Anwar Udas ਅਨਵਰ 'ਉਦਾਸ'
ਪੰਜਾਬੀ ਗ਼ਜ਼ਲਾਂ (ਸਾਵੀਂ ਰੁੱਤ ਦੇ ਦੀਵੇ 1991 ਵਿੱਚੋਂ) : ਅਨਵਰ 'ਉਦਾਸ'
Punjabi Ghazlan (Saveen Rutt De Deeve 1991) : Anwar Udas
ਯਾਰ ਕਹਿੰਦਾ ਸੀ ਜੋ ਗ਼ਰਜ਼ਾਂ ਦਾ
ਯਾਰ ਕਹਿੰਦਾ ਸੀ ਜੋ ਗ਼ਰਜ਼ਾਂ ਦਾ ਪੁਜਾਰੀ ਨਿਕਲਿਆ ।
ਮੈਂ ਰਿਹਾ ਸਾਦਾ ਸਮਝਦਾ ਉਹ ਮਦਾਰੀ ਨਿਕਲਿਆ ।
ਕਿਸ ਤਰ੍ਹਾਂ ਜੀਵਨ ਬਿਤਾਵਾਂ ਯਾਰ ਮੇਰੇ ਦੀ ਤਰ੍ਹਾਂ,
ਅੱਜ ਮਿਰਾ ਸਾਇਆ ਵੀ ਦੁਸ਼ਮਨ ਦਾ ਹਵਾਰੀ ਨਿਕਲਿਆ ।
ਮੰਜ਼ਿਲਾਂ ਤੇ ਜਾਣ ਦੇ ਪੁਖ਼ਤਾਂ ਇਰਾਦੇ ਸਨ ਮਿਰੇ,
ਪਰ ਮਿਰਾ ਜੁੱਸਾ ਮੇਰੀ ਹਿੰਮਤ ਤੋਂ ਭਾਰੀ ਨਿਕਲਿਆ ।
ਸੋਚ ਦੇ ਪੱਤੇ ਹਰੇ ਹੋਏ ਖ਼ਿਜ਼ਾ ਰੁੱਤੇ ਜਦੋਂ,
ਝੂਠ ਦੀ ਬਸਤੀ ਚੋਂ ਇਕ ਸੱਚਾ ਲਿਖਾਰੀ ਨਿਕਲਿਆ ।
ਲੁੱਟਿਆ ਏ ਕਾਫ਼ਲੇ ਨੂੰ ਕਾਫ਼ਲੇ ਦੇ ਆਗੂਆਂ,
ਰਹਿਨੁਮਾ ਦੇ ਭੇਸ ਵਿਚ ਹਰ ਇਕ ਸ਼ਿਕਾਰੀ ਨਿਕਲਿਆ ।
ਪਿਆਰ ਦੇ ਬਦਲੇ 'ਚ 'ਅਨਵਰ' ਨਫ਼ਰਤਾਂ ਉਸ ਮੋੜੀਆਂ,
ਬੇ-ਵਿਹਾਰੇ ਦੌਰ ਵਿਚ ਬੰਦਾ ਵਿਹਾਰੀ ਨਿਕਲਿਆ ।
ਦਿਲ ਵਿਚ ਤੇਰਾ ਦਰਦ ਤੇ ਅੱਖੀਂ
ਦਿਲ ਵਿਚ ਤੇਰਾ ਦਰਦ ਤੇ ਅੱਖੀਂ ਸੁਫ਼ਨੇ ਤੇਰੇ ਰੱਖੇ ।
ਮੈਂ ਯਾਦਾਂ ਦੇ ਬਾਲ ਕੇ ਦੀਵੇ ਆਸ ਬਨੇਰੇ ਰੱਖੇ ।
ਤੇਰੇ ਲਈ ਨਿੱਤ ਖੁੱਲੇ੍ਹ ਰੱਖੇ ਅੱਖੀਆਂ ਦੇ ਦਰਵਾਜ਼ੇ,
ਪਰ ਖ਼ਬਰੇ ਬੇਦਰਦਾ ਤੂੰ ਕਿਸ ਪਾਸੇ ਫ਼ੇਰੇ ਰੱਖੇ ।
ਇਹ ਤੇ ਮੇਰੀ ਹਿੰਮਤ ਕਿ ਮੈਂ ਏਥੇ ਤੀਕ ਆ ਪੁੱਜਾ,
ਰਾਹਵਾਂ ਦੇ ਵਿਚ ਪੱਥਰ ਸੱਜਣਾ ਉਂਜ ਵਧੇਰੇ ਰੱਖੇ ।
ਮੇਰੇ ਸ਼ਿਅਰਾਂ ਦਾ ਮਤਲਬ ਉਹ ਸਮਝੇ ਯਾ ਨਾ ਸਮਝੇ,
ਮੈਂ ਤੇ ਅੱਖਰਾਂ ਵਿਚ ਛੁਪਾ ਕੇ ਹੈਨ ਸਵੇਰੇ ਰੱਖੇ ।
ਉਹਨੇ ਅੰਨ੍ਹਿਆਂ ਲੋਕਾਂ ਨੂੰ ਹੈ ਕੀ ਚਾਨਣ ਵਰਤਾਣਾ,
ਜੀਹਨੇ ਸਫ਼ਰਾਂ ਦੇ ਵਿਚ ਆਪਣੇ ਨਾਲ ਹਨ੍ਹੇਰੇ ਰੱਖੇ ।
ਉਹਦੇ ਮੁੱਖ ਦੀ ਲਾਲੀ ਪਈ ਸੀ ਸੂਰਜ ਨੂੰ ਸ਼ਰਮਾਂਦੀ,
ਉਹਦੀਆਂ ਜ਼ੁਲਫ਼ਾਂ ਕਿੰਨੇ ਹੀ ਸਨ ਕੀਲ ਸਪੇਰੇ ਰੱਖੇ ।
'ਅਨਵਰ' ਮੇਰੇ ਮੂੰਹ ਤੇ ਜਿਸ ਨੇ ਸਿਫ਼ਤਾਂ ਦੇ ਪੁਲ ਬੰਨ੍ਹੇ,
ਕੰਡ ਪਿਛੇ ਉਸ ਐਬ ਉਛਾਲੇ ਭਰਮ ਨਾ ਮੇਰੇ ਰੱਖੇ ।
ਸੂਰਜ ਵਾਂਗੂੰ ਧਰਤੀ ਉੱਤੇ ਰੋਸ਼ਨੀਆਂ ਵਰਤਾਵਾਂ
ਸੂਰਜ ਵਾਂਗੂੰ ਧਰਤੀ ਉੱਤੇ ਰੋਸ਼ਨੀਆਂ ਵਰਤਾਵਾਂ ।
ਵਸ ਚੱਲੇ ਤੇ ਘੁੱਪ ਹਨ੍ਹੇਰੀਆਂ ਰਾਤਾਂ ਨੂੰ ਅੱਗ ਲਾਵਾਂ ।
ਸਾਥ ਨਿਭਾਣ ਦੀ ਥਾਂ ਜੋ ਹੋਵਣ ਦੁਸ਼ਮਣ ਨਾਲ ਖਲੋਤੇ,
ਆਪਣੇ ਐਸੇ ਸੱਜਣਾਂ ਨੂੰ ਮੈਂ ਕਿਹੜੇ ਖਾਤੇ ਪਾਵਾਂ ।
ਪਿਛਲੇ ਮੌਸਮ ਦੇ ਵਿਚ ਵੀ ਸੀ ਇਹ ਅਨਹੋਣੀ ਹੋਈ,
ਜੁਰਮਾਂ ਵਾਲਿਆਂ ਨੇ ਦਿੱਤੀਆਂ ਬੇਜੁਰਮਾਂ ਤੀਕ ਸਜ਼ਾਵਾਂ ।
ਸ਼ਹਿਰਾਂ ਦੇ ਵਿਚ ਅੱਗ ਤੇ ਲਹੂ ਦੀ ਬਾਰਸ਼ ਹੁੰਦੀ ਤੱਕ ਕੇ,
ਜਸ਼ਨ ਮਨਾਵਣ ਵਾਲਿਆ ਕੀਵੇਂ ਤੇਰਾ ਸਾਥ ਨਿਭਾਵਾਂ ।
ਜੇਕਰ ਪੈਸੇ ਹੋਵਣ ਮੇਰੇ ਕੋਲ ਕਿਤਾਬਾਂ ਜੋਗੇ,
ਕੁਲਫ਼ੀਆਂ ਵੇਚਣ ਦੀ ਥਾਂ ਪੁੱਤਰ ਨੂੰ ਅਸਕੂਲ ਘੱਲਾਵਾਂ ।
ਮੁਨਸਫ਼ ਹੀ ਜਦ ਡਾਕੂ ਹੋਵੇ, ਤੇ ਫਿਰ ਦੱਸ ਖ਼ਾਂ 'ਅਨਵਰ',
ਆਪਣੇ ਲੁੱਟਿਆ ਜਾਵਣ ਦਾ ਮੈਂ ਕੀਹਨੂੰ ਹਾਲ ਸੁਨਾਵਾਂ ।
ਜਿੱਥੇ ਕੀਤੀ ਜਦ ਵੀ ਕੀਤੀ
ਜਿੱਥੇ ਕੀਤੀ ਜਦ ਵੀ ਕੀਤੀ, ਗੱਲ ਸੁਚੇਰੀ ਕੀਤੀ ।
ਝੂਠਾਂ ਦੇ ਇਸ ਦੌਰ 'ਚ ਉਸਨੇ, ਖ਼ੂਬ ਦਲੇਰੀ ਕੀਤੀ ।
ਤੇਰੇ ਸ਼ਹਿਰ ਦਿਆਂ ਲੋਕਾਂ ਨੇ, ਉਸੇ ਨੂੰ ਵਡਿਆਇਆ,
ਜੀਹਨੇ ਹਰ ਕੰਮ ਦੇ ਵਿਚ ਏਥੇ, ਹੇਰਾ ਫੇਰੀ ਕੀਤੀ ।
ਜਦ ਦੁਨੀਆਂ ਤੋਂ ਰੁਖ਼ਸਤ ਹੋਇਆ, ਖ਼ਾਲੀ ਹੱਥ ਸਨ ਉਸ ਦੇ,
ਉਹ ਬੰਦਾ ਜਿਸ ਜਿਉਂਦੀ ਜਾਨੇ, ਮੇਰੀ ਮੇਰੀ ਕੀਤੀ ।
ਮਹਿਫ਼ਲ ਦੇ ਵਿਚ ਮੈਂ ਤੇ ਹੈ ਬਸ, ਆਪਣਾ ਰੋਣਾਂ ਰੋਇਆ,
ਤੂੰ ਕਿਉਂ ਸਮਝੇਂ ਬੇਦਰਦਾਂ ਕਿ, ਗੱਲ੍ਹ ਮੈਂ ਤੇਰੀ ਕੀਤੀ ।
ਮੁਨਸਿਫ਼ ਨੇ ਛੱਡ ਦਿੱਤਾ ਉਸ ਜ਼ਾਲਮ ਨੂੰ ਰਿਸ਼ਵਤ ਲੈ ਕੇ,
ਇਕ ਬੇਵਾਹ ਦੀ ਵਸਦੀ ਦੁਨੀਆ, ਜੇਸ ਹਨੇਰੀ ਕੀਤੀ ।
ਉਹਨੇ ਮੈਨੂੰ ਗਾਲਾਂ ਕੱਢ ਕੇ, ਆਪਣਾ ਭਰਮ ਗਵਾਇਆ,
ਉੱਤੋਂ ਮੈਂ ਚੁੱਪ ਰਹਿਕੇ ਉਹਦੇ, ਨਾਲ ਵਥੇਰੀ ਕੀਤੀ ।
'ਅਨਵਰ' ਅੱਜ ਉਸ ਬੰਦੇ ਦੇ ਕੰਮ, ਮੈਂ ਕੀਵੇਂ ਨਾ ਆਵਾਂ,
ਔਖੇ ਪਲ ਜਿਸ ਹਰ ਸ਼ੈ ਮੇਰੇ, ਅੱਗੇ ਢੇਰੀ ਕੀਤੀ ।
ਸੋਚਾਂ ਆਪਣੇ ਪੈਰਾਂ ਸਿਰ ਜਦ ਹੋਣਗੀਆਂ
ਸੋਚਾਂ ਆਪਣੇ ਪੈਰਾਂ ਸਿਰ ਜਦ ਹੋਣਗੀਆਂ ।
ਸੁੱਖਾਂ ਦੇ ਸੂਰਜ ਲਈ ਮਿੱਟੀ ਗੋਣਗੀਆਂ ।
ਇਹ ਵੇਲਾ ਵੀ ਜੀਵਨ ਦੇ ਵਿਚ ਤੱਕਣਾ ਸੀ,
ਲਾਸ਼ਾਂ ਵੀ ਰੂਹਾਂ ਦੇ ਪੱਥਰ ਢੋਣਗੀਆਂ ।
ਹੰਝੂਆਂ ਦੇ ਨਾਲ ਚਿਹਰਾ ਤੇ ਧੁਲ ਸਕਦਾ ਏ,
ਅੱਖਾਂ ਦਿਲ ਦੇ ਦਾਗ਼ ਭਲਾ ਕਿੰਜ ਧੋਣਗੀਆਂ ।
ਅੱਜ ਫਿਰ ਕਾਵਾਂ ਦਾ ਲੱਗਾ ਦਾਅ ਬੋਟਾਂ ਤੇ,
ਅੱਜ ਫਿਰ ਚਿੜੀਆਂ ਸ਼ਾਖ਼ਾਂ ਤੇ ਬਹਿ ਰੋਣਗੀਆਂ ।
ਕੀ ਏ ਜੇ ਅੱਜ ਉਹਦੀਆਂ ਵਾਗਾਂ ਖੁੱਲੀਆਂ ਨੇ,
ਕੱਲ ਉਹਦੇ ਲਈ ਸੜਕਾਂ ਵੀ ਤੰਗ ਹੋਣਗੀਆਂ ।
ਕਹਿਰ ਹਨੇਰੇ ਛਟ ਜਾਵਣਗੇ ਅੰਤ 'ਉਦਾਸ'
ਰਾਤਾਂ ਕਦ ਤੱਕ ਜ਼ੁਲਮ ਦੀ ਚੱਕੀ ਝੋਣਗੀਆਂ ।
ਸੰਨ੍ਹਾਂ ਲਾਵਣ ਪਹਿਰੇਦਾਰ ਤੇ ਕੀ ਕਰੀਏ
ਸੰਨ੍ਹਾਂ ਲਾਵਣ ਪਹਿਰੇਦਾਰ ਤੇ ਕੀ ਕਰੀਏ ।
ਮੁਨਸਫ਼ ਹੋਵਣ ਡੰਡੀ ਮਾਰ ਤੇ ਕੀ ਕਰੀਏ ।
ਬੋਲਣ ਦਾ ਵਲ ਕੱਲ੍ਹ ਜਿਨ੍ਹਾਂ ਨੂੰ ਦੱਸਿਆ ਸੀ,
ਉਹ ਵੀ ਕਰਨ ਜੇ ਅੱਜ ਤਕਰਾਰ ਤੇ ਕੀ ਕਰੀਏ ।
ਜਿਹਨਾਂ ਤੇ ਸੀ ਗ਼ਮਖ਼ਾਰੀ ਦਾ ਮਾਨ, ਜੇ ਉਹਰਾਹ
ਦੀ ਬਣ ਜਾਵਣ ਦੀਵਾਰ ਤੇ ਕੀ ਕਰੀਏ ।
ਔਖੇ ਵੇਲੇ ਭਾਰ ਵੰਡਣ ਦੀ ਥਾਂ ਜੇਕਰ,
ਛੱਡ ਜਾਵਣ ਸਾਨੂੰ ਦਿਲਦਾਰ ਤੇ ਕੀ ਕਰੀਏ ।
ਜਿਨ੍ਹਾਂ ਦੇ ਨਾਂ ਆਪਣਾ ਜੀਵਨ ਲਾਇਆ ਸੀ,
ਪੁੱਛਣ ਨਾ ਜੇ ਉਹ ਵੀ ਸਾਰ ਤੇ ਕੀ ਕਰੀਏ ।
ਰਿਸ਼ਵਤ ਬਾਝੋਂ ਮਜ਼ਦੂਰੀ ਵੀ ਲੱਭਦੀ ਨਈਂ,
ਫਿਰੀਏ ਨਾ ਜੇ ਇੰਜ ਬੇਕਾਰ ਤੇ ਕੀ ਕਰੀਏ ।
ਉਹ ਦਿਨ-ਰਾਤੀ ਆਵਣ ਟੀ. ਵੀ. ਤੇ 'ਅਨਵਰ'
ਸਾਨੂੰ ਛਾਪਣ ਨਾ ਅਖ਼ਬਾਰ ਤੇ ਕੀ ਕਰੀਏ ।
ਗੂਹੜੇ ਬੱਦਲ ਜਦ ਤੋਂ ਮੀਂਹ ਵਰਸਾ ਗਏ ਨੇ
ਗੂਹੜੇ ਬੱਦਲ ਜਦ ਤੋਂ ਮੀਂਹ ਵਰਸਾ ਗਏ ਨੇ ।
ਭੁੱਖੇ ਦਰਿਆ ਸਾਰੀਆਂ ਫ਼ਸਲਾਂ ਖਾ ਗਏ ਨੇ ।
ਜਿਹੜਾ ਲੋਅ ਵਰਤਾਂਦਾ ਸੀ ਇਸ ਨਗਰੀ ਨੂੰ,
'ਵਾ ਦੇ ਬੁੱਲੇ ਉਹੋ ਦੀਪ ਬੁਝਾ ਗਏ ਨੇ ।
ਖ਼ਬਰੇ ਕੀਵੇਂ ਦਾ ਇਹ ਸੂਰਜ ਚੜ੍ਹਿਆ ਏ,
ਇਨਸਾਨਾਂ ਦੇ ਜੁੱਸੇ ਈ ਪਥਰਾ ਗਏ ਨੇ ।
ਰਾਖੀ ਕਰਨੀ ਸੀ ਜਿਨਹਾਂ ਨੇ ਫੁੱਲਾਂ ਦੀ,
ਗੁਲਸ਼ਨ ਦੇ ਵਿਚ ਉਹੋ ਅੱਗਾਂ ਲਾ ਗਏ ਨੇ ।
ਤਾਰੇ ਗਿਣ-ਗਿਣ ਹੁਣ ਮੈਂ ਰਾਤ ਲੰਘਾਂਦਾ ਹਾਂ,
ਬੇਦਰਦਾਂ ਦੇ ਚੇਤੇ ਨੀਂਦ ਉਡਾ ਗਏ ਨੇ ।
ਆਪਣੇ ਯਾਰਾਂ ਨੂੰ ਕਿਉਂ ਭੈੜਾ ਆਖਾਂ ਮੈਂ,
ਕੀ ਹੋਇਆ ਜੇ ਮੈਥੋਂ ਨੈਣ ਚੁਰਾ ਗਏ ਨੇ ।
'ਅਨਵਰ' ਅੱਜ ਫਿਰ ਭੇਸ ਵਟਾ ਕੇ ਹੰਝੂਆਂ ਦਾ,
ਪਲਕਾਂ ਉੱਤੇ ਦਿਲ ਦੇ ਦੁਖੜੇ ਆ ਗਏ ਨੇ ।
ਕਾਹਦੇ ਰਿਸ਼ਤੇ ਕਾਹਦੀਆਂ ਸਾਂਝਾਂ
ਕਾਹਦੇ ਰਿਸ਼ਤੇ ਕਾਹਦੀਆਂ ਸਾਂਝਾਂ ਰਹਿ ਗਈਆਂ ।
ਹੁਣ ਤੇ ਗੱਲਾਂ ਹੀ ਬਸ ਗੱਲਾਂ ਰਹਿ ਗਈਆਂ ।
ਸੱਜਣ ਪਰਤ ਘਰਾਂ ਨੂੰ ਟੁਰ ਗਏ ਸਾਰੇ ਈ,
ਮੇਰੇ ਨਾਲ ਸਫ਼ਰ ਵਿਚ ਰਾਹਵਾਂ ਰਹਿ ਗਈਆਂ ।
ਪਤਝੜ ਰੁੱਤ ਨੇ ਲੀੜੇ ਲਾਹ ਲਏ ਰੁੱਖਾਂ ਦੇ,
ਨੰਗਮ-ਨੰਗੀਆਂ ਹੋ ਕੇ ਸ਼ਾਖ਼ਾਂ ਰਹਿ ਗਈਆਂ ।
ਮਹਿਲਾਂ ਨੂੰ ਰੁਸ਼ਨਾਇਆ ਚੜ੍ਹਦੇ ਸੂਰਜ ਨੇ,
ਝੁੱਗੀਆਂ ਦੇ ਵਿਚ ਫਲਦੀਆਂ ਸ਼ਾਮਾਂ ਰਹਿ ਗਈਆਂ ।
ਜ਼ੁਰਮਾਂ ਵਾਲੇ ਛੁਟ ਗਏ ਓਸੇ ਵੇਲੇ ਈ,
ਹੱਥੀਂ ਬੇਦੋਸ਼ਾਂ ਹਥਕੜੀਆਂ ਰਹਿ ਗਈਆਂ ।
ਖ਼ਬਰੇ ਕਿੱਧਰ ਟੁਰ ਗਏ ਵਾਸੀ ਏਥੋਂ ਦੇ,
ਆਪਸ ਦੇ ਵਿਚ ਝੁਰਦੀਆਂ ਕੰਧਾਂ ਰਹਿ ਗਈਆਂ ।
'ਅਨਵਰ' ਅੰਨ੍ਹਾ ਜ਼ੁਲਮ ਕਮਾਇਆ ਉਸੇ ਨੇ,
ਦੰਦਾਂ ਹੇਠਾਂ, ਆਈਆਂ ਜੀਭਾਂ ਰਹਿ ਗਈਆਂ ।
ਉਹ ਗਿਆ ਤੇ ਬਹੁਤ ਚੰਗਾ ਹੋ ਗਿਆ
ਉਹ ਗਿਆ ਤੇ ਬਹੁਤ ਚੰਗਾ ਹੋ ਗਿਆ ।
ਸੋਚ ਦਾ ਮਿਆਰ ਉਚਾ ਹੋ ਗਿਆ ।
ਖਾ ਗਿਆ ਬੇੜੀ ਦੇ ਸਾਰੇ ਪੂਰ ਨੂੰ,
ਇਸ ਕਦਰ ਦਰਿਆ ਪਿਆਸਾ ਹੋ ਗਿਆ ।
ਆ ਗਿਆ ਕੀਵੇਂ ਦਾ ਵੇਲਾ ਸ਼ਹਿਰ ਤੇ,
ਹਰ ਕੋਈ ਗੂੰਗਾ ਤੇ ਬੋਲਾ ਹੋ ਗਿਆ ।
ਜ਼ੁਲਮ ਨੂੰ ਵੀ ਜ਼ੁਲਮ ਨਹੀਂ ਗਾ ਆਖਦਾ,
ਇਸ ਕਦਰ ਮਜਬੂਰ ਬੰਦਾ ਹੋ ਗਿਆ ।
ਮੰਜ਼ਿਲਾਂ ਦੇ ਪੰਧ ਖੋਟੇ ਹੋ ਗਏ,
ਰਹਿਨੁਮਾ ਵੀ ਹੁਣ ਲੁਟੇਰਾ ਹੋ ਗਿਆ ।
ਆਸ ਨਾ 'ਅਨਵਰ' ਕੋਈ ਬਾਕੀ ਰਹੀ,
ਸ਼ਹਿਰ ਦਿਲ ਦਾ ਇੰਜ ਸੁੰਨਾ ਹੋ ਗਿਆ ।
ਜੁੱਸਾ ਦੋਜ਼ਖ਼ ਵਾਂਗ ਤਪਾਈ ਰੱਖਦੇ ਨੇ
ਜੁੱਸਾ ਦੋਜ਼ਖ਼ ਵਾਂਗ ਤਪਾਈ ਰੱਖਦੇ ਨੇ ।
ਤੇਰੇ ਚੇਤੇ ਅੱਗਾਂ ਲਾਈ ਰੱਖਦੇ ਨੇ ।
ਜਿਨ੍ਹਾਂ ਜੱਗ ਵਿਚ ਪਿਆਰ ਨਿਭਾਉਣਾ ਹੁੰਦਾ ਏ
ਦਿਲ ਵਿਚ ਆਪਣਾ ਯਾਰ ਵਸਾਈ ਰੱਖਦੇ ਨੇ ।
ਉਨ੍ਹਾਂ ਨੇ ਕੀ ਸੱਚ ਦਾ ਕਲਮਾ ਕਹਿਣਾ ਏ,
ਜਿਹੜੇ ਆਪਣੀ ਧੌਣ ਨਿਵਾਈ ਰੱਖਦੇ ਨੇ ।
ਇਹ ਵਸਤੀ ਏ ਸਾਰੀ ਚੋਰਾਂ ਠੱਗਾਂ ਦੀ,
ਏਥੇ ਸਾਰੇ ਭੇਸ ਵਟਾਈ ਰੱਖਦੇ ਨੇ ।
ਮੈਂ ਉਨ੍ਹਾਂ ਨੂੰ ਪਾਗਲ ਹੀ ਕਹਿ ਸਕਨਾ ਵਾਂ,
ਜਿਹੜੇ ਲੋਕੀ ਆਸ ਪਰਾਈ ਰੱਖਦੇ ਨੇ ।
ਝੱਲਾ ਏਂ ਤੂੰ ਸ਼ੀਸ਼ਾ ਚੁੱਕੀ ਫਿਰਨਾ ਏਂ,
ਏਥੇ ਤੇ ਸਭ ਪੱਥਰ ਚਾਈ ਰੱਖਦੇ ਨੇ ।
'ਅਨਵਰ' ਕੀਵੇਂ ਝੂਠਾ ਹਾਸਾ ਹੱਸਾਂ ਮੈਂ,
ਦੁਖੜੇ ਮੇਰੀ ਜਾਨ ਸੁਕਾਈ ਰੱਖਦੇ ਨੇ ।
ਕੁਝ ਹੋਰ ਰਚਨਾਵਾਂ : ਅਨਵਰ 'ਉਦਾਸ'
ਨਾਲ ਸੂਰਜ ਦੇ ਟਾਕਰਾ ਹੋਇਆ
ਨਾਲ ਸੂਰਜ ਦੇ ਟਾਕਰਾ ਹੋਇਆ ।
ਪਹਿਲਾ ਜੀਵਨ 'ਚ ਹਾਦਸਾ ਹੋਇਆ ।
ਅੱਖਾਂ ਮਿਲੀਆਂ ਤੇ ਦਿਲ ਗਿਆ ਹੱਥੋਂ,
ਨਾਲ ਪਿਆਰਾਂ ਦੇ ਪਾਲਿਆ ਹੋਇਆ ।
ਅੱਜ ਲਗਦਾ ਏ ਓਪਰਾ ਮੈਨੂੰ,
ਸ਼ਹਿਰ ਪਹਿਲਾਂ ਦਾ ਵੇਖਿਆ ਹੋਇਆ ।
ਘਰ ਨੂੰ ਜਾਵਾਂ ਮੈਂ ਕਿਸ ਤਰ੍ਹਾਂ ਦੱਸੋ,
ਘਰ ਦਾ ਰਸਤਾ ਹੈ ਭੁੱਲਿਆ ਹੋਇਆ ।
ਭਾਵੇਂ ਕੇਡਾ 'ਉਦਾਸ' ਹੋਇਆ ਵਾਂ,
ਫਿਰ ਵੀ ਨਹੀਂਓਂ ਬੇਆਸਰਾ ਹੋਇਆ ।
ਰੁਸ਼ਨਾਈਆਂ ਵਿਚ ਨ੍ਹੇਰਾ ਪਲਦਾ ਵੇਖ ਰਿਹਾਂ
ਰੁਸ਼ਨਾਈਆਂ ਵਿਚ ਨ੍ਹੇਰਾ ਪਲਦਾ ਵੇਖ ਰਿਹਾਂ ।
ਸੂਰਜ ਨੂੰ ਵੀ ਮੈਂ ਹਥ ਮਲਦਾ ਵੇਖ ਰਿਹਾਂ ।
ਸੂਰਜ ਵਰਗੀ ਚੜ੍ਹਤਲ ਜਿਸਦਾ ਜੋਬਨ ਸੀ,
ਉਹਨੂੰ ਗ਼ਜ਼ਲਾਂ ਅੰਦਰ ਢਲਦਾ ਵੇਖ ਰਿਹਾਂ ।
ਸ਼ਹਿਰ 'ਚ ਜਾ ਕੇ ਪਿੰਡ ਦਾ ਰਸਤਾ ਭੁੱਲਿਆ ਏ,
ਉਹਦਾ ਰਸਤਾ ਬੈਠਾ ਕੱਲ੍ਹ ਦਾ ਵੇਖ ਰਿਹਾਂ ।
ਖ਼ੋਰੇ ਕਿੰਨ੍ਹੇ ਮੌਸਮ ਨੂੰ ਅੱਗ ਲਾਈ ਏ,
ਚਾਰ ਚੁਫੇਰੇ ਮਚਦਾ ਬਲਦਾ ਵੇਖ ਰਿਹਾਂ ।
ਤੱਤੇ ਲੇਖੀਂ, ਠੰਢੇ ਹੌਕੀਂ, ਸੰਗ 'ਉਦਾਸ'
ਜਲ ਅੰਦਰ ਇਕ ਭਾਂਬੜ ਬਲਦਾ ਵੇਖ ਰਿਹਾਂ ।
ਉਡਦਾ ਟੁਕੜਾ ਬੱਦਲ ਦਾ
ਉਡਦਾ ਟੁਕੜਾ ਬੱਦਲ ਦਾ ।
ਜਾਪੇ ਪੱਲਾ ਆਂਚਲ ਦਾ ।
ਏਨੇ ਹੋਸ਼ ਗਵਾਚੇ ਨੇ,
ਰਸਤਾ ਭੁੱਲਿਐ ਮੰਜ਼ਲ ਦਾ ।
ਸੋਚਾਂ ਵਿਚ ਅਸਮਾਨਾਂ 'ਤੇ,
ਤਾਲਿਬ ਉਹਦੀ ਸਰਦਲ ਦਾ ।
ਕਾਬੂ ਕੀਤੈ ਨਾਗਾਂ ਨੂੰ,
ਲੀੜਾ ਲੈ ਉਸ ਮਲਮਲ ਦਾ ।
ਅੱਖਾਂ ਸ੍ਹਾਵੇਂ ਰਹੇ 'ਉਦਾਸ',
ਮੰਜ਼ਰ ਉਸਦੀ ਮਹਿਫ਼ਲ ਦਾ।