ਸ਼ਾਂਤ ਸੁਭਾਅ ਤੇ ਚੇਤੰਨ ਕਵੀ ਫ਼ਤਹਿਜੀਤ ਜੀ ਨੇ ਚਾਰ ਕਾਵਿ ਪੁਸਤਕਾਂ ਪੰਜਾਬੀ ਸਾਹਿੱਤ ਦੀ ਝੋਲੀ ਪਾਈਆਂ ਹਨ। ।ਉਨ੍ਹਾਂ ਦੀ ਕਵਿਤਾ ਆਉਣ ਵਾਲੀਆਂ ਭਵਿੱਖ ਪੀੜ੍ਹੀਆਂ ਨੂੰ ਸਾਰਥਕ ਸੋਚ ਦੇ ਨਾਲ ਨਾਲ ਚੜ੍ਹਦੀ ਕਲਾ ਵਿੱਚ ਰਹਿਣ ਦਾ ਸੁਨੇਹਾ ਦਿੰਦੀ ਹੈ। ਫ਼ਤਹਿ ਜੀਤ ਜੀ ਦੀ ਪਲੇਠੀ ਕਿਤਾਬ ‘ਏਕਮ’ 1967 ਵਿੱਚ ਛਪੀ ਜਿਸ ਨਾਲ ਉਹ ਉਸ ਸਮੇਂ ਦੇ ਪੰਜਾਬੀ ਦੇ ਚੋਣਵੇਂ ਕਵੀਆਂ ਵਿੱਚ ਸ਼ਾਮਿਲ ਹੋ ਗਏ। ਉਨ੍ਹਾਂ ਦੀ ਕਵਿਤਾ ਨੂੰ ਨੌਜਵਾਨ ਵਰਗ ਦੇ ਨਾਲ ਨਾਲ ਕਵਿਤਾ ਦੇ ਗੰਭੀਰ ਪਾਠਕਾਂ ਨੇ ਵੀ ਸਰਾਹਿਆ।ਉਨ੍ਹਾਂ ਦੀ ਦੂਸਰੀ ਕਿਤਾਬ ‘ਕੱਚੀ ਮਿੱਟੀ ਦੇ ਬੌਣੇ' 1973 ਵਿੱਚ ਆਈ ਜਿਸ ਵਿੱਚ ਕਵਿਤਾ ਰਾਹੀ ਬਹੁਤ ਸੂਖ਼ਮਤਾ ਨਾਲ ਸਮਾਜਿਕ, ਆਰਥਿਕ ਤੇ ਰਾਜਨੀਤਕ ਤਾਣੇ ਬਾਣੇ ਦੀਆਂ ਗੰਢਾਂ ਨੂੰ ਬਿਆਨਿਆ ਗਿਆ। ਫ਼ਤਹਿਜੀਤ ਜੀ ਦੀ ਕਵਿਤਾ ਨੇ ਹਮੇਸ਼ਾਂ ਹੀ ਸਮਾਜਿਕ ਨਾ-ਬਰਾਬਰੀ ਵਿਰੁੱਧ ਆਵਾਜ਼ ਉਠਾਈ। 1982 ਵਿੱਚ ਆਈ ਤੀਜੀ ਪੁਸਤਕ ਨਿੱਕੀ ਜੇਹੀ ਚਾਨਣੀ ਵੀ ਇਸੇ ਗੱਲ ਦੀ ਗਵਾਹੀ ਦਿੰਦੀ ਹੈ। 2018 ਚ ਆਈ ਚੌਥੀ ਕਾਵਿ ਕਿਤਾਬ ਰੇਸ਼ਮੀ ਧਾਗੇ ਰਿਸ਼ਤਿਆਂ ਦੀ ਅਹਿਮੀਅਤ ਤੇ ਚੰਗੇ ਸਮਾਜ ਦੀ ਸਿਰਜਣਾ ਦੀ ਆਸ ਦੀ ਗੱਲ ਕਰਦੀ ਹੈ।ਇਸ ਪੁਸਤਕ ਨੂੰ ਉਨ੍ਹਾਂ ਦੇ ਸਨੇਹੀਆਂ ਸੁਰਿੰਦਰ ਗਿੱਲ, ਰਘਬੀਰ ਸਿੰਘ ਸਿਰਜਣਾ, ਰਵਿੰਦਰ ਭੱਠਲ , ਗੁਰਭਜਨ ਗਿੱਲ, ਬਲਬੀਰ ਪਰਵਾਨਾ ਤੇ ਕਈ ਹੋਰ ਲੇਖਕਾਂ ਨੇ ਲੋਕ ਅਰਪਨ ਕੀਤਾ। ਉਨ੍ਹਾਂ ਦੀਆਂ ਹੁਣ ਤੀਕ ਚਾਰ ਕਾਵਿ ਪਸਤਕਾਂ ਛਪ ਚੁਕੀਆਂ ਹਨ। ਇਨ੍ਹਾਂ ਵਿਚਲੀਆਂ ਰਚਨਾਵਾਂ ਤੋਂ ਪੰਜਾਬੀ ਅਧਿਐਨ ਤੇ ਅਧਿਆਪਨ ਨਾਲ ਜੁੜੇ ਵਿਅਕਤੀਆਂ ਤੇ ਪੰਜਾਬੀ ਸਾਹਿੱਤ ਦੇ ਰਸੀਏ ਪਾਠਕ ਭਲੀਭਾਂਤ ਜਾਣੂੰ ਹਨ। ਫ਼ਤਹਿਜੀਤ ਜੀ ਨੂੰ ਪੰਜਾਬ ਆਰਟਸ ਕੌਂਸਲ ਵੱਲੋਂ ਇਸ ਦੇ ਚੇਅਰਮੈਨ ਡਾ: ਸੁਰਜੀਤ ਪਾਤਰ ਤੇ ਸਕੱਤਰ ਜਨਰਲ ਡਾ: ਲਖਵਿੰਦਰ ਜੌਹਲ ਰਾਹੀਂ ਸਨਮਾਨਿਤ ਕੀਤਾ ਜਾ ਚੁਕਾ ਹੈ। ਸੁਖਵਿੰਦਰ ਕੰਬੋਜ ਵੱਲ਼ੋਂ ਆਪਣੇ ਪਿਤਾ ਜੀ ਦੀ ਯਾਦ ਚ ਸਥਾਪਿਤ ਕੌਮਾਂਤਰੀ ਸੰਸਥਾ ਕਲਮ ਦਾ 2015 ਲਈ ਬਾਪੂ ਜਾਗੀਰ ਸਿੰਘ ਕੰਬੋਜ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁਕਾ ਹੈ।
