Ghulam Fareed Shaukat
ਗ਼ੁਲਾਮ ਫ਼ਰੀਦ 'ਸ਼ੌਕਤ'

ਨਾਂ-ਗ਼ੁਲਾਮ ਫ਼ਰੀਦ, ਕਲਮੀ ਨਾਂ-ਗ਼ੁਲਾਮ ਫ਼ਰੀਦ 'ਸ਼ੌਕਤ',
ਜਨਮ ਵਰ੍ਹਾ-1950, ਜਨਮ ਸਥਾਨ-ਸਾਹੀਵਾਲ ਪੰਜਾਬ,
ਵਿਦਿਆ-ਬੀ. ਏ. ਐਲ. ਐਲ. ਬੀ, ਕਿੱਤਾ-ਵਕਾਲਤ,
ਛਪੀਆਂ ਕਿਤਾਬਾਂ-ਡੂੰਘੇ ਸੋਤੇ (ਪੰਜਾਬੀ ਗ਼ਜ਼ਲਾਂ), ਸਿੱਕ ਸਾਂਵਲ ਦੀ (ਨਾਅਤੀਆ ਸ਼ਾਇਰੀ), ਵਿੱਸਰਿਆ ਵਸੇਬ, (ਪੰਜਾਬੀ ਨਜ਼ਮਾਂ), ਜਦ ਕੁਨ ਦੀ ਗੱਲ ਹੋਈ (ਸ਼ਾਇਰੀ), ਸ਼ੀਸ਼ੇ ਵਿਚ ਤਰੇੜ (ਪੰਜਾਬੀ ਗ਼ਜ਼ਲਾਂ),
ਪਤਾ- ਖੋਖਰ ਹਾਉਸ, ਕੋਟ ਅਲਾਦੀਨ, ਗਲੀ ਨੰਬਰ 1, ਸਾਹੀਵਾਲ, ਪੰਜਾਬ ।

ਪੰਜਾਬੀ ਗ਼ਜ਼ਲਾਂ (ਸ਼ੀਸ਼ੇ ਵਿਚ ਤਰੇੜ 2004 ਵਿੱਚੋਂ) : ਗ਼ੁਲਾਮ ਫ਼ਰੀਦ 'ਸ਼ੌਕਤ'

Punjabi Ghazlan (Sheeshe Vich Tared 2004) : Ghulam Fareed Shaukatਕਿਹੜੇ ਵੈਰੀ ਗਲੀਆਂ ਵਿਚ ਖਿਲਾਰੇ ਪੱਥਰ

ਕਿਹੜੇ ਵੈਰੀ ਗਲੀਆਂ ਵਿਚ ਖਿਲਾਰੇ ਪੱਥਰ । ਰੋਜ਼ ਹਟਾਵਾਂ ਤੇਰੀ ਰਾਹ ਤੋਂ ਭਾਰੇ ਪੱਥਰ । ਕਲ ਤੱਕ ਤੇਰੇ ਹੋਠਾਂ ਚੋਂ ਫੁੱਲ ਕਿਰਦੇ ਡਿੱਠੇ, ਹੁਣ ਕਿਉਂ ਲੱਗਣ ਤੇਰੇ ਬੋਲ-ਬੁਲਾਰੇ ਪੱਥਰ । ਕਰਮਾਂ ਵਾਲਾ ਦਿਨ ਉਹ ਹੋਵੇ ਤੂੰ ਜੇ ਆਵੇਂ, ਰਾਹਵਾਂ ਤੱਕਦੇ ਹੋ ਗਏ ਨੈਣ ਵਿਚਾਰੇ ਪੱਥਰ । ਅੱਧੀ ਰਾਤੀਂ ਚੰਨ ਜਦ ਚੜ੍ਹਿਆ ਤੂੰ ਟੁਰ ਚੱਲਿਆ, ਮੈਨੂੰ ਲੱਗਿਆ ਚੰਨ ਵੀ ਪੱਥਰ ਤਾਰੇ ਪੱਥਰ । ਪੱਥਰਾਂ ਕੋਲੋਂ ਡਰਦਾ ਪਹੁੰਚਾ ਚੰਨ ਦੇ ਉੱਤੇ, ਉੱਥੇ ਵੀ ਜਾ ਦੇਖੇ ਕਿਸੇ ਖਿਲਾਰੇ ਪੱਥਰ । ਔਗੁਣਹਾਰ ਸਮਝ ਕੇ ਸਾਨੂੰ ਮਾਰਣ ਪਾਰੋਂ, ਲੋਕਾਂ ਜੋੜ ਕੇ ਰੱਖੇ ਪਿੰਡ ਵਿਚਕਾਰੇ ਪੱਥਰ । ਦਿਲ ਦੇ ਸ਼ੀਸ਼ੇ ਵਿਚ ਤਰੇੜ ਪਈ ਉਸ ਵੇਲੇ, ਤੇਰੇ ਮੱਥੇ ਦੇ ਵੱਟ ਜਦੋਂ ਉਲਾਰੇ ਪੱਥਰ । ਤੂੰ ਕੀ ਜਾਣੇ ਕਿਵੇਂ ਹਿਆਤੀ ਅਸਾਂ ਗੁਜ਼ਾਰੀ, ਫੁੱਲਾਂ ਵਿਚ ਲੁਕਾ ਕੇ ਲੋਕਾਂ ਮਾਰੇ ਪੱਥਰ । ਔਖੇ ਵੇਲੇ ਪਿਆਰ ਕੁਠਾਲੀ ਪਾ ਅਜ਼ਮਾਇਆ, ਖ਼ੁਦਗ਼ਰਜ਼ੀ ਦੇ ਚੁਣ ਚੁਣ ਆਪ ਨਿਤਾਰੇ ਪੱਥਰ । ਬਖ਼ਤ ਸਵੱਲਾ ਅਣਹੋਣੀ ਨੂੰ ਹੋਣੀ ਕਰਦਾ, ਕੱਖ ਡੁਬ ਜਾਵਣ ਪਾਣੀ ਉੱਤੇ ਤਾਰੇ ਪੱਥਰ । ਹਿੱਕੇ ਘਰ ਦੇ ਵਸਨੀਕਾਂ ਵਿਚ ਵਿੱਥਾਂ ਪਈਆਂ, ਹਿਰਸ ਦਿਲਾਂ ਦੀਆਂ ਕੰਧਾਂ ਵਿਚ ਉਸਾਰੇ ਪੱਥਰ । ਨੀਲਮ ਤੇ ਯਾਕੂਤ ਅਕੀਕ ਜ਼ਮੁੱਰਦ ਵਰਗੇ, ਗਹਿਣਿਆਂ ਵਿਚ ਜੁੜਾਵਣ ਰਾਜ ਦੁਲਾਰੇ ਪੱਥਰ । ਜਲਵੇ ਰੱਬ ਦੇ ਤੂਰ ਦੀ ਕਿੱਡੀ ਸ਼ਾਨ ਵਧਾਈ, ਕੱਜਲ ਸੁਰਮਾ ਬਣ ਕੇ ਰੂਪ ਨਿਖਾਰੇ ਪੱਥਰ । ਰੱਬ ਫ਼ਰਮਾਵੇ ਬੰਦਿਆ ਡਰ ਉਸ ਅੱਗ ਦੇ ਕੋਲੋਂ, ਬਦਕਾਰਾਂ ਨੂੰ ਸਾੜੇ ਹੋਣ ਅੰਗਾਰੇ ਪੱਥਰ । ਮੱਕੇ ਜਾ ਕੇ ਵੀ ਤੇਰਾ ਸ਼ੈਤਾਨ ਨਾ ਮਰਿਆ, ਐਵੇਂ ਗਿਣ ਗਿਣ ਸ਼ੈਤਾਨਾਂ ਨੂੰ ਮਾਰੇ ਪੱਥਰ । ਮੇਰੇ ਮਨ ਦੇ ਬੁਤਖ਼ਾਨੇ ਵੀ ਫ਼ੇਰਾ ਪਾਵੇ, ਜੀਹਨੇ ਕਾਅਬਿਉਂ ਕੱਢ ਕੇ ਭੰਨੇ ਸਾਰੇ ਪੱਥਰ । ਸਾਡੇ ਸੋਹਣੇ ਆਕਾ ਪੇਟ ਤੇ ਪੱਥਰ ਬੰਨ੍ਹੇ, ਏਸੇ ਪਾਰੋਂ ਲਗਦੇ ਢੇਰ ਪਿਆਰੇ ਪੱਥਰ । ਦੁਖਿਆਰਾਂ ਨੂੰ ਕੌਣ ਤਸੱਲੀ ਦੇਵੇ 'ਸ਼ੌਕਤ', ਤੇਰੇ ਵਰਗਿਆਂ ਦੇ ਦਿਲ ਹੋਏ ਸਾਰੇ ਪੱਥਰ ।

ਸ਼ਾਲਾ ਭਾਗ ਕਦੀ ਹੋ ਜਾਂਦੇ ਸੂਤ ਅਸਾਡੇ

ਸ਼ਾਲਾ ਭਾਗ ਕਦੀ ਹੋ ਜਾਂਦੇ ਸੂਤ ਅਸਾਡੇ । ਦੁੱਖਾਂ ਨਾਲ ਪਰੋਤੇ ਨੇ ਕਲਬੂਤ ਅਸਾਡੇ । ਵਿਹਲੇ ਫਿਰਣ ਫ਼ਰਿਸ਼ਤੇ ਨੇਕੀਆਂ ਲਿੱਖਣ ਵਾਲੇ, ਦੂਜੇ ਹਫ਼ ਗਏ ਲਿਖ ਲਿਖ ਕੇ ਕਰਤੂਤ ਅਸਾਡੇ । ਧੱਕੇ ਧੌੜਿਆਂ ਵਿਚ ਹਿਆਤੀ ਨਿਭਦੀ ਰਹਿਣੀ, ਸੱਚ ਦੇ ਨਾਲ ਜੇ ਸਾਂਗੇ ਨੇ ਮਜ਼ਬੂਤ ਅਸਾਡੇ । ਮਿੱਟੀ ਵੀ ਅੱਜ ਸਾਥੋਂ ਪਾਸਾ ਵੱਟਦੀ ਜਾਵੇ, ਹੁਣ ਕਿੱਥੇ ਦਫ਼ਨਾਉਗੇ ਤਾਬੂਤ ਅਸਾਡੇ । ਕਾਹਨੂੰ ਪਾਰ ਸਮੁੰਦਰੋਂ ਗ਼ੈਰਤ ਗਹਿਣੇ ਪਾਈ, ਤਾਹੀਉਂ ਰਹਿਬਰ ਬਣ ਗਏ ਨੇ ਤਾਗ਼ੂਤ ਅਸਾਡੇ । ਰਾਹੋਂ ਥਿੜਕੇ ਗੱਭਰੂਆਂ ਦੀ ਫ਼ਿਕਰ ਸਤਾਵੇ, ਕਿੰਜ ਅਪੜਣਗੇ ਮੰਜ਼ਿਲ ਕੋਲ ਕਪੂਤ ਅਸਾਡੇ । ਵੈਰੀ ਦੀ ਅੱਖ ਵਿਚ ਅੱਖ ਪਾਕੇ ਮੂਲ ਨਾ ਖਿੱਸੀਏ, ਜੇ ਬਸਤੀ ਦੇ ਪੱਥਰ ਹੋਣ ਸਪੂਤ ਅਸਾਡੇ । ਜੱਗ ਵਿਚ ਸਾਡੀ ਚਾਰ-ਚੁਫ਼ੇਰੇ ਚੌਧਰ ਚਮਕੇ, 'ਸ਼ੌਕਤ' ਜੇ ਈਮਾਨ ਹੋਵਣ ਮਜ਼ਬੂਤ ਅਸਾਡੇ ।

ਸਾਂਝਾਂ ਖ਼ੁਸ਼ੀਆਂ ਨਾਲ ਮੁਕੱਦਰ ਨੱਚਦਾ ਏ

ਸਾਂਝਾਂ ਖ਼ੁਸ਼ੀਆਂ ਨਾਲ ਮੁਕੱਦਰ ਨੱਚਦਾ ਏ । ਕੰਧਾਂ, ਬੰਨੇ, ਵਿਹੜਾ ਕੀ ਘਰ ਨੱਚਦਾ ਏ । ਹਿਜਰ ਦੀ ਬੰਜਰ ਬਾਰ ਨੇ ਹਰਿਆਂ ਕਦ ਹੋਣਾ, ਵਸਲ ਦੇ ਮੀਂਹ ਲਈ ਜੁੱਸੇ ਦਾ ਥਰ ਨੱਚਦਾ ਏ । ਹਿੱਕ ਨਿਮਾਣੀ ਸ਼ਰਮਾਂ ਵਾਲੀ ਦੇਖੇ ਪਈ, ਸੱਧਰਾਂ ਉਹਲੇ ਦਾਜ ਲਈ ਵਰ ਨੱਚਦਾ ਏ । ਉਹ ਦਿਲ ਮਾਰ ਉਡਾਰੀ ਅੱਪੜੇ ਅਰਸ਼ਾਂ ਤੀਕ, ਜੀਹਦੇ ਅੰਦਰ ਅਣਖ ਕਬੂਤਰ ਨੱਚਦਾ ਏ । ਐਬੀ ਮਾਸ ਨੂੰ ਖਾ ਖਾ ਕੀੜੇ ਮਰ ਗਏ ਨੇ, ਤਾਹੀਉਂ ਗੋਰ ਦੇ ਅੰਦਰ ਪਿੰਜਰ ਨੱਚਦਾ ਏ । ਬਾਜ਼ੀ ਜਿੱਤ ਕੇ ਵੀ ਵਿਸ਼ਵਾਸਾਂ ਵਿਚ ਰੁੱਝਿਉਂ, ਇਕ ਪਛਤਾਵਾ ਤੇਰੇ ਅੰਦਰ ਨੱਚਦਾ ਏ । 'ਸ਼ੌਕਤ' ਔਖੇ ਵੇਲੇ ਉਹਨੂੰ ਨਾ ਅਜ਼ਮਾ, ਜੀਹਦੇ ਦਿਲ ਵਿਚ ਮਕਰ ਬਰਾਬਰ ਨੱਚਦਾ ਏ ।

ਸਾਵੇ ਸਾਂਵਲ ਬੂਟੇ ਲੱਭਦੀ ਰਹਿੰਦੀ ਏ

ਸਾਵੇ ਸਾਂਵਲ ਬੂਟੇ ਲੱਭਦੀ ਰਹਿੰਦੀ ਏ । ਹੋਣੀ ਸੋਹਣੇ ਮੁੱਖੜੇ ਲੱਭਦੀ ਰਹਿੰਦੀ ਏ । ਮੱਝਾਂ, ਵੈਣ, ਕਰੇਂਦੀਆਂ ਸੁਣਦਾ ਰਹਿੰਣਾ ਹਾਂ, ਰੀਝ ਚਿਰਾਂ ਤੋਂ ਹਾਸੇ ਲੱਭਦੀ ਰਹਿੰਦੀ ਏ । ਆਪਣੀ ਅਣਖ ਮਨਾਵਣ ਲਈ ਤਕਦੀਰ ਮੇਰੀ, ਅਣਖਾਂ ਵਾਲੇ ਸੂਰਮੇ ਲੱਭਦੀ ਰਹਿੰਦੀ ਏ । ਬਿਰਹੋਂ ਦੀ ਨਗਰੀ ਵਿਚ ਚਾਹਤ ਲੂਸੇ ਪਈ, ਚੰਗੇ ਲੰਘੇ ਵੇਲੇ ਲੱਭਦੀ ਰਹਿੰਦੀ ਏ । ਸੁੰਦਰ ਸੋਹਣਾ ਦੀਦ ਕਰਾਵੇ ਕਦ ਖ਼ਵਰੇ, ਅੱਖ ਇਹ ਸੋਹਣੇ ਸੁਫ਼ਨੇ ਲੱਭਦੀ ਰਹਿੰਦੀ ਏ । ਫੱਟੜ ਘੁੱਗੀ ਉਡਦੀ ਚਾਂਗਾਂ ਮਾਰੇ ਪਈ, ਕਾਹਨੂੰ ਸੱਖਣੇ ਆਲ੍ਹਣੇ ਲੱਭਦੀ ਰਹਿੰਦੀ ਏ । ਗੁਲਸ਼ਨ ਵੱਲੋਂ ਤੱਤੀ ਵਾਅ ਨੂੰ ਡੱਕ 'ਸ਼ੌਕਤ', ਕੌਮਲ ਕਲੀ ਸ਼ਗੂਫ਼ੇ ਲੱਭਦੀ ਰਹਿੰਦੀ ਏ ।

ਬੇਦਰਦ ਸੱਜਣ ਸਤਾਵਣ ਚਿਰਾਂ ਤੋਂ

ਬੇਦਰਦ ਸੱਜਣ ਸਤਾਵਣ ਚਿਰਾਂ ਤੋਂ । ਦੁਖ ਦੂਣੇ ਦੇਵਣ ਰੁਲਾਵਣ ਚਿਰਾਂ ਤੋਂ । ਮਰਹਮ ਕਿਵੇਂ ਮਿੱਠੇ ਸੁਖਨਾਂ ਦੀ ਲੱਭੀਏ, ਫੱਟ ਦਿਲ ਤੇ ਲੱਗੇ ਚੀਮਾਵਣ ਚਿਰਾਂ ਤੋਂ । ਠੱਗੀਆਂ ਨੇ ਰੱਜ ਕੇ ਅਜੇ ਸਿੱਕ ਨਾ ਲੀਤੀ, ਸਿੱਧ ਸਾਧਿਆਂ ਨੂੰ ਵਿਲਾਵਣ ਚਿਰਾਂ ਤੋਂ । ਕਰਦੇ ਧਰੋ੍ਹ ਰਾਤ ਦਿਨ ਨਾਲ ਸੱਜਣਾ, ਮੁੜ ਵੀ ਉਹ ਦਰਦੀ ਅਖਾਵਣ ਚਿਰਾਂ ਤੋਂ । ਸਮਝਣ ਗ਼ਰੀਬਾਂ ਨੂੰ ਪੂੰਗਾਂ ਦੇ ਵਾਂਗਰ, ਬਗਲੇ ਭਗਤ ਬਣ ਕੇ ਖਾਵਣ ਚਿਰਾਂ ਤੋਂ । ਗੁਲਸ਼ਨ ਦੇ ਕੋਲੋਂ ਦੀ ਲੰਘਣ ਬਹਾਰਾਂ, 'ਸ਼ੌਕਤ' ਇਹ ਕਿਉਂ ਕੰਡ ਵਲਾਵਣ ਚਿਰਾਂ ਤੋਂ ।

ਤੇਰੀ ਮੇਰੀ ਗਲ-ਕਥ ਪਾਰੋਂ ਲੋਕੀ

ਤੇਰੀ ਮੇਰੀ ਗਲ-ਕਥ ਪਾਰੋਂ ਲੋਕੀ ਰੱਖਣ ਤਾੜ ਕਈ । ਆਪਣੇ ਆਪ 'ਚ ਕੁੜ੍ਹਦੇ ਰਹਿੰਦੇ ਐਵੇਂ ਕਰਦੇ ਸਾੜ ਕਈ । ਮਹਿਲ ਪਿਆਰ ਦੇ ਉਸਰੇ ਹੋਏ ਏਸੇ ਪਾਰੋਂ ਢੈ ਜਾਂਦੇ, ਕੰਧਾਂ ਦੇ ਵਿਚ ਲੋਭ ਦਾ ਕੱਲਰ ਪਾ ਦਿੰਦਾ ਏ ਪਾੜ ਕਈ । ਮਿੱਠੀਆਂ ਮਿੱਸੀਆਂ ਰੁੱਤਾਂ ਦੇ ਉਸ ਕਾਰੇ ਕੀਤੇ ਆਇਆ ਨਾ, ਫੱਗਣ, ਚੇਤਰ ਅੱਸੂ, ਕੱਤੇ, ਬੀਤੇ ਸਾਵਣ ਹਾੜ੍ਹ ਕਈ । ਮੱਖਣਾ ਪਲਿਆ ਅੱਲੜ੍ਹਾ ਜੋਬਨ ਕਿੱਥੇ ਵੇਚ ਵੰਜਾ ਆਇਉਂ, ਪੁੱਛਦੇ ਪਏ ਸਨ ਪਿੰਡ ਮੇਰੇ ਦੇ ਕਿੱਕਰ ਕਰਿਆਂ ਝਾੜ ਕਈ । ਗੱਲਾਂ ਮੋਢੀ ਗੰਨਿਆਂ ਵਾਂਗਰ ਨੀਤਾਂ ਜਾਪਣ ਤੁੰਮਿਆਂ ਵਾਂਗ, ਇਨਸਾਨਾਂ ਦੇ ਰੂਪ 'ਚ ਏਥੇ ਫਿਰਦੇ ਨੇ ਬਘਿਆੜ ਕਈ । ਡਾਢਾ ਚਸਕਾ ਜੀਵਨ ਦਾ ਏ ਜੇ ਨਾ ਡੋਲੀਏ ਭੀੜੀਆਂ ਵਿਚ, ਜਿਗਰੇ ਨਾਲ ਨਜਿੱਠੀਏ ਚਾਹੇ ਆਵਣ ਉਤਾਰ ਹਠਾੜ ਕਈ । ਕੱਖਾਂ ਕਾਨਿਆਂ ਦੀ ਢੱਪਰੀ ਚੋਂ ਢੁਕਦੀਆਂ ਲੀਰਾਂ ਬੁਰਕੀ ਜਾ, ਐਥੋਂ ਦੇ ਕੁਝ ਬਾਲ ਨੇ ਅੱਥਰੇ ਘਰ ਦੇਵਣਗੇ ਸਾੜ ਕਈ । ਰਾਤੀਂ ਡਿੱਠੇ ਹਿਕ ਮੁੱਠ ਹੋ ਕੇ ਜਾਂਦੇ ਪਏ ਅਸਮਾਨਾਂ ਵੱਲ, ਮੂਝੇ ਮੁਖੜੇ ਕੋਸੇ ਅੱਥਰੂ ਹਾੜ੍ਹੇ ਚੀਕ ਚਕਾੜ ਕਈ । ਉਂਜ ਤੇ ਮੱਥੇ ਟੇਕੀ ਜਾਵਣ ਹਿੱਕੇ ਪਾਸੇ ਪੰਜ ਵੇਲੇ, ਵੇਖ ਦਿਲਾਂ ਨੂੰ ਕਿਹੜੇ ਕਿਹੜੇ ਕਾਅਬਿਆਂ ਵੱਲ ਮੁਹਾੜ ਕਈ । ਸ਼ੀਂਹ ਦਾ ਜਿਗਰਾ ਰੱਖ ਕੇ ਵੀ ਤੂੰ ਆਜਿਜ਼ ਬਣ ਕੇ ਡੰਗ ਟਪਾ, ਭੈੜੇ ਵੇਲੇ ਸ਼ੇਰਾਂ ਤਾਈਂ ਗਿੱਦੜ ਦੇਣ ਪਛਾੜ ਕਈ । ਜਦ ਫਲ ਪੱਕਿਆ ਖਾ ਗਏ ਸਾਰੇ ਸ਼ੋਹਦੇ ਕੁੜਮੇ ਪਹਿਰੇਦਾਰ, ਬਾਗ਼ ਨੂੰ ਚਾਹੇ ਤੂੰ ਮੈਂ ਰਲ ਕੇ ਕਰਦੇ ਰਹੇਸਾਂ ਵਾੜ ਕਈ । ਮੰਜ਼ਿਲ ਚੁੰਮੇਗੀ ਪੈਰਾਂ ਨੂੰ ਟੁਰਦਾ ਚੱਲ ਘਬਰਾਵੀਂ ਨਾ, ਔਝੜ ਰਾਹਵਾਂ ਹੋਵਣ ਭਾਵੇਂ ਜੰਗਲ ਆਉਣ ਪਹਾੜ ਕਈ । ਕੱਚੀਆਂ ਪਿੱਲੀਆਂ ਗੱਲਾਂ ਔਟੇ ਦਿਲ ਤੇ ਜੰਗ ਚੜ੍ਹਾਵੀਂ ਨਾ, ਸ਼ੱਕ ਦਿਲਾਂ ਦੇ ਹਸਦੇ ਵਸਦੇ ਝੁੱਗੇ ਦੇਣ ਉਜਾੜ ਕਈ । ਥੋੜੀ ਨਾਲ ਗੁਜ਼ਾਰਾ ਕਰ ਲੈ ਤਲੀ ਨਾ ਅੱਡੀਂ ਹੋਰਾਂ ਕੋਲ, ਦੁਗਣਾ ਤਿਗਣਾ ਵਾਧਾ ਕਰਕੇ ਲੇਖਾ ਲੈਣ ਉਗਾੜ ਕਈ । ਭਾਰ ਭਰਮ ਦੇ ਰੁੱਖ ਦੀ ਸੇਵਾ ਅਣਖ ਦੀ ਗੋਡੀ ਨਾਲ ਕਰੀਂ, ਨਹੀਂ ਤੇ ਤਨਜ ਕੁਹਾੜਾ ਫੜਕੇ ਕਰ ਦੇਸਨ ਦੋਫਾੜ ਕਈ । ਲੇਖਾ ਨਾ ਕਰ ਨਿੱਕਾ ਨਾ ਪੁਣ 'ਸ਼ੌਕਤ' ਸੱਜਣਾ ਨਾਲ ਕਦੀ, ਇਹ ਵਰਤਾਰਾ ਪਾ ਦੇਵੇਗਾ ਸਾਂਝਾਂ ਵਿਚ ਵਗਾੜ ਕਈ ।