ਵੈਸ਼ਨਵ ਧਾਰਾ ਦੇ ਮਹਾਨ ਸੰਤ ਕਵੀ ਬਾਵਾ ਲਾਲ ਦਯਾਲ ਜੀ : ਗੁਰਭਜਨ ਗਿੱਲ
ਬਾਵਾ ਲਾਲ ਦਯਾਲ ਜੀ ਦਾ ਲੰਮਾ ਸਮਾਂ ਭਗਤੀ ਸਥਲ ਰਿਹਾ ਪਿੰਡ ਧਿਆਨਪੁਰ ਮੇਰੇ ਪਿੰਡ ਦਾ ਡਾਕਖਾਨਾ ਵੀ ਹੈ, ਇਲਾਕੇ ਦਾ ਪਹਿਲਾ ਹਾਈ ਸਕੂਲ, ਪਹਿਲਾ ਹਸਪਤਾਲ, ਪਹਿਲਾ ਸਲੋਤਰਖਾਨਾ, ਪਹਿਲਾ ਬੱਸ ਅੰਡਾ ਤੇ ਮੇਰੇ ਲਈ ਪਹਿਲਾ ਸ਼ਹਿਰ, ਜਿੱਥੇ ਕਤਾਰੋ -ਕਤਾਰ ਹੱਟੀਆਂ ਸਨ।
ਕਰਿਆਨੇ ਲਈ ਭਾਟੀਆਂ ਦੀ ਹੱਟੀ ਸੀ ਸ਼ੇਰਾਂ ਵਾਲਾ ਗੇਟ ਵੜਦਿਆਂ। ਉਹ ਦੋ ਭਰਾ ਅੰਬਰਸਰੋਂ ਬਹੁਤ ਪਹਿਲਾਂ ਏਥੇ ਕਾਰੋਬਾਰ ਕਰਨ ਹੀ ਏਥੇ ਆਏ ਸਨ। ਨਿੱਕਾ ਰਾਜ ਭਾਟੀਆ ਸਰੀਰੋਂ ਭਾਰਾ ਹੋਣ ਕਾਰਨ ਰਾਮਲੀਲਾ ਵਿੱਚ ਰਾਵਣ ਬਣਦਾ। ਰਾਮ ਲੀਲਾ ਪੰਜਾਬੀ ਵਿੱਚ ਹੁੰਦੀ ਸੀ। ਸਾਡਾ ਹਿੰਦੀ ਅਧਿਆਪਕ ਰਾਮ ਸਰੂਪ ਸੀਤਾ ਬਣਦਾ।
ਅੱਗੇ ਪੰਜਾਬੀ ਕਵੀ ਭੂਸ਼ਨ ਦੇ ਵੱਡੇ ਵੀਰ ਪ੍ਰੀਤ ਦੀ ਕਿਤਾਬਾਂ ਕਾਪੀਆਂ ਦੀ ਦੁਕਾਨ ਸੀ। ਪ੍ਰੀਤ ਵੀਰ ਰਾਮ ਲੀਲਾ ਚ ਅਕਸਰ ਭਗਵਾਨ ਰਾਮ ਬਣਦਾ। ਗੋਰਾ ਨਿਛੋਹ, ਅੱਖੀਉਂ ਬਿੱਲਾ ਸੀ ਭਾਅ।
ਪਹਿਲਾਂ ਕਿਤਾਬਾਂ ਕਾਪੀਆਂ ਲਈ ਸਾਰੇ ਇਲਾਕੇ ਨੂੰ ਕੋਟਲੀ ਜਾਣਾ ਪੈਂਦਾ ਸੀ।
ਸਾਡੇ ਪਿੰਡ ਬਸੰਤਕੋਟ ਵਾਲੇ ਖੱਤਰੀਆਂ ਚਾਚਾ ਜੀ ਪ੍ਰਕਾਸ਼ ਚੰਦ ਤੇ ਖਰਾਇਤੀ ਲਾਲ ਦੀ ਹੱਟੀ ਵੀ ਕਰਿਆਨੇ ਦੀ ਸੀ। ਅਸੀਂ ਉੱਥੋਂ ਹੀ ਸੌਦਾ ਸੂਤ ਲੈਦੇ।
ਬਜਾਜੀ ਦੀਆਂ ਦੋ ਦੁਕਾਨਾਂ ਪੂਰਨ ਸ਼ਾਹ ਤੇ ਧਾਰੀ ਸ਼ਾਹ ਦੋ ਭਰਾਵਾਂ ਦੀਆਂ ਅਲੱਗ ਅਲੱਗ ਸਨ। ਧਾਰੀ ਸ਼ਾਹ ਰਾਮਲੀਲਾ ਵਿੱਚ ਸਰੂਪ ਨਖਾ ਬਣਦਾ। ਪ੍ਰਬੰਧ ਵਿੱਚ ਮੋਹਰੀ।
ਮੈਂ ਪਹਿਲੀ ਵਾਰ ਥਾਨ ਨਾਲੋਂ ਵਿੱਛੜਦੇ ਕੱਪੜੇ ਦੀ ਚੀਕ ਪੂਰਨ ਸ਼ਾਹ ਦੀ ਬਜਾਜੀ ਦੀ ਹੱਟੀ ਤੇ ਹੀ ਸੁਣੀ ਸੀ। ਸਕੂਲ ਵਰਦੀ ਲਈ ਮੇਰੇ ਬੀਬੀ ਜੀ ਮੈਨੂੰ ਪੂਰਨ ਸ਼ਾਹ ਦੀ ਹੱਟੀ ਤੇ ਨਾਲ ਲੈ ਗਏ ਸਨ, ਅਖੇ! ਸੜ ਜਾਣੀਂ ਜਾਲੀਦਾਰ ਜੀਨ ਮੈਨੂੰ ਤਾਂ ਸਮਝ ਨਹੀਂ ਪੈਂਦੀ, ਆਪੇ ਵੇਖ ਲੈ, ਬਰਦੀ ਲਈ ਕਿਹੜਾ ਕੱਪੜਾ ਲੱਗਾ ਏ।
ਪੂਰਨ ਸ਼ਾਹ ਮੇਰੀ ਮਾਂ ਨੂੰ ਜਦ “ਭੈਣ ਤੇਜ ਕੁਰੇ “ਕਹਿੰਦਾ ਤਾਂ ਲੱਗਦਾ ਇਹ ਸਾਡਾ ਆਪਣਾ ਹੈ। ਕੱਪੜੇ ਹਮੇਸ਼ਾਂ ਪੋਣੇ ਚ ਬੰਨ੍ਹ ਕੇ ਦੇਂਦਾ। ਇਹੀ ਪੋਣਾ ਲੱਸੀ ਪੁਣਨ ਦੇ ਕੰਮ ਆਉਂਦਾ ਕਈ ਮਹੀਨੇ ਸਾਡੇ ਘਰ। ਏਥੇ ਹੀ ਛੱਜੂ ਦੀ ਪੱਗਾਂ ਚੁੰਨੀਆਂ ਰੰਗਾਈ ਦੀ ਹੰਟੀ ਸੀ। ਅੱਗੇ ਜਾ ਕੇ ਸੁਨਿਆਰਿਆਂ ਦੀ ਦੁਕਾਨ ਸੀ, ਵਿੱਚੇ ਡਾਕਖਾਨਾ। ਮੋੜ ਤੇ ਮਹਿੰਦਰ ਸਿੰਘ ਹਲਵਾਈ ਦੀ ਦੁਕਾਨ ਸੀ। ਮੇਰੇ ਬਾਪੂ ਜੀ ਉਸ ਨੂੰ ਹੀ ਦੁੱਧ ਪਾਉਂਦੇ ਸਨ। ਕਦੇ ਕਦੇ ਸੱਜਰੀ ਬਣੀ ਬਰਫ਼ੀ ਘਰ ਲਿਆਉਂਦੇ, ਅਸੀਂ ਉਸ ਨੂੰ “ਚੀਜੀ” ਕਹਿੰਦੇ।
ਸਭ ਦੁਕਾਨਾਂ ਮੇਰੀ ਜ਼ਿੰਦਗੀ ਦਾ ਪਹਿਲਾ ਬਾਜ਼ਾਰ ਸੀ। ਬਾਹਰ ਵਾਰ ਗੇਟ ਦੇ ਬਰਾਬਰ ਮੋਚੀਆਂ ਦੀਆਂ ਤਿੰਨ ਦੁਕਾਨਾਂ। ਪਹਿਲੀ ਦੁਕਾਨ ਡਾਲੇਚੱਕ ਵਾਲੇ ਦਸਤਾਰ ਧਾਰੀ ਮਹਿਤਾ ਵੈਦ ਜੀ ਦੀ ਸੀ। ਉਹ ਮੇਰੇ ਬਚਪਨ ਦੇ ਵੈਦ ਸਨ। ਕੌੜੀ ਦਵਾਈ ਖਰਲ ਵਿੱਚ ਕੁੱਟ ਕੇ ਹੱਲ ਕਰਦੇ। ਪੁੜੀਆਂ ਬੰਨ੍ਹ ਕੇ ਦੇ ਜਾਂਦੇ। ਉਨ੍ਹਾਂ ਦਾ ਸੰਬੋਧਨੀ ਤਕੀਆ ਕਲਾਮ “ ਹਰੀ ਓਮ” ਸੀ। ਪਿੰਡੋਂ ਧਿਆਨਪੁਰ ਜਾਂਦਿਆਂ ਉਹ ਅਕਸਰ ਸਾਡੇ ਪਿੰਡ ਦੇ ਮਰੀਜ਼ਾਂ ਨੂੰ ਦਵਾਈ ਦੇ ਜਾਂਦੇ। ਬਾਜ਼ਾਰ ਵਿੱਚ ਵੈਦ ਨਿਰੰਜਨ ਦਾਸ ਦੀ ਦੁਕਾਨ ਸੀ। ਮਹਿਤਾ ਜੀ ਮਗਰੋਂ ਵੈਦ ਨਿਰੰਜਨ ਦਾਸ ਸਾਡੇ ਪਰਿਵਾਰਕ ਵੈਦ ਬਣੇ। ਉਹ ਆਰ ਐੱਸ ਐੱਸ ਦੀ ਸ਼ਾਖਾ ਵੀ ਲਾਉਂਦੇ ਪਰ ਸਰਬ ਧਰਮ ਸਨਮਾਨ ਦਾ ਸਬਕ ਪੜ੍ਹਾਂਦੇ। ਉਨ੍ਹਾਂ ਦੇ ਕਹਿਣ ਤੇ ਹੀ ਸਾਡਾ ਪਿੰਡ ਯੱਗਯ ਦੱਤ ਸ਼ਰਮਾ ਤੇ ਡਾ. ਬਲਦੇਵ ਪ੍ਰਕਾਸ਼ ਨੂੰ ਪਾਰਲੀਮੈਂਟ ਵਿੱਚ ਵੇਟਾਂ ਪਾਉਂਦਾ ਰਿਹਾ। ਉਨ੍ਹਾਂ ਦੀ ਖ਼ਾਕੀ ਨਿੱਕਰ ਮੈਨੂੰ ਅੱਜ ਵੀ ਯਾਦ ਹੈ।
ਉਹ ਲਾਲ ਦਯਾਲ ਜੀ ਦੇ ਮੰਦਰ ਨੂੰ ਜਾਂਦਾ ਰਾਹ ਸੀ ਇਹ। ਮੰਦਰ ਥੇਹ ਤੇ ਬਣਿਆ ਹੋਇਆ ਏ। ਬਹੁਤ ਉਚਾਈ, ਦੂਰੋਂ ਦਰਸ਼ਨ ਹੁੰਦੇ ਨੇ।
ਅੱਛਾ ! ਬਹੁਤੇ ਮਹੰਤ ਪੰਜਾਬੋਂ ਬਾਹਰਲੇ ਹੁੰਦੇ ਨੇ। ਪੰਜਾਬੀ ਤਾਂ ਚੇਲੇ ਤੇ ਕਾਮੇ ਹੀ ਹੁੰਦੇ ਸਨ ਉਦੋਂ। ਮੇਰੇ ਬਚਪਨ ਵੇਲੇ ਮਹੰਤ ਦੁਆਰਕਾ ਦਾਸ ਹੁੰਦੇ ਸਨ। ਇੱਥੇ ਸਭ ਤੋਂ ਵੱਧ ਵਿਕਾਸ ਕਾਰਜ ਉਨ੍ਹਾਂ ਹੀ ਕੀਤੇ। ਸਕੂਲ ਖੋਲ੍ਹਿਆ ਮੰਦਰ ਦੇ ਹੇਠਾਂ ਉਤਰਾਈ ਤੇ। ਅਸੀਂ ਇਸ ਨੂੰ ਉੱਪਰ ਵਾਲਾ ਸਕੂਲ ਕਹਿੰਦੇ। ਮੇਰੇ ਦੋਵੇਂ ਵੱਡੇ ਭਰਾ ਏਥੇ ਹੀ ਪੜ੍ਹੇ ਹਨ।
ਮਹੰਤਾਂ ਨੇ ਹੀ ਪਹਿਲਾਂ ਬਾਗ਼ ਇਸ ਇਲਾਕੇ ਵਿੱਚ ਲੁਆਇਆ। ਮੰਦਰ ਦੇ ਪਛਵਾੜੇ ਸੰਗਤੂਵਾਲ, ਗਿੱਲਾਂ ਵਾਲੀ ਵਾਲੇ ਰਾਹ ਤੇ। ਇਮਲੀ ਦੀ ਵਾੜ ਸੀ ਇਸ ਬਾਗ ਨੂੰ। ਬਹੁਤ ਕੰਡਿਆਲੀ। ਵਿੱਚ ਪੁਰਾਣੇ ਮਹੰਤਾਂ ਦੀਆਂ ਸਮਾਧਾਂ ਸਨ।
ਗਊ ਸ਼ਾਲਾ ਤੇ ਬਾਉਲੀ ਵੀ ਨੇੜੇ ਨੇੜੇ ਸਨ। ਔਲਾਦ ਪ੍ਰਾਪਤੀ ਲਈ ਏਥੇ ਔਰਤਾਂ ਨਚੰਦੇ (ਭਰਪੂਰ ਚਾਨਣੀ ਰਾਤ)ਐਤਵਾਰ ਨੂੰ ਸਵੇਰ ਸਾਰ ਪ੍ਰਭਾਤ ਵੇਲੇ ਇਸ਼ਨਾਨ ਕਰਦੀਆਂ। ਹਿੰਦੂ ਪਰਿਵਾਰ ਔਲਾਦ ਨੂੰ ਮੁੰਡਨ ਵੀ ਨਿਸ਼ਚਤ ਦਿਨ ਤੇ ਏਥੇ ਹੀ ਕਰਵਾਉਂਦੇ।
ਦਿੱਲੀ ਦੀ ਸੰਗਤ ਬਹੁਤ ਸੇਵਾ ਕਰਦੀ। ਕਹਿੰਦੇ ਨੇ ਧਿਆਨਪੁਰ -ਬਟਾਲਾ ਵਿਚਕਾਰ ਚੱਲਦੀ ਬੱਸ ਵੀ ਉਨ੍ਹਾਂ ਹੀ ਚੜ੍ਹਾਵੇ ਵਜੋਂ ਦਿੱਤੀ ਸੀ। ਉਸ ਬੱਸ ਦੇ ਪਹਿਲੇ ਡਰਾਈਵਰ ਤੇ ਕੰਡਕਟਰ ਦੇ ਚਿਹਰੇ ਮੈਨੂੰ ਅੱਜ ਵੀ ਚੇਤੇ ਨੇ ਪਰ ਨਾਂ ਵਿੱਸਰ ਗਏ।
ਮਹੰਤਾਂ ਨੇ ਮੈਰੇ ਵਿੱਚ ਖੁੱਲ੍ਹੀ ਜ਼ਮੀਨ ਦੇ ਕੇ ਵਰਤਮਾਨ ਥਾਂ ਵਾਲਾ ਸਕੂਲ ਖੋਲ੍ਹਿਆ। ਮੇਰੀ ਕਵਿਤਾ ਵਿਚਲੀ ਨੰਦੋ ਬਾਜ਼ੀਗਰਨੀ ਦਾ ਡੇਰਾ ਇਸੇ ਥਾਂ ਤੇ ਹੁੰਦਾ ਸੀ। ਸਾਹਮਣੇ ਛੱਪੜ ਸੀ ਵੱਡਾ ਸਾਰਾ। ਮਾਸਟਰ ਰਘਬੀਰ ਸਿੰਘ ਤੇ ਕੁਲਦੀਪ ਡੋਗਰਾ ਨੇ ਬੱਚਿਆਂ ਨੂੰ ਨਾਲ ਲੈ ਕੇ ਖੇਡ ਮੈਦਾਨ ਤਿਆਰ ਕਰਵਾਏ। ਸੁਹਾਗਾ ਫੇਰਦੇ ਮਾਸਟਰ ਰਘਬੀਰ ਸਿੰਘ ਅੱਜ ਵੀ ਮੇਰੇ ਸਾਮਰਤੱਖ ਸਾਹਮਣੇ ਹਨ। ਡੋਗਰਾ ਸਾਹਿਬ ਨੇ ਹਾਕੀ ਟੀਮ ਬਣਾਈ। ਭਾਗੋਵਾਲ ਤੇ ਬੋਹੜਾਵਾਲੇ ਸਕੂਲਾਂ ਦੇ ਲੜਾਕੇ ਤੇ ਕੱਢੇ ਕਢਾਏ ਮੁੰਡੇ ਦਾਖ਼ਲ ਕਰਕੇ ਚੰਗਾ ਵਝਕਾ ਬਣਾ ਲਿਆ। ਜ਼ਿਲ੍ਹੇ ਚ ਟੀਮ ਦਾ ਨਾਮ ਬੋਲਣ ਲੱਗਾ। ਸਾਰੇ ਮੁੰਡੇ ਦਸਵੀਂ ਵੀ ਕਰ ਗਏ।
ਸਾਡੇ ਵੇਲੇ 1964-65 ਵਿੱਚ ਸਕੂਲ ਵਿੱਚ ਇੱਕ ਬੋਹੜੀ ਹੁੰਦੀ ਸੀ, ਹਲਟੀ ਨੇੜੇ।
ਮੈਨੂੰ ਚੰਗੀ ਤਰ੍ਹਾਂ ਚੇਤੇ ਹੈ ਕਿ 1965 ਦੀ ਭਾਰਤ ਪਾਕਿ ਜੰਗ ਵੇਲੇ ਸਾਡੀ ਜਮਾਤ ਬੋਹੜੀ ਹੇਠ ਲੱਗੀ ਹੇਈ ਸੀ ਜਦ ਏਧਰ ਪਹਿਲੇ ਬੰਬ ਡਿੱਗੇ। ਬੋਹੜੀ ਦਾ ਪੱਤਾ ਪੱਤਾ ਕੰਬ ਗਿਆ ਸੀ। ਸਾਡੇ ਸਹਿਮੇ ਕਾਲਜੇ ਬਾਹਰ ਨੂੰ ਆ ਰਹੇ ਸਨ। ਜੰਗ ਦੇ ਡਰੋਂ ਘੱਟ, ਬੰਬ ਦੇ ਡਰੋਂ ਜ਼ਿਆਦਾ।
ਬਲੈਕ ਆਊਟ ਹੋ ਗਿਆ ਰਾਤਾਂ ਵੇਲੇ। ਘਰਾਂ ਵਿੱਚ ਦੀਵੇ ਵੀ ਲੁਕ ਲੁਕ ਕੇ ਜਗਦੇ ਸਨ। ਡਰ ਦੇ ਮਾਰੇ ਗੱਡਿਆਂ ਤੇ ਸਮਾਨ ਲੱਦ ਕੇ ਪੂਰਾ ਪਿੰਡ ਤੁਰ ਪਿਆ। ਜਾਣਾ ਕਿੱਥੇ ਹੈ, ਪਤਾ ਨਹੀਂ ਸੀ। ਰਾਤ ਸਰਵਾਲੀ ਦੀਆਂ ਪੈਲ਼ੀਆਂ ਚ ਕੱਟੀ। ਸਾਡਾ ਕਈ ਘਰਾਂ ਦਾ ਪਾਲਤੂ ਕੁੱਤਾ ਕਾਲ਼ੂ ਗੱਡਿਆਂ ਦੇ ਮਗਰ ਮਗਰ ਸਾਡੇ ਨਾਲ ਹੀ ਆ ਗਿਆ ਸੀ। ਰਾਤ ਪਈ ਤਾਂ ਉਹ ਪਿੰਡ ਪਰਤ ਆਇਆ। ਮੇਰੇ ਚਾਚਾ ਜੀ ਸ. ਧਿਆਨ ਸਿੰਘ ਪਿੰਡ ਹੀ ਰਹਿ ਗਏ ਸਨ। ਫੌਜੀ ਰਹੇ ਹੋਣ ਕਾਰਨ ਉਹ ਜਾਣਦੇ ਸਨ ਕਿ ਪਿੰਡ ਛੱਡਣਾ ਸੈਨਾ ਬਲ ਘਟਾਉਂਦਾ ਹੈ। ਕਾਲ਼ੂ ਪਿੰਡ ਆ ਕੇ ਸਾਡੇ ਘਰਾਂ ਦਾ ਰਖਵਾਲੀ ਬਣ ਕੇ ਡਟਿਆ। ਸਵੇਰੇ ਫਿਰ ਸਾਡੇ ਕੋਲ ਸਰਵਾਲ਼ੀ ਆ ਗਿਆ।
ਕਿਸੇ ਖ਼ਬਰ ਦਿੱਤੀ ਕਿ ਬਿਆਸ ਪੁਲ਼ ਤੋਂ ਅੱਗੇ ਨਹੀਂ ਜਾਣ ਦਿੰਦੇ। ਪਰ ਅਜੇ ਤਾਂ ਬਟਾਲਾ ਵੀ ਪਹੁਤ ਦੂਰ ਸੀ। ਬਿਆਸ ਪੁਲ ਤਾਂ ਹੋਰ ਵੀ ਦੂਰ।
ਸਾਡੇ ਟੱਬਰਾਂ ਨੇ ਫੈਸਲਾ ਕਰਕੇ ਵਾਪਸ ਮੋੜੇ ਪਾ ਲਏ, ਇਹ ਕਹਿ ਕੇ ਕਿ ਹੁਣ ਪਿੰਡ ਵਿੱਚ ਹੀ ਜੀਵਾਂਗੇ ਤੇ ਜੇ ਮਰਨਾ ਪਿਆ ਤਾਂ ਓਥੇ ਹੀ ਮਰਾਂਗੇ।
ਬਾਰ ਬਾਂਹ ਉੱਜੜਨਾ ਆਸਾਨ ਨਹੀਂ। ਅਠਾਰਾਂ ਸਾਲ ਪਹਿਲਾਂ ਹੀ ਤਾਂ 1947 ਵੇਲੇ ਪਾਕਿਸਤਾਨੋਂ ਉੱਜੜ ਕੇ ਆਏ ਸਾਂ।
ਸਕੂਲਾਂ ਵਿੱਚ ਛੁੱਟੀਆਂ ਪੈ ਗਈਆਂ ਸਨ। ਅਫਵਾਹਾਂ ਦਾ ਬਾਜ਼ਾਰ ਗਰਮ ਹੋਣ ਦੀ ਕਾਰਨ ਸਾਡੇ ਪਿੰਡੀਂ ਰੇਡੀਓ ਲਾਹੌਰ ਵੀ ਸੁਣਦਾ ਸੀ ਤੇ ਜਲੰਧਰ ਆਕਾਸ਼ਵਾਣੀ ਵੀ।
ਕੁਝ ਦਿਨਾਂ ਬਾਦ ਜੰਗਬੰਦੀ ਹੋਈ ਤਾਂ ਸੁੱਖ ਦਾ ਸਾਹ ਆਇਆ। ਬਾਵਾ ਲਾਲ ਦਯਾਲ ਜੀ ਦੇ ਮੰਦਰੋਂ ਲੰਗਰ ਪੱਕ ਕੇ ਵੀ ਸੈਨਾ ਨੂੰ ਪਹੁੰਚਦਾ ਰਿਹਾ। ਸੁੱਕੀ ਰਸਦ ਵੀ ਗੱਡਿਆਂ ਦੇ ਗੱਡੇ। ਦਾਨਵੀਰਤਾ ਵਿੰਚ ਦੇਸ਼ਭਗਤੀ ਵੀ ਸੀ।
ਅੱਜ ਬਾਵਾ ਲਾਲ ਦਯਾਲ ਜੀ ਦਾ ਜਨਮ ਦਿਹਾੜਾ ਹੈ। ਨਿੱਕੇ ਹੁੰਦਿਆਂ ਇਸ ਦਿਨ ਨੂੰ ਅਸੀਂ “ਦੁਤੀਆ “ ਕਹਿੰਦੇ ਹੁੰਦੇ ਸਾਂ।
ਸਕੂਲ ਪੜ੍ਹਦਿਆਂ ਇਸ ਦਿਨ ਸਾਡੀ ਡਿਊਟੀ ਦਰਬਾਰ ਤੋਂ ਦੇਸੀ ਘਿਉ ਦਾ ਪੀਲ਼ਾ ਕੜਾਹ ਪ੍ਰਸ਼ਾਦਿ ਪੀਪਿਆਂ ਦੇ ਪੀਪੇ ਭਰ ਸਿਰ ਤੇ ਚੁੱਕ ਸਕੂਲ ਦੇ ਬੱਚਿਆਂ ਨੂੰ ਰੱਜਵਾਂ ਵੰਡਣਾ ਹੁੰਦਾ ਸੀ।
ਕਈ ਵਾਰ ਪੀਪਿਆਂ ਚੋਂ ਘਿਉ ਚੋ ਕੇ ਪੱਗਾਂ ਥਿੰਦੀਆਂ ਹੋ ਜਾਂਦੀਆਂ, ਘਰੋਂ ਝਿੜਕਾਂ ਪੈਂਦੀਆਂ। ਬੀਬੀ ਜੀ ਨੂੰ ਥਿੰਦੇ ਕੱਪੜੇ ਧੋਣ ਲਈ ਕਾਸਟਿਕ ਸੋਡਾ ਪਿੰਡੋਂ ਸਰਦਾਰੀ ਸ਼ਾਹ ਦੀ ਹੱਟੀਉਂ ਮੰਗਵਾਉਣਾ ਪੈਂਦਾ। ਥਾਪੀਆਂ ਨਾਲ ਕੁੱਟ ਕੁੱਟ ਥਿੰਦਾ ਕੱਢਦੀ।
ਬਾਵਾ ਲਾਲ ਦਯਾਲ ਜੀ ਬਾਰੇ ਬਚਪਨ ਵਿੱਚ ਸੁਣਿਆ ਸੀ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਮਸੇਰ ਭਰਾ ਸਨ। ਇਹ ਤੱਥ ਮੈਂ ਅੱਜ ਤੀਕ ਕਿਤੇ ਨਹੀਂ ਪੜ੍ਹਿਆ। ਹਾਂ ਇਹ ਜ਼ਰੂਰ ਪੜ੍ਹਿਆ ਹੈ ਕਿ ਮੁਗ਼ਲ ਹਕੂਮਤ ਦਾ ਬਾਗੀ ਪੁੱਤਰ ਦਾਰਾ ਸ਼ਿਕੋਹ ਜ਼ਰੂਰ ਬਾਵਾ ਲਾਲ ਜੀ ਨਾਲ ਮਿਲਿਆ।
ਡਾ. ਹਰਨਾਮ ਸਿੰਘ ਸ਼ਾਨ ਦੀ ਪੰਜਾਬ ਯੂਨੀਵਰਸਿਟੀ ਲਈ ਸੰਪਾਦਤ ਪੁਸਤਕ “ਪਰਖ ਪੜਚੋਲ “ਵਿੱਚ “ਪੁਰਾਤਨ ਪੰਜਾਬੀ ਵਾਰਤਕ “ ਦਾ ਪਹਿਲਾ ਜ਼ਿਕਰ ਵੀ ਬਾਵਾ ਲਾਲ ਦਯਾਲ ਜੀ ਤੇ ਦਾਰਾ ਸ਼ਿਕੋਹ ਦੀ ਗੁਫਤਗੂ ਹੀ ਹੈ। ਇਹ ਨਮੂਨਾ “ਪੁਰਾਤਨ ਪੰਜਾਬੀ ਵਾਰਤਕ” ਪੁਸਤਕ ਵਿੱਚ ਪਹਿਲੇ ਕਾਂਡ ਵਜੋਂ ਹਾਜ਼ਰ ਹੈ।
ਬਾਵਾ ਲਾਲ ਜੀ ਦੀ ਲਿਖੀ ਕਾਵਿ ਬਾਣੀ ਹਿੰਦੀ ਵਿੱਚ ਤਾਂ ਪੜ੍ਹੀ ਹੈ ਜੋ ਪੁਸਤਕ ਰੂਪ ਵਿੱਚ ਮਿਲਦੀ ਹੈ ਪਰ ਪੰਜਾਬੀ ਵਿੱਚ ਨਹੀਂ ਵੇਖੀ। ਇਹ ਕੰਮ ਕਰਨ ਵਾਲਾ ਹੈ। ਬਾਵਾ ਲਾਲ ਜੀ ਦੀ ਗੱਦੀ ਤੇ ਬਿਰਾਜਮਾਨ ਸੱਜਣਾਂ ਨੂੰ ਇਹ ਕਾਰਜ ਕਿਸੇ ਨਾ ਕਿਸੇ ਯੂਨੀਵਰਸਿਟੀ ਤੋਂ ਕਰਵਾ ਲੈਣਾ ਚਾਹੀਦਾ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਤੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਡਾ. ਮਨਜਿੰਦਰ ਸਿੰਘ ਜੀ ਵੀ ਇਹ ਕਾਰਜ ਹੱਥ ਵਿੱਚ ਲੈ ਸਕਦੇ ਨੇ। ਦੋਵੇਂ ਮਾਝੇ ਦੇ ਜੰਮੇ ਜਾਏ ਨੇ। ਡਾ. ਕਰਮਜੀਤ ਸਿੰਘ ਦੌਲੋਨੰਗਲ (ਬਾਬਾ ਬਕਾਲਾ) ਤੇ ਮਨਜਿੰਦਰ ਸਿੰਘ ਬਟਾਲੇ ਤੋਂ। ਇਹ ਵੱਡੀ ਵਿਰਾਸਤ ਦਾ ਬੋਹਲ ਸਾਨੂੰ ਹੀ ਰਲ਼ ਮਿਲ਼ ਕੇ ਸਾਂਭਣਾ ਚਾਹੀਦਾ ਹੈ। ਧਿਆਨਪੁਰ ਪੂਰਾ ਪਿੰਡ ਬਾਵਾ ਲਾਲ ਜੀ ਦਰਬਾਰ ਦੀ ਮਾਲਕੀ ਅਧੀਨ ਹੈ। ਸਾਧਨ ਸਰਮਾਏ ਦੀ ਕਮੀ ਨਹੀਂ ਹੋਣੀ ਚਾਹੀਦੀ। ਬਾਵਾ ਲਾਲ ਜੀ ਦੇ ਸੇਵਕ ਵੀ ਧਨਾਢ ਹਨ। ਏਧਰ ਧਿਆਨ ਦੇਣ ਦੀ ਲੋੜ ਹੈ।
ਪਰ ਇਹ ਵੀ ਹੋ ਸਕਦਾ ਹੈ ਕਿ ਇਹ ਕੰਮ ਹੋ ਚੁੱਕਾ ਹੋਵੇ ਪਰ ਮੇਰੀ ਅਲਪ ਬੁੱਧੀ ਤੋਂ ਲਾਂਭੇ ਹੋਵੇ। ਜੇ ਮੈਂ ਅਗਿਆਨੀ ਹੋਵਾਂ ਤਾਂ ਦੱਸਣਾ।
ਹਾਲ ਦੀ ਘੜੀ ਬਚਪਨ ਚ ਸੁਣੇ ਬੋਲ ਹੀ ਪ੍ਰਵਾਨ ਕਰੋ।
ਜੈ ਬਾਵਾ ਲਾਲ ਦੀ
ਜੈ ਬਾਵਾ ਲਾਲ ਦੀ
ਮੈਂ ਵੀ ਬੋਲਾਂ
ਤੁਸੀਂ ਵੀ ਬੋਲੋ
ਜੈ ਬਾਵਾ ਲਾਲ ਦੀ
ਜ਼ੋਰ ਸੇ ਬੋਲੋ ਜੈ ਬਾਵਾ ਲਾਲ ਦੀ।
ਜੀਭ ਨਹੀਂ ਘਸਦੀ, ਜੈ ਬਾਵਾ ਲਾਲ ਦੀ।
ਪੰਜਾਬ ਸਰਕਾਰ ਨੇ ਅੱਜ (20 ਜਨਵਰੀ) ਗੁਰਦਾਸਪੁਰ ਜ਼ਿਲ੍ਹੇ ਵਿੱਚ ਇਸ ਦਿਹਾੜੇ ਦੀ ਲੋਕਲ ਛੁੱਟੀ ਕੀਤੀ ਹੈ। ਜੇ ਮੈਂ ਇਹ ਖ਼ਬਰ ਨਾ ਪੜ੍ਹਦਾ ਤਾਂ ਇਹ ਗੱਲਾਂ ਚੇਤੇ ਹੀ ਨਹੀਂ ਸਨ ਆਉਣੀਆਂ।