Dil Tarang : Bhai Vir Singh

ਦਿਲ ਤਰੰਗ : ਭਾਈ ਵੀਰ ਸਿੰਘ

1. ਕਿੱਕਰ

ਕਿੱਕਰ ਦਾ ਅਟੰਕ ਰਹਿਣੇ ਵਾਲਾ
ਬ੍ਰਿੱਛ ਆਪਣੇ ਦਿਲ ਤਰੰਗ ਮਾਨੋਂ
ਇਉਂ ਕਹਿੰਦਾ ਹੈ :-

ਕੱਢ ਸਿਰੀ ਉੱਪਰ ਨੂੰ ਟੁਰਿਆ
ਵਲ ਅਕਾਸ਼ਾਂ ਜਾਵਾਂ ।
ਉੱਪਰ ਨੂੰ ਤੱਕਾਂ ਰੱਬ ਵੰਨੇ
ਝਾਤਿ ਨ ਹੋਰਥਿ ਪਾਵਾਂ ।

ਸ਼ਹਿਰ ਗਿਰਾਂ ਮਹਿਲ ਨਹੀਂ ਮਾੜੀ
ਕੁੱਲੀ ਢੋਕ ਨ ਭਾਲਾਂ,
ਮੀਂਹ ਹਨੇਰੀ ਗੜੇ ਧੁੱਪ ਵਿੱਚ
ਨੰਗੇ ਸਿਰ ਦਿਨ ਘਾਲਾਂ ।

ਲੋ ਅਰਸ਼ਾਂ ਦੇ ਵਾਲੀ ਵੰਨੇ,
ਹੋਰ ਲਾਲਸਾ ਨਾਹੀਂ ।
ਗਿੱਠ ਥਾਉਂ ਧਰਤੀ ਤੋਂ ਲੀਤੀ,
ਵਧਾਂ, ਟਿਕਾਂ ਇਸ ਮਾਹੀਂ ।

ਫੁੱਲਾਂ, ਫਲਾਂ, ਖਿੜਾਂ, ਰਸ ਚੋਵਾਂ,
ਰਹਿ ਅਛੋਤ ਟੁਰ ਜਾਵਾਂ ।
ਕੁੱਲੀ, ਗੁੱਲੀ, ਜੁੱਲੀ ਦੁਨੀਆਂ !
ਬਿਨ ਮੰਗੇ ਮਰ ਜਾਵਾਂ ।

ਮੀਂਹ ਦਾ ਪੀਵਾਂ ਪਾਣੀ ਦੁਨੀਆਂ !
ਪੌਣ ਭੱਖ ਕੇ ਜੀਵਾਂ ।
ਸਦੀਆਂ ਤੋਂ ਇਸਥਿਤ ਮੈਂ ਜੋਗੀ
ਸਦੀਆਂ ਇਵੇਂ ਟਿਕੀਵਾਂ ।

ਛੇੜਾਂ, ਛੇੜ ਕਰਾਵਾਂ ਨਾਹੀਂ,
ਹਾਂ ਵਿਰਕਤ, ਨਿਰਗੁਨੀਆਂ ।
ਮੇਰੇ ਜੋਗਾ ਬੀ ਤੈਂ ਪੱਲੇ,
ਹਾਇ, ਕੁਹਾੜਾ ਦੁਨੀਆਂ !

2. ਕੋਇਲ ਦੇ ਬੱਚੇ ਕਾਂਵਾਂ ਦੇ ਆਲ੍ਹਣੇ

ਕੋਇਲ ਕੁਕੇਂਦੀ ਆ ਗਈ,
ਬੋਲੀ ਪਿਆਰੀ ਪਾ ਗਈ,
ਜੀ ਵੜਦਿਆਂ ਜੀ ਭਾ ਗਈ,
ਉੱਚੜ-ਓ-ਚਿੱਤੀ ਲਾ ਗਈ,
ਹੁਣ ਜੀ ਨ ਲਗਦਾ ਆਲ੍ਹਣੇ
ਰੋਂਦੇ ਨੀ ਮਾਪੇ ਪਾਲਣੇ ।੧।

ਬੱਚੇ ਉਡਾਰੀ ਮਾਰਦੇ,
ਖਾ ਖਾ ਤਣੁੱਕੇ ਪਯਾਰ ਦੇ,
ਮਗਰੇ ਅਵਾਜ਼ ਸਿਧਾਰਦੇ,
ਪਰ ਕਾਉਂ ਫੜ ਫੜ ਮਾਰਦੇ,
ਬੰਨ੍ਹ ਬੰਨ੍ਹ ਕੇ ਰਖਦੇ ਆਲ੍ਹਣੇ,
ਕਰਦੇ ਅਨੇਕਾਂ ਟਾਲਣੇ ।੨।

ਖਿੱਚ ਆ ਅਗੰਮੋਂ ਪੈ ਗਈ,
ਜੋ ਜੀ ਚੁਰਾ ਕੇ ਲੈ ਗਈ,
ਉੱਡਣ ਹੀ ਉੱਡਣ ਦੈ ਗਈ,
ਘਰ-ਵੱਸਣਾਂ ਕਰ ਛੈ ਗਈ,
ਵਾਹ ਲਾਣ ਚੋਗ ਖੁਆਲਣੇ,
ਬੱਚੇ ਨ ਠਹਿਰਨ ਆਲ੍ਹਣੇ ।੩।

ਕਾਂ ਸੋਚਦੇ ਬਹਿ ਰੁੱਖ ਤੇ,
ਬੱਚੇ ਅਸਾਡੀ ਕੁੱਖ ਦੇ,
ਸਾਂਝੀ ਜੁ ਸੇ ਦੁੱਖ ਸੁੱਖ ਦੇ,
ਨੇੜੇ ਨਹੀਂ ਹੁਣ ਢੁੱਕਦੇ,
ਕੰਡੇ ਕੀ ਉਗ ਪਏ ਆਲ੍ਹਣੇ ?
ਨਿਹੁੰ ਮਾਪਿਆਂ ਜਿਨ ਘਾਲਣੇ ।੪।

ਕੋਇਲ ਹੈ ਵਣ ਵਣ ਕੂਕਦੀ,
ਜਾਦੂ ਕਟਕ ਦੇ ਫੂਕਦੀ,
ਹੈ ਨੈਂ ਇਸ਼ਕ ਦੀ ਸ਼ੂਕਦੀ,
ਚਾਬਕ ਬਿਰਹੁੰ ਦੀ ਘੂਕਦੀ,
ਸੁੰਞੇਂ ਕਰੂ ਏ ਆਲ੍ਹਣੇ,
ਰੋ ਰੋ ਕੇ ਜਿਗਰੇ ਗਾਲਣੇ ।੫।

ਕਾਂਵਾਂ ਬੀ ਸੱਦ ਪਛਾਣਿਆਂ,
ਕੋਇਲ ਨੂੰ ਕਾਰਨ ਜਾਣਿਆਂ,
ਮਾਰਨ ਇਨ੍ਹ ਜੀ ਠਾਣਿਆਂ,
ਲਗ ਪਏ ਦਾਉ ਤਕਾਣਿਆਂ,
ਫਟਕਣ ਨ ਦਿਣ(ਦੇਣ) ਲਾਗ ਆਲ੍ਹਣੇ,
ਲੜਦੇ ਨੀ ਮਾਪੇ ਪਾਲਣੇ ।੬।

ਦੂਰੋਂ ਓ ਲੁਕ ਲੁਕ ਬੋਲਦੀ,
ਦਫਤਰ ਇਸ਼ਕ ਦੇ ਖੋਲ੍ਹਦੀ,
ਕਿੱਸੇ ਪੁਰਾਣੇ ਫੋਲਦੀ,
ਬੱਚਿਆਂ ਦੇ ਜੀ ਝੰਝੋਲਦੀ,
ਓ ਤੜਫਦੇ ਵਿਚ ਆਲ੍ਹਣੇ,
ਆ ਪਏ ਜੱਫਰ ਜਾਲਣੇ ।੭।

ਕਾਂ ਰਹੇ ਵਾਹਾਂ ਲਾਂਵਦੇ,
ਓੜਕ ਉਹ ਉੱਠ ਸਿਧਾਂਵਦੇ,
ਮਾਪੇ ਵਤਨ ਭੁਲਾਂਵਦੇ,
ਖਿੱਚੀ ਦੇ ਮਗਰੇ ਧਾਂਵਦੇ,
ਰਹਿ ਗਏ ਸੁੰਞੇਂ ਆਲ੍ਹਣੇ,
ਰੋਂਦੇ ਨੀ ਮਾਪੇ ਪਾਲਣੇ ।੮।

3. ਫੁੱਲ
ਗਲੇ ਤੋਂ ਉਤਾਰੇ ਜਾਣ ਲੱਗਿਆਂ
ਸਾਈਂ ਲੋਕਾਂ ਨੂੰ

ਫੁੱਲ ਜੋ ਸਿਹਰੇ ਵਿਚ ਪ੍ਰੋਤੇ ਹੋਏ ਕਿਸੇ ਸਾਈਂ
ਲੋਕ ਦੇ ਗਲ ਪਏ ਸਨ, ਜਦ ਸਿਹਰਾ ਉਤਾਰਨ
ਲੱਗੇ ਤਾਂ ਮਾਨੋਂ ਫੁੱਲਾਂ ਨੇ ਏਹ ਅਰਦਾਸ ਕੀਤੀ :-

ਸਾਨੂੰ ਨਾ ਉਤਾਰ ਗਲੋਂ,
ਸਾਨੂੰ ਨਾ ਵਿਸਾਰ ਦਿਲੋਂ,
ਸੱਟ ਨਾ ਉਤਾਰ ਸਾਨੂੰ,
ਤੇਰੇ ਬਿਨਾਂ ਸਾਡਾ ਕੌਣ ?
ਮਾਪਿਆਂ ਤੋਂ ਨਿਖੜ ਆਏ,
ਆਪਣਿਆਂ ਤੋਂ ਵਿਛੁੜ ਆਏ,
ਛੱਡ ਦੇਸ਼ ਵਤਨ ਆਏ,
ਨੀਵੀਂ ਕਰ ਆਏ ਧੌਣ ।
ਜਿੰਦ ਨੇਹੁੰ ਤੋੜ ਆਏ,
ਮੌਤ ਪ੍ਰੇਮ ਜੋੜ ਆਏ,
ਸੂਲੀ ਉੱਤੇ ਪੈਰ ਰੱਖ,
ਪੈਰ ਧਰੇ ਤੁਸਾਂ ਭੌਣ ।
ਕਿੰਨੇ ਹਨ ਸਵਾਸ ਬਾਕੀ ?
ਪਲਕ ਝਲਕ ਝਾਕੀ,
ਹੁਣ ਨ ਵਿਛੋੜ ਸਾਨੂੰ
ਫੇਰ ਨਹੀਂ ਸਾਡਾ ਔਣ ।੧।

ਵਿੱਚ ਸਾਡੇ ਅਕਲ ਨਾ,
ਤੁਰਨ ਹਾਰੀ ਸ਼ਕਲ ਨਾ,
ਅਸੀਂ ਨੀਵੀਂ ਜਿੰਦੜੀ ਹਾਂ
ਲੈਕ ਤੁਸਾਂ ਜੀ ਦੇ ਨਹੀਂ ।
ਗੁਣਾਂ ਵਾਲੇ ਲੱਖ ਏਥੇ,
ਪਯਾਰ ਵਾਲੇ ਘਣੇਂ ਸੁਹਣੇ,
ਚੜ੍ਹਦਿਆਂ ਤੋਂ ਚੜ੍ਹਦਿਆਂ ਦੇ
ਜੱਥੇ ਗਿਣੇ ਜਾਂਦੇ ਨਹੀਂ ।
ਹੈਨ ਪਰ ਡਾਲ ਲੱਗੇ,
ਜੁੜੇ ਜਿੰਦ ਨਾਲ ਬੈਠੇ,
ਪਿੱਛੇ ਨਾਲੋਂ ਨਹੀਂ ਟੁੱਟੇ,
ਆਸ਼੍ਰਯੋਂ ਗਏ ਵਾਂਜੇ ਨਹੀਂ ।
ਵਿੱਛੁੜ ਜਾਂ ਜਾਣ ਤੁਹਾਥੋਂ,
ਰਹਿਣ ਜਯੋਂਦੇ ਜਾਗਦੇ ਓ,
ਲੈਂਦੇ ਦੀਦਾਰ ਫਿਰ ਫਿਰ,
ਡਾਲੀਓਂ ਓ ਟੁੱਟੇ ਨਹੀਂ ।੨।

ਡਾਲੀਆਂ ਤੋਂ ਟੁੱਟਿਆਂ ਦੀ,
ਲਾਜ ਪਾਲ ਸੱਜਣਾਂ ਓ,
ਪਿੱਛੇ ਨਾਲੋਂ ਨੇਹੁੰ ਸਾਡਾ
ਸਾਰਾ ਈ ਹੈ ਟੁੱਟ ਗਿਆ ।
ਜ਼ਿੰਦਗੀ ਦੇ ਤਾਗੇ ਨਾਲੋਂ
ਨੇਹੁੰ ਅਸਾਂ ਤੋੜ ਲੀਤਾ,
ਅੱਗਾ ਸਾਡਾ ਸੱਜਣਾਂ ਓ
ਸਾਰਾ ਹੀ ਨਿਖੁੱਟ ਗਿਆ ।
ਅੱਗੋਂ ਪਿੱਛੋਂ ਵਾਂਜਿਆਂ, ਇਕ
ਤੇਰੇ ਜੋਗੇ ਹੋ ਰਿਹਾਂ ਦਾ,
ਤੇਰੇ ਪਯਾਰ ਬਾਝੋਂ ਪਯਾਰ
ਜੱਗ ਦਾ ਹੈ ਹੁੱਟ ਗਿਆ ।
ਵਾਸਤਾ ਈ ਸੱਜਣਾਂ ਓ !
ਅੰਗ ਲਾਈ ਰੱਖ ਸਾਨੂੰ,
ਸਾਡਾ ਆਪਾ ਤੇਰੇ ਉੱਤੋਂ
ਘੋਲ ਘੁੰਮਿਆ ਲੁੱਟ ਗਿਆ ।੩।

4. ਕਰਨੇ ਦੀ ਖੁਸ਼ਬੋ ਤੇ ਕਰਨੇ ਦੀ
ਅਨਖੁਲ੍ਹੀ ਕਲੀ ਦੀ ਬਾਤ ਚੀਤ

ਕਰਨੇ ਦੀ ਖੁਸ਼ਬੂ ਕਰਨੇ ਦੇ ਅਧਖਿੜੇ
ਫੁੱਲ ਨੂੰ ਜੋ ਅਜੇ ਬੰਦ ਕਲੀ ਦੀ ਸ਼ਕਲ
ਵਿਚ ਹੈ ਮਾਨੋਂ ਅੰਦਰੋਂ ਹੀ ਆਖਦੀ ਹੈ :-

ਖੁਸ਼ਬੋ :-

ਜੱਫੀ ਛੇਤੀ ਖੋਲ੍ਹ ਮਾਏ !
ਬੰਨ੍ਹ ਨਾ ਬਹਾਲ ਸਾਨੂੰ,
ਗੋਦੀ ਤੇਰੀ ਹੋਰ ਸਾਥੋਂ
ਬੈਠਾ ਨਹੀਂ ਜਾਂਵਦਾ ।
ਪਾਲਿਆ ਤੇ ਪੋਸਿਆ
ਸਿਆਣਿਆਂ ਤੂੰ ਕੀਤਾ ਠੀਕ,
ਜੁੱਸਾ ਸਾਡਾ ਤੇਰੀਆਂ
ਕਲਾਈਆਂ ਨਹੀਂ ਮਾਂਵਦਾ ।
ਤੜਪ ਇਕ ਜਾਗੀ ਮੈਂ
ਅੰਦਰੇ ਉਛਾਲੇ ਵਾਲੀ,
ਬੈਠਣ ਨਹੀਂਓਂ ਦੇਂਦੀ
ਹੁਣ ਜੀ ਘਬਰਾਂਵਦਾ ।
ਮੋਕਲੇ ਤੇ ਵੱਡੇ ਵੱਡੇ
ਖੁੱਲ੍ਹੇ ਖੁੱਲ੍ਹੇ ਮੰਡਲਾਂ ਦਾ,
ਸੁਹਣਾ ਸੁਹਣਾ ਸੁਪਨਾ, ਹਾਇ !
ਸਾਨੂੰ ਪਿਆ ਆਂਵਦਾ ।੧।

ਕਲੀ ਦਾ ਆਪਣੇ ਅੰਦਰ ਪੈਦਾ
ਹੋਈ ਖੁਸ਼ਬੋ ਨੂੰ ਜੁਵਾਬ :-

ਕਾਹਲੀਏ ਤੇ ਬਾਹਲੀਏ
ਮੁਟਿਆਰ ਹੋਈਏ ਬੱਚੀਏ ਨੀ !
ਬੈਠ ਨੀ ਅਰਾਮ ਨਾਲ
ਗੋਦੀ-ਸੁਖ ਮਾਣ ਲੈ ।
ਮੇਰੀਆਂ ਕਲਾਈਆਂ ਵਿਚ
ਤੇਰੀ ਹੈ ਸਲਾਮਤੀ ਨੀ,
ਗੋਦੀ ਬੈਠ, ਗੋਦੀ ਬੈਠ,
ਗੋਦੀ-ਸੁਖ ਸਯਾਣ ਲੈ ।
ਗੋਦੋਂ ਗਈ, ਗਈ ਗਈ,
ਖਿੰਡ ਖਿੰਡ, ਖਿਲ੍ਰ ਖਿਲ੍ਰ,
ਖਿਲ੍ਰ ਖਿਲ੍ਰ, ਖਿੰਡ ਖਿੰਡ,
ਗੁਆਚ ਜਾਸੇਂ, ਜਾਣ ਲੈ ।
ਖੁੱਲ੍ਹੇ ਖੁੱਲ੍ਹੇ ਮੰਡਲਾਂ ਦੇ
ਸੁਪਨੇ ਜੋ ਆਣ ਤੈਨੂੰ
ਸੁਪਨਾਂ ਕਰ ਲੈਣਗੇ ਓ
ਸਾਚੀ ਏ ਪਛਾਣ ਲੈ ।੨।

ਖੁਸ਼ਬੋ ਦਾ ਕਰਨੇ ਦੀ ਕਲੀ ਨੂੰ
ਅੰਦਰੋਂ ਜੁਵਾਬ :-

ਵਰਜ ਕੇ ਬਹਾਲ ਨਾ
ਤੇ ਮੱਤੀਂ ਦੇ ਦੇ ਹੋੜ ਨਾ,
ਛੱਡ ਸਾਡਾ ਪੱਲਾ, ਨਹੀਂ,
ਨੱਸ ਹੁਣ ਜਾਵਾਂਗੇ ।
ਸੁਪਨੇ ਵਿਚ ਸੁਪਨਾ ਇਕ
ਆਵੇ ਸਾਨੂੰ ਹੋਰ, ਮਾਏ !
ਦਰਸ਼ਨ ਇਕ ਹੁੰਦੇ
ਓਸ ਦਰਸ਼ਨ ਸਮਾਵਾਂਗੇ ।
ਉੱਚਾ ਉੱਚਾ ਖੜਾ ਖੁੱਲ੍ਹਾ
ਆਖਦੇ 'ਦਿਮਾਗ' ਉਹਨੂੰ,
ਖੁੱਲ੍ਹ ਵਾਲੇ ਮੰਡਲੀਂ
ਦੀਦਾਰ ਉਹਦਾ ਪਾਵਾਂਗੇ ।
ਸਾਡੀ ਓ ਉਡੀਕ ਕਰੇ
ਖੜਾ ਦਿੱਸੇ ਮਾਏ ! ਸਾਨੂੰ,
ਪਹੁੰਚ ਉਹਦੇ ਦੇਸ਼
ਉਹਦੇ ਅੰਕ ਵਿਚ ਮਾਵਾਂਗੇ ।੩।

ਆਖਦੀ ਏ ਉੱਚੀ ਉੱਚੀ ,
ਜ਼ੋਰ ਇਕ ਲਾਇ ਪਯਾਰੀ,
ਵੀਣੀ ਮੋੜ ਮਾਉਂ ਵਾਲੀ
ਬਾਹਰ ਉੱਠ ਧਾਈ ਹੈ ।
ਕੂਕ ਕੋਈ ਸੁਣੀ ਨਾਹੀਂ,
ਮਾਉਂ ਗਲ ਗਉਲੀ ਨਾਹੀਂ,
ਵਾਇ ਮੰਡਲ ਖੇਡਦੀ, ਹੁਣ
ਖੁੱਲ੍ਹੇ ਦੇਸ਼ੀਂ ਆਈ ਹੈ ।
ਨੱਚਦੀ ਤੇ ਟੱਪਦੀ ਤੇ,
ਪੁੱਛਦੀ ਹਰ ਕਿਸੇ, ਮਾਨੋਂ,
'ਪ੍ਰੀਤਮ ਦਿਮਾਗ਼' ਵਾਲੀ,
ਦੱਸ ਕਿਸੇ ਪਾਈ ਹੈ ।
ਲਪਟੀ ਦਿਮਾਗ਼ ਤਾਈਂ,
ਲਪਟ ਏ ਸੁਗੰਧਿ ਵਾਲੀ,
ਲਪਟ ਸਮਾਈ, ਫੇਰ,
ਮੁੜਕੇ ਨਾ ਆਈ ਹੈ ।੪।

(ਕਰਨਾ ਨਿੰਬੂ ਜਾਤੀ ਦੇ ਫੁੱਲਾਂ
ਨੂੰ ਕਹਿੰਦੇ ਹਨ)

5. ਕੇਲੋਂ ਦੇ ਗਲ ਲਗੀ ਵੇਲ

ਦਿਉਦਾਰ, ਚੀੜ੍ਹ ਆਦਿ ਦੀ ਭਾਂਤ ਵਿਚ
ਇਕ ਰੁੱਖ ਨੂੰ ਕੇਲੋਂ(ਕੈਲ) ਆਖਦੇ ਹਨ ।
ਇਕ ਵੇਲ ਇਸ ਪਰ ਚੜ੍ਹੀ ਹੋਈ ਸੀ, ਇਕ
ਅਯਾਲੀ ਵੇਲ ਤ੍ਰੋੜ ਮ੍ਰੋੜ ਧੂਹ ਧਾਹ ਕੇ ਹੇਠਾਂ
ਲਾਹ ਰਿਹਾ ਸੀ ਜੋ ਅਪਣੇ ਅੱਯੜ ਨੂੰ ਪਾਵੇ,
ਵੇਲ ਦੀ ਅਯਾਲੀ ਅੱਗੇ ਮਾਨੋਂ ਉਸ ਵੇਲੇ ਦੀ
ਪੁਕਾਰ ਇਹ ਹੈ :-

ਹਾਇ ਨ ਧਰੀਕ ਸਾਨੂੰ,
ਹਾਇ ਵੇ ਨ ਮਾਰ ਖਿੱਚਾਂ,
ਹਾਇ ਨ ਵਿਛੋੜ, ਗਲ
ਲੱਗਿਆਂ ਨੂੰ ਪਾਪੀਆ !
ਹਾਇ, ਨ ਤੁਣੁੱਕੇ ਮਾਰੀਂ !
ਖਿੱਚ ਨ ਫਟੱਕੇ ਦੇ ਦੇ,
ਵਰ੍ਹਿਆਂ ਦੀ ਲੱਗੀ ਸਾਡੀ
ਤੋੜ ਨ ਸਰਾਪੀਆ ।
ਹਾਇ ਨ ਵਲੂੰਧਰੀਂ ਵੇ !
ਸੱਟੀਂ ਨ ਉਤਾਰ ਭੁੰਞੇਂ,
ਸਜਣ ਗਲੋਂ ਟੁੱਟਿਆਂ
ਹੋ ਜਾਸਾਂ ਇਕਲਾਪੀਆ !
ਮੇਰੇ ਹੱਡ ਤਾਣ ਨਾਹੀਂ,
ਸੱਕਾਂ ਨ ਖੜੋਇ ਪੈਰੀਂ,
ਖੜੀ ਸਜਣ ਆਸਰੇ ਹਾਂ,
ਅਬਲਾ ਮੈਂ ਅਮਾਪੀਆ !
ਪਯਾਰੇ ਨ ਵਿਛੋੜੀਏ ਵੇ
ਮਿਲੇ ਨ ਨਿਖੇੜੀਏ ਵੇ,
ਆਸਰੇ ਨ ਤੋੜੀਏ ਵੇ,
ਅਵੇ ! ਪਾੜੀਏ ਨ ਜੋੜੀਆਂ ।
ਵਸਲ ਵੇਖ ਖੀਝੀਏ ਨਾ,
ਅੱਡ ਕਰ ਰੀਝੀਏ ਨਾ,
ਇਕ ਹੋਈਆਂ ਜਿੰਦੀਆਂ ਦੀਆਂ
ਹੁੰਦੀਆਂ ਨਹੀਓਂ ਕੋੜੀਆਂ ।
ਵਿੱਥ ਵਾਲੇ ਜੱਗ ਵਿਚ
ਵਿੱਥਾਂ ਪਈਆਂ ਚੱਪੇ ਚੱਪੇ,
ਅੱਡ ਅੱਡ ਸਭ ਕੋਈ,
ਜੋੜੀਆਂ ਨੀ ਥੋੜੀਆਂ ।
ਵਿੱਥਾਂ ਮੇਟ ਇੱਕੋ ਹੋਏ
ਉਹਨਾਂ ਵੇਖ ਰੀਝਣਾਂ ਵੇ
ਬਾਹੀਂ ਗਲੇ ਲਿਪਟੀਆਂ
ਨ ਚਾਹੀਏ ਕਦੇ ਤੋੜੀਆਂ ।

6. ਖੇੜਾ

ਫੁਲ ਫਲ ਦੇਣੋ ਹੁੱਟ ਗਏ ਇਕ ਸੰਤਰੇ ਦੇ ਬੂਟੇ ਨੂੰ ਬਾਲਣ
ਲਈ ਵੱਢ ਕੇ ਲੈ ਜਾ ਰਹੇ ਸਮੇਂ ਦੇ ਦਿਲ ਤਰੰਗ:-

ਸ਼ਾਖਾਂ ਇਕ ਸੰਤਰੇ ਦੀਆ
ਵੱਢ ਕੁਹਾੜੇ ਨਾਲ,
ਜਾਂਦੀਆਂ ਲਦੀਆਂ ਗੱਡ ਤੇ
ਕਹਿੰਦੀਆਂ ਹੋ ਬੇਹਾਲ:-

ਜਦ ਸਾਂ ਖੇੜੇ ਖਿੜਦੀਆਂ
ਰਹਿੰਦੀਆਂ ਮੁਸ਼ਕ ਮਚਾਇ
ਫਲਦੀਆਂ ਜੋਬਨ ਮੱਤੀਆਂ
ਰਸਭਰੀਆਂ ਰੰਗ ਲਾਇ ।

ਆਦਰ ਭਰੀਆਂ ਅੱਖੀਆਂ
ਚੁੰਮਣ ਸਾਡੇ ਪੈਰ,
ਜੀਭਾਂ ਸਿਫਤ ਸਲਾਹ ਦੀਆਂ
ਆ ਆ ਮੰਗਣ ਖੈਰ ।

ਦਿਲ ਝੁਕਦੇ ਆ ਸਾਹਮਣੇ
ਖਿੜਦੇ ਲੈ ਵਿਸਮਾਦ,
ਛੂਤ ਅਸਾਡੇ ਖੇੜਿਓਂ
ਜਗ ਨੂੰ ਕਰਦੀ ਸ਼ਾਦ ।

ਛਡਿਆ ਜਦ ਖਿੜਨਾ ਅਸਾਂ
ਰੰਗ ਰੂਪ ਰਸ ਨਾਲ,
ਫਲਣਾ ਫੁਲਣਾ ਛੱਡਿਆ
'ਹਰੇ ਰਹਿਣ ਦਾ ਮਾਲ,

-ਤਦੋਂ ਕੁਹਾੜਾ ਆ ਗਿਆ,
-ਫਿਰਿਆ ਸ਼ਾਖੋ ਸ਼ਾਖ਼,
ਜੜ੍ਹ ਮੂਲੋਂ ਵੱਢ ਡੇਗਿਆ,
ਢੇਰੀ ਕੀਤਾ ਖ਼ਾਕ ।

ਬਾਲਣ ਬਾਲਣ ਆਖ ਕੇ
ਲੱਦ ਲਿਚੱਲੇ ਹਾਇ,
ਓਹੋ ਹੱਥ ਤੰਦੂਰ ਨੂੰ,
ਵੇਖੋ ਸਹੀਓ ਆਇ !

ਜਿਹੜੇ ਕਰਦੇ ਅਸਾਂ ਦੀ
ਸੇਵਾ ਸਨ ਚਿਤ ਲਾਇ
ਸੁਖਦੇ ਹੁੰਦੇ ਸੁੱਖਣਾਂ
ਸਾਡੀ ਖ਼ੈਰ ਮਨਾਇ ।

ਜਿੰਦ ਜਿ ਢਹਿਦੀ ਖੇੜਿਓਂ
ਢੈ ਪੈਂਦੀ ਦੇਹ ਨਾਲ,
ਜਿੰਦੜੀ ਹੈ ਜਿਉਂ ਆਸਰਾ
ਇਸ ਦੇਹੀ ਦਾ ਲਾਲ !
ਤਿਉਂ 'ਖੇੜਾ' ਹੈ ਆਸਰਾ
ਇਸ ਜਿੰਦੜੀ ਦਾ ਮਾਲ।
ਖੇੜਾ ਜਿੰਦੜੀ ਇਕ ਹਨ
ਇੱਕ ਦੁਹਾਂ ਦੀ ਚਾਲ।
ਸੂਰਤ ਸਦਾ ਖਿੜਦੀ ਰਹੇ
ਕਦੇ ਨ ਮਿਲੇ ਗਿੜਾਇ,
ਖੇੜਾ ਛਡ ਕੇ ਢੱਠਿਆਂ
ਕਿਤੇ ਨ ਮਿਲੇ ਟਿਕਾਇ ।

7. ਚਾਂਦਨੀ

ਉੱਚੇ ਪਰਬਤਾਂ ਤੇ ਦਿਆਰਾਂ ਯਾ ਕੇਲੋਂ ਦੇ ਬ੍ਰਿੱਛ ਹੁੰਦੇ ਹਨ,
ਜਿਨ੍ਹਾਂ ਦੇ ਪੱਤੇ ਸੂਈ ਵਾਂਗੂ ਖੜੇ ਹੁੰਦੇ ਹਨ । ਖਿੜੀ
ਚਾਂਦਨੀ ਦੀਆਂ ਰਿਸ਼ਮਾਂ ਦੇ ਇਨ੍ਹਾਂ ਪੱਤਿਆਂ ਤੇ
ਪੈਣ ਸਮੇਂ ਦੇ ਦਿਲ ਤਰੰਗ:-

ਸੂਈਆਂ ਨਾਲੋਂ ਨਿੱਕੇ ਨਿੱਕੇ
ਚਾਂਦਨੀ ਦੇ ਪੈਰ ਸਹੀਓ,
ਕੇਲੋਂ ਦੀਆਂ ਸੂਈਆਂ ਉੱਤੇ
ਆਨ ਆਨ ਟਿੱਕਦੇ,

ਏਥੋਂ ਛਾਲਾਂ ਮਾਰ ਟੱਪ
ਪੈਣ ਚਿੱਟੇ ਪੱਥਰਾਂ ਤੇ,
ਓਥੋਂ ਕੱਦ ਹੇਠ ਖੱਡ
ਪਾਣੀ ਉੱਤੇ ਡਿੱਗਦੇ,

ਲਹਿਰਾਂ ਦੇ ਉੱਤੇ ਉੱਤੇ
ਤਿਲ ਮਿਲ ਖੇਡਦੇ ਨੀ,
ਪੋਲੇ ਪੋਲੇ ਰੱਖ ਰੱਖ
ਠੁਮਕ ਠੁਮਕ ਠਿੱਕਦੇ ।

ਨਾਚ ਕਰਨ ਪੂਣੀ ਉੱਤੇ,
ਲਾਸ਼ਾਂ ਮਰਨ ਪੌਣ ਵਿਚ,
ਚਾਂਦਨੀ ਦੇ ਨੈਣ ਉੱਪਰ
ਚੰਦ ਵੱਲ ਤੱਕਦੇ ।

ਚੰਦ ਭਰਿਆ ਪਯਾਰ ਨਾਲ
ਤੱਕੇ ਵਲ ਚਾਂਦਨੀ ਦੇ,
ਤੱਕਦਾ ਏ ਸਾਰਾ ਸਹੀਓ !
ਅੱਖ ਹੀ ਜੇ ਹੋ ਰਿਹਾ ।

ਚਾਨਣ ਚੰਦ ਦੇਂਵਦਾ ਜੇ
ਚਾਨਣਾ ਏ ਆਪ ਸਾਰਾ,
ਚਾਨਣੀ ਦੇ ਚਾਨਣੇ ਨੂੰ
ਵੇਖ ਰੀਝ ਜੇ ਰਿਹਾ ।

ਚਾਨਣੇ ਦੇ ਰੂਪ ਪਯਾਰ
ਭੇਜਦਾ ਏ ਚਾਂਦਨੀ ਨੂੰ;
ਲਗਾਤਾਰ 'ਪਯਾਰ-ਮੀਂਹ'
ਚੰਦ ਹੇਠ ਦੇ ਰਿਹਾ ।

ਚਾਂਦਨੀ ਨ ਲੋਭਦੀ ਹੈ
ਹੇਠਾਂ ਕਿਸੇ ਪਯਾਰ ਹੋਰ,
ਧਿਆਨ ਚੰਦ ਵਿਚ, ਖਿੱਚ
ਉਤਾਹਾਂ ਮਨ ਲੈ ਰਿਹਾ ।

ਖੱਡਾਂ ਨਦੀ ਨਲਿਆਂ ਤੇ
ਖੇਤਾਂ ਬਨਾਂ ਜੰਗਲਾਂ ਤੇ,
ਸ਼ਹਿਰਾਂ ਪਿੰਡਾਂ ਸਭਨਾਂ ਤੇ
ਚਾਂਦਨੀ ਹੈ ਪੈ ਰਹੀ ।

ਰਾਜਿਆਂ ਅਮੀਰਾਂ ਤੇ ਗ਼ਰੀਬਾਂ
ਪਾਪੀ ਪੁੰਨੀਆਂ ਦੇ,
ਸਾਰਿਆਂ ਦੇ ਦਵਾਰਿਆਂ ਤੇ
ਚਾਨਣਾ ਹੈ ਦੇ ਰਹੀ ।

ਵਯਾਪੀ ਸਾਰੇ ਦਿੱਸਦੀ ਪੈ
ਖਚਿਤ ਕਿਸੇ ਵਿੱਚ ਨਾਂਹਿ,
ਧਯਾਨ ਲਾਇਆਂ ਚੰਦ ਵਿਚ
'ਚੰਦ-ਖਿੱਚ' ਪੈ ਰਹੀ ।

ਚੰਦ ਪਯਾਰੇ ਚਾਂਦਨੀ ਨੂੰ,
ਚਾਂਦਨੀ ਖਿਚੀਵੇ ਚੰਦ,
ਵੱਸ ਮਾਤਲੋਕ ਸਵਾਦ
ਅਰਸ਼ਾਂ ਦਾ ਜੇ ਲੈ ਰਹੀ ।
(ਪਯਾਰੇ=ਪਿਆਰ ਕਰਦਾ ਹੈ।
ਮਾਤਲੋਕ=ਧਰਤੀ ਤੇ)

8. ਜਮਨਾਂ ਕਲਗੀਆਂ ਵਾਲੇ ਦੇ ਦੀਦਾਰ ਦੀ ਸਿੱਕ ਵਿੱਚ:-

ਪਾਉਂਟਾ ਉਹ ਰਮਣੀਕ ਥਾਂ ਹੈ ਜਿੱਥੇ ਜਮਨਾਂ ਪਹਾੜ ਤੇ ਦੂਨ
ਨੂੰ ਛੱਡ ਮੈਦਾਨੀਂ ਦਾਖ਼ਲ ਹੋਣ ਲੱਗਦੀ ਹੈ । ਕਲਗੀਆਂ
ਵਾਲੇ ਨੇ ਏਥੇ ਡੇਰਾ ਲਾਇਆ, ਕੋਟ ਤੇ ਟਿਕਾਣਾ ਪਾਇਆ
ਤੇ ਕੁਛ ਕਾਲ ਬੜੇ ਅਨੰਦ ਵਿਚ ਰਹੇ । ਜਮਨਾਂ ਵਿਚ
ਅਠਖੇਲੀਆਂ ਕਰਦੇ, ਕਿਨਾਰੇ ਤੇ ਦੀਵਾਨ
ਸਜਾਉਂਦੇ, ਕੀਰਤਨ ਹੁੰਦੇ ਤੇ ਆਪ ਨਾਦ ਕਰਦੇ
ਹੁੰਦੇ ਸੇ । ਕਿਤਨੀ ਕਾਵਯ ਰਚਨਾ ਏਥੇ ਹੀ ਹੋਈ ।
ਜਮਨਾ ਓਦੋਂ ਦੀ ਮਾਨੋਂ ਆਪ ਦੇ ਪਿਆਰ
ਵਿਚ ਬਿਰਹੋਂ ਸਿਰ ਚਾਈ ਹੁਣ ਤਕ ਆਪ
ਦੀ ਤਲਾਸ਼ ਵਿਚ ਹੈ । ਉਸਦੇ ਪ੍ਰੇਮ ਰਸ
ਆਏ ਦਿਲ ਤਰੰਗ ਇਸ ਕਵਿਤਾ
ਵਿਚ ਅੰਕਿਤ ਹਨ:-

ਜਮਨਾ:-
ਜੀਉਂਦਾ ਸੀ , ਇਕ ਸਹੀਓ !
ਪਾਉਂਟੇ ਟਿਕਾਣੇ ਮੇਰੇ,
ਸਮਾਂ ਹੋਇਆ ਢੇਰ ਸਾਰਾ
ਆਣ ਏਥੇ ਨ੍ਹਾ ਗਿਆ ।

ਖਿੜਿਆ ਉਹ ਟੁਰਦਾ ਆਵੇ
ਉੱਛਲ ਕੇ ਛਾਲਾਂ ਮਾਰੇ
ਚਾਉ ਭਰ ਮਾਰੇ ਟੁੱਭੀ
ਤਾਰੀਆਂ ਭੀ ਲਾ ਗਿਆ ।

ਖੇਡਦਾ ਖਿਡਾਂਦਾ ਸਹੀਓ !
ਪਿੜ ਸੀ ਜਮਾਂਦਾ ਸਹੀਓ!
ਹੱਸਦਾ ਹਸਾਂਦਾ ਸਹੀਓ !
ਰੰਗ ਸੀ ਜਮਾ ਗਿਆ ।

ਮਿੱਠੀ ਮਿੱਠੀ, ਪਯਾਰੀ ਪਯਾਰੀ,
ਕਾਲਜੇ ਨੂੰ ਧੂਣ ਵਾਲੀ,
ਖਿੱਚ ਕੇ ਹਲੂਣ ਵਾਲੀ
ਵੀਣਾ ਸੀ ਵਜਾ ਗਿਆ॥੧॥

ਨੇਹੁੰ ਸੀ ਲਗਾ ਕੇ ਸਹੀਓ!
ਕਾਲਜਾ ਚੁਰਾਕੇ ਸਹੀਓ !
ਖਿੱਚ ਦਾ ਤਣੁੱਕਾ ਲਾ ਕੇ
ਆਪਾ ਨੀ ਛਿਪਾ ਗਿਆ ।

ਢੂੰਡ ਉਹਦੀ ਪਈ ਮੈਨੂੰ,
ਧਾਈ ਧਾਈ ਫਿਰਾਂ ਸਹੀਓ,
ਉਚੇ ਨੀਵੇਂ ਥਾਉਂ ਜਾਇ !
ਸਾਰੇ ਮੈਂ ਪੁਛਾ ਲਿਆ ।

ਭੈਣਾਂ ਤੋਂ ਮੈਂ ਪੁੱਛ ਹਾਰੀ
ਰਲ ਮਿਲ ਟੋਲ ਕੀਤੀ,
ਥਲ ਢੰਡ ਗਈਆਂ ਸਾਗਰ
ਸਮੁੰਦ ਸਾਰਾ ਭਾਲਿਆ ।

ਭਾਲ ਸਾਰੀ ਗਈ ਐਵੇਂ
ਧਰਤੀ ਤੇ ਮਿਲੇ ਨਾਹੀਂ,
ਪੌਣ ਮੋਢੇ ਚੜ੍ਹੀ ਫੇਰ
ਢੂੰਡਣ ਸਿਰ ਚਾ ਲਿਆ॥੨॥

ਦੇਸ਼ ਦੇਸ਼, ਦੁਆਰ ਦੁਆਰ,
ਖੰਡ ਖੰਡ, ਗਲੀ, ਕੂਚੇ,
ਉੱਚੀ ਉੱਚੀ ਉੱਡ ਉੱਡ
ਨੀਝ ਲਾ ਤਕਾ ਲਿਆ ।

ਹੰਢ ਹੰਢ, ਉੱਡ ਉੱਡ,
ਲੱਭ ਲੱਭ ਸਾਰੇ ਥਾਉਂ,
ਨਿਖੁੱਟੀ ਨੇ ਹਿਮਾਲੇ ਦਾ
ਆ ਆਸਰਾ ਤਕਾ ਲਿਆ।

ਪੌਣ ਦਾ ਸਰੂਪ ਛੱਡ
ਪਾਣੀ ਵਾਲੇ ਰੂਪ ਆਈ,
ਫੇਰ ਉਸੇ ਜੱਗ ਵਿਚ
ਢੂੰਡਣ ਸਿਰ ਚਾ ਲਿਆ ।

ਉਹਨੀਂ ਉਹਨੀਂ ਰਾਹੀਂ ਆਈ,
ਠੰਢੀ ਠਾਰ ਨਵੀਂ ਨਵੀਂ,
ਨਵਾਂ ਓਹੋ ਰੂਪ ਧਾਰ
ਨਵੇਂ ਸਿਰੇ ਭਾਲਿਆ ॥੩॥

ਭਾਲਦੀ ਪਹਾੜ ਘਾਟੀ
"ਪਾਉਂਟੇ" ਮੈਂ ਫੇਰ ਆਈ,
ਤੱਕ ਸਾਰੀ ਲਾਂਭ
ਸੁਹਣੇ ਨੂੰ ਸੰਭਾਲਿਆ !

ਉਤਾਵਲੀ ਸੰਭਾਲਦੀ ਮੈਂ
ਭਾਲਦੀ ਤੇ ਪੁੱਛਦੀ ਨੂੰ
ਮਿਲੇ ਨਹੀਂ ਕਿਸੇ ਥਾਉਂ
ਰੂਪ ਨਾ ਦਿਖਾਲਿਆ।

ਹਰਯਾਨੜੀ ਬਉਰਾਨੜੀ ਮੈਂ
ਤਾਂਘ ਬੱਧੀ ਟੁਰੀ ਜਾਵਾਂ,
ਤੁਰੀ ਜਾਵਾਂ, ਤੁਰੀ ਜਾਵਾਂ,
ਤੁਰਨ ਨੇਹੁੰ ਲਗਾ ਲਿਆ।

ਜਲੇ ਨਾਹੀਂ ਥਲੇ ਨਾਹੀਂ
ਕਿਤੇ ਮੁੜਕੇ ਮਿਲੇ ਨਾਹੀਂ,
ਪੌਣ ਸਾਰੀ ਫੋਲ ਮਾਰੀ
ਜਗਤ ਸਾਰਾ ਭਾਲਿਆ॥੪॥

ਕਈ ਵਾਰ ਥਲੇ ਆਈ
ਫੇਰ ਜਲ ਗਈ ਧਾਈ,
ਵਾਇ ਮੰਡਲ ਉੱਡ ਫੇਰ
ਗੇੜ ਸਾਰੇ ਲਾ ਲਿਆ ।

ਵਰ੍ਹੇ ਤੇ ਮਹੀਨੇ ਬੀਤੇ
ਸਦੀਆਂ ਨੇ ਰਾਹ ਲੀਤੇ,
ਮੈਂ ਬੀ ਕਈ ਗੇੜ ਕੀਤੇ
ਥਹੁ ਕਿਤੋਂ ਨਾਂਹ ਪਿਆ ।

ਜੋਗੀ ਅਤੇ ਜਤੀ ਆਏ
ਗਿਆਨੀ ਤੇ ਤਪੀ ਆਏ,
ਘਾਲੀਆਂ ਅਨੇਕਾਂ ਦਾ ਹੈ
ਫੇਰਾ ਏਥੇ ਆ ਪਿਆ ।

ਪੁੱਛਿਆਂ ਦਸਾਣ ਸਾਰੇ
ਆਤਮਾਂ ਦਾ ਪਤਾ ਦੇਣ,
ਆਖਣ: 'ਅਰੂਪ ਹੋ ਕੇ
ਜੋਤੀ ਹੈ ਸਮਾ ਗਿਆ ॥੫॥

'ਅਰਸ਼ਾਂ 'ਚ ਨੂਰ ਉਹਦਾ,
'ਕੁਰਸ਼ਾਂ 'ਚ ਜੋਤ ਉਹਦੀ
'ਧਰਤੀ ਪਰ ਚਾਨਣਾ
ਅਰੂਪ ਹੈ ਜਗਾ ਗਿਆ' ।

ਪੈਂਦੀ ਹੋਊ ਜੋਗੀਆਂ ਨੂੰ
ਠੰਢ ਐਦਾਂ ਆਖ ਲੋਕੋ !
ਮੈਨੂੰ ਤਾਂ ਤਸੱਲੀ ਐਉਂ
ਕੋਈ ਨਾ ਬਨ੍ਹਾ ਗਿਆ ।

ਓਹੋ ਹੋਵੇ ਰੂਪ ਪਯਾਰਾ,
ਬਾਂਕੀ ਓ ਨੁਹਾਰ ਹੋਵੇ,
ਤੇਜ ਜਬ੍ਹੇ ਪਯਾਰ ਵਾਲਾ
ਰੂਪ ਜੋ ਦਿਖਾ ਗਿਆ।

ਕਲਗੀ ਪ੍ਰਕਾਸ਼ ਹੋਵੇ
ਤੀਰ ਤੇ ਕਮਾਨ ਸੁਹਵੇ,
ਮੋਹਨ ਹਾਰੀ ਆਨ ਹੋਵੇ
ਬਾਨ ਜੋ ਬਨਾ ਗਿਆ॥੬॥

ਆਵੇ ਧਾਇ ਧਾਇ ਓਦਾਂ,
ਛਾਲਾਂ ਮਾਰ ਤਰੇ ਓਦਾਂ,
ਟੁੱਭੀਆਂ ਲਗਾਇ ਖੇਡੇ,
ਕਦੇ ਜਿਉਂ ਖਿਡਾ ਗਿਆ।

ਰੰਗ ਆ ਜਮਾਵੇ ਓਦਾਂ,
ਕੀਰਤਨ ਸੁਣਾਵੇ ਓਦਾਂ,
ਵੀਣਾਂ ਵੀ ਵਜਾਵੇ ਓਦਾਂ,
ਕਦੇ ਜਿਉਂ ਵਜਾ ਗਿਆ ।

ਸਾਨੂੰ ਠੰਢ ਪਵੇ ਤਾਹੀਓਂ ।
ਸਵਾਦ ਦਿਲ ਰਮੇਂ ਸਹੀਓ !
ਅੰਗ ਅੰਗ ਖਿੜੇ ਸਹੀਓ,
ਆਪ ਜਿਉਂ ਖਿੜਾ ਗਿਆ।

ਐਦਾਂ ਜੇ ਨ ਆਵਣਾ ਸੂ,
ਲੁਕ ਕੇ ਤ੍ਰਸਾਵਣਾ ਸੂ,
ਰੂਪ ਨਾ ਦਿਖਾਵਣਾ ਸੂ,
ਏਹੋ ਸੂ ਜੇ ਭਾ ਗਿਆ॥੭॥

ਤਾਂ ਮੈਂ ਬੀ ਹਾਂ ਰਜ਼ਾ ਰਾਜ਼ੀ
ਸਿਰ ਧੜ ਲੱਗੀ ਬਾਜ਼ੀ,
ਢੂੰਡ ਮੇਰੀ ਸਦਾ ਤਾਜ਼ੀ
ਨੇਮ ਇਹ ਬਣਾ ਲਿਆ।

ਓਸੇ ਰੰਗ ਦਰਸ ਲੈਣੇ
ਓਸੇ ਰੂਪ ਪਰਸਣਾ ਹੈ,
ਓਵੇਂ ਵੇਖ ਸਰਸਣਾ ਹੈ
ਧਰਮ ਇਹ ਧਰਾ ਲਿਆ।

ਜੁਗ ਜੁਗ, ਜਨਮ ਜਨਮ,
ਸਦੀ ਸਦੀ, ਦੌਰ ਦੌਰ,
ਰਹੇ ਜੇ ਉਹ ਉਥੇ ਜਿੱਥੇ
ਡੇਰਾ ਸੂ ਲਗਾ ਲਿਆ ।

ਸੰਭਾਲ ਅਸਾਂ ਛੱਡਣੀ ਨਾਂ
ਭਾਲ ਕਦੇ ਤਯਾਗਣੀ ਨਾਂ,
ਸਿੱਕਣ ਤੇ ਤਰਸਣਾ ਤੇ
ਰੋਵਣਾ ਜੀ ਲਾ ਲਿਆ ॥੮॥

'ਧਯਾਨ' ਰਖਾਂ ਰੂਪ ਪਯਾਰੇ
'ਨਾਮ' ਪਯਾਰਾ ਜਾਪ ਜਾਪਾਂ
'ਖਿੱਚ' ਵਿਚ ਖਿੱਚੀ ਰਹਾਂ
'ਪਯਾਰ' ਜੀ ਵਿਨ੍ਹਾ ਲਿਆ ।

ਏਦਾਂ ਏਦਾਂ ਟੁਰੀ ਜਾਣਾਂ,
ਜਲੋਂ ਥਲ, ਥਲੋਂ ਜਲ,
ਜਲੋਂ ਪੌਣ, ਪੌਣੋਂ ਥਲ,
ਜੋਗੀ ਕੰਮ ਚਾ ਲਿਆ।

ਜਮਨਾਂ ਨਿਮਾਣੀ ਵਾਲੇ
ਵੈਣ ਸਹੀਓ ਸੁਣੀ ਜਾਣੇਂ
ਰੈਣ ਦਿਨ ਲੱਗੀ ਟੋਲ
ਝਾਕਾ ਇਕ ਪਾ ਲਿਆ ।

'ਜੀਉਂਦਾ' ਦੀਦਾਰ ਸਹੀਓ
ਇਕ ਵੇਰ ਪਾਇਆ ਸਾਜੇ
ਤਦ ਦੀ ਦੀਦਾਰ ਮੋਹੀ
ਆਪਾ ਮੈਂ ਮੁਹਾ ਲਿਆ ॥੯॥

ਦਿਓ ਨੀ ਅਸੀਸ ਕੋਈ,
ਤਰਸ ਆਵੇ 'ਜੀਉਂਦੇ' ਨੂੰ,
ਰੂਪ ਧਾਰ ਫੇਰ ਆਵੇ
ਬਿਰਹੁੰ ਜੋ ਭਛਾ ਗਿਆ।

ਮੈਂ ਹਾਂ ਨਿਮਾਣੀ ਨੀਵੀਂ,
ਰੂਪ ਹੈ ਸਥੂਲ ਮੇਰਾ
ਦੇਸ਼ ਓਹਦੇ ਪਹੁੰਚ ਨਾਹੀਂ
ਨੂਰ ਜੋ ਵਸਾ ਰਿਹਾ ।

ਓਸੇ ਨੂੰ ਤਰਸ ਆਵੇ
ਮਿਹਰ ਧਾਰ ਹੇਠ ਆਵੇ
ਦਿੱਸਦੇ-ਦੀਦਾਰ' ਲਯਾਵੇ
ਦਰਸ ਜੋ ਦਿਖਾ ਗਿਆ।

ਲੱਲ ਏਹੋ ਜੇ ਲਗੀ ਸਾਨੂੰ,
ਮੰਗ ਸਾਡੀ ਸਦਾ ਏਹੋ,
ਹੋਇਗਾ ਦਿਆਲ ਜਿਹੜਾ
ਚਾਟ ਸਾਨੂੰ ਲਾ ਗਿਆ ॥੧੦॥

9. ਬਿਨਫਸ਼ਾਂ ਦਾ ਫੁੱਲ

ਬਿਨਫਸ਼ਾਂ ਦੇ ਡਾਢੇ ਖੁਸ਼ਬੂਦਾਰ ਫੁੱਲ ਪਹਾੜਾਂ ਵਿਚ
ਅਸੈ (ਖੁਦਰੌ) ਤੇ ਮੈਦਾਨੀ ਪੰਜਾਬ ਵਿਖੇ ਬਾਗ਼ਾਂ ਵਿਚ
ਲਗਾਏ ਹੋਏ ਸਿਆਲੇ ਵਿਚ ਖਿਲਦੇ ਹਨ, ਪਹਾੜਾਂ ਵਿਚ
ਏਹ ਨਜ਼ਰ ਨ ਖਿਚਣ ਵਾਲੇ ਢੰਗ ਉੱਗਦੇ ਵੱਧਦੇ ਹਨ, ਫਿਰ
ਵੀ ਲੋਕੀਂ ਜਾ ਤੋੜਦੇ ਹਨ, ਇਸਦੇ ਟੁੱਟਣ ਸਮੇਂ ਦੇ ਦਿਲ
ਤਰੰਗ ਇਨ੍ਹਾਂ ਸਤਰਾਂ ਵਿਚ ਅੰਕਿਤ ਹਨ :-

ਮਿਰੀ ਛਿਪੀ ਰਹੇ ਗੁਲਜ਼ਾਰ,
ਮੈਂ ਨੀਵਾਂ ਉੱਗਿਆ;
ਕੁਈ ਲਗੇ ਨ ਨਜ਼ਰ ਟਪਾਰ,
ਮੈਂ ਪਰਬਤ ਲੁੱਕਿਆ,
ਮੈਂ ਲਿਆ ਅਕਾਸ਼ੋਂ ਰੰਗ
ਜੁ ਸ਼ੋਖ਼ ਨ ਵੰਨ ਦਾ;
ਹਾਂ, ਧੁਰੋਂ ਗ਼ਰੀਬੀ ਮੰਗ,
ਮੈਂ ਆਯਾ ਜਗਤ ਤੇ ।
ਮੈਂ ਪੀਆਂ ਅਰਸ਼ ਦੀ ਤ੍ਰੇਲ,
ਪਲਾਂ ਮੈਂ ਕਿਰਨ ਖਾ;
ਮੇਰੀ ਨਾਲ ਚਾਂਦਨੀ ਖੇਲ,
ਰਾਤਿ ਰਲ ਖੇਲੀਏ ।
ਮੈਂ ਮਸਤ ਆਪਣੇ ਹਾਲ,
ਮਗਨ ਗੰਧਿ ਆਪਣੀ;
ਹਾਂ, ਦਿਨ ਨੂੰ ਭੌਰੇ ਨਾਲ
ਬਿ ਮਿਲਨੋਂ ਸੰਗਦਾ ।
ਆ ਸ਼ੋਖ਼ੀ ਕਰਕੇ ਪੌਣ
ਜਦੋਂ ਗਲ ਲੱਗਦੀ,
ਮੈਂ ਨਾਹਿੰ ਹਿਲਾਵਾਂ ਧਉਣ
ਵਾਜ ਨ ਕੱਢਦਾ ।
ਹੋ, ਫਿਰ ਬੀ ਟੁੱਟਾਂ, ਹਾਇ !
ਵਿਛੋੜਨ ਵਾਲਿਓ ।
ਮੇਰੀ ਭਿੰਨੀ ਇਹ ਖ਼ੁਸ਼ਬੋਇ
ਕਿਵੇਂ ਨ ਛਿੱਪਦੀ ।
ਮਿਰੀ ਛਿਪੇ ਰਹਿਣ ਦੀ ਚਾਹਿ,
ਤਿ ਛਿਪ ਟੁਰ ਜਾਣ ਦੀ;
ਹਾ, ਪੂਰੀ ਹੁੰਦੀ ਨਾਂਹਿੰ,
ਮੈਂ ਤਰਲੇ ਲੈ ਰਿਹਾ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਭਾਈ ਵੀਰ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ