ਪੰਜਾਬੀ ਗ਼ਜ਼ਲਾਂ (ਤਰੇਲ ਦਾ ਸੇਕ 1993 ਵਿੱਚੋਂ) : ਬੀਰਾ ਜੀ
Punjabi Ghazlan (Trel Da Sek 1993) : Beera Ji
ਸਭ ਤੋਂ ਵੱਡੀ ਓਸੇ ਦੀ ਫ਼ਨਕਾਰੀ ਏ
ਸਭ ਤੋਂ ਵੱਡੀ ਓਸੇ ਦੀ ਫ਼ਨਕਾਰੀ ਏ ।
ਜਿਸ ਨੇ ਆਪੇ ਆਪਣੀ ਨਕਲ ਉਤਾਰੀ ਏ ।
ਮੈਂ ਦੁੱਖਾਂ ਵਿਚ ਖ਼ਵਰੇ ਬਹੁਤਾ ਘਿਰਿਆ ਵਾਂ,
ਮੇਰੇ ਸਿਰ ਦੀ ਭੁਚਕੀ ਸਭ ਤੋਂ ਭਾਰੀ ਏ ।
ਸਾਰੇ ਡਾਕੂ ਸ਼ਹਿਰਾਂ ਦੇ ਵਿਚ ਆ ਗਏ ਨੇ,
ਧਰਤੀ ਦਾ ਸੱਜਣ ਬਸ ਇਕ ਪਟਵਾਰੀ ਏ ।
ਨਵੇਂ ਨਵੇਂ ਨਿੱਤ ਰੋਜ਼ ਤਮਾਸੇ ਵਿਹੰਣੇ ਆਂ,
ਹਰ ਬੰਦਾ ਹੁਣ ਸ਼ਹਿਰਾਂ ਵਿਚ ਮਦਾਰੀ ਏ ।
ਜੰਗਲ ਦੇ ਵਿਚ ਬਚਣਾ ਪੈਂਦੈ ਬੰਦੇ ਨੂੰ,
ਸ਼ਹਿਰੀ ਬੰਦਾ ਆਪਣੇ ਆਪ ਸ਼ਿਕਾਰੀ ਏ ।
ਸੱਚੇ ਦੀ ਕੋਈ ਗੱਲ ਵੀ ਐਥੇ ਸੁਣਦਾ ਨਈਂ,
ਝੂਠੇ ਦੇ ਨਾਲ ਸਾਰੇ ਪਿੰਡ ਦੀ ਯਾਰੀ ਏ ।
ਇਕ ਦਿਨ ਉਸ ਨੇ ਮੇਰੇ ਉੱਤੇ ਡਿਗਣਾ ਏ,
ਚਾਵਾਂ ਦੇ ਨਾਲ ਜਿਹੜੀ ਕੰਧ ਉਸਾਰੀ ਏ ।
ਸੱਚ ਦਾ ਸਾਥੀ ਮੈਂ ਕਿਸਰਾਂ ਬਣ ਸਕਣਾ ਵਾਂ,
ਮੈਨੂੰ ਵੀ ਤੇ ਆਪਣੀ ਜਾਨ ਪਿਆਰੀ ਏ ।
ਮਰਨ ਬਹਾਨੇ ਸਾਰੀਆਂ ਖੇਡਾਂ ਬੀਰਾ ਜੀ,
ਓਸ ਦਿਹਾੜੇ ਪੁਗਣਾ ਜਿਸ ਦਿਨ ਵਾਰੀ ਏ ।
ਲੋਕਾਂ ਚਿਹਰਿਆਂ ਉੱਤੇ ਚਾੜ੍ਹੇ
ਲੋਕਾਂ ਚਿਹਰਿਆਂ ਉੱਤੇ ਚਾੜ੍ਹੇ ਨਵੇਂ ਉਛਾੜ ।
ਘਰ ਦੀ ਕੋਹਝੀ ਕੰਧ ਲੁਕਾਉਂਦੀ ਜਿਸਰਾਂ ਵਾੜ ।
ਅਫ਼ਸਰ ਸ਼ਾਹੀ ਵਿਚ ਵੀ ਇੱਜ਼ਤ ਲੱਭ ਜਾਂਦੀ,
ਰਿਸ਼ਵਤ ਵਾਲੀ ਜੇ ਨਾ ਪਾਈਏ ਆਪ ਦਰਾੜ ।
ਸੀਤਾ ਸੀ ਜੇ ਪਿਆਰ ਦਾ ਚੋਲਾ ਲੈਲਾ ਨੇ,
ਆਪਣਾ ਗਲਮਾ ਮਜਨੂੰ ਲੀਤਾ ਆਪੇ ਪਾੜ ।
ਤੇਰੇ ਹੱਥ ਜੇ ਮਾਲੀ ਡਾਂਗ ਫੜਾ ਦਿੱਤੀ,
ਐਵੇਂ ਸੰਘਣੇ ਰੁੱਖਾਂ ਤੋਂ ਨਾ ਪੱਤੇ ਝਾੜ ।
ਦੁਖ ਦਰਦਾਂ ਪੀੜਾਂ ਦਾ ਦਾਰੂ ਹੋ ਸਕਦੈ,
ਆਪਣਾ ਜੁੱਸਾ ਆਪਣੇ ਲਹੂ ਵਿਚ ਤੇ ਨਾ ਕਾੜ੍ਹ ।
ਲੋਕ ਨਿਮਾਣੇ ਜੰਗਲ ਵਾਸੀ ਲਗਦੇ ਨੇ,
ਭਰਿਆਂ ਸ਼ਹਿਰਾਂ ਵਿਚ ਦਿਸਦੀ ਏ ਜਦੋਂ ਉਜਾੜ ।
ਅੱਗਾਂ ਕਿਸਰਾਂ ਪਹੁੰਚਣ ਉਹਦੇ ਮਹਿਲਾਂ ਤੀਕ,
ਪਹਿਲਾਂ 'ਬੀਰਾ ਜੀ' ਤੂੰ ਉਹਦੇ ਖ਼ਤ ਤੇ ਸਾੜ ।
ਭਾਵੇਂ ਸਾਰੇ ਰਹਿੰਦੇ ਅੱਕੇ ਸੱਜਣਾਂ ਤੋਂ
ਭਾਵੇਂ ਸਾਰੇ ਰਹਿੰਦੇ ਅੱਕੇ ਸੱਜਣਾਂ ਤੋਂ ।
ਫੇਰ ਵੀ ਦੂਰ ਨਾ ਰਹਿੰਦੇ ਸਕੇ ਸੱਜਣਾਂ ਤੋਂ ।
ਦਰਿਆਵਾਂ ਦੇ ਹੜ੍ਹ ਨੂੰ ਕਿਹੜਾ ਡੱਕੇਗਾ,
ਸੱਜਣ ਤੇ ਨਈਂ ਜਾਂਦੇ ਡੱਕੇ ਸੱਜਣਾਂ ਤੋਂ ।
ਲਹੂ ਦੇ ਸਾਕ ਵੀ ਲੋੜਾਂ ਨੇ ਡੰਗ ਲੀਤੇ ਨੇ,
ਗ਼ੈਰਾਂ ਦੇ ਅੱਜ ਰਿਸ਼ਤੇ ਪੱਕੇ ਸੱਜਣਾਂ ਤੋਂ ।
ਕਦੀ ਕਦੀ ਜਰ ਲੈਂਦੇ ਨੇ ਗੱਲ ਕੌੜੀ ਵੀ,
ਚੰਗੇ ਨੇ ਅੱਜ ਚੋਰ ਉਚੱਕੇ ਸੱਜਣਾਂ ਤੋਂ ।
ਆਪੇ ਜਰੀਆਂ ਲੰਮੀਆਂ ਭੁੱਖਾਂ 'ਬੀਰਾ ਜੀ',
ਆਪੇ ਚਿੜ ਕੇ ਮੋਹਰੇ ਫੱਕੇ ਸੱਜਣਾਂ ਤੋਂ ।
ਕਾਲ ਹਨੇਰਾ ਉੱਤੋਂ ਆਇਆ
ਕਾਲ ਹਨੇਰਾ ਉੱਤੋਂ ਆਇਆ ਕੁੱਖਾਂ ਜੋਗਾ ।
ਧਰਤੀ ਉੱਤੇ ਸਾਰਾ ਦੁੱਖ ਮਨੁੱਖਾਂ ਜੋਗਾ ।
ਜਿਹੜਾ ਵੀ ਸੱਚ ਬੋਲੇਗਾ ਇਸ ਧਰਤੀ ਉੱਤੇ,
ਉਹ ਕੱਲਾ ਰਹਿ ਜਾਵੇਗਾ ਫਿਰ ਭੁੱਖਾਂ ਜੋਗਾ ।
ਦੁੱਖਾਂ ਦੇ ਸਿਰ ਨਾਵੇਂ ਦੇ ਨਾਲ ਬਣੀ ਹਿਆਤੀ,
ਇਕ ਪਲ ਵੀ ਨਾ ਰੱਖਿਆ ਕਿਧਰੇ ਸੁੱਖਾਂ ਜੋਗਾ ।
ਚੈਨ ਮਿਲੇ ਤੇ ਕਿਧਰੇ ਬੰਦਾ ਮਰ ਨਾ ਜਾਵੇ,
ਦੁਨੀਆ ਦਾ ਇਹ ਕੂੜ ਪਸਾਰਾ ਦੁੱਖਾਂ ਜੋਗਾ ।
ਮੇਰੇ ਜੋਗੀ 'ਬੀਰਾ ਜੀ' ਰਹਿ ਗਈ ਖ਼ੁਦਗ਼ਰਜ਼ੀ,
ਖ਼ੁਸ਼ਬੂ ਫੁੱਲਾਂ ਜੋਗੀ ਸ਼ਬਜ਼ਾ ਰੁੱਖਾਂ ਜੋਗਾ ।
ਯੱਕੇ ਦੇ ਨਾਲ ਜੁੜ ਜੁੜ ਬਹਿੰਦੇ
ਯੱਕੇ ਦੇ ਨਾਲ ਜੁੜ ਜੁੜ ਬਹਿੰਦੇ ਸ਼ਾਹ, ਬੇਗੀ, 'ਤੇ ਗੋਲੇ,
ਪਰ ਇਕ ਕੁੱਖ ਦੇ ਜੰਮਿਆਂ ਵੱਖੋ-ਵੱਖ ਬਣਾਏ ਟੋਲੇ ।
ਆਪਣੀਆਂ ਸਿਫ਼ਤਾਂ ਪਾਰੋਂ ਸਾਫ਼ ਪਛਾਣੀਆਂ ਜਾਂਦੀਆਂ ਜਿਨਸਾਂ,
ਬਹੁਤਾ ਚਿਰ ਨਈਂ ਲੁੱਕੇ ਰਹਿੰਦੇ ਕਣਕਾਂ ਦੇ ਵਿਚ ਛੋਲੇ ।
ਉਹਦਾ ਕਰੇ ਸਵਾਗਤ ਚੰਨ ਵੀ ਖੋਲ੍ਹ ਕੇ ਆਪਣੇ ਬੂਹੇ,
ਜਿਹੜਾ ਜੰਮਦਾ ਅਸਮਾਨਾਂ ਵਲ ਉਡਣ ਲਈ ਪਰ ਤੋਲੇ ।
ਕੁਝ ਰੱਜੇ ਕੁਝ ਭੁੱਖੇ ਰਹਿ ਗਏ ਕਾਣੀ ਵੰਡ ਦੇ ਹੱਥੋਂ,
ਇਕ ਦੀ ਸੱਖਮ ਸੱਖਣੀ ਝੋਲੀ ਦੂਜੇ ਭਰੇ ਭੜੋਲੇ ।
ਉਨ੍ਹਾਂ ਲਈ ਧਰਤੀ 'ਤੇ ਕਿਉਂ ਨਈਂ ਕਾਲੇ ਘੁੱਪ ਹਨੇਰੇ,
ਜਿਨ੍ਹਾਂ ਮਾਸੂਮਾਂ ਦੇ ਲਹੂ ਵਿਚ ਜ਼ਹਿਰ ਗ਼ਮਾਂ ਦੇ ਘੋਲੇ ।
ਬੱਝੀ ਜਦੋਂ ਨਿਆਂ ਦੀਆਂ ਅੱਖਾਂ 'ਤੇ ਗ਼ਰਜ਼ਾਂ ਦੀ ਪੱਟੀ,
ਨਾਪਣ ਵਾਲੇ ਫ਼ੀਤੇ ਖਿੱਚਦੇ ਡੰਡੀ ਮਾਰਣ ਤੋਲੇ ।
ਚੁੱਪਾਂ ਦੇ ਘੇਰੇ ਤੋੜਣ ਲਈ ਬੋਲੇ ਜਿਹੜਾ ਪਹਿਲਾਂ,
ਉਹੋ ਚੰਗੇ ਨੇ 'ਬੀਰਾ ਜੀ' ਭਾਵੇਂ ਨੇ ਬੜਬੋਲੇ ।
ਉਹਦੀ ਮੰਜ਼ਿਲ ਖੋਟੀ ਜਾਪੇ
ਉਹਦੀ ਮੰਜ਼ਿਲ ਖੋਟੀ ਜਾਪੇ ਉਹਦਾ ਪਿਆਰ ਨਿਖੁੱਟੇ ।
ਗ਼ੈਰਾਂ ਦੇ ਨਾਲ ਰਲ ਕੇ ਜਿਹੜਾ ਆਪਣੇ ਘਰ ਨੂੰ ਲੁੱਟੇ ।
ਓਸ ਅਸੰਬਲੀ ਦੇ ਟੁੱਟਣ ਦਾ ਕੀ ਅਫ਼ਸੋਸ ਮੈਂ ਕਰਦਾ,
ਜਿਹੜੀ ਕੱਚੇ ਭਾਂਡੇ ਵਾਂਗੂੰ ਇਕ ਠੁੱਡੇ ਨਾਲ ਟੁੱਟੇ ।
ਮਰ ਜਾਈਏ ਤੇ ਇੱਕੋ ਜਿਹੀਆਂ ਨੇ ਧੁੱਪਾਂ ਤੇ ਛਾਵਾਂ,
ਆਪਣਾ ਮਾਰੇ 'ਤੇ ਕਹਿੰਦੇ ਨੇ ਮਾਰ ਕੇ ਛਾਵੇਂ ਸੁੱਟੇ ।
ਨਿੱਘੇ ਲੇਫ਼ਾਂ ਦੇ ਵਿਚ ਲੋਕੀ ਸੁਣਦੇ ਰਹੇ ਨੇ ਖ਼ਬਰਾਂ,
ਪਾਲੇ ਦੇ ਵਿਚ ਠਰ ਕੇ ਮਰ ਗਏ ਚੰਬੇ, ਮੋਤੀਏ, ਗੁੱਟੇ ।
ਚੰਗੇ ਲਈ ਚੰਗੀ 'ਤੇ ਭੈੜੇ ਲਈ ਭੈੜੀ ਏ ਦੁਨੀਆ,
ਆਪਣੇ ਹੀ ਵਿਚ ਡਿਗਦੈ ਜਿਹੜਾ ਦੂਜੇ ਲਈ ਖੂਹ ਪੁੱਟੇ ।
ਪਰ੍ਹਿਆ ਦੇ ਵਿਚ ਅੱਗ 'ਤੇ ਪਾਣੀ ਅੱਜ-ਕੱਲ੍ਹ ਰਲ ਕੇ ਬਹਿੰਦੇ,
ਜੁੜ ਜਾਂਦੇ ਨੇ ਪਰਤ ਕੇ ਹੁਣ ਤਾਂ ਸਾਰੇ ਰਿਸ਼ਤੇ ਟੁੱਟੇ ।
ਦਿਨ ਚੜ੍ਹਿਆ 'ਤੇ ਉਨ੍ਹਾਂ ਦੀਵੇ ਫੂਕਾਂ ਮਾਰ ਬੁਝਾਏ,
ਜਿਨ੍ਹਾਂ ਚਿੱਟੇ ਚਾਨਣ ਰਾਤੀਂ ਝੋਲੀਆਂ ਭਰ ਭਰ ਲੁੱਟੇ ।
ਆਪਣੀ ਮੰਜ਼ਿਲ ਤੱਕ 'ਬੀਰਾ ਜੀ' ਕਦੀ ਵੀ ਨਹੀਂ ਉਹ ਅੱਪੜੇ
ਜਿਨ੍ਹਾਂ ਨੇ ਗ਼ਰਜ਼ਾਂ ਦੀ ਖ਼ਾਤਰ ਯਾਰਾਂ ਦੇ ਗਲ ਘੁੱਟੇ ।
ਜੇ ਅੱਜ ਮੈਂ ਅੰਬਰ ਦੇ ਉੱਤੇ ਚੰਨ
ਜੇ ਅੱਜ ਮੈਂ ਅੰਬਰ ਦੇ ਉੱਤੇ ਚੰਨ ਵਾਂਗੂੰ ਤਰ ਸਕਣਾਂ ।
ਫਿਰ ਕੱਲ ਵੀ ਧਰਤੀ 'ਤੇ ਸੂਰਜ ਬਣ ਕੇ ਲੋਅ ਕਰ ਸਕਣਾਂ ।
ਮੇਰੇ ਜਜ਼ਬੇ 'ਤੇ ਹਿੰਮਤ ਨਾਲ ਕਿਉਂ ਨਹੀਂ ਫੁੱਟਦੇ ਸੋਮੇ,
ਜਦ ਮੈਂ ਹੱਥਾਂ ਦੇ ਨੋਹਾਂ ਨਾਲ ਖੂਹ ਵੀ ਖੋਤਰ ਸਕਣਾਂ ।
ਪਰਦੇਸਾਂ ਦੀ ਚੂਰੀ ਦੇ ਲਾਰੇ 'ਤੇ ਫਿਰ ਕਿਉਂ ਜੀਵਾਂ,
ਜਦ ਮੈਂ ਰੁੱਖੀ ਖਾ ਕੇ ਦੇਸ 'ਚ ਇਜ਼ਤ ਨਾਲ ਮਰ ਸਕਣਾਂ ।
ਕੱਚੀਆਂ ਪੱਕੀਆਂ ਘੜੀਆਂ ਨੂੰ ਮੈਂ ਕਿਉਂ ਪੱਤਣਾਂ 'ਤੇ ਦੇਖਾਂ,
ਜਦ ਮੈਂ ਆਪਣੀ ਹਿੱਕ ਦੇ ਜ਼ੋਰ 'ਤੇ ਹੜ੍ਹ ਵਿਚ ਵੀ ਤਰ ਸਕਣਾਂ ।
ਇਹ ਵੀ ਮੇਰੇ ਦੌਰ ਦਾ ਕਾਰਾ ਹੀਟਰ ਅੱਗੇ ਬਹਿ ਕੇ,
ਬੰਦ ਕਮਰੇ ਦੇ ਅੰਦਰ ਆਪਣੇ ਕੰਬਲ ਵਿਚ ਠਰ ਸਕਣਾਂ ।
ਆਪਣੀ ਗ਼ਲਤੀ ਨੂੰ ਮੰਨ ਲੈਣਾ ਇਹ ਆਦਤ ਏ ਮੇਰੀ,
ਚਾਹਵਾਂ ਤੇ ਮੈਂ ਵੇਲੇ ਦੇ ਸਿਰ ਦੋਸ਼ ਆਪਣਾ ਧਰ ਸਕਣਾ ।
ਖ਼ੁਦਗ਼ਰਜ਼ਾਂ ਵਿਚ ਘਿਰਿਆ ਹੋਇਆਂ ਮੈਂ 'ਬੀਰਾ ਜੀ' ਫਿਰ ਵੀ,
ਆਪਣੀ ਝੋਲੀ ਖ਼ਾਲੀ ਕਰਕੇ ਦੂਜੇ ਦੀ ਭਰ ਸਕਣਾਂ ।
ਓਸੇ ਦਿਨ ਤੋਂ ਸਾਰੇ ਪੱਤਰ ਸੜ ਗਏ
ਓਸੇ ਦਿਨ ਤੋਂ ਸਾਰੇ ਪੱਤਰ ਸੜ ਗਏ ਹਰੀਆਂ ਵੇਲਾਂ ਦੇ ।
ਬੇਦੋਸ਼ਾਂ ਲਈ ਜਿਸ ਦਿਨ ਤੋਂ ਖੁੱਲ੍ਹੇ ਨੇ ਬੂਹੇ ਜੇਲ੍ਹਾਂ ਦੇ ।
ਪੈਰਾਂ ਦੇ ਛਾਲੇ ਫਿਸ ਕੇ ਵੀ ਤਲੀਆਂ ਨੂੰ ਠੰਢ ਪਾਂਦੇ ਨੇ,
ਸ਼ਾਮਾਂ ਵੇਲੇ ਵੀ ਬਾਗ਼ਾਂ ਚੋਂ ਉਠਦੇ ਸੇਕ ਤਰੇਲਾਂ ਦੇ ।
ਸ਼ਹਿਰਾਂ ਦੇ ਵਿਚ ਮਜ਼ਦੂਰਾਂ ਦੀ ਹੋਰ ਵੀ ਸ਼ਾਮਤ ਆਈ ਏ,
ਬੰਜਰ ਧਰਤੀ ਵਿੱਚੋਂ ਜਦ ਤੋਂ ਖੂਹ ਲੱਭੇ ਨੇ ਤੇਲਾਂ ਦੇ ।
ਆਪਣੇ ਆਲ੍ਹਣੇ ਵਿਚ ਵੀ ਨਹੀਉਂ ਮਿਲਦਾ ਚੈਨ ਪੰਖੇਰੂ ਨੂੰ,
ਚਾਰ-ਚੁਫ਼ੇਰਿਉਂ ਦੁੱਖ ਗਿਰਦੇ ਨੇ ਪੱਥਰ ਜਿਵੇਂ ਗੁਲੇਲਾਂ ਦੇ ।
ਸਦਕੇ ਕੀਤੇ ਦੇਸ ਪਿਆਰ ਦੇ ਜਜ਼ਬੇ ਆਪਣੀਆਂ ਜਾਨਾਂ ਤੋਂ,
ਏਸ ਤਰ੍ਹਾਂ ਵੀ ਉੱਘੜੇ ਆਲ-ਦੁਆਲੇ ਰੰਗ ਉਲੇਲਾਂ ਦੇ ।
ਤਿੱਤਰ ਖੰਭੀ ਬਦਲੀ ਵੀ ਧਰਤੀ ਦੀ ਪਿਆਸ ਬੁਝਾ ਲੈਂਦੀ,
ਖੂਹ ਵੀ ਕਦੀ ਕਦਾਈ ਚੁੱਕ ਲੈਂਦੇ ਨੇ ਭਾਰ ਤਰੇਲਾਂ ਦੇ ।
ਉਨ੍ਹਾਂ ਊਠਾਂ ਦੇ ਰਾਹੀਆਂ ਨੂੰ ਮੰਜ਼ਿਲ ਨੇੜੇ ਲਗਦੀ ਏ,
ਜਿਨ੍ਹਾਂ ਪੈਂਡੇ ਪੈਂਦੀਆਂ ਖਿੱਚ ਕੇ ਰੱਖੇ ਸਿਰੇ ਨਕੇਲਾਂ ਦੇ ।
ਸਾਡੇ ਸੱਜਣ ਨੇ 'ਬੀਰਾ ਜੀ' ਉੱਥੇ ਝੰਡੇ ਗੱਡੇ ਨੇ,
ਆਉਂਦੇ ਜਾਂਦੇ ਰਹਿੰਦੇ ਜਿੱਥੇ ਪੁੱਠੇ ਪੈਰ ਚੁੜੇਲਾਂ ਦੇ ।