Biography Dr. Harbhajan Singh : Gurbhajan Gill

ਜੀਵਨੀ ਤੇ ਰਚਨਾਵਾਂ ਡਾ. ਹਰਿਭਜਨ ਸਿੰਘ : ਗੁਰਭਜਨ ਗਿੱਲ

ਮੈ ਵੀਹਵੀਂ ਸਦੀ ਵਿੱਚ ਆਪਣੀ ਪਸੰਦ ਦੇ ਪਹਿਲੇ ਪੰਜ ਕਵੀਆਂ ਵਿੱਚ ਡਾ. ਹਰਿਭਜਨ ਸਿੰਘ ਜੀ ਨੂੰ ਪਰਵਾਨਦਾ ਹਾਂ। ਉਨ੍ਹਾਂ ਦੀ ਬਹੁ ਦਿਸ਼ਾਵੀ ਪ੍ਰਤਿਭਾ ਦਾ ਪ੍ਰਕਾਸ਼ ਮੈਂ ਰੱਜ ਕੇ ਮਾਣਿਆ ਹੈ। 1969 ਤੋਂ ਲੈ ਕੇ ਉਨ੍ਹਾ ਦੇ ਆਖਰੀ ਸਵਾਸਾਂ ਤੀਕ। ਉਨ੍ਹਾਂ ਦਾ ਆਪਣੇ ਨਿੱਕਿਆ ਨਾਲ ਰਿਸ਼ਤਾ ਬਹੁਤ ਹੀ ਮੁਹੱਬਤੀ ਤੇ ਪ੍ਰੇਰਕ ਸੀ।

ਡਾ. ਹਰਿਭਜਨ ਸਿੰਘ 18 ਅਗਸਤ 1920 ਨੂੰ ਜਨਮੇ ਤੇ 21 ਅਕਤੂਬਰ 2002 ਨੂੰ ਅਲਵਿਦਾ ਕਹਿ ਗਏ। ਪੰਜਾਬੀ ਕਵੀ, ਆਲੋਚਕ, ਸਾਂਸਕ੍ਰਿਤਕ ਟੀਕਾਕਾਰ, ਅਤੇ ਅਨੁਵਾਦਕ ਸੀ।ਅੰਮ੍ਰਿਤਾ ਪ੍ਰੀਤਮ ਦੇ ਨਾਲ ਹਰਭਜਨ ਨੂੰ ਪੰਜਾਬੀ ਕਵਿਤਾ ਦੀ ਸ਼ੈਲੀ ਵਿੱਚ ਕ੍ਰਾਂਤੀ ਲਿਆਉਣ ਦਾ ਸਿਹਰਾ ਜਾਂਦਾ ਹੈ। ਉਸ ਨੇ ''ਰੇਗਿਸਤਾਨ ਵਿੱਚ ਲੱਕੜਹਾਰਾ'' ਸਮੇਤ 17 ਕਾਵਿ ਸੰਗ੍ਰਹਿ, ਸਾਹਿਤਕ ਇਤਿਹਾਸ ਦੇ 19 ਕੰਮ ਅਤੇ ਅਰਸਤੂ, ਸੋਫੋਕਲੀਜ, ਰਬਿੰਦਰਨਾਥ ਟੈਗੋਰ ਅਤੇ ਰਿਗਵੇਦ ਵਿੱਚੋਂ ਚੋਣਵੇਂ ਟੋਟਿਆਂ ਸਮੇਤ 14 ਅਨੁਵਾਦ ਕੀਤੇ ਹਨ। “ਨਾ ਧੁੱਪੇ ਨਾ ਛਾਵੇਂ”ਲਈ 1969 ਵਿੱਚ ਉਸ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ।

ਉਨ੍ਹਾਂ ਦਾ ਜਨਮ 18 ਅਗਸਤ 1920 ਨੂੰ ਲਮਡਿੰਗ, (ਅਸਾਮ) ਵਿੱਚ ਹੋਇਆ ਤੇ ਮੌਤ 21 ਅਕਤੂਬਰ 2002 ਨੂੰ ਦਿੱਲੀ ਵਿੱਚ ਹੋਈ।

ਡਾ. ਹਰਿਭਜਨ ਸਿੰਘ ਦਾ ਜਨਮ ਮਾਤਾ ਗੰਗਾ ਦੇਈ ਅਤੇ ਪਿਤਾ ਸ. ਗੰਡਾ ਸਿੰਘ ਦੇ ਘਰ ਹੋਇਆ। ਪਰਿਵਾਰ ਨੂੰ ਲਾਹੌਰ ਜਾਣਾ ਪਿਆ ਜਿੱਥੇ ਉਹਨਾਂ ਨੇ ਗਵਾਲਮੰਡੀ ਵਿੱਚ ਦੋ ਮਕਾਨ ਖਰੀਦੇ ਸਨ। ਉਹ ਅਜੇ ਇੱਕ ਸਾਲ ਦਾ ਵੀ ਨਹੀਂ ਸੀ ਹੋਇਆ ਕਿ ਉਸ ਦੇ ਪਿਤਾ ਦੀ ਮੌਤ ਹੋ ਗਈ। ਫਿਰ ਉਹ ਮਸਾਂ 4 ਸਾਲ ਦਾ ਹੋਇਆ ਸੀ ਕਿ ਉਸਦੀ ਮਾਂ ਅਤੇ ਦੋ ਭੈਣਾਂ ਦੀ ਮੌਤ ਹੋ ਗਈ। ਉਹਨੂੰ ਉਹਦੀ ਮਾਂ ਦੀ ਛੋਟੀ ਭੈਣ (ਮਾਸੀ) ਜੋ ਇਛਰਾ, ਲਾਹੌਰ ਵਿੱਚ ਰਹਿੰਦੀ ਸੀ ਉਸਨੇ ਪਾਲਿਆ, ਉਹ ਸਥਾਨਕ ਡੀ ਏ ਵੀ ਸਕੂਲ ਵਿੱਚ ਪੜ੍ਹਿਆ ਸੀ ਅਤੇ ਬਹੁਤ ਛੋਟੀ ਉਮਰ ਤੋਂ ਹੀ ਇੱਕ ਜ਼ਹੀਨ ਵਿਦਿਆਰਥੀ ਸੀ ਪਰ ਪੈਸੇ ਦੀ ਤੰਗੀ ਕਾਰਨ ਆਪਣੀ ਪੜ੍ਹਾਈ ਨੂੰ ਰੋਕਣਾ ਪਿਆ। ਮੁੱਢਲੇ ਗੌਰ ਵਿੱਚ ਉਨ੍ਹਾਂ ਲਾਹੌਰ ਵਿੱਚ ਇੱਕ ਹੋਮੀਉਪੈਥੀ ਕੈਮਿਸਟ ਦੀ ਦੁਕਾਨ ਤੇ ਸੇਲਜਮੈਨ ਦਾ, ਨਵੀਂ ਦਿੱਲੀ ਵਿੱਚ ਭਾਰਤ ਸਰਕਾਰ ਦੇ ਇੱਕ ਮਹਿਕਮੇ ਵਿੱਚ ਕਲਰਕ ਅਤੇ ਫਿਰ ਖਾਲਸਾ ਸਕੂਲ, ਨਵੀਂ ਦਿੱਲੀ ਵਿੱਚ ਸਹਾਇਕ ਲਾਇਬਰੇਰੀਅਨ ਦਾ ਕੰਮ ਕੀਤਾ।

ਹਰਭਜਨ ਸਿੰਘ ਨੇ ਸਾਰੀ ਉੱਚ ਸਿੱਖਿਆ ਕਾਲਜ ਜਾਣ ਬਿਨਾਂ ਹਾਸਲ ਕੀਤੀ। ਉਨ੍ਹਾਂ ਕੋਲ ਅੰਗਰੇਜ਼ੀ ਅਤੇ ਹਿੰਦੀ ਸਾਹਿਤ ਵਿੱਚ ਦੋ ਡਿਗਰੀਆਂ ਸਨ,ਜੋ ਉਨ੍ਹਾਂ ਦਿੱਲੀ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀਆਂ। ਉਨ੍ਹਾਂ ਦਾ ਪੀ ਐਚ ਡੀ ਥੀਸਿਸ ਗੁਰਮੁਖੀ ਲਿਪੀ ਵਿੱਚ ਹਿੰਦੀ ਕਵਿਤਾ ਬਾਰੇ ਵਿਚਾਰ-ਵਿਮਰਸ਼ ਸੀ।

ਡਾ. ਹਰਿਭਜਨ ਸਿੰਘ ਨੂੰ 1970 ਵਿੱਚ ਸਾਹਿਤ ਅਕਾਦਮੀ ਪੁਰਸਕਾਰ, ਸਾਹਿਤ ਅਕਾਦਮੀ, ਭਾਰਤ ਵਲੋਂ ਨਾ ਧੁੱਪੇ ਨਾ ਛਾਵੇਂ ਲਈ,1987: ਕਬੀਰ ਸਨਮਾਨ, 1994: ਸਰਸਵਤੀ ਸਨਮਾਨ,1994: ਸਾਹਿਤ ਅਕਾਦਮੀ ਫੈਲੋਸ਼ਿਪ, ਨਵੀਂ ਦਿੱਲੀ ਸੋਵੀਅਤ ਲੈਂਡ ਨਹਿਰੂ ਅਵਾਰਡ 2002, ਸ. ਕਰਤਾਰ ਸਿੰਘ ਧਾਲੀਵਾਲ ਸਨਮਾਨ – ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਮਿਲੇ।

ਡਾ. ਹਰਿਭਜਨ ਸਿੰਘ ਦਾ ਆਲੋਚਨਾ ਵੀ ਬਹੁਤ ਵਿਸ਼ਾਲ ਹੈ।

ਡਾ. ਹਰਿਭਜਨ ਸਿੰਘ ਪੰਜਾਬੀ ਦਾ ਸੰਰਚਨਾਵਾਦੀ ਅਤੇ ਰੂਪਵਾਦੀ ਆਲੋਚਕ ਹੈ।ਡਾ. ਹਰਿਭਜਨ ਸਿੰਘ ਨੇ ਪੰਜਾਬੀ ਚਿੰਤਨ ਕਾਰਜ ਨੂੰ ਅਸਲੋਂ ਵੱਖਰੇ ਤੇ ਨਿਵੇਕਲੇ ਮਾਰਗ ਉੱਪਰ ਤੋਰਿਆ। ਪੂਰਵ ਮਿਥਿਤ ਧਾਰਨਾਵਾਂ ਦਾ ਤਿਆਗ, ਨਿਸ਼ਚੇਵਾਦੀ ਮੁੱਲਵਾਦੀ ਵਿਧੀ ਤੋਂ ਗੁਰੇਜ਼, ਲੇਖਕ ਦੇ ਜੀਵਨ ਤੇ ਰਚਨਾ ਦੇ ਪ੍ਰਭਾਵ ਤੋਂ ਲਾਂਭੇ ਵਿਚਰਨਾ, ਸਾਹਿਤਕਤਾ ਦੀ ਪਹਿਚਾਣ, ਵਸਤੂ ਤੇ ਰੂਪ ਦੀ ਅਦਵੈਤ ਅਤੇ ਰੂਪ ਵਿਧਾਨਕ ਸ਼ਬਦਾਬਲੀ ਦਾ ਪ੍ਰਯੋਗ ਆਦਿ ਉਸਦੀ ਅਧਿਐਨ ਵਿਧੀ ਦੇ ਪਛਾਨਣ ਯੋਗ ਨੁਕਤੇ ਹਨ। ਡਾ. ਹਰਿਭਜਨ ਸਿੰਘ ਦਾ ਸਭ ਤੋਂ ਮਹੱਤਵਪੂਰਨ ਪੱਖ ਉਸਦੀ ਵਿਹਾਰਕ ਸਮੀਖਿਆ ਦਾ ਹੈ ਜਿਹੜਾ ਕਵਿਤਾ, ਕਹਾਣੀ, ਨਾਵਲ ਅਤੇ ਨਾਟਕ ਤਕ ਫੈਲ ਕੇ ਉਸਦੀ ਸਮੁੱਚੀ ਪੰਜਾਬੀ ਸਮੀਖਿਆ ਦੇ ਇਤਿਹਾਸ ਵਿੱਚ ਵਿਲੱਖਣਤਾ ਨੂੰ ਸਿਰਜਦਾ ਹੈ।

ਡਾ. ਹਰਿਭਜਨ ਸਿੰਘ ਪੱਛਮੀ ਸਾਹਿਤ ਚਿੰਤਨ ਵਿੱਚ ਪ੍ਰਚਲਿਤ ਦ੍ਰਿਸ਼ਟੀਆਂ ਸੰਰਚਨਾਤਮਕ ਭਾਸ਼ਾ ਵਿਗਿਆਨ, ਰੂਸੀ ਰੂਪਵਾਦ, ਅਮਰੀਕੀ ਨਵੀਨ ਆਲੋਚਨਾ, ਚਿੰਨ੍ਹ ਵਿਗਿਆਨ ਆਦਿ ਦੇ ਮੂਲ ਸੰਕਲਪਾਂ ਨੂੰ ਸਿਧਾਂਤਕ ਪੱਤਰ 'ਤੇ ਗ੍ਰਹਿਣ ਕਰਕੇ ਜਿੱਥੇ ਪੰਜਾਬੀ ਸਾਹਿਤ ਆਲੋਚਨਾ ਖੇਤਰ ਵਿੱਚ ਨਵੇਂ ਪ੍ਰਤਿਮਾਨ ਸਥਾਪਿਤ ਕਰਦਾ ਹੈ, ਉੱਥੇ ਇਨ੍ਹਾਂ ਦੇ ਅਧਾਰ 'ਤੇ ਪੰਜਾਬੀ ਸਾਹਿਤ ਦੇ ਵਿਭਿੰਨ ਰੂਪਾਂ ਨੂੰ ਆਪਣੇ ਸਿਧਾਂਤਕ ਤੇ ਵਿਹਾਰਕ ਅਧਿਐਨ ਦਾ ਕੇਂਦਰ ਬਣਾਉਂਦਾ ਹੈ। ਡਾ. ਗੁਰਚਰਨ ਸਿੰਘ “ਨਵੀਨ ਪੰਜਾਬੀ ਆਲੋਚਨਾ ਦੀਆਂ ਪ੍ਰਵਿਰਤੀਆਂ” ਸਿਰਲੇਖ ਅਧੀਨ “ਸਾਹਿਤ ਸ਼ਾਸਤਰ ਅਨੁਸਾਰ ਸਾਹਿਤ ਨੂੰ ਪੜ੍ਹਨ-ਪੜ੍ਹਾਉਣ ਦੀ ਪਿਰਤ ਦਾ ਆਰੰਭ” ਡਾ. ਹਰਿਭਜਨ ਸਿੰਘ ਤੋਂ ਮੰਨਦਾ ਹੈ। ਰਘਬੀਰ ਸਿੰਘ ਹਰਿਭਜਨ ਸਿੰਘ ਨੂੰ ਦੂਜੀ ਪੀੜ੍ਹੀ ਦੇ ਪੰਜਾਬੀ ਆਲੋਚਕਾਂ ਵਿੱਚ “ਇਕੋਂ ਇੱਕ ਗਿਣਨਯੋਗ ਵਿਦਵਾਨ” ਕਹਿੰਦਾ ਹੈ, ਜਿਸਨੇ ਮਾਰਕਸਵਾਦ ਦੀਆਂ ਪ੍ਰਚਲਿਤ ਦਿਸ਼ਾਵਾਂ ਤੋਂ ਹਟ ਕੇ ਆਪਣਾ ਵੱਖਰਾ ਰਾਹ ਚੁਣਿਆ। ਡਾ. ਜੀਤ ਸਿੰਘ ਸੀਤਲ, ਡਾ. ਹਰਿਭਜਨ ਸਿੰਘ ਨਾਲ ਨਵੀਨ ਆਲੋਚਨਾਂ ਨੂੰ “ਆਪਣੇ ਸਿਖਰ 'ਤੇ ਪੂਰੇ ਜੋਬਨ 'ਪੁੱਜਦੀ” ਕਹਿੰਦਾ ਹੈ।

ਡਾ. ਹਰਿਭਜਨ ਸਿੰਘ ਦੁਆਰਾ ਲਿਖਿਤ ਆਲੋਚਨਾਤਮਕ ਪੁਸਤਕਾਂ ਵਿੱਚ ਅਧਿਐਨ ਤੇ ਅਧਿਆਪਨ (1970), ਮੁਲ ਤੇ ਮੁਲੰਕਣ (1972), ਸਾਹਿਤ ਸ਼ਾਸ਼ਤਰ (1973), ਸਾਹਿਤ ਤੇ ਸਿਧਾਂਤ (1973), ਪਾਰਗਾਮੀ (1976), ਰਚਨਾ ਸੰਰਚਨਾ (1977), ਰੂਪਕੀ (1977), ਸਾਹਿਤ ਵਿਗਿਆਨ (1978), ਸਿਸਟਮੀ (1979), ਸਾਹਿਤ ਅਧਿਐਨ (1981), ਪਤਰਾਂਜਲੀ(1981), ਪਿਆਰ ਤੇ ਪਰਿਵਾਰ (1988), ਖ਼ਾਮੋਸ਼ੀ ਦਾ ਜੰਜੀਰਾ (1988),

ਉਨ੍ਹਾਂ ਦੇ ਕਵਿਤਾ ਸੰਗ੍ਰਹਿ : ਲਾਸਾਂ (1956), ਅਧਰੈਣੀ(1962), ਨਾ ਧੁੱਪੇ ਨਾ ਛਾਵੇਂ (1967), ਸੜਕ ਦੇ ਸਫੇ ਉਤੇ (1970), ਮੈਂ ਜੋ ਬੀਤ ਗਿਆ (1970), ਅਲਫ ਦੁਪਹਿਰ (1972), ਟੁੱਕੀਆਂ ਜੀਭਾਂ ਵਾਲੇ (1977), ਮਹਿਕਾਂ ਨੂੰ ਜੰਦਰੇ ਨਾ ਮਾਰ(1983), ਅਲਵਿਦਾ ਤੋਂ ਪਹਿਲਾਂ (1984), ਮਾਵਾਂ ਧੀਆਂ (1989), ਨਿੱਕ - ਸੁੱਕ (1989), ਮੇਰੀ ਕਾਵਿ ਯਾਤਰਾ (1989), ਚੌਥੇ ਦੀ ਉਡੀਕ (1991), ਰੁੱਖ ਤੇ ਰਿਸ਼ੀ (1992), ਮੇਰਾ ਨਾਉਂ ਕਬੀਰ (2000) ਹਨ।

ਉਨ੍ਹਾਂ ਦੇ ਵਿਛੋੜੇ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਦੋਂ ਦੇ ਵਾਈਸ ਚਾਂਸਲਰ ਡਾ. ਐੱਸ ਪੀ ਸਿੰਘ ਦੀ ਨੇ ਉਨ੍ਹਾਂ ਦਾ ਸਮੁੱਚਾ ਆਲੋਚਨਾ ਸਾਹਿੱਤ ਯੂਨੀਵਰਸਿਚੀ ਵੱਲੋਂ ਛਾਪਣ ਦਾ ਫ਼ੈਸਲਾ ਕੀਤਾ ਜੋ ਹੁਣ ਵੀ ਛਪ ਰਿਹਾ ਹੈ। ਉਨ੍ਹਾਂ ਦੀ 1989 ਤੀਕ ਪ੍ਰਕਾਸ਼ਿਤ ਸ਼ਾਇਰੀ ਮੇਰੀ ਕਾਵਿ ਯਾਤਰਾ ਵਿੱਚ ਮਿਲਦੀ ਹੈ। ਉਨ੍ਹਾਂ ਦੀਆਂ ਲਗਪਗ ਸਭ ਕਿਤਾਬਾਂ ਨਵਯੁਗ ਪਬਲਿਸ਼ਰਜ਼ ਨੇ ਹੀ ਪ੍ਰਕਾਸ਼ਿਤ ਕੀਤੀਆਂ ਹਨ।

  • ਮੁੱਖ ਪੰਨਾ : ਪੰਜਾਬੀ ਕਵਿਤਾਵਾਂ - ਹਰਿਭਜਨ ਸਿੰਘ ਡਾ.
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ