Churasta : Sohan Singh Misha
ਚੁਰਸਤਾ : ਸੋਹਣ ਸਿੰਘ ਮੀਸ਼ਾ
ਸਮਰਪਣ
ਸੁਰਜੀਤ ਹਾਂਸ ਨੂੰ
ਚੁਰਸਤਾ
ਕਿੰਨੀ ਅੰਨ੍ਹੀ ਹੈ ਇਹ ਰਾਤ ! ਬੁਝ ਗਏ ਸਾਰੇ ਚਿਰਾਗ, ਚੌਂਕ ਦੀ ਬੱਤੀ ਬਿਨਾਂ- ਚੌਂਕ ਦੀ ਮਰੀਅਲ ਜਹੀ ਬੱਤੀ ਬਿਨਾਂ ਕਿਰਨ ਚਾਨਣ ਦੀ ਕਿਤੋਂ ਵੀ ਪਾ ਰਹੀ ਨਾ ਕੋਈ ਝਾਤ। ਸੁੰਘਿਆ ਇਸ ਨੂੰ ਉਦਾਸੀ-ਸੱਪ ਨੇ, ਸੌਂ ਗਿਆ ਕਿ ਮਰ ਗਿਆ ਇਹ ਸ਼ਹਿਰ ਹੈ? ਹੌਕੇ ਭਰਦੀ ਸੋਗ ਦੇ ਹੈ ਪੌਣ ਸਾਹੋਂ ਉੱਖੜੀ, ਫੂਕਰਾਂ ਨੇ ਮਾਰਦੇ ਨ੍ਹੇਰੇ ਦੇ ਨਾਗ, ਇਸ ਫ਼ਜ਼ਾ ਦੀ ਰਗ ਰਗ ਵਿਚ ਜ਼ਹਿਰ ਹੈ, ਕਹਿਰ ਹੈ, ਹਾਏ ਕਹਿਰ ਹੈ। ਰਾਤ ਕਿੰਨੀ ਸੀਤ ਹੈ ! ਦਿਲ ਕਿਸੇ ਦੀ ਨੁੱਕਰੇ ਵੀ ਚਿਣਗ ਬਾਕੀ ਹੈ ਕੋਈ? ਭੇਤ ਨਾ ਕੋਈ ਭੇਤ ਨਾ, ਅਹਿਸਾਸ ਠੰਢਾ ਹੋ ਰਿਹਾ, ਸੁੰਨ ਹੁੰਦੀ ਜਾ ਰਹੀ ਹੈ ਚੇਤਨਾ। ਚੌਹੀਂ ਪਾਸੀਂ ਰਾਤ ਅੰਨ੍ਹੀ ਸੀਤ ਹੈ, ਕਿੰਨਾ ਔਖਾ ਹੈ ਚੁਰਸਤਾ ਛੱਡਣਾ ! ਹਾਏ ਹੱਡਾਂ ਵਿਚ ਸਿੱਕਾ ਭਰ ਗਿਆ। ਸੱਚ ਤੇ ਪਰਦਾ ਸਿਆਹ ਤੇ ਸੂਝ ਦੀ ਹੋਈ ਬੇਵਾਹ। ਚੌਂਕ ਦੀ ਮਰੀਅਲ ਜਹੀ ਬੱਤੀ ਕਿਸੇ ਨੂੰ ਕੀ ਵਿਖਾ ਸਕਦੀ ਏ ਰਾਹ ! ਐਵੇਂ ਹਮਦਰਦੀ ਜਹੀ ਜਤਲਾ ਰਹੀ, ਕੁਝ ਕਹਿੰਦੀ ਏ ਥਥਲਾ ਰਹੀ । ਮੌਤ ਦਾ ਪਹਿਰਾ ਸਹੀ ਫਿਰ ਵੀ ਆਖ਼ਰ ਸ਼ਹਿਰ ਹੈ, ਐ ਮਨਾ, ਚਲ ਫੇਰ ਕੋਈ ਖਟਖਟਾ ਕੇ ਵੇਖ ਦਰ ! ਨਾ ਸਹੀ ਕੋਈ ਉਮੀਦ ਪਰ ਕੋਈ ਹੀਲਾ ਤਾਂ ਕਰ
ਘਰ
ਹੁਣ ਇਸ ਘਰ ਵਿਚ ਜੀ ਨਹੀਂ ਲਗਦਾ। ਸਾਰਾ ਦਿਨ ਤੱਕਿਆ ਅਸਮਾਨੀਂ ਭੈ ਦੀਆਂ ਗਿਰਝਾਂ ਭੌਂਦੀਆਂ ਰਹੀਆਂ। ਰਵੀ ਅਸਤਿਆ ਜਿੱਕਣ ਅਸਤ ਚੁਗਣ ਨੂੰ ਬੈਠਾ ਅਜ ਇਹ ਕਹੀਆਂ ਸ਼ਾਮਾਂ ਪਈਆਂ, ਖ਼ਬਰ ਨਹੀਂ ਹੈ ਕਿਹੜੇ ਰਾਹੀਂ ਯਾਦ ਪਰਿੰਦਾ ਉੜਦਾ ਆਇਆ ਉੱਲੂ ਵਰਗਾ, ਬੈਠਾ ਆਣ ਬਨੇਰੇ ਕਰਮਾਂ ਹਾਰੇ। ਡਾਇਣ ਜਹੀ ਰਾਤ ਕਲਮੂੰਹੀਂ ਆਣ ਕੇ ਬੂਹਿਉਂ ਬਾਹਰ ਖੜੀ ਏ। ਕਾਹਨੂੰ ਦੀਪ ਜਗਾਵਾਂ ਐਵੇਂ, ਨਾ ਹੁਣ ਚੰਦਨ ਚੌਂਕੀ ਨਾ ਹੁਣ ਸੋਨੇ ਗੜਵਾ। ਦੂਰ ਬੜੀ, ਪਰ ਪਿੰਡ ਦੀ ਜੂਹ ਵਿਚ ਸੋਗੀ ਕੁੱਤੇ ਰੋਂਦੇ ਸੁਣਦੇ। ਖ਼ੈਰ ਕਰੇ ਰੱਬ ਇਸ ਘਰ ਉੱਤੇ ਭੀੜ ਬਣੀ ਦਿਸਦੀ ਹੈ ਭਾਰੀ। ਗੱਲ ਗੱਲ ਉੱਤੇ ਖਿਝ ਉੱਠਦੀ ਏ, ਚਿਤ ਵਿਚ ਹਰ ਦਮ ਇਟ-ਖੜਿੱਕਾ ਰਹਿੰਦਾ। ਕਾਲਾ ਰੋਗ ਕਲੇਸ਼ ਦਾ ਜਿੰਦ ਨੂੰ ਲੱਗਾ। ਢੂੰਡ ਸਮੇਂ ਨੇ ਗੱਡਿਆ ਦਿਲ ਵਿਚ ਸੇਹ ਦਾ ਤੱਕਲਾ। ਇਹ ਘਰ ਕਿਸੇ ਜੁਗਤ ਨਹੀਂ ਸੋਂਹਦਾ, ਕੱਲਰ ਹੋਈਆਂ ਕੰਧਾਂ ਉੱਤੇ ਹੁਣ ਨਾ ਲੇਖਣ ਪੋਚੇ ਟਿਕਦੇ ਪੋਂਹਦੇ, ਖੁਰੀਆਂ ਨੀਹਾਂ ਕੜਕਣ ਕੜੀਆਂ, ਹੁਣ ਨਹੀਂ ਕੋਠਾ ਝੱਲਣ ਜੋਗਾ ਵੀਰਵਾਰ ਦੀਆਂ ਝੜੀਆਂ। ਹੇ ਮੇਰੇ ਮਨ, ਜੇ ਨਹੀਂ ਫੇਰ ਏਸ ਦਰਵਾਜ਼ੇ ਅੱਟੇ ਵਿਚ ਪਰੁੱਤੇ ਅੰਬ-ਪੱਤਿਆਂ ਦੇ ਸਿਹਰੇ ਬੁੱਝਣੇ, ਇਸ ਵਿਹੜੇ ਵਿਚ ਫੇਰ ਕਦੀ ਜੇ ਕੋਈ ਚੌਂਕ ਪੂਰ ਨਹੀਂ ਹੋਣਾ, ਜੇ ਇਹ ਸਰਦਲ ਸੇਂਕ ਦੇ ਜੋਗੀ ਇਸ ਤੇ ਤੇਲ ਕਿਸੇ ਨਹੀਂ ਚੋਣਾ, ਤਾਂ ਤੂੰ ਇਸ ਚੋਂ ਕੀ ਲੈਣਾ ਹੈ ਕੱਲ੍ਹ ਢਹਿੰਦਾ ਤਾਂ ਅਜ ਢਹਿ ਜਾਵੇ।
ਦਿਨ ਚੜ੍ਹਿਆ ਹੈ
ਪੀਲੀਆਂ ਪੈ ਕੇ ਸੜਕਾਂ ਉੱਤੇ ਬੁਝ ਗਈਆਂ ਨੇ ਬਿਜਲੀ-ਬੱਤੀਆਂ। ਧੁੰਦ ਵਿਚ ਧੂਆਂ ਘੁਲਦਾ ਜਾਂਦਾ, ਪਾਲੇ ਵਿਚ ਠਿਠਰਦੇ ਮੰਗਤੇ ਰੱਟਣ ਬੈਠੇ ਫੇਰ ਅਸੀਸਾਂ, ਫੇਰ ਜਜ਼ਬਿਆਂ ਹੱਥ ਅੱਡੇ ਨੇ ਵੱਟ ਕਸੀਸਾਂ। ਇਹ ਚਾਨਣ ਅੱਖੀਆਂ ਨੂੰ ਚੁੱਭਦਾ ਇਸ ਚਾਨਣ ਵਿਚ ਭਟਕੇ ਨਜ਼ਰ ਧੁਆਂਖੀ ਹੋਈ। ਹੋਰ ਘੜੀ ਨੂੰ ਰੌਲਾ ਰੱਪਾ ਜਾਗ ਪਏਗਾ, ਕਾਰ ਵਿਹਾਰ ਦੇ ਨਾਲ ਸੰਘਰਸ਼ ਛਿੜੇਗਾ ਦਿਲ ਦਾ। ਕਾਹਨੂੰ ਕੁਝ ਕਿਸੇ ਨੇ ਕਹਿਣਾ, ਅਪਣੇ ਆਪ ਨਮੋਸ਼ੀ ਆਵੇ, ਸਾਹ ਲੰਘਦਾ ਜਿਓਂ ਹੁੱਜਤ ਹੁੰਦੀ, ਆਪਾਂ ਸੋਝੀ ਹੁੰਦਿਆਂ ਵੀ ਕਮਲੇ ਹੋ ਰਹਿਣਾ । ਜੀ ਕਹਿੰਦਾ ਏ, ਸਾਰੇ ਲਾਂਝ ਪੁਗ ਚੁੱਕੇ ਨੇ, ਇਉਂ ਹਾਲੇ ਵੀ ਫਿਕਰਾਂ ਨੇ ਹਨ ਚਾਰ ਚੁਫੇਰੇ ਘੇਰੇ ਘੱਤੇ ? ਇਲਮ ਦੇ ਨਿੱਕੇ ਬਸਤੇ ਚੁੱਕੀ ਹੱਸਦੇ ਬਾਲ ਸਕੂਲੀਂ ਚੱਲੇ, ਜਿੰਦ ਵਿਚਾਰੀ ਹਫਦੀ ਜਾਵੇ ਦੇਹ ਵੀ ਬੋਝਲ ਗਠੜੀ ਥੱਲੇ। ਦਿਨ ਚੜ੍ਹਿਆ ਹੈ, ਅਗਲੇ ਮੋੜ ਤੇ ਵਾਕਫ਼ ਬੰਦਿਆਂ ਨੇ ਮਿਲ ਜਾਣਾ, ‘ਵਾਹਵਾ ਖ਼ੂਬ ਗੁਜ਼ਰਦੀ' ਕਹਿਣਾ, ਟਿੱਚਰ ਕਰਕੇ ਹੱਸ ਪੈਣਾ ਹੈ ਜਿੱਕਣ ਥੇਹ ਦੇ ਖੂਹ ਚੋਂ ਕੋਈ ਕਬੂਤਰ ਉੜਦਾ ਵਾਹਵਾ ਖ਼ੂਬ ਗੁਜ਼ਰ ਜਾਵੇ ਤਾਂ ਹੋਰ ਕਿਸੇ ਨੇ ਕੀ ਲੈਣਾ ਹੈ ! ਪਲ ਪਲ ਰੌਣਕ ਵੱਧਦੀ ਜਾਂਦੀ, ਜਿੰਦੜੀ ਅੱਗੇ ਇਕਲਾਪੇ ਦਾ ਬੰਜਰ ਮਾਰੂਥਲ ਵਿਛਿਆ ਹੈ। ਪਲ-ਪਲ ਕਰਕੇ ਦਿਨ ਕੱਟਣਾ ਵੀ ਕਣ-ਕਣ ਪਾ ਕੇ ਖੂਹ ਭਰਨਾ ਹੈ, ਦਿਨ ਕੱਟਣਾ ਰਣ ਸਰ ਕਰਨਾ ਹੈ।
ਬੇਅਰਾਮੀ ਦੀ ਰਾਤ
ਕਿੰਜ ਕੋਈ ਯਾਦ ਆਈ ਬਿੜਕ ਪਾ ਕੇ ਰਾਤ ਰਾਣੀ ਜਾਗ ਪਈ, ਕਿਸ ਦੇ ਸਾਹਾਂ ਦੀ ਇਹ ਖ਼ੁਸ਼ਬੂ ਅੰਗ ਮੇਰੇ ਚੁੰਮਦੀ। ਹੈ ਕੋਈ ਪਰਛਾਂ ਜਹੀ ਪੋਲੇ-ਪੋਲੇ ਪੈਰ ਧਰਦੀ ਮੇਰੇ ਮੰਜੇ ਦੇ ਉਦਾਲੇ ਘੁੰਮਦੀ, ਮੇਰੇ ਵਿਹੜੇ ਦੇ ਹਨੇਰੇ ਨਾਲ ਗੱਲਾਂ ਕਰ ਰਹੀ ! ਕਿਉਂ ਇਹ ਬਾਹੀਆਂ ਚੀਕੀਆਂ, ਕੌਣ ਮੰਜੇ ਉੱਤੇ ਆ ਕੇ ਬਹਿ ਗਿਆ, ਹਾਂ—ਮੈਂ ਹੀ ਪਾਸਾ ਪਰਤਿਆ ! ਫਿਰ ਕਿਸੇ ਦੇ ਨਕਸ਼ ਅੱਜ ਮੇਰੀ ਪਲਕਾਂ ਤੇ ਪਹਿਰਾ ਦੇ ਰਹੇ ਨੀਂਦ ਅੱਜ ਗ਼ਮ ਨੂੰ ਚੁਰਾ ਸਕਦੀ ਨਹੀਂ। ਕਿੰਜ ਪਾਸੇ ਪਲਟਦੇ ਉਹ ਵੀ ਤਾਂ ਇਕ ਰਾਤ ਸੀ ਮੁੜ੍ਹਕੋ ਮੁੜ੍ਹਕੀ ਹੋ ਗਈ ਸੀ ਚਾਨਣੀ ਵੇਖ ਕੇ ਸਾਨੂੰ ਪਸੀਨਾ ਆ ਗਿਆ। ਅੱਜ ਵੀ ਤਾਂ ਰਾਤ ਹੈ, ਨੀਲ-ਅੰਬਰ-ਹਿੱਕ ਹੋ ਗਈ ਛਾਨਣੀ, ਖਿੰਡੀਆਂ ਪਈਆਂ ਨੇ ਕੌੜਾਂ ਅਰਸ਼ ਤੇ, ਹਾਰ ਕੇ ਬਾਜੀ ਜੁਆਰੀ ਢਹਿ ਪਿਆ ਹਾਏ ਹੱਡਾਂ ਵਿਚ ਥਕੇਵਾਂ ਰੜਕਦਾ ਨੀਂਦ ਪਰ ਆਉਂਦੀ ਨਹੀਂ। ਨੀਂਦ ਪਰ ਆਉਂਦੀ ਨਹੀਂ।
ਭੂਤ
ਭੂਤ ਹੈ ਸਿਰ ਤੇ ਸਵਾਰ ਭੂਤ ਦੀ ਛਾਇਆ ਨਾ ਮਨ ਤੋਂ ਟੁੱਟਦੀ ਜਿੰਦ ਹੁੰਦੀ ਰਾਤ ਦਿਨ ਖੱਜਲ ਖੁਆਰ ਫੋਲਦੀ ਸਿਵਿਆਂ ਨੂੰ ਕਬਰਾਂ ਪੁੱਟਦੀ। ਦਿਲ ਧੁਖਾਂਦਾ, ਧੂਣੀ ਦੇਈ ਜਾ ਰਿਹਾ ਜਾਦੂ ਟੂਣੇ ਅਕਲ ਦੇ ਅਜ਼ਮਾ ਰਿਹਾ ਜੋ ਬੀਤਿਆ ਸੋ ਮੁੱਕਿਆ ਉਸ ਨਾਲ ਕਾਹਦਾ ਵਾਸਤਾ ! ਮੈਂ ਜੀ ਨੂੰ ਲਾਰੇ ਲਾ ਰਿਹਾ ਆਸ ਦੇ ਧਾਗੇ ਤਵੀਤ ਰਾਤ ਦਿਨ ਮੁੜ੍ਹ ਮੁੜ੍ਹ ਕੇ ਗਲ ਵਿਚ ਪਾ ਰਿਹਾ। ਕੌਣ ਜਾਣੇ ਕੱਲ੍ਹ ਕਿਹੜੀ ਪੌਣ ਕਿਧਰੋਂ ਝੁਲ ਪਵੇ ! ਕੌਣ ਜਾਣੇ ਕੱਲ੍ਹ ਕਿਹੜੇ ਸੁਰਗ ਦਾ ਦਰ ਖੁਲ੍ਹ ਪਵੇ ! ਬੀਤ ਚੁੱਕੇ ਪੈਂਡਿਆਂ ਦਾ ਕਿਉਂ ਥਕੇਵਾਂ ਐਂਵੇਂ ਹੱਡਾਂ ਨਾਲ ਬੰਨ੍ਹੀ ਜਾ ਰਿਹਾਂ ? ਭੂਤ ਹੈ ਸਿਰ ਤੇ ਸਵਾਰ ਹੇਠ ਕਿਹੜੀ ਅਜ ਧੌਲੀ ਧਾਰ ਦੇ ਸਿਰ ਧਰ ਦਿਆਂ? ਸੋਚ ਦੇ ਸਭ ਸੈਰੀਆਂ ਸਾਰੀ ਸਾਰੀ ਰਾਤ ਲਾਈਆਂ ਚੌਂਕੀਆਂ ਜਿੰਨਾ ਚਿਰ ਮੈਂ ਜਾਗਦਾ ਜਾਗਦੇ ਰਹਿੰਦੇ ਨੇ ਯਾਦਾਂ ਦੇ ਮਸਾਣ ਭੂਤ ਹੈ ਸਿਰ ਤੇ ਸਵਾਰ ਹੇਠ ਕਿਹੜੀ ਅੱਜ ਧੌਲੀ ਧਾਰ ਦੇ ਸਿਰ ਧਰ ਦਿਆਂ?
ਤੂੰ ਰਵੀ ਮੈਂ ਪ੍ਰਿਥਵੀ
ਤੇਰਾ ਮੇਰਾ ਕੀ ਹੈ ਨਾਤਾ ਕੀ ਕਹਾਂ ! ਜਾਣਦਾ ਬੁਝਦਾ ਵੀ ਕਹਿਣੋ ਝਿਜਕਦਾਂ ! ਗੋਰੀਏ, ਤੂੰ ਏਂ ਰਵੀ ਮੈਂ ਪ੍ਰਿਥਵੀ, ਆਪਣੇ ਵਿਚਕਾਰ ਕਿੰਨੀ ਵਿੱਥ ਹੈ! ਆਪਣੇ ਵਿਚਕਾਰ ਕਿੰਨਾ ਫ਼ਾਸਲਾ !! ਖਿੱਚ ਤੇਰੀ ਬਹੁਤ ਪਰਬਲ, ਹੋਰ ਵੀ ਖਿੱਚਾਂ ਨੇ ਪਰ। ਕਸ਼ਮਕਸ਼ ਦਾ ਜਾਲ ਹੈ ਤਣਿਆ ਪਿਆ। ਏਸ ਆਕਰਸ਼ਨ ਦੀ ਸ਼ਕਤੀ ਵਿਚ ਮੇਰੀ ਹੋਂਦ ਹੈ ਜਕੜੀ ਗਈ। ਪਿਘਲਿਆ ਹੈ ਦਿਲ 'ਚ ਲਾਵਾ ਜੇ ਕਦੀ, ਡਗਮਗਾ ਕੇ ਸੰਭਲੀ ਹੈ ਜ਼ਿੰਦਗੀ, ਬੇਬਸੀ ਦਾ ਹੋ ਗਿਆ ਮੈਨੂੰ ਗਿਆਨ ਭੇਤ ਏਨਾ ਖੁਲ੍ਹਿਆ ਕਿ ਏਸ ਦੂਰੀ ਤੇ ਮੇਰਾ ਕੋਈ ਜ਼ੋਰ ਨਹੀਂ। ਤੈਨੂੰ ਤਾਂ ਅਹਿਸਾਸ ਵੀ ਨਹੀਂ ਸ਼ਾਇਦ ਮੇਰੇ ਹੋਣ ਦਾ ! ਚੀਕ ਕੇ ਦੂਰੀ ਨੂੰ ਪਰ ਮਿਹਰ ਤੇਰੇ ਤੇਜ ਦੀ ਹੈ ਹੋ ਰਹੀ, ਇਸ ਨੂਰ ਹੀ ਦੇ ਆਸਰੇ ਹੈ ਮੇਰੀ ਦੁਨੀਆਂ ਜੀ ਰਹੀ। ਇਸ ਨੂਰ ਬਾਝੋਂ ਸੋਚ ਨਹੀਂ ਸਕਦਾ ਕਿ ਮੇਰਾ ਕੀ ਬਣੇ। ਮੁੱਦਤਾਂ ਤੋਂ ਤੇਰੇ ਗਿਰਦੇ ਮੈਂ ਹਾਂ ਗੇੜੇ ਦੇ ਰਿਹਾ ਙ ਉਮਰ ਮੇਰੀ ਬੱਸ ਇਕ ਆਵਾਰਾਗਰਦੀ ਹੈ ਨਿਰੀ ਏਸ ਪੈਂਡੇ ਦੀ ਕੋਈ ਮੰਜ਼ਿਲ ਨਹੀਂ। ਏਸ ਦੂਰੀ ਅੱਗੇ ਕੋਈ ਵਾਹ ਨਹੀਂ? ਚਲ ਇੰਜ ਤਾਂ ਇੰਜ ਹੀ ਸਹੀ, ਏਸ ਦੂਰੀ ਦੀ ਕੋਈ ਪਰਵਾਹ ਨਹੀਂ। ਖੌਰੇ ਤੇਰੀ ਨੇੜਤਾ ਮੈਂ ਝੱਲ ਵੀ ਸਕਦਾ ਨਹੀਂ ਖੌਰੇ ਤੇਰਾ ਤੇਜ ਹਸਤੀ ਨੂੰ ਭਸਮ ਹੀ ਕਰ ਦਏ। ਗ਼ਮ ਨਹੀਂ, ਕੋਈ ਗ਼ਮ ਨਹੀਂ! ਤੈਨੂੰ ਮੇਰੇ ਹੋਣ ਦਾ ਅਹਿਸਾਸ ਬੇਸ਼ੱਕ ਹੋਏ ਨਾ, ਮਿਹਰ ਤੇਰੇ ਤੇਜ਼ ਦੀ ਹੁੰਦੀ ਰਹੇ। ਜ਼ਿੰਦਗੀ ਇਸ ਚਾਲ ਤੇ ਬੱਝੀ ਰਹੇ। ਮੈਂ ਜਾਣਦਾ ਗ੍ਰਹਿ ਹੋਰ ਵੀ ਨੇ ਤੇਰੀ ਪ੍ਰਕਰਮਾ ਚਿਕੋਰੀ ਕਰ ਰਹੇ, ਮੇਰੇ ਵਾਂਗੂੰ ਨੂਰ ਤੇਰੇ ਦੇ ਸਹਾਰੇ ਜੀ ਰਹੇ, ਗੋਰੀਏ ਤੂੰ ਏਂ ਰਵੀ ਮੈਂ ਪ੍ਰਿਥਵੀ, ਤੇਰੇ ਸਦਕੇ ਚਮਕਦੀ ਹੈ ਜ਼ਿੰਦਗੀ।
ਈਰਖਾ
ਮੰਨਦਾ ਹਾਂ, ਠੀਕ ਹੈ ਇਹ ਸ਼ੱਕ ਨ ਕੋਈ ਮੇਰੇ ਵਰਗੇ ਬੰਦਿਆਂ ਨੂੰ ਈਰਖਾ ਦਾ ਹੱਕ ਨ ਕੋਈ। ਕੀ ਕਰਾਂ ਪਰ, ਮਨ ਹੈ ਮੂਰਖ, ਸੋਚਦਾ ਨਹੀਂ ਸਮਝਦਾ ਨਹੀਂ ਮੈਂ ਹੀ ਇਸ ਦੇ ਮਗਰ ਲੱਗਾਂ। ਕੂੜ ਛੱਟਾਂ ਪਾਪ ਖੱਟਾਂ, ਖੇਹ ਉੜਾਵਾਂ ਸਿਰ ’ਚ ਪਾਵਾਂ, ਦੂਜੇ ਪਲ ਹੀ ਭੁੱਲ ਜਾਵਾਂ। ਕਾਮ ਬੁਰਕੀ ਵੇਖਦਾ ਹੀ, ਇੱਲ ਵਾਂਗੂੰ ਝਪਟ ਪੈਨਾਂ, ਚੰਗੀ ਮਾੜੀ ਜਾਚਦਾ ਨਹੀਂ ਦਾਅ ਜੇ ਲੱਗੇ ਸੰਨ੍ਹ ਲਾਵਾਂ ਧਾੜ ਮਾਰਾਂ ਰਾਤ ਕਾਲੀ ਵਿਚੋਂ ਕਾਲਖ ਖੱਟਦਾ ਹਾਂ। ਪਰ ਸਵੇਰੇ ਫਿਰ ਸੁਰਖ਼ਰੂ ਜਾਗ ਆਵੇ। ਛੱਡ ਦੇਵਾਂ ਵੈਲਦਾਰੀ, ਆਦਮੀ ਕੀ ਦੇਵ ਬਣ ਜਾਂ ਜਾਣਦਾ ਹਾਂ ਉਸਨੇ ਮੇਰੀ ਗੱਲ ਕੋਈ ਗੌਲਣੀ ਨਹੀਂ। ਹਾੜੇ ਕੱਢਾਂ ਤਰਲੇ ਪਾਵਾਂ ਤਰਸਦਾ ਦਮ ਤੋੜ ਦੇਵਾਂ ਉਸ ਨੇ ਤਾਂ ਨਹੀਂ ਤਰਸ ਖਾਣਾ ਜਗ ਦੀ ਖੇਹ ਛਾਣ ਸੁੱਟਾਂ ਉਸ ਦੇ ਦਿਲ ਦੀ ਕੁੰਜੀ ਮੈਨੂੰ ਲੱਭਣੀ ਨਹੀਂ। ਪੱਥਰਾਂ ਨੂੰ ਚੀਰ ਭਾਵੇਂ ਪਰਬਤਾਂ ਚੋਂ ਨਹਿਰ ਕਢਾਂ ਉਸ ਦਾ ਦਿਲ ਨਹੀਂ ਮੋਮ ਹੋਣਾ। ਜਾਣਦਾ ਹਾਂ ਇਹ ਵੀ, ਹਾਲੇ ਉਸ ਦੇ ਕੱਚੇ ਸੁਪਨਿਆਂ ਵਿਚ ਮੈਂ ਨਹੀਂ ਤਾਂ ਹੋਰ ਵੀ ਕੋਈ ਵੱਸਿਆ ਨਹੀਂ ਉਸਦੇ ਦਿਲ ਨੂੰ ਮੈਂ ਨਹੀਂ ਤਾਂ ਹੋਰ ਵੀ ਕੋਈ ਜੱਚਿਆ ਨਹੀਂ ਅਜੇ ਉਸ ਦਾ ਆਕਾਸ਼ ਨਿੰਬਲ, ਪ੍ਰੀਤ ਗ਼ਮ ਦਾ ਕੋਈ ਬੱਦਲ ਬਹੁੜਿਆ ਨਹੀਂ। ਅਜੇ ਮੋਹ ਦੇ ਝੇੜਿਆ ਤੋਂ ਬੱਚੀ ਤੇ ਬੇਲਾਗ ਹੈ ਉਹ। ਫੇਰ ਵੀ ਪਰ ਸਹਿ ਸੁਭਾ ਜੇ ਕੋਈ ਉਸ ਦੀ ਸਿਫਤ ਕਰਦਾ ਨਾਲ ਉਸ ਦੇ ਗੱਲ ਕਰਦਾ, ਉਸਦੇ ਮੂੰਹੋਂ ਜਾਂ ਕਿਸੇ ਨੂੰ ਚੰਗਾ ਸੁਣਦਾ ਹਿੱਕ ਦੇ ਵਿਚ ਰੜਕਦਾ ਹੈ ਕਾਲਜੇ ਵਿਚ ਖਾਰ ਪਾਵੇ। ਮਨ ਹੈ ਮੂਰਖ ਸੋਚਦਾ ਨਹੀਂ ਸਮਝਦਾ ਨਹੀਂ, ਐਵੇਂ ਵਾਧੂ ਜ਼ਿੰਦਗਾਨੀ ਨੂੰ ਤਸੀਹੇ ਦੇ ਰਿਹਾ ਹੈ।
ਢਾਰਸ
ਮਨ ਹੈ ਢਹਿ ਚੁੱਕੇ ਸ਼ਹਿਰ ਦੇ ਖੰਡਰਾਂ ਵਿਚ ਭਟਕਦਾ, ਇਹ ਘੜੀ ਹੁਣ ਦੀ ਵੀ ਹੱਥਾਂ ਵਿਚ ਭੁਰਦੀ ਜਾ ਰਹੀ ਜ਼ਖ਼ਮ ਹੁੰਦੇ, ਰੱਤ ਸਿੰਮਦੀ, ਚੀਸ ਪੈਂਦੀ ਫੇਰ ਵੀ ਸ਼ੀਸ਼ਿਆਂ ਦੇ ਟੁਕੜਿਆਂ ਤੇ ਸੋਚ ਤੁਰਦੀ ਜਾ ਰਹੀ। ਬੀਤ ਚੁੱਕੀ ਉਮਰ ਦੇ ਜੋ ਪੱਤਣਾਂ ਉੱਤੋਂ ਚੁਣੇ, ਸ਼ਾਮ ਘੋਗੇ ਸਿੱਪੀਆਂ ਦੀ ਪੋਟਲੀ ਦਿੰਦੀ ਖਲੇਰ । ਸਾਰਾ ਦਿਨ ਪਰਛਾਵਿਆਂ ਨੂੰ ਦੇਖਦੀ ਰਹਿੰਦੀ ਹਾਂ ਮੈਂ, ਭੂਤ ਕਬਰਾਂ 'ਚੋਂ ਜਗਾ ਜਾਂਦੀ ਏ ਜਾਦੂਗਰ ਸਵੇਰ । ਇਹ ਮੇਰੀ ਐਲਬਮ ਹੈ, ਇਸ ਵਿਚ ਵੰਨ ਸੁਵੰਨੀਆਂ ਮੂਰਤਾਂ ਕਿਸ ਤਰ੍ਹਾਂ ਝਾਕਣ ਮੇਰੇ ਝੜਦੇ ਹੋਏ ਰੰਗ ਰੂਪ ਵਲ । ਮੁੜ ਕਦੀ ਹੋਣੇ ਨਹੀਂ ਜੋ ਫੇਰ ਜ਼ਿੰਦੜੀ ਨੂੰ ਨਸੀਬ ਕਾਗਤਾਂ ਨੇ ਸਾਂਭ ਰੱਖੇ ਉੱਜੜੇ ਚਾਵਾਂ ਦੇ ਪਲ। ਹੰਭਦੇ ਹੀ ਨਹੀਂ ਕਦੀ ਇਸ ਵਕਤ ਦੇ ਬੇਚੈਨ ਪਰ, ਕੌਣ ਇਸ ਨੂੰ ਕਿਸ ਤਰ੍ਹਾਂ ਕਿਸ ਚੋਗ ਤੇ ਭਰਮਾ ਲਏ ! ਉੜਦਾ ਉੜਦਾ ਜਾਂਵਦਾ ਹੈ ਕਿਸ ਤਰ੍ਹਾਂ ਮੁਖੜੇ ਝਰੀਟ, ਕੌਣ ਇਸ ਨੂੰ ਪਕੜ ਕੇ ਕਿਸ ਪਿੰਜਰੇ ਵਿਚ ਪਾ ਲਏ। ਜਾਣ ਦੇ ਮੂਰਖ ਮਨਾ, ਹੁਣ ਭੁੱਲ ਵੀ ਜਾ, ਜਾਣ ਦੇ, ਧਰਤ ਉੱਤੇ ਸੁਰਗ ਦੇ ਜਲਵੇ ਉਤਾਰੇ ਸੀ ਕਦੀ। ਬਿਫਰਦੇ ਸਾਗਰ ਦੇ ਕੰਢੇ ਉੱਤੇ ਜਿੰਦੇ ਮੇਰੀਏ, ਰੇਤ ਦੇ ਸਨ ਮਹਿਲ ਉਹ ਜੋ ਤੂੰ ਉਸਾਰੇ ਸੀ ਕਦੀ। ਉਜੜ ਚੁੱਕੇ ਸ਼ਹਿਰ ਦੇ ਹੁਣ ਖੰਡਰਾਂ ਵਿਚ ਕੁਝ ਨਹੀਂ, ਏਸ ਹੁਣ ਦੀ ਘੜੀ ਦੀ ਕੁਝ ਹੋ ਸਕੇ ਤਾਂ ਕਦਰ ਕਰ। ਸ਼ੀਸ਼ਿਆਂ ਦੇ ਟੁਕੜਿਆਂ ਤੋਂ ਮੋੜ ਲੈ ਹੁਣ ਸੋਚ ਨੂੰ, ਐ ਦਿਲਾਂ ਹੁਣ ਸਬਰ ਕਰ, ਹੁਣ ਸਬਰ ਕਰ, ਹੁਣ ਸਬਰ ਕਰ।
ਫ਼ਰਕ
ਸੱਚ ਪੁੱਛੇਂ ਤਾਂ ਸੱਚ ਆਖਾਂ ਮੈਂ ਹੁਣ ਉਹ ਗਲ ਨਹੀਂ। ਸੂਰਜ ਉਹ ਹੈ ਚੰਨ ਵੀ ਓਹੀ ਪਰ ਉਹ ਦਿਨ ਨਹੀਂ ਨਾ ਉਹ ਰਾਤਾਂ। ਭਾਵੇਂ ਜ਼ਿੰਦਗੀ ਮਾਰੂ ਥਲ ਨਹੀਂ, ਪਰ ਖਿੜ ਕੇ ਹੈ ਮੁਰਝਾ ਜਾਂਦੀ ਇਹ ਕੋਈ ਨਿੱਤ ਹੀ ਹਰਿਆਵਲ ਨਹੀਂ ਠੀਕ ਏ ਸਜਣਾ ਮੰਨਦੀ ਹਾਂ ਮੈਂ, ਯਾਦ ਨੇ ਮੈਨੂੰ ਸਭ ਉਹ ਬਾਤਾਂ, ਭੁੱਲਿਆ ਤੇ ਨਹੀਂ ਉਠਦੇ ਜੋਬਨ ਦਾ ਜੋ ਮੂਲ ਸੀ, ਦਿਲ ਮੇਰਾ ਜਦ ਸੂਰਜ-ਮੁਖੀਆ ਸਜਰਾ ਫੁਲ ਸੀ ਤੇਰੇ ਮੁਖ ਦੀਆਂ ਨੂਰ-ਸੁਆਵਾਂ ਪੀ ਪੀ ਖਿੜਦਾ ਤੇਰੀਆਂ ਚਾਨਣ-ਭਿਜੀਆਂ ਵਾਵਾਂ ਨਾਲ ਝੂਮਦਾ। ਤੈਨੂੰ ਵੇਖ ਕੇ ਨਾੜੀਂ ਜੰਮਿਆਂ ਖ਼ੂਨ ਸੀ ਗਿੜਦਾ ਤੈਨੂੰ ਭਾਵੇਂ ਸਾਰ ਨਹੀਂ ਸੀ ‘ਹਉਂ ਘੋਲੀ ਮੈਂ ਘੋਲ ਘੁਮਾਈ।’ ਯਾਦ ਨੇ ਸਭ ਉਹ ਮਹਿਕਦੇ ਪਲ ਵੀ ਜਾਂਦੀ ਭੁੱਲ ਸੀ ਸੁਧ ਬੁਧ ਜਗ ਦੀ ਇਕ ਬੁਲ੍ਹ ਛੋਹ ਦਾ ਜਦ ਇਕ ਜਿੰਦੜੀ ਥੋੜ੍ਹਾ ਮੁਲ ਸੀ। ਸਭ ਸ੍ਰਿਸ਼ਟੀ ਦਾ ਇਕ ਗਲਵੱਕੜੀ ਵਿਚ ਸਿਮਟਣਾ। ਨੂਰ ਦੀ ਬੱਤੀ ਸੰਗ ਲਿਪਟਣਾ ਇਸ ਮਿੱਟੀ ਦਾ। ਕੱਕਰ ਹੋਈਆਂ ਰਾਤਾਂ ਵਿਚ ਉਹ ਖੇਡ ਅੱਗ ਦੀ। ਜਦ ਚਾਹਿਆ ਸੀ ਏਥੇ ਸਮੇਂ ਦਾ ਗੇੜਾ ਰੁੱਕੇ ਏਥੇ ਦਿਲ ਦੀ ਵਿਥਿਆ ਮੁੱਕੇ। ਯਾਦ ਨੇ ਪਹਿਲੀਆਂ ਪਹਿਲ ਜੁਦਾਈਆਂ ਦਿਲ ਨੂੰ ਚੀਰ ਕੇ ਲੰਘਦਾ ਹਰ ਪਲ ਕੱਟਣੀ ਰਾਤ ਕਿ ਪਰਬਤ ਕੱਟਣਾ ਦਿਹੁੰ ਰੇਤਲੇ ਦੇ ਭਖਦੇ ਥਲ ਘੜੀ ਵਿਛੋੜਾ ਕਲਜੁਗ ਹੋਣਾਂ ਜਦ ਸੀ ਮੁਸ਼ਕਲ ਦਰਦ ਲਕੋਣਾ। ਹੁੰਦਿਆਂ ਹੁੰਦਿਆਂ, ਤੇਰੀ ਮੂਰਤ ਦਿਲ ਵਿਚ ਰਖਣਾ ਨੇਮ ਹੋ ਗਿਆ, ਸੌ ਵਲ ਪਾ ਕੇ ਤੈਨੂੰ ਮਿਲਣਾ ਫ਼ਰਜ਼ ਸਮਝਿਆ। ਨਿੱਤ ਨੇਮ ਵੀ ਨਿਤ ਦਾ ਪੁਗਦੇ ਔਖਾ ਹੁੰਦਾ ਫ਼ਰਜ਼ ਦਾ ਨਿਭਣਾ ਸੌ ਵਲ ਪਾ ਕੇ। ਤੂੰ ਮੂਰਖ ਏਂ ਤੈਨੂੰ ਅਜੇ ਵੀ ਝੱਲ ਉਠਦਾ ਏ। ਤੂੰ ਨਾ ਸਮਝੇਂ ਨਿਤ ਨਹੀਂ ਖਿੜਦੀਆਂ ਸੂਰਜ-ਮੁਖੀਆਂ ਸੂਰਜ ਭਾਵੇਂ ਨਿੱਤ ਚਮਕਦਾ। ਹੁਣ ਤਾਂ ਜੇ ਸੱਚ ਪੁੱਛੇਂ ਪਿਆਰੇ ਸੱਚ ਆਖਾਂ ਮੈਂ ਸੱਚ ਕਰ ਜਾਣੀ ਕਦੀ ਕਦਾਈਂ ਐਵੇਂ ਤਰਸ ਜਿਹਾ ਆ ਜਾਂਦਾ। ਬੁਝ ਚੁੱਕੇ ਹਨ ਸਭ ਅੰਗਿਆਰੇ ਹੁਣ ਤੂੰ ਐਵੇਂ ਭੁੱਬਲ ਫੋਲੇਂ । ਚੜ੍ਹ ਕੇ ਲਹਿ ਗਏ ਪ੍ਰੀਤ ਦੇ ਪਾਣੀ, ਐਵੇਂ ਉਮਰ ਬਰੇਤੀ ਉਤੋਂ ਸਿੱਪੀਆਂ ਘੋਗੇ ਪਿਆ ਵਿਰੋਲੇਂ। ਹੁਣ ਨਹੀਂ ਉਹ ਗੱਲ ਉਹ ਗੱਲ ਹੁਣ ਨਹੀਂ। ਹੁਣ ਤਾਂ ਪੋਹ ਦੇ ਪੱਤਰ ਝੜਦੇ ਬੀਤ ਗਈਆਂ ਸਾਵਣ ਬਰਸਾਤਾਂ। ਸੂਰਜ ਉਹ ਹੈ ਚੰਨ ਵੀ ਓਹੀ ਪਰ ਉਹ ਦਿਨ ਨਹੀਂ ਨਾ ਉਹ ਰਾਤਾਂ।
ਵਫ਼ਾ ?
ਛੱਡ ਪਰੇ ਇਹ ਥੋਥੀਆਂ ਗੱਲਾਂ ! ਆ ਮੇਰੀ ਹਿੱਕ ਤੇ ਸਿਰ ਧਰ ਕੇ ਪੈ ਜਾ ਚੁੱਪ ਚਾਪ ਦੋ ਘੜੀਆਂ। ਅੱਜ ਦੀ ਰਾਤ ਮਿਲੀ ਹੈ ਮਰ ਕੇ । ਵੇਖ ਕਿਵੇਂ ਹੈ ਚੰਨ-ਚਾਨਣੀ ਅੱਜ ਕਿਸੇ ਨੇ ਦੁਧ 'ਚ ਧੋਤੀ, ਰਾਤ ਦੇ ਸ਼ਰਮਾਕਲ ਮੁੱਖ ਉੱਤੇ ਡਲ੍ਹਕ ਪਏ ਮੁੜ੍ਹਕੇ ਦੇ ਮੋਤੀ। ਵੇਖ ਕਿਵੇਂ ਅਜ ਗਗਨ ਹੈ ਸੁੱਤਾ ਰਜਵਾਂ ਰੂਪ-ਕਲਾਵਾ ਭਰ ਕੇ। ਨਾ ਬੰਨ੍ਹ ਉਮਰ ਦੇ ਲੰਮੇ ਦਾਈਏ, ਇਹ ਦਿਲ ਕਹਿਣੇਕਾਰ ਨਾ ਰਹਿੰਦਾ ਬੰਧਨ ਤੋੜ ਕੇ ਆ ਜਾਈਦਾ ਪਿੱਛੋਂ ਕੋਈ ਬੰਨ੍ਹਿਆ ਬਹਿੰਦਾ ! ਵੇਖ ਕਿਵੇਂ ਔਹ ਟੁੱਟਾ ਤਾਰਾ, ਖ਼ਬਰ ਨਹੀਂ ਜਾ ਕਿੱਥੇ ਮੋਇਆ, ਖ਼ਬਰ ਨਹੀਂ ਕੀ ਜੀ ਵਿਚ ਆਈ, ਖ਼ਬਰ ਨਹੀਂ ਕਿਸ ਤਾਰ ਪਰੋਇਆ। ’ਕੱਠੇ ਜੀਣਾ, ਮਰਨਾ 'ਕੱਠੇ ਹਰ ਕੋਈ ਪਹਿਲਾਂ ਏਹੋ ਕਹਿੰਦਾ। ਸਾਰ ਨਾ ਤੈਨੂੰ ਜੋ ਤੂੰ ਛੇੜੇ ਜ਼ਖ਼ਮ ਅਜੇ ਨੇ ਕਿੰਨੇ ਅੱਲੇ। ਤੂੰ ਨਾ ਜਾਣੇ ਇਸ ਜ਼ਿੰਦੜੀ ਨੇ ਅੱਗੇ ਕਿੰਨੇ ਝੱਖੜ ਝੱਲੇ ਮੰਨ ਲੈਂਦਾ ਮੈਂ ਜੋ ਤੂੰ ਕਹਿੰਦੀ, ਹੁੰਦਾ ਨਾ ਦਿਲ ਜੇਕਰ ਥੱਕਿਆ ਕੁਝ ਆਯੂ ਦੀਆਂ ਵਾਟਾਂ ਕਰਕੇ, ਹੁੰਦਾ ਨਾ ਜੇਕਰ ਮੈਂ ਤੱਕਿਆ ਭਰ ਭਰ ਕੇ ਵਿਛੜਦਾ ਮੇਲਾ, ਜਿਸਦੀ ਯਾਦ ਅਜੇ ਹੈ ਪੱਲੇ। ਤੇਰੇ ਵਾਂਗ ਹੀ ਇਕ ਮਿਠ-ਬੋਲੀ ਜੀਵਨ-ਕੌੜ ਭੁਲਾ ਦਿੰਦੀ ਸੀ, ਰਾਤ ਦਾ ਘੁੱਪ ਹਨੇਰ ਚੀਰ ਕੇ ਨੂਰ ਦੀ ਝਲ-ਮਿਲ ਲਾ ਦਿੰਦੀ ਸੀ। ਉਸਦਾ ਨੈਣ ਝਮਕਣਾ ਕੀ ਸੀ, ਇਕ ਦੁਨੀਆਂ ਢਹਿੰਦੀ ਇਕ ਬਣਦੀ, ਜੀਣਾ ਮਰਨਾ ਭੁਲ ਜਾਂਦਾ ਸੀ ਜਦ ਸੀ ਪ੍ਰੀਤ ਦੀ ਚਾਦਰ ਤਣਦੀ, ਲੈ ਜਾਂਦੀ ਸੀ ਰੂਪ ਦੀ ਨਗਰੀ ਸੁਰਗ ਦੀ ਝਾਤ ਪੁਆ ਦਿੰਦੀ ਸੀ। ਜਾਂਦੀ ਕੁੰਜੀਆਂ ਨਾਲੇ ਲੈ ਗਈ ਸਾਂਝੇ ਘਰ ਨੂੰ ਮਾਰ ਕੇ ਤਾਲਾ, ਤੂੰ ਕੀ ਜਾਣੇ ਕਿੱਕਣ ਝੱਲਿਆ, ਝੱਖੜ ਝਾਂਜਾ, ਕੱਕਰ ਪਾਲਾ ! ਸਾਰੀ ਉਮਰ ਦਾ ਪਿਆ ਬਖੇੜਾ, ਸਾਂਝ ਬਣੀ ਸੀ ਚਾਰ ਦਮਾਂ ਦੀ, ਜਾਂਦੀ ਗੱਡੀ ਉਹਲੇ ਖੜੇ ਨੂੰ ਬੰਨ੍ਹ ਕੇ ਦੇ ਗਈ ਪੰਡ ਗ਼ਮਾਂ ਦੀ । 'ਕੱਠੇ ਜੀਣਾ ਮਰਨਾ 'ਕੱਠੇ ਕਰਨਾ ਔਖਾ ਕਹਿਣ ਸੁਖਾਲਾ। ਤੇ ਫਿਰ ਉਹ ਵੀ ਘੱਟ ਨਹੀਂ ਸੀ, ਕਹਿੰਦੀ ਸੀ ਮੇਰੀ ਬਾਂਹ ਫੜ ਕੇ, ‘ਆਪਾਂ ਉੱਡ ਜਾਣਾ ਅਸਮਾਨੀਂ ਪ੍ਰੀਤ ਦੇ ਉੱਡਣ-ਖਟੋਲੇ ਚੜ੍ਹ ਕੇ, ਇਹ ਉਂਗਲਾਂ ਦੀਆਂ ਮੁੰਦਰੀਆਂ ਨਹੀਂ ਇਹ ਹਨ ਅਸਲ ਦਿਲਾਂ ਦੇ ਵੱਟੇ।' ਚਾਰ ਕੁ ਹੰਝੂ ਕੇਰ ਕੇ ਆਖ਼ਰ ਜਾਂਦੀ ਹੋਈ ਰੁਲਾ ਗਈ ਘੱਟੇ, ਇਕ ਇਕ ਬੋਲ ਯਾਦ ਹੈ ਮੈਨੂੰ, ਇਕ ਇਕ ਗੱਲ ਕਾਲਜੇ ਰੜਕੇ। ਅਜ ਤੂੰ ਇਸ ਗਲਵਕੱੜੀ ਵਿਚ ਏਂ, ਅਜ ਦੀ ਰਾਤ ਹੈ ਚੜ੍ਹੀ ਜਵਾਨੀ, ਹੈ ਅਜ ਹੈ ਪਿਆਰ ਦੀ ਬੁੱਕਲ ਨਿੱਘੀ, ਅਜ ਦੀ ਰਾਤ ਮੈਂ ਰਬ ਦਾ ਸਾਨੀ, ਨਾ ਕਰ ਏਨੀਆਂ ਉੱਚੀਆਂ ਗੱਲਾਂ ਆਪਾਂ ਜੀਵ ਹਾਂ ਨਿੱਘਰੇ ਜਗ ਦੇ ਨਾ ਬੰਨ੍ਹ ਉਮਰ ਦੇ ਲੰਮ ਦਾਈਏ, ਹੁਣ ਇਹ ਹੰਢਣਸਾਰ ਨਾ ਲਗਦੇ ! ਅਜ ਦੀ ਰਾਤ ਬੜੀ ਸੁੰਦਰ ਹੈ, ਪਰ ਇਹ ਰਾਤ ਨਹੀਂ ਲਾਫ਼ਾਨੀ।
ਤ੍ਰਿੰਞਣ-ਜੱਗ
ਇਕ ਚਰਖਾ ਵੱਗੇ ਕਾਠ ਦਾ ਮੇਰੇ ਅੰਗਣ ਦੇ ਵਿਚਕਾਰ ਜਿਦੀ ਘੂਕਰ ਦੇ ਸੰਗ ਖੇਡਦੀ ਮੇਰੀ ਵੰਗਾਂ ਦੀ ਛਣਕਾਰ। ਮੇਰਾ ਇਕ ਗੋਰਾ ਹੱਥ ਏਸ ਨੂੰ ਹੈ ਗੇੜਨ ਦੇ ਵਿਚ ਲੀਨ, ਅਤੇ ਸੁਹਲ ਪਤਲੀਆਂ ਉਂਗਲਾਂ ਤੰਦ ਲੰਮੀ ਧੂਣ ਮਹੀਨ ਇਕ ਮੁੱਢਾ ਪਏ ਤਰੱਕਲੇ, ਪਏ ਛਿੱਕੂ ਦੇ ਵਿਚ ਦੋ। ਇਕ ਚਰਖਾ ਮੇਰੇ ਬੁੱਤ ਦਾ, ਜਿਦੀ ਸੱਜਰੀ ਛੱਬ ਨੁਹਾਰ ਮੇਰਾ ਢੋਲਣ ਇਸ ਨੂੰ ਗੇੜਦਾ ਨੈਣਾਂ ਵਿਚ ਸੁਰਗ ਉਤਾਰ। ਤੰਦ ਪੱਕੀ ਪ੍ਰੀਤ ਤਰੱਕਲੇ ਮੇਰੀ ਅਜ ਹਰਿਆਵਲ ਕੁੱਖ, ਮੈਂ ਲਖ ਲਖ ਸ਼ਗਨ ਮਨਾਵਸਾਂ ਪਈ ਸੌ ਸੌ ਸੁੱਖਾਂ ਸੁੱਖ, ਜਦ ਗੋਦੀ ਦੇ ਵਿਚ ਖੇਡਸੀ ਮੇਰੀ ਆਂਦਰ ਦੀ ਖ਼ਸ਼ਬੋ। ਇਕ ਚਰਖਾ ਵੱਗੇ ਸਮੇਂ ਦਾ ਜਿਦੀ ਹੱਥੀ ਮਿਹਨਤ ਹੱਥ, ਥੁੜ ਕੰਬੇ ਇਸ ਦੀ ਘੂਕ ਤੋਂ ਇਹਦੀ ਮਹਿੰਮਾਂ ਅੱਤ ਅਕੱਥ ਇਹ ਪਲ ਪਲ ਕੱਤੀ ਜਾ ਰਿਹਾ ਅਜ ਨਵੇਂ ਯੁਗਾਂ ਦਾ ਸੁੱਖ, ਅਜ ਪੀੜ ਪਰਾਹੁਣੀ ਪਲਾਂ ਦੀ ਪਈ ਓਟਾਂ ਟੋਲੇ ਭੁੱਖ। ਅਜ ਆਪਣੇ ਰਾਖਿਆਂ ਨਾਲ ਵੀ ਹੈ ਕਾਲ ਕਮਾਉਂਦਾ ਧ੍ਰੋਹ ਸੁਖ ਮੰਗਾਂ ਤ੍ਰਿੰਞਣ-ਜੱਗ ਦੀ ਇਹਨੂੰ ਘੂਰਣ ਵਾਲਾ ਕੌਣ ਧਰਤੀ ਦੇ ਵਿਹੜੇ ਬਰਕਤਾਂ ਇਉਂ ਜੁੱਗੋ ਜੁਗ ਸਹੌਣ ! ਪਲ ਪਲ ਇਹ ਪਲਮਣ ਰੌਣਕਾਂ ਹੁਣ ਦੂਣ ਸੁਵਾਈਆਂ ਹੋਣ।
ਸੂਝ ਤੇ ਸੱਚ
ਗਿਠ ਗਿਠ ਹੋਏ ਜ਼ਿੰਮੀਂ ਤੋਂ ਉੱਚੇ ਅਜੇ ਅਕਲ ਦੇ ਬੂਟੇ, ਪਸਮੀਂ ਰਹੀ ਧੁੱਪ ਦੀ ਛਾਤੀ ਰਜ ਨਾ ਦਿੱਤੇ ਅਜੇ ਹਵਾ ਨੇ ਹੂਟੇ, ਫੁਲ ਖਿੜੇ ਨਾ ਫਲ ਆਏ ਨਾ ਵਧ ਵਧ ਕੇ ਨਾ ਨਿਸਰੇ ਚੜ੍ਹਿਆ ਰੂਪ ਨਾ ਚੜ੍ਹੀ ਜੁਆਨੀ ਰੰਗ ਅਜੇ ਨਾ ਨਿਖ਼ਰੇ। ਚਿਣ ਚਿਣ ਉੱਪਰ ਵਹਿਮ ਭੁਲੇਖਿਆਂ ਦੇ ਸਿਲਵੱਟੇ ਭਾਰੇ ਮੁੜ ਕੂੜ ਦੇ ਕੋਝੇ ਹੱਥਾਂ ਪਰਬਤ ਆਣ ਉਸਾਰੇ। ਇਕੋ ਚਿਣਗ ਸੱਚ ਦੀ ਸੁਲਗੀ ਨ੍ਹੇਰ ਦੇ ਝੱਖੜ ਝੁੱਲੇ, ਕਾਲੀਆਂ ਰਾਤਾਂ ਅੰਬਰ ਕੱਜੇ ਰਾਹੀ ਮੰਜ਼ਲਾਂ ਭੁੱਲੇ। ਪਰਬਤ ਕੀ ਫਰਹਾਦਾਂ ਅੱਗੇ ਅਕਲ ਨਾ ਰਹੇ ਮਰੁੰਡੀ ਸਾਂਝੀ ਸੋਚ ਦਾ ਇਕ ਇਸ਼ਾਰਾ ਖੋਲ੍ਹੇ ਲਖ ਲਖ ਘੁੰਡੀ। ਫੁਲ ਖਿੜਨ ਫਲ ਆ ਕੇ ਪੱਕਣ ਪਲ ਪਲ ਹੋਵੇ ਬਾਗ ਇਹ ਦੂਣ ਸਵਾਇਆ ਜਲ ਥਲ ਤੇ ਖੁਸ਼ਬੋਆਂ ਫੈਲਣ ਜਗ ਜਾਵੇ ਨਸ਼ਿਆਇਆ। ਇੱਕੋ ਚਿਣਗ ਸੱਚ ਦੀ ਭੜਕੇ ਨ੍ਹੇਰ ਦੇ ਪਾਖੋਵਾੜੇ ਫੂਕੇ ਅੰਬਰਾਂ ਉੱਤੇ ਬਿਜਲੀ ਬਣ ਬਣ ਸ਼ੂਕੇ ਵਣ ਤਣ ਹੋਵੇ ਨੂਰ ਦੀ ਵਰਖਾ ਸਮੇਂ ਦਾ ਪਲਟੇ ਪਾਸਾ ਕਾਲਖ ਮਨ ਦੀ ਅਤੇ ਮਗ਼ਜ਼ ਦੀ ਰਹੇ ਨਾ ਰੱਤੀ ਮਾਸਾ।
ਮਿੱਟੀ ਦਾ ਪੁਤਲਾ
ਠੀਕ ਇਹ ਮਿੱਟੀ ਦਾ ਪੁਤਲਾ ਹੀ ਸਹੀ ਮੰਨਿਆਂ ਇਸ ਦੀ ਹਕੀਕਤ ਬਹੁਤ ਨਹੀਂ। ਇਕ ਸ਼ੁਅਲਾ ਪਰ ਹੈ ਇਸ ਵਿਚ ਭੜਕਦਾ, ਸਭ ਹਕੀਕਤ ਹੈ ਇਹੋ ਮੇਰੇ ਲਈ ਗਿੱਲ ਹੀ ਚੋਂ ਗੁੱਲ ਖਿੜਦੇ ਨੇ ਸਦਾ। ਠੀਕ ਇਹ ਮਿੱਟੀ ਦਾ ਪੁਤਲਾ ਹੀ ਸਹੀ, ਲੇਖ-ਬੰਧਨ ਦੀ ਕਹਾਣੀ ਰਹਿਣ ਦੇ, ਹੋ ਗਈ ਇਹ ਗੱਲ ਪੁਰਾਣੀ ਰਹਿਣ ਦੇ, ਏਸ ਮਿੱਟੀ ਦੀ ਰਤਾ ਤਦਬੀਰ ਤਕ ! ਧਰਤ-ਖਿੱਚ ਦੀ ਟੁੱਟਦੀ ਜ਼ੰਜੀਰ ਤਕ ! ਵੇਖ ਮਿੱਟੀ ਅੰਬਰਾਂ ਤੇ ਛਾ ਗਈ ਵੇਖ ਮਿੱਟੀ ਭੇਤ ਕੀ ਕੀ ਪਾ ਗਈ ! ਮੰਨਿਆ ਕਿ ਸੰਘਣੀ ਦੁੱਖਾਂ ਦੀ ਭੀੜ, ਮੈਂ ਨਹੀਂ ਕਹਿੰਦਾ ਕਿ ਮੁੱਕ ਜਾਵੇਗੀ ਪੀੜ, ਮੈਂ ਇਹ ਕਹਿੰਦਾ ਹਾਂ ਸ਼ਕਲ ਵਟਦੀ ਰਹੇ, ਮੈਂ ਇਹ ਚਾਹੁੰਦਾ ਹਾਂ ਸਦਾ ਘਟਦੀ ਰਹੇ। ਮੈਂ ਨਹੀਂ ਕਹਿੰਦਾ ਕਿ ਧਰਤੀ ਸੁਰਗ ਹੈ, ਨਾ ਮੈਂ ਕਹਿੰਦਾ ਹਾਂ ਸੁਰਗ ਬਣ ਜਾਏਗੀ। ਸੁਰਗ ਅਸਲੀਅਤ ਨਹੀਂ ਆਦਰਸ਼ ਹੈ। ਅਸਲੀਅਤ ਆਦਰਸ਼ ਦਾ ਸੰਘਰਸ਼ ਹੈ, ਬਸ ਇਹੋ ਸੰਘਰਸ਼ ਹੈ ਇਹ ਜ਼ਿੰਦਗੀ, ਇਹ ਜੋ ਮਿੱਟੀ ਵਿਚ ਸ਼ੁਅਲਾ ਮਚਲਦਾ। ਸ਼ੁਕਰ ਹੈ ਮੰਜ਼ਿਲ ਨਹੀਂ ਇਕ ਥਾਂ ਖੜੀ, ਨਹੀਂ ਤਾਂ ਪੈ ਜਾਣੀ ਸੀ ਇਕ ਮੁਸ਼ਕਲ ਬੜੀ। ਏਸ ਸ਼ੁਅਲੇ ਨੇ ਸਦਾ ਸੀ ਭੜਕਣਾ, ਪਾ ਕੇ ਮੰਜ਼ਿਲ ਜੀ ਨਹੀਂ ਸੀ ਪਰਚਣਾ, ਫੇਰ ਪੈ ਜਾਣਾ ਸੀ ਪਿੱਛੇ ਪਰਤਣਾ, ਅੱਗੇ-ਅੱਗੇ ਵੱਧ ਰਹੇ ਜਿਉਂ-ਜਿਉਂ ਕਦਮ, ਪਿੱਛੇ ਪਿੱਛੇ ਹੱਟ ਰਹੀ ਹੈ ਹਰ ਘੜੀ ਸ਼ੁਕਰ ਹੈ ਮੰਜ਼ਿਲ ਨਹੀਂ ਇਕ ਥਾਂ ਖੜੀ। ਠੀਕ ਇਹ ਮਿੱਟੀ ਦਾ ਪੁਤਲਾ ਹੀ ਸਹੀ, ਪਰ ਬੜਾ ਕਰਤਬ ਹੈ ਇਸ ਦੀ ਜ਼ਿੰਦਗੀ। ਭੜਕਦਾ ਸ਼ੁਅਲਾ ਰਹੇ ਨਿੱਤ ਭੜਕਦਾ। ਰਹਿਣ ਗਿੱਲ 'ਚੋਂ ਗੁੱਲ ਨਵੇਂ ਖਿੜਦੇ ਸਦਾ
ਇਸ਼ਕ ਤੇ ਖ਼ੁਦ-ਦਾਰੀ
ਹੁਣ ਉਹਨਾਂ ਨੂੰ ਕਦੀ ਨਹੀਂ ਕਹਿਣਾ। ਦਰਦ ਸਹਿਣਾ ਤੇ ਚੁੱਪ ਹੋ ਰਹਿਣਾ ! ਜੇ ਮਿਲਣ ਵੀ ਤਾਂ ਗੱਲ ਨਹੀਂ ਕਰਨੀ ! ਨਜ਼ਰ ਤੱਕ ਉਹਨਾਂ ਵੱਲ ਨਹੀਂ ਕਰਨੀ ! ਆਪ ਤੜਫਣਗੇ ਆਪ ਆਵਣਗੇ, ਵਾਸਤੇ ਪਾ ਪਾ ਬੁਲਾਵਣਗੇ! ਪ੍ਰਣ ਕਰਦਾ ਹਾਂ ਮੈਂ ਕਈ ਵਾਰੀ, ਜਦ ਕਦੀ ਜਾਗਦੀ ਹੈ ਖ਼ੁਦ-ਦਾਰੀ। ਨੈਣਾਂ ਵਿਚ ਪਰ ਹਯਾ ਦੇ ਡੋਰੇ ਲੈ, ਜਾਦੂ-ਮਸਤੀ ਭਰੇ ਕਟੋਰੇ ਲੈ, ਝਿਜਕਦੇ, ਸਹਿਮਦੇ, ਅਤੇ ਸੰਗਦੇ, ਬਿਨ ਬੁਲਾਇਆਂ ਉਹ ਲਾਗਦੀ ਲੰਘਦੇ, ਪ੍ਰਣ ਭੁੱਲਦੇ ਤੇ ਹੋਸ਼ ਉੱਡ ਜਾਂਦੇ, ਜਜ਼ਬਿਆਂ ਕੋਲ ਬੋਲ ਥੁੜ ਜਾਂਦੇ। ਹੁਸਨ ਦਾ ਜ਼ੋਰ ਜਾਣਦੇ ਨੇ ਉਹ। ਨਬਜ਼ ਦਿਲ ਦੀ ਪਛਾਣਦੇ ਨੇ ਉਹ। ਖ਼ਾਕ ਸਾਰੀ ਦਾ ਨਾਂ ਵਫ਼ਾਦਾਰੀ, ਇਸ਼ਕ਼ ਵਿਚ ਕਦ ਪੁਗੀ ਹੈ ਖ਼ੁਦ-ਦਾਰੀ ! ਇਸ਼ਕ ਤਾਂ ਹੈ ਖ਼ੁਦੀ ਦਾ ਮਰ ਜਾਣਾ, ਭੁੱਲ ਉਨ੍ਹਾਂ ਦੀ ਤੇ ਆਪ ਬਖ਼ਸ਼ਾਣਾ।
ਕੱਲ੍ਹ
ਸਮੇਂ ਨੂੰ ਕੋਈ ਬੰਨ੍ਹ ਬਹਾਏ ਰਾਤ ਦੇ ਪੈਰੀਂ ਸੰਗਲ ਪਾਏ। ਸੁੱਝੇ ਕੋਈ ਐਸੀ ਤਦਬੀਰ ਯੁੱਗਾਂ ਤੀਕਰ ਕੱਲ੍ਹ ਨਾ ਆਏ। ਕਲ੍ਹ ਅਜਿਹੀ ਇਕ ਚਟਾਨ ਜਿਸਦੇ ਸੰਗ ਮੱਥਾ ਟਕਰਾਣ ਮੇਰੀ ਪ੍ਰੀਤ-ਭਰੀ ਜ਼ਿੰਦ ਬੇੜੀ ਰਾਤ ਨਦੀ ਨੂੰ ਤਰਦੀ ਜਾਏ। ਕਲ੍ਹ ਇਕ ਕਲ ਮੂੰਹਾ ਨਾਗ ਜੋ ਯੁੱਗਾਂ ਦੀਆਂ ਵਾਟਾਂ ਝਾਗ ਮੇਰੀ ਜ਼ਿੰਦਗਾਨੀ ਦੇ ਰਾਹ 'ਤੇ ਬੈਠਾ ਜ਼ਹਿਰੀ ਡੰਗ ਵਿਛਾਏ। ਕਲ੍ਹ ਇਕ ਹੜ੍ਹ ਚੜ੍ਹਿਆ ਦਰਿਆ ਜਿਸਦੀ ਬੁੱਕਲ ਕਹਿਰੀ ਢਾਅ ਕੰਢੇ ਮੇਰੀ ਆਸ ਅਟਾਰੀ ਕੰਬੇ ਡੋਲੇ ਡਗਮਗਾਏ। ਕਲ੍ਹ ਧਾੜਵੀ ਕਲ੍ਹ ਇਕ ਚੋਰ ਲੁੱਟ ਮਚਾਸੀ ਜ਼ੋਰੋ ਜ਼ੋਰ ਪ੍ਰੀਤਾਂ ਹਥੋਂ ਖ਼ੁਸ਼ੀਆਂ ਖੋਹੇ ਬੁੱਕੋ ਬੁੱਕ ਹੰਝੂ ਵਰਤਾਏ। ਕਲ੍ਹ ਗ਼ਮਾਂ ਦੀ ਹੋਸੀ ਭੀੜ ਪ੍ਰੀਤਾਂ ਹੋਸਣ ਪੀੜੋ ਪੀੜ ਹਾਏ ਕਲ੍ਹ ਕੋਈ ਤੁਰ ਜਾਸੀ ਮੇਰੇ ਹੱਥੋਂ ਹੱਥ ਖਿਸਕਾਏ। ਕੌਣ ਸਮੇਂ ਨੂੰ ਬੰਨ ਬਹਾਏ ਰਾਤ ਦੇ ਪੈਰੀਂ ਸੰਗਲ ਪਾਏ ਨਹੀਂ ਕੋਈ ਐਸੀ ਤਦਬੀਰ ਯੁਗਾਂ ਤੀਕਰ ਕੱਲ੍ਹ ਨਾ ਆਏ।
ਇੰਤਜ਼ਾਰ
ਕੀ ਕਹਾਂ ਕਿੰਨਾ ਰਿਹਾ ਹਾਂ ਬੇਕਰਾਰ, ਕਿੰਜ ਕੀਤਾ ਹੈ ਮੈਂ ਤੇਰਾ ਇੰਤਜ਼ਾਰ ! ਤ੍ਰੇਲ ਦੇ ਤੁਪਕੇ ਦੇ ਵਾਕਣ ਹਰ ਘੜੀ ਕੰਡੇ ਉੱਤੇ ਟੰਗ ਛੱਡੀ ਜਿੰਦੜੀ। ਜਾਗ ਪਈ ਪੂਰਬ ਦੀ ਬੁਕਲ 'ਚੋਂ ਸਵੇਰ ਪੌਹ ਫੁਟਾਲੇ ਇਕ ਕਿਰਨ ਲੋ ਦੀ ਜਗੀ। ਹੌਲੀ ਹੌਲੀ ਸਿਰ ਤੇ ਸੂਰਜ ਆ ਗਿਆ, ਕੜਕਦੀ ਦੁਪਹਿਰ ਫਿਰ ਦਿਲ ਦੇ ਦਗੀ। ਡੁਲ੍ਹਿਆ ਪੱਛਮ ਦੇ ਵਿਹੜੇ ਵਿਚ ਲਹੂ, ਸ਼ਾਮ ਦੀ ਤਿੱਖੀ ਛੁਰੀ ਗਲ ਤੇ ਵਗੀ, ਕਾਲਾ ਕੱਫਣ ਰਾਤ ਨੇ ਦਿੱਤਾ ਪਸਾਰ। ਝੱਖੜਾਂ ਵਿਚ ਸ਼ੂਕਦੀ ਇਕ ਟਾਹਣ 'ਤੇ ਚੇਤ ਚੜ੍ਹਦੇ ਕੁਝ ਕਰੂੰਬਲਾਂ ਫੁੱਟੀਆਂ। ਰਾਤ ਦਿਨ ਇਸ ਦੇ ਅੰਗਾਂ ਨੂੰ ਟੁੰਬ ਕੇ ਲੰਘੀਆਂ ਪੌਣਾਂ ਦੁਮੇਲੋਂ ਟੁੱਟੀਆਂ। ਕੋਈ ਫੁਲ ਖਿੜਿਆ ਤੇ ਫਲ ਆਇਆ ਨਹੀਂ ਝੜ ਗਏ ਪੱਤੇ ਉਮੀਦਾਂ ਲੁੱਟੀਆਂ ਸੱਖਣੀ ਹੀ ਬੀਤ ਗਈ ਇਸ ਦੀ ਬਹਾਰ। ਇਸ ਤਰ੍ਹਾਂ ਇਕ ਵਾਰ ਕਾਂਗਾਂ ਉੱਠੀਆਂ ਜਾਪਿਆ ਦਿਲ ਦੇ ਸਹਾਰੇ ਢਹਿ ਗਏ। ਹੋਰ ਸੱਭੋ ਵਲਵਲੇ ਸਭ ਖ਼ਿਆਲ ਏਸ ਇਕੋ ਵਹਿਣ ਦੇ ਵਿਚ ਵਹਿ ਗਏ। ਹੰਭ ਕੇ ਤੇ ਪਰਤ ਗਏ ਲਹਿਰਾਂ ਦੇ ਪੈਰ ਲਹਿੰਦੇ ਲਹਿੰਦੇ ਅੰਤ ਪਾਣੀ ਲਹਿ ਗਏ। ਪਰ ਗਏ ਕੁਝ ਸਿੱਪੀਆਂ ਘੋਗੇ ਖਿਲਾਰ। ਮੁੱਕ ਗਿਆ ਹੈ ਬੱਸ ਤੇਰਾ ਇੰਤਜ਼ਾਰ।
ਬੱਚੀ
(ਡਾ. ਓਂਕਾਰ ਸਿੰਘ ਅਟਵਾਲ ਲਈ) ਮੇਰੀ ਬੱਚੀਏ ਮੇਰੇ ਉਜੜੇ ਬਾਗ਼ ਦੀ ਕਲੀਏ ਤਕਦੀਰਾਂ ਦੇ ਗੇੜ 'ਚ ਆ ਕੇ ਉਮਰ-ਤਰੱਕਲੇ ਵਲੀਏ ਸੁਬਕ ਜਹੀ ਪ੍ਰੀਤਾਂ ਦੀ ਤੰਦੀਏ ਤੂੰਹੀਉਂ ਉਸ ਛਿਨ ਭੰਗਰੇ ਰਸ-ਰੰਗ-ਖ਼ੁਸ਼ਬੂ-ਮੌਸਮ ਦੀ ਇਕ ਯਾਦ ਬਚੀ ਏਂ ਜਿਸ ਨੂੰ ਅਖ-ਪਲਕਾਰੇ ਵਿਚ ਹੀ ਕਾਲ ਦੇ ਝਖੜ ਲੁਟ ਕੇ ਲੈ ਗਏ। ਤੂੰ ਨਾ ਜਾਣੇ ਤੇਰੀ ਅਧ-ਦਲੀਲੀ ਇਸ ਹਲਕੀ ਮੁਸਕਾਣ 'ਚ ਕਿੰਨੇ ਫੁਲ ਮੁਰਝਾਏ। ਤੈਨੂੰ ਸਾਰ ਨਾ ਹਾਲੇ ਤੇਰੇ ਏਸ ਖਿੜੇ ਮਸਤਕ ਵਿਚ ਕਿਹੜੇ ਚੰਨ ਦਾ ਚਾਨਣ ਘੁਲਿਆ ਤੈਨੂੰ ਖ਼ਬਰ ਨਾ ਕੋਈ ਤੇਰੀਆ ਪਲਕਾਂ ਛਾਵੇਂ ਸੁੱਤੇ ਪ੍ਰੀਤਾਂ ਦੇ ਕੇਹੇ ਜਗਰਾਤੇ। ਮੇਰੀਏ ਨਿੱਕੀਏ ਜਹੀਏ ਬਚੀਏ ਖੁਸ਼ੀਆਂ ਦਾ ਇਕ ਭਰਿਆ ਮੇਲਾ ਵਿਛੜ ਗਿਆ ਏ। ਐਸਾ ਗ਼ੈਬ ਤੋਂ ਪੱਲਾ ਵੱਜਾ ਗੁੱਲ ਹੋ ਗਏ ਮੇਰੇ ਅੰਬਰ ਸੱਭੇ ਚੰਨ ਸੂਰਜ ਤੇ ਤਾਰੇ, ਤਾਂ ਕਿਧਰੇ ਜਗੀਆਂ ਨੇ ਇਹ ਤੇਰੇ ਨੈਣਾਂ ਦੀਆਂ ਜੋਤਾਂ। ਤੂੰ ਨਾ ਜਾਣੇ ਕਿੰਨੀ ਮਹਿੰਗੀ ਏਂ ਤੂੰ ਕਿੰਨਾ ਮੁਲ ਤਾਰ ਕੇ ਤੈਨੂੰ ਰੱਬ ਤੋਂ ਲੀਤਾ। ਜੰਮ ਜੰਮ ਖੇਡਣ ਤੇਰੇ ਨੈਣਾਂ ਨਾਲ ਭਵਿੱਖ ਦੇ ਰੰਗ ਬਰੰਗੇ ਸੁਪਨੇ ਮੇਰੇ ਲਈ ਤੂੰ ਬੀਤੇ ਹੋਏ ਦੀ ਸੰਗ-ਨਸ਼ਾਨੀ। ਮੇਰੇ ਰਾਹ ਦਾ ਘੁਪ ਹਨੇਰਾ ਸੰਘਣਾ ਤੇ ਮਜ਼ਬੂਰ ਨੇ ਇਹ ਤੇਰੇ ਨੈਣਾਂ ਦੀਆਂ ਜੋਤਾਂ। ਤੇਰੇ ਸੁਹਲ ਜਹੇ ਇਸ ਬੁਤ ਵਿਚ ਆਉਂਦੇ ਗ਼ਮਾਂ ਤੇ ਬੀਤੇ ਚਾਵਾਂ ਦੀ ਗੰਢ ਪੀਚੀ ਹੋਈ। ਤੇਰੇ ਜਿਸਮ 'ਚ ਮੇਰੀਆਂ ਨਾੜਾਂ ਦੀ ਰੱਤ ਗਿੜਦੀ ਤੇ ਇਕ ਚੁੱਪ-ਨਗਰੀ ਵਿਚ ਸੁਤੀ ਜਿੰਦੜੀ ਸਾਹ ਲੈਂਦੀ ਏ। ਮੇਰੀ ਪਾਪਣ ਬਚੀਏ ਤੂੰ ਜੰਮਦੀ ਨੇ ਪਾਪ ਕਮਾਇਆ। ਪਰ ਨਹੀਂ ਮੈਂ ਇਹ ਵੀ ਨਹੀਂ ਕਹਿੰਦਾ ਰੂੰ ਦੇ ਗੋਹੜਿਆਂ ਵਰਗੇ ਇਹ ਹੱਥ ਨਿੱਕੇ ਨਿੱਕੇ ਕਿਹੜਾ ਕਹਿਰ ਕਮਾ ਸਕਦੇ ਨੇ? ਧੁਰ ਦੀਆਂ ਲਿਖੀਆਂ ਮਿਟ ਨਾ ਸਕੀਆਂ ਤੂੰ ਅਣਭੋਲ ਮਸੂਮ ਬੇਦੋਸ਼ੀ ਆ ਮੈਂ ਤੈਨੂੰ ਹਿੱਕੜੀ ਲਾਵਾਂ।
ਇਕ ਖ਼ਤ
ਬੀਤ ਚੁੱਕੇ ਦੇ ਨ੍ਹੇਰੇ ਸਾਗਰ ਵਿਚ ਹੋਰ ਇਕ ਦਿਨ ਦੀ ਰੋਸ਼ਨੀ ਗਰਕੀ, ਮੱਛੀ ਦੇ ਵਾਂਗ ਤਿਲ੍ਹਕਦੀ ਹੱਥੋਂ ਹੋਰ ਇਕ ਪੈਰ ਜ਼ਿੰਦਗੀ ਸਰਕੀ। ‘ਹੋਰ ਕੁਝ ਚਿਰ ਅਜੇ ਠਹਿਰ ਜਾਈਏ ਸ਼ੈਦ ਰਾਹ ਚੋਂ ਪਹਾੜ ਹਟ ਜਾਏ, ਨਿਖਰ ਜਾਵਣ ਦੁਮੇਲ ਪ੍ਰੀਤਾਂ ਦੇ, ਸ਼ੈਦ ਫ਼ਿਕਰਾਂ ਦੀ ਧੁੰਦ ਛਟ ਜਾਏ। ਦੇਵ ਪਰੀਆਂ ਦੇ ਸਵਰਣ-ਮਹਿਲਾਂ ਦੀ ਜਾਦੂ-ਬਾਰੀ ਦੇ ਵਿਚ ਬਹਿੰਦੀ ਏਂ ਤੂੰ ਅਜੇ ਜਿੰਦਗੀ ਨਹੀਂ ਦੇਖੀ ਤੂੰ ਅਜੇ ਸੁਪਨਿਆਂ ’ਚ ਰਹਿੰਦੀ ਏਂ। ਜਿਸ ਘੜੀ ਦੀ ਉਮੀਦ ਹੈ ਤੈਨੂੰ ਉਸ ਘੜੀ ਨੇ ਕਦੀ ਨਹੀਂ ਹੋਣਾ ਇਸ਼ਕ ਨੂੰ ਮੁਲਤਵੀ ਤਾਂ ਕਰ ਦਈਏ ਮੌਤ ਨੇ ਮੁਲਤਵੀ ਨਹੀਂ ਹੋਣਾ।
ਸੁਪਨ-ਨਗਰੀ
ਦੂਰ ਵਸਦੀ ਸੁਪਨ-ਨਗਰੀ ਦੀ ਪਈ ਸੀ ਝਲਕ ਇਕ ਰੂਪ ਰਾਣੀ ਸ਼ਾਹ ਪਰੀ ਕੋਈ ਜ਼ਿੰਦਗੀ ਦੀ ਬਾਦਸ਼ਾਹੀ ਸਾਗਰਾਂ ਦੀ ਝੱਗ ਵਲ ਨੂੰ ਜਾਦੂ ਬਾਰੀ ਖੋਲ੍ਹ ਬੈਠੀ ਸਵਰਣ ਮਹਿਲਾਂ ਵਿਚ ਮੇਰਾ ਕਰ ਰਹੀ ਸੀ ਇੰਤਜ਼ਾਰ। ਆਪਣੀ ਕੱਖਾਂ ਦੀ ਕੁੱਲੀ- ਕੱਲਾ ਕੱਲਾ ਕੱਖ ਚੁਕ ਕੇ ਜੋੜਿਆ ਸੀ -ਆਪਣੀ ਕੱਖਾਂ ਦੀ ਕੁੱਲੀ ਵਿਹੁ ਦਖਾਲੀ ਦੇਣ ਲੱਗੀ ਆਪਣੀ ਕੱਖਾਂ ਦੀ ਕੁੱਲੀ ਅੰਤ ਮੈਂ ਦਿੱਤੀ ਤਿਆਗ। ਦੂਰ ਵਸਦੀ ਸੁਪਨ-ਨਗਰੀ ਰੱਚ ਗਈ ਸੀ ਰੋਮ ਰੋਮ । ਦੂਰ ਵਸਦੀ ਸੁਪਨ-ਨਗਰੀ ਭੂਤ ਬਣ ਕੇ ਚੰਬੜੀ। ਸ਼ੂਕਦੇ ਸੱਪਾਂ ਦੀਆਂ ਸਿਰੀਆਂ ਨੂੰ ਮਿਧ ਮਿਧ ਲੰਘਿਆ ਕਿੰਨੀਆਂ ਹੀ ਕਾਲੀਆਂ ਰਾਤਾਂ ਦੇ ਮੈਂ ਚੀਰੇ ਪਹਾੜ ਕਿੰਨੀਆਂ ਹੀ ਦੁੱਧ-ਨਦੀਆਂ ਪੌਹ-ਫੁੱਟੀਆਂ। ਘੁਪ ਹਨੇਰੇ ਝੱਖੜਾਂ ਵਿਚ ਆਸ ਦਾ ਇਕ ਟਿਮਟਿਮਾਂਦਾ ਦੀਪ ਲੈ ਕੇ ਕਿੰਨੀਆਂ ਹੀ ਔਖੀਆਂ ਰਾਹਾਂ ਨੂੰ ਰੁਸ਼ਨਾਂਦਾ ਗਿਆ। ਅੰਤ ਸੰਘਣੇ ਤੇ ਹਨੇਰੇ ਜੰਗਲਾਂ ਵਿਚ ਪਹੁੰਚਦਿਆ ਹਾਂ ਹਾਰਿਆ ਹੁਟਿਆ ਹੋਇਆ। ਚਾਰ ਵਰ੍ਹਿਆ ਦਾ ਥਕੇਵਾਂ ਅੱਜ ਹੱਡੀਂ ਰੜਕਦਾ ਏ ਜਾਦੂ-ਬਾਰੀ ਸਵਰਣ-ਮਹਿਲਾਂ ਦੀ ਕਿਤੇ ਦਿੱਸਦੀ ਨਹੀਂ। ਹੌਲੀ ਹੌਲੀ ਹੁੰਦੀ ਹੁੰਦੀ ਸੁਪਨ-ਨਗਰੀ ਹੋ ਗਈ ਕਿਧਰੇ ਅਲੋਪ। ਹੋਰ ਮੰਜ਼ਲ ਯਾ ਟਿਕਾਣੇ ਦੀ ਰਹੀ ਕੋਈ ਚਾਹ ਨਹੀਂ, ਆਪਣੀ ਕੱਖਾਂ ਦੀ ਕੁੱਲੀ ਢੂੰਡ ਸੱਕਾਂ ਵਾਹ ਨਹੀਂ ਆਪਣੀ ਕੱਖਾਂ ਦੀ ਕੁੱਲੀ ਵੱਲ ਕੋਈ ਰਾਹ ਨਹੀਂ। ਅੰਤ ਸੰਘਣੇ ਤੇ ਹਨ੍ਹੇਰੇ ਜੰਗਲਾਂ ਵਿਚ ਭਟਕਦਾ ਹਾਂ। ਜ਼ਿੰਦਗੀ ਮੇਰੀ ਪਤਾ ਨਹੀਂ ਕਿਸ ਬਲਾ ਦਾ ਕਰਜ਼ ਹੈ।
ਐਹ ਤੇਰੇ ਖ਼ਤ ਨੇ
ਐਹ ਤੇਰੇ ਖ਼ਤ ਨੇ ਪਿਆਰੀ ਇਹ ਤੇਰੀ ਤਸਵੀਰ ਹੈ ! ਠੀਕ ਹੈ ਮਨਜ਼ੂਰ ਮੈਨੂੰ ਜੋ ਮੇਰੀ ਤਕਦੀਰ ਹੈ। ਮੰਨਦਾਂ, ਮੇਰਾ ਕੋਈ ਤੇਰੀ ਰਜ਼ਾ ਤੇ ਜ਼ੋਰ ਨਹੀਂ ਗੱਲ ਇਹ ਤੇਰੀ ਵਫ਼ਾ ਦੀ ਸਿਰਫ਼ ਤੇਰੇ ਨਾਲ ਕਰਦਾਂ ਜੱਗ ਵਿਚ ਪਾਣਾ ਕਦੀ ਮੈਂ ਸ਼ੋਰ ਨਹੀਂ ! ਇਕ ਵਾਰੀ ਬਦਲੀਆਂ ਨਜ਼ਰਾਂ ਉਠਾ ਕੇ ਵੇਖ ਤਾਂ ਸਹੀ ਮੈਂ ਤਾਂ ਉਹੀਓ ਹਾਂ ਅਜੇ ਕੋਈ ਹੋਰ ਨਹੀਂ ! ਕੀ ਹੋਇਆ ਜੋ ਤੋੜ ਲੀਤੇ ਨੇ ਤੂੰ ਸਭ ਕੌਲਾਂ ਦੇ ਫੁਲ ਮਾਰ ਕੇ ਪੱਲਾ ਬੁਝਾ ਦਿੱਤੇ ਨੇ ਸਭ ਆਸਾਂ ਦੇ ਦੀਪ ਬੀਤ ਚੁੱਕੇ ਵਕਤ ਦੇ ਪਰ ਅੰਬਰਾਂ 'ਤੇ ਜੜੇ ਜਾ ਚੁੱਕੇ ਨੇ ਜਿਹੜੇ ਪ੍ਰੀਤ-ਪਲ ਡਲ੍ਹਕਦੇ ਹੋਏ ਤਾਰਿਆਂ ਨੂੰ ਦਸ ਕਿਵੇਂ ਤੋੜੇਂਗੀ ਤੂੰ ! ਸਾਂਭ ਲੈ ਲਿਖੇ ਹੋਏ ਆਪਣੇ ਐਹ ਖ਼ਤ, ਤਸਵੀਰ ਇਹ ! ਪਰ ਉਨ੍ਹਾਂ ਦਾ ਕੀ ਕਰੇਂਗੀ ਮੇਰੇ ਦਿਲ ’ਤੇ ਉਕਰੇ ਹੋਏ ਜੋ ਤੇਰੇ ਨਕਸ਼ ਨੇ। ਆਪਣੀ ਹਰ ਇਕ ਨਿਸ਼ਾਨੀ ਮੋੜ ਤਾਂ ਸਕਦੀ ਏਂ ਪਰ ਵਕਤ ਦਾ ਚਲਿਆ ਹੋਇਆ ਚੱਕਰ ਕਿਥੋਂ ਮੋੜੇਂਗੀ ਤੂੰ ! ਤੇਰੇ ਇਕ ਇਕ ਅੰਗ ਉੱਤੇ ਹੈ ਮੇਰੇ ਜਜ਼ਬੇ ਦੀ ਛਾਪ । ਲੱਖ ਤੂੰ ਸੱਜਰੇ ਪਿਆਰਾਂ ਦੀ ਕਿਤੇ ਸੌਂਹ ਖਾ ਲਈ, ਤੇਰੇ ਹੋਠਾਂ 'ਚੋਂ ਨਹੀਂ ਜਾਣਾ ਮੇਰੇ ਹੋਠਾਂ ਦਾ ਰੱਸ । ਹਰ ਮਹਿਕਦੀ ਪੌਣ ਦੇ ਖੰਭਾਂ ਤੇ ਉੱਡ ਕੇ ਆਏਗਾ ਮੇਰਾ ਖ਼ਿਆਲ। ਯਾਦ ਹੈ ਉਹ ਰਾਤ ਜਦ ਬਾਰੀ ਥਾਣੀ ਲੰਘ ਕੇ ਸ਼ਰਮਾ ਰਹੀ ਸੀ ਫਰਸ਼ ਤੇ ਲੇਟੀ ਹੋਈ ਚੰਨ-ਚਾਨਣੀ? ਮੇਰਾ ਸਿਰ ਗਲਵੱਕੜੀ ਵਿਚ ਘੁੱਟ ਕੇ ਤੂੰ ਸੀ ਕਿਹਾ, “ਕਾਸ਼ ! ਹੋ ਜਾਏ ਉਮਰ ਨਾਲੋਂ ਵੀ ਲੰਮੀ ਰਾਤ ਇਹ।” ਜ਼ਿੰਦਗੀ 'ਚੋਂ ਕਿੰਜ ਕੱਢ ਦੇਵੇਂਗੀ ਤੂੰ ਉਸ ਰਾਤ ਨੂੰ?” ਕਦੀ ਤਾਂ ਝਾਕੇਗੀ ਬਾਰੀ ਵਿਚ ਦੀ ਚੰਨ-ਚਾਨਣੀ। ਯਾਦ ਕਰ ਕਰ ਪਤਾ ਨਹੀਂ ਹੱਸੇਂਗੀ ਯਾ ਰੋਇਆ ਕਰੇਂਗੀ ! ਮੋੜ ਲੈ ਖ਼ਤ ਮੋੜ ਲੈ ਤਸਵੀਰ ਬੇਸ਼ੱਕ ਮੈਂ ਤਾਂ ਇਹ ਪੁੱਛਦਾ ਹਾਂ ਪਿਆਰੀ ਕਿੰਜ ਹੋ ਚੁੱਕੇ ਨੂੰ ਅਣਹੋਇਆ ਕਰੇਂਗੀ?
ਦੋ ਘੜੀਆਂ
ਕਿਰ ਗਈਆਂ ਆਖ਼ਰ ਕਿਰ ਗਈਆਂ ਹਿਜ਼ਰ-ਪੀੜ ਦੀਆਂ ਮੁਠੀਆਂ ਵਿਚੋਂ ਨਿੱਘੀਆਂ ਤੇ ਮਿੱਠੀਆਂ ਦੋ ਘੜੀਆਂ। ਦੋ ਬੁੱਤਾਂ ਹੋ ਕੋਲੋਂ ਕੋਲੀ ਸਾਂਝੀ ਕੀਤੀ ਭੇਤ ਦੀ ਝੋਲੀ ਸੁਵਾਦ-ਛੁਹਾਂ ਦੇ ਖੰਭ ਲਗਾ ਕੇ ਦੋ ਰੂਹਾਂ ਅਰਸ਼ਾਂ ਤੇ ਚੜ੍ਹੀਆਂ। ਕੀ ਆਖੇ ਕੋਈ ਗੱਲ ਵਡੇਰੀ ਨਿੱਕਾ ਮੇਲ ਉਡੀਕ ਲੰਮੇਰੀ ਦੋ ਘੜੀਆਂ ਤੇ ਹਾਵੀ ਹੋਈਆਂ ਬੁਲ੍ਹ-ਛੋਹਾਂ ਤੇ ਗਲ ਵੱਕੜੀਆਂ। ਭਖਦੇ ਅੰਗਾਂ ਮਘਣ ਉਮੰਗਾਂ ਢਿਲਕੀ ਚੋਲੀ ਤਿੜੀਆਂ ਵੰਗਾਂ ਗੋਰੇ ਪਿੰਡਿਆਂ ਦੇ ਲੂਆਂ 'ਚੋਂ ਤੀਬਰਤਾ ਖੁਸ਼ਬੋਆਂ ਝੜੀਆਂ। ਖੁਲ੍ਹੇ ਖਿੰਡਰੇ ਤਲਮਲਾਂਦੇ ਜਜ਼ਬੇ ਬੱਧੇ ਲੜ ਬੋਲਾਂ ਦੇ, ਸਾਹਾਂ ਵਿਚ ਸੁਲਗੀ ਕਸਤੂਰੀ ਨੈਣਾਂ ਸੰਗ ਬਿਜਲੀਆਂ ਲੜੀਆਂ ! ਲੂੰ ਲੂੰ ਨੇ ਉਹ ਖੁਲ੍ਹ ਸੀ ਮਾਣੀ, ਨਾਦ ਉਗਮਿਆ ਰਗ ਰਗ ਥਾਣੀ, ਪੌਣ ਹੁਲਾਰੇ ਵਾਕਣ ਝੁਲੀਆਂ ਤ੍ਰਿਸ਼ਨਾਵਾਂ ਜੋ ਦਿਲ ਵਿਚ ਦੜੀਆਂ। ਐਪਰ ਓਵੇਂ ਫੇਰ ਉਦਾਸੀ ਹੱਥੋਂ ਜਿੰਦ ਨਾ ਪਾਏ ਖਲਾਸੀ ਓਵੇਂ ਹਿਜ਼ਰ-ਬਲਾਂ ਦੀਆਂ ਤਪਸ਼ਾਂ ਓਵੇਂ ਗ਼ਮ-ਕੈਦਾਂ ਦੀਆਂ ਕੜੀਆਂ। ਦੋ ਘੜੀਆਂ ਦੋ ਫੁੱਲ ਪਿਆਰੇ ਦੋ ਘੜੀਆਂ ਦੋ ਨੂਰੀ ਤਾਰੇ ਯਾਦਾਂ ਦੀ ਮਖ਼ਮਲ ਦੇ ਉੱਤੇ ਲਿਸ਼ਕਣ ਹੀਰਿਆਂ ਵਾਕਣ ਜੁੜੀਆਂ।
ਸੈਰੀਨੇਡ
ਵਰ੍ਹ ਕੇ ਬੱਦਲ ਛਟ ਗਏ ਨੇ, ਧਰਤ ਗਿੱਲੀ, ਚੰਨ ਦੇ ਮੁਖ ’ਤੇ ਪਿਲੱਤਣ ਰਾਤ ਹੈ ਪਿੱਲੀ। ਪਾਇਆ ਦਿਲ ਦੇ ਦਰਦ ਨੇ ਹੈ ਜ਼ੋਰ ਡਾਹਡਾ ਜੋ ਪਲੋ ਪਲ ਹੋ ਰਿਹਾ ਹੈ ਹੋਰ ਵੀ ਡਾਹਡਾ। ਖ਼ੁਸ਼ਕ ਬੁਲ੍ਹੀ ਲੈ ਕੇ ਨਗ਼ਮੇ ਪੀੜ-ਭੱਜੇ ਚੁੱਭਦੇ ਕੰਕਰ ਨਾ ਸੀਨੇ ਜਾਣ ਕੱਜੇ, ਆ ਗਿਆ ਹਾਂ ਫੇਰ ਅੱਜ ਤੇਰੇ ਦਵਾਰੇ, ਤੂੰ ਪਰੀ-ਖ਼ਾਬਾਂ ਦੇ ਲੈਂਦੀ ਏਂ ਹੁਲਾਰੇ। ਤੇਰੇ ਦਰ ਨੇ ਹੈ ਕਦੋਂ ਤਕ ਬੰਦ ਰਹਿਣਾ? ਜਿੰਦ ਨੇ ਕਿੰਨਾ ਕੁ ਚਿਰ ਸੰਤਾਪ ਸਹਿਣਾ? ਜਾਗ ਕਿ ਤੇਰੇ ਇਹ ਰੰਗਲੇ ਖ਼ਾਬ ਊਣੇ, ਭਟਕਦੇ ਮੇਰੇ ਇਹ ਜਗਰਾਤੇ ਨਗੂਣੇ, ਝੋਲ ਖ਼ਾਬਾਂ ਦੀ 'ਚ ਜਗਰਾਤੇ ਵੀ ਪਾ ਦੇ ! ਜਾਗ ਨੂੰ ਖ਼ਾਬਾਂ ਜਹੀ ਮਸਤੀ ਬਣਾ ਦੇ। ਵਰ ਕੇ ਬੱਦਲ ਛਟ ਗਏ ਨੇ, ਧਰਤ ਗਿੱਲੀ, ਚੰਨ ਦੇ ਮੁਖ ਤੇ ਪਿਲਤੱਣ ਰਾਤ ਹੈ ਪਿੱਲੀ।
ਖ਼ੁਦ-ਫ਼ਰੇਬੀ
ਇਹ ਤੇਰੇ ਪਿਆਰ ਦੇ ਪੱਤਰ ਮੈਂ ਐਵੇਂ ਸਾਂਭ ਰੱਖੇ ਨੇ ਨਾ ਹੁਣ ਇਹ ਚੁੱਭਦੇ ਮੈਨੂੰ ਨਾ ਹੈ ਇਹਨਾਂ 'ਚ ਨਿੱਘ ਕੋਈ। ਕਦੀ ਵੀਰਾਨ ਚੁੱਪ ਰਾਤਾਂ 'ਚ ਜੇਕਰ ਫੋਲ ਵੀ ਬਹਿਨਾਂ, ਨਾ ਦਿਲ ਤੜਪਾਣ ਹੁਣ ਮੇਰਾ ਤੇ ਨਾ ਹੀ ਕਰਨ ਦਿਲਜੋਈ। ਮੁਹੱਬਤ ਵੀ ਸ਼ਲਾਘਾ ਵੀ, ਹਲਾ ਸ਼ੇਰੀ ਵੀ ਇਨ੍ਹਾਂ ਵਿਚ, ਅਤੇ ਟੋਕਾਂ ਨਿਹੋਰੇ ਵੀ, ਗਿਲੇ ਵੀ ਤੇ ਦਲਾਸੇ ਵੀ। ਇਹ ਆਪਣੇ ਆਪ ਇਕ ਦੁਨੀਆ ਸੀ ਆਸ਼ਾ ਤੇ ਨਿਰਾਸ਼ਾ ਦੀ, ਇਹ ਮਦਰਾ ਦੇ ਪਿਆਲੇ ਸਨ, ਇਹ ਸਨ ਭਿਖਿਆ ਦੇ ਕਾਸੇ ਵੀ। ਤੂੰ ਜਗ ਦੀ ਨਜ਼ਰ ਤੋਂ ਛੁਪ ਕੇ ਜਗਾ ਕੇ ਨ੍ਹੇਰੀਆਂ ਰਾਤਾਂ ਸੁਨਹਿਰੀ ਸੁਪਨਿਆਂ ਦੀ ਲੋ 'ਚ ਇਹ ਜਜ਼ਬੇ ਪਰੋਏ ਸਨ, ਕਲੇਜਾ ਡੋਲਿਆ ਦਿਲ ਧੜਕਿਆ ਸੀ ਹਰ ਸਤਰ ਉੱਤੇ ਕਦੀ ਇਕ ਇਕ ਅੱਖ਼ਰ 'ਤੇ ਤੇਰੇ ਦੋ ਨੈਣ ਰੋਏ ਸਨ। ਬਹੁਤ ਬੇਚੈਨ ਕੀਤਾ ਸੀ ਕਦੀ ਮੈਨੂੰ ਉਡੀਕਾਂ ਨੇ ਕਦੀ ਦਿਨ ਰਾਤ ਇਸ ਦਿਲ ਨੂੰ ਕਿਹਾ ਚਾ ਸੀ ਕਿਹਾ ਡਰ ਸੀ ! ਜਿਵੇਂ ਰੱਬ ਤੋਂ ਕੋਈ ਸੁਖ ਦਾ ਸੁਨੇਹਾ ਲੈ ਕੇ ਆਉਂਦਾ ਹੈ ਇਨ੍ਹਾਂ ਸਦਕਾ ਕਦੀ ਇਕ ਡਾਕੀਆ ਮੇਰਾ ਪਿਅੰਬਰ ਸੀ ਮਗਰ ਇਹਨਾਂ ਨੂੰ ਹੁਣ ਤੱਕਦਾ ਤਾਂ ਦਿਲ ਨੂੰ ਕੁਝ ਨਹੀਂ ਹੁੰਦਾ, ਕਹਿਰ ਇਹ ਹੈ, ਸਮਝਦਾ ਹਾਂ ਕਿ ਉਹ ਗੱਲ ਸੀ ਨਦਾਨੀ ਦੀ, ਅਤੇ ਸ਼ਾਇਦ ਤੂੰ ਵੀ ਜੇਕਰ ਇਨ੍ਹਾਂ ਨੂੰ ਪੜ੍ਹ ਕੇ ਹੁਣ ਵੇਖੇਂ, ਤਾਂ ਹੱਸ ਕੇ ਆਖ ਦੇਵੇਂ ਭੁੱਲ ਸੀ ਉਠਦੀ ਜਵਾਨੀ ਦੀ। ਬੇਸ਼ੱਕ ਜਿੰਦੜੀ ਦੀਆਂ ਪੀੜਾਂ 'ਚੋਂ ਕੱਢ ਕੇ ਲਾਂਭ ਰੱਖੇ ਨੇ, ਇਹ ਤੇਰੇ ਪਿਆਰ ਦੇ ਪੁਰਜ਼ੇ ਮੈਂ ਫਿਰ ਵੀ ਸਾਂਭ ਰੱਖੇ ਨੇ।
ਗ਼ਮ
ਪੱਕਿਆਂ ਸੰਗਲਾਂ ਦੇ ਨਾਲ ਏਸ ਕਰੜੀ ਗ਼ਮ-ਚੱਟਾਨ ਸੰਗ ਬੱਝ ਚੁੱਕੀ ਹੈ ਜਾਨ ਮਾਨਵੀ ਪ੍ਰੋਮੀਥੀਅਸ ਦਿਓਤੇ ਸਮਾਨ। ਕਲਪਣਾ ਵਿਚ ਵੀ ਨਾ ਖੁਲ੍ਹਦੇ ਹੁਣ ਉਮੀਦਾਂ ਦੇ ਕੁਆੜ ਦੂਰ ਤੱਕ ਦਿਸਦੀ ਉਜਾੜ ਚੁੱਪ ਬੇਆਬਾਦ ਪਥਰੀਲੇ ਪਹਾੜ। ਆਤਮਾ ਨਾ ਸਿਰੜ ਛੱਡੇ, ਨਰੜਿਆ ਅੰਗ ਅੰਗ 'ਚ ਤਾਣ ਤਨ 'ਚ ਹਨ ਜਦ ਤਕ ਪ੍ਰਾਣ । ਹੌਂਸਲੇ ਦਾ ਟੁੱਟਦਾ ਦਿਸਦਾ ਨਾ ਮਾਣ। ਯਾਦ ਦਾ ਇਕ ਬਾਜ਼ ਹਰ ਦੰਮ ਨੋਚਦਾ ਸੀਨੇ ਦਾ ਮਾਸ ਇਸਦੇ ਰੱਜਣ ਦੀ ਨਾ ਆਸ ਜਿੰਨਾ ਚਿਰ ਨਹੀਂ ਮੁੱਕਦੇ ਮੇਰੇ ਸੁਆਸ।
ਘਾਟ
ਠੀਕ ਘਟਨਾਵਾਂ ਤੇ ਕੀਤੀ ਘਟ ਨਹੀਂ ਕੋਈ ਘਟਨਾ ਪਰ ਬਣੀ ਨਾ ਤਜ਼ਰਬਾ, ਲੰਘ ਜਾਂਦੇ ਮਗ਼ਜ਼ ਦੇ ਵਿਚ ਦੀ ਖ਼ਿਆਲ ਸਰਕੜੇ ਵਿਚ ਦੀ ਜਿਵੇਂ ਲੰਘਦੀ ਹਵਾ। ਜ਼ਿੰਦਗੀ ਕੁੜ੍ਹਦੀ ਫਿਰੇ ਵਿਸ਼ਵਾਸ ਬਿਨ, ਸੇਧ ਨਹੀਂ, ਹਰਕਤ ਨਿਰੀ, ਮੰਤਵ ਨਹੀਂ। ਦਿਲ 'ਚ ਖੋਹ ਵੀ, ਦਰਦ ਵੀ, ਰੋਹ ਵੀ ਰਹੇ, ਪਰ ਕਦੀ ਬਣਦਾ ਕੋਈ ਕਰਤਵ ਨਹੀਂ। ਬਹੁਤ ਕੁਝ ਸੁਣਿਆ ਤੇ ਚਖਿਆ, ਦੇਖਿਆ, ਸੁੰਘਿਆ ਛੋਹਿਆ ਹੈ ਪਰ ਪੁਣਿਆ ਨਹੀਂ, ਕਲ੍ਹ ਦੀ ਗੱਲ ਕਲ੍ਹ ਹੋ ਕੇ ਰਹਿ ਗਈ, ਕਲ੍ਹ ਵਿਚੋਂ ਭਲਕ ਨੂੰ ਗੁਣਿਆ ਨਹੀਂ। ਮਨ ਸ਼ੁਦਾਈ ਭਟਕਦਾ ਇਕ ਸੜਕ 'ਤੇ ਕਾਗਤਾਂ ਦੇ ਟੁਕੜਿਆਂ ਨੂੰ ਚੁਗ ਰਿਹਾ। ਜੋੜ ਕੇ ਪੜ੍ਹਦਾ, ਲੜੀ ਜੁੜਦੀ ਨਹੀਂ ਉਡੀਕਦੀ ਏ ਜਿੰਦ ਸੰਦੇਸਾ ਕਿਹਾ?
ਕਦੀ ਵਿਚਾਰੇ ਰੁਖੜਾ
ਬਹੁਤ ਰੁੱਖਾ ਹੈ ਅੱਜ ਦਾ ਮੌਸਮ ਚੌਹੀਂ ਪਾਸੀਂ ਫਿਜ਼ਾ 'ਚ ਖ਼ੁਸ਼ਕੀ ਹੈ। ਧਰਮ ਆਬੇਹਯਾਤ ਵੰਡਦੀ ਸੀ, ਅੱਜ ਜ਼ਿੰਦਗੀ ਨੂੰ ਸਿਉਂਕ ਖਾ ਰਹੀ ਹੈ। ਫੁੱਲ ਹਾਲੇ ਵੀ ਕੁਝ ਖਿੜੇ ਹੋਏ ਨੇ ਜ਼ਿੰਦਗਾਨੀ ਦੀ ਟਾਹਣ ਦੇ ਉੱਤੇ। ਬੀਤ ਚੁੱਕੇ ਸਮੇਂ ਦੇ ਕੁਝ ਪਲ ਨੇ ਜੋ ਅਜੇ ਤਕ ਵੀ ਬੀਤ ਨਹੀਂ ਸਕੇ। ਪਤਝੜਾਂ ਕਿੰਨੀਆਂ ਹੀ ਜ਼ਾਬਰ ਨੇ, ਫੁਲ ਕੁਝ ਪਤਝੜਾਂ ਤੋਂ ਨਾਬਰ ਨੇ। ਧੁੰਦ ਵਾਕਣ ਭਵਿੱਖ ਛਾਇਆ ਹੈ ਨਕਸ਼ ਬਣਦੇ ਤੇ ਰੰਗ ਭਰਦੇ ਨੇ। ਰੰਗ ਉਡਦੇ ਤੇ ਨਕਸ਼ ਮਿਟ ਜਾਂਦੇ ਖ਼ਾਬ ਢਹਿ ਢਹਿ ਕੇ ਫਿਰ ਉਸਰਦੇ ਨੇ। ਸੂਰਜਾਂ ਦੀ ਤਪਸ਼ ਨੂੰ ਕੀ ਕਰੀਏ, ਕਿਸ ਅਰਥ ਸਾਗਰਾਂ ਦਾ ਇਹ ਪਾਣੀ, ਸੱਖਣੇ ਬਦਲੀਆਂ ਤੋਂ ਜੇ ਅੰਬਰ ਜਿੰਦ ਨੇ ਜੇ ਬਹਾਰ ਨਾ ਮਾਣੀ। ਵਸੀਲਿਆਂ ਦਾ ਕੀ ਕਾਲ ਹੈ ਮੈਨੂੰ। ਪਰ ਸੁਰਗ ਦੀ ਭਾਲ ਹੈ ਮੈਨੂੰ।
ਦੀਪੋ ਤੇ ਤੇਜੂ
ਮਾਂ ਦੀਪੋ ਦੀ ਖ਼ਫਾ-ਚਿੱਤ ਹੋਈ ਦੀਪੋ ਦਿਆਂ ਲੱਛਣਾਂ ਤੇ ਕਹਿੰਦੀ, ਕਹਿੰਦੀ, ਪਗ ਸਾਰੇ ਖਾਨਦਾਨ ਦੀ ਦਿੱਸੇ ਢਹਿੰਦੀ। ਕੋਲ ਪਤੀ ਦੇ ਬੈਠ ਕੇ ਬੋਲੀ ਗਲ ਵਿਚੋਂ ਲਾਹ ਦਈਏ ਫਾਹਾ, ਫਾਹਾ ਅਗਲੇ ਦੀ ਪੁੰਨਿਆਂ ਦਾ ਪਰ ਸਾਹਾ। ਵੀਰ ਤੇਜੂ ਦੇ ਸਲਾਹਾਂ ਕਰਦੇ ਤੇਜੂ ਅਲੱਥ ਹੋ ਗਿਆ ਡਾਹਡਾ, ਡਾਹਡਾ ਝੁੱਗਾ ਤਾਂ ਉਜਾੜ ਸੁੱਟਣਾ ਏਨ ਸਾਡਾ। ਪੈਲੀ ਰੋਹੀ ਦੀ ਤੇਜੂ ਦੀ ਵੰਡ ਆਈ ਜਦ ਉਹਨੂੰ ਅੱਡ ਕਰ ਤਾ ਵੀਰਾਂ, ਵੀਰਾਂ ਗਭਰੂ ਮਲੰਗ ਹੋ ਗਿਆ ਗਲ ਲੀਰਾਂ ਦੋਹਾਂ ਰਲ ਕੇ ਦਲੀਲ ਦੁੜਾਈ ਤੇਜੂ ਆਖੇ ਦੀਪੋ ਨੂੰ ਬੱਲੀਏ, ਬੱਲੀਏ ਏਥੇ ਹੁਣ ਵੱਸ ਨਾ ਚਲੇ ਨੱਸ ਚਲੀਏ। ਚੰਦ ਹੋਇਆ ਜਦ ਕਿੱਕਰਾਂ ਉਹਲੇ ਹਵੇਲੀ ਵਾਲਾ ਬੂਹਾ ਖੜਕੇ ਤੇਜੂ, ਤੇਜੂ ਰੱਬ ਤੈਨੂੰ ਅੱਜ ਵੇਖੀਏ ਕਿੱਥੇ ਭੇਜੂ ਪਿੰਡੋਂ ਨਿਕਲੇ ਤਾਂ ਟੁੱਟਿਆ ਤਾਰਾ ਤੇਜੂ ਗਲ ਦੀਪੋ ਲੱਗ ਗਈ, ਡਰਦੀ, ਡਰਦੀ ਅਜ ਰੱਬ ਖ਼ੈਰ ਕਰੇ ਅੱਖ ਫਰਦੀ। ਗੱਡੀ ਫੜਨੀ ਅੰਬਰਸਰ ਜਾ ਕੇ ਨ੍ਹੇਰੇ ਨ੍ਹੇਰੇ ਵਾਟ ਮੁੱਕ ਜਾਏ ਸੱਜਣਾ, ਸੱਜਣਾ ਪਿੰਡ ਵਿਚ ਦਿਨ ਚੜ੍ਹਦੇ ਢੋਲ ਵੱਜਣਾ ਅੱਗੋਂ ਰਾਹ 'ਚ ਗੰਡਾਸੀ ਲਿਸ਼ਕੀ ਤੇ ਬਿਜਲੀ ਦੇ ਵਾਂਗ ਬਰਛੀ ਚਮਕੀ, ਚਮਕੀ ਗਹਿਣਾ ਗੱਟਾ ਹੱਥੀਂ ਲੈ ਲਿਆ ਦੇ ਧਮਕੀ ਤੇਜੂ ਵੱਢ ਕੇ ਨਦੀ ਵਿਚ ਰੋਹੜਿਆ ਦੀਪੋ ਨੂੰ ਨਾਲ ਲੈ ਗਏ ਫੜ ਕੇ, ਫੜ ਕੇ ਤੇ ਚੋਰਾਂ ਨੂੰ ਮੋਰ ਪੈ ਗਏ ਪਹਿਰ ਤੜਕੇ ।
ਸਾਥੀ ਵਿਦਿਆਰਥੀਆਂ ਨੂੰ
(ਪੰਜਾਬ ਯੂਨੀਵਰਸਿਟੀ ਕਾਲਿਜ ਹੁਸ਼ਿਆਰਪੁਰ) ਆਪਾਂ ਸਭ ਮੁਸਾਫਰ ਯਾਰੋ ਆਪਣੀ ਆਪਣੀ ਗੰਢ ਪੋਟਲੀ ਚੁੱਕੀ ਦੂਰ ਦੂਰ ਤੋਂ ਇਸ ਟੇਸ਼ਣ 'ਤੇ ਕੱਠੇ ਹੋਏ ਦੂਰ ਦੂਰ ਦੇ ਦਾਈਏ ਬੰਨ੍ਹੀਂ। ਵਾਹ ਵਾਹ ਭੀੜ ਭੜੱਕਾ ਜੁੜਿਆ ਰੰਗ ਬਰੰਗਾ ਮਿਲਵਾਂ ਜੁਲਵਾਂ ਨਜ਼ਰ ਲਭਾਂਦੇ ਭੁੱਖ ਜਗਾਂਦੇ ਰੰਗ ਮਹਿਕਦੇ। ਜਾਣ ਬੁੱਝ ਕੇ ਮੋਢੇ ਖਹਿੰਦੇ ਪਿੱਛੋਂ ਭੁਲ ਬਖ਼ਸ਼ਾਈ ਹੁੰਦੀ। ਠਾਹਰਾਂ ਕੱਢਦੇ ਸਾਥ ਬਣਾਉਂਦੇ ਕਈ ਸੱਜਣ ਨੇ ਆਪਣਾ ਸਫ਼ਰ ਸੁਖਾਲਾ ਕਰਦੇ ਪਹਿਲਾ, ਦੂਜਾ, ਤੀਜਾ ਦਰਜਾ ਜਿੰਨੀ ਜੋਗੇ ਹਿੰਮਤ ਵਾਲੇ ਟਿਕਟਾਂ ਲੈ ਕੇ ਚੜ੍ਹ ਜਾਂਦੇ ਨੇ। ਕਈ ਵਿਚਾਰੇ ਰੌਣਕ-ਮੇਲੇ-ਰੰਗ ਦੇ ਚਸਕੇ ਵਿਚ ਉਲਝ ਕੇ ਗੱਡੀਓਂ ਖੁੰਝਦੇ, ਅੱਕਦੇ, ਖਿਝਦੇ ਬੈਠ ਕੇ ਅਗਲੀ ਮੇਲ ਉਡੀਕਣ ਕਈ ਗ਼ਰੀਬ ਤਾਂ ਕੇਰਾਂ ਖੁੰਝੇ ਗੰਢ ਪੋਟਲੀ ਚੁਕ ਕੇ ਘਰ ਨੂੰ ਤੁਰ ਜਾਂਦੇ ਨੇ। ਸੱਚ ਪੁੱਛੋ ਤਾਂ ਆਪਾਂ ਸਭ ਮਰੀਜ਼ ਹਾਂ ਮਿਤਰੋ, ਇਸ ਸਰਕਾਰੀ ਹਸਪਤਾਲ ਦੀ ਸ਼ਰਨ ਪਏ ਜੋ। ਅੱਖੀਂ ਧੁੰਦਾਂ ਮਗ਼ਜ਼ੀ ਜਾਲੇ ਹੱਡਾਂ ਦੇ ਵਿਚ ਰੋਗ ਰਚੇ ਪਰਹੇਜ਼ ਨਾ ਕਰਦੇ। ਏਥੇ ਆ ਕੇ ਸੱਜਰੇ ਦੁੱਖ ਸਹੇੜ ਹਾਂ ਲੈਂਦੇ ਸੀਨੇ ਜ਼ਖ਼ਮੀ ਹੁੰਦੇ ਦਿਲ ਤੇ ਤੀਰ ਨਿਸ਼ਾਨੇ ਚਲ ਨਾਸੂਰ ਨੇ ਭਰਦੇ। ਬੜੇ ਸਿਆਣੇ ਕਈ ਡਾਕਟਰ ਹੈਨ ਵਲਾਇਤੋਂ ਪੜ੍ਹ ਕੇ ਆਏ ਅਕਲ ਇੰਜੈਕਸ਼ਨ ਕਰਦੇ ਅਪਣੀ ਅਪਣੀ ਵਾਹ ਲਾਉਂਦੇ ਨੇ। ਕਿਸਮਤ ਵਾਲੇ ਨੌ ਬਰ ਨੌ ਹਨ ਹੋ ਕੇ ਜਾਂਦੇ ਮਿਹਨਤ ਦਾ ਫਲ ਪਾਉਂਦੇ। ਪਰ ਬਹੁਤੇ ਤਾਂ ਘੋਰ-ਪੰਥੀਏ ਟੁੱਕ ਪਾੜਦੇ ਨ੍ਹੇਰ 'ਚ ਸੋਟੇ ਮਾਰਨ ਨ੍ਹੇਰ ਦੀ ਖੱਟੀ- ਸਾਰੀ ਜ਼ਿੰਦਗੀ ਅੰਨ ਪੂਜਾ ਦੀਆਂ ਸੁੱਖਾਂ ਖੱਟ ਕੇ ਮੁੜਦੇ।
ਓਟ
ਬਹਿ ਜਾਓ ਯਾਰੋ ਬਹਿ ਜਾਓ ਕੋਈ ਗੱਲ ਕਰੋ ਕੋਈ ਬਾਤ ਪਾਓ ਇੰਜ ਕਠਿਆਂ ਬਹਿ ਕੇ ਜਿਹੜਾ ਵੀ ਝਟ ਲੰਘ ਜਾਏ ਓਹ ਚੰਗਾ ਏ। ਬਾਹਰ ਵੀ ਕੀ ਹੈ ਸੜਕਾਂ 'ਤੇ ਸਭ ਅਪਣੇ ਕੋਹਲੂ ਗੇੜੇ ਵਿਚ ਲੋਕੀਂ ਪਏ ਚੱਕਰ ਕੱਟਦੇ ਨੇ। ਸੂਹ ਲੈਂਦੇ ਪੈੜਾਂ ਕੱਢਦੇ ਗ਼ਮ ਵਾਹਰਾਂ ਲਈ ਭਾਉਂਦੇ ਫਿਰਦੇ ਨੇ ਬਹਿ ਜਾਓ ਯਾਰੋ ਬਹਿ ਜਾਓ ਜਾ ਕੇ ਕੀ ਗੱਡਾ ਪਟਣਾ ਏਂ। ਕੁਝ ਆਖ ਸਜਣ ਕੁਝ ਬੋਲ ਕਵੀ ਕੋਈ ਆਪਣੀ ਤਾਜ਼ੀ ਗ਼ਜ਼ਲ ਸੁਣਾ ਫਿਰ ਯਾਰ ਦਾ ਗ਼ਮ, ਸੰਸਾਰ ਦਾ ਗ਼ਮ, ਹਰ ਗੱਲ ਵਿਚ ਇਕੋ ਨੁਕਤਾ ਏ ਗੱਲ ਮੁੜ ਘੁੜ ਓਥੇ ਆਉਂਦੀ ਏ ਕੋਈ ਨਹੀਂ ਐਸੀ ਤਦਬੀਰ ਭਲਾ ਕੋਈ ਕਾਰ ਉਦਾਲੇ ਕਰ ਦੇਵੇ ਕੋਈ ਭੂਤ ਪਰੇਤ ਕਿਸੇ ਗ਼ਮ ਦਾ ਦਿਲ ਦੇ ਨੇੜੇ ਨਾ ਢੁੱਕ ਸਕੇ। ਸਿਗਰਟ ਸੁਲਗਾਣੀ ਵੱਸ ਅਪਣੇ ਸਿਰ ਘੁਟ ਦੇਵੋ ਤਾਂ ਬੁਝ ਜਾਂਦੀ ਦਿਲ ਇੰਜ ਸੁਲਗਦੇ ਬੁਝਦੇ ਨਹੀਂ ਕੋਈ ਐਸੀ ਛੇੜੋ ਗੱਲ ਯਾਰੋ ਧਰਤੀ ਦੇ ਕਿਸੇ ਵੀ ਬੰਦੇ ਸੰਗ ਜਿਸ ਦਾ ਕੋਈ ਤੱਲਕ ਨਾ ਹੋਵੇ ਕਾਫ਼ੀ ਤਾਂ ਮੇਜ਼ ਤੇ ਪਈ ਪਈ ਦੋ ਪਲ ਵਿਚ ਠੰਢੀ ਹੋ ਜਾਂਦੀ ਜ਼ਿੰਦਗਾਨੀ ਈਕਣ ਤਪਦੀ ਏ ਕੰਬਖ਼ਤ ਰਤਾ ਵੀ ਠਰਦੀ ਨਹੀਂ ਜਦ ਤਕ ਨਹੀਂ ਲਾਂਬੂ ਲਗ ਜਾਂਦਾ ਨਹੀਂ ਵਸਦੀਆਂ ਕੂਕਾਂ ਕਾਲ ਦੀਆਂ, ਇਹ ਬੜੀਆਂ ਕੌੜੀਆਂ ਗੱਲਾਂ ਨੇ ਕੋਈ ਹੋਰ ਸੁਵਾਦ ਦੀ ਗੱਲ ਕਰੋ। ਜਾਂ ਮੁੰਡਿਆ ਸਿਗਰਟ ਹੋਰ ਲਿਆ ਬੈਠਾ ਓ ਬੈਰਾ ਇਕ ਹੋਰ ਲਿਆ ਸੈਟ ਕਾਫ਼ੀ ਦਾ ਬਹਿ ਜਾਓ ਯਾਰੋ ਬਹਿ ਜਾਓ
ਰੁਜ਼ਗਾਰ
ਜ਼ਿੱਲਤ, ਵਿਹਲ, ਅਵਾਰਾਗਰਦੀ, ਸ਼ੂਮ ਦਰਾਂ ਦੀ ਕੁੱਤੇ-ਭਟਕਣ ਕਰਦੇ ਫਿਰਨਾ ਪਲ ਪਲ ਬੀਤੇ ਤੁਹਮਤ ਜੇਹਾ, ਯਾਰਾਂ ਦੀ ਹਮਦਰਦੀ ਵੀ ਫਿਟਕਾਰਾਂ ਵਰਗੀ। ਦੱਮਾਂ ਬਾਝੋਂ ਵਿਰਥਾ ਜਾਂਦਾ ਦਮ ਲਾਅਨਤ ਹੈ। ਰੋਜ਼ ਸਵੇਰੇ ਲੋੜ ਦਾ ਪੰਨਾ ਨਿਤ ਨੇਮੀ ਦੇ ਵਾਂਗੂੰ ਪੜ੍ਹਨਾ। ਆਪਣੇ ਆਪ ਤੇ ਸ਼ੰਕਾ ਹੁੰਦੀ ਦਿਲ ਢਹਿੰਦਾ ਤੇ ਰੂਹ ਨਿੱਘਰਦੀ ਉਹਲੇ ਬਹਿ ਟੁਣਕਾਇਆ ਸਾਨੂੰ ਅਪਣਾ ਸਿੱਕਾ ਖੋਟਾ ਜਾਪੇ। ਕਾਰ ਕਸੂਤੀ ਆਹਰ ਬਣੀ ਹੈ ਮਨ-ਮਰਜ਼ੀ-ਹਰਨੋਟਾ ਚੁੰਗੀ ਭੁਲਦਾ ਜਾਵੇ, ਗਲ ਵਿਚ ਸੰਗਲੀ, ਤੇ ਕੰਡਿਆਲੀ ਤਾਰ ਤਣੀ ਹੈ ਘਾ ਖਾਵਣ ਨੂੰ ਮਿਲ ਜਾਂਦਾ ਹੈ। ਐਪਰ ਦਿਲ ਨੂੰ ਛਿੱਕੇ ਟੰਗਿਆ ਅਪਣੀ ਪੱਤ ਪਰਾਈ ਮੱਤ ਦੀ ਬਾਂਦੀ ਕੀਤੀ। ਢਿਡ ਦੀ ਗਰਜ਼ ਦੇ ਮੂਹਰੇ ਸਾਥੋਂ ਦਿਲ ਦੀ ਅਰਜ਼ ਨਾ ਮੰਨੀ ਜਾਂਦੀ। ਆਗਿਆਕਾਰ ਬੜੇ ਹਾਂ ਯਾਰੋ, ਜਿੰਦੜੀ ਦੇ ਅਹਿਸਾਸ ਅਸਾਂ ਨੇ ਘੜੀ ਦੀਆਂ ਸੂਈਆਂ ਦੀ ਹਰਕਤ ਦੇ ਵਿਚ ਨੂੜ ਕੇ ਬੰਨ੍ਹ ਦਿੱਤੇ ਹਨ।
ਮਾਲ ਰੋਡ
ਡੂੰਘੀਆਂ ਹੋਣ ਜਦੋਂ ਤਰਕਾਲਾਂ ਸੰਬਰੀ ਧੋਤੀ ਮਾਲ ਰੋਡ 'ਤੇ ਲੋਕੀਂ ਨਿਕਲਣ ਬੰਨ੍ਹ ਬੰਨ੍ਹ ਪਾਲਾਂ ਕਾਲੇ ਨੈਣ ਦੁਪੱਟਾ ਪੀਲਾ ਜ਼ੁਲਫ਼ੀ ਰਾਤ ਦੀ ਰਾਣੀ ਮਹਿਕੇ ਮੁਖ ਤੇ ਪਾਊਡਰ ਦਾ ਫੁਲ ਟਹਿਕੇ ਹੋਠਾਂ ਉੱਪਰ ਕਿੱਸ ਮੀ ਲਿਪਸਟਿਕ ਦੀ ਮੁਸਕਾਣ ਸ਼ਾਮਾਂ ਵੇਲੇ ਮਾਲ ਰੋਡ 'ਤੇ ਰੂਪ ਰੰਗ ਦੀ ਉੱਡਦੀ ਲੀਲ੍ਹਾ ਦਿਲ ਤੋਂ ਧੋਣ ਥਕਾਵਟ ਦਿਲ ਦੀ ਜਣੇ ਖਣੇ ਸਭ ਆਣ। ਵੱਡੇ ਵੱਡੇ ਕੰਮ ਪਏ ਨੇ, ਦੇਸ਼ ਦੇ ਨੇਤਾ ਦੀ ਤਕਰੀਰ ਦਿਲ ਵਿਚ ਕੀ ਕੀ ਗ਼ਮ ਪਏ ਨੇ ਬੰਦ ਕਰੋ ਇਹ ਬੰਬ ਤਜ਼ਰਬੇ, ਮਹਾਂ ਪਾਦਰੀ ਦਾ ਐਲਾਨ ਨਵੀਂ ਕਣਕ ਦੇ ਭਾ ਦੀਆਂ ਗੱਲਾਂ ਕਾਕੇ ਦੇ ਤਨਖ਼ਾਹ ਦੀਆਂ ਗੱਲਾਂ ਜਨ ਸੰਖਿਆ ਤੇ ਬੇ-ਰੁਜ਼ਗਾਰੀ ਦੇਸ਼ ਵਿਦੇਸ਼ ਦੀ ਸਿਆਸਤ ਸਾਰੀ ਪਾਣ ਚਬਾ ਕੇ ਥੱਕੀ ਜਾਣ ਸਿਗਰਟ ਧੂੰਏਂ ਵਿਚ ਉਡਾਣ । ਗਰਮੀ ਵੀ ਹੈ ਕੇਹੀ ਚੀਜ਼ ਵਿਰਲੀ ਪਾਏ ਕੋਈ ਸ਼ਮੀਜ਼ ਜਿਸ ਦੀ ਪਤਲੀ ਜਹੀ ਕਮੀਜ਼ ਉਸ ਸ਼ੋਹਦੀ ਦਾ ਕਾਹਦਾ ਪਰਦਾ ਹਿੱਕ ਨੂੰ ਬੰਨ੍ਹੇ ਬਿਨਾਂ ਦਾ ਸਰਦਾ ਗੋਰੇ ਗੋਰੇ ਜਿਸਮ ਸਡੌਲ ਵੇਖ ਕੇ ਮੂੰਹ ਵਿਚ ਪਾਣੀ ਭਰਦਾ ਬਿਜਲੀ ਦੇ ਖੰਭੇ ਦੇ ਕੋਲ ਜਾਵੇ ਨਰਮ ਕਾਲਜਾ ਡੋਲ ਤੋਲਣ ਵਾਲੇ ਅੱਖਾਂ ਅੱਖਾਂ ਵਿਚ ਹੀ ਲੈਂਦੇ ਰੂਹ ਤੇ ਬੁੱਤ ਦੋਹਾਂ ਨੂੰ ਤੋਲ। ਨਵੀਂ ਫ਼ਿਲਮ ਦੇ ਗੀਤਾਂ ਦੀ ਗੱਲ ਅਪੜੇ ਅੰਤ ਸੁਨੀਤਾ ਤਾਈਂ ਜਿਸ ਦੇ ਪਾਪਾ ਤਲਖ਼ ਮਿਜ਼ਾਜ ਕਿੰਨਾ ਚਿਰ ਝਗੜੀ ਜੋ ਕੱਲ੍ਹ ਆਪਣੇ ਮਿਊਜ਼ਿਕ ਟੀਚਰ ਨਾਲ ਸੈਰ ਲਫ਼ਜ਼ ਵੀ ਕੇਡਾ ਚੰਗਾ ਵਾ ਖੋਰੀ ਤਾਂ ਪੁੱਜ ਹੈ ਐਵੇਂ ਹਰ ਕੋਈ ਕਿਸੇ ਨੂੰ ਵੇਖਣ ਆਉਂਦਾ ਜਾਂ ਫ਼ਿਰ ਆਪਣਾ ਆਪ ਵਿਖਾਲਣ। ਐ ਦਿਲ ਮੈਨੂੰ ਇਤਨਾ ਦਸ ਦੇ ਰੋਜ਼ ਮੈਂ ਏਥੇ ਕੀ ਸ਼ੈ ਭਾਲਾਂ ਡੂੰਘੀਆਂ ਹੋਣ ਜਦੋਂ ਤਰਕਾਲਾਂ
ਪੁੱਤਰ
ਸਧਰਾਂ ਵਾਲੀਏ ! ਤੂੰ ਨਾ ਟਲੀਓਂ, ਪੂਰਾ ਕਰ ਲੀਤਾ ਅਰਮਾਨ । ਤੇ ਹੁਣ ਆਖੇਂ ਵੱਸ ਕੀ ਸਾਡਾ ਘੱਲ ਦਿੱਤਾ ਭਗਵਾਨ। ਮੈਨੂੰ ਤਹਿਕਾ, ਇਸ ਦੇ ਚੰਨ-ਮੱਥੇ ਉੱਤੇ ਕੁਝ ਲਿਖ ਨਾ ਗਿਆ ਹੋਵੇ ਸ਼ੈਤਾਨ। ਸਾਰੇ ਪਿੰਡ ਵਿਚ ਗੱਲਾਂ ਛਿੜੀਆਂ ਅੱਜ ਸਵੇਰੇ ਕੁੰਤੀ ਦੇ ਘਰ ਕਾਕਾ ਹੋਇਆ। ਤੇ ਅਖ਼ਬਾਰਾਂ ਖ਼ਬਰ ਹੈ ਛਾਪੀ, ਕੇਪ ਕੈਨਵਰਲ ਕਲ੍ਹ ਫਿਰ ਇਕ ਧਮਾਕਾ ਹੋਇਆ। ਤੂੰ ਖ਼ੁਸ਼ ਹੋਵੇਂ ਇਸ ਦੇ ਕੋਮਲ ਮੁਖੜੇ ਉੱਤੇ ਵੇਖ-ਵੇਖ ਮੁਸਕਾਣ। ਪਰ ਹੈ ਪਿਆਰੀ ਆਈ. ਸੀ. ਬੀ. ਐੱਮ. ਦੀ ਸ਼ਕਤੀ ਤੋਂ ਇਹ ਹਾਲੀ ਅਨਜਾਣ। ਚੌਥੇ ਪੱਖ ਵਿਚ ਵਾਧਾ ਸਾਡਾ ਦੋ ਜਿੰਦਾਂ ਦੀ ਸਾਹ ਲੈਂਦੀ ਪਹਿਚਾਣ। ਤੂੰ ਕਹਿੰਦੀ ਏਂ ਇਹ ਹੈ ਸਾਡੀ ਪ੍ਰੀਤ ਦਾ ਮਾਣ ਮੈਂ ਚਾਹੁੰਦਾ ਹਾਂ ਹੋਵੇ ਇਸ ਧਰਤੀ ਦੀ ਸ਼ਾਨ ਮੈਨੂੰ ਜਾਪੇ, ਇਹ ਕਹਿੰਦਾ ਏ ਮੈਂ ਨਹੀਂ ਕਿਸੇ ਦਾ ਕੁਝ ਵੀ ਲੱਗਦਾ ਮੇਰੇ ਨਾਲ ਨਾ ਕਦੀ ਲਵੇ ਕੋਈ ਆਢਾ ਮੈਂ ਹਾਂ ਆਪਣਾ ਆਪ ਨਫ਼ਾ ਨੁਕਸਾਨ। ਤੈਨੂੰ ਆਸ਼ਾ। ਆਉਂਦੇ ਲੋਕ ਰਾਜ ਦੇ ਯੁਗ ਵਿਚ ਇਸ ਨੂੰ ਖ਼ੂਬ ਹੋਏਗੀ ਆਪਣੇ ਫ਼ਰਜ਼ਾਂ ਦੀ ਪਹਿਚਾਣ। ਮੈਨੂੰ ਸੰਸਾ ਅੱਜ ਦੇ ਕੁਰੂਕਸ਼ੇਤਰ ਯੁੱਧ ਵਿਚ ਜੇ ਕਰ ਇਸ ਨੇ ਕੁਝ ਸੋਚ ਕੇ ਰੱਖ ਦਿੱਤੇ ਹਥਿਆਰ ਇਸ ਨੂੰ ਕਿਸੇ ਕ੍ਰਿਸ਼ਨ ਮੁਰਾਰੀ ਨਹੀਂ ਆਉਣਾ ਸਮਝਾਣ। ਤੂੰ ਇਸ ਦੀ ਸੌ ਸੁੱਖ ਮਨਾਵੇਂ ਇਸ ਦੀ ਉਮਰ ਖਵਾਜਿਉਂ ਲੰਮੀ ਇਸ ਦਾ ਰੁਤਬਾ ਅਰਸ਼ ਸਮਾਨ, ਮੈਨੂੰ ਫ਼ਿਕਰ ਹੈ ਇਸ ਦੁਨੀਆ ਵਿਚ ਕਿੰਜ ਵਿਚਾਰਾ ਸਾਂਭੇਗਾ ਈਮਾਨ। ਜਣੇ ਖਣੇ ਦੇ ਝਲਣੇ ਪੈਣੇ ਇਸ ਨੂੰ ਸੌ ਅਹਿਸਾਨ। ਜਣ ਕੇ ਇਸ ਨੂੰ ਇਹ ਤੇਰੀ ਗੋਦੀ ਵਿਚ ਖੇਡੇ ਜੋ ਨਿੱਕਾ ਜਿਹਾ ਬੋਟ (ਮੈਂ ਨਹੀਂ ਕਹਿੰਦਾ ਇਹ ਵਿਚ ਕੋਈ ਖੋਟ) ਤੂੰ ਕੀਤਾ ਸਰਕਾਰ ਤੋਂ ਆਕੀ ਹੋਵਣ ਦਾ ਐਲਾਨ, ਨਾ ਹੀ ਟਲੀਓਂ ! ਮਾਂ ਅਖਵਾ ਕੇ ਪੂਰਾ ਕਰ ਲੀਤਾ ਅਰਮਾਨ ਰੋਜ਼ ਦਿਹਾੜੇ ਦੇਸ਼ ਦੇ ਦਫ਼ਤਰ ਦੇਣ ਦੁਹਾਈ ਨਹੀਂ ਖਾਲੀ ਅਸਥਾਨ ! ਇਸ ਨੂੰ ਕਹੇ ਸਧੋਦਨ-ਪੁੱਤਰ ਆ ਹੀ ਗਿਓਂ ਤਾਂ ਇਸ ਦੁਨੀਆ ਵਿਚ ਢੂੰਡ ਵੇਖ ਨਿਰਵਾਣ। ਢਿੱਡ ਦੀ ਆਂਦਰ ਉੱਤਰ ਦੇਵੇ ਇਹ ਨਹੀਂ ਬੰਦਾ ਪਵਣ-ਅਹਾਰੀ ਜਣੇ ਖਣੇ ਦੇ ਚੁੱਕਣੇ ਪੈਣੇ ਇਸ ਨੂੰ ਸੌ ਅਹਿਸਾਨ ਇਸ ਤੋਂ ਹੋ ਨਹੀਂ ਹੋਣਾ ਆਪਣਾ ਆਪ ਨਫ਼ਾ ਨੁਕਸਾਨ। ਕਦੀ ਕਦਾਈਂ ਕਿਹੜੇ ਵਹਿਣੀ ਵਹਿ ਜਾਂਦੇ ਹੋ। ਉੱਠੋ ਬਾਹਰ ਵਧਾਈਆਂ ਆਈਆਂ ਲੋਕੀਂ ਆਏ ਜਸ਼ਨ ਮਨਾਣ।
ਜ਼ਿੰਦਗੀ ਕਾਫ਼ੀ ਦੀ ਇਕ ਪਿਆਲੀ
ਕਾਫ਼ੀ ਕਾਲੀ, ਇਕ ਪਿਆਲੀ ਪੌਲੀ ਮੁੱਲ ਦੀ, ਰੂਹ ਕਾਲੀ ਕਾਫ਼ੀ ਤੇ ਡੁਲ੍ਹਦੀ ਆਓ ਬੈਠੋ ਇਕ ਪਿਆਲੀ ਪੀਓ ਕਾਹਦਾ ਘਾਟਾ ! “ਦਿਲ ਦਰਿਆ ਸਮੁੰਦਰੋਂ ਡੂੰਘੇ” ਬੰਦਾ ਸ਼ਾਹਾਂ ਦਾ ਸ਼ਾਹ ਹੁੰਦਾ ਜੇ ਪਰ ਜੇਬ ਨਾ ਹੋਵੇ ਖ਼ਾਲੀ। ਪਿਰਚ ਖੜਕਦੀ ਹੁੰਦਾ ਪਰਿਚੈ ਆਓ ਬੈਠੋ ਪੀਓ ਇਕ ਪਿਆਲੀ ਜਣੇ ਖਣੇ ਨੂੰ ਮਿਲ ਕੇ ਖ਼ੁਸ਼ੀਆਂ ਹੁੰਦੀਆਂ ਦੋ ਪਲ ਕਠੇ ਬਹਿ ਕੇ ਜਾਂਦੇ ਜਾਂਦੇ ਲੋਕ ਵਟਾ ਲੈਂਦੇ ਨੇ ਮੁੰਦੀਆਂ ਯਾਰੀ ਇਕ ਪਿਆਲੀ ਮੁਲ ਦੀ ਕਿਥੋਂ ਦੀ ਕਾਲਖ ਧੁਲਦੀ ਕਾਫ਼ੀ ਭੈਣ ਸੁਰੱਸਵਤੀ ਦੀ ਭਾਵੇਂ ਕੌੜੀ ਦੁਨੀਆ ਵਿਚ ਕੋਈ ਮਿਲਦਾ ਮੂਰਖ ਟਾਵਾਂ ਟਾਵਾਂ ਅਕਲ ਅਸਾਂ ਹੈ ਘੁੱਟੋ ਵੱਟੀ ਪੀਤੀ ਖੰਭ ਇਲਮ ਦੇ ਲਾ ਕੇ ਹੋਏ ਉਡਾਰੂ ਸਿਗਰਟ ਸਿਰ ਤੋਂ ਰਾਖ ਝਾੜ ਕੇ ਇਕ ਫ਼ਿਕਰੇ ਦਾ ਮਾਰ ਵਲਾਵਾਂ ਗਾਹ ਸੁਟਦੇ ਹਾਂ ਸਾਰੀ ਸ੍ਰਿਸ਼ਟੀ ਲੰਮੀ ਚੌੜੀ। ਕੋਈ ਖ਼ੁਦਾ ਨੂੰ ਬਟੂਏ ਦੇ ਵਿਚ ਪਾਉਂਦਾ ਜਾਪੇ ਕੋਈ ਆਪਣੀ ਸਾਰੀ ਜ਼ਿੰਦਗੀ ਕਾਫ਼ੀ ਦੇ ਚਮਚੇ ਵਿਚ ਨਾਪੇ ਕੋਈ ਰੂਹ ਜਾਂ ਰੂਹ ਸੰਗ ਜੁੜਦੀ ਕੋਈ ਮੱਛੀ ਦਿਲ ਦਾ ਪੱਥਰ ਚੱਟ ਕੇ ਮੁੜਦੀ ਕੋਈ ਲਾਉਂਦਾ ਇਸ਼ਕ ਦੇ ਕੋਠੇ ਸਿਦਕ ਦੀ ਪੌੜੀ। ਮਿੱਠੀ ਮਿੱਠੀ ਖੰਡ ਖੋਰ ਕੇ ਮਿੱਠੀ ਮਿੱਠੀ ਗੱਲ ਭੋਰ ਕੇ ਨਿੱਕੀ ਨਿੱਕੀ ਚੁਸਕੀ ਲਈਏ ਕਾਫ਼ੀ ਫਿਰ ਕੌੜੀ ਦੀ ਕੌੜੀ ਕਾਫ਼ੀ ਬੜੀ ਮਸ਼ੂਕ ਹੈ ਚੰਗੀ ਹੋ ਕੇ ਗਰਮ ਸਾਹਮਣੇ ਆਉਂਦੀ ਛੱਲੇਦਾਰ ਭੂਰੀਆਂ ਜ਼ੁਲਫ਼ਾਂ ਨੂੰ ਲਹਿਰਾਉਂਦੀ ਜਿੰਨਾਂ ਚਿਰ ਵੀ ਚਾਹੋ ਹੱਸ ਹੱਸ ਕੇ ਬੁਲ੍ਹ ਚਮਾਉਂਦੀ। ਕਾਫ਼ੀ ਚੱਪਣੀ ਜਿੰਨੀ ਡੂੰਘੀ ਦੇਸ਼ ਦੀ ਹਾਲਤ ਕਿੰਨੀ ਮੰਦੀ ਰਿਸ਼ਵਤ ਖ਼ੋਰੀ ਅੱਤਿਆਚਾਰੀ ਭੁੱਖ ਨੰਗ ਤੇ ਬੇ-ਰੁਜ਼ਗਾਰੀ ਇਹ ਨਕਟਾਈ ਇਸ ਸੂਟ ਨਾਲ ਸੋਹਣਾ ਮੈਚ ਹੈ ਕਰਦੀ। ਇਕੋ ਨਜ਼ਰ ਕਾਲਜਾ ਧੂੰਹਦੀ ਇਕੋ ਗੱਲ ਕਾਲਜਾ ਲੂੰਹਦੀ ਦੇਸ਼ ਦੀ ਹਾਲਤ ਕਿੰਨੀ ਮੰਦੀ ਹੋਵੇ ਸ਼ਰਮ ਹਯਾ ਜੇ ਚੂਲੀ ਕਾਫ਼ੀ ਨੱਕ ਡੋਬਣ ਨੂੰ ਕਾਫ਼ੀ। ਕਾਫੀ ਚੱਪਣੀ ਜਿੰਨੀ ਡੂੰਘੀ ਕਾਫ਼ੀ ਬੜੀ ਮਸ਼ੂਕ ਹੈ ਚੰਗੀ ਕਾਫ਼ੀ ਕੌੜੀ ਕਾਫ਼ੀ ਕਾਲੀ ਪੌਲੀ ਮੁਲ ਦੀ ਇਕ ਪਿਆਲੀ।
ਵਾਕਫ਼
ਮੈਂ ਤਾਂ ਹੁਣ ਤਕ ਸਮਝਦਾ ਸਾਂ, ਤੂੰ ਮੇਰੀ ਵਾਕਫ਼ ਤੋਂ ਵਧ ਕੇ ਕੁਝ ਨਹੀਂ ! ਐਵੇਂ ਦਿਲ ਪਰਚਾਣ ਲਈ ਸਰਦ ਸ਼ਾਮਾਂ 'ਚੋਂ ਕਦੀ ਨਿੱਘੇ ਨਿੱਘੇ ਪਲ ਚੁਰਾ ਲੈਂਦੇ ਰਹੇ। ਲਾਲਸਾ ਜਿਸਮਾਂ ਦੀ ਸੀ ਜਾਂ ਵਿਹਲ ਦੀ ਤਲਖ਼ੀ ਘਟਾ ਲੈਂਦੇ ਰਹੇ। ਆਪਣੀ ਇਹ ਵਾਕਫ਼ੀ ਮੇਰੇ ਲਈ, ਸੱਜਰਾ ਫੁੱਲ ਕੋਟ ਦੇ ਕਾਲਰ ਤੇ ਜਿੱਕਣ ਟੰਗਿਆ, ਆਪਣੀ ਇਹ ਵਾਕਫ਼ੀ ਤੇਰੇ ਲਈ, ਜਿਸ ਤਰ੍ਹਾਂ ਵਾਲਾਂ ਦੀ ਇਕ ਬਣਤਰ ਨਵੀਂ। ਇਸ ਤੋਂ ਵਧ ਕੇ ਕੁਝ ਕਦੀ ਚਾਹਿਆ ਨਹੀਂ ਨਾ ਕੋਈ ਰੂਹਾਂ ਦਾ ਨਾਤਾ ਨਾ ਕੋਈ ਉਮਰਾਂ ਦੀ ਸਾਂਝ। ਖ਼ੁਦ ਵਫ਼ਾ ਨੂੰ ਪਾਲਿਆ ਨਹੀਂ, ਤੇਰੇ ਅੱਗੇ ਵੀ ਵਫ਼ਾ ਦਾ ਵਾਸਤਾ ਪਾਇਆ ਨਹੀਂ। ਆਪਣੀ ਇਹ ਵਾਕਫ਼ੀ ਜਾਣੋ ਬੱਸ ਦਾ ਸਫ਼ਰ ਸੀ। ਅੱਜ ਤੇਰੇ ਨਾਲ ਕੋਈ ਹੋਰ ਵਾਕਫ਼ ਦੇਖਿਆ, ਦੇਖਿਆ ਅੱਜ ਤੇਰਿਆਂ ਵਾਲਾਂ ਦੀ ਬਣਤਰ ਹੋਰ ਸੀ। ਇਸ ਤਰ੍ਹਾਂ ਹੁੰਦਾ ਨਹੀਂ ਕੋਈ ਉਦਾਸ, ਕੋਟ ਦੇ ਕਾਲਰ ਦਾ ਫੁਲ ਮੁਰਝਾਣ ਤੇ, ਜਾਪਦਾ ਹੈ ਜਿਸ ਤਰ੍ਹਾਂ ਜਿੰਦੜੀ ਸਾਰੀ ਦੀ ਸਾਰੀ ਹੋ ਗਈ ਹੈ ਸੱਖਣੀ। ਮੈਂ ਤਾਂ ਹੁਣ ਤੱਕ ਸਮਝਦਾ ਸਾਂ ਤੂੰ ਮੇਰੀ ਵਾਕਫ਼ ਤੋਂ ਵਧ ਕੇ ਕੁਝ ਨਹੀਂ।
ਪ੍ਰਾਹੁਣੀ
ਸਾਡੇ ਘਰ ਅੱਜ ਨਿੱਕੀ ਜਿਹੀ ਪ੍ਰਾਹੁਣੀ ਆਈ, ਬਿਟ ਬਿਟ ਤੱਕੇ ਬੋਲ ਨਾ ਸਕੇ, ਸਾਡੀ ਸਮਝੇ ਨਾ ਆਪਣੇ ਦਿਲ ਦੀ ਗੱਲ ਦੱਸੇ, ਤਿੱਖਾ ਤਿੱਖਾ ਰੋਵੇ ਨਿੱਕਾ ਨਿੱਕਾ ਹੱਸੇ, ਸਾਡੇ ਘਰ ਦੀਆਂ ਰਸਮਾਂ ਵੇਖ ਜਿਵੇਂ ਘਬਰਾਈ। ਔਖੀਆਂ ਵਾਟਾਂ ਕੱਟਕੇ ਖ਼ਬਰ ਨਹੀਂ ਹੈ ਕਿਹੜੇ ਦੇਸੋਂ ਰੱਬ ਦੀ ਘੱਲੀ ਸਾਡੇ ਘਰ ਅੱਜ ਨਿੱਕੀ ਜਿਹੀ ਪ੍ਰਾਹੁਣੀ ਆਈ। ਪੀੜਾਂ ਭੰਨੀ ਮਾਂ ਇਸ ਦੀ ਸ਼ਰਮਿੰਦੀ ਜਾਪੇ ਦਿਸੇ ਉਦਾਸ, ਉਸ ਨੂੰ ਹੋਰ ਹੋਰ ਸੀ ਆਸ। ਉਸ ਦੀ ਸਬਰ ਭਰੀ ਖ਼ਾਮੋਸ਼ੀ ਦਾ ਮਤਲਬ ਮਜ਼ਬੂਰ, ‘ਜੋ ਰੱਬ ਨੂੰ ਮਨਜ਼ੂਰ ਮੇਰਾ ਨਹੀਂ ਕਸੂਰ' ਦਾਦੀ ਕਹੇ ਇਹ ਧਨ ਪਰਾਇਆ। ਇਸ ਨੇ ਲੈਣਾ ਪਿਛਲੇ ਜਨਮ ਦਾ ਕੋਈ ਉਧਾਰ, ਹੁਣ ਤੋਂ ਫ਼ਿਕਰ ਕਰੇ ਪਰਵਾਰ। ਕੁੜੀਆਂ ਵੱਧਣ ਕੌੜੀ ਵੇਲ ਦੇ ਵਾਂਗੂੰ ਜੰਮੀਂ ਅੱਜ ਭਲਕੇ ਮੁਟਿਆਰ। ਢੂੰਡੋ ਇਸ ਲਈ ਹੁਣੇ ਪ੍ਰਾਹੁਣਾ ਚੜ੍ਹ ਗਿਆ ਜਾਣੋ ਸਿਰ ਤੇ ਭਾਰ । ਜੀ ਕਹਿੰਦਾ ਏ ਕਹਿ ਦਿਆਂ ਇਸ ਦੇ ਕੰਨੀਂ, ‘ਤੇਰੇ ਹੱਥ ਵਿਚ ਇੱਜ਼ਤ ਸਾਡੀ ਬੀਬੀ ਬਣ ਕੇ ਉਮਰ ਗੁਜ਼ਾਰੀਂ ਵੇਖੀਂ, ਦਿਲ ਦੀ ਗੱਲ ਨਾ ਮੰਨੀਂ।' ਸਮਝਾ ਦੇਵਾਂ ‘ਬੱਚੀਏ ਹੋ ਹੁਸ਼ਿਆਰ, ਜੱਗ ਦੀਆਂ ਊਜਾਂ ਹੁਣੇ ਤਿਆਰ।' ਪਰ ਇਹ ਸਾਡੀ ਗੱਲ ਨਾ ਸਮਝੇ ਨਾ ਆਪਣੇ ਦਿਲ ਦੀ ਗੱਲ ਦੱਸੇ, ਤਿੱਖਾ ਤਿੱਖਾ ਰੋਵੇ ਨਿੱਕਾ ਨਿੱਕਾ ਹੱਸੇ, ਸਾਡੇ ਘਰ ਦੀਆਂ ਰਸਮਾਂ ਵੇਖ ਜਿਵੇਂ ਘਬਰਾਈ। ਰਬ ਦੀ ਘੱਲੀ ਖ਼ਬਰ ਨਹੀਂ ਹੈ ਕਿਹੜੇ ਦੇਸੋਂ ਸਾਡੇ ਘਰ ਅਜ ਨਿੱਕੀ ਜਿਹੀ ਪ੍ਰਾਹੁਣੀ ਆਈ।
ਵਿਸ਼ਵਾਸ
ਕਾਇਮ ਸੀ ਵਿਸ਼ਵਾਸ ਜਿਨ੍ਹਾਂ ਦਾ ਸੀਨੇ ਦੀ ਧੁੰਦਲੀ ਕਲਵਲ 'ਚੋਂ ਜਿਨ੍ਹਾਂ ਨੂਰ ਦੀ ਭਾਲ ਪਛਾਣੀ ਉਹ ਤਾਂ ਤੱਪਦੇ ਮਾਰੂਥਲ 'ਚੋਂ ਹਫਦੇ ਹਫਦੇ ਹੱਸਦੇ ਹੱਸਦੇ ਲੰਘ ਜਾਂਦੇ ਸਨ। ਮਾਰੂਥਲ ਵਿਚ ਜੇ ਕਿਧਰੇ ਰੁੱਖਾਂ ਦੀ ਛਾਵੇਂ ਪਾਣੀ ਦਾ ਕੋਈ ਚਸ਼ਮਾ ਆਉਂਦਾ ਦੋ ਪਲ ਬਹਿ ਲੈਂਦੇ ਸਨ ਭਾਵੇਂ ਤੇ ਲੋਕਾਂ ਨੂੰ ਰੇਤ ਉੜਾਉਂਦਿਆਂ ਵੇਖ-ਵੇਖ ਕੇ ਮੁਸਕਾਉਂਦੇ ਸਨ। ਕਾਇਮ ਸੀ ਵਿਸ਼ਵਾਸ ਜਿਨ੍ਹਾਂ ਦਾ ਸੀ ਉਹਨਾਂ ਦੇ ਪਾਸ, ਇਕ ਸਦੀਵੀ ਖ਼ਾਬਾਂ ਦੀ ਬਸਤੀ ਦੀ ਆਸ। ਸੌਖਾ ਲੰਘ ਜਾਂਦਾ ਸੀ ਗੇੜ ਦਿਨਾਂ ਦਾ। ਅਸੀਂ ਬਹੁਤ ਬਲਵਾਨ ਹੋ ਗਏ ਬੜੇ ਤੇਜ਼ ਰੌ ਉੱਚੇ ਉੱਡਣ ਵਾਲੇ ਆਲੀਸ਼ਾਨ ਹੋ ਗਏ। ਐਪਰ ਨਿੱਘੀਆਂ ਧੁੱਪਾਂ ਠੰਢੀਆਂ ਛਾਵਾਂ ਵਿਚ ਵੀ ਚੈਨ ਅਰਾਮ ਨਹੀਂ ਹੈ, ਕੋਈ ਗਾਮ ਨਹੀਂ ਹੈ ਸਾਡਾ ਕੋਈ ਧਾਮ ਨਹੀਂ ਹੈ। ਸੀਨੇ ਵਿਚ ਹੈ ਧੁੰਦਲੀ ਕਲਵਲ ਭਾਲ ਨਹੀਂ ਪਰ ਕਿਸੇ ਨੂਰ ਦੀ। ਹਾਸੇ ਵਿਚ ਖ਼ੁਸ਼ੀ ਨਹੀਂ ਬਾਕੀ ਸੋਚ ਰਿਹਾ ਨਹੀਂ ਅੱਥਰੂਆਂ ਵਿਚ। ਮੁਕਦਾ ਦਿਸੇ ਨਾ ਗੇੜ ਦਿਨਾਂ ਦਾ ਡਾਢਾ ਨਿਸ਼ਫਲ। ਸਾਡੀ ਜਿੰਦ ਨੂੰ ਸਹਿਮ ਬੜਾ ਹੈ ਹੱਡਾਂ ਰੋੜੀ ਲਾਗੇ ਭੈ ਦਾ ਕਾਲਾ ਦੈਂਤ ਖੜਾ ਹੈ ਇਸ ਤੋਂ ਅੱਗੇ ਕੁਝ ਨਹੀਂ ਦਿੱਸਦਾ ਅੱਖੀਆਂ ਦਾ ਹੈ ਚਾਨਣ ਹਿੱਸਦਾ।
ਅੱਤ ਸੰਘਣਾ ਰੁੱਖ ਹੈ ਜ਼ਿਹਨ ਦਾ
ਅੱਤ ਸੰਘਣਾ ਹੈ ਰੁੱਖ ਜ਼ਿਹਨ ਦਾ ਕੁੱਝ ਉਮੀਦਾਂ ਚਮਗਿਦੜਾਂ ਦੇ ਵਾਂਗੂੰ ਪੁੱਠੀਆਂ ਹੋ ਕੇ ਲਟਕਦੀਆਂ ਨੇ ਕਦੀ ਕਦੀ ਖੰਭ ਫ਼ਟਕਦੀਆਂ ਨੇ। ਇਹ ਹੁਣ ਦਾ ਪਲ, ਸੁਪਨਾਂ ਇਕ ਹੁਦਾਰਾ ਮੰਗਿਆ, ਗਲ ਜਿਵੇਂ ਕੋਈ ਸੁਣੀ ਸੁਣਾਈ ਕੰਧ ਤੇ ਜਿਵੇਂ ਕਲੰਡਰ ਟੰਗਿਆ ਜ਼ਰ ਬਨੇਰੇ ਸੁੱਕਣੀ ਪਾਈ। ਜਿੰਦ ਦੁਕਾਨ ਕਸਾਈ ਦੀ ਹੈ, ਨਿਰਜ਼ਿੰਦ ਖੁੱਲ-ਹੀਣ ਤੇ ਨੰਗੀਆਂ ਯਾਦਾਂ ਕੋਹੇ ਬਕਰਿਆਂ ਦੇ ਵਾਂਗੂੰ ਟੰਗੀਆਂ।
ਸਾਥ
ਸਾਰੇ ਜੱਗ ਨਾਲ ਆਢਾ ਲੈ ਕੇ ਦੁੱਖੜੇ ਦੇ ਕੇ ਦੁੱਖੜੇ ਸਹਿ ਕੇ ਪਾਈ ਸੁਨੀਤਾ ! ਹੈ ਮੇਰੇ ਜੀਵਨ ਦੀ ਸਾਥਣ ਕਿਥੋਂ ਤਾਈ ਤੂੰ ਮੇਰੇ ਸੰਗ ਜਾ ਸਕਦੀ ਏਂ? ਸੜਕ ਦੀ ਗਹਿਮਾ ਗਹਿਮੀ ਘਰ ਦੇ ਝੰਜਟ ਵਿਚ ਇਕੱਠੇ ਆਪਾਂ, ਰਾਤ ਦੀ ਨਿੱਘੀ ਗਲਵੱਕੜੀ ਵਿਚ ਕੋਲ ਕੋਲ ਹਾਂ, ਨਾਲ ਨਾਲ ਹਾਂ ਭੀੜ ਭੜਕੇ ਕਾਵਾਂ ਰੌਲੀ ਵਿਚ ਵੀ। ਅਪਣੇ ਸਾਥ ਦੀ ਇਕ ਸੀਮਾ ਹੈ, ਜਿਸ ਤੋਂ ਅੱਗੇ ਨ੍ਹੇਰੀ ਚੁੱਪ ਦਾ ਜੰਗਲ ਵਿਛਿਆ। ਉਸ ਜੰਗਲ ਵਿਚ ਕਦੀ ਕਦਾਈਂ ਸੂਖ਼ਮ ਰੂਹਾਂ ਭਟਕ ਜਾਂਦੀਆਂ। ਕਦੀ ਕਦਾਈਂ ਜੇ ਤੂੰ ਮੇਰਾ ਭੇਦ ਨਾ ਪਾਂ, ਜਾਂ ਮੈਂ ਦਿਲ ਦੀ ਗੱਲ ਨਾ ਦੱਸਾਂ, ਸ਼ੱਕੀ ਹੋ ਕੇ ਐਵੇਂ ਤਾਅਨੇ ਨਾ ਕੱਸਿਆ ਕਰ ਅਤੇ ਉਦਾਸ ਨਾ ਹੋ ਜਾਇਆ ਕਰ। ਤੂੰ ਏਂ ਓਟ ਮੇਰੇ ਜੀਵਨ ਦੀ ਤੈਥੋਂ ਵਧ ਨਾ ਕਦਰ ਕਿਸੇ ਦੀ, ਤੂੰ ਏਂ ਸਾਰੇ ਜੱਗ ਤੋਂ ਪਿਆਰੀ।
ਕੈਦ
ਇਹ ਮੈਂ ਕਿਸ ਬੰਧਨ ਵਿਚ ਫੱਸਿਆਂ ! ਝੰਜਟ ਕਿਹਾ ਸਹੇੜ ਲਿਆ ਹੈ? ਐਹ ਨਹੀਂ ਕਰਨਾ, ਇਹ ਨਹੀਂ ਕਹਿਣਾ। ਇੰਜ ਨਹੀਂ ਖੜ੍ਹਨਾ, ਇੰਜ ਨਹੀਂ ਬਹਿਣਾ। ਕੀ ਆਖਾਂ ਇਹ ਦਿਲ ਕੀ ਚਾਹੁੰਦਾ ਰਾਤ ਦਿਨੇ ਮੈਂ ਤਾਂ ਇਹ ਸੋਚਾਂ ਕੀ ਕਿਸ ਕਿਸ ਨੂੰ ਚੰਗਾ ਲਗਦਾ ਕੀ ਕੀ ਜਗ ਦੇ ਜੀ ਨਹੀਂ ਭਾਉਂਦਾ। ਇਹ ਮੈਂ ਕਿਸ ਬੰਧਨ ਵਿਚ ਫੱਸਿਆ ਝੰਜਟ ਕਿਹਾ ਸਹੇੜ ਲਿਆ ਹੈ? ਆਪਣਾ ਬੰਦੀਖ਼ਾਨਾ ਆਪ ਬਣਾਇਆ, ਅੰਦਰ ਵੜ ਕੇ ਆਪੇ ਬੂਹਾ ਭੇੜ ਲਿਆ ਹੈ। ਕੁਝ ਗੱਲਾਂ ਹਨ ਜੋ ਮੈਂ ਕੇਵਲ ਜਿਗਰੀ ਯਾਰਾਂ ਨੂੰ ਦੱਸੀਆਂ ਨੇ: ਐਸੀਆਂ ਵੀ ਕੁਝ ਗੱਲਾਂ ਦਿਲ ਵਿਚ ਆਪਣੀ ਵੀ ਸੋਝੀ ਤੋਂ ਅਜੇ ਲੁਕਾ ਰੱਖੀਆਂ ਨੇ। ਮੈਂ ਬੰਦੀਖ਼ਾਨੇ ਵਿਚ ਬੈਠਾ ਕੋਸਾਂ ਆਪਣੀ ਮਜ਼ਬੂਰੀ ਨੂੰ ਝੀਤਾਂ ਥਾਣੀ ਬਾਹਰ ਝਾਕਾਂ ਮੇਰਾ ਦਰ ਨਹੀਂ ਖੁਲ੍ਹਦਾ, ਆਖਾਂ: ਏਥੇ ਮੇਰਾ ਦਮ ਘੁਟਦਾ ਹੈ, ਦੇਵੋ ਕੁਝ ਸੂਰਜ ਦੀਆਂ ਕਿਰਨਾਂ ਦੇਵੋ ਇਕ ਹਵਾ ਦਾ ਰੁਮਕਾ। ਮੈਂ ਉਹ ਜੀਵ ਹਾਂ ਏਸ ਸਮੇਂ ਦੇ ਜਲ ਦਾ, ਆਪੇ ਜਿਸ ਨੇ ਆਪਣੇ ਗਿਰਦ ਬਣਾਇਆ ਘੋਗਾ, ਤੇ ਹੁਣ ਬਾਹਰ ਨਾ ਆਵਣ ਜੋਗਾ।
ਆਰੰਭ
ਮੈਂ ਕੋਈ ਆਰੰਭ ਕਰਨਾ ਹੈ ਅਜੇ ਹੌਸਲੇ ਵਾਲਾ, ਬਹੁਤ ਬਲਵਾਨ ਹਾਂ ਯੋਧਾ ਬੜਾ। ਪਰ ਅਜੇ ਤਕ ਆਪਣੇ ਘਰ ਦੀ ਹੀ ਸਰਦਲ 'ਤੇ ਖੜਾਂ, ਮੈਂ ਤਾਂ ਪਹਿਲਾ ਕਦਮ ਭਰਨਾ ਹੈ ਅਜੇ। ਕਿਸ ਲਈ ? ਕਿੱਦਾਂ ਤੇ ਕੀ ਕਰਦਾ ਰਿਹਾਂ ? ਮੈਂ ਤਾਂ ਹੁਣ ਤਕ ਜ਼ਿੰਦਗੀ ਨੂੰ ਮੁਲਤਵੀ ਕਰਦਾ ਰਿਹਾਂ। ਪਰਖ ਕੇ ਵੇਖਾਂ ਮੈਂ ਆਪਣੇ ਕਰਤਵਾਂ ਨੂੰ ਕਿਸ ਤਰ੍ਹਾਂ? ਅਜੇ ਤਾਂ ਬਾਕੀ ਹੈ ਸਭ ਕਸਵੱਟੀਆਂ ਨੂੰ ਪਰਖਣਾ। ਆਪਣੀ ਮਜ਼ਬੂਰੀਆਂ ਦਾ ਮੈਂ ਕਿਤੇ ਇਲਜ਼ਾਮ ਧਰਨਾ ਹੈ ਅਜੇ। ਸੋਚਦਾਂ, ਆਰੰਭ ਕੀ ਹੈ? ਸੋਚਦਾਂ, ਆਰੰਭ ਹੈ ਵੀ? ਇਹ ਸੁਪਨ, ਇਹ ਕਲਪਣਾ, ਇਹ ਅਡੰਬਰ, ਇਹ ਉਡਾਰੀ, ਇਹ ਘਾਲਣਾ, ਇਹ ਖ਼ਿਆਲਾਂ ਦੇ ਜਫ਼ਰ ਦਾ ਜਾਲਣਾ, ਜਾਪਦਾ ਕੋਸ਼ਿਸ਼ ਨਿਗੂਣੀ ਜਹੀ ਹੈ ! ਏਸ ਕੋਸ਼ਿਸ਼ ਦਾ ਕੋਈ ਮਕਸਦ ਵੀ ਹੈ? ਆਪਣੇ ਲਫ਼ਜਾਂ 'ਚ ਕੋਈ ਅਰਥ ਭਰਨਾ ਹੈ ਅਜੇ। ਕੰਢੇ ਉੱਤੇ ਬੈਠ ਕੇ ਘਰ ਬਣਾਏ ਹਨ ਸਲ੍ਹਾਬੀ ਰੇਤ ਦੇ ਐਵੇਂ ਘੋਗੇ ਸਿੱਪੀਆਂ ਚੁਗਦਾ ਰਿਹਾਂ ਐਵੇਂ ਕੌਡਾਂ ਨਾਲ ਹੀ ਪੁਗਦਾ ਰਿਹਾਂ। ਪਰ ਨਹੀਂ ਟੁੱਟਾ ਯਕੀਨ ਇਹ ਮਹਾਂ ਸਾਗਰ 'ਚ ਇਕ ਤੂਫ਼ਾਨ ਤਰਨਾ ਹੈ ਅਜੇ। ਮੈਂ ਕੋਈ ਆਰੰਭ ਕਰਨਾ ਹੈ ਅਜੇ !
ਮੰਡੀਆਂ ਦਾ ਸ਼ਹਿਰ
(ਕ. ਅ. ਨੂੰ) ਤੂੰ ਨਹੀਂ ਕਿਸੇ ਰਿਸ਼ੀ ਦੀ ਪੁੱਤਰੀ, ਕਿਸੇ ਆਸ਼ਰਮ ਕਿਸੇ ਤਪੋਵਣ ਉਤਰੀ। ਨਾ ਹੀ ਮੈਂ ਰਾਜੇ ਦਾ ਜਾਇਆ, ਰਾਹੋਂ ਖੁੰਝਿਆ ਕਿਸੇ ਮਿਰਗ ਦੇ ਪਿੱਛੇ ਆਇਆ। ਸੁਪਨਿਆਂ-ਸਜੇ ਪ੍ਰੀਤ-ਮੰਦਰ ਦੇ ਦਰ ਤੇ ਖੜੀਏ ! ਇਸ ਮੰਦਰ ਦੇ ਅੰਦਰ ਸੋਚ ਸਮਝ ਦੀ ਉਂਗਲੀ ਲੱਗ ਕੇ ਵੜੀਏ। ਇਕ ਮੰਡੀਆਂ ਦੇ ਸ਼ਹਿਰ ਦਾ ਜਨਮ ਹੈ ਤੇਰਾ, ਤੇਰਾ ਇਕ ਮੰਡੀਆਂ ਦੇ ਸ਼ਹਿਰ ਦਾ ਵਾਸਾ। ਇਸ ਮੰਡੀਆਂ ਦੇ ਸ਼ਹਿਰ 'ਚ ਡਰ ਹੈ ਵਿਕ ਨਾ ਜਾਏ ਤੇਰਾ ਹਾਸਾ ! ਮੈਂ ਹਾਂ ਇਕ ਮਜ਼ਦੂਰ ਦਾ ਜਾਇਆ ਇਸ ਮੰਡੀਆਂ ਦੇ ਸ਼ਹਿਰ 'ਚ ਮਿਹਨਤ ਵੇਚਣ ਆਇਆ ਜਿਸ ਮਿਹਨਤ ਦੀ ਕਦਰ ਨਾ ਹੋਈ, ਇਸ ਦੁਨੀਆਂ ਵਿਚ ਕਈ ਯੁਗਾਂ ਤੋਂ ਕੋਈ, ਅੱਜ ਥਕਾਵਟ ਉਸ ਮਿਹਨਤ ਦੀ ਜਿਸਮ ਦੀਆਂ ਜੋੜਾਂ ਵਿਚ ਰੜਕੇ, ਦਿਲ ਵਿਚ ਇਕ ਜਵਾਲਾ ਭੜਕੇ। ਠੀਕ, ਮੈਂ ਤੇਰੇ ਰੂਪ ਤੇ ਮਾਇਲ ਠੀਕ, ਹੋ ਗਈ ਤੂੰ ਮੇਰੇ ਜਜ਼ਬੇ ਦੀ ਕਾਇਲ । ਪ੍ਰੀਤਾਂ ਦੀ ਦਹਿਲੀਜ਼ ਤੇ ਖੜੀਏ ਸੋਚ ਸਮਝ ਕੇ ਸੁਪਨੇ ਘੜੀਏ। ਤੂੰ ਨਹੀਂ ਕਿਸੇ ਰਿਸ਼ੀ ਦੀ ਪੁੱਤਰੀ, ਕਿਸੇ ਆਸ਼ਰਮ ਕਿਸੇ ਤਪੋਵਣ ਉਤਰੀ। ਨਾ ਹੀ ਮੈਂ ਰਾਜੇ ਦਾ ਜਾਇਆ ਕਿਸੇ ਮਿਰਗ ਦੇ ਪਿੱਛੇ ਆਇਆ।
ਕਾਇਆਂ ਕਲਪ
(ਕ. ਅ. ਨੂੰ) ਹੱਦ ਹੁਣ ਦੀ ਭੰਨਦਾ ਜਾਂਦਾ ਕਿਆਸ, ਖ਼ਬਰ ਨਹੀਂ ਸੀ ਮੋਅਜ਼ਜ਼ੇ ਹੋਣੇ ਕਦੀ। ਭਾਵੇਂ ਆਪਣਾ ਆਪ ਨਹੀਂ ਹੁਣ ਆਪਣਾ, ਆਪਣੀ ਦਿਸਦੀ ਹੈ ਕਰਨੀ ਰੱਬ ਦੀ ! ਹੋਸ਼ ਤੋਂ ਸਾਂਭੀ ਨਹੀਂ ਜਾਂਦੀ ਹੈ ਆਸ। ਸਾਂਝ ਦੁਨੀਆਂ ਨਾਲ ਜੀਕਣ ਪੈ ਗਈ, ਇਸ ਤਰ੍ਹਾਂ ਕੁਝ ਪੈ ਗਿਆ ਆਪਣਾ ਪਿਆਰ। ਡੋਲਦਾ ਈਮਾਨ ਹੈ ਫਿਰ ਸੰਭਲਿਆ, ਅੰਤ ਹੈ ਦਿਲ ਦਾ ਨਾ ਕੋਈ ਪਾਰਵਾਰ, ਜਜ਼ਬਿਆਂ ਦੀ ਇੰਜ ਸੀਮਾ ਢਹਿ ਗਈ। ਇਸ ਤਰ੍ਹਾਂ ਹਸਤੀ ਨੇ ਮਰਕਜ਼ ਪਾ ਲਿਆ ਚੌਹੀਂ ਕੂੰਟੀਂ ਫੈਲੀਆਂ ਹਮਦਰਦੀਆਂ ਨਾ ਕੋਈ ਵੈਰੀ ਨਾ ਬੇਗਾਨਾ ਰਿਹਾ ਰੂਹ ਦੀਆਂ ਵਿੱਥਾਂ ਵੀ ਜਾਵਣ ਭਰਦੀਆਂ ਹਰ ਨਜ਼ਾਰਾ ਖ਼ੂਬਸੂਰਤ ਹੋ ਗਿਆ। ਉਲਝੀਆਂ ਲੀਕਾਂ 'ਚੋਂ ਮੂਰਤ ਬਣ ਗਈ, ਮਿਲ ਗਏ ਖ਼ਾਕੇ ਨੂੰ ਜੋ ਚਾਹੀਦੇ ਰੰਗ। ਪਾ ਲਿਆ ਭਟਕਣ ਨੇ ਮਕਸਦ ਮੋੜ ’ਤੇ ਜ਼ਿੰਦਗਾਨੀ ਅਰਥ ਆਪਣੇ ਤੇ ਹੀ ਦੰਗ। ਜਿਊਣ ਦੀ ਰੰਗੀਨ ਸੂਰਤ ਬਣ ਗਈ। ਜਿੰਦ ਨੂੰ, ਤੇਰੀ ਨਜ਼ਰ ਦਾ ਵਾਸਤਾ, ਸੁਪਨਿਆਂ ਦੀ ਪਾਹ ਜਹੀ ਲੱਗੀ ਰਹੇ। ਮੋਅਜਜ਼ੇ ਦਾ ਭਰਮ ਨਾ ਟੁੱਟੇ ਕਦੀ ਹਰ ਅਥਾਹ ਦੀ ਥਾਹ ਜਹੀ ਲੱਗੀ ਰਹੇ। ਮੁਸਕਰਾਂਦੀ ਹੀ ਰਹੇਂ ਦਿਸਦੀ ਸਦਾ ! ਇਸ਼ਕ ਦਾ ਈਮਾਨ ਹੁਣ ਬਚਿਆ ਰਹੇ ! ਤੈਨੂੰ ਦਿਲ, ਮੈਨੂੰ ਇਹ ਜੱਗ ਜੱਚਿਆ ਰਹੇ।