Dharmi Babla : Shiv Kumar Batalvi

ਧਰਮੀ ਬਾਬਲਾ : ਸ਼ਿਵ ਕੁਮਾਰ ਬਟਾਲਵੀ

ਜਦ ਪੈਣ ਕਪਾਹੀ ਫੁੱਲ
ਵੇ ਧਰਮੀ ਬਾਬਲਾ ।
ਸਾਨੂੰ ਉਹ ਰੁੱਤ ਲੈ ਦਈਂ ਮੁੱਲ
ਵੇ ਧਰਮੀ ਬਾਬਲਾ ।

ਇਸੇ ਰੁੱਤੇ ਮੇਰਾ ਗੀਤ ਗਵਾਚਾ
ਜਿਦ੍ਹੇ ਗਲ ਬਿਰਹੋਂ ਦੀ ਗਾਨੀ
ਮੁੱਖ 'ਤੇ ਕਿੱਲ ਗ਼ਮਾਂ ਦੇ
ਨੈਣੀਂ ਉੱਜੜੇ ਖੂਹ ਦਾ ਪਾਣੀ
ਗੀਤ ਕਿ ਜਿਸਨੂੰ ਹੋਂਠ ਛੁਹਾਇਆਂ
ਜਾਏ ਕਥੂਰੀ ਘੁਲ
ਵੇ ਧਰਮੀ ਬਾਬਲਾ
ਸਾਨੂੰ ਗੀਤ ਉਹ ਲੈ ਦਈਂ ਮੁੱਲ
ਵੇ ਧਰਮੀ ਬਾਬਲਾ ।

ਇਕ ਦਿਨ ਮੈਂ ਤੇ ਗੀਤ ਮੇਰੇ
ਇਸ ਟੂਣੇਹਾਰੀ ਰੁੱਤੇ
ਦਿਲਾਂ ਦੀ ਧਰਤੀ ਵਾਹੀ ਗੋਡੀ
ਬੀਜੇ ਸੁਪਨੇ ਸੁੱਚੇ
ਲੱਖ ਨੈਣਾਂ ਦੇ ਪਾਣੀ ਸਿੰਜੇ
ਪਰ ਨਾ ਲੱਗੇ ਫੁੱਲ
ਵੇ ਧਰਮੀ ਬਾਬਲਾ
ਸਾਨੂੰ ਇਕ ਫੁੱਲ ਲੈ ਦਈਂ ਮੁੱਲ
ਵੇ ਧਰਮੀ ਬਾਬਲਾ ।

ਕਿਹੜੇ ਕੰਮ ਇਹ ਮਿਲਖ਼ ਜਗੀਰਾਂ
ਜੇ ਧੀਆਂ ਕੁਮਲਾਈਆਂ
ਕਿਹੜੇ ਕੰਮ ਤੇਰੇ ਮਾਨ ਸਰੋਵਰ
ਹੰਸਣੀਆਂ ਤਿਰਹਾਈਆਂ
ਕਿਹੜੇ ਕੰਮ ਖਿਲਾਰੀ ਤੇਰੀ
ਚੋਗ ਮੋਤੀਆਂ ਤੁੱਲ
ਵੇ ਧਰਮੀ ਬਾਬਲਾ
ਜੇ ਰੁੱਤ ਨਾ ਲੈ ਦਏਂ ਮੁੱਲ
ਵੇ ਧਰਮੀ ਬਾਬਲਾ ।
ਜਦ ਪੈਣ ਕਪਾਹੀ ਫੁੱਲ
ਵੇ ਧਰਮੀ ਬਾਬਲਾ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਸ਼ਿਵ ਕੁਮਾਰ ਬਟਾਲਵੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ