Bhai Sewa Das ਭਾਈ ਸੇਵਾ ਦਾਸ

ਭਾਈ ਸੇਵਾਦਾਸ ਸਿੰਧ ਦੇ ਜੰਮ-ਪਲ ਸਨ । ਆਪ ਸੇਵਾ ਪੰਥੀ ਸੰਪ੍ਰਦਾਇ ਦੇ ਮੁਖੀ, ਭਾਈ ਕਨ੍ਹਈਆ ਜੀ ਦੇ ਚੇਲੇ ਤੇ ਭਾਈ ਅੱਡਣ ਸ਼ਾਹ ਦੇ ਗੁਰੂ ਸਨ । ਆਪ ਦਾ ਡੇਰਾ ਨੂਰਪੁਰ ਥਲ ਪ੍ਰਸਿੱਧ ਹੈ । ਆਪ ਦੀ ਕਾਵਿ-ਰਚਨਾ ਮਾਝਾਂ ਜਾਂ ਆਸਾਵਰੀਆਂ ਹੈ ।

Bhai Sewa Das Punjabi Poetry

ਭਾਈ ਸੇਵਾ ਦਾਸ ਪੰਜਾਬੀ ਕਵਿਤਾ

ਮਾਝਾਂ/ਆਸਾਵਰੀਆਂ

ਸਭਸੇ ਦਾ ਤੂੰ ਮਾਂ ਪਿਉ, ਸਾਹਿਬ, ਸਭ ਤੁਧ ਆਗੇ ਨਿਵੰਦੀ
ਲੜ ਤੇਰਾ ਪਕੜ ਤੁਧ ਪਾਸੋਂ ਮੰਗਦੇ, ਸਭ ਤੇਰਾ ਦਿਤਾ ਜਿਉਂਦੀ
ਜੋ ਕੁਝ ਕਹੀ ਨੂੰ ਕੁਝ ਲੁੜੀਂਦਾ, ਸੋ ਤੁਝ ਪਾਸਹੁੰ ਲਿਉਂਦੀ
ਜੋ ਧਨ ਤੇਰੀ ਸੇਵਾ ਲਾਗੀ, ਸਾ ਚੋਲੇ ਮੂਲ ਨ ਮਿਉਂਦੀ ॥

ਸਰਬ ਰੰਗ ਕਾਪਰ ਪਰ ਭਾਈ, ਕੋਊ ਸਬਜ਼ ਕੋਊ ਪੀਲਾ
ਕੋਊ ਸੁਪੈਦ ਕੋਊ ਸੁਰਖ ਬਣਾਇਆ, ਕੋਊ ਕਾਲਾ ਕੋਊ ਨੀਲਾ
ਹੈ ਏਕੇ ਹਰਿ ਭਿੰਨ ਭਿੰਨ ਦੀਸੈ, ਸਾਹਿਬ ਰੰਗ ਰੰਗੀਲਾ
ਲਾਲ ਦਿਆਲ ਦੇਖ ਅਚਰਜ ਆਇਆ, ਅਚਰਜ ਕੇਰੀ ਲੀਲਾ ॥

ਸੱਚੀ ਭਗਤ ਤੇਰੀ ਸਾਧ ਕਮਾਂਦੇ ਜੋ ਹਰਿ ਹਰਿ ਸਦਾ ਉਚਾਰਨ।
ਉਠਦਿਆਂ ਬਹਿੰਦਿਆਂ ਫਿਰਦਿਆਂ ਮਨ ਤੇ ਕਬਹੁੰ ਨਾ ਟਾਰਿਨ।
ਹਰ ਸਿਮਰਨ ਮਹਿ ਮਨ ਉਮਗਾਨਾ ਚਿਹਨ ਚੀਤ ਲਿਖ ਡਾਰਨ।
ਐਸੇ ਸੰਤ ਦੁਰਲਭ ਜਗ ਸੇਵਾ ਆਪ ਤਰੇ ਕੁਲ ਤਾਰਨ।

ਹਰਿ ਪਰਚਾ ਜਿਨ ਕਉ ਹੱਥ ਆਇਆ, ਤਿਨਾ ਹੋਰ ਪਰਚੇ ਕਿਆ ਕਰਣੇ
ਗਊ ਪਗ ਪਾਣੀ ਸੇ ਢੂੰਡਣ, ਜਿਨ੍ਹਾਂ ਘਰ ਨਾਹੀਂ ਜਲ ਝਰਣੇ
ਜਿਨ੍ਹਾਂ ਦੇ ਘਰਿ ਸੂਰਜ ਪ੍ਰਗਟਾਨਾ, ਤਿਨ੍ਹਾਂ ਬਾਲ ਦੀਵੇ ਕਿਥੈ ਧਰਣੇ
ਸਾਹਿਬ ਮਿਲ ਸਾਹਿਬ ਭਏ ਸੇਵਾ, ਤਿਨ੍ਹਾਂ ਹੋਰ ਨ ਸਾਧਨ ਵਰਨੇ ॥

ਕਰਕੈ ਪੁੰਨ ਪ੍ਰਭੁ ਕਉ ਸਉਂਪੇ, ਮੈਂ ਨਾਹੀ ਕੁਝ ਕੀਤਾ
ਤਿਸ ਕਾ ਪਦ ਵਡੀ ਹੂੰ ਵਡਾ, ਉਸ ਸਾਹਿਬ ਅਪਣਾ ਕੀਤਾ
ਜੋ ਸਾਹਿਬ ਕਾ ਸੋ ਸਭ ਤਿਸਕਾ, ਸੇਵਕ ਸਾਹਿਬ ਮੀਤਾ
ਹੋਰ ਮਜੂਰ ਮਜੂਰੀ ਲੈ ਗਏ, ਸੇਵਕ ਖਾਵੰਦ ਕੀਤਾ ॥

ਕਿਆ ਹੋਇਆ ਬਹੁ ਮਾਇਆ ਮੇਲੀ, ਕੰਚਨ ਕਲਸ ਬਣਾਏ
ਹਸਤੀ ਘੋੜੇ ਤੇ ਮਹਲ ਖਜ਼ੀਨੇ, ਲਸ਼ਕਰ ਬਹੁਤ ਵਧਾਏ
ਹੋਇ ਬਲੀ ਸਭ ਸਿਉੱ ਕਰ ਲੈਵੈ, ਸ਼ਾਹਨਸ਼ਾਹ ਕਹਾਏ
ਹਰਿ ਕੀ ਭਗਤ ਬਿਨਾ ਜਨ ਸੇਵਾ, ਕੌਡੀ ਕਾਮ ਨ ਆਏ ॥

ਕੁਲ ਕੁਟੰਬ ਅਰ ਮਾਂ ਪਿਉ ਮਾਨੇ, ਮਾਨੇ ਸਸੁਰ ਜਵਾਈ
ਸਭ ਅਣਹੋਤੀ ਮਾਨ ਮਨੇਂਦਾ, ਬਿਨਾ ਬਿਚਾਰ ਮਨਾਈ
ਜਬ ਬਿਬੇਕ ਮਿਲ ਗਨ ਕਰ ਦੇਖੈ, ਸਾਕ ਨ ਨਿਕਸੇ ਰਾਈ
ਸੱਚਾ ਸਾਕ ਰਾਮ ਸਿਉਂ ਸੇਵਾ, ਤਿਸ ਸਿਉਂ ਬੇਪ੍ਰਵਾਹੀ ॥

ਖੁਸ਼ੀ ਆਵਣ ਜਾਣ ਤੇ ਖੁਸ਼ੀਆਂ ਖੱਟਨ ਤੇ ਖੁਸ਼ੀਆਂ ਲੈਂਦੇ ਲਾਹੇ।
ਖੁਸ਼ੀ ਖਾਵਣ ਤੇ ਖੁਸ਼ੀ ਪਹਿਰਨ ਉਨ੍ਹਾਂ ਖੇਤ ਖੁਸ਼ੀਆਂ ਦੇ ਵਾਹੇ।
ਖੁਸ਼ੀਆਂ ਦੇ ਵਿਚ ਸੈਲ ਕਰੇਂਦੇ ਪ੍ਰਭ ਜੀ ਮੰਨੇ ਜੋ ਚਾਹੇ।
ਸੇਵਾ ਸੰਤ ਅਵਤਾਰ ਅਚੰਭਾ ਜੋ ਕੁਛ ਆਹੇ ਸੋ ਆਹੇ।

ਚੋਲਾ ਪਹਿਰ ਗਰੀਬੀ ਦਾ ਜਗ, ਸਾਧ ਸੁਖਾਲੇ ਹੋਏ
ਨ ਕਿਸੇ ਰੰਜ ਨ ਆਪ ਰੰਜੀਵਨ, ਮਰਨ ਥੀਂ ਅਗੇ ਮੋਏ
ਨਿੰਦਿਆ ਕ੍ਰੋਧ ਕਉ ਦਈ ਵਿਦਾਗੀ, ਬਾਦ ਬਿਬਾਦ ਸਭ ਖੋਏ
ਲਾਲ ਲੱਧਾ ਲੈ ਪੱਲੇ ਬੱਧਾ, ਦਾਸ ਸੇਵਾ ਚਰਨ ਤਿਨ ਧੋਏ ॥

ਜਗ ਮਹਿੰ ਭੂਲੇ ਦੋਨੋਂ ਦੇਖੇ, ਕਿਆ ਅਤੀਤ ਕਿਆ ਗ੍ਰਿਸਤੀ
ਮਹਿੰਗੀ ਮਾਇਆ ਕਉ ਮੁਲ ਲੇਵਨਿ, ਭਗਤਿ ਨ ਲੇਵਨ ਸਸਤੀ
ਕੋਈ ਕਰਮ ਨ ਕਰਦੇ ਐਸਾ, ਜਿਉਂ ਉਤਰੇ ਮਨ ਕੀ ਮਸਤੀ
ਸੇਵਾ ਦਾਸ ਜਗ ਉਜੜ ਖੇੜਾ, ਕਹੂੰ ਵਿਰਲੀ ਹੈ ਵਸਤੀ ॥

ਜਗ ਵਿਚ ਜੀਵਨ ਸੁਪਨੇ ਨਿਆਈਂ ਸੰਤ ਬੇਦ ਸਮਝਾਵਹਿੰ।
ਤਿਸ ਜੀਵਨ ਕੋ ਸਤ ਕਰ ਮਾਨਿਆ ਬਹੁਤੇ ਪਾਪ ਕਮਾਵਹਿੰ।
ਇਹ ਤਨ ਜਲ ਦਾ ਬੁਦਬੁਦਾ ਬਰਨਿਆ ਖਿਨ ਮਹਿ ਬਿਨਸ ਸਿਧਾਵਹਿੰ।
ਨੀਵ ਜਿਸੈ ਕੀ ਐਸੀ ਸੇਵਾ ਕਿਉਂ ਊਪਰ ਮਹਿਲ ਬਨਾਵਹਿੰ।

ਜਿਉਂ ਲੋਹਾ ਬਣਿਆ ਬਹੁ ਭਾਂਤੀ, ਤੈਸਾ ਹੀ ਸੁਖ ਦੇਵੈ
ਕਹੂੰ ਤਲਵਾਰ ਅਰ ਤੁਪਕ ਬਣਾਇਆ, ਜੀਅ ਮਾਰ ਸੋ ਲੇਵੈ
ਕਹੂੰ ਮ੍ਰਿਦੰਗ ਨਾਨਾ ਧੁਨ ਬੋਲੈ, ਸਭ ਮਜਲਸ ਚਿਤ ਭੇਵੈ
ਤਿਉਂ ਸੁਭਾਵ ਸਭ ਹੂੰ ਕੇ ਅਨ ਅਨ, ਗਿਆਨੀ ਇਕ ਰਿਦ ਸੇਵੈ ॥

ਜਿਨ੍ਹਾਂ ਸਾਈਂ ਦਾ ਭਾਣਾ ਮੰਨਿਆ, ਸੋ ਸਦਾ ਸੁਖਾਲੇ ਰਹਿੰਦੇ
ਜੋ ਕੁਛ ਕਰੇ ਉਨ੍ਹਾਂ ਨਾਲ ਸਾਈਂ, ਭਲੀ ਭਲੀ ਮੁਖ ਕਹਿੰਦੇ
ਜਿਉਂ ਆਸ਼ਕ ਮਸ਼ੂਕਾਂ ਕੋਲੋਂ, ਅਪਣੀ ਕਛੁ ਨ ਮਨੇਂਦੇ
ਤਿਉਂ ਪਰਮੇਸ਼ਰ ਆਗਿਆ ਸੇਵਾ, ਹਰਿ ਜਨ ਜਾਇ ਵਿਕੇਂਦੇ ॥

ਜਿਨ੍ਹਾਂ ਦੇ ਸੰਗ ਆਤਣ ਬਹਿੰਦੀ ਸੇ ਸਾਰੀਆਂ ਉਠ ਚੱਲੀਆਂ।
ਇਕ ਪਲ ਕੰਤ ਨ ਰਹਿਣੇ ਦਿੱਤੀਆਂ ਜਿਸ ਘਰ ਜਮੀਆਂ ਪਲੀਆਂ।
ਅੱਚਣ ਚੇਤ ਕਾਲ ਬੰਬ ਵਜੀ ਵੰਞ ਖਾਕੂ ਵਿਚ ਰਲੀਆਂ।

ਜਿਨ੍ਹਾਂ ਦੇ ਮਨ ਵਿਚ ਰਾਮ ਭਰੋਸਾ, ਸੋ ਇਥੇ ਉਥੇ ਸੁਖਾਲੇ
ਚਿੰਤਾ ਦੀ ਪੰਡ ਸੱਟੀ ਸਿਰ ਤੋਂ, ਕੰਮ ਕੀਤੇ ਰਾਮ ਹਵਾਲੇ
ਅਪਣੀ ਮਮਤਾ ਤੇ ਭਏ ਮੁਕਤੇ, ਮੋਹ ਮਾਇਆ ਸਭ ਜਾਲੇ
ਸੇਵਾਦਾਸ ਹਰਿ ਸਿਉਂ ਮਨ ਮਾਨਿਆ, ਸਫਲ ਭਈ ਸਭ ਘਾਲੇ ॥

ਜਿੰਨ੍ਹਾਂ ਨਾਲ ਬਹਿ ਆਤਣ ਖੇਡੀ, ਸੇ ਸਭ ਲਡ ਸਿਧਾਣੀਆਂ
ਕਿਥੋਂ ਆਈਆਂ ਤੇ ਕਿਤ ਵਲ ਗਈਆਂ, ਏਹੁ ਖਬਰ ਨ ਕਿਸੇ ਵਿਖਾਣੀਆਂ
ਸਭੈ ਛਾਈਂ ਮਾਈਂ ਹੋਈਆਂ, ਰਹਿ ਗਈਆਂ ਉਨ ਕੀ ਕਹਾਣੀਆਂ
ਸੇਵਾ ਦਾਸ ਜਿਨੀ ਸ਼ਹੁ ਪਾਇਆ, ਤਿਨਾਂ ਅਸਥਿਰ ਸੇਜਾ ਮਾਣੀਆਂ ॥

ਤੂੰ ਸਾਹਿਬ ਸਭਸੈ ਦਾ ਖਾਵੰਦ, ਜਿਉਂ ਤਉ ਭਾਵੈ ਥੀਸੀ
ਜਗ ਵਿਚ ਅਸੀਂ ਬਹੁ ਐਬ ਕਮੱਤੇ, ਅਸਾਂ ਪਾੜਿਆ ਤੂੰ ਸੀਸੀ
ਫਜ਼ਲ ਤੇਰੇ ਦੀ ਆਸ਼ਾ ਰਖਦੇ, ਅਦਲ ਨ ਜਾਇ ਪਈਸੀ
ਸੇਵਾ ਦਾਸ ਜੋ ਕਛੁ ਤੂੰ ਦੇਸੀ, ਸੋਈ ਵੇਸ ਕਿਚੀਸੀ ॥

ਤੇਰੀ ਬੁਕਲ ਮੈਂ ਜੋ ਲੁਕੇ, ਸੇ ਨੰਗੇ ਕਿਸੇ ਨ ਕੀਤੇ
ਤਜ ਅਭਿਮਾਨ ਤੁਮ ਸ਼ਰਨੀ ਆਏ, ਸੇ ਅਪਨੇ ਕਰ ਲੀਤੇ
ਕੋਈ ਨ ਫਰਸ਼ੀ ਨਾਲਿ ਤਿਨ੍ਹਾਂ ਦੇ, ਜੋ ਚਰਨ ਕੰਵਲ ਸੰਗਿ ਸੀਤੇ
ਤੁਮਰੀ ਓਟ ਮਹਾਂਬਲਵੰਤੀ, ਕੀੜੀ ਹਸਤੀ ਜੀਤੇ ॥

ਦੀਪਕ ਬਿਨਾ ਨ ਦੀਪਕ ਜਾਗੇ, ਜੇ ਬਹੁ ਜਤਨ ਕਮਾਵੈ
ਚੰਦਨ ਬਿਨਾ ਨ ਚੰਦਨ ਹੋਵੈ, ਬ੍ਰਿਛੋ ਹੀ ਰਹਿ ਜਾਵੈ
ਭ੍ਰਿੰਗ ਬਿਨਾ ਕੀਟ ਭ੍ਰਿੰਗ ਨ ਹੋਵੈ, ਜਉ ਲਖ ਧਿਆਨ ਲਗਾਵੈ
ਤਿਉਂ ਹਰਿਜਨ ਬਿਨਾਂ ਨ ਹਰਿਜਨ ਹੋਵੈ, ਸਾਹਿਬ ਈਵੈ ਭਾਵੈ ॥

ਦੇਓ ਮੁਬਾਰਕ ਮੈਨੂੰ ਸਹੀਓ, ਅਸੀਂ ਜਗ ਦੀਆਂ ਰੀਤਾਂ ਛੱਡੀਆਂ
ਜਿਥੇ ਜਗਤ ਅਸਥਾਨਾ ਕੀਆ, ਅਸਾਂ ਤਿਥੋਂ ਭਿ ਝੋਕਾਂ ਲੱਡੀਆਂ
ਮੁਦਤ ਪਿਛੋਂ ਖਸਮਾਨਾ ਹੋਆ, ਹੁਣ ਆਪਣੇ ਖਾਵੰਦ ਸੱਡੀਆਂ
ਸ਼ਹੁ ਮਿਲ ਹਾਰ ਸ਼ਿੰਗਾਰ ਸੁਹਾਏ, ਸੁਖ ਸੁਤੀਆਂ ਰਾਤੀਂ ਵੱਡੀਆਂ ॥

ਧੰਨ ਤੂੰ ਰਾਮ ਸੁਖਾਂ ਦਾ ਦਾਤਾ ਤੇਰੀ ਖੱਟੀ ਸਭ ਜਗ ਖਾਂਦਾ।
ਤਨ ਮਨ ਧਨ ਸਭ ਤੁਮਰਾ ਦੀਆ ਕਿਸੇ ਹਟ ਨ ਲਿਆ ਵਿਕਾਂਦਾ।
ਤੂੰ ਸਚਾ ਸ਼ਾਹ ਜੀਉ ਵਣਜਾਰਾ ਰਾਸ ਲੈ ਲੈ ਮੁੱਕਰ ਪਾਂਦਾ।
ਸੇਵਾ ਦਾਸ ਮੁਕ੍ਰਨ ਵਾਲਿਆਂ ਨੂੰ ਹੋਰ ਦੇਂਦਿਆਂ ਢਿਲ ਨ ਲਾਂਦਾ।

ਪਿਛੇ ਤਪ ਕਰਕੇ ਕੋਈ ਆਏ, ਜੋ ਹੁਣ ਰਾਜ ਕਮਾਵਣ
ਪਿਛਲਾ ਖੱਟਿਆ ਖਾਇ ਰਹੇ, ਹੋਰ ਅਗੋਂ ਬੋਝ ਉਠਾਵਣ
ਤਿਸਦਾ ਬਦਲਾ ਨਰਕ ਭੋਗੇਸਨ, ਜੂਨ ਜਨਮ ਫਿਰਿ ਆਵਣ
ਸੇਵਾਦਾਸ ਨ ਥੁਝਨਿ ਬੁਝਾਰਤ, ਤਬ ਹੀ ਪਾਪ ਕਮਾਵਣ ॥

ਪੁੰਨ ਜਾਣ ਜੋ ਬੇੜਾ ਬਧਿਆ ਸੇ ਪੁੰਨ ਪਾਪ ਹੋਇ ਢੁੱਕੇ।
ਪਾਪਾਂ ਦਾ ਬੇੜਾ ਭੌਜਲ ਠੇਲਿਆ ਡੁੱਬੇ ਵਿਚ ਹੀ ਮੁੱਕੇ।
ਅਪਣੀ ਸਿਆਨਪ ਸਿਉਂ ਭਏ ਮੁਕਤੇ ਜਿਉਂ ਝਾੜ ਲੂੰਬੜੀ ਲੁੱਕੇ।
ਸੇਵਾਦਾਸ ਲੁਕੀ ਫੜ ਲੀਤੀ ਭੋਜਨ ਕਰ ਖਾਇ ਚੁੱਕੇ।

ਫਿਰ ਇਹ ਵੇਲਾ ਹੱਥ ਨ ਆਸੀ ਜਿਸ ਨੂੰ ਬ੍ਰਿਥਾ ਕਰੇਂਦਾ।
ਖਾਵਣ ਪੀਵਣ ਹੱਸਣ ਖੇਡਣ ਵਿਚ ਮੂਰਖ ਬਹੁ ਮਨ ਦੇਂਦਾ।
ਸਾਈਂ ਦਾ ਕੰਮ ਨ ਅਪਣਾ ਜਾਣੇ ਵੰਞ ਪਾਪਾਂ ਦੇ ਕੰਮ ਕਰੇਂਦਾ।
ਸੇਵਾ ਦਾਸ ਕੋਟ ਜੂਨ ਮਹਿ ਇਨ ਕਰ ਦੁੱਖ ਪਏਂਦਾ।

ਬਾਲ ਬਿਵਸਥਾ ਖੇਡ ਵਞਾਈ ਜੋਬਨ ਗਇਆ ਸੰਗ ਨਾਰੀ।
ਬ੍ਰਿਧ ਭਇਆ ਤਬ ਆਲਸ ਉਪਜਿਆ ਕਬਹੂੰ ਨ ਸੁਰਤ ਸਮਾਰੀ।
ਕਿਆ ਕਰਣਾ ਥਾ ਕਿਆ ਕਰਤਾ ਹੌਂ ਏਹ ਬਾਤ ਨ ਕਬਹੂੰ ਵਿਚਾਰੀ।
ਹਰਿ ਕੀ ਭਗਤ ਬਿਨਾਂ ਜਨ ਸੇਵਾ ਅਉਗਤ ਗਇਆ ਸੰਸਾਰੀ।

ਮਨ ਦੇ ਨਾਲਿ ਜਿਨ੍ਹਾਂ ਜੁਧ ਰਚਿਆ, ਪੂਰੇ ਭਾਗ ਤਿਨ੍ਹਾਂ ਦੇ
ਸਾਈਂ ਸਡ ਉਨ੍ਹਾਂ ਨੂੰ ਕੀਤਾ, ਉਹ ਚਲੇ ਉਤੇ ਵਲ ਜਾਂਦੇ
ਪੁਰੇ ਸਤਿਗੁਰ ਸੰਗਿ ਮਿਲਾਏ, ਗੁਰਮਿਤ ਲੈ ਬਿਗਸਾਂਦੇ
ਸੇਵਾਦਾਸ ਜਿਨ੍ਹਾਂ ਮਨਮਤ ਤਿਆਗੀ, ਤਿਨਾਂ ਲੱਧੇ ਅੰਬਾਰ ਸੁਖਾਂ ਦੇ ॥

ਮਾਤ ਪਿਤਾ ਕਾ ਪੁਤ ਭਿ ਬਣਿਆ, ਇਸਤ੍ਰੀ ਕਾ ਬਣਿਆ ਵਰਕਾ
ਭਾਈਆਂ ਕਾ ਭਾਈ ਭੀ ਬਣਿਆ, ਨਾਇਕ ਬਣਿਆ ਘਰ ਕਾ
ਮਾਲ ਮਤਾਹ ਸਭੋ ਕਿਛੁ ਬਣਿਆ, ਰਾਜਾ ਬਣਿਆ ਧਰ ਕਾ
ਅਵਰ ਬਨਾਵਨ ਸਗਲੇ ਬਿਰਥੇ; ਜਉ ਨ ਬਣਿਆ ਹਰਿਕਾ ॥

ਮੈਂ ਵਿਚ ਔਗਣ ਤੂੰ ਗੁਣਵੰਤਾ ਕਿਉਂ ਕਰ ਦਰਸ ਪਈਵੇ।
ਤੂੰ ਬੇਪਰਵਾਹ ਅਸਾਡਾ ਸਾਹਿਬ ਤੁਧ ਆਗੇ ਬਿਨੈ ਸਹੀਵੇ।
ਇਹ ਮਨ ਮੈਂਡਾ ਮਿਲਿਆ ਲੋੜੇ ਕਾਰਨ ਕੌਣ ਕਚੀਵੇ।
ਸੇਵਾ ਦਾਸ ਜਾਂ ਤੂੰ ਬਿਨਉ ਨ ਸੁਣਸੀ ਤਾਂ ਨੇਹੀ ਕਿਉਂ ਕਰ ਜੀਵੇ।

ਰਾਜੇ ਰਾਜ ਕਰੇਂਦੇ ਡਿੱਠੇ, ਪਰਜਾ ਥੀਂ ਕਰ ਲੈਂਦੇ
ਜਿਥਹੁੰ ਕੁਝ ਨ ਲੈਣਾ ਬਣਦਾ, ਤਿਥੈ ਭੀ ਹਥ ਪੈਂਦੇ
ਦਾਨ ਘਿੰਨ ਕਰਦੇ ਮਨ ਭਾਣੇ, ਤਨ ਕਉ ਲਾਡ ਲਡੈਂਦੇ
ਸੇਵਾਦਾਸ ਜਬ ਨਰਕ ਪਈਸਨ, ਤਬ ਲੜ ਲਗਸਨ ਕੈਂਦੇ ॥

ਰਾਜੇ ਰਾਜ ਕਰੇਂਦੇ ਡਿੱਠੇ, ਬਿਨਾ ਅਦਲ ਲੁਟਿ ਖਾਵਨ
ਸਾਹਿਬ ਦਾ ਭਉ ਰਿਦੇ ਨ ਰਖਦੇ, ਭੋਗ ਭੋਗਨ ਅੰਕ ਨ ਸਮਾਵਨ
ਜਿਉਂ ਬਕਰੇ ਕਉ ਬਿਸਮਲ ਕਰੀਐ, ਤਿਉਂ ਰਣ ਮਹਿ ਵੱਢੇ ਜਾਵਨ
ਇਨ ਕਰਮੋਂ ਕਰ ਸੇਵਾਦਾਸਾ, ਕੋਟ ਜਨਮ ਦੁਖ ਪਾਵਨ ॥

ਵੇਂਹਦਿਆਂ ਵੇਂਹਦਿਆਂ ਰਾਤ ਪੈ ਜਾਂਦੀ ਰਾਤੋਂ ਦਿਹੁੰ ਹੋ ਜਾਂਦਾ।
ਵਕਾਲਤ ਕਰੇ ਨ ਕੋਈ ਬਲਦਾਂ ਦੀ ਆਪ ਕਹਿ ਹਾਲ ਸੁਣਾਂਦਾ।
ਅਰਟੋਂ ਛੁੱਟ ਹਲ ਵਾਹੀ ਕਰਦਾ, ਹਲੋਂ ਛੁੱਟ ਗਾਹ ਪਾਂਦਾ।
ਹੋਰ ਨ ਕੋਈ ਫੜਦਾ ਸੇਵਾ ਕਰਮ ਆਪਣਾ ਕੀਆ ਫੜਾਂਦਾ।

ਡਖਨਾ:-ਮਹਬੂਬਾਂ ਦੀਆਂ ਠਟੀਆਂ ਕਾਇਮ ਸਦਾ ਕਦੀਮ,
ਰਹਿਣੇ ਜਿਨ੍ਹਾਂ ਅਗਾਸ ਮਹਿ ਕੋਈ ਨ ਪਵੈ ਹਲੀਮ।
ਮਹਬੂਬਾਂ ਦੀਆਂ ਠਟੀਆਂ ਖ਼ਿਜ਼ਾ ਬਹਾਰ ਖ਼ੁਸ਼ਾਲ,
ਮੀਹੀ ਗਈ ਬੰਦਗੀ ਪੀਵਨ ਦੁਧ ਵਿਸਾਲ।

('ਪੋਥੀ ਆਸਾਵਰੀਆਂ' ਵਿੱਚੋਂ)