Hardial Sagar ਹਰਦਿਆਲ ਸਾਗਰ

ਨਵੀਂ ਤਰਜ਼ ਦਾ ਗ਼ਜ਼ਲਕਾਰ ਹਰਦਿਆਲ ਸਾਗਰ
ਪੰਜਾਬੀ ਗ਼ਜ਼ਲ ਵਿੱਚ ਨਿਵੇਕਲੀਆਂ ਪੈੜਾਂ ਕਰਨ ਵਾਲਾ ਬੁਲੰਦ ਸ਼ਾਇਰ ਹਰਦਿਆਲ ਸਾਗਰ ਲੰਮਾ ਸਮਾਂ ਖ਼ਰਾਇਤੀ ਰਾਮ ਮਹਿੰਦਰੂ ਡੀ ਏ ਵੀ ਕਾਲਿਜ ਨਕੋਦਰ (ਜਲੰਧਰ) ਵਿੱਚ ਪੰਜਾਬੀ ਦੀ ਪ੍ਰਾ ਅਧਿਆਪਕ ਰਿਹਾ ਹੈ। ਉਸ ਦੇ ਸੰਪਰਕ ਚ ਆਏ ਬਹੁਤ ਸਾਰੇ ਵਿਦਿਆਰਥੀਆਂ ਵਿੱਚੋਂ ਵਰਤਮਾਨ ਸਮੇਂ ਦੇ ਸਮਰੱਥ ਕਵੀ ਹਨ।
ਹਰਦਿਆਲ ਸਾਗਰ ਦਾ ਜਨਮ 7 ਮਾਰਚ 1954 ਨੂੰ ਕਪੂਰਥਲਾ ਵਿਖੇ ਪਿਤਾ ਸ਼੍ਰੀ ਇੰਦਰ ਲਾਲ ਅਤੇ ਮਾਤਾ ਜੀ ਇੱਛਰਾਂ ਦੇਵੀ ਦੇ ਘਰ ਹੋਇਆ। ਪੰਜਾਂ ਵਰ੍ਹਿਆਂ ਦੀ ਛੋਟੀ ਉਮਰੇ ਹੀ ਹਰਦਿਆਲ ਸਾਗਰ ਦੀ ਮਾਤਾ ਜੀ ਦਾ ਦਿਹਾਂਤ ਹੋ ਗਿਆ ਸੀ।
ਉਸ ਨੇ ਕਪੂਰਥਲਾ ਤੋਂ ਹੀ ਸਕੂਲੀ ਅਤੇ ਰਣਧੀਰ ਕਾਲਿਜ ਕਪੂਰਥਲਾ ਤੋਂ ਪੜ੍ਹਾਈ ਕੀਤੀ। 1978 ਵਿੱਚ ਉਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਐਮ. ਫਿਲ. ਕੀਤੀ।
ਉਸ ਨੇ 1978 ਤੋਂ 1982 ਤੱਕ ਡੀ.ਏ.ਵੀ. ਕਾਲਿਜ ਬਟਾਲਾ, ਬੇਰਿੰਗ ਯੂਨੀਅਨ ਕਰਿਸਚਨ ਕਾਲਿਜ ਬਟਾਲਾ, ਡੀ. ਏ. ਵੀ. ਕਾਲਿਜ ਜਲੰਧਰ ਅਤੇ ਲਾਜਪਤ ਰਾਏ ਸਰਕਾਰੀ ਕਾਲਿਜ ਢੁੱਡੀਕੇ ਵਿੱਚ ਵੀ ਪੜ੍ਹਾਇਆ। ਇਕ ਵਰ੍ਹਾ ਉਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ “ਸਾਹਿਤ ਦੇ ਇਤਿਹਾਸ“ ਦੇ ਖੋਜ ਪ੍ਰਾਜੈਕਟ ਵਿੱਚ ਵੀ ਕੰਮ ਕੀਤਾ। 1985 ਵਿੱਚ ਉਸ ਨੂੰ ਕੇ . ਆਰ. ਐਮ. ਡੀ. ਏ. ਵੀ ਕਾਲਿਜ ਨਕੋਦਰ ਵਿੱਚ ਅਧਿਆਪਨ ਦੀ ਪੱਕੀ ਨੌਕਰੀ ਮਿਲ਼ ਗਈ ਅਤੇ ਉਥੋਂ ਹੀ ਉਹ 2014 ਵਿੱਚ ਸੇਵਾ ਮੁਕਤ ਹੋਇਆ।
ਹਰਦਿਆਲ ਸਾਗਰ ਦਾ ਪਹਿਲਾ ਗ਼ਜ਼ਲ ਸੰਗ੍ਰਹਿ 'ਬਿਨ ਸਿਰਨਾਵੇਂ ਪੈਰ' 1985 ਤੇ 'ਜੰਗਲ ਦਾ ਕੁਹਰਾਮ' 2004 ਵਿੱਚ ਛਪਿਆ ਮੈਂ ਪੜ੍ਹਿਆ ਹੈ। ਹੁਣ ਪਤਾ ਲੱਗਾ ਹੈ ਕਿ ਉਸ ਦਾ ਤੀਸਰਾ ਗ਼ਜ਼ਲ ਸੰਗ੍ਰਹਿ “ਅਰਜ਼ ਤੋਂ ਐਲਾਨ ਤੱਕ” ਵੀ ਛਪਿਆ ਹੈ।
ਮੈਨੂੰ ਹਰਦਿਆਲ ਸਾਗਰ ਦੀ ਸ਼ਾਇਰੀ ਵਿੱਚੋਂ ਵਿਸ਼ਲੇਸ਼ਣੀ ਨੇਤਰਾਂ ਦੇ ਦਰਸ਼ਨ ਹੁੰਦੇ ਹਨ। - ਗੁਰਭਜਨ ਗਿੱਲ