Arshad Iqbal Arshad
ਅਰਸ਼ਦ ਇਕਬਾਲ ‘ਅਰਸ਼ਦ’

ਨਾਂ-ਮੁਹੰਮਦ ਅਰਸ਼ਦ, ਕਲਮੀ ਨਾਂ-ਅਰਸ਼ਦ ਇਕਬਾਲ ਅਰਸ਼ਦ,
ਪਿਤਾ ਦਾ ਨਾਂ-ਮੀਆਂ ਇਕਬਾਲ ਜ਼ਖ਼ਮੀ, ਮਾਤਾ ਦਾ ਨਾਂ-ਹਮੀਦਾ ਬੀਬੀ,
ਜਨਮ ਤਾਰੀਖ਼-15 ਜੂਨ 1966, ਜਨਮ ਸਥਾਨ-ਸਾਹਦਰਾ ਲਾਹੌਰ,
ਵਿੱਦਿਆ-ਐਮ. ਏ., ਕਿੱਤਾ-ਪ੍ਰੋਫ਼ੈਸਰ ਪੰਜਾਬੀ, ਗੌਰਮਿੰਟ ਇਸਲਾਮੀਆਂ ਕਾਲਜ, ਗੁੱਜਰਾਂਵਾਲਾ,
ਛਪੀਆਂ ਕਿਤਾਬਾਂ, ਘੁੰਡ ਚੁਕਾਈ (ਆਲੋਚਨਾ), ਸਦੀਆਂ ਦੇ ਇਕਲਾਪੇ (ਸ਼ਾਇਰੀ), ਅੱਲਾਹ ਸੋਹਣੇ ਕਰਮ ਕਮਾਇਆ (ਨਾਅਤ) ।

ਪੰਜਾਬੀ ਗ਼ਜ਼ਲਾਂ (ਸਦੀਆਂ ਦੇ ਇਕਲਾਪੇ 2006 ਵਿੱਚੋਂ) : ਅਰਸ਼ਦ ਇਕਬਾਲ ‘ਅਰਸ਼ਦ’

Punjabi Ghazlan (Sadian De Iklaape 2006) : Arshad Iqbal Arshadਖੋਹ ਕੇ ਖੁਸ਼ੀਆਂ ਅੰਮੜੀ ਕੋਲੋਂ ਦੇ ਕੇ ਗ਼ਮ ਦੇ ਹਾਰ ਗਿਆ

ਖੋਹ ਕੇ ਖੁਸ਼ੀਆਂ ਅੰਮੜੀ ਕੋਲੋਂ ਦੇ ਕੇ ਗ਼ਮ ਦੇ ਹਾਰ ਗਿਆ । ਸੱਤ ਭੈਣਾਂ ਦਾ ਕੱਲਾ ਵੀਰਾ ਕਾਰ ਡਰਾਈਵਰ ਮਾਰ ਗਿਆ । ਤੂੰ ਕਾਗ਼ਜ਼ ਦੀ ਕਿਸ਼ਤੀ ਉੱਤੇ ਪਾਰ ਸਮੁੰਦਰੋਂ ਚੱਲਿਆ ਏਂ, ਅਜ ਤੱਕ ਕੱਚੇ ਉੱਤੇ ਤਰ ਕੇ ਕੋਈ ਨਹੀਂ ਪਰਲੇ ਪਾਰ ਗਿਆ । ਅਫ਼ਰਾ-ਤਫ਼ਰੀ ਤੇ ਖ਼ੁਦ ਗ਼ਰਜ਼ੀ ਹਰ ਥਾਂ ਡੇਰੇ ਲਾਏ ਨੇ, ਵੀਰਾਂ ਵਿਚ ਮੁਹੱਬਤ ਕੋਈ ਨਹੀਂ ਯਾਰਾਂ ਵਿੱਚੋਂ ਪਿਆਰ ਗਿਆ । ਟੁੱਟਾ ਦਿਲ ਤੇ ਮੋਏ ਜਜ਼ਬੇ ਝੂੱਠੇ ਸੁਫ਼ਨੇ ਅੱਖਾਂ ਦੇ, ਤੇਰੇ ਨਾਲ ਗੁਜ਼ਾਰਿਆ ਸੱਜਣਾ ਹਰ ਇਕ ਪਲ ਬੇਕਾਰ ਗਿਆ । 'ਅਰਸ਼ਦ' ਆਪਣੀ ਬੇ ਵੱਸੀ ਦਾ ਕਿਸ ਨੂੰ ਹਾਲ ਸੁਣਾਵਾਂ ਮੈਂ, ਅੱਜ ਤੇ ਮੈਥੋਂ ਪਾਸਾ ਵੱਟ ਕੇ ਲੰਘ ਕੋਲੋਂ ਦਿਲਦਾਰ ਗਿਆ ।

ਸਾਹ ਚੰਗਿਆਂ ਦੇ ਨਾਲ ਭਰਨ ਦੀ ਆਦਤ ਏ

ਸਾਹ ਚੰਗਿਆਂ ਦੇ ਨਾਲ ਭਰਨ ਦੀ ਆਦਤ ਏ । ਜ਼ਾਲਿਮ ਤਾਈਂ ਮਾਫ਼ ਕਰਨ ਦੀ ਆਦਤ ਏ । ਦਿਲ ਕਮਲਾ ਏ ਨਿੱਕਾ-ਨਿੱਕਾ ਹੁੰਦਾ ਏ, ਇਹਨੂੰ ਪਲ-ਪਲ ਜੀਣ ਮਰਨ ਦੀ ਆਦਤ ਏ । ਜੇਕਰ ਤੈਨੂੰ ਜਿੱਤ ਪਿਆਰੀ ਲਗਦੀ ਏ, ਸਾਨੂੰ ਵੀ ਤਾਂ ਰੋਜ਼ ਹਰਨ ਦੀ ਆਦਤ ਏ । ਰੋਜ਼ ਦਿਹਾੜੀ ਨਵੀਆਂ ਆਸਾਂ ਜੰਮਦੀਆਂ ਨੇ, ਰੋਜ਼ ਕਿਸੇ ਨੂੰ ਯਾਦ ਕਰਨ ਦੀ ਆਦਤ ਏ । ਖ਼ਵਰੇ ਤਨ ਵਿਚ ਇਸ਼ਕ ਨੇ ਭਾਂਬੜ ਲਾਇਆ ਸੋ, ਤਾਂ 'ਅਰਸ਼ਦ'ਨੂੰ ਸਿਆਲ ਠਰਨ ਦੀ ਆਦਤ ਏ ।

ਬੁੱਕਲ ਵਿਚ ਬਾਰੂਦ ਲੁਕਾਈ ਫਿਰਦੇ ਨੇ

ਬੁੱਕਲ ਵਿਚ ਬਾਰੂਦ ਲੁਕਾਈ ਫਿਰਦੇ ਨੇ । ਹੱਥੀਂ ਆਪਣੇ ਲਾਸ਼ੇ ਚਾਈ ਫਿਰਦੇ ਨੇ । ਖ਼ਵਰੇ ਉਹਨੇ ਆਉਣਾ ਕਿ ਨਹੀਂ ਆਉਣਾ ਏ, ਘਰ ਵਾਲੇ ਘਰ ਬਾਰ ਸਜਾਈ ਫਿਰਦੇ ਨੇ । ਮਜ਼ਲੂਮਾਂ ਨੂੰ ਦੇਣ ਦਿਲਾਸੇ ਬਣ ਦਰਦੀ, ਜ਼ਾਲਿਮ ਨੂੰ ਵੀ ਉਂਗਲੀ ਲਾਈ ਫਿਰਦੇ ਨੇ । ਮੇਰੇ ਦੌਰ ਦੇ ਲੋਕੀ ਜੀਭਾਂ ਸੀ ਕੇ ਤੇ, ਹੰਝੂ ਪਲਕਾਂ ਹੇਠ ਲੁਕਾਈ ਫਿਰਦੇ ਨੇ । ਪਿਉ ਦੀ ਮੱਯਤ ਵਿਹੜੇ ਵਿੱਚ ਪਈ 'ਅਰਸ਼ਦ', ਪੁੱਤਰ ਘਰ ਦੀਆਂ ਵੰਡਾਂ ਪਾਈ ਫਿਰਦੇ ਨੇ ।

ਧੁੱਪਾਂ ਨੇ ਸਾੜਿਆ ਕਦੀ ਛਾਵਾਂ ਨੇ ਸਾੜਿਆ

ਧੁੱਪਾਂ ਨੇ ਸਾੜਿਆ ਕਦੀ ਛਾਵਾਂ ਨੇ ਸਾੜਿਆ । ਬੂਟਾ ਵਫ਼ਾ ਦਾ ਗ਼ਰਜ਼ੀ ਹਵਾਵਾਂ ਨੇ ਸਾੜਿਆ । ਚੜ੍ਹ ਕੇ ਅਨਾ ਸਲੀਬ ਤੇ ਮਮਤਾ ਵੀ ਮਰ ਗਈ, ਬਾਲਾਂ ਨੂੰ ਆਪਣੀ ਅੱਗ ਵਿਚ ਮਾਵਾਂ ਨੇ ਸਾੜਿਆ । ਤੂੰ ਨਾਲ ਸੈਂ ਤੇ ਜੋ ਸਨ ਜੰਨਤ ਦੇ ਰਾਸਤੇ, ਤੇਰੇ ਬਗ਼ੈਰ ਉਹਨਾਂ ਈ ਰਾਹਵਾਂ ਨੇ ਸਾੜਿਆ । ਹੰਝੂ ਕਦੇ ਨੇ ਠਾਰਦੇ ਸੜਦੇ ਵਜੂਦ ਨੂੰ, ਬਰਫ਼ਾਂ ਜਿਹਾ ਵਜੂਦ ਕਦੀ ਹਾਵਾਂ ਨੇ ਸਾੜਿਆ । 'ਅਰਸ਼ਦ' ਤੂੰ ਪਿਆਰ ਵੰਡਿਆ ਜਿਹੜੇ ਹੁਸੀਨ ਨੂੰ, ਓਸੇ ਹਸੀਨ ਨੂੰ ਤੇਰੇ ਚਾਵਾਂ ਨੇ ਸਾੜਿਆ ।

ਭਾਵੇਂ ਜਬਰ ਹਨ੍ਹੇਰੀਆਂ ਝੂਲਣ ਸਬਰ ਵਿਖਾਲੀ ਜਾਣਾ

ਭਾਵੇਂ ਜਬਰ ਹਨ੍ਹੇਰੀਆਂ ਝੂਲਣ ਸਬਰ ਵਿਖਾਲੀ ਜਾਣਾ । ਦੇਸ ਦੀ ਹਰ ਇਕ ਔਕੜ ਆਪਣੀ ਜਾਨ ਤੇ ਜਾਲੀ ਜਾਣਾ । ਦੇਸ ਦੀ ਸੇਵਾ ਦੀਨ ਇਮਾਨ ਦਾ ਹਿੱਸਾ ਕਹਿਣ ਸਿਆਣੇ, ਗ਼ੱਦਾਰੀ ਦਾ ਮਤਲਬ ਏ ਈਮਾਨ ਤੋਂ ਖ਼ਾਲੀ ਜਾਣਾ । ਭੁੱਖ, ਗ਼ਰੀਬੀ ਤੇ ਬੇ-ਹਿੱਸੀ ਆਪਣੀ ਜਾਨ ਤੇ ਸਹਿ ਕੇ, ਆਵਣ ਵਾਲੀਆਂ ਨਸਲਾਂ ਨੂੰ ਪਰ ਦੇ ਖ਼ੁਸ਼ਹਾਲੀ ਜਾਣਾ । ਬੇ ਇਲਮੀ ਦਾ ਜ਼ਹਿਰ ਕਿਤੇ ਨਾ ਘੁੱਪ ਹਨੇਰੇ ਕਰਦੇ, ਚਾਨਣ ਵੰਡਦੇ ਰਹਿਣਾ, ਦੀਵੇ ਲਹੂ ਥੀਂ ਬਾਲੀ ਜਾਣਾ । ਅੱਜ ਦੀ ਅੱਜ ਨਬੇੜਨ ਹੁੰਦਾ ਮਰਦਾਂ ਦਾ ਦਸਤੂਰ, ਬੁਜ਼ਦਿਲ ਤੇ ਕਮਜ਼ੋਰ ਦਾ ਸ਼ੇਵਾ ਕਲ ਤੇ ਟਾਲੀ ਜਾਣਾ ।