Ghafoor Shahid
ਗ਼ਫੂਰ ਸ਼ਾਹਿਦ

ਨਾਂ-ਮੁਹੰਮਦ ਗ਼ਫੂਰ, ਕਲਮੀ ਨਾਂ-ਗ਼ਫੂਰ ਸ਼ਾਹਿਦ,
ਪਿਤਾ ਦਾ ਨਾਂ-ਅਤਾ ਮੁਹੰਮਦ ਮਾਲੀ,
ਜਨਮ ਸਥਾਨ-ਲ਼ਾਹੌਰ,
ਵਿਦਿਆ-ਦਸਵੀਂ, ਕਿੱਤਾ-ਨੌਕਰੀ,
ਛਪੀਆਂ ਕਿਤਾਬਾਂ-ਦਿਲ ਦੀ ਭੜਾਸ (ਸ਼ਾਇਰੀ),
ਪਤਾ-ਮਾਰਫ਼ਤ ਤਾਰਿਕ-ਗ਼ਫੂਰ ਕਮਿਸ਼ਨ ਏਜੰਟ, ਇਲਾਹੀ ਮਾਰਕੀਟ ਮਿਸ਼ਰੀ ਸ਼ਾਹ ਲਾਹੌਰ ।

ਪੰਜਾਬੀ ਗ਼ਜ਼ਲਾਂ (ਦਿਲ ਦੀ ਭੜਾਸ 1982 ਵਿੱਚੋਂ) : ਗ਼ਫੂਰ ਸ਼ਾਹਿਦ

Punjabi Ghazlan (Dil Di Bhadaas 1982) : Ghafoor Shahidਕਰਦਾ ਏ ਵਕਤ ਇੰਜ ਦੇ ਕਾਰੇ ਕਦੀ ਕਦੀ

ਕਰਦਾ ਏ ਵਕਤ ਇੰਜ ਦੇ ਕਾਰੇ ਕਦੀ ਕਦੀ । ਦਿਨ ਨੂੰ ਵੀ ਨਜ਼ਰ ਆਉਂਦੇ ਨੇ ਤਾਰੇ ਕਦੀ ਕਦੀ । ਉਨ੍ਹਾਂ ਨੂੰ ਬੇਵਫ਼ਾ ਨਹੀਂ ਤਾਂ ਕਹੋ ਅਨਾ ਪਰਸਤ, ਮਿਲਦੇ ਨੇ ਜਿਹੜੇ ਸ਼ਰਮ ਦੇ ਮਾਰੇ ਕਦੀ ਕਦੀ । ਦੂਜੇ ਦੀ ਫ਼ਿਕਰ ਕਰਨ ਦਾ ਜਜ਼ਬਾ ਵੀ ਹੈ ਦਰੁਸਤ, ਪਰ ਸੋਚਿਆ ਕਰ ਆਪਣੇ ਵੀ ਬਾਰੇ ਕਦੀ ਕਦੀ । ਐਵੇਂ ਕਰੀਂ ਨਾ ਉੱਚਿਆਂ ਵਖ਼ਤਾਂ ਤੇ ਤੂੰ ਗ਼ਰੂਰ, ਅੰਬਰੋਂ ਵੀ ਟੁੱਟ ਪੈਂਦੇ ਨੇ ਤਾਰੇ ਕਦੀ ਕਦੀ । ਜੇ ਹੋ ਸਕੇ ਤਾਂ ਓਸ ਥਾਂ ਕੁੱਲੀ ਬਣਾ ਲਈਂ, ਲੰਘਦੇ ਨੇ ਜਿਹੜੇ ਰਸਤਿਉਂ ਪਿਆਰੇ ਕਦੀ ਕਦੀ । ਏਸੇ ਈ ਕਰਕੇ ਅੱਜ ਤੱਕ ਤੋੜੀ ਉਮੀਦ ਨਹੀਂ, ਹਾਂ ਵਿਚ ਵੀ ਬਦਲ ਜਾਂਦੇ ਨੇ ਲਾਰੇ ਕਦੀ ਕਦੀ । ਉਹਨੂੰ ਅਨਾੜੀ ਆਖਣਾ ਸ਼ਾਹਿਦ ਦੀਵਾਨਗੀ, ਜੁੱਸੇ ਜੋ ਰੋਜ਼-ਰੋਜ਼ ਨੇ ਹਾਰੇ ਕਦੀ ਕਦੀ ।

ਬੇਚੈਨੀਆਂ ਵੀ ਜ਼ਿਹਨ ਤੇ

ਬੇਚੈਨੀਆਂ ਵੀ ਜ਼ਿਹਨ ਤੇ ਇਸ ਲਈ ਸਵਾਰ ਨੇ । ਦਿਲ ਏ ਵਿਚਾਰਾ ਕੱਲਾ ਤੇ ਖ਼ਾਹਸ਼ਾਂ ਹਜ਼ਾਰ ਨੇ । ਕਹਿੰਦੇ ਨੇ ਪਿਆਰ ਕਿਸ ਨੂੰ ਉਹਨਾਂ ਦਿਲਾਂ ਤੋਂ ਪੁੱਛ, ਵਖ਼ਤਾਂ ਦੇ ਗ਼ਮ ਦਾ ਹੋ ਗਏ ਜਿਹੜੇ ਸ਼ਿਕਾਰ ਨੇ । ਕੱਲ ਤੱਕ ਤੇ ਮੈਂ ਸਾਂ ਜਿਉਂਦਾ ਪੁੱਛਿਆ ਕਿਸੇ ਨਾ ਹਾਲ, ਅਜ ਮਰ ਗਿਆ ਤੇ ਜਾਗ ਪਏ ਲੋਕਾਂ ਦੇ ਪਿਆਰ ਨੇ । ਪੱਥਰ ਖਿਲਾਰੇ ਸਨ ਜਿਹੜੇ ਕੱਲ੍ਹ ਦੂਜਿਆਂ ਦੇ ਲਈ, ਰਸਤੇ ਮੇਰੇ ਦੀ ਬਣ ਗਏ ਅੱਜ ਉਹ ਦੀਵਾਰ ਨੇ । ਪੱਕੀ ਏ ਗੱਲ ਹੁਣ ਅਸਾਂ ਡਿਗਣਾ ਜ਼ਰੂਰ ਏ, ਰਸਤੇ ਵੀ ਉੱਚੇ ਨੀਵੇਂ ਤੇ ਸਿਰ ਤੇ ਵੀ ਭਾਰ ਨੇ । ਜਿਉਂਦੇ ਨੂੰ ਰੋਲ-ਰੋਲ ਕੇ ਜੀਹਨਾਂ ਸੀ ਮਾਰਿਆ, ਮੱਯਤ ਤੇ ਲੈ ਕੇ ਆਏ ਉਹ ਫੁੱਲਾਂ ਦੇ ਹਾਰ ਨੇ । 'ਸ਼ਾਹਿਦ' ਕਿਵਂੇ ਨਾ ਰੋਣ ਉਹ ਆਪਣੇ ਨਸੀਬ ਨੂੰ, ਟੱਕਰੇ ਜਿਨ੍ਹਾਂ ਨੂੰ ਵੈਰੀਆਂ ਤੋਂ ਵੱਧ ਯਾਰ ਨੇ ।

ਫ਼ਿਕਰਾਂ 'ਚ ਡੁੱਬੇ ਰਾਤ ਦਿਨ ਏਹੋ ਵਿਚਾਰੀਏ

ਫ਼ਿਕਰਾਂ 'ਚ ਡੁੱਬੇ ਰਾਤ ਦਿਨ ਏਹੋ ਵਿਚਾਰੀਏ । ਇਸ ਜ਼ਿੰਦਗੀ ਦੀ ਜ਼ੁਲਫ਼ ਨੂੰ ਕਿਸਰਾਂ ਸਵਾਰੀਏ । ਤਿੜਕੇ ਹੋਏ ਸ਼ਹਿਤੀਰ ਨੇ ਦਿਲ ਦੇ ਮਕਾਨ ਦੇ, ਆਸਾਂ ਦੇ ਦੇ-ਦੇ ਠੁੱਮਣੇ ਕਦ ਤੱਕ ਖਿਲਾਰੀਏ । ਮਿਲਣਾ ਨਹੀਂ ਹੱਕ ਮੰਗਿਆ ਸਾਨੂੰ ਪਤਾ ਏ ਜਦ, ਤਕੜੇ ਦੇ ਅੱਗੇ ਫ਼ੇਰ ਕਿਉਂ ਝੋਲੀ ਪਸਾਰੀਏ । ਉਹ ਨਾ ਹੋਵੇ ਕਿ ਬਾਅਦ ਵਿਚ ਪਛਤਾਵਣਾ ਪਵੇ, ਚੰਗਾ ਏ ਗੱਲ ਕਰਨ ਤੋਂ ਪਹਿਲੇ ਵਿਚਾਰੀਏ । ਫ਼ਿਤਰਤ ਦੇ ਵਿਚ ਨਹੀਂ ਏ ਯਾਰਾਂ ਨੂੰ ਡੰਗਣਾ, ਨਹੀਂ ਤੇ ਇਨ੍ਹਾਂ ਦੇ ਕਰਜ਼ ਵੀ ਸਿਰ ਤੋਂ ਉਤਾਰੀਏ । ਲੱਖਾਂ ਗ਼ਮਾਂ ਦੇ ਹੁੰਦਿਆਂ ਮੁਮਕਿਨ ਏ ਕਿਸ ਤਰ੍ਹਾਂ, ਦੋ-ਚਾਰ ਦਿਨ ਦੀ ਜ਼ਿੰਦਗੀ ਹਸਕੇ ਗੁਜ਼ਾਰੀਏ । ਖ਼ਵਰੇ ਨਸੀਬ ਆਪਣੇ ਮੋਤੀ ਹੋਵੇ ਕੋਈ, 'ਸ਼ਾਹਿਦ' ਚਲੋ ਸਮੁੰਦਰੇ ਚੁੱਭੀ ਤੇ ਮਾਰੀਏ ।

ਬਦਲੇ ਕੀ ਸਰਕਾਰ ਜ਼ਮਾਨਾ ਬਦਲ ਗਿਆ

ਬਦਲੇ ਕੀ ਸਰਕਾਰ ਜ਼ਮਾਨਾ ਬਦਲ ਗਿਆ । ਲੇਖਾਂ ਦਿੱਤੀ ਹਾਰ ਜ਼ਮਾਨਾ ਬਦਲ ਗਿਆ । ਬਹੁਤੀ ਵੀ ਹਮਦਰਦੀ ਹੁਣ ਤੇ ਚੰਗੀ ਨਹੀਂ, ਕੌਣ ਕਿਸੇ ਦਾ ਯਾਰ ਜ਼ਮਾਨਾ ਬਦਲ ਗਿਆ । ਖਾ-ਖਾ ਕੇ ਇਤਬਾਰ ਤੇ ਏਥੇ ਪਹੁੰਚੇ ਹਾਂ, ਇਸ ਤੋਂ ਨਹੀਂ ਇਨਕਾਰ ਜ਼ਮਾਨਾ ਬਦਲ ਗਿਆ । ਸੱਚਾਈ ਦੇ ਮੱਥੇ ਲਗਦੀ ਕਾਲਖ ਏ, ਝੂਠ ਨੂੰ ਪੈਂਦੇ ਹਾਰ ਜ਼ਮਾਨਾ ਬਦਲ ਗਿਆ । ਵਫ਼ਾ ਮੁਹੱਬਤ ਪਿਆਰ ਇਹ ਸਾਰੇ ਧੋਖੇ ਨੇ, ਦਿਲਾ ਰਹਵੀਂ ਹੁਸ਼ਿਆਰ ਜ਼ਮਾਨਾ ਬਦਲ ਗਿਆ । 'ਸ਼ਾਹਿਦ' ਜੱਗ ਨੂੰ ਇੱਕੋ ਵਾਰੀ ਡਿੱਠਾ ਨਹੀਂ, ਪਰਖਿਆਂ ਜਿੰਨੀ ਵਾਰ ਜ਼ਮਾਨਾ ਬਦਲ ਗਿਆ ।

ਜਿੰਨੀ ਵੀ ਕੋਈ ਚੀਜ਼ ਪਿਆਰੀ ਹੁੰਦੀ ਏ

ਜਿੰਨੀ ਵੀ ਕੋਈ ਚੀਜ਼ ਪਿਆਰੀ ਹੁੰਦੀ ਏ । ਉਨੀ ਉਹਦੀ ਕੀਮਤ ਭਾਰੀ ਹੁੰਦੀ ਏ । ਬੰਦਾ ਜਿਸ ਦੇ ਲਈ ਮੁਨਾਫ਼ਿਕ ਹੋ ਜਾਵੇ, ਐਸੀ ਵੀ ਕੀ ਦੁਨੀਆਂ-ਦਾਰੀ ਹੁੰਦੀ ਏ । ਸਾਡੇ ਕੰਨ ਵਿਚ ਇਹ ਗੱਲ ਪਾਈ ਵੇਲੇ ਨੇ, ਗ਼ਰਜ਼ੋਂ ਪਾਕ ਨਾ ਕੋਈ ਯਾਰੀ ਹੁੰਦੀ ਏ । ਰੱਬ ਦੀ ਕਰਮ ਨਵਾਜ਼ੀ ਏ ਜੇ ਸੁਣ ਲਏ ਤੇ, ਬੰਦੇ ਦੀ ਤੇ ਗਿਰਿਆ-ਜ਼ਾਰੀ ਹੁੰਦੀ ਏ । ਸੱਜਣ ਦਾ ਵੀ ਰੂਪ ਬਦਲ ਉਹ ਸਕਦਾ ਏ, ਦੁਸ਼ਮਣ ਦੀ ਹਰ ਚਾਲ ਨਿਆਰੀ ਹੁੰਦੀ ਏ । ਲੋਕ ਭਲੇ ਵੀ 'ਸ਼ਾਹਿਦ' ਹੈਨ ਜ਼ਮਾਨੇ ਤੇ, ਬੁਰੀ ਕਦੋਂ ਇਹ ਦੁਨੀਆਂ ਸਾਰੀ ਹੁੰਦੀ ਏ ।

ਹਿਆਤੀ ਦੇ ਭੁੱਲਣਗੇ ਨੁਕਸਾਨ ਸਾਨੂੰ

ਹਿਆਤੀ ਦੇ ਭੁੱਲਣਗੇ ਨੁਕਸਾਨ ਸਾਨੂੰ । ਨਾ ਭੁੱਲੇਗਾ ਪਰ ਤੇਰਾ ਅਹਿਸਾਨ ਸਾਨੂੰ । ਕਬਰ ਤੱਕ ਵੀ ਜਿਨ੍ਹਾਂ ਨੇ ਪਿੱਛਾ ਨਾ ਛੱਡਣਾ, ਤੂੰ ਦਿੱਤੇ ਨੇ ਉਹ ਦੁੱਖ ਮੇਹਰਬਾਨ ਸਾਨੂੰ । ਜ਼ਮੀਨ ਖਿਸਕ ਜਾਵੇ ਨਾ ਪੈਰਾਂ ਦੇ ਹੇਠੋਂ, ਨਵੇਂ ਨਾ ਵਿਖਾ ਰੋਜ਼ ਅਸਮਾਨ ਸਾਨੂੰ । ਕਿਸੇ ਤੋਂ ਵੀ ਦਰਦਾਂ ਦਾ ਦਾਰੂ ਨਾ ਹੋਇਆ, ਮਿਲੇ ਨੇ ਹਜ਼ਾਰਾਂ ਈ ਲੁਕਮਾਨ ਸਾਨੂੰ । ਅਸੀਂ ਅੱਗੇ ਮਾਰੇ ਹੋਏ ਗਰਦਿਸ਼ਾਂ ਦੇ, ਇਹ ਸੱਜਣੋਂ ਕਰੋ ਨਾ ਪਰੇਸ਼ਾਨ ਸਾਨੂੰ । ਤੇਰੀ ਇਸ ਅਦਾ ਤੋਂ ਵੀ ਕੁਰਬਾਨ ਜਾਈਏ, ਕਰੀ ਜਾਹ ਮਜ਼ਾਕਾਂ ਮੇਰੀ ਜਾਨ ਸਾਨੂੰ । ਅਸੀਂ ਫਿਰ ਕਦੇ ਨਾ ਉਨ੍ਹਾਂ ਨੂੰ ਬੁਲਾਈਏ, ਇਹ 'ਸ਼ਾਹਿਦ' ਹੈ ਉਹਨਾਂ ਦਾ ਫ਼ਰਮਾਨ ਸਾਨੂੰ ।

ਯਾਰਾਂ ਨੇ ਕੁੱਝ ਅਸੂਲ ਹੀ

ਯਾਰਾਂ ਨੇ ਕੁੱਝ ਅਸੂਲ ਹੀ ਐਸਾ ਬਣਾ ਲਿਆ । ਜਿਹੜਾ ਨਜ਼ਰ ਚੋਂ ਲੰਘਿਆ ਦਿਲ ਵਿਚ ਵਸਾ ਲਿਆ । ਕਾਫ਼ਿਰ ਬਣਾਇਆ ਦਰਅਸਲ ਸਾਨੂੰ ਤੇ ਫ਼ਾਕਿਆਂ, ਲੋਕਾਂ ਈਮਾਨ ਆਪਣਾ ਐਵੇਂ ਗਵਾ ਲਿਆ । ਉਹਨਾਂ ਕੀ ਉੱਚੇ ਹੋਵਣਾ ਦੂਜੇ ਦੀ ਨਜ਼ਰ ਵਿਚ, ਆਪਣੀ ਨਜ਼ਰ ਤੋਂ ਆਪ ਨੂੰ ਜਿਨ੍ਹਾਂ ਗਿਰਾ ਲਿਆ । ਵਗਦੀ ਨਦੀ ਦੇ ਵਾਂਗਰਾਂ ਸਾਡੀ ਏ ਜ਼ਿੰਦਗੀ, ਰਸਤੇ ਦੇ ਗੰਦ-ਮੰਦ ਨੂੰ ਜੀਹਨੇ ਲੁਕਾ ਲਿਆ । ਕੁੱਝ ਹੱਥ ਵਿਖਾਏ ਸੰਗੀਆਂ, ਸਾਕਾਂ ਤੇ ਮਿੱਤਰਾਂ, ਕੁੱਝ ਆਪ ਅਸਾਂ ਆਪਣਾ ਭੱਠਾ ਬਿਠਾ ਲਿਆ । 'ਸ਼ਾਹਿਦ ਨੂੰ ਦੇਖੋ ਦਿਨ-ਬਦਿਨ ਲਹਿੰਦਾ ਈ ਜਾਵੰਦਾ, ਲਗਦਾ ਏ ਰੋਗ ਕੋਈ ਦਿਲ ਨੂੰ ਹੈ ਲਾ ਲਿਆ ।

ਅੰਬ ਉੱਤੋਂ ਇਕ ਪੱਤਰ ਟੁੱਟਾ

ਅੰਬ ਉੱਤੋਂ ਇਕ ਪੱਤਰ ਟੁੱਟਾ ਬਾਗੇ ਖੜ-ਖੜ ਹੋਈ । ਉਜੜੀ ਦੁਨੀਆ ਮੇਰੀ ਏ ਪਰ ਹਾਲ ਨਾ ਜਾਣੇ ਕੋਈ । ਬੂਹੇ ਵਿਚ ਖਲੋ ਕੇ ਜਿਹੜਾ ਰਾਹ ਤੱਕਦਾ ਸੀ ਰਹਿੰਦਾ, ਮੈਨੂੰ ਦੇਖ ਕੇ ਉਹਨੇ ਖ਼ਬਰੇ ਅੱਜ ਕਿਉਂ ਬਾਰੀ ਢੋਈ । ਮੇਰੇ ਵਰਗਾ ਬਦਕਿਸਮਤ ਵੀ ਨਹੀਂ ਕੋਈ ਜੱਗ ਤੇ ਹੋਣਾ, ਉਹੋ ਹੀ ਨਾ ਤੋੜ ਚੜ੍ਹੀ ਮੈਂ ਜਿਹੜੀ ਕਹਾਣੀ ਛੋਈ । ਉਹ ਵੀ ਨੇ ਹੁਣ ਮੈਨੂੰ ਵੇਖ ਕੇ ਫੁੱਲਾਂ ਵਾਂਗੂੰ ਹਸਦੇ, ਜਿਨ੍ਹਾਂ ਪਿੱਛੇ ਅਸਾਂ ਹਿਆਤੀ ਸੂਲਾਂ ਵਿਚ ਪਰੋਈ । ਮੇਰੀ ਕਿਹੜੀ ਗੱਲ ਏ ਸੱਜਣੋਂ ਮੈਂ ਤੇ ਆਂ ਇਕ ਝੱਲਾ, ਉਹਦੀ ਅਕਲ ਦੀ ਬੇੜੀ ਵੀ ਏ ਖ਼ਬਰੇ ਕੇਸ ਡਬੋਈ । ਉਹ ਅਜ ਆਪਣੇ ਦੁਖ ਦੇ ਉੱਤੇ ਪੱਥਰ ਬਣ ਗਈ 'ਸ਼ਾਹਿਦ' ਕੱਲ੍ਹ ਕਿਸੇ ਦੇ ਦੁਖ 'ਚ ਜਿਹੜੀ ਅੱਖ ਬੜਾ ਸੀ ਚੋਈ ।

ਤੇਰੀਆਂ ਯਾਦਾਂ ਦਿਲ ਦੇ ਵਿਹੜੇ

ਤੇਰੀਆਂ ਯਾਦਾਂ ਦਿਲ ਦੇ ਵਿਹੜੇ ਕੀਤਾ ਆਨ ਮੁਕਾਮ । ਭੁੱਲਣ ਵਾਲਿਆ ਸਾਡੇ ਤੇ ਹੁਣ ਹੋ ਗਈ ਨੀਂਦ ਹਰਾਮ । ਲੌਢੇ ਵੇਲੇ ਦਾ ਮੈਂ ਤਾਰਾ ਫ਼ਿਕਰ ਏ ਮੇਰਾ ਨਾਮ, ਮੇਰੀ ਚਮਕ ਵਧਾ ਦਿੰਦੀ ਏ ਗੂੜ੍ਹੀ ਹੋ ਕੇ ਸ਼ਾਮ । ਤਨਹਾਈਆਂ ਦੀ ਸੂਲੀ ਚੜ੍ਹ ਕੇ ਸੱਧਰਾਂ ਪੈਂਦੀਆਂ ਬੋਲ, ਨਹੀਂ ਤੇ ਕਦੀ ਵੀ ਲੱਗੀਆਂ ਵਾਲੇ ਹੁੰਦੇ ਨਾ ਬਦਨਾਮ । ਹੋਸ਼ ਅਕਲ ਤੇ ਹਿੰਮਤ ਕੋਲੋਂ ਜਿਹੜਾ ਵੀ ਕੰਮ ਲੈਂਦਾ, ਉਸ ਬੰਦੇ ਤੋਂ ਖੋਹ ਨਹੀਂ ਸਕਦਾ ਉਹਦਾ ਕੋਈ ਮੁਕਾਮ । 'ਸ਼ਾਹਿਦ' ਵਰਗੇ ਭੁੱਲਿਆਂ ਦਾ ਕੀ ਦੁਨੀਆ ਉੱਤੇ ਜੀਣਾ, ਜਿਨ੍ਹਾਂ ਨੂੰ ਕੋਈ ਜਦ ਵੀ ਚਾਹਵੇ ਲੁੱਟੇ ਪਿਆਰ ਦੇ ਨਾਮ ।

ਯਾਰਾਂ ਦੀਆਂ ਉਹ ਪਹਿਲੀਆਂ ਨਜ਼ਰਾਂ

ਯਾਰਾਂ ਦੀਆਂ ਉਹ ਪਹਿਲੀਆਂ ਨਜ਼ਰਾਂ ਨਹੀਂ ਰਹਿ ਗਈਆਂ । ਮਹਿਫ਼ਲ' ਚ ਹੁਣ ਤੇ ਸਾਡੀਆਂ ਕਦਰਾਂ ਨਹੀਂ ਰਹਿ ਗਈਆਂ । ਸੁੱਖ ਜ਼ਿੰਦਗੀ ਤੋਂ ਦੋਸਤੋ ਲੁਕਿਆ ਏ ਇਸ ਤਰਾਂ੍ਹ, ਮੁੜ ਜ਼ਿੰਦਗੀ 'ਚ ਇਹਦੀਆਂ ਖ਼ਬਰਾਂ ਨਹੀਂ ਰਹਿ ਗਈਆਂ । ਮੇਰਾ ਮੁਕੱਦਰ ਬਣ ਗਈਆਂ ਸ਼ਾਮਾਂ ਨੇ ਗੂਹੜੀਆਂ, ਕਿਸਮਤ 'ਚ ਹੁਣ ਸੁਹਾਣੀਆਂ ਫ਼ਜਰਾਂ ਨਹੀਂ ਰਹਿ ਗਈਆਂ । ਸਾਡੇ ਸਬੱਬੋਂ ਜੱਗ ਨੇ ਜੀਹਨਾਂ ਨੂੰ ਜਾਣਿਆ, ਉਹਨਾਂ ਨੂੰ ਅੱਜ ਸਾਡੀਆਂ ਕਦਰਾਂ ਨਹੀਂ ਰਹਿ ਗਈਆਂ । 'ਸ਼ਾਹਿਦ' ਮੈਂ ਦੇਖਿਆ ਏ ਜ਼ਮਾਨੇ ਨੂੰ ਇਸ ਤਰ੍ਹਾਂ, ਕੁੱਝ ਹੋਰ ਹੁਣ ਵੇਖਣ ਦੀਆਂ ਸੱਧਰਾਂ ਨਹੀਂ ਰਹਿ ਗਈਆਂ ।

ਕੁਝ ਹੋਰ ਰਚਨਾਵਾਂ : ਗ਼ਫੂਰ ਸ਼ਾਹਿਦ

ਇਹ ਗੱਲ ਕਿੱਸਰਾਂ ਮੰਨਾਂ ਮੈਂ, ਹਰ ਮੁਸ਼ਕਲ ਦਾ ਹੱਲ ਹੁੰਦਾ ਏ

ਇਹ ਗੱਲ ਕਿੱਸਰਾਂ ਮੰਨਾਂ ਮੈਂ, ਹਰ ਮੁਸ਼ਕਲ ਦਾ ਹੱਲ ਹੁੰਦਾ ਏ ?
ਮੈਂ ਜੇ ਦਰਿਆ ਪਾਰ ਵੀ ਕਰਦਾਂ, ਤੇ ਅੱਗੇ ਥਲ ਹੁੰਦਾ ਏ ।

ਉਂਜ ਤੇ ਦਿਲ ਲਈ, ਕਿਸੇ ਤਰ੍ਹਾਂ ਦਾ, ਕੋਈ ਵੀ ਸੱਲ ਚੰਗਾ ਨਈਂ,
ਸੱਜਨਾਂ ਦੇ ਵਿੱਛੜਨ ਦਾ ਐਪਰ, ਵੱਖਰਾ ਈ ਸੱਲ ਹੁੰਦਾ ਏ ।

ਦਿਲ ਦੇ ਪਿੱਛੇ ਨਹੀਂ ਲੱਗੀਦਾ, ਅਕਲ ਸਿਖਾਉਂਦੀ ਏ ਸਾਨੂੰ,
ਉਹਨੂੰ ਉਸੇ ਥਾਂ ਰੱਖੀਦਾ, ਜੋ ਜਿਸ ਕਾਬਿਲ ਹੁੰਦਾ ਏ।

ਦੂਜੇ ਦਾ ਜੋ ਦਰਦ ਵੰਡਾਵੇ, ਅਪਣਾ ਵੀ ਅਹਿਸਾਸ ਕਰੇ,
ਮੇਰੀ ਨਜ਼ਰੇ ਦੁਨੀਆਂ ਦੇ ਵਿੱਚ, ਉਹੋ ਆਦਿਲ ਹੁੰਦਾ ਏ ।

ਯਾਰਾਂ ਤੋਂ ਮੈਂ ਬਿਹਤਰ ਸਮਝਾਂ, ਏਸ ਲਈ ਵੀ ਸ਼ੀਸ਼ੇ ਨੂੰ,
ਮੈਨੂੰ ਮੇਰੇ ਕੋਹਝ ਦਿਖਾਵੇ, ਜਦੋਂ ਮੁਕਾਬਿਲ ਹੁੰਦਾ ਏ ।

ਹੁਣ ਕਿਉਂ ਰੋਂਦੈ ? ਜੇ ਕਰ ਉਹਨੂੰ, ਧੋਖਾ ਦਿੱਤਾ ਅੱਜ ਕਿਸੇ,
ਅਪਣੀ ਕੀਤੀ ਦਾ ਹਰ ਬੰਦੇ, ਪਾਉਣਾ ਤੇ ਫਲ ਹੁੰਦਾ ਏ ।

ਵੱਡੇ ਜ਼ਰਫ਼ ਦਾ ਮਾਲਿਕ 'ਸ਼ਾਹਿਦ', ਅਪਣੀ ਹਾਰ ਨੂੰ ਮੰਨੇ ਜੋ,
ਜਿਹੜਾ 'ਹਾਰ' ਨੂੰ ਹਾਰ ਨਾ ਮੰਨੇ, ਉਹ ਤੇ ਬੁਜ਼ਦਿਲ ਹੁੰਦਾ ਏ ।

ਕਰਨਾ ਅਦਾ ਹੈ ਸ਼ੁਕਰੀਆ ਇਕ ਮਿਹਰਬਾਨ ਦਾ

ਕਰਨਾ ਅਦਾ ਹੈ ਸ਼ੁਕਰੀਆ ਇਕ ਮਿਹਰਬਾਨ ਦਾ ।
ਲਫ਼ਜਾਂ ਨੇ ਸਾਥ ਜੇ ਕਦੀ ਦਿੱਤਾ ਜ਼ੁਥਾਨ ਦਾ ।

ਭੁੱਖਾਂ 'ਚ ਓਸ ਨੂੰ ਵੀ ਨੇ ਭੁੱਲੀਆਂ ਉਡਾਰੀਆਂ,
ਚਰਚਾ ਬੜਾ ਸੀ ਜਿਸਦੀ ਉੱਚੀ ਉਂੜਾਨ ਦਾ ।

ਬਾਝੋਂ ਖ਼ਲੂਸ ਇਸ ਤਰ੍ਹਾਂ ਬੰਦੇ ਦੀ ਜ਼ਿੰਦਗੀ-
ਤੀਰਾਂ ਬਗ਼ੈਰ ਜਿਸ ਤਰ੍ਹਾਂ ਹੋਣਾ ਕਮਾਨ ਦਾ ।

ਹਿੰਮਤ ਦੇ ਅੱਗੇ ਹੇਚ ਨੇ ਸੱਭੇ ਹੀ ਤਾਕਤਾਂ,
ਪਾਣੀ ਵੀ ਚੀਰ ਸਕਦਾ ਏ ਸੀਨਾ ਚਟਾਨ ਦਾ ।

ਮੈਨੂੰ ਤਾਂ ਇਸ ਜਹਾਨ ਦੇ ਦੁੱਖਾਂ 'ਚੋਂ ਵਿਹਲ ਨਈਂ,
ਮੈਂ ਫ਼ਿਕਰ ਕਿਸ ਤਰ੍ਹਾਂ ਕਰਾਂ ਅਗਲੇ ਜਹਾਨ ਦਾ ?

ਇਕਲਾਪਿਆਂ ਦੇ ਨਾਲ ਮੈਂ ਪਾਉਂਦਾ ਪਿਆਰ ਕਿਉਂ,
ਹੁੰਦਾ ਜੇ ਚੱਜ ਯਾਰ ਨੂੰ, ਯਾਰੀ ਨਿਭਾਣ ਦਾ ।

ਭਾਵੇਂ ਰਿਹਾ ਏ ਰੋਜ਼ ਈ ਦੁੱਖਾਂ ਦਾ ਆਉਣ-ਜਾਣ,
'ਸ਼ਾਹਿਦ' ਨੇ ਬੂਹਾ ਭੇੜਿਆ ਦਿਲ ਦੇ ਮਕਾਨ ਦਾ ।

ਆਪ ਤੇ ਸੱਜਨ ਘਰ ਚੱਲੇ ਨੇ

ਆਪ ਤੇ ਸੱਜਨ ਘਰ ਚੱਲੇ ਨੇ ।
ਸਾਨੂੰ ਕੱਲਿਆਂ ਕਰ ਚੱਲੇ ਨੇ ।

ਡਰਦਾਂ ਕਿਧਰੇ ਛਲਕ ਨਾ ਜਾਵਣ,
ਸਬਰ ਪਿਆਲੇ ਭਰ ਚੱਲੇ ਨੇ ।

ਆਸ ਦੀ ਖੇਤੀ ਹਰੀ ਨਾ ਹੋਈ,
ਕਿੰਨੇ 'ਸਾਉਣ' ਗੁਜ਼ਰ ਚੱਲੇ ਨੇ ।

ਸ਼ਾਮ ਪਈ ਏ ਹੁਣ ਤੇ ਆ ਜਾ,
ਪੰਛੀ ਵੀ ਤੁਰ ਘਰ ਚੱਲੇ ਨੇ ।

ਦੇਖੋ ਸ਼ਹਿਰ ਵਸਾਵਣ ਵਾਲੇ,
ਫੁੱਟ-ਪਾਥਾਂ 'ਤੇ ਮਰ ਚੱਲੇ ਨੇ ।

ਅਸੀਂ ਤੇ ਬਾਜ਼ੀ ਹਾਰੀ 'ਸ਼ਾਹਿਦ',
ਲੋਕ ਈਮਾਨੋ ਹਰ ਚੱਲੇ ਨੇ ।

ਹੋਈਆਂ ਕੁਝ ਇਸ ਤਰ੍ਹਾਂ ਦੀਆਂ ਅਕਲਾਂ ਸਿਆਣੀਆਂ

ਹੋਈਆਂ ਕੁਝ ਇਸ ਤਰ੍ਹਾਂ ਦੀਆਂ ਅਕਲਾਂ ਸਿਆਣੀਆਂ ।
ਗ਼ਰਜ਼ੋਂ ਬਗ਼ੈਰ ਜਾਣ ਨਾ ਸ਼ਕਲਾਂ ਪਛਾਣੀਆਂ ।

ਕੱਲ੍ਹ ਰਾਤ ਫੇਰ ਖ਼ੁਆਬ ਵਿੱਚ ਆਇਆ ਉਹ ਬੇਵਫ਼ਾ,
ਕੱਲ੍ਹ ਰਾਤ ਫੇਰ ਜਾਗੀਆਂ ਪੀੜਾਂ ਪੁਰਾਣੀਆਂ ।

ਕੁਝ ਦੇਰ ਦੀਆਂ ਸੰਗਤਾਂ, ਸੁੰਨਾ ਅਖ਼ੀਰ ਏ,
ਮਿੱਟੀ 'ਚ ਮਿਲਣਾ ਮਿੱਟੀਆਂ ਪਾਣੀ 'ਚ ਪਾਣੀਆਂ ।

ਸਦੀਆਂ ਦੇ ਪੰਧ ਵੇਖ ਲਉ ਘੜੀਆਂ 'ਚ ਮੁੱਕਦੇ,
ਬਣੀਆਂ ਨੇ ਅੱਜ ਹਕੀਕਤਾਂ ਕੱਲ੍ਹ ਸੀ ਕਹਾਣੀਆਂ ।

ਜਿਸ ਦਿਨ ਦਾ ਚੰਨ ਚੜ੍ਹਿਆ ਨਈਂ ਅੱਖੀਆਂ ਦੇ ਅੰਬਰੀਂ,
ਗਿਣ-ਗਿਣ ਕੇ ਤਾਰੇ, ਪੈਂਦੀਆਂ ਰਾਤਾਂ ਲੰਘਾਣੀਆਂ ।

ਦਿਲ ਨੂੰ ਦਿਲਾਸਾ ਦੇਣ ਲਈ, ਝੁੱਗੀਆਂ ਦੇ ਸ਼ਹਿਨਸ਼ਾਹ,
ਪੁੱਤਰ ਨੂੰ ਰਾਜਾ ਆਖਦੇ ਧੀਆਂ ਨੂੰ ਰਾਣੀਆਂ ।

'ਸ਼ਾਹਿਦ' ਜ਼ਮਾਨਾ ਲਾ ਲਵੇ ਭਾਵੇਂ ਹਜ਼ਾਰ ਟਿੱਲ,
ਓੜਕ ਹਵਾ ਦੀ ਸਿਮਤ ਈ ਬਾਸਾਂ ਨੇ ਜਾਣੀਆਂ ।

ਜੋ ਦੂਜਿਆਂ ਲਈ ਭੁੱਖ ਦਾ ਸਾਮਾਨ ਬਣ ਗਏ

ਜੋ ਦੂਜਿਆਂ ਲਈ ਭੁੱਖ ਦਾ ਸਾਮਾਨ ਬਣ ਗਏ।
'ਇਨਸਾਨੀਅਤ' ਦੀ, ਲੋਕ ਉਹ ਪਹਿਚਾਣ ਬਣ ਗਏ।

ਗ਼ਰਜ਼ਾਂ ਵਧਾਈਆਂ ਤੇ ਅਸੀਂ ਖ਼ੁਦ ਨੂੰ ਘਟਾ ਲਿਆ,
ਛੋਟੇ ਜ਼ਹਿਨ ਦੇ ਆਦਮੀ ਪਰਧਾਨ ਬਣ ਗਏ ।

ਚੜ੍ਹਿਆ ਸੀ ਸ਼ੌਕ ਓਸ ਦੀ ਇੱਜ਼ਤ ਵਧਾਣ ਦਾ,
ਖ਼ੁਦ ਆਪ ਆਪਣੇ ਵਾਸਤੇ ਬਹੁਤਾਨ ਬਣ ਗਏ ।

ਸਾਹਵਾਂ ਦੇ ਵੱਲੋਂ ਈ ਕੋਈ ਰਹਿੰਦੀ ਪਈ ਢਿੱਲ ਏ,
ਦੁਖ ਇਸ ਤਰ੍ਹਾਂ ਤੇ ਮੌਤ ਦਾ ਸਾਮਨ ਬਣ ਗਏ ।

ਫ਼ਾਇਦਾ ਜਿਨ੍ਹਾਂ ਨੇ ਸੋਚਿਆ ਦੂਜੇ ਦੀ ਜ਼ਾਤ ਦਾ,
ਖ਼ੁਦ ਆਪ ਅਪਣੇ ਵਾਸਤੇ ਨੁਕਸਾਨ ਬਣ ਗਏ ।

ਸ਼ਾਹਾਂ ਦੇ ਮੂੰਹੋਂ ਨਿਕਲੇ ਸ਼ਬਦਾਂ ਦੀ ਮਾਰ ਦੇਖ,
ਜਿੱਥੋਂ ਕੁ ਤੀਕ ਪਹੁੰਚੇ, ਫ਼ਰਮਾਨ ਬਣ ਗਏ ।

'ਸ਼ਾਹਿਦ' ਉਹਦਾ ਕਮਾਲ ਨਹੀਂ ਸਾਡਾ ਈ ਜ਼ਰਫ਼ ਏ,
ਸਭ ਕੁਝ ਸਮਝਦੇ ਹੋਏ ਵੀ, ਨਾਦਾਨ ਬਣ ਗਏ ।