Dr. Faqeer Di Ghazal : Noor Muhammad Noor
ਡਾ. ਫ਼ਕੀਰ ਦੀ ਗ਼ਜ਼ਲ : ਨੂਰ ਮੁਹੰਮਦ 'ਨੂਰ'
ਡਾ. ਫ਼ਕੀਰ ਮੁਹੰਮਦ 'ਫ਼ਕੀਰ' ਸਨ ੧੯੦੦ ਵਿਚ ਪੈਦਾ ਹੋਏ ਅਤੇ ਵੀਹਵੀਂ ਸਦੀ ਦੀ ਦੂਜੀ ਦਹਾਈ ਵਿਚ ਸ਼ਊਰ ਦੀ ਅੱਖ ਖੋਲ੍ਹੀ । ਉਨ੍ਹਾਂ ਨੂੰ ਅਪਣੇ ਮਨ ਵਿਚ ਨੱਚਦੇ ਮੋਰਾਂ ਦੀਆਂ ਪੈਲਾਂ, ਖ਼ਾਹਸ਼ਾਂ ਦੇ ਚਕੋਰਾਂ ਨੂੰ ਚੰਨ ਵੱਲ ਉਡਦਿਆਂ ਤੇ ਚਾਲੂ ਵਿਵਹਾਰ ਵਿਚ ਰਸੇ ਵਸੇ ਲੋਕਾਂ ਦੀ ਹਿਆਤੀ ਦਾ ਗਿਆਨ ਹੌਲੀ ਹੌਲੀ ਹੋਣ ਲੱਗ ਪਿਆ।ਇਹ ਉਹ ਸਮਾਂ ਸੀ ਜਦੋਂ ਮੀਆਂ ਮੁਹੰਮਦ ਬਖ਼ਸ਼ ਦੀ ਭੇਤਾਂ ਭਰੀ ਸ਼ਾਇਰੀ ਰੋਜ਼ਾਨਾ ਜੀਵਨ ਦਾ ਜ਼ਰੂਰੀ ਰੰਗ ਬਣੀ ਹੋਈ ਸੀ।ਉਰਦੂ ਮੁਸ਼ਾਇਰਿਆਂ ਦਾ ਰਿਵਾਜ਼ ਜ਼ੋਰਾਂ ਉੱਤੇ ਸੀ।ਇਸ ਰਿਵਾਜ਼ ਦਾ ਕੁਝ ਅਸਰ ਪੰਜਾਬੀ ਲੇਖਕਾਂ ਨੇ ਵੀ ਲਿਆ ਤੇ ਮੌਲਾ ਬਖ਼ਸ਼ ਕੁਸ਼ਤਾ ਨੇ ਅਪਣੀਆਂ ਗ਼ਜ਼ਲਾਂ ਦਾ ਦੀਵਾਨ ਛਪਵਾਇਆ।ਭਾਵੇਂ ਉਸ ਸਮੇਂ ਦੋਹਰੇ ਅਤੇ ਕਾਫ਼ੀ ਵੀ ਲਿੱਖੀ ਜਾ ਰਹੀ ਸੀ ਪਰ ਅਪਣੇ ਮਖ਼ਸੂਸ ਵਿਸ਼ਿਆਂ ਕਾਰਣ ਓਸ ਸਿਨਫ਼ ਵਿਚ ਲਿਖਣਾ ਹਰ ਆਰੀ ਕਾਰੀ ਦਾ ਕੰਮ ਨਹੀਂ ਸੀ ਅਤੇ ਨਾ ਹੀ ਲੋਕ ਗ਼ਜ਼ਲ ਦੇ ਮੁਕਾਬਲੇ ਇਨ੍ਹਾਂ ਸਿਨਫ਼ਾਂ ਨੂੰ ਕਬੂਲ ਕਰ ਰਹੇ ਸਨ।ਮੁਸ਼ਾਇਰਿਆਂ ਦੀ ਰਵਾਇਤ ਨੇ ਏਸ ਰੁਹਜਾਨ ਨੂੰ ਹੋਰ ਪੱਕਿਆਂ ਕੀਤਾ ਤੇ ਪੰਜਾਬੀ ਲਿਖਣ ਵਾਲੇ ਸ਼ਾਇਰਾਂ ਨੇ ਵੀ ਇਸ ਸਿਨਫ਼ ਨੂੰ ਸੀਨੇ ਨਾਲ ਲਾਇਆ।
ਜੇ ਵੇਖਿਆ ਜਾਵੇ ਤੇ ਏਸ ਦੌਰ ਵਿਚ ਲਿਖੀ ਜਾਣ ਵਾਲੀ ਪੰਜਾਬੀ ਗ਼ਜ਼ਲ ਅਸੀਂ ਉਰਦੂ ਫ਼ਾਰਸੀ ਦੇ ਤਨਕੀਦੀ ਸੰਚਿਆਂ ਵਿਚ ਰੱਖ ਕੇ ਰਵਾਇਤੀ ਗ਼ਜ਼ਲ ਦਾ ਨਾਂ ਦੇ ਸਕਦੇ ਹਾਂ।ਡਾ. ਫ਼ਕੀਰ ਮੁਹੰਮਦ 'ਫ਼ਕੀਰ' ਦੀ ਸ਼ਾਇਰੀ ਦੇ ਪਿਛੋਕੜ ਵਿਚ ਪੰਜਾਬੀ ਸ਼ਾਇਰੀ ਦਾ ਵਿਰਸ਼ਾ ਵੀ ਸੀ ਤੇ ਨਵੇਂ ਜ਼ਮਾਨੇ ਵਿਚ ਪੁੰਘਰਣ ਵਾਲੀ ਨਵੀਂ ਸਿਨਫ਼ ਗ਼ਜ਼ਲ ਦੇ ਨਮੂਨੇ ਵੀ।ਉਹ ਮੌਲਾਨਾ ਹਾਲੀ ਦੀ ਇਸਲਾਹੀ ਸ਼ਾਇਰੀ 'ਤੇ ਤਨਕੀਦੀ ਖ਼ਿਆਲਾਂ ਤੋਂ ਵੀ ਵਾਕਿਫ਼ ਸਨ ਤੇ ਉਨ੍ਹਾਂ ਦੇ ਸਾਮ੍ਹਣੇ ਡਾ. ਇਕਬਾਲ ਦੀ ਨਜ਼ਰੀਆ ਸ਼ਾਜ ਬੁਲੰਦ ਸ਼ਾਇਰੀ ਵੀ ਸੀ।ਜਨਾਬ ਅਨਵਰ ਮਸਊਦ ਅਪਣੀ ਇਕ ਨਜ਼ਮ 'ਫ਼ਕੀਰ ਮੁਹੰਮਦ ਫ਼ਕੀਰ ਤੇ ਪੰਜਾਬੀ ਬੋਲੀ' ਦੀ ਪੰਜਾਬੀ ਸ਼ਾਇਰੀ ਦੇ ਮਜਮੂਏ 'ਦੀਵੇ ਥੱਲੇ' ਜੀਹਨੂੰ ਮੁਹੰਮਦ ਜੁਨੈਦ ਅਕਰਮ ਹੋਰਾਂ ਨੇ ਤਿਆਰ ਕਰਕੇ ੧੯੭੯ ਵਿਚ ਛਪਵਾਇਆ ਸੀ ਦੇ ਇਕ ਸ਼ਿਅਰ ਵਿਚ ਆਖਦੇ ਨੇ;
ਤੇਰੀ ਹਰ ਇਕ ਗੱਲ ਸੀ ਬਾਬਾ ਪੰਡ ਨਸੀਹਤ ਵਾਲੀ।
ਤੇਰੇ ਅੰਦਰ  ਦੋਵੇਂ  ਡਿੱਠੇ  ਅਬਦੁਲ  ਹੱਕ ਤੇ  ਹਾਲੀ।
  
ਅਪਣੇ ਦੌਰ ਵਿਚ ਪ੍ਰਚੱਲਤ ਅਦਬ ਦੀ ਰੀਸੋ ਰੀਸੀ ਕਰਕੇ ਕਹੋ ਜਾਂ ਡਾ. ਫ਼ਕੀਰ ਮੁਹੰਮਦ 'ਫ਼ਕੀਰ' ਦੀ ਅਪਣੇ ਦੁਆਲੇ ਦੇ ਮੁਆਸ਼ਰਤੀ ਹਾਲਾਤ ਦਾ ਅਸਰ ਕਿ ਉਨ੍ਹਾਂ ਨੇ ਮੁਆਸ਼ਰੇ ਦੇ ਮਸਲਿਆਂ ਨੂੰ ਅਪਣੀ ਤਖ਼ਲੀਕ ਦਾ ਵਿਸ਼ਾ ਬਣਾਇਆ;
ਭੱਠੀਆਂ  ਵਿਚ  ਬੇਗੁਨਾਹ  ਗਲਦੇ  ਨੇ ਪਏ।
ਅਪਣੇ  ਸਿੱਕੇ   ਨਵੇਂ  ਢਲਦੇ   ਨੇ   ਪਏ।
ਜਦੋਂ ਜ਼ਮਾਨਾ ਰੁਖ ਬਦਲਦਾ ਏ ਤਾਂ ਇਹਦੇ ਵਿਸ਼ੇ ਵੀ ਬਦਲ ਜਾਂਦੇ ਨੇ । ਵਿਸ਼ਿਆਂ ਦੇ ਨਾਲ ਨਾਲ ਸ਼ਾਇਰ ਦੀ ਜ਼ੁਬਾਨ ਅਤੇ ਮੁਹਾਂਦਰੇ ਵਿਚ ਵੀ ਤਬਦੀਲੀ ਆਉਂਦੀ ਏ।ਡਾ. ਫ਼ਕੀਰ ਮੁਹੰਮਦ ਦੀ ਗ਼ਜ਼ਲ ਸਮੇਂ ਦੀਆਂ ਬਦਲਦੀਆਂ ਕਦਰਾਂ, ਤਜਰਬਿਆਂ ਅਤੇ ਮੁਸ਼ਾਹਦਿਆਂ ਦੀ ਦੇਣ ਕਹੀ ਜਾ ਸਕਦੀ ਹੈ।ਉਨ੍ਹਾਂ ਦੇ ਸਮੇਂ ਵਿਚ ਮੌਲਾ ਬਖ਼ਸ਼ ਕੁਸ਼ਤਾ ਅਤੇ ਪੀਰ ਫ਼ਜ਼ਲ ਗੁਜਰਾਤੀ ਪੰਜਾਬੀ ਗ਼ਜ਼ਲ ਦੇ ਪਿੜ ਵਿਚ ਅਪਣੀ ਥਾਂ ਬਣਾ ਚੁੱਕੇ ਸਨ।ਡਾ. ਫ਼ਕੀਰ ਦੀ ਕਲਮ ਨੇ ਵੀ ਪੰਜਾਬੀ ਗ਼ਜ਼ਲ ਨੂੰ ਪੰਜਾਬੀ ਜ਼ੁਬਾਨ ਦਾ ਤਹਿਜ਼ੀਬੀ ਰੂਪ ਦਿੱਤਾ;
ਖ਼ਵਰੇ ਕਿਉਂ ਮਨਮੱਤਾ ਬੰਦਾ ਕਰਦਾ  ਮਨੋਂ ਵਿਚਾਰ ਨਹੀਂ।
ਸਦੀਆਂ ਦਾ ਸਾਮਾਨ ਨੇ ਏਥੇ ਘੜੀਆਂ ਦਾ ਇਤਬਾਰ ਨਹੀਂ।
ਦਿਲ ਵਿਚ ਨੇ ਉਹਦੇ ਪਿਆਰ ਦੀਆਂ ਕੁਝ ਭੁੱਖੀਆਂ ਤੱਸਾਂ ਕੀ ਦੱਸਾਂ।
ਕੀ ਮੈਥੋਂ  ਦਿਲ ਦੀਆਂ  ਪੁੱਛਦੇ ਓ ਮੈਂ ਦਿਲ ਦੀਆਂ ਦੱਸਾਂ ਕੀ ਦੱਸਾਂ।
ਗ਼ਜ਼ਲ ਦੀ ਸ਼ਾਇਰੀ ਦਾ ਇਕ ਵਸਫ਼ ਉਹਦਾ ਤਲਮੀਹਾਂ ਦੇਣ ਦਾ ਅੰਦਾਜ਼ ਹੁੰਦਾ ਏ ਜਦੋਂ ਸ਼ਾਇਰ ਕਿਸੇ ਤਾਰੀਖ਼ੀ ਜਾਂ ਕਦੀਮੀ ਵਾਕਅੇ ਦਾ ਪੂਰੇ ਦਾ ਪੂਰਾ ਬਿਆਨ ਇਕ ਇਸ਼ਾਰੇ ਵਿਚ ਕਰ ਜਾਂਦਾ ਏ।ਡਾ. ਫ਼ਕੀਰ ਮੁਹੰਮਦ ਫ਼ਕੀਰ ਹੋਰਾਂ ਨੇ ਏਸ ਵਸਫ਼ ਨੂੰ ਖ਼ੂਬ ਵਰਤ ਕੇ ਅਪਣੀ ਸ਼ਾਇਰੀ ਦੀਆਂ ਹੱਦਾਂ ਨੂੰ ਤਖ਼ਲੀਕ ਦੇ ਪਿੜ ਵਿਚ ਦੂਰ ਦੂਰ ਤੱਕ ਖਿਲਾਰਿਆ ਏ;
ਐਥੋਂ ਤੀਕਰ ਕੀ  ਕੋਈ ਦੱਸੇ  ਪਹੁੰਚ  ਗਿਆ ਏ  ਕੀਕਣ ਉਹ,
ਸਾਡੀਆਂ  ਅੱਖੀਆਂ ਸਾਮ੍ਹਣੇ ਸੂਲੀ  ਤੀਕਰ ਸੀ ਮਨਸੂਰ ਗਿਆ।
ਇਸ਼ਕ ਮਚਾਇਆ ਭਾਂਬੜ ਜਿਹੜਾ ਆਸ਼ਿਕ ਬਾਝ ਬੁਝਾਂਦਾ ਕੌਣ,
ਜਦ ਤੱਕ ਹੋਸ਼ 'ਚ ਆਏ ਮੂਸਾ ਤਦ ਤੀਕਰ ਸੜ ਤੂਰ  ਗਿਆ।
ਡਾ. ਫ਼ਕੀਰ ਮੁਹੰਮਦ 'ਫ਼ਕੀਰ' ਅਤੇ ਪੀਰ ਫ਼ਜ਼ਲ ਗੁਜਰਾਤੀ ਚੰਗੇ ਸ਼ਾਇਰ ਹੋਣ ਦੇ ਨਾਲ ਨਾਲ ਚੰਗੇ ਮਿੱਤਰ ਵੀ ਸਨ।ਦੋਹਾਂ ਦੀ ਅਪਣੀ ਗ਼ਜ਼ਲੀਆ ਸ਼ਾਇਰੀ ਵਿਚ ਇੱਕੋ ਜਿਹੀਆਂ ਬਹਿਰਾਂ ਅਤੇ ਜ਼ਮੀਨਾਂ ਲੱਭਦੀਆਂ ਨੇ।ਜੇ ਦੋਵਾਂ ਦੇ ਕਲਾਮ ਨੂੰ ਆਹਮਣੇ ਸਾਹਮਣੇ ਰੱਖ ਕੇ ਪੜ੍ਹਿਆ ਜਾਵੇ ਤਾਂ ਕਈ ਵਿਸ਼ਿਆਂ ਉੱਤੇ ਇੱਕੋ ਜਿਹੇ ਸ਼ਿਅਰ ਮਿਲਦੇ ਹਨ ਪਰ ਦੋਹਾਂ ਸ਼ਾਇਰਾਂ ਦੀ ਪਰਵਾਜ਼ ਅਤੇ ਅੰਦਾਜ਼ ਦਾ ਘੇਰਾ ਵੱਖਰਾ ਵੱਖਰਾ ਏ।ਦੋਵੇਂ ਸ਼ਾਇਰ ਪੰਜਾਬੀ ਦੇ ਮਹਾਨ 'ਤੇ ਮੋਹਸਨ ਨੇ।ਦੋਵਾਂ ਨੇ ਪੰਜਾਬੀ ਅਦਬ ਦੀ ਤਰੱਕੀ ਲਈ ਦਿਨ ਰਾਤ ਕੰਮ ਕੀਤਾ ਤੇ ਅੱਜ ਦੋਵਾਂ ਬਜ਼ੁਰਗਾਂ ਦਾ ਪਾਲਿਆ ਹੋਇਆ ਇਹ ਦੇਵ ਅਸਮਾਨ ਤੇ ਚੰਨ ਵਾਂਗ ਚਮਕ ਕੇ ਅਪਣੀ ਚਾਨਣੀ ਵਿਖੇਰ ਰਿਹਾ ਏ।ਡਾ. ਫ਼ਕੀਰ ਦੀ ਗ਼ਜ਼ਲ ਦੇ ਸ਼ਿਅਰ ਦੇਖੋ;
ਕੀਤਾ  ਸੀ  ਕਦੀ  ਪਿਆਰ  ਬੜੀ ਦੇਰ ਦੀ ਗੱਲ ਏ।
ਦੋ ਅੱਖੀਆਂ  ਸਨ  ਚਾਰ  ਬੜੀ  ਦੇਰ  ਦੀ  ਗੱਲ ਏ।
ਆਇਆ  ਸੀ   ਬਹਾਰਾਂ 'ਤੇ  ਕਦੀ  ਬਾਗ਼  ਜਵਾਨੀ,
ਖਿੜਿਆ ਸੀ ਇਹ ਗੁਲਜ਼ਾਰ  ਬੜੀ ਦੇਰ ਦੀ ਗੱਲ ਏ।
ਉਂਜ ਤੇ ਡਾਕਟਰ ਫ਼ਕੀਰ ਦੀ ਗ਼ਜ਼ਲ ਵਿਚ ਹੋਰ ਮਜ਼ਮੂਨ ਵੀ ਮਿਲਦੇ ਨੇ ਜਿਵੇਂ ਵਸੇਬ, ਕੋਹਝ, ਹਿੰਮਤ ਤੇ ਉੱਦਮ ਦਾ ਸਬਕ ਤੇ ਦੁਨੀਆ ਦਾ ਆਰਜ਼ੀ ਵਸੇਬਾ ਆਦਿ ਪਰ ਇਹ ਸਾਰੇ ਆਟੇ ਵਿਚ ਲੂਣ ਹੋਣ ਦੇ ਬਰਾਬਰ ਨੇ।ਉਨ੍ਹਾਂ ਦੀ ਗ਼ਜ਼ਲ ਦਾ ਅਪਣਾ ਉਖੜਵਾਂ ਤੇ ਨਖੇੜਵਾਂ ਰੰਗ ਏ।ਅਪਣੇ ਏਸ ਖ਼ਾਸ ਰੰਗ ਵਿਚ ਡਾਕਟਰ ਫ਼ਕੀਰ ਨੇ ਜਿਹੜੀ ਫ਼ੰਨੀ ਕਾਰੀਗਰੀ ਵਿਖਾਈ ਏ ਇਹਦੇ ਉੱਤੇ ਉਨ੍ਹਾਂ ਨੂੰ ਆਪ ਵੀ ਮਾਨ ਏ।ਇਸੇ ਲਈ ਕਈ ਥਾਵਾਂ ਤੇ ਉਹ ਕਹਿੰਦੇ ਨੇ;
ਚੱਲ ਵਿਚ  ਪੰਜਾਬ  ਈਰਾਨ  ਵੱਲੋਂ  ਗ਼ਜ਼ਲਗੋ  ਸ਼ੀਰਾਜ਼ ਦੇ  ਆਵਣੇ ਨੇਂ,
ਗਿਆ ਜਦੋਂ 'ਫ਼ਕੀਰ' ਇਰਾਨ ਵੱਲੇ ਮੇਰੀ ਗ਼ਜ਼ਲ ਦਾ ਰੰਗ ਪੰਜਾਬ ਵਿੱਚੋ।
ਇਸ ਤੋਂ ਇਲਾਵਾ ਗ਼ਜ਼ਲ ਦੀ ਸਿਨਫ਼ ਨੂੰ ਉਹ ਜਿਵੇਂ ਹੁਸਨ ਦਾ ਕਸੀਦਾ ਸਮਝਦੇ ਸਨ ਉਸੇ ਤਰ੍ਹਾਂ ਖ਼ੁਦ ਗ਼ਜ਼ਲ ਨੂੰ ਵੀ ਖ਼ੂਬਸੂਰਤ ਵੇਖਣਾ ਚਾਹੁੰਦੇ ਸਨ।ਉਨ੍ਹਾਂ ਦੀ ਇਕ ਪੂਰੀ ਗ਼ਜ਼ਲ ਹੀ ਅਜਿਹੇ ਵਿਚਾਰਾਂ ਨਾਲ ਪ੍ਰਭੂਰ ਏ।ਕੁਝ ਸ਼ਿਅਰ ਦੇਖੋ;
ਆਵੇ ਨਾਲ  ਖ਼ਿਆਲ  ਕਿਸੇ ਦੇ ਜਦੋਂ ਖ਼ਿਆਲ ਗ਼ਜ਼ਲ ਦਾ।
ਹੁਸਨ ਜਮਾਲ  ਕਿਸੇ ਦਾ ਬਣਦਾ ਹੁਸਨ ਜਮਾਲ ਗ਼ਜ਼ਲ ਦਾ।
ਲਫ਼ਜ਼  ਬਣਨ  ਕੰਨਾਂ  ਦੇ  ਬੂੰਦੇ  ਮਿਸਰੇ  ਹਾਰ  ਗੁਲਾਂ  ਦੇ,
ਦੇਣ ਤਬੀਅਤ ਦੇ ਤਾਅ ਜਿਸ ਦਮ ਸੋਨਾ ਢਾਲ  ਗ਼ਜ਼ਲ ਦਾ।
ਹੁਸਨ ਕਸੀਦੇ ਹੁਸਨ ਉਹਦੇ ਦੇ ਸ਼ਿਅਰ 'ਫ਼ਕੀਰ' ਗ਼ਜ਼ਲ ਦੇ,
ਰੱਖੇ  ਕੋਲ  ਕਿਵੇਂ  ਨਾ ਤੋਹਫ਼ਾ ਯਾਰ  ਸੰਭਾਲ  ਗ਼ਜ਼ਲ  ਦਾ।
