Harinder Brar
ਹਰਿੰਦਰ ਬਰਾੜ

ਹਰਿੰਦਰ ਬਰਾੜ ਕਵਿਤਾ ਲਿਖਦੀ ਨਹੀਂ, ਹਰਫ਼ ਹਰਫ਼ ਜਿਉਂਦੀ ਹੈ। ਸ਼ਬਦਾਂ ਨੂੰ ਸਰਫਾ ਕਰਕੇ ਕਰੀਨੇ ਨਾਲ ਸਜਾਉਂਦੀ ਹੈ। ਕਹਾਣੀ ਕਵਿਤਾ ਤੇ ਵਾਰਤਕ ਇੱਕੋ ਵੇਲੇ ਲਿਖਦੀ ਹਰਿੰਦਰ ਦਾ ਜੱਦੀ ਪਿੰਡ ਭਾਵੇਂ ਬਟਾਲਾ ਡੇਰਾ ਬਾਬਾ ਨਾਨਕ ਸੜਕ ਤੇ ਦਾਲਮ ਨੰਗਲ ਨੇੜੇ ਓਗਰੇਵਾਲ ਹੈ ਪਰ ਲੰਮੇ ਸਮੇਂ ਤੋਂ ਇਹ ਪਰਿਵਾਰ ਔੜ(ਨਵਾਂਸ਼ਹਿਰ) ਚ ਆ ਵੱਸਿਆ। ਪਿਤਾ ਜੀ ਸ: ਸ਼ਿਵਦਯਾਲ ਸਿੰਘ ਸਰਾ ਤੇ ਮਾਤਾ ਜੀ ਸਰਦਾਰਨੀ ਹਰਦਰਸ਼ਨ ਕੌਰ ਦੇ ਘਰ 16 ਨਵੰਬਰ 1959 ਨੂੰ ਜਨਮੀ ਹਰਿੰਦਰ ਨੇ ਗੌਰਮਿੰਟ ਕਾਲਿਜ ਲੁਧਿਆਣਾ ਤੋਂ ਅੰਗਰੇਜ਼ੀ ਦੀ ਐੱਮ ਏ 19 ਸਾਲ ਦੀ ਉਮਰ ਚ ਪਾਸ ਕਰ ਲਈ। ਲਾਇਲਪੁਰ ਖਾਲਸਾ ਕਾਲਿਜ ਜਲੰਧਰ ਚ ਪੜ੍ਹਾਉਂਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜਲੰਧਰ ਸਥਿਤ ਖੇਤਰੀ ਕੇਂਦਰ ਤੋਂ ਸ਼ਾਮ ਤੀਆਂ ਕਲਾਸਿਜ਼ ਦੇ ਵਿਸ਼ੇਸ਼ ਪ੍ਰੋਗਰਾਮ ਅਧੀਨ ਐੱਮ ਫਿੱਲ ਕੀਤੀ। 1979- 80 ਚ ਪਹਿਲਾਂ ਗੁਰੂ ਨਾਨਕ ਕਾਲਿਜ ਫਾਰ ਵਿਮੈੱਨ ਬੰਗਾ ਤੇ ਮਗਰੋਂ 1980 ਤੋਂ 1989 ਤੀਕ ਲਾਇਲਪੁਰ ਖਾਲਸਾ ਕਾਲਿਜ (ਲੜਕੇ) ਜਲੰਧਰ ਚ ਅੰਗਰੇਜ਼ੀ ਪੜ੍ਹਾਈ। ਆਪਣੀ ਭੂਆ ਜੀ ਦੇ ਬੇਟੇ ਤੇ ਕੌਮੀ ਪ੍ਰਸਿੱਧੀ ਪ੍ਰਾਪਤ ਲੇਖਕ ਤੇ ਪੱਤਰਕਾਰ ਰਾਜ ਗਿੱਲ ਵੱਲੋਂ ਮਿਲੀ ਸਾਹਿੱਤਕ ਸੇਧ ਨੇ ਉਸ ਦੀ ਸਿਰਜਣਾਤਮਕ ਪ੍ਰਤਿਭਾ ਤੇ ਸ਼ਖਸੀਅਤ ਨੂੰ ਸ਼ਿੰਗਾਰਿਆ।

ਪੀ ਸੀ ਐੱਸ (ਅਲਾਈਡ) ਸੇਵਾਵਾਂ ਚ ਆ ਕੇ ਉਸ ਨੇ ਪੰਜਾਬ ਦੇ ਆਬਕਾਰੀ ਤੇ ਕਰ ਮਹਿਕਮੇ ਚ ਆਪਣੀ ਨਿਵੇਕਲੀ ਕਾਰਜਸ਼ੈਲੀ ਨਾਲ ਧਾਂਕ ਜਮਾਈ ਤੇ ਸਿਰਜਣਾਤਮਕ ਕਾਰਜ ਵੀ ਜਾਰੀ ਰੱਖਿਆ। ਇਸੇ ਵਿਭਾਗ ਚੋਂ ਸੰਯੁਕਤ ਕਮਿਸ਼ਨਰ ਵਜੋਂ ਸੇਵਾਮੁਕਤ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਨੇ ਮੁੜ ਵਿਭਾਗ ਚ ਓ ਐੱਸ ਡੀ (ਲੀਗਲ) ਵਜੋਂ ਨਿਯੁਕਤ ਕਰ ਲਿਆ ਹੈ। ਹਰਿੰਦਰ ਬਰਾੜ ਦੇ ਜੀਵਨ ਸਾਥੀ ਸ: ਕੁਲਦੀਪ ਸਿੰਘ ਬਰਾੜ ਜੀ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀ ਹਨ ,ਜਿੰਨ੍ਹਾਂ ਦਾ ਜੱਦੀ ਪਿੰਡ ਆਲਮਵਾਲਾ(ਮੋਗਾ) ਹੈ। ਇੱਕ ਪੁੱਤਰ ਤੇ ਧੀ ਦੀ ਮਾਂ ਹਰਿੰਦਰ ਬਰਾੜ ਦੀ ਹੁਣ ਤੀਕ ਭਾਵੇਂ ਇੱਕੋ ਪੁਸਤਕ ਹੁੰਗਾਰਾ ਹੀ ਹੈ ,ਪਰ ਉਸ ਦੀ ਕਾਵਿ ਗੰਗਾ ਨਿਰੰਤਰ ਵਹਿ ਰਹੀ ਹੈ। ਦੇਸ਼ ਬਦੇਸ਼ ਅਨੇਕ ਯਾਤਰਾਵਾਂ ਤੇ ਸਾਹਿਤਕ ਸੰਮੇਲਨਾਂ ਚ ਹਿੱਸਾ ਲੈਣ ਵਾਲੀ ਇਸ ਲੇਖਕ ਨੂੰ ਰੋਜ਼ਾਨਾ ਅਖ਼ਬਾਰ ਦਾ ਟ੍ਰਿਬਿਊਨ, ਹਿੰਦੋਸਤਾਨ ਟਾਈਮਜ਼ ਤੇ ਵੱਖ ਵੱਖ ਪੰਜਾਬੀ ਅਖ਼ਬਾਰਾਂ ਤੇ ਮੈਗਜ਼ੀਨਜ਼ ਵਿੱਚ ਛਪਣ ਦਾ ਮਾਣ ਹਾਸਲ ਹੈ। 1988-89 ਚ ਸਭ ਤੋਂ ਨਿੱਕੀ ਉਮਰ ਦੀ ਕਾਲਿਜ ਲੈਕਚਰਰ ਬਣਨ ਕਾਰਨ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਸੈਨਿਟ ਦੀ ਮੈਂਬਰ ਵੀ ਰਹੀ ਹੈ।

ਉਸ ਦੀਆਂ ਕਵਿਤਾਵਾਂ ਬਾਰੇ ਗੁਰਭਜਨ ਗਿੱਲ ਦਾ ਕਥਨ ਹੈ ਕਿ ਹਰਿੰਦਰ ਦੀ ਕਵਿਤਾ ਤੁਹਾਡੇ ਨਾਲ ਗੱਲਾਂ ਕਰਦੀ ਹੈ। ਨਿੱਕੀਆਂ ਨਿੱਕੀਆਂ ਗੱਲਾਂ ਜੋ ਅਸੀਂ ਅਕਸਰ ਅਣਗੌਲੀਆਂ ਕਰ ਜਾਂਦੇ ਹਾਂ ਪਰ ਇਨ੍ਹਾਂ ਦੇ ਵਡੇਰੇ ਅਰਥ ਤੁਹਾਨੂੰ ਰੂਹ ਦੇ ਧੁਰ ਅੰਦਰ ਲੈ ਵੜਦੇ ਹਨ।