Guru Arjan Dev Ji Da Soorma Roop : Jasvinder Singh Rupal

ਗੁਰੂ ਅਰਜਨ ਦੇਵ ਜੀ ਦਾ ਸੂਰਮਾ ਰੂਪ : ਜਸਵਿੰਦਰ ਸਿੰਘ "ਰੁਪਾਲ"

ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦਾ ਨਾਂ ਲੈਂਦਿਆਂ ਹੀ ਇੱਕ ਸ਼ਾਂਤ ,ਨਾਮ ਵਿੱਚ ਰੱਤੀ ,ਨਿਮਰਤਾ ਅਤੇ ਪਰੇਮ ਵਿੱਚ ਗੜੁੱਚੀ,ਸੰਗੀਤਮਈ ਸ਼ਬਦਾਂ ਦੇ ਰਚਣ ਵਾਲੀ,ਨਿਮਰ ਅਤੇ ਜਬਰ ਦਾ ਮੁਕਾਬਲਾ ਸਬਰ ਨਾਲ ਕਰਨ ਵਾਲੀ ਗਹਿਰ ਗੰਭੀਰ ਰੂਹ ਤਸੱਵਰ ਵਿੱਚ ਆਉਂਦੀ ਹੈ।ਸ਼ਹਾਦਤ ਨੂੰ ਵੀ ਰੱਬ ਦੀ ਰਜਾ ਮੰਨਣ ਵਾਲੇ ਅਤੇ ਭਾਣਾ ਮਿੱਠਾ ਮੰਨਣ ਵਾਲੇ ਪੰਜਵੇਂ ਪਾਤਸਾਹ ਲਈ ਇਹ ਸਾਰਾ ਕੁਝ ਅੱਖਰ ਅੱਖਰ ਸੱਚ ਹੈ, ਪਰ ਉਹਨਾਂ ਦੀ ਨਿਰਭੈਤਾ,ਸੂਰਮਤਾਈ,ਬਹਾਦਰੀ,ਦ੍ਰਿੜ ਨਿਸ਼ਚੇ ਅਤੇ ਆਜਾਦੀ ਨਾਲ ਫੈਸਲਾ ਲੈਣ ਦੀ ਸਮਰੱਥਾ ਅਤੇ ਯੋਗਤਾ ਬਾਰੇ ਗੱਲ ਘੱਟ ਹੀ ਤੁਰੀ ਹੈ। ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਅਸੀਂ ਅੱਜ ਉਹਨਾਂ ਅੰਦਰ ਬੈਠੇ ਯੋਧੇ ਦੇ ਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ।

ਕਿਸੇ ਵੀ ਵਿਅਕਤੀ ਦਾ ਕਿਰਦਾਰ ਉਸਦੇ ਜੀਵਨ ਦੀਆਂ ਘਟਨਾਵਾਂ ਵਿੱਚੋਂ ਅਤੇ ਵੱਖ ਵੱਖ ਹਾਲਤਾਂ ਅਤੇ ਘਟਨਾਵਾਂ ਤੇ ਉਸਦੇ ਪ੍ਰਤੀਕ੍ਰਮ ਅਤੇ ਪ੍ਰਤੀਕਿਰਿਆ ਤੋਂ ਪਤਾ ਲੱਗ ਸਕਦਾ ਹੈ। ਲੇਖਕ ਹੋਣ ਦੀ ਸੂਰਤ ਵਿੱਚ ਉਸਦੀ ਲਿਖਤ ,ਜੋ ਉਸਦੀ ਅੰਦਰਲੀ ਸੋਚ ਅਤੇ ਵਿਚਾਰਾਂ ਦਾ ਪ੍ਰਗਟਾਵਾ ਕਰਦੀ ਹੈ,ਉਹ ਵੀ ਉਸ ਵਿਅਕਤੀ ਬਾਰੇ ਸਾਨੂੰ ਕਾਫੀ ਜਾਣਕਾਰੀ ਦੇ ਜਾਂਦੀ ਹੈ।ਜਦੋਂ ਇਹ ਸ਼ਖਸ਼ੀਅਤ ਅਧਿਆਤਮਕ ਪੱਧਰ ਵਾਲੀ ਹੋਵੇ,ਤਾਂ ਉਸਦੀ ਲਿਖਤ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ,ਕਿਉਂਕਿ ਅਜਿਹੀ ਲਿਖਤ ਸਿਰਫ ਅਤੇ ਸਿਰਫ ਅੰਦਰਲੇ ਸੱਚ ਦਾ ਹੀ ਪ੍ਰਤੀਬਿੰਬ ਹੁੰਦੀ ਹੈ ।ਅਜਿਹੇ ਵਿਅਕਤੀ ਸਿਰਫ ਉਹ ਹੀ ਲਿਖਦੇ ਹਨ,ਜੋ ਉਹ ਅਸਲੀ ਜੀਵਨ ਵਿੱਚ ਜਿਊਂਦੇ ਹਨ। ਮਾਤਰ ਕਲਪਨਾ ਉਸ ਲਿਖਤ ਵਿੱਚ ਨਹੀਂ ਹੁੰਦੀ।ਇਸ ਲਈ ਗੁਰੂ ਅਰਜਨ ਦੇਵ ਜੀ ਅੰਦਰਲੇ ਯੋਧੇ ਨੂੰ ਅਸੀਂ ਉਹਨਾਂ ਦੇ ਜੀਵਨ ਵਿੱਚੋਂ ਤਾਂ ਦੇਖਾਂਗੇ ਹੀ,ਉਹਨਾਂ ਦੀ ਬਾਣੀ ਵਿੱਚੋਂ ਵੀ ਇਸ ਦੀਆਂ ਝਲਕਾਂ ਲੱਭਾਂਗੇ।

ਜੀਵਨ ਵਿੱਚੋਂ ਦ੍ਰਿਸ਼ਟਾਂਤ:- ਗੁਰੂ ਅਰਜਨ ਦੇਵ ਜੀ ਦੇ ਜੀਵਨ ਦੀਆਂ ਉਹ ਕਾਤਰਾਂ ਹੀ ਇੱਥੇ ਪੇਸ਼ ਕਰਾਂਗੇ,ਜੋ ਉਹਨਾਂ ਨੂੰ ਸੂਰਮਾ ਅਤੇ ਬਹਾਦਰ ਸਿੱਧ ਕਰਨ।ਸੂਰਮਾ ਜਾਂ ਯੋਧਾ ਸਿਰਫ ਉਹ ਹੀ ਨਹੀਂ ਹੁੰਦਾ ਜਿਹੜਾ ਜੰਗ ਦੇ ਮੈਦਾਨ ਵਿੱਚ ਲੜਦਾ ਹੈ।ਜੋ ਗਲਤ ਕਦਰਾਂ ਕੀਮਤਾਂ ਵਿਰੁੱਧ ,ਜੁਲਮਾਂ ਵਿਰੁੱਧ ਅਵਾਜ ਉਠਾਵੇ, ਅਤੇ ਵਕਤ ਦੇ ਹੁਕਮਰਾਨ ਦੀ ਕੋਈ ਵੀ ਨਾਜਾਇਜ ਗੱਲ ਨਾ ਮੰਨੇ ਅਤੇ ਉਸ ਦੀਆਂ ਗਲਤ ਨੀਤੀਆਂ ਦਾ ਖੰਡਨ ਕਰੇ, ਉਹ ਵੀ ਸੂਰਮਾ ਹੀ ਕਹਾਏਗਾ।

ਗੁਰੂ ਅਰਜਨ ਜੀ ਨੂੰ ਬਚਪਨ ਵਿੱਚ ਹੀ ਭਾਸ਼ਾ ਅਤੇ ਸੰਗੀਤ ਦੀ ਸਿਖਲਾਈ ਦੇ ਨਾਲ ਨਾਲ ਸ਼ਸ਼ਤਰ ਵਿੱਦਿਆ,ਨੇਜੇਬਾਜੀ ਅਤੇ ਘੋੜ ਸਵਾਰੀ ਵੀ ਸਿਖਾਈ ਗਈ ਸੀ,ਜਿਸ ਨਾਲ ਸੂਰਬੀਰਤਾ ਦੇ ਬੀਜ ਬਚਪਨ ਵਿੱਚ ਹੀ ਬੀਜੇ ਗਏ ਸਨ।

ਵੱਡੇ ਹੋ ਕੇ ਵੀ ਕਾਫੀ ਘੋੜ ਸਵਾਰ ਉਹਨਾਂ ਦੇ ਨਾਲ ਰਹਿੰਦੇ ਸਨ।

ਜਦੋਂ ਅੰਮ੍ਰਿਤਸਰ ਸ਼ਹਿਰ ਵਸਾਇਆ ਸੀ, ਉਸ ਸਮੇਂ ਆਰਥਿਕਤਾ ਪੱਕੇ ਪੈਰੀਂ ਕਰਨ ਲਈ ਆਪਣੇ ਸਿੱਖਾਂ ਨੂੰ ਘੋੜਿਆਂ ਦਾ ਵਾਪਾਰ ਕਰਨ ਲਈ ਆਦੇਸ਼ ਦਿੱਤੇ।

1598 ਈਸਵੀ ਵਿੱਚ ਜਦੋਂ ਅਕਬਰ ,ਗੋਇੰਦਵਾਲ ਵਿਖੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਚ’ ਹਾਜਰ ਹੋਇਆ,ਤਾਂ ਉਸ ਨੇ ਲਾਹੌਰ ਵਿੱਚ ਪਏ ਕਾਲ਼ ਸਮੇਂ ਗੁਰੁ ਜੀ ਵਲੋਂ ਪੀੜਿਤਾਂ ਦੀ ਕੀਤੀ ਗਈ ਸੇਵਾ ਲਈ ਸ਼ੁਕਰਾਨਾ ਕੀਤਾ।ਲੰਗਰ ਦੇ ਨਾਂ ਤੇ ਅਕਬਰ ਨੇ ਜਗੀਰ ਲਗਾਉਣ ਦੀ ਪੇਸਕਸ ਕੀਤੀ, ਜਿਸ ਨੂੰ ਲੈਣ ਤੋਂ ਗੁਰੂ ਸਾਹਿਬ ਨੇ ਦ੍ਰਿੜਤਾ ਨਾਲ ਇਨਕਾਰ ਕਰ ਦਿੱਤਾ।ਲੇਕਿਨ ਇਸ ਇਲਾਕੇ ਵਿੱਚੋਂ ਸ਼ਾਹੀ ਫੌਜਾਂ ਦੇ ਰਹਿਣ ੳਤੇ ਕੂਚ ਕਰਨ ਕਰਕੇ ਹੋਏ ਨੁਕਸਾਨ ਕਾਰਨ ਲਗਾਨ ਮੁਆਫ ਕਰਨ ਲਈ ਬਾਦਸਾਹ ਨੂੰ ਰਾਜੀ ਕਰ ਲਿਆ।

1636 ਈਸਵੀ ਵਿੱਚ ਜਦੋਂ ਗੁਰੂ ਜੀ ਬਾਰਾਤ ਲੈ ਕੇ ਫਿਲੌਰ ਤਹਿਸੀਲ ਦੇ ਪਿੰਡ ਮਾਓ ਦੇ ਕ੍ਰਿਸ਼ਨ ਚੰਦ ਦੇ ਘਰ ਪਹੁੰਚੇ,ਤਾਂ ਸਹੁਰੇ ਪਰਿਵਾਰ ਵਲੋਂ ਉਹਨਾਂ ਨੂੰ ਨੇਜੇਬਾਜੀ ਦੇ ਕਰਤੱਬ ਦਿਖਾਉਣ ਲਈ ਕਿਹਾ ਗਿਆ। ਇਸ ਖਾਤਰ ਉਹਨਾਂ ਨੇ ਇੱਕ ਟਾਹਲੀ ਦੇ ਦਰਖਤ ਦੀ ਜੜ੍ਹ ਨੂੰ ਉਸੇ ਤਰਾਂ ਰੱਖ ਕੇ ਉਸ ਨੂੰ ਉਪਰੋਂ ੳਪਰੋ ਕੱਟ ਦਿੱਤਾ ਗਿਆ ਅਤੇ ਬਚੇ ਹੋਏ ਹਿੱਸੇ ਨੂੰ ਗੁਰੂ ਜੀ ਨੂੰ ਨੇਜੇ ਨਾਲ ਪੁੱਟਣ ਲਈ ਕਿਹਾ ਗਿਆ । ਘੋੜ-ਸਵਾਰੀ ਕਰਦੇ ਲਾੜੇ ਅਰਜਨ ਨੇ ਅਪਣੇ ਨੇਜੇ ਨਾਲ ਉਸ ਨੂੰ ਜੜ੍ਹ ਤੋਂ ਹੀ ਪੁੱਟ ਦਿੱਤਾ ।ਇਸ ਜਗ੍ਹਾ ਗੁਰਦੁਆਰਾ ਮਾਓ ਸਾਹਿਬ ਬਣਿਆ ਹੋਇਆ ਹੈ।(ਇਹ ਵੀ ਜਿਕਰ ਆਉਂਦਾ ਏ ਕਿ ਇੱਕ ਵਾਰ ਤਾਂ ਇਸ ਪਿੰਡ ਦੀਆਂ ਵੀ ਜੜ੍ਹਾਂ ਹੀ ਪੁੱਟੀਆਂ ਗਈਆਂ ਸਨ, ਜਦੋਂ ਲੁਟੇਰਿਆਂ ਅਤੇ ਜਰਵਾਣਿਆਂ ਨੇ ਇਸ ਪਿੰਡ ਵਿੱਚ ਲੁੱਟ ਮਾਰ ਅਤੇ ਕਤਲੋਗਾਰਤ ਵੀ ਕੀਤੀ ਸੀ ਅਤੇ ਇਮਾਰਤਾਂ ਵੀ ਢਾਹ ਦਿੱਤੀਆਂ ਸਨ।)

ਗੁਰ-ਗੱਦੀ ਨਾ ਮਿਲਣ ਕਾਰਨ ਪ੍ਰਿਥੀ ਚੰਦ ਵਲੋਂ ਬੇਲੋੜਾ ਅਤੇ ਬਹੁਤ ਜਿਆਦਾ ਵਿਰੋਧ ਕੀਤਾ ਜਾਣ ਲੱਗਿਆ। ਇਹ ਪਹਿਲੇ ਗੁਰੂ ਸਾਹਿਬਾਨ ਸਮੇ ਵੀ ਹੁੰਦਾ ਰਿਹਾ ਸੀ,ਜਿਵੇਂ ਗੁਰੁ ਅੰਗਦ ਦੇਵ ਜੀ ਕਰਤਾਰਪੁਰ ਦੀ ਥਾਂ ਖਡੂਰ ਸਾਹਿਬ ਚਲੇ ਗਏ ਸਨ ਅਤੇ ਗੁਰੁ ਅਮਰ ਦਾਸ ਜੀ ਨੇ ਗੋਇੰਦਵਾਲ ਨੂੰ ਆਪਣਾ ਪ੍ਰਚਾਰ ਕੇਂਦਰ ਬਣਾ ਲਿਆ ਸੀ, ਪਰ ਇਸ ਸਮੇਂ ਇੰਨੇ ਵਿਰੋਧ ਦੇ ਬਾਵਜੂਦ ਗੁਰੂ ਅਰਜਨ ਜੀ ਨੇ ਅਪਣਾ ਪ੍ਰਚਾਰ-ਕੇਂਦਰ ਅੰਮ੍ਰਿਤਸਰ ਤੋਂ ਨਹੀਂ ਬਦਲਿਆ ।ਸਿੱਖੀ ਦਾ, ਸ਼ਬਦ ਦਾ, ਆਦਿ ਗ੍ਰੰਥ ਦਾ ਕੇਂਦਰੀ ਧੁਰਾ ਜੋ ਬਣ ਰਿਹਾ ਸੀ। ਇਹ ਇੱਕ ਦਲੇਰਾਨਾ ਫੈਸਲਾ ਸੀ,ਭਾਵੇਂ ਇਸ ਕਾਰਨ ਉਹਨਾਂ ਨੂੰ ਆਰਥਿਕ ਤੰਗੀਆਂ ਦਾ ਸਾਹਮਣਾ ਤਾਂ ਕਰਨਾ ਪਿਆ ਹੀ, ਹੋਰ ਵਾਰ ਵੀ ਪ੍ਰਿਥੀ ਚੰਦ ਦੇ ਹਨਾਂ ਨੂੰ ਸਹਾਰਨੇ ਪਏ।

ਜਦੋਂ ਚੰਦੂ ਦੀ ਅਪਣੀ ਬੇਟੀ ਦਾ ਸਾਕ ਹਰਗੋਬਿੰਦ ਜੀ ਲਈ ਪੱਕਾ ਕਰਨ ਦੀ ਗੱਲ ਚੱੱਲੀ ਅਤੇ ਗੁਰੂ ਸਾਹਿਬ ਨੂੰ ਸਿੱਖਾਂ ਤੋਂ ਪਤਾ ਚੱਲਿਆ ਕਿ ਚੰਦੂ ਨੇ ਆਪਣੀ ਅਮੀਰੀ ਅਤੇ ਰਾਜਸੀ ਪਹੁੰਚ ਦੇ ਹੰਕਾਰ ਵਿੱਚ ਗੁਰੂ ਘਰ ਪ੍ਰਤੀ ਬੁਰੇ ਸ਼ਬਦ ਬੋਲੇ ਹਨ ਕਿ ਚੁਬਾਰੇ ਦੀ ਇੱਟ ਮੋਰੀ ਨਾਲ ਲਾ ਆਏ ਹੋ। ਤਾਂ ਸੰਗਤ ਦੇ ਆਖੇ ਜਾਣ ਤੇ ਗੁਰੂ ਜੀ ਨੇ ਦ੍ਰਿੜਤਾ ਨਾਲ ਇਸ ਰਿਸ਼ਤੇ ਨੂੰ ਠੁਕਰਾ ਦਿੱਤਾ ਜਿਸ ਨੂੰੰ ਚੰਦੂ ਨੇ ਆਪਣਾ ਅਪਮਾਨ ਸਮਝਿਆ ਅਤੇ ਜਹਾਂਗੀਰ ਕੋਲ ਗੁਰੂ ਸਾਹਿਬ ਜੀ ਵਿਰੁੱਧ ਬੋਲਦਾ ਰਿਹਾ, ਜੋ ਗੁਰੂ ਸਾਹਿਬ ਦੀ ਸ਼ਹੀਦੀ ਦੇ ਕਾਰਨਾਂ ਵਿੱਚੋਂ ਇੱਕ ਕਾਰਨ ਬਣ ਗਿਆ।

ਸੱਤਾ ਅਤੇ ਬਲਵੰਡ ,ਜੋ ਗੁਰੂ ਘਰ ਦੇ ਕੀਰਤਨੀਏ ਸਨ ਆਰਥਿਕ ਸੰਕਟ ਸਮੇਂ ਡੋਲ ਗਏ ਸਨ। ਸੱਤੇ ਦੀ ਬੇਟੀ ਦਾ ਵਿਆਹ ਸੀ, ਉਹਨਾਂ ਵਧੇਰੇ ਮਾਇਆ ਦੀ ਮੰਗ ਕੀਤੀ,ਲੇਕਿਨ ਪ੍ਰਿਥੀ ਦੀਆਂ ਚਾਲਾਂ ਅਤੇ ਗੁਰੂ ਘਰ ਦੀ ਮਾਇਆ ਤੇ ਕੀਤੇ ਕਬਜੇ ਕਾਰਨ ਗੁਰੂ ਸਾਹਿਬ ਉਹਨਾਂ ਦੀ ਮੰਗ ਪੂਰੀ ਨਾ ਕਰ ਸਕੇ,ਤਾਂ ਉਹਨਾਂ ਕੀਰਤਨ ਕਰਨਾ ਬੰਦ ਕਰ ਦਿੱਤਾ।ਗੁਰੂ ਅਰਜਨ ਸਾਹਿਬ ਦੋ ਵਾਰੀ ਆਪ ਚੱਲ ਕੇ ਉਹਨਾਂ ਨੂੰ ਮਨਾ ਕੇ ਲਿਆਉਣ ਲਈ ਗਏ, ਪਰ ਕਿਧਰੇ ਵਧੀਆ ਕੀਰਤਨੀਏ ਹੋਣ ਦੀ ਹਉਮੈ ਕਾਰਨ ਉਹਨਾਂ ਨਾ-ਕੇਵਲ ਇਨਕਾਰ ਹੀ ਕਰ ਦਿੱਤਾ,ਸਗੋਂ ਗੁਰੂ ਨਾਨਕ ਜੀ ਦੇ ਵੀ ਵਿਰੁੱਧ ਬੋਲ ਗਏ।ਕਿ ਜੇ ਸਾਡੇ ਵਡੇਰੇ,ਮਰਦਾਨਾ ਜੀ, ਰਬਾਬ ਵਜਾਉਂਦੇ ਸੀ,ਤਾਂ ਬਾਬਾ ਨਾਨਕ ਕੋਲ ਸੰਗਤ ਆਉਂਦੀ ਸੀ।ਗੁਰੂ ਅਰਜਨ ਦੇਵ ਜੀ ਵੱਡੇ ਗੁਰਾਂ ਦੇ ਵਿਰੁੱਧ ਬੋਲ ਨਹੀਂ ਸਹਿ ਸਕੇ। ਉਹਨਾਂ ਪਹਿਲਾ ਤਾਂ ਆਪ ਸਿਰੰਦਾ ਅਤੇ ਤਾਨਪੁਰਾ ਲੈ ਕੇ ਕੀਰਤਨ ਕਰਨਾ ਸ਼ੁਰੂ ਕੀਤਾ,ਸਿੱਖਾਂ ਨੂੰ ਖੁਦ ਕੀਰਤਨ ਕਰਨ ਦਾ ਹੁਕਮ ਦਿੱਤਾ, ਤਾਂ ਕਿ ਉਹ ਕਿਸੇ ਵੀ ਕੀਰਤਨੀਏ ਤੇ ਵੀ ਨਿਰਭਰ ਨਾ ਕਰਨ। ਉਹਨਾਂ ਸਿੱਖਾਂ ਨੂੰ ਇਹ ਵੀ ਹੁਕਮ ਦਿੱਤਾ ਕਿ ਭਾਈ ਸੱਤੇ ਅਤੇ ਬਲਵੰਡ ਦਾ ਸਮਾਜਿਕ ਬਾਈਕਾਟ ਕੀਤਾ ਜਾਵੇ। ਕਿਹਾ ਜਾਂਦਾ ਏ ਕਿ ਗੁਰੂ ਸਾਹਿਬ ਨੇ ਇਹ ਵੀ ਕਿਹਾ ਕਿ ਗੁਰੂ ਤੋਂ ਟੁੱਟੇ ਇਹਨਾਂ ਹੰਕਾਰੀਆਂ ਨੂੰ ਮੂੰਹ ਲਗਾਉਣ ਵਾਲੇ ਨੂੰ ਖੋਤੇ ਤੇ ਬਿਠਾ ਕੇ ਮੂੰਹ ਕਾਲਾ ਕੀਤਾ ਜਾੇੲਗਾ।ਇਤਿਹਾਸ ਵਿੱਚ ਜਿਕਰ ਆਉਂਦਾ ਏ ਕਿ ਭਾਈ ਲੱਧਾ ਜੀ ਪਰਉਪਕਾਰੀ ,ਪਛਤਾ ਰਹੇ ਸੱਤਾ ਬਲਵੰਡ ਨੂੰ ਨਾਲ ਲੈ ਕੇ ਅਪਣਾ ਮੂੰਹ ਕਾਲਾ ਕਰਕੇ ਉਹਨਾਂ ਦੀ ਭੁੱਲ ਬਖਸਾਉਣ ਗੁਰੂ ਜੀ ਕੋਲ ਲੈ ਕੇ ਆਏ ਸਨ । ਜਿੱਥੇ ਗੁਰੂ ਜੀ ਵਲੋਂ ਉਹਨਾਂ ਨੂੰ ਮੁਆਫ ਕਰਨਾ ਉਹਨਾਂ ਦੇ ਨਿਰਵੈਰ ਹੋਣ ਦਾ ਸੂਚਕ ਹੈ,ੳੁੱਥੇ ਇਹ ਵੀ ਸਪਸਟ ਹੈ ਕਿ ਉਹਨਾਂ ਦਾ ਮਕਸਦ ਸਿਰਫ ਸੁਧਾਰ ਕਰਨਾ ਸੀ।ਇਸੇ ਲਈ ਤਾਂ ਹਨਾਂ ਕਿਹਾ ਸੀ ਕਿ ਜਿਸ ਜਬਾਨ ਨੇ ਗੁਰੂ ਸਾਹਿਬ ਦੇ ਵਿਰੁੱਧ ਬੋਲਿਆ ਸੀ,ਉਸੇ ਜਬਾਨ ਨਾਲ ਗੁਰ-ਉਸਤਤ ਕਰੋ। ਉਹਨਾਂ ਵਲੋਂ ਕੀਤੀ ਸਿਫਤ-ਸਲਾਹ ਨੂੰ ਆਦਿ-ਗ੍ਰੰਥ ਵਿੱਚ ਰਾਮਕਲੀ ਦੀ ਵਾਰ ਵਿੱਚ ਦਰਜ ਕਰਕੇ ਮਾਣ ਵੀ ਦਿੱਤਾ।ਅਜਿਹਾ ਕੰਮ ਇੱਕ ਨਿਰਭਉ ਅਤੇ ਨਿਰਵੈਰ ਸੂਰਮਾ ਹੀ ਕਰ ਸਕਦਾ ਏ।

ਜਦੋਂ ਉਹ ਹਰਿਮੰਦਰ ਸਾਹਿਬ ਦੀ ਕਾਰ ਸੇਵਾ ਕਰਵਾ ਰਹੇ ਸਨ, ਇਹ 1539 ਈਸਵੀ ਦੀ ਗੱਲ ਹੈ,ਉਸ ਸਮੇਂ ਲਾਹੌਰ ਵਿੱਚ ਕਾਲ਼ ਪੈ ਗਿਆ।ਗੁਰੂ ਜੀ ਨੇ ਇੱਕ ਦਮ ਫੈਸਲਾ ਲਿਆ ਅਤੇ ਹਰਿਮੰਦਰ ਸਾਹਿਬ ਦੀ ਉਸਾਰੀ ਰੋਕ ਦਿੱਤੀ । ਦਸਵੰਧ ਦੀ ਜੋ ਰਕਮ ਕਾਰ ਸੇਵਾ ਲਈ ਆਈ ਹੋਈ ਸੀ,ਸਾਰੀ ਦੀ ਸਾਰੀ ਲਾਹੌਰ ਕਾਲ਼-ਪੀੜਿਤਾਂ ਨੂੰ ਭੇਜ ਦਿੱਤੀ।(ਇਸ ਘਟਨਾ ਦਾ ਸਾਡੇ ਪ੍ਰਚਾਰਕ ਬਹੁਤ ਘੱਟ ਪਰਚਾਰ ਕਿਉਂ ਕਰਦੇ ਹਨ ?? ਕੀ ਅਜੋਕੇ ਕਾਰ-ਸੇਵਾ ਵਾਲੇ ਇਸ ਗਟਨਾ ਤੋਂ ਕੋਈ ਸਬਕ ਸਿੱਖਣਗੇ ??)

ਇੱਕ ਸੂਝਵਾਨ ਸੰਪਾਦਕ ਹੋਣ ਦਾ ਸਬੂਤ ਮਿਲਦਾ ਹੈ,ਆਦਿ-ਗ੍ਰੰਥ ਵੱਲ ਨਜਰ ਮਾਰਿਆਂ। ਨਾ-ਕੇਵਲ ਜਾਤਾਂ ਅਤੇ ਇਲਾਕਿਆਂ ਦੀਆਂ ਹੱਦਾਂ ਤੋਂ ਪਰ੍ਹੇ ਗੁਰਮਤਿ ਕਸਵੱਟੀ ਤੇ ਖਰਾ ਉਤਰਦੀਆਂ ਰਚਨਾਵਾਂਂ ਹੀ ਸ਼ਾਮਲ ਕੀਤੀਆਂ, ਸਗੋਂ ਇਸ ਵਿੱਚ ਛਾਪੇ ਜਾਣ ਲਈ ਆਈਆਂ ਪਰ ਕਸਵੱਟੀ ਤੇ ਪੂਰਾ ਨਾ ਆਉਣ ਵਾਲੀਆਂ ਰਚਨਾਵਾਂ ਨੂੰ ਦ੍ਰਿੜਤਾ ਨਾਲ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ।ਹਾਕਮਾਂ ਦੀ ਸਰਪ੍ਰਸਤੀ ਪ੍ਰਾਪਤ ਲੇਖਕ ਪੀਲੂ, ਕਾਹਨਾ, ਛੱਜੂ ਅਤੇ ਸ਼ਾਹ ਹੁਸੈਨ ਵਰਗੇ ਕਵੀਆਂ ਦੀਆਂ ਰਚਨਾਵਾਂ ਨੂੰ ਆਦਿ-ਗ੍ਰੰਥ ਵਿੱਚ ਥਾਂ ਨਹੀਂ ਦਿੱਤੀ ਗਈ। ਕੀ ਇਹ ਕਦਮ ਕਿਸੇ ਯੋਧੇ ਨਾਲੋਂ ਘੱਟ ਸੀ??

ਜਿਹਨਾਂ ਦੀ ਰਚਨਾ ਵਿੱਚ ਕਿਧਰੇ ਸਪਸ਼ਟੀਕਰਨ ਦੀ ਲੋੜ ਵੀ ਪਈ,ਉੱਥੇ ਆਮ ਸੰਪਾਦਕਾਂ ਵਾਂਗ ਰਚਨਾ ਵਿੱਚ ਤਬਦੀਲੀ ਨਹੀਂ ਕੀਤੀ, ਸਗੋਂ ਵੱਖਰੀ ਟਿੱਪਣੀ ਕੀਤੀ ਹੈ, ਜਿਵੇਂ ਕਬੀਰ ਫਰੀਦ ਦੇ ਸਲੋਕਾਂ ਸਮੇ।

ਇਹ ਪਤਾ ਲੱਗਣ ਤੇ ਕਿ ਵਿਰੋਧੀ, ਬਾਣੀ ਵਿੱਚ ਵੀ ਰਲਾਅ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਆਪ ਜੀ ਨੇ ਗੁਰਬਾਣੀ ਨੂੰ ਰਾਗ-ਬੱਧ ਕਰਨ ਦੇ ਨਾਲ ਨਾਲ ਸ਼ਬਦਾਂ, ਪਦਾਂ, ਸਲੋਕਾਂ ਆਦਿ ਦੀ ਗਿਣਤੀ ਇੰਨੇ ਸੁਚੱਜੇ ਢੰਗ ਨਾਲ ਅੰਕਿਤ ਕਰ ਦਿੱਤੀ ਕਿ ਉਸ ਵਿੱਚ ਰਲਾਅ ਪਾਇਆ ਜਾਣਾ ਸੰਭਵ ਹੀ ਨਾ ਰਹੇ।

ਜਹਾਂਗੀਰ –ਪੁੱਤਰ ਖੁਸਰੋ,ਜਦੋਂ ਬਾਦਸਾਹ ਤੋਂ ਬਾਗੀ ਹੋ ਕੇ ਆਪ ਜੀ ਦੇ ਦਰਬਾਰ ਵਿੱਚ ਆਇਆ, ਤਾਂ ਆਪ ਜੀ ਨੇ ਜਹਾਂਗੀਰ ਦੇ ਕਿਸੇ ਵੀ ਤਰਾਂ ਦੇ ਡਰ ਤੋਂ ਮੁਕਤ ਹੋ ਕੇ ਉਸ ਨਾਲ ਆਮ ਸਿੱਖਾਂ ਦੀ ਤਰਾਂ ਵਿਵਹਾਰ ਕੀਤਾ। ਇਸ ਗੱਲ ਦਾ ਜਿਕਰ ਜਹਾਂਗੀਰ ਨੇ ਆਪਣੀ ਪੁਸਤਕ ਵਿੱਚ ਕੀਤਾ ਹੈ। ਸ਼ਹਾਦਤ ਤੋਂ ਪਹਿਲਾਂ ਜਦੋਂ ਸਾਈਂ ਮੀਆਂ ਮੀਰ ਜੀ ਨੇ ਲਾਹੌਰ ਅਤੇ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦੇਣ ਦੀ ਆਗਿਆ ਮੰਗੀ ਤਾਂ ਗੁਰੂ ਜੀ ਨੇ ਅਪਣੇ ਵਿਸ਼ਾਲ ਹਿਰਦੇ ਅਤੇ ਨਿਰਵੈਰਤਾ ਦਾ ਸਬੂਤ ਦਿੰਦੇ ਹੋਏ ਇਨਕਾਰ ਕਰ ਦਿੱਤਾ। ਕਿਉਂਕਿ ਸੂਰਮੇ ਦੀ ਬਿਰਤੀ ਬਦਲਾ ਲੈਣ ਵਾਲੀ ਨਹੀਂ ਹੁੰਦੀ।

ਅੰਤਮ ਸਮੇਂ ਜਿਸ ਤਰਾਂ ਦੇ ਅਕਹਿ ਅਤੇ ਅਸਹਿ ਕਸ਼ਟ ਸਹਾਰਦੇ ਹੋਏ ਆਪ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ,ਉਸਦੀ ਮਿਸਾਲ ਕਿਧਰੋਂ ਵੀ ਨਹੀਂ ਮਿਲਣੀ।ਪਰ ਗੁਰੂ ਸਾਹਿਬ ਨੇ ਆਪਣੀ ਦ੍ਰਿੜਤਾ, ਨਿਸ਼ਚਾ, ਅਡੋਲਤਾ,ਬਹਾਦਰੀ ਅਤੇ ਅਣਖ ਬਿਲਕੁਲ ਨਹੀਂ ਛੱਡੀ। ਹਜਾਰਾਂ ਕਿਸਮ ਦੇ ਡਰ,ਲਾਲਚ ਅਤੇ ਧੱਕੇਸ਼ਾਹੀਆਂ ਗੁਰੂ ਸਾਹਿਬ ਨੂੰ ਆਪਣੇ ਸਿਧਾਂਤ ਤੋਂ ਡੁਲਾ ਨਹੀਂ ਸਕੀਆਂ।

ਆਪਣੀ ਸ਼ਹਾਦਤ ਤੋਂ ਪਹਿਲਾਂ ਗੁਰੂ ਜੀ ਆਪਣੇ ਪੁੱਤਰ ਹਰਿਗੋਬਿੰਦ ਨੂੰ ਭਗਤੀ ਦੇ ਨਾਲ ਨਾਲ ਸ਼ਕਤੀ ਦੀ ਵਰਤੋਂ ਕਰਨ ਦਾ ਸੰਕੇਤ ਵੀ ਦੇ ਗਏ ਸਨ, ਜਿਸ ਦਾ ਪਾਲਣ ਕਰਦਿਆਂ ਹੀ ਗੁਰੂ ਹਰਗੋਬਿੰਦ ਜੀ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਸਨ।

ਬਾਣੀ ਵਿੱਚੋਂ ਝਲਕਾਂ:-ਇੱਕ ਲੇਖਕ ਲਈ ਉਸਦੀ ਲਿਖਤ ਉਸਦੀ ਅੰਤਰ-ਆਤਮਾ ਦੀ ਆਵਾਜ ਹੁੰਦੀ ਹੈ ਅਤੇ ਉਹ ਆਪਣੀ ਕਲਮ ਨੂੰ ਹਥਿਆਰ ਵਾਂਗ ਵਰਤ ਕੇ ਸਮਕਾਲੀ ਹਾਲਾਤਾਂ ਤੇ ਟਿੱਪਣੀ ਕਰਦਾ ਹੈ ਅਤੇ ਨਵੀਂ ਜੀਵਨ-ਜਾਚ ਸਿਖਾਉਂਦਾ ਹੈ।ਗੁਰੂ ਸਾਹਿਬ ਵਲੋਂ ਵਰਤੇ ਗਏ ਅਲੰਕਾਰ ਅਤੇ ਬਿੰਬ ਉਹਨਾਂ ਨੂੰ ਜੰਗ ਦੇ ਮੈਦਾਨ ਅਤੇ ਜੰਗ ਦੀਆਂ ਨੀਤੀਆਂ ਤੋਂ ਵਾਕਫ ਹੋਣਾ ਦਰਸਾਉਂਦੀਆਂ ਹਨ । ਇਸੇ ਤਰਾਂ ਉਹਨਾਂ ਵਲੋਂ ਗੁਰਮਤਿ ਨੂੰ ਭੁੱਲ ਕੇ ਮੋਹ-ਮਾਇਆ ਵਿੱਚ ਖਚਿਤ ਮਨੁੱਖ ਪ੍ਰਤੀ ਉਹਨਾਂ ਦਾ ਰੋਸਾ ਦੇਖਣਾ ਬਣਦਾ ਹੈ। ਕੁਝ ਹਵਾਲੇ ਦੇ ਰਹੇ ਹਾਂ:--

ਸੂਰਬੀਰ ਬਚਨ ਕੇ ਬਲੀ ।।
ਕਉਲਾ ਬਪੁਰਾ ਸੰਤੀ ਛਲੀ ।।-ਆਸਾ ਮਹਲਾ 5,(ਪੰਨਾ 392)

ਸੋ ਸੂਰਾ ਪਰਧਾਨੁ ਸੋ ਮਸਤਕਿ ਜਿਸ ਦੈ ਭਾਗੁ ਜੀਓ ।।-ਮਾਝ ਮਹਲਾ 5 (ਪੰਨਾ 132)

ਜੋ ਇਸ ਮਾਰੇ ਸੋਈ ਸੂਰਾ ।।
ਜੋ ਇਸ ਮਾਰੇ ਸੋਈ ਪੂਰਾ।।-ਗਉੜੀ ਮਹਲਾ 5(ਪੰਨਾ 237)

ਸੂਰਵੀਰ ਵਰੀਆਮ ਕਿਨੈ ਨ ਹੋੜੀਐ।।
ਫਉਜ ਸਤਾਣੀ ਹਾਥ ਪੰਚਾ ਜੋੜੀਐ।।-ਪਉੜੀ (ਪੰਨਾ 522)

ਹਉ ਗੋਸਾਈ ਦਾ ਪਹਿਲਵਾਨੜਾ।।
ਮੈ ਗੁਰ ਮਿਲਿ ਉਚ ਦੁਮਾਲੜਾ।।-ਸਿਰੀਰਾਗੁ ਮਹਲਾ 5(ਪੰਨਾ 74)

ਗੁਰ ਪੂਰੈ ਵਜੀ ਵਾਧਾਈ
ਨਾਨਕ ਜਿਤਾ ਬਿਖਾੜਾ ਜੀਓ।।--ਮਾਝ ਮਹਲਾ 5 (ਪੰਨਾ 103)

ਜਿਨ ਮਿਲ ਮਾਰੇ ਪੰਚ ਸੂਰਬੀਰ ਐਸੋ ਕਉਨ ਬਲੀ ਰੇ।।
ਜਿਨਿ ਪੰਚ ਮਾਰ ਬਿਦਾਰ ਗੁਦਾਰੈ ਸੋ ਪੂਰੀ ਇਹ ਕਲੀ ਰੇ।।-ਆਸਾ ਮਹਲਾ 5 (ਪੰਨਾ 404)

ਉਪਰੋਕਤ ਫੁਰਮਾਨਾਂ ਵਿੱਚ ਸੂਰਬੀਰ, ਸੂਰਮਾ,ਜੰਗ ਦਾ ਮੈਦਾਨ, ਜੋਧਿਆਂ ਦਾ ਲੜਨਾ,ਜਿੱਤਣਾ ਆਦਿ ਵਰਗੇ ਅਲੰਕਾਰ ਗੁਰੂ ਸਾਹਿਬ ਦੀ ਜੰਗਜੂ ਸੋਚ ਨੂੰ ਪ੍ਰਗਟਾਉਂਦੇ ਹਨ।

ਆਪ ਜੀ ਨੇ 6 ਅਧਿਆਤਮਕ ਵਾਰਾਂ ਦੀ ਰਚਨਾ ਕੀਤੀ । ਇਹ ਹਨ ਕ੍ਰਮਵਾਰ- ਗਉੜੀ ਕੀ ਵਾਰ, ਗੁਜਰੀ ਕੀ ਵਾਰ,ਜੈਤਸਰੀ ਕੀ ਵਾਰ,ਰਾਮਕਲੀ ਕੀ ਵਾਰ,ਮਾਰੂ ਕੀ ਵਾਰ ਅਤੇ ਬਸੰਤ ਕੀ ਵਾਰ ।।

ਭਾਵੇਂ ਇਸ ਕਾਵਿ-ਰੂਪ ਦਾ ਖਾਸਾ ਦੋ ਸ਼ਕਤੀਆਂ ਜਾਂ ਮਹਾਂ-ਸ਼ਕਤੀਆਂ ਦੀ ਟੱਕਰ ਦੀ ਪੇਸ਼ਕਾਰੀ ਹੀ ਹੈ,ਪਰ ਗੁਰਮਤਿ ਸਾਹਿਤ ਵਿੱਚ ਇਹ ਟੱਕਰ ਅਧਿਆਤਮਕ ਮੰਜਲ ਦੀ ਪ੍ਰਾਪਤੀ ਲਈ ਗੁਰਮੁਖ ਦੀ ਵਿਕਾਰਾਂ ਨਾਲ ਸਿੱਝਣ ਦੀ ਸੂਖਮ ਸਰੂਪ ਵਾਲੀ ਹੈ।

ਇਸ ਤੋਂ ਬਿਨਾਂ ਉਹਨਾਂ ਦੀ ਬਾਣੀ ਵਿੱਚ ਆਏ ਸ਼ਬਦ-ਬਾਵਰ, ਮੂੜ੍ਹ ਅਗਿਆਨ, ਬਉਰਾਨੰ, ਸਾਕਤ, ਅੰਦਰਹੁ ਥੋਥਾ ਕੂੜਿਆਰ, ਲਾਜ ਮਰੈ, ਮਖਟੂ, ਕੂਕਰ, ਮ੍ਰਿਤਕ ਆਦਿ ਉਹਨਾਂ ਦੇ ਗਲਤ ਕੀਮਤਾਂ ਵਿਰੁੱਧ ਅਤੇ ਮਾਇਆ ਵਿਚ ਗੁਲਤਾਨ ਮਨੁੱਖ ਪ੍ਰਤੀ ਸਿੱਧੇ ਅਤੇ ਸਪਸਟ ਬੋਲ ਉਹਨਾਂ ਦੀ ਸੂਰਮਤਾਈ ਦੱਸਦੇ ਹਨ।।

ਅੰਤ ਵਿੱਚ ਆਖ ਸਕਦੇ ਹਾਂ ਕਿ ਗੁਰੂ ਅਰਜਨ ਦੇਵ ਜੀ ਦਾ ਮੂਲ ਸਿਧਾਂਤ ਨਿਮਰਤਾ ਅਤੇ ਸ਼ਾਂਤੀ ਵਾਲਾ ਹੀ ਰਿਹਾ ਹੈ,ਪਰ ਇਹ ਸ਼ਾਂਤੀ ਅਤੇ ਨਿਮਰਤਾ ਕਿਤੇ ਵੀ ਗਲਤ ਸਮਝੌਤਿਆਂ ਵਾਲੀ ਨਹੀ। ਨਾ ਕੋਈ ਡਰ ਹੈ, ਨਾ ਕਿਸੇ ਤੇ ਵਾਰ ਕਰਨ ਵਾਲੀ ਹੈ। ਪਰ ਗੁਰਮਤਿ ਸਿਧਾਂਤ ਨਾਲ. ਸ਼ੱਚਾਈ ਲਈ ਦ੍ਰਿੜਤਾ ਅਤੇ ਸੋਚ ਪੱਕੀ ਹੈ। ਉਸ ਵਿੱਚ ਰਾਈ ਜਿੰਨੀ ਵੀ ਤਬਦੀਲੀ ਨਹੀ, ਭਾਵੇ ਉਹ ਹੁਕਮਰਾਨ ਹੋਵੇ ਜਾਂ ਕੋਈ ਵੀ ਹੋਰ ।।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ