ਗੁਨਕਾਰੀ Gunkari

ਪੰਜਾਬੀ ਕਾਫ਼ੀਆਂ ਗੁਨਕਾਰੀ

1. ਸਈਓ ਨੀ ਹੁਣਿ ਆਇਆ ਸਾਵਣਿ

ਸਈਓ ਨੀ ਹੁਣਿ ਆਇਆ ਸਾਵਣਿ,
ਪਿਆਰੇ ਦਾ ਨ ਹੋਇਆ ਆਵਣ,
ਮੈਨੂੰ ਕੇਹਾ ਭਾਵੇ ਭਾਵਣ,
ਰਾਤੀ ਦਿਹੇਂ ਸਿਕਦੀ ।੧।ਰਹਾਉ।

ਬੂੰਦਾਂ ਵਰਸਨ ਵਾਂਗੂੰ ਤੀਰੇ,
ਬਿਜਲੀ ਜਿਉਂ ਕਲਵਤ੍ਰ ਚੀਰੇ,
ਧੀਰੇ ਨੀ ਮੈਂ ਕਿਤੀ ਧੀਰੇ,
ਹੱਡ ਦੇਹੀ ਦੁਖਦੀ ।੧।

ਮੋਰ ਬਬੀਹਾ ਕੋਇਲ ਕਾਲੀ,
ਚੜਿ ਚੜਿ ਬੋਲਨ ਅੰਬਾਂ ਡਾਲੀ,
ਜਾਲੀ ਨੀ ਮੈਂ ਬਿਰਹੁ ਜਾਲੀ,
ਸੂਲਾਂ ਜਾਲੀ ਧੁਖਦੀ ।੨।

ਗੁਨਕਾਰੀ ਘਰਿ ਆਵੈ ਪਿਆਰਾ,
ਰੋਂਦਾ ਜੀਉ ਰਹੇ ਬੇਚਾਰਾ,
ਮੈਂਡਾ ਕੋਈ ਨਾਹੀਂ ਚਾਰਾ,
ਮੈਨੂੰ ਸਿਕ ਮੁਖ ਦੀ ।੩।
(ਰਾਗ ਮਾਲਕਉਂਸ)

(ਕਲਵਤ੍ਰ=ਆਰਾ, ਸਿਕ=ਤਾਂਘ)

2. ਆਵਹੋ ਵੇਖੋ ਹਾਲ ਅਸਾਹਾਂ

ਆਵਹੋ ਵੇਖੋ ਹਾਲ ਅਸਾਹਾਂ,
ਬਿਰਹੂੰ ਕੀਤਾ ਤਨ ਦਾਹੋ ਦਾਹਾਂ ।੧।ਰਹਾਉ।

ਜੈਂ ਦਿਨ ਦੀ ਤੈਂ ਮਨਹੁ ਵਿਸਾਰੀ,
ਰੋਂਦੀ ਰਹਿੰਦੀ ਜਿੰਦ ਵਿਚਾਰੀ,
ਸਭ ਸੁਖ ਥੀਂ ਏਹੁ ਦੁਖ ਭਾਰੀ,
ਬਿਆ ਨ ਕੋਈ ਮਹਰਮੁ ਹਾਲ ।੧।

ਜੀਵਣ ਥੀਵੇ ਇਤਹੀ ਗਾਲੋਂ,
ਜੇ ਹੁਣ ਬਖਰਾ ਲਹਾਂ ਵਿਸਾਲੋਂ,
ਛੁਟਿ ਪਵਾਂ ਹੁਣਿ ਆਏ ਕਾਲੋਂ,
ਪਾਇ ਪਲੂ ਗਲਿ ਕਰੀਂ ਸਵਾਲਿ ।੨।

ਗੁਨਕਾਰੀ ਸਭ ਪੁਜਨ ਆਸਾ,
ਆਹੀਂ ਦਰਦ ਵੰਞਨਿ ਘਿੰਨ ਪਾਸਾ,
ਮਿਹਰ ਤੈਂਡੀ ਦਾ ਇਕੋ ਮਾਸਾ,
ਲੱਖ ਮਣਾ ਗ਼ਮ ਘੱਤੇ ਟਾਲਿ ।੩।
(ਰਾਗ ਮਾਲਕਉਂਸ)

(ਬਖਰਾ=ਹਿੱਸਾ)