Asim Khwaja
ਆਸਿਮ ਖ਼ੁਆਜਾ

ਨਾਂ-ਖ਼ੁਆਜਾ ਮੁਹੰਮਦ ਜ਼ਾਫ਼ਰ ਲੋਨ, ਕਲਮੀ ਨਾਂ-ਆਸਿਮ ਖ਼ੁਆਜਾ,
ਪਿਤਾ ਦਾ ਨਾਂ-ਖ਼ੁਆਜਾ ਗ਼ੁਲਾਮ ਅਲੀ ਲੋਨ,
ਜਨਮ ਸਥਾਨ-ਭੋਪਾਲ ਵਾਲਾ, ਤਹਿਸੀਲ ਸੰਬੜਿਆਲ, ਜ਼ਿਲਾ ਸਿਆਲਕੋਟ,
ਜਨਮ ਤਾਰੀਖ਼-17 ਦਸੰਬਰ 1948,
ਵਿਦਿਆ-ਐਮ. ਏ. ਪੰਜਾਬੀ, ਐਮ. ਬੀ. ਏ. ਕਿੱਤਾ-ਲ਼ੇਖਾ ਕਾਰੀ,
ਛਪੀਆਂ ਕਿਤਾਬਾਂ-ਬਦਰ ਮੁਨੀਰ (ਸ਼ਾਇਰੀ) ਸੌ ਹੱਥ ਰੱਸਾ (ਸ਼ਾਇਰੀ), ਛੱਲਾਂ (ਸ਼ਾਇਰੀ),
ਪਤਾ-ਲ਼ਾਹੌਰ ।

ਪੰਜਾਬੀ ਗ਼ਜ਼ਲਾਂ (ਛੱਲਾਂ 2007 ਵਿੱਚੋਂ) : ਆਸਿਮ ਖ਼ੁਆਜਾ

Punjabi Ghazlan (Chhallan 2007) : Asim Khwajaਸੈ ਸਦੀਆਂ ਦਾ ਪੈਂਡਾ ਹੈਗਾ ਇਸ ਦੇ ਅੱਗੇ

ਸੈ ਸਦੀਆਂ ਦਾ ਪੈਂਡਾ ਹੈਗਾ ਇਸ ਦੇ ਅੱਗੇ । ਵਕਤ ਨੂੰ ਆਖੋ ਚੁੱਪ-ਚੁਪੀਤਾ ਅੱਗੇ ਲੱਗੇ । ਪੰਜ ਦਰਿਆਵਾਂ ਦੀ ਇਸ ਧਰਤੀ ਨੂੰ ਨੇ ਸਰਫ਼ਾਂ, ਇਸ ਧਰਤੀ ਤੇ ਜੰਮੇ ਸੂਰੇ, ਅਣਖੀ, ਜੱਗੇ । ਸਾਰਾ ਘੁੱਪ ਹਨੇਰਾ ਬਾਹਰ ਆ ਜਾਂਦਾ ਏ, ਜਦ ਕਦ ਮੇਰੇ ਅੰਦਰ ਵਾਲਾ ਦੀਵਾ ਜੱਗੇ । ਰੂਹ ਤੱਕ ਤੇਰਾ ਸੇਕ ਨਾ ਅੱਪੜ ਸਕਿਆ ਭਾਵੇਂ, ਲੂ-ਲੂ ਆਪਣਾ ਸਾੜ ਲਿਆ ਈ ਤਪਦੀ ਅੱਗੇ । ਜੋ ਕੁਝ ਕਰੀਏ ਸੋ ਕੁੱਝ ਭਰਨਾ ਪੈ ਜਾਂਦਾ ਏ, ਕਿਸਰਾਂ ਆਪਣੇ ਢਿੱਡ ਤੋਂ ਚੁੱਕ ਵਿਖਾਈਏ ਝੱਗੇ । 'ਆਸਿਮ' ਕੁੱਝ ਤੇ ਸਿਖ ਲੈ ਵੱਡਿਆਂ ਦਾਨਿਆਂ ਕੋਲੋਂ, ਤੂੰ ਕੀ ਜਾਣੇ ਧੁੱਪੇ ਤੇ ਨਹੀਂ ਕੀਤੇ ਬੱਗੇ ।

ਚਿੱਟੇ ਦਿਨ ਜੋ ਫ਼ਿਰਨ ਗਵਾਚੇ

ਚਿੱਟੇ ਦਿਨ ਜੋ ਫ਼ਿਰਨ ਗਵਾਚੇ, ਰੋਂਦੇ ਰਾਤ ਇਨਸਾਨਾਂ ਨੂੰ । ਅਕਲਾਂ ਪਿੱਟੇ ਕਿਸਰਾਂ ਸਮਝਣ, ਆਸ਼ਿਕ ਲੋਕ ਨਾਦਾਨਾਂ ਨੂੰ । ਦਿਨ ਵੇਲੇ ਤੇ ਮੈਂਬਰੇ ਚੜ੍ਹਦੇ ਰਾਤੀਂ ਦਾਰੂ-ਖ਼ਾਨੇ ਵਿਚ, ਦੱਸੋ ਬੰਦਾ ਕੀ ਹੁਣ ਆਖੇ ਐਡੇ ਵੱਡੇ ਸ਼ੈਤਾਨਾਂ ਨੂੰ । ਸੱਜਣ ਜੇ ਕਰ ਨਜ਼ਰ ਨਾ ਆਵੇ ਛਮ-ਛਮ ਹੰਝੂ ਵਗਦੇ ਨੇ, ਹਿਜਰ-ਵਿਛੋੜੇ ਮਾਰੇ ਹੋਰ ਕੀ ਜਾਨਣ ਚੜ੍ਹੇ ਤੂਫ਼ਾਨਾਂ ਨੂੰ । ਕੀ ਕੀ ਕਰਮ ਕਮਾਏ ਸੱਜਣਾ ਪੁੱਛ ਨਾ ਮੇਹਰ-ਵਫ਼ਾਵਾਂ ਦਾ, ਸੂਲਾਂ ਨਾਲੋਂ ਤਿੱਖੀਆਂ ਚੁੰਝਾਂ ਵਾਲੇ ਤੀਰ ਕਮਾਨਾਂ ਨੂੰ । ਵਲ ਵਲ, ਵਲ ਪਿਆ ਪਾਵੇ ਭਾਵੇਂ ਹੱਡ ਬੀਤੀ ਇਹ ਲੱਗਦੀ ਏ, ਨੀਂਦਰ 'ਆਸਿਮ' ਉਡਦੀ ਜਦ ਕਦ ਲੱਗਦੀ ਅੰਦਰ ਜਾਨਾਂ ਨੂੰ,

ਪੈਂਡਾ ਖੋਟਾ ਕਰ ਨਾ ਬੰਦਿਆ

ਪੈਂਡਾ ਖੋਟਾ ਕਰ ਨਾ ਬੰਦਿਆ, ਟੁਰਿਆ ਚੱਲ ਤੂੰ ਵੱਟੋ-ਵੱਟ । ਸੱਚ ਸਿਆਣੇ ਆਖ ਗਏ ਨੇ ਗੱਲਾਂ ਕਰੀਏ ਘੱਟੋ-ਘੱਟ । ਵਿੱਚ ਸ਼ਰੀਅਤ ਉਂਜ ਤੇ ਭਾਵੇਂ ਇਸ ਦੀ ਮਨ੍ਹਾ-ਮਨਾਹੀ ਨਈਂ, ਪਰ ਉਂਜ ਸੱਜਣੋ ਘੱਟ ਈ ਚੰਗਾ, ਜਾਤਾ ਜਾਂਦੈ ਵੱਟ ਸਨੱਟ । ਮਿੱਠੀ ਖੀਰ ਸਵਾਣੀ ਖ਼ਾਲਿਸ ਦੁੱਧੀਂ ਜਦੋਂ ਪਕਾਉਂਦੀ ਏ, ਖਾਵਣ ਵਾਲੇ ਰੱਜ-ਰੱਜ ਖਾਂਦੇ ਨਾਲੇ ਜਾਣ ਕਨਾਲੀ ਚੱਟ । ਮੰਗਣ ਪੁੰਨਣ ਕਾਰ ਨਾ ਕੋਈ, ਇਸ ਦਾ ਕੀ ਭਰਵਾਸਾ ਏ, ਗੰਨੇ ਤੋਂ ਇਨਕਾਰੀ ਹੋਵੇ, ਗੁੜ ਦੀ ਰੋੜੀ ਦੇਵੇ ਝੱਟ । ਵੇਖ ਨਿਮਾਣੇ 'ਆਸਿਮ' ਵਰਗੇ ਘੁੰਮਣ ਘੇਰੀ ਫੱਸੇ ਇੰਜ, ਰਬੜ ਜਿਵੇਂ ਵਿਚਕਾਰੇ ਰੱਖ ਕੇ, ਕਸ ਦਏ ਕੋਈ ਟਿਬਰੀ ਨਟ ।

ਰੰਗ ਬਰੰਗੇ ਚੋਲੇ ਪਾ ਕੇ

ਰੰਗ ਬਰੰਗੇ ਚੋਲੇ ਪਾ ਕੇ ਕਰਦੇ ਫਿਰਣ ਅਦਾਵਾਂ ਕੀ । ਆਪੋ ਦਰ-ਦਰ ਮੰਗਣ ਵਾਲੇ ਸਾਨੂੰ ਕਰਨ ਅਤਾਵਾਂ ਕੀ । ਦਿਲ ਦੇ ਅੰਦਰ ਲੁਕੀਆਂ ਛੁਪੀਆਂ ਗੱਲਾਂ ਦਾ ਵੀ ਜਾਣੂ ਜੋ, ਉਸ ਦੇ ਅੱਗੇ ਅੱਖਰਾਂ ਦੇ ਵਿਚ ਕਰਨੀਆਂ ਫੇਰ ਦੁਆਵਾਂ ਕੀ । ਕਾਲੇ ਪਾਣੀ ਖੜ੍ਹ ਕੇ ਪੁੱਛਦੇ ਦੱਸੋ ਸੱਜਣ ਕਿੱਥੇ ਜੇ, ਭੇਦ ਨਾ ਦਿੰਦੇ ਸੂਲੀ ਚੜ੍ਹਦੇ ਹੁੰਦੀਆਂ ਵੇਖ ਵਫ਼ਾਵਾਂ ਕੀ । ਅਰਜ਼ਾਂ ਉੱਥੇ ਕਰੀਏ ਜਿੱਥੇ ਹੋਵੇ ਕੁੱਝ ਸੁਣਵਾਈ ਵੀ, ਜੰਗਲ ਬੇਲੇ ਕੋਈ ਨਾ ਸੁਣਦਾ, ਦਈਏ ਫੇਰ ਸਦਾਵਾਂ ਕੀ । ਅੱਧੀ ਰਾਤੋਂ ਪਿੱਛੋਂ 'ਆਸਿਮ' ਦੁਨੀਆਂ ਜਦ ਸੌਂ ਜਾਂਦੀ ਏ, ਉਹੋ ਵੱਖਰੀ ਐਬ ਇਬਾਦਤ ਹੌਕੇ, ਹੰਝੂ, ਹਾਵਾਂ ਕੀ ।

ਸ਼ਰਮ-ਹਿਆ ਤੇ ਅਣਖ ਏ ਸਾਡੇ

ਸ਼ਰਮ-ਹਿਆ ਤੇ ਅਣਖ ਏ ਸਾਡੇ ਦੇਸ ਦੀ ਧੀ ਦਾ ਗਹਿਣਾ । ਧੁੱਪਾਂ, ਝੱਖੜ, ਮੀਂਹ, ਹਨੇਰੀ, ਸਭ ਕੁਝ ਸਿਰ ਤੇ ਸਹਿਣਾ । ਸਿਰ ਤੇ ਜਿਹੜੀ ਪੈ ਜਾਂਦੀ ਏ ਆਪੇ ਸਹਿਣੀ ਪੈਂਦੀ, ਗਲੀਆਂ ਦੇ ਵਿਚ ਰੁਲਦੀਆਂ ਰਹਿੰਦੀਆਂ ਵੀਰਾਂ ਬਾਝੋਂ ਭੈਣਾਂ । ਸਿਰ ਤੇ ਰਾਜ ਤੇ ਤਾਜ ਜ਼ਮਾਨੇ ਨਿਉਂ ਨਿਉਂ ਹੋਣ ਸਲਾਮਾਂ, ਝੁੱਲੀ ਹੋਈ ਹਨੇਰੀ ਦੇ ਵਿਚ ਕੋਈ ਨਾ ਮੰਨਦਾ ਕਹਿਣਾ । ਵਰਦੇ ਬਣ ਕੇ ਵਿਕ ਜਾਂਦੇ ਨੇ ਯੂਸਫ਼ ਵਰਗੇ ਸੋਹਣੇ, ਮੁੱਲ ਵੀ ਪੈਂਦਾ ਇੱਕੋ ਅੱਟੀ ਤੇਰਾ ਮੁੱਲ ਕੀ ਪੈਣਾ । ਸਾਂਝੀ ਇੱਜ਼ਤ, ਉਲਫ਼ਤ 'ਆਸਿਮ' ਸਾਡੇ ਪਿੰਡ ਗਿਰਾਂ ਸੀ, ਹੁਣ ਤੇ ਸਾਰ ਗੁਆਂਢੀ ਦੀ ਏ ਨਾ ਕੁਝ ਦੇਣਾ ਲੈਣਾ ।

ਅੰਦਰ ਤੂੰਬਾ ਅੱਲ੍ਹਾ ਹੂ ਦਾ ਵੱਜੇ ਤੇ

ਅੰਦਰ ਤੂੰਬਾ ਅੱਲ੍ਹਾ ਹੂ ਦਾ ਵੱਜੇ ਤੇ । ਬਣਦੀ ਤਾਂ ਏ ਆਪੀ ਜੇ ਕਰ ਗੱਜੇ ਤੇ । ਹਿੱਕ ਤੇ ਸਾਰੀਆਂ ਸਹਿ ਲੈਂਦੇ ਨੇ, ਹਰਦੇ ਨਈਂ, ਕੰਡ ਤੇ ਖਾਵੇ ਤਾਂ ਮੈਦਾਨੋਂ ਭੱਜੇ ਤੇ । ਇਸ ਜੀਵਨ ਦਾ ਕੋਈ ਤੇ ਮਕਸਦ ਹੋਵੇਗਾ, ਤਾਹੀਉਂ ਮੋਢੇ ਬੈਠੇ ਖੱਬੇ-ਸੱਜੇ ਤੇ । ਯੂਸਫ਼ ਵਰਗਾ ਮਿਲੇ ਤੇ ਜ਼ਿੰਦੜੀ ਸੌ ਵਾਰੀਐਵੇਂ ਨਾ ਕੋਈ ਮਰਦਾ ਫ਼ਿਰੇ ਨਲੱਜੇ ਤੇ । ਉੱਚੀਆਂ ਫ਼ਿਕਰਾਂ, ਸੁੱਚੀਆਂ ਸੋਚਾਂ'ਆਸਿਮ'ਜੀ, ਨਾਜ਼ਲ ਹੋਵਣ ਭੁੱਖੇ ਨਾ ਕਿ ਰੱਜੇ ਤੇ ।

ਨਿੱਘੀਆਂ ਤੇ ਡੂੰਘੀਆਂ ਨੇ ਗੱਲਾਂ ਉਹ ਪੁਰਾਣੀਆਂ

ਨਿੱਘੀਆਂ ਤੇ ਡੂੰਘੀਆਂ ਨੇ ਗੱਲਾਂ ਉਹ ਪੁਰਾਣੀਆਂ । ਸੌਖੀਆਂ ਸਵੱਲੀਆਂ ਨੇ ਕਹਿਣੀਆਂ ਸੁਣਾਣੀਆਂ । ਕਹਿੰਦੇ ਨੇ ਤਰੱਕੀਆਂ ਤੇ ਕੀਤੀਆਂ ਵਥੇਰੀਆਂ, ਜ਼ਹਿਰ ਭਿੱਟਾ ਪਾਣੀਆਂ ਨੂੰ ਕੀਤਾ ਏ ਸਿਆਣੀਆਂ ਗ਼ਰਜ਼ਾਂ ਨੇ ਦੁੱਧ ਦਾ ਵਪਾਰ ਕਰ ਲਿਆ ਏ, ਰਹਿ ਗਈਆਂ ਕੀਲਿਆਂ ਤੇ ਟੰਗੀਆਂ ਮਧਾਣੀਆਂ । ਮਾਵਾਂ ਦਾ ਪਿਆਰ ਵੀ ਏ ਮੁੱਲ ਹੁਣ ਵਿਕਦਾ, ਬਾਲਾਂ ਨੂੰ 'ਡੇ-ਕੇਅਰ' ਵਿਚ ਰੱਖਣ ਜ਼ਨਾਨੀਆਂ । ਗੱਲ ਹੁਣ ਕਾਹਨੂੰ ਪੂਰੇ ਸੋਲ੍ਹਾਂ ਆਨੇ ਕਰਨੀ, ਚੱਲਦੀਆਂ ਜਦ ਨਾ ਠਿਆਨੀਆਂ-ਚੁਆਨੀਆਂ ।