Asif Aasi ਆਸਿਫ਼ 'ਆਸੀ'
ਨਾਂ: ਮੁਹੰਮਦ ਆਸਿਫ਼ ਆਸੀ
ਕਲਮੀ ਨਾਂ: ਆਸਿਫ਼ 'ਆਸੀ'
ਜਨਮ ਵਰ੍ਹਾ: 1968
ਜਨਮ ਸਥਾਨ: ਗੁਜਰਾਂਵਾਲਾ, ਪਾਕਿਸਤਾਨ
ਵਿਦਿਆ: ਐਮ. ਏ.
ਕਿੱਤਾ: ਅਧਿਆਪਨ
ਛਪੀਆਂ ਕਿਤਾਬਾਂ: ਧੁੱਪ ਗ਼ਮਾਂ ਦੀ (ਪੰਜਾਬੀ ਸ਼ਾਇਰੀ), ਰੌਸ਼ਨੀ ਕੀ ਚਾਦਰ (ਉਰਦੂ ਸ਼ਾਇਰੀ), ਲਿਬਾਸੇ ਆਗਹੀ (ਉਰਦੂ ਸ਼ਾਇਰੀ), ਔਰਾਕੇ ਫ਼ਨ (ਉਰਦੂ ਸ਼ਾਇਰੀ)
ਪਤਾ: ਮੁਹੱਲਾ ਸ਼ਾਹਜਮਾਲ, ਗੱਖੜ, ਗੁਜਰਾਂਵਾਲਾ
ਪੰਜਾਬੀ ਗ਼ਜ਼ਲਾਂ (ਧੁੱਪ ਗ਼ਮਾਂ ਦੀ 1996 ਵਿੱਚੋਂ) : ਆਸਿਫ਼ 'ਆਸੀ'
੧. ਇਰਾਦਾ ਕਰ ਲਿਆ ਉਹਨੇ
ਇਰਾਦਾ ਕਰ ਲਿਆ ਉਹਨੇ ਵੀ ਆਪਣਾ ਘਰ ਵਸਾਣਾ ਏ ।
ਅਸਾਂ ਜਦ ਸੋਚਿਆ ਸੀ ਨਾਲ ਉਹਦੇ ਦਿਲ ਲਗਾਣਾ ਏ ।
ਇਹ ਵਾਅਦਾ ਸੱਚ ਏ ਮੌਲਾ ਕੋਈ ਜਾ ਕੇ ਨਹੀਂ ਆਉਂਦਾ,
ਸਬਰ ਸਾਨੂੰ ਈ ਦੇ ਦੇਵੇ ਜੇ ਉਨ੍ਹਾਂ ਭੁੱਲ ਜਾਣਾ ਏ ।
ਮੇਰਾ ਤੇ ਲੈ ਗਿਆ ਉਹ ਚੈਨ, ਮੈਂ ਬੇਚੈਨ ਰਹਿਣਾ ਵਾਂ,
ਸਣੇ ਤੀਲੇ ਅਸਾਡਾ ਰੋ ਰਿਹਾ ਕਿਉਂ ਆਸ਼ੀਆਨਾ ਏ ।
ਸੁਹਾਣੀ ਰੁੱਤ ਦੀ ਆਪੋ ਅਸੀਂ ਕੀ ਦਾਸਤਾਨ ਕਹੀਏ,
ਗ਼ਮਾਂ ਦੇ ਨਾਲ ਛਲਣੀ ਆਂ, ਲਹੂ ਮਨਜ਼ਰ ਫ਼ਸਾਨਾ ਏ ।
ਤੁਹਾਡਾ ਹਰ ਜ਼ਖ਼ਮ ਦਿਲ ਤੇ ਅਸੀਂ ਤੇ ਹਸ ਕੇ ਸਹਿਲਾਂਗੇ,
ਜ਼ਰਾ ਬਸ ਦੇਖ ਲੈਣਾ ਕਿ ਨਵਾਂ ਥਾਂ ਏ, ਪੁਰਾਣਾ ਏ ।
੨. ਖ਼ੁਸ਼ੀ ਵਿਚ ਤਿਤਲੀਆਂ ਦੇ ਪਰ
ਖ਼ੁਸ਼ੀ ਵਿਚ ਤਿਤਲੀਆਂ ਦੇ ਪਰ ਖਿਲਰ ਜਾਵਣ ਦਾ ਮੌਸਮ ਏ ।
ਗ਼ਮਾਂ ਦੀ ਕਿਰਚੀਆਂ ਅੱਖਾਂ 'ਚ ਭਰ ਜਾਵਣ ਦਾ ਮੌਸਮ ਏ ।
ਇਹ ਕਹਿ ਕੇ ਕੂਚ ਸੱਪਾਂ ਕਰ ਲਿਆ ਏ ਬਸਤੀਆਂ ਵਿੱਚੋਂ,
ਅਜੇ ਇਨਸਾਨ ਤੋਂ ਇਨਸਾਨ ਦੇ ਡਰ ਜਾਵਣ ਦਾ ਮੌਸਮ ਏ ।
ਉਹ ਵੇਲੇ ਤੇਰੀ ਕੁਰਬਤ ਦੇ ਮੈਨੂੰ ਅਕਸਰ ਸਤਾਂਦੇ ਨੇ,
ਚਲੇ ਜਾਨੇਆਂ ਫਿਰ ਉਧਰ ਅਗਰ ਜਾਵਣ ਦਾ ਮੌਸਮ ਏ ।
ਇਰਾਦਾ ਕਰ ਲਿਆ ਰੁੱਸਣ ਦਾ ਕਿਸ ਦੇ ਮਸ਼ਵਰੇ ਉੱਤੇ,
ਮੇਰੀ ਜਾਂ ਅੱਜ ਤੇ ਦਿਲ ਵਿਚ ਉਤਰ ਜਾਵਣ ਦਾ ਮੌਸਮ ਏ ।
ਇਹ ਕਿਸ ਦੀ ਆਸ ਤੇ ਚੁਪ-ਚਾਪ ਪਗਡੰਡੀ ਤੇ ਬੈਠਾ ਏਂ,
ਹਨੇਰਾ ਪੈ ਗਿਆ 'ਆਸੀ' ਇਹ ਘਰ ਜਾਵਣ ਦਾ ਮੌਸਮ ਏ ।
੩. ਆਪਣੇ ਦਿਲ ਦੀ ਬੈਰਕ ਵਿਚ
ਆਪਣੇ ਦਿਲ ਦੀ ਬੈਰਕ ਵਿਚ ਬਿਠਾ ਦਿੰਦੇ ਅਸਾਨੂੰ ।
ਤੇ ਫਿਰ ਉਲਫ਼ਤ ਦੇ ਜੁਰਮਾਂ ਦੀ ਸਜ਼ਾ ਦਿੰਦੇ ਅਸਾਨੂੰ ।
ਖ਼ਿਜ਼ਾਵਾਂ ਨੂੰ ਕਦੇ ਇਕ ਵਾਰ ਲੰਘ ਜਾਵਣ ਤੇ ਦਿੰਦੇ ।
ਨਿਗਾ ਆਪਣੀ ਤੋਂ ਫਿਰ ਭਾਵੇਂ ਗਿਰਾ ਦਿੰਦੇ ਅਸਾਨੂੰ ।
ਨਾ ਇੰਜ ਬਰਬਾਦ ਕਰਦੇ ਉਹ ਮੇਰੀ ਅੱਖਾਂ ਦੀ ਨੀਂਦਰ,
ਚਲਾ ਕੇ ਤੇਗ਼ ਆਬਰੂ ਦੀ ਮੁਕਾ ਦਿੰਦੇ ਅਸਾਨੂੰ ।
ਦਿਹਾੜੇ ਕੁਝ ਤਾਂ ਰੱਖ ਲੈਂਦੇ ਉਹ ਆਂਚਲ ਵਿਚ ਛੁਪਾਕੇ ।
ਤੇ ਫਿਰ ਭਾਵੇਂ ਹਵਾ ਦੇ ਸੰਗ ਉਡਾ ਦਿੰਦੇ ਅਸਾਨੂੰ ।
ਕੋਈ ਦੋ ਚਾਰ ਦਿਨ 'ਆਸੀ' ਜੀ ਸਾਡਾ ਮਾਨ ਰੱਖ ਲੈਂਦੇ,
ਤੇ ਫਿਰ ਬਿਲਕੁਲ ਦਿਲੋਂ ਕੱਢ ਕੇ ਭੁਲਾ ਦਿੰਦੇ ਅਸਾਨੂੰ ।
੪. ਕੁਝ ਬਦਲਿਆ ਏ ਰੁਖ ਨਿਗਾਹਵਾਂ ਦਾ
ਕੁਝ ਬਦਲਿਆ ਏ ਰੁਖ ਨਿਗਾਹਵਾਂ ਦਾ ।
ਜ਼ਿੰਦਗੀ ਤੇਰੀਆਂ ਅਦਾਵਾਂ ਦਾ ।
ਬਾਤ ਸੱਚ ਈ ਸਿਆਣੇ ਕਹਿ ਗਏ ਨੇ,
ਮਾਨ ਹੁੰਦਾ ਬੜਾ ਏ ਬਾਹਵਾਂ ਦਾ ।
ਆਕਸੀਜਨ ਖ਼ੁਸ਼ੀ ਦੀ ਲਾਜ਼ਮ ਏ,
ਸਿਲਸਲਾ ਇਸ ਦੇ ਨਾਲ ਸਾਹਵਾਂ ਦਾ ।
ਜਦ ਦੇ ਉਹਦੀ ਨਜ਼ਰ ਦੇ ਵਿਚ ਆਏ,
ਖ਼ੌਫ਼ ਰਹਿਆ ਨਾ ਕੋਈ ਬਲਾਵਾਂ ਦਾ ।
ਕੌਮੀ ਗ਼ੈਰਤ ਨੂੰ ਛੱਡ ਕੇ 'ਆਸੀ' ਜੀ,
ਹੌਲ ਪੈ ਗਿਆ ਅਸਾਂ ਨੂੰ ਨਾਵਾਂ ਦਾ ।
੫. ਢਾਅ ਕੇ ਦਿਲ ਦਾ ਕਾਅਬਾ ਤੈਨੂੰ
ਢਾਅ ਕੇ ਦਿਲ ਦਾ ਕਾਅਬਾ ਤੈਨੂੰ ।
ਮਿਲਿਆ ਕਿਹੜਾ ਤਮਗ਼ਾ ਤੈਨੂੰ ।
ਨੀਵਾਂ ਹੋ ਕੇ ਊਚਾ ਕਰ ਲੈ,
ਇਹ ਗੱਲ ਆਖੇ ਰੁਤਬਾ ਤੈਨੂੰ ।
ਉਲਫ਼ਤ ਦਾ ਈ ਠੁਮਕਾ ਲਾਵੀਂ,
ਆਖੇ ਦਿਲ ਦਾ ਤਬਲਾ ਤੈਨੂੰ ।
ਮੈਂ ਦੇ ਵਿਚ ਜਦ ਮੈਂ ਤੂੰ ਹੋਇਐ,
ਹੁਣ ਕਾਹਦਾ ਏ ਪਰਦਾ ਤੈਨੂੰ ।
ਆਖੇ ਤੇਰੇ ਲਈ ਆਂ 'ਆਸੀ'
ਖ਼ਾਲੀ ਕਬਰ ਦਾ ਕੁਤਬਾ ਤੈਨੂੰ ।
੬. ਦੀਵਾਨੀ ਮਸਤਾਨੀ ਹੋਈ
ਦੀਵਾਨੀ ਮਸਤਾਨੀ ਹੋਈ ।
ਲਹਿਰਾਂ ਵਾਂਗ ਜਵਾਨੀ ਹੋਈ ।
ਉੱਲੂ ਹੱਥੀਂ ਸਿੱਕੇ ਆਏ,
ਉਹਦੀ ਅਕਲ ਸਿਆਣੀ ਹੋਈ ।
ਦਾਨਸ਼ਮੰਦ ਗ਼ਰੀਬ ਜੋ ਹੋਇਆ,
ਉਹਦੀ ਸੋਚ ਇਆਣੀ ਹੋਈ ।
ਗੋਦੀ ਹੋ ਗਈ ਜਿਸ ਦੀ ਖ਼ਾਲੀ,
ਪਾਗਲ ਉਹ ਮਰਜਾਣੀ ਹੋਈ ।
'ਆਸੀ' ਵਿਹੜਾ ਦੁੱਖਾਂ ਵਾਲਾ,
ਮੇਰੀ ਜਿੰਦ ਨਿਮਾਣੀ ਹੋਈ ।
੭. ਦਿਲ ਮੇਰੇ ਤੇ ਬਣੀਆਂ ਹੋਈਆਂ
ਦਿਲ ਮੇਰੇ ਤੇ ਬਣੀਆਂ ਹੋਈਆਂ ਯਾਰ ਦੀਆਂ ਤਸਵੀਰਾਂ ।
ਸੀਨੇ ਨਾਲ ਮੈਂ ਲਾਈਆਂ ਚੁਮ ਚੁਮ ਓਸ ਦੀਆਂ ਤਹਿਰੀਰਾਂ ।
ਅਸਾਂ ਤੇ ਦਿਲ ਦੇ ਸੌਦੇ ਕੀਤੇ ਵੇਚ ਕੇ ਸਭ ਜਾਗੀਰਾਂ,
ਸਾਡੇ ਹੱਥਾਂ ਉੱਤੇ ਖਿੱਚੀਆਂ ਇਸ਼ਕ ਪਿਆਰ ਲਕੀਰਾਂ ।
ਬਾਲ ਗ਼ਰੀਬ ਦੇ ਢਿੱਡੋਂ ਭੁੱਖੇ ਕੁੱਲੀ ਵਿਚ ਕੁਰਲਾਂਦੇ,
ਘਰ ਅਮੀਰ ਦੇ ਬਾਰਾਂ ਮਹੀਨੇ ਕੁੱਤੇ ਖਾਂਦੇ ਖੀਰਾਂ ।
ਦੱਸੋ ਯਾਰੋ ਹੁਣ ਕੀ ਕਰੀਏ ਹੋਈਆਂ ਉਹ ਵੀ ਚੋਰੀ,
ਮੈਂ ਰਜ਼ਾਈ ਵਾਸਤੇ ਰੱਖੀਆਂ ਜੋ ਪਿੰਜਾ ਕੇ ਲੀਰਾਂ ।
ਖ਼ਵਰੇ ਮਹਿਸ਼ਰ ਦਾ ਦਿਨ ਆਇਆ ਨੱਸਦੇ ਜਾਂਦੇ ਸਾਰੇ,
ਭਾਜੜ ਪੈ ਗਈ ਵਿੱਚ ਜਵਾਨਾਂ, ਬੁੱਢਿਆਂ, ਬੱਚਿਆਂ, ਪੀਰਾਂ ।
ਸ਼ਾਮਾਂ ਪਈਆਂ ਪੈਂਡਾ ਡੂੰਘਾ ਲੱਭਦਾ ਨਹੀਂ ਕੋਈ ਆਗੂ,
ਮੰਜ਼ਿਲ ਨੂੰ ਰਾਹ ਜਾਂਦਾ ਕਿਹੜਾ ਸਾਰ ਨਹੀਂ ਰਾਹਗੀਰਾਂ ।
ਜਿਸ ਪਰਛਾਵੇਂ ਪਿੱਛੇ ਨੱਸਿਉਂ ਉਹ ਵੀ ਹੱਥ ਨਾ ਆਆ,
ਪਿੱਛੇ ਲੱਗ ਸਰਾਬਾਂ 'ਆਸੀ' ਕੀ ਲੱਭੀਆਂ ਤੌਕੀਰਾਂ ।