Hardev Singh Artist : Harpal Singh Pannu

ਹਰਦੇਵ ਸਿੰਘ ਆਰਟਿਸਟ : ਹਰਪਾਲ ਸਿੰਘ ਪੰਨੂ

“ਮੇਰਾ ਨਾਮ ਹਰਦੇਵ ਸਿੰਘ ਹੈ। ਪੰਜਾਬ ਦੇ ਸਖਿ ਪਰਿਵਾਰ ਵਿਚ ਜੰਮਿਆ। ਕੰਕਰ, ਠੀਕਰੀਆਂ ਇਕਠੀਆਂ ਕਰਨ ਲਈ ਸੰਸਾਰ ਘੁੰਮਿਆਂ। ਮੇਰੇ ਕੰਮਾਂ ਦੀਆਂ ਨੁਮਾਇਸ਼ਾਂ ਲੱਗੀਆਂ, ਛਪੀਆਂ, ਫਿਲਮਾਂ ਬਣੀਆਂ, ਦਾਦ ਮਿਲੀ, ਨਖਿੇਧੀ ਹੋਈ ਤੇ ਨਜ਼ਰ-ਅੰਦਾਜ਼ ਹੋਇਆ। ਮੈਨੂੰ ਪ੍ਰਸਿਧਤਾ ਦੀ ਤਲਾਸ਼ ਨਹੀਂ ਰਹੀ। ਰਚਨਾ ਕਰਨ ਤੋਂ ਮਹੀਨ ਤੇ ਵਿਸ਼ਾਲ ਅਨੁਭਵ ਹੋਰ ਕੋਈ ਨਹੀਂ। ਇਸੇ ਕਰਕੇ ਹੁਣ ਤਕ ਪੇਂਟਿੰਗ ਕਰ ਰਿਹਾ ਹਾਂ, ਇਹ ਮੈਨੂੰ ਚੰਗੀ ਲਗਦੀ ਹੈ। ਜਦੋਂ ਮੈਂ ਗੁਰੂ ਜੀ ਦੀ ਪੰਕਤੀ- 'ਮੇਰੀ ਸੇਜੜੀਐ ਆਡੰਬਰ ਬਣਿਆ। ਮਨਿ ਅਨਦੁ ਭਇਆ ਪ੍ਰਭੁ ਆਵਤ ਸੁਣਿਆ।' ਪੜ੍ਹੀ, ਮੈਂ ਹੈਰਾਨ ਰਹਿ ਗਿਆ ਕਿ ਕਿਵੇਂ ਲਕੀਰਾਂ ਨਾਲ ਇਕ ਅੱਖਰ ਬਣ ਜਾਂਦਾ ਹੈ, ਇਕ ਵਿਅਰਥ ਜਿਹੀ ਨਿਸ਼ਾਨੀ ਹੁੰਦੀ ਹੈ ਅੱਖਰ, ਇਸ ਵਿਚੋਂ ਕਿਵੇਂ ਅਚਾਨਕ ਆਵਾਜ਼ ਪੈਦਾ ਹੋ ਜਾਂਦੀ ਹੈ ਤੇ ਹੋਰ ਅੱਖਰ ਨਾਲ ਜੁੜਕੇ ਸ਼ਬਦ ਬਣਕੇ, ਅੱਖਰ ਅਰਥ ਦੇ ਦਿੰਦੇ ਹਨ ਤੇ ਖੂਬਸੂਰਤ ਸ਼ਾਇਰੀ ਦਾ ਪ੍ਰਕਾਸ਼ ਹੋ ਜਾਂਦਾ ਹੈ। ਕੀ ਇਹ ਕਰਾਮਾਤ ਨਹੀਂ? ਇਸ ਪੰਕਤੀ ਦੇ ਦਸ ਸ਼ਬਦ ਹਨ, ਹਰੇਕ ਸ਼ਬਦ ਆਪਣੇ ਆਪ ਵਿਚ ਸੰਪੂਰਨ ਹੈ, ਯਾਨੀ ਕਿ ਇਕ ਧੁਨ ਹੈ, ਸਾਰੇ ਮਿਲਕੇ ਰਾਗ ਹੋ ਜਾਂਦੇ ਹਨ। ਇਸ ਪੰਕਤੀ ਦੇ ਆਧਾਰ ਤੇ ਮੈਂ ਦਸ ਪੇਂਟਿੰਗਜ਼ ਬਣਾਈਆਂ, ਹਰੇਕ ਪੇਂਟਿੰਗ ਅਪਣੇ ਆਪ ਵਿਚ ਸੰਪੂਰਨ ਹੈ ਪਰ ਸਾਰੀਆਂ ਦਾ ਇਕ ਦੂਜੀ ਨਾਲ ਸਬੰਧ ਹੈ।

“ਮੈਂ ਗੱਲਾਂ ਕੀਤੀਆਂ, ਵਿਚਾਰ ਵਟਾਂਦਰੇ ਕੀਤੇ, ਖਾਮੋਸ਼ ਰਿਹਾ। ਬਹੁਤ ਸਾਰੇ ਦੋਸਤ ਬਣੇ।

“ਮੇਰਾ ਕਰਤਾਰੀ ਕਾਰਜ ਤਬਦੀਲ ਹੋਣ ਦਾ ਇਛੁਕ ਹੈ ਪਰ ਇਹ ਕਿਸ ਨਵੀਂ ਦਿਸ਼ਾ ਵਿਚ ਜਾਏਗਾ, ਦੱਸਣੋ ਇਨਕਾਰੀ ਹੈ। ਇਹ ਦਵੰਧ ਹੈ। ਮੈਂ ਅਬੋਧ ਛੋਕਰਾ ਹਾਂ ਜਿਹੜਾ ਦਿਲ ਦੇ ਆਖੇ ਲੱਗ ਕੇ ਘਰੋਂ ਦੌੜ ਜਾਏ। ਇਹ ਨਹੀਂ ਪਤਾ, ਕਿਥੇ ਜਾ ਰਿਹਾਂ, ਏਨਾ ਪੱਕਾ ਪਤਾ ਹੈ, ਜਿਥੇ ਜਾਵਾਂਗਾ ਉਥੇ ਕੋਈ ਮੇਰਾ ਉਡੀਕਵਾਨ ਹੈ। ਇਸ ਨੂੰ ਪਿਆਰ ਕਹੋ, ਮੌਤ, ਆਰਟ, ਸੱਚ, ਆਪੇ ਦੀ ਪਛਾਣ, ਅਨੰਤ ਨਾਲ ਇਕਸੁਰਤਾ, ਬਗਾਵਤ, ਜੋ ਮਰਜ਼ੀ ਕਹੋ, ਇਹ ਸਾਰੇ ਉਸੇ ਦੇ ਨਾਮ ਹਨ ਜਿਸਦਾ ਕੋਈ ਨਾਂ ਨਹੀਂ। ਮੈਨੂੰ ਆਵਾਜ ਸੁਣਾਈ ਦਿੰਦੀ ਹੈ, ਮੈਂ ਪਰਿਵਾਰ, ਰੱਬ, ਪਿੰਡ ਛੱਡ ਕੇ ਬਿਨਾ ਪਿਛੇ ਦੇਖਿਆਂ ਉਸ ਆਵਾਜ਼ ਨਾਲ ਟਕਰਾਉਣ ਵਾਸਤੇ ਤੁਰ ਪੈਂਦਾ ਹਾਂ। ਜਦੋਂ ਮੈਂ ਪੂਰੇ ਵਿਸ਼ਵਾਸ ਨਾਲ ਕਹਿੰਦਾ ਹਾਂ ਕਿ ਮੈਨੂੰ ਮੇਰੀ ਮੰਜ਼ਲ ਦਾ ਪਤਾ ਨਹੀਂ ਤਾਂ ਇਹ ਮੇਰੀ ਨਿਰਛਲਤਾ ਦਾ ਸਬੂਤ ਹੈ। ਜੋ ਮੈਂ ਨਹੀਂ ਜਾਣਦਾ, ਕੀ ਪੁਜਾਰੀ, ਨੀਤੀ-ਸ਼ਾਸਤਰੀ ਜਾਂ ਦਾਰਸ਼ਨਿਕ ਉਸ ਬਾਰੇ ਕੁਝ ਜਾਣਦੇ ਹਨ?”

ਕਲਾ ਖੇਤਰ ਦੇ ਮਾਹਿਰਾਂ ਦੀਆਂ ਗੱਲਾਂ ਦੌਰਾਨ ਕਦੀ ਕਦਾਈ ਮੈਨੂੰ ਹਰਦੇਵ ਸਿੰਘ ਨਾਮ ਸੁਣਾਈ ਦਿੰਦਾ ਪਰ ਮਿਲਾਪ ਪਹਿਲੀ ਵਾਰ 2006 ਦੀਆਂ ਸਰਦੀਆਂ ਵਿਚ ਹੋਇਆ। ਅਪਣੀ ਬੀਵੀ ਅਤੇ ਦੋ ਬੇਟਿਆਂ ਸਮੇਤ ਪੰਜਾਬੀ ਯੂਨੀਵਰਸਿਟੀ ਵਿਚ ਇਕ ਸਾਲ ਵਾਸਤੇ ਆਏ ਪਰ ਛੇ ਕੁ ਮਹੀਨੇ ਬਿਤਾਉਣ ਉਪਰੰਤ ਵਾਪਸ ਟੋਰਾਂਟੋ ਚਲੇ ਗਏ ਜਿਥੇ ਦੇ ਹੁਣ ਉਹ ਪੱਕੇ ਵਸਨੀਕ ਹਨ। ਉਨ੍ਹਾਂ ਦਿਨਾਂ ਵਿਚ ਸਾਡਾ ਮਿਲਾਪ ਅਕਸਰ ਹੁੰਦਾ ਰਹਿੰਦਾ। ਥੋੜ੍ਹੇ ਕੁ ਦਿਨਾਂ ਬਾਦ ਮੈਂ ਇਸ ਫੈਸਲੇ ਤੇ ਪੁੱਜ ਗਿਆ ਕਿ ਇਹ ਆਦਮੀ ਵੱਡਾ ਤਾਂ ਹੈ ਹੀ, ਦਿਲਚਸਪ ਵੀ ਹੈ ਇਸ ਕਰਕੇ ਨੋਟਸ ਲੈਣੇ ਚਾਹੀਦੇ ਹਨ। ਹੁਣ ਫੇਰ ਇਕ ਮਹੀਨਾ ਪਹਿਲਾਂ ਆਏ, ਐਤਕਾਂ ਇਕੱਲੇ। ਉਨ੍ਹਾਂ ਨੂੰ ਵੀ ਮਹਿਸੂਸ ਹੋਇਆ ਕਿ ਪੰਨੂ ਨੂੰ ਗੱਲ ਸ਼ਾਇਦ ਸਮਝ ਆਉਣ ਲੱਗੀ ਹੈ।

ਮੈਨੂੰ ਪੇਂਟਿੰਗ, ਆਰਟ ਅਤੇ ਸੰਗੀਤ ਦੀ ਸਮਝ ਨਹੀਂ। ਲਿਖਤ ਥੋੜੀ ਕੁ ਮੇਰੇ ਕਾਬੂ ਵਿਚ ਆ ਜਾਂਦੀ ਹੈ। ਸਿੰਘ ਬੰਧੂ ਪਟਿਆਲੇ ਆਏ ਤਾਂ ਇਕ ਸਰੋਤੇ ਨੇ ਕਿਹਾ- ਜੀ ਮੈਨੂੰ ਸ਼ਾਸਤਰੀ ਸੰਗੀਤ ਸਮਝ ਵਿਚ ਨਹੀਂ ਆਉਂਦਾ। ਭਾਈ ਸੁਰਿੰਦਰ ਸਿੰਘ ਨੇ ਕਿਹਾ- “ਤੁਹਾਨੂੰ ਸਮਝਣ ਦੀ ਲੋੜ ਪੈ ਈ ਕਿਉਂ ਗਈ? ਇਨ੍ਹਾਂ ਪੱਥਰਾਂ ਨਾਲ ਟੱਕਰਾਂ ਮਾਰ ਮਾਰ ਕੇ ਥੋੜ੍ਹੀ ਬਹੁਤ ਸਾਨੂੰ ਸਮਝ ਆਈ ਹੈ। ਸਮਝਣਾ ਤੇ ਸਮਝਾਉਣਾ ਉਸਤਾਦਾਂ ਦਾ ਕੰਮ ਹੈ, ਸਰੋਤੇ ਅਨੰਦ ਲੈਣ। ਤੇਸੇ ਨਾਲ ਪਹਾੜ ਕੱਟਣਾ ਫਰਹਾਦ ਦਾ ਕੰਮ ਹੈ, ਲੋਕ ਕੱਟੇ ਪਹਾੜ ਵਿਚੋਂ ਵਗੇ ਚਸ਼ਮੇ ਦਾ ਮਿੱਠਾ ਪਾਣੀ ਪੀਣ।” ਵਿਸ਼ੇ ਦਾ ਇਲਮ ਨਾ ਹੋਣ ਦੇ ਬਾਵਜੂਦ ਮੈਂ ਹਰਦੇਵ ਸਿੰਘ ਉਪਰ ਲਿਖਣ ਦਾ ਫੈਸਲਾ ਕੀਤਾ।

ਅਸੀਂ ਦੋਵੇਂ ਆਪਣੇ ਆਪਣੇ ਭੂਤਕਾਲ ਦੀਆਂ ਯਾਦਾਂ ਤਾਜ਼ਾ ਕਰਦੇ। 15 ਜੁਲਾਈ 1934 ਨੂੰ ਜ਼ਿਲਾ ਨਵਾਂ ਸ਼ਹਿਰ ਦੇ ਪਿੰਡ ਫਰਾਲੇ ਉਸ ਦਾ ਜਨਮ ਹੋਇਆ। ਅਸਲ ਜਨਮ ਵਿਸਾਖੀ ਦੇ ਦਿਨ ਦਾ ਸੀ ਪਰ ਮਾਸਟਰ ਜੀ ਦੇ ਮਨ ਵਿਚ ਕੀ ਖੁਸ਼ਾ ਉਠਿਆ, ਉਸਨੇ ਪਹਿਲੀ ਜਮਾਤ ਦੇ ਸਾਰੇ ਵਿਦਿਆਰਥੀਆਂ ਦੀ ਜਨਮ ਤਰੀਕ ਇਕੋ, 15 ਜੁਲਾਈ ਲਿਖ ਦਿਤੀ। ਪਿਤਾ ਭਾਈ ਰੱਖਾ ਸਿੰਘ ਅਤੇ ਮਾਤਾ ਕਰਮ ਕੌਰ ਸਨ। ਦਸਵੀਂ ਦੇ ਇਮਤਿਹਾਨ ਚੱਲ ਰਹੇ ਸਨ। ਸਕੂਲ ਦੀ ਬਲਿਡਿੰਗ ਖਸਤਾ ਸੀ। ਮੀਂਹ ਪੈਣ ਲੱਗਾ। ਜਿਸ ਡੈਸਕ ਉਪਰ ਉਤਰ ਕਾਪੀ ਰੱਖ ਕੇ ਹਰਦੇਵ ਲਿਖ ਰਿਹਾ ਸੀ ਉਥੇ ਟਿਪ ਟਿਪ ਪਾਣੀ ਦੀ ਬੂੰਦ ਡਿਗਣ ਲੱਗੀ, ਛੱਟੇ ਪੂਰੇ ਪੰਨੇ ਦੀ ਲਿਖਤ ਖਰਾਬ ਕਰਨ ਲੱਗੇ। ਕੋਈ ਸੀਟ ਖਾਲੀ ਨਹੀਂ ਸੀ ਜਿਥੇ ਬੈਠਣ ਦੀ ਬੇਨਤੀ ਕੀਤੀ ਜਾ ਸਕੇ। ਅਜਨਬੀ ਮਾਸਟਰ ਇਮਤਿਹਾਨ ਲੈਣ ਆਏ ਹੋਏ ਸਨ ਜਿਨ੍ਹਾਂ ਤੋਂ ਵੈਸੇ ਵੀ ਡਰ ਲਗਦਾ ਸੀ। ਹਰਦੇਵ ਨੇ ਜਿਹੜੀ ਖੇਸੀ ਠੰਢ ਤੋਂ ਬਚਣ ਵਾਸਤੇ ਓੜ੍ਹੀ ਹੋਈ ਸੀ ਉਸ ਦੀ ਇਕ ਕੰਨੀ ਗੋਲ ਕੁੰਡਲੀ ਬਣਾ ਕੇ ਉਸ ਥਾਂ ਧਰ ਦਿੱਤੀ ਜਿਥੇ ਬੂੰਦਾਂ ਡਿਗ ਰਹੀਆਂ ਸਨ। ਬੂੰਦਾਂ ਖੇਸੀ ਦੀ ਕੁੰਡਲੀ ਵਿਚ ਜਜ਼ਬ ਹੋਣ ਲੱਗ ਪਈਆਂ ਤੇ ਹਰਦੇਵ ਆਰਾਮ ਨਾਲ ਪੇਪਰ ਹੱਲ ਕਰਨ ਲੱਗਾ। ਮਾਸਟਰ ਇਹ ਸਾਰੀ ਹਰਕਤ ਦੇਖ ਰਿਹਾ ਸੀ। ਹਰਦੇਵ ਨੂੰ ਪੁੱਛਿਆ- ਤੂੰ ਮਿਸਤਰੀਆਂ ਦਾ ਮੁੰਡਾ ਹੈ? ਹਰਦੇਵ ਨੇ ਕਿਹਾ- ਨਾਂ ਜੀ ਮੈਂ ਤਾਂ ਜੱਟ ਆਂ। ਮਾਸਟਰ ਨੇ ਕਿਹਾ- ਕਮਾਲ ਐ ਬਈ। ਮੈਂ ਪਹਿਲੀ ਵਾਰ ਇਹ ਦੇਖਿਆ, ਇਕ ਜੱਟਾਂ ਦੇ ਮੁੰਡੇ ਨੂੰ ਵੀ ਅਕਲ ਹੈ।

ਦਸਵੀਂ ਵਿਚ ਪੜ੍ਹਦਿਆਂ ਇਕ ਘਟਨਾ ਘਟੀ। ਸੁਲਤਾਨਪੁਰ ਦੇ ਨੰਦ ਲਾਲ ਹਾਂਡਾ ਹੈਡਮਾਸਟਰ, ਪੜ੍ਹਾਉਣ ਆ ਗਏ। ਹਰਦੇਵ ਸਿੰਘ ਨੇ ਦੱਸਿਆ, “ਉਹ ਲੰਮਾ, ਸੁਣੱਖਾ ਤੇ ਗੋਰੇ ਰੰਗ ਦਾ ਜੁਆਨ ਸੀ। ਸਾਨੂੰ ਕੋਈ ਪਤਾ ਨੀ ਸੀ ਹਾਂਡੇ ਕੌਣ ਹੁੰਦੇ ਹਨ, ਉਹਦਾ ਸੁਨਹਿਰੀ ਰੰਗ ਦੇਖ ਕੇ ਅਸੀਂ ਅੰਦਾਜ਼ਾ ਲਾਇਆ ਕਿ ਉਹ ਸੁਨਿਆਰਾ ਹੋਵੇਗਾ। ਅੰਗਰੇਜ਼ੀ ਪੜ੍ਹਾਉਂਦਾ ਸੀ। ਉਸਨੇ ਕਲਾਸ ਵਿਚ ਕਿਹਾ ਕਿ ਸੋਮਵਾਰ ਨੂੰ ਫਲਾਣੀ ਕਿਤਾਬ ਅਤੇ ਫਲਾਣੀ ਕਾਪੀ ਲੈ ਕੇ ਆਇਓ। ਬਹੁਤੇ ਬੱਚੇ ਸੋਮਵਾਰ ਨੂੰ ਇਹ ਕਿਤਾਬ ਕਾਪੀ ਨਾ ਲਿਆਏ। ਹੁਸ਼ਿਆਰਪੁਰੋਂ ਮਿਲਣੀ ਸੀ, ਘਰ ਦਾ ਕੋਈ ਜੀਅ ਜਾਏਗਾ ਤਾਂ ਬਸਤੇ ਵਿਚ ਪਾ ਲਵਾਂਗੇ ਨਹੀਂ ਫਿਰ ਕੀ ਚਾਰਾ ਹੈ? ਜਿਨ੍ਹਾਂ ਕੋਲ ਕਾਪੀਆਂ ਕਿਤਾਬਆਂ ਨਹੀਂ ਸਨ ਉਹ ਖੜ੍ਹੇ ਕਰ ਲਏ। ਹੱਥਾਂ ਤੇ ਬੈਂਤ ਵੱਜਣ ਲੱਗੇ। ਮੈਨੂੰ ਕਿਹਾ ਗਿਆ ਹੱਥ ਅੱਗੇ ਕਰ। ਮੈਂ ਹੱਥ ਅਗੇ ਕਰਕੇ ਉਸ ਤੋਂ ਬੈਂਤ ਖੋਹ ਲਿਆ ਤੇ ਕਿਹਾ- ਮਾਰ ਕੇ ਵਖਾ। ਹਾਂਡਾ ਗੁੱਸੇ ਵਿਚ ਤਾਂ ਸੀ ਹੀ, ਹੁਣ ਬੌਖਲਾਹਟ ਵਿਚ ਆ ਗਿਆ। ਡੰਡਾ ਉਥੀ ਛੱਡ ਕੇ ਕਿਹਾ- ਬਾਪੂ ਨੂੰ ਬੁਲਾ ਕੇ ਲਿਆ। ਬਾਪੂ ਜੀ ਨੂੰ ਸਾਰੀ ਗੱਲ ਦੱਸ ਦਿਤੀ। ਉਹ ਹੈਡਮਾਸਟਰ ਨੂੰ ਮਿਲੇ। ਹੈਡਮਾਸਟਰ ਨੇ ਕਿਹਾ- ਤੁਹਾਡਾ ਮੁੰਡਾ ਪੜ੍ਹਨ ਨੂੰ ਮਿਹਨਤੀ ਹੈ, ਇਹ ਮੈਰਿਟ ਵਿਚ ਆਵੇਗਾ ਇਸ ਕਰਕੇ ਰਿਆਇਤ ਕਰਦੇ ਹਾਂ ਕਿ ਜੇ ਇਹ ਮਾਫ਼ੀ ਮੰਗ ਲਵੇ ਤਾਂ ਠੀਕ, ਨਹੀਂ ਤਾਂ ਸਕੂਲੋ ਕੱਢ ਦਿਆਂਗੇ। ਸਾਰੇ ਮਨਾਉਣ ਲਗੇ। ਝਿੜਕਾਂ ਤੇ ਮਿੰਨਤਾਂ ਦੋਵੇਂ ਹਥਿਆਰ ਚੱਲੇ ਤਾਂ ਮੰਨ ਗਿਆ।

ਕਿਹਾ- ਸਵੇਰ ਦੀ ਪ੍ਰਾਰਥਨਾ ਸਭਾ ਵਕਤ ਸਕੂਲ ਦੇ ਸਾਹਮਣੇ ਹੈਡਮਾਸਟਰ ਹਾਂਡਾ ਤੋਂ ਮੁਆਫੀ ਮੰਗ ਲਏ ਤਾਂ ਮਾਫ਼ ਕਰ ਦਿਆਂਗੇ। ਅਗਲੇ ਦਿਨ ਸਵੇਰੇ ਹਰਦੇਵ ਨੂੰ ਪੇਸ਼ ਕੀਤਾ ਗਿਆ। ਉਹ ਹਾਂਡਾ ਦੇ ਨਜ਼ਦੀਕ ਗਿਆ ਤੇ ਉਚੀ ਆਵਾਜ਼ ਵਿਚ ਕਿਹਾ - ਮੈਂ ਮਾਫੀ ਨਹੀਂ ਮੰਗਣੀ ਕਿਉਂਕਿ ਮੇਰੀ ਕੋਈ ਗਲਤੀ ਨਹੀਂ । ਸਕੂਲ ਸੁੰਨ ਹੋ ਗਿਆ। ਇਕੋ ਵਿਿਦਆਰਥੀ ਮੈਰਿਟ ਵਿਚ ਆਉਣ ਦੇ ਕਾਬਲ, ਉਹੋ ਕੱਢਣਾ ਪੈ ਰਿਹਾ ਸੀ। ਮੈਨੇਜਮੈਂਟ ਨੇ ਫੈਸਲਾ ਕੀਤਾ ਕਿ ਇਸ ਸਕੂਲ ਵਿਚ ਤਾਂ ਇਹਨੂੰ ਰਹਿਣ ਨਹੀਂ ਦੇਣਾ। ਲਾਗਲੇ ਪਿੰਡ ਇਸੇ ਸਕੂਲ ਦੀ ਬ੍ਰਾਂਚ ਹੈ, ਉਥੇ ਬਦਲ ਦਿੰਦੇ ਹਾਂ। ਸਾਲ 1950 ਵਿਚ ਉਥੋਂ ਸ਼ਾਨਦਾਰ ਨੰਬਰ ਲੈ ਕੇ ਦਸਵੀਂ ਕੀਤੀ ਤੇ ਮੈਰਿਟ ਵਿਚ ਆਇਆ। ਮਾਮਾ ਜੀ ਸ਼ਿਮਲੇ ਸਿਵਲ ਸਰਜਨ ਸਨ, ਮਿਲਣ ਆਏ ਕਹਿ ਗਏ ਸਨ ਕਿ ਦਸਵੀਂ ਦੇ ਇਮਤਿਹਾਨ ਦੇ ਕੇ ਸ਼ਿਮਲੇ ਗਰਮੀਆਂ ਬਿਤਾਈਂ, ਉਥੇ ਹੀ ਫੈਸਲਾ ਕਰਾਂਗੇ ਕਿ ਅਗੋਂ ਕੀ ਪੜ੍ਹਾਈ ਕਰਨੀ ਹੈ। ਸਿਮਲੇ ਦੀਆਂ ਸੜਕਾਂ ਪਗਡੰਡੀਆਂ ਤੇ ਮਟਰਗਸ਼ਤੀ ਕਰਦਾ ਰਹਿੰਦਾ। ਇਕ ਦਿਨ ਕੋਰਟ ਰੋਡ ਤੇ ਟਹਲਿਦਿਆਂ ਉਸਨੇ ਦੇਖਿਆ, ਇਕ ਗੋਰਾ ਮੁੰਡਾ ਲੇਟਿਆ ਪਿਆ ਹੈ, ਦੂਜਾ ਚਿੱਲਾ ਰਿਹਾ ਹੈ- ਸੇਵ ਮਾਈ ਫਰੈਂਡ....ਹੀ ਇਜ਼ ਡਾਈਂਗ। ਟੈਕਸੀ ਵਾਲੇ ਨੂੰ ਵਾਜ ਮਾਰੀ। ਮਰੀਜ਼ ਅਤੇ ਉਸਦਾ ਦੋਸਤ ਬਿਠਾਏ। ਹਸਪਤਾਲ ਵਲ ਜਾਂਦੇ ਰਸਤੇ ਉਪਰ ਟੈਕਸੀ ਲਿਜਾਣ ਦੀ ਮਨਾਹੀ ਸੀ ਪਰ ਹਰਦੇਵ ਨੇ ਪੁਲਸ ਨਾਕੇ ਨੂੰ ਕਹਿ ਦਿਤਾ- ਐਮਰਜੈਂਸੀ ਕਾਰਨ ਜਾਣਾ ਪੈ ਰਿਹੈ। ਮਰੀਜ਼ ਨੂੰ ਦਾਖਲ ਕੀਤਾ ਗਿਆ। ਮਿਹਦਾ ਧੋਇਆ ਗਿਆ। ਜਾੱਨ ਨਾਂ ਦੇ ਇਸ ਮਰੀਜ਼ ਦਾ ਹਫਤਾ ਇਲਾਜ ਚਲਿਆ। ਉਸਦੇ ਸਾਥੀ ਦਾ ਨਾਮ ਟਾੱਮ ਸੀ। ਸ਼ੁਕਰਾਨਾ ਕਰਕੇ ਦੋਵੇਂ ਵਿਦਾ ਹੋ ਗਏ। ਇਹ ਜੁਆਨ ਸਵਿਟਜ਼ਰਲੈਂਡ ਦੇ ਸਨ।

ਫਾਈਨ ਆਰਟਸ ਕਾਲਜ ਦਿੱਲੀ ਵਿਚ ਦਾਖਲ ਹੋਇਆ ਜਿਥੋਂ 1955 ਵਿਚ ਨੈਸ਼ਨਲ ਡਿਪਲੋਮਾ ਪ੍ਰਾਪਤ ਕੀਤਾ। ਫਿਰ ਸ਼ਾਂਤੀ ਨਿਕੇਤਨ ਡਿਗਰੀ ਕਰਨ ਵਾਸਤੇ ਚਲਾ ਗਿਆ। ਉਨ੍ਹੀ ਦਿਨੀ ਸ਼ਾਂਤੀ ਨਿਕੇਤਨ ਕਲਾ-ਪ੍ਰੇਮੀਆਂ ਦਾ ਮੱਕਾ ਸੀ। ਉਥੇ ਮਹਾਨ ਬੁੱਤਤ੍ਰਾਸ਼ ਰਾਮ ਕਿੰਕਰ ਅਤੇ ਹਰਦੇਉ ਨੂੰ ਮਿਲਿਆ। ਇਸ ਨਵੇਂ ਕਲਾਕਾਰ ਨੂੰ ਸ਼ਾਂਤੀ ਨਿਕੇਤਨ ਪਸੰਦ ਨਹੀਂ ਆਇਆ। ਬੰਗਾਲੀਆਂ ਦੀਆਂ ਗੱਲਾਂ, ਖਾਣਾ-ਪੀਣਾ, ਚਾਲ ਢਾਲ, ਕੁਝ ਵੀ ਠੀਕ ਨਾ ਲੱਗਾ। ਹਰਦੇਉ ਨੇ ਕਿਹਾ - ਤੇਰੀ ਉਦਾਸੀ ਸਮਝ ਵਿਚ ਆਉਂਦੀ ਹੈ ਜੁਆਨ, ਤੇਰੇ ਵਾਸਤੇ ਇਥੇ ਕੁਝ ਨਹੀਂ, ਲਾਹੌਰ ਦਾ ਸਕੂਲ ਆਫ਼ ਆਰਟ ਦਿੱਲੀ ਆ ਗਿਆ ਹੈ, ਡੂੰਘੇ ਹਿਰਦੇ ਵਾਲਾ ਕਲਾਕਾਰ ਧਨਰਾਜ ਭਗਤ ਉਥੇ ਹੈ, ਮੈਂ ਤੈਨੂੰ ਉਸਦੇ ਨਾਮ ਚਿਠੀ ਦਿੰਦਾ ਹਾਂ, ਉਥੇ ਤੇਰਾ ਕਲਿਆਣ ਹੋਏਗਾ। ਦਿੱਲੀ ਆ ਗਿਆ। ਧਨਰਾਜ ਤੋਂ ਇਲਾਵਾ ਜਿਹੜੇ ਹੋਰ ਕਲਾਕਾਰ ਇਥੇ ਅਧਿਆਪਕ ਸਨ ਉਨ੍ਹਾਂ ਵਿੱਚ ਮਹਾਂਰਾਸ਼ਟਰ ਦੇ ਦਿਨਕਰ ਕੌਸਰ, ਬੰਗਾਲ ਦੇ ਸੇਲੋਜ ਮੁਕਰਜੀ, ਭਾਬੇਸ਼ ਸਾਨਿਆਲ ਤੇ ਪੰਜਾਬ ਦੇ ਹਰਕਿਸ਼ਨ ਲਾਲ ਸਨ।

ਆਰਟ ਹਿਸਟਰੀ ਦਾ ਹੰਗੇਰੀਅਨ ਪ੍ਰੋਫੈਸਰ ਡਾ. ਚਾਰਲਸ ਫੈਬਰੀ, ਜੀਨੀਅਸ ਸੀ। ਜੈਪੁਰ ਦੇ ਮਹਾਰਾਜੇ ਨੇ ਦਿਲੀ ਸਥਿਤ ਆਪਣਾ ਮਹਿਲ ਪੰਡਤ ਜਵਾਹਰਲਾਲ ਨਹਿਰੂ ਨੂੰ ਦੇ ਦਿੱਤਾ ਤਾਂ ਕਿ ਇਸ ਵਿਚ ਨੈਸ਼ਨਲ ਗੈਲਰੀ ਆਫ਼ ਮਾਡਰਨ ਆਰਟਸ ਵਿਕਸਿਤ ਕੀਤੀ ਜਾਏ। ਮਹਿੰਦਰ ਸਿੰਘ ਰੰਧਾਵਾ ਉਦੋਂ ਦਿੱਲੀ ਦੇ ਡਿਪਟੀ ਕਮਿਸ਼ਨਰ, ਉਤਮ ਕਲਾਪਾਰਖੂ ਸਨ। ਹਰਦੇਵ ਸਿੰਘ ਰੰਧਾਵਾ ਸਾਹਿਬ ਨੂੰ ਮਿਲਿਆ ਤੇ ਬੇਨਤੀ ਕੀਤੀ - ਨੈਸ਼ਨਲ ਆਰਟ ਗੈਲਰੀ ਮੈਂ ਸਥਾਪਤ ਕਰਾਂਗਾ। ਪਰਖਦਿਆਂ ਕਿ ਇਸ ਜੁਆਨ ਨੂੰ ਵਿਸ਼ਵ ਦੀਆਂ ਆਰਟ ਸ਼ੈਲੀਆਂ ਦੀ ਚੰਗੀ ਵਾਕਫੀ ਹੈ, ਇਹ ਜ਼ਿੰਮੇਵਾਰੀ ਸੌਂਪ ਦਿੱਤੀ। ਮਹਿਲ ਵਿਚ ਰਿਹਾਇਸ਼ ਕਰਨ ਦੀ ਮਨਾਹੀ ਸੀ, ਅਰਜ਼ ਕੀਤੀ - ਇਹ ਗੁਸਲਖਾਨਾ ਕਿੰਨਾ ਵੱਡਾ ਹੈ, ਪੱਖਾ ਵੀ ਲੱਗਾ ਹੋਇਆ ਹੈ, ਇਸੇ ਵਿਚ ਰਹਿ ਲਵਾਂਗਾ। ਆਗਿਆ ਮਿਲ ਗਈ। ਪਿੰਡੋਂ ਮਿਸਤਰੀਆਂ ਦਾ ਟੋਲਾ ਲੈ ਗਿਆ। ਦੀਵਾਰਾਂ ਦੇ ਨਾਲ ਨਾਲ ਇਕ ਕੰਧ ਤੋਂ ਦੂਜੀ ਤੱਕ, ਪਾਈਪ ਉਪਰ ਦੋ ਦੋ ਹੁੱਕਾਂ ਨਾਲ ਲਟਕਾਉਣ ਵਾਲੇ ਲੱਕੜੀ ਦੇ ਫੱਟਿਆਂ ਦੇ ਫਰੇਮ ਬਣਵਾਏ ਜਿਨ੍ਹਾਂ ਉਪਰ ਪੇਂਟਿੰਗਜ਼ ਟੰਗਣੀਆਂ ਸਨ। ਪੇਂਟਿੰਗਜ਼ ਟੰਗਣ ਲਈ ਇਹ ਪੋਰਟੇਬਲ ਤਰੀਕਾ ਬਾਦ ਵਿਚ ਕਈ ਆਰਟ ਗੈਲਰੀਆਂ ਵਿਚ ਇਸਤੇਮਾਲ ਕੀਤਾ ਗਿਆ। ਸਾਲ 1956 ਨੂੰ ਸ਼ੁਰੂ ਕਰਕੇ 1959 ਵਿਚ ਆਰਟ ਗੈਲਰੀ ਮੁਕੰਮਲ ਕਰ ਦਿਤੀ। ਡਾ. ਰਾਧਾ ਕ੍ਰਿਸ਼ਨਨ ਉਪ-ਰਾਸ਼ਟਰਪਤੀ ਸਨ। ਉਨ੍ਹਾਂ ਨੂੰ ਮਿਲ ਕੇ ਅਰਜ਼ ਕੀਤੀ ਕਿ ਗੈਲਰੀ ਦਾ ਉਦਘਾਟਨ ਕਰਨ ਆਉ।ਪ੍ਰਵਾਨਗੀ ਮਿਲ ਗਈ, ਦਿਨ ਨਿਸ਼ਚਿਤ ਹੋ ਗਿਆ। ਸ਼ਾਨਦਾਰ ਉਦਘਾਟਨੀ ਸਮਾਰੋਹ ਹੋਇਆ। ਐਜੂਕੇਸ਼ਨ ਮੰਤਰੀ ਹਮਾਯੂੰ ਕਬੀਰ ਆਏ। ਆਰਟ ਕਰਿਟਿਕ ਮੁਲਕਰਾਜ ਅਨੰਦ ਆਏ। ਸਾਰੀ ਵਿਉਂਤਬੰਦੀ ਮਹਿੰਦਰ ਸਿੰਘ ਰੰਧਾਵਾ ਦੀ ਨਿਗਰਾਨੀ ਵਿਚ ਹੋਈ।

ਇਸ ਆਰਟ ਗੈਲਰੀ ਦੇ ਇੰਚਾਰਜ ਸਕੱਤਰ, ਕ੍ਰਿਸ਼ਨਾਮੂਰਤੀ ਆਈ.ਸੀ.ਐਸ. ਸਨ। ਉਨ੍ਹਾਂ ਨੇ ਇਸ ਗੱਲ ਦਾ ਬਹੁਤ ਬੁਰਾ ਮਨਾਇਆ ਕਿ ਉਨ੍ਹਾਂ ਨੂੰ ਬਾਈ-ਪਾਸ ਕਰਕੇ ਹਰਦੇਵ ਸਿੰਘ, ਡਾ. ਰਾਧਾਕ੍ਰਿਸ਼ਨਨ ਨੂੰ ਬੁਲਾ ਲਿਆਇਆ। ਇਹ ਪ੍ਰੋਟੋਕੋਲ ਦੀ ਘੋਰ ਉਲੰਘਣਾ ਸੀ। ਜਵਾਬ ਤਲਬੀ ਵਾਸਤੇ ਖ਼ਤ ਲਿਖਿਆ। ਹਰਦੇਵ ਨੇ ਜਵਾਬ ਦਿਤਾ - ਸ਼ਾਨਦਾਰ ਉਦਘਾਟਨ ਹੋ ਗਿਆ ਹੈ, ਡਾ. ਰਾਧਾ ਕ੍ਰਿਸ਼ਨਨ ਪ੍ਰਸੰਨ-ਚਿਤ ਵਾਪਸ ਜਾ ਚੁਕੇ ਹਨ, ਪ੍ਰੈੱਸ ਨੇ ਖੂਬ ਕਵਰੇਜ ਕੀਤੀ ਹੈ, ਥਾਂ ਥਾਂ ਪ੍ਰਸੰਸਾ ਹੋਈ ਹੈ, ਇਸ ਦੇ ਬਾਵਜੂਦ ਤੁਸੀਂ ਕੋਈ ਕਾਰਵਾਈ ਮੇਰੇ ਖਿਲਾਫ਼ ਕਰਨੀ ਹੈ ਤਾਂ ਕਰੋ। ਕ੍ਰਿਸ਼ਨਾਮੂਰਤੀ ਚੁੱਪ ਹੋ ਗਏ। ਇਸ ਵਕਤ ਹਰਦੇਵ ਸਿੰਘ ਆਰਟ ਗੈਲਰੀ ਦਾ ਅਸਿਸਟੈਂਟ ਡਾਇਰੈਕਟਰ ਸੀ।

ਸਾਲ 1959 ਵਿਚ ਰੋਮ ਜਾਣ ਵਾਸਤੇ ਅਰਜ਼ੀ ਪਾਈ, ਜਵਾਬ ਆਇਆ- ਤੁਹਾਨੂੰ ਫੈਲੋਸ਼ਿਪ ਲਈ ਚੁਣਿਆ ਗਿਆ ਹੈ। ਹਾਜ਼ਰ ਹੋਵੋ। ਉਦੋਂ ਆਮ ਲੋਕ ਹਵਾਈ ਜਹਾਜ਼ ਵਿਚ ਸਫ਼ਰ ਨਹੀਂ ਕਰਦੇ ਸਨ। ਬੰਬੇ ਤੋਂ ਨੇਪਲਜ਼ ਤੱਕ ਸਮੁੰਦਰੀ ਜਹਾਜ਼ ਰਾਹੀਂ ਸਫ਼ਰ ਕਰਨਾ ਸੀ। ਸਾਰਾ ਪਰਿਵਾਰ ਪਿੰਡੋਂ ਦਿਲੀ ਵਿਦਾ ਕਰਨ ਵਾਸਤੇ ਆ ਗਿਆ। ਰੇਲਵੇ ਸਟੇਸ਼ਨ ਤੇ ਖਲੋਤੇ ਸਨ। ਟਰੇਨ ਆ ਲੱਗੀ। ਸਮਾਨ ਟਿਕਾਇਆ, ਸਭ ਨੂੰ ਮਿਲਿਆ। ਗੱਡੀ ਚੱਲ ਪਈ। ਪੰਜ ਸੱਤ ਮਿੰਟ ਬਾਦ ਕੀ ਦੇਖਿਆ ਮਾਂ ਇਕ ਸੀਟ ਉਪਰ ਛਿਪੀ ਬੈਠੀ ਸੀ, ਉਠ ਕੇ ਹਰਦੇਵ ਨਜ਼ਦੀਕ ਜਾ ਬੈਠੀ। ਹਰਦੇਵ ਨੇ ਕਿਹਾ - ਇਹ ਤੂੰ ਕੀ ਕੀਤਾ ਮਾਂ? ਗੱਡੀ ਵਿਚ ਕਿਉਂ ਚੜ੍ਹ ਆਈ? ਮਾਂ ਨੇ ਡੁਬਡੁਬਾਈਆਂ ਅੱਖਾਂ ਨਾਲ ਕਿਹਾ- ਤੈਨੂੰ ਭੇਜਣ ਨੂੰ ਦਿਲ ਨਹੀਂ ਕਰਦਾ ਹਰਦੇਵ। ਚਲ ਇਉਂ ਕਰਦੇ ਆਂ, ਮੈਂ ਬੰਬਈ ਤੋ ਵਾਪਸ ਆ ਜਾਊਂਗੀ। ਨਾਲੇ ਉਹ ਸੀਟ ਦੇਖ ਲਊਂਗੀ ਜਿਸ ਤੇ ਬੈਠ ਕੇ ਤੂੰ ਪਰਦੇਸ ਜਾਏਂਗਾ। ਟੀ-ਟੀ ਨਾਲ ਗੱਲ ਕੀਤੀ। ਉਸਨੇ ਕਿਹਾ- ਕੋਈ ਗੱਲ ਨੀਂ। ਸੀਟ ਹੈਗੀ। ਮੈਂ ਟਿਕਟ ਬਣਾ ਦਿੰਨਾ। ਮਾਂ ਪੁੱਤ ਗੱਲਾਂ ਕਰਦੇ ਬੰਬੇ ਪੁੱਜ ਗਏ। ਆਗਿਆ ਲੈਕੇ ਕਿ ਮਾਂ ਨੂੰ ਜਹਾਜ਼ ਦਿਖਾਉਣਾ ਹੈ, ਦੋਵੇਂ ਜਹਾਜ਼ ਅੰਦਰ ਲੰਘ ਗਏ। ਗੱਲਾਂ ਕਰਦੇ ਰਹੇ। ਏਨੇ ਨੂੰ ਸੀਟੀ ਵੱਜੀ। ਘੜਿਆਲ ਖੜਕੇ। ਐਲਾਨ ਹੋਇਆ ਕਿ ਯਾਤਰੂਆਂ ਨੂੰ ਛੱਡਣ ਆਏ ਬੰਦੇ ਉਤਰ ਜਾਣ। ਤੁਰਨ ਦਾ ਵਕਤ ਹੋ ਗਿਐ। ਮਾਂ ਉੱਠੀ। ਕਿਹਾ- ਹਰਦੇਵ, ਇਹ ਤੇਰੇ ਕੇਸ ਬੜੇ ਪਿਆਰੇ ਨੇ। ਦੁਧ ਦਹੀਂ ਨਾਲ ਧੋ ਧੋ ਸ਼ਿੰਗਾਰਦੀ ਸੀ। ਇਨ੍ਹਾਂ ਦੀ ਬੇਅਦਬੀ ਨਾ ਕਰੀਂ। ਤੂੰ ਪਰਦੇਸ ਚੱਲਿਐਂ। ਪਤਾ ਨਹੀਂ ਉਥੇ ਕਿਹੋ ਜਿਹੀ ਜ਼ਿੰਦਗੀ ਐ। ਮਜਬੂਰੀ ਵਸ ਜੇ ਕਦੀ ਕੇਸ ਕਟਾਉਣੇ ਪੈ ਜਾਣ, ਫੇਰ ਮੈਨੂੰ ਆਪਣਾ ਮੂੰਹ ਨਾ ਦਿਖਾਈਂ।

ਇਹ ਆਖ ਕੇ ਉਹ ਤੇਜ਼ ਕਦਮੀ ਜਹਾਜ਼ ਤੋਂ ਉਤਰੀ ਤੇ ਤੁਰ ਪਈ। ਹਰਦੇਵ ਨੇ ਵਾਜਾਂ ਮਾਰੀਆਂ, ਇਹੀ ਕਹਿਣਾ ਸੀ ਕਿ ਹਾਂ ਮਾਂ, ਇਵੇਂ ਹੀ ਕਰੂੰਗਾ, ਪਰ ਉਹ ਰੁਕੀ ਨਹੀਂ, ਪਿਛੇ ਮੁੜ ਕੇ ਨਹੀਂ ਦੇਖਿਆ। ਇਸ ਆਖਰੀ ਵਾਕ ਤੋਂ ਬਾਦ ਉਸਨੇ ਨਾ ਕੁਝ ਸੁਣਨਾ ਸੀ ਨਾ ਸੁਣਾਉਣਾ ਸੀ। ਹਰਦੇਵ ਸਿੰਘ ਨੇ ਮੈਨੂੰ ਦੱਸਿਆ- ਜਦੋਂ ਕੋਈ ਮੈਨੂੰ ਪੁੱਛਦੈ- ਤੈਂ ਵਾਲ ਕਿਉਂ ਨੀ ਕਟਾਏ। ਉਥੇ ਸਾਰੇ ਈ ਕਟਾ ਦਿੰਦੇ ਨੇ। ਮੈਂ ਚੁਪ ਕਰ ਜਾਨਾ। ਕੌਣ ਮਗਜ਼ ਖਪਾਈ ਕਰੇ। ਮੈਂ ਆਰਟਿਸਟ ਆਂ। ਇਹੋ ਜਿਹੀ ਸਬਲ ਮੂਰਤ ਹੋਰ ਕੋਈ ਨਹੀਂ, ਮੂਰਤ ਜਿਹੜੀ ਹੁਕਮ ਦੇਕੇ ਪਿਠ ਕਰ ਲਵੇ। ਮੂਰਤ ਜੋ ਅਪਣੇ ਹੁਕਮ ਤੋਂ ਬਾਦ ਕਿਸੇ ਟਿੱਪਣੀ ਦੀ ਜ਼ਰੂਰਤ ਨਾ ਸਮਝੇ ਅਤੇ ਚਲੀ ਜਾਵੇ। ਮੇਰੀ ਪੋਲਿਸ਼ ਪਤਨੀ ਮਾਰੀਆ, ਮਾਂ ਦੀ ਇਸ ਗੱਲ ਤੇ ਫਖਰ ਕਰਦੀ ਹੈ। ਏਸ਼ੀਅਨ ਮਾਂ ਅਨੰਤ ਪਿਆਰ ਕਰਦੀ ਹੈ, ਉਸਦਾ ਤਿਆਗ ਵੀ ਅਨੰਤ ਹੈ, ਉਸਦਾ ਆਦਰਸ਼ ਗੁਜਰੀ ਮਾਂ ਹੈ।

ਸਾਲ 1962 ਵਿੱਚ ਰੋਮ ਤੋਂ ਵਾਪਸ ਦੇਸ ਆਇਆ। ਮੁਲਕਰਾਜ ਅਨੰਦ ਅਤੇ ਮਹਿੰਦਰ ਸਿੰਘ ਰੰਧਾਵਾ ਨੇ ਮੁਖ ਮੰਤਰੀ ਸ੍ਰ. ਪ੍ਰਤਾਪ ਸਿੰਘ ਕੈਰੋਂ ਨੂੰ ਮਨਾ ਲਿਆ ਕਿ ਚੰਡੀਗੜ੍ਹ ਵਿਚ ਆਰਟ ਗੈਲਰੀ ਬਣੇ, ਕਾਲਜ ਆਫ਼ ਆਰਟਸ ਬਣੇ। ਹਰਦੇਵ ਨੂੰ ਇਸ ਕਾਲਜ ਦਾ ਫਾਉਂਡਰ ਡਾਇਰੈਕਟਰ ਲਾ ਦਿੱਤਾ। ਕੰਮ ਅਜੇ ਸ਼ੁਰੂ ਹੋਇਆ ਹੀ ਸੀ ਕਿ ਚੀਨ ਦੀ ਜੰਗ ਛਿੜ ਪਈ। ਹਰਦੇਵ ਨੇ ਆਰਜ਼ੀ ਸ਼ੈਡ ਉਸਾਰ ਕੇ ਆਰਟ ਗੈਲਰੀ ਵਿਉਂਤਣੀ ਸ਼ੁਰੂ ਕਰ ਦਿਤੀ। ਸਭ ਤੋਂ ਪਹਿਲਾਂ ਹੱਥਾਂ ਨਾਲ ਬਣਾਈਆਂ ਜਾਣ ਵਾਲੀਆਂ ਵਰਤੋਂ ਯੋਗ ਚੀਜ਼ਾਂ ਦੀ ਲਿਸਟ ਤਿਆਰ ਕੀਤੀ। ਬੈਂਤ ਦੀ ਵਰਤੋਂ ਕਰਕੇ ਕੁਰਸੀਆਂ ਮੇਜ਼ ਤਿਆਰ ਕਰਵਾਉਣ ਲਗੇ। ਇਹ ਦੱਸਣ ਲਈ ਕਿ ਵਰਤੋਂ ਯੋਗ ਸਾਮਾਨ ਵਿਚ ਕਲਾਕਾਰ ਕਿਵੇਂ ਜਾਨ ਪਾ ਦਿੰਦੇ ਨੇ, ਦੋ ਦੋ ਕੁਰਸੀਆਂ, ਇਕ ਇਕ ਮੇਜ਼ ਹਰੇਕ ਮੰਤਰੀ ਦੇ ਘਰ ਪੁਚਾ ਕੇ ਕੀਮਤ ਵਸੂਲੀ, ਦੱਸਿਆ ਕਿ ਰੁਜ਼ਗਾਰ ਤੇ ਸੁਹੱਪਣ, ਦੋਵਾਂ ਦਾ ਕਲਿਆਣ ਹੋਵੇਗਾ।

ਹਰਦੇਵ ਨੇ ਦੇਖਿਆ ਕਿ ਕਾਂਗੜਾ ਪੇਂਟਿੰਗਜ਼ ਤਾਂ ਕਮਾਲ ਹੈਨ ਹੀ, ਪਹਾੜਨਾ ਚਾਂਦੀ ਦੇ ਜਿਹੜੇ ਗਹਿਣੇ ਪਹਿਨਦੀਆਂ ਹਨ, ਉਨ੍ਹਾਂ ਉਪਰ ਗਜ਼ਬ ਦਾ ਆਰਟ ਹੈ। ਉਹ ਇਨ੍ਹਾਂ ਪੁਰਾਣੇ ਭਾਰੇ ਗਹਿਣਿਆਂ ਨੂੰ ਭਨਾ ਭਨਾ ਨਵੇਂ ਗਹਿਣੇ ਬਣਵਾ ਰਹੀਆਂ ਸਨ ਜੋ ਨਵੇਂ ਹੋਣ ਕਰਕੇ ਸੁਹਣੇ ਲਗਦੇ ਸਨ ਤੇ ਹਲਕੇ ਹੋਣ ਕਰਕੇ ਕਈ ਕਈ ਕੁੜੀਆਂ ਦੇ ਕੰਮ ਆ ਜਾਂਦੇ ਸਨ। ਉਸਨੇ ਸੋਚਿਆ - ਇਹ ਪੁਰਾਣਾ ਹੁਨਰ ਤਬਾਹ ਹੋ ਜਾਵੇਗਾ। ਰੰਧਾਵਾ ਸਾਹਿਬ ਨਾਲ ਗੱਲ ਕੀਤੀ। ਰੰਧਾਵਾ ਨੇ ਕਿਹਾ- ਅਰਜ਼ੀ ਲਿਖ, ਮੇਰੇ ਤੋਂ ਸਿਫਾਰਿਸ਼ ਕਰਵਾ, ਸਵੇਰ ਸਾਰ ਕੈਰੋਂ ਸਾਹਿਬ ਨੂੰ ਮਿਲ। ਅੱਠ ਕੁ ਵਜੇ ਉਹ ਬਰੇਕਫਾਸਟ ਕਰਿਆ ਕਰਦੇ ਨੇ। ਹੋ ਸਕਦੈ ਤੈਨੂੰ ਕਹਿਣ ਪਰੌਠਾ ਖਾ ਲੈ। ਤੂੰ ਵੀ ਬਰੇਕਫਾਸਟ ਕਰ ਲਈਂ। ਫੇਰ ਤੈਨੂੰ ਕੰਮ ਪੁਛਣਗੇ। ਅਪਣਾ ਮਨੋਰਥ ਦੱਸ ਕੇ ਅਰਜ਼ੀ ਅੱਗੇ ਕਰ ਦੇਈਂ। ਇਹੋ ਹੋਇਆ। ਪਰੌਂਠੇ ਖਾਣ ਤੇ ਲੱਸੀ ਪੀਣ ਪਿਛੋਂ ਅਪਣੇ ਕੰਮ ਬਾਰੇ ਦੱਸ ਕੇ ਕਿਹਾ - ਸੁਨਿਆਰਿਆਂ ਨੂੰ ਜੇ ਸਰਕਾਰੀ ਚਾਂਦੀ ਦੇ ਕੇ ਇਹ ਗਹਿਣੇ ਖਰੀਦ ਲਏ ਜਾਣ ਤਾਂ ਕਲਾਕ੍ਰਿਤਾਂ ਦੀ ਤਬਾਹੀ ਬਚ ਸਕਦੀ ਹੈ। ਕੈਰੋਂ ਨੇ ਪੁੱਛਿਆ - ਕੀ ਚਾਹੀਦਾ ਹੈ? ਹਰਦੇਵ ਨੇ ਕਿਹਾ - ਜੀ ਚਾਲੀ ਕਿਲੋ ਚਾਂਦੀ ਤੇ ਇਕ ਜੀਪ। ਅਰਜ਼ੀ ਉਪਰ 'ਮਨਜ਼ੂਰ' ਲਿਖ ਕੇ ਦਸਖ਼ਤ ਕਰ ਦਿਤੇ। ਚਾਂਦੀ ਦੀ ਟਕਸਾਲ ਅੰਮ੍ਰਿਤਸਰ ਹੁੰਦੀ ਸੀ। ਹਰਦੇਵ ਉਥੇ ਪੁੱਜ ਗਿਆ ਕਿ ਚਾਲੀ ਕਿਲੋ ਚਾਂਦੀ ਦੀਆਂ ਇੱਟਾਂ ਦਿਉ। ਟਕਸਾਲ ਅਫ਼ਸਰ ਕਹਿਣ ਲੱਗਾ- ਉਏ ਭਾਈ ਕਈ ਕੁੱਝ ਹੋਰ ਕਰੀਦੈ ਇਸ ਅਰਜ਼ੀ ਦੇ ਨਾਲ ਨਾਲ। ਮੈਨੂੰ ਅਰਜ਼ੀ ਫੜਾ। ਮਹਿਕਮੇ ਕੋਲ ਜਾਏਗੀ। ਫਿਰ ਕਈ ਥਾਈਂ ਹੋਕੇ ਦੁਬਾਰਾ ਮੇਰੇ ਕੋਲ ਆਏਗੀ। ਮਹੀਨੇ ਬਾਦ ਆਈਂ। ਇੰਨੇ ਨੂੰ ਜੀਪ ਮਿਲ ਗਈ। ਮਹੀਨੇ ਬਾਦ ਚਾਲੀ ਕਿਲੋ ਚਾਂਦੀ ਦੀਆਂ ਇੱਟਾਂ ਲੱਦ ਕੇ ਕਾਂਗੜੇ ਦੀ ਵਾਦੀ ਵੱਲ ਕੂਚ ਕੀਤਾ।

ਦੇਖਿਆ ਕਿ ਚੰਬੇ, ਰਾਜੇ ਦੇ ਮਹਿਲ ਵਿਚ ਇਕ ਰਾਗਮਾਲਾ ਪਈ ਹੈ ਜਿਸ ਵਿਚ ਚੁਰਾਸੀ ਰਾਗਾਂ ਦਾ ਤਤਕਰਾ ਹੈ। ਇਸ ਰਾਗਮਾਲਾ ਉਪਰ ਆਧਾਰਤ ਮਿਨੀਏਚਰਜ਼ ਪਈਆਂ ਹਨ। ਰਾਗਮਾਲਾ ਅਤੇ ਮਿਨੀਏਚਰਜ਼ ਖਰੀਦ ਲਈਆਂ ਜੋ ਹੁਣ ਨੈਸ਼ਨਲ ਗੈਲਰੀ ਆਫ਼ ਮਾਡਰਨ ਆਰਟ ਦਿੱਲੀ ਵਿਚ ਸਾਂਭੀਆਂ ਪਈਆਂ ਹਨ। ਇਨ੍ਹਾਂ ਕੁਲੈਕਸ਼ਨਜ਼ ਬਾਰੇ ਕਿਤਾਬ ਲਿਖੀ, ਇਸ ਆਰਟ ਉਪਰ ਟਿੱਪਣੀਆਂ ਦਿਤੀਆਂ। ਪੇਂਟਿੰਗਜ਼ ਛਾਪਣੀਆਂ ਸਨ। ਰੰਧਾਵਾ ਸਾਹਿਬ ਨੇ ਦੱਸਿਆ- ਰੰਗਦਾਰ ਪੇਂਟਿੰਗਜ਼, ਕਾਗਜ਼ ਉਤੇ ਕੇਵਲ ਸਰਸਵਤੀ ਪ੍ਰੈੱਸ ਛਾਪਦੀ ਹੈ ਜੋ ਕਲਕੱਤੇ ਵਿਚ ਹੈ। ਹਰਦੇਵ ਤੋਂ ਕਿਤਾਬ ਲੈਕੇ ਉਸ ਨੂੰ ਦੁਬਾਰਾ ਵਿਉਂਤਿਆ। ਮੁੱਖ ਬੰਦ ਲਿਖਿਆ। ਮੁਖਬੰਦ ਵਿਚ ਹਰਦੇਵ ਦਾ ਜ਼ਿਕਰ ਕੀਤਾ। ਕਿਤਾਬ ਦੇ ਕਵਰ ਤੇ ਨਾਮ ਮਹਿੰਦਰ ਸਿੰਘ ਰੰਧਾਵਾ ਲੇਖਕ ਦਾ ਸੀ ਤੇ ਹਰਦੇਵ ਦਾ ਨਾਮ ਅਸਿਸਟੈਂਟ ਦਾ। ਹਰਦੇਵ ਸਿੰਘ ਨੇ ਕਿਹਾ- ਰੰਧਾਵਾ ਸਾਹਿਬ, ਕਿਤਾਬ ਤਾਂ ਮੈਂ ਲਿਖੀ ਸੀ, ਕੁਲੈਕਸ਼ਨਜ਼ ਮੈਂ ਕੀਤੀਆਂ ਸਨ। ਨਾਮ ਤੁਹਾਡਾ ਹੈ। ਉਹ ਹੱਸ ਪਏ, ਕਿਹਾ- ਮੇਰੇ ਨਾਮ ਤੋਂ ਬਗੈਰ ਤੇਰੀ ਕਿਤਾਬ ਛਪਣੀ ਨਹੀਂ ਸੀ। ਤੂੰ ਹੁਣ ਟਰਾਈ ਕਰਕੇ ਦੇਖ। ਮੇਰੇ ਨਾਮ ਨਾਲ ਪਹਿਲਾ ਤੇਰਾ ਨਾਮ ਛਪਿਆ ਦੇਖਕੇ ਭਵਿੱਖ ਵਿਚ ਪ੍ਰਕਾਸ਼ਕ ਤੇਰੀਆਂ ਕਿਤਾਬਾਂ ਛਾਪਿਆ ਕਰਨਗੇ। ਹਾਲੇ ਇਹ ਸਮਾਂ ਨਹੀਂ ਆਇਆ। ਹਾਲੇ ਇਹੋ ਹੋਇਗਾ।

ਦੁਬਾਰਾ ਫਿਰ ਰੋਮ ਚਲਾ ਗਿਆ। ਸ੍ਰ. ਗੋਪਾਲ ਸਿੰਘ, ਸੋਫੀਆ ਵਿਚ ਭਾਰਤ ਦੇ ਸਫੀਰ ਸਨ। ਉਨ੍ਹਾਂ ਨੂੰ ਮਿਲਿਆ। ਕਾਰ ਖਰੀਦੀ। ਫੈਸਲਾ ਕੀਤਾ ਕਿ ਕਾਰ ਤੇ ਸਵਾਰ ਹੋਕੇ ਹਿੰਦੁਸਤਾਨ ਘਰ ਪਰਤਾਂਗਾ। ਰੋਮ ਤੋਂ ਬੁਲਗਾਰੀਆ, ਟਰਕੀ, ਆਸਟਰੀਆ ਸਵਿਟਰਜ਼ਰਲੈਂਡ, ਸੋਫੀਆ ਗਿਆ। ਫਿਰ ਅਰਬ ਦਾ ਮੱਕਾ ਮਦੀਨਾ ਦੇਖਦਿਆਂ ਈਰਾਨ ਦੇ ਸ਼ਹਿਰ ਇਸਫਾਹਾਨ, ਇਥੋਂ ਤਹਿਰਾਨ, ਫਿਰ ਕਾਬਲ ਗਿਆ। ਕਾਬਲ ਵਿਚ ਬਾਬਰ ਦਾ ਛੋਟਾ ਜਿਹਾ ਢੱਠਾ ਹੋਇਆ ਮਕਬਰਾ ਦੇਖਿਆ, ਫਿਰ ਪਾਕਿਸਤਾਨ ਵਿਚ ਦਾਖ਼ਲ ਹੋਇਆ। ਪਾਕਿਸਤਾਨੀ ਇੰਟੈਂਲੀਜੈਂਸ ਨੇ ਕਿਹਾ, ਕਾਰ ਦੀ ਤਲਾਸ਼ੀ ਲੈਣੀ ਹੈ। ਤਲਾਸ਼ੀ ਲੈਣ ਲੱਗੇ ਤਾਂ ਡਿਕੀ ਵਿਚ ਰੱਖੀਆਂ ਥੈਲੀਆਂ ਵਿਚੋਂ ਘੁੱਗੂ ਘੋੜੇ, ਮਿੱਟੀ ਦੇ ਛਣਕਣੇ, ਚੱਕੀਆਂ, ਗਡੀਹਰੇ ਸੈਂਕੜਿਆਂ ਦੀ ਗਿਣਤੀ ਵਿਚ ਪਏ ਸਨ। ਹੱਸਣ ਲੱਗੇ। ਇਕ ਦੂਜੇ ਨੂੰ ਵਾਜਾਂ ਮਾਰ ਮਾਰ ਬੁਲਾਉਣ...ਉਏ ਅਹਿ ਦੇਖੋ, ਨਾ ਘੜੀਆਂ, ਨਾਂ ਟਰਾਂਜਿਸਟਰ, ਨਾ ਛਤਰੀਆਂ ਨਾ ਰੇਨ-ਕੋਟ, ਨਾ ਟੇਪਰਿਕਾਰਡਰ ਨਾ ਸੋਨੇ ਦੇ ਬਿਸਕੁਟ। ਏਹ ਪਾਗਲ ਮਿਟੀ ਨਾਲ ਕਾਰ ਦੀ ਡਿਕੀ ਭਰੀ ਲਈ ਜਾਂਦੈ। ਹੱਸਦਿਆਂ ਹੱਸਦਿਆਂ ਉਨ੍ਹਾਂ ਨੇ ਵਾਹਗਾ ਬਾਰਡਰ ਪਾਰ ਕਰਵਾ ਦਿਤਾ।

ਵਾਹਗਾ ਪਾਰ ਕਰਕੇ ਅਟਾਰੀ ਤੋਂ ਸੁਲਤਾਨਪੁਰ ਲੋਧੀ ਹੁੰਦਿਆਂ ਅਪਣੇ ਪਿੰਡ ਪੁੱਜਣਾ ਸੀ। ਸੁਲਤਾਨਪੁਰ ਜਾਕੇ ਖਿਆਲ ਆਇਆ- ਮਾਸਟਰ ਹਾਂਡਾ ਸੁਲਤਾਨਪੁਰ ਦੇ ਸਨ। ਦੇਖੀਏ ਭਲਾ ਹੈਣ ਕਿ ਨਹੀਂ। ਕਈਆਂ ਨੂੰ ਪੁੱਛਿਆ, ਇਕ ਨੇ ਦੱਸਿਆ, ਉਸ ਕਿਤਾਬਾਂ ਕਾਪੀਆਂ ਵਾਲੀ ਦੁਕਾਨ ਤੋਂ ਪੁੱਛ। ਦੁਕਾਨਦਾਰ ਨੇ ਘਰ ਦਾ ਰਸਤਾ ਦੱਸ ਦਿੱਤਾ, ਕਿਹਾ - ਲੋਹੇ ਦਾ ਕਾਲਾ ਵੱਡਾ ਗੇਟ ਹੈ। ਗੇਟ ਤੇ ਪੁੱਜ ਕੇ ਦਰਵਾਜ਼ਾ ਖੜਕਾਇਆ। ਲੰਮੇ ਕੱਦ, ਸੁਨਹਿਰੀ ਰੰਗ ਵਾਲਾ ਮਾਸਟਰ ਬਿਰਧ ਹੋ ਗਿਆ ਸੀ। ਹੱਥ ਵਿੱਚ ਖੂੰਡੀ ਫੜੀ ਸਹਿਜੇ ਸਹਿਜੇ ਦਰਵਾਜਾ ਖੋਲ੍ਹਣ ਆਇਆ। ਜਾਣ ਕੇ ਹਰਦੇਵ ਨੇ ਅਪਣਾ ਨਾਮ ਨਹੀਂ ਦੱਸਿਆ, ਕੁਝ ਦੇਰ ਦੇਖਣ ਤੋਂ ਬਾਦ ਕਹਿਣ ਲੱਗਾ - ਹਰਦੇਵ? ਹਰਦੇਵ ਸਿੰਘ ਨੇ ਉਸਦੇ ਚਰਨ ਛੁਹੇ। ਛਲਕਦੀਆਂ ਅੱਖਾਂ ਨਾਲ ਮਾਸਟਰ ਹਾਂਡਾ ਨੇ ਹਰਦੇਵ ਨੂੰ ਜੱਫੀ ਵਿਚ ਲੈ ਕੇ ਕਿਹਾ - ਮੈਂ ਕਈਆਂ ਨੂੰ ਪੁੱਛਦਾ ਰਿਹਾ ਤੂੰ ਕਿਥੇ ਐਂ। ਪਤਾ ਲਗਦਾ ਪਰਦੇਸੀ ਹੋ ਗਿਐਂ। ਤੈਨੂੰ ਮਿਲ ਕੇ ਤੇਰੇ ਤੋਂ ਮਾਫੀ ਮੰਗਣੀ ਸੀ ਮੈਂ। ਭਲਾ ਹੋਇਆ ਤੂੰ ਆਪੇ ਆ ਗਿਆ। ਮੈਂ ਕਿਥੋਂ ਲੱਭ ਸਕਦਾ ਸਾਂ ਤੈਨੂੰ? ਹਰਦੇਵ ਨੇ ਕਿਹਾ- ਜੀ ਮਾਫ਼ੀ ਤਾਂ ਮੈਂ ਮੰਗਣ ਆਇਆਂ ਤੁਹਾਥੋਂ। ਇਸੇ ਕਰਕੇ ਰੱਬ ਨੇ ਕਿਹਾ - ਸਮੁੰਦਰ ਰਾਹੀਂ ਨਹੀਂ ਐਤਕੀ ਜ਼ਮੀਨ ਰਾਹੀਂ ਸਫਰ ਤੈਅ ਕਰ। ਦੁਨੀਆਂ ਦੇਖਦਾ ਦੇਖਦਾ ਸੁਲਤਾਨਪੁਰ ਪੁੱਜਿਆਂ। ਖਿਮਾ ਮੰਗਣ ਆਇਆ ਹਾਂ। ਮੈਂ ਗੁਸਤਾਖੀ ਕੀਤੀ ਸੀ ਪਰ ਖਿਮਾ ਮੰਗਣ ਤੋਂ ਮੁਨਕਿਰ ਸਾਂ। ਮਾਸਟਰ ਜੀ ਨੇ ਬਾਰ ਬਾਰ ਕਿਹਾ - ਅੱਜ ਇਥੇ ਰਹਿ। ਖਾਣ ਪੀਣ ਤੋਂ ਬਾਦ ਹਰਦੇਵ ਸਿੰਘ ਨੇ ਘਰ ਦਾ ਰਸਤਾ ਫੜਿਆ। ਘਰ ਪੁਜਣ ਤੋਂ ਤਿੰਨ ਦਿਨ ਪਿਛੋਂ ਖਬਰ ਮਿਲੀ ਕਿ ਮਾਸਟਰ ਹਾਂਡਾ ਇਸ ਜਹਾਨ ਤੋਂ ਕੂਚ ਕਰ ਗਏ ਹਨ।

ਮਹਿੰਦਰ ਸਿੰਘ ਰੰਧਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਥਾਪਤ ਕਰਨ ਵਾਸਤੇ ਬਤੌਰ ਵਾਈਸ-ਚਾਂਸਲਰ ਲੁਧਿਆਣੇ ਆ ਗਏ। ਹਰਦੇਵ ਸਿੰਘ ਨੂੰ ਪੰਜਾਬ ਦੇ ਖੱਬੀਖਾਨ ਜ਼ਿਮੀਦਾਰ ਦੀ ਹਵੇਲੀ ਉਸਾਰਨ ਲਈ ਕਿਹਾ। ਇਸ ਯੂਨੀਵਰਸਿਟੀ ਦਾ ਮੌਜੂਦਾ ਅਜਾਇਬਘਰ ਹਰਦੇਵ ਦੀ ਮਿਹਨਤ ਦਾ ਫਲ ਹੈ। ਛੋਟੀਆਂ ਇੱਟਾਂ ਅਜੇ ਲੱਭ ਜਾਂਦੀਆਂ ਸਨ। ਚੁਲ੍ਹੇ ਚੌਂਕੇ ਬਣਾਏ। ਗੁੱਤਾਂ, ਪਰਾਂਦੇ, ਇੰਨੂੰ, ਘੜਵੰਜੀਆਂ, ਪੀਹੜੀਆਂ, ਮੂਹੜੇ, ਦੇਗਾਂ, ਗਾਗਰਾਂ, ਚਰਖੇ, ਅਟੇਰਨ, ਗੱਲ ਕੀ ਸਾਰਾ ਪੇਂਡੂ ਸਾਜ਼ੋ ਸਾਮਾਨ ਚੁਣ ਲਿਆ। ਹਵੇਲੀ ਦੀਆਂ ਕੰਧਾ ਤੇ ਪੇਂਟਿੰਗਜ਼ ਦੇਵ ਨੇ ਬਣਾਈਆਂ, ਉਦਘਾਟਨ ਖੁਸ਼ਵੰਤ ਸਿੰਘ ਨੇ ਕੀਤਾ। ਇਸ ਕੰਮ ਦੀ ਅੱਜ ਤੱਕ ਉਪਮਾ ਹੋ ਰਹੀ ਹੈ।

1978 ਵਿਚ ਜਦੋਂ ਡਾ. ਅਮਰੀਕ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਵਜੋਂ ਅਹੁਦਾ ਸੰਭਾਲਿਆ ਤਾਂ ਹਰਦੇਵ ਸਿੰਘ ਨੇ ਸਲਾਹ ਦਿਤੀ - ਦੁਨੀਆਂ ਭਰ ਦੇ ਆਧੁਨਿਕ ਸ਼ਲਿਪੀਆਂ ਕਲਾਕਾਰਾਂ ਨੂੰ ਸੱਦੋ। ਸਾਮਾਨ ਦਿਉ। ਕਹੋ ਕਿ ਜਿੰਨਾ ਚਿਰ ਰਹਿਣਾ ਹੈ, ਸਾਲ, ਛੇ ਮਹੀਨੇ, ਰਹੋ। ਜੋ ਦਿਲ ਕਰਦੈ ਬਣਾਉ। ਡਾ. ਅਮਰੀਕ ਸਿੰਘ ਨੇ ਹਰਦੇਵ ਸਿੰਘ ਨੂੰ ਕਿਹਾ, ਜਿਨ੍ਹਾਂ ਕਲਾਕਾਰਾਂ ਨੂੰ ਤੁਸੀਂ ਸੱਦਣਾ ਚਾਹੁੰਦੇ ਹੋ, ਸਦੋ। ਮੈਂ ਤਾਂ ਸੱਦਾ ਪੱਤਰਾਂ ਤੇ ਦਸਖਤ ਕਰਨ ਵਾਲਾ ਹਾਂ ਬਸ। ਇਥੇ ਉਦੋਂ ਚੈੱਕ, ਜਾਪਾਨ, ਵੀਤਨਾਮ, ਇੰਡੋਨੇਸ਼ੀਆ, ਪੋਲੈਂਡ, ਤਾਸ਼ਕੰਦ, ਫਰਾਂਸ ਆਦਿਕ ਦੇਸਾਂ ਵਿਚੋਂ ਕਲਾਕਾਰ ਆਏ। ਇਹ ਹਰਦੇਵ ਦੀ ਸਲਾਹ ਸੀ ਕਿ ਕਲਾਕਾਰਾਂ ਨੂੰ ਬੁਲਾ ਕੇ ਸਾਮਾਨ ਦੇ ਕੇ ਪੇਂਟਿੰਗ ਬਣਵਾਉਣੀ ਬੜਾ ਸੌਖਾ ਕੰਮ ਹੈ ਤੇ ਸਸਤਾ, ਕਲਾਕਾਰ ਵੀ ਖੁਸ਼। ਇਨ੍ਹਾਂ ਦੀਆਂ ਪੇਂਟਿੰਗਜ਼ ਖਰੀਦਣ ਦਾ ਕੰਮ ਬਹੁਤ ਮਹਿੰਗਾ ਹੈ, ਬਹੁਤ ਹੀ ਮਹਿੰਗਾ।

ਚੰਡੀਗੜ੍ਹ ਦੀ ਆਰਟ ਗੈਲਰੀ ਉੱਸਰ ਰਹੀ ਸੀ ਤਾਂ ਹਰਦੇਵ ਨੇ ਦੁਨੀਆਂ ਭਰ ਦੇ ਦੇਸ਼ਾਂ ਨੂੰ ਖ਼ਤ ਲਿਖੇ ਕਿ ਕਾਰਬੂਜ਼ੀਏ ਰਾਹੀਂ ਭਾਰਤ ਦੇ ਨਵੇਂ ਵਿਕਸਤ ਸ਼ਹਿਰ ਚੰਡੀਗੜ੍ਹ ਵਿਚ ਵੱਡੀ ਆਰਟ ਗੈਲਰੀ ਤਿਆਰ ਹੋ ਰਹੀ ਹੈ। ਅਸੀਂ ਹਰੇਕ ਦੇਸ ਦੀ ਲੋਕ-ਕਲਾ-ਗੈਲਰੀ ਬਣਾਉਣ ਦਾ ਫੈਸਲਾ ਕੀਤਾ ਹੈ। ਕਿਰਪਾ ਕਰਕੇ ਆਪਣੀ ਲੋਕ-ਕਲਾ (Folk Art) ਭੇਜੋ। ਸਮੁੰਦਰੀ ਜਹਾਜ਼ਾਂ ਰਾਹੀਂ ਫੋਕ ਆਰਟ ਆਉਣਾ ਸ਼ੁਰੂ ਹੋਇਆ। ਸਭ ਤੋਂ ਪਹਿਲਾਂ ਤੇ ਸਭ ਤੋਂ ਵੱਡੀ ਮਾਤਰਾ ਵਿਚ ਪੋਲੈਂਡ ਨੇ ਆਪਣਾ ਆਰਟ ਭੇਜਿਆ। ਟੈਗੋਰ ਥਿਏਟਰ ਵਿਚ ਆਰਜ਼ੀ ਆਰਟ ਗੈਲਰੀ ਤਿਆਰ ਕੀਤੀ। ਮੁਲਕਰਾਜ ਅਨੰਦ ਨੂੰ ਨਾਲ ਲੈ ਕੇ ਕੈਰੋਂ ਸਾਹਿਬ ਕੋਲ ਗਿਆ ਕਿ ਪੋਲੈਂਡ ਦੀ ਆਰਟ ਗੈਲਰੀ ਦਾ ਉਦਘਾਟਨ ਕਰਨ ਲਈ ਆਓ। ਉਨ੍ਹੀ ਦਿਨੀ ਅਖਬਾਰ ਪੜ੍ਹ ਕੇ ਪਤਾ ਲੱਗਾ, ਪੋਲੈਂਡ ਦਾ ਇਕ ਵਜ਼ੀਰ ਭਾਰਤ ਦੇ ਦੌਰੇ ਤੇ ਆਇਆ ਹੋਇਆ ਸੀ। ਦਿੱਲੀ ਅੰਬੈਸੀ ਵਿਚ ਫੋਨ ਕੀਤਾ। ਵਜ਼ੀਰ ਦਾ ਥਹੁ ਪਤਾ ਚੱਲ ਗਿਆ, ਉਸ ਨੂੰ ਮਨਾ ਲਿਆ ਕਿ ਪੋਲਿਸ਼ ਗੈਲਰੀ ਦਾ ਉਦਘਾਟਨ ਸਮਾਰੋਹ ਹੋ ਰਿਹੈ, ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰੋ। ਉਸਨੂੰ ਇਹ ਵੀ ਦੱਸਿਆ ਕਿ ਚੰਡੀਗੜ੍ਹ ਉਸਾਰਨ ਦੀ ਜ਼ਿੰਮੇਵਾਰੀ ਭਾਰਤ ਸਰਕਾਰ ਨੇ ਪਹਿਲੋਂ ਪੋਲਿਸ਼ ਇਮਾਰਤਸਾਜ਼ ਨੂੰ ਦਿਤੀ ਸੀ ਜੋ ਹਾਦਸਾਗ੍ਰਸਤ ਹੋ ਗਿਆ। ਉਸਦੀ ਮੌਤ ਬਾਦ ਲੇ ਕਾਰਬੂਜ਼ੀਏ ਨੂੰ ਇਹ ਕੰਮ ਸੌਪਿਆ ਗਿਆ ਸੀ। ਮੰਤਰੀ ਨੇ ਹਾਂ ਕਰ ਦਿੱਤੀ। ਉਦਘਾਟਨ ਮੌਕੇ ਹਰਦੇਵ ਨੇ ਦੱਸਿਆ ਤੇ ਦਿਖਾਇਆ ਕਿ ਪੰਜਾਬ ਤੇ ਪੋਲੈਂਡ ਦਾ ਫੋਕ ਆਰਟ ਕਿੰਨਾ ਮਿਲਦਾ ਜੁਲਦਾ ਹੈ। ਵੈਸੇ ਸਾਰੇ ਦੇਸਾਂ ਦੇ ਫੋਕ ਆਰਟ ਦੇ ਮੋਟਿਫ ਇਕ ਦੂਜੇ ਨਾਲ ਮਿਲਦੇ ਦਿਖਾਈ ਦਿੰਦੇ ਹਨ।

ਪੋਲਿਸ਼ ਮੰਤਰੀ ਹਰਦੇਵ ਦੀ ਕਲਾਪਰਖ ਅਤੇ ਕੈਰੋਂ ਦੀ ਮਹਿਮਾਨਿਵਾਜ਼ੀ ਤੋਂ ਬਹੁਤ ਪ੍ਰਭਾਵਿਤ ਹੋਇਆ ਕਿਉਂਕਿ ਇਹ ਪ੍ਰੋਟੋਕੋਲ ਤੋਂ ਉਪਰ ਦੀ ਗੱਲ ਸੀ ਕਿ ਮੁਖ ਮੰਤਰੀ ਕਿਸੇ ਮੰਤਰੀ ਦਾ ਸਵਾਗਤ ਕਰੇ। ਚੰਡੀਗੜ੍ਹ ਤੋਂ ਉਸਨੇ ਸ਼ਿਮਲੇ ਜਾਣਾ ਸੀ ਤੇ ਤੀਜੇ ਦਿਨ ਵਾਪਸੀ ਸੀ। ਹਰਦੇਵ ਨੇ ਕੈਰੋਂ ਨੂੰ ਕਿਹਾ- ਇਸ ਵਜ਼ੀਰ ਦੀ ਵਾਪਸੀ ਵਕਤ ਚਾਹ ਦੀ ਦਾਅਵਤ ਪੰਜੌਰ ਨਾਂ ਦੇ ਦੇਈਏ? ਕੈਰੋਂ ਸਾਹਿਬ ਮੰਨ ਗਏ। ਦਿਨ ਰਾਤ ਪੰਜੌਰ ਦੀ ਸਫਾਈ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਕਰ ਦਿਤਾ ਗਿਆ। ਸ਼ਾਨਦਾਰ ਸਫੈਦ ਸਾਇਆਬਾਨ ਖੰਭ ਫੜਫੜਾਉਣ ਲੱਗੇ। ਗਰਮਜੋਸ਼ੀ ਨਾਲ ਮੰਤਰੀ ਦਾ ਸਵਾਗਤ ਹੋਇਆ। ਲੰਮਾਂ ਸਮਾਂ ਹਰਦੇਵ ਪੋਲਿਸ਼ ਆਰਟ ਦੇ ਮੋਟਿਫਾਂ ਬਾਬਤ ਦਸਦਾ ਰਿਹਾ। ਵਜ਼ੀਰ ਨੇ ਹਰਦੇਵ ਨੂੰ ਕਿਹਾ- ਤੁਸੀਂ ਪੋਲੈਂਡ ਆਉਗੇ? ਹਰਦੇਵ ਨੇ ਕਿਹਾ- ਸਦੋਗੇ ਤਾਂ ਜ਼ਰੂਰ ਆਵਾਂਗਾ। ਤਿੰਨ ਮਹੀਨੇ ਬਾਦ ਪੋਲੈਂਡ ਦੀ ਸਰਕਾਰ ਵਲੋਂ ਫੈਲੋਸ਼ਿਪ ਦੀ ਪੇਸ਼ਕਸ਼ ਮਿਲੀ, ਸੱਦਾ ਪੱਤਰ ਹਾਸਲ ਹੋਇਆ। ਇਹ ਪੋਲਿਸ਼ ਮਿਉਜ਼ਿਅਮਜ਼ ਦੀ ਨਿਗਰਾਨੀ ਕਰਨੀ ਤੇ ਨੁਮਾਇਸ਼ਾਂ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਸੀ।

ਉਦੋਂ ਕਰਨਾਲ ਦੇ ਬਸ ਅੱਡੇ ਦੀਆਂ ਮਿਊਰਲਜ਼ (Murals) ਦਾ ਕੰਮ ਅਜੇ ਅਧੂਰਾ ਪਿਆ ਸੀ। ਬੜੇ ਕਲਾਕਾਰਾਂ ਨੇ ਡਿਜ਼ਾਈਨ ਭੇਜੇ, ਪਰ ਹਰਦੇਵ ਦੇ ਮਨਜੂਰ ਹੋਏ ਤੇ ਸੱਤਰ ਹਜ਼ਾਰ ਰੁਪਿਆ ਮਿਲਿਆ। ਫੈਸਲਾ ਕੀਤਾ ਕਿ ਇਹ ਕੰਮ ਸਿਰੇ ਚਾੜ੍ਹ ਕੇ ਫੇਰ ਪੋਲੈਂਡ ਜਾਣਗੇ। ਕਾਂਗੜੇ ਤੋਂ ਕਾਲੀਆਂ ਸਲੇਟਾਂ ਮੰਗਵਾਈਆਂ। ਸੰਤ ਸਿੰਘ ਸੇਖੋਂ ਦਾ ਪੈਸੇ ਵਲੋਂ ਕੁੱਝ ਹੱਥ ਤੰਗ ਸੀ। ਉਸਨੂੰ ਸਹਾਇਤਾ ਕਰਨ ਵਾਸਤੇ ਨਾਲ ਰਲਾ ਲਿਆ ਤੇ 25 ਪ੍ਰਤੀਸ਼ਤ ਹਿੱਸਾ ਦੇਣ ਦਾ ਫੈਸਲਾ ਕੀਤਾ।

ਸ੍ਰ. ਪ੍ਰਤਾਪ ਸਿੰਘ ਕੈਰੋਂ ਦਾ ਕਤਲ ਹੋ ਗਿਆ। ਹਰਦੇਵ ਦੇ ਦਫ਼ਤਰ ਵਿਚ ਸਟਾਫ, ਇਕ ਹੈੱਡ ਕਲਰਕ, ਇਕ ਕਲਰਕ ਤੇ ਇਕ ਸੇਵਾਦਾਰ ਸੀ। ਇਹ ਸਮਝ ਕੇ ਕਿ ਇਹ ਕੈਰੋਂ ਦਾ ਬੰਦਾ ਹੈ, ਇਕ ਇਕ ਕਰਕੇ ਮੁਲਾਜ਼ਮ ਵਾਪਸ ਬੁਲਾ ਲਏ। ਅਪਣੇ ਚਿੱਠੀ ਪੱਤਰ, ਖੋਜ ਨਿਬੰਧ ਖੁਦ ਟਾਈਪ ਕਰਦਾ। ਜਦੋਂ ਦੇਖਿਆ ਕਿ ਦਿਨਬਦਿਨ ਮਾਹੌਲ ਘੁਟਵਾਂ ਹੋ ਰਿਹਾ ਹੈ, ਬਿਸਤਰਾ ਚੁਕਿਆ, ਦਿਲੀ ਪੁੱਜਾ, ਦਿੱਲੀ ਤੋਂ ਪੋਲੈਂਡ ਜਾਣ ਦੀ ਤਿਆਰੀ ਕੀਤੀ। ਪਹਿਲਾਂ ਐਮਸਟਰਡਮ ਅਪਣੀ ਦੋਸਤ ਦੇ ਘਰ ਕੁਝ ਦਿਨ ਰਿਹਾ, ਉਥੋਂ ਵਾਰਸਾ ਗਿਆ। ਪੋਲੈਂਡ ਵਿਚ ਗੈਲਰੀਆਂ ਦੇਖਣ, ਆਰਟਿਸਟਾਂ ਨੂੰ ਮਿਲਣ ਦਾ ਕੰਮ ਅਰੰਭਿਆ। ਪੋਲੈਂਡ ਦੇ ਖਾਣੇ ਸੁਆਦ ਨਾ ਲਗਦੇ। ਅੱਕ ਗਿਆ। ਇਕ ਦਿਨ ਇਕ ਸਰਦਾਰ ਨੂੰ ਜਾਂਦਿਆਂ ਦੇਖ ਕੇ ਵਾਜ ਮਾਰੀ। ਉਹ ਰੁਕਿਆ, ਪੁੱਛਿਆ ਕੀ ਗੱਲ ਐ ? ਹਰਦੇਵ ਨੇ ਕਿਹਾ- ਰੋਟੀ ਖੁਆ ਦੇਹ ਅਪਣੇ ਘਰ। ਉਹ ਘਰ ਲੈ ਗਿਆ। ਹਰਦੇਵ ਨੇ ਉਸ ਦੀ ਬੀਵੀ ਨੂੰ ਕਿਹਾ- ਮੈਂ ਰਸੋਈ ਵਿਚ ਖਲੋ ਕੇ ਰੋਟੀ ਸਬਜੀ ਬਣਦੀ ਦੇਖਣੀ ਹੈ, ਆਗਿਆ ਮਿਲੇਗੀ? ਉਥੇ ਉਸਨੇ ਆਪ ਖਾਣਾ ਤਿਆਰ ਕਰਨ ਦੀ ਵਿਧੀ ਦੇਖੀ ਤੇ ਸਿਖੀ। ਇਹ ਸਰਦਾਰ ਭਾਰਤੀ ਦੂਤਘਰ ਵਿਚ ਮੁਲਾਜ਼ਮ ਸੀ।

ਇਕ ਦਿਨ ਸ਼ਾਮੀ ਥਿਏਟਰ ਵਿਚ ਡਰਾਮਾ ਦੇਖਣ ਚਲਾ ਗਿਆ। ਪ੍ਰਾਈਮ ਮਿਨਿਸਟਰ ਵੀ ਦਰਸ਼ਕਾਂ ਵਿਚ ਬੈਠਾ ਸੀ। ਇਕ ਛੋਟੇ ਜਿਹੇ ਕੱਦ ਦਾ ਬੰਦਾ ਹਾਲ ਅੰਦਰ ਆਇਆ, ਉਸਦੇ ਸੁਆਗਤ ਵਿਚ ਸਾਰੇ ਖੜ੍ਹੇ ਹੋ ਗਏ। ਪ੍ਰਧਾਨ ਮੰਤਰੀ ਵੀ।ਨਾਲ ਬੈਠੇ ਦਰਸ਼ਕ ਨੇ ਦੱਸਿਆ ਕਿ ਮਧਰੇ ਕੱਦ ਦਾ ਇਹ ਬੰਦਾ ਡਰਾਮੇ ਦਾ ਡਾਇਰੈਕਟਰ ਹੈ।

ਇੱਥੇ ਕੰਮ ਕਰਦਿਆਂ ਬਰੱਸ਼ ਚਲਾਉਂਦਿਆਂ ਪਛਾਣ ਬਣਨ ਲੱਗੀ। ਫਰਾਂਸ ਅਤੇ ਸਕੈਂਡੇਨੇਵੀਅਨ ਦੇਸਾਂ ਤੋਂ ਸੱਦੇ ਆਉਣ ਲੱਗੇ। ਪੋਲੈਂਡ ਵਿਚ ਮਾਰੀਆ ਨਾਲ ਜਾਣ-ਪਛਾਣ ਹੋਈ ਜੋ ਹਿਸਟਰੀ ਆਫ਼ ਆਰਟ ਪੜ੍ਹਾਉਂਦੀ ਸੀ। ਉਸ ਨਾਲ ਵਿਆਹ ਦੀ ਗੱਲ ਚੱਲੀ ਤਾਂ ਮਾਰੀਆ ਨੇ ਕਿਹਾ- ਪਿਤਾ ਜੀ ਨੂੰ ਪੁੱਛ ਲਉ। ਉਸਦੇ ਪਾਪਾ ਕੋਲ ਜਾਕੇ ਗੱਲ ਕੀਤੀ, ਉਹ ਮੁਸਕ੍ਰਾਇਆ, ਕਿਹਾ- ਸੋਚ ਲੈ। ਕਿਹਾ, ਸੋਚ ਲਿਆ। ਕਹਿਣ ਲੱਗਾ ਇਕ ਦਿਨ ਹੋਰ ਸੋਚਣ ਵਿਚ ਕੀ ਹਰਜ਼? ਇਹ ਖਤਰਨਾਕ ਕੁੜੀ ਐ। ਅਗਲੇ ਦਿਨ ਫਿਰ ਗਿਆ, ਆਗਿਆ ਮਿਲੀ। ਵਿਆਹ ਤੋਂ ਬਾਦ ਉਸਦਾ ਨਾਮ ਹੋਇਆ ਮਾਰੀਆ ਬਾਰਤਕੋ ਸਿੰਘ। ਦੋ ਬੇਟੇ ਹੋਏ। ਵੱਡੇ ਦਾ ਨਾਮ ਵੈਸਲਾਵ ਮਰਦਾਨਾ ਸਿੰਘ ਹੈ ਤੇ ਛੋਟੇ ਦਾ ਨਾਮ ਚੈਸਲਾਵ ਬਾਲਾ ਸਿੰਘ। ਵੈਸਲਾਵ ਮਾਇਨੇ ਗੁਣ ਗਾਉਣ ਵਾਲਾ, ਚੈਸਲਾਵ ਪੋਲੈਂਡ ਦਾ ਨੋਬਲ ਲਾਰੀਏਟ ਸੀ। ਚੈਸਲਾਵ ਬਾਲਾ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਦੇ ਕਲਾ ਭਵਨ ਵਿਚ ਪਿਛਲੀ ਫੇਰੀ ਸਮੇਂ ਡੇਢ ਘੰਟੇ ਦੀ ਟਾੱਕ ਦਿਤੀ, ਸਰੋਤਿਆਂ ਵਿਚ ਮੈਂ ਵੀ ਸਾਂ। ਉਸਨੇ ਪਿਆਨੋ ਅਤੇ ਵਾਇਲਨ ਦਾ ਵਾਦਨ ਕਰਦਿਆਂ ਪੁਰਾਤਨ ਪੱਛਮੀ ਸੁਰਾਂ ਨਾਲ ਸਾਡੀ ਜਾਣ-ਪਛਾਣ ਕਰਵਾਈ ਸੀ।

ਨਿੱਕਾ ਹੁੰਦਾ ਮਰਦਾਨਾ ਸਿੰਘ ਦਹੀਂ ਜਮਾ ਦਿੰਦਾ ਤਾਂ ਜਮ ਜਾਂਦੀ, ਹੋਰ ਕਿਸੇ ਤੋਂ ਨਾ ਜੰਮਦੀ। ਕਾਰਨ ਪੁਛਣ ਤੇ ਪਤਾ ਲੱਗਾ ਕਿ ਉਹ ਦੁਧ ਦਾ ਕਟੋਰਾ ਫਰਿੱਜ ਦੇ ਪਿਛਲੇ ਪਾਸੇ ਉਸ ਡਰੱਮੀ ਨਾਲ ਛੁਹਾ ਕੇ ਰੱਖ ਦਿੰਦਾ ਜਿਸ ਵਿਚ ਅਮੋਨੀਆਂ ਗੈਸ ਭਰੀ ਹੁੰਦੀ ਐ। ਫਰਿੱਜ ਠੰਢਾ ਕਰਨ ਵਾਸਤੇ ਅਮੋਨੀਆਂ ਚੱਕਰ ਕਟਦਾ ਹੈ ਤਾਂ ਇਹ ਡਰੱਮੀ ਗਰਮ ਹੁੰਦੀ ਰਹਿੰਦੀ ਹੈ। ਇਸ ਦੇ ਸੇਕ ਸਦਕਾ ਦੁੱਧ ਨਿੱਘਾ ਰਹਿਣ ਕਰਕੇ ਦਹੀਂ ਜਮ ਜਾਂਦੀ।

1968 ਵਿਚ ਆਰਟ ਗੈਲਰੀ ਆਫ਼ ਓਂਟਾਰੀਓ ਕੈਨੇਡਾ ਤੋਂ ਛੇ ਮਹੀਨੇ ਲਈ ਵਿਜ਼ਿਟਿੰਗ ਫੈਕਲਟੀ ਵਜੋਂ ਸੱਦਾ ਮਿਲਿਆ। ਰਸਤੇ ਦਾ ਖਰਚਾ, ਟਿਕਟ ਆਦਿਕ ਭੇਜ ਦਿਤਾ। ਬਿਨਾ ਵੀਜ਼ਾ ਲੱਗਣ ਦੇ ਪੁੱਜ ਗਿਆ, ਉਨ੍ਹਾਂ ਦਿਨਾਂ ਵਿਚ ਯੌਰਪ ਤੋਂ ਕੈਨੇਡਾ ਆਉਣ ਜਾਣ ਉਪਰ ਪਾਬੰਦੀਆਂ ਨਹੀਂ ਸਨ। ਕੰਮ ਕਾਜ ਦੇਖਕੇ ਅਗੋਂ ਪੰਜ ਸਾਲ ਵਾਸਤੇ ਹੋਰ ਕੰਟਰੈਕਟ ਕਰ ਲਿਆ। ਵਿੰਡਸਰ ਦੀ ਆਰਟ ਗੈਲਰੀ ਵਿਚ ਰਿਜਨਲ ਡਾਇਰੈਕਟਰ ਆਫ਼ ਆਰਟ ਨਿਯੁਕਤ ਹੋਇਆ। ਉਥੇ ਜਾਕੇ ਸਭ ਤੋਂ ਪਹਿਲਾਂ ਪੋਲੈਂਡ ਦੀ ਆਰਟ ਗੈਲਰੀ ਦਾ ਨਿਰਮਾਣ ਕੀਤਾ, ਫੇਰ ਇਕ ਇਕ ਕਰਕੇ ਕਈ ਦੇਸਾਂ ਦੀਆਂ ਗੈਲਰੀਆਂ ਦਿੱਸਣ ਲੱਗੀਆਂ। ਦੁਨੀਆਂ ਦੇ ਆਰਟਿਸਟ ਵੱਖ ਵੱਖ ਦੇਸਾਂ ਵਿਚ ਆਪਣੀਆਂ ਆਰਟ ਗੈਲਰੀਆਂ ਦਿਖਾਉਂਦੇ ਫਿਰਦੇ ਰਹਿੰਦੇ ਹਨ, ਪੰਜਾਬ ਦੀਆਂ ਚਾਰ ਵੱਡੀਆਂ ਯੂਨੀਵਰਸਿਟੀਆਂ ਆਪਸ ਵਿਚ ਤਾਲਮੇਲ ਕਰਕੇ ਵੀ ਅਪਣੀਆਂ ਗੈਲਰੀਆਂ ਰੋਟੇਟ ਨਹੀਂ ਕਰਦੀਆਂ।

ਕੈਨੇਡਾ ਰਹਿੰਦਿਆਂ ਅੱਧ ਅੰਟੇ ਦੀ ਇਕ ਡਾਕੂਮੈਂਟਰੀ ਬਣਾਈ, ਦ ਸਿੱਖਸ (The Sikhs)। ਇਸ ਨੂੰ ਥਾਂ ਥਾਂ ਦਿਖਾਇਆ ਗਿਆ, ਪਸੰਦ ਕੀਤੀ ਗਈ। ਇਸ ਵਿਚ ਪਹਿਲਾਂ ਗੁਰੂ ਸਾਹਿਬਾਨ ਦੀ ਬਾਣੀ ਦਾ ਸੰਦੇਸ਼ ਹੈ ਫੇਰ ਮਹਾਰਾਜਾ ਰਣਜੀਤ ਸਿੰਘ ਤੱਕ ਦੇ ਕਾਰਨਾਮੇ ਦਿਖਾਏ ਹਨ। ਦਿਖਾਇਆ ਕਿ ਸੰਕਟ ਵਿਚ ਸਿੱਖ ਕੀ ਕਰਦੇ ਹਨ। ਭਾਈ ਕਨ੍ਹੱਈਆ ਜੀ ਉਪਰ ਪੇਂਟਿੰਗਜ਼ ਦਿਖਾਈਆਂ। ਵੱਡੇ ਬੰਦੇ ਦੀ ਮੌਤ ਵਕਤ ਦੇਸ ਅਪਣੇ ਝੰਡੇ ਝੁਕਾ ਲੈਂਦੇ ਹਨ, ਦੱਸਿਆ ਕਿ ਨਿਸ਼ਾਨ ਸਾਹਿਬ ਨਹੀਂ ਝੁਕਦਾ, ਗੁਰੂ ਸਾਹਿਬਾਨ ਨੇ ਮਾਤਮ ਕਰਨ ਉਪਰ ਸਥਾਈ ਪਾਬੰਦੀ ਲਾਈ ਹੋਈ ਹੈ। ਭਾਰਤ ਵਿਚ ਆਕੇ ਨੈਸ਼ਨਲ ਫਿਲਮ ਬੋਰਡ ਨੂੰ ਕਿਹਾ ਕਿ ਮਹੱਤਵਪੂਰਨ ਸ਼ਖਸੀਅਤਾਂ ਨੂੰ ਇਹ ਫਿਲਮ ਦਿਖਾਉ। ਹੋਰਨਾਂ ਦਰਸ਼ਕਾਂ ਵਿਚ ਗਿਆਨੀ ਜ਼ੈਲ ਸਿੰਘ ਰਾਸ਼ਟਰਪਤੀ ਵੀ ਸਨ। ਇਸ ਫਿਲਮ ਦੇ ਆਰੰਭ ਵਿਚ ਲਿਖਤੀ ਅਤੇ ਜ਼ਬਾਨੀ ਜਿਹੜੇ ਸ਼ਬਦ ਦਰਜ ਕੀਤੇ ਗਏ, ਉਹ ਹਨ -

Sikhs are a religious community and a political nation.
They are an international minority community.

ਗਿਆਨੀ ਜੀ ਨੇ ਖੁਸ਼ ਹੋਕੇ ਕਿਹਾ - ਬਹੁਤ ਵਧੀਆ ਡਾਕੂਮੈਂਟਰੀ। ਸ਼ਾਬਾਸ਼। ਇਸ ਵਿਚੋਂ ਆਰੰਭਕ ਲਫਜ਼ ”ਪੋਲੀਟਿਕਲ ਨੇਸ਼ਨ” ਹਟਾ ਦਿਉ। ਮੈਂ ਨੈਸ਼ਨਲ ਫਿਲਮ ਬੋਰਡ ਨੂੰ ਕਹਾਂਗਾ, ਖਰੀਦ ਲੈਣ। ਇਨ੍ਹਾਂ ਕੋਲ ਬਥੇਰੇ ਪੈਸੇ ਨੇ। ਹਰਦੇਵ ਨੇ ਕਿਹਾ- ਗਿਆਨੀ ਜੀ ਤੁਹਾਡੇ ਲਈ ਜਾਂ ਨੈਸ਼ਨਲ ਫਿਲਮ ਬੋਰਡ ਲਈ ਮੈਂ ਡਾਕੂਮੈਂਟਰੀ ਨਹੀਂ ਬਣਾਈ। ਮੈਂ ਪ੍ਰੋਫੈਸ਼ਨਲ ਫੋਟੋਗ੍ਰਾਫਰ ਅਤੇ ਆਵਾਜ਼ਾਂ ਮਹਿੰਗੇ ਭਾਅ ਤੇ ਖਰੀਦੀਆਂ, ਤਿੰਨ ਦਿਨਾਂ ਦੇ ਅੰਦਰ ਅੰਦਰ ਬੀ.ਬੀ.ਸੀ., ਕੈਨੇਡਾ ਅਤੇ ਅਮਰੀਕਣ ਟੀ.ਵੀ. ਚੈਨਲਾਂ ਨੇ ਇਹ ਖਰੀਦ ਲਈ ਤੇ ਲੱਗੇ ਪੈਸਿਆਂ ਤੋਂ ਤਿੰਨ ਗੁਣਾ ਵਧੀਕ ਵਸੂਲ ਹੋਏ। ਹੋਰ ਲੋੜ ਈ ਨਹੀਂ। ਮੈਂ ਜਾਣਦਾ ਹਾਂ ਮੈਂ ਅਮੀਰ ਆਦਮੀ ਨਹੀਂ, ਪਰ ਮੈਂ ਗਰੀਬ ਵੀ ਨਹੀਂ ਹਾਂ ਗਿਆਨੀ ਜੀ।

ਦਿੱਲੀ, ਮਿਹਰਬਾਨ ਸਿੰਘ ਧੂਪੀਏ ਦੇ ਘਰ ਭਾਈ ਵੀਰ ਸਿੰਘ ਠਹਿਰੇ ਹੋਏ ਸਨ। ਉਥੇ ਸੋਭਾ ਸਿੰਘ ਅਪਣੀ ਪ੍ਰਸਿੱਧ ਪੇਂਟਿੰਗ, ਗੁਰੂ ਨਾਨਕ ਦੇਵ, ਲੈਕੇ ਆ ਗਏ। ਹਰਦੇਵ ਸਿੰਘ ਮੌਜੂਦ ਸਨ। ਪ੍ਰੈੱਸ ਦਾ ਵੀ ਸੋਭਾ ਸਿੰਘ ਨੇ ਇੰਤਜ਼ਾਮ ਕਰ ਰੱਖਿਆ ਸੀ। ਉਹ ਚਾਹੁੰਦੇ ਸਨ ਕਿ ਪੇਂਟਿੰਗ ਦਾ ਘੁੰਡ ਭਾਈ ਵੀਰ ਸਿੰਘ ਚੁੱਕਣ ਤੇ ਫਿਰ ਪ੍ਰਸ਼ੰਸਾ ਦੇ ਕੁਝ ਸ਼ਬਦ ਕਹਿਣ। ਭਾਈ ਵੀਰ ਸਿੰਘ ਦਾ ਵਡਾ ਨਾਮ ਹੈ, ਸੋ ਪੇਂਟਿੰਗ ਦੁਨੀਆਂ ਭਰ ਵਿਚ ਮਨਜ਼ੂਰ ਹੋਵੇਗੀ। ਭਾਈ ਵੀਰ ਸਿੰਘ ਦੇ ਸਾਹਮਣੇ ਪੇਂਟਿੰਗ ਉਪਰੋਂ ਰੇਸ਼ਮੀ ਪਰਦਾ ਪਰੇ ਹਟਾਇਆ ਗਿਆ। ਪੇਂਟਿੰਗ ਦੇਖਣ ਤੋਂ ਬਾਦ ਭਾਈ ਵੀਰ ਸਿੰਘ ਬੋਲੇ- ਇਸ ਤਰਾਂ ਦੇ ਨਹੀਂ ਸਨ ਮੇਰੇ ਮਹਾਰਾਜ, ਤੇ ਪਰੇ ਮੂੰਹ ਕਰ ਲਿਆ। ਸੋਭਾ ਸਿੰਘ ਨੇ ਪੇਂਟਿੰਗ ਲਪੇਟ ਲਈ ਤੇ ਗੁੱਸੇ ਨਾਲ ਬਾਹਰ ਨਿਕਲਿਆ।ਇਕ ਕਲਾਕਾਰ ਉਦਾਸ ਜਾ ਰਿਹਾ ਹੈ, ਹਰਦੇਵ ਸਿੰਘ ਵੀ ਨਾਲ ਬਾਹਰ ਨਿਕਲ ਗਏ। ਹਵੇਲੀਓਂ ਬਾਹਰ ਜਾਕੇ ਗੁੱਸੇ ਨਾਲ ਸੋਭਾ ਸਿੰਘ ਕਹਿਣ ਲੱਗੇ- ਇਸ ਬੰਦੇ ਨੂੰ ਭੋਰਾ ਅਕਲ ਨੀਂ। ਆਰਟ ਬੜੀ ਵੱਡੀ ਚੀਜ਼ ਐ, ਇਸ ਜਾਹਲ ਨੂੰ ਕੀ ਪਤੈ ਇਹ ਮੈਂ ਕੀ ਬਣਾਇਐ। ਹਰਦੇਵ ਸਿੰਘ ਨੇ ਕਿਹਾ - ਮੈਨੂੰ ਤਾਂ ਪਤੈ ਆਰਟ ਕੀ ਹੁੰਦੈ। ਮੈਂ ਜਾਣਦਾਂ ਤੂੰ ਕੀ ਬਣਾਇਐ। ਤੂੰ ਇਕ ਚਿਹਰਾ ਉਲੀਕ ਕੇ ਉਸ ਉਪਰ ਅੱਖਾਂ ਨਰਗਸ ਦੀਆਂ ਚਿਪਕਾ ਦਿੱਤੀਆਂ ਤੇ ਹੋਂਠ ਮਧੂਬਾਲਾ ਦੇ ਧਰਕੇ ਦਾਹੜੀ ਬਣਾ ਦਿਤੀ। ਇਹ ਐ ਤੇਰੀ ਪੇਂਟਿੰਗ ਗੁਰੂ ਨਾਨਕ ਦੇਵ ਜੀ ਦੀ।

ਇਹ ਗੱਲ ਮੈਂ ਪ੍ਰੋ. ਭੂਪਿੰਦਰ ਸਿੰਘ ਨੂੰ ਸੁਣਾਈ ਤਾਂ ਹੱਸ ਪਏ, ਕਹਿਣ ਲੱਗੇ- ਡਾ. ਮੋਹਨ ਸਿੰਘ ਦੀਵਾਨਾ ਕਿਹਾ ਕਰਦੇ ਸਨ- ਇਹ ਹੈ ਇਕੋ ਇਕ ਪੇਂਟਿੰਗ ਜਿਸ ਨੂੰ ਮੈਂ ਬਿਲਕੁਲ ਨਹੀਂ ਦੇਖ ਸਕਦਾ। ਪੈਗ਼ੰਬਰ ਦਾ ਅਕਸ ਕਿਹੋ ਜਿਹਾ ਹੁੰਦਾ ਹੈ ਇਸ ਦਾ ਤਾਂ ਸੋਭਾ ਸਿੰਘ ਨੂੰ ਕੀ ਪਤਾ ਹੋਣਾ ਸੀ ਉਸ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਇਕ ਖੱਤਰੀ ਦੇ ਨੈਣ ਨਕਸ਼, ਚਿਹਰਾ ਮੁਹਰਾ ਕਿਸ ਤਰ੍ਹਾਂ ਦਾ ਹੁੰਦਾ ਹੈ।

ਮੈਂ ਪੁੱਛਿਆ- ਪਰ ਲੋਕਾਂ ਨੇ ਇਸ ਨੂੰ ਬਹੁਤ ਪਸੰਦ ਕੀਤਾ? ਉਹ ਬੋਲੇ - ਲੋਕਾਂ ਵਿਚ ਦਰਮਿਆਨਾ ਹੁਨਰ ਹੀ ਪਾਪੂਲਰ ਹੋਵੇਗਾ। ਦੇਖੋ ਜਿਹੜਾ ਬੰਦਾ ਸਾਰੀ ਉਮਰ ਡਰਾਇੰਗ ਕਰਦਾ ਰਹੇ, ਉਸ ਦੀਆਂ ਲਕੀਰਾਂ ਵਿਚ ਸਮਤੋਲ ਤਾਂ ਹੋ ਈ ਜਾਵੇਗਾ। ਸੋਭਾ ਸਿੰਘ ਚੰਗਾ ਡਰਾਇੰਗ ਮਾਸਟਰ ਹੈ, ਉਸ ਵਿਚ ਕੋਈ ਆਰਟ ਨਹੀਂ। ਕਿਰਪਾਲ ਸਿੰਘ ਵੀ ਇਸੇ ਸ਼੍ਰੇਣੀ ਵਿਚ ਆਉਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜਾ ਸ਼ਾਹਾਨਾ ਲਿਬਾਸ ਪਹਿਨਾਉਂਦੇ ਹਨ, ਇਹ ਉਹੀ ਲਿਬਾਸ ਹੈ ਜੋ ਔਰੰਗਜ਼ੇਬ ਦਾ ਸੀ। ਤੁਸੀਂ ਮਾਈਕਲ ਏਂਜਲੋ ਦੀਆਂ ਪੇਂਟਿੰਗਜ਼ ਦੇਖੋ। ਉਸਨੇ ਪਹਿਲੋਂ ਪੁਰਾਤਨ ਸਭਿਅਤਾ, ਇਤਿਹਾਸ, ਯਹੂਦੀ ਈਸਾਈ ਪੈਗ਼ੰਬਰਾਂ ਨੂੰ ਜਾਣਿਆ, ਵਾਚਿਆ। ਇਸ ਪਿਛੋਂ ਬਰਸ਼ ਚਲਾਇਆ। ਗੁਰੂਕਾਲ ਤੱਕ ਲੋਕ ਅਣਸੀਤੇ ਕੱਪੜੇ ਪਹਿਨਿਆ ਕਰਦੇ ਸਨ। ਸੀਣਾ ਪਰੋਣਾ ਤਾਂ ਮੁਗਲਾਂ ਨੇ ਸਿਖਾਇਆ ਸੀ। ਪਹਿਲੀ ਵਾਰੀ ਸੀਤਾ ਹੋਇਆ ਲਾਜ਼ਮੀ ਪਹਿਨਿਆ ਜਾਣ ਵਾਲਾ ਵਸਤਰ ਕਛਹਿਰਾ ਸੀ। ਸਿਖਾਂ ਵਿਚ ਆਰਟ ਵਿਕਸਿਤ ਹੋਇਆ ਹੀ ਨਹੀਂ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੋਂ ਲੈਕੇ ਹੁਣ ਤੱਕ ਸਿਖ, ਪੰਜਾਬੀ ਚਿਤਰਕਾਰ, ਮੁਗਲ ਆਰਟ ਅਤੇ ਕਾਂਗੜਾ ਮਿਨੀਏਚਰ ਦੀ ਸ਼ੈਲੀ ਵਰਤਦੇ ਰਹੇ ਹਨ। ਸਾਰਾ ਕੁਝ ਉਹੋ, ਬਸ ਚਿਹਰੇ ਸਿੱਖ ਨਾਇਕਾਂ ਦੇ ਬਣਾ ਦਿੱਤੇ। ਕਾਰ ਸੇਵਾ ਵਾਲਿਆਂ ਨੇ ਪੁਰਾਣੇ ਕਲਾਕਾਰਾਂ ਦੀ ਕਮਾਈ ਉਪਰ ਕੂਚੀ ਫੇਰ ਦਿੱਤੀ। ਸਿੱਖ ਚੇਤੰਨ ਹੁੰਦੇ ਤਾਂ ਹਾਹਾਕਾਰ ਨਾ ਮੱਚ ਜਾਂਦੀ? ਇਟਲੀ ਵਿਚ ਸੰਤ ਫਰਾਂਸਿਸ ਅਸਿੱਸੀ ਦਾ ਗਿਰਜਾ ਦੇਖੋ। ਹੇਠ ਉਹੀ ਅਸਲ ਘਰ ਹੈ ਜਿਸ ਵਿਚ ਸੰਤ ਰਹਿੰਦਾ ਸੀ। ਉਸਨੂੰ ਉਵੇਂ ਸੁਰੱਖਿਅਤ ਕਰਕੇ ਉਪਰ ਗਿਰਜਾ ਬਣਾ ਦਿਤਾ। ਰੋਮ ਦੀ ਹਰੇਕ ਗਲੀ ਵਿਚ ਤੁਹਾਨੂੰ ਪੁਰਾਤਨ ਇਤਿਹਾਸਕ ਵਸਤਾਂ ਸੰਭਾਲੀਆਂ ਹੋਈਆਂ ਦਿਸ ਜਾਣਗੀਆਂ। ਪਟਿਆਲੇ ਦੇ ਮੋਤੀ ਮਹਿਲ ਵਿਚ ਮਿਨੀਏਚਰ ਟਰੰਕਾਂ ਵਿਚ ਪਏ ਗਲ ਰਹੇ ਹਨ, ਕਿਸੇ ਨੂੰ ਪਰਵਾਹ ਨਹੀਂ। ਬਾਕੀ ਸੂਬਿਆਂ ਵਿਚ ਇਸ ਤਰ੍ਹਾਂ ਦੀ ਅਪਰਾਧਕ ਲਾਪ੍ਰਵਾਹੀ ਨਹੀਂ ਹੈ। ਮੇਰੇ ਕੋਲ ਇਕ ਪੰਜਾਬੀ ਮਿੱਤਰ ਆ ਗਿਆ। ਮੈਂ ਕਿਹਾ - ਨਿਆਗਰਾ ਫਾਲ ਦੇਖਣ ਚੱਲੀਏ? ਉਹ ਬੋਲਿਆ- ਉਥੇ ਕੀ ਐ? ਮੈਂ ਕਿਹਾ ਬਹੁਤ ਉਚਾਈ ਤੋਂ ਪਾਣੀ ਹੇਠਾਂ ਡਿਗਦਾ ਹੈ। ਉਹ ਹੱਸ ਪਿਆ, ਕਹਿਣ ਲੱਗਾ- ਪਾਣੀ ਤਾਂ ਹੇਠਾਂ ਡਿਗਿਆ ਈ ਕਰਦੈ। ਇਸ ਵਿਚ ਦੇਖਣ ਵਾਲੀ ਕਿਹੜੀ ਗੱਲ ? ਜੇ ਕਿਤੇ ਪਾਣੀ ਹੇਠੋਂ ਉਪਰ ਚੜ੍ਹਦਾ ਹੋਵੇ, ਉਹ ਦਿਖਾ ਤਾਂ ਮੰਨਾ। ਹੇਠੋਂ ਪਾਣੀ ਉਪਰ ਚੜ੍ਹਦਾ ਨਹੀਂ ਦਿਖਾ ਸਕਦਾ ਤਾਂ ਵੀ ਦੁਖੀ ਹੋਣ ਦੀ ਕੋਈ ਗੱਲ ਨਹੀਂ, ਦਾਰੂ ਲੈ ਆ, ਪਾਣੀ ਹੇਠੋਂ ਉਪਰ ਚੜ੍ਹਦਾ ਦਿਸੇਗਾ।

“ਇਕ ਜੁਆਨ ਮੇਰੇ ਕੋਲ ਆਇਆ, ਕਹਿਣ ਲੱਗਾ- ਮੇਰੇ ਬਾਪੂ ਦੀ ਪੇਂਟਿੰਗ ਬਣਾ। ਮੈਂ ਕਿਹਾ- ਕਿਥੇ ਐ ਤੇਰਾ ਬਾਪੂ ? ਉਹ ਬੋਲਿਆ- ਉਹ ਤਾਂ ਮਰ ਗਿਐ ਕਦੋਕਣਾ। ਮੈਂ ਪੁਛਿਆ- ਮਰ ਗਏ ਬੰਦੇ ਦੀ ਤਸਵੀਰ ਕਿਵੇਂ ਬਣਾਵਾਂ? ਉਹ ਹੱਸਕੇ ਕਹਿਣ ਲੱਗਾ ਤੈਨੂੰ ਇੰਨਾ ਵੀ ਪਤਾ ਨੀਂ? ਮੇਰੇ ਵਰਗਾ ਈ ਸੀ। ਤੂੰ ਇਉਂ ਕਰ ਮੇਰੀ ਤਸਵੀਰ ਬਣਾ ਦੇ, ਮੈਂ ਜੂ ਹੈ ਆਂ ਅਜੇ, ਦਾਹੜੀ ਕਾਲੀ ਨਾ ਕਰੀਂ ਬੱਗੀ ਕਰ ਦੇਈਂ। ਇੰਨੀ ਕੁ ਗੱਲ ਐ ਸਾਰੀ। ਤੂੰ ਪਹਾੜ ਸਮਝ ਗਿਆ।

“ਮੈਂ ਕੋਈ ਦੰਦ ਨਹੀਂ ਕਢਾਇਆ। ਮਜਬੂਰਨ ਅਕਲਦਾੜ੍ਹ ਕਢਵਾਉਣੀ ਪਈ ਸੀ ਜੋ ਮੇਰੀ ਪਤਨੀ ਨੇ ਅਪਣੇ ਨਿੱਜੀ ਅਜਾਇਬ ਘਰ ਵਿਚ ਰੱਖੀ ਹੋਈ ਹੈ।

“ਮੇਰੇ ਜਨਮ ਤੋਂ ਪਹਿਲੋਂ ਕੋਇਟੇ ਵਿਚ ਭੂਚਾਲ ਆਇਆ ਸੀ। ਕੋਇਟਾ ਬਲੋਚਿਸਤਾਨ ਵਿਚ ਹੈ। ਮਾਂ ਉਥੋਂ ਇਕ ਸਾਲ ਦਾ ਇਕ ਯਤੀਮ ਬੱਚਾ ਲੈ ਆਈ। ਇਕ ਮੁੱਦਤ ਤੱਕ ਮੈਨੂੰ ਪਤਾ ਨਾ ਲੱਗਾ ਕਿ ਉਹ ਮੇਰਾ ਸਕਾ ਭਰਾ ਨਹੀਂ। ਉਸਦਾ ਨਾਮ ਮਹਾਂਦੇਵ ਸਿੰਘ ਹੈ। ਜਦੋਂ ਬਾਈ ਸਾਲ ਦੀ ਉਮਰੇ ਉਸਦਾ ਵਿਆਹ ਕੀਤਾ, ਮੇਰੇ ਮਾਮੇ ਨੇ ਮਿਲਣੀ ਕੀਤੀ। ਉਹ ਐਡਵੋਕੇਟ ਹੈ ਤੇ ਅਜ ਕੱਲ੍ਹ ਗੁਰੂ ਨਾਨਕ ਖਾਲਸਾ ਕਾਲਜ ਦਿੱਲੀ ਦੀ ਪ੍ਰਬੰਧਕੀ ਕਮੇਟੀ ਦਾ ਪ੍ਰਸ਼ਾਸਕ ਹੈ। ਜਦੋਂ ਬਾਹਰੋਂ ਆਵਾਂ, ਹਵਾਈ ਅੱਡੇ ਉਪਰ ਉਹ ਮੈਨੂੰ ਲੈਣ ਆਉਂਦੈ। ਇਕ ਵਾਰ ਮੈਂ ਵੀਹ ਸਾਲ ਬਾਦ ਆਇਆ। ਮਹਾਂਦੇਵ ਨੇ ਵੋਦਕਾ ਰੱਖੀ ਹੋਈ ਸੀ, ਕਿਹਾ ਕਰਦਾ ਸੀ ਹਰਦੇਵ ਆਏਗਾ ਨਾ, ਵੋਦਕਾ ਪੀਆ ਕਰਦੈ ਉਹ। ਘਰ ਪੁੱਜਣ ਤੇ ਕਿਹਾ- ਵੀਹ ਸਾਲ ਉਡੀਕਦੀ ਰਹੀ ਇਹ ਬੋਤਲ ਤੈਨੂੰ।

“ਵਿਸਕੀ ਇੰਗਲੈਂਡ ਵਿਚ ਪੀਤੀ ਜਾਂਦੀ ਹੈ, ਯੋਰਪ ਦੇ ਬਾਕੀ ਦੇਸਾਂ ਵਿਚ ਲੋਕ ਵੋਦਕਾ, ਜਿਨ, ਬਕਾਰਡੀ ਦੀ ਵਰਤੋਂ ਕਰਦੇ ਹਨ। ਪਾਣੀ ਜਾਂ ਸੋਡਾ ਕੋਈ ਨਹੀਂ ਮਿਲਾਉਂਦਾ। ਪਾਣੀ ਜਾਂ ਸੋਡੇ ਦਾ ਗਲਾਸ ਨਾਲ ਵੱਖਰਾ ਰੱਖ ਲੈਂਦੇ ਨੇ। ਮੂਲ ਵੋਦਕਾ ਆਲੂਆਂ ਤੋਂ ਬਣਦੀ ਸੀ, ਪੋਲੈਂਡ ਹੁਣ ਵੀ ਆਲੂਆਂ ਤੋਂ ਬਣਾਉਂਦਾ ਹੈ। ਸਾਲ 1987 ਵਿਚ ਵਡੇ ਕਾਕੇ ਦਾ ਜਨਮ ਹੋਇਆ ਤਾਂ ਭਾਰਤੀ ਹਾਈ ਕਮਿਸ਼ਨਰ ਨੇ ਬਲੈਕ ਲੇਬਲ ਜਾਨੀਵਾਕਰ ਦੀ ਪੇਟੀ ਭੇਜੀ।

“ਕੈਨੇਡਾ ਇਕ ਸਾਧ ਆਇਆ ਜੋ ਕਾਰ ਸੇਵਾ ਕਰਵਾਉਣ ਲਈ ਮਸ਼ਹੂਰ ਹੈ। ਮੈਂ ਉਹਨੂੰ ਮਿਲਕੇ ਕਿਹਾ - ਤੁਹਾਨੂੰ ਪੁਰਾਣੀਆਂ ਇਤਿਹਾਸਕ ਇਮਾਰਤਾਂ ਢਾਹੁਣੀਆਂ ਨਹੀਂ ਚਾਹੀਦੀਆਂ। ਉਹ ਬੋਲਿਆ- ਕੱਚੇ ਘਰ ਪੱਕੇ ਕਰਨ ਲੱਗਾ ਹੋਇਆਂ, ਇਸ ਵਿਚ ਬੁਰਾਈ ਕੀ ਹੈ? ਬੜਾ ਸਮਝਾਇਆ ਕਿ ਇਹ ਰੱਖ ਲਵੋ, ਉਸਾਰਨਾ ਹੀ ਹੈ ਤਾਂ ਇਕ ਪਾਸੇ ਨਵਾਂ ਗੁਰਦੁਆਰਾ ਉਸਾਰ ਲਉ। ਉਸ ਤੇ ਕੋਈ ਅਸਰ ਨਾ ਹੋਇਆ। ਮੈਨੂੰ ਪੁੱਛਿਆ- ਤੁਸੀਂ ਕੀ ਕਰਦੇ ਹੁੰਨੇ ਓ। ਮੈਂ ਦੱਸਿਆ- ਆਰਟਿਸਟ ਹਾਂ, ਚਿਤਰਕਾਰੀ ਕਰਿਆ ਕਰਦਾਂ। ਸੰਤ ਨੇ ਕਿਹਾ- ਪੰਥ ਲਈ ਵੀ ਕੁਝ ਕਰੋ। ਉਸਦੇ ਖਿਆਲ ਵਿਚ ਮੇਰੇ ਵਾਲਾ ਕੰਮ ਕੋਈ ਕੰਮ ਨਹੀਂ ਹੈ।

ਮੇਰੀ ਯੂਨੀਵਰਸਿਟੀ ਵਿਚ ਦੀਪਕ ਮਨਮੋਹਨ ਅਤੇ ਅਮਰਜੀਤ ਗਰੇਵਾਲ ਨੇ 26-28 ਫਰਵਰੀ 2010 ਨੂੰ ਵਿਸ਼ਵ ਪੰਜਾਬੀ ਸੈਂਟਰ ਰਾਹੀਂ ਪੰਜਾਬੀ ਕਾਨਫਰੰਸ ਕਰਵਾਈ ਜਿਸ ਵਿਚ ਦੋ ਦਰਜਣ ਦੇਸਾਂ ਤੋਂ ਲੇਖਕ ਪੁੱਜੇ। ਚੰਗੀਆਂ ਗੱਲਾਂ ਸੁਣਨ ਨੂੰ ਮਿਲੀਆਂ। ਆਖਰੀ ਸੈਸ਼ਨ ਵਿਚ ਚਾਰ ਅਜਿਹੇ ਬੰਦੇ ਚੁਣੇ ਗਏ ਜਿਨ੍ਹਾਂ ਨੇ ਆਪਣੇ ਪ੍ਰਭਾਵ ਜਾਂ ਸੁਝਾਅ ਦੇਣੇ ਸਨ। ਇਨ੍ਹਾਂ ਵਿਚ ਇਕ ਮੈਂ ਵੀ ਸਾਂ। ਮੈਂ ਦੇਖਿਆ ਕਿ ਲੇਖਕ ਅਤੇ ਸਰੋਤੇ ਚਿੰਤਤ ਸਨ ਕਿ ਪੰਜਾਬੀ ਦਾ ਭਵਿੱਖ ਖਤਰੇ ਵਿਚ ਹੈ। ਆਪਣੇ ਬਾਕੀ ਪ੍ਰਭਾਵਾਂ ਦੇ ਨਾਲ ਆਖਰ ਵਿਚ ਮੈਂ ਹਰਦੇਵ ਸਿੰਘ ਦੇ ਇਹ ਬੋਲ ਸੁਣਾਏ -“ਜਿਸ ਮੰਜੇ ਤੋਂ ਮੈਂ ਸੁੱਤਾ ਉਠਿਆ ਉਸ ਦਾ ਨਮੂਨਾ ਪੂਰਬ ਵਿਚ ਬਣਿਆਂ, ਗੱਦੇ ਦਾ ਕੱਪੜਾ ਕੱਤਿਆ ਤੇ ਬੁਣਿਆ ਮੱਧ ਏਸ਼ੀਆ ਵਿਚ ਗਿਆ। ਜਿਹੜੇ ਸਲੀਪਰ ਪਹਿਨ ਕੇ ਗੁਸਲਖਾਨੇ ਵਿਚ ਗਿਆ ਉਹ ਅਮਰੀਕਣ ਰੈੱਡ ਇੰਡੀਅਨਜ਼ ਨੇ ਬਣਾਏ, ਮੇਰੇ ਗੁਸਲਖਾਨੇ ਦਾ ਅਜੋਕਾ ਨਮੂਨਾ ਤੇ ਵਰਤੀਂਦਾ ਸਾਮਾਨ ਪੱਛਮ ਨੇ ਬਣਾਇਆ।

“ਜਿਸ ਕੁਰਸੀ ਉਪਰ ਬੈਠਿਆ ਉਸਦੀ ਈਜਾਦ ਦੱਖਣੀ ਯੋਰਪ ਨੇ ਕੀਤੀ, ਜਿਹੜਾ ਮੈਂ ਗਾਊਨ ਪਹਿਨਿਆ, ਸਭ ਤੋਂ ਪਹਿਲਾਂ ਏਸ਼ੀਅਨ ਖਾਨਾਬਦੋਸ਼ਾਂ ਨੇ ਚਮੜੇ ਦਾ ਬਣਾਇਆ ਸੀ ਤੇ ਇਸ ਨੂੰ ਰੰਗਣ ਦਾ ਤਰੀਕਾ ਮਿਸਰੀਆਂ ਨੇ ਦੱਸਿਆ ਸੀ। ਟਾਈ ਕਰੋਸ਼ੀਆ ਨੇ ਬਣਾਈ ਤੇ ਜਿਹੜੀ ਤਾਕੀ ਵਿਚੋਂ ਮੈਂ ਬਾਹਰ ਨਿਗਾਹ ਮਾਰੀ ਉਸ ਦਾ ਸ਼ੀਸ਼ਾ ਮਿਸਰ ਵਿਚ ਬਣਿਆ ਸੀ। ਛਤਰੀ ਦੱਖਣੀ-ਪੂਰਬੀ ਏਸ਼ੀਅਨਜ਼ ਨੇ ਬਣਾਈ। ਜਿਹੜੇ ਮੇਵੇ ਛਕੇ ਉਹ ਅਫਰੀਕਾ ਈਰਾਨ ਤੇ ਅਫਗਾਨਿਸਤਾਨ ਵਿਚੋਂ ਆਏ।

“ਅਖਬਾਰ ਖਰੀਦਣ ਲਈ ਜੇਬ ਵਿਚੋਂ ਜਿਹੜਾ ਸਿਕਾ ਟਟੋਲ ਰਿਹਾ ਹਾਂ ਉਸ ਦੀ ਕਾਢ ਲਿਡੀਆ ਨੇ ਕੱਢੀ। ਬਰੇਕਫਾਸਟ ਵਾਸਤੇ ਪਲੇਟ ਚੁਕੀ ਉਹ ਚੀਨ ਨੇ ਬਣਾਈ, ਛੁਰੀ ਦੀ ਧਾਤ ਦੱਖਣੀ ਭਾਰਤੀਆਂ ਨੇ ਤਿਆਰ ਕੀਤੀ, ਕਾਂਟਾ ਇਟਾਲੀਅਨਾਂ ਨੇ, ਚਮਚਾ ਰੋਮਨਾਂ ਨੇ ਬਣਾਇਆ ਸੀ। ਪਸ਼ੂਆਂ ਨੂੰ ਪਾਲਤੂ ਬਣਾਉਣ ਤੇ ਧਾਰਾਂ ਚੋਣ ਦਾ ਤਰੀਕਾ ਪੁਰਾਤਨ ਹਿੰਦੁਸਤਾਨੀਆਂ ਨੇ ਸਿਖਾਇਆ। ਪੰਛੀ ਪਾਲ ਕੇ ਅੰਡੇ ਪ੍ਰਾਪਤ ਕਰਨ ਦਾ ਰਿਵਾਜ ਪੂਰਬੀ ਏਸ਼ੀਆ ਵਿਚ ਸ਼ੁਰੂ ਹੋਇਆ।

“ਪੁਠੇ ਅੱਖਰ ਪੱਥਰ ਉਪਰ ਸਾਮੀਆਂ ਨੇ ਬਣਾਏ, ਜਿਸ ਕਾਗਜ਼ ਉਪਰ ਛਪੇ ਉਹ ਚੀਨੀਆਂ ਨੇ ਤਿਆਰ ਕੀਤਾ ਤੇ ਇਨ੍ਹਾਂ ਨੂੰ ਛਾਪਣ ਦੀ ਮਸ਼ੀਨ ਜਰਮਨਾਂ ਨੇ ਬਣਾਈ। ਖਾਣ-ਪੀਣ ਪਹਿਨਣ ਪਿਛੋਂ ਜਿਵੇਂ ਮੈਂ ਰੱਬ ਦਾ ਸ਼ੁਕਰਾਨਾ ਕਰਦਾ ਹਾਂ ਵੱਖ-ਵੱਖ ਬੋਲੀਆਂ ਵਿਚ ਸਾਰੇ ਦੇਸ਼ਾਂ ਵਿਚ ਇਸੇ ਤਰ੍ਹਾਂ ਸ਼ੁਕਰਾਨਾ ਕੀਤਾ ਜਾਂਦਾ ਹੈ। ਫੇਰ ਵੀ ਮੈਂ ਦਾਅਵਾ ਕਰਦਾ ਹਾਂ ਕਿ ਮੈਂ ਪੰਜਾਬੀ ਹਾਂ ਤੇ ਪੰਜਾਬੀ ਰਹਾਂਗਾ।

ਮੈਂ ਪੁਛਿਆ- ਤੁਹਾਡੀ ਕਲਾ ਉਪਰ ਕਿਸ ਦਾ ਅਸਰ ਪਿਆ? ਉਨ੍ਹਾਂ ਨੇ ਕਿਹਾ - ਮੈਨੂੰ ਤਾਂ ਇਹ ਦੇ ਬਾਰੇ ਬਹੁਤਾ ਪਤਾ ਨਹੀਂ ਪਰ ਕਲਾ ਆਲੋਚਕਾਂ ਨੇ ਮੈਨੂੰ ਕਿਹਾ ਕਿ ਤੇਰਾ ਹੁਨਰ ਸ਼ਗਾਲ ਤੋਂ ਪ੍ਰਭਾਵਿਤ ਹੈ। ਰੂਸੀ ਆਰਟਿਸਟ ਸ਼ਗਾਲ (Chagal) ਯਹੂਦੀ ਸੀ ਤੇ ਪੈਰਿਸ ਵਿਚ ਰਹਿ ਰਿਹਾ ਸੀ। ਮੈਂ ਉਸਨੂੰ ਪੁੱਛਿਆ- ਲੋਕ ਆਖਦੇ ਹਨ ਮੇਰਾ ਆਰਟ ਤੁਹਾਥੋਂ ਪ੍ਰਭਾਵਿਤ ਹੈ, ਇਹ ਕਿੰਨੀ ਕੁ ਸਹੀ ਗੱਲ ਹੈ? ਸ਼ਗਾਲ ਨੇ ਕਿਹਾ- ਮੈਨੂੰ ਇਉਂ ਲਗਦੈ, ਜਿਵੇਂ ਮੈਂ ਰਸ਼ੀਅਨ ਆਈਕਨਜ਼ ਤੋਂ ਪ੍ਰਭਾਵਿਤ ਹਾਂ ਉਵੇਂ ਤੂੰ ਏਸ਼ੀਅਨ ਮਿਨੀਏਚਰ ਤੋਂ ਪ੍ਰਭਾਵਿਤ ਹੈਂ। ਆਈਕਨ ਅਤੇ ਮਿਨੀਏਚਰ ਵਿਚ ਬੁਨਿਆਦੀ ਸਾਂਝ ਹੈ। ਸ਼ਗਾਲ ਨੇ ਇਜ਼ਰਾਈਲ ਦੀਆਂ ਇਮਾਰਤਾਂ ਉਪਰ ਜਿਹੜੀਆਂ ਪੇਂਟਿੰਗਜ਼ ਬਣਾਈਆਂ ਉਹਨਾਂ ਨੂੰ ਡਰੀਮਜ਼ ਸਟਾਈਲ ਕਹਿੰਦੇ ਹਨ। ਹੇਠਾਂ ਵਿਸ਼ਾਲ ਲੈਂਡਸਕੇਪ ਹੈ ਉਪਰ ਅਸਮਾਨ ਵਿਚ ਪੰਛੀ ਉਡ ਰਹੇ ਹਨ। ਮੇਰੀਆਂ ਸਾਢੇ ਤਿੰਨ ਸੌ ਡ੍ਰਾਇੰਗਜ਼ ਵਿਚ ਦੁਨੀਆਂ ਦੀਆਂ ਸਭ ਕੌਮਾਂ ਦੇ ਪਰਛਾਵੇਂ ਮਿਲਦੇ ਹਨ। ਹਰੇਕ ਕੌਮ ਦੇ ਕੁਝ ਸਿੰਬਲ ਹੁੰਦੇ ਹਨ। ਸਾਊਥ ਅਫਰੀਕਾ ਵਿਚ ਰੌਲਾ ਪੈ ਗਿਆ ਸੀ ਕਿ ਚਰਚ ਦੇ ਪਿਛਵਾੜੇ ਮੈਡੋਨਾ ਆਇਆ ਕਰਦੀ ਹੈ, Lady With a Child. ਵਾਸਤਵ ਵਿਚ ਇਮਾਰਤਾਂ ਦੇ ਪਰਛਾਵਿਆਂ ਦੇ ਸੁਮੇਲ ਤੋਂ ਬਣਿਆਂ ਇਹ ਇਕ ਪਰਛਾਵਾਂ ਸੀ ਜੋ ਲਗਦਾ ਇਵੇਂ ਸੀ ਜਿਵੇਂ ਔਰਤ ਨੇ ਬੱਚਾ ਚੁਕਿਆ ਹੋਇਆ ਹੋਵੇ। ਚਾਹੇ ਸਿੰਘ ਸਭਾ ਦੇ ਮੋਰਚੇ ਹੁੰਦੇ, ਚਾਹੇ 1984 ਦਾ ਦਰਬਾਰ ਸਾਹਿਬ ਉਪਰ ਹਮਲਾ, ਸਿੱਖ ਜਦੋਂ ਸੰਕਟ ਵਿਚ ਹੋਣ ਉਦੋਂ ਉਨ੍ਹਾਂ ਨੂੰ ਬਾਜ਼ ਦਿਖਾਈ ਦਿੰਦਾ ਹੈ। ਮੇਰੀਆਂ ਡ੍ਰਾਇੰਗਜ਼ ਵਿਚ ਬਾਜ਼ ਦਾ ਦਖਲ ਬਹੁਤ ਹੈ, ਵਧੇਰੀ ਵਾਰ ਬਾਜ਼ ਜ਼ਖਮੀ ਹੈ। ਉਪਰ ਵਿਸ਼ਾਲ ਆਕਾਸ਼ - ਹੇਠਾਂ ਵਿਸ਼ਾਲ ਮੈਦਾਨ, ਵਿਚਕਾਰ ਉਡਦਾ ਜਾਂਦਾ ਜਖਮੀ ਬਾਜ਼। ਇਵੇਂ ਹੀ ਤਾਜ, ਨਿਸ਼ਾਨ ਸਾਹਿਬ ਤੇ ਤੁਰਦੇ ਜਾਂਦੇ ਉਜੜੇ ਕਾਫਲੇ, ਮੇਰੀ ਕੈਨਵਸ ਉਪਰ ਸਹਿਜ ਸੁਭਾਅ ਉਤਰਦੇ ਜਾਂਦੇ ਹਨ।

“ਮੈਂ ਦਸ ਪੇਂਟਿੰਗਜ਼ ਬਣਾਈਆਂ ਜੋ “ਮੇਰੀ ਸੇਜੜੀਏ ਆਡੰਬਰ ਬਣਿਆਂ,” ਸ਼ਬਦ ਦੀਆਂ ਪੰਕਤੀਆਂ ਉਪਰ ਆਧਾਰਿਤ ਹਨ। ਇਨ੍ਹਾਂ ਦਾ ਇਕ ਇਕ ਸੈੱਟ ਦੁਨੀਆਂ ਦੇ ਹਰੇਕ ਵੱਡੇ ਅਜਾਇਬਘਰ ਵਿਚ ਪਿਆ ਹੈ। ਦੂਜਾ ਸੈੱਟ ਮੈਂ ਬਾਰਾਂ ਮਾਂਹ ਤੇ ਤਿਆਰ ਕੀਤਾ ਹੈ ਕਿਉਂਕਿ ਹਰ ਮਹੀਨੇ ਦਾ ਵਖਰਾ ਪ੍ਰਭਾਵ ਹੈ। ਮੈਂ ਰਾਗ ਮਾਲਾ ਉਪਰ ਵੀ ਸੈਟੱ ਤਿਆਰ ਕਰ ਲਿਆ ਹੈ। ਉਹ ਤੁਹਾਡੀ ਯੂਨੀਵਰਸਿਟੀ ਦੇ ਡਾ. ਗੁਰਨਾਮ ਸਿੰਘ ਨੂੰ ਗੁਰਮਤਿ ਸੰਗੀਤ ਵਿਭਾਗ ਵਾਸਤੇ ਦੇਕੇ ਜਾਵਾਂਗਾ। ਮੈਨੂੰ ਗੁਰਭਗਤ ਸਿੰਘ ਨੇ ਕਿਹਾ ਕਿ ਦਸਮਗ੍ਰੰਥ ਵਿਚਲੀ ਸ਼ਸਤਰ ਨਾਮਮਾਲਾ ਉਪਰ ਸੈੱਟ ਬਣਾਵਾਂ। ਮੈਂ ਇਹ ਬਾਣੀ ਪੜ੍ਹੀ। ਇਸ ਵਿਚਲੇ ਸ਼ਸਤਰਾਂ ਦੇ ਨਾਂ ਪੜ੍ਹ ਕੇ ਮੇਰੇ ਤੋਂ ਖੂਬਸੂਰਤ ਆਰਟ ਆਭਾ ਦੀ ਸਿਰਜਣਾ ਨਹੀਂ ਹੋਈ। ਸੋ ਇਹ ਕੰਮ ਕਰ ਨਹੀਂ ਹੋਇਆ। ਸਿੱਖ ਰਾਜ ਵੇਲੇ ਗੁਰੂ ਸਾਹਿਬਾਨ ਦੀਆਂ ਜਿਹੜੀਆਂ ਪੇਂਟਿੰਗਜ਼ ਬਣੀਆਂ, ਉਹ ਪੂਰਬਲੇ ਅਵਤਾਰਾਂ ਦਾ ਰਤਾ ਕੁ ਰੂਪ ਬਦਲ ਕੇ ਬਣਾਈਆਂ ਹੋਈਆਂ ਹਨ। “ਕਲਗੀ, ਬਾਜ਼, ਘੋੜਾ ਆਦਿਕ ਸਿਖਾਂ ਦੀਆਂ ਧਾਰਮਿਕ ਨਿਸ਼ਾਨੀਆਂ ਹਨ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਚਿੰਨ੍ਹ ਹਨ ਬੇਸ਼ਕ ਪਿਛਲੇ ਸਮਿਆਂ ਵਿਚ ਪੰਜ ਪਿੰਡਾਂ ਦਾ ਮਾਲਕ ਕਲਗੀ ਸਜਾ ਲੈਂਦਾ ਸੀ। ਬਾਜ਼ ਤੇ ਘੋੜੇ ਦੇ ਸ਼ੁਕੀਨ ਤਾਂ ਹਰ ਯੁਗ ਵਿਚ ਮਿਲ ਜਾਂਦੇ ਹਨ, ਅੱਜ ਵੀ। ਮਿਸਰ ਦੇ ਫਰਾਊਨ, ਰੂਸ ਦੇ ਜ਼ਾਰ ਅਤੇ ਈਰਾਨ ਦੇ ਬਾਦਸ਼ਾਹ ਦਾ ਚਿੰਨ੍ਹ ਵੀ ਬਾਜ਼ ਹੈ। ਪੋਲੈਂਡ ਦੇ ਘੋੜੇ ਸਾਰੀ ਦੁਨੀਆਂ ਵਿਚ ਸਭ ਤੋਂ ਸੁਹਣੇ ਮੰਨੇ ਗਏ ਹਨ, ਲਾਲ, ਸਫੈਦ, ਕਾਲੇ, ਨੀਲੇ, ਥਰਕਦੇ ਜਿਸਮ।

ਸੰਸਾਰ, ਤਿੰਨ ਮੰਨੇ ਗਏ ਹਨ, ਪਤਾਲ ਲੋਕ, ਮਾਤਲੋਕ, ਅਕਾਸ਼ ਲੋਕ। ਪਤਾਲ ਦਾ ਮਾਲਕ ਫਨੀਅਰ ਹੈ, ਧਰਤੀ ਦਾ ਮਾਲਕ ਸ਼ੇਰ ਅਤੇ ਆਕਾਸ਼ ਦਾ ਮਾਲਕ ਬਾਜ਼। ਇਵੇਂ ਹੀ ਪੱਥਰਾਂ ਵਿਚੋਂ ਬਲੌਰ, ਧਾਤਾਂ ਵਿਚੋਂ ਸੋਨਾ, ਮਣਕਿਆਂ ਵਿਚ ਮਾਣਕ (amber), ਉਵੇਂ ਮਨੁੱਖਾਂ ਵਿਚੋਂ ਜੋਗੀ ਨੂੰ ਸ਼੍ਰੋਮਣੀ ਮੰਨਿਆ ਗਿਆ ਹੈ।

“ਤੁਸੀਂ ੧ਓ ਵਿਚਲੇ ਏਕੇ ਦੀ ਦਾਰਸ਼ਨਿਕ ਵਿਆਖਿਆ ਵਾਸਤੇ ਗ੍ਰੰਥ ਲਿਖੀ ਜਾਓ, ਮੈਨੂੰ ਲਗਦਾ ਹੈ ੧ ਗੁਰੂ ਨਾਨਕ ਦੇਵ ਜੀ ਦੀ ਉਂਗਲ ਹੈ। ਗੁਰੂ ਨਾਨਕ ਦੇਵ ਜੀ ਵਰਗਾ ਉਦਾਰਚਿਤ ਪੈਗੰਬਰ ਸੰਸਾਰ ਵਿਚ ਕਿਥੋਂ ਮਿਲੇਗਾ? ਉਨ੍ਹਾਂ ਦੇ ਨਕਸ਼ਿਕਦਮਾਂ ਤੇ ਚਲਦਿਆਂ ਸਿੱਖਾਂ ਨੇ ਜਿਹੜੇ ਗੁਰਦੁਆਰੇ ਬਣਾਏ ਉਨ੍ਹਾਂ ਦਾ ਗੁੰਬਦ ਇਸਲਾਮ ਦਾ ਹੈ ਤੇ ਕੰਵਲ ਦਾ ਫੁੱਲ ਵੈਦਿਕ ਪਰੰਪਰਾ ਦਾ। ਕਾਰੀਗਰ ਤਾਂ ਉਹੀ ਸਨ ਨਾ ਪੁਰਾਣੇ, ਉਨ੍ਹਾਂ ਨੂੰ ਨਵੀਂ ਸੇਧ ਮਿਲੀ। ਰੰਗ, ਮੁਸਲਮਾਨ ਕਾਰੀਗਰ ਬਣਾਉਂਦੇ ਸਨ, ਹੋਲੀ ਹਿੰਦੂ ਸਿੱਖ ਖੇਡਦੇ। ਕ੍ਰਿਸ਼ਨ ਜੀ ਦੀ ਰਾਸਲੀਲਾ ਦੀਆਂ ਝਲਕੀਆਂ ਕੱਢੀਆਂ ਜਾਂਦੀਆਂ ਤਾਂ ਉਨ੍ਹਾਂ ਦੇ ਲਿਬਾਸ ਮੁਸਲਮਾਨ ਦਰਜੀ ਡਿਜ਼ਾਈਨ ਕਰਦੇ ਤੇ ਸਿਉਂਦੇ। ਹਿੰਦੂਆਂ ਦੇ ਤਾਂ “ਸ੍ਰੀ ਭਗਵਾਨ ਜੀ ਨੰਗਮਨੰਗੇ” ਹੋਇਆ ਕਰਦੇ ਸਨ। ਇਨ੍ਹਾਂ ਸੰਯੁਕਤ ਕਲਚਰਾਂ ਨੂੰ ਸਮਝਣ ਅਤੇ ਪਿਆਰ ਕਰਨ ਤੋਂ ਬਗੈਰ ਭਾਰਤੀ ਆਰਟ ਸਿਹਤਵੰਦ ਨਹੀਂ ਹੋਵੇਗਾ।

“ਕਈ ਬੰਦਿਆਂ ਤੋਂ ਸੁਣਿਆਂ - ਇਹਦੇ ਬਾਰੇ ਸਮਝਾ, ਇਹ ਪੇਂਟਿੰਗ ਕੀ ਕਹਿੰਦੀ ਹੈ। ਮੈਂ ਕਿਹਾ ਕਰਦਾਂ - ਇਹਨੇ ਕਹਿਣਾ ਕੀ ਹੈ ਵਿਚਾਰੀ ਨੇ? ਇਹ ਤਾਂ ਸਿਰਫ਼ ਦਿਸ ਰਹੀ ਹੈ ਕਿਉਂਕਿ ਦਿਸ ਸਕਦੀ ਹੈ ਕੇਵਲ, ਬੋਲ ਨਹੀਂ ਸਕਦੀ। ਆਰਟਿਸਟ ਦਵਿੰਦਰ ਗਲਤੀਆਂ ਕਰਦਾ ਹੈ। ਗੁਰੂ ਨਾਨਕ ਦੇਵ ਵੈਸਾਖ ਮਹੀਨੇ ਬਾਬਤ ਲਿਖ ਰਹੇ ਹਨ - ਸਾਖਾ ਵੇਸ ਕਰੇ... ਭਾਵ ਰੁੱਖਾਂ ਦੀਆਂ ਟਾਹਣੀਆਂ ਨੇ ਨਵਾਂ ਲਿਬਾਸ ਪਹਿਨ ਲਿਆ ਹੈ। ਦਵਿੰਦਰ ਨੇ ਇਸ ਪੰਕਤੀ ਨਾਲ ਔਰਤ ਸ਼ਿੰਗਾਰ ਕਰਦੀ ਦਿਖਾਈ ਹੈ ਜਦੋਂ ਕਿ ਗੁਰੂ ਜੀ ਦਾ ਇਹ ਭਾਵ ਹੈ ਈ ਨਹੀਂ। ਉਹ ਤਾਂ ਕੁਦਰਤ ਦੇ ਲਿਬਾਸ ਦੀ ਕਹਾਣੀ ਪਾ ਰਹੇ ਹਨ। ਜਿਵੇਂ ਦ੍ਰਿਸ਼, ਸ਼ਬਦ ਲਈ ਨਹੀਂ ਬਣਿਆ, ਉਸੇ ਤਰ੍ਹਾਂ ਸ਼ਬਦ, ਦ੍ਰਿਸ਼ ਲਈ ਨਹੀਂ ਹੈ। ਤਸਵੀਰ ਵਿਚੋਂ ਕਹਾਣੀ ਨਾ ਲਭੋ। ਪੰਜਾਬੀ ਦ੍ਰਿਸ਼-ਮੂਲਕ ਆਰਟ ਵਿਚੋਂ ਬਾਹਰ ਨਹੀਂ ਨਿਕਲ ਸਕੇ। ਔਰਤ ਅਤੇ ਬੱਕਰੀ ਦੀ ਤਸਵੀਰ ਬਣਾ ਦੇਣਗੇ, ਇਹ ਦੱਸਣ ਲਈ ਕਿ ਔਰਤ ਬੱਕਰੀ ਹੈ ਬੱਸ। ਆਰਟ ਸਕੂਲਾਂ ਵਿਚ ਗੜਬੜ ਹੈ, ਮੌਲਿਕਤਾ ਨਹੀਂ, ਉਡਾਣ ਨਹੀਂ। ਮੇਰਾ ਆਰਟ ਸੰਸਾਰ ਨੇ ਪ੍ਰਵਾਨ ਕੀਤਾ ਹੈ। ਪੰਜਾਬੀ ਚਿਤਰਕਾਰ ਕਹਾਣੀਆਂ ਪਾਉਣੋ ਨਹੀਂ ਹਟਦੇ। ਸੰਗੀਤ ਨੂੰ ਸ਼ਬਦਾਂ ਤੋਂ ਬਗੈਰ ਸੁਤੰਤਰ ਮੰਨਿਆ ਗਿਆ ਕਿ ਨਹੀਂ? ਕਿਸੇ ਨੇ ਕਦੀ ਇਸ ਗੱਲ ਤੇ ਇਤਰਾਜ਼ ਕੀਤਾ? ਜਿਵੇਂ ਸੰਗੀਤ ਲਫਜ਼ਾਂ ਦਾ ਮੁਥਾਜ ਨਹੀਂ, ਇਸੇ ਤਰ੍ਹਾਂ ਆਰਟ ਨੂੰ ਜ਼ਬਾਨ ਦੇਣ ਦੀ ਜ਼ਰੂਰਤ ਨਹੀਂ। ਟੈਗੋਰ ਨੂੰ ਕਿਸੇ ਨੇ ਪੁੱਛਿਆ- ਇਹ ਕੀ ਬਣਾਇਐ ? ਉਤਰ ਮਿਲਿਆ- ਦਿਸਦਾ ਨਹੀਂ ? ਜੇ ਤੈਨੂੰ ਦਿਸ ਨਹੀਂ ਰਿਹਾ ਤਾਂ ਮੈਨੂੰ ਸੁਣ ਨਹੀਂ ਰਿਹਾ।

“ਮੈਨੂੰ ਜਦੋਂ ਕੋਈ ਪੁੱਛਦੈ- ਤੂੰ ਪੇਂਟਿੰਗ ਕਿੰਨੇ ਕੁ ਸਮੇਂ ਵਿਚ ਕਰ ਲੈਨੈ? ਮੈਂ ਕਿਹਾ ਕਰਦਾਂ- ਪੰਜ ਹਜ਼ਾਰ ਸਾਲ ਘੱਟੋ ਘੱਟ ਚਾਹੀਦੇ ਨੇ ਪਰ ਪੰਜ ਲੱਖ ਸਾਲ ਵੀ ਲੱਗ ਸਕਦੇ ਨੇ। ਪੁਰਾਤਨ ਤੋਂ ਪੁਰਾਤਨ ਦੇਖਿਆ ਚਿੱਤਰ, ਮੂਰਤੀ ਮੇਰੇ ਕੰਮ ਆਉਂਦੇ ਹਨ, ਉਹ ਮੇਰੇ ਜ਼ਿਹਨ ਵਿਚ ਰਿਕਾਰਡਿਡ ਹਨ। ਕੀ ਤੁਸੀਂ ਗਾਂ ਦੇ ਦੁਧ ਵਿਚੋਂ ਘਾਹ, ਵੜੇਵੇਂ ਅਤੇ ਉਸਦਾ ਖੂਨ ਵੱਖ ਵੱਖ ਦੇਖ ਸਕਦੇ ਹੋ ਜਾਂ ਵੱਖ ਵੱਖ ਕਰ ਸਕਦੇ ਹੋ? ਔਰਤ ਮਰਦ ਦੇ ਸੰਭੋਗ ਦਾ ਅਨੁਭਵ, ਬੱਚਾ ਜੰਮਣ ਦੇ ਅਨੁਭਵ ਵਰਗਾ ਬਿਲਕੁਲ ਨਹੀਂ, ਬੇਸ਼ਕ ਹੈ ਇਹ ਉਸੇ ਦਾ ਸਿੱਟਾ।

“ਮੈਂ ਖੁਸੰਵਤ ਸਿੰਘ ਨੂੰ ਕਿਹਾ- ਤੂੰ ਲਿਖਿਆ ਸੀ ਸਿੱਖ 50 ਸਾਲ ਵਿਚ ਖਤਮ ਹੋ ਜਾਣਗੇ। ਕਿਧਰ ਗਈ ਤੇਰੀ ਭਵਿੱਖ ਬਾਣੀ?

ਖੁਸਵੰਤ ਹੱਸ ਪਿਆ, ਕਿਹਾ- ਗਲਤੀ ਕਿਥੇ ਹੋਈ? ਦਿਖਾ ਤਾਂ ਮੈਨੂੰ ਸਿੱਖ ਕੋਈ।ਖਤਮ ਐ ਸਿਲਸਿਲਾ ਸਭ।

ਹਰਦੇਵ ਨੇ ਇਹ ਗੱਲ ਆਪਣੀ ਪਤਨੀ ਨੂੰ ਦੱਸੀ। ਉਹ ਬੋਲੀ- ਮੈਂ ਸਿਖਾਂ ਬਾਰੇ ਲੇਖ ਲਿਖਾਂਗੀ, ਸਿਖਾਂ ਦੇ ਪੜ੍ਹਨ ਵਾਸਤੇ। ਮਾਰੀਆ ਨੇ ਜਿਹੜਾ ਲੇਖ ਲਿਖਿਆ ਉਸ ਦੀ ਆਖਰੀ ਪੰਕਤੀ ਇਹ ਸੀ, 'ਕੱਜ਼ਾਕ' ਪੜ੍ਹਦੇ ਨਹੀਂ। ਇਨ੍ਹਾਂ ਦਾ ਸ਼ਾਨਦਾਰ ਇਤਿਹਾਸ ਸਿੱਖਾਂ ਵਰਗਾ ਹੈ। ਅਨਪੜ੍ਹ ਹੋਣ ਕਰਕੇ 'ਕੱਜ਼ਾਕ' ਹੁਣ ਖਤਮ ਹੋ ਰਹੇ ਹਨ, ਇਨ੍ਹਾਂ ਨੂੰ ਮਰਦਿਆਂ ਦੇਖਕੇ ਸਿਖਾਂ ਨੂੰ ਬਚਣ ਦਾ ਯਤਨ ਕਰਨਾ ਚਾਹੀਦਾ ਹੈ।” ਜਿਹੜੇ ਪੋਲ ਰਸ਼ੀਆ ਵਿਚ ਵਸ ਗਏ ਉਨ੍ਹਾਂ ਨੂੰ ਉਥੇ 'ਕੱਜ਼ਾਕ' ਕਿਹਾ ਗਿਆ। ਕੱਜ਼ਾਕਾਂ ਨੇ ਬਹਾਦਰੀ ਭਰੇ ਕਾਰਨਾਮੇ ਕੀਤੇ, ਪੰਦਰਵੀਂ ਤੋਂ ਅਠਾਹਰਵੀਂ ਸਦੀ ਤੱਕ ਰੂਸ ਦੇ ਵਿਸ਼ਾਲ ਇਲਾਕੇ ਫਤਿਹ ਕਰਕੇ ਰਾਜ ਕਰਦੇ ਰਹੇ। ਉਨ੍ਹਾਂ ਦਾ ਰਾਜ ਪੋਲੈਂਡ, ਰੂਸ ਅਤੇ ਯੂਕਰੇਨ ਉਪਰ ਰਿਹਾ। ਉਨ੍ਹਾਂ ਨੇ ਬੋਧਿਕ ਵਿਕਾਸ ਵੱਲ ਕਦੇ ਧਿਆਨ ਨਹੀਂ ਦਿੱਤਾ ਜਿਸ ਕਾਰਨ ਖਤਮ ਹੋ ਗਏ। ਹੁਣ ਫਿਲਮਾਂ ਅਤੇ ਅਜਾਇਬਘਰਾਂ ਵਿਚ ਪਏ ਚਿੱਤਰਾਂ ਤੋਂ ਬਿਨਾਂ ਇਨ੍ਹਾਂ ਦਾ ਹੋਰ ਕਿਧਰੇ ਨਿਸ਼ਾਨ ਨਹੀਂ।

“ਰਾਮ ਕਿੰਕਰ ਦਾ ਘਰ ਛੋਟਾ ਸੀ ਬੁੱਤ ਵਧੀਕ ਸਨ, ਤਾਂ ਵੀ ਬਣਾਉਣੋ ਨਾਂ ਹਟਦਾ, ਕੋਈ ਵਿਕੇ ਨਾ ਵਿਕੇ, ਕੋਈ ਪਰਵਾਹ ਨਹੀਂ। ਰੱਖਣ ਨੂੰ ਥਾਂ ਨਾ ਬਚਦੀ ਤਾਂ ਟੋਏ ਪੁੱਟ ਪੁਟ ਧਰਤੀ ਵਿਚ ਦੱਬੀ ਜਾਂਦਾ ਕਿ ਗੁੰਮ ਨਾ ਹੋ ਜਾਣ ਕਿਤੇ। ਕਿਹਾ ਕਰਦਾ - ਪੰਜ ਦਸ ਹਜ਼ਾਰ ਸਾਲ ਬਾਦ ਖੁਦਾਈਆਂ ਵਿਚੋਂ ਆਪੇ ਲੱਭ ਲੈਣਗੇ ਪੁਰਾਖੋਜੀ, ਹੈਰਾਨ ਹੋਇਆ ਕਰਨਗੇ ਕਿ ਇੰਨੀ ਉਚਕੋਟੀ ਦੀ ਕਲਾ ਰਹੀ ਹੈ ਹਿੰਦੁਸਤਾਨ ਵਿਚ ਕਦੀ। ਇੰਨਾ ਇਨਾਮ ਕਾਫ਼ੀ ਨਹੀਂ ਹਰਦੇਵ? ਬੰਦੇ ਨੂੰ ਲਾਲਚ ਨਹੀਂ ਕਰਨਾ ਚਾਹੀਦਾ।

ਮੈਂ ਪੁੱਛਿਆ- ਡਾ. ਰੰਧਾਵਾ ਨੂੰ ਆਖਰੀ ਵਾਰ ਕਦੋਂ ਮਿਲੇ? ਹਉਕਾ ਲੈਕੇ ਕਹਿਣ ਲੱਗੇ- ਜੂਨ 1984 ਵਿਚ। ਰਾਤੀਂ ਉਨ੍ਹਾਂ ਦੇ ਘਰ ਸੁੱਤਾ। ਸਵੇਰੇ ਫੌਜ ਫਿਰ ਰਹੀ ਸੀ ਚੁਫੇਰੇ। ਐਲਾਨ ਹੋ ਰਹੇ ਸਨ ਕਿ ਕਰਫਿਊ ਲੱਗ ਗਿਆ ਹੈ, ਕੋਈ ਬਾਹਰ ਨਾ ਨਿਕਲੇ। ਮੈਂ ਕਿਹਾ, ਰੰਧਾਵਾ ਸਾਹਿਬ, ਇਹ ਕੁੱਤਪੁਣਾ ਕਿੰਨਾ ਚਿਰ ਰਹੇਗਾ ਕੀ ਪਤਾ। ਮੈਨੂੰ ਦੇਸੋਂ ਬਾਹਰ ਕੱਢਣ ਦਾ ਪ੍ਰਬੰਧ ਕਰੋ। ਉਨ੍ਹਾਂ ਨੇ ਕਿਸੇ ਨੂੰ ਫੋਨ ਕੀਤਾ। ਫੌਜੀਆਂ ਦੀ ਜੀਪ ਆ ਗਈ। ਮੈਨੂੰ ਜੀਪ ਵਿਚ ਬਿਠਾ ਕੇ ਨੇਪਾਲ ਦਾ ਬਾਰਡਰ ਪਾਰ ਕਰਾ ਗਏ। ਉਥੋਂ ਮੈਂ ਕੈਨੇਡਾ ਪੁੱਜਾ। ਆਪ੍ਰੇਸ਼ਨ ਬਲੂਸਟਾਰ ਦੀ ਖਬਰ ਸੁਣਕੇ ਖਾਲੀ ਅੱਖਾਂ, ਖਾਲੀ ਭਾਵਨਾਵਾਂ ਨਾਲ ਰੰਧਾਵਾ ਸਾਹਿਬ ਦੂਰ ਦੇਖਦੇ ਰਹੇ, ਦੇਰ ਤਕ।

ਉਹ ਕਵੀ ਹੈ, ਇਸਦਾ ਮੈਨੂੰ ਪਤਾ ਨਹੀਂ ਸੀ, ਉਦੋਂ ਪਤਾ ਲੱਗਾ ਜਦੋਂ ਕਵਿਤਾ ਦੀਆਂ ਦੋ ਕਿਤਾਬਾਂ ਦਾ ਮੈਨੂੰ ਤੁਹਫਾ ਮਿਲਿਆ। ਪਹਿਲੀ ਵਿਚ ਇਕ ਪਾਸੇ ਖੱਬੇ ਕਵਿਤਾ ਹੈ, ਸੱਜੇ ਡਰਾਇੰਗ ਹੈ, ਕਵਿਤਾ ਅਤੇ ਡਰਾਇੰਗ ਦੋਹਾਂ ਦਾ ਆਪਸ ਵਿਚ ਕੋਈ ਸੰਜੋਗ ਲੱਭਣ ਵਾਲਾ ਮੂਰਖ ਹੈ।

ਉਸਤਾਦ ਬੜੇ ਗੁਲਾਮ ਅਲੀ ਖਾਨ ਚੁਪ ਰਹਿੰਦੇ ਸਨ, ਵਧੀਕ ਗੱਲਾਂ ਨਹੀਂ ਕਰਿਆ ਕਰਦੇ ਸਨ। ਕਿਹਾ ਕਰਦੇ- ਬੰਦ ਸਿੱਪੀ ਹੋ ਜਾਓ। ਮੋਤੀ ਬਣ ਜਾਣ ਤੱਕ ਜ਼ਬਾਨ ਨਾ ਖੋਹਲੋ। ਹਰਵਲਭ ਸੰਗੀਤ ਸੰਮੇਲਨ ਹੁੰਦਾ, ਜਦੋਂ ਮੈਂ ਇੰਡੀਆ ਹੁੰਦਾ, ਤਿੰਨੇ ਦਿਨ ਸੁਣਦਾ। ਰਵੀ ਸ਼ੰਕਰ ਲੋਕਾਂ ਲਈ, ਵਲਾਇਤ ਖਾਂ ਆਪਣੇ ਆਪ ਲਈ ਸਿਤਾਰ ਵਾਦਨ ਕਰਦਾ।

ਸ਼ਿਵ ਕੁਮਾਰ ਲੰਦਨ ਜਾਂਦਾ ਤਾਂ ਹਰਦੇਵ ਕੋਲ ਰੁਕਦਾ। ਹਰਦੇਵ ਫਰਾਲੇ ਆਇਆ ਹੁੰਦਾ, ਤਾਂ ਸ਼ਿਵ ਕੁਮਾਰ ਘਰ ਆ ਜਾਂਦਾ। ਕਈ ਵਾਰ ਹਰਦੇਵ ਦੀ ਗੈਰ ਹਾਜ਼ਰੀ ਵਿਚ ਵੀ ਸ਼ਿਵ ਫਰਾਲੇ ਚਲਾ ਜਾਂਦਾ ਤਾਂ ਮਾਂ ਖੁਸ਼ ਹੁੰਦੀ। ਆਖਦੀ, ਦਾਰੂ ਦਾ ਇੰਤਜਾਮ ਕਰ ਦਿਆਂਗੇ ਪਰ ਪਹਿਲਾਂ ਰੋਟੀ ਖਾਹ। ਪਿਛੋਂ ਤੂੰ ਰੋਟੀ ਨੀ ਖਾਂਦਾ। ਇਸ ਤਰ੍ਹਾਂ ਤਾਂ ਮਰ ਜਾਵੇਂਗਾ ਤੂੰ। ਮੈਂ ਨੀ ਦਾਰੂ ਪੀਣ ਦੇਣੀ ਰੋਟੀ ਖਾਣ ਤੋਂ ਪਹਿਲਾਂ, ਗੋਰੇ ਉਧਰ ਏਸ ਤਰ੍ਹਾਂ ਈ ਕਰਦੇ ਨੇ ਬਈ ਪਹਿਲੋਂ ਰੋਟੀ ਖਾਓ ਫੇਰ ਜੋ ਮਰਜ਼ੀ ਪੀਂਦੇ ਫਿਰੋ।

1972 ਵਿਚ ਵੀਣਾ ਸ਼ਰਮਾ (ਹੁਣ ਵੀਣਾ ਦੱਤ) ਲੰਡਨ ਰੇਡੀਓ ਐਨਾਊਂਸਰ ਸੀ। ਉਸਦਾ ਫੋਨ ਆਇਆ - ਹਰਦੇਵ ਅਸੀਂ ਰੇਸ਼ਮਾ ਲੱਭ ਲਈ ਐ। ਆ ਜਾ। ਇਥੇ ਸਾਹਮਣੇ ਬੈਠ ਕੇ ਸੁਣ। ਰੇਡੀਓ ਤਾਂ ਸਾਰਾ ਜਹਾਨ ਸੁਣਦੈ।

ਪ੍ਰੋਗਰਾਮ ਖਤਮ ਹੋਇਆ ਤਾਂ ਵੀਣਾ ਨੇ ਮੈਨੂੰ ਇਸ ਗਾਇਨ ਦੀ ਟੇਪ ਵੀ ਰਿਕਾਰਡ ਕਰਕੇ ਦਿਤੀ।

ਇਸੇ ਸਾਲ ਸ਼ਿਵ ਕੁਮਾਰ ਲੰਦਨ ਗਿਆ। ਹਰਦੇਵ ਉਸਦੇ ਮੇਜ਼ਬਾਨ ਦਾ ਘਰ ਲੱਭ ਕੇ ਮਿਲਣ ਗਿਆ। ਪਰਿਵਾਰ ਨੇ ਕਿਹਾ- ਅਜੇ ਸੁਤੇ ਪਏ ਨੇ। ਹਰਦੇਵ ਨੇ ਕਿਹਾ- ਮੈਂ ਜਗਾਉਨਾ ਹੁਣੇ ਉਹਨੂੰ। ਸੁੱਤੇ ਨੂੰ ਉਠਾਇਆ ਤਾਂ ਉਹ ਬੋਲਿਆ- ਤਾਇਆ ਤੂੰ ਕਿਵੇਂ ਆ ਗਿਆ ਇਥੇ ? ਖਲੋਜਾ। ਤੇਰੇ ਨਾਲ ਗੱਲ ਕਰਨ ਜੋਗਾ ਹੋਜਾਂ। ਬੋਤਲ ਮੂੰਹ ਨੂੰ ਲਾ ਲਈ ਸਵੇਰ ਸਾਰ। ਫਿਰ ਕਹਿਣ ਲੱਗਾ- ਸ਼ਾਮੀ ਵਿਆਹ ਤੇ ਸੱਦਾ ਆਇਐ ਅੱਜ। ਤੂੰ ਨਾਲ ਚੱਲੀਂ। ਦਾਰੂ ਪੀਆਂਗੇ। ਸਮਝਾਉਣ ਦਾ ਕੋਈ ਅਸਰ ਨਹੀਂ ਸੀ। । ਹਰਦੇਵ ਨੂੰ ਕਹਿਣ ਲੱਗਾ- ਇਹ ਤੇਰਾ ਖਾਕੀ ਰੇਸ਼ਮ ਦਾ ਕੁੜਤਾ ਸੁਹਣੈ, ਇਹ ਮੈਨੂੰ ਦੇ ਦੇਹ। ਹਰਦੇਵ ਨੇ ਦੇ ਦਿਤਾ। ਉਸਨੇ ਅਪਣੀ ਨਵੀਂ ਅਚਕਨ ਹਰਦੇਵ ਨੂੰ ਦੇ ਦਿਤੀ। ਹੁਣ ਵੀ ਉਹਦੀ ਅਚਕਨ ਹਰਦੇਵ ਕੋਲ ਨਿਸ਼ਾਨੀ ਪਈ ਹੈ। ਵਿਆਹ ਵਾਲਿਆਂ ਨੇ ਗੀਤ ਸੁਨਾਉਣ ਲਈ ਦਾਅਵਤ ਦਿਤੀ। ਸਟੇਜ ਤੇ ਚੜ੍ਹ ਕੇ ਗੀਤ ਗਾਈ ਗਿਆ, ਪੌਂਡ ਫੜੀ ਗਿਆ। ਪਿਛੋਂ ਹਰਦੇਵ ਨੇ ਕਿਹਾ- ਤੂੰ ਸ਼ਾਨਦਾਰ ਸ਼ਾਇਰ ਐਂ, ਏਸ ਤਰ੍ਹਾਂ ਕੰਜਰਾਂ ਵਾਂਗ ਪੈਸੇ ਫੜਦਾ ਚੰਗਾ ਨੀ ਲਗਦਾ। ਹੱਸ ਪਿਆ, ਕਹਿਣ ਲੱਗਾ ਦਾਰੂ ਪੀਆਂਗੇ। ਅਗਲੇ ਸਾਲ 1973 ਵਿਚ ਉਸਦੀ ਜ਼ਿੰਦਗਾਨੀ ਦੀ ਖੇਡ ਖ਼ਤਮ।

ਹਰਦੇਵ ਟੋਰਾਂਟੋ ਚਲਾ ਗਿਆ। ਦਸ ਸਾਲ ਬਾਦ ਰੇਸ਼ਮਾ ਟੋਰਾਂਟੋ ਆਈ। ਹਰਦੇਵ ਉਸਨੂੰ ਸੁਣਨ ਪੁੱਜ ਗਿਆ, ਪਿਛੇ ਜਾ ਬੈਠਾ। ਰੇਸ਼ਮਾ ਨੇ ਸਟੇਜ ਤੋਂ ਵਾਜ ਮਾਰੀ- ਹਰਦੇਵ ਭਾਈ, ਇਧਰ ਆ, ਮੇਰੇ ਸਾਹਮਣੇ ਬੈਠ।

ਈਸ਼ਵਰ ਚਿਤ੍ਰਕਾਰ ਬਾਰੇ ਕਿਹਾ- ਉਹ ਪੇਂਟਰ ਵੀ ਸੀ ਸ਼ਾਇਰ ਵੀ, ਪਰ ਉਹ ਦੋਵਾਂ ਵਿਚੋਂ ਕੋਈ ਵੀ ਨਹੀਂ ਸੀ। ਦੇਖੋ ਉਸਦੀ ਸ਼ਾਇਰੀ ਘੜੀ ਹੋਈ ਹੈ-

ਦੁਨੀਆਂ 'ਚ ਸਦਾ ਇਸ ਤਰ੍ਹਾਂ ਕਈਆਂ ਦੀ ਜ਼ਿੰਦਗੀ ਰਹੀ।
ਵਰਮੀ 'ਚ ਨਾਗ ਦੀ ਜਿਵੇਂ ਕੋਈ ਚਿੜੀ ਰਹੀ।
ਦੇਂਦੀ ਹੈ ਯਾਦ ਦਿਲਬਰੀ ਏਦਾਂ ਹਰੇਕ ਤਾਂਘ ਨੂੰ,
ਲਾਟਾਂ ਦੀ ਜੀਭ ਤੇ ਜਿਵੇਂ ਪੈਂਦੀ ਕਣੀ ਕਣੀ ਰਹੀ।

ਇਸੇ ਤਰਾਂ ਤਾਰਾ ਸਿੰਘ ਦੀ ਕਾਰੀਗਰੀ ਹੈ -

ਕੀ ਕੋਈ ਮਾਣ ਕਰੇ ਜੀਵਨ ਦਾ ਕੀ ਕੋਈ ਗੱਲ ਲਮਕਾਏ।
ਪਿਆਰ ਤੇਰਾ ਏਨਾ ਚਿਰ ਮਿਲਿਆ
ਜਿਉਂ ਥਲ ਭੁਜਦੇ ਸਿਖਰ ਦੁਪਹਿਰੀ
ਇਕ ਰੇਤ ਕਿਣਕੇ ਦੇ ਉਤੋਂ, ਅਕ ਕਕੜੀ ਦਾ ਉਡਦਾ ਫੰਭਾ
ਪਲ ਛਿਣ ਛਾਂ ਕਰ ਜਾਏ।

ਮੀਸ਼ਾ, ਹਰਦੇਵ ਨੂੰ ਚੰਗਾ ਕਵੀ ਲਗਦਾ ਹੈ। ਉਸਦੀ ਇਹ ਕਵਿਤਾ ਸੁਣਾਈ -

ਝਿਜਕਦਾ ਮੈਂ ਵੀ ਰਿਹਾ, ਉਹ ਵੀ ਬਹੁਤ ਸੰਗਦੇ ਰਹੇ।
ਚੁਪ ਚੁਪੀਤੇ ਇਕ ਦੂਜੇ ਦੀ ਖ਼ੈਰ ਸੁੱਖ ਮੰਗਦੇ ਰਹੇ।

ਰਾਂਝਾ ਜੋਗੀ ਹੋ ਗਿਆ ਤਾਂ ਹੋ ਗਈਆਂ ਮੱਝੀਆਂ ਉਦਾਸ
ਉਂਜ ਤਾਂ ਉਸੇ ਤਰਾਂ ਹੀ ਰੰਗ ਢੰਗ ਝੰਗ ਦੇ ਰਹੇ।

ਮੀਸ਼ੇ ਦੇ ਹੋਰ ਸ਼ਿਅਰ ਦੇਖੋ-

ਅੱਧੀ ਰਾਤ ਪਹਿਰ ਦੇ ਤੜਕੇ
ਅੱਖਾਂ ਵਿਚ ਉਨੀਂਦਾ ਰੜਕੇ
ਤੇਰੀ ਧੂੜ ਵੀ ਸੁਰਮੇ ਵਰਗੀ,
ਸੱਜਣਾ ਦੇ ਪਿੰਡ ਜਾਂਦੀਏ ਸੜਕੇ
ਉਹ ਜੋ ਤੈਥੋਂ ਕਹਿ ਨਾ ਹੋਈ
ਉਹ ਮੇਰੇ ਵੀ ਜੀ ਵਿਚ ਰੜਕੇ
ਸਿਖਰ ਦੁਪਹਿਰੇ ਡਿਗਿਆ
ਰਾਹੀ ਅਪਣੇ ਪਰਛਾਵੇਂ ਵਿਚ ਅੜਕੇ
ਲੋਅ ਹੀ ਲੋਅ ਸੀ, ਸੇਕ ਨਹੀਂ ਸੀ,
ਦੇਖ ਲਿਆ ਮੈਂ ਜੁਗਨੂੰ ਫੜਕੇ
ਜੀ ਨਾ ਕਰਦਾ ਫੇਰ ਮਿਲਣ ਨੂੰ,
ਆ ਵਿਛੜੀਏ ਏਦਾਂ ਲੜਕੇ।

ਹੱਸ ਕੇ ਕਹਿਣ ਲੱਗਾ- ਪੰਨੂ ਸਾਹਿਬ ਮੇਰੀਆਂ ਕਵਿਤਾਵਾਂ ਨੂੰ ਤੁਸੀਂ ਬਕਵਾਸ ਕਹਿਕੇ ਸੁੱਟ ਦਿਉ ਤਾਂ ਵੀ ਕੀ ਹੋਇਆ। ਮੇਰੀ ਪਤਨੀ ਇਨ੍ਹਾਂ ਨੂੰ ਬਾਜ਼ਗਰਾਨੀਆਂ ਆਖਦੀ ਹੈ, ਇਹ ਪੋਲਿਸ਼ ਲਫਜ਼ ਹੈ ਜਿਸਦੇ ਮਾਇਨੇ ਹਨ ਘੁਚਮੁਚੀਏ, ਘੋਰ ਘੰਡੇ। ਠੀਕ ਹੈ, ਮੇਰੀਆਂ ਕਵਿਤਾਵਾਂ ਖੋਤੇ ਦੀ ਹੀਂਚੂ ਹੀਂਚੂ ਸਹੀ ਪਰ ਖੋਤਾ ਅਪਣੀ ਮੌਜ ਵਿਚ ਹੀਂਚੂੰ ਹੀਂਚੂੰ ਕਰਦਾ ਹੈ, ਤੁਸੀਂ ਡੰਡੇ ਮਾਰਕੇ ਉਸ ਦੇ ਮੂਹੋਂ ਹੀਂਚੂੰ ਨਹੀਂ ਕਢਵਾ ਸਕਦੇ।

ਹਰਦੇਵ ਦੇ ਦੰਦ ਇਸ ਉਮਰ ਵਿਚ ਪੂਰੇ ਬੱਤੀ ਹਨ ਤੇ ਲਿਸ਼ਕਦੇ ਹਨ। ਦੇਸ ਆਏ ਤਾਂ ਨਿੰਮ ਦੀਆ ਅਠ ਦਸ ਦਰਜਣ ਦਾਤਣਾਂ ਲੈ ਜਾਂਦਾ ਹੈ, ਫ੍ਰੀਜ਼ਰ ਵਿਚ ਰੱਖ ਦਿੰਦੇ। ਹਰ ਸਵੇਰ ਨਿਕਾ ਜਿਹਾ ਟੋਟਾ ਕੱਟ ਕੇ ਵਰਤ ਲੈਂਦੇ। ਬਾਲਾ ਸਿੰਘ ਦੀ ਮਾਸੀ ਦੰਦਾਂ ਦੀ ਡਾਕਟਰ ਹੈ। ਉਸਨੇ ਹਰਦੇਵ ਦੇ ਦੰਦ ਚੈਕ ਕਰਕੇ ਕਿਹਾ- ਕਿਸੇ ਡਾਕਟਰ ਨੂੰ ਦੰਦ ਨਾ ਦਿਖਾਈਂ ਪ੍ਰੋਫੈਸਰ। ਖਰਾਬ ਕਰ ਦੇਣਗੇ। ਇਹੋ ਜਿਹੇ ਦੰਦ ਕਿਸੇ ਕਿਸਮਤ ਵਾਲੇ ਦੇ ਹੁੰਦੇ ਹਨ। ਹੱਸਦਾ ਹੈ ਤਾ ਮੋਤੀਆਂ ਦੀ ਲੜੀ ਲਿਸ਼ਕਦੀ ਹੈ।

“ਇਕ ਮਿਤਰ ਦਾ ਮਹੀਨਾ ਕੁ ਪਹਿਲਾਂ ਫੋਨ ਆਇਆ- ਦਸ ਪੰਜ ਬੇਲੀ ਆ ਰਹੇ ਨੇ ਸ਼ਾਮੀ। ਤੂੰ ਵੀ ਆਜਾ। ਦਾਰੂ ਪੀਆਂਗੇ, ਇਥੇ ਟੋਰਾਂਟੋ ਵਿਚ ਹੀ। ਛੇ ਸੱਤ ਗੋਰੇ ਸਨ ਬਾਕੀ ਇੰਡੀਅਨ। ਗੱਲਾਂ ਤੁਰੀਆਂ। ਮੇਰੇ ਮੇਜ਼ਬਾਨ ਨੇ ਗੋਰੇ ਦੋਸਤਾਂ ਨੂੰ ਪੁੱਛਿਆ ਕਿ ਕੀ ਕਦੇ ਹਿੰਦੁਸਤਾਨ ਗਏ? ਜਾਨ ਨਾਂ ਦਾ ਗੋਰਾ ਕਹਿੰਦਾ - ਇਕ ਵਾਰ ਗਿਆ ਸਾਂ ਇੰਡੀਆ 1950 ਵਿਚ। ਹਿੱਲ ਸਟੇਸ਼ਨ ਸੀ ਕੋਈ ਨਾਰਥ ਵਿਚ। ਮੈਨੂੰ ਫੂਡ ਪੁਆਇਜ਼ਨ ਇਹੋ ਜਿਹਾ ਹੋਇਆ ਕਿ ਮਰ ਚੱਲਿਆ ਸਾਂ। ਮੁੜ ਕੇ ਉਧਰ ਮੂੰਹ ਨਹੀਂ ਕੀਤਾ ਕਦੀ। ਹਰਦੇਵ ਨੇ ਪੁੱਛਿਆ- ਟਾੱਮ ਦਾ ਕੀ ਹਾਲ ਐ? ਕਿਥੇ ਐ ਉਹ? ਗੋਰਾ ਪੁਛਣ ਲੱਗਾ- ਟਾਮ? ਕਿਹੜਾ ਟਾੱਮ? ਹਰਦੇਵ ਨੇ ਕਿਹਾ- ਜਿਹੜਾ ਤੇਰੇ ਨਾਲ ਸਿਮਲੇ ਗਿਆ ਸੀ। ਜਾਨ ਨੇ ਕਿਹਾ- ਤੂੰ ਉਹਨੂੰ ਕਿਵੇਂ ਜਾਣਦੈਂ? ਹਰਦੇਵ ਨੇ ਕਿਹਾ- ਮੈਂ ਹਰਦੇਵ ਆਂ। ਮੈਂ ਈ ਤਾਂ ਤੈਨੂੰ ਮਾਮੇ ਦੇ ਹਸਪਤਾਲ ਵਿਚ ਲੈਕੇ ਗਿਆ ਸਾਂ। ਉਹ ਖੜਾ ਹੋ ਗਿਆ, ਅੱਖਾਂ ਤੇ ਹੱਥ ਰੱਖ ਕੇ ਦੇਰ ਤੱਕ ਨਿਆਣਿਆਂ ਵਾਂਗ ਰੋਂਦਾ ਰਿਹਾ। ਫੇਰ ਜੱਫੀ ਪਾਈ, ਦੇਰ ਤੱਕ ਪੁਰਾਣੀਆਂ ਗੱਲਾਂ ਕੀਤੀਆਂ। ਫੇਰ ਵਿਛੜਨ ਵੇਲੇ ਹੱਸ ਕੇ ਕਹਿਣ ਲੱਗਾ- ਤੇਰੇ ਨਾਲ ਮੈਂ ਜਾ ਸਕਦਾਂ ਇੰਡੀਆ।

ਉਸਦੀ ਲਿਖਤ ਦਾ ਨਮੂਨਾ ਦੇਖੋ :

ਸਰਾਣ੍ਹੇ ਤੇ ਕੱਢਿਆ ਲਾਲ ਚੁੰਝ ਵਾਲਾ ਤੋਤਾ
ਘੋਖੀ ਬਣ ਕੇ ਸਭ ਕੁਝ ਦੇਖੀ ਜਾਂਦਾ
ਸਕੂਲ ਵਿਚ ਅਸੀਂ ਪਾਲਾਂ ਵਿਚ
ਧਰਤੀ ਚੋਂ ਉਗੇ ਜਾਪਦੇ।
ਖਿਲਰੇ ਕਾਗਜ਼ ਪੋਚੀਆਂ ਫੱਟੀਆਂ
ਪਿੰਡ ਦੀ ਸੁਗੰਧ ਮਾਣਦੇ
ਛੱਪੜ ਵਿਚ ਹੱਥ ਘਚੋਲ
ਪੰਛੀਆਂ ਵਾਂਗ ਉਡਾਰੀਆਂ ਲਾਉਂਦੇ।
ਘਰੀਂ ਪਰਤਦੇ। ਮੰਜੀ ਤੇ ਬੈਠਾ ਬਾਬਾ ਬੋਲਦਾ
ਉਏ ਜਦੋਂ ਕੁੜੀਆਂ ਚਿੜੀਆਂ ਵੱਡੀਆਂ ਹੋ ਜਾਂਦੀਆਂ ਨੇ
ਕਢਾਈ ਵਾਲੇ ਤੋਤੇ
ਉਨ੍ਹਾਂ ਦੀਆਂ ਅੱਖਾਂ ਵਿਚ ਸਮੋ ਜਾਂਦੇ ਨੇ
ਮਿਟੀ ਦੀ ਮਹਿਕ ਗੌਣ ਲਗਦੀ ਹੈ
ਆਪਣੀਆਂ ਅੱਖਾਂ ਦਾ ਰੰਗ ਕੁੜੀਆਂ
ਮਿਰਗ ਵਿਚ ਭਰ ਦਿੰਦੀਆਂ ਨੇ
ਭਾਦੋਂ ਰੁੱਤੇ ਜਦੋਂ ਕਾਂ ਬੰਦੇ ਦਾ ਰੂਪ ਧਾਰ ਲੈਂਦੇ
ਕਢਾਈ ਵਾਲਾ ਤੋਤਾ ਬੋਲਣ ਲਗਦਾ।

ਇਹ ਲੰਮੀ ਕਵਿਤਾ ਸੰਖ ਹੈ। ਸਿੱਪੀਆਂ ਨਿਕੀਆਂ ਨਿਕੀਆਂ ਕਵਿਤਾਵਾਂ ਅਤੇ ਟੂਕਾਂ ਹਨ। ਵੰਨਗੀ-

- ਖੇਡ ਰਹੇ ਦੋ ਬਚੇ ਬਹੁਤ ਖੁਸ਼ ਹਨ
ਇਕ ਬਹੁਤ ਮਹਿੰਗੇ ਖਿਡੌਣੇ ਨਾਲ
ਦੂਜਾ ਉਸ ਡਬੇ ਨਾਲ
ਜਿਸ ਵਿਚ ਖਿਡੌਣਾ ਆਇਆ ਸੀ।

- ਅੰਬਰ ਤੇ ਘਟਾ ਚੜ੍ਹੀ ਔਂਦੀ ਦੇਖੀ
ਘਰੋਂ ਨਿਕਲ ਤੁਰਨਾ
ਭਿਜ ਕੇ ਵਾਪਸ ਪਰਤਣਾ ਤੇ ਕਹਿਣਾ -
ਝਖੜ ਵਿਚ ਫਸ ਗਿਆ ਸਾਂ।

- ਮਿੱਟੀ ਨਹੀਂ ਮੈਂ ਸੁਆਹ ਹੋਣਾ ਚਾਹੁੰਦਾ ਹਾਂ
ਸੁਆਹ ਜਗਮਗਾ ਕੇ, ਭਖਕੇ ਬੁਝੀ ਹੁੰਦੀ ਹੈ
ਟਿਮਕਦਾ ਤਾਰਾ ਨਹੀਂ
ਮੈਂ ਟੁਟਦੇ ਤਾਰੇ ਦੀ ਬੋਦੀ ਬਣਨਾ ਚਾਹੁੰਦਾ ਹਾਂ।

- ਜੇ ਇਕ ਵਾਰੀ ਫਿਰ ਜੀਵਨ ਮਿਲੇ
ਤਾਂ ਬਹੁਤਾ ਸੁਣਾਂਗਾ
ਘੱਟ ਬੋਲਾਂਗਾ
ਘਰ ਸਾਫ਼ ਨਾ ਹੋਵੇ ਤਾਂ ਵੀ
ਦੋਸਤਾਂ ਨੂੰ ਆਉਣ ਦਿਆਂਗਾ
ਖਲਾਰਾ ਪੈਣ ਤੋਂ ਨਹੀਂ ਡਰਾਂਗਾ
ਟੈਲੀਵਿਜ਼ਨ ਘੱਟ, ਜ਼ਿੰਦਗੀ ਬਹੁਤੀ ਦੇਖਾਂਗਾ
ਬਿਮਾਰ ਨਾ ਹੋਣ ਤੇ ਵੀ ਆਰਾਮ ਕਰਾਂਗਾ
ਟੁਟਣ ਵਾਲੀਆਂ ਚੀਜ਼ਾਂ ਵੀ ਖਰੀਦਾਂਗਾ
ਕੋਈ ਬੱਚਾ ਮੇਰੇ ਨਾਲ ਖੇਡਣਾ ਚਾਹੇ
ਕਦੀ ਨਾਂਹ ਨਹੀਂ ਕਰਾਂਗਾ।

- ਜੇ ਸਿਰਫ਼ ਉਹ ਪੰਛੀ ਗਾਉਣ
ਜੋ ਵਧੀਆ ਸੁਰੀਲਾ ਗਾਉਂਦੇ ਹਨ
ਤਾਂ ਜੰਗਲ ਸੁਨਸਾਨ ਹੋਵੇਗਾ।

- ਓਹ ਦਿਨ ਉਦਾਸ ਹੋਵੇਗਾ
ਜਿਸ ਵਿਚ ਸੂਝ ਤੋਂ ਬਿਨਾ ਗਿਆਨ
ਵਡਿਆਈ ਤੋਂ ਬਿਨਾ ਸਭਿਅਤਾ
ਪਿਆਰ ਤੋਂ ਸੱਖਣਾ ਸੁਹੱਪਣ
ਜਜ਼ਬੇ ਤੋਂ ਰਹਿਤ ਸੱਚ
ਤੇ ਰਹਿਮ ਤੋਂ ਖਾਲੀ ਸਚਾਈ।

- ਭਾਲ ਕਰਕੇ
ਪ੍ਰਾਪਤ ਕੀਤੀ ਜਾਣਕਾਰੀ ਯਾਦ ਰਹੇਗੀ
ਸਭ ਕੁਝ ਆਪੇ ਦੱਸ ਦਿਉ ਤਾਂ ਘੜੀ ਪਿਛੋਂ ਵਿਸੱਰ ਜਾਏਗਾ।

- ਜਦ ਧਰਮ ਨੂੰ ਦਲੀਲ ਨਾਲ ਠੀਕ ਸਾਬਤ ਕਰਦੇ ਹਾਂ ਤਾਂ ਸਾਡੇ ਸੱਚ ਤੇ ਸਾਡੇ ਰੱਬ ਵਿਚ ਕੋਈ ਸੌਦੇਬਾਜ਼ੀ ਹੋਣ ਲਗਦੀ ਹੈ।

- ਕਿਸੇ ਵਾਸਤੇ ਕੁਝ ਕਰਨ ਨਾਲ ਸੰਤੁਸ਼ਟੀ ਇਸ ਲਈ ਹੁੰਦੀ ਹੈ ਕਿ ਅਸੀਂ ਨਕਾਰੇ ਨਹੀਂ ਹਾਂ।

- ਮਹਿਮਾਨਾ ਰਿਸ਼ਤੇਦਾਰਾਂ ਨੂੰ ਜਿੰਨਾ ਮਰਜ਼ੀ ਪਿਆਰ ਕਰੀਏ, ਉਨ੍ਹਾਂ ਦੇ ਜਾਣ ਬਾਦ ਮਿੱਠੀ ਸ਼ਾਂਤੀ ਨਸੀਬ ਹੁੰਦੀ ਹੈ।

- ਕੁਦਰਤ ਵਿਹਲੀ ਹੈ, ਕੇਵਲ ਮਨੁੱਖ ਕੰਮ ਕਰਦਾ ਹੈ। ਚੰਗੀ ਕਲਾ ਸਹਿਜੇ ਉਪਜਦੀ ਹੈ, ਨਦੀ ਦੇ ਵੇਗ ਜਾਂ ਤਰਦੀ ਹੋਈ ਬੱਦਲੀ ਵਾਂਗ, ਮਨੁਖੀ ਮੀਨਾਕਾਰੀ ਤੋਂ ਰਹਿਤ।

- ਬਗੈਰ ਸੋਚਣ ਤੋਂ ਚੌਕਸ ਰਹਿਣਾ
ਝੀਲ ਦੇ ਮੋਨ ਵਾਂਗ
ਮੇਰਾ ਟੀਚਾ ਹੈ।

- ਵਸਤੂ ਆਪਣੇ ਇਕੱਲੇਪਣ ਨੂੰ ਤਿਆਗ ਕੇ
ਇਕੱਠੀ ਹੋ ਕੇ ਵੱਡੀ ਬਣਦੀ ਹੈ। ਹਿੱਸਾ ਆਪ ਗੁਆ ਕੇ
ਪੂਰਨ ਰੂਪ ਬਣਦਾ ਹੈ।

- ਬਹੁਗਿਣਤੀ ਨਾਲ ਜਿਤਣ ਵਾਲੇ ਨੂੰ ਸੋਚਣਾ ਚਾਹੀਦਾ ਹੈ ਕਿ ਸਾਰੇ ਮੂਰਖ ਹੀ ਕਿਤੇ ਉਸ ਵਲ ਤਾਂ ਨਹੀਂ ?

- ਮਨੁਖ ਆਪਣੀ ਬੁਧੀ ਨਾਲ ਸਭ ਕਾਸੇ ਨੂੰ ਸ਼ਿੰਗਾਰਨਾ ਚਾਹੁੰਦਾ ਹੈ ਜਿਵੇਂ ਕੁਦਰਤ ਊਣੀ ਹੋਵੇ
ਕੇਸ ਕੱਟਣ, ਰੁੱਖ ਤਰਾਸ਼ਣ, ਸੂਰਤ ਵਿਗਾੜਨ ਨੂੰ ਸੁਹਜ ਸਮਝਦਾ ਹੈ
ਵਾਤਾਵਰਨ ਦਾ ਸੰਕਟ ਇਹੋ ਹੈ।

- ਜਦੋਂ ਤੋਂ ਪਕਵਾਨ ਪੱਕਣ ਦਾ ਕੰਮ ਸ਼ੁਰੂ ਹੋਇਆ ਹੈ, ਅਸੀਂ ਲੋੜ ਤੋਂ ਦੂਣਾ ਖਾਂਦੇ ਹਾਂ
ਮੇਰੇ ਲੋਕਾਂ ਨੂੰ ਦਵਾਈ ਤੇ ਖਾਣਪੀਣ ਦੇ ਪਦਾਰਥਾਂ ਵਿਚ ਕੋਈ ਅੰਤਰ ਨਹੀਂ ਲਗਦਾ
ਮੇਰੀ ਸਭਿਅਤਾ ਵਿਚ ਇਲਾਜ ਖਾਣ ਪੀਣ ਨਾਲ ਹੀ ਕੀਤਾ ਜਾਂਦਾ ਹੈ
ਦਾਲਾਂ, ਸਬਜ਼ੀਆਂ ਮਸਾਲੇ ਤੇ ਜੜੀਆਂ ਬੂਟੀਆਂ ਸਾਡੀਆਂ ਦਵਾਈਆਂ ਹਨ।

- ਜਨਗਣਨਾ ਵਧਣ ਨਾਲ, ਚੀਜਾਂ ਦਾ ਬਹੁਤਾ ਭਾਅ ਤਾਰਨ ਨਾਲ, ਸੰਖਿਆ ਦਾ ਮਹੱਤਵ ਬਦਲ ਗਿਆ ਹੈ।
ਦੁਰਘਟਨਾ ਵਿਚ ਹਜ਼ਾਰਾਂ ਮੌਤਾਂ ਦੀ ਖਬਰ ਨਾ ਮਿਲੇ ਤਾਂ ਲਗਦਾ ਹੈ ਕੋਈ ਘਟਨਾ ਹੋਈ ਹੀ ਨਹੀਂ।

- ਵਿਸ਼ਵਾਸ ਉਸਨੂੰ ਕਹਿੰਦੇ ਹਨ ਜਿਸ ਬਾਬਤ ਬਹਿਸ ਤਾਂ ਕੀ ਜ਼ਿਕਰ ਤਕ ਨਾ ਕੀਤਾ ਜਾਵੇ।

- ਦੋਸਤ ਖਾਮੋਸ਼ ਰਹਿੰਦਾ ਹੈ। ਨਾ ਜਾਣਨਾ ਚਾਹੁੰਦਾ ਹੈ, ਨਾ ਇਲਾਜ ਦਸਦਾ ਹੈ ਬਸ ਨਾਲ ਖੜ੍ਹਦਾ ਹੈ- ਹਰੇਕ ਮਸਲੇ ਤੇ।

- ਰੁੱਖ ਤੇ ਚੜ੍ਹਨ ਲਈ ਟਾਹਣੇ ਫੜਨੇ ਪੈਂਦੇ ਹਨ, ਫੁੱਲਾਂ ਤੇ ਕਰੁੰਬਲਾਂ ਨੂੰ ਨਹੀਂ ਫੜੀਦਾ।

- ਧਰੋਹ ਰੇਤੇ ਤੇ ਲਿਖੋ, ਕਿਰਪਾਲਤਾ ਨੂੰ ਪੱਥਰ ਤੇ ਉਕਰੋ।

“ਮੇਰਾ ਮਾਮਾ ਸਾਲ ਵਿਚ ਦੋ ਤਿੰਨ ਵਾਰ ਦੇਸੀ ਘਿਉ ਦੀ ਪੀਪੀ ਤੇ ਕੱਢੀ ਦਾਰੂ ਲੈ ਕੇ ਦਿਲੀ ਆਉਂਦਾ। ਜਿਹੜੀ ਖਾਕੀ ਦੋ ਕੁ ਲਿਟਰ ਦੀ ਲੋਹੇ ਦੀ ਬੋਤਲ ਪਾਣੀ ਵਾਸਤੇ ਫੌਜੀਆਂ ਕੋਲ ਹੁੰਦੀ ਐ, ਉਸ ਵਿਚ ਦਾਰੂ ਭਰੀ ਹੁੰਦੀ। ਮੈਂ ਪੁਛਦਾ ਜੇ ਰਸਤੇ ਵਿਚ ਫੜਿਆ ਜਾਵੇਂ ਫੇਰ? ਉਹ ਆਖਦਾ- ਮੈਂ ਝਕਾਨੀ ਜਿਹੀ ਦੇਕੇ ਰੇਲ ਦੀ ਕਿਸੇ ਹੋਰ ਕੁੰਡੀ ਵਿਚ ਇਹਨੂੰ ਲਟਕਾ ਕੇ ਦੂਰ ਬੈਠਾ ਇਹਦੇ ਵੱਲ ਦੇਖਦਾ ਰਹਿੰਨਾ। ਜੇ ਤਾਂ ਕੋਈ ਮੁਸਾਫਰ ਹੱਥ ਪਾਏਗਾ ਫੇਰ ਮੈਂ ਉਹਨੂੰ ਤੁਰਤ ਦਬੋਚ ਲਊਂਗਾ। ਜੇ ਪੁਲਸ ਨੇ ਚੁੱਕ ਲਈ - ਫੇਰ ਕਿਸੇ ਨੂੰ ਪਤਾ ਈ ਨੀ ਲੱਗਣਾ ਇਹ ਕਿਸਦੀ ਐ। ਦਾਰੂ, ਲਿਆਉਂਦਾ ਮੇਰੇ ਵਾਸਤੇ ਸੀ ਪਰ ਮੇਰੇ ਕੋਲ ਕਈ ਦਿਨ ਰਹਿੰਦਾ, ਜਦੋਂ ਮੁੱਕ ਜਾਂਦੀ ਉਦੋਂ ਵਾਪਸ ਪਿੰਡ ਜਾਂਦਾ। ਜੈਪੁਰ ਹਾਊਸ ਵਿਚ ਬੇਸ਼ੁਮਾਰ ਗੁਲਾਬ ਸਨ। ਬਹਾਰ ਦੀ ਰੁੱਤ ਸੀ। ਇਕ ਦਿਨ ਰਾਤ ਨੂੰ ਮਾਮਾ ਉਠਿਆ। ਸਾਰੇ ਫੁੱਲ ਤੋੜ ਲਿਆਇਆ, ਦੋ ਚਾਦਰਾਂ ਉਪਰ ਵਿਛਾਏ ਪਏ। ਸਵੇਰ ਸਾਰ ਮਾਲੀ ਚੀਕ ਚਿਹਾੜਾ ਪਾਉਣ ਲੱਗਾ ਕਿ ਪਤਾ ਨਹੀਂ ਕੌਣ ਕੰਬਖਤ ਸਾਰਾ ਬਗੀਚਾ ਉਜਾੜ ਗਿਐ। ਮੈਂ ਪੁੱਛਿਆ- ਮਾਮਾ ਇਹ ਕੀ ਕੀਤਾ ਤੂੰ? ਉਸ ਨੇ ਕਿਹਾ- ਤੇਰੇ ਲਈ ਗੁਲਕੰਦ ਬਣਵਾ ਕੇ ਲਿਆਊਂਗਾ। ਇਥੇ ਲੱਗੇ ਰਹਿੰਦੇ ਖਰਾਬ ਹੀ ਹੋਣੇ ਸਨ। ਹੁਣ ਕਿਸੇ ਕੰਮ ਤਾਂ ਆ ਜਾਣਗੇ। ਖੰਘ ਜੁਕਾਮ ਤੋਂ ਬਚਾਅ ਹੋ ਗਿਐ ਭਾਣਜੇ ਤੇਰਾ। ਇਨ੍ਹਾਂ ਨੂੰ ਦੇਖ ਦੇਖ ਕਿਹੜਾ ਰੱਜ ਹੋ ਜਾਣਾ ਸੀ। “ਮਾਮਾ ਜਦੋਂ ਆਖਦਾ- ਬੁਲੰਦ ਹੋ ਜਾਓ, ਤਾਂ ਅਸੀਂ ਸਮਝ ਜਾਂਦੇ ਇਹਦਾ ਦਾਰੂ ਪੀਣ ਦਾ ਟਾਈਮ ਹੋ ਗਿਐ। ਸਰਦੀਆਂ ਦੀ ਰੁਤੇ ਤਾਂ ਉਹ ਛੰਨੇ ਵਿਚ ਮੱਕੀ ਦੀ ਬੇਹੀ ਰੋਟੀ ਦੇ ਟੁਕੜੇ ਸ਼ਰਾਬ ਨਾਲ ਭਿਉਂ ਕੇ ਖਾਂਦਾ। ਜੇ ਉਹਨੂੰ ਕੋਈ ਆਖ ਦਿੰਦਾ ਕਿ ਅੰਦਰ ਵੜ ਕੇ ਪੀ ਲਿਆ ਕਰ, ਸਭ ਦੇ ਸਾਹਮਣੇ ਗਲਾਸ ਕਿਉਂ ਚੁਕੀ ਫਿਰਦੈਂ, ਤਾਂ ਉਹ ਉਤਰ ਦਿੰਦਾ- ਮੈਂ ਬਿਮਾਰ ਆਂ? ਮੈਂ ਕੋਈ ਦਵਾਈ ਖਾਨਾਂ? ਜਿਸਨੇ ਬਿਮਾਰੀ ਛੁਪਾਉਣੀ ਹੋਵੇ ਉਹ ਅੰਦਰ ਵੜ ਕੇ ਪੀਣ। ਮੈਂ ਸਿਹਤਵੰਦ ਆਂ ਹਾਲੇ। ਜਦੋਂ ਵਿਦਾ ਹੁੰਦਾ ਤਾਂ ਸੱਤੇ ਮਾਮੇ ਮਰਜ਼ੀ ਅਨੁਸਾਰ ਪੈਸੇ ਦਿੰਦੇ। ਇਹ ਮਾਮਾ ਵੀ। ਭਰ ਫੇਰ ਆਖਦਾ- ਭਾਣਜੇ ਨੂੰ ਉਥੇ ਥੋੜ੍ਹੀ ਕੁ ਦੂਰ ਤੱਕ, ਗੱਡੀ ਚੜ੍ਹਾਉਣ ਤੱਕ ਛੱਡ ਕੇ ਆਉਨਾ। ਇਸ ਲਈ ਅਜਿਹਾ ਕਰਦਾ ਕਿਉਂਕਿ ਉਹਨੇ ਮੈਨੂੰ ਹੋਰ ਪੈਸੇ ਦੇਣੇ ਹੁੰਦੇ। ਬਾਪੂ ਦਾ ਸੁਭਾਓੁ ਗੁਸੈਲਾ ਸੀ, ਰਾਤੀਂ ਦੇਰ ਨਾਲ ਆਉਂਦਾ ਤਾਂ ਮਾਂ ਪੁਛਦੀ- ਵਿਹੜੇ ਦਾ ਦਰਵਾਜ਼ਾ ਬੰਦ ਕਰਕੇ ਅੰਦਰੋਂ ਕੁੰਡੀ ਲਾ ਦਿੱਤੀ ਸੀ? ਉਹ ਉਤਰ ਦਿੰਦਾ- ਨਹੀਂ। ਪਸ਼ੂਆਂ ਦੇ ਰੱਸੇ ਖੋਹਲ ਕੇ ਦਰਵਾਜਾ ਵੀ ਖੋਹਲ ਆਇਆਂ। ਜਾਹ ਲੱਭ ਲਿਆ।

“ਸ਼ਾਇਰ ਡਾ. ਹਰਿਭਜਨ ਸਿੰਘ ਮੇਰੇ ਮਿੱਤਰ ਸਨ। ਕੈਨੇਡਾ ਮੇਰੇ ਘਰ ਪੁੱਜੇ। ਦਰਵਾਜ਼ਾ ਲੰਘਦਿਆਂ ਸਾਹਮਣੇ ਵਾਲੀ ਕੰਧ ਉਪਰ ਮੇਰੀ ਪੇਂਟਿੰਗ ਲਟਕੀ ਹੋਈ ਸੀ। ਉਸ ਪਾਸੇ ਰੱਖੇ ਸੋਫੇ ਉਪਰ ਬੈਠ ਕੇ ਲੱਤਾਂ ਨਿਸਾਲ ਲਈਆਂ। ਮੈਂ ਆਇਆ ਤਾਂ ਸਿਰ ਉਪਰੋਂ ਦੀ ਪਿਛੇ ਕੰਧ ਵੱਲ ਅੰਗੂਠਾ ਕਰਕੇ ਕਹਿੰਦੇ - ਦਿਸ ਇਜ਼ ਮਾਰਵਲਸ ਪੇਂਟਿੰਗ। ਮੈਂ ਕਿਹਾ- ਦਿਸ ਇਜ਼ ਨੋ ਵੇ ਟੂ ਐਪਰੀਸ਼ਿਏਟ ਆਰਟ।

“ਅੰਮ੍ਰਿਤਸਰ, ਸਮੇਤ ਸਾਰੇ ਤਖਤਾਂ ਤੇ ਜਦੋਂ ਸੰਗਤ ਨੂੰ ਸ਼ਸਤਰ-ਦਰਸ਼ਨ ਕਰਵਾਉਂਦੇ ਹਨ ਉਦੋਂ ਨਾਲੋ ਨਾਲ ਕੱਚੇ ਰੇਸ਼ਮ ਨਾਲ ਉਨ੍ਹਾਂ ਨੂੰ ਸਾਫ਼ ਕਰਦੇ ਹਨ। ਮੈਂ ਕਮੇਟੀ ਦੇ ਪ੍ਰਧਾਨ ਤੱਕ, ਸਭ ਨੂੰ ਦੱਸਿਆ ਹੋਇਐ ਕਿ ਕੱਚਾ ਰੇਸ਼ਮ ਇਸ ਫੌਲਾਦ ਵਾਸਤੇ ਹਾਨੀਕਾਰਕ ਹੈ, ਸੂਤੀ ਕੱਪੜਾ ਸਭ ਤੋਂ ਵਧੀਆ ਹੁੰਦੈ, ਕਿਸੇ ਨੇ ਗੱਲ ਨਹੀਂ ਗੌਲੀ। ਹੁਣ ਤਕ ਇਹੋ ਕੁਝ ਕਰੀ ਜਾਂਦੇ ਨੇ।

“ਪੰਜਾਬ ਦੇ ਲੋਕ ਪੁਸ਼ਤੈਨੀ ਖਿਡਾਰੀ ਹਨ। ਇਨ੍ਹਾਂ ਨੂੰ ਉਹ ਖੇਡ ਚੰਗੀ ਨਹੀਂ ਲਗਦੀ ਜਿਸ ਵਿਚ ਖੇਡ ਦਾ ਸਾਮਾਨ ਖਰੀਦਣ ਦੀ ਮੁਥਾਜਗੀ ਹੋਵੇ। ਇਹ ਆਪਣਾ ਸਾਮਾਨ ਖੁਦ ਬਣਾਉਂਦੇ ਤੇ ਖੇਡਦੇ। ਖਿੱਦੋ ਆਪ ਮੜ੍ਹਦੇ ਤੇ ਖੂੰਡੀਆਂ ਖੁਦ ਦਰਖਤ ਤੋਂ ਵਢਦੇ। ਗੁੱਲੀ ਆਪ ਘੜ ਲੈਂਦੇ, ਗੁੱਲੀ ਡੰਡਾ ਖੇਡਦੇ। ਦੌੜਾਂ, ਛਾਲਾਂ, ਕੁਸ਼ਤੀਆਂ ਤੇ ਕਬੱਡੀ ਵਿਚ ਕਿਸੇ ਸਾਮਾਨ ਦੀ ਜ਼ਰੂਰਤ ਹੀ ਨਹੀਂ ਪੈਂਦੀ। ਇਹੋ ਇਨ੍ਹਾਂ ਦੀਆਂ ਮਨਪਸੰਦ ਖੇਡਾਂ ਸਨ।

“ਤੁਸੀਂ ਦੇਖਿਆ ਹੋਣਾ ਪੰਨੂ ਸਾਹਿਬ, ਕਈ ਬੰਦੇ ਅਜਿਹੇ ਮਿਲਣਗੇ ਜਿਹੜੇ ਬੇਸ਼ਕ ਕਿਸੇ ਮਸਲੇ ਤੇ ਗੱਲ ਕਰਨ ਦਾ ਮੌਕਾ ਹੋਵੇ, ਉਹ ਉਹੀ ਗੱਲਾਂ ਕਰਨਗੇ ਜਿਹੜੀਆਂ ਉਨ੍ਹਾਂ ਨੂੰ ਆਉਂਦੀਆ ਹਨ ਤੇ ਪਹਿਲਾਂ ਕਰ ਚੁਕੇ ਹਨ। ਮੈਂ ਇਹੋ ਜਿਹੇ ਭਾਸ਼ਣ ਨੂੰ ਕਬੱਡੀ ਮੈਚ ਕਿਹਾ ਕਰਦਾਂ। ਮੇਰਾ ਜਮਾਤੀ ਹੁੰਦਾ ਸੀ ਰੰਗੀ ਰਾਮ। ਦਸਵੀਂ ਜਮਾਤ ਵਿਚ ਸਾਂ, ਉਹ ਕਹਿੰਦਾ- ਹਰਦੇਵ ਅੰਗਰੇਜੀ ਤਾਂ ਮੈਂ ਕਰ ਲਈ ਹੈ ਪਾਸ ਹੋਣ ਜੋਗੀ, ਤੂੰ ਹਿਸਾਬ ਦੇ ਸਵਾਲ ਕਰਾ ਦੇਹ। ਮੈਂ ਕਿਹਾ ਅੰਗਰੇਜੀ ਦਾ ਕੀ ਕਰ ਲਿਆ ਤੂੰ ? ਉਹ ਬੋਲਿਆ- ਮੈਂ ਕਬੱਡੀ ਮੈਚ ਲੇਖ ਨੂੰ ਘੋਟਾ ਲਾ ਲਿਆ। ਮੈਂ ਪੁਛਿਆ- ਪਰ ਜੇ ਰੇਲਵੇ ਜਰਨੀ ਆ ਗਈ ਜਾਂ ਮੇਲੇ ਦੀ ਸੈਰ ਲੇਖ ਆ ਗਿਆ ਫੇਰ ਕੀ ਕਰੇਂਗਾ ? ਉਸਨੇ ਕਿਹਾ- ਮੈਂ ਲਿਖ ਦਿਊਂਗਾ ਕਿ ਸਿਗਨਲ ਨਹੀਂ ਹੋਇਆ ਸੀ, ਗੱਡੀ ਦੇਰ ਤੱਕ ਰੁਕੀ ਰਹੀ, ਨੇੜੇ ਹੀ ਕਬੱਡੀ ਮੈਚ ਹੋ ਰਿਹਾ ਸੀ, ਮੈਂ ਉਹ ਦੇਖਦਾ ਰਿਹਾ। ਮੇਲੇ ਦਾ ਲੇਖ ਆ ਗਿਆ ਤਾਂ ਵੀ ਲਿਖੂੰਗਾ ਕਿ ਮੈਚ ਤਾਂ ਹੋਰ ਵੀ ਹੋ ਰਹੇ ਸਨ ਉਥੇ, ਪਰ ਮੇਰੀ ਦਿਲਚਸਪੀ ਕਬੱਡੀ ਦੇਖਣ ਵਿਚ ਸੀ .... ਬਸ ਇਥੇ ਵੀ ਕਬੱਡੀ ਮੈਚ ਛਾਪ ਦਿਊਂਗਾ।

ਵਾਰਸਾ ਦੇ ਨੇੜੇ ਵੋਵਿਸ਼ ਨਾਮ ਦਾ ਇਕ ਕਸਬਾ ਹੈ ਜਿਥੇ 1966 ਵਿਚ ਲੋਕ ਕਲਾਵਾਂ ਦਾ ਮੇਲਾ ਲੱਗਾ ਤੇ ਹਰਦੇਵ ਨੂੰ ਸੱਦਿਆ ਗਿਆ। ਜੁਆਨ ਕੁੜੀਆਂ ਦੀ ਟੋਲੀ ਨੇ ਲੋਕਨਾਚ ਪੇਸ਼ ਕੀਤਾ। ਉਨ੍ਹਾਂ ਦੀ ਉਸਤਾਨੀ ਇਕ ਬਜ਼ੁਰਗ ਬੀਬੀ, ਹਰਦੇਵ ਕੋਲ ਆਕੇ ਪੁਛਣ ਲੱਗੀ- ਦੱਸੋ ਇਨ੍ਹਾਂ ਕੁੜੀਆਂ ਵਿਚੋਂ ਕਿਹੜੀ ਸਭ ਤੋਂ ਸੁਹਣੀ ਹੈ। ਹਰਦੇਵ ਨੇ ਕਿਹਾ - ਹਰ ਜਵਾਨ ਕੁੜੀ ਸੁਹਣੀ ਹੁੰਦੀ ਹੈ, ਸਾਰੀਆਂ ਸੁਹਣੀਆਂ ਨੇ ਪਰ ਇਨ੍ਹਾਂ ਵਿਚੋਂ ਸਭ ਤੋਂ ਸੁਹਣੇ ਤੁਸੀਂ ਹੋ ਮੈਡਮ ਜੋ ਇਸ ਉਮਰ ਵਿਚ, ਜਵਾਨੀ ਲੰਘ ਜਾਣ ਬਾਦ ਵੀ ਖੂਬਸੂਰਤ ਹੋ। ਉਹ ਸ਼ਰਮਾ ਗਈ ਤੇ ਅਪਣੇ ਪਤੀ ਨੂੰ ਇਹ ਗੱਲ ਦੱਸੀ। ਪਤੀ ਨੇ ਕਿਹਾ- ਤੁਸੀ ਠੀਕ ਕਿਹਾ ਮਿਸਟਰ ਸਿੰਘ। ਜੰਗ ਤੋਂ ਪਹਿਲਾਂ ਜਦੋਂ ਸਾਡਾ ਵਿਆਹ ਹੋਇਆ ਉਦੋਂ ਇਹ ਇੱਕੀ ਸਾਲ ਦੀ ਸੀ। ਜਿਹੋ ਜਿਹੀ ਉਦੋਂ ਸੀ, ਉਹੋ ਜਿਹੀ ਹੁਣ ਹੈ। ਉਸਤਾਨੀ ਬਾਬਤ ਹਰਦੇਵ ਦੀ ਇਹ ਟਿੱਪਣੀ ਸਟੇਜ ਉਪਰੋਂ ਹਜ਼ਾਰਾ ਬੰਦਿਆ ਨੂੰ ਸੁਣਾਈ ਗਈ ਤਾ ਉਸਨੂੰ ਪ੍ਰਬੰਧਕਾਂ ਅਤੇ ਦਰਸ਼ਕਾਂ ਨੇ ਸੁਗਾਤਾਂ ਨਾਲ ਲੱਦ ਦਿੱਤਾ। ਇਹ ਵਸਤਾਂ ਹੁਣ ਤਕ ਉਸਦੇ ਘਰ ਵਿਚ ਪਈਆਂ ਹਨ।

“ਪੋਲੈਂਡ ਦਾ ਕਾਰਡੀਨਲ (ਪਾਦਰੀ) ਕੋਰਾਕੋ ਦਾ ਸੀ। ਮੈਨੂੰ ਉਹਦੀਆਂ ਗੱਲਾਂ ਚੰਗੀਆਂ ਲਗਦੀਆਂ। ਇਕ ਦਿਨ ਫੋਨ ਤੇ ਕਿਹਾ- ਤੁਹਾਨੂੰ ਮਿਲਣ ਨੂੰ, ਗੱਲਾਂ ਕਰਨ ਨੂੰ ਦਿਲ ਕਰਦੈ। ਉਸਨੇ ਕਿਹਾ- ਆ ਜਾਈਂ ਫੇਰ ਜਦੋਂ ਦਿਲ ਕਰੇ। ਬਿਨਾਂ ਇਤਲਾਹ ਕੀਤਿਆਂ ਸਵੇਰ ਸਾਰ ਇਕ ਦਿਨ ਉਸਦਾ ਦਰਵਾਜਾ ਖਟਖਟਾਇਆ, ਮੈਂ ਤਾਂ ਉਹਨੂੰ ਪਾਦਰੀ ਦੇ ਲਿਬਾਸ ਵਿਚ ਦੇਖਿਆ ਸੀ, ਹੁਣ ਉਹ ਆਮ ਬੰਦੇ ਵਾਂਗ ਪੈਂਟ ਕੋਟ ਪਾਈਂ ਖਲੋਤਾ ਸੀ, ਹੱਥ ਵਿਚ ਟੋਕਰੀ। ਮੈਨੂੰ ਕਹਿਣ ਲੱਗਾ- ਯਾਰ ਤੂੰ ਫੋਨ ਕਰਕੇ ਆ ਜਾਂਦਾ। ਅਸੀਂ ਸਾਰਾ ਪਰਿਵਾਰ ਹੁਣ ਖੁੰਬਾਂ ਦਾ ਸਿਕਾਰ ਕਰਨ ਵਾਸਤੇ ਜੰਗਲ ਜਾਣ ਦੀ ਤਿਆਰੀ ਕਰੀ ਬੈਠੇ ਆਂ। ਜਾਂ ਫਿਰ ਇਉਂ ਕਰ। ਤੂੰ ਵੀ ਟੋਕਰੀ ਚੁੱਕ ਲੈ। ਗੱਲਾਂ ਵੀ ਕਰੀ ਜਾਵਾਂਗੇ, ਖੁੰਬਾਂ ਵੀ ਲੱਭਾਂਗੇ। ਪੋਲਿਸ਼ ਲੋਕਾਂ ਦੀ ਇਹ ਬੜੀ ਪਿਆਰੀ ਪਿਕਨਿਕ ਹੁੰਦੀ ਐ। ਖੁੰਬਾਂ ਨੂੰ ਫਰਾਈ ਕਰਨ ਦਾ ਸਮਾਨ ਵੀ ਉਹ ਨਾਲ ਲੈਕੇ ਜਾਂਦੇ ਹਨ। ਦੁਪਹਿਰ ਤਕ ਲੱਭੀਆਂ ਖੁੰਬਾਂ ਨੂੰ ਵਖ ਵਖ ਸੁਆਦਲੇ ਮਸਾਲਿਆਂ ਵਿਚ ਪਕਾ ਕੇ ਰਲ ਮਿਲਕੇ ਖਾਂਦੇ ਹਨ। ਉਹ ਕਵੀ ਸੀ। ਹਿੰਦੀ ਵੀ ਜਾਣਦਾ ਸੀ ਕੰਮ ਚਲਾਉਣ ਜੋਗੀ। ਸਾਰਾ ਦਿਨ ਉਸਦੀ ਮਹਿਕਦੀ ਸੰਗਤ ਵਿਚ ਪਰਿਵਾਰ ਨਾਲ ਬਿਤਾਇਆ।

“ਬਹੁਤੀਆਂ ਗਲਾਂ ਉਹ ਰੋਮਨ ਵਿਚ ਕਿਉਂ ਕਰਨ ਲੱਗ ਪੈਂਦਾ ਸੀ, ਮੈਨੂੰ ਸਮਝ ਨਾ ਆਈ। ਕਈ ਸਾਲਾਂ ਬਾਦ ਅਖਬਾਰ ਵਿਚ ਖਬਰ ਪੜ੍ਹੀ ਕਿ ਉਸਨੂੰ ਪੋਪ ਚੁਣ ਲਿਆ ਗਿਆ- ਪੋਪ ਜਾਨ ਪਾਲ ਦੂਜਾ। ਕੈਨੇਡੀਅਨ ਲੋਕਾਂ ਨੇ ਟੋਰਾਂਟੋ ਉਸਦਾ ਸੁਆਗਤ ਕਰਨਾ ਸੀ। ਮੈਂ ਵੀ ਚਲਾ ਗਿਆ। ਬਹੁਤ ਇਕੱਠ ਸੀ। ਇਕ ਪਾਸੇ ਖਲੋਤੇ ਨੂੰ ਉਸਨੇ ਮੈਨੂੰ ਦੂਰੋਂ ਪਛਾਣ ਲਿਆ, ਕਿਹਾ- ਹਰਦੇਵ, ਇਧਰ, ਨਜ਼ਦੀਕ ਆ ਮੇਰੇ ਕੋਲ, ਇਥੇ ਮੇਰੇ ਸਾਹਮਣੇ ਬੈਠ। ਮੈਂ ਉਚੇ ਡਾਇਸ ਉਪਰ ਚੜ੍ਹ ਕੇ ਉਸ ਦੇ ਨਜ਼ਦੀਕ ਪੁੱਜ ਗਿਆ, ਕਿਹਾ- ਰੋਮ ਦੇ ਮਹਾਨ ਪੋਪ, ਮੈਂ ਏਸ਼ੀਅਨ ਤਰੀਕੇ ਨਾਲ ਤੁਹਾਡਾ ਸੁਆਗਤ ਕਰਨਾ ਚਾਹੁੰਦਾ ਹਾਂ, ਆਗਿਆ ਦਿਉਗੇ? ਉਸਨੇ ਹਾਂ ਕਰ ਦਿਤੀ। ਅਪਣੇ ਹੱਥ ਉਸਦੇ ਕਦਮਾਂ ਨੂੰ ਛੁਹਾ ਕੇ ਫਿਰ ਅਪਣੀਆਂ ਉਂਗਲਾਂ ਮੈਂ ਮੱਥੇ ਨੂੰ ਛੁਹਾਈਆ। ਉਹ ਰੋ ਪਿਆ। ਮੈਨੂੰ ਜੱਫੀ ਵਿਚ ਲੈਕੇ ਕਹਿਣ ਲੱਗਾ- ਹਰਦੇਵ, ਸਾਡੇ ਪੱਛਮ ਦੇ ਲੋਕ ਇੱਜ਼ਤ ਨਹੀਂ ਕਰਦੇ। ਕੁਝ ਸਾਲਾਂ ਬਾਦ ਅਖਬਾਰ ਵਿਚ ਖਬਰ ਪੜ੍ਹੀ ਕਿ ਕਿਸੇ ਤੁਰਕ ਨੇ ਉਸ ਉਪਰ ਗੋਲੀ ਦਾਗ ਦਿਤੀ। ਉਹਨੂੰ ਅਜੀਬ ਆਦਤ ਸੀ ਇਕ। ਜਦੋਂ ਕਦੀ ਬਹੁਤ ਖੁਸ਼ ਹੁੰਦਾ, ਜ਼ਮੀਨ ਤੋਂ ਮਿੱਟੀ ਦੀ ਚੁਟਕੀ ਚੁਕਦਾ, ਅਪਣੇ ਸਿਰ ਵਿਚ ਪਾ ਲੈਂਦਾ। ਹੁਣ ਮੈਂ ਸੋਚਿਆ ਕਰਦਾਂ, ਸ਼ਾਇਦ ਉਹਨੂੰ ਪਤਾ ਹੋਵੇ ਕਿ ਉਸਨੇ ਰੋਮ ਵਿਚ ਜਾਕੇ ਪੋਪ ਦੀ ਪਦਵੀ ਸੰਭਾਲਣੀ ਹੈ ਇਸ ਲਈ ਰੋਮਨ ਬੋਲੀ ਬੋਲਣ ਦਾ ਰਿਆਜ਼ ਕਰਨ ਲਗਦਾ, ਸ਼ਾਇਦ ਉਸਨੂੰ ਅਹਿਸਾਸ ਸੀ ਉਸਨੇ ਵਕਤੋਂ ਪਹਿਲਾਂ ਕਬਰ ਵਿਚ ਉਤਰਨਾ ਹੈ, ਇਸ ਲਈ ਮਿੱਟੀ ਦੀ ਚੁਟਕੀ ਸਿਰ ਵਿਚ ਪਾ ਲੈਂਦਾ। ਇਨ੍ਹਾਂ ਭੇਦਾਂ ਤੋਂ ਨਾ ਕਦੀ ਪਰਦਾ ਚੁਕਿਆ ਗਿਆ ਹੈ ਨਾ ਚੁਕਿਆ ਜਾਣਾ ਵਾਜਬ ਹੈ।

“ਅੰਮ੍ਰਿਤਸਰ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਗਏ। ਅੰਮ੍ਰਿਤ ਵੇਲੇ ਉਠੇ ਤਾਂ ਕਿ ਆਰੰਭ ਕਰਨ ਦੀਆਂ ਰੀਤਾਂ ਬੱਚਿਆਂ ਨੂੰ ਦਿਖਾ ਸਕਾਂ। ਦੇਖਿਆ ਕਿ ਪਰਿਕਰਮਾ ਵਿਚ ਬੇਰ ਬਾਬਾ ਬੁਢਾ ਜੀ ਹੇਠ ਮਰਦ ਝੋਲੀ ਅਤੇ ਔਰਤਾਂ ਚੁੰਨੀ ਦਾ ਪੱਲਾ ਫੈਲਾਈ ਬੇਰੀ ਹੇਠ ਖਲੋਤੇ ਹਨ, ਚੁਪਚਾਪ, ਸ਼ਾਂਤ। ਪਤਨੀ ਨੇ ਪੁੱਛਿਆ ਇਹ ਕੀ ਹੋ ਰਿਹੈ? ਇਕ ਯਾਤਰੂ ਨੇ ਦੱਸਿਆ- ਪਹੁ ਫੁਟਾਲਾ ਹੋਣ ਸਾਰ ਚਿੜੀਆਂ ਦਾ ਕੀਰਤਨ ਸ਼ੁਰੂ ਹੋ ਜਾਂਦੈ। ਉਹ ਗਾਉਂਦੀਆਂ ਹਨ, ਉਨ੍ਹਾਂ ਦੇ ਪੰਜਿਆਂ ਜਾਂ ਖੰਭਾਂ ਨਾਲ ਟਕਰਾ ਕੇ ਕੋਈ ਪੱਤਾ, ਟਾਹਣੀ ਦਾ ਨਿਕਾ ਮੋਟਾ ਟੁਕੜਾ ਡਿਗਕੇ ਝੋਲੀ ਵਿਚ ਪੈ ਜਾਵੇ ਤਾਂ ਇਹ ਲੋਕ ਇਸ ਨੂੰ ਪ੍ਰਸ਼ਾਦਿ ਜਾਣਕੇ ਘਰ ਲਿਜਾਂਦੇ ਹਨ। ਰੁੱਤ ਸਿਰ ਜੇ ਕਿਸੇ ਦੀ ਝੋਲੀ ਵਿਚ ਬੇਰ ਡਿਗ ਪਵੇ ਫੇਰ ਤਾਂ ਸਮਝੋ ਕਿਸਮਤਾਂ ਜਾਗ ਪਈਆਂ। ਇਹ ਬਾਬਾ ਬੁੱਢਾ ਜੀ ਦੇ ਕੀਰਤਨੀਏ ਹਨ।

ਸਾਲ 1972 ਵਿਚ ਇਨ੍ਹਾਂ ਸਤਰਾਂ ਦੇ ਲੇਖਕ ਨੇ ਬੀ.ਏ. ਕੀਤੀ ਸੀ। ਨਰਿੰਦਰ ਕਾਲੀਆ ਅੰਗਰੇਜ਼ੀ ਪੜ੍ਹਾਉਂਦੇ ਸਨ, ਉਹ ਬਹੁਤ ਸੂਖਮ ਬਿਰਤੀ ਦੇ ਸਾਹਿਤ ਰਸੀਏ ਸਨ। ਉਨ੍ਹਾਂ ਦੀ ਪ੍ਰੇਰਨਾ ਸਦਕਾ ਟਾਮਸ ਹਾਰਡੀ, ਸਾਮਰਸੈੱਟ ਮਾੱਮ, ਮੋਪਾਸਾਂ, ਵੈੱਲਜ਼, ਡਿਕਨਜ਼, ਮਾਨ, ਓ ਹੈਨਰੀ, ਲਾਰੰਸ, ਆਸਕਰ ਵਾਈਲਡ ਪੜ੍ਹੇ। ਇਕ ਦਿਨ ਕਹਿਣ ਲੱਗੇ- ਤੁਸੀਂ ਅਲਬਰਟੋ ਮੋਰਾਵੀਆ ਪੜ੍ਹੋ, ਤਿੰਨ ਚਾਰ ਕਿਤਾਬਾਂ ਮੈਂ ਲਾਇਬ੍ਰੇਰੀ ਖਾਤਰ ਮੰਗਵਾ ਦਿਤੀਆਂ ਨੇ। ਮੈਂ ਅਤੇ ਅਜੀਤ ਕੁਝ ਕੁਝ ਕਿਤਾਬੀ ਕੀੜੇ ਜਿਹੇ ਸਾਂ, ਸਭ ਤੋਂ ਪਹਿਲੀ ਕਿਤਾਬ ਦ ਰੋਮਨ ਟੇਲਜ਼ ਪੜ੍ਹੀ। ਇਸ ਵਿਚਲੀਆਂ ਕਹਾਣੀਆਂ ਪੜ੍ਹ ਕੇ ਅਨੰਦ ਆ ਗਿਆ। ਫਿਰ ਦੋ ਤਿੰਨ ਨਾਵਲ ਪੜ੍ਹਕੇ ਅਧਿਆਪਕ ਨੂੰ ਪੁੱਛਿਆ- ਮੋਰਾਵੀਆ ਨੂੰ ਨੋਬਲ ਪ੍ਰਾਈਜ਼ ਮਿਲ ਗਿਆ ਹੈ? ਕਾਲੀਆ ਸਾਹਿਬ ਹੱਸ ਪਏ, ਕਿਹਾ- ਅਜੇ ਕਿਥੇ, ਅਜੇ ਤਾਂ ਇਹ ਬਹੁਤ ਛੋਟਾ ਐ। ਪਰ ਲਿਖਦਾ ਵਧੀਆ ਹੈ।ਨੋਬਲ ਪ੍ਰਾਈਜ਼ ਵਾਸਤੇ ਅਜੇ ਪੈਂਡਾ ਬੜਾ ਲੰਮਾ ਹੈ। ਦਿਨ, ਮਹੀਨੇ, ਸਾਲ, ਦਹਾਕੇ ਬੀਤੇ। ਤਿੰਨ ਚਾਰ ਸਾਲ ਪਹਿਲਾਂ ਸਵੇਰ ਸਾਰ ਮੈਂ ਅਖਬਾਰ ਖੋਹਲਿਆ, ਪੜ੍ਹਿਆ- ਮੋਰਾਵੀਆ ਵਿਨਜ਼ ਨੋਬਲ ਪ੍ਰਾਈਜ। ਨਾਲ ਫੋਟੋ। ਮੈਨੂੰ ਚਾਲੀ ਸਾਲ ਪੁਰਾਣੀ ਗੱਲ ਯਾਦ ਆਈ। ਖੁਸ਼ੀ ਹੋਈ। ਦੋ ਢਾਈ ਘੰਟਿਆਂ ਬਾਦ ਆਸਾਮ ਤੋਂ ਅਜੀਤ ਦਾ ਫੋਨ ਆਇਆ- ਵਧਾਈ ਹੋਵੇ, ਮੋਰਾਵੀਆ ਨੂੰ ਇਲਾਮ ਮਿਲ ਗਿਆ। ਮੈਂ ਪੁੱਛਿਆ- ਕਿਸਨੇ ਦਿਵਾਇਆ ਇਨਾਮ? ਹੱਸ ਪਿਆ- ਆਪਾਂ ਨੇ, ਹੋਰ ਕਿਸਨੇ? ਪਾਠਕ ਤਾਕਤਵਰ ਹੋਵੇ ਤਾਂ ਕਿਸ ਚੀਜ਼ ਦਾ ਘਾਟਾ? ਇਹ ਗੱਲ ਹਰਦੇਵ ਸਿੰਘ ਨੂੰ ਸੁਣਾਈ। ਉਸ ਨੇ ਦੱਸਿਆ- ਰੋਮ ਦੇ ਇਕ ਹੋਟਲ ਵਿਚ ਮੈਂ ਅਤੇ ਮੋਰਾਵੀਆ ਨਾਲ ਨਾਲ ਰਹੇ। ਸਵੇਰ ਸ਼ਾਮ ਦੀਆਂ ਸੈਰਾਂ ਇਕੱਠਿਆਂ ਕਰਦੇ। ਮੈਂ ਉਸਨੂੰ ਪਹਿਲੇ ਦਿਨ ਦੱਸ ਦਿਤਾ ਸੀ ਕਿ ਮੈਨੂੰ ਇਟਾਲੀਅਨ ਨਹੀਂ ਆਉਂਦੀ। ਉਹ ਦੋ ਤਿੰਨ ਵਾਕ ਅੰਗਰੇਜ਼ੀ ਦੇ ਬੋਲਕੇ ਫੇਰ ਇਟਾਲੀਅਨ ਬੋਲਣ ਲਗ ਜਾਂਦਾ। ਤਿੰਨ ਚਾਰ ਵਾਰ ਮੈਂ ਫਿਰ ਦੁਹਰਾਇਆ ਕਿ ਮੈਨੂੰ ਆਉਂਦੀ ਨਹੀਂ ਤੁਹਾਡੀ ਜ਼ਬਾਨ। ਖਲੋ ਗਿਆ, ਖੜਕਵੀਂ ਆਵਾਜ਼ ਵਿਚ ਕਿਹਾ- ਤੈਨੂੰ ਇਹ ਜ਼ਬਾਨ ਸਿਖਾਣ ਲਈ ਤਾਂ ਬੋਲ ਰਿਹਾਂ। ਬਸ ਦੋ ਚਾਰ ਦਿਨਾ ਵਿਚ ਸਮਝਣ ਲੱਗ ਜਾਏਂਗਾ ਤੇ ਦੁਨੀਆਂ ਨੂੰ ਦੱਸਿਆ ਕਰੇਂਗਾ ਕਿ ਇਤਾਲਵੀ ਮੈਂ ਮੋਰਾਵੀਆ ਤੋਂ ਸਿਖੀ ਹੋਈ ਹੈ। ਫੇਰ ਗਲਤ ਬੋਲੀ ਜਾਇਆ ਕਰੀਂ ਭਾਵੇਂ, ਲੋਕ ਤੇਰੀ ਜ਼ਬਾਨ ਨੂੰ ਠੀਕ ਮੰਨਣਗੇ।

ਕਹਿਣ ਲੱਗੇ- ਸਾਰੇ ਪੰਛੀ ਸੁਰੀਲਾ ਗਾਉਂਦੇ ਤਾਂ ਜੰਗਲ ਕਿੰਨਾ ਉਦਾਸ ਹੁੰਦਾ। ਇਹੋ ਗੱਲ ਸਤਨਾਮ ਸਿੰਘ ਖੁਮਾਰ ਨੇ ਕਹੀ ਸੀ- ਇਹ ਸੰਸਾਰ ਜੇ ਸੁਹਣਾ ਲਗਦਾ ਹੈ, ਰੰਗੀਨੀਆਂ ਭਰਪੂਰ ਹੈ ਤਾਂ ਇਹ ਮੂਰਖਾਂ ਦੀ ਬਦੌਲਤ ਹੈ ਪੰਨੂ ਸਾਹਿਬ। ਸਾਰੇ ਬੰਦੇ ਸਿਆਣੇ ਹੁੰਦੇ ਤਾਂ ਇਸਨੇ ਉੱਜੜ ਜਾਣਾ ਸੀ। ਜੀ ਐਸ ਰਿਆਲ ਨੇ ਕਿਹਾ- ਬਾਗਾਂ ਨਾਲੋਂ ਜੰਗਲਾਂ ਨੂੰ ਕੁਦਰਤ ਵਧੀਕ ਪਿਆਰ ਕਰਦੀ ਹੈ। ਮਾਲੀਆਂ ਦੇ ਡਿਜ਼ਾਈਨ ਉਸਨੂੰ ਪਸੰਦ ਨਹੀਂ। ਸੰਸਕ੍ਰਿਤ ਭਾਸ਼ਾ ਕਿੰਨੀ ਅਮੀਰ ਸੀ। ਇਸਦੇ ਮਰਨ ਦਾ ਕਾਰਨ ਇਹ ਹੈ ਕਿ ਆਦਮੀ ਇਸਨੂੰ ਸ਼ਿੰਗਾਰਨੋ, ਤਰਾਸ਼ਣੋ ਨਹੀਂ ਹਟਿਆ। ਲਾਤੀਨੀ ਯੂਨਾਨੀ ਭਾਸ਼ਾਵਾਂ ਨਾਲ ਵੀ ਇਹੋ ਹੋਇਆ।

“ਪਰੰਪਰਾ ਅਤੇ ਆਧੁਨਿਕਤਾ ਵਿਚੋਂ, ਪ੍ਰਤੱਖ ਤੇ ਪਰੋਖ ਵਿਚੋਂ, ਸੰਚਾਰ ਅਤੇ ਰਹੱਸ ਵਿਚੋਂ ਖੁਦੀ ਦੀ ਤਲਾਸ਼ ਕਰਨ ਦਾ ਯਤਨ ਕਰਨਾ ਹੁਨਰੀ ਸ਼ੈਲੀ ਦੀ ਬੁਨਿਆਦ ਹੈ। ਕਰਤਾਰੀ ਪ੍ਰਗਟਾਵਾ ਕੋਈ ਖੋਜ ਕਾਰਜ ਨਹੀਂ ਹੈ, ਇਹ ਤਾਂ ਇਉਂ ਹੈ ਜਿਵੇਂ ਬੰਦ ਕਲੀ ਨੇ ਖੁਲ੍ਹਣਾ ਹੋਵੇ। ਕਰਤਾਰੀ ਕਾਰਜ ਅਪਣੇ ਆਪ ਅਦੁੱਤੀ ਅਨੁਭਵ ਹੈ। ਤਸਵੀਰ ਅਪਣੀ ਵਿਆਖਿਆ ਖੁਦ ਕਰੇਗੀ ਕਿਉਂਕਿ ਇਹ ਕਿਸੇ ਖਿਆਲ ਦਾ ਅਨੁਵਾਦ ਨਹੀਂ। ਹੁਨਰੀ ਕਾਰਜ ਬਾਰੇ ਕੋਈ ਫਤਵਾ ਨਹੀਂ ਸੁਣਾਇਆ ਜਾ ਸਕਦਾ, ਨਾ ਉਸ ਦੀ ਖੂਬਸੂਰਤੀ ਦਾ ਮੁਲਾਂਕਣ ਹੋ ਸਕਦਾ ਹੈ। ਜੇ ਪਹਿਲੋਂ ਹੀ ਆਰਟਿਸਟ ਨੂੰ ਪਤਾ ਹੈ ਕਿ ਪੇਂਟਿੰਗ ਕਿਸ ਤਰ੍ਹਾਂ ਦੀ ਬਣੇਗੀ ਫਿਰ ਉਹ ਕਿਸੇ ਕੰਮ ਦੀ ਨਹੀਂ। ਪੇਟ ਅੰਦਰ ਪਲ ਰਹੇ ਬੱਚੇ ਦੇ ਨੈਣ ਨਕਸ਼ ਉਸ ਦੀ ਮਾਂ ਨਹੀਂ ਘੜ ਸਕਦੀ, ਬੱਚਾ ਅਪਣਾ ਰੰਗ ਰੂਪ ਆਪ ਤਿਆਰ ਕਰ ਰਿਹਾ ਹੈ ਬੇਸ਼ਕ ਉਸਨੂੰ ਇਸ ਬਾਰੇ ਪਤਾ ਵੀ ਨਹੀਂ। ਆਰਟ ਮਨੁਖ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਨਹੀਂ ਆਉਂਦਾ। ਬਤੌਰ ਆਰਟਿਸਟ, ਨਾ ਮੈਂ ਬੰਦੇ ਦਾ ਮੁਰੀਦ ਹਾਂ, ਨਾ ਬੰਦੇ ਦਾ ਮਸੀਹਾ। ਆਰਟ ਦਾ ਕੰਮ ਨਾ ਸਿਖਿਆ ਦੇਣੀ ਹੈ ਨਾ ਵਿਆਖਿਆ ਕਰਨੀ। ਆਰਟ, ਯਥਾਰਥ ਨੂੰ ਨਾ ਬਿਆਨ ਕਰਦਾ ਹੈ ਨਾ ਉਸਤੋਂ ਇਨਕਾਰੀ ਹੈ ਕਿਉਂਕਿ ਆਰਟ ਖੁਦ ਯਥਾਰਥ ਹੈ। ਆਰਟ ਦਾ ਪੁਲ ਪਾਰ ਕਰਨ ਸਾਰ ਮਨੁਖ ਅਨੰਤ ਆਜ਼ਾਦ ਦੇਸ ਵਿਚ ਪੁਜਦਾ ਹੈ। ਆਰਟਿਸਟ ਉਹੀ ਅਖਵਾਏਗਾ ਜਿਹੜਾ ਆਰਟ ਹੋ ਜਾਏਗਾ। ਵਿਕਾਸ ਦੇ ਜਿਸ ਪੜਾਅ ਉਪਰ ਆਦਮੀ ਪੁੱਜ ਗਿਆ ਹੈ, ਉਥੇ ਉਸਦੀ ਰੂਹ ਕੈਦ ਹੋ ਗਈ ਹੈ। ਕਦੀ ਜਦੋਂ ਰੂਹ ਕੈਦ ਵਿਚੋਂ ਥੋੜੇ ਕੁ ਚਿਰ ਲਈ ਛੁਟਕਾਰਾ ਪਾ ਲਵੇ, ਉਦੋਂ ਆਰਟ ਦਾ ਜਨਮ ਹੁੰਦਾ ਹੈ।

“ਲਗਾਤਾਰ ਆਰਟ ਦੀ ਸਾਧਨਾ ਕਰਦਿਆਂ ਮੈਂ ਆਪਣੇ ਤੋਂ ਦੂਰ ਤੇ ਆਰਟ ਦੇ ਨਜ਼ਦੀਕ ਚਲਾ ਜਾਂਦਾ ਹਾਂ। ਇਹ ਯਾਤਰਾ ਇਸ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਮੈਂ ਕਿਸੇ ਅਨਜਾਣ ਵਿਸ਼ਾਲ ਮਹਾਂਨਗਰ ਵਿਚ ਆ ਗਿਆ ਹੋਵਾਂ, ਮੇਰੇ ਹੱਥ ਵਿਚ ਜਿਸ ਵਾਹਨ ਦਾ ਸਟੀਅਰਿੰਗ ਹੈ ਉਹ ਵਾਹਨ ਮੈਨੂੰ ਚਲਾਉਣਾ ਨਹੀਂ ਆਉਂਦਾ, ਨਾ ਮੇਰੇ ਕੋਲ ਨਕਸ਼ਾ ਹੈ ਨਾ ਕੰਪਾਸ, ਸੜਕਾਂ ਉਪਰ ਸਾਈਨ ਬੋਰਡ ਕਿਧਰੇ ਨਹੀਂ। ਪੋਲੈਂਡ ਦੇ ਅੰਤਰ-ਰਾਸ਼ਟਰੀ ਆਰਟ ਸਿੰਪੋਜ਼ੀਅਮ ਵਿਚ ਮੇਰੇ ਨਾਲ ਇਹੋ ਹੋਇਆ। ਸੈਂਕੜੇ ਮੀਟਰ ਲੰਮੇ ਕਾਗਜ਼ ਦਾ ਮੈਂ ਰੋਲ ਲੈ ਲਿਆ, ਜੋ ਜੀ ਕੀਤਾ ਇਸ ਉਪਰ ਉਕਰਨਾ ਸ਼ੁਰੂ ਕਰ ਦਿਤਾ। ਮੈਨੂੰ ਰੰਗਾਂ ਅਤੇ ਲਕੀਰਾਂ ਦੇ ਕਿਸੇ ਡਿਜ਼ਾਈਨ ਦੀ ਪਰਵਾਹ ਨਹੀਂ ਸੀ। ਕੀ ਕੁੱਝ ਬਰਬਾਦ ਕਰ ਰਿਹਾ ਹਾਂ, ਇਕ ਬੱਚੇ ਵਾਂਗ ਨਾ ਮੈਨੂੰ ਕੋਈ ਪਤਾ ਸੀ ਨਾ ਪਤਾ ਕਰਨ ਦੀ ਪਰਵਾਹ ਸੀ। ਮੈਂ ਅਦ੍ਰਿਸ਼ਟ ਮੰਜ਼ਲ ਵਲ ਤੁਰ ਰਿਹਾ ਸੀ। ਘੰਟਿਆਂ ਬੱਧੀ ਇਕ ਮੀਟਰ ਕਾਗਜ ਪੇਂਟ ਕਰ ਕੇ ਮੈਂ ਅਗਲੇ ਮੀਟਰ ਵਲ ਸਰਕਦਾ ਜਾਂਦਾ। ਇਹ ਪਾਗਲਪਨ ਜਿਹਾ ਸੀ, ਬੇਨਿਆਜ਼ ਬੇਪ੍ਰਵਾਹ। ਮੇਰੇ ਕੰਮ ਦਾ ਰਿਜ਼ਲਟ ਕੀ ਹੋਵੇਗਾ ਕੋਈ ਖਿਆਲ ਨਹੀਂ ਸੀ, ਬਸ ਕੰਮ ਕਰਦਿਆਂ ਅਨੰਦ ਆ ਰਿਹਾ ਸੀ। ਪਿਛੋਂ ਵੀ ਦੇਰ ਤੱਕ ਇਹ ਪਿਆ ਰਿਹਾ, ਮੈਂ ਦੇਖਿਆ ਤਕ ਨਹੀਂ। ਦੇਰ ਬਾਦ ਜਦੋਂ ਦੇਖਿਆ ਤਾਂ ਕੁਝ ਕੁ ਇਸ ਵਿਚ ਅਜਿਹਾ ਸੀ ਜੋ ਨਵਾਂ ਸੀ ਤੇ ਜੋ ਮੇਰੇ ਵਿਚ ਪਹਿਲਾਂ ਨਹੀਂ ਸੀ। ਇਹ ਮੇਰਾ ਨਹੀਂ ਸੀ। ਇਸ ਕੰਮ ਨੂੰ ਖਤਮ ਕਰਨ ਬਾਰੇ ਕੋਈ ਖਿਆਲ ਨਹੀਂ ਆਇਆ ਸੀ। ਨਾ ਕਾਗਜ਼, ਨਾ ਸਮਾਂ ਬਰਬਾਦ ਕਰਨ ਬਾਰੇ ਕੋਈ ਖਿਆਲ ਆਇਆ ਸੀ, ਬਸ ਜੋ ਜੋ ਦ੍ਰਿਸ਼ ਮੈਨੂੰ ਦਿਸਦੇ ਜਾਂਦੇ, ਮੈਂ ਉਨ੍ਹਾਂ ਦੇ ਪਿਛੇ ਪਿਛੇ ਤੁਰ ਜਾਂਦਾ ਬਗੈਰ ਇਨ੍ਹਾਂ ਦੀ ਪਰਖ ਪੜਚੋਲ ਕਰਨ ਦੇ। ਕੋਈ ਜਜ਼ਬਾ ਮੈਨੂੰ ਕਿਸੇ ਖਾਸ ਤਰ੍ਹਾਂ ਦੀ ਪੇਂਟਿੰਗ ਬਣਾਉਣ ਦਾ ਹੁਕਮ ਦਿੰਦਾ ਤਾਂ ਮੈਂ ਉਦੋਂ ਤੱਕ ਉਹ ਪੇਂਟਿੰਗ ਬਣਾਈ ਜਾਂਦਾ ਜਦੋਂ ਤੱਕ ਜਜਬਾ ਨਿਢਾਲ ਨਾ ਹੋ ਜਾਂਦਾ। ਦਿਨ ਅਤੇ ਰਾਤ ਚੇਤਨਾ ਦੇ ਵਖ ਵਖ ਮੂਡ ਦੇਖਦਾ ਰਹਿੰਦਾ। ਪੇਂਟ ਕੀਤਾ ਬੰਡਲ ਵੱਡਾ ਹੁੰਦਾ ਗਿਆ ਤੇ ਸਫੈਦ ਕਾਗਜ਼ ਘਟਦਾ ਗਿਆ। ਜਦੋਂ ਕਦੇ ਮੇਰਾ ਦਿਲ ਕਰਦਾ ਕਿ ਜੋ ਪਿਛੇ ਬਣਿਆ ਹੈ, ਦੇਖ ਲਵਾਂ, ਤਾਂ ਮੈਂ ਆਪਣੇ ਆਪ ਨੂੰ ਰੋਕ ਲੈਂਦਾ, ਕਿਤੇ ਪਿਛਲਾ ਕੰਮ ਅਗਲੇ ਉਪਰ ਅਸਰੰਦਾਜ਼ ਨਾ ਹੋ ਜਾਏ। ਦਿਨ ਰਾਤ ਲੱਗਾ ਰਹਿੰਦਾ। ਅਗਲੇ ਦਿਨ ਦਾ ਕੰਮ ਅੱਖਾਂ ਵਿਚ ਲਟਕਾ ਕੇ ਮੈਂ ਖੁਸ਼ੀ ਖੁਸ਼ੀ ਸੌਂ ਜਾਂਦਾ। ਰੰਗਾਂ ਵਿਚ ਲਿਸ਼ਕ ਆਉਣ ਲੱਗ ਪਈ, ਆਕਾਰ ਨਿਖਰਨ ਲੱਗੇ। ਸਮਾਧੀ ਵਰਗੀ ਅਵਸਥਾ ਸੀ ਤੇ ਇਕੋ ਵਕਤ ਮੈਂ ਦੋ ਸੰਸਾਰਾਂ ਵਿਚ ਰਹਿਣ ਲੱਗ ਪਿਆ ਸਾਂ। ਦੋਵੇਂ ਸੰਸਾਰ ਅਸਲੀ ਸਨ। ਜੇ ਫਰਕ ਸੀ ਤਾਂ ਕੇਵਲ ਸਮੇਂ ਦਾ, ਜਦੋਂ ਕੰਮ ਕਰ ਰਿਹਾ ਹੁੰਦਾ ਉਦੋਂ ਸਮਾਂ ਰੁਕ ਜਾਂਦਾ, ਪੰਜ ਅਤੇ ਪੰਦਰਾਂ ਘੰਟਿਆਂ ਵਿਚਕਾਰ ਕੋਈ ਫਰਕ ਨਹੀਂ।

“ਕਈ ਦਿਨਾਂ ਬਾਦ ਮੈਂ ਇਹ ਰੋਲ ਖੋਹਲ ਕੇ ਦੇਖਿਆ ਤਾਂ ਕੁਝ ਚਿੱਤਰਾਂ ਨੂੰ ਦੇਖਕੇ ਵਿਸਮਾਦ ਤਾਰੀ ਹੋਇਆ। ਮੈਨੂੰ ਪੱਕਾ ਪਤਾ ਸੀ, ਇਹ ਮੈਂ ਅਪਣੇ ਰੰਗਾਂ ਨਾਲ, ਅਪਣੇ ਬਰੱਸ਼ ਨਾਲ ਬਣਾਏ ਹਨ ਪਰ ਇਹ ਮੇਰੇ ਨਹੀਂ ਸਨ, ਇਨ੍ਹਾਂ ਦਾ ਸਬੰਧ ਮੇਰੀ ਕਿਸੇ ਚੀਜ਼ ਨਾਲ ਨਹੀਂ ਸੀ। ਉਸ ਦਿਨ ਤੋਂ ਬਾਦ ਆਰਟ ਦੀ ਥਾਂ ਆਰਟਿਸਟ ਮੇਰੇ ਕੇਂਦਰ ਵਿਚ ਆ ਗਿਆ। ਮੈਂ ਆਪਣੇ ਆਪ ਨੂੰ ਦੂਰ ਤੋਂ ਦੇਖਣ ਦੇ ਸਮੱਰਥ ਹੋ ਗਿਆ। ਦ੍ਰਿਸ਼ ਅਤੇ ਦਰਸ਼ਕ ਇਕੋ ਸਨ। ਮੈਂ ਜਾਣਨਾ ਚਾਹਿਆ ਕਿ ਮੇਰਾ ਇਹ ਪੇਂਟਿੰਗ ਦਾ ਕੰਮ ਕਿਵੇਂ ਕਿਵੇਂ ਹੋਇਆ ਪਰ ਪਤਾ ਨਾ ਲੱਗਾ। ਮੈਂ ਏਨਾ ਕੁ ਜ਼ਰੂਰ ਜਾਣ ਗਿਆ ਕਿ ਜਿਹੜਾ ਕੰਮ ਕਿਸੇ ਨਮੂਨੇ ਨੂੰ ਆਧਾਰ ਬਣਾ ਕੇ ਕੀਤਾ ਜਾਵੇ ਉਹ ਆਰਟ ਨਹੀਂ ਹੁੰਦਾ। ਮੈਂ ਆਪਣੇ ਆਪ ਨੂੰ ਆਖ ਦਿਤਾ ਕਿ ਜੇ ਤੂੰ ਆਰਟਿਸਟ ਅਖਵਾਉਣਾ ਹੈ ਤਾਂ ਨਮੂਨਿਆਂ ਤੋਂ ਪਾਰ ਉਡ ਜਾਹ।

“ਆਰਟ ਜਜ਼ਬੇ ਦਾ ਕਾਰਜ ਹੈ, ਇਹ ਸ਼ਕਤੀਵਾਨ ਹੈ ਤੇ ਸਨਿਆਸੀ ਵੀ। ਆਰਟ ਦੁਨੀਆਂ ਦੀ, ਆਰਟਿਸਟ ਦੀ ਅਤੇ ਖੁਦ ਦੀ ਤਿੱਖੀ ਆਲੋਚਨਾ ਕਰਦਾ ਹੈ। ਮੇਰੇ ਆਰਟ ਵਿਚ ਨਾ ਪਰੰਪਰਾ ਹੈ ਨਾ ਆਧੁਨਿਕਤਾ। ਫੋਕਲੋਰ ਮੈਨੂੰ ਭੈਭੀਤ ਕਰ ਦਿੰਦਾ ਹੈ। ਮੇਰੇ ਬਣਾਏ ਹੋਏ ਚਿੱਤਰ, ਹੋ ਸਕਦਾ ਹੈ ਹਿੰਸਕ ਹੋਣ ਪਰ ਇਹ ਨਿਰਮਲ ਹਨ। ਇਨ੍ਹਾਂ ਵਿਚ ਨਾ ਸਾਜ਼ਸ਼ ਹੈ ਨਾ ਨਫ਼ਰਤ, ਇਹ ਤਾਂ ਕੇਵਲ ਦ੍ਰਿਸ਼ ਹਨ। ਵਿਸ਼ਵ ਨੂੰ ਪ੍ਰਗਟ ਕਰਨਾ ਮੇਰਾ ਕੰਮ ਹੈ, ਇਹ ਮੈਂ ਕਰਦਾ ਈ ਰਹਿੰਨਾ।

“ਜੋ ਮੈਂ ਕਹਿਣਾ ਚਾਹੁੰਨਾ ਉਸ ਦਾ ਕੋਈ ਮਹੱਤਵ ਨਹੀਂ, ਜੋ ਕਹਿ ਦਿਤਾ ਗਿਆ, ਉਹੀ ਸਭ ਕੁਝ ਹੈ। ਮੇਰੇ ਸਾਹਮਣੇ ਮੇਰਾ ਆਰਟ ਹੈ, ਸਾਡੇ ਦੋਵਾਂ ਵਿਚਕਾਰ ਨਾ ਕੋਈ ਮਿਥ ਖਲੋ ਸਕਦੀ ਹੈ ਨਾ ਇਤਿਹਾਸ, ਨਾ ਸੁੰਦਰਤਾ, ਮੇਰੀ ਰਚਨਾ ਸਾਹਮਣੇ ਕੇਵਲ ਮੈਂ ਹੁੰਨਾ। ਸਰਕਾਰ, ਮੰਦਰ, ਅਜਾਇਬਘਰ, ਆਰਟ ਕੰਪਨੀ, ਮੇਰੇ ਜੱਜ ਨਹੀਂ। ਮੇਰਾ ਆਰਟ ਮੇਰਾ ਜੱਜ ਹੈ।

“ਮੈਨੂੰ ਲਗਦੈ ਕਿ ਸਹੀ ਆਰਟਿਸਟ ਉਹ ਹੈ ਜਿਹੜਾ ਸਮਝੇ ਕਿ ਉਸਦੀ ਜ਼ਿੰਮੇਵਾਰੀ ਸਥਾਈ ਹੈ ਤੇ ਅਨੰਤ ਵੀ। ਆਰਟ ਲਗਾਤਾਰ ਆਰਟਿਸਟ ਤੋਂ ਸਵੱਛ ਸਦਾਚਾਰ ਦੀ ਮੰਗ ਕਰਦਾ ਹੈ, ਇਸ ਦਾ ਮਤਲਬ ਇਹ ਹੈ ਕਿ ਦੇਣਾ ਹੀ ਦੇਣਾ ਹੈ, ਲੈਣਾ ਕੁਝ ਨਹੀਂ। ਆਰਟਿਸਟ ਦਿਆਲੂ ਦਾਤਾ ਹੈ। ਉਹ ਆਪਣੇ ਆਪ ਨੂੰ ਨਿਰੰਤਰ ਖੰਡਿਤ ਕਰਦਾ ਹੈ ਤੇ ਫਿਰ ਟੁੱਟੇ ਟੁਕੜਿਆਂ ਨੂੰ ਜੋੜਨ ਲਗਦਾ ਹੈ। ਹਰੇਕ ਕਿਰਤ ਅਪਣੇ ਆਪ ਵਿਚ ਪੂਰਨ ਹੈ, ਹਰ ਸਵੇਰਾ ਨਵਾਂ ਸਵੇਰਾ ਹੁੰਦਾ ਹੈ। ਅਦ੍ਰਿਸ਼ਟ ਨੂੰ ਉਹੀ ਮਿਲਣ ਵਾਸਤੇ ਤੁਰੇਗਾ ਜਿਹੜਾ ਬਲਵਾਨ ਹੋਵੇਗਾ।

“ਪੰਜਾਬ ਆਰਟ ਤੋਂ ਵੰਚਿਤ ਹੋ ਗਿਆ ਜਿਸਦੇ ਠੋਸ ਕਾਰਨ ਵੀ ਹਨ। ਦਿੱਲੀ ਬੰਬਈ, ਕਲਕੱਤੇ ਅਤੇ ਵਿਦੇਸ਼ਾਂ ਵਿਚ ਪੰਜਾਬੀਆਂ ਨੇ ਕਰਤਾਰੀ ਆਰਟ ਦੀ ਧਾਂਕ ਜਮਾ ਦਿੱਤੀ ਪਰ ਪੰਜਾਬ ਇਸ ਤੋਂ ਮਹਿਰੂਮ ਹੈ। ਛੋਟੇ ਛੋਟੇ ਕਾਰੀਗਰਾਂ ਨੇ ਵੱਡੀਆਂ ਵੱਡੀਆਂ ਧਾਰਮਿਕ ਪੇਂਟਿੰਗਜ ਅਤੇ ਸੀਨਰੀਆਂ ਬਣਾਈਆਂ ਜਿਹੜੀਆਂ ਕੈਲੰਡਰਾਂ ਦੇ ਰੂਪ ਵਿਚ ਖੂਬ ਵਿਕੀਆਂ। ਇਸ ਰੁਝਾਣ ਨੂੰ ਮੈਂ ਸੋਭਾ ਸਿੰਘ ਸਿੰਡਰੋਮ, ਕਿਹਾ ਕਰਦਾਂ। ਇਸ ਨੇ ਆਰਟ ਨੂੰ ਕਾਠ ਮਾਰ ਦਿੱਤਾ। ਲੋਕਾਂ ਨੇ ਸਮਝ ਲਿਆ ਕਿ ਆਰਟ ਕਹਾਣੀਆਂ ਸੁਣਾਉਣ ਵਾਲੀ ਕੋਈ ਚੀਜ਼ ਹੈ। ਸਿਰਜਣਾ ਪੰਜਾਬ ਵਿਚ ਨਹੀਂ ਹੋਈ। ਇਸ ਤਰ੍ਹਾਂ ਦੀਆਂ ਗੈਲਰੀਆਂ ਤੇ ਅਜਾਇਬਘਰ ਹੈਨ ਜਿਥੇ ਚੰਗਾ ਆਰਟ ਮੌਜੂਦ ਹੈ ਪਰ ਉਥੇ ਜਾਂ ਕਲਾਕਾਰ ਜਾਂਦੇ ਹਨ ਜਾਂ ਕਲਾ ਦੇ ਵਿਦਿਆਰਥੀ। ਵਿਦਵਾਨ, ਕਵੀ, ਦਾਰਸ਼ਨਿਕ, ਚਿੰਤਕ ਇਸ ਤੋਂ ਪਰੇ ਪਰੇਰੇ ਹਨ, ਉਨ੍ਹਾਂ ਨੂੰ ਦ੍ਰਿਸ਼ ਦੀ ਨਾ ਸਮਝ ਹੈ ਨਾ ਸਮਝਣ ਦੀ ਰੁਚੀ। ਪੱਛਮ ਦੇ ਵਧੀਕ ਆਰਟਿਸਟ ਕਵੀ ਦਰਬਾਰਾਂ ਵਿਚ ਕਵਿਤਾਵਾਂ ਸੁਣਨ ਅਤੇ ਆਪ ਪੜ੍ਹਨ ਅਕਸਰ ਜਾਂਦੇ ਹਨ। ਇਥੇ ਭਾਰਤ ਵਿਚ ਕਵੀ ਆਰਟ ਦੇਖਣ ਨਹੀਂ ਜਾਂਦੇ। ਮੀਡੀਆ ਇਸ ਨੂੰ ਕਵਰ ਕਰਨ ਵਾਸਤੇ ਤਦ ਤਿਆਰ ਹੋਏਗਾ ਜੇ ਕੋਈ ਆਰਟ ਦੇਖਣ ਦਾ ਸ਼ੌਕੀਨ ਹੋਵੇ। ਆਰਟ ਦੇ ਰੀਵੀਊ ਅਖਬਾਰਾਂ ਰਿਸਾਲਿਆਂ ਵਿਚ ਛਪਦੇ ਹਨ, ਉਨ੍ਹਾਂ ਨੂੰ ਪੜ੍ਹਿਆ ਨਹੀਂ ਜਾਂਦਾ। ਵਰਤਮਾਨ ਕਾਲ ਵਿਚ ਮੈਂ ਇਹੋ ਦੇਖ ਰਿਹਾਂ।

“ਧਨਰਾਜ ਭਗਤ, ਕੇ.ਸੀ. ਆਰੀਆਨ, ਬੀ.ਸੀ. ਸਾਨਿਆਲ, ਕੰਵਲ ਕ੍ਰਿਸ਼ਨ, ਹਰਕ੍ਰਿਸ਼ਨ ਲਾਲ, ਪੀ.ਐਨ. ਮਾਗੋ, ਸਤੀਸ਼ ਗੁਜਰਾਲ, ਕ੍ਰਿਸ਼ਨ ਖੰਨਾ, ਨੰਦ ਕਟਿਆਲ, ਕੇਵਲ ਸੋਨੀ, ਅਵਤਾਰ ਸਿੰਘ, ਮਨਜੀਤ ਬਾਵਾ, ਸੋਹਣ ਕਾਦਰੀ, ਪਰਮਜੀਤ ਸਿੰਘ, ਅਪਰਿਤਾ ਸਿੰਘ, ਅਰਪਨਾ ਕੌਰ, ਰਾਜੇਸ਼ ਮਹਿਰਾ, ਸ਼ਿਵ ਸਿੰਘ, ਮਲਕੀਤ ਸਿੰਘ, ਜੋਧ ਸਿੰਘ ਆਦਿਕ ਨੇ ਸੰਸਾਰ ਵਿਚ ਨਾਮਣਾ ਖੱਟਿਆ ਹੈ ਪਰ ਪੰਜਾਬ ਉਨ੍ਹਾਂ ਨੂੰ ਨਹੀਂ ਜਾਣਦਾ। ਭੂਬੇਸ਼ ਸਾਨਿਆਲ ਬੰਗਾਲੀ ਸੀ ਪਰ ਲਾਹੌਰ ਦੀ ਸਨੇਹਲਤਾ ਨਾਲ ਵਿਆਹਿਆ ਹੋਇਆ ਸੀ। ਪਹਿਲਾਂ ਲਾਹੌਰ ਫਿਰ ਦੇਸ ਵੰਡ ਤੋਂ ਬਾਦ ਇਹ ਜੋੜੀ ਦਿਲੀ ਵੱਸੀ। ਉਸਨੇ ਅੰਦਰੇਟੇ ਵੀ ਇਕ ਘਰ ਬਣਾਇਆ ਸੀ ਜਿਥੇ ਹੁਣ ਉਸਦੀ ਧੀ ਰਹਿੰਦੀ ਹੈ। ਇਹ ਸਾਰੇ ਕਲਾਕਾਰ ਪੰਜਾਬੀ ਜਾਣਦੇ ਸਨ, ਪੰਜਾਬ ਨੂੰ ਪਿਆਰ ਕਰਦੇ ਸਨ ਤੇ ਵਾਰਸ ਦੀ ਹੀਰ ਅਤੇ ਪੰਜਾਬ ਦਾ ਫੋਕ ਗਾਉਂਦੇ ਸਨ।

“ਮੇਰੀ ਲਿਖਾਈ ਠੀਕ ਨੀਂ ਪੰਨੂ ਸਾਹਿਬ। ਚਿਤਰਕਾਰਾਂ ਦੀ ਲਿਖਾਈ ਮਾੜੀ ਹੋਇਆ ਕਰਦੀ ਹੈ। ਹੱਥ ਵਿਚ ਕਲਮ ਫੜਾਂ ਜਾਂ ਬਰੱਸ਼, ਰੂਪ ਰੰਗ ਤੇ ਆਕਾਰ ਅੱਖਾਂ ਅਗੇ ਘੁੰਮਦੇ ਰਹਿੰਦੇ ਹਨ। ਇਸ ਨਾਲ ਅੱਖਰ ਅੱਖਰ ਨਹੀਂ ਰਹਿੰਦਾ ਫੇਰ, ਕੁਝ ਹੋਰ ਹੋ ਜਾਂਦੈ। ਲੋਕ ਸਿਧੇਸਰੀ ਦੇਵੀ ਦਾ ਗਾਇਨ ਸੁਣਦੇ ਰਹੇ, ਗਾ ਰਹੀ ਸੀ- ਰਘੁਵਰ ਸ਼ਬ ਕੇ ਸਮਾਨ। ਮੈਨੂੰ ਆਵਾਜ਼ ਸੁਣਾਈ ਨਹੀਂ ਦਿੰਦੀ ਸੀ, ਮੇਰੀਆਂ ਨਜ਼ਰਾਂ ਵਿਚ ਕ੍ਰਿਸ਼ਨ ਅਤੇ ਰਾਤ ਦੀ ਸਮਾਨਤਾ ਇਧਰ ਉਧਰ ਫਿਰਦੀ ਰਹੀ ਸਾਰਾ ਸਮਾਂ।

“ਰਾਮ ਕਿੰਕਰ ਬੈਜ, ਸੰਥਾਲ ਸੀ। ਉਸਦਾ ਚਿਹਰਾ ਮੁਹਰਾ ਕੱਦ ਕਾਠ ਬਾਂਦਰ ਵਰਗਾ ਸੀ। ਮੈਨੂੰ ਬੰਦਰ ਚੰਗੇ ਨਹੀਂ ਲੱਗੇ ਕਦੀ। ਮੈਂ ਰਾਮ ਕਿੰਕਰ ਨਾਲ ਰਹਿ ਕੇ ਕੰਮ ਕਰਨ ਲੱਗਾ ਤਾਂ ਦੇਖਿਆ ਹਜ਼ਾਰਾਂ ਸਾਲਾਂ ਬਾਦ ਕਦੀ ਅਜਿਹੇ ਕਲਾਕਾਰ ਦੇ ਦੀਦਾਰ ਹੁੰਦੇ ਹਨ। ਮੈਨੂੰ ਬਾਂਦਰ ਸੁਹਣੇ ਲੱਗਣ ਲਗ ਪਏ। ਦਿੱਲੀ ਰਿਜ਼ਰਵ ਬੈਂਕ ਦੇ ਬਾਹਰ ਜਿਹੜੇ ਬੁੱਤ ਨੇ, ਉਹ ਉਸੇ ਦੇ ਬਣਾਏ ਹੋਏ ਹਨ। ਪੰ. ਜਵਾਹਰ ਲਾਲ ਨਹਿਰੂ ਨੇ ਮਿਲ ਕੇ ਉਸ ਅਗੇ ਅਰਜ਼ ਕੀਤੀ ਸੀ ਕਿ ਇਹ ਕਾਰਜ ਤੁਸੀਂ ਨਿਭਾਉਣਾ ਹੈ। ਕਿੰਕਰ ਨੇ ਕਿਹਾ- ਮੈਂ ਮਹਿੰਗਾ ਹਾਂ। ਤੁਸੀਂ ਕਿਸੇ ਸਸਤੇ ਕਲਾਕਾਰ ਨੂੰ ਲੱਭੋ। ਨਹਿਰੂ ਨੇ ਕਿਹਾ- ਜੋ ਕਹੋਗੇ, ਉਨੇ ਦਿਆਂਗੇ। ਉਸਨੇ ਸਵਾ ਲੱਖ ਐਡਵਾਂਸ ਮੰਗਿਆ। ਦੇ ਦਿੱਤਾ। ਉਦੋਂ ਸਵਾ ਲੱਖ ਕਿੱਡੀ ਰਕਮ ਸੀ.. ਦੋਸਤਾਂ ਨੂੰ ਦਾਰੂ ਪਿਆ ਪਿਆ ਕੇ ਸਾਲ ਵਿਚ ਉਡਾ ਦਿਤਾ, ਕੰਮ ਕੋਈ ਨਾ ਕੀਤਾ। ਨਹਿਰੂ ਨੂੰ ਕਿਹਾ- ਸਵਾ ਲੱਖ ਹੋਰ ਦਿਉ। ਪਿਛਲੇ ਪੈਸਿਆਂ ਨਾਲ ਮੈਂ ਕੰਮ ਕਰਨ ਦੀ ਤਿਆਰੀ ਕਰ ਲਈ, ਹੁਣ ਕੰਮ ਕਰਾਂਗਾ। ਹੋਰ ਦੇ ਦਿਤਾ। ਪਾਰਲੀਮੈਂਟ ਵਿਚ ਰੌਲਾ ਪੈ ਗਿਆ ਕਿ ਕੌਮੀ ਪੂੰਜੀ ਉਜਾੜੀ ਜਾ ਰਹੀ ਹੈ। ਘੱਟ ਪੈਸਿਆਂ ਨਾਲ ਵਧੀਆ ਕੰਮ ਕਰਨ ਵਾਲੇ ਆਰਟਿਸਟ ਜਦੋਂ ਮਿਲਦੇ ਨੇ ਫਿਰ ਇਹ ਉਜਾੜਾ ਕਿਉਂ ਹੋ ਰਿਹੈ? ਨਹਿਰੂ ਨੇ ਕਿਹਾ- ਘਟੀਆ ਕੰਮ ਨਹੀਂ ਕਰਵਾਉਣਾ। ਰਾਮ ਕਿੰਕਰ ਅਨਮੋਲ ਹੈ। ਜਿੰਨਾ ਮੰਗਦਾ ਜਾਏਗਾ ਉੰਨਾ ਦਿੰਦੇ ਜਾਵਾਂਗੇ।

“ਸਾਡਾ ਕਾਰੋਬਾਰ ਰੰਗਾਂ ਦਾ ਹੈ ਪੰਨੂ ਸਾਹਿਬ। ਸੂਰਜ ਉਦਯ ਹੋਣ ਤੋਂ ਲੈਕੇ ਅਸਤ ਹੋਣ ਤੱਕ, ਅਸਤ ਹੋਣ ਤੋਂ ਲੈਕੇ ਫਿਰ ਉਦਯ ਹੋਣ ਤੱਕ ਕੁਦਰਤ ਕਰੋੜਾਂ ਲਿਬਾਸ ਬਦਲਦੀ ਹੈ। ਹਰ ਅਗਲਾ ਪਲ, ਪਿਛਲੇ ਪਲ ਤੋਂ ਨਵਾਂ ਤਾਂ ਹੈ ਈ, ਭਿੰਨ ਵੀ ਹੈ, ਨਵਾਂ ਸ਼ੇਡ, ਨਵੀਂ ਟੋਨ। ਪਿਛਲਾ ਲਿਬਾਸ ਉਤਾਰਦੀ ਨਹੀਂ, ਕੁਦਰਤ ਉਸੇ ਉਪਰ ਹਰ ਪਲ ਨਵਾਂ ਪਹਿਰਾਵਾ ਓੜ੍ਹ ਲੈਂਦੀ ਹੈ। ਇਹੋ ਜਿਹੇ ਕਰਾਮਾਤੀ ਦ੍ਰਿਸ ਦੇਖਦਿਆਂ ਰੋਸ਼ੋ ਬਿਹਾਰੀ ਬੈਨਰਜੀ ਕਿਹਾ ਕਰਦਾ ਸੀ - ਮੈਂ ਅੰਨ੍ਹਾਂ ਹੋਣ ਤੋਂ ਪਹਿਲਾਂ ਮਰਨਾ ਚਾਹੁੰਦਾ ਹਾਂ।

ਇਨ੍ਹਾਂ ਦੇ ਕੰਮ ਤੋਂ ਦੁਨੀਆਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਅਸਰ ਕਬੂਲਣਗੀਆਂ ਪਰ ਪੰਜਾਬ ਕਦੋਂ ਇਨ੍ਹਾਂ ਬਾਬਤ ਜਾਣ ਸਕੇਗਾ? ਜਿਵੇਂ ਸਿਖ ਧਰਮ ਦੀ ਪੁਨਰ-ਸੁਰਜੀਤੀ ਵਾਸਤੇ ਸਿੰਘ ਸਭਾ ਲਹਿਰ ਚੱਲੀ ਸੀ, ਉਵੇਂ ਆਰਟ ਜਿਉਂਦਾ ਕਰਨ ਵਾਸਤੇ ਅੰਦੋਲਨ ਛੇੜਨਾ ਪਵੇਗਾ ਤੇ ਇਹ ਕੰਮ ਨੌਜਵਾਨਾ ਦੇ ਕਰਨ ਦਾ ਹੈ। ਪੱਛਮ ਦੇ ਸੰਗੀਤਕਾਰ ਆਰਟ ਉਪਰ ਰੀਵੀਊ ਲਿਖਦੇ ਹਨ, ਕੀ ਸਾਡੇ ਕੀਰਤਨੀਏ ਆਰਟ ਦੀ ਨਬਜ਼ ਦੇਖਣ ਲੱਗ ਜਾਣਗੇ ਕਦੀ? ਸਾਡੇ ਵਿਦਵਾਨਾਂ ਨੂੰ ਅਪਣੀ ਅਨਪੜ੍ਹਤਾ ਤੋਂ ਕਦੋਂ ਸ਼ਰਮਿੰਦਗੀ ਆਏਗੀ? ਦ੍ਰਿਸ਼ ਕਲਾਵਾਂ ਬੇਅੰਤ ਸ਼ਕਤੀਵਾਨ ਹਨ ਤੇ ਉਨ੍ਹਾਂ ਬਾਬਤ ਜਾਣਨਾ ਜ਼ਰੂਰੀ ਹੈ। ਪੰਜਾਬੀਆਂ ਨੂੰ ਰੱਬ ਕਦੋਂ ਦ੍ਰਿਸ਼ਟੀ ਦਏਗਾ, ਇਸਦਾ ਹਾਲੇ ਕੁਝ ਅੰਦਾਜ਼ਾ ਨਹੀਂ ਲਗ ਸਕਦਾ। ਆਰਟ ਦੇਖਣ ਦੀ ਆਦਤ ਪਏਗੀ ਤਦ ਹੀ ਆਰਟਿਸਟ ਪੈਦਾ ਹੋਏਗਾ। ਸੰਗੀਤ ਸਿਖਣ ਵਾਲੇ ਦਾ ਕੰਨ ਠੀਕ ਹੋਣਾ ਜ਼ਰੂਰੀ ਹੈ, ਪਹਿਲਾਂ ਉਹ ਉਸਤਾਦਾਂ ਨੂੰ ਸੁਣੇਗਾ, ਫਿਰ ਸੁਰਬਧ ਹੋਏਗਾ। ਹੱਥ ਵਿਚ ਬਰੱਸ਼ ਉਦੋਂ ਤੱਕ ਨਹੀਂ ਫੜਿਆ ਜਾ ਸਕਦਾ ਜਦ ਤਕ ਅੱਖ ਨੇ ਪਹਿਲੋਂ ਪਾਤਾਲ ਤੋਂ ਅਕਾਸ਼ ਤੱਕ ਬ੍ਰਹਮੰਡ ਦੇਖ ਨਹੀਂ ਲਿਆ।

ਮੈਂ ਪੁੱਛਿਆ, “ਆਧੁਨਿਕ ਕਲਾ ਦੀ ਦਿਸ਼ਾ ਕਿਹੋ ਜਿਹੀ ਹੈ?

ਉਸ ਨੇ ਕਿਹਾ- ਆਧੁਨਿਕ ਕਲਾਕਾਰ ਦਾ ਮਨੋਰਥ ਹੈ ਰੰਗਾਂ ਤੇ ਲਕੀਰਾਂ ਦੇ ਮਾਧਿਅਮ ਰਾਹੀਂ ਲੁਕੇ ਸੱਚ ਨੂੰ ਪ੍ਰਗਟ ਕਰਨਾ। ਕਵਿਤਾ ਤੇ ਵਾਰਤਕ ਵਿਚ ਬੜਾ ਕੁਝ ਅਜਿਹਾ ਹੁੰਦਾ ਹੈ ਜੋ ਸਪਸ਼ਟ ਨਹੀਂ ਹੁੰਦਾ, ਤਾਂ ਵੀ ਪਾਠਕ ਉਸਨੂੰ ਸਮਝ ਜਾਂਦਾ ਹੈ ਤੇ ਰਸ ਮਾਣਦਾ ਹੈ। ਦਰਸ਼ਕ ਤੋਂ ਇਹ ਆਸ ਹੁੰਦੀ ਹੈ ਕਿ ਉਹ ਅਜਿਹਾ ਕੁਝ ਵੀ ਦੇਖੇ ਜੋ ਦਿਖਾਈ ਨਹੀਂ ਦਿੰਦਾ। ਬਹੁਤੀ ਵਾਰ ਕਲਾਕਾਰ ਤੇ ਦਰਸ਼ਕ ਇਕੋ ਲੈਅ ਵਿਚ ਨਹੀਂ ਹੁੰਦੇ ਤੇ ਹਰੇਕ ਦੀ ਆਪਣੀ ਆਪਣੀ ਵਿਆਖਿਆ ਹੁੰਦੀ ਹੈ।

ਇਕ ਹੋਰ ਸਵਾਲ- ਫੋਟੋਗ੍ਰਾਫੀ ਦੀ ਈਜਾਦ ਨਾਲ ਚਿਤਰਕਾਰੀ ਉਪਰ ਫਰਕ ਪਿਆ?

ਉੱਤਰ- ਬਹੁਤ।ਬਹੁਤ ਫਰਕ ਪਿਆ। ਇਹ ਸੁਭਾਵਕ ਵੀ ਸੀ।ਕੈਮਰੇ ਨੇ ਚਿਤਰਕਲਾ ਦੇ ਖੇਤਰ ਵਿਚ ਇਨਕਲਾਬ ਲਿਆਂਦਾ।ਰੌਸ਼ਨੀ ਬਾਰੇ ਵਿਗਿਆਨਕ ਸੂਝ ਆਉਣ ਨਾਲ ਰੰਗਾਂ ਦੀ ਬਣਤਰ ਦਾ ਪਤਾ ਲੱਗਾ ਜਿਸ ਨਾਲ ਦੇਖਣ ਦਾ ਢੰਗ ਬਦਲ ਗਿਆ। ਇਕ ਵਾਰ ਤਾਂ ਇਉਂ ਲੱਗਣ ਲੱਗ ਪਿਆ ਸੀ ਕਿ ਚਿਤ੍ਰਕਲਾ ਦੀ ਜ਼ਰੂਰਤ ਹੀ ਨਹੀਂ ਰਹੇਗੀ ਕਿਉਂਕਿ ਬਲਿਡਿੰਗ, ਦ੍ਰਿਸ਼, ਭੀੜ ਨੂੰ ਜਿੰਨੀ ਖੂਬਸੂਰਤੀ ਤੇ ਸਫਾਈ ਨਾਲ ਕੈਮਰਾ ਪੇਸ਼ ਕਰਦਾ ਹੈ, ਚਿਤਰਕਾਰ ਨਹੀਂ ਕਰ ਸਕਦਾ। ਜਿਹੜਾ ਫਰਕ ਫੋਟੋ ਅਤੇ ਤਸਵੀਰ ਵਿਚ ਹੈ ਉਹ ਇਹ ਹੈ ਕਿ ਕੈਮਰੇ ਕੋਲ ਆਦਮੀ ਦੇ ਵਲਵਲੇ ਨਹੀਂ, ਦਲੀਲਾਂ ਨਹੀਂ। ਚਿਤਰਕਾਰ ਬਰੱਸ਼ ਚਲਾਉਣ ਵਕਤ ਅਪਣੇ ਨਿਜੱਤਵ ਨੂੰ ਕੈਮਰੇ ਵਾਂਗ ਪਰੇ ਨਹੀਂ ਰੱਖ ਸਕਦਾ। ਸੁਹਜ ਸੁਆਦ ਦੀ ਤ੍ਰਿਪਤੀ ਦੀ ਜਿੰਮੇਵਾਰੀ ਕਲਾਕਾਰ ਦੇ ਮੋਢਿਆਂ ਤੇ ਸਗੋਂ ਵਧ ਗਈ ਹੈ ਕਿਉਂਕਿ ਦੁਨੀਆਂ ਮਸ਼ੀਨਾ ਤੋਂ ਅੱਕ ਕੇ ਕਲਾ ਵਲ ਸੰਤੁਸ਼ਟੀ ਪ੍ਰਾਪਤ ਕਰਨ ਦੀ ਆਸ ਨਾਲ ਦੇਖਦੀ ਹੈ।

ਪ੍ਰਸ਼ਨ- ਆਧੁਨਿਕ ਕਲਾ ਦੀ ਸ਼ੁਰੂਆਤ ਕਿਥੋਂ ਹੁੰਦੀ ਹੈ ?

ਉਤਰ- ਕੋਈ ਕਲਾਕਾਰ ਅਪਣੇ ਭੂਤਕਾਲ ਤੋਂ ਵਿਛੜਿਆ ਨਹੀਂ ਹੁੰਦਾ ਫਿਰ ਵੀ ਕੋਈ ਘਟਨਾ ਅਜਿਹੀ ਘਟਦੀ ਹੈ ਜੋ ਪਹਿਲੇ ਸਮੇਂ ਤੋਂ ਬਹੁਤ ਵੱਖਰੀ ਹੁੰਦੀ ਹੈ। ਇਕ ਸਦੀ ਪਹਿਲਾਂ ਦੀ ਕਲਾ ਵਖਰੀ ਹੋ ਗਈ ਸੀ। ਪਿਕਾਸੋ ਨੇ 1909 ਵਿਚ ਪਹਿਲੀ ਕਿਉਬਿਸਟ (ਤਿੰਨ ਡਾਈਮੈਨਸ਼ਨਜ਼ ਵਾਲੀ) ਤਸਵੀਰ ਬਣਾਈ ਜਿਸ ਨਾਲ ਕਲਾ ਵਿਚ ਨਵੀਂ ਧੜੇਬੰਦੀ ਪੈਦਾ ਹੋਈ। ਇਕ ਧੜਾ ਕੁਦਰਤ ਦੀ ਕਿਸੇ ਚੀਜ ਨੂੰ ਭੰਨ ਤੋੜ ਕੇ ਉਸਨੂੰ ਰੇਖਾ ਗਣਿਤ ਦੇ ਚਿੰਨ੍ਹਾਂ ਵਿਚ ਬਦਲ ਕੇ ਚਿਤਰਦਾ ਸੀ। ਦੂਜਾ ਧੜਾ ਕੈਨਵਸ ਨੂੰ ਰੇਖਾ ਗਣਿਤ ਦੇ ਚਿੰਨ੍ਹਾਂ ਦੁਆਰਾ, ਦੋ-ਹੱਦੀ ਤਸਵੀਰ ਦੇ ਫਰੇਮ ਵਿਚ ਤਰਤੀਬ ਦੇ ਕੇ ਉਸ ਉਤੇ ਕੁਦਰਤ ਦਾ ਕੋਈ ਚਿੰਨ੍ਹ ਟਿਕਾ ਦਿੰਦਾ। ਕਲਾ ਮੂਲ ਪ੍ਰਕ੍ਰਿਤੀ ਤੋਂ ਨਿਖੜਕੇ ਭਾਵਨਾਵਾਂ ਅਤੇ ਰੇਖਾ ਗਣਿਤ ਦੇ ਚਿੰਨ੍ਹ ਬਣ ਗਈ।

ਪ੍ਰਸ਼ਨ- ਕਿਸ ਹੱਦ ਤੱਕ ਮਨੁਖ ਕਲਾ ਵਿਚ ਆਪਣਾ ਨਿੱਜ ਸ਼ਾਮਲ ਕਰ ਸਕਦਾ ਹੈ ?

ਉਤਰ- ਰੰਗਾਂ ਅਤੇ ਲੀਕਾਂ ਰਾਹੀਂ ਜਿਹੜਾ ਆਕਾਰ ਅੱਖਾਂ ਵਿਚੋਂ ਦੀ ਹੋ ਕੇ ਦਿਲ ਦਿਮਾਗ ਉਪਰ ਅਸਰ ਪਾਏ ਅਸੀਂ ਉਸਨੂੰ ਪਲਾਸਟਿਕ ਮਾਧਿਅਮ ਆਖਦੇ ਹਾਂ। ਲੈਂਡਸਕੇਪਿੰਗ, ਇੰਟੀਰੀਅਰ ਡੈਕੋਰੇਸ਼ਨ, ਕੱਪੜਿਆਂ ਉਪਰ, ਕੰਧਾਂ ਉਪਰ ਅਨੇਕ ਡਿਜ਼ਾਈਨਾਂ ਵਿਚ ਕਲਾਕਾਰ ਸ਼ਾਮਲ ਹੈ ਹੀ। ਦ੍ਰਿਸ਼ ਤਾਂ ਕੁਦਰਤ ਵਿਚ ਪਏ ਹਨ, ਉਸਨੇ ਆਪਣਾ ਆਪ ਇਨ੍ਹਾਂ ਵਿਚ ਮਿਲਾਕੇ ਵਖਰਾ ਰੂਪ-ਰੰਗ ਦੇਣਾ ਹੁੰਦਾ ਹੈ। ਸਾਫ ਕੱਪੜੇ ਉਪਰਲੇ ਡਿਜ਼ਾਈਨ ਦਸਦੇ ਹਨ ਕਲਾਕਾਰ ਇਥੇ ਉਤਰਿਆ ਹੋਇਆ ਹੈ। ਘੁਮਿਆਰ ਦੇ ਚੱਕ ਉਪਰ ਮਨੁੱਖੀ ਹੱਥ ਜਦੋਂ ਤੱਕ ਕਿਸੇ ਸ਼ਕਲ ਸੂਰਤ ਵਾਲਾ ਬਰਤਨ ਨਹੀਂ ਬਣਾਉਂਦੇ ਉਦੋਂ ਤਕ ਚੱਕ ਉਪਰ ਮਿੱਟੀ ਗਾਰਾ ਪਿਆ ਹੈ ਜਿਸ ਦਾ ਕੋਈ ਨਾਮ ਨਹੀਂ, ਰੂਪ ਨਹੀਂ। ਕਲਾਕਾਰ ਦੇ ਹੱਥਾਂ ਵਿਚ ਦੀ ਲੰਘਕੇ ਮਿੱਟੀ ਵਿਚ ਜਾਨ ਪੈ ਜਾਂਦੀ ਹੈ। ਚਿਤਰਕਾਰ ਦਾ ਇਹੋ ਕੰਮ ਹੈ ਕਿ ਉਹ ਅਰੂਪ ਅਤੇ ਅਨਾਮ ਨੂੰ ਰੂਪ ਅਤੇ ਨਾਮ ਦਿੰਦਾ ਹੈ।

ਪ੍ਰਸ਼ਨ- ਕਲਾਕਾਰ ਕਿੰਨਾ ਕੁ ਸੁਤੰਤਰ ਹੈ ?

ਉੱਤਰ- ਸੀਮਤ ਹੱਦ ਤੱਕ।ਇਕੋ ਲੱਕੜੀ ਵਿਚੋਂ ਮੇਜ਼ ਬਣਿਆ, ਉਸੇ ਵਿਚੋਂ ਕੁਰਸੀ। ਦੋਵੇਂ ਵੱਖਰੀਆਂ ਵੱਖਰੀਆਂ ਚੀਜ਼ਾਂ ਹਨ।ਗਲਾਸ ਇਕ ਲੰਬੂਤਰਾ ਬਰਤਨ ਹੈ ਜਿਸ ਨਾਲ ਅਸੀਂ ਸੌਖ ਨਾਲ ਤਰਲ ਪੀ ਸਕਦੇ ਹਾਂ ਪਰ ਗਲਾਸ ਵੀ ਇਕੋ ਤਰ੍ਹਾਂ ਦੇ ਨਹੀਂ, ਸੈਂਕੜੇ ਡਿਜ਼ਾਈਨਾਂ ਦੇ ਹਨ।ਫੇਰ ਵੀ ਗਲਾਸ ਦਾ ਲੰਬੂਤਰਾ ਹੋਣਾ ਇਸ ਦੀ ਬੁਨਿਆਦੀ ਸ਼ਰਤ ਹੈ ਜਿਸ ਕਰਕੇ ਕੋਈ ਗਲਾਸ ਅਜਿਹਾ ਨਹੀਂ ਜੋ ਥਾਲੀ ਵਰਗਾ ਹੋਵੇ।ਖਾਣ ਵਾਲੀਆਂ ਚੀਜ਼ਾਂ ਕੌਲੀਆਂ,ਥਾਲ ਆਦਿਕ ਵੱਖਰੀ ਸ਼ਕਲ ਦੇ ਹੋਣਗੇ, ਪੀਣ ਵਾਲੀਆਂ ਵਖਰੀ ਸੂਰਤ ਦੀਆਂ ਹੋਣਗੀਆਂ।ਹਾਂ ਬਾਦਸ਼ਾਹ ਦੇ ਥਾਲ ਅਤੇ ਮਜ਼ਦੂਰ ਦੀ ਪਲੇਟ ਵਿਚ ਫਰਕ ਹੋਏਗਾ ਹੀ ਹੋਏਗਾ ਤਾਂ ਵੀ ਇਨ੍ਹਾਂ ਵਿਚ ਆਕਾਰ ਦੀ ਸਮਾਨਤਾ ਹੈ।

ਪ੍ਰਸ਼ਨ- ਕਲਾ ਆਲੋਚਕ ਦਾ ਕਰਤੱਵ ਕੀ ਹੈ ?

ਉਤਰ- ਅਸੀਂ ਲੰਘਦੇ ਜਾਂਦੇ ਸਰਸਰੀ ਨਜ਼ਰ ਮਾਰਦੇ ਹਾਂ। ਢੱਠੇ ਮਕਾਨ ਵਿਚ ਬੇਰੀ ਦਾ ਦਰਖਤ ਹੈ, ਇਹ ਤਾਂ ਪਤਾ ਹੈ ਪਰ ਪੱਤਿਆਂ ਦਾ ਰੰਗ ਰੁਤਾਂ ਅਨੁਸਾਰ ਕਿਵੇਂ ਬਦਲ ਰਿਹਾ ਹੈ, ਪੱਤਿਆਂ ਉਪਰ ਲਕੀਰਾਂ ਦੇ ਕਿਹੜੇ ਡਿਜ਼ਾਈਨ ਹਨ, ਇਕ ਟਾਹਣ ਵਿਚੋਂ ਦੂਜਾ ਟਾਹਣ ਕਿਵੇਂ ਨਿਕਲ ਰਿਹਾ ਹੈ, ਇਹ ਪਤਾ ਨਹੀਂ। ਹੋ ਸਕਦੈ ਕਿਸੇ ਦਿਨ ਅਖਬਾਰ ਵਿਚ ਉਸ ਗਲੀ ਦੀ ਫੋਟੋ ਛਪੀ ਦੇਖੋ ਜਿਸ ਵਿਚੋਂ ਦੀ ਤੁਸੀਂ ਰੋਜ਼ ਲੰਘਦੇ ਹੋ ਤੇ ਤੁਸੀਂ ਫਿਰ ਵੀ ਪਛਾਣ ਨਾ ਸਕੋ। ਹਜ਼ਾਰ ਵਾਰ ਇਕ ਦ੍ਰਿਸ਼ ਦੇਖਣ ਪਿਛੋਂ ਵੀ ਜ਼ਰੂਰੀ ਨਹੀਂ ਸਾਡੀ ਯਾਦ ਦੀ ਕੈਨਵਸ ਉਪਰ ਸਹੀ ਉਕਰੀ ਗਈ ਹੋਵੇ। ਸਰਸਰੀ ਨਜ਼ਰ ਅਤੇ ਕਲਾਪਾਰਖੂ ਦੀ ਨਜ਼ਰ ਵਿਚ ਜੇ ਕੋਈ ਫਰਕ ਨਾ ਹੁੰਦਾ ਤਾਂ ਅਜਾਇਬ ਘਰਾਂ ਵਿਚਲੇ ਪਹਿਰੇਦਾਰ ਸਭ ਤੋਂ ਵਡੇ ਕਲਾ ਆਲੋਚਕ ਹੁੰਦੇ ਕਿਉਂਕਿ ਉਹ ਸਾਰੀ ਉਮਰ ਉਨ੍ਹਾਂ ਵਸਤਾਂ ਨੂੰ ਦੇਖਦੇ ਰਹੇ ਹਨ। ਜੋ ਕੁਝ ਕਲਾ-ਪਾਰਖੂ ਇਕ ਨਜ਼ਰ ਮਾਰਕੇ ਦੇਖ ਲੈਂਦਾ ਹੈ, ਨਿਗਰਾਨੀ ਕਰਦਾ ਬੰਦਾ ਸਾਰੀ ਉਮਰ ਉਹ ਕੁਝ ਨਹੀਂ ਦੇਖ ਸਕਦਾ। ਦੇਖਣਾ ਉਹ ਕਰਮ ਹੈ ਜਿਸ ਵਾਸਤੇ ਤਪ, ਸਾਧਨਾ ਦੀ ਲੋੜ ਪੈਂਦੀ ਹੈ। ਕਲਾਤਮਕ ਬਰੀਕੀਆਂ ਦੇਖਣੀਆਂ ਹਰੇਕ ਦੇ ਵਸ ਦੀ ਗੱਲ ਨਹੀਂ। ਕਲਾ ਪਾਰਖੂ ਗੁਣ ਔਗੁਣ ਦੱਸ ਕੇ ਕਲਾਕਾਰ ਨੂੰ ਚੇਤੰਨ ਕਰਦਾ ਹੈ। ਦਰਵਾਜੇ ਦੇ ਪੇਂਟ ਉਪਰ ਨਿਕੀ ਜਿਹੀ ਝਰੀਟ ਜਿਹੜੀ ਤੁਹਾਨੂੰ ਨਹੀਂ ਦਿੱਸੀ, ਕਲਾ ਪਾਰਖੂ ਦੀ ਨੀਂਦ ਹਰਾਮ ਕਰ ਦਿੰਦੀ ਹੈ। ਕਲਾਕਾਰ ਦਾ ਭੂਤ ਉਸ ਦੀ ਵਰਤਮਾਨ ਕਲਾਕ੍ਰਿਤ ਵਿਚੋਂ ਦਿਸੇਗਾ ਪਰ ਸਾਰਾ ਨਹੀਂ ਦਿਸੇਗਾ, ਕੁਝ ਅਜਿਹਾ ਰਹਿ ਜਾਵੇਗਾ ਜਿਹੜਾ ਇਸ ਚਿਤਰ ਵਿਚ ਨਹੀਂ ਚਿਤਰਿਆ ਗਿਆ, ਜੋ ਬਕਾਇਆ ਰਹਿ ਗਿਆ, ਉਹ ਅਗਲੇ ਚਿਤਰ ਵਿਚ ਆ ਜਾਏਗਾ। ਕਲਾ-ਪਾਰਖੂ ਇਹ ਪਰਖ ਕਰ ਸਕਦਾ ਹੈ ਕਿ ਬਕਾਇਆ ਕੀ ਸੀ ਜੋ ਪਿਛਲੇ ਚਿਤਰ ਵਿਚ ਨਹੀਂ ਸੀ ਤੇ ਅਗਲੇ ਵਿਚ ਆ ਗਿਆ ਹੈ। ਕਈ ਕੁਝ ਅਜਿਹਾ ਹੈ ਜਿਹੜਾ ਕਲਾਕਾਰ ਨੂੰ ਪਤਾ ਨਹੀਂ, ਕਲਾਪਾਰਖੂ ਉਹ ਸਭ ਲੱਭ ਲੈਂਦਾ ਹੈ। ਬੇਸ਼ਕ ਦ੍ਰਿਸ਼ ਵਾਸਤੇ ਅੱਖਾਂ ਬੁਨਿਆਦ ਹਨ ਪਰ ਅੱਖਾਂ ਦੇ ਪੁਲ ਥਾਈਂ ਲੰਘ ਕੇ ਜਦੋਂ ਦ੍ਰਿੱਸ਼ ਮਸਤਕ ਵਿਚ ਚਲਾ ਜਾਂਦਾ ਹੈ ਤਾਂ ਮਨੁਖ ਦੀਆਂ ਸਾਰੀਆਂ ਬਿਰਤੀਆਂ ਕਾਰਜਸ਼ੀਲ ਹੋ ਜਾਂਦੀਆਂ ਹਨ। ਅੱਖਾਂ ਨੂੰ ਫੁੱਲ ਦੀ ਬਣਤਰ ਦਾ ਪਤਾ ਹੈ, ਮਹਿਕ ਦਾ ਕੀ ਪਤਾ ? ਚੇਤਨ ਮਨ ਨਾਲੋਂ ਕਈ ਗੁਣਾ ਵਧੀਕ ਅਚੇਤ ਮਨ ਅਦਭੁਤ ਫੈਸਲੇ ਕਰਦਾ ਹੈ। ਚਿਤਰਕਾਰ ਸਭਿਅਤਾ ਦਾ ਪ੍ਰਤੀਨਿਧ ਹੈ, ਸਭਿਅਤਾ ਉਸਨੂੰ ਤੇ ਉਹ ਸਭਿਅਤਾ ਨੂੰ ਪ੍ਰਭਾਵਿਤ ਕਰਦਾ ਹੈ।

ਪ੍ਰਸ਼ਨ- ਤੁਸੀਂ ਅੰਮ੍ਰਿਤਾ ਸ਼ੇਰਗਿਲ ਦਾ ਜ਼ਿਕਰ ਕਿਉਂ ਨਹੀਂ ਕੀਤਾ?

ਉਤਰ- ਉਹ ਪਹਿਲੀ ਪੰਜਾਬਣ ਹੈ ਜਿਸਨੇ ਕਲਾ ਅਭਿਆਸ ਕਰਦਿਆਂ ਪੈਰਿਸ ਦੇ ਕਲਾ-ਸਕੂਲਾਂ ਵਿਚ ਵਿਦਿਆ ਪ੍ਰਾਪਤ ਕੀਤੀ। ਉਸ ਵਿਚ ਸਮਰੱਥਾ ਸੀ ਕਿ ਕਦੀ ਵਿਸ਼ਵ ਦੇ ਵੱਡੇ ਕਲਾਕਾਰਾਂ ਵਿਚ ਉਸਦਾ ਨਾਮ ਸ਼ੁਮਾਰ ਹੁੰਦਾ। ਪਰ ਉਸ ਦੀ ਉਮਰ ਥੋੜੀ ਲਿਖੀ ਰੱਬ ਨੇ। ਗਰਭਪਾਤ ਕਾਰਨ ਉਸਦਾ ਏਨਾ ਖੂਨ ਵਗਿਆ ਕਿ ਦਮ ਤੋੜ ਗਈ। ਉਸ ਦੀ ਕਲਾ ਵਿਚ ਅਜੇ ਆਧੁਨਿਕ ਆਰਟ ਦੀ ਅੱਖ ਖੁੱਲ੍ਹਣ ਲੱਗੀ ਸੀ। ਜਿੰਨਾ ਕੁ ਉਸਨੇ ਕੀਤਾ ਉਹ ਚੰਗੈ ਪਰ ਜਦੋਂ ਸੰਸਾਰ ਦੇ ਕਲਾਕਾਰਾਂ ਦੇ ਕੰਮ ਤੇ ਝਾਤ ਮਾਰੀਏ ਤਾਂ ਇਹ ਥੋੜਾ ਹੈ। ਉਸਨੇ ਪਰੰਪਰਾ ਤੋਂ ਹਟ ਕੇ ਕੰਮ ਛੇੜਿਆ, ਉਸਦੀ ਇਹੋ ਪ੍ਰਾਪਤੀ ਹੈ। ਜਿਉਂਦੀ ਰਹਿੰਦੀ ਤਾਂ ਕੀ ਪਤਾ ਆਪਣਾ ਇਕ ਸੁਤੰਤਰ ਆਰਟ ਸਕੂਲ ਸਿਰਜ ਲੈਂਦੀ ਪਰ ਇਹ ਤਾਂ ਹੁਣ ਕਿਆਸਰਾਈਆਂ ਹਨ।

ਪ੍ਰਸ਼ਨ- ਕੀ ਕਲਾਕਾਰ ਨਿਸ਼ਚਿਤ ਸਿਲੇਬਸ ਅਨੁਸਾਰ ਕੰਮ ਕਰਦਾ ਹੈ ?

ਉੱਤਰ- ਧਾਰਮਿਕ ਚਿੱਤਰਾਂ, ਰਾਜੇ ਮਹਾਰਾਜਿਆਂ ਦੇ ਚਿੱਤਰਾਂ ਦੀ ਸ਼ੈਲੀ ਆਮ ਤੌਰ ਤੇ ਇਕੋ ਜਿਹੀ ਹੁੰਦੀ ਹੈ। ਇਸੇ ਤਰ੍ਹਾਂ ਪੁਰਾਣੀਆਂ ਕਲਾ ਕਿਰਤਾਂ ਦੇ ਉਤਾਰੇ ਵੀ ਘਰਾਂ ਤੱਕ ਪੁਚਾਣੇ ਹੁੰਦੇ ਹਨ, ਇਥੇ ਵੀ ਸਿਲੇਬਸ ਨਿਸ਼ਚਿਤ ਹੈ। ਅਜੰਤਾ ਦੇ ਕਲਾਕਾਰ ਆਪਣੀ ਕਲਾਤਮਕ ਵਡਿੱਤਣ ਦੇ ਬਾਵਜੂਦ ਬੁੱਧ ਦੇ ਪੁਜਾਰੀ ਸਨ। ਉਨ੍ਹਾਂ ਦੀ ਜੀਵਨ ਚਾਲ ਬੋਧ-ਭਿੱਖੂਆਂ ਵਾਲੀ ਸੀ ਪਰ ਉਨ੍ਹਾਂ ਦੀ ਕਲਾ ਨੂੰ ਕਿਸੇ ਨੇ ਇਹ ਕਹਿਕੇ ਨਹੀਂ ਨਿੰਦਿਆ ਕਿ ਇਹ ਬੰਧਨ ਕਿਉਂ ਨਹੀਂ ਤੋੜਦੇ। ਇਕ ਮਨੋਰਥ ਸਾਹਮਣੇ ਰੱਖ ਕੇ ਉਹ ਕਲਾਕ੍ਰਿਤਾਂ ਉਸਾਰਨ ਵਿਚ ਡਟੇ ਰਹੇ। ਉਨ੍ਹਾਂ ਨੇ ਬਾਹਰਲੇ ਕਿਸੇ ਪ੍ਰਭਾਵ ਨੂੰ ਨਹੀਂ ਕਬੂਲਿਆ, ਉਨ੍ਹਾਂ ਨੇ ਤਾਂ ਕੁਦਰਤ ਦਾ ਪ੍ਰਭਾਵ ਵੀ ਨਹੀਂ ਕਬੂਲਿਆ। ਇਹੋ ਕਾਰਨ ਹੈ ਕਿ ਉਨ੍ਹਾਂ ਦੀ ਕਲਾ ਕਿਸੇ ਤਪੋਬਣ ਦੀ ਉਪਜ ਲਗਦੀ ਹੈ ਤੇ ਹਰ ਨਵਾਂ ਕਲਾਕਾਰ ਉਨ੍ਹਾਂ ਦੀਆਂ ਕਿਰਤਾਂ ਦੇਖਕੇ ਅਪਣੇ ਦਿਲ ਨਾਲ ਤਪੱਸਿਆ ਕਰਨ ਦਾ ਵਾਅਦਾ ਕਰਦਾ ਹੈ, ਤਪੱਸਿਆ ਲਈ ਉਤਸ਼ਾਹ ਬਣਦਾ ਹੈ। ਉਨ੍ਹਾਂ ਦੀ ਕਲਾ ਵਿਚ ਨਿਪੁੰਨਤਾ ਹੈ ਕਿਉਂਕਿ ਉਨ੍ਹਾਂ ਦੀ ਸਾਧਨਾ ਅਨੰਤ ਹੈ, ਸਾਧੂ ਵਾਂਗ। ਫੇਰ ਵੀ ਇਹ ਜ਼ਰੂਰੀ ਨਹੀਂ ਕਿ ਬਹੁਤ ਮਿਹਨਤ ਕਰਨ ਵਾਲਾ ਕਲਾਕਾਰ ਨਿਪੁੰਨ ਹੋ ਜਾਵੇ। ਕਈ ਵਾਰ ਘੱਟ ਮਿਹਨਤ ਕਰਨ ਵਾਲੇ ਕਲਾਕਾਰ ਕਮਾਲ ਕਰ ਜਾਂਦੇ ਹਨ। ਸੋ ਇਸ ਵਿਚ ਰੱਬ ਦੀ ਬਖਸ਼ਿਸ਼ ਤੋਂ ਮੈਂ ਇਨਕਾਰੀ ਨਹੀਂ ਹੋ ਸਕਦਾ। ਕਲਾਕਾਰ ਉਹ ਕੁਝ ਚਿਤਰਦਾ ਹੈ ਜੋ ਕੁਝ ਉਹ ਦੇਖਣਾ ਚਾਹੁੰਦਾ ਹੈ। ਕਲਾਕ੍ਰਿਤ, ਕਲਾਕਾਰ ਦਾ ਹਲਫੀਆ ਬਿਆਨ ਹੈ। ਭਾਵਨਾਵਾਂ ਕਿਨੀ ਸਫ਼ਲਤਾ ਨਾਲ ਮੂਰਤੀਮਾਨ ਹੋਈਆਂ ਹਨ ਇਹ ਕਲਾ ਪਾਰਖੂ ਦੱਸਣਗੇ।

ਪ੍ਰਸ਼ਨ- ਕੁਦਰਤ ਕਿੰਨਾ ਕੁ ਪ੍ਰਭਾਵ/ਵਿਘਨ ਪਾਉਂਦੀ ਹੈ?

ਉਤਰ - ਬਹੁਤ ਵੀ ਅਤੇ ਨਹੀਂ ਵੀ। ਬਹੁਤ ਇਸ ਤਰ੍ਹਾਂ ਕਿ ਰੰਗਾਂ ਦੀ ਖੇਡ ਕੁਦਰਤ ਵਿਚ ਪਹਿਲਾਂ ਮੌਜੂਦ ਹੈ। ਕੁਦਰਤ ਵਿਚ ਟਕਰਾਉ ਹੈ, ਮਨੁਖ ਸਿਖਦਾ ਹੈ ਕਿ ਜੇ ਹਨੇਰਾ ਨਾ ਹੋਵੇ ਤਾਂ ਰੌਸ਼ਨੀ ਦਾ ਕੀ ਪਤਾ ਲੱਗੇ? ਪਹਾੜ ਇਸ ਕਰਕੇ ਉਚੇ ਹਨ ਕਿਉਂਕਿ ਘਾਟੀਆਂ ਨੀਵੀਆਂ ਹਨ। ਇਸ ਟਕਰਾਉ ਵਿਚ ਵੀ ਇਕਸੁਰਤਾ ਹੈ। ਕੁਦਰਤ ਵਿਘਨ ਨਹੀਂ ਪਾਉਂਦੀ, ਇਸ ਬਾਬਤ ਪ੍ਰਸਿੱਧ ਚਿਤਰਕਾਰ ਪਾਲ ਕਲੀ ਦੀ ਉਦਾਹਰਣ ਦਿਆਂਗਾ। ਉਹ ਆਖਦਾ ਹੈ

- ਇਕ ਬੰਦਾ ਸਮੁੰਦਰੀ ਜਹਾਜ਼ ਵਿਚ ਸਫ਼ਰ ਕਰਦਿਆਂ ਡੈੱਕ ਉਪਰ ਟਹਲਿਣ ਲਗਦਾ ਹੈ। ਉਸਦੇ ਅੰਦਰ ਤੇ ਬਾਹਰ ਕਿੰਨੀਆਂ ਰਫ਼ਤਾਰਾਂ ਕਾਰਜਸ਼ੀਲ ਹਨ ਜਰਾ ਇਹ ਦੇਖੀਏ। ਸਭ ਤੋਂ ਪਹਿਲਾਂ ਉਸਦੇ ਜਿਸਮ ਅੰਦਰ ਦੌੜ ਰਹੇ ਖੂਨ ਦੀ ਰਫ਼ਤਾਰ, ਫਿਰ ਉਸਦੇ ਸਾਹਾਂ ਦੀ ਰਫ਼ਤਾਰ, ਤੁਰਦਿਆਂ ਤੁਰਦਿਆਂ ਅੰਗਾਂ ਦੀ ਰਫ਼ਤਾਰ, ਫਿਰ ਜਿਸ ਜਹਾਜ਼ ਉਤੇ ਉਹ ਸਫ਼ਰ ਕਰ ਰਿਹਾ ਹੈ ਉਸਦੀ ਰਫ਼ਤਾਰ, ਪਾਣੀ ਦੀਆਂ ਲਹਿਰਾਂ ਦੀ ਰਫ਼ਤਾਰ ਜੋ ਜਹਾਜ਼ ਦੇ ਉਲਟ ਚਲਦੀਆਂ ਹਨ, ਧਰਤੀ ਦੀ ਅਪਣੇ ਧੁਰੇ ਦੁਆਲੇ ਦੌੜਨ ਦੀ ਰਫ਼ਤਾਰ, ਧਰਤੀ ਦੀ ਸੂਰਜ ਦੁਆਲੇ ਰਫ਼ਤਾਰ, ਚੰਦਰਮਾਂ ਦੀ ਧਰਤੀ ਦੇ ਦੁਆਲੇ ਪਰਿਕਰਮਾ ਕਰਨ ਦੀ ਰਫ਼ਤਾਰ। ਇਸ ਸਾਰੇ ਉਧੇੜਬੁਣ ਵਾਲੀ ਕਰਮਗਤੀ ਵਿਚ ਆਦਮੀ ਆਪਣੀ ਥਾਂ ਤੇ ਇਸ ਸਭ ਤੋਂ ਬੇਖਬਰ ਟਹਿਲ ਰਿਹਾ ਹੈ। ਉਸ ਨੂੰ ਰਫ਼ਤਾਰਾਂ ਦੇ ਇਸ ਝਮੇਲੇ ਨਾਲ ਕੋਈ ਵਾਸਤਾ ਨਹੀਂ। ਉਪਰਲਾ ਵੇਰਵਾ ਦਸਦਾ ਹੈ ਕਿ ਇਕ ਤਰ੍ਹਾਂ ਮਨੁੱਖ ਬ੍ਰਹਿਮੰਡੀ ਗਤੀਆਂ ਦਾ ਕੇਂਦਰ ਹੈ ਪਰ ਉਸਨੂੰ ਇਸ ਦਾ ਅਹਿਸਾਸ ਨਹੀਂ। ਕਈ ਗੱਲਾਂ ਵਿਗਿਆਨਕ ਢੰਗ ਤਰੀਕਿਆਂ ਨਾਲ ਨਹੀਂ ਸਮਝਾਈਆਂ ਜਾ ਸਕਦੀਆਂ। ਗਾਂ ਦੇ ਦੁਧ ਦੀ ਪਰਖ ਕਰਦਿਆਂ ਇਹ ਨਹੀਂ ਪਤਾ ਲੱਗ ਸਕਦਾ ਕਿ ਗਾਂ ਨੇ ਕੀ ਕੁਝ ਖਾਧਾ ਪੀਤਾ ਸੀ। ਕਲਾਕਾਰ ਦੀ ਰਚਨਾ ਗਊ ਦਾ ਦੁੱਧ ਹੈ। ਕਲਾਕਾਰ ਅਤੇ ਕਲਾ ਅੰਤਮ ਵਸਤੂ ਹੈ, ਇਹ ਕਿਥੋਂ ਕਿਥੋਂ ਦੀ ਲੰਘੇ ਹਨ, ਦਰਸ਼ਕ ਨਹੀਂ ਜਾਣ ਸਕਦੇ। ਵਿਗਿਆਨ ਨਹੀਂ ਸਮਝਾ ਸਕਦੀ।

ਪ੍ਰਸ਼ਨ- ਕੀ ਭਾਰਤ ਦੇ ਪੁਰਾਤਨ ਕਲਾਕਾਰਾਂ ਨੇ ਕੋਈ ਨਵੇਂ ਤਜਰਬੇ ਵੀ ਕੀਤੇ ?

ਉੱਤਰ- ਕਮਾਲ ਐ। ਭਾਰਤੀਆਂ ਨੇ ਤਾਂ ਤਜਰਬਿਆਂ ਤੋਂ ਬਿਨਾਂ ਕੁਝ ਕੀਤਾ ਹੀ ਨਹੀਂ। ਸਾਰੀ ਦੁਨੀਆਂ ਵਿਚ ਮਰਦ ਔਰਤ ਦਾ ਕੱਦ ਤੇ ਨੈਣ ਨਕਸ਼ ਆਮ ਤੌਰ ਤੇ ਸੁਹਣੇ ਬਣਾਏ ਹੋਏ ਮਿਲਣਗੇ। ਭਾਰਤੀਆਂ ਨੇ ਔਰਤ ਨੂੰ ਔਰਤ ਨਹੀਂ ਬਣਾਇਆ। ਉਨ੍ਹਾਂ ਲਈ ਔਰਤ ਧਰਤੀ ਹੈ। ਉਸਦਾ ਪੇਟ ਵੱਡਾ ਹੈ ਕਿਉਂਕਿ ਉਤਪਤੀ ਅਨੰਤ ਹੈ, ਛਾਤੀਆਂ ਵੱਡੀਆਂ ਹਨ ਕਿਉਂਕਿ ਵਧੀਕ ਖੁਰਾਕ ਦੀ ਲੋੜ ਹੈ। ਤੁਹਾਨੂੰ ਇਹ ਕਲਾ ਕਿਰਤਾਂ ਹਾਸੋਹੀਣੀਆਂ ਲੱਗਣਗੀਆਂ ਕਿਉਂਕਿ ਤੁਹਾਨੂੰ ਇਨ੍ਹਾਂ ਦੇ ਮਨੋਰਥ ਦਾ ਪਤਾ ਨਹੀਂ। ਇਨ੍ਹਾਂ ਕਲਾ ਕਿਰਤਾਂ ਵਿਚਲੇ ਅਰਥ ਬੇਹੱਦ ਮਹੀਨ ਹਨ। ਚਾਰ ਚਾਰ ਬਾਹਾਂ ਹਨ, ਇਕ ਹੱਥ ਵਿਚ ਸੰਖ, ਦੂਜੇ ਵਿਚ ਕਿਰਪਾਨ, ਤੀਜੇ ਵਿਚ ਕਿਤਾਬ, ਚੌਥੇ ਵਿਚ ਫੁੱਲ। ਇਹ ਦੇਵੀ ਦੀ ਚੌਗਣੀ ਸਮਰੱਥਾ ਹੈ। ਕਦੀ ਇਤਿਹਾਸ ਵਿਚ ਅਜਿਹਾ ਨਹੀਂ ਹੋਇਆ ਕਿ ਸ਼ੇਰ ਦੀ ਸਵਾਰੀ ਕਰਕੇ ਬੰਦਾ ਯੁੱਧ ਦੇ ਮੈਦਾਨ ਵਿਚ ਜਾਏ। ਪਰ ਦੇਵੀ ਸ਼ੇਰ ਦੀ ਸਵਾਰੀ ਕਰ ਰਹੀ ਹੈ। ਇਹ ਨਿਰਾ ਪ੍ਰਯੋਗਵਾਦ ਹੈ ਤੇ ਸਭ ਤੋਂ ਪਹਿਲਾਂ ਇਸ ਦੀ ਕਾਢ ਭਾਰਤੀਆਂ ਨੇ ਕੱਢੀ। ਭਾਰਤੀ ਕਲਾ ਯਥਾਰਥਵਾਦ ਤੋਂ ਹਮੇਸ਼ ਬਚੀ ਰਹੀ, ਇਸਦਾ ਇਕ ਕਾਰਨ ਇਹ ਵੀ ਹੈ ਸਾਡੇ ਪੁਰਾਣੇ ਕਲਾਕਾਰ ਸ਼ਰੇਆਮ ਇਹ ਕਹਿੰਦੇ ਸਨ ਕਿ ਕਲਾ ਪਰਮਾਤਮਾ ਦੀ ਦੇਣ ਹੈ। ਜਦੋਂ ਪੱਥਰ, ਧਾਤ ਦੇ ਯੁੱਗ ਵਿਚ ਆਦਮੀ ਕੋਲ ਭਾਸ਼ਾ ਵਾਸਤੇ ਸ਼ਬਦ ਨਹੀਂ ਸਨ, ਪਹਿਨਣ ਲਈ ਕੇਵਲ ਪੱਤੇ ਸਨ, ਉਦੋਂ ਗੁਫਾਵਾਂ ਵਿਚ ਰਹਿੰਦਿਆਂ ਹੋਇਆ ਵੀ ਉਸਨੇ ਸ਼ਾਨਦਾਰ ਚਿਤਰ ਬਣਾ ਲਏ ਸਨ। ਚਿੱਤਰਕਲਾ ਭਾਸ਼ਾ ਤੋਂ ਪੁਰਾਣੀ ਹੈ। ਉਸਨੇ ਉਹੀ ਸ਼ਕਲਾਂ ਬਣਾਉਣੀਆਂ ਸਨ ਜੋ ਉਸਨੂੰ ਸੁਹਣੀਆਂ ਲਗਦੀਆਂ। ਉਦੋਂ ਦੀ ਕਲਾ ਵੀ ਆਧੁਨਿਕ ਕਲਾ ਵਾਂਗ ਅਰਥ ਰਹਿਤ ਸੀ। ਉਹ ਸੀ ਸਹੀ ਨਿਰਮਲ ਕਲਾ। ਇਸ ਵਿਚ ਕਾਰੀਗਰੀ ਦਾ ਇਹੋ ਜਿਹਾ ਅੰਸ਼ ਨਹੀਂ ਸੀ ਜਿਸ ਨਾਲ ਕੋਈ ਬਹੁਤ ਵੱਡਾ ਖਿਆਲ ਅੰਕਿਤ ਕੀਤਾ ਗਿਆ ਹੋਵੇ ਜਾਂ ਰੰਗ ਤੇ ਲਕੀਰਾਂ ਵਿਸ਼ੇਸ਼ ਸੰਕੇਤ ਵੱਜੋਂ ਵਰਤੀਆਂ ਹੋਣ। ਕਲਾ ਵਿਚੋਂ ਅਰਥ ਨਿਕਲਣ ਲੱਗ ਪੈਣ ਫਿਰ ਇਹ ਗਣਿਤ ਵਿਦਿਆ ਹੋਏਗੀ ਜਾਂ ਕਾਰੀਗਰੀ, ਜਿਵੇਂ ਕੁਰਸੀ। ਕੁਰਸੀ ਕਿਸੇ ਮਨੋਰਥ ਵਾਸਤੇ ਬਣਾਈ ਗਈ ਹੈ। ਹਿਸਾਬਦਾਨ ਆਖ ਸਕਦਾ ਹੈ ਕਿ ਕਾਗਜ਼ ਤੇ ਲਿਖਿਆ ਗਣਿਤ ਦਾ ਫਾਰਮੂਲਾ ਸੁਹਣਾ ਲਗਦਾ ਹੈ, ਪਰ ਕਿਸ ਨੂੰ? ਗਣਿਤ-ਸ਼ਾਸਤਰੀ ਨੂੰ ਕਿ ਆਮ ਆਦਮੀ ਨੂੰ ਵੀ? ਜੇ ਅਜਿਹਾ ਨਹੀਂ ਤਾਂ ਉਸਦੀ ਸੁੰਦਰਤਾ ਕਿਸ ਕੰਮ ਦੀ? ਉਹ ਸ਼ਕਲ ਜਿਹੜੀ ਕੁਝ ਗਿਣਤੀਆਂ ਦੇ ਸਹਾਰੇ ਉਸਾਰੀ ਗਈ ਹੈ ਤੇ ਕੋਈ ਜੁਗਤ ਸਮਝਾਉਂਦੀ ਹੈ ਉਹ ਕਾਰੀਗਰੀ ਹੈ। ਗਣਿਤ ਦਾ ਫਾਰਮੂਲਾ ਕੋਈ ਪਲਾਸਟਿਕ ਮਾਧਿਅਮ ਧਾਰਨ ਨਹੀਂ ਕਰਦਾ, ਨਾ ਉਸ ਨੂੰ ਬਣਾਉਣ ਵਿਚ ਪਲਾਸਟਿਕ ਮਾਧਿਅਮ ਦੀ ਵਰਤੋਂ ਕੀਤੀ ਗਈ ਹੁੰਦੀ ਹੈ।

ਪ੍ਰਸ਼ਨ- ਕਲਾ ਵਿਚ ਪਰਿਵਰਤਨ ਕਿਵੇਂ ਆਉਂਦੇ ਹਨ ?

ਉੱਤਰ- ਕਲਾ ਆਪਣਾ ਲਿਬਾਸ ਬਦਲਦੀ ਰਹਿੰਦੀ ਹੈ। ਵਸਤਰਾਂ ਦਾ ਫੈਸ਼ਨ ਬਦਲਦਾ ਹੈ ਪਰ ਪਹਿਨਣ ਵਾਲੇ ਦਾ ਸਰੀਰ ਅਤੇ ਰੂਹ ਉਹੀ ਰਹਿੰਦੀ ਹੈ। ਕਲਾਪਰਖ ਦੀ ਇਹ ਧਾਰਨਾ ਅਧਿਆਤਮਵਾਦੀਆਂ ਨਾਲ ਮਿਲਦੀ ਹੈ। ਉਹ ਰੂਹ ਨੂੰ ਨਾਸ਼ਵਾਨ ਨਹੀਂ ਮੰਨਦੇ। ਉਨ੍ਹਾਂ ਵਾਸਤੇ ਸਰੀਰ ਕੱਪੜਾ ਹੈ ਜੋ ਨਾਸ਼ਵਾਨ ਹੈ। ਮਨੁਖ ਮਰ ਜਾਂਦਾ ਹੈ, ਰੂਹ ਹੋਰ ਚੋਲਾ ਧਾਰਨ ਕਰ ਲੈਂਦੀ ਹੈ। ਰੂਹ ਇਕ-ਰਸ ਹੈ ਤੇ ਅਮਰ ਹੈ। ਚੋਲੇ ਵੰਨ ਸੁਵੰਨੇ ਹਨ। ਇਸੇ ਤਰ੍ਹਾਂ ਦੇਸ਼ ਅਤੇ ਕਾਲ ਕਾਰਨ ਕਲਾ ਵਿਚ ਕੁਝ ਫਰਕ ਪਿਆ ਦਿਖਾਈ ਦਿੰਦਾ ਹੈ ਪਰ ਇਸ ਦਾ ਖਾਸਾ, ਤੱਤ, ਰੂਹ ਇਕੋ ਰਹਿੰਦੀ ਹੈ। ਕੁਝ ਨਹੀਂ ਬਦਲਦਾ। ਬਾਹਰੀ ਅਸਰਾਂ ਹੇਠ ਆਕੇ ਕਲਾ ਰੂਪ ਬਦਲਦੀ ਹੈ ਪਰ ਉਸਦਾ ਕਰਤੱਵ ਇਕੋ ਹੈ, ਉਹ ਹੈ ਮਨੁਖੀ ਸੁਹਜ ਸੁਆਦ ਦੀ ਤ੍ਰਿਪਤੀ ਕਰਨੀ। ਮਨੁਖ ਉਹੋ ਹੈ ਅੱਜ ਵੀ, ਜਿਹੜਾ ਲੱਖ ਸਾਲ ਪਹਿਲਾਂ ਸੀ, ਕਲਾ ਵੀ ਉਹੋ ਹੈ, ਆਦਿ ਕਾਲੀ। ਕਲਾ ਅਤੇ ਮਨੁਖ ਦਾ ਰਿਸ਼ਤਾ ਵੀ ਅਮਰ ਹੈ।

ਪ੍ਰਸ਼ਨ- ਸਾਹਿਤ ਦੇ ਵਾਦਾਂ ਦਾ ਪੰਜਾਬੀਆਂ ਨੂੰ ਪਤਾ ਹੈ, ਉਨ੍ਹਾਂ ਨੂੰ ਕਲਾ ਦੇ ਵਾਦਾਂ ਬਾਬਤ ਵੀ ਦਸੋ।

ਉੱਤਰ- ਵੱਖ ਵੱਖ ਅਸਰਾਂ ਕਾਰਨ ਵਾਦ ਪੈਦਾ ਹੁੰਦੇ ਹਨ। ਕੋਈ ਬੰਦਾ ਯਤਨ ਕਰਕੇ ਵਾਦ ਨਹੀਂ ਚਲਾ ਸਕਦਾ, ਇਵੇਂ ਹੀ ਵਿਸ਼ੇਸ਼ ਇਤਿਹਾਸਕ ਹਾਲਾਤ ਵਾਦਾਂ ਨੂੰ ਜਨਮ ਦੇਣ, ਇਹ ਵੀ ਜ਼ਰੂਰੀ ਨਹੀਂ। ਜਿਵੇਂ ਹੀ ਖਿਆਲਾਂ ਦੀ ਇਕ ਲੜੀ ਬਣੀ ਬਸ ਵਾਦ ਸ਼ੁਰੂ ਹੋ ਗਿਆ, ਇਸ ਵਾਸਤੇ ਨਾ ਕੋਈ ਨਿਸ਼ਚਿਤ ਸ਼ਰਤਾਂ ਹਨ ਤੇ ਨਾ ਭਵਿੱਖਬਾਣੀਆਂ। ਜਦੋਂ ਕੋਈ ਵੱਡਾ ਕਲਾਕਾਰ ਨਵੇਂ ਪ੍ਰਯੋਗ ਵਿਚ ਸਫ਼ਲ ਹੋ ਜਾਂਦਾ ਹੈ ਤੇ ਉਸਦਾ ਪ੍ਰਯੋਗ ਸਥਾਪਿਤ ਹੋਕੇ ਮਾਨਤਾ ਪ੍ਰਾਪਤ ਕਰ ਲੈਂਦਾ ਹੈ ਤਦ ਸਾਡੇ ਸਾਹਮਣੇ ਨਵਾਂ ਵਾਦ ਪ੍ਰਗਟ ਹੋ ਗਿਆ। ਸਾਲ 1908 ਵਿਚ ਵੌਕਸੇਲ ਨੇ ਬਹਾਕ ਦੀ ਇਕ ਨੁਮਾਇਸ਼ ਵਿਚ ਇਕ ਚਿੱਤਰ ਚੁਕਿਆ ਤੇ ਉਸਨੂੰ ਕਿਊਬਿਜ਼ਮ (Cubism) ਦਾ ਨਾਮ ਦੇ ਦਿੱਤਾ। ਇਹ ਸ਼ਬਦ ਤਾਂ ਪਹਿਲਾਂ ਵੀ ਮੌਜੂਦ ਸੀ ਪਰ ਉਦੋਂ ਇਹ ਵਾਦ ਨਹੀਂ ਬਣਿਆ ਸੀ। ਪਿਛਲੀ ਸਾਰੀ ਵੀਹਵੀਂ ਸਦੀ ਇਸ ਵਾਦ ਦੀ ਕਿਸੇ ਨਾ ਕਿਸੇ ਰੂਪ ਵਿਚ ਸ਼ਿਕਾਰ ਰਹੀ।

ਸਿਆਸਤ ਤੋਂ ਉਲਟ, ਕਲਾ ਦੀ ਦੁਨੀਆਂ ਵਿਚ ਜ਼ਰੂਰੀ ਨਹੀਂ ਕਿ ਹਰ ਵਾਦ ਨੂੰ ਬਹੁਗਿਣਤੀ ਪ੍ਰਵਾਨ ਕਰੇ। ਅਜਿਹਾ ਹੋਣ ਲੱਗੇ ਤਾਂ ਕਲਾ ਦਾ ਮੁਢਲਾ ਰੂਪ ਹੀ ਬਦਲ ਜਾਵੇ। ਆਮ ਆਦਮੀ ਸਿਆਸੀ ਪ੍ਰਵਾਹ ਵਿਚ ਤੈਰੇਗਾ, ਇਸ ਦਰਿਆ ਨੂੰ ਉਲਟੇ ਰੁਖ ਮੋੜਾ ਦੇਣਾ ਉਸਦੇ ਵਸ ਦੀ ਗੱਲ ਨਹੀਂ। ਇਸ ਪ੍ਰਵਾਹ ਨੂੰ ਤਾਕਤਵਰ ਕਲਾਕਾਰ ਮੋੜਾ ਦੇ ਦਿੰਦਾ ਹੈ ਤਦ ਸਮਾਜਕ ਢਾਂਚੇ ਨੂੰ ਨਵੀਆਂ ਕਦਰਾਂ ਕੀਮਤਾਂ ਮਿਲਦੀਆਂ ਹਨ। ਵੈਸੇ ਤਾਂ ਕਲਾ ਵਿਚ ਏਨੇ ਵਾਦ ਹਨ ਕਿ ਇਨ੍ਹਾਂ ਦੀ ਸੂਚੀ ਵੀ ਨਹੀਂ ਬਣਾਈ ਜਾ ਸਕਦੀ ਪਰ ਦੋ ਵੱਡੇ ਸਿਧਾਂਤ ਅਸਰੰਦਾਜ਼ ਰਹੇ ਹਨ। ਪਹਿਲਾ ਹੈ ਯਥਾਰਥਵਾਦ। ਜੋ ਜੋ ਅੱਖ ਨਾਲ ਦਿਸਦਾ ਜਾਂਦਾ ਹੈ, ਉਸਨੂੰ ਸੱਚੋ ਸੱਚ ਉਸੇ ਪ੍ਰਕਾਰ ਉਲੀਕਣਾ। ਦੂਜਾ ਹੈ ਭਾਵ-ਵਾਚਕ, ਜੋ ਦਿਸਦਾ ਹੈ, ਉਸਨੂੰ ਕੀ ਚਿਤਰਨਾ? ਇਹ ਤਾਂ ਚਿਤਰਿਆ ਹੀ ਪਿਆ ਹੈ ਕੁਦਰਤ ਵਿੱਚ। ਜੋ ਦਿਸਦਾ ਹੈ, ਉਸਨੇ ਤੁਹਾਡੇ ਮਨ ਉਪਰ ਪ੍ਰਭਾਵ ਕੀ ਛੱਡਿਆ, ਮਹੱਤਵਪੂਰਨ ਉਹ ਹੈ ਨਾ ਕਿ ਦ੍ਰਿਸ਼। ਉਹ ਪ੍ਰਭਾਵ ਚਿਤਰੋ।

ਇਸ ਵਿਚਾਰ ਨੂੰ ਤਿਲਾਂਜਲੀ ਦੇਣੀ ਪਵੇਗੀ ਕਿ ਭਾਵ-ਕਲਾ ਬੁਰਜੂਆ ਰਹਿੰਦ ਖੂੰਹਦ ਦਾ ਪ੍ਰਗਟਾਵਾ ਹੈ, ਭਾਵ-ਕਲਾ ਬਾਬਤ ਇਹ ਵਿਚਾਰ ਕਮਜ਼ੋਰ ਹੈ। ਇਸ ਦੇ ਹਾਮੀ ਅਨਜਾਣ ਵੀ ਹਨ ਪਖਪਾਤੀ ਵੀ। ਕਲਾ-ਪਾਰਖੂ ਇਉਂ ਫਤਵੇ ਨਹੀਂ ਘੜਿਆ ਕਰਦੇ। ਯਥਾਰਥਵਾਦੀਆਂ ਨੇ ਇਹ ਵੀ ਕਿਹਾ ਕਿ ਭਾਵ-ਵਾਚਕ ਕਲਾ ਉਨ੍ਹਾਂ ਕਲਾਕਾਰਾਂ ਦੀ ਕਿਰਤ ਹੈ ਜੋ ਕਲਾ ਤੋਂ ਸੱਖਣੇ ਹਨ। ਯੂਨਾਨੀਆਂ ਨੇ ਯਥਾਰਥਵਾਦ ਨੂੰ ਢਹਿੰਦੀ ਕਲਾ ਦਾ ਨਾਮ ਦਿੱਤਾ। ਉਨ੍ਹਾਂ ਕਿਹਾ ਕਿ ਕਲਾ ਦੀ ਉਚਤਾ ਨੂੰ ਥੇਹ ਕਰਨ ਦੀ ਜਿੰਮੇਵਾਰੀ ਯਥਾਰਥਵਾਦੀਆਂ ਦੀ ਹੈ ਜਿਨ੍ਹਾਂ ਨੇ ਚਿਤਰਕਾਰੀ ਅਤੇ ਕਵਿਤਾ ਵਰਗੀਆਂ ਕੋਮਲ ਕਲਾਵਾਂ ਨੂੰ ਵੀ ਪਦਾਰਥਵਾਦ/ਦਵੰਦਵਾਦ ਦੀ ਤੱਕੜੀ ਨਾਲ ਤੋਲਿਆ। ਕਲਾ ਦੀਆਂ ਹੱਦ ਬੰਦੀਆਂ ਕਰ ਦਿਤੀਆਂ, ਦੂਸ਼ਣਬਾਜ਼ੀ ਸ਼ੁਰੂ ਹੋ ਗਈ। ਆਖਰ ਹੰਢੇ ਵਰਤੇ ਕਲਾਕਾਰ ਇਸ ਦੂਸ਼ਣਬਾਜੀ ਤੋਂ ਉਕਤਾ ਗਏ ਅਤੇ ਨਵੇਂ ਕਲਾਕਾਰਾਂ ਨੂੰ ਇਹ ਚੰਗੀ ਨਾ ਲੱਗੀ। ਇਟਲੀ ਦੇ ਕਲਾਸੀਕਲ ਕਲਾਕਾਰਾਂ ਨੇ ਦੁਨੀਆਂ ਉਪਰ ਅਸਰ ਪਾਇਆ। ਵੱਡੇ ਕਲਾਕਾਰ ਅਤੇ ਮੋਢੀ ਹਨ, ਮਾਈਕਲ ਏਂਜਲੋ, ਲਿਊਨਾਰਦੋ ਦ ਵਿਨਸੀ, ਤਿਨਤੋਰੈਤੋ, ਪੇਰੂਜੀਨੋ ਅਤੇ ਬੋਤੀਚੈਲੀ। ਇਨ੍ਹਾਂ ਨੇ ਯਥਾਰਥਵਾਦ ਵਿਚ ਆਈ ਖੜੋਤ ਨੂੰ ਤੋੜਿਆ। ਪੁਰਾਣੀਆਂ ਪਰੰਪਰਾਵਾਂ ਟੁਟਣੀਆਂ ਸ਼ੁਰੂ ਹੋਈਆਂ। ਯਥਾਰਥਵਾਦ ਦੀ ਕਰੰਸੀ ਹਲਕੀ ਪੈ ਗਈ।

ਪ੍ਰਸਿੱਧ ਫਰਾਂਸੀਸੀ ਚਿਤਰਕਾਰ ਡੀਗਾ, ਭਾਵਵਾਦੀ (impressionist) ਸੀ। ਉਸਨੇ ਅਪਣੇ ਕਵੀ ਦੋਸਤ ਮਲਾਰਮ ਨੂੰ ਚਿੱਠੀ ਲਿਖ ਕੇ ਪੁੱਛਿਆ- ਬਹੁਤ ਅਛੁਹੇ ਤੇ ਨਰੋਏ ਵਿਚਾਰ ਹੋਣ ਦੇ ਬਾਵਜੂਦ ਮੇਰੇ ਤੋਂ ਚੰਗੀ ਕਵਿਤਾ ਕਿਉਂ ਨਹੀਂ ਲਿਖੀ ਜਾਂਦੀ?

ਮਲਾਰਮ ਨੇ ਉਤਰ ਦਿੱਤਾ- ਕਵਿਤਾ ਵਿਚਾਰਾਂ ਨਾਲ ਨਹੀਂ ਲਿਖੀ ਜਾਂਦੀ, ਸ਼ਬਦਾਂ ਨਾਲ ਲਿਖੀ ਜਾਂਦੀ ਹੈ। ਕਲਾਕਾਰ ਉਨ੍ਹਾਂ ਜੋਗੀਆਂ ਵਾਂਗ ਹਨ ਜੋ ਵਿਚਕਾਰਲਾ ਰਸਤਾ ਨਹੀਂ ਚੁਣਦੇ। ਪੰਛੀਆਂ ਨੂੰ ਡਾਰਵਿਨ ਵਾਂਗ ਦੇਖਣ ਦੀ ਥਾਂ ਉਹ ਸੰਤ ਫਰਾਂਸਿਸ, ਸ਼ੇਖ ਫਰੀਦ ਅਤੇ ਗੁਰੂ ਨਾਨਕ ਦੇਵ ਦੀ ਦ੍ਰਿਸ਼ਟੀ ਤੋਂ ਦੇਖਦੇ ਹਨ।

ਪ੍ਰਸ਼ਨ- ਕਲਾ ਅਤੇ ਕਲਾਕਾਰ ਦਾ ਰਿਸ਼ਤਾ ਸ਼ਬਦਾਂ ਵਿਚ ਕਿਵੇਂ ਤੈਅ ਕਰੋਗੇ?

ਉੱਤਰ- ਹਰੇਕ ਰਚਨਾ ਵਿਚ ਕਰਤਾ ਦਾ ਦਰਸ਼ਨ ਹੈ, ਕਰਤਾ ਦਾ ਪੂਰਨ ਵਿਅਕਤਿੱਤਵ ਪ੍ਰਗਟ ਹੋਕੇ ਰਚਨਾ ਉਤਰਦੀ ਹੈ। ਅਸੀਂ ਕਈ ਵਾਰ ਬੱਚੇ ਨੂੰ ਦੇਖਣਸਾਰ ਆਖ ਦਿੰਦੇ ਹਾਂ - ਇਹ ਫਲਾਣੇ ਖਾਨਦਾਨ ਦਾ ਹੈ ਜਾਂ ਇਹ ਫਲਾਣੇ ਦਾ ਪੁੱਤਰ, ਫਲਾਣੇ ਦਾ ਭਰਾ ਹੈ। ਕਲਾ ਕਿਰਤ ਵਿਚੋਂ ਕਲਾਕਾਰ ਦਿਸਦਾ ਹੈ। ਕਈ ਆਲੋਚਕ ਚਿਤਰ ਦੇਖਦਿਆਂ ਹੀ ਕਹਿ ਦਿੰਦੇ ਹਨ, ਇਹ ਹੁਸੈਨ ਹੈ, ਇਹ ਗੁਜਰਾਲ ਹੈ। ਅਸੀਂ ਬੰਦੇ ਦੇ ਲਿਬਾਸ ਤੋਂ ਪਤਾ ਲਾ ਲੈਂਦੇ ਹਾਂ - ਇਹ ਮੁਸਲਮਾਨ ਹੈ, ਇਹ ਹਿੰਦੂ ਹੈ, ਇਹ ਸਿੱਖ ਹੈ। ਇਵੇਂ ਕਈ ਕਲਾ ਪਾਰਖੂ ਦੇਖਣ ਸਾਰ ਜਾਣ ਜਾਂਦੇ ਹਨ ਕਿ ਇਹ ਚਿਤਰ ਫਲਾਣੇ ਕਾਲ ਦੀ ਉਪਜ ਹੈ, ਫਲਾਣੇ ਦੇਸ ਅਤੇ ਫਲਾਣੇ ਸਕੂਲ ਦਾ ਹੈ।

ਆਖਰੀ ਪ੍ਰਸ਼ਨ- ਮੇਰੇ ਵਰਗੇ ਨਾ-ਸਮਝ ਬੰਦੇ ਨੂੰ ਸੌਖੀ ਤਰ੍ਹਾਂ ਦੱਸੋ ਚਿੱਤਰਕਾਰੀ ਦੇ ਮੂਲ ਤੱਤ ਕਿਹੜੇ ਹਨ? ਉਤਰ- ਨਾ-ਸਮਝ ਬੰਦਾ ਉਹ ਨਹੀਂ ਜਿਸ ਕੋਲ ਜਾਣਕਾਰੀ ਨਹੀਂ। ਬੇਸਮਝ ਉਹ ਸ਼ਖਸ ਹੁੰਦਾ ਹੈ ਜਿਹੜਾ ਜਾਣਨ ਤੋਂ ਮੁਨਕਿਰ ਹੋਵੇ। ਇਸ ਤਰ੍ਹਾਂ ਦੇ ਮੁਨਕਿਰ ਨੂੰ ਬੇਸ਼ਕ ਨਾਸਤਕ ਆਖ ਲਵੋ ਜਾਂ ਕੋਈ ਹੋਰ ਸਨਮਾਨਯੋਗ ਵਿਸ਼ੇਸ਼ਣ ਦੇ ਦਿਉ, ਤੁਹਾਡੀ ਮਰਜੀ। ਹੁਣ ਸੁਣੋ ਸਵਾਲ ਦਾ ਜਵਾਬ।

“ਰੇਖਾ, ਰੰਗ ਤੇ ਟੋਨ ਤਿੰਨ ਮੂਲ ਤੱਤ ਹਨ ਚਿਤਰਕਲਾ ਦੇ। ਰੇਖਾ ਸਭ ਤੋਂ ਸੀਮਤ ਤੱਤ ਹੈ। ਇਸ ਨੂੰ ਮਿਿਣਆ ਜਾ ਸਕਦਾ ਹੈ। ਰੰਗ ਵਿਚ ਭਾਰ ਹੁੰਦਾ ਹੈ, ਸੋ ਇਹ ਮਿਿਣਆ ਵੀ ਜਾ ਸਕਦਾ ਹੈ ਤੋਲਿਆ ਵੀ ਜਾ ਸਕਦੈ। ਰੰਗ ਪਹਿਲੋਂ ਲੱਛਣ ਹੈ ਫੇਰ ਭਾਰ, ਕਿਉਂਕਿ ਇਹ ਪ੍ਰਕਾਸ਼ ਵੀ ਹੈ। ਟੋਨ ਪ੍ਰਕਾਸ਼ ਅਤੇ ਅੰਧਕਾਰ ਦੀ ਖੇਡ ਹੈ। ਅਨੇਕ ਡਿਗਰੀ ਦੀਆਂ ਟੋਨਾ ਕਾਲੇ ਅਤੇ ਚਿਟੇ ਦੇ ਵਿਚਕਾਰ ਆ ਜਾਂਦੀਆਂ ਹਨ। ਇਨ੍ਹਾਂ ਤਿੰਨੇ ਤੱਤਾਂ ਉਪਰ ਕਲਾਕ੍ਰਿਤ ਦਾ ਮਹਿਲ ਉਸਰਿਆ ਹੋਇਆ ਹੈ।”

ਆਰਟ ਉਪਰ ਉਸਦੀ ਕਿਤਾਬ ਆਧੁਨਿਕ ਚਿਤਰਕਲਾ ਦੀ ਜਾਣ ਪਛਾਣ, ਪੰਜਾਬੀ ਯੂਨੀਵਰਸਿਟੀ ਨੇ 1983 ਵਿਚ ਛਾਪੀ ਸੀ। ਇਹ ਹੁਣ ਆਊਟ ਆਫ਼ ਪ੍ਰਿੰਟ ਹੈ। ਕਵਿਤਾ ਦੀ ਕਿਤਾਬ 2003 ਵਿਚ ਏਸ਼ੀਆ ਵਿਯਨਜ਼ ਲੁਧਿਆਣਾ ਨੇ ਛਾਪੀ, ਵਾਰਿਸ ਸ਼ਾਹ ਨੂੰ ਸਮਰਪਣ ਕਰਦਿਆਂ ਹੀਰ ਵਿਚੋਂ ਇਹ ਬੰਦ ਦਿਤੇ ਹਨ :

ਇਸ਼ਕ ਆਸ਼ਕਾਂ ਦਾ ਸਿਦਕ ਸਾਦਕਾਂ ਦਾ
ਸਬਰ ਸਾਬਰਾਂ ਸ਼ੋਰ ਦੀਵਾਨਿਆਂ ਦਾ।
ਦਾਗ ਲਾਲੀਆਂ ਦਾ ਸੋਜ਼ ਬੁਲਬੁਲਾਂ ਦਾ
ਚੁਪ ਚਾਪ ਰਹਿਣਾ ਮਸਤਾਨਿਆਂ ਦਾ।

ਗੁਰਚਰਨ ਰਾਮਪੁਰੀ ਨੇ ਉਸ ਬਾਬਤ ਲਿਖਿਆ, “ਹਰਦੇਵ ਚਿਤਰਕਾਰ ਹੈ, ਮੈਂ ਲੰਮੇ ਸਮੇਂ ਤੋਂ ਜਾਣਦਾ ਸਾਂ। ਕਵੀ ਹਰਦੇਵ ਹੁਣੇ ਅਚਾਨਕ ਮਿਲਿਆ। ਜਿਸ ਰੂਪ ਵਿਚ ਵੀ ਮਿਲੇ ਉਸ ਤੋਂ ਖੁਸ਼ੀ ਮਿਲਦੀ ਹੈ। ਇਕ ਦੋ ਲਕੀਰਾਂ ਨਾਲ ਉਹ ਮੁਟਿਆਰ, ਫੁੱਲ, ਮੰਗਤਾ ਰਚ ਦਿੰਦਾ ਹੈ, ਦੋ ਛੁਹਾਂ ਨਾਲ ਉਸਦਾ ਬਰੱਸ਼ ਮੁਸਕਾਣ ਸਿਰਜ ਦਿੰਦਾ ਹੈ। ਉਹ ਸੰਖੇਪ ਦਾ ਵਿਸ਼ਵਾਸੀ ਹੈ। ਉਸ ਵਿਚ ਸੁਹਜ ਤੇ ਸਹਿਜ ਦੋਵੇਂ ਹਨ।

1966 ਵਿਚ ਜਾਨ ਮੋਰੇਕ ਨੇ ਲਿਖਿਆ, “ਗੁਣਵੰਤ ਹਰਦੇਵ ਸਿੰਘ ਨੂੰ ਪੋਲੈਂਡ ਦੇ ਕਲਚਰ-ਆਰਟ ਮੰਤਰਾਲੇ ਨੇ ਵਜ਼ੀਫਾ ਦੇਕੇ ਭਾਰਤ ਤੋਂ ਸੱਦਿਆ ਹੈ। ਉਹ ਆਧੁਨਿਕ ਭਾਰਤੀ ਕਲਾ ਗੈਲਰੀ ਦੇ ਸਿਰਜਕਾਂ ਵਿਚੋਂ ਹੈ। ਪੋਲੈਂਡ ਦੇ ਵਖ ਵਖ ਸੁਹਣੇ ਥਾਵਾਂ ਤੇ ਜਾ ਕੇ ਉਸਨੇ ਦੋ ਸੌ ਪੇਂਟਿੰਗਜ਼ ਬਣਾਈਆਂ ਹਨ। ਵਾਰਸਾ ਸਮੇਤ ਉਸਨੇ ਖੇਤਰੀ ਰਾਜਧਾਨੀਆਂ ਵਿਚ ਆਪਣੀ ਕਲਾ ਦੀ ਨੁਮਾਇਸ਼ ਕੀਤੀ ਤੇ ਸ਼ਾਬਾਸ਼ ਖੱਟੀ ਹੈ। ਲੋਜ਼ ਅਤੇ ਤੋਰੁਨ ਵਰਗੇ ਕਲਾ ਪ੍ਰੇਮੀਆਂ ਨੂੰ ਮਿਲਕੇ ਉਸਨੇ ਅਪਣੇ ਫਨ ਤੋਂ ਜਾਣੂ ਕਰਵਾਇਆ। ਪੋਲਿਸ਼ ਇੰਡੀਅਨ ਫਰੈਂਡਸ਼ਿਪ ਸੋਸਾਇਟੀ ਵਲੋਂ ਵੀ ਉਸਦੀਆਂ ਕਿਰਤਾਂ ਦੀ ਨੁਮਾਇਸ਼ ਲਾਈ ਅਤੇ ਪਸੰਦ ਕੀਤੀ ਗਈ। ਉਸਨੇ ਆਪਣੀਆਂ ਨਜ਼ਮਾਂ ਵੀ ਸੁਣਾਈਆਂ। ਫਿਰ ਦਰਸ਼ਕਾਂ ਨਾਲ ਉਸਦੀ ਸਜੀਵ ਗੋਸ਼ਟੀ ਹੋਈ।

1968 ਵਿਚ ਮਕਬੂਲ ਫਿਦਾ ਹੁਸੈਨ ਤਿੰਨ ਦਿਨਾਂ ਵਾਸਤੇ ਪੋਲੈਂਡ ਵਿਚ ਆਪਣੀ ਆਰਟ ਨੁਮਾਇਸ਼ ਲਾਉਣ ਲਈ ਆਇਆ ਤਾਂ ਉਹ ਹਰਦੇਵ ਕੋਲ ਰਿਹਾ। ਦੋਵਾਂ ਦਾ ਆਰਟ ਪਸੰਦ ਕੀਤਾ ਗਿਆ।

1969 ਵਿਚ ਇਲੱਸਟਰੇਟਡ ਵੀਕਲੀ ਨੇ ਸਵਿੱਸ ਆਰਟ ਆਲੋਚਕ ਮਾਰਕ ਕੁਹਨ ਦੀ ਟਿੱਪਣੀ ਛਾਪੀ, “ਹਰ ਪੇਂਟਿੰਗ ਕਲਾਕਾਰ ਤੋਂ ਕੁੱਝ ਹੋਰ ਮੰਗ ਕਰਦੀ ਦਿਸਦੀ ਹੈ, ਜਿਵੇਂ ਅਸੀਂ ਆਪਣੇ ਆਪ ਨਾਲ ਯੁੱਧ ਕਰਦੇ ਹੋਏ, ਉਹ ਜੰਗ ਜਿੱਤਣ ਲੱਗੇ ਹੋਈਏ ਜਿਹੜਾ ਕਿਸੇ ਕਲਾਕਾਰ ਨੇ ਅੱਜ ਤੱਕ ਨਹੀਂ ਜਿੱਤਿਆ। ਹਰਦੇਵ ਦਾ ਯੁੱਧ, ਉਪਰਲੀ ਦਿਸਦੀ ਤਹਿ ਉਤੇ ਨਹੀਂ, ਧੁਰ ਰੂਹ ਅੰਦਰਲਾ ਸੰਗਰਾਮ ਹੈ। ਹਰਦੇਵ ਦਾ ਆਰਟ ਸ਼ਾਂਤ ਨਹੀਂ। ਲਗਦਾ ਹੈ ਆਦਿ ਕਾਲੀ ਆਰਟ ਨਵੇਂ ਸਿਰੇ ਤੋਂ ਪਲਾਸਟਿਕ ਰੂਪ ਵਿਚ ਆਉਣ ਵਾਸਤੇ ਖੋਲ ਤੋੜ ਰਿਹਾ ਹੈ। ਸੱਤ ਸਾਲ ਤੋਂ ਉਹ ਇਟਲੀ, ਹਾਲੈਂਡ ਤੇ ਪੋਲੈਂਡ ਵਿਚ ਰਹਿ ਰਿਹਾ ਹੈ, ਪੂਰਬੀ ਅਨੁਭਵ, ਪੱਛਮ ਦੀ ਤਕਨੀਕ ਰਾਹੀਂ ਨਵੀਂ ਸਿਰਜਣਾ ਦਾ ਪ੍ਰਯੋਗ ਕਰ ਰਿਹਾ ਹੈ। ਕਦੀ ਲਗਦਾ ਹੈ ਜਿਵੇਂ ਦੂਰੋਂ ਪਾਰੋਂ ਕਵਿਤਾ ਅਤੇ ਸੰਗੀਤ ਦੇ ਸੁਰ ਤੁਰਦੇ ਆ ਰਹੇ ਹਨ ਤੇ ਸਮਕਾਲੀ ਅੱਖ ਇਨ੍ਹਾਂ ਨੂੰ ਸੁਣ ਜਾਂ ਪੜ੍ਹ ਨਹੀਂ ਰਹੀ, ਦੇਖ ਰਹੀ ਹੈ। ਇਹ ਆਦਿ-ਕਾਲੀ ਭਾਰਤ ਦੇ ਜ਼ੇਵਰ ਹਨ।”

220 ਫੁੱਟ ਲੰਮੇ ਕਾਗਜ਼ ਦੇ ਬੰਡਲ ਉਪਰ ਚਿਤਰਿਆ ਹੁਨਰ ਜਿਹੜਾ ਉਹ ਪੋਲੈਂਡ, ਪੈਰਿਸ ਅਤੇ ਟੋਰਾਂਟੋ ਦੀਆਂ ਨੁਮਾਇੰਸ਼ਾਂ ਵਿਚ ਦਿਖਾ ਚੁਕਿਆ ਸੀ 1973 ਵਿਚ ਟੇਮਜ਼ ਥਿਏਟਰ ਆਰਟ ਗੈਲਰੀ ਕੈਥਮ ਵਿਚ ਦਿਖਾਇਆ। ਮਾਈਕ ਮਕਤੀਅਰ ਨੇ ਲਿਖਿਆ, “ਅਚੇਤਨ ਦਾ ਉਬਾਲ ਬਾਹਰ ਚੇਤਨ ਵਿਚ ਆ ਗਿਆ ਹੈ। ਪੂਰਬੀ ਭਾਵਨਾਵਾਂ ਨੱਚਣ ਲੱਗੀਆਂ ਹਨ। ਸੰਸਕ੍ਰਿਤ, ਉਰਦੂ ਅਤੇ ਪੰਜਾਬੀ ਦੇ ਅੱਖਰ ਚਿਤਰਾਂ ਵਿਚ ਉਤਰ ਰਹੇ ਹਨ, ਸਾਜ਼ਿੰਦੇ ਹਨ, ਨਾਚ ਹੋ ਰਹੇ ਹਨ, ਕੋਈ ਦ੍ਰਿਸ਼ ਕਿਸੇ ਅਨੁਸ਼ਾਸਨ ਵਿਚ ਨਹੀਂ। ਨਾਲ ਨਾਲ ਫਿਲਮ ਦਿਖਾਈ ਜਾ ਰਹੀ ਹੈ ਜਿਸ ਵਿਚ ਪੰਜਾਬ ਦਾ ਕਲਚਰ ਤੈਰ ਰਿਹਾ ਹੈ। ਇਸ ਫਿਲਮ ਦਾ ਸੰਗੀਤ ਵੀ ਹਰਦੇਵ ਨੇ ਸੁਰਬਧ ਕੀਤਾ ਹੈ।”

9 ਨਵੰਬਰ 1987 ਨੂੰ ਪ੍ਰੋਫੈਸਰ ਹਰਬੰਸ ਸਿੰਘ ਚੀਫ਼ ਐਡੀਟਰ ਸਿਖ ਵਿਸ਼ਵਕੋਸ਼ ਨੇ ਲਿਖਿਆ- ਹਰਦੇਵ ਦੇ ਬਾਰਾਮਾਹ ਨੂੰ ਸ਼ਰਧਾਂਜਲੀ ਦਾ ਨਾਮ ਦਿੱਤਾ ਜਾਣਾ ਯੋਗ ਹੈ। ਏਨਾ ਗਜ਼ਬ ਦਾ ਆਰਟ-ਵਰਕ ਲਫ਼ਜ਼ਾਂ ਵਿਚ ਨਹੀਂ ਆ ਸਕਦਾ। ਹਰਦੇਵ ਨੂੰ ਬਾਣੀ ਦੀ ਰੂਹ ਅਤੇ ਸਿਖ ਕਲਾ ਦੀ ਤਬੀਅਤ ਦੀ ਪਛਾਣ ਹੈ। ਇਹ ਰਚਨਾ ਸਿਖ ਧਰਮ ਦੀ ਵਿਆਖਿਆਕਾਰੀ ਅਤੇ ਸਿਖ ਸੌਂਦਰਯ-ਸ਼ਾਸਤਰ ਦਾ ਸਥਿਰ ਸ਼ਾਹਕਾਰ ਹੈ।

5 ਮਾਰਚ 2010 ਨੂੰ ਆਰਟ ਕਰਿਟਿਕ ਪ੍ਰਬੀਨਾ ਰਸ਼ੀਦ ਨੇ ਅੰਗਰੇਜ਼ੀ ਟ੍ਰਿਬਿਊਨ ਵਿਚ ਲਿਖਿਆ, “ਮੇਰੇ ਵਰਗੀ ਗੁੰਗੀ ਬੋਲੀ ਲਈ ਰਾਗ ਦਾ ਕੀ ਮਹੱਤਵ ? ਜਦ ਹਰਦੇਵ ਦੇ ਕੈਨਵਸ ਉਪਰ ਇਕੱਤੀ ਰਾਗਾਂ ਦੇ ਚਿੱਤਰ ਦੇਖੇ, ਮੈਨੂੰ ਰਾਗ ਵਿਦਿਆ ਦੀ ਪਛਾਣ ਹੋ ਗਈ। ਸੁਰ ਦੀ ਭਾਸ਼ਾ ਇਹੋ ਹੈ। ਹਰੇਕ ਰਾਗ ਤੁਹਾਨੂੰ ਨਿਰਵਾਣ ਵਰਗੇ ਮੁਕਾਮ ਤੇ ਲੈ ਜਾਂਦਾ ਹੈ। ਜ਼ਖਮੀ ਬਾਜ਼, ਸਿੱਖਾਂ ਦੇ ਜ਼ਖਮੀ ਕਾਫ਼ਲੇ ਦੇਖੇ।

ਡੂਡਲਜ਼ ਐਂਡ ਸਕਰਿੱਬਲਜ਼ ਖੂਬਸੂਰਤ ਅਨੁਭਵਾਂ ਦੀ ਕਿਤਾਬ ਹੈ ਜਿਹੜੀ ਪੰਜਾਬੀ, ਅੰਗਰੇਜ਼ੀ ਅਤੇ ਪੋਲਿਸ਼ ਤਿੰਨ ਜ਼ਬਾਨਾ ਵਿਚ ਲਿਖੀ ਗਈ ਹੈ। ਖਬੇ ਪਾਸੇ ਤਿੰਨ ਲਿੱਪੀਆਂ ਹਨ, ਸੱਜੇ ਪਾਸੇ ਉਸੇ ਭਾਵਨਾ ਦੀ ਡਰਾਇੰਗ। ਫੁੱਲ ਨਹੀਂ, ਖਿਲਰੀਆਂ ਹੋਈਆਂ ਪੱਤੀਆਂ ਹਨ, ਚਾਹੋ ਤਾਂ ਖੁਦ ਫੁਲ ਗੁੰਦ ਲਵੋ ਜਾਂ ਗੁਲਦਸਤਾ ਤਿਆਰ ਕਰੋ। ਇਸ ਕਿਤਾਬ ਬਾਰੇ ਨਵਤੇਜ ਭਾਰਤੀ ਨੇ ਲਿਖਿਆ, “ਅਰਥਾਂ ਦੀ ਮੈਟਾਫਿਜ਼ਿਕਸ ਦੁਬਾਰਾ ਲਿਖਣੀ ਪਵੇਗੀ। ਸਿਰਲੇਖ ਤੋਂ ਪਤਾ ਲਗਦਾ ਹੈ ਕਿ ਕੁਝ ਵੀ ਵਿਅਰਥ ਨਹੀਂ ਹੁੰਦਾ। ਘੁਚਮੁਚੀਆਂ ਦਾ ਆਪਣਾ ਵਚਿੱਤਰ ਵਿਗਿਆਨ ਹੈ। ਕਾਠ ਮਾਰੇ ਹੋਏ ਅਰਥ ਨਾਲੋਂ ਹਸਦਾ ਗਾਉਂਦਾ ਪਾਗਲਪਣ ਬਹੁਤਾ ਸੁਹਣਾ ਜੀਵਨ ਹੈ। ਇਹ ਕਿਤਾਬ ਬੰਧੇਜ ਨੂੰ ਤੋੜਦੀ ਹੈ।” ਹਰਦੇਵ ਦਾ ਆਖਣਾ ਹੈ- ਜਿਹੜਾ ਲਕੀਰ ਵਾਹ ਸਕਦਾ ਹੈ ਤੇ ਅੱਖਰ ਲਿਖਣਾ ਜਾਣਦਾ ਹੈ, ਉਸ ਵਾਸਤੇ ਸਿਰਜਣਾ ਹੰਕਾਰ-ਯਾਤਰਾ ਨਹੀਂ। ਨਿਪੁੰਨ ਭਾਸ਼ਾ ਵਿਗਿਆਨੀ ਕਵੀ ਹੋਵੇ ਜ਼ਰੂਰੀ ਨਹੀਂ ਕਿਉਂਕਿ ਆਰਟ, ਕਾਰੀਗਰੀ ਨਹੀਂ। ਨਿਸ਼ਚਾ ਕਰਕੇ, ਬੈਠ ਕੇ, ਫੈਸਲੇ ਕਰਕੇ ਮਹਾਨ ਆਰਟ ਨਹੀਂ ਸਿਰਜਿਆ ਗਿਆ।”

ਵਾਰਸਾ ਦੇ ਚਿੜੀਆ ਘਰ ਵਿਚ ਦੁਨੀਆਂ ਭਰ ਵਿਚੋਂ ਲਿਆਂਦੇ ਗਏ ਪਿੰਜਰਿਆਂ ਦੀ ਨੁਮਾਇਸ਼ ਲਾਈ ਗਈ। ਅਖਬਾਰਾਂ ਨੇ ਲਿਖਿਆ, “ਵਾਰਸਾ ਸ਼ਹਿਰ ਦੀ ਬਸੰਤ ਰੁੱਤ ਦਿਲ ਵਿਚ ਉਤਾਰੋ। ਫਿਰ ਜ਼ੂਆਲੋਜੀਕਲ ਪਾਰਕ ਵਿਚ ਜਾਉ। ਇਥੇ ਤੁਹਾਨੂੰ ਭਾਰਤੀ ਪੰਛੀਆਂ ਦੀਆਂ ਮਿਨੀਏਚਰ ਪੇਂਟਿੰਗਜ਼ ਦੀ ਨੁਮਾਇਸ਼ ਨਜ਼ਰ ਆਏਗੀ। ਇਸ ਮੇਲੇ ਵਿਚ ਟੋਰਾਂਟੋ ਤੋਂ ਆਏ ਭਾਰਤੀ ਕਲਾਕਾਰ ਹਰਦੇਵ ਨੇ ਰੰਗ ਭਰੇ ਹਨ। ਪੰਛੀਆਂ ਦੇ ਭੇਦ ਦੁਨੀਆਂ ਦੇ ਸਾਰੇ ਕਲਾਕਾਰਾਂ ਨੇ ਜਾਣਨੇ ਚਾਹੇ ਹਨ। ਰਾਜਸਥਾਨੀ ਕਲਾਕਾਰਾਂ ਨੇ ਰੇਸ਼ਮੀ ਕੱਪੜੇ ਉਪਰ ਮਿਨੀਏਚਰ ਪੇਂਟਿੰਗਜ਼ ਰਾਹੀਂ ਕਿਹੋ ਜਿਹੇ ਪੰਛੀ ਉਤਾਰ ਦਿਤੇ ਹਨ, ਆਦਮੀ ਦੰਗ ਰਹਿ ਜਾਂਦਾ ਹੈ। ਸ੍ਰੀ ਲੰਕਾਂ, ਬੰਗਲਾ ਦੇਸ਼, ਈਰਾਨ, ਇੰਡੋਨੇਸ਼ੀਆ ਅਤੇ ਮਲੇਸ਼ੀਆ ਤੋਂ ਆਏ ਰਾਜਦੂਤਾਂ ਦਾ ਸਵਾਗਤ ਕਰਨ ਵਾਸਤੇ ਵਾਰਸਾ ਚਿੜੀਆਘਰ ਦਾ ਡਾਇਰੈਕਟਰ ਰੇਂਬੀਜ਼ਿਵਸਕੀ ਇਸ ਸ਼ੋ ਕਾਰਨ ਬਹੁਤ ਖੁਸ਼ ਦਿੱਸਿਆ।

ਉਸਦੀਆਂ ਪੇਂਟਿੰਗਜ਼, ਡ੍ਰਾਇੰਗਜ਼ ਦੀ ਗਿਣਤੀ ਸੱਤ ਹਜ਼ਾਰ ਹੈ। ਯੋਰਪ ਅਤੇ ਅਮਰੀਕਾ ਵਿਚ ਉਹ ਸੱਤਰ ਨੁਮਾਇਸ਼ਾਂ ਕਰ ਚੁੱਕਾ ਹੈ। ਪੰਜਾਬ ਦੀਆਂ ਲੋਕ ਕਹਾਣੀਆਂ ਉਸਨੇ ਪੋਲਿਸ਼ ਬੋਲੀ ਵਿਚ ਲਿਖੀਆਂ।ਇਹ ਕਿਤਾਬ ਇਕ ਲੱਖ ਦੀ ਗਿਣਤੀ ਪਾਰ ਕਰ ਚੁਕੀ ਹੈ। ਉਹ ਫ਼ਖਰ ਨਾਲ ਦਸਦਾ ਹੈ ਕਿ 1979 ਦੀ ਪਹਿਲੀ ਸਿੱਖ ਕਾਨਫਰੰਸ ਕੈਨੇਡਾ ਵਿਚ ਉਸ ਨੇ ਕਰਵਾਈ ਸੀ ਜੋ ਬਾਦ ਵਿਚ ਵੀ ਹੁੰਦੀ ਰਹੀ।

ਹਰਦੇਵ ਸਿੰਘ ਸੰਤੁਸ਼ਟ ਨਹੀਂ। ਉਹ ਕਹਿੰਦਾ ਹੈ, “ਮੈਂ ਸਫ਼ਲ ਨਹੀਂ ਹੋਇਆ।”

ਸੁਕਰਾਤ ਦੇ ਸਮਕਾਲੀ, ਪੁਰਾਤਨ ਯੂਨਾਨ ਦੇ ਦਾਨਸ਼ਵਰ ਓਰੇਕਲ ਐਟ ਡੈਲਫੀ ਬਾਬਤ ਮਸ਼ਹੂਰ ਸੀ ਕਿ ਉਸਨੇ ਜੀਵਨ ਵਿਚ ਕਦੀ ਝੂਠ ਨਹੀਂ ਬੋਲਿਆ। ਉਸਨੂੰ ਕੁੱਝ ਬੰਦਿਆਂ ਨੇ ਪੁੱਛਿਆ- ਅੱਜ ਦੁਨੀਆਂ ਵਿਚ ਸਭ ਤੋਂ ਸਿਆਣਾ ਬੰਦਾ ਕੌਣ ਹੈ ? ਓਰੇਕਲ ਨੇ ਕਿਹਾ- ਸੁਕਰਾਤ। ਇਹ ਗੱਲ ਸੁਕਰਾਤ ਨੂੰ ਦੱਸੀ ਗਈ ਤਾਂ ਉਸਨੇ ਕਿਹਾ- ਮੈਨੂੰ ਪੱਕਾ ਪਤਾ ਹੈ ਕਿ ਮੈਨੂੰ ਕੁੱਝ ਪਤਾ ਨਹੀਂ।

ਉਸ ਵਰਗੇ ਹੋਰ ਕਲਾਕਾਰ ਪੰਜਾਬ ਵਿਚ ਜਨਮ ਲੈਣ, ਮੈਂ ਉਡੀਕ ਕਰ ਰਿਹਾ ਹਾਂ। ਮਿਲਟਨ ਦਾ ਸਵਾਲ ਹੈ- ਜਿਹੜਾ ਬੰਦਾ ਉਡੀਕ ਕਰ ਰਿਹਾ ਹੈ, ਤੁਹਾਡਾ ਕੀ ਖਿਆਲ ਹੈ ਉਹ ਕੋਈ ਕੰਮ ਨਹੀਂ ਕਰ ਰਿਹਾ ?

('ਆਰਟ ਤੋਂ ਬੰਦਗੀ ਤੱਕ' ਵਿੱਚੋਂ)

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਹਰਪਾਲ ਸਿੰਘ ਪੰਨੂ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ