Beebe-Raane (Baal-Geet) : Amarpreet Singh Jhita

ਬੀਬੇ-ਰਾਣੇ (ਬਾਲ-ਗੀਤ) : ਅਮਰਪ੍ਰੀਤ ਸਿੰਘ ਝੀਤਾ

1. ਰੇਲਗੱਡੀ

ਛੁੱਕ-ਛੁੱਕ ਕਰਦੀ ਰੇਲਗੱਡੀ।
ਡੱਬਾ-ਡੱਬਾ ਜੋੜ ਹੋਵੇ ਵੱਡੀ।
ਪਟੜੀ ਉੱਤੇ ਭੱਜਦੀ ਜਾਵੇ।
ਝੂਟੇ ਲੈ ਮਜ਼ਾ ਬੜਾ ਆਵੇ।
ਕੂ ਕੂ ਕਰ ਕੇ ਰੌਲਾ ਪਾਵੇ।
ਧੂੰਆਂ ਹਵਾ ਵਿੱਚ ਉਡਾਵੇ।

2. ਚਿੜੀ-ਕਾਂ

ਇੱਕ ਸੀ ਚਿੜੀ, ਇੱਕ ਸੀ ਕਾਂ।
ਨਿੰਮ ਉੱਤੇ ਰਹਿੰਦੇ ਆਲ੍ਹਣਾ ਪਾ।
ਚੌਲ ਚਿੜੀ ਲੈ ਕੇ ਆਈ।
ਕਾਂ ਨੇ ਦਾਲ ਵਿੱਚ ਪਾਈ।
ਦੋਨਾਂ ਰਲ ਕੇ ਖਿਚੜੀ ਪਕਾਈ।
ਰੱਜ-ਰੱਜ ਖਾ ਕੇ ਸਿਹਤ ਬਣਾਈ।

3. ਮੰਮੀ

ਮੰਮੀ ਮੇਰੀ ਬੜੀ ਸਿਆਣੀ।
ਲਗਦੀ ਮੈਨੂੰ ਪਰੀਆਂ ਦੀ ਰਾਣੀ।
ਮੈਨੂੰ ਲਾਡ ਲਡਾਉਂਦੀ ਹੈ।
ਲੋਰੀਆਂ ਗਾ ਸੁਲਾਉਂਦੀ ਹੈ।
ਖਿਚੜੀ, ਦਲੀਆ ਮੈਨੂੰ ਖਿਲਾਵੇ।
ਕੁੱਛੜ ਚੁੱਕ ਖੂਬ ਖਿਡਾਵੇ।

4. ਪਿਤਾ ਜੀ

ਪਿਤਾ ਜੀ ਲਾਡ ਬੜਾ ਲਡਾਉਂਦੇ।
ਮੋਢੇ ਚੁੱਕ ਕੇ ਖੂਬ ਖਿਡਾਉਂਦੇ।
ਹੱਥ ਫੜ ਲਿਖਣਾ ਸਿਖਾਉਂਦੇ।
ਕੋਲ ਬਿਠਾ ਪਾਠ ਪੜ੍ਹਾਉਂਦੇ।
ਮੇਰੇ ਲਈ ਸੂਟ ਲਿਆਉਂਦੇ।
ਮੇਰੇ ਮਨ ਨੂੰ ਬੜਾ ਹੀ ਭਾਉਂਦੇ ।

5. ਘੜੀ

ਟਿੱਕ-ਟਿੱਕ ਘੜੀ ਕਰਦੀ ਜਾਵੇ।
ਸਭ ਨੂੰ ਸਮਾਂ ਇਹ ਦਿਖਾਵੇ।
ਛੋਟੀ ਸੂਈ ਘੰਟੇ ਦਿਖਾਉਂਦੀ।
ਮਿੰਟ ਵੱਡੀ ਸੂਈ ਬਣਾਉਂਦੀ।
ਇੱਕ ਹੋਰ ਸੂਈ ਘੁੰਮੀ ਜਾਵੇ।
ਸਕਿੰਟਾਂ ਵਾਲੀ ਸੂਈ ਕਹਾਵੇ।

6. ਹਦਵਾਣਾ

ਬਾਹਰੋਂ ਹਰਾ ਅੰਦਰੋਂ ਲਾਲ।
ਗਰਮੀ ਵਿੱਚ ਕਰੇ ਕਮਾਲ।
ਭੁੱਖ ਤੇ ਪਿਆਸ ਮਿਟਾਉਂਦਾ ਹੈ।
ਇਹ ਕਿਹੜਾ ਫ਼ਲ ਕਹਾਉਂਦਾ ਹੈ?

7. ਅੰਬ

ਹਰਾ ਤੇ ਪੀਲਾ ਮੇਰਾ ਰੰਗ।
ਖਾਣ ਵਿੱਚ ਆਵੇ ਬੜਾ ਅਨੰਦ।
ਗਰਮੀ ਦੇ ਵਿੱਚ ਆਉਂਦਾ ਹਾਂ।
ਰਾਜਾ ਫ਼ਲਾਂ ਦਾ ਕਹਾਉਂਦਾ ਹਾਂ।
ਬੁੱਝੋ ਬੱਚਿਓ! ਮੇਰਾ ਨਾਂ।
ਮਿੱਠਾ ਰਸ ਭਰਿਆ ਹਾਂ।

8. ਬੱਦਲ

ਬੱਦਲ ਆਏ, ਬੱਦਲ ਆਏ।
ਚਿੱਟੇ, ਕਾਲੇ ਬੱਦਲ ਆਏ।
ਛਮ-ਛਮ ਕਰਦਾ ਮੀਂਹ ਲਿਆਏ।
ਵਿੱਚ ਅਸਮਾਨੀਂ ਪੂਰੇ ਛਾਏ।
ਜ਼ੋਰ-ਜ਼ੋਰ ਨਾਲ਼ ਗੜ-ਗੜਾਏ।
ਗਰਮੀ ਨੂੰ ਦੂਰ ਭਜਾਏ।
ਚਮਕਾਂ ਮਾਰਦੀ ਬਿਜਲੀ ਲਿਆਏ।
ਬੱਦਲ ਆਏ, ਬੱਦਲ ਆਏ।

9. ਤਾਰੇ

ਟਿਮ - ਟਿਮ ਕਰਦੇ ਤਾਰੇ।
ਚਮਕਣ ਰਾਤ ਨੂੰ ਸਾਰੇ।
ਸਭ ਨੂੰ ਲਗਦੇ ਬੜੇ ਪਿਆਰੇ।
ਨਿੱਕੇ - ਵੱਡੇ, ਹੌਲੇ - ਭਾਰੇ।
ਕਿੰਨੀ ਗਿਣਤੀ ਵਿੱਚ ਨੇ ਸਾਰੇ?
ਅਣਗਿਣਤ ਅੰਬਰ ਵਿੱਚ ਤਾਰੇ।

10. ਤਿੱਤਲੀ

ਤਿੱਤਲੀ ਬੜੀ ਨਿਰਾਲੀ ਹੈ।
ਰੰਗ ਬਰੰਗੇ ਖੰਭਾਂ ਵਾਲੀ ਹੈ।
ਫੁੱਲਾਂ ਤੇ ਮੰਡਰਾਉਂਦੀ ਹੈ।
ਗੀਤ ਲਗਦਾ ਗਾਉਂਦੀ ਹੈ।
ਭਰਦੀ ਜਦੋਂ ਉਡਾਰੀ ਹੈ।
ਲਗਦੀ ਬੜੀ ਪਿਆਰੀ ਹੈ।

11. ਨਿੱਕੀ ਮੁੰਨੀ

ਮੈਂ ਨਿੱਕੀ ਜਿਹੀ ਮੁੰਨੀ ਹਾਂ।
ਸਿਰ ਤੇ ਲੈਂਦੀ ਚੁੰਨੀ ਹਾਂ।
ਗੱਲ ਪਾਇਆ ਸੋਹਣਾ ਸੂਟ ਹੈ।
ਪੈਰੀਂ ਪਾਇਆ ਕਾਲਾ ਬੂਟ ਹੈ।
ਸਭ ਮੈਨੂੰ ਲਾਡ ਲਡਾਉਂਦੇ ਨੇ।
ਚੁੱਕ ਕੁੱਛੜ ਖ਼ੂਬ ਖਿਡਾਉਂਦੇ ਨੇ।

12. ਮੇਰੀ ਫੱਟੀ

ਬੱਚਾ: ਸੂਰਜਾ ਸੂਰਜਾ ਮੇਰੀ ਫੱਟੀ ਸੁਕਾ ਦੇ।
ਮਨ ਵਾਲੀ ਮੇਰੀ ਰੀਝ ਪੁਗਾ ਦੇ।
ਸੂਰਜ: ਫੱਟੀ ਸੁਕਾ ਤੂੰ ਕੀ ਹੈ ਕਰਨਾ?
ਕੀ ਤੂੰ ਇਸਦੇ ਨਾਲ ਹੈ ਪੜ੍ਹਨਾ?
ਬੱਚਾ: ਫੱਟੀ ਉਤੇ ਪੂਰਨੇ ਪਵਾਊਂ।
ਸੋਹਣਾ-ਸੋਹਣਾ ਲਿਖਦਾ ਜਾਊਂ।
ਪਾਠ ਲਿਖ ਤੈਨੂੰ ਦਿਖਾਊਂ।
ਬੀਬਾ-ਰਾਣਾ ਮੈਂ ਅਖਵਾਊਂ।

13. ਬਸਤਾ

ਮੇਰਾ ਬਸਤਾ ਬੜਾ ਹੀ ਸੋਹਣਾ।
ਰੰਗ-ਬਰੰਗਾ, ਮਨ ਨੂੰ ਮੋਹਣਾ।
ਉਸਦੇ ਵਿੱਚ ਕਿਤਾਬਾਂ ਪਾਵਾਂ।
ਮੋਢੇ ਚੱਕ ਸਕੂਲ ਜਾਵਾਂ।

14. ਟਰੈਫ਼ਿਕ ਬੱਤੀਆਂ

ਜਦੋਂ ਜਗਦੀ ਬੱਤੀ ਲਾਲ।
ਰੁਕੋ, ਇਸ਼ਾਰਾ ਕਰਦੀ ਨਾਲ।
ਜਦੋਂ ਬੱਤੀ ਪੀਲੀ ਜਗਦੀ।
ਚੱਲਣ ਲਈ ਤਿਆਰ ਕਰਦੀ।
ਜਦੋਂ ਹੋਵੇ ਬੱਤੀ ਹਰੀ।
ਸੜਕ ਪਾਰ ਤੂੰ ਕਰੀਂ।

15. ਰੁੱਤਾਂ

ਪੰਜਾਬ ਦੀਆਂ ਰੁੱਤਾਂ ਚਾਰ।
ਗਰਮੀ,ਸਰਦੀ ਪੱਤਝੜ,ਬਹਾਰ।
ਗਰਮੀ ਵਿੱਚ ਪਸੀਨਾ ਆਵੇ।
ਸਰਦੀ ਧੁੰਦ, ਕੱਕਰ ਲਿਆਵੇ।
ਪੱਤਝੜ ਪੱਤੇ ਝਾੜੀ ਜਾਵੇ।
ਬਹਾਰ ਨਵੇਂ ਫੁੱਲ ਖਿੜਾਵੇ।

16. ਰੁੱਖ

ਸਾਡੇ ਘਰ ਇੱਕ ਲੱਗਿਆ ਰੁੱਖ।
ਦਿੰਦਾ ਸਾਨੂੰ ਬੜਾ ਹੀ ਸੁੱਖ।
ਠੰਡੀ - ਠੰਡੀ ਉਸਦੀ ਛਾਂ।
ਨਿੰਮ ਉਸਨੂੰ ਕਹਿੰਦੇ ਹਾਂ।
ਉਸਦੀ ਦਾਤਣ ਬੜੀ ਗੁਣਕਾਰੀ।
ਦੂਰ ਰੱਖੇ ਦੰਦਾਂ ਦੀ ਬਿਮਾਰੀ।

17. ਚੰਗੀਆਂ ਆਦਤਾਂ

ਜਲਦੀ ਉੱਠ ਸਵੇਰੇ ਜਾਈਏ।
ਹੱਥ ਜੋੜ ਕੇ ਫ਼ਤਿਹ ਬੁਲਾਈਏ।
ਦਾਤਣ ਕਰ ਦੰਦ ਚਮਕਾਈਏ।
ਫਿਰ ਨਹਾ ਕੇ ਵਰਦੀ ਪਾਈਏ।
ਵਾਲ ਵਾਹ ਕੇ ਬੰਨ੍ਹੀਏ ਦਸਤਾਰ।
ਬਸਤਾ ਆਪਣਾ ਕਰੀਏ ਤਿਆਰ।
ਰੋਟੀ ਖਾ ਕੇ ਸਕੂਲ ਜਾਈਏ।
ਵੱਡਿਆਂ ਅੱਗੇ ਸੀਸ ਨਿਵਾਈਏ।
ਸੱਚ ਬੋਲਣ ਦੀ ਆਦਤ ਪਾਈਏ।
ਅਮਰ ਵਾਂਗ ਬੀਬੇ ਬਣ ਜਾਈਏ।

18. ਆਕ੍ਰਿਤੀਆਂ

ਚੱਕਰ ਵਰਗੇ ਪਹੀਆ, ਵੰਗ।
ਵਰਗ ਵਾਂਗੂ ਲੱਗੇ ਸ਼ਤਰੰਜ।
ਦਰਵਾਜ਼ਾ ਆਇਤਾਕਾਰ ਕਹਾਵੇ।
ਤਿਕੋਣਾ ਪਰੌਂਠਾ ਮਨ ਨੂੰ ਭਾਵੇ।

19. ਆਵਾਜਾਈ ਦੇ ਸਾਧਨ

ਆਵਾਜਾਈ ਸਾਧਨ ਦੇ ਤਿੰਨ ਪ੍ਰਕਾਰ।
ਥਲ ਤੇ ਚੱਲਣ ਸਕੂਟਰ, ਕਾਰ।
ਜਲ ਵਿੱਚ ਕਿਸ਼ਤੀ,ਜਹਾਜ਼ ਚਲਾਉ।
ਹਵਾ ਵਿੱਚ ਹਵਾਈ ਜਹਾਜ਼ ਉਡਾਉ।

20. ਕਿੱਤੇ

ਅਧਿਆਪਕ ਸਕੂਲ ਵਿੱਚ ਪੜ੍ਹਾਏ।
ਮਕਾਨ,ਪੁੱਲ ਇੰਜੀਨੀਅਰ ਬਣਾਏ।
ਮੋਚੀ ਜੁੱਤੀਆਂ ਕਰੇ ਤਿਆਰ।
ਸੁਨਿਆਰਾ ਬਣਾਏ ਸੋਨੇ ਦਾ ਹਾਰ।
ਮਿੱਟੀ ਦੇ ਭਾਂਡੇ ਬਣਾਏ ਘੁਮਿਆਰ।
ਤੋਲ ਤੋਲ ਸੌਦਾ ਵੇਚੇ ਦੁਕਾਨਦਾਰ।
ਕਿਸਾਨ ਫ਼ਸਲਾਂ ਨੂੰ ਉਗਾਵੇ।
ਮਾਲੀ ਪੌਦੇ ਫੁੱਲਾਂ ਦੇ ਲਾਵੇ।
ਲੱਕੜ ਦੇ ਦਰਵਾਜ਼ੇ ਬਣਾਏ ਤਰਖਾਣ।
ਪਾਇਲਟ ਹਵਾਈ-ਜਹਾਜ਼ ਉਡਾਣ।
ਦਰਜ਼ੀ ਕੱਪੜੇ ਸੀਉਂਦਾ ਹੈ।
ਧੋਬੀ ਕੱਪੜੇ ਧੋਂਦਾ ਹੈ।
ਲੋਹੇ ਦਾ ਕੰਮ ਕਰੇ ਲੁਹਾਰ।
ਲੱਕੜਹਾਰਾ ਦੇਵੇ ਲੱਕੜਾਂ ਪਾੜ।
ਰਾਤੀਂ ਪਹਿਰਾ ਦਿੰਦਾ ਚੌਕੀਦਾਰ।
ਡਾਕਟਰ ਠੀਕ ਕਰੇ ਬਿਮਾਰ।
ਦੇਸ਼ ਦੀ ਰੱਖਿਆ ਫ਼ੌਜੀ ਕਰਦੇ।
ਪੁਲਿਸ ਵਾਲੇ ਚੋਰਾਂ ਨੂੰ ਫੜਦੇ।

21. ਛੱਲੀ

ਓਏ! ਕਾਕਾ ਬੱਲੀ,ਖਾ ਲੈ ਛੱਲੀ।
ਮਿੱਠੇ ਮਿੱਠੇ ਇਸਦੇ ਦਾਣੇ।
ਖਾਂਦੇ ਸਭ, ਬੱਚੇ ਤੇ ਸਿਆਣੇ।
ਮੱਕੀ ਦੀ ਛੱਲੀ ਬੜੀ ਸਵਾਦੀ।
ਭੁੰਨ ਕੇ ਦਿੰਦੀ ਮੇਰੀ ਦਾਦੀ।

22. ਸਕੂਲੇ ਲਾ ਦਿਉ

ਪਾਪਾ ਜੀ ਕਿਤਾਬ ਲਿਆ ਦਿਉ।
ਪੜ੍ਹਨ ਸਕੂਲੇ ਮੈਨੂੰ ਲਾ ਦਿਉ।
ਪੜ੍ਹਨ ਸਕੂਲੇ ਜਾਵਾਂਗਾ।
ਬੀਬਾ ਬੱਚਾ ਕਹਾਵਾਂਗਾ।
ਸੋਹਣੀ ਸੋਹਣੀ ਲਿਖੂੰ ਲਿਖਾਈ।
ਮਨ ਲਗਾ ਕਰੂੰ ਪੜ੍ਹਾਈ।
ਅੱਵਲ ਦਰਜੇ ਤੇ ਆਵਾਂਗਾ।
ਤੁਹਾਡਾ ਨਾਂ ਚਮਕਾਵਾਂਗਾ।

23. ਬੀਬੇ-ਰਾਣੇ

ਬੀਬੇ - ਰਾਣੇ,ਬੀਬੇ - ਰਾਣੇ।
ਸਾਰੇ ਆਖਣ ਬੜੇ ਸਿਆਣੇ।
ਵੱਡਿਆਂ ਦਾ ਆਦਰ ਕਰਦੇ।
ਆਪਸ ਵਿੱਚ ਕਦੇ ਨਾ ਲੜਦੇ।
ਮਾਤਾ-ਪਿਤਾ ਦੇ ਆਖੇ ਲਗਦੇ।
ਹਰ ਕੰਮ ਸਮੇਂ ਸਿਰ ਕਰਦੇ।
ਜਲਦੀ ਉੱਠ ਫ਼ਤਿਹ ਬੁਲਾਂਦੇ।
ਤਿਆਰ ਹੋ ਸਕੂਲੇ ਜਾਂਦੇ।
ਬੱਚਿਓ! ਆਗਿਆਕਾਰੀ ਬਣ ਜਾਉ।
ਤੁਸੀ ਵੀ ਬੀਬੇ-ਰਾਣੇ ਕਹਾਉ।

24. ਸੜਕ

ਸੜਕ ਮੰਜ਼ਿਲ ਤੱਕ ਪਹੁੰਚਾਏ।
ਖੱਬੇ ਹੱਥ ਜੋ ਚਲਦਾ ਜਾਏ।
ਮੋੜ 'ਤੇ ਹੌਲੀ ਹੋ ਜਾਉ।
ਲੋੜ ਪੈਣ 'ਤੇ ਹਾਰਨ ਵਜਾਉ।
ਜ਼ੈਬਰਾ ਰੇਖਾ 'ਤੇ ਪੈਦਲ ਚੱਲੀਏ।
ਕਦੀ ਨਾ ਕਰੋ ਕਾਹਲੀ ਬੱਲੀਏ।
ਟਰੈਫ਼ਿਕ ਸਿਗਨਲ ਦਾ ਰੱਖੋ ਧਿਆਨ।
ਮਾਸਟਰ ਜੀ ਇਹ ਗੱਲ ਸਮਝਾਣ।

25. ਸਰੀਰ

ਸਰੀਰ ਬਾਰੇ ਗੱਲ ਸੁਣਾਵਾਂ।
ਅੰਗਾਂ ਬਾਰੇ ਗੱਲ ਸਮਝਾਵਾਂ।
ਖੱਬੇ ਪਾਸੇ ਹੁੰਦਾ ਦਿਲ।
ਜਾਂਦੀ ਆਕਸੀਜਨ ਖੂਨ 'ਚ ਮਿਲ।
ਅੰਗਾਂ ਨੂੰ ਖੂਨ ਕਰਦਾ ਪੰਪ।
ਹਰ ਵੇਲੇ ਕਰਦਾ ਇਹ ਕੰਮ।
ਅੰਗਾਂ ਤੇ ਕਾਬੂ ਕਰੇ ਦਿਮਾਗ।
ਅਖਰੋਟ ਵਰਗਾ ਇਹ ਹੈ ਭਾਗ।
ਛਾਤੀ ਥੱਲੇ ਹੁੰਦੇ ਫੇਫੜੇ ਦੋ।
ਸਾਹ ਅੰਦਰ ਬਾਹਰ ਕੱਢਦੇ ਜੋ।
ਮਿਹਦਾ ਰੋਟੀ ਨੂੰ ਪਚਾਵੇ।
ਪਸੀਨਾ ਸਰੀਰ ਠੰਡਾ ਕਰਾਵੇ।
ਖੂਨ ਸਾਫ਼ ਗੁਰਦੇ ਕਰੀ ਜਾਣ।
ਰੱਖੋ ਆਪਣੇ ਸਰੀਰ ਦਾ ਧਿਆਨ।

26. ਬਿੱਲੀ

ਪਾਪਾ ਜੀ ਲਿਆਏ ਇੱਕ ਬਿੱਲੀ।
ਜਦ ਉਹ ਗਏ ਸੀ ਦਿੱਲੀ।
ਭੂਰੇ, ਚਿੱਟੇ ਉਸਦੇ ਵਾਲ।
ਠੁਮਕ –ਠੁਮਕ ਤੁਰਦੀ ਚਾਲ।
ਮੈਨੂੰ ਲੱਗੇ ਬੜੀ ਪਿਆਰੀ।
ਚੂਹੇ ਫੜਨ ਦੀ ਕਰੇ ਤਿਆਰੀ।

27. ਨੰਨੇ-ਮੁੰਨੇ, ਪਿਆਰੇ-ਪਿਆਰੇ

ਨੰਨੇ - ਮੁੰਨੇ,ਪਿਆਰੇ - ਪਿਆਰੇ
ਮਾਤਾ-ਪਿਤਾ ਦੀ ਅੱਖ ਦੇ ਤਾਰੇ।
ਸਾਰਾ ਘਰ ਖੁਸ਼ੀਆਂ ਨਾਲ ਭਰਦੇ,
ਨੱਚਦੇ ਟੱਪਦੇ ਅਠਖੇਲੀਆਂ ਕਰਦੇ।
ਹੱਸਦੇ ਲੱਗਣ ਸਭ ਨੂੰ ਪਿਆਰੇ।
ਆਪਣੀ ਮਸਤੀ ਦੇ ਵਿੱਚ ਰਹਿੰਦੇ,
ਮਿੱਠੀਆਂ-ਮਿੱਠੀਆਂ ਗੱਲਾਂ ਕਹਿੰਦੇ,
ਮੋਹ ਲੈਣ ਤੋਤਲੇ ਬੋਲ ਪਿਆਰੇ।
ਦਾਦਾ-ਦਾਦੀ ਦਾ ਜੀਅ ਲਾਉਂਦੇ,
ਖੇਡਾਂ ਆਪਣੇ ਨਾਲ ਖਿਡਾਉਂਦੇ।
ਉਹ ਜਾਣ ਇਹਨਾਂ ਤੋਂ ਬਲਿਹਾਰੇ।
ਘਰ ਵਿੱਚ ਰੌਣਕ ਲਾਈ ਰੱਖਦੇ,
ਗੁੱਸੇ ਵਿੱਚ ਅੱਗ ਵਾਂਗੂੰ ਭਖਦੇ,
ਰੱਬਾ ਖੁਸ਼ੀ-ਖੁਸ਼ੀ ਵੱਸਣ ਸਾਰੇ।
ਨੰਨੇ-ਮੁੰਨੇ, ਪਿਆਰੇ-ਪਿਆਰੇ
ਚਮਕਣ ਵਾਂਗ ਚੰਨ ਸੂਰਜ ਤਾਰੇ।

28. ਦਿਨ ਪੇਪਰਾਂ ਦੇ ਆਏ

ਵਿਦਿਆ ਸਾਰੀ ਉਮਰ ਦਾ ਗਹਿਣਾ,
ਕੀਤੀ ਮਿਹਨਤ ਦਾ ਮੁੱਲ ਪੈਣਾ।
ਕਰ ਲਉ ਹੁਣ ਤਿਆਰੀ, ਦਿਨ ਪੇਪਰਾਂ ਦੇ ਆਏ।

ਸਮਾਂ ਸਵੇਰ ਦਾ ਸਭ ਤੋਂ ਚੰਗਾ,
ਯਾਦ ਜੋ ਕੀਤਾ, ਨਾ ਭੁੱਲਣ ਦਾ ਪੰਗਾ।
ਕੰਮ ਕਰੋ ਨਾਲ ਹੁਸ਼ਿਆਰੀ, ਦਿਨ ਪੇਪਰਾਂ ਦੇ ਆਏ।

ਸਾਰਾ ਦਿਨ ਪੜ੍ਹਨਾ ਲੱਗੇ ਔਖਾ,
ਸਮਾਂ ਵੰਡ ਕੰਮ ਕਰ ਲਉ ਸੌਖਾ।
ਅਰਾਮ ਦੀ ਵੀ ਰੱਖੋ ਵਾਰੀ, ਦਿਨ ਪੇਪਰਾਂ ਦੇ ਆਏ।

ਜਿਹੜੇ ਬਾਲ਼ ਮਨ ਲਾ ਕੇ ਪੜ੍ਹਦੇ,
ਜਮਾਤ ਅਗਲੀ ਦੀ ਪੌੜ੍ਹੀ ਚੜ੍ਹਦੇ।
ਨਕਲ ਰੱਖੇ ਮੱਤ ਮਾਰੀ, ਦਿਨ ਪੇਪਰਾਂ ਦੇ ਆਏ।

ਸਭ ਵਿਸ਼ਿਆਂ ਦਾ ਕੰਮ ਕਰ ਲਉ ਪੂਰਾ,
ਜੋ ਸਮਝ ਨਾ ਆਵੇ, ਜਾਂ ਹੋਵੇ ਅਧੂਰਾ।
ਉਹ ਸਮਝੋ ਵਾਰੋ-ਵਾਰੀ, ਦਿਨ ਪੇਪਰਾਂ ਦੇ ਆਏ।

ਕਿਤਾਬਾਂ ਸੰਭਾਲੋ ਵਾਂਗ ਰੱਬ ਦੀ ਪੂਜਾ,
ਇਹ ਮਿੱਤਰ ਤੁਹਾਡੀਆਂ, ਨਾ ਕੋਈ ਦੂਜਾ।
ਕਰੋ ਸੰਭਾਲ ਨਾਲ ਜ਼ਿੰਮੇਵਾਰੀ, ਦਿਨ ਪੇਪਰਾਂ ਦੇ ਆਏ।

ਟੀ.ਵੀ. ਤੋਂ ਧਿਆਨ ਹਟਾਉ,
ਵਿੱਚ ਕਿਤਾਬਾਂ ਧਿਆਨ ਲਗਾਉ।
ਫਿਰ ਪਛਤਾਉਣਾ ਪਵੇਗਾ ਭਾਰੀ, ਦਿਨ ਪੇਪਰਾਂ ਦੇ ਆਏ।

29. ਲਿਖਾਈ

ਸੋਹਣੀ ਸੋਹਣੀ ਲਿਖ ਤੂੰ ਲਿਖਾਈ ਸਾਥੀਆ।
ਲਿਖਾਈ ਦੱਸਦੀ ਆ ਚੰਗੀ ਪੜ੍ਹਾਈ ਸਾਥੀਆ।
ਮਾੜਾ ਲਿਖਿਆ ਕਿਸੇ ਦੇ ਸਮਝ ਨਾ ਆਉਣਾ ਹੈ।
ਫਿਰ ਕਾਹਦਾ ਪੜ੍ਹਿਆ ਤੂੰ ਅਖਵਾਉਣਾ ਹੈ।
ਕਰ ਲੈ ਸੁਧਾਰ, ਵੇਲਾ ਨਾ ਗਵਾਈਂ ਸਾਥੀਆ।
ਅੱਖਰਾਂ ਨੂੰ ਲਿਖ ਜਿਵੇਂ ਮੋਤੀ ਜੜ੍ਹੀ ਮਾਲਾ ਹੈ।
ਇੱਕ ਸਾਰ ਲਿਖ ਕਾਹਤੋਂ ਪਿਆ ਕਾਹਲਾ ਹੈ।
ਸਾਫ-ਸਾਫ ਲਿਖੀਂ ਤੂੰ ਲਿਖਾਈ ਸਾਥੀਆ।
ਲਗਾਂ ਮਾਤਰਾ ਦਾ ਰੱਖੀਂ ਪੂਰਾ ਤੂੰ ਧਿਆਨ ਬਈ।
ਸਹੀ ਜਗ੍ਹਾ ਉੱਤੇ ਡੰਡੀ ਕੌਮਾ ਬਿੰਦੀ ਆਣ ਬਈ।
ਸਾਫ ਸੋਹਣੇ ਅੱਖਰ ਤੂੰ ਪਾਈਂ ਸਾਥੀਆ।
ਅਮਰਪ੍ਰੀਤ ਹੁੰਦੀ ਮਾਪਿਆਂ ਨੂੰ ਆਸ ਏ।
ਚੰਗੇ ਨੰਬਰਾਂ ਨਾਲ ਬੱਚੇ ਹੋਣ ਪਾਸ ਏ।
ਮਾਪਿਆਂ ਦਾ ਨਾਂ ਤੂੰ ਚਮਕਾਈਂ ਸਾਥੀਆ।

30. ਧੀ

ਸਾਡੇ ਘਰ ਵਿੱਚ ਆਈ ਧੀ।
ਸਭ ਨੇ ਖੁਸ਼ੀ ਮਨਾਈ ਜੀ।
ਉਸਦੇ ਨਾਲ ਮੈਂ ਤਾਇਆ ਬਣਿਆ।
ਤਾਈ ਨੂੰ ਬੜਾ ਚਾਅ ਚੜ੍ਹਿਆ।
ਗੁਰਕੀਰਤ ਲਈ ਖੁਸ਼ੀ ਲਿਆਈ ਜੀ।
ਮਾਤਾ-ਪਿਤਾ ਨੂੰ ਮਿਲੇ ਵਧਾਈ।
ਘਰ ਦੇ ਵਿੱਚ ਲਛਮੀ ਆਈ।
ਸਭ ਵੇਖਣ ਚਾਂਈ-ਚਾਂਈ ਜੀ।
ਦਾਦਾ-ਦਾਦੀ ਨੂੰ ਚਾਅ ਚੜ੍ਹਿਆ।
ਖੁਸ਼ੀਆਂ ਨਾਲ ਘਰ ਜਾਪੇ ਭਰਿਆ।
ਨਾਨਾ-ਨਾਨੀ ਨੂੰ ਵਧਾਈ ਜੀ।
ਸੋਹਣਾ ਮੁੱਖੜਾ ਚਮਕਾਂ ਮਾਰੇ।
ਹੱਸਦੀ-ਹੱਸਦੀ ਸਭ ਨੂੰ ਨਿਹਾਰੇ।
ਸਭ ਨੂੰ ਦੇਖ ਮੁਸਕਰਾਈ ਜੀ।
ਚਾਚਾ ਲੈ ਕੇ ਆਇਆ ਖਿਡੌਣੇ।
ਮਾਮੇ ਲਿਆਏ ਕੱਪੜੇ ਸੋਹਣੇ-ਸੋਹਣੇ।
ਪੜਦਾਦੀ ਜਾਵੇ ਉਹਨੂੰ ਖਿਡਾਈ ਜੀ।
ਸਾਡੇ ਘਰ ਨਵਕਿਰਨ ਆਈ ਧੀ।
ਸਭ ਨੇ ਖੁਸ਼ੀ ਮਨਾਈ