Gurtej Koharwala ਗੁਰਤੇਜ ਕੋਹਾਰਵਾਲਾ

ਗੁਰਤੇਜ ਕੋਹਾਰਵਾਲ਼ਾ (15 ਅਗਸਤ 1961-) ਪੰਜਾਬੀ ਗ਼ਜ਼ਲਗੋ ਹਨ । ਇਹ ਸਮਕਾਲੀ ਪੰਜਾਬੀ ਗ਼ਜ਼ਲ ਦੇ ਪ੍ਰਮੁੱਖ ਹਸਤਾਖਰਾਂ ਵਿੱਚੋਂ ਇੱਕ ਹਨ । ਮੰਨਿਆਂ ਜਾਂਦਾ ਹੈ ਕਿ ਇਹ ਮੁੱਢ ਵਿੱਚ ਡਾ: ਜਗਤਾਰ ਅਤੇ ਸੁਰਜੀਤ ਪਾਤਰ ਦੀ ਕਾਵਿ ਰਚਨਾ ਤੋਂ ਡੂੰਘੀ ਤਰ੍ਹਾਂ ਪ੍ਰਭਾਵਿਤ ਰਹੇ ਪਰ ਹੁਣ ਇਨ੍ਹਾਂ ਨੇ ਆਪਣੀ ਵਿਸ਼ੇਸ਼ ਕਾਵਿ-ਭਾਸ਼ਾ ਅਤੇ ਸ਼ੈਲੀ ਨਾਲ ਆਪਣੀ ਵੱਖਰੀ ਪਛਾਣ ਬਣਾਈ ਹੈ। ਇਹ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਸਾਲ 2021-22 ਦੌਰਾਨ ਵਿਜ਼ਿਟਿੰਗ ਫ਼ੈਲੋ ਵਜੋਂ ਵੀ ਕਾਰਜਸ਼ੀਲ ਰਹੇ । ਇਸ ਦੌਰਾਨ ਇਨ੍ਹਾਂ ਨੇ ਕਵਿਤਾ ਦੇ ਸਿਧਾਂਤਕ ਮਸਲਿਆਂ, ਆਪਣੀ ਕਾਵਿ-ਯਾਤਰਾ ਅਤੇ ਪੰਜਾਬੀ ਸ਼ਾਇਰੀ ਬਾਰੇ ਮੁੱਲਵਾਨ ਲੈਕਚਰ ਦਿੱਤੇ। ਇਨ੍ਹਾਂ ਦੇ ਇਹ ਲੈਕਚਰ ਪੰਜਾਬੀ ਵਿਭਾਗ ਦੇ ਯੂਟਿਊਬ ਚੈਨਲ ਉੱਤੇ ਜਨਤਕ ਤੌਰ 'ਤੇ ਉਪਲਬਧ ਕਰਵਾਏ ਗਏ ਹਨ।
ਇਨ੍ਹਾਂ ਦਾ ਜਨਮ ਪਿੰਡ ਕੋਹਾਰਵਾਲਾ, ਜ਼ਿਲ੍ਹਾ ਫ਼ਰੀਦਕੋਟ, ਪੰਜਾਬ ਵਿੱਚ ਹੋਇਆ। ਪਹਿਲਾਂ ਇਹ ਬਿਜਲੀ ਬੋਰਡ ਦੇ ਕਰਮਚਾਰੀ ਰਹੇ ਅਤੇ ਬਾਅਦ ਵਿਚ 1989-90 ਦੌਰਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਮ-ਫਿਲ ਕੀਤੀ ਅਤੇ ਕਾਲਜ ਲੈਕਚਰਾਰ ਦਾ ਕਿੱਤਾ ਆਪਣਾ ਲਿਆ। ਇਨ੍ਹਾਂ ਨੇ 1995 ਵਿੱਚ ਫ਼ਿਰੋਜ਼ਪੁਰ ਦੇ ਆਰ.ਐੱਸ. ਡੀ. ਕਾਲਜ ਵਿੱਚ ਅਧਿਆਪਨ ਕਾਰਜ ਸ਼ੁਰੂ ਕੀਤਾ ਅਤੇ ਉੱਥੋਂ ਹੀ 2021 ਵਿੱਚ ਪੰਜਾਬੀ ਵਿਭਾਗ ਦੇ ਮੁਖੀ ਵਜੋਂ ਸੇਵਾ ਮੁਕਤ ਹੋਏ । ਇਹ ਬਹੁਤ ਮੱਧਮ ਰਫ਼ਤਾਰ ਨਾਲ ਗ਼ਜ਼ਲ ਲਿਖਣ ਵਾਲੇ ਸ਼ਾਇਰ ਹਨ ਅਤੇ ਅਜੇ ਤੱਕ ਇਨ੍ਹਾਂ ਦੀ ਇੱਕੋ-ਇੱਕ ਕਿਤਾਬ ਪਾਣੀ ਦਾ ਹਾਸ਼ੀਆ ਛਪੀ ਹੈ।