Arshad Manzoor ਅਰਸ਼ਦ ਮਨਜ਼ੂਰ

ਅਰਸ਼ਦ ਮਨਜ਼ੂਰ ਪੰਜਾਬੀ ਗ਼ਜ਼ਲ ਦੇ ਸੰਸਾਰ ਪ੍ਰਸਿੱਧ ਇਨਕਲਾਬੀ ਸ਼ਾਇਰ ਹਨ। ਉਹ ਚਿਤਰਕਾਰੀ ਦੇ ਨਾਲ ਨਾਲ ਲਫ਼ਜ਼ਾਂ ਦੇ ਵੀ ਧਨੀ ਹਨ। ਉਹ ਚੜ੍ਹਦੇ ਤੇ ਲਹਿੰਦੇ ਪੰਜਾਬ ਵਿੱਚ ਮਕਬੂਲ ਨੇ। ਉਹਨਾਂ ਦੀ ਕਲਾ ਵੇਖ ਕੇ ਹੈਰਾਨੀ ਹੁੰਦੀ ਹੈ ਕਿ ਲਫ਼ਜ਼ਾਂ ਵਾਂਗ ਉਹ ਰੰਗਾਂ ਨੂੰ ਵੀ ਕੈਨਵਸ ਉਤੇ ਬੜੀ ਖੂਬਸੂਰਤੀ ਨਾਲ ਬਿਖੇਰਦੇ ਨੇ। ਉਨ੍ਹਾ ਦਾ ਜਨਮ 1960 ਵਿੱਚ ਫੈਜ਼ਲਾਬਾਦ ਪਾਕਿਸਤਾਨ ਵਿੱਚ ਪਿਤਾ ਮਨਜ਼ੂਰ ਹੁਸੈਨ ਸਾਹਿਬ ਦੇ ਘਰ ਹੋਇਆ। ਪਰ ਫਿਰ ਸਾਰਾ ਪਰਿਵਾਰ ਸ਼ਹਿਰ ਸਾਂਗਲਾ ਜ਼ਿਲ੍ਹਾ ਨਨਕਾਣਾ ਸਾਹਿਬ ਵਿੱਚ ਰਹਿਣ ਲੱਗੇ। ਅਰਸ਼ਦ ਸਾਹਿਬ ਨੂੰ ਵਿਰਾਸਤ ਵਿੱਚ ਕਲਮ, ਬਰੱਸ਼ ਮਿਲਿਆ ਯਾਨੀ ਆਪ ਦੇ ਪਿਤਾ ਜੀ ਵੀ ਆਪਣੇ ਸਮੇਂ ਦੇ ਨਾਮੀ ਸੂਫੀਆਨਾ ਸ਼ਾਇਰ ਤੇ ਚਿਤਰਕਾਰ ਰਹੇ।ਆਪ ਨੇ ਕੈਲੇਗਰਾਫ਼ੀ ਵਿੱਚ ਵੀ ਮਹਾਰਤ ਹਾਸਿਲ ਕੀਤੀ। ਬਚਪਨ ਤੋਂ ਹੀ ਘਰ ਦੇ ਸ਼ਾਇਰਾਨਾ ਤੇ ਰੰਗਾਂ ਨਾਲ ਭਰਪੂਰ ਮਹੌਲ ਕਾਰਨ ਸ਼ਾਇਰੀ ਤੇ ਚਿਤਰਕਾਰੀ ਆਪ ਦਾ ਜਨੂੰਨ ਬਣ ਗਏ। ਅਰਸ਼ਦ ਸਾਹਿਬ ਦੀਆਂ ਕਵਿਤਾਵਾਂ, ਗਜ਼ਲਾਂ ਵਾਂਗ ਹੱਥੀਂ ਬਣਾਏ ਚਿਤਰ ਵੀ ਭਾਵਨਾਤਮਕ ਮਹਿਸੂਸ ਹੁੰਦੇ ਹਨ । ਹਰ ਚਿਤਰ ਤੇ ਹਰ ਰੰਗ ਆਪਣੀ ਆਪਣੀ ਕਹਾਣੀ ਆਪ ਮੁਹਾਰੇ ਬੋਲਦੇ ਹਨ। ਉਨ੍ਹਾ ਦੀ ਪੰਜਾਬੀ ਸ਼ਾਇਰੀ ਦੀ ਕਿਤਾਬ 'ਰਾਹਵਾਂ' ਛਪ ਚੁੱਕੀ ਹੈ । ਉਨ੍ਹਾ ਦੀ ਇਸ ਕਿਤਾਬ ਨੇ ਲਹਿੰਦੇ ਤੇ ਚੜ੍ਹਦੇ ਪੰਜਾਬ ਵਿਚ ਇੱਕੋ ਜਿੰਨੀ ਸ਼ੋਹਰਤ ਹਾਸਲ ਕੀਤੀ ਹੈ । ਉਨ੍ਹਾ ਦੀਆਂ ਦੋ ਹੋਰ ਕਾਵਿ ਪੁਸਤਕਾਂ 'ਚਾਨਣ ਦੀ ਛੱਲ' ਤੇ 'ਮੁਹੱਬਤ ਕਰੀਏ' ਜਲਦੀ ਹੀ ਸਨਮੁਖ ਹੋਣ ਵਾਲੀਆਂ ਹਨ । - ਪ੍ਰਭਜੋਤ ਕੌਰ ਜੋਤ ਮੋਹਾਲੀ (ਪੰਜਾਬ) ਭਾਰਤ

ਪੰਜਾਬੀ ਸ਼ਾਇਰੀ : ਅਰਸ਼ਦ ਮਨਜ਼ੂਰ

Punjabi Poetry : Arshad Manzoor



ਮਾਂ ਬੋਲੀ

ਆ, ਬਹਿਜਾ ਕੋਲ ਪੰਜਾਬੀ ਦੇ ਸੁਣ ਵਿਛੜੇ ਬੋਲ ਪੰਜਾਬੀ ਦੇ ਤੇਰੀ ਅੱਖ ਵਿਚ ਚਾਨਣ ਹੋਵੇਗਾ ਜ਼ਰਾ ਵਰਕੇ ਫੋਲ ਪੰਜਾਬੀ ਦੇ ਮਿੱਠੜੀ ਏ ਸ਼ਹਿਦ ਤੋਂ ਮਾਂ ਬੋਲੀ ਵਿਚ ਜ਼ਹਿਰ ਨਾ ਘੋਲ ਪੰਜਾਬੀ ਦੇ ਹਨ ਵਾਰਿਸ, ਬੁੱਲ੍ਹਾ, ਨਾਨਕ ਜੀ ਹੀਰੇ ਅਣਮੋਲ ਪੰਜਾਬੀ ਦੇ ਧਰਤੀ ਤੋਂ ਜਾਨਾਂ ਵਾਰਦਾ ਏ ਮੈਂ ਸਦਕੇ ਢੋਲ ਪੰਜਾਬੀ ਦੇ ਅੱਜ ਨਾਲ ਮੁਹੱਬਤਾਂ ‘ਅਰਸ਼ਦ' ਜੀ ਸਭ ਬੂਹੇ ਖੋਲ੍ਹ ਪੰਜਾਬੀ ਦੇ

ਅੱਗ, ਹਵਾ ਤੇ ਪਾਣੀ ਮਿੱਟੀ

ਅੱਗ, ਹਵਾ ਤੇ ਪਾਣੀ ਮਿੱਟੀ । ਅਜ਼ਲੋਂ ਮੇਰੀ ਹਾਣੀ ਮਿੱਟੀ । ਕਈ ਸਿਕੰਦਰ ਵਿੱਚੋਂ ਨਿਕਲੇ ਜਦ ਧਰਤੀ ਦੀ ਛਾਣੀ ਮਿੱਟੀ । ਹਰ ਸ਼ੈਅ ਮਿੱਟੀ ਕਰ ਦਿੰਦੀ ਏ ਇਹ ਖ਼ਸਮਾਂ ਨੂੰ ਖਾਣੀ ਮਿੱਟੀ । ਜਦ ਮਿੱਟੀ ਚੋਂ ਆਦਮ ਬਣਿਆ ਬਣ ਗਈ ਨਵੀਂ ਕਹਾਣੀ ਮਿੱਟੀ । ਮਿੱਟੀ ਉੱਤੇ ਮਿੱਟੀ ਪਾਓ ਹੋ ਗਈ ਬੜੀ ਪੁਰਾਣੀ ਮਿੱਟੀ । ਏਸ ਜਹਾਨ ਦਾ ਸੂਰਜ ਰਾਜਾ ਸੂਰਜ ਦੀ ਏ ਰਾਣੀ ਮਿੱਟੀ । ਚੰਨ ਤੋਂ ਅੱਗੇ ਟੁਰ ਗਈ 'ਅਰਸ਼ਦ' ਅਜ ਦੀ ਬੜੀ ਸਿਆਣੀ ਮਿੱਟੀ । ਲਿੱਪੀਅੰਤਰ : ਜਸਪਾਲ ਘਈ

ਰੰਗਾਂ ਦੀ ਮਜਬੂਰੀ ਰਹਿ ਗਈ

ਰੰਗਾਂ ਦੀ ਮਜਬੂਰੀ ਰਹਿ ਗਈ ਤਾਂ ਤਸਵੀਰ ਅਧੂਰੀ ਰਹਿ ਗਈ ਉਂਝ ਤਾਂ ਗੱਲਾਂ ਬੜੀਆਂ ਹੋਈਆਂ ਕਰਨੀ ਗੱਲ ਜ਼ਰੂਰੀ ਰਹਿ ਗਈ ਐਨਾ ਨੇੜੇ ਹੋ ਕੇ ਸੱਜਣਾਂ ਖ਼ਬਰੇ ਕਾਹਦੀ ਦੂਰੀ ਰਹਿ ਗਈ ਭਾਵੇਂ ਮੇਰਾ ਕੁਝ ਨਈਂ ਬਚਿਆ ਤੇਰੀ ਗੱਲ ਤਾਂ ਪੂਰੀ ਰਹਿ ਗਈ

ਕਰ ਇਕਰਾਰ ਮੁਹੱਬਤ ਕਰੀਏ

ਕਰ ਇਕਰਾਰ ਮੁਹੱਬਤ ਕਰੀਏ। ਸੁੱਟ ਤਲਵਾਰ ਮੁਹੱਬਤ ਕਰੀਏ। ਦੂਜੀ ਵਾਰ ਖਿਆਨਤ ਹੁੰਦੀ, ਇੱਕੋ ਵਾਰ ਮੁਹੱਬਤ ਕਰੀਏ। ਅੱਜ ਦੋ ਘੜੀਆਂ, ਫੁਰਸਤ ਹੋਸੀ, ਅੱਜ ਸਰਕਾਰ ਮੁਹੱਬਤ ਕਰੀਏ। ਜੰਗ ਮਜ਼੍ਹਬਾਂ ਦੀ ਹੁੰਦੀ ਰਹਿਣੀ, ਆ ਜਾ ਬਾਰ ਮੁਹੱਬਤ ਕਰੀਏ। ਤਾਜ ਮਹੱਲ ਵੀ ਤੱਕਦਾ ਰਹਿ ਜਾਏ, ਇੰਝ ਸ਼ਾਹਕਾਰ ਮੁਹੱਬਤ ਕਰੀਏ। ਧੋਖਾ ਦੇਣਾ ਗੱਲ ਨਹੀਂ ਚੰਗੀ। ਨਾ ਬੇਕਾਰ ਮੁਹੱਬਤ ਕਰੀਏ। ਮੁੜ ਕੇ ਜਗ ‘ਤੇ ਕਿਸੇ ਨਹੀਂ ਆਉਣਾ, ਅਰਸ਼ਦ ਪਿਆਰ ਮੁਹੱਬਤ ਕਰੀਏ।

ਯਾਦ ਤੇਰੀ ਸੰਭਾਲ ਰੱਖੀ ਏ

ਯਾਦ ਤੇਰੀ ਸੰਭਾਲ ਰੱਖੀ ਏ ਪੀੜ ਹਿਜਰਾਂ ਦੀ ਪਾਲ ਰੱਖੀ ਏ ਜ਼ਿਕਰ ਕਿਧਰੇ ਵੀ ਹੁਸਨ ਦਾ ਹੋਵੇ ਜੱਗ ਨੇ ਤੇਰੀ ਮਿਸਾਲ ਰੱਖੀ ਏ ਰਾਤ ਦੀਵੇ ਚੋਂ ਤੇਲ ਮੁੱਕਿਆ ਸੀ ਅੱਖ ਅਪਣੀ ਮੈਂ ਬਾਲ ਰੱਖੀ ਏ ਡਰ ਜ਼ਿੰਦਗੀ ਦਾ ਨਈਂ ਰਿਹਾ ਮੈਨੂੰ ਮੌਤ ਅਪਣੇ ਮੈਂ ਨਾਲ ਰੱਖੀ ਏ ਢੋਲ ਵਜਦਾ ਏ ਸੋਚਾਂ ਵਿਚ 'ਅਰਸ਼ਦ' ਪੈਰਾਂ ਹੇਠਾਂ ਧਮਾਲ ਰੱਖੀ ਏ

ਅਪਣੇ ਉੱਤੇ ਹੱਸਿਆ ਆਪੇ

ਅਪਣੇ ਉੱਤੇ ਹੱਸਿਆ ਆਪੇ ਮਰਿਆ ਵੀ ਤੇ ਰੋਇਆ ਆਪੇ ਅਪਣੇ ਆਪ ਨੂੰ ਦੱਸਿਆ ਆਪੇ ਅਪਣਾ ਹਾਲ ਵੀ ਪੁੱਛਿਆ ਆਪੇ ਕੁੱਤੇ ਬਿੱਲੇ ਖਾ ਗਏ, ਫਿਰ ਵੀ ਅਪਣੀ ਲਾਸ਼ ਨੂੰ ਚੁੱਕਿਆ ਆਪੇ ਕਿਸੇ ਨਾ ਆ ਕੇ ਮੋਢਾ ਦਿੱਤਾ ਅਪਣਾ ਜੁੱਸਾ ਦੱਬਿਆ ਆਪੇ ਜਦ ਵੀ ਸ਼ੀਸ਼ਾ ਵੇਖਿਆ ਏ ਮੈਂ ਅਪਣਾ ਦਰਦ ਵੀ ਤੱਕਿਆ ਆਪੇ ਤੇਰੇ ਨਾਵੇਂ ਲਾ ਦਿੱਤਾ ਮੈਂ ਜੋ ਕੁਝ ਵੀ ਮੈਂ ਲਿਖਿਆ ਆਪੇ ਬਾਹਰ ਗ਼ਮਾਂ ਦਾ ਜੱਥਾ ਬੈਠਾ ‘ਅਰਸ਼ਦ’ ਡਰਦਾ ਲੁਕਿਆ ਆਪੇ

ਖ਼ਤ ਵੀ ਚੀਕਾਂ ਮਾਰਦੇ

ਖ਼ਤ ਵੀ ਚੀਕਾਂ ਮਾਰਦੇ ਤਹਿਰੀਰ ਚੀਕਾਂ ਮਾਰਦੀ ਕੰਧ ਉੱਤੇ ਹਿਜਰ ਦੀ ਤਸਵੀਰ ਚੀਕਾਂ ਮਾਰਦੀ ਵੇਖ ਕੇ ਮੇਰੇ ਜ਼ਖ਼ਮ ਜੁੱਸੇ ਦੇ ਉੱਤੇ ਦੋਸਤੋ ਮੇਰੇ ਪੈਰਾਂ ਦੀ ਅਜੇ ਜ਼ੰਜੀਰ ਚੀਕਾਂ ਮਾਰਦੀ ਨਾਲ ਚਾਵਾਂ ਦੇ ਬੜੇ ਵੇਖੇ ਜੋ ਅੱਖਾਂ ਖ਼ਾਬ ਸਨ ਰਹਿ ਗਈ ਸਧਰਾਂ ਦੇ ਵਿਚ ਤਾਬੀਰ ਚੀਕਾਂ ਮਾਰਦੀ ਵਕਤ ਦਾ ਕੈਦੋਂ ਖੜ੍ਹਾ ਏ ਅਜ ਵੀ ਫੜ ਕੇ ਡਾਂਗ ਨੂੰ ਅੱਜ ਵੀ ਰਾਂਝਾ ਰਾਂਝਾ ਕਰਦੀ ਹੀਰ ਚੀਕਾਂ ਮਾਰਦੀ ਇੰਝ ਚੀਕਾਂ ਮਾਰੀਆਂ ਨੇ ਦਿਲ ਨੇ ਤੇਰੀ ਯਾਦ ਵਿਚ ਸੂਲ ਉੱਤੇ ਜਿਵੇਂ ਟੰਗੀ ਲੀਰ ਚੀਕਾਂ ਮਾਰਦੀ ਯਾਰ ਅਰਸ਼ਦ ਸਾਨੂੰ ਤੇ ਅਣਹੋਣੀਆਂ ਨੇ ਖਾ ਲਿਆ ਹਿੰਮਤਾਂ ਵੀ ਹਰ ਗਈਆਂ, ਤਕਦੀਰ ਚੀਕਾਂ ਮਾਰਦੀ

ਦੀਵੇ ਨਾਲ ਹਵਾਵਾਂ ਰਹੀਆਂ

ਦੀਵੇ ਨਾਲ ਹਵਾਵਾਂ ਰਹੀਆਂ ਸੂਲੀ ਉੱਤੇ ਸਾਹਵਾਂ ਰਹੀਆਂ ਨਫ਼ਰਤ ਨਾਲ ਜਫ਼ਾਵਾਂ ਰਹੀਆਂ ਪਿਆਰ ਦੇ ਵਿੱਚ ਵਫ਼ਾਵਾਂ ਰਹੀਆਂ ਮੈਂ ਸਾਂ ਅੱਗੇ ਅੱਗੇ ਟੁਰਿਆ ਮੇਰੇ ਪਿੱਛੇ ਰਾਹਵਾਂ ਰਹੀਆਂ ਖ਼ੌਰੇ ਮੌਤ ਲਿਆਵੇ ਖ਼ੁਸ਼ੀਆਂ ਜੀਵਨ ਵਿੱਚ ਸਜ਼ਾਵਾਂ ਰਹੀਆਂ ਨਾ ਉੱਤੇ, ਨਾ ਗਈਆਂ ਥੱਲੇ ਹੱਥਾਂ ਵਿੱਚ ਦੁਆਵਾਂ ਰਹੀਆਂ ਸਦਕੇ ਉੱਤੇ ਸਦਕਾ ਦਿੱਤਾ ਫਿਰ ਵੀ ਨਾਲ ਬਲਾਵਾਂ ਰਹੀਆਂ ‘ਅਰਸ਼ਦ’ ਇੰਝ ਹਯਾਤੀ ਗੁਜ਼ਰੀ ਸਿਰ ਦੇ ਉੱਤੇ ਬਾਹਵਾਂ ਰਹੀਆਂ।

ਅੱਜ ਨਹੀਂ ਤੇ ਕੱਲ੍ਹ ਹੋਵੇਗੀ

ਅੱਜ ਨਹੀਂ ਤੇ ਕੱਲ੍ਹ ਹੋਵੇਗੀ ਮਿਹਨਤਕਸ਼ ਦੀ ਗੱਲ ਹੋਵੇਗੀ ਜੇ ਨਾ ਰੱਜ ਕੇ ਰੋਟੀ ਲੱਭੀ ਧਰਤੀ 'ਤੇ ਤਰਥੱਲ ਹੋਵੇਗੀ ਝੂਠਾਂ ਦੇ ਗਲ ਫਾਹ ਹੋਵੇਗਾ ਖ਼ਲਕਤ ਸੱਚਿਆਂ ਵੱਲ ਹੋਵੇਗੀ ਜਾਂ ਤੇ ਲਾਸ਼ ਹੋਵੇਗੀ ਮੇਰੀ ਜਾਂ ਫਿਰ ਤੇਰੀ ਖੱਲ ਹੋਵੇਗੀ ਮੈਂ ਨਈਂ ਮੰਨਦਾ ਤੇਰਾ ਜਿਰਗਾ ਤਬਦੀਲੀ ਦੀ ਗੱਲ ਹੋਵੇਗੀ ਮੁੱਕ ਜਾਵਣਗੇ ਘੁੱਪ ਹਨੇਰੇ ਬਸ ਚਾਨਣ ਦੀ ਗੱਲ ਹੋਵੇਗੀ ਰਾਜ ਕਰੇਗੀ ਰੱਬ ਦੀ ਖ਼ਲਕਤ ‘ਅਰਸ਼ਦ’ ਚੱਲ ਸੋ ਚੱਲ ਹੋਵੇਗੀ।

ਦੇ ਕੇ ਟੁਰ ਗਏ ਯਾਰ ਜੁਦਾਈਆਂ

ਦੇ ਕੇ ਟੁਰ ਗਏ ਯਾਰ ਜੁਦਾਈਆਂ ਸਾਨੂੰ ਦਿੱਤਾ ਮਾਰ ਜੁਦਾਈਆਂ ਪਹਿਲੇ ਦੁੱਖ ਵੀ ਕੋਲ ਨੇ ਮੇਰੇ ਚੁੱਕਾਂ ਕਿਸਰਾਂ ਭਾਰ ਜੁਦਾਈਆਂ ਮੈਂ ਡੁੱਬ ਚੱਲਿਆ ਅੱਧ-ਵਿਚਕਾਰੇ ਆਰ ਜੁਦਾਈਆਂ, ਪਾਰ ਜੁਦਾਈਆਂ ਦੇ ਗਿਆ ਸਾਨੂੰ ਜਾਂਦੀ ਵਾਰੀ ਸੱਜਣ ਦੇਖੋ, ਹਾਰ ਜੁਦਾਈਆਂ ‘ਅਰਸ਼ਦ’ ਕਿਹੜੇ ਪਾਸੇ ਜਾਵਾਂ ਚਾੜ੍ਹਿਆ ਸੂਲੀ, ਦਾਰ ਜੁਦਾਈਆਂ

ਗ਼ਮ ਦੀ ਆਰੀ, ਇੱਕ ਤਮਾਸ਼ਾ

ਗ਼ਮ ਦੀ ਆਰੀ, ਇੱਕ ਤਮਾਸ਼ਾ ਜਿੰਦ ਵਿਚਾਰੀ, ਇੱਕ ਤਮਾਸ਼ਾ ਰਹਿਣਾ ਜਾਰੀ, ਇੱਕ ਤਮਾਸ਼ਾ ਦੁਨੀਆ ਸਾਰੀ, ਇੱਕ ਤਮਾਸ਼ਾ ਜਾਣ ਨਾ ਸਕਿਆ, ਦੇਖਿਆ ਜਿਸ ਨੇ ਪਹਿਲੀ ਵਾਰੀ, ਇੱਕ ਤਮਾਸ਼ਾ ਤਾਜ਼ਾ ਆਉਣ ਹਵਾਵਾਂ, ਢਾਅ ਦੇ ਚਾਰ ਦੀਵਾਰੀ, ਇੱਕ ਤਮਾਸ਼ਾ ਝੂਠਾ ਸਾਜ਼ ਮਦਾਰੀ ਵਾਲਾ ਆਪ ਮਦਾਰੀ, ਇੱਕ ਤਮਾਸ਼ਾ ਏਸ ਜਹਾਨੋਂ ਅੱਗੇ ਕਰੀਏ ਮਾਰ ਉਡਾਰੀ, ਇੱਕ ਤਮਾਸ਼ਾ ‘ਅਰਸ਼ਦ’ਮੈਂ ਤੇ ਜੱਗ ਦੇ ਉੱਤੇ ਇੰਝ ਗੁਜ਼ਾਰੀ, ਇੱਕ ਤਮਾਸ਼ਾ

ਜਿਹਦੇ ਬਾਝੋਂ ਬਚਦਾ ਨਈਂ

ਜਿਹਦੇ ਬਾਝੋਂ ਬਚਦਾ ਨਈਂ ਹੁਣ ਤਾਂ ਉਹ ਵੀ ਜਚਦਾ ਨਈਂ ਖੋਹ ਕੇ ਖਾਧਾ ਹੋਵੇ, ਤੇ ਐਡੀ ਛੇਤੀ ਪਚਦਾ ਨਈਂ ਵਿੱਚ ਕਸੂਰ ਦੇ ਕੀ ਹੋਇਆ ਅਜਕਲ ਬੁੱਲ੍ਹਾ ਨੱਚਦਾ ਨਈਂ ਬਾਹਰੋਂ ਅੱਗਾਂ ਲੱਗੀਆਂ ਨੇ ਅੰਦਰ ਭਾਂਬੜ ਮੱਚਦਾ ਨਈਂ ਪੱਥਰ ਹੋਇਆ ਪੱਥਰਾਂ ਵਿੱਚ ਸਾਰਾ ਦਿਲ ਹੁਣ ਕੱਚ ਦਾ ਨਈਂ ਇਸ਼ਕ ਦਾ ਜ਼ਹਿਰ ਵੀ ਪੀਤਾ ਏ ਅੰਦਰ ਲਹੂ ਦੇ ਰਚਦਾ ਨਈਂ ‘ਅਰਸ਼ਦ’ ਝੂਠ ਤੂੰ ਬੋਲੀ ਜਾਹ ਇਹ ਜ਼ਮਾਨਾ ਸੱਚ ਦਾ ਨਈਂ

ਭੋਰਾ ਭੋਰਾ ਮਰਦੇ ਪਏ ਆਂ

ਭੋਰਾ ਭੋਰਾ ਮਰਦੇ ਪਏ ਆਂ। ਜੀਵਨ ਪੂਰਾ ਕਰਦੇ ਪਏ ਆਂ। ਡਰ ਨਹੀਂ ਲਗਦਾ ਰੱਬ ਦੇ ਕੋਲੋਂ, ਬੰਦਿਆਂ ਕੋਲੋਂ ਡਰਦੇ ਪਏ ਆਂ। ਦਿਲ ਦਰਿਆ ਵਿਚ ਸਧਰਾਂ ਡੁੱਬੀਆਂ, ਲਾਸ਼ਾਂ ਵਾਂਗੂੰ ਤਰਦੇ ਪਏ ਆਂ। ਜੋ ਕਰਨਾ ਸੀ ਕਰ ਨਹੀਂ ਹੋਇਆ, ਜੋ ਨਈਂ ਕਰਨਾ, ਕਰਦੇ ਪਏ ਆਂ। "ਅਰਸ਼ਦ" ਹੁਣ ਤੇ ਇੱਕ-ਇੱਕ ਕਰਕੇ, ਅਪਣੇ ਸਾਹ ਵੀ ਹਰਦੇ ਪਏ ਆਂ।

ਸੱਪਣੀ ਵਰਗੀ ਤੋਰ ਦੇ ਵਿੱਚ

ਸੱਪਣੀ ਵਰਗੀ ਤੋਰ ਦੇ ਵਿੱਚ ਕਿੰਨੇ ਚਤਰ ਨੇ ਚੋਰ ਦੇ ਵਿੱਚ ਉਹ ਤੇ ਮੇਰੇ ਅੰਦਰ ਸੀ ਲੱਭਦਾ ਰਿਹਾ ਮੈਂ ਹੋਰ ਦੇ ਵਿੱਚ ਲਈ ਫਿਰਨਾ ਵਾਂ ਚੁੱਪਾਂ ਨੂੰ ਸ਼ਹਿਰ ਤੇਰੇ ਦੇ ਸ਼ੋਰ ਦੇ ਵਿੱਚ ਜ਼ੋਰਾਵਰ ਦਾ ਅਜ਼ਲਾਂ ਤੋਂ ਬੈਠਾ ਡਰ ਕਮਜ਼ੋਰ ਦੇ ਵਿੱਚ ਉਮਰਾਂ ਦੀ ਮਜਦੂਰੀ ਏ ਮੇਰੀ ਇੱਕ ਇੱਕ ਪੋਰ ਦੇ ਵਿੱਚ ਸੱਚ ਨੇ ਜੱਗ 'ਤੇ ਰਹਿ ਜਾਣਾ ਝੂਠ ਨੇ ਜਾਣਾ ਗੋਰ ਦੇ ਵਿੱਚ ਧੁੜਕੂ ਜੇਹਾ ਲੱਗਾ ਏ 'ਅਰਸ਼ਦ' ਦਿਲ ਦੇ ਮੋਰ ਦੇ ਵਿੱਚ

ਤੇਰੇ ਨਾਲ ਹੈ ਸਾਰਾ ਮੌਸਮ

ਤੇਰੇ ਨਾਲ ਹੈ ਸਾਰਾ ਮੌਸਮ ਤੇਰੇ ਬਾਅਦ ਵਿਚਾਰਾ ਮੌਸਮ ਲੈ ਗਿਆ ਨਾਲ ਬਹਾਰਾਂ ਆਪਣੇ ਸਾਨੂੰ ਲਾ ਗਿਆ ਲਾਰਾ ਮੌਸਮ ਫੁੱਲ ਖਿੜਨਗੇ ਲਗਰਾਂ ਉੱਤੇ ਕੀਤਾ ਅੱਜ ਇਸ਼ਾਰਾ ਮੌਸਮ ਉਹ ਮੌਸਮ ਨੂੰ ਵੇਖ ਰਿਹਾ ਏ ਤਾਂ ਹੋਇਆ ਏ ਪਿਆਰਾ ਮੌਸਮ ਯਾਦ ਤੇਰੀ ਦਾ ਚੜ੍ਹਿਆ ਬੱਦਲ ਅੱਖ ਦਾ ਹੋਇਆ ਖਾਰਾ ਮੌਸਮ 'ਅਰਸ਼ਦ' ਮੇਰੀ ਗੱਲ ਨਹੀਂ ਮੰਨਦਾ ਹੋਇਆ ਏ ਅਵਾਰਾ ਮੌਸਮ