Hazara Singh Gurdaspuri ਹਜ਼ਾਰਾ ਸਿੰਘ ਗੁਰਦਾਸਪੁਰੀ

ਹਜ਼ਾਰਾ ਸਿੰਘ ਗੁਰਦਾਸਪੁਰੀ ਦਾ ਜਨਮ 1911 ਵਿਚ ਪਿੰਡ ਨੰਗਲ ਕੋਟਲੀ, ਜ਼ਿਲਾ ਗੁਰਦਾਸਪੁਰ ਵਿਚ ਹੋਇਆ। ਇਸ ਇਲਾਕੇ ਨੂੰ ਰਿਆੜਕੀ ਕਹਿੰਦੇ ਨੇ। ਉਹਦੀਆਂ ਕਵਿਤਾਵਾਂ ਵਿਚ ਇਸ ਸ਼ਬਦ ਦੀ ਵਰਤੋਂ ਅਕਸਰ ਹੋਈ ਹੈ। ਉਹਦਾ ਬਾਪ ਇਮਾਰਤਸਾਜ਼ੀ ਦਾ ਕੰਮ ਕਰਦਾ ਸੀ। ਨੌਵੀਂ ਜਮਾਤ ਤਕ ਸਕੂਲ ਦੀ ਪੜ੍ਹਾਈ ਕੀਤੀ। ਇਸ ਦੌਰਾਨ ਉਹਦਾ ਧਿਆਨ ਅੰਗ੍ਰੇਜ਼ੀ ਹਕੂਮਤ ਵਿਰੁੱਧ ਹੋ ਗਿਆ ਅਤੇ ਉਹਨੇ ਇਨਕਲਾਬੀ ਕਾਰਵਾਈਆਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਕਿਸੇ ਦੇ ਮੁਖਬਰੀ ਕਰਨ ਤੇ ਫੜਿਆ ਗਿਆ।ਉਹਦੇ ਨਾਲ 19 ਜਣੇ ਹੋਰ ਸਨ। ਉਦੋਂ ਉਹਦੀ ਉਮਰ ਵੀਹ ਵਰ੍ਹਿਆਂ ਦੀ ਸੀ। ਤਾਜ਼ੀਰਾਤੇ ਹਿੰਦ ਦੀ ਧਾਰਾ 121 ਏ (ਬਾਦਸ਼ਾਹ ਦੇ ਵਿਰੁੱਧ ਜੰਗ ਕਰਨ ਦੀ ਤਿਆਰੀ) ਦੇ ਅਧੀਨ ਉਹਨੂੰ ਤੇਰ੍ਹਾਂ ਵਰਿਆਂ ਦੀ ਕੈਦ ਹੋਈ। ਇਹ 1932 ਦੀ ਗੱਲ ਹੈ।
ਜੇਲ੍ਹ ਵਿਚ ਉਸਨੂੰ ਬਾਬਾ ਗੁਰਮੁਖ ਸਿੰਘ, ਟੀਕਾ ਰਾਮ ਸੁਖਨ, ਚੌਧਰੀ ਸ਼ੇਰ ਜੰਗ, ਪਰਮਾਨੰਦ ਝਾਂਸੀ, ਇੰਦਰਪਾਲ, ਬੱਬਰਾਂ ਅਤੇ ਹੋਰ ਇਨਕਲਾਬੀਆਂ ਦਾ ਸਾਥ ਨਸੀਬ ਹੋਇਆ। ਇਹ ਸਭ ਮੁਲਤਾਨ ਜੇਲ੍ਹ ਵਿਚ ਸਨ। ਉਹਨੇ ਟੀਕਾ ਰਾਮ ਸੁਖਨ ਤੋਂ ਅੰਗ੍ਰੇਜ਼ੀ, ਇੰਦਰਪਾਲ ਤੇ ਚੌਧਰੀ ਸ਼ੇਰ ਜੰਗ ਤੋਂ ਉਰਦੂ ਅਤੇ ਫਾਰਸੀ ਪੜ੍ਹੀ। ਸਾਢੇ ਸੱਤ ਵਰ੍ਹਿਆਂ ਬਾਅਦ 1938 ਵਿਚ ਰਿਹਾ ਹੋਇਆ। ਜੇਲ੍ਹ ਵਿਚ ਬੁੱਧੀਜੀਵੀਆਂ ਅਤੇ ਇਨਕਲਾਬੀਆਂ ਦੀ ਸੰਗਤ ਵਿਚੋਂ ਉਹਨੂੰ ਇਤਿਹਾਸ, ਮਨੋਵਿਗਿਆਨ, ਕ੍ਰਾਂਤੀ ਅਤੇ ਗਿਆਨ ਦੇ ਹੋਰ ਖੇਤਰਾਂ ਦਾ ਇਲਮ ਹੋਇਆ। ਸੂਝ ਅਤੇ ਬੁੱਧੀ ਤੀਖਣ ਹੋਈਆਂ। ਦਿਲ ਤੇ ਦਿਮਾਗ਼ ਵਿਚ ਸਾਹਿਤ ਰਚਨਾ ਦਾ ਤੱਤ ਸੀ। ਉਹ ਕਵਿਤਾ ਵਲ ਰੁਚਿਤ ਹੋਇਆ। ਕਾਵਿ-ਯੋਗਤਾ ਉਹਦੇ ਅੰਤਰ 'ਚ ਸੀ। ਉਹ ਕਵੀ ਦਰਬਾਰਾਂ 'ਚ ਹਿੱਸਾ ਲੈਣ ਲੱਗਾ। ਦਿਨਾਂ 'ਚ ਮੰਚ ਦਾ ਸਿਤਾਰਾ ਬਣ ਗਿਆ।
ਇਹਨਾਂ ਨੇ ਵਾਰ-ਕਾਵਿ ਵਿਚ ਨਵੀਂ ਸ਼ੈਲੀ ਦੀ ਰਚਨਾ ਕੀਤੀ। ਉਹਦੇ ਕੋਲ ਠੁੱਕਦਾਰ ਤੇ ਮੁਹਾਵਰੇਦਾਰ ਭਾਸ਼ਾ ਸੀ। ਛੰਦ ਪਰਪੱਕ ਸੀ। ਇਤਿਹਾਸ ਦੇ ਗਿਆਨ ਵਿਚ ਪ੍ਰਬੁੱਧ ਸੀ। ਵਿਸ਼ੇਸ਼ ਕਰਕੇ ਸਿੱਖ ਇਤਿਹਾਸ ਦੀ ਡੂੰਘੀ ਜਾਣਕਾਰੀ ਸੀ। ਪੰਜਾਬੀ ਦੀ ਸਾਰੀ ਵਾਰ-ਰਚਨਾ ਉਹਦੇ ਸਾਹਮਣੇ ਸੀ। ਉਹ ਲੋਕਾਂ ਦੀ ਬਿਰਤੀ ਤੇ ਮਨੋਵਿਗਿਆਨ ਤੋਂ ਜਾਣੂ ਸੀ। ਇਸ ਲਈ ਅਜਿਹੀ ਭਾਸ਼ਾ ਵਰਤਦਾ ਜੋ ਆਮ ਲੋਕਾਂ ਦੇ ਦਿਲਾਂ ਨੂੰ ਟੁੰਬਦੀ ਹੋਏ।
ਰਚਨਾਵਾਂ : ਤਖ਼ਤ ਹਜ਼ਾਰਾ (1952), ਦੀਵਾ ਮੁੜ ਕੇ ਕੋਈ ਜਗਾਵੇ (1953), ਮਿੱਟੀ ਰੋਈ (1957), ਇਕੱਲਾ ਨਹੀਂ ਹਾਂ ਮੈਂ (1982), ਵਾਰਾਂ ਦੀ ਬਾਦਸ਼ਾਹੀ (1984), ਚਿਤ੍ਰੀਆਂ ਇੱਟਾਂ (1986)।

Deeva Mur Ke Koi Jagave : Hazara Singh Gurdaspuri

ਦੀਵਾ ਮੁੜ ਕੇ ਕੋਈ ਜਗਾਵੇ : ਹਜ਼ਾਰਾ ਸਿੰਘ ਗੁਰਦਾਸਪੁਰੀ

Vaaraan Di Badshahi : Hazara Singh Gurdaspuri

ਵਾਰਾਂ ਦੀ ਬਾਦਸ਼ਾਹੀ : ਹਜ਼ਾਰਾ ਸਿੰਘ ਗੁਰਦਾਸਪੁਰੀ

Chittrian Ittaan : Hazara Singh Gurdaspuri

ਚਿਤ੍ਰੀਆਂ ਇੱਟਾਂ : ਹਜ਼ਾਰਾ ਸਿੰਘ ਗੁਰਦਾਸਪੁਰੀ