Ashraf Pal ਅਸ਼ਰਫ਼ ਪਾਲ
ਨਾਂ: ਮੁਹੰਮਦ ਅਸ਼ਰਫ਼ ਚੌਧਰੀ
ਕਲਮੀ ਨਾਂ: ਅਸ਼ਰਫ਼ ਪਾਲ
ਜਨਮ ਤਾਰੀਖ਼: ਜਨਵਰੀ 1945
ਜਨਮ ਸਥਾਨ: ਜਲੰਧਰ, ਭਾਰਤ
ਪਿਤਾ ਦਾ ਨਾਂ: ਚੌਧਰੀ ਗ਼ੁਲਾਮ ਮੁਹੰਮਦ ਅਬਦੁੱਲਾ
ਵਿਦਿਆ: ਬੀ. ਕਾਮ., ਐਮ. ਏ.
ਕਿੱਤਾ: ਅਧਿਆਪਨ
ਛਪੀਆਂ ਕਿਤਾਬਾਂ: ਕੀਰਨੇ ਪੰਜ ਦਰਿਆਵਾਂ ਦੇ (ਸ਼ਾਇਰ), ਗਲਵੱਕੜੀ (ਪੰਜਾਬੀ ਸ਼ਾਇਰੀ)
ਪਤਾ: ਸ਼ੇਖ਼ੂਪੁਰਾ, ਪਾਕਿਸਤਾਨ
ਪੰਜਾਬੀ ਗ਼ਜ਼ਲਾਂ (ਗਲਵੱਕੜੀ 1990 ਵਿੱਚੋਂ) : ਅਸ਼ਰਫ਼ ਪਾਲ
ਕੀ ਤੂਫ਼ਾਨ ਉਠਾਵੇ ਜੋਸ਼ ਜਵਾਨੀ ਦਾ
ਕੀ ਤੂਫ਼ਾਨ ਉਠਾਵੇ ਜੋਸ਼ ਜਵਾਨੀ ਦਾ ।
ਝੱਗ ਵਾਂਗੂੰ ਬਹਿ ਜਾਵੇ ਜੋਸ਼ ਜਵਾਨੀ ਦਾ ।
ਤੁਹਮਤ ਤਾਅਨੇ, ਮਿਹਣੇ ਤੇ ਬਦਨਾਮੀ ਜਿਹੇ,
ਕੀ ਕੀ ਚੰਨ ਚੜ੍ਹਾਵੇ ਜੋਸ਼ ਜਵਾਨੀ ਦਾ ।
ਪੁਚ-ਪੁਚ ਕਰਕੇ ਮਸਾਂ ਦਿਲਾਈ ਦਿਲੜੀ ਨੂੰ,
ਪੈਂਦਾ ਕਰ ਕਰ ਧਾਵੇ ਜੋਸ਼ ਜਵਾਨੀ ਦਾ ।
ਸੁੱਕਿਆਂ ਜਾਣ ਨਈਂ ਦਿੰਦਾ ਵੱਡੇ ਵੱਡਿਆਂ ਨੂੰ,
ਸਾਥੋਂ ਕਿਵੇਂ ਵਿਲਾਵੇ ਜੋਸ਼ ਜਵਾਨੀ ਦਾ ।
ਜੀਹਨੇ ਡੁਬਣੋਂ ਬਚਣੈਂ ਅੱਗਿਉਂ ਹਟ ਜਾਵੇ,
ਹੜ੍ਹ ਵਾਂਗੂੰ ਪਿਆ ਆਵੇ ਜੋਸ਼ ਜਵਾਨੀ ਦਾ ।
ਮੁਰਸ਼ਦ ਹੋਰਾਂ ਪੈਂਖੜ ਪਾਏ ਹੋਏ ਨੇ,
ਕੀਕਣ 'ਪਾਲ' ਵਿਖਾਵੇ ਜੋਸ਼ ਜਵਾਨੀ ਦਾ ।
ਸਾਡਾ ਕੀ ਅਖ਼ਤਿਆਰ ਏ ਸੱਜਣਾ
ਸਾਡਾ ਕੀ ਅਖ਼ਤਿਆਰ ਏ ਸੱਜਣਾ ।
ਤੇਰੇ ਹੱਥ ਮੁਹਾਰ ਏ ਸੱਜਣਾ ।
ਲੈ ਚੱਲ ਜਿੱਥੇ ਵੀ ਲੈ ਜਾਣਾ,
ਸਾਡਾ ਕੀ ਇਨਕਾਰ ਏ ਸੱਜਣਾ ।
ਪੁੱਛ ਨਾ ਅਸਾਂ ਗ਼ਰੀਬੀ ਕਾਰਣ,
ਜੀਵਨ ਰੱਬ ਦੀ ਮਾਰ ਏ ਸੱਜਣਾ ।
ਐਵੇਂ ਇਕ ਫ਼ਰੇਬ ਏ ਨਹੀਂ ਤੇ,
ਕੀਹਨੂੰ ਕਿਸ ਥੀਂ ਪਿਆਰ ਏ ਸੱਜਣਾ ।
ਉਹਦੇ ਨਾਂ ਤੇ ਜ਼ਰਾ ਬੁਲਾ ਜਾ,
'ਅਸ਼ਰਫ਼' ਤੇਰਾ ਯਾਰ ਏ ਸੱਜਣਾ ।
ਕਿਸੇ ਨਾ ਹੋਂਠ ਛੁਹਾਈਆਂ ਗ਼ਜ਼ਲਾਂ
ਕਿਸੇ ਨਾ ਹੋਂਠ ਛੁਹਾਈਆਂ ਗ਼ਜ਼ਲਾਂ ।
ਰਹਿ ਗਈਆਂ ਤਿਰਹਾਈਆਂ ਗ਼ਜ਼ਲਾਂ ।
ਬਨੀ ਜੁੜੀ ਵਿਚ ਕੰਮ ਨਾ ਆਈਆਂ,
ਵਖਤਾਂ ਨਾਲ ਬਣਾਈਆਂ ਗ਼ਜ਼ਲਾਂ ।
ਸਦਕੇ ਉਸ ਤੋਂ ਜੀਹਨੇ ਆਪਣੇ,
ਚਾਨਣ ਵਿਚ ਰੁਸ਼ਨਾਈਆਂ ਗ਼ਜ਼ਲਾਂ ।
ਮਿਤਰਾਂ ਜਦ ਵੀ ਸੈਂਤਰ ਮਾਰੀ,
ਛਾਲਾਂ ਮਾਰ ਕੇ ਆਈਆਂ ਗ਼ਜ਼ਲਾਂ ।
ਸੁੱਚੇ ਪੱਟ ਦੇ ਬਾਣੇ ਵਾਂਗੂੰ,
'ਅਸ਼ਰਫ਼' ਅਸਾਂ ਹੰਢਾਈਆਂ ਗ਼ਜ਼ਲਾਂ ।
ਇਹ ਜਿਨ੍ਹਾਂ ਨੂੰ ਲੋਕ ਸਮਝਦੇ ਤਾਰੇ ਨੇ
ਇਹ ਜਿਨ੍ਹਾਂ ਨੂੰ ਲੋਕ ਸਮਝਦੇ ਤਾਰੇ ਨੇ ।
ਅਸਲ 'ਚ ਉਹਦੇ ਕੋਕੇ ਦੇ ਲਿਸ਼ਕਾਰੇ ਨੇ ।
ਪਰਖ ਰਿਹਾ ਵਾਂ ਭਰਮ ਏ ਮੇਰੀਆਂ ਨਜ਼ਰਾਂ ਦਾ,
ਯਾ ਉਹ ਖ਼ਵਰੇ ਆਪ ਈ ਐਡੇ ਪਿਆਰੇ ਨੇ ।
ਦਿਸਦਾ ਨਹੀਂ ਕੀ ਨ੍ਹੇਰ ਖਿਲਾਵਣ ਵਾਲੇ ਨੂੰ,
ਪੂਹਰੀਆਂ ਪੂਹਰੀਆਂ ਕਰਕੇ ਛੱਤੇ ਢਾਰੇ ਨੇ ।
ਸੋਚ ਰਿਹਾਂ ਕਿ ਉਹਨੇ ਰੱਬ ਕਹਾਵਣ ਲਈ,
ਅੱਜ ਤੱਕ ਖ਼ਵਰੇ ਕਿੰਨੇ ਬੰਦੇ ਮਾਰੇ ਨੇ ।
'ਪਾਲ' ਹੱਲਾਜਾ, ਮਿੱਧ ਕੇ ਟੁਰ ਜਾ ਕੀੜੀ ਨੂੰ,
ਕਿਹੜਾ ਉਹਨੇ ਪਾਉਣੇ ਸ਼ੋਰ ਕਕਾਰੇ ਨੇ ।
ਕੀਹਨੂੰ ਸ਼ਿਅਰ ਸੁਣਾਈਏ ?
ਕੀਹਨੂੰ ਸ਼ਿਅਰ ਸੁਣਾਈਏ ? ਲੋਕੀ ਵਿਹਲੇ ਨਈਂ ।
ਮਹਿਫ਼ਲ ਕਿਵੇਂ ਜਮਾਈਏ ? ਲੋਕੀ ਵਿਹਲੇ ਨਈਂ ।
ਟੁਰ ਗਏ ਨੇ ਕੁਝ ਮਾਂਗੀ ਤੇ ਕੁਝ ਵਾਢੀ ਨੂੰ,
ਕੱਲੇ ਕੁੱਕੜ ਖਾਈਏ, ਲੋਕੀ ਵਿਹਲੇ ਨਈਂ ।
ਉهਦੇ ਬਾਰੇ ਗੱਲਾਂ-ਬਾਤਾਂ ਛੇੜਣ ਲਈ,
ਕੀਹਨੂੰ ਕੋਲ ਬਿਠਾਈਏ ? ਲੋਕੀ ਵਿਹਲੇ ਨਈਂ ।
ਕੀਹਨੇ ਸੋਹਣਿਆਂ ਕਹਿਣੈ ਆਪਣੇ ਬੁਤਾਂ ਨੂੰ,
ਆਪੇ ਸੀਸ ਨਿਵਾਈਏ, ਲੋਕੀ ਵਿਹਲੇ ਨਈਂ ।
ਨਾਹੀਂ ਲੋੜ ਕਿਸੇ ਨੂੰ 'ਅਸ਼ਰਫ਼' ਗ਼ਜ਼ਲਾਂ ਦੀ,
ਕਿਸ ਲਈ ਗਾਵਣ ਗਾਈਏ ਲੋਕੀ ਵਿਹਲੇ ਨਈਂ ।
ਆਇਆ ਏ ਪੈਗ਼ਾਮ, ਕੱਲ੍ਹ ਨੂੰ ਆਵਣਗੇ
ਆਇਆ ਏ ਪੈਗ਼ਾਮ, ਕੱਲ੍ਹ ਨੂੰ ਆਵਣਗੇ ।
ਵਿਹਲ ਨਹੀਂ ਅੱਜ ਸ਼ਾਮ, ਕੱਲ੍ਹ ਨੂੰ ਆਵਣਗੇ ।
ਵੇਖ ਲਈਉ ਕੋਈ ਖ਼ਾਬ ਖਾਲੀ ਅੱਖੀਉ ਨੀ,
ਅੱਜ ਕਰੋ ਆਰਾम, ਕੱਲ੍ਹ ਨੂੰ ਆਵਣਗੇ ।
ਹੁੰਦੀ ਪਈ ਜਮਾਤ ਸਭਾਂ ਮਸੀਤਾਂ ਵਿਚ,
ਸਾਡੇ ਪੇਸ਼ ਇਮਾਮ, ਕੱਲ੍ਹ ਨੂੰ ਆਂਵਣਗੇ ।
ਸੋਚ ਰਿਹਾ ਸਾਂ ਕਿੰਜ ਮਿਲੇਸਾਂ ਮਿਤਰਾਂ ਨੂੰ,
ਹੋ ਕੇ ਜਦ ਨਾਕਾਮ, ਕੱਲ੍ਹ ਨੂੰ ਆਵਣਗੇ ।
'ਅਸ਼ਰਫ਼' ਅੱਜ ਨਹੀਂ ਵਿਹਲ ਸਜਣ-ਫ਼ਬਣ ਤੋਂ,
ਛੇੜਣ ਲਈ ਕਤਲਾਮ ਕੱਲ੍ਹ ਨੂੰ ਆਵਣਗੇ ।
ਆਇਆ ਕੇਹਾ ਦੌਰ ਏ ਧੱਕੇ-ਸ਼ਾਹੀ ਦਾ
ਆਇਆ ਕੇਹਾ ਦੌਰ ਏ ਧੱਕੇ-ਸ਼ਾਹੀ ਦਾ ।
ਜ਼ੁਲਮ ਨੂੰ ਮਿੱਥਣਾ ਪੈ ਗਿਆ ਅਮਰ ਇਲਾਹੀ ਦਾ ।
ਐਵੇਂ ਅੱਖੀਂ ਮੀਟ ਕਟ ਜਿੰਦੜੀ ਅੰਨੀ ਜਿਹੀ,
ਵੈਰੀ ਤਾਈਂ ਨਾਂ ਦੇ ਬੈਠੀ ਮਾਹੀ ਦਾ ।
ਕੀ ਹੋਇਆ ਜੇ ਧੌਣ ਉਚੇਰੀ ਕਰਕੇ ਮੈਂ,
ਪਾ ਬੈਠਾ ਗਲ ਵਿੱਚ ਗਲਾਵਾਂ ਫਾਹੀ ਦਾ ।
ਲੱਗੇ ਨਾ ਸੱਚ ਕੌੜਾ ਤੇ ਮੈਂ ਆਖ ਦਿਆਂ,
ਕੋਈ ਹਾਲ ਨਈਂ ਤੇਰੀ ਆਲੀਜਾਹੀ ਦਾ ।
ਇਸ ਦੁਨੀਆਂ ਦੀ ਰੀਤ ਏ 'ਅਸ਼ਰਫ਼' ਅਜਲਾਂ ਤੋਂ,
ਹੀਰਾਂ ਨੂੰ ਨਈਂ ਖੇੜਿਆਂ ਨਾਲ ਵਿਆਹੀ ਦਾ ।