ਬੰਦ ਬੰਦ : ਭੁਪਿੰਦਰ ਦੁਲੇਅ

Band Band : Bhupinder Dulay



ਨਵਾਂ ਕੋਈ ਗੀਤ ਨਹੀਂ ਲਿਖਿਆ

ਨਵਾਂ ਕੋਈ ਗੀਤ ਨਹੀਂ ਲਿਖਿਆ, ਬੜੇ ਚਿਰ ਤੋਂ ਕਲਮ ਚੁੱਪ ਹੈ ਕਵੀ ਮਹਿਫ਼ਿਲ `ਚ ਨਹੀਂ ਦਿਖਿਆ, ਬੜੇ ਚਿਰ ਤੋਂ ਕਲਮ ਚੁੱਪ ਹੈ ਇਹ ਗ਼ਜ਼ਲਾਂ, ਗੀਤ, ਨਜ਼ਮਾਂ ਤਾਂ ਕੋਈ ਰਹਿਮਤ ਹੀ ਹੁੰਦੀ ਹੈ ਅਜੇ ਮਿਲਦੀ ਨਹੀਂ ਭਿਖਿਆ, ਬੜੇ ਚਿਰ ਤੋਂ ਕਲਮ ਚੁੱਪ ਹੈ ਨਾ ਗਹਿਰਾਈ ਖ਼ਿਆਲਾਂ ਦੀ, ਅਜੇ ਨਾ ਸੋਚ ਹੀ ਉੱਚੀ ਤੁਕਾਂ ਨੂੰ ਜੋੜਨਾ ਸਿਖਿਆ, ਬੜੇ ਚਿਰ ਤੋਂ ਕਲਮ ਚੁੱਪ ਹੈ ਨਾ ਕੋਈ ਸਾਜ਼ ਹੀ ਛੋਹੇ, ਨਾ ਕੋਈ ਤਾਲ ਹੀ ਛੇੜੀ ਨਾ ਸਰਗਮ ਨੂੰ ਸੁਖ਼ਨ ਦਿਖਿਆ, ਬੜੇ ਚਿਰ ਤੋਂ ਕਲਮ ਚੁੱਪ ਹੈ ਹੈ ਇਕ ਫ਼ਰਿਆਦ ਮਿਲ ਜਾਵੇ, ਨਿਰੰਤਰ ਲਿਖਦਿਆਂ ਰਹਿਣਾ ਲਿਖੂ ਅਗਨੀ ਜਦੋਂ ਲਿਖਿਆ, ਬੜੇ ਚਿਰ ਤੋਂ ਕਲਮ ਚੁੱਪ ਹੈ

ਬ੍ਰਹਿਮੰਡ ਨੂੰ ਜੋ ਸਿਰਜੇ

ਬ੍ਰਹਿਮੰਡ ਨੂੰ ਜੋ ਸਿਰਜੇ, ਪੁਸਤਕ 'ਚ ਬੰਦ ਹੋ ਜਾ ਤੈਨੂੰ ਹਰ ਘੜੀ ਪੜ੍ਹਾਂ ਮੈਂ, ਤੂੰ ਇਲਾਹੀ ਛੰਦ ਹੋ ਜਾ ਇਲਹਾਮ ਬਣ ਜੋ ਆਏ, ਆਪੇ ਲਿਖੇ ਲਿਖਾਏ ਸ਼ਬਦਾਂ ਨੂੰ ਰਾਗਨੀ ਦੇ, ਰੂਹ ਦਾ ਆਨੰਦ ਹੋ ਜਾ ਇਹ ਮਹਿਲ, ਇਹ ਮੁਨਾਰੇ, ਤੇਰੇ ਪੈਰੀਂ ਡਿੱਗਣੇ ਸਾਰੇ ਜਾਂ ਚਰਖ਼ੜੀ ’ਤੇ ਚੜ੍ਹ ਜਾਹ ਜਾਂ ਬੰਦ ਬੰਦ ਹੋ ਜਾ ਛੱਡ ਕੇ ਇਹ ਮੌਜ ਮਸਤੀ, ਆ ਬਣਾ ਨਵੀਂ ਤੂੰ ਹਸਤੀ ਆਰੇ ਥਾਂ ਚੀਰ ਹੋ ਜਾਂ ਰੰਦੇ ਥੀਂ ਰੰਦ ਹੋ ਜਾ। ਫੁੱਲਾਂ ਨੂੰ ਟਹਿਕਣਾ ਦੇ, ਹਰ ਘਰ ਨੂੰ ਚਾਨਣਾ ਦੇ ਰਾਤਾਂ ’ਚ ਬਾਲ ਆਪਾ, ਤੂੰ ਸਭ ਦਾ ਚੰਦ ਹੋ ਜਾ ਨ੍ਹੇਰਾ ਰਹੇ ਸਵੇਰਾ, ਰਹਿਣਾ ਹੈ ਜ਼ਿਕਰ ਤੇਰਾ ਤੂੰ ਮਨਪਸੰਦ ਹੋ ਜਾ ਜਾਂ ਨਾਪਸੰਦ ਹੋ ਜਾ

ਕਲਮ ਦੇ ਵੇਗ `ਤੇ ਐਸੀ ਸ਼ਫ਼ਕਤ ਰਹੇ

ਕਲਮ ਦੇ ਵੇਗ `ਤੇ ਐਸੀ ਸ਼ਫ਼ਕਤ ਰਹੇ ਸ਼ਾਇਰੀ, ਕਲਪਨਾ, ਸ਼ਿਲਪ, ਸ਼ਿੱਦਤ ਰਹੇ ਸੋਚ ਸੰਜਮ, ਸੁਹਜ, ਤਾਜ਼ਗੀ, ਨਗ਼ਮਗੀ ਰੰਗਾਂ ਬਹਿਰਾਂ ਦੀ ਸ਼ਿਅਰਾਂ ’ਤੇ ਰਹਿਮਤ ਰਹੇ ਢਲ਼ ਕੇ ਸਰਗਮ ’ਚ ਰੂਹਾਂ ਨੂੰ ਰੌਸ਼ਨ ਕਰੇ ਸ਼ਾਇਰੀ ਥੀਂ ਮਹਿਕਦੀ ਮੁਹੱਬਤ ਰਹੇ ਚੰਦ, ਸੂਰਜ, ਗਗਨ, ਧਰਤ, ਸਾਗਰ, ਪਵਨ ਅਜ਼ਲ ਤੋਂ ਸ਼ਾਇਰੀ ਦੀ ਇਬਾਦਤ ਰਹੇ ਹਰਫ਼ ਬੇਪੱਤ ਨਗਨ ਬੇਅਦਬ ਹੋਣ ਨਾ ਔਰ ਬੇਬਾਕ ਆਖਣ ਦੀ ਜੁਰਅਤ ਰਹੇ ਆਪੋ ਆਪਣੀ ਪਹੁੰਚ, ਆਪੋ ਆਪਣਾ ਮੁਕਾਮ ਮਰਨ ਪਿੱਛੋਂ ਵੀ ਸ਼ਾਇਰ ਤਾਂ ਜੀਵਤ ਰਹੇ

ਹਰੇਕ ਧੜਕਨ, ਹਰੇਕ ਜੀਵਨ

ਹਰੇਕ ਧੜਕਨ, ਹਰੇਕ ਜੀਵਨ ਤੇਰੀ ਰਜ਼ਾ ਵਿਚ ਮਗਨ ਹੈ ਤਾਂ ਹੀ ਸੁਭਾਨ ਹੈਂ ਤੂੰ ਸੁਭਾਨ ਕੁਦਰਤ ਇਹ ਧਰਤ ਸਾਗਰ ਗਗਨ ਹੈ ਤਾਂ ਹੀ ਇਹ ਕਿਸ ਨੇ ਆਂਗਣ 'ਚ ਪੈਰ ਧਰਿਆ ਚੁਫੇਰ ਚਾਨਣ ਦੇ ਨਾਲ ਭਰਿਆ ਫ਼ਿਜ਼ਾ ਬਰੂਹੀਂ ਤਰੇਲ ਚੋਵੇ ਬਹਾਰ ਕਰਦੀ ਸ਼ਗਨ ਹੈ ਤਾਂ ਹੀ ਜੜੇ ਜੋ ਥਾਲੀ 'ਚ ਚੰਦ, ਤਾਰੇ ਇਹ ਕੌਣ ਸਾਜ਼ਾਂ 'ਚ ਫੂਕ ਮਾਰੇ ਹ ਵਾ ’ਚ ਪਾਣੀ ’ਚ ਜ਼ੱਰੇ-ਜ਼ੱਰੇ ’ਚ ਸਦਾ-ਸਦਾ ਦੀ ਵਗਨ ਹੈ ਤਾਂ ਹੀ ਹਰੇਕ ਦੀਵਟ ’ਚ ਮਘ ਰਿਹਾਂ ਮੈਂ ਹਰੇਕ ਮੁੱਖੜੇ ’ਤੇ ਦਗ ਰਿਹਾਂ ਮੈਂ ਜਿਗਰ ਥਾਂ ਮੇਰੇ ਹੈ ਉੱਗਦਾ ਸੂਰਜ ਜਿਸਮ ’ਚ ਏਨੀ ਅਗਨ ਹੈ ਤਾਂ ਹੀ ਬੜੇ ਨੇ ਝੱਖੜ ਤੂਫ਼ਾਨ ਭਾਵੇਂ ਅਡੋਲ ਖੜਿਆ ਹਨੇਰ ਸਾਵ੍ਹੇਂ ਹਮੇਸ਼ਾ ਰੌਸ਼ਨ ਰਹਿਣ ਦਾ ਜਜ਼ਬਾ ਚਰਾਗ਼ ਅੰਦਰ ਜਗਨ ਹੈ ਤਾਂ ਹੀ

ਯਾ ਖ਼ੁਦਾ! ਮੇਰੀ ਦੁਆ ਹੈ

ਯਾ ਖ਼ੁਦਾ! ਮੇਰੀ ਦੁਆ ਹੈ ਹਰ ਜਗੇ ਦੀਵੇ ਲਈ ਪੈਣ ਨਾ ਮੱਧਮ ਕਦੀ ਇਹ ਵਲਵਲੇ ਦੀਵੇ ਲਈ ਰੋਜ਼ ਇਸ ਨੇ ਆਪਣਾ ਆਪਾ ਮਚਾਈ ਜਾਵਣਾ ਰੋਜ਼ ਪਰਵਾਨੇ ਵੀ ਰਹਿਣੇ ਮੱਚਦੇ ਦੀਵੇ ਲਈ ਇਹ ਸਜ਼ਾ ਹੈ, ਲੋੜ ਹੈ, ਨਿਆਮਤ ਹੈ ਜਾਂ ਦਸਤੂਰ ਹੈ ਨੀਂਦਰਾਂ ਤੇਰੇ ਲਈ ਤੇ ਰਤਜਗੇ ਦੀਵੇ ਲਈ ਨਿੱਘ ਦੀ ਥਾਂ ਸੇਕ ਹੀ ਮਿਲਿਆ ਸਦਾ ਮਮਤਾ ਨੂੰ ਪਰ ਮੰਗਦੀ ਮਾਂ ਹੈ ਦੁਆਵਾਂ ਹਰ ਘਰੇ ਦੀਵੇ ਲਈ ਚੁੱਪ ਹੈ ਸੁਰਤਾਲ, ਗੁੰਮ ਹੈ ਰੌਸ਼ਨੀ ਦਾ ਗ਼ਜ਼ਲਗੋ ਭਾਲਦੇ ਫਿਰਦੇ ਨੇ ਮੈਨੂੰ ਉਹ ਦਿਨੇ ਦੀਵੇ ਲਈ

ਕਿਸੇ ਝਰਨੇ ਦੇ ਕਲਕਲ ਵਹਿਣ ਵਾਂਗਰ

ਕਿਸੇ ਝਰਨੇ ਦੇ ਕਲਕਲ ਵਹਿਣ ਵਾਂਗਰ ਲਿਖਦਿਆਂ ਰਹਿਣਾ ਖ਼ੁਦਾਯਾ! ਬਖ਼ਸ਼ ਦੇ ਮੈਨੂੰ ਨਿਰੰਤਰ ਲਿਖਦਿਆਂ ਰਹਿਣਾ ਹਨੇਰੀ ਰਾਤ ਨੂੰ ਵੰਗਾਰਦਾ ਫਿਰਦਾ ਮੇਰਾ ਜੁਗਨੂੰ ਤੁਸੀਂ ਵੀ ਪਹੁ ਫੁਟਾਲਾ ਹੋਣ ਤੀਕਰ ਲਿਖਦਿਆਂ ਰਹਿਣਾ ਕੋਈ ਬੀਤੀ ਉਮਰ ਦਾ ਹਾਦਸਾ ਨਾ ਸਮਝਣਾ ਮੈਨੂੰ ਕਦੇ ਜੇ ਯਾਦ ਆਵਾਂ ਯਾਰ ਪੱਤਰ ਲਿਖਦਿਆਂ ਰਹਿਣਾ ਕਦੇ ਥੱਕ ਹਾਰ ਘਰ ਨੂੰ ਪਰਤਣਾ ਪਰਵਾਜ਼ ਦਾ ਕੰਮ ਨਾ ਪਰਾਂ ਥੀਂ ਸ਼ਾਇਰੀ ਅਸਮਾਨ ਉੱਪਰ ਲਿਖਦਿਆਂ ਰਹਿਣਾ ਮਸ਼ਾਲਾਂ ਵਾਂਗ ਬਲਣਾ ਦੀਵਿਆਂ ਦੀ ਲਾਟ ਥੀਂ ਲੰਘਣਾ ਮਿਲੇਗਾ ਨੂਰ ਜੋ ਗ਼ਜ਼ਲਾਂ ਚ ਭਰ-ਭਰ ਲਿਖਦਿਆਂ ਰਹਿਣਾ

ਤੇਰੀ ਮੇਰੀ ਮੁਲਾਕਾਤ ਸੱਜਰੀ ਅਜੇ

ਤੇਰੀ ਮੇਰੀ ਮੁਲਾਕਾਤ ਸੱਜਰੀ ਅਜੇ ਕਿੰਝ ਬੀਤੇ ਜ਼ਮਾਨੇ ਦੀ ਗੱਲ ਹੋ ਗਈ ਦਿਨ ਸੀ ਆਥਣ ਦੀ ਬੁੱਕਲ ’ਚ ਬੈਠਾ ਹੁਣੇ ਵੇਖਦੇ-ਵੇਖਦੇ ਜੋ ਹੈ ਕੱਲ੍ਹ ਹੋ ਗਈ ਪੀੜ ਵਧਦੀ ਗਈ ਮੇਰੇ ਅਹਿਸਾਸ ਦੀ ਕੋਈ ਸੀਮਾ ਰਹੀ ਨਾ ਮੇਰੀ ਪਿਆਸ ਦੀ ਉਹ ਜੋ ਨਿੱਕੀ ਜਿਹੀ ਕਿਰਨ ਸੀ ਆਸ ਦੀ ਇੱਕ ਸੁੱਕੇ ਸਮੁੰਦਰ ਦੀ ਛੱਲ ਹੋ ਗਈ ਜਾਪਦੀ ਸੀ ਲੰਮੇਰੀ ਜੋ ਸਾਲਾਂ ਜਿਹੀ ਅੱਥਰੂ ਕੇਰਦੀ ਜਿੱਦ ਸੀ ਬਾਲਾਂ ਜਿਹੀ ਤੇਰੇ ਚਿਹਰੇ 'ਤੇ ਉਕਰੇ ਸਵਾਲਾਂ ਜਿਹੀ ਇੱਕ ਮੁਸ਼ਕਿਲ ਬਣੀ ਤੇ ਉਹ ਹੱਲ ਹੋ ਗਈ ਤੇਰੀ ਨੇਕੀ ਦਾ ਤੈਨੂੰ ਹੀ ਮਿਲਿਆ ਸਿਲਾ ਹੁਣ ਤੂੰ ਕੀਹਦੇ ’ਤੇ ਕਰਦਾ ਫਿਰੇਂਗਾ ਗਿਲਾ ਮੰਨ ਮੇਰੀ ਤੇ ਹੁਣ ਘਰ ਨੂੰ ਮੁੜ ਆ ਦਿਲਾ ਜੋ ਸੀ ਹੋਣੀ ਤੇਰੇ ਨਾਲ ਚੱਲ ਹੋ ਗਈ ਤੇਰੇ ਨੈਣਾਂ ਦਾ ਸੋਕਾ ਨਾ ਜਰਿਆ ਗਿਆ ਅੱਥਰੂ ਬਣ ਕੇ ਮੇਰੇ ਤੋਂ ਵਰ੍ਹਿਆ ਗਿਆ ਮਰਨ ਵੇਲੇ ਪਿਆਸੇ ਨਾ ਮਰਿਆ ਗਿਆ ਔੜ ਉਮਰਾਂ ਦੀ ਇਸ ਦਿਲ ਤੋਂ ਝੱਲ ਹੋ ਗਈ

ਆਪਣੇ ਘਰ ਨੂੰ ਤੁਰ ਗਿਆ ਸੂਰਜ

ਆਪਣੇ ਘਰ ਨੂੰ ਤੁਰ ਗਿਆ ਸੂਰਜ ਚੰਦ ਬੱਦਲਾਂ ਦੇ ਕੋਲ਼ ਹੋ ਬੈਠਾ ਵੇਖ ਲੋਰੀ ਸੁਣਾ ਰਹੀ ਮਮਤਾ ਖ਼ਾਬ ਨੈਣਾਂ ਦੇ ਕੋਲ਼ ਹੋ ਬੈਠਾ ਨੂਰ ਦੇ ਨਾਲ ਭਰ ਗਿਆ ਕੋਈ ਜੀਣ ਜੋਗਾ ਹੈ ਕਰ ਗਿਆ ਕੋਈ ਮੈਨੂੰ ਦੀਵਟ ’ਤੇ ਧਰ ਗਿਆ ਕੋਈ ਮੈਂ ਮਸ਼ਾਲਾਂ ਦੇ ਕੋਲ਼ ਹੋ ਬੈਠਾ ਢੰਗ ਆਇਆ ਨਾ ਕੋਈ ਜੱਗ ਵਾਲ਼ਾ ਰੱਬ ਮਿਲਿਆ ਨਾ ਇਸ਼ਕ ਦੀ ਮਾਲ਼ਾ ਵੇਖਿਆ ਮੈਂ ਸਫ਼ੇਦ ਜਾਂ ਕਾਲ਼ਾ ਲੱਖ ਰੰਗਾਂ ਦੇ ਕੋਲ਼ ਹੋ ਬੈਠਾ ਇੱਕ ਜਜ਼ਬਾ ਵੀ ਹੈ, ਖੁਮਾਰੀ ਹੈ ਸਾਹਵੇਂ ਅਸਮਾਨ ਦੀ ਸਵਾਰੀ ਹੈ ਬਿਨ ਪਰਾਂ ਦੇ ਜੋ ਇਹ ਉਡਾਰੀ ਹੈ ਮੈਂ ਤਾਂ ਡਾਰਾਂ ਦੇ ਕੋਲ਼ ਹੋ ਬੈਠਾ ਰੰਗ, ਮੌਸਮ, ਸੁਗੰਧ, ਬਰਸਾਤਾਂ ਛੇੜ ਐਵੇਂ ਨਾ ਬੀਤੀਆਂ ਬਾਤਾਂ ਕਿੰਝ ਕੱਟੇਂਗਾ ਸੁੰਝੀਆਂ ਰਾਤਾਂ ਦਿਲ ਜੇ ਯਾਦਾਂ ਦੇ ਕੋਲ਼ ਹੋ ਬੈਠਾ

ਹਰ ਸੀਨੇ ’ਚੋਂ ਉਠਦੀ ਦਮ-ਦਮ

ਹਰ ਸੀਨੇ ’ਚੋਂ ਉਠਦੀ ਦਮ-ਦਮ ਸਾ ਰੇ ਗਾ ਮਾ, ਸਾ ਰੇ ਗਾ ਮਾ ਧੜਕਣ-ਧੜਕਣ ਕਿਰਦੀ ਛਮ-ਛਮ ਸਾ ਰੇ ਗਾ ਮਾ, ਸਾ ਰੇ ਗਾ ਮਾ ਜਦ ਕਿਧਰੇ ਚੇਤੇ ਆ ਜਾਵੇ ਦਿਲ ਮੇਰੇ ਦੀ ਪਿਆਸ ਬੁਝਾਵੇ ਹਰ ਸਰਘੀ ਚਾਟੀ ਦੀ ਘਮ-ਘਮ ਸਾ ਰੇ ਗਾ ਮਾ, ਸਾ ਰੇ ਗਾ ਮਾ ਰਗ-ਰਗ ਜੋ ਸੰਗੀਤ ਜਿਹਾ ਹੈ ਦਰਦਾਂ ਨੂੰ ਸੁਰ ਬਖ਼ਸ਼ ਰਿਹਾ ਹੈ ਦਿਲ ਦਾ ਕੋਨਾ-ਕੋਨਾ, ਗ਼ਮ-ਗ਼ਮ ਸਾ ਰੇ ਗਾ ਮਾ, ਸਾ ਰੇ ਗਾ ਮਾ ਚਾਰ ਚੁਫੇਰੇ ਸ਼ੋਰ ਸ਼ਰਾਬਾ ਚੀਖ਼ਾਂ, ਗੋਲ਼ੀ, ਖੂਨ ਖ਼ਰਾਬਾ ਪਰ ਨਾ ਕਦੀ ਇਹ ਹੋਵੇ ਖਮ-ਖਮ ਸਾ ਰੇ ਗਾ ਮਾ, ਸਾ ਰੇ ਗਾ ਮਾ ਅੰਦਰਲਾ ਖ਼ਾਲੀਪਨ ਤਰਸੇ ਮਾਰੂਥਲ ’ਤੇ ਆ ਕੋਈ ਬਰਸੇ ਚਾਰ ਚੁਫੇਰਾ ਹੋਵੇ ਨਮ-ਨਮ ਸਾ ਰੇ ਗਾ ਮਾ, ਸਾ ਰੇ ਗਾ ਮਾ

ਸਾਡਾ ਤਾਂ ਹਾਲ-ਚਾਲ ਹੈ

ਸਾਡਾ ਤਾਂ ਹਾਲ-ਚਾਲ ਹੈ ਭਟਕੀ ਨਦੀ ਦੇ ਵਾਂਗ ਸਾਗਰ ਨੂੰ ਅੰਤ ਮਿਲਣ ਲਈ ਤਰਸੀ ਨਦੀ ਦੇ ਵਾਂਗ ਕੰਢੇ ਨਾ ਖੁਰਨ ਇਸ ਲਈ ਆਪਾ ਸਮੇਟਿਆ ਤੇਰੇ ਗਰਾਂ 'ਚੋਂ ਲੰਘਿਆਂ ਸੁੱਕੀ ਨਦੀ ਦੇ ਵਾਂਗ ਹੰਝੂਆਂ ’ਚ ਡੁੱਬ ਮਾਣਿਆ ਨੈਣਾਂ ਦਾ ਸੋਕੜਾ ਅੱਗ ਦੇ ਝਨਾਂ ਨੂੰ ਤਰ ਲਿਆ ਥਲ ਦੀ ਨਦੀ ਦੇ ਵਾਂਗ ਤੂੰ ਸਹਿ ਸੁਭਾਅ ਹੀ ਖੇਡਦੇ ਬੱਚੇ ਨੂੰ ਘੂਰਿਆ ਨੈਣਾਂ ਨੇ ਛਹਿਬਰ ਲਾ ਲਈ ਵਗਦੀ ਨਦੀ ਦੇ ਵਾਂਗ ਕੁੱਖੋਂ ਹੀ ਡੋਲੀ ਤੋਰ ਕੇ ਮਮਤਾ ਦੀ ਬੇਵਸੀ ਪੱਥਰ ਨੇ ਆਂਦਰਾਂ ਮਗਰ ਦਿਸਦੀ ਨਦੀ ਦੇ ਵਾਂਗ

ਏਸ ਦਰਿਆ ਦੀ ਇਹ ਜੋ ਹੈ ਕਲ-ਕਲ

ਏਸ ਦਰਿਆ ਦੀ ਇਹ ਜੋ ਹੈ ਕਲ-ਕਲ ਦਿਲ ਦੇ ਸਹਿਰਾ ਨੂੰ ਲੰਘਦੀ ਛਲ-ਛਲ ਨੀਂਦ ਨੈਣਾਂ ’ਚ ਰਾਤ ਭਰ ਜਾਗੀ ਕੋਈ ਆਹਟ ਜਿਹੀ ਰਹੀ ਪਲ-ਪਲ ਕੋਈ ਵੀ ਥਾਂ ਮਿਲੀ ਨਾ ਬਰਸਣ ਨੂੰ ਇਹ ਘਟਾ ਭਟਕਦੀ ਰਹੀ ਥਲ-ਥਲ ਖੇਤ ਵਾਂਗਰ ਜੋ ਵਾਹ ਗਿਆ ਸੀਨਾ ਜ਼ਿੰਦਗੀ ਦੇ ਗਿਆ ਤੇਰਾ ਹਲ-ਹਲ ਅੱਜ ਏਨਾ ਮਹੀਨ ਹੋ ਜਾਵਾਂ ਯਾ ਖ਼ੁਦਾ! ਛਣ ਦਵੇ ਕੋਈ ਮਲ-ਮਲ

ਸਿਗ੍ਹਾ ਚਿਰ ਦਾ ਮੇਰਾ ਇਹ ਸ਼ਾਂਤਪਨ

ਸਿਗ੍ਹਾ ਚਿਰ ਦਾ ਮੇਰਾ ਇਹ ਸ਼ਾਂਤਪਨ ਕਿਉਂ ਖੋਹ ਲਿਆ ਅੱਜ ਤੂੰ ਖੜੇ ਪਾਣੀ ਨੂੰ ਕਿਉਂ ਆ ਕੇ ਅਚਾਨਕ ਛੋਹ ਲਿਆ ਅੱਜ ਤੂੰ ਤੇਰੀ ਛੋਹ ਨਾਲ ਜੋ ਕੰਪਨ ਮਿਲੀ ਦਾਇਰੇ ਬਣੇ ਕਿੰਨੇ ਉਨ੍ਹਾਂ ਥੀਂ ਲੰਘ ਯਾਦਾਂ ਦੀ ਕਸਕ ਨੂੰ ਟੋਹ ਲਿਆ ਅੱਜ ਤੂੰ ਖੜੇ ਪਾਣੀ ਤਾਂ ਹੋ ਸਕਦੇ ਨੇ ਗੰਧਲੇ ਵੀ ਤੇ ਖਾਰੇ ਵੀ ਮੈਂ ਨਿਰਮੋਹਾ ਨਾ ਹੋਜਾਂ ਤਾਹੀਓਂ ਆ ਕੇ ਮੋਹ ਲਿਆ ਅੱਜ ਤੂੰ ਤੂੰ ਡਾਲੀ ਨਾਲੋਂ ਟੁੱਟ ਕੇ ਡਿਗਿਆ ਆ ਕੇ ਮੇਰੀ ਹਿੱਕ 'ਤੇ ਜਿਵੇਂ ਪੌਸ਼ਾਕ ਬਣ ਕੇ ਮੇਰਾ ਤਨ ਮਨ ਮੋਹ ਲਿਆ ਅੱਜ ਤੂੰ ਕਿਹੀ ਦਸਤਕ ਸੀ ਕਿ ਤੈਨੂੰ ਵੀ ਖ਼ੁਦ ਨੂੰ ਖ਼ਬਰ ਨਾ ਕੋਈ ਚੁਫੇਰੇ ਪੱਸਰੇ ਸੰਨਾਟੇ ਨੂੰ ਜੀਕਣ ਖੋਹ ਲਿਆ ਅੱਜ ਤੂੰ

ਧੁਨਾਂ, ਸ਼ਬਦਾਂ, ਸੁਰਾਂ ਨੂੰ ਪਹਿਨ ਕੇ

ਧੁਨਾਂ, ਸ਼ਬਦਾਂ, ਸੁਰਾਂ ਨੂੰ ਪਹਿਨ ਕੇ ਸੁਰਜੀਤ ਹੋ ਜਾਣਾ ਕਿਸੇ ਵਿਰਲੇ ਦੇ ਕਰਮਾਂ ਵਿਚ ਹੈ ਸੰਗੀਤ ਹੋ ਜਾਣਾ ਹਵਾ ਦੀ, ਰੰਗ ਦੀ, ਖ਼ੁਸ਼ਬੂ ਦੀ, ਦਿਲ ਦੀ ਛੇੜ ਝਰਨਾਹਟ ਤੇ ਮੋਹ ਦੀ ਚਾਸ਼ਣੀ ਭਰ ਜ਼ਿੰਦਗੀ ਦਾ ਗੀਤ ਹੋ ਜਾਣਾ ਇਲਾਹੀ ਇਲਮ ਬਣਨਾ, ਨੂਰ ਦੀ ਇਕ ਨਹਿਰ ਹੋ ਵਗਣਾ ਹਵਾ ਵਾਂਗਰ ਚੁਫੇਰੇ ਹੋ ਕੇ ਬੇਪਰਤੀਤ ਹੋ ਜਾਣਾ ਤੇਰੇ ਸੀਨੇ ਚੋਂ ਝਰਨਾ ਸਰਗਮਾਂ ਦਾ ਫੁੱਟਣਾ ਹਰਦਮ ਕਿਵੇਂ ਤੂੰ ਸਹਿ ਲਵੇਂਗਾ ਬੁੱਲ੍ਹੀਆਂ ਦਾ ਸੀਤ ਹੋ ਜਾਣਾ ਤੂੰ ਅੰਬਰ, ਧਰਤ ਹਾਂ ਮੈਂ, ਇਸ ’ਚ ਹੈ ਆਪਣਾ ਵੀ ਕੁਝ ਹਿੱਸਾ ਕਿ ਧੁੱਪ ਦਾ ਚਾਨਣੀ ਵਿਚ ਬਦਲਣਾ ਤੇ ਸੀਤ ਹੋ ਜਾਣਾ ਅਜੇ ਵੀ ਸਾਂਭਿਆ ਦਿਲ ਦੀ ਕਿਸੇ ਨੁੱਕਰੇ ਪਿਐ ਉਹ ਪਲ ਅਚਾਨਕ ਵੇਖ ਕੇ ਮੈਨੂੰ ਤੇਰਾ ਭੈਭੀਤ ਹੋ ਜਾਣਾ

ਪਵਿੱਤਰ ਪੁਸਤਕਾਂ 'ਤੇ ਹੱਥ ਧਰ-ਧਰ

ਪਵਿੱਤਰ ਪੁਸਤਕਾਂ 'ਤੇ ਹੱਥ ਧਰ-ਧਰ ਸਦਾ ਜੋ ਵੀ ਕਿਹਾ ਸੱਚ ਹੀ ਕਿਹਾ ਮੈਂ ਰਿਹਾ ਦਸਤੂਰ ਐਸਾ ਜ਼ਿੰਦਗੀ ਭਰ ਕਟਹਿਰੇ ਵਿਚ ਬਸ ਮੁਜਰਿਮ ਰਿਹਾ ਮੈਂ ਇਹ ਰਿਸ਼ਤੇ ਯਾਰੀਆਂ ਦੁਨੀਆ ਦੇ ਬੰਧਨ ਹੈ ਕਿੰਨਾ ਘਿਰ ਗਿਆ ਫ਼ਰਜ਼ਾਂ 'ਚ ਇਹ ਮਨ ਬੜੀ ਵਾਰੀ ਜ਼ੁਬਾਂ ਤੋਂ ਬੋਲ ਮੋੜੇ ਤੇ ਕੀ-ਕੀ ਆਖਦਾ ਚੁੱਪ ਹੀ ਰਿਹਾ ਮੈਂ ਬੜਾ ਔਖਾ ਹੈ ਏਨਾ ਚੁੱਪ ਕਰਨਾ ਜਿਗਰ ਅਣਗਿਣਤ ਚੀਖਾਂ ਨਾਲ ਭਰਨਾ ਕਿਸੇ ਤੂਫ਼ਾਨ ਦਾ ਸੰਕੇਤ ਬਣਦੀ ਫ਼ਿਜ਼ਾ ਅੰਦਰਲੀ ਖ਼ਾਮੋਸ਼ੀ ਜਿਹਾ ਮੈਂ ਇਹ ਭਰ-ਭਰ ਡੁੱਲਦੇ ਦਰਿਆ ਦਾ ਮਾਤਮ ਕਿ ਜਿਸ ਨੇ ਮੌਨ ਕਰ ਲੀਤਾ ਹੈ ਆਤਮ ਉਗਾਵੇ ਖੇਤ ਕੋਈ ਰੇਤ ਵੇਚੇ ਤੇ ਏਥੋਂ ਲੰਘਦਾ ਗੁੰਮਸੁਮ ਪਿਹਾ ਮੈਂ ਹਾਂ ਇਕ ਖੁਰਦੀ ਇਮਾਰਤ ਦਾ ਬਨੇਰਾ ਤੇ ਬਸ ਕੁਝ ਪੰਛੀਆਂ ਦਾ ਹੁਣ ਬਸੇਰਾ ਕਿਸੇ ਰਾਹੀ ਦੇ ਨੈਣਾਂ ਦਾ ਤਸੱਵਰ ਕਦੇ ਸਾਂ ਮਹਿਲ ਨੂਰਾਨੀ ਇਹਾ ਮੈਂ

ਤੇਰੇ ਸੀਨੇ ਦੇ ਬਾਗ਼ ਅੰਦਰ

ਤੇਰੇ ਸੀਨੇ ਦੇ ਬਾਗ਼ ਅੰਦਰ ਖਿੜੇ ਨਗ਼ਮੇ ਰੰਗੀਲੇ ਨੇ ਤੇਰੇ ਬੋਲਾਂ ਦੇ ਜਾਦੂ ਨੇ ਹਜ਼ਾਰਾਂ ਨੈਣ ਕੀਲੇ ਨੇ ਛਿੜੇ ਨੇ ਰਾਗ ਰੂਹਾਂ ਦੇ, ਗਿੜੇ ਨੇ ਸਾਜ਼ ਖੂਹਾਂ ਦੇ ਹੈ ਆਈ ਕਲਮ ਹਰਕਤ ਵਿਚ, ਹਰਫ਼ ਹੋਏ ਸੁਰੀਲੇ ਨੇ ਕਿਰੀ ਅਲਫ਼ਾਜ਼ ਦੀ ਕਿਣਮਿਣ, ਬਹਿਰ ਬਣਦਾ ਗਿਆ ਛਿਣ-ਛਿਣ ਘੁਲੀ ਹੈ ਸ਼ਾਇਰੀ ਜਦ ਤੋਂ ਜ਼ਹਿਰ ਹੋਏ ਰਸੀਲੇ ਨੇ ਖ਼ੁਮਾਰੀ ਸੋਚ ਰੌਸ਼ਨ ਦੀ ਹੈ ਬਣ ਕੇ ਲਾਟ ਮੱਚਣ ਦੀ ਨਹੀਂ ਹੈ ਜਾਮ ਸਾਕੀ ਮੈਅ ਮਗਰ ਇਹ ਪਲ ਨਸ਼ੀਲੇ ਨੇ ਇਨ੍ਹਾਂ ਵਿਚ ਜੋਸ਼ ਹੈ, ਜ਼ਿੰਦਾਦਿਲੀ, ਜਜ਼ਬਾ ਹੈ, ਜੁਰਅਤ ਹੈ ਦਬੇ ਨੇ ਬਰਫ਼ ਹੇਠਾਂ ਹਰਫ਼ ਮੇਰੇ ਪਰ ਹਠੀਲੇ ਨੇ

ਬੜਾ ਸੌਖਾ ਹੈ ਤੇਰੇ ਵਾਸਤੇ

ਬੜਾ ਸੌਖਾ ਹੈ ਤੇਰੇ ਵਾਸਤੇ ਹਉਕਾ ਜਿਹਾ ਭਰਨਾ ਤੇ ਆਹਾਂ ਨੂੰ ਸਫ਼ਰ ਵਿਚ ਕਿੰਨੀ ਵਾਰੀ ਹੈ ਪਿਆ ਮਰਨਾ ਇਹ ਕਾਲੀ ਬੱਦਲੀ ਚਿਰ ਦੀ ਕੋਈ ਥਲ ਭਾਲਦੀ ਫਿਰਦੀ ਹੈ ਅੰਦਰ ਸੇਕ ਪਾਣੀ ਦਾ ਤੇ ਬਾਹਰੋਂ ਪੈ ਰਿਹਾ ਠਰਨਾ ਨਹੀਂ ਕੈਦੀ, ਮੁਸਾਫ਼ਿਰ ਹਾਂ, ਮੈਂ ਏਥੇ ਕੁਝ ਕੁ ਪਲ ਰੁਕਿਆਂ ਇਹ ਸੀਮਾਂ ਕੈਦ ਨੇ ਖ਼ੁਦ ਹੀ, ਇਨ੍ਹਾਂ ਕੋਈ ਕੈਦ ਕੀ ਕਰਨਾ ਰਿਹਾ ਸੱਖਣਾ ਜੋ ਡਾਰਾਂ ਤੋਂ, ਮਿਲੀ ਪੱਤਝੜ ਬਹਾਰਾਂ ਤੋਂ ਘਣੇ ਜੰਗਲ ’ਚ ਇਕਲਾਪਾ, ਪਿਆ ਇਸ ਰੁੱਖ ਨੂੰ ਜਰਨਾ ਕਰਮ ਰੁੱਖਾਂ ਦਾ ਹਰ ਰੁੱਤੇ, ਜਨਮਣੇ ਸੱਜਰੇ ਪੱਤੇ ਤੇ ਪੱਤਝੜ ਦਾ ਕਰਮ ਪੱਤਿਆਂ ਨੂੰ ਰੁੱਖਾਂ ਤੋਂ ਜੁਦਾ ਕਰਨਾ

ਦਾਗ ਮਿਟ ਜਾਣਗੇ

ਦਾਗ ਮਿਟ ਜਾਣਗੇ, ਜ਼ਖ਼ਮ ਭਰ ਜਾਣਗੇ ਦਿਨ ਅਹਿਸਤਾ-ਅਹਿਸਤਾ ਗੁਜ਼ਰ ਜਾਣਗੇ ਜੋੜ ਤੀਲੇ ਬਣਾਇਆ ਸੀ ਇਕ ਆਲ੍ਹਣਾ ਕੀ ਪਤਾ ਸੀ ਇਹ ਤੀਲੇ ਬਿਖਰ ਜਾਣਗੇ ਜਿਸ ਪੜਾਅ ਤੋਂ ਹੈ ਵਿਗਿਆਨ ਮੁੜਿਆ ਤੇਰਾ ਉਸ ਤੋਂ ਅੱਗੇ ਇਹ ਪੰਛੀ ਦੇ ਪਰ ਜਾਣਗੇ ਵੇਖ ਮਾਸੂਮ ਅੱਖਾਂ 'ਚ ਹੁਣ ਇਹ ਅਗਨ ਨ੍ਹੇਰ, ਤੂਫ਼ਾਨ, ਝੱਖੜ ਵੀ ਡਰ ਜਾਣਗੇ ਛੱਡ ਅਪਣੇ ਘਰਾਂ ਨੂੰ ਤੁਰੇ ਸਾਂ ਜਦੋਂ ਸੋਚਿਆ ਵੀ ਨਾ ਸੀ ਸ਼ੌਕ ਮਰਜਾਣਗੇ

ਆਵਣ ਵਾਲ਼ੇ ਵੇਲ਼ੇ ਦਾ ਸਭ ਡਰ ਭਉ

ਆਵਣ ਵਾਲ਼ੇ ਵੇਲ਼ੇ ਦਾ ਸਭ ਡਰ ਭਉ ਟਾਲ ਗਿਆ ਤੂਫ਼ਾਨਾਂ ਦੀ ਹਿੱਕ 'ਤੇ ਜਿਹੜਾ ਦੀਵੇ ਬਾਲ਼ ਗਿਆ ਅਸਮਾਨੀ ਲਿਸ਼ਕੋਰਾਂ ਸਾਹਵੇਂ ਸੀਨਾ ਤਾਣ ਖੜ੍ਹਾ ਤੇ ਜਦ ਲੋੜ ਪਈ ਚਾਨਣ ਦੀ ਆਪਾ ਬਾਲ਼ ਗਿਆ ਟੁੱਟਦੇ ਤਾਰੇ ਨੂੰ ਵੇਖਣ ਦਾ ਸ਼ੌਕ ਅਵੱਲਾ ਸੀ ਅੰਬਰ ਦੇ ਵਲ ਵੇਂਹਦਾ-ਵੇਂਹਦਾ ਦੀਦੇ ਗਾਲ਼ ਗਿਆ ਇਸ ਕਸਬੇ ਦੇ ਨਕਸ਼ੇ ਉੱਤੇ ਉੱਕਰੇ ਨਕਸ਼ ਤੇਰੇ ਗਲ਼ੀਆਂ ਤਿਉੜੀਆਂ ਦਾ ਹੈ ਜੀਕਣ ਬੁਣਿਆ ਜਾਲ ਗਿਆ ਬਚਪਨ ਬਾਅਦ ਹੀ ਫ਼ਰਜ਼ਾਂ ਨੇ ਹੈ ਅਧਖੜ ਕੀਤਾ ਸਾਨੂੰ ਪਰ ਇਕ ਸੁਪਨਾ ਉਮਰਾ ਸਾਰੀ ਨਾਲੋ ਨਾਲ ਗਿਆ

ਇਹ ਮੇਰਾ ਤੇ ਉਹ ਤੇਰਾ ਹੈ

ਇਹ ਮੇਰਾ ਤੇ ਉਹ ਤੇਰਾ ਹੈ, ਖਿੱਚ ਲਕੀਰਾਂ ਵਿਚਕਾਹੇ ਸਭ ਕੁਝ ਵੰਡਿਆ ਫਿਰ ਵੀ ਰਹੀਆਂ ਸਾਝਾਂ ਵੀਰਾਂ ਵਿਚਕਾਹੇ ਮੈਨੂੰ ਮਿਲਿਆ ਇਕ ਪਟੋਲਾ, ਗੁੰਮਸੁੰਮ ਤੇ ਬੇਜਾਨ ਜਿਹਾ ਬਾਬੁਲ ਮੇਰੇ ਜਾਨ ਵੀ ਭਰ ਦੇ ਇਹਨਾਂ ਲੀਰਾਂ ਵਿਚਕਾਹੇ ਓਦੋਂ ਪਰਲਾ ਪਾਰ ਤਾਂ ਐਵੇਂ ਕੋਲ ਜਿਹੇ ਹੀ ਲੱਗਦਾ ਸੀ ਭੇਤ ਨਹੀਂ ਸੀ ਰਹਿ ਜਾਵਾਂਗੇ ਨੀਲੇ ਨੀਰਾਂ ਵਿਚਕਾਹੇ ਕਤਰਾ-ਕਤਰਾ ਡੁੱਲ੍ਹ ਜਾਵਾਂ ਮੈਂ ਪੋਟਾ-ਪੋਟਾ ਬਲ਼ ਜਾਵਾਂ ਤੇ ਚਾਨਣ ਦੀ ਕਾਤਰ ਬਣਜਾਂ ਨ੍ਹੇਰੇ ਚੀਰਾਂ ਵਿਚਕਾਹੇ ਅਕਸਰ ਹੀ ਜਦ ਚੇਤੇ ਆਵਣ, ਕਰ ਜਾਵਣ ਗ਼ਮਗੀਨ ਜਿਹਾ ਸੰਗ ਦਿਲੇ ਦਾ ਛੱਡ ਗਈਆਂ ਨੇ ਜੋ ਤਸਵੀਰਾਂ ਵਿਚਕਾਹੇ

ਭਰ-ਭਰ ਕੇ ਛਲਕਾਵੇ

ਭਰ-ਭਰ ਕੇ ਛਲਕਾਵੇ, ਇਹ ਕੌਣ ਕਰੇ ਸਾਜ਼ਿਸ਼ ਇਹ ਕਿਸ ਦੇ ਇਸ਼ਾਰੇ 'ਤੇ ਕਿਰਦੀ ਜਾਵੇ ਬਾਰਿਸ਼ ਜੋ ਤੰਗ ਫ਼ਿਜ਼ਾਵਾਂ ਤੋਂ, ਬੇਚੈਨ ਘਟਾਵਾਂ ਤੋਂ ਮੌਸਮ ਦੀ ਪਿਆਸ ਅੰਦਰ, ਆ ਵੇਖ ਕਿਹਾ ਆਤਿਸ਼ ਸਿਖ਼ਰੋਂ ਮੁੜ ਆਵਣ ਤੋਂ, ਪਹਿਲਾਂ ਮੁਰਝਾਵਣ ਤੋਂ ਕੋਈ ਮਾਣ ਲਵੇ ਖੁਸ਼ਬੂ, ਮੇਰੀ ਅੰਤਿਮ ਖ਼ਾਹਿਸ਼ ਨਾ-ਵਾਕਿਫ਼ ਹਰਫ਼ਾਂ ਤੋਂ, ਜੋ ਸੀਤਲ ਬਰਫ਼ਾਂ ਤੋਂ ਸੀਨੇ ਲੱਗਦੇ ਜਾਵੇ, ਉਮਰਾਂ ਦੀ ਗਰਮਾਇਸ਼ ਚੰਚਲ ਜਿਹੇ ਚਾਵਾਂ ਤੋਂ, ਦਿਲ ਦੇ ਸਹਿਰਾਵਾਂ ਤੋਂ ਚੰਗਾ ਹੋਵੇ ਜੇਕਰ ਬਸ ਦੂਰ ਰਹੇ ਦਾਨਿਸ਼।

ਛੇੜ ਕੋਈ ਰਾਗ ਕਰ ਸਾਜ਼ਾਂ ਨੂੰ ਸੁਰ

ਛੇੜ ਕੋਈ ਰਾਗ ਕਰ ਸਾਜ਼ਾਂ ਨੂੰ ਸੁਰ ਦਰਦ ਆਪਣੇ ਹੀ ਬਣਾ ਸਰਗਮ ਮਧੁਰ ਇਹ ਜੋ ਤੇਰੀ ਪੀੜ ਹੈ ਏਹੋ ਬਹਿਰ ਤੂੰ ਗ਼ਜ਼ਲ ਬਣ ਛਨ ਛਨਾ ਛਨ ਛਨਨ ਤੁਰ ਸੱਥ ਨਾ ਢਾਣੀ, ਤ੍ਰਿੰਝਣ ਨਾ ਸ਼ਗਨ ਕਿੰਨਾ ਸੁੰਨਾ ਹੋ ਗਿਆ ਪਰਬਾਤਪੁਰ ਤਾਰਿਆਂ ਦੀ ਰਾਤ ਨਾ ਦਾਦੀ ਦੀ ਗੋਦ ਬਾਤ ਵਿੱਚੇ ਛੱਡ ਗਈ ਗੁਰਬਚਨ ਕੁਰ ਮੋੜ ਕੇ ਅਹਿਸਾਸ ਦੇ ਦਰਿਆ ਦਾ ਰੁਖ਼ ਕੰਢਿਆਂ ਵਾਂਗੂੰ ਦਿਲਾ ਜਾਵੀਂ ਨਾ ਖੁਰ

ਐ ਆਸਮਾਨ ਮੇਰੇ !

ਐ ਆਸਮਾਨ ਮੇਰੇ ! ਉਮਰਾਂ ਤੋਂ ਸੰਗ ਤੇਰਾ ਭਾਵੇਂ ਹਾਂ ਮੈਂ ਸਮੁੰਦਰ, ਇਹ ਨੀਲ ਰੰਗ ਤੇਰਾ ਇਹ ਉਠਦੀਆਂ ਜੋ ਛੱਲਾਂ, ਤੇਰੇ ਨਾਲ ਕਰਨ ਗੱਲਾਂ ਹੈ ਗੁਫ਼ਤਗੂ ਦਾ ਚੰਦਾ! ਵੱਖਰਾ ਹੀ ਢੰਗ ਤੇਰਾ ਤੂੰ ਹੈਂ ਤਾਂ ਰੌਸ਼ਨੀ ਹੈ, ਧੁੱਪ ਹੈ ਤਾਂ ਚਾਨਣੀ ਹੈ ਸਾਰਾ ਜਹਾਨ ਜੀਕਣ ਹੈ ਅੰਗ-ਅੰਗ ਤੇਰਾ ਮੈਨੂੰ ਮਿਲੀ ਹੈ ਨਿਅਮਤ, ਏਨੀ ਹੁਸੀਨ ਕੁਦਰਤ ਚਾਹਾਂ ਦੀਦਾਰ ਕਰਨਾ, ਮੈਂ ਮੰਗ-ਮੰਗ ਤੇਰਾ ਹਰ ਥਾਂ ਹੀ ਤੇਰੇ ਡੇਰੇ , ਸੁਰਤਾਲ ਤੂੰ ਚੁਫੇਰੇ ਬ੍ਰਹਿਮੰਡ ਨਾਦ ਅਨਹਦ, ਕਣ-ਕਣ `ਚ ਰੰਗ ਤੇਰਾ

ਸ਼ੀਸ਼ਿਆਂ ਵਿਚ ਕੈਦ ਹੋਈ ਰੌਸ਼ਨੀ

ਸ਼ੀਸ਼ਿਆਂ ਵਿਚ ਕੈਦ ਹੋਈ ਰੌਸ਼ਨੀ ਨ੍ਹੇਰ ਸਾਹਵੇਂ ਪਰ ਖਲੋਈ ਰੌਸ਼ਨੀ ਮੋਮਬੱਤੀ ਰਾਤ ਭਰ ਬਲਦੀ ਰਹੀ ਜਾਪਦੈ ਜੀਅ ਭਰ ਕੇ ਰੋਈ ਰੌਸ਼ਨੀ ਧੁੰਦ ਡੁੱਬਿਆ ਦਿਨ ਤੇ ਕਾਲ਼ੀ ਰਾਤ ਹੈ ਨੂਰ ਹੀ ਦਿਸਦਾ ਨਾ ਕੋਈ ਰੌਸ਼ਨੀ ਬੁਝ ਗਏ ਸੈਆਂ ਘਰਾਂ ਦੇ ਹੀ ਚਰਾਗ਼ ਕਿਸ ਜਗ੍ਹਾ ਏਨੀ ਸਮੋਈ ਰੌਸ਼ਨੀ ਐਤਕੀਂ ਵੱਖਰੀ ਦਿਵਾਲੀ ਇਸ ਗਰਾਂ ਵੇਖ ਲੈ ਸਿਵਿਆਂ ਪਰੋਈ ਰੌਸ਼ਨੀ