Harnek Singh Bhandal
ਹਰਨੇਕ ਸਿੰਘ ਭੰਡਾਲ

ਪੰਜਾਬੀ ਗੀਤਕਾਰੀ ਦੇ ਖੇਤਰ ਵਿੱਚ ਚੰਗੇ ਸੁਥਰੇ ਸਭਿਆਚਾਰਕ ਗੀਤਾਂ ਦੇ ਸਿਰਜਕ ਹਰਨੇਕ ਸਿੰਘ ਭੰਡਾਲ ਦਾ ਜਨਮ ਸਰਦਾਰ ਨਾਹਰ ਸਿੰਘ ਦੇ ਘਰ ਮਾਤਾ ਸੁਰਜੀਤ ਕੌਰ ਦੀ ਕੁਖੋਂ 1 ਮਾਰਚ 1957 ਨੂੰ ਪਿੰਡ ਗੱਗੜ ਮਾਜਰਾ ਤਹਿਸੀਲ ਖੰਨਾ(ਲੁਧਿਆਣਾ ਚ ਹੋਇਆ। ਹਰਨੇਕ ਸਿੰਘ ਦੀ ਜੀਵਨ ਸਾਥਣ ਸੁਰਿੰਦਰ ਕੌਰ ਹੈ ਤੇ ਦੋ ਸਪੁੱਤਰ ਮਨਦੀਪ ਸਿੰਘ ਤੇ ਦਲਜੀਤ ਸਿੰਘ ਹਨ। ਹਰਨੇਕ ਸਿੰਘ ਭੰਡਾਲ ਨੇ ਪ੍ਰਾਇਮਰੀ ਸਿਖਿਆ ਸਰਕਾਰੀ ਪ੍ਰਾਇਮਰੀ ਸਕੂਲ ਗੱਗੜ ਮਾਜਰਾ ਤੇਂ ਹੀ ਹਾਸਲ ਕੀਤੀ। ਦਸਵੀ ਤੱਕ ਸਰਕਾਰੀ ਹਾਈ ਸਕੂਲ ਦਹੇੜੂ ਤੇ ਗਰੈਜੂਏਸ਼ਨ ਏ ਐਸ ਕਾਲਜ ਖੰਨਾ ਤੋਂ 1973-1977 ਦਰਮਿਆਨ ਕੀਤੀ। ਐਮ ਏ ਪੰਜਾਬੀ ਸਰਵਿਸ ਦੌਰਾਨ ਪਰਾਈਵੇਟ ਤੌਰ ਤੇ ਕੀਤੀ। 1 ਮਾਰਚ1982 ਤੋਂ ਫਰਵਰੀ 2017 ਤੀਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਚ ਸੇਵਾ ਕੀਤੀ।

ਉਸ ਦਾ ਪਹਿਲਾ ਗੀਤ ਕੁਲਦੀਪ ਮਾਣਕ ਨੇ ਰੰਗਲੇ ਪੰਜਾਬ ਨੂੰ ਕੀ ਹੋ ਗਿਆ 1988 ਵਿੱਚ ਰੀਕਾਰਡ ਕਰਵਾਇਆ। ਪੱਗ ਬੰਨਣੀ ਨਾ ਜਾਇਓ ਭੁੱਲ ਓ ਪੰਜਾਬੀਓ ਤੇ ਜਿਵੇਂ ਕਹੇਂਗੀ ਕਰਲਾਂਗੇ ਰਵਿੰਦਰ ਗਰੇਵਾਲ ਨੇ ਰੀਕਾਰਡ ਕੀਤੇ । ਕੀ ਰੱਖ ਲਾਂ ਤੇਰਾ ਨਾਂ ਤੇ ਸਾਂਭੋ ਸਰਦਾਰੀ ਸੱਤਪਾਲ ਸੋਖਾ, ਮਿਰਜ਼ਾ ਮਨਜੀਤ ਰਾਹੀ ਤੇ ਦਲਜੀਤ ਕੌਰ ਰਾਹਾਂ ਵਿੱਚ ਲੱਗ ਜਾਣ ਰੌਣਕਾਂ ਵੀਰ ਸੁਖਵੰਤ ਨੇ ਰੀਕਾਰਡ ਕਰਵਾਏ। ਇਕ ਤੱਕਿਆ ਆਸਰਾ ਤੇਰਾ ਧਾਰਮਿਕ ਗੀਤ ਕਵੀਸ਼ਰ ਗਿਆਨੀ ਤਿਰਲੋਚਨ ਸਿੰਘ ਭਮੱਦੀ ਨੇ ਗਾਇਆ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀਆਂ ਪਸਾਰ ਕੈਸਟਾਂ ਸੁਚੱਜਾ ਗ੍ਰਹਿ ਪ੍ਰਬੰਧ ਮੁਰਗੀ ਪਾਲਣ ਲਈ ਵੀ ਗੀਤ ਕਮਲ ਕਰਤਾਰ ਧੁੱਗਾ ਦੀ ਆਵਾਜ਼ ਚ ਰੀਕਾਰਡ ਕੀਤੇ। ਨੌਜਵਾਨ ਸਭਾ ਗੱਗੜ ਮਾਜਰਾ,ਯੂਥ ਅਕਾਲੀ ਦਲ ਅਹਿਮਦਗੜ੍ਹ,ਪਗੜੀ ਸੰਭਾਲ ਯੂਥ ਕਲੱਬ ਸਹੌਲੀ ਤੇ ਪੰਜਾਬੀ ਸਭਿਆਚਾਰਕ ਕੇਦਰ ਮੈਲਬੌਰਨ ਆਸਟਰੇਲੀਆ ਨੇ ਵੀ ਹਰਨੇਕ ਸਿੰਘ ਭੰਡਾਲ ਨੂੰ ਸਨਮਾਨਿਤ ਕੀਤਾ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਸਾਹਿੱਤ ਸਭਾ ਦੇ ਸਰਗਰਮ ਮੈਂਬਰ ਰਹੇ ਹਰਨੇਕ ਸਿੰਘ ਭੰਡਾਲ ਨੂੰ ਡਾ. ਸਾਧੂ ਸਿੰਘ,ਸੁਰਜੀਤ ਪਾਤਰ ਡਾ. ਜ ਸ ਨਿਰਾਲਾ ਤੇ ਗੁਰਭਜਨ ਗਿੱਲ ਨੇ ਬਹੁਤ ਸਿਰਜਣਾਤਮਕ ਪ੍ਰੇਰਨਾ ਦਿੱਤੀ। ਯੂਨੀਵਰਸਿਟੀ ਦੇ ਮਾਸਿਕ ਪੱਤਰ ਚੰਗੀ ਖੇਤੀ ਚ ਵੀ ਉਸ ਦੇ ਗੀਤ ਅਕਸਰ ਪ੍ਰਕਾਸ਼ਿਤ ਹੁੰਦੇ ਰਹੇ। ਹਰਨੇਕ ਵਰਤਮਾਨ ਸਮੇਂ ਆਪਣੇ ਪਿੰਡ ਗੱਗੜਮਾਜਰਾ ਚ ਹੀ ਰਹਿੰਦਾ ਹੈ ਪਰ ਕਦੇ ਕਦੇ ਬੱਚਿਆਂ ਕੋਲ ਆਸਟਰੇਲੀਆ ਵੀ ਚੱਕਰ ਮਾਰ ਆਉਂਦਾ ਹੈ।