Bashir Bawa
ਬਸ਼ੀਰ ਬਾਵਾ

ਨਾਂ-ਬਸ਼ੀਰ ਅਹਿਮਦ, ਕਲਮੀ ਨਾਂ-ਬਸ਼ੀਰ ਬਾਵਾ,
ਜਨਮ ਤਾਰੀਖ਼ 10 ਅਕਤੂਬਰ 1933,
ਜਨਮ ਸਥਾਨ-ਕੜਿਆਲ ਕਲਾਂ, ਜ਼ਿਲਾ ਗੁਜਰਾਂਵਾਲਾ,
ਪਿਤਾ ਦਾ ਨਾਂ-ਮੁਹੰਮਦ ਅਬਦੁੱਲਾ,
ਵਿਦਿਆ-ਅੱਠਵੀਂ, ਕਿੱਤਾ-ਠੇਕੇਦਾਰੀ,
ਛਪੀਆਂ ਕਿਤਾਬਾਂ-ਦੁਖ ਸਾਗਰ ਨੂੰ ਲਾਈਆਂ ਡੀਕਾਂ (ਪੰਜਾਬੀ ਗ਼ਜ਼ਲਾਂ), ਸੁੱਖ ਦੇ ਸ਼ੌਹ ਵਿਚ ਤਾਰ ਗਈ ਏ (ਪੰਜਾਬੀ ਗ਼ਜ਼ਲਾਂ), ਮੈਂ ਸਮੁੰਦਰ ਨਾਲ ਲਾਈਆਂ (ਪੰਜਾਬੀ ਗ਼ਜ਼ਲਾਂ), ਹੈ ਸੂਰਜ ਰੂਪ ਮਾਹੀ ਦਾ (ਪੰਜਾਬੀ ਗ਼ਜ਼ਲਾਂ), ਚੰਨ ਛੂਹਣ ਦਾ ਚਾਅ (ਕਾਫ਼ੀਆਂ),
ਪਤਾ-ਚਾਚਾ ਬਸ਼ੀਰ ਠੇਕੇਦਾਰ, ਗਲੀ ਅਬਦੁਲ ਗ਼ਫ਼ੂਰ ਬੱਟ, ਮੁਹੱਲਾ ਚੂੜੀਗਰਾਂ, ਸ਼ੇਖ਼ੂਪੁਰਾ ।

ਪੰਜਾਬੀ ਗ਼ਜ਼ਲਾਂ (ਦੁਖ ਸਾਗਰ ਨੂੰ ਲਾਈਆਂ ਡੀਕਾਂ 1997 ਵਿੱਚੋਂ) : ਬਸ਼ੀਰ ਬਾਵਾ

Punjabi Ghazlan (Dukh Sagar Nu Laaian Deekan 1997) : Bashir Bawaਸਾਕੀ ਨੈਣ ਖ਼ੁਮਾਰ ਭਰੀਚੇ

ਸਾਕੀ ਨੈਣ ਖ਼ੁਮਾਰ ਭਰੀਚੇ, ਭਰ-ਭਰ ਵੰਡਣ ਕਾਸੇ । ਜਿਹੜੇ ਆਉਣ ਸਵਾਲੀ ਬਣ ਕੇ ਉਹ ਨਾ ਰਹਿਣ ਪਿਆਸੇ । ਜਗ ਤੋਂ ਦਰਦ ਛੁਪਾਵਣ ਖ਼ਾਤਰ ਬੁੱਲ੍ਹੀਂ ਰੱਖਾਂ ਹਾਸੇ, ਮੇਰੇ ਵੱਸੋਂ ਬੇਵਸ ਹੋ ਕੇ ਰਹਿੰਦੇ ਨੈਣ ਉਦਾਸੇ । ਮੇਰੇ ਸਾਹਵੇਂ ਭੱਜ ਜਾਂਦਾ ਏ ਇੱਕ ਅਜੀਬ ਅਖਾੜਾ, ਨੱਚਦੇ ਨੇ ਖ਼ਾਹਸਾਂ ਦੇ ਸਾਏ ਮੂੰਹ 'ਤੇ ਬੰਨ੍ਹ ਮਡਾਸੇ । ਦਿਲ ਦੇ ਵਿਹੜੇ ਬਣ-ਬਣ ਬੈਠੇਂ ਨਿੱਜ ਜੰਮਨਾ ਏ ਤੇਰਾ, ਤੈਥੋਂ ਯਾਰ ਮੈਂ ਨੀਚਾ ਨਾਹੀਂ, ਮਰ ਮੁੱਕ ਜਾਣੀ ਆਸੇ । ਬੇਥੂਈਆਂ ਲੋੜਾਂ ਦੀ ਧੁੱਪੇ, ਸੂਰਜ ਦੀ ਛਾਂ ਥੱਲੇ, ਹਾੜ੍ਹ 'ਚ ਦਿਲ ਦੀਆਂ ਲਗ਼ਰਾਂ ਛਾਂਗਣ ਤਿੱਖੇ ਬੋਲ ਗੰਡਾਸੇ । ਹਿੰਮਤ ਨਾਲ ਪਹਾੜ ਉਡਾਵੇ, ਰੂੰ ਦੇ ਵਾਂਗਰ ਪਿੰਜ ਕੇ, 'ਬਾਵਾ' ਦਾਬ ਅਜਲ ਦੀ ਪਾਉਂਦੀ ਜੀਵਨ ਵਾਂਗ ਪਤਾਸੇ ।

ਅੱਖੀਆਂ ਵਿੱਚੋਂ ਜੁਗਨੂੰ ਬਣ ਕੇ

ਅੱਖੀਆਂ ਵਿੱਚੋਂ ਜੁਗਨੂੰ ਬਣ ਕੇ ਭਖਦੇ ਹੰਝੂ ਡੁੱਲੇ੍ਹ ਨੇ, ਅੱਥਰੂ ਹੋਰ ਮਚਾਵਣ ਮੱਚ ਨੂੰ ਦਰਦ ਵਧੇਰੇ ਮੁੱਲੇ ਨੇ । ਜਿਸ ਦੇ ਹੁਕਮ ਬਿਨਾਂ ਪੱਤਾ ਵੀ ਅਪਣੀ ਥਾਂ ਤੋਂ ਹਿਲਦਾ ਨਹੀਂ, ਉਸ ਤੇ ਆਪਣਾ ਪੁਖਤ ਯਕੀਨ ਏਂ, ਭਾਵੇਂ ਕੱਚੇ ਕੁੱਲੇ ਨੇ । ਮਿਸ਼ਲ ਅਸਲ ਦੀ ਸ਼ੀਸ਼ਾ ਬਣ ਕੇ, ਰੌਸ਼ਨ ਸੂਰਜ ਵਾਂਗ ਕਰੇ, ਵਕਤ ਦੇ ਸ਼ਾਹ ਅਨਾਇਤ ਸਾਹਵੇਂ ਕਈ ਬੁੱਲੇ ਵੀ ਭੁੱਲੇ ਨੇ । ਵੇਲਾ ਈ ਹੁਣ ਆ ਜਾ ਜੀਵੇਂ, ਫਿਰ ਆਈਉਂ ਤੇ ਕੀ ਆਇਉਂ, ਫਿਰ ਨਾ ਆਖੀਂ ਏਸ ਤੱਤੀ ਦੇ ਨੈਂਣ ਅਜੇ ਤੱਕ ਖੁੱਲੇ ਨੇ । ਬੰਦੇ 'ਤੇ ਰੂਬੋਟ 'ਚ 'ਬਾਵਾ' ਫ਼ਰਕ ਏ ਹੁਣ ਬੱਸ ਐਨਾ ਈ, ਰੰਗ ਵਸਾਰੀ ਨੈਣ ਸਲ੍ਹਾਭੇ, ਬੰਦੇ ਦੋਵੇਂ ਖੁੱਲੇ ਨੇ ।

ਦਿਲ ਦਾ ਬਾਲਕ ਛੜੀਆਂ ਮਾਰੇ

ਦਿਲ ਦਾ ਬਾਲਕ ਛੜੀਆਂ ਮਾਰੇ, ਰੋ-ਰੋ ਬੜਾ ਸਤਾਂਦਾ ਏ, ਵੇਖ ਲਵੇ ਜਦ ਚੰਨ ਖਿਡੌਣਾ, ਆਪੇ ਚੁੱਪ ਕਰ ਜਾਂਦਾ ਏ । ਉਹ ਨਹੀਂ ਆਇਆ, ਦੋਸ਼ ਮੇਰਾ ਕੀ, ਬੇ ਵੱਸਾ ਬੇਦੋਸ਼ਾ ਵਾਂ, ਸੂਲੀ ਜੋਗਾ ਹਿਜਰ ਕੁਪੱਤਾ, ਮੈਨੂੰ ਵੱਢ-ਵੱਢ ਖਾਂਦਾ ਏ । ਯਾਰ ਵਿਛੁੰਨਾ ਮਿਲਸੀ ਤੈਨੂੰ ਪਾਂਧੇ ਨੇ ਵੀ ਦੱਸਿਆ ਸੀ, ਤਾਹੀਉਂ ਬੈਠ ਬਨੇਰੇ ਉੱਤੇ ਕਾਗ ਬੜਾ ਕੁਰਲਾਂਦਾ ਏ । ਉੱਨਾਂ ਚਿਰ ਤੇ ਵੇਖਾਂ ਮੈਂ ਵੀ ਤੇਰਿਆਂ ਰੂਪਾਂ ਰੰਗਾਂ ਨੂੰ, ਜਿੰਨਾਂ ਚਿਰ ਇਹ ਜੁੱਸੇ ਅੰਦਰ ਅਮਰ ਤੇਰਾ ਕੁਰਲਾਂਦਾ ਏ । ਭੂਤ ਗਿਆ ਵੇਲੇ ਦਾ ਘੋੜਾ 'ਬਾਵਾ' ਵਾਗ ਨੂੰ ਖਿੱਚ ਕੇ ਰੱਖ, ਵੇਲਾ ਵਲ-ਵਲ ਵਲੇ ਵਲਾਣੇ ਜਦ ਵੀ ਦੌੜ ਵਿਖਾਂਦਾ ਏ ।

ਅੰਬਰ ਉੱਤੇ ਸ਼ਫ਼ਕ ਦੇ ਵਿੱਚੋਂ

ਅੰਬਰ ਉੱਤੇ ਸ਼ਫ਼ਕ ਦੇ ਵਿੱਚੋਂ ਸੱਜਰੇ ਸੂਰਜ ਚੜ੍ਹਦੇ ਵੇਖੇ । ਝੀਲ ਦੇ ਅੰਦਰ ਕਿੱਕਲੀ ਪਾ-ਪਾ ਸੱਤੇ ਰੰਗ ਮੈਂ ਲੜਦੇ ਵੇਖੇ । ਸੁਹਜ ਦੀ ਖ਼ਾਤਰ, ਹੁਸਨ ਪੁਜਾਰੀ, ਬਾਗਾਂ ਅੰਦਰ, ਫੁੱਲਾਂ ਉੱਤੋਂ, ਆਇਤ ਕੁਰਆਨੀ, ਵਰਗੀ ਤਿਤਲੀ, ਬੋਤਲ ਦੇ ਵਿਚ, ਤੜਦੇ ਵੇਖੇ । ਖ਼ਿਜ਼ਾਂ ਸਮੇਂ ਨੇ ਬਾਗਾਂ ਉੱਤੇ, ਜਾਲ ਸੁਨਹਿਰਾ ਇੰਜ ਦਾ ਪਾਇਆ, ਸੋਨੇ ਵਰਗੀ ਰੰਗਤ ਪਾ ਕੇ ਰੁੱਖੋਂ ਪੱਤਰ ਝੜਦੇ ਵੇਖੇ । ਗ਼ਜ਼ਲਾਂ ਦੀ ਮੁਟਿਆਰ ਦੇ ਗਲ ਵਿਚ ਸੂਝ ਦੇ ਹਾਰ ਪਰੋਵਣ ਸ਼ਾਇਰ ਸ਼ਿਅਰਾਂ ਦੇ ਵਿਚ ਅੱਖਰ-ਅੱਖਰ ਵਾਂਗ ਨਗੀਨੇ ਜੜਦੇ ਵੇਖੇ । ਐਡ ਤਰੱਕੀ ਹੋਈ 'ਬਾਵਾ', ਲੱਭ ਜਾਂਦੇ ਨੇ ਕਾਂ ਦੇ ਅੱਥਰੂ, ਦੁੱਧ ਬਣੇ ਹੁਣ ਕੰਗਲਦਾਨੀ ਸੁੱਕੇ ਦੁੱਧ ਮੈਂ ਕੜ੍ਹਦੇ ਵੇਖੇ ।

ਬਿਰਹੋਂ ਦੀ ਅੱਗ ਢਾਲ ਬਣਾਏ

ਬਿਰਹੋਂ ਦੀ ਅੱਗ ਢਾਲ ਬਣਾਏ, ਸਾਫ਼ ਆਈਨੇ ਜਗਦੇ ਅੱਖਰ । ਨੋਕ ਕਲਮ ਕੁਰਤਾਸ ਸਜਾਏ, ਵਾਂਗ ਨਗੀਨੇ ਜਗਦੇ ਅੱਖਰ । ਰੂਪ-ਸਰੂਪ ਤੋਂ ਸੁਹਜ-ਸੁਹੱਪਣ, ਕੌਸ-ਕਜ਼ਾ ਦੇ ਰੰਗ ਚੜ੍ਹਾਕੇ, ਅੱਲੜ੍ਹ ਸੋਚ ਨੇ ਇੰਜ ਲਿਆਂਦੇ, ਵਿੱਚ ਕਰੀਨੇ ਜਗਦੇ ਅੱਖਰ । ਲਫ਼ਜ਼ ਖ਼ਿਆਲ 'ਤੇ ਖ਼ਾਬ ਹਕੀਕਤ, ਹਿਕਮਤ ਅਕਲ ਦਾਨਾਈ ਰਮਜ਼ਾਂ, ਯਾਰ ਨੇ ਯਾਰ ਨੂੰ ਜਦੋਂ ਨਜੂਲੇ ਖ਼ਾਸ ਮਹੀਨੇ ਜਗਦੇ ਅੱਖਰ । ਨਰਮ ਸਰੀਰ ਜੇ ਇੱਕਲਵਾਂਝੇ, ਪੜ੍ਹਨ ਕਦੀ ਜਾ ਸ਼ੋਖ਼ ਤਹਿਰੀਰਾਂ, ਨਾਜ਼ੁਕ ਤਬਾਅ 'ਤੇ ਕਿੰਜ ਲਿਆਵਣ, ਸਖ਼ਤ ਪਸੀਨੇ ਜਗਦੇ ਅੱਖਰ । ਨੈਣਾਂ ਦੇ ਕਸ਼ਕੌਲ ਮੇਰੇ ਵਿਚ ਨਜ਼ਰ ਕਰਮ ਦੀ ਭਿੱਖਿਆ ਪਾ ਦੇ, ਪੇਸ਼ ਕਰਾਂਗਾ 'ਬਾਵਾ' ਜਾ ਕੇ ਜਦੋਂ 'ਮਦੀਨੇ' ਜਗਦੇ ਅੱਖਰ ।

ਨਾਲ ਮੇਰੇ ਅਣਹੋਣੀਆਂ ਹੋਈਆਂ

ਨਾਲ ਮੇਰੇ ਅਣਹੋਣੀਆਂ ਹੋਈਆਂ ਜੋ ਹੋਈਆਂ ਸੋ ਹੋਈਆਂ । ਮੈਨੂੰ ਰਾਤੀਂ ਸੌਣ ਨਾ ਦੇਵਣ ਸੋਚਾਂ ਕਾਕੂ ਮੋਈਆਂ । ਹਾੜ੍ਹੇ ਪਾਵਾਂ ਉਹ ਨਾ ਮੰਨੇ ਹਾੜ੍ਹ ਅੰਦਰ ਹੜ੍ਹ ਆਇਐ, ਪਾਣੀ ਪਾਣੀ ਹੋਈਆਂ ਸੱਜਣਾ ਖ਼ੁਸ਼ਕ ਅੱਖਾਂ ਦੀਆਂ ਟੋਈਆਂ । ਕੌਣ ਕੋਈ ਦੁਖਿਆਰ ਦੀ ਸੁਣਦਾ ਮਿਲੇ ਨਾ ਵਿਹਲ ਕਿਸੇ ਨੂੰ, ਬੇਹਿੱਸਾ ਸੰਸਾਰ ਏ ਬੋਲਾ ਕਿਉਂ ਮੈਂ ਦਿਆਂ ਤਰੋਈਆਂ । ਉੱਥੇ ਉੱਥੇ ਮਹਿਕ ਪਈਆਂ ਨੇ ਖ਼ੁਸ਼ਬੂਆਂ ਗੁਲਜ਼ਾਰਾਂ, ਚਾਰੇ ਕੰਨੀਆਂ ਚਿੱਕੜ ਭਰੀਆਂ ਮੈਂ ਜਿੱਥੇ ਵੀ ਧੋਈਆਂ । ਹਿਜਰ ਨਬੀ ਦੀ ਜਰ ਨਾ ਸਕਿਆ ਤੂੰ ਕੀ ਸ਼ੈ ਏਂ 'ਬਾਵਾ', ਯੂਸਫ਼ ਦੇ ਟੁਰ ਜਾਣ ਤੋਂ ਅੱਖੀਆਂ ਕਦੇ ਨਾ ਰਹਿਣ ਨਰੋਈਆਂ ।

ਮੌਜ 'ਚ ਆਪਣੀ ਮੌਤ ਚਿਤਾਰਾਂ

ਮੌਜ 'ਚ ਆਪਣੀ ਮੌਤ ਚਿਤਾਰਾਂ, ਪੁਖਤਾ ਇੰਜ ਈਮਾਨ ਕਰਾਂ । ਕਰਕੇ ਆਪਣਾ ਉੱਚ ਤਖ਼ਯਲ ਮੈਂ ਸਦੀਆਂ ਦੀ ਹਾਣ ਕਰਾਂ । ਮੈਂ ਸ਼ਾਇਰ ਹਾਂ ਹੱਥ ਵਿਚ ਮੇਰੇ ਕਲਮ ਜਿਹੀਆਂ ਤਲਵਾਰਾਂ ਨੇ, ਮੁਲਕ ਮੇਰੇ ਨੂੰ ਲੋੜ ਪਵੇ ਤੇ, ਆਪਣੀ ਜ਼ਿੰਦ ਕੁਰਬਾਨ ਕਰਾਂ । ਮੈਂ ਗੀਤਾਂ 'ਤੇ ਨਜ਼ਮਾਂ ਗ਼ਜ਼ਲਾਂ ਲਿਖ-ਲਿਖ ਫ਼ਰਜ਼ ਕਰਾਂ ਪੂਰਾ, ਜਗ ਨੂੰ ਅਮਨ ਸੁਨੇਹੜੇ ਦੇ ਕੇ ਫ਼ਨ ਆਪਣੇ 'ਤੇ ਮਾਨ ਕਰਾਂ । ਚੋਰੀ, ਬਦੀ, ਬਖ਼ੀਲੀ, ਡਾਕੇ, ਖ਼ੂਨ, ਖ਼ੁਆਰੀ ਮੁੱਕ ਜਾਵੇ, ਖ਼ਤਮ ਗ਼ਰੀਬੀ ਹੋਵੇ ਦਿਲ ਦੇ ਫਿਰ ਪੂਰੇ ਅਰਮਾਨ ਕਰਾਂ । ਰੱਬ ਸੱਚਾ ਜੇ ਕੁੱਝ ਦਿਨ ਮੈਨੂੰ ਪਿਆਰ ਭੰਡਾਰਾ ਬਖ਼ਸ਼ ਦਵੇ, ਸਾਰੇ ਜੱਗ ਦੇ ਮੁਲਕਾਂ ਤਾਈਂ ਮੁੜ-ਮੁੜ ਇੱਕੋ ਜਾਨ ਕਰਾਂ । ਮਹਿਕੇ ਟਹਿਕੇ ਬਾਗ਼ ਵਤਨ ਦਾ, ਤੱਤੀਆਂ 'ਵਾਵਾਂ ਵੱਗਣ ਨਾਂ, ਫੁੱਲ ਖਿੜਦੇ ਤੱਕ ਰਾਜ਼ੀ ਹੋਵਾਂ, ਜਿੰਦੜੀ 'ਤੇ ਅਹਿਸਾਨ ਕਰਾਂ । ਮੇਰੀ ਤਾਂਘ ਘਰੋਕੀ ਤਾਈਂ, 'ਬਾਵਾ' ਕਦੀ ਵਜੂਦ ਮਿਲੇ, ਦਿਲ ਨੂੰ ਮਿਲੇ ਸਕੂਨ 'ਤੇ ਪੈਦਾ ਫਿਰ ਨਜ਼ਮਾਂ ਦੀ ਕਾਨ ਕਰਾਂ ।

ਝਿਲਮਿਲ-ਝਿਲਮਿਲ ਕਰਦੀ ਆਈ

ਝਿਲਮਿਲ-ਝਿਲਮਿਲ ਕਰਦੀ ਆਈ ਮੈਂ ਤੱਕਿਆ ਉਹ ਸੰਗੀ, ਕਸਮ ਖ਼ੁਦਾ ਦੀ ਮੌਤ ਸੀ ਮੇਰੇ ਕੋਲੋਂ ਹੋ ਕੇ ਲੰਘੀ । ਉਦਮੀ ਬਣ ਕੇ ਕਾਰ ਕਰਾਂ ਮੈਂ ਏਹੋ ਸੀ ਵਸ ਮੇਰੇ, ਕਾਰ ਕਰਾਂ ਮੈਂ ਰੱਬ ਹਵਾਲੇ ਦੂਰ ਕਰੇਗਾ ਤੰਗੀ । ਮਨ ਵਿਚ ਵਾਸ ਵਸਾਵਣ ਵਾਲਾ ਕਿਧਰੇ ਨਜ਼ਰ ਨਾ ਆਵੇ, ਮੈਂ ਤੇ ਵਿਚ ਤਖ਼ੱਯਲ ਦਿਲ ਦੀ ਖੂਹੰਦਰ-ਖੂਹੰਦਰ ਹੰਗੀ । ਗਿਰਜਾਂ ਵਾਂਗ ਭਰੇ ਢਿੱਡ ਆਪਣਾ, ਚੁਰ-ਚੁਰ ਵੀ ਰਹੇ ਕਰਦੀ, ਜ਼ਿੰਦਾ ਲਾਸ਼ਾਂ ਖਾਵਣ ਵਾਲੀ ਦੁਨੀਆਂ ਕਦੋਂ ਏ ਚੰਗੀ । ਜੇ ਨਾ ਦਿਲੋਂ ਕਰੋਧ ਗਵਾਈਏ, ਨ੍ਹਾਵਨ ਨਹੌਣ ਕਰੇਂਦਾ, ਗੰਗਾ ਵਿਚ ਇਸ਼ਨਾਨ ਕਰਨ 'ਤੇ ਹੁੰਦੀ ਨਹੀਂ ਜ਼ਿੰਦ ਗੰਗੀ । ਰੰਗਾਂ ਵਾਲਿਆਂ ਵੇਖਣ ਬਿਟ-ਬਿਟ ਬੇਰੰਗਿਆਂ ਨੂੰ ਰੰਗੇ, ਨਾਜ਼ ਪਸੰਦ ਕਰੇ ਨਾ ਰੰਗੀ ਕਿਸ ਕੰਮ ਚੁਨਰੀ ਰੰਗੀ ।

ਇਹਦੀ ਮੁੱਢਲੀ ਵਾਦੀ ਗੱਲਾਂ

ਇਹਦੀ ਮੁੱਢਲੀ ਵਾਦੀ ਗੱਲਾਂ ਨਾਲ ਜਹਾਨ ਫੜੇ । ਭਲਿਆ ਲੋਕਾ ਦੱਸ ਖ਼ਾਂ ਜੱਗ ਦੀ ਕੌਣ ਜ਼ੁਬਾਨ ਫੜੇ । ਇਸ ਭੁਖਿਆਲੇ ਦੌਰ ਨੇ ਲਗਦੈ ਸਾਕ-ਸਕੀਰੀ ਛੱਡੀ, ਹਾਤਮ ਵਾਂਗ ਨਾ ਰਾਹ 'ਤੇ ਬਹਿ ਕੇ ਹੁਣ ਮਹਿਮਾਨ ਫੜੇ । ਇਕ ਮਜਜ਼ੂਬ ਧਮਾਲ 'ਚ ਬੇਖ਼ੁਦ ਹੋ ਹੋ ਕਰੇ ਕੁਕਾਰੇ, ਮਸਤੀ ਵਿਚ ਪਤਾਲ ਨੂੰ ਛੂਹ ਕੇ ਫਿਰ ਅਸਮਾਨ ਫੜੇ । ਫ਼ਾਕੇ ਨਾਲ ਫ਼ਕੀਰ ਦਿਲੇ ਨੂੰ ਫੜ ਫੜ ਕੇ ਚਮਕਾਂਦੇ, ਮਨ ਵਿਚ ਜਦੋਂ ਤਵੱਕਲ ਵਾਲੀ ਨਾਮ ਦੀ ਸਾਨ ਫੜੇ । ਹਰ ਦੀ ਪੂਰੀ ਸੱਥ ਵਿਚ ਬਹਿ ਕੇ ਝੋਸੇ ਨਾਲ ਤਰੋੜੇ, ਕਿਹੜਾ ਮੌਤ ਦੀ ਅੱਥਰੀ ਵੀਣੀ ਆਣ ਜਵਾਨ ਫੜੇ । ਵੇਖ ਦਿਲਾ ਮਿਤ ਪੱਥਰ ਦਿਲ ਦੀ ਵਿਨ੍ਹ ਵਿਨ੍ਹ ਰੱਖੀ ਜਾਵੇ, 'ਬਾਵਾ' ਯਾਰ ਨੇ ਤਿੱਖੀਆਂ ਨਜ਼ਰਾਂ ਦੇ ਹੁਣ ਬਾਣ ਫੜੇ ।

ਜਦੋਂ ਵੀ ਜ਼ਿਹਨ ਮੇਰੇ ਵਿਚ ਕਦੀ ਵੀ

ਜਦੋਂ ਵੀ ਜ਼ਿਹਨ ਮੇਰੇ ਵਿਚ ਕਦੀ ਵੀ ਹਿੱਲ-ਹਿਲਾ ਆਇਆ । ਤਸੱਲੀ ਦੇਣ ਨੂੰ ਮੇਰੇ ਖ਼ਿਆਲਾਂ ਦਾ ਖ਼ੁਦਾ ਆਇਆ । ਕਦੋਂ ਕੀਤਾ ਹਿਆਤੀ ਦਾ ਗਿਲਾ ਓ ਵੇਲਿਆ ਦੱਸ ਖਾਂ, ਕਿਸੇ ਵੀ ਜਦ ਗਿਲਾ ਕੀਤਾ ਤੇ ਮੇਰੇ 'ਤੇ ਗਿਲਾ ਆਇਆ । ਤੁਸੀਂ ਦੱਸੋ ਭਰਾਉ ਨਾਲ ਮੇਰੇ ਬੀਤੀਆਂ ਕੀ ਸਨ, ਬਿਨਾ ਪਰਦੇ ਸਰੇ ਮਹਫ਼ਿਲ ਜਦੋਂ ਉਹ ਬੇਵਫ਼ਾ ਆਇਆ । ਕੋਈ ਵੀ ਆਮ ਬੰਦਾ ਵੇਖ ਜੰਡ ਤੋਂ ਉਡ ਗਏ ਪੰਛੀ, ਉਨ੍ਹਾਂ ਇਹ ਸਮਝ ਲੀਤਾ ਕਿ ਇਹ ਸਾਹਿਬਾਂ ਦਾ ਭਰਾ ਆਇਆ । ਮੇਰਾ ਅਰਮਾਨ ਇਹ 'ਬਾਵਾ' ਉਹਦੇ ਮੈਂ ਦੇਸ ਨੂੰ ਜਾਵਾਂ, ਜੀਹਦੇ ਦਰ ਜੋ ਵੀ ਜਾਂਦਾ ਏ, ਉੇਹ ਪੜ੍ਹਦਾ ਈ 'ਸਨਾ' ਆਇਆ ।