Dilshad Ahmed Chann
ਦਿਲਸ਼ਾਦ ਅਹਿਮਦ ਚੰਨ

ਨਾਂ-ਦਿਲਸ਼ਾਦ ਅਹਿਮਦ, ਕਲਮੀ ਨਾਂ-ਦਿਲਸ਼ਾਦ ਚੰਨ,
ਜਨਮ ਵਰ੍ਹਾ-1944, ਜਨਮ ਸਥਾਨ-ਫਗਵਾੜਾ ਪੂਰਬੀ ਪੰਜਾਬ,
ਪਿਤਾ ਦਾ ਨਾਂ-ਮੀਆਂ ਨੂਰ ਮੁਹੰਮਦ,
ਛਪੀਆਂ ਕਿਤਾਬਾਂ-ਹਰਨੀ ਦੀ ਅੱਖ (ਗੀਤ), ਚੰਨ ਸੁਫ਼ਨੇ (ਗ਼ਜ਼ਲ ਸੰਗ੍ਰਿਹ),
ਪਤਾ-205 ਜੇ, ਅਲਾਮਾ ਇਕਬਾਲ ਕਾਲੋਨੀ, ਫ਼ੈਸਲਾਬਾਦ, ਪੰਜਾਬ ।

ਪੰਜਾਬੀ ਗ਼ਜ਼ਲਾਂ (ਚੰਨ ਸੁਫ਼ਨੇ 1999 ਵਿੱਚੋਂ) : ਦਿਲਸ਼ਾਦ ਅਹਿਮਦ ਚੰਨ

Punjabi Ghazlan (Chann Sufne 1999) : Dilshad Ahmed Channਭੁੱਖੇ ਨੰਗੇ ਕਰ ਛੱਡਿਆ ਏ

ਭੁੱਖੇ ਨੰਗੇ ਕਰ ਛੱਡਿਆ ਏ ਅੱਜ ਦੇ ਕਾਲ ਸਮੇਂ ਨੇ । ਹਾਲੋਂ ਕਰ ਬੇਹਾਲ ਦਿੱਤਾ ਏ ਸਭ ਨੂੰ ਹਾਲ ਸਮੇਂ ਨੇ । ਚੂਸ ਲਈ ਏ ਅੰਬਰ ਵੇਲਾਂ ਰੁੱਖਾਂ ਤੋਂ ਹਰਿਆਲੀ, ਮੂੰਹ ਗ਼ਰੀਬ ਦੇ ਮੜ੍ਹ ਦਿੱਤੀ ਏ ਕੋਝੀ ਗਾਲ ਸਮੇਂ ਨੇ । ਕੌਣ ਸੁਣੇ ਤੇ ਕਿਸ ਨੂੰ ਦੱਸੀਏ ਦੱਸਿਆਂ ਦੱਸ ਨਈਂ ਹੁੰਦੀ, ਕਰ ਛੱਡੀ ਏ ਅੱਜ ਕਲ ਜਿਹੜੀ ਸਾਡੇ ਨਾਲ ਸਮੇਂ ਨੇ । ਤੇਰੇ ਦਿਲ ਦੇ ਅੰਦਰ ਜਿਹੜੇ ਆਪੇ ਉੱਤਰ ਜਾਵਣ, ਇਹੋ ਜਿਹੇ ਨਈਂ ਕੱਢੇ ਹਾਲੀ ਸੁਰ ਤੇ ਤਾਲ ਸਮੇਂ ਨੇ । ਫਸ ਜਾਵਣ ਤੇ ਉੱਡ ਨਈਂ ਸਕਦੇ ਉਥੋਂ ਅਣਖਾਂ ਵਾਲੇ, ਨਵੇਂ ਨਕੋਰ ਸੁਨਹਿਰੀ ਸੁੱਟੇ ਜਿੱਥੇ ਜਾਲ ਸਮੇਂ ਨੇ । 'ਚੰਨ' ਚਰਖ਼ੇ ਦੀ ਘੂਕ ਵੀ ਹੁਣ ਤੇ ਕੰਨਾਂ ਵਿਚ ਨਈਂ ਪੈਂਦੀ, ਪੱਕੇ ਹੱਥੀ ਤੋੜੀ ਜਦ ਦੀ ਆਪੇ ਮਾਲ੍ਹ ਸਮੇਂ ਨੇ ।

ਨਫ਼ਰਤ ਬੂਟੇ ਪਾਲੀ ਜਾਂਦੀ

ਨਫ਼ਰਤ ਬੂਟੇ ਪਾਲੀ ਜਾਂਦੀ ਫਿਰਕੇ ਬਾਜ਼ ਖ਼ਤੀਬਾਂ ਦੇ । ਅਸਰ ਦਿਲਾਂ 'ਤੇ ਕਰ ਜਾਂਦੇ ਨੇ ਚੰਗੇ ਬੋਲ ਅਦੀਬਾਂ ਦੇ । ਮਿੱਠਾ ਜ਼ਹਿਰ ਮਹਿੰਗਾਈ ਵਾਲਾ ਰਚਦਾ ਜਾਂਦਾ ਜੁੱਸੇ ਵਿਚ, ਸਹਿਕ-ਸਹਿਕ ਕੇ ਮਰਨ ਲਈ ਦਿੱਤੇ ਕਾਸੇ ਹੱਥ ਗ਼ਰੀਬਾਂ ਦੇ । ਗਹਿਣਾ ਸਮਝ ਕੇ ਪਾਈ ਜਾਵਣ ਜ਼ੁਲਮ ਦੀਆਂ ਜ਼ੰਜੀਰਾਂ ਨੂੰ, ਝੂਠ ਦੇ ਜਿੰਦਰੇ ਟੁੱਟੀ ਜਾਂਦੇ ਜਿਹੜੀਆਂ-ਜਿਹੜੀਆਂ ਜੀਭਾਂ ਦੇ । ਜੇਲਾਂ, ਕੋੜੇ, ਸਖ਼ਤ ਸਜ਼ਾਵਾਂ ਜਾਨ ਆਪਣੀ 'ਤੇ ਜਰ ਲਾਂਗੇ, ਗ਼ੈਰਤ ਦੇ ਲਈ ਮਰਨੇ ਵਾਲੇ ਚੁੰਮਦੇ ਮੂੰਹ ਸਲੀਬਾਂ ਦੇ । ਸੱਜਣ ਛੱਡ ਕੇ ਜਾ ਬਹਿੰਦੇ ਨੇ ਝੋਲੀ ਵਿਚ ਜੋ ਗ਼ੈਰਾਂ ਦੀ, ਉਨ੍ਹਾਂ ਉੱਤੇ ਹੋ ਜਾਂਦੇ ਨੇ ਬੂਹੇ ਬੰਦ ਜਬੀਬਾਂ ਦੇ । ਅੱਜ ਵੇਲੇ ਦੀ ਵਾਗ ਜੇ ਸੱਜਣਾ ਤੇਰੇ ਹੱਥ ਵਿਚ ਆ ਗਈ ਏ, ਕਲ ਨੂੰ ਤੇਰੀ ਝੋਲੀ ਪੈਣੇ ਵੇਖੀਂ ਖ਼ੂਨ ਰਕੀਬਾਂ ਦੇ । ਕਿਰਨਾ ਅਮਨ ਸਵੇਰ ਦੀਆਂ'ਚੰਨ' ਫੁੱਟੀਆਂ ਜ਼ੁਲਮ ਹਨੇਰੇ ਚੋਂ, ਲੇਖ ਬਦਲਦੇ ਵੇਖ ਲਓਗੇ ਜਗ 'ਤੇ ਬੇ-ਨਸੀਬਾਂ ਦੇ ।

ਬੁੱਲਾਂ ਉੱਤੇ ਚੁੱਪ ਦੇ ਜਿੰਦਰੇ

ਬੁੱਲਾਂ ਉੱਤੇ ਚੁੱਪ ਦੇ ਜਿੰਦਰੇ ਸੋਚਾਂ ਉੱਤੇ ਪਹਿਰੇ । ਸੱਚ ਦੀ ਲੀਕ ਨੂੰ ਟੱਪਣ ਵਾਲੇ, ਖੜ੍ਹਦੇ ਵਿੱਚ ਕਟਹਿਰੇ । ਜਿਸ ਦਮ ਸੱਟ ਇਸ਼ਕ ਦੀ ਲੱਗੇ, ਠੱਲ੍ਹੀਆਂ ਜਾਣ ਨਾ ਪੀੜਾਂ, ਦੀਦ ਬਿਨਾਂ ਵੱਲ ਹੁੰਦੇ ਨਾਹੀਂ, ਫੱਟ ਹਿਜਰ ਦੇ ਗਹਿਰੇ । ਯਾਦ ਤਿਰੀ ਨੇ ਸੀਨਾ ਪੱਛਿਆ, ਹੰਝੂਆਂ ਹਾਰ ਪਰੋਏ, ਜਗ ਦੇ ਮਿਹਣੇ ਸੁਨਣੇ ਪੈਂਦੇ, ਹੋ ਕੇ ਗੂੰਗੇ ਬਹਿਰੇ । ਵੇਲੇ ਨੇ ਵੀ ਖੋਲ੍ਹ ਲਈਆਂ ਨੇ ਅੰਨ੍ਹੀਆਂ ਅੱਖੀਆਂ ਅੱਜ ਤੋਂ, ਖ਼ੁਆਬ ਸੁਹਾਣੇ ਦਰਦ ਪੁਰਾਣੇ, ਕਿਸੇ ਨਾ ਗੋਸੇ ਠਹਿਰੇ । ਕੌਣ ਸੁਣੇ ਫ਼ਰਿਆਦ ਮਿਰੀ ਨੂੰ ਕਿਹੜੇ ਪਾਸੇ ਜਾਵਾਂ, ਹੁਸਨ ਲੁਟੇਰੇ ਲੁੱਟ ਕੇ ਲੈ ਗਏ, ਦਿਲ ਦਾ ਮਾਲ ਦੁਪਹਿਰੇ । ਲੰਘ ਜਾਣੀ ਹੈ ਉਨ੍ਹਾਂ ਦੀ ਵੀ ਜ਼ਿੰਦਗੀ ਏਸ ਤਰ੍ਹਾਂ ਹੀ, ਜਿਨ੍ਹਾਂ ਪੋਹ ਦੀਆਂ ਸੀਤਾਂ ਦੇ ਵਿੱਚ, ਕੱਪੜੇ ਲਏ ਇਕਹਿਰੇ । ਜਿਹੜੀਆਂ ਰੁੱਤਾਂ ਫੁੱਲਾਂ ਵਰਗੇ ਹਾਸੇ ਵੰਡਦੀਆਂ ਗਈਆਂ, ਉਹਨਾਂ ਸ਼ੋਖ਼ ਰੁੱਤਾਂ ਦੇ 'ਚੰਨਾਂ' ਮੁੜ ਨਹੀਂ ਝੰਡੇ ਲਹਿਰੇ ।

ਪੈਸਾ ਸਭ ਦਾ ਅੱਬਾ ਏਥੇ

ਪੈਸਾ ਸਭ ਦਾ ਅੱਬਾ ਏਥੇ, ਪੈਸਾ ਸਭ ਦੀ ਅੰਮੀ । ਹਰ ਮੁਸ਼ਕਿਲ ਦੀ ਕੁੰਜੀ ਪੈਸਾ, ਕੀ ਕਰਨੀ ਗੱਲ ਲੰਮੀ । ਪੱਕੇ ਮਹਿਲ ਕਦੀ ਨਹੀਂ ਬਣਦੇ, ਕੱਚੀਆਂ ਨੀਹਾਂ ਉੱਤੇ, ਜਿਸਰਾਂ ਭਾਰ ਸਹਾਰ ਨਹੀਂ ਸਕਦੀ, ਘੁੰਣ ਦੀ ਖਾਧੀ ਥੰਮੀ । ਵੀਰਾਂ ਸਾਹਵੇਂ ਵੀਰ ਖਲੋ ਗਏ, ਤਿੱਖੀਆਂ ਛੁਰੀਆਂ ਲੈ ਕੇ, ਕਰ ਦਿੱਤੀ ਏ ਕਿਹੜੀ ਸ਼ੈ ਨੇ, ਖ਼ਬਰੇ ਰੱਤ ਨਿਕੰਮੀ । ਪਿਉ ਨੂੰ ਅੱਬਾ, ਮਾਂ ਨੂੰ ਬੀਬੀ, ਆਖਣ ਟਾਵੇਂ ਟਾਵੇਂ, ਹੁਣ ਤੇ ਪਿਉ ਨੂੰ 'ਪਾਪਾ' ਕਹਿੰਦੇ, ਮਾਂ ਨੂੰ ਕਹਿੰਦੇ 'ਮੰਮੀ' । ਜਿਹੜੀ ਕੁੜੀ ਮਸੱਲਣ ਜੰਮੀ, ਚੌਧਰੀਆਂ ਦੇ ਤੁਖਮੋਂ, ਚੌਧਰੀਆਂ ਦੇ ਹਰ ਮੁੰਡੇ ਦੀ ਅੱਖ ਉਹਦੇ 'ਤੇ ਜੰਮੀ । ਰੱਬ ਸੱਚੇ ਨੇ ਦੁਨੀਆ ਉੱਤੇ, ਘੱਲੇ 'ਚੰਨ' ਇਨਸਾਨ', ਨਾ ਉਹਨੇ ਕੋਈ ਚੌਧਰ ਘੱਲੀ, ਨਾ ਘੱਲਿਆ ਕੋਈ ਕੰਮੀ ।

ਫੁੱਲ ਕਲੀਆਂ ਦੇ ਚਿਹਰੇ ਕਿਉਂ ਉਦਾਸੇ ਨੇ

ਫੁੱਲ ਕਲੀਆਂ ਦੇ ਚਿਹਰੇ ਕਿਉਂ ਉਦਾਸੇ ਨੇ । ਕਿਸ ਮੌਸਮ ਦੀ ਰੁੱਤ ਨੇ ਖੋਹ ਲਏ ਹਾਸੇ ਨੇ । ਇਲਮ ਦਾ ਚਾਨਣ ਅੰਨ੍ਹਾਂ ਕਰ ਗਿਆ ਪਾਹੜੂ ਨੂੰ, ਕਲਮ ਕਿਤਾਬਾਂ ਸੁੱਟ ਕੇ ਫੜੇ ਗੰਡਾਸੇ ਨੇ । ਜੁੱਸੇ ਤਿੜਕਣ ਲੱਗ ਗਏ ਪੱਕੀਆਂ ਫਸਲਾਂ ਦੇ, ਚੜ੍ਹਦੇ ਸੂਰਜ ਮਾਰੇ ਇੰਜ ਚੁਮਾਸੇ ਨੇ । ਚਿਹਰਾ ਲਾ 'ਸੁਕਰਾਤ' ਦਾ ਆਪਣੇ ਚਿਹਰੇ 'ਤੇ, ਜ਼ਹਿਰ ਪਿਆਲਾ ਪੀ ਲਿਆ ਇੱਕ ਪਿਆਸੇ ਨੇ । ਸਾਂਭ ਸਾਂਭ ਕੇ ਰੱਖ ਨਾ ਆਪਣੇ ਜੋਬਨ ਨੂੰ, ਪਾਣੀ ਦੇ ਵਿਚ ਖੁਰਣਾ ਅੰਤ ਪਤਾਸੇ ਨੇ । ਤੀਰਾਂ ਵਰਗੇ ਜੁੱਸੇ ਹੋ ਕਮਾਨ ਗਏ, ਰਸਮਾਂ ਹੱਥੋਂ ਮਾਪੇ ਜੁੜੇ ਖ਼ਰਾਸੇ ਨੇ । ਫਜਰੀਂ ਟੁਰਿਆ ਸ਼ਾਮਾਂ ਹੋਈਆਂ ਕਾਮੇ ਨੂੰ, ਸੱਧਰਾਂ ਦੇ 'ਚੰਨ' ਫੇਰ ਵੀ ਖ਼ਾਲੀ ਕਾਸੇ ਨੇ ।

ਭੁੱਖਿਆਂ ਦੇਖ ਗ਼ਰੀਬ ਨੂੰ ਅੱਖਾਂ ਰੋ ਪਈਆਂ

ਭੁੱਖਿਆਂ ਦੇਖ ਗ਼ਰੀਬ ਨੂੰ ਅੱਖਾਂ ਰੋ ਪਈਆਂ । ਉਹਦੇ ਵੇਖ ਨਸੀਬ ਨੂੰ ਅੱਖਾਂ ਰੋ ਪਈਆਂ । ਵੱਖੋ ਵੱਖਰੇ ਖ਼ੁਤਬੇ ਵਿਚ ਮਸੀਤਾਂ ਦੇ, ਬਦਲਿਆ ਦੇਖ ਖ਼ਤੀਬ ਨੂੰ ਅੱਖਾਂ ਰੋ ਪਈਆਂ । ਅੱਜ ਕਿਸੇ ਦੇ ਕਲਮ ਚੋਂ ਅੱਥਰੂ ਡਿੱਗਦੇ ਨਹੀਂ, ਬੇ-ਹਿਸ ਦੇਖ ਅਦੀਬ ਨੂੰ ਅੱਖਾਂ ਰੋ ਪਈਆਂ । ਕਰੀਏ ਕਿੰਜ ਭਰੋਸਾ ਦਾਰੂ ਮਲ੍ਹਮ 'ਤੇ, ਕਾਤਿਲ ਦੇਖ ਤਬੀਬ ਨੂੰ ਅੱਖਾਂ ਰੋ ਪਈਆਂ । ਦਾਜ ਪੁਆੜੇ ਹੱਥੋਂ ਡੋਲੀ ਰਹਿ ਗਈ ਏ, ਵੇਖ ਕੇ ਵਕਤ ਮਹੀਬ ਨੂੰ ਅੱਖਾਂ ਰੋ ਪਈਆਂ । ਖ਼ਵਰੇ ਵਾਰੀ ਆਵੇ ਕਿਹੜੇ ਈਸਾ ਦੀ, ਲਿਸ਼ਕੀ ਵੇਖ ਸਲੀਬ ਨੂੰ ਅੱਖਾਂ ਰੋ ਪਈਆਂ । ਗਰਦਿਸ਼ ਦੇ ਵਿਚ'ਚੰਨ'ਸਿਤਾਰੇ ਆ ਗਏ ਨੇ, ਸੁਣ ਕੇ ਖ਼ਬਰ ਅਜੀਬ ਨੂੰ ਅੱਖਾਂ ਰੋ ਪਈਆਂ ।

ਰਲ ਕੇ ਸਾਰੇ ਬਹਿ ਗਏ ਟੋਲੇ ਪੱਥਰ ਦੇ

ਰਲ ਕੇ ਸਾਰੇ ਬਹਿ ਗਏ ਟੋਲੇ ਪੱਥਰ ਦੇ । ਕੱਚ ਦੀ ਗੁੱਡੀ ਕੋਲ ਪਟੋਲੇ ਪੱਥਰ ਦੇ । ਇਹ ਗਲ ਸੁਣ ਕੇ ਪੱਥਰ ਵੀ ਪਥਰਾ ਗਏ ਨੇ ਭੇਤ ਜਦੋਂ ਪੱਥਰਾਂ ਨੇ ਖ੍ਹੋਲੇ ਪੱਥਰ ਦੇ । ਅੱਖਾਂ ਵਿਚੋਂ ਅੱਥਰੂ ਕਦੇ ਨਾ ਕਿਰਦੇ ਨੇ, ਦਿਲ ਵੀ ਕਦੀ ਨਾ ਦੇਖੇ ਡੋਲੇ ਪੱਥਰ ਦੇ । ਰੰਗ ਦੀ ਬੇਗਮ ਸ਼ਾਹ ਦੇ ਕੋਲੋਂ ਹਰ ਗਈ ਏ, ਹੱਥਾਂ ਦੇ ਵਿਚ ਰਹਿ ਗਏ ਗੋਲੇ ਪੱਥਰ ਦੇ । ਮੌਤ ਦੀ ਭੱਠੀ ਦੇ ਵਿਚ ਭੁੰਨੇ ਜਾਂਦੇ ਨੇ, ਮੱਕੀ, ਬਾਜਰਾ, ਕਣਕ, 'ਤੇ ਛੋਲੇ ਪੱਥਰ ਦੇ । ਆਸ਼ਕਾਂ 'ਚੰਨ' ਗ਼ੁਜ਼ਾਰਾ ਫੇਰ ਵੀ ਕੀਤਾ ਹੈ, ਮਾਰੇ ਲੱਖ ਸ਼ਰੀਕਾਂ ਬੋਲੇ ਪੱਥਰ ਦੇ ।