Arzoian : Arzpreet

ਅਰਜ਼ੋਈਆਂ : ਅਰਜ਼ਪ੍ਰੀਤ

1. ਧੰਦੇ ਵਾਲੀ ਤੇ ਫਕੀਰ

ਫਕੀਰ-
ਦੂਰ ਹੋ ਕੇ ਬੈਠ ਮੇਰੇ ਤੋਂ ਗੰਦੇ ਧੰਦੇ ਵਾਲੀਏ
ਬਾਹਰੋਂ ਸੋਹਣੀਏਂ ਨੀਂ ਦਿਲ ਦੀ ਏ ਕਾਲੀਏ
ਅਸੀਂ ਹਾਂ ਫਕੀਰ ਬੰਦੇ ਤਨ ਮਨ ਸੁੱਚਾ ਨੀਂ
ਤੇਰੇ ਵੱਲ ਦੇਖਣਾ ਨੀਂ ਕੰਮ ਤੇਰਾ ਲੁੱਚਾ ਨੀਂ

ਸਾਡਾ ਤਾਂ ਹੈ ਇਕ ਖ਼ਸਮ ਤੇਰੇ ਨੇ ਹਜ਼ਾਰ
ਤੇਰਾ ਘਰ ਕੋਠਾ ਵੱਜੇ ਤੇ ਸਾਡਾ ਐ ਮਜ਼ਾਰ
ਨਵਾਂ ਜਿਸਮ ਹੰਢਾਵੇਂ ਤੂੰ ਹਰ ਨਵੀਂ ਰਾਤ
ਤੂੰ ਹੀ ਦਸ ਕਾਹਤੋਂ ਤੈਨੂੰ ਆਖਾਂ ਨਾ ਕਮਜ਼ਾਤ

ਧੰਦੇ ਵਾਲੀ-
ਨਾ ਵੇ ਫਕੀਰਾ ਮੈਨੂੰ ਬੋਲ ਨਾ ਮੰਦੜੇ ਬੋਲ
ਮੇਰੀ ਇਸ ਕਹਾਣੀ ਦਾ ਕੋਈ ਅਗਲਾ ਪੰਨਾ ਫੋਲ
ਤੇਰੇ ਤੇ ਮੇਰੇ 'ਚ ਮੈਨੂੰ ਰਤਾ ਫਰਕ ਨਾ ਜਾਪੇ
ਚੀਖ ਮੇਰੀ ਇੰਝ ਜਿਵੇਂ ਕੋਈ ਬਿਰਹਾ ਰਾਗ ਅਲਾਪੇ

ਉਹਦੀ ਤੂੰ ਰਜ਼ਾ 'ਚ ਨੱਚੇਂ, ਮੈਂ ਵੀ ਨਾਚ ਕਰਦੀ ਹਾਂ
ਤੇਰੇ 'ਚ ਵੈਰਾਗ ਜੇ ਡੂੰਘਾ, ਮੈਂ ਵੀ ਪੀੜਾ ਜਰਦੀ ਹਾਂ
ਤੈਨੂੰ ਮੌਤ ਦਾ ਭੈਅ ਕੋਈ ਨਾ, ਮੈਂ ਵੀ ਨਿੱਤ ਹੀ ਮਰਦੀ
ਜਦ ਕੋਈ ਮੇਰੀ ਬੋਟੀ ਨੋਚੇ ਅੱਲ੍ਹਾ ਅੱਲ੍ਹਾ ਕਰਦੀ

ਮੇਰਾ ਵੀ ਦਿਲ ਲੋਚੇ ਕੋਈ ਆਖ ਬੁਲਾਵੇ ਭੈਣ
ਮਾਂ ਦੀ ਗਲਵਕੜੀ ਵਿਚ, ਮੈਂ ਸੁਖੀ ਗੁਜਾਰਾਂ ਰੈਣ
ਨਿੱਕੀ ਹੁੰਦੀ ਪਿਓ ਨੇ ਵੇਚੀ ਆਈ ਨਾ ਇਥੇ ਆਪ
ਤੂੰ ਦੱਸ ਇਥੇ ਗੰਦਾ ਕੌਣ ਹੈ ਮੈਂ ਕਿ ਮੇਰੇ ਬਾਪ

ਇਹ ਧੰਦਾ ਜੇ ਗੰਦਾ ਹੀ ਐ ਕਿਉਂ ਆਉਂਦੇ ਨੇ ਮਰਦ
ਨਾਲੇ ਸਹਿੰਦੀ ਮਰਦ ਵਾਸਨਾ ਨਾਲੇ ਕਿੰਨਾ ਦਰਦ
ਜੇ ਇੱਥੇ ਕੋਈ ਆਵੇ ਹੀ ਨਾ ਸਾਨੂੰ ਕੀ ਹੈ ਲੋੜ
ਕੋਈ ਕੰਮ ਤਾਂ ਕਰਨਾ ਹੀ ਪਊ ਜਦੋਂ ਪੈ ਗਈ ਥੋੜ੍ਹ

ਮੇਰਾ ਵੀ ਦਿਲ ਕਰਦੈ ਉੱਚੀ ਉੱਚੀ ਲਾਵਾਂ ਨਾਹਰੇ
ਲਾਲ ਬੱਤੀ ਜਦ ਜਗਦੀ, ਅੱਖ ਬੁੱਲ੍ਹ ਮੀਚਾਂ ਆਪ ਮੁਹਾਰੇ
ਓਹੀ ਰਾਤੀਂ ਆਉਂਦੇ ਜਿਹੜੇ ਦਿਨੇਂ ਨੇਂ ਕੱਢਦੇ ਗਾਲ੍ਹ
ਦਿਨੇਂ ਤਾਂ ਆਖਣ ਕੰਜਰੀ ਸਾਨੂੰ ਰਾਤੀ ਕਹਿਣ ਕਮਾਲ

ਵੇ ਫਕੀਰਾ ਕੀ ਜਾਣੇ ਮੈਂ ਭੋਗਿਆ ਕੀ ਸੰਤਾਪ
ਤੂੰ ਤਾਂ ਅੜਿਆ ਆਖੇਂ ਮੇਰਾ ਹਰ ਕੰਮ ਲਗਦਾ ਪਾਪ
ਐਨਾ ਹੀ ਬਸ ਫਰਕ ਕਿ ਮੈਂ ਕਰਦੀ ਨਾ ਜੱਗ ਜਾਹਰ
ਤੂੰ ਤਾਂ ਅੜਿਆ ਦਿਸਦਾ ਸਭ ਨੂੰ ਤੁਰਦਾ ਫਿਰਦਾ ਬਾਹਰ

ਫਕੀਰ-
ਮੁਆਫ ਕਰੀਂ ਮੈਨੂੰ ਨੀ ਅੜੀਏ ਹੋ ਗਿਆ ਸੀ ਹੰਕਾਰ
ਖੁਦ ਨੂੰ ਮੈਂ ਫਕੀਰ ਹਾਂ ਦਸਦਾ "ਮੈ" ਹੀ ਕਰੇ ਪੁਕਾਰ
ਅਸਲ ਰੱਬੀ ਰੂਹ ਨੂੰ ਮਿਲਿਆ ਖੁੱਲ੍ਹ ਗਏ ਮੇਰੇ ਭਾਗ
ਮੈਂ ਤਾਂ ਬਸ ਦਿਖਾਵਾ ਕਰਦਾ ਤੇਰਾ ਅਸਲ ਵੈਰਾਗ

ਨੀਂ ਤੇਰੀ ਜੜ੍ਹਾਂ 'ਚ ਇਹੀ ਭਰਿਆ ਤੇਰਾ ਕੀ ਕਸੂਰ
ਇਹ ਧੰਦਾ ਤਾਂ ਬਣ ਗਿਆ ਅੜੀਏ ਤੇਰੇ ਲਈ ਨਾਸੂਰ
ਪੀੜ ਪਰਾਈ ਜਾਣੀ ਨਾ ਕਿਉਂ ਲੈਂਦਾ ਰਾਮ ਨਾਮ
ਤੇਰੇ ਅੰਦਰੇ ਬਿਰਹਾ ਜੰਮਿਆ ਉਸ ਨੂੰ ਮੇਰਾ ਸਲਾਮ

ਧੰਦੇ ਵਾਲੀ ਗੰਦੀ ਨਾਹੀ ਸਭ ਨੂੰ ਇਹੋ ਪੈਗਾਮ
ਤੇਰੇ ਅੰਦਰੇ ਬਿਰਹਾ ਜੰਮਿਆ ਉਸ ਨੂੰ ਮੇਰਾ ਸਲਾਮ

2. ਮੈਂ ਵਣ ਮਾਛੀਵਾੜਾ ਬੋਲ ਰਿਹਾ

ਮੈਂ ਵਣ ਮਾਛੀਵਾੜਾ ਬੋਲ ਰਿਹਾ
ਮੇਰੀ ਕੁੱਖ 'ਚ ਮਹਿਰਮ ਸੌਂ ਰਿਹਾ

ਮੇਰੀ ਗੱਲ ਸੁਣ ਲਓ ਤੁਸ ਚਿੜੀਓ ਨੀ
ਬਹੁਤਾ ਚੀਂ-ਚੀਂ ਨਾ ਤੁਸ ਕਰਿਓ ਨੀਂ
ਮੈਂ ਹਿੱਕ 'ਤੇ ਅਲਾਹ ਤੋਲ ਰਿਹਾ
ਮੈਂ ਵਣ ਮਾਛੀਵਾੜਾ ਬੋਲ ਰਿਹਾ
ਮੇਰੀ ਕੁੱਖ 'ਚ ਮਹਿਰਮ ਸੌਂ ਰਿਹਾ

ਇਹ ਰਾਜਾ ਹੈ ਫਕੀਰ ਜਿਹਾ
ਫੁੱਲ ਵੀ ਹੈ ਸ਼ਮਸ਼ੀਰ ਜਿਹਾ
ਮੇਰੀ ਗੱਲ ਸੁਣ ਲੈ ਤੂੰ ਸੂਰਜਾ ਵੇ
ਪੋਹ ਵਿੱਚ ਤਪਸ਼ ਜਿਹੀ ਕਰ ਜਾ ਵੇ
ਇਹ ਸੀਤ 'ਚ ਵੀ ਅਡੋਲ ਰਿਹਾ
ਮੈਂ ਵਣ ਮਾਛੀਵਾੜਾ ਬੋਲ ਰਿਹਾ
ਮੇਰੀ ਕੁੱਖ 'ਚ ਮਹਿਰਮ ਸੌਂ ਰਿਹਾ

ਖੁਦ ਨੂੰ ਗਰੀਬੜਾ ਦੱਸ ਰਿਹਾ
ਇਹ ਪੁੱਤ ਮਰਾ ਕੇ ਹੱਸ ਰਿਹਾ
ਗੱਲ ਸੁਣ ਲੈ ਤੇਜ਼ ਹਵਾਏ ਨੀ
ਖ਼ਬਰਦਾਰ ਜੇ ਐਧਰ ਆਏਂ ਨੀਂ
ਮੈਂ ਇਸਦਾ ਦੁਖੜਾ ਫੋਲ ਰਿਹਾ
ਮੈਂ ਵਣ ਮਾਛੀਵਾੜਾ ਬੋਲ ਰਿਹਾ
ਮੇਰੀ ਕੁੱਖ 'ਚ ਮਹਿਰਮ ਸੌਂ ਰਿਹਾ

ਪਿਓ ਵੀ ਧਰਮ ਤੋਂ ਵਾਰ ਦਿੱਤਾ
ਕੌਮ ਲੇਖੇ ਲਾ ਪਰਿਵਾਰ ਦਿੱਤਾ
ਕਾਇਨਾਤੇ ਮੇਰੀ ਗੱਲ ਸੁਣ ਜਾ
ਇੱਕ ਖੇਸ ਸੁਨਿਹਰੀ ਤੂੰ ਬੁਣ ਜਾ
ਇਹਨੂੰ ਵਾਂਗ ਭੰਘੂੜੇ ਝੋਲ ਰਿਹਾ
ਮੈਂ ਵਣ ਮਾਛੀਵਾੜਾ ਬੋਲ ਰਿਹਾ
ਮੇਰੀ ਕੁੱਖ ਚ ਮਹਿਰਮ ਸੌਂ ਰਿਹਾ

ਚਿੜੀਆਂ ਤੋਂ ਇਹ ਬਾਜ ਤੜਾਵੇ
ਸਵਾ ਲੱਖ ਨਾਲ ਇਕ ਲੜਾਵੇ
ਇਹ ਦੂਰ ਸਭ ਆਲਸ ਕਰ ਰਿਹਾ
ਇਹ ਡਰ ਨੂੰ ਖਾਲਸ ਕਰ ਰਿਹਾ
ਇਹਨੂੰ ਤੱਕ ਕਾਲਜਾ ਹੌਲ ਰਿਹਾ
ਮੈਂ ਵਣ ਮਾਛੀਵਾੜਾ ਬੋਲ ਰਿਹਾ
ਮੇਰੀ ਕੁੱਖ 'ਚ ਮਹਿਰਮ ਸੌਂ ਰਿਹਾ

ਕਿੰਨਾ ਸੋਹਣਾ ਇਸਦਾ ਵੇਸ ਹੈ
ਇਹ ਬਾਦਸ਼ਾਹ ਦਰਵੇਸ਼ ਹੈ
ਇਹਨੂੰ ਲੱਖ-ਲੱਖ ਸਿਜਦੇ ਕਰ ਰਿਹਾਂ
ਇਹ ਜਾਗ ਨਾ ਜਾਵੇ ਡਰ ਰਿਹਾਂ
ਇਹਦੀ ਛੋਹ ਤੋਂ ਹੋ ਅਨਮੋਲ ਰਿਹਾ
ਮੈਂ ਵਣ ਮਾਛੀਵਾੜਾ ਬੋਲ ਰਿਹਾ
ਮੇਰੀ ਕੁੱਖ 'ਚ ਮਹਿਰਮ ਸੌਂ ਰਿਹਾ

3. ਅੱਬਾ

ਅੱਬਾ ਇਹ ਨਾ ਕਹਿਰ ਕਮਾਵੀਂ
ਕੁੱਖ ਦੇ ਵਿੱਚ ਨਾ ਮਾਰ ਮੁਕਾਵੀਂ

ਅੱਬਾ ਮੈਂ ਮੰਨਦੀ ਕਿ ਧੀ ਹਾਂ
ਪਰ ਅੱਬਾ ਮੈਂ ਤੇਰੀ ਵੀ ਹਾਂ
ਤੇਰਾ ਤੇ ਮਾਂ ਦਾ ਮੈਂ ਹਿੱਸਾ
ਦੋਹਾਂ ਦਾ ਇੱਕ ਸਾਂਝਾ ਕਿੱਸਾ
ਦਾਦੀ ਮਾਂ ਨੂੰ ਗੱਲ ਸਮਝਾਵੀਂ
ਅੱਬਾ ਇਹ ਨਾ ਕਹਿਰ ਕਮਾਵੀਂ
ਕੁੱਖ ਦੇ ਵਿੱਚ ਨਾ ਮਾਰ ਮੁਕਾਵੀਂ

ਜਦ ਅੱਬਾ ਤੂੰ ਕੰਮ ਤੋਂ ਆਇਆ
ਸਬਜੀ ਭਾਜੀ ਨਾਲ ਲਿਆਇਆ
ਭੱਜ ਕੇ ਤੈਥੋਂ ਝੋਲਾ ਫੜ ਲਉਂ
ਤੇਰੀ ਚਿੰਤਾ ਮੱਥੇ ਮੜ ਲਉਂ
ਬੱਸ ਤੂੰ ਤੱਕ ਮੈਨੂੰ ਮੁਸਕਾਵੀਂ
ਅੱਬਾ ਇਹ ਨਾ ਕਹਿਰ ਕਮਾਵੀਂ
ਕੁੱਖ ਦੇ ਵਿੱਚ ਨਾ ਮਾਰ ਮੁਕਾਵੀਂ

ਬਾਲਣ ਲੈਣ ਮੈਂ ਭੱਜੀ ਜਾਵਾਂ
ਲਕੜੀ ਪਾਥੀ ਚੁਗ ਲੈ ਆਵਾਂ
ਮਾਂ ਪਕਾਉਂਦੀ ਰੋਟੀ ਪਾਣੀ
ਕੋਲ ਬੈਠ ਕੇ ਸਿਖਦੀ ਰਾਣੀ
ਭਾਵੇਂ ਨਾ ਤੂੰ ਪੜ੍ਹਨੇ ਪਾਵੀਂ
ਅੱਬਾ ਇਹ ਨਾ ਕਹਿਰ ਕਮਾਵੀਂ
ਕੁੱਖ ਦੇ ਵਿੱਚ ਨਾ ਮਾਰ ਮੁਕਾਵੀਂ

ਅੱਬਾ ਘਰ ਦੀਆਂ ਕੰਧਾ ਕੱਚੀਆਂ
ਪਰ ਮੈਂ ਆਖਾਂ ਬਿਲਕੁੱਲ ਸੱਚੀਆਂ
ਤੇਰੇ ਦੁੱਧ ਨੂੰ ਜਾਗ ਹੈ ਲਾਉਣਾ
ਤੇਰੀ ਪੱਗ ਨੂੰ ਦਾਗ਼ ਨਈਂ ਲਾਉਣਾ
ਜਿੱਥੇ ਚਾਹੇ ਵਿਆਹ ਕਰਵਾਵੀਂ
ਅੱਬਾ ਇਹ ਨਾ ਕਹਿਰ ਕਮਾਵੀਂ
ਕੁੱਖ ਦੇ ਵਿੱਚ ਨਾ ਮਾਰ ਮੁਕਾਵੀਂ

ਜੇ ਕਿਧਰੇ ਮੈਂ ਪੜ੍ਹ ਗਈ ਅੱਬਾ
ਵੀਰ ਬਰਾਬਰ ਖੜ੍ਹ ਗਈ ਅੱਬਾ
ਤੇਰੇ ਨਾਂ ਨੂੰ ਚੰਨ ਨੇ ਲਾਉਣੇ
ਘਰ-ਬਾਰ ਮੈਂ ਪੱਕੇ ਕਰਵਾਉਣੇ
ਫਿਰ ਤੂੰ ਮੈਨੂੰ ਜੱਫੀ ਪਾਵੀਂ
ਅੱਬਾ ਇਹ ਨਾ ਕਹਿਰ ਕਮਾਵੀਂ
ਕੁੱਖ ਦੇ ਵਿੱਚ ਨਾ ਮਾਰ ਮੁਕਾਂਵੀ

4. ਸਖੀਏ ਸਹੇਲੀਏ ਨੀਂ

ਸਖੀਏ ਸਹੇਲੀਏ ਨੀਂ
ਗੁੱਝੀਏ ਪਹੇਲੀਏ ਨੀਂ
ਕਾਹਦੀ ਅੱਜ ਆਉਂਦੀ ਖੁਸ਼ਬੋਈ

ਫਿੱਕਾ ਫਿੱਕਾ ਦਿਸਦਾ ਐ
ਇਤਰਾਂ ਦੀ ਮਹਿਕ ਵਾਲਾ
ਸਾਂਵਲਾ ਜਿਹਾ ਆਉਂਦਾ ਦੂਰੋਂ ਕੋਈ

ਦੂਰੋਂ ਇੰਝ ਲੱਗਦਾ ਨੀ
ਸ਼ਾਇਰ ਤਬੀਅਤ ਵਾਲਾ
ਤੁਰੇ ਜਦ ਰਾਜਨ ਜਾਪੇ ਕੋਈ

ਨੇੜਿਉਂ ਜਾਪੇ ਮੈਨੂੰ
ਫ਼ਕਰ ਫ਼ਕੀਰ ਜਿਹਾ
ਉਹਦੀ ਹਰ ਖ਼ਾਹਿਸ਼ ਜਿਵੇਂ ਮੋਈ

ਅੜੀਏ ਨੀ ਦੇਖ ਦੇਖ
ਭੁੱਖ ਨਹੀਂ ਲੱਥਦੀ ਨੀਂ
ਇਕੋ ਤੱਕਣੀ ਮੁਹੱਬਤ ਹੈ ਹੋਈ

ਉਹਨੂੰ ਜਰਾ ਆਖੀਂ ਜਾ ਕੇ
ਸੁਣ ਵੇ ਪਿਆਰਿਆ ਵੇ
ਕਤਰਾ ਹੀ ਦੇ ਜਾ ਖੁਸ਼ਬੋਈ

ਬਿਨ ਦੇਖੇ ਕੋਲੋਂ ਲੰਘੇਂ
ਪਿੱਛੇ ਕਾਹਤੋਂ ਮੁੜਦਾ ਨੀਂ
ਸੁਣਦਾ ਨੀ ਕਾਹਤੋਂ ਅਰਜ਼ੋਈ।

ਸੁਣ ਲੈ ਫ਼ਕੀਰਾ ਵੇ ਤੂੰ
ਰਾਣੀ ਇਸ ਦੇਸ਼ ਦੀ ਮੈਂ
ਮੰਗ ਲੈ ਮੁਰਾਦ ਪੂਰੀ ਹੋਈ

ਐਵੇਂ ਕਾਹਤੋਂ ਭਟਕੇਂ ਵੇਂ
ਜੋ ਵੀ ਤੈਨੂੰ ਭਾਵੇ ਅੜਿਆ
ਸ਼ੈਅ ਹਰ ਮਿਲੂ ਤੈਨੂੰ ਸੋਈ

ਅਕਲ ਦੀਏ ਕਾਣੀਏ ਨੀਂ
ਵੱਡੀ ਮਹਾਰਾਣੀਏ ਨੀਂ
ਕਾਹਤੋਂ ਐਵੇਂ ਜਾਵੇਂ ਅੰਨ੍ਹੀ ਹੋਈ

ਸਾਨੂੰ ਕੀ ਹੈ ਚਾਹੀਦਾ
ਧਰਤ ਅਸਮਾਨ ਸਾਡਾ
ਤੇਰੀ ਅੱਖ ਕਾਹਤੋਂ ਜਾਵੇ ਰੋਈ

ਸਾਦਗੀ ਸ਼ਿੰਗਾਰ ਮੇਰਾ
ਬਾਟੇ ਨਾਲ ਪਿਆਰ ਮੇਰਾ
ਮੋਢੇ ਉਤੇ ਰਾਣੀ ਮੇਰੀ ਲੋਈ

ਰੱਬ ਮੇਰੇ ਨਾਲ ਤੁਰੇ
ਮੈਨੂੰ ਦੇਖ ਕਾਹਤੋਂ ਝੁਰੇਂ
ਲਾਲਸਾ ਨਾ ਮੈਨੂੰ ਕੁੜੇ ਕੋਈ

ਓਹਦੇ ਰੰਗੇ ਰੰਗ ਜਾ ਨੀਂ
ਉਹਤੋਂ ਸਭ ਮੰਗ ਜਾ ਨੀਂ
ਫਿਰ ਤੈਨੂੰ ਮਿਲੂ ਖੁਸ਼ਬੋਈ

5. ਆਖਰ ਵੇਲਾ

ਕੱਚ, ਕੰਡੇ ਸਭ ਪਿੰਡੇ ਸਹਿਕੇ ।
ਸਫਰ ਮੈਂ ਅੱਜ ਮੁਕਾਇਆ ਨੀ ।
ਮੌਤ ਖੜ੍ਹੀ ਸਿਰਹਾਣੇ ਆ ਕੇ ।
ਘਰ ਤੇਰਾ ਪਰ ਆਇਆ ਨੀ ।
ਜਿੱਤ ਪੱਕੀ ਕਰ ਤੁਰਿਆ ਸਾਂ ਮੈਂ ।
ਵਕਤ ਨੇ ਅੱਜ ਹਰਾਇਆ ਨੀ ।
ਸਮਾਂ ਸਰੀਰ ਦਾ ਪੂਰਾ ਹੋਸੀ ।
ਕਿਥੋਂ ਦਿਆਂ ਕਿਰਾਇਆ ਨੀਂ ।

ਆਖਰ ਵੇਲਾ ਚਾਨਣ ਭਾਲ਼ਾਂ ।
ਦਿਸੇ ਹਨ੍ਹੇਰੀ ਰਾਤ ਨੀਂ ।
ਬੱਦਲਾਂ ਵੀ ਲੁਕੋਇਆ ਚਾਨਣ ।
ਦੂਰ ਦਿਸੇ ਪ੍ਰਭਾਤ ਨੀ ।
ਸਾਰੇ ਹੀ ਨੇ ਵੈਰੀ ਹੋਏ ।
ਕਿਸੇ ਨਾ ਪੁੱਛੀ ਬਾਤ ਨੀਂ ।
ਯਾਦ ਆਈ ਮੈਨੂੰ ਮੇਰੀ ਅੰਮੜੀ ।
ਹਰ ਦਮ ਕਰਦੀ ਝਾਤ ਨੀਂ ।

ਮੇਰੇ ਅੰਦਰ ਬਿਰਹਾ ਫੁੱਟਦਾ ।
ਤੇਰੇ ਅੰਦਰ ਹਾਸਾ ਨੀ ।
ਤੇਰਾ ਅੰਦਰ ਰੱਜਿਆ ਭਰਿਆ ।
ਮੇਰਾ ਅੰਦਰ ਪਿਆਸਾ ਨੀਂ ।
ਸਾੜ ਤੇਰਾ ਮੇਰਾ ਪਿੰਜਰ ਸਾੜੇ ।
ਬਚਿਆ ਮਾਸ ਨਾ ਮਾਸਾ ਨੀ ।
ਘੁੱਲ਼ ਹੀ ਜਾਣਾ ਅਰਜ ਨੇ ਆਖਿਰ ।
ਪਾਣੀ ਵਿੱਚ ਪਤਾਸਾ ਨੀ ।

6. ਮਹਿਰਮਾਂ

ਰਾਤੀਂ ਨੀਂਦ ਨਾ ਆਵੇ ਲੈਵਾਂ ਉੁਸੱਲਵੱਟੇ ਮੈਂ ।
ਤੇਰੇ ਜਾਣ ਪਿਛੋਂ ਆਹ ਦਿਨ ਵੀ ਕਿੱਦਾਂ ਕੱਟੇ ਮੈਂ ।
ਮੈਥੋਂ ਜਾਂ ਮੇਰੇ ਰੱਬ ਤੋਂ ਪੁੱਛ, ਮੇਰੇ ਮਹਿਰਮਾਂ ।
ਕਿੰਨੇ ਰੱਖੇ ਯਾਰਾ ਇਸ ਸੀਨੇ 'ਤੇ ਵੱਟੇ ਮੈਂ ।

ਤੇਰੇ ਗਮ ਸਤਾਈ ਸੁਣੀਆਂ ਖਰੀਆਂ ਖਰੀਆਂ ਮੈਂ ।
ਤੇਰੇ ਜਾਣ ਪਿੱਛੋਂ ਤਕਲੀਫਾਂ ਕਿੰਨੀਆਂ ਜਰੀਆਂ ਮੈਂ ।
ਮੈਥੋਂ ਜਾਂ ਮੇਰੇ ਰੱਬ ਤੋਂ ਪੁੱਛ, ਮੇਰੇ ਮਹਿਰਮਾਂ ।
ਤੈਨੂੰ ਮੰਨ ਕੇ ਬਾਵਾ ਕਿੰਨੀਆਂ ਮਿੰਨਤਾਂ ਕਰੀਆਂ ਮੈਂ ।

ਤੇਰੀ ਰਾਹ ਉੁਡੀਕਾਂ ਕੇਸ ਨਾ ਅੱਜ ਕੱਲ੍ਹ ਵਾਹੇ ਮੈਂ ।
ਕਈ ਦਿਨ ਹੋ ਗਏ ਨਾ ਤਨ ਤੋਂ ਲੀੜੇ ਲਾਹੇ ਮੈਂ ।
ਮੈਥੋਂ ਜਾਂ ਮੇਰੇ ਰੱਬ ਤੋਂ ਪੁੱਛ, ਮੇਰੇ ਮਹਿਰਮਾਂ ।
ਇੱਥੇ ਰੋਜ਼ ਹੀ ਚੜ੍ਹਦੀ ਇਸ਼ਕਾਂ ਵਾਲੇ ਫਾਹੇ ਮੈਂ ।

ਕੋਈ ਕੰਮ ਨਾ ਆਏ ਜਿਹੜੇ ਕੀਤੇ ਟੂਣੇ ਮੈਂ ।
ਤੇਰੇ ਇਸ਼ਕ ਦੇ ਫੱਲ ਨੇ ਤਾਂ ਹੀ ਕਰਦੀ ਦੂਣੇ ਮੈਂ ।
ਮੈਥੋਂ ਜਾਂ ਮੇਰੇ ਰੱਬ ਤੋਂ ਪੁੱਛ, ਮੇਰੇ ਅਰਜ਼ ਸਿਹਾਂ।
ਖਾਵਾਂ ਮਿੱਠੀਆਂ ਸੱਟਾਂ, ਪੀਵਾਂ ਹੰਝੂ ਲੂਣੇ ਮੈਂ ।

7. ਦੇਸ਼ ਦੀ ਲੜਕੀ

ਮੈਂ ਦੇਸ਼ ਦੀ ਲੜਕੀ ਬੋਲਦੀ
ਮੈਨੂੰ ਸਾਰਾ ਆਲਮ ਜਾਣਦਾ ।
ਕਿਸੇ ਰੱਬ ਦਾ ਰੁਤਬਾ ਦੇ ਦਿੱਤਾ
ਕਹੇ ਅੱਲ੍ਹਾ ਸਾਡੇ ਹਾਣ ਦਾ ।

ਮੇਰੇ ਜਨਮ ਤੋਂ ਬਾਪੂ ਡਰ ਗਿਆ
ਮੇਰਾ ਦਾਜ ਉੁਸ ਬਣਾਵਣਾ ।
ਮੇਰੀ ਮਾਂ ਵੀ ਦਰੀਆਂ ਬੁਣਨੀਆਂ ।
ਮੈਨੂੰ ਇੱਜ਼ਤਾਂ ਨਾਲ਼ ਵਿਹਾਵਣਾ ।

ਮੈਨੂੰ ਕੰਜਕ ਵਾਂਗ ਬਿਠਾ ਕੇ ।
ਸਾਰਾ ਜੱਗ ਪੂਜੀ ਜਾਂਵਦਾ ।
ਪਰ 'ਕੱਲੀ ਕਹਿਰੀ ਦੇਖ ਕੇ ।
ਮੇਰਾ ਫ਼ਾਇਦਾ ਫਿਰੇ ਉੁਠਾਂਵਦਾ ।

ਇੱਕ ਬੜੀਆਂ ਇੱਜ਼ਤਾਂ ਦੇਂਵਦਾ
ਕਹਿੰਦਾ ਮੈਂ ਤੈਨੂੰ ਚਾਂਹਵਦਾ ।
ਜਦ ਉੁਸਨੂੰ ਮਿਲਣਾ ਚਾਹਿਆ
ਉੁਹ ਹੋਟਲ ਵਿੱਚ ਬਲਾਂਵਦਾ

ਇੱਕ ਆਇਆ ਸੀ ਹੱਕ ਦੇਣ ਲਈ
ਮੇਰੀ ਛਾਤੀ ਦੇਖੀ ਜਾਂਵਦਾ ।
ਮੈਨੂੰ ਤੁਰਦੀ ਪਿੱਛੋਂ ਦੇਖਦਾ
ਨਾਲ਼ੇ ਆਪਣਾ ਕਾਮ ਜਗਾਂਵਦਾ ।

ਮੈਂ ਕੇਸ ਵੀ ਅੱਜ ਕੱਲ੍ਹ ਵਾਹੇ ਨਾ ।
ਨਾ ਸੂਰਜ ਧੁੱਪ ਕਰਾਂਵਦਾ ।
ਜਦ ਖੇਤ ਮੈਂ ਕਰਦੀ ਕੰਮੜੇ ।
ਤਾਂ ਪਿੰਡੇ ਆਣ ਜਲਾਂਵਦਾ ।

ਇੱਥੇ ਹਰ ਮਹੀਨੇ ਪਿੱਛੋਂ ਰੱਬ ।
ਇੱਕ ਚੱਕਰ ਨਵਾਂ ਚਲਾਂਵਦਾ ।
ਮੇਰੇ ਪਿੰਡਿਉਂ ਚੀਸਾਂ ਨਿੱਕਲ਼ਦੀਆਂ ।
ਤੇ ਜਿਸਮ ਵੀ ਦਰਦ ਹੰਢਾਂਵਦਾ ।

ਤੇਜ਼ਾਬ ਨਾਲ਼ ਮੈਨੂੰ ਸਾੜ ਗਿਆ
ਜੋ ਸੀ ਗੀਤ ਪਿਆਰ ਦੇ ਗਾਂਵਦਾ ।
ਆਹ ਕੈਸੀ ਦੋਗਲੀ ਦੁਨੀਆਂ
ਮੈਨੂੰ ਰੱਤੀ ਸਮਝ ਨਾ ਆਂਵਦਾ ।

ਮੈਨੂੰ ਗ਼ਲਤੀ ਸਮਝ ਨਾ ਆਂਵਦੀ
ਜੱਗ ਮੈਨੂੰ ਗ਼ਲਤ ਠਹਿਰਾਂਵਦਾ ।
ਮੇਰੀ ਮਾਂ ਵੀ ਗਾਲ੍ਹਾਂ ਕੱਢ ਰਹੀ
ਤੇ ਬਾਪੂ ਵੀ ਝਿੜਕ ਬਲਾਂਵਦਾ ।
ਤੇ ਬਾਪੂ ਵੀ ਝਿੜਕ ਬਲਾਂਵਦਾ ।

8. ਰਾਗ ਵੈਰਾਗ

ਤੇਰੀ ਖੈਰ ਮੰਗਾਂ ਸੱਚੇ ਰੱਬ ਕੋਲ਼ੋਂ ।
ਤੱਤੜੀ ਜਿਉਂਦੇ ਜੀਅ ਤੂੰ ਮਾਰੀ ਵੇ ।
ਮੇਰਾ ਦਾਮਨ ਫਿੱਕੜਾ ਕਰ ਛੱਡਿਆ ।
ਕੋਈ ਰੰਗ ਨਾ ਲਾਇਆ ਲਲਾਰੀ ਵੇ ।

ਮੇਰੀ ਡੋਰ ਐ ਹੱਥਾਂ ਤੇਰਿਆਂ 'ਚ ।
ਜਿਵੇਂ ਕਠਪੁਤਲੀ ਹੱਥ ਮਦਾਰੀ ਵੇ ।
ਤੂੰ ਆਵੇਂ ਨਾ ਮੈਂ ਥੱਕਦੀ ਨਾ ।
ਬੈਠ ਉੁਡੀਕਾਂ ਖੋਲ ਕੇ ਬਾਰੀ ਵੇ ।

ਮੇਰੀ ਰੁਲ਼ੀ ਜਵਾਨੀ ਰਾਹਾਂ 'ਚ ।
ਜਿਵੇਂ ਭਟਕੇ ਕੋਈ ਭੰਬੀਰੀ ਵੇ ।
ਮੈਂ ਤੈਥੋਂ ਬਾਹਰ ਨ੍ਹੀ ਜਾ ਸਕਦੀ ।
ਪੈਰੀਂ ਬੰਨ੍ਹੀ ਐਸੀ ਜੰਜ਼ੀਰੀ ਵੇ

ਮੇਰੇ ਬਾਗੀਂ ਰੁੱਖ ਵੀ ਸੜ ਗਏ ।
ਨਾਲ਼ੇ ਸੁੱਕੀ ਨਵੀਂ ਪਨੀਰੀ ਵੇ ।
ਵੇ ਮੈਂ ਰੋਵਾਂ ਤੇ ਕੁਰਲਾਵਾਂ ਵੀ ।
ਜਿਵੇਂ ਕੂਕਦੀ ਫਿਰੇ ਟਟੀਰੀ ਵੇ ।

ਮੈਨੂੰ ਰਾਗ ਵੈਰਾਗ ਦਾ ਖਾ ਗਿਆ ।
ਮੈਨੂੰ ਭਾਉਂਦੀ ਨਾ ਸ਼ਹਿਨਾਈ ਵੇ ।
ਤੂੰ ਮੰਦੜਾ ਦਰਸ਼ਨ ਦੇਵੇਂ ਨਾ ।
ਮੈਂ ਪਾਉਂਦੀ ਫਿਰਾਂ ਦੁਹਾਈ ਵੇ ।

ਤਰਸ ਨਾ ਖਾਵੇਂ ਮਰਦੀ ਤੇ ਤੂੰ
ਸ਼ਰਮ ਸਿਰਾਂ ਤੋਂ ਲਾਹੀ ਵੇ ।
ਨਿੱਤ ਪੋਟਾ ਪੋਟਾ ਵੱਢ ਸੁੱਟਦੈਂ ।
ਤੂੰ ਭੈੜਾ ਅਰਜ਼ ਕਸਾਈ ਵੇ ।

9. ਸੁਨੇਹੜੇ

ਤੇਰੀ ਯਾਦ ਸ਼ੁਦਾਈਆ, ਲਾਏ ਰੋਗ ਵੇ ਕਿਹੜੇ ।
ਨਾ ਆਪ ਤੂੰ ਆਇਆ ਨਾ ਆਏ ਸੁਨੇਹੜੇ ।
ਵੇ ਮੈਂ ਕਮਲ਼ੀ ਹੋ ਗਈ ਵੇ ਮੈਂ ਦੇਵਾਂ ਦੁਹਾਈਆਂ ।
ਮੇਰੀ ਵਿਲਕਣ ਗਲ਼ੀਆਂ, ਮੇਰੇ ਸੁੰਨੇ ਵਿਹੜੇ ।

ਮੈਂ ਦਿਲ ਤੋਂ ਕੀਤਾ ਤੈਨੂੰ ਪਿਆਰ ਹਕੀਕੀ ।
ਵੇ ਤੂੰ ਸਮਝ ਨਾ ਪਾਇਆ ਏਂ ਪਿਆਰ ਬਰੀਕੀ ।
ਇੱਥੇ ਸਾਵਣ ਬਰਸੇ ਇੱਥੇ ਬੱਦਲ ਗਰਜੇ ।
ਮੇਰੇ ਪੋਟੇ ਗਲ਼ ਗਏ ਵੇ ਤੂੰ ਕਰੇਂ ਵਧੀਕੀ ।

ਮੈਂ ਵਾਂਗ ਬਬੀਹੇ ਤੈਨੂੰ ਪਾਉੁਣਾ ਚਾਹੁੰਦੀ ।
ਤੈਨੂੰ ਪਾਵਣ ਖ਼ਾਤਰ ਕੁਝ ਗਾਉੁਣਾ ਚਾਹੁੰਦੀ ।
ਵੇ ਤੂੰ ਵਾਪਸ ਆ ਜਾ, ਭਾਵੇਂ ਰੋਸੇ ਕਰ ਲੈ ।
ਮੈਂ ਰੁੱਸਿਆ ਯਾਰ ਮਨਾਉੁਣਾ ਚਾਹੁੰਦੀ ।

ਕਦੇ ਇਹ ਨਾ ਆਖੀਂ, ਵਿਸਾਰ ਦੇ ਮੈਨੂੰ ।
ਬਸ ਦੂਰ ਨਾ ਕਰ ਵੇ ਮੇਰਾ ਤਰਲਾ ਤੈਨੂੰ
ਤੇਰੀ ਯਾਦ ਸਹਾਰੇ ਦਿਨ ਕੱਟਦੀ ਜਾਵਾਂ ।
ਹਾੜਾ ਆਪਣੇ ਹੱਥੀਂ, ਭਾਵੇਂ ਮਾਰ ਦੇ ਮੈਨੂੰ ।

10. ਮਿਹਣੇ

ਮੇਰੇ ਗੀਤ ਮੈਨੂੰ ਮਿਲੇ
ਨਾਲੇ ਕਰਦੇ ਨੇ ਗਿਲੇ
ਵੇ ਤੂੰ ਦਰਦ ਜੁਦਾਈਆਂ
ਕਾਹਤੋਂ ਸਾਡੇ ਹਿੱਸੇ ਪਾਈਆਂ ।

ਵੇ ਕਿਉਂ ਦਰਜ਼ ਨਾ ਕੀਤੇ
ਕਾਹਤੋਂ ਮਿੱਠੇ ਮਿੱਠੇ ਹਾਸੇ
ਸਾਡੀ ਇੱਕ ਵੀ ਨਾ ਸੁਣੀ
ਵੇ ਤੂੰ ਕਰੇਂ ਮਨਆਈਆਂ ।

ਇੱਕ ਕਵਿਤਾ ਅਧੂਰੀ ਨੇ
ਵੀ ਬਾਤ ਜਿਹੀ ਪਾਈ
ਮੈਨੂੰ ਪੂਰਾ ਕਿਉਂ ਨ੍ਹੀਂ ਕੀਤਾ
ਕਿਉਂ ਨਾ ਕਲਮਾਂ ਘਸਾਈਆਂ ।

ਮੇਰੀ ਗਜ਼ਲਾਂ ਵੀ ਹਿੱਕ ਤਾਣ
ਜਵਾਬ ਪਈਆਂ ਮੰਗਣ
ਸਾਨੂੰ ਲਿਖ ਭੁੱਲੀ ਬੈਠਾਂ
ਕਦੇ ਆਪ ਕਿਉਂ ਨ੍ਹੀਂ ਗਾਈਆਂ ।

ਵੇ ਬੱਚਿਆਂ ਦੇ ਚਾਅ ਜਿਹਾ ।
ਲਿਖਿਆ ਨਾ ਕੁੱਝ ਕਦੇ ।
ਨਾ ਹੀ ਤੇਰੀ ਲੇਖਣੀ 'ਚ ।
ਆਈਆਂ ਕਦੇ ਮਾਈਆਂ ।

ਮੁੜਕਾ ਹੈ ਬਾਪੂ ਦਾ ਜੋ ।
ਸੁੰਘਦਾ ਐਾ ਚਾਵਾਂ ਨਾਲ਼ ।
ਓਸ ਕੁੜਤੇ ਦੀ ਮਹਿਕਾਂ ਤੋਂ
ਕਵਿਤਾ ਨ੍ਹੀਂ ਬਣਾਈਆਂ ।

ਕਿਰਤੀ ਤੇ ਕਾਮੇ ਦੀ ਤੂੰ ।
ਗੱਲ ਕਦੇ ਕਰਦਾ ਨਹੀਂ ।
ਨਸ਼ਿਆਂ ਵਿਕਾਰਾਂ ਨੂੰ ਤੂੰ ।
ਤੁਹਮਤਾਂ ਨਾ ਲਾਈਆਂ ।

ਇਹਨਾਂ ਸਭਨਾਂ ਨੂੰ ।
ਹੁਣ ਮੈਂ ਜਵਾਬ ਕਿਵੇਂ ਦੇਵਾਂ ।
ਮੇਰੀ ਲੇਖਣੀ 'ਚ ਰੱਬ ਸੱਚੇ ।
ਬਰਕਤਾਂ ਨਾ ਪਾਈਆਂ ।

ਬਸ ਮੇਰੀ ਕਲਮ ਤੋਂ ।
ਦਰਦੀ ਨਾ ਹੋਵੇ ਕੋਈ ।
ਏਹੋ ਅਰਦਾਸ ਮੇਰੀ ।
ਤੇਰੇ ਮੂਹਰੇ ਸਾਈਆਂ ।
ਏਹੋ ਅਰਦਾਸ ਮੇਰੀ ।
ਤੇਰੇ ਮੂਹਰੇ ਸਾਈਆਂ ।

11. ਸਧਰਾਂ ਖਵਾਹਿਸ਼ਾਂ

ਜਦ ਰਾਤ ਨੂੰ ਕੋਠੜੇ ਚੜ੍ਹ ਕੇ ਦੇਖਾਂ ਤਾਰੇ ਮੈਂ ।
ਤਾਹਨੇ ਮਾਰਨ ਤੇ ਸੁਣਾਵਣ ਖਰੀਆਂ ਖਰੀਆਂ ।
ਕੀ ਖੱਟਿਆ ਵੇ ਤੂੰ ਇਸ਼ਕੇ ਦੇ ਵਿੱਚ ਅਰਜ਼ ਸਿਆਂ ।
ਤੇਰੀ ਸਧਰਾਂ ਖਵਾਹਿਸ਼ਾਂ ਸਦਮੇ ਕਾਰਣ ਮਰੀਆਂ ।

ਸੁਣ 'ਲੋ ਤਾਰਿਓ ਵੇ ਮੈਂ ਯਾਦਾਂ ਸੰਗ ਸਦ-ਜੀਵਣਾ ।
ਇਹ ਰਾਤੀਂ ਆਉਂਦੀਆਂ ਕੋਲ਼ੇ ਬਣ ਸੋਹਣੀਆਂ ਪਰੀਆਂ ।
ਅਸੀਂ ਸੱਜਣਾ ਨੂੰ ਜੇ ਰੱਬ ਦਾ ਰੁਤਬਾ ਦੇ ਦਿੱਤਾ ।
ਤਾਹੀਉਂ ਓਹਦੀਆਂ ਕਰੀ ਕੁਰੀਤੀਆਂ ਸਾਰੀਆਂ ਜਰੀਆਂ ।

ਅਸੀ ਵੇਲ਼ੇ ਕੋਈ ਨਾ ਦੇਖੇ ਕਰਨ ਇਬਾਦਤ ਲਈ ।
ਅਸੀਂ ਨਾਲ਼ ਯਾਦਾਂ ਬਹਿ ਕਈ ਨਮਾਜ਼ਾਂ ਪੜ੍ਹੀਆਂ ।
ਇਹ ਹੰਝੂ ਨਾ ਇਹ ਕਮਲ਼ੇ ਪਾਕ ਸਮੁੰਦਰ ਨੇ ।
ਇਹਨਾਂ ਲਹਿਰਾਂ ਦੇ ਵਿੱਚ ਕਈ ਕਹਾਣੀਆਂ ਹੜ੍ਹੀਆਂ ।

ਬਣ ਉੁੱਚਾ ਰੁੱਖ ਮੈਂ ਓਹਦੇ ਵੱਲ ਨੂੰ ਜਾਂਵਦਾ ।
ਓਹਦੇ ਤਾਪ ਦੇ ਨਾਲ਼ ਮੇਰੀ ਕਈ ਟਹਿਣੀਆਂ ਸੜੀਆਂ ।
ਓਹਨੂੰ ਮੰਨ ਕੇ ਸੂਰਜ ਕਰਾਂ ਪਰਿਕ੍ਰਮਾ ਓਹਦੀ ਮੈਂ ।
ਮੈਨੂੰ ਕਹਿਣ ਅਵਾਰਾ, ਲਾਈਆਂ ਤੁਹਮਤਾਂ ਬੜੀਆਂ ।

ਇੱਕ ਪਿਆਰੀ ਜਿਹੀ ਚਕੋਰ ਵੀ ਓਥੇ ਆ ਪਹੁੰਚੀ ।
ਉੁਸਨੇ ਵੀ ਮੇਰੇ ਨਾਲ਼ ਕਈ ਵਾਰਤਾਂ ਕਰੀਆਂ ।
ਕੀ ਖੱਟਿਆ ਵੇ ਤੂੰ ਇਸ਼ਕੇ ਦੇ ਵਿੱਚ ਅਰਜ਼ ਸਿਆਂ ।
ਤੇਰੀ ਸਧਰਾਂ ਖਵਾਹਿਸ਼ਾਂ ਸਦਮੇਂ ਕਾਰਣ ਮਰੀਆਂ ।

12. ਲ੍ਹੇਲੜੀਆਂ

ਵੇ ਐਵੇਂ ਨਹੀਉਂ ਕੱਢਦੀ ਮੈਂ ਲ੍ਹੇਲੜੀਆਂ
ਤੇਰੇ ਬਾਝੋਂ ਕਰਨੀਆਂ ਕੀ ਹਵੇਲੜੀਆਂ
ਦੀਦ ਤੇਰੀ ਨੂੰ ਤਰਸਣ ਮੇਰੇ ਦੀਦੜੇ
ਲੋਕੀ ਆਖਣ ਅੱਖੀਆਂ ਤਾਂ ਨੇ ਵਿਹਲੜੀਆਂ ।

ਕਰਾਂ ਟਕੋਰਾਂ ਇਸ਼ਕੜੇ ਦੇ ਮੈਂ ਫੱਟ ਦੀਆਂ
ਹਾ ਏ ਵੇ ਮਿਹਣੇ ਮਾਰਦੀਆਂ ਸਹੇਲੜੀਆਂ
ਦੀਦ ਤੇਰੀ ਨੂੰ ਤਰਸਣ ਮੇਰੇ ਦੀਦੜੇ
ਲੋਕੀ ਆਖਣ ਅੱਖੀਆਂ ਤਾਂ ਨੇ ਵਿਹਲੜੀਆਂ ।

ਫੁੱਲਾਂ ਤੋਂ ਵੀ ਮਹਿਕ ਮਿੱਠੀ ਮਹਿਬੂਬ ਦੀ
ਮੈਨੂੰ ਭਾਉਂਦੇ ਨਾ ਗੁਲਾਬੜੇ, ਨਾ ਚਮੇਲੜੀਆਂ ।
ਦੀਦ ਤੇਰੀ ਨੂੰ ਤਰਸਣ ਮੇਰੇ ਦੀਦੜੇ
ਲੋਕੀ ਆਖਣ ਅੱਖੀਆਂ ਤਾਂ ਨੇ ਵਿਹਲੜੀਆਂ ।

ਵੇ ਹਾੜੇ ਮਿੰਨਤਾਂ ਕਰਦੀ ਅੱਧੀ ਹੋ ਗਈ ਮੈਂ ।
ਤੂੰ ਮੋੜ ਦਿੱਤਾ ਮੈਂ ਟੱਪ ਕੇ ਆਈ ਦੇਹਲੜੀਆਂ ।
ਦੀਦ ਤੇਰੀ ਨੂੰ ਤਰਸਣ ਮੇਰੇ ਦੀਦੜੇ ।
ਲੋਕੀ ਆਖਣ ਅੱਖੀਆਂ ਤਾਂ ਨੇ ਵਿਹਲੜੀਆਂ ।

ਸਮਝ ਨਾ ਪਾਈ ਅਰਜ਼ਾਂ ਰਮਜ਼ਾਂ ਡੂੰਘੀਆਂ ।
ਹਰ ਗੱਲ 'ਤੇ ਪਾਉੁਨੈਂ ਗੁੱਝੀਆਂ ਤੂੰ ਪਹੇਲੜੀਆਂ ।
ਦੀਦ ਤੇਰੀ ਨੂੰ ਤਰਸਣ ਮੇਰੇ ਦੀਦੜੇ ।
ਲੋਕੀ ਆਖਣ ਅੱਖੀਆਂ ਤਾਂ ਨੇ ਵਿਹਲੜੀਆਂ ।

13. ਬਿਰਹੜਾ

ਜਦ ਜਦ ਸੀਨੇ ਲੱਗਿਆ ਤੇਰਾ ਬਿਰਹੜਾ
ਤਦ ਤਦ ਰੂਹ ਨੂੰ ਖਾਵੇ ਤੇਰਾ ਬਿਰਹੜਾ ।

ਅੱਗੇ ਅੱਗੇ ਭੱਜਦਾ ਅੱਧਾ ਹੋ ਗਿਆ
ਪਿੱਛੋਂ ਮਾਰ ਮੁਕਾਵੇ ਤੇਰਾ ਬਿਰਹੜਾ ।

ਪੂਰਾ ਹੋ ਕੇ ਜਦ ਮੈਂ ਦੂਜੇ ਘਰ ਗਿਆ
ਕਾਲ਼ੀ ਖੇਸੀ ਲੈ ਕੇ ਅੱਗੇ ਫ਼ਿਰ ਖੜਾ ।

ਜਿਹੜੇ ਜ਼ਖ਼ਮਾਂ ਨੂੰ ਸੀ ਉੁਸਨੇ ਟੁੰਬਿਆ
ਮਰਹਮ ਲਾ ਠੰਢ ਪਾਵੇ ਤੇਰਾ ਬਿਰਹੜਾ

14. ਓਹਦੇ ਦੇਸ਼

ਲੈ ਕੇ ਘਸਮੈਲ਼ਾ ਜਿਹਾ ਖੇਸ
ਤੁਰਿਆਂ ਜਾਵਾਂ ਓਹਦੇ ਦੇਸ਼ ।
ਜਟਾਵਾਂ ਬਣੇ ਨੇ ਮੇਰੇ ਕੇਸ ।
ਉੁਹਨੂੰ ਪਹਿਚਾਣ ਨਾ ਆਵੇ ਭੇਸ ।

ਉੁਹ ਤਾਂ ਮਹਿਕੇ ਵਿੱਚ ਹਵਾਵਾਂ ।
ਮੈਂ ਤਾਂ ਦਿੰਦਾ ਇਹੀ ਦੁਆਵਾਂ ।
ਜਿੱਧਰ ਵੀ ਮੈਂ ਤੁਰਿਆ ਜਾਵਾਂ ।
ਹੋਵਣ ਸੱਜਣ ਦੀਆਂ ਉੁਹ ਰਾਹਵਾਂ ।

ਮੈਂ ਤਾਂ ਵਾਂਗ ਫਕੀਰਾਂ ਰਹਿੰਦਾ ।
ਉੁਹਦੀ ਮੌਜ 'ਚ ਉੁੱਠਦਾ ਬਹਿੰਦਾ ।
ਮੈਨੂੰ ਦੇਖ ਕੇ ਉੁਹ ਵੀ ਕਹਿੰਦਾ ।
ਕਾਹਤੋਂ ਦਰਦ ਜੁਦਾਈਆਂ ਸਹਿੰਦਾ ।

ਉੁਹਦੇ ਦੇਸ਼ ਬਿਨਾਂ ਨੀਂ ਸਰਦਾ ।
ਹੁਣੇ ਪਤਾ ਲੱਗਿਐ ਘਰ ਦਾ ।
ਬੂਹਾ ਖੁੱਲ੍ਹ ਰਿਹਾ ਐ ਦਰ ਦਾ ।
ਅਰਜ਼ਾ ਦਿਲ ਪਿਆ ਐ ਮਰਦਾ ।

ਪਹਿਲਾਂ ਨੱਕ ਬੁੱਲ੍ਹ ਜਿਹਾ ਵਟਾਇਆ ।
ਆਹ ਤਾਂ ਮੰਗਣ ਫੱਕਰ ਆਇਆ ।
ਮੇਰੀ ਝੋਲੀ ਆਟਾ ਪਾਇਆ ।
ਫਿਰ ਥੋੜ੍ਹਾ ਜਿਹਾ ਮੁਸਕਾਇਆ ।

ਓਦੋਂ ਗੀਤ ਪਿਆਰ ਦੇ ਗਾਈਏ ।
ਜਦ ਵੀ ਸੱਜਣ ਮੂਹਰੇ ਆਈਏ ।
ਉੁਹਦੀ ਖੈਰ 'ਚ ਮਿਲ ਗਈ ਮੁਕਤੀ ।
ਕਿਉਂ ਨਾ ਐਥੇ ਈ ਮਰ ਜਾਈਏ ।

15. ਸੁਰਮੇ ਦੇ ਦਾਗ

ਇਹ ਵਾ-ਵਰੋਲੇ ਤਾਂ ਵਗਦੇ ਈ ਰਹਿਣੇ ।
ਇਹ ਤਾਰੇ ਨੇ ਦੀਵੇ ਜੋ ਜਗਦੇ ਈ ਰਹਿਣੇ ।
ਇਹ ਇਸ਼ਕਾਂ ਨ੍ਹੀ ਮੁੱਕਣਾਂ । ਗੁਲਾਬਾਂ ਨ੍ਹੀ ਸੁੱਕਣਾਂ ।
ਸੱਜਣ ਤਾਂ ਕੁਦਰਤ ਜਿਹੇ ਲੱਗਦੇ ਈ ਰਹਿਣੇ ।

ਮੈਂ ਵੀ ਨ੍ਹੀਂ ਰਹਿਣਾ ਤੇ ਤੂੰ ਵੀ ਨੀ ਰਹਿਣਾ ।
ਜ਼ਿੰਦਗੀ ਤਾਂ ਤੁਰਦੀ, ਕਿੱਥੇ ਐ ਬਹਿਣਾ ।
ਚਾਰ ਦਿਨਾਂ ਦੀ ਖੇਡ ਐ ਸਾਰੀ ।
ਸੁਣਿਆ ਤਾਂ ਹੋਣੈ, ਸਿਆਣੇ ਦਾ ਕਹਿਣਾ ।

ਹੱਸ-ਹੱਸ ਬੀਜੋ ਮੁਹੱਬਤ ਦੀਆਂ ਫ਼ਸਲਾਂ ।
ਹਾਸੇ ਨੇ ਉੱਗਣੇ ਤੇ ਖਿੜਨੀਆਂ ਨਸਲਾਂ ।
ਨੀਂਦਰ ਨ੍ਹੀਂ ਪੈਣੀਂ, ਇਸ ਅਰਜ਼ ਦੇ ਨੈਣੀਂ
ਨਾ ਹਿੱਜ਼ਰਾਂ 'ਚ ਸਾਣਾਂ, ਨਾ ਪੈਣਾਂ ਵਿੱਚ ਵਸਲਾਂ ।

ਆਹ ਬਹਿਜਾ ਕੋਲੇ, ਕਿਉਂ ਰੋਂਦਾ ਐਂ ਰੋਣੇ ।
ਚਲਦੇ ਈ ਰਹਿਣੇਂ, ਕੀ ਪਾਉੁਣੇਂ ਕੀ ਖੋਣੇਂ ।
ਇਹ ਸੁਰਮੇ ਦੇ ਦਾਗ਼, ਸਿਰਹਾਣੇ ਦੇ ਉੁੱਤੇ ।
ਨਾ ਚਾਹੁੰਦੇ ਹੋਏ ਵੀ, ਇਹ ਪੈਣੇਂ ਨੇ ਧੋਣੇਂ ।

ਇਹ ਦੁਨਿਆਦਾਰੀ ਚ ਤਾਂ ਵੱਸਣਾ ਐ ਪੈਂਦਾ ।
ਸਭ ਕੁਝ ਖੋ ਕੇ ਵੀ ਹੱਸਣਾ ਐ ਪੈਂਦਾ ।
ਮਰੀਆਂ ਨੇ ਸ਼ਕਲਾਂ, ਕੋਈ ਸਾੜ ਨਾ ਦੇਵੇ ।
ਜਿਉਂਦੇ ਆਂ ਹਾਲੇ, ਇਹ ਦੱਸਣਾਂ ਐ ਪੈਂਦਾ ।

16. ਇਸ਼ਕਾਂ ਦੇ ਢੰਗ

ਮੈਂ ਮਹਿਰਮ ਦੇ ਜਾਂਦੇ ਦੀ ਪੜ੍ਹੀਆਂ ਸੀ ਅੱਖਾਂ ।
ਹੰਝੂਆਂ 'ਤੇ ਲਿਖੇ ਸਿਰਨਾਵੇਂ ਕਈ ਲੱਖਾਂ ।
ਉਹ ਡਿੱਗਿਆ ਤੇ ਘੁਲ਼ਿਆ ਤੇ ਮਿੱਟੀ 'ਚ ਰੁਲ਼ਿਆ ।
ਮੈਂ ਮਿੱਟੀ ਫਰੋਲ਼ੀ ਕਿ, ਸਾਂਭ ਕੇ ਰੱਖਾਂ ।

ਉਹ ਬਣ ਗਏ ਹਵਾਵਾਂ, ਹਵਾਵਾਂ 'ਚ ਰਹਿਣੇ ।
ਅੱਖਾਂ ਨੂੰ ਬੰਦ ਕਰ, ਇਹ ਪੜ੍ਹਨੇ ਨੇ ਪੈਣੇ ।
ਧਿਆਨ ਲਗਾ ਕੇ ਤੇ ਸੁਰਤੀ ਟਿਕਾ ਕੇ ।
ਇਹ ਹਿੱਕਾਂ 'ਤੇ ਵਾਹੁਣੇ ਤੇ ਦਰਦਾਂ ਵੀ ਸਹਿਣੇ ।

ਮੈਂ ਆਉਂਦੇ ਤੇ ਜਾਂਦੇ ਫ਼ਕੀਰਾਂ ਤੋਂ ਪੁੱਛਿਐ ।
ਮੈਂ ਜਿਉਂਦੀ ਤੇ ਮਰੀਆਂ ਜ਼ਮੀਰਾਂ ਤੋਂ ਪੁੱਛਿਐ ।
ਮੈਂ ਅੰਬਰ ਹਵਾਵਾਂ ਫਿਜ਼ਾਵਾਂ ਤੋਂ ਪੁੱਛਿਐ ।
ਮੈਂ ਬੰਜ਼ਰ ਧਰਾਤਲ ਲਕੀਰਾਂ ਤੋਂ ਪੁੱਛਿਐ ।

ਮੈਨੂੰ ਪੰਛੀਆਂ ਨੇ ਦਿੱਤੇ ਨੇ ਸੁਨੇਹੇ ਸੱਜਣਾਂ
ਇਹ ਰੁੱਖ ਵੀ ਤਾਂ ਜਾਪਣ ਤੇਰੇ ਜਿਹੇ ਸੱਜਣਾਂ ।
ਆਪ ਆਵੇਂ ਨਾ ਤੇ ਯਾਦਾਂ ਤੇਰੀਆਂ ਜਾਂਦੀਆਂ ਨਹੀਂ ।
ਇਹ ਇਸ਼ਕਾਂ ਦੇ ਢੰਗ ਤੇਰੇ ਕੇਹੇ ਸੱਜਣਾਂ ।

17. ਇਸ਼ਕ ਹਕੀਕੀ

ਕੀ ਪਰਦਾ ਹੁੰਦੈ ਇਸ਼ਕੇ ਦੇ ਵਿੱਚ ਅਰਜ਼ ਸਿਆਂ ।
ਸੱਜਣ ਜਾਣਦੇ ਨੇ ਰਮਝਾਂ ਹਰ ਇੱਕ ਰਗ ਦੀਆਂ ।
ਜਦ ਅੱਖੀਆਂ ਲੱਗਦੀਆਂ ।
ਫਿਰ ਅੱਖਾਂ ਨਹੀਉਂ ਲੱਗਦੀਆਂ ।

ਹਰ ਮੌਸਮ ਸੁਹਾਵਣਾ ਐ ਜਾਪਦਾ ।
ਲੂ ਵਿੱਚ ਵੀ ਹਵਾਵਾਂ ਸੀਤ ਨੇ ਵਗਦੀਆਂ ।
ਜਦ ਅੱਖੀਆਂ ਲੱਗਦੀਆਂ ।
ਫਿਰ ਅੱਖਾਂ ਨਹੀਉਂ ਲੱਗਦੀਆਂ ।

ਦਿਨ ਰਾਤ ਚੱਲਦਾ ਇਸ਼ਕਾਂ ਦਾ ਇਹ ਕਾਫ਼ਿਲਾ ।
ਰਾਤੀ ਅੱਖਾਂ ਰਹਿਣ ਦੀਵੇ ਵਾਗੂੰ ਜਗਦੀਆਂ ।
ਜਦ ਅੱਖੀਆਂ ਲੱਗਦੀਆਂ ।
ਫਿਰ ਅੱਖਾਂ ਨਹੀਉਂ ਲੱਗਦੀਆਂ ।

ਰਾਹਾਂ ਪਿਆਰ ਦੀਆਂ 'ਚ ਤੁਰਨਾ ਕਿਹੜਾ ਸੌਖਾ ਐ ।
ਕਈਆਂ ਪਾਰ ਲਾਵੇ ਤੇ ਕਈਆਂ ਨੂੰ ਇਹ ਠੱਗਦੀਆਂ ।
ਜਦ ਅੱਖੀਆਂ ਲੱਗਦੀਆਂ ।
ਫਿਰ ਅੱਖਾਂ ਨਹੀਉਂ ਲੱਗਦੀਆਂ ।

18. ਮਸਜਿਦ 'ਚ ਰਹਿਰਾਸ

ਇੱਥੇ ਹਰ ਕੋਈ ਆਪਣੇ ਘਰ ਬਹਿਕੇ ।
ਕੁੱਝ ਆਮ ਪੜ੍ਹੇ ਕੁੱਝ ਖਾਸ ਪੜ੍ਹੇ ।
ਮੈਂ ਮੰਦਿਰ ਵਿੱਚ ਨਮਾਜ਼ ਪੜ੍ਹੀ ।
ਤੇ ਮਸਜਿਦ 'ਚ ਰਹਿਰਾਸ ਪੜ੍ਹੇ ।

ਇੱਕ ਛੱਤ ਥੱਲੇ ਪੜ੍ਹ ਲਈ ਗੀਤਾ ।
ਕੁਰਾਨ ਪੜ੍ਹੀ ਗੁਰਦਾਸ ਪੜ੍ਹੇ ।
ਮੈਂ ਮੰਦਿਰ ਵਿੱਚ ਨਮਾਜ਼ ਪੜੀ ।
ਤੇ ਮਸਜਿਦ 'ਚ ਰਹਿਰਾਸ ਪੜ੍ਹੇ ।

ਹਰ ਧਰਮ 'ਚੋਂ ਏਕਾ ਪੜ੍ਹਿਆ ।
ਇਨਸਾਨੀਅਤ ਦੇ ਅਹਿਸਾਸ ਪੜ੍ਹੇ ।
ਮੈਂ ਮੰਦਿਰ ਵਿੱਚ ਨਮਾਜ਼ ਪੜ੍ਹੀ ।
ਤੇ ਮਸਜਿਦ 'ਚ ਰਹਿਰਾਸ ਪੜ੍ਹੇ ।

ਸਿੱਖ ਧਰਮ 'ਚੋਂ ਸਿੱਖਿਆ ਲੈ ਕੇ ।
ਖ਼ੁਦਾ ਦੇ ਮੈਂ ਆਭਾਸ ਪੜ੍ਹੇ ।
ਮੈਂ ਮੰਦਿਰ ਵਿੱਚ ਨਮਾਜ਼ ਪੜੀ ।
ਤੇ ਮਸਜਿਦ 'ਚ ਰਹਿਰਾਸ ਪੜ੍ਹੇ ।

19. ਦਰਦ ਕਮਾਉੁਣਾ ਬਾਕੀ ਐ

ਅਸੀਂ ਇਸ਼ਕ ਕਮਾਈ ਬੈਠੇ ਸਾਂ ।
ਹੁਣ ਦਰਦ ਕਮਾਉਣਾ ਬਾਕੀ ਐ ।
ਇਤਿਹਾਸ ਤਾਂ ਪੜ੍ਹੀ ਫਿਰਦੇ ਹਾਂ ।
ਇਤਿਹਾਸ ਰਚਾਉਣਾ ਬਾਕੀ ਐ ।

ਸਰਕਾਰਾਂ ਤੋਂ ਵੀ ਡਰ-ਡਰ ਕੇ ।
ਕੁੱਝ ਲਿੱਖਿਆ ਉਹ ਵੀ ਮਰ-ਮਰ ਕੇ ।
ਹੁਣ ਡਰ ਮੁਕਾਉਣਾ ਬਾਕੀ ਐ ।
ਸਰਕਾਰ ਹਿਲਾਉਣਾ ਬਾਕੀ ਐ ।

ਇਹ ਪੈਨਸਿਲ ਜੋ ਹੁਣ ਹੱਥ ਵਿੱਚ ਐ ।
ਇਹ ਕਲਮ ਬਣਨ ਨੂੰ ਕਾਹਲ਼ੀ ਐ ।
ਇਹ ਸੱਚ ਲਿਖਣ ਦੇ ਹੱਕ ਵਿੱਚ ਐ ।
ਇਹ ਬੜੇ ਹੀ ਭਾਗਾਂ ਵਾਲ਼ੀ ਐ ।

ਇਹ ਪੰਜ ਰੁਪਈ ਏ ਕੀਮਤ ਦੀ ।
ਇਤਿਹਾਸ ਰਚਣ ਨੂੰ ਫਿਰਦੀ ਐ ।
ਇਹ ਠੰਢੀ ਸੀਤਲ ਸ਼ਾਂਤ ਜਿਹੀ ।
ਅੱਗ ਵਾਂਗ ਮਚਣ ਨੂੰ ਫਿਰਦੀ ਐ ।

ਪਹਿਲਾਂ ਵਰਕੇ ਕਾਲ਼ੇ ਕੀਤੇ ਸੀ ।
ਹੁਣ ਕਲਮ ਚਲਾਉੁਣਾ ਬਾਕੀ ਐ ।
ਪਾਸ਼ ਨੂੰ ਪੜ੍ਹੀ ਤਾਂ ਬੈਠੇ ਹਾਂ
ਹੁਣ ਪਾਸ਼ ਕਹਾਉਣਾ ਬਾਕੀ ਐ ।

20. ਸ਼ਾਇਰ

ਮੈਂ ਨਾ ਸ਼ਾਇਰ
ਮੈਂ ਤਾਂ ਹਾਂ ਕਾਇਰ
ਕਿ ਗਲ਼ ਪਿਆ ਟਾਇਰ । ਮੈਨੂੰ ਨਾ ਦਿਖਿਆ ।
ਤਾਂ ਹੀ ਨਾ ਮੈਂ ਲਿਖਿਆ
ਕੋਈ ਦੁਖੜਾ ਰੋਗ । ਘਰ ਪਿਆ ਸੋਗ ।
ਵਿਲਕਦੇ ਲੋਕ । ਮੈਨੂੰ ਨਾ ਦਿਸਦੇ ।
ਮੈਨੂੰ ਤਾਂ ਦਿਸਦੇ ।
ਗੁਲਾਬੀ ਬੁੱਲ । ਸੁਗੰਧਿਤ ਫੁੱਲ ।
ਤਾਰੀਫਾਂ ਦੇ ਪੁਲ਼ । ਆਹੀ ਸਭ ਦਿਸਦੇ ।
ਮੈਨੂੰ ਨਹੀਂ ਦਿਖਦੇ । ਮੁਲਕ ਦੀ ਹਾਰ ।
ਨੌਜਵਾਨ ਕੋਈ ਬੇਰੁਜ਼ਗਾਰ ।
ਮੰਤਰੀ ਬਾਬੇ ਦੀ ਮਹਿੰਗੀ ਕਾਰ ।
ਮੈਨੂੰ ਨਾ ਦਿਖਦੇ ।
ਮੈਨੂੰ ਤਾਂ ਦਿਖਦੈ ।
ਮੁਹੱਬਤ ਪਿਆਰ । ਇਸ਼ਕ 'ਚ ਹਾਰ ।
ਯਾਰ ਦੀ ਸਾਰ । ਆਹੀ ਸਭ ਦਿਖਦੈ ।
ਸ਼ਾਇਰ ਤਾਂ ਓ । ਨਾ ਹਾਰੇ ਜੋ ।
ਲਿਖੇ ਲਫਜ਼ ਦੋ । ਪੜਨ੍ਹਗੇ ਸੋ ।
ਪਰ ਕਾਗਜ਼ ਉੱਤੇ । ਮੈਂ ਜੋ ਵੀ ਵਾਹਿਆ ।
ਆਪੇ ਹੀ ਪੜ੍ਹਿਆ । ਆਪੇ ਹੀ ਗਾਇਆ ।
ਫੋਕਾ ਕਰਾਂ ਮੈਂ । ਕਾਹਦਾ ਮਾਣ ।
ਜੇ ਫਾਹੇ ਟੰਗਿਆ । ਨਾ ਦਿਸੇ ਕਿਸਾਨ ।
ਨਸ਼ੇ 'ਚ ਡੁੱਬਿਆ । ਜੇ ਮੇਰਾ ਹਾਣ ।
ਓਹੀ ਨਾ ਲਿਖਿਆ । ਕਲਮ ਪਏ ਖਾਣ ।
ਬੁੱਢੜੇ ਪਿਉ ਦੇ । ਕੀਤੇ ਕਰਮ ।
ਰੋਲ਼ਦਾ ਫ਼ਿਰਦਾਂ । ਨਾ ਆਵੇ ਸ਼ਰਮ ।
ਮੋਢਿਆਂ ਉਤੇ । ਕਈ ਨੇ ਕਰਜ਼ ।
ਲਿਖੂੰ ਸਭ ਸਾਫ਼ । ਨਿਭਾਉਣੇ ਫਰਜ਼ ।
ਅੰਬਰ 'ਚੋਂ ਨਿੱਕਲੂ । ਕਲਮ ਦੀ ਗਰਜ਼ ।
ਲਿਖਾਰੀ ਬਣਨਾ । ਕਹਾਉਣਾ ਅਰਜ਼ ।
ਕਵਿਤਾ ਕਰਨੀ । ਦਿਲਾਂ 'ਚ ਦਰਜ਼ ।
ਲਿਖਾਰੀ ਬਣਨਾ । ਕਹਾਉਣਾ ਅਰਜ਼ ।

21. ਤੋਹਫ਼ਾ

ਮੈਨੂੰ ਇੱਕ ਤੋਹਫਾ ਜੀ ਜਨਾਬ ਦੇ ਦਿਓ ।
ਬੁੱਲ੍ਹੇ ਸ਼ਾਹ ਦੇ ਸ਼ੇਅਰਾਂ ਦੀ ਕਿਤਾਬ ਦੇ ਦਿਓ ।
ਦਿਨ ਰਾਤ ਚਾਹਾਂ ਉੁਹਨੂੰ ਜੀਵਣਾ ਜੀ ਮੈਂ ।
ਐਦਾਂ ਦਾ ਕੋਈ ਜਾਗਦਾ ਖ਼ੁਆਬ ਦੇ ਦਿਓ ।

ਮੈਂ ਨ੍ਹੀਂ ਕਹਿੰਦਾ ਮਹਿੰਗੀ ਕੋਈ ਸ਼ਰਾਬ ਦੇ ਦਿਓ ।
ਜੀ ਜੇਹਲਮ ਰਾਵੀ ਤੇ ਚਨਾਬ ਦੇ ਦਿਓ ।
ਦੋ ਵਾਲ਼ਾ ਲੋਚਾਂ ਨਾਂ ਹੀ ਤਿੰਨ ਵਾਲ਼ਾ ਸੋਚਾਂ ।
ਮੈਨੂੰ ਤੁਸੀਂ ਪੰਜਾਂ ਦਾ ਪੰਜਾਬ ਦੇ ਦਿਓ ।

ਜੀਹਦੇ 'ਚ ਸਰੂਰ ਉੁਹ ਸ਼ਬਾਬ ਦੇ ਦਿਓ ।
ਐਦਾਂ ਦਾ ਕੋਈ ਨਸ਼ਾ ਬੇ-ਹਿਸਾਬ ਦੇ ਦਿਓ ।
ਸ਼ਾਇਰਾਂ ਦੀ ਮਹਿਫਲ 'ਚ ਜੁੜ ਬੈਠਾਂ ਜਦ ਮੈਂ ।
ਇੱਕ ਅੱਧਾ ਸਾਨੂੰ ਵੀ ਅਦਾਬ ਦੇ ਦਿਓ ।

ਗਾਇਕੀ ਦੇ ਭੇਦ ਤੋਂ ਜਵਾਬ ਦੇ ਦਿਓ ।
ਸੁਰ ਅਤੇ ਤਾਲ ਵੀ ਖਰਾਬ ਦੇ ਦਿਓ ।
ਸੱਚੇ ਉੁਸ ਇੱਕ ਦੀ ਮੈਂ ਸਿਫ਼ਤਾਂ ਨੂੰ ਗਾਵਣਾ ।
ਸੱਚੇ ਲਈ ਤਾਂ ਸੁੱਚੀ ਹੀ ਰਬਾਬ ਦੇ ਦਿਓ ।

22. ਪੇਕੇ ਸਹੁਰੇ

ਹੰਝੂਆਂ ਦੇ ਪਾਣੀ ਨਾਲ਼ ਉਹ ਸਿੰਜਦੀ ਰਹੀ ।
ਸੁਰਮੇ ਦੀ ਮੁੱਖੜੇ 'ਤੇ ਵੇਲ ਬਣ ਗਈ
ਉਹਦੀ ਮਹਿੰਦੀ ਨੇ ਤਾਂ ਖ਼ੁਸ਼ੀਆਂ ਦੇ ਬੋਲ-ਬੋਲੇ ਸੀ ।
ਪਰ ਉਹਦੇ ਸੁਰਮੇ ਨੇ ਗੁੱਝੇ ਸਭ ਭੇਦ ਖੋਲ੍ਹੇ ਸੀ ।

ਉਹ ਤੁਰਦੀ ਫਿਰਦੀ ਸੀ । ਪਰ ਅੰਦਰੋਂ ਮੋਈ ਸੀ ।
ਉਹਦੀ ਕੋਈ ਖਾਸ ਸ਼ੈਅ ਅੱਜ ਓਹਤੋਂ ਖੋਈ ਸੀ ।
ਲੈ ਕੇ ਚਾਰ ਲਾਵਾਂ ਉਹ ਸਹੁਰੇ ਘਰ ਚੱਲੀ ਸੀ ।
ਕਿੰਨੇ ਜਣੇ ਸੀ ਨਾਲ਼ ਫ਼ਿਰ ਵੀ ਉਹ 'ਕੱਲ਼ੀ ਸੀ ।

ਕਿੰਨੇ ਸਾਲ ਉਹਨੇ ਪੇਕੇ ਘਰ ਗੁਜ਼ਾਰੇ ਸੀ ।
ਇੱਥੇ ਬੜੀ ਖੁੱਲ੍ਹ ਸੀ । ਬੜੇ ਨਜ਼ਾਰੇ ਸੀ ।
ਇੱਥੇ ਉਹ ਲਾਡਲੀ ਸੀ । ਧੀ ਧਿਆਣੀ ਸੀ ।
ਉੱਥੇ ਉਹ ਪਤਨੀ ਤੇ ਨੂੰਹ ਰਾਣੀ ਸੀ ।

ਇੱਥੇ ਖਾਣ-ਪੀਣ ਪਾਉੁਣ ਦੀ ਵੀ ਖੁੱਲ੍ਹ ਸੀ ।
ਉੱਥੇ ਨਿੱਕੀ ਗ਼ਲਤੀ ਵੀ ਵੱਡੀ ਭੁੱਲ ਸੀ ।
ਸਮਾਜ ਦਾ ਰਿਵਾਜ ਉਹ ਪੁਗਾ ਰਹੀ ਸੀ ।
ਨਾ ਚਾਹੁੰਦੇ ਵੀ ਸਹੁਰੇ ਘਰੇ ਜਾ ਰਹੀ ਸੀ ।

ਜਾਂਦੀ-ਜਾਂਦੀ ਪੇਕਾ ਘਰ ਕਰ ਕੱਖ ਗਈ ।
ਰੂਹ ਦੇ ਦੋ ਟੋਟੇ ਕਰ । ਇੱਕ ਇੱਥੇ ਰੱਖ ਗਈ ।
ਅਰਜ਼ ਦੀ ਅਰਜ਼ ਸੁਣੋਂ । ਧੀਓ ਧਿਆਣੀਉਂ ।
ਰੋਇਆ ਨਾ ਕਰੋ ਨ੍ਹੀ ਤੁਸੀਂ ਡੁੱਬ ਜਾਣੀਉਂ ।

23. ਕੰਡਿਆਂ ਵਾਲ਼ੇ ਕੈਕਟਸ

ਮੇਰੇ ਨੇੜੇ ਨਾ ਆਉੁਣਾ ।
ਮੈਂ ਕੋਈ ਹਰਿਆ-ਭਰਿਆ ਬਾਗ ਨਹੀਂ ।
ਮੈਂ ਬੰਜ਼ਰ ਧਰਾਤਲ 'ਤੇ ਗਰਮ ਰੇਗਿਸਤਾਨ ਹਾਂ ।
ਮੇਰੀ ਹਿੱਕ 'ਚ ਕੋਮਲ ਫ਼ੁੱਲ ਨਹੀਂ ਉੁੱਗਦੇ ।
ਐਥੇ ਕੰਡਿਆਂ ਵਾਲ਼ੇ ਕੈਕਟਸ ਉੁੱਗਦੇ ਨੇ ।
ਮੈਂ ਮੋਹ ਭਰੀਆਂ ਗੱਲਾਂ ਨਹੀਂ ਕਰਦਾ ।
ਮੈਂ ਸਦਾ ਮੋਹ ਤੋੜਵੀਆਂ ਗੱਲਾਂ ਕਰਦਾਂ ।
ਮੇਰੇ ਨਾਲ਼ ਰਿਸ਼ਤਾ ਨਾ ਬਣਾਓ ।
ਮੈਂ ਰਿਸ਼ਤਿਆਂ ਦੀ ਕਦਰ ਕਰਦਾਂ ਪਰ
ਰਿਸ਼ਤੇ ਅਕਸਰ ਟੁੱਟਣ 'ਤੇ ਲੱਕ ਤੋੜ ਜਾਂਦੇ ਨੇ ।

ਮੈਨੂੰ ਅਕਸਰ ਸਖ਼ਤ ਹੋਣ ਦਾ ਦਿਖਾਵਾ ਕਰਨਾ ਪੈਂਦਾ ਐ ।
ਤੇ ਮੈਂ ਝੂਠਾ ਹੱਸਦਾ ਹਾਂ ਜਿਵੇਂ ਮੈਨੂੰ ਕੋਈ ਫ਼ਰਕ ਨਹੀਂ ।
ਕਿਸੇ ਦੇ ਹੋਵਣ ਜਾਂ ਨਾ ਹੋਵਣ ਦਾ ।
ਫ਼ਰਕ ਤਾਂ ਹਰੇਕ ਨੂੰ ਪੈਂਦਾ ਐ ।
ਭਾਵਨਾਵਾਂ ਹਰੇਕ ਦੇ ਅੰਦਰ ਹੁੰਦੀਆਂ ਹਨ ।

ਕਿਸੇ ਨਾਲ ਮੋਹ 'ਚ ਬੰਨ੍ਹੇ ਜਾਣਾ ਕਈ ਵਾਰ
ਕਾਫ਼ੀ ਦਰਦਮਈ ਸਾਬਿਤ ਹੁੰਦਾ ਐ ।
ਓਦੋਂ ਜਦੋਂ ਉਹ ਮੋਹ ਦੀਆਂ ਤੰਦਾਂ ਤੋੜ ਕੇ ਖ਼ੁਦ ਨੂੰ ਅਜ਼ਾਦ ਕਰ ਲਵੇ ।
ਤੇ ਅਸੀਂ ਜੋ ਪਿੰਜ਼ਰੇ 'ਚ ਬੰਦ ਪੰਛੀ ਸਾਂ ।
ਅਜ਼ਾਦ ਹੋਣ 'ਤੇ ਘਰ ਢਹੇ ਜਾਣ ਵਾਂਗ
ਬੇਘਰ ਹੋ ਏ ਪ੍ਰਤੀਤ ਕਰਦੇ ਹਾਂ ।

24. ਦਿਲ ਨੂੰ ਲਾਵਣ ਰੋਗ ਅਵੱਲੇ

ਦਿਲ ਨੂੰ ਲਾਵਣ ਰੋਗ ਅਵੱਲੇ
ਆਸ਼ਿਕ ਸ਼ਾਇਰ ਦੋਵੇਂ ਝੱਲੇ ।
ਦੋਵੇਂ ਹੀ ਨੇ ਮੇਰੇ ਅੰਦਰ ।
ਲੋਕ ਕਹਿਣ ਅਸੀਂ ਕੱਲਮ 'ਕੱਲੇ ।

ਚੁੱਪ ਚੁਪੀਤੀ ਇਸ਼ਕਾਂ ਨੀਤੀ ।
ਸਾਡੀ ਵਾਰੀ ਪੈ ਗਏ ਹੱਲੇ ।
ਕਵਿਤਾ ਮੇਰੀ ਤਾਂ ਹੈ ਹੱਡ ਬੀਤੀ ।
ਉੁਹ ਕਹਿਣ ਜੀ ਬੱਲੇ-ਬੱਲੇ ।

ਇਸ਼ਕੇ ਦੇ ਵਿੱਚ ਬੁੱਧ ਨ੍ਹੀਂ ਬਣਨਾ ।
ਅਸੀਂ ਤਾਂ ਫਿਰਨਾਂ ਗਲ਼ੀ ਮੁਹੱਲੇ ।
ਖ਼ੈਰ ਹੈ ਮੰਗਣੀ ਓਹਦੇ ਦਰ ਤੋਂ ।
ਕੁੱਝ ਤਾਂ ਪਾਵੇ ਸਾਡੇ ਪੱਲੇ ।

ਕੀ ਹੈ ਤੇਰੇ ਮੇਰੇ ਹੱਥ ਵਿੱਚ ।
ਓਹ ਜਿਵੇਂ ਚਲਾਉਂਦਾ ਤਿਵੇਂ ਈ ਚੱਲੇ ।
ਜ਼ਿਮੀਂਦਾਰ ਨਹੀਂ ਕਿਸੇ ਨੇ ਜਾਣਾ ।
ਐਵੇਂ ਫਿਰੇਂ ਜ਼ਮੀਨਾਂ ਮੱਲੇ ।

ਜਿਹੜੇ ਦਰ 'ਤੇ ਮੁਕਤੀ ਮਿਲਣੀ ।
ਮੈਂ ਤਾਂ ਚੱਲਿਆ ਉੁਹਦੇ ਵੱਲੇ ।
ਕਾਦਰ ਦੀ ਕੁਦਰਤ ਵਿੱਚ ਵੱਸਣਾ ।
ਰਹੀਮ ਰਹਿਮਤਾਂ ਆਪੇ ਘੱਲੇ ।

25. ਮਾਂ ਮੈਂ ਐਦਾਂ ਨਈਉਂ ਮਰਨਾਂ

ਜੀਊਣਾ ਹੈ ਮੈਂ ਸਦੀਆਂ ਤੀਕਰ ।
ਜਿਵੇਂ ਜਿਉਂਦੀ ਢਾਬ 'ਤੇ ਕਿੱਕਰ ।
ਮੈਂ ਵੀ ਦੁੱਖ-ਸੁੱਖ ਜਰਨਾ ।
ਮਾਂ ਮੈਂ ਐਦਾਂ ਨਈਉਂ ਮਰਨਾਂ ।

ਖੁਸ਼ੀਆਂ ਵੰਡਾਂ ਮੈਂ ਲੱਖ ਹਜ਼ਾਰਾਂ ।
ਸੀਨੇ ਦਰਦਾਂ ਕਈ ਸਹਾਰਾਂ ।
ਕਿਸੇ ਕੋਲੋਂ ਮੈਂ ਨਈਉਂ ਡਰਨਾਂ ।
ਮਾਂ ਮੈਂ ਐਦਾਂ ਨਈਉਂ ਮਰਨਾਂ ।

ਅੰਤ ਸਾਹ ਤੱਕ ਤੁਰਦੇ ਰਹਿਣਾਂ ।
ਵਿੱਚ ਵਿਚਾਲੇ ਨਹੀਉਂ ਬਹਿਣਾ ।
ਵਾਂਗ ਜਿਵੇਂ ਕੋਈ ਝਰਨਾਂ ।
ਮਾਂ ਮੈਂ ਐਦਾਂ ਨਈਉਂ ਮਰਨਾਂ ।

ਮਾਂ ਮੈਂ ਦੇਖਣਾ ਸਫ਼ਲ ਕਿਸਾਨ ।
ਇੱਕੋ ਧਰਮ ਸਭ ਹੀ ਇਨਸਾਨ ।
ਫ਼ਿਰ ਮੈਂ ਠੰਢਾ ਹਉਂਕਾ ਭਰਨਾਂ ।
ਮਾਂ ਮੈਂ ਐਦਾਂ ਨਈਉਂ ਮਰਨਾਂ ।

ਲਿਖਣੀ ਮੈਂ ਅਣਥੱਕ ਜਵਾਨੀ ।
ਜਦ ਮੈਂ ਹੋਵਾਂ ਯਾਦ ਜ਼ੁਬਾਨੀ ।
ਤੁਸੀਂ ਦੁਆ ਮੇਰੇ ਲਈ ਕਰਨਾਂ ।
ਮਾਂ ਮੈਂ ਐਦਾਂ ਨਈਉਂ ਮਰਨਾਂ ।

ਜਦ ਪੜ੍ਹੇ ਕੋਈ ਮੇਰੀ ਤਰਜ਼ ।
ਝੱਟ ਪਛਾਣੇ ਇਹ ਤਾਂ ਅਰਜ਼ ।
ਇੰਤਜ਼ਾਰ ਮੈਂ ਕਰਨਾ ।
ਮਾਂ ਮੈਂ ਐਦਾਂ ਹੀ ਫ਼ਿਰ ਮਰਨਾਂ ।

26. ਪੰਜਆਬ

ਕਦੇ-ਕਦੇ ਦਿਲ ਕਰਦਾ ਐ ।
ਕਿ ਮੈਂ ਰਾਵੀ ਹੋ ਜਾਵਾਂ ।
ਕੁੱਝ ਕੁ ਇਸ ਪਾਸੇ ਮੈਂ ਵੱਸ 'ਜਾਂ ।
ਕੁੱਝ ਕੁ ਉੁਸ ਪਾਸੜ ਖੋ ਜਾਵਾਂ ।

ਬਣ ਜਾਵਾਂ ਮੈਂ ਪਾਣੀ ।
ਹਰਿਮੰਦਰ ਤੇ ਮੈਂ ਬਰਸਾਂ ।
ਤੇ ਆਪਣਾ ਅੱਧਾ ਹਿੱਸਾ ਕਰ ।
ਨਨਕਾਣਾ ਵੀ ਧੋ ਆਵਾਂ ।

ਹੋ ਜਾਵਾਂ ਮੈਂ ਮਿੱਟੀ ।
ਤੇ ਮਿੱਟੀ ਨਾਲ਼ ਮਿਲ਼ ਜਾਵਾਂ ।
ਆਨੰਦ ਲਵਾਂ ਗੁਰਬਾਣੀ ਦਾ ।
ਅਜ਼ਾਨ ਦਾ ਲ਼ੁਤਫ਼ ਉੁਠਾਵਾਂ ।

ਰੂਪ ਧਾਰ ਲਵਾਂ ਪੰਛੀ ਦਾ ।
ਤੇ ਖ਼ੂਬ ਉੁਡਾਰੀਆਂ ਲਾਵਾਂ ।
ਉੁਸ ਮੁਲਕ 'ਚ ਵੜ ਕੇ ਮੈਂ ।
ਗੀਤ ਪਿਆਰ ਦਾ ਗਾਵਾਂ ।

ਸ਼ੁਰੂ ਕਰਾਂ ਮੈਂ ਐਧਰ ਲਿਖਣਾ ।
ਉੱਧਰ ਜਾਣ ਮੁਕਾਵਾਂ ।
ਦੋਵੇਂ ਹੱਸਦੇ ਵੱਸਦੇ ਵੱਸਣ ।
ਦਿਲ ਤੋਂ ਇਹੀ ਦੁਆਵਾਂ ।

27. ਛੇਵਾਂ ਦਰਿਆ

ਗੱਭਰੂਆਂ ਨੇ ਜਦ ਕੜਾ ਲਾਹ ਕੇ ।
ਨੱਕ ਵਿੱਚ ਕੋਕਾ ਪਾ ਲਿਆ ।
ਸਿਆਸਤ ਤੇ ਸਰਕਾਰਾਂ ਨੇ ਤਦ ।
ਮੇਰਾ ਪੰਜਾਬ ਖਾ ਲਿਆ ।

ਗੰਦ ਲਿਖਣ ਲਿਖਾਰੀ ਵੱਡੇ ।
ਠੇਕੇ ਥਾਣੇ ਸਾਡੇ ਅੱਡੇ ।
ਨਸ਼ੇ ਤਾਂ ਆਪਾਂ ਕੋਈ ਨਾ ਛੱਡੇ ।
ਆਹ ਕੀ ਵੇਲ਼ਾ ਆ ਗਿਆ ।

ਗੱਜ ਛਾਤੀਆਂ ਗਿੱਠਾਂ ਹੋ ਗਈਆਂ ।
ਗੁਰੂਆਂ ਦੇ ਵੱਲ ਪਿੱਠਾਂ ਹੋ ਗਈਆਂ ।
ਤਿੰਨ ਦਿਨਾਂ 'ਚ ਕਿੰਨੀਆਂ ਮੌਤਾਂ ।
ਚਿੱਟਾ ਕਹਿਰ ਕਮਾ ਗਿਆ ।

ਧਰਮ ਦੇ ਠੇਕੇਦਾਰ ਵੀ ਮਾੜੇ ।
ਬਾਬੇ ਡੇਰੇਦਾਰ ਵੀ ਮਾੜੇ ।
ਅਸਲ ਧਰਮ ਤੋਂ ਵਾਂਝਾ ਕਰਦੇ ।
ਇਨਸਾਨ ਨੂੰ ਲੜਨੇ ਲਾ ਗਿਆ ।

ਮੁੜ ਆਓ ਮੇਰੀ ਮਾਂ ਦੇ ਜਾਇਓ ।
ਪੰਜਾਬੀ ਨੂੰ ਤੁਸੀਂ ਦਾਗ਼ ਨਾ ਲਾਇਓ ।
ਨਸ਼ੇ ਤਿਆਗੋ ਮੁੱਢ-ਪਛਾਣੋਂ ।
ਅਰਜ਼ ਦੁਹਾਈਆਂ ਪਾ ਗਿਆ ।

28. ਨੀਲੇ ਬਾਣੇ

ਕੱਚੀਆਂ ਉੁਮਰਾਂ ਹਿੱਕਾਂ ਡਾਈਆਂ ।
ਜਦ ਸੀ ਫੌਜ਼ਾਂ ਚੜ੍ਹ ਕੇ ਆਈਆਂ ।
ਕਹਿੰਦੇ ਅਕਾਲ ਤਖ਼ਤ ਢਾਹੁਣੇਂ ।
ਹਾਰ ਨਾ ਮੰਨਦੇ ਨੀਲੇ ਬਾਣੇ ।

ਜਦ-ਜਦ ਹਾਕਮ ਕਹਿਰ ਕਮਾਵੇ ।
ਤਦ ਤਦ ਖਾਲਸਾ ਉੁਹਨੂੰ ਢਾਹਵੇ ।
ਚਮਕੌਰ ਗੜ੍ਹੀ 'ਚੋਂ ਮੁੱਕੇ ਦਾਣੇ ।
ਹਾਰ ਨਾ ਮੰਨਦੇ ਨੀਲੇ ਬਾਣੇ ।

ਭਾਵੇਂ ਨੀਹਾਂ ਵਿੱਚ ਚਿਣਵਾ ਦੇ ।
ਕੇਸੋਂ ਚੰਗਾ ਗਾਟਾ ਲਾਹ ਦੇ ।
ਭਾਵੇਂ ਬੰਦ ਬੰਦ ਪਏ ਕਟਾਉੁਣੇ ।
ਹਾਰ ਨਾ ਮੰਨਦੇ ਨੀਲੇ ਬਾਣੇ ।

ਬਾਬਰ ਨੂੰ ਵੀ ਜਾਬਰ ਕਹਿਣਾ ।
ਤੱਤੀਆਂ ਤਵੀਆਂ ਤਾਪ ਵੀ ਸਹਿਣਾ ।
ਫਿਰ ਵੀ ਰਹਿਣਾ ਉੁਸਦੇ ਭਾਣੇ ।
ਹਾਰ ਨਾ ਮੰਨਦੇ ਨੀਲੇ ਬਾਣੇ ।

ਇਹ ਸ਼ਹਾਦਤ ਹੋਰ ਨਾ ਕਿਧਰੇ ।
ਸਵਾ ਲੱਖ ਨਾਲ 'ਕੱਲਾ ਨਿਬੜੇ ।
ਸੀਸ ਤਲੀ ਧਰ ਜੰਗ ਨੂੰ ਮਾਣੇ ।
ਹਾਰ ਨਾ ਮੰਨਦੇ ਨੀਲੇ ਬਾਣੇ ।

ਵਿੱਚ ਚੁਰਾਸੀ ਘੱਲੂਘਾਰੇ ।
ਕਿੰਨੇ ਹੀ ਬੇਦੋਸ਼ੇ ਮਾਰੇ ।
ਫ਼ਿਰ ਵੀ ਖੜ੍ਹਦੇ ਹਿੱਕਾਂ ਤਾਣੇ ।
ਹਾਰ ਨਾ ਮੰਨਦੇ ਨੀਲੇ ਬਾਣੇ ।

29. ਇਨਸਾਨੀਅਤ

ਭਾਵੇਂ ਅੰਦਰ ਹੋਵੇ ਸਿੱਖੀ ।
ਜਾਂ ਹੋਵੇ ਮੁਸਲਮਾਨੀਅਤ ।
ਪਰ ਇੱਕ ਗੱਲ ਪਿਆਰੇ ਯਾਦ ਰੱਖੀਂ ।
ਸਭ ਤੋਂ ਪਹਿਲਾਂ ਐ ਇਨਸਾਨੀਅਤ ।

ਭਾਵੇਂ ਪੜ੍ਹ ਲੈ ਗੁਰਬਾਣੀ ਤੂੰ ।
ਜਾਂ ਕਰੀਂ ਅਦਾ ਨਮਾਜ਼ਾਂ ਨੂੰ ।
ਪਰ ਇੱਕ ਗੱਲ ਪਿਆਰੇ ਯਾਦ ਰੱਖੀਂ ।
ਇਹਨਾਂ ਦੋਵਾਂ ਵਿੱਚ ਰੁਹਾਨੀਅਤ ।

ਜੇ ਕਹਿੰਦੈਂ ਮੰਦਿਰ ਤੇਰਾ ਐ ।
ਤੇ ਆਹ ਗੁਰੂ ਘਰ ਮੇਰਾ ਐ ।
ਤਾਂ ਇੱਕ ਗੱਲ ਪਿਆਰੇ ਯਾਦ ਰੱਖੀਂ ।
ਰੱਬੀ ਘਰ ਵੀ ਛਾਊ ਵਿਰਾਨੀਅਤ ।

ਉੁਹ ਤਾਂ ਕਹਿੰਦੇ ਇੱਕ ਓਅੰਕਾਰ ।
ਮਾਲਿਕ ਸਭ ਕਾ ਇੱਕ ਹੈ ਯਾਰ ।
ਫ਼ਿਰ ਵੀ ਆਪਸ ਵਿੱਚ ਤਕਰਾਰ ।
ਆਹ ਦੇਖ ਹੁੰਦੀ ਐ ਹੈਰਾਨੀਅਤ ।

ਭਾਵੇਂ ਅੰਦਰ ਹੋਵੇ ਸਿੱਖੀ ।
ਜਾਂ ਹੋਵੇ ਮੁਸਲਮਾਨੀਅਤ ।
ਪਰ ਇੱਕ ਗੱਲ ਪਿਆਰੇ ਯਾਦ ਰੱਖੀਂ ।
ਸਭ ਤੋਂ ਪਹਿਲਾਂ ਐ ਇਨਸਾਨੀਅਤ ।

30. ਖ਼ਰਾਬ ਨਸਲਾਂ

ਚਿਮਟੇ ਵਾਜਿਆਂ ਨਾਲ਼ ਤਾਂ
ਇਹ ਰੀਸ ਕਰਨ ਰਬਾਬਾਂ ਦੀ ।

ਫ਼ੱਕਰ ਆਖ਼ਣ ਖ਼ੁਦ ਨੂੰ ਤੇ
ਜ਼ਿੰਦਗੀ ਜੀਣ ਨਵਾਬਾਂ ਦੀ ।

ਕਹਿੰਦੇ ਰੱਬ ਸਾਦਗੀ ਵਿੱਚ,
ਆਪ ਸਾਵਣ ਸੇਜ ਗੁਲਾਬਾਂ ਦੀ ।

ਐਧਰ ਵਾਹਿਗੁਰੂ ਓਧਰ ਅੱਲ੍ਹਾ,
ਇਹ ਬਾਬੇ ਨਸਲ ਖਰਾਬਾਂ ਦੀ ।

ਓਹ ਤਾਂ ਘੁਲ਼ਿਆ ਮਿਲਿਆ ਫ਼ਿਰਦਾ,
ਵਿੱਚ ਮਿੱਟੀ ਦੋਵੇਂ ਪੰਜਾਬਾਂ ਦੀ ।

31. ਇੱਕ ਗੱਲ

ਹਜ਼ਾਰਾਂ ਲੱਖਾਂ ਗੱਲਾਂ ਤੋਂ ਬਾਅਦ,
ਗੱਲ ਆਖ਼ਰੀ ਗੱਲ 'ਤੇ ਆ ਗਈ ।
ਤੇ ਆਖ਼ਰੀ ਗੱਲ ਵੀ ਕੀ ਗੱਲ ਸੀ
ਗੱਲਾਂ ਗੱਲਾਂ 'ਚ ਉਸਨੇ ਕਹਿ ਦਿੱਤਾ,
ਅੱਜ ਤੋਂ ਬਾਅਦ ਮੇਰੇ ਨਾਲ ਗੱਲ ਨਾ ਕਰੀ ।
ਉਸ ਤੋਂ ਬਾਅਦ ਸਾਡੀ ਕਦੇ ਕੋਈ ਗੱਲ ਨਹੀਂ ਹੋਈ ।
ਹਾਂ ਇੱਕ ਗੱਲ ਹੋਰ!
ਉਹ ਗੱਲ-ਗੱਲ ਵਿੱਚ ਮੈਨੂੰ ਕਹਿੰਦੀ ਸੀ,
"ਤੂੰ ਬਹੁਤ ਘੱਟ ਗੱਲ ਕਰਦੈਂ"
ਮੈ ਇੱਕੋ ਗੱਲ 'ਚ ਜਵਾਬ ਦਿੰਦਾ,
"ਗੱਲ ਕਰਨ ਲਈ ਕੋਈ ਗੱਲ ਵੀ ਤਾਂ ਹੋਵੇ"
ਤੇ ਅੱਜ ਗੱਲ ਇੱਥੇ ਪੁੱਜ ਗਈ ਐ
ਕਿ ਉਹ ਬਹੁਤੀਆਂ ਗੱਲਾਂ ਵਾਲੀ
"ਇਕ ਗੱਲ" ਬਣ ਕੇ ਰਹਿ ਗਈ ਐ ।

32. ਰੱਬੀ ਰਿਸ਼ਤਾ

ਮੈਨੂੰ ਉਹ ਰੱਬ ਜਿਹੀ ਲੱਗਦੀ ਐ ।
ਜਦ-ਜਦ ਉਹਦੀਆਂ ਡੂੰਘੀਆ ਅੱਖਾਂ ਮੇਰੇ ਵੱਲ ਦੇਖਦੀਆਂ ।
ਮੈਂ ਕਈ ਵਾਰ ਉਹਨੂੰ ਨਜ਼ਰ ਅੰਦਾਜ ਕਰਨ ਦਾ ਦਿਖਾਵਾ ਕਰਦਾ ।
ਪਰ ਦਿਖਾਵੇ ਦਾ ਅਰਥ ਤਾਂ ਤੁਸੀਂ ਸਾਰੇ ਜਾਣਦੇ ਈ ਓ ।

ਕੋਲ਼ੋਂ ਲੰਘਦਿਆਂ ਜਦ ਵੀ ਉਹਦੇ ਵੱਲ ਟੇਢਾ ਜਿਹਾ ਦੇਖ ਲਵਾਂ ।
ਉਹ ਮੇਰੇ ਵੱਲ ਈ ਦੇਖ ਰਹੀ ਹੁੰਦੀ ਐ ।
ਕਦੇ-ਕਦੇ ਤਾਂ ਸੋਚਦਾ ਕਿ ਕੋਲ ਬੈਠ ਕੇ ਗੱਲ ਕਰਾਂ ।
ਪਰ ਉਹਦਾ ਰੁਤਬਾ ਮੈਨੂੰ ਬਹੁਤ ਉੱਚਾ ਲੱਗਦੈ ।

ਉਹ ਮੈਨੂੰ ਗਿਆਨ ਦਾ ਭੰਡਾਰ ਜਾਪਦੀ ਐ ।
ਇਕ ਸਕੂਨ ਐ ਉਹਦੇ ਚਿਹਰੇ 'ਤੇ ।
ਜਿਵੇਂ ਕਿਸੇ ਸ਼ੈਅ ਦੀ ਚਾਹ ਨਾ ਹੋਵੇ ਉਸਨੂੰ ।
ਮੈਨੂੰ ਉਹ ਸੰਪੂਰਨ ਜਾਪਦੀ ਐ ।

ਕੱਲ੍ਹ ਤਾਂ ਮੈਂ ਉਸਦੇ ਸੋਹਣੇ ਪੈਰ ਵੀ ਦੇਖ ਲਏ ।
ਮੇਰਾ ਦਿਲ ਕਰਿਆ ਕਿ ਛੂਹ ਲਵਾਂ ਉਹਦੇ ਪੈਰ ।
ਤੇ ਮਹਿਸੁਸ ਕਰਾਂ ਸਵਰਗ ਦੀ ਛੋਹ ਨੂੰ ।
ਮੈਂ ਰੋਕ ਨਾ ਪਾਇਆ ਖ਼ੁਦ ਨੂੰ ।

ਬਹਿ ਗਿਆ ਉਹਦੇ ਕੋਲ਼ ਤੇ ਫੜ੍ਹ ਲਏ ਉਹਦੇ ਪੈਰ ।
ਇਸ਼ਕ ਹੋ ਗਿਆ ਐ ਓਹਦੇ ਨਾਲ਼ ।
ਉਹ ਮੈਨੂੰ ਆਪਣੀ ਜਿਹੀ ਜਾਪਦੀ ਐ ।
ਉਹਨੇਂ ਵੀ ਹੌਲੇ ਜਿਹੇ ਮੇਰੇ ਸਿਰ ਤੇ ਹੱਥ ਫੇਰਿਆ ।
ਤੇ ਮੈਂ ਦੂਜੇ ਜਹਾਨ 'ਚ ਪਹੁੰਚ ਗਿਆ ।

ਮੈਂ ਉਹਨੂੰ ਐਨੀ ਨਜ਼ਦੀਕ ਤੋਂ ਪਹਿਲੀ ਵਾਰ ਦੇਖਿਆ ।
ਉਸਦੇ ਸਫ਼ੇਦ ਵਾਲ, ਝੁਰੜੀਆਂ ਤੇ ਡੂੰਘੀਆ ਅੱਖਾਂ ।
ਅੱਖਾਂ 'ਤੇ ਲੱਗਿਆ ਮੋਟੇ ਸ਼ੀਸ਼ਿਆਂ ਵਾਲ਼ਾ ਚਸ਼ਮਾਂ ।
ਤੇ ਖ਼ੁਰਦਰੇ ਹੱਥ । ਉਹ ਰੱਬ ਹੀ ਤਾਂ ਹੈ ।

ਅੱਜ ਉਹ ਬੇਬੇ ਮੇਰੀ ਆਪਣੀ ਐ ।
ਜਿਸਨੂੰ ਮੈਂ ਦਫ਼ਤਰ ਜਾਣ ਲੱਗਿਆਂ ਰਾਹ 'ਚ ਰੋਜ਼ ਦੇਖਦਾ ਸੀ ।
ਉਹ ਘਰੋਂ ਬਾਹਰ ਮੰਜੀ 'ਤੇ ਬੈਠੀ ਮੇਰੇ ਵੱਲ ਇੰਝ ਦੇਖਦੀ ਸੀ ।
ਜਿਵੇਂ ਕਿਸੇ ਨੂੰ ਲੱਭ ਰਹੀ ਹੋਵੇ ਮੇਰੇ 'ਚੋਂ ।
ਤੇ ਸ਼ਾਇਦ ਕੱਲ੍ਹ ਉਸਨੂੰ ਮਿਲ਼ ਵੀ ਗਿਆ ।
ਇੱਕ ਪੁੱਤਰ ।

33. ਇੱਕ ਹੋ ਜਾਈਏ

ਸੁਣ ਵੇ ਸ਼ਾਇਰਾ ।
ਮੈਂ ਤੇ ਤੇਰੀ ਕਵਿਤਾਵਾਂ ਅਕਸਰ ਇਕੱਠੇ ਹੁੰਦੇ ਆਂ ।
ਇਕ ਹਨ੍ਹੇਰੇ ਕਮਰੇ 'ਚ ।
ਮੈਨੂੰ ਬਹੁਤ ਪਸੰਦ ਐ ਤੇਰਾ ਲਿਖਣਾ ।
ਕਿਉਂਕਿ ਇਸਨੂੰ ਪੜ੍ਹਨ ਦੀ ਲੋੜ ਨਹੀਂ ਪੈਂਦੀ ।
ਇਹ ਕਵਿਤਾਵਾਂ ਤਾਂ ਮੇਰੇ ਨਾਲ ਗੱਲਾਂ ਕਰਦੀਆਂ ਹਨ ।
ਤੂੰ ਇਹਨਾਂ ਨੂੰ ਕਿਸ ਵਿਸ਼ੇ 'ਤੇ ਲਿਖਿਆ ਐ ।
ਇਹ ਖ਼ੁਦ ਬੋਲ ਕੇ ਦੱਸਦੀਆਂ ਹਨ ।
ਇਹ ਸਦਾ ਹੱਸਦੀਆਂ ਹਨ ।
ਦਿਲ ਮੇਰੇ 'ਚ ਵੱਸਦੀਆਂ ਹਨ ।

ਇੱਕ ਗੱਲ ਜੋ ਖਟਕਦੀ ਐ ਮੈਨੂੰ ।
ਪੀੜਾਂ, ਦਰਦ, ਬਿਰਹੋ ਜੋ ਮੈਂ ਤੈਨੂੰ ਦਿੱਤਾ ।
ਉਹ ਕਦੇ ਨਹੀਂ ਸੁਣਿਆ ਮੈਂ ਤੇਰੀ ਕਵਿਤਾਵਾਂ ਦੇ ਮੂੰਹੋਂ ।
ਤੇਰੇ ਵੱਲੋਂ ਉਦਾਸੀ ਕਦੇ ਨਹੀਂ ਲਿਖੀ ਗਈ ।
ਤੂੰ ਕਿੱਥੇ ਸਾਂਭੀ ਫਿਰਦੈਂ ।
ਵਿਛੋੜੇ ਦਾ ਦਰਦ ।
ਤੂੰ ਪੱਥਰ ਨਹੀਂ ਇਹ ਵੀ ਜਾਣਦੀ ਆਂ ਮੈਂ ।
ਤੇਰੀ ਹਰ ਰਮਜ਼ ਪਛਾਣਦੀ ਆਂ ਮੈਂ ।

ਹਰ ਵਾਰ ਜਦ ਤੂੰ ਕੁਝ ਲਿਖਦਾ ਐਂ ।
ਮੈਂ ਹਰ ਵਾਰ ਸੋਚਦੀ ਆਂ ਕਿ
ਇਸ ਵਾਰ ਮੇਰੇ ਬਾਰੇ ਹੀ ਲਿਖਿਆ ਹੋਣੈ ।
ਪਰ ਹਰ ਵਾਰ ਮੈਂ ਹਾਰ ਜਾਨੀ ਆਂ ।
ਮੈਨੂੰ ਲੱਗਦਾ ਮੇਰੇ ਵੱਲੋਂ ਕੋਈ ਕਸਰ ਰਹਿ ਗਈ ਹੋਣੀ ।
ਮੇਰਾ ਤੇਰੇ ਹੱਥੋਂ ਲਿਖੇ ਜਾਣ ਦਾ ਦਿਲ ਕਰਦੈ ।
ਚੱਲ ਆ ਫਿਰ ਮੈਂ ਤੇ ਤੂੰ ਇੱਕ ਹੋ ਜਾਈ ਏ ।
ਫਿਰ ਸੱਟ ਮਾਰਦੀ ਆਂ ਤੇਰੇ ।
ਸ਼ਾਇਦ ਇਸ ਵਾਰ ਤੂੰ ਝੰਜੋੜਿਆਂ ਜਾਵੇਂ ।
ਤੇ ਫ਼ਿਰ ਚੁੱਕੇ ਕਲਮ ਤੇ ਦਵਾਤ ।
ਤੇ ਲਿਖੇ ਮੇਰੇ ਬਾਰੇ ਇੱਕ ਪੂਰੀ ਰਾਤ ।

34. ਆਖ਼ਰੀ ਖ਼ਤ

ਮੇਰੇ ਮਹਿਬੂਬ ।
ਮੈਨੂੰ ਮਾਫ਼ ਕਰੀਂ ।
ਤੇਰਾ ਹੱਥ ਮੈਂ ਨਹੀਂ ਫੜ੍ਹ ਸਕਦਾ ।
ਇੱਕ ਹੱਥ 'ਚ ਮੈਂ ਕਲਮ ਚੱਕੀ ਐ ।
ਦੂਜਾ ਹੱਥ ਮੈਂ ਆਪਣੇ ਬਾਪੂ ਵੱਲ ਕੀਤਾ ਐ ।
ਜੇ ਮੈਂ ਅੱਜ ਪਿਉੁ ਦਾ ਹੱਥ ਨਾ ਫ਼ੜਿਆ,
ਤਾਂ ਮੈਨੂੰ ਡਰ ਹੈ ਕਿ ਕੱਲ੍ਹ ਉਹ ਅਖ਼ਬਾਰ ਦੀ ਸੁਰਖ਼ੀ ਨਾ ਬਣ ਜਾਵੇ ।

ਮੇਰੇ ਮਹਿਬੂਬ ।
ਮੇਰੇ ਘਰ ਕਈ ਵਾਰ ਦਾਣੇ ਵੀ ਨਹੀਂ ਹੁੰਦੇ ।
ਤੇ ਮੈਂ ਆਪਣੀ ਮਾਂ ਦਾ ਚਿਹਰਾ ਪੜ੍ਹ ਲੈਂਦਾ ਹਾਂ ।
ਤੇ ਮੰਜੇ 'ਤੇ ਪਿਆ ਆਖਦਾ ਹਾਂ ।
ਮਾਂ ਅੱਜ ਮੈਨੂੰ ਜਮ੍ਹਾ ਵੀ ਭੁੱਖ ਨਹੀਂ ।

ਮੇਰੇ ਮਹਿਬੂਬ ।
ਮੈਂ ਪੜ੍ਹਾਈ ਵੀ ਐਸੇ ਕਰਕੇ ਛੱਡ ਬੈਠਾਂ
। ਕਿ ਉਹੀ ਖਰਚਾ ਕੁਝ ਦਿਨਾਂ ਦੀ ਰਾਹਤ ਦੇ ਦਵੇ ਸਾਨੂੰ ।
ਮੈਂ ਤੈਨੂੰ ਰਾਣੀ ਕਿਵੇਂ ਬਣਾ ਸਕਦਾ ।
ਮੈਂ ਤਾਂ ਆਪਣੇ ਪਿਉੁ ਨੂੰ ਰਾਜਾ ਬਣਾਉਣ ਦੀ ਸੋਚੀ ਬੈਠਾਂ ।

ਮੇਰੇ ਮਹਿਬੂਬ ।
ਮੈਨੂੰ ਰਾਤ ਪਏ ਨੂੰ ਤੇਰੇ ਖਿਆਲ ਜਾਂ ਸੁਫ਼ਨੇ ਨਹੀਂ ਆਉਂਦੇ ।
ਮੇਰੇ ਪਿਉੁ ਦੇ ਝੁਰੜੀਆਂ ਪਏ ਹੱਥ ਮੈਨੂੰ ਰਾਤਾਂ ਨੂੰ ਸੌਣ ਨਹੀਂ ਦਿੰਦੇ ।
ਮੇਰੀ ਮਾਂ ਦੀਆਂ ਅੱਖਾਂ ਮੈਨੂੰ ਬੇਚੈਨ ਕਰਦੀਆਂ ਨੇ ।

ਮੇਰੇ ਮਹਿਬੂਬ ।
ਤੈਨੂੰ ਮੈਂ ਝਾਂਜਰ ਕਿਵੇਂ ਲੈ ਦੇਵਾਂ ।
ਮੈਂ ਮਾਂ ਦਾ ਗਹਿਣੇ ਪਿਆ ਹਾਰ ਛੁਡਵਾਉਣਾ ਐ ।
ਜੀ ਟੀ ਰੋਡ ਵਾਲੀ ਰੰਗਲੀ ਕੋਠੀ ਬਾਰੇ ਨਹੀਂ ਸੋਚ ਸਕਦਾ ।
ਕੱਚਾ ਘਰ ਜੋ ਚੋਅ ਰਿਹੈ ਉਸਦੀ ਹੀ ਸੋਚ ਮਾਰਦੀ ਐ ਮੈਨੂੰ ।

ਮੇਰੇ ਮਹਿਬੂਬ ।
ਪਿਆਰ ਤਾਂ ਮੈਂ ਵੀ ਕਰਦਾਂ ਤੈਨੂੰ ।
ਪਰ ਸਾਡੇ ਤਿੰਨ ਜੀਆਂ 'ਚ ਚੌਥਾ ਜੀਅ ਆ ਗਿਆ ਤਾਂ
ਮੈਨੂੰ ਡਰ ਹੈ ਕਿ ਮਾਂ ਦੀ ਥਾਲ 'ਚ ਪਈ ਇੱਕ ਰੋਟੀ,
ਕਿਤੇ ਅੱਧੀ ਨਾ ਹੋ ਜਾਵੇ ।

ਮੇਰੇ ਮਹਿਬੂਬ ।
ਮੈਨੂੰ ਮੁਆਫ਼ ਕਰਨਾ ।
ਕੱਲ੍ਹ ਪਿਆਰ ਦਾ ਦਿਨ ਸੀ ।
ਮੈਂ ਤੇਰੇ ਲਈ ਤੋਹਫ਼ਾ ਲੈਣ ਗਿਆ ਸੀ ।
ਪਰ ਬਾਪੂ ਦੀ ਖੰਘ ਦੀ ਦਵਾਈ ਲੈ ਕੇ ਮੁੜ ਆਇਆ ।
ਮੈਨੂੰ ਮੁਆਫ਼ ਕਰਨਾ ।

ਮੇਰੇ ਮਹਿਬੂਬ ।
ਆਹ ਮੇਰਾ ਆਖ਼ਰੀ ਖੱਤ ਐ ਤੈਨੂੰ ।
ਪੜ੍ਹ ਕੇ ਇਸਨੂੰ ਸਾੜ ਦਵੀਂ ।
ਕਿਤੇ ਸਾਡੀ ਮੁਹੱਬਤ ਹਾਸਾ ਨਾ ਬਣ ਜਾਵੇ ।
ਤਮਾਸ਼ਾ ਨਾ ਬਣ ਜਾਵੇ ।
ਅਲਵਿਦਾ ।