Eidan Vis Bharian : Prof. Deedar Singh

ਈਦਾਂ ਵਿਸ ਭਰੀਆਂ : ਪ੍ਰੋਃ ਦੀਦਾਰ ਸਿੰਘ



ਕਵਿਤਾ ਦਾ ਜੁਗ ਦੂਰ ਨਹੀਂ ਹੈ !

ਏਨਾ ਕੁਝ ਪੜ੍ਹ ਵਿਚਾਰ ਕੇ ਵੀ ਸਿੱਧੀ ਗੱਲ ਕਹਿਣੋਂ ਤੇ ਲਿਖਣੋਂ ਹਾਲੀ ਵੀ ਹੈ ਡਰੀ ਦਾ.....! ‘ਕਬਜ਼ਿਆਂ ਕਮਲੀ ਕੀਤੀ ਦੁਨੀਆਂ ਸਹਿ ਨਹੀਂ ਸਕਦੀ ਕਾਵਿ-ਕਲਾ ਨੂੰ !' .... .... .... ... ਪਰ ਗੱਲ ਨਾ ਦਿਲ ਛੱਡਣ ਦੀ ਕੋਈ! .... .... .... ... ਅੱਜ ਦੀ ਕਵਿਤਾ ਇਕ ਪੱਥਰ ਦੀ ਮੂਰਤ ਜੇਹੀ ਭੂਤ ਦਿਆਂ ਪਰਛਾਵਿਆਂ ਹੇਠਾਂ ਸੰਘਰਸ਼ਾਂ ਦੀਆਂ ਲਹਿਰਾਂ ਹੇਠਾਂ ਵਗਦੀ ਗੰਗਾਂ ਦੇ ਚਰਨਾਂ ਵਿਚ ਲੋਕ-ਉਭਾਰ ਦੇ ਰਾਮ ਚੰਦਰ ਦੀ ਪਈ ਉਡੀਕੇ ਪੈਰ-ਛੁਹ । ਅਹੱਲਿਆ ਸਦਾ ਨਾ ਰਹਿਣਾ ਸਿੱਲ ਹੀ । ਜੁਗ ਤਾਂ ਆਖ਼ਰ ਪਲਟੇਗਾ ਹੀ। ਸੀ ਜੀਂਦੀ ਤੇ ਜਾਗਦੀ ਮੂਰਤ : 'ਕੇਰਾਂ ਫਿਰ ਜੀਂਦੀ ਹੋਵੇਗੀ : ਇਸ ਆਪਣੇ ਗੌਤਮ ਸੰਗ ਵੱਸਣੈਂ ! ਚੰਨ ਦੀ ਝੂਠ ਅਗੇਤੀ ਬਾਂਗੇ ਛਲ ਨਾ ਸਕਣਾ ਘੋਰ ਹਨੇਰੀਂ ਇਹਦੇ ਮਾਲਕ ਨੂੰ ਸੂਰਜ ਨੇ । ਕਾਵਿ-ਅਹੱਲਿਆ ਦੀ ਸੁੰਦਰਤਾ ਗੌਤਮ ਬਿਨ ਕੋਈ ਮਾਣੇ ਕਿਉਂ ! .... .... .... ... ਲੋਕ-ਹੌਂਸਲਾ ਚੂਰ ਨਹੀਂ ਹੈ। ਲੋਕਾਂ ਦਾ ਜੁਗ ਦੂਰ ਨਹੀਂ ਹੈ। ਇਜੀ ਕਵਿਤਾ ਦਾ ਜੁਗ ਦੂਰ ਨਹੀਂ ਹੈ। .... .... .... ... ਕਵਿਤਾ ਹੈ ਲੋਕਾਂ ਦੀ ਦੇਵੀ : ਐਸ਼ ਦਾ ਸਾਧਨ, ਦਿਲ ਪਰਚਾਵਾ, ਜੰਨਤ ਦੀ ਕੋਈ ਹੂਰ ਨਹੀਂ ਹੈ । ਇਸ ਦਾ ਆਪਣਾ ਆਪ ਹੈ ਚਾਨਣ ਚਾਨਣ ਚਾਨਣ ਕਰ ਦੇਵੇਗੀ । ਚੰਨ ਕੁੱਕੜ ਦੀਆਂ ਖਚਰੀਆਂ ਬਾਂਗਾਂ ਪ੍ਰਭਾਤਾਂ ਦਾ ਪਾਣ ਭੁਲੇਖਾ ਹੁਣ ਪਰ ਧੋਖੇ ਚਲ ਨਾ ਸਕਣੇ । ਕਵਿਤਾ ਲੋਕਾਂ ਦੀ ਦੇਵੀ ਹੈ । ਕਵਿਤਾ ਰਚਨਾ ਦੀ ਦੇਵੀ ਹੈ। ਕਵਿਤਾ ਮਾਨਵਤਾ ਦੀ ਮਾਂ ਹੈ । ਏਸ ਸਦਾ ਪੱਥਰ ਨਾ ਰਹਿਣਾ । ਸਦਾ ਲਈ ਮਜਬੂਰ ਨਹੀਂ ਹੈ । ਕਵਿਤਾ ਦਾ ਜੁਗ ਦੂਰ ਨਹੀਂ ਹੈ ।

ਚੰਦਰਾ ਵਿਹਾਰ ਤਲਵਾਰ ਦਾ: ਗੀਤ

ਚੰਦਰਾ ਵਿਹਾਰ ਤਲਵਾਰ ਦਾ, ਵੇ ਢੋਲਿਆ, ਨਾਂਵਾਂ ਕਟਵਾ ਲੈ, ਘਰ ਆ ਜਾ......! ਅਣਖਾਂ ਦੀ ਖੇਡ ਖਡੇਂਦਿਆਂ, ਵੇ ਗੋਲਿਆ ! ਲੜਦੇ ਦਾ ਤੇਰਾ ਦਿਲ ਕਦੀ ਵੀ ਨਾ ਡੋਲਿਆ ! ਹੋ ਲਿਆ ਵੇ, ਬੀਬਾ, ਬੜਾ ਕੁਝ ਹੁਣ ਹੋ ਲਿਆ ! ਚੰਦਰਾ ਵਿਹਾਰ ਤਲਵਾਰ ਦਾ......... ! ਸਾਥੀ ਤੇਰੇ ਲੜਦੇ ਨੇ, ਮਰਦੇ ਨੇ ਢੋਲਿਆ ! ਤਲਬਾਂ ਦੇ ਹੱਕ ਪਏ ਤਰਦੇ ਨੇ, ਢੋਲਿਆ ! ਤੂੰ ਵੀ, ਚੰਨਾ, ਸਾਨੂੰ ਛੱਡ ਤਲਬਾਂ ਦਾ ਹੋ ਲਿਆ ! ਚੰਦਰਾ ਵਿਹਾਰ ਤਲਵਾਰ ਦਾ.....

ਗਿੱਧੇ ਦੇ ਬੋਲ

ਕੱਕਰ ਪੈ ਪੈ ਹਟੇ ਸਿਪਾਹੀਆ ਸ਼ਾਖ਼ਾਂ ਮੁੜ ਹਰਿਆਈਆਂ । ਬਾਦਸ਼ਾਹਾਂ ਨੂੰ ਮੋੜੇ ਕਿਹੜਾ ਕਰਦੇ ਨੇ ਮਨ-ਆਈਆਂ। ਮੇਰੇ ਹੰਝੂ ਡੁੱਲ੍ਹ ਡੁੱਲ੍ਹ ਪੈਂਦੇ ਮੂੰਹ ਤੇ ਫਿਰਨ ਹਵਾਈਆਂ : ਤੂੰ ਨਾ ਆਇਉਂ ਵੇ - ਕਿਸ ਕੰਮ ਰੁੱਤਾਂ ਆਈਆਂ !? ਖਿੜੀ ਬਹਾਰੇ ਚੜ੍ਹਾਂ ਪਹਾੜੀਂ ਜੰਗਲੀਂ ਫ਼ਲ ਫੁੱਲ ਜੋੜਾਂ ਬਾਦਸ਼ਾਹਾਂ ਦਾ ਹੁਕਮ ਨਾ ਮੁੜਦਾ ਮੈਂ ਚਾਹੇ ਦਿਲ ਤੋੜਾਂ । ਤੇਰੇ ਘਰ ਆਵਣ ਦੇ ਸੁਪਨੇ ਭਰ ਭਰ ਨੈਣ ਨਚੋੜਾਂ ਕਿਧਰੋਂ ਆ ਜਾ ਵੇ - ਬੜੀਆਂ ਤੇਰੀਆਂ ਲੋੜਾਂ !! ਜੰਗਾਂ ਤਾਂ ਮੁੱਕ ਗਈਆਂ ਮਾਹੀਆ ਮੁੱਕਦੇ ਨਹੀਉਂ ਝੋਰੇ । ਫਿਰਨੀ ਆਂ ਮੈਂ ਪੁਛ ਪੁਆਂਦੀ, ਉਹ ਬੋਲੇ : ਕੰਮ ਸੌਰੇ ! ਤੂੰ ਨਾ ਹਾਲੀ ਘਰ ਮੁੜ ਆਇਉਂ ਜਿੰਦ ਨੂੰ ਖਾ ਗਈ ‘ਖੌਰੇ !? ਝੱਲੀ ਆਖ ਰਹੇ- ਮੇਰੇ ਪੇਕੇ, ਸਹੁਰੇ !!

ਸਿਪਾਹੀ ਮੁੰਡੇ ਨੂੰ ਘਰ ਯਾਦ ਆਉਂਦਾ ਹੈ !

ਬਿਖੜੇ ਰਾਹ ਪਰਬਤ 'ਤੇ ਚੜ੍ਹਨਾਂ, ਵੀਰਨੋ ! ਚੜ੍ਹ ਕੇ ਬਹਿ ਜਾਨਾ ਵਾਂ ਕੱਲਾ, ਵੀਰਨੋਂ ! ਘੇਰਦੀਆਂ ਨੇ ਸੋਚਾਂ ਮੈਨੂੰ, ਵੀਰਨੋਂ ! ਆਪਣੇ ਘਰ ਦੇ ਜੀਆਂ ਦੀਆਂ ਇਸ ਤਰ੍ਹਾਂ : ਬੁੱਢਾ ਬਾਪੂ ਮੈਨੂੰ ਦਿੱਸੇ ਗਲੀ ਗਲੀ ਤੇ ਰਾਹ ਰਾਹ ਉੱਤੇ ਜੀੱ ਜੀੱ ਕੋਲੋਂ ਪੁਛਦਾ ਫਿਰਦਾ : ‘ਬੱਚਿਉ, ਮੇਰਾ ਬੱਚਾ ਵੀ ਹੈ ਲਾਮਾਂ ਦੇ ਵਿਚ ਫਿਰਦਾ ਭੌਂਦਾ, ਦਿਨੇ ਬਹੇ ਨਾ ਰਾਤੀਂ ਸੌਂਦਾ। ਰੱਬਾ ! ਮੁੜ ਪੈ ਸੁੱਖੀਂ ਸਾਂਦੀ; ‘ਬਾਪੂ' ਕਹਿ ਕੇ ਬਹੇ ਸਰ੍ਹਾਂਦੀ । ਉਸ ਬਿਨ ਮੈਨੂੰ ਬਹਿਣ ਨਾ ਆਵੇ। ਦਿਲ ਮੇਰੇ ਨੂੰ ਚੈਨ ਨਾ ਆਵੇ । ਚੇਤੇ ਆਵੇ ਮੁੜ ਮੁੜ ਅੰਮਾਂ ਆਪਣੀ। ਹਉਕੇ ਭਰ ਭਰ ਕਹਿੰਦੀ, ਵੀਰੋ, ਜਾਪਦੀ : ਮੇਰਾ ਬੱਚੜਾ · · · ਹਾਏ, ਮੇਰਾ ਬੱਚੜਾ ! ਦਿਨੇ ਨਾ ਸੌਂਦਾ !......ਰਾਤ ਨਾ ਸੌਂਦਾ ! ਕੀਕਰ ਰੱਖਦਾ ਹੋਵੇਗਾ ਉਹ ਆਪਣਾ ਆਪ ਧਿਆਨ ?! ਹੇ ਮੇਰੇ ਭਗਵਾਨ ! ਲਾਮਾਂ ਲੰਮੀਆਂ......!? ਕਦੀ ਤਾਂ ਮੁੜ ਸੀ ਘਰ ਨੂੰ, ਅੱਖਾਂ ਜੰਮੀਆਂ। ਫਿਰ ਮੈਂ ਉੱਠ ਖਲੋਵਾਂ, ਰੋਂਦਾ, ਥਾਂ 'ਤੇ : ਵੀਰ ਛੁਟੇਰਾ ਬਾਹਾਂ ਰੱਖੇ ਬਾਹਾਂ 'ਤੇ । ਤੇ ਮੁੜ ਮੁੜ ਕੇ ਦੱਸਦਾ ਜਾਪੇ ਹਾਣ ਨੂੰ : “ਮੇਰਾ ਵੀਰ ਦੂਰ .....ਪਰਬਤ ਉਹਲੜੇ, ਲੜਦਾ ਹੈ ਦਿਨ-ਰਾਤ, ਘਰ ਮੁੜ ਆਣ ਨੂੰ, ਮੈਨੂੰ ਉਂਗਲੋਂ ਫੜ ਕੇ ਘੁੰਮਣ ਜਾਣ ਨੂੰ !"

ਸਿਪਾਹੀਆਂ ਦੇ ਦਿਲ

ਮਹਿਲੀਂ ਲਾਲਚ ਕੁੱਦਿਆ, ਰਣ ਵੱਜੇ ਨਗਾਰੇ ਕੌਮਾਂ ਉੱਤੋਂ ਚੇੜ੍ਹ ਕੇ ਬੰਦੇ ਸ਼ਿਸ਼ਕਾਰੇ ਫ਼ੌਜਾਂ ਗੁੱਸੇ ਚਾੜ੍ਹ ਕੇ ਸ਼ਸਤਰ ਲਿਸ਼ਕਾਰੇ ਧੂਹ ਧੂਹ ਤੇਗਾਂ ਹਾਣੀਆਂ ਨੇ ਹਾਣੀ ਮਾਰੇ ਭਗਤੀ ਕਰਦੇ ਕੌਮ ਦੀ ਬਣ ਗਏ ਹਤਿਆਰੇ : ਸ਼ਾਹਾਂ ਆਖ਼ੇ ਬਣ ਗਏ ਸਾਰੇ ਦੇ ਸਾਰੇ ਗੇਲੀ ਵਰਗੇ ਗੱਭਰੂ ਤੋਪਾਂ ਦੇ ਚਾਰੇ । ਰਾਜੇ, ਅਫਸਰ ਜਾ ਸਜੇ ਦਰਬਾਰੀਂ ਸਾਰੇ ਰੱਜ ਰੱਜ ਉਹਨਾਂ ਸਿਰਾਂ ਤੋਂ ਗਏ ਪਾਣੀ ਵਾਰੇ ਕਈ ਸੈ ਸਾਡੇ ਨਾਲਦੇ ਪਾਹਰੂ ਖਲਿਆਰੇ ਦੂਣੇ ਉਦੂੰ ਉਨ੍ਹਾਂ ਦੇ ਵਾਹਰੂ ਖਲ੍ਹਿਆਰੇ ਛੁੱਟੀ ਨਾ ਘਰ ਆਉਣ ਦੀ, ਬਚਨਾਂ ਤੋਂ ਹਾਰੇ ਵਾਇਦੇ ਸਾਡੇ ਬਣ ਗਏ ਕੱਚਿਆਂ ਦੇ ਲਾਰੇ ਸਾਡੇ ਦਿਲ ਰਹੇ ਸਾਥੀਉ, ਭਾਰੇ ਦੇ ਭਾਰੇ । ਕਹਿ ਕਹਿ ਸਾਨੂੰ ਸੂਰਮੇਂ, ਦੇ ਸੁਰਗੀ ਲਾਰੇ ਦਿਲ ਸਾਡੇ 'ਚੋਂ ਘਰਾਂ ਦੇ ਜਜ਼ਬੇ ਨੇ ਠਾਰੇ ਕਹਿੰਦੇ : ਸਾਡੇ ਸੂਰਮੇਂ ਰਣ-ਭੂਮੀ-ਪਿਆਰੇ ਤਿਆਗੀ ਨੇ ਜੀ, ਧੁਰਾਂ ਤੋਂ, ਸਾਰੇ ਦੇ ਸਾਰੇ ਕੀ ਕੀ ਸਿਫ਼ਤਾਂ ਗਾਵੀਏ, ਇਹਨਾਂ ਦੇ ਬਾਰੇ ਮਰਨਾਂ ਸੌਖਾ ਜਾਣਦੇ, ਜਾਈਏ ਬਲਿਹਾਰੇ । (ਮਰਦੇ ਸ਼ਾਹਾਂ ਹੇਤ ਨ, ਅਣਖਾਂ ਨੇ ਮਾਰੇ ।) ਦਿਲ ਸਾਡੇ ਨੇ ਸਾਥੀਉ, ਦੱਬੇ ਅੰਗਿਆਰੇ ਸਾਥੀ ਮਨੁੱਖ ਮਾਰ ਕੇ ਬਣਗੇ ਹਤਿਆਰੇ ਸਾਡੇ ਦਿਲ ਨੇ ਬਣ ਗਏ ਲੋਹੇ ਦੇ ਆਰੇ (ਹੁਣ) ਬੱਜਰ ਦਿਲ 'ਚੋਂ ਚੋਣ ਨਾ ਦੋ ਹੰਝੂ ਖਾਰੇ ਕੌਮੀ ਜੰਗਾਂ ਛੇੜਦੇ ਪੂੰਜੀ ਦੇ ਪਿਆਰੇ । ਨਾਨੇ ਸੂਰਮਗਤੀ ਦੇ ਹਤਿਆਰੇ ਸਾਰੇ । “ਸੂਰਮ-ਗਤਿ ਵੀ ਭੇਖ ਹੈ !" - ਮਾਰਾਂਗੇ ਨਾਅਰੇ ।

ਕਰਮ ਯੋਗ

ਪਾਦਸ਼ਾਹੀ ਰਸਤੇ ਤੋਂ ਫੌਜੀ ਲੰਘਦੇ ਬਿਟ ਬਿਟ ਵਿੰਹਦੇ ਸਾਰੇ ਪੂਰੇ ਚੰਨ ਨੂੰ । ਲਈ ਕੁਝ ਘੁੱਗ ਵਸਦੇ ਘਰ ਨੇ ਹਾਲੀ ਦਿਸਦੇ, ਜਿੱਥੇ ਸੱਜ ਵਿਆਹੀ ਨਾਰ ਸਿਪਾਹੀ ਦੀ ਸਵੇਂ ਨਾ ਸਾਰੀ ਰਾਤ ਵਿਚ ਉਡੀਕ ਦੇ; ਘਰ ਨਾ ਮੁੜਿਆ ਹਾਲੀ ਕੰਤ ਨਿਰਮੋਹਾ ! ਭਗਵੇਂ, ਬੱਗੇ, ਸਾਵੇ, ਸੂਹੇ, ਕੇਸਰੀ ਝੰਡੇ ਚੜ੍ਹੇ ਦੁਪਾਸੀਂ ਵਿਚ ਕਸ਼ਮੀਰ ਦੇ; ਅੱਗ ਵਸਦੀ ਏ ਪਾਰ ਧੌਲੀਧਾਰ ਦੇ। ਪਤਾ ਨਹੀਂ ਕਦ ਲਹਿਣੀ ਏਂ ਇਨਸਾਨ ਤੋਂ, ‘ਦੁਰਭਾਸ਼ਾ’ ਦੀ ਕਹਿਣੀ ਕਦ ਤੱਕ ਚੱਲਣੀਂ ?! .... .... .... ... ਕਹਿੰਦੇ ਨੇ ਇਹ ਕਰਮ ਯੋਗ ਹੈ । ਰਣ-ਭੂਮੀ ਵਿਚ ਮਰਨਾ ਜਾਂ ਦੂਜੇ ਨੂੰ ਮਾਰਨਾ, ਕੋਈ ਪਾਪ ਨਹੀਂ ! ? .... .... .... ... ਠੀਕ ਹੀ ਕਹਿੰਦੇ ਨੇ ਯੋਗੀ । ਹੋਰ ਕੀ ਆਖਣ ਭਲਾ ? ਤੂੰ ਤਾਂ ਪੱਠੀ ਮੰਗ ਮੰਗਣੈ, ਸ਼ਾਇਰਾ !

ਸਿਪਾਹੀ ਦਾ ਖ਼ਤ

ਤਾਰੀਏ ! ਤਾਰੀਏ - ਯਾਦਾਂ ਦੀਏ ਨੀ ਖਾਰੀਏ ! ਸ਼ਾਹ-ਹਨੇਰੇ ਯਾਦ ਤੇਰੀ ਡਲ੍ਹਕਦੀ । ਕੌਲ ਮੇਰੇ ਤੇ ਤੇਰਾ ਉਹ ਪਿਆਰ ਦਾ ਇਕਰਾਰ ਨੀ —ਇਕ ਗੱਲ ਮੇਰੀ ਜੋ ਤੇਰੇ ਹੀ ਲਈ, —ਇਕ ਗੱਲ ਤੇਰੀ ਜੋ ਮੇਰੇ ਹੀ ਲਈ, —ਇਕ ਗੱਲ ਜਿਹੜੀ ਸਿਰਫ਼ ਤੈਨੂੰ ਤੇ ਮੈਨੂੰ ਹੀ ਪਤਾ : ‘ਲਾਲ-ਤਾਰਾ’ ਪਿਆਰ ਤੇਰੇ ਦੀ ਨਿਸ਼ਾਨੀ ਤਾਰੀਏ ! ਧੁੰਦ ਖਾ ਜਾਂਦੀ ਇਸ ਤਾਰੇ ਦੀਆਂ ਡਲ੍ਹਕਾਂ ਜਦੋਂ ਤੇ ਮੇਰਾ ਸਰਨਾਵੀਆਂ ਲਫ਼ਟੈਣ ਵੀ ਪੁੱਛਦੈ, ਮੁੜ ਮੁੜ ਕੇ ਮੈਨੂੰ, ਤਾਰੀਏ : "ਜੁਆਨ ! ਤੇਰੀ ਅੱਖ ਕਿਉਂ ਗ਼ਮਗੀਨ ਹੈ ?! ਬੁੱਲ੍ਹ ਮੀਟੇ ਨੀ ਕਿਉਂ ਅੱਜ ਚੁੱਪ ਵੇਂ ?" ਤਾਰੀਏ—ਯਾਦਾਂ ਦੀਏ ਨੀ ਖਾਰੀਏ ! ਸ਼ਾਹ ਹਨੇਰੇ ਯਾਦ ਤੇਰੀ ਡਲ੍ਹਕਦੀ !! ਤਾਰੀਏ ! ਵੇਖੀਂ ਕਿਤੇ, ਨੀਂ ਡਰ ਨਾ ਜਾਵੀਂ, ਸੋਹਣੀਏ ! ਅੱਜ ਸਾਡੇ ਗੁਆਂਢੀਆਂ ਨੇ ਬਰਫ਼-ਕੱਜੀਆਂ ਚੋਟੀਆਂ ਤੋਂ ਅੱਗ ਵਰਸਾਈ ਏ ਸਾਡੀ ਚੁੱਪ 'ਤੇ; ਅੱਗ ਵਰਸਾਈ ਨੇ ਬੁੱਧ ਭਗਵਾਨ 'ਤੇ ! ਅੱਗ ਵਰਸਾਈ ਨੇ ਆਪਣੇ ਬੁੱਧ 'ਤੇ !! ਅੱਗ ਦਾ ਉੱਤਰ ਨੇ ਕਹਿੰਦੇ ਅੱਗ ਹੈ ਪਰ ਨਵਾਂ ਲਫ਼ਟੈਣ—ਮਸਫੁੱਟ ਛੋਕਰਾ- ਯਾਰ ਬਣਿਐਂ ਜੋ ਮੇਰਾ ਹਮਨਾਮ ਹੋਵਣ ਕਾਰਨੇਂ ਕਾਲਜੋਂ ਸਿੱਧਾ ਹੀ ਆਇਐ ਲਾਮ 'ਤੇ ਆਖਦੈ : "ਅੱਗ ਨਾਲ ਅਗਨੀ ਬੁਝ ਨਹੀਂ ਸਕਦੀ ਕਦੇ !" ਆਖਦੈ : “ਲਹੂ ਨਾਲ ਧੋਤੇ ਜਾ ਨਹੀਂ ਸਕਦੇ ਜ਼ਖ਼ਮ !" “ਨੀਰ ਨਿਰਮਲ-ਦੋਸਤੀ ਦਾ ਅੰਤ ਨੂੰ ਧੋ ਸਕੇਗਾ ਦੁਸ਼ਮਣੀ ਦੇ ਫੱਟ ਨੂੰ ਧੋ ਸਕੇਗਾ ਮੂੜ੍ਹਤਾ ਦੇ ਮੁੱਖ ਨੂੰ ।" ਤਾਰੀਏ, ਤਾਰੀਏ, ਯਾਦਾਂ ਦੀਏ ਨੀ ਖਾਰੀਏ ! ਜੰਗ ਯਾਦਾਂ ਤੇ ਪ੍ਰੀਤਾਂ ਦੀ ਕਬਰ । ਤੇਰੀਆਂ ਮੁਸਕਾਨ ਭਰੀਆਂ ਅੱਖੀਆਂ- ਤੇਰਿਆਂ ਹੋਠਾਂ 'ਚੋਂ ਹਾਸਾ ਡੁਲ੍ਹਦਾ— ...ਤੇ ਤੇਰੇ ‘ਭੋਲੂ' ਦੀਆਂ ਕਿਲਕਾਰੀਆਂ - ...ਜੰਗ ਇਹਨਾਂ ਸਾਰਿਆਂ ਦੀ ਕਬਰ ਹੈ । “ਜੰਗ ਬੇ-ਸਬਰੇ ਧਨੀ ਦਾ ਜਬਰ ਸੀ ।" ਆਖਦੈ ਲਫ਼ਟੈਣ ਮੇਰਾ ਯਾਰ ਨੀ ! “ਪਤਾ ਨਹੀਂ ਕੀ ਚੀਨਿਆਂ ਨੂੰ ਹੋ ਗਿਐ ?!'' ਜੰਗ ਬਾਣੀਏਂ ਦਾ ਹੈ ਲੇਖਾ, ਤਾਰੀਏ ! ਜੰਗ ਜਿੱਤਾਂ ਦਾ ਭੁਲੇਖਾ, ਹਾਣਨੇ !! ਜੰਗ ਜੂਆ, ਹਾਂ ਅਸੀਂ ਸਭ ਜੁਆਰੀਏ ਹਾਰ ਕੇ ਵੀ ਹਾਰੀਏ, ਤੇ ਜਿੱਤ ਕੇ ਵੀ ਹਾਰੀਏ ! ਪਰ ਕੀ ਕਰੀਏ, ਪਿਆਰੀਏ !? ਲੜੀਏ ਨਾ ਮਰੀਏ ਜੇ ਅਸੀਂ : ਮੂੜ੍ਹਤਾ ਪ੍ਰਧਾਨ ਹਮਸਾਇਆਂ ਦੇ ਘਰ; ‘ਜੰਗ' ਦੀ ਹੈ ਸ਼ਾਨ ਹਮਸਾਇਆਂ ਦੇ ਘਰ : ਜੰਗ ਦਾ ਛਾਇਆ ਹਨੇਰਾ, ਤਾਰੀਏ ! ਸ਼ਾਹ ਹਨੇਰੇ ਯਾਦ ਤੇਰੀ ਡਲ੍ਹਕਦੀ !

ਭੈਣ ਜੀ

'ਭੈਣ ਜੀ' ਕਹਿੰਦੇ ਨੇ ਬਾਲਕ ਭੈਣ ਜੀ ਨੂੰ ਭੈਣ ਜੀ ਸਾਥੀ ਬੁਲਾਣ ਭੈਣ ਜੀ ਕਹਿੰਦੇ ਨੇ ਬੁੱਢੇ ਬੁੱਢੀਆਂ ਭੈਣ ਜੀ ਪਰ ਕਿਸੇ ਦੀ ਵੀ ਭੈਣ ਨਾ, ਕਿਸੇ ਦੀ ਮਾਤਾ ਨਹੀਂ, ਕਿਸੇ ਦੀ ਨਾ ਪੁੱਤਰੀ : ਫਿਰ ਵੀ ਸਾਰਾ ਗਿਰਾਂ ਹੈ ਸਮਝਦਾ ‘ਭੈਣ ਜੀ’ ਨੂੰ ਭੈਣ, ਮਾਤਾ, ਪੁੱਤਰੀ । ਪਤਾ ਨਹੀਂ ਪਰ ਕਿਸੇ ਨੂੰ ਕਿੱਥੋਂ ਸੀ ਆਈ ਭੈਣ ਜੀ ! ਵਕਤ ਤੋਂ ਪਹਿਲਾਂ ਸਕੂਲੇ ਪੁੱਜਣਾ ਵਕਤ ਤੋਂ ਬਾਦਾਂ ਹਮੇਸ਼ਾਂ ਜਾਵਣਾ : ਕਹਿੰਦੇ ਨੇ ਬਾਈ ਵਰ੍ਹੇ ਹੋਏ ਨੇ ਇਹਨੂੰ ਇਸ ਤਰ੍ਹਾਂ । ਸਰਘੀਆਂ ਵਾਂਗੂੰ ਸੁਨੱਖੇ ਕਣਕ-ਰੰਗੇ ਬਾਲਕੇ ਭੈਣ ਜੀ ਨੂੰ ਸਮਝਦੇ ਨੇ ਪਾਠਸ਼ਾਲਾ ਸਾਖਿਆਤ ਭੈਣ ਜੀ ਉਹਨਾਂ ਲਈ ਕੋਈ ਅਲੌਕਿਕ ਦੇਵ ਹੈ : ਸੈਕਲਾਂ ਤੋਂ ਲਹਿ ਨਮਸਕਾਰਨ ਪਏ । ਰਾਮ ਰਾਜਾ ਕੌਣ ਸੀ, ਹੋ ਬੱਚਿਉ !? ਕੌਣ ਸੀ ਰਾਵਨ, ਭਬੀਖਨ ਕੌਣ ਸੀ ? ਕੌਣ ਦੁਰਯੋਧਨ, ਯੁਧਿਸਟਰ, ਭੀਮ, ਅਰਜਨ ਕੌਣ ਸੀ ? ਕੌਣ ਸੀ ਅਰਜਨ ਨੂੰ ਜਿਸ ਨੇ ਜੰਗ ਲਈ ਉਪਦੇਸ਼ਿਆ ? ਕੌਣ ਜਾਇਦਾਦਾਂ ਦੇ ਬਦਲੇ ਖੂਹਣੀਆਂ ਮਰਵਾ ਗਿਆ ? ਬੱਚਿਉ ! ਦੱਸੋ, ਸੁਰਾਜਾ ਰਾਮ ਨੂੰ ਕਹਿੰਦੇ ਨੇ ਕਿਉਂ ? ਬਾਲਕੋ ! ਕਿੱਦਾਂ ਭਲਾ ਗੋਪਾਲ ਨੀਤੀਵਾਨ ਸੀ?- ਯਾਦ ਹੈ ਸਾਨੂੰ ਸਭੇ ਕੁਝ ਯਾਦ ਹੈ— ਪੁੱਛਦੀ ਅਧਿਆਪਕਾ : ਉੱਤਰ ਵੀ ਆਪੇ ਦੱਸਦੀ ! ਇਕ ਦਿਨ ਸਾਰੇ ਸਵਾਲਾਂ, ਉੱਤਰਾਂ ਨੂੰ ਛੱਡ ਕੇ, ਕਹਿਣ ਲੱਗੇ ਭੈਣ ਜੀ : ਬੈਠੇ ਜ਼ਰਾ ਨੇੜੇ ਜਿਹੇ । ਆਉ ਅੱਜ ਪੜ੍ਹੀਏ ਇਕ ਨਵੀਂ ਬਾਤੜੀ : ਇਕ ਸਿਪਾਹੀ ਸੀ ਇਕ ਉਹਦੀ ਬੰਨੜੀ । ਧਰਮ ਯੋਧਾ ਕਹਿ ਕੇ ਮਰਵਾਇਆ ਸਿਪਾਹੀ ਦੇਸ਼ ਦੇ ਰਖਵਾਲਿਆਂ। ਤੇ ਸਿਪਾਹਿਨ ਬੰਨੜੀ ਨੂੰ ਮਿਲ ਗਈ ਪਿਨਸ਼ਨ ਸੀ ਪੂਰੇ ਪੰਜ ਆਨੇ ਰੋਜ਼ ਦੀ : ਤੀਹ ਰੁਪੈ ਮਿਲਦੇ ਤਿਮਾਹੀਂ... ! ਯੋਧੜੇ ਦੀ ਮੌਤ ਦਾ ਮੁੱਲ ਪੈ ਗਿਆ । ਕੌਮ ਦੀ ਰਾਖੀ ਦਾ ਬਦਲਾ ਮਿਲ ਗਿਆ । ਕਿਤਨੀ ਕਿਰਪਾਲੂ ਸੀ ਉਹਦੇ 'ਤੇ ਉਦੋਂ ਮਾਲਕ ਦੇ ਮਾਲਕ ਦੀ ਵੀ ਮਾਲਕ ਗੌਰਮਿੰਟ । ਸੱਤ ਸਮੁੰਦਰ ਪਾਰ ਵੀ ਸੀ ਭੇਜਦੀ ਪੰਜ ਆਨੇ ਰੋਜ਼ ਦੇ, ਤੀਹ ਰੂਪੈ ਤਰੈ-ਮਾਹੀਏਂ ਆਪਣੇ ਯੋਧੇ ਦੀ ਜ਼ਨਾਨੀ ਰਾਮ-ਰੱਖੀ ਨੂੰ ਸਦਾ। ਇਕ ਦਿਨ ਇਹ ਰਾਮ-ਰੱਖੀ ਭਗਤਨੀ ਤੁਰ ਗਈ ਗੰਗਾ ਜੀ, ਜਾ ਕੇ ਮੁੜੀ ਨਾ ਕਈ ਮਹੀਨੇ ਬਾਦ ਇਕ ਦਿਨ ਏਸ ਪਿੰਡ, ਅਧਪੜ੍ਹੀ ਜਿਹੀ ਇਕ ਤ੍ਰੀਮਤ ਆ ਗਈ। ਤੇ ਸਕੂਲੇ ਉਹ ਬੁਲਾਵੀ ਰਹਿ ਪਈ । ਉਸ ਦਿਨ ਤੋਂ ‘ਭੈਣ ਜੀ' ਵਿਧਵਾ ਕਿਸੇ ਦੀ ਨਾ ਰਹੀ; ਉਸ ਦਿਨ ਤੋਂ ਉਸ ਨੇ ਪਿਨਸ਼ਨ ਦੇ ਪੈਸੇ ਨਾ ਲਏ; ਉਸ ਦਿਨ ਤੋਂ ਰਾਮ ਰੱਖੀ ਵੀ ਰਹੀ ਨਾ ਭੈਣ ਜੀ । ਭੈਣ ਜੀ ਪੜ੍ਹ ਕੇ ਬਣੀ ਅਧਿਆਪਕਾ; ਤੇ ਸੁਣਾਂਦੀ ਅਜ ਤਕ ਹੈ ਬਾਤੜੀ; ਉਹ ਸਿਪਾਹੀ ਬੰਨੜੇ ਦੀ ਬੰਨੜੀ, ਜਿਸ ਦੀ ਮਹਿੰਦੀ ਵੀ ਅਜੇ ਮੈਲੀ ਨਹੀਂ ਸੀ ਪੈਰ ਦੀ ਕਿ ਉਹਦਾ ਲਾੜ੍ਹਾ ਸੀ ਭਰਤੀ ਹੋ ਗਿਆ ਕੌਮ ਦੀ ਖ਼ਾਤਰ, ਤੇ ਖਾਤਰ ਦੇਸ਼ ਦੀ !! ‘ਭੈਣ ਜੀ’ ਕਹਿੰਦੇ ਤੇ ‘ਮਾਤਾ’ ਜਾਣਦੇ ਵਿਦਿਆਰਥੀ ‘ਭੈਣ ਜੀ’ ਪਰ ਕਿਸੇ ਦੀ ਵੀ ਭੈਣ ਨਹੀਂ 'ਭੈਣ ਜੀ' ਪਰ ਕਿਸੇ ਦੀ ਮਾਤਾ ਨਹੀਂ। ਭੈਣ ਜੀ ਵਿਧਵਾ ਨਹੀਂ ਹੁਣ ਕਿਸੇ ਦੀ। ਭੈਣ ਜੀ ਵਿਧਵਾ ਹੈ ਸਾਰੀ ਜੰਗ-ਪੂਜਕ ਸਭਿਅਤਾ ਦੀ।

ਕੌਮੀ ਜੰਗ

ਉੱਤਰੀ-ਪੂਰਬ ਤਾਂ ਹਾਲੀ ਸੀ ਧੁਖ਼ਦਾ ਹੀ ਕਿ ਉੱਤਰੀ-ਪੱਛਮ ਮੱਚ ਉੱਠਿਆ, ਸੜ ਕੇ ਸੁਆਹ ਹੋ ਚਲਿਆ ਸੀ। ਇੰਜ ਲਗਦੈ ਪਈ ਸਾਡੇ ਗਵਾਂਢੀ ਹਲ ਵਾਹੁਣਾ ਹੀ ਭੁੱਲ ਬੈਠੇ ਨੇ। ਬੰਦੇ ਮਾਰਨਾ ਸਾਡਾ ਵੀ ਧੰਦਾ ਹੈ ਬਣਿਆ ! ਖੇਮਕਰਨ ਦਿਆਂ ਖੇਤਾਂ ਦੇ ਵਿਚ ਕੇਵਲ ਹੱਡੀਆਂ ਉੱਗਦੀਆਂ ਨੇ। ਕੇਸਰ ਕਿਆਰੀ, ਜੰਨਤ ਜਹੀ ਕਸ਼ਮੀਰ 'ਤੇ ਨਵੀਉਂ ਨਰਕੀ ਅੱਗ ਵੱਸਦੀ ਏ । ਸਾਡੀ ਸੈਨਾ ਸਵਦੇਸ਼ੀ ਗੋਲੇ ਮਾਰ ਮਾਰ ਕੇ, ਦੁਸ਼ਮਨ ਦੇ ਅਮਰੀਕੀ ਪੈਟਨ ਫ਼ੂਕ ਰਹੀ ਏ ! ਹਾਲੀ ਤਾਂ ਸਾਡੀ ਪੂਰੀ ਤਿਆਰੀ ਨਹੀਂ ਸੀ ! ਜੇ ਕਿਤੇ .....! ਸਾਡੀਆਂ ਜੇਤੂ ਫੌਜਾਂ ਦਾ ਇਕ ਦਸਤਾ ਵੈਰੀ ਦੇ ਘੇਰੇ ਵਿਚ ਆ ਗਿਆ : ਕੋਈ ਨ ........! ਇਸ ਗੱਲ ਦਾ ਕਾਹਦਾ ਅਫ਼ਸੋਸ ਹੈ । ਜੰਗ ਵਿਚ ਏਦਾਂ ਹੁੰਦਾ ਹੀ ਹੁੰਦਾ । ਅਫ਼ਸੋਸ ਪਰ ਇਸ ਅਫ਼ਵਾਹ ਦਾ ਏ : ਕਿ ਸਾਡੀ ਕੁਮਕ ਨੂੰ ਚਾਹ ਨਾ ਮਿਲੀ, ਉਹ ਵਕਤ ਸਿਰ ਮਾਰਚ ਨਾ ਕਰ ਸਕੀ। ! ? ! ? ! ਸਾਡੀਆਂ ਕੁਮਕਾਂ ਚਾਹ ਕਿਉਂ ਉਡੀਕਦੀਆਂ ! ਵੀਤਨਾਮ ਵੀ ਕੌਮੀ ਜੰਗ ਹੀ ਲੜਦਾ ਏ ! ਵੀਤਨਾਮ ਵੀ ਆਪਣੀ ਅੱਗੇ ਸੜਦਾ ਏ । ਵੀਤਨਾਮ ਵੀ ਆਪਣੀ ਮੌਤੇ ਮਰਦਾ ਏ । ਵੀਤਨਾਮ ਵੀ ਜਿਤਦਾ ਭਾਵੇਂ ਹਰਦਾ ਏ ! ਪਰ ਉਥੇ ਸਿਪਾਹੀ ਚਾਹ ਨਹੀਂ ਉਡੀਕਦੇ। ਤੋਪਾਂ ਦੀ ਥਾਂ ਬੰਦੇ ਲੜਦੇ ਨੇ । ਅਮਰੀਕਾ ਦੇ ਫਨਕਾਰ ਕਾਤਲ ਵੀ ਹੈਰਾਨ ਨੇ : ਵੀਤਨਾਮ ਹਾਰਦਾ ਕਿਉਂ ਨਹੀਂ ? ... ... ... ਨਹੀਂ ਨਹੀਂ ਸਾਡੇ ਜਵਾਨ ਵੀ ਬੜੇ ਲੜੇ ਨੇ ਉਹ ਵੈਰੀ ਦੇ ਛੱਕੇ ਛੁਡਾ ਕੇ ਬਰਕੀ ਤੋਂ ਤੋਬਾ ਕਰਵਾ ਕੇ ਮੁੜੇ ਨੇ। ਭਾਰਤਵਾਸੀ ਤੇ ਪੰਜਾਬੀ ਸ਼ੇਰ ਨੇ । ਪਰ ਪਾਕਿਸਤਾਨੀ ਵੀ ਡਟ ਕੇ ਲੜੇ ਨੇ । ਇੰਚ ਇੰਚ 'ਤੇ, ਕਹਿੰਦੇ ਨੇ, ਉਹ ਮਰੇ ਨੇ । ਉਥੇ ਦੇ ਉਥੇ ਹੀ ਤਾਂ ਖੜੇ ਨੇ । ਹਰ ਕੋਈ ਆਖੇ : "ਸੁੱਲੇ ਚੰਗੇ ਅੜੇ ਨੇ !" ... ... ... ਬੜੇ ਬਹਾਦਰ ਨੇ ਮੇਰੀ ਦੁਨੀਆਂ ਦੇ ਬਲਵਾਨ ਲੜਾਕੇ ਬੜੇ ਬਹਾਦਰ ਨੇ ਸਾਰੇ ਹੀ ਧਰਤੀ ਦੇ ਜਾਏ । ਹਿੰਦੁਸਤਾਨੀ, ਪਾਕਿਸਤਾਨੀ, ਪਾਕਿਸਤਾਨੀ, ਹਿੰਦੁਸਤਾਨੀ, ਰਾਖੇ ਤੇ ਹਮਲਾਆਵਰ, ਹਮਲਾਆਵਰ ਤੇ ਰਾਖੇ । ਜ਼ਾਲਮ ਤੇ ਮਜ਼ਲੂਮ ਦੇਸ਼ਾਂਤਰ, ਕੌਮੀ ਕਿੜਾਂ ਤੇ ਮੁਲਕੀ ਅਣਖਾਂ । ਭੁੱਖਾਂ ਤੋਂ ਮਜਬੂਰ ਜਵਾਨੀ, ਪੈਟਨ ਜਾਂ ਬਾਰੂਦ ਸ਼ੁਦੇਸ਼ੀ ਵਰਤ ਵਰਤ ਕੇ ਆਪਣੇ 'ਤੇ ਹੀ ਬੰਦੇ ਮਾਰਨ ਨੂੰ ਸਭਿਅਤਾ ਸਮਝਦੀ ।

ਸਿਪਾਹੀ ਦੀ ਵਿਦਾਇਗੀ

ਸ਼ਾਮਾਂ ਦੀ ਸ਼ਾਂਤ ਸਮੀਰ ਵਿਚ ਫ਼ੌਜੀ ਦੇ ਮਾਪੇ ਤੇ ਬੱਚੇ ਅਸਟੇਸ਼ਨ ਤਕ ਛੱਡਣ ਆਏ ਓਸ ਨੂੰ ਰਫ਼ਲ ਸਜਾਈ ਮੋਢੇ ਉੱਤੇ ਕੱਸਿਆ ਮੁਸਿਆ ਫਿਰੇ ਸਿਪਾਹੀ ਬੱਚਿਆਂ ਤੇ ਪਤਨੀ ਦੀਆਂ ਅੱਖਾਂ ਸਾਹਮਣੇ। ਰੇਲ ਆਈ ...... ਰੁੱਕ ਗਈ ! ਰੁਕ ਗਿਆ ਪਤਨੀ ਦਾ ਦਿਲ ਵੀ ਧੜਕਣੋਂ ... ! ਛੋਟੇ ਵੀਰੇ ਤੇ ਉਸ ਤੋਂ ਦੋ ਛੋਟੇ ਵੀਰੇ ਚੰਬੜੇ ਜਾ ਬਾਪੂ ਦੀ ਵਰਦੀ ਨਾਲ । ਇਕ ਇਕ ਪੰਜੀ ਤਿੰਨ ਨਿੱਕੀਆਂ ਤਲੀਆਂ 'ਤੇ ਧਰ ਕੇ ਟੁਰਿਆ ਏ ਬਲਵਾਨ ਬਹਾਦਰ ਜ਼ਿੰਦਾ ਕੋਈ ਸ਼ਹੀਦ !! ਪਤਨੀ ਦੇ ਪੀਲੇ ਹੋਠਾਂ 'ਚੋਂ ਝੂਠੀ ਜਹੀ ਮੁਸਕਾਣ ਨਿਕਲ ਕੇ ਜਾ ਟਕਰਾਈ ਫੌਜੀ ਦੀਆਂ ਡ-ਲੂੰ ਡੁਲੂ ਕਰਦੀਆਂ ਨਜ਼ਰਾਂ ਨਾਲ ...ਚੀਕ ਮਾਰੀ ਰੇਲ ਨੇ ! “ਚੱਲ ਪੁੱਤਰ, ਰੱਬ ਰਾਖਾ !''— ਆਖ, ਬਾਪੂ ਨੇ ਵੀ ਮੂੰਹ ਪਰਤਾ ਲਿਆ ! ਮਾਂ ਦੀਆਂ ਅੱਖਾਂ 'ਚੋਂ ਹਉਕੇ ਵਗ ਤੁਰੇ; ਪਰ ਸੰਗਾਊ ਨਾਰ ਸਭ ਕੁਝ ਪੀ ਗਈ । ਵੀਰੋ ਤੇ ਵੀਰੋ ਦੇ ਵੀਰੇ ਵੇਖਦੇ ਰਹੇ ਵਾਰੋ ਵਾਰੀ— ਲਾਮ 'ਤੇ ਜਾਂਦੇ ਸਿਪਾਹੀ ਬਾਪ ਨੂੰ, ਤੇ ਤਲੀ 'ਤੇ ਲਿਸ਼ਕਦੇ ਸਿੱਕਿਆਂ ਨੂੰ ਵੀ !!

ਆਖ਼ਰੀ ਹੁਕਮ

ਨੌਕਰ ਤੇ ਨੌਕਰ ਦੀ ਨਾਰ ਬੈਠੇ ਸਨ ਗੱਲਾਂ ਜਹੀਆਂ ਕਰਦੇ ਤਾਰ ਆਈ, ਜਾਨ ਗਈ ! ਨੌਕਰ ਨੂੰ ਚੁੱਪ ਵੇਖਕੇ ਉਹ ਵੀ ਜਾਣ ਗਈ ਕੋਈ ਗੱਲ ਹੈ ! “ਲੈ ਭਾਗਵਾਨੇ, ਛੁੱਟੀਆਂ ਮੁੱਕੀਆਂ : ਦੇਸ਼ ਤੇ ਵੈਰੀ ਨੇ ਹੱਲਾ ਬੋਲਿਐ, ਲਾਮ 'ਤੇ ਪਲਟਣ ਹੈ ਮੇਰੀ ਟੁਰ ਪਈ, ਹੁਕਮ ਸਿੱਧਾ ਹੱਦ 'ਤੇ ਪੁੱਜਣ ਦਾ ਮੈਨੂੰ ਆ ਗਿਐ ।” ਨਾਰ ਨੌਕਰ ਦੀ ਨਿਮਾਣੀ ਮੌਣ ਸੀ, ਟੁਰਨ ਲੱਗੇ ਪਤੀ ਨੂੰ ਪਰ ਪੁੱਛਦੀ : ‘ਭੋੱਲੂ ਦੇ ਭਾਪਾ, ਆਪਣੇ ਮੂੰਹੋਂ ਬੋਲ ਜਾ ਹੁਕਮ ਮੇਰੇ ਵਾਸਤੇ ਕੀ ਹੈ ਬਜਾ ?'' ਲਾਮ 'ਤੇ ਜਾਂਦੇ ਨੇ ਉਸ ਇਕੋ ਸੁਨਾਇਆ ਹੁਕਮ ਇਹ : “ਕੀ ਪਤੈ, ਮੈਂ ਮੁੜਾਂ ਕਿ ਨਾ ਮੁੜਾਂ ਸਜਨੀ ! ਜੇ ਤੂੰ ਮੇਰੀ ਆਤਮਾ ਨੂੰ ਸ਼ਾਂਤ ਰਖਣੈ, ਜੇ ਤੂੰ ਚਾਹੇਂ ਯਾਦ ਮੇਰੀ ਮੁਸਕਾਏ ਮੇਰੀ ਨਿਸ਼ਾਨੀ ਭੋਲੂ ਸਮਝੀਂ ਇਹਨੂੰ ਪਾਲੀਂ ਪਾਲ ਪਾਲ ਕੇ ਕਰੀਂ ਜਵਾਨ !" ਨੌਕਰ ਤੇ ਨੌਕਰ ਦੀ ਨਾਰ ਹਾਲੀ ਸਨ ਗੱਲਾਂ ਹੀ ਕਰਦੇ, ਬਾਹਰੋਂ ਨਾਹਰੇ ਲੱਗਣ ਲੱਗ ਪਏ ਜੈ ਜਵਾਨ ! ਜੈ ਕਿਸਾਨ ! ਨੌਕਰ ਦੀ ਬੱਲੀ ਨੇ ਪੁੱਛਿਆ : “ਜੈ ਕਿਸਾਨ, ਜੈ ਜਵਾਨ, ਕਿਉਂ ਬੁਲਾਣ ?'' ਨੌਕਰ ਚੁੱਪ ਸੀ । ਪਰ ਉਹ ਪੁੱਛੋ, ਪੁੱਛੀ ਜਾਵੇ : "ਦੱਸੋ ਵੀ ਜੈ ਕਿਉਂ ਬੁਲਾਣ !?" "ਸੱਚ ਪੁੱਛਣੀ ਏਂ !?" "ਤੇ ਕੀ ਹੋਰ ਝੂਠ ! ਕੀ ਮੇਰੇ ਤੇਰੇ ਵਿਚ ਵੀ ਕੋਈ ਝੂਠ ਖਲੋ ਸਕਦੈ !?" "ਲੈ ਫਿਰ ਸੁਣ ਲੈ : ‘ਜੈ ਕਿਸਾਨ’ ਬੁਲਾਣ, ਮੂੰਹ ਅੱਡਣ, ਕਿਰਸਾਨਾਂ ਦੀ ਕਿਰਤ ਕਮਾਈ ਖਾਣ ਨੂੰ : ‘ਜੈ ਜਵਾਨ’ ਬੁਲਾਣ, ਮੂੰਹ ਪਾੜਨ ਉਹਨਾਂ ਤੋਂ ਰਖਵਾਲੀ ਆਪਣੀ ਕਰਾਨ ਨੂੰ !" ... ... ... ... "ਤਾਂ ਫਿਰ ਕਾਹਦੇ ਵਾਸਤੇ ਕੋਈ ਪੁੱਤਰ ਕਰੇ ਜਵਾਨ !! ?... ?... ?... ?..."

ਹੱਦ ਮੁੱਕ ਗਈ ਏ

ਪੂਰਨ ਆਜ਼ਾਦੀ ਦੀ ਦੇਵੀ- ਰਾਵੀ ਦੇ ਖੱਬੇ ਤੇ ਸੱਜੇ : ਸੰਢਿਆਂ ਵਾਂਗਰ ਤੋਪਾਂ ਭਿੜੀਆਂ ਸ਼ੇਰਾਂ ਵਾਂਗਰ ਬੰਦੇ ਗੱਜੇ ; ਟੈਂਕਾਂ ਅੱਗੇ ਲੰਮੇ ਪੈ ਪੈ ਦੁਸ਼ਮਨ ਦੇ ਮੂੰਹ ਮੋੜੇ; ਆਪਣੇ ਹੱਥ ਬਲਦੀ ਵਿਚ ਦੇ ਕੇ ਵੈਰੀ ਪੈਟਣ ਤੋੜੇ । ਤੇਰਾ ਹੀ ਕੋਈ ਸਾਥੀ ਮਰਿਆ, ਸਰਗੋਧੇ ਦਾ ਗਦਰੀ ਸੜਿਆ, ਸੂਰਮਤਾਈ ਵਾਲੀ ਅੜਿਆ, ਹੱਦ ਮੁੱਕ ਗਈ ਏ ....!!

ਹੱਦ ਹੋ ਗਈ ਏ !

ਪੂਰਨ ਆਜ਼ਾਦੀ ਦੀ ਦੇਵੀ- ਰਾਵੀ ਦੇ ਸੱਜੇ ਤੇ ਖੱਬੇ ਮਜ਼੍ਹਬੀ ਢੋਲ ਤੇ ਫੌਜੀ ਵਾਜੇ, ਧਰਮੀ ਧੌਂਸੇ ਵੱਜੇ । ਸਾਈਂ ਮੀਆਂ ਮੀਰ ਦੀ ਥਾਂ ਤੋਂ ਮੁੜ ਮੁੜ ਗੋਲੇ ਵੱਜੇ; ਹਰਿਮੰਦਰ ਨੂੰ ਪੂਜਣ ਵਾਲੇ ਫੇਹ ਫੇਹ ‘ਮੋਮਨ' ਰੱਜੇ । ਸੁਖਮਣੀਆਂ ਦੇ ਸ਼ਹਿਰੋਂ ਫੌਜਾਂ ਚੰਡੀ ਪੜ੍ਹ ਪੜ੍ਹ ਚੜ੍ਹੀਆਂ, ਮੂਰਖਤਾਈ ਦੀ ਦੋ ਪਾਸੀਂ ਹੱਦ ਹੋ ਗਈ ਏ ......!!!

੧੯੬੬

ਕੋਈ ਵੀਹ ਕੁ ਵਰ੍ਹੇ ਹੋਏ ਨੇ ਰਾਵੀ ਦੇ ਚੜ੍ਹਦੇ ਕੰਢੇ ਘੁੱਗ ਵੱਸਦਾ ਸੀ ਲਾਹੌਰ ਸ਼ਹਿਰ— ਰੱਜ ਕੇ ਸੁਹਣਾ, ਚੁਗਵਾਂ, ਮਾਨ ਮੱਤਾ ! ਪੰਜਾਬੀ ਕਹਿੰਦੇ ਸਨ : ਜਿਸ ਲਾਹੌਰ ਨਹੀਂ ਵੇਖਿਆ, ਉਹ ਜੰਮਿਆ ਹੀ ਨਹੀਂ ! ਜੰਗ ਦੇ ਲਾਂਬੂ, ਸ਼ਹਿਰਾਂ ਖਾਣੇ ਘਰ ਲੂਹਣੇ ਤੇ ਬੰਦੇ ਖਾਣੇ ਚੀਰ ਕੇ ਲੰਘੇ ਇਹਦੇ ਬਾਗ਼ਾਂ ਨੂੰ । ਗੀਤ, ਨਾਚ, ਸ਼ਾਇਰੀ : ਉਦਾਸ, ਦਿਲਗੀਰ, ਮਾਤਮੀ । ਮਿੱਤਰਾਂ, ਸਾਕਾਂ, ਵਾਕਫ਼ਾਂ ਤੋਂ ਸੁਖ-ਸੁਨੇਹੇਂ ਨਹੀਂ ਆਏ। ਕੌਣ ਕੌਣ ਮੋਇਆ ? ਕੌਣ ਜੀਂਦਾ ? ਇਹ ਲਾਮਾਂ ਦੇ ਰੌਲੇ ਕਦ ਮੁੱਕਣਗੇ ? ਦਿਲ ਕਰਦਾ ਹੈ ਲਾਹੌਰ ਚੱਲਾਂ : ਰਾਵੀ ਦੇ ਕੰਢੇ ਬਹਿ ਕੇ ਗੁਰੂ ਅਰਜਨ ਤੇ ਭਗਤ ਸਿੰਘ ਨੂੰ ਯਾਦ ਕਰਾਂ; ਤੇ ਆਪਣੇ ਹੰਝੂ ਰਾਵੀ ਦੇ ਪਾਣੀਆਂ ਵਿਚ ਘੋਲ ਦਿਆਂ ਰਾਵੀ ਜਿਦ੍ਹੇ ਕੰਢੇ ਤੇ ਬਹਿ ਕੇ ਪੂਰੇ ਹਿੰਦੁਸਤਾਨ ਨੇ ਸਾਂਝੀ-ਪੂਰੀ-ਆਜ਼ਾਦੀ ਦੀ ਸਹੁੰ ਖਾਧੀ ਸੀ !!

ਈਦਾਂ ਵਿੱਸ ਭਰੀਆਂ

ਸਾਡੇ ਪਰਬਤ, ਸਾਡੀਆਂ ਨਦੀਆਂ, ਉੱਲਰ ਉੱਲਰ ਪੈਂਦੀਆਂ ਸਾਡੀਆਂ ਖੇਤੀਆਂ : ਹੁਣ ਕਿਸੇ ਫੌਜੀ ਦੇ ਨਕਸ਼ੇ ਦੀਆਂ ਲਕੀਰਾਂ ਬਨ ਕੇ ਰਹਿ ਗਈਆਂ। ਜੰਗ ਸਾਡੇ ਲੋਕਾਂ ਨੂੰ ਢਹਿੰਦੀਆਂ ਕਲਾਂ ਵਿਚ ਲੈ ਗਈ ਹੈ । ਉਹ ਆਪਣੀ ਦਸਤਕਾਰੀ ਬਹਾਲ ਨਹੀਂ ਕਰਦੇ । “ਸੁਹਣੀ ਵਰਦੀ, ਚੋਖੀ ਤਲਬ, ਤੇ ਤ ਤਰੱਕੀ !” “ਫੌਜੀ ਨੌਕਰੀ ਸ਼ਾਹੀ ਨੌਕਰੀ ਏ !" ਜੇ ਕੋਈ ਜੀਵੇ ਤਾਂ ਐਸ਼ ਪਿਆ ਕਰੇ ਜੇ ਕੋਈ ਮਰੇ ਵੀ, ਤਾਂ ਮਰੇ; ਬੀਵੀ ਬੱਚੇ ਰੁਲਦੇ ਤਾਂ ਨਹੀਂ : ਹੁਣ ਤਾਂ ਜੀ, ਫੌਜੀਆਂ ਦੀਆਂ ਵਿਧਵਾਂ ਨੂੰ ਦੂਜੀ ਵਾਰੀ ਵਿਆਹੇ ਜਾਣੋਂ ਬਾਦ ਵੀ ਪਿਣਸ਼ਨ ਵਾਲੇ ਪੈਸੇ ਮਿਲਦੇ ਰਹਿਣਗੇ । ਇਸ ਤਰ੍ਹਾਂ ਦੇ ਸੱਚੇ ਲਾਰਿਆਂ ਨਾਲ ਲੋਕੀਂ ਭਰਤੀ ਹੋ ਹੋ, ਮਰਦੇ ਮਰਦੇ ਵੀ ਚੜ੍ਹਦੀਆਂ ਕਲਾਂ ਵਿਚ ਰੱਖੇ ਜਾਂਦੇ ਨੇ । ਮੈਨੂੰ ਤਾਂ ਇਹ ਸਾਰੇ ਲਾਰੇ ਤੇ ਵਿੱਸ-ਭਰੀਆਂ ਈਦਾਂ, ਵਧਦੀ ਜਾਂਦੀ ਲਿਸਟ ਸ਼ਹੀਦਾਂ ਦੀ ਵਢ ਵਢ ਕੇ ਖਾਵੇ। ਜੇ ਮੈਂ ਹੁਣ ਜਰਨੈਲ ਵੀ ਬਨ ਜਾਂ ਤਾਂ ਵੀ ਮੇਰੀ ਸ਼ਾਨ ਉਹਨਾਂ ਸੁੱਕੀਆਂ ਹੱਡੀਆਂ ਦੇ ਢੇਰਾਂ 'ਤੇ ਉਸਰੇ ਜਿਹੜੀਆਂ ਕਦੀ ਸਾਡੇ ਲੋਕ ਸਨ !!

ਭਰਾਵਾਂ ਦਾ ਵਿਗੋਚਾ

ਬੜੇ ਮੰਦੇ, ਬੜੇ ਭੈੜੇ, ਬੜੇ ਕੌੜੇ ਦਿਨ ਆਏ ਨੇ, ਹੱਥਾਂ ਨੂੰ ਕੋਈ ਕਰਨ ਜੋਗੜਾ ਕੰਮ ਨਹੀਂ : ਲਾਮ ਭੈਣ ਨੇ ਬੱਚੇ ਜੰਮੇ : ਕਾਲ, ਭੁੱਖ ਤੇ ਬੇਰੁਜ਼ਗਾਰੀ ! ਮਾਵਾਂ ਨੇ ਬੱਚੇ ਨ ਸੰਭਾਲੇ ਵੀਰ ਵੀਰਾਂ ਤੋਂ ਵਿੱਛੜੇ ਭੈਣਾਂ ਰੋਂਦੀਆਂ ਛੱਡ ਕੇ ਵੀਰੇ ਕਿਤੇ ਗੁਆਚ ਗਏ । ਖੇਤੀ ਹੁੰਦੀ ਖਸਮਾਂ ਸੇਤੀ ਖਸਮਾਂ ਨੂੰ ਨਿਖਸਮੀਂ ਮੌਤ ਲੈ ਗਈ। ਖੇਤਾਂ ਵਿਚ ਹਲ ਜੋੜੇ ਕਿਹੜਾ ਕੌਣ ਕਰੇ ਵਰਹਾਲੀਂ ਕੇਰਾ !? ਮੈਂ 'ਕੱਲਾ ਆਪਣੇ ਪਰਛਾਵੇਂ ਸੰਗ ਕਰਾਂ ਗੱਲਾਂ : ਮੇਰੇ ਤਿੰਨੇ ਵੀਰੇ ਖਾ ਗਈ ਡੈਣ । ਨਾਲ ਭਰਾਂਵਾਂ ਘਰ ਨੇ ਹੁੰਦੇ, ਸਜਨੋਂ ! ਨਾਲ ਭਰਾਵਾਂ ਸੋਭਦੀਆਂ ਨੇ ਮਜਲਸਾਂ । ਸਾਈਆਂ ਬਾਝੋਂ ਸੁੰਨੀਆਂ ਰੋਵਣ ਖੇਤੀਆਂ ਸਾਡੀਆਂ ਮੱਝਾਂ ਮੂੰਹ ਚੁਕ ਚੁਕ ਕੇ ਵਿੰਹਦੀਆਂ ਕਿੱਥੇ ਗਏ ਨੇ ਰਾਂਝੇ ਮਾਲਕ ਉਨ੍ਹਾਂ ਦੇ । ਤਖ਼ਤ ਹਜ਼ਾਰੇ ਵਿਚ ਰਹਿ ਮੈਂ ਉਜੜਿਆਂ ਚੁਲਬਲੀਆਂ, ਨਖ਼ਰੀਲੀਆਂ ਮੇਰੀਆਂ ਭਾਬੀਆਂ ਲੁਕ ਲੁਕ ਚੁਪ ਚੁਪ ਲੱਪੀਂ ਬੁੱਕੀ ਰੋਂਦੀਆਂ ਭੋਏਂ ਸੰਭਾਲਣ ਵਾਲੇ ਵੀਰੇ ਟੁਰ ਗਏ; ਮਿਹਣੇ ਮਾਰਨ ਕਿਸਦੇ ਜੋਰੀਂ ਭਾਬੀਆਂ ? ਘਰ ਹੀ ਬੈਠਾ ਧੀਦੋ ਵਰਗਾ ਹੋ ਗਿਆਂ ! ਵੀਰਾਂ ਨੂੰ ਮੈਂ ਰੋਵਾਂ ਹਾਕਾਂ ਮਾਰਦਾ ਘਰ ਸਾਡੇ ਦਾ ਬੂਟਾ ਪੁੱਟਿਆ ਲਾਮ ਨੇ ਸੁੱਕੇ ਪੱਤੇ ਖੇਰੂੰ ਖੇਰੂੰ ਹੋ ਗਏ । ਅਜ ਰਾਤੀਂ ਚੰਨ ਚਾਨਣ ਪੀਲਾ ਪੈ ਗਿਐ- ਘੁੰਮ ਘੁੰਮ ਕਰਦਾ ਵਿਹੜਾ ਸੁੰਨਾ ਹੋ ਗਿਐ !!

ਜੰਗ ਚੰਦਰੀ ਮੇਰਾ ਕੰਤ ਖੋਹ ਲਿਆ

ਕੀ ਤੂੰ ਨਹੀਂ ਆਉਣਾ ? ਹੁਣ ਕਦੀਉ ਨਹੀਂ ਆਉਣਾ ? ਮੇਰੇ ਢੋਲ ਸਿਪਾਹੀਆ ! ਮੇਰੇ ਪੂਰਨ ਜੋਗੀਆ ! ਸੂਰਜ ਅਸਥ ਹੋ ਗਿਐ ! ਗਗਨ ਮਸਤ ਹੋ ਗਿਐ ! ਆਲ੍ਹਣੀਂ ਚੱਲੇ ਨੇ ਕਾਉਂ ਲਾਲੀਆਂ; ਤੋਤੇ, ਘੁੱਗੀਆਂ, ਕਬੂਤਰ ਚੱਲੇ ਆਪਣੇ ਘਰਾਂ ਨੂੰ : ਚਾਚੀ ਚੀਮੀ ਚੂਚੇ ਆਪਣੇ ਡੱਕ ਲਏ; ਬੇਬੇ ਬਾਜੀ ਬਤਕਾਂ ਮੋੜ ਲਿਆਈ; ਬਾਬੇ ਜੀਣੇ ਬਟੇਰਿਆਂ ਨੂੰ ਬਾਜਰਾ ਪਾ ਲਿਆ : ਮਹੀਆਂ, ਗਾਈਆਂ, ਬੱਕਰੀਆਂ, ਕਿੱਲਿਆਂ ਤੇ ਨੇ ਆ ਖਲੀਆਂ; ਕੱਟੂ, ਬਿੱਛੂ, ਲੇਲੇ ਮਾਰ ਟਪੂਸੀਆਂ ਆਪਣੀਆਂ ਮਾਵਾਂ ਕੋਲ ਖਲੋਤੇ; ..... ..... .... ਹਰ ਪਾਸੇ ਰੌਣਕ ਹੀ ਰੌਣਕ ਦਿਸਦੀ। ਮੇਰਾ ਦਿਲ ‘ਕੱਲਾਂ' ਨੇ ਮੱਲਿਆ। ਮੇਰਾ ਦਿਲ ਸਲ੍ਹਾਂ ਨੇ ਮੱਲਿਆ। ਕੀ ਤੂੰ ਕਦੀ ਨਹੀਂ ਆਉਣਾ ? ਮੇਰੇ ਢੋਲ ਸਿਪਾਹੀਆ ! ਪੂਰਨ ਜੋਗੀਆ ! ਹੁਣ ਤੂੰ ਕਦੀਉ ਈ ਨਹੀਂ ਆਉਣਾ ? ..... ..... .... ਤੂੰ ਟੁਰ ਗਿਉਂ ਲਾਮਾਂ ਨੂੰ ਫਿਰ ਮੁੜਿਉਂ ਨਾ : ਦਿਨ ਬੀਤੇ, ਰਾਤਾਂ ਵੀ ਨੇ ਬੀਤੀਆਂ; ਰੁੱਤਾਂ ਫਿਰੀਆਂ ਨਾ, ਵੇ ਮੇਰਿਆ ਹਾਣੀਆਂ ਜਾ ਕੇ ਵਰ੍ਹਿਆਂ ਬਾਦ ਵੀ ਜੇ ਕੋਈ ਮੋੜੇ ਪਾਵੇ, ਸਦੀਆਂ ਸਾਣ ਵਿਛੋੜੇ ਵਾਲੇ ਖੱਪੇ ਇਕ ਦਮ ਮਿਲ ਜਾਂਦੇ ਨੇ । ਪਰ ਤੂੰ ਜਾ ਕੇ ਮੁੜਿਆ ਹੀ ਨਹੀਂ । ਜੰਗ ਸੌਂਕਣ ਨੇ ਆਉਣ ਨਹੀਂ ਦਿਤਾ ਮੇਰੇ ਅਣਖਾਂ ਵਾਲੇ ਨੂੰ । ਸਭ ਕੁਝ ਹੈ ਏਥੇ ਹਾਣੀਆਂ ਦੁਨੀਆਂ ਵਸਦੀ ਏ ! ਇਕ ਤੂੰ ਨਹੀਂ ! ਮੋਇਆਂ ਨਾਲ ਮਰਿਆ ਨਹੀਂ ਜਾਂਦਾ : ਪਰ ਤੇਰੇ ਬਿਨਾਂ ਜੀਣਾ ਵੀ ਕੋਈ ਜੀਣਾ !!

ਗੀਤਾ ਉਪਦੇਸ਼

ਗੀਤਾ ਦਾ ਪਰਚਾਰ ਕਰਦੇ ਬਾਣੀਏਂ : "ਕੌਣ ਕਹਿੰਦਾ ਜੰਗ ਕਰਨਾ ਪਾਪ ਹੈ ? ਜੰਗ ਕਰਨਾ ਧਰਮ ਹੈ ਸਰਵੋਤਮੀ !" ਜੰਗਜੂ ਨੇ ਲਾਡਲੇ ਪੁੱਤ ‘ਲੁੱਟ' ਦੇ । ਮਰਨ ਨੂੰ ਕਿਰਤੀ ਦੇ ਪੁੱਤਰ ਹੈਣ ਹੀ । ਮਰਨ ਵਾਲੇ ਪੁੱਛਦੇ ਨੇ ਮੌਤ ਤੋਂ : "ਜਾਇਦਾਦਾਂ ਤੋਂ ਮਰਨਾ ਵੀ, ਕੀ ਧਰਮ ਹੈ ? ਹਮਸਾਏ ਨਾਲ ਲੜਨਾ ਵੀ, ਕੀ ਧਰਮ ਹੈ ? ਆਪਾਂ ਸਾਰੇ ਪੁੱਤਰ ਹਾਂ ਜੇ ਰੱਬ ਦੇ, ਕਿਉਂ ਨਾ ਆਪਾਂ ਵੀਰਾਂ ਵਾਂਗਰ ਜੀਵੀਏ ?" ਹੱਕ ਦੂਜੇ ਦਾ ਖਾਵਣ ਵਾਲਾ ਖੱਤਰੀ ਕੇਵਲ ਉਦੋਂ ਹੀ ਹੈ ਬੇਇਨਸਾਫ਼ ਜੀ, ਹੱਕ ਮਾਰੇ ਜੇਕਰ ਉਹ ਕਿਸੇ ਕੁਮਾਰ ਦਾ । ਸ਼ੂਦਰ ਵੰਸ਼ ਕਮੀਨੇ ਨਹੀਂ ਇਨਸਾਨ ਵੀ । ਇਹਨਾਂ ਲਈ ਨਾ ਲੜਿਆ ਸ੍ਰੀ ਭਗਵਾਨ ਵੀ ! ਅਰਜੁਨ ਦਾ ਦਿਲ ਛੱਡ ਆਪਣੀ ਇਨਸਾਨੀਅਤ, ਗੀਤਾ ਸੁਣ ਸੁਣ ਬੰਦੇ ਮਾਰਨ ਚਲ ਪਿਆ, ਇਕ ਇਲਾਕਾ ਲੁੱਟਣ ਦਾ ਹੱਕ ਲੈਣ ਨੂੰ ‘ਕਰਤਵ’ ਪਾਲਣ ਬੀਬੇ ਰਾਜੇ ਸ਼ੀਂਹ ਜੀ, ਲੜਦੇ ਨਾਲ ਮੁਕੱਦਮ ਕੁੱਤੇ ਸੈਨਾ ਛੱਤੀ ਖੂਹਣੀਆਂ। ਸੈਣਾਨੀ ਹੱਕ-ਹੀਨ ਰਖੇਲੇ ਮੌਤ ਦੇ ਕਹਿੰਦੇ ਨੇ ਇਕ ਦੂਜੇ ਨੂੰ ਖੁਖਿਆ ਕੇ : ਹੱਕ ਪਰਾਇਆ ਖਾਣ ਨਹੀਂ ਦੇਣਾ ਕਿਸੇ ਨੂੰ । ਹੱਕਾਂ ਦੀ ਰਖਵਾਲੀ ਸਾਡਾ ਧਰਮ ਹੈ। ਲੜਨਾਂ ਮਰਨਾਂ ਕਰਤਵ ਬੜਾ ਮਹਾਨ ਹੈ। ਮਰ ਕੇ ਵੀ ਨਾ ਮਰੇ ਕੋਈ ਸੈਣਾਨੀਉਂ ! ਗੀਤਾ ਦਾ ਉਪਦੇਸ਼ ਸਮਝੋ ਪ੍ਰਾਣੀਉਂ !! ...... ...... .... ...... ਪਤਾ ਨਹੀਂ ਇਹ ਬੰਦੇ-ਖਾਣੀ ਸਭਿਅਤਾ, ਮੁੱਕੇਗੀ ਕਦ, ਜੀਵੇਗਾ ਇਨਸਾਨ ਵੀ ।

ਸਰਹੱਦਾਂ 'ਤੇ

ਰਾਤਾਂ ਚਾਨਣੀਆਂ ਕੂੰਜਾਂ ਕੁਰਲਾਂਦੀਆਂ ਲੰਘ ਜਾਂਦੀਆਂ ਦਿਲ 'ਤੇ ਉਦਾਸੀਆਂ ਸੁਟ ਜਾਂਦੀਆਂ ! ਪੱਛੋਂ ਚੱਲੇ · · · · · · ਰੇਤਾਂ ਉੱਡਣ, ਚੰਨ ਚੜ੍ਹੇ ਦਰਿਆਉਂ ਪਾਰ... ! 'ਚੰਨ' ਦਰਿਆ ਦੇ ਕੰਢਿਆਂ ਉੱਤੇ, ਸਾਡੇ ਤੰਬੂ ਏਦਾਂ ਜਾਪਣ ਜੀਕਣ ਨਦੀਉਂ ਨੀਰ ਪੀਣ ਨੂੰ, ਆਈ ਹੋਵੇ ਕੋਈ ਮਿਰਗਾਂ ਦੀ ਡਾਰ .. !! ਦੁਸ਼ਮਨ ਫੌਜਾਂ ਚੜ੍ਹੀਆਂ ਏਦਾਂ, ਟਿੱਲਿਉਂ ਜੀਕਨ ਚੜ੍ਹਨ ਘਟਾਵਾਂ ਵਿੰਹਦਿਆਂ ਵਿੰਹਦਿਆਂ; ਝੱਖੜ, ਝਾਂਜੇ, ਨ੍ਹੇਰੀ ਵਾਂਗੂੰ ਲੰਘ ਆਈਆਂ ਸਨ ਨਦੀਉਂ ਪਾਰ ...! ਉਹਤੋਂ ਬਾਦਾਂ ਸਾਡੇ ਫੌਜੀ, ਚੰਨ ਉੱਗਣ 'ਤੇ ਬਾਹਰ ਨਹੀਂ ਜਾਂਦੇ । ਕੂੰਜਾਂ ਲੰਘਣ ਸੀਆਲੇ ਦਾ ਦੇਣ ਸੁਨੇਹਾਂ ਡਰਦਾ ਨਾ ਚਿਤਵੇ ਕੋਈ ਪਿਆਰ.. ! ਸਾਡੀਆਂ ਅੱਖੀਆਂ ਹਉਕੇ ਕੇਰਨ ਗਿੱਲੀਆਂ, ਓਦਰੀਆਂ ! ਕੌੜਾ, ਕੋਝਾ, ਫ਼ੌਜੀ, ਜੀਵਨ । ਸਾਡੇ ਦੁਖੜੇ ਸੁਣ ਸੁਣ ਰੋਂਦੇ ਬੰਜਰ, ਬੇਲੇ ਅਤੇ ਪਹਾੜ ...!

ਬਾਸਮਤੀ ਦੀ ਮਹਿਕ

ਮੋਰਚਿਆਂ ਵਿਚ ਦਲਦਲ ਹੋਈ — ਬੰਬਾਂ ਦੀ ਬਾਰੂਦੀ ਬੋ ਵਿਚ ਬੈਠਿਆਂ, ਯਾਦ ਆਈ ਮੈਨੂੰ ਬਾਸਮਤੀ ਦੀ ਮਹਿਕ । ਬਾਸਮਤੀ ਦੀ ਮਹਿਕ ਬੜੀ ਸੁਹਾਵਣੀ— ਮੋਰਚਿਆਂ ਤੋਂ ਖਿਣ ਵਿਚ ਘਰ ਲੈ ਜਾਵਣੀ। ਛਿਣ ਵਿਚ ਮੋੜੇ ਪਾਵੇ ਮੇਰੀ ਕਲਪਨਾ ਮੁੜ ਆਵਣ ਬਦਬੋਆਂ ਸੜਦੇ ਲਹੂ ਦੀਆਂ। ਕੌਮੀ ਸ਼ੌਕ ਕੁਲਹਿਣਾ ਮਿਲਖਾਂ-ਮਾਰਨਾ । ਮੈਦਾਨਾਂ ਨੂੰ ਅੱਗ ਲੱਗੀ ਏ ਘਰ ਘਰ ਅੰਦਰ ਕੀਰਨਿਆਂ ਦਾ ਹੜ੍ਹ ਆਇਆ ਹੈ। ਹਰ ਪਿੰਡ ਵਿਚੋਂ ਸੁਖਮਣੀਆਂ, ਆਸਾ ਦੀਆਂ ਵਾਰਾਂ ਦੀ ਥਾਂ ਮਾਵਾਂ ਦੇ ਵੈਣ, ਭੈਣਾਂ ਦੇ ਹਾੜੇ, ਪਤਨੀਆਂ ਦੀਆਂ ਬੁੱਕ ਬੁੱਕ ਰੋਂਦੀਆਂ ਬੇਟੀਆਂ ਵਰਗੀਆਂ ਅੱਖੀਆਂ- ਦੀ ਵਾਜ ਉਠਦੀ ਏ !! ਦੇਸ਼ ਦੇ ਭੁੱਖੇ ਮਰਦੇ, ਜਿਸਮ ਵੇਚਕੇ ਜਿਸਮ ਪਾਲਦੇ ਰੰਗਰੂਟਾਂ ਦੀ ਫਿਰ ਵੀ ਰੌਣਕ ਲੱਗੀ ਰਹਿੰਦੀ ਭਰਤੀ ਦੇ ਦਫ਼ਤਰ ਦੇ ਸਾਹਵੇਂ ! ਜੈ ਜਵਾਨ, ਜੈ ਕਿਸਾਨ, ਜੈ ਭਾਰਤ ਦੇ ਨਾਹਰੇ ਲਾਂਦੇ। ਦੇਸ਼ ਦੀ ਧਰਤੀ ਸੋਨਾ ਉਗਲੇ ਉਸ ਸੋਨੇ ਤੋਂ ਮੁੱਲ ਲੈ ਲੈ ਕੇ ਚੋਖੇ ਬੜੇ ਸ਼ਹੀਦ, ਪੁੱਤਰ ਪਿੰਡ ਦੇ ਜਿੱਤ ਲੈਣੀਆਂ ਬਰਫ਼ਾਂ ਕੱਜੀਆਂ ਚੋਟੀਆਂ ।

ਜੰਗਾਲਿਆ ਭਾਲਾ

ਥਾਨੇਸਰ ਦੇ ਖੇਤਾਂ ਵਿਚੋਂ ਹਲਵਾਹਕਾਂ ਨੇ ਲੱਭ ਲਿਆਂਦਾ ਇਕ ਪੁਰਾਤਨ ਸ਼ਾਹੀ ਭਾਲਾ । ਮੋਹਰ ਲੱਗੀ ਹੈ ਉਹਦੇ ਉੱਤੇ, ਪੜ੍ਹੀ ਨਹੀਂ ਜਾਂਦੀ; ਜੰਗਾਲੀ ਹੈ। ਇਹ ਸੁਨਹਿਰੀ ਭਾਲਾ ਜਜ਼ਬਿਆਂ ਤੋਂ ਬੇਪ੍ਰਵਾਹ ਕੋਥਰੇ ਜਹੇ ਰੰਗ ਦਾ ਮੈਨੂੰ ਵਢ ਵਢ ਖਾਂਦਾ ਹੈ। ਜੰਗਾਂ ਦੀ ਯਾਦ ਕਰਾਂਦਾ ਹੈ । ਮੈਂ ਸੋਚਨਾਂ ਕਿ ਆਦਮੀ ਹਾਲੀ ਤਕ ਵੀ ਜੰਗਾਂ ਲੜਦੈ । ਇਤਿਹਾਸ ਵਿਚ ਉਹ ਧਰਮੀ ਰਾਜੇ ਜਿਨ੍ਹਾਂ ਕੀਤੇ ਰਾਜ ਪਿਆਰੇ ਵੀਰੇ ਦੁੱਪਰਿਆਰੇ, ਹਾਲੀ ਵੀ ‘ਧਰਮੀ’ ਹੀ ਹਨ । ਇਕ ਰਾਜੇ ਦੇ ਬੰਦੇ ਮਾਰਨ ਦੂਜੇ ਰਾਜ ਦੇ ਬੰਦੇ । ਲੋਕੀਂ ਮਾਰਦੇ ਰਹੇ, ਮਰਦੇ ਰਹੇ ਬੰਸ ਚੜ੍ਹੇ · · · ਲੱਥੇ · · · ਬੀਤ ਗਏ ਪਰ ਬੰਸਾਂ, ਕੁਲਾਂ ਤੇ ਦੇਸਾਂ ਖਾਣੀ ਜੰਗ ਦੇ ਬੱਦਲ ਹਾਲੀ ਵੀ ਨੇ ਬਿੱਫਰੇ : ਬੰਸ ਕਿਤੇ ਨਹੀਂ ਦਿਸਦੇ.....। ਪੁਰਾਣੇ ਕਿਲ੍ਹਿਆਂ, ਖੰਡਰਾਂ ਉਹਲੇ ਡੁੱਬਦਾ ਸੂਰਜ ਹਾਲੀ ਤਕ ਵੀ ਲਹੂ ਰੰਗਾ ਏ ! ਹਾਲੀ ਵੀ ਅਸਮਾਨੀਂ ਅੱਗਾਂ ਮੱਚੀਆਂ ਦਿਸਣ । ਮੈਂ ਇਸ ਭਾਲੇ ਦੇ ਫਲਟੇ ਨੂੰ ਹੱਥਾਂ 'ਤੇ ਰੱਖਾਂ ਤੇ ਪੁੱਛਾਂ : ਜੁਗੜੇ ਬੀਤ ਚਲੇ · · · ਹਾਲੀ ਤਕ ਸੁੱਚਾ ਫੌਲਾਦ ਮਾਰੂ ਹਥਿਆਰਾਂ ਵਿਚ ਢਲ ਢਲ ਕੋਂਹਦਾ ਏ ਔਲਾਦ ਬੰਦੇ ਦੀ ?! ਜੁਗੜੇ ਬੀਤ ਚਲੇ ..! ਕਿਉਂ ਨਹੀਂ ਟੱਲੀਆਂ, ਝਾਂਜਰ, ਘੁੰਗਰੂ ਛੈਣੇ ਤੇ ਖੜਤਾਲ ਬਨਾਂਦੇ ? ਕਿਉਂ ਨਹੀਂ ਸੁੱਚਾ ਲੋਹਾ ਘੜ੍ਹ ਕੇ ਬਾਟੇ, ਦੇਗਾਂ, ਥਾਲ ਬਨਾਂਦੇ ਕਿਉਂ ਇਸ ਸੁੱਚੀ ਧਾਤ ਨੂੰ ਢਾਲ ਢਾਲ ਮੌਤਾਂ ਉਪਜਾਂਦੇ !? ਇਹ ਇਸ ਭਾਲੇ ਦੇ ਸੁਭਾਗ ਸਮਝੋ ਭਲਿਆਂ ਪੁਰਸ਼ਾਂ ਭਲੇ ਦਿਨਾਂ ਵਿਚ ਇਹਨੂੰ ਪੁੱਟ ਕਢਿਐ, ਹੁਣ ਜੰਗੀ ਤੂਫ਼ਾਨ ਰਤਾ ਕੁ ਥੰਮਿਐ। ਹੁਣ ਮਾਰੂ ਹਥਿਆਰ ਢਲ ਕੇ ਬਨਣਗੇ ਖੁਰਪੇ, ਕਹੀ, ਹਥੌੜੇ, ਹਲ ਤੇ ਦਾਤੀਆਂ। ਕੀ ਕਦੇ ਉਹ ਭਲੇ ਦਿਨ ਵੀ ਆਉਣਗੇ ਜਦ ਤਲਵਾਰਾਂ, ਭਾਲੇ, ਤੋਪਾਂ ਵਰਗੀਆਂ ਸੱਭੋ ਚੀਜ਼ਾਂ ਹੋਣਗੀਆਂ ਬੇਲੋੜੀਆਂ ।

ਵਿਧਵਾ

ਯਾਦਾਂ ਭਰੀ ਸਵੇਰ, ਕੁਕੜ ਬਾਂਗਿਆ ਕਕਰੀਲੀ 'ਵਾ ਵਗੀ ਪਿੰਡੇ ਚੀਰਦੀ । ਮੋਢੇ ਰੱਖੀ ਰਾਈਫ਼ਲ, ਪਿਸਟਲ ਗਾਤਰੇ, ਛੇਤੀ ਛੇਤੀ ਤੁਰ ਪਿਆ ਕਰਮਾਂ ਵਾਲਾ। ਵਿੱਛੜਦੇ ਵੀ ਰੱਜ ਕੇ ਕੋਈ ਗੱਲ ਨ ਕੀਤੀ । ਬੂਹੇ 'ਤੇ ਜਾ ਖੜ੍ਹ ਗਿਆ ਉਹ ਚੁਪ ਚੁਪੀਤਾ ਮੈਂ ਜਾ ਕੇ ਅਤਿ ਪਿਆਰ ਵਿਚ ਪੱਲਾ ਫੜ ਲੀਤਾ “ਸੀਨੇ ਭਾਵੇਂ ਬਲਦੀਆਂ ਨੇ ਪਈਆਂ ਹਾਈਂ, ਤੇਰੇ ਬਾਝੋਂ ਹੋਰ ਨਾ ਕੋਈ ਦਿਲ ਦਾ ਸਾਈਂ, ਸਦਾ ਹੀ ਮੇਰਾ ਰਹੇਂਗਾ, ਤੂੰ ਸਿਰ ਦਾ ਸਾਈਂ ਚਲਿਆ ਏਂ ਜੇ ਹਾਣੀਆਂ, ਬੇ-ਫ਼ਿਕਰਾ ਜਾਈਂ ।" ਉਹਨੇ ਅੱਗੋਂ ਮੋੜ ਕੇ ਏਨੀ ਹੀ ਕੀਤੀ : “ਜੀਂਦੇ ਰਹੇ ਤਾਂ ਮਿਲਾਂਗੇ ਲੱਖਾਂ ਹੀ ਵਾਰੀ; ਮਾਰੇ ਗਏ ਤਾਂ ਸੁਹਣੀਏਂ, ਵਿੱਸਰ ਨਾ ਜਾਈਂ !" ਫਿਰ ਕੁਆਟਰ ਦੀ ਅਰਕੀ ਤੇ ਮੈਂ ਜਾ ਖਲੋਤੀ : ਫੌਜੀ ਵੈਗਨ ... ਉਹਦੇ ਸਾਥੀ, ਕਾਹਲੇ ਕਾਹਲੇ; ਧੂੰਆਂ...ਧੂੜ...ਤੇ...ਧੁੰਦ ਸਿਆਲੀ... ਵਿੱਛੜਦੇ ਹਾਣੀ ਦਾ ਚਿਹਰਾ ... ਹੌਲੀ ਹੌਲੀ ਧੁੰਦ ਵਿਚ ਧੁੰਦਲਾ ਹੋ ਗਿਆ । ਮੈਂ ਸੁੰਨ ਹੋਈ ਖਲੀ ਖਲੋਤੀ ਰਹਿ ਗਈ ...! ਉਸ ਘੜੀ ਤਾਂ ਮੈਨੂੰ ਮੌਤ ਚੰਗੀ ਸੀ । ਮੈਨੂੰ ਰੋਂਦੀ ਵੇਖ ਕੇ ਉਹਦੀ ਨਿਸ਼ਾਨੀ, ਸਾਡੇ ਬੱਚੇ, ਪਹਿਲਾਂ ਤਾਂ ਬੁਲ੍ਹੀ ਜਹੀ ਟੇਰੀ ਮੈਂ ਅੱਖਾਂ ਪੂੰਝ ਲਈਆਂ । ਮਤੇ ਉਹ ਵੀ ਨਾ ਰੋ ਪਵੇ ! ਉਹ ਹੱਸ ਪਿਆ । ਮੈਂ ਵੀ ਹੱਸੀ : ਹਸਦੀ ਹਸਦੀ ਰੋ ਪਈ । ਕਾਕੇ ਨੇ ਘੂਰੀ ਜਹੀ ਵੱਟੀ । ਮੈਂ ਚੁਪ ਹੋ ਕੇ ਸੋਚਣ ਲੱਗੀ : ਇਹਨੂੰ ਤਾਂ ਮੈਂ ਪਾਲਾਂਗੀ ਹੀ, ਭਾਵੇਂ ਲੱਖ ਮੁਸੀਬਤ ਆਵੇ । .... .... ... .. ਫਿਰ ਸਰਕਾਰੀ ਘਰ ਨੂੰ ਛੱਡ ਕੇ ਮੈਂ ਪੇਕੇ ਜਾ ਬੈਠੀ...! ਵਿਧਵਾ ਧੀ, ਭੈਣ, ਭੂਆ ਪਿੰਡ ਦੀ ! ਸਾਰੇ ਗਹਿਣੇ ਵੇਚ ਵੇਚ ਕੇ ਜ਼ਰੀ ਦੇ ਕੱਪੜੇ, ਘਰ ਦੇ ਭਾਂਡੇ ਵੇਚ ਵੇਚ ਕੇ ਪੀਹਣਾ ਕੱਤਣਾ ਕਰ ਕਰ ਕੇ ਘਰਾਂ ਵਾਲਿਆਂ ਦਾ ਮੈਂ, ਬੇ-ਘਰੀ, ਪੱਤ-ਹੀਣ, ਡੁਹਾਗਨ, ਪਤਵੰਤੀਆਂ ਦੇ ਚੌਂਕੇ ਸਾਂਭ ਕੇ, ਵਿਹੜੇ ਸੰਬਰ ਸੰਬਰ, ਆਹ ਦਿਨ ਆਂਦੇ... ! ਕਾਕੇ ਨੂੰ ਹੁਣ ਸੁਖ ਨਾਲ ਵੀਹਵਾਂ ਲੱਗੇ । ਉਹਦੇ ਵਾਂਗ—ਸਰੂ ਜਵਾਨ । ਜਦ ਹੱਸੇ ਤਾਂ ਮੈਂਨੂੰ ਕਈ ਕੁਝ ਹੋ ਹੋ ਜਾਵੇ । ਕਹਿਨੀ ਆਂ : ਨਜ਼ਰ ਨਾ ਲੱਗੇ ਮੇਰੇ ਲਾਲ ਨੂੰ । ਪਰ ਇਹ ਉੱਨੀ ਸਾਲ ਮੈਂ ਬੇਪੱਤ ਟਹਿਣੀ 'ਤੇ ਇਕ ਡਿਗੂੰ ਡਿਗੂੰ ਕਰਦੇ ਤਰੇਲ ਤੁਬਕੇ ਵਾਂਗ ਅੜੀ ਰਹੀ । ਹੁਣ ਵਕਤ ਆ ਗਿਐ ਮੇਰੇ ਉਹਨੂੰ ਮਿਲਣ ਦਾ । ਮੈਂ ਉਹਨੂੰ ਜ਼ਰੂਰ ਲੱਭ ਲਾਂਗੀ। ਮੈਥੋਂ ਉਹ ਗੁੱਝਾ ਕਿਵੇਂ ਰਹੇਗਾ । ਉਹਨੂੰ ਵੀ ਹੁਣ ਧੌਲੇ ਲਮਕਦੇ ਹੋਣਗੇ । ..... ... .... ...... ..... ਏਦਾਂ ਹੀ, ਸੋਚਾਂ ਵਿਚ ਗਲਤਾਨ, ਕਈ ਰਾਤਾਂ ਲੰਗ ਜਾਣ। ਇਕ ਚਾਨਣੀ ਰਾਤੀਂ, ਮੇਰੀ ਝੁੱਗੀਉਂ ਬਾਹਰ, ਪਹੁ ਫੁੱਟੇ ਸੰਖ ਵੱਜਣ । ਕਾਲੇ ਕਾਲੇ ਬੱਦਲ ਪਿੱਛਲ-ਰਾਤੇ, ਚੰਨ-ਮੁਖੜੇ 'ਤੇ ਨੱਚਦੇ ਜਾਪਣ ਜ਼ੁਲਫ਼ਾਂ ਵਾਂਗਰ । ਮੇਰੀ ਝੁੱਗੀ ਦਾ ਦੀਵਾ ਸਾਰੀ ਰਾਤ ਮੱਠਾ ਮੱਠਾ ਬਲਦਾ ਰਹਿੰਦਾ। .... ..... .... ... ... ਇਕ ਤਿੱਤਲੀ ਦੇ ਉੱਡਣ ਜਿੰਨੀ ਹਲਚਲ ਦਰਵਾਜ਼ੇ ਵਿਚ ਇਕ ਪਰਛਾਵਾਂ ਤੇ ਮੇਰੀ ਪੋਚੀ ਪਾਚੀ ਝੁੱਗੀ ਲਹੂ ਦੀ ਬੋ ਸੰਗ ਭਰ ਭਰ ਜਾਵੇ । ਪਰਛਾਵੇਂ ਦੇ ਹੱਥਾਂ ਵਿਚ ਇਕ ਮਨੁਖੀ ਖੋਪਰੀ ਲਹੂ-ਲਿੱਬੜੀ ਮਿੱਟੀ ਵਿਚ ਲੱਥ ਪੱਥ-! .... .. .... .. ... .. .... "ਜੇ ਤੂੰ ਮੇਰਾ ਘਰ ਵਾਲਾ ਹੈਂ, ਸਾਬਤ ਕਰ, ਤੇ ਅੰਦਰ ਆ ਜਾ !" ਅੰਦਰ ਤਾਂ ਕੋਈ ਨਾ ਆਵੇ। ਹਵਾ ਦਾ ਬੁੱਲਾ ਕੱਪੜੇ ਉਹਦੇ ਝੁਲਾਵੇ। ਕੱਪੜੇ ਤਾਂ ਉਹੀ ਨੇ ਜੋ ਕਾਕੇ ਦੇ ਭਾਪੇ ਵਿਛੜਨ ਵੇਲੇ ਕਾਹਲੀ ਦੇ ਵਿਚ ਪਾਏ ਜਾਪੇ। ਇਹ ਤਾਂ ਉਹੀ ਹੈ......! ਏਨਾ ਚਿਰ ਕਿਉਂ ਲਾਇਆ ਜੀ ਤੂੰ ? ਪਰ ਮੈਂ ਹੈਰਾਨ ਖੁਸ਼ ਹਾਂ : ਇਹ ਕਿਵੇਂ ਹਜ਼ਾਰਾਂ ਕੋਹਾਂ ਤੋਂ ਮੌਤ-ਨਗਰ ਤੋਂ, ਪਰਤ ਹੈ ਆਇਆ !!? ਕਾਕਾ ਮੇਰਾ, ਵਰਦੀ ਪਾਈ, ਮੇਰੇ ਸਾਹਵੇਂ, ਆਣ ਖਲੋਵੇ ! “ਮਾਂ, ਮੈਂ ਆ ਗਿਆਂ ! ਮਾਂ, ਮੈਂ ਹਵਾਲਦਾਰ ਹੋ ਗਿਆਂ !!"

ਤਿੰਨ ਗੀਤ ਨੇ ਦੁਨੀਆਂ ਅੰਦਰ

ਤਿੰਨ ਗੀਤ ਨੇ ਦੁਨੀਆਂ ਅੰਦਰ ਜੋ ਕਿ ਮਾਨਵ ਹਿਰਦੇ ਤਾਈਂ ਥੱਰਰਾ ਦੇਂਦੇ ਨੇ, ਧੜਕਾ ਦੇਂਦੇ ਨੇ। ਖੁਸ਼ੀਆਂ ਭਰੇ ਤੇ ਗ਼ਮੀਆਂ ਲੱਦੇ ਇਸ ਦੁਨੀਆਂ ਦੇ ਤਿੰਨੇ ਗੀਤ ਮੁਸਕਾ ਦੇਂਦੇ ਨੇ, ਰੁਵਾ ਦੇਂਦੇ ਨੇ । ਇਕ ਗੀਤ ਬਹੁ ਹੁਸਨਾਂ ਭਰਿਆ ਜਿਸ ਨੂੰ ਹਰ ਮਾਂ ਕੋਲ ਭੰਗੂੜੇ ਬਹਿ ਕੇ ਗਾਵੇ ਬੇ-ਔਲਾਦੇ ਕੱਲਿਆਂ ਦੇ ਦਿਲ ਵੀ । ਪਈ ਬਹਿਲਾਵੇ । ਦੂਜਾ ਉਹ ਹੈ ਗੀਤ ਜਿਨੂੰ ਕਿ ਮੋਏ ਪੁੱਤ ਸਿਰ ਹੱਥ ਫੇਰ ਕੇ ਕੋਈ ਅੰਮਾਂ ਪਈ ਕੀਰਨੇ ਪਾਵੇ । ਤੇ ਤੀਜਾ ......? ਤੀਜਾ ਬਾਕੀ ਜੋ ਕੁਲ ਸਾਰੀ ਦੁਨੀਆਂ ਗਾਵੇ ... .... .. ..... ..... ਤਿੰਨੇ ਗੀਤ ਨੇ ਦੁਨੀਆਂ ਅੰਦਰ !!

ਵਿਧਵਾ ਦੇ ਵੈਣ

ਮੇਰੇ ਸ਼ੇਰ ਜਵਾਨ -ਮੇਰੇ ਢੋਲ ਸਿਪਾਹੀ ਮੌਤ ਦੇ ਮੂੰਹ ਨੂੰ ਸੁਰਗ ਸਮਝ ਕੇ ਨਹੀਂ ਸੀ ਚੁੰਮਿਆਂ। ਹੋਰ ਉਹ ਕਰਦਾ ਵੀ ਕੀ ?! ਉਹਨੂੰ ਮੇਰੇ ਸਾਹਮਣੇ ਮੇਰੀ ‘ਸੌਂਕਣ' ਮੌਤ ਦਾ ਮੂੰਹ ਚੁੰਮਣਾ ਹੀ ਪਿਆ ਮੈਨੂੰ ਪਤਾ ਸੀ, ਉਹਨੂੰ ਰਤਾ ਵੀ ਪਿਆਰ ਨਹੀਂ ‘ਸੌਂਕਣ' ਦੇ ਨਾਲ । ਉਹ ਕੇਵਲ ਮੇਰਾ ਸੀ : ਇਸ ਕਾਰਨ ਮੈਂ ਉਹਦਾ ਵਿਛੋੜਾ ਸਹਿ ਨਾ ਸਕੀ । ਕੂੰਜ ਸਮ ਕੁਰਲਾਂਵਦੀ ਹੈ ਜ਼ਿੰਦਗੀ ! ਮੌਤ - ਪਰੀ ਦੇ ਮਹਿਲੀਂ ਕੈਦ ਏ ਮੇਰਾ ਢੋਲ ਸਿਪਾਹੀ । ਧਾਈਆਂ ਕਰ ਕਰ ਜਾਨੀ ਹਾਂ ਮੈਂ ਮੌਤ ਮਹਿਲ ਦੇ ਬੂਹੇ ਤੀਕਰ : ਪਰ ਏਨੀ ਨਫ਼ਰਤ ਹੈ ਮੈਨੂੰ ਮੌਤ ਸੰਗ ਇਹਦੇ ਸੁੰਦਰ ਲਾਰਿਆਂ ਦੇ ਮਹਿਲ ਨਾਲ, ਬਚ ਜਾਂਦੀ ਹਾਂ ਹਰ ਵਾਰੀ ਹੀ : ਢੋਲ ਵਿਛੁੰਨੀ ਪਰ ਮੈਂ ਕੀਕਰ ਜੀਆਂ, ਲੋਕੋ ! ਖੁਲ੍ਹੀ ਰੁੱਤ ਬਸੰਤ ਦੀ ਆਵੇ, ਮੈਂ ਝੱਲੀ ਤੈਨੂੰ ਉਡੀਕਦੀ ਤੂੰ ਨਾ ਆਇਉਂ, ਮੇਰਿਆ ਹਾਣੀਆਂ, ਤਾਰ ਆਈ ਮੌਤ ਦੀ -! ਮੌਤ ਨੂੰ ਕਹਿੰਦੇ ਸ਼ਹੀਦੀ ਮੌਤਾਂ ਦੇ ਵੇ, ਵਣਜਾਰੇ ! ਮੇਰੇ ਜਹੀਆਂ ਲੱਖਾਂ ਭੈਣਾਂ, ਵੇ, ਮਾਵਾਂ, ਪਤਨੀਆਂ, ਵੱਟ ਕਸੀਸਾਂ ਪੁੱਤਰ ਵਾਰੇ, ਵੀਰੇ ਵੀਰ-ਵਿਛੁੰਨੜੀਆਂ ਨੇ, ਪ੍ਰੀਤਮ ਪਿਆਰ-ਵਿਗੋਚੜੀਆਂ, ਵੇ ! ਆਖਾਂ ਤੈਨੂੰ, ਭੈੜੀਏ ਮੌਤੇ ਆਖਾਂ ਨੀ ਹੈਂਸਿਆਰੀਏ ਮੌਤੇ ਛੱਡ ਦੇਂਦੀਉਂ ਨੀ ਵੈਰਨੇ ! ਮੇਰੇ ਕੱਲੇ ਬੱਚੜੇ ਦੇ ਬਾਪ ਨੂੰ ਸੌਂਕਣੇਂ ਨੀ, ਵੱਡੀਏ ਹੇਜਣੇ ਸ਼ਹੀਦਾਂ ਦੀਏ ! ਤੇਰੇ ਤਾਜਾਂ, ਸਮਾਧਾਂ, ਸੀਸਗੰਜਾਂ ਯਾਦਗਾਰਾਂ ਨੂੰ ਨੀ, ਟੱਕਰਾਂ ਮਾਰ ਢਾਹ ਦੇਵਾਂ ਮੈਂ ਵਿਧਵਾ ਹਾਂ ਸਿਪਾਹੀ ਦੀ- ਜਿਦ੍ਹਾ ਨਾਂ-ਥੇਹ ਕੋਈ ਹੈ ਨਹੀਂ, ਜਿਦ੍ਹਾ ਬੱਚਾ ਵੀ ਹੈ ਬੀਮਾਰ, ਮਰਦਾ ਹੈ ਬਿਨਾ ਦਾਰੂ, ਜ੍ਹਿਦੀ ਕੋਈ ਨਿਸ਼ਾਨੀ ਵੀ, ਵੇ ਲੋਕੋ, ਰਹਿ ਨਹੀਂ ਜਾਣੀ !

ਤੈਨੂੰ ਕਿਉਂ ਹੈ ਰਾਹ ਵਿੱਸਰਿਆ ?

ਸੰਧਿਆ ਆਈ ਘਰ ਘਰ ਅੰਦਰ । ਚਾਈਂ ਚਾਈਂ ਦੀਵੇ ਬਾਲੇ ਥਾਂ ਥਾਂ 'ਤੇ ਉਸ। ਮੇਰੇ ਘਰ ਨਾ ਆਈ ਸੰਧਿਆ ਘਰ ਮੇਰਾ ਦਿਲ ਮੇਰੇ ਵਾਂਗਰ ਰਿਹਾ ਹਨੇਰਾ। ਸਾਰੇ ਗਵਾਂਢੀ ਖੇਤਾਂ ਤੋਂ ਮੁੜ ਆਏ ਘਰਾਂ ਨੂੰ ਚੁੱਲ੍ਹੇ ਨੇੜੇ ਨਿੱਘੇ ਹੋ ਕੇ ਬਹਿ ਗਏ ਨੇ । ਤੈਨੂੰ ਕੀ ਹੋਇਆ, ਵੇ ਪ੍ਰੀਤਮ ਸੂਰਮਿਆਂ ਨੈਣ ਮੇਰੇ ਰਾਹ ਤੱਕਣ ਤੇਰਾ, ਹੰਝੂਆਂ ਦੇ ਦੋ ਬਣੇ ਸਰੋਵਰ। ਰਾਤ ਰਸੀਲੀ ਆਈ ਸਾਰੇ ਘਰਾਂ ਵਿਚ ਸੁਪਨੇ ਨਾਲ ਲਿਆਈ ਮਿੱਠੇ ਰਾਂਗਲੇ । ਪਰ ਮੈਂ ਕੱਲੀ ਝੱਲੀ ਹੋ ਹੋ ਨੀਂਦ ਉਡੀਕਾਂ, ਨੀਂਦ ਨਾ ਆਵੇ, ਵੇ ਮੇਰੇ ਸੁਪਨਿਆਂ ! ਤੈਨੂੰ ਕਿਉਂ ਹੈ ਰਾਹ ਵਿੱਸਰਿਆ ਆਪਣੇ ਘਰਾਂ ਦਾ !?

ਇਕ ਪਲਟਨੀਏਂ ਗੱਭਰੂ ਦੇ ਖ਼ਿਆਲ

ਭੋਏਂ—ਭਾਂਡਾ, ਭੈਣ-ਭਨੂਜੇ, ਭਰਾ ਭਰਜਾਈਆਂ ਸਭ ਕੁਝ ਹੈ ਵੇ : ਦਿਲ ਉਹਨਾਂ ਵਿਚ ਰਹਿਣਾ ਲੋਚੇ । ਪਰ ਮੈਂ ਨਾਵਾਂ ਨਹੀਂ ਕਟਵਾ ਸਕਦਾ । ਦਿਲ ਕਰਦੈ ਭਗੌੜਾ ਹੋ ਜਾਂ। ਪਰ ਸਾਰੇ ਜ਼ਿਲੇ ਦੀ ਪੁਲਿਸ ਦਾ, ਪੁਲਸੀ ਟਾਊਟਾਂ, ਨੰਬਰਦਾਰਾਂ, ਜ਼ੈਲਦਾਰ ਦਾ ਮੈਂ ਜੱਟਾਂ ਦਾ ਪੁੱਤਰ, ਕੀ ਮੁਕਾਬਲਾ ਕਰਾਂਗਾ ? ਜੇ ਲੁਕ ਛਿਪ ਕੇ ਕੁਝ ਦਿਨ ਨਿਕਲੇ ਵੀ; ਉਹ ਬਾਪੂ ਨੂੰ ਫੜਕੇ ਥਾਣੇ ਬਠਾਣਗੇ ਹੋ ਸਕਦਾ ਏ ਬੇਬੇ ਦੀ ਬੇਇਜ਼ਤੀ ਹੋਵੇ। ਉਹ ਮੈਨੂੰ ਜ਼ਰੂਰ ਫੜ ਲੈਣਗੇ । ਕੁਆਟਰ ਗਾਰਦ ! ਫਿਰ ਕੈਦ ਜਾਂ ਗੋਲੀ ! ਕਿਉਂ ਨਾ ਰਾਈਫ਼ਲ ਨਾਲੇ ਲੈ ਜਾਂ । ਪੰਜ ਸੌ ਲੈ ਜਾਂ ਰੌਂਦ। ਰਲ ਜਾਂ ਕਿਸੇ ਵੀ ਟੋਲੀ ਦੇ ਵਿਚ ਡਾਕੇ ਮਾਰਦਾ, ਤਰਥੱਲੀ ਮਚਾ ਦਿਆਂ... ਇਕ ਵਾਰੀ ਤਾਂ ਜੱਗਾ ਬਣ ਕੇ ਵੇਖ ਲਾਂ। ਪੰਜ ਸਤ ਤਾਂ ਲਾਹਵਾਂ ਅਫ਼ਸਰ, ਤੇ ਨੌਂ ਦਸ ਲਾਹਵਾਂ ਦੁਸ਼ਮਨ : ਨਾਲੇ ਉਧਾਲ ਲਿਆਵਾਂ ‘ਜੇਰੋ’ ਨੂੰ ਜਿਦ੍ਹੇ ਮਾਪਿਆਂ ਚੋਰੀਂ ਵਿਆਹ 'ਤੀ ਉਏ, ਉਹ ਕਾਲੇ ਚੁੱਟ ਦੀਪੇ ਨੂੰ । ਪਰ, ਦੀਪੇ ਨੂੰ ਨਹੀਂ ਮਾਰਨਾ ਖਬਰੇ ਜੇਰੋ ਉਹਦੇ ਨਾਲ ਰਚ ਮਿਚ ਗਈ ਹੋਵੇ ਕਿਤੇ ਨਰਾਜ਼ ਨਾ ਨਾ ਹੋ ਜੇ ਮੇਰੀ ਡੱਡੂ ਨੱਕੀ ! ਨਾਲੇ ਸਾਲਾ ਦੇਖੂ ਤਾਂ ਸਹੀ ਆਲਾ ਦਾਲਾ ਫਿਰ ਜੇ ਜੋਰੋ ਮੁੜਨਾ ਮੰਨ ਲੈ, ਮੋੜ ਦਿਆਂਗੇ । ਦੁਸ਼ਮਨ ਵੀ ਕਿਉਂ ਮਾਰਾਂਗਾ ਮੈਂ ? ਜੀਂਦੇ ਜੀਅ ਹੋਰ ਦੁਸ਼ਮਨ ਨਾ ਬਣਨਗੇ। ਉਏ ਮੈਂ ਮਰ ਥੋੜਾ ਜਾਣੈ ਕਿ ਕੋਈ ਮੇਰਾ ਦੁਸ਼ਮਨ ਵੀ ਨਾ ਹੋਵੇ । ਜਿਹਦਾ ਕੋਈ ਦੁਸ਼ਮਨ ਨਹੀਂ ਉਹ ਵੀ ਕੋਈ ਬੰਦਾ ਏ ! ਜੀਂਦੇ ਰਹਿਣ ਉਏ, ਮੇਰੇ ਦੁਸ਼ਮਨ ਵੀ ਇਹਨਾਂ ਨਾਲ ਤਾਂ ਆਪਣੀ ਏ ਜ਼ਿੰਦਗੀ ਇਹਨਾਂ ਬਿਨ ਵੀ ਆਪਣਾ ਦਿਲ ਨਹੀਂ ਲਗਣਾ । ਤੇ ਅਫਸਰ ਮਾਰਨ ਵਾਲੀ ਮੇਰੀ ਗੱਲ ਵੀ ਮੂਰਖ ਮੱਤ ਹੈ ਨਿਰੀ ਪੁਰੀ ! ਭਲਾ ਸਰਕਾਰ ਨੂੰ ਏਦਾਂ ਦੇ ਹੋਰ ਹਰਾਮ ਖੋਰ, ਚੋਰ ਨਾ ਮਿਲਣਗੇ ? ਕਿਹੜੀ ਘਾਟ ਹੈ ਅੱਜ ਦੀ ਹਿੰਦ ਵਿਚ ਟੁੱਕਰ-ਬੋਚ, ਬੇਜ਼ਮੀਰੇ ਕਾਰਿੰਦਿਆਂ ਦੀ ਇਕ ਉਡਾਉ ਤਾਂ ਵੀਹ ਆਉਂਦੇ ਨੇ ਗਿਰਜਾਂ ਵਾਂਗਰਾਂ : ਮਾਰਿਆਂ ਕਿਹੜੇ ਮੁੱਕ ਜਾਣੇ ਨੇ ਇਹ ਚਿੱਟ-ਕਪੜੀਏ ਨੌਕਰੀ ਹੀ ਹੈ ਇਹਨਾਂ ਪੜ੍ਹੇ ਲਿਖੇ ਵਿਹਲੜਾਂ ਦਾ ਇਕੋ ਇਕ ਮਨਚਿੰਦਿਆ ਧੰਦਾ! ਫੇਰ ਮੈਂ ਰਾਈਫ਼ਲ ਲੈ ਕੇ ਨੱਸਾਂ ਵੀ ਕਿਉਂ? ਬਸ ਇਕ ਜੇਰੋ ਨੂੰ ਉਧਾਲਣ ਲਈ ? ਉਧਲੀ ਅਤੇ ਚੁਰਾਈ ਜੇਰੋ ਮੇਰੇ ਘਰ ਵੱਸੇਗੀ ? ਉਂਜ ਮੇਰੇ ਲਈ ਤਾਂ ਉਸ ਕਦੇ ਪੁਰਾਣੀ ਨਹੀਂ ਹੋਣਾ ! ਪਰ ਨਹੀਂ ! ਲੋਕ ਮਿਹਣੇ ਮਾਰਨਗੇ ਉਹਨੂੰ ! ਉਹ ਕਿਵੇਂ ਤੁਰੇਗੀ ਧੌਣ ਕਢ ਕੇ ਮੋਰਨੀਆਂ ਸਮ ਮੇਲੇ ਦੇ ਵਿਚ ਇਹ ਵੀ ਕੋਈ ਵਸੇਬਾ ਹੈ ? ਏਦਾਂ ਤਾ ਉਹਦੀ ਆਬ ਉਤਰ ਜਾਏਗੀ। ਉਹਦੀ ਬਾਕੀ ਟੌਰ ਵਿਚ ਨਿਝੱਕਤਾ ਕਿਥੇ ਰਹੇਗੀ ? ਨਹੀਂ, ਨਹੀਂ ! ਇੰਜ ਕਰਨਾ ਪਾਪ ਹੈ ਮੇਰੇ ਲਈ ! .... .. .... ..... .... .... ਜੇ ਜੇਰੋ ਨੂੰ ਕਢਣਾ ਵੀ ਨਹੀਂ ! ਅਫ਼ਸਰ ਲਾਹਣੇ ਮੂਰਖਤਾ ਹੈ ਦੁਸ਼ਮਨਾਂ ਬਿਨ ਮੇਰਾ ਜੀ ਨਹੀਂ ਲਗਣਾ ਤਾਂ ਫਿਰ ਰਫ਼ਲ ਚੁਰਾਵਾਂ ਕਿਉਂ ਮੈਂ ? ਪਲਟਨ ਛਡ ਕੇ ਜਾਵਾਂ ਕਿਉਂ ਮੈਂ ? ਮਰਨਾਂ ਤਾਂ ਇਕ ਦਿਨ ਹੈ ਈ ਏ । ਕੌਮ ਤੋਂ ਨਾ ਮਰ ਜਾਵਾਂ ਕਿਉਂ ਮੈਂ ? ਖ਼ਬਰੇ ਪਿੰਡ ਪੰਚਾਇਤ ਵਾਲੇ ਮੇਰੇ ਨਾਂ ਦਾ ਥੜ੍ਹਾ ਬਣਾ ਕੇ ਉੱਤੇ ਕੁਝ ਲਿਖਵਾ ਹੀ ਦੇਵਣ! ਖ਼ਬਰੇ ਮੇਰੀ ‘ਯਾਦਗਾਰ' ਤੇ ਕੋਈ 'ਸ਼ਹੀਦੀ' ਮੇਲਾ ਲੱਗੇ : ਮੇਲੇ ਦੇ ਵਿਚ ਹੱਟਾਂ ਸਜਣ, ਰੌਣਕ ਠੌਣਕ, ਖਾਣ ਪੀਣ ਤੇ ਭੀੜ ਭੜੱਕਾ । ਉਂਗਲੀ ਲਾਈ ਆਪਣੀ ‘ਭੋਲੂ’ ਤੇ ‘ਕੰਤੀ' ਨੂੰ ਕੁੱਛੜ ਚਾਈ, ਜੇਰੋ ਆਵੇ ਮੇਲਾ ਵੇਖਣ : ਤੇ ਲੱਧੇ ਗੋਖੇ ਦੀ ਹੱਟ 'ਤੇ ਪਈ ਉਡੀਕਣ ਲੱਗੇ ਮੈਨੂੰ, ਵੇਖੇ ਮੇਰਾ ਰਾਹ ਪਈ ਚੁੱਕ ਚੁੱਕ ਕੇ ਅੱਡੀਆਂ ! ਮੇਰੀ ਮੌਤ ! ਮੇਰੀ ਯਾਦ ! ਮੇਰਾ ਮੇਲਾ ! ਭੁੱਲੇ ਸੱਭੋ ਕੁਝ ਹੀ ਹੋਇਆ ਬੀਤਿਆ ! ਫਿਰ ਮੇਰੇ ਮਿੱਤਰਾਂ ਦੀ ਢਾਣੀ ਲੱਧੇ ਦੀ ਹੱਟ ਲਾਗੋਂ ਲੰਘੇ। ‘ਸਰਨੀ' ਸਾਲੇ ਤੋਂ ਰਹਿ ਨਹੀਂ ਹੋਣਾ ਉਹ ਤੋਂ ਤਾਂ ਕਹਿ ਹੀ ਹੋ ਜਾਣੈ : “ਭਰਨ ਯਾਰ ਦੇ ਮੇਲੇ ਈਦਾਂ ਵਿਸ ਭਰੀਆਂ !!

ਬੁਜ਼ਦਿਲ ਬੁੱਢਾ

ਹਾਜੀਪੁਰ ਮਕੇਰੀਆਂ ਵਿਚ ਇਕ ਅਠਾਸੀ ਵਰ੍ਹਿਆਂ ਦਾ ਬੁੱਢਾ ਰਹਿੰਦਾ ਹੈ। ਸਿਰ ਦੇ ਭਰਵੱਟਿਆਂ ਦੇ ਵਾਲ ਝੜ ਰਹੇ ਹਨ ਚਿੱਟਾ ਕੱਕਰ ਵਰਗਾ ਹੋਇਆ ਪਿਆ । ਖੱਬੀ ਬਾਂਹ ਆਪਣੇ ਪੜਪੋਤੇ ਦੇ ਮੋਢੇ ਰੱਖੀ ਉਹ ਹਲਵਾਈ ਦੀ ਹੱਟ ਅੱਗੋਂ ਲੰਘਦਾ । ਸੱਜੀ ਬਾਂਹ ਵਿਹਲੀ ਲਮਕਦੀ ਜਾਂਦੀ ਲੋਕੀਂ ਪੁੱਛ ਬਹਿੰਦੇ : ਇਹ ਕਿਵੇਂ ? ਕਿੱਥੇ ? ਕਦੋਂ ਹੋਇਆ ? ਤੇ ਉਹ ਆਪਣੀ ਰਾਮ ਕਹਾਣੀ ਛੁਹ ਬਹਿੰਦਾ : ਮੈਂ ਏਥੋਂ ਦਾ ਜਮਪਲ ਹਾਂ ਬਈ। ਇਸ ਮਿੱਟੀ ਦਾ ਬਣਿਆ ਮਿੱਟੀ-ਮਾਂ ਦਾ ਪੁੱਤਰ ! ਪਹਿਲੀਆਂ ਵਿਚ ਰਾਜ ਚੰਗੇ ਸੀ ਘੁਗ ਵਸਦੇ ਸਨ ਸਾਰੇ ਲੋਕੀਂ ਅਸੀਂ ਪਾਸ਼ਾ ਖੇਡਦੇ, ਭੱਟਾਂ ਦੇ ਗੀਤ ਸੁਣਦੇ, ਰਾਸ-ਲੀਲ੍ਹਾ ਵੇਖਦੇ । ਸ਼ਸਤਰਾਂ ਤੇ ਅਸਤਰਾਂ ਦਾ ਕਿਸੇ ਨੂੰ ਨ ਖਿਆਲ ਸੀ । ਫਿਰ ਇਕ ਦਿਨ ਅਚਨਚੇਤ ਹੀ ਸਰਕਾਰੋਂ ਭਰਤੀ ਦਾ ਹੋਕਾ ਮਰ ਮਿਟਣੇ ਬੰਦਿਆਂ ਦੀ ਲੋੜ । ਹਰ ਤਿੰਨਾਂ ਜੀਆਂ ਪਿੱਛੇ ਇਕ ਲੈ ਜਾਵਣ ਦਾ ਹੁਕਮ ਗੂੰਜਿਆ। ‘ਅਸਾਂ ਕਿੱਥੇ ਜਾਣਾ ਹੈ ?’ ਮੈਂ ਪੁੱਛਿਆ ‘ਇਹ ਦੱਸਣ ਦੀ ਲੋੜ ਨਹੀਂ'। ਪਰ ਬਸਰੇ ਦੇ ਲੂਣੇ ਪਾਣੀ ਤੋਂ ਵੀ ਅੱਗੇ ਲੂੰਹਦੇ ਅਰਬੀ ਬਲਾਂ ਵਿਚਾਲੇ ਸਲਤਨਤੇ ਬਰਤਾਨੀਆਂ ਦੀ ਰਾਖੀ ਕਰਨ ਜਾਣਾ ਸੀ । ਜਬਰੀ ਭਰਤੀ ਹੋਏ ਜਵਾਨਾਂ ਪਿੰਡੋਂ ਬਾਹਰ ਪੈਰ ਜੁ ਕਢਿਆ, ਸਾਰਾ ਪਿੰਡ ਸੀ ਚੀਕਾਂ; ਵੈਣ ਤੇ ਸਿਸਕੀਆਂ। ਸਾਰੇ ਪਿੰਡ ਦੀਆਂ ਮਾਵਾਂ, ਭੈਣਾਂ, ਪਤਨੀਆਂ, ਛੋਟੇ ਵੀਰਾਂ, ਦਾਦਿਆਂ ਤੇ ਦਾਦੀਆਂ, ਬੱਚਿਆਂ ਵਾਂਗ ਅਵਾਜਾਂ ਕਢੀਆਂ। ਪਹਿਲਾਂ ਦੇ ਸੂਰਬੀਰਾਂ ਦੀਆਂ ਕੇਵਲ ਯਾਦਾਂ ਹੀ ਨੇ ਬਾਕੀ ਉਹ ਵੀ ਘਰ ਦੇ ਜੀਆਂ ਦਿਆਂ ਦਿਲਾਂ ਵਿਚ। ਹੁਣ ਤਾਂ ਮੈਂ ਬੁੱਢੜਾ ਹਾਂ । ਤਦੋਂ ਉਨੱਤੀ ਵਰ੍ਹਿਆਂ ਦਾ ਸਾਂ। ਮੇਰਾ ਨਾਂ ਵੀ ਜਬਰੀ ਭਰਤੀ ਵਿਚ ਲਿਖ ਲੀਤਾ; ਤੇ ਮੈਂ ਕੀ ਕੀਤਾ। ਰਾਤ ਹਥੌੜਾ ਲੈ ਕੇ ਆਪਣੀ ਵੀਣੀ ਏਨੀ ਚਿੱਥ ਲਈ ਕਿ ਰਫ਼ਲ ਚਲਾਉਣੀ ਤੇ ਇਕ ਪਾਸੇ ਝੰਡਾ ਚੁੱਕਣ ਜੋਗਾ ਵੀ ਮੈਂ ਨਾ ਰਿਹਾ । ਤੇ ਭਰਤੀ ਦੇ ਭੂਤਣੇ ਮੈਨੂੰ ਘਰ ਹੀ ਛੱਡ ਕੇ। ਪੀੜ ਪੀੜ, ਚੀਸਾਂ ਪੈਣ ! ਲਮਕਦਾ ਨਕਾਰਾ ਹਥ ਖਾਣ ਨੂੰ ਆਵੇ ! ਪਰ ਨਾਵਾਂ ਕਟਵਾਉਣ ਦਾ, ਘਰ ਰਹਿਣ ਦਾ, ਇਕੋ ਇਕ ਤਰੀਕਾ ਇਹੋ ਸੁੱਝਿਆ । ਚੰਗਾ ਭਲਾ ਜੀਂਦਾ ਹਾਂ ਹਾਲੀ । ਜ਼ਰਾ ਬਹੁਤੀ ਠੰਡੇ, ਮੀਂਹ ਤੇ ਵਾਅ ਵਿਚ ਮੇਰਾ ਇਹ ਹੱਥ ਸੁੱਜ ਜਾਂਦਾ ਏ ! ਸੌਣ ਨਹੀਂ ਦੇਂਦਾ। ਫਿਰ ਵੀ ਇਹ ਕੁਝ ਮਾਰੂਥਲ ਵਿਚ ਸੜਨ, ਮਰਨ ਤੇ ਲੋਥਾਂ ਵਿਚ ਰੁਲਦੇ ਰਹਿਣੋ ਕਿਤੇ ਚੰਗਾ ਏ । ਇਸ ਬਾਂਹ-ਚਿੱਥੇ ਲੁੰਜੇ ਬੁਜ਼ਦਿਲ ਬੁੱਢੇ ਦੀ ਗਲ ਗਹੁ ਨਾਲ ਸੁਣ ਲਉ। ਇਸ ਦੀ ਗੱਲ ਵਿਚ ਚਾਰ ਜੁਗਾਂ ਦਾ ਦੁੱਖ ਭਰਿਆ ਹੈ।

ਧਰਤੀ ਮਾਂ ਦੀ ਪੁਕਾਰ

ਓ ਲੋਕਤਾ ਦੇ ਮਹਾਨ ਬੱਚਿਉ ! ਉਠੋ ਕਿ ਮੇਰੀ ਪੁਕਾਰ ਸੁਣ ਲੌ ! ਕਦੀ ਦੀ ਪਾਂਦੀ ਏ ਕੀਰਨੇ ਮਾਂ ਉਠੋ ਕਿ ਧਰਤੀ ਦੇ ਵੈਣ ਸੁਣ ਲੌ। ਹੈ ਮਰ ਗਿਆਂ ਦੀ ਆਵਾਜ਼ ਜਾਂਦੀ ਮਰੇ ਨਹੀਂ ਉਹ, ਮਰੇ ਨਹੀਂ ਉਹ ਉਹ ਉੱਠ ਖਲੋਤੇ ਨੇ ਖ਼ਾਕ ਹੇਠੋਂ ਮਰੇ ਨਹੀਂ ਉਹ, ਮਰੇ ਨਹੀਂ ਉਹ । ਉਹ ਨਾਜ਼ੀਆਂ ਦੇ ਨਦਾਰ ਬਰਦੇ, ਜਾਂ ਮਿਰਕਨਾਂ ਦੇ ਸ਼ਿਕਾਰ ਬੰਦੇ- ਕੋਰੀਅਨ ਤੇ ਵੀਅਤਨਾਮੀਂ, ਪਾਕਿਸਤਾਨੀ, ਹਿੰਦੁਸਤਾਨੀ, ਮਿਸਰੀ ਸੀਨਾਈ ਥਲ 'ਚ ਮਰਦੇ। ਘੜੀ ਪਲਾਂ ਵਿਚ ਹਜ਼ਾਰ ਬੰਦੇ । ਹੈ ਮਰ ਗਿਆਂ ਦੀ ਅਵਾਜ਼ ਜੀਂਦੀ : ਮਰੇ ਨਹੀਂ ਉਹ ! ਮਰੇ ਨਹੀਂ ਉਹ ! ਓ ਸਾਰੇ ਦੇਸ਼ਾਂ ਦੇ ਨੌਜਵਾਨੋ ! ਓ ਧਰਤੀ ਮਾਂ ਦੇ ਸ਼ਹੀਦ ਭਗਤੋ ! ਉਠੋ ਤੇ ਬੋਲੋ ! ਉਠੋ ਤੇ ਬੋਲੋ !! ਓ ਜੀਣ ਜੋਗੇ ਮਹਾਨ ਦੇਸ਼ਾਂ ਦੇ ਨੌਜਵਾਨੋ ! ਮਰੇ ਹੋਇਆਂ ਦੀ ਅਵਾਜ਼ ਸੁਣ ਲੌ : ਤੇ ਮਰ ਰਿਹਾਂ ਦੀ ਪੁਕਾਰ ਸੁਣ ਲੌ ੀ ਸ਼ਾਂਤ ਸਾਗਰ ਦੀ ਹੂੰਗਰਾਂ ਨੂੰ ਤਾਂ ਸੁਣ ਚੁਕੇ ਹੋ ਵੀਅਤਨਾਮੀ ਗਰਜ ਵੀ ਸੁਣਦੇ ਰਹੇ ਹੋ ਯਾਰੋ । ਉਹ ਖਚਰਾ ਖੋਟਾ ਮੱਕਾਰ ਮਿਰਕਨ ਹੁਣ ਅਰਬੀਆਂ ਦਾ ਸ਼ਿਕਾਰ ਕਰਦਾ । ਉੱਠੋ ਤੇ ਉੱਠ ਕੇ ਜ਼ੁਲਮ ਦੇ ਹੱਥੋਂ ਇਹ ਐਟਮਾਂ ਦੇ ਅੰਗਾਰ ਖੋਹ ਲਓ ਇਹ ਖੋਪਰਾਂ ਦੇ ਵਿਹਾਰ ਖੋਹ ਲਓ ਸਾਰੇ ਦੇਸਾਂ ਦੇ ਨੌਜਵਾਨੋ ! ਓ ਮੇਰੇ ਲੋਕਾਂ ਦੇ ਰਾਹਨੁਮਾਉ ਓ ਮੇਰੇ ਆਪਣੇ ਮਹਾਨ ਲੋਕੋ ! ਰਤਾ ਤਾਂ ਹਿੱਲੋ, ਜ਼ਰਾ ਤਾਂ ਬੇਲੋ ! ਓਏ ਧੁਖ਼ ਰਿਹਾ ਜੋ ਸੁਏਜ਼ ਖੇਤਰ ਸੁਏਜ਼ ਧਰਤੀ, ਕੁਰਾਨ ਧਰਤੀ ਅੰਜੀਲ ਧਰਤੀ ਪੁਕਾਰਦੀ ਜੇ : ਓਏ ਲੋਕਤਾ ਦੇ ਮਹਾਨ ਬੱਚਿਉ ! ਉਠੋ ਕਿ ਮੇਰੀ ਪੁਕਾਰ ਸੁਣ ਲੌ । ਕਦੇ ਦੀ ਪਾਂਦੀ ਏ ਕੀਰਨੇ ਮਾਂ । ਉਠੋ ਕਿ ਧਰਤੀ ਦੇ ਵੈਣ ਸੁਣ ਲੌ । ਉਠੋ ਤੁਹਾਨੂੰ ਹੈ ਮਾਂ ਉਠਾਂਦੀ । ਉਠੋ ਕਿ ਪ੍ਰਿਥਵੀ ਪੁਕਾਰਦੀ ਜੇ । ਉਠੋ ਉਏ ਮੇਰੇ ਮਹਾਨ ਵੀਰੋ ! ਉਠੋ ਉਏ ਮੇਰਾ ਜਹਾਨ ਲੋਕੋ ! ਉਏ ਲੋਕਤਾ ਦੇ ਮਹਾਨ ਪੁੱਤਰੋ ! ਉਠੋ ਕਿ ਮੇਰੀ ਪੁਕਾਰ ਸੁਣ ਲੌ !

ਰਾਮ ਲੀਲ੍ਹਾ

ਰਾਮ ਰਾਜੇ ਨੇ ਚੰਡਾਲ ਭੀਲਨੀ ਦੇ ਜੂਠੇ ਬੇਰ ਖਾ ਲਏ । ਭੋਲੀ ਮਾਨਵਤਾ ਫੁੱਲੀ ਨਾ ਸਮਾਈ । ਇਨਸਾਨ ਦੀ ‘ਬਰਾਬਰੀ' ਵਰਗਲਾਈ ਗਈ । ਇਹਦੇ ਪਿਛੋਂ ਕਈ ਸੈ ਸਾਲ, ਚਤਰ ਧਰਮ ਦੇ ਭਾਈਵਾਲ, ‘ਰਾਮ ਰਾਜ’ ਦਾ ਨਾਂ ਲੈ ਲੈ ਕੇ ਲੁੱਟਦੇ ਰਹੇ ਚੰਡਾਲ ! ‘ਰਾਮ-ਲੀਲ੍ਹਾ’ ਖੇਡਦਾ ਗੁਪਤਿਆਂ ਦਾ ਪੁੱਤ ‘ਰਾਮ’ 'ਰਾਮ' ਬਣਿਆ ਹੋਇਆ, ਪਰ ਚੰਡਾਲ ਭੀਲਨੀ ਵੀ ਉਹਨਾਂ ਦੀ ਹੀ ਕੁੜੀ ਸੀ । ਮੂੰਹ 'ਤੇ ਮਲ ਕੇ ਸਵਾਹ ਜਹੀ ‘ਭੀਲਨੀ’ ਫੱਬੀ ਰਹੀ । ਜੂਠ ਖਾ ਖੂ ਕੇ ਵੀ ਰਾਮ ਭਿਟਿਆ ਨਾ ਗਿਆ ਨਾ ਕਿਸੇ ਉਹਨੂੰ ਸਵਰਨ ਹਿੰਦੂਆਂ 'ਚੋਂ ਛੇਕਿਆ ਰਾਮ ਰਾਜਾ ਹੀ ਰਿਹਾ ਰਾਜਿਆਂ ਦੇ ਪੁੱਤ ਵੀ, ਰਾਜੇ ਤੇ ਕੁਮਾਰ ਹੀ। ਭੀਲਨੀ ਚੰਡਾਲ ਸੀ ਭੀਲਨੀ ਦੇ ਪੁੱਤ ਵੀ ਰਹਿ ਗਏ ਚੰਡਾਲ ਹੀ ਰਾਜੇ ਰਾਜ ਕਰਦੇ ਰਹੇ ਭੀਲ ਭੁੱਖੇ ਮਰਦੇ ਰਹੇ ਪੀੜ੍ਹੀਆਂ ਗੁਜ਼ਰ ਗਈਆਂ ਰਾਮ ਲੀਲ੍ਹਾ ਚਲ ਰਹੀਆਂ । ਰਾਜੇ ਭੀਲ ਨਾ ਬਣੇ ਭੀਲ ਰਾਜੇ ਨਾ ਬਣੇ ਇਨਸਾਨ ਦੀ ਬਰਾਬਰੀ ਮਨੁਖ ਦੀ ਸਵੈ-ਧੀਨਤਾ ਬੰਦੇ ਦੀ ਬਰਾਬਰੀ ਦਾ ਅੱਗਾ ਮਾਰਿਆ ਗਿਆ... ਲੀਲ੍ਹਾ ਚਲਦੀਆਂ ਰਹੀਆਂ । ਸਦੀਆਂ ਲੰਮੀ ਧਰਮ ਦੀ ਰਾਮ ਲੀਲ੍ਹਾ ਪਿਛੋਂ ਵੀ ਮਨੁਖ ਦੀ ਬਰਾਬਰੀ ਉਹਦੇ ਆਪਣੇ ਨਾਲ ਵੀ ਨਿਕਲੀ ਇਕ ਮਖੌਲ ਹੀ - ਪੁੱਤਰ ਸਭਿਅਤਾ ਦੇ ਰਾਮ ਲੀਲ੍ਹਾ ਖੇਡਦੇ । ਭੀਲ ਅਜੇ ਬੇਰ ਹੀ ਖਾਣ ਰਾਜੇ ਅਜੇ ਵੀ ਐਸ਼ ਉਡਾਣ ਜੁਗਾਂ ਤੋਂ ਰੀਤ ਇਹੀ ਚਲੀ ਆਏ ਧਰਮ ਜਾਏ ਪਰ ਰਾਜ ਨਾ ਜਾਏ । ਕਦੋਂ ? ਹਾਏ ! ਕਦੋਂ ਇਹ ਬਦਲੇਗੀ । ਬੰਦੇ-ਪਨ ਵਿਚ ਤੇਰੀ ਬੰਦਾ-ਪਰਵਰੀ ? ਉਹ ਇਨਸਾਨ ! ਉਏ ਇਨਸਾਨ !!

ਹਾਏ ਵੇ ਮੇਰੇ, ਸੱਜਰੇ ਸੱਜਰੇ ਚਾਅ...-ਗੀਤ

ਹਾਏ ਵੇ ਮੇਰੇ, ਸੱਜਰੇ ਸੱਜਰੇ ਚਾਅ......। ਵੇ ਮਾਹੀਆ ਆ ਜਾ ਵੇ ! ਸਿਪਾਹੀਆ ਆ ਜਾ ਵੇ ! ਵੇ ਚੰਨਾ ਆ ਜਾ ਵੇ ! ਵੇ ਅੜਿਆ ਆ ਜਾ ਵੇ ! ਆ ਜਾ ਕਿਤੋਂ ਮਾਹੀਆ......! ਮਲ੍ਹਿਆਂ ਦੇ ਨਾਲ ਮੱਲਾ, ਵੇਲਾਂ ਵਲ ਪਾਂਦੀਆਂ ਨਾ । ਟੁੱਟ ਟੁੱਟ ਪੈਂਦੀਆਂ ਤੇ, ਰੁੱਸ ਰੁੱਸ ਬਹਿੰਦੀਆਂ ਵੇ ਖੁੱਸ ਖੁੱਸ ਪੈਂਦੀਆਂ। ਕੰਢਿਆਂ ਦੇ ਨਾਲ ਸਾਡਾ ਗੰਢ ਚਤਰਾਵਾ ਹੋਇਆ ਨੌਕਰ ਦੇ ਨਾਲ ਵੇ, ਵਿਆਹ ਹਾਏ ਵੇ ਮੇਰੇ, ਸੱਜਰੇ ਸੱਜਰੇ ਚਾਅ ... ! ਬੰਬਰਾਂ ਦੀ ਛਾਵੇਂ, ਬੀਬਾ, ਮੰਗੀ ਤੇ ਵਿਆਹੀ ਮੈਂ ਫੇਰ ਮੁਕਲਾਈ ਗਈ ਵੇ, ਹੋਈ ਮੈਂ ਪੁਰਾਣੀ ਵੀ ਵੇ ਪਹਿਲੀਓ ਈ ਰਾਤ ਹੀ ! ਹਾਕਮ ਨੇ ਹੋਤ ਸਾਡੇ, ਬਲਖ਼-ਬੁਖ਼ਾਰੇ ਲਾਮਾਂ - ਪੁਨੂਏਂ ਦੇ ਨਾਲ ਵੇ ਵਿਆਹ ! ਹਾਏ ਵੇ ਮੇਰੇ, ਸੱਜਰੇ ਸੱਜਰੇ ਚਾਅ ..... ! ਰਾਵੀ ਕੰਢੇ ਤੇਰਾ ਡੇਰਾ, ਜੰਗ ਦਿਆ ਜੋਗੀਆ ਵੇ, ਮੱਝੀਆਂ ਦੇ ਥਾਵੇਂ ਤੋਪਾਂ, ਵੰਝਲੀ ਦੀ ਥਾਵੇਂ ਗੋਲੇ, ਚੂਰੀਆਂ ਦੀ ਥਾਵੇਂ ਬੋਟੀਆਂ ! ਬਾਬਲੇ ਦਾ ਵਿਹੜਾ ਅੱਜ ਕੈਦੋਆਂ ਨੇ ਮੱਲਿਆ ਖੇੜਿਆਂ ਦੇ ਨਾਲ ਵੇ ਵਿਆਹ ! ਹਾਏ ਮੇਰੇ ਸੱਜਰੇ ਸੱਜਰੇ ਚਾਅ.....! ਅੱਲੜ੍ਹ ਜਵਾਨੀ ਵੇ, ਮੈਂ ਸਾਂਭ ਸਾਂਭ ਰੱਖੀ ਸੀ। ਕੈਸੀ ਏ ਲਾਚਾਰੀ ਤੇਰੀ, ਸੱਸੜੀ ਵਿਚਾਰੀ ਮੇਰੀ ਝੁਕਦੀ ਨਾ ਦੇਵੇ ਵੇ ਅਸੀਸ। ਮੌਤ ਵਾਲੇ ਪਾਹੇ ਮੁੜਿਆ ਪੂਰਨ ਸਿਪਾਹੀ ਮੇਰਾ ਸੁੰਦਰਾਂ ਦਾ ਕਾਹਦਾ ਵੇ ਵਿਆਹ ! ਹਾਏ ਵੇ ਮੇਰੇ, ਸੱਜਰੇ ਸੱਜਰੇ ਚਾਅ .......! ਸੁੱਖਾਂ ਨੀ ਸੁਖੇਂਦੀ ਮੈਨੂੰ ਮਿਲਿਆ ਰਸਾਲੂ ਲਾੜਾ। ਪੇਕਿਆਂ ਦਾ ਸੂਟ ਮੇਰਾ, ਰੇਸ਼ਮ ਲਪੇਟੜੀ ਮੈਂ, ਸ਼ਗਨਾਂ 'ਚ ਹੋਈ ਮੈਂ ਡੁਹਾਗਣੀ । ਪਾਇਆ ਨਾ ਹੰਢਾਇਆ ਕੁਝ, ਸਹੁਰਿਆਂ ਦੇ ਘਰ ਵੀ ਮੈਂ ਮੌਤ ਨਾਲ ਰਚਿਆ ਵਿਆਹ ! ਹਾਏ ਵੇ ਮੇਰੇ, ਸੱਜਰੇ ਸੱਜਰੇ ਚਾਅ.....!

ਪਾਕਿਸਤਾਨੀ ਪੰਜਾਬੀ ਵੀਰ ਨੂੰ

ਸੈਆਂ ਸਾਲਾਂ ਤੋਂ ਵਧਦੇ ਰਹੇ ਕੱਠੇ, ਮੁਹਰ ਲੱਗੀ ਸੀ ਜੱਦੀ ਪ੍ਰੀਤ ਵਾਲੀ। ਸਦੀਆਂ ਲੰਘੀਆਂ ਘੁਗ ਵਸੇਂਦਿਆਂ ਨੂੰ, ਰਹਿਣੀ ਬਹਿਣੀ ਸੀ ਖ਼ੈਰ ਖ਼ਰੀਤ ਵਾਲੀ। ਰਾਂਝੇ ਜੋਗ ਰਿਹੇ ਵਰਤਦੇ ਇਸ਼ਕ ਖ਼ਾਤਰ, ਹੀਰ ਲੁੰਘਣੀ ਕੀਤੀ ਸ਼ਰੀਤ ਵਾਲੀ। ਸੁਖੀਂ ਸਾਰੇ ਪੰਜਾਬੀਏ ਵੱਸਦੇ ਸਾਂ, ਨਹੀਂ ਸੀ ਪਰ੍ਹਿਆਂ 'ਚ ਗੱਲ ਅਨੀਤ ਵਾਲੀ। ਖ਼ਬਰੇ ਕਿੱਥੋਂ ਦੁਫ਼ੇੜੀਏ ਵੇਖਦੇ ਸਨ, ਚੁੜੇਲ ਚੰਬੜੀ ਚਿੱਟੀ ਚਮਰੀਟ ਵਾਲੀ। ਸ਼ਾਮ ਸਿੰਘ ਅਟਾਰੀਆ ਜੂਝ ਮੋਇਆ, ਮੁੜੀ ਸ਼ਾਨ ਨ ਕੌਮੀ ਸਰੀਤ ਵਾਲੀ । 'ਕੁਰਸੀ ਚਾਲੀ ਹਜ਼ਾਰ ਪਰ ਹੋਈ ਖ਼ਾਲੀ', ਚਾਲ ਖਿਸਕ ਗਈ ਗੋਰੇ ਕੁਰੀਤ ਵਾਲੀ। ਹੋਰ ਸਾਰੀਆਂ ਨੀਤੀਆਂ ਫੇਲ੍ਹ ਹੋਈਆਂ, ਦਾਲ ਗ਼ਲ ਗਈ ਫੁੱਟ ਫੁਟੀਤ ਵਾਲੀ । ਪੈਰ ਜੰਮ ਗਏ ਏਥ ਫਰੰਗੀਆਂ ਦੇ, ਚੱਕੀ ਚੱਲ ਪਈ ਬਰਬਰੀਤ ਵਾਲੀ । ਕਿਰਤੀ ਗਦਰੀਆਂ ਨੇ ਫੇਰ ਚੁੱਕ ਦਿਤੀ, ਚਾਦਰ, ਗੋਰਿਆਂ ਦੀ ਭੈ-ਭੀਤ ਵਾਲੀ। ਭਗਤ ਸਿੰਘ ਨੇ ਡੋਲ੍ਹ ਕੇ ਰੱਤ ਗਾਹੜੀ, ਭਰੀ ਤਰੇੜ ਸੀ ਫੁਟ ਦੀ ਝੀਤ ਵਾਲੀ । ਜਲ੍ਹਿਆਂ ਵਾਲੜੇ ਡੁਲ੍ਹਿਆ ਖੂਨ ਸਾਂਝਾ, ਰਲ ਕੇ ਸਾਜੀ ਸੀ ਲੜੀ ਪ੍ਰੀਤ ਵਾਲੀ । ਕਿਵੇਂ ਭੁੱਲੀਏ ਲਹਿਰ ਮੁਜ਼ਾਰਿਆਂ ਦੀ, ਗੰਜੀਬਾਰ, ਮਮਦੋਟ, ਤੇ ਬੀਤ ਵਾਲੀ । ਇਬਰਾਹੀਮ ਮਿਰਜ਼ਾ ਸਭਨਾਂ ਪਿਆਰਿਆ ਸੀ, ਲਹਿਰ ਚੱਲੀ ਸੀ ਸਾਂਝੀ ਪ੍ਰੀਤ ਵਾਲੀ । ਫ਼ੌਜਾਂ ਸਾਰੀਆਂ ਦੇ ਵਿਚ ਗ਼ਦਰ ਫੈਲੇ, ਰੁੱਤੇ ਰੱਤੜੀ ਕੌਮੀ ਪ੍ਰੀਤ ਵਾਲੀ । ਡਰ ਕੇ ਜਾਗਦੇ ਲੋਕਾਂ ਤੋਂ ਗੋਰਿਆਂ ਨੇ, ਹੱਡੀ ਸੁੱਟੀ ਸੀ 'ਫਿਰਕੂ ਕੌਮੀਤ' ਵਾਲੀ। ਮੁਸਲਮਾਨ ਤੇ ਸਿੱਖ ਵਿਚ ਫ਼ਰਕ ਕੀ ਸੀ, ਇਹ ਤਾਂ ਚਾਲ ਸੀ ਰਾਜ ਬਦਨੀਤ ਵਾਲੀ । ਸੱਜਣ ਬਣਕੇ ਵੈਰ ਕਮਾਇਉ ਨੇ, ਲੀਡਰ ਜੁੰਡਲੀ ਸੀ ਕਾਲੀ ਨੀਤ ਵਾਲੀ। ਨਾਨਕ, ਬੁੱਲ੍ਹੇ, ਫਰੀਦ ਦੀ ਧਰਤ ਉਤੇ, ਕੁੱਕੜ-ਖੇਹ ਉੱਡੀ ਰੱਬੀ ਪ੍ਰੀਤ ਵਾਲੀ । ਟੁੱਟਿਆ ਮਾਣ ਮਿੱਠ-ਬੋਲੜੇ ਸੂਫ਼ੀਆਂ ਦਾ, ਸਾਂਝ ਟੁੱਟ ਗਈ ਪੁੰਨ ਪੁਨੀਤ ਵਾਲੀ । 'ਮੇਰੇ ਫੁੱਲ ਝਨਾਂ ਵਿਚ ਤਾਰਿਓ ਜੇ, ਕਾਵਿ ਮੋਹਨ ਦੀ ਪ੍ਰੀਤ ਦੀ ਰੀਤ ਵਾਲੀ, ਵਾਰਸ, ਮੋਹਨ ਦੇ ਡੱਕਰੇ ਕਰੇ ਕਿਹੜਾ, ਗੀਤਾਂ ਵਿਚ ਕੀ ਗੱਲ ਸ਼ਰੀਤ ਵਾਲੀ। ਸਾਨੂੰ ਲੀਗਾਂ ਤੇ ਸੰਗਾਂ ਤੇ ਦਲਾਂ ਦਲਿਆ, ਕੋਹਿਆ ਕਾਂਗਰਸ ਕੌਮੀ ਪ੍ਰੀਤ ਵਾਲੀ। ਦੋਵੇਂ ਰਾਜ ਅਜੰਟ ਦੁਫੇੜੀਆਂ ਦੇ, ਸੰਘੀ ਘੁੱਟਕੇ ਏਕੇ ਦੇ ਗੀਤ ਵਾਲੀ। ਜੀਂਦੇ ਰਹੇ ਤਾਂ ਮਿਲਾਂਗੇ ਫੇਰ ਸਾਥੀ, ਸਾਡੀ ਸਮਝ ਲੈ ਰਮਜ਼ ਪ੍ਰਤੀਤ ਵਾਲੀ । ਬਾਹਵਾਂ ਟੁੱਟੀਆਂ ਗਲਾਂ ਨੂੰ ਆਉਣਗੀਆਂ, ਗੁੱਝੀ ਰਹਿਣੀ ਨਾ ਪੀੜ ਪ੍ਰੀਤ ਵਾਲੀ । ਵਿਛੜੇ ਮਿਲਣਗੇ ਵੀਰ ਵੀਰਾਨਿਆਂ 'ਤੇ, ਜੱਫੀ ਪਵੇਗੀ ਧਰਮ ਸ਼ਰੀਤ ਵਾਲੀ । ਆਖ਼ਰਕਾਰ ਮਨੁੱਖ ਨੇ ਮੇਲ ਦੇਣੀ । ਧਰਮਸਾਲੇ ਨੂੰ ਗਲੀ ਮਸੀਤ ਵਾਲੀ । ਉੱਘੜ ਆਵਣੀ ਚਾਲ ਵਲੈਤੀਆਂ ਦੀ, ਭੰਡੀ ਹੋਵੇਗੀ ਗੋਰੇ ਪਲੀਤ ਵਾਲੀ । ਜਾਗ ਪਵੇਗਾ ਫੇਰ ਪੰਜਾਬ ਇਕ ਦਿਨ, ਜਿੱਤ ਹੋਵਣੀ ਅਮਨ ਦੀ ਰੀਤ ਵਾਲੀ।

ਖੇਡ

ਬਚਪਨ ਦੇ ਦਿਨ ਯਾਦ ਕਰਾਂ ਮੈਂ ਆਪਣੇ ਤੋਂ ਕੁਝ ਵੱਡੇ ਬੱਚਿਆਂ ਨਾਲ ਕਿਸੇ ਦਰਿਆ ਦੇ ਕੰਢੇ, ਪਾਣੀ ਦੀ ਸ਼ਾਂਸ਼ਾਂ ਨੂੰ ਸੁਣਦਾ, ਰੇਤ ਦੇ ਕੋਠੇ ਥੱਪ ਰਿਹਾ ਹਾਂ । ਆਪਣੀ ਇਕ ਨਿੱਕੋ ਜਹੀ ਸਾਥਨ ਨਾਲ ਹਾਂ ਘਰ ਘਰ ਖੇਡ ਰਿਹਾ ਮੈਂ । ਘਰ ਵਾਲੇ ਤੇ ਘਰ ਵਾਲੀ ਦੇ ਸਾਂਗ ਜਿਹੇ ਹਾਂ ਦੋਵੇਂ ਲਾਂਦੇ । ਦੋ ਵੱਡੇ ਸਾਡੇ ਹੀ ਸਾਥੀ ਬਨ ਕੇ ਦੋ ਜਮਦੂਤ ਨੇ ਆਂਦੇ ਨਕਲੀ ਮੁੱਛਾਂ ਨੂੰ ਭੁੜਕਾਂਦੇ, ਸਾਡੇ ਉਤੇ ਰੋਹਬ ਜਮਾਂਦੇ । “ਸਾਨੂੰ ਧਰਮ ਰਾਜ ਨੇ ਘੱਲਿਐ। ਚਲੋ ਤੁਰੋ ਕਿਸ ਪਹਿਲਾਂ ਚਲਣੈਂ ?'' ਮੈਂ ਡਰ ਜਾਨਾਂ, ਤੇ ਕਹਿੰਦਾ ਹਾਂ : “ਪਹਿਲਾਂ ਮੈਨੂੰ ਹੀ ਲੈ ਚੱਲੋ । ਇਹ ਤਾਂ ਹੈ ਜੀ ਬੱਚਿਆਂ ਵਾਲੀ ਬੱਚੇ ਇਹਦੇ ਰੁਲ ਜਾਵਣਗੇ; ਕੌਣ ਉਨ੍ਹਾਂ ਨੂੰ ਸਾਂਭੇਗਾ ? ਮਾਵਾਂ ਬਿਨ ਬੱਚੇ ਨਹੀਂ ਪਲਦੇ। .... ... ... .... .... “ਨਹੀਂ ਜੀ ਪਹਿਲਾਂ ਮੈਂ ਹੀ ਜਾਣੈਂ ਮੈਂ ਇਹਦੇ ਹੱਥਾਂ ਵਿਚ ਮਰਨੈਂ ਬੱਚੇ ਆਪੇ ਪਲ ਜਾਵਣਗੇ । ਲੱਖਾਂ ਦੇ ਵਿਚ ਰਲ ਜਾਵਣਗੇ । ਮੈਂ ਇਹਦੇ ਬਿਨ ਰਹਿ ਨਹੀਂ ਸਕਦੀ ਇਸ ਦਰਿਆ ਕੰਢੇ 'ਤੇ ਕੱਲੀ । ਏਥੇ ਲੱਖ ਬਲਾਈਂ ਫਿਰਦੀਆਂ। ਬੱਚਿਆਂ ਦੀ ਰਾਖੀ ਮੈਂ ਕੀਕਰ ਇਹਨਾਂ ਦੇ ਬਾਪੂ ਤੋਂ ਵਿੱਛੜ, ਕਰ ਸਕਦੀ ਹਾਂ ਮੈਂ ਤਾਂ ਬੱਸ ਜੀ, ਮਰ ਸਕਦੀ ਹਾਂ।" .... ... ... .... .... "ਜਲਦੀ ੨ ਕਰੋ ਤਿਆਰੀ ਜਿਸ ਵੀ ਚੱਲਣੈਂ ਸਾਡੇ ਨਾਲ ਇਕ ਤੁਹਾਡੇ 'ਚੋਂ ਲੈ ਹੀ ਜਾਣੈ । ਮਿਲ ਮਿਲਾ ਲੌ ਆਪੋ ਵਿਚ ਤੇ ਚੁੰਮ ਚੱਟ ਲੌ ਆਪਣੇ ਬਾਲ । ਫਿਰ ਨਾ ਕਹਿਉ ਦੱਸਿਆ ਨਹੀਂ ਸੀ।” .... .... .... .... ਆਖ਼ਰ ਸੋਚ ਸਾਚ ਉਹ ਬੋਲੇ । “ਇਹ ਦੱਸੋ—ਹੈ ਵਾਰੀ ਕਿਸ ਦੀ ?" .... .... ... ... .... “ਵਾਰੀ ਤਾਂ ਹੈ, ਬੀਬੀ, ਤੇਰੀ ਪਰ ਜੇ ਆਖੇਂ ਤੂੰ ਤਾਂ ਆਪਾਂ ਤੇਰੇ ਬਦਲੇ ਬਾਲਾਂ ਦਾ ਪੇ ਬੰਨ੍ਹ ਲੈਂਦੇ ਹਾਂ, ਲੈ ਜਾਂਦੇ ਹਾਂ ।” .... ... ..... .... .... ... “ਨਹੀਂ ਜੀ, ਨਹੀਂ, ਮੈਂ ਆਪਣੀ ਵਾਰੀ ਪਹਿਲਾਂ ਹੀ ਲੈ ਲੈਣੀ ਏ ਜੀ !” .... ... ..... .... .... ... "ਨਹੀਂ ਜੀ, ਨਹੀਂ, ਮੈਂ ਜਾਣ ਨਹੀਂ ਦੇਣਾ ਆਪਣੇ ਬੱਚਿਆਂ ਦੀ ਬੀਬੀ ਨੂੰ !" “ਪਰ ਮੈਂ ਕੱਲੀ ਰਹਿ ਨਹੀਂ ਸਕਦੀ ।” “ਮੈਂ ਵੀ ਕੱਲਾ ਰਹਿ ਨਹੀਂ ਸਕਦਾ।” “ਤੇਰਾ ਤਾਂ ਵਿਆਹ ਹੋ ਹੀ ਜਾਣੈ ਮੈਨੂੰ ਬੱਚਿਆਂ ਵਾਲੀ ਨੂੰ ਕਿਸ ਰੱਖਣਾ ਏ ਪਿਛਲੱਗਾਂ ਨਾਲ ?” .... ... ..... .... .... ... ਏਸ ਖੇਡ ਨੂੰ ਸੱਚ ਸਮਝ ਕੇ, ਇਹ ਗੱਲ ਸੁਣ, ਮੈਂ ਸੋਚੀਂ ਪੈ ਜਾਂ। .... ... ..... .... .... ... ਮੇਰੀ ਸਾਥਨ ਝੂਠੀ ਮੂਠੀ ਮਰ ਜਾਂਦੀ ਹੈ। ਮਿੱਟੀ ਦੀ ਮੁੰਨੀ ਤੇ ਮੁੰਨਾ ਚੁੱਕ ਲੈਨਾਂ ਮੈਂ । ਫਿਰ ਉਥੇ ਹੀ ਝੂਠੀ ਮੂਠੀ ਰੋਂਦਾ ਰੋਂਦਾ ਤੇ ਬੱਚਿਆਂ ਨੂੰ ਮੋਢੇ ਲਾਈ ਚੁੱਪ ਕਰਾਂਦਾ, ਸੁਪਨੇ ਵਿਚ ਹੀ ਦਰਿਆ ਕੰਢੇ ਟਹਿਲਣ ਲਗਨਾਂ। .... ... ..... .... .... ... ਮੋਈ ਹੋਈ ਉਹ ਹੱਸ ਪੈਂਦੀ ਏ । ਮੈਂ ਵੀ ਖਿੜ ਖਿੜ ਹਸ ਪੈਂਦਾ ਹਾਂ। ਦੋ ਜਮਦੂਤ ਵੀ ਮੁੱਛਾਂ ਵਿਚੋਂ ਹੱਸ ਪੈਂਦੇ ਨੇ, ਦੰਦੀਆਂ ਕਢਦੇ। .... ... ..... .... .... ... ਮੌਤ ਵੀ ਕਿੰਨੀ ਸਵਾਦੀ ਖੇਡ ਹੈ !!

ਗੀਤ

ਚੀਨੀ 'ਤੇ ਸਵਾਰ -ਵੇਖੇਂ ਥਿੱਤ ਨ ਤੂੰ ਵਾਰ - ਨਿੱਤ, ਨਿਤ ਜਾਵੇਂ ਬਾਹਰ ਵੇ ! ਜੰਮਿਆਂ ਪੰਜਾਬ ਦਿਆ — ! ਨਿੱਤ ਵੇਂ ਮੁਹਿੰਮਾਂ ਕਿਉਂ ਸਹੇੜੀਆਂ ? ਨਿੱਤ ਦੀਆਂ ਲਾਮਾਂ, ਬੀਬਾ ! ਨਿੱਤ ਦੀਆਂ ਮੌਤਾਂ ਵੇ ! (੨) ਨਿੱਤ ਦੇ ਵਿਛੋੜੇ, ਮੇਰੇ ਹਾਣੀਆਂ ! ਰਾਤੀਂ ਮੇਰੇ ਸੁਪਨਿਆਂ ਦੇ ਬਾਗੀਂ ਅੱਗਾਂ ਲਗੀਆਂ ਵੇ ! (੨) ਚਿੱਤ ਬਲਦਾ ਏ ਨਿੱਤ ਜਾਨੀਆਂ......! ਯਾਦਾਂ ਦਾ ਟਟਹਿਣਾ, ਰਾਤਾਂ ਨ੍ਹੇਰੀਆਂ ਕਰਾਂ ਵੇ, ਛੁਪਾਵਾਂ ਗੱਲਾਂ ਕਿਹੜੀਆਂ ? ਚੀਨੀ 'ਤੇ ਸਵਾਰ ..... ! ਛੰਮ ਛੰਮ ਰੋਵਾਂ, ਬੀਬਾ ! ਰੋਣ ਕਿਸੇ ਕੰਮ ਨਾ ਵੇ ! (੨) ਨਿੱਤ ਦੇ ਵਿਛੋੜੇ, ਮੇਰੇ ਹਾਣੀਆਂ ! ਖੜਕਦੇ ਨੇ ਪੱਤੇ, ਤੇਰੇ ਗ਼ਮਾਂ ਵਿਚ ਤੱਤੇ ਵੇ – (੨) ਮਿਲ ਕਿਤੋਂ ਆ ਕੇ, ਦਿਲ ਜਾਨੀਆਂ...... ! ਗ਼ਮ ਦਾ ਟਟਹਿਣਾ, ਰਾਤਾਂ ਨ੍ਹੇਰੀਆਂ ਕਰਾਂ ਵੇ, ਛੁਪਾਵਾਂ, ਗੱਲਾਂ ਕਿਹੜੀਆਂ ? ਚੀਨੀ 'ਤੇ ਸਵਾਰ -ਵੇਖੇਂ ਥਿੱਤ ਨ ਤੂੰ ਵਾਰ - ਨਿੱਤ, ਨਿਤ ਜਾਵੇਂ ਬਾਹਰ ਵੇ ! ਜੰਮਿਆਂ ਪੰਜਾਬ ਦਿਆ — ! ਨਿੱਤ ਵੇਂ ਮੁਹਿੰਮਾਂ ਕਿਉਂ ਸਹੇੜੀਆਂ ?

ਆਪਣੇ ਪੋਤਰੇ ਨੂੰ

ਅਮਨ-ਜੀਤ, ਪੁੱਤੀਏ ! ਵੱਡਾ ਹੋ ਕੇ ਜੇਕਰ, ਬੇਟੇ, ਪਾਕਿਸਤਾਨ ਕਦੀਂ ਤੂੰ ਜਾਵੇਂ ਆਪਣੇ ਦਾਦਕੇ ਪਿੰਡ -'ਰੂਪ- ਫੇਰਾ ਇਕ ਜ਼ਰੂਰ ਤੁੰ ਪਾਵੀਂ । ਤੈ ਨੂੰ ਉਸ ਮਿੱਟੀ 'ਚੋਂ ਖ਼ੁਸ਼ਬੋ ਆਪਣੇ ਵਰਗੀ ਆਵੇਗੀ । ਉਥੋਂ ਦੀ ਰੰਗੀਨ ਹਵਾ ਵੀ ਆਪਣੀ ਹੀ ਔਲਾਦ ਸਮਝਕੇ, ਹੁਲਾਰੇਗੀ, ਦੁਲਾਰੇਗੀ, ਲਡਾਵੇਗੀ, ਖਡਾਵੇਗੀ। ਅਪਣੇ ਪਿੰਡ ਜ਼ਰੂਰ ਜਾਈਂ ਤੂੰ। ਮਸੀਤ ਵਾਲੀ ਗਲੀ ਵਿਚ ਧਰਮਸਾਲੇ ਦੇ ਸਾਹਮਣੇ ਆਪਣਾ ਹੀ ਘਰ ਹੈ, ਪੁੱਤਰਾ ! ਉਸੇ ਘਰ ਦੇ ਪਿਛਵਾੜੇ ਹੀ ਯਾਰ ਮੇਰੇ, ਅਨਵਰ, ਦਾ ਘਰ ਈ । ਹੁਣ ਤਾਂ ਉਹ ਵੀ ਪੋਤੇ, ਪੋਤੀਆਂ, ਨੂਹਾਂ, ਧੀਆਂ ਕੁੜਮਾਂ ਜੰਮਾਂ ਵਾਲਾ ਹੋਣੈਂ। ਬੱਸ ਤੂੰ ਏਨਾਂ ਦੱਸ ਦੇਵਾਂ ਕਿ ਮੈਂ ‘ਦਾਰੇ’ ਦਾ ਪੋਤਾ ਹਾਂ-- ਤੇਰੇ ਯਾਰ ਦੇ ਪੁੱਤ ਦਾ ਪੁੱਤਰ । ਉਹ ਜ਼ਰੂਰ ਪਿਆਰ 'ਚ ਭਿੱਜੇਗਾ। ਤੇਰਾ ਮੱਥਾ ਚੁੰਮੇਗਾ ਤੇ ਸੀਨੇ ਨਾਲ ਲਗਾਵੇਗਾ । ਤੂੰ ਵੀ ਉਹਨੂੰ ਮੱਥਾ ਟੇਕੀਂ, ਕੋਲ ਬੈਠ ਕੇ ਦੁਧ ਪੀ ਲਵੀਂ; ਭਿੱਟ ਨਾ ਮੰਨੀ ਬੱਚੜਿਆ। ਮੈਂ ਤੇ ਉਹਨੇ ਸੀ ਇਕ ਵਾਰੀ, ਘਰ ਦੇ ਜੀਆਂ ਤੋਂ ਚੋਰੀ ਹੀ, ਇਕ ਦੂਜੇ ਤੋਂ ਮੂੰਹ ਲਵਾ ਕੇ, ਸੁੱਚੇ ਪਿਆਰ ਦਾ ਜੂਠਾ ਦੁਧ ਪੀ, ਸਦਾ ਲਈ ਯਾਰੀ ਪਕਿਆਈ ਅਨਵਰ ਮੇਰਾ ਯਾਰ ਹੈ, ਅਮਨੀ ਤੂੰ ਉਹਨੂੰ ‘ਬਾਬਾ' ਚਾ ਆਖੀਂ ਵੇਖੀਂ ਫਿਰ ਉਹਦੀਆਂ ਅੱਖਾਂ 'ਚੋਂ ਤੇਰੇ ਲਈ ਮੋਹ ਡੁਲ੍ਹ ਡੁੱਲ੍ਹ ਪੈਂਦਾ। ਜਦ ਉਹ ਰਤਾ ਕੁ ਖੁਲ੍ਹ ਜਾਏ ਤਾਂ ਤੂੰ ਵੀ ਝਾਕੇ ਲਾਹ ਪੁੱਛ ਵੇਖੀਂ : "ਬਾਬਾ ਜੀ, ਬਾਬਾ ਜੀ, ਦੱਸੋ : “ਕਿਵੇਂ ਦਾ ਬੰਦਾ ਸੀ ਮੇਰਾ ਦਾਦਾ ?" ਉਹ ਅਵੱਸ਼ ਦੱਸ ਦੇਗਾ ਤੈਨੂੰ : “ਤੇਰਾ ਦਾਦਾ ਬੰਦਾ ਬੜਾ ਅਜੀਬ ਸੀ, ਦੁਨੀਆਂਦਾਰੀ ਵਲੋਂ ਉੱਕਾ ਉਲੂ-ਬਾਟਾ ! ਸਬ ਅੰਦਰੋਂ ਬਾਹਰੋਂ ਮੇਰਾ ਯਾਰ ਹਬੀਬ ਸੀ ਉਹਦੇ ਲਈ ਕੋਈ ਸੂਲ ਵੀ ਮੇਰੀ ਸਲੀਬ ਸੀ ਤੇਰਾ ਦਾਦਾ ਸਾਥੀ ਰਤਾ ਅਜੀਬ ਸੀ ।” ਤੇ ਉਹਦੇ ਕੋਲ ਬੈਠੇ ਸਾਥੀ ਹੁੱਕਾ ਪੀਂਦੇ —ਨੈਤੂ, ਜੁੰਮਾਂ, ਤੁੱਲਾ, ਬੱਕੂ, ਹਾਂ ਵਿਚ ਹਾਂ ਮਿਲਾਵਣਗੇ । ਹਾਮੀ ਭਰਦੇ ਬੋਲ ਪੈਣਗੇ : “ਹਾਂ ਬਈ ਹਾਂ, ਸੀ ਤਾਂ ਅਨੋਖਾ ! ਫਿਰ ਉਹ ਤੇਰੀ ਮੱਸ ਫੁੱਟਦੀ ਤੱਕ, ਮਚਲਾ ਮਚਲਾ ਹੱਸਣਗੇ ਪਰ ਤੈਨੂੰ ਕੁਝ ਨਾ ਦੱਸਣਗੇ ਪਰ ਤੈਨੂੰ ਕੁਝ ਨਾ ਦੱਸਣਗੇ ॥ ..... ..... .... ..... ..... ਫਿਰ ਤੂੰ ਮਸਫੋਟਾਂ ਦੀ ਟੋਲੀ ਵਿਚ ਜਾ ਬੈਠੀ, ਸੈਰ ਨੂੰ ਜਾਵੀਂ ! ਨਹਿਰ ਦੇ ਕੰਢੇ ਚੜ੍ਹ ਕੇ ਸਾਰੇ ਤੇਰੇ ਹਾਣੀ ਮੁੰਡੇ ਤੈਨੂੰ ਬੜੀ ਮਟਕ ਨਾਲ ਪੁੱਛਣਗੇ । ਉਹਨਾਂ ਵਿਚੋਂ ਇਕ ਆਖੇਗਾ : “ਤੇਰਾ ਦਾਦਾ ਮੇਰੇ ਦਾਦੇ ਦਾ ਹਾਣੀ ਸੀ !" ਦੂਜਾ ਕੋਲੋਂ ਬੋਲ ਪਵੇਗਾ : "ਟੱਪਰੀਵਾਸਾਂ ਦੀ ਜੇਰੋ ਉਹਦੀ ਰਾਣੀ ਸੀ !" ਸਾਰੇ ਖਿੜ ਖਿੜ ਹੱਸਣਗੇ, ਪਰ ਤੈਨੂੰ ਕੁਝ ਨਾ ਦੱਸਣਗੇ ! ਫਿਰ ਅਨਵਰ ਦਾ ਪੋਤਾ ਤੈਨੂੰ, ਆਪਣੇ ਦਾਦੇ ਦੀ ਰੀਸੇ ਹੀ, ਤੈਥੋਂ ਦੁੱਧ ਜੁਠਿਆ ਕੇ ਸ਼ਾਇਦ, ਆਪਣਾ ਯਾਰ ਬਨਾਵੇਗਾ, ਤੇ ਸਭ ਕੁਝ ਸਮਝਾਵੇਗਾ : ਕਹਿੰਦੇ ਨੇ ਓਏ ਤੇਰਾ ਦਾਦਾ ਟੱਪਰੀਵਾਸਾਂ ਦੀ ਜੇਰੋ 'ਤੇ ਆਸ਼ਕ ਸੀ ਤੇ ਹਰ ਪ੍ਰਭਾਤੇ, ਉਹ ਦੋਵੇਂ ਸਨ ਮਿਲਦੇ ਲੱਕੜ ਦੇ ਉਸ ਪੁਲ 'ਤੇ । ਜਾਦੂ ਗਰਨੀ ਵਾਂਗਰ ਹਰਨੀਂ-ਬਾਗਾਂ-ਚਰਨੀਂ ਨਿੱਤ ਆਉਂਦੀ ਸੀ ਨਹਿਰ ਦੇ ਕੰਢੇ ਡੇਰੇ ਦੇ ਜੀਅ ਜੀਅ ਤੋਂ ਅੱਖ ਬਚਾ ਕੇ, ਬਾਪੂ ਦੀ ਝੁੱਗੀ ਦਾ ਦੀਪ ਬੁਝਾ ਕੇ। ਇਕ ਦਿਨ ਪਿੱਛਲ-ਰਾਤੀਂ ਦੋਵੇਂ, ਬੈਠੇ ਬੈਠੇ ਏਨੇ ਮਸਤੇ, ਕਿ ਲਾਲੀ ਹੀ ਧੁੰਮ ਗਈ । ਜੇਰੋ ਦਾ ਬਾਪੂ ਝੁੱਗੀ 'ਚੋਂ ਘਬਰਾਇਆ ਘਬਰਾਇਆ ਆਇਆ ਸਰਦਾਰਾਂ ਦੇ ਇਸ ਮੁੰਡੇ, ਤੇਰੇ ਦਾਦੇ ਦੇ ਮੋਢੇ ਤੇ ਲੱਗੀ ਜੇਰੋ ਨੂੰ ਵੇਖ ਗਿਆ। ਮਸਤੀ ਦੇ ਵਿਚ ਆਈ ਜੇਰੋ ਕੰਡ ਦਾਰੇ ਦੀ ਚੁੰਮਗੀ । ਭਰਿਆ-ਪੀਤਾ ਪਰਤ ਗਿਆ ਜੇਰੋ ਦਾ ਬਾਪੂ ਅਗਲੇ ਹੀ ਦਿਨ ਉਜੜ ਗਿਆ ਜੇਰ ਦਾ ਡੇਰਾ ! ਖ਼ਬ'ਨੀ ਕਿਥੇ ਚਲਾ ਗਿਆ ਜੇਰੋ ਦਾ ਡੇਰਾ । ..... ....... ........ ....... ...... ਪੁੱਤਰ ਅਮਨੀ, ਜੇ ਤੂੰ ਪਿੰਡ ਦੇ ਬਾਹਰਵਾਰ ਪੱਕੀ ਜਹੀ ਖ਼ਨਗਾਹ ਇਕ ਵੇਖੀਂ ਉਹਦੇ ਅੰਦਰ ਜਾ ਕੇ ਵੇਖੀਂ ਇਕ-ਸੌ-ਇਕ ਸਤੂਨਾਂ ਉੱਤੇ ਫੁੱਲਾਂ ਨਾਲ ਸਜਾਈ ਗੁੰਬਦ । ਉਥੇ ਮੇਰਾ 'ਭੂਤ' ਅਜੇ ਵੀ, ਨੰਗ-ਤਨੰਗੇ ਬੱਚਿਆਂ ਦੇ ਸੰਗ ਨੰਗੇ ਪੈਰੀਂ ਲੁੱਕਣ-ਮੀਟੀ ਖੇਡਦਾ ਹੋਸੀ । ਕਿਸੇ ਬਾਲ-ਭੂਤ ਤੋਂ ਪੁੱਛੀਂ : “ਕਿੱਦਾਂ ਦਾ ਸੀ ਮੇਰਾ ਦਾਦਾ ? ਕਿੱਦਾਂ ਦਾ ਸੀ ਤੁਹਾਡਾ ਸਾਥੀ ? ਕਿੱਦਾਂ ਦਾ ਸੀ ਜੇਰੋ ਦਾ ਦਾਰਾ ?" ਮੇਰੇ ਭੂਤ ਦੇ ਸਾਥੀ ਸਾਰੇ ਹੱਸਣਗੇ ਢਿੱਡ ਭਰ ਭਰ ਕੇ ਹੱਸਣਗੇ ਉਹ ਮੇਰੀਆਂ ਗੱਲਾਂ ਕਰ ਕਰ ਕੇ । ਦੱਸਣਗੇ ਉਹ ਹੱਸ ਹੱਸ ਤੈਨੂੰ ਮੇਰੀਆਂ ਗੱਲਾਂ । ਗੁਟਕਣਗੇ ਉਹ ਮੂੰਹ ਵਿਚ ਸਾਰੇ ਇਕ ਦੂਜੇ ਵਲ ਵੇਖਣਗੇ ਤੇ, ਮੈਨੂੰ ਯਾਦ ਕਰਨਗੇ ਮੁੜ ਮੁੜ : “ਸਰਦਾਰਾ ! ਉਹ ਤੇਰਾ ਦਾਦਾ ਸਾਡੇ ਵਿਚ ਸਾਡੇ ਹੀ ਵਰਗਾ, ਬਣ ਜਾਂਦਾ ਸੀ ਸਾਦ ਮੁਰਾਦਾ । “ਹੁੰ, ਭੇਡਾਂ ਵਿਚ ਊਠ !” ਆਖ ਕੇ, ਨਾਈਆਂ ਦੀ ਨੈੱਤੋ ਸੀ ਉਹਨੂੰ ਰੋਜ਼ ਦਿਹਾੜੀ ਛੇੜ ਕੇ ਲੰਘਦੀ !" ਮਸਖ਼ਰੀਆਂ ਅਣਸੁਣੀਆਂ ਕਰ ਕੇ ਆਪਣੇ 'ਤੇ ਮਰਦੀ ਨੈਤੋ ਨੂੰ, “ਚਲ ਮਰ ਜਾਣੀ ਕਹਿ ਕੇ ਦਾਰਾ, ਛੋਟੀ ਭੈਣ ਜਹੀ ਹੀ ਸਮਝੀ, ਜੇਰੋ ਦਾ ਗ਼ਮ ਸਾਂਭੀ ਦਿਲ ਵਿਚ ਸਾਡਾ ਮੀਹਟੀ-ਸਾਥੀ ਕਦੇ ਨਾ ਟੁੱਟਾ ਨੈਤੋ ਮਰਦੀ ਮਰਦੀ ਮਰ ਗਈ ਆਖ਼ਰ ਇਕ ਦਿਨ ਸਹੁਰੇ ਟੁਰ ਪਈ, ਦਾਰੇ ਨੂੰ ਜੇਰੋ ਤੋਂ ਖੋਹ ਨ ਸਕਿਆ ਕੋਈ ਵੀ ਚੁੰਨ-ਮੁਖੜਾ ਕਿਸੇ ਮੁਟਿਆਰ ਦਾ । ਤੇ ਉਹ ਸਾਡਾ ਮੀਹਟੀ-ਸਾਥੀ ਕਦੀ ਨਾ ਟੁੱਟਾ ਸਾਡੇ ਸਾਥ ਚੋਂ। ਹਾਲੀ ਵੀ ਕਈ ਵਾਰ ਥੰਮ੍ਹਾਂ 'ਚੋਂ ਕਿਸੇ ਥੰਮ੍ਹ ਦੇ ਉਹਲੇ ਹੋ ਕੇ ਸਾਨੂੰ ਸੈਣਤ ਨਾਲ ਬੁਲਾਂਦੀ ਉਹਦੀ ਰੂਹ ਉਦਰੇਵਿਆਂ ਮੱਲੀ। ਤੇਰਾ ਦਾਦਾ ਬਾਲਾਂ ਦੇ ਵਿਚ ਬਾਲ ਸੀ ਕੌੜਾ ਸੀ, ਜੋਸ਼ੀਲਾ ਸੀ, ਪਰ ਦਿਲ ਦਾ ਬੜਾ ਦਿਆਲ ਸੀ । ਦਿਲ ਦਾ ਨਿਰਾ ਬਲੌਰ ਸੀ ਦਾਰਾ ! ਏਸੇ ਗੱਲੋਂ ਮਰਦੀ ਸੀ ਉਹਦੇ ਤੇ ਜੇਰੋ ਕਹਿੰਦੇ ਨੇ ਬਰਦੀ ਸੀ ਉਹਦੀ ਉਹ ਜੇਰੋ ।" ..... ....... ........ ....... ...... ਫਿਰ ਜਾਵੀਂ ਤੂੰ ਲਹਿੰਦੇ ਪਾਸੇ ਪਿੰਡ ਦੇ ਪਟਵਾਰੀ ਦੇ ਦਫ਼ਤਰ ਅੱਗੇ, ਹਾਲੀ ਵੀ ਹੋਵੇਗੀ ਮਹਿਫ਼ਲ ਜੰਮਦੀ, ਪਿੱਪਲ ਦੀ ਠੰਡੀ ਦੁਪਹਿਰੇ ! ਉਥੇ ਵੀ ਪੁੱਛੀਂ ਗੱਲ ਆਪਣੇ ਕੰਮ ਦੀ । ਉਹ ਦਸਣਗੇ : “ਤੇਰਾ ਦਾਦਾ ? ਅੱਛਾ ਉਹ ਤੇਰਾ ਦਾਦਾ ਏ ?" “ਦੁਨੀਆਂਦਾਰੀ ਵਿਚ ਅਨਾੜੀ-ਰਤਾ ਉਲੇਲੀ ਸੀ । ਜੇਰੋ ਇਕ ਗੁਲੇਲੀ, ਕਹਿੰਦੇ, ਉਹਦੀ ਸਹੇਲੀ ਸੀ। ਉਸ ਨੂੰ ਵੀ ਉਹ ਵਰ ਨਾ ਸਕਿਆ । ਦਿਲ ਦਾ ਦੁਖੜਾ ਹਰ ਨਾ ਸਕਿਆ । ਲੜਦਾ ਲੜਦਾ ਨੱਸ ਪੈਂਦਾ ਸੀ । ਦੁਸ਼ਮਨ ਸੰਗ ਵੀ ਹੱਸ ਪੈਂਦਾ ਸੀ ।” ..... ....... ........ ....... ...... ਕੋਠੇ ਤੋਂ ਲੰਬੜੀ ਬੋਲੇਗੀ : “ਪਰ ਸੀ ਬੜਾ ਹੀ ਟੁੱਟ ਪੈਣਾ ਉਹ ਵੱਡਿਆਂ ਦੇ ਸੰਗ ਮੱਥਾ ਲਾਕੇ ਜੁਟ-ਪੈਣਾ ਉਹ । ਲੰਬੜ ਕੋਲ ਖਲੋਤੇ ਕੰਮੀ ਨੂੰ ਉਹ ਉੱਚੀ "ਸਾਹਬ ਸਲਾਮ" ਉਚੇਚਾ ਕਹਿ ਕੇ ਲੰਘਦਾ ਸੀ । ਸਾਡਾ ਅਰਕੀ ਕੋਲ ਉਚੇਚਾ ਖੰਘਦਾ ਸੀ ! ..... ....... ........ ....... ...... ਫਿਰ ਮੇਰੇ ਜੁੱਟ ਦਾ ਕੋਈ ਬੁਢਾ ਬੋਲੇਗਾ : "ਰਤਾ ਕੁ ਸੇਖ਼ੀ-ਖੋਰਾ, ਫੂਕੀ ਤੇਰਾ ਦਾਦਾ, ਪੜ੍ਹਨ ਲਿਖਣ 'ਤੇ ਜ਼ੋਰ ਸੀ ਦੇਂਦਾ ਆਹਲਸ ਡੱਬਾ । ਨਹੀਂ ਸੀ ਜਰਦਾ ਗੱਲ ਕਿਸੇ ਦੀ ਕਦੇ ਵੀ । ਥੋੜ੍ਹੀ ਕਰਦਾ, ਕਰਦਾ ਗੱਲ ਪਤੇ ਦੀ ! ਕੱਲਾ ਪੜ੍ਹਦਾ, ਕੱਲਾ ਸੌਂਦਾ, ਕੱਲਾ ਭੌਂਦਾ, ਚੁਪ, ਚੁਪ, ਖੁਸ਼, ਖੁਸ਼, ਖ਼ਿਆਲੀਂ ਡੁੱਬਾ ਮਸਤ ਜਿਹਾ । ਅੱਖ ਦੇ ਏਸ ਨਸ਼ੀਲੇ ਕੋਲੋਂ ਦਿਲ ਦੇ ਏਸ ਜੁਸ਼ੀਲੇ ਕੋਲੋਂ ਹਰ ਕੋਈ ਡਰਦਾ, ਯਾਰ ਨਾ ਬਣਦਾ ਇਕ ਮਰਾਸੀ ਖੁਸ਼ੀਏ ਤੋਂ ਬਿਨ ਤੇ ਜੱਟਾਂ ਦੇ ਅਨਵਰ ਤੋਂ ਬਿਨ ਜੋ ਸੀ ਜਿਗਰੀ ਮਿੱਤਰ ਉਹਦਾ ਜਿਸ ਨੇ ਜੇਰੋਂ ਲੱਭਣ ਖ਼ਾਤਰ ਚਾਰ ਚੁਫੇਰੇ ਦੇ ਜੂਹ ਜੰਗਲ ਛਾਣ ਛਾਣ ਕੇ ਆਖ਼ਰ ਉਹਨੂੰ ਲੱਭ ਦਿਤੀ ਸੀ 'ਜੇਰ ਗੁਲੇਲੀ !! ਉਸ ਨੂੰ ਵੀ ਵਰ ਨਾ ਸਕਿਆ !! ਲੜਦਾ ਲੜਦਾ ਨੱਸ ਪੈਂਦਾ ਸੀ ਦੁਸ਼ਮਨ ਸੰਗ ਵੀ ਹਸ ਪੈਂਦਾ ਸੀ।”

ਸ਼ਹੀਦੀ ਆਦਿ ਬਟੀ

ਸਮੇਂ ਦੀ ਚਲਦੀ ਗੱਡੀ ਵਿਚ ਧਰਮਯੁੱਧ-ਮਹਾਂ-ਸਭਿਅਤਾ ਕੰਪਨੀ ਦਾ ਇਕ ਅਜੰਟੜਾ ਨਿੱਕੀਆਂ ਨਿੱਕੀਆਂ ਸ਼ੀਸ਼ੀਆਂ ਚੁੱਕੀ, ਸਦਾ-ਜਵਾਨੀ-ਔਸ਼ਦਿ ਨਾਂ ਦੀ ਇਕ ਦਵਾਈ ਵੇਚ ਰਿਹਾ ਸੀ : "ਇਸ ਨੂੰ ਇਕ ਵਾਰ ਖਾ ਵੇਖੋ; ਕਦੀ ਨਾ ਬੁੱਢੇ ਹੋਵੇਗੇ । ਗ਼ਲਤ ਜੋ ਸਾਬਤ ਕਰੇ ਏਸਨੂੰ ਰਾਜਾ ਉਸਨੂੰ ਬਣਾਵਾਂਗਾ ! ਕੇਵਲ ਇਕੋ ਵਾਰ ਖਾਣ ਨਾਲ ਕਦੀ ਨਾ ਬੁੱਢੇ ਹੋਵੋਗੇ......" ..... ....... ........ ...... ਇਕ ਮੁਸਾਫ਼ਰ ਹੈਰਾਨੀ ਨਾਲ ਪੁੱਛ ਬੈਠਾ : "ਸਿਰਫ ਇਕ ਹੀ ਵਾਰ ਖਾਣ ਨਾਲ ? ਜਾਦੂ ਹੈ ਭਈ ਇਹ ਗੋਲੀ ਤਾਂ ।" “ਹਾਂ ਜੀ ਹਾਂ, ਆਜ਼ਮਾ ਕੇ ਵੇਖੋ ! ਏਸ ਸ਼ਹੀਦੀ ਆਦਿ ਬਟੀ ਨੂੰ !" “ਸੱਚ ਤਾਂ ਨਹੀਂ ਆਉਂਦਾ ਪਰ ਫਿਰ ਵੀ ਇਕ ਗੋਲੀ ਤਾਂ ਸਾਨੂੰ ਵੀ ਦੇ। ਕੀ ਕੀਮਤ ਹੈ ਇਹਦੀ ਸੱਜਣਾਂ ?" ਤਾਂ ਉਹ ਸੱਜਣ ਸ਼ੀਸ਼ੀਆਂ ਵਾਲਾ ਬੋਲਿਆ : "ਧਰਮਯੁੱਧ-ਮਹਾਂ-ਸਭਿਅਤਾ, ਕੰਪਨੀ ਦੀ ਮਸ਼ਹੂਰੀ ਤੇ ਇਸ਼ਤਿਹਾਰ ਬਾਜ਼ੀ ਲਈ ਏਸ ਦੀ ਕੀਮਤ—ਕੇਵਲ ਇਕ ਜਾਨ ! ਇਕ ਜਾਨ ! ਇਕ ਜਾਨ !! ਇਕ ਜਾਨ!!! ਕੇਵਲ ਇਕ ਜਾਨ ਰੱਖੀ ਗਈ ਹੈ ।”

ਇਸ ਬੀਰ-ਰਸਿਕ ਦੁਨੀਆਂ ਵਿਚ

ਏਸੇ ‘ਬੀਰ ਰਸੀ' ‘ਅਣਖੀ' ਯੁਗ ਵਿਚ ਇਕ ਸੀ ਮੁੰਡਾ ਇਕ ਸੀ ਕੁੜੀ ਉਹ ਇਕ ਪਿੰਡ ਵਿਚ ਰਹਿੰਦੇ ਸਨ । ਇਕ ਦੂਜੇ ਨੂੰ ਅੰਤਾ ਦਾ ਸਨ ਪਿਆਰ ਉਹ ਕਰਦੇ ਜਦੋਂ ਉਹ ਵੀਹਾਂ ਵੀਹਾਂ ਸਾਲਾਂ ਦੇ ਹੋਏ ਉਹਨਾਂ ਕਬੂਤਰਾਂ ਦੇ ਜੋੜੇ ਵਾਂਗ ਇਕੱਠਾ ਵੱਸਣਾ ਸ਼ੁਰੂ ਕੀਤਾ, ਵਾਤਾਵਰਣ ਖਿੜਿਆ ਖਿੜਿਆ ਸੀ ਜ਼ਿੰਦਗੀ ਖ਼ੁਸ਼ਬੋਈਆਂ ਭਰੀ ਸੀ ! ..... ....... ........ ...... ਜੰਗ ਲਗ ਗਈ !! ..... ....... ........ ...... ਹੁਣ ਸੂਰਬੀਰ ਦੀ ਵਹੁਟੀ ਸ਼ਹੀਦ ਦੀ ਵਿਧਵਾ ਹੈ ਉਹਦੇ ਵਾਲ ਧੌਲੇ ਨੇ ਅੱਖਾਂ ਵਿਚ ਚਮਕ ਨਹੀਂ ਉਹਨਾਂ ਦਾ ਪੁੱਤਰ ਹੁਣ ਆਪਣੇ ਪਿਉ ਤੋਂ ਵੱਡਾ ਹੈ ਫਿਰ ਵੀ ਕੋਈ ਪਤਾ ਨਹੀਂ ਉਹਦੀ ਮਾਂ ਕਿੰਨੇ ਕੁ ਦਿਨ ਉਹਦੀ ਖ਼ੈਰ ਮਨਾਂਦੀ ਹੈ । ਇਸ ਬੀਰ ਰਸਿਕ ਸਭਿਅਤਾ ਦੁਨੀਆਂ ਵਿਚ ਪੁੱਤ ਭਾਵੇਂ ਮਰੀ ਜਾਣ ਪਤਨੀਆਂ ਸ਼ੁਦੈਣਾਂ ਹੋ ਜਾਣ ਫ਼ੌਜਣਾਂ ਕਮਲੀਆਂ ਬਿਰਹਨੀਆਂ ਬਿਰਹਾ ਦੀ ਹੱਡੀ ਨੂੰ ਚੱਬ ਚੱਬ ਕੇ ਆਪਣੇ ਲਹੂ ਦੇ ਹੀ ਸਵਾਦ ਨੂੰ ਕੋਈ ਰਸ ਸਮਝੀ ਜਾਣ... ! ਇਸ ਬੀਰਤਾ ਨੂੰ ਕੌਣ ਨਿੰਦ ਸਕਦੈ, ਕੀ ਮਜਾਲ ਏ ਕਿਸੇ ਦੀ ?

ਕਮਲੀ ਫੌਜਣ ਦਾ ਗੀਤ

ਬੂਹੇ 'ਤੇ ਕੋਈ ਆਇਆ... ! ਬੂਹਾ ਉਸ ਖੜਕਾਇਆ ... !! "ਹੈਂ ?" ਕਿਆ ਕੋਈ ਆਪਣਿਆਂ ਵਾਂਗਰ ਹੀ ਰਿਹਾ ਹੈ ਖੜਕਾ ਦਰ ਮੇਰਾ ?" ‘ਕੌਣ ਏਂ ......! ਕੌਣ ਏਂ ?” ਕਹਿਕੇ, ਉਹ ਚੁੱਪ ਕਰ ਗਈ ! ਖ਼ਬਰੇ ਡਰ ਗਈ ! ਬੂਹਾ ਫਿਰ ਵੀ ਉਸੇ ਤਾਲੇ ਖੜਕਿਆ : “ਹੈਂ !” ਜਹੀ ਕਹਿ ਕੇ ਅੰਦਰ ਹੀ ਉਹ ਕੁਝ ਕੁਝ ਡਰ ਗਈ, ਰਤਾ ਕੁ ਠਰ ਗਈ, ਚੁਪ ਹੀ ਕਰ ਗਈ । ਇਕ ਵਾਰੀ ਫਿਰ ਬੂਹਾ ਦੱਬਕੇ ਖੜਕਿਆ । “ਕੌਣ ਏਂ ਇਹ ਜੋ ਇਸ ਬੂਹੇ ਨੂੰ ਆਪਣੇ ਹੀ ਘਰ ਦਾ ਦਰ ਸਮਝੇ ! ਵੇਖੋ ਨਾ ਕਿਹਾ ਆਪਣਿਆਂ ਵਾਂਗਰ ਹੈ ਖੜਕਾ ਰਿਹਾ।" ਤੇ ਫਿਰ ਉਸ ਵਿਚਾਰੀ ਦਾ ਜੀਅ "ਜੀ" ਕਹਿ ਕੇ ਬੋਲਣ ਤੇ ਕੀਤਾ “ਕੌਣ ਏਂ ਜੀ, ਜੀ ਕੌਣ ਏਂ ਤੂੰ ? ਕੌਣ ਏਂ ਜੀ, ਇਸ ਬੂਹੇ ਨਾਲ ?" ਅੱਗੋਂ ਝਕਦੀ ਝਕਦੀ ਸੁਰ ਵਿਚ ਮਿੱਠਾ ਮਿੱਠਾ ਹਸਦਾ ਹਸਦਾ ਖਿੜਿਆ ਇਕ ਮਰਦਾਵਾਂ ਬੋਲ । “ਰਾਹੀ ਹਾਂ ਜੀ, ਰਾਤ ਹੈ ਕਟਣੀ, ਜੇ ਕੋਈ ਦੇ ਦੇ ਰੈਣ ਬਸੇਰਾ ।" ਅੰਦਰੋਂ ਵੀ ਉਹ ਝਕਦੀ ਝਕਦੀ ਬੂਹੇ ਦੇ ਲਾਗੇ ਹੋ ਬੋਲੀ : "ਘਰ ਵਾਲਾ ਮੇਰਾ ਘਰ ਨਾਹੀਂ। ਪਿਛਲੇ ਲੰਮਿਆਂ ਵਰ੍ਹਿਆਂ ਤੋਂ ਮੈਂ ਕਿਸੇ ਨੂੰ ਕਦੇ ਨਾ ਲੰਘਣ ਦਿਤਾ ਘਰ ਦਾ ਬੂਹਾ, ਦਿਲ ਦਾ ਬੂਹਾ ..... ....... ........ ......!" “ਠੰਡ ਬੜੀ ਹੈ, ਕੋਰਾ ਜੰਮਿਐਂ, ਜੇ ਤੁਸੀਂ ਮੈਨੂੰ ਪਨਾਹ ਦੇ ਸਕੋ- ਸਿਰਫ਼ ਇਕੋ ਰਾਤ ਖ਼ਾਤਰ, ਸਿਰਫ਼ ਏਸੇ ਰਾਤ ਲਈ। ਸੁਬਾਹ ਸੁਵੇਲੇ ਮੂੰਹ 'ਨ੍ਹੇਰੇ ਹੀ । ਸੂਰਜ ਦੇ ਉੱਗਣ ਤੋਂ ਪਹਿਲਾਂ ਮੈਂ ਪੈ ਜਾਸਾਂ ਆਪਣੇ ਰਾਹੇ ! ਵੇਖ ਲਵੋ, ਜੋ ਹੋ ਸਕਦਾ ਹੈ ਤਰਸ ਵੀ ਖਾ ਕੇ ਮੇਰੇ ਉੱਤੇ, ਰਾਤ ਕਟਾ ਸਕੋ ਜੇ ਮੈਨੂੰ ? ਮੈਂ ਇਕ ਰਾਹੋਂ ਭਟਕਿਆ ਰਾਹੀ, ਨਾ ਮੇਰਾ ਕੋਈ ਹਮਰਾਹੀ । ਠੰਡ ਬੜੀ ਏ, ਕੋਰਾ ਜੰਮਿਐਂ; ਵੇਖ ਲਵੋ, ਜੇ ਹੋ ਸਕਦਾ ਏ ..... ....... ........ ......!" ਉਹ ਚੁਪ ਕਰ ਗਈ ਬਿਲਕੁਲ ਹੀ ਚੁੱਪ : ਜੀਕਰ ਦਿਲ ਵਿਚ ਚੁਪ ਚੁਪ ਹੀ ਕੁਝ ਸੋਚ ਰਹੀ ਸੀ। ਫਿਰ ਜਿਕਰ ਆਪਣੇ ਆਪੇ ਨੂੰ ਹੀ ਕਹਿੰਦੀ ਪਈ ਹੋਵੇ : “ਜੇ ਉਹ ਆਪੀਂ ਘਰ ਹੁੰਦਾ ਤਾਂ ਅੱਜ ਮੈਂ ਵੀ ਇਸ ਰਾਹੀ ਉੱਤੇ ਘਰ ਦੀ ਨੇਕ ਸਵਾਣੀ ਵਾਂਗਰ ਸਾਊ ਘਰ ਦੀ ਰਾਣੀ ਵਾਂਗਰ, ਪਿਆਰ ਤਾਂ ਭਾਵੇਂ ਨਾ ਜਤਲਾਂਦੀ ਤਰਸ ਹੀ ਖਾਂਦੀ, ਤਰਸ ਨਾ ਖਾਂਦੀ : ਇਹਨੂੰ ਏਹੋ ਜੇਹੀ ਠੰਡ ਵਿਚ ਮੰ ਜਾ-ਬਿਸਤਰ, ਘਰ ਦਾ ਨਿੱਘ ਤੇ ਹੋਰ ਪਦਾਰਥ ਸਾਰੇ ਦੇਂਦੀ । ਪਰ ਕੀ ਕਰ ਲਾਂ : ਘਰ ਹੀ ਨਹੀਂ ਉਹ ਤੇ ਮੈਂ ਕੱਲੀ-ਕਾਰੀ ਤ੍ਰੀਮਤ ਆਪਣਾ ਜਤਿ ਸਤਿ ਸਾਂਭ ਕੇ ਬੈਠੀ, ਕੀਕਰ ਖੋਲ੍ਹਾਂ ਘਰ ਦਾ ਬੂਹਾ ? ਕੀਕਰ ਖੋਲ੍ਹਾਂ ਦਿਲ ਦਾ ਬੂਹਾ ?" ਫਿਰ ਉੱਚੀ ਜਹੀ ਸੁਰ ਵਿਚ ਬੋਲੀ : ਇਕ ਸੁੱਚੀ ਜਹੀ ਸੁਰ ਵਿਚ ਬੋਲੀ : “ਤੁਸੀਂ ਜੀ ਅਗਲਾ ਦਰ ਖੜਕਾਉ । ਕਿਸੇ ਹੋਰ ਘਰ ਨੂੰ ਟੁਰ ਜਾਉ ! ..... ....... ........ ...... ਬੜੇ ਚੰਗੇ ਨੇ ਲੋਕੀਂ ਸਾਰੇ, ਸੰਗੋ ਨਾ ਜਾ ਦਰ ਖੜਕਾਉ ।" ਇਹ ਗੱਲ ਸੁਣ ਕੇ ਉਸ ਰਾਹੀ ਨੂੰ ਕੋਰੇ ਵਿਚ ਵੀ ਨਿੱਘ ਜਿਹਾ ਆਇਆ । ਨਿੱਘਾਂ ਵਿਚ ਸਮੋਇਆ ਰਾਹੀ, ਕਿਸੇ ਪਿਆਰ ਵਿਚ ਮੋਇਆ ਰਾਹੀ, ਸੁਆਦ ਸੁਆਦ ਜਿਹਾ ਹੋਇਆ ਰਾਹੀ, ਉਸੇ ਘਰ ਦੇ ਬੂਹੇ ਅੱਗੇ ਰਿਹਾ ਖਲੋਤਾ ਕਿੰਨਾ ਹੀ ਚਿਰ, ਕੰਨ ਲਾਈ ਖਿੜਕੀ ਦੇ ਨਾਲ, ਰਿਹਾ ਸਰੋਤਾ ਕਿੰਨਾ ਹੀ ਚਿਰ । ਕੁਝ ਚਿਰ ਪਿਛੋਂ ਘਰ ਵਾਲੀ ਨੇ, ਖਿੜਕੀ ਖੋਲ੍ਹੀ, ਖੜਕ ਕੇ ਬੋਲੀ : “ਵੇ ਅੜਿਆ ਤੂੰ ਕੌਣ ਏਂ ? ਵੇ ਰਾਹੀਆ ਤੂੰ ਕੌਣ ਏਂ ? ਜਾਂਦਾ ਕਿਉਂ ਨਹੀਂ ਆਪਣੇ ਰਾਹ ? ਕਹਿ ਜੂ ਦਿੱਤੈ—ਮੈਂ ਕੱਲੀ ਹਾਂ; ਤੈਨੂੰ ਰਾਤ ਕਟਾ ਨਹੀਂ ਸਕਦੀ ਅਗਲੇ ਦਰ ਤੇ ਦੇ ਲੈ ਦਸਤਕ ਅਗਲੇ ਘਰ ਦਾ ਦਰ ਖੜਕਾ ਲੈ ! ..... ....... ........ ......!" "ਹੋਰ ਤਾਂ ਮੈਂ ਹੁਣ ਕਿਹੜਾ ਲੱਭਾਂ ? ਮੈਂ ਕਿਧਰੇ ਨਹੀਂ ਜਾਣਾ ਅੜੀਏ ! ਏਸੇ ਦਰ 'ਤੇ ਰਾਤ ਕਟਾਂਗਾ। ਏਸੇ ਘਰ 'ਤੇ ਹੱਕ ਹੈ ਮੇਰਾ । ਝਕ ਨਾ ਤੂੰ ਅੰਦਰ ਨਹੀਂ ਆਉਂਦਾ ।” ..... ....... ........ ...... “ਨਾ ਬੀਬਾ, ਮੇਰੇ ਸਿਰ ਨਾ ਚੜ੍ਹ !" ਉਹ ਰਾਹੀ ਕਿੱਟ ਲਾਹ ਚੁੱਕਾ ਸੀ ਉਸੇ ਹੀ ਬੂਹੇ ਦੇ ਅੱਗੇ ਤੇ ਦਰ ਨਾਲੇ ਟੇਕ ਲਗਾਈ ਵਿਚ ਹੁਲਾਰੇ ਸਿਰ ਸੁੱਟੀ, ਤੇ ਮਸਤੀ ਜਹੀ ਵਿਚ ਬਾਂਹ ਲਮਕਾਈ, ਪੈਰ ਪਸਾਰੀ ਹੱਥ ਖਿਲਾਰੀ, ਮੁਗਧ ਜਿਹਾ ਹੋ ਕੇ ਉਹ ਰਾਹੀ ਠੰਡ ਤੋਂ ਬੇ-ਪਰਵਾਹ ਪਿਆ ਸੀ। ..... ....... ........ ..... ਘਰ ਵਾਲੀ ਨੂੰ ਤਰਸ ਆ ਗਿਆ। ਇਸ ਵਾਰੀ ਉਸ ਬਿਨਾ ਕਹਿਣ ਤੋਂ ਖੋਲ੍ਹ ਕੇ ਬੂਹਾ ਕਹਿ ਹੀ ਦਿੱਤਾ : “ਨਹੀਂ, ਨਹੀਂ, ਨਹੀਂ ਜੀ ! ਏਦਾਂ ਨਾ ਕਰੋ; ਅੰਦਰ ਆ ਜੋ ਠੰਡ ਲੱਗ ਜੇ ਗੀ !" ਰਾਹੀ ਨੇ ਸਿਰ ਚੁੱਕਿਆ ਜ਼ਿਕਰ ਕਿੱਟ ਚੁੱਕ ਕੇ ਟੁਰ ਚਲਿਆ ਹੋਵੇ । ਆ ਜਾਉ, ਠੰਡ ਲੱਗ ਜਾਏਗੀ !" ..... ....... ........ ...... ਜੱਕੋ ਤੱਕੀਂ ਘਿਰਿਆ ਰਾਹੀ ਕਿੱਟ ਚਾਈ ਅੰਦਰ ਨੂੰ ਟੁਰਿਆ ਘਰ ਵਾਲੀ 'ਤੇ ਮਸਤ ਜਿਹੀ ਮੁਸਕਾਣ ਧੂੜਦਾ ਦਾਰੂ ਨਾਲ ਧੁਆਂਖਿਆ ਚਿਹਰਾ, ਦੋ-ਚਿੱਤੀ ਜਿਹੀ ਵਿਚ ਡੋਬੀ ਕਿੱਟ ਨੂੰ ਥਾਂ ਸਿਰ ਰਖਦੇ ਮੰਜੇ ਤੇ ਆ ਬੈਠਾ ! ..... ....... ........ ...... ਲਾਹ ਕੇ ਬੂਟ ਪੱਟੀ ਤੇ ਪਗੜੀ ਢੋਹ ਲਾਂਦਾ ਹੀ ਬੈਠ ਗਿਆ ਉਹ। ਮੂੰਹ ਘਰ ਵਾਲੀ ਦਾ ਅਧਖੁੱਲ੍ਹਾ ਰਿਹਾ ਵੇਖਦਾ .... ਰਿਹਾ ਵੇਖਦਾ ! ਉਹ ਵੀ ਉਸ ਨੂੰ ਵੇਖ ਰਹੀ ਸੀ ਜਿਉਂ ਕੁਝ ਕੁਝ ਪਹਿਚਾਣਦੀ ਹੋਵੇ ਖ਼ਬਰੇ ਕਾਹਤੋਂ ਮਸਤ ਜਹੀ-- ਦਿਲ ਵਿਚੋਂ, ਅੱਖਾਂ ਦੇ ਵਿਚੋਂ, ਬੇਕਾਬੂ ਮੁਸਕਾਣਾ ਛੰਡਦੀ, ਇਸ ਰਾਹੀਂ ਦੇ ਚਿਹਰੇ ਵਿਚੋਂ ਕਈ ਕੁਝ ਲਭਦੀ ਜਾਪੀ! ਰਾਹੀ ਦੀ ਅਧ-ਖਚਰੀ ਮੁਸਕਾਣ ਘਰਵਾਲੀ ਦੇ ਅਧਖੜ ਭੋਲੇਪਨ 'ਤੇ ਟਿਕੀ ਰਹੀ, ਟਿਕੀ ਹੀ ਰਹੀ . . .! ਉਹ ਸੋਚੀਂ ਪੈ ਗਈ... ਇਹ ਕੇਹੋ ਜਿਹਾ ਬੰਦਾ ਏ ! ਅਨਜਾਣੂ ਹੋਕੇ ਵੀ ਇਹ ਤਾਂ ਵਾਕਫ਼ ਵਾਕਫ਼ ਲਗਦਾ ਏ ! ਚੁੱਪ ਤੋੜਕੇ, ਆਖ਼ਰ ਬੋਲੀ : "’ਜੇਹੀ ਠੰਡ ਵਿਚ ਕਿਥੋਂ ਆਇਐਂ ? ਅੱਜ ਤਾਂ ਪਿੰਡਾ ਜੰਮਦਾ ਜਾਂਦੈ ! ..... ....... ........ ......! ਚਲ, ਚੁੱਲ੍ਹੇ ਕੋਲ ਨਿੱਘਾ ਹੋ ਲੈ।” ਉਸ ਉਹਨੂੰ ਚਾਹ ਚ ਕਰ ਦਿਤੀ, ਖਾਣਾ ਦਿਤਾ, ਬਿਸਤਰ ਦਿੱਤਾ; ਕਮਰੇ ਨੂੰ ਨਿੱਘਾ ਰੱਖਣ ਲਈ ਅੰਗੀਠੀ ਮੰਜੇ ਕੋਲ ਧਰ ਗਈ । ਬਿਸਤਰ ਵਿਚ ਪਏ ਬੇਗਾਨੇ ਕੋਲ ਪੀੜ੍ਹਾ ਝਾੜ ਕੇ ਉਹਦੇ ਸਰ੍ਹਾਣੇ, ਆਪਣਿਆਂ ਦੇ ਵਾਂਗਰ ਬਹਿ ਗਈ। ਪਤਾ ਨਹੀਂ ਉਹ ਉਹਨੂੰ ਕਿਉਂ ਪਿਆ ਚੰਗਾ ਚੰਗਾ ਲਗਦਾ ਸੀ ? ਗੱਲਾਂ ਗੱਲਾਂ ਦੇ ਵਿਚ ਹੀ ਉਹ ਰਚ ਮਿਚ ਗਏ ਸਨ ਆਪਸ ਦੇ ਵਿਚ ਜਿਵੇਂ ਕਿਤੇ ਉਹ ਵਾਕਫ਼ ਹੋਵਣ ਇਕ ਦੂਜੇ ਦੇ ਚੋਖੇ ਚਿਰ ਤੋਂ । ਘਰ ਵਾਲੀ ਨੂੰ ਵਰ੍ਹਿਆਂ ਬਾਦ ਅਜ ਲੱਗਾ ਸੀ ਕੋਈ ਚੰਗਾ ਚੰਗਾ । ਬਰੂਦ ਨਾਲ ਧੁਆਂਖਿਆ ਚਿਹਰਾ ਨਿਰਛਲ ਅੱਖਾਂ, ਨਿਰਮਲ ਧਿਆਨ, ਉਹੋ ਹੇਜਲੀ ਜਹੀ ਮੁਸਕਾਣ, ਉਹ ਉਹਦੇ ਤੇ ਮਸਤ ਹੋ ਹੋ ਗਈ। ਸਾਰੀ ਰਾਤ ਪੀੜ੍ਹੇ ਤੇ ਬੈਠੀ, ਗੱਲਾਂ ਕਰਦੀ, ਜਾਗਦਿਆਂ ਵੀ ਸੁੱਤਿਆਂ ਨਾਲੋਂ ਵਧ ਕੇ ਸੁਖ ਵਿਚ ਮਸਤ ਜਹੀ ਉਹ ਹੋ ਹੋ ਗਈ ! ..... ....... ........ ..... ਪਹੁ ਫੁੱਟਣ ਤੋਂ ਕੁਝ ਚਿਰ ਪਹਿਲਾਂ ਘਰ ਵਾਲੀ ਦਾ ਥੱਕਿਆ ਚਿਹਰਾ ਇਕ ਤਾਜ਼ਾ ਜਹੀ ਮਸਤੀ ਦੇ ਵਿਚ ਸ਼ਾਂਤ, ਅਡੋਲ, ਅਬੋਲ ਪਿਆ ਸੀ । ਦਿਲ ਵਿਚ ਕੋਈ ਅਚੰਭਾ ਲੈ ਕੇ ਉਹ ਰਾਹੀ ਦੇ ਮੋਢੇ ਉਤੇ ਮਿੱਠੀ ਨੀਂਦਰ ਮਾਨ ਰਹੀ ਸੀ । ..... ....... ........ ..... ਤੇ ਫੌਜੀ ਨੂੰ ਘਰ ਵਾਲੀ ਦਾ ਬਿਰਹੋਂ ਵਿਚ ਤਿਊੜਿਆ ਹੋਇਆ ਵਰ੍ਹਿਆਂ ਦੇ ਹਿਜਰਾਂ ਦੇ ਪਿਛੋਂ ਗੂੜ੍ਹੀ ਨੀਂਦਰ ਮਾਣਦਾ ਚਿਹਰਾ ਆਪਣੇ ਹੀ ਮੋਢੇ 'ਤੇ ਟਿਕਿਆ ਵੀ ਬੇਵਫ਼ਾ ਜਿਹਾ ਜਾਪਿਆ ! ਤੇ ਉਹ ਤ੍ਰਭਕ ਗਿਆ ... ! ਨੀਂਦ ਨੀਂਦ ਵਿਚ ਬੋਲਣ ਲਗ ਪਈ ਸੁੱਤ-ਉਨੀਂਦੀ ਕਮਲੀ ਫੌਜਣ ਗੀਤ ਜਿਹਾ ਇਕ ਰੋਲਣ ਲਗ ਪਈ । "ਉਸ ਰਾਹੋਂ ਬਲਿਹਾਰ ਵੇ ਰਾਹੀਆ ਜਿਨ੍ਹਾਂ 'ਤੇ ਚਲ ਏਥੇ ਆਇਉਂ !" ਤੇ ਰਾਹੀ ਨੂੰ ਆਪਣੇ ਨਾਲ ਈ ਸੁੱਤ ਉਨੀਂਦੀ ਘੁੱਟ ਲਿਆ ਤੇ ਧੜਕਦੀ ਹਿੱਕ ਨਾਲ ਲਾ ਲੀਤਾ ਉਸ। ..... ....... ........ ..... ਫੇਰ ਜਿਵੇਂ ਕੋਈ ਜਾਗੋ ਮੀਟੀਂ ਗੱਲਾਂ ਕਰਦੈ, ਉਹ ਮਸਤ ਜਹੀ, ਨਾਜ਼ ਭਰੀ, ਬੋਲ ਪਈ : “ 'ਜਿਹੀ ਤਰੇਲੀ ਚਾਨਣੀ ਦੇ ਵਿਚ ਮੇਰਾ ਅੰਦਰਲਾ ਬਲ ਉਠਦੈ । ਵੇ ਮੈਂ ਸਾਰੀ ਸਾਰੀ ਰਾਤ, ਚੰਨ ਦੀ ਠਰੀ ਚਾਨਣੀ ਥੱਲੇ ਠਰੀ ਠਰੀ, ਡਰੀ ਡਰੀ, ਮਰੀ ਮਰੀ ਕੱਲੀ ਹੀ ਵਿਹੜੇ ਵਿਚ ਸੌ ਪਾਂ ਕਿਸੇ ਦੇ ਦਸਤਕ ਦੀਆ ਬਿੜਕਾਂ ਵੇ ਮੈਂ ਲੈ ਲੈ ਰਾਤਾਂ ਕੱਟੀਆਂ । ਹਵਾ ਦਾ ਬੁੱਲਾ, ਨਾਰਦ ਭੈੜਾ, ਬਾਰ ਹਿਲਾ ਜਾਂਦਾ ਤੇ ਮੈਨੂੰ ਸਦਾ ਜਗਾ ਜਾਂਦਾ ਸੀ, ਭਾਵੇਂ ਮੈਨੂੰ ਪੂਰਾ ਪਤਾ ਸੀ ਹੁੰਦਾ ਕਿ ਤੂੰ ਨਹੀਂ ਸੈਂ, ਤੂੰ ਨਹੀਂ ਮੈਂ ਇਹ ਫਿਰ ਵੀ ਤਾਂ ਮੈਂ ਕਹਿ ਛਡਦੀ ਸਾਂ : ਕੌਣ ਏਂ ਜੀ, ਬੂਹੇ 'ਤੇ ਕੌਣ ਏਂ ? ਏਸ ਤਰ੍ਹਾਂ ਹੀ ਕਈ ਕਈ ਵਾਰੀ ਉੱਠ ਉੱਠ ਬਹਿੰਦੀ ਹਿਜਰਾਂ ਮਾਰੀ ਕੌਣ ਐਂ, ਕੌਣ ਐਂ ਜੀ ਕਹਿ ਕਹਿ ਕੇ, ਛਿੱਥੀ ਪਈ ਉਡੀਕ ਆਪਣੀ ਨੂੰ ਬਾਲਾਂ ਵਾਂਗਰ ਰਹੀ ਵਰਚਾਂਦੀ ! ਮੈਂ ਬਾਰੀ ਦੀ ਝੀਤ ਦੇ ਵਿਚੋਂ ਗਲੀ ਦੀ ਚੁੱਪ ਨੂੰ ਝਾਤ ਮਾਰ ਕੇ ਕੋਈ ਬਿਰਹੜਾ ਚਾ ਕੁਰਲਾਂਵਦੀ । ਵਿਹੜੇ ਵਾਲੇ ਮੌਲਸਰੀ ਦੇ ਬੂਟੇ ਥੱਲੇ ਹਵਾ ਛੇੜਦੀ ਸੁੱਕੇ ਪੱਤੇ, ਮੇਰੇ ਅੰਦਰ ਕੋਈ ਗੀਤ ਕੂੰਦ ਜਾਂਦਾ ਹਵਾ ਜਗਾ ਜਾਂਦੀ ਪੱਤਿਆਂ ਨੂੰ, ਨ੍ਹੇਰੇ ਦੇ ਵਿਚ ਕਿਸੇ ਦੇ ਕਦਮਾਂ ਦੀ ਮਿੱਠੀ ਜਹੀ ਬਿੜਕ ਵਾਂਗ ਸਾਡੇ ਭਾ ਦਾ ਦਿਨ ਚੜ੍ਹ ਜਾਂਦਾ । ਜਿਵੇਂ ਤੂੰ ਸੱਚੀਂ ਆ ਗਿਆ ਹੋਵੇਂ । ਸੁੱਤੀ ਪਈ ਹੀ ਮੈਂ ਖਿੜ ਜਾਂਦੀ ਤ੍ਰਭਕੀ ਦੀ ਜਦ ਅੱਖ ਫਿਰ ਖੁੱਲ੍ਹਦੀ ਵਿਹੜੇ ਦੀ 'ਕੱਲ ਖਾਣ ਨੂੰ ਪੈਂਦੀ । ਮੈਂ ਨ੍ਹੇਰੇ ਨੂੰ ਘੂਰਦੀ ਰਹਿੰਦੀ, ਸਿਰ ਚੋਂ ਚੰਗਿਆੜੇ ਜਿਹੇ ਉੱਠਦੇ, ਅੱਖਾਂ ਸਾਹਵੇਂ ਲਾਟਾਂ ਬਲਦੀਆਂ, ਲੰਮੇ ਲੰਮੇ ਸਾਹਾਂ ਰਾਹੀਂ ਉਹਨਾਂ ਮੈਂ ਉੱਡਦੀ ਅੱਗ ਅੰਦਰ ਖਿਚਦੀ। ਤਾਰੇ ਨਿਰੇ ਟਟਹਿਣੇ ਜਾਪਣ ਚੰਨ ਡੁੱਬਣ ਦੀ ਕਾਲੋਂ ਦੇ ਵਿਚ । ਇਸ ਹਾਲਤ ਵਿਚ ਤੇਰਾ ਚਿਹਰਾ ਅੱਖਾਂ ਸਾਹਵੇਂ ਫਿਰਦਾ ਦਿਸਦਾ । ਦਿਲ ਨੂੰ ਹੌਂਸਲਾ ਜਿਹਾ ਹੋ ਜਾਂਦਾ ਕਿ ਮੈਂ ਕੱਲੀ ਨਹੀਂ ਹਾਂ ਘਰ ਵਿਚ । ਫਿਰ ਤਾਰੇ, ਤਾਰੇ ਹੀ ਦਿਸਣ ਲੱਗ ਪੈਂਦੇ ਤੇ ਤਾਰਿਆਂ ਭਰਿਆ ਨਿੰਬਲ ਆਪਣੀ ਥਾਂ 'ਤੇ ਦੂਰ, ਬਹੁਤ ਦੂਰ ਬਹੁਤ ਦੂਰ ਕਿਤੇ ਮੇਰੇ ਸਿਰ ਤੋਂ ਬੜਾ ਹੀ ਉੱਚਾ ਫਿਰ ਹੱਸਣ ਜਿਹਾ ਲਗ ਪੈਂਦਾ ਮੇਰੇ ਦਿਲ 'ਚੋਂ ਗੀਤ ਫੁੱਟਣ ਲਗ ਪੈਂਦੇ, ਤੇ ਮੈਂ ਓਦਰੀ ਹੋਈ ਸਾਰੀ ਸਾਰੀ ਰਾਤ ਬਲ ਬਲ ਕੇ ਥੱਕਿਆ ਪਿਆ ਦੀਵਾ ਤਲੀ 'ਤੇ ਰੱਖੀ, ਉਹਨੂੰ ਵਿੰਹਦੀ, ਨਾਲੇ ਵਿੰਹਦੀ ਨ੍ਹੇਰੇ ਦੀ ਬੁੱਕਲ 'ਚੋਂ ਚਿਰੋਂ ਵਿਛੁੰਨੇ ਚੰਨੋ ਦਾ ਰਾਹ । ਨ੍ਹੇਰੇ 'ਚੋਂ ਆਕਾਰ ਉਭਰਦੇ ਤੇਰੀ ਉਸੇ ਖੀਵੀ ਅੱਖ ਦੇ ਜਿਸ ਨੇ ਮੈਨੂੰ ਡੋਲੀ ਅੰਦਰੋਂ ਤਕਦੀ ਨੂੰ ਵੀ ਤਾੜ ਲਿਆ ਸੀ। ਮੈਂ ਸ਼ਰਮਾ ਕੇ, ਦੀਵਾ ਬਾਰੀ ਵਿਚ ਟਿਕਾ ਕੇ, ਗੌਂਦੀ ਗੌਂਦੀ ਮੰਜੇ ਉਤੇ ਜਾ ਪੈਂਦੀ ..... ....... ........ .....! “ਮੈਂਨੂੰ ਵੇਖਦਿਆਂ ਆਪਣੇ ਵਲ ਮਾਹੀ ਮੇਰੇ ਵੇਖ ਲਿਆ । ਮੈਂ ਹੋਰ ਹੋਰ ਗਈ ਹੋ ਅਸਮਾਨਾਂ ਵਿਚ ਖਿਲਰੀ ਨੀ ਮੇਰੀ ਮਾਹੀ ਦੀ ਖ਼ੁਸ਼ਬੋ ਤਾਰਿਆਂ ਦਾ ਰੰਗ ਫਿੱਕਾ ਫਿੱਕਾ ਭੋਰ ਭੋਰ ਗਈ ਹੋ......! ਮੈਨੂੰ ਵੇਖਦਿਆਂ ਆਪਣੇ ਵਲ ਮਾਹੀ ਮੇਰੇ ਵੇਖ ਲਿਆ ਗਈ ਲੋਰ ਲੋਰ ਜਹੀ ਆ ! ਮੈਂ ਹੋਰ ਹੋਰ ਗਈ ਹੋ-! ..... ....... ........ .....! ਇਸ ਜਾਗੋ-ਮੀਟੇ ਸੁਪਨ-ਗੀਤ ਵਿਚ ਘਰ ਵਾਲੀ ਦੀ ਜਾਗ ਖੁੱਲ੍ਹ ਗਈ । ਫੌਜੀ ਦੀ ਹਿੱਕ 'ਤੇ ਸਿਰ ਸੁੱਟੀ, ਸੁਪਨੇ ਵਿਚ ਉਹਨੂੰ ਆਪਣਾ ਸਮਝੀ ਲਟਬੌਰੀ ਜਹੀ ਪੁਛਦੀ ਸੁਪਨੇ ਵਿਚ ਹੀ “ਤੂੰ ਏਨਾ ਚਿਰ ਕਿੱਥੇ ਲਾਇਆ, ਹਾਣੀਆਂ ? ਪਿਆਰ ਤਾਂ ਭਲਾ ਨਾ ਹੀ ਸਹੀ ਵੇ, ਤਰਸ ਨਾ ਆਇਆ ਤੈਨੂੰ, ਮੇਰੇ ਹਾਣੀਆ ? ਵੇ ਤੂੰ ਏਨਾ ਵੀ ਨਾ ਸੋਚਿਆ, ਕਿ ਕੋਈ ਤੇਰੇ ਪਿੱਛੇ ਹੋਸੀ ਠਰੀ ਚਾਨਣੀ ਵਿਚ ਵੀ ਬਲ ਬਲ ਉੱਠਦਾ; ਵੇ ਤਾਰੇ ਉਹਦੀਆਂ ਰਾਤਾਂ ਨੂੰ ਚੰਗਿਆੜੇ ਬਨ ਬਨ ਲੂੰਹਦੇ ਹੋਸਣ । ਮੈਂ ਰੱਬ ਤੋਂ ਖੰਭ ਮੰਗਦੀ ਮੰਗਦੀ ਰੋਜ਼ ਕਿਸੇ ਖੰਭ ਟੁੱਟੇ ਪੰਛੀ ਵਾਂਗਰ ਠੰਡੇ ਬਿਸਤਰ ਉੱਤੇ ਹਿਜਰ ਤੇਰੇ ਦੇ ਤਾਪ 'ਚ ਤਪਦੀ ਠੰਡੀ ਹੋ ਹੋ ਜਾਨੀ ਆਂ ਵੇ !!" ..... ....... ........ .... "ਚੰਨ ਆਪਣੇ ਵਕਤ ਨਾਲ ਡੁੱਬ ਜਾਂਦਾ ਤਾਰੇ ਘੜੀ ਕੁ ਮੱਚ ਖਲੋਂਦੇ : ..... ....... ........ .... ਏਦਾਂ ਅੱਖਾਂ ਵਿਚ ਹੀ ਰਾਤਾਂ ਕਟਦੀਆਂ ਤੇ ਪਰਭਾਤਾਂ ਹੋ ਹੋ ਗਈਆਂ । ਦਿਨ ਚੜ੍ਹਦੇ ਤਕ ਸੁੱਤੀ ਪਈ ਨੂੰ ਕੋਈ ਗਵਾਂਢਣ ਕੋਠੇ ਤੋਂ ਹੀ ਹਾਕ ਮਾਰ ਕੇ ਤਰਾਹ ਕਢ ਛਡਦੀ ! ..... ....... ........ ....!" ਤੇ ਘਰ ਵਾਲੀ ਪਈ ਪਈ ਦਾ ਸੱਚੀਂ ਹੀ ਤਰਾਹ ਨਿਕਲ ਗਿਆ । ਕਿਸੇ ਪਛਾਣੇ ਹੱਥ ਦੀ ਛੁਹ ਨੇ ਉਹਦੀ ਗੱਲ੍ਹ 'ਤੇ ਥਪਕੀ ਦਿਤੀ : ਉਹ ਫਿਰ ਸੌਂ ਗਈ ਨੀਂਦ ਵਿਗੁੱਤੀ । ਵਰ੍ਹਿਆਂ ਦੇ ਫਿਕਰਾਂ ਤੋਂ ਪਿਛੋਂ ਬੇਫ਼ਿਕਰੀ ਵਿਚ ਸੁੱਤੀ ਹੋਈ ਸੁੰਦਰਤਾ ਨੂੰ ਮਸਤ ਵੇਖ ਕੇ ਉਸ ਰਾਹੀ ਨੂੰ ਤਰਸ ਤਾਂ ਆਵੇ ਪਰ ਪਲ ਵਿਚ ਹੀ ਮੱਥਾ ਉਹਦਾ ਤਿਊੜੀ ਪਾਵੇ, ਵੱਟਿਆ ਜਾਵੇ ! ..... ....... ........ ....! ਆਖ਼ਰ ਉਹ ਵਿਲ ਡਾਢਾ ਕਰਕੇ, ਮੱਲਕ ਮੁੱਲਕ ਆਪਣੇ ਥਾਂ ਤੋਂ ਰਤਾ ਕੁ ਲਾਂਭੇ ਖਿਸਕ ਗਿਆ । ਆਪਣੀ ਹਿੱਕ ਦੀ ਥਾਂ 'ਤੇ ਉਸ ਨੇ ਇਕ ਸਰ੍ਹਾਣਾ ਰੱਖ ਲਿੱਤਾ ਤੇ ਮੰਜੇ ਤੋਂ ਉਠ ਹੌਲੀ ਹੌਲੀ ਬੂਹੇ ਵਲ ਨੂੰ ਸਰਕ ਗਿਆ । ..... ....... ........ ....! ਬੇਫ਼ਿਕਰੀ ਵਿਚ ਸੁੱਤੀ ਛੱਡ ਕੇ ਕੋਈ ਘਰ ਵਾਲੀ ਨੂੰ ਵਿੰਹਦਾ ਵਿੰਹਦਾ ਬਾਹਰ ਵਲ ਨੂੰ ਨਿਕਲ ਗਿਆ... ਓਸ ਨਹੀਂ ਤੇ--? ਤੇ--? ਤੇ ਫਿਰ ਕਦੀ ਨਾ ਮੁੜਿਆ ! ..... ....... ........ ....!! ਚੰਗੇ ਦਿਨ ਉੱਭਰੇ ਉਹ ਉੱਠੀ, ਘਬਰਾਈ, ਕੰਬੀ, ਘਬਰਾਈ “ਹਾਏ, ਮੈਂ ਕੀਤਾ ? ਇਕ ਬੇਗਾਨੇ ਬੰਦੇ ਦੇ ਸੰਗ, ਇਕ ਬੇਗਾਨੇ ਮੋਢੇ ਉੱਤੇ, ਸਿਰ ਕਿਉਂ ਮੈਂ ਧਰ ਲੀਤਾ !? ..... ....... ........ ....! ਮੈਂ ਪਾਪਣ ਹਾਂ, ਅਪਰਾਧਨ ਹਾਂ ਕੀ ਮੈਂ ਸੱਚ ਮੁਚ ਮੈਲੀ ਹਾਂ ਹੁਣ ? ਕੀ ਮੈਂ ਸੱਚ ਮੁੱਚ ਪਾਪਨ ਹੀ ਹਾਂ ? ..... ....... ........ ....! ਇਸ ‘ਪਾਪਨ' ਨੇ ਕਈ ਦਿਨ ਪਿਛੋਂ ਅੰਨ ਪਾਣੀ ਨੂੰ ਮੂੰਹ ਨਾ ਲਾਇਆ । ਇਕ ਦਿਨ ਉਸ ਭੁੱਖੀ ਕਮਲੀ ਨੇ ਹੋਰ ਪਾਪ ਦਾ ਕੀਤਾ ਨੁੱਕਰੇ ਟਿਕਿਆ ਕਿੱਟ ਫ਼ੌਜੀ ਦਾ ਹਿੰਮਤ ਕਰਕੇ, ਚੋਰਾਂ ਵਾਂਗਰ ਲਾਂਭੇ ਚਾਂਭੇ ਝਾਕ ਝਾਕ ਕੇ ਖੋਲ੍ਹ ਲਿਆ । ਫੋਲਾ ਫਾਲੀ ਕਰਦਿਆਂ ਕਿੱਟ ਚੋਂ ਆਪਣੇ ਹੱਥ ਦਾ ਕਢਿਆ ਹੋਇਆ ਸੁੱਚਾ ਇਕ ਰੁਮਾਲ ਨਿਕਲਿਆ, ਜਿਸ 'ਤੇ ਉਸ ਨੇ ਭਰ ਜੁਆਨੀ ਵਿਚ ਆਪਣੇ ਹੱਥੀਂ ਆਪਣੇ ਦਿਲ ਦੀ ਨਿੱਕੀ ਜਹੀ ਮੂਰਤ ਕੱਢੀ ਸੀ— ਲਾਮ 'ਤੇ ਜਾਂਦੇ ਗਭਰੂ ਨੂੰ ਜੋ ਪਿਆਰ ਨਿਸ਼ਾਨੀ ਦਿਤੀ ਸੀ : "ਲੈ ਜਾ ਨਾਲ ਨਿਸ਼ਾਨੀ ਸਾਡੀ, ਇਕ ਜਨਮ ਤਾਂ ਤੇਰੇ ਲੇਖੇ ਲਾਇਆ ਏ ਨੌਕਰਾ !'' ..... ....... ........ ....! ਕਿੱਟ ਖੁੱਲ੍ਹੇ ਤੇ ਕੋਲੇ ਬੈਠੀ, ਬੈਠੀ ਦੀ ਬੈਠੀ ਹੀ ਰਹਿ ਗਈ । ..... ....... ........ ....! ਕਈ ਵਰ੍ਹੇ ਹੋਰ ਗੁਜ਼ਰ ਗਏ ਨੇ, ਉਹਨੂੰ ਮੁੜ ਕੇ ਗਏ ਨੂੰ ਹਾਲੀ ਤਕ ਨਹੀਂ ਪਰਤਿਆ ਘਰ ਵਾਲੀ ਦਾ ਘਰ ਵਾਲਾ ! ਕੁਲਟਾਪਨ ਕੀ ਏਡਾ ਵੱਡਾ ਪਾਪ ਹੈ, ਜਿਸਦਾ ਕੋਈ ਜੀਵਨ ਸਾਥੀ ਆਪਣਾ ਵੀ ਮਾਫ਼ੀ ਤਕ ਦੇ ਸਕੇ ਨਾ ?! ਪਿਆਰ ਤਾਂ ਭਲਾ ਨਾ ਹੀ ਸਹੀ। ..... ....... ........ ....। ਘਰ ਵਾਲੀ ਇਹ ਸੋਚ ਸੋਚ ਕੇ ਕਮਲੀ ਹੋ ਹੋ ਜਾਂਦੀ ਪਈ ਏ : ਕਬਜ਼ਿਆਂ ਕਮਲੇ ਕੀਤੇ ਲੋਕੀਂ ਇਸ ਕਮਲੀ ਨੂੰ ਛੇੜ ਛੇੜ ਕੇ ‘ਜੀਂਦੀ ਸਤੀ' ਬੁਲਾਂਦੇ ਨੇ ! ਕਬਜ਼ਾ ਹੀ ਤ੍ਰਿਪਤਾਂਦੇ ਨੇ !! (ਕਮਲੀ ਫ਼ੌਜਣ ਵਿਆਕੁਲ ਹੋਈ ਗੀਤ ਜਿਹਾ ਹੈ ਗਾਂਦੀ ਰਹਿੰਦੀ : ) ਗੀਤ ਸਾਰੀ ਰਾਤ ਲਵੇ ਬਿੜਕਾਂ (ਵੇ) ਮੇਰੀ ਆਸ ਪਈ ਅਧਮੋਈ ਖੋਲ੍ਹਾਂ ਨਾ ਮੈਂ ਅੱਖ ਡਰਦੀ ਮਤੇ ਸੁਪਨਾ ਟੁੱਟ ਜਾਏ ਕੋਈ ! ਕੱਚ ਮੋਤੀ ਅੱਖ ਕੇਰਦੀ (ਵੇ) ਜਦੋਂ ਚੱਲਦੀ ਨਜ਼ਰ ਦੀ ਨੌਕਾ : ਨਿੱਤ ਤੇਰੇ ਵੱਲ ਭੱਜਦਾ ਮੇਰੀ ਗਿੱਲੀਆਂ ਅੱਖਾਂ ਦਾ ਹਉਕਾ। ਠਰਦੀ ਹਵਾ ਨੂੰ ਚੁੰਮ ਕੇ ਮੇਰੀ ਪਲ ਪਲ ਅੱਖੜੀ ਰੋਈ ! ਸਾਰੀ ਰਾਤ ਲਵੇਂ ਬਿੜਕਾਂ, ਵੇ ..... ....... ........ ....! ਨੈਣਾਂ ਦੇ ਦੁਆਰੇ ਆਣ ਕੇ (ਅਸਾਂ) ਸੱਧਰਾਂ ਦਾ ਸੀਸ ਨਿਵਾਇਆ : ਸੁਪਨੇ 'ਚ ਜਿੱਤ ਲੈ ਗਿਆ (ਜਿਹੜਾ) ਦਿਲ ਸੀ ਦਰਦ ਪਰਨਾਇਆ ਹੱਸਦੇ ਨੇ ਫੁੱਲ ਕੇਰਿਆਂ (ਵੇਂ ਮੈਂ) ਬਿਨ ਮੌਤੋਂ ਹੀ ਮੋਈ ! ਸਾਰੀ ਰਾਤ ਲਵੇ ਬਿੜਕਾਂ, ਵੇ ..... ....... ........ ....! ਨਿੱਤ ਨਿੱਤ ਅੱਖਾਂ ਬੋਲ ਦੇਂਦੀਆਂ ਵੇ ਮੇਰੇ ਗੁੰਗਿਆਂ ਦੁੱਖਾਂ ਦੇ ਹਾੜੇ ਤੱ ਤਾ ਤੱਤਾ ਨੀਰ ਡੁੱਲ੍ਹਦਾ (ਜਿਹੜਾ) ਨਿਤ ਮੁਸਕਾਣਾ ਸਾੜੇ ਠੰਡੀ ਠੰਡੀ ਪੈਂਦੀ ਜਾਪਦੀ (ਵੇ) ਮੇਰੀ ਲੱਗੀਆਂ ਅੱਖਾਂ ਦੀ ਲੋਈ ! ਸਾਰੀ ਰਾਤ ਲਵੇਂ ਬਿੜਕਾਂ, ਵੇ ..... ....... ........ ....! ਸਾਰੀ ਰਾਤ ਦੀਵਾ ਬਲਦਾ (ਜਿੰਦ) ਵਿੱਚ ਵੇ ਉਡੀਕਾਂ ਸੋਈ : ਭਿੱਜੀ ਰਾਤ ਕੱਢੇ ਤਰਲੇ (ਵੇ ਪਰ) ਫੁੱਲ ਖਿੜਦਾ ਨਾ ਕੋਈ ! ਚੜ੍ਹਕੇ ਕਿਉਂ ਚੰਨ ਡੁੱਬਿਆ (ਸਾਥੋਂ) ਕੀ ਵੇ ਅਵੱਗਿਆ ਹੋਈ ? ਸਾਰੀ ਰਾਤ ਲਵੇ ਬਿੜਕਾਂ ਵੇ ਮੇਰੀ ਆਸ ਪਈ ਅਧਮੋਈ । ਡਰਦੀ ਨਾ ਅੱਖ ਖ਼ੋਲ੍ਹਦੀ (ਮਤੇ) ਸੁਪਨਾ ਟੁੱਟ ਪਏ ਕੋਈ !!

  • ਮੁੱਖ ਪੰਨਾ : ਕਾਵਿ ਰਚਨਾਵਾਂ, ਪ੍ਰੋਃ ਦੀਦਾਰ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ