Ghail Sadhran : Prof. Deedar Singh

ਘਾਇਲ ਸੱਧਰਾਂ : ਪ੍ਰੋਃ ਦੀਦਾਰ ਸਿੰਘ


ਖਰੀਆਂ ਆਖ ਸੁਣਾਈਆਂ : ਡਾ. ਕੇਸਰ ਸਿੰਘ 'ਕੇਸਰ'

ਰਚਨਾ ਤੇ ਰਚਨਾਕਾਰ ਕਿਸੇ ਰਸਮੀ ਜਾਣ-ਪਛਾਣ ਦੇ ਮੁਥਾਜ ਨਹੀਂ ਹੁੰਦੇ ਕਿਉਂਕਿ ਰਚਨਾਤਮਕ ਅਮਲ ਕਦੇ ਗੁੱਝਾ ਨਹੀਂ ਰਹਿੰਦਾ। ਪ੍ਰੋ: ਦੀਦਾਰ ਸਿੰਘ ਦੀ ਹਥਲੀ ਪੁਸਤਕ, ‘ਘਾਇਲ ਸੱਧਰਾਂ', ਦੀ ਜਾਣ-ਪਛਾਣ ਕਰਾਉਣ ਲਗਿਆਂ ਮੇਰੇ ਲਈ ਰਸਮੀ ਹੋਣਾ ਹੋਰ ਵੀ ਮੁਸ਼ਕਲ ਹੈ ਕਿਉਂਕਿ ਦੀਦਾਰ ਸਿੰਘ ਮੇਰਾ ਪਰਮ ਮਿੱਤਰ ਹੈ ਤੇ ਮਿੱਤਰਾਂ ਬਾਰੇ ਕੁਝ ਕਹਿਣ ਲਗਿਆਂ ਬੰਦਾ ਭਾਵੁਕ ਭਾਵੇਂ ਹੋ ਜਾਏ, ਰਸਮੀ ਬਿਲਕੁਲ ਨਹੀਂ ਹੋ ਸਕਦਾ ।

ਅੰਗਰੇਜ਼ੀ ਸਾਹਿਤ ਪੜ੍ਹਾਉਂਦਿਆਂ ਤੇ ਪੰਜਾਬੀ ਸਾਹਿਤ ਲਿਖਦਿਆਂ ਦੀਦਾਰ ਸਿੰਘ ਦੀ ਉਮਰ ਬੀਤ ਗਈ ਹੈ । ਨਾਟਕ ਤੇ ਕਵਿਤਾ ਦੇ ਪਿੜ ਵਿਚ ‘ਸੁਮੇਲ’, ‘ਸ਼ਹੀਦ ਭਗਤ ਸਿੰਘ’, ‘ਕਲਿ ਤਾਰਣ ਗੁਰੂ ਨਾਨਕ ਆਇਆ', ‘ਅਖੰਡ ਨੂਰ', ‘ਈਦਾਂ ਵਿਸ ਭਰੀਆਂ', ‘ਮਹਾਂ ਪੰਡਤ ਚਾਰਵਾਕ’ ਤੇ ‘ਘਾਇਲ ਸੱਧਰਾਂ' ਉਸਦੀਆਂ ਵਿਸ਼ੇਸ਼ ਪ੍ਰਾਪਤੀਆਂ ਹਨ । ਇਨ੍ਹਾਂ ਤੋਂ ਇਲਾਵਾ ਲਗ ਭਗ ਅੱਧੀ ਦਰਜਨ ਰਚਨਾ-ਸੰਗ੍ਰਹਿ ਛਪਣ ਗੋਚਰੇ ਪਏ ਹਨ ।

ਉਪਰੋਕਤ ਰਚਨਾਵਾਂ ਵਿਚੋਂ ਕੁਝ ਇਕ ਨੂੰ ਸਿਉਂਕ ਤੋਂ ਬਚਾ ਕੇ ਪਾਠਕਾਂ ਤੱਕ ਪਹੁੰਚਾਉਣ ਲਈ ਉਸਨੂੰ ਘਰ ਫੂਕ ਕੇ ਤਮਾਸ਼ਾ ਵੀ ਵੇਖਣਾ ਪਿਆ ਹੈ, ਪਰ ਇਹ ਰਚਨਾਵਾਂ ਪਾਠਕਾਂ ਤਕ ਪਹੁੰਚ ਕੇ ਵੀ ਪਹੁੰਚੀਆਂ ਨਹੀਂ ਜਾਪਦੀਆਂ ਕਿਉਂਕਿ ਪੰਜਾਬੀ ਪਾਠਕਾਂ-ਪੜਚੋਲੀਆਂ ਵਲੋਂ ਇਹਨਾਂ ਨੂੰ ਉਹ ਹੁੰਗਾਰਾ ਨਹੀਂ ਮਿਲਿਆ ਜੋ ਮਿਲਣਾ ਚਾਹੀਦਾ ਸੀ (ਇਕਲੇ ਦੀਦਾਰ ਸਿੰਘ ਦੀ ਨਹੀਂ, ਬਹੁਤੀ ਪੰਜਾਬੀ ਕਵਿਤਾ ਦਾ ਇਹੋ ਹਾਲ ਹੈ) । ਮੇਰੇ ਖਿਆਲ ਵਿਚ ਇਸਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪੂੰਜੀਵਾਦੀ ਦੌਰ ਵਿਚ ਪਾਠਕਾਂ-ਪੜਚੋਲੀਆਂ-ਪ੍ਰਕਾਸ਼ਕਾਂ ਨੂੰ ਦੋ ਤਰ੍ਹਾਂ ਦੇ ਸਾਹਿਤਕਾਰ ਹੀ ਵਧੇਰੇ ਪ੍ਰਵਾਨ ਹੁੰਦੇ ਹਨ। ਇਕ ਤਾਂ ਉਹ ਜੋ ਗਿਣਤੀ ਦੇ ਮਧਵਰਗੀ ਪਾਠਕਾਂ ਦੀਆਂ ਜਾਂ ਕੇਵਲ ਆਪਣੀਆਂ ਮਧਵਰਗੀ ਰੁਚੀਆਂ ਨੂੰ ਤ੍ਰਿਪਤ ਕਰਨ ਲਈ ਸਾਹਿਤ ਰਚਦੇ ਹਨ ਤੇ ਦੂਜੇ ਉਹ ਜੋ ਪੈਸਾ ਕਮਾਉਣ ਜਾਂ ਸਸਤੀ ਸ਼ੋਹਰਤ ਖੱਟਣ ਲਈ ਸਾਹਿਤ ਵਰਗਾ ਅਜਿਹਾ ਕੁਝ ਲਿਖਦੇ ਹਨ ਜੋ ਬੁਰਜੂਆ ਕਲਚਰ ਤੋਂ ਪ੍ਰਭਾਵਿਤ ਅਧਪੜ੍ਹ ਅਨਪੜ੍ਹ ਅਵਾਮ ਦੇ ਸੁਹਾਜ-ਸੁਆਦ ਨੂੰ ਜਿਉਂ-ਦਾ-ਤਿਉਂ ਬਣਾਈ ਰੱਖਣ ਵਿਚ ਹਾਕਮ ਸ਼ਰੇਣੀਆਂ ਨੂੰ ਸਹਾਈ ਹੁੰਦਾ ਹੈ । ਦੀਦਾਰ ਸਿੰਘ ਇਨ੍ਹਾਂ ਦੋਹਾਂ ਤਰ੍ਹਾਂ ਦੇ ਸਾਹਿਤਕਾਰਾਂ ਵਿਚੋਂ ਨਹੀਂ। ਨਾ ਤਾਂ ਉਹ ਕੇਵਲ ਆਪਣੇ ਲਈ ਜਾਂ ਗਿਣੇ-ਚੁਣੇ ਲੇਖਕ-ਪਾਠਕਾਂ ਦੇ ਲਈ ਲਿਖਦਾ ਹੈ ਤੇ ਨਾ ਹੀ ਉਹ ਸਸਤੀ ਸ਼ੋਹਰਤ ਤੇ ਪੈਸੇ ਦੇ ਪਿਛੇ ਪਿਛੇ ਭੱਜਦਾ ਹੈ। ਜੇ ਉਹ ਸ਼ੋਹਰਤ ਦਾ ਸ਼ੌਕੀਨ ਹੁੰਦਾ ਤਾਂ ‘ਸ਼ਹੀਦ ਭਗਤ ਸਿੰਘ' ਦਾ ਕਰਤਾ ਹੁਣ ਤਕ ਗੁੰਮਨਾਮ ਨਾ ਰਹਿੰਦਾ ਤੇ ਜੇ ਪੈਸੇ ਦਾ ਪੁੱਤ ਹੁੰਦਾ ਤਾਂ ਆਪਣੀ ਕੋਈ ਵੀ ਕਿਤਾਬ ਰਾਇਲਟੀ ਲੈਣ ਤੋਂ ਬਗੈਰ ਨਾ ਛਾਪਦਾ। ਉਪਰੋਕਤ ਦੋਹਾਂ ਤਰ੍ਹਾਂ ਦੇ ਲੇਖਕਾਂ ਤੋਂ ਉਲਟ ਉਹ ਲੋਕਾਂ ਲਈ ਲਿਖਦਾ ਹੈ ਤੇ ਉਸਦੀ ਕਵਿਤਾ ਸਮੁਚੇ ਜਾਇਦਾਦੀ ਰਿਸ਼ਤਿਆਂ ਤੇ ਖ਼ਾਸ ਕਰਕੇ ਅਜੋਕੇ ਵਪਾਰਕ ਰਿਸ਼ਤਿਆਂ, ਦਾ ਡਟ ਕੇ ਵਿਰੋਧ ਕਰਦੀ ਹੈ। ਜਿਸ ਸਮਾਜ ਵਿਚ ਬਹੁ-ਗਿਣਤੀ ਨੂੰ ਅਵਿਦਤ ਰੱਖ ਕੇ ਜਾਂ ਸਸਤੇ ਭੜਕਾਊ, ਸਾਹਿਤ, ਭੁਚਲਾਊ ਰੇਡੀਓ ਤੇ ਸ਼ੋਰਪਾਉ ਲਾਊਡਸਪੀਕਰ ਵਰਤ ਕੇ ਲੋਕਾਂ ਦੀ ਆਪਣੀ ਕਲਚਰ ਨੂੰ ਮਲੀਆਮੇਟ ਕੀਤਾ ਜਾ ਰਿਹਾ ਹੋਵੇ ਤੇ ਉਨ੍ਹਾਂ ਨੂੰ ਅਰੋਗ ਤੇ ਲੋਕ-ਪੱਖੀ ਸਾਹਿਤ ਤੋਂ ਦੂਰ ਰੱਖਣ ਦੇ ਸਾਰੇ ਹੀਲੇ-ਹਰਬੇ ਵਰਤੇ ਜਾ ਰਹੇ ਹੋਣ ਉਸ ਸਮਾਜ ਵਿਚ ਦੀਦਾਰ ਸਿੰਘ ਵਰਗੇ ਕਵੀਆਂ ਦੀ ਕਵਿਤਾ ਦੀ ਪੁਛ-ਪਰਤੀਤ ਜੇ ਘੱਟ ਹੈ ਤਾਂ ਇਹ ਕੋਈ ਜਗੋਂ ਬਾਹਰੀ ਗੱਲ ਨਹੀਂ। ਪਰ ਦੀਦਾਰ ਸਿੰਘ ਦਾ ਸਿਰੜ ਇਸ ਗੱਲ ਦਾ ਪ੍ਰਮਾਣ ਹੈ ਕਿ ਲੋਕ-ਵਿਰੋਧੀ ਤੇ ਕਾਵਿ-ਵਿਰੋਧੀ ਮਾਹੌਲ ਵਿਚ ਵੀ ਕਵਿਤਾ ਰਚੀ ਜਾ ਸਕਦੀ ਹੈ।

ਦੀਦਾਰ ਸਿੰਘ ਇਕ ਲੋਕ-ਕਵੀ ਹੈ। ਸਸਤੀ ਸ਼ੋਹਰਤ ਲਈ ਲਿਖਣ ਵਾਲੇ ਅਤੇ ਰੇਡੀਓ, ਟੀ. ਵੀ. ਜਾਂ ਰਿਕਾਰਡ ਕੰਪਨੀਆਂ ਤੋਂ ਪੈਸੇ ਬਟੋਰਨ ਵਾਲੇ ਤੁਕ-ਬੰਦ ਕਵੀ ਵੀ ਕਈ ਵਾਰ ਆਪਣੇ ਆਪ ਨੂੰ ਲੋਕ-ਕਵੀ ਕਹਿ ਲੈਂਦੇ ਹਨ, ਪਰ ਅਜਿਹੇ ਕਵੀ ਅਸਲ ਵਿਚ ਲੋਕਵਾਦੀ (Populist) ਹੁੰਦੇ ਹਨ, ਲੋਕ-ਕਵੀ (Popular) ਨਹੀਂ । ਇਨ੍ਹਾਂ ਦੋਹਾਂ ਵਿਚ ਨਿਖੇੜਾ ਕਰਨਾ ਬਹੁਤ ਜ਼ਰੂਰੀ ਹੈ। ਦੀਦਾਰ ਸਿੰਘ ਲੋਕਾਂ ਦਾ ਕਵੀ ਹੈ, ਲੋਕਵਾਦੀ ਨਹੀਂ। ਲੋਕਵਾਦੀ ਕਵਿਤਾ ਲੋਕਾਂ ਬਾਰੇ ਹੁੰਦੀ ਹੈ, ਲੋਕਾਂ ਵਾਸਤੇ ਨਹੀਂ, ਪਰ ਦੀਦਾਰ ਸਿੰਘ ਦੀ ਕਵਿਤਾ ਲੋਕਾਂ ਬਾਰੇ ਵੀ ਹੈ ਤੇ ਲੋਕਾਂ ਵਾਸਤੇ ਵੀ। ਉਹ ਲੋਕਾਂ ਦੀਆਂ ਸੱਧਰਾਂ ਨੂੰ ਸਸਤੇ ਭਾਅ ਵੇਚਕੇ, ਉਨ੍ਹਾਂ ਦੀ ਚੇਤਨਾ ਨੂੰ ਲੋਰੀਆਂ ਦੇ ਕੇ ਤੇ ਉਨ੍ਹਾਂ ਦੇ ਸੁਹਜ-ਸੁਆਦ ਨੂੰ ਹਾਕਮ ਸ਼ਰੇਣੀਆਂ ਦੇ ਸੁਆਦਾਂ ਦੇ ਲੜ ਲਾ ਕੇ ਪੈਸੇ ਖਰੇ ਕਰਨ ਦੇ ਹੱਕ ਵਿਚ ਨਹੀਂ, ਸਗੋਂ ਲੋਕਾਂ ਦੇ ਵਿਗਾੜੇ ਜਾ ਚੁਕੇ ਸੁਹਜ-ਸੁਆਦ ਤੇ ਪੁੱਠੀ ਕੀਤੀ ਜਾ ਚੁਕੀ ਚੇਤਨਾ ਨੂੰ ਤਬਦੀਲ ਕਰਨ ਦੇ ਆਹਰ ਵਿਚ ਹੈ । ਇਸ ਲਈ ਇਹ ਕੋਈ ਅਲੋਕਾਰ ਗੱਲ ਨਹੀਂ ਕਿ ਉਸ ਦੀ ਮਹਾਂਕਾਵਿਕ ਰਚਨਾ, ‘ਸ਼ਹੀਦ ਭਗਤ ਸਿੰਘ', ਹਜ਼ਾਰਾਂ ਪਾਠਕਾਂ ਦੇ ਹੱਥਾਂ ਵਿਚ ਪੁਜ ਕੇ ਵੀ ਹਸਨਪੁਰੀ, ਮਾਨ-ਮਰਾੜਾਂ, ਦੇਵ-ਥਰੀਕਿਆਂ, ਆਦਿਕ ਦੀ ਲੋਕਵਾਦੀ ਅਫ਼ੀਮ ਦਾ ਮੁਕਾਬਲਾ ਨਹੀਂ ਕਰ ਸਕੀ। ਪ੍ਰਤੱਖ ਹੈ ਕਿ ਦੀਦਾਰ ਸਿੰਘ ਦੀ ਕਵਿਤਾ ਤੇ ਉਸਦੇ ਪਾਠਕਾਂ ਵਿਚਾਲੇ ਬੁਰਜੂਆ ਸਮੂਹਕ ਸੰਚਾਰ-ਸਾਧਨ (Mass Media) ਕੰਧ ਵਾਂਗ ਖਲੋਤੇ ਹਨ। ਜਿਹੜੀ ਗੱਲ ਉਸਨੇ ‘ਸੁੰਦਰਾਂ' ਬਾਰੇ ਕਹੀ ਹੈ ਉਹ ਉਸਦੀ ਕਾਵਿ-ਸੁੰਦਰਾਂ ਬਾਰੇ ਵੀ ਸੱਚ ਹੈ :

ਕਈ ਚੰਨ ਚੜ੍ਹੇ ਕਈ ਲਥ ਹਾਰੇ ਉਹ ਕੁਆਰੀ ਦੀ ਕੁਆਰੀ ।
ਨਾ ਕੋਈ ਦਿਲ ਦਾ ਮਹਿਰਮ ਮਿਲਿਆ, ਨਾ ਸੁੰਦਰਾਂ ਹੱਠ ਹਾਰੀ ।

ਕਵਿਤਾ ਦੇ ਦਿਲ ਦਾ ਮਹਿਰਮ ਉਸ ਦਾ ਪਾਠਕ ਹੁੰਦਾ ਹੈ । ਜੇ ਕਵਿਤਾ ਨੂੰ ਆਪਣਾ ਹਾਣੀ ਸਰੋਤਾ ਪਾਠਕ ਨਾ ਮਿਲੇ ਤਾਂ ਉਸਦਾ ਜੋਬਨ ਅਣਪਰਨਾਇਆ ਤੇ ਅਣਮਾਣਿਆ ਹੀ ਬੀਤ ਜਾਂਦਾ ਹੈ। ਪੂੰਜੀਵਾਦੀ ਯੁੱਗ ਵਿਚ ਲੋਕ-ਕਵਿਤਾ ਦਾ ਮਹਿਰਮ ਮਿਲਣਾ ਉਨਾ ਚਿਰ ਮੁਸ਼ਕਿਲ ਹੀ ਹੈ ਜਿੰਨਾ ਚੋਰ ਲੋਕ ਖ਼ੁਦ ਆਪਣੀ ਹੋਣੀ ਤੋਂ ਚੇਤੰਨ ਹੋ ਕੇ ਆਪਣੀ ਕਲਚਰ ਦੀ ਰਖਿਆ ਲਈ ਇਕ-ਮੁੱਠ ਨਹੀਂ ਹੋ ਜਾਂਦੇ ।

‘ਘਾਇਲ ਸੱਧਰਾਂ’ ਵਿਚ ਪੰਜ ਲੋਕ-ਕਥਾ-ਕਾਵਿ (Ballads) ਹਨ । ਇਕ ਅੰਗਰੇਜ਼ ਆਲੋਚਕ, ਰਿਚਮਾਂਡ (W. Kenneth Richmond), ਆਪਣੀ ਪੁਸਤਕ, ਕਵਿਤਾ ਤੇ ਲੋਕ (Poetry and the people) ਵਿਚ ਕਥਾਕਾਵਿ ਬਾਰੇ ਲਿਖਦਾ ਹੈ : ‘ਕਥਾਕਾਵਿ ਹਮੇਸ਼ਾ ਉਚੀ ਬੋਲਦਾ ਹੈ ਤੇ ਦਲੇਰੀ ਨਾਲ ਬੋਲਦਾ ਹੈ (The ballad always speaks out loud and bold)'; ਜਿਥੇ ਇਹ ਕਥਨ ਪੰਜਾਬੀ ਕਿੱਸਿਆਂ, ਭਾਈ ਵੀਰ ਸਿੰਘ ਦੀਆਂ ਲੰਬੀਆਂ ਕਵਿਤਾਵਾਂ, ਪ੍ਰੋ: ਪੂਰਨ ਸਿੰਘ ਤੇ ਡਾ: ਦੀਵਾਨ ਸਿੰਘ ਕਾਲੇਪਾਣੀ ਦੀਆਂ ਕਥਾ-ਆਧਾਰਿਤ ਰਚਨਾਵਾਂ, ਧਨੀ ਰਾਮ ਚਾਤ੍ਰਿਕ ਦੇ ਬਿਰਤਾਂਤਕ ਕਾਵਿ, ਪ੍ਰੋ: ਮੋਹਨ ਸਿੰਘ ਦੇ ਬੈਲਡਾਂ, ਅੰਮ੍ਰਿਤਾ ਪ੍ਰੀਤਮ ਤੇ ਸ਼ਿਵ ਕੁਮਾਰ ਦੇ ਲੰਬੇ ਗੀਤਾਂ ਤੇ ਪਿਆਰਾ ਸਿੰਘ ‘ਸਹਿਰਾਈ' ਤੇ ਸੰਤੋਖ ਸਿੰਘ ‘ਧੀਰ’ ਦੇ ਲੋਕ-ਕਾਵਿ ਉਤੇ ਢੁਕਦਾ ਹੈ ਉਥੇ ਇਹ ‘ਘਾਇਲ ਸੱਧਰਾਂ' ਵਿਚ ਸ਼ਾਮਲ ਕਥਾਕਾਵਿਆਂ ਬਾਰੇ ਵੀ ਸੱਚ ਹੈ । ਇਸਦਾ ਅਰਥ ਇਹ ਹੈ ਕਿ ਲੋਕ-ਕਵਿਤਾ ਕੇਵਲ ‘ਲਿਖਤ' (written word) ਤਕ ਸੀਮਤ ਨਹੀਂ ਹੁੰਦੀ, ਸਗੋਂ ਲੋਕ-ਕਲਚਰ ਵਾਂਗ ਉਸਦਾ ਬਹੁਤਾ ਸੰਬੰਧ ‘ਬੋਲ' (Spoken word) ਨਾਲ ਹੁੰਦਾ ਹੈ । ਜਿੰਨਾ ਚਿਰ ਉਸ ਨੂੰ ਗਾ ਕੇ ਜਾਂ ਖ਼ਾਸ ਤਰੀਕੇ ਨਾਲ ਉਚਾਰ ਕੇ ਸੁਣਿਆ ਨਹੀਂ ਜਾਂਦਾ ਉਨਾਂ ਚਿਰ ਉਸਨੂੰ ਮਾਣਿਆ ਨਹੀਂ ਜਾ ਸਕਦਾ।

ਇਨ੍ਹਾਂ ਕਥਾਕਾਵਿਆਂ ਨੂੰ ਕੇਵਲ 'ਲਿਖਤ' ਨਾਲ ਸੰਬੰਧਤ ਕਰਕੇ ਦੇਖਣ ਵਾਲੇ ਪਾਠਕ-ਪੜਚੋਲੀਏ ਇਨ੍ਹਾਂ ਦੀ ਰੂਪਵਾਦੀ-ਸੰਰਚਨਾਵਾਦੀ-ਚਿੰਨ੍ਹਵਾਦੀ ਵਿਆਖਿਆ ਤਾਂ ਕਰ ਸਕਦੇ ਹਨ, ਪਰ ਇਨ੍ਹਾਂ ਵਿਚ ਦ੍ਰਿ ਸ਼੍ਰਵ ਤੇ ਵ ਜਾਂ ਬਿਰਤਾਂਤ ਤੇ ਸਰੋਦ ਦੀ ਜੋ ਅਨਿੱਖੜ ਏਕਤਾ ਹੈ ਉਸਨੂੰ ਨਹੀਂ ਪਛਾਣ ਸਕਦੇ। ਛੜੇ ਸੰਰਚਨਾਵਾਦ ਦੀ ਰਾਮਕਾਰ ਵਿਚ ਰਹਿ ਕੇ ਇਨ੍ਹਾਂ ਦੀ ਅਰਥ-ਸੀਮਾ ਤੇ ਭਾਵ-ਸ਼ਕਤੀ ਦਾ ਅੰਦਾਜ਼ਾ ਲਾਉਣਾ ਮੁਸ਼ਕਿਲ ਹੈ। ਇਉਂ ਕਰਨ ਲਈ ਇਕ ਵਾਰ ਇਸ ਰਾਮਕਾਰ ਨੂੰ ਉਲੰਘ ਕੇ ਇਨ੍ਹਾਂ ਗੀਤਾਂ ਦੇ ਰਾਵਣਾਂ (ਕਾਗਜ਼ ਦੇ ਰਾਵਣ ਨਹੀਂ) ਸੰਗ ਉਧਲ ਕੇ ਜਾਣਾ ਪਵੇਗਾ, ਤੇ ਇਨ੍ਹਾਂ ਦਾ ਮਹਿਰਮ ਬਣ ਕੇ, ਇਨ੍ਹਾਂ ਨੂੰ ਆਪਣੀਆਂ ਰਗਾਂ ਵਿਚ ਸਮੋ ਕੇ ਇਕ ਮਿੱਠਾ ਮਿੱਠਾ ਕਾਂਬਾ ਮਹਿਸੂਸ ਕਰਨਾ ਹੋਵੇਗਾ। ਉਦਾਹਰਣ ਲਈ : ਚਿੰਨ੍ਹਵਾਦੀ ਦ੍ਰਿਸ਼ਟੀ ਪੁਸਤਕ ਦੇ ਨਾਂ ਤੋਂ ਹੀ ਇਹ ਅੰਦਾਜ਼ਾ ਤਾਂ ਲਾ ਸਕਦੀ ਹੈ ਕਿ ਇਸ ਵਿਚ ਸਮੂਰਤ ਸਥੂਲ (ਘਾਇਲ) ਤੋਂ ਅਮੂਰਤ ਅਸਥੂਲ (ਸੱਧਰਾਂ) ਦੇ ਤਣਾਉ ਦੁਆਰਾ ਕਵੀ ਨੇ ਆਪਣੇ ਅਨੁਭਵ ਨੂੰ ਪ੍ਰਗਟ ਕੀਤਾ ਹੈ ਤੇ ਇਸ ਤਰ੍ਹਾਂ ਇਨ੍ਹਾਂ ਰਚਨਾਵਾਂ ਦੀ ‘ਲਿਖਤੀ ਰਚਨਾ- ਪ੍ਰਕ੍ਰਿਆ ਦੀ ਵਿਆਖਿਆ ਵੀ ਸੌਖਿਆਂ ਹੀ ਕੀਤੀ ਜਾ ਸਕਦੀ ਹੈ, ਪਰ ਇਨ੍ਹਾਂ ਨੂੰ ਉਚਾਰ ਕੇ ਸੁਣਨ ਤੋਂ ਬਿਨਾਂ ਜ਼ਿੰਦਗੀ ਤੇ ਮੌਤ ਦੀ ਉਸ ਨਿਰੰਤਰ ਮੁੱਠਭੇੜ ਵਿਚੋਂ ਗੂੰਜਦੀ ਭਾਵ-ਸ਼ਕਤੀ ਦੀ ਸੋਝੀ ਨਹੀਂ ਹੋ ਸਕਦੀ ਜਿਹੜੀ ਮੁੱਠਭੇੜ ਹਰੇਕ ਘਾਇਲ ਸੱਧਰ ਦੇ ਅੰਦਰ ਤੇ ਬਾਹਰ ਵਿਆਪਦੀ ਹੈ । ਭਾਵ ਤੇ ਸਰੋਦ ਦੋਵੇਂ ਵਿਰੋਧੀ ਸ਼ਕਤੀਆਂ ਦੀ ਰਗੜ 'ਚੋਂ ਉਪਜਦੇ ਹਨ ਤੇ ਉਚਾਰਣ ਜਾਂ ਗਾਉਣ ਤੋਂ ਬਿਨਾਂ ਇਨ੍ਹਾਂ ਦੋਹਾਂ ਨੂੰ ਮਹਿਸੂਸ ਨਹੀਂ ਕੀਤਾ ਜਾ ਸਕਦਾ । ਉਚਾਰਣ-ਗਾਇਨ ਤੋਂ ਬਾਅਦ ਹੀ ਪਤਾ ਲੱਗਦਾ ਹੈ ਕਿ ਇਸ ਪੁਸਤਕ ਦਾ ਨਾਂ ਵੀ ਸਥੂਲ ਤੇ ਸੂਖ਼ਮ ਦੇ ਸਥਿਤੀਸ਼ੀਲ (ਖੜੋਤੇ) ਤਣਾਓ ਦਾ ਸੂਚਕ ਨਹੀਂ, ਸਗੋਂ ਇਨ੍ਹਾਂ ਬੈਲਡਾਂ ਦੇ ਮੁਖ ਪਾਤਰਾਂ (ਲੂਣਾਂ, ਸੁੰਦਰਾਂ, ਰਸ਼ਮਾਂ, ਕਮਲੀ ਫੌਜਣ, ਸਿਆਣੀ ਸੁਆਣੀ) ਦੀਆਂ ਮਨੋਵਸਥਵਾਂ ਤੇ ਸਮਾਜਕ ਸਥਿਤੀਆਂ ਦੇ ਆਰਪਾਰ ਵਿਆਪ ਰਹੇ ਨਿਰੰਤਰ ਦਵੰਦ ਦਾ ਸੂਚਕ ਹੈ । ਇਹ ਦਵੰਦ ਸੂਖ਼ਮ ਵੀ ਹੈ ਤੇ ਸਥੂਲ ਵੀ, ਮਾਨਸਕ ਵੀ ਹੈ ਤੇ ਸਮਾਜਕ ਵੀ । ਇਨ੍ਹਾਂ ਪੰਜੇ ਰਚਨਾਵਾਂ ਦਾ ਸੰਸਾਰ, ਵਿਰੋਧੀ ਧਿਰਾਂ ਦੀ ਟੱਕਰ ਦਾ ਸੰਸਾਰ ਹੈ। ਇਸ ਟੱਕਰ ਦੀ ਗਤੀ ਤ੍ਰਾਸਦੀ (tragedy) ਵੱਲ ਹੈ, ਪਰ ਤ੍ਰਾਸਦੀ ਵਿਚ ਇਹ ਮੁਕਦੀ ਨਜ਼ਰ ਨਹੀਂ ਆਉਂਦੀ ।

ਓਪਰੀ ਨਜ਼ਰੇ ਦੇਖਿਆਂ ਜਾਪੇਗਾ ਕਿ ਪੰਜਾਂ ਰਚਨਾਵਾਂ ਵਿਚ ਇਕੋ ਕਥਾ ਦੁਹਰਾਈ ਗਈ ਹੈ, ਪਰ ਦੀਰਘ ਕੰਨਾਂ ਨਾਲ ਸੁਣਿਆਂ ਪਤਾ ਲਗੇਗਾ ਕਿ ਕਥਾ ਇਕ ਹੁੰਦੀ ਹੋਈ ਵੀ ਇਕ ਨਹੀਂ ਹੈ। ਪੰਜਾਂ ਦਾ ਵਿਸ਼ਾ ਇਹ ਹੈ : ਇਸਤ੍ਰੀ-ਪੁਰਖ ਦੇ ਸੰਬੰਧ, ਪਰ ਪੰਜਾਂ ਦੀ ਸਮਾਜਕ ਪਿਛੋਕੜ ਇਕ ਨਹੀਂ ਹੈ ; ਪੰਜਾਂ ਦਾ ਵਸਤੂ ਅਰਥਾਤ ਮੂਲ ਦਵੰਦ ਇਕ ਹੈ : ਲੋਕ-ਕਲਚਰ ਤੇ ਹਾਕਮ ਸ਼ਰੇਣੀਆਂ ਦੀ ਕਲਚਰ ਦਾ ਦਵੰਦ, ਪਰ ਪੰਜਾਂ ਵਿਚ ਇਸ ਦਵੰਦ ਦੇ ਜੁਦੇ ਜੁਦੇ ਪਹਿਲੂਆਂ ਨੂੰ ਉਜਾਗਰ ਕੀਤਾ ਗਿਆ ਹੈ।

ਸਵਾਲ ਹੈ ਕਿ ਇਨ੍ਹਾਂ ਕਥਾਕਾਵਿਆਂ ਵਿਚ ਇਸਤ੍ਰੀ ਨੂੰ ਹੀ ਮੁੱਖ ਪਾਤਰ (protagonist) ਵਜੋਂ ਕਿਉਂ ਚੁਣਿਆ ਗਿਆ ਹੈ ਜਾਂ ਇਸਤ੍ਰੀ-ਪੁਰਖ ਦੇ ਸੰਬੰਧਾਂ ਨੂੰ ਹੀ ਮੁਖ ਵਿਸ਼ਾ ਕਿਉਂ ਬਣਾਇਆ ਗਿਆ ਹੈ ? ਇਸ ਦਾ ਠੀਕ ਤੇ ਠੇਠ ਉਤਰ ਦੇਣ ਲਈ ਕਾਰਲ ਮਾਰਕਸ ਦੇ ਉਹ ਸ਼ਬਦ ਯਾਦ ਕਰਨੇ ਪੈਣਗੇ ਜਿਹੜੇ ੧੮੪੩-੪੪ ਵਿਚ ਉਸਨੇ ਆਪਣੀਆਂ ਆਰਥਿਕ-ਦਾਰਸ਼ਨਿਕ ਹੱਥ-ਲਿਖਤਾਂ ਵਿਚ ਲਿਖੇ ਸਨ :

ਵਿਅਕਤੀ ਦਾ ਵਿਅਕਤੀ ਨਾਲ ਸਿੱਧਾ, ਕੁਦਰਤੀ, ਤੇ ਜ਼ਰੂਰੀ ਰਿਸ਼ਤਾ ਮਰਦ ਦਾ ਔਰਤ ਨਾਲ ਰਿਸ਼ਤਾ ਹੈ। ਇਸ ਲਈ ਇਸ ਰਿਸ਼ਤੇ ਤੋਂ ਸਮੁੱਚੇ ਮਨੁੱਖੀ ਵਿਕਾਸ ਦੀ ਪੱਧਰ ਦਾ ਨਿਰਣਾ ਕੀਤਾ ਜਾ ਸਕਦਾ ਹੈ । (The direct, natural, and necessary relation of person to person is the relation of man to woman... From this relationship one can therefore judge man's whole level of development)

ਇਨ੍ਹਾਂ ਰਚਨਾਵਾਂ ਵਿਚ ਕਵੀ ਨੇ ਜਗੀਰਦਾਰੀ ਯੁੱਗ ਤੋਂ ਲੈ ਕੇ ਅਜੋਕੇ ਪੂੰਜੀਵਾਦੀ ਯੁੱਗ ਤਕ ਵਟਦੇ ਵਿਗਸਦੇ ਜਾਂ ਟੁਟਦੇ ਭਜਦੇ ਆਏ ਇਸਤ੍ਰੀ-ਪੁਰਖ ਸੰਬੰਧਾਂ ਦੇ ਰੂਪ ਵਿਚ ਮਾਨਵ ਤੇ ਪਸ਼ੂ, ਲੋਕ-ਸ਼ਕਤੀ ਤੇ ਲੋਕ-ਵਿਰੋਧੀ ਸੱਤਾ ਦੇ ਸੰਘਰਸ਼ ਨੂੰ ਦਰਸਾਇਆ ਹੈ । ਪਰ ਜਿਵੇਂ ਮੈਂ ਪਹਿਲਾਂ ਹੀ ਕਿਹਾ ਹੈ, ਇਹ ਸੰਘਰਸ਼ ਹਰੇਕ ਕਥਾਕਾਵਿ ਵਿਚ ਇਕ ਵੱਖਰੇ ਰੂਪ ਵਿਚ ਪੇਸ਼ ਹੋਇਆ ਹੈ।

‘ਲੂਣਾਂ' ਵਿਚ ਇਸਦਾ ਰੂਪ ਧਨਵਾਨ ਧੌਂਸ ਤੇ ਨਿਰਧਨ ਨਿਰਬਲਤਾ ਦੀ ਟੱਕਰ ਦਾ ਹੈ :

ਇਕ ਪਾਸੇ ਧੀ ਦਾ ਧਨ ਭੋਲਾ, ਉਮਰੋਂ ਬਾਲ-ਜੁਆਨੀ।
ਦੂਜੇ ਪਾਸੇ ਲਿਸ਼ਕਾਂ ਮਾਰੇ, ਧਨ ਦਾ ਢੇਰ ਸਤਾਨੀ ।
ਆਖ਼ਰਕਾਰ ਗਰੀਬੀ ਹਾਰੀ, ਧਨ ਜਿਤ ਗਿਆ ਬਾਜ਼ੀ ।
ਹੋ ਗਿਆ ਲੂਣਾਂ ਦਾ ਬਾਬਲ ਵੀ, ਧੀ ਵੇਚਣ ਨੂੰ ਰਾਜ਼ੀ।

'ਸੁੰਦਰਾਂ' ਵਿਚ ਇਹੋ ਦਵੰਦ ਮਾਨਵ-ਪ੍ਰੇਮ (ਪ੍ਰੇਮਾ ਭਗਤੀ ਨਹੀਂ) ਤੇ ਜੋਗ, ਅਰਥਾਤ ਬੰਦੇ ਅਤੇ ਬਣਵਾਸੀ ਦੇ ਝੇੜੇ ਦਾ ਰੂਪ ਧਾਰਦਾ ਹੈ ; ਬਣਵਾਸੀ ਹੋ ਗਏ ਪੂਰਨ ਨੂੰ ਸੁੰਦਰਾਂ ਕਹਿੰਦੀ ਹੈ :

ਤੇਰੇ ਵਿਚਲੇ ਬੰਦੇ 'ਤੇ ਹਾਂ ਪੂਰਨ ਵੇ ਮੈਂ ਭੁੱਲੀ।
ਜੋਗ ਸੋਗ 'ਤੇ ਕਦੀ ਨਾ ਅੜਿਆ, ਸੁੰਦਰਾਂ ਰਾਣੀ ਡੁੱਲ੍ਹੀ ।

ਇਉਂ ਇਸ ਬੈਲਡ ਵਿਚ ਮੂਲ ਮਾਨਵੀ ਪੈਂਤੜੇ ਨੂੰ ਸਮੁੱਚੀ ਧਰਮ-ਪ੍ਰਸਤੀ ਦੇ ਵਿਰੋਧ ਵਿਚ ਖਲੋਤਾ ਦਿਖਾਇਆ ਗਿਆ ਹੈ ।

'ਰਸ਼ਮਾਂ' ਵਿਚ ਇਹ ਮੁੱਠਭੇੜ ਰਾਜਧੌਂਸ ਤੇ ਕੁਦਰਤੀ ਸੁਹਜ (ਜਿਸਨੂੰ ਰਾਜਧੌਂਸ ਕੇਵਲ ਆਪਣੇ ਲਈ ਰਾਖਵਾਂ ਸਮਝਦੀ ਹੈ) ਵਿਚਕਾਰ ਹੈ। ਇਹ ਕਥਾਕਾਵਿ, ਅਸਲ ਵਿਚ, ਇਕ ਰੂਪਕ (allegory) ਹੈ, ਜਿਸ ਵਿਚ ਔਰਤ-ਮਰਦ ਦੇ ਰਿਸ਼ਤੇ ਕੇਵਲ ਚਿੰਨ੍ਹ ਹਨ। 'ਰਸ਼ਮਾਂ' ਪਾਤਰ ਕਸ਼ਮੀਰ ਦੀ ਭੋਲੀ ਜਨਤਾ ਤੇ ਪ੍ਰਕਿਰਤਿਕ ਸੌਂਦਰਯ ਦਾ ਪ੍ਰਤੀਕ ਹੈ । ਦੀਦਾਰ ਸਿੰਘ ਇਸ ਕਥਾਕਾਵਿ ਦੇ ਸ਼ੁਰੂ ਵਿਚ ਹੀ ਮਨੁਖੀ ਸੁਹਜ ਤੇ ਪ੍ਰਕਿਰਤਿਕ ਸੌਂਦਰਯ ਨੂੰ ਅਨਿੱਖੜਵੇਂ ਰੂਪ ਵਿਚ ਚਿਤ੍ਰਦਾ ਹੈ :

੧. ਡਿੰਗ ਪੜਿੰਗੇ ਰੁੱਖਾਂ ਵਿਚੋਂ ਜਾਪਣ ਸੂਰਜ ਕਿਰਨਾਂ ।
ਜਿਉਂ ਜ਼ੁਲਫਾਂ ਮਹਿਬੂਬ ਦੀਆਂ 'ਚੋਂ ਪਿਰ ਨਜ਼ਰਾਂ ਦਾ ਫਿਰਨਾ ।
ਵਾਦੀ ਦੇ ਜੰਗਲ ੱਚੋਂ ਦਰਿਆ ਲਿਸ਼ਕੇ ਏਦਾਂ ਜਾਪੇ ।
ਕੇਸੀਂ ਕੱਢੇ ਚੀਰ ਜਿਵੇਂ ਕੋਈ ਬਾਲ ਅੰਞਾਣੀ ਆਪੇ ।

੨. ਗੁਲਦਸਤੇ ਦੇ ਵਾਂਗਰ ਫਬੇ ਕੁੰਗੂ ਕੁਲ ਦਾ ਡੇਰਾ ।
ਰਸ਼ਮਾਂ ਦੇ ਤੁਲ ਕੋਈ ਨਾ ਸੁਹਣੀ, ਮੁੰਡਿਆਂ 'ਚੋਂ ਇਕ ਸ਼ੇਰਾ।

‘ਬਿੰਬ' ਇਥੇ ਵੀ ਇਸਤ੍ਰੀ-ਪੁਰਖ ਸੰਬੰਧਾਂ ਦੇ ਹਨ । ‘ਸ਼ੇਰਾ’ ਕਸ਼ਮੀਰ ਦੀ ਜੁਆਨੀ, ਬਣ ਲੋਕ-ਸ਼ਕਤੀ, ਦਾ ਪ੍ਰਤੀਕ ਹੈ ਅਤੇ ‘ਰਸ਼ਮਾਂ' (ਕਸ਼ਮੀਰ ਦੇ ਸੁਹਜ ਕਸ਼ਮੀਰ ਦੇ ਲੋਕਾਂ) ਉਤੇ ਕੁਦਰਤੀ ਅਧਿਕਾਰ ਉਸੇ ਦਾ ਹੈ, ਪਰ ਹੁੰਦਾ ਕੀ ਹੈ ?

ਨਜ਼ਰੀ ਗਈ ਖ਼ਬਰੇ ਕਿਸ ਕੋਲੋਂ ਉਸ ਦੀ ਸੂਰਤ ਭੋਲੀ ।
ਚੁੱਕ ਲਿਆਂਦੀ ਰਾਜੇ ਡੋਗਰ ਮਹਿਲਾਂ ਦੇ ਵਿਚ ਰੋਲੀ।

ਰਾਜਧੌਂਸ ਮਨੁੱਖੀ ਰਿਸ਼ਤਿਆਂ (ਮਨੁਖ ਤੇ ਪ੍ਰਕਿਰਤੀ ਦੇ ਰਿਸ਼ਤਿਆਂ) ਦੇ ਸਿੱਧੇ, ਕੁਦਰਤੀ ਤੇ ਮਾਨਵੀ ਵਿਕਾਸ ਨੂੰ ਰੋਕ ਕੇ, ਉਨ੍ਹਾਂ ਨੂੰ ਟੇਢੇ, ਗੈਰਕੁਦਰਤੀ ਤੇ ਪਾਸ਼ਵੀ ਰਿਸ਼ਤਿਆਂ ਦਾ ਰੂਪ ਦਿੰਦੀ ਹੈ। ਨਤੀਜੇ ਵਜੋਂ, ਹਜ਼ਾਰਾਂ ਵਰ੍ਹਿਆਂ ਦੇ ਪਦਾਰਥਕ ਵਿਕਾਸ ਦੇ ਬਾਵਜੂਦ, ਮਨੁੱਖ ਅਜੇ ਤੱਕ ਡੰਗਰ ਦਾ ਡੰਗਰ ਤੁਰਿਆ ਆਉਂਦਾ ਹੈ।

‘ਕਮਲੀ ਫੌਜਣ' ਇਸ ਡੰਗਰ-ਕਲਚਰ (war culture) ਦੀ ਫੇਟ ਵਿਚ ਆਈ ‘ਪਤੀਬਰਤਾ ਹੈ। ‘ਪਤੀਬਰਤ' ਕਬਜ਼ੇ ਦੀ ਲਾਲਸਾ ਵਿਚੋਂ ਪੈਦਾ ਹੋਇਆ, ਵਰਗ-ਸਮਾਜ ਦਾ ਅਜਿਹਾ ਸਦਾਚਾਰ ਹੈ ਜਿਸਦਾ ਪਾਲਣ ਕਰਦੀਆਂ ਅਨੇਕਾਂ ਸੁਆਣੀਆਂ ਜਿਊਂਦੀਆਂ ਸਤੀਆਂ ਹੋ ਗਈਆਂ, ਦੂਜੇ ਪਾਸੇ ਮਰਦ ਲਈ ਇਹ ਸਦਾਚਾਰ, ਕਿਸੇ ਵੀ ਹਾਲਤ ਵਿਚ, ਇੰਨੀ ਕਰੜਾਈ ਨਾਲ ਪਾਲਣਾ ਜ਼ਰੂਰੀ ਨਹੀਂ ਸਮਝਿਆ ਗਿਆ । ਇਸ ਲਈ ਆਧੁਨਿਕ ਯੁੱਗ ਦੀ ਸੁਆਣੀ ਜਦੋਂ ਦੋਗਲੇ ਸਦਾਚਾਰ ਦੀ ਲਪੇਟ ਵਿਚ ਆਉਂਦੀ ਹੈ ਤੇ ਕੁਝ ਕੁਝ ਇਸ ਤੋਂ ਸੁਚੇਤ ਹੁੰਦੀ ਹੈ ਤਾਂ ਉਸ ਦੀ ਹਾਲਤ ਪਾਗਲਾਂ ਵਰਗੀ ਹੋ ਜਾਂਦੀ ਹੈ । ਕਵੀ ਲਿਖਦਾ ਹੈ :

ਘਰ ਵਾਲੀ ਇਹ ਸੋਚ ਸੋਚ ਕੇ
ਕਮਲੀ ਹੋ ਹੋ ਜਾਂਦੀ ਪਈ ਏ :
ਕਬਜ਼ਿਆਂ ਕਮਲੇ ਕੀਤੇ ਲੋਕੀਂ
ਇਸ ਕਮਲੀ ਨੂੰ ਛੇੜ ਛੇੜ ਕੇ
‘ਜੀਂਦੀ ਸਤੀ ਬੁਲਾਂਦੇ ਨੇ ।
ਕਬਜ਼ਾ ਹੀ ਤ੍ਰਿਪਤਾਂਦੇ ਨੇ ।

‘ਓਸੇ ਰਾਹ 'ਤੇ ਚਲਦਿਆਂ' ਕਥਾਕਾਵਿ ਦੀ ਨਾਇਕਾ ਵੀ ਸੁਆਣੀ ਹੈ। ਕਵੀ ਨੇ, ਵਿਅੰਗ ਨਾਲ, ਇਸ ਨੂੰ ਠੀਕ ਹੀ ਸਿਆਣੀ ਕਿਹਾ ਹੈ । ਕਮਲਾ ਪ੍ਰੇਮੀ ਵੀ ਉਸੇ ਦਾ ਦੂਜਾ ਰੂਪ ਹੈ ਜਿਹੜਾ ਆਪਣੀ ਸਿਆਣਪ ਦਾ ਸਤਾਇਆ ਕਮਲਾ ਤਾਂ ਹੋ ਜਾਂਦਾ ਹੈ, ਪਰ ‘ਸ਼ੇਰੇ' ਵਾਂਗ ਲੋਕ-ਸ਼ਕਤੀ ਨੂੰ ਇਕਮੁੱਠ ਕਰਕੇ ਆਪਣੀ ਪ੍ਰੇਮਕਾ ਨੂੰ (ਜਾਂ ਇਸਤ੍ਰੀ-ਪੁਰਖ ਦੇ ਰਿਸ਼ਤੇ ਨੂੰ) ਪੂੰਜੀਵਾਦੀ ਸਮਾਜਕ ਰਿਸ਼ਤਿਆਂ ਦੀ ਜਕੜ ਤੋਂ ਆਜ਼ਾਦ ਨਹੀਂ ਕਰਵਾ ਸਕਦਾ । ‘ਸਿਆਣੀ ਸੁਆਣੀ' ਹੁਣ ਦੇ ਜਗੀਰੂ-ਪੂੰਜੀਵਾਦੀ ਸਦਾਚਾਰ ਤੇ ਆਪਣੀ ਸੁਤੰਤਰ ਸੋਚ ਦੇ ਵਿਚਕਾਰ ਤ੍ਰਿਸ਼ੰਕੂ ਵਾਂਗ ਲਟਕਦੀ ਹੈ ।

ਪੰਜੇ ਕਥਾਕਾਵਿਆਂ ਦੇ ਅਖੰਡ ਅਧਿਐਨ ਤੋਂ ਪਤਾ ਲਗਦਾ ਹੈ ਕਿ ਅਜੋਕੇ ਪੂੰਜੀਵਾਦੀ ਯੁੱਗ ਵਿਚ ਵੀ ਮਨੁੱਖੀ ਰਿਸ਼ਤੇ ਉਸੇ ਤਰ੍ਹਾਂ ਗੈਰਕੁਦਰਤੀ ਤੇ ਅਣਮਨੁੱਖੀ ਪੱਧਰ ਉਤੇ ਹਨ ਜਿਵੇਂ ਜਗੀਰਦਾਰੀ ਯੁੱਗ ਵਿਚ ਸਨ । ਪਾਸ਼ਵੀ ਤੇ ਮਾਨਵੀ ਕੀਮਤਾਂ ਦਾ ਦਵੰਦ, ਹਾਕਮ ਸ਼ਰੇਣੀਆਂ ਤੇ ਲੋਕਾਂ ਦੀ ਟੱਕਰ, ਸਾਲਵਾਨ ਤੇ ਲੂਣਾਂ ਦੀ ਅਨਜੋੜ ਜੋੜੀ ਅਜੇ ਵੀ ਉਸੇ ਤਰ੍ਹਾਂ ਕਾਇਮ ਹੈ। ‘ਲੂਣਾਂ' ਵਿਚੋਂ ਲਈਆਂ ਇਹ ਸਤਰਾਂ ਮਧਕਾਲ ਦਾ ਹੀ ਨਹੀਂ, ਆਧੁਨਿਕ ਸਮੇਂ ਦਾ ਸੱਚ ਵੀ ਵਿਅਕਤ ਕਰਦੀਆਂ ਹਨ :

ਰਾਜੇ ਨੇਹ-ਕਲੰਕ ਹੀ ਰਹਿੰਦੇ, ਲੱਖਾਂ ਜ਼ੁਲਮ ਕਮਾਂਦੇ।
ਲੋਕੀਂ ਜੇ ਹੱਕ ਵੀ ਮੰਗ ਬਹਿੰਦੇ, ਦੋਸ਼ੀ ਥਾਪੇ ਜਾਂਦੇ ।
ਲੋਕਾਂ ਦਾ ਦੁਖ ਹਾਕਮ ਦਾ ਸੁਖ, ਲੋਕਾਂ ਦਾ ਲਹੂ ਪਾਣੀ ।
ਕਹਿਰ ਕਮਾਉਣਾ ਹਾਕਮ ਨਖ਼ਰਾ, ਸਹਿਣਾ ਲੋਕ ਕਹਾਣੀ ।

ਹਾਕਮ ਦੇ ਨਖ਼ਰੇ ਤੇ ਲੋਕਾਂ ਦੀ ਸਹਿਣ-ਸ਼ਕਤੀ ਦੇ ਤਣਾਓ ਨੂੰ ਦੀਦਾਰ ਸਿੰਘ ਨੇ, ਇਸੇ ਕਥਾਕਾਵਿ ਵਿਚ, ਅਤਿਅੰਤ ਬਲਵਾਨ ਬੋਲੀ ਵਿਚ ਚਿਤ੍ਰਿਆ ਹੈ :

ਫੇਰ ਸੱਦ ਪੰਚਾਇਤ ਬਹਾਲੀ, ਸਾਲਵਾਨ ਰਜਵਾੜੇ
ਲੂਣਾਂ ਦਾ ਸੌਦਾ ਚਾ ਕੀਤਾ, ਮੂੰਹ ਮੰਗੇ ਦੰਮ ਤਾਰੇ ।
ਪਿੰਡ ਦੇ ਸਾਊ ਜੁਆਨ ਬਹਾਦਰ, ਹੋ ਗਏ ਰਾਜ਼ੀ ਸਾਰੇ।
ਇਕ ਲੂਣਾਂ ਦੀ ਸੁਹਲ ਜੁਆਨੀ, ਰੋਵੇ ਭੁੱਬਾਂ ਮਾਰੇ ।
ਰਾਜਾ ਸੀ ਜਰਵਾਣਾ ਭਾਰੀ, ਕਈ ਸੈ ਨਾਲ ਪਿਆਦਾ।
ਚਮਿਆਰਾਂ ਦੀ ਬੇਟੀ ਖਾਤਰ, ਵੱਟ ਕਿਸੇ ਨਾ ਖਾਧਾ।

ਪਰ ਦੀਦਾਰ ਸਿੰਘ ਦੀ ਕਲਾ ਦੀ ਵਿਲੱਖਣਤਾ ਇਸ ਗੱਲ ਵਿਚ ਹੈ ਕਿ ਉਹ ਇਸ ਤਣਾਓ ਨੂੰ ਟਰੈਜਡੀ ਤੇ ਮੈਲੋਡਰਾਮੇ ਦੀ ਪੱਧਰ ਉੱਤੇ ਨਹੀਂ ਰਖਦਾ, ਸਗੋਂ ਮਹਾਂਕਾਵਿਕ ਪੱਧਰ 'ਤੇ ਪੇਸ਼ ਕਰਦਾ ਹੈ । ਉਹ ਆਪਣੇ ਪਾਤਰਾਂ ਦੀਆਂ ਮਨੁੱਖੀ ਸੰਭਾਵਨਾਵਾਂ (human potentialities) ਨੂੰ ਛੋਂਹਦਾ ਹੈ ਤੇ ਦਲਿਤ ਪਾਤਰਾਂ ਨੂੰ ਆਪਣੇ ਵਰਗ ਅਤੇ ਸਮੁੱਚੀ ਮਾਨਵਤਾ ਦੇ ਪ੍ਰਤੀਨਿਧ ਬਣਾ ਕੇ ਆਪਣੀ ਅਣਮਨੁੱਖੀ ਸਥਿਤੀ ਤੋਂ ਵਿਦਰੋਹੀ ਦਿਖਾਉਂਦਾ ਹੈ । 'ਲੂਣਾਂ' ਤੇ ‘ਰਸਮਾਂ' ਇਸ ਪਖੋਂ ਖਾਸ ਤੌਰ ਤੇ ਪੜ੍ਹਨ ਯੋਗ ਹਨ । ‘ਲੂਣਾ' ਪੰਜਾਬੀ ਸਹਿਤ ਵਿਚ ਜਾਣਿਆ-ਪਛਾਣਿਆ ਪਾਤਰ ਹੈ, ਪਰ ਇਸਨੂੰ ਪਹਿਲੀ ਵਾਰੀ ਦੀਦਾਰ ਸਿੰਘ ਨੇ ਸਮੁੱਚੇ ਦਲਿਤ ਵਰਗਾਂ ਦਾ ਪ੍ਰਤਿਨਿਧ ਬਣਾ ਕੇ ਚਿਤ੍ਰਿਆ ਹੈ ਤੇ ਉਸਦੇ ਚਰਿਤ੍ਰ ਰਾਹੀਂ ਇਹ ਸੁਝਾਇਆ ਹੈ ਕਿ ਇਸਤ੍ਰੀ ਦੀ ਨਿਜਾਤ ਦਾ ਰਾਹ ਔਰਤ-ਮਰਦ ਦੇ ਮਨੁੱਖੀ ਰਿਸ਼ਤੇ ਦੀ ਪਛਾਣ ਵਿਚ ਅਤੇ ਸਥਾਪਿਤ, ਅਣਮਨੁੱਖੀ ਨੈਤਿਕਤਾ ਦੇ ਵਿਰੁਧ ਡਟ ਕੇ ਖਲੋਣ ਵਿਚ ਹੈ । ਜਦੋਂ ਅੱਤ ਹੋ ਜਾਂਦੀ ਹੈ, ਤੇ ਲੂਣਾਂ ਨੂੰ ਕਿਸੇ ਪਾਸਿਓਂ ਵੀ ਸਹਾਇਤਾ ਦੀ ਉਮੀਦ ਨਹੀਂ ਰਹਿੰਦੀ, ਤਾਂ ਉਹ ਸਥਾਪਿਤ ਇੱਕਲੀ ਹੀ ਭਿੜਨ ਲਈ ਤਿਆਰ ਹੋ ਜਾਂਦੀ ਹੈ :

ਇਹ ਗੱਲ ਸੁਣ ਕੇ ਲਣਾਂ ਰਾਣੀ, ਖਰੀਆਂ ਆਖ ਸੁਣਾਈਆਂ ।
ਮੈਂ ਕੀ ਜਾਣਾ ਰਿਸ਼ਤੇ ਰੇੜ੍ਹੇ, ਧਰਮਾਂ ਦੀਆਂ ਮਨਾਹੀਆ।

ਖਰੀਆਂ ਆਖ ਸੁਣਾਈਆਂ— ਇਹ ਸ਼ਬਦ ਦੀਦਾਰ ਸਿੰਘ ਦੇ ਦਲਿਤ ਪਾਤਰਾਂ ਦੇ (ਖ਼ਾਸ ਕਰ ਇਸਤ੍ਰੀ ਪਾਤਰਾਂ ਦੇ) ਪ੍ਰਤਿਨਿਧ ਚਰਿਤ੍ਰ ਦੇ ਵੀ ਸੂਚਕ ਹਨ ਤੇ ਦੀਦਾਰ ਸਿੰਘ ਦੀ ਕਾਵਿ-ਸ਼ੈਲੀ ਦੇ ਵੀ।

ਪੰਜੇ ਇਸਤ੍ਰੀ ਪਾਤਰ ਖਰੀਆਂ ਖਰੀਆਂ ਆਖਦੇ ਹੀ ਨਹੀਂ, ਆਖ ਕੇ ਸੁਣਾਉਂਦੇ ਵੀ ਹਨ । ਅਸਲ ਵਿਚ ਖਰੀਆਂ ਕਿਸੇ ਦੇ ਮੂੰਹ ਤੇ ਹੀ ਕਹੀਆਂ ਜਾ ਸਕਦੀਆਂ ਹਨ ਤੇ ਕਹਿ ਕੇ ਸੁਣਾਉਣ ਵਿਚ ਹੀ ਬੰਦੇ ਦੀ ਦਲੇਰੀ ਦਾ ਭੇਤ ਹੈ । ਦੀਦਾਰ ਸਿੰਘ ਦੇ ਇਸਤ੍ਰੀ ਪਾਤਰ ਦਲੇਰ ਹਨ, ਖਾਸ ਕਰਕੇ ‘ਲੂਣਾਂ', ‘ਸੁੰਦਰਾਂ ਤੇ ‘ਰਸ਼ਮਾਂ ।

‘ਲੂਣਾਂ' ਦੇ ਪਾਤਰ ਨੂੰ ਦੀਦਾਰ ਸਿੰਘ ਤੋਂ ਪਹਿਲਾਂ ਕਾਦਰਯਾਰ ਤੇ ਪ੍ਰੋ: ਪੂਰਨ ਸਿੰਘ ਜਿਹੇ ਸਮਰੱਥ ਕਵੀਆਂ ਨੇ ਚਿਤ੍ਰਿਆ ਹੈ, ਪਰ ਇਹ ਦੋਵੇਂ ਕਵੀ ਉਸ ਦੇ ਨਿੱਜੀ ਚਰਿਤ੍ਰ ਨੂੰ ਹੀ ਉਘਾੜਦੇ ਹਨ । ਕਾਦਰਯਾਰ ਉਸਨੂੰ ਹੈਂਸਿਆਰੀ ਤੇ ਮੀਸਣੀ ਦਿਖਾਉਂਦਾ ਹੈ ਤੇ ਪ੍ਰੋ: ਪੂਰਨ ਕਾਮ-ਅਗਨੀ ਦਾ ਸਾਕਾਰ ਰੂਪ । ਦੀਦਾਰ ਸਿੰਘ ਤੋਂ ਲਗਭਗ ਪੰਦਰਾਂ ਵਰ੍ਹੇ ਪਿਛੋਂ (ਦੀਦਾਰ ਸਿੰਘ ਦੀ 'ਲੂਣਾਂ' ਪੰਜ ਦਰਿਆ ਵਿਚ 1954 ਵਿਚ ਛਪੀ ਸੀ) 'ਲੂਣਾ' ਲਿਖਣ ਵਾਲੇ ਇਕ ਹੋਰ ਸਮਰੱਥਾਵਾਨ ਕਵੀ, ਸ਼ਿਵ ਕੁਮਾਰ, ਨੇ ਵੀ ਉਸ ਦੇ ਚਰਿਤ੍ਰ ਨੂੰ ਕਾਮਕ ਕੁੰਠਾ (Sexual Suppression) ਤੋਂ ਉਤਪੰਨ ਹੋਈ ਮਨੋਗੰਢ (Complex) ਦਾ ਰੂਪ ਦੇ ਕੇ, ਉਸਦੀ ਪੂਰਨ ਨਾਲ ਕਪਟ-ਸੰਬੰਧ ਕਾਇਮ ਕਰਨ ਦੀ ਉਤੇਜਨਾ ਨੂੰ ਸੱਚਿਆਉਣ ਦਾ ਜਤਨ ਕਰਕੇ ਪ੍ਰੋ: ਪੂਰਨ ਸਿੰਘ ਦੀ ਗਲ ਨੂੰ ਹੀ ਰਤਾ ਕੁ ਅਗੇ ਤੋਰਿਆ ਹੈ । ਇਨ੍ਹਾਂ ਕਵੀਆਂ ਨੇ 'ਲੂਣਾਂ' ਨੂੰ ਦਲੇਰੀ ਦਾ ਨਹੀਂ, ਤਰਸ ਦਾ ਪਾਤਰ ਬਣਾਇਆ ਹੈ। ਦੀਦਾਰ ਸਿੰਘ ਦੀ ਵਿਲੱਖਣਤਾ ਇਸ ਵਿਚ ਹੈ ਕਿ ਉਸਨੇ ਆਪਣੀ ‘ਲੂਣਾਂ' ਨੂੰ ਤਰਸ ਦਾ ਪਾਤਰ ਨਹੀਂ ਬਣਨ ਦਿਤਾ ਕਿਉਂ ਕਿ ਕਾਦਰਯਾਰ, ਪੂਰਨ ਸਿੰਘ ਤੇ ਸ਼ਿਵਕੁਮਾਰ ਦੀ ਲੂਣਾਂ ਵਾਂਗ ਉਹ ਆਪਣੀ ਲੂਣਾਂ ਨੂੰ ਆਪਣੇ ਆਪੇ ਤੋਂ ਬੇਖ਼ਬਰ ਤੇ ਸਭ ਕੁਝ ਚੁੱਪ-ਚਾਪ ਸਹਿੰਦੀ ਨਹੀਂ ਦਿਖਾਉਂਦਾ । ਉਸ ਦੀ ਲੂਣਾ ਸਵੈ-ਚੇਤੰਨ ਹੈ ਤੇ ਆਪਣੇ ਆਪ ਨੂੰ ਦਲਿਤ ਲੋਕਾਂ ਨਾਲ ਜੋੜ ਕੇ ਦੇਖਦੀ ਹੈ; ਉਹ ਚੁੱਪ ਲੂਣਾਂ ਵਾਂਗ ਕਰਕੇ ਨਹੀਂ ਸਹਿੰਦੀ, ਸਗੋਂ ਇਕ ਵਾਰ ਜ਼ਾਲਮ ਨੂੰ ਲਲਕਾਰਦੀ ਹੈ। ਰਸ਼ਮਾਂ ਵੀ ਰਾਜੇ ਡੋਗਰ ਨੂੰ ਖਰੀਆਂ ਖਰੀਆਂ ਸੁਣਾਉਂਦੀ ਹੈ।

ਰਾਜ ਕਰੋ ਵੇ ਰਾਜਿਓ - ਕਿ ਧਾੜੇ ਮਾਰੋ ।
ਸੱਚ ਨੂੰ ਝੂਠੇ ਬੀਬਿਓ ਸੂਲੀ ‘ਤੇ ਚਾੜ੍ਹੋ ।

‘ਸੁੰਦਰਾਂ' ਦਲਿਤ ਵਰਗਾਂ ਵਿਚੋਂ ਨਹੀਂ ਹੈ, ਉਹ ਇਕ ਖ਼ੁਦ ਮੁਖ਼ਤਾਰ ਰਾਜ ਕੁਮਾਰੀ ਹੈ, ਪਰ ਉਸ ਦੀ ਸਵੈ-ਚੇਤਨਾ 'ਚੋਂ ਉਪਜਿਆ ਨਿੱਜੀ ਦੁੱਖ ਉਸ ਨੂੰ ਮਾਨਵੀ ਕੀਮਤਾਂ ਦੀ ਸੋਝੀ ਕਰਵਾਉਂਦਾ ਹੈ । ਉਹ ਪੂਰਨ ਨਾਲ ਖਹਿਬੜਦੀ ਹੈ, ਪਰ ਲੂਣਾਂ ਤੇ ਰਸ਼ਮਾਂ ਵਾਂਗ ਆਪਣੀ ਸੰਕਟਮਈ ਸਥਿਤੀ ਦੇ ਤਬਦੀਲ ਹੋਣ ਵਿਚ ਨਾ ਹੀ ਉਸਨੂੰ ਵਿਸ਼ਵਾਸ ਹੈ ਤੇ ਨਾ ਹੀ ਇਸਦੇ ਲਈ ਉਹ ਕੋਈ ਜਤਨ ਕਰਦੀ ਹੈ, ਸਗੋਂ ਆਤਮਘਾਤ ਦੇ ਰਾਹ ਪੈ ਜਾਂਦੀ ਹੈ। ਪੂਰਨ ਉਤੇ ਗਿਲਾ ਵੀ ਉਸਦੀ ਰੂਹ ਕਰਦੀ ਹੈ, ਉਹ ਆਪ ਨਹੀਂ। ‘ਕਮਲੀ ਫੌਜਣ' ਆਪਣਾ ਦੁਖ ਰੋਂਦੀ ਹੈ, ਪਰ ਸੁਪਨੇ ਵਿਚ (ਜਾਂ ਨੀਮ-ਪਾਗਲਪਣ ਦੀ ਅਵਸਥਾ ਵਿਚ) ਤੇ ‘ਸਿਆਣੀ ਸੁਆਣੀ' ਗੁਆਂਢਣ ਕੋਲ ਆਪਣੇ ਦੁਖ ਦਾ ਪ੍ਰਗਟਾਵਾ ਕਰਦੀ ਹੈ। ਪਰ ਸੁਪਨਾ ਬਣਾ ਕੇ, ਜਿਸ ਤੋਂ ਪ੍ਰਤਖ ਹੈ ਕਿ ‘ਸੁੰਦਰਾਂ' ਵਾਂਗ ਇਨ੍ਹਾਂ ਦੋਹਾਂ ਵਿਚ ਵੀ ਆਪਣੇ ਦੁਖਾਂ ਦੇ ਜ਼ਿੰਮੇਵਾਰ ਸਮਾਜ-ਪ੍ਰਬੰਧ ਨਾਲ ਵਾਸਤਵ ਵਿਚ ਟੱਕਰ ਲੈਣ ਦੀ ਘੱਟ ਹਿੰਮਤ ਹੈ ।

ਇਨ੍ਹਾਂ ਪਾਤਰਾਂ ਦੇ ਚਰਿਤ੍ਰ-ਚਿਤ੍ਰਣ ਤੋਂ ਜਾਪਦਾ ਹੈ ਕਿ ਦੀਦਾਰ ਸਿੰਘ ਨੇ ਆਪਣੇ ਭੂਤਕਾਲ ਨੂੰ ਰੋਮਾਂਟਿਕ ਦ੍ਰਿਸ਼ਟੀ ਤੋਂ ਦੇਖਿਆ ਹੈ ਤੇ ਵਰਤਮਾਨ ਨੂੰ ਯਥਾਰਥਕ ਦ੍ਰਿਸ਼ਟੀ ਤੋਂ। ਉਹ ਲੂਣਾਂ, ਰਸ਼ਮਾਂ, ਤੇ ਕਿਸੇ ਹੱਦ ਤੱਕ ਸੁੰਦਰਾਂ ਦੇ ਸੰਭਾਵੀ ਚਰਿਤ੍ਰ ਨੂੰ ਉਘਾੜਨ ਵੱਲ ਰੁਚਿਤ ਹੈ, ਪਰ ਕਮਲੀ ਫੌਜਣ ਤੇ ਸਿਆਣੀ ਸੁਆਣੀ ਦੇ ਵਾਸਤਵਿਕ ਚਰਿਤ੍ਰ ਨੂੰ ਚਿਤ੍ਰਣ ਵੱਲ । ਚੰਗਾ ਹੁੰਦਾ ਜੇ ਉਹ ਇਨ੍ਹਾਂ ਦੋਹਾਂ ਪਾਤਰਾਂ ਦੀਆਂ ਸੰਭਾਵਨਾਵਾਂ ਨੂੰ ਵੀ ਉਜਾਗਰ ਕਰ ਸਕਦਾ, ਇਸ ਤਰ੍ਹਾਂ ਉਸ ਦੀ ਕਾਵਿ-ਦ੍ਰਿਸ਼ਟੀ (Poetic Vision) ਇਕਾਗਰ ਰਹਿੰਦੀ । ਦ੍ਰਿਸ਼ਟੀਕੋਣ ਦੇ ਵਖਰੇਵੇਂ ਕਰਕੇ ਆਖ਼ਰੀ ਦੋ ਕਥਾ ਕਾਵਿ ਤ੍ਰਾਸਦਿਕ ਜਾਂ ਭਾਵ-ਵਿਰੋਚਕ (Cathartic) ਜਾਪਦੇ ਹਨ, ਪਰ ਉਨ੍ਹਾਂ ਵਿਚ ਵੀ ਜਰਮਨ ਕਵੀ-ਨਾਟਕਕਾਰ, ਬਰਤਾਲਤ ਬਰਖ਼ਤ, ਵਰਗੀ ਮਹਾਂਕਾਵਿਕ ਦ੍ਰਿਸ਼ਟੀ (Epic Vision) ਦਾ ਝਾਉਲਾ ਪੈਂਦਾ ਹੈ ਕਿਉਂਕਿ ਇਨ੍ਹਾਂ ਵਿਚ ਦੀਦਾਰ ਸਿੰਘ ਦੀ ਚੇਤੰਨ ਕੋਸ਼ਿਸ਼ ਪਾਠਕ ਨੂੰ ਤ੍ਰਾਸਦ ਸਥਿਤੀ ਤੋਂ ਸੁਚੇਤ ਕਰਨ ਦੀ ਹੈ, ਜਜ਼ਬਾਤੀ ਬਣਾਉਣ ਦੀ ਨਹੀਂ । 'ਓਸੇ ਰਾਹ 'ਤੇ ਚਲਦਿਆਂ' ਦੀ ਨਾਇਕਾ ਕਹਿੰਦੀ ਹੈ।

ਪਿਆਰ ਕਦੀ ਨਾ ਝੂਠਾ ਹੁੰਦਾ
ਪਿਆਰ ਕਦੀ ਨਾ ਜੂਠਾ ਹੁੰਦਾ
ਕਬਜ਼ਿਆ ਕਮਲੀ ਕੀਤੀ ਦੁਨੀਆਂ
ਵੇਖ ਵੇਖ ਜੀਅ ਸਲ੍ਹਨੀ ਆਂ
ਮਾਏ ਨੀ ਮਾਏ ਮੈਂ ਬਲਨੀ ਆਂ

ਤੇ ‘ਕਮਲੀ ਫੌਜਣ' ਗਾਉਂਦੀ ਹੈ :

ਸਾਰੀ ਰਾਤ ਲਵੇ ਬਿੜਕਾਂ ਵੇ
ਮੇਰੀ ਆਸ ਪਈ ਅਧਮੋਈ ।

ਜਿੰਨਾ ਚਿਰ ਬੰਦਾ ਬਲਦਾ ਹੈ, ਬੁਝ ਨਹੀਂ ਜਾਂਦਾ, ਜਿੰਨਾ ਚਿਰ ਉਸ ਵਿਚ ਬਿੜਕਾਂ ਲੈਣ ਜੋਗੀ ਜਾਨ ਬਾਕੀ ਹੈ ਤੇ ਉਸ ਦੀ ਆਸ ਪੂਰੀ ਤਰ੍ਹਾਂ ਮਰੀ-ਮੁੱਕੀ ਨਹੀਂ ਉਨਾ ਚਿਰ ਤ੍ਰਾਸਦੀ ਦੇ ਟਲ ਜਾਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਪਰ ‘ਲੂਣਾਂ' ਤੇ ‘ਰਸ਼ਮਾਂ’ ਵਿਚ ਤਾਂ ਦੀਦਾਰ ਸਿੰਘ ਇਸ ਸੰਭਾਭਨਾ ਨੂੰ ਸੰਭਵ ਬਣਾ ਕੇ ਪੇਸ਼ ਕਰ ਜਾਂਦਾ ਹੈ ਤੇ 'ਰਸ਼ਮਾਂ' ਵਿਚ ਉਹ ਇਸ ਸੰਭਾਵਨਾ ਦੇ ਅੰਤ ਨੂੰ ਛੋਹ ਲੈਂਦਾ ਹੈ, ਜਦੋਂ ਉਹ ‘ਸ਼ੇਰੇ’ ਦੇ ਮੂੰਹੋਂ ਬੋਲਦਾ ਹੈ :

ਰਾਜ ਕਰੇਗੀ ਲੋਕਤਾ ਹੋ ਗਿਆ ਸਵੇਰਾ।
ਹੈ ਦੁਨੀਆਂ ਆਪਣੀ ਸਾਥੀਓ, ਨਹੀਂ ਰੈਣ ਬਸੇਰਾ।

ਤੇ ਇਹੋ ਆਵਾਜ਼ ਲੋਕ-ਯੁੱਧ ਦਾ ਰੂਪ ਧਾਰਨ ਕਰਦੀ ਪ੍ਰਤੀਤ ਹੁੰਦੀ ਹੈ ।

ਦਾਤਰੀਆਂ ਤੇ ਹਲਾਂ ਦਾ ਜਾਪੇ ਹੜ੍ਹ ਆਇਆ ।
ਕੋਈ ਨਾ ਘਰ ਵਿਚ ਰਹਿ ਗਿਆ ਕੁੰਗੂ ਦਾ ਜਾਇਆ।
ਪੁਣਛੀ, ਪੋਠੋਹਾਰੀਏ, ਬੂਹੇ ਨੂੰ ਧਾਏ ।
ਛੰਨਾ ਦੇ ਵਸਨੀਕ ਅੱਜ, ਮਹਿਲੀਂ ਚੜ੍ਹ ਆਏ ।
ਕੁੰਗੂ ਕੁਲ ਦੀਆਂ ਜਾਈਆਂ ਤੇ ਨੂਰੀ ਅੱਗੇ ।
ਹੁੰਦੇ ਦੁਸ਼ਮਣ ਵੇਖ ਕੇ ਪੀਲੇ ਤੇ ਬੱਗੇ ।
ਲੋਕਾਂ ਨੇ ਕੁਰਬਾਨੀਆਂ ਦੀ ਛਹਿਬਰ ਲਾਈ ।
ਆਖ਼ਰ 'ਤੇ ਬਾਂਹ ਜ਼ੁਲਮ ਦੀ ਹੇਠਾਂ ਨੂੰ ਆਈ ।

ਸਾਨੂੰ ਪਤਾ ਹੈ ਕਿ ਇਹ ਇਤਿਹਾਸਕ ਸੱਚ ਨਹੀਂ ਕਾਵਿਕ ਸੱਚ ਹੈ । ਕਾਵਿਕ ਸੱਚ, ਇਤਿਹਾਸਕ ਸੱਚ ਦੇ ਨਾਲ ਨਾਲ ਹਮੇਸ਼ਾ ਸੰਭਾਵਨਾ ਦੇ ਰੂਪ ਵਿਚ ਮੌਜੂਦ ਰਹਿੰਦਾ ਹੈ ਤੇ ਚੰਗੇ ਕਵੀ ਦਾ ਕੰਮ ਉਸ ਨੂੰ ਮਹਿਸੂਸ ਕੇ ਆਪਣੀ ਕਲਪਨਾ ਸ਼ਕਤੀ ਨਾਲ ਉਜਾਗਰ ਕਰਨਾ ਹੁੰਦਾ ਹੈ । ਹੈ ਇਹੋ ਸੰਭਾਵਿਤ ਜਾਂ ਕਾਵਿਕ ਸੱਚ ਪਾਠਕ ਲਈ ਪ੍ਰੇਰਣਾ ਬਣਦਾ ਹੈ ।

ਇਨ੍ਹਾਂ ਬੈਲਡਾਂ ਦੀ ਕਾਵਿ-ਸ਼ੈਲੀ ਦਾ ਪ੍ਰਮੁੱਖ ਗੁਣ ਸਹਿਜ-ਸੁਭਾਵਕਤਾ ਹੈ ਤੇ ਇਹੋ ਗੁਣ ਦੀਦਾਰ ਸਿੰਘ ਦੀ ਕਾਵਿ-ਕਲਾ ਨੂੰ ਲੋਕ-ਕਲਾ ਦੇ ਨੇੜੇ ਲੈ ਜਾਂਦਾ ਹੈ। ਇਉਂ ਜਾਪਦਾ ਹੈ ਜਿਵੇਂ ਦੀਦਾਰ ਸਿੰਘ ਨੇ ਵੀ ਆਪਣੀ ਲੂਣਾਂ ਵਾਂਗ ਖਰੀਆਂ ਆਖ ਸੁਣਾਈਆਂ ਹਨ । ਖਰੀ ਸ਼ੈਲੀ ਦਾ ਇਕ ਪਛਾਣ-ਚਿੰਨ੍ਹ ਇਹ ਹੈ ਕਿ ਇਸ ਵਿਚ ਕੋਈ ਵਿੰਗ/ਵਲਾ ਤੇ ਕੋਈ ਉਚੇਚ ਨਹੀਂ ਹੁੰਦਾ, ਸਗੋਂ ਇਹ ਸਿੱਧੀ ਸਪਾਟ ਹੁੰਦੀ ਹੈ । ਦੀਦਾਰ ਸਿੰਘ ਦੀ ਸਪਾਟ ਸ਼ੈਲੀ ਦੇ ਇਕ ਦੋ ਨਮੂਨੇ ਹਾਜ਼ਰ ਹਨ :

੧; ਏਦਾਂ ਧਰਮੀ ਬੁਕਲ ਅੰਦਰ ਪਲ਼ਦਾ ਰਿਹਾ ਭੁਲੇਖਾ।
ਕਿੰਨੀਆਂ ਸੁੰਦਰਾਂ ਮਾਂ ਨਾ ਬਣੀਆਂ ਕਿਸੇ ਨਾ ਕੀਤਾ ਲੇਖਾ ।

੨. ਪੈਸੇ ਵਾਲੇ ਸਮਝਦੇ ਕਿਰਤ ਨੂੰ ਅਜੇ ਹਕੀਰ।
ਸ਼ੀਸ਼ ਮਹੱਲੀ ਅਜੇ ਵੀ ਲਿਸ਼ਕੇ ਪਈ ਸ਼ਮਸ਼ੀਰ ।
ਜ਼ੁਲਮਾਂ ਨੇ ਰੰਗ ਬਦਲਿਆ, ਡੋਗਰ ਅੱਜ ਵੀ ਮੀਰ ।
ਬਣ ਬਣ ਬਹਿੰਦੇ ਹੇਜਲੇ, ਜ਼ਾਲਮ ਅਤੇ ਅਮੀਰ ।
ਨਾਹਰੇ ਲਾਂਦੇ ਮੀਸਨੇ : “ਸਾਡਾ ਹੈ ਕਸ਼ਮੀਰ" ।
ਜ਼ੁਲਮਾਂ ਦਾ ਪੱਖ ਪੂਰਦੇ, ਲੋਕਾਂ ਦਾ ਹਿਤ ਚੀਰ ।
ਬਣਿਆ ਨਹੀਂ ਜੋ ਅਜੇ ਵੀ, ਲੋਕਾਂ ਦਾ ਕਸ਼ਮੀਰ ।

ਇਸ ਸ਼ੈਲੀ ਦਾ ਦੂਜਾ ਪਛਾਣ-ਚਿੰਨ ਹੈ ਚੋਟ ਜਾਂ ਕਟਾਖ਼ਸ਼ (Satire) । ਹਾਕਮ ਸ਼੍ਰੇਣੀਆਂ ਦੀ ਕਲਚਰ, ਧਾਰਮਕ ਪਾਖੰਡ ਤੇ ਭੁੱਲੀ ਜਨਤਾ ਦੀ ਵਹਿਮ-ਪ੍ਰਸਤੀ ਉਤੇ ਥਾਂ-ਪੁਰ-ਥਾਂ ਕਰਾਰੀ ਚੋਟ ਕੀਤੀ ਗਈ ਹੈ। ਇਸ ਦਾ ਕੇਵਲ ਇਕ ਉਦਾਂਹਰਣ ਹੀ ਕਾਫੀ ਹੈ :

ਜਗਤ ਜਲੰਦਾ ਢੁਕਿਆ ਓਥੇ ਦੁਖੜੇ ਅਪਣੇ ਹਰਨੇ ।
ਰਾਜੇ ਦੇ ਦਰਬਾਰੀ ਆਏ ਦਰਸ ਭਗਤ ਦੇ ਕਰਨੇ ।
ਲੰਮੀਆਂ ਉਮਰਾਂ ਦੇ ਵਰ ਮੰਗਣ, ਨੰਗਿਆਂ ਪਿੰਡਿਆਂ ਵਾਲੇ ।
ਲੰਮੇ ਪੈ ਪੈ ਮੱਥੇ ਰਗੜਨ, ਰਾਣੀ ਖਾਂ ਦੇ ਸਾਲੇ।
ਇਜ਼ਤ ਮੰਗਣ, ਦੌਲਤ ਮੰਗਣ, ਜੋਗੀ ਪੂਰਨ ਕੋਲੋਂ ।
ਦੌਲਤ ਸਾਂਭਣ ਲਈ ਪੁਤ ਮੰਗਣ, ਤਿਆਗੀ ਪੂਰਨ ਕੋਲੋਂ ।
ਦੁਨੀਆਂ ਵਾਲੇ ਦੁਨੀਆਂ ਮੰਗਣ, ਭੁੱਲ ਕੇ ਰੱਬੀ ਰੰਗਣ ।
ਮੰਗਣ ਮੰਗਣ ਮੰਗਣ ਮੰਗਣ, ਮੰਗਦੇ ਮੂਲ ਨਾ ਸੰਗਣ ।

ਜਿਵੇਂ ਮੈਂ ਸ਼ੁਰੂ ਵਿਚ ਹੀ ਕਿਹਾ ਸੀ, ਦੀਦਾਰ ਸਿੰਘ ਦੀ ਕਾਵਿ-ਸ਼ੈਲੀ ਕੇਵਲ ਪੜ੍ਹਨ ਲਈ ਨਹੀਂ, ਪੜ੍ਹਕੇ ਸੁਣਨ ਲਈ ਹੈ । ਉਸਨੇ ਆਪਣੀ ਗੱਲ ਕੇਵਲ ਕਹੀ ਨਹੀਂ ਕਹਿ ਕੇ ਸੁਣਾਈ ਵੀ ਹੈ । ਉਸ ਨੇ ਆਪਣੇ ਸਰੋਤੇ ਨੂੰ ਧਿਆਨ ਵਿਚ ਰੱਖਿਆ ਹੈ ਤੇ ਇਸੇ ਲਈ ਉਸ ਦੀ ਸ਼ੈਲੀ ਵਧੇਰੇ ਸਰੋਤਾ-ਮੁਖ ਹੈ । ਪਹਿਲੇ ਤਿੰਨੇ ਬੈਲਡ ਗਾ ਕੇ ਪੜ੍ਹਨ ਵਾਲੇ ਤੇ ਚੌਥੇ ਦੇ ਅੰਤ ਵਿਚ ਜੋ ਗੀਤ ਹੈ ਉਸ ਦੀ ਲੈ-ਤਾਲ ਲੋਕ-ਗੀਤ ਵਰਗੀ ਹੈ । ਪਹਿਲੇ ਤਿੰਨਾਂ ਬੈਲਡਾਂ ਵਿਚ ਪੰਜਾਬੀ ਸਰੋਤਿਆਂ ਦੇ ਹਰਮਨ ਪਿਆਰੇ ਛੰਦਾਂ (ਸੱਦ, ਨਿਸ਼ਾਨੀ, ਦਵੱਯਾ ਤੇ ਬੈਂਤ) ਦੀ ਵਰਤੋਂ ਕੀਤੀ ਗਈ ਹੈ। ‘ਸੁੰਦਰਾਂ' ਦੀ ਭਾਗਵੰਡ ਬੜੀ ਸੰਤੁਲਤ ਹੈ ਤੇ ਕਵੀ ਦੀ ਸਰੰਚਨਾ-ਗਤ ਕਾਰੀਗਰੀ ਦੀ ਸੂਚਕ ਹੈ । ਇਸ ਕਥਾ ਕਾਵਿ ਵਿਚ ਕਿਧਰੇ ਕਿਧਰੇ ਗੁਰਬਾਣੀ ਜਾਂ ਸੂਫ਼ੀ ਕਵਿਤਾ ਵਰਗੀ ਸੁਰ ਉਭਰਦੀ ਹੈ (ਕਿਉਂਕਿ ਇਸ ਦਾ ਸਮੁੱਚਾ ਵਾਯੂ ਮੰਡਲ ਹੀ ਅਜਿਹਾ ਹੈ) ਤੇ ਸਰੋਤੇ ਉੱਤੇ ਇਕ ਵੈਰਾਗਮਈ ਮਨੋਦਸ਼ਾ ਭਾਰੀ ਹੋ ਜਾਂਦੀ ਹੈ :

ਮਹਿਲਾਂ ਨੇ ਆਖਰ ਥੇਹ ਥੀਣਾ,
ਸੂਰਜ ਨੇ ਬਲ ਜਾਣਾ ।
ਦਿਲ ਦਾ ਮਹਿਰਮ ਕਦੀ ਨਾ ਆਉਣਾ।
ਸਮਿਆਂ ਨੇ ਢਲ ਜਾਣਾ ।


ਲੂਣਾ

ਪ੍ਰੋ: ਮੋਹਣ ਸਿੰਘ ਨੂੰ, ਜਿਨ੍ਹਾਂ ‘ਲੂਣਾਂ’ ਪਹਿਲੀ ਵਾਰ ਛਾਪ ਕੇ ਮੈਨੂੰ ਉਤਸ਼ਾਹ ਦਿੱਤਾ। ਨ੍ਰਿਤ-ਨਾਟ-ਨਿਰਦੇਸ਼ਨ 'ਲੂਣਾ' ਨੂੰ ਇਕ ਨ੍ਰਿਤ-ਨਾਟ-ਮੰਤਰ (ਨਾਚ- ਸਕ੍ਰਿਪਟ) ਤੌਰ ਤੇ ਵਰਤਣ ਲਈ ਲੂਣਾਂ (ਪਾਤਰ) ਖੇਡਣ ਵਾਲੀ ਨਾਚੀ ਕੋਈ ਬਹੁਤ ਹੀ ਸਮਝਦਾਰ ਕਲਾਕਾਰ ਹੋਣੀ ਚਾਹੀਦੀ ਹੈ। ਰਾਜਾ ਸਲਵਾਹਨ ਅਤੇ ਪੂਰਨ ਵੀ ਨਿਰੇ ਪੁਰੇ ਭਰਤੀ ਵਾਲੇ ਪਾਤਰ ਨਹੀਂ । ਜਿਥੇ ਜਿਥੇ ਕਥਾਕਾਰ ਕਹਾਣੀ ਅਗਾਂਹ ਤੋਰਦਾ ਹੈ ਉਥੇ ਸੂਤਰਧਾਰ ਦੀ ਆਵਾਜ਼ ਲਈ ਕੋਈ ਸੁਰੀਲੇ ਗਲੇ ਵਾਲਾ ਗਾਇਕ ਚੁਣਿਆਂ ਜਾਵੇ । ਹੁਸਨ ਦੇ ਬਿਆਨ ਵੇਲੇ ਲੂਣਾਂ ਬਿੰਬਾਂ ਨੂੰ ਸਾਕਾਰ ਕਰੇਗੀ । ......ਹਰ ਆਵਾਜ਼ ਅਗਾਊਂ ਟੇਪ ਕੀਤੀ ਜਾ ਸਕਦੀ ਹੈ । ਨਾਚ ਰਾਹੀਂ ਸਾਕਾਰ ਕਰਨਾ ਤਾਂ ਬਹੁਤ ਘਾਲਣਾ ਦਾ ਕੰਮ ਹੈ। ਲੂਣਾ ਕੁੜੀ ਵਿਚ ਮੁਰਾਲੀ ਵਾਲੜੇ ਸੀ ਇਕ ਤੋਂ ਇਕ ਜੁਆਨ। ਪਰ ਲੂਣਾਂ ਧੀ ਚਮਿਆਰ ਦੀ ਬੜੀਉ ਈ ਚਤਰ ਸੁਜਾਨ । ਕਈ ਸਾਬਤ ਦਿਲ ਮਚਕੋੜਦੀ ਉਹਦੀ ਇਕੋ ਈ ਮੁਸਕਾਨ ॥ ਤੇ ਪੱਥਰ ਦਿਲਾਂ ਨੂੰ ਛੇਕਦੀ ਭਰਵੱਟੀਂ ਲਾਈ ਕਮਾਨ । ਉਹਦਾ ਚੰਨਣ-ਵੰਨਾ ਮੁੱਖੜਾ, ਤੇ ਸੁਹਜਾਂ ਭਰੀ ਹਾਰ । ਜਿਧਰੋਂ ਦੀ ਸੁਹਣੀ ਲੰਘਦੀ, ਪਈ ਬਖਸ਼ੇ ਨਵੀਂ ਬਹਾਰ । ਉਹਦੀ ਬਾਲ-ਜੁਆਨੀ ਮਹਿਕਦੀ ਮਿਹਨਤ ਤੇ ਜਿਵੇਂ ਕਿਰੇ ਸ਼ਰੀਹੋਂ ਬੂਰ। ਗੱਲ੍ਹੀਂ ਭਖਦੇ ਚੂਨ੍ਹੀਏਂ ਮੱਥੇ ਸਰਘੀ ਦਾ ਨੂਰ । ਰੰਗ ਲੂਣਾਂ ਦਾ ਚਮਕਦਾ ਜਿਓਂ ਮੈਦਾ ਅਤੇ ਸੰਧੂਰ । ਦੰਦ ਸੁਹਣੀ ਦੇ ਲਿਸ਼ਕਦੇ ਜਿਵੇਂ ਮੋਤੀ ਚਿੱਟੇ ਕਪੂਰ। ਨੱਕ, ਮੂੰਹ, ਹੋਠ ਤੇ ਠੋਡੀ ਉਹਦੇ ਵਾਂਗ ਕਿਸੇ ਤਸਵੀਰ। ਅੱਖਾਂ ਖਿੜ ਖਿੜ ਪੈਂਦੀਆਂ ਤੇ ਨਜ਼ਰਾਂ ਵਾਂਗਰ ਤੀਰ । ਗਰਦਨ, ਮੋਢੇ, ਬਾਹਵਾਂ ਉਹਦੇ ਵਾਂਗ ਯੂਨਾਨੀ ਬੁੱਤ । ਵਜ੍ਹਾ-ਕਤਾਹ ਸੁਹਣੀ ਦੀ ਜੀਕਰ ਚੜ੍ਹੇ ਜੁਆਨੀ ਰੁੱਤ । ਗੁੱਤ ਨਾਗਣ ਵਾਂਗਰ ਪੇਲਦੀ ਕੰਡ ਉਹਦੀ ਉਤੇ, ਜਿਵੇਂ ਬਿਣ ਬੀਨੋਂ ਸੱਪ ਖੇਡਦਾ ਬਰਖਾ ਦੀ ਰੁੱਤੇ । ਉਹਦੇ ਹੁਸਨ ਅਗੇ ਸ਼ਰਮਾ ਕੇ, ਫੁੱਲ ਵੀ ਨੀਵੀਂ ਪਾਣ। ਉਹਦੀ ਖਿੜੀ ਜੁਆਨੀ ਤੱਕ ਕੇ ਗੀਤ ਸਰੂਰੇ ਜਾਣ । ਉਹਦੇ ਅੰਗਾਂ ਵਿਚੋਂ ਛਣਕਦਾ ਕੋਈ ਮਿੱਠਾ ਜਿਹਾ ਸਰੂਰ। ਛੱਨੋਂ ਨਿਕਲੇ ਨੱਢੜੀ ਜਿਉਂ ਜਨਤੋਂ ਨਿਕਲੇ ਹੂਰ । ਇਕ ਖੂਹੀ ਤੇ ਚਕਲੀ ਚੀਕੇ, ਭਰਨ ਨੱਢੀਆਂ ਪਾਣੀ । ਇਕ ਸ਼ਿਕਾਰੀ ਆਣ ਖਲੋਤਾ ਮਹਿਕੀ ਵੇਖ ਜੁਆਨੀ । ਨਿਕਲੀ ਲਿਸ਼ਕੋ ਜਹੀ ਇਕ ਛੰਨੋਂ ਤਿੱਖੀ ਤੇਜ ਕਟਾਰੀ । ਐਧਰ ਲਚਕੀ, ਔਧਰ ਲਪਕੀ ਚੰਚਲ-ਬਿਜਲੀ ਨਾਰੀ । ਵੇਖ ਸੁਹੱਪਣ ਲੂਣਾਂ ਵਾਲਾ ਸਾਲਵਾਨ ਲਲਚਾਇਆ । ਪਾਣੀ ਪੀਣੇ ਦਾ ਪੱਜ ਪਾ ਕੇ, ਲੂਣਾਂ ਨੇੜੇ ਆਇਆ । ਫੇਰਾ ਸਾਲਵਾਨ ਨੇ ਲਾਇਆ ਨਾਲ ਸ਼ਿਕਾਰੀ ਯਾਰਾਂ । ਆਖੇ ਲੂਣਾਂ ਲੈ ਦਿਉ ਮੈਨੂੰ ਮੂੰਹ ਮੰਗੇ ਦੰਮ ਤਾਰਾਂ। ਇਕ ਵਾਰੀ ਤਾਂ ਗੁੱਸਾ ਖਾ ਕੇ ਪਿਉ ਲੂਣਾਂ ਦਾ ਆਇਆ । 'ਰਾਜੇ ਨੇਹਕਲੰਕ ਨੇ ਹੁੰਦੇ :' ਪੈਂਚਾਂ ਨੇ ਸਮਝਾਇਆ । ‘ਆਖਰ ਤਾਂ ਤੂੰ ਇਕ ਦਿਨ ਧੀ ਨੂੰ ਵਿਆਹੁਣਾਂ ਈ ਚਮਿਆਰਾ । ਸਾਲਵਾਨ ਨੂੰ ਲੂਣਾਂ ਦੇ ਦੇ ਰਾਜ ਕਰੀ ਗੀ ਭਾਰਾ ।' ਇਕ ਪਾਸੇ ਧੀ ਦਾ ਧੰਨ ਭੋਲਾ ਉਮਰੋਂ ਬਾਲ-ਜੁਆਨੀ। ਦੂਜੇ ਪਾਸੇ ਲਿਸ਼ਕਾਂ ਮਾਰੇ ਧੰਨ ਦਾ ਢੇਰ ਸ਼ਤਾਨੀ । ਆਖਰਕਾਰ ਗਰੀਬੀ ਹਾਰੀ ਧੰਨ ਜਿੱਤ ਗਿਆ ਬਾਜ਼ੀ। ਹੋ ਗਿਆ ਲੂਣਾਂ ਦਾ ਬਾਬਲ ਵੀ ਧੀ ਵੇਚਣ ਨੂੰ ਰਾਜ਼ੀ । ਫੇਰ ਸੱਦ 'ਪੰਚੈਤ' ਬਹਾਲੀ ਸਾਲਵਾਨ ਰਜਵਾੜੇ । ਲੂਣਾਂ ਦਾ ਸੌਦਾ ਦਾ ਕੀਤਾ ਮੂੰਹ ਮੰਗੇ ਦੰਮ ਤਾਰੇ । ਪਿੰਡ ਦੇ ਸਾਊ, ਜੁਆਨ, ਬਹਾਦਰ ਹੋ ਗਏ ਰਾਜ਼ੀ ਸਾਰੇ । ਇਕ ਲੂਣਾਂ ਦੀ ਸੁਹਲ ਜੁਆਨੀ ਰੋਵੇ ਭੁੱਬਾਂ ਭਾਰੀ ਮਾਰੇ । ਰਾਜਾ ਸੀ ਜਰਵਾਣਾ ਭਾਰੀ ਕਈ ਸੈ ਨਾਲ ਪਿਆਦਾ । ਚਮਿਆਰਾਂ ਦੀ ਬੇਟੀ ਖ਼ਾਤਰ ਵੱਟ ਕਿਸੇ ਨਾ ਖਾਧਾ । ਕਰਕੇ ਜ਼ੁਲਮ ਜੁਆਨੀ ਉਤੇ ਰਾਜੇ ਅੱਡੀ ਲਾਈ । ਰੋਂਦੀ ਤੇ ਕੁਰਲਾਂਦੀ ਲੂਣਾਂ ਡੋਲੀ ਵਿਚ ਬਿਠਾਈ । ਉਹਨੂੰ ਸਿਆਲਕੋਟ ਲੈ ਆਇਆ ਮਹਿਲਾਂ ਵਿਚ ਸਜਾਈ । ਅਪਣੇ ਮਨੋ ਬਹਾਦਰ ਬਣਿਆਂ ਕੀਤੀ ਬੜੀ ਦਾਨਾਈ । ਡਿੱਠੇ ਖਲੇ ਅਨੇਕਾਂ ਲੂਣਾਂ ਪਹਿਰੇਦਾਰ ਸਿਪਾਹੀ । ਖੇਤਾਂ ਦੇ ਵਿੱਚ ਖੇਡਣ ਵਾਲੀ ਘੁੱਗੀ ਬਹੁੰ ਘਬਰਾਈ । ਦਿਲ ਵਿੱਚ ਹਰਖ ਬੜਾ ਹੀ ਕਰਦੀ: ਕੀ ਕੀਤਾ ਪਿਉ ਮੇਰੇ ! ਕੈਦ ਕਰਾਇਆ ਰਾਜੇ ਮਹਿਲੀਂ ਬੁੱਢੇ ਸੰਗਦੇ ਫੇਰੇ । ਹੀਰੇ, ਜ਼ੇਵਰ, ਜ਼ਰੀਆਂ, ਰੇਸ਼ਮ ਵੱਢ ਵੱਢ ਉਹਨੂੰ ਖਾਂਦੇ । ਪਿੰਡ ਦੇ ਹਾਣੀ ਮੁੰਡੇ ਕੁੜੀਆਂ ਯਾਦ ਜਦੋਂ ਆ ਜਾਂਦੇ। ਭਰਿਆ ਨਾਲ ਦੁੱਖਾਂ ਦੇ ਅੰਦਰ ਮੂੰਹੋਂ ਬੋਲੇ ਮਿੱਠੀ : ਦਿਲ ਦੇ ਵਿਚ ਲੁਕਾਈ ਹੋਈ ਪੀੜ ਕਿਸੇ ਨਾ ਡਿੱਠੀ । ਪੂਰਨ ਕਰਨੇ ਆਇਆ ਮਹਿਲੀਂ ਲੂਣਾਂ ਨੂੰ ਪਰਨਾਮ । ਸੋਚਾਂ ਵਿਚ ਗਲਤਾਨ ਸੀ ਬੈਠੀ ਸਵੇਰ ਵਾਂਗਰਾਂ ਸ਼ਾਮ । ਅੱਖਾਂ ਵਿਚ ਅੱਖਾਂ ਜਦ ਮਿਲੀਆਂ ਅੱਖੀਂ ਚੜ੍ਹਿਆ ਕਾਮ । 'ਪੂਰੀ ਗੱਲ ਕਰਾਂਗੀ ਚਾਹੇ ਹੋ ਜਾਵਾਂ ਬਦਨਾਮ ।' ਬਿਟਰ ਬਿਟਰ ਪੂਰਨ ਵਲ ਤੱਕੇ ਮੂੰਹੋਂ ਕੁਝ ਨਾ ਬੋਲੇ। ਅੱਖਾਂ ਵਿਚੋਂ ਲੂਣਾਂ ਰਾਣੀ : ਰਾਣੀ ਕੱਚੇ ਮੋਤੀ ਰੋਲੇ । ਆਖ਼ਰਕਾਰ ਬੁੱਝਕੀ ਟੁੱਟੀ ਲੂਣਾਂ ਰਾਣੀ ਬੋਲੀ : ਮੈਂ ‘ਪਾਪਣ' ਤੂੰ ‘ਪੁੰਨੀਂ ਪੂਰਨ, ਮੈਂ ਵਾਰੀ ਮੈਂ ਘੋਲੀ। ਵੇ ਮੈਂ ਲੂਣਾਂ ਚਮਰੇਟੜੀ ਤੇ ਰਾਜ-ਮਹਲੀਂ ਗਈ ਵਲੀ । ਨਾ ਮੈਂ ਰਾਜੇ ਦੀ ਬੇਟੜੀ, ਨਾ ਰੰਗ-ਮਹੱਲਾਂ ਵਿਚ ਪਲੀ । ਤੇਰੇ ਬਾਪੂ ਮੁੱਲ ਚੁਕਾਇਆ ਸਾਨੂੰ ਏਥੇ ਬੰਨ੍ਹ ਲਿਆਇਆ । ਰਹੀ ਰੂਹ ਖੇਤਾਂ ਵਿਚ ਖੇਡਦੀ, ਬੁੱਤ ਏਥੇ ਚੁੱਕ ਬਹਾਇਆ। ਇਕ ਦਿਨ ਲਹੁਡੇ ਕੁ ਵੇਲੜੇ, ਕੁੜੀਆਂ ਸਾਂ ਪਾਣੀ ਭਰਦੀਆਂ : ਮਧ-ਮਹਿਕ-ਜੁਆਨੀ ਮੱਤੀਆਂ ਤੇ ਲੱਖ ਕਲੋਲਾਂ ਕਰਦੀਆਂ। ਨਜ਼ਰ ਓਦਣ ਮੈਨੂੰ ਖਾ ਗਈ, ਮੈਂ ਰਾਜੇ ਨਜ਼ਰੀਂ ਚੜ੍ਹ ਗਈ । ਖੇਤਾਂ ਦੀ ਘੁੱਗੀ ਘੁੱਟ ਸਾਹ, ਵਿਚ ਰਾਜ ਮਹੱਲੀਂ ਸੜ ਗਈ। ਅਸੀਂ ਬੰਦੇ ਬੜੇ ਆਜ਼ਾਦ ਵੇ, ਮਹਿਲਾਂ ਨੂੰ ਸਮਝੀਏ ਵਲਗਣਾਂ । ਜ਼ਰੀਆਂ ਨੂੰ ਲੀਰਾਂ ਜਾਣੀਏਂ, ਤੇ ਉਚੀਆਂ ਰੱਖੀਏ ਗਰਦਨਾਂ । ਕੀ ਹੋਇਆ, ਰਾਜ ਕੁਮਾਰ ਵੇ, ਜੇ ਤੂੰ ਮਹਿਲਾਂ ਦੀ ਸ਼ਾਨ ਵੇ ! ਤੈਨੂੰ ਵੇਖ ਕੇ ਮਾਪੇ ਜੀਉਂਦੇ, ਪਰ ਮੇਰੀ ਤਾਂ ਤੂੰ ਜਾਨ ਵੇ । ਮੇਰੇ ਸੁਹਣੇ ਰਾਜ ਕੁਮਾਰ ਜੀ ਮੈਂ ਤੈਥੋਂ ਇਜ਼ਤਾਂ ਵਾਰਦੀ । ਹਾਣਾਂ ਨੂੰ ਹਾਣ ਹੀ ਸੋਭਦੇ, ਮੈਂ ਹਾਣਨ ਤੇਰੀ ਪੂਰਨਾ, ਦੇ ਭਿਛਿਆ ਮੈਨੂੰ ਪਿਆਰ ਦੀ। ਵੇ ਮੈਂ ਤੇਰੀ ਮਤਵਾਲੜੀ ਹਰਦਮ ਰਾਹ ਤੇਰਾ ਵੇਖਦੀ । ਇਕ ਤੇਰੀ ਠੰਡਕ ਦਿਲੇ ਨੂੰ, ਕੀਕਰ ਮਾਂ ਬਣ ਜਾਂ ਭੇਖਦੀ । 'ਮਾਂ' ਮੇਰੇ ਵਿਚਲੀ ਮੋੜਦੀ : ਤੇਰਾ ਰਿਸ਼ਤਾ ਅਪਰ ਅਪਾਰ ਨੀ । ‘ਪ੍ਰੇਮਣ' ਪਰ ਝਟ ਪ੍ਰੇਰਦੀ : ਐਂਵੇਂ ਨਾ ਝਲ ਖਿਲਾਰ ਨੀ । ਵਿਚ ਜੜਤ ਜੜਾਊ ਮੰਦਰਾਂ, ਮੇਰਾ ਜੀਅ ਨਾ ਲੱਗੇ ਪੂਰਨਾਂ ! ਮੈਨੂੰ ਆਪਣਾ ਆਪ ਨਾ ਸੁਝਦਾ, ਕੁਝ ਦਸ ਵੇ ਚੰਨਾਂ ਕੀ ਕਰਾਂ ?'' “ਮੇਰੇ ਬਾਪੂ ਤੈਨੂੰ ਪਰਨਿਆਂ, ਪੁੱਤ ਲੱਗਾਂ ਤੇਰਾ । ਮਾਤਾ ! ਰੱਬ ਤੋਂ ਖ਼ੌਫ਼ ਖਾ ਛੱਡ ਖਹਿੜਾ ਮੇਰਾ ।" ਮਾਤਾ ਮਾਤਾ ਆਖ ਨਾ ਕਹੇ ਲੂਣਾਂ ਰਾਣੀ । ਇਵੇਂ ਉਤੋਂ ਦੀ ਕੀ ਵਗਣੋਂ ਵੇ ਦਿਲ ਦੇ ਜਾਨੀ । ਮੇਰੇ ਬਾਬਲ ਬੇੜਾ ਡੋਬਿਆ ਲਾਲਚ ਵਿਚ ਆਇਆ । ਧੰਨ ਤੇ ਰਾਜ ਦੇ ਜ਼ੋਰ 'ਤੇ ਰਾਜੇ ਪਰਨਾਇਆ ੀ ਹਾਣਨ ਸਾਂ ਮੈਂ ਪੁੱਤ ਦੀ ਉਸ ਕੀ ਅਧਿਕਾਰ ?! ਹਾਣਾਂ ਨੂੰ ਹਾਣ ਹੀ ਸੋਭਦੇ, ਮੇਰੇ ਦਿਲਦਾਰ ! ਮੇਰੀਆਂ ਪ੍ਰੀਤਾਂ ਲੁੰਘ ਨਾ ਵੇ ਭੋਲੇ ਪੂਰਨ !" ਕੁਆਰੀ ਮਮਤਾ ਚੁੰਘ ਨਾ ਵੇ ਭੋਲੇ ਪੂਰਨ !!" ਇਹ ਗੱਲਾਂ ਸੁਣ ਹੈਰਾਨਿਆਂ, ਸੀ ਸੱਚੀਂ ਭੋਲਾ । ਰਾਜੇ ਦਾ ਪਰ ਪੁੱਤ ਸੀ ਨਾ ਸੀ ਕੋਈ ਗੋਲਾ । (ਤੇ) ਬੀਬੇ ਪੁੱਤਰ ਸਾਲਵਾਨ ਦੀ ਸ਼ਾਨ ਵਧਾਈ । ਧਰਮਾਂ ਤੋਂ ਨਾ ਹਾਰਿਆ ਉਸ ਜਾਨ ਕੁਹਾਈ। ਏਦਾਂ ਹੀ ਕਈ ਵਰ੍ਹੇ ਬੀਤ ਗਏ, ਪੂਰਨ ਜੋਗ ਕਮਾਇਆ। ਪੂਰਨ ਪੂਰਾ ਭਗਤ ਹੋ ਗਿਆ : ਕਵੀਆਂ ਨੇ ਫੁਰਮਾਇਆ। ਉਹਦੇ ਹਾਵਿਉਂ ਮੋਈ ਸੁੰਦਰਾਂ, ਭਗਤ ਨਾ ਬਣਿਆਂ ਦਾਤਾ। ਗੁਰ ਗੋਰਖ ਨੇ ਪੂਰਨ ਦਾ ਤਦ ਪੂਰਨ (?) ਜੋਗ ਪਛਾਤਾ। “ਹੁਣ ਜਾ ਕੇ ਤੂੰ ਮਾਤ-ਪਿਤਾ ਦੀ ਸੇਵਾ ਆਪ ਵੀ ਕਰ ਲੈ। ਤੇ ਸੁੰਦਰਾਂ ਦੀ ਮੌਤ ਦਾ, ਬੇਟਾ, ਪਸ਼ਚਾਤਾਪ ਵੀ ਕਰ ਲੈ ।” ਪੂਰਨ ਇਹ ਗੁਰ-ਆਗਿਆ ਸੁਣਕੇ ਸਿਆਲਕੋਟ ਮੁੜ ਆਇਆ। ਆ ਕੇ ਓਥੇ ਅਲਖ ਜਗਾਈ, ਜੱਗ ਵੇਖਣ ਨੂੰ ਧਾਇਆ। ਜਗਤ ਜਲੰਦਾ ਢੁਕਿਆ ਉਥੇ ਦੁਖੜੇ ਅਪਣੇ ਹਰਨੇ । ਰਾਜੇ ਦੇ ਦਰਬਾਰੀ ਆਏ ਦਰਸ ਭਗਤ ਦੇ ਕਰਨੇ । ਜੋਗੀ ਮੂੰਹੋਂ ਸੁਣਨ ਮਹੀਨਾ ਮਾਈਆਂ ਬੁਢੀਆਂ ਆਈਆਂ। ਭੁਖੀਆਂ ਰੂਹਾਂ, ਬੇਰੰਗ ਅੱਖਾਂ, ‘ਮਾਈਆਂ ਰੱਬ-ਰਜਾਈਆਂ !' ਲੰਮੀਆਂ ਉਮਰਾਂ ਦੇ ਵਰ ਮੰਗਣ ਨੰਗਿਆਂ ਪਿੰਡਿਆਂ ਵਾਲੇ । ਲੰਮੇ ਪੈ ਪੈ ਮੱਥੇ ਰਗੜਨ, ਰਾਣੀ ਖਾਂ ਦੇ ਸਾਲੇ । ਇਜ਼ਤ ਮੰਗਣ ਦੌਲਤ ਮੰਗਣ, ਜੋਗੀ ਪੂਰਨ ਕੋਲੋਂ । ਦੌਲਤ ਸਾਂਭਣ ਲਈ ਪੁੱਤ ਮੰਗਣ ਤਿਆਗੀ ਪੂਰਨ ਕੋਲੋਂ । ਦੁਨੀਆਂ ਵਾਲੇ ਦੁਨੀਆਂ ਮੰਗਣ ਭੁੱਲ ਕੇ ਰੱਬੀ ਰੰਗਣ। ਮੰਗਣ ਮੰਗਣ ਮੰਗਣ ਮੰਗਣ, ਮੰਗਦੇ ਰਤਾ ਨਾ ਸੰਗਣ । ਜੋਗੀ ਦੀ ਧੂਣੀ ਨੂੰ ਲੋਕਾਂ ਸਮਝ ਦੁਕਾਨ ਲਿਆ ਏ । ਆਖਣ ਮੱਥਾ ਟੇਕੋ ਏਥੇ, ਇਹਦੇ ਕੋਲ ਸ਼ਫ਼ਾ ਏ । ਸੁਖ ਵਰਤਾਇਆ ਭਗਤ ਨੇ ਏਥੇ ਬਹੁਤੇ ਮਾਨ ਕਮਾਏ । ਸੋਆਂ ਸੁਣ ਕੇ ਰਾਜਾ ਰਾਣੀ ਇਕ ਦਿਨ ਏਥੇ ਆਏ। "ਘਰ ਸਾਡੇ ਪੁੱਤਰ ਨਹੀਂ ਕੋਈ : ਮਾਂ ਲੂਣਾਂ ਵਿਲ੍ਹਲਾਈ । ਰਾਜ-ਮਹੱਲੀਂ ਚਾਨਣ ਮੁਕਿਆ, ਰਾਤ ਹਨੇਰੀ ਛਾਈ । ਰਾਜਾ ਜੀ ਦਾ ਇਕ ਪੁੱਤਰ ਸੀ, ਲੱਖਾਂ ਵਰਗਾ ਇੱਕੇ । ਉਸ ਜੋਤੀ ਨੂੰ ਆਪ ਬੁਝਾਇਆ, ਸਲ੍ਹ ਲਗਾਇਆ ਹਿੱਕੇ । ਮਹਾਰਾਜ ਸੀ ਉਹ ਮਰਵਾਇਆ ਐਵੇਂ ਗੁੱਸਾ ਖਾ ਕੇ । ਹੁਣ ਤਾਂ ਸਾਰੇ ਮਰ ਮਰ ਜਾਈਏ, ਪੁੱਤਰ ਨੂੰ ਮਰਵਾ ਕੇ ।" "ਚੰਨ ਮਹਿਲਾਂ ਦਾ ਚਮਕੇ ਰਾਣੀ, ਉਹ ਕਿਉਂ ਗੱਲ ਲੁਕਾਈ ?" ਖੋਲ੍ਹ ਕਹਾਣੀ ਪੂਰਨ ਪਿਛਲੀ ਬੀਤੀ ਆਖ ਸੁਣਾਈ। ਬੀਤੀ ਗੱਲ ਸੁਣ ਸਾਲਵਾਨ ਨੂੰ ਅੱਗ ਅੰਦਰੋਂ ਲੱਗੀ । ਚੋਰ ਲਗਾ ਚਤਰਾਈ ਦੱਸਣ ਮਾਰ ਕਾਮ ਦੀ ਲੱਗੀ । ਲਾਲੋ ਲਾਲ ਲਈਆਂ ਕਰ ਅੱਖਾਂ, ਕਾਂਬਾ ਛਿੜਿਆ ਬੁੱਲੀਂ। ਗਈ ਸ਼ਾਂਤੀ ਨਸ ਅੰਦਰੋਂ ਕ੍ਰੋਧ ਹਨੇਰੀ ਝੁੱਲੀ । ਅਪਣੀ ਥਾਂ ਤੇ ਬੈਠਾ ਕੰਬੇ, ਤਲਵਾਰੇ ਹੱਥ ਜਾਵੇ । ਉੱਚੀ ਉੱਚੀ ਰੌਲਾ ਪਾਵੇ, ਚੀਕੇ ਤੇ ਕੁਰਲਾਵੇ । ਏਦਾਂ ਵੇਖ ਪਿਤਾ ਨੂੰ ਪੂਰਨ ਅੱਗੋਂ ਇੰਜ ਸਮਝਾਇਆ । ਇਸ ਵਿੱਚ ਦੋਸ਼ ਏਸ ਦਾ ਨਾਹੀਂ ਮੈਂ ਹੈ ਖਿਆਲ ਦੁੜਾਇਆ। ਰਾਜਾ ਕੜਕੇ : ਲੂਣਾਂ ਡੈਣੇਂ, ਤੂੰ ਕੀ ਕਹਿਰ ਕਮਾਏ । ਤੂੰ ਹੀ ਮੇਰੇ ਭਗਤ ਪੁੱਤਰ 'ਤੇ ਮੈਥੋਂ ਜ਼ੁਲਮ ਕਰਾਏ । ਜੀਅ ਕਰਦਾ ਏ ਗੱਡ ਕੇ ਤੈਨੂੰ ਕੁੱਤਿਆਂ ਤੋਂ ਪੜਵਾਵਾਂ । ਜਾਂ ਫਿਰ ਕਰਕੇ ਪੋਰੀ ਪੋਰੀ ਤੇਰੇ ਅੰਗ ਕਟਾਵਾਂ । ਇਹ ਗੱਲ ਸੁਣ ਕੇ ਲੂਣਾਂ ਰਾਣੀ ਖ਼ਰੀਆਂ ਆਖ ਸੁਣਾਈਆਂ : ਮੈਂ ਕੀ ਜਾਣਾ ਰਿਸ਼ਤੇ ਰੇੜੇ, ਧਰਮਾਂ ਦੀਆਂ ਮਨਾਹੀਆਂ । ਪੁੱਤਰ ਦੀਆਂ ਖੁਸ਼ੀਆਂ ਵਿਹੰਦੋਂ । ਵਿਆਹੁੰਦੋਂ ਨਾ ਦੋ ਬਾਰਾ । ਜੇ ਸੈਂ ਏਨਾਂ ਧਰਮੀ ਰਾਜਾ, ਪੁੱਤ ਦਾ ਬਹੁਤ ਪਿਆਰਾ । ਇੱਛਰਾਂ ਦਾ ਨਾ ਹਿਰਦਾ ਲੂੰਹਦੋਂ, ਨਾ ਉਹ ਅੰਨ੍ਹੀ ਹੁੰਦੀ । ਨਾ ਪੂਰਨ ਦੇ ਹੱਥ ਕਟੀਂਦੇ, ਨਾ ਮੈਂ ਬਾਗੀ ਹੁੰਦੀ । ਮੈਂ ਤਾਂ ਪਾਪਣ ਹੋਈ, ਰਾਜਿਆ, ਲੋਕਾਂ ਨੇ ਫਿਟਕਾਰੀ ! ਜਿੱਤੇ ਧੰਨ ਤੇ ਧਰਮ, ਰਾਜਿਆ, ਮੇਰੀ ਜੁਆਨੀ ਹਾਰੀ । ਤੇਰੇ ਹੱਥ ਧੌਂਸ ਵੇ ਰਾਜਾ, ਹੁਣ ਭਾਵੇਂ ਮਰਵਾ ਦੇ । ਮੂੰਹ ਤੇ ਮਲ ਕੇ ਕਾਲਖ ਭਾਵੇਂ ਕੁੱਤਿਆਂ ਤੋਂ ਪੜਵਾ ਦੇ । ਪ੍ਰੀਤਾਂ ਮੂਲ ਨਾ ਮਿਲਣ ਵਿਕਾਊ । ਲੱਖੀਂ, ਸੈਈਂ, ਹਜ਼ਾਰੀਂ । ਸੁਹਜਾਂ ਮੂਲ ਨਾ ਸੋਭਣ ਟਿੱਲੀਂ, ਜੰਗਲੀਂ ਜਾਂ ਦਰਬਾਰੀਂ । ਰਾਜੇ ਨੇਹ ਕਲੰਕ ਹੀ ਰਹਿੰਦੇ, ਲੱਖਾਂ ਜ਼ੁਲਮ ਕਮਾਂਦੇ । ਲੋਕੀ ਜੇ ਹੱਕ ਵੀ ਮੰਗ ਬਹਿੰਦੇ, ਪਾਪੀ ਥਾਪੇ ਜਾਂਦੇ । ਲੋਕਾਂ ਦਾ ਦੁੱਖ ਹਾਕਮ ਦਾ ਸੁੱਖ । ਲੋਕਾਂ ਦਾ ਲਹੂ ਪਾਣੀ । ਕਹਿਰ ਕਮਾਉਣਾ ਹਾਕਮ-ਨਖ਼ਰਾ, ਸਹਿਣਾ ਲੋਕ-ਕਹਾਣੀ ॥ ਨੋਟ :- ਇਹ ਕਵਿਤਾ ਅੱਜ ਤੋਂ 26 ਵਰ੍ਹੇ ਪਹਿਲਾਂ 1952 ਵਿੱਚ ਲਿਖੀ ਗਈ ਸੀ। ਅਗਸਤ 1954 ਦੇ ‘ਪੰਜ ਦਰਿਆ’ ਦੇ ਪੰਨਾ 29 ਤੋਂ 34 ਤੇ ਛਪੀ ਸੀ। (ਕਰਤਾ)

ਸੁੰਦਰਾਂ

ਕੋਮਲ ਭਾਵੀ ਸ੍ਰ ਗੁਰਬਖਸ਼ ਸਿੰਘ 'ਪ੍ਰੀਤ ਲੜੀ' ਦੀ ਯਾਦ ਨੂੰ ਸਮਰਪਿਤ ! ਨ੍ਰਿਤ-ਨਾਟ-ਪੇਸ਼ਕਾਰੀ ਰਾਣੀ ਸੁੰਦਰਾਂ, ਉਹਦੀ ਗੋਲੀ ਤੇ ਪੂਰਨ ਜੋਗੀ ਤਿੰਨੇ ਹੀ ਪਾਤਰ ਬਰਾਬਰ ਮਹਤਤਾ ਵਾਲੇ ਹਨ । ਪਾਤਰ ਸੁੰਦਰਾਂ ਦਾ ਸੂਖਮ ਭਾਵੀ, ਸਮਝਦਾਰ ਤੇ ਤਾਰਕਿਕ ਵਿਅਕਤਿਤਵ ਪੇਸ਼ ਕਰਨ ਲਈ, ਕੋਈ ਡੂੰਘੇ ਭਾਵਾਂ ਨੂੰ ਸਮਝਣ ਤੇ ਪ੍ਰਗਟਾਉਣ ਵਾਲੀ ਨਾਚੀ ਦੀ ਲੋੜ ਹੈ। ਜੋਗੀ ਵੀ ਨਿਰਾ ਮਦਦਗਾਰ ਪਾਤਰ ਨਹੀਂ । ਗੋਲੀ ਦਾ ਰੋਲ ਵੀ ਨਾਚ ਰਾਹੀਂ ਪੇਸ਼ ਕਰਨਾ ਏਨਾ ਸੌਖਾ ਨਹੀਂ ਭਰਤੀ ਦੇ ਪਾਤਰ :- ਗੋਲੀਆਂ--ਜੋਗੀਸ਼ਰ--ਪਿੰਜਰੇ ਦਾ ਤੋਤਾ— ਆਦਿ ਨਿਰਦੇਸ਼ਕ ਸੱਜਣ ਅਪਣੀ ਸਮਝ ਤੇ ਲੋੜ ਅਨੁਸਾਰ ਜੋੜ ਲੈਣਗੇ । ਸੁੰਦਰਾਂ 1. ਰੋੜਸ ਦੇ ਵਿਚ ਸੁੰਦਰਾਂ ਵੱਸੇ ਮਹਿਲ ਬਣੇ ਪਰਕਾਸ਼ ਦੇ । ਸੁਪਨੇ ਵਾਂਗੂੰ ਮਹਿਲ ਮਨੋਹਰ ਚਿੱਤਰ ਜਿਉਂ ਆਕਾਸ਼ 'ਤੇ। ਸੱਤ ਸੰਗਮਰਮਰੀ ਥੰਮ 'ਤੇ । ਉੱਸਰਿਆ ਸੁੰਦਰਾਂ ਦਾ ਘਰ। ਘਰ ਦੇ ਚਾਰ ਚੁਫੇਰੇ ਦਿਸੇ । ਕਾਫ਼ੂਰੀ ਕਮਲਾਂ ਦਾ ਸਰ । ਸੁੰਦਰਾਂ ਦੀ ਸੁੰਦਰਤਾ ਚੰਨ ਸੀ ਤਾਰੇ ਰੱਬੇ ਗੋਲੜੀਆਂ । ਸੂਰਜ਼ ਹਾਲੀ ਨਹੀਂ ਸੀ ਚੜ੍ਹਿਆ ਨਾ ਕਿਰਨਾਂ ਹੀ ਬੋਲੜੀਆਂ । ਬੈਠੀ ਮੌਲਸਰੀ ਦੇ ਥੱਲੇ ਕੱਲੀ ਰਾਣੀ ਸੱਜੇ ਨਾ : ‘ਜੇਹਾ ਕੋਈ ਨਾ ਨਜ਼ਰੀਂ ਆਵੇ ਵੇਖਦਿਆਂ ਜੋ ਰੱਜੇ ਨਾ। ਨਿਰਨਰ ਘਰ ਵਿਚ ਸੁੰਦਰਾਂ ਰਾਣੀ ਚੰਨ ਮੁੱਖੜਾ ਕੀ ਕੱਜੇ । ਬਿਨ ਸੂਰਜ ਦਿਨ ਚੜ੍ਹਦਾ ਕੀਕਰ ਬਿਨ ਸ਼ਹੁ ਘਰ ਕੀ ਸੱਜੇ ? ! ਅੰਬਾਂ ਦੇ ਬਾਗਾਂ ਵਿਚ ਕੋਇਲਾਂ ਦਿਲ ਦਾ ਦਰਦ ਦਿਲਾਸਣ । ਫੁੱਲ-ਬਿਰਛੀਂ ਸਤਰੰਗੀ ਏ ਬੈਠਣ ਕਿਰਨਾਂ ਦਾ ਕਰ ਆਸਨ । ਸਾਲੂ ਜਹੀ ਧੁੱਪੜੀ 'ਚੋਂ ਕਣੀਆਂ ਚੰਗਿਆੜੇ ਬਣ ਵੱਸਣ । ਫੁੱਲ ਬਾਗੇ ਦੇ ਵਾਂਗ ਮਸੂਮਾਂ ਫੁੱਲ-ਝੜੀਆਂ ਤੱਕ ਹੱਸਣ। ਬੈਠ ਪਲੰਘ ਤੇ ਸੁੰਦਰਾਂ ਰਾਣੀ ਅਪਣੇ ਵਾਲ ਖਿਲਾਰੇ : ਖ਼ੁਸ਼ਬੋ ਦੇ ਦਰਿਆ ਵਗ ਪੈਂਦੇ ਸੁਪਨੇ ਜ਼ਾਣ ਸ਼ਿੰਗਾਰੇ । ਪਿੰਡਾ ਉਹਦਾ ਚੋਲੇ ਵਿਚੋਂ ਝਾਕੇ, ਲਿਸ਼ਕਾਂ ਮਾਰੇ । ਉਹਨੂੰ ਜਿਤਦੇ ਸ਼ਹਿਜ਼ਾਦੇ ਤਰਲੇ ਕਢ ਕਢ ਹਾਰੇ। ਦੀਪਕ ਬਲ ਬਲ ਰੋੜਸ ਵਾਲੀ ਸੌਣ-ਅਟਾਰੀਂ ਅੱਕਦੇ । ਸੁੰਦਰਾਂ ਦੀ ਹਿੱਕ ਖ਼ਾਲੀ ਖ਼ਾਲੀ ਮਸਤ ਉਨੀਂਦੇ ਤੱਕਦੇ । ਛੱਪੜ ਕੰਢੇ ਚੰਦਾ ਚੜ੍ਹਦਾ ਚਾਂਦੀ ਰੰਗੇ ਹੰਸ ਜਿਹਾ । “ਲਾਡ ਕਰੇ ਪਾਣੀ ਸੰਗ ਪੰਛੀ:" -ਬੋਲ ਕੁਆਰਾ ਰੁਮਕ ਪਿਆ। ਸੁੰਦਰਾਂ ਦੇ ਮੂੰਹ ਬੋਲ ਸੁਰੀਲਾ ਹਟਕੋਰੇ ਸਮ ਅਟਕ ਗਿਆ: ਅੱਖਾਂ ਦੇ ਵਿਚ ਚੰਨ-ਪਰਛਾਵਾਂ ਹਉਕੇ ਵਾਂਗਰ ਲਟਕ ਗਿਆ । ਚੰਨ-ਚਾਨਣੀ ਅੰਦਰ ਧੋਤਾ ਬੁੱਤ ਸੁੰਦਰਾਂ ਦਾ ਭਟਕ ਗਿਆ। ਹਿੱਲਣ ਤੋਂ ਆਰੀ ਦੁਖਿਆਰੀ ਬੋਲਣ ਤੋਂ ਕੋਈ ਹਟਕ ਗਿਆ । ਘੜੀ ਮੁੜੀ ਉਹਦੇ ਕੰਨ ਵੱਜਣ —ਸੁੰਦਰਾਂ, ਸੁੰਦਰਾਂ ਕਹੇ ਕੋਈ। ਲੱਜਾਈ ਸੁੰਦਰੀ ਘਬਰਾਵੇ, ਸੁਣ ਕੇ ਚੁੰਮਣ ਜਹੇ ਕੋਈ। ਖੁਸ਼ਬੋਈਆਂ ਦਿਲ ਵਿਚ ਸਮੋਈਆਂ ਫੁੱਲਾਂ ਦੇ ਸਮ ਖਿੜ ਪਈਆਂ । ਕੰਨਾਂ ਦੇ ਵਿੱਚ ਤਾਨਾਂ ਕੋਈ । ਆਪ ਮੁਹਾਰੇ ਛਿੜ ਪਈਆਂ । ਪਿੰਡਾ ਸੁਰਤਾਲਾਂ ਵਿਚ ਨਹਾਉਂਦਾ ਸੁਪਨ ਸਰੋਵਰ ਟੱਪ ਗਿਆ। ਅਨਜਾਣੇ ਜ਼ਜ਼ਬ ਵਿਚ ਹੀਆ ਸੁੰਦਰਾਣੀ ਦਾ ਤੱਪ ਗਿਆ । ਦੀਪਕ-ਲਾਟਾਂ ਚੁੰਮਣ ਨ੍ਹੇਰੇ ਸੁੰਦਰਾਂ ਦੇ ਮਹਿਲਾਂ ਦੇ । ਚਾਨਣ ਚਾਨਣ ਹੋਣ ਚੁਫੇਰੇ ਜਿਉਂ ਕਿਧਰੇ ਪਹਿਲਾਂ ਦੇ। ਮਹਿਲਾਂ ਨੇ ਆਖ਼ਰ ਥੇਹ ਥੀਣਾ ਸੂਰਜ ਨੇ ਬਲ ਜਾਣਾ : ਦਿਲ ਦਾ ਮਹਿਰਮ ਕਦੀ ਨ ਆਉਣਾ ਸਮਿਆਂ ਨੇ ਢਲ ਜਾਣਾ । 3. ਹਰ ਛਿਣ ਵਾਂਗ ਬੁਲਬੁਲੇ ਉਪਜੇ ਉਭਰੇ ਤੇ ਮੁੱਕ ਜਾਵੇ । ਤਿਉਂ ਹੀ ਸੁੰਦਰਾਂ ਦਾ ਹਰ ਪਲ ਪਲ ਖਿੜ ਖਿੜ ਕੇ ਸੁੱਕ ਜਾਵੇ। ਚੁੱਪ ਮਹਿਲਾਂ ਦੀ ਜੰਗਲ ਜੇਹੀ ਫੁੱਲ ਵੀ ਸੁੱਕੇ ਸੁੱਕੇ। ‘ਕੱਲ ਦੀ ਹਿੱਕ ਤੇ ਜਿੰਦ ਸੁੰਦਰਾਂ ਦੀ ਹੋ ਰਹੀ ਤੁੱਕੇ ਤੁੱਕੇ । ਸੁੰਦਰਾਂ ਦੀ ਅਨਜਾਣ ਜੁਆਨੀ ਕੁਆਰੀ ਕੱਲ ਮੁਕੱਲੀ ਬੇਫ਼ਿਕਹੀ ਦੇ ਫ਼ਿਕਰ ਨੇ ਮਾਨੋ ਰਾਣੀ ਦੀ ਹਿੱਕ ਮੱਲੀ। ਕਈ ਚੰਨ ਚੜੇ, ਕਈ ਲੱਥ ਹਾਰੇ, ਉਹ ਕੁਆਰੀ ਦੀ ਕੁਆਰੀ । ਨਾ ਕੋਈ ਦਿਲ ਦਾ ਮਹਿਰਮ ਮਿਲਿਆ, ਨਾ ਸੁੰਦਰਾਂ ਹੱਠ ਹਾਰੀ। ਇਕ ਇਕ ਗੋਲੀ ਸੁੰਦਰਾਂ ਦੀ ਜਦ ਤਰਲੀ ਕਈ ਕਈ ਵਾਰੀ ; ਹਰ ਤਰਲੇ ਵਿਚ ਹੰਝੂ ਪੀਤੇ ਉਸ ਨੇ ਸੌ ਸੌ ਵਾਰੀ। ਪਰ ਸੁੰਦਰਾਂ ਦੇ ਦਿਲ ਦਾ ਮਹਿਰਮ ਰਾਜ ਕੁਮਾਰ ਨਾ ਆਇਆ । ਦਿਲ ਦੀ ਸੱਖਣੀ ਗੱਦੀ ਤੇ ਉਸ ਕੋਈ ਵੀ ਨਾ ਬਿਠਲਾਇਆ। ਮੌਲਸਰੀ ਦੀ ਛਾਵੇਂ ਕੀਕਰ ਕੱਲੀ ਰਾਣੀ ਫੱਬੇ?! ਗੋਲੜੀਆਂ ਮੋਤੀ ਦੀਆਂ ਲੜੀਆਂ ਨਗ ਸੱਜੇ ਨਾ ਖੱਬੇ। ਸੁੰਦਰਾਂ ਦੀ ਸੁੰਦਰਤਾ ਚੰਨ ਸੀ ਤਾਰੇ ਹੱਭੇ ਗੋਲੜੀਆਂ। ਸੂਰਜ ਹਾਲੀਂ ਨਹੀਂ ਸੀ ਚੜ੍ਹਿਆ ਅੱਖਾਂ ਨਹੀਂ ਸਨ ਬੋਲੜੀਆਂ । ਸੱਤ ਸੰਗਮਰਮਰੀ ਥੰਮ 'ਤੇ ਉਸਰਿਆ ਘਰ ਸੁੰਦਰਾਂ ਦਾ । ਕਈ ਰਾਜੇ ਮੋੜੇ ਉਸ ਦਰ ਤੋਂ ਝੌਲਾ ਪੈਂਦਾ ਮੁੰਦਰਾਂ ਦਾ । 4. ਗੋੱਲੀ—ਇਕ ਜੋਗੀ ਬੂਹੇ ‘ਤੇ ਆਇਆ ਸਦਕੇ ਜਾਵਾਂ ਮੁੰਦਰਾਂ ਤੋਂ। ਮੇਰੇ ਹੱਥੋਂ ਭਿੱਛਿਆ ਨਾ ਲਏ, ਕਹਿੰਦਾ : ਲੈਣੀ ਸੁੰਦਰਾਂ ਤੋਂ । ਸੁੰਦਰਾਂ—ਕੌਣ ਹੈ ਏਡਾ ਮਾਨਾਂ-ਮੱਤਾ ਮੰਗਣ ਆਇਆ ਅੜ ਬੈਠੈ ? ਕੌਣ ਹੈ ਤੇਰੇ ਜੇਹੀ ਦੇ ਸੰਗ ਸੁਭਾ ਸਵੇਰੇ ਲੜ ਬੈਠੈ ? ਗੋੱਲੀ—ਮੇਰਾ ਤਾਂ ਦਿਲ ਕਾਬੂ ਕੀਤੁਸ ਨਜ਼ਰਾਂ ਦੇ ਵਿਚ ਕੱਸੜੀ ਦਾ। ਰੁਹਬ ਜਮਾਂਦੈ ਰਾਣੀ ਜੀ, ਜਿਉਂ ਹੋਵੇ ਪੁੱਤਰ ਸੱਸੜੀ ਦਾ। ਸੁੰਦਰਾਂ—ਏਦਾਂ ਨਹੀਂ ਦਿਲ ਦੇਈਦੇ ਨੀ ਰਾਹ ਜਾਂਦੇ ਦਰਵੇਸ਼ਾਂ ਨੂੰ । ਇਹਨਾਂ ਦਾ ਕੁਝ ਪਤਾ ਨਾ ਹੁੰਦਾ। ਟੁਰ ਜਾਂਦੇ ਪਰਦੇਸਾਂ ਨੂੰ । ਗੋੱਲੀ-ਆਪੀਂ ਚਲ ਕੇ ਗਲ ਕਰ ਲੈ ਸੂ ਮੈਂ ਤਾਂ ਕਮਲੀ ਹੋਈਆਂ। ਥੋਡੇ ਹੱਥੋਂ ਭਿਛਿਆ ਮੰਗੇ ਮੈਂ ਤਾਂ ਉਹਦੀ ਕੋਈ ਆਂ। ਸੁੰਦਰਾਂ - ਚਲ ਫਿਰ ਮੈਂ ਹੀ ਚਲ ਫਿਰਨੀ ਆਂ ਮਤੀ ਪਾ ਲੈ ਥਾਲੀ 'ਤੇ ਵੇਖਾਂ, ਕਿਹੜੈ ਸੱਸੜੀ ਦਾ ਪੁੱਤ ਅੱਖ ਰੱਖਦੈ, ਜੋ ਸਾਲੀ ਤੇ। ਗੋੱਲੀ—ਮੈਂ ਤਾਂ ਦਿਲ ਹੀ ਦੇ ਬੈਠੀ ਹਾਂ ਉਹਦੇ ਮਸਤੇ ਨੈਣਾਂ ਨੂੰ : ਦਿਨ ਦੀਵੀਂ ਹੀ ਲੁੱਟ ਪਈ ਏ ਕੀ ਹੋਵੇਗਾ ਰੈਣਾਂ ਨੂੰ । ਸੁੰਦਰਾਂ—ਚਲ ਖ਼ਾਂ ਮੈਂ ਵੀ ਵੇਖਾਂ ਕਿਹੜੇ ਨੈਣਾਂ ਨੇ ਦਿਲ ਖੱਸਿਆ ਏ ! ? ਚਲ ਖ਼ਾਂ ਮੈਂ ਵੀ ਵੇਖਾਂ ਕਿਹੜੇ ਬਿਸੀਅਰ ਤੈਨੂੰ ਡੱਸਿਆ ਏ। ਗੋੱਲੀ—ਵੇਖਦਿਆਂ ਹੀ ਲੜ ਜਾਂਦੇ ਨੇ ਬਿਸੀਅਰ ਉਹਦੇ ਨੈਣਾਂ ਦੇ। ਜੱਗ ਵੇਖੇਗਾ ਰਾਣੀ ਜੀ ਹੁਣ ਸਾਡੇ ਹਾਲ ਸ਼ੁਦੈਣਾਂ ਦੇ। 5. ਥਾਲੀ ਵਿਚ ਸਜਾਏ ਮੋਤੀ !! ਜੋਗੀ ਪੱਲੇ ਪਾਏ ਚਾ— ! ਉਹਨੂੰ ਰਾਸ ਨਾ ਆਏ ਮੋਤੀ ! ਥਾਲੀਏ ਉਸ ਪਲਟਾਏ ਚਾ। ਪੂਰਨ—ਇਹ ਨਾ ਸਾਡੇ ਚੋਗਾ ਰਾਣੀ ਇਹ ਨਾ ਸਾਡੇ ਜੋਗਾ ਨੀ । ਜੇ ਤੁੱਠੀ ਏਂ, ਦੇ ਇਕ ਡੰਗ ਦਾ ਸੰਘ ਸਾਰੇ ਨੂੰ ਗੋਗਾ ਨੀ। ਸੁੰਦਰਾਂ—ਤੇਰੇ ਪੈਰਾਂ ਤੋਂ ਵਾਰਾਂ ਮੈਂ ਲੱਖ ਭੰਡਾਰੇ ਜੋਗੀ ਵੇ । ਇਕ ਡੰਗ ਭੰਡਾਰਾ ਕੀ ਏ, ਜਾਨ ਦਿਆਂ ਮੈਂ ਜੋਗੀ ਵੇ। ਪੂਰਨ—ਜਾਨ-ਮਾਨ ਦੀ ਲੋੜ ਨਾ ਸਾਨੂੰ ਹਮ ਤਾਂ ਰਮਤੇ ਜੋਗੀ ਹਾਂ। ਦੁਨੀਆਂ ਤੋਂ ਨਿਰਲੇਪ ਨਿਰੰਜਨ ਭੋਗੀ ਹਾਂ, ਨਾ ਸੋਗੀ ਹਾਂ। ਸੁੰਦਰਾਂ—ਹਰਖ-ਸੋਗ ਬੰਦੇ ਦੇ ਭਾਗੀਂ ਸਦਾ ਤੋਂ ਹੁੰਦੇ ਜੋਗੀ ਜੀ । ਹਰਖ-ਸੋਗ ਤੋਂ ਨਿਆਰਾ ਜੀਂਦੇ ਕੇਵਲ ਮਨ ਦੇ ਰੋਗੀ ਜੀ । ਪੂਰਨ—ਹਮਰਾ ਪੰਥ ਜਗਤ ਕੋ ਜੀਤੇ ਨਾਰੀ ਕੋ ਸਮਝੈਂ ਅੰਗਿਆਰੀ। ਸਭ ਬਦੀਉਂ ਕਾ ਮੂਲ ਹੈ ਨਾਰੀ ਹਮ ਨੇ ਤਜ ਰੱਖੀ ਹਤਿਆਰੀ। ਸੁੰਦਰਾਂ—ਨਾਰੀ ਬਿਨ ਇਉਂ ਜਾਪੇ ਨਰ ਜਿਉਂ ਰਚਨਹਾਰ ਬਿਨ ਰਚਨਾ। ਮਾਂ ਬਿਨ ਪੂਤ, ਪਿਤਾ ਬਿਨ ਪੁੱਤਰੀ। ਬਿਨ ਪੈਰਾਂ ਤੋਂ ਨੱਚਣਾ । ਪੂਰਨ—ਮੈਂ ਨਹੀਂ ਮੁੜ ਮਹਿਲਾਂ ਵਿਚ ਵੱਜਣਾ ਜੋਗ ਜੁਗਤ ਮੈਂ ਪਾਈ। ਗੁਰ ਬਿਨ ਪਿਤਾ ਕੋਈ ਨਾ ਮੇਰਾ ਨਾ ਕੋਈ ਮੇਰੀ ਮਾਈ। ਸੁੰਦਰਾਂ—ਸਤਿਗੁਰ ਤੋਂ ਵੱਡੀ ਹੈ ਮਾਈ ਜਿਸ ਤੇਰੇ ਜਿਹਾ ਜਣਿਆਂ । ਤੂੰ ਹੈਂ ਜ਼ੋਗੀ ਨਾ-ਸ਼ੁਕਰਾ ਤੇ ਗਿਆਨ-ਵਿਹੂਣਾ ਅਣਿਆਂ। 6. ਪੂਰਨ—ਹਮ ਏਕਾਂਤ ਕੇ ਪ੍ਰੇਮੀ ਰਾਣੀ ਹਮਰਾ ਘਰ ਜੰਗਲ ਤੇ ਬੇਲਾ । ਜੋਗੀ-ਸੰਘ ਹਮਰਾ ਦੁਸਤਾਨਾ ਇਹ ਦੁਨੀਆਂ ਹੈ ਫੋਕਾ ਮੇਲਾ। ਸੁੰਦਰਾਂ—ਕਿਉਂ ਭਟਕੇਂ ਜੰਗਲੀਂ ਤੇ ਟਿੱਲੀਂ ਕਿਉਂ ਨਹੀਂ ਘਰ ਵਿਚ ਬਹਿੰਦਾ ? ਜੇ ਨੇ ਜੰਗਲ ਟਿੱਲੇ ਚੰਗੇ, ਬਸਤੀ ਵਿਚ ਕਿਉਂ ਲਹਿੰਦਾ ? ਪੂਰਨ—ਗੁਰਚਰਨੀਂ ਸੁੱਖ ਮਿਲਦੈ, ਰਾਣੀ । ਇਹ ਸ਼ਾਂਤੀ ਦਾ ਸਰ ਹੈ। ਦੁਨੀਆਂ ਆਪਾਂ ਮਿਥਿਆ ਜਾਣੀ । ਇਹ ਰਹਿਮਤ ਦਾ ਦਰ ਹੈ। ਸੁੰਦਰਾਂ—ਘਰ ਛਡ ਕੇ ਪੈ ਕੰਨ ਪੜਵਾਉ ਘਰ ਘਰ ਮੰਗਣ ਆਉ । ਮੁੜ ਘਿੜ ਫੇਰ ਘਰਾਂ ਨੂੰ ਜਾਉਂ । ਕੈਸਾ ਜੋਗ ਕਮਾਉ । ਪੂਰਨ--ਹਮ ਜੋਗੀ ਹਾਂ ਭੋਗੀ ਨਹੀਂ ਹਾਂ। ਖਾਣ ਲਈ ਨਹੀਂ ਜੀਂਦੇ। ਦੁਨੀਆਂ ਦੇ ਸੁੱਖ ਤਜ ਕੇ ਸਾਰੇ ਜ਼ਹਿਰ ਪਿਆਲਾ ਪੀਂਦੇ। ਸੁੰਦਰਾਂ--ਦੁਨੀਆਂ ਦੇ ਸੁੱਖ ਤਜ ਕੇ ਮਾਂ ਵੀ ਅਪਣੇ ਬੱਚੇ ਪਾਲੇ । ਮਾਂ ਦੀ ਕੁਰਬਾਨੀ ਦੇ ਨੇੜੇ ਜੋਗ ਨਾ ਆਇਆ ਹਾਲੇ। ਪੂਰਨ--ਸੰਸਾਰੀ ਦੀ ਭਗਤੀ ਸਾਰੀ ਮੋਹ-ਮਮਤਾ ਦਾ ਜਾਲ ਏ। ਭਗਤੀ ਤਾਂ ਜੋਗੀ ਕਰ ਸਕਦੈ । ਬਾਕੀ ਸਭ ਜੰਜਾਲ ਏ । ਸੁੰਦਰਾਂ--ਜੀਂਦਾ ਜਗਤ ਜਲੰਦਾ ਛੱਡ ਕੇ ਅਲਖ, ਅਲਖ, ਕੁਰਲਾਂਦੇ । ‘ਰਾਮ' ਭੁਲੇਖੇ ਮੂਰਖ ਜੋਗੀ ‘ਰਾਵਨ' ਰਹਿਣ ਧਿਆਂਦੇ। ਪੂਰਨ--ਜਨਣੀ ਜਣੇ ਤਾਂ ਭਗਤ ਜਨ ਜਾਂ ਦਾਨੀ, ਜਾਂ ਸੂਰ। ਨਹੀਂ ਤਾਂ ਜਨਣੀ ਬਾਂਝ ਰਹੇ ਕਾਹੇ ਗਵਾਏ ਨੂਰ ? 7. ਸੁੰਦਰਾਂ--ਭਗਤ, ਸੂਰਮੇ, ਦਾਤੇ ਸਾਰੇ ਰੋਗੀ ਜੁਗ ਦੀ ਰਚਨਾ । ਜੋਗ ਸੋਗ ਦੀ ਨਿਆਈਂ ਜੋਗੀ ਇਸ ਤੋਂ ਚਾਹੀਏਂ ਬਚਣਾ। ਪੂਰਨ--ਭੋਗੋਂ ਉਪਜੇ ਸੋਗ ਨੀ ਰਾਣੀ ਜੋਗੋਂ ਮਿਲਦੀ ਮੁਕਤੀ । ਦਾਨ, ਭਗਤ ਤੇ ਸੂਰਮਗਤ ਹੈ, ਮੁਕਤੀ ਕੀ ਹੀ ਜੁਗਤੀ । ਸੁੰਦਰਾਂ--ਭਗਤੀ ਭਰਮ, ਦਾਨ ਹੈ ਧੋਖਾ ਸੂਰਮਗਤ ਵੀ ਰੋਗ ਏ। ਭਰਮ, ਭੀਖ ਤੇ ਬੇਇਨਸਾਫ਼ੀ ਕੀ ਤਿੰਨਾਂ ਦਾ ਜੋਗ ਏ । ਪੂਰਨ--ਜੇ ਨਹੀਂ ਤੈਨੂੰ ਭਗਤ ਭਾਂਵਦੇ ਕਿਉਂ ਸਾਡੇ ' ਤੇ ਡੁੱਲ੍ਹੇ ? ਜੇ ਜੋਗੀ ਨਹੀਂ ਚੰਗੇ ਲਗਦੇ ਕਾਹਦੇ ਤੇ ਪਈ ਭੁੱਲੇ ! ਸੁੰਦਰਾਂ--ਤੇਰੇ ਵਿਚਲੇ ਬੰਦੇ ਤੇ ਹਾਂ ਪੂਰਨ ਵੇ, ਮੈਂ ਭੁੱਲੀ। ਜੋਗ ਸੋਗ ਤੇ ਕਦੀ ਨਾ ਅੜਿਆ ਸੁੰਦਰਾਂ ਰਾਣੀ ਡੁੱਲ੍ਹੀ। ਪੂਰਨ—ਮੈਂ ਤਾਂ ਨਿਰਾ ਹੀ ਜੋਗੀ ਊਂ ਨੀ ਦੁਨੀਆਂਦਾਰ ਨਹੀਂ ਮੈਂ । ਔਰਤ ਦਾ ਮੈਂ ਨਹੀਂ ਉਪਾਸ਼ਕ । ਰਾਣੀ ਜੀ, ਬਦਕਾਰ ਨਹੀਂ ਮੈਂ । ਸੁੰਦਰਾਂ--ਔਰਤ ਨੂੰ ਮਾਂ ਸਮਝਣ ਵਾਲੇ ਦੁਨੀਆਂਦਾਰ ਨੇ ਹੁੰਦੇ । ਨਿਰਾ ਜੋ ਸਮਝਣ ਐਸ਼ ਦਾ ਸਾਧਨ ਉਹ ਬਦਕਾਰ ਨੇ ਹੁੰਦੇ । ਪੂਰਨ--ਮੈਂ ਇਹਨੂੰ ਕੁਝ ਵੀ ਨਾ ਸਮਝਾਂ ਤੈਨੂੰ ਕੀ ਸਮਝਾਵਾਂ ! ‘ਅਲਖ ਨਿਰੰਜਨ' ਸੇਵ ਕੇ ਰਾਣੀ, ਕਿਤ ਵਲ ਚਿੱਤ ਲਗਾਵਾਂ ? ਸੁੰਦਰਾਂ--ਦੁਨੀਆਂਦਾਰੀ, ਟੱਬਰਦਾਰੀ ਹੀ ਮੁਕਤੀ ਦਾ ਰਾਹ ਨੇ। ਵੇਦ ਪੁਰਾਨ, ਕੁਰਾਨ ਸਭੇ ਹੀ ਪੀੜਤ ਜੀਅ ਦੀ ਆਹ ਨੇ। 8. ਸੁੰਦਰਾਂ ਨੇ ਭੰਡਾਰਾ ਕੀਤਾ ਗੁਰ ਗੋਰਖ ਦੇ ਡੇਰੇ। ਤਿਆਗੀ ਤਪੀ ਜੁਗੀਸ਼ਰ ਸਾਰੇ ਮਮਤਾ ਦੇ ਵਿਚ ਘੇਰੇ । ਗੋਰਖ ਹੋ ਪਰਸੰਨ ਚਿਤ ਬੋਲੇ: “ਰਾਣੀ, ਮੰਗ ਜੋ ਮੰਗਣਾ । ਦਿਲ ਦੀ ਇੱਛਾ ਪੂਰੀ ਕਰ ਲੈ, ਸੱਚ ਕਹਿਣੋ ਨਹੀਂ ਸੰਗਣਾ।" ਸੁੰਦਰਾਂ ਨੇ ਪੂਰਨ ਦਾ ਸੰਗਿਆ, ਝੋਲੀ ਅੱਡ ਖਲੋਤੀ। ਪੂਰਨ ਦਾ ਵਰ ਲੈ ਕੇ ਰਾਣੀ ਖਿੜ ਗਈ ਖਲੀ ਖਲੋਤੀ । ਪੂਰਨ ਸੁੰਦਰਾਂ ਦੇ ਸੰਗ ਟੁਰਿਆ, ਪੈਰ ਮਣਾਂ ਤੋਂ ਭਾਰੇ । ਗੁਰ ਆਗਿਆ ਦਾ ਬੱਧਾ ਪੂਰਨ ਵੇਖਣ ਜੋਗੀ ਸਾਰੇ । ਰਾਣੀ ਨੇ ਮਹਿਲੀਂ ਲੈ ਆਂਦਾ ਇਹ ਸੂਰਜਦਾ ਟੋਟਾ । ਮੌਲਸਰੀ ਦੀ ਛਾਵੇਂ ਬੈਠਾ ਚੰਨ ਸੂਰਜ ਦਾ ਜੋਟਾ। ਦੁਨੀਆਂਦਾਰੀ ਨੂੰ ਕੀ ਜਾਨਣ ਪਰ, ਜੋਗੀ ਬਾਂ-ਮਾਰੇ । ਦੇਵੀ ਮਾਂ ਨੂੰ ਬਾਘਨ ਸਮਝਣ, ਦੁਨੀਆਂ ਤੋਂ ਅਪਸਾਰੇ। ਭਗਤੀ, ਜੋਗ, ਤਿਆਗ ਦਾ ਝੰਡਾ ਪੂਰਨ ਉੱਚਾ ਕੀਤਾ। ਸੁੰਦਰਾਂ ਦਾ ਘਰ ਰਿਹਾ ਹਨੇਰਾ, ਤੇ ਦਿਲ ਫੀਤਾ ਫੀਤਾ। ਇਕ ਦਿਨ ਚੜ੍ਹਦੇ ਸੂਰਜ ਪੂਰਨ ਰਾਹ ਜੰਗਲ ਦੀ ਮੱਲੀ : ਕਿਸਮਤ ਮਾਰੀ ਸੁੰਦਰਾਂ ਰਹਿ ਗਈ ਫਿਰ ਕੱਲੀ ਦੀ ਕਲੀ । ਚਾਨਣ ਮਹਿਲੋਂ ਸੁੰਦਰਾਂ ਡਿੱਗੀ: ਜੋਗੀ ਨੇ ਕੀ ਕੀਤਾ। ਚੰਨ ਦੇ ਚਾਨਣ ਨੂੰ ਸੂਰਜ ਲੋਈ ਨੇ ਪੀ ਲੀਤਾ। 9. ਪੂਰਨ ਵਰ ਨੂੰ ਸਹਿਕੰਦੜੀ ਹੀ। ਸੁੰਦਰਾਂ ਬੇਵਰ ਮੋਈ । ਪਾਰਬਤੀ-ਸ਼ਿਵਜੀ ਦੇ ਪਹਿਰੇ ਇਹ ਅਣਹੋਣੀ ਹੋਈ । ਪੰਜ-ਦਰਿਆ ਦੀ ਪਰਤੇ ਚਮਕੇ ਸੁੰਦਰਾਂ ਨਾਮ ਪਿਆਰਾ । ਲੋਕ-ਅੱਖਾਂ ਵਿਚ ਮੂਲ ਨਾ ਰੜਕੇ ਪਰ ਪੂਰਨ ਹਤਿਆਰਾ । ਕਿਸਮਤ ਮਾਰੀ ਸੁੰਦਰਾਂ ਦਾ ਨਾਂ ਭਟਕੇ ਕਲਮਕੱਲਾ- ਅਣਵਿਧ ਬੇਟੀ ਪੰਜ-ਦਰਿਆ ਦੀ ਛਡ ਗਿਆ ਜੋਗੀ ਝੱਲਾ ਧੀਆਂ ਜੇ ਵਰ੍ਹਿਆ ਨਹੀਂ ਜਾਣਾ ਜਨਮੋਂ ਹੀ ਮਰ ਜਾਣ- ਲੋਕੀਂ ਸਾਡੇ ਸੱਚ ਕਹਿੰਦੇ ਨੇ ਔਰਤ ਹੈ ਈਮਾਨ । ਔਰਤ ਹੈ ਈਮਾਨ ਬੰਦੇ ਦਾ ਬੰਦੇ ਨਾਲ ਜਹਾਨ। ਕੁਦਰਤ ਦਾ ਘਾਤਕ ਰਾਹ ਫਿਰ ਵੀ ਜੋਗੀ ਪਏ ਅਪਨਾਣ। ਮਹਿਲਾਂ ਤੋਂ ਡਿਗ ਸੁੰਦਰਾਂ ਰਾਣੀ ਚੜ੍ਹ ਗਈ ਸੱਚ-ਚੁਬਾਰੇ। ਧਰਮ ਟਿਮਣਿਉਂ ਮੂਲ ਨ ਉਤਰੇ ਪਰ ਜੋਗੀ ਹਤਿਆਰੇ । ਏਦਾਂ ਧਰਮੀਂ ਬੁੱਕਲ ਅੰਦਰ ਪਲਦਾ ਰਿਹਾ ਭੁਲੇਖਾ । ਕਿੰਨੀਆਂ ਸੁੰਦਰਾਂ ਮਾਂ ਨਾ ਬਣੀਆਂ --ਕਿਸੇ ਨਾ ਕੀਤਾ ਲੇਖਾ। ਸੱਤ ਸੌ ਸੰਗਮਰਮਰੀ ਥੰਮ ਤੇ ਉਸਰਿਆ ਸੁੰਦਰਾਂ ਦਾ ਘਰ। ਘਰ ਦੇ ਚਾਰ ਚੁਫੇਰੇ ਦਿੱਸੇ ਕਾਫ਼ੂਰੀ ਕਮਲਾਂ ਦਾ ਸਰ । ਸੁੰਦਰਾਂ ਦੇ ਨਾਂ ਰੋੜਸ ਵੱਸੇ ਮਹਿਲ ਬਣੇ ਪਰਕਾਸ਼ ਦੇ। ਸੁਪਨੇ ਵਾਂਗੂੰ ਮਹਿਲ ਮਨੋਹਰ ਚਿੱਤਰ ਜਿਉਂ ਅਕਾਸ਼ ਤੇ । ਰਾਣੀ ਸੁੰਦਰਾਂ ਦਾ ਗਿਲਾ ਪੂਰਨ ਜਤੀ ਨੂੰ 1. ਦਿਲ ਨੂੰ ਮੁੰਦਰਾਂ ਵਾਸਤੇ ਸੁੱਟ ਬੈਠੋਂ ਦਿਲ ਦੇ ਨਾਲ ਨਾ ਦਿਲਾ ਵਟਾਇਉ ਈ । ਦਿਲਾਂ ਵਾਲੇ ਨੇ ਦਿਲਾਂ ਦੀ ਕਦਰ ਪਾਂਦੇ : ਦਿਲ ਨੂੰ ਰਤਾ ਵੀ ਨਾ ਸਮਝਾਇਉ ਈ । ਕੱਲੀ ਛੱਡਕੇ ਟੁਰ ਗਿਉਂ ਜੰਗਲਾਂ ਨੂੰ : ਦੀਵਾ ਬਤੀਉਂ ਬਿਨਾਂ ਜਗਾਇਉ ਈ। ਦਿਲ ਦੇ ਡੱਕਰੇ ਕਰ ਗਿਉਂ ਬਿਨਾਂ ਚੀਸੋਂ ਕਿਉਂ ਨਾ ਪੂਰਨਾ ਰਿਦਾ ਚਿਚਲਾਇਉ ਈ। ਮੇਰੀ ਮੱਸਿਆ ਨੂੰ ਪਰਚਾਉਣ ਖ਼ਾਤਰ ਚਾਰ ਦਿਨਾਂ ਦਾ ਚੰਨ ਚੜ੍ਹਾਇਉ ਈ। ਮੇਰੀ ਪ੍ਰੀਤ ਪਰਤੀਤ ਸੀ ਕੋਲ ਤੇਰੇ ਸੁੱਟ ਪਾਂਦਿਆਂ ਤਰਸ ਨਾ ਆਇਉ ਈ । 2. ਤੈਨੂੰ ਜਗਤ ਸਾਰਾ ਭਗਤ ਭਗਤ ਆਖੇ ਫਿਟਕਾਂ ਪਾਂਵਦਾ ਕੀਤੀਆਂ ਮੇਰੀਆਂ ਨੂੰ । ਪੱਥਰ ਦਿਲੀ’ ਕਿ ‘ਜ਼ੁਲਮ’ ਵੀ ਆਖ਼ ਲਾਂ ਮੈਂ ਚੰਨਾਂ ਬੇਪ੍ਰਵਾਹੀਆਂ ਤੇਰੀਆਂ ਨੂੰ। ਭੰਡ ਛੱਡਿਆ ਜੋਗ ਨੇ ਪ੍ਰੀਤ-ਰਿਸ਼ਤਾ, ਨਾਲੇ ਮੇਰੀਆਂ ਸੁਹਜ ਦਲੇਰੀਆਂ ਨੂੰ। ਆਇਆ ਤਰਸ ਨਾ ਕਿਸੇ ਕਵੀਸ਼ਰੇ ਨੂੰ : ਥਾਪਣ ‘ਧਰਮ' ਵਧੀਕੀਆਂ ਤੇਰੀਆਂ ਨੂੰ। ਕਾਲੀਦਾਸ ਵੀ ਕਾਵਿਆ ‘ਦੇਹ’ ਮੈਨੂੰ ਆਖ ‘ਇੰਦਰੇ' ਦਾਸੀਆਂ ਮੇਰੀਆਂ ਨੂੰ । ਤੈਨੂੰ ਆਖਦੇ ਆਤਮਾਂ ਪ੍ਰੀਪੂਰਨ : ਪਰਖ ਲਿਆ ਪਰ ਭਗਤੀਆਂ ਤੇਰੀਆਂ ਨੂੰ। 3. ਓਸੇ ਦੁਆਰਿਉਂ ਮੰਗ ਕੇ ਲਿਆ ਤੈਨੂੰ ਜਿਦਾ ਪੂਰਨਾ ਨਾਮ ਅਲਾਵੰਦੇ ਓ ! ਜੇਕਰ ਹੁੰਦੇ ਓ ਏਕਰਾਂ ਦਿਲੋਂ ਹੀਣੇ ਕੀਕਰ ਜੋਗੀਆ ਅਲਖ ਜਗਾਵੰਦੇ ਓ । ਸੁਹਜ ਸੁੰਦਰਤਾ ਬਣੀ ਏ ਮਾਨਣੇ ਨੂੰ ਏਸ ਗੱਲ ਨੂੰ ਕਿਵੇਂ ਛੁਪਾਂਵਦੇ ਓ। ਜਾਂ ਕਿ ਸਾਡੇ ਸੰਸਾਰ ਤੋਂ ਹਾਰ ਕੇ ਤੇ ਐਵੇਂ ਜੋਗ ਪਖੰਡ ਰਚਾਂਵਦੇ ਓ। ਤਿਆਗ ਕਾਰ-ਵਿਹਾਰ ਸੰਸਾਰ ਵਾਲੇ ਵਿਹਲੜ ਰੱਬ ਦਾ ਜੋਗ ਕਮਾਂਵਦੇ ਓ। ਖ਼ਲਕੋਂ ਵੱਖਰਾ ਨਹੀਂ ਖ਼ੁਦਾ ਜੋਗੀ : ਕਿਹੜੇ ਰੱਬ ਨੂੰ ਤੁਸੀਂ ਧਿਆਂਵਦੇ ਓ ? 4. ਜੋਗ ਸੋਗ ਦੀ ਨਿਆਈਂ ਏ ਜੋਗੀਆਂ ਵੇ, ਕਾਹਨੂੰ ਭੋਗ ਨੂੰ ਪੂਰਨਾਂ ਛੱਡ ਬੈਠੋਂ ? ਜੋੜ ਵਿਚ ਅਲੱਖ ਦੇ ਜੋੜ ਕੇ ਵੀ ਰੱਬ ਵਾਲੀਆਂ ਡੋਰੀਆਂ ਵੱਢ ਬੈਠੋਂ। ਵੱਸ ਕੇ ਜੰਗਲੀਂ ਜੋਗੀਆ ਜਤ ਕਾਹਦਾ ? ਧਰਮ ਧਰਮ ਤੋਂ ਕਰਮ ਅੱਡ ਬੈਠੋਂ ! ਰੱਬ ਪੂਜਕਾ ਕਿਵੇਂ ਦਾ ਭਗਤ ਬਨਿਉਂ ? ! ਪਿਆਰ ਰਿਦੇ ਚੋਂ ਕਿਸੇ ਦਾ ਕੱਢ ਬੈਠੋਂ ! ਅਪਣੇ ਮਨੋਂ ਤਾਂ ਬੜਾ ਸ਼ਨੀਕ ਬਣਿਉਂ ਜਤਾਂ ਸਤਾਂ ਨੂੰ ਦਿਲਾਂ 'ਚ ਗੱਡ ਬੈਠੋਂ ! ਪਰਖ ਲਈਆਂ ਨੇ ਭਗਤੀਆਂ ਤੇਰੀਆਂ ਵੇ ਬਣਕੇ ਭਗਤ ਮਨੁੱਖਤਾ ਛੱਡ ਬੈਠੋਂ !! 5. ਸਾਧ ਸਮਝ ਕੇ ਪੱਲਾ ਮੈਂ ਪਕੜਿਆ ਸੀ ਬਣ ਕੇ ਚੋਰ ਤੂੰ ਅੰਤ ਨੂੰ ਭੱਜ ਗਿਓਂ ! ਚਾਰ ਰੋਜ਼ ਨਾ ਵੱਸਿਓਂ ਨਾਲ ਮੇਰੇ ਬੱਦਲ ਔੜ ਦੇ ਵਾਂਗਰਾਂ ਗੱਜ ਗਿਓਂ ! ਮੁਫ਼ਤ ਵਿਚ ਬਦਨਾਮੀਆਂ ਝੱਲੀਆਂ ਮੈਂ ਸਿਰ ਤੇ ਘੱਤ ਸੁਆਹ ਦਾ ਛੱਜ ਗਿਓਂ ! ਲੈਕੇ ਨਕ ਕਿਹੜਾ ਨਿਕਲਾਂ ਮੈਂ ਬੰਨੇ ਮੈਨੂੰ ਉਮਰ ਦੀ ਲਾਇਕੇ ਬੱਜ ਗਿਓਂ ! ਜੋਗੀ ਹੋ ਤੂੰ ਜੋਗ ਨੂੰ ਧਾਰਿਆ ਕੀ ਮੇਰੀ ਲਾਹ ਪ੍ਰੀਤ ਦੀ ਲੱਜ ਗਿਓਂ ! ਧਰਮਾਂ ਹਾਰਿਆ ਵੇ ਹੈਸਿਆਂਰਿਆ ਵੇ ਆਪਣੇ ਐਬ ਸੁਆਬ ਨੂੰ ਕੱਜ ਗਿਓਂ ! 6. ਫੁੱਲਾਂ ਪੱਤੀਆਂ ਤੀਕ ਵੀ ਵੇਗ ਆਵੇ ਬੂਰ ਪੈਂਦਾ ਏ ਦਾਖਾਂ ਤੇ ਬੇਰੀਆਂ ਨੂੰ । ਵੇਗ ‘ਖੇੜ’ ਦੇਂਦਾ ਬੰਦ ਹਿਰਦਿਆਂ ਨੂੰ ਅਤੇ ਦੁੱਖ਼ਾਂ 'ਚ ਜਿੰਦੜੀਆਂ ਘੇਰੀਆਂ ਨੂੰ । ਸੁਹਜ ਸੁੰਦਰਤਾ ਬਣੀ ਏ ਮਾਨਣੇ ਨੂੰ ਛੱਡ ਧਾਰਮਕ ਹੇਰੀਆਂ ਫੇਰੀਆਂ ਨੂੰ। ਕਦੀ ਵੇਖੀ ਆ ਬਾਲ ਨੂੰ ਦੁੱਧ ਦੇਂਦੀ ਪਾਂਦੀ ਮਾਤ ‘ਮਾਂ' ਭਗਤੀਆਂ ਤੇਰੀਆਂ ਨੂੰ । ਮਰ ਕੇ ਪੂਰਨਾ ਮੰਗਿਆ ਅਸਾਂ ਤੈਨੂੰ ਪੱਲੇ ਬਨ੍ਹ ਗੱਲਾਂ ਚਾਲੀ ਸੇਰੀਆਂ ਨੂੰ। ਕਦ ਹੋਵੇਗਾ ਕੋਈ ਕਵੀਸਰਾਂ ਚੋਂ ਗਾਵੇ ਕਰੇਗਾ ਲਗੀਆਂ ਮੇਰੀਆਂ ਨੂੰ। ਸਰਹਿੰਦ ੧੯੫੩

ਰਸ਼ਮਾਂ

ਪਹਾੜਾਂ ਦੇ ਆਸ਼ਕ ਸ: ਨਾਨਕ ਸਿੰਘ ਨਾਵਲਿਸਟ ਦੀ ਯਾਦ ਨੂੰ ਸਮਰਪਿਤ ਨ੍ਰਿਤ-ਨਾਟ-ਨਿਰਦੇਸ਼ਕ ਨਾਚ-ਨਾਟ-ਮੰਤਰ (ਨਿੱਤ ਲਈ ਸਕ੍ਰਿਪਟ) ਦੇ ਤੌਰ ਤੇ ਇਹ ਬੈਲੇਡ ਬੜੇ ਸੁਹਣੇ ਢੰਗ ਨਾਲ ਵਰਤੀ ਜਾ ਸਕਦੀ ਹੈ। ਨਕਲੀ ਘੜੇ ਫੌਜਾਂ ਲਈ ਵਰਤੇ ਜਾ ਸਕਦੇ ਹਨ । ਟਾਪਾਂ ਤੋ ਹੋਰ ਆਵਾਜ਼ਾਂ ਟੇਪ ਕੀਤੀਆਂ ਕੰਮ ਆ ਸਕਦੀਆਂ ਹਨ। ਨਾਚ ਰਾਹੀਂ ਕੁਦਰਤ ਚਿਤਰਨ ਭਾਵੇਂ ਵਧੇਰੇ ਧਿਆਨ ਤੇ ਮਿਹਨਤ ਮੰਗਦਾ ਹੈ ਪ੍ਰੰਤੂ ਇਹ ਗਲ ਮੁਸ਼ਕਲ ਨਹੀਂ । ਇਸ ਬੈਲੇਡ ਤੇ ਇਕ ਟੀ. ਵੀ. ਫੀਚਰ ਤਿਆਰ ਹੋ ਸਕਦਾ ਹੈ । ਸ਼ਿਅਰ ਸ਼ਿਅਰ ਚੋਂ ਉਭਰਦਾ ਬਿੰਬ ਟੀ. ਵੀ. ਸਕਰੀਨ ਤੇ ਕੁਦਰਤੀ ਨਜ਼ਾਰਿਆਂ ਤੇ ਮਨੁੱਖੀ ਭਾਵਾਂ ਨੂੰ ਨਾਲੋ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਨਿੱਕੀਆਂ ਨਿੱਕੀਆਂ ਲਤਾਫ਼ਤਾਂ ਨਿਰਦੇਸ਼ਕ ਦੀ ਚੋਣ-ਸੂਝ ਤੇ ਨਿਰਭਰ ਹਨ । ਦਿੱਤੀਆਂ ਗਈਆਂ ਝਲਕੀਆਂ ਦੇ ਸਹਾਰੇ ਬਿੰਬ ਮੁਕੰਮਲ ਹੋਣਗੇ । ਰਸ਼ਮਾਂ (ਕਸ਼ਮੀਰੀ ਲੋਕਾਂ ਦੀ ਅਧੂਰੀ ਅਜ਼ਾਦੀ ਦੀ ਵਾਰ) ਪਾਤਰਾਵਲੀ ਕੁੰਗੂ (ਕੇਸਰ) —ਕਬੀਲੇ ਦਾ ਨਾਮ ਕੁੰਗਪੋਸ਼—ਕਬੀਲੇ ਦਾ ਸਰਦਾਰ । ਰਸ਼ਮਾਂ-ਕੁੰਗਲੇਟੀ : ਗੁੰਗਪੋਸ਼ ਦੀ ਧੀ (ਕਸ਼ਮੀਰ ਦੀ ਜਨਤਾ) ਸ਼ੇਰਾ—ਰਸ਼ਮਾਂ ਦਾ ਪ੍ਰੇਮੀ (ਕਸ਼ਮੀਰ ਦੀ ਜਵਾਨੀ) ਨੂਰੀ—ਰਸ਼ਮਾਂ ਦੀ ਇਕ ਸਹੇਲੀ । ਰਾਜਾ ਡੋਗਰ—ਡੋਗਰਾ ਸ਼ਾਹੀ। ਕਾਕੂ ਕਾਣਾ—ਰਾਜੇ ਦਾ ਇਕ ਸ਼ੈਤਾਨ ਵਜ਼ੀਰ । ਦੀਨੂੰ ਲੰਙਾ-ਰਸ਼ਮਾਂ ਦਾ ਝੂਠਾ ਪ੍ਰੇਮੀ । ਫਿਰਕਾ ਪ੍ਰਸਤੀ । ਗੋਰਾ ਲਾਟ—ਬਰਤਾਨਵੀ ਸਾਮਰਾਜ । ਮੀਨੂੰ ਜੀ ਅੰਗਪਾਲ—ਹਿੰਦੁਸਤਾਨੀ ਕੌਮੀ ਹਿੱਤ । ੧ ‘ਚੰਨ' ਦਰਿਆ ਦੇ ਸੀਤਲ ਕੰਢੀਂ ਵਸਦੇ ਕਈ ਕਬੀਲੇ । ਲੋਕ ਉਨ੍ਹਾਂ ਦੇ ਨਿੱਘੇ ਦਿਲ ਦੇ ਰਸਮੀਂ ਅਤਿ ਰਸੀਲੇ । 'ਕੁੰਗ' ਨਾਮ ਕਬੀਲੇ ਦਾ ਸੀ ਕੇਸਰ ਵਾਂਗ ਰੰਗੀਲਾ : ‘ਕੁੰਗ-ਪੋਸ਼’ ਸਰਦਾਰ ਓਸ ਦਾ ਰਸੀਆ ਤੇ ਅਣਖੀਲਾ । ਜਦ ਕੇਸਰ ਛਿੜਕਾਂਦਾ ਸੂਰਜ ਲਹਿੰਦੇ ਵਿੱਚ ਜਾ ਬਹਿੰਦਾ, ਕੁੰਗ-ਪੋਸ਼ ਦਾ ਸਾਰਾ ਡੇਰਾ, ਹੱਸ ਹੱਸ ਨੱਚ ਨੱਚ ਪੈਂਦਾ। ਨਚਦੇ ਗਾਂਦੇ ਬੋਲੀਆਂ ਪਾਂਦੇ ਦਿਲ ਦੀ ਬਾਤ ਸੁਣਾਂਦੇ : ਨਚਦੇ-ਨੱਚਦੇ, ਹਸਦੇ-ਹਸਦੇ, ਥੱਕ-ਟੁੱਟ ਕੇ ਸੌਂ ਜਾਂਦੇ। ਭਾਂਬੜ ਗਿਰਦੇ ਨਚਦੀਆਂ ਕੁੜੀਆਂ ਰਲਦੇ ਮੁੰਡੇ ਗਾ ਕੇ : ਨਚਦੇ ਰੰਗੀਂ ਵਸਦੇ ਜੋੜੇ ਬਾਹੀਂ ਬਾਹਾਂ ਪਾ ਕੇ। ਸਰਘੀ ਨੂੰ ਜਦ ਚੁੰਮੇ ਲਾਲੀ, ਚੜ੍ਹਦੇ 'ਚੋਂ ਰੰਗ ਝਾਕਣ, ਆਕਾਸ਼ੀ ਖੇੜਾ ਰੱਚ ਜਾਵੇ ਸੂਰਜ-ਮੁੱਖੀਏ ਵਾਕਣ। ਕਲੀਆਂ ਦੀ ਕੰਨੀ ਕੁਝ ਕਹਿੰਦੀ ਹਵਾ ਪੂਰੇ ਦੀ ਰੁਮਕੇ : ਖਿੜ ਖਿੜ ਕੇ ਫੁੱਲ ਟਹਿਕਣ ਝੂਮਣ ਜਿਉਂ ਨਾਜ਼ੋ ਦੇ ਝੁਮਕੇ । ਭਿਣ ਭਿਣ ਕਰਦੀਆਂ ਮੱਧ ਮੱਖੀਆਂ ਵੀ ਫੁੱਲਾਂ ਤੇ ਮਸਤਾਈਆਂ, ਪਰਬਤ ਪਰਬਤ, ਪੱਥਰ, ਮਹਿਕ ਗਈਆਂ ਮਿਠਿਆਈਆਂ । ਦਰਿਆ ਦੇ ਕੰਢੇ ਤੇ ਜੰਮੇ ਲੰਮੇ ਲੰਮੇ ਕਾਨੇ, ਝੂਮ ਝੂਮ ਕੇ ਉਲਰ ਉਲਰ ਕੇ ਖੇਡਣ ਜਿਉਂ ਮਸਤਾਨੇ । ਡਿੰਗ ਪੜਿੰਗੇ ਰੁੱਖਾਂ ਵਿਚੋਂ ਜਾਪਣ ਸੂਰਜ-ਕਿਰਨਾਂ, ਜਿਉਂ ਜ਼ੁਲਫ਼ਾਂ ਮਹਿਬੂਬ ਦੀਆਂ ਚੋਂ ਪਿਰ-ਨਜ਼ਰਾਂ ਦਾ ਫਿਰਨਾ । ਵਾਦੀ ਦੇ ਜੰਗਲਾਂ 'ਚੋਂ ਦਰਿਆ ਲਿਸ਼ਕੇ ਏਦਾਂ ਜਾਪੇ ਕੇਸੀਂ ਕੰਢੇ ਚੀਰ ਜਿਵੇਂ ਕੋਈ ਬਾਲ ਅੰਞਾਣੀ ਆਪੇ । ਹਰੀਆਂ ਹਰੀਆਂ ਵਾਛਾਂ ਉੱਤੇ ਬੱਗੀਆਂ ਬੱਗੀਆਂ ਭੇਡਾਂ। ਨੱਚਣ ਟੱਪਣ ਤੇ ਮੁਮਿਆਂਵਣ, ਚੁੱਗਣ ਕਰਦੀਆਂ ਖੇਡਾਂ। ਪਰਬਤ ਦੇ ਘੁੰਡਾਂ ਦੇ ਉਹਲੇ ਵਸਦੇ ਕੁੰਗੂ ਸਾਰੇ । ਨਿੱਕੀਆਂ ਨਿੱਕੀਆਂ ਛੰਨਾ ਨੂੰ ਵੀ ਸਮਝਣ ਮਹਿਲ ਚੁਬਾਰੇ । ਛੰਨਾ ਦੇ ਉਹਲੇ ਉਹ ਚਸ਼ਮਾਂ, ਪਾਣੀ ਜਿਹਦਾ ਨੱਚੇ: ਜਿਉਂ ਖੁਸ਼ੀਆਂ ਵਿਚ ਗੀਧਣ, ਉਛਲਣ ਤੇ ਨੱਚਣ ਦਿਲ ਸੱਚੇ । ਚਸ਼ਮੇ ਲਾਗੇ ਇੱਕ ਸਰੋਵਰ, ਕੱਢੇ ਉਹਦੇ ਮਹਿਕਣ : ਆਸ਼ਕ, ਮਿੱਤਰ ਤੇ ਹਮਦਰਦੀ ਓਥੇ ਮਿਲਣੋ ਸਹਿਕਣ । ਵਿੱਚ ਸਰਵਰ ਕਰਨ ਕਲੋਲਾਂ ਬਤਖਾਂ ਤੇ ਮੁਰਗਾਈਆਂ : ਜਾਂ ਫਿਰ ਨਾਵਣ ਆਵਣ ਉੱਥੇ ਕੁੰਗੂ ਕੁਲ ਦੀਆਂ ਜਾਈਆਂ । ਨਾਲ ਸਰੋਵਰ ਇੱਕ ਬਗੀਚਾ ਮਹਿਕ ਤੇ ਮਹਿਕਾਵੇ : ਨੂਰੀ ਦੀ ਬਾਂਹ ਧੌਣ ਵਲਾਈ, ਰਸ਼ਮਾਂ ਉਥੇ ਆਵੇ। ਏਥੇ ਚੀਲਾਂ ਦੇ ਗੀਤਾਂ 'ਤੇ ਮਸਤਾਂਈਆਂ ਖ਼ੁਸ਼ਬੋਈਆਂ; ਫੁੱਲ ਬਿਰਛਾਂ ਦਾ ਝੁੰਗਲ-ਮਾਟਾ, ਦੇਂਦਾ ਰਹੇ ਦਿਲਜੋਈਆਂ । ਵਿੱਚ ਬਗੀਚੇ ਦੇ ਉਹ ਕੋਠਾ, ਕੋਠੇ ਦੇ ਵਿੱਚ ਦੇਰੀ : ਨਾਲ ਪੁਜਾਰੀ ਬੈਠਾ ਰਹਿੰਦਾ ਮੂੰਹ ਵਿੱਚੇ ਕੁਝ ਸੇਵੀ ਏਸ ਪੁਜਾਰੀ ਦਾ ਭਾ ਭਰਕੇ ਗਭਰੂ ਤੇ ਮੁਟਿਆਰਾਂ : ਦਿਲ ਦਾ ਬਹੁਤ ਈ ਮਿੱਠਾ ਨਿੱਘਾ, ਯਾਰ ਮਿਲਾਂਦਾ ਯਾਰਾਂ ਰੁੱਤ ਹੁਨਾਲੇ ਭਰਦੇ ਮੇਲੇ ਜੋਬਨ ਏਥੇ ਮੱਚ੍ਹੇ : ਹਾਣੀ ਹਾਣ ਪਛਾਨਣ ਏਥੇ, ਮਨ-ਦੀ-ਮਰਜ਼ੀ ਨੱਚੇ। ਜੁੜ ਜੁੜ ਹੋਣ ਗੜੁੱਚੂੰ ਮੁੰਡੇ ਤੇ ਮਿੱਠੀਆਂ ਮੁਟਿਆਰਾਂ : ਲਾੜੇ ਲਾਈ ਫਿਰਦੇ ਉਂਗਲੀ ਸੱਜ-ਵਿਆਹੀਆਂ ਨਾਰਾਂ । ਗੁਲਦਸਤੇ ਦੇ ਵਾਂਗਰ ਫੱਬੇ ਕੁੰਗੂ ਕੁਲ ਦਾ ਡੇਰਾ : ਰਸ਼ਮਾਂ ਦੇ ਤੁਲ ਕੋਈ ਨਾ ਸੋਹਣੀ, ਮੁੰਡਿਆਂ' ਚੋਂ ਇੱਕ ਸ਼ੇਰਾ । ਰਸ਼ਮਾਂ ਦੇ ਸਨ ਬੋਲ ਮਾਖਿਉਂ ਸ਼ੇਰੇ ਦਾ ਵਡ ਜੇਰਾ । ਗਿੱਧਿਆਂ ਦੇ ਵਿੱਚ ਰਸ਼ਮਾਂ ਅੱਗੇ, ਵਿੱਚ ਸ਼ਿਕਾਰਾਂ ਸ਼ੇਰਾ । ਵੇਖਦਿਆਂ ਉਹ ਹੈ ਮਸਤਾਂਦੀ, ਭੁੱਲ ਗਿਧਿਆਂ ਦਾ ਘੇਰਾ : ਰਸ਼ਮਾਂ ਆਖੇ : ਸਾਰੇ ਪੱਤਰ ਫੁੱਲ ਇਕ ਸ਼ੇਰਾ ਮੇਰਾ । ਤੇ ਉਹਦਾ ਮੂੰਹ ਤੱਕੇ ਸ਼ੇਰਾ, ਯਾਦ ਕਰੇ ਚੰਨ ਪੂਰਾ । ਚੰਦਰ ਸੂਰਜ ਹੋਣ ਇਕੱਠੇ, ਇੱਕ ਸੁਹਣੀ ਇੱਕ ਸੂਰਾ। ਰੇਸ਼ਮ ਵਾਂਗ ਸਲੇਟੀ ਬੱਦਲ ਚੰਨ ਦੇ ਮੂੰਹ 'ਤੇ ਖੋਲ੍ਹੇ, ਜਿਉਂ ਰਸ਼ਮਾਂ ਦੀ ਜੁਲਫ਼ ਸਪੋਲਣ ਮਸਤੀ ਦੇ ਵਿੱਚ ਮੇਲ੍ਹੇ । ਬੱਦਲਾਂ ਦੇ ਪੱਲੇ ਵਿੱਚ ਤਾਰੇ, ਨੱਚਣ ਡਲ੍ਹਕਣ ਸਾਰੇ, ਜਿਉਂ ਸ਼ਰਮਾਕਲ ਨੈਣ ਓਸ ਦੇ ਉਸ ਮੂਸ ਕਰਨ ਇਸ਼ਾਰੇ । ਬਦਲਾਂ ਉਹਲੇ ਲੁਕੀ ਚਾਨਣੀ, ਛਾਏ ਚਾਰ ਚੁਫੇਰੇ : ਜਿਉਂ ਰਸ਼ਮਾਂ ਦਾ ਮੂੰਹ ਵਿਚ ਗੁਟਕਣ ਰੌਣਕ ਰੱਖੇ ਡੇਰੇ । ਬਰਫ਼ਾਂ ਦੇ ਸੁਪਨੇ ਜਿਹੇ ਬਣ ਕੇ ਪਰਬਤੀਆਂ 'ਤੇ ਸੁੱਤੇ : ਜਿਉਂ ਪਸ਼ਮੀਨੇ ਦਾ ਕੋਈ ਉਡਣ ਹਿੱਕ-ਉਭਾਰਾ ਉੱਤੇ । ਇਸ ਜਾਦੂ ਚੌਗਿਰਦੇ ਅੰਦਰ ਰਸ਼ਮਾਂ ਫੁੱਲ-ਬਕੌਲੀ : ਲਗਰਾਂ ਮਾਰ ਜਵਾਨੀ ਜਿਹਦੀ, ਗੰਦਲ ਵਾਂਗੂੰ ਮੌਲੀ । ਨਜ਼ਰੀ ਗਈ ਖਬਰੇ ਕਿਸ ਕੋਲੋਂ ਉਹਦੀ ਸੂਰਤ ਭੋਲੀ : ਚੁੱਕ ਲਿਆਂਦੀ ਰਾਜੇ ਡੋਗਰ ਮਹਿਲਾ ਦੇ ਵਿਚ ਰੋਲੀ ॥ ੨. ਰਾਜਾ ਰਾਜਾ ਆਖੇ : ਰਸ਼ਮੀਏ ! ਬਣ ਰਾਣੀ ਮੇਰੀ । ਤਖ਼ਤ ਬਰੋਬਰ ਬੈਠ ਜਾ ਬਣ ਸਾਨੀ ਮੇਰੀ । ਸਭ ਕਬੀਲੇ ਮੰਨ ਗਏ ਸੁਲਤਾਨੀ ਮੇਰੀ । ਚੰਨ ਦਰਿਆ, ਤੇ ਵਾਦੜੀ ਬਰਫ਼ਾਨੀ ਮੇਰੀ । ਵੀਰ ਤੇਰੇ ਹਮਸ਼ੀਰ, ਮੁਕਾਏ ਮਾਰ ਸਿਪਾਹੀਆਂ । (ਉਥੇ) ਰਹਿਣ ਨ ਦਿੱਤੇ ਸੁਹਣੀਏ, ਗੁਲਜਾਰ ਸਿਪਾਹੀਆਂ। ਬਾਗੜੀਆਂ ਨੂੰ ਲੁੱਟ ਬਣਾਏ ਖ਼ਾਰ ਸਿਪਾਹੀਆਂ । ਤੇਰਾ ਕੁੰਗ-ਪੋਸ਼ ਸਰਦਾਰ ਲਿਆਏ ਮਾਰ ਸਿਪਾਹੀਆਂ । (ਕਹਿੰਦਾ) ਬੜੀ ਚਲਾਈ ਸੁਹਣੀਏ, ਤਲਵਾਰ ਸਿਪਾਹੀਆਂ । ਗੋਰੇ ਲਾਟ ਸਲਾਹੀਆਂ ਸੱਭੇ ਕਾਰਵਾਈਆਂ। ਫੌਜ ਵਿਖਾਏ ਚੋਜ ਮਚਾ ਕੇ ਖੂਬ ਤਬਾਹੀਆਂ। ਕੁੰਗੂ ਕੁਲ ਦੇ ਸਿਰ ਫਿਰੇ ਕੁਝ ਕੁ ਮੂੰਹ ਤਾਣੇ : ਵਧੇ ਫਿਰ ਵਿਚ ਜੰਗਲੀ, ਸ਼ੇਰੇ ਦੇ ਢਾਣੇ। ਆਖ਼ਰ ਸਾਡੀ ਫੌਜ ਨੇ ਉਹ ਮਾਰ ਮੁਕਾਣੇ। ਅਸੀਂ ਬਾਜ ਉਡਾਰੂ ਸੁਹਣੀਏ, ਉਹ ਬੋਟ ਅੰਞਾਣੇ। ਸ਼ੇਰੇ ਜਿਹੜੇ ਹੈਂਕੜੀ ਆਕੀ ਭੜਕਾਣੇ। ਭੁੰਨੇ ਜਾਣੇ ਤੋਪ ਦੇ ਅੱਗੇ ਜਿਉਂ ਦਾਣੇ । ਸ਼ੇਰੇ ਖ਼ਾਤਰ ਭੇਜ ਤੇ ਜਰਨੈਲ ਸਿਆਣੇ। ਉਹਨਾਂ ਟੋਟੇ ਕਰ ਕੇ ਓਸ ਦੇ ਸੱਥੀਂ ਲਟਕਾਣੇ। ਰਸ਼ਮਾਂ ਬੱਸ ਵੇ ਚੁੱਪ ਕਰ ਰਾਜਿਆ, ਅੱਗੋਂ ਨਾ ਬੋਲੀਂ । ਮੇਰੀ ਕੈਦਣ ਰੂਹ ਨਾ ਜ਼ੁਲਮਾਂ ਸੰਗ ਤੋਲੀਂ । ਸ਼ੇਰਾ ਸਿਰ ਕਸ਼ਮੀਰ ਦਾ, ਪੈਰੀਂ ਨਾ ਰੋਲੀਂ । ਮੇਰੀ ਪ੍ਰੀਤ ਸੁਲੱਖਣੀ, ਨਾ ਕਾਂਜੀ ਘੋਲੀਂ । ਕੱਲੇ ਦੇ ਸੰਗ ਲੜਨ ਜੇ ਕੱਲੇ, ਵੇ ਰਾਜਾ ! ਮੇਰੇ ਦਿਲ ਨੂੰ ਰੋਸ ਨਾ ਸੱਲ੍ਹੇ, ਵੇ ਰਾਜਾ ! ਹੱਲੇ ਤੇਰੇ ਸ਼ੇਰੂਆ ਠੱਲੇ, ਵੇ ਰਾਜਾ ! ਬੁੱਕੇ ਸ਼ੇਰ ਅਕਾਸ਼ ਦਾ ਥੱਲੇ, ਵੇ ਰਾਜਾ ! ਜਿਹੜੇ ਘੁਰਨੋਂ ਸ਼ੇਰ ਨੇ ਮਲੇ, ਵੇ ਰਾਜਾ ! (ਤਿਰੇ) ਖੂਹ ਨਾ ਸੱਕਣ ਖੂਹਣ ਕੁੱਝ ਹੱਲੇ, ਵੇ ਰਾਜਾ ! ਕੱਲੇ ਦੇ ਲਈ ਪਲਟਣਾਂ : ਬੱਲੇ ! ਵੇ ਰਾਜਾ ! ਬੱਲੇ ਬੱਲੇ ਰਾਜਿਉ ! ਬੱਲੇ ਵੇ ਰਾਜਾ ! ਹਿਰਦੇ ਜਿੱਤਣ ਵਾਸਤੇ ਫੌਜਾਂ ਪਏ ਚਾੜ੍ਹੋ! (ਇੱਕ) ਅਪਣਾ ਦਿਲ ਠੰਢਿਅਆਉਣ ਨੂੰ, ਬਸਤੀ ਨਾ ਸਾੜੋ ! ਮਾਮਲਿਆਂ ਤੋਂ ਕੁੱਟ ਕੇ ਬੇਦੋਸ਼ੇ ਮਾਰੋ। ਖਾ ਪੀ ਕੇ ਵੀ ਖਚਰਿਓ ਪੱਲਾ ਚਾ ਝਾੜੋ । ਜੰਤਾ ਲੁੱਟਣ ਵਾਸਤੇ ਵੀਰਾਂ ਨੂੰ ਪਾੜੋ : ਫੜ ਫੜ ਪੁੱਤ ਪਹਾੜ ਦੇ ਬੰਦੀ ਵਿਚ ਤਾੜੋ। ਰਾਜ ਕਰੋ ਵੇ ਰਾਜਿਓ ! ਕਿ ਧਾੜੇ ਮਾਰੋ ! ਸੱਚ ਨੂੰ ਝੂਠੇ ਬੀਬਿਓ ਸੂਲੀ ਤੇ ਚਾੜ੍ਹੋ । ਰਾਜਾ ਸੱਚਾ ਤੇਰਾ ਸਿਰ ਫਿਰਾ, ਰਾਣੀ, ਨਹੀਂ ਰਹਿਣਾ ! ਚੜ੍ਹਿਐ ਵਾਂਗਰ ਘਟਾ ਦੇ ਸੂਰਜ ਸਮ ਲਹਿਣਾ ! ਆਕੀ ਵੱਡੇ ਹੈਂਕੜੀ ਇਕ ਵਾਰ ਨਾ ਸਹਿਣਾ ! ਹੜ ਫੌਜਾਂ ਦਾ ਵੇਖ ਕੇ ਅੱਗੇ ਨੱਸ ਪੈਣਾ । ਦਰਿਆਵਾਂ ਸੰਗ, ਰਾਣੀਏ, ਕੀ ਰੁੱਖਾਂ ਖਹਿਣਾ ! ਸ਼ੇਰਾਂ ਸੰਗ ਹਰਨੋਟਿਆਂ, ਕੀ ਖਹਿਬੜ ਬਹਿਣਾ ! ਤਿੱਤਰ-ਖੰਭਾਂ ਨਾਲ ਕੀ ਪਰਬਤ ਨੇ ਢਹਿਣਾ ! ਤੇਰੇ ਸ਼ੇਰੇ ਹੁਰਾਂ ਕੀ ਫੌਜਾਂ ਨੂੰ ਕਹਿਣਾ ! ਕੰਗਾਲਾਂ ਦਾ ਰਾਜਿਆਂ ਰੌਲਾ ਨਹੀਂ ਸਹਿਣਾ ! ਫੌਜਾਂ ਨੇ ਉਗਰਾਹੁਣਾ ਪਿਛਲਾ ਸਭ ਲਹਿਣਾ । ਸ਼ੇਰੇ ਜੇਹਾਂ ਬਿੱਲਿਆ ਉਹਲੀਂ ਜਾ ਛਹਿਣਾ। ਰਾਜ ਕਰੇਗਾ ਡੋਗਰਾ ਆਕੀ ਨਾ ਰਹਿਣਾ । ਤੇਰੇ ਹੰਝੂ ਗਹਾਵਿਆਂ ਸਾਨੂੰ ਕੀ ਕਹਿਣਾ। ਰੋਣਾ ਤੇ ਹੈ, ਰਾਣੀਏਂ, ਹੁਸਨਾਂ ਦਾ ਗਹਿਣਾ ! ਜਾਦੂ ਤੇਰੇ ਰੂਪ ਦਾ ਨਿੱਤੀਂ ਨਹੀਂ ਰਹਿਣਾ ! ਕੁਝ ਦਿਨ ਜੋਬਨ ਮਾਣ ਲੈ ਰੁੱਸੇ ਕੀ ਰਹਿਣਾਂ । ਤੂੰ ਹੋਰ ਪਰੀ ਏਂ ਰੇਸ਼ਮਾਂ, ਮੁੜ ਮੁੜ ਕੀ ਕਹਿਣਾ ! ਲੇਖੀਂ ਹੋਵੇ ਸੁੱਖ ਜੇ ਦੁੱਖੜੇ ਕੀ ਸਹਿਣਾ ! ਕੁਝ ਲਗਦੇ ਤੇਰੇ ਸ਼ੇਰੂਏ ਹੁਣ ਕੀ ਕਰ ਲੈਣਾ ! ਰਾਣੀ ਬਣ ਜਾ ਰਸ਼ਮੀਏ, ਮਨ ਜਾ ਨੀ ਕਹਿਣਾ ! ੩. ਕਾਕੂ ਕਾਣਾ ਬਹੁਤ ਸਿਆਣਾ, ਗੋਰੇ ਲਾਟ ਸਲਾਹਿਆ ! ਡੋਗਰ ਰਾਜੇ ਨੇ ਫਿਰ ਉਹਨੂੰ ਚੁਕ ਵਜ਼ੀਰ ਬਣਾਇਆ। ਕਾਕੂ ਬੈਠ ਵਿਉਂਤਾਂ ਢਾਲੇ : ਕੀਕਰ ਫੌਜ ਉਠਾਵਾਂ ! ਰਸ਼ਮਾ ਰਾਣੀ ਬਣ ਨਾ ਸੱਕੇ, ਸ਼ੇਰੇ ਨੂੰ ਪਕੜਾਵਾਂ ! ਰਾਜੇ ਨੂੰ ਮੁੜ ਮੁੜ ਕੇ ਚੁੱਕ ਦੀਨੂੰ ਨੂੰ ਭੜਕਾਉ । ਮੀਨੂੰ ਸ਼ੇਰੇ ਦਾ ਮਿੱਤ ਰਾਜਨ, ਉਹਨੂੰ ਮੂੰਹ ਨਾ ਲਾਉ। ਦੀਨੂੰ ਆਸ਼ਕ ਰਸ਼ਮਾਂ ਉੱਤੇ ਉਹਨੂੰ ਮੂੜ੍ਹ ਬਨਾਉ । ਸ਼ੇਰੇ ਦੀ ਢਾਣੀ ਦੀ ਰਾਜਨ, ਉਹ ਤੇ ਝੰਡ ਕਰਾਉ । ਦੀਨੂੰ ਲੰਙਾਂ ਵਾਂਗ ਮਲੰਙਾਂ ਮੱਲੇਗਾ ਚੌਫੇਰਾ। ਰਸ਼ਮਾਂ ਦੇ ਸੰਗ ਸਿਖ਼ਰੇ ਝੂਟੇ ਜੇ ਮਰ ਜਾਵੇ ਸ਼ੇਰਾ। ਫੇਰ ਚਾੜ੍ਹ ਕੇ ਕਟਕ ਫੌਜ ਦਾ ਦੀਨੂੰ ਵੀ ਮਰਵਾਉ। ਗੋਰੇ-ਸ਼ਾਹੀ ਨੀਤੀ ਵਰਤੋ, ਬੜਾ ਮੁਰਾਤਬ ਪਾਉ । ਗੋੱਲੀ ਨੂੰ ਨਾ, ਭੋਲੇ ਰਾਜਨ, ਭੁੱਲ ਬਣਾਉ ਰਾਣੀ। ਤਖ਼ਤੇ ਬੈਠ ਸਕੇ ਨਾ ਰਸ਼ਮਾਂ, ਨਾ ਬਣ ਸਕੇ ਸਾਨੀ । ਟਹਿਲ ਕਰਾਉ ਭਾਵੇਂ ਕਿਨੀ, ਪਏ ਭਰਾਉ ਪਾਣੀ । ਐਸ਼ ਕਰਾਉ ਬੇਸ਼ਕ ਇਹਨੂੰ, ਰੱਖ ਪਰ ਨੌਕਰਾਣੀ । ਡੋਗਰ ਸੁਣਕੇ ਕਾਕੂ ਦੀਆਂ ਇਹ ਸਭ ਲੂੰਬੜ ਚਾਲਾਂ, ਰਸ਼ਮਾਂ ਦੇ ਲਾਲਚ ਵਿਚ ਆਕੇ ਸੁੱਟਣ ਲੱਗਾ ਰਾਲਾਂ । ਡੋਗਰ ਗੀਹਕੇ ਮੇਰਾ ਸਭ ਤੋਂ ਕਾਕੂ ਵਜ਼ੀਰ ਸਿਆਣਾ : ਇਹਨੂੰ ਛੱਡ ਕੇ ਅਸਾਂ ਕਿਸੇ ਨੂੰ ਨਹੀਂ ਵਜ਼ੀਰ ਬਨਾਣਾ । ਮੀਣੂ ਦਾ ਤੇ ਸ਼ੇਰੇ ਨਾਲ ਏ ਬੜ੍ਹਾ ਈ ਗੂੜ੍ਹ ਯਰਾਨਾ, ਉਹਨੂੰ ਅੱਗੇ ਲਾਕੇ ਕਾਹਨੂੰ ਅਪਣਾ ਚੰਡ ਕਰਾਣਾ । ਕਾਕੂ, ਦੀਣੂ ਨੂੰ ਵਰਤਾਂ ਮੈਂ ਸੋਚ ਲਈ ਫਿਰ ਰਾਜੇ; ਕਾਕੂ ਕਾਣਾ, ਦੀਨੂੰ ਲੰਙਾ—ਦੁਸ਼ਮਨ ਸਾਥੀ ਸਾਜੇ। ਡੋਗਰ ਦੇ ਲਸ਼ਕਰ ਨੇ ਸ਼ੇਰਾ ਘਾਇਲ ਤਾਂ ਕਰ ਦਿੱਤਾ ਪਰ ਰਸ਼ਮਾਂ ਦੀਆਂ ਮਣਤਾਂ ਉਹਨੂੰ ਮੌਤੋਂ ਵੀ ਹਰ ਲਿੱਤਾ ! ਸ਼ੇਰੇ ਦੇ ਜ਼ਖਮਾਂ ਨੂੰ ਰਸ਼ਮਾਂ ਰੋ ਰੋ ਧੋਏ ਬਥੇਰਾ : ਤ੍ਰਿਪ ਤਿਪ ਕਰਕੇ ਯਾਦਾਂ ਨੁਚੜਨ ਘਾਇਲ ਹੋਵੇ ਜੇਰਾ । ਆਖੇ ; ਰੱਬਾ ! ਮੈਂ ਮਰ ਜਾਵਾਂ ਜੀਵੇ ਮਹਿਰਮ ਮੇਰਾ : ਫਿਰ ਸੋਚੇ ਪਈ ਮੇਰੇ ਬਾਝੋਂ ਕੀਕਰ ਜੀਵੇਂ ਸ਼ੇਰਾ ! ? ਡੋਗਰ ਪੁੱਛੇ ਰਸ਼ਮਾਂ ਨੂੰ ਪਈ ਕਿਉਂ ਤੇਰੀ ਜਿੰਦ ਲੁੱਛੇ ? ਰਸ਼ਮਾਂ ਆਖੇ : ਬਾਝ ਸ਼ੇਰੂਏ ਕਿਉਂ ਕੋਈ ਮੈਨੂੰ ਪੁੱਛੇ ! ? ਇੱਕ ਇੱਕ ਦਿਲੇ ਦਾ ਮਹਿਰਮ, ਸ਼ੇਰਾ ਮੇਰਾ ਸਾਨੀ : ਉਹ ਵੇ ਮੇਰਾ ਜੋਗੀ ਰਾਂਝਾ, ਮੈਂ ਉਹਦੀ ਜੁਗਿਆਣੀ। ਜਦ ਤਕ ਉਹਦੇ ਹੋਣ ਥੀਣ ਦੀ ਸ਼ੋਅ ਕੰਨਾਂ ਵਿਚ ਪੈਂਦੀ। ਤਦ ਤਕ ਜੀਵਾਂਗੀ ਰਾਜਾ ਮੈਂ, ਸਾਹ ਵੀ ਰਹਿਸਾਂ ਲੈਂਦੀ। ਮੈਂ ਜਨਤਾ ਕਸ਼ਮੀਰ ਦੀ ਹਾਂ ਵੇ, ਸ਼ੇਰਾ ਮੇਰੀ ਜ਼ਮੀਰ। ਕੁਦਰਤ ਨਹੀਂ ਸਾਡੇ ਵਿਚ ਖਿੱਚੀ ਹਾਲੀ ਕੋਈ ਲਕੀਰ । ਸ਼ੇਰਾ ਰੂਹ ਕਸ਼ਮੀਰ ਦੀ ਆਵੇ, ਪਰਬਤ ਉਹਦਾ ਸਰੀਰ। ਸੋਚ ਕੇ ਹਾਂਢੂ ਛੱਡੀਂ ਰਾਜਾ, ਸਮਝ ਨਾ ਬਹੀਂ ਹਕੀਰ ! ਹਰ ਦਿਉਦਾਰ ਪਹਾੜਾਂ ਦਾ ਵੀ ਸ਼ੇਰੇ ਦਾ ਹੀ ਸਾਥੀ, ਤੇ ਹਰ ਟਿੱਬਾ ਪਰਬਤ ਦਾ ਹੈ, ਸ਼ੇਰੂਏ ਦਾ ਹਾਥੀ। ਪੱਤਰ ਪੱਤਰ, ਪੱਥਰ ਪੱਥਰ, ਉਹਨੇ ਕੋਟ ਉਸਾਰੇ ਉਹਦੇ ਸੰਗ ਲਾ ਲਾ ਕੇ ਮੱਥਾ ਕਈ ਜਰਵਾਣੇ ਹਾਰੇ। ਸ਼ੇਰਾ ਕੇਸਰ ਦੀ ਖੁਸ਼ਬੋ ਵੇ, ਚੰਨ ਦਰਿਆ ਦੀ ਧਾਰਾ। ਸਦਾ ਅਜ਼ਾਦ ਰਹੇ ਵਾ ਵਾਕਰ ਮੇਰਾ ਦੇਸ਼ ਪਿਆਰਾ। ਕਾਕੂ ਕਾਣਾ, ਦੀਨੂੰ ਲੰਙਾ, ਤੇ ਤੂੰ ਕਿਦਾ ਵਿਚਾਰਾ ! ਸ਼ੇਰੇ ਨੇ ਕਦੀਓਂ ਨ ਮਰਨਾ, ਸਾਰੇ ਲਾ ਲਉ ਚਾਰਾ। ਦੀਨੂੰ ਦੇ ਨਾਪਾਕ ਇਰਾਦੇ ਵਰਤੋ, ਵੇਖੋ, ਸਾਰੇ, ਕਾਕੂ ਦੇ ਕਾਲੇ ਕਾਰੇ ਮੈਂ ਜਾਣ ਗਈ ਹਾਂ ਸਾਰੇ । ਵਾਅ ਮਿੱਠੀ ਪਰ ਸੁਆਰਥ ਵਾਲੀ ਹੰਝੂ ਮੇਰੇ ਖਾਰੇ ; ਜਬਰਾਂ ਦੇ ਬੱਦਲ ਵੱਸ ਹਾਰੇ, ਨਿੰਬਲੀਂ ਹੱਸੇ ਤਾਰੇ ॥ ੪. (ਹੱਲਾ ਕਰਕੇ ਸ਼ੇਰੇ ਨੇ ਰਾਜ-ਮਹੱਲ ਤੋਂ ਰਸ਼ਮਾਂ ਨੂੰ ਆਜ਼ਾਦ ਕਰਾਣਾ) ਕੁੰਗੂ ਤਿਲਕ ਲਗਾਵੰਦੇ ਸ਼ੇਰੇ ਦੇ ਸਾਥੀ । ਜਾਨਾਂ ਤਲੀ ਟਿਕਾਂਵਦੇ ਸੇਰੇ ਦੇ ਸਾਥੀ। ਰਸ਼ਮਾਂ ਦੀ ਸਹੁੰ ਖਾਂਵਦੇ ਸ਼ੇਰੇ ਦੇ ਸਾਥੀ। ਰਾਜ ਮਹਲ ਵਲ ਧਾਂਵਦੇ ਸ਼ੇਰੇ ਦੇ ਸਾਥੀ । ਸੂਰਮਿਆਂ ਦੇ ਮੁੱਖੜੇ ਕੇਸਰ ਸਮ ਦੱਗਣ । ਅੱਖਾਂ ਵਾਂਗ ਮੁਤਾਬੀਆਂ ਉਹਨਾ ਦੀਆਂ ਜੱਗਣ । ਦਿਉਦਾਰਾਂ ਦੀ ਪਾਲ ਦੇ ਵਾਂਗਰ ਪਏ ਲੱਗਣ। ਵਧ ਵਧ ਵਿਚ ਪਹਾੜ ਦੇ ਦਰਿਆ ਸਮ ਵੱਗਣ। ਸਾਥੀ ਸਾਹਵੇਂ ਕਿਲ੍ਹੇ ਦੇ ਸ਼ੇਰਾ ਖਲ੍ਹਿਆਰੇ ਅੱਗੇ ਹੋਕੇ ਸੂਰਮਾਂ ਮਾਰੇ ਲਲਕਾਰੇ । ਗੱਲਾਂ ਕਰਦਾ ਝਾੜਦਾ ਜਿਉਂ ਲਾਲ ਸਿਤਾਰੇ ਅੱਖਾਂ ਵਿਚੋਂ ਡਲ੍ਹਕਦੇ ਬਲਦੇ ਅੰਗਿਆਰੇ । (ਕਸ਼ੇ) ਲੋਕੀਂ ਸਾਰੇ ਰਾਜਿਆ, ਭੁੱਖ ਨੀ ਮਾਰੇ ਰੋਂਦੀ ਜੰਨਤ ਵੇਖ ਕੇ ਹੁਣ ਕੌਣ ਸਹਾਰੇ । ਹਾਣੀ ਫਿਰ ਲਲਕਾਰਦਾ ਅੱਗੇ ਹੋ ਸ਼ੇਰਾ : ਪਿਛਾਂ ਭਵਾਏ ਮੁੱਖ ਜੋ ਨਹੀਂ ਸਾਥੀ ਮੇਰਾ । ਰਾਜ ਕਰੇਗੀ ਲੋਕਤਾ, ਹੋ ਗਿਆ ਸਵੇਰਾ । (ਕਹੇ) ਖਿੜ ਕੇ ਵੇਖੋ ਕੁੰਗੂਓ, ਰੋ ਲਿਆ ਬਥੇਰਾ। ਇਕ ਇਕ ਕਰਕੇ ਚੁਗ ਲਵੋ, ਨਾ ਰਹੇ ਲੁਟੇਰਾ। ਹੈ ਦੁਨੀਆਂ ਅਪਣੀ ਸਾਥੀਓ ਨਹੀਂ ਰੈਣ ਬਸੇਰਾ ॥ -੦- ਡੋਗਰ ਗੁੱਸਾ ਚਾੜ੍ਹ ਕੇ ਬੂਹੇ ਤੇ ਆਇਆ। ਕੁੰਗੂ ਦਲ ਨੂੰ ਵੇਖ ਕੇ ਬਹੁਤਾ ਘਬਰਾਇਆ । ਦਾਤਰੀਆਂ ਤੇ ਹਲਾਂ ਦਾ ਜਾਪੇ ਹੜ੍ਹ ਆਇਆ। ਕੋਈ ਨਾ ਘਰ ਵਿਚ ਰਹਿ ਗਿਆ ਕੁੰਗੂ ਦਾ ਜਾਇਆ। ਲੱਦਾਖੀ, ਗਲਗਿੱਤੀਏ ਅੱਗ ਵਧ ਆਏ, ਪੁਣਛੀ, ਪੋਠੋਹਾਰੀਏ, ਬੂਹੇ ਨੂੰ ਧਾਏ। ਛੰਨਾਂ ਦੇ ਵਸਨੀਕ ਅੱਜ ਮਹਿਲੀਂ ਚੜ੍ਹ ਆਏ। ਆਕਾਸ਼ਾਂ ਤੇ ਉੱਡਦੇ ਧਰਤੀ ਦੇ ਜਾਏ। ਚੂੜੀਦਾਰ ਪਜਾਮੀਆਂ, ਤੇ ਚੌੜੇ ਝੱਗੇ : ਕੰਮੀਆਂ ਦਾ ਦਰਿਆ ਜਿਹਾ ਵਾ ਵਿਚ ਵੱਗੇ। ਕੁੰਗੂ-ਕੁਲ ਦੀਆਂ ਜਾਈਆਂ, ਤੇ ਨੂਰੀ ਅੱਗੇ। ਹੋ ਦੇ ਦੁਸ਼ਮਨ ਵੇਖ ਕੇ ਪੀਲੇ ਤੇ ਬੱਗੇ। ਰਸ਼ਮਾਂ ਜਿੱਤਣ ਵਾਸਤੇ ਸ਼ੇਰਾ ਚੜ੍ਹ ਆਇਆ। ਰਾਜਾ ਰੋਹ ਵਿਚ ਆ ਗਿਆ ਕਾਕੂ ਭੜਕਾਇਆ। (ਕਹੇ) ਬਚ ਕੇ ਕੋਈ ਨਾ ਮੁੜੇਗਾ ਕੁੰਗੂ ਦਾ ਜਾਇਆ। ਪਰਦਾ ਉਹਦੀ ਅਕਲ ਤੇ ਐਸਾ ਕੋਈ ਛਾਇਆ। ਉਹਨੂੰ ਰਾਜ ਮਹੱਲੋਂ ਦਿੱਸਦੇ ਕੁੰਗੂ ਸਭ ਕੀੜੇ ਤੋਪਾਂ ਦੇ ਮੂੰਹ ਸੇਧ ਕੇ, ਫੌਜਾਂ ਨੇ ਬੀੜੇ । ਛਾਤੀ ਠੋਕ ਖਲੋ ਗਏ ਸ਼ੇਰੇ ਦੇ ਵੀਰੇ, ਲੱਖਾਂ ਢੇਰੀ ਹੋ ਗਏ ਸ਼ੇਰੇ ਦੇ ਹੀਰੇ । -੦- ਲੋਕਾਂ ਨੇ ਕੁਰਬਾਨੀਆਂ ਦੀ ਛਹਿਬਰ ਲਾਈ ਆਖ਼ਰ ਤੇ ਬਾਂਹ ਜ਼ੁਲਮ ਦੀ ਹੇਠਾਂ ਨੂੰ ਆਈ । ਜ਼ੁਲਮੀ ਪਹਿਰਾ ਤੋੜ ਕੇ ਜਨਤਾ ਵਧ ਆਈ; ਨਿੰਮੋ-ਝੂਣੀ ਰਸ਼ਮਾਂ ਉੱਠ ਅਬੱੜ੍ਹਵਾਹੀ : ਹੌਕਾ ਭਰ ਕੇ ਕੈਦਣੀ ਰੌਲੇ ਵਲ ਧਾਈ ; (ਉਥੇ) ਵੇਖ ਕੇ ਨੂਰੀ ਬਕਤਰੀਂ ਰਸ਼ਮਾ ਮੁਸਕਾਈ। ਵੱਡੇ ਬੂਹਿਉਂ ਕੁਦ ਕੇ ਉਸ ਚੁੰਗੀ ਲਾਈ ਛੇੜ ਕੇ ਨੂਰੀ ਪੁਛਦੀ : ‘‘ਭੈਣ ਏਂ, ਭਰਜਾਈ ?" ਨਾਲ ਸਹੇਲੀ ਘੁੱਟ ਕੇ ਗਲਵੱਕੜੀ ਪਾਈ। ਮੇਲਣ ਤੇਰੀ ਰਸ਼ਮੀਏਂ, ਜੰਝੇ ਚੜ੍ਹ ਆਈ । ਸ਼ੇਰੇ ਘੜਾ ਬੀੜਿਆ, ਉੱਪਰ ਬਠਲਾਈ, ਔਹ ਗਈ ਔਹ ਗਈ ਹੋ ਗਈ ਕੁੰਗੂ ਦੀ ਜਾਈ। ਡੰਗਰ ਨੇ ਵੱਟ ਖਾਇ ਕੇ ਘੱਲੀ ਸੁਲਤਾਨੀ ਮੂੰਹ-ਤਾਣੇ ਅਸਵਾਰ ਦੀ ਘੋੜੀ ਮੂੰਹ ਤਾਣੀ। ਰਸ਼ਮਾਂ ਪਿਛੋਂ ਲਾਇਕੇ, ਲਾਈਉ ਸੂ ਅੱਡੀ । ਅਧਮੋਇਆਂ ਦੇ ਉੱਪਰੋਂ ਸਰਪਟ ਚਾ ਛੱਡੀ। ਮੀਣੂ ਇਹ ਗਲ ਵੇਖ ਕੇ ਮੋੜਨ ਨੂੰ ਆਇਆ, ਕਾਕੂ ਨੇ ਸੰਗੀਨ ਡਾਹ ਪੁਲ ਤੇ ਰੁਕਵਾਇਆ। ਆਖ਼ਰ ਸ਼ੇਰੇ ਢਾਹ ਲਿਆ ਡੋਗਰ ਦਾ ਜਾਇਆ ਜ਼ਾਲਮ ਨੂੰ ਉਸ ਜੂੜਿਆ ਦੇਸੋਂ ਕਢਵਾਇਆ । ੫. (ਰਸ਼ਮਾਂ ਦਾ ਮੁੜ ਘਰ ਆਉਣਾ) ਯਖ਼ ਜ਼ੁਲਮਾਂ ਦਾ ਢਲ ਗਿਆ ਚੜ੍ਹ ਪਈ ਨਵੀਂ ਬਹਾਰ । ਸੰਬਲ ਦੇ ਫੁੱਲ ਖਿੜ ਪਏ ਹਰਿਆਏ ਦਿਉਦਾਰ । ਅਸਮਾਨੀ ਤੇ ਕੇਸਰੀ ਕਲੀਆਂ ਹੱਸ ਹੱਸ ਪੈਣ । ਧੌਣਾਂ ਚੁਕ ਚੁਕ ਵੇਖਦੇ ਡਲ੍ਹ 'ਚੋਂ ਕੰਵਲ ਨੈਣ । ਬਾਗਾਂ ਦੇ ਵਿਚ ਜਿੱਦ ਪਏ ਬਟਨ, ਟਰੂਸ, ਗੁਲਾਬ । ਗੁਲ-ਸ਼ਹਿਨਾਈ, ਸ਼ੇਰ-ਮੂੰਹ, ਮੋਤੀ ਖਿੜੇ ਸ਼ਤਾਬ । ਨੀਲੋਫਰ ਤੇ ਯਾਸਮਾਨ ਭਿੰਨੀ ਦੇਣ ਸੁਗੰਧ, ਅਸ਼ਰਫ਼ੀਆਂ, ਦਾਊਦੀਆਂ, ਮੋਰਨੀਆਂ ਦੇ ਚੰਦ । ਫੁੱਲ ਬਨੱਫ਼ਸ਼ਾ ਖਿੜ ਪਏ ਜੁਲਫ਼ੀਂ ਲੜੀਆਂ ਹਾਰ। ਰੀਹਾਨਾਂ ਦੇ ਪੁੱਤ ਵੀ ਖੁਸ਼ਬੋ ਰਹੇ ਖਿਲਾਰ । ਸਰ ਸਰ ਕਰ ਬੁਰ ਚੀਲ ਦੇ ਗਾ ਰਹੇ ਨੇ ਮਲਹਾਰ । ਨਾਖਾਂ ਤੇ ਖੁਰਮਾਨੀਆਂ, ਖਿੜ ਪਏ ਫੁੱਲ ਅਨਾਰ। ਨੱਚੂੰ ਨੱਚੂੰ ਕਰਨ ਪਏ ਗੁਲ ਲਾਲਾ ਦੇ ਨੈਣ। ਛੱਤਾਂ ਉੱਪਰ ਚੜ੍ਹ ਗਏ, ਰੌਣਕ ਵੇਖਣ, ਕਹਿਣ। ਰੱਕੜ ਬੀਯਾਬਾਨ ਵੀ, ਤੇ ਕੁੱਲ ਕਬਰਿਸਤਾਨ । ਸੋਸਨ ਸਹੁਰੀ ਫੁੱਲ ਕੇ ਕਰ ਲੈ ਚਮਨਿਸਤਾਨ । ਸੂਰਜ ਮੁੱਖ, ਚੰਬੇਲੀਆਂ ਦੇ ਵਲ ਮਾਰਨ ਝਾਤ : ਕੰਵਲ ਡਲ 'ਚੋਂ ਪੁੱਛਦੇ : 'ਕੀ ਕਾਰਨ, ਕੀ ਬਾਤ ? "ਪਥਮ ਵਿਛਾ ਕੇ ਚਾਦਰਾਂ ਕਿਸ ਦੀ ਕਰਨ ਉਡੀਕ ? ਢਲਵਾਨਾ 'ਚੋਂ ਚੜ੍ਹ ਰਹੀ ਔਹ ਕੀ ਦਿੱਸੇ ਲੀਕ ?" ਇਕ ਲੀਕੋਂ ਦੋ ਬਣ ਗਈਆਂ, ਦੋ ਤੋਂ ਕਈ ਹਜ਼ਾਰ, ਅੱਗੇ ਸ਼ੇਰਾ, ਰਸ਼ਮਾਂ ਪਿਛੇ ਕਈ ਅਸਵਾਰ ॥ ਕੇਸਰ ਕਿਆਰੀ ਖਿੜ ਪਈ ਰਸ਼ਮਾਂ ਦਾ ਮੂੰਹ ਵੇਖ। ਰਸ਼ਮਾਂ ਕਹਿ : ਅਣੀ ਨੂਰੀਏ, ਲਾਹ ਸਿੱਟ ਜੰਗੀ ਭੇਖ । ਸ਼ੇਰਾ ਕਹੇ : ਕਸ਼ਮੀਰਨੇ ! ਹੁਣ ਤੇ ਤੇਰਾ ਰਾਜ । ਲੰਙੇ ਦੇ ਡਰ ਤੋਂ ਕਿਵੇਂ ਸਹਿਮੀ ਤੇਰੀ ਵਾਜ ! ਹੁਣ ਤਾਂ ਗੀਤਾਂ ਗੂੰਜਣਾ, ਸੁਰ ਹੋ ਜਾਣੇ ਸਾਜ਼ । ਹੁਣ ਤਾਂ ਚਿੜੀਆਂ ਚੂਕਣਾ, ਸ਼ੁਰ ਹੋ ਜਾਣੇ ਬਾਜ਼ । ਚਲ ਫੁੱਲ-ਬਿਰਛਾਂ ਹੇਠ ਨੀ, ਸਜਰੇ ਕਰ ਲੈ ਪਿਆਰ । ਜੁੜ ਕੇ ਗਾਓ ਸਹੇਲੀਆਂ, ਨੱਚੋ ਤਾੜੀ ਮਾਰ। ਸਾਂ ਸਾਂ ਚੀਲਾਂ ਦੀ ਸੁਣੋ, ਨਦੀਆਂ ਦੀ ਘੁਮਕਾਰ : ਪੱਬ ਅੱਡੀਆਂ ਦਾ ਤਾਲ ਨੀ, ਝਾਂਜਰਾਂ ਦੀ ਛਣਕਾਰ। ਨੱਚੇ ਦਿਲ ਦਾ ਮੋਰ ਨੀ ਝਰਨੇ ਵਰਗੀ ਤੋਰ : ਦਿਲ ਦੀ ਧੱਕ ਧੱਕ ਦੇ ਪਈ ਹੱਥ ਪੈਰਾਂ ਨੂੰ ਲੋਰ । ਨੱਚਣ ਕੰਕਰ ਪਹਾੜ ਦੇ, ਸ਼ੰਕਰ ਵਾਲੇ ਤੋਲ : ਕੰਨ ਲਾ ਲਾ ਕੇ ਸੁਣਨ ਫਿਰ ਪਰਬਤੀਆਂ ਅਣਡੋਲ । ਖ਼ੁਸ਼ ਹੋਈ ਕੰਗਲੇਟੜੀ, ਵੇਖ ਖਿੜੀ ਗੁਲਜ਼ਾਰ : ਦੇਸ਼ ਦੇਸ਼ਾਂਤਰ ਧੁਮ ਗਈ, ਰੰਗੀ ਭਰੀ ਨੁਹਾਰ । ਡੋਲੀ ਮਹਿਕੀ ਪੌਣ ਦੀ, ਵਹੁਟੀ ਨਵੀਂ ਬਹਾਰ । ਸ਼ੇਰਾ ਸਿਹਰੇ ਬੰਨ੍ਹ ਕੇ, ਮੁੜਿਆ ਲਾੜੇ ਹਾਰ । ਸੂਰਜ ਸੋਨਾ ਸੁੱਟਿਆ, ਮੌਤੀ ਝੜੇ ਫੁਹਾਰ । ਨਦੀਆਂ ਕਾਵਨ ਪਾਂਦੀਆਂ, ਜਾਣ ਪਈਆਂ ਬਲਿਹਾਰ । ਸ਼ੇਰਾ ਆਇਆ ਜਿੱਤ ਕੇ, ਰਸ਼ਮਾਂ-ਰੀ-ਬਹਾਰ । ਹਰ ਕੁੰਗੂ ਕਸ਼ਮੀਰ ਦਾ ਅੱਜ ਜਾਪੇ ਪਹਿਰੇਦਾਰ । ਉਹਨਾਂ ਦੈਂਤ ਦਲਿੱਦਰ ਮਾਰ ਕੇ ਅਖਵਾਇਆ ਬਲਕਾਰ । ਲਹੂ ਡੋਲ੍ਹ ਉਨ੍ਹਾਂ ਨੇ ਆਪਣਾ, ਕੰਗਪੁਰ ਲਿਆ ਸ਼ਿੰਗਾਰ । ਗਾਂਦੇ ਕੁੰਗੂ ਹੇਕ ਲਾ ਆਜ਼ਾਦੀ ਦਾ ਗੀਤ । ਰੁਤ ਰਸ਼ਮਾਂ ਨਿਕਲੀ ਕੈਦ 'ਚੋਂ, ਮੁੱਕੀ ਜ਼ਾਲਮ ਸੀਤ। ਜਾਪੇ ਸ਼ੇਰੇ ਵਰ ਲਈ ਆਜ਼ਾਦੀ ਦੀ ਹੀਰ । ਨਵ-ਰੰਗਨ ਵਿਚ ਰਤੜੇ ਜਾਪਣ ਕੇਸਰ ਅਤੇ ਕਰੀਰ । ਲੰਙੇ ਵਾਲੀ ਚਾਲ ਦਾ ਜਾਪਿਆ ਅੰਤ, ਅਖ਼ੀਰ । ਖ਼ੁਸ਼ਬੋਈਆਂ ਜਾਪੀਆਂ ਸਾਂਝੀਆਂ, ਤੇ ਸਭਨਾਂ ਦਾ ਸੀਰ । ਰਸ਼ਮਾਂ ਰੂਹ ਕਸ਼ਮੀਰ ਦੀ : ਤੇ ਸ਼ੇਰਾ ਦਿਸੇ ਸਰੀਰ । ਲੋਕਾਂ ਦੀ ਲੁੱਟ ਵੇਖ, ਪਰ ਟੁੰਬੀ ਜਾਏ ਜ਼ਮੀਰ : ਗੁੜ ਵਿਚ ਰੰਬਾ ਲੁੱਟ ਦਾ, ਸੱਧਰਾਂ ਲੀਰੋ ਲੀਰ । (ਬਣੇ) ਕਸ਼ਮੀਰੇ ਦੇ ਲੋਕ ਨਾ, ਨਾ ਲੋਕਾਂ ਦਾ ਕਸ਼ਮੀਰ । ਲੋਕਾਂ ਦੀ ਰਤ ਪੀ ਪੀ ਹਾਲੀ ਫਿੱਟਣ ਪਏ ਅਮੀਰ । ਪੈਸੇ ਵਾਲੇ ਸਮਝਦੇ ਕਿਰਤ ਨੂੰ ਅਜੇ ਹਕੀਰ । ਸ਼ੀਸ਼ ਮੁਹੱਲੀਂ ਅਜੇ ਵੀ ਲਿਸ਼ਕੇ ਪਈ ਸ਼ਮਸ਼ੀਰ । ਜ਼ੁਲਮਾਂ ਨੇ ਰੰਗ ਬਦਲਿਆ ‘ਡੋਗਰ’ ਅੱਜ ਵੀ ਮੀਰ। ਬਨ ਬਨ ਬਹਿੰਦ ਹੇਜਲੇ ਜ਼ਾਲਮ ਅਤੇ ਅਮੀਰ। ਨਾਹਰੇ ਲਾਂਦੇ ਮੀਸਨੇ : “ਸਾਡਾ ਹੈ ਕਸ਼ਮੀਰ !" ਜ਼ੁਲਮਾਂ ਦਾ ਪੱਖ ਪੂਰਦੇ, ਲੋਕਾਂ ਦੇ ਹਿੱਤ ਚੀਰ । ਬਣਿਆਂ ਨਹੀਂ ਜੇ ਅਜੇ ਵੀ ਲੋਕੋਂ, ਲੋਕਾਂ ਦਾ ਕਸ਼ਮੀਰ ॥ ਨੋਟ : ਇਹ “ਕਸ਼ਮੀਰ ਦੀ ਅਧੂਰੀ ਆਜ਼ਾਦੀ ਦੀ ਵਾਰ" ਸ਼ੇਖ਼ ਅਬਦੁੱਲਾ ਸਾਹਿਬ ਦੀ ਪਹਿਲੀ ਗ੍ਰਿਫ਼ਤਾਰੀ ਤੋਂ ਕੁੱਝ ਚਿਰ ਪਹਿਲਾਂ ਲਿਖੀ ਗਈ ਸੀ। ਕਈ ਮਾਸਕ ਪੱਤਰਾਂ ਨੇ ਪਸੰਦ ਕਰਕੇ ਵੀ ਛਾਪਣ ਦੀ ਖੁਸ਼ੀ ਨਾ ਲੈ ਸਕਣ ਦੀ ਮਜ਼ਬੂਰੀ ਜ਼ਾਹਰ ਕੀਤੀ। ਏਥੇ ਅਪਣੇ ਅਨਸੋਧੇ ਰੂਪ ਵਿਚ ਹੀ ਪੇਸ਼ ਕੀਤੀ ਗਈ ਹੈ। ਕਰਤਾ

ਕਮਲੀ ਫ਼ੌਜਣ

ਅਮਨ ਦੇ ਕਵੀ, ਪਾਬਲੋ ਨਰੂਦਾ ਨੂੰ ਨ੍ਰਿਤ-ਨਾਟ-ਪੇਸ਼ਕਾਰੀ "ਕਮਲੀ ਫੌਜਣ" ਨੂੰ ਇੱਕ ਨਾਚ-ਇਕਾਂਗੀ ਦੇ ਤੌਰ ਤੇ ਪੇਸ਼ ਕਰਨ ਲਈ ਕੇਵਲ ਦੋ ਚੰਗੇ ਸੁਲਝੇ ਹੋਏ ਕਲਾਕਾਰਾਂ ਦੀ ਲੋੜ ਹੈ । ਜੇ ਹਾਲੀ ਕੋਈ ਮੁੰਡਾ ਕੁੜੀ ਬਿਸਤਰੇ ਦੇ ਸੀਨ ਦੀ ਖੁਲ੍ਹ ਨਾ ਲੈ ਸਕਣ, ਤਾਂ ਦੋਵੇਂ ਹੀ ਲੜਕੀਆਂ ਹੋ ਸਕਦੀਆਂ ਹਨ। ਫ਼ੌਜੀ ਦਾ ਰੋਲ ਕਿਸੇ ਤਕੜੇ ਸਡੌਲ ਜੁੱਸੇ ਵਾਲੀ ਕੁੜੀ ਵੀ ਨਿਭਾ ਸਕਦੀ ਹੈ । ਪਲੰਘ ਅੱਗੋਂ ਨੀਵਾਂ ਤੇ ਸਰਹਾਣੇ ਵਲੋਂ ਉੱਚਾ ਰੱਖ ਕੇ ਦਰਸ਼ਕਾਂ ਲਈ ਸੌਖ ਪੈਦਾ ਕੀਤਾ ਜਾਵੇ । ਅੰਤਲਾ ਗੀਤ ਬੜੀ ਸੰਵੇਦਨਾ ਭਰਪੂਰ ਲੈਅ ਵਿਚ ਗਾਇਆ ਜਾਣਾ ਜ਼ਰੂਰੀ ਹੈ । ਕਮਲੀ ਫ਼ੌਜਣ ਬੂਹੇ 'ਤੇ ਕੋਈ ਆਇਆ... ! ਬੂਹਾ ਉਸ ਖੜਕਾਇਆ ... !! "ਹੈਂ ?" ਕਿਆ ਕੋਈ ਆਪਣਿਆਂ ਵਾਂਗਰ ਹੀ ਰਿਹਾ ਹੈ ਖੜਕਾ ਦਰ ਮੇਰਾ ?" ‘ਕੌਣ ਏਂ ......! ਕੌਣ ਏਂ ?” ਕਹਿਕੇ, ਉਹ ਚੁੱਪ ਕਰ ਗਈ ! ਖ਼ਬਰੇ ਡਰ ਗਈ ! ਬੂਹਾ ਫਿਰ ਵੀ ਉਸੇ ਤਾਲੇ ਖੜਕਿਆ : “ਹੈਂ !” ਜਹੀ ਕਹਿ ਕੇ ਅੰਦਰ ਹੀ ਉਹ ਕੁਝ ਕੁਝ ਡਰ ਗਈ, ਰਤਾ ਕੁ ਠਰ ਗਈ, ਚੁਪ ਹੀ ਕਰ ਗਈ । ਇਕ ਵਾਰੀ ਫਿਰ ਬੂਹਾ ਦੱਬਕੇ ਖੜਕਿਆ । “ਕੌਣ ਏਂ ਇਹ ਜੋ ਇਸ ਬੂਹੇ ਨੂੰ ਆਪਣੇ ਹੀ ਘਰ ਦਾ ਦਰ ਸਮਝੇ ! ਵੇਖੋ ਨਾ ਕਿਹਾ ਆਪਣਿਆਂ ਵਾਂਗਰ ਹੈ ਖੜਕਾ ਰਿਹਾ।" ਤੇ ਫਿਰ ਉਸ ਵਿਚਾਰੀ ਦਾ ਜੀਅ "ਜੀ" ਕਹਿ ਕੇ ਬੋਲਣ ਤੇ ਕੀਤਾ “ਕੌਣ ਏਂ ਜੀ, ਜੀ ਕੌਣ ਏਂ ਤੂੰ ? ਕੌਣ ਏਂ ਜੀ, ਇਸ ਬੂਹੇ ਨਾਲ ?" ਅੱਗੋਂ ਝਕਦੀ ਝਕਦੀ ਸੁਰ ਵਿਚ ਮਿੱਠਾ ਮਿੱਠਾ ਹਸਦਾ ਹਸਦਾ ਖਿੜਿਆ ਇਕ ਮਰਦਾਵਾਂ ਬੋਲ । “ਰਾਹੀ ਹਾਂ ਜੀ, ਰਾਤ ਹੈ ਕਟਣੀ, ਜੇ ਕੋਈ ਦੇ ਦੇ ਰੈਣ ਬਸੇਰਾ ।" ਅੰਦਰੋਂ ਵੀ ਉਹ ਝਕਦੀ ਝਕਦੀ ਬੂਹੇ ਦੇ ਲਾਗੇ ਹੋ ਬੋਲੀ : "ਘਰ ਵਾਲਾ ਮੇਰਾ ਘਰ ਨਾਹੀਂ। ਪਿਛਲੇ ਲੰਮਿਆਂ ਵਰ੍ਹਿਆਂ ਤੋਂ ਮੈਂ ਕਿਸੇ ਨੂੰ ਕਦੇ ਨਾ ਲੰਘਣ ਦਿਤਾ ਘਰ ਦਾ ਬੂਹਾ, ਦਿਲ ਦਾ ਬੂਹਾ ..... ....... ........ ......!" “ਠੰਡ ਬੜੀ ਹੈ, ਕੋਰਾ ਜੰਮਿਐਂ, ਜੇ ਤੁਸੀਂ ਮੈਨੂੰ ਪਨਾਹ ਦੇ ਸਕੋ- ਸਿਰਫ਼ ਇਕੋ ਰਾਤ ਖ਼ਾਤਰ, ਸਿਰਫ਼ ਏਸੇ ਰਾਤ ਲਈ। ਸੁਬਾਹ ਸੁਵੇਲੇ ਮੂੰਹ 'ਨ੍ਹੇਰੇ ਹੀ । ਸੂਰਜ ਦੇ ਉੱਗਣ ਤੋਂ ਪਹਿਲਾਂ ਮੈਂ ਪੈ ਜਾਸਾਂ ਆਪਣੇ ਰਾਹੇ ! ਵੇਖ ਲਵੋ, ਜੋ ਹੋ ਸਕਦਾ ਹੈ ਤਰਸ ਵੀ ਖਾ ਕੇ ਮੇਰੇ ਉੱਤੇ, ਰਾਤ ਕਟਾ ਸਕੋ ਜੇ ਮੈਨੂੰ ? ਮੈਂ ਇਕ ਰਾਹੋਂ ਭਟਕਿਆ ਰਾਹੀ, ਨਾ ਮੇਰਾ ਕੋਈ ਹਮਰਾਹੀ । ਠੰਡ ਬੜੀ ਏ, ਕੋਰਾ ਜੰਮਿਐਂ; ਵੇਖ ਲਵੋ, ਜੇ ਹੋ ਸਕਦਾ ਏ ..... ....... ........ ......!" ਉਹ ਚੁਪ ਕਰ ਗਈ ਬਿਲਕੁਲ ਹੀ ਚੁੱਪ : ਜੀਕਰ ਦਿਲ ਵਿਚ ਚੁਪ ਚੁਪ ਹੀ ਕੁਝ ਸੋਚ ਰਹੀ ਸੀ। ਫਿਰ ਜਿਕਰ ਆਪਣੇ ਆਪੇ ਨੂੰ ਹੀ ਕਹਿੰਦੀ ਪਈ ਹੋਵੇ : “ਜੇ ਉਹ ਆਪੀਂ ਘਰ ਹੁੰਦਾ ਤਾਂ ਅੱਜ ਮੈਂ ਵੀ ਇਸ ਰਾਹੀ ਉੱਤੇ ਘਰ ਦੀ ਨੇਕ ਸਵਾਣੀ ਵਾਂਗਰ ਸਾਊ ਘਰ ਦੀ ਰਾਣੀ ਵਾਂਗਰ, ਪਿਆਰ ਤਾਂ ਭਾਵੇਂ ਨਾ ਜਤਲਾਂਦੀ ਤਰਸ ਹੀ ਖਾਂਦੀ, ਤਰਸ ਨਾ ਖਾਂਦੀ : ਇਹਨੂੰ ਏਹੋ ਜੇਹੀ ਠੰਡ ਵਿਚ ਮੰ ਜਾ-ਬਿਸਤਰ, ਘਰ ਦਾ ਨਿੱਘ ਤੇ ਹੋਰ ਪਦਾਰਥ ਸਾਰੇ ਦੇਂਦੀ । ਪਰ ਕੀ ਕਰ ਲਾਂ : ਘਰ ਹੀ ਨਹੀਂ ਉਹ ਤੇ ਮੈਂ ਕੱਲੀ-ਕਾਰੀ ਤ੍ਰੀਮਤ ਆਪਣਾ ਜਤਿ ਸਤਿ ਸਾਂਭ ਕੇ ਬੈਠੀ, ਕੀਕਰ ਖੋਲ੍ਹਾਂ ਘਰ ਦਾ ਬੂਹਾ ? ਕੀਕਰ ਖੋਲ੍ਹਾਂ ਦਿਲ ਦਾ ਬੂਹਾ ?" ਫਿਰ ਉੱਚੀ ਜਹੀ ਸੁਰ ਵਿਚ ਬੋਲੀ : ਇਕ ਸੁੱਚੀ ਜਹੀ ਸੁਰ ਵਿਚ ਬੋਲੀ : “ਤੁਸੀਂ ਜੀ ਅਗਲਾ ਦਰ ਖੜਕਾਉ । ਕਿਸੇ ਹੋਰ ਘਰ ਨੂੰ ਟੁਰ ਜਾਉ ! ..... ....... ........ ...... ਬੜੇ ਚੰਗੇ ਨੇ ਲੋਕੀਂ ਸਾਰੇ, ਸੰਗੋ ਨਾ ਜਾ ਦਰ ਖੜਕਾਉ ।" ਇਹ ਗੱਲ ਸੁਣ ਕੇ ਉਸ ਰਾਹੀ ਨੂੰ ਕੋਰੇ ਵਿਚ ਵੀ ਨਿੱਘ ਜਿਹਾ ਆਇਆ । ਨਿੱਘਾਂ ਵਿਚ ਸਮੋਇਆ ਰਾਹੀ, ਕਿਸੇ ਪਿਆਰ ਵਿਚ ਮੋਇਆ ਰਾਹੀ, ਸੁਆਦ ਸੁਆਦ ਜਿਹਾ ਹੋਇਆ ਰਾਹੀ, ਉਸੇ ਘਰ ਦੇ ਬੂਹੇ ਅੱਗੇ ਰਿਹਾ ਖਲੋਤਾ ਕਿੰਨਾ ਹੀ ਚਿਰ, ਕੰਨ ਲਾਈ ਖਿੜਕੀ ਦੇ ਨਾਲ, ਰਿਹਾ ਸਰੋਤਾ ਕਿੰਨਾ ਹੀ ਚਿਰ । ਕੁਝ ਚਿਰ ਪਿਛੋਂ ਘਰ ਵਾਲੀ ਨੇ, ਖਿੜਕੀ ਖੋਲ੍ਹੀ, ਖੜਕ ਕੇ ਬੋਲੀ : “ਵੇ ਅੜਿਆ ਤੂੰ ਕੌਣ ਏਂ ? ਵੇ ਰਾਹੀਆ ਤੂੰ ਕੌਣ ਏਂ ? ਜਾਂਦਾ ਕਿਉਂ ਨਹੀਂ ਆਪਣੇ ਰਾਹ ? ਕਹਿ ਜੂ ਦਿੱਤੈ—ਮੈਂ ਕੱਲੀ ਹਾਂ; ਤੈਨੂੰ ਰਾਤ ਕਟਾ ਨਹੀਂ ਸਕਦੀ ਅਗਲੇ ਦਰ ਤੇ ਦੇ ਲੈ ਦਸਤਕ ਅਗਲੇ ਘਰ ਦਾ ਦਰ ਖੜਕਾ ਲੈ ! ..... ....... ........ ......!" "ਹੋਰ ਤਾਂ ਮੈਂ ਹੁਣ ਕਿਹੜਾ ਲੱਭਾਂ ? ਮੈਂ ਕਿਧਰੇ ਨਹੀਂ ਜਾਣਾ ਅੜੀਏ ! ਏਸੇ ਦਰ 'ਤੇ ਰਾਤ ਕਟਾਂਗਾ। ਏਸੇ ਘਰ 'ਤੇ ਹੱਕ ਹੈ ਮੇਰਾ । ਝਕ ਨਾ ਤੂੰ ਅੰਦਰ ਨਹੀਂ ਆਉਂਦਾ ।” ..... ....... ........ ...... “ਨਾ ਬੀਬਾ, ਮੇਰੇ ਸਿਰ ਨਾ ਚੜ੍ਹ !" ਉਹ ਰਾਹੀ ਕਿੱਟ ਲਾਹ ਚੁੱਕਾ ਸੀ ਉਸੇ ਹੀ ਬੂਹੇ ਦੇ ਅੱਗੇ ਤੇ ਦਰ ਨਾਲੇ ਟੇਕ ਲਗਾਈ ਵਿਚ ਹੁਲਾਰੇ ਸਿਰ ਸੁੱਟੀ, ਤੇ ਮਸਤੀ ਜਹੀ ਵਿਚ ਬਾਂਹ ਲਮਕਾਈ, ਪੈਰ ਪਸਾਰੀ ਹੱਥ ਖਿਲਾਰੀ, ਮੁਗਧ ਜਿਹਾ ਹੋ ਕੇ ਉਹ ਰਾਹੀ ਠੰਡ ਤੋਂ ਬੇ-ਪਰਵਾਹ ਪਿਆ ਸੀ। ..... ....... ........ ..... ਘਰ ਵਾਲੀ ਨੂੰ ਤਰਸ ਆ ਗਿਆ। ਇਸ ਵਾਰੀ ਉਸ ਬਿਨਾ ਕਹਿਣ ਤੋਂ ਖੋਲ੍ਹ ਕੇ ਬੂਹਾ ਕਹਿ ਹੀ ਦਿੱਤਾ : “ਨਹੀਂ, ਨਹੀਂ, ਨਹੀਂ ਜੀ ! ਏਦਾਂ ਨਾ ਕਰੋ; ਅੰਦਰ ਆ ਜੋ ਠੰਡ ਲੱਗ ਜੇ ਗੀ !" ਰਾਹੀ ਨੇ ਸਿਰ ਚੁੱਕਿਆ ਜ਼ਿਕਰ ਕਿੱਟ ਚੁੱਕ ਕੇ ਟੁਰ ਚਲਿਆ ਹੋਵੇ । ਆ ਜਾਉ, ਠੰਡ ਲੱਗ ਜਾਏਗੀ !" ..... ....... ........ ...... ਜੱਕੋ ਤੱਕੀਂ ਘਿਰਿਆ ਰਾਹੀ ਕਿੱਟ ਚਾਈ ਅੰਦਰ ਨੂੰ ਟੁਰਿਆ ਘਰ ਵਾਲੀ 'ਤੇ ਮਸਤ ਜਿਹੀ ਮੁਸਕਾਣ ਧੂੜਦਾ ਦਾਰੂ ਨਾਲ ਧੁਆਂਖਿਆ ਚਿਹਰਾ, ਦੋ-ਚਿੱਤੀ ਜਿਹੀ ਵਿਚ ਡੋਬੀ ਕਿੱਟ ਨੂੰ ਥਾਂ ਸਿਰ ਰਖਦੇ ਮੰਜੇ ਤੇ ਆ ਬੈਠਾ ! ..... ....... ........ ...... ਲਾਹ ਕੇ ਬੂਟ ਪੱਟੀ ਤੇ ਪਗੜੀ ਢੋਹ ਲਾਂਦਾ ਹੀ ਬੈਠ ਗਿਆ ਉਹ। ਮੂੰਹ ਘਰ ਵਾਲੀ ਦਾ ਅਧਖੁੱਲ੍ਹਾ ਰਿਹਾ ਵੇਖਦਾ .... ਰਿਹਾ ਵੇਖਦਾ ! ਉਹ ਵੀ ਉਸ ਨੂੰ ਵੇਖ ਰਹੀ ਸੀ ਜਿਉਂ ਕੁਝ ਕੁਝ ਪਹਿਚਾਣਦੀ ਹੋਵੇ ਖ਼ਬਰੇ ਕਾਹਤੋਂ ਮਸਤ ਜਹੀ-- ਦਿਲ ਵਿਚੋਂ, ਅੱਖਾਂ ਦੇ ਵਿਚੋਂ, ਬੇਕਾਬੂ ਮੁਸਕਾਣਾ ਛੰਡਦੀ, ਇਸ ਰਾਹੀਂ ਦੇ ਚਿਹਰੇ ਵਿਚੋਂ ਕਈ ਕੁਝ ਲਭਦੀ ਜਾਪੀ! ਰਾਹੀ ਦੀ ਅਧ-ਖਚਰੀ ਮੁਸਕਾਣ ਘਰਵਾਲੀ ਦੇ ਅਧਖੜ ਭੋਲੇਪਨ 'ਤੇ ਟਿਕੀ ਰਹੀ, ਟਿਕੀ ਹੀ ਰਹੀ . . .! ਉਹ ਸੋਚੀਂ ਪੈ ਗਈ... ਇਹ ਕੇਹੋ ਜਿਹਾ ਬੰਦਾ ਏ ! ਅਨਜਾਣੂ ਹੋਕੇ ਵੀ ਇਹ ਤਾਂ ਵਾਕਫ਼ ਵਾਕਫ਼ ਲਗਦਾ ਏ ! ਚੁੱਪ ਤੋੜਕੇ, ਆਖ਼ਰ ਬੋਲੀ : "’ਜੇਹੀ ਠੰਡ ਵਿਚ ਕਿਥੋਂ ਆਇਐਂ ? ਅੱਜ ਤਾਂ ਪਿੰਡਾ ਜੰਮਦਾ ਜਾਂਦੈ ! ..... ....... ........ ......! ਚਲ, ਚੁੱਲ੍ਹੇ ਕੋਲ ਨਿੱਘਾ ਹੋ ਲੈ।” ਉਸ ਉਹਨੂੰ ਚਾਹ ਚ ਕਰ ਦਿਤੀ, ਖਾਣਾ ਦਿਤਾ, ਬਿਸਤਰ ਦਿੱਤਾ; ਕਮਰੇ ਨੂੰ ਨਿੱਘਾ ਰੱਖਣ ਲਈ ਅੰਗੀਠੀ ਮੰਜੇ ਕੋਲ ਧਰ ਗਈ । ਬਿਸਤਰ ਵਿਚ ਪਏ ਬੇਗਾਨੇ ਕੋਲ ਪੀੜ੍ਹਾ ਝਾੜ ਕੇ ਉਹਦੇ ਸਰ੍ਹਾਣੇ, ਆਪਣਿਆਂ ਦੇ ਵਾਂਗਰ ਬਹਿ ਗਈ। ਪਤਾ ਨਹੀਂ ਉਹ ਉਹਨੂੰ ਕਿਉਂ ਪਿਆ ਚੰਗਾ ਚੰਗਾ ਲਗਦਾ ਸੀ ? ਗੱਲਾਂ ਗੱਲਾਂ ਦੇ ਵਿਚ ਹੀ ਉਹ ਰਚ ਮਿਚ ਗਏ ਸਨ ਆਪਸ ਦੇ ਵਿਚ ਜਿਵੇਂ ਕਿਤੇ ਉਹ ਵਾਕਫ਼ ਹੋਵਣ ਇਕ ਦੂਜੇ ਦੇ ਚੋਖੇ ਚਿਰ ਤੋਂ । ਘਰ ਵਾਲੀ ਨੂੰ ਵਰ੍ਹਿਆਂ ਬਾਦ ਅਜ ਲੱਗਾ ਸੀ ਕੋਈ ਚੰਗਾ ਚੰਗਾ । ਬਰੂਦ ਨਾਲ ਧੁਆਂਖਿਆ ਚਿਹਰਾ ਨਿਰਛਲ ਅੱਖਾਂ, ਨਿਰਮਲ ਧਿਆਨ, ਉਹੋ ਹੇਜਲੀ ਜਹੀ ਮੁਸਕਾਣ, ਉਹ ਉਹਦੇ ਤੇ ਮਸਤ ਹੋ ਹੋ ਗਈ। ਸਾਰੀ ਰਾਤ ਪੀੜ੍ਹੇ ਤੇ ਬੈਠੀ, ਗੱਲਾਂ ਕਰਦੀ, ਜਾਗਦਿਆਂ ਵੀ ਸੁੱਤਿਆਂ ਨਾਲੋਂ ਵਧ ਕੇ ਸੁਖ ਵਿਚ ਮਸਤ ਜਹੀ ਉਹ ਹੋ ਹੋ ਗਈ ! ..... ....... ........ ..... ਪਹੁ ਫੁੱਟਣ ਤੋਂ ਕੁਝ ਚਿਰ ਪਹਿਲਾਂ ਘਰ ਵਾਲੀ ਦਾ ਥੱਕਿਆ ਚਿਹਰਾ ਇਕ ਤਾਜ਼ਾ ਜਹੀ ਮਸਤੀ ਦੇ ਵਿਚ ਸ਼ਾਂਤ, ਅਡੋਲ, ਅਬੋਲ ਪਿਆ ਸੀ । ਦਿਲ ਵਿਚ ਕੋਈ ਅਚੰਭਾ ਲੈ ਕੇ ਉਹ ਰਾਹੀ ਦੇ ਮੋਢੇ ਉਤੇ ਮਿੱਠੀ ਨੀਂਦਰ ਮਾਨ ਰਹੀ ਸੀ । ..... ....... ........ ..... ਤੇ ਫੌਜੀ ਨੂੰ ਘਰ ਵਾਲੀ ਦਾ ਬਿਰਹੋਂ ਵਿਚ ਤਿਊੜਿਆ ਹੋਇਆ ਵਰ੍ਹਿਆਂ ਦੇ ਹਿਜਰਾਂ ਦੇ ਪਿਛੋਂ ਗੂੜ੍ਹੀ ਨੀਂਦਰ ਮਾਣਦਾ ਚਿਹਰਾ ਆਪਣੇ ਹੀ ਮੋਢੇ 'ਤੇ ਟਿਕਿਆ ਵੀ ਬੇਵਫ਼ਾ ਜਿਹਾ ਜਾਪਿਆ ! ਤੇ ਉਹ ਤ੍ਰਭਕ ਗਿਆ ... ! ਨੀਂਦ ਨੀਂਦ ਵਿਚ ਬੋਲਣ ਲਗ ਪਈ ਸੁੱਤ-ਉਨੀਂਦੀ ਕਮਲੀ ਫੌਜਣ ਗੀਤ ਜਿਹਾ ਇਕ ਰੋਲਣ ਲਗ ਪਈ । "ਉਸ ਰਾਹੋਂ ਬਲਿਹਾਰ ਵੇ ਰਾਹੀਆ ਜਿਨ੍ਹਾਂ 'ਤੇ ਚਲ ਏਥੇ ਆਇਉਂ !" ਤੇ ਰਾਹੀ ਨੂੰ ਆਪਣੇ ਨਾਲ ਈ ਸੁੱਤ ਉਨੀਂਦੀ ਘੁੱਟ ਲਿਆ ਤੇ ਧੜਕਦੀ ਹਿੱਕ ਨਾਲ ਲਾ ਲੀਤਾ ਉਸ। ..... ....... ........ ..... ਫੇਰ ਜਿਵੇਂ ਕੋਈ ਜਾਗੋ ਮੀਟੀਂ ਗੱਲਾਂ ਕਰਦੈ, ਉਹ ਮਸਤ ਜਹੀ, ਨਾਜ਼ ਭਰੀ, ਬੋਲ ਪਈ : “ 'ਜਿਹੀ ਤਰੇਲੀ ਚਾਨਣੀ ਦੇ ਵਿਚ ਮੇਰਾ ਅੰਦਰਲਾ ਬਲ ਉਠਦੈ । ਵੇ ਮੈਂ ਸਾਰੀ ਸਾਰੀ ਰਾਤ, ਚੰਨ ਦੀ ਠਰੀ ਚਾਨਣੀ ਥੱਲੇ ਠਰੀ ਠਰੀ, ਡਰੀ ਡਰੀ, ਮਰੀ ਮਰੀ ਕੱਲੀ ਹੀ ਵਿਹੜੇ ਵਿਚ ਸੌ ਪਾਂ ਕਿਸੇ ਦੇ ਦਸਤਕ ਦੀਆ ਬਿੜਕਾਂ ਵੇ ਮੈਂ ਲੈ ਲੈ ਰਾਤਾਂ ਕੱਟੀਆਂ । ਹਵਾ ਦਾ ਬੁੱਲਾ, ਨਾਰਦ ਭੈੜਾ, ਬਾਰ ਹਿਲਾ ਜਾਂਦਾ ਤੇ ਮੈਨੂੰ ਸਦਾ ਜਗਾ ਜਾਂਦਾ ਸੀ, ਭਾਵੇਂ ਮੈਨੂੰ ਪੂਰਾ ਪਤਾ ਸੀ ਹੁੰਦਾ ਕਿ ਤੂੰ ਨਹੀਂ ਸੈਂ, ਤੂੰ ਨਹੀਂ ਮੈਂ ਇਹ ਫਿਰ ਵੀ ਤਾਂ ਮੈਂ ਕਹਿ ਛਡਦੀ ਸਾਂ : ਕੌਣ ਏਂ ਜੀ, ਬੂਹੇ 'ਤੇ ਕੌਣ ਏਂ ? ਏਸ ਤਰ੍ਹਾਂ ਹੀ ਕਈ ਕਈ ਵਾਰੀ ਉੱਠ ਉੱਠ ਬਹਿੰਦੀ ਹਿਜਰਾਂ ਮਾਰੀ ਕੌਣ ਐਂ, ਕੌਣ ਐਂ ਜੀ ਕਹਿ ਕਹਿ ਕੇ, ਛਿੱਥੀ ਪਈ ਉਡੀਕ ਆਪਣੀ ਨੂੰ ਬਾਲਾਂ ਵਾਂਗਰ ਰਹੀ ਵਰਚਾਂਦੀ ! ਮੈਂ ਬਾਰੀ ਦੀ ਝੀਤ ਦੇ ਵਿਚੋਂ ਗਲੀ ਦੀ ਚੁੱਪ ਨੂੰ ਝਾਤ ਮਾਰ ਕੇ ਕੋਈ ਬਿਰਹੜਾ ਚਾ ਕੁਰਲਾਂਵਦੀ । ਵਿਹੜੇ ਵਾਲੇ ਮੌਲਸਰੀ ਦੇ ਬੂਟੇ ਥੱਲੇ ਹਵਾ ਛੇੜਦੀ ਸੁੱਕੇ ਪੱਤੇ, ਮੇਰੇ ਅੰਦਰ ਕੋਈ ਗੀਤ ਕੂੰਦ ਜਾਂਦਾ ਹਵਾ ਜਗਾ ਜਾਂਦੀ ਪੱਤਿਆਂ ਨੂੰ, ਨ੍ਹੇਰੇ ਦੇ ਵਿਚ ਕਿਸੇ ਦੇ ਕਦਮਾਂ ਦੀ ਮਿੱਠੀ ਜਹੀ ਬਿੜਕ ਵਾਂਗ ਸਾਡੇ ਭਾ ਦਾ ਦਿਨ ਚੜ੍ਹ ਜਾਂਦਾ । ਜਿਵੇਂ ਤੂੰ ਸੱਚੀਂ ਆ ਗਿਆ ਹੋਵੇਂ । ਸੁੱਤੀ ਪਈ ਹੀ ਮੈਂ ਖਿੜ ਜਾਂਦੀ ਤ੍ਰਭਕੀ ਦੀ ਜਦ ਅੱਖ ਫਿਰ ਖੁੱਲ੍ਹਦੀ ਵਿਹੜੇ ਦੀ 'ਕੱਲ ਖਾਣ ਨੂੰ ਪੈਂਦੀ । ਮੈਂ ਨ੍ਹੇਰੇ ਨੂੰ ਘੂਰਦੀ ਰਹਿੰਦੀ, ਸਿਰ ਚੋਂ ਚੰਗਿਆੜੇ ਜਿਹੇ ਉੱਠਦੇ, ਅੱਖਾਂ ਸਾਹਵੇਂ ਲਾਟਾਂ ਬਲਦੀਆਂ, ਲੰਮੇ ਲੰਮੇ ਸਾਹਾਂ ਰਾਹੀਂ ਉਹਨਾਂ ਮੈਂ ਉੱਡਦੀ ਅੱਗ ਅੰਦਰ ਖਿਚਦੀ। ਤਾਰੇ ਨਿਰੇ ਟਟਹਿਣੇ ਜਾਪਣ ਚੰਨ ਡੁੱਬਣ ਦੀ ਕਾਲੋਂ ਦੇ ਵਿਚ । ਇਸ ਹਾਲਤ ਵਿਚ ਤੇਰਾ ਚਿਹਰਾ ਅੱਖਾਂ ਸਾਹਵੇਂ ਫਿਰਦਾ ਦਿਸਦਾ । ਦਿਲ ਨੂੰ ਹੌਂਸਲਾ ਜਿਹਾ ਹੋ ਜਾਂਦਾ ਕਿ ਮੈਂ ਕੱਲੀ ਨਹੀਂ ਹਾਂ ਘਰ ਵਿਚ । ਫਿਰ ਤਾਰੇ, ਤਾਰੇ ਹੀ ਦਿਸਣ ਲੱਗ ਪੈਂਦੇ ਤੇ ਤਾਰਿਆਂ ਭਰਿਆ ਨਿੰਬਲ ਆਪਣੀ ਥਾਂ 'ਤੇ ਦੂਰ, ਬਹੁਤ ਦੂਰ ਬਹੁਤ ਦੂਰ ਕਿਤੇ ਮੇਰੇ ਸਿਰ ਤੋਂ ਬੜਾ ਹੀ ਉੱਚਾ ਫਿਰ ਹੱਸਣ ਜਿਹਾ ਲਗ ਪੈਂਦਾ ਮੇਰੇ ਦਿਲ 'ਚੋਂ ਗੀਤ ਫੁੱਟਣ ਲਗ ਪੈਂਦੇ, ਤੇ ਮੈਂ ਓਦਰੀ ਹੋਈ ਸਾਰੀ ਸਾਰੀ ਰਾਤ ਬਲ ਬਲ ਕੇ ਥੱਕਿਆ ਪਿਆ ਦੀਵਾ ਤਲੀ 'ਤੇ ਰੱਖੀ, ਉਹਨੂੰ ਵਿੰਹਦੀ, ਨਾਲੇ ਵਿੰਹਦੀ ਨ੍ਹੇਰੇ ਦੀ ਬੁੱਕਲ 'ਚੋਂ ਚਿਰੋਂ ਵਿਛੁੰਨੇ ਚੰਨੋ ਦਾ ਰਾਹ । ਨ੍ਹੇਰੇ 'ਚੋਂ ਆਕਾਰ ਉਭਰਦੇ ਤੇਰੀ ਉਸੇ ਖੀਵੀ ਅੱਖ ਦੇ ਜਿਸ ਨੇ ਮੈਨੂੰ ਡੋਲੀ ਅੰਦਰੋਂ ਤਕਦੀ ਨੂੰ ਵੀ ਤਾੜ ਲਿਆ ਸੀ। ਮੈਂ ਸ਼ਰਮਾ ਕੇ, ਦੀਵਾ ਬਾਰੀ ਵਿਚ ਟਿਕਾ ਕੇ, ਗੌਂਦੀ ਗੌਂਦੀ ਮੰਜੇ ਉਤੇ ਜਾ ਪੈਂਦੀ ..... ....... ........ .....! “ਮੈਂਨੂੰ ਵੇਖਦਿਆਂ ਆਪਣੇ ਵਲ ਮਾਹੀ ਮੇਰੇ ਵੇਖ ਲਿਆ । ਮੈਂ ਹੋਰ ਹੋਰ ਗਈ ਹੋ ਅਸਮਾਨਾਂ ਵਿਚ ਖਿਲਰੀ ਨੀ ਮੇਰੀ ਮਾਹੀ ਦੀ ਖ਼ੁਸ਼ਬੋ ਤਾਰਿਆਂ ਦਾ ਰੰਗ ਫਿੱਕਾ ਫਿੱਕਾ ਭੋਰ ਭੋਰ ਗਈ ਹੋ......! ਮੈਨੂੰ ਵੇਖਦਿਆਂ ਆਪਣੇ ਵਲ ਮਾਹੀ ਮੇਰੇ ਵੇਖ ਲਿਆ ਗਈ ਲੋਰ ਲੋਰ ਜਹੀ ਆ ! ਮੈਂ ਹੋਰ ਹੋਰ ਗਈ ਹੋ-! ..... ....... ........ .....! ਇਸ ਜਾਗੋ-ਮੀਟੇ ਸੁਪਨ-ਗੀਤ ਵਿਚ ਘਰ ਵਾਲੀ ਦੀ ਜਾਗ ਖੁੱਲ੍ਹ ਗਈ । ਫੌਜੀ ਦੀ ਹਿੱਕ 'ਤੇ ਸਿਰ ਸੁੱਟੀ, ਸੁਪਨੇ ਵਿਚ ਉਹਨੂੰ ਆਪਣਾ ਸਮਝੀ ਲਟਬੌਰੀ ਜਹੀ ਪੁਛਦੀ ਸੁਪਨੇ ਵਿਚ ਹੀ “ਤੂੰ ਏਨਾ ਚਿਰ ਕਿੱਥੇ ਲਾਇਆ, ਹਾਣੀਆਂ ? ਪਿਆਰ ਤਾਂ ਭਲਾ ਨਾ ਹੀ ਸਹੀ ਵੇ, ਤਰਸ ਨਾ ਆਇਆ ਤੈਨੂੰ, ਮੇਰੇ ਹਾਣੀਆ ? ਵੇ ਤੂੰ ਏਨਾ ਵੀ ਨਾ ਸੋਚਿਆ, ਕਿ ਕੋਈ ਤੇਰੇ ਪਿੱਛੇ ਹੋਸੀ ਠਰੀ ਚਾਨਣੀ ਵਿਚ ਵੀ ਬਲ ਬਲ ਉੱਠਦਾ; ਵੇ ਤਾਰੇ ਉਹਦੀਆਂ ਰਾਤਾਂ ਨੂੰ ਚੰਗਿਆੜੇ ਬਨ ਬਨ ਲੂੰਹਦੇ ਹੋਸਣ । ਮੈਂ ਰੱਬ ਤੋਂ ਖੰਭ ਮੰਗਦੀ ਮੰਗਦੀ ਰੋਜ਼ ਕਿਸੇ ਖੰਭ ਟੁੱਟੇ ਪੰਛੀ ਵਾਂਗਰ ਠੰਡੇ ਬਿਸਤਰ ਉੱਤੇ ਹਿਜਰ ਤੇਰੇ ਦੇ ਤਾਪ 'ਚ ਤਪਦੀ ਠੰਡੀ ਹੋ ਹੋ ਜਾਨੀ ਆਂ ਵੇ !!" ..... ....... ........ .... "ਚੰਨ ਆਪਣੇ ਵਕਤ ਨਾਲ ਡੁੱਬ ਜਾਂਦਾ ਤਾਰੇ ਘੜੀ ਕੁ ਮੱਚ ਖਲੋਂਦੇ : ..... ....... ........ .... ਏਦਾਂ ਅੱਖਾਂ ਵਿਚ ਹੀ ਰਾਤਾਂ ਕਟਦੀਆਂ ਤੇ ਪਰਭਾਤਾਂ ਹੋ ਹੋ ਗਈਆਂ । ਦਿਨ ਚੜ੍ਹਦੇ ਤਕ ਸੁੱਤੀ ਪਈ ਨੂੰ ਕੋਈ ਗਵਾਂਢਣ ਕੋਠੇ ਤੋਂ ਹੀ ਹਾਕ ਮਾਰ ਕੇ ਤਰਾਹ ਕਢ ਛਡਦੀ ! ..... ....... ........ ....!" ਤੇ ਘਰ ਵਾਲੀ ਪਈ ਪਈ ਦਾ ਸੱਚੀਂ ਹੀ ਤਰਾਹ ਨਿਕਲ ਗਿਆ । ਕਿਸੇ ਪਛਾਣੇ ਹੱਥ ਦੀ ਛੁਹ ਨੇ ਉਹਦੀ ਗੱਲ੍ਹ 'ਤੇ ਥਪਕੀ ਦਿਤੀ : ਉਹ ਫਿਰ ਸੌਂ ਗਈ ਨੀਂਦ ਵਿਗੁੱਤੀ । ਵਰ੍ਹਿਆਂ ਦੇ ਫਿਕਰਾਂ ਤੋਂ ਪਿਛੋਂ ਬੇਫ਼ਿਕਰੀ ਵਿਚ ਸੁੱਤੀ ਹੋਈ ਸੁੰਦਰਤਾ ਨੂੰ ਮਸਤ ਵੇਖ ਕੇ ਉਸ ਰਾਹੀ ਨੂੰ ਤਰਸ ਤਾਂ ਆਵੇ ਪਰ ਪਲ ਵਿਚ ਹੀ ਮੱਥਾ ਉਹਦਾ ਤਿਊੜੀ ਪਾਵੇ, ਵੱਟਿਆ ਜਾਵੇ ! ..... ....... ........ ....! ਆਖ਼ਰ ਉਹ ਵਿਲ ਡਾਢਾ ਕਰਕੇ, ਮੱਲਕ ਮੁੱਲਕ ਆਪਣੇ ਥਾਂ ਤੋਂ ਰਤਾ ਕੁ ਲਾਂਭੇ ਖਿਸਕ ਗਿਆ । ਆਪਣੀ ਹਿੱਕ ਦੀ ਥਾਂ 'ਤੇ ਉਸ ਨੇ ਇਕ ਸਰ੍ਹਾਣਾ ਰੱਖ ਲਿੱਤਾ ਤੇ ਮੰਜੇ ਤੋਂ ਉਠ ਹੌਲੀ ਹੌਲੀ ਬੂਹੇ ਵਲ ਨੂੰ ਸਰਕ ਗਿਆ । ..... ....... ........ ....! ਬੇਫ਼ਿਕਰੀ ਵਿਚ ਸੁੱਤੀ ਛੱਡ ਕੇ ਕੋਈ ਘਰ ਵਾਲੀ ਨੂੰ ਵਿੰਹਦਾ ਵਿੰਹਦਾ ਬਾਹਰ ਵਲ ਨੂੰ ਨਿਕਲ ਗਿਆ... ਓਸ ਨਹੀਂ ਤੇ--? ਤੇ--? ਤੇ ਫਿਰ ਕਦੀ ਨਾ ਮੁੜਿਆ ! ..... ....... ........ ....!! ਚੰਗੇ ਦਿਨ ਉੱਭਰੇ ਉਹ ਉੱਠੀ, ਘਬਰਾਈ, ਕੰਬੀ, ਘਬਰਾਈ “ਹਾਏ, ਮੈਂ ਕੀਤਾ ? ਇਕ ਬੇਗਾਨੇ ਬੰਦੇ ਦੇ ਸੰਗ, ਇਕ ਬੇਗਾਨੇ ਮੋਢੇ ਉੱਤੇ, ਸਿਰ ਕਿਉਂ ਮੈਂ ਧਰ ਲੀਤਾ !? ..... ....... ........ ....! ਮੈਂ ਪਾਪਣ ਹਾਂ, ਅਪਰਾਧਨ ਹਾਂ ਕੀ ਮੈਂ ਸੱਚ ਮੁਚ ਮੈਲੀ ਹਾਂ ਹੁਣ ? ਕੀ ਮੈਂ ਸੱਚ ਮੁੱਚ ਪਾਪਨ ਹੀ ਹਾਂ ? ..... ....... ........ ....! ਇਸ ‘ਪਾਪਨ' ਨੇ ਕਈ ਦਿਨ ਪਿਛੋਂ ਅੰਨ ਪਾਣੀ ਨੂੰ ਮੂੰਹ ਨਾ ਲਾਇਆ । ਇਕ ਦਿਨ ਉਸ ਭੁੱਖੀ ਕਮਲੀ ਨੇ ਹੋਰ ਪਾਪ ਦਾ ਕੀਤਾ ਨੁੱਕਰੇ ਟਿਕਿਆ ਕਿੱਟ ਫ਼ੌਜੀ ਦਾ ਹਿੰਮਤ ਕਰਕੇ, ਚੋਰਾਂ ਵਾਂਗਰ ਲਾਂਭੇ ਚਾਂਭੇ ਝਾਕ ਝਾਕ ਕੇ ਖੋਲ੍ਹ ਲਿਆ । ਫੋਲਾ ਫਾਲੀ ਕਰਦਿਆਂ ਕਿੱਟ ਚੋਂ ਆਪਣੇ ਹੱਥ ਦਾ ਕਢਿਆ ਹੋਇਆ ਸੁੱਚਾ ਇਕ ਰੁਮਾਲ ਨਿਕਲਿਆ, ਜਿਸ 'ਤੇ ਉਸ ਨੇ ਭਰ ਜੁਆਨੀ ਵਿਚ ਆਪਣੇ ਹੱਥੀਂ ਆਪਣੇ ਦਿਲ ਦੀ ਨਿੱਕੀ ਜਹੀ ਮੂਰਤ ਕੱਢੀ ਸੀ— ਲਾਮ 'ਤੇ ਜਾਂਦੇ ਗਭਰੂ ਨੂੰ ਜੋ ਪਿਆਰ ਨਿਸ਼ਾਨੀ ਦਿਤੀ ਸੀ : "ਲੈ ਜਾ ਨਾਲ ਨਿਸ਼ਾਨੀ ਸਾਡੀ, ਇਕ ਜਨਮ ਤਾਂ ਤੇਰੇ ਲੇਖੇ ਲਾਇਆ ਏ ਨੌਕਰਾ !'' ..... ....... ........ ....! ਕਿੱਟ ਖੁੱਲ੍ਹੇ ਤੇ ਕੋਲੇ ਬੈਠੀ, ਬੈਠੀ ਦੀ ਬੈਠੀ ਹੀ ਰਹਿ ਗਈ । ..... ....... ........ ....! ਕਈ ਵਰ੍ਹੇ ਹੋਰ ਗੁਜ਼ਰ ਗਏ ਨੇ, ਉਹਨੂੰ ਮੁੜ ਕੇ ਗਏ ਨੂੰ ਹਾਲੀ ਤਕ ਨਹੀਂ ਪਰਤਿਆ ਘਰ ਵਾਲੀ ਦਾ ਘਰ ਵਾਲਾ ! ਕੁਲਟਾਪਨ ਕੀ ਏਡਾ ਵੱਡਾ ਪਾਪ ਹੈ, ਜਿਸਦਾ ਕੋਈ ਜੀਵਨ ਸਾਥੀ ਆਪਣਾ ਵੀ ਮਾਫ਼ੀ ਤਕ ਦੇ ਸਕੇ ਨਾ ?! ਪਿਆਰ ਤਾਂ ਭਲਾ ਨਾ ਹੀ ਸਹੀ। ..... ....... ........ ....। ਘਰ ਵਾਲੀ ਇਹ ਸੋਚ ਸੋਚ ਕੇ ਕਮਲੀ ਹੋ ਹੋ ਜਾਂਦੀ ਪਈ ਏ : ਕਬਜ਼ਿਆਂ ਕਮਲੇ ਕੀਤੇ ਲੋਕੀਂ ਇਸ ਕਮਲੀ ਨੂੰ ਛੇੜ ਛੇੜ ਕੇ ‘ਜੀਂਦੀ ਸਤੀ' ਬੁਲਾਂਦੇ ਨੇ ! ਕਬਜ਼ਾ ਹੀ ਤ੍ਰਿਪਤਾਂਦੇ ਨੇ !! (ਕਮਲੀ ਫ਼ੌਜਣ ਵਿਆਕੁਲ ਹੋਈ ਗੀਤ ਜਿਹਾ ਹੈ ਗਾਂਦੀ ਰਹਿੰਦੀ : ) ਗੀਤ ਸਾਰੀ ਰਾਤ ਲਵੇ ਬਿੜਕਾਂ (ਵੇ) ਮੇਰੀ ਆਸ ਪਈ ਅਧਮੋਈ ਖੋਲ੍ਹਾਂ ਨਾ ਮੈਂ ਅੱਖ ਡਰਦੀ ਮਤੇ ਸੁਪਨਾ ਟੁੱਟ ਜਾਏ ਕੋਈ ! ਕੱਚ ਮੋਤੀ ਅੱਖ ਕੇਰਦੀ (ਵੇ) ਜਦੋਂ ਚੱਲਦੀ ਨਜ਼ਰ ਦੀ ਨੌਕਾ : ਨਿੱਤ ਤੇਰੇ ਵੱਲ ਭੱਜਦਾ ਮੇਰੀ ਗਿੱਲੀਆਂ ਅੱਖਾਂ ਦਾ ਹਉਕਾ। ਠਰਦੀ ਹਵਾ ਨੂੰ ਚੁੰਮ ਕੇ ਮੇਰੀ ਪਲ ਪਲ ਅੱਖੜੀ ਰੋਈ ! ਸਾਰੀ ਰਾਤ ਲਵੇਂ ਬਿੜਕਾਂ, ਵੇ ..... ....... ........ ....! ਨੈਣਾਂ ਦੇ ਦੁਆਰੇ ਆਣ ਕੇ (ਅਸਾਂ) ਸੱਧਰਾਂ ਦਾ ਸੀਸ ਨਿਵਾਇਆ : ਸੁਪਨੇ 'ਚ ਜਿੱਤ ਲੈ ਗਿਆ (ਜਿਹੜਾ) ਦਿਲ ਸੀ ਦਰਦ ਪਰਨਾਇਆ ਹੱਸਦੇ ਨੇ ਫੁੱਲ ਕੇਰਿਆਂ (ਵੇਂ ਮੈਂ) ਬਿਨ ਮੌਤੋਂ ਹੀ ਮੋਈ ! ਸਾਰੀ ਰਾਤ ਲਵੇ ਬਿੜਕਾਂ, ਵੇ ..... ....... ........ ....! ਨਿੱਤ ਨਿੱਤ ਅੱਖਾਂ ਬੋਲ ਦੇਂਦੀਆਂ ਵੇ ਮੇਰੇ ਗੁੰਗਿਆਂ ਦੁੱਖਾਂ ਦੇ ਹਾੜੇ ਤੱ ਤਾ ਤੱਤਾ ਨੀਰ ਡੁੱਲ੍ਹਦਾ (ਜਿਹੜਾ) ਨਿਤ ਮੁਸਕਾਣਾ ਸਾੜੇ ਠੰਡੀ ਠੰਡੀ ਪੈਂਦੀ ਜਾਪਦੀ (ਵੇ) ਮੇਰੀ ਲੱਗੀਆਂ ਅੱਖਾਂ ਦੀ ਲੋਈ ! ਸਾਰੀ ਰਾਤ ਲਵੇਂ ਬਿੜਕਾਂ, ਵੇ ..... ....... ........ ....! ਸਾਰੀ ਰਾਤ ਦੀਵਾ ਬਲਦਾ (ਜਿੰਦ) ਵਿੱਚ ਵੇ ਉਡੀਕਾਂ ਸੋਈ : ਭਿੱਜੀ ਰਾਤ ਕੱਢੇ ਤਰਲੇ (ਵੇ ਪਰ) ਫੁੱਲ ਖਿੜਦਾ ਨਾ ਕੋਈ ! ਚੜ੍ਹਕੇ ਕਿਉਂ ਚੰਨ ਡੁੱਬਿਆ (ਸਾਥੋਂ) ਕੀ ਵੇ ਅਵੱਗਿਆ ਹੋਈ ? ਸਾਰੀ ਰਾਤ ਲਵੇ ਬਿੜਕਾਂ ਵੇ ਮੇਰੀ ਆਸ ਪਈ ਅਧਮੋਈ । ਡਰਦੀ ਨਾ ਅੱਖ ਖ਼ੋਲ੍ਹਦੀ (ਮਤੇ) ਸੁਪਨਾ ਟੁੱਟ ਪਏ ਕੋਈ !!

ਓਸੇ ਰਾਹ 'ਤੇ ਚਲਦਿਆਂ

ਅੰਮ੍ਰਿਤਾ ਪ੍ਰੀਤਮ ਨੂੰ ਨ੍ਰਿਤ-ਨਾਟ-ਨਿਰਦੇਸ਼ਨ ਇਹ ਬੈਲੇਡ ਨਾਚ-ਨਾਟ-ਮੰਤਰ ਦੇ ਤੌਰ ਤੇ ਵਰਤਣ ਕੋਈ ਮੁਸ਼ਕਲ ਨਹੀਂ । ਕਮਲੇ ਦਾ ਰੋਲ ਤਾਂ ਭਾਵੇਂ ਕਈ ਮੁੰਡੇ ਬੜੀ ਕਾਮਯਾਬੀ ਨਾਲ ਨਿਭਾ ਲੈਣਗੇ, ਪਰੰਤੂ, ਸਵਾਣੀ ਉਹਦੇ ਪਤੀ, ਅਤੇ ਤਿੰਨੇ ਬੱਚਿਆਂ ਦੇ ਰੋਲ ਮੁਸ਼ਕਲ ਹਨ। ਮਿੰਨੀ ਦਾ ਰੋਲ ਖ਼ਾਸ ਕਰਕੇ ਬਹੁਤ ਤਿਆਰੀ ਦੀ ਮੰਗ ਕਰਦਾ ਹੈ। ਉਹ ਵੀ ਤਾਂ, ਜੇ ਕੋਈ ਬੱਚਾ ਸਮਝਕੇ, ਤੋਤਲੀਆਂ ਮਾਰ ਸਕੇ । ਸਵਾਣੀ ਦਾ ਰੋਲ ਨਾਚ ਵਿਚ ਪੇਸ਼ ਕਰਨਾ ਵੀ ਬਹੁਤ ਸੂਝ ਤੇ ਮਿਹਨਤ ਦੀ ਮੰਗ ਕਰਦਾ ਹੈ । ਓਸੇ ਰਾਹ 'ਤੇ ਚਲਦਿਆਂ ਦੁਨੀਆ ਦੇ ਸੰਘਣੇ ਬੇਲੇ ਵਿਚ ਓਸੇ ਰਾਹ 'ਤੇ ਚਲਦਿਆਂ, ਉਸ ਕਮਲੇ ਜਹੇ ਨੂੰ ਇੰਜ ਲਗਦੈ : ਬਿਰਛਾਂ ਪਿੱਛੇ ਹਾਲੀ ਵੀ ਹੈ ਲੁਕਿਆ ਰਹਿੰਦਾ ਕੋਈ ਨਾ ਕੋਈ ਬੇਲੇ ਦੀ ਪੱਤ ਦਾ ਰਖਵਾਲਾ, ਕੈਦੋ ਵਾਂਗ ਜੋ ਰਹਿੰਦੈ ਅੱਖ ਝਮੀਖਦਾ ! ਅਪਣੀ-ਹੀਰ-ਵਿਛੁੰਨਾ ਕਮਲਾ ਘੜੀ ਮੁੜੀ ਹੈ ਵਿਹੰਦਾ ਰਾਹ ਨੂੰ ਜਿੱਕਰ ਉਹਦੀ ਹੀਰ ਹੀ ਓਸੇ ਚੌਰਾਹੇ ਵਿਚ ਆ ਗਈ ਹੋਵੇ। ਸਵੇਰ ਹੋਵੇ, ਦੁਪਹਿਰ ਹੋਵੇ, ਅਵੇਰ ਹੋਵੇ, ਕਿਸੇ ਵੀ ਬਾਂਕੀ ਕੁੜੀ ਨੂੰ ਰੋਕ ਖਲੋਂਦਾ ਹੈ ਇਹ ਕਮਲਾ । ਯਕਦਮ ਬੋਲਣ ਹੀ ਹੈ ਲਗਦਾ, ਜ਼ੋਰ ਲਗਾ ਦੇਵੇ ਰਗ ਰਗ ਦਾ : “ਵੇਖਾਂ ਫਿਰ ਹੁਣ !......! ਛੱਡ ਵੀ ਗੱਲ ਨੂੰ !......! ਚੁਪ ਚੁਪ ਰਹਿ ਕੇ ਕੁੱਝ ਨਾ ਕਹਿ ਕੇ ਸਭ ਕੁਝ ਸੁਣ ਕੇ ਮਸਤ ਹੀ ਰਹਿ ਕੇ, ਕਿਉਂ ਫਿਰ ਹਉਕੇ ਭਰਦੇ ਓ ਜੀ ! ਵੇਖਾਂ ਫਿਰ, ਕੀ ਕਰਦੇ ਓ ਜੀ !? ਅੱਜ ਤਕ ਉਸ ਨੇ ਦਿਲ ਅਪਣੇ ਨੂੰ ਪੀੜਾਂ 'ਤੇ ਧਰਕਾਇਆ ਹੈ। ਦਿਲ ਉਹਦਾ ਗਮਰੁੱਠ ਅੱਖਾਂ 'ਚੋਂ ਮੋਤੀ ਬਣ ਕੇ ਆਇਆ ਹੈ। ਕਿਉਂ ਗਮ ਨੂੰ ਫ਼ੈਸ਼ਨ ਜਿਹਾ ਸਮਝੇ ? ਉਰਦੂ ਦੇ ਕਿਸ ਸ਼ਾਇਰ ਵਾਂਗਰ ? ਇਹ ਉਹਦੀ ਦਿਲਗੀਰੀ ਮਿੱਠੀ ਮਿੱਠੀ ਆਦਤ ਕਿਉਂ ਹੈ ਬਣਦੀ ਜਾਂਦੀ ? ਉਹਦੇ ਗਲ ਵਿਚ ਲੂਣੇ ਲੂਣੇ ਗਲ-ਘੋਟੂ ਜਹੇ ਪਾਣੀ ਦਾ ਕਿਉਂ ਗੱਚ ਭਰ ਜਾਂਦੈ, ਬੋਲ ਨਹੀਂ ਹੁੰਦਾ ? ਕਈ ਵਾਰ ਫਿਟਕਾਰ ਜਹੀ ਹੈ ਦਿਲ 'ਚੋਂ ਹਉਕੇ ਵਾਂਗਰ ਚੜ੍ਹਦੀ ਤੇ ਗਲ ਘੱਟ ਦੇਂਦੀ ਹੈ ਉਹਦਾ। ਧੀਦੋ ਸਮ ਰੁੱਸਿਆ ਜਿਹਾ ਹੋ ਕੇ ਏਸੇ ਰਾਹ ਤੇ ਆ ਜਾਂਦਾ ਹੈ ਦਿਲ ਦਾ ਰਾਂਝਾ ਰਾਜ਼ੀ ਕਰਦੈ, ਧੀਦੋ ਸਮੇਂ ਗੁਸਤਾਖ਼ ਜਿਹਾ ਹੋ, ਚੌਰਾਹੇ ਨੂੰ ਪਲੰਘ ਸਮਝ ਕੇ ਮੱਲ ਕੇ ਬਹਿ ਜਾਂਦਾ ਹੈ ਸੇਜਾ ਹੀਰ ਦੀ। .... ... .... ... ...! ਉਹ ਤਾਂ ਕੋਲੋਂ ਲੰਘ ਜਾਂਦੀ ਏ । ਰਤਾ ਕੁ ਉੱਚੀ ਖੰਘ ਜਾਂਦੀ ਏ। ਅਥਰੀ ਹੀਰ, ਪਰ, ਉਹਦੀ ਜ਼ਮੀਰ ਛਮਕਾਂ ਮਾਰ ਮਾਰ ਕਮਲੇ ਨੂੰ ਲਾਹੁੰਦੀ ਅਪਣੀ ਸੇਜੋਂ ਹੇਠਾਂ । ਝੂਠੀ ਕਲਪਤ ਮਾਰ ਨੂੰ ਸੱਚੀ ਸਮਝਕੇ ਕਮਲਾ ਰੋ ਰੋ ਗੌਂਦੈ, ਤਰਲੇ ਮਾਰਦੈ : “ਹਾਏ ਨਾ ਨੀ ਮਾਰ ਹੀਰੇ ਤੂੰ ਵੀ ਤਾਂ ਨਾ ਮਾਰ ਨੀ ! ਮਿਲਖਾਂ ਦੇ ਭੁੱਖੇ ਵੀਰੇ ਸਾਂਭੀ ਬੈਠੇ ਮਿਲਖ ਬਾਪ ਦੀ ਤੂੰਹੀਉਂ ਹੀ ਨਾ ਮਾਰ ਹੀਰੇ, ਤੂੰ ਵੀ ਤਾਂ ਨਾ ਮਾਰ ਨੀ । ਹਾਏ ਨਾ ਨੀ ਮਾਰ ਹੀਰੇ ਤੂੰ ਵੀ ਤਾਂ ਨਾ ਮਾਰ ਨੀ।” .... ... .... ... ...!! ਕਲਪਤ ਛਮਕਾਂ ਖਾਂਦਾ ਕਮਲਾ । ਹਾਲ ਪਾਹਰਿਆ ਪਾਂਦਾ ਕਮਲਾ ! ਤਪਦੀ ਨੂੰ ਵੀ ਤਾਂਦਾ ਕਮਲਾ । ਚੌਰਾਹਿਉਂ ਟੁਰ ਜਾਂਦਾ ਕਮਲਾ । ਲਾਪਰਵਾਹ ਤ੍ਰਿਪਤੀ ਨੂੰ ਮੌਜਾਂ ਮਾਣਦਿਆਂ ਵੇਖ ਨਹੀਂ ਸਕਦਾ ਉਹਦਾ ਅੰਦਰ, ਤੇ ਚੌਰਾਹਿਉਂ ਲਾਂਭੇ ਹੋ ਕੇ ਸੌਂ ਜਾਂਦਾ ਹੈ ਧਰਤੀ 'ਤੇ ਹੀ । ਫੇਰ ਜਦੋਂ ਉਹ ਸੁੱਤ-ਉਂਨੀਦਾ ਉਠ ਬਹਿੰਦਾ ਹੈ ਮਸਤ-ਅਬੋਲ; “ਵਾਹ ਸੱਜਨ ਆਖਣ ਤੋਂ ਪਹਿਲਾਂ, ਉਹਦੇ ਅੰਦਰੋਂ ਹੀਰ ਹੈ ਹਸਦੀ, ਆਲਾ ਦੁਆਲਾ ਮਿਹਰਬਾਨ ਜਿਹਾ ਜਾਪਣ ਲਗਦੈ, ਧੁਰ ਅੰਦਰੋਂ ਜ਼ਮੀਰ ਹੈ ਹਸਦੀ। ਕਮਲਾ ਫਿਰ ਆ ਬਹਿੰਦੈ ਸੜਕ ਵਿਚਾਲੜੇ ! .... ... .... ... ...! .... ... .... ... ...!! ਇਕ ਦਿਨ, ਇਕ ਮਾਂ ਤੇ ਤਿੰਨ ਬੱਚੇ ਲੰਘ ਰਹੇ ਸਨ ਚੌਰਾਹੇ 'ਚੋਂ....!! ਕਮਲੇ ਨੇ ‘ਵੇਖਾਂ ਫਿਰ ਹੁਣ',ਕਹਿ ਯਾਦ ਜਹੀ ਵਿਚ ਹਉਕਾ ਭਰਿਆ: ਬੋਲਣ ਤੋਂ ਆਤਰ ਜਿਹਾ ਹੋਕੇ ਚਾਰ ਚੁਫੇਰਾ ਬਾਹਾਂ ਦੇ ਵਿਚ ਘੁੱਟ ਲਿਆ ਜੱਫੀ ਜਹੀ ਪਾ ਕੇ । ਚੀਕ ਜਹੀ ਇਕ ਮੂੰਹੋਂ ਨਿਕਲੀ ਫਿਰ ਇਕ ਠੰਡਾ ਸਾਹ ਉਸ ਭਰਿਆ । ਬੁੱਤ-ਅਬੋਲ-ਸਰੋਤਾ-ਕਮਲਾ, ਰਾਹ ਹੀ ਮੱਲ ਖਲੋਤਾ ਕਮਲਾ । ਫਿਰ ਹੱਸਿਆ ਕਮਲਾ ਜਿਹਾ ਰੋ ਕੇ; ਬੋਲ ਪਿਆ ਰੋਂਦੜ ਜਿਹਾ ਹੋ ਕੇ : "ਥੋਨੂੰ ਕਿਧਰੇ ਵੇਖਿਐ ਪਹਿਲਾਂ । ਘੜੀ ਮੁੜੀ ਮੈਨੂੰ ਝਾਉਲ ਪੈਂਦੈ; ਸੋਚਨਾਂ, ਜਾਪਦੀ ਤਾਂ ਉਹ ਹੀ ਹੈ। ਤੂੰ ਤਾਂ ਜ਼ਰਾ ਨਾ ਬਦਲੀ ਹੀਰੇ । ਓਹੀ ਉਦਾਸ ਉਦਾਸ ਜਹੀ ਹੀ। ਮੈਨੂੰ ਖ਼ਬਣੀ ਕਿਉਂ ਆਸ ਜਹੀ ਸੀ : ਤੂੰ ਹੁਣ ਤਾਂ ਖੁਸ਼ ਖੁਸ਼ ਹੋਵੇਗੀ । ਹੁਣ ਤਾਂ ਸਦੀਆਂ ਬੀਤ ਗਈਆਂ ।" .... ... .... ... ...! ਉਸ ਕਮਲੇ ਤੋਂ ਇਹ ਗੱਲ ਸੁਣਕੇ, ਸੁਆਣੀ ਦੀ ਸਿਆਣੀ ਗਮਗੀਨੀ : ਮੁਸਕਾਂਦੀ, ਖਿੜ ਜਹੀ ਜਾਂਦੀ ਹੈ। ਕਮਲਾ ਵੀ ਖਿੜ ਖਿੜ ਪੈਂਦਾ ਹੈ। ਫਿਰ ਖ਼ਬਣੀ ਕਿਉਂ ਚਿੜ ਪੈਂਦਾ ਹੈ । ਹੱਸਦਾ ਹੱਸਦਾ ਫਿਰ ਜਾਂਦਾ ਹੈ । ਹੱਸਦੇ ਗਮ ਵਿਚ ਘਿਰ ਜਾਂਦਾ ਹੈ। ਉਹ...ਹ.... ... .... ... ...! ਤੂੰ ਤਾਂ ਸੱਚ ਮੁੱਚ ਤੂੰ ਹੀ ਨਿਕਲੀ । ਸੁਣਾ ਫਿਰ.... ... .... ... ...! ਸੁੱਖ ਸਾਂਦ ਤਾਂ ਹੈ ਨਾਂ, ਜੇਰੋ !?'' ਸੁਆਣੀ ਮੂੰਹੋਂ ‘ਹੂੰ’ ਹੀ ਨਿਕਲੇ । ਏਨੇ ਵਿਚ ਉਸ ਦਾ ਮਾਲਕ ਵੀ ਇਸ ਪਿੱਛੋਂ ਆ ਰਲਦੈ ਉਹਨਾਂ ਨੂੰ। ਮਾਲਕ ਨੂੰ ਤੱਕ, ਬੱਚਿਆਂ ਦੀ ਮਾਂ ਅੱਖੀਂ ‘ਹੈਂ ਹੈਂ' ਜਹੀ ਮੁਸਕਾ ਕੇ, ਰਾਹ 'ਤੇ ਰੁਕਣ ਦਾ ਪੱਜ ਬਣਾ ਕੇ, ਤਰਸ ਜਿਹਾ ਕਮਲੇ 'ਤੇ ਖਾਕੇ, ਕਮਲ ਚੌਰਾਹੇ ਵਿਚ ਬੁੱਤ ਜਿਹਾ ਬਣ ਜਾਂਦੀ ਏ ।ਦੀ .... ... .... ... ...! ਇਸ ਬੁੱਤ ਦੀਆਂ ਅੱਖਾਂ 'ਚੋਂ ਕਮਲਾ ਝੂਠਲ ਲਗਦੀ ਸੱਚੀ ਹਮਦਰਦੀ ਨੂੰ ਪਾ ਕੇ, ਭੀੜ ਦੀ ਨਜ਼ਰ ਤੋਂ ਨਜ਼ਰ ਬਚਾ ਕੇ ਅਪਣੀ ਅੱਖੀਂ ‘ਹੈਂ' ਮੁਸਕਾ ਕੇ, ਨਚਦਾ ਨਚਦਾ, ਹੱਸਦਾ ਹੱਸਦਾ, ਕਮਲਿਆਂ ਵਾਂਗਰ ਨੱਸ ਜਾਂਦਾ ਹੈ । ਸੁਆਣੀ ਦਾ ਸਾਊ ਸਾਹਿਬ ਵੀ ਹੱਸ ਪੈਂਦਾ ਹੈ। ਮਾਂ ਤੇ ਪਿਉ ਨੂੰ ਹੱਸਦੇ ਵਿਹੰਦੇ, ਵੇਖੋ ਵੇਖੀ, ਤਿੰਨੇ ਬੱਚੇ ਹੱਸਦੇ ਹੱਸਦੇ ਲੰਘ ਜਾਂਦੇ ਨੇ। .... ... .... ... ...! ਦੁਨੀਆਂ ਦੇ ਸੰਘਣੇ ਬੇਲੇ ਵਿਚ ਓਸੇ ਰਾਹ 'ਤੇ ਚਲਦਿਆਂ, ਇਸ ਕਮਲੇ ਨੂੰ ਇੰਜ ਲਗਦਾ ਏ : ਜਿਉਂ ਬੇਲੇ ਦੇ ਬਿਰਛ ਬਰੂੰਬਲ, ਬੱਦਲਾਂ 'ਤੇ ਨੱਚਦੇ ਰੱਤੇ ਰੰਗ, ਨੂਰ ਨੀਲਾਹਟ ਨਗਨ ਗਗਨ ਦੀ, ਨੀਲਕੰਠ ਦੇ ਜੁੱਸੇ ਵਰਗੀ, ਫੱਗਣ ਚੇਤਰ, ਤੇ ਬਰਖਾ ਰੁੱਤ, ਚੰਨ ਪੂਰੇ ਦੀ ਚੰਬੀ ਝਾਤੀ - ਸਭ ਦੀਆਂ ਸਭ ਰੁੱਤਾਂ ਤੇ ਥਿੱਤਾਂ ਉਹਦੀਆਂ ਅੱਖਾਂ ਵਿਚੋਂ ਹੱਸਣ। ਤੇ ਉਹ ਓਸੇ ਅੱਲੜਪਨ ਵਿਚ ਅਪਣੀ ਨਜ਼ਰ ਦੀਆਂ ਛਮਕਾਂ ਸੰਗ ਝੰਬਦੀ ਜਾਪੇ ਇਸ ਕਮਲੇ ਨੂੰ। ਤੇ ਕਮਲਾ ਝੂਠਲ ਘੂਰੀ ਨੂੰ “ਵਾਹ ਸੱਜਨ" ਕਹਿ ਕੇ ਟੁਰ ਪੈਂਦੈ। .... ... .... ... ...!! ਸੁਆਣੀ ਆਪੇ ਵਿਚ ਗੁਆਚੀ ਖਲੀ ਖਲੋਤੀ ਘੁਲ ਜਾਂਦੀ ਹੈ। ਬੱਚਿਆਂ ਨੂੰ ਵੀ ਭੁੱਲ ਜਾਂਦੀ ਹੈ। .... ... .... ... ...! ਟਿੰਨੀ ਚੀਕ : ਅੰਮੀਂ, ਅੰਮੀਂ ਮਿੰਨੀ ਬੋਲੇ : ਮੰਮੀ, ਮੰਮੀ । ਨੀਨਾਂ ਵੀ ਸਿਰ ਮੋੜ ਕੇ ਵੇਖੇ : ਕਿਉਂ ਪਿੱਛੇ ਰਹਿ ਗਏ ਓ, ਮੰਮੀ ? .... ... .... ... ...! "ਓਹੋ, ਮੈਂ ਕਿਉਂ ਪਿੱਛੇ ਰਹਿ ਗਈ ! ਵੇ ਟਿੰਨੀ, ਮੈਂ ਪੱਛੜ ਗਈ ਵੇ ! ਲਾਲੜੀਆਂ ਦੀ ਲੜੀ ਮੇਰੀ, ਵੇ, ਕਿੰਨੀ ਅੱਗੇ ਲੰਘ ਗਈ ਏ ।?” .... ... .... ... ...! ਏਨਾਂ ਕਹਿ ਕੇ ਰਲ ਪੈਂਦੀ ਹੈ। ਅੰਦਰੋਂ ਅੰਦਰੀਂ ਬਲ ਪੈਂਦੀ ਹੈ । ਬੱਚਿਆਂ ਨੂੰ ਘੁੱਟ ਵਿਚ ਕਲਾਵੇ, ਠੰਡੀ ਇਕ ਇੱਕ ਨੂੰ ਪਾ ਪਾ ਕੇ, ਮਿੱਠੀ ਹਰ ਗਲ੍ਹ ਉੱਤੋਂ ਦੇ ਕੇ, ਮੰਮੀ, ਮੰਮੀ ਬਣ ਜਾਂਦੀ ਏ, ਕਰਤੱਵ ਦੇ ਵਿਚ ਤਣ ਜਾਂਦੀ ਏ। ਅਪਣੇ ਸਿਰ ਦੇ ਸਾਂਈਂ ਵਲ ਤੱਕ, ਮੀਸਨੀਉਂ ਜਹੀ ਬਣ ਜਾਂਦੀ ਏ । ਮਾਲਕ ਹਮਦਰਦੀ ਜੇਹੀ ਵਿਚ ਪੁੱਛ ਲੈਂਦੈ ਬੱਚਿਆਂ ਦੀ ਮਾਂ ਤੋਂ : "ਤੁਹਾਨੂੰ ਇਹ ਕੀ ਹੋ ਜਾਂਦਾ ਹੈ ਕਦੀ ਕਦੀ ? ਏਸੇ ਰਾਹ ਤੇ ਚਲਦਿਆਂ, ਟੁਰਦੇ ਟੁਰਦੇ ਰੁੱਕ ਜਾਂਦੇ ਹੋ !? ਜਿੱਕਰ ਅਸਲੋਂ ਮੁੱਕ ਜਾਂਦੇ ਹੋ ? ' .... ... .... ... ...! ਸੁਆਣੀ ਦੀ ਸਿਆਣੀ ਜਹੀ ਚੁੱਪ ਵਿੱਚ ਮਿੰਨੀ ਲਾਡੋ ਤੋਤਲੀਆਂ ਛੂਹ ਲੈਂਦੀ ਹੈ :- “ਮੰਮੀ ਜੀ, ਤੁੱਸ ਹੱਸਦੇ ਕਿਉਂ ਨਹੀਂ ? ਔਹ ਵੇਖੋ ਨਾ ਬੱਦਲ 'ਤੇ ਰੰਗ ਨਚਦਾ ਏ । ਨੀਲਾ ਰੱਬ ਅੱਜ ਚੋਲੀਂ ਚੋਲੀਂ ਹਸਦਾ ਏ । ਗਾਉ ਥਾਂ ਉਹ ਲੋਰੀ, ਮੰਮੀ, ਗਾਉ ਥਾਂ। .... ... .... ... ...! ਮੰਮੀ ਜੀ; ਤੱਸ ਤੂੰਦੇ ਕੋ ਨਹੀਂ ? .... ... .... ... ...!?" (ਬੱਚੀ ਦੀ ਗੱਲ ਹੁਕਮ ਵਾਂਗਰਾਂ ਮੰਮੀ ਨੇ ਮੰਨ ਲੀਤੀ ! ਤੇ ਉਸ ਵੇਲੇ ਓਥੇ ਹੀ ਉਹ ਲੋਰੀ ਇੱਕ ਅਲਾਪਣ ਲੱਗੀ :) "ਸੂਰਜ ਅਸਤ ਹੋ ਗਿਐ ! ਗਗਨ ਮਸਤ ਹੋ ਗਿਐ ! ਆਲ੍ਹਣੀ ਚਲੇ ਨੇ ਪੰਥ ਮਾਰਦੇ, ਲਾਲੀਆਂ ਨੂੰ ਚੀਰਦੇ ਹਵਾ ਦੇ ਪੁੱਤ, ਅਨੰਤ ਮਾਂ ਦੀ ਲੋਰੀਆਂ 'ਚ ਝੂਮਦੇ !'' .... ... .... ... ...!?" "ਸੌਣਗੇ ਇਹ ਕਲਪਨਾ ਦੇ ਦੇਸ਼ ਜਾ ! ਕਲਪਨਾ ਦਾ ਦੇਸ਼ ਤਾਂ ਅਮੁੱਕ ਹੈ !? ਉਹਦੀ ਨਜ਼ਰ ਦੀ ਮਾਖਿਉਂ ਅਖੁੱਟ ਹੈ ਙ .... ... .... ... ...! ਸੂਰਜ ਅਸਤ ਹੋ ਗਿਐ ! ਗਗਨ ਮਸਤ ਹੋ ਗਿਆ !! ਆਲ੍ਹਣੀਂ ਚਲੇ ਨੇ ਪੰਖ ਮਾਰਦੇ ਲਾਲੀਆਂ ਨੂੰ ਚੀਰਦੇ ਹਵਾ ਦੇ ਪੁੱਤ, ਅਨੰਤ ਮਾਂ ਦੀ ਲੋਰੀਆਂ 'ਚ ਝੂਮਦੇ ! .... ... .... ... ...!!" “ਲੈ’..ਬੱਛ !?” ਹੁਣ ਬੱਸ ਕਰਾਂ ? ਮਿੰਨੀਏਂ ਨੀ, ਹੁਣ ਬੱਸ ਕਰਾਂ ਨਾ ?" “ਨੈਈਂ, ਹੋਲੁ, ਮੰਮੀ ਜੀ, ਹੋਲੁ !" .... ... .... ... ...! “ਹੁਣ ਤਾਂ ਫੇਰ ਕਦੀ ਸਹੀ, ਪੁੱਤੀਏ !" .... ... .... ... ...!! “ਨਹੀਂ ਹੁਣ ਕਦੀ ਫੇਰ ਸਹੀ, ਬੱਚੋਂ !!“ .... ... .... ... ...!!! ਵਿਚੋਂ ਹੀ ਕੋਈ ਟੋਕ ਹੈ ਦੇਂਦਾ। ਕਮਲਾ ਪਿਛੋਂ ਕੂੰਦਾ ਜਾਪੇ; ਵਿਚੋਂ ਹੀ ਕੋਈ ਰੋਕ ਹੈ ਦੇਂਦਾ : "ਬੱਚਿਆਂ ਦੀਆਂ ਖੁਸ਼ੀਆਂ ਮਾਣੇ ! ਕਦੀ ਉਦਾਸ ਨਾ ਵੇਖਾਂ ਤੈਨੂੰ !" ਏਨਾਂ ਕਹਿ ਕੇ ਉਹ ਪਰਛਾਵਾਂ, ਬੇਲੇ ਵਿਚ ਗਵਾਚ ਹੈ ਜਾਂਦਾ । ਹਵਾ ਨਾਲ ਉਹ ਗੱਲਾਂ ਕਰਦੀ ਰਹਿ ਜਾਂਦੀ ਏ । ਅਪਣੇ ਆਪ ਨੂੰ ਦਿਲ ਹੀ ਦਿਲ ਵਿਚ ਕਹਿੰਦੀ ਕਹਿੰਦੀ ਬਹਿ ਜਾਂਦੀ ਹੈ : ਚੰਗਾ, ਮੈਂ ਹੁਣ ਖੁਸ਼ ਹੀ ਰਹਾਂਗੀ। ਮੈਂ ਤੇਰੀ ਸਹੁੰ ਖਾਂਦੀ ਹਾਂ ਵੇ । ਗਮਗੀਨੀ ਨੂੰ ਡੂੰਘਾ ਦੱਬ ਕੇ, ਅੱਖਾਂ ਵਿਚੋਂ ਫੁੱਲ ਖੇੜਾਂਗੀ; ਹੋਠਾਂ 'ਚੋਂ ਮੋਤੀ ਕੇਰਾਂਗੀ। ਸਭ ਦਰਦਾਂ ਨੂੰ ਪੀ ਜਾਵਾਂਗੀ । ਸਾਰੇ ਗਮ ਖਾ ਹੀ ਜਾਵਾਂਗੀ । ਬੱਚਿਆਂ ਖ਼ਾਤਰ ਝੂਠ ਹੰਡਾਵਾਂਗੀ । ਮਾਲਕ ਨੂੰ ਮੈਂ ਜੂਠ ਖਵਾਵਾਂਗੀ । .... ... .... ... ...!! "ਜੂਠ ਜੂਠ ਹੀ ਹੁੰਦੀ ਹੀਰੇ ! ਝੂਠ ਝੂਠ ਹੀ ਹੁੰਦੈ, ਪਿਆਰੀ ! ਸੱਚੋ ਹੀ ਸੱਚ ਹੁੰਦਾ ਏ ਜੀ ! ਨਾ ਨਾ ਨਾ ਨਾ, ਨਾ ਨਾ ਨਾ । ਬੱਚਿਆਂ ਨਾਲ ਝੂਠ ਨਾ ਮਾਰੀਂ ! ਉਹ ਝੂਠ ਹੀ ਸਿਖ ਜਾਵਣਗੇ ਨੀ ! ਮਾਲਕ ਨੂੰ ਨਾ ਜੂਠ ਖਵਾਲੀ ! ਜੂਠ ਕਿਸੇ ਨੂੰ ਕਦੀ ਨਾ ਦੇਈਏ । ਇਸ ਤੋਂ ਵੱਡਾ ਪਾਪ ਨਾ ਕੋਈ ! ਜੂਠੀ ਚੂਰੀ ਦੇ ਕੇ ਉਹਨੂੰ ਝੂਠੀ ਗੱਲ ਸਮ ਬਹਿ ਜਾਵੇਗੀ । ਹੀਰੇ, ਝੂਠੀ ਰਹਿ ਜਾਵੇਗੀ ! ਝੂਠ ਝੂਠ ਰੌਂ ਵਿਚ ਰਹਿਕੇ, ਕੀ ਜੀਵੇਂਗੀ ਜੇਰੜੀਏ ਨੀ !? ਮਾਲਕ ਨੂੰ ਨਾ ਜੂਠ ਖਵਾਲੀਂ । ਬੱਚਿਆ ਨਾਲ ਝੂਠ ਨਾ ਮਾਰੀਂ ਰੁਖ ਰੁਖ ਉਹਲੇ ਕੈਦੋ ਛੁੱਪਿਆ ਝੂਠ ਨਾ ਮਾਰੀਂ ਮੇਰੀਏ ਹੀਰੇ । ਝੂਠ ਹਵਾ ਵਿਚ ਰਲ ਜਾਵੀਗਾ । ਅਗਲੀ ਪੀੜ੍ਹੀ ਮਲ ਜਾਵੀਗਾ । ਕੈਦੋਂ ਨੀਨਾਂ ਦੀ ਚੂਰੀ ਵੀ ਝੂਠ ਮਾਰ ਕੇ ਲੈ ਜਾਵੇਗਾ : ਬੇਲੇ ਦੀ ਪੱਤ ਦਾ ਰਾਖੈ ਉਹ । ਤੇਰੇ ਟਿੰਨੀ ਦੀ ਵੰਝਲੀ ਵੀ ਟੁੱਟ ਪੈਣੀਂ ਏਂ ਤਖਤ ਹਜ਼ਾਰੇ । ਝੂਠੇ ਹੋਠਾਂ ਵਿਚੋਂ ਕੀਕਣ ਨਿਕਲੇ ਫੂਕ ਇਸ਼ਕ ਦੀ ਨੀ !? .... ... .... ... ...!!" ਏਨਾ ਕਹਿ ਕੇ ਉਹ ਪਰਛਾਵਾਂ ਰਲ ਜਾਂਦਾ ਹੈ ਰੁੱਖਾਂ ਵਿਚ ਹੀ । ਤੇ ਸਵਾਣੀ ਦਾ ਸਾਊ ਸਾਹਿਬ, ਤਕਦਾ ਤਕਦਾ ਪਤਨੀ ਦੇ ਵਲ, ਅੱਕ ਜਾਂਦਾ ਹੈ, ਥੱਕ ਜਾਂਦਾ ਹੈ । ਉਹਦਾ ਮੋਢਾ ਰਤਾ ਹਿਲਾਕੇ, ਠੰਡੇ ਜਹੇ ਹੱਥ ਵਿਚ ਹੱਥ ਪਾ ਕੇ, ਓਸੇ ਰਾਹ 'ਤੇ ਚਲਦਾ ਜਾਂਦੈ ! .... ... .... ... ...!! ਅੱਕ ਥੱਕ ਕੇ ਘਰ ਨੂੰ ਮੁੜ ਆਵਣ । ਬੱਚਿਆਂ ਨੂੰ ਨੌਕਰ ਪਰਚਾਵਣ। ਸੌ ਸੌ ਨਾਜ਼ ਉਠਾਏ ਜਾਵਣ। ਕਈ ਫ਼ਾਨੂਸ ਜਗਾਏ ਜਾਵਣ । ਮੇਮ ਸਾਹਿਬ ਸੈਰੋਂ ਮੁੜ ਕੇ ਤੇ ਅਪਣੇ ਅਪਣੇ ਕਮਰੀਂ ਨੇ ਸਸਤਾ ਰਹੇ। ਤਿੰਨੇ ਬੱਚੇ ਚੋਰੀਂ ਚੋਰੀਂ ਘਰ ਤੋਂ ਖਿਸਕਣ। ਗਲੀ ਦੇ ਗੋਲੇ ਬੱਚਿਆਂ ਦੇ ਵਿਚ ਖੇਡੇ ਲੱਗਣ। .... ... .... ... ...! ਝਗੜ ਪੈਣ ਗੁਆਂਢੀ ਬੱਚੇ ਸੰਗ । ਉਸ ਦੀ ਮਾਂ ਲੈ ਆਏ ਉਲਾਂਭਾ : “ਨੀਨਾਂ-ਟਿੰਨੀ-ਮਿੰਨੀ ਦੀ ਮਾਂ ! ਸਾਡੇ ਅਮਨੀਂ ਨੂੰ, ਵੇਖੀਂ ਨਾ, ਤੇਰੇ ਲਾਡਲਿਆਂ ਕੁੱਟਿਆ ਏ । ਪੱਕੀ ਸਰਦਲ 'ਤੇ ਸੁੱਟਿਆ ਏ ! .... ... .... ... ...! ਨੀਨਾਂ-ਟਿੰਨੀ-ਮਿੰਨੀ ਦੀ ਮਾਂ ਉੱਠ ਕੇ ਗਲਵਕੜੀ ਵਿਚ ਲੈ ਲਏ ਤੇ ਬੁੱਸ ਬੁੱਸ ਕਰਦੇ ਗੁਆਂਢੀ ਪੁੱਤ ਨੂੰ। ਉਹਦਾ ਮੂੰਹ ਚੁੰਮ ਕੇ ਆਖੇ : “ਜਾਉ ਪੁੱਤੀਏ, ਰਲ ਕੇ ਖੇਡੋ !" ਫਿਰ ਗੁਆਂਢਣ ਨੂੰ ਸਦਾ ਵਾਂਗਰਾਂ, ਬਾਂਹ ਫੜ ਕੇ ਬਹਿ ਜਾਂਦੀ ਏ :- “ਸੁਣ ਨੀ ਸਹੇਲੀਏ, ਜੀਣ ਜੋਗੀਏ ! ਅੱਜ ਰਾਤੀ ਮੈਨੂੰ ਸੁਪਨਾ ਆਇਐ : ਕੀ ਵੇਹਨੀਆਂ ਕਿ ਉਹ ਕਮਲਾ ਜੋਗੀ ਬਣ ਕੇ ਭਿੱਛਿਆ ਮੰਗਦਾ, ਆਇਆ, ਅੜੀਏ, ਸਾਡੇ ਵਿਹੜੇ । ਕੰਨੀ ਉਹਦੇ ਦਰਸ਼ਨੀ ਮੁੰਦਰਾਂ । ਚਿੱਟੀ-ਚੰਨ-ਚੰਬੇਲੀ ਵਰਗੇ ਡਲ੍ਹਕਣ ਮੁਸਕਾਣਾਂ ਦੇ ਵਿਚੋਂ ਦੰਦ ਰਸੀਲੇ ਅਨਾਰ ਦੇ ਦਾਣੇ। ਕਾਲੇ ਬੱਦਲ ਵਰਗੇ ਕੁੰਡਲ ਸੀਸ 'ਤੇ । ਦਗਣ ਉਹਦੀਆਂ ਅੱਖਾਂ ਵਾਂਗ ਮਤਾਬੀਆਂ ਮੈਂ ਸੁੰਦਰਾਂ ਸਮੇਂ ਤਰਲੇ ਕਰਦੀ ਕੰਬਦੇ ਕੰਬਦੇ ਹੱਥ ਵਿਚ ਉਹਦਾ ਪੱਲਾ ਫੜਿਆ ਸੁਪਨੇ ਵਿਚ ਹੀ : ਜਾਗੀ ਤਾਂ ਕੁਝ ਹੱਥ ਨਾ ਆਇਆ । ਮੈਂ ਸੁੰਦਰਾਂ ਅੱਗ ਦੀ ਲਾਟ ਜਹੀ ਉਹ ਚੌਦੇਂ ਦਾ ਪੂਰਨ-ਚੰਦ ਮੈਥੋਂ ਕੰਨੀ ਗਿਆ ਛੁਡਾ ਨੀ; ਤੇ ਸੁਪਨਾ ਸੁਪਨਾ ਹੋ ਗਿਆ ।” .... ... .... ... ...! ਗੱਲ ਟੁੱਕ ਕੇ ਗੁਆਂਢਣ ਫਿਰ ਬੋਲੇ : “ਤੂੰ ਅਪਣੇ ਬੱਚਿਆਂ ਦੀ ਮਾਂ ਨੀ। ਤੂੰ ਆਪਣੇ ਮਾਲਕ ਦੀ ਪਤਨੀ ! ਇਹ ਕੀ ਕਮਲ ਛਾਣਨੀਂ ਏਂ ਨੀ . ., ਬੱਚਿਆਂ ਦੀਆਂ ਖੁਸ਼ੀਆਂ ਮਾਣੇ ! ਜੀਛੇ ਤੇਰਾ ਸੁਹਾਂਗ ਨੀ ਭੈਣੇ ! ਤੂੰ ਉਸ ਕਮਲੇ ਤੋਂ ਕੀ ਲੈਣਾ ! ਮਹਿਲੀਂ ਵੱਸ, ਦੁੱਧੀ ਨਹਾ ਝੱਲੀਏ, ਪੁੱਤੀਂ ਫਲ, ਤੇ ਮਾਣ ਸੁਹਾਗ। ਕੀ ਛੋਹ ਬਹੇਂ ਨੀ ਉਲਟਾ ਰਾਗ । .... ... .... ... ...!? ਦੇਣ ਉਲਾਂਭਾ ਆਈ ਗੁਆਂਢਣ, ਉੱਠ ਕੇ ਟੁਰ ਪਏ ਇਹ ਗਲ ਕਰ ਕੇ । .... ... .... ... ...! ਘਰ ਵਾਲੀ ਆਪਣੇ ਆਪੇ ਵਿਚ ਮੁੜ ਕੇ ਡੁੱਬ ਡੁੱਬ ਗਈ ਹੈ ! ਕਦੇ ਤਾਂ ਜਾਪੇ ਉਹ ਇਕਲਾਪੀ ਸ਼ੂਕਦੀ ਛਮਕ ਜਹੀ ਹੈ । ਲੁੱਡਣ-ਬੇੜੀ ਵਿਚ ਦਿਲ-ਸੇਜ ਕਿਸ ਨੇ ਮੱਲ ਲਈ ?! ਉਹਦੇ ਕੁਆਰੇ ਦਿਲ ਚੋਂ ਉੱਠੀ ਕੋਈ ਤਮਕ ਜਹੀ : "ਹੁਣ ਤਾਂ ਸਭ ਕੁਝ ਧੀਦੋ ਦਿੱਸੇ ਧੀਦੋ ਦੀ ਰਗ ਰਗ, ਨੀ !! ਮੈਂ ਤੇਰੀ ਕੀ ਲਗਦੀ ! ਕਮਲੇ ਤੂੰ ਕੀ ਲਗਦਾ ਮੇਰਾ ! ਰੰਗਪੁਰੇ ਦੇ ਥਲ ਤਪਦੇ ਵਿਚ ਛਾਂ ਤੇਰੀ ਵੇ, ਤੇਰੀ ਹੀ ! ਤੇਰੀ ਅਡੋਲ ਮੁਹੱਬਤ ਸਦਕਾ ਮੈਂ ਤੇਰੀ ਵੇ, ਚੇਰੀ ਹੀ !!" .... ... .... ... ...! ਪੀੜੋ ਪੀੜ ਹੋਈ ਕਮਲੀ ਜਹੀ, ਬੱਚਿਆਂ ਦੀ ਮਾਂ ਗਾਵਣ ਲਗ ਪਏ । ਵੈਣ ਜਿਹੇ ਨਿਤ ਪਾਵਣ ਲਗ ਪਏ । (ਗੀਤ) ਮਾਏ ਨੀ ਮਾਏ ਮੈਂ ਬਲਨੀ ਆਂ। ਲਾਟ ਹੀਣ ਅੱਗ ਵਿਚ ਜਲਨੀ ਆਂ। ਮਾਏ ਨੀ ਮਾਏ ਮੈਂ ਬਲਨੀ ਆਂ ! ਇਸ ਫੱਟ ਅੰਦਰ ਲੋਹੂ ਕੋਈ ਨਾ ਅੱਗ ਬਸੰਤੀ ਫੱਟ ਬਸੰਤਰ, ਫੱਟ ਅਗਨੀ ਵਿਚ ਕੋਈ ਨਾ ਅੰਤਰ । ਮੈਂ ਠੰਡੀ ਅੱਗ ਵਿਚ ਜਲਨੀ ਆਂ। ਮਾਏ ਨੀ ਮਾਏ ........ ! .... ... .... ... ...!! .... ... .... ... ...!!! ਬਿਨ ਪੀੜੋਂ ਮੈਂ ਪਾਸੇ ਪਰਤਾਂ, ਬਿਨ ਤਾਂਲੋਂ ਪਈ ਨੱਚਾਂ ਨੀ ! ਅਪਣੇ ਚੰਨ ਦੀ ਰਿਸ਼ਮ ਜਹੀ ਬਨ, ਸਤਰੰਗੀ ਧੁੱਪ ਨੂੰ ਵਲਨੀ ਆਂ ! ਮਾਏ ਨੀ ਮਾਏਂ ਮੈ ਬਲਨੀ ਆਂ ! ਲਾਂਟ ਹੀਣ ਅੱਗ ਵਿਚ ਜਲਨੀ ਆਂ ! ਮਾਏ ਨੀ ਮਾਏ ਮੈਂ ਬਲਨੀ ਆਂ ! ਪਿਆਰ ਕਦੀ ਨਾ ਝੂਠਾ ਹੁੰਦਾ। ਪਿਆਰ ਕਦੀ ਨਾ ਜੂਠਾ ਹੁੰਦਾ। ਕਬਜ਼ਿਆਂ ਕਮਲੀ ਕੀਤੀ ਦੁਨੀਆਂ ਵੇਖ ਵੇਖ ਜੀਅ ਸਲ੍ਹਨੀ ਆਂ। ਮਾਏ ਨੀ ਮਾਏ ਮੈਂ ਬਲਨੀਂ ਆਂ। ਲਾਟ ਹੀਣ ਅੱਗ ਵਿਚ ਜਲਨੀ ਆਂ। ਮਾਏ ਨੀ ਮਾਏ ਮੈਂ ਬਲਨੀਂ ਆਂ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਪ੍ਰੋਃ ਦੀਦਾਰ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ