ਦੂਜੇ ਨੂੰ ਜੇਕਰ ਦੇਣੇ ਬਸ ਤਾਅਨੇ ਮੇਹਣੇ ਫਿਰ ਮੇਲ ਮਿਲਾਪ ’ਚ ਨਾ ਪਈਏ ਤਾਂ ਠੀਕ ਰਹੇਗਾ ਦਿਲ ਦੀ ਗੱਲ ਨਾ ਆਉਂਦੀ ਤੈਨੂੰ ਨਾ ਆਉਂਦੀ ਮੈਨੂੰ ਆਉਂਦੀ ਦਾ ਨਾਟਕ ਨਾ ਰਚੀਏ ਤਾਂ ਠੀਕ ਰਹੇਗਾ ਅੱਖਰਾਂ ’ਤੇ ਡਿੱਗਦਾ ਹਰ ਅੱਥਰੂ ਹੋਰ ਉਦਾਸ ਕਰੂ ਖ਼ਤ ਖੋਲ੍ਹ ਪੁਰਾਣੇ ਨਾ ਪੜ੍ਹੀਏ ਤਾਂ ਠੀਕ ਰਹੇਗਾ ਬਚਿਆ ਨਾ ਜੇ ਯਾਰ ਭਰੋੋਸਾ ਤਾਂ ਕਾਹਦਾ ਰੋਸਾ ਬਸ ਚੁੱਪ ਰਹੀਏ ਕੁਝ ਨਾ ਕਹੀਏ ਤਾਂ ਠੀਕ ਰਹੇਗਾ ‘ਅਮਰ’ ਨਹੀਂ ਹੁਣ ਰੌਚਿਕ ਰਾਤਾਂ ਤੇ ਕਾਵਿਕ ਬਾਤਾਂ ਹੁਣ ਦੀਪ ਦੇ ਵਾਂਗੂੰ ਨਾ ਬਲੀਏ ਤਾਂ ਠੀਕ ਰਹੇਗਾ

ਜਦ ਜਹਾਜ਼ਾਂ ਨੂੰ ਚਿੜੀ

ਜਦ ਜਹਾਜ਼ਾਂ ਨੂੰ ਚਿੜੀ ਉਹ ਵੇਖਦੀ ਹੈ ਤਾਂ ਪਰਾਂ ਬਾਬਤ ਬਹੁਤ ਕੁਝ ਸੋਚਦੀ ਹੈ ਜਿਸਦੇ ਅੰਦਰ ਸੀ ਕਈ ਤਾਰੂ ਗਵਾਚੇ ਉਸ ਨਦੀ ਦਾ ਨਾਮ ਹੁਣ ਸੁੱਕੀ ਨਦੀ ਹੈ ਪਿਆਸ ਉਸਦੀ ਨੂੰ ਸਮਰਪਿਤ ਕੀ ਕਰਾਂ ਮੈਂ ਜੋ ਸਮੁੰਦਰ ਵਿਚ ਵੀ ਰਹਿੰਦੀ ਸਹਿਕਦੀ ਹੈ ਪੜ੍ਹ ਕੇ ਜਿਸਨੂੰ ਸ਼ਾਂਤ ਚਿੱਤ ਉਹ ਹੋ ਗਏ ਨੇ ਉਸ ਕਥਾ ਦੀ ਹਰ ਸਤਰ ਹੀ ਭਟਕਦੀ ਹੈ ਰਾਮ ਜਾਣੀ—ਜਾਣ ਕਿਉਂ ਇਹ ਜਾਣਦਾ ਨਾ ਮਰ ਗਿਆ ਰਾਵਣ ਮਰੀ ਪਰ ਨਾ ਬਦੀ ਹੈ ਰਾਤ ਭਰ ਜੋ ਜਾਗਦੀ ਹੈ ਨਾਲ ਮੇਰੇ ਉਸ ਗ਼ਜ਼ਲ ਵਿਚ ਧੁੱਪ ਹੀ ਬਸ ਲਿਸ਼ਕਦੀ ਹੈ ਮੈਂ ਚਰਿੱਤਰ ਦੀ ਜਦੋਂ ਵੀ ਗੱਲ ਛੇੜੀ ਆਖਿਆ ਉਸਨੇ ਕਿ ਹੁਣ ਇੱਕੀਵੀਂ ਸਦੀ ਹੈ

ਕਥਾ ਤੇਰੀ ਛਿੜੀ ਮੁੜ

ਕਥਾ ਤੇਰੀ ਛਿੜੀ ਮੁੜ ਜ਼ਖ਼ਮ ਤਾਜ਼ਾ ਹੋ ਗਿਆ ਕੋਈ ਅਜੇ ਰੋਇਆ ਨਹੀਂ ਪਰ ਰੋਣਹਾਕਾ ਹੋ ਗਿਆ ਕੋਈ ਕਦੇ ਮਕਬੂਲ ਸੀ ਤੇਰੇ ਤਰਾਸ਼ੇ ਤੀਰ ਨਜ਼ਰਾਂ ਦੇ ਵਿਸ਼ਾ ਚਰਚਾ ਦਾ ਹੁਣ ਜ਼ਖ਼ਮੀ ਕਲੇਜਾ ਹੋ ਗਿਆ ਕੋਈ ਕਿਸੇ ਮਰਮਰ ਦੇ ਟੁਕੜੇ ਨੇ ਮੇਰੀ ਸੱਧਰ ਦੇ ਮੁੱਖੜੇ ’ਤੇ ਝਰੀਟਾਂ ਮਾਰੀਆਂ ਤੇ ਜ਼ੁਲਮ ਡਾਢਾ ਹੋ ਗਿਆ ਕੋਈ ਮੇਰੇ ਨਾਜ਼ੁਕ ਜਿਹੇ ਦਿਲ ’ਤੇ ਕਿਸੇ ਨੇ ਪੈਰ ਧਰ ਦਿੱਤੇ ਜ਼ਰਾ ਨਾ ’ਵਾਜ਼ ਆਈ ਚੂਰ ਸ਼ੀਸ਼ਾ ਹੋ ਗਿਆ ਕੋਈ ਜਮੂਰਾ ਪਿਆਰ ਤੇਰੇ ਦਾ ਨਵਾਂ ਹਰ ਵਾਰ ਹੁੰਦਾ ਏ ਤੇਰੀ ਉਲਫ਼ਤ ਮਦਾਰੀ ਦਾ ਤਮਾਸ਼ਾ ਹੋ ਗਿਆ ਕੋਈ ਤਮੰਨਾ ਗ਼ੈਰ ਦੇ ਘਰ ਯਾਰ ਨੂੰ ਇਕ ਵਾਰ ਵੇਖਣ ਦੀ ਵਟਾ ਕੇ ਭੇਸ ਜੋਗੀ ਫੇਰ ਰਾਂਝਾ ਹੋ ਗਿਆ ਕੋਈ ‘ਅਮਰ’ ਹਰ ਆਦਮੀ ਏਥੇ ਅਧੂਰਾ ਉਮਰ ਭਰ ਰਹਿੰਦਾ ਮਰੇ ਤਾਂ ਲੋਕ ਕਹਿੰਦੇ ਨੇ ਕਿ ਪੂਰਾ ਹੋ ਗਿਆ ਕੋਈ

ਖੰਡਰਾਂ ਕਿੱਸਾ ਸੁਣਾਇਆ

ਖੰਡਰਾਂ ਕਿੱਸਾ ਸੁਣਾਇਆ ਕਿਸ ਤਰ੍ਹਾਂ ਦਾ ਡਰ ਗਿਆ ਹੈ ਹਰ ਜਣਾ ਸੁੰਦਰ ਘਰਾਂ ਦਾ ਚਾਨਣੀ ਦੇ ਨਾਲ ਮਿਲਣੀ ਹੋ ਸਕੀ ਨਾ ਰਾਹ ’ਚ ਪਾਣੀ ਖ਼ੌਲਦਾ ਸੀ ਸਾਗਰਾਂ ਦਾ ‘ਅੰਬਰਾਂ ਨੂੰ ਗਾਲ੍ਹ ਕੱਢ ਕੇ ਤੂੰ ਮੁੜੇਂਗਾ’ ਇਹ ਕਥਨ ਸੱਚ ਹੋ ਗਿਆ ਇਕ ਦਿਨ ਦਰਾਂ ਦਾ ਇਕ ਚਿੜੀ ਪੱਖੇ ’ਤੇ ਬੈਠੀ ਸੋਚਦੀ ਹੈ ਕੀ ਭਲਾ ਮਤਲਬ ਖਲੋ ਚੁੱਕੇ ਪਰਾਂ ਦਾ ਪਰਦਿਆਂ ਦਾ ਜਦ ਵੀ ਪਰਦਾ ਫ਼ਾਸ਼ ਹੋਇਆ ਨਿਕਲਿਆ ਹੈ ਦੋਸ਼ ਚਿੱਟੀਆਂ ਚਾਦਰਾਂ ਦਾ ਲੋੜ ਹੈ ਮੈਨੂੰ ਕਮੀਨੇ ਪਾਤਰਾਂ ਦੀ ਪੇਸ਼ ਕਰਨਾ ਹੈ ਦ੍ਰਿਸ਼ ਮੈਂ ਦਫ਼ਤਰਾਂ ਦਾ ਗੱਲ ਪਾਗ਼ਲ ਦੀ ਕਹੀ ਜਦ ਠੀਕ ਨਿਕਲੀ ਚੜ੍ਹ ਗਿਆ ਪਾਰਾ ‘ਅਮਰ’ ਦਾਨਿਸ਼ਵਰਾਂ ਦਾ

ਖ਼ਾਸ ਜਿਹੀ ਗੱਲ ਕਰਿਓ

ਖ਼ਾਸ ਜਿਹੀ ਗੱਲ ਕਰਿਓ ਕੋਈ, ਨਾਨਕ—ਈਸਾ—ਰਾਮ ਜਿਹੀ ਖ਼ੂਨ—ਖ਼ਰਾਬਾ, ਸ਼ੋਰ—ਸ਼ਰਾਬਾ ਤਾਂ ਹੁਣ ਗੱਲ ਹੈ ਆਮ ਜਿਹੀ ਟਿੱਕੀ ਉੱਗਦੇ ਸਾਰ ਹੀ ਪਰਦੇ ਤਣ ਜਾਂਦੇ ਹਰ ਖਿੜਕੀ ’ਤੇ ਲੋਕ ਘਰਾਂ ਵਿਚ ਪਾ ਲੈਂਦੇ ਹੁਣ ਦਿਨ ਚੜ੍ਹਦੇ ਹੀ ਸ਼ਾਮ ਜਿਹੀ ਰੋਜ਼ ਸਵੇਰੇ ਹਰਿ ਕੀ ਪਉੜੀ ਚੜ੍ਹ ਕੇ ਜੂਨ ਸੰਵਾਰਨ ਉਹ ਸ਼ਾਮ ਢਲੇ ਉਹ ਲੱਭ ਲੈਂਦੇ ਨੇ ਫੇਰ ਗਲੀ ਬਦਨਾਮ ਜਿਹੀ ਸ਼ਹਿਰ ਮੇਰੇ ਹਰ ਪਹਿਰ ਵਿਚਾਰਾ ਪਲ ਪਲ ਮਰਦਾ ਰਹਿੰਦਾ ਏ ਦਿਨ ਚੜ੍ਹਦੇ ਨੇ ਗਾਲ੍ਹ ਜਿਹੇ ਤੇ ਰਾਤ ਪਵੇ ਇਲਜ਼ਾਮ ਜਿਹੀ ਕਿੰਨਾ ਹੋਰ ਸਰਾਪੇ ਜਾਣਾ ਹਾਲੇ ਮੇਰੇ ਸਮਿਆਂ ਨੇ ਅਪਣੀ ਖ਼ਾਮੋਸ਼ੀ ਵੀ ਹੁਣ ਤਾਂ ਲਗਦੀ ਹੈ ਕੁਹਰਾਮ ਜਿਹੀ ਰੋਜ਼ਾਨਾ ਇਕ ਸ਼ਖ਼ਸ ਸੁਰਾਹੀ ਵਰਗਾ ਚੇਤੇ ਆ ਜਾਵੇ ਰੋਜ਼ਾਨਾ ਹੀ ਰਾਤ ‘ਅਮਰ’ ਦੀ ਬਣ ਜਾਂਦੀ ਹੈ ਜਾਮ ਜਿਹੀ

ਮੇਰੇ ਨਾਲ ਜੇ ਕਰਨੀ ਹੈ ਤਾਂ

ਮੇਰੇ ਨਾਲ ਜੇ ਕਰਨੀ ਹੈ ਤਾਂ ਗੱਲ ਕਰਿਓ ਬਸ ਖ਼ਾਸ ਜਿਹੀ ਜੰਗਲ ਵਿਚ ਮੰਗਲ ਵਰਗੀ ਜਾਂ ਘਰ ਅੰਦਰ ਬਨਵਾਸ ਜਿਹੀ ਤਾਰਾ ਟੁੱਟਣ ’ਤੇ ਪਾਵੇ ਉਹ ਬਦਸ਼ਗਨੀ ਦਾ ਸ਼ੋਰ ਬੜਾ ਮੈਂ ਜਿਸ ਉੱਤੇ ਰੱਖ ਬੈਠਾ ਹਾਂ ਅੰਬਰ ਜੇਡੀ ਆਸ ਜਿਹੀ ਰਾਹ ਵਿਚ ਹਰ ਥਾਂ ਬੇਇਤਬਾਰੀ, ਧੋਖਾ, ਝੂਠ, ਫ਼ਰੇਬ ਮਿਲੇ ਮੰਜ਼ਿਲ ’ਤੇ ਪਹੁੰਚੇ ਤਾਂ ਉਹ ਵੀ ਨਿਕਲੀ ਨਾ ਵਿਸ਼ਵਾਸ ਜਿਹੀ ਉਸ ਦਰਿਆ ਦੇ ਬਹਿਕਾਵੇ ਵਿਚ ਨਾ ਆਉਂਦੇ ਤਾਂ ਚੰਗਾ ਸੀ ਨਦੀਆਂ ਦੀ ਗੱਲ ਹੋਣ ’ਤੇ ਜਿਸਨੂੰ ਲਗ ਜਾਂਦੀ ਹੈ ਪਿਆਸ ਜਿਹੀ ਲੋਕ ਮੁਹੱਬਤ ਕਹਿੰਦੇ ਜਿਸਨੂੰ ਮੈਂ ਵੀ ਕਰ ਕੇ ਵੇਖ ਲਈ ਪੱਥਰ ’ਤੇ ਆਸ ਟਿਕਾਈ ਐਵੇਂ ਸ਼ੀਸ਼ੇ ਦੇ ਅਹਿਸਾਸ ਜਿਹੀ ਹੁਣ ਪੜ੍ਹੀਏ ਕੀ ਅਖ਼ਬਾਰਾਂ ਨੂੰ, ਖ਼ਬਰਾਂ ਨੇ ਬਸ ਮਰਨ ਦੀਆਂ ਨਹਿਰ ’ਚ ਕੋਈ ਡੁੱਬਦਾ ਕੋਈ ਖਾ ਜਾਂਦਾ ਸਲਫ਼ਾਸ ਜਿਹੀ

ਜਦ ਕਦੇ ਮੈਂ ਆਪਣੇ ਨਜ਼ਦੀਕ

ਜਦ ਕਦੇ ਮੈਂ ਆਪਣੇ ਨਜ਼ਦੀਕ ਹੁੰਦਾ ਹਾਂ ਫੈਲਿਆ ਮੈਂ ਦੂਰ ਅੰਬਰ ਤੀਕ ਹੁੰਦਾ ਹਾਂ ਮੈਂ ਨਹੀਂ ਚਾਹੁੰਦਾ ਕਿਸੇ ਤੋਂ ਮਾਨਤਾ ਯਾਰੋ ਆਪ ਹੀ ਮੈਂ ਆਪਣੀ ਤਸਦੀਕ ਹੁੰਦਾ ਹਾਂ ਪਿਆਰ ਦੇ ਵਿਚ ਸੋਚਣਾ ਮੈਨੂੰ ਨਹੀਂ ਆਉਂਦਾ ਪਿਆਰ ਵਿਚ ਮੈਂ ਸੋਚ ਤੋਂ ਬਾਰੀਕ ਹੁੰਦਾ ਹਾਂ ਹਰ ਅਦਾ ਤੇਰੀ ਜੇ ਕਹਿੰਦੀ ਸ਼ੇਅਰ ਹੈ ਕੋਈ ਮੈਂ ਮੁਕੰਮਲ ਗ਼ਜ਼ਲ ਦੀ ਤੌਫ਼ੀਕ ਹੁੰਦਾ ਹਾਂ ਗ਼ਮ ਨਹੀਂ ਕੋਈ ‘ਅਮਰ’ ਜੇ ਉਹ ਗ਼ਲਤ ਸਾਰੇ ਰੰਜ ਹੈ ਕਿ ਮੈਂ ਹਮੇਸ਼ਾ ਠੀਕ ਹੁੰਦਾ ਹਾਂ

ਖ਼ੁਦਾ ਮੈਂ ਸਮਝਿਆ ਜਿਸਨੂੰ

ਖ਼ੁਦਾ ਮੈਂ ਸਮਝਿਆ ਜਿਸਨੂੰ ਮੁਹੱਬਤ ਕਰਨ ਤੋਂ ਪਹਿਲਾਂ ਦਗ਼ਾ ਉਹ ਦੇ ਗਿਆ ਮੈਨੂੰ ਇਨਾਇਤ ਕਰਨ ਤੋਂ ਪਹਿਲਾਂ ਕਿਵੇਂ ਇਤਬਾਰ ਹੁਣ ਕਰੀਏ ਸ਼ਰੀਫ਼ਾਂ ਦੀ ਸ਼ਰਾਫ਼ਤ ’ਤੇ ਬੜਾ ਮਾਸੂਮ ਸੀ ਉਹ ਵੀ ਸ਼ਰਾਰਤ ਕਰਨ ਤੋਂ ਪਹਿਲਾਂ ਕਰੇਗਾ ਕੀ ਭਲਾ ਉਹ ਸ਼ਖ਼ਸ ਕਾਰੋਬਾਰ ਉਲਫ਼ਤ ਦਾ ਵਫ਼ਾ ਜੋ ਵੇਚ ਆਇਆ ਹੈ ਮਹੂਰਤ ਕਰਨ ਤੋਂ ਪਹਿਲਾਂ ਹਮਾਇਤ ਦੇ ਬਹਾਨੇ ਮੁਖ਼ਬਰੀ ਸਾਥੀ ਵੀ ਕਰਦੇ ਨੇ ਨਹੀਂ ਸੀ ਜਾਣਦਾ ਬਾਗ਼ੀ ਬਗ਼ਾਵਤ ਕਰਨ ਤੋਂ ਪਹਿਲਾਂ ਸਜ਼ਾ ਦਾ ਰੰਜ ਨਾ ਕੋਈ ਗਿਲਾ ਬਸ ਏਸ ਗੱਲ ਦਾ ਹੈ ਉਹ ਮੇਰੇ ਨਾਲ ਸੀ ਮੇਰੀ ਸ਼ਿਕਾਇਤ ਕਰਨ ਤੋਂ ਪਹਿਲਾਂ

ਫਿਰ ਸੁਪਨਿਆਂ ’ਚ ਚੰਨ

ਫਿਰ ਸੁਪਨਿਆਂ ’ਚ ਚੰਨ ਕਿਤੋਂ ਆ ਕੇ ਤੁਰ ਗਿਆ ਅੱਲ੍ਹੜ ਜਵਾਨ ਰਾਤ ਮੇਰੀ ਖਾ ਕੇ ਤੁਰ ਗਿਆ ਬਰਸਾਤ ਦੀ ਉਡੀਕ ਬੜੀ ਸੀ ਪਪੀਹੇ ਨੂੰ ਬੱਦਲ ਘਣਾ ਆਕਾਸ਼ ’ਤੇ ਬਸ ਛਾ ਕੇ ਤੁਰ ਗਿਆ ਰੱਖਿਆ ਲੁਕਾ—ਲੁਕਾ ਕੇ ਜਿਨੂੰ ਹਾਸਿਆਂ ’ਚ ਮੈਂ ਉਹ ਹੌਕਿਆਂ ’ਚ ਜਾਨ ਮੇਰੀ ਪਾ ਕੇ ਤੁਰ ਗਿਆ ਆਇਆ ਸੀ ਜ਼ਿੰਦਗੀ ’ਚ ਮਸੀਹਾ ਜੋ ਬਣ ਕਦੇ ਇਕ ਰੋਗ ਲਾ—ਇਲਾਜ ਸਗੋਂ ਲਾ ਕੇ ਤੁਰ ਗਿਆ ਮਹਿਫ਼ਿਲ ’ਚ ਗੂੰਜਦੇ ਰਹੇ ਸੀ ਦੇਰ ਤੀਕ ਉਹ ਜੋ ਗੀਤ ਸੋਗਵਾਰ ‘ਅਮਰ’ ਗਾ ਕੇ ਤੁਰ ਗਿਆ

ਯਾਰ ਦਾ ਵਿਦਵਾਨ ਹੋਣਾ

ਯਾਰ ਦਾ ਵਿਦਵਾਨ ਹੋਣਾ ਰੋਗ ਬਣ ਕੇ ਰਹਿ ਗਿਆ ਪਿਆਰ ਮੇਰਾ ਵੀ ਉਦ੍ਹਾ ਪ੍ਰਯੋਗ ਬਣ ਕੇ ਰਹਿ ਗਿਆ ਲਾਸ ਰੂਹ ’ਤੇ ਤਿਤਲੀਆਂ ਦੀ ਬੇਵਫ਼ਾਈ ਪਾ ਗਈ ਮਾਸ ਦਿਲ ਦਾ ਧੋਖਿਆਂ ਦੀ ਚੋਗ ਬਣ ਕੇ ਰਹਿ ਗਿਆ ਉਹ ਮਿਲੇ ਪਰ ਮਿਲਦਿਆਂ ਹੀ ਅਲਵਿਦਾ ਆਖੀ ਉਨ੍ਹਾਂ ਪਲ ਖ਼ੁਸ਼ੀ ਦਾ ਉਮਰ ਭਰ ਦਾ ਸੋਗ ਬਣ ਕੇ ਰਹਿ ਗਿਆ ਤੋੜ ਕੇ ਵਿਸ਼ਵਾਸ ਵੀ ਕਰਦੇ ਤਰੱਕੀ ਉਹ ਗਏ ਮੈਂ ਉਸੇ ਥਾਂ ’ਤੇ ਭਰੋਸੋਯੋਗ ਬਣ ਕੇ ਰਹਿ ਗਿਆ ਇਸ਼ਕ ਦਾ ਕੀ ਹੈ ਕਦੇ ਤਾਂ ਜੰਡ ਹੇਠਾਂ ਮਰ ਗਿਆ ਹੋ ਗਿਆ ਜੋਗੀ ਕਦੇ ਤੇ ਜੋਗ ਬਣ ਕੇ ਰਹਿ ਗਿਆ

ਅੰਬਰਾਂ ਤੋਂ ਪਾਰ ਚਾਹੇ

ਅੰਬਰਾਂ ਤੋਂ ਪਾਰ ਚਾਹੇ ਯਾਰ ਤੂੰ ਪਰਵਾਜ਼ ਰੱਖੀਂ ਹੋਣ ਬਸ ਮੇਰੇ ਲਈ ਜੋ, ਸਾਂਭ ਕੇ ਉਹ ਰਾਜ਼ ਰੱਖੀਂ ਹਾਦਸੇ ਅਸ਼ਲੀਲ ਤੈਨੂੰ ਕਰਨਗੇ ਰਾਹ ਵਿਚ ਇਸ਼ਾਰੇ ਤੂੰ ਸਦਾ ਗ਼ੁਸਤਾਖ਼ ਨਜ਼ਰਾਂ ਨੂੰ ਨਜ਼ਰ ਅੰਦਾਜ਼ ਰੱਖੀਂ ਜੇ ਕਿਸੇ ਗੱਲੋਂ ਗਿਲਾ ਹੋਇਆ ਤਾਂ ਮੈਨੂੰ ਸਾਫ਼ ਆਖੀਂ ਮੀਸਣੀ ਮੁਸਕਾਨ ਓਹਲੇ ਦਿਲ ’ਚ ਨਾ ਇਤਰਾਜ਼ ਰੱਖੀਂ ਨਾਅਰਿਆਂ ਦੇ ਸ਼ੋਰ ਅੰਦਰ ਜੇ ਪਿਆ ਜਾਣਾ ਤਾਂ ਜਾਵੀਂ ਰਾਤ ਨੂੰ ਮੇਰੇ ਲਈ ਪਰ ਤੂੰ ਮਧੁਰ ਆਵਾਜ਼ ਰੱਖੀਂ ਨਖ਼ਰਿਆਂ ਦੀ ਲੋੜ ਜੇਕਰ ਪੈ ਗਈ ਤਾਂ ਕਰ ਲਈਂ ਪਰ ਸਿਰਫ਼ ਜੋ ਮੇਰੇ ਲਈ ਨੇ ਉਹ ਨ ਕਿਧਰੇ ਨਾਜ਼ ਰੱਖੀਂ ਬੇਸ਼ਰਮ ਗੱਲਾਂ ’ਚ ਹੈ ਮਹਿਫ਼ਿਲ ਬੜੀ ਮਸਰੂਫ਼ ਹਾਲੇ ਗੀਤ ਮੇਰੇ ਦੇ ਸਿਰ੍ਹਾਣੇ ਤੂੰ ਅਜੇ ਨਾ ਸਾਜ਼ ਰੱਖੀਂ

ਜਦੋਂ ਮਨ ਠੀਕ ਨਾ ਹੋਵੇ

ਜਦੋਂ ਮਨ ਠੀਕ ਨਾ ਹੋਵੇ ਤਾਂ ਕੁਝ ਨਾ ਠੀਕ ਲਗਦਾ ਹੈ ਸਗੋਂ ਮੌਸਮ ਕਰੇ ਗ਼ਮਗੀਨ ਜੋ ਰਮਣੀਕ ਲਗਦਾ ਹੈ ਅਸਰ ਅੰਦਾਜ਼ ਉਸਦੀ ਚੁੱਪ ਆਖ਼ਿਰ ਇਸ ਕਦਰ ਹੋਈ ਕਿ ਮੈਨੂੰ ਕੋਸ਼ ਸ਼ਬਦਾਂ ਦਾ ਭਿਆਨਕ ਚੀਕ ਲਗਦਾ ਹੈ ਨ ਕਹਿ ਤੂੰ ਅਲਵਿਦਾ ਤੇ ਨਾਸਤਿਕ ਹੋਣੋ ਬਚਾ ਮੈਨੂੰ ਤੇਰੀ ਮੌਜੂਦਗੀ ਵਿਚ ਹੀ ਖ਼ੁਦਾ ਨਜ਼ਦੀਕ ਲਗਦਾ ਹੈ ਬੜੀ ਵਿਕਦੀ ਏ ਸਾਡੇ ਸ਼ਹਿਰ ਵਿਚ ਤਸਵੀਰ ਜੰਗਲ ਦੀ ਖ਼ਰੀਦੀ ਜਾ ਰਿਹਾ ਉਸਨੂੰ ਹਰਿਕ ਵਸਨੀਕ ਲਗਦਾ ਹੈ ‘ਅਮਰ’ ਸ਼ਾਇਰ ਕਦੇ ਮਹਿਬੂਬ ਦੀ ਬਿੰਦੀ ’ਚ ਗੁੰਮ ਜਾਵੇ ਕਦੇ ਪਰ ਫੈਲਿਆ ਉਹ ਦੂਰ ਅੰਬਰ ਤੀਕ ਲਗਦਾ ਹੈ

ਨਾਜ਼ ਨਖ਼ਰਾ ਸ਼ਬਾਬ ਆਇਆ ਹੈ

ਨਾਜ਼ ਨਖ਼ਰਾ ਸ਼ਬਾਬ ਆਇਆ ਹੈ ਐਨ ਖਿੜਿਆ ਗੁਲਾਬ ਆਇਆ ਹੈ ਨੈਣ ਸਭ ਦੇ ਸਵਾਲ ਕਰਦੇ ਨੇ ਕੌਣ ਇਹ ਲਾਜਵਾਬ ਆਇਆ ਹੈ ਮੁੱਖ ਨੂਰੀ ਤੇ ਠਾਠ ਵੀ ਪੂਰੀ ਜਾਪੇ ਕੋਈ ਨਵਾਬ ਆਇਆ ਹੈ ਹਰ ਨਦੀ ਉਸ ’ਚ ਲੋਚਦੀ ਡੁੱਬਣਾ ਉਹ ਤਾਂ ਬਲਦਾ ਚਨਾਬ ਆਇਆ ਹੈ ਮੈਂ ਕਿਵੇਂ ਨਾ ਮਰਾਂ ਜਨਾਬ ਉੱਤੇ ਪਿਆਰ ਹੀ ਬੇਹਿਸਾਬ ਆਇਆ ਹੈ ਆ ਗਿਆ ਉਹ, ਯਕੀਨ ਆਵੇ ਨਾ ਸੋਚਦਾ ਹਾਂ ਕਿ ਖ਼ਾਬ ਆਇਆ ਹੈ

ਮਸਾਂ ਮਿਲਿਆ ਸੀ ਉਸਦਾ ਸਾਥ

ਮਸਾਂ ਮਿਲਿਆ ਸੀ ਉਸਦਾ ਸਾਥ ਨਾਲੇ ਰਾਤ ਦਾ ਵੇਲਾ ਬੜਾ ਕੁਝ ਕਹਿਣ ਦਾ ਤੇ ਮਚਲਦੇ ਜਜ਼ਬਾਤ ਦਾ ਵੇਲਾ ਬਿਨਾਂ ਗੱਲਬਾਤ ਦੇ ਪਰ ਹੋ ਗਿਆ ਪ੍ਰਭਾਤ ਦਾ ਵੇਲਾ ਜਦੋਂ ਵਾਅਦੇ ਮੁਤਾਬਿਕ ਉਹ ਨ ਸਾਵਣ ਵਿਚ ਵੀ ਮੁੜਿਆ ਸੀ ਕਿਵੇਂ ਰੰਗੀਨ ਮੌਸਮ ਮਾਣਨਾ ਮੈਨੂੰ ਨਾ ਜੁੜਿਆ ਸੀ ਅਜੇ ਤੱਕ ਯਾਦ ਹੈ ਉਹ ਕਿਣਮਿਣੀ ਬਰਸਾਤ ਦਾ ਵੇਲਾ ਇਜਾਜ਼ਤ ਬਾਰ੍ਹ ਨਿਕਲਣ ਦੀ ਨਹੀਂ ਹੁੰਦੀ ਸੀ ਉਸਨੂੰ ਵੀ ਮਜ਼ਾ ਲੁਕ ਲੁਕ ਕੇ ਵੇਖਣ ਦਾ ਬੜਾ ਆਉਂਦਾ ਸੀ ਮੈਨੂੰ ਵੀ ਕਿਆ ਸੀ ਖ਼ੂਬ ਉਹ ਝੀਥਾਂ ’ਚੋਂ ਮਾਰੀ ਝਾਤ ਦਾ ਵੇਲਾ ਕਹਾਣੀ ਹੀਰ ਦੀ ਅੱਗੇ ਪੜ੍ਹਨ ਦਾ ਨਾ ਪਵੇ ਜੇਰਾ ਕਲੇਜਾ ਮੂੰਹ ਨੂੰ ਆਉਂਦਾ ਹੈ ਸੰਭਲਦਾ ਦਿਲ ਨਹੀਂ ਮੇਰਾ ਜਦੋਂ ਆਵੇ ਸਿਆਲੀਂ ਗ਼ੈਰ ਦੀ ਬਾਰਾਤ ਦਾ ਵੇਲਾ ਭਲੇ ਵੇਲੇ ਦਾ ਰਾਹ ਤੱਕਦੇ ਅਸੀਂ ਪੀੜਾਂ ਰਹੇ ਸਹਿੰਦੇ ਨਵੇਂ ਹਰ ਹਾਦਸੇ ਮਗਰੋਂ ਅਸੀਂ ਏਹੋ ਰਹੇ ਕਹਿੰਦੇ ਕਦੇ ਤਾਂ ਬੀਤ ਜਾਵੇਗਾ ਬੁਰੇ ਹਾਲਾਤ ਦਾ ਵੇਲਾ ਨਿਰਾ ਹੀ ਝੂਠ ਮੇਰੇ ਸੱਚ ਨੂੰ ਹੈ ਮਾਰਨਾ ਚਾਹੁੰਦਾ ਸਮੇਂ ਦੇ ਵਾਰ ਤੋਂ ਪਰ ਮੈਂ ਕਦੇ ਨਾ ਹਾਰਨਾ ਚਾਹੁੰਦਾ ਸਦਾ ਘੁੱਟ ਕੇ ਫੜੀ ਰੱਖਦਾ ਹਾਂ ਮੈਂ ਸੁਕਰਾਤ ਦਾ ਵੇਲਾ

ਰਿਸ਼ਤਾ ਐਸਾ ਜੁੜ ਜਾਂਦਾ ਹੈ

ਰਿਸ਼ਤਾ ਐਸਾ ਜੁੜ ਜਾਂਦਾ ਹੈ ਰੱਬ ਵਰਗੇ ਕੁਝ ਨਾਵਾਂ ਨਾਲ ਮੁੜ—ਮੁੜ ਚੇਤੇ ਆਉਂਦੇ ਨੇ ਜੋ ਆਉਂਦੇ ਜਾਂਦੇ ਸਾਹਵਾਂ ਨਾਲ ਕਾਲੇ ਕਾਵਾਂ ਚੂਰੀ ਪਾਵਾਂ ਸੋਨੇ ਚੁੰਝ ਮੜ੍ਹਾਵਾਂ ਨਾਲ ਸਾਰ ਦਵੇਂ ਜੇ ਉਸਦੀ ਜਿਸਨੂੰ ਰੋਜ਼ ਉਡੀਕਾਂ ਚਾਵਾਂ ਨਾਲ ਦੇਸ ਬਿਗਾਨੇ ਪਏ ਯਾਰਾਨੇ ਕੱਲ—ਮ—ਕੱਲੀਆਂ ਥਾਵਾਂ ਨਾਲ ਜਿੱਥੇ ਬਹਿ ਕੇ ਖ਼ਤ ਲਿਖਦਾ ਹਾਂ ਹੌਕੇ, ਹੰਝੂ, ਹਾਵਾਂ ਨਾਲ ਚਲਦਾ ਚਲਦਾ ਸੂਰਜ ਬਲਦਾ ਆ ਰਲਦਾ ਹੈ ਰਾਹਵਾਂ ਨਾਲ ਝੂਠੀ ਮੂਠੀ ਨਾਤਾ ਜੋੜਾਂ ਪਰਛਾਵੇਂ ਦਾ ਛਾਵਾਂ ਨਾਲ ਜ਼ੁਲਫ਼ ਜਦੋਂ ਦੀ ਬਿਖ਼ਰੀ ਤੇਰੀ ਯਾਰਾ ਗ਼ੈਰ ਹਵਾਵਾਂ ਨਾਲ ਮੇਰੇ ਨੈਣਾਂ ਦੀ ਯਾਰੀ ਹੈ ਸ਼ੂਕ ਰਹੇ ਦਰਿਆਵਾਂ ਨਾਲ ਸਾਹਿਬਾਂ ਨੇ ਤਾਂ ਤੁਰਨਾ ਹੀ ਸੀ ਆਖ਼ਰਕਾਰ ਭਰਾਵਾਂ ਨਾਲ ਮਿਰਜ਼ੇ ਨੇ ਤਾਂ ਮਰਨਾ ਹੀ ਸੀ ਕਰਦਾ ਕੀ ਦੋ ਬਾਂਹਵਾਂ ਨਾਲ

ਰਾਤ ਸਾਰੀ ਖ਼ਾਬ ਵਿਚ

ਰਾਤ ਸਾਰੀ ਖ਼ਾਬ ਵਿਚ ਗੋਰੀ ਨਦੀ ਵਹਿੰਦੀ ਰਹੀ ਖ਼ੂਬਸੂਰਤ ਗੋਤਿਆਂ ਨੂੰ ਜਾਨ ਇਕ ਸਹਿੰਦੀ ਰਹੀ ਉਂਝ ਤਾਂ ਉਸ ਨਾਲ ਗੱਲਾਂ ਮਾਰੀਆਂ ਮੈਂ ਸਾਰੀਆਂ ਗੱਲ ਦਿਲ ਦੀ ਪਰ ਹਮੇਸ਼ਾ ਦਿਲ ’ਚ ਹੀ ਰਹਿੰਦੀ ਰਹੀ ਛਾਂ ਘਣੀ ਨੂੰ ਬੇਵਜ੍ਹਾ ਹੀ ਹੋ ਗਿਆ ਇਹ ਵਹਿਮ ਹੈ ਬਿਰਖ ਦੇ ਕੰਨਾਂ ’ਚ ਖੌਰੇ ਧੁੱਪ ਕੀ ਕਹਿੰਦੀ ਰਹੀ ਫੁੱਲ ਨੂੰ ਹੋਈ ਸਜ਼ਾ ਤੇ ਉਹ ਮਸਲ ਦਿੱਤਾ ਗਿਆ ਦੋਸ਼ ਉਸਦਾ ਸੀ ਕਿ ਤਿਤਲੀ ਉਸ ’ਤੇ ਕਿਉਂ ਬਹਿੰਦੀ ਰਹੀ ਸਮਝਦੇ ਜਿਸ ਨੂੰ ਰਹੇ ਸਾਂ ਰੱਬ ਵਰਗਾ ਆਸਰਾ ਉਹ ਛੁਰੀ ਸੀ ਧੁਰ ਕਲੇਜੇ ਤੀਕ ਜੋ ਲਹਿੰਦੀ ਰਹੀ

ਚੰਨ ਸਿਤਾਰੇ ਫੜਨ ’ਚ ਐਵੇਂ

ਚੰਨ ਸਿਤਾਰੇ ਫੜਨ ’ਚ ਐਵੇਂ ਜਿੰਦ ਨਿਮਾਣੀ ਲੀਨ ਰਹੀ ਨਾ ਅੰਬਰ ਤੱਕ ਪਹੁੰਚ ਸਕੀ ਨਾ ਪੈਰਾਂ ਹੇਠ ਜ਼ਮੀਨ ਰਹੀ ਇਹ ਜਾਣਦਿਆਂ ਕਿਧਰੇ ਨਾ ਮਿਲਦੇ ਧਰਤੀ ਅੰਬਰ ਪਰ ਫਿਰ ਵੀ ਰੀਝ ਵਿਚਾਰੀ ਇਕ ਸੁਪਨੇ ’ਤੇ ਕਰਦੀ ਬਹੁਤ ਯਕੀਨ ਰਹੀ ਚੰਗਾ ਹੈ ਜੇ ਸ਼ੋਖ਼ ਹਵਾ ਦਾ ਚੇਤਾ ਬਿਲਕੁਲ ਨਾ ਆਵੇ ਗ਼ਮਗੀਨ ਸਗੋਂ ਕਰ ਜਾਂਦੀ ਹੈ ਜੋ ਰੱੁਤ ਬੜੀ ਰੰਗੀਨ ਰਹੀ ਰੰਗ ਗੁਲਾਬੀ ਕੀਲ ਨ ਹੋਇਆ ਦਿਲ ’ਤੇ ਵੱਜਦੇ ਡੰਗ ਰਹੇ ਕੁਝ ਤਾਂ ਮੇਰੀ ਕਿਸਮਤ ਸੀ ਕੁਝ ਸਾਜਿਸ਼ ਰਚਦੀ ਬੀਨ ਰਹੀ ਓਸ ਨਦੀ ਨੇ ਪਿਆਸ ਮੇਰੀ ਨੂੰ ਸ਼ਾਂਤ ਭਲਾ ਕੀ ਕਰਨਾ ਸੀ ਜੋ ਪਾਣੀ ’ਤੇ ਤਰਦਾ ਸੂਰਜ ਵੇਖਣ ਦੀ ਸ਼ੌਕੀਨ ਰਹੀ

ਏਨਾ ਵੀ ਕੀ ਚੁੱਪ

ਏਨਾ ਵੀ ਕੀ ਚੁੱਪ—ਚੁੱਪ ਰਹਿਣਾ, ਕੋਈ ਤਾਂ ਕਰ ਗੱਲ ਕਦੇ ਗੱਲ ਨਹੀਂ ਕਰਨੀ ਤਾਂ ਕੋਈ ਖ਼ਤ ਪੱਤਰ ਹੀ ਘੱਲ ਕਦੇ ਅਰਸਾ ਬੀਤ ਗਿਆ ਲਿਖਵਾਇਆਂ ਬੂਹੇ ’ਤੇ ‘ਜੀ ਆਇਆਂ ਨੂੰ’ ਅੱਜ ਨਿਕਲ ਜਾਵੇ ਤਾਂ ਸੋਚਾਂ ‘ਆਵੇਂਗਾ ਤੂੰ ਕੱਲ੍ਹ ਕਦੇ’ ਹੱਥ ਹਿਲਾ ਕੇ ਤੁਰ ਜਾਵੇਂ ਤੇ ਅੱਗੇ ਜਾ ਕੇ ਮੁੜ ਜਾਵੇਂ ਕਾਸ਼! ਕਿਤੇ ਤੂੰ ਬੈਠਾ ਹੋਵੇਂ ਰਾਹ ਮੇਰੇ ਨੂੰ ਮੱਲ ਕਦੇ ਫੇਰ ਕਿਸੇ ਵੀ ਰੁੱਖ ਦੇ ਹੇਠਾਂ ਭਾਵੇਂ ਤੂੰ ਵਿਸ਼ਰਾਮ ਕਰੀਂ ਸਿਖਰ ਦੁਪਹਿਰੇ ਕੁਝ ਪੈਂਡਾਂ ਤਾਂ ਨਾਲ ਮੇਰੇ ਤੂੰ ਚੱਲ ਕਦੇ ਬਹੁਤ ਸਿਆਣਾ ਸਾਥੀ ਮੇਰਾ ਗ਼ੈਰਾਂ ਦੇ ਵਿਚ ਉਲਝ ਗਿਆ ਮੈਨੂੰ ਦੱਸਿਆ ਕਰਦਾ ਸੀ ਜੋ ਹਰ ਮੁਸ਼ਕਿਲ ਦਾ ਹੱਲ ਕਦੇ

ਉਹ ਅਕਸਰ ਛੇੜ ਲੈਂਦਾ

ਉਹ ਅਕਸਰ ਛੇੜ ਲੈਂਦਾ ਸਾਬਕਾ ਮਾਸ਼ੂਕ ਦੀ ਚਰਚਾ ਬੜੀ ਸੀ ਮਾਰ ਕਰਦੀ ਜੋ ਉਸੇ ਬੰਦੂਕ ਦੀ ਚਰਚਾ ਉਨ੍ਹੇ ਤਾਂ ਇਕ ਨਦੀ ਵੱਲ ਵੇਖ ਬਸ ਹਉਕਾ ਹੀ ਭਰਿਆ ਸੀ ਗਈ ਪਰ ਫੈਲ ਅੱਗ ਦੇ ਵਾਂਗ ਦਰਸ਼ਕ ਮੂਕ ਦੀ ਚਰਚਾ ਜਦੋਂ ਵੀ ਯਾਦ ਆਈ ਬੇਵਫ਼ਾ ਦੀ ਤਾਂ ਸਦਾ ਹੋਈ ਖ਼ਤਾਂ ਦੇ ਨਾਲ ਉੱਤੋਂ ਤੱਕ ਭਰੇ ਸੰਦੂਕ ਦੀ ਚਰਚਾ ਅਸਾਡੇ ਇਸ਼ਕ ਦੇ ਰੁੱਖ ਤੋਂ ਕਦੋਂ ਦੀ ਉੱਡ ਗਈ ਕੋਇਲ ਅਜੇ ਤੱਕ ਹੋ ਰਹੀ ਹੈ ਪਰ ਸੁਰੀਲੀ ਕੂਕ ਦੀ ਚਰਚਾ ਚਲੋ ਪਹਿਲਾਂ ਪਤਾ ਕਰੀਏ ਕਿ ਸਾਹਿਬਾਂ ਤੀਰ ਕਿਉਂ ਟੰਗੇ ਕਰਾਂਗੇ ਬਾਅਦ ਵਿਚ ਮਿਰਜ਼ੇ ਦੀ ਨੀਂਦਰ ਘੂਕ ਦੀ ਚਰਚਾ

ਪਿਆਰ ਦੇ ਵਿਚ ਆਪਣੀ ਤਕਦੀਰ

ਪਿਆਰ ਦੇ ਵਿਚ ਆਪਣੀ ਤਕਦੀਰ ਹੀ ਕਮਜ਼ੋਰ ਹੈ ਯਾਰ ਦੇ ਹੱਥਾਂ ’ਚ ਹੁਣ ਤਸਵੀਰ ਕੋਈ ਹੋਰ ਹੈ ਬੇਬਸੀ ਸਾਡੀ ਪਤੰਗਾਂ ਦੀ ਨ ਕੋਈ ਜਾਣਦਾ ਫੜ ਕੇ ਸਾਨੂੰ ਗਲਮਿਓਂ ਰੱਖਦੀ ਹਮੇਸ਼ਾ ਡੋਰ ਹੈ ਵੇਖਣੀ ਉਸਦੀ ਚੁਰਾ ਕੇ ਦਿਲ ਮੇਰੇ ਨੂੰ ਲੈ ਗਈ ਰੰਗ ਦੇ ਗੋਰੇ ਦੀਆਂ ਨਜ਼ਰਾਂ ’ਚ ਕਾਲਾ ਚੋਰ ਹੈ ਚੁੱਪ ਮੇਰੀ ਦੀ ਬੜੀ ਤਾਰੀਫ਼ ਉਹ ਕੀ ਕਰ ਗਿਆ ਮੇਰੀਆਂ ਸੋਚਾਂ ਦੇ ਵਿਚ ਮਚਿਆ ਬੜਾ ਹੀ ਸ਼ੋਰ ਹੈ ਆਸ ਹੈ ਇਸ ਵਾਰ ਸਾਵਣ ਖ਼ਾਸ ਹੋਵੇਗਾ ਬੜਾ ਕੁਝ ਦਿਨਾਂ ਤੋਂ ਸੁਪਨਿਆਂ ਵਿਚ ਪੈਲ ਪਾਉਂਦਾ ਮੋਰ ਹੈ ਘੁੰਗਰੂ ਹਰ ਸ਼ੇਅਰ ਦੇ ਵਿਚ ਛਣ ਛਣਾ ਛਣ ਛਣਕਦੇ ਹਰ ਗ਼ਜ਼ਲ ਮੇਰੀ ’ਚ ਤੇਰੀ ਖ਼ੂਬਸੂਰਤ ਤੋਰ ਹੈ ਕੋਲ ਮੇਰੇ ਨੇ ‘ਅਮਰ’ ਦੇ ਪਿਆਰ ਦੇ ਹੁਣ ਦੀਪ ਵੀ ਡਰ ਨਹੀਂ ਕੋਈ ਜੇ ਹੁਣ ਰਾਹਾਂ ’ਚ ਨ੍ਹੇਰਾ ਘੋਰ ਹੈ

ਹਰ ਪਲ ਏਥੇ ਹੁੰਦਾ ਰਹਿੰਦਾ

ਹਰ ਪਲ ਏਥੇ ਹੁੰਦਾ ਰਹਿੰਦਾ ਜੰਗਲ ਦਾ ਅਹਿਸਾਸ ਜਿਹਾ ਆਖਣ ਨੂੰ ਤਾਂ ਸ਼ਹਿਰੀ ਹਾਂ ਪਰ ਕੱਟਦਾ ਹਾ ਬਨਵਾਸ ਜਿਹਾ ਹੁਣ ਕਿਸ ਤੋਂ ਕਰੀਏ ਆਸ ਜਿਹੀ ਇਕ ’ਤੇ ਵੀ ਵਿਸ਼ਵਾਸ ਨਹੀਂ ਹਰ ਬੰਦਾ ਹੁਣ ਜ਼ਹਿਰੀ ਹੈ ਤੇ ਹਰ ਘਰ ਨਾਗ—ਨਿਵਾਸ ਜਿਹਾ ਯਾਰੀ ਵਿਚ ਵੀ ਰੱਖਦੇ ਨੇ ਹੁਣ ਯਾਰ ਹਿਸਾਬ—ਕਿਤਾਬ ਬੜਾ ਪਿਆਰ ਦੇ ਵਿਚ ਵੀ ਅਲਜਬਰੇ ਦਾ ਕਰਦੇ ਨੇ ਅਭਿਆਸ ਜਿਹਾ ਹੁਸਨ ਤੇਰੇ ਦੇ ਪਰ ਨਿਕਲਣ ’ਤੇ ਖ਼ੁਸ਼ ਹਾਂ ਪਰ ਇਹ ਡਰ ਵੀ ਹੈ ‘ਨਾਲ ਪਰਾਂ ਦੇ ਜੁੜਿਆ ਰਹਿੰਦਾ ਹਰ ਵੇਲੇ ਪਰਵਾਸ ਜਿਹਾ’ ਤੇਰੇ ਮੁੱਖ ਤੋਂ ਮਿਲਿਆ ਮੈਨੂੰ ਸਿਰਨਾਵਾਂ ਹੈ ਚਾਨਣ ਦਾ ਜ਼ੁਲਫ਼ ਤੇਰੀ ’ਚੋਂ ਪੜਿ੍ਹਆ ਹੈ ਮੈਂ ਰਾਤਾਂ ਦਾ ਇਤਿਹਾਸ ਜਿਹਾ ਮਿਰਜ਼ੇ ਵਾਂਗ ਭਜਾ ਕੇ ਤੈਨੂੰ ਲੈ ਜਾਵਾਂ ਤੇ ਮਰ ਜਾਵਾਂ ਮੁੰਦਰਾਂ ਪਾ ਕੇ ਭਸਮ ਰਮਾ ਕੇ ਲੈਣਾ ਕੀ ਸੰਨਿਆਸ ਜਿਹਾ ਚਾਰ ਚੁਫੇਰੇ ਤੇਰੀ ਮੇਰੀ ਪ੍ਰੇਮ ਕਹਾਣੀ ਫੈਲ ਗਈ ਆਮ ਜਿਹੇ ਲੋਕਾਂ ਨੂੰ ਮਿਲਿਆ ਇਹ ਮੁੱਦਾ ਹੈ ਖ਼ਾਸ ਜਿਹਾ ਦੁਰਘਟਨਾਵਾਂ, ਹਉਕੇ, ਹੰਝੂ, ਹਾਵਾਂ ਚਾਰ ਦਿਸ਼ਾਵਾਂ ਨੇ ਕਿਸ ਪਾਸੇ ਹੁਣ ਜਾ ਕੇ ਦਈਏ ਖ਼ੁਦ ਨੂੰ ਇਕ ਧਰਵਾਸ ਜਿਹਾ ਯਾਦ ਕਿਸੇ ਰੰਗੀਨ ਜਿਹੀ ਵਿਚ ਮੈਂ ਹਾਂ ਪੂਰਾ ਲੀਨ ਅਜੇ ਚੁੱਕ ਲੈ ਹਾਲੇ ਬੋਤਲ ਸਾਕੀ, ਚੁੱਕ ਲੈ ਮੇਜ਼—ਗਿਲਾਸ ਜਿਹਾ

ਹਰ ਅਦਾ ਉਸਦੀ ਜਦੋਂ

ਹਰ ਅਦਾ ਉਸਦੀ ਜਦੋਂ ਇਕ ਸ਼ੇਅਰ ਕਰਦੀ ਅਰਜ਼ ਹੈ ਤਾਂ ਗ਼ਜ਼ਲ ਉਸਨੂੰ ਮੁਕੰਮਲ ਆਖਣਾ ਵੀ ਫ਼ਰਜ਼ ਹੈ ਰਿਸ਼ਤਿਆਂ ਵਿਚ ਹੁਣ ਅਵੱਲੀ ਨਜ਼ਮ ਖੁੱਲ੍ਹੀ ਆ ਰਲੀ ਨਾ ਰਹੀ ਤਰਤੀਬ ਕੋਈ ਤੇ ਰਹੀ ਨਾ ਤਰਜ਼ ਹੈ ਨਬਜ਼ ਹੈ ਚਲਦੀ ਪਈ ਪਰ ਜੀ ਰਿਹਾ ਨਾ ਆਦਮੀ ਫੈਲਦੀ ਜਾਂਦੀ ਭਲਾ ਇਹ ਕਿਸ ਤਰ੍ਹਾਂ ਦੀ ਮਰਜ਼ ਹੈ ਮਤਲਬੀ ਇਨਸਾਨ ਹੈ ਪਹਿਚਾਨ ਮੇਰੇ ਦੌਰ ਦੀ ਫੇਰ ਕੀ ਅਸਚਰਜ ਹੈ ਜੇ ਯਾਰ ਵੀ ਖ਼ੁਦਗ਼ਰਜ਼ ਹੈ ਸੱਚ ਬੋਲਣ ਤੋਂ ਕਦੇ ਵੀ ਬਾਜ਼ ਉਹ ਆਉਂਦਾ ਨਹੀਂ ਮੋੜਨਾ ਸ਼ਾਇਦ ‘ਅਮਰ’ ਨੇ ਪੱਥਰਾਂ ਦਾ ਕਰਜ਼ ਹੈ

ਮੁਹੱਬਤ ਹੋਣ ’ਤੇ ਲਗਦਾ

ਮੁਹੱਬਤ ਹੋਣ ’ਤੇ ਲਗਦਾ ਏ ਚੰਨ ਵੱਲ ਵੇਖਣਾ ਚੰਗਾ ਤੇ ਲਗਦਾ ਚਾਨਣੀ ’ਚੋਂ ਅਕਸ ਕੋਈ ਢੂੰਡਣਾ ਚੰਗਾ ਕਦੇ ਮੈਂ ਆਪਣੇ ਅੰਦਰ ਕਿਸੇ ਦੀ ਭਾਲ ਕਰਦਾ ਹਾਂ ਕਦੇ ਲਗਦਾ ਏ ਖ਼ੁਦ ਨੂੰ ਓਸ ’ਚੋਂ ਹੀ ਭਾਲਣਾ ਚੰਗਾ ਅਜਬ ਹੈ ਦੌਰ ਕਿ ਬਾਹਰੋਂ ਘਰਾਂ ਨੂੰ ਦੌੜਦੇ ਆਈਏ ਤੇ ਫਿਰ ਲਗਦਾ ਏ ਬਾਹਰ ਖਿੜਕੀਆਂ ’ਚੋਂ ਝਾਕਣਾ ਚੰਗਾ ਬੜੀ ਹੈ ਸ਼ਹਿਰ ਵਿਚ ਰੌਣਕ ਨਹੀਂ ਪਰ ਜੀਅ ਜਿਹਾ ਲਗਦਾ ਬੜਾ ਕੁਝ ਕਹਿਣ ਨੂੰ ਹੈ ਪਰ ਨ ਲਗਦਾ ਬੋਲਣਾ ਚੰਗਾ ਜੇ ਰਿਸ਼ਤਾ ਬੋਝ ਬਣ ਜਾਏ ਤਾਂ ਬਿਹਤਰ ਹੈ ਜੁਦਾ ਹੋਣਾ ਸ਼ਿਕਾਇਤ ਦੀ ਬਜਾਏ ਅਲਵਿਦਾ ਹੀ ਆਖਣਾ ਚੰਗਾ ਨਦੀ ਉਸ ਖ਼ੂਬਸੂਰਤ ਨੇ ਮੇਰਾ ਕੀ ਠਾਰਨਾ ਸੀਨਾ ਸਗੋਂ ਉਸ ਨੂੰ ਤਾਂ ਲਗਦਾ ਏ ‘ਅਮਰ’ ਨੂੰ ਸੇਕਣਾ ਚੰਗਾ

ਨਾਜ਼ ਨਖ਼ਰੇ ਦੀ ਇਬਾਰਤ

ਨਾਜ਼ ਨਖ਼ਰੇ ਦੀ ਇਬਾਰਤ ਯਾਦ ਆਉਂਦੀ ਹੈ ਬੜੀ ਰੰਗ ਗੋਰੇ ਦੀ ਤਿਜਾਰਤ ਯਾਦ ਆਉਂਦੀ ਹੈ ਬੜੀ ਜਿਸ ’ਚ ਸੀ ਤਸਵੀਰ ਦਿਲ ਦੀ ਸੰਗਮਰਮਰ ’ਤੇ ਬਣੀ ਸ਼ੀਸ਼ਿਆਂ ਦੀ ਉਹ ਇਮਾਰਤ ਯਾਦ ਆਉਂਦੀ ਹੈ ਬੜੀ ਸੀ ਬੜੀ ਮੁਸ਼ਕਿਲ ਤੇ ਉੱਤਰ ਵੀ ਜਿਦ੍ਹਾ ਤੂਫ਼ਾਨ ਸੀ ਇਕ ਨਦੀ ਦੀ ਉਹ ਬੁਝਾਰਤ ਯਾਦ ਆਉਂਦੀ ਹੈ ਬੜੀ ਫੇਰ ਕੀ ਜੇ ਸਰਦ ਹਉਕੇ ਹੁਣ ਮੇਰੀ ਹੋਣੀ ਬਣੇ ਗਰਮ ਸਾਹਾਂ ਦੀ ਹਰਾਰਤ ਯਾਦ ਆਉਂਦੀ ਹੈ ਬੜੀ ਯਾਦ ਰੱਖਣਯੋਗ ਮਿਲਿਆ ਨਾ ਕਦੇ ਕੁਝ ਪਰ ਤੇਰੀ ਬੇਵਫ਼ਾਈ ਵਿਚ ਮੁਹਾਰਤ ਯਾਦ ਆਉਂਦੀ ਹੈ ਬੜੀ ਸ਼ੇਅਰ ਮੈਂ ਸਾਰੇ ਸ਼ਰਾਫ਼ਤ ਨੂੰ ਸਮਰਪਿਤ ਕਰ ਦਿਆਂ ਪਰ ਸ਼ਰੀਫ਼ਾਂ ਦੀ ਸ਼ਰਾਰਤ ਯਾਦ ਆਉਂਦੀ ਹੈ ਬੜੀ

ਦੁਆ ਹੈ ਰਹਿਣ ਜਗਦੇ

ਦੁਆ ਹੈ ਰਹਿਣ ਜਗਦੇ ਦਿਲਬਰਾਂ ਦੇ ਪਿਆਰ ਦੇ ਦੀਪਕ ਮੁਹੱਬਤ ਦੇ ਬਨੇਰੇ ’ਤੇ ਵਫ਼ਾ ਇਕਰਾਰ ਦੇ ਦੀਪਕ ਜਵਾਨੀ ਦੀ ਦੀਵਾਲੀ ਨੂੰ ਪ੍ਰੀਤਾਂ ਦੇ ਚੁਬਾਰੇ ’ਤੇ ਬੜੇ ਨੇ ਖ਼ੂਬਸੂਰਤ ਜਾਪਦੇ ਦਿਲਦਾਰ ਦੇ ਦੀਪਕ ਸ਼ਿਕਾਇਤ ਇਹ ਨਹੀਂ ਕਿ ਦੀਪਮਾਲਾ ਗ਼ੈਰ ਨੇ ਕੀਤੀ ਗਿਲਾ ਹੈ ਗ਼ੈਰ ਘਰ ਬਲਦੇ ਨੇ ਮੇਰੇ ਯਾਰ ਦੇ ਦੀਪਕ ਮਲਾਹ ਹੈ ਚੋਰ, ਨੇ੍ਹਰਾ ਘੋਰ, ਡਾਢਾ ਸ਼ੋਰ ਪਾਣੀ ਦਾ ਫਸੇ ਵਿਚਕਾਰ ਦਿਸਦੇ ਆਰ ਦੇ ਨਾ ਪਾਰ ਦੇ ਦੀਪਕ ਉਤਾਰੋ ਆਰਤੀ ਨਾ ਥਾਲ ਦੇ ਵਿਚ ਬਾਲ ਕੇ ਜੋਤਾਂ ਮਨਾਂ ਵਿਚ ਜੇ ਹਨ੍ਹੇਰਾ ਹੈ ਤਾਂ ਕੁਝ ਨਾ ਸਾਰਦੇ ਦੀਪਕ ਸਿਮਟ ਕੇ ਆਪਣੇ ਨੇੜੇ ਸਗੋਂ ਮੈਂ ਹੋਰ ਹੋ ਜਾਵਾਂ ਜਗਾਵਾਂ ਮੈਂ ਜਦੋਂ ਵੀ ਆਪਣੇ ਵਿਸਥਾਰ ਦੇ ਦੀਪਕ ਜਗਾ ਕੇ ਦੀਪ ਯਾਦਾਂ ਦੇ ‘ਅਮਰ’ ਪੀੜਾਂ ਪਰੋਂਦਾ ਹੈ ਮੁਬਾਰਕ ਹੈ ਜਗਾਏ ਨੇ ਤੁਸੀਂ ਬਾਜ਼ਾਰ ਦੇ ਦੀਪਕ

ਇਸ ਕਦਰ ਇਸ ਦੌਰ ਦਾ

ਇਸ ਕਦਰ ਇਸ ਦੌਰ ਦਾ ਹੋਇਆ ਅਸਰ ਹੈ ਭਟਕਦਾ ਰਹਿੰਦਾ ਨਗਰ ਦਾ ਹਰ ਬਸ਼ਰ ਹੈ ਦਿਲ ’ਚ ਹੋਇਆ ਵਾਸ ਚਿਹਰੇ ਖ਼ਾਸ ਦਾ ਕੀ ਰਾਤ ਸਾਰੀ ਚੰਨ ’ਤੇ ਰਹਿੰਦੀ ਨਜ਼ਰ ਹੈ ‘ਵੇਖ ਨਾ ਮੈਨੂੰ’ ਕਿਹਾ ਗਹਿਰੀ ਨਦੀ ਨੇ ‘ਬੁਲਬੁਲੇ ਦਾ ਵੇਖ ਕੀ ਹੁੰਦਾ ਹਸ਼ਰ ਹੈ’ ਕੀ ਭਲਾ ਕਰ ਲੈਣਗੇ ਰਾਹਾਂ ਦੇ ਕੰਡੇ ਆਸ ਮੰਜ਼ਿਲ ਦੀ ਜੇ ਮੇਰੀ ਹਮਸਫ਼ਰ ਹੈ ਬਿਰਖ ਨੂੰ ਧੁੱਪ ਲੈ ਗਈ ਹੈ ਵਰਗ਼ਲਾ ਕੇ ਸੈਰ ਕਰਦੇ ਮੈਂ ਸੁਣੀ ਤਾਜ਼ਾ ਖ਼ਬਰ ਹੈ ਲੋਕ ਹੀ ਆਦੀ ਨੇ ਖ਼ਬਰਾਂ ਮਾੜੀਆਂ ਦੇ ਰੇਡੀਓ ਤਾਂ ਗੀਤ ਵੀ ਕਰਦਾ ਨਸ਼ਰ ਹੈ ਆਸ਼ਕੀ ’ਚੋਂ ਜ਼ਿੰਦਗੀ ਨੂੰ ਭਾਲਦਾ ਹੀ ਸ਼ਖ਼ਸ ਜਿਹੜਾ ਮਰ ਗਿਆ ਉਹ ਤਾਂ ‘ਅਮਰ’ ਹੈ

ਹੁਣ ਸੁਪਨਿਆਂ ਵਿਚ ਰੋਜ਼ ਵਹਿੰਦੀ

ਹੁਣ ਸੁਪਨਿਆਂ ਵਿਚ ਰੋਜ਼ ਵਹਿੰਦੀ ਹੈ ਨਦੀ ਇਕ ਸਾਂਵਲੀ ਬਾਹਰੋਂ ਤਾਂ ਲਗਦੀ ਸ਼ਾਂਤ ਹੈ ਪਰ ਹੈ ਬੜੀ ਉਹ ਮਨਚਲੀ ਉਸਦਾ ਸ਼ੁਗ਼ਲ ਪਾਵੇ ਨ ਕੇਵਲ ਦਿਲ ਮੇਰੇ ਅੰਦਰ ਖ਼ਲਲ ਸੋਚਾਂ ਦੇ ਅੰਦਰ ਵੀ ਮਚੀ ਰਹਿੰਦੀ ਸਗੋਂ ਹੈ ਖ਼ਲਬਲੀ ਉਸਦੀ ਨਿਸ਼ਾਨੀ ਮੋਤੀਏ ਦੇ ਫੁੱਲ ਤਾਂ ਮੁਰਝਾ ਗਏ ਸਾਹਾਂ ’ਚ ਹਾਲੇ ਤੀਕ ਪਰ ਖ਼ੁਸ਼ਬੂ ਉਨ੍ਹਾਂ ਦੀ ਹੈ ਰਲੀ ਦਿਨ ਤਾਂ ਦਿਨਾਂ ਵਰਗੇ ਨੇ ਹੁਣ ਵੀ, ਉਹ ਰਿਹਾ ਪਰ ਉਹ ਨਹੀਂ ਘੇਰੇ ਉਦਾਸੀ ਘੋਰ ਹੁਣ ਵਗਦੀ ਹਵਾ ਜਦ ਸੰਦਲੀ ਗ਼ਲਤੀ ਇਹ ਮੈਥੋਂ ਹੋ ਗਈ ਮੰਜ਼ਿਲ ਮੈਂ ਉਸਨੂੰ ਸਮਝਿਆ ਚੇਤੇ ਜਿਦ੍ਹੇ ਅੰਦਰ ਵਸੀ ਰਹਿੰਦੀ ਸਦਾ ਪਿਛਲੀ ਗਲੀ

ਮਿਲਣ ਮੈਨੂੰ ਜੇ ਆਉਂਦਾ ਉਹ

ਮਿਲਣ ਮੈਨੂੰ ਜੇ ਆਉਂਦਾ ਉਹ ਮੁਸਾਫ਼ਿਰ ਹੋਣ ਤੋਂ ਪਹਿਲਾਂ ਤਾਂ ਮੈਂ ਵੀ ਘਰ ਸਜਾ ਲੈਣਾ ਸੀ ਖੰਡਰ ਹੋਣ ਤੋਂ ਪਹਿਲਾਂ ਉਦੋਂ ਬਰਸਾਤ ਨਾ ਰੁਕਦੀ ਤਾਂ ਉਸਨੂੰ ਰੋਕ ਲੈਂਦਾ ਮੈਂ ਚਲਾ ਪਰ ਉਹ ਗਿਆ ਬਾਰਿਸ਼ ਨਿਰੰਤਰ ਹੋਣ ਤੋਂ ਪਹਿਲਾਂ ਮੇਰੇ ਦਿਲ ਦੇ ਪਰਿੰਦੇ ਨੇ ਅਜੇ ਤਾਂ ਪਰ ਹੀ ਤੋਲੇ ਸੀ ਕਿ ਜ਼ਖ਼ਮੀ ਹੋ ਗਿਆ ਭਾਗਾਂ ’ਚ ਅੰਬਰ ਹੋਣ ਤੋਂ ਪਹਿਲਾਂ ਨ ਜੰਗਲ ਦੀ, ਨ ਰਾਵਣ ਦੀ ਤੇ ਨਾ ਅਗਨੀ ਪਰੀਖਿਆ ਦੀ ਕਦੇ ਸੀ ਕਲਪਨਾ ਕੀਤੀ ਸੁਅੰਬਰ ਹੋਣ ਤੋਂ ਪਹਿਲਾਂ ਤੇਰੀ ਹਸਤੀ ਜੇ ਵੱਡੀ ਤਾਂ ਮੇਰੀ ਨਾ ਅਹਿਮੀਅਤ ਘਟਦੀ ਜ਼ਰੂਰੀ ਬੂੰਦ ਹੁੰਦੀ ਹੈ ਸਮੁੰਦਰ ਹੋਣ ਤੋਂ ਪਹਿਲਾਂ ਕਿਸੇ ਦੇ ਹੱਥ ਨਾ ਖ਼ੰਜਰ ਤੇ ਨਾ ਤ੍ਰਿਸ਼ੂਲ ਸੀ ਹੁੰਦਾ ਅਸਾਡੇ ਸ਼ਹਿਰ ਵਿਚ ਮਸਜਿਦ ਤੇ ਮੰਦਿਰ ਹੋਣ ਤੋਂ ਪਹਿਲਾਂ ਚੁਣੇ ਸਾਡੇ ਨੁਮਾਇੰਦੇ ਹੀ ਅਸਾਨੂੰ ਮਾਰਦੇ ਰਹਿੰਦੇ ਅਸੀਂ ਚੰਗੇ ਭਲੇ ਸਾਂ ਲੋਕਤੰਤਰ ਹੋਣ ਤੋਂ ਪਹਿਲਾਂ

ਸਮਝਦੇ ਸਾਨੂੰ ਰਹੇ ਜੋ ਸਿਰਫਿਰੇ

ਸਮਝਦੇ ਸਾਨੂੰ ਰਹੇ ਜੋ ਸਿਰਫਿਰੇ ਮੰਗਦੇ ਹੁਣ ਉਹ ਨੇ ਸਾਡੇ ਮਸ਼ਵਰੇ ਖਿੜਕੀਆਂ ’ਚੋਂ ਧੁੱਪ ਹੈ ਦਿਸਦੀ ਪਈ ਪਰ ਬੜੇ ਠੰਡੇ ਜਿਹੇ ਨੇ ਬਿਸਤਰੇ ਕਾਸ਼! ਜੇ ਜਲਦੀ ਨਾ ਹੁੰਦੀ ਯਾਰ ਨੂੰ ਇਸ ਤਰ੍ਹਾਂ ਹੁੰਦੇ ਮਜ਼ੇ ਨਾ ਕਿਰਕਿਰੇ ਜਾਪਦੇ ਜੋ ਨੇ ਸਹਾਰੇ ਜੀਣ ਦੇ ਭਾਲਦੇ ਉਹ ਥਾਂ ਕੁਥਾਂ ਨੇ ਆਸਰੇ ਨਰਮ ਕੋਮਲ ਚਿਹਰਿਆਂ ਦੀ ਭੀੜ ਵਿਚ ਹੱਥ ਕੁਝ ਫਿਰਦੇ ਪਏ ਨੇ ਖੁਰਦਰੇ ਰਾਜਨੇਤਾ ਹੁਣ ਵਪਾਰੀ ਬਣ ਗਏ ਵੇਚਦੇ ਨੇ ਗਾਤਰੇ ਤੇ ਉਸਤਰੇ ਘਰ ਬਣਨ ’ਤੇ ਰਹਿਣ ਵਾਲੇ ਰਹਿਣਗੇ ਕਰ ਰਹੇ ਮਜ਼ਦੂਰੀਆਂ ਪਰ ਬੇਘਰੇ ਜਦ ‘ਅਮਰ’ ਮਰਿਆ ਤਾਂ ਯਾਰਾਂ ਨੇ ਕਿਹਾ ‘ਚੱਲ ਸਾਨੂੰ ਕੀ ਕੁਈ ਜੀਵੇ ਮਰੇ’

ਸ਼ਹਿਰ ਦਾ ਦਸਤੂਰ ਮੇਰੇ

ਸ਼ਹਿਰ ਦਾ ਦਸਤੂਰ ਮੇਰੇ ਉਲਟ ਹੀ ਖੜ੍ਹਦਾ ਰਿਹਾ ਪਿਆਰ ਕਰਨਾ ਪਾਪ ਸੀ ਤੇ ਪਾਪ ਇਹ ਚੜ੍ਹਦਾ ਰਿਹਾ ਠੀਕ ਹੋ ਸਕਦੈ ਕਿ ਵਰਜਿਤ ਫਲ ਹੈ ਉਹ ਮੇਰੇ ਲਈ ਪਰ ਗ਼ਲਤ ਹੈ ਫਲ ਪਿਆ ਜੇ ਉਂਝ ਹੀ ਸੜਦਾ ਰਿਹਾ ਉਹ ਵਫ਼ਾ ਕੀ, ਬੇਵਫ਼ਾਈ ਵੀ ਨਿਭਾਅ ਸਕਿਆ ਨਹੀਂ ਗ਼ੈਰ ਤੋਂ ਚੋਰੀ ਉਹ ਚਿੱਠੀਆਂ ਮੇਰੀਆਂ ਪੜ੍ਹਦਾ ਰਿਹਾ ਕੀ ਪਤਾ ਕਿਉਂ ਨਾਸਤਿਕ ਉਹ ਬੁੱਤਘਾੜਾ ਹੋ ਗਿਆ ਜੋ ਹਮੇਸ਼ਾ ਮੰਦਿਰਾਂ ਵਿਚ ਦੇਵਤੇ ਘੜਦਾ ਰਿਹਾ ਮੈਂ ਲਿਆਂਦੀ ਮੁਸਕਰਾਉਂਦੇ ਬੁੱਧ ਦੀ ਤਸਵੀਰ ਕੀ ਹਰ ਜਣਾ ਹੀ ਘਰ ਦਾ ਮੈਨੂੰ ਘੁੱਟ ਕੇ ਫੜਦਾ ਰਿਹਾ ਲੋਥ ਉਸਦੀ ’ਤੇ ਰਸਮ—ਕਿਰਿਆ ਦੀ ਗੱਲ ਤੁਰਦੀ ਰਹੀ ਜ਼ਿੰਦਗੀ ਭਰ ਉਹ ਰਿਵਾਜਾਂ ਨਾਲ ਸੀ ਲੜਦਾ ਰਿਹਾ

ਤੇਰੇ ਚੰਚਲ ਜਿਹੇ ਨੈਣਾਂ

ਤੇਰੇ ਚੰਚਲ ਜਿਹੇ ਨੈਣਾਂ ਸ਼ਰਾਰਤ ਫੇਰ ਕੀਤੀ ਏ ਮੇਰੇ ਨਾਜ਼ੁਕ ਜਿਹੇ ਦਿਲ ਨੇ ਸ਼ਿਕਾਇਤ ਫੇਰ ਕੀਤੀ ਏ ਅਦਾ ਕਰਨਾ ਸੀ ਹਾਲੇ ਸ਼ੁਕਰੀਆ ਤੇਰੀ ਅਦਾ ਦਾ ਮੈਂ ਕਿ ਤੇਰੀ ਯਾਦ ਨੇ ਆ ਕੇ ਇਨਾਇਤ ਫੇਰ ਕੀਤੀ ਏ ਗੁਜ਼ਾਰਿਸ਼ ਹੈ, ਵਫ਼ਾ ਇਸ ਵਾਰ ਤਾਂ ਪੂਰੀ ਨਿਭਾਵੀਂ ਤੂੰ ਸੁਣਨ ਵਿਚ ਆ ਰਿਹੈ ਕਿ ਤੂੰ ਮੁਹੱਬਤ ਫੇਰ ਕੀਤੀ ਏ ਸਜ਼ਾ ਏਨੀ ਬੜੀ ਤੈਨੂੰ ਹੈ ਤੇਰੀ ਬੇਵਫ਼ਾਈ ਦੀ ਕਿ ਤੂੰ ਮਹਿਸੂਸ ਤਾਂ ਮੇਰੀ ਜ਼ਰੂਰਤ ਫੇਰ ਕੀਤੀ ਏ ਭਰੇ ਬਾਜ਼ਾਰ ਵਿਚ ਤੇਰੀ ਕਿਸੇ ਨੇ ਛੇੜ ਕੇ ਚਰਚਾ ‘ਅਮਰ’ ਦੇ ਵਾਸਤੇ ਪੈਦਾ ਮੁਸੀਬਤ ਫੇਰ ਕੀਤੀ ਏ

ਆਪਣੇ ’ਚੋਂ ਆਪ ਮਨਫ਼ੀ

ਆਪਣੇ ’ਚੋਂ ਆਪ ਮਨਫ਼ੀ ਹੋ ਗਿਆ ਹੈ ਇਸ ਕਦਰ ਬੰਦਾ ਹਿਸਾਬੀ ਹੋ ਗਿਆ ਹੈ ਹਰ ਬਸ਼ਰ ਤ੍ਰਿਸ਼ੂਲ ਬਰਛੀ ਹੋ ਗਿਆ ਹੈ ਭੀੜ ਦੀ ਪੂਰੀ ਸਮੱਗਰੀ ਹੋ ਗਿਆ ਹੈ ਅੱਤਵਾਦੀ ਦੇ ਸਣੇ ਬਾਰਾਂ ਮਰੇ ਨੇ ਆਦਮੀ ਹੁਣ ਮਹਿਜ਼ ਗਿਣਤੀ ਹੋ ਗਿਆ ਹੈ ਮਾਣ ਹੈ ਜਿਸਦੀ ਸ਼ਹੀਦੀ ’ਤੇ ਮੁਲਕ ਨੂੰ ਉਹ ਕਿਸੇ ਵਿਧਵਾ ਦੀ ਅਰਜ਼ੀ ਹੋ ਗਿਆ ਹੈ ਪੌਣ ਭਟਕੀ ਨਾ ਫਿਰੇ ਤਾਂ ਕੀ ਕਰੇ ਜਦ ਨਗਰ ਦਾ ਹਰ ਬਿਰਖ ਕੁਰਸੀ ਹੋ ਗਿਆ ਹੈ ਅੱਗ ਦਾ ਦਰਿਆ ਨਿਰਾ ਜੇ ਇਸ਼ਕ ਹੈ ਤਾਂ ਹੌਸਲਾ ਮੇਰਾ ਵੀ ਕਿਸ਼ਤੀ ਹੋ ਗਿਆ ਹੈ ਤੁਰ ਗਿਆ ਸੂਰਜ ਬੁਝਾ ਕੇ ਪਿਆਸ ਅਪਣੀ ਪਰ ਨਦੀ ਦਾ ਨੀਰ ਅਗਨੀ ਹੋ ਗਿਆ ਹੈ ਪਿਆਰ ਉਸਨੇ ਪਾਉਂਦਿਆਂ ਨਾ ਦੇਰ ਕੀਤੀ ਬੇਵਫ਼ਾ ਵੀ ਬਹੁਤ ਜਲਦੀ ਹੋ ਗਿਆ ਹੈ ਆਪਣੀ ਹੀ ਭਾਲ ਵਿਚ ਸੀ ਨਿਕਲਿਆ ਜੋ “ਗੁੰਮਸ਼ੁਦਾ ਦੀ ਭਾਲ” ਸੁਰਖ਼ੀ ਹੋ ਗਿਆ ਹੈ ਉਮਰ ਸਾਰੀ ਭੋਗਿਆ ਹੈ ਨਰਕ ਉਸਨੇ ਮਰਨ ਦੇ ਮਗਰੋਂ ਸਵਰਗੀ ਹੋ ਗਿਆ ਹੈ

ਬਾਗ਼ ’ਚੋਂ ਫੁੱਲ ਨੂੰ ਤੋੜਨਾ

ਬਾਗ਼ ’ਚੋਂ ਫੁੱਲ ਨੂੰ ਤੋੜਨਾ ਹੈ ਮਨ੍ਹਾ ਪਰ ਚਲੋ ਤੋੜ ਕੇ ਵੇਖਦੇ ਹਾਂ ਭਲਾ ਹੋ ਕੇ ਹੁਣ ਮਾਲੀਆਂ ਨੂੰ ਮੁਖ਼ਾਤਿਬ ਚਲੋ ਇਨਕਲਾਬੀ ਗ਼ਜ਼ਲ ਛੇੜਦੇ ਹਾਂ ਭਲਾ ਹੁਣ ਮੁਹੱਬਤ ਦੀ ਸਾਨੂੰ ਜ਼ਰੂਰਤ ਬੜੀ, ਮੁਖ਼ਬਰਾਂ ਦੀ ਸ਼ਰਾਰਤ ਵੀ ਥਾਂ ਥਾਂ ਖੜੀ ਢੰਗ ਕੋਈ ਨਾ ਕੋਈ ਬਗ਼ਾਵਤ ਲਈ, ਬੈਠ ਕੇ ਦੋਸਤਾ ਸੋਚਦੇ ਹਾਂ ਭਲਾ ਖ਼ਾਬ ਆਇਆ ਕਿ ਉਹ ਬੇਵਫ਼ਾ ਹੋ ਗਿਆ, ਛੱਡ ਕੇ ਯਾਰ ਨੂੰ ਗ਼ੈਰ ਦਾ ਹੋ ਗਿਆ ਇਸ ਤਰ੍ਹਾਂ ਦਾ ਬੁਰਾ ਖ਼ਾਬ ਆਇਆ ਕਿਵੇਂ, ਕੀ ਵਜ੍ਹਾ ਹੈ ਹੁਣੇ ਖੋਜਦੇ ਹਾਂ ਭਲਾ ਇਸ਼ਕ ਦੀ ਗਰਮਜ਼ੋਸ਼ੀ ਗਈ ਬੀਤ ਹੈ, ਹੁਣ ਵਫ਼ਾ ਮੀਤ ਦੀ ਹੋ ਗਈ ਸੀਤ ਹੈ ਸਰਦ ਹਉਕੇ ਹਿਜਰ ਦੇ ਬਚੇ ਕੋਲ ਜੋ, ਬਾਲ ਕੇ ਹੁਣ ਉਹੀ ਸੇਕਦੇ ਹਾਂ ਭਲਾ ਰਿਸ਼ਤਿਆਂ ’ਚੋਂ ਸਦਾ ਬੇਵਿਸਾਹੀ ਮਿਲੀ, ਉਮਰ ਸਾਰੀ ਅਸਾਨੂੰ ਤਬਾਹੀ ਮਿਲੀ ਜ਼ਿੰਦਗੀ ਨਾਮ ਦੀ ਚੀਜ਼ ਹੁੰਦੀ ਹੈ ਕੀ, ਸ਼ਬਦਕੋਸ਼ਾਂ ’ਚ ਹੀ ਭਾਲਦੇ ਹਾਂ ਭਲਾ

ਕਿਸੇ ਮੁਸਕਾਨ ’ਤੇ ਨਾਦਾਨ ਦਿਲ

ਕਿਸੇ ਮੁਸਕਾਨ ’ਤੇ ਨਾਦਾਨ ਦਿਲ ਕੁਰਬਾਨ ਕਰ ਬੈਠੇ ਹਵਾਲੇ ਹੰਝੂਆਂ ਦੇ ਜਾਣ ਬੁੱਝ ਕੇ ਜਾਨ ਕਰ ਬੈਠੇ ਸ਼ਮਾਂ ਦਿਲਕਸ਼ ਹੀ ਏਨੀ ਸੀ ਕਿ ਪਰਵਾਨੇ ਵੀ ਕੀ ਕਰਦੇ ਨਜ਼ਾਰੇ ਵਾਸਤੇ ਉਹ ਮੌਤ ਵੀ ਪ੍ਰਵਾਨ ਕਰ ਬੈਠੇ ਮੇਰੇ ਉਹ ਖ਼ਾਬ ਸਾਰੀ ਰਾਤ ਸੂਰਜ ਵਾਂਗ ਬਲਦੇ ਨੇ ਨਦੀ ਇਕ ਸਾਂਵਲੀ ਵਿਚ ਜੋ ਕਦੇ ਇਸ਼ਨਾਨ ਕਰ ਬੈਠੇ ਨਹੀਂ ਸਾਂ ਜਾਣਦੇ ਤੂਫ਼ਾਨ ਉਸਦੇ ਹੇਠ ਲੁਕਿਆ ਹੈ ਬਿਠਾ ਪਲਕਾਂ ’ਤੇ ਜਿਹੜੀ ਪੌਣ ਦਾ ਸਨਮਾਨ ਕਰ ਬੈਠੇ ਗਿਲਾ ਇਸ ਗੱਲ ਦਾ ਹੈ ਉਸਨੇ ਕਦਰ ਪਾਈ ਨਾ ਫੁੱਲਾਂ ਦੀ ਗਿਲਾ ਬਿਲਕੁਲ ਨਹੀਂ ਕਿ ਬਾਗ਼ ਨੂੰ ਵੀਰਾਨ ਕਰ ਬੈਠੇ ਪਤਾ ਤਾਂ ਸੀ ਕਿ ਦੁਰਘਟਨਾ ਘਟੇਗੀ ਲਾਜ਼ਮੀ ਫਿਰ ਵੀ ਸਮਰਪਿਤ ਪੱਥਰਾਂ ਨੂੰ ਕੱਚ ਦਾ ਸਾਮਾਨ ਕਰ ਬੈਠੇ ਸੁਖੀ ਕਿੰਨਾ ਕੁ ਨੇ ਉਹ ਬੇਰੁਖ਼ੀ ਕਰਕੇ ਖ਼ੁਦਾ ਜਾਣੇ ਅਸੀਂ ਤਾਂ ਬੇਖ਼ੁਦੀ ਵਿਚ ਆਪਣਾ ਨੁਕਸਾਨ ਕਰ ਬੈਠੇ ਚੁਫ਼ੇਰੇ ਦੌੜ ਅੰਨ੍ਹੀ ਹੋਰ ਕਿੰਨੀ ਦੇਰ ਵੇਖਾਂਗੇ ਅਸੀਂ ਇਹ ਸੋਚ ਨੇਤਰਦਾਨ ਦਾ ਐਲਾਨ ਕਰ ਬੈਠੇ

ਆਸ ਕੀ ਰੱਖਣੀ ਨਿਆਂ ਦੀ

ਆਸ ਕੀ ਰੱਖਣੀ ਨਿਆਂ ਦੀ ਟਾਹਣੀਆਂ ਨੇ ਫ਼ੈਸਲਾ ਦੇਣਾ ਏ ਜੇਕਰ ਕੁਰਸੀਆਂ ਨੇ ਦੌਰ ਹੈ ਵਿਉਪਾਰ ਦਾ ਹੁਣ ਤਿਤਲੀਆਂ ਵੀ ਸ਼ੋਖ਼ ਰੰਗਾਂ ਦੀ ਤਿਜਾਰਤ ਕਰਦੀਆਂ ਨੇ ਜ਼ੁਲਮ ਕਰਦੇ ਸਾਗਰਾਂ ਨੂੰ ਇਹ ਪਤਾ ਹੈ ਹੋਰ ਜਾਣਾ ਵੀ ਕਿਧਰ ਹੈ ਮਛਲੀਆਂ ਨੇ ਪਰਦਿਆਂ ਦੀ ਓਟ ਮੰਗੀ ਕਮਰਿਆਂ ਤਾਂ ਚੁੱਪ—ਚੁਪੀਤੇ ਮੌਤ ਮੰਗੀ ਖਿੜਕੀਆਂ ਨੇ ਕੰਮ ਅੱਖੀਆਂ ਦਾ ਨ ਕੇਵਲ ਵੇਖਣਾ ਹੀ ਇਹ ਕਿਸੇ ਦੇ ਨਾਲ ਵੀ ਤਾਂ ਲੜਦੀਆਂ ਨੇ ਮੁਲਤਵੀ ਹਰ ਵਾਰ ਕਰਦਾ ਪਿਆਰ ਨੂੰ ਉਹ ਆਖਦਾ ਹੈ ਹੋਰ ਵੀ ਸਰਗਰਮੀਆਂ ਨੇ ਫਿਰ ਸੁਭ੍ਹਾ ਹੋਈ ਤੇ ਫਿਰ ਅਖ਼ਬਾਰ ਆਈ ਫਿਰ ਬੜਾ ਬੇਚੈਨ ਕੀਤਾ ਸੁਰਖ਼ੀਆਂ ਨੇ ਮਰ ਗਿਆ ਯਾਰੋ ‘ਅਮਰ’ ਤਾਂ ਫਿਰ ਕੀ ਹੋਇਆ ਉਸ ਦੀਆਂ ਗੱਲਾਂ ਤਾਂ ਘਰ—ਘਰ ਚਲਦੀਆਂ ਨੇ

ਬਰੀ ਉਹ ਹੋ ਗਿਆ

ਬਰੀ ਉਹ ਹੋ ਗਿਆ ਬਖ਼ਸ਼ੇ ਗਏ ਉਸਦੇ ਗੁਨਾਹ ਸਾਰੇ ਸਜ਼ਾ ਹੁੰਦੀ ਕਿਵੇਂ ਉਸਨੇ ਖ਼ਰੀਦੇ ਸੀ ਗਵਾਹ ਸਾਰੇ ਚੁਫ਼ੇਰੇ ਹੈ ਬੜੀ ਦਾਦਾਗਿਰੀ ਬਿਫ਼ਰੇ ਸਮੁੰਦਰ ਦੀ ਸਿਵਾਏ ਡਰਨ ਦੇ ਹੁਣ ਕਰਨ ਵੀ ਤਾਂ ਕੀ ਮਲਾਹ ਸਾਰੇ ਅਸਾਡੇ ਮਿਲਣ ਕਰਕੇ ਵੀ ਰਿਹਾ ਰੌਲਾ ਜਿਹਾ ਪੈਂਦਾ ਅਸੀਂ ਵਿਛੜੇ ਤਾਂ ਕਰਦੇ ਚੁੰਝ ਚਰਚਾ ਖਾਹ ਮਖਾਹ ਸਾਰੇ ਮੁਸੱਵਰ ਦੇ ਤਸੱਵੁਰ ਵਿਚ ਰਿਹਾ ਆਬਾਦ ਉਹ ਫਿਰ ਵੀ ਕਿ ਭਾਵੇਂ ਰੰਗ ਉਸਦੇ ਕਰ ਗਿਆ ਸੀ ਉਹ ਤਬਾਹ ਸਾਰੇ ਕਿਸੇ ਦੇ ਰੰਗ ਗੋਰੇ ’ਤੇ ਗਜ਼ਲ ਤਾਂ ਮੈਂ ਵੀ ਲਿਖਦਾ ਪਰ ਲਿਖਾਵਟ ਦੇ ਲਈ ਹੁੰਦੇ ਹਰਫ਼ ਕਾਲੇ ਸਿਆਹ ਸਾਰੇ ‘ਅਮਰ’ ਮਹਿਫ਼ਿਲ ’ਚ ਆਇਆ ਤਾਂ ਉਨ੍ਹੇ ਹਰ ਦਿਲ ’ਤੇ ਛਾ ਜਾਣਾ ਕਿਵੇਂ ਉਸਨੂੰ ਬੁਲਾਈਏ ਨਾ, ਇਹ ਕਰਦੇ ਨੇ ਸਲਾਹ ਸਾਰੇ

ਇਹ ਪੱਥਰਾਂ ਦਾ ਸ਼ਹਿਰ

ਇਹ ਪੱਥਰਾਂ ਦਾ ਸ਼ਹਿਰ ਏਥੇ ਅੱਖਰਾਂ ਦੀ ਘਾਟ ਹੈ ਸ਼ਬਦਾਂ ਦੀਆਂ ਮੁਰਗਾਬੀਆਂ ਨੂੰ ਸਰਵਰਾਂ ਦੀ ਘਾਟ ਹੈ ਹੁੰਦੀ ਬੜੀ ਹੈ ਬਹਿਸ ਏਥੇ ਬੇ—ਨਤੀਜਾ ਰੋਜ਼ ਹੀ ਉਲਝਣ ਨ ਕੋਈ ਸੁਲਝਦੀ, ਦਾਨੀਸ਼ਵਰਾਂ ਦੀ ਘਾਟ ਹੈ ਸਾਰਾ ਜ਼ਮਾਨਾ ਹੁਣ ਦੁਕਾਨਾਂ ਦਾ ਦੀਵਾਨਾ ਹੋ ਗਿਆ ਸ਼ੀਸ਼ੇ ਤੇ ਮਰਮਰ ਦੇ ਮਕਾਨਾਂ ਵਿਚ ਘਰਾਂ ਦੀ ਘਾਟ ਹੈ ਸਭ ਕੁਝ ਮਸ਼ੀਨੀ ਹੋ ਗਿਆ ਹੁਣ ਤਾਂ ਯਕੀਨੀ ਤੌਰ ਤੇ ਹੁਣ ਦਿਲ ਵਿਚਾਰਾ ਕੀ ਕਰੇ ਹੁਣ ਦਿਲਬਰਾਂ ਦੀ ਘਾਟ ਹੈ ਨਜ਼ਰਾਂ ’ਚ ਸੀ ਆਕਾਸ਼ ਤਾਂ ਫੜ ਕੇ ਸ਼ਿਕਾਰੀ ਲੈ ਗਏ ਹੁਣ ਪਿੰਜਰਾ ਭਾਵੇਂ ਨਹੀਂ ਪਰ ਹੁਣ ਪਰਾਂ ਦੀ ਘਾਟ ਹੈ ਹੁਣ ਜ਼ਿੰਦਗੀ ਦੇ ਮੰਚ ’ਤੇ ਬਸ ਰਹਿ ਗਏ ਪ੍ਰਪੰਚ ਨੇ ਕਿਰਦਾਰ ਅਸਲੀ ਜੀਣ ਵਾਲੇ ਪਾਤਰਾਂ ਦੀ ਘਾਟ ਹੈ ਹਰ ਚੀਜ਼ ਦੀ ਬਹੁਤਾਤ ਏਥੇ ਹੈ ‘ਅਮਰ’ ਰੱਬ ਦੇ ਬਿਨਾਂ ਨਾ ਮਸਜਿਦਾਂ ਦੀ ਹੈ ਕਮੀ ਨਾ ਮੰਦਰਾਂ ਦੀ ਘਾਟ ਹੈ

ਹੁਣ ਜੀਣ ਦਾ ਅਹਿਸਾਸ

ਹੁਣ ਜੀਣ ਦਾ ਅਹਿਸਾਸ ਰੱਤੀ ਭਰ ਨਹੀਂ ਹੁੰਦਾ ਕਦੇ ਖ਼ਤਰਾ ਉਦੋਂ ਵੀ ਜਾਪਦਾ ਜਦ ਡਰ ਨਹੀਂ ਹੁੰਦਾ ਕਦੇ ਥਾਂ ਸਿਰ ਸਿਰਾਂ ਨੂੰ ਕੁਝ ਪਲਾਂ ਦੇ ਵਾਸਤੇ ਆ ਰੱਖੀਏ ਸਾਰੀ ਉਮਰ ਤਾਂ ਸਿਰ ਤਲੀ ’ਤੇ ਧਰ ਨਹੀਂ ਹੁੰਦਾ ਕਦੇ ਮਨਫ਼ੀ ਜਿਹਾ ਹੋਇਆ ਉਹ ਜੋੜੇ ਬਿਸਤਰਾ ਤੇ ਸੋਚਦਾ ਬਸ ਰਾਤ ਕੱਟਣ ਦਾ ਬਹਾਨਾ ਘਰ ਨਹੀਂ ਹੁੰਦਾ ਕਦੇ ਨਾ ਭਾਲਦੇ ਪਾਣੀ ਪਿਆਸੇ ਹਰਫ਼ ਜੇਕਰ ਜਾਣਦੇ ਮਾਰੂਥਲਾਂ ਦੇ ਗੀਤ ਅੰਦਰ ਸਰ ਨਹੀਂ ਹੁੰਦਾ ਕਦੇ ਤੇਰੇ ਬਿਨਾਂ ਜੀਣਾ ਬੜਾ ਦੁਸ਼ਵਾਰ ਭਾਵੇਂ ਹੋ ਗਿਆ ਪਰ ਮਰ ਗਿਆਂ ਦੇ ਨਾਲ ਵੀ ਤਾਂ ਮਰ ਨਹੀਂ ਹੁੰਦਾ ਕਦੇ

ਜਦੋਂ ਵੀ ਆਪਣੇ ਗ਼ਮ ਨਾਲ

ਜਦੋਂ ਵੀ ਆਪਣੇ ਗ਼ਮ ਨਾਲ ਮੈਂ ਸੰਵਾਦ ਕਰਦਾ ਹਾਂ ਕਿਸੇ ਦੀ ਬੇਵਫ਼ਾਈ ਨੂੰ ਬੜਾ ਮੈਂ ਯਾਦ ਕਰਦਾ ਹਾਂ ਰਿਹਾ ਉਸਦਾ ਨ ਮੇਰੇ ਨਾਲ ਕੋਈ ਵਾਸਤਾ ਫਿਰ ਵੀ ਮੈਂ ਉਸਦੀ ਹਰ ਅਦਾ ਦਾ ਰੋਜ਼ ਹੀ ਅਨੁਵਾਦ ਕਰਦਾ ਹਾਂ ‘ਖ਼ੁਦਾ’ ਕੀ ਆਖਿਆ ਉਸਨੂੰ ਖ਼ੁਦਾ ਸੱਚੀ ਉਹ ਬਣ ਬੈਠਾ ਮਿਲਣ ਦੇ ਵਾਸਤੇ ਵੀ ਹੁਣ ਸਗੋਂ ਫ਼ਰਿਆਦ ਕਰਦਾ ਹਾਂ ਪਰਾਂ ’ਤੇ ਲਾ ਨਿਸ਼ਾਨੀ ਆਖਿਆ ਇਕ ਦਿਨ ਸ਼ਿਕਾਰੀ ਨੇ ‘ਕਿ ਜਾਹ ਮੈਂ ਬਖ਼ਸ਼ਿਆ ਤੈਨੂੰ ਤੇ ਹੁਣ ਆਜ਼ਾਦ ਕਰਦਾ ਹਾਂ’ ਸਜ਼ਾ ਦਾ ਰੰਜ ਨਾ ਹੋਵੇ ਮਿਲੇ ਜੋ ਰਾਹਨੁਮਾਵਾਂ ਤੋਂ ਖ਼ੁਸ਼ੀ ਹੋਵੇ ਸਗੋਂ ਕਿ ਰਾਹ ਨਵੇਂ ਈਜਾਦ ਕਰਦਾ ਹਾਂ ਕਿਸੇ ਇਨਸਾਫ਼ ਦੀ ਮੈਂ ਕੁਰਸੀਆਂ ਤੋਂ ਆਸ ਕੀ ਰੱਖਾਂ ਮੇਰੇ ਸਿਰ ਦੋਸ਼ ਹੈ ਮੈਂ ਬਿਰਖ ਦੀ ਇਮਦਾਦ ਕਰਦਾ ਹਾਂ ਤੁਸੀਂ ਨਾ ਮਾਰਦੇ ਤਾਂ ਦੁਸ਼ਮਣਾਂ ਨੇ ਮਾਰ ਦੇਣਾ ਸੀ ਤੁਹਾਡੀ ਦੋਸਤੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ

ਆਦਮੀ ’ਚੋਂ ਆਦਮੀ ਨੂੰ

ਆਦਮੀ ’ਚੋਂ ਆਦਮੀ ਨੂੰ ਭਾਲਣਾ ਹੁਣ ਪੈ ਗਿਆ ਕਿਸ ਤਰ੍ਹਾਂ ਦਾ ਦੌਰ ਸਾਨੂੰ ਵੇਖਣਾ ਹੁਣ ਪੈ ਗਿਆ ਮਨ ਦੇ ਅੰਦਰ ਵਣ ਘਣੇ ਵਿਚ ਭਟਕਣਾ ਹੁਣ ਪੈ ਗਿਆ ਆਪਣਾ ਹੀ ਥਹੁ—ਟਿਕਾਣਾ ਢੂੰਡਣਾ ਹੁਣ ਪੈ ਗਿਆ ਲੋਕ ਚੀਕਾਂ ਤੋਂ ਬਿਨਾਂ ਹੁਣ ਹੋਰ ਕੁਝ ਸੁਣਦੇ ਨਹੀਂ ਆਪਣੀ ਚੁੱਪ ਨਾਲ ਮੈਨੂੰ ਬੋਲਣਾ ਹੁਣ ਪੈ ਗਿਆ ਬਾਗ਼ ’ਚੋਂ ਸੀ ਫੁੱਲ ਤੋੜਨ ਦੀ ਮਨਾਹੀ ਬਾ—ਹੁਕਮ ਰੰਗ ਚੇਤੇ ਵਿਚ ਗੁਲਾਬੀ ਸਾਂਭਣਾ ਹੁਣ ਪੈ ਗਿਆ ਦੋਸਤੀ ਨੂੰ ਹੋਰ ਕੀ ਹੋਣੀ ਭਲਾ ਸ਼ਰਮਿੰਦਗੀ ਯਾਰ ਨੂੰ ਹੀ ਬੇਵਫ਼ਾ ਜੇ ਆਖਣਾ ਹੁਣ ਪੈ ਗਿਆ ਬਹੁਤ ਆਸਾਂ ਸੀ ਕਲੰਡਰ ’ਤੇ ਬਣੇ ਭਗਵਾਨ ਤੋਂ ਸਾਲ ਗ਼ੁਜ਼ਰਨ ਨਾਲ ਹੀ ਉਹ ਪਾੜਣਾ ਹੁਣ ਪੈ ਗਿਆ ਯਾਦ ਉਸਦੀ, ਮੈਂ, ਗ਼ਜ਼ਲ ਤੇ ਜਾਮ ’ਕੱਠੇ ਹੋ ਗਏ ਸਾਰਿਆਂ ਨੂੰ ਰਾਤ ਸਾਰੀ ਜਾਗਣਾ ਹੁਣ ਪੈ ਗਿਆ

ਕੋਈ ਵੀ ਰਾਹ ਨਹੀਂ

ਕੋਈ ਵੀ ਰਾਹ ਨਹੀਂ ਹੈ ਆਸਾਨ ਜ਼ਿੰਦਗੀ ਦਾ ਹਰ ਮੋੜ ’ਤੇ ਪਿਆ ਹੈ ਸਾਮਾਨ ਖ਼ੁਦਕੁਸ਼ੀ ਦਾ ਗ਼ੈਰਾਂ ਦੇ ਵਾਰ ’ਤੇ ਵੀ ਉਹ ਦਾਦ ਦੇ ਰਹੇ ਨੇ ਉਹ ਖ਼ੂਬ ਜਾਣਦੇ ਨੇ ਅੰਦਾਜ਼ ਦੁਸ਼ਮਣੀ ਦਾ ਸਿਰ ’ਤੇ ਖੜਾ ਸੀ ਕਾਤਿਲ, ਬਚਣਾ ਬੜਾ ਸੀ ਮੁਸ਼ਕਿਲ ਹੋਇਆ ਜਦੋਂ ਸੀ ਮੈਨੂੰ ਅਹਿਸਾਸ ਬੇਖ਼ੁਦੀ ਦਾ ਤੇਰੇ ਬਗੈਰ ਵੀ ਹੈ ਹਰ ਚੀਜ਼ ਥਾਂ ਟਿਕਾਣੇ ਬਸ ਗੁੰਮ ਹੋ ਗਿਆ ਹੈ ਇਤਬਾਰ ਆਦਮੀ ਦਾ ਐਵੇਂ ਜਵਾਰਭਾਟਾ ਬਦਨਾਮ ਹੋ ਗਿਆ ਹੈ ਸਾਰਾ ਕਸੂਰ ਤਾਂ ਹੈ ਉਸ ਰਾਤ ਚਾਨਣੀ ਦਾ ਮਹਿਫ਼ਿਲ ਦਾ ਕੀ ਮਜ਼ਾ ਹੈ ਜੇਕਰ ‘ਅਮਰ’ ਨ ਆਇਆ ਉਸਦੇ ਕਲਾਮ ਅੰਦਰ ਹੈ ਰੰਗ ਪੁਖ਼ਤਗੀ ਦਾ

ਹਰ ਕਿਸੇ ਦਾ ਜ਼ਿੰਦਗੀ ਨੂੰ

ਹਰ ਕਿਸੇ ਦਾ ਜ਼ਿੰਦਗੀ ਨੂੰ ਜੀਣ ਦਾ ਇਕ ਢੰਗ ਹੈ ਇਕ ਵਜਾਵੇ ਬੀਨ ਤੇ ਇਕ ਮਾਰਦਾ ਬਸ ਡੰਗ ਹੈ ਆ ਸਕੇ ਤਾਂ ਆ ਕਦੇ ਤੂੰ ਇਹ ਗਿਰਾਂ ਹੈ ਇਸ਼ਕ ਦਾ ਹੈ ਬੜੀ ਭੀੜੀ ਗਲੀ ਤੇ ਮੋੜ ਵਾਹਵਾ ਤੰਗ ਹੈ ਬੂਰੀਆਂ ਜੇ ਚਾਰੀਆਂ ਤਾਂ ਚੂਰੀਆਂ ਵੀ ਖਾਧੀਆਂ ਫਿਰ ਕੀ ਹੋਇਆ ਚਾਕ ਤਾਈਂ ਖਾ ਗਿਆ ਜੇ ਝੰਗ ਹੈ ਬੇਵਫ਼ਾ ਮੈਂ ਵੀ ਸਹੀ ਪਰ ਪਿਆਰ ਤੈਨੂੰ ਵੀ ਨਹੀਂ ਤੋੜ ਕੇ ਵੇਖੀ ਤਲੀ ’ਤੇ ਕੱਚ ਦੀ ਮੈਂ ਵੰਗ ਹੈ ਰਹਿਮ—ਦਿਲ ਯਾਰਾਂ ਨੇ ਦਿਲ ’ਤੇ ਵਾਰ ਕਰਕੇ ਆਖਿਆ ‘ਮੰਗ ਲੈ ਦਿਲ ਖੋਲ੍ਹ ਕੇ ਜਿਹੜੀ ਵੀ ਤੇਰੀ ਮੰਗ ਹੈ’ ਜੇ ਸ਼ਿਕਾਰੀ ਮਾਰ ਦੇਵੇ ਤਾਂ ਨਹੀਂ ਕੋਈ ਗਿਲਾ ਰੰਜ ਹੈ ਕਿ ਪਿੰਜਰੇ ਦਾ ਆਸਮਾਨੀ ਰੰਗ ਹੈ

ਮੇਰਾ ਤੇ ਜਿਸਦਾ ਮਿਲਣਾ ਸੀ

ਮੇਰਾ ਤੇ ਜਿਸਦਾ ਮਿਲਣਾ ਸੀ ਬਸ ਐਵੇਂ ਇਤਫ਼ਾਕ ਜਿਹਾ ਸੈਅ ਜਨਮਾਂ ਤੋਂ ਨਾਲ ਉਦ੍ਹੇ ਹੁਣ ਜਾਪੇ ਗੂੜ੍ਹਾ ਸਾਕ ਜਿਹਾ ਸੁਪਨੇ ਵਿਚ ਅਕਸਰ ਕੈਦੋਂ ਤੇ ਖੇੜੇ ਮੈਨੂੰ ਦਿਸਦੇ ਨੇ ਖ਼ੈਰ ਚਲੋ ਕੁਝ ਦੇਰ ਲਈ ਤਾਂ ਬਣ ਜਾਂਦਾ ਹਾਂ ਚਾਕ ਜਿਹਾ ‘ਹੋ ਸਕਦਾ ਹੈ ਆ ਜਾਵਾਂ ਤੇ ਹੋ ਸਕਦਾ ਹੈ ਨਾ ਆਵਾਂ’ ਭੋਲੀ ਸੂਰਤ ਬੋਲ ਗਈ ਇਹ ਫ਼ਿਕਰਾ ਚੁਸਤ ਚਲਾਕ ਜਿਹਾ ਜਿਸਮਾਂ ਦੇ ਨਕਸ਼ੇ ਪੜ੍ਹ ਕੇ ਬਸ ਹੇਠ ਲਿਖੀ ਗੱਲ ਜਾਣੀ ਮੈਂ ‘ਸੁੰਦਰ ਨਕਸ਼ ਕਦੇ ਨਾ ਸਿਰਜਣ ਰਿਸ਼ਤਾ ਕੋਈ ਪਾਕ ਜਿਹਾ’ ਚਾਰ ਚੁਫੇਰੇ ਸ਼ੋਰ ਸ਼ਰਾਬੇ ਤੋਂ ਬਚਣਾ ਤਾਂ ਆਉਂਦਾ ਹੈ ਅਪਣੀ ਚੁੱਪ ਦਾ ਕੀ ਕਰੀਏ ਜੋ ਕਰਦੀ ਬਹੁਤ ਖੜਾਕ ਜਿਹਾ ਪਹਿਲੇ ਦਿਨ ਹੀ ਮੈਨੂੰ ਮੇਰੇ ਰਹਿਬਰ ਨੇ ਇਕ ਬਾਤ ਕਹੀ ‘ਅਮਰ’ ਜੇ ਮੰਜ਼ਿਲ ਪਾਉਣੀ ਹੈ ਤਾਂ ਸੁੱਟ ਪਰੇ੍ਹ ਇਖ਼ਲਾਕ ਜਿਹਾ

ਤਿਤਲੀਆਂ ਨੂੰ ਵੇਖ ਕੋਈ

ਤਿਤਲੀਆਂ ਨੂੰ ਵੇਖ ਕੋਈ ਬਾਗ਼ ਜੋਗਾ ਰਹਿ ਗਿਆ ਸ਼ੋਖ਼ ਰੰਗਾਂ ਵਿਚ ਗਵਾ ਕੇ ਜ਼ਿੰਦਗੀ ਨੂੰ ਬਹਿ ਗਿਆ ਨਾਲ ਦੇ ਗਮਲੇ ’ਚ ਖਿੜਿਆ ਫੁੱਲ ਵੇਖਣ ਕੀ ਗਈ ਲਾਜਵੰਤੀ ਨਾਲ ਕੋਈ ਖੁਰਦਰਾ ਹੱਥ ਖਹਿ ਗਿਆ ਪੂਣੀਆਂ ਵਿਚ ਧੂਣੀਆਂ ਦਾ ਸੇਕ ਉਸਨੂੰ ਜਾਪਿਆ ਘੂਕ ਸੁਣ ਚਰਖੇ ਦੀ ਜੋਗੀ ਜੋ ਪਹਾੜੋਂ ਲਹਿ ਗਿਆ ਤਾਰਿਆਂ ਨੂੰ ਬੇਵਜ੍ਹਾ ਤਕਲੀਫ਼ ਰਹਿੰਦੀ ਹੈ ਬੜੀ ਚੰਨ ਦਾ ਮੂਹੜਾ ਜਦੋਂ ਦਾ ਕੋਲ ਮੇਰੇ ਡਹਿ ਗਿਆ ਅੱਗ ਬਿਰਹੋਂ ਦੀ ਬਚੀ ਬਸ ਖ਼ੁਦਕੁਸ਼ੀ ਦੇ ਵਾਸਤੇ ਅੱਖੀਆਂ ਥਾਣੀਂ ਸਮੁੰਦਰ ਤਾਂ ਕਦੋਂ ਦਾ ਵਹਿ ਗਿਆ ਦੋਸਤੀ ਧੁੱਪ ਨਾਲ ਤੇਰੀ ਸ਼ਾਮ ਤੀਕਰ ਹੀ ਰਹੂ ਰਾਜ਼ ਦੀ ਇਹ ਗੱਲ ਕੋਈ ਬਿਰਖ ਮੈਨੂੰ ਕਹਿ ਗਿਆ ਹਾਰ ਅਪਣੀ ਤੇ ‘ਅਮਰ’ ਅਫ਼ਸੋਸ ਨਾ ਹੋਇਆ ਜ਼ਰਾ ਰੰਜ ਹੈ ਕਿ ਦੁਸ਼ਮਣਾਂ ਨੂੰ ਯਾਰ ਦੇ ਕੇ ਸ਼ਹਿ ਗਿਆ

ਜ਼ਿੰਦਗੀ ਤੇ ਮੈਂ ਖਲੋਤੇ ਹਾਂ

ਜ਼ਿੰਦਗੀ ਤੇ ਮੈਂ ਖਲੋਤੇ ਹਾਂ ਜਦੋਂ ਦੇ ਰੂ—ਬ—ਰੂ ਹਾਦਸੇ ਦਰ ਹਾਦਸੇ ਤੋਂ ਮੈਂ ਨ ਹੋਇਆ ਸੁਰਖ਼ਰੂ ਛਾਲ ਮਾਰੀ ਸੀ ਨਦੀ ਵਿਚ ਮੈਂ ਤਾਂ ਡੁੱਬਣ ਵਾਸਤੇ ਕੀ ਪਤਾ ਸੀ ਉਹ ਕਿਨਾਰੇ ਮੁੜ ਲਿਆ ਮੈਨੂੰ ਧਰੂ ਮੱਸਿਆ ਦੀ ਰਾਤ ’ਚੋਂ ਟੋਟਾ ਜਿਹਾ ਤੂੰ ਸਾਂਭ ਲੈ ਕੰਮ ਆਵੇਗਾ ਬੜਾ ਜਦ ਰੌਸ਼ਨੀ ਤੋਂ ਦਿਲ ਭਰੂ ਇਸ਼ਕ ਸਾਡੇ ਦੀ ਕਹਾਣੀ ਤਾਂ ਬੜੀ ਸੰਖੇਪ ਹੈ ਝਿਜਕਦਾ ਮੈਂ ਵੀ ਰਿਹਾ ਤੇ ਉਹ ਸੁਭਾਅ ਦਾ ਸੀ ਡਰੂ ਜ਼ਹਿਰ ਦੇ ਕੇ ਉਹ ਜੁਗੋ—ਜੁਗ ਜੀਣ ਦੀ ਦੇਵੇ ਦੁਆ ਇਸ ਤਰ੍ਹਾਂ ਜੀਣਾ ‘ਅਮਰ’ ਕਿੰਨਾ ਕੁ ਚਿਰ ਕੋਈ ਜਰੂ

ਸਮੁੰਦਰ ਦਿਲ ਦੇ ਅੰਦਰ

ਸਮੁੰਦਰ ਦਿਲ ਦੇ ਅੰਦਰ ਇਕ ਭਿਅੰਕਰ ਹਾਦਸਾ ਹੋਇਆ ਮੁਕੱਦਰ ਸੜ ਗਿਆ ਮੇਰਾ, ਮਲਾਹ ਵੀ ਲਾਪਤਾ ਹੋਇਆ ਉਹ ਗੱਲ—ਗੱਲ ’ਤੇ ਹਵਾਲਾ ਤਾਂ ਸਦਾ ਮਿਰਜ਼ੇ ਦਾ ਦੇਂਦਾ ਸੀ ਭਜਾ ਲੈ ਜਾਣ ਦਾ ਲੇਕਿਨ ਕਦੇ ਨਾ ਹੌਸਲਾ ਹੋਇਆ ਤੇਰੀ ਕਮਜ਼ੋਰ ਸੀ ਉਲਫ਼ਤ ਕਿ ਡਾਢਾ ਜ਼ੋਰ ਗ਼ੈਰਾਂ ਦਾ ਵਜ ੍ਹਾ ਕੋਈ ਤਾਂ ਹੋਵੇਗੀ ਕਿ ਤੂੰ ਜੋ ਬੇਵਫ਼ਾ ਹੋਇਆ ਜ਼ਮਾਨੇ ਦੇ ਵਕੀਲਾਂ ਪੈਰਵੀ ਕੀਤੀ ਰਿਵਾਜਾਂ ਦੀ ਵਿਚਾਰੇ ਇਸ਼ਕ ਨੂੰ ਫ਼ਾਂਸੀ ਮਿਲੀ ਜਦ ਫ਼ੈਸਲਾ ਹੋਇਆ ਮੇਰਾ ਦਿਲ ਤੋੜ ਕੇ ਨੰਗੇ ਕਦੇ ਉਹ ਪੈਰ ਨਾ ਧਰਦਾ ਮੇਰਾ ਸ਼ੀਸ਼ੇ ਜਿਹਾ ਦਿਲ ਸੀ ਇਹ ਗੱਲ ਉਹ ਜਾਣਦਾ ਹੋਇਆ ‘ਅਮਰ’ ਗਾਥਾ ਸੁਣਾਵੇ ਯਾਰ ’ਤੇ ਇਤਬਾਰ ਦੀ ਲੰਮੀ ਪੁਰਾਣੇ ਹਾਸਿਆਂ ਦੇ ਨਾਮ ਹੰਝੂ ਕੇਰਦਾ ਹੋਇਆ

ਜ਼ਿੰਦਗੀ ਜੇ ਸੋਚੀਏ

ਜ਼ਿੰਦਗੀ ਜੇ ਸੋਚੀਏ, ਸੰਤਾਪ ਹੈ ਇਸ ਤਰ੍ਹਾਂ ਪਰ ਸੋਚਣਾ ਤਾਂ ਪਾਪ ਹੈ ਅੱਗ ਤਾਂ ਇਸ਼ਨਾਨ ਕਰ ਕੇ ਤੁਰ ਗਈ ਇਕ ਨਦੀ ਨੂੰ ਪਰ ਅਜੇ ਵੀ ਤਾਪ ਹੈ ਜੋ ਸਫ਼ਾ ਇਕ ਹਰਫ਼ ਤੋਂ ਡਰਦਾ ਰਿਹਾ ਬਣ ਗਿਆ ਪੂਰੀ ਕਥਾ ਹੁਣ ਆਪ ਹੈ ਜਿਸ ਲਈ ਹੈ ਸ਼ੋਰ ਪਾਇਆ ਭੀੜ ਨੇ ਉਹ ਖੜ੍ਹਾ ਹੈ ਦੂਰ ਤੇ ਚੁੱਪ—ਚਾਪ ਹੈ ਉਹ ਮਜਾਜ਼ੀ ਇਸ਼ਕ ਵਿਚ ਰਾਜ਼ੀ ਰਹੇ ਮੈਂ ਖ਼ੁਦਾ ਖ਼ੁਦ ਦਾ ਲਿਆ ਜੋ ਥਾਪ ਹੈ

ਸਿਰ੍ਹਾਣੇ ਜ਼ਿੰਦਗੀ ਨੂੰ ਜੀਣ

ਸਿਰ੍ਹਾਣੇ ਜ਼ਿੰਦਗੀ ਨੂੰ ਜੀਣ ਜੋਗਾ ਧਰ ਗਿਆ ਕੋਈ ਮੇਰੇ ਸੁਪਨੇ ਗੁਲਾਬੀ ਜੀਣ ਜੋਗਾ ਕਰ ਗਿਆ ਕੋਈ ਜਵਾਨੀ, ਸ਼ੋਖ਼ੀਆਂ ਤੇ ਇਸ਼ਕ ਦੇ ਵਿਚ ਰੰਗ ਉਲਫ਼ਤ ਦੇ ਬੜੇ ਹੀ ਖ਼ੂਬਸੂਰਤ ਜੀਣ ਜੋਗਾ ਭਰ ਗਿਆ ਕੋਈ ਦੁਆ ਕਰਦੇ ਨੇ ਦੋਵੇਂ ਉਮਰ ਲੰਮੀ ਪਿਆਰ ਦੀ ਹੋਵੇ ਖ਼ੁਦਾ ਨਾ ਖ਼ਾਸਤਾ ਜੇ ਜੀਣ ਜੋਗਾ ਮਰ ਗਿਆ ਕੋਈ ਮੁਹੱਬਤ ਦੇ ਬੜੇ ਝੇੜੇ ਕਿਤੇ ਕੈਦੋਂ ਕਿਤੇ ਖੇੜੇ ਹਜ਼ਾਰਾਂ ਜ਼ੁਲਮ ਲੇਕਿਨ ਜੀਣ ਜੋਗਾ ਜਰ ਗਿਆ ਕੋਈ ਘੜਾ ਕਮਜ਼ੋਰ, ਨ੍ਹੇਰਾ ਘੋਰ, ਡਾਢਾ ਸ਼ੋਰ ਪਾਣੀ ਦਾ ਝਨਾਂ ਇਕਰਾਰ ਦੀ ਪਰ ਜੀਣ ਜੋਗਾ ਤਰ ਗਿਆ ਕੋਈ

ਵੇਖਾਂ ਜਦ ਮੈਂ ਕੰਧਾਂ ਤੇ

ਵੇਖਾਂ ਜਦ ਮੈਂ ਕੰਧਾਂ ਤੇ ਕੁਝ ਲਟਕਦੀਆਂ ਤਸਵੀਰਾਂ ਨੂੰ ਸੋਚਾਂ ਕਿਸ ਥਾਂ ਤੁਰ ਜਾਂਦੇ ਨੇ ਛੱਡ ਕੇ ਲੋਕ ਸਰੀਰਾਂ ਨੂੰ ਦਿਲਬਰ ਦੀ ਗੋਦੀ ਤੋਂ ਲਗਦਾ ਦੁਸ਼ਮਣ ਬਹੁਤੀ ਦੂਰ ਨਹੀਂ ਵੇਖ ਲਵਾਂ ਜਦ ਸੁਪਨੇ ਵਿਚ ਮੈਂ ਜੰਡ ’ਤੇ ਟੰਗੇ ਤੀਰਾਂ ਨੂੰ ਅੰਤਿਮ ਖ਼ਤ ਵਿਚ ਏਦਾਂ ਚਿਤਰੀ ਉਸਨੇ ਅਪਣੀ ਮਜਬੂਰੀ ਪੈਰ ਬਣਾ ਕੇ ਉਹਨਾਂ ਦੇ ਵਿਚ ਪਾਇਆ ਹੈ ਜ਼ੰਜੀਰਾਂ ਨੂੰ ਕਹਿਣ—ਸੁਣਨ ਦੀ ਰੁੱਤ ਗੁਲਾਬੀ ਚੁੱਪ ਚੁਪੀਤੇ ਬੀਤ ਗਈ ਗੁੰਗੇ ਬੋਲ਼ੇ ਮੌਸਮ ਵਿਚ ਕੀ ਕਰੀਏ ਹੁਣ ਤਦਬੀਰਾਂ ਨੂੰ ਮਾਰ ਕੇ ਮੈਨੂੰ ਖ਼ੁਸ਼ ਹੋਣਾ ਵੀ ਬਸ ਤੇਰਾ ਹੈ ਭਰਮ ਜਿਹਾ ਜੀਣ ਮਰਨ ਦਾ ਭੋਰਾ ਵੀ ਨਾ ਪੈਂਦਾ ਫ਼ਰਕ ਫ਼ਕੀਰਾਂ ਨੂੰ ਪਾਕ ਮੁਹੱਬਤ ਦੀ ਮੰਜ਼ਿਲ ’ਤੇ ਪਹੁੰਚੇਗਾ ਉਹ ਖ਼ਾਕ ਭਲਾ ਰਾਹ ਵਿਚ ਵੇਖੇ ਜੋ ਤਲੀਆਂ ’ਤੇ ਬਣੀਆਂ ਚੰਦ ਲਕੀਰਾਂ ਨੂੰ ਚੱਲ ‘ਅਮਰ’ ਏਥੋਂ ਤੁਰ ਚੱਲੀਏ ਏਥੇ ਰਹਿਣਾ ਮੁਸ਼ਕਿਲ ਹੈ ਏਸ ਨਗਰ ਦੇ ਵਿਚ ਤਾਂ ਲੋਕੀ ਰਹਿੰਦੇ ਮਾਰ ਜ਼ਮੀਰਾਂ ਨੂੰ

ਜਦੋਂ ਮਹਿਫ਼ਿਲ ’ਚ ਜ਼ੁਲਫ਼ਾਂ

ਜਦੋਂ ਮਹਿਫ਼ਿਲ ’ਚ ਜ਼ੁਲਫ਼ਾਂ ਤੇਰੀਆਂ ਦੀ ਬਾਤ ਪੈ ਜਾਏ ਵਿਚਾਰਾ ਕੀ ਕਰੇ ਸੂਰਜ ਦਿਨੇ ਹੀ ਰਾਤ ਪੈ ਜਾਏ ਕਹਾਣੀ ਜ਼ੁਲਫ਼ ਤੇਰੀ ਦੀ ਨ ਬੀਤਣ ਰਾਤ ਨੂੰ ਦੇਵੇ ਤੇਰੇ ਚਿਹਰੇ ਦੀ ਚਰਚਾ ਨਾਲ ਹੀ ਪ੍ਰਭਾਤ ਪੈ ਜਾਏ ਮੇਰੇ ਪੋਟੇ ਤੇ ਜ਼ੁਲਫ਼ਾਂ ਤੇਰੀਆਂ ਦੀ ਹੈ ਰਜ਼ਾਮੰਦੀ ਖ਼ੁਦਾ ਨਾ ਖ਼ਾਸਤਾ ਕੈਦੋਂ ਦੀ ਕਿਧਰੇ ਝਾਤ ਪੈ ਜਾਏ ਕਿਸੇ ਹੀਲੇ—ਵਸੀਲੇ ਵੀ ਨ ਤੇਰੀ ਜ਼ੁਲਫ਼ ਸਰ ਹੋਵੇ ਅਸਾਡੇ ਲੇਖ ਨੇ ਮਾੜੇ ਸਦਾ ਹੀ ਮਾਤ ਪੈ ਜਾਏ ‘ਅਮਰ’ ਉਹ ਖੋਲ੍ਹ ਕੇ ਜ਼ੁਲਫ਼ਾਂ ਨੂੰ ਫਿਰ ਕੋਠੇ ’ਤੇ ਆਏ ਨੇ ਕਿਤੇ ਸਾਡੇ ਘਰਾਂ ਕੱਚਿਆਂ ’ਤੇ ਨਾ ਬਰਸਾਤ ਪੈ ਜਾਏ

ਆਪ ਨਜ਼ਰਾਂ ਨਾਲ ਪਹਿਲਾਂ

ਆਪ ਨਜ਼ਰਾਂ ਨਾਲ ਪਹਿਲਾਂ ਦੇ ਗਿਆ ਆਵਾਜ਼ ਉਹ ਫਿਰ ਸਦਾ ਕਰਦਾ ਰਿਹਾ ਮੈਨੂੰ ਨਜ਼ਰ ਅੰਦਾਜ਼ ਉਹ ਲੱਗਿਆ ਮੈਨੂੰ ਬੁਲਾਉਂਦੀ ਹੈ ਉਹ ਕੋਇਲ ਕੂਕਦੀ ਕੋਲ ਉਸਦੇ ਪੰਹੁਚਿਆ ਤਾਂ ਭਰ ਗਈ ਪਰਵਾਜ਼ ਉਹ ਮੈਂ ਲਿਆਂਦਾ ਮੋਹ—ਵਫ਼ਾ ਦਾ ਖ਼ੂਬਸੂਰਤ ਗੀਤ ਪਰ ਆਪਣੇ ਵਾਅਦੇ ਮੁਤਾਬਿਕ ਨਾ ਲਿਆਇਆ ਸਾਜ਼ ਉਹ ਦੇਰ ਤੱਕ ਮੇਰੀ ਸ਼ਿਕਾਇਤ ਦੂਰ ਉਹ ਕਰਦਾ ਰਿਹਾ ਮੰਨ ਆਖ਼ਿਰ ਮੈਂ ਗਿਆ ਤਾਂ ਹੋ ਗਿਆ ਨਾਰਾਜ਼ ਉਹ ਰੰਜ ਉਸਦੀ ਬੇਵਫ਼ਾਈ ’ਤੇ ਨਹੀਂ ਬਿਲਕੁਲ ਨਹੀਂ ਹੈ ਗਿਲਾ ਕਿ ਗ਼ੈਰ ’ਤੇ ਕਰਦਾ ਪਿਆ ਹੈ ਨਾਜ਼ ਉਹ ਦੁਸ਼ਮਣਾਂ ਦੀ ਕਾਮਯਾਬੀ ਹੋ ਗਈ ਨਿਸ਼ਚਿਤ ਬੜੀ ਨਾਲ ਹੁਣ ਰੱਖਦੇ ਨੇ ਮੇਰਾ ਸਾਬਕਾ ਹਮਰਾਜ਼ ਉਹ ਮੌਤ ਮੇਰੀ ’ਤੇ ਮਨਾਉਣ ਸੋਗ ਤਾਂ ਗੱਲ ਦੂਰ ਦੀ ਅੰਤ ਮੇਰੇ ’ਚੋਂ ਸਗੋਂ ਹੈ ਭਾਲਦਾ ਆਗ਼ਾਜ਼ ਉਹ

ਚਲੋ ਕੀ ਹੋ ਗਿਆ

ਚਲੋ ਕੀ ਹੋ ਗਿਆ ਮੰਜ਼ਿਲ ਜੇ ਹਾਲੇ ਦੂਰ ਹੈ ਯਾਰੋ ਅਸਾਡਾ ਸਿਦਕ ਵੀ ਤਾਂ ਦੂਰ ਤਕ ਮਸ਼ਹੂਰ ਹੈ ਯਾਰੋ ਮੇਰੀ ਬਚਪਨ ’ਚ ਖ਼ਾਹਿਸ਼ ਸੀ ਕਿ ਮੈਂ ਤਾਂ ਚੰਨ ਲੈਣਾ ਹੈ ਤੇ ਹੁਣ ਜਿਸਦੀ ਤਮੰਨਾ ਹੈ ਨਿਰਾ ਉਹ ਨੂਰ ਹੈ ਯਾਰੋ ਮੇਰੇ ਮੌਲਾ ਨੇ ਬਖ਼ਸ਼ੀ ਹੈ ਅਮੀਰੀ ਇਸ਼ਕ ਦੀ ਮੈਨੂੰ ਖ਼ਜ਼ਾਨਾ ਹੁਸਨ ਦਾ ਉਸ ਕੋਲ ਜੇ ਭਰਪੂਰ ਹੈ ਯਾਰੋ ਤਸੀਹੇ ਦੇਣ ਵਾਲੇ ਜਾਣਦੇ ਨਾ ਹੌਸਲਾ ਸਾਡਾ ਕਿ ਸਾਨੂੰ ਵਾਰ ਦੇਣੀ ਜਾਨ ਵੀ ਮਨਜ਼ੂਰ ਹੈ ਯਾਰੋ ਮੇਰੇ ਸੱਚ ਦੇ ਸਿਰ੍ਹਾਣੇ ਜੇ ਪਈ ਸੂਲੀ ਤਾਂ ਕੀ ਹੋਇਆ ਮੇਰੇ ਸੁਪਨੇ ’ਚ ਆਉਂਦਾ ਰੋਜ਼ ਹੀ ਮਨਸੂਰ ਹੈ ਯਾਰੋ

ਮਾਰਿਆ ਸਾਨੂੰ ਤਾਂ ਸਾਡੇ

ਮਾਰਿਆ ਸਾਨੂੰ ਤਾਂ ਸਾਡੇ ਰਹਿਬਰਾਂ ਨੇ ਕੀ ਪਤਾ ਕੀ ਆਖਿਆ ਹੈ ਮੁਖ਼ਬਰਾਂ ਨੇ ਹੱਥ ਅੰਬਰ ਵੱਲ ਨਾ ਕਰਿਓ ਕਦੇ ਵੀ ਆਖਿਆ ਪੈਰਾਂ ਦੇ ਵਿਚ ਰੁਲਦੇ ਸਿਰਾਂ ਨੇ ਪਿੰਜਰਾ ਸੋਨੇ ਦਾ ਸਾਨੂੰ ਭਾਅ ਗਿਆ ਸੀ ਹਿਚਕਚਾਂਦੇ ਮੰਨਿਆ ਜ਼ਖ਼ਮੀ ਪਰਾਂ ਨੇ ਹੁਣ ਮਕਾਨਾਂ ਤੇ ਦੁਕਾਨਾਂ ਦਾ ਸਮਾਂ ਹੈ ਹੁਣ ਸਿਰਫ਼ ਇਤਿਹਾਸ ’ਚੋਂ ਮਿਲਣਾ ਘਰਾਂ ਨੇ ਦਿਨ—ਦਿਹਾੜੇ ਪਰਦਿਆਂ ਦੀ ਸ਼ਹਿ ਮਿਲਣ ’ਤੇ ਜ਼ੁਲਮ ਕੀਤਾ ਬਹੁਤ ਚਿੱਟੀਆਂ ਚਾਦਰਾਂ ਨੇ ਹੋਰ ਨਦੀਆਂ ਵਾਂਗ ਉਹ ਵੀ ਹੈ ਨਦੀ ਪਰ ਖ਼ੁਦਕੁਸ਼ੀ ਕੀਤੀ ਉਦ੍ਹੇ ਵਿਚ ਸਾਗਰਾਂ ਨੇ ਸਿਰਫਿਰੇ ਦੇਂਦੇ ਨ ਜੇਕਰ ਆਸਰਾ ਤਾਂ ਮਾਰ ਦੇਣਾ ਸੀ ‘ਅਮਰ’ ਦਾਨਿਸ਼ਵਰਾਂ ਨੇ

ਮਜ਼ਾ ਹੈ ਜ਼ਿੰਦਗੀ ਦਾ

ਮਜ਼ਾ ਹੈ ਜ਼ਿੰਦਗੀ ਦਾ ਮੌਤ ਜੇ ਸਿਰ ’ਤੇ ਧਰੀ ਹੋਵੇ ਜਵਾਨੀ ਜ਼ੁਲਫ਼ ਵਾਲੀ ਕੈਦ ’ਚੋਂ ਜੇ ਨਾ ਬਰੀ ਹੋਵੇ ਤੇਰੀ ਇਕ ਦੀਦ ਸਾਡੀ ਆਸ਼ਕਾਂ ਦੀ ਈਦ ਹੁੰਦੀ ਏ ਤੇਰੀ ਜਦ ਯਾਦ ਆਵੇ ਉਹ ਘੜੀ ਭਾਗਾਂ ਭਰੀ ਹੋਵੇ ਤਰਾਸ਼ੇ ਤੀਰ ਨਜ਼ਰਾਂ ਦੇ ਕਲੇਜਾ ਚੀਰ ਜਾਂਦੇ ਨੇ ਤੇਰੇ ਨੈਣਾਂ ’ਚ ਲੱਗਦਾ ਏ ਜਿਵੇਂ ਜਾਦੂਗਰੀ ਹੋਵੇ ਗੁਲਾਬੀ ਮਰਮਰੀ ਪਿੰਡੇ ਦੀ ਖ਼ੁਸਬੂ ਦਾ ਸਹਾਰਾ ਕੀ ਕਿਸੇ ਦੇ ਖੋਖਲੇ ਦਿਲ ’ਚੋਂ ਵਫ਼ਾ ਜੇਕਰ ਮਰੀ ਹੋਵੇ ਗਿਲਾ ਗ਼ੈਰਾਂ ’ਤੇ ਕਰਨਾ ਤਾਂ ਬੜਾ ਹੀ ਗ਼ੈਰ—ਵਾਜਿਬ ਹੈ ‘ਅਮਰ’ ਦੇ ਦੋਸਤਾਂ ਨੇ ਹੀ ਜੇ ਕੀਤੀ ਮੁਖ਼ਬਰੀ ਹੋਵੇ

ਉਸਨੇ ਕਿਹਾ, ‘ਜੋ ਹੋ ਗਿਆ

ਉਸਨੇ ਕਿਹਾ, ‘ਜੋ ਹੋ ਗਿਆ ਸੋ ਹੋ ਗਿਆ, ਹੁਣ ਅਲਵਿਦਾ’ ‘ਬਸ ਮਾਫ਼ ਮੈਨੂੰ ਕਰ ਦਈਂ’ ਉਹ ਤੁਰ ਗਿਆ ਇਹ ਆਖਦਾ ਮੇਹਣੇ ਬੜੇ ਹੀ ਗ਼ੈਰ ਨੇ ਦੇਣੇ ਨੇ ਪਹਿਲੇ ਪਿਆਰ ਦੇ ਸ਼ਾਇਦ ਨ ਹੁੰਦਾ ਬੇਵਫ਼ਾ, ਉਹ ਇਸ ਤਰ੍ਹਾਂ ਜੇ ਸੋਚਦਾ ਨਜ਼ਰਾਂ ਚੁਰਾ ਕੇ ਲੰਘਿਆ ਚਾਹੇ ਉਹ ਮੇਰੇ ਕੋਲ ਦੀ ਥੋੜ ੍ਹਾ ਕੁ ਜਾ ਕੇ ਦੂਰ ਉਹ ਅੱਖਾਂ ਪਿਆ ਸੀ ਪੂੰਝਦਾ ਪਹਿਲਾਂ ਜੇ ਮਿਲਦੀ ਸੂਹ ਕਿਤੇ ਕਿ ਯਾਰ ਨੇ ਮੂੰਹ ਫੇਰਨਾ ਮੈਂ ਰੂਹ ਦੇ ਖੂਹ ਅੰਦਰ ਕਦੇ ਡੂੰਘਾ ਨ ਏਨਾ ਉਤਰਦਾ ਉਸਨੇ ਵੀ ਕੀਤਾ ਹੈ ਉਹੀ ਕਰਦੇ ਨੇ ਸਾਰੇ ਲੋਕ ਜੋ ਇਹ ਤਾਂ ਖ਼ਤਾ ਮੇਰੀ ਏ ਮੈਂ ਹੀ ਸਮਝਿਆ ਉਸਨੂੰ ਖ਼ੁਦਾ ਚਾਹੇ ‘ਅਮਰ’ ਦੇਂਦਾ ਏ ਸੱਭ ਨੂੰ ਮਸ਼ਵਰਾ ਖ਼ੁਸ਼ ਰਹਿਣ ਦਾ ਕੋਈ ਉਦਾਸੀ ਨੂੰ ਨਹੀਂ ਉਸ ਤੋਂ ਜ਼ਿਆਦਾ ਜਾਣਦਾ

ਉਹ ਕੋਲ ਆਵੇ ਤਾਂ ਵਿਚਾਲੇ

ਉਹ ਕੋਲ ਆਵੇ ਤਾਂ ਵਿਚਾਲੇ ਫ਼ਾਸਲਾ ਬਣਿਆ ਰਹੇ ਜੇ ਦੂਰ ਜਾਵੇ ਤਾਂ ਮਿਲਣ ਦਾ ਫ਼ੈਸਲਾ ਬਣਿਆ ਰਹੇ ਹੋਇਆ ਦਿਮਾਗ਼ੀ ਕਸਰਤਾਂ ਵਿਚ ਇਸ ਕਦਰ ਮਸਰੂਫ਼ ਉਹ ਨਾ ਸੋਚਦਾ ਬਿਲਕੁਲ ਕਿ ਦਿਲ ਦਾ ਮਾਮਲਾ ਬਣਿਆ ਰਹੇ ਉਸਦੀ ਵਫ਼ਾਦਾਰੀ ’ਚ ਹੈ ਵਿਸ਼ਵਾਸ ਤਾਂ ਪੂਰਾ ਮਗਰ ਮਿਰਜ਼ੇ ਦੇ ਬਾਰੇ ਸੋਚ ਮਨ ਵਿਚ ਤੌਖ਼ਲਾ ਬਣਿਆ ਰਹੇ ਸਾਰੇ ਤਸ਼ੱਦਦ ਯਾਰ ਦੇ ਮੈਂ ਸਹਿ ਗਿਆ ਇਹ ਸੋਚ ਕੇ ਅਗਲੀ ਨਸਲ ਦਾ ਪਿਆਰ ਦੇ ਵਿਚ ਹੌਸਲਾ ਬਣਿਆ ਰਹੇ ਉਹ ਬਸ ਮੁਹੱਬਤ ਹੀ ਨਹੀਂ, ਨਫ਼ਰਤ ਵੀ ਉਹ ਕਰਦਾ ਨਹੀਂ ਕੁਝ ਤਾਂ ਕਰੇ ਕਿ ਸਾਂਝ ਦਾ ਇਕ ਸਿਲਸਿਲਾ ਬਣਿਆ ਰਹੇ ਜਿੱਥੇ ਪਤਾ ਲੱਗਦਾ ਨਹੀਂ ਉਹ ਹੈ ਗ਼ਲਤ ਜਾਂ ਠੀਕ ਮੈਂ ਮੇਰੇ ਖ਼ੁਦਾ ਬਸ ਇਸ ਤਰ੍ਹਾਂ ਦਾ ਮਰਹਲਾ ਬਣਿਆ ਰਹੇ ਫਿਰ ਜ਼ਿੰਦਗੀ ਨੂੰ ਜੀਣ ਦਾ ਆਵੇ ‘ਅਮਰ’ ਡਾਢਾ ਮਜ਼ਾ ਜੇ ਦਿਲ ਦੇ ਅੰਦਰ ਮਰਨ ਦਾ ਵੀ ਵਲਵਲਾ ਬਣਿਆ ਰਹੇ

ਬੰਦ ਖਿੜਕੀ ਕੋਲ ਜਿਹੜੀ

ਬੰਦ ਖਿੜਕੀ ਕੋਲ ਜਿਹੜੀ ਸਿਸਕੀਆਂ ਭਰਦੀ ਰਹੀ ਖ਼ਾਬ ਮੇਰੇ ਦਾ ਵਿਸ਼ਾ ਉਹ ਪੌਣ ਹੀ ਬਣਦੀ ਰਹੀ ਠੀਕ ਸਾਬਤ ਹੋ ਸਕੀ ਨਾ ਰੁੱਤ ਉਹ ਰਮਣੀਕ ਵੀ ਸੰਗਦਾ ਹੀ ਰਹਿ ਗਿਆ ਰੁੱਖ ਤੇ ਹਵਾ ਡਰਦੀ ਰਹੀ ਪੁਲ ਪਲਾਂ ਵਿਚ ਪਾਰ ਕਰਕੇ ਦੂਰ ਸੂਰਜ ਤੁਰ ਗਿਆ ਰਾਤ ਸਾਰੀ ਪਰ ਵਿਚਾਰੀ ਇਕ ਨਦੀ ਬਲਦੀ ਰਹੀ ਯਾਦ ਕੀ ਆਈ ਕਿਸੇ ਦੀ ਖੜ੍ਹ ਗਿਆ ਸਾਰਾ ਸਮਾਂ ਕੰਧ ’ਤੇ ਟੰਗੀ ਘੜੀ ਬਸ ਬੇਵਜ੍ਹਾ ਚਲਦੀ ਰਹੀ ਦੋਸ਼ ਮੇਰਾ ਹੈ ਮੁਕੰਮਲ ਜੇ ਗ਼ਜ਼ਲ ਨਾ ਹੋ ਸਕੀ ਸ਼ੇਅਰ ਤਾਂ ਕੁਝ ਅਰਜ਼ ਉਸਦੀ ਹਰ ਅਦਾ ਕਰਦੀ ਰਹੀ

ਮਨਾਂ ਵਿਚ ਗੱਲ ਵੀ

ਮਨਾਂ ਵਿਚ ਗੱਲ ਵੀ ਕੋਈ ਨਹੀਂ ਨਾਰਾਜ਼ਗੀ ਵਾਲੀ ਬਣੀ ਕੋਈ ਨ ਫਿਰ ਵੀ ਸਾਂਝ ਸਾਡੀ ਦੋਸਤੀ ਵਾਲੀ ਬੜਾ ਸੀ ਚਾਅ ਕਿ ਸੂਰਜ ਆਪ ਮੈਨੂੰ ਮਿਲਣ ਆਇਆ ਹੈ ਉਨ੍ਹੇ ਪਰ ਥਾਂ ਚੁਣੀ ਮਿਲਣੀ ਦੀ ਮੱਧਮ ਰੌਸ਼ਨੀ ਵਾਲੀ ਕਦੇ ਕਿੰਤੂ—ਪਰੰਤੂ ਇਸ਼ਕ ਮੇਰੇ ’ਤੇ ਨ ਕਰਦਾ ਉਹ ਖ਼ੁਦਾ ਜੇ ਬਖ਼ਸ਼ਦਾ ਉਸਨੂੰ ਵੀ ਬਖ਼ਸ਼ਿਸ਼ ਆਸ਼ਕੀ ਵਾਲੀ ਭਲਾ ਮਿਰਜ਼ੇ ਜਿਹੀ ਜ਼ਿੰਦਾਦਿਲੀ ਉਹ ਕੀ ਵਿਖਾਵੇਗਾ ਖ਼ਬਰ ਅਖ਼ਬਾਰ ’ਚੋਂ ਵੀ ਭਾਲਦਾ ਉਹ ਖ਼ੁਦਕੁਸ਼ੀ ਵਾਲੀ ਜਿਵੇਂ ਹੰਝੂ ਲੁਕਾ ਕੇ ਮੈਂ ਧਰਾਂ ਮੁਸਕਾਨ ਦੇ ਓਹਲੇ ਕਿਸੇ ਦੀ ਇਸ ਤਰ੍ਹਾਂ ਹੋਵੇ ਨ ਹਾਲਤ ਬੇਬਸੀ ਵਾਲੀ ‘ਅਮਰ’ ਦੇ ਮਰਨ ’ਤੇ ਅਫ਼ਸੋਸ ਕਰਦੇ ਲੋਕ ਕਹਿੰਦੇ ਨੇ ‘ਕਿਸੇ ਨੇ ਕੀ ਭਲਾ ਕਹਿਣੀ ਗ਼ਜ਼ਲ ਹੁਣ ਪੁਖ਼ਤਗੀ ਵਾਲੀ’

ਆਤਮਾ ਪਰਮਾਤਮਾ ਦੀ ਗੱਲ

ਆਤਮਾ ਪਰਮਾਤਮਾ ਦੀ ਗੱਲ ਕਰਾਂਗੇ ਫਿਰ ਕਦੇ ਮੌਤ ਵਾਲੇ ਡਰ ਜਿਹੇ ਤੋਂ ਵੀ ਡਰਾਂਗੇ ਫਿਰ ਕਦੇ ਜ਼ਿੰਦਗੀ ਦੇ ਸ਼ਹੁ ’ਚ ਹਾਲੇ ਆ ਛਲਾਂਗਾਂ ਮਾਰੀਏ ਜੇ ਕਿਤੇ ਭਵਜਲ ਹੈ ਤਾਂ ਉਸਨੂੰ ਤਰਾਂਗੇ ਫਿਰ ਕਦੇ ਦੂਰ ਦੇ ਨਰਕਾਂ ਸਵਰਗਾਂ ਨੂੰ ਅਜੇ ਤੂੰ ਰਹਿਣ ਦੇ ਆਪਣੇ ਨਜ਼ਦੀਕ ਮੈਨੂੰ ਨਿੱਠ ਕੇ ਹਾਲੇ ਬਹਿਣ ਦੇ ਤੂੰ ਅਜੇ ਬਸ ਨੀਰ ਵਸਲਾਂ ਦੇ ਨਿਰੰਤਰ ਵਹਿਣ ਦੇ ਦੂਰੀਆਂ, ਮਜਬੂਰੀਆਂ ਸਭ ਨੂੰ ਜਰਾਂਗੇ ਫਿਰ ਕਦੇ ਮਹਿਕਦੇ ਰਾਹਾਂ ’ਤੇ ਹਾਲੇ ਚੱਲ ਮੇਰੇ ਨਾਲ ਤੂੰ ਧੜਕਣਾਂ ਵਿੱਚ ਫੁੱਲ ਖਿੜਦੇ ਰਹਿਣ ਦੇ ਫ਼ਿਲਹਾਲ ਤੂੰ ਸੁਪਨਿਆਂ ਦੇ ਥਾਲ ਵਿਚ ਹੀ ਦੀਪ ਹਾਲੇ ਬਾਲ ਤੂੰ ਮੰਦਿਰਾਂ ਅੰਦਰ ਜਗਾ ਜੋਤਾਂ ਧਰਾਂਗੇ ਫਿਰ ਕਦੇ ਗਹਿਰੀਆਂ ਬਾਤਾਂ ਅਜੇ ਤਾਂ ਹੋਰ ਵੀ ਨੇ ਕਰਨੀਆਂ ਗਰਮਜੋਸ਼ੀ ਨਾਲ ਨਦੀਆਂ ਬਲਦੀਆਂ ਨੇ ਤਰਨੀਆਂ ਅੰਬਰਾਂ ਤੋਂ ਪਾਰ ਵੀ ਹਾਲੇ ਉਡਾਨਾਂ ਭਰਨੀਆਂ ਸੀਤ ਹਉਕੇ, ਠੰਡੀਆਂ ਹਾਵਾਂ ਭਰਾਂਗੇ ਫਿਰ ਕਦੇ ਚਾਰ ਦਿਨ ਦੀ ਚਾਨਣੀ ਤੇ ਫਿਰ ਹਨ੍ਹੇਰੀ ਰਾਤ ਹੈ ਤੁਰ ਗਿਆ ਏਥੋਂ ਸਿਕੰਦਰ ਤੁਰ ਗਿਆ ਸੁਕਰਾਤ ਹੈ ਸਾਰਿਆਂ ਮਰਨਾ ਹੈ ਤਾਂ ਅਸਚਰਜ ਕਿਹੜੀ ਬਾਤ ਹੈ ਆ ਕਿ ਹਾਲੇ ਜੀਅ ਤਾਂ ਲਈਏ ਤੇ ਮਰਾਂਗੇ ਫਿਰ ਕਦੇ