Chuhar Ji ਚੂਹੜ ਜੀ

ਚੂਹੜ ਜੀ ਸੇਵਾ ਪੰਥੀ ਸੰਤ ਸਨ । ਇਨ੍ਹਾਂ ਦਾ ਸਮਾਂ ਬਾਵਾ ਬੁੱਧ ਸਿੰਘ ਹੋਰਾਂ ਨੇ ਸਿੱਖਾਂ ਦੇ ਰਾਜ ਦੇ ਲਾਗੇ ਤਾਗੇ ਦਾ ਅਨੁਮਾਨਿਆਂ ਹੈ।ਇਨ੍ਹਾਂ ਦੀ ਬੋਲੀ ਠੇਠ ਲਹਿੰਦੀ ਹੈ, ਜੋ ਮੁਲਤਾਨ ਤੋਂ ਲੈ ਕੇ ਡੇਰਾ ਇਸਮਾਈਲ ਖਾਂ ਜਾਂ ਅਟਕ ਤੀਕਰ ਬੋਲੀ ਜਾਂਦੀ ਹੈ।

Aasavarian Chuhar Ji

ਆਸਾਵਰੀਆਂ ਚੂਹੜ ਜੀ

ਸਾਈਆਂ ਹਾਰ ਟੁੱਟੇ ਅਧ ਵਿਚੋਂ ਸਭ ਥੀਵਨ ਲਾਲ ਅਜਾਈਂ।
ਜੇ ਜਾਣੇ ਹਾਰੀ ਨੂੰ ਹਾਰ ਹਰੇਂਦਾ ਤਾਂ ਹਾਰੇਂ ਹੱਥ ਨ ਲਾਈਂ।
ਹਿਕ ਦੁਹਾਗਨ ਬਿਆ ਜੱਗਦੀ ਸ਼ੁਹਰਤ ਕਿੱਤਕੁ ਸਿਰ ਤੇ ਚਾਈਂ।
ਚੂਹੜ ਮਨ ਵਸੇਂਦੀਆਂ ਮਾਰਾਂ ਮੈਂ ਮੁੱਠੀ ਬੇ ਪਰਵਾਹੀਂ ॥੧॥

ਚਾਰ ਦਿਵਸ ਦਾ ਪਾਹੁਨ ਪ੍ਰਾਣੀ ਆਸਾਂ ਕਰਦਾ ਵਡੀਆਂ।
ਪਾਸੋਂ ਡੇਖੇ ਸੱਭ ਲਡੀਂਦੀ ਡੇਖ ਕਰੇਂਦਾ ਲਡੀਆਂ।
ਚੂਹੜ ਧੀਆਂ ਨ ਪੇਕੇ ਰੈਹਣਾਂ ਸਾਹੁਰੜੇ ਘਰ ਸਡੀਆਂ ॥੨॥

ਸਾਈਂ ਵਾਲੇ ਸੁੱਖ ਨ ਸੌੰਦੇ ਤੇ ਰੱਜ ਨ ਖਾਂਦੇ ਰੋਟੀ।
ਔਰਤ ਦੇਖ ਓਇ ਨਾਹਿੰ ਲੁਭੀਵਨ ਚਾੜ੍ਹੀ ਅਸਲ ਲੰਗੋਟੀ।
ਮਨ ਥੋਂ ਸਭ ਮਨਵਾਵਣ ਅਪਣੀ ਸੱਚ ਦੀ ਮਾਰ ਕਸੌਟੀ।
ਚੂਹੜ ਸਾਈਂ ਵਾਲਾ ਕੋਈ ਇਕ ਅਧ ਹੋਰ ਖਲਕਤ ਸਭਾ ਖੋਟੀ ॥੩॥

ਜਿਸਦੇ ਹੱਥ ਹੈ ਦਾਤ ਅਸਾਡੀ ਤਿਸ ਦੇ ਵਡੇ ਖਜਾਨੇ।
ਓਹ ਨਜ਼ਰ ਇਨਾਇਤ ਕਰੇ ਕੁਨੰਦਾ ਸਭ ਜੀਆਂ ਦੇ ਖਸਮਾਨੇ।
ਰਾਮ ਰਹੀਮ ਨ ਰੈਹਸੀ ਕੋਈ ਪੈ ਦਾਤੇ ਦੇ ਦਰ ਖਾਨੇ।
ਚੂਹੜ ਕਿਸਮਤ ਆਣ ਮਲੇਸੀ ਬਖਰਾ ਕਿਸੇ ਬਹਾਨੇ ॥੪॥

ਦਿਲ ਵਿਚ ਦੁਨੀਆਂ ਡੇਰੇ ਪਾਏ ਮੱਲ ਬੈਠੀ ਸਭ ਜਾਈਂ।
ਦਿਲ ਦੁਨੀਆਂ, ਦੁਨੀਆਂ ਦਿਲ ਹੋਈ ਇਕ ਮਿਕ ਕੀਏ ਸਾਈਂ।
ਸਭ ਸਰਬੰਸ ਬੰਦੇ ਦਾ ਲੁਟਿਆ ਜਗ ਨ ਤਰਸ ਨਿਆਈਂ।
ਚੂਹੜ ਬੰਦਾ ਛਪ ਗਿਆ ਬਣ ਬੈਠੀ ਆਪ ਘਰਾਈਂ ॥੫॥

ਦੁੱਖ ਖਰੀਦ ਕਰੇਂਦੀ ਨਾਹੀਂ ਹੋਰ ਨ ਭਾਵਨ ਕਿੱਸੇ।
ਸਾਰੀ ਖਲਕ ਸੁਖਾਂ ਦੀ ਤਾਲਬ ਦੁੱਖ ਆਏ ਨੇਹੀ ਦੇ ਹਿੱਸੇ।
ਨੇਹੀ ਸਹਿਣ ਦੁੱਖਾਂ ਦੀਆਂ ਮਾਰਾਂ ਨਾਹੀਂ ਕਮ ਦਿਲ ਲਿੱਸੇ।
ਚੂਹੜ ਸਭ ਮੁਰਾਦਾਂ ਹਾਸਲ ਲਗਣ ਮਿੱਠੇ ਦੁੱਖ ਜਿੱਸੇ ॥੬॥

ਲਾਹੇ ਵੰਦੀ ਖੇਪ ਸਾਈਂ ਦੀ ਊਹਾ ਕਦੀ ਨ ਚਾੜ੍ਹੀ।
ਜਿਸ ਵਿਚਹੁੰ ਲਾਹਾ ਸਉਣਾ ਨਿਕਲੇ ਉਜੜੇ ਨਾਹਿੰ ਉਜਾੜੀ।
ਦੁਨੀਆਂ ਸੰਦੀ ਖੇਪ ਘਟੇਂਦੀ ਦਿਹੁੰ ਦਿਹੁੰ ਹੋਵੇ ਮਾੜੀ।
ਚੂਹੜ ਹੋਰ ਸਭ ਰਹੇ ਇਥਾਈਂ ਇਕ ਖੇਪ ਸੱਚੀ ਸਦਆੜੀ ॥੭॥

ਸਾਈਂ ਵਾਲਿਆਂ ਦੀ ਏਹ ਨਿਸ਼ਾਨੀ ਓਹ ਦਿਸਣ ਖਰੇ ਨਿਮਾਣੇ।
ਕਿਸੇ ਨਾਲ ਨ ਖਹੁਰੇ ਹੁੰਦੇ ਸਭ ਸੇ ਦੇ ਮਨ ਭਾਣੇ।
ਵੰਡ ਖਾਵਣ ਤੇ ਮਿੱਠਾ ਬੋਲਣ ਦਿਲ ਨ ਕੋਈ ਰੰਞਾਣੇ।
ਚੂਹੜ ਖੁਦੀ ਤਕੱਬਰ ਓਹਨਾਂ ਥੀਂ ਨੱਸ ਗਈ ਵਾਂਗ ਟਿਟਾਣੇ ॥੮॥

ਸਾਈਂ ਦੀਆਂ ਗੱਲਾਂ ਜਿਨ੍ਹਾਂ ਨੂੰ ਮਿੱਠੀਆਂ ਸਾਈਂ ਭੀ ਓਹੀ ਮਿੱਠੇ।
ਸਭ ਸੇ ਦੇ ਮਨ ਕੂ ਓਹ ਭਾਵਨ ਬੁਰੇ ਨ ਕਿੱਸੇ ਸਿੱਠੇ।
ਜਗ ਵਿਚ ਹੋਰ ਨ ਕੋਈ ਅਜੇਹਾ ਜੇਹੇ ਸਾਈਂ ਵਾਲੇ ਡਿੱਠੇ ।
ਚੂਹੜ ਸਾਈਂ ਨਾਲ ਰਲ ਬੈਠੇ ਲਿਖਣੋਂ ਰੈਹ ਗਏ ਚਿੱਠੇ ॥੯॥

ਸਭੇ ਅਰਟ ਤੋਂ ਆਪ ਵਹਾਏ ਨਰ ਕੂੜੀ ਖੁਦੀ ਕਰੇਂਦੇ।
ਇਕ ਦਾਤੇ ਇਕ ਮੰਗਤੇ ਕੀਤੇ ਇਕ ਲੈ ਲੈ ਕਰ ਫਿਰ ਦੇਂਦੇ।
ਜਿਨ੍ਹਾ ਦੀ ਨਜ਼ਰ ਤੁਸਾਡੇ ਉਪਰ ਸੇ ਖੁਦੀ ਥੀਂ ਗੁਜ਼ਰ ਜੁਲੇਂਦੇ।
ਚੂਹੜ ਆਪਣਾ ਕੁੱਝ ਨ ਜਾਤਾ ਸਭ ਤੇਰਾ ਖੇਲ ਤਕੇਂਦੇ ॥੧੦॥

ਤੂਹਾਂ ਦੇਵਹਿੰ ਤੂਹਾਂ ਲੇਵਹਿੰ ਸਭ ਤੂਹਾਂ ਤੂਹਾਂ ਤੂਹਾਂ।
ਤੂਹਾਂ ਸਾਲਕ ਮੁਰਸ਼ਦ ਤੂਹਾਂ ਤੂਹਾਂ ਸਾਥ ਸੂਹਾਂ ਤੂਹਾਂ।
ਤੂਹਾਂ ਸੱਭ ਕਿਸੇ ਦਾ ਮਾਂ ਪਿਓ ਪਾਲਨ ਵਾਲਾ ਰੂਹਾਂ।
ਚੂਹੜ ਖੁਦੀ ਅਸਾਡੀ ਝੂਠੀ ਕਰ ਦੂਰ ਵਿਚਹੁੰ ਤੂੰ ਮੂਹਾਂ ॥੧੧॥

ਸਭਨਾਂ ਸਖੀਆਂ ਦਾ ਸ਼ਹੁ ਸਾਈਂ ਸੱਭੇ ਰੂਪ ਦੀਆਂ ਭਰੀਆਂ।
ਸੱਭੇ ਸ਼ਹੁ ਕੂੰ ਰਾਵਿਆ ਲੋੜਨ ਸੱਭੇ ਘਰ ਵਿਚ ਧਰੀਆਂ।
ਇਕ ਦੂੰ ਇਕ ਚੜ੍ਹੰਦੀਆਂ ਸਭੇ ਜਿਉਂ ਮੋਤੀਆਂ ਦੀਆਂ ਲੜੀਆਂ।
ਜੇਹੜੀਆਂ ਸ਼ਹੁ ਕੂੰ ਭਾਵਨ ਚੂਹੜ ਸੇਜੇ ਜਾਏ ਸੇ ਚੜ੍ਹੀਆਂ ॥੧੨॥

ਅਸੀ ਕੁੱਤੇ ਗਲੀ ਤੁਸਾਡੀ ਦੇ ਕਿਤੇ ਹੋਰਤ ਜਾਣ ਨ ਭਾਂਦਾ।
ਪਰਛਾਵਾਂ ਮਹਲਾਂ ਤੇਰਿਆਂ ਦਾ ਅਸਾਂ ਓਹ ਬਹੁਤ ਸੁਖਾਂਦਾ।
ਜੇਹਾ ਕਦਰ ਅਸਾਡਾ ਦੇਖਹਿੰ ਤੂੰ ਤੇਹਾ ਟੁਕੜਾ ਪਾਂਦਾ।
ਚੂਹੜ ਤੂੰ ਰੱਬ ਸ਼ਾਹ ਸ਼ਾਹਾਂ ਦਾ ਸਭ ਸੇ ਨੂੰ ਦੇ ਖਾਂਦਾ ॥੧੩॥

ਮੇਰਾ ਮਨ ਆਸ਼ਕ ਤੇਰੇ ਦਰਸ਼ਨ ਦਾ ਤੂੰ ਆਪ ਛਪਾਏ ਨ ਹੱਟੇਂ।
ਬਿਰਹੋਂ ਤੁਸਾਡੇ ਘਾਇਲ ਕੀਤੀ ਲੂਣ ਨ ਪਾਏ ਛੱਟੇਂ।
ਦੁੱਖ ਵਿਛੋੜੇ ਵਾਲਾ ਸਾਈਂ ਕਰ ਮੇਹਰ ਅਸਾਡਾ ਕੱਟੇਂ।
ਅੱਗੇ ਲੱਖ ਚੰਗਿਆਈਆਂ ਤੇਰੀਆਂ ਇਕ ਏਹ ਭੀ ਸੋਭਾ ਖੱਟੇਂ ॥੧੪॥