Amin Khayal
ਅਮੀਨ ਖ਼ਿਆਲ

ਨਾਂ-ਮੁਹੰਮਦ ਅਮੀਨ, ਕਲਮੀ ਨਾਂ-'ਅਮੀਨ ਖ਼ਿਆਲ',
ਪਿਤਾ ਦਾ ਨਾਂ-ਚਿਰਾਗ਼ ਦੀਨ,
ਜੰਮਣ ਵਰ੍ਹਾ-10 ਅਕਤੂਬਰ 1932,
ਜਨਮ ਸਥਾਨ-ਗੁਰਜਾਖ਼ ਜ਼ਿਲਾ ਗੁਜਰਾਂਵਾਲਾ,
ਵਿਦਿਆ ਐਫ਼. ਏ. ਫ਼ਾਜ਼ਿਲ, ਕਿੱਤਾ-ਅਧਿਆਪਨ,
ਛਪੀਆਂ ਕਿਤਾਬਾਂ- ਸ਼ਰਲਾਟੇ (ਗ਼ਜ਼ਲ ਸੰਗ੍ਰਿਹ) ,ਚਮਾਸੇ (ਗ਼ਜ਼ਲ ਸੰਗ੍ਰਿਹ), ਝਾਂਜੇ ਝੜੀਆਂ, ਕਿਣ-ਮਿਣ, ਠੰਢ ਦਿਲੇ ਦੀ, ਲਾਲਾਂ ਦੇ ਵਣਜਾਰੇ, ਤਜ਼ਕਰਾਏ ਪੰਜਾਬੀ ਸ਼ਾਇਰਾਂ, ਬਾਰਾਂ ਮਾਂਹ,
ਪਤਾ-ਘਰਸਾਖ, ਜ਼ਿਲਾ ਗੁੱਜਰਾਂਵਾਲਾ ।

ਪੰਜਾਬੀ ਗ਼ਜ਼ਲਾਂ (ਸ਼ਰਲਾਟੇ 1975 ਵਿੱਚੋਂ) : ਅਮੀਨ ਖ਼ਿਆਲ

Punjabi Ghazlan (Sharlate 1975) : Amin Khayalਸੋਚਾਂ ਤਾਈਂ ਜ਼ਖ਼ਮੀ ਕਰਦੇ

ਸੋਚਾਂ ਤਾਈਂ ਜ਼ਖ਼ਮੀ ਕਰਦੇ, ਨੁਕਤਾਚੀਨ ਖ਼ਿਆਲ । ਮੂਹੜਿਆਂ ਦੇ ਸੰਗ ਅੜਕੇ ਪਾਟਣ, ਜਿਉਂ ਮਹੀਨ ਖ਼ਿਆਲ । ਮੇਰੇ ਕੋਲ ਤੇ ਪਿਆਰ ਉਦੇ੍ਹ ਦੀ ਸਿੱਧੀ-ਸਾਦੀ ਗੱਲ, ਸਾਦ ਮੁਰਾਦਾ ਕਿੱਥੋਂ ਲਿਆਵਾਂ ਮੈਂ ਰੰਗੀਨ ਖ਼ਿਆਲ । ਇਸ਼ਕ ਜ਼ੋਰਾਵਰ ਅਜ਼ਲੋਂ ਸਾਡੀ ਝੋਲੀ ਵਿਚ ਪਿਆ, ਐਸੇ ਦੇ ਹੀ ਕਾਰਨ ਸਾਡੇ ਹੈਨ ਜ਼ਹੀਨ ਖ਼ਿਆਲ । ਦਿਲ ਦੀ ਝੁੱਗੀ ਝਾਤੀ ਪਾਕੇ ਤੁਰ ਗਈ ਇਕ ਮੁਟਿਆਰ, ਅੱਜ ਤੀਕਰ ਨਾ ਵਿਸਰਣ ਚੇਤਿਉਂ, ਦੇਣ ਨਾ ਜੀਣ ਖ਼ਿਆਲ । ਜਦ ਦਾ ਆ ਕੇ ਉਹ ਤੇ ਆਪਣਾ ਪੱਤਰਾ ਵਾਚ ਗਿਆ ਏ, ਦਿਲ ਨਗਰੀ ਵਿਚ ਅੱਜ ਵੀ ਉਹਦੇ ਹੈਨ ਕਮੀਨ ਖ਼ਿਆਲ । ਲੋਕਾਂ ਦੇ ਪਿਆ ਰੰਗ ਚੁਰਾ ਕੇ ਗ਼ਜ਼ਲਾਂ ਲਿਖਦਾ ਰਹਿੰਦੈ, ਬਣਿਆ ਫਿਰਦੈ ਵੱਡਾ ਸ਼ਾਇਰ ਇਹ 'ਅਮੀਨ ਖ਼ਿਆਲ' ।

ਭੁੱਲ-ਭੁਲੇਖੇ ਚੰਨ ਤੋਂ ਮੰਗੀ

ਭੁੱਲ-ਭੁਲੇਖੇ ਚੰਨ ਤੋਂ ਮੰਗੀ, ਚਾਨਣ ਦੀ ਇਕ ਲੱਪ । ਰਾਤ ਦਾ ਗੰਢੀ ਛੋੜ ਹਨ੍ਹੇਰਾ ਖੀਸਾ ਲੈ ਗਿਆ ਕੱਪ । ਕਿੰਨੇ ਸਾਰੇ ਉਭਰੇ ਦਾਇਰੇ ਮੇਰੀਆਂ ਸੋਚਾਂ ਵਿੱਚ, ਕਿਸ ਬੇਦਰਦੀ ਨੇ ਦਿਲ ਦੀ ਢਾਬੇ ਮਾਰੀ ਡਾਂਗ ਖੜੱਪ । ਮਾਪਿਆਂ ਦੀ ਇਕ ਝਿੜਕ ਤੇ ਸਾਰੀ ਨਿਕਲ ਗਈਉ ਛੱਲ, ਤੂੰ 'ਝਨਾਂ' ਕੀ ਚੀਰਣੈ ਤੂੰ ਇਕ ਖਾਲ ਨਾ ਸਕਿਉਂ ਟੱਪ । ਦਿਲ ਦੀ ਬੰਦ ਪਟਾਰੀ ਖੋਲ੍ਹਿਆਂ ਨੀਂਦਰ ਜਾਵੇ ਉੱਡ, ਕੁਰਬਲ ਕੁਰਬਲ ਕਰਨ ਚੁਫ਼ੇਰੇ ਵਹਿਮਾਂ ਦੇ ਕਈ ਸੱਪ । ਵੇਲਾ ਨਹੀਉਂ ਯਾਰ ਕਿਸੇ ਦਾ, ਕਦੀ ਨਾ ਆਵੇ ਪਰਤ, ਬੀਤੇ ਜਾਂਦੇ ਵੇਲੇ ਦੀ ਤੂੰ ਘੁੱਟ ਕੇ ਗਿੱਚੀ ਨੱਪ । 'ਅਨਵਰ'ਜਿਹੇ ਗੁਰੂ ਦੇ ਹੁੰਦਿਆਂ ਸ਼ਿਅਰ ਦਾ ਕਾਹਦਾ ਭਾਰ, ਗੁਰੂ ਜਿਨ੍ਹਾਂ ਦੇ ਹੋਣ ਸਿਆਣੇ ਚੇਲੇ ਜਾਣ ਸ਼ੜੱਪ । ਕਰ ਕੋਈ ਪੱਕਾ ਕੌਲ 'ਖ਼ਿਆਲਾ' ਜਿਹੜਾ ਤੋੜ ਚੜ੍ਹੇ, ਐਵੇਂ ਨਾ ਪਿਆ ਵਿੱਚ ਖ਼ਿਆਲਾਂ ਰੇਤ ਦੇ ਕੋਠੇ ਥੱਪ ।

ਵਗਣਾ ਨਾਹੀਂ ਏਹੋ ਜਿਹੀਆਂ 'ਵਾਵਾਂ

ਵਗਣਾ ਨਾਹੀਂ ਏਹੋ ਜਿਹੀਆਂ 'ਵਾਵਾਂ ਸਾਡੇ ਮਗਰੋਂ । ਟੁੱਟਣਾ ਨਾਹੀਂ ਕਦੇ ਵੀ ਇੰਜ ਤਨਾਵਾਂ ਸਾਡੇ ਮਗਰੋਂ । ਸਾਡੇ ਵਰਗੇ ਪਾਂਧੀਆਂ ਦਾ ਹੀ ਸੰਗ ਕਰਨ ਇਹ ਧੁੱਪਾਂ, ਫੇਰ ਕਿਤੇ ਇਹ ਲੱਭਣੀਆਂ ਨਾਹੀਂ ਛਾਵਾਂ ਸਾਡੇ ਮਗਰੋਂ । ਸੁਹਣਿਆ ਚੰਨਾ ਤੇਰੀਉ ਈ ਇਕ ਸ਼ੈ ਥੀਂ ਤੇਰੇ ਉੱਤੇ, ਕਿਸੇ ਨਾ ਸੁਟਣੀਆਂ ਸਾਡੇ ਵਾਂਗੂ ਲਾਵਾਂ ਸਾਡੇ ਮਗਰੋਂ । ਤਾਂਘ ਦੀ ਗਿੱਚੀ ਤੇ ਪੱਬ ਧਰਦੀਏ ਰਾਤੇ ਕਾਲੀਏ ਡੈਣੇਂ, ਤੈਨੂੰ ਕਿਸੇ ਵੀ ਹੋਣਾ ਨਹੀਉਂ ਸਾਹਵਾਂ ਸਾਡੇ ਮਗਰੋਂ । ਸਾਡੇ ਵਸਦੇ-ਰਸਦੇ ਝੁੱਗੇ ਤਾਈਂ ਅੱਗਾਂ ਲਾ ਕੇ, ਖੁੱਲੀਆਂ ਫਿਰਨ ਕਦੇ ਨਾ ਇੰਜ ਹਵਾਵਾਂ ਸਾਡੇ ਮਗਰੋਂ । ਦੂਹਰੀ ਆਸ ਦੀ ਏਸ ਵਸੋਂ ਦੇ ਇਕ ਵਸਨੀਕ 'ਖ਼ਿਆਲਾ', ਏਸ ਤਰ੍ਹਾਂ ਨਹੀਂ ਹੋਣਾ ਓਸ ਨਿਥਾਵਾਂ ਸਾਡੇ ਮਗਰੋਂ ।

ਓਸ ਅਖ਼ੀਰੀ ਤੱਕਣੀ ਦੇ ਵਿਚ

ਓਸ ਅਖ਼ੀਰੀ ਤੱਕਣੀ ਦੇ ਵਿਚ, ਕਿੰਨਾਂ ਦਰਦ ਸੀ ਹਾਏ । ਉਹਦੇ ਵਿਛੜਣ ਵਾਲਾ ਵੇਲਾ, ਕਿੰਜ ਭੁਲਾਇਆ ਜਾਏ । ਕਾਲਖ਼ ਲਿੱਪੇ ਅੰਬਰੋਂ ਲੀਕੇ, ਨੈਣਾਂ ਤੀਕ ਹਨ੍ਹੇਰ, ਤੇਰੇ ਬਾਝੋਂ ਕਿਹੜਾ ਮੇਰੀਆਂ, ਅੱਖੀਆਂ ਨੂੰ ਰੁਸ਼ਨਾਏ । ਨਾ ਦੇਹ ਭੇਤੀਆ ਐਨੇ ਲਾਰੇ, ਲੰਮੀਆਂ ਉਮਰਾਂ ਵਾਲੇ, ਮਰ ਕੇ ਇਕ ਹੰਢਾਈ ਏ ਹੁਣ, ਦੂਜੀ ਕੌਣ ਹੰਢਾਏ । ਤੂੰ ਵੀ ਆਪਣੇ ਵਾਲਾਂ ਅੰਦਰ, ਫੁਲ ਟੰਗਣੇ ਭੁੱਲ ਗਈ ਏਂ, ਮੈਂ ਵੀ ਰੰਗ ਬਰੰਗੇ ਬਾਣੇਂ, ਫੇਰ ਕਦੀ ਨਈਂ ਪਾਏ । ਇੰਜ ਅਧਵਾਟਿਉਂ ਟੁੱਟੀ ਯਾਰੀ, ਜਿਉਂ ਕਰ ਗੁੱਡੀ ਡੋਰੋਂ, ਹੁਣ ਤੇ ਆਪਣੇ ਘਰ ਬੂਹੇ ਵਲ, ਵੀ ਨਾ ਪਰਤਿਆ ਜਾਏ । ਇਸ ਬੇ ਸੁਰਤੀ ਜੂਹ ਦੇ ਅੰਦਰ, ਹੋਇਆ ਵਾਸਾ ਮੇਰਾ, ਰੁੱਖਾਂ ਨਾਲੋਂ ਲੰਮੇ ਜਿੱਥੇ, ਰੁੱਖਾਂ ਦੇ ਨੇ ਸਾਏ । ਸ਼ਿਅਰ ਦੀ ਦੇਹੀ ਉੱਤੇ ਮਲਿਆ, ਰੂਪ'ਖ਼ਿਆਲ' ਦਾ ਵਟਨਾ, ਕਿਉਂ ਨਾ ਗ਼ਜ਼ਲਾਂ ਵਿੱਚੋਂ ਅੜੀਏ, ਖ਼ੁਸ਼ਬੂ ਤੇਰੀ ਆਏ ।

ਗ਼ਜ਼ਲਾਂ ਲਿਖੀਏ ਨਜ਼ਮਾਂ ਲਿਖੀਏ

ਗ਼ਜ਼ਲਾਂ ਲਿਖੀਏ ਨਜ਼ਮਾਂ ਲਿਖੀਏ ਰਾਗ ਰੰਗ ਸੁਰਤਾਲ । ਜੀਹਨੂੰ ਆਪਣਾ ਯਾਰ ਬਣਾਈਏ ਕਰੀਏ ਮਾਲਾ ਮਾਲ । ਚੰਨ ਦੇ ਉੱਤੇ ਨੱਚ-ਨੱਚ ਆਪਣਾ ਕਰ ਲਿਆ ਮੰਦਾ ਹਾਲ, ਰਾਤ ਮੁਕਾਲੀ ਤਾਈਂ ਫਿਰ ਵੀ ਪੈਂਦਾ ਨਹੀਂ ਜੇ ਹਾਲ । ਚੇਤਰ ਰੁੱਤ ਜਦ ਬਾਗ਼ਾਂ ਅੰਦਰ ਪਾਈ ਆਣ ਧਮਾਲ, ਨੱਚਦੀ-ਨੱਚਦੀ ਕਲੀ ਵੀ ਹੋਈ ਫਿਰ ਹਾਲੋਂ ਬੇਹਾਲ । ਉੱਡ ਗਿਆ ਤੇ ਹੱਥ ਨਹੀਂ ਆਉਂਦਾ ਉਹ ਮਿੱਟੀ ਦਾ ਢੇਰ, ਲਾ ਕੋਈ ਮੰਤਰ ਚਾਰਾ ਸਾਜ਼ਾ ਇਹਨੂੰ ਲੈ ਸੰਭਾਲ । ਕੱਲ੍ਹ ਅਜੇ ਸੀ ਤੇਰੀ ਮੇਰੀ ਬਦਨਾਮੀ ਦਾ ਸ਼ੋਰ, ਇੰਜ ਲਗਦਾ ਏ ਉਹਨੂੰ ਜੀਵੇਂ ਬੀਤੇ ਸਦੀਆਂ ਸਾਲ । ਅੰਗ ਨਖੇੜਿਆਂ ਲਹਿਣ ਕਦੇ ਨਾ ਪਿਛਲਾ ਕਰੇ ਧਿਆਨ, ਮਿਲੇ ਜੇ ਕਿਧਰੇ ਕਹੀਂ 'ਖ਼ਿਆਲਾ' ਲੱਗੀਆਂ ਤਾਈਂ ਪਾਲ ।

ਰੱਬਾ, ਰਹਿੰਦੀ ਦੁਨੀਆ ਤੀਕਰ

ਰੱਬਾ, ਰਹਿੰਦੀ ਦੁਨੀਆ ਤੀਕਰ ਵਸਦੇ ਰਹਿਣ ਪਏ ਉਹ । ਜਿਹੜੇ ਸਾਡੇ ਉਦਰੇਵੇਂ ਦਾ ਕਦੇ ਨਾ ਕਰਦੇ ਮੋਹ । ਮੇਰੇ ਲੇਖਾਂ ਅੰਦਰ ਤੇਰਾ ਕਦੇ ਨਹੀਂ ਹੋਣਾ ਮੇਲ, ਫਿਰ ਵੀ ਤੇਰੇ ਬਾਝੋਂ ਮੇਰਾ ਭਰਦਾ ਨਹੀਉਂ ਛੋਹ । ਯਾਰ ਮਿਰੇ ਦੀਏ ਯਾਦੇ ਰੁੱਸ ਕੇ ਇੰਜ ਛੁਡਾ ਨਾ ਚੁੰਡ, ਕਦੀ ਕਦਾਰੇ ਆਈ ਏਂ ਅੜੀਏ, ਪਲ ਦੋ ਪਲ ਤੇ ਬਹੁ । ਤੇਰਾ ਡੇਰਾ ਮੇਰੇ ਦਿਲ ਵਿਚ ਤੂੰ ਸ਼ਾਹਰਗ ਦੇ ਕੋਲ, ਤੂੰ ਅੰਗ-ਸੰਗ ਵਿਚ ਐੇਵੇਂ ਜੀਵੇਂ ਗੰਨੇ ਦੇ ਵਿਚ ਰਹੁ । ਦੇਖ ਲਵਾਂਗੇ ਤੈਨੂ ਚੱਲ ਖਾਂ ਚੱਲਣਾ ਏ ਕਿੱਥੋਂ ਤੱਕ, ਮੈਂ ਤੇ ਔਖੀਆਂ ਰਾਹਵਾਂ ਦੇ ਨਾਲ ਤੁਰਿਆ ਕਰਨ ਧਰੋਹ । ਰਹਿੰਦਾ ਸੀ ਜੋ ਤੇਰੇ ਦਿਲ ਵਿਚ ਉਹ ਤੇ ਨਹੀਂ 'ਖ਼ਿਆਲ', ਪਾ ਖਾਂ ਜ਼ੋਰ ਅਕਲ ਤੇ ਸੱਜਣਾਂ ਕਰ ਖਾਂ ਕੋਈ ਥੋਹ ।

ਬਾਤਾਂ ਪਾਉਂਦੇ, ਬਾਤਾਂ ਸੁਣਦੇ

ਬਾਤਾਂ ਪਾਉਂਦੇ, ਬਾਤਾਂ ਸੁਣਦੇ, ਪੈਂਡੇ ਕਟਦੇ ਜਾਂਦੇ । ਕਾਲੀ ਰਾਤ ਦੇ ਪਾਂਧੀ ਕੀਵੇਂ, ਚੰਨ ਨੂੰ ਕੋਲ ਬੁਲਾਂਦੇ । ਜਿਹੜਾ ਕਿਹੜਾ ਸੜਦਾ ਆਪਣੀ, ਅੱਗ ਅੰਦਰ ਹੀ ਸੜਦਾ, ਐਵੇਂ ਮਰਨੇ ਲੋਕੀ ਦੂਜੀ, ਅੱਗ ਨੂੰ ਤੁਹਮਤ ਲਾਂਦੇ । ਜਲਵੇ ਵੀ ਨੇ ਅੰਦਰ ਦੱਬੇ, ਗੁੰਮੇਂ ਵਿਚ ਰਜ਼ਾ ਦੇ, ਆਪੇ ਰੁੱਸਦੇ ਆਪਣੇ ਨਾਲ ਤੇ ਆਪਣਾ ਆਪ ਮਨਾਂਦੇ । ਹੋਵੇ ਨਾ ਬੇ-ਆਸਾ ਕੋਈ, ਫੇਰ ਦਵਾਂਗੇ ਹੋਕਾ, ਮਿਲਣਾ ਚਾਹਵੇ ਜੋ ਕੋਈ ਅੱਜ ਵੀ, ਜੋਗੀ ਯਾਰ ਮਿਲਾਂਦੇ । ਸੂਰਜ ਚੰਨ ਤੇ ਤਾਰੇ ਦਿਲ ਦੀ, ਕਾਲਖ ਧੋ ਨਾ ਸੱਕੇ, ਦੇਖੀਏ ਅੱਥਰੂਆਂ ਦੇ ਸਿੱਟੇ, ਕਿਹੜਾ ਚੰਨ ਚੜ੍ਹਾਂਦੇ । ਰਿਸ਼ਮਾਂ ਟਹਿਕਣ, ਲੋਆਂ ਮਹਿਕਣ, ਚੰਨ ਬਦਲੀ ਚੋਂ ਨਿਕਲੇ, ਕੱਢ 'ਖ਼ਿਆਲ' ਤੂੰ ਵੀ ਹੁਣ ਜਿਹੜੇ, ਸ਼ਿਅਰ ਨੇ ਲਿਖ ਕੇ ਆਂਦੇ ।

ਜੀਵਨ ਜੀਵੇਂ ਥਲ ਮਾਰੂ ਵਿਚ

ਜੀਵਨ ਜੀਵੇਂ ਥਲ ਮਾਰੂ ਵਿਚ, ਬਲਦੀ ਸਿਖ਼ਰ ਦੁਪਹਿਰ । ਦਿਲ ਏ ਜੀਵੇਂ ਉਜੜਿਆ ਪੁਜੜਿਆ, ਲੁਟਿਆ ਪੁਟਿਆ ਸ਼ਹਿਰ । ਏਸ ਤਰ੍ਹਾਂ ਵੀ ਹੋ ਜਾਂਦੇ ਨੇ, ਸਾਕੀਆ ਗਿੱਲੇ ਹੋਂਟ, ਤੂੰ ਜੇ ਭਾਰਾਂ ਤੇ ਪੈ ਜਾਵੇਂ, ਕਿਉਂ ਨਾ ਪੀਈਏ ਜ਼ਹਿਰ । ਪਤਾ ਨਹੀਂ ਸੀ ਐਡੀ ਛੇਤੀ, ਮੁੜ ਜਾਵੇਗਾ ਉਹ, ਮੈਂ ਖ਼ਬਰੇ ਕਿਉਂ ਕਹਿ ਨਾ ਸਕਿਆ, ਤੂੰ ਕੁਝ ਪਲ ਤਾਂ ਠਹਿਰ । ਮੁੜ ਕੋਈ ਮੇਰੇ ਰੋਵਣ ਉੱਤੇ, ਹੱਸ ਪਿਆ ਅੱਜ ਫੇਰ, ਚੁੱਪ ਝਨਾਂ ਚੋਂ ਫਿਰ ਕੋਈ ਉੱਠੀ, ਬਿਜਲੀ ਵਰਗੀ ਲਹਿਰ । ਯਾਦ ਦੀ ਲੰਮੀ ਚੁੱਭੀ ਦਾ ਕੀ, ਥਹੁ ਟਿਕਾਣਾ ਲੱਭੇ, ਆਪਣਾ ਆਪ ਨਾ ਚੇਤੇ ਆਉਂਦਾ, ਹੁਣ ਤੇ ਸੋ-ਸੋ ਪਹਿਰ । ਚੜ੍ਹਦੇ ਵੱਲੇ ਠਾਠਾਂ ਮਾਰੇ, ਯਾਰ 'ਖ਼ਿਆਲਾ' ਆਪ, ਲਹਿੰਦੇ ਵੱਲੇ ਠਾਠਾਂ ਮਾਰੇ, ਨਾਂ ਉਹਦੇ ਦੀ ਲਹਿਰ ।

ਖ਼ਬਰੇ ਕਿਸ ਪੰਜ ਫੂਲਾ ਰਾਣੀ

ਖ਼ਬਰੇ ਕਿਸ ਪੰਜ ਫੂਲਾ ਰਾਣੀ, ਸਾਨੂੰ ਪਾਈਆਂ ਚਿੱਠੀਆਂ । ਮਹਿਕਦੀਆਂ ਵਾਵਾਂ ਦੇ ਹੱਥੀਂ, ਸਾਨੂੰ ਆਈਆਂ ਚਿੱਠੀਆਂ । ਜਿਨ੍ਹਾਂ ਵਿਚ ਰਕੀਬਾਂ ਤਾਈਂ ਨਿੱਤ ਸਲਾਮਾਂ ਆਵਣ, ਮੇਰੇ ਨਾਂ ਤੇ ਆਉਂਣ ਸਦਾ ਹੀ ਇੰਜ ਪਰਾਈਆਂ ਚਿੱਠੀਆਂ । ਖ਼ਤ ਮੇਰੇ ਦੇ ਪੁਰਜੇ ਝੱਖੜਾਂ, ਮੇਰੇ ਈ ਮੱਥੇ ਮਾਰੇ, ਵਾ-ਵਰੋਲਿਆਂ ਵਿੱਚ ਕਿਸੇ ਨੇ, ਇੰਜ ਉਡਾਈਆਂ ਚਿੱਠੀਆਂ । ਖ਼ਬਰੇ ਕਿਹੜੀ ਭਾਗ ਭਰੀ ਦੀਆਂ ਪੱਤਾਂ ਲਹਿਣ ਸਵੇਰੇ, ਰਾਤ ਮੇਰੇ ਸਰਹਾਣੇ ਹੇਠੋਂ ਕਿਸੇ ਚੁਰਾਈਆਂ ਚਿੱਠੀਆਂ । ਸ਼ਾਲਾ ਹੁਣ ਨਾ ਪਕੜੇ ਜਾਵਣ, ਰੁੱਕੇ ਰੰਗ-ਬਰੰਗੇ, ਫੇਰ ਨਾ ਓਸ ਗਵਾਂਢੀ ਦੇ ਘਰ, ਪਾਣ ਲੜਾਈਆਂ ਚਿੱਠੀਆਂ । ਉਹਨਾਂ ਬੇਪਰਵਾਹਾਂ ਤੇ ਇਲਜ਼ਾਮ ਕੋਈ ਨਾ ਆਵੇ, ਆਪਣੇ ਆਪ ਨੂੰ ਯਾਰ'ਖ਼ਿਆਲ' ਨੇ ਆਪੇ ਪਾਈਆਂ ਚਿੱਠੀਆਂ ।

ਤੂੰ ਭਲਾ ਕੀ ਸ਼ੈ ਵੇਂ ਦੱਸ ਖਾਂ

ਤੂੰ ਭਲਾ ਕੀ ਸ਼ੈ ਵੇਂ ਦੱਸ ਖਾਂ ਸੱਚੀ-ਮੁੱਚੀ ਅੜਿਆ । ਸੁਲਾਹ-ਸਫ਼ਾਈ ਤੋਂ ਕੀ ਚੰਗਾ ਰਹੁ ਨਾ ਲੜਿਆ-ਲੜਿਆ । ਬੰਨੇ ਆ ਖ਼ਾਂ ਮੂੰਹ ਦਰ ਮੂੰਹੀ ਹੋ ਕੇ ਗੱਲਾਂ ਕਰੀਏ, ਐਡਾ ਕਾਹਦਾ ਡਰ ਏ ਤੈਨੂੰ ਬੈਠੈਂ ਡਰਿਆ-ਡਰਿਆ । ਸਾਕੀ ਤੇਰੇ ਮੈਖ਼ਾਨੇ ਵਿਚ ਕੀ ਹੋਇਆ ਉਚਿਆਇਆ, ਸਿਰਾਂ ਤੋਂ ਪੱਗਾਂ ਲੱਥੀਆਂ ਜੀਵੇਂ ਕਾਨਿਆਂ ਤੋਂ ਬੁਰ ਝੜਿਆ । ਗੱਲਾਂ ਫੁਲ ਪਏ ਝੜਦੇ ਮੂੰਹੋਂ ਪਾ ਵੰਡੇਂਦੀ ਮਿਸਰੀ, ਹਾਸਾ ਕੀ ਦੱਸਾਂ ਮੈਂ ਉਹਦਾ ਹੀਰੇ ਮੋਤੀਆਂ ਜੜਿਆ । ਮੂਸਾ ਵਾਂਗੂੰ ਸਾਨੂੰ ਵੀ ਕਿਤੇ ਗ਼ਸ਼ੀਆਂ ਵਿਚ ਨਾ ਟਾਲੀਂ, ਦੇਣੈਂ ਜੇ ਕਰ ਦਰਸ 'ਖ਼ਿਆਲਾ' ਚੱਜ ਨਾਲ ਦੇਵੀਂ ਅੜਿਆ ।

ਤੁਰਦਿਆਂ ਤੁਰਦਿਆਂ ਸਦੀਆਂ ਹੋਈਆਂ

ਤੁਰਦਿਆਂ ਤੁਰਦਿਆਂ ਸਦੀਆਂ ਹੋਈਆਂ ਪੰਧ ਅਜੇ ਨਾ ਮੁੱਕਾ । ਨਾ ਕਿਤੇ ਮੰਜ਼ਿਲ ਦਿਲ ਨੇ ਪਾਈ, ਨਾ ਚੰਨ ਨੇੜੇ ਢੁੱਕਾ । ਉਹ ਵੀ ਹੀਰ ਸਿਆਲਣ ਵਾਂਗੂੰ ਦੇ ਗਈ ਕੰਡ ਅਧਵਾਟੇ, ਲੇਖਾਂ ਮਾਰੇ ਰਾਂਝੇ ਵਾਂਗੂੰ, ਮੈਂ ਵੀ ਰਹਿਆ ਸੁੱਕਾ । ਨੈਣ ਮਿਰੇ ਜਿਉਂ ਪਿਆਰ ਦੇ ਖੂਹ ਦੀਆਂ ਭਰੀਆਂ ਸਮਝੋ ਟਿੰਡਾਂ, ਦਰ ਤੇਰਾ ਜਿਉਂ ਅੱਧੀ ਰਾਤੀਂ ਬੋਲੇ ਖੂਹ ਦਾ ਤੁੱਕਾ । ਹੁਣ ਤਾਂ ਖ਼ੁਸ਼ ਜੇ ਹੁਣ ਤਾਂ ਠੰਡੇ ਹੈਣ ਤੁਹਾਡੇ ਗੋਲੇ, ਉਹਦੀ ਮੇਰੀ ਹੁਣ ਤਾਂ ਲੋਕੋ ਬਸ ਹੋ ਗਈ ਜੇ ਉੱਕਾ । ਫੂਹੜ ਦੇ ਕੱਖਾਂ ਵਾਂਗੂੰ ਜ਼ਾਹਿਦ ਪੈਰਾਂ ਹੇਠ ਲਤਾੜੇ, ਵਿੱਚ ਮਸੀਤ 'ਅਮੀਨ' ਖ਼ਿਆਲ' ਗਿਆ ਜੇ ਭੁੱਲਾ ਚੁੱਕਾ ।

ਚੰਨਾਂ ਸੂਰਜਾਂ ਨਾਲੋਂ ਕਿਧਰੇ

ਚੰਨਾਂ ਸੂਰਜਾਂ ਨਾਲੋਂ ਕਿਧਰੇ ਸੋਹਣਾ ਨਾਂ ਸੱਜਣ ਦਾ । ਸਭ ਠਾਹਰਾਂ ਤੋਂ ਨਵਾਂ ਨਕੋਰ ਏ ਪਿੰਡ ਗਰਾਂ ਸੱਜਣ ਦਾ । ਵਿਛੀਆਂ ਹੋਈਆਂ ਨੇ ਖ਼ੁਸ਼ਬੂਆਂ ਬੇਲੇ-ਬੇਲੇ ਅੰਦਰ, ਲਿਸ਼ਕਾਂ ਨਾਲ ਭਰੀਜਿਆ ਵਗੇ ਪੀਰ ਝਨ੍ਹਾਂ ਸੱਜਣ ਦਾ । ਸਭੇ ਬਹਾਰਾਂ, ਵਾਵਾਂ, ਰੁੱਤਾਂ, ਉਹਦੀ ਧੂੜ ਬਰਾਬਰ, ਸਭ ਥਾਵਾਂ ਵਿਚ ਵਸਦਾ ਏ ਪਰ ਕਿਤੇ ਨਾ ਥਾਂ ਸੱਜਣ ਦਾ । ਕਹਿਕਸ਼ਾਂ ਵੀ ਜ਼ੁਲਫ਼ਾਂ ਅੰਦਰ ਕੱਢੀਆਂ ਨੇ ਫੁੱਲ ਝੜੀਆਂ, ਅਰਸ਼ ਪੁਰਾਣੇ ਨਾਲੋਂ ਵਾਧੂ ਰੂਪ ਜਵਾਂ ਸੱਜਣ ਦਾ । ਹੁਣ ਤੇ ਇਕ ਮੁੱਦਤ ਤੋਂ ਦੋਵੇਂ ਚੇਤਿਆਂ ਅੰਦਰ ਵਸਦੇ, ਕਦੀ ਤੇ ਸੱਜਣ ਮੇਰਾ ਸੀ ਤੇ ਮੈਂ ਵੀ ਸਾਂ ਸੱਜਣ ਦਾ । ਉਹਦੀ ਟੋਹਰ ਦੇ ਸਦਕੇ ਸਾਡਾ ਵੱਜ ਰਿਹਾ ਏ ਡੰਕਾ, ਵੈਰੀਆਂ ਤੋਂ ਵੀ ਯਾਰ 'ਖ਼ਿਆਲਾ' ਪਿਆ ਅਕਵਾਂ ਸੱਜਣ ਦਾ ।