Faiz Ul Hasan Nasir
ਫ਼ੈਜ਼ੁਲ ਹਸਨ ਨਾਸਿਰ

ਨਾਂ-ਫ਼ੈਜ਼ੁਲ ਹਸਨ ਨਾਸਿਰ, ਕਲਮੀ ਨਾਂ-ਨਾਸਿਰ,
ਪਿਤਾ ਦਾ ਨਾਂ-ਮੁਹੰਮਦ ਅਬਦੁਲ ਲਤੀਫ਼ ਅਫ਼ਜ਼ਲ,
ਜਨਮ ਤਾਰੀਖ਼-20 ਨਵੰਬਰ 1943,
ਜਨਮ ਸਥਾਨ-ਅਫ਼ਜ਼ਲ ਮੰਜ਼ਿਲ, ਨਵੀਂ ਆਬਾਦੀ ਮਿਸਤਰੀਆਂ ਗੁਜਰਾਤ,
ਵਿੱਦਿਆ-ਬੀ.ਕਾਮ. ਆਨਰਜ਼, ਕਿੱਤਾ-ਵਪਾਰ,
ਛਪੀਆਂ ਕਿਤਾਬਾਂ-ਚਾਰ ਚੁਫ਼ੇਰੇ ਚਾਨਣ (ਪੰਜਾਬੀ ਸ਼ਾਇਰੀ), ਸ਼ੁਗਲ ਸ਼ੁਗਲ (ਪੰਜਾਬੀ ਸ਼ਾਇਰੀ), ਜ਼ੇਰ ਜ਼ਬਰ ਪੇਸ਼ (ਪੰਜਾਬੀ ਸ਼ਾਇਰੀ), ਫ਼ਰੋਗ਼ੇ ਤਗ਼ਜ਼ਲ (ਉਰਦੂ ਸ਼ਾਇਰੀ), ਜੁੰਬਸ਼ੇ ਲਬ (ਉਰਦੂ ਸ਼ਾਇਰੀ),
ਪਤਾ-ਅਫ਼ਜ਼ਲ ਮੰਜ਼ਿਲ, ਨਵੀਂ ਆਬਾਦੀ ਮਿਸਤਰੀਆਂ, ਗੁਜਰਾਤ ।

ਪੰਜਾਬੀ ਗ਼ਜ਼ਲਾਂ (ਚਾਰ ਚੁਫ਼ੇਰੇ ਚਾਨਣ 2006 ਵਿੱਚੋਂ) : ਫ਼ੈਜ਼ੁਲ ਹਸਨ ਨਾਸਿਰ

Punjabi Ghazlan (Char Chuphere Chanan 2006) : Faiz Ul Hasan Nasir'ਨਾਸਿਰ' ਇਸਰਾਂ ਖੋਇਆ ਹੋਇਆ ਲਗਦਾ ਏ

'ਨਾਸਿਰ' ਇਸਰਾਂ ਖੋਇਆ ਹੋਇਆ ਲਗਦਾ ਏ । ਜਿਸਰਾਂ ਕੋਈ ਰੋਇਆ ਹੋਇਆ ਲਗਦਾ ਏ । ਹਰ ਪੱਤੀ ਦੀ ਅੱਖ ਵਿਚ ਅੱਥਰੂ ਦਿਸਦੇ ਨੇ, ਫੁੱਲ ਇਹ ਸਜਰਾ ਖੋਇਆ ਹੋਇਆ ਲਗਦਾ ਏ । ਇਸ ਮਕਤੂਲ ਦਾ ਲਹੂ ਨਹੀਂ ਵਗਿਆ ਕਤਰਾ ਵੀ, ਨਜ਼ਰਾਂ ਨਾਲ ਇਹ ਕੋਹਿਆ ਹੋਇਆ ਲਗਦਾ ਏ । ਜਿਹੜਾ ਹੱਕ ਦੀ ਗੱਲ ਨਈਂ ਕਰਦਾ ਗੱਜ ਵੱਜ ਕੇ, ਉਹ ਜੀਅ ਸਾਨੂੰ ਮੋਇਆ ਹੋਇਆ ਲਗਦਾ ਏ । ਉਹਦੇ ਕੋਲ ਮਿਰਾ ਦਿਲ ਤੱਕ ਕੇ ਵੈਰੀ ਕਿਹਾ, ਮਾਲ ਬਿਗਾਨਾ ਢੋਇਆ ਹੋਇਆ ਲਗਦਾ ਏ । 'ਨਾਸਿਰ' ਅੱਗੇ ਉੱਠ ਉੱਠ ਸਾਨੂੰ ਮਿਲਦਾ ਸੀ, ਅੱਜ ਉਹ ਕਿਧਰੇ ਖੋਇਆ ਹੋਇਆ ਲਗਦਾ ਏ ।

ਭੂੰ-ਚੂੰ ਹੋਰਾਂ ਨੂੰ ਵਰਤਾਣਾ ਠੀਕ ਨਹੀਂ

ਭੂੰ-ਚੂੰ ਹੋਰਾਂ ਨੂੰ ਵਰਤਾਣਾ ਠੀਕ ਨਹੀਂ । ਸਾਨੂੰ ਖ਼ਾਲੀ ਜਾਮ ਥਮਾਣਾ ਠੀਕ ਨਹੀਂ । ਜਿਸ ਦਮ ਚਾਹਵੇ ਕੱਢ ਕਲੇਜਾ ਖਾ ਜਾਵੇ, ਡੈਣ ਦੇ ਕੁੱਛੜ ਬਾਲ ਚੁਕਾਣਾ ਠੀਕ ਨਹੀਂ । ਤੇਰਾ ਦੁੱਧ ਵਿਚ ਪਾਣੀ ਪਾਣਾ ਵਾਰਾ ਏ, ਪਾਣੀ ਦੇ ਵਿਚ ਦੁੱਧ ਮਿਲਾਣਾ ਠੀਕ ਨਹੀਂ । ਐਵੇਂ ਕਸਮਾਂ ਕਿਉਂ ਚੁਕਣਾ ਏਂ ਆਉਣ ਦੀਆਂ, ਲਾਰਾ ਲਾਣਾ ਝੂਠ ਚਖਾਣਾ ਠੀਕ ਨਹੀਂ । ਕਿੱਥੋਂ ਕਿੱਥੋਂ ਗੰਢਾਂ ਤੇਰੇ ਮਿਸਰੇ ਮੈਂ, ਤੇਰਾ ਸਾਰਾ ਤਾਣਾ-ਬਾਣਾ ਠੀਕ ਨਹੀਂ । ਆਪਣੇ ਗਲਮੇ ਵਿਚ ਵੀ ਬਾਅਜ਼ ਝਾਤੀ ਪਾ, ਨਿੱਤ ਲੋਕਾਂ ਦੇ ਐਬ ਗਿਣਾਨਾ ਠੀਕ ਨਹੀਂ । ਬੰਦਾ ਕੰਮ ਦਾ ਦੇਖ ਕੇ 'ਨਾਸਿਰ' ਦੇਹ ਇਸਲਾਹ, ਬੇਕਦਰਾਂ ਦਾ ਕੱਦ ਵਧਾਣਾ ਠੀਕ ਨਹੀਂ ।

ਅੱਗੇ ਜ਼ਾਲਿਮ ਹੁੰਦਾ ਸੀ ਕੋਈ

ਅੱਗੇ ਜ਼ਾਲਿਮ ਹੁੰਦਾ ਸੀ ਕੋਈ ਟਾਵਾਂ ਟਾਵਾਂ । ਸੱਜਣ ਬਣ ਕੇ ਕੋਹੰਦਾ ਸੀ ਕੋਈ ਟਾਵਾਂ ਟਾਵਾਂ । ਜੀਹਨੂੰ ਵੇਖ ਉਹਦੇ ਮੂੰਹ ਲਹੂ ਲੱਗਿਆ ਹੋਇਐ । ਅੱਗੇ ਰਾਸ਼ੀ ਹੁੰਦਾ ਸੀ ਕੋਈ ਟਾਵਾਂ ਟਾਵਾਂ । ਚੋਰੋਂ ਡਰਦਾ ਛੱਤ ਉੱਤੇ ਨਈਂ ਮੰਜੀ ਡਾਹੁੰਦਾ, ਅੱਗੇ ਅੰਦਰ ਸੌਂਦਾ ਸੀ ਕੋਈ ਟਾਵਾਂ ਟਾਵਾਂ । ਮਜ਼ਦੂਰਾਂ ਨੂੰ ਕਿਧਰੇ ਵੀ ਹੁਣ ਕੰਮ ਨਈਂ ਲੱਭਦਾ, ਅੱਗੇ ਵਿਹਲਾ ਪਹੁੰਦਾ ਸੀ ਕੋਈ ਟਾਵਾਂ ਟਾਵਾਂ । ਨਿੱਕੇ ਵੱਡੇ ਕਈ ਫਿਰਦੇ ਨੇ ਝੋਲੇ ਪਾ ਕੇ, ਅੱਗੇ ਕੂੜਾ ਢੋਂਦਾ ਸੀ ਕੋਈ ਟਾਵਾਂ ਟਾਵਾਂ । ਜੀਹਨੂੰ ਮਿਲੀਏ ਆਹਵਾਂ ਭਰਦੈ ਅੱਥਰੂ ਸੁੱਟਦੈ, ਅੱਗੇ ਰੋਂਦਾ ਧੋਂਦਾ ਸੀ ਕੋਈ ਟਾਵਾਂ ਟਾਵਾਂ । ਓਸ ਗਲੀ ਵਿਚ ਹਰ ਦਮ ਮੇਲਾ ਲੱਗਿਆ ਰਹਿੰਦੈ, ਅੱਗੇ ਰਾਹ 'ਚ ਖਲੋਂਦਾ ਸੀ ਕੋਈ ਟਾਵਾਂ ਟਾਵਾਂ । ਲੁੱਟਣ ਤੇ ਲੱਕ ਬੰਨਿਆ ਹੋਇਐ ਹਰ ਬੰਦੇ ਨੇ, 'ਨਾਸਿਰ' ਅੱਗੇ ਖੋਹੰਦਾ ਸੀ ਕੋਈ ਟਾਵਾਂ ਟਾਵਾਂ ।

ਗ਼ੈਰ ਤੁਹਾਨੂੰ ਮਿਲਦੇ ਨੇ ਕਿਉਂ

ਗ਼ੈਰ ਤੁਹਾਨੂੰ ਮਿਲਦੇ ਨੇ ਕਿਉਂ ਝੁਕ ਝੁਕ ਕੇ । ਨਾਲ ਤੁਹਾਡੇ ਬਹਿੰਦੇ ਨੇ ਕਿਉਂ ਢੁਕ-ਢੁਕ ਕੇ । ਤੇਰੇ ਹਿਜਰ 'ਚ ਤੀਲਾ ਹੋਇਆ ਸੁਕ ਸੁਕ ਕੇ, ਆ ਕੇ ਤੱਕ ਲੈ ਸਾਹ ਵੀ ਆਉਂਦੈ ਰੁਕ ਰੁਕ ਕੇ । ਅੱਜ ਅਸਮਾਨੀ ਤਾਰੇ ਨਜ਼ਰੀ ਨਹੀਂ ਆਉਂਦੇ, ਲਗਦੈ ਉਹਨੂੰ ਵਿਹੰਦੇ ਪਏ ਨੇ ਲੁਕ ਲੁਕ ਕੇ । ਜੀ ਕਰਦਾ ਏ ਛੇਤੀ ਪੈਂਡਾ ਮੁੱਕੇ ਨਾ, ਓਸ ਗਲੀ ਵਿਚ ਟੁਰਣਾ ਵਾਂ ਮੈਂ ਰੁਕ ਰੁਕ ਕੇ । 'ਨਾਸਿਰ' ਬੰਦੇ ਐਵੇਂ ਤੇ ਨਈਂ ਮੁੱਕ ਜਾਂਦੇ, ਬੰਦਿਆਂ ਨੂੰ ਗ਼ਮ ਖਾ ਜਾਂਦੇ ਨੇ ਟੁਕ ਟੁਕ ਕੇ ।

ਉਹ ਮੁੱਦਤਾਂ ਬਾਅਦ ਆਉਂਦਾ ਏ

ਉਹ ਮੁੱਦਤਾਂ ਬਾਅਦ ਆਉਂਦਾ ਏ 'ਤੇ ਦਰਸ਼ਨ ਦੇਕੇ ਨੱਸ ਜਾਂਦੈ । ਜਿਵੇਂ ਬੇਮੌਸਮਾ ਬੱਦਲ ਘੜੀ ਦੋ-ਚਾਰ ਵਸ ਜਾਂਦੈ । ਕੈੜਾ ਏ ਇਸ਼ਕ ਦਾ ਫੰਧਾ ਜਕੜ ਲੈਂਦੈ ਬੜਾ ਡਾਢਾ, ਕੁਈ ਜਿਉਂ ਕਰ ਉਪਾ ਕਰਦੈ ਉਹ ਤਿਉਂ ਤਿਉਂ ਹੋਰ ਫਸ ਜਾਂਦੈ । ਨਿਸ਼ਾਨਾ ਓਸ ਜ਼ਾਲਮ ਦਾ ਥਿੜਕਦਾ ਨਈਂ ਕਦੀ ਤੱਕਿਆ, ਬਚਾਏ ਕੋਈ ਲੱਖ ਦਿਲ ਨੂੰ ਨਜ਼ਰ ਦਾ ਤੀਰ ਧਸ ਜਾਂਦੈ । ਮੇਰੇ ਅੰਗ ਅੰਗ ਅੱਗ ਲਾਉਂਦੈ ਮੇਰੇ ਲੂੰ ਲੂੰ ਨੂੰ ਲੂਹੰਦਾ ਏ, ਉਹ ਜਦ ਮੂੰਹ ਫੇਰ ਕੇ ਲੰਘਦੈ ਮੇਰੀ ਨਸ ਨਸ ਨੂੰ ਡਸ ਜਾਂਦੈ । ਜਦੋਂ 'ਨਾਸਿਰ' ਉਹ ਨਈਂ ਦਿਸਦਾ ਤੇ ਸਾਨੂੰ ਕੁੱਝ ਨਹੀਂ ਸੁੱਝਦਾ, ਝਲਕ ਉਹਦੀ ਜੇ ਪੈ ਜਾਵੇ 'ਤੇ ਹਰ ਕੰਮ ਕਾਜ ਰਸ ਜਾਂਦੈ ।

ਸਾਨੂੰ ਸਾੜ ਕੇ ਸੀਨਾ ਹੋਇਆ ਠੰਢਾ

ਸਾਨੂੰ ਸਾੜ ਕੇ ਸੀਨਾ ਹੋਇਆ ਠੰਢਾ ਠਾਰ ਕਿਸੇ ਦਾ । ਸ਼ੁਕਰ ਏ ਸ਼ੁਕਰ ਏ ਹੌਲਾ ਹੋਇਆ ਦਿਲ ਦਾ ਭਾਰ ਕਿਸੇ ਦਾ । ਜੀਹਨੂੰ ਥਾਈਂ ਮਾਰ ਗਿਆ ਏ ਝੂਠਾ ਪਿਆਰ ਕਿਸੇ ਦਾ, ਉਹਨੇ ਸਾਰੀ ਹਿਆਤੀ ਕਰਨੈ ਕੀ ਇਤਬਾਰ ਕਿਸੇ ਦਾ । ਲਗਦੈ ਹੱਕ ਦੀ ਗੱਲ ਕੀਤੀ ਏ ਫਿਰ ਮਨਸੂਰ ਕਿਸੇ ਨੇ, ਅੱਡੀਆਂ ਚੁੱਕ ਕੇ ਰਾਹ ਤੱਕਦੀ ਏ ਫਿਰ ਅੱਜ ਦਾਰ ਕਿਸੇ ਦਾ । ਚਾਰ-ਚੁਫ਼ੇਰੇ ਚਾਨਣ ਹੋਇਆ ਹਰ ਸ਼ੈ ਲਿਸ਼ਕ ਰਹੀ ਏ, ਐਸਰਾਂ ਲਗਦੈ ਹੋਣਾ ਸਾਨੂੰ ਅੱਜ ਦੀਦਾਰ ਕਿਸੇ ਦਾ । ਉਹਦੇ ਦਰ ਦਾ ਰਸਤਾ ਭੁੱਲਿਐ ਆਪਣੇ ਘਰ ਦਾ ਮੌਕਾ, ਸਾਡੇ ਉੱਤੇ ਚੱਲਿਐ ਐਸਾ ਦੂਹਰਾ ਵਾਰ ਕਿਸੇ ਦਾ । ਫੁੱਲਾਂ ਕਲੀਆਂ ਹੱਥ ਨਈਂ ਡੱਕੇ ਉਲਟਾ ਜਸ਼ਨ ਮਨਾਇਆ, ਕੰਡਿਆਂ ਖੋਹ ਖੋਹ ਦਾਮਨ ਕੀਤੈ ਤਾਰੋ ਤਾਰ ਕਿਸੇ ਦਾ । ਵਾਅਦਾ ਕਰਕੇ ਕੋਈ ਭੁੱਲ ਜਾਂਦੈ ਮੁੜ ਨਈਂ ਫੇਰਾ ਪਾਉਂਦਾ, ਭੂੰ-ਚੂੰ ਮੈਨੂੰ ਪਿਆ ਤੜਪਾਂਦੈ ਕੌਲ ਕਰਾਰ ਕਿਸੇ ਦਾ । 'ਨਾਸਿਰ' ਮੈਨੂੰ ਖ਼ਿਦਮਤ ਕਰਕੇ ਮਿਲਦੈ ਚੈਨ ਹਮੇਸ਼, ਹੌਲਾ ਫੁੱਲ ਮੈਂ ਹੋ ਜਾਨਾਂ ਵਾਂ ਚਾ ਕੇ ਭਾਰ ਕਿਸੇ ਦਾ ।

ਜੀਹਨੇ ਸਾਨੂੰ ਦੋ ਦੋ ਹੱਥੀਂ ਲੁੱਟਿਆ

ਜੀਹਨੇ ਸਾਨੂੰ ਦੋ ਦੋ ਹੱਥੀਂ ਲੁੱਟਿਆ ਹੋਇਐ । ਲਗਦੈ ਅਜ-ਕਲ ਉਹ ਵੀ ਖ਼ਰਚਿਉਂ ਟੁੱਟਿਆ ਹੋਇਐ । ਨਾ ਕੋਈ ਜੁਰਮ ਕਸੂਰ ਏ ਸਾਡਾ ਨਾ ਕੋਈ ਗ਼ਲਤੀ, ਸਾਡੇ ਨਾਲ ਉਹ ਐਵੇਂ ਈ ਵਟਿਆ ਘੁੱਟਿਆ ਹੋਇਐ । ਸੁਣਿਐ ਉਹ ਹਰਜਾਈ ਸ਼ਹਿਰ ਈ ਛੱਡ ਤੁਰਿਆ ਏ, ਸਾਡਾ ਸ਼ਹਿਰ ਤੇ ਅੱਗੇ ਈ ਲੁਟਿਆ ਪੁੱਟਿਆ ਹੋਇਐ । ਸ਼ਿਅਰੀ ਮਹਿਫ਼ਲ ਸਜਿਆਂ ਮੁੱਦਤ ਬੀਤ ਗਈ ਏ, ਫ਼ਿਕਰ ਅਸਾਡਾ ਅਜ-ਕਲ ਨਸ਼ਿਉਂ ਟੁਟਿਆ ਹੋਇਐ । ਸਾਡੇ ਬਾਝ ਕੋਈ ਨਈਂ ਉਸ ਨੂੰ ਤੋੜਾਂ ਥੋੜਾਂ, ਉਹਦੇ ਬਾਝ ਅਸਾਡਾ ਹਰ ਕੰਮ ਖੁੱਟਿਆ ਹੋਇਐ । 'ਨਾਸਿਰ' ਵੱਲ ਉਹ ਆਵਣ ਤੋਂ ਅਜ ਕਲ ਖਿਝ ਜਾਂਦੈ, ਲਗਦੈ ਦਾਣਾ ਹੋਰ ਕਿਸੇ ਨੇ ਸੁੱਟਿਆ ਹੋਇਐ ।

ਅੰਦਰੋਂ ਬਾਹਰੋਂ ਮੋਟੇ ਮੋਟੇ ਸਾਰੇ

ਅੰਦਰੋਂ ਬਾਹਰੋਂ ਮੋਟੇ ਮੋਟੇ ਸਾਰੇ ਖੋਟੇ ਨਿਕਲੇ ਨੇ । ਐਡੀ ਊਚੀ ਕਲਗੀ ਵਾਲੇ ਕਿੱਡੇ ਛੋਟੇ ਨਿਕਲੇ ਨੇ । ਫੁੱਲਾਂ ਵਰਗੀ ਇਸ ਧਰਤੀ ਦਾ ਕੁਝ ਤੇ ਹੋਇਐ ਭਾਰ ਹੌਲਾ, ਸਾਰੇ ਰਲ ਕੇ ਜਸ਼ਨ ਮਨਾਉ ਏਥੋਂ ਮੋਟੇ ਨਿਕਲੇ ਨੇ । ਰੰਨ ਜਨਾਨੇ ਜੇ ਨਾ ਆਖਾਂ ਤੇ ਕੀ ਆਖਾਂ ਉਨ੍ਹਾਂ ਨੂੰ, ਨਿੱਤ ਜਿਨ੍ਹਾਂ ਦੇ ਖੀਸੇ ਵਿੱਚੋਂ ਤਿੱਲੇ ਗੋਟੇ ਨਿਕਲੇ ਨੇ । ਖੋਈ ਮੋਈ ਕਰ ਕੇ ਜਿਨ੍ਹਾਂ ਉਚੇ ਮਹਿਲ ਉਸਾਰੇ ਨੇ, ਅੱਜ ਉਹ ਆਪੋ ਮਹਿਲਾਂ ਵਿੱਚੋਂ ਹੋ ਹੋ ਟੋਟੇ ਨਿਕਲੇ ਨੇ । ਨਾ ਮੈਂ ਡਰਿਆ ਨਾ ਮੈਂ ਚੁੱਕਿਆ ਵਿੱਚ ਮੈਦਾਨੇ ਗੱਜਿਆ ਮੈਂ, ਇਕ ਇਕ ਗੱਲ ਤੇ ਭਾਵੇਂ ਸੌ ਸੌ ਡੰਡੇ ਸੋਟੇ ਨਿਕਲੇ ਨੇ । 'ਨਾਸਿਰ' ਜਿਹੜੇ ਚੌਵੀ ਘੰਟੇ ਹੱਥ ਵਿਚ ਤਸਬੀ ਰੱਖਦੇ ਨੇ, ਉਨ੍ਹਾਂ ਦੇ ਥਰਮੋਸਾਂ ਵਿੱਚੋਂ ਭੰਗ 'ਤੇ ਘੋਟੇ ਨਿਕਲੇ ਨੇ ।