Asghar Shami
ਅਸਗ਼ਰ 'ਸ਼ਾਮੀ'

ਨਾਂ-ਅਸਗ਼ਰ ਹੁਸੈਨ ਸ਼ਾਮੀ, ਕਲਮੀ ਨਾਂ-ਅਸਗ਼ਰ ਸ਼ਾਮੀ,
ਪਿਤਾ ਦਾ ਨਾਂ-ਗੁਲਜ਼ਾਰ ਹੁਸੈਨ,
ਜਨਮ ਤਾਰੀਖ਼-7 ਫ਼ਰਵਰੀ 1952,
ਜਨਮ ਸਥਾਨ-ਭਲਵਾਲ, ਜ਼ਿਲਾ ਸਰਗੋਧਾ,
ਵਿਦਿਆ-ਐਫ਼. ਏ., ਕਿੱਤਾ-ਪੱਤਰਕਾਰੀ,
ਛਪੀਆਂ ਕਿਤਾਬਾਂ-ਪਰੀਤ (ਨਾਵਲ), ਡੂੰਘੀਆਂ ਸੋਚਾਂ (ਸ਼ਾਇਰੀ), ਗੁੱਝੇ ਰੋਗ (ਸ਼ਾਇਰੀ),
ਪਤਾ-ਗਲੀ ਨੰਬਰ 6, ਸੁਲੇਮਾਨ ਪੁਰਾ, ਭਲਵਾਲ, ਜ਼ਿਲਾ ਸਰਗੋਧਾ

ਪੰਜਾਬੀ ਗ਼ਜ਼ਲਾਂ ((ਡੂੰਘੀਆਂ ਸੋਚਾਂ 1978 ਵਿੱਚੋਂ)) : ਅਸਗ਼ਰ 'ਸ਼ਾਮੀ'

Punjabi Ghazlan (Doonghian Sochan 1978) : Asghar Shamiਜ਼ੁਲਮੀ ਰਾਤ ਦੇ ਵਾਸੀਆਂ ਦਾ ਜੇ ਅਜ਼ਮ ਪਕੇਰਾ ਹੋਵੇਗਾ

ਜ਼ੁਲਮੀ ਰਾਤ ਦੇ ਵਾਸੀਆਂ ਦਾ ਜੇ ਅਜ਼ਮ ਪਕੇਰਾ ਹੋਵੇਗਾ । ਤਾਂ ਉਹਨਾਂ ਦੇ ਲੇਖਾਂ ਵਿਚ ਇਕ ਨਵਾਂ ਸਵੇਰਾ ਹੋਵੇਗਾ । ਡਰ ਦਾ ਸੀਨਾ ਚੀਰ ਕੇ ਟੁਰ ਪੈ ਹੱਕਾਂ ਦੇ ਕੰਡਿਆਰੇ ਤੇ, ਜਿੱਤਣਾਂ ਈ ਬਸ ਫੇਰ ਮੁਕੱਦਰ, ਆਖ਼ਰ ਤੇਰਾ ਹੋਵੇਗਾ । ਚਾਈ-ਚਾਈ ਗੁਲਸ਼ਨ ਵਿਚ ਸੱਧਰਾਂ ਦੀ ਕੁੱਲੀ ਪਾਉਂਦਾ ਨਾ, ਹੁੰਦੀ ਸਾਰ ਜੇ ਸਾਂਝਾ ਬਿਜਲੀਆਂ ਨਾਲ ਬਨੇਰਾ ਹੋਵੇਗਾ । ਠਿੱਲਣ ਤੋਂ ਪਹਿਲਾਂ ਇਹ ਸੋਚੇ, ਗੋਤੇ ਖਾ-ਖਾ ਮਰਨਾ ਜੇ, ਜੀਹਨਾਂ ਦੇ ਵੀ ਕੁੱਛੜ ਕੋਈ ਘੜਾ ਕਚੇਰਾ ਹੋਵੇਗਾ । ਮੇਰੀ ਸੱਚਾਈ ਨੂੰ ਪਰਖਣ ਦੀ ਇਹ ਇਕ ਨਿਸ਼ਾਨੀ ਏ, ਸੂਲੀ ਤੇ ਵੀ ਮੇਰਾ ਸ਼ਿਮਲਾ ਢੇਰ ਉੱਚੇਰਾ ਹੋਵੇਗਾ । ਓੜਕ ਸਾਡੀ ਮੌਤ ਤੇ ਲੋਕੀ, ਸੰਗਲ ਬੰਨ੍ਹ ਕੇ ਪਿੱਟਣਗੇ, ਵੇਲੇ ਦੇ ਮਨਸੂਰਾਂ ਦਾ ਇੰਜ ਸੋਗ ਘਨੇਰਾ ਹੋਵੇਗਾ । ਮੇਰੇ ਦੀਦੇ ਸ਼ਹਿਰ ਦਿਆਂ ਸਰਦਾਰਾਂ ਤੇ ਮੁੜ ਲੱਗੇ ਨੇ, ਮੇਰੀਆਂ ਸੱਧਰਾਂ ਦਾ ਹੁਣ ਅਸਗ਼ਰ ਕੌਣ ਲੁਟੇਰਾ ਹੋਵੇਗਾ ।

ਜਦ ਵੀ ਦਾਗ਼ ਦਿਖਾਏ ਨੇ ਸੀਨੇ ਦੇ

ਜਦ ਵੀ ਦਾਗ਼ ਦਿਖਾਏ ਨੇ ਸੀਨੇ ਦੇ ਇਕ ਸੌਦਾਈ ਨੇ । ਤੋਤੇ ਵਾਂਗਰ ਫੇਰ ਲਈਆਂ ਨੇ ਅੱਖਾਂ ਏਸ ਖ਼ੁਦਾਈ ਨੇ । ਨੈਣ ਨਿਮਾਣੇ ਰਾਤ ਦਿਨੇ ਲਹੂ ਦੇ ਅੱਥਰੂ ਰੋਂਦੇ ਨੇ, ਪੀੜ ਅਵੱਲੀ ਜਿਹੜੇ ਦਿਨ ਦੀ ਦਿੱਤੀ ਇਕ ਹਰਜਾਈ ਨੇ । ਫੇਰ ਕਿਸੇ ਦੀ ਮਜਬੂਰੀ ਨੇ ਸੂਹਾ ਜੋੜਾ ਪਾਇਆ ਏ, ਫੇਰ ਕਿਸੇ ਦੀ ਮੌਤ ਤੇ ਹਾੜੇ ਪਾਏ ਨੇ ਸ਼ਹਿਨਾਈ ਨੇ । ਕੀਵੇਂ ਮੰਨਾ ਜ਼ਖ਼ਮਾਂ ਦਾ ਸੱਜਣ ਵੀ ਦਾਰੂ ਹੁੰਦੇ ਨੇ, ਮੈਨੂੰ ਤੇ ਨਈਂ ਫ਼ਾਇਦਾ ਕੀਤਾ ਕਦੇ ਵੀ ਏਸ ਦਵਾਈ ਨੇ । ਮੇਲ-ਮਿਲਾਪ ਲਈ ਹੁਣ 'ਅਸਗ਼ਰ' ਦਿਲ ਮੇਰਾ ਸਿੱਕ ਮੋਇਆ ਏ, ਕੈਸੇ ਫੱਟ ਕਲੇਜੇ ਉੱਤੇ ਲਾਏ ਨੇ ਤਨਹਾਈ ਨੇ ।

ਸ਼ੌਕ ਦੀ ਮਸਤੀ ਦੇ ਵਿਚ ਛਾਣੀ

ਸ਼ੌਕ ਦੀ ਮਸਤੀ ਦੇ ਵਿਚ ਛਾਣੀ, ਇਕ-ਇਕ ਗੁੱਠ ਜ਼ਮਾਨੇ ਦੀ । ਓੜਕ ਤੇਰੇ ਹੁਸਨ ਤੇ ਹੋਈ, ਅੰਤ ਅਖ਼ੀਰ 'ਫ਼ਸਾਨੇ ਦੀ । ਗੁੱਝੀਆਂ ਪੀੜਾਂ ਦੇ ਕੇ ਪੁੱਛੇਂ, ਹਾਲ ਨਿਮਾਣੇ ਲੋਕਾਂ ਦਾ, ਕੀਹਦੇ ਕੋਲੋਂ ਸਿੱਖੀ ਏ ਤੂੰ, ਅਟਕਲ ਰੂਪ ਵਟਾਣੇ ਦੀ । ਜ਼ਿੱਦਲ ਸੱਜਣਾ! ਆਪਣੀਆਂ ਸੋਚਾਂ ਵਿਚ ਤੂੰ ਕੁੱਝ ਤਰਮੀਮਾਂ ਕਰ, ਮੈਨੂੰ ਭੁੱਲ ਜਾਵੇ ਨਾ ਆਦਤ, ਰਾਹ ਵਿਚ ਨੈਣ ਵਿਛਾਣੇ ਦੀ । ਅਣਖ਼ਾਂ ਦੀ ਤੱਕੜੀ ਤੇ ਮੈਨੂੰ, ਜ਼ਿਹਨ ਬਜ਼ਾਰੀ ਨਾਲ ਨਾ ਤੋਲ, ਸ਼ੀਸ਼ ਝੁਕਾਣ ਤੋਂ ਵੱਧ ਏ ਮੈਨੂੰ, ਆਦਤ ਸ਼ੀਸ਼ ਕਟਾਣੇ ਦੀ । ਕਿਸਰਾਂ ਮੇਰੇ ਹੋਠਾਂ ਚੋਂ ਫੁੱਲ ਹਾਸਿਆਂ ਦੇ ਝੜ ਸਕਦੇ ਨੇ, ਮੈਨੂੰ ਫਿਕਰ ਏ ਫੇਰ ਅੱਜ'ਅਸਗ਼ਰ' ਗ਼ਮ ਦੀ ਸ਼ਾਮ ਮਨਾਣੇ ਦੀ ।

ਤੇਰੇ ਦਰ ਨਾ ਆਵਣ ਜੇ ਦੁਖਿਆਰੇ ਲੋਕ

ਤੇਰੇ ਦਰ ਨਾ ਆਵਣ ਜੇ ਦੁਖਿਆਰੇ ਲੋਕ । ਕਿੱਥੇ ਜਾਵਣ ਇਹ ਦੁੱਖਾਂ ਦੇ ਮਾਰੇ ਲੋਕ । ਮੰਨਿਆ ਤੈਨੂੰ ਉਸ ਨੇ ਪੱਥਰ ਮਾਰੇ ਨੇ, ਇੱਕੋ ਵਰਗੇ ਤੇ ਨਹੀਂ ਹੁੰਦੇ ਸਾਰੇ ਲੋਕ । ਖੁੱਲ੍ਹ ਜਾਣਾ ਸੀ ਭਰਮ ਤੇਰੀ ਅਸਲੀਅਤ ਦਾ, ਐਵੇਂ ਤੇ ਨਹੀਂ ਜਿੱਤ ਕੇ ਬਾਜ਼ੀ ਹਾਰੇ ਲੋਕ । ਖ਼ੌਫ਼ ਨਹੀਂ ਹੁਣ ਮੈਨੂੰ ਕੁੱਝ ਵੀ ਪਰ੍ਹਿਆ ਦਾ, ਕੀਕਣ ਮਰਜ਼ੀ ਸੋਚਣ ਮੇਰੇ ਬਾਰੇ ਲੋਕ । ਅੱਖੀਆਂ ਡੋਲ੍ਹਣ ਪਾਣੀ ਸੱਤ ਸਮੁੰਦਰਾਂ ਦਾ, 'ਸ਼ਾਮੀ' ਜਦ ਵੀ ਆਵਣ ਯਾਦ ਪਿਆਰੇ ਲੋਕ ।

ਵਾਂਗ ਸੁਦਾਈਆਂ ਖੁੱਲੇ ਵਾਲ, ਉਹਨੂੰ ਆਖੀਂ

ਵਾਂਗ ਸੁਦਾਈਆਂ ਖੁੱਲੇ ਵਾਲ, ਉਹਨੂੰ ਆਖੀਂ । ਬਚਣਾ ਤੇਰੇ ਬਾਝ ਮੁਹਾਲ, ਉਹਨੂੰ ਆਖੀਂ । ਖੇਡ ਸੀ ਚੰਨਾ ਤੇਰੀ ਖ਼ਾਤਰ ਪਿਆਰ ਕਹਾਣੀ, ਪਰ ਮੈਂ ਛੱਡੀ ਜਿੰਦੜੀ ਗਾਲ, ਉਹਨੂੰ ਆਖੀਂ । ਕਿੰਜ ਸ਼ਰੀਕਾਂ ਕੋਲੋਂ ਆਪਣੀ ਚੂਕ ਛੁਡਾਵਾਂ, ਚਾਰ-ਚੁਫ਼ੇਰੇ ਖਿਲਰੇ ਜਾਲ, ਉਹਨੂੰ ਆਖੀਂ । ਰਾਹੀਆ ਨਹੀਂ ਯਕੀਨ ਜੇ ਤੈਨੂੰ ਮੇਰੀ ਗੱਲ ਦਾ, ਜੋ ਤੱਕਿਆ ਤੂੰ ਮੇਰਾ ਹਾਲ ਉਹਨੂੰ ਆਖੀਂ । ਨਾਲ ਸੁਨੇਹੇ ਹੋਣ ਨਾ 'ਸ਼ਾਮੀ' ਦੂਰ ਉਲਾਹਮੇਂ, ਇਕ ਵਾਰੀ ਆਵੇ 'ਭਲਵਾਲ' ਉਹਨੂੰ ਆਖੀਂ ।

ਦਿਲ ਦੇ ਵਿਚ ਅਰਮਾਨ ਮਚਲਦੇ ਰਹਿੰਦੇ ਨੇ

ਦਿਲ ਦੇ ਵਿਚ ਅਰਮਾਨ ਮਚਲਦੇ ਰਹਿੰਦੇ ਨੇ । ਦਰਦਾਂ ਦੇ ਤੂਫ਼ਾਨ ਉਬਲਦੇ ਰਹਿੰਦੇ ਨੇ । ਯਾਰੋ! ਇਹ ਤੇ ਰੀਤ ਪੁਰਾਣੀ ਜੱਗ ਦੀ ਏ, ਕਲੀਆਂ ਨੂੰ ਇਨਸਾਨ ਮਸਲਦੇ ਰਹਿੰਦੇ ਨੇ । ਜੇ ਤੂੰ ਵਾਹਦਿਉਂ ਫਿਰਿਆ ਏਂ ਤੇ ਕੀ ਹੋਇਆ, ਲੋਕਾਂ ਦੇ ਈਮਾਨ ਬਦਲਦੇ ਰਹਿੰਦੇ ਨੇ । ਆਪਣੇ ਸ਼ਿਅਰਾਂ ਉੱਤੇ ਐਨਾ ਮਾਣ ਨਾ ਕਰ, ਏਥੇ ਵੀ ਸੁਲਤਾਨ ਗ਼ਜ਼ਲ ਦੇ ਰਹਿੰਦੇ ਨੇ । 'ਅਸਗ਼ਰ' ਵਿੱਚੋਂ ਰਾਮ ਕਹਾਣੀ ਇੱਕੋ ਏ, ਕਿੱਸਿਆਂ ਦੇ ਉਨਵਾਨ ਬਦਲਦੇ ਰਹਿੰਦੇ ਨੇ ।

ਖ਼ਬਰੈ ਕਦ ਮੁੱਕਣਾ ਏ ਸਮਿਆਂ ਕਾਲ ਦਿਆਂ

ਖ਼ਬਰੈ ਕਦ ਮੁੱਕਣਾ ਏ ਸਮਿਆਂ ਕਾਲ ਦਿਆਂ । ਮੁੱਦਤਾਂ ਹੋਈਆਂ ਸੁੱਖ ਦੇ ਲਮਹੇ ਭਾਲਦਿਆਂ । ਇਸ ਤੋਂ ਵੱਧ ਮਜ਼ਲੂਮੀ ਹੋਰ ਕੀ ਹੋਵੇਗੀ, ਮੇਰੀ ਕੰਡ ਵਿਚ ਖੰਜਰ ਮਾਰੇ ਨਾਲ ਦਿਆਂ । ਤੈਨੂੰ ਸੌਦੇ ਦਿਲ ਦੇ ਅੱਖੀਂ ਭਾਵਣ ਨਾ, ਮੈਂ ਚਾਹੁਣਾ ਵਾਂ ਮਾਲ ਦੇ ਬਦਲੇ ਮਾਲ ਦਿਆਂ । ਜੇ ਮੈਨੂੰ ਇਕ ਪਲ ਵੀ ਮੋਹਲਤ ਦੇ ਦੇਵੇਂ, ਤੈਨੂੰ ਤੇਰਾ ਅਸਲੀ ਰੂਪ ਵਿਖਾਲ ਦਿਆਂ । ਕੀਹਨੂੰ ਦਵਾਂ ਉਲਾਹਮਾ ਮੈਂ 'ਅਸਗ਼ਰ ਸ਼ਾਮੀ' ਚੰਗੀ ਨਹੀਂ ਕੀਤੀ ਲੋਕਾਂ 'ਭਲਵਾਲ' ਦਿਆਂ ।

ਮਜਬੂਰਾਂ ਦੇ ਭਾਰ ਵੰਡਾਵੇਗਾ ਕਿਹੜਾ

ਮਜਬੂਰਾਂ ਦੇ ਭਾਰ ਵੰਡਾਵੇਗਾ ਕਿਹੜਾ । ਪਿਆਰਾਂ ਦੇ ਗੁਲਜ਼ਾਰ ਖਿੜਾਵੇਗਾ ਕਿਹੜਾ । ਦੁੱਖਾਂ ਦੇ ਦੀਪਕ ਨੇ ਅੱਗਾਂ ਲਾਈਆਂ ਨੇ, ਸੁੱਖਾਂ ਦਾ ਮਲਹਾਰ ਵਜਾਵੇਗਾ ਕਿਹੜਾ । ਸੋਚ ਰਿਹਾ ਹਾਂ ਹੱਕ ਦੀ ਖ਼ਾਤਰ ਮੇਰੇ ਬਾਅਦ, ਜੁੱਸੇ ਨੂੰ ਸੰਗਸਾਰ ਬਣਾਵੇਗਾ ਕਿਹੜਾ । ਲੁੱਟੀ ਹੋਈ ਧੀ 'ਮਰੀਅਮ' ਦੀ ਪੁੱਛਦੀ ਏ, ਹੁਸਨ ਦਾ ਇਹ ਬਾਜ਼ਾਰ ਮੁਕਾਵੇਗਾ ਕਿਹੜਾ । ਮੋਹ-ਮਾਇਆ ਦੇ ਮੇਲੇ ਵਿਚ ਅਖ਼ਲਾਸਾਂ ਨੂੰ, ਆਪਣੇ ਗਲ ਦਾ ਹਾਰ ਬਣਾਵੇਗਾ ਕਿਹੜਾ । ਪੱਥਰ ਖਾ ਕੇ ਵੀ ਨਹੀਂ ਰੁੱਸਿਆ ਯਾਰਾਂ ਨਾਲ, 'ਸ਼ਾਮੀ' ਮੇਰੇ ਆਰ ਨਿਭਾਵੇਗਾ ਕਿਹੜਾ ।

ਪਲਕਾਂ ਉੱਤੇ ਨੀਰ ਸਜਾਈ ਫਿਰਨਾ ਵਾਂ

ਪਲਕਾਂ ਉੱਤੇ ਨੀਰ ਸਜਾਈ ਫਿਰਨਾ ਵਾਂ । ਜ਼ਖ਼ਮਾਂ ਨੂੰ ਤਹਿਰੀਰ ਬਣਾਈ ਫਿਰਨਾ ਵਾਂ । ਨਾ ਪੁੱਛ ਜਗ ਨੇ ਮੈਨੂੰ ਕੀ ਕੁੱਝ ਬਖ਼ਸਿਆ ਏ, ਜਿੰਦੜੀ ਲੀਰੋ-ਲੀਰ ਬਣਾਈ ਫਿਰਨਾ ਵਾਂ । ਹੋਰ ਤੇ ਸਭ ਕੁਝ ਖੋਹ ਲਿਆ ਮੈਥੋਂ ਸੱਜਨਾਂ ਨੇ, ਸੋਚਾਂ ਦੀ ਜਾਗੀਰ ਬਚਾਈ ਫਿਰਨਾ ਵਾਂ । ਇਕ ਮੂਰਖ ਨੂੰ ਐਨਾਂ ਟੁੱਟ ਕੇ ਚਾਹਿਆ ਏ, ਹਾਵਾਂ ਦੀ ਤਾਸ਼ੀਰ ਗਵਾਈ ਫਿਰਨਾ ਵਾਂ । ਬੇਸ਼ੱਕ ਇਹ ਗੱਲ ਪੁੱਛ ਲੈ ਮੁਨਸਫ਼ ਯਾਰਾਂ ਤੋਂ, ਸੱਧਰਾਂ ਬੇ-ਤਕਸੀਰ ਲੁਟਾਈ ਫਿਰਨਾ ਵਾਂ । ਮੌਤ ਵੀ ਮੇਰੇ ਗ਼ਮ ਤੋਂ ਡਰ ਕੇ ਲੰਘਦੀ ਏ, ਉਂਗਲਾਂ ਤੇ ਤਕਦੀਰ ਨਚਾਈ ਫਿਰਨਾ ਵਾਂ । 'ਅਸਗ਼ਰ' ਮੈਨੂੰ ਰੱਜ ਕੇ 'ਬੇਲਾ' ਛਾਨਣ ਦੇ, ਮੈਂ ਵੀ ਏਥੇ 'ਹੀਰ' ਖੜ੍ਹਾਈ ਫਿਰਨਾ ਵਾਂ ।

ਜਗ ਦੇ ਵਿਚ ਨਾ ਆਵੇ ਸਾਨੂੰ ਹਾਰ ਕਦੇ

ਜਗ ਦੇ ਵਿਚ ਨਾ ਆਵੇ ਸਾਨੂੰ ਹਾਰ ਕਦੇ । ਜੇ ਕਰ ਤੂੰ ਵੀ ਸੋਚੇਂ ਮੇਰੇ ਆਰ ਕਦੇ । ਸੱਚੇ ਨੇ ਯਾ ਝੂਠੇ ਜਜ਼ਬੇ ਪਿਆਰਾਂ ਦੇ, ਤੂੰ ਵੀ ਚਾ ਕੇ ਵੇਖ ਤੇ ਸਹੀ ਤਲਵਾਰ ਕਦੇ । ਦੱਸ ਦੇ ਇਹ ਗੱਲ ਸ਼ਹਿਰ ਦਿਆਂ ਸਰਦਾਰਾਂ ਨੂੰ, ਜ਼ਾਲਮ ਅੱਗੇ ਝੁਕਦਾ ਨਈਂ ਫ਼ਨਕਾਰ ਕਦੇ । ਚਾਲੇ ਗੂੜ੍ਹਿਆਂ ਯਾਰਾਂ ਦੇ ਸਮਝਾ ਗਏ ਨੇ, ਕੋਈ ਕਿਸੇ ਦਾ ਵੰਡਦਾ ਨਹੀਉਂ ਭਾਰ ਕਦੇ । ਖ਼ੁਸ਼ੀਆਂ ਦੇ ਸੁਫ਼ਨੇ ਨੂੰ ਨਈਂ ਸ਼ਰਮਾ ਸਕਦਾ, 'ਅਸਗ਼ਰ' ਡੂੰਘੀਆਂ ਸੋਚਾਂ ਦਾ ਬੀਮਾਰ ਕਦੇ ।

ਜਿੰਦੜੀ ਕੀ ਏ ਰੰਗ-ਬਰੰਗੇ, ਦੁੱਖਾਂ ਦੀ ਇਕ ਢੇਰੀ ਏ

ਜਿੰਦੜੀ ਕੀ ਏ ਰੰਗ-ਬਰੰਗੇ, ਦੁੱਖਾਂ ਦੀ ਇਕ ਢੇਰੀ ਏ । ਫੇਰ ਵੀ ਹਸਦਾ ਰਹਿੰਦਾ ਹਾਂ ਮੈਂ, ਕਿੰਨੀ ਹਿੰਮਤ ਮੇਰੀ ਏ । ਪਿਛਲੀ ਰਾਤ ਦਾ ਮੈਂ ਹਾਂ ਦੀਵਾ, ਭੜਕਾਂਗਾ ਬੁਝ ਜਾਵਾਂਗਾ, ਜ਼ੁਲਮ ਦਿਆਂ ਤੂਫ਼ਾਨਾਂ ਦੀ ਕਿਉਂ, ਐਸੀ ਸੋਚ ਘਨੇਰੀ ਏ । ਮੁੱਦਤਾਂ ਤੋਂ ਅਹਿਸਾਸ ਦੇ ਝੱਖੜ, ਇਹਨੂੰ ਪੁੱਟਣਾ ਚਾਹੁੰਦੇ ਨੇ, ਮੇਰੇ ਜਿਸਮ ਦੇ ਵਿਹੜੇ ਵਿਚ ਇਕ, ਰੂਹ ਦੀ ਸੁੱਕੀ ਬੇਰੀ ਏ । ਜੇ ਮੈਂ ਦੋ ਕੱਖਾਂ ਵਿਚ ਆਪਣਾ ਆਪ ਲੁਕਾਈ ਫਿਰਨਾ ਵਾਂ, ਬਿਜਲੀ ਕਾਹਤੋਂ ਸੜਦੀ ਏ ਕਿਉਂ ਅੱਖ ਮਲੂਟੀ ਤੇਰੀ ਏ । ਡਿਗ ਕੇ ਜੱਗ ਦੀਆਂ ਨਜ਼ਰਾਂ ਵਿੱਚੋਂ, ਜਿਹੜਾ ਪਿਆਸ ਬੁਝਾਂਦਾ ਏ, ਸੁੱਖ ਦੇ ਉਸ ਸ਼ਰਬਤ ਤੋਂ ਮੈਨੂੰ, ਦੁੱਖ ਦੀ ਜ਼ਹਿਰ ਚੰਗੇਰੀ ਏ । ਟੰਗਿਆ ਏ ਸੂਲੀ ਤੇ 'ਅਸਗ਼ਰ' ਤਾਹੀਉਂ ਮੈਨੂੰ ਯਾਦਾਂ ਨੇ, ਸੱਚ ਮੈਂ ਕਹਿਣਾ, ਮੂੰਹ ਤੇ ਕਹਿਣਾ, ਏਹੋ ਗ਼ਲਤੀ ਮੇਰੀ ਏ ।