Hazrat Shams Tabrez ਹਜ਼ਰਤ ਸਮਸ਼ ਤਬਰੇਜ਼

ਹਜ਼ਰਤ ਸਮਸ਼ ਤਬਰੇਜ਼ (੧੧੮੫-੧੨੪੮) ਫਾਰਸੀ ਸੂਫ਼ੀ ਸੰਤ ਕਵੀ ਸਨ । ਉਨ੍ਹਾਂ ਦੀ ਪੂਰੀ ਰਚਨਾ ਬਾਰੇ ਵਿਦਵਾਨਾਂ ਵਿੱਚ ਮਤਭੇਦ ਹਨ । ਉਹ ਮੌਲਾਨਾ ਰੂਮੀ ਦੇ ਗੁਰੂ ਸਨ । ਮੌਲਾਨਾ ਰੂਮੀ ਨੇ ਆਪਣੀ ਰਚਨਾ ਦਾ ਨਾਂ ਵੀ 'ਦੀਵਾਨ-ਏ-ਸ਼ਮਸ-ਏ-ਤਬਰੇਜ਼' ਰੱਖਿਆ । ਏਨਾ ਜ਼ਰੂਰ ਹੈ ਕਿ ਉਨ੍ਹਾਂ ਨੇ ਕਾਵਿ ਰਚਨਾ ਕੀਤੀ ।

ਮਸਨਵੀ ਹਜ਼ਰਤ ਸਮਸ਼ ਤਬਰੇਜ਼

ਜੋ ਕੋਈ ਵਿਚ ਸ਼ਰੀਅਤ ਪਹਿਲੇ ਪੂਰਾ ਹੋ ਕੇ ਆਵੇ
ਰਾਹ ਤਰੀਕਤ ਰਾਜ਼ ਹਕੀਕਤ ਸਾਫ਼ ਸਧੂਰਾ ਪਾਵੇ

ਪੰਧ ਹਕੀਕਤ ਅੰਦਰ ਸਾਲਿਕ ਆਰਿਫ਼ ਰਬ ਦੇ ਰਾਹੀਆਂ
ਵਿਚ ਬਿਆਨ ਲਿਆਂਦੀਆਂ ਚਾਰੇ ਮੰਜ਼ਲਾਂ ਨਾਲ ਸਫ਼ਾਈਆਂ

ਪਹਿਲੀ ਮੰਜ਼ਲ ਨਾਲ ਨਾਸੂਤੋਂ ਸ਼ੁਹਰਤ ਜਗ ਵਿਚ ਪਾਈ
ਹੈਵਾਨੀਅਤ ਦੀਆਂ ਸਿਫ਼ਤਾਂ ਵਿਚ ਬਣਤਰ ਉਸ ਦੀ ਆਈ

ਫ਼ੇਹਲ ਜ਼ਮੀਮਾ ਹੈਵਾਨੀ ਥੀਂ ਜੇਹੜਾ ਬਾਹਰ ਆਵੇ
ਮੰਜ਼ਲ ਦੂਜੀ ਮਲਕੂਤੀ ਵਿਚ ਡੇਰਾ ਅਪਣਾ ਪਾਵੇ

ਰਖੇ ਕਦਮ ਅਗੇਰੇ ਜਿਸ ਦਮ ਮਲਕੂਤਾਂ ਥੀਂ ਵਧ ਕੇ
ਵਿਚ ਜਬਰੂਤ ਮਕਾਮ ਬਣਾਵੇ ਮਲਕੂਤੀ ਨੂੰ ਛਡ ਕੇ

ਮੰਜ਼ਲ ਵਿਚ ਮਕਾਮ ਰੂਹਾਨੀ ਹੈਰਤ ਆਵੇ ਪੂਰੀ
ਏਥੇ ਪਤਾ ਨਿਸ਼ਾਨ ਨਾ ਚਲੇ ਨਾ ਕੋਈ ਕੁਰਬ ਨਾ ਦੂਰੀ

ਕਸ਼ਫ਼ ਕਰਾਮਤ ਅੰਦਰ ਪਾਵੇ ਇਸ ਮੰਜ਼ਲ ਵਿਚ ਵਾਸਾ
ਐ ਪਰ ਏਥੋਂ ਛਡ ਛਡ ਕੇ ਲੰਘ ਜਾਣਾ ਹੈ ਖ਼ਾਸਾ

ਜ਼ਿਕਰ ਫ਼ਿਕਰ ਦੇ ਹੁਜਰੇ ਅੰਦਰ ਵੜ ਕੇ ਵਕਤ ਲੰਘਾਵੇ
ਤੋਬਾ ਦੇ ਪਾਣੀ ਵਿਚ ਦਿਲ ਨੂੰ ਧੋ ਧੋ ਸਾਫ਼ ਬਣਾਵੇ

ਦਿਲ ਤੇ ਜਾਨ ਅੰਦਰ ਜਦ ਬਿਨ ਹਕ ਗ਼ੈਰ ਨਾ ਨਜ਼ਰੀ ਆਸੀ
ਚੌਥੀ ਮੰਜ਼ਲ ਲਾਹੂਤੀ ਵਿਚ ਕਦਮ ਓਂਵੇਂ ਲੰਘ ਜਾਸੀ

ਢੂੰਡ ਤੇ ਭਾਲ ਨਾ ਕੋਈ ਰਹਿਸੀ ਚੌਥੀ ਮੰਜ਼ਲ ਅੰਦਰ
ਬਾਝ ਖ਼ੁਦਾ ਨਾ ਨਜ਼ਰੀ ਆਸੀ ਕੋਈ ਗਲ ਕਥ ਅੰਦਰ

ਸਾਲਿਕ ਜਿਸ ਦਮ ਓਥੇ ਜਾਵੇ ਨਾਲ ਖ਼ੁਦਾ ਦੀ ਯਾਰੀ
ਕਾਦਿਰ ਹੋ ਕੇ ਵਿਚ ਸਮੁੰਦਰ ਵਹਿਦਤ ਲਾਵੇ ਤਾਰੀ

ਮੁਢ ਤਰੀਕਤ ਦਾ ਹੈ ਤੋਬਾ ਰਬ ਵਲ ਦਿਲ ਪਰਤਾਣਾਂ
ਰੋ ਰੋ ਖ਼ੂਨ ਜਿਗਰ ਦਾ ਪੀਣਾ ਅਖੀਆਂ ਰਾਹ ਵਹਾਣਾਂ

ਦਮ ਦਮ ਚਾਹੀਏ ਦਿਲ ਅਪਣੇ ਨੂੰ ਤਰਫ਼ ਸਜਨ ਦੀ ਖੜਨਾ
ਪਹਿਲੇ ਤੋਬਾ ਚਾਹੀਏ ਪਿਛੋਂ ਵਿਚ ਇਬਾਦਤ ਵੜਨਾ

ਖ਼ਾਸਾਂ ਤੇ ਭੀ ਵਾਜਬ ਤੋਬਾ ਕਸ਼ਫ਼ ਕਰਾਮਤੋਂ ਲੰਘਣਾ
ਜਾ ਮਕਾਮੋਂ ਗੁਜ਼ਰ ਸਿਧਾਣਾ ਦਮ ਦਮ ਦਿਲਬਰ ਮੰਗਣਾ

ਬਾਝ ਖ਼ੁਦਾ ਦੇ ਹਰ ਸ਼ੈ ਕੋਲੋਂ ਚਾਹੀਏ ਦਿਲ ਪਰਤਾਣਾਂ
ਜਾਨ ਅਪਣੀ ਨੂੰ ਕਰ ਕਰ ਤੋਬਾ ਮੌਲਾ ਸੰਗ ਮਿਲਾਣਾਂ

ਏਂਵੇਂ ਜਿਸਮ ਬੰਦੇ ਦੀ ਬਣਤਰ ਰਬ ਨੇ ਖ਼ਾਸ ਬਣਾਈ
ਤਿੰਨਾਂ ਚੀਜ਼ਾਂ ਦਾ ਮਜਮੂਆ ਕੁਦਰਤ ਸਿਰਜਿਆ ਭਾਈ

ਨਫ਼ਸ ਤੇ ਰੂਹ ਤੇ ਦਿਲ ਥੀਂ ਸਿਰਜੀ ਰਾਜ਼ ਭਰੀ ਇਹ ਸੂਰਤ
ਹਰ ਇਕ ਤਿੰਨੇਂ ਮੁਸ਼ਕਲਾਂ ਬਣੀਆਂ ਆਦਮ ਦੀ ਵਿਚ ਮੂਰਤ

ਰਾਹ ਸ਼ਰੀਅਤ ਜਿਸਮ ਆਦਮ ਦਾ ਬੰਦਗੀ ਅੰਦਰ ਰਹਿਣਾ
ਰਾਹ ਤਰੀਕਤ ਦਿਲ ਦੇ ਤਾਈਂ ਸਬਰ ਸ਼ੁਕਰ ਵਿੱਚ ਬਹਿਣਾ

ਰਾਹ ਹਕੀਕਤ ਜਾਨ ਅਪਣੀ ਦੇ ਰਾਜ਼ਾਂ ਦੇ ਵਿਚ ਵੜਨਾ
ਦੋਹੀਂ ਜਹਾਨੀਂ ਵਿਹਲਿਆਂ ਹੋ ਕੇ ਹਸਤੀ ਦੇ ਵਿਚ ਰਲਣਾ

ਜੇਕਰ ਤਾਲਿਬ ਸਾਦਿਕ ਹੋਵੇ ਅੰਦਰ ਏਸ ਤਰੀਕੇ
ਧੋ ਕੇ ਹਥ ਜਹਾਨੋਂ ਗੁਜ਼ਰੇ ਰਬ ਦੀ ਨਾਲ ਤੌਫ਼ੀਕੇ

ਕੀਹ ਹੈ ਨਫ਼ਸ ਹਵਾਓਂ ਹਿਰਸੋਂ ਸ਼ਹਿਵਤੋਂ ਗੁਜ਼ਰ ਸਿਧਾਣਾਂ
ਵਿਚ ਇਬਾਦਤ ਅਮਰ ਇਲਾਹੀ ਦਿਲ ਦਾ ਰੰਗ ਬਣਾਣਾ

ਜ਼ਾਹਿਰ ਅੰਦਰ ਵੁਜ਼ੂ ਏਹਾ ਪਾਕ ਜਿਸਮ ਨੂੰ ਰਖਣਾ
ਤੇ ਬਾਤਨ ਦਾ ਵੁਜ਼ੂ ਰਬ ਬਿਨ ਗ਼ੈਰਾਂ ਵਲ ਨਾ ਤਕਣਾ

ਚੋਰਾਂ ਵਾਂਗਣ ਕੈਦ ਕਰੇਂ ਤੂੰ ਅਪਣਿਆਂ ਪੰਜ ਹਵਾਸਾਂ
ਚੋਰਾਂ ਥੀਂ ਤਦ ਬੇਗ਼ਮ ਹੋ ਕੇ ਬੈਠੀਂ ਅੰਦਰ ਖ਼ਾਸਾਂ

ਜੇ ਤੂੰ ਚਾਹੇਂ ਨਾਲ ਸਜਨ ਦੇ ਗਲ ਕਥ ਅਪਣੀ ਯਾਰਾ
ਤੇਰੇ ਨਾਲ ਕਲਾਮ ਕਰੇ ਖ਼ੁਦ ਕਾਦਿਰ ਮੁਤਲਕ ਪਿਆਰਾ

ਪੇਸ਼ ਇਮਾਮ ਬਣਾਈਂ ਹਸਰਤ ਹੋਰਾਂ ਨਦਾਮਤ ਤਾਈਂ
ਦਿਲੋਂ ਬਜਾਨੋਂ ਅਗੇ ਅਪਣੇ ਰਖ ਨਦਾਮਤ ਤਾਈਂ

ਦਿਲ ਨੂੰ ਕੈਦ ਨਾ ਚਾਹੀਏ ਕਰਨਾ ਬਾਲ ਬਚੇ ਸੰਗ ਰਲ ਕੇ
ਦਿਲਬਰ ਨੂੰ ਦਿਲ ਦੇਣਾ ਚਾਹੀਏ ਹਰ ਇਕ ਵਲੋਂ ਵਲ ਕੇ

ਦੁਨੀਆਂ ਨਾਲੇ ਅਹਿਲ ਦੁਨੀ ਥੀਂ ਤੀਰ ਵਾਂਗੂੰ ਨਸ ਜਾਈਂ
ਦਰਵੇਸ਼ਾਂ ਦੀ ਸੁਹਬਤ ਅੰਦਰ ਅਪਣਾ ਮਨ ਪਰਚਾਈਂ