Heer : Hazura Singh

ਹੀਰ : ਹਜ਼ੂਰਾ ਸਿੰਘਝੱਲ ਦੀਆਂ ਕਲੀਆਂ ਕਲਾਮ ਸ਼ਾਇਰ ਮੇਹੀਂ ਆ ਗੀਆਂ ਮਾਹੀ ਮਗਰ ਨਾ ਦਿਸਦਾ ਹੀਰ ਨੂੰ, ਅੱਜ ਦਿਨ ਖੈਰ ਜੇ ਖੁਦਾਵੰਦ ਹੋਵੇ ਕਰਦਾ। ਇਕ ਦਮ ਜਿਸਦੀ ਖਾਤਰ ਰੁਲਦਾ ਸੀ ਵਿਚ ਰੋਹੀਆਂ ਦੇ, ਦੰਮਾਂ ਬਾਝ ਗੁਲਾਮ ਬਣ ਸਿਆਲਾਂ ਦੇ ਦਰ ਦਾ। ਬਿਨਾਂ ਦੇਖੇ ਚੈਨ ਨਾ ਪੈਂਦੀ ਹੀਰ ਸਿਆਲ ਨੂੰ, ਜਿਸਦਾ ਆਸ਼ਕ ਫਿਰੇ ਮਸ਼ੂਕ ਪਿੱਛੇ ਮਰਦਾ। ਰਾਤ ਅੰਧੇਰੀ ਨੰਗੇ ਪੈਰੀਂ ਸੂਰਤ ਪਰੀਆਂ ਦੀ, ਪਤਾ ਲੈ ਲਿਆ ਹੀਰ ਨੇ ਫਿਰਕੇ ਤੇ ਦਰ ਦਰ ਦਾ। ਉੱਠ ਕੇ ਰਸਤੇ ਪੈ ਗਈ ਹੀਰ ਸ਼ੂਕਰ ਝੱਲ ਦੇ, ਪੱਲੂ ਚੱਕਿਆ ਦਿਲ ਤੋਂ ਬਈ ਸ਼ਰਮਾ ਤੇ ਡਰ ਦਾ। ਹੀਰ ਰਾਂਝੇ ਦਾ ਨਿਸ਼ਾਨਾ ਰੱਖ ਹਜ਼ੂਰਾ ਸਿੰਘ, ਲੇਖਾ ਆਪਣੇ ਕਰਮਾਂ ਦਾ ਸਾਫ਼ ਮੈਂ ਕਰਦਾ। ਜਵਾਬ ਹੀਰ ਰਾਤ ਅੰਧੇਰੀ ਹੀਰ ਤੁਰ ਪਈ ਸ਼ੂਕਰ ਝੱਲ ਨੂੰ, ਫਿਰੇ ਭਾਲਦੀ ਜਿੱਥੇ ਮਾਹੀ ਦੇ ਟਿਕਾਣੇ। ਇਕ ਪਲ ਚੈਨ ਨਾ ਪੈਂਦੀ ਹੀਰ ਸਿਆਲ ਨੂੰ, ਲੱਗੀਆਂ ਦੇ ਭੇਤ ਨਿਰਾਲੇ ਲੱਗੀਆਂ ਵਾਲਾ ਜਾਣੇ। ਜਿਨ੍ਹਾਂ ਦੇ ਘਾਉ ਜਿਗਰ ਵਿਚ ਬਈ ਨੈਣਾਂ ਦੇ ਖੁੱਲ੍ਹ ਗਏ ਐ ਛੱਡ ਗਏ ਘਰ ਦਰ ਉਨ੍ਹਾਂ ਦੇ ਕਿਹੜੇ ਘਰਾਣੇ। ਬੇਲੇ ਫਿਰਦੀ ਹੀਰ ਰਾਂਝਣ ਰਾਂਝਣ ਕੂਕਦੀ, ਝੜੀਆਂ ਲਾ ਕੇ ਬਰਸ ਰਹੇ ਨੇ ਨੈਣ ਨਿਮਾਣੇ। ਜਵਾਬ ਹੀਰ (ਹੁਣ ਹੀਰ ਨਾਲੇ ਤੇ ਆ ਖਲੋਤੀ ਹੈ) ਸੁਣ ਵੇ ਨਾਲਿਆ ਡਿੱਠਿਆ ਭਾਲਿਆ ਰਾਂਝੇ ਹੀਰ ਦਿਆ, ਪੱਟ ਪੱਟ ਸਿਟਦੈਂ ਦੋਜ਼ਕੀਆ ਬੂਝੇ ਤੇ ਕਾਹੀਂ। ਅੱਗੇ ਵਗਦੈਂ ਗੋਡੇ ਗਿੱਟੇ ਦੋਜ਼ਕ ਜਾਣਿਆ ਵੇ, ਅੱਜ ਤੂੰ ਵਗਣੇ ਲੱਗਿਆ, ਦੇਖ ਕੇ ਅਸਗਾਹੀਂ। ਰੋਜ਼ ਮੇਹੀਂ ਗਾਈਂ ਰਾਂਝਣ ਹੀਰ ਲੰਘਦੇ ਐ, ਕਈ ਬਰਸ ਗੁਜ਼ਰ ਗਏ ਫਿਰਦਿਆਂ ਇਹਨੀਂ ਰਾਹੀਂ। ਅੱਜ ਨਹਿੰ ਚਾਦਲ ਬਣ ਗਿਆ, ਖੋਟੀ ਕਿਸਮਤ ਹੀਰ ਦੀ, ਲੰਘਣਾ ਮਿਲੇ ਨਾ ਸੱਚੇ ਰੱਬ ਦੀਆਂ ਬੇਪਰਵਾਹੀਂ। ਵਿਛੜੇ ਆਸ਼ਕ ਤੇ ਮਸ਼ੂਕ ਤਰਸਣ ਦਰਸ਼ਣ ਨੂੰ, ਜੇ ਹਾਅ ਪੈ ਗਈ ਨਾਲਿਆ ਵੇ ਵਗੇਂਗਾ ਨਾਹੀਂ। ਅੱਛੀ ਚਾਹੇਂ ਥਹਿ ਸਿਰ ਆਜਾ ਦਰਸ਼ਣ ਕਰਨ ਦੇ, ਪਲ ਨਾ ਵਿਛੜੇ ਬਚਦੇ ਤਰਸਣ ਰੂਹਾਂ ਤਾਈਂ। ਜਵਾਬ ਹੀਰ ਖੜ ਕੇ ਨਦੀ ਕਿਨਾਰੇ ਹੋਕਾ ਦੇ ਲਿਆ ਹੀਰ ਨੇ, ਸੁਣਦਾ ਹੈਂ ਜੇ ਕਿਤੇ, ਬੋਲ ਭੂਰੀ ਵਾਲਿਆ। ਰਾਤ ਅੰਧੇਰੀ ਬਿਜਲੀ ਲਿਸ਼ਕੇ ਕੜਕਾਂ ਪੈਦੀਆਂ, ਘਟਾ ਟੋਪ ਬੱਦਲਾਂ ਨੇ ਅੰਬਰ ਵਿਚ ਛਾ ਲਿਆ। ਹੀਰ ਨਿਆਣੀ ਮੈਂ ਵਿਚ ਡਰਕੇ ਮਰਜੂੰ ਝੱਲ ਦੇ, ਕੌਲ ਇਕਰਾਰ ਕਰਕੇ ਹੱਥੀਂ ਵੈਰ ਵਿਹਾ ਲਿਆ। ਜੇ ਅਣਮੇਲ ਮਰਗੀ ਦਰਗਾਹ ਨਾ ਕਿਨੇ ਕਬੂਲਣੀ, ਜੰਮ ਕੇ ਸਿਆਲੀਂ ਹੀਰੇ ਹੀਰਾ ਜਨਮ ਗਵਾ ਲਿਆ। ਹੁਣ ਡਰ ਕੇਹਾ ਨੀ ਜਦ ਮਰਨਾ ਆ ਗਿਆ ਜਿੰਦੜੀਏ, ਠਿੱਲ੍ਹ ਪਈ ਨਾਲੇ ਦੇ ਵਿੱਚ ਪੈਰ ਅੱਗੇ ਨੂੰ ਪਾ ਲਿਆ। ਸਦਿਕ ਸਬੂਰੀ ਦੀ ਪੰਡ ਬੰਨ੍ਹ ਕੇ ਸਿਰ ਪਰ ਧਰਲੀ ਐ, ਹੁਣ ਜੋ ਚਾਹੇ ਕਰੇ, ਸੋ ਜਿਨ ਰਚਣ ਰਚਾ ਲਿਆ। ਜਵਾਬ ਹੀਰ (ਵੜਨਾਂ ਨਾਲੇ 'ਚ) ਤੇਰੇ ਮਿਲਣੇ ਖਾਤਰ ਨਹਿੰ ਚਾਦਲ ਵਿਚ ਠਿੱਲ੍ਹ ਪਈ ਐਂ, ਸੋਈ ਅੱਜ ਦਿਨ ਮੈਨੂੰ ਤੂੰ ਮਿਲਣੇ ਤੋਂ ਰਹਿ ਗਿਆ। ਪਾਣੀ ਤਾਰੂ ਵੇ ਮੂੰਹ ਪੈਣ ਲੱਗ ਪਿਆ ਹੀਰ ਦੇ, ਆ ਮਿਲ ਦੂਰ ਕਿਧਰੇ ਕਿਉਂ ਹੋ ਕੇ ਤੂੰ ਬਹਿ ਗਿਆ। ਪਿੱਛੇ ਸ਼ੇਰ ਗਰਜੇ ਅੱਗੇ ਬਿਸ਼ੀਅਰ ਸ਼ੂਕਦਾ, ਪਾਣੀ ਡੋਬੂ ਅਜਰਾਈਲ ਕੂਚ ਨੂੰ ਕਹਿ ਗਿਆ। ਕੀਤੇ ਕੌਲ ਇਕਰਾਰ ਤੇਰੀ ਹੀਰ ਹਾਰਨ ਜੋਗੀ ਨਾ, ਮਰਨ ਕਬੂਲ ਕੀਤਾ ਜੀਅ ਜਿਉਣੇ ਤੋਂ ਲਹਿ ਗਿਆ। ਰੋਂਦਾ ਫਿਰੇਂਗਾ ਕਿਨੇ ਚੂਰੀ ਕੁੱਟ ਕੇ ਦੇਣੀ ਨਾ, ਅੱਜ ਦਿਨ ਕਿੰਗਰਾ ਤੇਰਾ ਵੇ ਅਰਸ਼ਾਂ ਦਾ ਢਹਿ ਗਿਆ। ਜਾਂਦੀ ਵਾਰੀ ਦਰਸ਼ਨ ਦੇ ਜਾ ਮਾਪਿਆਂ ਬਾਹਰੀ ਨੂੰ, ਪਾ ਕੇ ਪਿਆਰ ਐਨਾ ਕਿਉਂ ਦੁੱਖ ਦੇਣ ਤੂੰ ਡਹਿ ਗਿਆ। ਜਵਾਬ ਹੀਰ ਔਖੇ ਵੇਲੇ ਯਾਦ ਕੀਤਾ ਮੀਆਂ ਰਾਂਝਣਾਂ, ਨੈਣਾਂ ਤਰਸਦਿਆਂ ਨੂੰ ਦਰਸ਼ਣ ਦੇ ਜਾ ਆ ਕੇ। ਕਿੱਕਰ ਚੈਨ ਆਉਂਦੀ ਚੁੱਪ ਕਰਕੇ ਬਹਿ ਜਾਣ ਨੂੰ, ਪੰਜਨਦ ਨਦੀ 'ਚ ਬੋਹਲ ਸੋਨੇ ਦਾ ਲੁਟਾ ਕੇ। ਬਾਰਾਂ ਵਰ੍ਹੇ ਚਰਾਈਆਂ ਜਿਸ ਦੀ ਖਾਤਰ ਖੋਲੀਆਂ, ਘਰ ਨੂੰ ਲੈ ਨਾ ਚੱਲਿਆ ਵੇ ਡੋਲੀ ਵਿਚ ਪਾ ਕੇ। ਜਾਨ ਲਬਾਂ ਪਰ ਵੇ ਪਰਾਹੁਣੀ ਹੈ ਬਿੰਦ ਝੱਟ ਕੁ ਦੀ, ਜਿਉਂਦੀ ਰੱਖ ਲੈ ਮੁਖੜਾ ਆਪਦਾ ਦਿਖਾ ਕੇ। ਜੇ ਪਲ ਪਹੁੰਚੇਂ ਨਾ ਤਾਂ ਹੀਰ ਕਦੇ ਨਾ ਬਚਦੀ ਐ, ਛਿੱਕਿਆ ਤੁਰਦੀ ਨੂੰ ਮੈਂ ਆਈ ਨਾ ਸ਼ਗਨ ਮਨਾ ਕੇ। ਤੇਰਾ ਮੇਰਾ ਮੇਲਾ ਅੱਜ ਹੋਣਾ ਨਾ ਮਿਲਦਾ ਵੇ, ਕੀ ਸਿਰ ਆਗੀ ਹੋਣੀ ਘੋੜੀਆਂ ਭਜਾ ਕੇ। ਮੇਰਾ ਮੁੱਕਜੇ ਕਜ਼ੀਆ ਤੂੰ ਰੋਂਦਾ ਤੁਰ ਜਾਵੇਂਗਾ, ਲੈ ਜਾਏਂ ਕੀ ਸਿਆਲਾਂ 'ਚੋਂ ਝੋਲੀਆਂ ਭਰਾ ਕੇ। ਆਖ਼ਰ ਵੇਲੇ ਬਣੀਆਂ ਦੇਖ ਦਿਲਾਂ ਦਿਆ ਮਹਿਰਮਾਂ, ਬਾਹਰ ਕੱਢ ਲੈ ਮੈਨੂੰ ਛੇਤੀ ਬਾਂਹ ਫੜਾ ਕੇ। ਸਦਿਕਾਂ ਹਾਰਨ ਜਿਹੜੇ ਕਰਕੇ ਕੌਲ ਕਰਾਰਾਂ ਨੂੰ, ਆਖ਼ਰ ਵੇਲੇ ਮਰਨ ਹਜ਼ੂਰਾ ਸਿੰਘ ਪਛਤਾ ਕੇ। ਜਵਾਬ ਹੀਰ ਗਲ਼ ਵਿੱਚ ਪੱਲਾ ਮੂੰਹ ਵਿੱਚ ਘਾਹ ਅਰਜੋਈਆਂ ਹੀਰ ਦੀਆਂ, ਕੇਰਾਂ ਸੁਣੀਂ ਰੰਝੇਟਿਆ ਸਾਹਮਣੇ ਖਲੋ ਕੇ। ਜਿਸ ਦਿਨ ਲਾਈਆਂ ਕਰ ਨਾ ਲਈ ਡੋਬ ਕੇ ਮਾਰਨੀ, ਮੈਂ ਮਰ ਚੱਲੀ ਆਪ ਦੂਰ ਖੜੋਤੈਂ ਹੋ ਕੇ। ਮੇਰੇ ਬਾਝੋਂ ਤ੍ਰਿੰਝਣੀਂ ਸੁੰਨੀਆਂ ਰੋਣ ਸਹੇਲੀਆਂ, ਮਾਪੇ ਬਹਿ ਜਾਣ ਮੇਰੇ ਢਿੱਡ ਵਿਚ ਮੁੱਕੀਆਂ ਗੋਅ ਕੇ। ਵੀਰਨ ਮੇਰਾ ਰੋਊ ਕੁੜੀਆਂ ਦੇਖ ਕੇ ਹਾਣ ਦੀਆਂ, ਤੂੰ ਵੀ ਉੱਠ ਜਾਏਂ ਤਖਤ ਹਜ਼ਾਰੇ ਨੂੰ ਹੱਥ ਧੋ ਕੇ। ਘਿਉ ਦੇ ਮੱਚਣ ਚਿਰਾਗ਼ ਕੈਦੋਂ ਵਰਗਿਆਂ ਵੈਰੀਆਂ ਦੇ, ਜਿਨ੍ਹਾਂ ਨੇ ਰਾਜ਼ੀ ਹੋਣਾ ਅਸਾਂ ਤੁਸਾਂ ਨੂੰ ਖੋ ਕੇ। ਪੰਜੇ ਪੀਰ ਯਾਦ ਕਰ ਵੇ ਵੇਲਾ ਬੀਤਦਾ, ਕੋਈ ਮਿੱਠੀ ਰਾਗਣੀ ਵਿੱਚ ਵੰਝਲੀ ਦੇ ਝੋਅ ਕੇ। ਝਬਦੇ ਆ ਮਿਲ ਨਾਮ ਮਿਟਣ ਆਸ਼ਕ ਮਸ਼ੂਕਾਂ ਦੇ, ਮੈਨੂੰ ਕਿਉਂ ਭਟਕਾਉਨੈਂ ਸੁਹਣਾ ਮੁੱਖ ਲੁਕੋ ਕੇ। ਜਵਾਬ ਹੀਰ ਦਾ ਪੀਰਾਂ ਨੂੰ ਯਾਦ ਕਰਨਾ ਯਾਦ ਕੀਤੇ ਪੰਜੇ ਪੀਰ, ਜਦੋਂ ਹੀਰ ਸਿਆਲ ਨੇ, ਪੰਜੇ ਆ ਗਏ ਵਲੀ ਲੋਕ ਮੱਕਿਉਂ ਚੜ੍ਹ ਕੇ। ਨਦੀ ਕਿਨਾਰੇ ਆਣ ਖੜੋਤੇ ਬੰਨ੍ਹੇ ਬਚਨਾਂ ਦੇ, ਬਾਹੋਂ ਫੜ ਲਈ ਹੀਰ ਪੱਚ ਨਦ ਦੇ ਵਿੱਚ ਵੜ ਕੇ। ਠਾਠੀਂ ਵਗਦੀ ਗੋਡੇ ਗਿੱਟੇ ਵਗਣ ਲੱਗ ਗਈ ਐ, ਜਦੋਂ ਪਊਏ ਪੰਜਾਂ ਹੀ ਪੀਰਾਂ ਦੇ ਖੜਕੇ। ਕੱਢ ਕੇ ਨਦੀਉਂ ਬਾਹਰ ਬਿਠਾ ਲਿਆ ਹੀਰ ਸਿਆਲ ਨੂੰ, ਸੀਹਾਂ ਸੱਪਾਂ ਦੀ ਭੈ ਦੂਰ ਕੀਤੀ ਫੜ ਕੇ। ਸਾਦਕ ਲੋਕਾਂ ਦਾ ਮੁਰਾਤਬਾ ਸ਼ਹੀਦੀ ਐ, ਵੱਖਰਾ ਲੈ ਲਈਂ ਹੀਰੇ ਨੀ ਸਾਹਿਬ ਤੋਂ ਅੜ ਕੇ। ਸੁਫਨੇ ਮਾਤਰ ਚਿੰਤ ਜੋ ਕਾਰ ਦਿਖਾ ਕੇ ਹੀਰ ਨੂੰ, ਛਿਪਣ ਜੋ ਹੋ ਗਏ ਵਹਿਣ ਪਚ ਨਦ ਦੇ ਵਿਚ ਹੜ੍ਹ ਕੇ। ਕੀ ਥਾਂ ਕੀ ਹੋ ਗਿਆ ਹੁਣ ਬੈਠੀ ਸੋਚਾਂ ਸੋਚਦੀ, ਮਿਲਿਆ ਮਾਹੀ ਨਾ, ਗਏ ਪੀਰ ਹੀਰ ਦਿਲ ਧੜਕੇ। ਸਾਰੀ ਰਾਤ ਬਤੀਤ ਹੋ ਗਈ ਟੋਲ੍ਹਦੀ ਹੀਰ ਨੂੰ, ਚਿੜੀਆਂ ਕਾਗ ਹਜ਼ੂਰਾ ਸਿੰਘਾ ਬੋਲਣ ਲੱਗੇ ਤੜਕੇ। ਕਲਾਮ ਹੀਰ ਉੱਠ ਕੇ ਰਸਤੇ ਪੈ ਲਈ ਹੀਰ ਸ਼ੂਕਰ ਝੱਲ ਦੇ, ਢੁਡੇਂਦੀ ਫਿਰੇ ਜਿੱਥੇ ਮਾਹੀ ਦੇ ਠਕਾਣੇ। ਰਾਤ ਹਨੇਰੀ ਨੰਗੇ ਪੈਰੀਂ ਸੂਰਤ ਪਰੀਆਂ ਦੀ, ਲੱਗੀਆਂ ਦੇ ਭੇਤ ਨਿਰਾਲੇ ਲੱਗੀਆਂ ਵਾਲਾ ਜਾਣੇ। ਨੈਣੀਂ ਨੀਂਦ ਹਰਾਮ ਅਰਾਮ ਨਾ ਕਰ ਲਿਆ ਬੈਠ ਕੇ, ਮਾਹੀ ਮਾਹੀ ਜਪਦੀ ਨੂੰ ਜੁੱਗੜੇ ਵਿਹਾਣੇ। ਸੀਹਾਂ ਸੱਪਾਂ ਸੂਲਾਂ ਵਿਚ ਫਿਰਦੀ ਆ ਰਾਤ ਨੂੰ, ਡਰਦੇ ਕਿਸੇ ਗੱਲੋਂ ਨਾ ਆਸ਼ਕ ਇਸ਼ਕ ਰੰਝਾਣੇ। ਦਿਨੇਂ ਡਰਨ ਬਲਾਈਂ ਰਾਤੀਂ ਨਦੀਆਂ ਤਰਦੀਆਂ, ਕੌਣ ਚਲਿੱਤਰ ਏਹਨਾਂ ਰੰਨਾਂ ਦੇ ਪਛਾਣੇ। ਜਿਨ੍ਹਾਂ ਦੇ ਘਾਓ ਜਿਗਰ ਵਿਚ ਬਈ ਨੈਣਾਂ ਦੇ ਖੁੱਲ੍ਹ ਗਏ ਆ ਛੱਡ ਗਏ ਘਰ ਦਰ ਉਹਨਾਂ ਦੇ ਕਿਹੜੇ ਘਰਾਣੇ। ਬੇਲੇ ਫਿਰਦੀ ਹੀਰ ਰਾਂਝਾ ਰਾਂਝਾ ਕੂਕਦੀ, ਝੜੀਆਂ ਲਾ ਕੇ ਬਰਸ ਰਹੇ ਨੇ ਨੈਣ ਨਮਾਣੇ। ਝੱਲ ਵਿਚ ਫਿਰੇ ਹਜ਼ੂਰਾ ਸਿੰਘ ਟੋਲਦੀ ਮਾਹੀ ਨੂੰ, ਪਹਿਨ ਸਦਿਕ ਸਬਰ ਦੇ ਹੀਰ ਫਿਰੇਂਦੀ ਬਾਣੇ। ਝੱਲ ਵਿਚ ਵੜਨਾ ਹੀਰ ਦਾ ਝੱਲ ਵਿਚ ਵੜ ਗਈ ਨੰਗੇ ਪੈਰੀਂ ਭਾਲਣ ਮਾਹੀ ਨੂੰ, ਕਿਤੇ ਹੈਂ ਜੇ ਮੂੰਹੋ ਬੋਲ ਦੇਹ ਦਖਾਲੀ। ਲੱਗੀਆਂ ਸੂਲਾਂ ਲਹੂ ਧਰਾਲੀਂ ਪੈਂਦਾ ਹੀਰ ਦੇ, ਨਿੱਜ ਲਾ ਲਈਆਂ ਕਰਮਾਂ ਦੀ ਗਤ ਵੇ ਨਿਰਾਲੀ। ਕੁੜਤੀ ਪਾਟ ਲੀਰਾਂ ਹੋ ਗਈ ਵੇ ਤਨ ਬਦਨ ਦੀ, ਸਿਰ ਤੋਂ ਚੁੰਨੀ ਉਡ ਗਈ ਨਾ ਮਿਲਦੀ ਹੈ ਭਾਲੀ। ਲੱਗੀਆਂ ਲੱਖ ਝਰੀਟਾਂ ਵੇ ਰੇਸ਼ਮ ਤਨ ਬਦਨ ਨੂੰ, ਨੈਣੀਂ ਨਜ਼ਰ ਨਾ ਆਵੇ ਰਾਤ ਹੈ ਸਿਆਹ ਕਾਲੀ। ਇਸ਼ਕ ਅਨਿਆਈ ਮੌਤ ਉਸ ਬੰਦੇ ਨੂੰ ਆਉਂਦੀ ਆ, ਜਿਸ ਨੂੰ ਦੇਂਦਾ ਹੈ ਰੱਬ ਪੁੱਠੀ ਵੇ ਭਲਾਲੀ। ਭਲੇ ਦੀ ਪੋਤੀ ਵੇ ਮੈਂ ਧੀ ਆਂ ਚੂਚਕ ਮਹਿਰ ਦੀ, ਰੁਲਦੀ ਰੋਹੀਂ ਰਾਤੀਂ ਪੜਦੀਂ ਵੇ ਰਹਿਣ ਵਾਲੀ। ਅੱਜ ਜੇ ਮਿਲ ਜਾਏ ਕੋਈ ਹੁਰਮਤ ਲਹਿ ਜਾਏ ਹੀਰ ਦੀ, ਆਪ ਪਿਆਂ ਕਿਤੇ ਲਈਂ ਜਾਨ ਸੁਖਾਲੀ। ਕਿਤੇ ਸੁਣਦਾ ਈਂ ਬਾਹੋਂ ਫੜ ਵੇ ਮੂੰਹੋਂ ਬੋਲ ਕੇ, ਮੈਂ ਰੱਬ ਮੰਨਿਆ ਲੋਕਾਂ ਦੇ ਭਾਅਦਾ ਤੂੰ ਪਾਲੀ। ਕਲਾਮ ਹੀਰ ਆਸ਼ਕ ਆਸ਼ਕ ਸਭ ਜੱਗ ਕਹਿੰਦਾ ਮੀਆਂ ਰਾਂਝਣਾਂ, ਆਸ਼ਕ ਅਸਲੀ ਬਣ ਗਿਆ ਸੂਲਾਂ ਦਾ ਵਿਛਾਉਣਾ। ਬੂਹੇ ਆਸ਼ਕ ਦੇ ਨੂੰ ਤਖਤੇ ਲਗਦੇ ਲੋਹੇ ਦੇ, ਮਰਿਆਂ ਬਾਝੋਂ ਜਿੰਦਰਾ ਔਖਾ ਹੈ ਖਲਾਉਣਾ। ਆਸ਼ਕ ਬਣਨੇ ਨੂੰ ਤਾਂ ਸਗਲੀ ਦਾ ਦਿਲ ਲੋਚਦਾ, ਮੂੰਹੋਂ ਕਹਿਣ ਸਖਾਲ਼ਾ ਔਖਾ ਹੈ ਪੁਗਾਉਣਾ। ਜਿਉਂਦੇ ਜੱਗ ਤੋਂ ਮਰੇ ਸਮਾਨ ਹੋ ਕੇ ਨਿਭਦੀ ਐ, ਹੈ ਨਹੀਂ ਠੱਠਾ ਸੁੱਤਿਆਂ ਸ਼ੇਰਾਂ ਦਾ ਜਗਾਉਣਾ। ਇਕ ਵੱਲ ਹੋਏ ਬਿਨਾਂ ਘਰ ਆਸ਼ਕ ਦਾ ਨਹੀਂ ਲੱਭਦਾ ਹੈ, ਲੁਕਿਆਂ ਸਰੇ ਨਾ ਚਾਹੀਏ ਹੱਸ ਕੇ ਮੁੱਖ ਦਿਖਲਾਉਣਾ। ਵਿਚ ਦਰਗਾਹ ਦੇ ਲੁਕਣੇ ਵਾਲਾ ਰਲੇ ਨਾ ਆਸ਼ਕੀਂ, ਤੈਨੂੰ ਭੁੱਲ ਗਿਆ ਪੰਜਾਂ ਪੀਰਾਂ ਦਾ ਸਮਝਾਉਣਾ। ਦਰਸ਼ਨ ਦੇਹ ਤੂੰ ਰਾਤ ਬੀਤੀ ਹੀਰ ਵਲਿਕਦੀ ਨੂੰ, ਮੁੜਾਂ ਨਾ ਜਿਉਂਦੀ ਏਦੂੰ ਹੋਰ ਕੀ ਅਜ਼ਮਾਉਣਾ। ਜਵਾਬ ਸ਼ਾਇਰ ਪੋਲੇ ਜੰਡ ਵਿਚ ਵੜ ਕੇ ਰਾਂਝਾ ਕਹਿੰਦਾ ਹੀਰ ਨੂੰ, ਸੁੰਨੀਆਂ ਮਹੀਂ ਸਿਆਲੇ ਸਿਆਲਾਂ ਨੂੰ ਹਲਕਾਰੀਆਂ। ਕੱਲ੍ਹ ਦੁਪਹਿਰੇ ਰਾਂਝਾ ਨਹਿੰ ਵਿੱਚ ਡੁੱਬ ਕੇ ਮਰ ਗਿਆ ਨੀ, ਭੂਰੀ ਵੰਝਲੀਆਂ ਸਭ ਨਹਿੰ ਚਾਦਲ ਨੇ ਤਾਰੀਆਂ। ਰੁੜ੍ਹੀ ਜਾਂਦੀ ਲੋਥ ਕੱਢ ਲਈ ਐ ਪੰਜਾਂ ਪੀਰਾਂ ਨੇ, ਪੜ੍ਹ ਕੇ ਕਬਰ ਜਨਾਜ਼ਾ ਲੈਗੇ ਮੱਕੇ ਨੂੰ ਮਾਰ ਉਡਾਰੀਆਂ। ਪਰੀਆਂ ਦੇਹ ਮਕਾਣ ਉਹਦੀ, ਰੂਹ ਤਾਂ ਲੈਗੀਆਂ ਸੁਰਗਾਂ ਨੂੰ ਵਖਤ ਵਿਹਾਣੇ ਤੂੰ ਹੁਣ ਕਿਉਂ ਨੀ ਚਾਂਗਾਂ ਮਾਰੀਆਂ। ਚੰਗੀ ਚਾਹੇਂ ਘਰ ਨੂੰ ਮੁੜਜਾ ਚੂਚਕ ਬੱਚੀਏ ਨੀ, ਸਬਰ ਸਬੂਰੀ ਕਰ ਛੱਡ ਨੀ ਰਾਂਝੇ ਦੀਆਂ ਯਾਰੀਆਂ। ਯਾਰੀ ਲਾਉਣੀ ਆਂ ਤਾਂ ਲਾ ਲੈ ਨਾਲ ਜੰਡੋਰੇ ਦੇ, ਜਿਹੜਾ ਸਦੀਆਂ ਲੰਘਾਵੇ ਲੈ ਨੀ ਤੇਰੀਆਂ ਸਾਰੀਆਂ। ਮੈਂ ਸਰਦਾਰ ਜੰਡੋਰਾ ਸਾਰੇ ਸ਼ੂਕਰ ਝੱਲ ਦਾ ਨੀ, ਚੰਬਾ ਕਿਉੜਾ ਤੇ ਰਮੇਲ ਆਗਿਆਕਾਰੀਆਂ। ਅਤਰਫਲੇਲ ਮੋਤੀਆਂ, ਖਸ਼ ਖੁਸ਼ਬੋਈਆਂ ਜੇਤਨੀਆਂ, ਤੇਰੇ ਗਿਰਦੇ ਜਾਵਣ ਸੁਬ੍ਹਾ ਤੇ ਸ਼ਾਮ ਖਿਲਾਰੀਆਂ। ਜੌਗਲ ਜੀਵੇਂ ਝੂਟਾ ਲੈ ਜਾ ਏਸ ਜਹਾਨ 'ਚੋਂ, ਆਉਣ ਬਬਾਨ ਸੁਰਗੋਂ ਤੈਨੂੰ ਆਖਰ ਵਾਰੀਆਂ। ਮੰਨ ਲੈ ਕਹਿਣਾ ਛੁੱਟ ਜਾਏ ਕਜੀਆ ਜੰਮਣ ਮਰਨ ਦਾ, ਸੁਣ ਲੈ ਅਮਰ ਕਥਾ ਕਿਉਂ ਕਿਤੇ ਦਲੀਲਾਂ ਧਾਰੀਆਂ। ਜਵਾਬ ਹੀਰ ਹੀਰ ਰੋ ਕੇ ਕਹਿੰਦੀ ਸੁਣੀਂ ਜੰਡੋਰਿਆ ਬਾਰ ਦਿਆ, ਕਿਸ ਬਿਧ ਕਰਲਾਂ ਤੇਰੇ ਝੂਠੇ ਦਾ ਇਤਬਾਰ ਵੇ। ਕਲੂ ਕਾਲ 'ਚ ਲਿਖਿਆ ਬਿਰਛ ਕਦੇ ਨਾ ਬੋਲਦੇ, ਤੇਰੇ ਵਿੱਚ ਤਾਂ ਕੋਈ ਜ਼ਾਹਰਾ ਭੂਤ ਸਰਾਲ ਵੇ। ਧੋਖਾ ਦੇ ਕੇ ਮੇਰਾ ਸਦਿਕ ਡੁਲਾਉਨੈਂ ਹੀਰ ਦਾ, ਤੈਨੂੰ ਪੈ ਜਾਏ ਕਿਧਰੋਂ ਕਹਿਰ ਦਾ ਨ੍ਹੇਰ ਗੁਬਾਰ ਵੇ। ਜਿਸ ਦਿਨ ਐਂ ਹੋਜੂ ਚੰਦ ਸੂਰਜ ਹੋਕਾ ਦੇਣਗੇ, ਹੀਰ ਗੱਡ ਕੇ ਮਰਜੂ ਛਾਤੀ ਵਿੱਚ ਕਟਾਰ ਵੇ। ਪੀਰ ਫਕੀਰ ਦੇਵੀ ਦਿਉਤੇ ਸੁਣਦੇ ਵੰਝਲੀਆਂ, ਉੰਨੀਆਂ ਆਸ਼ਕਾਂ ਵਿਚ ਰਾਂਝਾ ਹੈ ਮੁਖਤਿਆਰ ਵੇ। ਕਿਤੇ ਜਿਉਂਦਾ ਜਾਗਦੈਂ ਤਾਂ ਫੜ ਵੇ ਬਾਹੋਂ ਬੋਲ ਕੇ, ਮੈਨੂੰ ਹੀਰ ਨਿਆਣੀ ਨੂੰ ਅਨਿਆਈ ਮੌਤ ਨਾ ਮਾਰ ਵੇ। ਕਲਾਮ ਸ਼ਾਇਰ ਨਿੱਕਲ ਜੰਡੋਰੇ ਵਿਚੋਂ ਰਾਂਝਾ ਮਿਲ ਗਿਆ ਹੀਰ ਨੂੰ, ਭੂਰੀ ਹੇਠ ਵਿਛਾ ਕੇ, ਖੁਸ਼ੀਆਂ ਬੈਠ ਮਨਾਈਆਂ। ਬੰਨ੍ਹੀਆਂ ਵੰਝਲੀਆਂ ਵਿਚ ਭੂਰੀ ਕੱਢੀਆਂ ਚਾਕ ਨੇ, ਰਸ ਭਰੀਆਂ ਮੁੱਠੀਆਂ ਹੈ ਮੂੰਹ ਨੂੰ ਸੀ ਲਾਈਆਂ। ਇੱਕੋ ਇੱਕ ਫੂਕ ਚਾਕ ਨੇ ਮਾਰੀ ਹੈ ਅਣਮੁੱਲ ਦੀ, ਸੀਨਾ ਸਰਦ ਕਰਕੇ ਹੀਰ ਹੋਰੀਂ ਬਹਾਈਆਂ। ਵੇਲਾ ਤੜਕੇ ਦਾ ਸੁਰ ”ਪੰਚ ਮੇਘ' ਵਿਚ ਰੱਖ ਕੇ, ਭਰ ਭਰ ਪੋਟੇ ਰਾਗ ਦੀਆਂ ਉਂਗਲਾਂ ਚਲਾਈਆਂ। ਛੇ ਈ ਰਾਗ ਛੱਤੀ ਰਾਗਣੀਆਂ ਰਸ ਭਿੰਨੀਆਂ, ਸਣੇ ਦੋਤਾਰਾ ਆਸ਼ਕ ਨੇ ਬੋਚ ਕੇ ਗਾਈਆਂ। ਸੁਣ ਕੇ ਵੰਝਲੀਆਂ ਨੂੰ ਜਾਨਵਰ ਆ ਗਏ ਜੰਗਲ ਦੇ, ਰਚਨਾ ਝੱਲ ਵਿਚ ਲੱਗ ਗਈ ਪਰੀਆਂ ਆਣ ਨਚਾਈਆਂ। ਪਲ ਵਿਚ ਮੇਘ ਮੌਲਾ ਆਸ਼ਕ ਹੋ ਕੇ ਬਰਸ ਪਿਆ, ਮੱਕਿਉਂ ਸੁਣ ਕੇ ਪੀਰਾਂ ਨੇ ਕਰੀਆਂ ਚੜ੍ਹਾਈਆਂ। ਪਲ ਵਿਚ ਜੰਗਲ ਦੇ ਵਿੱਚ ਮੰਗਲ ਕਰ ਲਿਆ ਚਾਕ ਨੇ, ਗੰਢਾਂ ਗੁਣਾਂ ਦੀਆਂ ਜਾਂ ਖੋਲ ਕੇ ਦਿਖਾਈਆਂ। ਸਭ ਦੇ ਪੈਰੀਂ ਪੈਂਦਾ ਫਿਰਦਾ ਮਾਰਿਆ ਮਤਲਬ ਦਾ, ਕਸਰਾਂ ਮੇਰੀਆਂ ਜੀ ਕਿਵੇਂ ਜਾਣ ਮਿਟਾਈਆਂ। ਕਲਾਮ ਸ਼ਾਇਰ ਜਦ ਪਹਿ ਪਾਟੀ ਤਾਰਾ ਚੜ੍ਹਿਆ ਚਿੜੀਆਂ ਚੂਕਦੀਆਂ, ਘਰ ਦਿਆਂ ਭਾਲੀ ਹੀਰ ਕਿਤੇ ਨਜ਼ਰ ਨਾ ਆਈ। ਚੋਰੀ ਚੋਰੀ ਮਾਤਾ ਤੁੱਲੀ ਫਿਰਦੀ ਭਾਲਦੀ, ਵਿਚੋਂ ਤ੍ਰਿੰਝਣਾਂ ਦਿਉਂ ਕਿਤੋਂ ਨਾ ਥਿਆਈ। ਵਿਚ ਸਿਆਲਾਂ ਦੇ ਹਰਜੱਲਾ ਪੈ ਗਿਆ ਹੀਰ ਦਾ, ਜਿਨ੍ਹਾਂ ਦੀ ਕੁੜੀ ਕੁਆਰੀ ਗਈ ਐ ਗਵਾਈ। ਹੁੰਦੀ ਹੁੰਦੀ ਖਬਰ ਹੋ ਗਈ ਵੀਰ ਪਠਾਣ ਨੂੰ, ਉਸ ਨੇ ਲੈ ਹਥਿਆਰ ਘੋੜੇ ਕਾਠੀ ਪਾਈ। ਵੀਰ ਪਠਾਣ ਛੇੜ ਘੋੜੀ ਚੱਲਿਆ ਝੱਲ ਨੂੰ, ਰਾਹੀਂ ਫਿਰਦੇ ਪੁੱਛਦੇ ਹੈ ਚੂਚਕ ਦੇ ਭਾਈ। ਦੂਰੋਂ ਆਉਂਦਾ ਭਾਈ ਦੇਖਿਆ ਹੀਰ ਸਿਆਲ ਨੇ, ਕਰ ਵੇ ਹੀਲਾ ਰਾਂਝਿਆ ਹੋ ਗਈ ਐ ਔਖਿਆਈ। ਕਰ ਕੇ ਵਿਦਾ ਪੀਰ ਹੀਰ ਬੁੱਕਲ ਵਿਚ ਲੈ ਲਈ ਐ, ਉੱਤੇ ਭੂਰੀ ਦੇ ਕੇ ਚੰਗੀ ਤਰ੍ਹਾਂ ਛੁਪਾਈ। ਹੁਣ ਕੀ ਵੀਰ ਪਠਾਣ ਮੇਤੋਂ ਲੈ ਲੂ ਹੀਰ ਨੂੰ, ਕਰਾਮਾਤੀ ਲੋਕਾਂ ਕਰਾਮਾਤ ਦਿਖਾਈ। ਕਲਾਮ ਵੀਰ ਪਠਾਣ ਨੇੜੇ ਹੋ ਕੇ ਵੀਰ ਪਠਾਣ ਉੱਤਰ ਘੋੜੀਉਂ, ਹੱਥ 'ਚ ਕੋਰੜਾ ਲੈ ਚਾਕ ਨੂੰ ਚਲਾਇਆ। ਦੂਰੋਂ ਦੇਖੀ ਹੀਰ ਪਾਸ ਤੇਰੇ ਬੈਠੀ ਸੀ, ਮੇਰੇ ਆਉਣੇ ਸਾਰ ਬੁੱਕਲ ਵਿੱਚ ਲੁਕਾਇਆ। ਲਾਹੀਂ ਭੂਰੀ ਬੁੱਕਲ ਖੋਲ੍ਹ ਤੂੰ ਸ਼ੈਤਾਨਾਂ ਓਏ, ਤੈਨੂੰ ਐਸਾ ਮਕਰ ਕਿਹੜੇ ਨੇ ਸਿਖਾਇਆ। ਮਾਰ ਕੋਰੜੇ ਉਤਾਰੂੰ ਖੱਲ ਸਰੀਰ ਦੀ, ਤੈਂ ਕੀ ਸਿਆਲਾਂ ਨੂੰ ਹੈ ਆਵਾਗੌਣ ਤਕਾਇਆ। ਉੱਠ ਖੜੋਤਾ ਹੋ ਜਾ ਨਹੀਂ ਗਵਾਦੂੰ ਜਾਨ ਨੂੰ, ਐਸਾ ਗੁੱਸਾ ਵੀਰ ਪਠਾਣ ਨੇ ਦਿਲ ਖਾਇਆ। ਖਾ ਕੇ ਲੂਣ ਤੈਂ ਹਰਾਮ ਕੀਤਾ ਅਸਾਂ ਦਾ, ਦਾਗ ਸਾਡੀ ਸਿਆਲਾਂ ਦੀ ਕੁੱਲ ਨੂੰ ਤੂੰ ਲਾਇਆ। ਤੇਤੋਂ ਅੱਗੇ ਕੀ ਭਰੋਸਾ ਨੇਕੀ ਖੱਟਣ ਦਾ, ਤੇਰਾ ਪਿਛਲਾ ਕੀਤਾ ਜਾਵੇ ਨਾ ਭੁਲਾਇਆ। ਅੱਛੀ ਚਾਹੇਂ ਸਿੱਟਕੇ ਖੂੰਡੀ ਬਗਜਾ ਘਰਾਂ ਨੂੰ, ਮਾਹੀ ਲਾ ਕੇ ਤੇਤੋਂ ਫਾਇਦਾ ਕੀ ਉਠਾਇਆ। ਕਲਾਮ ਰਾਂਝਾ ਭੀੜ ਪਈ ਤੇ ਧਿਆ ਲਏ ਪੀਰ ਚਾਕ ਨੇ, ਮਿੱਠੀ ਸੁਰ ਵਿਚ ਸੁਹਣੀ ਬੰਸਰੀ ਵਜਾ ਕੇ। ਪੜਦਾ ਆਸ਼ਕ ਦਾ ਹੁਣ ਜਾਹਰ ਹੋਣ ਲੱਗ ਗਿਆ, ਤੁਸੀਂ ਢਕਣਾ ਪੀਰ ਜੀ ਮੱਕੇ ਤੋਂ ਆ ਕੇ। ਬਰਕਤ ਵਾਲੇ ਪੀਰਾਂ ਆਣ ਸਹਾਇਤਾ ਕਰ ਲਈ ਐ, ਛਾਤੀ ਨਾਲ ਲਗਾਤੀ ਹੀਰ ਮੱਖੀ ਬਣਾ ਕੇ। ਪੀਰ ਹਾਜ਼ਰ ਹਨ ਤੂੰ ਤਕੜਾ ਹੋ ਬੱਚੂ ਰਾਂਝਿਆ, ਪੜਦਾ ਤੇਰਾ ਕਿਹੜਾ ਚੱਕਦੂ ਹੁਕਮ ਖੁਦਾ ਕੇ। ਜਦੋਂ ਪੀਰਾਂ ਦਾ ਸਹਾਰਾ ਮਿਲ ਗਿਆ ਚਾਕ ਨੂੰ, ਗਜ਼ ਗਜ਼ ਲਾਲੀ ਚੜ੍ਹ ਗਈ ਹੈ ਮਸਤਕ ਨੂੰ ਧਾਅ ਕੇ। ਲਾਹ ਕੇ ਭੂਰੀ ਉਤੋਂ ਕੱਠੀ ਕਰਕੇ ਚਾਕ ਨੇ, ਮਾਰੀ ਵੀਰ ਪਠਾਣ ਵੱਲ ਨੂੰ ਦੂਰ ਚਲਾ ਕੇ। ਮੇਰੀ ਬੁੱਕਲ ਵਿਚੋਂ ਕੱਢ ਲੈ ਹੀਰ ਸ਼ੈਤਾਨੀਆ, ਜੇਹੜੀ ਕੈਦੋਂ ਹੋਰੀਂ ਗਏ ਨੇ ਫੜਾ ਕੇ। ਵੀਰ ਪਠਾਣ ਨੂੰ ਸ਼ਰਮਿੰਦਾ ਕਰ ਲਿਆ ਪੁੱਜ ਕੇ, ਸੋਹੇਂ ਨਾ ਦੇਖੇ ਚਾਕ ਦੇ ਉਹ ਅੱਖੀਆਂ ਉਠਾ ਕੇ। ਖਤਾ ਮਾਫ ਹਜ਼ੂਰਾ ਸਿੰਘ ਕਰਾਵੇ ਚਾਕ ਤੋਂ, ਨਾਲ ਨਿਮਰਤਾ ਸਾਰੀ ਵਾਰਤਾ ਸਮਝਾ ਕੇ। ਜਵਾਬ ਵੀਰ ਪਠਾਣ ਹੋ ਸ਼ਰਮਿੰਦਾ ਵੀਰ ਪਠਾਣ ਰਾਂਝੇ ਚਾਕ ਤੋਂ, ਮਿੱਠੀਆਂ ਗੱਲਾਂ ਕਰ ਕਰ ਖਤਾ ਹੈ ਬਖਸ਼ਾਈ। ਅੱਖੀਂ ਡਿੱਠੇ ਬਿਨਾਂ ਜੋ ਕਿਹਾ ਕਿਸੇ ਦਾ ਮੰਨਦੇ ਨੇ, ਐਦੂੰ ਪਰੇ ਕੋਈ ਹੈ ਨਾ ਮੂਰਖਤਾਈ। ਅਸੀਂ ਭਖਾਏ ਭਖ ਗਏ ਕੈਦੋਂ ਵਰਗਿਆਂ ਦੂਤੀਆਂ, ਅੱਗੇ ਨੂੰ ਸੁਣਨੀ ਹੈ ਨਾ ਕਿਸੇ ਦੀ ਸੁਣਾਈ। ਪਿਛਲੀ ਖਤਾ ਮਾਫ ਕਰੀਂ ਤੂੰ ਮੀਆਂ ਰਾਂਝਣਾਂ, ਅੱਗੇ ਨੂੰ ਕਸਮ ਕਰਾਂ ਜੇ ਝੂਠੀ ਤੂਹਮਤ ਲਾਈ। ਤੈਨੂੰ ਚਾਕ ਸਮਝ ਕੇ ਅਸਾਂ ਨਾ ਰੱਖ ਲਿਆ, ਪੁੱਤ ਤੂੰ ਚੌਧਰੀ ਦਾ ਹੈਂ ਭਾਈਆਂ ਦਾ ਭਾਈ। ਘਰ ਨੂੰ ਤੁਰ ਚੱਲ ਸੁੰਨੀਆਂ ਮਹੀਆਂ ਖੜੀਆਂ ਚੋਣ ਤੋਂ, ਨਾਲੇ ਹੀਰ ਨਹੀਂ ਘਰ ਰਾਤ ਦੀ ਹੀ ਆਈ। ਆ ਕੇ ਚੌਧਰ ਦੇ ਕੇ ਕੱਢੂੰ ਕੈਦੋਂ ਲੰਙੇ ਨੂੰ, ਜਿਸ ਨੇ ਸਾਡੀ ਗੁੱਡੀ ਸਿਆਲਾਂ ਵਿੱਚ ਉਡਾਈ। ਮੈਂ ਵੀ ਆਉਂਨਾ ਚਾਰ ਕੁ ਮਲ੍ਹੇ ਦੇਖ ਸ਼ਿਕਾਰ ਦੇ, ਸਭ ਦੀ ਕਰੂੰ ਨਿਸ਼ਾ ਜੋ ਬੋਲੇ ਝੂਠ ਲੁਕਾਈ। ਕਲਾਮ ਸ਼ਾਇਰ ਐਨੀ ਕਹਿ ਕੇ ਵੀਰ ਪਠਾਣ ਗਿਆ ਸ਼ਿਕਾਰ ਨੂੰ, ਭਲੀ ਕੁ ਵਾਟ ਜਾ ਕੇ ਕਸੀ ਬੰਦੂਕ ਸ਼ਿਕਾਰੀ। ਹੀਰ ਘਰ ਨੂੰ ਤੁਰ ਪਈ ਵੀਰ ਪਠਾਣ ਜੋ ਫਰਕ ਗਿਆ, ਉੱਠ ਕੇ ਰਾਂਝੇ ਝਾੜ ਭੂਰੀ ਬੁੱਕਲ ਮਾਰੀ। ਕਾਲਾ ਮਿਰਗ ਪੁਰਾਣਾ ਮਿਲ ਗਿਆ ਵੀਰ ਪਠਾਣ ਨੂੰ, ਪਿੱਛੇ ਬਾਂਧਾਂ ਬੰਨ੍ਹ ਕੇ ਲੈ ਗਿਆ ਹੈ ਸ਼ਿਕਾਰੀ। ਫਿਰਦਾ ਤੁਰਦਾ ਮਿਰਗ ਸਿਆਲਾਂ ਵੱਲ ਨੂੰ ਚੱਲਿਆ ਹੈ, ਜਿਹੜੇ ਰਸਤੇ ਹੀਰ ਸਿਆਲਾਂ ਨੂੰ ਸੁਧਾਰੀ। ਨੇੜੇ ਹੋ ਕੇ ਦੁਗਾੜਾ ਮਾਰਿਆ ਵੀਰ ਪਠਾਣ ਨੇ, ਅੱਗੇ ਹੀਰ ਦੇ ਜਾ ਕੇ ਡਿਗਿਆ ਧੂੜ ਉਭਾਰੀ। ਖਾ ਕੇ ਤਰਸ ਹੀਰ ਆ ਗਰਦਨ ਨੂੰ ਚਿੰਬੜੀ ਹੈ, ਗਾਲਾਂ ਦੇ ਦੇ ਵੀਰ ਪਠਾਣ ਕਰ ਲਿਆ ਆਹਰੀ। ਜਿਸ ਗੱਲ ਪਿੱਛੇ ਤ੍ਰਿੰਝਣੋਂ ਉੱਠ ਕੇ ਦੌੜੀ ਵੀਰਨਾ, ਸੋਈ ਐਵੇਂ ਭਾਵੀ ਵੇ ਟਲਦੀ ਨਾ ਟਾਲੀ। ਮਿਰਗ ਭੁਲਾਵੇਂ ਸਾਧੂ ਮਾਰ ਗਵਾਇਆ ਖੂਨੀਆਂ, ਕਹੇ ਹੀਰ ਕਿਸਮਤ ਤੇਰੀ ਵੀਰਾ ਹਾਰੀ। ਜਵਾਬ ਵੀਰ ਪਠਾਣ ਕੱਲ੍ਹ ਤਕਾਲਾਂ ਦਾ ਕਬੀਲਾ ਫਿਰਦਾ ਭਾਲਦਾ, ਕਿਧਰੋਂ ਆ ਗੀ ਹੀਰੇ ਵੀਰ ਪਠਾਣ ਕਹਿੰਦਾ। ਧੀ ਔਰ ਪੁੱਤ ਬਰਾਈਂ ਹੁੰਦਾ ਸੋਈ ਮਾਪਿਆਂ ਨੂੰ, ਅਨਜਲ ਮੁੱਕੇ ਜਿਸਦਾ ਜੀਅ ਜਿਉਣ ਤੋਂ ਲਹਿੰਦਾ। ਭਾਈ ਭਾਈਆਂ ਵਿਚ ਨਾ ਬੈਠਣ ਜੋਗਾ ਛੱਡ ਲਿਆ ਨੀ, ਉਹਦੀ ਕੀ ਰਹੂ ਜੋ ਬਾਪ ਕਚਹਿਰੀ ਬਹਿੰਦਾ। ਚੂੰਡਾ ਮੁੰਨਿਆ ਤੁੱਲੀ ਮਾਤਾ ਦਾ ਘਰ ਜੰਮ ਕੇ ਨੀ, ਮਾਪਾ ਐਨੇ ਔਗੁਣ ਕਰੇ ਕਿਹੜਾ ਸਹਿੰਦਾ। ਲਾ ਕੇ ਅੱਖੀਆਂ ਨੂੰ ਥੁੱਕ ਡੁਸਕਣ ਲੱਗ ਗਈ ਸਾਹਮਣੇ, ਤੇਰਾ ਇਹ ਚਲਿੱਤਰ ਕਰਨਾ ਹੀਰੇ ਰਹਿੰਦਾ। ਚੱਲ ਘਰ ਅੱਜ ਮੁਕਾਮਾਂ ਫਾਹਾ ਤੇਰਾ ਨੱਢੀਏ ਨੀ, ਨਾਲੇ ਟਹਾਂ ਚਾਕ ਨੂੰ ਚੂਰੀ ਖਾ ਬਿੱਕ ਦਿੰਦਾ। ਜਵਾਬ ਹੀਰ ਕਾਹਤੋਂ ਕੌੜੇ ਬੋਲ ਬੋਲਦੈਂ ਮੈਂ ਕਮਲੀ ਦਿਆ ਵੀਰਨਾ, ਮੈਂ ਗਰੀਬਣੀ ਦੇ ਵਿੱਚ ਵੇ ਕਸਰ ਨਾ ਰਾਈ। ਸੱਠਾਂ ਸਹੇਲੀਆਂ ਦੇ ਨਾਲ ਕੱਤਦੀ ਸੌਂ ਗਈ ਐਂ, ਕੱਲੀ ਡਰਦੀ ਭੂਤਾਂ ਤੋਂ ਘਰ ਨੂੰ ਨਾ ਆਈ। ਜਦ ਪਹਿ ਪਾਟੀ ਤਾਰਾ ਚੜ੍ਹਿਆ ਚਿੜੀ ਚੂੰਕੀ ਐ, ਦਿਨ ਤਾਂ ਚੜ੍ਹਦੇ ਨੂੰ ਨਜੂੰਮੀ ਫੇਰੀ ਪਾਈ। ਸਭਨਾਂ ਕੁੜੀਆਂ ਹੱਥ ਦਖਾਲੇ ਓਸ ਨਜ਼ੂੰਮੀ ਨੂੰ, ਮੈਂ ਵੀ ਬਾਹੋਂ ਫੜ ਕੇ ਅੱਗੇ ਜਾ ਬਹਾਈ। ਮੇਰਾ ਹੱਥ ਲਵਾ ਕੇ ਸਿੱਟੇ ਡਾਲਣੇ ਰਮਲੀ ਨੇ, ਪਿਛਲੀ ਬੀਤੀ ਅੱਗੇ ਜੋ ਬੀਤੇ ਖੋਲ੍ਹ ਸੁਣਾਈ। ਮਿਰਗ ਭੁਲਾਵੇਂ ਸਾਧੂ ਮਰਜੂ ਤੇਰੇ ਵੀਰਨ ਤੋਂ, ਆਵਾਜਾਰ ਹੋਜੂ ਹੀਰੇ ਤੇਰਾ ਭਾਈ। ਸੁਣ ਕੇ ਥਾਉਂ ਰਹਿ ਗਈ ਆਂ ਵੇ ਕਮਲੀ ਦਿਆ ਵੀਰਨਾ, ਲੈ ਕੇ ਪਤਾ ਮੈਂ ਤੇਰਾ ਮਗਰੇ ਤੇਰੇ ਧਾਈ। ਮੇਰੇ ਆਉਂਦੀ ਨੂੰ ਅਮੇਟ ਭਾਵੀ ਵਰਤ ਗਈ, ਭਾਵੀ ਅਮੇਟ ਵੇ ਵੀਰਾ ਗਈ ਨਾ ਮਿਟਾਈ। ਮੈਨੂੰ ਸਿੱਟ ਦੇਹ ਖੂਹ ਵਿਚ ਫਿਕਰ ਕਰੀਂ ਤੂੰ ਆਪਦਾ, ਮੇਰੀ ਸੁਣਲੀਂ ਹੀਰ ਦੀ ਵੀਰਾ ਰਾਮ ਦੁਹਾਈ। ਐਸਾ ਮਕਰ ਹਜ਼ੂਰਾ ਸਿੰਘ ਬਣਾ ਕੇ ਹੀਰ ਨੇ, ਕਰ ਚਲਿੱਤਰ ਨਾਰ ਨੇ ਹੱਥੀਂ ਸਰੋਂ ਜਮਾਈ। ਜਵਾਬ ਵੀਰ ਪਠਾਣ ਮੌਤੋਂ ਫੜਿਆ ਵੀਰ ਪਠਾਣ ਜ਼ਹਿਮਤ ਮੰਨ ਲਈ ਏ, ਨੀਵੀਂ ਪਾ ਅਰਜੋਈ ਕਰਦਾ ਹੀਰ ਤਾਈਂ। ਪਲ ਵਿਚ ਕੌੜਾ ਬੋਲ ਮਿੱਠਾ ਹੋ ਗਿਆ ਸ਼ਰਬਤ ਤੋਂ, ਬੀਬੀ ਹੀਰੇ ਏਸ ਅਜਾਬੋਂ ਕਹੇ ਬਚਾਈਂ। ਕਿੱਥੇ ਗੰਗਾ ਨਾਤ੍ਹਿਆਂ ਉੱਤਰੇ ਪਾਪ ਸਰੀਰ ਦਾ, ਅੱਗੇ ਲੱਗ ਤੂੰ ਬੀਬੀ ਮੈਨੂੰ ਚੱਲ ਨਲ੍ਹਾਈਂ। ਜਿੱਥੇ ਬਿਮਾਰੀ ਨਾਲ ਇਲਾਜ਼ ਜੋ ਲਿਖਿਆ ਹਿਕਮਤਾਂ, ਨੁਸਖੇ ਕਰ ਕਰ ਲਿਖੀਆਂ ਖੋਲ੍ਹ ਕੇ ਦੁਵਾਈਂ। ਰਮਲ ਨਜੂਮ ਵਿੱਚ ਵੀ ਲਿਖੇ ਉਪਾਓ ਘਰਿਸਤੀਆਂ ਦੇ, ਪੂਜਾ ਦਾਨ ਜੋ ਬਿਧ ਮੈਨੂੰ ਤੂੰ ਕਰਵਾਈਂ। ਦੇਹੀ ਸੋਨੇ ਵਰਗੀ ਦੋਸ਼ ਕਿਵੇਂ ਜੇ ਉਤਰੇ ਨੀ, ਹੀਰਾ ਜਨਮ ਕਿਤੇ ਇਹ ਜਾਵੇ ਨਾ ਅਜਾਈਂ। ਇੱਕੇ ਚਲਿੱਤਰ ਦੇ ਵਿੱਚ ਉਲਝਿਆ ਫਿਰਦਾ ਦੇਖ ਲਵੋ, ਡਰੀਏ ਨਾਰਾਂ ਤੋਂ ਇਹਨਾਂ ਦੀਆਂ ਦੂਰ ਬਲਾਈਂ। ਸ਼ੇਖ ਸ਼ਾਦੀ ਤੇ ਸ਼ੈਤਾਨ ਸਲਾਮ ਕਰ ਗਏ ਐ, ਯਾਰ ਜਿਨ੍ਹਾਂ ਨੂੰ ਸਿਰ ਚੁਕਵਾ ਕੇ ਗਈਆਂ ਹੰਢਾਈਂ। ਹੀਰ ਪਾਣੀ ਕਰਕੇ ਤੋਰਿਆ ਵੀਰ ਪਠਾਣ ਨੂੰ, ਕੀ ਮਜਾਲ ਹਰ ਦਮ ਮੰਨੇ ਨਾ ਰਜਾਈਂ। ਜਵਾਬ ਹੀਰ ਹੋ ਕੇ ਮਚਲੀ ਹੀਰ ਸੁਣਾਵੇ ਵੀਰ ਪਠਾਣ ਨੂੰ, ਮੇਰੀ ਸੁਣੀਂ ਵਾਰਤਾ ਵੀਰਾ ਮਨ ਚਿੱਤ ਲਾ ਕੇ। ਬੋਲੇ ਤੋਲੇ ਖੋਲੇ ਬਿਨ ਕੈਸੇ ਕਰ ਜਾਣੀਏ, ਝੂਠਾ ਸੱਚਾ ਮੰਨੀਂ ਦਾ ਅੱਖੀਂ ਅਜ਼ਮਾ ਕੇ। ਪੀਰ ਮੰਨੀਂਦਾ ਵੇ ਵੀਰਾ ਪੀਰੀ ਦੇਖ ਕੇ, ਲਾਲ ਮੰਨੀਂਦਾ ਹੈ ਜੌਹਰੀ ਨੂੰ ਪਰਖਾ ਕੇ। ਪਾਰਸ ਮੰਨੀਏ ਲੱਗ ਲੋਹੇ ਨੂੰ ਸੋਨਾ ਜੇ ਕਰੇ, ਮੰਨੀਏ ਕੰਨੀ ਸਭਾ ਵਿਚ ਉੱਠੇ ਸ਼ੋਭਾ ਪਾ ਕੇ। ਅੱਜ ਘਰ ਤੇਰੇ ਮਾਹੀ ਪੀਰਾਂ ਦਾ ਸਿਰ ਪੀਰ ਵੇ, ਮੇਰੇ ਕਹੇ ਨਾ ਮੰਨੀਂ ਮੰਨੀਂ ਤੂੰ ਪਰਤਿਆ ਕੇ। ਪੀਰੀ ਮੀਰੀ ਉਹਦੇ ਮੂਹਰੇ ਰੁਲਦੀ ਫਿਰਦੀ ਐ, ਪੀਰ ਪੈਗੰਬਰ ਮੋਹ ਲਏ ਵੰਝਲੀਆਂ ਵਜਾ ਕੇ। ਦੇਵੀ ਦਿਉਤੇ ਪਰੀਆਂ ਸਣੇ ਈ ਇੰਦਰ ਆਉਂਦੀਆਂ, ਜਾਦਾ ਕੀ ਕਹਾਂ ਸ਼ਿਵ ਬਰ੍ਹਮੇ ਨੂੰ ਲਗਾ ਕੇ। ਕਿਤੋਂ ਢੂੰਡ ਚਾਕ ਨੂੰ ਜਿਉਂਦਾ ਕਰ ਜਾਏ ਮਿਰਗ ਨੂੰ, ਤੇਰਾ ਉਤਰੇ ਪਾਪ ਜੋ ਸੁਖੀ ਬਸੇਂ ਘਰ ਜਾ ਕੇ। ਜਵਾਬ ਵੀਰ ਪਠਾਣ ਸ਼ੂਕਰ ਝੱਲ ਵਿਚ ਰਾਂਝਣ ਬੈਠਾ ਹੇਠ ਜੰਡੋਰੇ ਦੇ, ਵੀਰ ਪਠਾਣ ਕਹਿੰਦਾ ਹੀਰੇ ਚੱਲ ਲਿਆਈਏ। ਜਿਉਂਦਾ ਕਰੇ ਮਿਰਗ ਜੇ ਮੇਹੀਂ ਕਿਉਂ ਚਰਾਉਣੀਆਂ, ਪੈਰ ਧੋ ਧੋ ਪੀਈਏ ਪੰਲਘਾਂ ਤੇ ਬਿਠਾਈਏ। ਸਿਆਲਾਂ ਵਿਚੋਂ ਕੱਢ ਦਿਆਂ ਕੈਦੋਂ ਵਰਗਿਆਂ ਚੁਗਲਾਂ ਨੂੰ, ਸਾਰੀ ਉਮਰ ਜੋ ਘਰੇ ਬੈਠੇ ਨੂੰ ਖੁਆਈਏ। ਐਸੇ ਬੰਦੇ ਕਿਸਮਤ ਬਿਨ ਮਿਲਦੇ ਨਾ ਕਿਸੇ ਹੋਰ ਨੂੰ, ਮੱਕੇ ਮਦੀਨੇ ਭਾਵੇਂ ਦੁਨੀਆਂ ਭਾਲਣ ਜਾਈਏ। ਸਾਨੂੰ ਬੈਠਿਆਂ ਨੂੰ ਘਰ ਪੀਰ ਖੁਦਾ ਨੇ ਬਖਸ਼ਿਆ ਐ, ਕਿਉਂ ਬੇਅਦਬੀ ਕਰੀਏ ਚੁੱਕ ਕੇ ਕੋਲ ਪੁਚਾਈਏ। ਚੁੱਕ ਕੇ ਮਿਰਗ ਵੀਰ ਪਠਾਣ ਸੰਗ ਲੈ ਹੀਰ ਨੂੰ, ਰਾਂਝੇ ਅੱਗੇ ਧਰਿਆ, ਅੱਲਾ ਤੋਂ ਬਖਸ਼ਾਈਏ। ਤੂੰ ਹੈਂ ਵਲੀ ਸ਼ੇਰ ਖੁਦਾ ਦਾ ਸੁਣਿਆ ਹੀਰ ਤੋਂ, ਮੈਤੋਂ ਹੋਈ ਅਵੱਗਿਆ ਅਜ਼ਾਬੋਂ ਜੀ ਛੁਡਾਈਏ। ਮਿਰਗ ਭੁਲਾਵੇਂ ਮੈਤੋਂ ਸੰਤ ਗੁਜ਼ਰ ਗਿਆ ਰਾਂਝਣਾਂ, ਰੱਖਲਾ ਬਸਦੇ ਸਾਨੂੰ ਉਮਰ 'ਚ ਨਾ ਭੁਲਾਈਏ। ਜਵਾਬ ਰਾਂਝਾ ਤੋਬਾ ਮੇਰੀ ਮਾਹੀ ਕਹਿੰਦਾ ਵੀਰ ਪਠਾਣ ਨੂੰ, ਮੇਰੇ ਵਿਚ ਨਾ ਹੈ ਗਰੀਬ ਦੇ ਗੁਣ ਕਾਈ। ਮਰਿਆਂ ਮਿਰਗਾਂ ਨੂੰ ਜੇ ਜਿਉਂਦੇ ਕਰਨੇ ਜਾਣੀਏਂ, ਖੋਲੇ ਚਾਰੀਏ ਕਿਉਂ ਬਿਨਾਂ ਹੀ ਚਰਾਈ। ਤੇੜ ਲੰਗੋਟੀ ਭੂਰੀ ਪਾਟੀ ਕਿਉਂ ਸਨ ਪਹਿਨਦੇ, ਅਜ਼ਮਤ ਹੁੰਦੀ ਜੇ ਨਸੀਬ ਮੇਂ ਲਖਾਈ। ਕਾਮੇ ਰਹਿੰਦੇ ਕਿਉਂ ਛਾਹ ਖੱਟੀ ਬੇਹੇ ਟੁਕੜਿਆਂ ਤੇ, ਜੇ ਕਰ ਲੈਂਦੇ ਮੁੱਢੋਂ ਪੂਰੀ ਜੀ ਕਮਾਈ। ਮਰੇ ਮੁਰਦੇ ਬੰਦੇ ਜਿਉਂਦੇ ਜੇ ਕਰ ਦੇਣਗੇ, ਐਨੀ ਮਰ ਮਰ ਕਾਹਨੂੰ ਜਾਵੇ ਜੀ ਲੋਕਾਈ। ਤੋਬਾ ਕਰਨਾ ਆਖੀਂ ਲਫਜ਼ ਖੁਦਾ ਸ਼ਰੀਕਤ ਦਾ, ਮਰੇ ਜਿਉਂਦੇ ਕਰਨੇ ਦਾਅਵਾ ਹੈ ਖੁਦਾਈ। ਪਵੇ ਦੋਜ਼ਖ ਬੰਦਾ ਦਾਅਵਾ ਕਰੇ ਖੁਦਾਈ ਜੋ, ਏਹ ਹਦਾਇਤ ਮੁਹੰਮਦ ਹਜ਼ਰਤ ਨੇ ਫੁਰਮਾਈ। ਜਾਣਾਂ ਦੋਜ਼ਖ ਕਾਹਨੂੰ ਕਲਮਾ ਕਹਿ ਕੇ ਕੁਫ਼ਰ ਦਾ, ਇਹ ਗੱਲ ਰਾਂਝੇ ਵੀਰ ਪਠਾਣ ਨੂੰ ਸਮਝਾਈ। ਜਵਾਬ ਵੀਰ ਪਠਾਣ ਇਹ ਗੱਲ ਸੁਣ ਕੇ ਵੀਰ ਪਠਾਣ ਕਹਿੰਦਾ ਹੀਰ ਨੂੰ, ਸਾਰੀ ਉਮਰ 'ਚ ਕਦੇ ਝੂਠ ਨਾ ਤੂੰ ਬੋਲੀ। ਅੱਜ ਕੀ ਦਿਲ ਵਿਚ ਆ ਗਿਆ ਮਿਰਗ ਚਕਾ ਕੇ ਲਿਆਈ ਹੈ, ਕੀਤੀ ਵੀਰ ਪਠਾਣ ਭਾਈ ਨਾਲ ਠਠੋਲੀ। ਤੈਂ ਤਾਂ ਕਿਹਾ ਸੀ ਮਾਹੀ ਪੀਰਾਂ ਦਾ ਸਿਰ ਪੀਰ ਹੈ, ਹੋ ਸ਼ਰਮਿੰਦੀ ਤੇਰੀ ਗੱਲ ਨਿਕਲ ਗਈ ਪੋਲੀ। ਹੁਣ ਤੂੰ ਦੱਸ ਮੈਂ ਕਿੱਥੇ ਲਿਜਾਵਾਂ ਚੱਕ ਕੇ ਮਿਰਗ ਨੂੰ, ਬਿੱਡਰੀ ਦੂਰ ਖੜ੍ਹੀ ਕਿਉਂ ਮਾਹੀ ਦੀ ਵਿਚੋਲੀ। ਜਾਂ ਕਰ ਸੱਚੀ ਗੱਲ ਨਹੀਂ ਹੁਣੇ ਮੁਕਾ ਦੂੰ ਜਾਨ ਤੋਂ, ਕਰਨਾ ਹੋਰ ਤੇ ਕੁਝ ਦੇਣੀ ਹੋਰ ਬਤੋਲੀ। ਐਸੇ ਮਾਹੀ ਕੋਲੋਂ ਗਈ ਫਿਰੇਂਦੀ ਰਾਤ ਦੀ, ਇਹ ਗੱਲ ਤੇਰੀ ਹੀ ਜ਼ੁਬਾਨ ਵਿਚੋਂ ਟੋਲੀ। ਬਗਿੜਿਆ ਦੇਖ ਹਜ਼ੂਰਾ ਸਿੰਘਾ ਵੀਰ ਪਠਾਣ ਨੂੰ, ਮਚਲੀ ਹੋ ਹੀਰ ਨੇ ਕੁੱਲ ਹਕੀਕਤ ਖੋਹਲੀ। ਜਵਾਬ ਹੀਰ ਥੋੜ੍ਹੀ ਅਕਲੋਂ ਬਹੁਤੀ ਕਿਹੜਾ ਕਰਦੂ ਵੀਰਨਾ, ਤੈਂ ਵਿਚ ਮੱਤ ਦੇ ਵੀਰਾ ਏਹੋ ਡਾਹਢੇ ਪਾਈ। ਕੌੜੇ ਬੋਲ ਸੁਣ ਕੇ ਅਜ਼ਮਤ ਕੌਣ ਦਖਾਦੂਗਾ, ਮਤਲਬ ਲੈਣ ਨੂੰ ਤਾਂ ਚਾਹੀਦੀ ਨਰਮਾਈ। ਬਰਕਤ ਵਿੱਦਿਆ ਦੇ ਇਹ ਮਿਲਦੀ ਬਚਨਾਂ ਮਿੱਠਿਆਂ ਨੂੰ, ਕੌੜਾ ਬੋਲਿਆਂ ਤੋਂ ਸਿਰ ਪੈਂਦੀ ਵੀਰਾ ਛਾਈ। ਕੌੜਾ ਬੋਲ ਮੂਰਖ ਦਾ ਘਰ ਦੇ ਜਰ ਲੈਣਗੇ, ਸੁੱਕਾ ਛਿੱਤਰ ਵੀਰਾ ਫੜਲੂ ਗੀ ਲੋਕਾਈ। ਉੱਠ ਕੇ ਰਾਂਝਣ ਰਸਤੇ ਪੈਜੂ ਤਖਤ ਹਜ਼ਾਰੇ ਦੇ, ਕੁੱਲੀ ਪਾਲੂ ਵੀਰਾ ਵੇ ਜੂਹ ਤੋਂ ਪਰਾਈ। ਮਹਿੰਗਾ ਸਸਤਾ ਵਰ ਤਾਂ ਮਿਲਜੂ ਮੈਨੂੰ ਹੀਰ ਨੂੰ, ਭੋਗ ਲਵਾਂਗੇ ਵੀਰਾ ਜਹੀ ਜ੍ਹੀ ਲਖਾਈ। ਅੱਜ ਦਿਨ ਛਿਪਦੇ ਨੂੰ ਪਰਤਿਆਵਾ ਲੈ ਲਈਂ ਵੀਰਨਾ, ਜਿਹੜੀ ਤੈਂ ਪਰ ਭਾਵੀ ਡਾਹਢੇ ਨੇ ਵਰਤਾਈ। ਜਤਿਨੀ ਮੈਨੂੰ ਦੱਸੀ ਹਜ਼ੂਰਾ ਸਿੰਘਾ ਰਮਲੀ ਨੇ, ਸਾਰੀ ਤੈਨੂੰ ਵੀਰਨਾ ਖੋਲ੍ਹ ਕੇ ਸੁਣਾਈ। ਕਲਾਮ ਵੀਰ ਪਠਾਣ ਵ ਹੀਰ ਰਾਂਝੇ ਸੇ ਵੀਰ ਪਠਾਣ ਹੀਰ ਅਰਜਾਂ ਕਰਦੇ ਚਾਕ ਨੂੰ, ਗਰਜ਼ਾਂ ਗੁੜ ਤੋਂ ਮਿੱਠੀਆਂ ਰੱਬ ਨਾ ਕਿਸੇ ਨੂੰ ਪਾਵੇ। ਏਹੋ ਵੀਰ ਪਠਾਣ ਜਿਸ ਤੋਂ ਡਰਨ ਫਰੇਸਤੇ, ਕਹੇ ਸਿਆਲ ਰਾਂਝਾ ਦੇਖ ਖੜ੍ਹਾ ਨਰ ਦਾਅਵੇ। ਤੇਰਾ ਅੱਜ ਹੀ ਵੇਲਾ ਵੰਝਲੀਆਂ ਵਜਾਉਣ ਦਾ, ਵੀਰਨ ਬਚ ਜਾਏ ਰੱਖੀ ਰਹੇ ਗਵਾਈ ਜਾਵੇ। ਮੋਹ ਕੇ ਨਾਲ ਵੰਝਲੀਆਂ ਸੱਦ ਵੇ ਪੀਰਾਂ ਕਾਮਲਾਂ, ਕੋਈ ਰੇਖ 'ਚ ਮੇਖ ਪੀਰ ਅਜ਼ਮਤੀ ਲਾਵੇ। ਜਿਉਂਦਾ ਹੋ ਜਾਏ ਮਿਰਗ ਦਸੌਂਟਾ ਟਲ ਜਾਏ ਹੀਰ ਦਾ, ਹੋਵੇ ਅਸਲ ਅਹਿਸਾਨ ਉਮਰ 'ਚ ਨਾ ਭੁਲਾਵੇ। ਬੂਹਾ ਵਸਦਾ ਕਿਵੇਂ ਰੱਖ ਵੇ ਚੂਚਕ ਮਹਿਰ ਦਾ, ਅੱਜ ਦਿਨ ਵਿਚ ਸਿਆਲੀਂ ਚੌਧਰੀ ਕਹਾਵੇ। ਜੇ ਕੁਛ ਬਣੇ ਨਾ ਮੀਆਂ ਤੇਰੀ ਮੇਰੀ ਬੱਸ ਵੇ, ਵਖਤੋਂ ਖੁੰਝੀ ਮਰਾਸਣ ਆਲ ਪਤਾਲ ਗਾਵੇ। ਖਾਧਾ ਨੂਣ ਹਲਾਲ ਕਰਦੇ ਚੂਚਕ ਮਹਿਰ ਦਾ, ਉਜੜੇ ਜਾਂਦੇ ਨੂੰ ਰੱਬ ਤੇਰੇ ਹੱਥੋਂ ਵਸਾਵੇ। ਅੱਜ ਤੂੰ ਬਿਨਾਂ ਕਿਧਰੇ ਫਿਰੇਂ ਵਜਾਉਂਦਾ ਵੰਝਲੀਆਂ, ਮਤਿਰੋਂ ਵੈਰੀ ਜਿਹੜਾ ਵਖਤ 'ਚ ਕੰਮ ਨਾ ਆਵੇ। ਜਵਾਬ ਕਵੀ ਸੋਹਣੀ ਮੋਹਣੀ ਵੰਝਲੀਆਂ ਫੜੀਆਂ ਹੱਥ ਵਿਚ ਚਾਕ ਨੇ, ਹੁਕਮ ਲੈ ਕੇ ਪੀਰ ਦਾ ਰਾਂਝੇ ਨੇ ਵਜਾਈਆਂ। ਭੈਰੋਂ ਰਾਗ ਅਲਾਪੇ ਸੁਰ ਪੰਚਮ ਵਿਚ ਰੱਖ ਕੇ, ਪੰਜੇ ਰਾਗਣੀਆਂ ਅੱਠ ਪੁੱਤਰਾਂ ਸਣੇ ਗਾਈਆਂ। ਵਾਰੀ ਮਾਲਕੌਂਸ ਦੀ ਆ ਗੀ ਸਣੇ ਕਬੀਲੇ ਤੋਂ, ਸਿਰੀ ਰਾਗ ਹੋਰਾਂ ਦੀਆਂ ਰਾਗਣੀਆਂ ਵਿਚ ਲਾਈਆਂ। ਫੇਰ ਬਸੰਤ ਹੰਢੋਲ ਗਾ ਰਿਹਾ ਸਣ ਟੱਬਰੀ ਤੋਂ, ਝੋਕਾਂ ਸਣ ਰਾਗਣੀਏ ਦੀਪਕ ਦੀਆਂ ਚਲਾਈਆਂ। ਸਾਰਾ ਜ਼ੋਰ ਲਗਾਇਆ ਮੇਘ ਮਲਹਾਰ ਅਲਾਪਣ ਨੂੰ, ਚੜ੍ਹ ਕੇ ਰਾਜੇ ਇੰਦਰ ਬੂੰਦਾਂ ਆ ਵਰਸਾਈਆਂ। ਵਿੱਚ ਰੰਗ ਭਰ ਕੇ ਗਾਵੇ ਗਜ਼ਲਾਂ ਨਾਲੇ ਠੁਮਰੀਆਂ, ਤੀਨ ਲੋਕ ਦੇ ਵਿੱਚ ਵੰਝਲੀਆਂ ਸੁਣਾਈਆਂ। ਸੁਣ ਕੇ ਵੰਝਲੀਆਂ ਨੂੰ ਸ਼ਿਵਜੀ ਚੜ੍ਹੇ ਕੈਲਾਸ਼ ਨੂੰ, ਕਰੀਆਂ ਪੰਜਾਂ ਪੀਰਾਂ ਨੇ ਮੱਕਿਉਂ ਚੜ੍ਹਾਈਆਂ। ਨਚਦੀ ਫਿਰੇ ਹੀਰ ਸਿਆਲ ਰਲ ਵਿਚ ਪਰੀਆਂ ਦੇ, ਕੌਂਸਲ ਪੀਰਾਂ ਦੀ ਨਿਰਤਕਾਰੀਆਂ ਕਰਵਾਈਆਂ। ਦੇਖ ਹੈਰਾਨ ਹੋ ਗਿਆ ਭਾਈ ਹੀਰ ਸਿਆਲ ਦਾ, ਕਰਾਮਾਤਾਂ ਪੀਰਾਂ ਕਾਮਲਾਂ ਦਿਖਾਈਆਂ। ਸਭ ਦੇ ਪੈਰੀਂ ਪੈਂਦਾ ਫਿਰੇ ਮਾਰਿਆ ਦਹਿਲ ਦਾ, ਕਸਰਾਂ ਮੇਰੀਆਂ ਜੀ ਜਾਣ ਕਿਵੇਂ ਮਿਟਾਈਆਂ। ਪੀਰ ਪੈਗੰਬਰ ਮੋਹ ਲਏ ਅਕਲਾਂ ਸ਼ਕਲਾਂ ਹੁੰਨਰਾਂ ਨੇ, ਕਰੇ ਹਜ਼ੂਰਾ ਸਿੰਘ ਹੀਰ ਰਾਂਝੇ ਦੀਆਂ ਵਡਿਆਈਆਂ। ਕਲਾਮ ਹੀਰ ਹੀਰ ਹੱਥ ਉਠਾ ਕੇ ਭਰੀ ਸਭਾ ਵਿਚ ਕਹਿੰਦੀ ਐ, ਕੋਈ ਐਸਾ ਪੀਰ ਵੀਰ ਨੂੰ ਬਖਸ਼ਾਵੇ। ਸਾਧੂ ਮਿਰਗ ਭੁਲਾਵੇਂ ਮਰ ਗਿਆ ਮੇਰੇ ਵੀਰਨ ਤੋਂ, ਆਬ ਹਯਾਤ ਪਾ ਮੂੰਹ ਜਿਉਂਦਾ ਕਰ ਦਿਖਲਾਵੇ। ਹੀਰ ਰਾਂਝਾ ਵੀਰਨ ਤਿੰਨੇ ਹਰ ਦਮ ਟਹਿਲੂਏ, ਸਦਾ ਗੁਲਾਮ ਜੁੱਤੀਆਂ ਚੰਮ ਦੀਆਂ ਸਮਾਵੇ। ਗਲ਼ ਵਿਚ ਪੱਲੂ ਮੂੰਹ ਵਿਚ ਘਾਹ ਲੈ ਪਾਵਾਂ ਵਾਸਤਾ, ਬੇੜੇ ਬਹੇ ਜਾਂਦੇ ਨੂੰ ਜੋ ਬੰਨੇ ਲਾਵੇ। ਮੰਨੇ ਸਵਾਲ ਸਾਈਂ ਨਾਮੇ ਸਾਦਕ ਲੋਕਾਂ ਦਾ, ਵੱਡਾ ਮੁਰਾਤਬਾ ਦਰਗਾਹੋਂ ਸੱਚੀਓਂ ਥਿਆਵੇ। ਮੰਗਣ ਗਿਆ ਸੋ ਮਰ ਗਿਆ ਸਾਰੀ ਦੁਨੀਆਂ ਕਹਿੰਦੀ ਐ, ਓਦੂੰ ਉਹ ਵੀ ਮਰ ਗਿਆ ਹੁੰਦੇ ਜੋ ਮੁੱਕਰ ਜਾਵੇ। ਜਾਂ ਤੇ ਕਰੋ ਕਹਾਣੀ ਝੂਠੀ ਜੇ ਜੱਗ ਨਾ ਕਹੇ, ਨਹੀਂ ਖੈਰ ਪਾਓ ਮਰੇ ਸਵਾਲੀ ਹਾਵੇ। ਮੇਰੀ ਅਰਜ਼ ਕਬੂਲ ਹੋਵੇ ਸਭਾ ਵਿਚ ਸਦਿਕਣ ਦੀ, ਬਰਮ੍ਹੇ ਸ਼ਿਵਜੀ ਪੀਰਾਂ ਨਾਰਦ ਨੂੰ ਸੁਣਾਵੇ। ਜਵਾਬ ਨਾਰਦ ਇਹ ਗੱਲ ਸੁਣ ਕੇ ਤੇ ਜਵਾਬ ਦੇ ਲਿਆ ਸਭਨਾਂ ਨੇ, ਇਕੋ ਨਾਰਦ ਮਰਦ ਨੇ ਭਰ ਲਈ ਏ ਹਾਮੀ। ਸਾਈਂ ਨਾਮੇ ਦੇ ਸਵਾਲ ਜੋ ਸਿਰ ਦੇ ਲਈਏ, ਤਾਂ ਵੀ ਸੱਚੀ ਦਰਗਾਹ ਵਿਚ ਹੈ ਨਾ ਬਦਨਾਮੀ। ਦੱਸਣ ਮੇਰਾ ਬੱਚੂ ਭੇਜਣ ਸ਼ਿਵ ਭਗਵਾਨ ਦਾ, ਜਿੱਥੇ ਆਬ ਹਯਾਤ ਦੀ ਕੁੰਡ ਹੈ ਮੁਦਾਮੀ। ਸੱਤਵੇਂ ਪਿਆਲ 'ਚ ਖੇਰ ਸਮੁੰਦਰ ਸੇਜਾ ਸ਼ੇਸ਼ ਦੀ, ਲੱਛਮੀ ਚਰਨ ਸੇਜ ਦੀ ਪਏ ਨੇ ਪਾਰ ਗਰਾਮੀ। ਕੋਈ ਜਤੀ ਭਜਨੀਕ ਪੂਰਾ ਪਹੁੰਚੂਗਾ, ਜਾ ਨਹੀਂ ਸਕਦਾ ਦੁਨੀਆਂਦਾਰ ਕਰੋਧੀ ਕਾਮੀ। ਪਾਕ ਮਹੱਬਤੋਂ ਜੇ ਕੁਝ ਹਿੱਸਾ ਸਦਿਕ ਇਮਾਨ ਦਾ, ਚੜ੍ਹ ਪਉ ਬੱਚੀਏ ਤੈਨੂੰ ਬਖਸ਼ੂ ਅੰਤਰਜਾਮੀ। ਫੜ ਲੈ ਰੋਮ ਜਟਾਂ ਦਾ ਸ਼ਿਵਜੀ ਭੋਲੇ ਨਾਥ ਦਾ, ਚਰਨੀ ਜਾ ਪਉ ਬੈਠੇ ਤਰਲੋਕੀ ਦੇ ਸਵਾਮੀ। ਹੀਰ ਪਾਰਬਤੀ ਦੇ ਗੋਦ 'ਚ ਬੈਠ ਹਜ਼ੂਰਾ ਸਿੰਘ ਕਹੇ, ਮਨਾਓ ਸ਼ਿਵ ਜੀ ਨੂੰ ਮੈਂ ਦੱਸੂੰ ਗੱਲ ਇਨਾਮੀ। ਜਵਾਬ ਹੀਰ ਆਪੇ ਕਰ ਵਡਿਆਈ ਆਪ ਦੀ ਨਾ ਸਜਦੀ ਏ, ਹੀਰ ਜੋੜ ਕੇ ਹੱਥ ਨਾਰਦ ਨੂੰ ਸੁਣਾਇਆ। ਲਫਜ਼ ਖੁਦੀ ਦਾ ਮੁਆਫ ਕਰਨਾ ਜਾਣ ਗਰੀਬਣੀ, ਦਿਆਂ ਜਵਾਬ ਜੋ ਕੁਛ ਆਪ ਨੇ ਫੁਰਮਾਇਆ। ਮੇਰੀ ਪਾਕ ਮੁਹੱਬਤ ਨੂੰ ਦੁਨੀਆਂ ਸਭ ਜਾਣਦੀ, ਵਾਰਾਂ ਢਾਡੀ ਲੋਕੀਂ ਵਿਚ ਕਰਨਗੇ ਗਾਇਆ। ਮੇਰੇ ਸੀਲ ਧਰਮ ਨੂੰ ਧੌਲਾ ਬੈਲ ਵੀ ਜਾਣਦਾ, ਜਿਨ ਸਿਰ ਧਰਤੀ ਵਾਲਾ ਭਾਰ ਹੈ ਉਠਾਇਆ। ਜਤ ਸਤ ਮੇਰੇ ਤਾਈਂ ਬਾਸ਼ਕ ਨਾਗ ਵੀ ਜਾਣਦਾ, ਜਿਸ ਨੇ ਧਰਤੀ ਦੇ ਉਦਾਲੇ ਕੁੰਡਲ ਪਾਇਆ। ਪੰਜੇ ਪੀਰ ਮੇਰੇ ਜਾਨਣ ਸਦਿਕ ਇਮਾਨ ਨੂੰ, ਜਿਨ੍ਹਾਂ ਨੇ ਹੱਕ ਨਿਕਾਹ ਰੰਝੇਟੇ ਨਾਲ ਪੜ੍ਹਾਇਆ। ਮੇਰੇ ਸੱਚ ਝੂਠ ਨੂੰ ਸ਼ੇਸ਼ ਨਾਗ ਵੀ ਜਾਣਦਾ, ਜਿਸਨੇ ਅਪਣੇ ਤਨ ਦੀ ਸੇਜਾ ਹਰੀ ਸੁਲਾਇਆ। ਧੀ ਪੁੱਤ ਦੇਵਤਿਆਂ ਦੇ ਮਾਰੇ ਕਿਸੇ ਸਰਾਪ ਦੇ, ਸਾਨੂੰ ਜਰਮ ਜੋ ਨਾਰਦ ਜੀ ਮਾਣਸ ਦਾ ਥਿਆਇਆ। ਫਿਰਦੇ ਤੁਰਦੇ ਦੁਆਰੇ ਆਇ ਡਿੱਗੇ ਸ਼ਿਵ ਨਾਰਦ ਦੇ, ਜੰਮਣੇ ਮਰਨੇ ਦਾ ਮੈਂ ਚਾਹਾਂ ਰੋਗ ਮਿਟਾਇਆ। ਚੁੰਨੀ ਧਰ ਕੇ ਚਰਨੀ ਡਿਗ ਪਈ ਸ਼ਿਵ ਭਗਵਾਨ ਦੇ, ਖੈਰ ਜਾਵੇ ਆਬਹਯਾਤ ਕਾ ਦੁਵਾਇਆ। ਸ਼ਾਇਰ ਜੋ ਕਰੋਂ ਆਸ਼ਕੋ ਕਵੀ ਹਜ਼ੂਰਾ ਸਿੰਘ ਕਹੇ, ਇੱਕੋ ਬੂਟੇ ਦਾ ਈ ਬਾਗ ਕਰ ਦਿਖਲਾਇਆ। ਜਵਾਬ ਸ਼ਿਵਜੀ ਮਹਾਰਾਜ ਹੋ ਦਿਆਲ ਬਾਹੋਂ ਪਕੜ ਉਠਾਈ ਸ਼ਿਵਜੀ ਨੇ, ਤੈਨੂੰ ਬਖਸ਼ਿਆ ਬੱਚੂ ਹੀਰੇ ਦਿਲੋਂ ਲਗਾ ਕੇ। ਜਿਹੜੀ ਆਬਹਯਾਤ ਮੰਗੀ ਸੋ ਵੀ ਮਿਲਜੂਗੀ, ਜਿੱਥੋਂ ਪੈਦਾ ਹੋਈ ਸੋ ਵੀ ਸੁਣ ਕੰਨ ਲਾ ਕੇ। ਦੈਂਤਾਂ ਦੇਵਤਿਆਂ ਨੇ ਮਿਲ ਕੇ ਰਿੜਕਿਆ ਸਾਗਰ ਨੂੰ, ਸਮੇਰ ਮਧਾਣ ਨੂੰ ਤਾਂ ਬਾਸ਼ਕ ਨਾਗ ਪਾ ਕੇ। ਚੌਦਾਂ ਰਤਨ ਨਿਕਾਲੇ ਅੰਮ੍ਰਿਤ ਲੈ ਹੱਥ ਆਪਣੇ, ਪਰਭੂ ਵੰਡਣ ਲੱਗ ਗਿਆ ਪਾਲੋ ਪਾਲ ਬਹਾ ਕੇ। ਮੋਹਣੀ ਰੂਪ ਧਾਰ ਕੇ ਦੈਂਤ ਠੱਗੇ ਭਗਵਾਨ ਨੇ, ਅੰਮ੍ਰਿਤ ਦੇਵਤਿਆਂ ਨੂੰ ਦੈਂਤਾਂ ਮਦਰਾ ਪਿਆ ਕੇ। ਬੈਠੇ ਦੇਵ ਪੁਰੀ ਵਿਚ ਰਾਹੂ ਅੰਮ੍ਰਿਤ ਪੀ ਗਿਆ, ਇਕ ਤੋਂ ਦੋ ਬਣੇ ਸੁਦਰਸ਼ਨ ਚੱਕਰ ਖਾ ਕੇ। ਪੂਜਾ ਨਾਲ ਹਮੇਸ਼ਾਂ ਦੇਵਤਿਆਂ ਦੇ ਹੁੰਦੀ ਏ, ਏਵੇਂ ਮਿਰਗ ਹੋਊਗਾ ਅੰਮ੍ਰਿਤ ਬੂੰਦ ਲੰਘਾ ਕੇ। ਡੰਗਰਾਂ ਪਸ਼ੂਆਂ ਖਾਤਰ ਅੰਮ੍ਰਿਤ ਤੂੰ ਕਿਉਂ ਮੰਗਦੀ ਐਂ, ਪੀਵੇ ਹੀਰ ਰਾਂਝਾ ਖੱਪਰ ਲਿਆ ਭਰਾ ਕੇ। ਅੱਖੀਆਂ ਮੀਚ ਕੇ ਫੜ ਵਾਲ ਸ਼ਿਵਜੀ ਦੇ ਜਟਾਂ ਦਾ, ਧਰਤੀ ਵਿਹਲ ਦੇਜੂ ਛੱਡੂ ਪਿਆਲ ਪੁਚਾ ਕੇ। ਸੱਤਵੇਂ ਪਿਆਲ ਖੇਰ ਸਮੁੰਦਰ ਸੇਜਾ ਸ਼ੇਸ਼ ਦੀ, ਓਥੇ ਲੈ ਗਏ ਪਰਭੂ ਅੰਮ੍ਰਿਤ ਨੂੰ ਲੁਕਾ ਕੇ। ਤਿੰਨਾਂ ਲੋਕਾਂ ਦੇ ਵਿਚ ਪਹੁੰਚਣ ਜੋਗਾ ਇੱਕ ਵੀ ਨੀ, ਪੁੱਛ ਲੈ ਨਾਰਦ ਮੁਨੀ ਨੂੰ ਬੈਠੇ ਕੋਲ ਬੁਲਾ ਕੇ। ਸ਼ਿਵ ਜੀ ਹੋਏ ਦਿਆਲ ਹਜ਼ੂਰਾ ਸਿੰਘ ਇਉਂ ਬੋਲਦਾ, ਰਾਂਝੇ ਠੱਗ ਲਿਆ ਮੈਨੂੰ ਵੰਝਲੀਆਂ ਵਜਾ ਕੇ। ਜਵਾਬ ਪਾਰਬਤੀ ਉੱਠ ਕੇ ਬਾਹੋਂ ਫੜ ਲਿਆ ਪਾਰਬਤੀ ਨੇ ਹੀਰ ਨੂੰ, ਮੱਥਾ ਚੁੰਮ ਕੇ ਲੈ ਕੇ ਬੁੱਕਲ ਵਿਚ ਬਹਾਈ। ਤੂੰ ਕੀ ਜਾਣੇਂ ਬੱਚੀਏ ਰਸਤਾ ਸੱਤਵੇਂ ਪਿਆਲ ਦਾ, ਮੇਰੀ ਅਹੱਲਿਆ ਵਰਗੀਏ ਦੇਹ ਨੀ ਦੁਹਾਈ। ਪਹਿਲੇ ਪਿਆਲ ਦੇ ਵਿਚ ਕਾਲੀ ਨਾਗ ਲੋਭੀ ਐ, ਸੂਰਤ ਦੇਖ ਇੱਛਿਆਧਾਰੀ ਜੇ ਆ ਲਗਾਈ। ਦੂਜੇ ਪਿਆਲ ਦੇ ਵਿਚ ਮੱਛ ਅਵਤਾਰ ਲੋਭੀ ਐ, ਮਾਨਸ ਖਾਣੇ ਨੇ ਜੇ ਇਕੇ ਬੁਰਕ ਲੰਘਾਈ। ਤੀਜੇ ਪਿਆਲ ਦੇ ਵਿਚ ਬਲ ਰਾਜਾ ਵੀ ਲੋਭੀ ਆ, ਓਥੇ ਈ ਰੱਖਲੂਗਾ ਜੇ ਮਨ ਨੂੰ ਸੂਰਤ ਭਾਈ। ਚੌਥੇ ਪਿਆਲ ਦੇ ਵਿਚ ਕੱਛ ਅਵਤਾਰ ਲੋਭੀ ਐ, ਸੂਰਤ ਦੇਖਣ ਸਾਰ ਹੋਜੂਗਾ ਸ਼ੁਦਾਈ। ਪਿਆਲ ਪੰਜਵੇਂ ਵਿਚ ਬਹਰਾ ਅਵਤਾਰ ਖੂੰਨੀ ਆ, ਲੱਖਾਂ ਈ ਮਾਰੇ ਅੱਗੇ ਲੰਘਣ ਦੀਆ ਨਾ ਕਾਈ। ਛੇਵੇਂ ਪਿਆਲ ਦੇ ਵਿਚ ਧੌਲਾ ਬੈਲ ਖੜੋਤਾ ਐ, ਉਹਦੇ ਸਿੰਗਾਂ ਕੋਲੋਂ ਡਰਦੀ ਹੈ ਲੋਕਾਈ। ਸੱਤਵੇਂ ਪਿਆਲ ਦੇ ਵਿਚ ਸੇਜ ਐ ਸ਼ੇਸ਼ ਨਾਗ ਦੀ, ਪਰਭੂ ਪਏ ਨੇ ਲੱਛਮੀ ਚਰਨ ਨੂੰ ਲਾਈ। ਜਗ ਮਗ ਜੋਤ ਜਗੇਂਦੀ ਲੱਖ ਸੂਰਜ ਦਾ ਚਾਨਣ ਏ, ਕਈ ਕਰੋੜ ਬਿਜਲੀ ਲਸ਼ਕਣ ਦੀ ਰੁਸ਼ਨਾਈ। ਉਥੋਂ ਆਬਹਯਾਤ ਲੈਣ ਗਈ ਨਾ ਮੁੜਦੀ ਤੂੰ, ਜਿੱਥੋਂ ਤੈਨੂੰ ਸ਼ਿਵ ਜੀ ਭੋਲੇ ਨੇ ਬਤਾਈ। ਡਰ ਕੇ ਮਰ ਜਾਏਂ ਬੱਚੀਏ ਹੀਰੇ ਨਿਆਣੀ ਉਮਰ ਦੀਏ, ਦੇਹ ਜਵਾਬ ਜਾਂ ਕਹਿ ਆਪ ਲਿਆ ਦਿਓ ਜਾਈ। ਜਾਂ ਉਹ ਭੇਜਣ ਮੈਨੂੰ ਸਤੀ ਹਜ਼ੂਰਾ ਸਿੰਘ ਕਹੇ, ਇਹ ਗੱਲ ਪਾਰਬਤੀ ਨੇ ਹੀਰ ਨੂੰ ਸਮਝਾਈ। ਜਵਾਬ ਸ਼ਿਵਜੀ ਵ ਕਵੀ ਹੀਰ ਪਾਰਬਤੀ ਦੀ ਗੋਦ 'ਚ ਬੈਠੀ ਦੇਖ ਕੇ, ਸ਼ਿਵਜੀ ਕਹੇ ਸਤੀ ਨੂੰ ਤੂੰ ਦੇਹ ਅੰਮ੍ਰਿਤ ਲਿਆ ਕੇ। ਜਾਣੀ ਜਾਣ ਭੋਲੇ ਨਾਥ ਬੁੱਝੀਆਂ ਦਿਲਾਂ ਦੀਆਂ, ਤੋਰੀ ਪਾਰਬਤੀ ਹੀ ਪਿਆਲ ਨੂੰ ਉਠਾ ਕੇ। ਹੱਥ ਫੜ ਵਾਲ ਜਟਾਂ ਦਾ ਛੁਪ ਗਈ ਵਿਚ ਜ਼ਮੀਨ ਦੇ, ਪਹਿਲੇ ਪਿਆਲ ਮਿਲ ਜਾ ਕਾਲੀ ਨਾਗ ਜਗਾ ਕੇ। ਕਰ ਪਰਕਰਮਾ ਨਾਗਣੀਆਂ ਨੇ ਮੱਥਾ ਟੇਕ ਲਿਆ, ਮੁੜੀਆਂ ਦੂਜੇ ਪਿਆਲ 'ਚ ਮੱਛ ਅਵਤਾਰ ਦਿਖਾ ਕੇ। ਦਰਸ਼ਨ ਕਰਕੇ ਤੀਜੇ ਪਿਆਲ ਗਈ ਬਲ ਰਾਜਾ ਦੇ, ਚੌਥੇ ਕੱਛ ਅਵਤਾਰ ਵੱਲ ਪਹੁੰਚੀ ਆ ਧ੍ਹਾ ਕੇ। ਪੰਜਵੇਂ ਜਾ ਦੀਦਾਰ ਕੀਤੇ ਬਰਹਾ ਅਵਤਾਰ ਦੇ, ਛੇਵੇਂ ਮਿਲੀ ਧੌਲੇ ਬੈਲ ਚਰਨੀਂ ਹੱਥ ਲਾ ਕੇ। ਸੱਤਵੇਂ ਪਿਆਲ 'ਚ ਜਿੱਥੇ ਝਲਮਲ ਝਲਮਲ ਹੋ ਰਹੀ, ਦਾਖਲ ਹੋਗੀ ਘਰੋਂ ਸ਼ਿਵਜੀ ਦਿਓਂ ਬਤਾ ਕੇ। ਦਰਸ਼ਨ ਕੀਤੇ ਕਰ ਪਰਕਰਮਾ ਤਰਲੋਕੀ ਨਾਥ ਦੇ, ਪਾਸ ਬਹਾ ਲਈ ਲੱਛਮੀ ਨੇ ਆਦਰ ਨਾਲ ਬੁਲਾ ਕੇ। ਹੱਸੇ ਹਜ਼ੂਰਾ ਸਿੰਘ ਨਰਾਇਣ ਕਾਰਨ ਦੇਖ ਕੇ, ਸ਼ਿਵਜੀ ਠੱਗੇ ਚਲਿੱਤਰ ਨਾਰਾਂ ਨੇ ਬਣਾ ਕੇ। ਜਵਾਬ ਸ੍ਰੀ ਨਾਰਾਇਣ ਜੀ ਮੁੱਖੋਂ ਉਚਾਰ ਕੇ ਸ੍ਰੀ ਨਰਾਇਣ ਸੁਣ ਪਾਰਬਤੀ, ਕਿਉਂ ਕਰ ਹੋ ਗਏ ਸ਼ਿਵਜੀ ਹੁਣ ਕੱਲੀ ਦੇ ਆਉਣੇ। ਹੈ ਮਿਰਤ ਮੰਡਲ ਪਰ ਕੀ ਕਜੀਆ ਹੋਰ ਸਹੇੜ ਲਿਆ, ਭਸਮਾ ਦਿਉ ਜਿਉਂ ਨਾ ਜਾਕਰ ਪੈਣ ਛੁਡਾਉਣੇ। ਭਗਤ ਪਿਆਰੇ ਜਿਹੜੇ ਹਰ ਦਮ ਮੈਨੂੰ ਜਪਦੇ ਆ, ਮੈਂ ਵੀ ਮਗਰੇ ਫਿਰਦਾਂ ਹਰ ਥਾਂ ਪੈਣ ਬਚਾਉਣੇ। ਭੁੱਖੇ ਪਿਆਸੇ ਨੰਗੇ ਪਲ ਰਹਿਣੇ ਨਾ ਮਿਲਦੇ ਹੈਂ, ਹੁਕਮ ਜੋ ਪੂਰੇ ਕਰਨੇ ਜਤਿਨੇ ਤਿਨ ਫੁਰਮਾਉਣੇ। ਅੱਠੇ ਪਹਿਰ ਪਿੱਛੇ ਲਾਡਲਿਆਂ ਦੇ ਫਿਰਦਾ ਮੈਂ, ਜਿਨ੍ਹਾਂ ਨੇ ਮਨ ਵਿਚ ਮਥ ਲਿਆ ਮੇਰੇ ਹੀ ਕਹਾਉਣੇ। ਮੇਰੀ ਪਾਕ ਉਸਤਤ ਕਰਦੇ ਮੈਂ ਮੰਨ ਜਾਣਦਾ, ਮੇਰੇ ਅਤਿ ਪਿਆਰੇ ਮੈਂ ਹੀ ਲਾਡ ਲਡਾਉਣੇ। ਜਿਸ ਪਰਯੋਜਨ ਨੂੰ ਤੂੰ ਸ਼ਿਵ ਨੇ ਭੇਜੀ ਗੌਰਜਾਂ, ਸੋ ਦੁੱਖ ਆਖ ਸੁਣਾਈਂ ਜੋਗ ਮੈਂ ਮਿਟਾਉਣੇ। ਤਿਸ ਪਰ ਸਦਾ ਦਿਆਲ ਹਰੀ ਹਜ਼ੂਰਾ ਸਿੰਘ ਕਹੇ, ਜਿਸ ਦੇ ਅੰਦਰ ਵਿਛ ਗਏ ਨਾਮ ਦੇ ਵਿਛਾਉਣੇ। ਜਵਾਬ ਪਾਰਵਤੀ ਦੋ ਕਰ ਜੋੜ ਕੇ ਉੱਠ ਕਰਦੀ ਉਸਤਤ ਪਾਰਬਤੀ, ਧਨ ਪਰਮਾਤਮਾ ਤੂੰ ਕੁਦਰਤ ਤੇਰੀ ਨਿਆਰੀ। ਧਨ ਸੇ ਭਗਤ ਜਿਨ੍ਹਾਂ ਦੀਆਂ ਕਰੇਂ ਮੁਰਾਦਾਂ ਪੂਰੀਆਂ, ਭੇਜੀ ਸ਼ਿਵਜੀ ਨੇ ਮੈਂ ਖਦਿਮਤ ਵਿਚ ਤੁਮਾਰੀ। ਮਿਰਤ ਮੰਡਲ ਪਰ ਰਾਂਝਾ ਹੀਰ ਸਾਦਕ ਆਸ਼ਕ ਨੇ, ਵਜਾ ਕੇ ਵੰਝਲੀਆਂ ਤਿਨ ਖਲਿਕਤ ਮੋਹ ਲਈ ਸਾਰੀ। ਰੂਪ ਦਿਖਾ ਕੇ ਪੀਰ ਪੈਗੰਬਰ ਠੱਗ ਲਏ ਆਸ਼ਕ ਨੇ, ਲੱਦੀਂ ਜਹਾਜ਼ ਫਿਰਦੇ ਕਟਕਾਂ ਦੇ ਵਪਾਰੀ। ਪਾਕ ਮੁਹੱਬਤ ਸਦਿਕ ਇਮਾਨ ਧਰਮ ਅਰ ਰੂਪ ਨੂੰ, ਦੇਖਣ ਵਾਲੀ ਦੁਨੀਆਂ ਜਾਂਦੀ ਹੈ ਬਲਿਹਾਰੀ। ਮਿਰਗ ਤਪੱਸਵੀ ਮਰ ਗਿਆ ਹੱਥੋਂ ਭਾਈ ਹੀਰ ਦਿਉਂ, ਸ਼ਿਵਜੀ ਅੱਗੇ ਤਿਨ ਮਾਫੀ ਦੀ ਅਰਜ ਗੁਜਾਰੀ। ਬਰ੍ਹਮਾ ਨਾਰਦ ਸ਼ਿਵਜੀ ਪੀਰਾਂ ਆਦਕ ਬੈਠੇ ਨੇ, ਮਰੇ ਮਿਰਗ ਨੂੰ ਜਿਉਂਦਾ ਕਰਨੇ ਦਾ ਪਰਨ ਧਾਰੀ। ਆਪ ਨਾ ਮੰਗਦੇ ਸੰਗਦੇ ਡਰਦੇ ਕੁਦਰਤ ਤੇਰੀਉਂ, ਭੇਜੀ ਪਾਰਬਤੀ ਮੈਂ ਕਰਕੇ ਤਨ ਮੁਖਤਿਆਰੀ। ਪਰਾਏ ਸਵਾਰਥ ਕਾਰਨ ਇੱਕ ਬੂੰਦ ਅੰਮ੍ਰਿਤ ਦੀ, ਸ਼ਿਵਜੀ ਭੋਲੇ ਨਾਥ ਨੇ ਦੇਹ ਜ਼ੁਬਾਨ ਨਾ ਹਾਰੀ। ਬਖਸ਼ੋ ਇੱਕ ਬੂੰਦ ਆਸ ਸਦਕਾ ਅਪਣੇ ਨਾਮ ਦਾ, ਮੇਰੀ ਅਰ ਭਗਤਾਂ ਦੀ ਲੱਜਿਆ ਰੱਖ ਮਰਾਰੀ। ਐਸੇ ਬਚਨ ਹਜ਼ੂਰਾ ਸਿੰਘ ਕਰੇਂਦੀ ਗੌਰਜਾਂ, ਚਰਨੀ ਪੈ ਪੈ ਉਸਤਤ ਕਰ ਕਰ ਬਾਰੰਮਬਾਰੀ। ਬਚਨ ਨਾਰਾਇਣ ਜੀ ਪਰਭੂ ਪੈਦਾ ਕਰਨੇਹਾਰ ਕਹੇ ਸੁਣ ਪਾਰਬਤੀ, ਭਗਤ ਨੇ ਮੇਰੇ ਮੈਨੂੰ ਜਾਨ ਤੋਂ ਵੀ ਪਿਆਰੇ। ਜੋ ਕੁਝ ਆਖਣ ਮੈਨੂੰ ਪੂਰਾ ਕਰਨਾ ਪੈਂਦਾ ਹੈ, ਪਿੱਛੇ ਲੱਗਿਆ ਫਿਰਦਾਂ ਜਾਣ ਨਾ ਵਿਸਾਰੇ। ਜੱਗ ਸੰਪੂਰਨ ਕੀਤਾ ਖਿੱਤੀਏਂ ਲੁਕੇ ਕਬੀਰ ਦਾ, ਗਊਆਂ ਵੱਛੇ ਦੇਖ ਲੈ ਧੰਨੇ ਦੇ ਚਾਰੇ। ਛੰਨ ਬਣਵਾਈ ਮੇਤੋਂ ਹੱਥੀਂ ਨਾਮਦੇਵ ਛੀਂਬੇ ਨੇ, ਹੁੰਡੀ ਨਰਸੀ ਦੀ ਬਣ ਸਾਲਮ ਕਿਹੜਾ ਤਾਰੇ। ਨਿਉਂ 'ਚ ਚਿਣਨੇ ਵਾਰੀ ਕੌਣ ਛਡਾਵੇ ਸਧਨੇ ਨੂੰ, ਰੱਖੀ ਦਰੋਪਤੀ ਦੀ ਜਦੋਂ ਚੀਰ ਉਤਾਰੇ। ਬਿਪਤਾ ਕੌਣ ਹਰੇ ਗਰੀਬ ਸਦਾਮੇ ਬ੍ਰਾਹਮਣ ਦੀ, ਮੇਵੇ ਤਜਕੇ ਖਾਇਆ ਸਾਗ ਬਿਦਰ ਦੁਆਰੇ। ਪੰਪਾਸਰ ਵਿਚ ਚਰਨ ਧੁਆ ਪਵਾਏ ਭੀਲਣੀ, ਮੋਢੇ ਬਾਲਮੀਕ ਚੁਕਵਾ ਕੇ ਜੱਗ ਸਧਾਰੇ। ਵਧੇ ਕਹਾਣੀ ਜੇ ਮੈਂ ਗਿਣਦਾਂ ਸਾਰੇ ਭਗਤਾਂ ਨੂੰ, ਭਗਤਾਂ ਪਿੱਛੇ ਹੀ ਅਵਤਾਰ ਚੌਵੀ ਧਾਰੇ। ਐਸੇ ਸ਼ਿਵਜੀ ਪਿੱਛੇ ਅਹੱਲਿਆ ਕਰੀ ਹਥੇਲੀਉਂ, ਭਸਮਾ ਦਿਉ ਮਾਰਨ ਨੂੰ ਮੋਹਣੀ ਰੂਪ ਸ਼ਿੰਗਾਰੇ। ਵੱਡੀ ਮਿਹਰ ਕੀਤੀ ਆਪ ਆ ਗਈ ਚੱਲਕੇ ਤੂੰ, ਨਹੀਂ ਮੈਂ ਅੰਮ੍ਰਿਤ ਲੈ ਕੇ ਆਉਂਦਾ ਪਾਸ ਤੁਮਾਰੇ। ਭਗਤ ਨਾ ਹੁੰਦੇ ਤਾਂ ਮੈਂ ਔਤ ਗਿਆ ਸੀ ਜੱਗ ਤੋਂ, ਭਗਮਨ ਭਗਮਨ ਹੁੰਦੀ ਭਗਤਾਂ ਦੇ ਸਹਾਰੇ। ਅੰਮ੍ਰਿਤ ਦੇਹ ਹਜ਼ੂਰਾ ਸਿੰਘ ਤੋਰੀ ਹਰ ਪਾਰਬਤੀ, ਤੁਰਦੀ ਕਰ ਡੰਡਾਉਤ ਸੀ ਸੌ ਸੌ ਸ਼ੁਕਰ ਗੁਜ਼ਾਰੇ। ਕਲਾਮ ਕਵੀ ਲੈ ਕੇ ਅੰਮ੍ਰਿਤ ਓਸੇ ਰਸਤੇ ਪੈ ਗਈ ਪਾਰਬਤੀ, ਓਹੋ ਵਾਲ ਜੋ ਸ਼ਿਵਜੀ ਦੀ ਜਟ ਦਾ ਫੜ ਫੜ ਕੇ। ਸੱਤੇ ਪਿਆਲ ਪਰਸਦੀ ਆਉਂਦੀ ਹਸਦੀ ਖੇਲ੍ਹਦੀ, ਦਰਸ਼ਨ ਪਰਸਨ ਕਰਦੀ ਘੜੀਆਂ ਪਲ ਖੜ੍ਹ ਖੜ੍ਹ ਕੇ। ਆਵੇ ਨਾਮ ਜਪੇਂਦੀ ਗੌਰਾਂ ਨਾਲ ਜੋ ਮੌਜ ਦੇ, ਪਹੁੰਚੀ ਮਿਰਤ ਮੰਡਲ ਪਰ ਪਿਆਲ ਸੇ ਚੜ੍ਹ ਚੜ੍ਹ ਕੇ। ਹਸਦੀ ਆਉਂਦੀ ਦੇਖੀ ਗੌਰਾਂ ਹੀਰ ਸਿਆਲ ਨੇ, ਕਰ ਵੇ ਖੁਸ਼ੀਆਂ ਵੀਰਾ ਰੋਗ ਗਏ ਝੜ ਝੜ ਕੇ। ਅੰਮ੍ਰਿਤ ਲੈ ਕੇ ਪਾਰਬਤੀ ਤੋਂ ਸ਼ਿਵ ਭਗਵਾਨ ਨੇ, ਛਿੜਕਿਆ ਮਰੇ ਮਿਰਗ ਤੇ ਹਰ ਮੰਤਰ ਪੜ੍ਹ ਪੜ੍ਹ ਕੇ। ਜਿਉਂਦਾ ਹੋ ਗਿਆ ਮਿਰਗ ਟਪੂਸੀ ਟੱਪ ਕੇ ਅਹੁ ਗਿਆ, ਕਿਧਰੇ ਝਾੜੀਂ ਛਿਛਰੀਂ ਛਿਪ ਗਿਆ ਹੈ ਵੜ ਵੜ ਕੇ। ਹੀਰ ਹਜ਼ੂਰਾ ਸਿੰਘ ਇਉਂ ਕਹਿੰਦੀ ਵੀਰ ਪਠਾਣ ਨੂੰ, ਬੇੜਾ ਪਾਰ ਹੋ ਗਿਆ ਤੇਰਾ ਨਹਿੰ ਹੜ੍ਹ ਹੜ੍ਹ ਕੇ। ਕਲਾਮ ਕਵੀ ਬਰਮ੍ਹਾ ਨਾਰਦ ਸ਼ਿਵਜੀ ਪੀਰ ਅਲੋਪ ਹੋ ਗਏ ਆ, ਰਾਂਝਾ ਹੀਰ ਵੀਰ ਪਠਾਣ ਸਿਆਲੀਂ ਆਏ। ਆਉਣੇ ਸਾਰ ਹਾਲ ਸੁਣਾਇਆ ਤੁੱਲੀ ਚੂਚਕ ਨੂੰ, ਸੱਚ ਨਾ ਮੰਨਣ ਜੋਗੀ ਸੁਣਨੇ ਤੋਂ ਘਬਰਾਏ। ਸੌ ਸੌ ਕਸਮ ਸੁਗੰਧ ਖਾਧੀ ਵੀਰ ਪਠਾਣ ਨੇ, ਬੜੇ ਲਹੂਰੀਂ ਕਸਮ ਸੌਗੰਧ ਯਕੀਨ ਦਿਲਾਏ। ਕੁੜੀਆਂ ਨਾਲ ਚਲਿੱਤਰ ਸਭੇ ਸਿਖਾਈਆਂ ਹੀਰ ਨੇ, ਮੂੰਹ ਪਰ ਲਿਆ ਨਜੂਮੀ ਵਾਲੇ ਬਿਆਨ ਕਰਾਏ। ਸੱਦ ਕੇ ਕੈਦੋਂ ਨੂੰ ਛਤਿਰਾਇਆ ਚੂਚਕ ਮਹਿਰ ਨੇ, ਝੂਠੀ ਤੂਹਮਤ ਲਾਉਣੀ ਕਿਹੜੇ ਨੇ ਸਖਿਲਾਏ। ਬਾਤਾਂ ਰਾਂਝੇ ਹੀਰ ਦੀਆਂ ਸੁਣ ਤੂੰ ਵੀਰ ਪਠਾਣ ਤੋਂ, ਕਿੱਥੇ ਤਾਈਂ ਪਹੁੰਚੇ ਦੋਨੋਂ ਹੁਕਮ ਖੁਦਾਏ। ਐਸੇ ਵਲੀ ਲੋਕ ਦੀ ਚੁਗਲੀ ਕਰਨੀ ਵਾਜਬ ਨੀ, ਤੈਨੂੰ ਸਰਦਾ ਨਾ ਬਿਨ ਲੰਙਿਆ ਰੌਲੀ ਪਾਏ। ਅੱਜ ਤੋਂ ਮਾੜੀ ਮੋਟੀ ਗੱਲ ਤੇਤੋਂ ਜੇ ਸੁਣਲੀ ਮੈਂ, ਤੈਂ ਕਿਉਂ ਟਲਣਾ ਹੈ ਬਿਨ ਦੂਜੀ ਟੰਗ ਤੜਵਾਏ। ਮਿੱਟੀ ਪੱਟਦੈਂ ਮੇਰੀ ਐਡੇ ਚੂਚਕ ਮਹਿਰ ਦੀ, ਤੈਨੂੰ ਢੰਧ ਫਰੇਬ ਕਰਨੇ ਕਿਨ ਸਮਝਾਏ। ਅੱਛੀ ਚਾਹੇਂ ਬਗਜਾ ਅੱਖੀਆਂ ਅੱਗੋਂ ਦੂਰ ਤੂੰ, ਕੈਦੋਂ ਲੰਗੜੇ ਤਾਈਂ ਚੂਚਕ ਇਉਂ ਫੁਰਮਾਏ। ਜਵਾਬ ਕੈਦੋਂ ਕੈਦੋਂ ਲੰਙਾ ਦੁਹਾਈ ਦੇਵੇ ਚੂਚਕ ਮਹਿਰ ਨੂੰ, ਭੁੱਲਿਆ ਆਪ ਸਾਨੂੰ ਕਿਹੜੀ ਵਜ੍ਹਾ ਭੁਲਾਉਨਾਂ। ਹੱਥੀਂ ਹੀਰ ਦੀ ਮੈਂ ਚੂਰੀ ਲਿਆਂਦੀ ਮਾਹੀ ਤੋਂ, ਅੱਖੀਂ ਦੇਖੀ ਤੋਂ ਲਕੀਰ ਨੂੰ ਮਿਟਾਉਨਾਂ। ਧੀਆਂ ਭੈਣਾਂ ਵਾਲੇ ਕੰਮ ਨਾ ਤੇਰੀ ਹੀਰ ਦੇ, ਸੋ ਗੱਲ ਦੇਖੀ ਆ ਮੈਂ ਸੱਚੀਆਂ ਜੇ ਪੁਛਾਉਨਾਂ। ਜਿਸ ਦਿਨ ਲੈ ਕੇ ਬਗਜੂ ਅੱਖੀਆਂ ਉਘੜਨ ਤੇਰੀਆਂ, ਅੱਜ ਤਾਂ ਮੈਨੂੰ ਕੈਦੋਂ ਨੂੰ ਝੂਠਾ ਬਣਾਉਨਾਂ। ਰਾਖਾ ਕੌ ਗਲ ਰਾਖੀ ਕਰਲੂ ਔਝੜ ਖੇਤੀ ਦੀ, ਜਦ ਤੂੰ ਹੱਥੀਂ ਮਾਲਕ ਖੇਤ ਨੂੰ ਉਜੜਾਉਨਾਂ। ਚੌਕੀਦਾਰ ਨੇ ਤਾਂ ਹੋਕਾ ਦੇਣਾ ਸੱਚ ਦਾ, ਤੂੰ ਤਾਂ ਹੱਥੀਂ ਆਪਣੇ ਘਰ ਨੂੰ ਪਾੜ ਲਵਾਉਨਾਂ। ਤੂੰ ਹੀ ਰੋਵੇਂਗਾ ਕੀ ਜਾਣਾ ਮੇਰਾ ਕੈਦੋਂ ਦਾ, ਜਿਹੜਾ ਅੱਜ ਤੂੰ ਬੈਠਾ ਚੌਧਰੀ ਸਦਾਉਨਾਂ। ਜਾਦੂਗਰੀਆਂ ਨਾਲ ਧਜ੍ਹਾ ਲਿਆ ਕਮਲੇ ਟੱਬਰ ਨੂੰ, ਮਾਹੀ ਜਾਦੂਗਰ ਹੈ ਮੈਥੋਂ ਕੀ ਪੁਛਾਉਨਾਂ। ਅੱਜ ਤੋਂ ਭਲੀ ਬੁਰੀ ਜੇ ਕਹਿ ਗਿਆ ਕੈਦੋਂ ਕਿਸੇ ਦੀ, ਮੈਨੂੰ ਕਸਮ ਖੁਦਾ ਦੀ ਹੋਰ ਕੀ ਕਹਾਉਨਾਂ। ਘਰ ਨੂੰ ਲੱਗੀ ਅੱਗ ਤੇ ਆਪੇ ਭੁੱਬਾਂ ਮਾਰੇਂਗਾ, ਕਿਉਂ ਹਜ਼ੂਰਾ ਸਿੰਘ ਤੂੰ ਕੈਦੋਂ ਨੂੰ ਸਤਾਉਂਨਾ। ਜਵਾਬ ਚੂਚਕ ਸੁਣ ਕੇ ਕੈਦੋਂ ਤੋਂ ਦਿਲ ਕੰਬਿਆ ਚੂਚਕ ਮਹਿਰ ਦਾ, ਕਿਤੇ ਲੰਙਾ ਈ ਨਾ ਹੋਵੇ ਸੱਚੀਆਂ ਕਹਿੰਦਾ। ਐਸ ਜ਼ਮਾਨੇ ਦੇ ਵਿਚ ਐਡਾ ਕਿਹੜਾ ਔਲੀਆ, ਜਿਉਂਦੇ ਮਰਿਆ ਨੂੰ ਜੋ ਕਰੇ ਲੁਕਿਆ ਨੀ ਰਹਿੰਦਾ। ਐਨੀ ਬਰਕਤ ਹੁੰਦੀ ਮੇਹੀਂ ਕਾਹਨੂੰ ਚਾਰਦਾ, ਬੇਹੇ ਟੁਕੜੇ ਖੱਟੀ ਲੱਸੀ ਤੇ ਨਾ ਬਹਿੰਦਾ। ਛਲ ਬਲ ਕਰਕੇ ਕਿਤੇ ਉਧਾਲ ਲਿਜਾਏ ਨਾ ਹੀਰ ਨੂੰ, ਲੱਗਿਆ ਦਾਗ ਤਾਂ ਪੁੱਤ ਪੋਤੇ ਤੋਂ ਨੀ ਲਹਿੰਦਾ। ਕੋਈ ਥਾਉਂ ਟਿਕਾਣਾ ਦੇਖ ਨਿਕਾਹੋ ਹੀਰ ਨੂੰ, ਪਰਦੇ ਢਕੇ ਰਹਿਣ ਤੂੰ ਤਾਹਨੇ ਕਾਹਤੋਂ ਸਹਿੰਦਾ। ਕੈਦੋਂ ਤੂੰ ਹੀ ਲੜਕਾ ਦੱਸ ਉਏ ਕਿਸੇ ਟਿਕਾਣੇ ਦਾ, ਐਵੇਂ ਲਾਏਂ ਤੂਹਮਤਾਂ ਝੂਠ ਸੱਚ ਕਿਉਂ ਕਹਿੰਦਾ। ਧੀ ਮੁਟਿਆਰ ਸਿਰੋਂ ਲਾਹਾਂ ਫਰਜ਼ ਨਿਕਾਹੁਣ ਦਾ, ਕਜ਼ੀਆ ਮੁੱਕੇ ਤੂੰ ਨਿੱਤ ਹੀਰ ਚਾਕ ਸੋਂ ਖਹਿੰਦਾ। ਜਵਾਬ ਕੈਦੋਂ ਮੂਹਰੇ ਖੜ੍ਹ ਕੇ ਕੈਦੋਂ ਕੂਕਿਆ ਚੂਚਕ ਮਹਿਰ ਦੇ, ਕੰਨ ਕਰ ਸੁਣ ਤੂੰ ਮੇਰੀ ਕੈਦੋਂ ਦੀ ਦੁਹਾਈ। ਲੜਕਾ ਖੇੜੀਂ ਸੁਣਿਆ ਪੋਤਾ ਅਹਿਮਦ ਮਹਿਰ ਦਾ, ਦੇਖਣ ਸੁਣਨੇ ਵਾਲੀ ਦਸਦੀ ਹੈ ਲੋਕਾਈ। ਜਰਮ ਅੱਜੂ ਦੇ ਘਰ ਉਮਰ ਅਠਾਰਾਂ ਸਾਲ ਦੀ, ਰੂਪ ਕਿਰਨਾਂ ਪੈਂਦੀਆਂ ਸੂਰਜ ਦੀ ਰੁਸ਼ਨਾਈ। ਪੈਰ 'ਚ ਪਦਮ ਠੋਡੀ ਤਾਰਾ ਮੱਥੇ ਵਿਚ ਚੰਦਰਮਾ, ਪੇਟੋਂ ਮਹਿਰੀ ਸ਼ਰਫਾਂ ਸਹਿਤੀ ਸੈਦਾ ਭਾਈ। ਬਾਂਹ ਸਿਰ ਹਾਣ ਦੀ ਸਕੀਰੀ ਹੁੰਦੀ ਨੇੜੇ ਦੀ, ਔਖੀ ਉਹਨਾਂ ਜਿਨ੍ਹਾਂ ਨੇ ਦੂਰ ਸਕੀਰੀ ਪਾਈ। ਅੱਗੇ ਸਾਕ ਪੁਰਾਣੇ ਖੇੜੇ ਮੁੱਢ ਕਦੀਮ ਦੇ, ਨਵੀਂ ਹੋਰ ਹੀਰ ਦੀ ਖੇੜੀਂ ਕਰੋ ਸਗਾਈ। ਖਾਨਦਾਨ ਵੱਡਾ ਘਰਾਣਾ ਅੱਜੂ ਖੇੜਿਆਂ ਚੋਂ, ਨਾਲੇ ਬਾਰਾਂ ਪਿੰਡਾਂ ਦੀ ਕਰਦਾ ਚੌਧਰਾਈ। ਅੱਜੂ ਖੇੜੇ ਨਾਲ ਸਕੀਰੀ ਪਵੇ ਜੇ ਆਪਣੀ, ਦੁਨੀਆਂ ਦੇਖਣ ਸੁਣਨ ਵਾਲੀ ਕਰੂ ਵਡਿਆਈ। ਸਾਰੀ ਸੁਣੀ ਵਾਰਤਾ ਜਦ ਕੈਦੋਂ ਦੀ ਚੂਚਕ ਨੇ, ਭੇਜ ਸੁਨੇਹਾ ਜਦੇ ਈ ਸੱਦਿਆ ਕਲੂਆ ਨਾਈ। ਕਲਾਮ ਚੂਚਕ ਲੜਕਾ ਅੱਜੂ ਦੇ ਘਰ ਦੱਸਿਆ ਮੈਨੂੰ ਕੈਦੋਂ ਨੇ, ਉਮਰ ਅਠਾਰਾਂ ਕੁ ਸਾਲ ਦੀ ਹੈ ਲੜਕੇ ਦੀ ਸਾਰੀ। ਜੋ ਕੁਛ ਤੈਨੂੰ ਮਲੂਮ ਦੱਸ ਹਕੀਕਤ ਖੋਲ੍ਹ ਕੇ, ਆ ਕੇ ਲਾਲਚ ਦੇ ਵਿਚ ਝੂਠ ਮੂਠ ਨਾ ਮਾਰੀਂ। ਸੁਹਬਤ ਕਈਆਂ ਤੋਂ ਮੈਂ ਸੁਣੀ ਆ ਅੱਜੂ ਖੇੜੇ ਦੀ, ਪੀਲੂ ਸਾਈਂ ਨੇ ਵੀ ਕਹੀ ਹੈ ਸਿਫਤ ਭਾਰੀ। ਖਤਨੇ ਕਰਨ ਗਿਆ ਸੀ ਮੈਂ ਇਕ ਦਿਨ ਵਿਚ ਖੇੜਿਆਂ ਦੇ, ਅੱਜੂ ਕਰਦਾ ਬਾਰਾਂ ਪਿੰਡਾਂ ਦੀ ਸਰਦਾਰੀ। ਅੱਜ ਦਿਨ ਖੇੜਿਆਂ ਦੇ ਘਰ ਕਮੀ ਕਿਸੇ ਨਾ ਚੀਜ਼ ਦੀ, ਸਾਰੇ ਖੇੜਿਆਂ ਵਿਚੋਂ ਦੂਰੋਂ ਦਿਸੇ ਅਟਾਰੀ। ਧਰ ਧਰ ਹੀਰ ਭੁੱਲੂਗੀ ਕਮੀ ਨਾ ਪਹਿਨਣ ਖਾਣ ਦੀ, ਪੈਰਾਂ ਹੇਠ ਧਰਨਗੇ ਹੱਥ ਜੋ ਨਰ ਤੇ ਨਾਰੀ। ਸੁਣ ਕੇ ਨਾਈ ਤੋਂ ਦਿਲ ਮੰਨ ਗਿਆ ਚੂਚਕ ਮਹਿਰ ਦਾ, ਖੇੜੀਂ ਮੰਗੋ ਹੀਰ ਨੂੰ ਇਹ ਦਿਲ ਦੇ ਵਿਚ ਧਾਰੀ। ਭਾਈ ਸਾਰੇ ਕੱਠੇ ਕਰ ਲਏ ਨਾਈ ਭੇਜ ਕੇ, ਭੰਗਣਾ ਪਊ ਹਜ਼ੂਰਾ ਸਿੰਘ ਹੀਰ ਚਾਕ ਦੀ ਯਾਰੀ। ਕਲਾਮ ਚੂਚਕ ਵ ਪੰਚਾਇਤ ਚੂਚਕ ਕੈਦੋਂ ਨਾਈ ਲਾ ਪੰਚਾਇਤ ਭਾਈਆਂ ਦੀ, ਮੰਗਣਾ ਕਰੋ ਹੀਰ ਦਾ ਸਭ ਨੇ ਮਤਾ ਮਤਾਇਆ। ਲੜਕਾ ਕਿਹੜੇ ਪਿੰਡ ਪੰਚਾਇਤ ਪੁਛੇਂਦੀ ਨਾਈ ਨੂੰ, ਕੀਹਦਾ ਪੁੱਤ ਪੋਤਰਾ ਕੌਣ ਦੇਖ ਕੇ ਆਇਆ। ਦੱਸ ਹੈ ਕੈਦੋਂ ਨਾਈ ਤੀਜੀ ਪੀਲੂ ਸ਼ਾਇਰ ਦੀ, ਇੱਜ਼ਤਦਾਰ ਘਰਾਣਾ ਬਹੁਤਿਆਂ ਨੇ ਬਤਾਇਆ। ਲੜਕਾ ਅੱਜੂ ਦਾ ਤੇ ਪੋਤਾ ਅਹਿਮਦ ਮਹਿਰ ਦਾ, ਸਰਫਾਂ ਮਹਿਰੀ ਦੇ ਹੈ ਜੋ ਪੇਟੋਂ ਜਾਇਆ। ਦੋਨੋਂ ਭੈਣ ਭਾਈ ਸਹਿਤੀ ਸੈਦਾ ਅੱਜੂ ਦੇ, ਰੂਪ ਕਿਰਨਾਂ ਪੈਣ ਰੱਬ ਅੱਖ ਵਿਚ ਨੁਕਸ ਪਾਇਆ। ਸਾਕ ਪੁਰਾਣੇ ਅੱਗੇ ਕਈ ਸਾਲ ਦੇ ਵਰਤਦੇ, ਫੱਤੂ ਕਾਜ਼ੀ ਨੇ ਵੀ ਆਖ ਕੇ ਸੁਣਾਇਆ। ਸੁਣ ਕੇ ਸਭਨਾਂ ਦੀ ਗੱਲ ਜਚਗੀ ਚੂਚਕ ਮਹਿਰ ਨੂੰ, ਜ਼ੋਰ ਪਾ ਕੇ ਭਾਈਚਾਰੇ ਨੇ ਮਨਾਇਆ। ਧੀ ਮੁਟਿਆਰ ਸਿਰੋਂ ਲਾਹ ਦੇ ਫਰਜ਼ ਨਿਕਾਹ ਦੇ, ਤੁੱਲੀ ਚੂਚਕ ਨੂੰ ਪੰਚਾਇਤ ਨੇ ਸਮਝਾਇਆ। ਸੁਣ ਕੇ ਭਾਈਆਂ ਦੀ ਦਿਲ ਮੰਨ ਗਿਆ ਚੂਚਕ ਮਹਿਰ ਦਾ, ਚੜ੍ਹਿਆ ਦਿਨ ਸੁਬ੍ਹਾ ਫਿਰ ਕਾਜ਼ੀ ਨੂੰ ਬੁਲਾਇਆ। ਜਵਾਬ ਚੂਚਕ ਵ ਪੰਚਾਇਤ ਮੰਗਣਾ ਹੀਰ ਦਾ ਚੜ੍ਹਿਆ ਦਿਨ ਤੇ ਚੂਚਕ ਕਰ ਪੰਚਾਇਤ ਭਾਈਆਂ ਦੀ, ਬਾਹਮਣ ਕਾਜ਼ੀ ਨਾਈ ਮੀਰ ਨੂੰ ਬੁਲਾਉਂਦੇ। ਜਾਓ ਖੇੜੀਂਂ ਮੰਗਣਾ ਕਰ ਕੇ ਆਓ ਹੀਰ ਦਾ, ਸ਼ਗਨ ਵਿਹਾਰ ਹੱਥ ਚੱਕ ਚੌਹਾਂ ਨੂੰ ਫੜਾਉਂਦੇ। ਸੁੱਚੀ ਪੁਸ਼ਾਕ ਇੱਕੀ ਮੋਹਰਾਂ ਕੂਜਾ ਕੋਤਰ ਸੌ, ਮਾਈ ਸੈਦੇ ਦੀ ਨੂੰ ਟੂਮ ਸਭ ਤਿਉਰ ਬਤਾਉਂਦੇ। ਇਕ ਸੌ ਇਕ ਰੁਪਈਆ ਦੋ ਦੁਸ਼ਾਲੇ ਮਨਾਉਤ ਅੱਜੂ ਦੀ, ਖੇਸ ਮੋਹਰ ਮਨਾਉਤ ਭਾਈਆਂ ਦੀ ਕਰਾਉਂਦੇ। ਜੋੜੇ ਕੁੜਮਣੀਆਂ ਨੂੰ ਸੂਟ ਸੁੱਚਾ ਸਹਿਤੀ ਨੂੰ, ਜਤਿਨੇ ਲਾਗੀ ਸਭ ਨੂੰ ਮੋਹਰ ਥਾਨ ਘਲਾਉਂਦੇ। ਮੋਹਰਾਂ ਪੰਜ ਦੁਸ਼ਾਲਾ ਇਕ ਪਿੰਡ ਦੀ ਪੰਚਾਇਤ ਨੂੰ, ਪਿੱਤਲ ਬਾਜ ਰੋਪਨਾ ਖੇੜਿਆਂ ਨੂੰ ਭਜਾਉਂਦੇ। ਬਾਹਮਣ ਕਾਜ਼ੀ ਨਾਈ ਮੀਰ ਲਾਗੀ ਚੂਚਕ ਦੇ, ਜੁੜ ਪੰਚਾਇਤ ਰੋਪਨਾ ਖੇੜੀਂ ਜਾਇ ਪਚਾਉਂਦੇ। ਜੁੜ ਪੰਚਾਇਤ ਆ ਕੇ ਬੈਠ ਗਈ ਜਦ ਖੇੜਿਆਂ ਦੀ, ਚਾਰੇ ਲਾਗੀ ਮੂੰਹੋਂ ਬੋਲ ਬਚਨ ਸੁਣਾਉਂਦੇ। ਧੀ ਐ ਚੂਚਕ ਦੀ ਜੀ ਪੋਤੀ ਹਸਨੇ ਮਹਿਰ ਦੀ, ਕਲਮਾ ਪੜ੍ਹ ਕੇ ਸ਼ਗਨ ਸੈਦੇ ਨੂੰ ਚੜ੍ਹਾਉਂਦੇ। ਕਰ ਕੇ ਮੰਗਣਾ ਹੀਰ ਦਾ ਲਾਗੀ ਮੁੜੇ ਸਿਆਲਾਂ ਨੂੰ, ਖੜੇ ਹੱਥ ਜੋੜ ਕੇ ਭੁੱਲ ਚੁੱਕ ਹੈਂ ਬਖਸ਼ਾਉਂਦੇ। ਆ ਕੇ ਸਿਆਲੀਂ ਲਾਗੀ ਕਰਨ ਤਾਰੀਫ ਅੱਜੂ ਦੀ, ਸਿਫਤਾਂ ਕਰ ਨਾ ਰਜਦੇ ਲਾਗੀ ਮੂੰਹੋਂ ਸੁਲਾਹੁੰਦੇ। ਅੱਜ ਦਿਨ ਘਾਟਾ ਨਹੀਂ ਘਰ ਕਿਸੇ ਚੀਜ਼ ਦਾ ਅੱਜੂ ਦੇ, ਕੁੜੀ ਧਰ ਧਰ ਭੁੱਲੂਗੀ ਚੂਚਕ ਨੂੰ ਸੁਣਾਉਂਦੇ। ਕਿੱਸਾ ਮੰਗਣੇ ਦਾ ਤੂੰ ਮੁਕਦਾ ਕਰ ਹਜ਼ੂਰਾ ਸਿੰਘ, ਦੱਸ ਹੁਣ ਰਾਂਝਾ ਹੀਰ ਕਿਹੜੀ ਬਣਤ ਬਣਾਉਂਦੇ। ਰਾਂਝੇ ਨੇ ਹੀਰ ਨੂੰ ਮਿੱਠੀ ਨੈਣ ਦੇ ਘਰ ਬੁਲਾਉਣਾ ਖੇੜੀਂ ਮੰਗਤੀ ਹੀਰ ਸੁਣ ਮਾਰੀ ਭੁੱਬ ਚਾਕ ਨੇ, ਭੇਜ ਸੁਨੇਹਾ ਹੀਰ ਘਰ ਮਿੱਠੀ ਦੇ ਬੁਲਾਈ। ਹੀਰ ਅੱਗੇ ਈ ਫਿਰਦੀ ਕੁੜੀਆਂ ਕੋਲੇ ਤੜਫਦੀ, ਮਾਰੀ ਬਿਰਹੋਂ ਸਦਿਕ ਦੀ ਹੋਈ ਫਿਰੇ ਸ਼ੁਦਾਈ। ਆ ਕੇ ਮਿੱਠੀ ਦੇ ਘਰ ਰੋਂਦੀ ਗਲ ਲੱਗ ਮਾਹੀ ਦੇ, ਬੋਲ ਨਾ ਨਿਕਲੇ ਰੋਂਦੀ ਮਿੱਠੀ ਨੇ ਵਰ੍ਹਾਈ। ਨਾਲੇ ਰਾਂਝਾ ਧਾਹਾਂ ਮਾਰੇ ਪੱਟੇ ਬੋਦੀਆਂ, ਬੁਰੀ ਹੁੰਦੀ ਐ ਮਿੱਤਰੋ ਆਸ਼ਕ ਦੀ ਜੁਦਾਈ। ਰੋ ਰੋ ਫਾਹਵੇ ਹੋ ਗਏ ਦੁੱਖੜੇ ਬੁਰੇ ਇਸ਼ਕ ਦੇ, ਦਿਲ ਨੂੰ ਕਰੋ ਟਿਕਾਣੇ ਮਿੱਠੀ ਗੱਲ ਸਮਝਾਈ। ਦੁੱਖੜੇ ਇਸ਼ਕ ਦੇ ਜੁਦਾਈ ਸੁਣੋ ਸੱਸੀ ਪੁੰਨੂ ਦੀ, ਥਲ ਵਿਚ ਮਰੀ ਤੜਫ ਕੇ ਪਾਣੀ ਤੋਂ ਤਿਹਾਈ। ਸੋਹਣੀ ਨਹਿੰ ਵਿਚ ਡੁੱਬਗੀ ਆਸ਼ਕ ਮੱਛੀਆਂ ਖਾਣ ਦੀ, ਪੜ੍ਹ ਕੇ ਦੇਖੋ ਲੈਲਾ ਮਜਨੂੰ ਦੀ ਜੁਦਾਈ। ਸ਼ੀਰੀਂ ਡਿਗ ਮਹਿਲ ਤੋਂ ਮਰੀ ਨਾਲ ਫਰਿਹਾਦ ਦੇ, ਸ਼ਮਸ਼ ਤਬਰੇਜ ਹੋਰਾਂ ਨੇ ਖਲੜੀ ਲੁਹਾਈ। ਮੇਹੀਂਵਾਲ ਫਕੀਰ ਹੋਇਆ ਕਰੇ ਸੁਦਾਗਰੀ, ਸ਼ਾਹ ਮਨਸੂਰ ਹੋਰਾਂ ਨੂੰ ਸੂਲੀ ਝੁਟਾਈ। ਛੱਡੋ ਖਿਆਲ ਰੋਣ ਦਾ ਬਹਿ ਖੋਲੋ ਦੁੱਖ ਆਪਣੇ, ਇਹ ਨਸੀਹਤ ਦੋਹਾਂ ਨੂੰ ਮਿੱਠੀ ਨੇ ਸੁਣਾਈ। ਕਲਾਮ ਰਾਂਝਾ ਰਾਂਝਾ ਮਿੱਠੀ ਨੂੰ ਸੁਣਾਵੇ ਦੁੱਖੜੇ ਖੋਲ੍ਹ ਕੇ, ਕੌਲ ਕਰਾਰ ਕਰਕੇ ਬੇੜੀ ਤੋਂ ਲਿਆਈ। ਗੱਡ ਕੇ ਛੁਰੀ ਸ਼ਰ੍ਹਾ ਦੀ ਪੱਟੀ ਕਸਮਾਂ ਖਾ ਕੇ ਤੈਂ, ਚੂਲੀਆਂ ਸਿੱਟ ਜਲ ਦੀਆਂ ਸਹੁੰ ਸ਼ਰ੍ਹਾ ਦੀ ਖਾਈ। ਪੰਜਾਂ ਪੀਰਾਂ ਕੋਲ ਨੇਮ ਕਰੇ ਸਹੁੰ ਖਾ ਕੇ ਤੈਂ, ਕੌਲੋਂ ਕਦੇ ਨਾ ਹਾਰਾਂ ਮੈਂ ਚੂਚਕ ਦੀ ਜਾਈ। ਤੂੰ ਬਣ ਮੇਰਾ ਮੈਂ ਤਾਂ ਹਰ ਦਮ ਤੇਰੀ ਬਣਗੀ ਵੇ, ਤੇਰੀ ਤੇਰੀ ਮੈਂ ਆਖੂੰ ਵਿਚ ਦਰਗਾਹ ਦੇ ਜਾਈ। ਮੇਰੇ ਨਾਲ ਨੇਮ ਕੀਤੇ ਤੁੱਲੀ ਚੂਚਕ ਨੇ, ਹੀਰ ਤੇਰੀ ਹੈ ਚੁਰਾ ਕੇ ਨਾ ਲਿਜਾਈਂ। ਹੁਣ ਤੂੰ ਬੇਮੁੱਖ ਹੋ ਕੇ ਮੰਗੀ ਸੈਦੇ ਖੇੜੇ ਨੂੰ, ਸ਼ਰ੍ਹਾ ਪੈਗੰਬਰੀ ਦੱਸ ਹੁਣ ਕਿਹੜੇ ਖਾਤੇ ਪਾਈ। ਮੈਂ ਨਾ ਆਸ਼ਕ ਬਣਦਾ ਤੂੰ ਨਾ ਡਿੱਗੀ ਮਸ਼ੂਕ ਰੁਤਬੇ ਤੋਂ, ਰਸਮ ਇਸ਼ਕ ਮਸ਼ੂਕੀ ਦੀ ਤੈਨੂੰ ਸੁਣਾਈ। ਬਾਜ਼ੀ ਸਿਰਾਂ ਧੜਾਂ ਦੀ ਲਾ ਕੇ ਆਸ਼ਕ ਖੇਲ੍ਹਦੇ, ਜਿਹੜਾ ਹਾਰੂ ਸਜ਼ਾ ਸਖਤ ਮਿਲੂਗੀ ਭਾਈ। ਮਿੱਠੀ ਨੈਣ ਆਪਣੀ ਜਾਮਨ ਏਸ ਵੇਲੇ ਦੀ, ਸਦਿਕੋਂ ਹਾਰ ਨਾ ਫੇਰ ਜੰਮਣਾ ਤੁੱਲੀ ਮਾਈ। ਜਵਾਬ ਹੀਰ ਦਿਲ ਵਿਚ ਰੱਖ ਤਸੱਲੀ ਹੀਰ ਆਖੇ ਰਾਂਝੇ ਨੂੰ, ਕੀਹਨੂੰ ਵਿਆਹ ਲਿਜਾਣਗੇ ਖੇੜੇ ਸਿਆਲੀਂ ਆ ਕੇ। ਮੇਰੇ ਮਾਂ ਬਾਪ ਜੇ ਬੋਲ ਹਾਰਗੇ ਰਾਂਝਣਾਂ, ਮੈਂ ਨਾ ਹਾਰਾਂ ਜ਼ਿਮੀਂ ਅਸਮਾਨ ਢਹਿਣ ਜੋ ਆ ਕੇ। ਖੇੜੇ ਵਿਆਹ ਲਿਜਾ ਕੇ ਕੀਹਨੂੰ ਘਰ ਵਸਾਉਣਗੇ, ਹੀਰ ਜੇ ਖੇੜੀਂ ਵਸਗੀ ਮੈਂ ਕੁੰਡ ਦੋਜ਼ਖ ਦੀ ਨ੍ਹਾ ਕੇ। ਸੈਦੇ ਨਾਲ ਨਿਕਾਹ ਮੇਰਾ ਕੌਣ ਪੜ੍ਹਾਦੂਗਾ, ਡੁੱਬ ਕੇ ਮਰਜੂੰਗੀ ਵਿਚ ਨਹਿੰ ਚਾਦਲ ਦੇ ਜਾ ਕੇ। ਜਿਸ ਦਿਨ ਮੈਂ ਸਦਿਕਾਂ ਤੋਂ ਹੀਰ ਹਾਰਗੀ ਰਾਂਝਣਾਂ, ਧੌਲਾ ਨਾ ਧਰਤੀ ਰੱਖੂ ਸੀਸ ਤੇ ਉਠਾ ਕੇ। ਵਕਤ ਨਿਕਾਹ ਦੇ ਸਾਫ ਜਵਾਬ ਸੁਣਾਦੂੰ ਸਭਨਾਂ ਨੂੰ, ਜਦੋਂ ਪੁੱਛਣਗੇ ਪੰਚਾਇਤ ਵਿਚ ਬਹਾ ਕੇ। ਮੇਰੇ ਸੱਚ ਝੂਠ ਦਾ ਪਤਾ ਲੱਗੂ ਕੁੱਲ ਦੁਨੀਆਂ ਨੂੰ, ਵਕਤ ਅਖੀਰੀ ਜਦੋਂ ਦੇਖਣਗੇ ਅਜ਼ਮਾ ਕੇ। ਜਵਾਬ ਰਾਂਝਾ ਸੁਣ ਲਾ ਗੱਲ ਅਖੀਰੀ ਤੂੰ ਹੀਰੇ ਕੰਨ ਖੋਲ੍ਹ ਕੇ, ਤੇਰੇ ਮਾਂ ਬਾਪ ਨੇ ਕਿੱਡਾ ਜ਼ੁਲਮ ਕਮਾਇਆ। ਕੌਲ ਕਰਾਰ ਦੋਹਾਂ ਨੇ ਕੀਤੇ ਚੁੱਕ ਕੁਰਾਨ ਨੂੰ, ਜ਼ਾਮਨ ਦੇਣ ਕੁਰਾਨ ਕਦਰ ਘਟਾਇਆ। ਤੇਰੀ ਖਾਤਰ ਨੀ ਮੈਂ ਖੋਲੇ ਚਾਰੇ ਸਿਆਲਾਂ ਦੇ, ਨੰਗੇ ਪੈਰੀਂ ਦੋਜ਼ਖ ਭਰਦਾ ਭੁੱਖਾ ਤਿਹਾਇਆ। ਖੱਟੀ ਲੱਸੀ ਬੇਹੇ ਟੁਕੜੇ ਮੈਂ ਖਾਧੇ ਚਾਕ ਨੇ, ਤੈਨੂੰ ਕਦੇ ਵੀ ਮੈਂ ਤਾਹਨਾ ਨਾ ਸੁਣਾਇਆ। ਮੌਜੂ ਦਾ ਪੁੱਤ ਤਾਂ ਹੀਰੇ ਮੈਂ ਮੱਤੇ ਦਾ ਪੋਤਾ ਨੀ, ਤੇਰੀ ਜਾਨ ਖਾਤਰ ਚਾਕ ਮੈਂ ਸਦਾਇਆ। ਗੋਲਾ ਬਣ ਕੇ ਮੇਹੀਂ ਚਾਰਾਂ ਤੇਰੇ ਬਾਪ ਦੀਆਂ, ਦਾਗ ਆਪਣੀ ਹੀਰੇ ਹੈ ਕੁੱਲ ਨੂੰ ਮੈਂ ਲਾਇਆ। ਦੇਹ ਜਵਾਬ ਘਰਾਂ ਨੂੰ ਜਾਈਏ ਇੱਜ਼ਤ ਸੰਭਾਲ ਕੇ, ਤੇਰੇ ਨਾਲ ਪਿਆਰ ਪਾ ਕੀ ਨਫਾ ਥਿਆਇਆ। ਆਖਰ ਤੈਂ ਜਵਾਬ ਦੇਣਾ ਸੋਹਣੇ ਮੁੱਖੜੇ ਤੋਂ, ਪਨੀਰ ਰੋਲ ਕਿਸੇ ਨੂੰ ਮੱਖਣ ਨਾ ਹੱਥ ਆਇਆ। ਦਗੇਦਾਰ ਸਿਆਲ ਮੁੱਢਾਂ ਦੇ ਈ ਸੁਣਦੇ ਸਾਂ, ਅੱਜ ਪਰਤੱਖ ਹੋ ਗਿਆ ਮੇਰੇ ਨਾਲ ਕਮਾਇਆ। ਦਗੇਦਾਰਾਂ ਨੂੰ ਰੱਬ ਦੋਜ਼ਖ ਦੇ ਵਿਚ ਪਾਊਗਾ, ਪਤਾ ਲੱਗੂਗਾ ਜਦ ਤੋੜ ਕੀੜਿਆਂ ਖਾਇਆ। ਛੱਡ ਫਰੇਬਬਾਜ੍ਹੀਆਂ ਕਰ ਲਾ ਸਾਫ ਜ਼ੁਬਾਨ ਤੂੰ, ਕਿਉਂ ਹਜ਼ੂਰਾ ਸਿੰਘ ਤੂੰ ਰੱਬ ਨੂੰ ਮਨੋਂ ਭੁਲਾਇਆ। ਜਵਾਬ ਹੀਰ ਹੀਰ ਮੋੜ ਜਵਾਬ ਸੁਣਾਵੇ ਰਾਂਝੇ ਚਾਕ ਨੂੰ, ਸਦਿਕਾਂ ਸਬਰਾਂ ਤੋਂ ਮੈਂ ਹੀਰ ਕਦੇ ਨਾ ਹਾਰਾਂ। ਸਿੱਟ ਕੇ ਖੂੰਡੀ ਬਣ ਕੇ ਬੈਠ ਜਵਾਈ ਚੂਚਕ ਦਾ, ਜਿੰਦੜੀ ਤੇਰੇ ਮਾਹੀ ਮੈਂ ਉਤੋਂ ਦੀ ਵੇ ਵਾਰਾਂ। ਅੱਜ ਤੋਂ ਨਾਲ ਰਹੂੰਗੀ ਰਾਤ ਦਿਨੇ ਮੈਂ ਤੁਸਾਂ ਦੇ, ਤੇਰੇ ਨਾਲ ਮੇਹੀਂ ਮੈਂ ਝੱਲਾਂ ਵਿਚ ਚਾਰਾਂ। ਭੱਤਾ ਦੇ ਕੇ ਤੈਨੂੰ ਮੈਂ ਅੱਗੇ ਮੁੜ ਜਾਂਦੀ ਸੀ, ਸਦਾ ਨਾਲ ਰਹੂੰ ਲੱਖ ਦੁਨੀਆਂ ਕਰੇ ਵਿਚਾਰਾਂ। ਰਾਜਾ ਨਲ ਨਰਦਾਂ ਸਿੱਟ ਰੋਜ਼ ਬਾਜ਼ੀ ਖੇਲ੍ਹਦਾ, ਜਿਸ ਦਿਨ ਕਿਸਮਤ ਹਾਰੀ ਡਿਗੀਆਂ ਉਲਟ ਸਾਰਾਂ। ਧੱਕੇ ਨਾਲ ਜੇ ਮੈਨੂੰ ਡੋਲੀ ਪਾਉਣਗੇ ਖੇੜਿਆਂ ਦੀ, ਅੱਗ ਲਗਾ ਦੂੰ ਕੋੜਮੇ ਮਾਰ ਸਬਰ ਦੀਆਂ ਨਾਅਰਾਂ। ਹਿੰਡ ਨਾ ਕਦੇ ਛੱਡੂੰਗੀ ਨਾਲ ਮਰੂੰਗੀ ਤੇਰੇ ਮੈਂ, ਗੱਲ ਨਾ ਸੁਣੂੰ ਕਿਸੇ ਦੀ ਕੰਨੀਂ ਪਾ ਲੂੰ ਪਾਰਾ। ਤੂੰ ਹੀ ਮੱਕਾ ਮਦੀਨਾ ਤੂੰ ਰੱਬ ਮੇਰਾ ਹੀਰ ਦਾ, ਮਾਰਾਂ ਸੌ ਖੌਂਸੜਾ ਸੈਦੇ ਜਿਹੇ ਸਰਦਾਰਾਂ। ਗਲ ਵਿਚ ਅਲਫੀ ਪਾ ਲੂੰ ਮੰਗ ਕੇ ਭੀਖ ਖਾ ਲਵਾਂ, ਪਿੱਛਾ ਨਾ ਦਈਂ ਹਜ਼ੂਰਾ ਸਿੰਘ ਹੀਰ ਦੇ ਯਾਰਾ। ਜਵਾਬ ਰਾਂਝਾ ਰਾਂਝਾ ਹੋਰ ਨਸੀਹਤ ਸੁਣਾਵੇ ਹੀਰ ਮਸ਼ੂਕ ਨੂੰ, ਆਸ਼ਕ ਬੱਕਰਾ ਛੁਰੀ ਮਸ਼ੂਕ ਹੱਥ ਕਸਾਈ। ਸ਼ੇਖ ਸ਼ਨਾਨ ਪੈਗੰਬਰ ਹੋ ਕੇ ਵੱਸ ਮਸ਼ੂਕ ਦੇ, ਚਾਰੇ ਸੂਰ ਰੋਜ਼ ਪੈਗੰਬਰੀ ਗਈ ਗਵਾਈ। ਰਾਜਾ ਭੋਜ ਘੋੜਾ ਕੀਤਾ ਭਾਨਵਤੀ ਨੇ, ਪਰੀਸ਼ਤ ਪੰਡਤ ਦੀ ਤੁਸੀਂ ਦਾਹੜੀ ਮੁੱਛ ਮਨਾਈ। ਫੱਫਾ ਕੁੱਟਣੀ ਦੇਖ ਛਲ ਕੇ ਸਿੰਗੀ ਰਖਿ ਨੂੰ ਨੀ, ਮੋਢੇ ਬਾਲ ਚੁਕਾ ਦੇ ਵਿਚ ਦਰਬਾਰ ਲਿਆਈ। ਸੁਣ ਕੇ ਲੈਲਾ ਦੀ ਗੱਲ ਮਜਨੂੰ ਖੂਹਾ ਗੇੜਦਾ, ਬਾਰਾਂ ਬਰਸ ਗੇੜਿਆ ਮੁੜ ਲੈਲਾ ਨਾ ਆਈ। ਫੇਰ ਦੇਹ ਬਤੋਲਾ ਮਜਨੂੰ ਤੋਰਿਆ ਜੰਗਲਾਂ ਨੂੰ, ਦਿਲ ਵਿਚ ਹੁੱਬ ਮਿਲਣ ਦੀ ਵੜੀ ਮਹਿਲ ਵਿਚ ਜਾਈ। ਖੜ੍ਹਾ ਈ ਬਰਮੀ ਹੋ ਗਿਆ, ਦੱਬ੍ਹ ਜੰਮੀ ਉੱਤੇ ਸਰੀਰ ਦੇ, ਕਈ ਬਰਸ ਗੁਜ਼ਰ ਗਏ ਲੈਲਾ ਮਿਲੀ ਨਾ ਭਾਈ। ਇਕ ਦਿਨ ਨੌਕਰ ਲੈਲਾ ਦਾ ਲੈਣ ਗਿਆ ਸੀ ਲੱਕੜੀਆਂ, ਫਿਰਦੇ ਫਿਰਦੇ ਨੂੰ ਇਕ ਬਰਮੀ ਨਜ਼ਰ ਆਈ। ਲੱਕੜੀ ਸਮਝ ਕੁਹਾੜਾ ਜਦੋਂ ਮਾਰਿਆ ਨੌਕਰ ਨੇ, ਲੈਲਾ ਲੈਲਾ ਕਹਿ ਕੇ ਵਿਚੋਂ ਅਵਾਜ਼ ਆਈ। ਆ ਮੁੜ ਨੌਕਰ ਨੇ ਸਭ ਦੱਸੀ ਵਾਰਤਾ ਲੈਲਾ ਨੂੰ, ਕੁੜਤੀ ਚੱਕ ਕੁਹਾੜੀ ਸੀਨੇ ਲੱਗੀ ਦਿਖਾਈ। ਸੱਚੇ ਆਸ਼ਕ ਰੱਬ ਦੇ ਐਸੇ ਵੀ ਵਿਚ ਦੁਨੀਆਂ ਦੇ, ਚੋਟ ਕਿਸੇ ਦੇ ਜ਼ਖਮ ਕਿਸੇ ਦੇ ਖੁੱਲ੍ਹ ਜਾਈ। ਆਸ਼ਕ ਦੁਨੀਆਂ ਦੇ ਵਿਚ ਬਹੁਤੇ ਹੋਏ ਹੀਰੇ ਨੀ, ਦੇਖ ਮਜਨੂੰ ਲੈਲਾ ਨੇ ਸਿਰੇ ਗੱਲ ਲਾਈ। ਜਵਾਬ ਹੀਰ ਖਾ ਕੇ ਕਸਮ ਹੀਰ ਨੇ ਜਾਮਨ ਦਿੱਤਾ ਮਿੱਠੀ ਨੂੰ, ਕੀਤੇ ਨੇਮ ਸ਼ਰਾ ਦੇ ਹੱਥ ਕੁਰਾਨ ਨੂੰ ਲਾ ਕੇ। ਅੱਠੇ ਪਹਿਰ ਨਾਲ ਰਹੂੰਗੀ ਮੈਂ ਵਿਚ ਝੱਲ ਦੇ, ਸੱਚੀ ਝੂਠੀ ਨੂੰ ਹੁਣ ਦੇਖ ਤੂੰ ਅਜਮਾ ਕੇ। ਭੱਤਾ ਲੈ ਕੇ ਤੇਰਾ ਮੈਂ ਝੱਲ ਦੇ ਵਿਚ ਆਊਂਗੀ, ਡਰੂੰ ਨਾ ਬਾਪ ਵੀਰ ਤੋਂ ਅੱਖੀਂ ਘੱਟਾ ਪਾ ਕੇ। ਚੱਕ ਕੇ ਖੂੰਡੀ ਭੂਰੀ ਖੋਲ ਮੇਹੀਂ ਚੱਲ ਝੱਲਾਂ ਨੂੰ, ਖਾਣਾ ਤੇਰਾ ਮੇਰਾ ਲਿਆਊਂ ਮੈਂ ਬਣਾ ਕੇ। ਛੱਡ ਕੇ ਮੇਹੀਂ ਰਾਂਝਾ ਜਾ ਵੜਿਆ ਵਿਚ ਝੱਲਾਂ ਦੇ, ਮਗਰੇ ਹੀਰ ਤੁਰੀ ਲੈ ਸੱਜਰਾ ਤੁਆਮ ਪਕਾ ਕੇ। ਆਉਂਦੀ ਦੇਖੀ ਹੀਰ ਦੂਰੋਂ ਰਾਂਝੇ ਮਾਹੀ ਨੇ, ਨਿਗ੍ਹਾ 'ਚ ਰਖਦਾ ਜਿਵੇਂ ਚਕੋਰ ਨਜ਼ਰ ਟਕਾ ਕੇ। ਆਈ ਹੀਰ ਰਾਂਝਾ ਆ ਗਿਆ ਹੇਠ ਜੰਡੋਰੇ ਦੇ, ਬਹਿ ਗਏ ਛਾਵੇਂ ਦੋਨੋਂ ਭੂਰੀ ਹੇਠ ਵਿਛਾ ਕੇ। ਭੱਤਾ ਖੋਲ੍ਹ ਮੂਹਰੇ ਬੈਠੀ ਹੀਰ ਰਾਂਝੇ ਦੇ, ਖਾਣਾ ਖਾਂਦੇ ਦੋਨੋਂ ਇਕ ਬਰਤਨ ਵਿਚ ਪਾ ਕੇ। ਖੂੰਡੀ ਰੱਖ ਵਿਚਾਲੇ ਸੌਂ ਗਏ ਹੇਠ ਜੰਡੋਰੇ ਦੇ, ਜ਼ੁਹਰ ਨਮਾਜ਼ ਪੜ੍ਹਾਈ ਪੀਰਾਂ ਨੇ ਜਗਾ ਕੇ। ਪੜ੍ਹ ਨਮਾਜ਼ ਜ਼ੁਹਰ ਦੀ ਮੰਗ ਦੁਆਈਂ ਅੱਲ੍ਹਾ ਤੋਂ, ਕੀਤਾ ਖੁਸ਼ ਪੀਰਾਂ ਨੂੰ ਵੰਝਲੀਆਂ ਵਜਾ ਕੇ। ਦੇ ਕੇ ਥਾਪੀ ਪੀਰ ਵਿਦਾ ਹੋਏ ਹੀਰ ਰਾਂਝੇ ਤੋਂ, ਆਪ ਅਲੋਪ ਹੋਣ ਸਬਕ ਸਦਿਕ ਪੜ੍ਹਾ ਕੇ। ਸਦਿਕੋਂ ਹਾਰੂ ਹਜ਼ੂਰਾ ਸਿੰਘ ਸੋ ਦੋਜ਼ਖ ਜਾਊਗਾ, ਬਹਿਸ਼ਤ ਉਹ ਲੈਣ ਜੋ ਗਏ ਹਨ ਸਦਿਕ ਕਮਾ ਕੇ। ਨਸੀਹਤ ਪੀਰਾਂ ਦੀ ਕਲਾਮ ਸ਼ਾਇਰ ਰਾਂਝੇ ਹੀਰ ਦੋਹਾਂ ਨੇ ਸੁਣੀ ਨਸੀਹਤ ਪੀਰਾਂ ਦੀ, ਇਕ ਪਲ ਜੁਦਾ ਹੋਣ ਨਾ ਘੜੀ ਵਿਸਾਹ ਨਾ ਕਰਦੇ। ਕੱਠੇ ਈ ਰਹਿਣ ਕੱਠੇ ਬਹਿਣ ਜੁਦਾ ਪਲ ਹੋਣ ਨਾ, ਆਪਸ ਵਿਚ ਵਿਛੋੜਾ ਇਕ ਮਿੰਟ ਨਾ ਜਰਦੇ। ਸੱਚੇ ਆਸ਼ਕ ਰੱਬ ਦੇ ਜਿਹੜੇ ਵਿਚ ਜਹਾਨ ਦੇ, ਸਦਾ ਈ ਅਮਰ ਰਹਿਣਗੇ ਝੂਠੇ ਆਸ਼ਕ ਮਰਦੇ। ਲੈਲਾ ਮਜਨੂੰ ਸੱਚੇ ਆਸ਼ਕ ਵਿਚ ਜਹਾਨ ਦੇ, ਬਰਮੀ ਹੋ ਜੰਗਲ ਸਿਰ ਸੱਟ ਕੁਹਾੜੇ ਜਰਦੇ। ਸੱਸੀ ਪੁੰਨੂ ਨੇ ਰੱਖ ਸਦਿਕ ਕਮਾਈ ਆਸ਼ਕੀ, ਮੇਹੀਂਵਾਲ ਸੋਹਣੀ ਕੱਚੇ ਘੜੇ ਪਰ ਤਰਦੇ। ਰੋਡੇ ਆਸ਼ਕ ਨੇ ਕਮਾਈ ਸੱਚੀ ਆਸ਼ਕੀ, ਹੋ ਸੁਰਜੀਤ ਦੁੱਧੀ ਜਲਾਲੀ ਦੀ ਮੂੰਹ ਵਿਚ ਫੜਦੇ। ਸ਼ਮਸ਼ ਤਬਰੇਜ਼ ਨੇ ਲੁਹਾਈ ਖੱਲ੍ਹ ਸਰੀਰ ਦੀ, ਸ਼ਾਹ ਮਨਸੂਰ ਹੋਰੀਂ ਸੂਲੀ ਦੇਖੇ ਚੜ੍ਹਦੇ। ਸੁਲੇਮਾਨ ਤੋਂ ਝੋਕਾਈ ਭੱਠੀ ਝਿਉਰੀ ਨੇ, ਯੂਸਫ ਵਰਗੇ ਵਿਕੇ ਹੋ ਕੇ ਦਰ ਦਰ ਬਰਦੇ। ਵਧੇ ਕਹਾਣੀ ਜੇ ਮੈਂ ਗਿਣਦਾਂ ਸਾਰੇ ਅਸ਼ਕਾਂ, ਪਾਣੀ ਮਸ਼ੂਕਾਂ ਦਾ ਹਜ਼ੂਰ ਬਹੁਤੇ ਭਰਦੇ। ਹੀਰ ਨੇ ਮਾਹੀ ਦੇ ਪਰੇਮ ਦੇ ਗਮਾਂ ਦੇ ਗੀਤ ਗਾਉਣੇ ਹੀਰ ਗੀਤ ਗਮਾਂ ਦੇ ਗਾਵੇ ਨਾਲ ਸਹੇਲੀਆਂ ਦੇ, ਜੀਅ ਨਾ ਲਗਦਾ ਤ੍ਰਿੰਝਣਾਂ ਵਿਚ ਰਾਂਝੇ ਬਿਨ ਮਾਹੀ। ਤੁੱਲੀ ਵੈਰਨ ਚਰਖਾ ਡਾਹਗੀ ਮੂਹਰੇ ਹੀਰ ਦੇ, ਪੀੜ੍ਹੀ ਚੱਕ ਸਹੇਲੀ ਹੀਰ ਨੂੰ ਹੈ ਡਾਹੀ। ਚਰਖਾ ਸ਼ੇਰ ਜੋ ਬਣ ਡਰਾਵੇ ਮੈਨੂੰ ਹੀਰ ਨੂੰ, ਜੇ ਹੱਥ ਲਾਵਾਂ ਪੂਣੀ ਬਣ ਨਾਗਣੀ ਹੈ ਜਾਹੀ। ਤੱਕਲਾ ਡੰਗ ਚਲਾਵੇ ਹਥੜੀ ਜਗ੍ਹਾ ਆਣ ਦੀ, ਮਾਹਲ ਖਸਮਾਂ ਖਾਣੀ ਮੈਨੂੰ ਧੜਕ ਡਰਾਹੀ। ਪੀਹੜਾ ਸੂਲੀ ਰਹੀ ਤੌਫੀਕ ਨਾ ਤੰਦ ਪਾਉਣ ਦੀ, ਕੱਠੀਆਂ ਕਰਕੇ ਪੂਣੀਆਂ ਰੱਖਾਂ ਕੱਤਣੀ ਵਿਚ ਪਾਹੀ। ਰੌਂਦੀ ਹੀਰ ਦੇ ਦਰਿਆ ਵਗਦਾ ਨੈਣਾਂ 'ਚੋਂ, ਅੱਖੀਆਂ ਪੂੰਝ ਹੀਰ ਨੂੰ ਬਿਨ ਮਾਹੀ ਕੌਣ ਵਰਾਹੀ। ਗੁੱਡੀ ਉੜੇ ਅਕਾਸ਼ 'ਚ ਨਾਲ ਆਸਰੇ ਡੋਰ ਦੇ, ਕੱਤਾਂ ਕਿਹੜੇ ਹੌਸਲੇ ਹਉਕੀਂ ਜਾਨ ਸੁਕਾਈ। ਤ੍ਰਿੰਝਣ ਕੱਤਾਂ ਕੁੜੀਆਂ ਵਿਚ ਬਹਿ ਕੇ ਕਿਹੜੇ ਆਸਰੇ, ਰੁੱਸ ਕੇ ਅੰਦਰ ਵੜ ਗਿਆ ਮੇਰੇ ਦਿਲ ਦਾ ਮਾਹੀ। ਮੰਗਣਾ ਕਰਕੇ ਹੀਰ ਨਾ ਵੈਰ ਕਮਾ ਲਿਆ ਮਾਪਿਆਂ ਨੇ, ਤਰਦੀ ਵਿਚ ਸਮੁੰਦਰਾਂ ਮੈਂ ਮੁਰਗਾਬੀ ਫਾਹੀ। ਹੁਣ ਤਾਂ ਮਰਨਾ ਆ ਗਿਆ ਨਾਲ ਚਾਕ ਦੇ ਹੀਰ ਨੂੰ, ਆਸ ਦਿਲਾਂ ਦੀ ਜਿਹੜੀ ਸੋ ਵੈਰੀਆਂ ਢਾਹੀ। ਹੀਰ ਨੇ ਹਰ ਵੇਲੇ ਰਾਂਝੇ ਕੋਲ ਝੱਲਾਂ ਵਿਚ ਰਹਿਣਾ ਛੱਡ ਕੇ ਪਰੇਮ ਸਈਆਂ ਦਾ ਪਰੇਮ ਰਚਾਇਆ ਦਿਲ ਯਾਰ ਦਾ, ਬਹਿੰਦੀ ਉੱਠਦੀ ਫਿਰਦੀ ਗੀਤ ਯਾਰ ਦੇ ਗਾਵੇ। ਮਾਹੀ ਮੇਰਾ ਕੁੜੀਓ ਮੈਂ ਮਾਹੀ ਦੀ ਜ਼ਿੰਦਗੀ ਹਾਂ, ਮੂਹਰੇ ਬੈਠ ਹੀਰ ਦੇ ਜਦ ਵੰਝਲੀ ਵਜਾਵੇ। ਸੁਣ ਕੇ ਵੰਝਲੀਆਂ ਨੂੰ ਪਰੀਆਂ ਆਉਣ ਇੰਦਰ ਦੀਆਂ, ਰਾਗ ਸੋਹਣੇ ਸੋਹਣੇ ਜਦ ਵੰਝਲੀ ਵਿਚ ਲਗਾਵੇ। ਨਾਰਦ ਸ਼ਿਵਜੀ ਬਰਮ੍ਹਾ ਇੰਦਰ ਪਰੀਆਂ ਆਉਂਦੀਆਂ, ਨਾਚ ਝੱਲਾਂ ਵਿਚ ਹੁੰਦੇ ਮੈਨੂੰ ਵੀ ਨਚਾਵੇ। ਸੁਣ ਕੇ ਬੰਸਰੀਆਂ ਨੂੰ ਦੇਣ ਦੁਆਈਂ ਦੇਵੀ ਦੇਵਤੇ, ਰਾਗ ਰਾਗਣੀਆਂ ਵਿਚ ਬੰਸਰੀਆਂ ਸੁਣਾਵੇ। ਰਾਂਝਾ ਮੇਰਾ ਕੁੜੀਓ ਸਮਝੋ ਫੁੱਲ ਗੁਲਾਬ ਦਾ, ਹੀਰ ਰਮੇਲ ਕਲੀ ਦੇ ਹਾਰ ਗੁੰਦ ਗਲ ਪਾਵੇ। ਦਿਲ ਦਲਿਗੀਰ ਕਦੇ ਜੇ ਹੋਵੇ ਮੇਰਾ ਹੀਰ ਦਾ, ਓਸੇ ਵੇਲੇ ਰਾਂਝਾ ਵੰਝਲੀਆਂ ਵਜਾਵੇ। ਲੋਕ ਆਖਣ ਰਾਂਝੇ ਨਾਲ ਯਾਰੀ ਹੀਰ ਦੀ, ਮੈਂ ਤਾਂ ਪੀਰ ਸਮਝਦੀ ਪਰਬੋਧ ਗਿਆਨ ਸਿਖਾਵੇ। ਕਲਾਮ ਸ਼ਾਇਰ ਲੋਕਾਂ ਨੇ ਰਾਂਝੇ ਹੀਰ ਦੀ ਚੁਗਲੀ ਕਰਨੀ ਰਾਂਝਾ ਹੀਰ ਦੋਵੇਂ ਕੱਠੇ ਈ ਇਕ ਥਾਉਂ ਬੈਠਦੇ, ਕੱਠੇ ਬੈਠ ਝੱਲ ਦੇ ਵਿਚ ਵੰਝਲੀ ਵਜਾਉਂਦੇ। ਕੱਠੇ ਈ ਪੈਂਦੇ ਕੱਠੇ ਈ ਸੌਂਦੇ ਇੱਕੇ ਬਿਸਤਰੇ, ਕੱਠੇ ਈ ਬਹਿ ਕੇ ਦੋਨੋਂ ਗੀਤ ਇਸ਼ਕ ਦੇ ਗਾਉਂਦੇ। ਕੱਠੇ ਈ ਖਾਂਦੇ ਪਾਣੀ ਪੀਂਦੇ ਇੱਕੇ ਪਿਆਲੇ ਦਾ, ਇੱਕੋ ਸਬਕ ਕੱਠੇ ਈ ਇਸ਼ਕ ਦਾ ਪਕਾਉਂਦੇ। ਪੂਰੇ ਸਾਦਕ ਸੱਚੇ ਆਸ਼ਕ ਦੋਨੋਂ ਰੱਬ ਦੇ, ਹਸਦੇ ਹਸਦੇ ਕੋਈ ਰੋਜ ਡੰਗ ਟਪਾਉਂਦੇ। ਜੋ ਕੁਛ ਵਰਤੂ ਸਾਡੇ ਨਾਲ ਸੋ ਜਾਊਗਾ ਦੇਖਿਆ, ਡਰ ਭਾਉ ਦਿਲੋਂ ਭੁਲਾਇਆ ਮਰਨੋਂ ਨਾ ਸ਼ਰਮਾਉਂਦੇ। ਮਸਤ ਦੀਵਾਨੇ ਹੋ ਕੇ ਫਿਰਨ ਜੋ ਵਿਚ ਸਿਆਲਾਂ ਦੇ, ਸਮਝੋ ਕੋਈ ਦਿਨ ਹੁਣ ਮੌਜ ਦਾ ਲੰਘਾਉਂਦੇ। ਚਰਚਾ ਘਰ ਘਰ ਰੋਜ਼ ਹੁੰਦੀ ਹੀਰ ਰਾਂਝੇ ਦੀ, ਕਿਸੇ ਰੋਜ਼ ਨੂੰ ਹੁਣ ਦੇਖੀਂ ਚੰਦ ਚੜ੍ਹਾਉਂਦੇ। ਕਾਜ਼ੀ ਕੈਦੋਂ ਦੁਸ਼ਮਣ ਘੁੰਮਦੇ ਸਿਰ ਹੀਰ ਰਾਂਝੇ ਦੇ, ਕਿਸੇ ਰੋਜ਼ ਨੂੰ ਜੁਦਾਈ ਦੋਹਾਂ ਦੀ ਪਾਉਂਦੇ। ਕਾਜ਼ੀ ਕੈਦੋਂ ਨੇ ਤੁੱਲੀ ਚੂਚਕ ਕੋਲ ਜਾ ਕੇ ਦੁਹਾਈ ਦੇਣੀ ਕਾਜ਼ੀ ਕੈਦੋਂ ਲੰਙਾ ਦੋਨੋਂ ਮੂਲ ਉਪਾਧ ਦੇ, ਗੁੰਦ ਮਨਸੂਬਾ ਦੋਹਾਂ ਨੇ ਨਵੀਂ ਸਕੀਮ ਬਣਾਈ। ਰਾਂਝਾ ਹੀਰ ਕੱਠੇ ਫੇਰ ਰਹਿਣ ਵਿਚ ਝੱਲ ਦੇ ਜੀ, ਮਿੱਟੀ ਪੱਟ ਸਿਆਲ ਮੁੜ ਫੇਰ ਖੇਹ ਉੜਾਈ। ਕੱਲ੍ਹ ਨੂੰ ਸੱਦਕੇ ਵਿਚ ਪੰਚਾਇਤ ਪੁੱਛੀਏ ਚੂਚਕ ਨੂੰ, ਹੀਰ ਝੱਲ ਵਿਚ ਜਾਵੇ ਤੈਨੂੰ ਨਜ਼ਰ ਨਾ ਆਈ। ਹੱਥੀਂ ਮਿੱਟੀ ਤੂੰ ਪਟਵਾਉਨੈਂ ਆਪਣੇ ਨਗਰ ਦੀ, ਤੈਨੂੰ ਸ਼ਰਮ ਚੂਚਕਾ ਜ਼ਰਾ ਨਾ ਉਏ ਆਈ। ਮੰਗਣਾ ਕਰਕੇ ਮਾਰ ਘੁਰਾੜਾ ਅੱਖਾਂ ਮੀਚੀਆਂ, ਬਾਂਹ ਸਰਾਣੇ ਦੇ ਕੇ ਸੁੱਤਾਂ ਜਾਗ ਨਾ ਆਈ। ਭਲੀ ਚਾਹੇਂ ਹੀਰ ਨਿਕਾਹ ਕੇ ਤੋਰ ਖੇੜਿਆਂ ਦੇ, ਭਾਈ ਡੰਨ ਦੇਣਗੇ ਚੌਧਰ ਜਾਊ ਗਵਾਈ। ਵੇਲਾ ਹੱਥ ਨਾ ਆਉਣਾ ਬੈਠ ਫੇਰ ਪਛਤਾਵੇਂਗਾ, ਖਰੀ ਗੱਲ ਹਜ਼ੂਰਾ ਸਿੰਘ ਤੈਨੂੰ ਸਮਝਾਈ। ਸ਼ਰੀਕਾਂ ਨੇ ਤਾਹਨੇ ਦੇਣੇ ਤੁੱਲੀ ਨੂੰ ਦੇਖ ਹਮੇਸ਼ਾਂ ਕੱਠੇ ਰਹਿੰਦੇ ਹੀਰ ਰਾਂਝੇ ਨੂੰ, ਚੁਗਲੀ ਜਾ ਕੇ ਲੋਕਾਂ ਕੋਲ ਤੁੱਲੀ ਦੇ ਲਾਈ। ਅੱਗੇ ਮਿੱਟੀ ਸਿਆਲਾਂ ਦੀ ਪੱਟੀ ਐ ਸਹਿਬਾਂ ਨੇ, ਬਾਕੀ ਰਹਿੰਦੀ ਤੇਰੀ ਹੀਰ ਨੇ ਉਡਾਈ। ਖੇੜੀਂ ਮੰਗੀ ਹੀਰ ਸੈਦੇ ਨੂੰ ਘਰ ਅੱਜੂ ਦੇ, ਪਾਲੀ ਰੱਖ ਬਣਾਇਆ ਹੁਣ ਰਾਂਝਾ ਜਵਾਈ। ਤੈਂ ਹੁਣ ਰਾਂਝੇ ਦੇ ਘਰ ਵਸਦੀ ਜਰ ਲਿਆ ਹੀਰ ਨੂੰ, ਸ਼ਰ੍ਹਾ ਪੈਗੰਬਰੀ ਕਿਹੜੇ ਤੈਂ ਖੂਹ ਦੇ ਵਿਚ ਪਾਈ। ਲਾਇ ਬਹਾਨਾ ਤ੍ਰਿੰਝਣ ਦਾ ਜਾਂਦੀ ਕੋਲ ਰਾਂਝੇ ਦੇ, ਸਦਿਕਣ ਸੋਹਣੀ ਨਾਲ ਦੀ ਹਟੇ ਨਾ ਹਟਾਈ। ਸੱਦ ਜਨੇਤ ਨਿਕਾਹ ਦੇ ਕੇ ਤੋਰੋ ਹੀਰ ਨੂੰ, ਝਗੜਾ ਮੁੱਕੇ ਰੋਜ਼ ਦਾ ਤਾਹਨੇ ਦਵੇ ਲੋਕਾਈ। ਹੋਇ ਨਸੰਗ ਹੀਰ ਬਾਹਰ ਫਿਰੇ ਵਿਚ ਜੰਗਲਾਂ ਦੇ, ਚਿੱਠੀ ਲਿਖ ਕੇ ਵਿਆਹ ਦੀ ਭੇਜ ਦਿਉਂ ਹੱਥ ਨਾਈ। ਹੀਰ ਨੂੰ ਤੁੱਲੀ ਨੇ ਘੂਰਨਾ ਬਾਹੋਂ ਫੜ ਕੇ ਮੂਹਰੇ ਹੀਰ ਬਹਾਲੀ ਤੁੱਲੀ ਨੇ, ਦੋ ਤਿੰਨ ਥੱਪੜ ਮਾਰ ਕੇ ਹੀਰ ਨੂੰ ਸਮਝਾਉਂਦੀ। ਧੀ ਤੂੰ ਐਡੇ ਬਾਪ ਦੀ ਭੈਣ ਤੂੰ ਵੀਰ ਪਠਾਣ ਦੀ, ਤੈਨੂੰ ਸ਼ਰਮ ਨੱਢੀਏ ਕਾਹਤੋਂ ਨਾ ਨੀ ਆਉਂਦੀ। ਲਾਏਂ ਬਹਾਨਾ ਤ੍ਰਿੰਝਣ ਦਾ ਜਾਂਦੀ ਹੈਂ ਵਿਚ ਝੱਲਾਂ ਦੇ, ਚੋਰੀ ਯਾਰ ਹੰਢਾਉਂਦੀ ਡੱਕੀਏ ਬਾਜ਼ ਨਾ ਆਉਂਦੀ। ਗਲੀਆਂ ਤ੍ਰਿੰਝਣਾਂ ਵਿਚ ਨਿੱਤ ਹੋਣ ਗੱਲਾਂ ਨੀ ਤੇਰੀਆਂ, ਬੋਲੀ ਮਾਰ ਤਰਾਨਾ ਜਣੀ ਕਣੀ ਹੈ ਲਾਉਂਦੀ। ਦੱਸੂੰ ਖੋਲ ਕਹਾਣੀ ਅੱਜ ਹੀ ਤੇਰੇ ਮੈਂ ਬਾਪ ਨੂੰ, ਰਾਂਝੇ ਕੋਲ ਜਾਣੋਂ ਹੀਰ ਹਟੀ ਨਾ ਮੈਂ ਥੱਕੀ ਸਮਝਾਉਂਦੀ। ਮਾਪੇ ਜੋ ਰੱਖਣਗੇ ਧੀਆਂ ਨੂੰ ਲਾਡਲੀਆਂ, ਦਾੜ੍ਹੀ ਮੁੰਨ ਪਰ੍ਹਾ ਵਿਚ ਸੁਆਹ ਬਾਪ ਸਿਰ ਪਾਉਂਦੀ। ਕੁਰਾਨ ਪੜ੍ਹਾਈ ਤੈਨੂੰ ਨੇਕ ਨੀਅਤ ਹੋਣ ਨੂੰ, ਤੂੰ ਪੜ੍ਹ ਹੜ੍ਹਗੀ ਡੁੱਬ ਗਈ ਜ਼ਰਾ ਨਾ ਸ਼ਰਮਾਉਂਦੀ। ਬਾਣਾ ਪਹਿਨ ਕੰਜਰੀਆਂ ਦਾ ਤੂੰ ਫਿਰਦੀ ਵਿਚ ਝੱਲਾਂ ਦੇ, ਘਰ ਨਾ ਵੜਦੀ ਫਿਰਦੀ ਦਰ ਦਰ ਕੁੱਤੇ ਭਕਾਉਂਦੀ। ਗਲੀਏਂ ਫਿਰਨ ਦੀ ਵਿਚਾਰ ਕਰਨ ਸੁਆਣੀਆਂ, ਦੇਖੀਂ ਉੱਧਲ ਕੇ ਕੋਈ ਨਵਾਂ ਨਾ ਚੰਦ ਚੜ੍ਹਾਉਂਦੀ। ਫਿਰੇ ਡਾਵਾਂਡੋਲ ਹਸਦੀ ਕਦੇ ਨਾ ਦੇਖੀ ਤੂੰ, ਸੜੀ ਬੁਝੀ ਰਹੇਂ ਬੁਲਾਈ ਤੋਂ ਘਬਰਾਉਂਦੀ। ਜਵਾਬ ਹੀਰ ਤੁੱਲੀ ਮਾਂ ਨਾਲ ਕਹੇ ਹੀਰ ਤੁੱਲੀਏ ਮਾਏ ਨੀ ਛੱਡ ਖਿਆਲ ਤੂੰ, ਕਿਹੜੀ ਭਾਈਆਂ ਪਿੱਟੀ ਨੇ ਤੈਨੂੰ ਗੱਲ ਦੱਸੀ। ਐਬ ਔਗੁਣ ਦੇਖੇ ਬਿਨ ਤੂੰ ਕੁਟਦੀ ਹੀਰ ਨੂੰ, ਐਡੀ ਭੈੜੀ ਹੀਰ ਦੀ ਕਿਹੜੀ ਗੱਲ ਦਿਲ ਵੱਸੀ। ਗਲੀਏਂ ਫਿਰਦੀ ਦੇਖੀ ਕਿਹੜੀ ਮੇਰੀ ਸ਼ੌਂਕਣ ਨੇ, ਮੇਰੇ ਨਾਲ ਆਈ ਕੁੜੀ ਬਲੋਚਾਂ ਦੀ ਹੱਸੀ। ਆਪਣੀ ਕੱਛ ਵਿਚ ਦੂਜੇ ਦੀ ਹੱਥ ਵਿਚ ਲੈ ਕੇ ਫਿਰਦੀਆਂ, ਵੱਟ ਨਾ ਜਲਦਾ ਜਲ ਕੇ ਕੋਲੇ ਹੋਵੇ ਰੱਸੀ। ਮਾਰ ਮਰੋੜਾ ਉੱਠ ਕੇ ਮੂਹਰੇ ਖੜ੍ਹਗੀ ਤੁੱਲੀ ਦੇ, ਸੱਦ ਕੇ ਲਿਆਵਾਂ ਮੇਰੇ ਕੋਲ ਰਹੀ ਹੈ ਸੀ। ਕੈਦੋਂ ਕਾਜ਼ੀ ਤੁੱਲੀ ਨੇ ਵੀਰ ਪਠਾਣ ਤੇ ਚੂਚਕ ਨੂੰ ਦੱਸਣਾ ਵਿਆਹ ਧਰਨਾ ਚੂਚਕ ਤੁੱਲੀ ਵੀਰ ਪਠਾਣ ਕੈਦੋਂ ਕਾਜ਼ੀ ਜੀ, ਅੰਦਰ ਬੈਠ ਨਿਆਰੇ ਹੈ ਸਨ ਮਤਾ ਮਤਾਉਂਦੇ। ਸੁਣ ਕੇ ਗੱਲਾਂ ਲੋਕਾਂ ਤੋਂ ਰਾਂਝੇ ਤੇ ਹੀਰ ਦੀਆਂ, ਅਸੀਂ ਜਾਈਏ ਗਰਕਦੇ ਤੁਸੀਂ ਨਾ ਸ਼ਰਮਾਉਂਦੇ। ਕਰੀ ਸਲਾਹ ਬੈਠ ਕੇ ਸਾਰੇ ਭਾਈਚਾਰੇ ਨੇ, ਚਿੱਠੀ ਲਿਖਾ ਕਾਜ਼ੀ ਤੋਂ ਨਾਈ ਨੂੰ ਫੜਾਉਂਦੇ। ਤੇਰਾਂ ਚੰਦ ਚੜ੍ਹੇ ਦਾ ਨਿਕਾਹ ਹੈ ਜੁਮੇ ਰਾਤ ਦਾ, ਤੇਰਾਂ ਰੱਖ ਤਰੀਕ ਨਾਈ ਨੂੰ ਸਮਝਾਉਂਦੇ। ਧੂਮ ਧਾਮ ਸੇ ਜਨੇਤ ਆਵੇ ਖੇੜਿਆਂ ਦੀ, ਅਸਤਬਾਜ਼ ਨਕਲੀਏ ਕੰਜ਼ਰੀਆਂ ਗਿਣਾਉਂਦੇ। ਯਾ ਗਵੱਈਏ ਸ਼ਾਇਰੀ ਗੱਤਕੇ ਦੇ ਖਿਡਾਰੀਆਂ, ਸਾਈਆਂ ਦੇ ਕੇ ਦੂਰ ਦੂਰ ਦੇ ਬੁਲਾਉਂਦੇ। ਵਰੀ ਹੀਰ ਖਾਤਰ ਇਕ ਤੋਂ ਇਕ ਬਣੇ, ਜੀਹਨੂੰ ਨਰ ਨਾਰੀਆਂ ਸਾਰੇ ਦੇਖਣ ਆਉਂਦੇ। ਜੋ ਜੋ ਕਹੀ ਗੱਲ ਸਮਝਾਈ ਸਾਰੀ ਅੱਜੂ ਨੂੰ, ਬਾਰਾਂ ਵਜਦੇ ਨੂੰ ਜਨੇਤ ਸਿਆਲ ਢਕਾਉਂਦੇ। ਬੜੇ ਬੜੇ ਘਰਾਂ ਦੇ ਹੱਥ ਜੁੜਾਏ ਰੱਬ ਨੇ, ਆਉਣ ਠਾਠਾਂ ਜੋੜ ਕੇ ਸਾਰੀ ਗੱਲ ਸਮਝਾਉਂਦੇ। ਜੋ ਕੁਛ ਦਿੱਤਾ ਨਾਈ ਨੂੰ ਖੇੜਿਆਂ ਨੇ ਵਿਦਾਉਗੀ ਦਾ, ਸੋਈ ਮੂਹਰੇ ਚੂਚਕ ਦੇ ਰੱਖ ਕੇ ਦਿਖਾਉਂਦੇ। ਕਿੱਸਾ ਵਿਆਹ ਚਿੱਠੀ ਦਾ ਤੂੰ ਮੁਕਾ ਹਜ਼ੂਰਾ ਸਿੰਘ, ਅੱਗੇ ਜੋ ਵਰਤੇ ਉਹ ਵੀ ਖੋਲ੍ਹ ਕੇ ਸੁਣਾਉਂਦੇ। ਤਿਆਰੀ ਹੀਰ ਦੇ ਵਿਆਹ ਦੀ ਕਲਾਮ ਸ਼ਾਇਰ ਦੋਹੀਂ ਤਰਫੀਂ ਸਾਹਮਣੇ ਹੋਣ ਲੱਗੇ ਵਿਆਹਾਂ ਦੇ, ਅਪਣੇ ਅਪਣੇ ਘਰਾਂ ਸਾਮਾਨ ਕੁੱਲ ਬਣਾਏ। ਸੱਦ ਹਲਵਾਈ ਮਠਿਆਈ ਬਣਦੀ ਦੋਹਾਂ ਘਰਾਂ ਦੀ, ਕੱਪੜੇ ਗਹਿਣੇ ਖਰੀਦ ਦੁਕਾਨਾਂ 'ਚੋਂ ਲਿਆਏ। ਪੱਕੇ ਮਠਿਆਈ ਘਰ ਚੂਚਕ ਦੇ ਕਈ ਭਾਂਤ ਦੀ, ਗਿਣੀ ਨਾ ਜਾਂਦੀ ਹੈ ਨਮੂਨੇ ਕਈ ਬਣਾਏ। ਬੱਕਰੇ, ਛਤਰੇ, ਮੁਰਗੇ ਲਿਆਂਦੇ ਮੀਟ ਬਣਾਉਣ ਨੂੰ, ਕਈ ਹੋਰ ਸਬਜ਼ੀਆਂ, ਟੋਕਰੇ ਮੰਗਵਾਏ। ਕਰਕੇ ਜਮ੍ਹਾਂ ਚੀਜ਼ ਸਭ ਕਰੀ ਤਸੱਲੀ ਚੂਚਕ ਨੇ, ਗਾਠੀ ਭੇਜ ਕੇ ਫਿਰ ਅੰਗ ਸਾਕ ਬਲਾਏ। ਦਿਨ ਮੁਕੱਰਰ ਕੀਤਾ ਚੰਦ ਚੜ੍ਹੇ ਦੀ ਤੇਰ੍ਹਵੀਂ, ਜੁਮੇਂ ਰਾਤ ਦਾ ਨਿਕਾਹ ਪੱਤੇ ਪਚਾਏ। ਡੋਲੀ ਕਲਾਮ ਸ਼ਾਇਰ ਸਤ ਦਿਨ ਰੱਖ ਜਨੇਤ ਖਾਣੇ ਖਲਾਏ ਮਨ ਭਾਉਂਦੇ ਐ, ਕਰਕੇ ਭਾਈ ਕੱਠੇ ਚੂਚਕ ਖੱਟ ਬਹਾਈ। ਲੀੜੇ ਭਾਂਡੇ ਗਹਿਣੇ ਲਿਆਂਦੇ ਕਈ ਇੱਕ ਭਾਂਤਾਂ ਦੇ, ਜੋ ਜੋ ਚੀਜ਼ ਚਾਹੀਦੀ, ਸੋਈ ਲਿਆ ਧਰਾਈ। ਵੱਡੇ ਦਮਕ ਮਜਾਜ਼ ਨਾਲ ਖੇੜੇ ਬੈਠੇ ਨੇ, ਦੇਖੋ ਚੂਚਕ ਨੇ ਗੁਲਜ਼ਾਰ ਹੈ ਲਗਾਈ। ਪੰਜ ਰੁਪਈਏ ਇਕ ਦੁਸ਼ਾਲਾ ਹਰ ਇਕ ਜਾਨੀ ਨੂੰ ਕੜਿਆਂ ਸਣੇ ਪੁਸ਼ਾਕ ਸੈਦੇ ਨੂੰ ਪਹਿਨਾਈ। ਇੱਕੀ ਮਹੀਂ ਤੇ ਉਨਤਾਲੀ ਘੋੜੇ ਘੋੜੀਆਂ, ਛੇ ਹਜ਼ਾਰ ਰੁਪਈਆ ਭਰ ਪਰਾਂਤ ਫੜਾਈ। ਝੋਟੀ ਨਾਈ ਨੂੰ ਤੇ ਘੋੜਾ ਇਕ ਮਰਾਸੀ ਨੂੰ, ਰੱਥਾਂ ਗੱਡਿਆਂ ਵਾਲਿਆਂ ਨੂੰ ਮਲਿਗੀ ਵਡਿਆਈ। ਸਾਜ਼ੀ ਵਾਜੀ ਜੀਹਦਾ ਮੁੱਦਾ ਸਭ ਨੂੰ ਮਿਲ ਗਿਆ ਹੈ, ਆਖਣ ਧੰਨ ਹੈ ਚੂਚਕ ਮਹਿਰ ਦੀ ਕਮਾਈ। ਸਣੇ ਬੈਲਾਂ ਦੇ ਰੱਥ ਜੁੜੇ ਜੁੜਾਏ ਦੇ ਲਏ ਐ, ਐਸੀ ਡੋਲੀ ਖਾਤਰ ਹੀਰ ਦੀ ਕਰਵਾਈ। ਅੰਦਰ ਸੁੱਚੇ ਮੋਤੀ ਜੜ ਕੇ ਲਾਈ ਚਾਨਣੀ, ਉੱਤੇ ਮਖਮਲ ਦਾ ਗੁਲਾਫ ਲਾ ਸਜਾਈ। ਵਿਚ ਬਲੌਰ ਲਾ ਲਟਕਾਏ ਕਈ ਇੱਕ ਰੰਗਾਂ ਦੇ, ਪੰਨੇ ਸ਼ੀਸ਼ੇ ਉੱਤੇ ਅਬਕਰ ਲਾ ਡਠਾਈ। ਵਿਛੇ ਗਲੀਚੇ ਤੇ ਸਰ੍ਹਾਣੇ ਲਾਏ ਰੇਸ਼ਮੀ, ਅਤਰ ਗੁਲਾਬ ਛਿੜਕ ਰਮੇਲ ਮਹਿਕ ਲਗਾਈ। ਕਈ ਇਕ ਤਿਆਰ ਕਰੀਆਂ ਹੀਰ ਨਾਲ ਟਹਲਿਣਾਂ, ਰਸਮ ਰਸੂਮ ਸਭ ਅਮੀਰਾਂ ਦੀ ਬਣਾਈ। ਸੌ ਸੌ ਕਦਮਾਂ ਤੇ ਜਦ ਲਪਟਾਂ ਆਉਣ ਡੋਲੀ 'ਚੋਂ, ਦੇਖਣ ਤੀਮੀ ਤਲੀ ਸਭ ਸਿਆਲਾਂ ਦੀ ਆਈ। ਰਲ ਕੇ ਗੀਤ ਗਾਉਣ ਲੱਗੀਆਂ ਦਾਦੇ ਪੋਤਰੀਆਂ, ਬੀਜੇ ਧਾਨੜੇ ਅੱਜ ਹੋਈ ਐ ਪਰਾਈ। ਤੋੜਾ ਜੰਨ ਚੂਚਕ ਵਿਦਾ ਕਰਾਈ ਏ, ਕੁੜੀ ਸਭ ਸਿਆਲਾਂ ਦੀ ਆਈ ਏ, ਛੋਟੀ ਮੋਟੀ ਰਹੀ ਨਾ ਕਾਈ ਏ, ਮੂਹਰੇ ਨਣਦ ਪਿੱਛੇ ਭਰਜਾਈ ਏ, ਧੁੰਮ ਚੂਚਕ ਵਿਹੜੇ ਮਚਾਈ ਏ, ਆਸਾ ਨਾਲ ਭੈਰਵੀਂ ਲਾਈ ਏ, ਸੂਹੀ ਪੀਲੋਂ ਪੂਰਬੀ ਗਾਈ ਏ, ਵਿਚ ਦੀਪਕ ਮੇਖ ਸੁਣਾਈ ਏ, ਹੀਰ ਤੁੱਲੀ ਨੇ ਆਣ ਵਰਾਈ ਏ, ਮਾਮੇ ਚੁੱਕ ਡੋਲੀ ਵਿਚ ਪਾਈ ਏ। ਜਵਾਬ ਸ਼ਾਇਰ ਜਦੋਂ ਬਰਾਤ ਵਿਦਿਆ ਹੋਣ ਲੱਗੀ ਖੇੜਿਆਂ ਦੀ, ਕੁੜੀਆਂ ਆ ਕੇ ਹੋਈਆਂ ਹੀਰ ਦੇ ਉਦਾਲੇ। ਹੀਰ ਅੰਦਰ ਵੜ ਕੇ ਭੁੱਬੀਂ ਭੁੱਬੀਂ ਰੋਂਦੀ ਐ, ਬੁੱਕਲ ਵਿਚ ਲੈ ਕੇ ਤੁੱਲੀ ਮਾਤਾ ਰੋਈ ਨਾਲੇ। ਹੀਰ ਉਠਜੂ ਮੇਰਾ ਰਾਂਝਾ ਰੁਲਕੇ ਮਰਜੂਗਾ, ਤੁਸੀਂ ਵਸਿਓ ਮਾਪਿਓ ਹੀਰ ਦਿਓ ਸੁਖਾਲੇ। ਮਾਪੇ ਭੈਣ ਭਾਈ ਉਤਲੇ ਮਨ ਤੋਂ ਡੁਸਕਦੇ, ਰਾਜ਼ੀ ਹੋਗੇ ਸਾਨੂੰ ਦੇ ਕੇ ਦੇਸ਼ ਨਿਕਾਲੇ। ਹੋਰ ਕੱਢਲੈ ਬਾਕੀ ਜੋ ਕਸਰਾਂ ਨੇ ਰਹਿੰਦੀਆਂ, ਐਦੂੰ ਜਾਦੇ ਕੀ ਭੁੰਨ ਖਾ ਜਾਣ ਮਾਪੇ ਸਾਲੇ। ਹੀਰ ਰਾਂਝਾ ਦੋਵੇਂ ਸਿੱਕੇ ਵਾਂਗੂੰ ਢਲਗੇ ਐ, ਮਾਈ ਕੈਦੋਂ ਲੰਙੇ ਦੂਤੀਆਂ ਦੇ ਢਾਲੇ। ਜਿਨ੍ਹਾਂ ਦੇ ਘਾਉ ਜਿਗਰ ਵਿਚ ਸਾਗਾਂ ਵਾਂਗੂੰ ਰੜਕਦੇ, ਸੁਲਗਣ ਗਿੱਲੇ ਗੋਹੇ ਜਿਉਂ ਤਸਾਂ ਦੇ ਜਾਲੇ। ਸੲ੍ਹੀਆਂ ਕਹਿਣ ਅਸਲ ਵਿਛੋੜਾ ਹੀਰ ਰਾਂਝੇ ਦਾ, ਜਿਨ੍ਹਾਂ ਨਾ ਫੇਰ ਥਿਆਉਣਾ ਹੈ ਦੁਨੀਆਂ 'ਚੋਂ ਭਾਲੇ। ਜਵਾਬ ਤੁਲੀ (ਹੀਰ ਦੀ ਮਾਂ) ਫੱਤੀ ਮਿੱਠੀ ਦੋਵੇਂ ਨੈਣਾਂ ਸੱਦੀਆਂ ਤੁੱਲੀ ਨੇ, ਗਹਿਣੇ ਵਸਤਰ ਖੇੜਿਆਂ ਵਾਲੇ ਸਭ ਮੰਗਵਾਏ। ਸੁੱਚੇ ਜੜੇ ਜੜਾਏ ਝਲਮਲ ਝਲਮਲ ਕਰਦੇ ਐ, ਜ਼ਰੀਦਾਰ ਜੋ ਵਸਤਰ ਖੇੜਿਆਂ ਰੇਸ਼ਮੀ ਮੜ੍ਹਾਏ। ਬਾਹੋਂ ਫੜ ਕੇ ਤੁੱਲੀ ਹੀਰ ਮੂਹਰੇ ਧਰਦੀ ਐ, ਪਾ ਲੈ ਕਰਮਾਂ ਮਾਰੀਏ ਇਹ ਪਹਿਨਣ ਨੂੰ ਆਏ। ਖਾਣ ਪਹਿਨਣ ਨੂੰ ਤਾਂ ਧੀਆਂ ਤਰਸਣ ਜਗਤ ਦੀਆਂ, ਕੁੜੀਆਂ ਦੇਖਣ ਆਈਆਂ ਤੈਂ ਹੱਸ ਕੇ ਨਾ ਪਾਏ। ਬਾਹੋਂ ਫੜ ਕੇ ਗਹਿਣਾ ਪਾ ਲਿਆ ਹੀਰ ਸਿਆਲ ਦੇ, ਮੱਥੇ ਟਿੱਕੇ ਬਿੰਦੀ ਹਾਰ ਸ਼ਿੰਗਾਰ ਲਗਾਏ। ਕੰਘੀ ਪੱਟੀ ਕਰਕੇ ਹੀਰੋਂ ਹੂਰ ਬਣਾ ਲਈ ਐ, ਮਾਮਾ ਸੱਦਿਆ ਗੋਦੀ ਹੀਰ ਨੂੰ ਉਠਾਏ। ਕੱਠੀਆਂ ਹੋ ਕੇ ਕੁੜੀਆਂ ਗੌਣ ਜੋ ਗੀਤ ਗਾਉਂਦੀਆਂ, ਕੱਠੇ ਹੋ ਕਰ ਸਿਆਲਾਂ ਖੇੜਿਆਂ ਸ਼ਗਨ ਮਨਾਏ। ਜਵਾਬ ਕਵੀ ਅੱਜੂ ਖੇੜਾ ਚੂਚਕ ਕੈਦੋਂ ਸਭ ਪੰਚਾਇਤੀ ਐ, ਲੱਗੇ ਸ਼ਗਨ ਮਨਾਉਣ ਖੜੇ ਸੱਥ ਵਿਚ ਸਿਆਲੀਂ। ਢੋਲ ਵਜਾਏ ਮਰਾਸਣ ਹੇਅਰੇ ਲਾਉਣ ਮੇਲਣਾਂ, ਮੋਹਰਾਂ ਟਕੇ ਵਾਰਕੇ ਪੱਲੇ ਪਾਉਂਦੀ ਸਾਲੀ। ਜਾਨੀ ਖੜੇ ਸ਼ਿੰਗਾਰ ਲਾਈਂ ਚੜ੍ਹੇ ਘੋੜੀਏਂ, ਸੋਹਣੇ ਛੈਲ ਦੀਦਾਰੀ ਦਗੇ ਮਸਤਕੀਂ ਲਾਲੀ। ਵਿਦਿਆ ਹੋਣ ਨੂੰ ਬਰਾਤ ਖੜੀ ਖੇੜਿਆਂ ਦੀ, ਨੌਕਰ ਚਾਕਰ ਖੜੇ ਕੁੱਲ ਸਮਾਨ ਸੰਭਾਲੀਂ। ਗੀਤ ਗਾਉਣ ਕੁੜੀਆਂ ਸ਼ਗਨ ਮਨਾਉਣ ਕੁੜਮਣੀਆਂ, ਕੁੜਮਾਂ ਕੁੜਮਣੀਆਂ ਨੇ ਖੇਲੀ ਐ ਗੁਲਾਲੀ। ਲਾਗੀ ਲਾਗ ਲੈ ਖੜੋਤੇ ਜਿੰਨੇ ਕੁ ਰਹਿੰਦੇ ਸੀ, ਰੰਗਲਾ ਝੰਮਣ ਚੱਕ ਕੇ ਡੋਲੀ ਹੀਰ ਬਹਾਲੀ। ਜਵਾਬ ਮਿੱਠੀ ਨੈਣ ਹੀਰ ਨਾਲ ਚੱਕ ਕੇ ਝੰਮਣ ਹੀਰ ਜਦ ਡੋਲੀ ਵਿਚ ਬਹਿ ਗਈ ਐ, ਖੜੇ ਰੰਝੇਟੇ ਨੇ ਦੁਹੱਥੜ ਪੱਟੀਂ ਮਾਰੀ। ਅਕੇਲਾ ਹੋ ਕੇ ਬਹਿ ਗਿਆ ਝੁੰਗੜ ਮਾਟਾ ਮਾਰ ਕੇ, ਰੋਂਦਾ ਝੱਲਿਆ ਨਾ ਜਾਵੇ ਚਾਕ ਨੀ ਹਤਕਾਰੀ। ਬਿਰਹੋਂ ਕਸਾਈ ਜਦ ਰਾਂਝੇ ਦੇ ਅੰਦਰ ਵੜ ਗਿਆ ਹੈ, ਕਤਲੇ ਕਰ ਕਰ ਸਿੱਟਦਾ ਧਰਲੀ ਸੀਨੇ ਆਰੀ। ਲੱਭਿਆ ਲਾਲ ਲੱਖਾਂ ਦਾ, ਅੱਜ ਹੱਥਾਂ 'ਚੋਂ ਡਿਗ ਪਿਆ ਹੈ, ਕਿਉਂ ਨਾ ਰੋਵੇ ਕੌਡੀ ਜਾਂਦੀ ਨਾ ਸਹਾਰੀ। ਤੂੰ ਤਾਂ ਕਹਿੰਦੀ ਸੀ ਮੈਂ ਹਰ ਦਮ ਚਾਕਾ ਤੇਰੀ ਆਂ, ਹੁਣ ਤੂੰ ਬਣ ਕੇ ਬਹਿ ਗਈ ਸੈਦੇ ਦੀ ਵਿਚਾਰੀ। ਮੁੱਖ ਤੋਂ ਪੱਲਾ ਚੱਕ ਕੇ ਹਾਲ ਦੇਖ ਲੈ ਯਾਰ ਦਾ, ਜਿਸਨੇ ਤੇਰੀ ਖਾਤਰ ਉਮਰ ਨੀ ਗੁਜ਼ਾਰੀ। ਏਨੇ ਸੋਰ੍ਹਮਸੌਰ੍ਹੀ ਹੋਣ ਕੁੜੀਆਂ ਪਿੰਡ ਦੀਆਂ, ਮਿੱਠੀ ਨੈਣ ਨੇ ਇਕ ਬਾਤ ਹੈ ਵਿਚਾਰੀ। ਮਿਲਣ ਬਹਾਨੇ ਮੁਖੜਾ ਮੋਢੇ ਧਰ ਲਿਆ ਹੀਰ ਦੇ, ਕੰਨ ਵਿਚ ਕਹਿੰਦੀ ਸਿਆਲੇ ਤੂੰ ਕੌਲਾਂ ਤੋਂ ਹਾਰੀ। ਜਵਾਬ ਕੁੜੀਆਂ ਤਾਹਨੇ ਹੀਰ ਨੂੰ ਸਣੇ ਮਿੱਠੀ ਨੈਣ ਕੁੜੀਆਂ ਆਖਣ ਹੀਰ ਨੂੰ, ਕੀ ਫਲ ਪਾ ਲਿਆ ਰਾਂਝੇ ਲਾ ਤੇਰੇ ਨਾਲ ਯਾਰੀ। ਜੈਸੀ ਅਗਨ ਫੂਸ ਦੀ ਤੈਸੀ ਨਿਹੁੰ ਗੁਲਾਮਾਂ ਦੀ, ਐਵੇਂ ਕੱਚੀਆਂ ਨਾਲ ਨਾ ਨਿਭਦੀ ਹੀਰੇ ਸਾਰੀ। ਯਾਰੀ ਕੁਆਰੀਆਂ ਦੀ ਕੋਲਿਆਂ ਦੀ ਦਲਾਲਗੀ, ਛੱਡ ਕੇ ਤੁਰ ਪਈ ਕਰਲੀ ਤੈਂ ਖੇੜਿਆਂ ਨੂੰ ਤਿਆਰੀ। ਕੌਲ ਕਰਾਰ ਕਰਕੇ ਝੂਠੀ ਹੋਈ ਜਾਨੀਂ ਐਂ, ਡੋਲੀ ਬਹਿ ਗਈ ਸੈਦੇ ਦੀ ਹੋ ਕੇ ਵਿਚਾਰੀ। ਕੋਈ ਹੀਲਾ ਓਸ ਤੈਂ ਪੰਛੀ ਦਾ ਕਰਨਾ ਸੀ, ਜਿਸਨੇ ਤੇਰੀ ਖਾਤਰ ਉਮਰ ਨੀ ਗੁਜ਼ਾਰੀ। ਅੱਜ ਤਾਂ ਆਥਣ ਨੂੰ ਘਰ ਕੀਹਦੇ ਜਾ ਕੇ ਵੜਜੂਗਾ, ਆਖੂ ਹਾਏ ਲੱਖ ਲਾਹਣਤ ਕੱਚੀਏ ਤੇਰੀ ਯਾਰੀ। ਕਾਮਾ ਰੱਖੀਏ ਤੇ ਮਜ਼ਦੂਰੀ ਦੇਈਏ ਓਸ ਨੂੰ, ਖਾਲੀ ਹੱਥੀਂ ਤੋਰਨ ਦੇ ਵਿਚ ਦੇਣਦਾਰੀ। ਰੱਬ ਹਿਸਾਬ ਮੰਗੂ ਲੇਖਾ ਲਊ ਅਗੰਤ ਨੂੰ, ਥੋੜ੍ਹੀ ਗੱਲ ਤੇ ਹੋ ਗਈ ਨਰਕਾਂ ਦੀ ਅਧਿਕਾਰੀ। ਜਵਾਬ ਹੀਰ ਤਾਹਨੇ ਕੁੜੀਆਂ ਦੇ ਮਨ ਘਾਇਲ ਕਰ ਗਏ ਹੀਰ ਦਾ, ਫੱਟੜ ਮੂਨ ਤੜਪਦੀ ਜਿਉਂ ਹੇੜੀ ਦੀ ਮਾਰੀ। ਅੰਦਰ ਵਲ ਵਲ ਉਠਦਾ ਸਾਂਗਾਂ ਰੜਕਣ ਪਿਆਰ ਦੀਆਂ, ਕੋਈ ਪੇਸ਼ ਨਾ ਜਾਂਦੀ ਹੋਗੀ ਬੇਅਖਤਿਆਰੀ। ਹਾਏ ਨੀ ਕੁੜੀਓ ਮੈਨੂੰ ਰਾਂਝੇ ਨੂੰ ਮਿਲਾ ਦਿਓ ਨੀ, ਨਹੀਂ ਲਿਆਦੋ ਮੈਨੂੰ ਛੁਰੀ ਤੇ ਕਟਾਰੀ। ਦੋਹਾਂ ਵਿਚੋਂ ਇਕ ਗੱਲ ਕਰਦੋ ਮੇਰੇ ਹਾਣਦੀਓ, ਜੇ ਮੈਂ ਹੀਰ ਸਹੇਲੀ ਤੁਸਾਂ ਦੀ ਪਿਆਰੀ। ਹੁਣੇ ਪਾੜ ਕਲੇਜਾ ਮਰਜਾਂ ਵਿਚੇ ਡੋਲੀ ਦੇ, ਦੇਵਾਂ ਲੜੀ ਸੁਹਾਗ ਦੀ ਸੈਦੇ ਨੂੰ ਕਾਰੀ। ਹੁਣ ਘਰ ਖੇੜਿਆਂ ਦੇ ਮੈਂ ਜਿਉਂਦੀ ਕਦੇ ਨਾ ਵਸਦੀ ਆਂ, ਸੌ ਸੌ ਮਿਹਣਾ ਲੈਣ ਦੀ ਹੈ ਨੀ ਪਹੁੰਚ ਹਮਾਰੀ। ਜਿਹੜੀ ਨਾਲਾ ਕਸਣ ਨਾ ਜਾਣੇ ਤਾਹਨੇ ਮਾਰੂਗੀ, ਪਿਉਕੀਂ ਯਾਰ ਹੰਢਾ ਕੇ ਆਗੀ ਹੀਰ ਕੁਆਰੀ। ਏਸ ਜਿਉਣੋਂ ਮਰਨ ਪਿਆਰਾ ਲਗਦਾ ਹੀਰ ਨੂੰ, ਜੇ ਪਰ ਸਾਬਤ ਰਹਿ ਜਾਏ ਮੇਰੀ ਚਾਕ ਦੀ ਯਾਰੀ। ਜੱਫੀਆਂ ਪਾ ਪਾ ਮਿਲ ਲਓ ਕੁੜੀਓ ਮੇਰੇ ਹਾਣਦੀਓ, ਅਸੀਂ ਫੇਰ ਨਾ ਆਉਣਾ ਨੀ ਏਹਨੀ ਬਜ਼ਾਰੀ। ਅੱਜ ਤਾਂ ਗਲੀਆਂ ਸੁੰਨੀਆਂ ਹੋਈਆਂ ਬਾਬਲ ਵਾਲੀਆਂ, ਅਸੀਂ ਫੇਰ ਨਾ ਮਿਲਣਾ ਹੈ ਦੂਜੀ ਨੀ ਵਾਰੀ। ਮੰਗੀ ਮੌਤ ਮਿਲਜੇ ਦੁਖੀਆਂ ਕਦੇ ਨਾ ਜੀਵੇ ਨੀ, ਅੱਜ ਨਾ ਦੁਖੀਆ ਕੋਈ ਮੈਂ ਹੀਰ ਤੋਂ ਭਾਰੀ। ਜੇ ਪਰ ਪਰੀਆਂ ਵਰਗੇ ਮੰਗੇ ਮਿਲ ਜਾਣ ਹੀਰ ਨੂੰ, ਚੱਕ ਕੇ ਰਾਂਝਾ ਡੋਲੀ 'ਚੋਂ ਲੈ ਜਾਂ ਮਾਰ ਉਡਾਰੀ। ਸੇਜ਼ ਰਾਂਝੇ ਦੀ ਮੈਂ ਵਿਚ ਵਿਛਾਈ ਨੈਣਾਂ ਦੇ ਉੱਤੇ ਸੁਲਾ ਕੇ ਮੀਚ ਕਰ ਦਿਆਂ ਨ੍ਹੇਰ ਗੁਬਾਰੀ। ਆਪ ਦੇਖਾਂ ਨਾ ਦਖਾਲਾਂ ਕਿਸੇ ਹੋਰ ਨੂੰ, ਰੱਜ ਕੇ ਦੇਖ ਲਵਾਂ ਮਿਲਾ ਦਿਓ ਨੀ ਇਕ ਵਾਰੀ। ਜਵਾਬ ਕੁੜੀਆਂ ਤਾਹਨੇ ਹੀਰ ਨੂੰ ਕੋਲੇ ਖੜੀਆਂ ਕੁੜੀਆਂ ਦੇਣ ਤਾਹਨੇ ਹੀਰ ਨੂੰ, ਹੁਣ ਕੀ ਸੱਦ ਕੇ ਤਖਤ ਬਹਾਉਣਾ ਚਾਕ ਵਿਚਾਰੀਏ। ਬਾਰਾਂ ਬਰਸਾਂ ਦੇ ਨਿੱਤ ਕੱਠੇ ਚੂਰੀ ਖਾਂਦੇ ਸੀ, ਐਸ ਵੇਲੇ ਦਾ ਕੀ ਕਰਿਆ ਫਿਕਰ ਨਕਾਰੀਏ। ਵਕਤ ਵਿਹਾਣੇ ਤੋਂ ਹੁਣ ਅੱਖੀਆਂ ਖੁੱਲ੍ਹੀਆਂ ਤੇਰੀਆਂ, ਜੇ ਤੰਦ ਟੁੱਟ ਜੇ ਤਾਣੀ ਗੰਢੀਏ ਕਿਵੇਂ ਸਮਾਰੀਏ। ਅੰਬਰ ਪਾਟੇ ਨੂੰ ਹੁਣ ਟਾਕੀ ਕਿੱਥੋਂ ਲਗਦੀ ਆ, ਹੁਣ ਦੱਸ ਤੇਰਾ ਦੁੱਖੜਾ ਕਿਸ ਤਦਬੀਰ ਨਿਵਾਰੀਏ। ਡੋਲੀ ਚੱਕਣ ਨੂੰ ਕਹਾਰ ਤਿਆਰੀ ਕਰਦੇ ਐ, ਕਿਹੜੇ ਵਕਤ ਮਿਲਾਈਏ ਰਾਂਝੇ ਦੀਏ ਪਿਆਰੀਏ। ਹੁਣ ਤਾਂ ਮਿਲਿਆਂ ਤੋਂ ਅਣਮਿਲੇ ਈ ਚੰਗੇ ਲਗਦੇ ਓਂ, ਨੱਕ ਪਰ ਦੀਵਾ ਜਾਲ ਕੇ ਕੀ ਮੰਤਰਾਂ ਨੂੰ ਉਚਾਰੀਏ। ਮੇਲ ਮਾਹੀ ਦਾ ਹੁਣ ਠੰਢੇ ਦੁੱਧ ਦੀਆਂ ਫੂਕਾਂ ਨੇ, ਪਲ ਵਿਚ ਸਭ ਦੁਖ ਮਿਟਜੇ ਐਡ ਕੀ ਮੰਤਰ ਮਾਰੀਏ। ਪੰਜ ਸੱਤ ਕੁੜੀਆਂ ਰਲ ਕੇ ਕੁੜੀ ਬਣਾ ਕੇ ਰਾਝੇ ਨੂੰ, ਅਸੀਂ ਲਿਆਉਂਨੇ ਹਾਂ ਤੂੰ ਕੋਈ ਮਕਰ ਖਿਲਾਰੀਏ। ਗਲ ਦਾ ਹਾਰ ਤੋੜ ਕੇ ਪੱਜ ਬਣਾ ਲੈ ਅਟਕਣ ਦਾ, ਅਸੀਂ ਭੇਸ ਜਨਾਨਾ ਰਾਂਝੇ ਦਾ ਜਾ ਧਾਰੀਏ। ਮਿੱਠੀ ਨੈਣ ਚਾਦਰਵੱਟ ਸਹੇਲੀ ਹੀਰ ਦੀ, ਆਖੇ ਚਲੋ ਕੁੜੀਓ ਹੁਣ ਰਾਂਝੇ ਵੱਲ ਸਧਾਰੀਏ। ਜਵਾਬ ਕੁੜੀਆਂ ਕੁੜੀਆਂ ਹੀਰ ਦਾ ਸੁਨੇਹਾ ਦੇ ਲਿਆ ਰਾਂਝੇ ਨੂੰ, ਮੀਆਂ ਤੈਨੂੰ ਤੇਰੀ ਹੀਰ ਨੇ ਬੁਲਾਇਆ ਵੇ। ਮਾਪਿਆਂ ਰੋਂਦੀ ਪਿਟਦੀ ਡੋਲੀ ਪਾਤੀ ਖੇੜਿਆਂ ਦੀ, ਕੋਈ ਸ਼ੌਕ ਨੂੰ ਨਾ ਉਹਨੇ ਵਿਆਹ ਕਰਵਾਇਆ ਵੇ। ਡੋਲੀ ਵਿਚੇ ਬੈਠੀ ਤੇਰਾ ਕਲਮਾ ਪੜਦੀ ਐ, ਓਹਲੇ ਖੜਕੇ ਤੈਨੂੰ ਚਾਹੀਦਾ ਸੁਣਾਇਆ ਵੇ। ਨਾਲੇ ਗੱਲਾਂ ਕਰਲੈ ਵੇ ਚੱਲ ਕੇ ਮਨ ਭਾਉਂਦੀਆਂ, ਪੁੱਛ ਜ਼ੁਬਾਨੀ ਸਾਵੀਂ ਤੋਂ ਕਿਨ ਦਗਾ ਕਮਾਇਆ ਵੇ। ਨਾਲੇ ਜਾਂਦੀ ਵਾਰੀ ਦਰਸ਼ਣ ਕਰਲੈ ਹੀਰ ਦਾ, ਫੇਰ ਮਿਲਣਾ ਸਾਈਂ ਸੱਚੇ ਦਾ ਮਿਲਾਇਆ ਵੇ। ਹੁਣ ਦੱਸ ਕਿਸ ਦੇ ਪੈਰੋਂ ਵਗਿੜੀ ਚੂਚਕ ਬੱਚੀਏ ਨੀ, ਐਦੂੰ ਹੋਰ ਵੇਲਾ ਕਿਹੜਾ ਤੈਂ ਤਕਾਇਆ ਵੇ। ਦਾੜ੍ਹੀ ਮੁੱਛ ਨਾ ਤੇਰੇ ਕੱਪੜੇ ਪਹਿਨ ਜਨਾਨੇ ਤੂੰ, ਪਟੀਆਂ ਗੁੰਦ ਕੇ ਕਰਲੈ ਹੀਰੋਂ ਰੂਪ ਸਵਾਇਆ ਵੇ। ਰਲ ਕੇ ਕੁੜੀਆਂ ਦੇ ਵਿਚ ਸੋਹੀਂ ਦੀਦੀਂ ਜਾ ਮਿਲ ਤੂੰ, ਕਿਨੇ ਨਾ ਪੁੱਛਣਾ ਵਿਆਹ ਵਿਚ ਮੇਲ ਬਥੇਰਾ ਆਇਆ ਵੇ। ਜਵਾਬ ਰਾਂਝਾ ਰਾਂਝਾ ਰੋ ਰੋ ਆਖ ਸੁਣਾਇਆ ਮਿੱਠੀ ਕੁੜੀਆਂ ਨੂੰ, ਜੋ ਕੁਛ ਵਰਤਿਆ ਲਿਖਿਆ ਸਾਡੇ ਨੀ ਨਸੀਬ ਦਾ। ਬਾਰਾਂ ਬਰਸਾਂ ਦੇ ਵਿਚ ਮੇਰਾ ਕੁਛ ਨਾ ਬਣ ਗਿਆ ਨੀ, ਹੁਣ ਕੀ ਬਣਜੂਗਾ ਇਕ ਪਲ ਵਿਚ ਏਸ ਗਰੀਬ ਦਾ। ਮੇਰੇ ਨਾਲ ਐਦੂੰ ਬੁਰੀਆਂ ਹੋਣ ਸੋ ਥੋੜੀਆਂ, ਛੇ ਭਰਜਾਈਆਂ ਚੌਧਰ ਛੱਡ ਕਿਉਂ ਚਾਕਰ ਥੀਂਵਦਾ। ਜੇ ਮੈਂ ਜਾਣਾ ਹੀਰ ਸਾਵੀਂ ਅੱਖੀਆਂ ਬਦਲੂਗੀ, ਲਵੇ ਨਾ ਢੁਕਦਾ ਏਥੇ ਪਲ ਪਾਣੀ ਨਾ ਪੀਂਵਦਾ। ਹੁਣ ਜੋ ਮਰਜ਼ੀ ਕਰਲੋ ਕਿਵੇਂ ਮਿਲਾ ਦਿਓ ਹੀਰ ਨੂੰ, ਕਦੇ ਅਹਿਸਾਨ ਨਾ ਭੁਲਾਊਂ ਮਿੱਠੀਏ ਜੀਂਵਦਾ। ਲੀੜੇ ਪਾ ਜਨਾਨੇ ਪਟੀਆਂ ਗੁੰਦ ਰੰਝੇਟੇ ਨੂੰ, ਮਿੱਠੀ ਨੈਣ ਭੌਰ ਬਣਾਇਆ ਕਿਸ ਤਦਬੀਰ ਦਾ। ਕੁੜੀਆਂ ਵਿਚ ਵਿਚਾਲੇ ਲੈ ਕੇ ਤੁਰੀਆਂ ਮਾਹੀ ਨੂੰ, ਦੂਰੋਂ ਦੇਖ ਰੋਂਦਾ ਧੀਰ ਨਾ ਬੰਨ੍ਹੀਂਵਦਾ। ਜਵਾਬ ਰਾਂਝੇ ਦਾ ਹੀਰ ਨਾਲ ਡੋਲੀ ਵਿਚ ਜਵਾਬ ਰਾਂਝਾ ਹੀਰ ਰੋ ਕੇ ਡੋਲੀ ਦੇ ਵਿਚ ਮਿਲਦੇ ਐ, ਰੋਂਦੇ ਸੁਣ ਕੇ ਸੱਠ ਸਹੇਲੀ ਵਿਲਕੇ ਨਾਲੇ। ਤੇਰਾ ਸਾਡਾ ਮੇਲਾ ਹੈ ਅੱਜ ਜਾਂਦੀ ਵਾਰੀ ਦਾ, ਲੰਬੀਆਂ ਬਾਹਾਂ ਕਰਕੇ ਮਿਲਲੈ ਨੀ ਸਿਆਲੇ। ਅੱਜ ਦੇ ਵਿਛੜੇ ਫੇਰ ਮੂੰਹ ਦੇਖਣ ਨੂੰ ਤਰਸਾਂਗੇ, ਕਿਤੇ ਨਾ ਮਿਲਣੇ ਦੇਖ ਲੀਂ ਦੁਨੀਆਂ 'ਚੋਂ ਭਾਲੇ। ਕਰਕ ਕਲੇਜੇ ਸੂਲਾਂ ਦੇ ਵਾਂਗ ਰੜਕੂਗੀ, ਖੁੱਲ੍ਹਗੇ ਘਾਉ ਜਿਗਰ ਵਿਚ ਏਸ ਵਿਛੋੜੇ ਵਾਲੇ। ਏਸ ਜੋਰ ਬਦਲੇ ਬਾਹੋਂ ਫਡ ਕੇ ਲਿਆਈ ਤੂੰ, ਖੰਧੇ ਵੱਗ ਤਾਂ ਚੂਚਕ ਮਹਿਰ ਦੇ ਸੰਭਾਲੇ। ਕਸਮ ਸੁਗੰਧਾਂ ਦੀ ਪੰਡ ਬੰਨ੍ਹ ਕੇ ਸਿਰ ਪਰ ਧਰਲੀ ਐ, ਤੇਰੀ ਤੇਰੀ ਆਖ ਕੁਰਾਨ ਸ਼ਰੀਫ ਉਠਾਲੇ। ਭਰ ਕੇ ਖੁਆਜੇ ਉੱਤੇ ਸਿੱਟੀਆਂ ਚੂਲੀਆਂ ਜਲ ਦੀਆਂ, ਪੰਜੇ ਪੀਰ ਗਵਾਹੀ ਬੈਠੇ ਸੀ ਉਦਾਲੇ। ਰਾਜ਼ੀ ਹੋ ਕੇ ਹੱਕ ਨਿਕਾਹ ਕਬੂਲ ਕਰ ਲਿਆ ਤੈਂ, ਓਦਣ ਦਾਰੂ ਸੁੱਖਾ ਧਤੂਰਾ ਨਾ ਪਿਆਲੇ। ਬਾਰਾਂ ਵਰ੍ਹੇ ਤੇਰੀ ਖਾਤਰ ਦੋਜ਼ਖ ਭਰਲੇ ਐ, ਚਾਰੇ ਪੱਲੇ ਭੂਰੀ ਝਾੜ ਕੇ ਦਿਖਾਲੇ। ਅੱਜ ਤੂੰ ਬੇਮੁੱਖ ਹੋ ਕੇ ਖੇੜਿਆਂ ਨੂੰ ਤੁਰ ਪਈ ਐਂ, ਦੱਸ ਹੁਣ ਰਾਂਝਾ ਕੀਤਾ ਤੈਂ ਕੀਹਦੇ ਹਵਾਲੇ। ਨੀਵੀਂ ਪਾ ਚੁੱਪ ਕੀਤੀ ਡੋਲੀ ਦੇ ਵਿਚ ਬਹਿ ਗਈ ਏਂ, ਜਿਵੇਂ ਸੱਪ ਕੀਲ ਪਟਾਰੀ ਪਾ ਲਿਆ ਨੀ ਬੰਗਾਲੇ। ਕੀ ਸਿਰ ਜਾਦੂ ਘੋਲ ਪਾਇਆ ਸੈਦੇ ਕਾਣੇ ਨੇ, ਡੋਲੀ ਚੜ੍ਹਗੀ ਸ਼ੌਂਕ ਸਾਡਾ ਦਿਲ ਤੋਂ ਟਾਲੇ। ਤੂੰ ਤਾਂ ਖੇੜੀਂ ਚੱਲੀ ਮੈਂ ਕਿੱਥੇ ਨੂੰ ਜਾਵਾਂ ਨੀ, ਜਿਸਦੇ ਤੇਰੀ ਖਾਤਰ ਹੋ ਗਏ ਐ ਮੂੰਹ ਕਾਲੇ। ਸਾਫ ਜਵਾਬ ਸੁਣਾਉਂਦੀ ਝੂਠੇ ਕੌਲਾਂ ਵਾਲੀਏ, ਸਾਥੋਂ ਪੱਥਰ ਕਿਉਂ ਅਧਿਆਰ੍ਹੇ ਦੇ ਢੁਆਲੇ। ਕਲਾਮ ਹੀਰ ਰੋਂਦੀ ਹੀਰ ਗਲ ਨੂੰ ਲੱਗ ਰੰਝੇਟੇ ਮਾਹੀ ਦੇ, ਦੁਖੀਏ ਆਸ਼ਕ ਬੰਦੇ ਕੂੰਜਾਂ ਜਿਉਂ ਕੁਰਲਾਣੇ। ਰਾਜੀ ਹੋ ਕੇ ਵੇ ਮੈਂ ਖੇੜਿਆਂ ਨੂੰ ਨਾ ਤੁਰਪੀ ਐਂ, ਰੋਂਦੀ ਪਿੱਟਦੀ ਡੋਲੀ ਪਾ ਲਈ ਜ਼ੋਰ ਧਿੰਙਾਣੇ। ਤਾਏ ਚਾਚੇ ਬੱਚਾਪਿੱਟੇ ਵੈਰੀ ਬਣਗੇ ਐ, ਬੰਨ੍ਹ ਬਹਾਈ ਜਿਹੜੇ ਸੱਦੀਦੇ ਸਿਆਣੇ। ਕਲਮਿਓਂ ਕਾਫਰ ਤੁੱਲੀ ਚੂਚਕ ਦੋਵੇਂ ਹੋ ਗਏ ਐ, ਹਾਅ ਤਾਂ ਪੈ ਜਾਏ ਜਿਨ੍ਹਾਂ ਨੇ ਹੱਕ ਨਾ ਪਛਾਣੇ। ਵੀਰ ਪਠਾਣ ਕੈਦੋਂ ਲੰਙਾ ਦੋਵੇਂ ਗਰਕਣਗੇ, ਜਿਨ੍ਹਾਂ ਨੇ ਸਹੀ ਕਰਲੇ ਖੇੜਿਆਂ ਦੇ ਘਰਾਣੇ। ਖੋਹ ਕੇ ਕੂੰਜ ਬਾਜ਼ ਕੋਲੋਂ ਦੇ ਲਈ ਕਾਗ ਨੂੰ, ਬਿੱਜੂ ਪੱਲੇ ਪੈਗੇ ਸੈਦੇ ਵਰਗੇ ਕਾਣੇ। ਰਾਂਝਣ ਮੋਰ ਕਲਹਿਰੀ ਮੇਰਾ ਭੁੱਖਾ ਮਰਜੂਗਾ, ਸਾਰ ਕੋਈ ਇਹਦੇ ਕੀ ਚੋਗ ਦੀ ਜਾਣੇ। ਜੇ ਮੈਂ ਜਾਣਾ ਵੇ ਰੰਝੇਟਿਆ ਕਜੀਏ ਪੈਣਗੇ, ਅੱਜ ਨੂੰ ਲਗਦੇ ਆਪਾਂ ਕਿਸੇ ਵੇ ਟਿਕਾਣੇ। ਬਾਰਾਂ ਵਰ੍ਹੇ ਐਵੇਂ ਵੇ ਝੱਲਾਂ ਵਿਚ ਖੋ ਲਏ ਐ, ਇਹ ਤਾਂ ਵੇਲੇ ਸਾਥੋਂ ਗਏ ਨਾ ਪਛਾਣੇ। ਵਖਤੋਂ ਖੁੰਝਿਆਂ ਤੇਰਾ ਸਾਡਾ ਕੀ ਹੁਣ ਬਣਦਾ ਵੇ, ਹੱਥ ਨਾ ਆਉਂਦੇ ਵਖਤ ਪੀਰਾਂ ਦੇ ਬਹਾਣੇ। ਵਖਤੋਂ ਖੁੰਝੀ ਸੱਸੀ ਥਲ ਵਿਚ ਭੁੱਜ ਕੇ ਮਰ ਗਈ ਐ, ਜੇ ਬਾਂਹ ਦੇ ਕੇ ਸੌਂ ਗਈ ਲੱਦਣੇ ਵਕਤ ਸਰ੍ਹਾਣੇ। ਸੁਹਣੀ ਤਾਹੀਂ ਨਹਿੰ ਚਾਦਲ ਵਿਚ ਡੁੱਬ ਕੇ ਮਰਗੀ ਐ, ਵਖਤੋਂ ਖੁੰਝਗੇ ਕੱਚੇ ਪੱਕੇ ਦੇ ਭੁਲਾਣੇ। ਸੀਤਾ ਤਾਹੀਂ ਦਹਿ ਸਿਰ ਦੀ ਝੋਲੀ ਵਿਚ ਪੈ ਗਈ ਐ, ਕਾਰੋਂ ਟੱਪ ਕੇ ਪਾ ਲਏ ਜੇ ਭੀਖ ਦੇ ਦਾਣੇ। ਹੀਰ ਤਾਹੀਂ ਖੇੜਿਆਂ ਦੀ ਡੋਲੀ ਵਿਚ ਸਿੱਟਲੀ ਐ, ਵਾਢੀ ਖਾ ਕੇ ਫਿੱਟਗੇ ਕਾਜ਼ੀ ਜੇ ਮੁਲਾਣੇ। ਰੱਜ ਕੇ ਮਿਲਲੈ ਮੇਰੇ ਵੇ ਦਰਦਾਂ ਦਿਆ ਦਾਰੂਆ, ਪਾਉਣ ਵਿਛੋੜੇ ਖੇੜੇ ਸਿਆਲ ਆਦਮ ਖਾਣੇ। ਜਵਾਬ ਰਾਂਝਾ ਟੁੱਟੀ ਯਾਰੀ ਮਨ ਤਾਂ ਮੁੜਿਆ ਜਿਹਾ ਦਿਸਦਾ ਨੀ, ਅੱਜ ਤੂੰ ਡੋਲੀ ਬਹਿ ਗਈ ਸੈਦੇ ਦੀ ਸ਼ਿੰਗਾਰੀ। ਸੋਹੀਂ ਦੀਦੀਂ ਹੋ ਕੇ ਮਸਤਕ ਲੱਗਣੋਂ ਰਹਿ ਗਈ ਏਂ, ਅੱਜ ਅੱਖ ਲਗਦੀ ਹੈ ਨਾ ਰਾਂਝੇ ਨਾਲ ਤੁਮਾਰੀ। ਉਹ ਕਿਉਂ ਸਾਨੂੰ ਸਿਆਨਣ ਯੋਗ ਜੱਗ ਵਿਚ ਰਹਿ ਗਏ ਐ, ਜਿਨ੍ਹਾਂ ਨੂੰ ਮਲਿਗੀ ਖੇੜਿਆਂ ਵਰਗੀ ਸੱਜਰੀ ਸਰਦਾਰੀ। ਜਿਨ੍ਹਾਂ ਦੇ ਹੱਥ ਅਮੀਰਾਂ ਨਾਲ ਸਿਆਲੇ ਜੁੜਗੇ ਐ, ਸੋ ਕਿਉਂ ਰੱਖਦੇ ਐ ਗਰੀਬਾਂ ਨਾਲ ਯਾਰੀ। ਅੱਜ ਪੰਜ ਸੇਰ ਕੁ ਚਾਂਦੀ ਸੋਨਾ ਪਾਈਂ ਬੈਠੀ ਐਂ, ਨਿਗ੍ਹਾ ਉਚੇਰੀ ਹੋ ਗਈ ਮਾਇਆ ਦੀ ਫੁਲਾਰੀ। ਹੁਣ ਤੂੰ ਸਾਡੇ ਜੋਗੀ ਹੀਰੇ ਕਿੱਥੋਂ ਰਹਿ ਗਈ ਐਂ, ਜੀਹਨੂੰ ਮਲਿਗੀ ਸੈਦੇ ਵਾਲੀ ਨੀ ਅਟਾਰੀ। ਹੱਥੀਂ ਮਹਿੰਦੀ ਗਾਨਾ ਸੈਦੇ ਦੇ ਸੁਹਾਗ ਦਾ, ਅੱਜ ਤੂੰ ਹੋ ਕੇ ਬਹਿਗੀ ਨੀ ਪਰਬਤ ਤੋਂ ਭਾਰੀ। ਮਰਜੇ ਸੈਦਾ ਤੇਰਾ ਸੱਜਰਾ ਜੂੰਡਾ ਢਹਿਜੇ ਨੀ, ਜੀਕੂੰ ਸਾਡੇ ਨਾਲ ਕੀਤੀ ਜੱਗ ਤੋਂ ਬਾਹਰੀ। ਤੇਰੀ ਸੇਜ਼ ਮਾਨਣ ਯੋਗ ਰਹੇ ਨਾ ਖੇੜਾ ਨੀ, ਜੇ ਫਰਿਆਦ ਸੁਣਦਾ ਹੋਵੇ ਰੱਬ ਹਮਾਰੀ। ਬੱਚੜੇ ਮਰਗੇ ਚੂਚਕ ਮਹਿਰ ਤੇਰੇ ਬਾਪ ਦੇ, ਜਿਸਨੇ ਬਾਰਾਂ ਵਰ੍ਹੇ ਚਰਾਇਆ ਖੰਧਾ ਲਾਰੀਂ। ਅੱਜ ਤੂੰ ਬੇਈਮਾਨੀ ਕਰ ਖੇੜਿਆਂ ਨੂੰ ਤੁਰ ਪਈ ਐਂ, ਐਡੋ ਕੈਡ ਮੇਰੀ ਖਾਤਰ ਰੱਖ ਕੁਆਰੀ। ਤੂੰ ਹੁਣ ਸਾਵੀਂ ਬੇਮੁੱਖ ਹੋ ਗਈ ਰਾਂਝੇ ਮਾਹੀ ਤੋਂ, ਕੀਤੇ ਕੌਲ ਕਰਾਰ ਜਾਨੀ ਐਂ ਵਸਾਰੀ। ਜਿਸ ਦਿਨ ਕਬਰਾਂ ਵਿਚ ਬਿਠਾ ਕੇ ਲੇਖਾ ਹੋਊਗਾ, ਝੂਠੇ ਅਜਰਾਈਲ ਤੋਂ ਖਾਵਣਗੇ ਮਾਰੀਂ। ਓਦਣ ਕੌਡੀ ਕੌਡੀ ਗਿਣ ਕੇ ਤੇਤੋਂ ਲੈਲੂੰਗਾ, ਬਾਰਾਂ ਬਰਸਾਂ ਦੀ ਮਜ਼ਦੂਰੀ ਸਿਆਲੇ ਸਾਰੀ। ਓਥੇ ਖੇੜੇ ਸਿਆਲ ਮਾਇਆ ਕੋਲ ਨਾ ਹੋਣੀ ਐ, ਖਾਲੀ ਹੱਥੀਂ ਜਾਣਾ ਦੋਨੋਂ ਹੱਥ ਪਸਾਰੀ। ਚਾਲੀ ਗੰਜ ਜਿਨ੍ਹਾਂ ਨੇ ਜੋੜੇ ਖਾਲੀ ਤੁਰਗੇ ਐ, ਨੰਗੇ ਕੀਤੇ ਤੋੜ ਤੜਾਗੀ ਜਾਂਦੀ ਵਾਰੀ। ਸ਼ਾਹ ਸਿਕੰਦਰ ਰਾਵਣ ਵਰਗੇ ਖਾਲੀ ਤੁਰਗੇ ਐ, ਜਿਨ੍ਹਾਂ ਦੇ ਭਰੇ ਖਜ਼ਾਨੇ ਦੌਲਤ ਅਰਬ ਬੁਖਾਰੀ। ਤੂੰ ਕਰ ਬੇਈਮਾਨੀ ਕੀ ਦੁਨੀਆਂ 'ਚੋਂ ਲੈਂਜੇਗੀ, ਖਰੀ ਖੋਟੀ ਕਰਨੀ ਜਾਊਗੀ ਨਿਤਾਰੀ। ਰੱਸੇ ਆਕਬਤ ਨੂੰ ਵੱਟ ਗਲ ਵਿਚ ਪਾ ਕੇ ਤੁਰ ਪੀ ਐਂ, ਬਾਜ਼ੀ ਲਾ ਸਿਰ ਧੜ ਦੀ, ਨੀ ਜਿੱਤ ਕੇ ਤੈਂ ਹਾਰੀ। ਕਲਾਮ ਹੀਰ ਜੌਗਲ ਜੀਵਾਂ ਕਦੇ ਨਾ ਹਾਰਾਂ ਕੌਲ ਕਰਾਰਾਂ ਤੋਂ, ਐਥੇ ਓਥੇ ਮੀਆਂ ਵੇ ਦੋਵੀਂ ਜਹਾਨੀ। ਅੱਠੇ ਪਹਿਰ ਨਾਮ ਜਪਦੀ ਭੂਰੀ ਵਾਲੇ ਦਾ, ਦੇਖ ਚੁਪ ਕੀਤੀ ਨੂੰ ਆਖਣ ਲੋਕ ਦੀਵਾਨੀ। ਇਕੋ ਰਾਂਝੇ ਬਿਨ ਪਿਉ ਭਾਈ ਲੋਕ ਜਹਾਨ ਦੇ, ਐਦੂੰ ਖੇੜਿਆਂ ਹੀਰ ਲਿਜਾ ਕੀ ਰਿੰਨ੍ਹ ਕੇ ਖਾਣੀ। ਜਦ ਮੈਨੂੰ ਕੋਈ ਆਣ ਬੁਲਾਵੇ ਪੱਲਾ ਫੇਰੂੰਗੀ, ਪੰਜੇ ਪੀਰ ਮਨਾ ਸਨ ਪਾਦੂੰ ਵੇ ਨਿਸ਼ਾਨੀ। ਜਿਸ ਦਿਨ ਹੀਰ ਰਾਂਝੇ ਦੇ ਸਦਿਕਾਂ ਤੋਂ ਹਾਰੂਗੀ, ਓਦਣ ਧਰਤੀ ਧੌਲੇ ਤੋਂ ਚੱਕੀ ਨੀ ਜਾਣੀ। ਧਰਤ ਅਕਾਸ਼ ਪਿਆ ਵਿਚਾਲੇ ਥੰਮੀਆਂ ਹੈ ਨਾ ਵੇ, ਸੱਤਿਆ ਸਦਿਕਾਂ ਨਾਲ ਖੜੋਤਾ ਤੰਬੂ ਤਾਣੀ। ਜਿਸ ਦਿਨ ਮੈਂ ਸਦਿਕਾਂ ਤੋਂ ਫਾਰਗ ਹੋ ਗਈ, ਮਿਲਣਗੇ ਮੱਛ ਤੁਫਾਨ ਸੱਤੀਂ ਪਿਆਲੀਂ ਤੇ ਅਸਮਾਨੀ। ਚੰਦ ਤੇ ਸੂਰਜ ਓਸ ਦਿਨ ਕਦੇ ਨਾ ਚੜ੍ਹਨੇ ਵੇ, ਜਿਸ ਦਿਨ ਹੀਰ ਹੋਜੂੰ ਮੈਂ ਸਦਿਕਾਂ ਤੋਂ ਫਾਨੀ। ਅੱਗੇ ਆਸ਼ਕ ਦੁਨੀਆਂ ਵਿਚ ਕਿਨੇ ਨਾ ਹੋਣਾ ਵੇ, ਤੇਰੀ ਸਾਡੀ ਮੰਦੀ ਸੁਣਕੇ ਵੇ ਕਹਾਣੀ। ਸਦਿਕਾਂ ਸਬਰਾਂ ਵਾਲੇ ਵੇ ਮਰਨੋਂ ਨਾ ਡਰਦੇ ਐ, ਤੇਰੀ ਤੇਰੀ ਆਖੂੰਗੀ ਜੌਗਲ ਜ਼ਿੰਦਗਾਨੀ। ਇਸ਼ਕ ਮਿਲਾਪ ਤੋਂ ਜੁਦਾਈ ਪਿਆਰੀ ਲਿਖਦੇ ਐ, ਸੋ ਅੱਜ ਤੇਰੇ ਸਾਡੇ ਵੇ ਸਿਰ ਦੇ ਲਪਟਾਨੀ। ਮਰਨ ਕਬੂਲ ਵੇ ਮੈਂ ਮੁੱਖ ਨਾ ਮੋੜਾਂ ਮਾਹੀ ਤੋਂ, ਬਿਨ ਪੱਗ ਮਰਦ ਸਿਆਲ ਜਾਣੀ ਨਾ ਜਨਾਨੀ। ਤੂੰ ਹੁਣ ਨਾਲੇ ਚੱਲ ਜੋ ਬਣੂੰ ਸਿਰ ਤੇ ਝੱਲ ਲਾਂਗੇ, ਮਗਰੇ ਚੜ੍ਹਕੇ ਚੱਲੀਏ ਬਹਿਸ਼ਤਾਂ ਦੇ ਵਿਮਾਨੀ। ਕਲਾਮ ਰਾਂਝਾ ਚਾਰ ਸੌ ਚਾਰ ਚਲਿੱਤਰ ਤੁਸਾਂ ਨਾਰਾਂ ਦੇ, ਮੈਨੂੰ ਨਾਲ ਚਲਿੱਤਰਾਂ ਜਾਨੀ ਐਂ ਵਰਾਈਂ। ਡੋਲੀ ਬੈਠੀ ਐਂ ਹੁਣ ਵਿਦਿਆ ਹੋਣਾਂ ਖੇੜਿਆਂ ਨੂੰ, ਝੂਠੀ ਧੀਰਜ ਕੌਗਲ ਜਾਵੇਂਗੀ ਬੰਨ੍ਹਾਈਂ। ਡਰੀਏ ਤੁਸਾਂ ਹੀਰੇ ਨੀ ਰੰਨਾਂ ਦੇ ਚਾਲਿਆਂ ਤੋਂ, ਸ਼ੇਖ ਸ਼ਾਦੀ ਲਿਖਦਾ ਬੁਰੀਆਂ ਹੋ ਬੁਲਾਈਂ। ਰਾਜਾ ਭੋਜ ਘੋੜਾ ਕਰਕੇ ਉੱਤੇ ਚੜ੍ਹੀਆਂ ਨੀ, ਪਰੀਸ਼ਤ ਪੰਡਤ ਫਿਰਦਾ ਦਾੜ੍ਹੀ ਮੁੱਛ ਮੁਨਾਈ। ਸਿੰਗੀ ਰਿਖੀ ਛਲ, ਇੰਦਰ ਚੰਦ ਕਲੰਕੀ ਕਰਲੈ ਐ, ਸ਼ਿਵਜੀ ਫਿਰਦਾ ਵਿੱਚੇ ਪਾਰੇ ਨੂੰ ਚਲਾਈਂ। ਯੂਸਫ ਪੂਰਨ ਵਰਗੇ ਨੀ ਖੂਹਾਂ ਵਿਚ ਸਿੱਟਲੇ ਐ, ਇਬਰਾਹੀਮ ਜੋ ਫਿਰਦਾ ਸੁੰਨਤ ਨੂੰ ਕਰਵਾਈਂ। ਨਾਥ ਮਛੰਦਰ ਕੌਰੂ ਵਿਚ ਝਿਉਰੀ ਨੇ ਲੁੱਟਿਆ ਨੀ, ਸੀਤਾ ਮਗਰੇ ਲੰਕਾ ਰੌਣ ਨੇ ਲੁਟਾਈ। ਸ਼ਾਹ ਮਨਸੂਰ ਹੋਰੀਂ ਸੂਲੀ ਤੁਸੀਂ ਦਿਵਾ ਲਏ ਨੀ, ਸ਼ਮਸ਼ ਤਬਰੇਜ਼ ਹੋਰੀਂ ਫਿਰਦੇ ਖੱਲ ਲੁਹਾਈ। ਰੋਡਾ ਕੱਟ ਜਲਾਲੀ ਕਾਰਨ,ਆਰ੍ਹਨ ਫੂਕਿਆ ਨੀ, ਮੇਹੀਵਾਲ ਫਿਰਦਾ ਤਾਜ਼ੇ ਪੱਟ ਪੜਵਾਈਂ। ਸ਼ੀਰੀ ਕਾਰਨ ਨਹਿਰਾਂ ਪੱਟ ਫਰਿਹਾਦ ਵਰਗਿਆਂ ਨੇ, ਮਜਨੂੰ ਵਰਗੇ ਫਿਰਨ ਸ਼ਰੀਰਾਂ ਨੂੰ ਸੁਕਾਈਂ। ਤੁਸਾਂ ਵਕਤ ਪਾਏ ਨੀ ਸਿਰ ਕੱਪ ਰਸਾਲੂ ਨੂੰ, ਪੁੰਨੂ ਜਹੇ ਸ਼ਹਜ਼ਿਾਦੇ ਗਏ ਐ ਅਜਾਈਂ। ਥੋੜ੍ਹੇ ਗਿਣੇ ਐਦੂੰ ਬਹੁਤੇ ਬਾਕੀ ਰਹਿੰਦੇ ਐ, ਬੜੀ ਕਹਾਣੀ ਹੋਜੂ ਗਿਣੀਏ ਕਿੱਥੇ ਤਾਈਂ। ਏਨਿਆਂ ਵਿਚੋਂ ਮੈਨੂੰ ਭਾਰੀ ਮੂਰਖ ਗਿਣਲਾ ਨੀ, ਜੇਹੜਾ ਫਿਰਦਾ ਤੇਤੋਂ ਸੱਜਰੇ ਪੱਟ ਭੰਨਾਈਂ। ਆਪ ਡੋਲੀ ਬਹਿ ਕੇ ਤੂੰ ਖੇੜਿਆਂ ਨੂੰ ਤੁਰਪੀ ਐ, ਬਾਰਾਂ ਵਰ੍ਹੇ ਚਰਾ ਕੇ ਮੇਤੋਂ ਮੇਹੀਂ ਗਾਈਂ। ਖਰਿਆਂ ਨਾਲੋਂ ਖੋਟਾ ਟੋਟਾ ਅਗੰਤ ਨੂੰ, ਰਾਜ਼ੀ ਹੋ ਕੇ ਸਾਨੂੰ ਦੇਜਾ ਦੂਰ ਰਸਾਈਂ। ਜਵਾਬ ਕੁੜੀਆਂ ਦਾ ਮਿਲਣਾ ਹੀਰ ਨੂੰ ਕੁੜੀਆਂ ਵਾਰੋ ਵਾਰ ਰੋ ਕੇ ਮਿਲਣ ਸਿਆਲ ਨੂੰ, ਅੱਜ ਦੇ ਵਿਛੜੇ ਮੁੜਕੇ ਨੀ ਮਿਲਣੇ ਨਾ ਪਾਵਣਾ। ਤੇਰਾ ਸਾਡਾ ਮੇਲਾ ਹੀਰੇ ਜਾਂਦੀ ਵਾਰੀ ਦਾ, ਤੈਨੂੰ ਪਾਰ ਵਸੰਦਿਆਂ ਕਿਨੇ ਨਾ ਸਦਾਵਣਾ। ਇਹ ਸਭ ਕੁੜੀਆਂ ਥਾਉਂ ਥਾਈਂ ਨੀ ਖਿੰਡ ਜਾਣਗੀਆਂ, ਅੱਜ ਤੇ ਕੱਠੀਆਂ ਹੋ ਕੇ ਕਿਨੇ ਨਾ ਖੇਲਣ ਜਾਵਣਾ। ਹੈ ਧਨ ਧੀਆਂ ਦਾ ਨਿਮਾਣਾ, ਮੇਰਾਂ ਕੂੜ ਦੀਆਂ। ਰੱਬ ਸਰਾਵੇ ਦਿਨੀਂ ਤਿਹਾਰੀਂ ਮੁੱਖ ਦਿਖਾਵਣਾ। ਡੋਲੀ ਚੱਕ ਕਹਾਰ ਵਿਦਿਆ ਹੋਗੇ ਹੀਰ ਦੀ, ਕੁੜੀਆਂ ਮੁੜਦੀਆਂ ਨੇ ਏਹੋ ਗੀਤ ਗਾਵਣਾ। ਘੁੱਗ ਕੇ ਸੁੱਖ ਵਸੇਂਦੀ ਬਾਬਾ ਤੇਰੀ ਨਗਰੀ ਵੇ, ਜਿੱਥੇ ਜੰਮੀਆਂ ਧੀਆਂ ਲਾਡਲੀਆਂ ਨਾ ਆਵਣਾ। ਜਿਸ ਘਰ ਪਲੀਆਂ ਅੱਜ ਤੋਂ ਛੁੱਟੀਆਂ ਮੇਰਾਂ ਮਾਲਕੀਆਂ, ਹੋ ਪਰਾਈ ਪਰ ਅਧੀਨ ਜੀ ਕਹਾਵਣਾ। ਹਰ ਦਮ ਹਿਰਦੇ ਵਸਦੀ ਅੱਜ ਪਰਦੇਸਣ ਹੋ ਗਈ ਐਂ, ਡਾਰੋਂ ਕੂੰਜ ਵਿਛੜਗੀ ਅੰਨ ਜਲ ਕੀ ਉਠਾਵਣਾ। ਮਾਪੇ ਜੁੱਗ ਜੁੱਗ ਜਿਉਂਦੇ ਰਹਿਣ ਜਹਾਨ ਤੇ, ਜਿਨ੍ਹਾਂ ਤੋਂ ਸਰਿਆ ਹੈ ਨਾ, ਅੱਜ ਦੀ ਰੈਣ ਕਟਾਵਣਾ। ਹੀਰ ਤੁਰ ਗਈ ਰਾਂਝਾ ਤਿਆਰੀ ਕਰਦਾ ਫਿਰਦਾ ਐ, ਚੁੱਕਿਆ ਗਿਆ ਐਥੋਂ ਦੋਹਾਂ ਦਾ ਵਿਛਾਵਣਾ। ਮਾਪੇ ਸ਼ੁਕਰ ਮਨਾਇਆ ਵਿਦਿਆ ਕਰਕੇ ਹੀਰ ਨੂੰ, ਨਹੀਂ ਦਾਗ ਪਗੜੀ ਸੀ ਚੂਚਕ ਦੀ ਲਾਵਣਾ। ਜਵਾਬ ਸ਼ਾਇਰ ਖੇੜੇ ਵਿਦਿਆ ਹੋਗੇ ਮੇਹੀਂ ਨਾ ਤੁਰਨ ਦਾਤ ਦੀਆਂ, ਸੱਥ ਵਿਚ ਖੜ੍ਹੀਆਂ ਰਾਂਝੇ ਮਾਹੀ ਨੂੰ ਅਰੜਾਉਂਦੀਆਂ। ਜੇਹੜਾ ਨੇੜੇ ਢੁਕਦਾ ਕੁੱਦ ਕੁੱਦ ਮਾਰਨ ਪੈਂਦੀਆਂ, ਡਾਂਗਾਂ ਸੋਟੇ ਟੁੱਟਗੇ ਟੱਕਰਾਂ ਮਾਰ ਜੋ ਢਾਉਂਦੀਆਂ। ਸਿਆਲ ਕਰਨ ਸਲਾਹਾਂ ਹਾਰ ਕੇ ਅਣਸਰਦੇ ਨੂੰ, ਮੱਝੀਆਂ ਬਿਨਾਂ ਮਾਹੀ ਤੇ ਖੇੜੀਂ ਨੀ ਜਾਉਂਦੀਆਂ। ਗੁੰਦ ਮਨਸੂਬਾ ਤੁੱਲੀ ਭੇਜੀ ਪਾਸ ਰੰਝੇਟੇ ਦੇ, ਰਾਂਝੇ ਦੇਖਿਆ ਦੂਰੋਂ ਤੁੱਲੀ ਹੋਰੀਂ ਆਉਂਦੀਆਂ। ਸਿਰ ਪਲੋਸ ਤੁੱਲੀ ਰਾਂਝੇ ਕੋਲ ਬਹਿਗੀ ਐ, ਫੱਫੜ ਦਲਾਲਣ ਗੱਲਾਂ ਬੋਲਦੀ ਮਨ ਭਾਉਂਦੀਆਂ। ਚੱਲ ਪੁੱਤ ਖਾਣਾ ਖਾ ਤੈਂ ਨਾਲੇ ਜਾਣਾ ਹੀਰ ਦੇ, ਛੇਤੀ ਤੁਰਜਾ ਡੰਡੀਆਂ ਔਝੜ ਨੀ ਥਿਆਉਂਦੀਆਂ। ਸਾਰੇ ਆਖਣ ਨਾਲ ਤੋਰ ਵੀਰ ਪਠਾਣ ਨੂੰ, ਭੇਜੀਂ ਰਾਂਝਾ ਮੈਨੂੰ ਕੁੜੀਆਂ ਵੇ ਅਕਾਉਂਦੀਆਂ। ਕਦੇ ਨਾ ਭੇਜੀਂ ਕਿਤੇ ਓਦਰ ਓਦਰ ਮਰਜੂਗੀ, ਕੁੜੀਆਂ ਸਣੇ ਮਿੱਠੀ ਏਹੋ ਵੇ ਸੁਣਾਉਂਦੀਆਂ। ਤੈਨੂੰ ਦੇਖ ਕੇ ਜੀ ਲੱਗਜੂ ਮੇਰੀ ਹੀਰ ਦਾ, ਮੈਂ ਵੀ ਰਾਜ਼ੀ ਹਾਂ ਜੇ ਤੈਨੂੰ ਨਾਲ ਤੁਰਾਉਂਦੀਆਂ। ਘਰੀਂ ਸੱਗੀ ਰੱਤੀਂ ਭੇਜਣ ਨਾਲ ਅਸੀਲਾਂ ਦਾ, ਵੀਰ ਪਠਾਣ ਅੜਬੋਂ ਅਸੀਂ ਵੀ ਬਚਾਉਂਦੀਆਂ। ਵਾਰੀ ਸਦਕੇ ਜਾਵਾਂ ਤੂੰ ਹੀ ਨਾਲ ਸਜਦਾ ਐਂ, ਮੇਹੀਂ ਹੱਕ ਦਾਤ ਦੀਆਂ, ਹੀਰ ਦੇ ਨਾਉਂ ਦੀਆਂ। ਜਵਾਬ ਰਾਂਝਾ ਅੱਜ ਤੂੰ ਵਖਤ ਵਿਹਾਣੇ ਤੇ ਆ ਮੂਹਰੇ ਬਹਿਗੀ ਐਂ, ਸੱਤ ਦਿਨ ਵਿਚ ਤੈਂ ਸੱਦਕੇ ਕਿਸ ਦਿਨ ਮੁੱਖ ਦਿਖਲਾਇਆ। ਇਕ ਮੈਂ ਹੀਰ ਬਦਲੇ ਤੇਰਾ ਮੁਲਕ ਖਰੀਦਿਆ ਨੀ, ਐਸੇ ਹਾਲ ਖੋਲੇ ਚਾਰਾਂ ਭੁੱਖਾ ਤਿਹਾਇਆ। ਜਿਸ ਦਿਨ ਤੈਂ ਤੇ ਚੂਚਕ ਹੀਰ ਮੈਨੂੰ ਸੌਂਪੀ ਐ, ਸੋ ਦਿਨ ਚੇਤੇ ਕਰਲੈ, ਦੋਹਾਂ ਨੇ ਭੁਲਾਇਆ। ਬਾਰਾਂ ਵਰ੍ਹੇ ਮਜ਼ਦੂਰੀ ਕਰਕੇ ਖਾਲੀ ਬੈਠੇ ਆਂ, ਚਾਰੇ ਪੱਲੇ ਭੂਰਾ ਝਾੜ ਕੇ ਦਿਖਾਇਆ। ਪਿਛਲੀ ਸਿੱਟ ਮਜ਼ਦੂਰੀ ਅੱਗੇ ਨੂੰ ਕਿਧਰੇ ਤੋਰ ਦੇ, ਕੋਈ ਦੰਮਾਂ ਦਾ ਨਾ ਲਾਲਚ ਮੈਂ ਤਕਾਇਆ। ਡੋਲੀ ਖੇੜਿਆਂ ਦੇ ਧੀ ਪਾਵੋ ਵੀਰ ਪਠਾਣ ਦੀ, ਮੇਰਾ ਸਾਵਾਂ ਮੁੱਦਾ ਚਾਹੀਦਾ ਮੁੜਵਾਇਆ। ਨਹੀਂ ਸੈਦੇ ਅੱਜੂ ਚੂਚਕ ਵੀਰ ਪਠਾਣ ਤੋਂ, ਤਖਤ ਹਜ਼ਾਰੇ ਖੰਧਾ ਚਾਹੀਦਾ ਚਰਵਾਇਆ। ਮੇਰਾ ਤਾਂ ਹੱਕ ਮਿਲਦਾ ਨੀ ਹੀਰ ਦੀਏ ਅੰਮੜੀਏ, ਜੇਹਾ ਕੁ ਮੈਨੂੰ ਸਿਆਲਾਂ ਖੇੜਿਆਂ ਨੇ ਦਿਖਾਇਆ। ਹੁਣ ਕੀ ਧਰਮ ਤੁਹਾਡੇ ਆਖੇ ਲੱਗ ਕੇ ਤੁਰਨ ਦਾ, ਮੇਰੇ ਨਾਲ ਦਗਾ ਥੋੜਾ ਨਾ ਕਮਾਇਆ। ਜਵਾਬ ਤੁੱਲੀ ਰਾਂਝੇ ਨੂੰ ਤੁੱਲੀ ਨਾਲ ਨਿਹੋਰੇ ਆਖੇ ਰਾਂਝੇ ਮਾਹੀ ਨੂੰ, ਨੰਗਾ ਭੁੱਖਾ ਰਿਹਾ ਸਾਨੂੰ ਕੀ ਸੁਣਾਉਂਦਾ। ਹੀਰ ਖਿਲਾਉਣ ਪਿਲਾਉਣ ਵਾਲੀ ਨੂੰ ਤੂੰ ਦੇਹ ਮੇਹਣਾ, ਤਾਂ ਕਹਿ ਸਾਨੂੰ ਜੇ ਕੋਈ ਫੜ ਕੇ ਬਾਂਹ ਸਟਾਉਂਦਾ। ਘਰ ਦੇ ਧੀਆਂ ਪੁੱਤਰਾਂ ਨੂੰ ਖਾਣੋਂ ਅਰ ਪਹਿਨਣ ਤੋਂ, ਐਡਾ ਕਿਹੜਾ ਚੰਦਰਾ ਮਾਪਾ ਜੋ ਹਟਾਉਂਦਾ। ਸਾਡੇ ਘਰ ਵਿਚ ਤੇਰੀ ਤੇ ਹੀਰ ਦੀ ਮਾਲਕੀ, ਭਾਵੇਂ ਚੱਕ ਚੱਕ ਕਾਵਾਂ ਤੇ ਕੁੱਤਿਆਂ ਨੂੰ ਪਾਉਂਦਾ। ਹੋਰ ਜੇ ਤੂੰ ਆਖੇਂ ਖੇੜੀਂ ਤੋਰੀ ਤੁੱਲੀ ਨੇ, ਮੇਰੇ ਮੂੰਹ ਨੂੰ ਕਾਲਸ਼ ਵੇ ਝੂਠੀ ਕਿਉਂ ਲਾਉਂਦਾ। ਤੋਰਨ ਵਾਲੇ ਬੱਚਾ ਪਿੱਟੇ ਹੋਰ ਬਥੇਰੇ ਐ, ਸਾਤੋਂ ਵਕਤ ਬੁਢੇਪੇ ਪੁੱਛ ਕੇ ਕੌਣ ਤੁਰਾਉਂਦਾ। ਹੁਣ ਕੀ ਗੁਦਾ ਭੰਨਾ ਕੇ ਵਾੜ ਗੱਡੀਂ ਫਿਰਦਾ ਐਂ, ਜੇ ਇਉਂ ਸੁੱਝਦੀ ਕਜੀਆ ਪਹਿਲਾਂ ਹੀ ਮੁਕਾਉਂਦਾ। ਅੱਛਾ ਭਲਾ ਹੀਰ ਨੂੰ ਵੇ ਖੇੜਿਆਂ ਤੋਂ ਆਉਣ ਦੇ, ਸੌਦਾ ਕਰਲੀਂ ਰਾਂਝਣਾ ਆਪਣੇ ਮਨ ਭਾਉਂਦਾ। ਹੱਕ ਕੇ ਮੇਹੀਂ ਹੁਣ ਤੂੰ ਨਾਲ ਤੁਰਜਾ ਹੀਰ ਦੇ, ਨਾਲੇ ਆਈਂ ਜਦੋਂ ਸੁਹਾਣਾ ਡੋਲਾ ਆਉਂਦਾ। ਜਵਾਬ ਸ਼ਾਇਰ ਰਾਂਝਾ ਤੁੱਲੀ ਨੇ ਫਰੇਬ 'ਚ ਲਿਆ ਪਲੋਸ ਕੇ, ਮੇਹੀਂ ਦਾਤ ਦੀਆਂ ਸਨ ਖੇੜਿਆਂ ਨੂੰ ਹਕਾਈਆਂ। ਮੇਹੀਂ ਅੱਗੇ ਲਾ ਸਿਰ ਟਮਕ ਧਰਿਆ ਚਾਕ ਦੇ, ਰਾਂਝੇ ਧਰ ਕੇ ਮਗਰੇ ਡੋਲੀ ਦੇ ਦੁੜਾਈਆਂ। ਖੇੜੇ ਸੁੰਨਾ ਡੋਲਾ ਛੱਡ ਸ਼ਿਕਾਰ ਜੁ ਖੇਲਦੇ, ਆਪੋ ਧਾਪ ਸਭਨਾਂ ਘੋੜੀਆਂ ਭਜਾਈਆਂ। ਮਿਰਗ ਸਿਹੋਟੇ ਤਿੱਤਰ ਮਾਰ ਕੇ ਬਹਾਦਰਾਂ, ਨਾਲ ਬੰਦੂਕਾਂ ਦੇ ਸਨ ਕੂਹਣੀਆਂ ਖਪਾਈਆਂ। ਏਧਰ ਡੋਲੀ ਦੇ ਵਿਚ ਹੀਰ ਬੈਠੀ ਰੋਂਦੀ ਐ, ਆਖੇ ਆ ਮਿਲ ਮੇਰੇ ਵੇ ਕਮਲੀ ਦਿਆ ਸਾਈਆਂ। ਘੁੰਗਟ ਝੰਮਣ ਚੱਕ ਚੱਕ ਸਿਆਲਾਂ ਵੱਲ ਨੂੰ ਝਾਕਦੀ, ਐਨੇ ਰਾਂਝੇ ਮਾਹੀ ਦਿੱਤੀਆਂ ਆਣ ਦਿਖਾਈਆਂ। ਦੇ ਕੇ ਹੁਕਮ ਕਹਾਰਾਂ ਤੋਂ ਡੋਲਾ ਅਟਕਾਉਂਦੀ ਐ, ਲੱਗਗੀ ਖੋਲ੍ਹ ਪਟਾਰੀ 'ਚੋਂ ਵੰਡਣ ਮਠਿਆਈਆਂ। ਬਾਹੋਂ ਫੜ ਕੇ ਰਾਂਝਾ ਡੋਲੀ ਵਿਚ ਬਹਾਲਿਆ ਹੈ, ਹੀਰ ਹੱਥੀਂ ਬੁਰਕੀਆਂ, ਮੂੰਹ ਦੇ ਵਿਚ ਪਾਈਆਂ। ਹੀਰ ਰਾਂਝਾ ਦੋਵੇਂ ਕੱਠੇ ਲੱਡੂ ਖਾਂਦੇ ਐ, ਦੂਤ੍ਹੀ ਲੋਕਾਂ ਖਬਰਾਂ ਖੇੜਿਆਂ ਨੂੰ ਪੁਚਾਈਆਂ। ਹਾਇ ਹਾਇ ਕਰਕੇ ਮਾਰੋ ਮਾਰ ਚੁਫੇਰੇ ਹੁੰਦੀ ਐ, ਸਾਗਾਂ ਬਰਛਿਆਂ ਅੱਜੂ ਆਣ ਕੇ ਲਿਸ਼ਕਾਈਆਂ। ਬਹੁਤੇ ਆਖਣ ਮਾਰੋ ਹੁਣੇ ਵਿਚ ਪਰੁੰਨ੍ਹ ਕੇ, ਕਈ ਕੁ ਕਹਿੰਦੇ ਬਾਹਰ ਕੱਢ ਕੇ ਕਰੋ ਲੜਾਈਆਂ। ਹੀਰ ਚਲਿੱਤਰ ਹਾਰ ਦਾ ਕਰਨਾ ਹਾਰ ਤੋੜ ਨੌਂ ਲੱਖਾ ਪੱਜ ਬਣਾ ਲਿਆ ਹੀਰ ਨੇ, ਮੋਤੀ ਇਕ ਇਕ ਕਰਕੇ, ਸਾਰੇ ਦਾ ਖਿੰਡਾਇਆ। ਜਿਹੜੀ ਲੜੀ ਸਿਆਲਾਂ ਦੀ ਸੱਥ ਦੇ ਵਿਚ ਤੋੜੀ ਸੀ, ਲੜੋਂ ਖੋਲ ਸਾਰਾ ਇਕ ਸੇ ਰੇਤ ਰਲਾਇਆ। ਮੋਤੀ ਖੇੜਿਆਂ ਨੂੰ ਦਿਖਾ ਕੇ ਜੱਟੀ ਰੋਂਦੀ ਐ, ਟੁੱਟਿਆ ਹਾਰ ਸੱਦ ਕੇ ਮਾਹੀ ਤੋਂ ਚੁਗਵਾਇਆ। ਕੋਈ ਗੈਰ ਹੈ ਨਾ ਚਾਕ ਮੇਰੇ ਬਾਪ ਦਾ, ਜਿਸਨੇ ਪੁੱਤਰਾਂ ਵਾਂਗ ਪਾਲ ਐਡ ਬਣਾਇਆ। ਅੱਗੇ ਬਾਰਾਂ ਬਰਸਾਂ ਦਾ ਕੋਲੇ ਹੀ ਰਹਿੰਦਾ ਸੀ, ਹੁਣ ਕੀ ਲੋਹੜਾ ਹੋ ਗਿਆ ਜੇ ਡੋਲੀ ਵਿਚ ਆਇਆ। ਕੋਈ ਆਪੇ ਮੇਰੀ ਡੋਲੀ ਵਿਚ ਨਾ ਵੜ ਗਿਆ ਐ, ਹਾਕਾਂ ਮਾਰ ਮੋਤੀ ਚੁਗਣੇ ਨੂੰ ਬੁਲਾਇਆ। ਹੱਥੋਂ ਮੋਤੀ ਚੁਗਲੇ ਏਸ ਵਿਚਾਰੇ ਨੇ, ਹੱਥੋਂ ਮਾਰਨਾ ਮਸ਼ਟੰਡਿਆਂ ਨੇ ਤਕਾਇਆ। ਕੋਈ ਹੈ ਕਿ ਨਾ ਸਿਆਣਾ ਜੰਨ ਵਿਚ ਖੇੜਿਆਂ ਦੇ, ਰਾਂਝੇ ਕੀ ਕਸੂਰ ਕੀਤਾ ਘੇਰਾ ਪਾਇਆ। ਜੇ ਅਣ ਹੱਕਾ ਮਾਰੋਂ ਮੈਂ ਵੀ ਨਾਲੇ ਮਰਜੂੰਗੀ, ਬਦਲਾ ਲੈਲੂ ਵੀਰ ਪਠਾਣ ਅੰਮਾਂ ਦਾ ਜਾਇਆ। ਜਵਾਬ ਸ਼ਾਇਰ ਖੇੜੇ ਹੋ ਸ਼ਰਮਿੰਦੇ ਡੋਲੀ ਕੋਲੋਂ ਮੁੜਗੇ ਐ, ਜਦੋਂ ਹੀਰ ਨੇ ਚਲਿੱਤਰ ਕਰ ਲਿਆ ਹਾਰ ਦਾ। ਰਾਂਝਾ ਉੱਠ ਕੇ ਟਮਕ ਮੇਹੀਂ ਲੈ ਕੇ ਤੁਰ ਪਿਆ ਹੈ, ਡੋਲਾ ਚੁੱਕਿਆ ਹੁਕਮ ਲੈ ਸੈਦੇ ਸਰਦਾਰ ਦਾ। ਘੋੜੇ ਛੇੜ ਕੇ ਵਹੀਰਾਂ ਪਾਈਆਂ ਖੇੜਿਆਂ ਨੇ, ਰੰਗਪੁਰ ਹਾਲ ਸਣਾਇਆ ਚੂਚਕ ਦੇ ਵਿਹਾਰ ਦਾ। ਕਰਨੀ ਚੂਚਕ ਵਰਗੀ ਸਭ ਤੋਂ ਹੋਣੀ ਔਖੀ ਐ, ਹੋਣੀ ਨਾ ਅੱਜੂ ਤੋਂ ਵੀ ਸਾਰਾ ਪਿੰਡ ਪੁਕਾਰਦਾ। ਆਈ ਹੀਰ ਨਿਕਾਹੀ ਕਰੋ ਸ਼ਿੰਗਾਰ ਸਵਾਣੀਓ, ਜਾ ਕੇ ਕਰੋ ਜਮਾਲ ਹੀਰ ਦੇ ਦੀਦਾਰ ਦਾ। ਹੈ ਸੀ ਸਾਰੇ ਪਿੰਡ ਵਿਚ ਕਹਿੰਦੀ ਫਿਰਦੀ ਡੂਮਣੀ, ਰੂਪ ਸੁਣ ਕੇ ਘਰ ਦੇ ਮਾਲ ਤੇ ਮੁਟਿਆਰ ਦਾ। ਸਹਿਤੀ ਚਾਈਂ ਚਾਈਂ ਕੱਠੀ ਕਰਦੀ ਕੁੜੀਆਂ ਨੂੰ, ਰਲ ਕੇ ਤੁਰੀਆਂ ਗੀਤ ਗਾਉਣ ਸ਼ਗਨ ਸ਼ਮਾਰ ਦਾ। ਕਰਕੇ ਗੱਠ ਚੁਤਾਵਾ ਡੋਲੀ ਵਿਚੋਂ ਉਤਾਰੀ ਐ, ਪਾਣੀ ਵਾਰਿਆ ਪੀਤਾ ਸੱਸ ਨੇ ਸੱਤ ਸੱਤ ਵਾਰ ਦਾ। ਸੌ ਸੌ ਸ਼ਗਨ ਮਨਾ ਕੇ ਕੁੜੀਆਂ ਹੀਰ ਬਹਾਈ ਐ, ਸੈਦਾ ਫੁੱਲਿਆ ਫਿਰਦਾ ਕਾਣੀ ਅੱਖ ਲਿਸ਼ਕਾਰਦਾ। ਮੇਹੀਂ ਟਮਕ ਖੋਹ ਕੇ ਧੱਕੇ ਦੇ ਲਏ ਰਾਂਝੇ ਨੂੰ, ਸੈਦਾ ਖੇੜਾ ਖੋਰੀ, ਪਿਛਲੇ ਖੋਰ ਚਿਤਾਰਦਾ। ਮਾਰੋ ਰਲ ਕੇ ਇਹਨੂੰ ਕੱਢ ਦਿਓ ਰੰਗਪੁਰ ਖੇੜਿਆਂ 'ਚੋਂ, ਸੈਦਾ ਛੋਟੇ ਛੋਟੇ ਮੁੰਡਿਆਂ ਨੂੰ ਲਲਕਾਰਦਾ। ਇੱਟਾਂ ਮਾਰ ਕੇ ਦਵੱਲਿਆਂ ਰਾਂਝਾ ਮੁੰਡਿਆਂ ਨੇ, ਰਾਤੀਂ ਗੰਜੇ ਅਯਾਲੀ ਕੋਲੇ ਜਾ ਗੁਜ਼ਾਰਦਾ। ਕਲਾਮ ਰਾਂਝਾ ਰਾਂਝਾ ਮਨ ਵਿਚ ਬੈਠਾ ਕੋਟ ਦਲੀਲਾਂ ਕਰਦਾ ਹੈ, ਕਿੱਥੇ ਜਾਈਏ ਹੀਰ ਦੇ ਦਰਦਾਂ ਦੇ ਮਾਰੇ। ਕੁੱਟ ਕੇ ਚੂਰੀ ਹੱਥੀਂ ਲਿਆਣ ਖਿਲਾਉਂਦੀ ਆਪਣੀ, ਬੂਰੀ ਮੱਝ ਦੀ ਆਪ ਚੰਘਾਉਂਦੀ ਧਾਰੋ ਧਾਰੇ। ਨਾਲੇ ਖਾਂਦੀ ਪੀਂਦੀ ਇੱਕੇ ਥਾਲੀ ਬੈਠ ਕੇ, ਨਾਲੇ ਸੌਂਦੀ ਇਕ ਪਲ ਮਨ ਤੋਂ ਨਾ ਵਿਸਾਰੇ। ਤਿੰਨ ਸੌ ਸੱਠ ਸਹੇਲੀ ਨਾਲ ਫਿਰਦੀ ਲਟਕਦੀ, ਹਰ ਦਮ ਮੇਰੇ ਕੋਲੇ ਨਦੀ ਦੇ ਕਿਨਾਰੇ। ਉਹੀ ਸਾਵੀਂ ਹੀਰ ਹੁਣ ਨਜ਼ਰੀਂ ਨਾ ਆਉਂਦੀ ਏ, ਜੀਹਨੇ ਮੇਰੇ ਕੋਲ ਬਾਰਾਂ ਵਰ੍ਹੇ ਗੁਜ਼ਾਰੇ। ਪਲ ਪਲ ਖਬਰਾਂ ਲੈਂਦੀ ਘੜੀ ਵਿਸਾਹ ਨਾ ਕਰਦੀ ਸੀ, ਅੱਜ ਤਾਂ ਦਰ ਵਿਚ ਭੁੱਖੇ ਬੈਠੇ ਆਂ ਪਿਆਰੇ। ਕਿਸੇ ਵੱਲ ਨਾ ਅੱਖੀਆਂ ਭਰਕੇ ਝਾਕਣ ਦਿੰਦੇ ਸਾਂ, ਅੱਜ ਤਾਂ ਦੂਰ ਹੋਏ ਬੈਠੇ ਹਾਂ ਛਛਕਾਰੇ। ਲਾਲੇ ਭਾਬੀ ਵਰਗੀਆਂ ਮਾਰਨਗੀਆਂ ਬੋਲੀਆਂ, ਕਿਹੜਾ ਮੂੰਹ ਮੈਂ ਲੈ ਕੇ ਜਾਵਾਂ ਤਖਤ ਹਜ਼ਾਰੇ। ਇਕ ਜੀਅ ਕਰਦਾ ਲੜਕੇ ਮਰਜਾਂ ਨਾਲ ਖੇੜਿਆਂ ਦੇ, ਫੌਜ ਭਰਾਵਾਂ ਦੀ ਜੇ ਹੋਵੇ ਸੰਗ ਹਥਿਆਰੇ। ਇਕ ਜੀਅ ਕਰਦਾ ਰਾਤੀਂ ਵੱਢਦਿਆਂ ਸੈਦੇ ਅੱਜੂ ਨੂੰ, ਮੂਧੇ ਮਾਰ ਦਿਆਂ ਖੇੜਿਆਂ ਦੇ ਨਗਾਰੇ। ਇਕ ਜੀਅ ਕਰਦਾ ਖੂਹ ਵਿਚ ਪੈ ਕੇ ਮਰਜ਼ਾਂ ਖੇੜਿਆਂ ਦੇ, ਖਬਰਾਂ ਸੁਣ ਕੇ ਮਰਜੇ ਹੀਰ ਖਾ ਕਟਾਰੇ। ਇਕ ਜੀਅ ਕਰਦਾ ਸਿਆਲੀਂ ਚੱਲ ਕੇ ਹੋਰ ਉਡੀਕੀਏ, ਜੇ ਰੱਬ ਮੇਲਾ ਕਰਦਾ ਹੋਵੇ ਨਾਲ ਹਮਾਰੇ। ਸੋਚਾਂ ਸੋਚ ਕੇ ਉੱਠ ਰਸਤੇ ਪਿਆ ਸਿਆਲਾਂ ਦੇ, ਕੁਝ ਚਿਰ ਹੋਰ ਖੋਲੇ ਚੂਚਕ ਦੇ ਘਰ ਚਾਰੇ। ਜਵਾਬ ਕੁੜੀਆਂ ਰਾਂਝੇ ਨੂੰ ਜਦ ਹੁਣ ਖਬਰਾਂ ਹੋਈਆਂ ਮਾਹੀ ਆ ਗਿਆ ਖੇੜਿਆ ਤੋਂ, ਕੁੜੀਆਂ ਹੁੰਮ ਹੁੰਮਾ ਕੇ ਸਭ ਸਿਆਲਾਂ ਦੀਆਂ ਆਈਆਂ। ਮਿੱਠੀ ਨੈਣ ਬਾਹੋਂ ਫੜ ਕੇ ਮੂਹਰੇ ਬਹਿਗੀ ਐ, ਗੱਲਾਂ ਪੁੱਛਦੀ ਦੱਸ ਵੇ ਜੋ ਡਾਹਢੇ ਵਰਤਾਈਆਂ। ਕਦੋਂ ਕੁ ਹੀਰ ਆਜੂਗੀ ਖੇੜਿਆਂ ਤੋਂ ਸਿਆਲਾਂ ਨੂੰ, ਰੋਂਦੀ ਹੈ ਕਿ ਵਿਰਗੀ ਵੇ ਹੀਰ ਦਿਆ ਸਾਈਆਂ। ਕਰਮਾਂ ਤੇਰਿਆਂ ਹੀਰ ਦਿਆਂ ਡਾਹੀ ਨਾ ਦੇ ਲਈ ਐ, ਐਵੇਂ ਹੋਣੀ ਲਿਖਤਾਂ ਜਾਣ ਨਾ ਮਿਟਾਈਆਂ। ਅਸੀਂ ਸਭੇ ਕੁੜੀਆਂ ਦੰਮਾਂ ਬਾਂਝੋਂ ਗੋਲੀਆਂ, ਕਦੇ ਲਿਆਊ ਸੁੱਕੇ ਬਾਗੀਂ ਰੱਬ ਹਰਿਆਈਆਂ। ਸਭ ਤੋਂ ਕਸਮ ਕਰਾਲੈ ਜੇ ਰੱਜ ਰੋਟੀ ਖਾਧੀ ਐ, ਚੜ੍ਹੀਆਂ ਦੁਸ਼ਮਣਾਂ ਦੇ ਘਿਉ ਦੀਆਂ ਕੜ੍ਹਾਹੀਆਂ। ਇੱਕੇ ਹੀਰ ਬਗੇਰਾਂ ਤਿੰਨ ਸੈ ਸੱਠ ਸਹੇਲੀ ਦਾ, ਜੀਅ ਨਾ ਲਗਦਾ ਚਿਹਰਿਆਂ ਪਰ ਫਿਰੀਆਂ ਜ਼ਰਦਾਈਆਂ। ਸਬਰ ਸਬੂਰੀ ਕਰ ਰੱਬ ਕਦੇ ਕੁ ਤੇਰੀ ਸੁਣਲੂਗਾ, ਇਕ ਦਿਨ ਗਰਕਣਗੇ ਜੋ ਕਰਦੇ ਨਿੱਤ ਬੁਰਿਆਈਆਂ। ਐਨੀ ਕਹਿ ਕੇ ਬਾਹੋਂ ਚਾਕ ਫੜਾਇਆ ਤੁੱਲੀ ਨੂੰ, ਅਮਾਨਤ ਹੀਰ ਦੀਆਂ ਨਾ ਕਿਧਰੇ ਜਾਣ ਗਵਾਈਆਂ। ਤੁੱਲੀ ਪਿਆਰ ਕਰਕੇ ਪੁੱਛ ਬਥੇਰਾ ਚੁੱਕੀ ਐ, ਝਾਕੀਂ ਜਾਵੇ ਗੱਲਾਂ ਜਾਣ ਨਾ ਉਲਟਾਈਆਂ। ਜਦ ਕੁਛ ਆਖ ਨਾ ਹੋਇਆ ਹਾਰ ਕੇ ਭੁੱਬ ਨਿਕਲਗੀ, ਪਿਆਰ ਹੀਰ ਦੇ ਨੇ ਕੀਤਾ ਵਾਂਗ ਸ਼ੁਦਾਈਆਂ। ਲੱਗੀਆਂ ਜਿਨ੍ਹਾਂ ਦੇ ਸੀਨੇ ਵਿਚ ਉਨ੍ਹਾਂ ਦੇ ਰੜਕਦੀਆਂ, ਜਾਂ ਸੋ ਜਾਣੇ ਜਿਸਨੇ ਹੈ ਜਿਹੜੇ ਨਾਲ ਲਾਈਆਂ। ਲੱਗੀਆਂ ਜਿਨ੍ਹਾਂ ਦੇ ਸੀਨੇ ਸਾਂਗਾਂ ਰੜਕਣ ਪਿਆਰ ਦੀਆਂ, ਕਿਹੜਾ ਜਾਣੇ ਲੱਗੀਆਂ ਬਿਨ ਪੀੜਾਂ ਪਰਾਈਆਂ। ਮੂਰਖ ਗੱਲਾਂ ਸੁਣ ਕੇ ਖਿੜ ਖਿੜ ਬੈਠੇ ਹਸਦੇ ਐ, ਆਸ਼ਕ ਰੋਂਦੇ ਜਿਨ੍ਹਾਂ ਨੂੰ ਲੱਗੀਆਂ ਦਿਸ ਆਈਆਂ। ਲੰਬੀਆਂ ਆਸਾਂ ਕਰਕੇ ਫੇਰ ਪਾਲੀ ਲੱਗ ਗਿਆ, ਜੇ ਰੱਬ ਸੁਣਦਾ ਹੋਵੇ, ਦੁਖੀਆਂ ਦੀਆਂ ਸੁਣਾਈਆਂ। ਜਵਾਬ ਭਾਬੀਆਂ ਹੀਰ ਨਿਕਾਹੀ ਖਬਰਾਂ ਹੋਈਆਂ ਕੁੱਲ ਜਹਾਨ ਨੂੰ, ਲਿਖ ਕੇ ਚਿੱਠੀ ਭਾਬੀਆਂ ਨੇ ਰਾਂਝੇ ਨੂੰ ਪਾਈ। ਪਹਿਲੇ ਆਦਰ ਨਾਲ ਸਲਾਮਾਂ ਸੌ ਸੌ ਲਖਦਿੀਆਂ, ਮਗਰੋਂ ਬੋਲੀ ਹੀਰ ਦੀ ਸੀਨੇ ਰੜਕਾਈ। ਬਾਰਾਂ ਵਰ੍ਹੇ ਚਰਾ ਕੇ ਖੋਲੇ ਨਾ ਮਨ ਮੁੜਿਆ ਵੇ, ਹੁਣ ਤੈਂ ਮੁੜ ਕੇ ਹੂੰਗਰ ਕਿਹੜੀ ਗੱਲ ਤੋਂ ਲਾਈ। ਖੇੜੇ ਹੀਰ ਨਿਕਾਹ ਕੇ ਲੈ ਗਏ ਤੇਰੇ ਸਾਹਮਣੇ, ਕੀ ਹੁਣ ਕੁੜੀ ਤੈਂ ਵੀਰ ਪਠਾਣ ਦੀ ਤਕਾਈ। ਕਿਹੜੀ ਹੀਰ ਬਦਲੇ ਮੀਆਂ ਫੁੱਲਿਆ ਫਿਰਦਾ ਸੀ, ਸੁੱਕਾ ਰੱਖਿਆ ਦੇਖੀ ਰੰਨਾਂ ਦੀ ਚਤਰਾਈ। ਬਹੁਤੇ ਪਿਆਰਾਂ ਵਾਲੀ ਜਿਸ ਦਿਨ ਅੱਖੀਆਂ ਬਦਲ ਗਈ, ਜਾਣੀ ਦੇਖ ਨਾ ਰਾਜ਼ੀ, ਬੋਲੇ ਨਾ ਬੁਲਾਈ। ਘਰ ਜਾ ਜੀਅਓਜੀਅ ਵੈਰੀ ਬਣ ਗਿਆ ਹੀਰ ਬਦਲੀ ਤੋਂ, ਖਲਿਕਤ ਅੱਗੇ ਈ ਫਿਰਦੀ ਲਹੂ ਦੀ ਤਿਹਾਈ। ਹੁਣ ਕੀ ਤੇਰਾ ਧਰਮ ਸਿਆਲੀਂ ਖੰਧਾ ਚਾਰਨ ਦਾ, ਆਜਾ ਤਖਤ ਹਜ਼ਾਰੇ ਬਣ ਭਾਈਆਂ ਦਾ ਭਾਈ। ਰੰਨਾਂ ਕਾਰਨ ਤੂੰ ਕਿਉਂ ਦਾਗ਼ ਲਵਾਉਨੈਂ ਚੌਧਰ ਨੂੰ, ਮਾਰ ਪੌਲਾ ਸੌ, ਛੱਡ ਚਾਕਰੀ ਪਰਾਈ। ਜੇ ਕੰਮ ਕਾਰੋਂ ਡਰਦੈਂ, ਤੂੰ ਡੱਕਾ ਨਾ ਤੋੜੀਂ ਵੇ, ਤੇਤੋਂ ਮੁੱਕਣੀ ਨਾ ਜ਼ਮੀਨ ਦੀ ਵਟਾਈ। ਲਾਲੇ ਭਾਬੀ ਮੈਂ ਕੀ ਹੀਰ ਤੋਂ ਕੁਸੋਹਣੀ ਐਂ, ਹਰ ਦਮ ਤੁੱਛਕ ਵਾਂਗੂੰ ਵੇ ਰਹੂੰਗੀ ਛਾਈ। ਜੇ ਤੂੰ ਹੋਰ ਇਛਿਆ ਕਰਦੈਂ ਵਿਆਹ ਕਰਵਾਉਣ ਦੀ, ਛੋਟੀ ਮਾਲੇ ਤੇਰੇ ਕਾਰਨ ਮੈਂ ਅਟਕਾਈ। ਸਾਡੇ ਸੱਦੇ ਤੇ ਵੀ ਘਰ ਨੂੰ ਨੀ ਮੁੜ ਆਉਂਦਾ ਵੇ, ਹੁਣ ਕੀ ਲੈ ਕੇ ਮੁੜੇਂਗਾ ਚੂਚਕ ਦੀ ਜਾਈ। ਬਣਾ ਘਰ ਬਾਰ ਹੋ ਜਾ ਭਾਈਆਂ ਦੇ ਬਰੋਬਰ ਦਾ, ਮੂਰਖ ਮੱਤ ਵਿਚ ਐਵੇਂ ਸਾਰੀ ਉਮਰ ਗਵਾਈ। ਏਦੂੰ ਭਾਰਾ ਮੂਰਖ ਵੇ ਦੁਨੀਆਂ ਵਿਚ ਕਿਹੜਾ ਹੈ, ਜੀਹਨੇ ਸੇਵਾ ਨਾਰ ਬਿਗਾਨੀ ਦੀ ਉਠਾਈ। ਪੱਲੇ ਝਾੜ ਕੇ ਬੇਸ਼ਰਮਾਂ ਘਰ ਨੂੰ ਆ ਜਾ ਵੇ, ਤੈਂ ਜਹੇ ਪਾਗਲ ਨੂੰ ਕਿਨੇ ਹੀਰ ਵੇ ਫੜਾਈ। ਏਨੀ ਲਿਖ ਕੇ ਬੰਦ ਲਿਫਾਫਾ ਕਰਕੇ ਭੇਜੀ ਐ, ਦੇ ਕੇ ਕਾਸਦ ਦੇ ਹੱਥ ਰਾਂਝੇ ਨੂੰ ਪੁਚਾਈ। ਜਵਾਬ ਰਾਂਝਾ ਭਾਬੀਆਂ ਨੂੰ ਕਲਮ ਦਵਾਤ ਲੈ ਕੇ ਰਾਂਝਾ ਚਿੱਠੀ ਲਿਖਦਾ ਐ, ਤੁਸੀਂ ਹੀਰ ਬਰੋਬਰ ਕਿਧਰੋਂ ਨੀ ਸ਼ਨਾਲਾਂ। ਹੀਰ ਗੁਦੈਦਾ ਹੈ ਦਰਿਆਈ ਮਖਮਲ ਪੱਟ ਦਾ ਨੀ, ਤੁਸੀਂ ਕੰਬਲੀਆਂ ਤੇ ਗੂਣਾ ਹੋਂ ਉਨਾਲਾਂ। ਹੀਰ ਹੀਰੇ ਪੰਨੇ ਲਾਲ ਸੁੱਚੇ ਮੋਤੀ ਐ, ਤੁਸੀਂ ਕਾਠ ਤੇ ਬਦਰਾਸ ਦੀਆਂ ਨੀ ਮਾਲਾਂ। ਹੀਰ ਇੰਦਰ ਦੀ ਇੰਦਰਾਣੀ ਹੂਰ ਬਹਿਸ਼ਤਾਂ ਦੀ, ਤੁਸੀਂ ਰਾਖਸ਼ਣਾਂ ਹੋ ਦੈਤਾਂ ਚੋਂ ਨਿਕਾਲਾਂ। ਹੀਰ ਝੰਗ ਸਿਆਲ ਦੀ ਸੁਹਣੀ ਤੇ ਮੋਹਣੀ ਐ, ਤੁਸੀਂ ਓਡਣੀਆਂ ਤੇ ਬੌਰਨਾਂ ਚੰਡਾਲਾਂ। ਹੀਰ ਤੱਖੀ ਤੇ ਪਤੰਗਾ ਸੁੰਘੀ ਸੱਪ ਦੀ, ਤੁਸੀਂ ਭਾਰੀਆਂ ਪਹਾੜ ਦੀਆਂ ਸਰਾਲਾਂ। ਹੀਰ ਪਲੰਘ ਰੰਗੀਲਾ ਬੁਣਿਆ ਸਬਜ਼ ਨਵਾਰ ਦਾ, ਤੁਸੀਂ ਮਾੜੇ ਮੰਜੇ ਜਿਨਾਂ 'ਚ ਕਟੂਏ ਫਾਲਾਂ। ਬਿਨਾਂ ਦੇਖੇ ਤੋਂ ਪਰਤੀਤ ਕਿੱਥੋਂ ਆਉਂਦੀ ਐ, ਹੋਵੋਂਂ ਕੱਚੀਆਂ ਜਦੋਂ ਲਿਆਣ ਕੇ ਦਿਖਾਲਾਂ। ਓਦਣ ਭਾਬੀਆਂ ਦੇ ਵਿਚ ਰਾਂਝਾ ਆ ਕੇ ਬੈਠੂਗਾ, ਜਦੋਂ ਹੀਰ ਬਰਾਬਰ ਤੁਸਾਂ ਦੇ ਬਹਾਲਾਂ। ਆਸਾਂ ਆਸ ਦਾ ਦਿਨ ਰਾਤ ਹੀਰ ਸਿਆਲ ਦੀਆਂ, ਜਿਸ ਦਿਨ ਆਗੀ ਤੋਰੂੰਗਾ ਦੇ ਕੇ ਉਛਾਲਾਂ। ਬਿਨਾਂ ਹੀਰ ਤੋਂ ਕੀ ਵੜਨਾ ਤਖਤ ਹਜ਼ਾਰੇ ਨੀ, ਪਿਛਲੇ ਜਿਉਂਦਿਆਂ ਨੂੰ ਨਾ ਭੁੱਲਣੇ ਤਾਹਨੇ ਗਾਲਾਂ। ਭਾਈ ਭਾਅ ਦੇ ਸਭ ਭਰਜਾਈਆਂ ਲੁੱਟ ਠੱਗ ਖਾਣ ਦੀਆਂ, ਮਤਲਬ ਕਾਰਨ ਦੁਨੀਆਂ ਸਭ ਚੱਟਦੀ ਹੈ ਲਾਲਾਂ। ਜਿਹੜੇ ਪੱਕੇ ਆਸ਼ਕ ਨੀ ਲਾ ਕੇ ਨਾ ਮੁੜਦੇ ਨੇ, ਭਾਵੇਂ ਲੱਖ ਸਿਰ ਪਰ ਦੀ ਵਗਦੀਆਂ ਨੇ ਬਾਲਾਂ। ਕੋਈ ਅਸਲਾਂ ਨਾਲ ਕਨਸਲਾਂ ਦਗੇ ਕਮਾਉਂਦੀਆਂ, ਪਿਛਿਉਂ ਮਾਵਾਂ ਭਾਬੋ ਜਿਨਾਂ ਦੀਆਂ ਉਧਾਲਾਂ। ਕੈ ਦਿਨ ਕਾਰਨ ਮੁੱਖੜਾ ਨੀ ਮਿੱਤਰਾਂ ਤੋਂ ਮੋੜਨਾ, ਕਿਸੇ ਰੋਜ਼ ਨੂੰ ਲੱਤ ਕਬਰੀਂ ਚੱਲ ਨਿਸਾਲਾਂ। ਏਨੀ ਲਿਖ ਕੇ ਰਾਂਝੇ ਕਾਸਦ ਹੱਥ ਫੜਾਲੀ ਐ, ਨਾਲੇ ਕਰਦਾ ਹੈ ਘਰ ਬਾਰ ਦੀਆਂ ਸੰਭਾਲਾਂ। ਜਵਾਬ ਸ਼ਾਇਰ ਏਧਰ ਰਾਂਝਣ ਕਰੇ ਸਲਾਹਾਂ ਹੀਰ ਲਿਜਾਣ ਦੀਆਂ, ਖੇੜੀਂ ਹੋ ਗਈ ਛਿਟੀਆਂ ਕੰਗਣੇ ਦੀ ਤਿਆਰੀ। ਲਾਲੇ ਭਾਬੀ ਲਿਖ ਪਰਵਾਨਾ ਭੇਜੇ ਦਿਉਰ ਨੂੰ, ਹੁਣ ਤਾਂ ਖੇੜੀਂ ਪਹੁੰਚੀ ਤੇਰੀ ਖਰੀ ਪਿਆਰੀ। ਸੱਦੀ ਮਰਾਸਣ ਨੂੰ ਸਮਝਾਉਂਦੀ ਐ ਮਾਂ ਸੈਦੇ ਦੀ, ਜੀਹਨੂੰ ਜੀਹਨੂੰ ਸੱਦਣਾ ਖੋਲ ਸੁਣਾਈ ਸਾਰੀ। ਸੱਦਾ ਜਾ ਕੇ ਫੇਰੀਂ ਸਾਰੇ ਵਿਚ ਪਰਿਵਾਰ ਦੇ, ਵਿਚ ਤ੍ਰਿੰਝਣਾਂ ਮਹੱਲਿਆਂ ਰਹੇ ਨਾ ਕੋਈ ਨਾਰੀ। ਇਕ ਹੈ ਜਾਤ ਮਰਾਸਣ ਸਿਫਤ ਕਰੇਂਦੀ ਹੀਰ ਦੀ, ਘਰ ਘਰ ਕਹਿੰਦੀ ਫਿਰਦੀ ਰੂਪ ਦੇਖ ਬਲਿਹਾਰੀ। ਚਾਈਂ ਚਾਈਂ ਗਹਿਣੇ ਪਾਉਣ ਪੁਸ਼ਾਕਾਂ ਰੇਸ਼ਮੀ, ਲਾ ਸ਼ਿੰਗਾਰ ਜੋ ਤੁਰੀਆਂ ਵਿਆਹੀ ਕੀ ਕੰਵਾਰੀ। ਵਿਹੜੇ ਅੱਜੂ ਦੇ ਆ ਵੜੀਆਂ ਜੋੜ ਜੋ ਟਾਲਾਂ ਨੇ, ਹੀਰ ਉਦਾਲੇ ਹੋਈਆਂ ਜਿਉਂ ਮੂਨਾਂ ਦੀ ਡਾਰੀ। ਮਾਰੀ ਹੀਰ ਤੜਫੇ ਰਾਂਝਣ ਦੇ ਵਿਯੋਗ ਦੀ, ਫੱਟੜ ਕਰ ਗਿਆ ਸੀਨੇ ਮਾਰ ਕੇ ਕਟਾਰੀ। ਹੀਰ ਕੈਦਣ ਕਰਕੇ ਬੰਨ ਬਹਾਈ ਖੇੜਿਆਂ ਨੇ, ਜ਼ਹਿਰਾਂ ਦੰਦੀਆਂ ਭੰਨ ਕੇ ਪਾਏ ਨਾਗ ਪਟਿਆਰੀ। ਆਸ਼ਕ ਆਸਾਂ ਕਰਦੇ ਬੈਠੇ ਪਰਬਤ ਜੇਡੀਆਂ, ਹੁਣ ਕਿਨ ਘੱਲਣੀ ਸਿਆਲੀਂ ਮੋੜ ਕੇ ਵਿਚਾਰੀ। ਦੋਹੀਂ ਤਰਫੀਂ ਚੈਨ ਨਾ ਆਵੇ ਦੁਖੀਆਂ ਆਸ਼ਕਾਂ, ਕਹੇ ਹਜ਼ੂਰਾ ਸਿੰਘ ਮਰਾਸਣ ਸਿਫਤ ਉਚਾਰੀ। ਜਵਾਬ ਸੱਦੀ ਮਰਾਸਣ ਸਿਫਤ ਹੀਰ ਦੀ ਘਰ ਘਰ ਖੇੜਿਆਂ ਦੇ ਵਿਚਾਰ ਹੋਵੇ ਹੀਰ ਦੀ, ਏਹ ਵੀ ਸੂਰਤ ਪੈਦਾ ਹੋਈ ਗੰਦੇ ਪਾਣੀਉਂ। ਕਿਸੇ ਵਿਹਲੇ ਵੇਲੇ ਬਹਿ ਕੇ ਘੜੀ ਵਿਧਾਤਾ ਨੇ, ਬਾਸ਼ਕ ਨਾਗ ਦੀ ਇਹ ਪਦਮਾ ਨਾਗਣ ਜਾਣਿਉਂ। ਰੋਹਣੀ ਚੰਦਰਮਾਂ ਦੀ ਇਸਤਰੀਉਂ ਚੰਗੇਰੀ ਐ, ਹੀਰ ਸੋਹਣੀ ਗੋਤਮ ਇੰਦਰ ਦੀ ਪਟਰਾਣੀਉਂ। ਸੀਤਾ ਪਾਰਵਤੀ ਅਰ ਲਛਮੀ ਦੇ ਬਰਾਬਰ ਦੀ, ਕਿੱਥੋਂ ਬਿੱਜੂ ਪਾਗੇ ਸਿਆਲੀਂ ਪਰਵਸਤਾਨੀਉਂ। ਜਿਹੜਾ ਰੂਪ ਦਿਖਾ ਭਸ਼ਮੰਤਰ ਪੜ੍ਹਿਆ ਹਰਜੀ ਨੇ, ਸ਼ਿਵਜੀ ਚਿਲੇਮਾਨ ਹੋਏ ਸੁਰਤ ਟਿਕਾਣਿਉਂ। ਜਿਹੜਾ ਰੂਪ ਜਨਾਨਾ ਧਾਰਿਆ ਦੈਂਤਾ ਦੇਵਤਿਆਂ, ਮਦਰਾ ਅੰਮ੍ਰਿਤ ਵੰਡੇ ਸਾਵੀਂ ਹੀਰ ਪਛਾਣਿਉਂ। ਐਸੇ ਰੂਪ ਤੇ ਮੁੱਖ ਚਾਰ ਬਣਗੇ ਬਰ੍ਹਮਾ ਦੇ, ਸਾਰੇ ਠੱਡੇ ਟੱਪੀਂ ਬੈਠੀ ਹੀਰ ਟਿਕਾਣਿਉਂ। ਚਲੋ ਖਿਲਾਈਏ ਹੀਰ ਨੂੰ ਛਟੀਆਂ ਤੇ ਕੰਙਣਾ ਨੀ, ਤੁਸੀਂ ਛੇਤੀ ਲਾਓ ਸ਼ਿੰਗਾਰ ਨੀ ਸਵਾਣੀਉਂ। ਨਾਲੇ ਰੱਜ ਕੇ ਦਰਸ਼ਣ ਕਰਲੋ ਹੀਰ ਸਿਆਲ ਦਾ, ਸੈਦੇ ਕਾਣੇ ਦੇ ਘਰ ਵਸੇ ਕਿੰਨਾ ਕੁ ਜਾਣਿਉਂ। ਜਵਾਬ ਸ਼ਾਇਰ ਕੱਠੀਆਂ ਹੋ ਕੇ ਸਿਆਲ ਕੋਲੇ ਕੁੜੀਆਂ ਵਹੁਟੀਆਂ, ਰਲ ਕੇ ਸਾਰੇ ਰੰਗਪੁਰ ਦੇ ਘਰ ਘਰ ਦੀਆਂ ਆਈਆਂ। ਕਰ ਗੱਠਜੋੜਾ ਮੱਥਾ ਟਿਕਾਇਆ ਸੈਦੇ ਹੀਰ ਦਾ, ਮਗਰੋਂ ਛਿਟੀਆਂ ਸੈਦੇ ਤੋਂ ਹੀਰ ਦੇ ਲਵਾਈਆਂ। ਪਤਲੀ ਛਿਟੀ ਕੱਸ ਕੇ ਮਾਰੀ ਸੈਦੇ ਕਾਣੇ ਨੇ, ਸੱਟਾਂ ਸਹਿਣ ਯੋਗ ਨਾ ਰੱਬ ਨੇ ਸਹਾਈਆਂ। ਅੰਦਰੋਂ ਅੰਦਰੀ ਹੀਰ ਸੜਕੇ ਕੋਲੇ ਹੋ ਗਈ ਐ, ਮਾਪੇ ਗਰਕਣ ਪਰੀਆਂ ਪਸ਼ੂਆਂ ਦੇ ਵਸ ਪਾਈਆਂ। ਦਿਲੋਂ ਬੁਝੀ ਖੜੋਤੀ ਹੀਰ ਸਮਝੀ ਸਹਿਤੀ ਨੇ, ਖੋਹ ਕੇ ਛਿਟੀਆਂ ਸੈਦੇ ਤੋਂ ਹੀਰ ਨੂੰ ਫੜਾਈਆਂ। ਇਕ ਸਰਾਵੇ ਸੌ ਸੌ ਗਾਲਾਂ ਕੱਢਦੀ ਸੈਦੇ ਨੂੰ, ਕਿੱਥੋਂ ਮੂਰਖਾਂ ਨੂੰ ਆਉਂਦੀਆਂ ਚਤਰਾਈਆਂ। ਭਾਬੋ ਮੇਰੀ ਆਂ ਤੂੰ ਸੈਦਾ ਬਿੱਜੂ ਪਹਾੜ ਦਾ, ਤੈਨੂੰ ਮਲਿਗੀ ਲਿਖਤਾਂ ਜਾਣ ਨਾ ਮਿਟਾਈਆਂ। ਸਣੇ ਸਹਿਤੀ ਕੁੜੀਆਂ ਹੁਕਮ ਜੋ ਦੇ ਲਿਆ ਹੀਰ ਨੂੰ, ਲਾ ਲਾ ਕੱਸ ਕੱਸ ਜਿੰਨੀਆਂ ਜਾਂਦੀਆਂ ਨੇ ਲਾਈਆਂ। ਹੋ ਦਲਿਗੀਰ ਹੀਰ ਪੰਜੇ ਪੀਰ ਮਨਾਉਂਦੀ ਐ, ਛਿਟੀਉਂ ਬਣ ਸਮਸ਼ੀਰਾਂ ਪੀਰੀਆਂ ਦਿਖਾਈਆਂ। ਜੇ ਸ਼ਮਸ਼ੀਰ ਬਣ ਜੇ ਹੁਣੇ ਵੱਢ ਦਿਆਂ ਸੈਦੇ ਨੂੰ, ਜਾਣ ਮੁਬਾਰਕਾਂ ਹੁਣੇ ਰਾਂਝੇ ਨੂੰ ਪੁਚਾਈਆਂ। ਕੱਸ ਕੱਸ ਛਿਟੀਆਂ ਹੀਰ ਨੇ ਸੈਦੇ ਦੇ ਮਾਰੀਆਂ, ਲਾਸ਼ਾਂ ਥਾਈਂ ਥਾਈਂ ਸ਼ਰੀਰ ਤੇ ਖੜਾਈਆਂ। ਵੈਰ ਲੈ ਲਿਆ ਰਾਂਝੇ ਦੇ ਧੱਕਿਆਂ ਦੇ ਮਾਰੇ ਦਾ, ਸੈਦਾ ਰੋਵੇ ਕੁੜੀਆਂ ਤਾੜੀਆਂ ਵਜਾਈਆਂ। ਗੱਲ ਨਾ ਭੁੱਲਣ ਯੋਗੀ ਪਰ ਹਾਸੇ ਵਿਚ ਪੈਗੀ ਆ, ਡਰਦਾ ਰੱਖੂ ਅੱਗੇ ਨੂੰ ਸੈਦਾ ਤਕੜਾਈਆਂ। ਗੁੱਸਾ ਸੈਦੇ ਦਾ ਸਭ ਮਾਫ ਕਰਾ ਕੇ ਕੁੜੀਆਂ ਨੇ, ਕੰਙਣਾ ਖੇਲ੍ਹਣ ਦੀਆਂ ਤਿਆਰੀਆਂ ਵਜਾਈਆਂ। ਜਵਾਬ ਕੰਙਣਾ ਖੇਲ੍ਹਣ ਦਾ ਸੈਦੇ ਹੀਰ ਨੂੰ ਖਲ੍ਹਾਉਣ ਲੱਗੇ ਕੰਙਣਾ, ਵਿਚ ਦਲਾਨ ਦੇ ਸ਼ਤਰੰਜੀ ਲਿਆਣ ਵਿਛਾਈ। ਵਿਚ ਵਿਚਾਲੇ ਕੁੜੀਆਂ ਲੈ ਕੇ ਬੈਠਣ ਹੀਰ ਨੂੰ, ਲੱਸੀ ਲਿਆ ਕੇ ਵਿਚ ਪਰਾਂਤ ਦੇ ਪੁਆਈ। ਆਣ ਬੈਠਾ ਸੈਦਾ ਜਦ ਹੀਰ ਦੇ ਸਾਹਮਣੇ, ਦੇਖ ਨਾ ਰਾਜ਼ੀ ਜ਼ਹਿਰ ਦਿੰਦਾ ਹੈ ਦਿਖਾਈ। ਕੁੜੀਆਂ ਆਖਣ ਗਾਨਾ ਖੋਲ੍ਹ ਕੁੜੇ ਤੂੰ ਸੈਦੇ ਦਾ, ਹੀਰ ਬੈਠੀ ਸੁਰਤੀ ਹੈ ਰਾਂਝੇ ਵੱਲ ਲਾਈ। ਫੜ ਕੇ ਬਾਹਾਂ ਵਿਚ ਪਰਾਂਤ ਦੇ ਪਾ ਥੱਕੀਆਂ ਨੇ, ਛੱਲਾ ਮੁੰਦੀ ਕਿੱਥੋਂ ਜਾਣੀ ਸੀ ਉਠਾਈ। ਜਦੋਂ ਦੇਖੀ ਹੀਰ ਹੈ ਨਾ ਗਾਨਾ ਖੋਲਦੀ, ਕੁੜੀਆਂ ਹਾਰ ਕੇ ਗੱਠ ਦੋਹਾਂ ਦੀ ਬਧਾਈ। ਕੁੜੀਆਂ ਦੇਖ ਜੱਟੀ ਹੀਰ ਨਾ ਖੇਲੇ ਕੰਙਣਾ, ਲੱਸੀ ਡੋਲ੍ਹ ਕੇ ਪਰਾਂਤ ਹੈ ਚੁਕਾਈ। ਹਾਲ ਦੇਖ ਹੀਰ ਦਾ ਕੁੜੀਆਂ ਸਭ ਕਹਿੰਦੀਆਂ, ਕਦੇ ਨਾ ਵਸਦੀ ਸੈਦੇ ਦੇ ਚੂਚਕ ਦੀ ਜਾਈ। ਜਵਾਬ ਕੁੜੀਆਂ ਗੁੱਸੇ ਹੋ ਕੇ ਜਾਣਾ ਗੁੱਸੇ ਹੋ ਕੇ ਵਹੁਟੀਆਂ ਕੁੜੀਆਂ ਸਭ ਉੱਠ ਤੁਰੀਆਂ ਨੇ, ਆਪੋ ਆਪਣੇ ਘਰਾਂ ਨੂੰ ਕਰੀਆਂ ਚੜ੍ਹਾਈਆਂ। ਕਰ ਮਸ਼ਕੂਲਾ ਤੁਰੀਆਂ ਜਾਣ ਵਿਚਾਰਾਂ ਗਾਉਂਦੀਆਂ, ਐਥੇ ਬੂੰਦਾਂ ਕੁੜੀਓ ਨੀ ਆਸ਼ਕ ਵਰਸਾਈਆਂ। ਚੌਲ ਗੋਤ ਕਨਾਲੇ ਦੇ ਸਾਂਭੇ ਮਾਂ ਸੈਦੇ ਦੀ, ਮੁੱਖੜੇ ਹੀਰ ਸਿਆਲ ਦੇ ਫਿਰੀਆਂ ਜ਼ਰਦਾਈਆਂ। ਛੱਲਾ ਰੁਪਈਆ ਟਕਾ ਕੰਙਣਾ ਕੱਢ ਪਰਾਤ ਚੋਂ, ਲੱਸੀ ਡੋਲ੍ਹ ਕੇ ਸ਼ਤਰੰਜਾਂ ਝਾੜ ਉਠਾਈਆਂ। ਹੋ ਸ਼ਰਮਿੰਦਾ ਉਠ ਕੇ ਤੁਰ ਗਿਆ ਸੈਦਾ ਬਾਗ ਨੂੰ, ਮਗਰੋਂ ਰਹਿੰਦੇ ਲਾਗੀਆਂ ਦਿੱਤੀਆਂ ਆਣ ਵਧਾਈਆਂ। ਚੱਕ ਪਰਾਤ ਮੋਢੇ ਧਰਲੀ ਹੈ ਸੀ ਨੈਣ ਨੇ, ਵੰਡਦੀ ਚੌਲ ਮੁੱਠੀਆਂ ਸਭਨਾਂ ਨੂੰ ਵਰਤਾਈਆਂ। ਤੁਰੀਆਂ ਜਾਣ ਗੱਲਾਂ ਕਰਨ ਜੋ ਕੁੜੀਆਂ ਹੀਰ ਦੀਆਂ, ਧੁੰਮਾਂ ਵਿਚ ਤ੍ਰਿੰਝਣਾਂ ਕੁੜੀਆਂ ਨੇ ਮਚਾਈਆਂ। ਸਹਿਤੀ ਹੀਰ ਨਾਲ ਗੱਲਾਂ ਕਰੇ ਪਿਆਰ ਦੀਆਂ, ਭਾਬੋ ਚਿਹਰੇ ਤੇਰੇ ਪੁਰ ਫਿਰੀਆਂ ਕਿਉਂ ਛਾਈਆਂ। ਘੁੰਡੀ ਦਿਲ ਦੀ ਮੈਨੂੰ ਦੱਸ ਤੂੰ ਹੀਰੇ ਖੋਲ ਕੇ, ਤੇਰੇ ਰੋਗ ਦੀਆਂ ਨੀ ਕਰਾਂ ਮੈਂ ਦੁਆਈਆਂ। ਸਾਡੇ ਦਿਲ ਵਿਚ ਚਾਉ ਬਥੇਰਾ ਤੇਰੇ ਵਿਆਹੀ ਦਾ, ਮਰਜ਼ਾਂ ਗੁੱਝੀਆਂ ਇਸ਼ਕ ਦੀਆਂ ਸਾਨੂੰ ਨਾ ਥਿਆਈਆਂ। ਜਰਮ ਮਾਪੀਂ ਕਰਮ ਲਿਖਾਇਆ ਸਹੁਰੀਂ ਧੀਆਂ ਨੇ, ਵਸਣਾ ਉਹਨਾਂ ਦੇ ਘਰ ਜਿਨ੍ਹਾਂ ਦੇ ਨਾਲ ਨਿਕਾਹੀਆਂ। ਬੱਸ ਕਰ ਰੋਣੋ ਭਾਬੋ ਮੋੜ ਦਲੀਲਾਂ ਦਿਲਾਂ ਦੀਆਂ, ਮੱਥੇ ਲਿਖੀਆਂ ਜੋਗ ਜਾਣ ਨਾ ਮਿਟਾਈਆਂ। ਭਾਬੋ ਹੁਣੇ ਇਲਾਜ ਕਰਲਾਂ ਤੇਰੇ ਦੁਖੜੇ ਦਾ, ਗੱਲਾਂ ਮਿੱਠੀਆਂ ਸਹਿਤੀ ਨੇ ਹੀਰ ਨੂੰ ਸੁਣਾਈਆਂ। ਹੱਸ ਕੇ ਬਾਹੋਂ ਫੜ ਕੇ ਹੀਰ ਉਠਾਲੀ ਸਹਿਤੀ ਨੇ, ਮੰਜੀਆਂ ਵਿਚ ਚੁਬਾਰੇ ਬਾਂਦੀ ਤੋਂ ਡਹਾਈਆਂ। ਚੱਕ ਦਲਿਗੀਰੀ ਖੁਸ਼ੀ 'ਚ ਕਰਕੇ ਹੀਰ ਸਿਆਲ ਨੂੰ, ਧੰਨ ਹਜ਼ੂਰਾ ਸਿੰਘਾ ਰੰਨਾਂ ਦੀਆਂ ਚਤਰਾਈਆਂ। ਜਵਾਬ ਸੱਸ ਹੀਰ ਨੂੰ ਸੱਸ ਸਿਆਲ ਦੀ ਬਹਿ ਕੋਲੇ ਧੀਰ ਧਰਾਉਂਦੀ ਐ, ਇਕ ਦਿਨ ਹੱਸ ਕੇ ਬੈਠੀ ਨਾ ਜਿਸ ਦਿਨ ਦੀ ਆਈ। ਰੋਜ਼ ਬਿਮਾਰਾਂ ਵਾਂਗੂੰ ਮੰਜੇ ਪਈ ਹੂੰਗਦੀ, ਅੰਦਰੋਂ ਅੰਦਰੀ ਖਬਰੇ ਕੀ ਨਜ਼ਰਾਂ ਨੇ ਖਾਈ। ਪੀੜ੍ਹਾ ਡਾਹ ਕੇ ਕਦੇ ਨਾ ਕੁੜੀਆਂ ਦੇ ਵਿਚ ਬੈਠੀ ਤੂੰ, ਐਨ੍ਹੀਂ ਸੁਹਣੀਂ ਹੱਥੀਂ ਨਾ ਕੱਤਦੀ ਦਿਸ ਆਈ। ਚਾਉ ਬਥੇਰਾ ਕਰਨ ਦਰਾਣੀ ਤੇ ਜਠਾਣੀਆਂ, ਰਲ ਕੇ ਬੈਠਣ ਦੀ ਦਿਲ ਜਿਨ੍ਹਾਂ ਦੇ ਵਧਾਈ। ਲਾਹ ਕੇ ਹਾਰਸ਼ਿੰਗਾਰ ਹੋ ਸੁੰਨੀ ਜ੍ਹੀ ਰਹਿੰਨੀ ਐਂ, ਛੋਟੀ ਉਮਰੇ ਕੀ ਦੁੱਖ ਦਰਦਾਂ ਨੇ ਸੁਕਾਈ। ਜਾਂ ਕੁਛ ਸਾਡੀ ਕਿਸਮਤ ਖੋਟੀ ਨੂੰਹੇਂ ਮੇਰੀਏ, ਜੀਹਦੀ ਫੁੱਲਾਂ ਵਾਂਗੂੰ ਪਈ ਐ ਨੂੰਹ ਕੁਮਲਾਈ। ਥੋੜਾ ਬੀਜਿਆ ਨੂੰਹੇਂ ਇਕ ਅੱਜੂ ਸਰਦਾਰ ਦੇ, ਸੋਈ ਭੈਣ ਪਿੰਡ ਨੇ ਹੈ ਮੂੰਹ ਦੇ ਵਿਚ ਪਾਈ। ਕੁਛ ਨਾ ਹੀਲਾ ਬਣਦਾ ਤੇਰੇ ਗੁੱਝਿਆਂ ਰੋਗਾਂ ਦਾ, ਪੀੜ ਜਿਗਰ ਦੀ ਸਾਥੋਂ ਜਾਵੇ ਨਾ ਵੰਡਾਈ। ਇੱਕ ਚੁੱਪ ਸੌ ਨੂੰ ਹਰਾਵੇ ਚੂਚਕ ਬੱਚੀਏ ਨੀ, ਦੇਵੇਂ ਜਵਾਬ ਨਾ ਇਕ ਸੌ ਸੌ ਵਾਰ ਬੁਲਾਈ। ਜਵਾਬ ਸ਼ਾਇਰ ਹੀਰ ਕੈਦਣ ਕਰਕੇ ਬੰਨ੍ਹ ਬਹਾਈ ਖੇੜਿਆਂ ਨੇ, ਸੌਂਦੀ ਬਹਿੰਦੀ ਖਾਂਦੀ ਤੁਆਮ ਨਾ ਪੀਂਦੀ ਪਾਣੀ। ਗੱਲ ਨਾ ਕਰਦੀ ਨਣਦ ਸੱਸ ਦੇ ਨਾਲ ਨਾ ਬੋਲਦੀ, ਢਕੀਂ ਮੁੱਖੜਾ ਪਈ ਰਹੇ ਜੋ ਨਿੱਤ ਸ਼ਰਮਾਣੀ। ਸੁੱਕਦੀ ਜਾਂਦੀ ਮਾਰੀ ਰਾਂਝਣ ਦੇ ਵਿਯੋਗ ਦੀ, ਮੰਜੇ ਪਈ ਰਹਿੰਦੀ ਫੁੱਲਾਂ ਜਿਉਂ ਕੁਮਲਾਣੀ। ਮਨ ਵਿਚ ਜ਼ਿਕਰ ਚਿਤਾਰੇ ਦਿਨ ਤੇ ਰਾਤ ਮਾਹੀ ਦਾ, ਹੁਣ ਤੂੰ ਨਜ਼ਰ ਨੀ ਆਉਂਦਾ ਕਰ ਗਿਆ ਕਿੱਥੇ ਧਾਣੀ। ਕਦੇ ਕੁ ਬੇਲੇ ਦੇ ਵਿਚ ਫਿਰਦੀ ਨਾਲ ਰੰਝੇਟੇ ਦੇ, ਤਿੰਨ ਸੌ ਸੱਠ ਸਹੇਲੀ ਰਾਂਝਣ ਮੇਰਾ ਹਾਣੀ। ਅੱਜ ਮੈਂ ਕੱਲੀ ਡੁਸਕਾਂ ਸੇਜ਼ ਨਾ ਝੱਲਦੀ ਹੀਰ ਨੂੰ, ਜਿਹੜੀ ਤਿੰਨ ਸੌ ਸੱਠ ਸਹੇਲੀ ਦੇ ਵਿਚ ਰਾਣੀ। ਬੈਠੀ ਦੇਖ ਇਕੱਲੀ ਰੋਂਦੀ ਹੀਰ ਸਿਆਲ ਨੂੰ, ਓਹਲੇ ਖੜ੍ਹ ਕੇ ਸਹਿਤੀ ਸਾਰੀ ਗੱਲ ਪਛਾਣੀ। ਇਕ ਦੋ ਗੱਲਾਂ ਨੇੜੇ ਹੋ ਕੇ ਸੁਣੀਆਂ ਸਹਿਤੀ ਨੇ, ਦਮ ਦਮ ਨਾਲ ਪੜ੍ਹਦੀ ਹੈ ਰਾਂਝੇ ਦੀ ਬਾਣੀ। ਸਭ ਗੱਲ ਸੁਣਕੇ ਸਹਿਤੀ ਕੋਲੇ ਬਹਿਗੀ ਹੀਰ ਦੇ, ਭਾਬੋ ਦੱਸ ਤੂੰ ਭੇਤ ਮੈਂ ਸੁਲਝਾਊਂ ਤਾਣੀ। ਸਹਿਤੀ ਕਸਮ ਜੋ ਖਾ ਕੇ ਲਾਇਆ ਹੱਥ ਕੁਰਾਨ ਨੂੰ, ਦੱਸ ਦੇ ਹਾਲ ਜੋ ਸਾਰਾ ਦਿਲੋਂ ਫਰਕ ਨਾ ਜਾਣੀ। ਜਵਾਬ ਹੀਰ ਸਹਿਤੀ ਨਾਲ ਭੇਤ ਅੱਵਲੋਂ ਆਖਰ ਖੋਲ੍ਹ ਸੁਣਾਇਆ ਹੀਰ ਨੇ, ਜਿਸ ਦਿਨ ਸਹਿਤੀ ਦੇ ਦਿਲ ਦੇਖੀ ਹੀਰ ਸਫਾਈ। ਗਲ ਪਾ ਪੱਲਾ ਹੱਥ ਜੋੜ ਹੀਰ ਸੁਣਾਵੇ ਸਹਿਤੀ ਨੂੰ, ਦੇਖੀਂ ਭੇਤ ਨਾ ਖੋਲ੍ਹੀਂ ਸੈਦਾ ਤੇਰਾ ਭਾਈ। ਹੀਰ ਕਸਮ ਸੁਗੰਧ ਕਰਾਵੇ ਸੌ ਸੌ ਸਹਿਤੀ ਤੋਂ, ਸੱਚ ਯਕੀਨ ਕੀਤਾ ਜਦੋਂ ਕੁਰਾਨ ਚੁਕਾਈ। ਭੇਤ ਚੋਰਾਂ ਯਾਰਾਂ ਭੇਤ ਮਰਵਾਵੇ ਡਾਕੂਆਂ, ਇਹੋ ਨਸੀਹਤ ਹੀਰ ਨੇ ਸਹਿਤੀ ਨੂੰ ਸੁਣਾਈ। ਜੌਗਲ ਭੇਤ ਨਾ ਖੁੱਲੇ ਤੌਗਲ ਹੀ ਗੱਲ ਛਿਪਦੀ ਐ, ਜਦੋਂ ਭੇਤ ਖੁੱਲ ਗਿਆ ਤਦੋਂ ਪਈ ਜੁਦਾਈ। ਜੇ ਤੂੰ ਨਾਲ ਮੁਰਾਦ ਮੈਂ ਹਾਂ ਨਾਲ ਚਾਕ ਦੇ, ਦਿਲ ਵਿਚ ਵਸਦਾ ਸੁਰਤੀ ਹਰ ਦਮ ਓਥੇ ਲਾਈ। ਮਾਹੀ ਮਿਲੇ ਤਾਂ ਦੁੱਖ ਟੁੱਟਜੇ ਨਣਦੇ ਹੀਰ ਦਾ, ਬੀਬੀ ਪਈ ਆਂ ਉਹਦੇ ਦਰਦਾਂ ਦੀ ਸੁਕਾਈ। ਭੇਜ ਸੁਨੇਹਾ ਸੱਦ ਮਿਲਾ ਦੇ ਰਾਂਝੇ ਮਾਹੀ ਨੂੰ, ਇਹ ਕਰ ਅਰਜ਼ ਹੀਰ ਨੇ ਸਹਿਤੀ ਨੂੰ ਸਮਝਾਈ। ਤੈਨੂੰ ਮਿਲੇ ਮੁਰਾਦ ਰਾਂਝਣ ਮਿਲਜੇ ਹੀਰ ਨੂੰ, ਆਪਾਂ ਦੋਹਾਂ ਦੇ ਦਿਲ ਨੂੰ ਆ ਜੇ ਨੀ ਸਤਲਾਈ। ਜਵਾਬ ਸ਼ਾਇਰ ਝਗੜਾ ਸੈਦਾਹੀਰ ਦਾ ਇਕ ਦਿਨ ਸੈਦਾ ਗਿਆ ਸੀ ਪਾਸ ਹੀਰ ਦੇ ਰਾਤ ਨੂੰ, ਇਰਾਦਾ ਸੀਲ ਭੰਗ ਕਰਨੇ ਦਾ ਦਿਲੋਂ ਉਠਾ ਕੇ। ਹੀਰ ਅੱਗੇ ਵਿਯੋਗ 'ਚ ਬੈਠੀ ਰਾਂਝੇ ਮਾਹੀ ਦੇ, ਸਿੱਟ ਸਿੱਟ ਹੰਝੂ ਚੋਲਾ ਮਾਤਮੀ ਗਲ ਪਾ ਕੇ। ਸੈਦੇ ਮਨਸ਼ਾ ਕੀਤੀ ਬਾਹੋਂ ਫੜਲਾਂ ਹੀਰ ਨੂੰ, ਹੀਰ ਮੰਜੇ ਉੱਤੋਂ ਉੱਠ ਖੜੀ ਘਬਰਾ ਕੇ। ਜਿਸ ਦੇ ਦਿਲ ਵਿਚ ਗਮੀਂ ਨਾ ਸ਼ਾਦੀ ਭਾਉਂਦੀ ਓਸ ਨੂੰ, ਦੇਖ ਸੁਖਾਂਦੀ ਨਾ ਸੈਦੇ ਵੱਲ ਨਜ਼ਰ ਭੰਵਾ ਕੇ। ਅਜੇ ਨਮਾਜ ਈਸਾ ਦੀ ਪੜੀ ਨਾ ਫਿਰਦਾਂ ਲਾਚੜਿਆ, ਤੈਂ ਜੇਹੇ ਕੀ ਪਲੀਤ ਪੜ੍ਹ ਸਕਣ ਗੁਨਾਹ ਬਖਸ਼ਾ ਕੇ। ਰੱਬ ਨਾ ਚੇਤੇ ਉੱਚਾ ਹੋਇਆ ਫਿਰਦਾਂ ਬੱਦਲਾਂ ਤੋਂ, ਹੱਕ ਪਰਾਇਆ ਖਾਨਾਂ ਮੁਸਲਮਾਨ ਕਹਾ ਕੇ। ਅੰਨ੍ਹੇ ਕੋਹੜੇ ਕਾਣੇ ਹੋਣ ਮਾਰੇ ਜ਼ੁਲਮਾਂ ਦੇ, ਵੱਟਾ ਲੱਗਿਆ ਤੈਨੂੰ ਪਿਛਲੇ ਜਨਮ ਦਾ ਆ ਕੇ। ਅਜੇ ਵੀ ਇਕੋ ਅੱਖ ਦੀ ਸੁੱਖ ਮਨਾ ਸਰਦਾਰ ਜੀ, ਇਹ ਵੀ ਖੁੱਤ ਨਾ ਕਰਲੀਂ,ਹੱਕ ਪਰਾਇਆ ਖਾ ਕੇ। ਬਹਿਜਾ ਵਜੂ ਕਰਨ ਦੇਹ ਪੜ੍ਹਾਂ ਨਮਾਜ਼ ਈਸਾ ਦੀ, ਅੱਜ ਰੋਜ਼ ਰੋਜ਼ ਦਾ ਕਜੀਆ ਜਾਈਂ ਮੁਕਾ ਕੇ। ਸਿੱਟ ਮੁਸੱਲਾ ਨੀਤ ਬੰਨ੍ਹ ਕੇ ਖੜੀ ਨਮਾਜ਼ ਨੂੰ, ਪੰਜੇ ਪੀਰ ਮੱਕੇ ਤੋਂ ਹਾਜ਼ਰ ਕਰੇ ਧਿਆ ਕੇ। ਦੋ ਦੋ ਖਸਮ ਦਿੰਨੇ ਓਂ ਅੱਖੀਂ ਦੇਖਲੋ ਪੀਰ ਜੀ, ਮੇਰਾ ਹੱਕ ਨਿਕਾਹ ਰੰਝੇਟੇ ਨਾਲ ਪੜ੍ਹਾ ਕੇ। ਦੇ ਦੇ ਤਾਹਨੇ ਪੀਰ ਉਦਾਲੇ ਕਰਲੇ ਸੈਦੇ ਦੇ, ਲੋਹੇ ਦੀ ਖੰਨੀ ਵਾਂਗੂੰ ਹੀਰ ਨੇ ਭਖਾ ਕੇ। ਚੱਕ ਚੱਕ ਮਾਰਨ ਪੀਰ ਸੈਦੇ ਨੂੰ ਨਾਲ ਜ਼ਮੀਨ ਦੇ, ਛੱਡਿਆ ਸੱਤ ਲਕੀਰਾਂ ਨੱਕ ਦੇ ਨਾਲ ਕਢਾ ਕੇ। ਪੀਰਾਂ ਖੜਿਆਂ ਘਰੋਂ ਨਿਕਲਿਆ ਮਾਰਿਆ ਦਹਿਲ ਦਾ, ਐਸੀ ਖਾਤਰ ਕੀਤੀ ਪੀਰਾਂ ਦਿਲੋਂ ਲਗਾ ਕੇ। ਦੇਹ ਦਿਲਾਸਾ ਪੀਰ ਜੁ ਹੀਰ ਤਾਈਂ ਛਿਪਗੇ ਐ, ਮਿਲੂ ਹਜ਼ੂਰ ਰਾਂਝਾ ਰੱਖ ਮਨ ਨੂੰ ਸਮਝਾ ਕੇ। ਜਵਾਬ ਹੀਰ ਬਾਂਦੀ ਸੇ ਕਰ ਇਸ਼ਨਾਨ ਹੀਰ ਵਿਯੋਗ 'ਚ ਬੈਠੀ ਰਾਂਝੇ ਦੇ, ਬਾਰਾਂ ਮਾਹ ਉਚਰਦੀ ਯਾਰ ਦੇ ਹਿਤਕਾਰ ਦਾ। ਬਹੁਤ ਉਡੀਕਿਆ ਰੋ ਰੋ ਸਾਲ ਲੰਘਾਇਆ ਹੀਰ ਨੇ, ਕਰੀ ਬੇਆਸ ਨਾ ਜਾਵੇ ਕਿਉਂ ਮਰੀ ਨੂੰ ਮਾਰਦਾ। ਅੰਨ ਨਾ ਖਾਂਦੀ ਪੀਂਦੀ ਪਾਣੀ ਵੀ ਅਣਸਰਦੇ ਨੂੰ, ਪੇਟ ਭਬੂਕਾ ਜਦੋਂ ਭੜਕੇ ਤੇਰੇ ਪਿਆਰ ਦਾ। ਹੋਵੇ ਅੱਗ ਬੁਝੇ ਜਦ ਪਾਣੀ ਪੈਜੇ ਰਾਂਝਣਾ, ਦਰਸਣ ਪਾਣੀ ਤੇਰਾ ਏਸ ਇਸ਼ਕ ਅੰਗਿਆਰ ਦਾ। ਦਾਰੂ ਏਸ ਰੋਗ ਦੀ ਹੈ ਨੀ ਪਾਸ ਹਕੀਮਾਂ ਦੇ, ਅਫਲਾਤੂਨ ਧਨਿੱਤਰ ਇਲਾਜ ਨਾ ਏਸ ਲਾਚਾਰ ਦਾ। ਦੇਹ ਦਿਖਾਈ ਕਿਤੇ ਹੈਂ ਜੇ ਜਿਉਂਦਾ ਜਾਗਦਾ, ਦਰਸਣ ਕਰ ਵੇ ਆ ਕੇ ਸਾਂਵਲੀ ਮਟਿਆਰ ਦਾ। ਮਰੀ ਤੇ ਮਗਰੋਂ ਆ ਕੇ ਮੂੰਹ ਦੇਖਣ ਨੂੰ ਤਰਸੇਂਗਾ, ਦਰਸ਼ਣ ਦੇ ਜਾ ਕਾਹਨੂੰ ਪਿਛਲੇ ਖੋਰ ਚਿਤਾਰਦਾ। ਦਿਨ ਦਿਨ ਘਟਗੀ ਓੜਕ ਦੇਣੀ ਜਿੰਦੜੀ ਆ ਗਈ ਐ, ਕੀ ਭਰਵਾਸਾ ਦਮ ਦਾ, ਕਿਉਂ ਤੂੰ ਨਹੀਂ ਵਿਚਾਰਦਾ। ਸਦਿਕ ਸਬਰ ਦਾ ਡੇਰਾ ਦੂਰ ਹਜ਼ੂਰਾ ਸਿੰਘ ਕਹੇ, ਮੈਂ ਵਿਚ ਕੀ ਕਸੂਰ ਤੂੰ ਕਿਉਂ ਨੀ ਸੱਚ ਨਿਤਾਰਦਾ। ਜਵਾਬ ਹੀਰ ਬਾਰਾਂ ਮਾਹ ਜ਼ਬਾਨੀ ਚੇਤਰ ਚੈਨ ਨਾ ਦਿਨ ਰੈਣ ਪੈਂਦੀ ਹੀਰ ਨੂੰ, ਜਦੋਂ ਦੀ ਰਾਂਝੇ ਕੋਲੋਂ ਹੋ ਗਈ ਮੈਂ ਨਿਆਰੀ। ਚੜ੍ਹੇ ਵਿਸਾਖ ਵਿਸਰੇ ਮਾਹੀ ਨਾ ਮਨ ਮੇਰੇ ਤੋਂ, ਖਬਰੇ ਮੈਂ ਕਿਉਂ ਮਾਹੀ ਨੇ ਮਨ ਤੋਂ ਵਿਸਾਰੀ। ਜੇਠ ਜਾਲ ਕੋਲੇ ਕਰਲੀ ਇਸ਼ਕ ਵਿਛੋੜੇ ਨੇ, ਸੁੱਕ ਕੇ ਪਿੰਜਰਾ ਹੋ ਗਈ ਦਰਦ ਇਸ਼ਕ ਦੀ ਮਾਰੀ। ਹਾੜ੍ਹ ਹਮਾਣੀ ਪੜ੍ਹ ਦਰਿਆਵੋਂ ਪਾਰ ਕਰ ਗਏ ਐ, ਹਉਕੀਂ ਖਪਗੀ ਜਦੋਂ ਦੀ ਡੋਲੀ 'ਚੋਂ ਉਤਾਰੀ। ਸਉਣ ਸ਼ਰੀਰ ਸੰਭਾਲਣ ਜੋਗੀ ਨਾ ਹੁਣ ਰਹਿਗੀ ਮੈਂ, ਨੈਣ ਪਰਾਣ ਨਪੱਤੀ ਦੇ, ਦੇ ਗਏ ਹਨ ਹਾਰੀ। ਭਾਦੋਂ ਭਾਅ ਦੋਜ਼ਕ ਦੀ ਸੋਈ ਬੰਦੇ ਸੜਨਗੇ, ਜਿਹੜੇ ਤੋੜਨ ਕਿਸੇ ਦੀ ਲੱਗੀ ਹੋਈ ਯਾਰੀ। ਅੱਸੂ ਆ ਮਿਲ ਮੇਰੇ ਵੇ ਦਰਦਾਂ ਦਿਆ ਦਾਰੂਆ, ਸ਼ਰਮਾਂ ਚੱਕੀਆਂ ਨਾ ਤਾਂ ਦੁੱਖ ਪੈ ਗਏ ਨੇ ਭਾਰੀ। ਕੱਤੇ 'ਚ ਕਰਮਾਂ ਹੀਣੀ ਹੁਣ ਮੈਂ ਕੀ ਕਰ ਸਕਦੀ ਆਂ, ਫਸਗੀ ਜਾਲ 'ਚ ਖੇੜਿਆਂ ਦੇ ਹੋਗੀ ਬੇਅਖਤਿਆਰੀ। ਮੱਘਰ ਮਹੀਨੇ ਸੀਨੇ ਦਾਗ ਪੈ ਗਿਆ ਹੀਰ ਦੇ, ਜਿਸ ਨੂੰ ਰਾਂਝੇ ਵੱਲ ਤੋਂ ਮਲਿਗੀ ਐ ਫਿਟਕਾਰੀ। ਪੋਹ ਵਿਚ ਪਏ ਤਰਸਦੇ ਨੈਣ ਤੇਰੇ ਦਰਸ਼ਣ ਨੂੰ, ਹੁਣ ਤੂੰ ਬਣ ਕੇ ਬਹਿ ਗਿਆ ਵੇ ਕਿਧਰੇ ਘਰ ਬਾਰੀ। ਮਾਘ ਮੁਕਾ ਕੇ ਸਾਨੂੰ ਆਪ ਬਹਾਰਾਂ ਕਰਦੈਂ ਵੇ, ਹੁਣ ਤੂੰ ਨਜ਼ਰ ਨੀ ਆਉਂਦਾ ਲਾ ਗਿਐਂ ਕਿੱਧਰ ਉਡਾਰੀ। ਫੱਗਣ ਫੋਲ ਸੁਣਾਵਾਂ ਦੁੱਖੜੇ ਕਿਹੜੇ ਦਰਦੀ ਨੂੰ, ਜਿਹੜਾ ਵਿਛੜੇ ਯਾਰ ਮਿਲਾਵੇ ਉੜਦ ਬਜ਼ਾਰੀ। ਲੌਂਦ ਲਵਾਂ ਵਿੱਚ ਜਿੰਦੜੀ ਆਗੀ ਮੇਰੀ ਹੀਰ ਦੀ, ਮਿਲਣਾ ਮਿਲ ਲੈ ਨਹੀਂ ਮੈਨੂੰ ਫੇਰ ਨਾ ਚਿਤਾਰੀਂ। ਜਵਾਬ ਸਹਿਤੀ ਹੀਰ ਨੂੰ ਬਾਰਾਂ ਮਾਹਾਂ ਦਾ ਜਦ ਭੋਗ ਪਾਇਆ ਹੀਰ ਨੇ, ਪਲੰਘੋਂ ਉੱਠ ਕੇ ਸਹਿਤੀ ਹੀਰ ਦੇ ਪਾਸ ਸਧਾਰੀ। ਬੈਠ ਸਰ੍ਹਾਣੇ ਗੱਲਾਂ ਪੁੱਛਦੀ ਹੀਰ ਤੋਂ ਜਿਗਰ ਦੀਆਂ, ਭਾਬੋ ਦੱਸ ਤੂੰ ਮੈਨੂੰ ਖੋਲ ਹਕੀਕਤ ਸਾਰੀ। ਮਰਜ਼ ਬਿਮਾਰੀ ਮੈਨੂੰ ਦਿਸਦੀ ਨਾ ਵਿਚ ਸਰੀਰ ਦੇ, ਜ਼ਾਹਰਾ ਪਈ ਐਂ ਤੂੰ ਚਾਕ ਕੇ ਦਰਦਾਂ ਦੀ ਮਾਰੀ। ਤੈਨੂੰ ਰਾਂਝੇ ਪੱਟਿਆ ਮੈਨੂੰ ਮੁਰਾਦ ਬਲੋਚ ਨੇ, ਫੱਟੜ ਕਰੀਆਂ ਦੋਵੇਂ ਆਸ਼ਕ ਮਾਰ ਕਟਾਰੀ। ਐਸਾ ਕੌਣ ਚਲਿੱਤਰ ਬਣਾ ਕੇ ਸੱਦੀਏ ਚਾਕ ਨੂੰ, ਜਿਸ ਬਿਧ ਟੁੱਟਜੇ ਜਿਗਰੋਂ ਬਿਰਹੋਂ ਦੀ ਬਿਮਾਰੀ। ਬਿਨਾਂ ਬੱਦਲੀਂ ਮੀਂਹ ਵਰਸਾਈਏ ਨਾਲ ਚਲਿੱਤਰਾਂ ਦੇ, ਇਹਨਾਂ ਨਾਲ ਚਲਿੱਤਰਾਂ ਬਿਨ ਫੰਗੋਂ ਮਾਰ ਉਡਾਰੀ। ਔਖਾ ਕੀ ਸੁਨੇਹਾ ਭੇਜਣਾ ਤੇਰੇ ਯਾਰ ਨੂੰ, ਰਾਜੇ ਭੋਜ ਚਲਿੱਤਰਾਂ ਨਾਲ ਕਰੀ ਅਸਵਾਰੀ। ਦੇਹ ਤੂੰ ਹੁਕਮ ਦਿਲੋਂ ਮੈਂ ਕਰੂੰ ਜੋ ਫਰਮਾਵੇਂਗੀ, ਸਹਿਤੀ ਸਾਫ ਦਿਲੋਂ ਤੂੰ ਸਮਝੇਂ ਕਿਉਂ ਇਨਕਾਰੀ। ਹੁਣ ਕੀ ਓਹਲਾ ਫਰਕ ਦਿਲਾਂ ਵਿਚ ਦਿਸਦਾ ਨਹੀਂ ਪਿਆਰੀਏ ਸਹਿਤੀ ਸੱਚ ਮਿਲਾਊਂ ਤੂੰ ਰੱਖ ਭਰੋਸਾ ਭਾਰੀ। ਜਵਾਬ ਸਹਿਤੀ ਜਾਣਾ ਸੱਦਣ ਕੁੜੀ ਨੂੰ ਸਹਿਤੀ ਨੂੰ ਖਬਰਾਂ ਹੋਈਆਂ ਕੁੜੀ ਨੇ ਜਾਣਾ ਸਿਆਲਾਂ ਨੂੰ, ਹੀਰ ਨਾਲ ਸਲਾਹ ਕਰ ਘਰ ਉਹਨਾਂ ਦੇ ਆਈ। ਆ ਕੇ ਪੁੱਛਦੀ ਦੱਸ ਜੇ ਤੈਂ ਜਾਣਾ ਸਿਆਲਾਂ ਨੂੰ, ਦੇਣ ਸੁਨੇਹਾ ਖਾਤਰ ਹੀਰ ਨੇ ਬਲਾਈ। ਐਨੀ ਸੁਣ ਕੇ ਕੁੜੀ ਉੱਠ ਨਾਲੇ ਤੁਰਪੀ ਸਹਿਤੀ ਦੇ, ਰਾਹ ਵਿਚ ਆਉਂਦੀ ਆਉਂਦੀ ਸਹਿਤੀ ਨੇ ਭੁਗਤਾਈ। ਦੋਵੇਂ ਆ ਕੇ ਮੂਹਰੇ ਪੁੱਛਣ ਬੈਠੀਆਂ ਹੀਰ ਨੂੰ, ਭਾਬੋ ਦੱਸ ਗੱਲ ਜਿਹੜੀ ਕਾਰਨ ਤੈਂ ਸਦਵਾਈ। ਨੇਮ ਕਸਮ ਕਰਾ ਕੇ ਦੱਸੀਆਂ ਪਿਛਲੀਆਂ ਹੀਰ ਨੇ, ਜੋ ਜਿੰਦ ਨਾਲ ਬੀਤੀ, ਸੋਈ ਖੋਲ ਸੁਣਾਈ। ਖੇੜਿਆਂ ਕਸਮ ਖਾਧੀ ਅੰਨ ਜਲ ਹੱਥ ਫੜਾਉਣ ਦੀ, ਨਾ ਹੈ ਨਣਦ ਹੀਰ ਦੀ, ਸੱਸ ਦੇ ਨਾਲ ਸਫਾਈ। ਦੁਸ਼ਮਣ ਖੇੜੇ ਬਣਗੇ ਹਰ ਦਮ ਮੇਰੀ ਜਾਨ ਦੇ, ਤੈਂ ਬਿਨ ਮੇਰਾ ਕੋਈ ਨਾ ਐਥੇ ਸੁਖਦਾਈ। ਸਹਿ ਸਹਿ ਕਰਦੀ ਰਹਿੰਦੀ ਜਾਨ ਇਕੱਲੀ ਹੀਰ ਦੀ, ਸ਼ੁਕਰ ਕਰ ਕਰ ਘੜੀ ਜੁੱਗ ਸਮਾਨ ਲੰਘਾਈ। ਹਾਰ ਸ਼ਿੰਗਾਰ ਲਾਹ ਕੇ, ਹੋ ਸੁੰਨੀ ਜਿਹੀ ਰਹਿੰਦੀ ਮੈਂ, ਰੇਸ਼ਮ ਦਾਰ ਪੁਸ਼ਾਕੀ ਖੂੰਟੀ ਨਾਲ ਟੰਗਾਈ। ਖਾਣ ਨਾ ਪਹਿਨਣ ਸੁੱਝਦਾ ਤੈਂ ਬਿਨ ਤੇਰੀ ਹੀਰ ਨੂੰ, ਬਣ ਕੇ ਪੀਰ ਜੋ ਹੀਰ ਮਸੀਤ ਤੈਂ ਬਣਾਈ। ਕਲਮਾਂ ਪੜ੍ਹ ਤੂੰ ਆ ਕੇ ਸੱਚੇ ਪਾਕ ਰਸੂਲ ਦਾ, ਹੀਰ ਮਸੀਤ ਤੇਰੀ ਨੂੰ, ਆਜੇ ਜੇ ਸਤਲਾਈ। ਸਾਰੇ ਦੁੱਖੜੇ ਦੱਸ ਕੇ ਹੀਰ ਸੁਨੇਹੇ ਵਾਲੀ ਨੂੰ, ਬੁਝੀ ਅਗਨ ਚਾਕ ਦੀ, ਫੂਕ ਮਾਰ ਸੁਲਘਾਈ। ਜੋਗੀ ਬਣਕੇ ਭੇਖ ਵਟਾ ਕੇ ਮੁੰਦਰਾ ਪਹਿਨ ਕੇ, ਕਿਸੇ ਬਹਾਨੇ ਦੇ ਜਾ, ਹੀਰ ਨੂੰ ਦਿਖਾਈ। ਜੋ ਜੋ ਬੀਤਿਆ ਹੀਰ ਨੇ ਦੱਸਿਆ ਓਸ ਜਟੇਟੀ ਨੂੰ, ਬਾਕੀ ਰਹਿੰਦੀ ਜੋ ਗੱਲ, ਤੁਰਦੀ ਨੂੰ ਸਮਝਾਈ। ਏਹ ਸੁਨੇਹਾ ਬਹਿ ਸਮਝਾਈਂ ਮੇਰੇ ਯਾਰ ਨੂੰ, ਤੈਂ ਬਿਨ ਡਿੱਠੇ ਬਚਦੀ ਨਾ ਚੂਚਕ ਦੀ ਜਾਈ। ਲੜ ਗੱਠ ਦੇ ਕੇ ਸਾਂਭ ਸੁਨੇਹਾ ਤੁਰੀ ਕਰ ਤਿਆਰੀਆਂ, ਮਿਲ ਮਿਲ ਕੁੜੀਆਂ ਮੁੜੀਆਂ, ਜੱਟੀ ਕਰੀ ਚੜ੍ਹਾਈ। ਖਾਵੰਦ ਨਾਲ ਗੱਲਾਂ ਕਰਦੀ ਜਾਂਦੀ ਪਰਚਦੀ, ਦੇਣ ਸੁਨੇਹਾ ਸਿਆਲੀਂ ਪਹੁੰਚੀ ਚਾਈਂ ਚਾਈਂ। ਜਵਾਬ ਵਹੁਟੀ ਰੰਗਪੁਰ ਖੇੜਿਆਂ ਦੀ ਦਰੌਜੇ ਸਿਆਲੀਂ ਆਈ ਐ, ਪੁੱਛਦੀ ਖਬਰ ਚਾਕ ਦੀ ਘਰ ਚੂਚਕ ਦੇ ਜਾ ਕੇ। ਅੱਗੇ ਮਿੱਠੀ ਫੱਤੀ ਕੁੱਲ ਸਹੇਲੀ ਹੀਰ ਦੀ, ਕੱਤਣ ਹੱਸਣ ਖੇਲਣ ਗਾਉਣ ਭੰਡਾਰ ਜੋ ਲਾ ਕੇ। ਚੱਕ ਕੇ ਪੀੜ੍ਹਾ ਅੱਗਿਉਂ ਉੱਠ ਕੇ ਮਿੱਠੀ ਨੈਣ ਨੇ, ਵਹੁਟੀ ਕੋਲ ਬਹਾਈ ਪੀੜ੍ਹਾ ਅੱਗੇ ਡਹਾ ਕੇ। ਆਦਰ ਨਾਲ ਸੁਨੇਹੇ ਪੁੱਛਦੀ ਮਿੱਠੀ ਹੀਰ ਦੇ, ਤੁੱਲੀ ਕੋਲੇ ਬਹਿਗੀ ਸੁਣ ਨਾਉਂ ਹੀਰ ਦਾ ਆ ਕੇ। ਦੱਸ ਦੱਸ ਹੀਰ ਦੇ ਸੁਨੇਹੇ ਡੁਲਾਈਆਂ ਸਾਰੀਆਂ, ਰੋਂਦੀ ਰਹੇ ਰਾਤ ਦਿਨ ਵਹੁਟੀ ਕਹੇ ਸੁਣਾ ਕੇ। ਅੰਨ ਜਲ ਤਜਿਆ ਹੱਸ ਨਾ ਕਦੇ ਕਿਸੇ ਨਾਲ ਬੋਲਦੀ, ਰਹਿੰਦੀ ਹੋ ਸੁੰਨੀ ਜਿਹੀ, ਸਿੱਟੇ ਸ਼ਿੰਗਾਰ ਸਭ ਲਾਹ ਕੇ। ਸੁਣ ਕੇ ਹਾਲ ਹੀਰ ਦਾ ਇੰਝੂ ਡਿਗਿਆ ਸਭਨਾਂ ਦੇ, ਜਦ ਗਲ ਸੁਣ ਨਾ ਹੋਈ ਉੱਠੀ ਤੁੱਲੀ ਘਬਰਾ ਕੇ। ਅੱਖ ਬਚਾ ਕੇ ਮਿੱਠੀ ਉਠਗੀ ਵਿਚੋਂ ਤ੍ਰਿੰਝਣਾਂ ਦਿਉਂ, ਵਹੁਟੀ ਪਾਸ ਲਿਆਂਦਾ ਕਿਧਰੋਂ ਟੋਲ ਸਦਾ ਕੇ। ਸੈਨਤ ਮਾਰ ਕੇ ਉਠਾ ਕੇ ਮਿੱਠੀ ਵਹੁਟੀ ਨੂੰ, ਲੈਗੀ ਬਾਹਰ ਚਾਕ ਕੋਲ ਪੀਹੜੇ ਉਤੋਂ ਉਠਾ ਕੇ। ਸੁਣਲੈ ਹੀਰ ਦੇ ਸੁਨੇਹੇ ਵਹੁਟੀ ਦਸਦੀ ਐ, ਜੋ ਕੁਛ ਆਖਿਆ ਤੇਰੀ ਬਾਬਤ ਦਿਲੋਂ ਲਗਾ ਕੇ। ਮਾਲਾ ਤੇਰੇ ਨਾਉਂ ਦੀ ਦਿਨ ਤੇ ਰਾਤ ਹੈ ਫੇਰਦੀ, ਪੜ੍ਹ ਪੜ੍ਹ ਜਿਉਂਦੀ ਹੈ ਨਿੱਤ ਤੇਰਾ ਨਾਮ ਧਿਆ ਕੇ। ਸੌ ਸੌ ਅਰਜ਼ ਗੁਜ਼ਾਰੀ ਤੇਰੀ ਖਾਤਰ ਹੀਰ ਨੇ, ਲੱਖ ਲੱਖ ਤੋਬਾ ਕਰਕੇ ਕਹੇ ਵਾਸਤਾ ਪਾ ਕੇ। ਮਾਰੀ ਤੜਪੇ ਮੀਆਂ ਤੇਰੇ ਪਏ ਵਿਯੋਗ ਦੀ, ਜਿਉਂਦੀ ਰੱਖ ਲੈ ਜਾਹ ਵੇ ਛੇਤੀ ਮੁੱਖ ਦਿਖਾ ਕੇ। ਵਕਤ ਥੋੜ੍ਹਾ ਗੱਲਾਂ ਹਨ ਦੱਸਣ ਨੂੰ ਬਹੁਤੀਆਂ, ਛੇਤੀ ਮੁੜਨਾ ਮੈਂ ਘਰ ਆਈ ਨੀ ਖਬਰ ਪੁਚਾ ਕੇ। ਦਾੜ੍ਹੀ ਪਟੇ ਮੁਨਾ ਕੇ ਕੰਨ ਪੁੜਵਾਈਂ ਜੋਗੀ ਤੂੰ, ਖੇੜੀਂ ਤਾਂ ਪਹੁੰਚੀਂਂ ਜਦ ਐਸਾ ਭੇਸ ਵਟਾ ਕੇ। ਕਰਕੇ ਖੂਬ ਤਸੱਲੀ ਦਿੱਤੇ ਸੁਨੇਹੇ ਹੀਰ ਦੇ, ਮੁੜੀਆਂ ਘਰ ਨੂੰ ਤਦ ਜਦ ਉੱਠੀ ਸਭ ਸਮਝਾ ਕੇ। ਜਵਾਬ ਸ਼ਾਇਰ ਸੁਣਕੇ ਸੁਨੇਹਾ ਹੀਰ ਦਾ ਲੱਗੀ ਉਦਾਸੀ ਚਾਕ ਨੂੰ, ਮੇਹੀਂ ਗਾਈਂ ਚੂਚਕ ਦੀਆਂ ਚਾਰਨ ਤੋਂ ਰਹਿ ਗਿਆ। ਦਿਲ ਵਿਚ ਸੋਚ ਪੈ ਗਈ, ਕਦ ਜਾ ਦੇਖਾਂ ਹੀਰ ਨੂੰ, ਭੁੰਜੇ ਮਾਰ ਦੁਹੱਥੜਾ ਹੱਥ ਧਰ ਮੱਥੇ ਜੋ ਬਹਿ ਗਿਆ। ਦੇਸ ਦੁਸ਼ਮਣ ਹੈ, ਨਾ ਕੋਈ ਵਸੀਲਾ ਮਿਲਣੇ ਦਾ, ਸਿਆਲੀਂ ਖੰਧਾ ਚਾਰਨ ਵਾਲਾ ਆਸਰਾ ਢਹਿ ਗਿਆ। ਲੱਖ ਲੱਖ ਕਰੇ ਦਲੀਲਾਂ ਕੋਈ ਸੂਤ ਨਾ ਆਉਂਦੀ ਐ, ਸੋਗ ਗਮਾਂ ਨੇ ਘੇਰਿਆ ਸ਼ੌਂਕ ਵੱਲੋਂ ਜੀਅ ਲਹਿ ਗਿਆ। ਭੂਰੀ ਖੂੰਡੀ ਤੁੱਲੀ ਚੂਚਕ ਮੂਹਰੇ ਸਿੱਟਲੀ ਹੈ, ਮੇਹੀਂ ਖਾਣ ਖਸਮ ਨੂੰ, ਭੁੱਬਾਂ ਈ ਮਾਰਨ ਡਹਿ ਗਿਆ। ਤੁੱਲੀ ਚੂਚਕ ਸਿਰ ਪਲੋਸ ਦਿਲਾਸਾ ਦਿੰਦੇ ਨੇ, ਆਦਰ ਕਰਨ ਬਥੇਰਾ ਵਾਂਗ ਬਿੱਲੀ ਦੇ ਸਹਿ ਗਿਆ। ਸਬਰ ਸਬੂਰੀ ਕਰ ਜਾ ਬੈਠਾ ਵਿੱਚ ਤਬੇਲੇ ਦੇ, ਦਿਲ ਕਰ ਪੱਥਰ ਹਜ਼ੂਰ ਵਿਛੋੜਾ ਹੀਰ ਦਾ ਸਹਿ ਗਿਆ। ਜਵਾਬ ਰਾਂਝਾ ਮਨ ਨਾਲ ਸੋਚਾਂ ਕਰਦੇ ਨੂੰ ਦਿਨ ਚੜ੍ਹ ਗਿਆ ਰਾਤ ਬੀਤਗੀ, ਸਾਰੀ ਰਾਤ ਰੋ ਰੋ ਅੱਖੀਆਂ ਸੁਜਾਈਆਂ। ਕਰੀ ਵਿਚਾਰ ਵਸੀਲਾ ਰਿਹਾ ਨਾ ਵਿੱਚ ਸਿਆਲਾਂ ਦੇ, ਉੱਠ ਕੇ ਤਖਤ ਹਜ਼ਾਰੇ ਨੂੰ ਕਰੀਆਂ ਚੜ੍ਹਾਈਆਂ। ਰਾਹੀ ਹੋ ਕੇ ਤੁਰਿਆ ਜਾਵੇ ਸੋਚਾਂ ਸੋਚਦਾ, ਤਖਤ ਹਜ਼ਾਰੇ ਚੱਲੀਏ ਜੇ ਠੱਠੇ ਨਾ ਕਰਨ ਭਰਜਾਈਆਂ। ਲੱਖ ਲੱਖ ਕਰੇ ਵਿਚਾਰਾਂ ਕੋਈ ਸੂਤ ਨਾ ਬੈਠਦੀ, ਦਿਲ ਨੂੰ ਕਰੜਾ ਕਰਕੇ ਕਰੀਆਂ ਢਾਬ ਨੂੰ ਧਾਈਆਂ। ਓਥੇ ਲੱਗਜੂ ਪਤਾ ਪਿਆਰ ਤੇ ਬੁਰਿਆਈ ਦਾ, ਜਿੱਥੇ ਮਾਹੀ ਪਾਲੀ ਬੈਠਣ ਮੱਝੀਆਂ ਗਾਈਆਂ। ਜੰਡਾਂ ਵਾਲੀ ਢਾਬ ਉੱਤੇ ਜਾ ਕੇ ਬੈਠ ਗਿਆ, ਸਿਆਣ ਲੋਕਾਂ ਨੇ ਜਾ ਖਬਰਾਂ ਘਰੀਂ ਪੁਚਾਈਆਂ। ਪਿੰਡ ਵਿਚ ਜਾ ਕੇ ਦੱਸਿਆ ਧੀਦੋ ਬੈਠਾ ਢਾਬ ਤੇ, ਸੁਣ ਕੇ ਲਾਲੇ ਨੂੰ ਸਭ ਲੋਕ ਦੇਣ ਵਧਾਈਆਂ। ਲੋਕਾਂ ਕੋਲੋਂ ਸੁਣ ਕੇ ਰਾਂਝਾ ਬੈਠਾ ਢਾਬ ਤੇ, ਲਾਲੇ ਭਾਬੀ ਦੇ ਮਨ ਖੁਸ਼ੀਆਂ ਚੜ੍ਹਨ ਸਵਾਈਆਂ। ਜਵਾਬ ਭਰਜਾਈਆਂ ਸੁਣ ਕੇ ਰਾਂਝੇ ਨੂੰ ਭਰਜਾਈਆਂ ਆਈਆਂ ਲੈਣ ਨੂੰ, ਪੰਜ ਸੱਤ ਹੋਰ ਰਲਾਈਆਂ ਬੰਨ੍ਹ ਕੇ ਤੁਰੀਆਂ ਲਾਰ ਸੀ। ਦੂਰੋਂ ਬੈਠਾ ਦੇਖ ਖੁਸ਼ੀ ਮਨਾਈ ਸਭਨਾਂ ਨੇ, ਸਿਰ ਪਰ ਆਣ ਖਲੋਤੀਆਂ ਜਿਉਂ ਮੂਨਾ ਦੀ ਡਾਰ ਸੀ। ਨਖਰੇ ਕਰ ਕਰ ਮਿਹਣੇ ਮਾਰਨ ਮੂਹਰੇ ਬੈਠ ਕੇ, ਸਾਨੂੰ ਹੀਰ ਦਿਖਾ ਵੇ ਕਿੱਥੇ ਤੇਰੀ ਨਾਰ ਸੀ। ਬਾਰਾਂ ਵਰ੍ਹੇ ਚਰਾਈਆਂ ਜਿਸ ਦੀ ਖਾਤਰ ਖੋਲੀਆਂ, ਘਰ ਨੂੰ ਲਿਆਉਣੀ ਸੀ ਬਿਠਾਈ ਕਾਹਤੋਂ ਬਾਹਰ ਸੀ। ਸੋ ਹੁਣ ਕਿੱਥੇ ਹੈ ਲੈ ਜਾਵਾਂ ਘਰ ਨੂੰ ਹੀਰ ਮੈਂ, ਲਾਲੇ ਕਹਿੰਦੀ ਜਿਹੜੀ ਲਿਆਇਆ ਖੰਧਾ ਚਾਰ ਸੀ। ਖਾਲੀ ਹੱਥੀਂ ਕਿਉਂ ਮੁੱਖ ਦੇਖੂੰ ਤੇਰੀ ਹੀਰ ਦਾ, ਜੇ ਮੁੱਖ ਦੇਖੂੰ ਛੱਲਾ ਪਾ ਸੋਨੇ ਦੀ ਆਰਸੀ। ਸਾਨੂੰ ਦੇਖ ਆਉਂਦੀਆਂ ਹੀਰ ਲਕੋਈ ਰਾਂਝਣਾ, ਦੱਸ ਵੇ ਦਿਉਰਾ ਸਾਡੇ ਨਾਲ ਕੀ ਤੇਰੀ ਖਾਰ ਸੀ। ਕਿਉਂ ਸ਼ਰਮਿੰਦਾ ਹੁੰਨੈ ਹੀਰ ਦਿਖਾ ਭਰਜਾਈਆਂ ਨੂੰ, ਕਿਹਾ ਕੁ ਸੁਹਣਾ ਦਿਖਾ ਦੇ ਹੀਰ ਦਾ ਦਿਦਾਰ ਸੀ। ਦੱਸ ਮੰਗਵਾਵਾਂ ਡੋਲਾ ਹੀਰ ਲੈ ਚੱਲੀਏ ਘਰ ਨੂੰ ਵੇ, ਜਿਹੜੀ ਲਿਖ ਲਿਖ ਭੇਜੀ ਖਤ 'ਚ ਫੁੱਲਾਂ ਦੇ ਭਾਰ ਸੀ। ਲਾਰੇ ਲਾ ਕੇ ਮੇਹੀਂ ਚਰਾਈਆਂ ਤੈਂ ਜਹੇ ਪਾਗਲ ਤੋਂ, ਚੱਲ ਉੱਠ ਘਰ ਨੂੰ ਰੰਨਾਂ ਦੇ ਏਹੋ ਜਹੇ ਇਕਰਾਰ ਸੀ। ਤੈਂ ਜਹੇ ਮੂਰਖ ਨੂੰ ਕਿਨੇ ਹੀਰ ਵੇ ਨਿਕਾਹੁਣੀ ਸੀ, ਛੇਕੜ ਤਖਤ ਹਜ਼ਾਰੇ ਆ ਵੜਿਆ ਝੱਖ ਮਾਰ ਸੀ। ਜੇਕਰ ਸਿਆਲ ਕੁੜੀਆਂ ਦੇਣ ਨਿਕਾਹ ਗੁਲਾਮਾਂ ਨੂੰ, ਜੰਮਣ ਮਗਰੋਂ ਪਹਿਲਾਂ ਲੈਣ ਨਿਕਾਹ ਕਰ ਕਾਰ ਸੀ। ਬਾਹੋਂ ਪਕੜ ਉਠਾਉਂਦੀ ਹੱਸ ਮੁਸਕੜੀਏਂ ਦਿਉਰ ਨੂੰ, ਲਾਲੇ ਜਿੱਤਗੀ ਬਾਜ਼ੀ ਤੂੰ ਬੈਠਾ ਹੁਣ ਹਾਰ ਸੀ। ਛੱਡ ਮਰੋੜ ਮਕਰ ਕਾਹਨੂੰ ਬਹੁਤ ਖਲਾਰਦੈਂ, ਓੜਕ ਰੁਲਣਾ ਲਾਲੇ ਭਾਬੀ ਦੇ ਦੁਆਰ ਸੀ। ਬਾਂਹ ਛੁਡਾ ਕੇ ਉੱਠ ਕੇ ਖੜ ਗਿਆ ਮੂਹਰੇ ਲਾਲੇ ਦੇ, ਬਹੁਤ ਕਰੋਧ ਨਾਲ ਜੋ ਬੋਲਿਆ ਗੁੱਸਾ ਧਾਰ ਸੀ। ਜਵਾਬ ਧੀਦੋ ਲਾਲੇ ਨੂੰ ਗੁੱਸੇ ਨਾਲ ਜਵਾਬ ਸੁਣਾਵੇ ਧੀਦੋ ਲਾਲੇ ਨੂੰ, ਜੰਮਣਾਂ ਕਿਉਂ ਐਂ ਜੇ ਨਾ ਹੀਰ ਲਿਆਣ ਦਿਖਾਈ। ਤਾਹਨੇ ਮਿਹਣੇ ਸਭ ਨੂੰ ਕਰੂੰ ਟਿਕਾਣੇ ਦੇਣ ਤੋਂ, ਜਿਸ ਦਿਨ ਹੀਰ ਲਿਆ ਮੈਂ ਤੇਰੇ ਕੋਲ ਬਹਾਈ। ਓਦਣ ਰਾਂਝਾ ਭਾਬੋ ਤਖਤ ਹਜ਼ਾਰੇ ਆਊਂ ਮੈਂ, ਹੁਣ ਜਦ ਨਾਲ ਚਾਕ ਦੇ ਹੋਊ ਚੂਚਕ ਦੀ ਜਾਈ। ਏਦੂੰ ਪਰ੍ਹੇ ਬੋਲੀਆਂ ਹੋਰ ਕਿਹੜੀਆਂ ਮਾਰੇਂਗੀ, ਜਿਹੜੀ ਕਹਿਣੀ ਸੀ ਤੈਂ ਕਹਿ ਕੇ ਸੋਈ ਸੁਣਾਈ। ਆਉਂਦੇ ਸਾਰ ਤੂੰ ਮਿਹਣੇ ਮਾਰਨ ਲੱਗ ਗੀ ਧੀਦੋ ਨੂੰ, ਦੱਸ ਤੈਂ ਕਿਹੜੀ ਕੀਤੀ ਆ ਕੇ ਨੀ ਸਫਾਈ। ਹੋਰ ਬਾਕੀ ਜਿਹੜੀ ਰਹਿੰਦੀ ਐ ਗੱਲ ਕਹਿਣ ਤੋਂ, ਉਹ ਵੀ ਕਹਿ ਲੈ ਭਾਬੋ ਜੋ ਤੇਰੇ ਮਨ ਆਈ। ਮਿਹਣੇ ਦੁਨੀਆਂ ਮਾਰੇ ਚਿੱਤ ਧਰੇ ਨਾ ਚਾਕ ਨੇ, ਤੇਰੀ ਬੋਲੀ ਨੇ ਭਾਬੀ ਸੀਨੇ ਨੂੰ ਅੱਗ ਲਾਈ। ਇਹਨਾਂ ਤਾਹਨੇ ਤੇਰਿਆਂ ਮੈਂ ਅੱਗੇ ਟਾਹਿਆ ਭਾਬੀਏ, ਕਿਸੇ ਭਾਈ ਨੇ ਨਾ ਘੂਰ ਤੂੰ ਹਟਾਈ। ਹੁਣ ਕੀ ਭਾਈ ਮੈਨੂੰ ਵੰਡ ਮੁਰੱਬਾ ਦੇਣਗੇ, ਓੜਕ ਦਗੇਦਾਰ ਹਨ ਭਰਜਾਈਆਂ ਭਾਈ। ਬੱਸ ਹੁਣ ਮੁੱਕਦੀ ਕਰ ਗੱਲ ਹੋਰ ਜਵਾਬ ਸੁਣਾਈਂ ਨਾ, ਤੇਰੇ ਤਖਤ ਹਜ਼ਾਰੇ, ਮੈਂ ਰਾਂਝਾ ਰਹਿੰਦਾ ਨਾਹੀਂ। ਜਵਾਬ ਲਾਲੇ ਰਾਂਝੇ ਨੂੰ ਹੱਸ ਕੇ ਮੁਸਕੜੀਏਂ ਰੰਨ ਮੂਹਰੇ ਬਹਿਗੀ ਦਿਉਰ ਦੇ, ਉੱਠ ਚੱਲ ਘਰ ਨੂੰ ਬਈ ਉਠਾਉਂਦੀ ਐ ਇਉਂ ਕਹਿ ਕੇ। ਮੂਹਰੇ ਬੈਠੀ ਹੱਸ ਹੱਸ ਕਰੇ ਨਿਹੋਰੇ ਦਿਉਰ ਨੂੰ, ਜਿਗਰੋਂ ਡੋਲੀ ਬੈਠੀ ਵਾਂਗ ਇਤਰ ਦੇ ਮਹਿਕੇ। ਡੱਕਾ ਇਕ ਨਾ ਤੋੜੀਂ ਬੈਠਾ ਚੌਧਰ ਕਰੀਂ ਤੂੰ, ਪਿਛਲੀ ਯਾਦ ਨੀ ਰਹਿਣੀ ਘਰ ਲਾਲੇ ਦੇ ਰਹਿ ਕੇ। ਬਾਰਾਂ ਵਰ੍ਹੇ ਅੰਧੇਰ ਕੱਟਿਆ ਚਾਨਣ ਤੇ ਬਿਨਾਂ, ਅੱਜ ਚੰਦ ਚੜ੍ਹਿਆ ਤਖਤ ਹਜ਼ਾਰੇ ਦੇ ਵਿਚ ਟਹਿਕੇ। ਤੈਨੂੰ ਦੇਖ ਖੁਸ਼ੀਆਂ ਹੋਈਆਂ ਤਖਤ ਹਜ਼ਾਰੇ ਨੂੰ, ਚੜ੍ਹਿਆ ਰੰਗ ਖੁਸ਼ੀ ਦਾ ਗਮੀ ਗਈ ਸਭ ਲਹਿ ਕੇ। ਦਿਲੋਂ ਮਥ ਨਾ ਆਖੀ, ਹਸਦੀ ਤੋਂ ਗੱਲ ਨਿਕਲਗੀ, ਉੱਠਣਾ ਭੁੱਲਗੀ ਐਂ, ਚੰਦ ਕੋਲ ਤੁਸਾਂ ਦੇ ਰਹਿ ਕੇ। ਔਸੀਆਂ ਪਾਵਾਂ ਕਾਗ ਉਡਾਵਾਂ ਤੇਰੇ ਆਉਣ ਦੀਆਂ, ਮਸਾਂ ਥਿਆਇਐਂ ਅਸਾਂ ਨੂੰ ਲੱਖ ਲੱਖ ਦੁੱਖੜੇ ਸਹਿ ਕੇ। ਸਾਂਭ ਜਗੀਰ ਆਪਣੀ ਆਖੇ ਲੱਗ ਭਰਜਾਈਆਂ ਦੇ, ਖਹਿੜਾ ਛੱਡ ਸਿਆਲ ਦਾ ਬਰਾਬਰ ਵਸ ਤੂੰ ਖਹਿ ਕੇ। ਚੱਲ ਉਠ ਘਰ ਨੂੰ ਛੱਡ ਮਰੋੜ ਦਿਉਰਾ ਸੋਹਣਿਆ, ਕਹੇ ਹਜ਼ੂਰ ਮਨਾ ਲਿਆ ਲਾਲੇ ਪੈਰੀਂ ਪੈ ਕੇ। ਜਵਾਬ ਸ਼ਾਇਰ ਪੈਰੀਂ ਪੈ ਮਨਾ ਕੇ ਲਾਲੇ ਲੈਗੀ ਦਿਉਰ ਨੂੰ, ਪਲੰਘ ਰੰਗੀਲਾ ਡਾਹ ਕੇ ਵਿਹੜੇ ਵਿਚ ਬਿਠਾਇਆ। ਧੀਦੋ ਮੁੜ ਕੇ ਆ ਗਿਆ ਸੁਣਿਆ ਭਾਈਚਾਰੇ ਨੇ, ਹੁੰਮ ਹੁੰਮਾ ਕੇ ਕੋੜਮਾ ਕੁੱਲ ਦੇਖਣ ਨੂੰ ਆਇਆ। ਪਹਿਲਾਂ ਆਣ ਸਲਾਮਾਲੇਕਮ ਲਈ ਸਭ ਭਾਈਆਂ ਨੇ, ਫੇਰ ਖਬਰਾਂ ਪੁੱਛੀਆਂ, ਦੱਸ ਕੀ ਨਫਾ ਕਮਾਇਆ। ਝੁਰਮਟ ਕੋਲੇ ਲੱਗ ਗਿਆ ਅਕਲ ਹੁਸਨ ਦਾ ਚਾਕ ਦੇ, ਰੂਪ ਅੱਡ ਈ ਚਾਕ ਦਾ, ਝੁਰਮਟ ਤੋ ਸਵਾਇਆ। ਨਾਰਾਂ ਆਖਣ ਮੁੱਖੜਾ ਆਈਆਂ ਦੇਖਣ ਹੀਰ ਦਾ, ਭਾਈਆਂ ਸ਼ੁਕਰ ਮਨਾਇਆ ਮਸਾਂ ਅਸਾਂ ਨੂੰ ਥਿਆਇਆ। ਹਾਣੀ ਧੀਦੋ ਦੇ ਚਲਿਲਾਉਣ ਖੜ੍ਹੇ ਵਿਚ ਠੋਕਰਾਂ, ਖੰਧਾ ਚਾਰ ਜੀਹਦੀ ਕਾਰਨ ਕਦਰ ਗਵਾਇਆ। ਮਾਂ ਸਿਵਰੱਤੀ ਮਾਰੀ ਮਰਗੀ ਤੇਰੇ ਵਿਯੋਗ ਦੀ, ਮੌਜੂ ਬਾਪ ਦੀ ਤੈਂ ਦਾਗ ਕਬਰ ਨੂੰ ਲਾਇਆ। ਦਾਨੇ ਪੁਰਸ਼ ਸਿਆਣੀਆਂ ਬੁੱਢੀਆਂ ਬਹਿ ਸਮਝਾਉਂਦੀਆਂ, ਦੱਸ ਹੁਣ ਭਾਈਆਂ ਦੇ ਵਿਚ ਕਿਉਂ ਤੈਂ ਕਦਰ ਘਟਾਇਆ। ਕਰ ਸਮਝੌਤਾ ਸਾਰੇ ਭਾਈਆਂ ਕੁੱਲ ਪੰਚਾਇਤ ਨੇ, ਤਖਤ ਹਜ਼ਾਰੇ ਮੋੜ ਕੇ ਧੀਦੋ ਫੇਰ ਵਸਾਇਆ। ਵੰਡ ਕੇ ਦਿੱਤੇ ਅਸਵਾਬ ਜ਼ਮੀਨ ਸਣੇ ਜਗੀਰ ਦੇ, ਮਦਦ ਕਰਕੇ ਭਾਈਆਂ ਨੇ ਅੱਡ ਮਕਾਨ ਪਵਾਇਆ। ਕੁਝ ਚਿਰ ਰਹਿੰਦਿਆਂ ਨੂੰ ਜਦ ਹੋ ਗਿਆ ਤਖਤ ਹਜ਼ਾਰੇ ਦੇ, ਲਿਖ ਕੇ ਖਤ ਖੇੜਿਆਂ ਤੋਂ, ਹੀਰ ਜੱਟੀ ਨੇ ਪਾਇਆ। ਜਵਾਬ ਹੀਰ ਸੁੱਕ ਕੇ ਪਿੰਜਰਾ ਹੋਗੀ ਮਾਰੀ ਹੀਰ ਵਿਜੋਗ ਦੀ, ਬਾਂਦੀ ਭੇਜ ਕੇ ਹੁਣ ਸਹਿਤੀ ਨੂੰ ਸਦਵਾਉਂਦੀ। ਡਿਗ ਡਿਗ ਪੈਂਦੀ ਹਾਂਗਿਆ ਰਹੀ ਨਾ ਤੁਰਨੇ ਫਿਰਨੇ ਦੀ, ਬੰਨ੍ਹ ਕੇ ਜਿਗਰਾ ਬਹਿ ਕੇ ਚਿੱਠੀ ਹੈ ਲਿਖਾਉਂਦੀ। ਤਜਿਆ ਅੰਨ ਜਲ ਵਸਤਰ ਨਹੀਂ ਸੁਖਾਂਦੇ ਦੇਹੀ ਨੂੰ, ਮੱਚ ਮੱਚ ਉੱਠਣ ਭਬੂਕੇ, ਭਾਏ ਇਸ਼ਕ ਦੀ ਤਾਉਂਦੀ। ਆਪ ਭਾਈਏਂ ਜਾਂ ਭਰਜਾਈਏਂ ਪਰਚ ਗਿਆ ਰਾਂਝਣਾ, ਸਾਨੂੰ ਮਿਹਣਾ ਤੇਰਾ ਜਣੀ ਖਣੀ ਹੈ ਲਾਉਂਦੀ। ਚੰਦ ਜਿਉਂ ਕਰਾਂ ਉਡੀਕਾਂ ਰਾਤ ਦਿਨੇਂ ਮੈਂ ਤੇਰੀਆਂ, ਦਰਸ਼ਣ ਤੇਰੇ ਨੂੰ ਰੂਹ ਨਿੱਤ ਮੇਰੀ ਤਰਸਾਉਂਦੀ। ਦਰਸ਼ਣ ਦੇ ਕੇ ਜਿਉਂਦੀ ਰੱਖ ਲੈ ਆ ਕੇ ਹੀਰ ਨੂੰ, ਨਹੀਂ ਮੈਂ ਮਰੂੰ ਤਰਸਕੇ ਸੱਚ ਤੈਨੂੰ ਫੁਰਮਾਉਂਦੀ। ਦਰਸ਼ਣ ਤੇਰੇ ਨੂੰ ਮੈਂ ਵਲਿਕਾਂ ਵਾਂਗ ਬੰਬੀਹੇ ਦੇ, ਦਰਸ਼ਣ ਤੇਰਾ ਬੂੰਦ ਬਿਨ ਸ਼ਾਂਤ ਹੀਰ ਨਾ ਆਉਂਦੀ। ਜੇ ਤੂੰ ਸਮਝੀ ਹਸਦੀ ਵਸਦੀ ਹੈ ਵਿਚ ਖੇੜਿਆਂ ਦੇ, ਰੋਂਦੀ ਹੰਝੂ ਪੂੰਝਦੀ ਗੀਤ ਗਮਾਂ ਦੇ ਗਾਉਂਦੀ। ਜੇ ਰੱਬ ਵਸਦੈ ਮਨ ਤਾਂ ਆਣ ਮਿਲੀਂ ਤੂੰ ਹੀਰ ਨੂੰ, ਅਜੇ ਵੀ ਆਸ ਨਾ ਤੇਰੀ ਦਿਲੋਂ ਮੈਂ ਮੁਕਾਉਂਦੀ। ਜੋਗੀ ਹੋਈਂ ਭੇਸ ਵਟਾਈਂ ਮਿੱਤਰਾ ਮੇਰਿਆ, ਮੇਰੀ ਅਰਜ਼ ਹੀਰ ਦੀ ਸੁਣਲੀਂ ਮੈਂ ਸੁਣਾਉਂਦੀ। ਲਿਖ ਕੇ ਦੁਖੜੇ ਸਾਰੇ ਵਿੱਚ ਲਿਫਾਫੇ ਦੇ ਹੀਰ ਨੇ, ਸੱਦ ਕੇ ਕਾਸਦ ਦੇ ਹੱਥ ਚਿੱਠੀ ਚੱਕ ਫੜਾਉਂਦੀ। ਤੁਰਨੇ ਵੇਲੇ ਹੋਰ ਜ਼ਬਾਨੀਂ ਦੱਸਿਆ ਕਾਸਦ ਨੂੰ, ਦੱਸ ਕੇ ਤਖਤ ਹਜ਼ਾਰਾ ਧੀਦੋ ਪਾਸ ਪੁਚਾਉਂਦੀ। ਜਵਾਬ ਕਾਸਦ ਰਾਂਝੇ ਨੂੰ ਲੈ ਕੇ ਖਤ ਖੇੜਿਆਂ ਤੋਂ ਕਾਸਦ ਤੁਰ ਪਿਆ ਹੀਰ ਦਾ, ਇਕ ਦੋ ਮੰਜ਼ਲਾਂ ਕਰਕੇ ਪਹੁੰਚਿਆ ਤਖਤ ਹਜ਼ਾਰੇ। ਪਤਾ ਟਿਕਾਣਾ ਪੁੱਛ ਕੇ ਮਿਲਿਆ ਜਾ ਕੇ ਧੀਦੋ ਨੂੰ, ਚਿੱਠੀ ਫੜ ਓ ਹੀਰ ਦੀ, ਮੈਂ ਢੂੰਡ ਥੱਕਿਆ ਸਾਰੇ। ਪਹਿਲਾਂ ਆਦਰ ਨਾਲ ਬਿਠਾ ਕੇ ਧੀਦੋ ਕਾਸਦ ਨੂੰ, ਫੜ ਕੇ ਖਤ ਮਸ਼ੂਕ ਦਾ ਸੌ ਸੌ ਸ਼ੁਕਰ ਗੁਜ਼ਾਰੇ। ਦੁੱਖੜੇ ਪੜ੍ਹੇ ਲਿਖੇ ਜਦ ਅੱਖਰ ਖੋਜ ਕੇ ਚਾਕ ਨੇ, ਮਨ ਨਾ ਧੀਰ ਜੁ ਬੰਨ੍ਹਦਾ ਰੋਂਦਾ ਮਾਰ ਕੇ ਨਾਅਰੇ। ਕਾਸਦ ਦੇਹ ਦਿਲਾਸਾ ਧੀਰ ਬੰਨ੍ਹਾਵੇ ਚਾਕ ਦੀ, ਅੱਗੇ ਕਈ ਤੜਫ ਕੇ ਮਰੇ ਮਸ਼ੂਕਾਂ ਦੇ ਮਾਰੇ। ਬੰਨ੍ਹ ਦਲੇਰੀ ਗੱਲਾਂ ਸੁਣ ਤੂੰ ਮੀਆਂ ਮਸ਼ੂਕ ਦੀਆਂ, ਦਿਨ ਨੂੰ ਰੋਂਦੀ ਹੀਰ ਗਿਣੇ ਰਾਤ ਨੂੰ ਤਾਰੇ। ਤਜ ਕੇ ਅੰਨ ਜਲ ਨਾਲ ਉਧਾਰ ਤੁਸਾਂ ਦੇ ਜਿਉਂਦੀ ਐ, ਬਿੰਦ ਨਾ ਭੁਲਦੀ ਰਾਂਝਾ ਰਾਂਝਾ ਪਈ ਉਚਾਰੇ। ਜੁਲਫਾਂ ਖੁੱਲ੍ਹ ਕੇ ਗਲ ਵਿਚ ਪਈਆਂ ਤੇਰੀ ਹੀਰ ਦੇ, ਤਨ ਦੇ ਵਸਤਰ ਲਾਹ ਸਭ ਹਾਰ ਸ਼ਿੰਗਾਰ ਵਿਸਾਰੇ। ਤੜਪੇ ਪਈ ਰਾਤ ਦਿਨ ਫੱਟੜ ਤੇਰੇ ਵਿਜੋਗ ਦੀ, ਅਜੇ ਨਾ ਭੁਲਦੀ ਜਾਈਏ ਆਸ਼ਕ ਦੇ ਬਲਿਹਾਰੇ। ਸੌ ਸੌ ਅਰਜ ਗੁਜ਼ਾਰੀ ਮਿਲਣੇ ਖਾਤਰ ਹੀਰ ਨੇ, ਜੋਗੀ ਬਣਕੇ ਫੇਰੀ ਪਾਜਾ ਕਿਵੇਂ ਦੁਆਰੇ। ਜਵਾਬ ਰਾਂਝਾ ਕਲਮ ਦਵਾਤ ਹੱਥ ਫੜ ਲਿਖਦਾ ਖਤ ਮਸ਼ੂਕ ਨੂੰ, ਲਿਖਦਾ ਸੋਚ ਸਮਝ ਕੇ ਜੋ ਆਸ਼ਕ ਦੇ ਝੇੜੇ। ਅਸੀਂ ਰੁਲਦੇ ਫਿਰਦੇ ਮਾਰੇ ਤੇਰੇ ਫਿਰਾਕ ਦੇ, ਵਿਆਹ ਕੇ ਲੈ ਗੇ ਜਿਸ ਦਿਨ ਦੇ ਤੁਸਾਂ ਨੂੰ ਖੇੜੇ। ਸਾਡਾ ਹਾਲ ਫਕੀਰਾਂ ਆਪ ਕਰੇਂ ਸਰਦਾਰੀਆਂ, ਭੈਣ ਨਾ ਭਾਈ ਸਾਕ ਕੋਈ ਮਿੱਤਰ ਨਾ ਢੁਕਦਾ ਨੇੜੇ। ਆਪ ਤੂੰ ਮੌਜਾਂ ਕਰਦੀ ਸੇਜੀਂ ਚੜ੍ਹਕੇ ਸੌਨੀਂ ਐਂ, ਸਾਨੂੰ ਦੁਖੜੇ ਭਰਨੇ ਪਏ ਜਬਾਨ ਦੇ ਫੇੜੇ। ਅੱਗੇ ਚਾਕ ਸਦਾਈਏ ਹੁਣ ਜੋਗੀ ਬਣ ਆਵਾਂਗੇ, ਰੱਖੀਂ ਸਿਆਣ ਅਸਾਂ ਦੀ ਆਣ ਵੜਾਂ ਜਦ ਵਿਹੜੇ। ਲਿਖ ਕੇ ਚਿੱਠੀ ਰਾਂਝੇ ਹੱਥ ਫੜਾਈ ਕਾਸਦ ਦੇ, ਰੱਖੇ ਆਸ ਮਿਲਣ ਦੀ ਝਗੜੇ ਦਿਲੋਂ ਨਬੇੜੇ। ਚਿੱਠੀ ਹੱਥ ਫੜਾ ਕੇ ਕਾਸਦ ਤੋਰਿਆ ਖੇੜਿਆਂ ਨੂੰ, ਆਪ ਦਲੀਲਾਂ ਕਰਦਾ ਢੰਗ ਬਣਾਈਏ ਕਿਹੜੇ। ਜੋਗੀ ਬਣ ਕੇ ਮੁੰਦਰਾਂ ਪਹਿਨ ਵਟਾਈਏ ਭੇਖ ਨੂੰ, ਫੰਧ ਸੋ ਕਰੀਏ ਮੈਨੂੰ ਹੀਰ ਮਿਲੇ ਫੰਧ ਜਿਹੜੇ। ਜਵਾਬ ਕਾਸਦ ਦਾ ਚਿੱਠੀ ਲੈ ਕੇ ਖੇੜੀਂ ਜਾਣਾ ਲੈ ਕੇ ਚਿੱਠੀ ਚਾਕ ਦੀ ਕਾਸਦ ਤੁਰ ਪਿਆ ਖੇੜਿਆਂ ਨੂੰ, ਮੰਜ਼ਲੋ ਮੰਜ਼ਲੀ ਪਹੁੰਚਿਆ ਜੂਹ ਖੇੜਿਆਂ ਦੀ ਵੜਕੇ। ਖੇੜੀਂ ਪਹੁੰਚਿਆ ਕਾਸਦ ਡਿਉਡੀ ਜਾ ਕੇ ਅੱਜੂ ਦੀ, ਸੈਦਾ ਸੈਦਾ ਕਹਿਕੇ ਬੋਲ ਮਾਰਦਾ ਖੜਕੇ। ਸਹਿਤੀ ਹੀਰ ਗੱਲੀਂ ਜੁੱਟੀਆਂ ਵਿਚ ਚੁਬਾਰੇ ਦੇ, ਕਾਸਦ ਮੁੜਿਆ ਕਿਉਂ ਨਾ ਭੇਜਿਆ ਸੀ ਘੜ ਮੜ੍ਹ ਕੇ। ਵੇਲਾ ਐਸਾ ਵਿਹਲ ਦਾ ਮਿਲ ਗਿਆ ਦੋਹਾਂ ਭਾਲਦੀਆਂ, ਓਧਰ ਕਾਸਦ ਹਾਕਾਂ ਮਾਰੇ ਕੁੰਡਾ ਖੜ ਕੇ। ਸੁਣ ਕੇ ਬੋਲ ਕਾਸਦ ਦਾ, ਸਹਿਤੀ ਉੱਤਰ ਚੁਬਾਰੇ 'ਚੋਂ, ਚਿੱਠੀ ਨਾਲ ਹੌਸਲੇ, ਲੈਗੀ ਹੀਰ ਕੋਲ ਫੜਕੇ। ਚਿੱਠੀ ਦੇਖ ਚਾਕ ਦੀ ਖਿੜ ਗਏ ਫੁੱਲ ਬਸੰਤ ਦੇ, ਪਾੜ ਲਿਫਾਫਾ ਚਿੱਠੀ ਦੇਖੀ ਹੀਰ ਨੇ ਪੜ੍ਹਕੇ। ਕਾਂਬਾ ਚੜ੍ਹ ਗਿਆ ਦੁਖੜੇ ਲਿਖੇ ਪੜ੍ਹੇ ਸੁਣ ਯਾਰ ਦੇ, ਵਾਹ ਕੁਛ ਚਲਦੀ ਨਾ ਜੀਅ ਕੋਲੇ ਹੋ ਗਿਆ ਸੜਕੇ। ਗੱਲਾਂ ਲਿਖੀਆਂ ਸੁਣ ਕੇ ਹੌਲ ਪਿਆ ਕਲੇਜੇ ਹੀਰ ਦੇ, ਜੇ ਹੁਣ ਕੋਲੇ ਹੋਵੇ, ਮਰੇ ਅਸਾਂ ਨਾਲ ਲੜਕੇ। ਏਧਰ ਸਹਿਤੀ ਹੀਰ ਵਿਚਾਰਾਂ ਕਰਨ ਬਥੇਰੀਆਂ, ਓਧਰ ਰਾਂਝਾ ਟਿੱਲੇ ਨੂੰ ਤੁਰੇ ਪਹਿਰ ਦੇ ਤੜਕੇ। ਜਵਾਬ ਸ਼ਾਇਰ ਸੁਹਬਸਾਰ ਹੁੰਦਿਆਂ ਪੀਰਾਂ ਦੇ ਵੇਲੇ, ਰਾਂਝਾ ਟਿੱਲੇ ਵੱਲ ਨੂੰ ਧਰ ਲਿਆ ਮੁਹਾਣਾ। ਰਸਤਾ ਪੁੱਛ ਕੇ ਰਾਹੀ ਹੋ ਗਿਆ ਤਖਤ ਹਜ਼ਾਰੇ ਤੋਂ, ਆਖੇ ਟਿੱਲੇ ਗੁਰੂ ਗੋਰਖ ਦੇ ਨੂੰ ਜਾਣਾ। ਨੰਗੇ ਪੈਰੀਂ ਪੈਰ ਪਿਆਦਾ ਕਿੰਨੀਂ ਦੋਜਕੀਂ, ਪੰਛੀ ਟਿੱਲੇ ਪਹੁੰਚਿਆ ਫੁੱਲਾਂ ਜਿਉਂ ਕੁਮਲਾਣਾ। ਸਾਧਾਂ ਨਾਥਾਂ ਕੋਲੋਂ ਧੂਣਾ ਪੁੱਛ ਕੇ ਗੋਰਖ ਦਾ, ਭੇਟ ਲੈ ਕੇ ਚਰਨੀਂ ਡਿਗਿਆ ਹੋ ਨਿਤਾਣਾ। ਬਾਝ ਉਠਾਏ ਹੈ ਨੀ ਜੱਟ ਚਰਨਾਂ ਤੋਂ ਉਠਦਾ, ਜ਼ਾਰੋ ਜ਼ਾਰ ਰੋਂਦੇ ਨੂੰ ਜੁੱਗੜਾ ਵਿਹਾਣਾ। ਰੋਂਦਾ ਦੇਖ ਕੇ ਮਨ ਮਿਹਰ ਪੈਗੀ ਗੋਰਖ ਦੇ, ਆਖੇ ਮੰਗਲੈ ਜੋ ਕੁਛ ਤੇਰੇ ਮਨ ਦਾ ਭਾਣਾ। ਦੇਹ ਫਕੀਰੀ ਜੇ ਗੁਰ ਦਿਆਲ ਹੋ ਗਿਐਂ ਪੁੱਜ ਕੇ, ਰਾਂਝੇ ਏਸ ਜਹਾਨੋਂ ਮੈਂ ਕੁਛ ਨੀ ਲੈ ਜਾਣਾ। ਦੇ ਕੇ ਜੋਗ ਮੇਰੀ ਮਨਸ਼ਾ ਪੂਰ ਗਰੀਬ ਦੀ, ਮੇਰੇ ਮਨ ਵਿਚ ਵੱਸ ਗਿਆ ਹੈ ਸੰਤਾਂ ਦਾ ਬਾਣਾ। ਜਵਾਬ ਗੋਰਖ ਆਖਾਂ ਗੱਲ ਮੈਂ ਤੈਨੂੰ ਆਖ ਕੇ ਸੁਣਾ ਦਿਆਂ ਓਇ, ਗੋਰਖ ਸੱਚਾ ਤੈਨੂੰ ਬੋਲ ਮੈਂ ਸੁਣਾਇਆ। ਮੱਥਾ ਟੇਕਣੇ ਅਧੀਨਗੀ ਦਿਲ ਮੇਰੇ ਨੂੰ, ਜੋਗ ਮੰਗਣ ਸਾਰ ਆਤਮਾ ਘਬਰਾਇਆ। ਜੋਗ ਸੂਲਾਂ ਦਾ ਵਿਛਾਉਣਾ ਪੁੱਛ ਫਕੀਰਾਂ ਤੋਂ, ਆਵਾ ਗੌਣਾਂ ਤੋਂ ਨਹੀਂ ਜਾਂਦਾ ਜੋਗ ਕਮਾਇਆ। ਭੁੱਖ ਪਿਆਸ ਸਰਦੀ ਗਰਮੀ ਸਿਰ ਤੇ ਝੱਲਣੀ, ਢੀਮ ਸਰ੍ਹਾਣਾ ਨੰਗੇ ਭੋਇੰ ਸੌਣਾ ਆਇਆ। ਜਿਉਂਦੇ ਮਰਨਾ ਬੋਲ ਕੁਬੋਲ ਸਭ ਦਾ ਝੱਲਣਾ, ਤੈਨੂੰ ਸੌਖਾ ਜੋਗ ਕਿਹੜੇ ਨੇ ਫੁਰਮਾਇਆ। ਲੜਕੇ ਘਰ ਦਿਆਂ ਨਾਲ ਜੋਗੀ ਹੋਣ ਤੁਰ ਪਿਆ ਤੂੰ, ਤੈਂ ਕੀ ਆਵਾ ਗੌਣ ਜੋਗ ਨੂੰ ਤਕਾਇਆ। ਕਿਧਰੋਂ ਆਇਆ ਕਿੱਥੇ ਜਾਣਾ ਹੁੰਦਾ ਕੌਣ ਤੂੰ, ਰੱਬ ਨੇ ਕਰਕੇ ਕੱਚੀ ਚੁੜੇਲ ਕਿਉਂ ਚਿੰਬੜਾਇਆ। ਘਰ ਨੂੰ ਮੁੜ ਜਾ ਬੱਚੂ ਤੈਂ ਕੀ ਲੈਣਾ ਜੋਗ ਤੋਂ, ਪਟੇ ਚੋਪੜ ਸੁਰਮਾ ਪੂਛਾਂ ਵਾਲਾ ਪਾਇਆ। ਤੇੜ ਲੂੰਗੀ ਸਿਰ ਤੇ ਚੀਰਾ ਹੱਥ ਵਿਚ ਵੰਝਲੀਆਂ, ਰੰਨਾਂ ਪੱਟਣ ਵਾਲਾ ਭੇਸ ਤੈਂ ਬਣਾਇਆ। ਦੇਹੀ ਕੋਮਲ ਲੜਕਾ ਦਿਸਦੈਂ ਕਿਸੇ ਅਮੀਰ ਦਾ, ਝਬਦੇ ਕਿਉਂ ਪੜਵਾਉਨੈਂ ਕੰਨ ਹਰਖਿਆ ਹਰਖਾਇਆ। ਭਲਕੇ ਘਰਦੀ ਔਰਤ ਆ ਮਾਪੇ ਲੈ ਜਾਣਗੇ, ਮੇਤੋਂ ਕੰਨਾਂ ਦਾ ਨੀ ਜਾਣਾ ਛੇਕ ਮਿਟਾਇਆ। ਚੰਗੀ ਚਾਹੇਂ ਦਰਸ਼ਣ ਕਰਕੇ ਘਰ ਨੂੰ ਮੁੜਜਾ ਤੂੰ, ਤੈਂ ਜਹੇ ਮੁੰਡਿਆਂ ਤੋਂ ਨੀ ਜਾਣਾ ਜੋਗ ਕਮਾਇਆ। ਜਵਾਬ ਰਾਂਝਾ ਜੇ ਦੁੱਖ ਪੁੱਛੇ ਹਨ ਤਾਂ ਸੁਣ ਤੂੰ ਟਿੱਲੇ ਦਿਆ ਮਾਲਕਾ, ਮੇਰੇ ਘਰ ਨੇ ਬਾਬਾ ਤਖਤ ਤੇ ਹਜ਼ਾਰੇ। ਮੇਰੀ ਜਾਤ ਹੈ ਜੱਟ ਗੋਤ ਰਾਂਝਾ ਪਿੰਡ ਦਾ, ਬਾਰਾਂ ਬਸਤੀ ਬਾਪ ਚੌਧਰ ਕਰਦਾ ਸਾਰੇ। ਨਾਮ ਧੀਦੋ ਮੌਜੂ ਚੌਧਰੀ ਦਾ ਕਾਕਾ ਮੈਂ, ਅੱਜ ਕੀ ਦੱਸਣ ਜੋਗੇ ਹਾਂ ਵਖਤਾਂ ਦੇ ਮਾਰੇ। ਮਾਪੇ ਜਿਉਂਦੇ ਹੁੰਦੇ ਰੁਲਦੇ ਕਾਹਨੂੰ ਫਿਰਦੇ ਸਾਂ, ਅਸੀਂ ਤੁਸਾਂ ਜਹੇ ਫਕੀਰਾਂ ਦੇ ਦੁਆਰੇ। ਜੇ ਘਰ ਬਾਰ ਔਰਤ ਹੁੰਦੀ ਏਸ ਗਰੀਬ ਦੇ, ਬਾਰਾਂ ਸਾਲ ਖੋਲੇ ਕਿਉਂ ਸਿਆਲਾਂ ਦੇ ਚਾਰੇ। ਬਾਝ ਮਜੂਰੀ ਕਾਮਾ ਰਿਹਾ ਮੈਂ ਚੂਚਕ ਮਹਿਰ ਦਾ, ਖੱਟੀ ਲੱਸੀ ਉੱਤੇ ਵਖਤ ਮੈਂ ਗੁਜ਼ਾਰੇ। ਦੁਨੀਆਂ ਮਤਲਬ ਦੀ ਸਭ ਦੇਖੀ ਸੋਚ ਵਿਚਾਰ ਕੇ, ਦਗੇਬਾਜ਼ ਲੋਕ ਜ਼ਮਾਨੇ ਦੇ ਹਨ ਸਾਰੇ। ਇਹ ਗੱਲ ਜਾਣ ਕੇ ਤਿਆਗੀ ਦੁਨੀਆਂ ਮੈਂ ਦਿਲੋਂ, ਇਕ ਦਿਨ ਮੂਧੇ ਨੇ ਸੰਸਾਰ ਦੇ ਨਗਾਰੇ। ਕਿਤੇ ਥਾਉਂ ਟਿਕਾਣਾ ਨਾ ਰਾਂਝੇ ਦਰਵੇਸ਼ ਨੂੰ, ਅੰਬਰੋਂ ਸਿੱਟੇ ਬਾਬਾ ਓ ਧਰਤੀ ਨਾਲ ਮਾਰੇ। ਦੇ ਕੇ ਜੋਗ ਮੈਨੂੰ ਕਰ ਲੈ ਆਪਣਾ ਟਹਿਲੂਆ, ਅੱਜ ਤਾਂ ਪੱਥਰ ਤਰਦੇ ਹਨ ਸੰਤਾਂ ਦੇ ਤਾਰੇ। ਲਿਖਿਆਂ ਪੁੱਠਿਆਂ ਕਰਮਾਂ ਨੂੰ ਸਿੱਧੇ ਕਰ ਦਿੰਨੇਂ ਹੋਂ, ਤੁਸੀਂ ਐਸੇ ਸਤਗਿੁਰ ਸਾਈਂ ਦੇ ਪਿਆਰੇ। ਤੇਰਾ ਧੂੰਆਂ ਪਾਊਂ ਭਿੱਛਿਆ ਮੰਗ ਲਿਆਊਂਗਾ, ਮੇਰਾ ਢੋਇਆ ਪਾਣੀ ਪਾ ਲੈ ਵਿੱਚ ਭੰਡਾਰੇ। ਹੱਥੀਂ ਪਾੜ ਕੇ ਕੰਨੀਂ ਮੁੰਦਰਾਂ ਪਾ ਦੇ ਸਤਗਿੁਰੂ, ਪਾਪ ਧੋ ਦੇ ਮੇਰੇ ਤੂੰ ਪਾਪੀ ਦੇ ਭਾਰੇ। ਜਵਾਬ ਨਾਥ ਕਹਿਣੀ ਸੌਖੀ ਤੇ ਕਮਾਉਣੀ ਇਹ ਗੱਲ ਔਖੀ ਐ, ਜੋਗ ਜੁਗਤਾਂ ਨੂੰ ਕੋਈ ਸੂਰਾ ਪੂਰਾ ਜਾਣੇ। ਗੱਲਾਂ ਕਰ ਕਰ ਕੁੰਡੇ ਮੇਲੇਂ ਜ਼ਿਮੀਂ ਅਸਮਾਨ ਦੇ, ਮੈਨੂੰ ਅਕਲ ਤੇਰੀ ਦਿਸਦੀ ਨਾ ਟਿਕਾਣੇ। ਯਾਰ ਰੰਨਾਂ ਵਾਲੇ ਜਿਸ ਦਿਨ ਜੋਗ ਕਮਾਉਣਗੇ, ਓਦਣ ਹਰੇ ਹੋਣਗੇ ਭੁੱਜੇ ਹੋਏ ਦਾਣੇ। ਰੰਨਾਂ ਨਾਥਾਂ ਤੋਂ ਵਧੀਕ ਨੇ ਕੰਨ ਪਾਟੀਆਂ, ਮੁੰਨਿਆ ਨਾਰਾਂ ਦਾ ਕਿਉਂ ਨਾਥਾਂ ਨੂੰ ਪਛਾਣੇ। ਜਿਹੜੀ ਪੀਰੀ ਮੀਰੀ ਰੰਨਾਂ ਕੋਲੋਂ ਮਿਲਦੀ ਐ, ਨਾਥ ਕਿੱਥੋਂ ਦੇਣ ਜੋਗੇ ਖੁੰਢ ਪਰਾਣੇ। ਜਿਹੜੇ ਆਸ਼ਕ ਨਾਰਾਂ ਦੇ ਪਲੰਜੇ ਵਿਚ ਆ ਗਏ ਐ, ਉਹ ਤਾਂ ਕੱਫਣ ਧਰਕੇ ਸੌਂਦੇ ਰੋਜ਼ ਸਰ੍ਹਾਣੇ। ਰੁੱਸ ਕੇ ਰੰਨਾਂ ਨਾਲ ਜੋਗੀ ਹੁੰਦਾ ਫਿਰਦਾ ਤੂੰ, ਕਮਲਿਆ ਰੰਨ ਕੀ ਏਸ ਡਰਾਵੇ ਨੂੰ ਸਿਆਣੇ। ਤੂੰ ਕੀ ਪੁੱਤ ਬਿਗਾਨਾ ਓ ਰੰਨਾਂ ਦਾ ਲਗਦਾ ਐਂ, ਜਿਨਾਂ ਨੇ ਖਰੇ ਪਿਆਰੇ ਘਰ ਦੇ ਮਾਨਸ ਖਾਣੇ। ਤੈਨੂੰ ਛੱਡ ਕਿਸੇ ਦੀ ਹੋਰ ਬਣ ਕੇ ਬਹਿਜੂਗੀ, ਮੇਰਾਂ ਕਰਦਾ ਫਿਰਦੈਂ ਮੂਰਖਾ ਧਿੰਙਾਣੇ। ਅਜੇ ਸੰਭਲ ਕੁਛ ਨੀ ਬਗਿੜਿਆ ਘਰ ਨੂੰ ਮੁੜ ਜਾ ਤੂੰ, ਸੌ ਸੌ ਇੱਲਤਾਂ ਕਰਦੇ ਤੇਰੇ ਵਰਗੇ ਨਿਆਣੇ। ਜਵਾਬ ਰਾਂਝਾ ਰਾਂਝਾ ਅਰਜ ਕਰੇ ਇਕ ਗੋਰਖ ਨੂੰ ਹੱਥ ਜੋੜ ਕੇ, ਗਿਆਨ ਕਾਹਦਾ ਜਿਹੜਾ ਅਗਿਆਨ ਨੂੰ ਨੀ ਮਾਰਦਾ। ਧੋਬੀ ਕਾਹਦਾ ਜਿਸ ਤੇ ਹੋਣ ਨਾ ਵਸਤਰ ਉੱਜਲੇ, ਸਾਬਣ ਕਾਹਦਾ ਜਿਹੜਾ ਮੈਲ ਨੀ ਨਿਖਾਰਦਾ। ਛੈਣੀ ਕਾਹਦੀ ਜਿਹੜੀ ਲੋਹੇ ਨੂੰ ਨਾ ਕਟਦੀ ਐ, ਬੇੜਾ ਕਾਹਦਾ ਜਿਹੜਾ ਪਾਰ ਨੀ ਉਤਾਰਦਾ। ਪਾਣੀ ਕਾਹਦਾ ਜਿਸ ਤੇ ਜਲਦੀ ਅੱਗ ਨਾ ਬੁੱਝਦੀ ਐ, ਸਾਧੂ ਕਾਹਦਾ ਜਿਹੜਾ ਭਰਿਆ ਕਪਟ ਹੰਕਾਰ ਦਾ। ਮਾਪਾ ਕਾਹਦਾ ਜੋ ਨਾ ਔਗੁਣ ਢਕੇ ਔਲਾਦ ਦੇ, ਸਤਗਿੁਰ ਕਾਹਦਾ ਜਿਹੜਾ ਸਿੱਖ ਦਾ ਨੀ ਜਨਮ ਸੁਧਾਰਦਾ। ਗਾਹਾਂ ਨੂੰ ਰਸਤੇ ਪਾ ਸ਼ੁੱਧ ਕਰਕੇ ਏਸ ਗਰੀਬ ਨੂੰ, ਪੂਰਾ ਸਤਗਿੁਰ ਬਣ ਕਿਉਂ ਪਿਛਲੇ ਐਬ ਚਿਤਾਰਦਾ। ਖੋਟਿਉਂ ਖਰਾ ਬਣਾ ਲੈ ਸੋਨੇ ਵਾਂਗੂੰ ਸੋਧ ਕੇ, ਏਹੋ ਪਰਉਪਕਾਰ ਸਤਗਿੁਰ ਤੇ ਸੁਨਿਆਰ ਦਾ। ਲੱਖ ਮਣ ਬਾਲਣ ਨੂੰ ਇਕ ਚਿਣਗ ਬਥੇਰੀ ਅੱਗ ਦੀ, ਹਰ ਜਪ ਤਰਜੂੰ ਲੱਦਿਆ ਜੇ ਪਾਪਾਂ ਦੇ ਭਾਰ ਦਾ। ਕੰਨ ਪੜਵਾਏ ਸਿਵਾ ਨਾ ਸਰਦਾ ਏਸ ਗਰੀਬ ਨੂੰ, ਦੇ ਕੇ ਜੋਗ ਮੇਰਾ ਬੇੜਾ ਕਿਉਂ ਨੀ ਤਾਰਦਾ। ਜਵਾਬ ਨਾਥ ਨਾ ਪਓ ਖਿਆਲ ਮੇਰੇ ਖਰੀ ਫਕੀਰੀ ਔਖੀ ਐ, ਐਸ ਔਖਾ ਬੱਚਾ ਜੋਗ ਦਾ ਕਮਾਉਣਾ। ਜੋਗ ਫਕੀਰੀ ਪੀਰੀ ਨੂੰ ਕੁੱਲ ਦੁਨੀਆਂ ਲੋੜਦੀ, ਕਿਸੇ ਨੂੰ ਕਰਮਾਂ ਸੇਤੀ ਹੀ ਵੱਖਰਾ ਥਿਆਉਣਾ। ਕਰੀ ਕਮਾਈ ਇਕ ਪਲ ਵਿਚ ਨਹਿ ਫਲ ਹੋ ਜਾਂਦੀ ਐ, ਜਦੋਂ ਕਾਮ ਦੇਵ ਨੇ ਆਤਮਾ ਡੁਲਾਉਣਾ। ਪੰਜਾਂ ਦੁਸ਼ਟਾਂ ਦੇ ਮਨ ਹਰ ਦਮ ਆਖੇ ਚਲਦਾ ਹੈ, ਸੰਗਲ ਰੱਸਾ ਨਾ ਪੈਂਦਾ ਔਖਾ ਹੈ ਅਟਕਾਉਣਾ। ਆਸਾ, ਤ੍ਰਿਸ਼ਨਾ, ਚਿੰਤਾ, ਖੁਦੀਆਂ ਵੱਢ ਵੱਢ ਖਾਂਦੀਆਂ, ਸਬਰ ਸਬੂਰੀ ਕਰਕੇ ਸੂਰਮੇ ਮਿਟਾਉਣਾ। ਜਿਉਂਦੇ ਜੱਗ ਤੋਂ ਮਰੇ ਸਮਾਨ ਹੋ ਕੇ ਰਹਿਣਾ ਉਏ, ਔਖਾ ਏਸ ਰਸਤੇ ਦੇ ਮਕਸਦ ਨੂੰ ਪਾਉਣਾ। ਅੱਜ ਤਾਂ ਜੋਗ ਨੂੰ ਤੂੰ ਰਿੰਗਦਾ ਫਿਰਦੈ ਕਦੇ ਕੁ ਦਾ, ਭਲਕੇ ਕੰਨ ਪੜਵਾ ਕੇ ਤੈਂ ਬੈਠਾ ਪਛਤਾਉਣਾ। ਚੰਗੀ ਕਰਦੈਂ ਦਰਸ਼ਣ ਕਰਕੇ ਘਰ ਨੂੰ ਮੁੜਜਾ ਤੂੰ, ਬਿਰਥਾ ਨੀ ਜਾਣਾ ਭਲਿਆਂ ਲੋਕਾਂ ਦਾ ਸਮਝਾਉਣਾ। ਜਵਾਬ ਰਾਂਝਾ ਸਮਝਣ ਜੋਗੇ ਹੁੰਦੇ ਘਰ ਤੇ ਕਿਉਂ ਉੱਠ ਤੁਰਦੇ ਸਾਂ, ਸਮਝਣ ਜੋਗੇ ਹੁੰਦੇ ਖੰਧਾ ਕਾਹਨੂੰ ਚਾਰਦੇ। ਸਮਝਣ ਜੋਗੇ ਹੁੰਦੇ ਭਾਈਆਂ ਦੇ ਵਿਚ ਵਸਦੇ ਨਾ, ਪਿੰਡ ਦੇ ਮਾਲਕ ਪੁੱਤ ਸੀ ਮੌਜੂ ਸਰਦਾਰ ਦੇ। ਸਮਝਣ ਜੋਗਿਆਂ ਨੂੰ ਕਿਉਂ ਖੋਟੀ ਬਹਿਬਤ ਪੈਂਦੀ ਐ, ਹਰ ਦਮ ਸਿੱਧੀਆਂ ਨੀਤਾਂ ਰੱਖਦੇ ਸੀ ਵਿਚ ਕਾਰ ਦੇ। ਖੋਟਿਆਂ ਕਰਮਾਂ ਵਾਲੇ ਸਮਝਣ ਦੇ ਦਿਨ ਜਨਮੇਂ ਨਾ, ਤਾਹੀਂ ਦਰ ਦਰ ਫਿਰਦੇ ਵਾਂਗ ਕੁਚਲਣੀ ਨਾਰ ਦੇ। ਤੂੰ ਸਮਝਾ ਲੈ ਹੈਂ ਸਮਝਾਉਣ ਜੋਗ ਜਹਾਨ ਨੂੰ, ਰੇਖ 'ਚ ਮੇਖ ਮਾਰਕੇ, ਲਿਖਤਾਂ ਮੇਟ ਸਮਾਰ ਦੇ। ਚੇਲਾ ਆਪ ਸਮਾਨ ਬਣਾ ਲੈ ਪਾਪੀ ਪੁਰਸ਼ ਨੂੰ, ਪੂਰਾ ਸਤਗਿੁਰ ਬਣਕੇ ਮੇਰਾ ਜਨਮ ਸੁਧਾਰ ਦੇ। ਚੇਲਾ ਮੁੰਨ ਕੇ ਕੰਨੀਂ ਮੁੰਦਰਾਂ ਪਾ ਕੇ ਸਤਗਿੁਰ ਜੀ, ਦੇ ਕੇ ਜੋਗ ਅਸਾਂ ਦਾ ਬੇੜਾ ਪਾਰ ਉਤਾਰ ਦੇ। ਜਵਾਬ ਨਾਥ ਕੰਨ ਪੜਵਾ ਕੇ ਸਿਰ ਮੁਨਵਾ ਕੇ ਸੂਰਤ ਡੋਬਦੈਂ, ਪਲੰਘ ਨਿਹਾਰੀ ਛੱਡ ਭੋਇੰ ਸੌਨੈਂ ਕਿਹੜੇ ਸੁਆਦ ਨੂੰ। ਸੂਰਤ ਦੇਖ ਕੇ ਮਾਉਂ ਭੈਣ ਭੁੱਲਦੀ ਫਿਰਦੀ ਐ, ਦਰਦੀ ਹੋਇ ਸੋ ਵਰਜੇ ਹੁੰਦੇ ਉਹ ਬਰਬਾਦ ਨੂੰ। ਖਾਕ ਰਮੌਨੈਂ ਪੱਟ ਦੇ ਲੱਛੇ ਵਰਗੀ ਦੇਹੀ ਨੂੰ, ਮਾਪਿਆਂ ਤਰਸਦਿਆਂ ਨੇ ਦੇਖਿਆ ਏਸ ਔਲਾਦ ਨੂੰ। ਤੀਆਂ ਤ੍ਰਿੰਝਣਾਂ ਦੇ ਵਿਚ ਲਟਕਣ ਵਾਲਿਆ ਫੁੱਲਾ ਉਇ, ਘੱਟੇ ਰੁਲਦੈਂ ਬੱਚਿਆ ਤੂੰ ਕਿਹੜੀ ਮੁਰਾਦ ਨੂੰ। ਕਾਹਤੋਂ ਜੋਗੀ ਹੁੰਨੈਂ ਘੜਿਆ ਵਿਹਲੇ ਵਕਤ ਦਿਆ, ਹੌਲ ਪੈਂਂਦੇ ਘੜਨੇ ਵਾਲੇ ਵੀ ਉਸਤਾਦ ਨੂੰ। ਐਸੀ ਸੂਰਤ ਉੱਤੇ ਹੱਥ ਨਾ ਮੇਰੇ ਵਗਦੇ ਉਏ, ਕੰਨ ਪੜਵਾਉਣੇ ਸੱਦ ਲੈ ਕਿਸੇ ਤੂੰ ਜਲਾਦ ਨੂੰ। ਰਾਜੇ ਇੰਦਰ ਵਰਗੀ ਸੂਰਤ ਦਿੱਤੀ ਰੱਬ ਨੇ, ਰੂੜੀ ਸਿੱਟਦੈਂ ਮੂਰਖਾ ਤੂੰ ਖੰਡ ਦੇ ਪਰਸ਼ਾਦ ਨੂੰ। ਜੋਗੀ ਨਾ ਹੋ, ਐਵੇਂ ਫਿਰਦਾ ਸੁਹਣਾ ਲਗਦਾ ਤੂੰ, ਵਕਤ ਭੰਡਾਰੇ ਦੇ ਵਜਾ ਦਿਆ ਕਰ ਤੂੰ ਨਾਦ ਨੂੰ। ਉੱਜਲੇ ਕੱਪੜੀਂ ਚੇਲਾ ਹੋ ਜਾ ਬੱਚਾ ਰਾਂਝਣਾ, ਕੰਨ ਪੜਵਾ ਕੇ ਜਾਣਾ ਕਿਹੜੀ ਤੈਂ ਉਕਾਦ ਨੂੰ। ਜਵਾਬ ਰਾਂਝਾ ਬਿਨਾਂ ਭੇਖ ਧਾਰੇ ਨਾਲ ਨਾ ਸਜਦਾ ਭੇਖ ਦੇ, ਲੋਕ ਆਖਣਗੇ ਜੱਟ ਜੋਗੀਆਂ ਦਾ ਕਾਮਾ। ਬਹੁਤੇ ਭਰਮ ਕਰਨਗੇ ਲੌਂਡਾ ਰੱਖ ਲਿਆ ਨਾਥ ਨੇ, ਕਾਹਨੂੰ ਖੱਟਦੈਂ ਸਾਰੀ ਉਮਰ ਦਾ ਉਲਾਹਮਾਂ। ਮਾਨ ਸਰੋਵਰ ਹੰਸਾਂ ਵਿਚ ਕਾਗ ਨਾ ਸਜਦਾ ਹੈ, ਏਵੇਂ ਭਗਮਿਆਂ ਦੇ ਵਿਚ ਸਜਦਾ ਨਾ ਚਿੱਟਾ ਜਾਮਾ। ਆਉਂਦੇ ਰਾਜਿਆਂ ਨੂੰ ਝੱਟ ਚੇਲੇ ਕਰਦੈਂ ਲਾਲਚੀਆਂ, ਮੈਨੂੰ ਜੋਗ ਨਾ ਦਿੰਦਾ, ਜਾਣਕੇ ਨਿਥਾਵਾਂ। ਜਤਿਨੇ ਦੇਵੀ ਦਿਉਤੇ ਮਾਇਆ ਦੇ ਸਭ ਭੁੱਖੇ ਐ, ਸੋ ਗੱਲ ਜਾਹਰ ਹੋਗੀ ਨਾਥਾਂ ਦੇ ਮੁਕਾਮਾਂ। ਤੇਰੇ ਦੁਆਰੇ ਅੱਗੇ ਖੂਹ ਵਿਚ ਪੈ ਕੇ ਮਰਜੂੰਗਾ, ਨਹੀਂ ਤੂੰ ਕਰਲੈ ਜੋਗ ਦੇਣ ਵਾਲਾ ਸਾਮਾਂ। ਜਵਾਬ ਨਾਥ ਗੱਲਾਂ ਸੁਣ ਕੇ ਗੁੱਸਾ ਆ ਗਿਆ ਗੋਰਖ ਨਾਥ ਨੂੰ, ਫਹੁੜੀ ਚੱਕ ਕੇ ਰਾਂਝੇ ਦੇ ਮਾਰਨ ਨੂੰ ਆਇਆ। ਬੋਅ ਸਰਦਾਰੀ ਦਾ ਨਾ ਅਜੇ ਜੱਟਾ ਨਿਕਲੀ ਐ, ਸਖਤ ਕਲਾਮਾਂ ਬੋਲਣ ਕਿਹੜੇ ਨੇ ਸਿਖਾਇਆ। ਆਉਂਦੇ ਸਾਰ ਮੇਤੋਂ ਜੋਗ ਮੰਗਦੈਂ ਘੂਰ ਕੇ, ਪਾਣੀ ਢੋਇਆ ਧੂੰਆਂ ਤੈਂ ਇਕ ਦਿਨ ਨਹੀਂ ਪਾਇਆ। ਬਾਰਾਂ ਬਾਰਾਂ ਵਰ੍ਹਿਆਂ ਦੇ ਮੇਰੇ ਦਰ ਤੇ ਬੈਠੇ ਐ, ਕਾਰਾਂ ਕਰਦੇ ਮਰਗੇ ਅਜੇ ਜੋਗ ਨੀ ਥਿਆਇਆ। ਅੱਜ ਤੂੰ ਜੋਗ ਮੰਗਦੈਂ ਭਲਕੇ ਪੀਰੀ ਮੰਗਲੇਂਗਾ, ਪਰਸੋਂ ਔਰਤ ਮੰਗਲੇਂ ਫੁੱਦੂ ਨਾਥ ਤਕਾਇਆ। ਮਾਰ ਫਹੁੜੀਆਂ ਤੈਨੂੰ ਡੇਰਿਉਂ ਬਾਹਰ ਕਢਦਿਆਂ ਉਏ, ਪਾਦਿਆਂ ਓਸੇ ਰਸਤੇ ਹੈਂ ਜਿੱਧਰੋਂ ਤੂੰ ਆਇਆ। ਵਕਤ ਭੰਡਾਰੇ ਵਾਲਾ ਹੋ ਗਿਆ ਦੋਹਾਂ ਝਗੜਦਿਆਂ, ਉੱਠ ਕੇ ਗੋਰਖ ਨੇ ਖੜਨਾਦ ਸੀ ਵਜਾਇਆ। ਜਵਾਬ ਸ਼ਾਇਰ ਨਾਦ ਵੱਜੇ ਤੇ ਭੰਡਾਰਾ ਵਰਤਣ ਲੱਗ ਗਿਆ, ਦੋ ਮਧੂਕਰੀਆਂ ਮੀਏਂ ਰਾਂਝੇ ਨੂੰ ਫੜਾਈਆਂ। ਖਾ ਕੇ ਲੰਮਾ ਪੈ ਗਿਆ, ਸੋਚਾਂ ਮਨ ਵਿਚ ਸੋਚਦਾ, ਨਾਦ ਚੁਰਾਉਣ ਦੀਆਂ ਦਲੀਲਾਂ ਸੀ ਬਣਾਈਆਂ। ਅੱਖ ਬਚਾ ਕੇ ਨਾਦ ਚੁਰਾ ਲਿਆ ਗੋਰਖ ਨਾਥ ਦਾ, ਦੱਬ ਬਰੇਤੀ ਚੌਂਕੀਆਂ ਪੀਰਾਂ ਦੀਆਂ ਲਾਈਆਂ। ਆਪ ਭਲੀ ਕੁ ਵਾਟ ਵਿਛਾ ਕੇ ਭੂਰੀ ਸੌਂ ਗਿਆ, ਤਾੜ ਪੀਰਾਂ ਤਾਈਂ ਕਰਦਾ ਜੱਟ ਤਕੜਾਈਆਂ। ਮੇਰੇ ਕਹੇ ਬਗੇਰਾਂ ਨਾਦ ਨਾ ਦੇਣਾ ਰੱਬ ਨੂੰ ਜੀ, ਗੋਰਖ ਕੌਣ ਕਸਮਾਂ ਪੀਰਾਂ ਨੂੰ ਖਲਾਈਆਂ। ਓਧਰ ਮੁੜਕੇ ਵਕਤ ਭੰਡਾਰੇ ਵਾਲਾ ਹੋ ਗਿਆ, ਨਾਦ ਨਾ ਲੱਭਿਆ ਚੇਲੇ ਖੜੇ ਦੇਣ ਦੁਹਾਈਆਂ। ਤੇਰੀ ਪੀਰੀ ਤੇ ਫਕੀਰੀ ਲੁੱਟਲੀ ਚੋਰਾਂ ਨੇ, ਡੇਰਾ ਲੁੱਟਿਆ ਨਾਦ ਘੜਿਆਲਾਂ ਸਭ ਉਠਾਈਆਂ। ਸਾਨੂੰ ਰੁਖਸਤ ਦੇ ਦੇ, ਭਾਂਡੇ ਸਾਂਭ ਭੰਡਾਰੇ ਦੇ, ਸਾਤੇ ਜੋਗ ਨਾ ਹੁੰਦਾ, ਓਏ ਟੱਲੇ ਦਿਆ ਸਾਈਆਂ। ਜਵਾਬ ਨਾਥ ਰਿੱਧੀ ਸਿੱਧੀ ਨਾਲ ਵਲ ਵਲ ਗੰਢਾਂ ਦੇ ਦਿਆਂ, ਅੱਜ ਮੈਂ ਗੋਰਖ ਚੇਲਿਓ ਉਡਦੀ ਜਾਂਦੀ ਪੌਣ ਨੂੰ। ਕੌਰੂ ਦੇਸ਼ ਢਾਕਾ ਮੇਰਾ ਕਲਮਾਂ ਭਰਦਾ ਹੈ, ਨਿਵੇਂ ਬੰਗਾਲ ਪਹਾੜ ਕਰ ਕਰ ਨੀਵੀਂ ਧੌਣ ਨੂੰ। ਜਾਦੂ ਮੰਤਰ ਵਾਲਾ ਵੀ, ਮੈਥੋਂ ਥਰ ਥਰ ਕੰਬਦਾ ਹੈ, ਟੂੰਣਾ ਕਾਮਣ ਵੀ ਨਾ ਢੁਕਦਾ ਨੇੜੇ ਆਉਣ ਨੂੰ। ਅੱਜ ਦਿਨ ਗੋਰਖ ਕੋਲੋਂ ਕੁੱਲ ਜਹਾਨੀ ਡਰਦੀ ਐ, ਕੀਹਦਾ ਹੀਆ ਪੈਂਦਾ ਨਾਦ ਦੇ ਚੁਰਾਉਣ ਨੂੰ। ਮੇਰੇ ਨਾਦ ਨੂੰ ਕੋਈ ਸ਼ਰਧਾ ਵਾਲਾ ਲੈ ਗਿਆ ਉਏ, ਦੁਨੀਆਂ ਦਾਰ ਦਾ ਦਿਲ ਕਰਦਾ ਨਹੀਂ ਉਠਾਉਣ ਨੂੰ। ਜਾਂ ਸ਼ਿਵ ਭੋਲੇ ਨਾਥ ਲੈ ਗਏ ਨਾਦ ਕੈਲਾਸ਼ ਨੂੰ, ਨਹੀਂ ਇੰਦਰ ਲੈ ਗਿਆ ਪਰੀਆਂ ਦੇ ਦਿਖਾਉਣ ਨੂੰ। ਜਾਂ ਚੰਦ ਸੂਰਜ ਸ਼ੇਸ਼ ਧੌਲਾ ਮਿਲਕੇ ਲੈ ਗਏ ਐ, ਲੱਛਮੀ ਨਰਾਇਣ ਦੇ ਨਿਰਤ ਜੋ ਕਾਰ ਸੁਣਾਉਣ ਨੂੰ। ਨਹੀਂ ਤਾਂ ਨਾਦ ਰਾਂਝਾ ਪੰਛੀ ਲੈ ਕੇ ਵਗ ਗਿਆ ਉਏ, ਕਿਧਰੇ ਟੋਲੋ੍ਹ ਗੋਰਖ ਚਲਦਾ ਮੈਂ ਨਾਲ ਮਨਾਉਣ ਨੂੰ। ਜਵਾਬ ਚੇਲੇ ਮੰਨ ਕੇ ਬਚਨ ਗੁਰੂ ਦਾ ਚੇਲੇ ਤੁਰੇ ਉੱਠ ਭਾਲਣ ਨੂੰ, ਭੱਜੇ ਫਿਰਨ ਟੋਲਦੇ ਕਿਤੇ ਨਜ਼ਰ ਨਾ ਆਇਆ। ਵਾਂਗ ਸ਼ਿਕਾਰੀ ਨਾਥ ਫਿਰਨ ਭਾਲਦੇ ਰਾਂਝੇ ਨੂੰ, ਸਾਰਾ ਜੰਗਲ ਭਾਲਿਆ ਕਿਤੋਂ ਨਾ ਥਿਆਇਆ। ਰਾਹੀਆਂ ਪਾਲੀਆਂ ਤੋਂ ਪੁੱਛਦੇ ਨਾਥ ਰਾਂਝੇ ਨੂੰ, ਨਾਦ ਚੁਰਾਇ ਬਾਲਕਾ ਐਧਰ ਨੂੰ ਇਕ ਆਇਆ। ਕਿਤੋਂ ਨਾ ਦੱਸ ਚਾਕ ਦੀ, ਪੈਂਦੀ ਫਿਰਦੇ ਭਾਲਦੇ, ਭੁੱਖ ਨੇ ਬਹੁਤ ਸਤਾਏ ਮੋੜਾ ਟਿੱਲੇ ਨੂੰ ਪਾਇਆ। ਵਿਚ ਬਰੇਤੀ ਰਾਂਝਾ ਪਿਆ ਐ ਹੇਠਾਂ ਕਿੱਕਰ ਦੇ, ਗੁੱਡਿਆਂ ਵਾਲਾ ਭੂਰਾ ਹੇਠ ਚਾਕ ਵਿਛਾਇਆ। ਜੋਗੀ ਤਾੜ ਪਛਾਣ ਪੂਰੀ ਕਰਕੇ ਰਾਂਝੇ ਦੀ, ਮੁੰਡਾ ਕੱਲ੍ਹ ਵਾਲਾ ਜੀ ਵਿਚ ਬਰੇਤੀ ਪਾਇਆ। ਕਿੱਕਰ ਹੇਠਾਂ ਸੁੱਤਾ ਪਿਆ ਐ ਨਾਲ ਮਜਾਜ ਦੇ, ਹਾਲ ਹਜ਼ੂਰਾ ਸਿੰਘ ਤੈਂ ਗੋਰਖ ਨੂੰ ਸੁਣਾਇਆ। ਜਵਾਬ ਸ਼ਾਇਰ ਗੋਰਖ ਰਾਂਝੇ ਕੋਲੇ ਆ ਗਿਆ ਉੱਠ ਕੇ ਆਸਣੋਂ, ਕਹਿੰਦਾ ਗੁਰ ਪੀਰਾਂ ਦੀ ਚੀਜ਼ ਨਾ ਉਠਾਈਏ। ਚੋਰੀ ਕਰੀਏ ਚੌਕਸ ਰਹੀਏ ਬੱਚਾ ਰਾਂਝਣਾ, ਕੋਈ ਚੋਖੇ ਚੰਗੇ ਮਾਲ ਨੂੰ ਚੁਰਾਈਏ। ਗੱਬਰ ਮਾਰੀਏ ਰਜਾਈਏ ਟੱਬਰ ਆਪਣਾ, ਉਠ ਕੇ ਨਿੱਤ ਨਾ ਬਾਲਕਿਆ ਓਇ ਚੋਰੀ ਨੂੰ ਜਾਈਏ। ਸ਼ਾਹੂਕਾਰ ਲੁੱਟੀਏ ਤੋਸ਼ੇਖਾਨੇ ਪਾੜੀਏ, ਸਾਧ, ਬਾਮ੍ਹਣ ਤੇ ਗਰੀਬ ਨਾ ਦੁਖਾਈਏ। ਕਰਕੇ ਸੂਰਮਗਤੀਆਂ ਨਾਮ ਕੱਢੀਏ ਜਗਤ 'ਚੋਂ, ਚੰਦਰੀ ਚੋਰੀ ਕਰਨੀ ਮੂੰਹ ਨੂੰ ਕਾਲਸ਼ ਲਾਈਏ। ਸਾਡਾ ਟੁਕੜਾ ਨਾਦ ਤੇਰੇ ਕਿਸੇ ਨਾ ਕੰਮ ਦਾ, ਜਦੋਂ ਭੰਡਾਰਾ ਵਰਤੇ ਤਦੋਂ ਚੁੱਕ ਵਜਾਈਏ। ਦੱਬੇ ਨੂੰ ਮਿੱਟੀ ਖਾਜੂ ਫੁੱਟ ਜੂ ਸਾਡਾ ਠੀਕਰਾ, ਤੇਰੇ ਕੀ ਹੱਥ ਆਜੂ, ਆਖ ਕੇ ਸੁਣਾਈਏ। ਭੁੱਖੀਆਂ ਸੂਰਤਾਂ ਦੁਰਸੀਸਾਂ ਦਿੰਦੀਆਂ ਫਿਰਦੀਆਂ ਨੇ, ਨਾਦ ਪੂਰ ਕੇ ਭੰਡਾਰਾ ਚੱਲ ਵਰਤਾਈਏ। ਨਾਦ ਦੇਵੇਂਗਾ ਮੁਰਾਦ ਪੂਰੀ ਹੋਜੂਗੀ, ਮਾਪੇ ਗੁਰ ਪੀਰਾਂ ਨੂੰ, ਦੁੱਖ ਨਾ ਦੇਣਾ ਚਾਹੀਏ। ਜਵਾਬ ਰਾਂਝਾ ਤੇਰਾ ਨਾਦ ਹੋਊ ਇਕ ਦੋ ਰੁਪਈਏ ਦਾ, ਓੜਕ ਪੰਜੇ ਛਿੱਕੇ ਤੋਂ ਜਾਦਾ ਦਾ ਨਾਹੀਂ। ਦੁਨੀਆਂ ਜਾਣੇ ਹੀਰ ਹੈ ਸੀ ਲੱਖ ਕਰੋੜ ਦੀ, ਨਾਲੇ ਚੂਚਕ ਦੇ ਘਰ ਧੰਨ ਦੀਆਂ ਬੇਪਰਵਾਹੀਂ। ਚੋਰੀ ਕਰਨੀ ਹੁੰਦੀ ਮੈਂ ਓਥੇ ਕਰਦਾ ਸਤਗਿੁਰੋ, ਜੱਟੀ ਹਰ ਦਮ ਜਿਉਂਦੀ ਸੀ ਚਾਕ ਦੇ ਸਾਹੀਂ। ਭਲੇ ਦਾ ਪੁੱਤ ਗੁਰੂ ਜੀ ਭਲੇ ਦਾ ਪੋਤਾ ਮੈਂ, ਏਸ ਚੋਰੀ ਠੱਗੀ ਦੇ ਜਾਂਦਾ ਨਾ ਰਾਹੀਂ। ਚੋਰੀ ਠੱਗੀ ਜੇ ਮੈਂ ਕਰੀ ਨਾ ਰਹਿ ਗਿਆ ਧਰਮ ਤੇ, ਤੇਰੇ ਦੁਆਰੇ ਦਾ ਮੁਤਾਜ ਹੋਇਆ ਤਾਹੀਂ। ਝੂਠ ਤਰਦਾ ਹੈ ਸੱਚ ਡੁੱਬਿਆ ਜਾਂਦਾ ਦੇਖਲੋ, ਝੂਠੇ ਰੰਗੀਂ ਵਸਦੇ, ਸੱਚੇ ਰੋਂਦੇ ਧਾਹੀਂ। ਟਿੱਲੇ ਆ ਗਿਆ ਮੈਂ ਰੱਬ ਵਰਗਾ ਤੱਕ ਕੇ ਆਸਰਾ, ਸੋਈ ਆਸ ਪੂਰੀ ਹੁੰਦੀ ਦਿਸਦੀ ਨਾਹੀਂ। ਜੋਗ ਦੇਣਾ ਡੁੱਬਿਆ ਤੋਹਮਤ ਦਿੰਦਾ ਤੂੰ ਨਾਦ ਦੀ, ਤੈਂਂ ਪੁਰ ਪੈਣਗੀਆਂ ਗਰੀਬਾਂ ਦੀਆਂ ਆਹੀਂ। ਦੇ ਕੇ ਜੋਗ ਤੂੰ ਮੇਰਾ ਬੇੜਾ ਤਾਰ ਮੁਤਾਜ ਦਾ, ਡੁੱਬੇ ਜਾਂਦੇ ਨੂੰ ਚੱਕ ਗੋਦੀ ਪਾਰ ਲਖਾਹੀਂ। ਸਤਗਿੁਰ ਪੂਰਾ ਹੈਂ ਤੂੰ ਤਾਰਨ ਜੋਗ ਜਹਾਨ ਨੂੰ, ਮੈਨੂੰ ਰਾਂਝੇ ਚਾਕ ਨੂੰ ਤੇਰੀਆਂ ਪਨਾਹੀਂ। ਜਵਾਬ ਗੋਰਖ ਜਦੋਂ ਨਾਦ ਤੇ ਜਵਾਬ ਦੇ ਲਿਆ ਰਾਂਝੇ ਨੇ, ਗੋਰਖ ਦੇਹੀ ਛੱਡ ਲਈ ਕਰੀ ਸੁਰਤੀ ਦੀ ਅਸਵਾਰੀ। ਬਹਿ ਮ੍ਰਗਿਸ਼ਾਲਾ ਉੱਤੇ ਉੱਡ ਕੇ ਗਏ ਅਕਾਸ਼ ਨੂੰ, ਭਾਲਣ ਨਾਦ ਨੂੰ ਗੁਰੂ ਗੋਰਖ ਨਾਥ ਬਲਕਾਰੀ। ਪਹਿਲਾਂ ਪੁਰੀ ਰਾਜੇ ਇੰਦਰ ਵਾਲੀ ਟੋਹਲ਼ੀ ਐ, ਫੇਰ ਬਰ੍ਹਮਾਂ ਬਿਸ਼ਨ ਤੇ ਮਹੇਸ਼ ਦੇ ਦੁਆਰੀਂ। ਤਾਰੇ ਸੂਰਜ ਚੰਦ ਧਰੂੰ ਨੂੰ ਪੁੱਛਿਆ ਨਾਥ ਨੇ, ਲਈ ਤਲਾਸ਼ੀ ਹੈ ਅਕਾਸ਼ ਵਾਲੀ ਸਾਰੀ। ਫੇਰ ਉੱਤਰ ਕੇ ਪਤਾਲ ਵੜ ਗਏ ਗੋਰਖ ਜੀ, ਧੌਲੇ ਸ਼ੇਸ਼ ਵੱਲ ਨੂੰ ਲਾ ਗਏ ਨੇ ਉਡਾਰੀ। ਸਾਰਾ ਪਤਾਲ ਢੂੰਡਿਆ ਨਾਦ ਨਾ ਮਿਲਿਆ ਨਾਥ ਨੂੰ, ਧਰਤੀ ਢੂੰਡਣ ਲੱਗਿਆ ਨਾ ਦੇਰ ਹੈ ਗੁਜ਼ਾਰੀ। ਨਿਗ੍ਹਾ ਖਿੱਚ ਕੇ ਨਾਦ ਦੇਖਿਆ ਵਿੱਚ ਬਰੇਤੀ ਦੇ, ਉੱਤੇ ਚੌਂਕੀ ਰਾਂਝੇ ਨੇ ਪੀਰਾਂ ਦੀ ਧਾਰੀ। ਨਾਦ ਲੱਭਣੇ ਸਾਰ ਹਰਖਿਆ ਉੱਤੇ ਚਾਕ ਦੇ, ਕੁੱਛੜ ਕੁੜੀ ਤੇ ਗਰਾਉਂ ਦੇ ਢੁੰਡਾਰੀ। ਗੁਰੂ ਗੋਰਖ ਵਰਗੇ ਜੋਗੀ ਜੱਗ ਵਿਚ ਵਿਰਲੇ ਐ, ਜਿਨ੍ਹਾਂ ਨੂੰ ਦਿੱਤੀ ਹੈ ਤੌਫੀਕ ਰੱਬ ਨੇ ਭਾਰੀ। ਜਿੱਥੇ ਦੱਬਿਆ ਨਾਦ ਓਥੇ ਜਾਇ ਖੜੋਤੇ ਐ, ਆਖੇ ਰਾਂਝਿਆ ਕੱਢ ਨਹੀਂ ਆ ਗਈ ਮੌਤ ਤੁਮਾਰੀ। ਜਵਾਬ ਨਾਥ ਨਾਦ ਚੁਰਾ ਕੇ ਏਸ ਬਰੇਤੀ ਦੇ ਵਿਚ ਦੱਬਿਆ ਓਇ, ਉੱਤੇ ਚੌਂਕੀ ਬਾਲਕਿਆ ਤੈਂ ਪੀਰਾਂ ਦੀ ਲਾਈ। ਏਸ ਨਾਦ ਨੂੰ ਮੈਂ ਤਿੰਨੇ ਲੋਕ ਭਾਲੇ ਐ, ਮੈਨੂੰ ਦੱਸ ਨਾ ਗੋਰਖ ਨੂੰ ਕਿਸੇ ਨੇ ਪਾਈ। ਰਿੱਧੀ ਸਿੱਧੀ ਨਾਲ ਮੈਂ ਨਿਗ੍ਹਾ ਖਿੱਚ ਕੇ ਦੇਖਿਆ ਓਇ, ਮੇਰੇ ਕੋਲੇ ਚਾਕ ਬੈਠਾ ਨਾਦ ਚੁਰਾਈਂ। ਐਸ ਢੇਰੀ ਹੇਠਾਂ ਐਨੇ ਥਾਉਂ ਵਿਚ ਨਾਦ ਐ, ਦੇਖ ਪੀਰੀ ਤੈਨੂੰ ਗੋਰਖ ਨੇ ਦਿਖਾਈ। ਭਲੀ ਚਾਹੇਂ ਹੱਥੀਂ ਕੱਢ ਕੇ ਨਾਦ ਫੜਾ ਦੇ ਤੂੰ, ਨਹੀਂ ਸਣੇ ਈ ਪੀਰਾਂ ਦੇਊਂਗਾ ਵਢਾਈ। ਹੁਣੇ ਈ ਭਸਮ ਬਣਾਦੂੰ ਚੁਟਕੀ ਮਾਰ ਭਬੂਤ ਦੀ, ਅਜੇ ਵੇਲਾ ਹੈ ਤੂੰ ਸਮਝ ਰੰਝੇਟਿਆ ਭਾਈ। ਜਵਾਬ ਰਾਂਝਾ ਜੋਗ ਕਾਰਨ ਨਾਦ ਚੁਰਾ ਲਿਆ ਤੇਰਾ ਚਾਕ ਨੇ, ਸੋਈ ਲੁਕਦੀ ਨਾ ਗੁਰ ਪੀਰਾਂ ਅੱਗੇ ਚੋਰੀ। ਆਪੇ ਕੱਢ ਲੈ ਹੱਥੀਂ ਲੈ ਕੇ ਦੇਣਾ ਔਖਾ ਐ, ਜੇ ਲੈ ਸਕਦੈਂ ਪੀਰਾਂ ਕੋਲੋਂ ਜ਼ੋਰੋਜ਼ੋਰੀ। ਹੱਥੀਂ ਲੈਣਾ ਚੇਲਾ ਕਰਲੈ ਏਸ ਗਰੀਬ ਨੂੰ, ਦੇ ਕੇ ਜੋਗ ਕਰੋ ਮੁਰਾਦ ਪੂਰੀ ਮੋਰੀ। ਲੈ ਕੇ ਨਾਦ ਤੇਰੇ ਹੁਣ ਚਰਨੀਂ ਡਿੱਗ ਪੈਨਾਂ ਮੈਂ, ਜੇ ਗੁੜ ਦਿੱਤਿਆਂ ਮਰੇ ਕਿਉਂ ਦੇਣੀ ਜ਼ਹਿਰ ਕਟੋਰੀ। ਜਿੱਥੇ ਅੱਗੇ ਨੌਂ ਸੌ ਚੇਲਾ ਮੁੰਨਿਆ ਬੈਠਾ ਹੈ, ਮੇਰੇ ਮੁੰਨਿਆਂ ਕੀ ਫਕੀਰੀ ਘਟ ਜੂ ਤੋਰੀ। ਦਿਲੋਂ ਸਫਾਈ ਨਾਲ ਆਖੋਂ ਨਾਦ ਫੜਾ ਦਿਆਂ ਮੈਂ, ਮੇਰੀ ਕੌਣ ਸੀ ਗਰੀਬ ਵਾਲੀ ਪੋਰੀ। ਜਵਾਬ ਸ਼ਾਇਰ ਗੋਰਖ ਲੈ ਨੀ ਸਕਦਾ ਰਾਂਝਾ ਡਰਦਾ ਦੇਦੂਗਾ, ਪੜਦੇ ਦੋਹਾਂ ਦੇ ਈ ਰੱਖਲੇ ਪਰਵਦਗਾਰ ਨੇ। ਜਦੋਂ ਦੇਣਾ ਜੋਗ ਕਬੂਲ ਕਰ ਲਿਆ ਨਾਥ ਨੇ, ਓਦੋਂ ਕੱਢ ਕੇ ਨਾਦ ਫੜਾ ਲਿਆ ਰਾਂਝੇ ਯਾਰ ਨੇ। ਲੈ ਕੇ ਨਾਦ ਰਾਜ਼ੀ ਹੋ ਗਿਆ ਉੱਤੇ ਚਾਕ ਦੇ, ਬਹਿ ਕੇ ਲੱਗ ਗਏ ਦੋਵੇਂ ਮੁੰਦਰਾਂ ਨੂੰ ਸੰਵਾਰਨੇ। ਸੱਦ ਕੇ ਰਾਂਝਾ ਪਾਸ ਬਹਾ ਲਿਆ ਨਾਲ ਪਿਆਰ ਦੇ, ਚੇਲਾ ਕਰਕੇ ਜੋਗ ਦੇਣ ਨੂੰ ਤਿਆਰ ਨੇ। ਕੋਲੋਂ ਚੇਲੇ ਉੱਠ ਕੇ ਲੱਗੇ ਮਾਰਨ ਬੋਲੀਆਂ, ਲੌਂਡੇ ਦੇਖ ਦੀਦਾਰੀ ਲੱਗਿਆ ਐਂ ਜੋਗ ਧਾਰਨੇ। ਪਹਿਲਾਂ ਮਚਲਾ ਹੋ ਕੇ ਜੋਗ ਤੇਤੋਂ ਲੈਲੂਗਾ, ਫੇਰ ਦੇਖੀਂ ਇਹਨੇ ਕਹੇ ਕੁ ਪੈਰ ਪਸਾਰਨੇ। ਸੁਣ ਕੇ ਫਹੁੜੀ ਚੱਕੀ ਚੇਲੇ ਘੂਰੇ ਨਾਥ ਨੇ, ਹਾਰ ਬੈਠੇ ਜਦੋਂ ਝਿੜਕੇ ਗੁਰ ਸਰਕਾਰ ਨੇ। ਜਵਾਬ ਚੇਲੇ ਚੇਲੇ ਰਾਂਝੇ ਬਾਬਤ ਕਹਿੰਦੇ ਗੋਰਖ ਨਾਥ ਨੂੰ, ਜੋਗ ਲੈਣਾ ਨੈਹਿਣਾਂ ਕੁਲਾਲੀ ਦੇ ਜਾਵੇ। ਪਹਿਲਾਂ ਮਦੁਰਾ ਲਿਆਕੇ ਪਿਆਵੇ ਨੌਂ ਸੌ ਚੇਲੇ ਨੂੰ, ਫੇਰ ਪੱਕਾ ਭੰਡਾਰਾ ਲੱਡੂਆਂ ਦਾ ਛਕਾਵੇ। ਧਾਰਾ ਨਗਰੀ ਦੀ ਲਿਆਵੇ ਭਿੱਛਿਆ ਮੰਗ ਕੇ, ਚੂੰਨ ਭੂੰਨ ਨੌਂ ਸੌ ਚਿੱਪੀ ਦੇ ਮੂੰਹ ਪਾਵੇ। ਮਾਨ ਸਰੋਵਰ ਪਰ ਸੇ ਹੰਸ ਲਿਆਵੇ ਜਾਇਕੇ, ਪਾਣੀ ਢੋਹਵੇ ਧੂੰਆਂ ਬਾਰਾਂ ਵਰ੍ਹੇ ਪਾਵੇ। ਫੇਰ ਭੇਖ ਧਾਰੇ ਕੱਚੀਆਂ ਪੁਆਵੇ ਗੁਰੂ ਤੋਂ, ਪੱਕੀਆਂ ਮੁੰਦਰਾਂ ਜਾ ਕੇ ਬਾਲ ਗੁਦਾਈ ਪੁਆਵੇ। ਤਾਂ ਹੀ ਜੋਗੀ ਹੋਇਆ ਕੁੱਲ ਜਹਾਨੀ ਜਾਣੂੰਗੀ, ਸੁੱਕਾ ਰੂਪਾਂ ਜੇ ਜੁਗਿਆਣੀ ਕੋਲੋਂ ਆਵੇ। ਓਥੇ ਭੇਜੋ ਜਿੱਥੋਂ ਮੁੜ ਨਾ ਆਵੇ ਜੋਗ ਨੂੰ, ਆਪੇ ਕੱਚਾ ਹੋਜੂ ਨਾ ਮੁੜ ਮੁੱਖ ਦਿਖਾਵੇ। ਐਡੇ ਐਡੇ ਦਾਹਵੇ ਬੰਨ੍ਹਦੈ ਪੀਰੀ ਦੇਖੀਏ, ਨਾਲੇ ਪੀਰਾਂ ਦੀ ਮਰੋੜ ਨੂੰ ਗਵਾਵੇ। ਜੋਗੀ ਕਰੀਂ ਚਾਕ ਨੂੰ ਐਨੇ ਰਾਹੀਂ ਫੇਰ ਕੇ, ਕਿਤੇ ਰੂਪ ਦਿਖਾ ਕੇ ਜੋਗ ਨਾ ਉਡਾਵੇ। ਜਵਾਬ ਨਾਥ ਏਹਨੂੰ ਜੋਗ ਦੇਣਾ ਮੈਂ ਮਨਜ਼ੂਰ ਕਰ ਲਿਆ ਓਏ, ਕਦੇ ਨਾ ਹਟਣਾ ਚੇਲਿਓੁ ਕਿਸੇ ਦੇ ਹਟਾਏ। ਧੂੰਆਂ ਪਾਣੀ ਢੋਣਾ ਮਜ਼ਦੂਰੀ ਬਾਰਾਂ ਬਰਸ ਦੀ, ਏਹਨੂੰ ਮਾਫ ਕੀਤੀ ਪੀਰਾਂ ਦੇ ਕਰਾਏ। ਮਾਨ ਸਰੋਵਰ ਪਰਸ਼ਣ ਤੇ ਨਹਿਣਾਂ ਕੁਲਾਲੀ ਦੇ, ਜਾਣਾ ਸਰ ਭਰ ਪੈਂਦਾ ਹੈ ਹੋ ਕੇ ਸਭ ਆਏ। ਮਦੁਰਾ ਲਿਆ ਕੇ ਪਿਆਦੇ ਤੂੰ ਏਹਨਾਂ ਗੁਰ ਭਾਈਆਂ ਨੂੰ, ਵੈਰੀ ਮਿੱਤਰ ਹੁੰਦੇ ਭੋਜਨ ਦੇ ਛਕਾਏ। ਧਾਰਾ ਨਗਰੀ ਦੀ ਲਿਆਦੇ ਭਿੱਛਿਆ ਮੰਗ ਕੇ, ਡਰੂ ਲੁਕਾਈ ਪੀਰੀ ਪੀਰਾਂ ਦੀ ਦਿਖਾਏ। ਫੇਰ ਕੰਨ ਪੜਵਾ ਕੇ ਹੱਸ ਕੇ ਮੁੰਦਰਾਂ ਪੁਆ ਲੈ ਤੂੰ, ਪੱਕੀਆਂ ਪੈਣ ਨਾ ਰੂਪਾਂ ਜੁਗਿਆਣੀ ਬਿਨ ਪਾਏ। ਸਵਾ ਸਹੰਸਰ ਮਣ ਦੀ ਸਲਿ ਭੋਰੇ ਵਿਚ ਮੁੰਦਰਾਂ ਨੇ, ਕੋਈ ਬਰਕਤ ਵਾਲਾ ਲੋਕ ਹੀ ਉਠਾਏ। ਨਾਲੇ ਜਤ ਸਤ ਦੇਖਿਆ ਜਾਂਦਾ ਸਭ ਫਕੀਰੀ ਦਾ, ਜੇਹੜਾ ਓਥੋਂ ਬਚੇ ਸੋ ਜੋਗ ਨੂੰ ਕਮਾਏ। ਰੂਪ ਦੇਖ ਸਾਰੀ ਦੁਨੀਆਂ ਮੋਹਿਤ ਹੁੰਦੀ ਐ, ਟਿੱਲੇ ਬਾਲ ਗੁਦਾਈ ਗਏ ਸੋ ਮੁੜ ਨੀ ਆਏ। ਤੈਨੂੰ ਏਨੇ ਥਾਈਂ ਸਰ ਭਰ ਜਾਣਾ ਲੱਗੂਗਾ, ਜਤੀ ਨਾ ਡੁੱਲ੍ਹਦੇ ਬੱਚੂ ਰੂਪ ਦੇ ਡੁਲ੍ਹਾਏ। ਜਵਾਬ ਸ਼ਾਇਰ ਹੁਕਮ ਕਬੂਲ ਕਰਕੇ ਰਾਂਝਾ ਤੁਰ ਪਿਆ ਗੋਰਖ ਦਾ, ਚੱਲ ਕੇ ਆ ਗਿਆ ਨਹਿਣਾਂ ਕਲਾਲੀ ਦੇ ਦੁਆਰੇ। ਅੱਗੇ ਨਹਿਣਾਂ ਬੈਠੀ ਕੱਢ ਕੱਢ ਦਾਰੂ ਵੇਚਦੀ, ਦੇਖ ਸੂਰਤ ਰਾਂਝੇ ਦੀ ਕਹਿੰਦੀ ਬਲਿਹਾਰੇ। ਸੂਰਤ ਦੇਖਣ ਸਾਰ ਕਲਾਲੀ ਡੁੱਲ੍ਹ ਗਈ ਚਾਕ ਤੇ, ਚਾਰੇ ਨੈਣ ਜੁਟ ਗਏ, ਹਨ ਕਟਕਾਂ ਦੇ ਮਾਰੇ। ਉੱਠ ਕੇ ਬਾਹੋਂ ਫੜ ਕੇ ਲਿਆਣ ਬਹਾ ਲਿਆ ਪਲੰਘ ਤੇ, ਕਹਿੰਦੀ ਕਿਧਰੋਂ ਆ ਗਏ ਦਿਲਬਰ ਜਾਨੀ ਪਿਆਰੇ। ਸੂਰਤਬੰਦਾਂ ਨੂੰ ਸਭ ਕੋਈ ਹੱਸ ਬੁਲਾਉਂਦਾ ਹੈ, ਆਦਰ ਸੂਰਤ ਨੂੰ ਬੁਛੱਈਆਂ ਦੇ ਦੁਆਰੇ। ਰੂਪ ਅੱਧਾ ਰਜ਼ਿਕ ਜਹਾਨੀ ਸਾਰੀ ਕਹਿੰਦੀ ਐ, ਰਜ਼ਿਕ ਸਾਰਾ ਰੂਪ, ਸਮਝਣ ਵਿਚ ਹਮਾਰੇ। ਜਿਨ੍ਹਾਂ ਨੂੰ ਰੂਪ ਦਿੱਤਾ, ਰੱਬ ਨੇ ਕੁਛ ਨਾ ਰੱਖ ਲਿਆ, ਹੱਸ ਕੇ ਸੋਹਣਿਆਂ ਨੂੰ ਬੁਲਾਉਂਦੇ ਲੋਕ ਸਾਰੇ। ਮਗਰ ਫਿਰਦੇ ਲਈਂ ਬਿਨ ਮੰਗੀਆਂ ਲੋਕ ਦੌਲਤਾਂ, ਆਸ਼ਕ ਰੁਲਕੇ ਮਰ ਗਏ, ਰੂਪ ਲਈ ਵਿਚਾਰੇ। ਓਧਰ ਰਾਂਝਾ ਮੋਰ ਕਲਹਿਰੀ, ਕੂੰਜ ਕਲਾਲੀ ਐ, ਦੋਵੇਂ ਸੋਹਣੇ ਸੋਹਣੇ ਰਲ ਗਏ ਆਪ ਪਿਆਰੇ। ਹੂਰ ਪਰੀ ਕਲਾਲੀ ਦੇਖਣ ਦੀ ਨਿਸ਼ਾਨੀ ਐ, ਸਿਫਤਾਂ ਕਰ ਨਾ ਰੱਜਦੇ ਲੋਕ ਦੇਖਣ ਹਾਰੇ। ਆਪ ਚੰਦ ਮਹਿਤਾਬ ਕਿਰਨਾਂ ਸੂਰਜ ਚੰਦ ਦੀਆਂ, ਨੌਂ ਨੌਂ ਝੂਟੇ ਖਾ ਤੁਰੇ, ਉਡਦੇ ਪੰਛੀ ਮਾਰੇ। ਆਲੇ ਦੁਆਲੇ ਰਾਂਝੇ ਦੇ ਫਿਰਦੀ ਐ ਲਟਕਦੀ, ਦੇਖ ਦੇਖ ਸੂਰਤ ਵੱਲ ਧਰਤੀ ਨਮਸ਼ਕਾਰੇ। ਮਸਤ ਸ਼ਰਾਬਣ ਹੋਈ ਉਡ ਉਡ ਫਿਰਦੀ ਚਿੰਬੜਦੀ, ਰੂਪ ਐਸੇ ਜੈਸੇ ਨਸ਼ਿਆਂ ਦੇ ਹੁਲਾਰੇ। ਇੱਕ ਹੱਥ ਬੋਤਲ ਦੂਜੇ ਭਰ ਭਰ ਪਿਆਲੇ ਦਿੰਦੀ ਐ, ਪੀ ਕੇ ਸੇਜੀਂ ਮੇਰੀ ਸੌਂ ਜਾ ਵੇ ਮਾਪਿਆਂ ਬਾਹਰੇ। ਜੈਸਾ ਭਾਲਦੀ ਵਰ ਤੈਸਾ ਮੈਨੂੰ ਮਿਲ ਗਿਆ ਵੇ, ਸੋ ਕੰਮ ਪੂਰੇ ਹੋ ਗਏ ਜੋ ਅਸਾਂ ਦਿਲ ਧਾਰੇ। ਜਵਾਬ ਰਾਂਝਾ ਸੋ ਕੰਮ ਪੂਰੇ ਔਖੇ ਹੋਣ ਜੋ ਦਿਲ ਧਾਰੀਏ, ਜਿਸ ਦਿਨ ਸਾਡੇ ਪੂਰੇ ਹੋਣ ਪੀਰ ਮਨਾਈਏ। ਜੇ ਦਿਲ ਰਾਜ ਖਜ਼ਾਨੇ ਬਾਦਸ਼ਾਹੀ ਮੰਗਲੂਗਾ, ਕਿੱਥੋਂ ਮਿਲਜੂ ਸਾਨੂੰ ਆਖ ਕੇ ਸੁਣਾਈਏ। ਜੇ ਦਿਲ ਪਰੀਆਂ ਸਣੇ ਸਿੰਘਾਸਣ ਮੰਗਲੂ ਇੰਦਰ ਦਾ, ਕਿੱਥੋਂ ਮਿਲਨਾ ਐਵੇਂ ਕਾਹਨੂੰ ਮਨ ਭਟਕਾਈਏ। ਜੇ ਦਿਲ ਕੋਠੀ ਬੰਗਲੇ ਮੰਗਲੂ ਮੰਡਪ ਮਾੜੀਆਂ, ਮੰਗੇ ਨਾ ਮਿਲਨੇ, ਕੱਚੇ ਆਪਣੇ ਕਿਉਂ ਢਾਹੀਏ। ਜੇ ਦਿਲ ਰਹਿੰਦੀ ਦੁਨੀਆਂ ਤਾਈਂ ਜਿਉਣਾ ਮੰਗਲੂਗਾ, ਜਿਸ ਦਿਨ ਆ ਗਈ ਕੌਣ ਛੁਡਾਦੂ ਇਹ ਬਤਾਈਏ। ਦਿਲ ਦੇ ਆਖੇ ਜੇ ਮੂੰਹ ਅੱਡੀਏ ਮੱਖੀਆਂ ਪੈਣਗੀਆਂ, ਰੱਖੀਏ ਵਰਜ ਦਿਲਾਂ ਨੂੰ, ਹਰ ਥਾਉਂ ਨਾ ਡੁਲ੍ਹਾਈਏ। ਉੱਤੇ ਭੂਰੀ ਤੇ ਦਿਲ ਮੰਗਦਾ ਜ਼ਰੀਆਂ ਬਾਦਲੇ, ਦਿਲ ਦੇ ਮੰਗਿਆਂ ਮਿਲੇ ਤਾਂ ਧੱਕੇ ਕਾਹਨੂੰ ਖਾਈਏ। ਰੱਬ ਬਿਨ ਕੌਣ ਮਨੋਰਥ ਪੂਰੇ ਕਰਦੂ ਦਿਲਾਂ ਦੇ, ਮਾਰੇ ਏਹਨਾਂ ਦੁੱਖਾਂ ਦੇ ਕਿੱਧਰ ਨੂੰ ਜਾਈਏ। ਇਕ ਮਨੋਰਥ ਮੇਰਾ ਤੇਰੇ ਤਾਈਂ ਪੈ ਗਿਆ ਨੀ, ਪੂਰਾ ਕਰੀਂ ਸਵਾਲ ਸਾਈਂ ਨਾਮੇਂ ਪਾਈਏ। ਭੇਜਿਆ ਗੋਰਖ ਨੇ ਇਕ ਤੂੰਬੀ ਭਰਦੇ ਮਦੁਰਾ ਦੀ, ਸਾਡਾ ਸਰਜੂਗਾ ਕੰਮ ਜਸ ਹਰ ਦਮ ਤੇਰਾ ਗਾਈਏ। ਜਵਾਬ ਨਹਿਣਾਂ ਕਲਾਲੀ ਤੂੰਬੀ ਕੀਹਦੀ ਜੀ ਇਹ ਸਾਰੀ ਮਦੁਰਾ ਤੇਰੀ ਐ, ਮੈਂ ਵੀ ਤੇਰੀ ਐਥੇ ਓਥੇ ਦੋਹੀਂ ਜਹਾਨੀ। ਮੇਰੇ ਚੰਮ ਦੇ ਜੋੜੇ ਉੱਤੋਂ ਲਾਹ ਸਮਾ ਲੈ ਤੂੰ, ਮਾਸ ਵੇਚ ਲੈ ਕਸਾਈਆਂ ਦੇ ਦੁਕਾਨੀਂ। ਤੇਰੀ ਸੂਰਤ ਦੇਖ ਮੈਂ ਬਿਨ ਪੈਸੇ ਵਿਕ ਗਈ ਆਂ, ਪਿੱਛਾ ਨਾ ਦੇਈਏ ਪਹਿਲਾਂ ਵੇ ਬਣ ਕੇ ਦਿਲ ਜਾਨੀ। ਭਰ ਲੈ ਤੂੰਬੀ ਮੈਂ ਵੀ ਤੇਰੇ ਈ ਨਾਲ ਚਲਦੀ ਐਂ, ਅੱਖਾਂ ਹੇਠ ਰੱਖੂੰਗੀ, ਜੌਗਲ ਹੈ ਜ਼ਿੰਦਗਾਨੀ। ਮਦੁਰਾ ਲੈ ਕੇ ਮੈਨੂੰ ਛੱਡ ਕੇ ਕਿੱਥੇ ਨੂੰ ਖਿਸਕੇਂਗਾ, ਜੱਗ ਵਿਚ ਰਹਿਜੂ ਏਹਨਾਂ ਬੋਲਾਂ ਦੀ ਨਿਸ਼ਾਨੀ। ਤੇਰੇ ਆਸਰੇ ਮੈਂ ਦਰਸ਼ਣ ਕਰਲੂੰ ਸੰਤਾਂ ਦੇ, ਸੰਗ ਤਾਂ ਕਾਠ ਦੇ ਲੋਹਾ ਤਰਜੂਗਾ ਵਿਚ ਪਾਨੀ। ਤੂੰ ਬਣ ਮੇਰਾ ਮੈਂ ਹਰ ਦਮ ਤੇਰੀ ਬਣ ਗਈ ਆਂ, ਮਿੱਤਰ ਬਣ ਕੇ ਨਾ ਦਿਲ ਰੱਖੀਏ ਬੇਈਮਾਨੀ। ਜਵਾਬ ਨਾਥ (ਰਾਂਝਾ) ਮਿੱਤਰ ਮੂੰਹੋਂ ਕਹਿਣਾ ਸੌਖਾ ਵਿਚ ਜਹਾਨ ਦੇ, ਔਖਾ ਏਸ ਨੀ ਮਤਿਰਾਈ ਦਾ ਕਮਾਉਣਾ। ਕਲਜੁੱਗ ਦਗੇ ਦੀਆਂ ਮਤਿਰਾਈਆਂ ਲੁੱਟ ਠੱਗ ਖਾਣ ਦੀਆਂ, ਨੰਗ ਬਣਾ ਕੇ ਕਿਨੇਂ ਹੱਸ ਕੇ ਨਾ ਬੁਲਾਉਣਾ। ਜੁਆਨੀ ਜੋਬਨ ਹੁੰਦੇ ਮਿੱਤਰ ਸਭ ਹੱਸ ਮਿਲਦੇ ਨੇ, ਕਿਨੇਂ ਨੀ ਪੁੱਛਣਾ ਜਦੋਂ ਬੁਢੇਪੇ ਹੋਰਾਂ ਨੇ ਆਉਣਾ। ਅਗਲਾ ਸੁਰਮਾ ਮੈਥੋਂ ਹੁਣ ਤਾਈਂ ਨਾ ਨਿਕਲਿਆ ਨੀ, ਨਵਾਂ ਹੋਰ ਤੇਰੇ ਵਾਲਾ ਕਿੱਥੋਂ ਪਾਉਣਾ। ਪੱਟੇ ਫਿਰਦੇ ਅੱਗੇ ਈ ਨੀ ਇਹਨਾਂ ਮਤਿਰਾਈਆਂ ਦੇ, ਸਾਡੀ ਤੋਬਾ ਸਾਤੇ ਹੋਰ ਕੀ ਅਖਵਾਉਣਾ। ਤੇਰੇ ਪਾਸ ਰਹਿਣਾ ਨੀ ਸਾਥੋਂ ਨਾ ਪੁੱਗਦਾ ਐ, ਅਗਲੇ ਕੰਡੇ ਬੀਜੇ ਗੋਰਖ ਤੋਂ ਚੁਗਵਾਉਨਾਂ। ਇਸ਼ਕ ਮੁਹੱਬਤਾਂ ਸਾਥੋਂ ਨਈਂ ਨਵੀਆਂ ਨਾ ਪੁੱਗਦੀਆਂ, ਚਾਹਾਂ ਮੈਂ ਹੋਕਾ ਦੇ ਕੇ ਦੁਨੀਆਂ ਨੂੰ ਹਟਾਉਣਾ। ਦੁਖੀਆ ਕਦੇ ਨਾ ਜੀਵੇ ਮੰਗਵੀਂ ਮੌਤ ਥਿਆਜੇ ਜੇ, ਐਦੂੰ ਜਾਦੇ ਕੀ ਦੁੱਖ ਫੋਲ ਕੇ ਸੁਣਾਉਣਾ। ਤੇਰਾ ਰੱਬ ਸਰਾਵੇ ਤੂੰਬੀ ਭਰਦੇ ਮਦੁਰਾ ਦੀ, ਤੈਨੂੰ ਦਰਸ਼ਣ ਕਰਦੀ ਨੂੰ ਕਿਨੇ ਨੀ ਹਟਾਉਣਾ। ਚੇਲੇ ਮਸ਼ਵਰਾ ਕਰਨ ਸਾਰੇ ਚੇਲੇ ਕੱਠੇ ਹੋ ਕੇ ਮਤਾ ਪਕਾਉਂਦੇ ਨੇ, ਆਪਾਂ ਗੁਰੂ ਨੂੰ ਹੁਣ ਕਿਹੜੀ ਵਿਧੀ ਸਮਝਾਈਏ। ਰੰਨਾਂ ਵਾਲਿਆਂ ਨੂੰ ਗੁਰੂ ਚੇਲੇ ਮੁੰਨਣ ਲੱਗ ਪਿਆ ਹੈ, ਸਾਰਾ ਭੇਖ ਕੱਠਾ ਹੋ ਕੇ ਚਲੋ ਹਟਾਈਏ। ਜੇ ਰੰਨ ਦੇ ਯਾਰ ਨੂੰ ਫਕੀਰੀ ਦੇ ਲਈ ਮੁਰਸ਼ਦ ਨੇ, ਦੁਆਰੇ ਗੁਰ ਆਪਣੇ ਦੇ ਵਿਹੁ ਖਾ ਕੇ ਮਰ ਜਾਈਏ। ਗੋਪੀ ਚੰਦ ਭਰਥਰੀ ਕਾਨੀ ਪਾਜੀ ਬੋਲਦੇ, ਕਰਦੇ ਗੋਸ਼ਟ ਖੋਲ੍ਹਣ ਮੱਤ ਦੇ ਹੈ ਦਰਵਾਜ਼ੇ। ਸਾਨੂੰ ਸਿੱਖਿਆ ਦਿੰਨੈਂ ਜਤ ਸਤ ਆਪਣਾ ਰੱਖਣੇ ਦੀ, ਦਿਲੋਂ ਕਹਿੰਨੈਂ ਰੰਨ ਦੇ ਯਾਰ ਨੂੰ ਸਾਧ ਬਣਾਈਏ। ਸਾਨੂੰ ਵਿਦਿਆ ਦੇ ਦਿਓ ਟੱਲਾ ਸਾਂਭੀਂ ਬਾਵਾ ਜੀ, ਰਾਜਿਆਂ ਦੇ ਪੁੱਤਰਾਂ ਨੂੰ ਨਾ ਐਵੇਂ ਬਗਲ ਬਠਾਈਏ। ਇਕ ਇਕ ਰਾਜੇ ਦੇ ਘਰ ਪੰਜ ਪੰਜ ਨਾਰਾਂ ਰਹਿੰਦੀਆਂ, ਸਭ ਨੂੰ ਤਿਆਗ ਕੇ ਅਸੀਂ ਗੁਰੂ ਦੁਆਰੇ ਆਈਏ। ਇਹ ਤਾਂ ਲੜਕਾ ਸਾਨੂੰ ਲਾਇਕ ਜੋਗ ਦੇ ਦਿਸਦਾ ਨੀ, ਹੱਥ ਤਾਂ ਬੰਨ੍ਹ ਬੰਨ੍ਹ ਚੱਲਕੇ ਗੁਰੂ ਨੂੰ ਸਮਝਾਈਏ। ਚੇਲੇ ਵ ਗੋਰਖ ਨਾਥ ਚੇਲੇ ਕੱਠੇ ਹੋ ਕੇ ਕਹਿੰਦੇ ਗੋਰਖ ਨਾਥ ਨੂੰ, ਤੂੰ ਨੀ ਵਾਕਫ ਹੈਂ ਇਸ ਰਾਂਝੇ ਦੀ ਕਰਤੂਤ ਦਾ। ਬੰਦਾ ਨਾ ਸਮਝੀਂ ਏਹ ਤਾਂ ਹੈਗਾ ਸ਼ੁਤਰ ਹਜ਼ਾਰੇ ਦਾ, ਬਿਨਾਂ ਨਕੇਲੋਂ ਫਿਰਦਾ ਕੱਚੀਆਂ ਕੈਲਾਂ ਸੂਤ ਦਾ। ਖਾਤਰ ਰੰਨਾਂ ਦੀ ਇਹ ਮਕਰ ਬਣਾਈਂ ਫਿਰਦਾ ਜੀ, ਗਰਜ਼ ਬਗੈਰੋਂ ਵੱਢੀ ਉਂਗਲੀ ਤੇ ਨੀ ਮੂਤਦਾ। ਏਹਨੂੰ ਚੇਲਾ ਕਰਕੇ ਤੇਰੀ ਇਜ਼ਤ ਜਾਊਗੀ, ਦੁਨੀਆਂ ਆਖੂ ਚੇਲਾ ਹੈ ਗੋਰਖ ਅਵਧੂਤ ਦਾ। ਉਲਝੇ ਤਾਣੇ ਨੂੰ ਸੁਲਝਾਉਂਦੇ ਪੁੱਤ ਜੁਲਾਹਿਆਂ ਦੇ, ਇਹ ਤਾਂ ਜੱਟ ਗਲੋਟਾ ਹੈ ਉਲਝੇ ਹੋਏ ਸੂਤ ਦਾ। ਚੰਗੀ ਕਰਦੈਂ ਏਹਨੂੰ ਦੇਹ ਜਵਾਬ ਜੋਗ ਤੋਂ, ਔਖਾ ਹੋਜੂ ਗਾ ਸਮਝਾਉਣਾ ਕੱਚੇ ਭੂਤ ਦਾ। ਬਿਨਾਂ ਅਕਲੋਂ ਬੰਦਾ ਖਾਂਦਾ ਫਿਰਦਾ ਠੋਕਰਾਂ, ਬਿਨਾਂ ਵਿਚਾਰ ਕੁਛ ਨੀ ਬਣਦਾ ਬੁੱਤ ਕਲਬੂਤ ਦਾ। ਕਲਾਮ ਗੁਰੂ ਗੋਰਖ ਨਾਥ ਦਾ ਚੇਲਿਆਂ ਨੂੰ ਖੜ੍ਹ ਕੇ ਗੋਰਖ ਜਤੀ ਸਿੱਧ ਚੇਲਿਆਂ ਨੂੰ ਸਮਝਾਉਂਦਾ ਹੈ, ਐਡੇ ਸਿਆਣੇ ਤੁਸੀਂ ਕਿੱਥੋਂ ਆਗੇ ਪੜ੍ਹਦੇ। ਜਿੰਨਾ ਭੇਖ ਆਪਣਾ ਮੈਂ ਜਾਣਾਂ ਸਭ ਦੇ ਦਿਲਾਂ ਦੀਆਂ, ਤੁਸੀਂ ਜਾਣ ਕੇ ਖੁਲਾਉਂਦੇ ਆਪਣੇ ਪੜਦੇ। ਸੁੰਦਰਾਂ ਰਾਣੀ ਨੇ ਭੰਡਾਰਾ ਕੀਤਾ ਭੇਖ ਨੂੰ, ਸੂਰਤ ਦੇਖ ਉਹਦੀ ਤੁਸੀਂ ਕਾਮ ਅਗਨ ਵਿਚ ਸੜਦੇ। ਚਾਰੇ ਸਾਧਨ ਥੋਡੇ ਰੇਤੇ ਦੇ ਵਿਚ ਰੁਲਦੇ ਨੇ, ਸੋਹਣੀ ਦੇਖ ਇਸਤਰੀ ਜਾ ਬੂਹੇ ਵਿਚ ਖੜ੍ਹਦੇ। ਏਹਨਾਂ ਰਸਾਂ ਕਸਾਂ 'ਚੋਂ ਕੋਈ ਵਿਰਲਾ ਨਿੱਤਰੂਗਾ, ਚਾਰੇ ਲੋਚਨ ਹੈਂ ਜਦ ਇਕ ਰਸ ਹੋ ਕੇ ਲੜਦੇ। ਕਲਾਮ ਨੈਣਾਂ ਵ ਰਮੇਲ ਤੇਰੀ ਨਵੀਂ ਜਵਾਨੀ ਤੂੰ ਸੁਣ ਧੀਏ ਰਮੇਲੇ ਨੀ, ਮੇਰਾ ਧੌਲਾ ਝਾਟਾ ਹੋਇਆ ਧੀਏ ਪੁਰਾਣਾ। ਵਿਚੋਂ ਟੱਲੇ ਦਿਉਂ ਇਕ ਚੇਲਾ ਆ ਗਿਆ ਗੋਰਖ ਦਾ, ਓਸੇ ਜੋਗੀ ਨੂੰ ਮੈਂ ਤੇਰਾ ਹਾਣ ਪਛਾਣਾ। ਸੋਹਣਾ ਸੂਰਤ ਦਾ ਕਿਸੇ ਵਿਹਲੇ ਨੇ ਬੈਠ ਬਣਾ ਲਿਆ ਨੀ, ਜਿਸ ਨੇ ਉਹ ਬਣਾਇਆ ਧੰਨ ਧੰਨ ਓਸ ਤਖਾਣਾਂ। ਫੁੱਲ ਗੁਲਾਬੀ ਹੈ ਵਿਚ ਭਿੱਜਿਆ ਇਸ਼ਕ ਮਜਾਜੀ ਦੇ, ਉਹਦੀ ਸ਼ਕਲ ਮਤਾਬੀ ਸੇਹਲੀ ਵਾਂਗ ਕਮਾਣਾਂ। ਚੰਦ ਸਰੂਪੀ ਸੂਰਜਵੰਸੀ ਆਪ ਅਉਤਾਰੀ ਹੈ, ਤੂੰ ਲੜ ਲੱਗਜਾ ਉਹਦੇ ਜੇ ਕੁਛ ਖੱਟਣਾ ਖਾਣਾ। ਹਾਰ ਸ਼ਿੰਗਾਰ ਲਗਾ ਕੇ ਬਣ ਜਾ ਹੂਰ ਬਹਿਸ਼ਤਾਂ ਦੀ, ਗੁੰਦ ਲੈ ਮੋਮੀ ਪੱਟੀਆਂ ਜੇ ਜੋਗੀ ਭਰਮਾਣਾਂ। ਇਕ ਇਕ ਵਾਲ ਦੇ ਵਿਚ ਸੁੱਚੇ ਮੂੰਗ ਪਰੋ ਲੈ ਤੂੰ, ਨੈਣੀਂ ਸੁਰਮਾ ਪਾ ਕੇ ਖਿੱਚ ਲੈ ਤੀਰ ਕਮਾਣਾਂ। ਤੀਰ ਇਸ਼ਕ ਦੇ ਕਸਕੇ ਮਾਰੀਂ ਬੈਠੇ ਜੋਗੀ ਦੇ, ਭੁੱਲ ਜਾਏ ਚਾਲ ਫੱਕਰ ਦੀ ਐਸਾ ਖੇਲ੍ਹ ਦਿਖਾਣਾ। ਮਿੱਠੀਆਂ ਗੱਲਾਂ ਕਰ ਚੱਲ ਜੋਗੀ ਨੂੰ ਭਰਮਾ ਲੈ ਨੀ, ਨਹੀਂ ਤਾਂ ਟੱਲੇ ਏਹਨੇ ਗੋਰਖ ਦੇ ਨੂੰ ਜਾਣਾ। ਰਮੇਲ ਦਾ ਹਾਰ ਸ਼ਿੰਗਾਰ ਲਗਾਉਣਾ ਜ਼ੋਰ ਜਵਾਨੀ ਦਾ ਦੂਜੀ ਕਟਕ ਅੰਧੇਰੀ ਬਣਦੀ ਹੈ, ਕਰ ਇਸ਼ਨਾਨ ਕੱਪੜੇ ਗਹਿਣੇ ਬਹਿ ਕੇ ਪਾਉਂਦੀ। ਕੁੜਤੀ ਖੀਨ ਖਾਪ ਦੀ ਜਾਲੀ ਉਹਨੂੰ ਅਤਲਸ਼ ਦੀ, ਥਾਂ ਉਹ ਬਟਨਾਂ ਦੇ ਹੀਰਿਆਂ ਦੇ ਤਾਜ ਜੜਾਉਂਦੀ। ਪਜਾਮਾਂ ਮਰੀਨੇ ਤਾਸ਼ ਦਾ ਕੱਢ ਕੇ ਮੂਹਰੇ ਧਰ ਲਿਆ ਹੈ, ਨਾਲਾ ਰੇਸ਼ਮ ਦਾ ਪਾ ਖਿੱਚ ਕੇ ਖੂਬ ਡਟਾਉਂਦੀ। ਪੋਠੋਹਾਰੀ ਜੁੱਤੀ ਵਿਚ ਜੜੀਆਂ ਨੇ ਮੋਰਨੀਆਂ, ਛਣਕਣ ਘੁੰਗਰੂ ਜਦ ਉਹ ਪੱਬ ਦੇ ਨਾਲ ਉਠਾਉਂਦੀ। ਵਾਲ ਵਾਲ ਦੇ ਵਿਚ ਸੁੱਚੇ ਮੂੰਗ ਪਰੋ ਲਏ ਨੇ, ਚਮਕਣ ਪੱਟੀਆਂ ਜਦ ਹੱਥ ਮੋਮ ਵਾਲਾ ਲਾਉਂਦੀ। ਕਮਾਰ ਪਾਤਰ ਬੁੰਦੇ ਸੋਹਨ ਸੁੱਚੇ ਬਲੌਰ ਦੇ, ਨੱਥ ਬਲਾਕ ਵਾਲੀ ਉਹ ਨੱਕ ਦੇ ਵਿਚ ਪਾਉਂਦੀ। ਹਾਰ ਕਲੀਆਂ ਦਾ ਪਾ ਮਲ ਲਈ ਸੁਰਖੀ ਹੋਠਾਂ ਨੂੰ, ਨੈਣਾਂ ਮਾਤਾ ਕੋਲੋਂ ਚੂੜੀਆਂ ਚੜ੍ਹਵਾਉਂਦੀ। ਉੱਠ ਕੇ ਤੁਰਦੀ ਸਿਰ ਤੇ ਧੂੜੀਏ ਦਾ ਸਿਰਕਾ ਜੀ, ਚਾਲ ਐਸੀ ਚੱਲਦੀ ਪੰਛੀ ਮੋਮ ਬਣਾਉਂਦੀ। ਪਿੱਛੇ ਨਾ ਮੁੜਦੀ ਅੱਗੇ ਨੂੰ ਦੂਣ ਸਵਾਈ ਚਲਦੀ ਹੈ, ਕਟਕ ਅੰਧੇਰੀ ਬਣ ਗਈ ਧਰਤੀ ਪਟਦੀ ਆਉਂਦੀ। ਕਾਲੀ ਨਾਗਣ ਬਣ ਕੇ ਤੁਰ ਪਈ ਕੋਇਲ ਪਹਾੜਾਂ ਦੀ, ਸੁੱਤੇ ਆਸ਼ਕ ਨੂੰ ਡੰਗ ਮਾਰ ਕੇ ਜਗਾਉਂਦੀ। ਦਿਖਾ ਕੇ ਚਮਕ ਹੁਸਨ ਦੀ ਮੂਹਰੇ ਖੜ੍ਹਗੀ ਜੋਗੀ ਦੇ, ਬਰਸੇ ਕਾਲੀ ਘਟ ਨੈਣਾਂ ਦਾ ਮੀਂਹ ਬਰਸਾਉਂਦੀ। ਦਰਸ਼ਨ ਤੇਰੇ ਨੂੰ ਮੈਂ ਆ ਗਈ ਨਵਿਆਂ ਜੋਗੀਆ, ਧੀ ਮੈਂ ਨੈਣਾਂ ਦੀ ਰਮੇਲ ਆਖ ਸੁਣਾਉਂਦੀ। ਰਮੇਲ ਵ ਰਾਂਝਾ ਸਾਵਣ ਝੜੀਆਂ ਲਾਈਆਂ ਨੈਣ ਭਰੇ ਭਰ ਰੋਂਦੀ ਜੀ, ਬਹਿ ਗਈ ਰਾਂਝੇ ਕੋਲੇ ਅਪਣੇ ਦੁੱਖ ਸਣਾਉਣ ਨੂੰ। ਨੇਤਰ ਪੂੰਝ ਮੂੰਹੋਂ ਬੋਲੀ ਰਾਂਝੇ ਚਾਕ ਨੂੰ, ਸੁੱਤੇ ਆਸ਼ਕ ਨੂੰ ਉਹ ਲੱਗੀ ਝੱਟ ਜਗਾਉਣ ਨੂੰ। ਦਿਲ ਚਤਰਾਈਆਂ ਦੇ ਵਿਚ ਹੱਸ ਹੱਸ ਗੱਲਾਂ ਕਰਦੀ ਹੈ, ਪਹਾੜ ਗੰਧਕ ਦੇ ਨੂੰ ਆਈ ਅੱਗ ਲਗਾਉਣ ਨੂੰ। ਇਸ਼ਕ ਹੈ ਠੰਢੀ ਤਾਸੀਰ ਉਹ ਜੁਆਲਾ ਅਗਨੀ ਬਣ ਗਈ ਹੈ, ਹੱਥ ਵਿਚ ਡੱਬੀ ਪੋਟਾਸ ਬੈਠੀ ਸੀਂਖ ਘਸਾਉਣ ਨੂੰ। ਤੂੰ ਚੁੱਪ ਕੀਤਾ ਬਾਵਾ ਖਾਤਰ ਤੇਰੀ ਆ ਗਈ ਮੈਂ, ਕਦੋਂ ਦੀ ਬੈਠੀ ਫੱਕਰਾ ਤੇਰੇ ਮੈਂ ਬੁਲਾਉਣ ਨੂੰ। ਬੋਲ ਜ਼ੁਬਾਨੋਂ ਤੈਂ ਤਾਂ ਕਾਹਤੋਂ ਚੁੱਪਾਂ ਵੱਟੀਆਂ ਵੇ, ਤੇਰੇ ਕੋਲੇ ਆਈ ਮੈਂ ਤਾਂ ਆਪਣੇ ਦੁੱਖ ਸੁਣਾਉਣ ਨੂੰ। ਤੂੰ ਚੁੱਪ ਚਾਂਦ ਦਾ ਲੱਦਿਆ ਕਿਹੜੀ ਕੂੰਟੋਂ ਆ ਗਿਆ ਹੈਂ, ਅਸੀਂ ਰਹਿਣ ਨੀ ਦੇਣਾ ਐਹੇ ਜਹੇ ਆਵਾਗੌਣ ਨੂੰ। ਰਾਂਝਾ ਵ ਰਮੇਲ ਭੈਣ ਬਣਾਵਾਂ ਕੁੜੀਏ ਤੂੰ ਰੰਨ ਬਣ ਬਣ ਬਹਿਨੀਂ ਐਂ, ਤੇਰੀ ਮੱਤ ਨਾ ਹੈ ਟਿਕਾਣੇ ਦੇ ਵਿਚ ਆਉਂਦੀ। ਹੀਰ ਰੱਬ ਦੀ ਸੂਰਤ ਮੇਰੇ ਵਸਦੀ ਨੈਣਾਂ ਮੇਂ, ਬਿਨਾਂ ਹੀਰ ਤੋਂ ਮੈਨੂੰ ਨਜ਼ਰ ਕੋਈ ਨਾ ਆਉਂਦੀ। ਹੀਰ ਦੇਹੀ ਤੇ ਰੂਹ ਰਾਂਝਾ ਵਸਦਾ ਦੇਹੀਂ ਮੇਂ, ਦੁਨੀਆਂ ਕਹੇ ਜਨਾਨੀ ਭੁੱਲ ਵਿਚ ਮੱਤ ਗਵਾਉਂਦੀ। ਤੂੰ ਮੱਤ ਭੁੱਲ ਵਿਚ ਪੈ ਕੇ ਨਾਮ ਭੁਲਾਵੇਂ ਪਰਭੂ ਦਾ, ਰੱਬ ਤੋਂ ਭੁੱਲੀਏ ਕਾਹਨੂੰ ਸੰਤਾਂ ਨੂੰ ਸਨਤਾਉਂਦੀ। ਹੀਰ ਹੀਰਾ ਹੈ ਤੇ ਖਾਸ ਮੈਂ ਲਾਲ ਸਮੁੰਦਰ ਦਾ, ਮੇਰੇ ਭਾਅ ਦੀ ਕੌਡੀ ਮੈਨੂੰ ਤੂੰ ਦਸਿਆਉਂਦੀ। ਹੀਰੇ ਲਾਲਾਂ ਦੇ ਵਿਚ ਪੱਥਰ ਕਦੇ ਨਾ ਸਜਦੇ ਨੀ, ਮੇਰੀ ਖਾਤਰ ਤੂੰ ਕਿਉਂ ਵਿਹਲੇ ਬਣਤ ਬਣਾਉਂਦੀ। ਦਿਲ ਦੇ ਦਿਲਬਰ ਦੀ ਕਿਤੇ ਹੋਰ ਤਲਾਸ਼ ਕਰ ਲੈ ਤੂੰ, ਸਾਧਾਂ ਸੰਤਾਂ ਨੂੰ ਕਿਉਂ ਐਵੇਂ ਬਗਲ ਬਹਾਉਂਦੀ। ਮੂੰਹੋਂ ਬੀਬੀ ਭੈਣਾਂ ਕਹਿਣਾ ਇਹ ਕੰਮ ਸੰਤਾਂ ਦਾ, ਬਣ ਕੇ ਧੀ ਧਿਆਣੀ ਗੱਲਾਂ ਹੋਰ ਸੁਣਾਉਂਦੀ। ਮੈਂ ਚੁੱਪ ਕੀਤਾ ਹਾਂ ਤੂੰ ਹੱਸ ਹੱਸ ਗੱਲਾਂ ਕਰਦੀ ਹੈਂ, ਤੂੰ ਬੜੀ ਸੈਤਾਨਣ ਹੈਂ ਤੈਨੂੰ ਜ਼ਰਾ ਸ਼ਰਮ ਨਾ ਆਉਂਦੀ। ਪਾ ਬੁੱਕ ਦਾਰੂ ਦੀ ਜੇ ਦੁਆਰੇ ਤੇਰਿਉਂ ਸਰਦੀ ਹੈ, ਗੱਲਾਂ ਕੂੜ ਦੀਆਂ ਵਿਚ ਮੈਨੂੰ ਤੂੰ ਭਰਮਾਉਂਦੀ। ਘੱਲਿਆ ਗੁਰੂ ਦਾ ਮੈਂ ਦੁਆਰੇ ਤੇਰੇ ਆ ਗਿਆ ਹਾਂ, ਜਾਈਏ ਟੱਲੇ ਕਿਉਂ ਨੀ ਬੁੱਕ ਦਾਰੂ ਦਾ ਪਾਉਂਦੀ। ਨਹੀਂ ਦੇਹ ਜਵਾਬ ਕੁਛ ਲਾਰਿਆਂ ਵਿਚ ਫਾਇਦਾ ਨਾ, ਬਹੁਤੀ ਘਰ ਨੂੰ ਸਿਆਣੀ ਪੜ੍ਹਿਆਂ ਨੂੰ ਪੜ੍ਹਾਉਂਦੀ। ਰਮੇਲ ਵ ਮਾਤਾ ਰੋ ਰੋ ਕਰੇ ਸਿਆਪਾ ਮਾਂ ਨੂੰ ਧੀ ਸਮਝਾਉਂਦੀ ਜੀ, ਮੇਰੇ ਹੱਥਾਂ 'ਚੋਂ ਕਬੂਤਰ ਉੜਿਆ ਜਾਂਦਾ। ਤੂੰ ਮੈਨੂੰ ਕਹਿੰਦੀ ਸੀ ਮੈਂ ਏਹਦੇ ਨਾਲ ਵਿਆਹ ਦੂੰਗੀ, ਪਸੰਦ ਤਾਂ ਉਹਨੇ ਮੇਰਾ ਰੰਗ ਰੂਪ ਨਾ ਲਿਆਂਦਾ। ਮੈਂ ਬਣ ਕੇ ਪਰੀਆਂ ਵਰਗੀ ਜੋਗੀ ਕੋਲੇ ਵਗ ਗਈ ਸਾਂ, ਕੌੜੇ ਬੋਲ ਬੋਲ ਕੇ ਪਰਾਂ ਪਰਾਂ ਹੈ ਜਾਂਦਾ। ਜੇ ਇਹ ਵਗ ਗਿਆ ਏਹਦੇ ਹਉਕੇ ਨਾਲ ਮਰਜੂੰਗੀ, ਤੂੰ ਕੋਈ ਇਲਾਜ ਬਣਾ ਹੁਣ ਵੇਲਾ ਬੀਤਦਾ ਜਾਂਦਾ। ਮੇਰੀ ਭਰੀ ਜਵਾਨੀ ਰੰਗਲੀ ਐਵੇਂ ਜਾਊਗੀ, ਹੈ ਜਿੰਦ ਬਚਦੀ ਨਾ ਮੇਰਾ ਜੋਬਨ ਐਵੇਂ ਜਾਂਦਾ। ਹੁਣ ਕੀ ਦੋਸ਼ ਕਿਸੇ ਤੇ ਦੁੱਖ ਸੁੱਖ ਅਪਣੇ ਕਰਮਾਂ ਦਾ, ਤੁਰਦੀ ਫਿਰਦੀ ਨੂੰ ਹੈ ਵਿਹੜਾ ਵੱਢ ਵੱਢ ਖਾਂਦਾ। ਦੱਸ ਨੀ ਮਾਏ ਮੈਂ ਕੀ ਪਿਛਲੇ ਪਾਪ ਕਮਾਏ ਨੇ, ਤੈਂ ਸੋਹਣਾ ਵਰ ਨਾ ਮੈਨੂੰ ਭਾਲ ਕੇ ਲਿਆਂਦਾ। ਰੰਗਲੀ ਮੈਂ ਜਵਾਨੀ ਖੋ ਲਈ ਨੀ, ਜੋਗੀ ਦੀ ਸੂਰਤ ਮੋਹ ਲਈ ਨੀ, ਮਾਪਿਆਂ ਨੇ ਨਾ ਸ਼ਾਦੀ ਕੀਤੀ, ਜੋਬਨ ਜੁਆਨੀ ਜਾਂਦੀ ਬੀਤੀ, ਬਹਿ ਹੁਬਕੀਂ ਹੁਬਕੀਂ ਰੋ ਲਈ ਨੀ, ਜੋਗੀ ਦੀ ਸੂਰਤ ਮੋਹ ਲਈ ਨੀ। ਦਿਨ ਤੇ ਰਾਤ ਰੋਣਾ ਪਿਆ ਪੱਲੇ, ਨੈਣੋਂ ਨੀਰ ਕਦੇ ਨਾ ਟੱਲੇ, ਰੋਂਦੀ ਨੇ ਕੁੜਤੀ ਧੋ ਲਈ ਨੀ, ਜੋਗੀ ਦੀ ਸੂਰਤ ਮੋਹ ਲਈ ਨੀ। ਨੈਣਾਂ ਵ ਰਮੇਲ ਰੋਂਦੀ ਧੀ ਨੂੰ ਮਾਂ ਸਮਝਾਉਂਦੀ ਸਿਰ ਤੇ ਹੱਥ ਧਰ ਕੇ, ਜਾਦੂ ਮੰਤਰ ਨਾਲ ਮੈਂ ਉਹਨੂੰ ਰੱਖਲੂੰ ਘੇਰ ਕੇ। ਮੰਤਰ ਤੰਤਰ ਮੇਰੇ ਕੋਲੇ ਢਾਕ ਬੰਗਾਲੇ ਦਾ, ਮੈਂ ਵਸ ਕਰਲੂੰਗੀ ਜੋਗੀ ਦੀ ਅਕਲ ਉਖੇੜ ਕੇ। ਉਡੇ ਜਾਂਦੇ ਪੰਛੀ ਮੈਂ ਧਰਤੀ ਤੇ ਸਿੱਟਦੀ ਹਾਂ, ਸਿੱਟਦੀ ਧਰਤੀ ਤੇ ਮੈਂ ਡਾਰ 'ਚੋਂ ਨਿਖੇੜ ਕੇ। ਜੋ ਅਤਰ ਅਮੀਰ ਲਗਾਵਣ ਪਹਿਨਣ ਲੱਠੇ ਖਾਸੇ ਨੂੰ, ਜਾਦੂ ਮੰਤਰ ਨਾਲ ਮੈਂ ਛੱਡੇ ਚਿੱਕੜ ਲਬੇੜ ਕੇ। ਏਹਦੀ ਸ਼ਕਤੀ ਕੀ ਹੈ ਟੱਲੇ ਵਗ ਜਾਏ ਗੋਰਖ ਦੇ, ਝੁੰਡ ਸੰਤਾਂ ਦੇ ਨਾਲੋਂ ਰੱਖਲੂੰਗੀ ਨਿਖੇੜ ਕੇ। ਬਿੱਲੀ ਮੁਰਗੇ ਨੂੰ ਜਿਉਂ ਫੜਦੀ ਹੈ ਸ਼ਹੁ ਮਾਰ ਕੇ, ਏਸੇ ਤਰ੍ਹਾਂ ਮੈਂ ਫੜਲੂੰ ਮੂਹਰਿਉਂ ਘੇਰ ਘੇਰ ਕੇ। ਕਾਲੇ ਮਾਂਹ ਮੰਗਵਾ ਕੇ ਮੈਂ ਪੜ੍ਹਦੀ ਹਾਂ ਤੰਤਰ ਨੂੰ, ਮੋੜ ਲਿਆਊਂਗੀ ਮੈਂ ਪੁੱਠੀ ਚੱਕੀ ਫੇਰ ਕੇ। ਨਾ ਰੋ ਨਾ ਰੋ ਬੱਚੀਏ ਧੀਰਜ ਦੇਹ ਇਸ ਜਿਗਰੇ ਨੂੰ, ਕਾਹਤੋਂ ਰੋਂਦੀ ਛੱਡੂੰ ਤੇਰੇ ਨਾਲ ਸਹੇੜ ਕੇ। ਜਵਾਬ ਨੈਣਾਂ ਦਾ ਆਖਾਂ ਗੱਲ ਮੈਂ ਤੈਨੂੰ ਆਖ ਕੇ ਸੁਣਾ ਦਿਆਂ, ਕਿੱਥੋਂ ਆ ਗਿਆ ਵੇ ਤੂੰ ਰੰਨਾਂ ਤੋਂ ਨਿਆਰਾ। ਪੁੱਤਰੀ ਦੱਖ ਦੀ ਬਾਵਾ ਜੀ ਸ਼ਿਵਜੀ ਘਰ ਰਹਿੰਦੀ ਹੈ, ਜੀਹਦੇ ਸਿਰ ਤੇ ਗੰਗਾ ਗਲ ਰੁੰਡਾਂ ਦੀ ਮਾਲਾ। ਪੁੱਤਰੀ ਉੱਤੇ ਬਾਵਾ ਜੀ ਬਰ੍ਹਮਾ ਵੀ ਡੋਲਿਆ ਹੈ, ਚੌਹਾਂ ਵੇਦਾਂ ਦੇ ਵਿਚਾਰਨ ਜੇਹੜਾ ਵਾਲਾ। ਲੱਛਮੀ ਨਾਰ ਬਾਵਾ ਜੀ ਵਿਸ਼ਨੂੰ ਘਰ ਰਹਿੰਦੀ ਹੈ, ਵੈਦ ਧਨਿੱਤਰ ਬਣ ਗਿਆ ਹੈ ਜੀਹਦਾ ਜੀ ਸਾਲਾ। ਅੱਧੀ ਰਾਤ ਇੰਦਰ ਦੁਆਰੇ ਪਹੁੰਚਿਆ ਅਹੱਲਿਆ ਦੇ, ਜੀਹਦੀ ਖਾਤਰ ਬਾਵਾ ਚੰਦ ਹੋ ਗਿਆ ਸੀ ਕਾਲਾ। ਕੁੰਤੀ ਰੰਨ ਤੇ ਬਾਵਾ ਜੀ ਸੂਰਜ ਵੀ ਡੋਲਿਆ ਹੈ, ਢਾਈ ਕਿਰਨਾਂ ਦਾ ਜੀਹਦਾ ਖਿੱਚ ਲਿਆ ਸੀ ਉਜਾਲਾ। ਨਾਰਦ ਮੁਨੀ ਅਤੇ ਹਨੂੰਮਾਨ ਵੀ ਡੋਲਿਆ ਹੈ, ਜੀਹਨੇ ਲਾ ਲਿਆ ਫੱਕਰਾ ਵੇ ਕਾਮ ਨੂੰ ਤਾਲਾ। ਵਿਚੋਂ ਜਨਕ ਪੁਰੀ ਦਿਉਂ ਸੀਤਾ ਵਿਆਹ ਲਈ ਰਾਮ ਨੇ, ਸਵੰਬਰ ਜਿੱਤਿਆ ਉਹਨੇ ਧਨੁੱਖ ਸ਼ਾਸਤਰ ਵਾਲਾ। ਕ੍ਰਿਸ਼ਨ ਮੁਰਾਰੀ ਬਾਵਾ ਜੀ ਰੰਨਾਂ ਵਿਚ ਨੱਚਦਾ ਸੀ, ਪਾ ਕੇ ਘੱਗਰਾ ਉਹ ਤਾਂ ਵੇ ਰਾਧਕਾਂ ਵਾਲਾ। ਦਾਹੜੀ ਮੁੱਛ ਵੇ ਲੰਗਿ ਕਟਾ ਤਾ ਇਬਰਾਹੀਮ ਦਾ, ਰਾਜੇ ਭਰਥਰੀ ਨੂੰ ਅਸੀਂ ਦੇ ਲਿਆ ਦੇਸ਼ ਨਿਕਾਲਾ। ਸਿੰਗੀ ਰਖਿ ਵੇ ਬਾਵਾ ਲੁੱਟਿਆ ਵਿਚ ਉਜਾੜਾਂ ਦੇ, ਰੰਨਾਂ ਨੇ ਲਾ ਕੇ ਉਹਨੂੰ ਮਿਰਗਾਂ ਵਾਂਗੂੰ ਟਾਲਾ। ਤੂੰਬੀ ਫਹੁੜੀ ਗੋਰਖ ਦੀ ਰੂਪਾਂ ਦੇ ਖੋਹ ਲਈ ਹੈ, ਨਾਥ ਮਛੰਦਰ ਭਰ ਗਿਆ ਵੇ ਰੰਨਾਂ ਦਾ ਹਾਲਾ। ਤਖਤ ਹਜ਼ਾਰੇ ਦੀ ਤੈਂ ਚੌਧਰ ਚਾਕਾ ਛੱਡ ਲੀ ਵੇ, ਮੰਗੂ ਚਾਰਿਆ ਤੈਂ ਜਾ ਕੇ ਚੂਚਕ ਵਾਲਾ। ਜਵਾਬ ਰਾਂਝਾ ਆਖਾਂ ਗੱਲ ਮੈਂ ਤੈਨੂੰ ਨੈਣਾਂ ਆਖ ਸੁਣਾ ਦਿਆਂ, ਤੈਨੂੰ ਸੱਚ ਦਾ ਨੈਣਾਂ ਬੋਲ ਮੈਂ ਸੁਣਾਇਆ। ਸ਼ਿਵਜੀ ਨਾਥ ਭੋਲਾ ਆ ਗਿਆ ਵਿਚੋਂ ਬਹਿਸ਼ਤਾਂ ਦਿਉਂ, ਜੀਹਨੇ ਸੰਤਾਂ ਵਾਲਾ ਭੇਖ ਹੈ ਚਲਾਇਆ। ਬਰਮ੍ਹਾ ਦੇਖ ਅਵਤਾਰੀ ਆ ਗਿਆ ਦੁਨੀਆਂ ਸਾਜਣ ਨੂੰ, ਵਿਸ਼ਨੂੰ ਆਣ ਕੇ ਭੰਡਾਰਾ ਨੀ ਵਰਤਾਇਆ। ਗੋਰਖ ਨਾਥ ਪੈਦਾ ਹੋ ਗਿਆ ਵਿਚੋਂ ਗੋਹੇ ਦਿਉਂ, ਕਿਹੜੀ ਔਰਤ ਨੇ ਦੱਸ ਉਹਨੂੰ ਗੋਦ ਖਲ੍ਹਾਇਆ। ਨਾਥ ਮਛੰਦਰ ਪੈਦਾ ਹੋ ਗਿਆ ਪੇਟੋਂ ਮੱਛੀ ਦਿਉਂ, ਕਿਹੜੀ ਔਰਤ ਨੇ ਦੱਸ ਉਹਨੂੰ ਸ਼ੀਰ ਚੁੰਘਾਇਆ। ਪੇਟੋਂ ਹਰਨੀ ਦਿਉਂ ਹਰਨਾੀਂਸ਼ ਪੈਦਾ ਹੋ ਗਿਆ ਜੀ, ਪੁੱਤ ਮਰਵਾ ਕੇ ਜਾਮਾ ਗਲ ਲਾਹਨਤ ਦਾ ਪਾਇਆ। ਔਰਤ ਔਰਤ ਤੂੰ ਤਾਂ ਖੜ੍ਹੀ ਹੈਂ ਪੁਕਾਰਦੀ, ਤੇਰੇ ਧੌਲਾ ਝਾਟਾ ਕਾਹਨੂੰ ਸਿਰ ਤੇ ਆਇਆ। ਆਪਦੇ ਜਾਣੇ ਤੂੰ ਸਰਾਫ਼ ਬਣਿਆ ਲੋੜਦੀ, ਤੇਰੇ ਲਾਲ ਨੈਣਾਂ ਪਰਖਣ ਵਿਚ ਨੀਂ ਆਇਆ। ਚੰਗੀ ਕਰਦੀ ਐਂ ਮੈਨੂੰ ਮਦ ਦੀ ਤੂੰਬੀ ਭਰਦੇ ਤੂੰ, ਕਾਹਨੂੰ ਵਿਹਲਾ ਰੌਲਾ ਤੈਂ ਮੇਰੇ ਨਾਲ ਪਾਇਆ। ਜਵਾਬ ਨੈਣਾਂ ਸੱਚੀ ਆਖੀ ਬਾਵਾ ਮਿਰਚਾਂ ਵਾਂਗੂੰ ਲਗਦੀ ਜੀ, ਮਿਸ਼ਰੀ ਲਗਦੀ ਬਾਵਾ ਜੀ ਝੂਠ ਹੈ ਆਖੀ। ਤੇਰੇ ਸਿਰ ਤੇ ਭੇਖ ਸ਼ਿਵਜੀ ਵਾਲਾ ਦਿਸਦਾ ਹੈ, ਮੈਨੂੰ ਦਿਸਦਾ ਨੀਂ ਤੂੰ ਸਾਧ ਵੇ ਸੰਡਾਸੀ। ਨਾਥ ਮਛੰਦਰ ਵੇ ਵਿਚ ਰਹਿੰਦਾ ਸੰਗਲਾ ਦੀਪ ਦੇ, ਨਾਲ ਪਰੀਆਂ ਦੇ ਉਹ ਰਹਿੰਦਾ ਸੀ ਘਰ ਵਾਸੀ। ਬਾਬੇ ਨਾਨਕ ਨੇ ਅਵਤਾਰ ਬਾਵਾ ਧਾਰ ਲਿਆ, ਪੇਟੋਂ ਰੰਨਾਂ ਦਿਉਂ ਮਰਦਾਨਾ ਵੇ ਮਰਾਸੀ। ਦਸ ਅਵਤਾਰ ਬਾਵਾ ਜੀ ਮਾਈਆਂ ਤੋਂ ਬਾਝ ਨਾ, ਅਕਾਸ਼ ਪਤਾਲ ਮਿਰਤ ਮੰਡਲ ਦੀ ਰੀਤ ਚਲਾਤੀ। ਮਾਤਾ ਗੁਜ਼ਰੀ ਬਾਵਾ ਜੀ ਦਸਵੇਂ ਦਸਮੇਸ਼ ਦੀ, ਖਾਤਰ ਹਿੰਦ ਦੀ ਬੰਸ ਕੰਧਾਂ ਹੇਠ ਚਿਣਾਤੀ। ਤੇਰੀ ਹੀਰ ਨੂੰ ਤਾਂ ਸੈਦਾ ਵਿਆਹ ਕੇ ਲੈ ਗਿਆ ਹੈ, ਜਾ ਕੇ ਉੱਤੇ ਸੰਮਣ ਬੁਰਜ ਦੇ ਚੜ੍ਹਾਤੀ। ਬਾਰਾਂ ਵਰ੍ਹੇ ਮੱਝੀਆਂ ਤੈਂ ਸਿਆਲਾਂ ਦੀਆਂ ਚਾਰੀਆਂ, ਲੀਕ ਤੈਂ ਕਿਉਂ ਮੌਜੂ ਦੀ ਚੌਧਰ ਨੂੰ ਲਾਤੀ। ਨੰਗੀਆਂ ਤੇਗਾਂ ਬਾਵਾ ਜੀ ਭਰੀਆਂ ਬੰਦੂਕਾਂ ਨੇ, ਲੱਗ ਗਏ ਪਹਿਰੇ ਹੀਰ ਦੀ ਹੋਗੀ ਹੈ ਰਾਖੀ। ਚਾਰੇ ਕੂੰਟਾਂ ਜੁੜੀਆਂ ਸੈਦਾ ਵਿਆਹ ਕੇ ਲੈ ਗਿਆ ਹੈ, ਕਿਹੜੀ ਗੱਲੋਂ ਤੈਂ ਤਾਂ ਹੀਰ ਵੇ ਸਲਾਹਤੀ। ਮਾਵਾਂ ਧੀਆਂ ਜ਼ਹਿਰ ਪਿਆਲਾ ਦਈਏ ਓਸ ਨੂੰ, ਜੀਹਨੇ ਤਨ ਨੂੰ ਤੇਰੇ ਖਾਕ ਵੇ ਚੜ੍ਹਾਤੀ। ਅਤਰ ਫੁਲੇਲ ਕਿਉੜਾ ਤੂੰ ਪਿੰਡੇ ਨੂੰ ਮਲ ਲੈ ਵੇ, ਪਰਾਂ ਸੁੱਟ ਦੇ ਬਾਵਾ ਭਗਵੀਂ ਲੀਰ ਪੁਸ਼ਾਕੀ। ਕੋਈ ਗੱਲ ਨਾ ਸੋਚੀ ਟੱਲੇ ਵਾਲੇ ਨਾਥ ਨੇ, ਕੰਨ ਤਾਂ ਪਾੜ ਕੇ ਵਿਚ ਬਿੱਜ ਗੱਭਰੂ ਦੇ ਪਾਤੀ। ਆ ਵੇ ਬਾਵਾ ਤੈਨੂੰ ਤਖ਼ਤ ਤੇ ਬਿਠਾ ਦਿਆਂ, ਪਰਾਂ ਛੱਡ ਦੇ ਫੱਕਰਾ ਵੇ ਚਿੱਤ ਦੀ ਉਦਾਸੀ। ਜਦੋਂ ਨਾਮ ਫੱਕਰਾ ਤੂੰ ਟੱਲੇ ਦਾ ਲੈਨੈਂ ਵੇ, ਮੇਰੇ ਤਨ ਮਨ ਨੈਣਾਂ ਦੇ ਵਜਦੀ ਹੈ ਕਾਤੀ। ਜਵਾਬ ਰਾਂਝਾ ਆਖਾਂ ਗੱਲ ਮੈਂ ਤੈਨੂੰ ਆਖ ਕੇ ਸੁਣਾ ਦਿਆਂ, ਤੈਨੂੰ ਸੱਚ ਦਾ ਨੈਣਾਂ ਬੋਲ ਮੈਂ ਸੁਣਾਇਆ। ਜਾਤ ਪਾਤ ਦਾ ਨਾ ਪਤਾ ਹੈ ਦਰਵੇਸ਼ ਨੂੰ, ਵਿੱਚ ਤਾਂ ਟੱਲੇ ਦੇ ਮੈਂ ਨੈਣਾਂ ਜੰਮਿਆ ਜਾਇਆ। ਟੱਲੇ ਗੋਰਖ ਦੇ ਮੈਂ ਗੋਹੇ ਢੋਂਦਾ ਰਹਿੰਦਾ ਸੀ, ਕਦੇ ਪਾਣੀ ਨਹੀਂ ਸੀ ਟੱਲੇ ਦਾ ਭਰਾਇਆ। ਦੂਰੋਂ ਕਰਕੇ ਰੋਟੀ ਦਿੰਦੇ ਸੀ ਦਰਵੇਸ਼ ਨੂੰ, ਵਿਚ ਭੰਡਾਰੇ ਤੇ ਨਾ ਚੌਂਕੇ ਤੇ ਚੜ੍ਹਾਇਆ। ਜੱਗ ਤਾਂ ਕੋਤਰ ਸੌ ਪਾਂਡਵਾਂ ਨੇ ਰਚ ਲਿਆ, ਬਾਲਮੀਕ ਹਸਤਿਨਾਪੁਰ ਤੋਂ ਪਰ੍ਹਾਂ ਬਿਠਾਇਆ। ਉੱਤੇ ਗੰਗਾ ਦੇ ਰਵਿਦਾਸ ਭਗਤ ਵੀ ਆ ਗਿਆ ਸੀ, ਕਹਿ ਕੇ ਪੰਡਤਾਂ ਨੇ ਸੀ ਭਗਤ ਨੂੰ ਪਰਾਂ ਹਟਾਇਆ। ਤਾਲ ਰੱਖਿਆ ਦੇ ਤੇ ਸੇਵਾ ਕਰਦੀ ਭੀਲਣੀ, ਧੱਕੇ ਮਾਰ ਕੇ ਉਹਨੂੰ ਤਾਲ ਤੋਂ ਭਜਾਇਆ। ਉਹਨਾਂ ਭਗਤਾਂ ਦੇ ਵਿਚ ਜਾਤ ਮੇਰੀ ਰਲਦੀ ਹੈ, ਤਾਹੀਓਂ ਦੂਰ ਬਹਿ ਗਿਆ ਮੈਂ ਸ਼ਰਮਿਆ ਸ਼ਰਮਾਇਆ। ਮੈਨੂੰ ਜਾਣ ਗਰੀਬ ਭਿੱਛਿਆ ਪਾ ਸ਼ਰਾਬ ਦੀ, ਜੇ ਵਿਚ ਖੌਫ਼ ਖੁਦਾ ਦਾ ਨੈਣਾਂ ਤੇਰੇ ਆਇਆ। ਨਹੀਂ ਦੇਹ ਜਵਾਬ ਪੁੱਠਾ ਮੋੜ ਫਕੀਰ ਨੂੰ, ਕਾਹਨੂੰ ਵਿਹਲਾ ਰੌਲਾ ਤੈਂ ਮੇਰੇ ਨਾਲ ਪਾਇਆ। ਜਵਾਬ ਨੈਣਾਂ ਆ ਵੇ ਫੱਕਰਾ ਤੈਨੂੰ ਮਦ ਦੀ ਤੂੰਬੀ ਭਰ ਦਿਆਂ ਮੈਂ, ਬਚਦੀ ਤੇਰੀਆਂ ਵੇ ਜਟਾਂ ਦੇ ਵਿਚ ਪਾਵਾਂ। ਜੇ ਤਾਂ ਗੋਰਖ ਤਾਈਂ ਵੱਜਗੀ ਲੋੜ ਸ਼ਰਾਬ ਦੀ, ਨਾਥਾ ਟੱਲੇ ਤਾਈਂ ਨਹਿਰ ਵੇ ਪੁਚਾਵਾਂ। ਜੇ ਤੈਂ ਰਾਜ ਫੱਕਰਾ ਦੁਨੀਆਂ ਵਾਲਾ ਕਰਨਾ ਹੈ, ਤੈਨੂੰ ਅਯੁੱਧਿਆ ਵਾਲੇ ਤਖ਼ਤ ਤੇ ਬਿਠਾਵਾਂ। ਜੇ ਤੈਂ ਸ਼ੈਰ ਫੱਕਰਾ ਦੁਨੀਆਂ ਵਾਲਾ ਕਰਨਾ ਹੈ, ਐਰਾਪਤ ਮੈਂ ਹਾਥੀ ਕਸ ਕੇ ਵੇ ਲਿਆਵਾਂ। ਜੇ ਤੈਂ ਸ਼ੈਰ ਫੱਕਰਾ ਕਰਨਾ ਹੈ ਦਰਿਆਵਾਂ ਦਾ, ਘੋੜਾ ਜਲਹੋੜਿਆਂ ਦੀ ਜਾਤ ਦਾ ਲਿਆਵਾਂ। ਜੇ ਤੈਨੂੰ ਲੋੜ ਫੱਕਰਾ ਨਸ਼ੇ ਵਾਲੀ ਵੱਜ ਗਈ ਵੇ, ਪਹਿਲੇ ਤੋੜ ਦੀ ਸ਼ਰਾਬ ਮੈਂ ਲਿਆਵਾਂ। ਜੇ ਤੈਨੂੰ ਲੋੜ ਫੱਕਰਾ ਵੱਜ ਗਈ ਵੇ ਸਲੂਣੇ ਦੀ, ਖ਼ਾਤਰ ਤੇਰੀ ਨਾਥਾ ਬੱਕਰੇ ਮੈਂ ਕਟਵਾਵਾਂ। ਆ ਗਿਆ ਨਸ਼ਾ ਤੈਨੂੰ ਲੋੜ ਇਸ਼ਕ ਦੀ ਵੱਜ ਗਈ ਵੇ, ਕੋਲੇ ਮੰਜਾ ਮੈਂ ਰਮੇਲ ਦਾ ਡਹਾਵਾਂ। ਜਵਾਬ ਰਾਂਝਾ ਆਖਾਂ ਗੱਲ ਮੈਂ ਤੈਨੂੰ ਨੈਣਾਂ ਆਖ ਸੁਣਾ ਦਿਆਂ, ਤੈਨੂੰ ਸੱਚ ਦੀ ਨੈਣਾਂ ਆਖ ਮੈਂ ਸੁਣਾਈ। ਬਾਰਾਂ ਵਰ੍ਹੇ ਨੀ ਮੈਂ ਘਰਦਾ ਖੰਧਾ ਚਾਰ ਲਿਆ, ਲਾਲੇ ਭਾਬੀ ਜੱਟ ਨੇ ਮੈਂ ਭੱਤੇ ਨੂੰ ਲਾਈ। ਲਾਲੇ ਭਾਬੀ ਨੇ ਭੱਤਾ ਢੋਹ ਲਿਆ ਚਾਕ ਦਾ, ਮੰਦੀ ਨਿਗ੍ਹਾ ਉਹਨੂੰ ਮੈਂ ਝਾਕਿਆ ਸੀ ਨਾਈਂ। ਐਦੂੰ ਸੋਹਣੀ ਧੀ ਮੈਂ ਕਾਜ਼ੀ ਵਾਲੀ ਛੱਡ ਲਈ ਸੀ, ਹਾਰ ਸ਼ਿੰਗਾਰ ਲਗਾ ਮੈਨੂੰ ਸੋਹਣੀ ਸ਼ਕਲ ਦਿਖਾਈ। ਐਦੂੰ ਸੋਹਣੀ ਜੋੜੀ ਲੁੱਡਣ ਮਲਾਹ ਦੀ ਛੱਡ ਲਈ ਸੀ, ਬਿਨਾਂ ਦੰਮਾਂ ਤੋਂ ਮੈਂ ਬੇੜੀ ਸੀ ਤਰਵਾਈ। ਵਿਚ ਤਾਂ ਬੇੜੀ ਦੇ ਸੀ ਸੇਜ ਜੱਟੀ ਹੀਰ ਦੀ, ਪੈ ਗਿਆ ਬੇੜੀ 'ਚ ਮੈਨੂੰ ਨੀਂਦ ਕਹਿਰ ਦੀ ਆਈ। ਸੁੱਤੇ ਪਏ ਦੇ ਉੱਤੇ ਹੀਰ ਜੱਟੀ ਆ ਗਈ ਸੀ, ਬਾਹੋਂ ਫੜ ਕੇ ਉਹਨੇ ਮੈਨੂੰ ਲਾ ਲਿਆ ਮਾਹੀ। ਬਾਰਾਂ ਵਰ੍ਹੇ ਮੱਝੀਆਂ ਮੈਂ ਸਿਆਲਾਂ ਦੀਆਂ ਚਾਰੀਆਂ, ਬਾਰਾਂ ਵਰ੍ਹੇ ਮਲ ਮਲ ਜਾਂਦਾ ਸੀ ਨਮ੍ਹਾਈਂ। ਚੱਤੋ ਪਹਿਰ ਨੈਣਾਂ ਮੈਂ ਜਲ ਦੇ ਵਿਚ ਰਹਿੰਦਾ ਸੀ, ਗਿੱਲੀ ਰਹਿੰਦੀ ਸੀ ਮੇਰੀ ਚਾਕ ਦੀ ਕਹਾਈ। ਗਿੱਲੀ ਲੰਗੋਟੀ ਤੇ ਲੱਕ ਚੀਘਾਂ ਮੇਰੇ ਪੈ 'ਗੀਆਂ, ਮੈਂ ਤਾਂ ਫਿਰਦਾ ਬੁਢੜੀਏ ਖੁਸਰੇ ਦੀ ਨਿਆਈਂ। ਜਿਹੜਾ ਲੜਕੀ ਤੇਰੀ ਜੱਗ ਦਾ ਹਾਸਲ ਮੰਗਦੀ ਹੈ, ਭਰਿਆ ਜਾਣਾ ਹੈ ਗਰੀਬ ਕੋਲੋਂ ਨਾਈਂ। ਜਵਾਬ ਨੈਣਾਂ ਕਲਾਲੀ ਆਖਾਂ ਗੱਲ ਮੈਂ ਤੈਨੂੰ ਆਖ ਕੇ ਸੁਣਾ ਦਿਆਂ, ਕਿੱਥੋਂ ਆ ਗਿਆ ਤੂੰ ਰੰਨਾਂ ਦਾ ਤਿਆਗੀ। ਆਇਸ਼ਾਂ ਪਰੀ ਬਾਵਾ ਵਿਆਹ ਲੀ ਨਾਥ ਮਛੰਦਰ ਨੇ, ਮਾਤਾ ਗੋਰਖ ਦੀ ਉਹ ਤੇਰੀ ਲਗਦੀ ਦਾਦੀ। ਅਠਾਸੀ ਵਰ੍ਹੇ ਜਿਨ੍ਹਾਂ ਨੇ ਤਪ ਚੋਟੀ ਤੇ ਕਰ ਲਿਆ ਹੈ, ਦਯਾ ਰਖਿ ਰਿਸ਼ੀ ਨੇ ਕਰਵਾ ਲਈ ਬਾਵਾ ਸ਼ਾਦੀ। ਜੋੜ ਜੋੜ ਮਕਰ ਲਿਖ ਗਿਆ ਹੈ ਕਿਤਾਬਾਂ ਤੇ, ਓੜਕ ਔਰਤ ਲੈ ਗਿਆ ਬਾਵਾ ਸ਼ੇਖ ਸ਼ਾਦੀ। ਹੱਕ ਅੱਲਾ ਤੇ ਮਨਸੂਰ ਆਸ਼ਕ ਹੋ ਗਿਆ ਜੀ, ਤਹਾਨੂੰ ਝੂਠ ਫੱਕਰਾਂ ਨੂੰ ਬੋਲਣ ਦੀ ਬਾਦੀ। ਖਾਕੀ ਨੂਰੀ ਹੈ ਸਭ ਪੇਟੋਂ ਨਾਥਾ ਰੰਨਾਂ ਦਿਉਂ, ਤੂੰ ਤਾਂ ਆਪ ਬਾਵਾ ਲੋਕ ਵੇ ਪੰਜਾਬੀ। ਦਾਹੜੀ ਮੁੱਛ ਵੇ ਲੰਗਿ ਕਟਾਤਾ ਇਬਰਾਹੀਮ ਦਾ, ਸ਼ਾਨੀ ਭਰ ਗਿਆ ਉਹੋ ਹੈ ਰੰਨਾਂ ਦੀ ਸਾਡੀ। ਕਰਨੀ ਆਪੋ ਅਪਣੀ ਦੇ ਵਿਚ ਪੂਰੇ ਰਹੀਏ ਵੇ, ਕਾਹਨੂੰ ਹੁੰਨਾਂ ਬਾਵਾ ਤੂੰ ਨਰਕਾਂ ਦਾ ਭਾਗੀ। ਜਵਾਬ ਰਾਂਝਾ ਆਖਾਂ ਗੱਲ ਮੈਂ ਤੈਨੂੰ ਨੈਣਾਂ ਆਖ ਸੁਣਾ ਦਿਆਂ, ਤੈਨੂੰ ਸੱਚ ਦਾ ਨੈਣਾਂ ਬੋਲ ਮੈਂ ਸੁਣਾਇਆ। ਨਾਰ ਦਮੋਦਰੀ ਭੇਤ ਦੇ ਗਈ ਰਾਮ ਅਵਤਾਰੀ ਨੂੰ, ਦਸਾਂ ਸੀਸਾਂ ਵਾਲਾ ਗਾਰਦ ਨੀ ਕਰਾਇਆ। ਕੀ ਜਸ ਖੱਟਿਆ ਦੁਨੀਆਂ 'ਚੋਂ ਰਾਣੀ ਹੈ ਪਿੰਗਲਾ ਨੇ, ਚੰਦੇ ਚੂਹੜੇ ਦੇ ਉਹਨੇ ਨਾਲ ਮਲਾਹਜਾ ਪਾਇਆ। ਰਾਜ ਨੌਂ ਕਰੋੜ ਭਰਥਰੀ ਨੇ ਤਿਆਗ ਲਿਆ, ਟੱਲੇ ਗੋਰਖ ਦੇ ਉਹਨੇ ਜਾ ਕੇ ਜੋਗ ਕਮਾਇਆ। ਰਾਣੀ ਪਦਮਾ ਜੀਹਨੂੰ ਸ਼ੇਸ਼ ਨਾਗ ਦੀ ਕਹਿੰਦੇ ਨੇ, ਕਿਰਲੇ ਨਾਲ ਨੀ ਯਰਾਨਾ ਉਹਨੇ ਲਾਇਆ। ਉਦੈਨ ਪਦ ਨਾਲ ਤੁਸੀਂ ਦਗ਼ਾ ਕਮਾਇਆ ਨਾਰਾਂ ਨੇ, ਭਗਤ ਧਰੂੰ ਨੂੰ ਵਿਚੋਂ ਗੋਦੀ ਦਿਉਂ ਕਢਾਇਆ। ਭਗਤ ਧਰੂੰ ਨੇ ਨੀ ਇੱਛਿਆ ਨਾ ਕੀਤੀ ਰਾਜ ਦੀ, ਧੂਣਾਂ ਉਹਨੇ ਜਾ ਕੇ ਸਤਗਿੁਰ ਦੁਆਰੇ ਲਾਇਆ। ਰਾਜੇ ਸੁਲੇਮਾਨ ਨਾਲ ਧਰੋਹ ਕਮਾਇਆ ਨਾਰਾਂ ਨੇ, ਵੱਢ ਕੇ ਪੂਰਨ ਰੰਨਾਂ ਖੂਹ ਦੇ ਵਿਚ ਸੁਟਾਇਆ। ਐਸੇ ਐਸੇ ਦਗ਼ੇ ਫਰੇਬ ਨਾ ਮਾਰੋਂ ਮਰਦਾਂ ਨੂੰ, ਕਿਹੜਾ ਕਿਹੜਾ ਮੇਤੋਂ ਜਾਵੇ ਨਾ ਸੁਣਾਇਆ। ਚੰਗੀ ਕਰਦੀ ਐਂ ਮੈਨੂੰ ਮਦ ਦੀ ਤੂੰਬੀ ਭਰਦੇ ਤੂੰ, ਤੈਨੂੰ ਸੁਆਲ ਹੈ ਫਕੀਰ ਨੇ ਆ ਪਾਇਆ। ਜਵਾਬ ਨੈਣਾ ਕਲਾਲੀ ਆ ਵੇ ਫੱਕਰਾ ਤੈਨੂੰ ਮਦ ਦੀ ਤੂੰਬੀ ਭਰ ਦਿਆਂ ਮੈਂ, ਬਾਹੋਂ ਫੜ ਕੇ ਰਾਂਝੇ ਚਾਕ ਨੂੰ ਉਠਾਇਆ। ਪਹਿਲਾ ਕੁੰਡਾ ਜਦੋਂ ਖੋਲਿਆ ਹੈ ਕਲਾਲੀ ਨੇ, ਚੁੱਕ ਕੇ ਰਾਂਝੇ ਨੇ ਸੀ ਬੂਹੇ ਕਦਮ ਟਿਕਾਇਆ। ਦੂਜਾ ਕੁੰਡਾ ਜਦੋਂ ਖੋਲ੍ਹਿਆ ਹੈ ਕਲਾਲੀ ਨੇ, ਰੋਸ਼ਨ ਚਾਨਣ ਰਾਂਝੇ ਚਾਕ ਨੂੰ ਦਿਖਾਇਆ। ਤੀਜਾ ਕੁੰਡਾ ਜਦੋਂ ਖੋਲ੍ਹਿਆ ਹੈ ਕਲਾਲੀ ਨੇ, ਓਥੇ ਪਈ ਹੈ ਤਰਲੋਕੀ ਵਾਲੀ ਮਾਇਆ। ਚੌਥਾ ਕੁੰਡਾ ਜਦੋਂ ਖੋਲ੍ਹਿਆ ਹੈ ਕਲਾਲੀ ਨੇ, ਉਥੇ ਮਾਇਆ ਵਾਲੀ ਪੈਗੀ ਚਾਕ ਨੂੰ ਸਾਇਆ। ਪੰਜਵਾਂ ਕੁੰਡਾ ਜਦੋਂ ਖੋਲ੍ਹਿਆ ਹੈ ਕਲਾਲੀ ਨੇ, ਸੋਹਣਾ ਘੋੜਾ ਰਾਂਝੇ ਚਾਕ ਨੂੰ ਦਿਖਾਇਆ। ਦੇਖ ਰਾਂਝੇ ਨੂੰ ਤਾਂ ਘੋੜਾ ਮੂੰਹੋਂ ਬੋਲਦਾ, ਕਿੱਥੋਂ ਧੱਕੇ ਬਾਬਾ ਤੂੰ ਚੰਦਰੀ ਦੇ ਆਇਆ। ਛੇ ਛੇ ਦਿਨ ਤਾਂ ਮੈਨੂੰ ਇਹ ਭੁੱਖੇ ਨੂੰ ਰੱਖਦੀ ਹੈ, ਸੱਤ ਸੱਤ ਦਿਨ ਤਾਂ ਮੈਨੂੰ ਰੱਖਦੀ ਹੈ ਤਿਹਾਇਆ। ਮੂਹਰੇ ਘੋੜੇ ਦੇ ਕਲਾਲੀ ਖੜ੍ਹ ਕੇ ਬੋਲਦੀ, ਇਹ ਤਾਂ ਮਾਲਕ ਘੋੜਿਆ ਵੇ ਥੋਡਾ ਹੈ ਆਇਆ। ਛੇਵਾਂ ਕੁੰਡਾ ਜਦੋਂ ਖੋਲ੍ਹਿਆ ਹੈ ਕਲਾਲੀ ਨੇ, ਖੂੰਨੀ ਹਾਥੀ ਰਾਂਝੇ ਚਾਕ ਨੂੰ ਦਿਖਾਇਆ। ਦੇਖ ਰਾਂਝੇ ਨੂੰ ਤਾਂ ਹਾਥੀ ਮਾਰਨ ਉੱਠਿਆ ਹੈ, ਇਕ ਦਮ ਮਾਰਨ ਤੇ ਗਰੀਬ ਨੂੰ ਸੀ ਆਇਆ। ਪੰਜਾਂ ਪੀਰਾਂ ਨੇ ਇਕ ਸੋਟਾ ਬਖਸ਼ਿਆ ਚਾਕ ਨੂੰ, ਉਹਨੇ ਖੜ੍ਹ ਕੇ ਹਾਥੀ ਦੇ ਮੱਥੇ ਨੂੰ ਲਾਇਆ। ਲੱਗੇ ਸੋਟੇ ਤੋਂ ਉਹਨੂੰ ਹੋਗੀ ਖ਼ਬਰ ਜਹਾਨ ਦੀ, ਉਹਨੇ ਕਦਮਾਂ ਉੱਤੇ ਸੀਸ ਆ ਨਿਵਾਇਆ। ਸੱਤਵਾਂ ਕੁੰਡਾ ਜਦੋਂ ਖੋਲ੍ਹਿਆ ਹੈ ਕਲਾਲੀ ਨੇ, ਖੂੰਨੀ ਭੋਰਾ ਰਾਂਝੇ ਚਾਕ ਨੂੰ ਦਿਖਾਇਆ। ਭਰ ਭਰ ਪਿਆਲੇ ਜੱਟੀ ਦਾਰੂ ਵਾਲੇ ਦਿੰਦੀ ਹੈ, ਪਹਿਲੇ ਤੋੜ ਦੀ ਸ਼ਰਾਬ ਨੂੰ ਹੱਥ ਪਾਇਆ। ਪਹਿਲਾ ਪਿਆਲਾ ਭਰ ਕੇ ਦੇ ਲਿਆ ਰਾਂਝੇ ਚਾਕ ਨੂੰ, ਨਸ਼ਾ ਚੜ੍ਹ ਗਿਆ ਉਹਨੂੰ ਦੂਣ ਤੇ ਸਵਾਇਆ। ਦੂਜਾ ਪਿਆਲਾ ਜਦੋਂ ਦੇ ਲਿਆ ਹੈ ਕਲਾਲੀ ਨੇ, ਕਮਲਾ ਕਰ ਲਿਆ ਰਾਂਝਾ ਓਥੇ ਬੇਪਰਵਾਇ੍ਹਆ। ਡਾਹਤੇ ਪਲੰਘ ਨੈਣਾਂ ਨੇ ਸੁੱਟਤੇ ਗਦੈਲੇ ਜੀ, ਜੱਫੀ ਭਰ ਕੇ ਰਾਂਝਾ ਚਾਕ ਪਲੰਘ ਤੇ ਪਾਇਆ। ਖੋਟੀ ਨਿਗ੍ਹਾ ਓਥੇ ਹੋ ਗਈ ਹੈ ਕਲਾਲੀ ਦੀ, ਸੱਜਾ ਹੱਥ ਤਾਂ ਉਹਦੀ ਬੁੱਕਲ ਨੂੰ ਚਲਾਇਆ। ਪੰਜਾਂ ਪੀਰਾਂ ਨੇ ਓਥੇ ਇੱਜ਼ਤ ਰੱਖ ਲਈ ਚਾਕ ਦੀ, ਓਥੇ ਬੰਸਰੀਆਂ ਦਾ ਨਾਗ ਹੈ ਬਣਾਇਆ। ਡਰਦੀ ਨਾਗਾਂ ਤੋਂ ਕਲਾਲੀ ਭੱਜੀ ਬਾਹਰ ਨੂੰ, ਉਹਨੇ ਬਾਹਰਲਾ ਜਾ ਕੁੰਡਾ ਸੀ ਅੜਾਇਆ। ਜਾ ਕੇ ਬੇਟੀ ਅਪਣੀ ਨੂੰ ਗੱਲਾਂ ਉਹ ਦੱਸਦੀ ਹੈ, ਉਹਨੂੰ ਮਿੱਠਾ ਜਿਹਾ ਇਕ ਬਚਨ ਹੈ ਸੁਣਾਇਆ। ਕੁਛ ਨਾ ਆਖੀਂ ਧੀਏ ਉਹਨੂੰ ਪਤੀ ਬਣਾਉਣ ਨੂੰ, ਇਹ ਤਾਂ ਕਿਸੇ ਜਾਦੂਗਰ ਨੇ ਨੀ ਬਣਾਇਆ। ਜਵਾਬ ਸ਼ਾਇਰ ਬੋਟ ਸ਼ਰਾਬ ਦਾ ਕਲਾਲੀ ਚੁੱਕ ਕੇ ਖੜ੍ਹ ਗਈ ਐ, ਲੈ ਵੇ ਛੈਲਾ ਤੂੰਬੀ ਭਰਲੈ ਜਿਉਂ ਦਿਲ ਚਾਹੇ। ਪੰਜੇ ਪੀਰ ਛੇਵਾਂ ਨਾਥ ਮਨਾ ਲਿਆ ਚਾਕ ਨੇ, ਕਰਾਮਾਤ ਵਾਲੀ ਤੂੰਬੀ ਅੱਗੇ ਡਾਹੇ। ਸਾਰਾ ਬੋਟ ਉਲੱਦਿਆ ਤੂੰਬੀ ਅਜੇ ਨਾ ਭਰਦੀ ਐ, ਭਰ ਭਰ ਮੱਟੀਆਂ ਪਾਉਣ ਦੇ ਕਰਲੇ ਸਮਾਹੇ। ਜਤਿਨੀ ਮਦਰਾ ਸੀ ਸਭ ਤੂੰਬੀ ਦੇ ਵਿਚ ਪੈ ਗਈ ਐ, ਐਸੇ ਬਾਣ ਪੀਰਾਂ ਬੇਪਰਵਾਹਾਂ ਨੇ ਵਾਹੇ। ਲੈ ਕੇ ਤੂੰਬੀ ਗੋਰਖ ਦੇ ਕਦਮਾਂ ਵੱਲ ਤੁਰ ਪਿਆ ਹੈ, ਮਗਰ ਕਲਾਲੀ ਉੱਠ ਕੇ ਪੈ ਲਈ ਓਸੇ ਰਾਹੇ। ਤੂੰਬੀ ਅੱਗੇ ਧਰ ਗੁਰ ਦੇ ਚਰਨਾਂ ਪਰ ਡਿੱਗ ਪਿਆ ਹੈ, ਹੋਇ ਹੈਰਾਨ ਭੇਖ ਚਾਕ ਨੂੰ ਸਲਾਹੇ। ਸੁਹਣੀ ਸੂਰਤ ਨਾਲ ਕਲਾਲੀ ਠੱਗ ਲਈ ਏਸ ਨੇ, ਮਗਰੇ ਫਿਰਦੇ ਨੇ ਫੁੱਲ ਜਾਲ ਇਸ਼ਕ ਦੇ ਫਾਹੇ। ਦਿਓ ਫਕੀਰੀ ਤੇ ਭੰਡਾਰਾ ਵਰਤ ਸ਼ਰਾਬ ਦਾ, ਰਾਂਝਾ ਕਹੇ ਗਰੀਬ ਨੂੰ ਭਕਾਉਂਦੇ ਓ ਕਾਹੇ। ਜਵਾਬ ਨਾਥ ਰਿੱਧੀ ਸਿੱਧੀ ਵਾਲੀ ਤੂੰਬੀ ਹੱਥ ਵਿਚ ਫੜ ਲਈ ਐ, ਗੋਰਖ ਪੰਗਤ ਚੇਲਿਆਂ ਸਾਰਿਆਂ ਦੀ ਬਹਾਈ। ਭਰ ਭਰ ਚਿੱਪੀਆਂ ਇਕ ਦੋ ਮੁੱਢੋਂ ਸਭ ਨੂੰ ਦੇ ਲਈਆਂ, ਅਜੇ ਨਾ ਮੁਕਦੀ ਨੌਂ ਸੌ ਮੂਰਤ ਨੂੰ ਵਰਤਾਈ। ਜਤੀਆਂ ਸਤੀਆਂ ਮਰਦਾਂ ਹੱਥ ਭੰਡਾਰਾ ਵਰਤਿਆ ਐ, ਨਾਲੇ ਅਜਮਤ ਪੰਜਾਂ ਪੀਰਾਂ ਨੇ ਦਿਖਾਈ। ਬਚਦੀ ਗੋਰਖ ਰਾਂਝੇ ਦੋਹਾਂ ਨੇ ਰਲ ਪੀਤੀ ਐ, ਅਜੇ ਵੀ ਅੱਧੀ ਤੂੰਬੀ ਪੀਰਾਂ ਨੇ ਬਚਾਈ। ਪੀ ਕੇ ਮਸਤ ਸ਼ਰਾਬੀ ਭੇਖ ਜੋ ਸਾਰਾ ਹੋ ਗਿਆ ਐ, ਜੋਗ ਦੇਣ ਦੀ ਤਿਆਰੀ ਹੈ ਵਜਾਈ। ਸੱਦ ਕੇ ਨਾਥ ਰਾਂਝਾ ਪਾਸ ਬਹਾ ਲਿਆ ਸਾਹਮਣੇ, ਹੱਥ ਵਿਚ ਛੁਰੀ ਲੈ ਕੇ ਕੰਨਾਂ ਨੂੰ ਵਗਾਈ। ਮੁੰਦਰਾਂ ਮਿੱਟੀ ਦੀਆਂ ਕਰ ਕੱਚੀਆਂ ਪਾਈਆਂ ਚਾਕ ਦੇ, ਮੂੰਹ ਸਿਰ ਮੁੰਨ ਕੇ ਅੰਗ ਭਬੂਤ ਹੈ ਰਮਾਈ। ਰੂਪ ਸੋਹਣੇ ਦਾ ਨਾਉਂ ਰੂਪ ਨਾਥ ਧਰ ਲਿਆ ਐ, ਚਿਮਟਾ ਤੂੰਬੀ ਹੱਥੀਂ ਆਪਣੀ ਫੜਾਈ। ਸੇਲ੍ਹੀ ਖੱਪਰੀ ਤੇ ਮ੍ਰਿਗਾਨੀ ਫਹੁੜੀ ਦੇ ਲਈ ਐ, ਗੇਰੂ ਦਾਰ ਪੁਸ਼ਾਕੀ ਬੁਗ੍ਹਚਾ ਖੋਲ ਪਹਿਨਾਈ। ਚੇਲਾ ਪੁੱਤਰ ਸਮਾਨ ਕਰਕੇ ਬੁੱਕਲ 'ਚ ਲੈ ਲਿਆ ਐ, ਪਿਆਰ ਕਰਦਾ ਜਿਉਂ ਪੁੱਤਰਾਂ ਨੂੰ ਬਾਬਲ ਮਾਈ। ਕਰਾਮਾਤ ਰਿੱਧੀ ਸਿੱਧੀ ਦੇਦੂੰ ਆਉਂਦੇ ਨੂੰ, ਪੱਕੀਆਂ ਮੁੰਦਰਾਂ ਜਾ ਕੇ ਪੁਆਇਆ ਬਾਲ ਗਦਾਈਂ। ਜਵਾਬ ਸ਼ਾਇਰ ਮੰਨ ਸਵਾਲ ਅਦੇਸ਼ ਬੁਲਾ ਕੇ ਤੁਰ ਪਿਆ ਗੁਰੂ ਨੂੰ, ਇਕ ਦੋ ਮੰਜਲਾਂ ਕਰਕੇ ਪਹੁੰਚਿਆ ਬਾਲ ਗੁਦਾਈ। ਟਿੱਲਾ ਛੱਡ ਕੇ ਬਾਗ 'ਚ ਬੈਠਾ ਨਾਲ ਮਜਾਜ ਦੇ, ਧੂੰਆਂ ਲਾਇ ਨਾਥ ਜੀ ਬਹਿ ਮ੍ਰਿਗਾਨ ਵਿਛਾਈ। ਅੱਗੇ ਜੁ ਮਾਲਣ ਕਲੀਆਂ ਤੋੜਦੀ ਹਾਰ ਬਣਾਉਣ ਨੂੰ, ਸੂਰਤ ਦੇਖ ਨਾਥ ਦੀ ਤੜਫ਼ ਡਿੱਗੀ ਗਸ਼ ਖਾਈ। ਦੇਖ ਸੂਰਤ ਮਾਲਣ ਰੁੜ੍ਹ ਗਈ ਓਸ ਫਕੀਰ ਦੀ, ਦੌੜੀ ਦੌੜੀ ਰੂਪਾਂ ਜੁਗਿਆਣੀ ਦੁਆਰੇ ਆਈ। ਰੂਪਾਂ ਰੂਪ ਦੀ ਗੁਮਾਨਣ ਕੌਰੂ ਦੇਸ਼ ਦੀ, ਮਾਲਣ ਰੂਪ ਦੀ ਤਰੀਫ਼ ਜਾ ਸੁਣਾਈ। ਤੇਰੇ ਬਾਗ 'ਚ ਜੋਗੀ ਬੈਠੇ ਦਰਸ਼ਣ ਕਰਲੈ ਤੂੰ, ਐਸੀ ਸੂਰਤ ਦੇਖੀ ਹੋਵੇ ਨਾ ਅੱਜ ਤਾਈਂ। ਛੋਟੀ ਉਮਰ 'ਚ ਚੇਲਾ ਮੁੰਨਿਆ ਹੈ ਅੱਜ ਕੱਲ੍ਹ ਦਾ ਨੀ, ਕਾਹਤੋਂ ਸੋਨੇ ਵਰਗੀ ਸੂਰਤ ਰੇਤ ਰਲਾਈ। ਆਪਾਂ ਦੋਵੇਂ ਚੱਲਕੇ ਪੁੱਛੀਏ ਮਸਤ ਦੀਵਾਨੇ ਨੂੰ, ਕੇਹੜੀ ਗੱਲ ਨੂੰ ਸਾਡੇ ਬਾਗ਼ 'ਚ ਤਾੜੀ ਲਾਈ। ਜਵਾਬ ਸ਼ਾਇਰ ਨਰਮਾਂ ਮਾਲਣ ਤੇ ਜੁਗਿਆਣੀ ਰੂਪਾਂ ਦੌੜੀਆਂ, ਦੋਵੇਂ ਪਰੀਆਂ ਰਲ ਕੇ ਬਾਗ ਨੂੰ ਸਨ ਆਈਆਂ। ਇਸ਼ਕ ਮਜਾਜੜੀਆਂ ਨਸ਼ੱਈਆਂ ਵਾਂਗੂੰ ਲਟਕਦੀਆਂ, ਆਮਣਮੱਤੀਆਂ ਕਰੀਆਂ ਜੋਗੀ ਵੱਲ ਨੂੰ ਧਾਈਆਂ। ਬਾਗ 'ਚ ਆ ਕੇ ਦਰਸ਼ਣ ਕੀਤਾ ਮਸਤ ਦੀਵਾਨੇ ਦਾ, ਸੂਰਤ ਜੜੀਆਂ ਪ੍ਰੇਮ ਦੀਆਂ ਦੋਹਾਂ ਸਿਰ ਪਾਈਆਂ। ਸੂਰਤ ਦੇਖ ਕੇ ਮੁੱਖ ਅੱਡੇ ਰਹਗਿੇ ਦੋਹਾਂ ਦੇ, ਖੜੀਆਂ ਪਹਿਰ ਦੀਆਂ ਨਾ ਜੋਗੀ ਨੇ ਬੁਲਾਈਆਂ। ਤਾੜੀ ਲਾਈ ਆਸਣ ਬੈਠਾ ਨਾਲ ਮਜਾਜ ਦੇ, ਪਲਕਾਂ ਭਰ ਕੇ ਨਾ ਜੁਗਿਆਣੀ ਵੱਲ ਉਠਾਈਆਂ। ਹੱਸ ਜੁਗਿਆਣੀ ਨੇ ਬਹਿ ਅੱਗੇ ਬਾਹੋਂ ਫੜ ਲਿਆ ਐ, ਮੂੰਹੋਂ ਬੋਲ ਗੁਮਾਨੀਆਂ ਕਾਹਤੋਂ ਤੈਂ ਭਟਕਾਈਆਂ। ਪੁੱਛੇ ਬਿਨਾਂ ਕੋਈ ਕਿਸੇ ਨੂੰ ਨਾ ਜਾਣਦਾ, ਕਿਧਰੋਂ ਆਏ ਕਿੱਧਰ ਨੂੰ ਕਰੀਆਂ ਚੜ੍ਹਾਈਆਂ। ਗੱਲਾਂ ਕਰਦੀ ਕਰਦੀ ਉੱਤੇ ਡਿੱਗ ਡਿੱਗ ਪੈਂਦੀ ਐ, ਸੋਹਣਿਆਂ ਨੈਣਾਂ ਛੁਰੀਆਂ ਸੀਨੇ ਵਿਚ ਗਡਾਈਆਂ। ਬੋਲ ਜ਼ਬਾਨੋਂ ਤੇਰੇ ਅੱਗੇ ਬੈਠੀ ਥੱਕ ਗਈ ਮੈਂ, ਪਲਕਾਂ ਨਾਲ ਕਾਹਤੋਂ ਧਰਤੀ ਦੇ ਲਗਾਈਆਂ। ਜਵਾਬ ਰਾਂਝਾ ਤਖ਼ਤ ਹਜ਼ਾਰਿਉਂ ਚੱਲ ਕੇ ਆ ਗਿਆ ਖ਼ਾਤਰ ਜੋਗ ਦੀ, ਚੇਲਾ ਮੁੰਨ ਕੇ ਗੋਰਖ ਕੰਨ ਵਿਚ ਮੁੰਦਰ ਪਾਈ। ਪੱਕੀਆਂ ਮੁੰਦਰਾਂ ਕਾਰਨ ਭੇਜਿਆ ਦੁਆਰੇ ਆਪ ਕੇ, ਮੇਹਰ ਕਰਕੇ ਸਾਡੇ ਕੰਨੀਂ ਪਾ ਦੇ ਮਾਈ। ਝਾਕਣ ਰੰਨਾਂ ਦੇ ਵੱਲ ਹੈ ਨਾ ਧਰਮ ਫਕੀਰਾਂ ਦਾ, ਫ਼ਾਦਲ ਬੋਲਣ ਦੇ ਵਿਚ ਕੌਣ ਸੀ ਵਡਿਆਈ। ਕਾਮੀ ਕਰੋਧੀ ਝਾਕੂ, ਔਰ ਪਾਪੀ ਲਾਲਚੀ, ਜਿਨ੍ਹਾਂ ਨੂੰ ਭਗਤੀ ਤੇ ਫਕੀਰੀ ਨਾ ਫ਼ਰਮਾਈ। ਰੰਨਾਂ ਨਾਲ ਗੱਲਾਂ ਕਰਨੇ ਪਾਸ ਬੈਠਣੇ, ਨਹਿ ਫ਼ਲ ਜਾਂਦੀ ਐ ਫ਼ਕੀਰੀ ਕਰੀ ਕਮਾਈ। ਲਾਲਚ ਰੰਨ ਦਾ ਕਰਨਾ ਹੈ ਨਾ ਧਰਮ ਫਕੀਰਾਂ ਦਾ, ਲਾਲਚ ਰੰਨ ਦੇ ਸਿੰਗੀ ਰਖਿ ਨੇ ਪੈਜ ਘਟਾਈ। ਲਾਲਚ ਰੰਨ ਦੇ ਪਾਰਾ ਚਲ ਗਿਆ ਭੋਲੇ ਨਾਥ ਦਾ, ਲਾਲਚ ਰੰਨ ਦੇ ਭਸਮਾ ਦਿਓ ਨੇ ਜਾਨ ਗਵਾਈ। ਲਾਲਚ ਰੰਨ ਦੇ ਇੰਦਰ ਚੰਦ ਕਲੰਕੀ ਹੋ ਗਏ ਐ, ਲਾਲਚ ਰੰਨ ਦੇ ਲੰਕਾ ਰੌਣ ਨੇ ਲੁਟਾਈ। ਲਾਲਚ ਰੰਨ ਦੇ ਈ ਮੁੱਖ ਚਾਰ ਬਣ ਗਏ ਬ੍ਰਹਮਾ ਦੇ, ਲਾਲਚ ਰੰਨ ਦੇ ਕਟ ਕਟ ਮਰਦੀ ਹੈ ਲੋਕਾਈ। ਲਾਲਚ ਰੰਨ ਦੇ ਜੌੜੇ ਗੁੱਗਾ ਕੱਟਕੇ ਮਰ ਗਏ ਐ, ਜ਼ੋਰੋ ਜ਼ਰ ਜ਼ਮੀਨ ਇਹ ਮੂਲ ਉਪਾਦ ਕਹਾਈ। ਇਹੋ ਜਾਣ ਕੇ ਇਹਨਾਂ ਤਿਹਾਂ ਦਾ ਲਾਲਚ ਕਰਦੇ ਨਾ, ਜਿਨਾਂ ਫਕੀਰਾਂ ਨੂੰ ਗੱਲ ਸਤਗਿੁਰ ਨੇ ਸਮਝਾਈ। ਚੇਲਾ ਗੋਰਖ ਦਾ ਮੈਂ ਪੋਤਾ ਨਾਥ ਮਛੰਦਰ ਦਾ, ਲਾਲਚ ਰੰਨ ਦਾ ਕਰਨਾ ਜਾਵੇ ਲੀਕ ਲਵਾਈ। ਮਾਤਾ ਮੇਰੀਏ ਕੰਨ ਮੁੰਦਰਾਂ ਪਾ ਦੇ ਕੰਚ ਦੀਆਂ, ਗ਼ੈਰ ਨਜ਼ਰਾਂ ਝਾਕਣ ਦੀ ਹਿੰਮਤ ਨਾ ਕਾਈ। ਜਵਾਬ ਜੁਗਿਆਣੀ ਗੈਰ ਨਜ਼ਰਾਂ ਪੈਦਾ ਕਰਨੇਹਾਰ ਝਾਕਿਆ ਵੇ, ਤਾਹੀਉਂ ਤਿੰਨਾਂ ਲੋਕਾਂ ਦੇ ਪਸਰੇ ਪਸਾਰੇ। ਗ਼ੈਰ ਨਜ਼ਰਾਂ ਝਾਕੇ ਬਿਨ ਕਿੱਥੋਂ ਜੱਗ ਵਧਦਾ ਵੇ, ਜੋੜੇ ਨਰਾਂ ਮਦੀਨਾਂ ਦੇ ਅਰਸ਼ੋਂ ਉਤਾਰੇ। ਗੈਰ ਨਜ਼ਰਾਂ ਝਾਕੇ ਬਿਨ ਲਾਲ ਨਾ ਜੰਮਦੇ ਐ, ਗਤੀ ਨਾ ਪੁੱਤਰਾਂ ਬਾਝੋਂ ਲਿਖਦੇ ਵੇਦ ਚਾਰੇ। ਗ਼ੈਰ ਨਜ਼ਰਾਂ ਝਾਕੇ ਬਿਨ ਜੇਕਰ ਸਰ ਜਾਂਦਾ ਵੇ, ਕਿਉਂ ਝੱਖ ਮਾਰਦੇ ਉਤਾਰੀ ਲੋਕ ਸਾਰੇ। ਗ਼ੈਰ ਨਜ਼ਰਾਂ ਬਿਨਾਂ ਤੂੰ ਕਿੱਥੋਂ ਪੈਦਾ ਹੋ ਗਿਆ ਵੇ, ਲੱਖਾਂ ਆਸ਼ਕ ਮਰ ਗਏ ਗ਼ੈਰ ਨਜ਼ਰਾਂ ਦੇ ਮਾਰੇ। ਰਿਖੀ ਮੁਨੀ ਤਪੱਸਵੀ ਵੇ ਐਸੇ ਜੱਗ ਵਿਰਲੇ ਐ, ਗ਼ੈਰ ਨਜ਼ਰਾਂ ਸਾਡੇ ਵੱਲ ਝਾਕਣ ਤੋਂ ਬਾਹਰੇ। ਗ਼ੈਰ ਨਜ਼ਰਾਂ ਝਾਕਣ ਨੂੰ ਕੌਰੂ ਵਿਚ ਬੈਠਾ ਵੇ, ਤੇਰਾ ਦਾਦਾ ਗੁਰੂ ਮਛੰਦਰ ਝਿਉਰੀ ਦੁਆਰੇ। ਚੇਲਾ ਗੋਰਖ ਦਾ ਗੁਰ ਭਾਈ ਬਾਲ ਗੁਦਾਈ ਦਾ, ਮਾਈਆਂ ਆਖਣ ਛੋਟੇ ਦੇਵਰ ਹੋ ਹਮਾਰੇ। ਮਾਈਆਂ ਕਿਹੜਾ ਕਹਿੰਦਾ ਵੇ ਜੱਗ ਵਿਚ ਭਰਜਾਈਆਂ ਨੂੰ, ਕਾਹਨੂੰ ਪਾਪ ਚੜ੍ਹਾਉਨੈਂ ਤੂੰ ਦੇਹੀ ਨੂੰ ਭਾਰੇ। ਜਵਾਬ ਨਾਥ ਪਾਪ ਚੜ੍ਹਦਾ ਤਾਂ ਜੇ ਮਾਤਾ ਕਹਿਕੇ ਭੋਗੀਏ, ਸੋਹਣੀ ਸੂਰਤ ਦੇਖ ਆਤਮਾ ਡੁਲ੍ਹਾਈਏ। ਪਾਪ ਚੜ੍ਹਦਾ ਮਾਤਾ ਉਤਲੇ ਮਨ ਤੋਂ ਆਖੀਏ, ਦਿਲੋਂ ਡੋਲ ਸੇਜ਼ ਚੜ੍ਹਨੇ ਨੂੰ ਤਕਾਈਏ। ਪਾਪ ਚੜ੍ਹਦਾ ਜੇ ਦਿਲ ਰੱਖੀਏ ਬੇਈਮਾਨੀਆਂ, ਕਹੀਏ ਹੋਰ ਤੇ ਕੁਛ ਹੋਰ ਹੀ ਕਮਾਈਏ। ਜਿਸ ਨੂੰ ਮੰਦੀ ਨਜ਼ਰ ਨਾ ਨੈਣਾਂ ਨਾਲ ਝਾਕਣਾ, ਉਹਨੂੰ ਮਾਈ ਕਹਿੰਦੇ ਮੂਲ ਨਾ ਸ਼ਰਮਾਈਏ। ਵੱਡੀਆਂ ਭਾਬੀਆਂ ਵੀ ਮਾਵਾਂ ਦੇ ਤੁੱਲ ਹੁੰਦੀਆਂ ਨੇ, ਜਿਨ੍ਹਾਂ ਦੇ ਸਾਹਮਣੇ ਵੀ ਝਾਕਣਾ ਨਾ ਚਾਹੀਏ। ਸੀਤਾ ਲਛਮਣ ਜੇ ਭਰਜਾਈ ਮਾਈ ਨਾ ਸਮਝਦਾ, ਐਵੇਂ ਕਹੂੰ ਨੇ ਸਮਝਿਆ ਕਤਿਨੇ ਗਿਣਾਈਏ। ਮੇਹਰ ਕਰਕੇ ਮੁੰਦਰਾਂ ਬਖ਼ਸ਼ੋ ਏਸ ਗਰੀਬ ਨੂੰ, ਸ਼ਰਨੀਂ ਲੱਗਿਆਂ ਨੂੰ ਅੱਤ ਬਹੁਤਾ ਨਾ ਭਕਾਈਏ। ਜਵਾਬ ਜੁਗਿਆਣੀ ਸੋਹਣੀ ਸੂਰਤ ਨੂੰ ਭਕਾਵੇ ਕਿਹੜਾ ਜੋਗੀਆ, ਜਿਹੜਾ ਦੇਖੇ ਤੈਨੂੰ ਮੋਹਿਤ ਹੋ ਜੇ ਸੋਈ। ਤੇਰੀ ਸੂਰਤ ਦੇਖ ਮੈਂ ਵਿਚ ਕੁਛ ਨਾ ਰਹਿ ਗਿਆ ਵੇ, ਪੱਥਰੋਂ ਭਾਰੀ ਹੁੰਦੀ ਕੱਖੋਂ ਹੌਲੀ ਹੋਈ। ਪੀਰੀ ਮੀਰੀ ਮੈਂ ਹੁਣ ਦੁੱਗਣੀ ਦੇ ਦਿਆਂ ਗੋਰਖ ਤੋਂ, ਹਰ ਦਮ ਇੱਕੇ ਆਸਣ ਪਰ ਸਵੀਂਏ ਜੇ ਦੋਈ। ਪਊਏ ਕਾਨੀ ਤੇ ਮਿਰਗਾਨੀ ਜਾਵੇ ਨਾਥ ਦੀ, ਉੱਡ ਲੈ ਜਾਣ ਸੌ ਕੋਹ ਵਾਟ ਜਾਵੇ ਖੋਈ। ਚਿਮਟਾ ਤੂੰਬੀ ਚਿੱਪੀ ਸੇਲ੍ਹੀ ਟੋਪੀ ਪਰਨਾ ਵੇ, ਫਰੂਆ ਫਹੁੜੀ ਮਾਲਾ ਬਰਾਗਣ ਮੈਂ ਲੁਕੋਈ। ਇਹ ਸਭ ਤੈਨੂੰ ਦੇ ਦਿਆਂ ਸਿੱਧਾਂ ਦੀਆਂ ਨਿਸ਼ਾਨੀਆਂ, ਰਿੱਧੀ ਸਿੱਧੀ ਬਾਝੋਂ ਵੇ ਖਾਲੀ ਨਾ ਕੋਈ। ਆਹ ਲੈ ਪੱਕੀਆਂ ਮੁੰਦਰਾਂ ਗੋਰਖ ਤੋਂ ਜਾ ਪੁਆ ਲੈ ਵੇ, ਆ ਮੁੜ ਝਬਦੇ ਵੇਂ ਪਹੁੰਚਦਾ ਅਸਾਂ ਵੱਲ ਹੋਈ। ਏਨੀਆਂ ਚੀਜਾਂ ਲੈ ਜਾ ਭੇਖ ਦੀ ਸਹੁੰ ਅਟਕੀਂ ਨਾ, ਰਿੱਧੀ ਸਿੱਧੀ ਆਉਂਦੇ ਨੂੰ ਲਈ ਮੈਂ ਖੜੋਈ। ਤੇਰੀ ਮੇਰੀ ਜੋੜੀ ਰੱਬ ਨੇ ਕਰਲੀ ਜੋਗੀਆ, ਅੱਗੇ ਮੈਂ ਉਮਰ ਫਕੀਰਾਂ ਵੇ ਖੁੰਢਾਂ ਨਾਲ ਖੋਈ। ਜਵਾਬ ਸ਼ਾਇਰ ਲੈ ਕੇ ਮੁੰਦਰਾਂ ਨਾਲੇ ਸਿੱਧਾਂ ਦੀਆਂ ਨਿਸ਼ਾਨੀਆਂ, ਜਿੱਤ ਜਗਿਆਣੀ ਟਿੱਲੇ ਗੋਰਖ ਦੇ ਨੂੰ ਆਇਆ। ਇਹ ਗੜ੍ਹ ਆਕੀ ਕਿਲਾ ਕਾਬਲ ਤੇ ਕੰਧਾਰ ਦਾ, ਫਤਹਿ ਪੰਜਾਂ ਪੀਰਾਂ ਚਾਕ ਨੂੰ ਕਰਵਾਇਆ। ਜੋਗ ਰੂਪ ਤੋਂ ਜਾਂ ਪੀਰਾਂ ਦੇ ਪਰਤਾਪ ਤੋਂ, ਐਵੇਂ ਆਵਾ ਗੌਣ ਰਾਂਝੇ ਨੂੰ ਥਿਆਇਆ। ਮਾਨ ਸਰੋਵਰ ਪਰਸਣ ਰਹਿ ਗਿਆ ਪੁੱਛਦਾ ਪੀਰਾਂ ਤੋਂ, ਪੀਰਾਂ ਥਾਉਂ ਹੰਸ ਦੇ ਕਾਗ ਚੱਕ ਫੜਾਇਆ। ਸਭ ਕੁਛ ਲੈ ਕੇ ਗੋਰਖ ਦੇ ਚਰਨਾਂ ਪਰ ਡਿੱਗ ਪਿਆ ਐ, ਮੱਥਾ ਚੁੰਮ ਕੇ ਸਤਗਿੁਰ ਨੇ ਫੜ ਕੇ ਉਠਾਇਆ। ਕੱਚੀਆਂ ਮੁੰਦਰਾਂ ਕੱਢ ਕੇ ਪੱਕੀਆਂ ਪਾਈਆਂ ਚਾਕ ਦੇ, ਮੰਤਰ ਧੂੰਏਂ ਤੂੰਬੀ ਜੋਗ ਦਾ ਸਿਖਾਇਆ। ਸਿੱਖਿਆ ਜੋਗ ਦੀ ਕੰਨ ਕਰਕੇ ਸੁਣ ਲੈ ਗੋਰਖ ਤੋਂ, ਜੇਹਾ ਕੁ ਸਾਡੇ ਸਾਨੂੰ ਸਤਗਿੁਰ ਨੇ ਸਮਝਾਇਆ। ਜਵਾਬ ਨਾਥ ਰਾਂਝੇ ਨੂੰ ਚੋਰੀ ਯਾਰੀ ਠੱਗੀ ਮਿਹਣਾ ਕਰਨ ਫਕੀਰਾਂ ਨੂੰ, ਨਿੰਦਿਆ ਚੁਗਲੀ ਕਰਨੀ ਸੁਣਨੀ ਮੌਤ ਨਿਸ਼ਾਨੀ। ਝੂਠ ਬੋਲਣਾ ਅਰ ਸੰਗ ਕੁਸੰਗ ਬੈਠਣਾ, ਵੈਰ ਵਿਰੋਧੀ ਦੇਣਦਾਰ ਦੋਹੀਂ ਜਹਾਨੀਂ। ਬੇਇਨਸਾਫੀ ਦੁਖੀ ਦੁਖਾਈਏ ਨਾ ਪਰ ਆਤਮਾ, ਨੀਵੇਂ ਹੋ ਕੇ ਚੱਲੀਏ ਉਏ ਜੌਗਲ ਜ਼ਿੰਦਗਾਨੀ। ਖ਼ੁਦੀ ਗ਼ੁਮਾਨ ਤੇ ਮਗਰੂਰੀ ਦਿਲੋਂ ਤਿਆਗੀਏ, ਖ਼ਿਮਾਂ ਗਰੀਬੀ ਬੰਦਗੀ ਫੜਕੇ ਹੋਈਏ ਗਿਆਨੀ। ਸੀਤ ਨਵਾਰਨ ਵਸਤਰ ਭੁੱਖ ਨਵਾਰਨ ਭੋਜਨ ਐ, ਜ਼ਿਆਦਾ ਲਾਲਚ ਕਰ ਲੜ ਬੰਨ੍ਹੀਏ ਨਾ ਅੰਨ ਪਾਣੀ। ਆਸ਼ਾ ਤ੍ਰਿਸ਼ਨਾ ਚਿੰਤਾ ਮਮਤਾ ਤੇ ਮਨ ਮਾਰੀਏ, ਜਿਉਂਦੇ ਜੱਗ ਤੇ ਹੋਈਏ ਮਰਿਆਂ ਦੇ ਸਮਾਨੀ। ਰੂਪ ਕਰੂਪ ਲੂਲਾ ਲੰਗੜਾ ਦੇਖ ਨਾ ਹੱਸੀਏ, ਜੇ ਰੱਬ ਸੁਣਲੇ ਐਦੂੰ ਭੈੜਾ ਹੋਵੇ ਪਰਾਨੀ। ਲਾਇ ਭਬੂਤੀ ਅਲਖ ਜਗਾ ਕੇ ਨਗਰੀ ਚੇਤੀਏ, ਰਾਜ਼ੀ ਹੋ ਕੇ ਭਿੱਛਿਆ ਆਦੇਸ਼ ਲੈ ਕੇ ਖਾਣੀ। ਕਾਮ ਕ੍ਰੋਧ ਲੋਭ ਪੰਜੇ ਦੁਸ਼ਟ ਤਿਆਗੀਏ, ਖੇਲ ਨੇ ਸੱਚੇ ਓ ਸੁਣ ਸਤਗਿੁਰ ਦੇ ਜ਼ਬਾਨੀ। ਨਜ਼ਰ ਉਚੇਰੀ ਚੱਕ ਕੇ ਕਿਸੇ ਵੱਲ ਨਾ ਝਾਕੀਏ, ਘਰ ਘਰ ਮਾਈਆਂ ਭੈਣਾਂ ਸਮਝੀਂ ਨਾਲ ਇਮਾਨੀਂ। ਇੰਦਰੀ ਸੁਰਤੀ ਜੁਬਾਨ ਨੂੰ ਜਿੱਤਣਾ ਕਰਮ ਫ਼ਕੀਰਾਂ ਦਾ, ਹਰ ਦਮ ਅਲਖ ਪੁਰਖ ਸਿਮਰਨ ਵਿਚ ਉਮਰ ਬਿਹਾਨੀ। ਕਿਸੇ ਰੰਨ ਨਾਲ ਫਸਕੇ ਦਾਗ਼ ਨਾ ਲਾਈਂ ਭੇਖ ਨੂੰ, ਵੱਡੀ ਛੋਟੀ ਸਭ ਮਾਂ ਭੈਣ ਕਰ ਕੇ ਜਾਣੀਂ। ਜਵਾਬ ਰਾਂਝਾ ਵੱਡੀਆਂ ਮਾਈਆਂ ਸਤਗਿੁਰੂ ਛੋਟੀਆਂ ਸਭ ਭੈਣਾਂ ਐਂ, ਮੈਨੂੰ ਇਕੇ ਹੀਰ ਬਿਨ ਦੁਨੀਆਂ ਵਿਚ ਸਾਰੇ। ਉਹਨੂੰ ਮਾਈ ਭੈਣ ਕਿਹੜੇ ਮੂੰਹ ਨਾਲ ਕਹਿ ਦੂੰਗਾ, ਜਿਸਦੀ ਖ਼ਾਤਰ ਖੋਲੇ ਬਾਰਾਂ ਵਰ੍ਹੇ ਚਾਰੇ। ਓਸੇ ਖਾਤਰ ਦੇਹੀ ਸੋਨੇ ਵਰਗੀ ਡੋਬੀ ਐ, ਸਿਰ ਸੁਆਹ ਪਾਈ ਕੰਨ ਪੜਵਾ ਕੇ ਰੁਲਸਾਂ ਦੁਆਰੇ। ਓਸੇ ਖਾਤਰ ਤਖ਼ਤ ਹਜ਼ਾਰਾ ਛੱਡੀਂ ਫਿਰਦੇ ਆਂ, ਛੇ ਭਰਜਾਈਆਂ ਭਾਈ ਜਾਨ ਤੋਂ ਪਿਆਰੇ। ਸੁੱਕ ਕੇ ਪਿੰਜਰਾ ਹੋ ਗੇ ਸਿਆਣ 'ਚ ਵੀ ਨਾ ਆਉਂਦੇ ਆਂ, ਅਸੀਂ ਓਸੇ ਹੀਰ ਦੇ ਦਰਦਾਂ ਦੇ ਮਾਰੇ। ਨਾਲੇ ਗੱਲਾਂ ਕਰਦਾ ਨਾਲੇ ਅੱਖੀਆਂ ਭਰ ਲਈਆਂ, ਦਿਲਬਰ ਯਾਦ ਆ ਗਏ ਹਨ ਵਿੱਸਰੇ ਵਿਸਾਰੇ। ਪੰਜਾਂ ਪੀਰਾਂ ਹੀਰ ਮੇਰੇ ਨਾਲ ਨਿਕਾਹੀ ਸੀ, ਓਦਣ ਮਾਪੇ ਹੀਰ ਦੇ ਹੈਨੀਂ ਥੇ ਬਾਹਰੇ। ਪਿੱਛੋਂ ਬੇਈਮਾਨੀ ਕਰ ਖੇੜਿਆਂ ਨੂੰ ਤੋਰੀ ਐ, ਮੈਨੂੰ ਦੇ ਕੇ ਰੱਖਿਆ ਕੂੜ ਵਾਲੇ ਲਾਰੇ। ਰੋਂਦੀ ਪਿੱਟਦੀ ਅੰਦਰ ਕੈਦਣ ਕੀਤੀ ਬੈਠੀ ਐ, ਕਿਨ੍ਹੀਂ ਲਹੂਰੀਂ ਚਿੱਠੀ ਭੇਜੀ ਪਾਸ ਹਮਾਰੇ। ਅੱਜ ਤਾਂ ਰਾਜੇ ਰਈਅਤ ਤੇਤੋਂ ਦੁਨੀਆਂ ਡਰਦੀ ਐ, ਮੇਰੀ ਹੀਰ ਮਿਲਣੀ ਆਪ ਕੇ ਸਹਾਰੇ। ਬਾਰਾਂ ਵਰ੍ਹੇ ਮਜ਼ੂਰੀ ਕਰ ਆ ਤੈਂ ਦਰ ਡਿਗਿਆ ਮੈਂ, ਮੇਰੀ ਹੀਰ ਅੱਜ ਕਿਨ ਅੜਨਾਂ ਨਾਲ ਤੁਮਾਰੇ। ਸਕਤਾ ਜਾਣ ਸ਼ਰਨੀ ਡਿੱਗਿਆ ਲੱਜਾ ਰੱਖ ਲੈ ਤੂੰ, ਓਹਲਾ ਲੈ ਲਿਆ ਸਤਗਿੁਰ ਜਾਣ ਪਰਬਤ ਤੋਂ ਭਾਰੇ। ਜਵਾਬ ਨਾਥ ਅੱਗੇ ਨੌਂ ਸੌ ਚੇਲਾ ਮੁੰਨਿਆ ਬੈਠਾ ਗੋਰਖ ਦਾ, ਰਾਜੇ ਰਾਣੇ ਆਲਮ ਫਾਜ਼ਲ ਇਲਮਾਂ ਦਾਰੀ। ਰਿੱਧੀ ਸਿੱਧੀ ਪੀਰੀ ਮੀਰੀ ਸਭ ਨੇ ਮੰਗਲੀ ਆ, ਮੇਥੋਂ ਕਿਨੇ ਨਾ ਮੰਗਲੀ ਐ ਗੋਰਖ ਤੋਂ ਨਾਰੀ। ਮਾਪਿਆਂ ਦੇ ਲਈ ਸਹੁਰੇ ਵਿਆਹ ਕੇ ਲੈਗੇ ਹੀਰ ਨੂੰ, ਧੂਣਾਂ ਦਰ ਵਿਚ ਪਾ ਦਿਆਂ ਜੇ ਹੋਵੇ ਹੀਰ ਕੁਆਰੀ। ਖਾਣਾ ਖਾਧਾ ਪੱਤਲ ਪਾਟੀ ਹੋਣੀ ਹੋ ਗਈ ਐ, ਵਖ਼ਤ ਵਿਹਾਣੇ ਹੁਣ ਕੀ ਚਲਦੀ ਪੇਸ਼ ਹਮਾਰੀ। ਧੀਆਂ ਮੰਗੀਆਂ ਸੰਤਾਂ ਨੂੰ ਸਭ ਕੋਈ ਦੇਦੂਗਾ, ਨੂੰਹਾਂ ਮੰਗੀਆਂ ਦੇਣ ਤੋਂ ਹੈ ਦੁਨੀਆਂ ਇਨਕਾਰੀ। ਡੇਰੇ ਵੜਦੇ ਨੂੰ ਮੈਂ ਧੱਕੇ ਦੇ ਕੇ ਕੱਢਦਾ ਉਏ, ਜੇ ਤੂੰ ਪਹਿਲਾਂ ਦਸਦਾ ਹੀਰ ਦਾ ਵਪਾਰੀ। ਜਾਣ ਗਰੀਬ ਤੇ ਪਰਦੇਸੀ ਜੋਗ ਦੇ ਲਿਆ ਮੈਂ, ਚੇਲੇ ਆਖ ਰਹੇ ਬਥੇਰਾ ਓਏ ਲਲਕਾਰੀ। ਇਕ ਜੀਅ ਕਰਦੈ ਮੁੰਦਰਾਂ ਲਾਹ ਕੇ ਡੇਰਿਓਂ ਕਢਦਿਆਂ ਮੈਂ, ਮਿਹਣਾ ਖੱਟਲਾਂ ਹਾਸੀ ਹੋਊ ਦੁਨੀਆਂ ਵਿਚ ਭਾਰੀ। ਖਾਨੈਂ ਕੋਹੜੀ ਤੇ ਕਲੰਕੀ ਛੱਡਦੈਂ ਹੋ ਗਈ ਐ, ਸੱਪ ਦੇ ਮੂੰਹ ਵਿਚ ਕਿਰਲੀ ਵਾਲੀ ਐ ਲਾਚਾਰੀ। ਲੋਕ ਨਾਰਾਂ ਕਾਰਾਂ ਤੱਜ ਕੇ ਜੋਗੀ ਹੁੰਦੇ ਐ, ਤੂੰ ਤਾਂ ਉਲਟਾ ਮੰਗਦੈਂ ਭਾਰ ਓਏ ਬੁਗਾਰੀ। ਛੱਡਦੇ ਰੰਨਾਂ ਦਾ ਪਿੱਛਾ ਫਕੀਰੀ ਡਟ ਕੇ ਕਰਲੈ ਤੂੰ, ਤਰਜੇਂ ਆਕਬਤ ਸੱਚੀ ਹੋਜੂਗੀ ਤੁਮਾਰੀ। ਸਮਝ ਸਿਆਣਾ ਬਣ ਕੀ ਲੈਣਾ ਬੱਚੂ ਰੰਨਾਂ ਤੋਂ, ਸਿੱਖਿਆ ਮੰਨ ਲੈ ਸਤਗਿੁਰ ਦੀ ਕਰ ਕੇ ਪਿਆਰੀ। ਜਵਾਬ ਰਾਂਝਾਗੋਰਖ ਸੇ ਇੱਕੋ ਹੀਰ ਖ਼ਾਤਰ ਆ ਕੇ ਜੋਗੀ ਹੋ ਗਿਆ ਮੈਂ, ਲਵੇ ਨਾ ਢੁਕਦਾ ਜੇ ਤੈਂ ਹੀਰ ਨੀ ਛੁਡਾਉਣੀ। ਪਾਕ ਮੁਹੱਬਤ ਮੇਰੀ ਨਾਲ ਹੀਰ ਦੇ ਲੱਗ ਗਈ ਐਂ, ਕਾਮੀ ਭੋਗੀ ਜਿਉਂ ਦਿਨ ਰਾਤ ਨਾ ਹੰਢਾਉਣੀ। ਜਤ ਪਰਤਿਉਣਾ ਗੱਡ ਕੜਾਹੀ ਹੱਥ ਪੁਆ ਲੈ ਤੂੰ, ਯਾਰੀ ਸਾਬਤ ਹੋਜੂ ਮੇਰੀ ਹੀਰ ਦੀ ਲਾਉਣੀ। ਨਾਲੇ ਸਭ ਚੇਲਿਆਂ ਦੇ ਫੜ ਫੜ ਪੌਂਚੇ ਡੋਬੀ ਜਾਹ, ਆਪੇ ਸਾਬਤ ਹੋਜੂ ਕਰਨੀ ਤੇ ਕਮਾਉਣੀ। ਆਹ ਲੈ ਖਰੇ ਪਿਆਰੇ ਚੇਲਿਆਂ ਦੀਆਂ ਨਿਸ਼ਾਨੀਆਂ, ਨਾਲੇ ਮੂੰਹ ਪਰ ਸੱਦ ਕੇ ਜਗਿਆਣੀ ਪੁਛਾਉਣੀ। ਜੋਗ ਫਕੀਰੀ ਦਾ ਪਿੜ ਸਾਰਾ ਈ ਪਿਆ ਸੁੰਭਰਿਆ, ਤੁਸਾਂ ਮੂਹਰੇ ਕੀ ਗੱਲ ਫੋਲ ਕੇ ਸੁਣਾਉਣੀ। ਨਹੀਂ ਹੀਰ ਦੁਆ ਨਹੀਂ ਮੁੰਦਰਾਂ ਕੱਢ ਲੈ ਕੰਨਾਂ 'ਚੋਂ, ਸਾਬਤ ਕਰਦੇ ਕੰਨ ਕਿਉਂ ਕੁੱਲ ਨੂੰ ਲੀਕ ਲਵਾਉਣੀ। ਦਾਵ੍ਹਾ ਕਰਕੇ ਮੈਂ ਲਵਾ ਦੂੰ ਸਭ ਦੇ ਹੱਥਕੜੀਆਂ, ਧੱਕਾ ਸਾਬਤ ਕਰਦੂੰ ਕੰਨ ਵਿਚ ਮੁੰਦਰ ਪਾਉਣੀ। ਦੇ ਦੇ ਹੀਰ ਹਜ਼ੂਰਾ ਸਿੰਘਾ ਕੁਝ ਨੀ ਵਗਿੜਿਆ, ਔਖੀ ਹੋ ਜੂ ਬਾਵਾ ਮੈਤੋਂ ਜਾਨ ਛੁਡਾਉਣੀ। ਜਵਾਬ ਗੋਰਖ ਨਾਥ ਰਾਂਝੇ ਸੇ ਮਾਂ ਪਿਓ ਗੁਰੂ ਨੂੰ ਕੌੜਾ ਬੋਲਣ ਕਿਸਨੇ ਦੱਸਿਆ ਉਏ, ਕਿੱਥੇ ਲਿਖਿਆ ਹੈ ਦੁੱਖ ਦੇਣਾ ਕਰਕੇ ਹੀਆਂ। ਲੈ ਕੇ ਜੋਗ ਕਾਕਾ ਰੱਸੀ ਤੋਂ ਸੱਪ ਬਣ ਗਿਆ ਤੂੰ, ਮਤਲਬ ਕੱਢ ਕੇ ਬੁੱਕਦਾ ਤੂੰ ਆਟੇ ਦਿਆ ਸੀਹਾਂ। ਮੁੜ ਮੁੜ ਪੈਰੀਂ ਪੈਂਦਾ ਜਦ ਡੇਰੇ 'ਚੋਂ ਕੱਢਦਾ ਮੈਂ, ਮੀਹੋਂ ਮੀਂਹ ਬਲਿਪਦਾ ਫਿਰਦਾ ਵਾਂਗ ਬੰਬੀਹਾਂ। ਕੰਨੀਂ ਸੁੱਚਾ ਦਰਸ਼ਣ ਕਰ ਲਿਆ ਆਪ ਬਰੋਬਰ ਦਾ, ਦਾਵੇ ਹੱਥਕੜੀਆਂ ਦੀਆਂ ਛਾਂਟੇ ਤਾਂ ਤਨਖੀਹਾਂ। ਸਾਧ ਸਮੁੰਦਰ ਥੋੜੀ ਗੱਲ ਬਦਲੇ ਨਾ ਤਪਦੇ ਉਏ, ਪੱਥਰ ਖਰਦੇ ਹੈ ਨਾ ਬਰਸਦਿਆਂ ਵਿਚ ਮੀਹਾਂ। ਖੋਟਾ ਪੈਸਾ ਪੁੱਤ ਕਪੁੱਤ ਕਦੇ ਕੰਮ ਆਜੂਗਾ, ਇਹ ਗੱਲ ਜਾਣ ਤੇਰੀ ਕਰਦੇ ਨਾ ਬੁਰੀਹਾਂ। ਲੈ ਕੇ ਹੀਰ ਅਸਾਂ ਨੂੰ ਜੋਗ ਵਰਗਾ ਸਮਝੇਂਗਾ, ਭੁੱਖੇ ਮਾਣਸ ਨੂੰ ਫਲ ਦੇਣਾ ਕੀ ਸਰੀਹਾਂ। ਤੇਰੇ ਵਰਗੀ ਹਜ਼ੂਰਾ ਸਿੰਘਾ ਮੈਂ ਕੀ ਕਰਨੀ ਐਂ, ਜਾਹ ਬਖਸ਼ੀ ਹੀਰ ਤੈਨੂੰ ਦਰਗਾਹੋਂ ਬੈਠੇ ਈਹਾਂ। ਜਵਾਬ ਰਾਂਝਾ ਮਾਪਿਆਂ ਜਣਿਆ ਬਾਬਾ ਕਰਮਾਂ ਸੇਤੀ ਪਲ਼ ਗਿਆ ਮੈਂ, ਘਰੀਂ ਬਿਗਾਨੇ ਟੁਕੜੇ ਖਾ ਕੇ ਉਮਰ ਗਵਾਈ। ਰੱਜ ਨਾ ਖਾਧਾ ਇਕ ਦਿਨ ਝਾੜ ਕੇ ਨਾ ਪਹਿਨ ਲਿਆ, ਸੁੱਖ ਦੀ ਨੀਂਦ ਸੌਂ ਇਕ ਰਾਤ ਨਾ ਲੰਘਾਈ। ਦੋਜਕ ਭਰਦਿਆਂ ਹੀਰ ਖ਼ਾਤਰ ਉਮਰ ਬੀਤੀ ਐ, ਸੋਈ ਇਕ ਪਲ ਵਿਚ ਹੋ ਚੁੱਕੀ ਥੀ ਪਰਾਈ। ਅੱਜ ਤਾਂ ਜਿਉਣਾ ਸਫ਼ਲ ਜਹਾਨ 'ਚ ਮੇਰਾ ਹੋ ਗਿਆ, ਜਿਸ ਦੀ ਗਈ ਹੋਈ ਹੀਰ ਤੈਂ ਦਿਵਾਈ। ਸੱਚੀ ਦਰਗ੍ਹਾ ਦੇ ਵਿਚ ਤੇਰਾ ਬੋਲ ਨਾ ਮੁੜਦਾ ਜੀ, ਬਾਬਾ ਧੰਨ ਤੂੰ ਥੋਡੀ ਸੰਤਾਂ ਦੀ ਕਮਾਈ। ਜੇਹਾ ਕੁ ਸੁਣਦੇ ਸੀ ਅੱਜ ਤੇਹਾ ਅੱਖੀਂ ਦੇਖ ਲਿਆ, ਕੋਈ ਕਹਿਣੇ ਕਰਨੇ ਜੋਗੀ ਨਾ ਵਡਿਆਈ। ਅੱਜ ਤੂੰ ਦੁਨੀਆਂ ਵਿਚ ਥੰਮ ਹੈਂ ਜਿਮੀਂ ਅਸਮਾਨ ਦਾ, ਮੇਰੇ ਭਾਣੇ ਉਜੜੀ ਜਾਂਦੀ ਤੈਂ ਵਸਾਈ। ਜੋਗ ਬਖਸ਼ਿਆ ਸਣੇ ਹੀਰ ਪਰਉਪਕਾਰੀਆ, ਪਾਣੀ ਬਾਲਣ ਲੱਕੜੀ ਇਕ ਦਿਨ ਨਾ ਢੁਆਈ। ਕਾਗੋਂ ਹੰਸ ਬਣਾਇਆ ਮਾਨਸ ਕੋਲੋਂ ਦੇਵਤਾ, ਮਾਨ ਸਰੋਵਰ ਵਾਲੀ ਵਾਟੋਂ ਜਾਨ ਬਚਾਈ। ਆਹ ਇਕ ਪੀਰਾਂ ਕਾਗ ਫੜਾਇਆ ਹੰਸ ਬਣਾਦੇ ਤੂੰ, ਮੂੰਹ ਵਿਚ ਥੁੱਕ ਕੇ ਬੋਲੀ ਗੋਰਖ ਨੇ ਪਲਟਾਈ। ਜਾਹ ਹੁਣ ਕਾਗਾ ਖੇੜੀਂ ਖ਼ਬਰਾਂ ਲਿਆ ਦੇ ਹੀਰ ਦੀਆਂ, ਕਿਹੜੇ ਹਾਲ 'ਚ ਰਹਿੰਦੀ ਹੈ ਚੂਚਕ ਦੀ ਜਾਈ। ਪਤਾ ਨਿਸ਼ਾਨੀ ਰੰਗ ਕੱਦ ਬਜਾ ਸੁਣਾਵੋ ਹੀਰ ਦੀ, ਇਹ ਗੱਲ ਕਾਉਂ ਨੇ ਗੁਰੂ ਚੇਲੇ ਨੂੰ ਸੁਣਾਈ। ਜਵਾਬ ਸਿਫ਼ਤ ਹੀਰ ਦੀ ਮੇਰੇ ਮੂੰਹੋਂ ਸਿਫ਼ਤ ਨਾ ਸਜਦੀ ਹੀਰ ਸਿਆਲ ਦੀ, ਏਹ ਗੱਲ ਜਾਣ ਮੈਨੂੰ ਜਾਨ ਤੋਂ ਪਿਆਰੀ। ਅੱਧੀ ਸੂਰਤ ਹੀਰ ਦੀ ਕੁੱਲ ਦੁਨੀਆਂ ਨੂੰ ਦਿਸਦੀ ਐ, ਮੇਰੇ ਨੈਣਾਂ ਦੇ ਵਿਚ ਬਹਿਕੇ ਦਿਸਦੀ ਸਾਰੀ। ਲੰਮੀ ਪਤਲੀ ਨੌਂ ਨੌਂ ਝੂਠੇ ਖਾ ਕੇ ਤੁਰਦੀ ਐ, ਮੁਸ਼ਕੀ ਰੰਗ ਬਰਾਬਰ ਬਿਜਲੀ ਦੇ ਝਮਕਾਰੀਂ। ਸੀਸ ਲਲੇਰਾ ਗਰਦਣ ਕੂੰਜ ਕਲਹਿਰੀ ਮੋਰ ਦੀ, ਮਿਰਗ ਮਮੋਲੇ ਨੈਣੀਂ ਸਾਰ ਦੀ ਕਟਾਰੀ। ਮਸਤਕ ਕੁੰਦਨ ਤੇ ਮੁੱਖ ਕਿਰਨਾਂ ਸੂਰਜ ਚੰਦ ਦੀਆਂ, ਹੋਂਠ ਪਪੀਸੀਆਂ ਨੱਕ ਹੈ ਖੰਡੇ ਦੀ ਧਾਰੀ। ਦੰਦ ਨੇ ਸੁੱਚੇ ਮੋਤੀ ਲੜੀ ਪਰੋਈ ਹਾਰ ਦੀ, ਜੀਭ ਨਿਆਣੀ ਨਾਗਣ ਦੁੱਧ ਪੇੜੇ ਰੁਖਸਾਰੀ। ਠੋਡੀ ਸਿਉ ਵਲਾਇਤੀ ਛਾਤੀ ਤਖ਼ਤ ਲਹੌਰ ਦਾ, ਧੁੰਨੀ ਹੌਂਦ ਸ਼ਰਾਬੋਂ ਲੱਕ ਸ਼ੇਰੋਂ ਅਧਕਾਰੀ। ਸੂੀਂਮ ਉਂਗਲੀਆਂ ਨਰਮਾਹਾਂ ਫਲੀਆਂ ਹੀਰ ਦੀਆਂ, ਹੋਰ ਹੱਥਾਂ ਪੈਰਾਂ ਦੀ ਸ਼ਬ ਹੈ ਨਿਆਰੀ। ਪੱਟ ਨੇ ਕੇਲਾ ਤੇ ਗੁੱਤ ਪੂਛੜ ਸ਼ੇਸ਼ ਨਾਗ ਦੀ, ਜ਼ੁਲਫ਼ਾਂ ਕਾਲੇ ਨਾਗ ਸਨ ਆਸ਼ਕ ਦੇ ਸ਼ਿਕਾਰੀ। ਭਵਾਂ ਕਮਾਨਾਂ ਤੇ ਤਸਵੀਰ ਜੱਟੀ ਚੀਨ ਦੀ, ਸੁਣਿਆ ਹੋਊ ਕੋਕ ਦੀ ਸੋਲਾਂ ਸ਼ਿੰਗਾਰੀ। ਅੱਖੀਂ ਦੇਖ ਕੇ ਮੁੱਖ ਅਡਿਆ ਰਹਿੰਦਾ ਆਸ਼ਕ ਦਾ, ਝੋਕ ਨੈਣਾਂ ਦੀ ਇਕ ਜਾਵੇ ਨਾ ਸਹਾਰੀ। ਇਹ ਨਿਸ਼ਾਨੀਆਂ ਤੂੰ ਯਾਦ ਰੱਖ ਸਿਆਲ ਦੀਆਂ ਉੱਡ ਕੇ ਬਹਿਜਾ ਕਾਵਾਂ ਸੈਦੇ ਦੀ ਅਟਾਰੀ। ਓਥੇ ਆਪੇ ਦਰਸ਼ਣ ਹੋਜੂ ਮੇਰੀ ਹੀਰ ਦਾ, ਕੀ ਜ਼ਰੂਰਤ ਜਾਦੇ ਹੈ ਪੁੱਛਣ ਦੀ ਭਾਰੀ। ਸੂਰਤ ਦੇਖਣ ਸਾਰ ਜਤੀ ਡੋਲਦੇ ਹੀਰ ਦੀ, ਤੁੱਛਕ ਮਾਤਰ ਕਵੀ ਹਜ਼ੂਰਾ ਸਿੰਘ ਉਚਾਰੀ। ਤੋੜਾ ਤੈਨੂੰ ਹੀਰ ਦੀ ਮੈਂ ਸਿਫਤ ਸੁਣਾਈ ਏ, ਰੱਬ ਵਿਹਲੇ ਵਕਤ ਬਣਾਈ ਏ, ਜਿਵੇਂ ਸੰਚੇ ਭਰੀ ਸੁਰਾਹੀ ਏ, ਜਿੱਥੇ ਝੜੀ ਰੂਪ ਨੇ ਲਾਈ ਏ, ਦੇਖ ਰਾਜੇ ਹੋਣ ਸ਼ੁਦਾਈ ਏ, ਆਸਾ ਕਰ ਰਾਮ ਦੀ। ਜਵਾਬ ਰਾਂਝਾ ਲਿਖ ਕੇ ਚਿੱਠੀ ਕਾਗ ਦੇ ਗਲ਼ ਬੰਨ ਲਈ ਐ, ਉਡ ਜਾ ਕਾਗਾ ਖੇੜੀਂ ਹੀਰ ਦੇ ਘਰ ਜਾਈਂ। ਅੱਜੇ ਫਿਰਕੇ ਟੋਲ ਠਿਕਾਣਾ ਬੈਠੀ ਹੀਰ ਦਾ, ਤੜਕਿਉਂ ਮੰਜਿਉਂ ਉਠਦੀ ਦੇ ਮੂਹਰੇ ਕੁਰਲਾਈਂ। ਆਖੂ ਉਡ ਜਾ ਕਾਵਾਂ ਰਾਂਝਾ ਕਿਤੇ ਆਉਂਦਾ ਵੇ, ਓਦੋਂ ਚਿੱਠੀ ਮੇਰੀ ਖੋਲ ਕੇ ਫੜਾਈਂ। ਹੋਰ ਜਤਿਨੀ ਅੱਜ ਫਿੱਟ ਲਾਹਣਤ ਤੇਤੇ ਸਰਦੀ ਐ, ਓਨੀ ਸਿਆਲ ਨੂੰ ਜ਼ਬਾਨੀ ਆਖ ਸੁਣਾਈਂ। ਆਪ ਸੈਦੇ ਦੇ ਰੰਗਲੀਂ ਪਲੰਘੀਂ ਸੌਨੀਂ ਐਂ, ਰਾਂਝੇ ਵਰਗੇ ਪੰਛੀ ਭਰਦੇ ਫਿਰਨ ਸਜ਼ਾਈਂ। ਟਿੱਲੇ ਜਾ ਕੇ ਕੰਨ ਪੜਵਾ ਲੇ ਤੇਰੇ ਯਾਰ ਨੇ, ਜੋਗੀ ਹੋ ਕੇ ਪਹੁੰਚੂ ਇਕ ਦਿਨ ਤੇਰੇ ਤਾਈਂ। ਖੇੜੀਂ ਆਏ ਨਾਲ ਜੇ ਅੱਗੇ ਵਰਗੀ ਕਰਨੀ ਐਂ, ਤਾਂ ਹੁਣ ਸਾਫ਼ ਜਵਾਬ ਲਿਖਾ ਕੇ ਤੂੰ ਪੁਚਾਈਂ। ਜੇ ਸਿਰ ਧਰਨਾ ਨਾਲ ਮਰਨਾ ਓਸ ਗਰੀਬ ਦੇ, ਤਾਂ ਜੀ ਸਦਕੇ ਉਹਨੂੰ ਸਿਰ ਦੇ ਜ਼ੋਰ ਬੁਲਾਈਂ। ਐਨੀ ਸੁਣਕੇ ਕਾਗ ਉਡਾਰੀ ਲਾ ਗਿਆ ਖੇੜਿਆਂ ਨੂੰ ਉਡਦਾ ਫਿਰਦਾ ਟੋਲਦਾ ਥਾਉਂ ਥਾਈਂ। ਕਿਨ੍ਹੀਂ ਲਹੂਰੀਂ ਭਾਲ ਚੁਬਾਰਾ ਮਿਲਿਆ ਹੀਰ ਦਾ, ਢੋਇ ਬਨੇਰੇ ਦੀ ਬਹਿ ਕੱਟੀ ਰਾਤ ਮਸਾਂ ਈ। ਕਲਾਮ ਕਾਗ ਜਦ ਪਹਿ ਪਾਟੀ ਤਾਰਾ ਚੜ੍ਹਿਆ ਚਿੜੀ ਚੂਕੀ ਐ, ਸੁਫ਼ਨਾ ਹੀਰ ਸਿਆਲ ਨੂੰ ਰਾਂਝੇ ਦਾ ਆਇਆ। ਜਦੋਂ ਜਾਗੀ ਕਿੱਥੇ ਰਾਂਝਣ ਬੈਠੀ ਰੋਂਦੀ ਐ, ਸਨਮੁੱਖ ਬੈਠ ਬਨੇਰੇ ਉੱਤੇ ਕਾਂ ਕੁਰਲਾਇਆ। ਉੱਡ ਕਾ ਕਾਵਾਂ ਕਿੱਥੋਂ ਮਿਲਣੇ ਯਾਰ ਨਭਾਗਾਂ ਦੇ, ਏਨੀ ਸੁਣਕੇ ਖ਼ਤ ਰਾਂਝੇ ਵਾਲਾ ਕਾਗ ਨੇ ਗਿਰਾਇਆ। ਚੱਕਲੈ ਚਿੱਠੀ ਭਾਬੋ ਹੀਰੇ ਤੇਰੇ ਯਾਰ ਦੀ, ਬੋਲੀ ਬੋਲ ਮਨੁੱਖ ਦੀ ਸਾਰਾ ਹਾਲ ਸੁਣਾਇਆ। ਆਪ ਮੌਜਾਂ ਕਰਦੀ ਸੇਜ਼ੀਂ ਚੜ੍ਹਕੇ ਸੌਂਨੀ ਐਂ, ਪੰਛੀ ਰੁਲਦਾ ਫਿਰਦਾ ਭੁੱਖਾ ਤੇ ਤਿਹਾਇਆ। ਜਿਉਂਦੀ ਬੈਠੀ ਐਂ ਲੱਖ ਲਾਹਣਤ ਤੇਰੀ ਯਾਰੀ ਦਾ, ਉਹਦਾ ਪੱਟ ਕੇ ਬੂਹਾ ਆਪਣਾ ਤੈਂ ਵਸਾਇਆ। ਟਿੱਲੇ ਜਾ ਕੇ ਕੰਨ ਪੜਵਾ ਲਏ ਤੇਰੇ ਯਾਰ ਨੇ, ਮੁੰਦਰਾਂ ਪਾ ਕੇ ਗੋਰਖ ਤੋਂ ਮੂੰਹ ਸਿਰ ਮੁਨਵਾਇਆ। ਅੱਗੇ ਰਾਂਝੇ ਦੀ ਹੁਣ ਖੇੜਿਆਂ ਦੀ ਤੂੰ ਬਣ ਗਈ ਐਂ, ਕੀ ਇਤਬਾਰ ਥੋਡਾ ਰੰਨਾਂ ਦਾ ਬਣਾਇਆ। ਰਾਂਝਾ ਅਜੇ ਵੀ ਤੇਰੀ ਆਸ਼ਕੀ ਵਿਚ ਸਾਬਤ ਐ, ਸੌ ਸੌ ਠੋਕਰ ਖਾ ਕੇ ਤੈਨੂੰ ਨਾ ਭੁਲਾਇਆ। ਅੱਜ ਕੱਲ ਪਰਸੋਂ ਚੌਥੇ ਤੇਰੇ ਕੋਲ ਅੱਪੜੂਗਾ, ਪਲ ਨੀ ਸਰਦਾ ਤੇਰੇ ਬਿਨ ਕੀ ਐ ਸਿਰ ਪਾਇਆ। ਮਾਹੀ ਸਦਿਕੀ ਪੂਰਾ ਤੇਰੀ ਸਾਨੂੰ ਖ਼ਬਰ ਨਹੀਂ, ਮੈਨੂੰ ਬੋਲ ਮਨੁੱਖ ਦਾ ਮਿਲਿਆ ਓਸੇ ਦਾ ਦਵਾਇਆ। ਸੁਣ ਕੇ ਕੁੱਲ ਹਵਾਲਾ ਅੱਛੋਂ ਹੀਰ ਨੇ ਯਾਰ ਦੀ, ਪੜ੍ਹੇ ਖ਼ਤ ਆਸ਼ਕ ਵਾਲਾ ਕੋਲੇ ਕਾਗ ਬਹਾਇਆ। ਜਵਾਬ ਹੀਰ ਕਲਮ ਦਵਾਤ ਲੈ ਕੇ ਹੀਰ ਚਿੱਠੀ ਲਖਦਿੀ ਐ, ਰੋਂਦੀ ਹੀਰ ਦੇ ਹੱਥ ਧੋਤੇ ਦੋਈ ਜਾਂਦੇ। ਸੌ ਸੌ ਲਿਖੀ ਸਲਾਮ ਰਾਂਝੇ ਤੇ ਗੁਰੂ ਗੋਰਖ ਨੂੰ, ਮਗਰੋਂ ਦੁਖੜੇ ਲਖਦਿੀ ਜੋ ਹੱਡਾਂ ਨੂੰ ਖਾਂਦੇ। ਕਹੇ ਕਹਾਏ ਕਦੇ ਨਾ ਡੋਲੀ ਚੜ੍ਹਦੀ ਖੇੜਿਆਂ ਦੀ, ਜੇ ਮੈਂ ਜਾਣਾਂ ਦੁਖੜੇ ਵੇ ਏਹੋ ਜਿਹੇ ਪਾਂਦੇ। ਤਜ ਅੰਨ ਪਾਣੀ ਵੇ ਮੈਂ ਸੁੱਕ ਕੇ ਹੋਗੀ ਪਿੰਜਰਾ, ਦਿਲ ਘਬਰਾਂਦਾ ਤਨ ਨੂੰ ਵਸਤਰ ਨਾ ਸੁਖਾਂਦੇ। ਨੈਣੀਂ ਨੀਂਦ ਹਰਾਮ ਨਾਮ ਤੇਰਾ ਜਪਦੀ ਆਂ, ਇੰਝ ਨਾ ਸੁਕਦੀ ਤੇਰੇ ਦਰਸ਼ਣ ਨੂੰ ਤਰਸਾਂਦੇ। ਜੇ ਅੱਖ ਲੱਗਦੀ ਰਾਂਝਾ ਰਾਂਝਾ ਕਹਿ ਕੇ ਉਠਦੀ ਐਂ, ਤੇਰਾ ਨਾਮ ਸੁਣਕੇ ਖੇੜੇ ਹੈ ਕਣਸਾਂਦੇ। ਕਦੇ ਨਾ ਨਾਤ੍ਹੀ ਰਾਤ ਦਿਨ ਸਿਰ ਖੁੱਲੇ੍ਹ ਰਹਿਨੀ ਐਂ, ਕਿੱਲੇ ਲਟਕਣ ਵੇ ਸੁਹਾਗ ਦੇ ਪਰਾਂਦੇ। ਮੇਰੇ ਵਰਗਾ ਦੁਖੀਆ ਦੁਨੀਆਂ ਵਿਚ ਨਾ ਕੋਈ ਐ, ਸੋਚਾਂ ਕਰਦੀ ਨੂੰ ਮੈਨੂੰ ਅੱਠੇ ਪਹਿਰ ਬਿਹਾਂਦੇ। ਤੇਰੇ ਪਾੜੇ ਕੰਨ ਮੈਂ ਸੁਣਕੇ ਮਰ ਮਰ ਜਾਂਦੀ ਵੇ, ਦਿਲ ਨਾ ਟਿਕਦਾ ਦੁਖੀਏ ਆਤਮਾ ਤੜਫਾਂਦੇ। ਜਦ ਮੈਂ ਕਿਹਾ ਸਿਆਲੀਂ ਲੈ ਚੱਲ ਤਖ਼ਤ ਹਜ਼ਾਰੇ ਨੂੰ, ਵੇਲੇ ਹੱਥ ਨੀ ਆਉਣੇ ਮਰਜਾਂਗੇ ਪਛਤਾਂਦੇ। ਅਜੇ ਵੀ ਵੇਲਾ ਹੈ ਦਾਉ ਲਗਦਾ ਕਿਵੇਂ ਲੈ ਚੱਲ ਤੂੰ, ਵਖ਼ਤ ਬਿਹਾਣੇ ਪੀਰਾਂ ਦੇ ਹੱਥੀਂ ਨੀ ਆਂਦੇ। ਐਥੇ ਓਥੇ ਦੋਹੀਂ ਜਹਾਨੀਂ ਹੀਰ ਰੰਝੇਟੇ ਦੀ, ਸਭ ਦੁੱਖ ਲਿਖਣ ਜੋਗੇ ਕਾਗਜ਼ ਨੀ ਥਿਆਂਦੇ। ਜਵਾਬ ਹੀਰ ਲਿਖ ਕੇ ਚਿੱਠੀ ਹੀਰ ਕਾਗ ਦੇ ਗਲ ਬੰਨ੍ਹਲੀ ਐ, ਉਡ ਜਾ ਕਾਵਾਂ ਉਡ ਕੇ ਵੇ ਟਿੱਲੇ ਨੂੰ ਜਾਈਂ। ਹਰ ਦਮ ਨਾਮ ਹੀਰ ਜਪਦੀ ਭੂਰੀ ਵਾਲੇ ਦਾ, ਏਨੀ ਗੁਰੂ ਚੇਲੇ ਦੋਹਾਂ ਨੂੰ ਸੁਣਾਈਂ। ਧੱਕੇ ਨਾਲ ਮਾਪਿਆਂ ਡੋਲੀ ਪਾ ਲੀ ਖੇੜਿਆਂ ਦੀ, ਕੋਈ ਹਸਦੀ ਨੂੰ ਘਰ ਬੈਠੇ ਨਾ ਵਸਾਈਂ। ਮੇਰਾ ਸੈਦੇ ਨਾਲ ਸਾਕ ਭੈਣ ਭਾਈਆਂ ਦਾ, ਮਾਲਕ ਤੀਵੀਂ ਵਾਲਾ ਨੇਮ ਵੇ ਕਰਵਾਈਂ। ਜਿੱਥੇ ਸੱਦੂ ਓਥੇ ਆ ਕੇ ਹਾਜ਼ਰ ਹੋਜੂੰਗੀ, ਕਿਸੇ ਬਹਾਨੇ ਮੁੱਖੜਾ ਆਣ ਕੇ ਦਿਖਾਈਂ। ਅੱਜ ਕੱਲ੍ਹ ਜਿਉਂਦੀ ਦਾ ਮੂੰਹ ਝਬਦੇ ਦੇਖ ਆਣ ਕੇ, ਨਹੀਂ ਉੱਠਜੂਗੀ ਮੇਰੀ ਜਾਨ ਵੇ ਅਜਾਈਂ। ਐਨੀ ਸੁਣਕੇ ਕਾਗ ਉਡਾਰੀ ਲਾ ਗਿਆ ਖੇੜਿਆਂ ਤੋਂ, ਉੱਡ ਕੇ ਪਹੁੰਚਿਆ ਟਿੱਲੇ ਗੋਰਖ ਵਾਲੇ ਤਾਈਂ। ਚਿੱਠੀ ਹੀਰ ਵਾਲੀ ਹੱਥ ਫੜਾਲੀ ਰਾਂਝੇ ਦੇ, ਝੱਬ ਉੱਠਜਾ ਖੇੜਿਆਂ ਨੂੰ ਦੇਰ ਨਾ ਲਾਈਂ। ਮਰ ਮਰ ਜਾਂਦੀ ਹਰ ਦਮ ਰਾਂਝਣ ਰਾਂਝਣ ਜਪਦੀ ਐ, ਮੈਨੂੰ ਕਹੇ ਰੰਝੇਟੇ ਦਾ ਮੁਖੜਾ ਦਿਖਾਈਂ। ਜਵਾਬ ਰਾਂਝਾ ਚਿੱਠੀ ਪੜ੍ਹਕੇ ਰਾਂਝੇ ਗੋਰਖ ਨੂੰ ਸੁਣਾ ਲਈ ਐ ਨਾਲੇ ਹੀਰ ਦੀਆਂ ਸਲਾਮਾਂ ਤੇ ਦੁਆਈਂ। ਹੀਰ ਲਖਦਿੀ ਇਕ ਇਕ ਪਲ ਬਰਸਾਂ ਦਾ ਗੁਜ਼ਰਦਾ, ਮੈਨੂੰ ਖੇੜਿਆਂ ਵਾਲੀ ਬਾਂਧ 'ਚੋਂ ਛੁਡਾਈਂ। ਜਿੱਥੇ ਸੱਦੂ ਓਥੇ ਆ ਕੇ ਹਾਜ਼ਰ ਹੋਜੂੰਗੀ, ਕਿਸੇ ਬਹਾਨੇ ਆ ਕੇ ਖੇੜੀਂ ਦੇਹ ਦਿਖਾਈ। ਕਿਸ ਬਿਧ ਖੇੜੀਂ ਜਾਵਾਂ ਜੀਅ ਓ ਜੀਅ ਸਿਆਣੂੰ ਐਂ, ਸਣੇ ਮੁੰਦਰਾਂ ਭੇਖ ਪੌਲੇ ਨਾ ਖਲ਼ਾਈਂ। ਸਿਆਣ ਰੰਝੇਟਾ ਕਰਨ ਹਵਾਲੇ ਲੋਕ ਸੈਦੇ ਦੇ, ਥਾਉਂ ਨਾ ਪੈਂਦੀਆਂ ਨੂੰ ਭਰੇ ਸਰੀਰ ਸਜ਼ਾਈਂ। ਜਾਨੋਂ ਮਾਰਨ ਯਾਰ ਸੈਦੇ ਦੀ ਸਮਾਣੀ ਦਾ, ਓਧਰ ਹੀਰ ਰੋਂਦੀ ਮਰਜੂਗੀ ਅਜਾਈਂ। ਕਿੱਥੋਂ ਭਾਲਾਂਗੇ ਹਮਾਇਤ ਗੋਰਖ ਨਾਥ ਦੀ, ਕਜੀਆ ਦੋਹਾਂ ਦਾ ਨਾ ਖੇੜਿਆਂ ਵਿਚ ਮੁਕਾਈਂ। ਰਿੱਧੀ ਸਿੱਧੀ ਪੀਰੀ ਦੇ ਕੇ ਤੋਰੋ ਖੇੜਿਆਂ ਨੂੰ, ਅਜਮਤ ਨਾਲ ਰੂਪ ਰਾਂਝੇ ਦਾ ਵਟਾਈਂ। ਹੀਰ ਬਾਝੋਂ ਮੈਨੂੰ ਕੋਈ ਨਾ ਪਛਾਣੇ ਜੀ, ਕਰਾਮਾਤ ਐਸੀ ਆਪਣੀ ਵਰਤਾਈਂ। ਜਵਾਬ ਨਾਥ ਕਰਾਮਾਤ ਬਗੈਰਾਂ ਦੁਨੀਆਂ ਕਦੇ ਨਾ ਝੁਕਦੀ ਐ, ਰਾਜ ਤਿਆਗ ਚੇਲੇ ਹੋਣ ਕਿਉਂ ਰਾਜੇ ਰਾਣੇ। ਕਰਾਮਾਤ ਬਗੈਰਾਂ ਕੌਰੂ ਸਰ ਨਾ ਹੁੰਦਾ ਸੀ, ਇਕ ਇਕ ਔਰਤ ਟੂਣਾ ਕਾਮਣ ਸੌ ਸੌ ਜਾਣੇ। ਤਿੰਨਾਂ ਲੋਕਾਂ ਦੇ ਵਿਚ ਗੋਰਖ ਗੋਰਖ ਹੁੰਦੀ ਐ, ਕਰਾਮਾਤ ਬਗੈਰਾਂ ਮੰਨਦਾ ਕੌਣ ਧਿੰਙਾਣੇ। ਕਰਾਮਾਤੋਂ ਜੋ ਕੁਛ ਮੰਗੇਂ ਸੋਈ ਮਿਲਜੂਗਾ, ਅੱਜ ਤਾਂ ਸਾਈਂ ਮੰਨਦਾ ਹੈ ਸਤਗਿੁਰ ਦੇ ਭਾਣੇ। ਤੈਨੂੰ ਕਰਾਮਾਤ ਬਖ਼ਸ਼ੀ ਕਹੇਂ ਸੋ ਹੋਜੂਗਾ, ਪੀਠੀ ਦਾਰੂ ਮੁੰਨਿਆ ਜੋਗੀ ਕੌਣ ਪਛਾਣੇ। ਦੁਨੀਆਂਦਾਰ ਗ੍ਰਿਸਤੀ ਸਾਧੂ ਕੌਣ ਵਿਚਾਰੇ ਐ, ਸਵਾ ਪਹਿਰ ਤੈਨੂੰ ਹੀਰ ਨਾ ਪਛਾਣੇ। ਛੇਆਂ ਨੂੰ ਅੱਖ ਬਚਾ ਕੇ ਬਚ ਕੇ ਲੰਘਣਾ ਚੰਗਾ ਐ, ਲੰਙੇ ਲੁੰਝੇ ਗੰਜੇ ਬਿੱਲੇ ਟੀਰੇ ਕਾਣੇ। ਛੀਏ ਖੋਚਰੀ ਨਘੋਚਾਂ ਕੱਢਦੇ ਮੁਲਕ ਦੀਆਂ, ਸਾਧ ਬ੍ਰਾਹਮਣ ਨਾਲ ਅੜਦੇ ਨਾ ਸ਼ਰਮਾਣੇ। ਏਨੀ ਕਹਿ ਕੇ ਥਾਪੀ ਦੇ ਕੇ ਤੋਰਿਆ ਖੇੜਿਆਂ ਨੂੰ, ਬੱਚੂ ਲੁੱਟ ਲੈ ਜਾ ਕੇ ਸੈਦੇ ਦੇ ਘਰਾਣੇ। ਤੈਨੂੰ ਹੀਰ ਮਿਲੇ ਪ੍ਰਤੱਗਿਆ ਰਹਿ ਜੇ ਭੇਖ ਦੀ, ਜੇ ਰੱਬ ਸੁਣਦਾ ਹੋਵੇ ਖੜ੍ਹਾ ਗੱਲ ਸਰ੍ਹਾਣੇ। ਕਲਾਮ ਸ਼ਾਇਰ ਲੈ ਕੇ ਥਾਪੀ ਚਰਨੀਂ ਸੀਸ ਨਿਵਾ ਕੇ ਸਤਗਿੁਰ ਦੇ, ਆਦੇਸ਼ ਬੁਲਾ ਕੇ ਕਰੀਆਂ ਖੇੜਿਆਂ ਨੂੰ ਚੜ੍ਹਾਈਆਂ। ਤੁਰਨੇ ਸਾਰ ਅੱਗਿਓਂ ਜਲ ਦੀ ਗਾਗਰ ਮਿਲ ਗਈ ਐ, ਬਾਵਿਉਂ ਬੋਲ ਦਹਿਣਾਂ ਦੇਵੇ ਖੜ੍ਹਾ ਦੁਹਾਈਆਂ। ਪਿੱਠ ਪਛਾੜੀ ਪਤ ਹੋਰੀ ਥਾਪੀਆਂ ਦਿੰਦੀਆਂ ਨੇ, ਸਰਮੁੱਖ ਚੂਹੜ੍ਹਾ ਮਿਲਿਆ ਦੇ ਰਿਹਾ ਵਧਾਈਆਂ। ਸਾਰੇ ਸ਼ਗਨ ਚੰਗੇਰੇ ਹੋ ਗੇ ਰਾਂਝੇ ਤੁਰਦੇ ਨੂੰ, ਬੁੱਕਲਾਂ ਮਿਰਗਾਂ ਨੇ ਵੀ ਖੋਲ ਕੇ ਦਿਖਾਈਆਂ। ਜਿਸ ਪਿੰਡ ਜਾਵੇ ਲੋਕ ਕਰਨ ਮਜ਼ਾਕਾਂ ਚਾਕ ਨੂੰ, ਕੈਸੇ ਜੋਗ 'ਚ ਫਾਹੇ ਰੰਨਾਂ ਦੀਆਂ ਚਤਰਾਈਆਂ। ਸੱਜਰੇ ਕੰਨ ਪੜਵਾਏ ਹੈ ਮੁੰਦਰਾਂ ਨਾ ਸਜਦੀਆਂ, ਠੱਠੇ ਕਰੇ ਲੋਕਾਈ ਰੱਬ ਦੀਆਂ ਬੇਪਰਵਾਹੀਆਂ। ਆਸ਼ਕ ਚੋਰ ਯਾਰ ਠੱਗ ਨਾ ਤਾਈਂ ਸ਼ਰਮਦੇ, ਏਹਨਾਂ ਚੌਹਾਂ ਤੋਂ ਬਾਤਾਂ ਜਾਣ ਨਾ ਉਲਟਾਈਆਂ। ਚਲੋ ਚਾਲ ਜੋਗੀ ਪਹੁੰਚਿਆ ਰੰਗਪੁਰ ਖੇੜਿਆਂ ਦੇ, ਜੂਹ ਵਿਚ ਵੜਦੇ ਗੰਜੇ ਅਯਾਲੀ ਦਿੱਤੀਆਂ ਆਣ ਦਿਖਾਈਆਂ। ਜਵਾਬ ਅਯਾਲੀ ਜੂਹ ਵਿਚ ਖੇੜਿਆਂ ਦੇ ਇਕ ਅਯਾਲੀ ਭੇਡਾਂ ਚਾਰਦਾ, ਰਾਹ ਵਿਚ ਬੈਠਾ ਦੇਖ ਰਾਂਝੇ ਅੱਖ ਚੁਰਾਈ। ਅਯਾਲੀ ਸਿਰ ਪੈਰਾਂ 'ਤੇ ਲਾ ਕੇ ਸਿਆਣ ਜੋਗੀ ਨੂੰ, ਮੂਹਰੇ ਖੜ੍ਹ ਕੇ ਆਣ ਸਲਾਮ ਹੈ ਬੁਲਾਈ। ਕਿਧਰੋਂ ਆਏ ਜੋਗੀ ਭੇਖ ਲੈ ਲਿਆ ਕਦ ਕੁ ਦਾ, ਮਿਲਣਾ ਹੀਰ ਨੂੰ ਕਿ ਕੋਈ ਹੋਰ ਤਕਾਈ। ਦਾੜ੍ਹੀ ਪਟੇ ਮੁਨਾ ਕੇ ਕੰਨ ਪੜਵਾਈਂ ਫਿਰਦੈਂ ਉਏ, ਤਵੇ ਦੀ ਕਾਲਸ ਮੂਰਖਾ ਤੈਂ ਬੂਥੇ ਨੂੰ ਲਾਈ। ਏਹਨੀਂ ਹਾਲੀਂ ਹੁਣ ਕੀ ਹੀਰ ਨੂੰ ਘਰ ਲੈਜੇਂਗਾ, ਰਾਜੇ ਇੰਦਰ ਵਰਗੀ ਸੂਰਤ ਤੈਂ ਗਵਾਈ। ਚੋਰੀ ਯਾਰੀ ਚਾਕਰੀ ਬਿਨਾਂ ਵਸੀਲੇ ਮਿਲਦੀ ਨਾ, ਸਿੱਟ ਵਸੀਲਾ ਹੀਰ ਗਈ ਨਾ ਉਡਾਈ। ਅਜੇ ਵੇਲਾ ਸਿੱਟ ਕੇ ਲੈ ਜਾ ਹੀਰ ਸਿਆਲ ਨੂੰ, ਕੋਈ ਅਸੀਂ ਤੇਰੇ ਹੈ ਨਾ ਉਏ ਦੁਖਦਾਈ। ਮਾਹੀ ਪਾਲੀ ਨਾਲ ਦਾ ਸੋਟੀ ਦਾ ਸਾਂਝੀ ਐਂ, ਬੁਰੀ ਨਾ ਕਰਦੇ ਕਦੇ ਉਏ ਭਾਈਆਂ ਦੇ ਭਾਈ। ਜਵਾਬ ਨਾਥ ਜੈਸਾ ਕਿੱਤਾ ਤੈਸੀ ਅਕਲ ਮੁਟੇਰੀ ਤੇਰੀ ਐ, ਅਯਾਲੀਆ ਭੁੱਲਿਆ ਫਿਰਦੈਂ ਨਾਥਾਂ ਨੂੰ ਸਿਆਣਦਾ। ਕਿਹੜਾ ਰਾਂਝਾ ਹੀਰ ਕਹਿਨੈਂ ਕਿਹੜੀ ਚੀਜ਼ ਨੂੰ, ਮੈਂ ਤਾਂ ਸਣੇ ਈ ਤੇਰੇ ਤਿੰਨਾਂ ਨੂੰ ਨੀ ਜਾਣਦਾ। ਕਿਸੇ ਦੀ ਮੈਂ ਵਰਗੀ ਝੁਣ ਦੇਖ ਭੁੱਲਿਆ ਹੋਵੇਂਗਾ, ਐਸਾ ਪੱਕਾ ਪਛਾਣੂੰ ਧੀ ਰੰਨ ਕਿਵੇਂ ਪਛਾਣਦਾ। ਮੈਂ ਪਰਦੇਸੀ ਜੋਗੀ ਮਾਹੀ ਕਿਹੜੇ ਭੜੂਏ ਦਾ, ਪੂਰਾ ਕਿਕੂੰ ਫਟਜੂ ਤੈਂ ਜੇਹੇ ਅਣਜਾਣ ਦਾ। ਝੂਠ ਬਰਾਬਰ ਪਾਪ ਸੱਚ ਬਰਾਬਰ ਤਪ ਨਾ ਉਏ, ਝੂਠੇ ਅਯਾਲੀਆ ਲਿਖਿਆ ਸੁਣ ਲੈ ਵੇਦ ਪੁਰਾਣ ਦਾ। ਆਹ ਜੇ ਦੁਨੀਆਂ ਦੇ ਫਕੀਰ ਕੀਤੇ ਪੇਟ ਨੇ, ਹੀਲਾ ਕਰਨਾ ਪੈਂਦਾ ਨਿੱਤ ਹੀ ਮੰਗਣ ਖਾਣ ਦਾ। ਏਸ ਕਰਕੇ ਸੌ ਸੌ ਤੁਹਮਤ ਲਗਦੀ ਦੁਨੀਆਂ 'ਚੋਂ, ਸੱਚਿਉਂ ਝੂਠਾ ਸਾਧੂ ਚੋਰ ਇੱਕੇ ਹਾਣਦਾ। ਏਹਨਾਂ ਐਬਾਂ ਪਿੱਛੇ ਦੁਨੀਆਂ ਦੋਜਖ ਜਾਂਦੀ ਐ, ਕੋਈ ਵਿਰਲਾ ਸੱਚਾ ਬਹਿਸ਼ਤੀਂ ਮੌਜਾਂ ਮਾਣਦਾ। ਤੂੰ ਕਿਉਂ ਐਵੇਂ ਦੋਜਖ ਜਾਨੈਂ ਗੰਜਿਆ ਅਯਾਲੀਆ, ਕੁਫ਼ਰਾਂ ਝੂਠਾਂ ਦੇ ਅਣਹੱਕੇ ਤੰਬੂ ਤਾਣਦਾ। ਜਵਾਬ ਅਯਾਲੀ ਅਯਾਲੀ ਬਾਹੋਂ ਫੜਕੇ ਛਾਵੇਂ ਲੈ ਗਿਆ ਜੋਗੀ ਨੂੰ, ਲੱਗਿਆ ਅੱਛੋਂ ਨਿਸ਼ਾ ਖਾਤਰ ਕਰਨ ਫ਼ਕੀਰ ਦੀ। ਅਸੀਂ ਅਯਾਲੀ ਭੇਡਾਂ ਸਿਆਨਣ ਵਾਲੇ ਇੱਜੜ 'ਚੋਂ, ਔਖੀ ਕੀ ਏ ਸਿਆਣ ਮਾਣਸ ਦੇ ਸਰੀਰ ਦੀ। ਚਾਕ ਸਿਆਲਾਂ ਦਾ ਉਏ ਮੇਹੀਂ ਲੈ ਕੇ ਦਾਤ ਦੀਆਂ, ਸਾਵਾਂ ਤੂੰ ਹੀ ਆਇਆ ਡੋਲੀ ਨਾਲ ਹੀਰ ਦੀ। ਮੇਹੀਂ ਖੋਹ ਕੇ ਧੱਕੇ ਦੇ ਕੇ ਟਾਹਿਆ ਸੈਦੇ ਨੇ, ਰਾਤ ਇੱਜੜ ਕੋਲ ਕਟਾਈ ਮੈਂ ਸੌਂਹ ਪੀਰ ਦੀ। ਨਾਮ ਧੀਦੋ 'ਤੇ ਤੂੰ ਯਾਰ ਹੀਰ ਸਿਆਲ ਦਾ, ਭੇਖ ਧਾਰੇ ਕਦੇ ਨਾ ਲੁਕਦੀ ਮੜਕ ਸਰੀਰ ਦੀ। ਮੂੰਹ ਸਿਰ ਕਾਲਾ ਕਰਕੇ ਕੱਢਣਾ ਚਾਹੇਂ ਹੀਰ ਨੂੰ, ਨੀਤ ਸਾਬਤ ਹੋ ਗਈ ਤੇਰੀ ਯਾਰ ਅਖ਼ੀਰ ਦੀ। ਗਲ਼ ਵਿਚ ਸਾਫਾ ਪਾ ਕੇ ਡਿਉਢੀ ਲੈ ਜਾਂ ਸੈਦੇ ਦੇ, ਓਥੇ ਖਾਤਰ ਦੇਖ ਹੋਵੇ ਕਿਸ ਤਦਬੀਰ ਦੀ। ਭਲੀ ਚਾਹੇਂ ਪਿੱਛੇ ਮੁੜਜਾ ਰੰਗਪੁਰ ਜਾਈਂ ਨਾ, ਜੋ ਕੁਛ ਵਗਣੀ ਵਗ ਗਈ ਕਲਮ ਲਿਖੀ ਤਕਦੀਰ ਦੀ। ਜਵਾਬ ਨਾਥ ਚੋਰ ਪਾੜੋਂ ਫੜਿਆ ਕੋਈ ਗੱਲ ਨਾ ਫੁਰਦੀ ਐ, ਹਾਰ ਦੇਵੇ ਜੋਗ ਭੇਖ ਦੇ ਡਰਾਵੇ। ਚੇਲਾ ਗੋਰਖ ਦਾ ਹਮਾਇਤ ਪੰਜਾਂ ਪੀਰਾਂ ਦੀ, ਕਰਾਮਾਤੋਂ ਜੋ ਕੁਛ ਚਾਹੇ ਸੋ ਕਰਵਾਵੇ। ਬਾਜਾਂ ਨਾਲ ਬਟੇਰੀ ਅਯਾਲੀ ਕਾਹਨੂੰ ਖਹਿੰਦੀ ਐ, ਖਹਿ ਕੇ ਆਪਣੇ ਈ ਖੰਭਾਂ ਨੂੰ ਤੜਾਵੇ। ਪੀਰਾਂ ਗੁਰਾਂ ਧਿਆਕੇ ਰਾਂਝਾ ਕਰਦਾ ਬੇਨਤੀਆਂ, ਇੱਜੜ ਅਯਾਲੀ ਦੇ ਨੂੰ ਹੁਣ ਬਘਿਆੜ ਖਾਵੇ। ਅਰਜ਼ ਕਬੂਲ ਹੋ ਬਘਿਆੜ ਪੈ ਗਿਆ ਕੁਦਰਤੋਂ, ਪਾੜੇ ਬਹੁਤੀਆਂ ਰੱਤ ਪੀਵੇ ਜਾਨ ਗਵਾਵੇ। ਸ਼ਰਧਾ ਨਾਲ ਰਾਂਝੇ ਤਨ ਮਨ ਸਾੜਿਆ ਅਯਾਲੀ ਦਾ, ਜਲਦਾ ਮਰਦਾ ਚਰਨਾਂ ਤੇ ਡਿੱਗਣ ਨੂੰ ਆਵੇ। ਤੁਸੀਂ ਬਖ਼ਸ਼ੋ ਮੈਂ ਗਰੀਬ ਅਯਾਲੀ ਭੁੱਲ ਗਿਆ, ਪੀਰਾਂ ਨਾਲ ਕੀ ਮੁਰੀਦਾਂ ਵਾਲੇ ਦਾਵ੍ਹੇ। ਅਯਾਲੀ ਆਜ਼ਜ਼ ਹੈ ਮਨ ਮਿਹਰ ਪੈਗੀ ਨਾਥ ਦੇ, ਤਨ ਦੀ ਅੱਗ ਬੁਝਾ ਬਘਿਆੜ ਨੂੰ ਹਟਾਵੇ। ਸਿੱਟਾ ਜਲ ਦਾ ਦੇਹ ਸੁਰਜੀਤ ਕਰੀਆਂ ਪਾੜੀਆਂ, ਗਾਹਾਂ ਨੂੰ ਤਿੰਨ ਲਕੀਰਾਂ ਨੱਕ ਦੇ ਨਾਲ ਕਢਾਵੇ। ਅੱਜ ਤੇ ਫੇਰ ਨਾ ਅੜੀਂ ਸੰਤਾਂ ਨਾਲ ਅਯਾਲੀਆ, ਸਾਈਂ ਆਪ ਹੁੰਦੇ ਭੇਖ ਦੇ ਰਖਾਵੇ। ਜਵਾਬ ਅਯਾਲੀ ਪੀਰੀ ਪੀਰ ਦੀ ਮੁਰੀਦ ਹੋ ਗਿਆ ਦੇਖ ਕੇ, ਆਖੇ ਤੁਸੀਂ ਫਕੀਰ ਸਾਈਂ ਦੇ ਪਿਆਰੇ। ਬਰਕਤ ਸ਼ਰਧਾ ਕਰਾਮਾਤ ਜਿਸਨੇ ਬਖਸ਼ੀ ਐ, ਤੇਰੇ ਐਸੇ ਗੁਰੂ ਪੀਰ ਦੇ ਬਲਿਹਾਰੇ। ਐਸਾ ਗੁਰੂ ਤੈਨੂੰ ਝਬਦੇ ਕਿੱਥੋਂ ਮਿਲ ਗਿਆ ਜੀ, ਗੁੱਸਾ ਨਾ ਕਰਨਾ, ਐਹ ਹੱਥ ਜੋੜੇ ਦੇਖ ਹਮਾਰੇ। ਹੁਣ ਕੀ ਮੁਸ਼ਕਲ ਤੈਨੂੰ ਮਿਲਣਾ ਹੀਰ ਸਿਆਲ ਨੂੰ, ਕਰਾਮਾਤ ਨਾਲ ਅੰਬਰੋਂ ਤੋੜੇ ਤਾਰੇ। ਬੂਹਾ ਵਸਦਾ ਪੱਟ ਉਜਾੜ ਕਰਦੇ ਖੇੜਿਆਂ ਦਾ, ਧਰਨਾ ਦੇ ਕੇ ਬਹਿਜਾ ਸੈਦੇ ਦੇ ਦੁਆਰੇ। ਪਈ ਰਾਤ ਦਿਨੇਂ ਜੱਟੀ ਦਿੰਦੀ ਐ ਸਰ੍ਹਲੀਆਂ, ਸੁਣੇ ਨਾ ਜਾਂਦੇ ਹੀਰ ਰੋਂਦੀ ਦੇ ਕਲਕਾਰੇ। ਤੇਰੇ ਬਾਜ਼ ਕੋਲੋਂ ਕੂੰਜ ਖੋਹ ਲਈ ਕਾਗ ਨੇ, ਓਥੇ ਕਿਉਂ ਨਾ ਦਿੱਤੇ ਬਰਕਤ ਦੇ ਲਲਕਾਰੇ। ਲੈ ਕੇ ਹੀਰ ਨੂੰ ਰਮੰਨਾ ਹੋ ਜਾ ਖੇੜਿਆ ਤੋਂ, ਮੂਧੇ ਮਾਰ ਜਾ ਹੁਣ ਸੈਦੇ ਦੇ ਨਗਾਰੇ। ਸਾਥੋਂ ਕਸਮ ਕਰਾ ਲੈ ਮੀਆਂ ਦੀਨ ਇਮਾਨ ਦੀ, ਮੇਰਾ ਦਮ ਦਮ ਖੇੜੀਂ ਤੇਰਾ ਜ਼ਿਕਰ ਚਿਤਾਰੇ। ਜਵਾਬ ਅਯਾਲੀ (ਏਥੇ ਕੁ ਜਹੇ ਇਕ ਕਲੀ ਮੇਰੇ ਪਿੰਡ ਦੇ ਬਜ਼ੁਰਗ ਮਿਹਰ ਸਿੰਘ ਨੇ ਇਸ ਤਰ੍ਹਾਂ ਸੁਣਾਈ) ਕਹਿੰਦਾ ਸੱਜਿਓਂ ਜਾਂਦਾ ਤੂੰ ਖੱਬੇ ਨੂੰ ਹੋ ਲਈਂ ਓਏ ਸੋਹੇਂ ਦੀਹਦੈਂ ਜੱਟੀ ਹੀਰ ਦਾ ਚੁਬਾਰਾ। ਰੰਗ ਬਰੰਗੀਆਂ ਇੱਟਾਂ ਲੱਗੀਆਂ ਓਸ ਚੁਬਾਰੇ ਨੂੰ, ਨਾਲੇ ਸੋਹਦੈਂ ਉੱਚਾ ਮਹਿਲ ਤੇ ਮੁਨਾਰਾ। ਸਾਰੀ ਰਾਤ ਬਾਵਿਆ ਉਹ ਸੌਣ ਨਾ ਦਿੰਦੀ ਐ, ਕੋਲੇ ਮੇਰਾ ਗੰਜੇ ਦਾ ਭੇਡਾਂ ਦਾ ਵਾੜਾ। ਜਦ ਰੋਂਦੀ ਨਾਉਂ ਲੈਂਦੀ ਧੀਦੋ ਰਾਂਝੇ ਦਾ, ਕਿਹੜੀ ਵਿਧੀ ਰਹਿ ਗਿਆ ਰਾਂਝਿਆ ਤੂੰ ਕੁਆਰਾ। ਜਿੱਦਣ ਦਾ ਇੰਦਰ ਘਰ ਪਹੁੰਚਿਆ ਗੌਤਮ ਰਿਖੀ ਦੇ, ਇੰਦਰ ਓਦਣ ਦਾ ਈ ਹੋ ਗਿਆ ਨਕਾਰਾ। ਐਹੋ ਜਿਹਾਂ ਨਾਲ ਬਾਵਿਆ, ਅਹੀਆਂ ਜਹੀਆਂ ਹੁੰਦੀਆਂ ਨੇ, ਤੂੰ ਤਾਂ ਕੌਣ ਐ ਮੁੰਡਿਆ ਓਏ ਕੱਲ੍ਹ ਦਾ ਵਿਚਾਰਾ। ਕੁੱਕੜ ਬਣਕੇ ਓਥੇ ਚੰਦ ਨੇ ਬਾਂਗਾਂ ਮਾਰੀਆਂ, ਮਾਰ ਮਗਰਿਆਨੀ ਚੰਦ ਦਾ ਮੂੰਹ ਸਿਰ ਕਰਤਾ ਕਾਲਾ। ਕਲਾਮ ਸ਼ਾਇਰ ਦਿਲੋਂ ਸਫਾਈ ਨਾਲ ਖਾਧੀ ਕਸਮ ਅਯਾਲੀ ਨੇ, ਰਾਂਝੇ ਖੋਲ ਭੇਤ ਆਪਣਾ ਸੁਣਾਇਆ। ਜਦੋਂ ਅਯਾਲੀ ਕੋਲੋਂ ਗੱਲਾਂ ਸੁਣੀਆਂ ਹੀਰ ਦੀਆਂ, ਰੋਂਦਾ ਜ਼ਾਰੋਜ਼ਾਰ ਵਿਰਦਾ ਨਾ ਵਰਾਇਆ। ਪਹਿਲਾ ਆਸਰਾ ਖੁਦਾ ਦਾ ਦੂਜਾ ਪੀਰਾਂ ਦਾ, ਤੀਜਾ ਗੋਰਖ ਚੌਥਾ ਤੇਰਾ ਮੈਂ ਤਕਾਇਆ। ਜਿਗਰੇ ਜਿੰਦਰਾ ਐਸਾ ਲਾਈਏ ਭੇਤ ਨਾ ਖੋਲੀਏ, ਭਾਵੇਂ ਸਕਾ ਭਰਾ ਵੀ ਹੋਵੇ ਅੰਮਾਂ ਦਾ ਜਾਇਆ। ਤੇਰੇ ਆਸਰੇ ਫਕੀਰ ਚੱਲਿਆ ਖੇੜਿਆਂ ਨੂੰ, ਚੋਰ ਯਾਰ ਭੇਤ ਦੇਣ ਨਾ ਫੁਰਮਾਇਆ। ਮਨ ਦੀ ਮਨ ਵਿਚ ਰੱਖਣੀ ਕਿਸੇ ਨੂੰ ਨਾ ਦੱਸਣਾ ਉਏ, ਰਾਂਝਾ ਜੋਗੀ ਹੋ ਕੇ ਰੰਗਪੁਰ ਖੇੜੀਂ ਆਇਆ। ਤੇਰੇ ਕਰਕੇ ਮੇਰਾ ਸਰਜੇ ਕੰਮ ਗਰੀਬ ਦਾ, ਐਨੀ ਆਖ ਜੋਗੀ ਖੇੜਿਆਂ ਨੂੰ ਸਧਾਇਆ। ਜਿੱਥੇ ਭਰਨ ਮੁਟਿਆਰਾਂ ਪਾਣੀ ਪਨਘਟ ਖੂਹੇ 'ਤੇ, ਓਥੇ ਜਾ ਕੇ ਆਸਣ ਹੈ ਜੋਗੀ ਨੇ ਲਾਇਆ। ਜਵਾਬ ਮੁਟਿਆਰਾਂ ਰੰਗਪੁਰ ਦੀਆਂ ਕਰਾਮਾਤ ਦਿਖਾ ਕੇ ਤੁਰ ਪਿਆ ਗੰਜੇ ਅਯਾਲੀ ਨੂੰ, ਗਲ ਵਿਚ ਮਾਲਾ ਦੇਖੋ ਰਾਮ ਨਾਮ ਦੀ ਪਾ ਕੇ। ਖੇੜਿਆਂ ਦੇ ਬਾਗ਼ 'ਚ ਵੜਿਆ ਨਾਉਂ ਲੈ ਕੇ ਗੋਰਖ ਨਾਥ ਦਾ, ਪਹਿਲਾਂ ਅਲਖ ਜਗਾਈ ਉੱਚੀ ਨਾਦ ਵਜਾ ਕੇ। ਹੱਟੀ ਭੱਠੀ ਖੂਹੇ ਤਿੰਨੇ ਥਾਉਂ ਨੇ ਆਸ਼ਕ ਦੇ, ਜੋਗੀ ਆਸਣ ਬੈਠਾ ਖੂਹ ਦੇ ਪਾਸ ਲਗਾ ਕੇ। ਲੋਕੀਂ ਖੇੜਿਆਂ ਦੇ, ਜਿਆਰਤ ਕਰਨ ਫਕੀਰ ਦੀ, ਪਹਿਲਾਂ ਸੀਸ ਨਿਵਾਉਂਦੇ ਹੱਥ ਚਰਨਾਂ ਨੂੰ ਲਾ ਕੇ। ਵਿਚ ਸਭ ਖੇੜਿਆਂ ਦੇ ਚਰਚਾ ਹੁੰਦੀ ਨਾਥ ਦੀ, ਪਾਣੀ ਭਰਦੀਆਂ ਕੁੜੀਆਂ ਸਭ ਖੂਹੇ ਤੇ ਆ ਕੇ। ਰੱਜ ਕੇ ਦਰਸ਼ਣ ਕਰਲੋ ਕੁੜੀਓ ਨੀ ਮੁੰਦਰਾਂ ਵਾਲੇ ਦਾ, ਨਵਾਂ ਈ ਜੋਗੀ ਆਇਆ ਸੱਜਰੇ ਕੰਨ ਪੜਵਾ ਕੇ। ਸੋਹਣੀ ਮੋਹਣੀ ਸੂਰਤ ਕੈਸੀ ਰੱਬ ਨੇ ਦੇ ਲਈ ਐ, ਕਾਹਤੋਂ ਬੈਠਾ ਕੁੜੀਓ ਦੇਹੀ ਖਾਕ ਰਮਾ ਕੇ। ਚੜ੍ਹਦੀ ਉਮਰ ਜੁਆਨੀ ਲਟਕ ਲਟਕ ਪੱਬ ਧਰਦਾ ਨੀ, ਮੌਤ ਖਰੀਦੀ ਹੋਊ ਏਹਨੇ ਅੱਖੀਆਂ ਲਾ ਕੇ। ਏਸੇ ਕਾਰਨ ਅੜੀਓ ਕੰਨ ਪੜਵਾਈਂ ਫਿਰਦਾ ਨੀ, ਇਹ ਤਾਂ ਬੈਠਾ ਕੋਈ ਹੱਥੀਂ ਲਾਲ ਗਵਾ ਕੇ। ਨਾਲ ਜੋਗੀ ਦੇ ਪਿਆਰ ਕਦੇ ਨਾ ਪਾਈਏ ਨੀ, ਜੋਗੀ ਉੱਠ ਜਾਂਦੇ ਨੇ ਦਰਦ ਵਿਛੋੜੇ ਪਾ ਕੇ। ਇਹਨਾਂ ਸੰਤਾਂ ਨੇ ਈ ਰਾਣੀ ਸੁੰਦਰਾਂ ਮਾਰੀ ਸੀ, ਪੂਰਨ ਉੱਠ ਗਿਆ ਅੜੀਓ ਨੈਣਾਂ ਦੀ ਛੁਰੀ ਚਲਾ ਕੇ। ਇਹਨਾਂ ਸੰਤਾਂ ਨੇ ਈ ਧਰਮ ਤੋੜਿਆ ਇੰਜਣੀ ਦਾ, ਪਾਰਾ ਚਲਾਇਆ ਵਿਸ਼ਨੂੰ ਕੰਨ ਮੁਰਲੀ ਨੂੰ ਲਾ ਕੇ। ਇਹਨਾਂ ਸੰਤਾਂ ਨੇ ਈ ਮੋਰ ਧਜ ਪਰਤਿਆਇਆ ਸੀ, ਪੁੱਤ ਚਿਰਾਇਆ ਉਸ ਤੋਂ ਆਰਾ ਹੱਥ ਫੜਾ ਕੇ। ਜਵਾਬ ਕੁੜੀਆਂ ਜੋਗੀ ਸੇ ਛੱਡਕੇ ਘੜੇ ਕੁੜੀਆਂ ਆਣ ਉਦਾਲੇ ਹੋਈਆਂ ਜੋਗੀ ਦੇ, ਕੁੜੀਆਂ ਜਾਣ ਕੇ ਹੀ ਹਾਣੀ ਕਰਨ ਠਠੋਲੀਆਂ। ਚਾਰ ਚੁਫੇਰੇ ਜੋਗੀ ਦੇ ਫਿਰਦੀਆਂ ਨੇ ਲਟਕਦੀਆਂ, ਕੁੜੀਆਂ ਖੇੜਿਆਂ ਦੀਆਂ ਪਰੀਆਂ ਸਬਜ਼ ਮਮੋਲੀਆਂ। ਮੁਫ਼ਤ ਨਜ਼ਾਰਾ ਲੈ ਵੇ ਇਕ ਤੋਂ ਇਕ ਚੜ੍ਹੇਂਦੀ ਦਾ, ਛਾਤੀ ਬਦਨ ਦਿਖਾਲਣ ਖਾਤਰ ਬੁੱਕਲਾਂ ਖੋਲ੍ਹੀਆਂ। ਜੋਗੀ ਹੋਇਐਂ ਕਿਸੇ ਵੇ ਪੱਟਿਆ ਸਾਡੇ ਵਰਗੀ ਦਾ, ਪਹਿਲਾਂ ਕਰਕੇ ਛੋਟੀ ਉਮਰ 'ਚ ਲਾਡ ਕਲੋਲੀਆਂ। ਮਾਲਕ ਮਾਲ ਲੈ ਗਏ ਦੰਮ ਜਿਨ੍ਹਾਂ ਨੇ ਖਰਚੇ ਐ, ਮਗਰੋਂ ਔਖੇ ਹੋ ਗੇ ਸਹਿਣੇ ਤਾਹਨੇ ਬੋਲੀਆਂ। ਏਹਨਾਂ ਦੁੱਖਾਂ ਦੇ ਮਾਰੇ ਆਸ਼ਕ ਜੋਗੀ ਹੋ ਗਏ ਐ, ਗਏ ਮਸ਼ੂਕ ਜਿਨ੍ਹਾਂ ਦੇ ਬੈਠ ਕੇ ਵਿਚ ਡੋਲੀਆਂ। ਨਾਲ ਕੁਆਰੀ ਦੇ ਨਿਹੁੰ ਲਾ ਨਫ਼ਾ ਕੀ ਖੱਟਣ ਨੂੰ, ਜਿਨ ਜਿਨ ਲਾਈਆਂ ਝੋਲੀ ਭਰ ਧੜੀਆਂ ਨਾ ਤੋਲੀਆਂ। ਆਖਣ ਕੁੜੀਆਂ ਜਿਸ ਤਨ ਲੱਗਜੇ ਇਸ਼ਕ ਦੀ ਚੋਟ ਬੁਰੀ, ਦਰ ਦਰ ਮੰਗਦੇ ਫਿਰਦੇ, ਹੱਥ ਵਿਚ ਫੜ ਕੇ ਝੋਲੀਆਂ। ਪਟ ਪਟ ਅੱਖੀਆਂ ਭਰ ਕੇ ਹੰਝੂ ਡਿਗ ਪਏ ਜੋਗੀ ਦੇ, ਪਿਛਲੇ ਦੁਖਾਂ ਦੀਆਂ ਜਦ ਬਹੀਆਂ ਸੋਹੇਂ ਫਰੋਲੀਆਂ। ਸਾਂਗ ਜਿਗਰ 'ਚ ਮਾਰੀ ਤਾਹਨੇ ਦੇਹ ਮਸ਼ਟੰਡੀਆਂ ਨੇ, ਦਰਦਮੰਦਾਂ ਨੂੰ ਦੁਖੜੇ ਦੱਸਣ ਬਾਂਦੀਆਂ ਗੋਲੀਆਂ। ਰੰਗਪੁਰ ਪਿਆ ਹੰਕਾਰਾ ਰੂਪ ਦੇਖ ਕੇ ਜੋਗੀ ਦਾ, ਮੁੜ ਮੁੜ ਗਈਆਂ ਹਜ਼ੂਰਾ ਸਿੰਘ ਦੇਖ ਕਈ ਟੋਲੀਆਂ। ਜਵਾਬ ਕੁੜੀਆਂ ਜੋਗੀ ਨਾਲ ਸੁੱਕਾ ਬਾਗ ਹਰਾ ਹੋ ਗਿਆ ਅੱਜੂ ਖੇੜੇ ਦਾ, ਜਾ ਕੇ ਧੂੰਈਆਂ ਬਾਗ 'ਚ ਜਦ ਰਾਂਝੇ ਨੇ ਲਾਈਆਂ। ਆੜੂ,ਅੰਬ, ਅਨਾਰ ਬਾਗ ਨੂੰ ਲੱਗ ਗਏ ਨੇ, ਝੁਕ ਕੇ ਕੁੰਬਲਾਂ ਜਾਣੀਂ ਉਹ ਧਰਤੀ ਨੂੰ ਆਈਆਂ। ਤੋਤੇ, ਕੋਇਲਾਂ, ਮੋਰ, ਬੰਬੀਹੇ ਬੋਲਦੇ, ਓਥੇ ਪੈਲਾਂ ਜਾਣੀਂ ਸੀ ਮੋਰਾਂ ਨੇ ਪਾਈਆਂ। ਹੁੰਦੀ ਹੁੰਦੀ ਖ਼ਬਰ ਜਾ ਪਹੁੰਚੀ ਵਿੱਚ ਖੇੜਿਆਂ ਦੇ, ਕੱਠੀਆਂ ਹੋ ਕੇ ਕੁੜੀਆਂ ਖੇੜਿਆਂ ਦੀਆਂ ਆਈਆਂ। ਇੱਕ ਦੂਜੀ ਦੇ ਮੂਹਰੇ ਹੋ ਹੋ ਤੁਰਦੀ ਐ, ਕੂੰਜਾਂ ਆਉਂਦੀਆਂ ਜਿੱਕਣ ਟੋਭੇ ਨੂੰ ਤਿਹਾਈਆਂ। ਬੰਨ੍ਹ ਕੇ ਤੁੰਬਲ ਆਣ ਉਦਾਲੇ ਹੋਈਆਂ ਜੋਗੀ ਦੇ, ਗੱਲਾਂ ਕਰਨ ਸਾਧ ਨਾਲ ਜੋ ਡਾਢੇ ਵਰਤਾਈਆਂ। ਬਾਵਾ ਖੋਲ੍ਹੀਂ ਪੱਤਰੀ ਲੇਖ ਦੇਖ ਜਾ ਕੁੜੀਆਂ ਦੇ, ਕਦੋਂ ਕੁ ਜਾਵਾਂਗੀਆਂ ਅਸੀਂ ਮੰਗੀਆਂ ਤੇ ਵਿਆਹੀਆਂ। ਇਕ ਤਾਂ ਕਹਿੰਦੀ ਭਾਈਆਂ ਪਿੱਟੀ ਝੂਠ ਬੋਲਦੀ ਬਾਵਾ ਜੀ, ਅੱਧੀਆਂ ਮੰਗੀਆਂ ਤੇ ਅਸੀਂ ਅੱਧੀਆਂ ਹਾਂ ਵਿਆਹੀਆਂ। ਇੱਕ ਤਾਂ ਕਹਿੰਦੀ ਬਾਵਾ ਜੀ ਆ ਗਿਐਂ ਵਿੱਚ ਬਾਗ ਦੇ, ਸਾਡੇ ਦੁੱਖੜੇ ਸਭ ਦੇ ਸੁਣ ਕਮਲੋ ਦਿਆ ਸਾਈਆਂ। ਇਕ ਤਾਂ ਕਹਿੰਦੀ ਬਾਵਾ ਵਿਆਹਤੀ ਰੰਗ ਦੇ ਕਾਲੇ ਨੂੰ, ਮੈਂ ਤਾਂ ਕਰੀਆਂ ਬਾਵਿਆ ਖੋਟੀਆਂ ਕਮਾਈਆਂ। ਇੱਕ ਤਾਂ ਕਹਿੰਦੀ ਵੇ ਮੈਂ ਵਿਆਹਤੀ ਫੀਮ ਖਾਣਿਆਂ ਦੇ, ਲਿਆ ਕੇ ਫੀਮ ਮੇਤੋਂ ਗੋਲੀਆਂ ਵਟਾਈਆਂ। ਇੱਕ ਤਾਂ ਕਹਿੰਦੀ ਸੀ ਮੈਂ ਵਿਆਹਤੀ ਹੁੱਕਾ ਪੀਣਿਆਂ ਦੇ, ਸਾਰੀ ਰਾਤ ਮੇਤੋਂ ਚਲਿਮਾਂ ਸੀ ਭਰਾਈਆਂ। ਇਕ ਤਾਂ ਕਹਿੰਦੀ ਵੇ ਮੈਂ ਵਿਆਹਤੀ ਜੂਲੇਬਾਜ ਦੇ, ਚੱਕ ਕੇ ਟੂਮਾਂ, ਗਹਿਣੇ ਵਿੱਚ ਜੂਲੇ ਦੇ ਲਾਈਆਂ। ਇੱਕ ਤਾਂ ਕਹਿੰਦੀ ਵੇ ਮੈਂ ਵਿਆਹਤੀ ਦਾਰੂ ਪੀਣਿਆਂ ਦੇ, ਪੀ ਕੇ ਦਾਰੂ ਗਾਲਾਂ ਕਢਦਾ ਵਾਂਗ ਸ਼ਦਾਈਆਂ। ਇੱਕ ਤਾਂ ਕਹਿੰਦੀ ਵੇ ਮੈਂ ਵਿਆਹਤੀ ਅੱਬਲ ਸ਼ੁਕੀਨ ਨੂੰ, ਵਿਛੀਆਂ ਰਹਿਣ ਬਾਵਿਆ ਲੇਫ਼ ਤੇ ਤਲਾਈਆਂ। ਇੱਕ ਤਾਂ ਕਹਿੰਦੀ ਵੇ ਮੈਂ ਵਿਆਹਤੀ ਕੰਥ ਨਿਆਣੇ ਨੂੰ, ਬੈਠੀ ਰੋਵਾਂ ਸਾਧਾ ਫੜਕੇ ਮੰਜੇ ਦੀਆਂ ਬਾਹੀਆਂ। ਇੱਕ ਤਾਂ ਕਹਿੰਦੀ ਬਾਵਾ ਮੇਰੇ ਮੁੰਡਾ ਨੀ ਹੁੰਦਾ ਵੇ, ਤਿੰਨ ਤਾਂ ਕੁੜੀਆਂ ਬਾਵਿਆ ਮੈਂ ਤੱਤੜੀ ਨੇ ਜਾਈਆਂ। ਇੱਕ ਤਾਂ ਕਹਿੰਦੀ ਬਾਵਾ ਸੱਸ ਵੇ ਬਹੁਤ ਲੜਾਕੀ ਐ, ਆਥਣ ਸਵੇਰੇ ਕਰਦੀ ਮੇਰੇ ਨਾਲ ਲੜਾਈਆਂ। ਅਗਲੀ ਕਹੇ ਹਜ਼ੂਰਾ ਸਿੰਘਾ ਨਾਲੇ ਲੈ ਚੱਲ ਤੂੰ, ਅਪਣੀਆਂ ਜੋੜੀਆਂ ਸ਼ਿਰੀ ਰਾਮ ਨੇ ਬਣਾਈਆਂ। ਜਵਾਬ ਜੋਗੀ ਨਾਰਾਂ ਸੇ ਛੱਡੋ ਖਿਆਲ ਜੋ ਮੇਰਾ ਜਾਵੋ ਘਰਾਂ ਨੂੰ ਆਪਣੇ, ਤੁਸਾਂ ਨੇ ਲੈਣਾ ਕੀ ਫਕੀਰਾਂ ਨੂੰ ਸਤਾ ਕੇ। ਰੰਗਪੁਰ ਮੁੰਡੇ ਬਥੇਰੇ ਮੇਤੋਂ ਸੁਹਣੇ ਸੁਹਣੇ ਐ, ਅਸਾਂ ਤਾਂ ਰੂਪ ਆਪਣਾ ਖੋ ਲਿਆ ਕੰਨ ਪੜਵਾ ਕੇ। ਜਤੀ ਸਤੀ ਜਦ ਚੇਲੇ ਹੋ ਗੇ ਗੋਰਖ ਨਾਥ ਦੇ, ਦਿਲੋਂ ਤਿਆਗਿਆ ਹੈ ਅਸੀਂ ਔਰਤ ਨੂੰ ਸਹੁੰ ਖਾ ਕੇ। ਨਾਲ ਫਕੀਰਾਂ ਹੱਸ ਕੇ ਹੋਵੇ ਕੌਣ ਫਕੀਰਨੀ, ਮਾਪਿਆਂ ਸਹੁਰਿਆਂ ਦੀ ਵੱਢ ਲੋਕ ਲਾਜ ਗਵਾ ਕੇ। ਐਵੇਂ ਵਾਧੂ ਹੱਸਣੋਂ ਫਾਇਦਾ ਕੀ ਮਸ਼ਟੰਡੀਓ ਨੀ, ਦਿਲ ਦੀ ਖੁਸ਼ੀ ਨੀ ਹੋਣੀ ਸੰਤਾਂ ਨੂੰ ਸਤਾ ਕੇ। ਏਸ ਰੰਗਪੁਰ ਵਿਚ ਕੀ ਹਨੇਰ ਗਰਦੀ ਮੱਚਗੀ ਐ, ਮਾਪੇ ਕਿਉਂ ਨੀ ਰਖਦੇ ਧੀਆਂ ਨੂੰ ਸਮਝਾ ਕੇ। ਮੰਗਤਿਆਂ ਨਾਲ ਫਕੀਰਾਂ ਠੱਠੇ ਕਰਨ ਉੱਠ ਕੁੜੀਆਂ ਜੇ, ਪੂਰੀ ਕੀ ਪਾਉਣੀ ਹੈ ਏਹਨਾਂ ਸਹੁਰੀਂ ਜਾ ਕੇ। ਬਾਰ੍ਹੀਂ ਖੇੜੀਂ ਰੰਗਪੁਰ ਚੌਧਰ ਕੀਹਦੀ ਲਗਦੀ ਐ, ਸਿਆਲੀਂ ਢੁੱਕਿਆ ਕੌਣ ਸੀ ਇਹ ਦੱਸਜੋ ਮਨ ਲਾ ਕੇ। ਬੂਹਾ ਭਾਗਵਾਨ ਦਾ ਮੱਲ ਸਵਾਈਏ ਗੋਦੜੀ, ਮੰਗਣਾ ਕੰਗਲੇ ਤੋਂ ਕੀ ਦੇਊ ਨਾਮ ਖ਼ੁਦਾ ਕੇ। ਧੋਖੇ ਨਾਲ ਜੋ ਭੇਤ ਲੈ ਰਿਹਾ ਨਾਥ ਜੀ, ਆਪਣਾ ਆਪ ਹਜ਼ੂਰਾ ਸਿੰਘਾ ਕੁੜੀਆਂ ਤੋਂ ਛੁਪਾ ਕੇ। ਜਵਾਬ ਫੂਲਾਂ (ਗੱਜੂ ਦੀ ਧੀ) ਫੂਲਾਂ ਹੱਸ ਮੁਸਕੜੀਏਂ ਮੂਹਰੇ ਬਹਿ ਗਈ ਜੋਗੀ ਦੇ, ਮੈਥੋਂ ਪੁੱਛ ਤੂੰ ਜੋਗੀਆ ਜੋ ਪੁੱਛਣਾ ਦਰਕਾਰ ਵੇ। ਮੈਂ ਧੀ ਗੱਜੂ ਦੀ ਤਾਇਆ ਮੇਰਾ ਅੱਜੂ ਐ, ਚੌਧਰ ਓਸੇ ਬਾਰਾਂ ਪਿੰਡਾਂ ਦਾ ਸਰਦਾਰ ਵੇ। ਸਿਆਲੀਂ ਵਿਆਹ ਕੇ ਲਿਆਇਆ ਓਹੀ ਸੈਦੇ ਪੁੱਤਰ ਨੂੰ, ਜਿਸ ਦਿਨ ਢੁੱਕਿਆ ਦੌਲਤ ਸਿੱਟ ਲਾਈ ਗੁਲਜ਼ਾਰ ਵੇ। ਐਸੀ ਚੰਦਰੀ ਸੈਂਤ ਵਿਆਹ ਬੂਹੇ ਵਿਚ ਵਾੜੀ ਐ, ਓਸੇ ਦਿਨ ਦੀ ਹੀਰ ਮੰਜੇ ਪਈ ਬਿਮਾਰ ਵੇ। ਕਤਿਨੇ ਵੈਦ ਸਿਆਣੇ ਢੋਏ ਫਾਇਦਾ ਹੋਇਆ ਨਾ, ਖਬ੍ਹਰੇ ਰੋਗ ਭੂਤ ਕਿ ਨਜ਼ਰ ਲੱਗੀ ਟਪਕਾਰ ਵੇ। ਤੁਸੀਂ ਹੋ ਸੰਤ ਸਾਈਂ ਦੇ ਪੁੱਤ ਪ੍ਰਭੂ ਦੇ ਲਾਡਲੇ, ਟੁੱਟੀਆਂ ਗੰਢਦੇ ਹੋਂ, ਰੇਖ 'ਚ ਮੇਖ ਮਾਰ ਵੇ। ਮੈਂ ਵੀ ਘਰ ਜਾ ਕੇ ਦੱਸ ਪਾਵਾਂ ਤੇਰੀ ਨਾਥ ਜੀ, ਫਿਰਦਾ ਤੁਰਦਾ ਕਿਵੇਂ ਆਪਣੀ ਨਜ਼ਰ ਤੂੰ ਮਾਰ ਵੇ। ਤੇਰੇ ਹੱਥੋਂ ਜੇ ਦੁੱਖ ਟੁੱਟਜੇ ਮੇਰੀ ਭਾਬੋ ਦਾ, ਸਾਡੇ ਖੇੜਿਆਂ ਵਿਚ ਤਾਂ ਏਹੋ ਬਹੂ ਸ਼ਿੰਗਾਰ ਵੇ। ਦੌਲਤ ਮੂੰਹ ਮੰਗਵੀਂ ਲੈ ਪੱਟ ਦੀ ਸਵਾ ਦਿਆਂ ਗੋਦੜੀ, ਕੁਟੀਆ ਬਾਗ 'ਚ ਪੁਆ ਲੈ ਬੈਠਾ ਲਈਂ ਬਹਾਰ ਵੇ। ਬਾਰਾਂ ਖੇੜੇ ਤੇਰੇ ਚਰਨ ਧੋ ਧੋ ਪੀਣਗੇ, ਫਿਰਕੇ ਲੈਣਾ ਕੀ, ਟਿਕ ਅੱਜੂ ਦੇ ਦਰਬਾਰ ਵੇ। ਅਸੀਂ ਜਾ ਕੇ ਸਾਰਾ ਹਾਲ ਸਣਾਈਏ ਹੀਰ ਨੂੰ, ਤੂੰ ਵੀ ਉੱਠ ਕੇ ਹੋ ਜਾ ਗਜੇ ਚੜ੍ਹਨ ਨੂੰ ਤਿਆਰ ਵੇ। ਜੇ ਰੱਬ ਕਰੇ ਸਬੱਬ ਤਾਂ ਪਲ ਵਿਚ ਬਰਸੇ ਲਾ ਝੜੀਆਂ, ਫੂਲਾਂ ਕਹੇ ਹਜ਼ੂਰਾ ਸਿੰਘ ਨਾ ਪੈਰ ਪਸਾਰ ਵੇ। ਜਵਾਬ ਫੂਲਾਂ ਸਣੇ ਕੁੜੀਆਂ ਹੀਰ ਨਾਲ ਫੂਲਾਂ ਸਣੇ ਕੁੜੀਆਂ ਸਿਫ਼ਤ ਸੁਣਾਉਣ ਜੋਗੀ ਦੀ, ਬਹਿ ਕੇ ਲੱਗੀਆਂ ਹੀਰ ਕੋਲ ਕਰਨ ਵਡਿਆਈਆਂ। ਜੋਗੀ ਦੇਖਿਆ ਭਾਬੋ ਤੇਰੇ ਸਾਡੇ ਹਾਣ ਦਾ, ਅਜੇ ਦਾਹੜੀ ਜੋਗੀ ਦੇ ਮੁੱਛਾਂ ਨੀ ਆਈਆਂ। ਉਹ ਤਾਂ ਜੋਗੀ ਭਾਬੋ ਅੰਬ ਦੀ ਛਾਵੇਂ ਬੈਠਾ ਐ, ਉਹਦੀਆਂ ਜਾਣ ਨਾ ਤਰੀਫਾਂ ਭਾਬੋ ਪਾਈਆਂ। ਸੱਜਰੇ ਕੰਨ ਪਾਟੇ ਦੇਖੇ ਜੋਗੀ ਦੇ ਲਹੂ ਨੀ ਸੁੱਕਿਆ, ਮੁੰਦਰਾਂ ਕੱਲ ਪਰਸੋਂ ਦੀਆਂ ਪਾਈਆਂ। ਪੈਰ 'ਚ ਪਦਮ ਠੋਡੀ ਤਾਰਾ ਮੱਥੇ ਚੰਦਰਮਾ, ਸਿਫਤਾਂ ਸੂਰਤ ਦੀਆਂ ਜਾਣ ਨਾ ਸੁਣਾਈਆਂ। ਕਿਹੜੇ ਦੁੱਖ ਤੋਂ ਜੋਗੀ ਹੋ ਗਿਆ ਮਾਰਿਆ ਠੋਕਰ ਦਾ, ਸ਼ਕਲਾਂ ਸਿਉਨੇ ਜਿਹੀਆਂ ਲਾ ਭਬੂਤ ਗਵਾਈਆਂ। ਨੇਤਰ ਮਿਰਗਾਂ ਵਰਗੇ ਸੋਹਣੇ ਮਸਤ ਦਿਵਾਨੇ ਦੇ, ਰੂਪ ਗ਼ਜ਼ਬ ਦਾ ਸ਼ਕਲਾਂ ਡਾਹਢੇ ਆਪ ਬਣਾਈਆਂ। ਮਾਂ ਸੁਜਾਖੀ ਅੱਖੀਆਂ ਤੋਂ ਕਿਹੜੀ ਬਿਧ ਰਹਿਜੂਗੀ, ਕਿਵੇਂ ਹਿਰਦਿਉਂ ਭੁੱਲਜੂਗਾ ਭੈਣਾਂ ਤੇ ਭਾਈਆਂ। ਪੁੱਤਰ ਅੱਖੀਆਂ ਦੀਆਂ ਹਨ ਪੱਟੀਆਂ ਭਾਬੋ ਮੇਰੀਏ, ਡੁੱਬ ਕੇ ਮਰਜੂ ਬਾਪ ਖੂਹ ਖਾਤੇ ਵਿਚ ਖਾਈਆਂ। ਵਹੁਟੀ ਵੀਰਾਂ ਪਿੱਟੀ ਜਿਉਂਦੀ ਕਿਸ ਬਿਧ ਰਹਿਜੂਗੀ, ਘਰੋਂ ਕੱਢਕੇ ਭਾਬੋ ਨੀ ਏਹੋ ਜਿਹੇ ਸਾਈਆਂ। ਪਿੰਡ ਦਾ ਸ਼ਿੰਗਾਰ ਜੋਗੀ ਹੋ ਗਿਆ ਜਿਨ੍ਹਾਂ ਦਾ ਲਾਡਲਾ, ਕਿਉਂ ਨਾ ਚੇਤੇ ਆਊ ਡੁੱਬ ਮਰੀਆਂ ਭਰਜਾਈਆਂ। ਇਕ ਜੀਅ ਕਰਦਾ ਬਾਹੋਂ ਫੜ ਕੇ ਲਿਆਵਾਂ ਜੋਗੀ ਨੂੰ, ਡੁੱਬੀਆਂ ਸ਼ਰਮਾਂ ਮਾਪਿਆਂ ਵੱਲੋਂ ਨਾ ਜਾਣ ਉਠਾਈਆਂ। ਤੇਰੇ ਮੁੱਖੜੇ ਨਾਲੋਂ ਪੈਰ ਚੰਗੇਰੇ ਜੋਗੀ ਦੇ, ਤੂੰ ਤਾਂ ਕਰਦੀ ਐਂ ਭਾਬੋ ਰੂਪ ਦੀਆਂ ਵਡਿਆਈਆਂ। ਫੂਲਾਂ ਸਿਫ਼ਤਾਂ ਕਰ ਨਾ ਰੱਜੇ, ਸੁਣਾਵੇ ਹੀਰ ਨੂੰ, ਕੁੜੀਆਂ ਸਣੇ ਹਜ਼ੂਰਾ ਸਿੰਘ ਕਰਨ ਵਡਿਆਈਆਂ। ਜਵਾਬ ਸ਼ਾਇਰ ਸੁਣ ਕੇ ਫੂਲਾਂ ਤੋਂ ਸਾਹ ਸੁੱਕਿਆ ਹੀਰ ਸਿਆਲ ਦਾ, ਜੇ ਗੱਲ ਸੱਚ ਸਹਿਤੀਏ ਮੈਂ ਡੁੱਬਗੀ ਬਿਨ ਪਾਣੀ। ਭਰ ਕੇ ਢਾਬਾਂ ਵਰਗੇ ਨੇਤਰ ਬੈਠੀ ਡੋਲ੍ਹਦੀ, ਕਾਂਬਾ ਚੜ੍ਹਿਆ ਸੁਣਕੇ ਹਾਲਤ ਰੂਹ ਕੁਮਲਾਣੀ। ਬਾਰ੍ਹਾਂ ਵਰ੍ਹੇ ਚਰਾਈਆਂ ਮੇਹੀਂ ਖਾਤਰ ਡੁੱਬੜੀ ਦੀ, ਹੁਣ ਪੜਵਾਲੇ ਕੰਨ ਮੈਂ ਮਰੀ ਨਾ ਖਸਮਾਂ ਖਾਣੀਂ। ਮਾਪਿਆਂ ਦੋਜਕ ਜਾਣਿਆਂ ਕਿਸ ਬਿਪਤਾ ਵਿਚ ਸਿੱਟ ਲਈ ਐਂ, ਸੁੱਥਣ ਨਾ ਲਹੇ ਸਹਿਤੀਏ ਛੇਤੀ ਨੀ ਗਲ਼ ਥਾਣੀਂ। ਜੇ ਪਰ ਪਰੀਆਂ ਵਰਗੇ ਮਿਲਣ ਮਿਲਾਂ ਉਡ ਜੋਗੀ ਨੂੰ, ਦੇਖਾਂ ਹਾਲਤ ਕੀ ਕਰ ਬੈਠਾ ਉਮਰ ਨਿਆਣੀ। ਸੂਰਤ ਡੋਬ ਕੇ ਸੁਆਹ ਮਲ ਲਈ ਸੋਹਣੇ ਮੁੱਖੜੇ ਤੇ, ਮੇਤੋਂ ਕੁਸ਼ ਨਾ ਸਰਿਆ ਮਾਹੀ ਨੇ ਸਿਰੇ ਪੁਚਾਣੀ। ਹੁਣ ਤਾਂ ਮਰਨਾ ਆ ਗਿਆ ਮਗਰ ਚਾਕ ਦੇ ਹੀਰ ਨੂੰ ਕਰਕੇ ਮਨ ਭਾਉਂਦੀਆਂ ਤੋਰਾਂ ਜਗਤ ਕਹਾਣੀ। ਜਿੰਦੜੀ ਵਾਰ ਮਜ਼ੂਰੀ ਦੇਵਾਂ ਬਾਰਾਂ ਸਾਲਾਂ ਦੀ, ਏਥੇ ਨਿੱਬੜੇ ਫੇਰ ਅਗੰਤ ਦਿੱਤੀ ਨੀ ਜਾਣੀ। ਰਾਂਝੇ ਵੰਨੀਉਂ ਜੇ ਮੁੱਖ ਉੱਜਲਾ ਰਹਿ ਜਾਏ ਹੀਰ ਦਾ, ਆਸ਼ਕ ਲੋਕ ਪੜ੍ਹਨਗੇ ਹੀਰ ਚਾਕ ਦੀ ਬਾਣੀ। ਮੈਨੂੰ ਮੇਲ ਚਾਕ ਤੂੰ ਮੁਰਾਦ ਪਾਵੇਂ ਸਹਿਤੀਏ, ਡੋਲੀ ਖੇੜਿਆਂ ਦੀ ਮੈਂ ਨਿਜ ਚੜ੍ਹਕੇ ਪਛਤਾਣੀ। ਚੂਰੀ ਹੱਥੀਂ ਖਲਾਉਂਦੀ ਝੱਲ ਵਿਚ ਫਿਰਦੀ ਸੋਚਦੀ, ਅੱਜ ਨੂੰ ਲੱਗਦੇ ਹਜ਼ੂਰਾ ਸਿੰਘਾ ਕਿੰਨ੍ਹੀਂ ਟਿਕਾਣੀ। ਜਵਾਬ ਸਹਿਤੀ ਹੀਰ ਨਾਲ ਸਹਿਤੀ ਦੇਹ ਦਿਲਾਸਾ ਧੀਰ ਬੰਨ੍ਹਾਵੇ ਹੀਰ ਦੀ, ਤੇਰੇ ਆਖੇ ਤੋਂ ਮੈਂ ਕਿਹੜੀ ਗੱਲ ਨੀ ਕਰਦੀ। ਗੱਲਾਂ ਫੱਫੜ ਦਲਾਲਣ ਤੂੰ ਫੂਲਾਂ ਦੀਆਂ ਸੁਣਦੀ ਐਂ, ਕਰੇ ਮਖੌਲ ਨਾ ਜੇ ਭਾਬੋ ਹੋਵੇ ਘਰਦੀ। ਕੁੜੀਆਂ ਨਾਲ ਚਲਿੱਤਰ ਸਿਖਾ ਕੇ ਲਿਆਈ ਤੇਰਾ ਦਿਲ ਟੋਹਣ ਨੂੰ, ਗੱਲਾਂ ਸੁਣਕੇ ਏਹਦੀਆਂ ਤੂੰ ਅੱਖੀਆਂ ਕਿਉਂ ਭਰਦੀ। ਦਿਨ ਤੇ ਰਾਤ ਏਹਦਾ ਏਹੋ ਕੰਮ ਮਖੌਲਣ ਦਾ, ਇਹ ਬਦਕਾਰ ਕੋਈ ਨਾ ਮਾਪਿਆਂ ਕੋਲੋਂ ਡਰਦੀ। ਜੇ ਉਹ ਸੋਹਣਾ ਲਗਦਾ ਆਪ ਕਰ ਲਵੇ ਜੋਗੀ ਨੂੰ ਬਿਨਾਂ ਪਾਣੀਓਂ ਏਹ ਮਰਗਾਈ ਫਿਰੇ ਤਰਦੀ। ਲੱਗੀ ਅੱਗ ਬਿਗਾਨੇ ਘਰ ਨੂੰ ਬਸੰਤਰ ਦਿਸਦੀ ਐ, ਹੋਵੇ ਘਰ ਨੂੰ ਲੱਗੀ ਮਖੌਲ ਕਾਹਨੂੰ ਕਰਦੀ। ਕਰੋਂ ਮਖੌਲ ਦੁਖੀ ਦਿਲ ਦੁਖਾਵੋਂ ਰੰਡੀਓ ਨੀ, ਤੁਸੀਂ ਹੀਰ ਔਰਤ ਸਮਝੀ ਨਾ ਕਿਸੇ ਨਰ ਦੀ। ਲੋੜ ਰਾਂਝੇ ਨੂੰ ਕੀ ਭਾਬੋ ਕੰਨ ਪੜਵਾਉਣ ਦੀ, ਚਿੱਠੀ ਪਾ ਕੇ ਸੱਦ ਦਿਆਂ ਤੂੰ ਰੋ ਰੋ ਕਿਉਂ ਮਰਦੀ। ਜੇਹੜਾ ਜੋਗੀ ਕਹਿੰਦੀਆਂ ਮੰਗਣ ਆਊ ਸਿਆਣਾਂਗੇ, ਰਾਂਝੇ ਲੋੜ ਕੀ ਐ, ਭਿੱਛਿਆ ਮੰਗੇ ਦਰ ਦਰ ਦੀ। ਹੀਆਂ ਰੱਖ ਟਿਕਾਣੇ ਮਿਲਾਦੂੰ ਰਾਂਝੇ ਮਾਹੀ ਨੂੰ, ਭਾਬੋ ਸਹਿਤੀ ਤੋਂ ਹਜ਼ੂਰ ਏਤਨੀ ਸਰਦੀ। ਜਵਾਬ ਹੀਰ ਸਹਿਤੀ ਨਾਲ ਦੇਹ ਦਿਲਬਰੀਆਂ ਜਿਉਂਦੀ ਰੱਖ ਲਿਆ ਹੀਰ ਸਿਆਲ ਨੂੰ, ਕਦੇ ਨਾ ਬਚਦੀ ਸਹਿਤੀਏ ਕਰੀ ਚਾਕ ਤੋਂ ਨਿਆਰੀ। ਇਕ ਦਮ ਤੋੜ ਵਿਛੋੜੀ ਹੋਈ ਲਿਖੀ ਜੋ ਕਰਮਾਂ ਦੀ, ਬਾਰਾਂ ਬਰਸ ਕੱਠੇ ਰਹੇ ਵਿਛੜ ਗਏ ਇਕ ਵਾਰੀ। ਸਮਝ ਚਿਰਾਗ ਚਾਕ ਨੂੰ ਸੜਕੇ ਮਰੂੰ ਪਤੰਗ ਵਾਂਗੂੰ, ਜਿਉਣੋਂ ਜੀਅ ਲਹਿ ਗਿਆ ਇਹ ਦਿਲ ਦੇ ਵਿਚ ਧਾਰੀ। ਚੰਦ ਵੱਲ ਮੂੰਹ ਕਰ ਜਿਵੇਂ ਚਕੋਰ ਨਾ ਅੱਖੀਆਂ ਫੇਰਦਾ, ਤਿਉਂ ਮੈਂ ਚਾਕ ਵਲੋਂ ਨਾ ਮੁੜਸਾਂ ਏਹ ਬਿਮਾਰੀ। ਚਾਤਰਿਕ ਸਵਾਂਤ ਬੂੰਦ ਲਈ ਰਾਤ ਦਿਨੇ ਫਿਰਦਾ ਬਿਲਪਦਾ, ਦਰਸ਼ਣ ਮੈਨੂੰ ਚਾਕ ਦਾ ਸਵਾਂਤ ਬੂੰਦ ਤੋਂ ਭਾਰੀ। ਜਿਉਂਦੀ ਕਦੇ ਨਾ ਮੁਖੜਾ ਮੋੜਾਂ ਰਾਂਝੇ ਮਾਹੀ ਤੋਂ, ਮਰਜੂ ਰਾਂਝਾ ਰਾਂਝਾ ਕੂਕ ਹੀਰ ਹਿਤਆਰੀ। ਜੇ ਕੋਈ ਵੱਸ ਲਗਦਾ ਤਾਂ ਮਿਲਾਦੇ ਨਣਦੇ ਮੇਰੀਏ, ਔਖੇ ਵਕਤ ਸਹਾਇਤਾ ਕਰ ਜੇ ਖਰੀ ਪਿਆਰੀ। ਅਰਜਾਂ ਮੰਨ ਦੁਖੀਆਂ ਦੀਆਂ ਰੱਬ ਦੇ ਵਾਸਤੇ ਸਹਿਤੀਏ, ਲਿਆ ਜੋਗੀ ਭਾਲਕੇ ਨਗਰੀ ਚੇਤ ਦੇ ਸਾਰੀ। ਥੋੜੀ ਹੋਈ ਨਾ ਅੱਗੇ ਨਵੇਂ ਆੜ ਚੜ੍ਹਨ ਸਿਰ ਹੀਰ ਦੇ, ਸਾਲੂ ਪੈਰੀਂ ਧਰਿਆ ਸਹਿਤੀ ਦੇ, ਹੀਰ ਉਤਾਰੀ। ਗਰਜ਼ ਇਸ਼ਕ ਦੀ ਬੁਰੀ ਹਜ਼ੂਰਾ ਸਿੰਘਾ ਮਰ ਜਾਣ ਤੋਂ, ਫੁੱਟ ਕੇ ਠੀਕਰ ਹੋਗੀ, ਠੋਕਰ ਲੱਗ ਗਈ ਕਾਰੀ। ਜਵਾਬ ਹੀਰ ਸਹਿਤੀ ਨਾਲ ਸਾਲੂ ਲਾਹ ਹੀਰ ਜਦ ਪੈਰੀਂ ਧਰਿਆ ਸਹਿਤੀ ਦੇ, ਮੋਹ ਲਈ ਮਿੱਠਿਆਂ ਬਚਨਾਂ ਨਾਲ ਖੜ੍ਹੀ ਕੁਮਲਾਈ। ਖੋਹੇ ਕਾਉਂ ਕੋਇਲ ਕੀ ਦੇਵੇ ਫਰਕ ਹੈ ਬੋਲੀ ਦਾ, ਜ਼ਬਾਂ ਰਸੀਲੀ ਵੈਰੀ ਮਿੱਤਰ ਲਵੇ ਬਣਾਈ। ਭਰ ਕੇ ਅੱਖੀਆਂ ਸਹਿਤੀ ਧੀਰ ਬੰਨ੍ਹਾਵੇ ਹੀਰ ਦੀ, ਭਾਬੋ ਜਾਨ ਮੰਗੇਂ ਤਾਂ ਹਾਜ਼ਰ ਇਹ ਨਰਮਾਈ। ਜੇ ਢਿੱਡ ਪਾੜ ਦਿਖਾਵਾਂ ਰੱਤ ਨਿਕਲੂਗੀ ਪਿਆਰੀਏ, ਸੱਚ ਦੀ ਕਿਹੜੀ ਕੋਠੜੀ ਤੇਤੋਂ ਮੈਂ ਛੁਪਾਈ। ਰਾਂਝਾ ਆਵੇ ਸਹਿਤੀ ਮਿਲਣ ਨਾ ਦੇਵੇ ਹੀਰ ਨੂੰ, ਤਾਂ ਤੂੰ ਆਖ ਭਾਬੀਏ ਕਿਉਂ ਭਰਮਾਂ ਨੇ ਖਾਈ। ਜੇ ਮੈਂ ਪਿੰਡ ਵਿਚ ਉੱਠ ਕੇ ਭਾਲਣ ਵੜਜਾਂ ਜੋਗੀ ਨੂੰ, ਦੇਖਣ ਸੁਣਨ ਵਾਲੀ ਕਹੂ ਕੀ ਲੋਕਾਈ। ਧੀ ਮੈਂ ਅੱਜੂ ਦੀ ਤੇ ਪੋਤੀ ਅਹਿਮਦ ਮਹਿਰ ਦੀ, ਫਿਰਾਂ ਜੇ ਜੋਗੀ ਭਾਲਦੀ ਕਿੱਡੀ ਬੇਹਯਾਈ। ਜੇ ਤੂੰ ਜਾਦੇ ਕੈਲ ਕਰੇਂ ਤਾਂ ਭੇਜਾਂ ਬਾਂਦੀ ਨੂੰ, ਕਤਾ ਵਜਾ ਸਭ ਜਾਵੇ, ਜੋਗੀ ਦੀ ਸਮਝਾਈ। ਆਖੇ ਕੁੜੀਆਂ ਦੇ ਤੂੰ ਐਵੇਂ ਭਾਬੋ ਤੜਫਦੀ, ਜੱਗ ਵਿਚ ਸੁਹਣੀਆਂ ਸ਼ਕਲਾਂ ਦਾ ਘਾਟਾ ਨਾ ਕਾਈ। ਗੋਪੀ ਚੰਦ ਭਰਥਰੀ ਪੂਰਨ ਵਰਗੇ ਸੁਹਣੇ ਨੀ, ਚੇਲੇ ਕਰੇ ਜੋਗੀਆਂ, ਸੁਆਹ ਸਿਰਾਂ ਵਿਚ ਪਾਈ। ਖ਼ਬਰ੍ਹੇ ਕਿਹੜਾ ਸੁਹਣਾ ਮੰਗਦਾ ਫਿਰਦਾ ਭਾਬੀਏ, ਕੁੜੀਆਂ ਤੈਨੂੰ ਕੀ ਪੂਛ ਰਾਂਝੇ ਦੀ ਫੜਾਈ। ਐਧਰ ਸਹਿਤੀ ਹੀਰ ਹਜ਼ੂਰਾ ਸਿੰਘਾ ਕਲਪਦੀਆਂ, ਓਧਰ ਜੋਗੀ ਚੜ੍ਹਦਾ ਭੇਖ ਨੂੰ ਅਲਖ ਜਗਾਈ। ਜਵਾਬ ਕਵੀ ਜਿਸਨੂੰ ਚਾਰ ਚਿੰਬੜ ਗਏ ਖੋਟੀ ਕਿਸਮਤ ਓਸ ਦੀ, ਇਸ਼ਕ ਰੋਗ ਭੂਤ ਤੇ ਅਮਲ ਕਿਸੇ ਪਰਕਾਰੀ। ਹਾਲਤ ਚੌਹਾਂ ਦੀ ਕੁੱਲ ਦੁਨੀਆਂ ਹੈ ਜਾਣਦੀ, ਮੇਰੇ ਕਹਿਣੇ ਲਿਖਣੇ ਤੋਂ ਬਿਨਾਂ ਈ ਨਿਆਰੀ। ਓਧਰ ਰਾਂਝਾ ਰੋਂਦਾ ਐਧਰ ਹੀਰ ਵਿਲਪਦੀ, ਦੋਹਾਂ ਦੇ ਸੀਨੇ ਧਰ ਲਈ ਇਸ਼ਕ ਕਹੀ ਜਹੀ ਆਰੀ। ਉੰਨੀਆਂ ਆਸ਼ਕਾਂ ਨਾਲ ਕੀ ਕੀ ਦਰਜੇ ਬੀਤੇ ਐ, ਵੀਹਵੇਂ ਮਿਰਜ਼ੇ ਸਾਹਿਬਾਂ ਜੋੜੀ ਸਿਰੇ ਉੱਪੜੀ ਨਾ ਵਿਚਾਰੀ। ਖਾਂਦਿਆਂ ਖਾਣ ਨਾ ਪੀਂਦਿਆਂ ਪਾਣੀ ਕਨੌਡੇ ਦੁਨੀਆਂ ਦੇ, ਤਰਸਣ ਮੂੰਹ ਦੇਖਣ ਨੂੰ ਖੋਟੀ ਇਸ਼ਕ ਬਿਮਾਰੀ। ਖਾਂਦੇ ਮਾਸ ਦਿਲਾਂ ਦਾ ਖੂਨ ਜਿਗਰ ਦਾ ਪੀਂਦੇ ਨੇ, ਆਸ਼ਕਾਂ ਦੀ ਏਹੋ ਗਜ਼ਿਾ ਖਾਣ ਕਰ ਪਿਆਰੀ। ਮਸਤੀ ਇਸ਼ਕ ਦਿਆਂ ਨੂੰ ਸਭ ਦੁਨੀਆਂ ਕਮਲੇ ਕਹਿੰਦੀ ਐ, ਜਿਸ ਪਰ ਪੈ ਗਈ ਆਸ਼ਕ ਦੇ ਰੰਗ ਦੀ ਪਿਚਕਾਰੀ। ਫੱਟ ਹੱਥਿਆਰਾਂ ਦੇ ਜਿਰ੍ਹਾ ਰਾਜ਼ੀ ਕਰ ਸਕਦੇ ਐ, ਜ਼ੀਂਮ ਨਾ ਮਿਟਦੇ ਜਿਹੜੇ ਲਗਦੇ ਇਸ਼ਕ ਕਟਾਰੀ। ਇਸ਼ਕ ਸਮੁੰਦਰ ਦੇ ਵਿਚ ਤਾਰੂ ਤਰ ਨੀ ਸਕਦਾ ਹੈ, ਜਿਹੜਾ ਵੜੂ ਹਜ਼ੂਰਾ ਸਿੰਘ ਡੁੱਬੂ ਆਖਰ ਵਾਰੀ। ਜਵਾਬ ਕਵੀ ਰਾਂਝੇ ਦਾ ਗਜ਼ੇ ਨੂੰ ਚੜ੍ਹਨਾ ਹੱਥ ਵਿਚ ਫੜ ਕੇ ਕਾਸਾ ਅਲਖ ਜਗਾਈ ਨਾਥ ਨੇ, ਮੰਗਣ ਚੜ੍ਹਿਆ ਰੰਗਪੁਰ ਗੋਰਖ ਗੁਰੂ ਧਿਆ ਕੇ। ਕੂੰਡਾ ਸੋਟਾ ਤੇ ਮ੍ਰਿਗਾਨੀ ਬਗਲ 'ਚ ਲੈ ਲਈ ਐ, ਬੇਪਛਾਣ ਹੋ ਗਿਆ ਅੰਗ ਭਬੂਤ ਰਮਾ ਕੇ। ਮਨ ਵਿਚ ਹਾੜੇ ਬੂਹਾ ਸੈਦੇ ਦਾ ਨੀ ਜਾਣਦੇ, ਸਦਾ ਉਚੇਰੀ ਕਰੀਏ ਹੀਰ ਨੂੰ ਸੁਣਾ ਕੇ। ਜਿਉਂਦੀ ਮਰੀ ਬੋਲ ਪਛਾਣ ਦਰਸ਼ਣ ਦੇਵੇ ਜੇ, ਮੂਹਰੇ ਪਿੱਟੀਏ ਹਾਲ ਆਪਣਾ ਦਿਖਾ ਕੇ। ਸੁਣੀਏ ਹੀਰ ਦੀਆਂ ਸੁਣਾਈਏ ਮਨ ਦੀਆਂ ਆਪਣੇ, ਜੇ ਦਾਉ ਲੱਗ ਜੇ ਇਕ ਪਲ ਸਾਹਮਣੇ ਅਟਕਾ ਕੇ। ਸਾਰਾ ਹਾਲ ਸੁਣਾਵਾਂ ਜੋਗ ਲਏ ਦੇ ਦੁਖੜੇ ਦਾ, ਨਾਲੇ ਦੱਸ ਦਿਆਂ ਲਿਆਂਦੀ ਗੋਰਖ ਤੋਂ ਬਖਸ਼ਾ ਕੇ। ਫੇਰ ਆਖੇ ਕਰੀਏ ਜਿਉਂ ਤਿਉਂ ਉਸ ਤਦਬੀਰ ਨੂੰ, ਖੋਇਆ ਲਾਲ ਲੱਖਾਂ ਦਾ ਦੇਵੇ ਰੱਬ ਹੱਥ ਲਿਆ ਕੇ। ਸਦਿਕਾਂ ਸਬਰਾਂ ਦਾ ਤਾਂ ਰੱਬ ਹਮਾਇਤੀ ਸੁਣਦੇ ਆਂ, ਸਾਡੇ ਵੱਲ ਨਾ ਝਾਕੂ ਕਦੇ ਨਜ਼ਰ ਉਠਾ ਕੇ। ਹੁਕਮ ਇਲਾਹੀ ਸਿਰ ਪਰ ਧਰਕੇ ਰੰਗਪੁਰ ਚੱਲ ਵੜ ਤੂੰ, ਫਤਹਿ ਪਾਈਏ ਪੰਜਾਂ ਪੀਰਾਂ ਨੂੰ ਮਨਾ ਕੇ। ਨੀਤ ਕਰ ਸਾਫ ਤਾਂ ਰੱਬ ਕਰੂ ਮੁਰਾਦਾਂ ਪੂਰੀਆਂ, ਲੱਭ ਲੈ ਗਲੀ ਗਲੀ ਵਿਚ ਦਰ ਦਰ ਅਲਖ ਜਗਾ ਕੇ। ਜੋ ਕੰਮ ਕਰੇ ਹਜ਼ੂਰਾ ਸਿੰਘ ਹਰੀ ਦੀ ਆਸ ਤੇ, ਖਾਲੀ ਕਦੇ ਨਾ ਮੁੜਦਾ ਆਊ ਫਤਹਿ ਨੂੰ ਪਾ ਕੇ। ਜਵਾਬ ਕਵੀ ਭਿੱਛਿਆ ਮੰਗਣ ਚੜ੍ਹ ਗਿਆ ਰੰਗਪੁਰ ਦੇ ਵਿਚ ਲਾਡਲਾ, ਬੂਹੇ ਹਰ ਇਕ ਅੱਗੇ ਤੁਰਦਾ ਪਲ ਖੜ੍ਹ ਖੜ੍ਹ ਕੇ। ਦਾਣਾ ਟੁਕੜਾ ਚੀਣਾ ਲਵੇ ਨਾ ਸਭ ਨੂੰ ਮੋੜਦਾ, ਆਟਾ ਕਣਕ ਦਾ ਤੇ ਮਖਣੀ ਲੈਂਦਾ ਅੜ ਕੇ। ਸ਼ੋਰ੍ਹਮ ਸ਼ੋਰ੍ਹੇ ਕੱਠੀਆਂ ਹੋਣ ਮੁਟਿਆਰਾਂ ਪਿੰਡ ਦੀਆਂ, ਨਵਾਂ ਤਰੀਕਾ ਬੰਨ੍ਹਿਆ ਰੰਗਪੁਰ ਦੇ ਵਿਚ ਵੜਕੇ। ਦੇਖ ਰੂਪ ਹੰਕਾਰਾ ਪੈ ਗਿਆ ਪਿੰਡ ਵਿਚ ਜੋਗੀ ਦਾ, ਜਾਣੀ ਕ੍ਰਿਸ਼ਨ ਆ ਗਿਆ ਹੈ ਮਥਰਾ ਤੋਂ ਚੜ੍ਹਕੇ। ਆਖਣ ਕੁੜੀਆਂ ਕਿਉਂ ਜੀਅ ਕਰਿਆ ਕੰਨ ਪੜਵਾਉਣ ਨੂੰ, ਹੱਥ ਟੁੱਟ ਜਾਣ ਨਾਥ ਜਿਨ ਛੁਰੀ ਵਗਾਈ ਫੜ ਕੇ। ਝੂੰਗਾ ਪੁੱਟਿਆ ਵੀਰਾਂ ਪਿਟੜੀ ਪਿੱਛੇ ਲੱਗਣੇ ਦਾ, ਭੈਣਾਂ ਭਾਈਆਂ ਮਾਂ ਪਿਉ ਦੇ ਸੀਨੇ ਸੱਲ ਰੜਕੇ। ਸਾਡੇ ਦੇਖ ਦੇਖ ਕੇ ਹੌਲ ਪੈਣ ਵੇ ਜੋਗੀਆ, ਰਾਜ਼ੀਨਾਮੇ ਆ ਗਿਐਂ ਕਿ ਘਰ ਦਿਆਂ ਨਾਲ ਲੜਕੇ। ਜਾਂ ਤੂੰ ਜੋਗੀ ਹੋ ਗਿਐਂ ਮਾਰਿਆ ਕਿਸੇ ਦੀ ਠੋਕਰ ਦਾ, ਜੇ ਹੁਣ ਦੇਖੇ ਮਰਜੇ ਪਚ ਨਦ ਦੇ ਵਿਚ ਹੜ੍ਹ ਕੇ। ਸੂਰਤ ਸੋਨੇ ਵਰਗੀ ਖੋਈ ਭਰਾਵਾਂ ਪਿੱਟੜੀ ਨੇ, ਕਿਕੂੰ ਚੈਨ ਪੈਂਦੀ ਹੋਊ ਨੀ ਨਿਧੜਕੇ। ਬੂਟੀ ਆਪੋ ਆਪਣੀ ਬੋਲਣ ਰਲ ਮਿਲ ਮਸ਼ਟੰਡੀਆਂ, ਸੁਣ ਸੁਣ ਜੋਗੀ ਦਾ ਦਿਲ ਕੋਲੇ ਹੋ ਗਿਆ ਸੜ ਕੇ। ਨੀਵੀਂ ਪਾਈ ਕਿਸੇ ਵੱਲ ਨਾ ਝਾਕੇ ਆਸ਼ਕ ਹੀਰ ਦਾ, ਕੁੜੀਆਂ ਦਿੱਤੇ ਹਜੂaਰਾ ਸਿੰਘ ਬਥੇਰੇ ਭੜਕੇ। ਜਵਾਬ ਜੋਗੀ ਕੁੜੀਆਂ ਨਾਲ ਆਖੇ ਜੋਗੀ ਨਿੰਦੋ ਜੋਗ ਨੂੰ ਨਾ ਚੋਬਰੀਓ, ਜੋਗ ਉੱਤਮ ਵਸਤੂ ਹੈ ਦੁਨੀਆਂ ਵਿਚ ਆ ਕੇ। ਪੁੱਤਰ ਅਮੀਰਾਂ ਦੇ ਆ ਚੇਲੇ ਬਣਦੇ ਗੋਰਖ ਦੇ, ਐਸ਼ ਇਸ਼ਰਤ ਰਾਜ ਰਾਣੀਆਂ ਭੁਲਾ ਕੇ। ਸਿਫਤਾਂ ਜੋਗ ਦੀਆਂ ਜਾ ਸੁਣਲੋ ਮੌਲਵੀ ਕਾਜ਼ੀ ਤੋਂ, ਸਿਆਣੇ ਲੋਕਾਂ ਪੰਡਤਾਂ ਜੋਤਸ਼ੀਆਂ ਤੋਂ ਜਾ ਕੇ। ਗੋਪੀ ਚੰਦ ਭਰਥਰੀ ਚੇਲੇ ਕੀਤੇ ਗੋਰਖ ਨੇ, ਅਮਰ ਕੀਤੇ ਸਤਗਿੁਰ ਆਬੇਹਯਾਤ ਪਿਆ ਕੇ। ਜੋਗੀ ਅਮਰ ਰਹਿਣਗੇ ਦੁਨੀਆਂ ਮਰ ਮਰ ਜਨਮੂੰਗੀ, ਪੁੱਛ ਲੋ ਭ੍ਰਗਿੂ ਸੰਘਤਾ ਜੋਤਸ਼ੀਆਂ ਖੁਲਾ ਕੇ। ਰੂਪ ਚਾਰ ਦਿਹਾੜੇ ਸੋਭਾ ਵਿਚ ਜਹਾਨ ਦੇ, ਵਖਤ ਬੁਢੇਪੇ ਸੋਹਣੇ ਮਰਦੇ ਐ ਪਛਤਾ ਕੇ। ਦੱਸ ਮਸ਼ਟੰਡੀਓ ਰਲ ਕੇ ਨਿੰਦਣ ਆਈਆਂ ਜੋਗ ਨੂੰ, ਤੌੜੀ ਤੌੜੀ ਅੰਨ ਦੀ ਨਾਲ ਲੱਸੀ ਦੇ ਖਾ ਕੇ। ਕੱਢ ਕੇ ਮਣ ਮਣ ਦੇ ਢਿੱਡ ਮੂਹਰੇ ਖੜ੍ਹੀਆਂ ਜੋਗੀ ਦੇ, ਕੈਡ ਕੁ ਪਰੀਆਂ ਜਾਵੋਂ ਨਾਥ ਨੂੰ ਡੁਲ੍ਹਾ ਕੇ। ਮੂਹਰੇ ਧਰ ਕੇ ਸ਼ੀਸ਼ਾ ਦੇਖੋ ਬੂਥੜੀ ਆਪਣੀ, ਤੁਸੀਂ ਜਹੀਆਂ ਕਈ ਚੁੜੇਲਾਂ ਗਈਆਂ ਨਿਸ਼ਾ ਕਰਾ ਕੇ। ਛੱਡੋ ਖਿਆਲ ਮੇਰਾ ਜਾਉ ਘਰਾਂ ਨੂੰ ਆਪਦੇ, ਗੁੱਸੇ ਨਾਲ ਲੈ ਫਹੁੜੀ ਨਾਥ ਪਿਆ ਘਬਰਾ ਕੇ। ਵਿਹਲੀ ਰੰਨ ਹਜ਼ੂਰਾ ਸਿੰਘ ਸਿਆਣੇ ਆਖਦੇ, ਦਰ ਦਰ ਫਿਰਦੀ ਘਰ ਨੂੰ ਆਉਂਦੀ ਕੁੱਤੇ ਭਕਾ ਕੇ। ਜਵਾਬ ਕਵੀ ਕੁੜੀਆਂ ਡਾਂਟ ਕੇ ਹਟਾਈਆਂ ਮਗਰੋਂ ਜੋਗੀ ਨੇ, ਬੂਹੇ ਭੋਗੇ ਜੱਟ ਦੇ ਜਾ ਕੇ ਅਲਖ ਜਗਾਈ। ਉੱਚੀ ਬੋਲ ਕੇ ਅਰੜਾਇਆ ਵਾਂਗੂੰ ਝੋਟੇ ਦੇ, ਧੂ ਧੂ ਕਰਕੇ ਨਾਦ ਵਜਾ ਕੇ ਰੌਲੀ ਪਾਈ। ਬੂਹਾ ਵਸਦਾ ਦੇਖ ਸਦਾ ਕਰੀ ਹੈ ਜੋਗੀ ਨੇ, ਆਟਾ ਕਣਕ ਦਾ ਤੇ ਮਖਣੀ ਜਾਏ ਦਵਾਈ। ਦਸ ਇਹ ਦੁਨੀਆਂ ਸੱਤਰ ਗੁਣਾਂ ਮਿਲੂ ਅਗੰਤ ਨੂੰ, ਜੋ ਕੋਈ ਦਾਨ ਕਰੂਗਾ ਦਿਲੋਂ ਨਾਲ ਸਫਾਈ। ਨਾਲੇ ਘੂਰੇ ਨਾਲੇ ਮੰਗੇ ਤਾੜੇ ਲਾਲੀਆਂ, ਚੇਲਾ ਗੋਰਖ ਦਾ ਮੈਂ ਹੈ ਨੀ ਟੁੱਕੜ ਗਦਾਈ। ਪਾਵੋ ਭਿੱਛਿਆ ਜੇ ਕੁਛ ਖੱਟਣਾ ਏਸ ਜਹਾਨ 'ਚੋਂ, ਵਿਹੜੇ ਵੜਕੇ ਜੋਗੀ ਭੈਰਵੀਂ ਮਚਾਈ। ਅੱਗੇ ਭੋਗਾ ਬੈਠਾ ਚੋਵੇ ਫੱਟੜ ਗਊ ਨੂੰ, ਤੋੜ ਨਿਆਣਾ ਦੁੱਧ ਡੁਲ੍ਹਾ ਡੋਹਣੀ ਭੰਨਾਈ। ਕਟਕਾਂ ਲਈ ਨਾਥ ਤੋਂ ਡਰਦੀ ਚੜ੍ਹ ਗਈ ਛੱਤਣਾਂ ਨੂੰ, ਅੰਦਰੋਂ ਬੂ ਬੂ ਕਰਦੀ ਰੰਨ ਭੋਗੇ ਦੀ ਆਈ। ਕੱਢਦੀ ਗਾਲਾਂ ਖੋਟੇ ਬਚਨ ਬੋਲਦੀ ਜੋਗੀ ਨੂੰ, ਧੱਕੇ ਮਾਰੇ ਚੱਬੇ ਦੰਦ ਦੇਹ ਦੁਹਾਈ। ਫੜ ਕੇ ਗੁੱਤੋਂ ਜੱਟੀ ਮਾਰੀ ਨਾਲ ਜ਼ਮੀਨ ਦੇ, ਪੰਜ ਸੱਤ ਜੜੀਆਂ ਫਹੁੜੀਆਂ ਨਾਥ ਖੂਬ ਖੜਕਾਈ। ਹੇਠਾਂ ਸਿੱਟਕੇ ਲੱਤੀਂ ਗੋਗੜ ਛੜੀਂ ਸੰਵਾਰ ਕੇ, ਗਾਹਾਂ ਨੂੰ ਨਾਥ ਪਤੰਦਰ ਕਾਂਢਣੋਂ ਗਾਲ ਹਟਾਈ। ਇਕ ਨੂੰ ਘੜੇ ਹਜ਼ੂਰਾ ਸਿੰਘ ਹੋਣ ਕੰਨ ਸਭਨਾਂ ਨੂੰ, ਤੀਵੀਂ ਕੁੜੀ ਨਾਥ ਸਭ ਖੇੜਿਆਂ ਦੀ ਸਮਝਾਈ। ਜਵਾਬ ਕਵੀ ਕੁੱਟ ਕੇ ਜੱਟੀ ਜੋਗੀ ਗਲੀਏਂ ਵੜ ਗਿਆ ਪਿੰਡ ਦੀਏਂ, ਮਗਰੋਂ ਭੋਗਾ ਮਾਰਨ ਦੌੜਿਆ ਫਹੁੜਾ ਫੜਕੇ। ਚੋਬਰ ਬੈਠੇ ਅੱਗੇ ਤਕੀਏ ਕਾਰਨ ਦੇਖ ਰਹੇ, ਭੋਗੇ ਜਾ ਦੁਹਾਈ ਦੇ ਲਈ ਮੂਹਰੇ ਖੜ੍ਹ ਕੇ। ਮੇਰੀ ਕੁੱਟ ਸਵਾਣੀ ਜੋਗੀ ਵੜ ਗਿਆ ਪਿੰਡ ਵਿਚ ਨੂੰ, ਭਾਲਕੇ ਫੜਲੋ ਉੱਠ ਕੇ ਗਲੀ ਗਲੀ ਵਿਚ ਵੜਕੇ। ਚੋਬਰ ਆਖਣ ਤੇਰੀ ਔਰਤ ਖੋਟੀ ਮੂਰਖਾ, ਜਿਨ ਕੁੱਟ ਖਾਧੀ ਹੈ ਸੀ ਨਾਲ ਜੋਗੀ ਦੇ ਲੜਕੇ। ਚੇਲਾ ਗੋਰਖ ਦਾ ਤੂੰ ਮਾਰਨ ਚੱਲਿਐਂ ਜੇਹੜੇ ਨੂੰ, ਪਿੰਡ ਨੂੰ ਪੱਟ ਦੇਣਗੇ ਭੇਖ ਜੇ ਆ ਗਿਆ ਚੜ੍ਹ ਕੇ। ਕੁਛ ਨੀ ਬੋਲਿਆ ਅਸਾਂ ਬੈਠੇ ਦੇਖਿਆ ਸਾਹਮਣੇ, ਗਾਲਾਂ ਕੱਢਦੀ ਆਈ ਧੱਕੇ ਮਾਰਦੀ ਅੜਕੇ। ਜੇ ਦੁੱਧ ਡੁੱਲ੍ਹ ਗਿਆ ਤੇਰੇ ਭਾਂਡੇ ਪੈਜੂ ਸ਼ਾਮ ਨੂੰ, ਥੋੜੇ ਜਿਹੇ ਨੁਕਸਾਨੋਂ ਕਿਉਂ ਐਡੇ ਹੋ ਭੜਕੇ। ਫਹੁੜਾ ਮਾਰੇ ਤੇ ਜੇ ਜੋਗੀ ਮਰ ਗਿਆ ਮੂਰਖਾ, ਦੋ ਸੇਰ ਦੁੱਧ ਲਈ ਮਰਦੈਂ ਡੰਡਾ ਬੇੜੀ ਜੜਕੇ। ਜਿਨਾਂ ਨੇ ਸਾਧ ਦੁਖਾਏ ਖਾਲੀ ਗਏ ਜਹਾਨ 'ਚੋਂ, ਅੱਗੇ ਵਲਿਕਣਗੇ ਵਿਚ ਭਾਅ ਦੋਜਕ ਦੀ ਸੜਕੇ। ਰੱਤ ਪਛਾ ਰਿਖੀਆਂ ਦੀ ਕੀ ਸੁਖ ਪਾਇਆ ਰੌਣ ਨੇ, ਠੱਠਾ ਕਰ ਦਰਵਾਸਾ ਹੋਰੀਂ ਗਏ ਨੇ ਹੜ੍ਹਕੇ। ਪੱਟੇ ਬੂਹੇ ਸੰਤਾਂ ਦੇ ਵਸਦੇ ਨਾ ਮੂਰਖਾ, ਤੂੰ ਹੁਣ ਹੱਥੀਂ ਮਰਦੈਂ ਫਹੁੜਾ ਮਾਰਨ ਧੜਕੇ। ਹੋਸ਼ ਟਿਕਾਣੇ ਕਰ ਜੇ ਖ਼ੈਰ ਭਾਲਦੈਂ ਜਾਨ ਦੀ, ਚੋਬਰ ਭੋਗੇ ਨੂੰ ਹਜ਼ੂਰ ਕਹਿਣ ਘੜ ਮੜ੍ਹ ਕੇ। ਜਵਾਬ ਜੋਗੀ ਦਸ ਘਰ ਛੱਡ ਕੇ ਜਾ ਕੇ ਅਲਖ ਜਗਾਈ ਜੋਗੀ ਨੇ, ਅੱਗੇ ਤ੍ਰਿੰਝਣ ਲਾਈਂ ਕੱਤ ਰਹੀਆਂ ਮੁਟਿਆਰਾਂ। ਵਿਚੇ ਨਣਦ ਹੀਰ ਦੀ ਸਹਿਤੀ ਬੈਠੀ ਕਤਦੀ ਐ, ਨਾਲੇ ਹੀਰ ਦੀਆਂ ਹੋ ਰਹੀਆਂ ਸੀ ਵਿਚਾਰਾਂ। ਜਦੋਂ ਨਾਮ ਹੀਰ ਦਾ ਲੈਣ ਸੁਣਿਆ ਜੋਗੀ ਨੇ, ਲੱਗਜੂ ਪਤਾ ਤ੍ਰਿੰਝਣੋਂ ਗੱਲਾਂ ਕਰਨ ਜੋ ਨਾਰਾਂ। ਹੱਟੀ ਭੱਟੀ ਕਾਰਖਾਨਿਉਂ ਗੱਲਾਂ ਲੱਭਦੀਆਂ, ਚੌਥਾ ਤ੍ਰਿੰਝਣ ਜਿੱਥੇ ਕੱਤਣ ਲਾਇ ਭੰਡਾਰਾ। ਐਥੇ ਸਾਰਾ ਪਤਾ ਲੱਗਜੂ ਹੀਰ ਸਿਆਲ ਦਾ, ਕਰੀਏ ਓਵੇਂ ਜਿਵੇਂ ਰਾਸ ਆਉਣ ਸਭ ਕਾਰਾਂ। ਅਟਕਣ ਵਾਲਾ ਐਥੇ ਕੋਈ ਮਕਰ ਫਲਾਰੀਏ, ਸਣੇ ਪੰਜਾਂ ਪੀਰਾਂ ਗੋਰਖ ਗੁਰੂ ਚਿਤਾਰਾਂ। ਐਥੇ ਰਮਲੇ ਤੇ ਨਜੂਮੀ ਬਣੀਏ ਬੈਠ ਕੇ, ਪਤਾ ਕੱਢੀਏ ਸਭਨਾਂ ਛੱਲ ਲਈਏ ਬਦਕਾਰਾਂ। ਬੋਲੇ ਝੂਠ ਬਿਨਾਂ ਨਾ ਕਿੱਤਾ ਕੋਈ ਤੁਰਦਾ ਹੈ, ਹੋਏ ਮੁਕੱਦਮਾ ਵੀ ਨਾ ਝੂਠ ਬਿਨਾਂ ਸਰਕਾਰਾਂ। ਅਕਲਾਂ ਵਾਲੇ ਅਕਲਾਂ ਨਾਲ ਠੱਗਣ ਜਹਾਨ ਨੂੰ, ਜੋਗੀ ਮਿੱਥਿਆ ਮੈਂ ਵੀ ਠੱਗਣਾਂ ਮਕਰ ਫੁਲਾਰਾਂ। ਸਭ ਦੇ ਦਿਲ ਵਿਚ ਹੌਲ ਪਾ ਦਿਆਂ ਝੂਠ ਜੋ ਬੋਲ ਕੇ, ਚਾਰ ਸੌ ਚਾਰ ਚਲਿੱਤਰ, ਚੌਹੀਂ ਚਲਤਿਰੀਂ ਚਾਰਾਂ। ਜੇ ਕੰਮ ਬਣੂ ਹਜੂaਰਾ ਸਿੰਘਾ ਆਸ਼ਕ ਲੋਕਾਂ ਦਾ, ਪੀਰ ਫਕੀਰ ਐਥੇ ਸਾਰੇ ਹੀ ਲਲਕਾਰਾਂ। ਜਵਾਬ ਕਵੀ ਅਲਖ ਜਗਾ ਕੇ ਜਦੋਂ ਮੁੱਖ ਦਿਖਲਾਇਆ ਜੋਗੀ ਨੇ, ਚਰਖੇ ਛੱਡ ਕੇ ਕੁੜੀਆਂ ਹੋਇ ਉਦਾਲੇ ਖੜੀਆਂ। ਉੱਠ ਕੇ ਨਾਲ ਸ਼ੌਂਕ ਦੇ ਪੀਹੜੀ ਡਾਹੀ ਸਹਿਤੀ ਨੇ, ਦੋ ਉੱਠ ਕੁੜੀਆਂ ਘਰਾਂ ਨੂੰ ਦੁੱਧ ਲੈਣ ਨੂੰ ਵੜੀਆਂ। ਵਾਂਗ ਜਵਾਈਆਂ ਖ਼ਾਤਰ ਹੋਵੇ ਵਿਚ ਭੰਡਾਰਾਂ ਦੇ, ਸੋਹਣੇ ਰੂਪ ਨਾਥ ਦੇ ਸਭ ਸਿਰ ਘੱਤੀਆਂ ਹੁਸਨ ਦੀਆਂ ਝੜੀਆਂ। ਪੀ ਕੇ ਦੁੱਧ ਨਾਥ ਜੀ ਪੁਸਤਕ ਖੋਲ ਨਜੂਮ ਦਾ, ਕਿਸੇ ਨੂੰ ਕੁਛ ਕਹੇ ਕਿਸੇ ਨੂੰ ਕੁਛ ਲਾਵੇ ਮਨ ਘੜੀਆਂ। ਫੜ ਹੱਥ ਦੇਖ ਦੇਖ ਕੇ ਪਤੇ ਲਗਾਉਂਦਾ ਜਨਮਾਂ ਦੇ, ਸਭ ਸੱਚ ਮੰਨ ਕੇ ਉੱਠੀਆਂ ਦਸੇ ਘਰਾਂ ਦੀਆਂ ਕੁੜੀਆਂ। ਜੋ ਗੱਲ ਮੂੰਹੋਂ ਨਿਕਲੇ ਪੂਰੇ ਬਾਵਨ ਤੋਲੇa ਦੀ, ਜੋਗੀ ਭਰ ਭਰ ਸਿੱਟਦਾ ਹੈ ਅਜ਼ਮਤ ਦੀਆਂ ਧੜੀਆਂ। ਸੁਣਕੇ ਸਭੇ ਹੈਰਾਨ ਹੋਈਆਂ ਇਹ ਰੱਬ ਨਾਲ ਦਾ, ਛੱਡ ਕੇ ਕੱਤਣ ਤੁੰਮਣ ਚਰਨੀਂ ਆਣ ਪੜੀਆਂ। ਸਹਿਤੀ ਦੂਰ ਖੜੀ ਹੈਰਾਨ ਹੋਈ ਦੇਖਦੀ, ਪੁੱਛਿਆ ਲੈਣ ਦੀਆਂ ਦਲੀਲਾਂ ਦਿਲ ਵਿਚ ਚੜ੍ਹੀਆਂ। ਦਿਲੋਂ ਆਖੇ ਸੱਦ ਕੇ ਘਰ ਨੂੰ ਲੈਜਾਂ ਜੋਗੀ ਨੂੰ, ਉੱਪਰੋਂ ਦੇਵੇ ਹਜ਼ੂਰਾ ਸਿੰਘ ਕੁੜੀਆਂ ਨੂੰ ਤੜੀਆਂ। ਜਵਾਬ ਸਹਿਤੀ ਜੋਗੀ ਸੇ ਸਹਿਤੀ ਹੱਸ ਮੁਸਕੜੀਏਂ ਮੂਹਰੇ ਬਹਿਗੀ ਜੋਗੀ ਦੇ, ਸਾਰ ਪੁੱਛਿਆ ਦੀ ਕੀ ਜਾਣਦੈਂ ਅਣਜਾਣਾ। ਮੈਨੂੰ ਲਿਖੀ ਪੜ੍ਹੀ ਨੂੰ ਲਾ ਪਤੇ ਸੱਚ ਦੇਖੀਏ, ਪੰਡਤ ਕੈਡਕ ਲਿਖਿਆ ਪੜ੍ਹਿਆ ਤੂੰ ਸਿਆਣਾ। ਛੋਟੀ ਉਮਰ 'ਚ ਕਿੱਥੋਂ ਪੜ੍ਹ ਗਿਆ ਭ੍ਰਿਗੂ ਸੰਘਤਾ ਵੇ, ਐਡਾ ਇਲਮਦਾਰ ਕਿਉਂ ਛੱਡੀਂ ਫਿਰੇਂ ਘਰਾਣਾ। ਵਿਚ ਤਾਂ ਗਲੀਆਂ ਦੇ ਤੂੰ ਦਰ ਦਰ ਕੁੱਤੇ ਭਕਾਉਨੈਂ ਵੇ, ਜੇ ਕਰਾਮਾਤ ਹੈ ਵਿੱਚ ਕਰ ਕੇ ਬੈਠ ਟਿਕਾਣਾ। ਮੇਰੀ ਮੁੱਠੀ ਦੇ ਵਿੱਚ ਦਸਦੇ ਕੀ ਆ ਮਕਰੀਆ, ਕੀ ਮੈਂ ਖਾ ਕੇ ਆਈ ਕੀ ਘਰ ਜਾ ਕੇ ਖਾਣਾ। ਮਾਂ ਪਿਉ ਭਾਈ ਮੇਰੇ ਦਾ ਨਾਮ ਕੀ ਐ ਜੋਗੀਆ, ਮੰਗੇ ਵਿਆਹੇ ਹਾਂ ਕਿ ਕੁਆਰੇ ਕਰੀਂ ਪਛਾਣਾਂ। ਜੇ ਤੂੰ ਦੱਸ ਗਿਆ ਤਾਂ ਗੁੱਤ ਮੁੰਨ ਲਈਂ ਮੇਰੀ ਸਹਿਤੀ ਦੀ, ਨਹੀਂ ਮੈਂ ਮੁੰਦਰਾਂ ਲਾਹ ਲਊਂ ਪਹਿਨ ਜੱਟਾਂ ਦਾ ਬਾਣਾ। ਕਾਮਾ ਰੱਖ ਲੂੰ ਜੇ ਤੂੰ ਦੱਸ ਨਾ ਸਕਿਆ ਜੋਗੀਆ, ਬੋਲ ਜ਼ੁਬਾਨੋਂ ਕਹਿ ਵੇ, ਹੁਣ ਕਿਉਂ ਮੂੰਹ ਕੁਮਲਾਣਾ। ਅੱਜ ਤੱਕ ਮਾਈਆਂ ਮਿਲੀਆਂ ਬਾਬੂ ਕੋਈ ਨਾ ਮਿਲਿਆ ਵੇ, ਕਰਕੇ ਸੱਚ ਦਿਖਾ ਦਿਆਂ ਦੁਨੀਆਂ ਦਾ ਕਹਾਣਾ। ਤੈਂ ਜਹੇ ਨਾਉਂ ਬੂਝਣੇਂ ਠੱਗਦੇ ਫਿਰਨ ਜਹਾਨ ਨੂੰ, ਅੱਜ ਤੈਂ ਰੰਗਪੁਰ ਵਿਚੋਂ ਜ਼ਰੂਰ ਸੁੱਕਾ ਨੀ ਜਾਣਾ। ਜਵਾਬ ਜੋਗੀ ਬਹਿਜਾ ਨਾਲ ਸ਼ਾਂਤੀ ਪੁੱਛਿਆ ਲੈ ਮਨ ਭਾਉਂਦੀ ਨੀ, ਬੋਲੀਏ ਸੰਤਾਂ ਨਾਲ ਨਾ ਸਹਿਤੀਏ ਘਬਰਾ ਕੇ। ਜੋਗੀ ਪੁਸਤਕ ਖੋਲ੍ਹ ਹੱਥ ਧਰਾਇਆ ਸਹਿਤੀ ਦਾ, ਪੰਜੇ ਪੀਰ ਗੁਰੂ ਗੋਰਖ ਨਾਥ ਧਿਆ ਕੇ। ਔਖੇ ਵੇਲੇ ਬਹੁੜੋ ਲੱਜਿਆ ਰੱਖ ਲੋ ਭੇਖ ਦੀ, ਦੇਰ ਸੀ ਯਾਦ ਕਰਨ ਦੀ ਪਾਸ ਖਲੌਤੇ ਆ ਕੇ। ਪੁੱਛਿਆ ਦੇਣ ਬੈਠੇ ਜੋਗੀ ਦੀ ਜ਼ਬਾਨ ਤੇ, ਸੁਣਦੀ ਜਾਹ ਸਹਿਤੀਏ ਬਾਤਾਂ ਕੰਨ ਲਗਾ ਕੇ। ਨਾਲ ਦਹੀਂ ਦੇ ਅੰਨ ਖਾ ਕੇ ਕੱਤਣ ਬਹਿ ਗਈ ਐਂ, ਫੁਲਕਾ ਗੋਸ਼ਤ ਦੇ ਨਾਲ ਖਾਮੇਂਗੀ ਘਰ ਜਾ ਕੇ। ਛੱਲਾ ਚਾਂਦੀ ਦਾ ਲਾਹ ਚੀਚੀਉਂ ਮੁੱਠੀ 'ਚ ਲੈ ਲਿਆ ਨੀ, ਮੈਨੂੰ ਝੂਠਾ ਕਰ ਸਿੱਟ ਕੁੜੀਆਂ ਸੋਹੇਂ ਦਿਖਾ ਕੇ। ਸੈਦਾ ਸਹਿਤੀ ਤੁਸੀਂ ਦੋ ਪੁੱਤਰ ਧੀਆਂ ਅੱਜੂ ਦੇ, ਮਹਿਰੀ ਸਰਫਾਂ ਪੇਟੋਂ ਜਨਮੇ ਹੁਕਮ ਖੁਦਾ ਕੇ। ਤੂੰ ਐਂ ਕੁਆਰੀ ਕਾਰਿਆਂ ਹੱਥੀ ਮਸ਼ੂਕ ਮੁਰਾਦ ਦੀ, ਸੈਦਾ ਹੀਰ ਲਿਆਇਆ ਸਿਆਲਾਂ 'ਚੋਂ ਨਿਕਾਹ ਕੇ। ਰੱਖੀ ਰਮੇਲ ਬਾਂਦੀ ਟਹਲਿ ਕਰਨ ਨੂੰ ਹੀਰ ਦੀ, ਪੁੱਛਲੈ ਹੋਰ ਯਕੀਨੋਂ, ਜੋ ਪੁੱਛਣਾਂ ਦਿਲੋਂ ਲਗਾ ਕੇ। ਜੋਗੀ ਅਗੰਮ ਵਾਚਦੈ ਦੰਦ ਜੁੜੇ ਸੁਣ ਸਹਿਤੀ ਦੇ, ਕੁੜੀਆਂ ਖਿੜ ਖਿੜ ਹੱਸੀਆਂ ਤਾੜੀਆਂ ਵਜਾ ਕੇ। ਜਿਸਨੂੰ ਨਾਉਂ ਬੂਝਣਾ ਤੂੰ ਕਹੇਂ ਚੇਲਾ ਗੋਰਖ ਦਾ, ਜਿਸਨੇ ਕੌਰੂ ਜਿੱਤਿਆ ਆਏ ਪਨਾਹ ਮਨਾ ਕੇ। ਹੱਸ ਕੇ ਮੁਸਕੜੀਏਂ ਕੀ ਮੂਹਰੇ ਬਣ ਬਣ ਬਹਿਨੀਂ ਐਂ, ਕੈਡਕ ਰੂਪਬੰਦ ਬਈ ਉਠੇਂਗੀ ਭਰਮਾ ਕੇ। ਸਿਰ ਕਰ ਨੀਵਾਂ ਗੁਤਨੀ ਮੁੰਨ ਲਾਂ ਮੁੰਦਰਾਂ ਲਾਹੁੰਦੀ ਦੀ, ਕਮਲੀ ਕਰ ਦਿਆਂ ਮੰਤਰ ਪੜ੍ਹ ਜਾਦੂ ਸਿਰ ਪਾ ਕੇ। ਅੜਨੋਂ ਲੜਨੋਂ ਹਜ਼ੂਰਾ ਸਿੰਘ ਕਦੇ ਨਾ ਟਲਦੇ ਨੇ, ਜਿਸ ਦੇ ਮਗਰ ਪੈਜੀਏ ਜੋਗੀ ਕੁਫ਼ਰ ਮਚਾ ਕੇ। ਜਵਾਬ ਸਹਿਤੀ ਅਸੀਂ ਟੂਣੇ ਕਾਮਣ ਜਾਦੂ ਪੀਤੇ ਘੋਲ਼ਕੇ, ਸਾਡੇ ਮਗਰ ਫਿਰਦੇ ਜਾਦੂ ਮੰਤਰਾਂ ਵਾਲੇ। ਕਮਲੇ ਕਰ ਕਰ ਛੱਡੇ ਖੋਲੇ ਏਸ ਜਹਾਨ 'ਚੋਂ, ਸਿਰ ਸੁਆਹ ਪਾਈਂ ਫਿਰਦੇ ਦੇਖ ਰੰਨਾਂ ਦੇ ਚਾਲੇ। ਸੀਟੀ ਗੁੰਮ ਕਰੀ ਨਾਰਾਂ ਨੇ ਵੱਡਿਆਂ ਵੱਡਿਆਂ ਦੀ, ਤੇਰੇ ਵਰਗੇ ਮਿਲਦੇ ਨਾ ਉਹਨਾਂ 'ਚੋਂ ਭਾਲੇ। ਰਿਖੀ ਮੁਨੀ ਤਪੱਸਵੀ ਸਿੰਗੀ ਰਿਖੀ ਜਹੇ ਮੋਹ ਲਏ ਐ, ਅਠਾਸੀ ਹਜ਼ਾਰ ਬਰਸ ਤਪ ਕਰਕੇ ਜਿਨਾਂ ਨੇ ਗਾਲੇ। ਬਰਮ੍ਹਾ ਵਿਸ਼ਨੂੰ ਸ਼ਿਵਜੀ ਘਰ ਊਖਾਂ ਦੇ ਡੁਲ ਗਏ ਐ, ਕਰ ਸ਼ਰਮਿੰਦੇ ਘਰੋਂ ਜਾਂ ਔਰਤਾਂ ਉਠਾਲੇ। ਦੇਹੀ ਸੋਨੇ ਵਰਗੀ ਮੂੰਹ ਲਗਾਇਆ ਬਾਂਦਰ ਦਾ, ਰਾਜੇ ਧਰਮ ਪੁੱਤਰੀਂ ਨਾਰਦ ਜਹੇ ਨਸਾਲੇ। ਤੇਰਾ ਦਾਦਾ ਗੁਰੂ ਮਛੰਦਰ ਕੌਰੂ ਝਿਉਰੀ ਨੇ, ਭੱਠੀ ਝੋਕਾਈ ਸੁਣਿਆ ਝੋਕਾ ਲਾਉਣ ਬਹਾਲੇ। ਸੂਰਜ ਮੂੰਹ ਛਪਾਉਣੋਂ ਬੰਦ ਕਰਿਆ ਰਿਖੀ ਦੀ ਔਰਤ ਨੇ, ਆਖੇ ਬਿਨਾਂ ਨਾ ਚੜ੍ਹਿਆ ਕੌਲ ਜ਼ਬਾਨ ਦੇ ਪਾਲੇ। ਤੇਰਾ ਗੁਰੂ ਆਪ ਨਾ ਪੱਕੀਆਂ ਮੁੰਦਰਾਂ ਪਾਉਂਦਾ ਵੇ, ਕਰਦਾ ਰੂਪਾਂ ਕਿਉਂ ਜੁਗਿਆਣੀ ਦੇ ਹਵਾਲੇ। ਡਰਦਾ ਭਾਦੋਂ ਦਾ ਤੂੰ ਜੋਗੀ ਜੱਟਾ ਹੋ ਗਿਆ ਵੇ, ਭਰ ਨੀ ਸਕਿਆ ਤੂੰ ਸਰਕਾਰ ਵਾਲੇ ਹਾਲੇ। ਤੂੰ ਕਹਿ ਕਿਹੜਿਆਂ ਵਿਚੋਂ ਬਣਦਾ ਫਿਰਦੈਂ ਜੋਗੀਆ, ਕੰਨ ਫੜ ਤੋਬਾ ਕਹਿਜਾ ਮੰਗੋ ਖਾਉ ਸੁਖਾਲੇ। ਸਹਿਤੀ ਕਰੀ ਹਜ਼ੂਰਾ ਸਿੰਘ ਇਉਂ ਨਿਸ਼ਾ ਫਕੀਰ ਦੀ, ਬਿਨਾ ਮੰਤਰ ਤੇ ਹੱਥ ਨਾ ਪਾਈਂ ਏਹ ਨਾਗ ਨੇ ਕਾਲੇ। ਜਵਾਬ ਜੋਗੀ ਗਰਕੀਂ ਸਹਿਤੀਏ ਨਿੰਦਿਆ ਕਰਦੀ ਸਤ ਪੁਰਸ਼ਾਂ ਦੀ, ਖ਼ਬਰੇ ਕਿਹੜੀ ਗੱਲ ਨੀ ਤੈਂ ਦਿਲ ਦੇ ਵਿਚ ਤੱਕੀ। ਰੱਬ ਭੁਲਾਇਆ ਦੋਜ਼ਕ ਹਾਵੇ ਦੇ ਵਿਚ ਸੜੇਂਗੀ, ਡਰ ਭਉ ਚੱਕਿਆ ਕਰੀ ਕਿਸ ਮੁਰਸ਼ਦ ਨੇ ਪੱਕੀ। ਬਰਮ੍ਹਾ ਵਿਸ਼ਨੂੰ ਸਿੰਗੀ ਰਿਖੀ ਜਹਿਆਂ ਨੂੰ ਨਿੰਦਦੀ ਐਂ, ਐਸ ਦੋਸ਼ ਤੇ ਜਹਾਨੋਂ ਫਿਰੇਂ ਧੱਕੀ। ਨਿੰਦਿਆ ਕਰਦੀ ਨਾਰਦ ਮੁਨ ਸੂਰਜ ਭਗਵਾਨ ਦੀ, ਤੋਲ ਤੁਫ਼ਾਨ ਪਾਣੀ ਛਡਦੀ ਐਂ ਸੌ ਨੱਕੀਂ। ਕਦੋਂ ਛੁਡਾ ਕੇ ਲਿਆਈ ਮਛੰਦਰ ਨੂੰ ਤੂੰ ਕੌਰੂ 'ਚੋਂ, ਬਕਦੀ ਮੂੰਹ ਆਈਆਂ ਕਿਉਂ ਐਡ ਬਸ਼ਰਮ ਵਸ਼ੱਕੀ। ਢਾਕਾ ਅਤੇ ਬੰਗਾਲਾ ਕੌਰੂ ਥਰ ਥਰ ਕੰਬਦੇ ਐ, ਅੱਜ ਦਿਨ ਸਤਗਿੁਰ ਗੋਰਖ ਦੀ ਚਲਦੀ ਐ ਹੱਕੀ। ਭਸਮ ਬਣਾ ਦਿਆਂ ਮਾਰਾਂ ਚੁਟਕੀ ਹੁਣੇ ਭਬੂਤ ਦੀ, ਜਹੀ ਕੁ ਤੂਹਮਤ ਲਾਵੇਂ ਭਗਤਾਂ ਨੂੰ ਨਹੱਕੀ। ਵੇਹਲੀ ਰੰਨ ਫਿਰ ਗੱਲਾਂ ਸਿੱਖਦੀ ਉੱਧਲ ਜਾਣ ਦੀਆਂ, ਜੋਗੀ ਕਹੇ ਸਹਿਤੀਏ ਤੈਂ ਜੇਹੀ ਬਦਰੱਕੀ। ਫਿਰਕੇ ਗੱਲਾਂ ਸਹਿਤੀਏ ਤਾਹੀਂ ਸਿੱਖਗੀ ਏਤਨੀਆਂ, ਮਾਪਿਆਂ ਮੂਰਖਾਂ ਜੇ ਨਾ ਫਿਰਨੋਂ ਤੂੰ ਡੱਕੀ। ਫੰਘ ਤੁੜਾਵੇਂ ਹੁਣੇ ਤੂੰ ਹੱਥੋਂ ਮਰੇਂ ਜੋਗੀ ਦੇ, ਬਾਜਾਂ ਨਾਲ ਬੁਟੇਰੀ ਖਹੇ ਰੰਨ ਉਚੱਕੀ। ਖਾਤਰ ਕਰੀ ਹਜ਼ੂਰਾ ਸਿੰਘ ਨਾਥ ਇਉਂ ਸਹਿਤੀ ਦੀ, ਫਿਰੇ ਗਲ ਪੈਂਦੀ ਖਿਝ ਸੁਣਕੇ ਐਹੀ ਜਹੀ ਅੱਕੀ। ਜਵਾਬ ਸਹਿਤੀ ਸਿਰ ਮੁੰਨਵਾ ਕੇ ਕੰਨ ਪੜਵਾਕੇ ਮੁੰਦਰਾਂ ਪਹਿਨ ਕੇ, ਜਦਿੇਂ ਸਹਿਤੀ ਨਾਲ ਤੂੰ ਸੁਆਹ ਚਿੱਤੜਾਂ ਨੂੰ ਮਲ ਕੇ। ਤੂੰ ਵੀ ਜੋਗੀ ਹੋਇਐਂ ਮਾਰਿਆ ਕਿਸੇ ਦੀ ਠੋਕਰ ਦਾ, ਲਾਰੇ ਲਾ ਕੇ ਤੈਨੂੰ ਜਾ ਵਸੀ ਘਰ ਛਲ ਕੇ। ਰੂਪ ਸੋਹਣੇ ਨੇ ਦਿਖਾਈ ਬਰਕਤ ਆਪਣੀ, ਮਜਨੂੰ ਬਰਮੀ ਹੋਇਆ ਮਿੱਟੀ ਦੇ ਸੰਗ ਰਲਕੇ। ਦੇਖ ਜਲਾਲੀ ਖਾਤਰ ਕੀ ਕੁਛ ਹੋਇਆ ਰੋਡੇ ਦਾ, ਵੱਢ ਕਸਾਈਆਂ ਵੇਚਿਆ ਮਰਿਆ ਆਹਰਨ ਜਲ ਕੇ। ਕੱਠੇ ਬੈਠ ਪਾਸ਼ਾ ਖੇਲ ਵਿਛੜ ਗਏ ਨਾਥ ਜੀ, ਦੇਖ ਨਾਰਾਂ ਗਈਆਂ ਵੇ ਉਹਨਾਂ ਨੂੰ ਛਲ ਕੇ। ਰੂਪ ਵਟਾਈਂ ਫਿਰਦੇ ਪੱਟੇ ਪਿਆਰ ਵਿਛੋੜੇ ਦੇ, ਤੇਰੇ ਵਰਗੇ ਬਹੁਤੇ ਫਿਰਨ ਟੋਲ੍ਹਦੇ ਹਲ਼ਕੇ। ਜਵਾਬ ਸਹਿਤੀ ਹੀਰ ਨਾਲ ਹੀਰ ਉਦਾਸ ਬੈਠੀ ਦੇਖ ਸਹਿਤੀ ਪੁੱਛਦੀ ਐ, ਕਿਹੜੀ ਗੱਲ ਤੋਂ ਭਾਬੋ ਬੈਠੀ ਐਡ ਉਦਾਸੀ। ਕੱਲ੍ਹ ਜਦ ਬਾਹਰੋਂ ਆਈ ਹੱਸ ਹੱਸ ਡੁੱਲ੍ਹ ਡੁੱਲ੍ਹ ਪੈਂਦੀ ਸੀ, ਸਾਰੇ ਰਾਹ ਵਿਚ ਤੇਰੀ ਬੰਦ ਨਾ ਹੋਈ ਹਾਸੀ। ਅੱਜ ਕੀ ਰਾਤ ਵਿਚਾਲੇ ਹੋ ਗਿਆ ਭਾਬੋ ਮੇਰੀਏ, ਮੱਥੇ ਪਾਈਆਂ ਤਿਉੜੀਆਂ ਬੈਠੀ ਹੋ ਨਿਰਾਸੀ। ਡਰਦਾ ਸੈਦਾ ਘਰ ਨੀ ਆਉਂਦਾ ਏਸੇ ਹਜ਼ਿਰ ਤੋਂ, ਮਾਂ ਲੜਾਕੀ ਹੈ ਨੀ, ਉਹ ਵੀ ਬਹੁਤ ਖੁਲਾਸੀ। ਬਾਪ ਮੇਰਾ ਘਰ ਨੀ ਆਇਆ ਵਿਆਹੀ ਜਿਸ ਦਿਨ ਦੀ, ਵੱਡੇ ਲੋਕ ਨੂੰਹਾਂ ਧੀਆਂ ਤੋਂ ਸ਼ਰਮਾਸੀ। ਹੋਰ ਮੁੰਡਾ ਕੁੜੀ ਕੋਈ ਜੇ ਤੈਨੂੰ ਬੋਲ ਗਿਆ, ਦੇਖੀਂ ਹੁਣੇ ਜੇ ਕਰਾ ਨਾ ਦੇਈਏ ਫਾਸੀ। ਸਾਨੂੰ ਭੇਦ ਨਾ ਆਵੇ ਤੇਰੇ ਗੁੱਝੜੇ ਰੋਗਾਂ ਦਾ, ਕੀ ਤਪਦਿਕ ਹੋ ਗਿਆ ਰੋਗ ਹੋ ਗਿਆ ਖਾਂਸੀ। ਬਹੁਤ ਤਬੀਬ ਨਜੂਮੀ ਢੋਏ ਬਥੇਰੇ ਗਾਰੜੂ, ਪੁੱਛ ਨਜੂਮੀ ਥੱਕੇ ਹੋਈ ਨਾ ਬੰਦ ਖਲਾਸੀ। ਜਾਂ ਤਾਂ ਮਰ ਜਾਏਂ ਭਾਬੋ ਮੇਰੀਏ, ਕੱਟੀ ਜਾਵੇ ਸੈਦੇ ਵੀਰ ਦੀ ਚੁਰਾਸੀ। ਪੇਟ ਪਾੜ ਕੇ ਕੀ ਦਿਖਾਲਾਂ ਭਾਬੋ ਮੇਰੀਏ, ਕਸਮ ਕੁਰਾਨ ਦੀ ਇਹ ਗੱਲ ਹੈ ਬੜੀ ਲਖਾਸੀ। ਮੈਨੂੰ ਸਹੁੰ ਵੀਰ ਦੀ ਨਾਲ ਤੋਰਦੂੰ ਜੋਗੀ ਦੇ, ਸਹਿਤੀ ਹੱਸਕੇ ਧੀਰਜ ਹੀਰ ਦੀ ਬੰਨ੍ਹਾਸੀ। ਸਾਨੂੰ ਰੋਜ਼ ਨੀ ਭਾਬੋ ਜਾਣਾ ਮਿਲਣਾ ਬਾਗ ਨੂੰ, ਕਹੇ ਹਜ਼ੂਰਾ ਸਿੰਘ ਕੋਈ ਨਵੀਂ ਸਲਾਹ ਬਣਾਸੀ। ਜਵਾਬ ਹੀਰ ਹੀਰ ਹੱਸਕੇ ਕਹਿੰਦੀ ਸੁਣ ਨੀ ਨਣਦੇ ਮੇਰੀਏ, ਅਮਲ ਪੀਤੇ ਬਾਝ ਅਮਲੀ ਕਦੇ ਨੀ ਰਹਿੰਦੇ। ਜਿਵੇਂ ਬੰਦੇ ਰੋਜ ਪਦਾਰਥ ਖਾ ਕੇ ਪੈਂਦੇ ਰਾਤ ਨੂੰ, ਸੁਬ੍ਹਾ ਵੇਲੇ ਫੇਰ ਉੱਠ ਕੇ ਖਾਣ ਨੂੰ ਬਹਿੰਦੇ। ਏਵੇਂ ਆਸ਼ਕ ਮਸ਼ੂਕ ਕਦੇ ਨਾ ਰੱਜਦੇ ਦੇਖ ਕੇ, ਜਿਸ ਤਨ ਲੱਗੀਆਂ ਚੋਟਾਂ ਸੋਈ ਬੰਦੇ ਸਹਿੰਦੇ। ਮੈਨੂੰ ਸਬਰ ਨਾ ਆਵੇ ਦੇਖੇ ਬਾਝੋਂ ਮਾਹੀ ਦੇ, ਡੋਬ ਪੈਂਦੇ ਜਦ ਤੱਕ ਸਾਹਮਣੇ ਨੀ ਬਹਿੰਦੇ। ਮੈਨੂੰ ਕਸਮ ਖੁਦਾ ਦੀ ਕਦੇ ਨਾ ਵਸਦੀ ਸੈਦੇ ਦੇ, ਆਸ਼ਕ ਲੋਕ ਮੂੰਹੋਂ ਬਚਨ ਜੋ ਸੱਚ ਦੇ ਕਹਿੰਦੇ। ਮੇਰਾ ਹੀਲਾ ਜੇ ਕੋਈ ਕਰਨਾ ਕਰ ਲੈ ਸਹਿਤੀਏ, ਪਾਵੇਂ ਤੂੰ ਮੁਰਾਦ ਦੁਖੜੇ ਦੋਹਾਂ ਦੇ ਲਹਿੰਦੇ। ਜਵਾਬ ਹੀਰ ਤੇ ਸਹਿਤੀ ਹੀਰ ਸਹਿਤੀ ਮਤਾ ਮਤਾਉਂਦੀਆਂ ਕੱਲੀਆਂ ਬੈਠ ਕੇ, ਕਿਸੇ ਬਿਧੀ ਸੇ ਆਪਾਂ ਮਾਹੀ ਨੂੰ ਘਰ ਮੰਗਵਾਈਏ। ਤਿੰਨ ਸੌ ਸੱਠ ਚਲਿੱਤਰ ਕਿਹੜੇ ਖੂਹ ਵਿਚ ਸਿੱਟਣੇ ਐਂ, ਇਹਨਾਂ ਨਾਲ ਸੈਦੇ ਖੇੜਿਆਂ ਨੂੰ ਅਲਝਾਈਏ। ਨਾਰਾਂ ਬੇਇਲਮਾਂ ਨਾ ਦੋਵੇਂ ਲਿਖੀਆਂ ਪੜ੍ਹੀਆਂ ਆਂ, ਭੁੱਜੇ ਤਿੱਤਰ ਨੀ ਅਸਮਾਨਾਂ ਵਿਚ ਉਡਾਈਏ। ਉਡਦੇ ਜਾਨਵਰਾਂ ਨੂੰ ਮੋਹ ਕੇ ਸਿੱਟੀਏ ਧਰਤ ਤੇ, ਮਾਨਸ ਕੌਣ ਨੀ ਦਿਲ ਵਿਸ਼ਨੂੰ ਦਾ ਡੁਲ੍ਹਾਈਏ। ਸ਼ੇਖ ਸ਼ਾਦੀ ਦੀ ਗੁੰਮ ਸੀਟੀ ਕੀਤੀ ਬੇਗਮ ਜਿਉਂ, ਤਿੰਨ ਸੌ ਕਾਹਟਵਾਂ ਚਲਿੱਤਰ ਨਵਾਂ ਬਣਾਈਏ। ਪਰੀਸ਼ਤ ਪੰਡਤ ਰਾਜੇ ਭੋਜ ਵਰਗੇ ਠੱਗ ਲਏ ਐ, ਆਪਾਂ ਭਾਨਮਤੀ ਨਾ ਰਾਣੀਉਂ ਘੱਟ ਕਹਾਈਏ। ਉਹ ਵੀ ਨਾਰਾਂ ਡੱਬੀ ਪਾ ਯਾਰ ਗੁੱਤ ਵਿਚ ਰੱਖਦੀਆਂ, ਕਰ ਕੋਈ ਮਕਰ ਅਕਲ ਖੇੜਿਆਂ ਦੀ ਭੁਲਾਈਏ। ਜੋਗੀ ਹੈਗਾ ਭਾਬੋ ਨੀ ਸੱਪਾਂ ਦਾ ਗਾਰੜੂ, ਆਪਾਂ ਵੀ ਕੋਈ ਨਵਾਂ ਮਕਰ ਬਣਾਈਏ। ਅਸੀਂ ਘੱਟ ਨੀ ਕਿਸੇ ਭਰਾਵਾਂ ਪਿੱਟੜੀ ਤੋਂ, ਦੋਵੇਂ ਮਿਲਕੇ ਆਪਾਂ ਕੱਠੀਆਂ ਯਾਰ ਹੰਢਾਈਏ। ਠੱਗ ਲੈ ਮਚਲੀ ਹੋ ਕੇ ਮੂਹਰੇ ਬਹਿਜਾ ਮਾਤਾ ਦੇ, ਲਿਆ ਇਜਾਜ਼ਤ ਆਪਾਂ ਚੁਗਣ ਕਪਾਹ ਨੂੰ ਜਾਈਏ। ਓਥੇ ਸੌਦੇ ਸਹਿਤੀਏ ਕਰਲਾਂਗੇ ਮਨ ਭਾਉਂਦੇ ਨੀ, ਕੰਡਾ ਚੋਭ ਕੇ ਸੱਪ ਦਾ ਮਕਰ ਬਣਾਈਏ। ਜੋਗੀ ਘਰ ਮੰਗਵਾਈਏ ਆਖ ਸੱਪਾਂ ਦਾ ਗਾਰੜੂ, ਚਲਿੱਤਰਾਂ ਨਾਲ ਅੰਮ੍ਰਿਤ ਕਰਕੇ ਸੈਦੇ ਨੂੰ ਛਕਾਈਏ। ਕਰੀਂ ਸਲਾਮ ਹਜ਼ੂਰਾ ਸਿੰਘਾ ਏਹਨਾਂ ਨਾਰਾਂ ਨੂੰ, ਦੂਰ ਵਸੰਦਿਆਂ ਏਹਨਾਂ ਡੈਣਾਂ ਤੋਂ ਬਚ ਜਾਈਏ। ਜਵਾਬ ਸਹਿਤੀ ਸਰਫਾਂ (ਆਪਣੀ ਮਾਂ) ਨੂੰ ਸਹਿਤੀ ਮਚਲੀ ਹੋ ਕੇ ਮੂਹਰੇ ਬਹਿਗੀ ਮਾਤਾ ਦੇ, ਕਿਸਮਤ ਖੋਟੀ ਰੱਬ ਨੇ ਪੁੱਜ ਕੇ ਲਿਖ ਲਈ ਤੇਰੀ। ਇੱਕ ਪੁੱਤ ਵੈਰੀ ਦੇ ਨਾ ਹੋਵੇ ਮਾਏ ਮੇਰੀਏ, ਦੂਜੇ ਨੂੰਹ ਰੋਗਣ ਇਹ ਨਾਲ ਦੁੱਖਾਂ ਦੇ ਘੇਰੀ। ਪੁੱਤਰ ਨਲਾਇਕ ਤੇਰਾ ਹੈ ਨੀ ਕਿਸੇ ਕਰਮ ਦਾ, ਲੜਨੇ ਘੁਲਣੇ ਵਾਲੀ ਅਕਲ ਹੈ ਬਥੇਰੀ। ਨਾਲ ਆਦਰ ਦੇ ਬੁਲਾਉਣੀ ਨਾ ਆਵੇ ਬਿੱਜੂ ਨੂੰ, ਕਦੇ ਹੱਸ ਕੇ ਪਾਸ ਨਾ ਬੈਠਾ ਮਾਏ ਮੇਰੀ। ਹੀਰ ਮਾਪਿਆਂ ਦੇ ਘਰ ਲਾਡਲੀ ਸੀ ਖੇਡਦੀ, ਤੁਸੀਂ ਪਰਦਿਆਂ ਦੇ ਵਿਚ ਸਿੱਟਲੀ ਲਿਆ ਅੰਧੇਰੀ। ਕੱਲ੍ਹ ਜਦ ਬਾਹਰੋਂ ਆਈ ਹਸਦੀ ਡੁਲ੍ਹਦੀ ਖੇਡਦੀ, ਆਬੋਹਵਾ ਦੇ ਵਿਚ ਰਹੀ ਹੀਰ ਚੰਗੇਰੀ। ਆਖੇਂ ਬਾਹਰ ਲਿਜਾ ਕੇ ਫੇਰ ਲਿਆਵਾਂ ਹੀਰ ਨੂੰ, ਸੈਦਾ ਕੌੜੇ ਨਾ ਜੇ, ਅੱਗੇ ਡਰੇ ਬਥੇਰੀ। ਕਲਾਮ ਸ਼ਾਇਰ ਬੁੱਢੜੀ ਰਾਜੀ ਹੋਗੀ ਇਹ ਗੱਲ ਸੁਣਕੇ ਸਹਿਤੀ ਤੋਂ, ਮੈਨੂੰ ਬੜੀ ਖੁਸ਼ੀ ਜੇ ਹੀਰ ਬਾਹਰ ਨੂੰ ਜਾਵੇ। ਘੂਰੇ ਹੀਰ ਨੂੰ ਮਜਾਲ ਕੀ ਐ ਸੈਦੇ ਦੀ, ਪਿਉ ਨੂੰ ਜਾਣਦਾ ਜੇ ਬੋਲੇ ਪੌਲੇ ਖਾਵੇ। ਅੱਜ ਦਿਨ ਬਖ਼ਤਾਵਰ ਜੇ ਹੀਰ ਮੂੰਹੋਂ ਕਹਿੰਦੀ ਐ, ਛੇਤੀ ਲੈ ਜਾ ਸਹਿਤੀਏ ਤੈਨੂੰ ਕੌਣ ਹਟਾਵੇ। ਕੌਲੀਂ ਤੇਲ ਚੋਵਾਂ ਸੌ ਸੌ ਸ਼ਗਨ ਮਨਾਵਾਂ ਮੈਂ, ਹਸਦੀ ਖੇਡਦੀ ਜੇ ਹੀਰ ਬਾਹਰ ਤੋਂ ਆਵੇ। ਮਿੱਟੀ ਬੀਬੜਿਆਂ ਦੀ ਸੁੱਖਾਂ ਰੋਟ ਚਾੜ੍ਹ ਕੇ, ਮੱਥਾ ਹੇਠ ਪਨਾਲੇ ਟੇਕ ਕੇ ਲੈ ਜਾਵੇ। ਧੰਨ ਉਹ ਪੀਰ ਫਕੀਰ ਸੁੱਖਾਂ ਜਿਨਾਂ ਨੇ ਲੈਣੀਆਂ, ਰਾਜੀ ਹੋ ਕੇ ਮੇਰੀ ਨੌਂਹ ਤੁਰਕੇ ਘਰ ਆਵੇ। ਚਾਈਂ ਚਾਈਂ ਸਹਿਤੀ ਖਾਣੇ ਖਲਾਵੇ ਹੀਰ ਨੂੰ, ਭਰ ਭਰ ਛੰਨੇ ਦੁੱਧ ਦੇ ਹੱਥੀਂ ਆਪ ਪਲਾਵੇ। ਕੱਢ ਕੱਢ ਲੀੜੇ ਗਹਿਣੇ ਮੂਹਰੇ ਧਰਦੀ ਹੀਰ ਦੇ, ਨਾਲ ਆਦਰ ਦੇ ਹੱਸ ਹੀਰ ਨੂੰ ਪਹਿਨਾਵੇ। ਰੱਖੀਂ ਹਿਫਾਜਤ ਨਾਲੇ ਪਾਣੀ ਲੈ ਜਾ ਸਹਿਤੀਏ, ਕਿਤੇ ਫੁੱਲਾਂ ਵਾਂਗੂੰ ਹੀਰ ਨਾ ਕੁਮਲਾਵੇ। ਫਿਰਨੇ ਤੁਰਨੇ ਨੂੰ ਤੂੰ ਲੈ ਜਾ ਘਰ ਦੀ ਬਰਕਤ ਨੂੰ, ਦੇਖੀਂ ਜਾਦੇ ਨਾ ਤਕਲੀਫ਼ ਹੀਰ ਨੂੰ ਆਵੇ। ਸਹਿਤੀ ਹੀਰ ਹਜ਼ੂਰਾ ਸਿੰਘ ਹੁਕਮ ਲੈ ਮਾਈ ਤੋਂ, ਤਿੰਨ ਸੌ ਕਾਹਟਵਾਂ ਚਲਿੱਤਰ ਨਵਾਂ ਬਣਾਵੇ। ਕਲਾਮ ਸ਼ਾਇਰ ਪੰਜ ਸੱਤ ਲੈ ਮਸ਼ਟੰਡੀਆਂ ਸਹਿਤੀ ਹੀਰ ਚੱਲੀਆਂ ਬਾਗ ਨੂੰ, ਵਾਰੇ ਵਾਰੇ ਜਾਈਏ ਨਾਰਾਂ ਦੀ ਤਦਬੀਰ ਦੇ। ਬੰਨ੍ਹ ਕੇ ਝੋਲੀਆਂ ਕਪਾਹੀਂ ਵੜ ਗਈਆਂ ਨਾਲ ਦੀਆਂ, ਅੱਡੋ ਅੱਡੀ ਹੋਈਆਂ ਕੁੜੀਆਂ ਵਕਤ ਅਖ਼ੀਰ ਦੇ। ਅੱਖ ਬਚਾ ਕੇ ਸਹਿਤੀ ਪੈਰ 'ਚ ਸੂਲ ਚੁਭੋਗੀ ਐ, ਸੂਲੋਂ ਸੱਪ ਬਣਾ ਲਿਆ ਹਾਏ ਬੂ ਲੜ ਗਿਆ ਹੀਰ ਦੇ। ਲਾ ਕੇ ਅੱਖੀਆਂ ਨੂੰ ਥੁਕ, ਸਹਿਤੀ ਚਿਆਂਗਾ ਮਾਰਦੀ, ਹੁਣ ਨੀ ਬਚਦੀ ਭਾਬੋ ਮੂੰਹ ਆਗੀ ਤਕਦੀਰ ਦੇ। ਕਹਿਰੀ ਜ਼ਹਿਰੀ ਤੇ ਸੁਨਿਹਰੀ ਨਾਗ ਨੇ ਡੰਗ ਲੀ ਐ, ਹੁਣ ਕੀ ਬਚਣੈਂ ਜਦ ਵਿਹੁ ਚੜ੍ਹਗੀ ਵਿਚ ਸਰੀਰ ਦੇ। ਕਾਣੇ ਬਿੱਜੂ ਨੂੰ ਇਹ ਪਰੀ ਕਿੱਥੋਂ ਪਚਣੀ ਸੀ, ਫੁੱਟਗੇ ਲੇਖ ਜਹਾਨੋਂ ਸਹਿਤੀ ਵਾਲੇ ਵੀਰ ਦੇ। ਸੁਣ ਕੇ ਰੌਲਾ ਲੋਕੀਂ ਆਗੇ ਚਾਰ ਚੁਫੇਰੇ ਦੇ, ਹੁਣ ਨੀ ਬਚਦੀ ਜਦ ਵਿਹੁ ਚੜ੍ਹਗੀ ਵਿਚ ਸਰੀਰ ਦੇ। ਪਾ ਕੇ ਮੰਜੇ ਉੱਤੇ ਘਰਨੂੰ ਲੈ ਗਏ ਹੀਰ ਨੂੰ, ਘਿਉ ਦੇ ਮੱਚਣ ਚਿਰਾਗ਼ ਹਜ਼ੂਰਾ ਸਿੰਘ ਫਕੀਰ ਦੇ। ਕਲਾਮ ਸ਼ਾਇਰ ਹੀਰ ਨਾ ਬੋਲੀ ਜਦੋਂ ਦੇਖੀ ਕੁੱਲ ਪਰਿਵਾਰ ਨੇ, ਤੱਖੀ ਕੁੱਲ ਦਾ ਏਹਦੇ ਨਾਗ ਜ਼ਹਿਰ ਵਾਲਾ ਲੜਿਆ। ਸੱਦ ਕੇ ਕਾਜ਼ੀ ਨੂੰ ਦਿਖਲਾਈ ਦਮ ਦਮ ਘਟਦੀ ਐ, ਸੱਪ ਦੇ ਜੰਤਰ ਦਾ ਬਥੇਰਾ ਮੰਤਰ ਪੜ੍ਹਿਆ। ਹੋਰ ਕਮਾਰ ਦਾਰੂ ਗੰਢਾ ਅਦਰਕ ਦੇ ਲਏ ਨੇ, ਮਿਰਚਾਂ ਘਿਉ ਪਿਲਾਇਆ ਮੂੰਹ ਹੀਰ ਦਾ ਸੜਿਆ। ਸਹਿਤੀ ਪਿੱਟ ਪਿੱਟ ਕਮਲੀ ਹੋ ਗਈ ਉੱਤੇ ਹੀਰ ਦੇ, ਨਿੱਜ ਨੂੰ ਲੈਗੀ ਬਾਹਰ ਨੂੰ ਦੋਸ਼ ਅਸਾਂ ਸਿਰ ਚੜ੍ਹਿਆ। ਹੀਰ ਨਾ ਬੋਲੇ ਸਹਿਤੀ ਮੁੱਖੜਾ ਚੁੰਮ ਚੁੰਮ ਪਿਟਦੀ ਐ, ਸੁਣਕੇ ਕਾਜ਼ੀ ਤੁਰ ਗਿਆ, ਕੋਲ ਨਾ ਜਾਵੇ ਖੜ੍ਹਿਆ। ਚਲਿੱਤਰਾਂ ਨਾਲ ਮਾਤ ਕੀਤਾ ਸਾਰੇ ਖੇੜਿਆਂ ਨੂੰ, ਸਹਿਤੀ ਹੀਰ ਚਲਿੱਤਰ ਨਵਾਂ ਦੇਖ ਕੇ ਘੜਿਆ। ਡਰਦੇ ਰਹੀਏ ਹਜ਼ੂਰਾ ਸਿੰਘਾ ਏਹਨਾਂ ਨਾਰਾਂ ਤੋਂ, ਚਾਲੇ ਦੇਖ ਸ਼ੈਤਾਨ ਅਹੀ ਤਹੀ ਵਿਚ ਵੜਿਆ। ਜਵਾਬ ਸਹਿਤੀ ਸਹਿਤੀ ਮਕਰ ਫਰੇਬਣ ਕਿਹਾ ਬਤੋਲਾ ਕਥਦੀ ਐ, ਮਾਈ ਬਾਪ ਠੱਗ ਲਏ ਸੈਦੇ ਨੂੰ ਉਲਝਾ ਕੇ। ਆਪਣੇ ਬਾਗ 'ਚ ਬੈਠਾ ਜੋਗੀ ਚੇਲਾ ਗੋਰਖ ਦਾ, ਅਜਮਤ ਧਾਰੀ ਮੈਨੂੰ ਕੁੜੀਆਂ ਨੇ ਦੱਸਿਆ ਆ ਕੇ। ਡਰਦਾ ਪਿੰਡ ਨੀ ਵੜਦਾ ਮੱਥੇ ਨੀ ਲਗਦਾ ਔਰਤ ਦੇ, ਸਿਆਣੇ ਲੋਕਾਂ ਨੇ ਉਹ ਦੇਖਿਆ ਹੈ ਅਜ਼ਮਾਕੇ। ਰਿੱਧੀ ਸਿੱਧੀ ਵਾਲੇ ਸਾਧੂ ਜੱਗ ਵਿਚ ਵਿਰਲੇ ਨੇ, ਬਹੁਤੇ ਚਿੱਤੜ ਫੁਲਾਈਂ ਫਿਰਨ ਮਖਣੀਆਂ ਖਾ ਕੇ। ਓਸ ਜੋਗੀ ਨੂੰ ਤਾਂ ਕਹਿੰਦੇ ਇਕ ਹਜ਼ਾਰਾਂ 'ਚੋਂ, ਕੁਸ਼ਟੀ ਰਾਜ਼ੀ ਹੁੰਦੇ ਧੂੜ ਓਸ ਦੀ ਲਾ ਕੇ। ਹੀਰ ਰਾਜ਼ੀ ਕਰਨੀ ਕਿਹੜਾ ਉਹਨੂੰ ਔਖੀ ਐ, ਵਿਚ ਅਸਮਾਨ ਚੜ੍ਹਾਏ ਸਹਿਤੀ ਨੇ ਪੱਥਰ ਉਡਾ ਕੇ। ਜੇ ਘਰ ਸਾਡੇ ਆ ਜੇ ਕਿਸਮਤ ਚੰਗੀ ਸੈਦੇ ਦੀ, ਟੂਣਾਂ ਟਾਮਣ ਕਰਦੈ ਸਾਵਾਂ ਈ ਸੱਪ ਮੰਗਵਾ ਕੇ। ਛੇਤੀ ਦੌੜ ਵੀਰਨਾ ਭਾਬੋ ਦਮ ਦਮ ਘਟਦੀ ਐ, ਸਾਰਾ ਹਾਲ ਲਿਆਈਂ ਨਾਥ ਨੂੰ ਸਮਝਾ ਕੇ। ਮਰਜ਼ ਸੁਨਹਿਰੀ ਕਲਹਿਰੀ ਜ਼ਹਿਰੀ ਨਾਗ ਨੇ ਡੰਗਲੀ ਐ, ਸਾਰੀਆਂ ਗੱਲਾਂ ਆਖੀਂ ਜੋਗੀ ਨੂੰ ਸੁਣਾ ਕੇ। ਰੇਖ 'ਚ ਮੇਖ ਮਾਰਕੇ ਟੁੱਟੀਆਂ ਸਾਧੂ ਗੰਢਦੇ ਐ, ਰੱਬ ਫਰਿਆਦ ਸੁਣਦਾ ਇਹਨਾਂ ਦੀ ਕੰਨ ਲਗਾ ਕੇ। ਜੋ ਕੁਛ ਮੰਗੇ ਦੇਵੀਂ ਹੁੱਤ ਨਾ ਕਰੀਂ ਵੇ ਵੀਰਨਾ, ਜੇ ਨਾ ਤੁਰਿਆ ਲਿਆਵੀਂ ਪਾਲਕੀ ਬਹਾ ਕੇ। ਭਾਬੋ ਮੇਰੀ ਬਖਸ਼ੀ ਜਾਵੇ ਏਸ ਅਜ਼ਾਬ 'ਤੋਂ, ਦੌਲਤ ਕੀ ਕਰਨੀ ਐਂ ਅਜਾਈਂ ਜਾਨ ਗਵਾ ਕੇ। ਤਿੰਨ ਸੌ ਕਾਹਟਵਾਂ ਚਲਿੱਤਰ ਕਰਿਆ ਸਹਿਤੀ ਨੇ, ਸਣੇ ਹੀਰ ਜਾਊਗੀ ਅੱਖੀਂ ਘੱਟਾ ਪਾ ਕੇ। ਐਸੀ ਕਰੀ ਤਰੀਫ਼ ਹਜ਼ੂਰਾ ਸਿੰਘ ਫ਼ਕੀਰ ਦੀ, ਮਰੀਦ ਉਡਾਉਂਦੇ ਪੀਰਾਂ ਨੂੰ ਹੱਥਾਂ ਤੇ ਬਹਾ ਕੇ। ਕਲਾਮ ਸ਼ਾਇਰ ਸੁਣਕੇ ਸਹਿਤੀ ਤੋਂ ਇਤਬਾਰ ਆ ਗਿਆ ਖੇੜਿਆਂ ਨੂੰ, ਕੁੰਡੇ ਜਿਮੀਂ ਜਾਂ ਅਸਮਾਨ ਵਾਲੇ ਮੇਲੇ। ਘਰ ਦੇ ਭੇਦ ਬਗੈਰਾਂ ਚੋਰੀ ਕਦੇ ਨਾ ਹੁੰਦੀ ਐ, ਦੁਸ਼ਮਣ ਮਾਰ ਨੀ ਸਕਦਾ ਜੇ ਭੇਦ ਨਾ ਘਰਦਾ ਖੋਲੇ। ਲੈ ਜਾਏ ਹੀਰ ਨੂੰ ਮਜਾਲ ਕੀ ਐ ਰਾਂਝੇ ਦੀ, ਸਹਿਤੀ ਭੇਦ ਨਾ ਦੇਵੇ ਜੇ ਕਰ ਵਕਤ ਕੁਵੇਲੇ। ਬਹੁਤ ਚਤੁਰ ਸਿਆਣੇ ਖੇੜਿਆਂ ਦੇ ਵਿਚ ਆਦਮੀ, ਕਿਨੇ ਨਾ ਤਾੜਿਆ ਸਹਿਤੀ ਹੀਰ ਚਲਿੱਤਰ ਖੇਲੇ। ਮਦਾਰੀ ਠੂਠੇ ਪਿਆਲੀ ਵਿਚੋਂ ਉਡਾਉਂਦੇ ਗੋਲੀਆਂ, ਇਹਨਾਂ ਨੇ ਆਦਮੀ ਉਡਾ ਲਏ ਵਾਂਗ ਪਟੋਲੇ। ਅਕਲ ਹਜਾਰਾਂ ਦੀ ਭੁਲਾਈ ਸਹਿਤੀ ਹੀਰ ਨੇ, ਕਾਜ਼ੀ ਵਰਗੇ ਰੋੜ੍ਹੇ ਜਿਉਂ ਰੋਟੀ ਤੋਂ ਡੇਲੇ। ਸੈਦਾ ਲਿਆ ਪਲੋਸ ਹੁਣ ਭੇਜਣਗੀਆਂ ਬਾਗ ਨੂੰ, ਜਿੱਥੇ ਬੈਠੇ ਗੋਰਖ ਨਾਥ ਵਾਲੇ ਚੇਲੇ। ਜਿਹੜਾ ਕੰਨ ਪੜਵਾ ਫਕੀਰ ਕੀਤਾ ਹੀਰ ਨੇ, ਸੀਨੇ ਗੱਡਕੇ ਉਹਦੇ ਨੈਣਾਂ ਵਾਲੇ ਸ੍ਹੇਲੇ। ਸੱਤ ਸਲਾਮਾਂ ਹਜ਼ੂਰਾ ਸਿੰਘਾ ਏਹਨਾਂ ਨਾਰਾਂ ਨੂੰ, ਵੱਡੇ ਆਲਮ ਫਾਜ਼ਲ ਰਿਖੀ ਮੁਨੀ ਸਭ ਚੇਲੇ। ਜਵਾਬ ਸੈਦਾ ਸੈਦਾ ਗਿਆ ਬਾਗ ਨੂੰ ਤੋਰਿਆ ਕੁੱਲ ਪਰਿਵਾਰ ਨੇ, ਬਹਿ ਗਿਆ ਜੋਗੀ ਮੂਹਰੇ ਚਰਨਾਂ ਨੂੰ ਹੱਥ ਛੋਹ ਕੇ। ਨਾਲ ਆਜਜ਼ੀ ਬੁਲਾਈ ਅਦੇਸ਼ ਫਕੀਰ ਨੂੰ, ਤਜ ਮਗਰੂਰੀ ਬੋਅ ਸਰਦਾਰੀ ਵਾਲੀ ਖੋ ਕੇ। ਮਤਲਬ ਕਾਰਨ ਮਿੱਠਾ ਬੋਲ ਫੜੀ ਅਧੀਨਗੀ, ਸੰਸੇ ਹੀਰ ਦੇ ਨੇ ਛੱਡੀ ਰੱਤ ਸੁਕੋ ਕੇ। ਔਰਤ ਮੇਰੀ ਬਾਬਾ ਪਰੀ ਹੂਰ ਬਹਿਸ਼ਤ ਦੀ, ਡੰਗੀ ਤੱਖੀ ਨਾਗ ਨੇ ਬੈਠੇ ਹਾਂ ਹੱਥ ਧੋ ਕੇ। ਵੈਦ ਸਿਆਣੇ ਤੇ ਬਥੇਰੇ ਢੋਏ ਗਾਰੜੂ, ਫਾਇਦਾ ਕਿਤੋਂ ਨਾ ਹੋਇਆ ਗਏ ਐ ਪਾਸ ਖਲੋ ਕੇ। ਹੁਣ ਦੱਸ ਪਈ ਆਪਕੀ ਸਤਗਿੁਰ ਤਾਰਨਹਾਰ ਤੂੰ, ਵਸਦੇ ਰੱਖ ਲੈ ਨਾਥ ਜੀ, ਸੈਦਾ ਆਖੇ ਰੋ ਕੇ। ਕਰਕੇ ਕ੍ਰਿਪਾ ਚੱਲ ਕੇ ਜਾਨ ਬਚਾ ਦਿਓ ਹੀਰ ਦੀ, ਕਰੋ ਮਨਜ਼ੂਰ ਬੇਨਤੀ ਘੜ੍ਹੀਆਂ ਲੰਘੀਆਂ ਦੋ ਕੇ। ਤਿੰਨਾਂ ਲੋਕਾਂ ਵਿਚ ਧੁੰਮ ਪੈ ਗਈ ਗੋਰਖ ਨਾਥ ਦੀ, ਮੇਰੇ ਭਾਅ ਦਾ ਸਾਵਾਂ ਤੂੰ ਹੀ ਆ ਗਿਐਂ ਹੋ ਕੇ। ਥੋਡੀ ਦੱਸ ਹਜ਼ੂਰਾ ਸਿੰਘ ਸਹਿਤੀ ਨੇ ਪਾ ਲਈ ਐ, ਚਲੋ ਜ਼ਰੂਰ ਨਾਥ ਜੀ ਔਖੇ ਸੌਖੇ ਹੋ ਕੇ। ਜਵਾਬ ਜੋਗੀ ਕਿਸ ਨੇ ਭੇਜਿਆ ਕੀ ਐ ਨਾਮ ਤੇਰੀ ਵਹੁਟੀ ਦਾ, ਕਿੱਥੋਂ ਲੜਿਆ ਸੱਪ ਹਕੀਕਤ ਦੱਸ ਦੇ ਸਾਰੀ। ਕਾਣੇ ਬਿੱਜੂ ਨੂੰ ਕਿੱਥੋਂ ਮਿਲ ਗਈ ਹੂਰ ਬਹਿਸ਼ਤ ਦੀ, ਮਾਪੇ ਲਾਲਚੀਆਂ ਨੇ ਕੋਈ ਨਾ ਗੱਲ ਵਿਚਾਰੀ। ਕੀ ਐ ਨਾਮ ਤੇਰਾ ਕੀ ਨਾਮ ਤੇਰੇ ਬਾਪ ਦਾ, ਕਿਹਾ ਗੁਜ਼ਾਰਾ ਮੈਨੂੰ ਦਿਸਦੀ ਬੋਅ ਸਰਦਾਰੀ। ਕਿਸੇ ਦੀ ਖੋਹੀ ਖਿੰਝੀ ਹੋਊ ਦਗੇ ਫਰੇਬ ਸੇ, ਤਾਹੀਂ ਲੜਿਆ ਸੱਪ ਹਾਅ ਓਸ ਦੀ ਮਾਰੀ। ਕਦੇ ਨਾ ਬਚਦੀ ਹੁਣ ਕੀ ਮੱਛੀਆਂ ਭਾਲਦੈਂ ਮੂਤ 'ਚੋਂ, ਸਬਰ ਕਰਕੇ ਮੁੜਜਾ ਗਈ ਐ ਗੱਲ ਨਿਤਾਰੀ। ਪੁੰਨਾਂ ਧਰਮਾਂ ਕਰਕੇ ਵਾਧਾ ਹੋਵੇ ਔਲਾਦ ਦਾ, ਦਗੇ ਫਰੇਬ ਝੂਠ ਨੇ ਇਹ ਦੁਨੀਆਂ ਸਭ ਮਾਰੀ। ਮੁੜਜਾ ਘਰ ਨੂੰ ਦੇਹ ਜਵਾਬ ਜਿਸ ਨੇ ਭੇਜਿਆ ਓਏ, ਏਸ ਗੱਲ ਦਾ ਨਾ ਹਜ਼ੂਰਾ ਸਿੰਘ ਵਪਾਰੀ। ਜਵਾਬ ਸੈਦਾ ਸੈਦਾ ਹੱਥ ਜੋੜ ਕੇ ਅਰਜ਼ਾਂ ਕਰਦਾ ਨਾਥ ਦੀਆਂ, ਸੰਤ ਦਿਆਲੂ ਹੁੰਦੇ ਸਭਨਾਂ ਦੇ ਹਿਤਕਾਰੀ। ਸੇਵਾ ਕਰਨ ਗ੍ਰਿਸਤੀ ਸਾਧੂ ਸੰਕਟ ਕਟਦੇ ਨੇ, ਮਾਇਆ ਪਾਨ ਫੁੱਲ ਧਰਕੇ ਮੈਂ ਅਰਜ਼ ਗੁਜ਼ਾਰੀ। ਕਈ ਉਲਟੇ ਪੁਲਟੇ ਜਵਾਬ ਜੋ ਕੀਤੇ ਆਪ ਨੇ, ਖੋਹੀ ਖਿੰਝਣੀ ਵਾਲੀ ਕੀ ਐ ਗੱਲ ਚਿਤਾਰੀ। ਇਹਨਾਂ ਗੱਲਾਂ ਨੂੰ ਤਾਂ ਚੋਰ ਡਾਕੂ ਕਰਦੇ ਨੇ, ਖਾਨਦਾਨੀ ਦੇਖ ਕੇ ਕੁੜੀਆਂ ਦੇਣ ਹਜ਼ਾਰੀਂ। ਮੇਰਾ ਨਾਮ ਸੈਦਾ ਪੁੱਤ ਆਂ ਅੱਜੂ ਮਹਿਰ ਦਾ, ਬਾਰਾਂ ਖੇੜਿਆਂ ਵਿਚ ਹਕੂਮਤ ਹੈ ਹਮਾਰੀ। ਨਾ ਮੈਂ ਖੋਹੀ ਬਾਬਾ ਵਿਆਹ ਕੇ ਲਿਆਂਦੀ ਸਿਆਲਾਂ 'ਚੋਂ, ਚੂਚਕ ਮਹਿਰ ਦੀ ਧੀ ਨਾਮ ਹੈ ਹੀਰ ਕੁਮਾਰੀ। ਹੋਈ ਐਸੀ ਕਿਸਮਤ ਖੋਟੀ ਵਿਆਹੀ ਜਿਸ ਦਿਨ ਦੀ, ਓਸੇ ਦਿਨ ਦੀ ਮੰਜੇ ਪਈ ਐ ਨਾਲ ਬਿਮਾਰੀ। ਕ੍ਰਿਪਾ ਕਰਕੇ ਨਾਥ ਜੀ ਜਾਨ ਬਚਾ ਦਿਉ ਹੀਰ ਦੀ, ਅੱਲ੍ਹਾ ਵਾਸਤੇ ਸਵਾਲ ਇਹ ਮੇਰਾ ਭਾਰੀ। ਸਾਰੀ ਉਮਰ ਮੈਂ ਗੁਲਾਮ ਰਹੂੰਗਾ ਜੋਗੀਆ, ਇਹ ਗੱਲ ਹਜ਼ੂਰਾ ਸਿੰਘਾ ਸੈਦੇ ਨੇ ਉਚਾਰੀ। ਜਵਾਬ ਨਾਥ ਨਾਥ ਝਿੜਕੀ ਲੈ ਕੇ ਪੈਂਦਾ ਸੈਦੇ ਕਾਣੇ ਨੂੰ, ਕੈਸੀ ਉਸਤਤ ਕਰਦੈਂ ਮਾਰੀ ਮੱਤ ਗੰਵਾਰ ਦੀ। ਸਾਨੂੰ ਕੀ ਸੁਣਾਵੇਂ ਮੁੜ ਜਾ ਆਪਣੇ ਘਰਾਂ ਨੂੰ, ਨਾਥ ਨੇ ਕੁੜੀ ਨੀ ਲੈਣੀ ਤੈਂ ਜੇਹੇ ਸਰਦਾਰ ਦੀ। ਸਾਡੇ ਵੰਨੀਓਂ ਸੈਦਾ ਹੀਰ ਦੋਵੇਂ ਮਰ ਜਾਣ ਜੇ, ਟੁੱਟ ਜੇ ਡੋਰ ਗੁੱਡੀ ਚੜ੍ਹੀ ਜੋ ਹੰਕਾਰ ਦੀ। ਆਉਣ ਫਰਿਸ਼ਤੇ ਭਾਵੇਂ ਜਾਨ ਲੈਣ ਨੂੰ ਹੀਰ ਦੀ, ਭਾਵੀ ਮੁੜਨੀ ਨੀ ਜੋ ਵਗ ਗਈ ਪਰਵਦਗਾਰ ਦੀ। ਹੀਰ ਸੱਪ ਨੇ ਡੰਗੀ ਨਾਲ ਜੋ ਤਕਦੀਰ ਦੇ, ਕਿਹੜਾ ਮੋੜੇ ਕਲਮ ਲਿਖੀ ਸੱਚੀ ਸਰਕਾਰ ਦੀ। ਵਿਆਹੀਆਂ ਉੱਤੇ ਮੇਰਾ ਮੰਤਰ ਨੀ ਚਲਦਾ ਮੂਰਖਾ, ਹੋਵੇ ਕੰਵਾਰੀ ਤਾਂ ਕਲਾਮ ਵਿਹੁ ਉਤਾਰ ਦੀ। ਉਮਰ ਵਡੇਰੀ ਅੱਧੀ ਤੀਵੀਂ ਤੇ ਨਾ ਫੁਰਦੀ ਐ, ਜਤੀਆਂ ਸਤੀਆਂ ਦੀ ਕਲਾਮ ਲੱਖ ਹਜ਼ਾਰ ਦੀ। ਖਬਰੇ ਕਿੰਨੇ ਬਰਸ ਹੋਏ ਤੇਰੇ ਘਰ ਵਸਦੀ ਨੂੰ, ਹੀਰ ਨਾ ਵਸਦੀ ਤੇਰੇ ਘਰ ਵਰ੍ਹੇ ਪੰਜ ਚਾਰ ਦੀ। ਪਿੱਛੇ ਮੁੜਜਾ ਹਜ਼ੂਰਾ ਸਿੰਘ ਖਾਵੇਂਗਾ ਫਹੁੜੀਆਂ, ਮੈਨੂੰ ਲੋੜ ਨੀ ਤੇਰੇ ਜਹੇ ਨਖ਼ਰੇਦਾਰ ਦੀ। ਜਵਾਬ ਸੈਦਾ ਸੈਦਾ ਫੇਰ ਬੇਨਤੀ ਕਰਦਾ ਸੁਣ ਲੋ ਨਾਥ ਜੀ, ਮਾਪੇ ਝਿੜਕਣ ਧੀਆਂ ਪੁੱਤਾਂ ਕਿੱਥੇ ਜਾਣਾ। ਮਾਰ ਘੂਰ ਕੇ ਫੇਰ ਵਰਾਉਣੇ ਪੈਂਦੇ ਨੇ, ਵਾਂਗ ਮਸੂਮਾਂ ਸਾਨੂੰ ਕਿਤੇ ਨੀ ਟਿਕਾਣਾ। ਐਨੀ ਸੁਣ ਅਰਜੋਈ ਰੱਬ ਨੀਵਾਂ ਹੋ ਵਰ੍ਹਦਾ ਹੈ, ਚਲੋ ਜ਼ਰੂਰ ਨਾਥ ਜੀ ਬਹੁਤਾ ਕੀ ਅਖਵਾਣਾ। ਸੌਦਾ ਏਸ ਦੁਕਾਨ ਹੋਰ ਕਿਸੇ ਦੁਕਾਨ ਨਹੀਂ, ਮਹਿੰਗਾ ਸਸਤਾ ਵੇਚੋ ਜੋ ਅਪਣਾ ਮਨ ਭਾਣਾ। ਹੀਰ ਕੰਵਾਰੀ ਹੈ ਜੇ ਪੁੱਛਦੇ ਓਂ ਨਾਲ ਈਮਾਨ ਦੇ, ਨਾ ਮੈਂ ਦੇਹੀ ਟੋਹੀ ਨਾ ਮੈਂ ਹੱਥ ਲਗਾਣਾ। ਅਸੀਂ ਝੂਠੇ ਨਿਕਾਹ ਦੇ ਚੋਰ ਬਣਗੇ ਬਾਵਾ ਜੀ, ਮੈਨੂੰ ਭੈਣ ਬਰਾਬਰ ਹੀਰ ਜੇ ਸੱਚ ਪੁਛਾਣਾ। ਦੱਸ ਹਕੀਕਤ ਸੈਦਾ ਮੂਹਰੇ ਬਹਿ ਗਿਆ ਜੋਗੀ ਦੇ, ਮੈਨੂੰ ਕਸਮ ਖੁਦਾ ਦੀ ਹੱਥ ਕੁਰਾਨ ਉਠਾਨਾਂ। ਕਰਕੇ ਕ੍ਰਿਪਾ ਚਲੋ ਜਾਨ ਬਚਾ ਦਿਓ ਹੀਰ ਦੀ, ਤਰਸ ਨੀ ਝੱਲਿਆ ਜਾਂਦਾ ਫੁੱਲਾਂ ਜਿਉਂ ਮੂੰਹ ਕੁਮਲਾਣਾ। ਕਰੋ ਮਨਜੂਰ ਬੇਨਤੀ ਵਸਦਾ ਰੱਖ ਲਓ ਆਜਜ਼ ਨੂੰ, ਪਲ ਪਲ ਬੀਤੇ ਹਜ਼ੂਰਾ ਸਿੰਘਾ ਵਕਤ ਵਿਹਾਣਾ। ਕਲਾਮ ਸ਼ਾਇਰ ਫੜ ਕੇ ਚਰਨ ਨਾਥ ਦੇ ਸੈਦਾ ਨਾਲ ਅਧੀਨਗੀ, ਜੁੱਤੀ ਸਣੇ ਆਸਣ ਚੜ੍ਹਿਆ ਜਾ ਫਕੀਰ ਦੇ। ਅੱਖੀਂ ਲਹੂ ਛੁੱਟਿਆ ਸੈਦਾ ਦੇਖ ਕੇ ਜੋਗੀ ਦੇ, ਖਾਤਰ ਤੇਰੀ ਕਰਦੈਂ ਦੇਖੀਂ ਕਿਸ ਤਦਬੀਰ ਦੇ। ਮਾਰ ਫਹੁੜੀਆਂ ਕਮਲਾ ਕੀਤਾ ਜੋਗੀ ਨੇ, ਲਾਸ਼ਾਂ ਥਾਉਂ ਥਾਂ ਖੜ੍ਹਾਈਆਂ ਉੱਤੇ ਬਦਨ ਅਮੀਰ ਦੇ। ਤੇਰੀ ਜਾਨ ਮੁਕਾ ਕੇ ਵਗਜੂੰ ਕਿਸੇ ਵਲਾਇਤ ਨੂੰ, ਵਾਰਸ ਤੇਰੇ ਕੀ ਫੜ ਲੈਣਗੇ ਵਕਤ ਅਖੀਰ ਦੇ। ਮਾਰੇ ਲੱਤਾਂ ਮੁੱਕੀਆਂ ਕਿਉਂ ਸਣੇ ਜੁੱਤੀ ਚੜ੍ਹਿਐਂ ਓਏ, ਆਸਣ ਪਲੀਤ ਕੀਤਾ ਤੂੰ ਆ ਗਿਆਂ ਮੂੰਹ ਤਕਦੀਰ ਦੇ। ਪਿਛਲੀਆਂ ਰੜਕਾਂ ਕੱਢੀਆਂ ਹਿੱਕ 'ਤੇ ਬਹਿਕੇ ਨਾਥ ਨੇ, ਗਲ ਵਿਚ ਗੂਠਾ ਦੇ ਲਿਆ ਦੇਵਾਂ ਸੁਹਾਗ ਹੀਰ ਦੇ। ਪਾ ਕੇ ਰੱਬ ਦਾ ਵਾਸਤਾ ਸੈਦਾ ਛੁੱਟਿਆ ਜੋਗੀ ਤੋਂ, ਘਰ ਨੂੰ ਆਉਂਦਾ ਉਡਿਆ ਸੈਦਾ ਵਾਂਗ ਭੰਬੀਰ ਦੇ। ਬੂਹੇ ਵੜਦੇ ਨੂੰ ਭੈਣ ਆਈ ਸੈਦੇ ਕਾਣੇ ਦੀ, ਰੜਕਣ ਸੱਟਾਂ ਚੀਸਾਂ ਪੈਂਦੀਆਂ ਵਿਚ ਸਰੀਰ ਦੇ। ਭੁੱਲ ਗਿਆ ਦੁੱਖ ਹੀਰ ਦਾ, ਹੁਣ ਸੈਦੇ ਦੀ ਬਣਗੀ ਐ, ਢਾਹ ਕੇ ਨਿੱਸਲ ਕੀਤਾ, ਲੱਗੇ ਹੱਥ ਫਕੀਰ ਦੇ। ਸਹਿਤੀ ਆਪ ਬਾਗ 'ਚੋਂ ਜਾ ਕੇ ਲਿਆਵੇ ਜੋਗੀ ਨੂੰ, ਇਸਨੇ ਬਾਹਰ ਲਿਜਾ ਕੇ ਸੱਪ ਲੜਾਇਆ ਹੀਰ ਦੇ। ਸੈਦਾ ਸੱਚ ਹਜ਼ੂਰਾ ਸਿੰਘ ਸੁਣਾਵੇ ਖੋਲ੍ਹ ਕੇ, ਆਹਰੀ ਹੋ ਗਿਆ ਆਪ, ਸਿਰ ਸਹਿਤੀ ਵਕਤ ਅਖ਼ੀਰ ਦੇ। ਕਲਾਮ ਕਵੀ ਕਰ ਇਸ਼ਨਾਨ ਹੀਰ ਤਿਆਰੀ ਕਰ ਲਈ ਬਾਗ ਦੀ, ਰੇਸ਼ਮਦਾਰ ਪੁਸ਼ਾਕੀ ਤਨ ਨੂੰ ਖੂਬ ਸ਼ਿੰਗਾਰੀ। ਸ਼ੀਸ਼ਾ ਧਰਕੇ ਗਹਿਣੇ ਪਾ ਲਏ ਹੀਰ ਸਿਆਲ ਨੇ, ਖਾਲੀ ਕਰਕੇ ਧਰੀ ਭਰੀ ਜੋ ਪਟਿਆਰੀ। ਮੱਥੇ ਪੱਟੀਆਂ ਗੁੰਦਕੇ ਬਣਗੀ ਹੂਰ ਬਹਿਸ਼ਤ ਦੀ, ਨੈਣ ਸ਼ਕਲ ਚੜ੍ਹਾਏ ਦੇਹ ਕਜਲੇ ਦੀ ਧਾਰੀ। ਅਤਰ ਸੰਧੂਰ ਮਿਲਾ ਕੇ ਮਲ ਲਏ ਸੁਹਣੇ ਮੁਖੜੇ ਤੇ, ਸੂਰਤ ਪਰੀਆਂ ਦੀ ਬਣਾ ਲਈ ਹੀਰ ਨਾਰੀ। ਕੁੜਤੀ ਮੀਂਮਲ ਦੀ ਪਜਾਮਾ ਸੁੱਚੇ ਮਰੀਨੇ ਦਾ, ਚੁੰਨੀ ਰੇਸ਼ਮ ਦੀ ਸੁਨਹਿਰੀ ਧੁਣਕਾਂਦਾਰੀ। ਲਹਿੰਗਾ ਇਤਲਿਸ ਦਾ, ਲਾ ਫੀਤਾ ਸੁੱਚੀ ਜ਼ਰੀ ਦਾ, ਜੁੱਤੀ ਜ਼ਰੀਦਾਰ ਵਲਾਇਤੀ ਪੋਠੋਹਾਰੀ। ਬਣ ਤਣ ਛੱਤੀ ਸ਼ਿੰਗਾਰ ਪਹਿਨਕੇ ਤੁਰ ਪਈ ਐ, ਉਡ ਉਡ ਤੁਰਦੀ ਪਰੀਆਂ ਸਾਥ ਲਵੇ ਉਡਾਰੀ। ਚੱਲ ਹੁਣ ਰੁੱਠੜਾ ਯਾਰ ਮਨਾਈਏ ਨਣਦੇ ਮੇਰੀਏ, ਬਣ ਵਿਚੋਲਣ ਜੇ ਮੈਂ ਭਾਬੀ ਖਰੀ ਪਿਆਰੀ। ਅੱਗੇ ਚਾਕ ਬਣਾਇਆ ਖਾਕ ਬਣਾ ਦਿਆਂ ਸਾੜ ਕੇ, ਬਿਜਲੀ ਬਣਕੇ ਪੈਜਾਂ ਮਾਹੀ ਤੇ ਇਕ ਵਾਰੀ। ਪਹਿਨ ਓੜ੍ਹ ਕੇ ਦਰਵਾਜ਼ਾ ਨਿਕਲੀ ਡਿਉਢੀ ਦਾ, ਸੱਸ ਤਾਂ ਹੀਰ ਦੀ ਨੇ, ਹੈ ਧਰਤੀ ਨਿਮਸ਼ਕਾਰੀ। ਨੌਂ ਨੌਂ ਝੂਟੇ ਖਾ ਖਾ ਤੁਰਦੀ ਵਿਚ ਬਜ਼ਾਰ ਦੇ, ਠੋਕਰ ਨਾਲ ਝੂਟੇ ਦੇ, ਝਾਂਜਰ ਦੀ ਮਾਰੀ। ਵਿਚ ਦੀਵਾਨਖਾਨੇ ਸੈਦਾ ਪੁੱਛਦਾ ਮੁੰਡਿਆਂ ਨੂੰ, ਕਿਧਰੋਂ ਜੋੜੀ ਆਉਂਦੀ ਐ ਕਟਕਾਂ ਦੀ ਮਾਰੀ। ਮੁੰਡੇ ਕਹਿੰਦੇ ਹੀਰ ਸਿਆਲ ਸੈਦਿਆ ਬਿੱਜੂਆ, ਨਾਲ ਸਹਿਤੀ ਆਉਂਦੀ ਕੁੜੀ ਐ ਭੈਣ ਤੁਮਾਰੀ। ਹੱਥ ਵਿਚ ਗੜਵਾ ਸਹਿਤੀ ਦੇ, ਚੱਲੀਆਂ ਹਨ ਬਾਗ ਨੂੰ, ਜਿੱਥੇ ਉਤਰੇ ਆ ਕੇ ਕਾਨ੍ਹ ਜੀ ਅਵਤਾਰੀ। ਚਰਨੀਂ ਹੱਥ ਲਗਾਵੇ ਸੈਦਾ ਵੱਡੇ ਛੋਟੇ ਦੇ, ਅੱਜ ਤਾਂ ਟੁੱਟਗੀ ਹੀਰ ਸਿਆਲ ਦੀ ਬਿਮਾਰੀ। ਸਹਿਤੀ ਹੀਰ ਨੇੜੇ ਢੁੱਕੀਆਂ ਜਾ ਜਦ ਬਾਗ ਦੇ, ਖਿੜਕੀ ਉੱਠ ਹਜ਼ੂਰਾ ਸਿੰਘ ਜੋਗੀ ਨੇ ਮਾਰੀ। ਜਵਾਬ ਹੀਰ ਹੀਰ ਕਹੇ ਨਾਥ ਨੂੰ ਹੱਸਕੇ ਨਾਲ ਪਰੇਮ ਦੇ, ਕਿਹੜੇ ਰੰਜ ਨੂੰ ਆਉਂਦਿਆਂ ਖਿੜਕੀ ਦੇਖ ਅੜਾਈ। ਆਵੋ ਖਾਵੋ ਭੋਜਨ ਮੰਨੋ ਆਦੇਸ਼ ਹਮਾਰੀ, ਹੀਰ ਚੱਲਕੇ ਤੇਰੇ ਮੈਂ ਚਰਨਾਂ ਵਿਚ ਆਈ। ਜੇ ਕੋਈ ਭਰਮ ਤੈਨੂੰ ਵੇ ਸੈਦੇ ਦਾ ਮਾਰਦਾ, ਜਿੱਥੇ ਜੀਅ ਕਰੇ ਤੂੰ ਓਥੇ ਨੇਮ ਚੁਕਾਈਂ। ਛੇ ਮਹੀਨੇ ਘਰ ਤਾਂ ਮੈਂ ਕਾਣੇ ਦੇ ਕੱਟ ਲਏ ਵੇ, ਜਿਵੇਂ ਪੁੱਤਰਾਂ ਕੋਲੇ ਕੱਟਦੀ ਰਾਂਝਿਆ ਮਾਈ। ਤੇਰੀ ਖਾਤਰ ਮੈਂ ਅਹਿਸਾਨਣ ਬਣਗੀ ਜਗਤ ਦੀ, ਦੇਖ ਸਹਿਤੀ ਮੈਂ ਵਿਚੋਲਣ ਵੇ ਬਣਾਈ। ਦੇਖ ਹੀਆਂ ਜੋਗੀਆ ਤੂੰ ਸਹਿਤੀ ਵਿਚਾਰੀ ਦਾ, ਜੀਹਨੇ ਘਰ ਦਾ ਪੱਟਿਆ ਹੈ ਸੈਦਾ ਵੇ ਭਾਈ। ਵਿਚੋਂ ਝੂੰਗੀ ਦਿਉਂ ਦਿਦਾਰ ਦੇ ਦੇ ਹੀਰ ਨੂੰ, ਨਹੀਂ ਉੱਠਜੂਗੀ ਮੇਰੀ ਜਾਨ ਵੇ ਅਜਾਈਂ। ਜਵਾਬ ਜੋਗੀ ਕੌੜਤੂੰਬਾ ਤਾਂ ਤਰਬੂਜ਼ ਦੇ ਭੁਲਾਵੇਂ ਨੀ, ਮੈਂ ਤਾਂ ਤੋੜ ਰਕਾਨੇ ਨੀ ਮੂੰਹ ਦੇ ਵਿਚ ਪਾਇਆ। ਜਰਮ ਕੁੜੱਤਣ ਚਾਕ ਦੇ ਮੂੰਹੋਂ ਨਾ ਜਾਂਦੀ ਨੀ, ਐਵੇਂ ਮੂੰਹ ਦਾ ਹੀਰੇ ਸਵਾਦ ਮੈਂ ਗਵਾਇਆ। ਮੌਜੂ ਦਾ ਪੁੱਤ ਤਾਂ ਹੀਰੇ ਮੈਂ ਰਹਿਮਤ ਦਾ ਪੋਤਾ ਨੀ, ਨੀ ਮੈਂ ਤੇਰੀ ਖ਼ਾਤਰ ਚਾਕ ਨੀ ਸਦਵਾਇਆ। ਬਾਰਾਂ ਵਰ੍ਹੇ ਤੇਰੀ ਖਾਤਰ ਮੇਹੀਂ ਚਾਰੀਆਂ, ਦਾਗ ਅਪਣੀ ਹੀਰੇ ਮੈਂ ਕੁੱਲ ਨੂੰ ਹੈ ਲਾਇਆ। ਕੌਲ ਕਰਾਰ ਨਿਕਾਹ ਦੇ ਕਰਕੇ ਤੁੱਲੀ ਚੂਚਕ ਨੇ, ਸੈਦੇ ਨਾਲ ਨਿਕਾਹੀ ਮੇਰੇ ਨਾਲ ਦਗਾ ਕਮਾਇਆ। ਤੂੰ ਵੀ ਸਾਵੀਂ ਬੇਮੁੱਖ ਹੋ ਕੇ ਡੋਲੀ ਚੜ੍ਹਗੀ ਖੇੜਿਆਂ ਦੀ, ਸ਼ਗਨ ਵਿਆਹ ਤੇਰੇ ਦਾ ਖੇੜਿਆਂ ਨੇ ਮਨਾਇਆ। ਫੇਰ ਕੰਨ ਪੜਵਾ ਕੇ ਜੋਗੀ ਬਣ ਵਿਚ ਖੇੜਿਆਂ ਦੇ, ਆ ਕੇ ਨੀ ਮੈਂ ਦਰ ਦਰ ਹੀਰੇ ਅਲਖ ਜਗਾਇਆ। ਫੜ ਕੇ ਕਾਸਾ ਹੱਥ ਵਿਚ ਬੂਹੇ ਤੇਰੇ ਖੜ੍ਹ ਪਿੱਟਿਆ ਮੈਂ, ਮੈਨੂੰ ਖ਼ੈਰ ਤੁਸਾਂ ਨੇ ਚੀਣੇ ਦਾ ਸੀ ਪਾਇਆ। ਕਰ ਹੁਸ਼ਿਆਰੀ ਸਹਿਤੀ ਨੇ ਮਾਰੀ ਹੈ ਅੱਖ ਬਾਂਦੀ ਨੂੰ, ਧੱਕਾ ਦੇਹ ਅਸਾਂ ਦਾ ਕਾਸਾ ਭੰਨ ਗਵਾਇਆ। ਫੁੱਟੇ ਕਾਸੇ ਨੂੰ ਮੈਂ ਰੋਂਦਾ ਭੁੱਬਾਂ ਮਾਰ ਕੇ, ਸੁਣਕੇ ਅਵਾਜ਼ ਅਸਾਂ ਦੀ ਸੈਦਾ ਖੇੜਾ ਆਇਆ। ਸੈਦਾ ਪੁੱਛੇ ਜੋਗੀ ਕੀ ਗੁਣ ਤੇਰੇ ਕਾਸੇ ਦਾ, ਮਕਰ ਫਲਾਰ ਕਾਸੇ ਦਾ, ਬੂਹਾ ਮੈਂ ਖੁਲਾਇਆ। ਨਬਜ਼ ਬਹਾਨੇ ਵੀਣੀ ਫੜਕੇ ਤੇਰੀ ਮੈਂ ਜੱਟੀਏ ਨੀ, ਮੰਤਰ ਪੜ੍ਹ ਗੁਰਾਂ ਦਾ, ਪੂਰਾ ਪਹਿਰ ਲੰਘਾਇਆ। ਮੈਂ ਬੁਲਾਵਾਂ ਤੂੰ ਬੋਲੇਂ ਸਾਡੀ ਨਾ ਬੁਲਾਈ ਨੀ, ਦੱਸ ਹੁਣ ਕਿਹੜੀ ਗੱਲ ਤੋਂ, ਤੈਂ ਡੁਸਕਣਾ ਲਾਇਆ। ਧੱਕੇ ਮਾਰਕੇ ਮੈਂ ਘਰੋਂ ਕਢਾਇਆ ਸੈਦੇ ਤੋਂ, ਆਸਣ ਆ ਹਜ਼ੂਰਾ ਸਿੰਘ ਨੇ ਬਾਗ਼ 'ਚ ਲਾਇਆ। ਜਵਾਬ ਸਹਿਤੀ ਸੁਣੀਆਂ ਗੱਲਾਂ ਸਹਿਤੀ ਨੇ ਜੋਗੀ ਅਰ ਹੀਰ ਦੀਆਂ, ਬਣ ਵਿਚੋਲਣ ਮੇਲ ਦੋਹਾਂ ਦਾ ਕਰਵਾਉਂਦੀ। ਮਾਫੀ ਮੰਗ ਨਾਥ ਤੋਂ ਸਹਿਤੀ ਆਖੇ ਹੀਰ ਨੂੰ, ਦੇਹ ਮਿਸਾਲ ਆਸ਼ਕੀ ਦੋਹਾਂ ਨੂੰ ਸਮਝਾਉਂਦੀ। ਆਸ਼ਕ ਕਿਹੜਾ ਜੋ ਨਾ ਮੰਨੇ ਹੁਕਮ ਮਸ਼ੂਕ ਦਾ, ਬੱਕਰਾ ਆਸ਼ਕ ਤੇ ਮਸ਼ੂਕ ਕਸਾਈ ਬਣਾਉਂਦੀ। ਅੱਖਾਂ ਭਰਕੇ ਸਹਿਤੀ ਕਹੇ ਹੀਰ ਤੇ ਨਾਥ ਨੂੰ, ਦੁੱਖੜੇ ਆਪਣੇ ਯਾਰ ਵਿਛੋੜੇ ਦੇ ਸੁਣਾਉਂਦੀ। ਦੁਖੜੇ ਆਸ਼ਕਾਂ ਦੇ ਸੁਣ ਹੀਰੇ ਤੂੰ ਸਹਿਤੀ ਤੋਂ, ਫਿਰਾਂ ਮੁਰਾਦ ਭਾਲਦੀ ਰਾਤ ਦਿਨੇਂ ਕੁਰਲਾਉਂਦੀ। ਸੱਸੀ ਤੜਫ ਥਲਾਂ ਵਿਚ ਮੋਈ ਖਾਤਰ ਪੁਨੂੰ ਦੀ, ਲੈਲਾ ਮਜਨੂੰ ਦੀ ਕਹਾਣੀ ਕਹਿ ਸੁਣਾਉਂਦੀ। ਲੈਲਾ ਸੰਗ ਸੲ੍ਹੀਆਂ ਦੇ ਸੈਰ ਕਰਨ ਗਈ ਬਾਗ਼ ਨੂੰ, ਮਾਰ ਦੁਗਾੜਾ ਨੈਣਾਂ ਦਾ ਖੂਹਾਂ ਨੂੰ ਗਿੜਾਉਂਦੀ। ਸ਼ੀਰੀ ਡਿਗ ਮਹਿਲ ਤੋਂ ਖਾਤਰ ਮਰੀ ਫਰਿਹਾਦ ਦੀ, ਮੇਹੀਂਵਾਲ ਖਾਤਰ ਸੋਹਣੀ ਜਾਨ ਗਵਾਉਂਦੀ। ਆਸ਼ਕ ਬੱਕਰੇ ਵੇ ਕਸਾਈਆਂ ਹੱਥ ਮਸ਼ੂਕਾਂ ਦੇ, ਛੁਰੀ ਪ੍ਰੇਮ ਦੀ ਦੋਹਾਂ ਨੂੰ ਕਤਲ ਕਰਾਉਂਦੀ। ਦੇਹ ਮਿਸਾਲ ਤਾਹਨੇ ਮਾਰੇ ਜਿਗਰ 'ਚ ਜੋਗੀ ਦੇ, ਐਸੀ ਕਰੀ ਕਹਾਣੀ ਦੋਹਾਂ ਨੂੰ ਮਨਾਉਂਦੀ। ਸਹਿਤੀ ਕਰ ਸਮਝੌਤਾ ਰੁੱਸੇ ਆਸ਼ਕ ਮਸ਼ੂਕ ਦਾ, ਖਾਣਾ ਖਾਣ ਕੱਠੇ ਇੱਕੇ ਥਾਲ ਬਹਾਉਂਦੀ। ਜਵਾਬ ਜੋਗੀ ਪਹਿਲਾਂ ਜੋਗ ਲਏ ਦੇ ਦੁੱਖੜੇ ਸੁਣ ਲੈ ਨਾਥ ਤੋਂ, ਫੇਰ ਸੁਣਾਲੀਂ ਅਪਣੀ ਜਿਹੜੀ ਤੇਰੇ ਨਾਲ ਵਿਹਾਈ। ਬਾਰਾਂ ਵਰ੍ਹੇ ਚਰਾਈਆਂ ਮੇਹੀਂ ਤੇਰੇ ਬਾਪ ਨੇ, ਫੇਰ ਨਿਕਾਹ ਖੇੜਿਆਂ ਦੀ ਤੂੰ ਡੋਲੀ ਵਿਚ ਪਾਈ। ਟਮਕ ਚਕਾ ਸਿਰ, ਮੇਹੀਂ ਅੱਗੇ ਹਕਾਈਆਂ ਚਾਕ ਦੇ, ਡੋਲੀ ਮੈਂ ਤੇਰੀ ਹੀਰੇ, ਖੇੜਿਆਂ ਵਿਚ ਪੁਚਾਈ। ਮੇਹੀਂ ਟਮਕ ਡੋਲਾ ਡਿਉਢੀ ਲੈ ਕੇ ਸੈਦੇ ਨੇ, ਇੱਟਾਂ ਮਾਰ ਰਾਤ ਅਯਾਲੀ ਕੋਲ ਕਟਾਈ। ਹੋ ਸ਼ਰਮਿੰਦਾ ਖੇੜਿਆਂ ਤੋਂ ਸਿਆਲੀਂ ਮੁੜ ਆ ਗਿਆ ਸੀ, ਮੇਰੀ ਕਦਰ ਸਿਆਲਾਂ ਵਿਚ ਕਿਨੇ ਨਾ ਪਾਈ। ਤੁੱਲੀ ਚੂਚਕ ਵੀਰ ਪਠਾਣ ਦੇਖ ਸੁਖਾਂਦੇ ਨਾ, ਤੇਰੇ ਲੈ ਸੁਨੇਹੇ ਬਹੂ ਸਿਆਲੀਂ ਆਈ। ਸੁਣ ਸੁਨੇਹੇ ਤੇਰੇ ਲੱਗੀ ਉਦਾਸੀ ਚਾਕ ਨੂੰ, ਕਰਕੇ ਸਬਰ ਸਬੂਰੀ ਤੁਰ ਪਿਆ ਹੋ ਕੇ ਰਾਹੀ। ਜੰਡਾਂ ਵਾਲੀ ਢਾਬ ਉੱਤੇ ਜਾ ਕੇ ਬੈਠ ਗਿਆ, ਲਾਲੇ ਭਾਬੀ ਨੇ ਆ ਬੋਲੀ ਤੇਰੀ ਲਾਈ। ਫੇਰ ਤਖ਼ਤ ਹਜਾਰਿਉਂ ਰਸਤਾ ਫੜ ਕੇ ਟਿੱਲੇ ਦਾ, ਕਿਨੀਂ ਲਹੂਰੀਂ ਡੇਰੇ ਡਿਗ ਜਾ ਵਾਟ ਮੁਕਾਈ। ਮਰਨ ਕਬੂਲ ਕਰਕੇ ਚੋਰੀ ਕੀਤੀ ਗੋਰਖ ਦੀ, ਨਾਦ ਚੁਰਾ ਕੇ ਜੋਗ ਲੈ ਕੇ ਪੀਰੀ ਪਾਈ। ਧਾਰਾ ਨਗਰੀ ਦੀ ਲਿਆਂਦੀ ਭਿੱਛਿਆ ਮੰਗ ਕੇ, ਨਹਿਣਾ ਕੁਲਾਲੀ ਦੇ ਜਾ ਤੂੰਬੀ ਮਦੁਰਾ ਦੀ ਭਰਾਈ। ਪੰਜਾਂ ਪੀਰਾਂ ਕਾਗ ਚੱਕ ਫੜਾਇਆ ਰਾਂਝੇ ਨੂੰ, ਮੂੰਹ ਵਿਚ ਥੁੱਕ ਕੇ ਬੋਲੀ ਗੋਰਖ ਨੇ ਪਲਟਾਈ। ਚਿੱਠੀ ਬੰਨ੍ਹ ਕਾਗ ਦੇ ਗਲ਼ ਨੂੰ ਭੇਜਿਆ ਖੇੜਿਆ ਨੂੰ, ਖ਼ਬਰ ਤੇਰੀ ਹੀਰੇ ਨੀ ਮੂੰਹ ਦੀ ਮੰਗਵਾਈ। ਜੋਗ ਕਰਾਮਾਤ ਲੈ ਕੇ ਸਤਗਿੁਰ ਗੋਰੀਂ ਤੋਂ, ਤੂੰ ਵੀ ਐਵੇਂ ਨੀ ਗੁਰੂ ਤੋਂ ਬਖ਼ਸ਼ਾਈ। ਜਵਾਬ ਹੀਰ ਜੋਗੀ ਨਾਲ ਹੀਰ ਸਹਿਤੀ ਦੋਵੇਂ ਪੁੱਛਣ ਬੈਠੀਆਂ ਜੋਗੀ ਨੂੰ, ਦੱਸ ਹੁਣ ਗੱਲ ਜਿਹੜੀ ਚਾਹੇਂ ਤੂੰ ਬਣਾਉਣੀ। ਵਕਤੋਂ ਖੁੰਝ ਕੇ ਦੁੱਖੜੇ ਭਰਨੇ ਪੈਗੇ ਦੋਹਾਂ ਨੂੰ, ਹੁਣ ਚਲਾ ਤੂੰ ਅਜ਼ਮਤ ਜਿਹੜੀ ਤੈਂ ਚਲਾਉਣੀ। ਰਾਂਝੇ ਹੀਰ ਦੀਆਂ ਨਿੱਤ ਗੱਲਾਂ ਹੋਣ ਜਹਾਨ ਤੇ, ਮੇਰਾ ਮਨ ਚਾਹੁੰਦਾ ਹੈ ਰੋਜ਼ ਦੀ ਗੱਲ ਮੁਕਾਉਣੀ। ਤੂੰ ਵੀ ਲੱਭ ਚਲਿੱਤਰ ਚਾਰ ਸੌ ਚਾਰ ਚਲਿੱਤਰਾਂ 'ਚੋਂ, ਜੀਹਦੇ ਨਾਲ ਮੁੱਕੇ ਵਾਟ ਨਿੱਤ ਦੀ ਪਾਉਣੀ। ਐਸਾ ਕਰੋ ਚਲਿੱਤਰ ਭੇਤ ਨਾ ਲੱਗੇ ਕਿਸੇ ਨੂੰ, ਆਪਾਂ ਤਿੰਨਾਂ ਬਿਨਾਂ ਨਾ ਕਿਨੇਂ ਗੱਲ ਪਗਾਉਣੀ। ਕਰਨੀ ਗੌਰ ਨਾਲ ਗੱਲ ਸੁਣੀਂ ਸਹਿਤੀਏ ਨਾਥ ਦੀ, ਰੁੱਸੇ ਦੱਸੇ ਮਕਬਰੇ ਸਭ ਨੂੰ ਇਹ ਸਮਝਾਉਣੀਂ। ਰੋਜ਼ ਜੁੰਮੇ ਦੇ ਕਰ ਨਿਆਜ਼ ਲਿਜਾਣੀ ਮਕਬਰੇ, ਸਿਜਦਾ ਹੀਰ ਕਰਨੇ ਬਾਅਦ ਹੈ ਵਰਤਾਉਣੀ। ਕਸਰ ਬਿਮਾਰੀ ਹੀਰ ਨੂੰ ਫੇਰ ਕਦੇ ਨਾ ਹੋਊਗੀ, ਇਹ ਕਹਾਣੀ ਸਾਰੇ ਸਿਆਣਿਆ ਨੂੰ ਸੁਣਾਉਣੀਂ। ਫੇਰ ਕਰੀਂ ਚਲਿੱਤਰ ਜੋ ਤੇਤੋਂ ਪੁੱਗ ਜਾਵੇਗਾ, ਹਾਲ ਤੋਬਾ ਕਰ ਕਰ ਰੌਲੀ ਬਹੁਤੀ ਪਾਉਣੀ। ਭੇਜ ਪੀਰਾਂ ਨੂੰ ਮੰਗਾਈਏ ਤੇਰੇ ਯਾਰ ਨੂੰ, ਨਾਲ ਕਹਾਣੀ ਸਹਿਤੀਏ ਤੇਰੀ ਵੀ ਮੁਕਾਉਣੀ। ਸਾਰੀ ਕਥਾ ਨਾਥ ਸਿਖਾਈ ਹੀਰ ਸਹਿਤੀ ਨੂੰ, ਚੁਟਕੀ ਚੱਕ ਰਾਖ ਦੀ ਦੋਹਾਂ ਦੇ ਸਿਰ ਪਾਉਣੀ। ਜਵਾਬ ਸਹਿਤੀ ਹੀਰ ਨਾਲ ਚੋਰੀ ਸੈਦੇ ਤੋਂ ਅਸੀਂ ਆਈਆਂ ਮਿਲਣ ਫਕੀਰ ਨੂੰ, ਜੁਗੜੇ ਬੀਤੇ ਭਾਬੋ ਕਹੀਂ ਕੁੜੇ ਨੀ ਸੰਗ ਲਾਹੀ। ਢਿੱਡ ਨਾ ਭਰਦਾ ਹੀਰੇ ਨੀ ਗੱਲਾਂ ਕਰ ਆਸ਼ਕ ਦਾ, ਦੇਖ ਨਾ ਰਜਦੇ ਨੈਣ ਰਹਿੰਦੀ ਬੇਵਿਸਾਹੀ। ਦੁਖੜੇ ਆਸ਼ਕਾਂ ਦੇ ਨਾ ਲਿਖਣੇ ਜੋਗੇ ਕਾਗਜ਼ ਨੇ, ਨਾ ਹਨ ਕਲਮਾਂ ਤੇ ਨਾ ਇਤਨੀ ਹੈ ਸਿਆਹੀ। ਪੌਣ ਲਿਖਾਰੀ ਦੁਖੜੇ ਲਿਖਦਾ ਲਿਖਦਾ ਥੱਕ ਗਿਆ ਨੀ, ਜਿਸਦੀ ਵਗਦੀ ਕਲਮ ਹੋਵੇ ਬੇਹਥਾਈ। ਚੱਲ ਉੱਠ ਘਰ ਨੂੰ ਚੱਲੀਏ ਝੂਠੇ ਕੌਲਾਂ ਵਾਲੀਏ, ਡੋਲੀ ਚੜ੍ਹਕੇ ਖੇੜੀਂ ਆਈ ਕਿਉਂ ਵਿਆਹੀ। ਡਰ ਭਉ ਖੇੜਿਆਂ ਦਾ ਤੈਂ ਕਿਹੜੇ ਖੂਹ ਵਿਚ ਸਿਟਿਆ ਨੀ, ਜਦੋਂ ਦੀ ਬੁੱਕਲ ਦੇ ਵਿਚ ਲੈ ਕੇ ਬਹਿ ਗਿਆ ਮਾਹੀ। ਜੇਕਰ ਆ ਕੇ ਸੈਦਾ ਗਿਆਂ ਸੁਣਿਆ ਬਾਗ ਨੂੰ, ਕਿਕੂੰ ਜਰ ਲੂ ਭਾਬੋ ਐਡੀ ਗੱਲ ਕਰਾਹੀ। ਕਿਉਂ ਕਰਵਾਉਨੀਂ ਐਂ ਤੂੰ ਖੂਨ ਕਾਰਿਆਂ ਹੱਥੀਏ ਨੀ, ਨਾਲ ਸਹਿਤੀ ਨੂੰ ਮਰਵਾਵੇਂ ਬੇਗੁਨਾਹੀਂ। (ਇਸ ਤੋਂ ਬਾਅਦ ਹੀਰ ਤੇ ਸਹਿਤੀ ਤਿਆਰ ਹੋ ਕੇ ਬਾਗ 'ਚ ਜੋਗੀ ਨੂੰ ਮਿਲਣ ਜਾਂਦੀਆਂ ਹਨ ਤੇ ਇਹ ਇੱਥੇ ਹੀ ਘਰੋਂ ਭੱਜ ਜਾਣ ਦੀ ਸਲਾਹ ਬਣਾਉਂਦੇ ਹਨ। ਇਸ ਤੋਂ ਬਾਅਦ ਰਾਂਝਾ ਹੀਰ ਨੂੰ ਭਜਾ ਕੇ ਲੈ ਜਾਂਦਾ ਹੈ ਤੇ ਮੁਰਾਦ ਸਹਿਤੀ ਨੂੰ) ਕਲਾਮ ਸ਼ਾਇਰ ਹੀਰ ਮਿਲ ਗਈ ਰਾਂਝੇ ਨੂੰ ਅਦਲੀ ਦੇ ਅਦਲ 'ਚੋਂ, ਲੈ ਕੇ ਤੁਰ ਪਿਆ ਮਾਹੀ ਲੱਖ ਲੱਖ ਸ਼ੁਕਰ ਗੁਜਾਰੇ। ਅੱਜ ਹੋ ਗਈਆਂ ਸਿਆਲੇ ਅਸਾਂ ਦੇ ਮਨ ਭਾਉਂਦੀਆਂ, ਜਾਣਾ ਸਿਆਲਾਂ ਨੂੰ ਕਿ ਚੱਲੀਏ ਤਖ਼ਤ ਹਜਾਰੇ। ਗੱਲਾਂ ਕਰਦੇ ਕਰਦੇ ਤੁਰ ਪਏ ਹੱਸਦੇ ਖੇਡਦੇ, ਆ ਕੇ ਪਹੁੰਚ ਗਏ ਨਹਿੰਚਾਦਲ ਦੇ ਕਿਨਾਰੇ। ਪੱਤਣ ਬੇੜੀ ਵੰਝ ਨਾ ਚੱਪਾ, ਠਾਠੀਂ ਵਗਦੀ ਐ, ਲੰਘੀਏ ਕਿਹੜੀ ਬਿਧ ਦੇ ਨਾਲ ਨੀ ਮੁਟਿਆਰੇ। ਨਾ ਕੋਈ ਮਿੱਤਰ ਬੇਲੀ ਨਾ ਕੋਈ ਜਾਣ ਪਛਾਣ ਐ, ਪੱਲੇ ਨਾ ਪੈਸਾ ਲੰਘੀਏ ਕਾਸ ਦੇ ਸਹਾਰੇ। ਦੇਸ਼ ਬਿਗਾਨਾ ਸਾਥ ਜਨਾਨਾ ਚੂਚਕ ਬੱਚੀਏ ਨੀ, ਅਸਾਂ ਪਰਦੇਸੀਆਂ ਨੂੰ ਕਿਹੜਾ ਪਾਰ ਉਤਾਰੇ। ਹੁਣ ਕੋਈ ਹੀਲਾ ਕਰ ਫੜ ਪਟਕਾ ਭੂਰੀ ਵੰਝਲੀਆਂ, ਤੁਲ੍ਹਾ ਬਣਾਈਏ ਲਿਆਵਾਂ ਦੱਬ੍ਹ ਸਰ੍ਹਕੜਾ ਨਾਰੇ। ਰਾਂਝਾ ਤੁਰ ਗਿਆ ਹੀਰ ਮਗਰੋਂ ਪਟਕਾ ਪਾੜਦੀ, ਬੰਨ੍ਹੀਏ ਤੁਲ੍ਹਾ ਹੀਰ ਕਰਦੀ ਐ ਤਿਆਰੇ। ਰਾਂਝੇ ਦੇਖਿਆ ਆਣ ਹੀਰ ਪਟਕਾ ਪਾੜ ਲਿਆ, ਮੰਦੀ ਕਰੀ ਸਿਆਲੇ ਰੋਵੇ ਧਾਹਾਂ ਮਾਰੇ। ਲੀੜਾ ਜਾਣਕੇ ਤੈਂ ਕਰੀਆਂ ਪਾੜ ਤਲੀਰੀਆਂ, ਔਗੁਣ ਕੀਤਾ ਗੁਣ ਨਾ ਪਟਕੇ ਦੇ ਬਚਾਰੇ। ਮੈਂ ਤਾਂ ਏਸੇ ਪਟਕੇ ਵੰਝਲੀਆਂ ਨੇ ਤਾਰ ਲਿਆ, ਹੀਰ ਗਈ ਗਵਾਈ ਮਿਲ ਗਈ ਐਂ ਦੁਬਾਰੇ। ਹੀਰ ਹੈਰਾਨ ਹੋ ਕੇ ਪੁੱਛੇ ਦੱਸ ਗੁਣ ਪਟਕੇ ਦੇ, ਐਵੇਂ ਔਖਾ ਹੁੰਨੈਂ ਵਗਿੜੇ ਕੰਮ ਨਕਾਰੇ। ਜਵਾਬ ਰਾਂਝਾ ਹੀਰ ਨਾਲ ਸਾਈਂ ਸਬੱਬੀਂ ਪਟਕਾ ਮਿਲ ਗਿਆ ਰਾਂਝੇ ਚਾਕ ਨੂੰ, ਸੋਈ ਹੱਥੀਂ ਹੀਰੇ ਮੈਂ ਦੇ ਕੇ ਪੜਵਾ ਲਿਆ। ਪਟਕਾ ਵੰਝਲੀਆਂ ਇਹ ਕਿਨ੍ਹੀਂ ਲਹੂਰੀਂ ਮਿਲੀਆਂ ਨੀ, ਰਿੱਧੀ ਸਿੱਧੀ ਵਾਲੇ ਗੋਰਖ ਤੋਂ ਬਖਸ਼ਾ ਲਿਆ। ਸੁਣੀਂ ਪੈਦਾਇਸ਼ ਏਸ ਨੀ ਪਟਕੇ ਦੀ ਭੁੱਲੀਏ ਨੀ, ਕਿੱਥੋਂ ਬਣ ਗਿਆ ਰਾਂਝੇ ਹੀਰ ਨੂੰ ਬਤਾ ਲਿਆ। ਬੀਜ ਨਰਮੇ ਦਾ ਅਕਾਸ਼ੋਂ ਬਖਸ਼ਿਆ ਪਰਭੂ ਨੇ, ਰਾਜੇ ਇੰਦਰ ਬਾਗ ਸੁਰਗਾਂ ਦੇ ਬਿਜਵਾ ਲਿਆ। ਪਾਣੀ ਆਬੇਹਯਾਤ ਵਾਲਾ ਦੇ ਕੇ ਪਾਲ ਲਿਆ, ਜਦੋਂ ਖਿਿੜਆ ਸੱਦ ਕੇ ਪਰੀਆਂ ਤੋਂ ਚੁਗਵਾ ਲਿਆ। ਕਰਾਮਾਤ ਦੀ ਬਣਾ ਕੇ ਝੰਮਣੀ ਝੰਬਿਆ ਨੀ, ਬਾਬੇ ਵਿਸ਼ਕਰਮਾਂ ਦੇ ਬੇਲਣੇ ਬਲਾ ਲਿਆ। ਮਾਈ ਪਾਰਬਤੀ ਨੇ ਵੱਟੀਆਂ ਹੱਥੀਂ ਪੂਣੀਆਂ, ਦਾਦੂ ਭਗਤ ਪੇਂਜੇ ਤੋਂ ਨੀ ਸੱਦਕੇ ਪਿੰਜਵਾ ਲਿਆ। ਸੂਤ ਕੱਤਿਆ ਕ੍ਰਿਸ਼ਨ ਭਗਵਾਨ ਦੀਆਂ ਗੋਪੀਆਂ, ਲੋਈ ਨਲੀਆਂ ਵੱਟ ਕਬੀਰ ਤੋਂ ਬੁਣਵਾ ਲਿਆ। ਧੋ ਕੇ ਸਾਫ਼ ਕੀਤਾ ਨਾਮਦੇਵ ਭਗਤ ਨੇ, ਭੇਟਾ ਰਾਮਾਨੰਦ ਜੋ ਗੁਰੂ ਦੀ ਚੜ੍ਹਾ ਲਿਆ। ਜਦੋਂ ਜਨਮ ਲਿਆ ਰਵਿਦਾਸ ਦੁੱਧ ਨਾ ਚੁੰਘਿਆ, ਪਟਕੇ ਨਾਲ ਦੁੱਧੀਆਂ ਧੋ ਕੇ ਦੁੱਧ ਚੁੰਘਾ ਲਿਆ। ਓਥੋਂ ਮਿਲ ਗਿਆ ਪਟਕਾ ਬਾਲਮੀਕ ਰਿਖੀ ਨੂੰ, ਉਹਨੇ ਲਵੂ ਕੁਸ਼ੂ ਹੇਠ ਸੀ ਵਿਛਾ ਲਿਆ। ਮੰਗ ਕੇ ਲੈ ਲਿਆ ਸੀਤਾ ਤੋਂ ਸ਼ਿਵ ਭੋਲੇ ਨਾਥ ਨੇ, ਸ਼ਿਵਜੀ ਪਾਸੋਂ ਸਤਗਿੁਰ ਗੋਰਖ ਦੇ ਹੱਥ ਆ ਗਿਆ। ਗੋਰਖ ਚੇਲਾ ਕਰਕੇ ਬਖਸ਼ਿਆ ਰਾਂਝੇ ਚਾਕ ਨੂੰ, ਕਰਾਮਾਤੀ ਪਟਕਾ ਜੋ ਮੰਗਿਆ ਸੋ ਪਾ ਲਿਆ। ਤੂੰ ਕੀ ਜਾਣੇਂ ਏਸ ਨੀ ਪਟਕੇ ਦੀ ਅਜ਼ਮਤ ਨੂੰ, ਲੀਰੋ ਲੀਰ ਕੀਤਾ ਪਾੜ ਕੇ ਗਵਾ ਲਿਆ। ਬਖਸ਼ਸ਼ ਸਤਗਿੁਰ ਦੀ ਅਮੋਲਕ ਚੀਜ਼ ਵਿਗਾੜ ਕੇ, ਮੇਰੇ ਦੁਖੀ ਦਿਲ ਨੂੰ ਦੂਣਾ ਹੋਰ ਦੁਖਾ ਲਿਆ। ਲੀਰਾਂ ਜੋੜੇ ਨਦੀ ਕਿਨਾਰੇ ਬੈਠ ਕੇ, ਹੀਰ ਵਰਾਵੇ ਰੋਂਦਾ ਵਿਰੇ ਨਾ ਬਹੁਤ ਵਰਾ ਲਿਆ। ਹੁਣ ਤੂੰ ਰੋ ਨਾ ਮੀਆਂ ਵਜਾ ਰੰਝੇਟਿਆ ਵੰਝਲੀਆਂ, ਯਾਦ ਕਰ ਪੀਰਾਂ ਨੂੰ ਹੀਰ ਨੇ ਅਰਜ਼ ਸੁਣਾ ਲਿਆ। ਪਟਕਾ ਮੈਂ ਕਰਵਾਦੂੰ ਸਾਬਤ, ਕਰਕੇ ਬੇਨਤੀਆਂ, ਨਾਲੇ ਮੇਲਾ ਕਰ ਕਿਉਂ ਜਿੱਤ ਕੇ ਮਨੋਂ ਭੁਲਾ ਲਿਆ। ਜਵਾਬ ਰਾਂਝਾ ਕੱਢ ਕੇ ਝੋਲੀ ਵਿਚੋਂ ਸੋਹਣੀ ਮੋਹਣੀ ਵੰਝਲੀਆਂ, ਲੈ ਕੇ ਹੁਕਮ ਹੀਰ ਦਾ ਤਿਆਰੀ ਕਰੀ ਵਜਾਉਣ ਦੀ। ਨਾਲ ਪਰੇਮ ਦੇ ਸੁਰ ਕਰੀਆਂ ਰਾਂਝੇ ਮਾਹੀ ਨੇ, ਵਾਰੀ ਆਈ ਰਾਗ ਰਾਗਣੀਆਂ ਸਭ ਗਾਉਣ ਦੀ। ਭੈਰੋਂ ਮਾਲਕੌਂਸ ਸਿਰੀ ਰਾਗ ਅਲਾਪੇ ਮਾਹੀ ਨੇ, ਫੇਰ ਬਸੰਤ ਦੀਪਕ ਮੇਘ ਨੂੰ ਸੁਣਾਉਣ ਦੀ। ਛੱਤੀ ਰਾਗ ਰਾਗਣੀਆਂ ਅੱਠ ਪੁੱਤਰਾਂ ਸੰਗ ਗਾ ਰਿਹਾ, ਪਿਆਰ ਮਲਾਰ ਨਾਲ ਤਿਆਰੀ ਮੀਂਹ ਵਰਸਾਉਣ ਦੀ। ਕੂਕਣ ਕੋਇਲਾਂ ਮੋਰ ਬੰਬੀਹੇ ਚੜ੍ਹੀਆਂ ਸ਼ਿਆਮ ਘਟਾਂ, ਚਿੜੀਆਂ ਅਗਨ ਮਮੋਲਿਆਂ ਬਹੀਆਂ ਪਈ ਚਿਚਲਾਉਣ ਦੀ। ਸੁਣਕੇ ਵੰਝਲੀਆਂ ਨੂੰ ਆਗੇ ਜਾਨਵਰ ਜੰਗਲ ਦੇ, ਪੰਜਾਂ ਪੀਰਾਂ ਮੱਕਿਉਂ ਤਿਆਰੀ ਕਰ ਲਈ ਆਉਣ ਦੀ। ਆ ਕੇ ਹਾਜ਼ਰ ਹੋ ਗਏ ਕਹਿ ਉਏ ਬੱਚੂ ਰਾਂਝਿਆਂ, ਚੇਤਾ ਹੀਰ ਕਰਾਵੇ ਤੇਰੀ ਨੀਤ ਭੁਲਾਉਣ ਦੀ। ਹੁਣ ਤਾਂ ਹੀਰ ਮਲਿਗੀ ਹੋਈਆਂ ਮੁਰਾਦਾਂ ਪੂਰੀਆਂ, ਸਦਿਕਾਂ ਸਬਰਾਂ ਬਿਨ ਸੀ ਕੀਹਦੇ ਹੀਰ ਦਿਵਾਉਣ ਦੀ। ਰਾਂਝਾ ਹੀਰ ਉੱਠ ਕੇ ਕਰੀ ਬੇਨਤੀ ਪੀਰਾਂ ਨੂੰ, ਅੱਗੇ ਤਾਰੇ ਜਿਉਂ ਇਕ ਵਾਰੀ ਫੇਰ ਤਰਾਉਣ ਦੀ। ਰਿੱਧੀ ਸਿੱਧੀ ਵਾਲਾ ਪਟਕਾ ਮੇਰਾ ਪਾਟ ਗਿਆ, ਪਾਟਿਆ ਹੀਰ ਕੋਲੋਂ ਸਾਬਤ ਨੀਤ ਕਰਾਉਣ ਦੀ। ਅਜ਼ਮਤ ਧਾਰੀ ਪੀਰਾਂ ਪਟਕਾ ਸਾਬਤ ਕਰ ਲਿਆ ਐ, ਲੈ ਓਏ ਬੱਚੂ ਰੰਝੇਟਿਆ ਦੇਰ ਮੂੰਹੋਂ ਫਰਮਾਉਣ ਦੀ। ਪੀਰ ਛਿਪਗੇ ਰਾਂਝਾ ਹੀਰ ਰਹਗਿੇ ਹੱਥ ਮਾਰਦੇ, ਅਰਜ਼ ਨਾ ਕੀਤੀ ਗਈ ਹੀਰੇ ਨੀ ਪਾਰ ਲੰਘਾਉਣ ਦੀ। ਜਵਾਬ ਕਵੀ ਕੱਖਾਂ ਕਾਨਿਆਂ ਦਾ ਹੈ ਤੁਲ੍ਹਾ ਬਣਾ ਲਿਆ ਚਾਕ ਨੇ, ਰਾਂਝੇ ਹੀਰ ਕਰਲੀ ਤੁਲ੍ਹੇ ਚੜ੍ਹਨ ਦੀ ਤਿਆਰੀ। ਲੈ ਕੇ ਨਹਿੰਚਾਦਲ ਵਿਚ ਠਿੱਲ ਪਿਆ ਹੀਰ ਸਿਆਲ ਨੂੰ, ਠਾਠੀਂ ਵਗਦੀ ਦੇ ਵਿਚ ਤਰਨ ਨਾ ਜੋਗੇ ਤਾਰੀ। ਜਾਇ ਵਿਚਾਲੇ ਧਾਰ ਦੇ ਤੁਲ੍ਹਾ ਧੱਕਾ ਖਾ ਗਿਆ ਹੈ, ਰੁੜਕੇ ਵਹਿਣ ਪਿਆ ਜਾਂ ਭਉਜਲ ਮਿਲਿਆ ਭਾਰੀ। ਡੁੱਬਦੀ ਪੈਂਦੀ ਹੀਰ ਦੇ ਮੂੰਹੋਂ ਇਹ ਗੱਲ ਨਿੱਕਲੀ ਐ, ਕਿੱਥੇ ਹਨ ਵੰਝਲੀਆਂ ਤੇ ਪਟਕਾ ਅਜ਼ਮਤ ਧਾਰੀ। ਤੇਰੇ ਲੜ ਲੱਗਕੇ ਮੈਂ ਜਿੰਦੜੀ ਦੇਣੀ ਮੱਥ ਲਈ ਐ, ਐਪਰ ਦੇਖ ਰਾਂਝਣਾਂ ਹੀਰ ਨਾ ਕੌਲਾਂ ਤੋਂ ਹਾਰੀ। ਹੁਣ ਕੋਈ ਹੀਲਾ ਕਰ ਵੇ ਜਾਨ ਅਜਾਈਂ ਜਾਂਦੀ ਐ, ਆ ਗਈ ਪਲ ਵਿਚ ਅੱਗੇ ਮਰੀ ਨਾ ਪੱਥਰੀਂ ਮਾਰੀ। ਡੁੱਬਦੀ ਹੀਰ ਮੂੰਹ ਵਿਚ ਪਾ ਲਈ ਨਾਗਰ ਮੱਛ ਨੇ, ਲੈ ਗਿਆ ਪਿਆਲ ਨੂੰ ਸਾਬਤੀ ਨਿਘਾਰੀ। ਔਖੇ ਵੇਲੇ ਗੁਰੂ ਗੋਰਖ ਚੇਤੇ ਕਰ ਲਿਆ ਹੈ, ਹਾਜ਼ਰ ਹੋ ਗਿਆ ਕਰੀ ਮ੍ਰਗਿਸ਼ਾਲਾ ਦੀ ਅਸਵਾਰੀ। ਕਹਿ ਓ ਬੱਚੂ ਰੰਝੇਟਿਆ ਕਿੱਥੇ ਡੁੱਬਦਾ ਫਿਰਦਾ ਐਂ, ਮੂੰਹੋਂ ਆ ਫਰਮਾਇਆ ਗੋਰਖ ਬਲਕਾਰੀ। ਖੁਆਜੇ ਖਜ਼ਿਰ ਨਾਲ ਗੋਸ਼ਟ ਮੇਰੀ ਗੋਰਖ ਦੀ, ਅੱਜ ਮੈਂ ਸੋ ਕਰਵਾਲਾਂ ਜੋ ਮਰਜ਼ੀ ਹਮਾਰੀ। ਓਸੇ ਵੇਲੇ ਹੁਕਮ ਜੁ ਦੇ ਲਿਆ ਨਾਗਰ ਮੱਛ ਨੂੰ, ਪਿੱਠ ਤੇ ਧਰਕੇ ਤੁਲ੍ਹਾ ਲੈ ਚੱਲੇ ਨੇ ਪਾਰੀਂ। ਓਸੇ ਸੈਂਤ ਨਾਗਰ ਮੱਛ ਪਿਆਲੋਂ ਆਣ ਕੇ, ਰਾਂਝਾ ਹੀਰ ਜੋੜੀ ਦੋਹਾਂ ਦੀ ਪਾਰ ਉਤਾਰੀ। ਭਿੱਜੇ ਵਸਤਰ ਜੋ ਨਿਚੋੜ ਪਾ ਲਏ ਸੁੱਕਣੇ ਨੂੰ, ਰਾਂਝੇ ਹੀਰ ਘੜੀ ਸ਼ੁਕਰ ਦੀ ਗੁਜ਼ਾਰੀ। ਲੈ ਨੀ ਦੇਖੀ ਹੀਰੇ ਪੀਰੀ ਪਟਕੇ ਗੋਰਖ ਦੀ, ਨਾਲੇ ਸਦਿਕ ਸਬਰ ਦੀ ਕਰਨੀ ਗਈ ਨਿਤਾਰੀ। ਨੇੜੇ ਸਿਆਲ ਤਖ਼ਤ ਹਜ਼ਾਰਾ ਦੁਰੇਡੇ ਜੱਟੀਏ ਨੀ, ਕਿੱਥੇ ਨੂੰ ਚੱਲੀਏ ਹੀਰੇ ਖੋਲ ਹਕੀਕਤ ਸਾਰੀ। ਜਵਾਬ ਹੀਰ ਰਾਂਝੇ ਸੇ ਨਿੱਕਲ ਝਨਾਉਂ ਰਾਂਝਾ ਹੀਰ ਬੈਠੇ ਸੋਚਦੇ, ਭਿੱਜੇ ਵਸਤਰ ਜੋ ਨਿਚੋੜ ਝਾੜੀਂ ਪਾਏ। ਕੱਪੜਾ ਇੱਕ ਉਦਾਲੇ ਲੈ ਕੇ ਹੀਰ ਬੈਠ ਗਈ, ਨਾਲੇ ਕਹਿੰਦੀ ਬਚ ਗਏ,ਰਾਂਝੇ ਨੂੰ ਸੁਣਾਇ। ਜੇ ਨਾ ਆਉਂਦਾ ਗੋਰਖ ਤਾਂ ਨਾ ਬਚਦੇ ਰਾਂਝਣਾਂ, ਬਿਨਾਂ ਉਹਦੇ ਆਏ ਕਿਹੜਾ ਪਾਰ ਲੰਘਾਏ। ਵਗਦੀ ਨਹਿੰਚਾਦਲ ਬੇਹਾਥ ਪਾਣੀ ਜ਼ੋਰ ਕਰੇ। ਟੱਕਰ ਮਾਰ ਨਾਗਰ ਮੱਛ ਨੇ ਡੱਕੇ ਖਿੰਡਾਏ। ਜੇ ਮੈਂ ਕਹਿੰਦੀ ਨਾ ਵੇ ਕਿੱਥੇ ਪਟਕਾ ਅਜ਼ਮਤੀ, ਤਾਂ ਵੀ ਮੈਨੂੰ ਤੈਨੂੰ ਨਾਗਰ ਮੱਛ ਜੋ ਖਾਏ। ਮੈਂ ਤਾਂ ਪਟਕੇ ਤੇਰੇ ਨੂੰ ਐਵੇਂ ਸੀ ਜਾਣਦੀ, ਕਰਾਮਾਤੀ ਪਟਕਾ ਕਰਾਮਾਤ ਦਿਖਾਏ। ਜੇ ਮੈਂ ਜਾਣਾਂ ਪੀਰੀ ਮੀਰੀ ਤੇਰੇ ਪਟਕੇ ਦੀ, ਰੱਖਦੀ ਕੱਪੜਿਆਂ ਦੇ ਵਿਚ ਮੈਂ ਛੁਪਾਏ। ਮੇਤੋਂ ਹੋਈ ਬੇਅਕਲੀ ਪੁੱਜ, ਬੇਮੱਤੀ ਹੀਰ ਤੋਂ, ਤੋਬਾ ਮੇਰੀ ਮੈਨੂੰ ਬਖਸ਼ੀਂ ਨਾਮ ਖ਼ੁਦਾਏ। ਇਕ ਮੈਂ ਹੋਰ ਅਚੰਭਾ ਦੇਖਿਆ ਸਤਗਿੁਰ ਗੋਰਖ ਦਾ, ਜੀਹਨੇ ਟਿੱਲਿਓਂ ਆ ਮੱਛ ਨਾਗਰ ਤੋਂ ਬਖਸ਼ਾਏ। ਬੈਠੇ ਖੁਸ਼ੀਆਂ ਦੇ ਵਿਚ ਕਰਦੇ ਲਾਡ ਕਲੋਲੀਆਂ, ਫਿਰਦੇ ਤੁਰਦੇ ਕਿਤੋਂ ਕਲ ਤੇ ਨਾਰਦ ਆਏ। ਜਵਾਬ ਨਾਰਦ ਕਲ ਸੇ ਕਲ ਤੇ ਨਾਰਦ ਦੋਵੇਂ ਤੁਰੇ ਜਾਂਦੇ ਖੜ ਗਏ ਐ, ਦਰਸ਼ਣ ਕਰਲੈ ਸਦਿਕਾਂ ਸਬਰਾਂ ਵਾਲੇ ਬੰਦੇ। ਨਾਮ ਰਾਂਝਾ ਹੀਰ ਪਾਕ ਮਹੱਬਤ ਏਹਨਾਂ ਦੀ, ਛੱਡੀਂ ਫਿਰਦੇ ਕਲੇ ਨੀ ਦੁਨੀਆਂ ਦੇ ਧੰਦੇ। ਸੱਚੀ ਦਰਗਾਹ ਦੇ ਵਿਚ ਬਖਸ਼ੇ ਗਏ ਅਜ਼ਾਬ ਤੋਂ ਦੇਖੇ ਮੈਂ ਸੁਰਗਾਂ ਵਿਚ ਇਹਨਾਂ ਦੇ ਮਹਿਲ ਉਸਰੰਦੇ। ਲੱਗਿਆ ਸਦਾ ਵਰਤ ਫਿਰ ਖਾ ਖਾ ਜਾਂਦੀਆਂ ਪੰਗਤਾਂ ਨੇ. ਕਰਨੀ ਵਾਲਿਆਂ ਦੇ ਤਾਂ ਵੇਦ ਨੇ ਕਥਨ ਕਥੰਦੇ। ਰਹਿੰਦੀ ਦੁਨੀਆਂ ਤਾਈਂ ਨਾਮ ਰਹੂ ਜੱਗ ਏਹਨਾਂ ਦਾ, ਗੀਤ ਗਾਉਣ ਢੱਡਾਂ ਸਾਰੰਗੀਆਂ ਵਜੰਦੇ। ਦੇਖੀਂ ਬੁਰਾ ਨਾ ਚਤਿਵੀਂ ਕਲੇ ਏਸ ਜੋੜੀ ਦਾ, ਜਿੰਨਾ ਚਿਰ ਨਾ ਹੋਣ ਸਦਿਕ ਸਬਰ ਤੋਂ ਗੰਦੇ। ਕੱਟਕੇ ਦੁਖੜੇ ਲੱਖਾਂ ਫਾਰਗ ਹੋਏ ਬੈਠੇ ਐ, ਦਿਸਣ ਕੋਈ ਦਿਨ ਦੇ ਖੁਸ਼ੀਆਂ ਮਜ਼ੇ ਉਡੰਦੇ। ਸ਼ਕਲਾਂ ਦੇਖ ਗੱਡੇ ਲੱਦੀਂ ਬੈਠੇ ਰੂਪ ਦੇ, ਬਖਸ਼ੀਂ ਕਲੇ ਨਾਰਦ ਮੁਨੀ ਜੀ ਅਰਜ਼ ਕਰੰਦੇ। ਜਵਾਬ ਕਲ ਨਾਰਦ ਸੇ ਮੱਥੇ ਪਾ ਤਿਉੜੀ ਕਲ ਨਾਰਦ ਨੂੰ ਬੋਲਦੀ, ਮੇਰੀ ਨਾਲ ਬੰਦਿਆਂ ਕੌਣ ਸੀ ਸਕੀਰੀ। ਯੂਸਫ ਸਿਲੇਮਾਨ ਵਰਗੇ ਸੋਹਣੇ ਭੱਛ ਲਏ ਮੈਂ, ਭੱਛ ਲਏ ਪੀਰ ਪਗੰਬਰ ਜੋ ਲਾ ਗਏ ਜੱਗ ਪੀਰੀ। ਰੁਸਤਮ ਭੀਮ ਸੈਨ ਜਹੇ ਯੋਧੇ ਭੱਛ ਲਏ ਨਾਰਦਾ, ਖਾਧੇ ਦੁਰਯੋਧਨ ਜਹੇ ਗਿਰਝਾਂ ਨੇ ਅਖੀਰੀ। ਅੱਗੇ ਹਜ਼ਾਰਾਂ ਭੱਛੀਆਂ ਪਰੀਆਂ ਜਿਹੀਆਂ ਸੂਰਤਾਂ, ਕਿਸ ਦੀ ਗਿਣਤੀ ਦੇ ਵਿਚ ਤੇਰੇ ਰਾਂਝਾ ਹੀਰੀ। ਜਿਸਦਾ ਖਾਜਾ ਖਾ ਕੇ ਖੜੂ ਨਾਰਦਾ ਅੰਤ ਨੂੰ, ਛੱਡ ਨੀ ਸਕਦੀ ਕਰੀਏ ਜੇ ਲੱਖਾਂ ਤਦਬੀਰੀ। ਹੁਣ ਦਿਨ ਥੋੜੇ ਰਹਿੰਦੇ ਇਹ ਜੋੜੀ ਛਿਪ ਜਾਣ ਦੇ, ਚੱਖਣੀ ਪਊ ਮੌਤ ਦੀ ਓੜਕ ਸਭ ਨੂੰ ਸ਼ੀਰੀ। ਸਦਾ ਵਿਜੋਗ ਸੁੱਖ ਨਾ ਕਰਮੀਂ ਹੀਰ ਰਾਂਝੇ ਦੇ, ਪਿਛਲੇ ਜਨਮਾਂ ਦੇ ਸਰਾਪ ਜੋ ਇਨ ਥੀਰੀ। ਜਵਾਬ ਨਾਰਦ ਕਲ ਸੇ ਨਾਰਦ ਆਖੇ ਰੰਨਾਂ ਹੋਣ ਸਭ ਜਿੱਦ ਖੋਰੀਆਂ, ਤੂੰ ਵੀ ਓਸੇ ਅਸਲੇ 'ਚੋਂ ਜਿੱਦ ਦੇ ਵਿਚ ਪੱਕੀ। ਜਿੱਦ ਸਿਰ ਆ ਕੇ ਪੂਰਨ ਕਤਲ ਕਰਾਇਆ ਲੂਣਾ ਨੇ, ਝੂਠ ਦਾ ਸੱਚ ਬਣਾ ਕੇ ਗੱਲ ਕਹਿਣੋਂ ਨਾ ਜੱਕੀ। ਜਿੱਦ ਸਿਰ ਆ ਕੇ ਹੱਥੀਂ ਤੀਰ ਤੁੜਵਾਏ ਸਹਿਬਾਂ ਤੋਂ, ਖਾਲੀ ਆਸਣ ਦਾਨਾਬਾਦ ਪੁਚਾਈ ਬੱਕੀ। ਭ੍ਰਿਸ਼ਟੀ ਮਾਲਕ ਦੀ ਤੂੰ ਭੁੱਖੀ ਫਿਰੇਂ ਦਿਨ ਰਾਤ ਈ, ਮਹਾਂਭਾਰਤ ਯੁੱਧ ਦੇ ਵਿਚ ਤੂੰ ਨਾ ਰੱਜ ਸੱਕੀ। ਸ਼ਾਹ ਸਕੰਦਰ ਰਾਵਣ ਕਾਰੂੰ ਜਿਹੇ ਸ਼ਿੰਗਾਰੇ ਤੈਂ, ਮਾਨਧਾਤੇ ਵਰਗਿਆਂ ਦੀ ਕੀਤੀ ਇਕ ਫੱਕੀ। ਪਿਰਥੂ ਬਾਲੀ ਤੇ ਸੁਗਰੀਵ ਤੈਂ ਦੁਰਯੋਧਨ ਨੂੰ, ਬਲੀ ਸਭ ਸ਼ਿੰਗਾਰੇ ਨਜ਼ਰ ਕਹਿਰ ਦੀ ਤੱਕੀ। ਤੁਰਕਾਂ ਨਾਲ ਯੁੱਧ ਕਰਾਇਆ ਗੁਰ ਦਸ਼ਮੇਸ਼ ਦਾ, ਸਤਗਿੁਰ ਨਾਨਕ ਤੋਂ ਫਿਰਾਈ ਹੈ ਤੈਂ ਚੱਕੀ। ਲੱਖਾਂ ਵਲੀ ਤਪੀ ਅਵਤਾਰ ਸੋਹਣੇ ਤਾਰੇ ਤੈਂ, ਐਨੀ ਦੁਨੀਆਂ ਮਾਰੀ ਮਾਰ ਮਾਰ ਨਾ ਥੱਕੀ। ਲਾਹਣਤ ਸਭ ਤੋਂ ਲੈਂਦੀ ਕਰੇਂ ਪਰੇਮ ਨਾ ਕਿਸੇ ਦਾ, ਕਰੇਂ ਬੇਨਿਆਈਆਂ ਤਾਹੀਂ ਫਿਰੇਂ ਧੱਕੀ। ਕਹਿਣਾ ਮੰਨ ਰਹਿਮ ਕਰ ਛੱਡਦੇ ਏਸ ਜੋੜੀ ਨੂੰ, ਨਜ਼ਰ ਕਿਉਂ ਕਹਿਰ ਦੀ ਤੂੰ ਤੱਕੇਂ ਨਿਹੱਕੀ। ਜਵਾਬ ਕਲ ਨਾਰਦ ਸੇ ਕਹੇ ਕਲ ਨਾਰਦਾ ਨਾ ਕਰ ਰੋਜ ਅਪੀਲਾਂ ਤੂੰ ਤੇਰੀਆਂ ਨਿੱਤ ਫਰਮਾਇਸ਼ਾਂ ਨੇ ਵੇ ਅਕਾਈ। ਕੀਹਦੀ ਕੀਹਦੀ ਖਾਤਰ ਕਰੇਂ ਅਪੀਲਾਂ ਨਾਰਦਾ, ਦੁਨੀਆਂ ਮਾਰਨ ਖਾਤਰ ਮੈਂ ਰੱਬ ਨੇ ਬਣਾਈ। ਵਲੀ ਸੋਹਣਾ ਛੋਟਾ ਦੇਖ ਰਹਿਮ ਮੈਂ ਕਰਦੀ ਨਾ, ਬੁੱਢਾ ਨਿਆਣਾ ਕੱਚਾ ਸਭ ਦੀ ਕਰਾਂ ਸਫਾਈ। ਭਗਤ ਅਵਤਾਰੀ ਰਾਜੇ ਪੰਡਤ ਸਾਧੂ ਔਲੀਏ, ਵੈਦਾਂ ਡਾਕਟਰਾਂ ਤੇ ਕਰਦੀ ਮੈਂ ਚੜ੍ਹਾਈ। ਧਰਤ ਅਕਾਸ਼ ਬਣਾ ਕੇ ਜਿਸ ਦਿਨ ਦੁਨੀਆਂ ਸਾਜੀ ਐ, ਓਸੇ ਵਕਤ ਨਾਰਦਾ ਮੈਂ ਹੋਣੀ ਬਣਾਈ। ਲੈ ਕੇ ਸੱਤ ਸੁਆਸ ਮੈਂ ਸ਼ਕਤੀ ਰਚੀ ਭਗਵਾਨ ਨੇ, ਸਭ ਪਰ ਵਰਤਣ ਦੀ ਮੈਂ ਲਿਖਤ ਵੇ ਲਿਖਾਈ। ਜਦ ਤੱਕ ਦੁਨੀਆਂ ਤਦ ਤੱਕ ਸ਼ਕਤੀ ਮੈਂ ਵਿਚ ਜਗਤ ਦੇ, ”ਠਾਰਾਂ ਕਰੋੜ ਜੂਨ ਦੀ ਮੈਨੂੰ ਮਿਸਲ ਫੜਾਈ। ਆਈ ਤਰੀਕ ਤੋਂ ਇਕ ਪਲ ਰਹਿਣ ਨਾ ਮਿਲਣਾ ਵੇ, ਜਿਹੜੇ ਜੀਅ ਦੀ ਚੋਗ ਪ੍ਰਭੂ ਨੇ ਮੁਕਾਈ। ਸਰਾਪ ਇੰਦਰ ਦਾ ਹੈ ਦੋਹਾਂ ਹੀਰ ਰਾਂਝੇ ਨੂੰ, ਮਿਸਲ ਕੱਢ ਦਫਤਰੋਂ ਇੰਦਰ ਦਿਉਂ ਲਿਆਈ। ਹੀਰ ਹੱਥੀਂ ਮਾਰਨੀਂ ਜ਼ਹਿਰ ਦੇ ਕੇ ਤੁੱਲੀ ਨੇ, ਸਾਰੀ ਖੋਲ੍ਹ ਬਾਤ ਹਜ਼ੂਰਾ ਸਿੰਘ ਬਤਾਈ। ਜਵਾਬ ਹੀਰ ਰਾਂਝੇਂ ਸੇ ਹੀਰ ਰਾਂਝੇ ਤਾਈਂ ਅਰਜ਼ ਕਰੇ ਹੱਥ ਜੋੜ ਕੇ, ਜੰਮਣ ਭੋਮ ਉੱਠਿਆ ਮਾਪਿਆਂ ਦਾ ਪਿਆਰ ਵੇ। ਹੁਣ ਤਾਂ ਮਿਲ ਗਈ ਤੈਨੂੰ ਅਦਲੀ ਦੇ ਅਦਲ 'ਚੋਂ, ਰਹਿ ਕੀ ਗਈ ਖੇੜੇ ਮਾਪਿਆਂ ਦੇ ਅਖ਼ਤਿਆਰ ਵੇ। ਮੇਰਾ ਜੀਅ ਲੋਚਦਾ ਮਿਲਣਾ ਕੁੜੀਆਂ ਮਿੱਠੀ ਨੂੰ, ਮੇਰੇ ਤੇਰੇ ਦੁੱਖ ਸੁੱਖ ਦੀ ਜਿਨਾਂ ਨੂੰ ਸਾਰ ਵੇ। ਮੇਲਾ ਕਰਕੇ ਹੀ ਉੱਠ ਚੱਲੀਏ ਤਖ਼ਤ ਹਜ਼ਾਰੇ ਨੂੰ, ਜ਼ਿਆਦਾ ਚਿਰ ਨਾ ਮੇਰੀ ਸਿਆਲੀਂ ਹੈ ਅਟਕਾਰ ਵੇ। ਤੇਰੀ ਮੇਰੀ ਜੋੜੀ ਫੇਰ ਮਿਲਾਈ ਰੱਬ ਨੇ ਵੇ, ਦੇ ਕੇ ਫੱਤੂ ਕਾਜ਼ੀ ਕੈਦੋਂ ਦੇ ਮੂੰਹ ਸਾਰ ਵੇ। ਜਦੋਂ ਸਾਵੇਂ ਫਿਰਦੇ ਦੇਖੇ ਕੁੱਲ ਜਹਾਨ ਨੇ, ਸਿਆਲੀਂ ਪੈਜੂ ਮੀਆਂ ਆਪਣੀ ਧਮਕਾਰ ਵੇ। ਹੁਣ ਤਾਂ ਕੋਈ ਵੀ ਅੱਖ ਚੁਕਣੇ ਜੋਗ ਨਾ ਰਿਹਾ, ਕਿਹੜਾ ਬਾਹੋਂ ਫੜਲੂ ਆਣਕੇ ਲਲਕਾਰ ਵੇ। ਤੇਰੀ ਮੇਰੀ ਸਹੀ ਸਲਾਮਤ ਰਹਿਗੀ ਜਿੰਦੜੀ, ਕੇਰਾਂ ਚੱਲ ਸਿਆਲੀਂ ਦੇ ਚੱਲੀਏ ਫਿਟਕਾਰ ਵੇ। ਜਵਾਬ ਰਾਂਝਾ ਹੀਰ ਸੇ ਤੇਰੇ ਆਖੇ ਹੀਰੇ ਜਾਣਾ ਪਿਆ ਸਿਆਲਾਂ ਨੂੰ, ਨੀ ਪਰ ਮੇਰਾ ਜੱਟੀਏ ਕਰੇ ਨਾ ਇਰਾਦਾ। ਦੁਸ਼ਮਣ ਨਾਲ ਮੇਲਾ ਕੇਹਾ ਚੂਚਕ ਬੱਚੀਏ ਨੀ, ਤੈਨੂੰ ਕਿਹੜਾ ਨੀ ਪੜ੍ਹਾ ਗਿਆ ਹੀਰੇ ਪਾਧਾ। ਵੈਰੀ ਮਿੱਤਰ ਨਾ ਸਮਝੋ ਲੱਖ ਮਿੱਠਾ ਜੇ ਬੋਲਦਾ, ਜਦ ਦਾਉ ਲੱਗੇ ਦੇਖ ਲੀਂ ਦੁਸ਼ਮਣ ਨੇ ਖਾਧਾ। ਕੈਦੋਂ ਕਾਜੀ ਸਿਆਲ ਕੀ ਮਤਿਰਾਈ ਕਰਨਗੇ, ਇਨ੍ਹਾਂ ਦਾ ਦੀਨ ਈਮਾਨ ਕੀ ਐ ਮੁਲਕ ਪਚਾਧਾ। ਕੋਈ ਰਹਿੰਦਾ ਕਜੀਆ ਸਿਆਲੇ ਹੋਰ ਸਹੇਂੜੇਂਗੀ, ਕਿਹਾ ਕੁ ਧਰਮੀ ਤੇਰਾ ਪਿਿਛਓਂ ਬਾਪ ਦਾਦਾ। ਚੱਲ ਉੱਠ ਚੱਲੀਏ ਤੈਨੂੰ ਮੌਜ ਦਿਖਾਵਾਂ ਸਿਆਲਾਂ ਦੀ, ਇਕ ਦਿਨ ਮੁੱਕਜੇ ਹੀਰੇ ਰੋਜ਼ ਦਾ ਅਪਰਾਧਾ। ਚੰਦਰੀ ਸ਼ੈਂਤ ਮੂੰਹੋਂ ਨਿਕਲੀ ਤੁਰ ਪਏ ਸਿਆਲਾਂ ਨੂੰ, ਕਲ ਤਾਂ ਸਿਰ ਤੇ ਘੁੰਮਦੀ ਮੁਕਾਉਣ ਨੂੰ ਤਗਾਦਾ। ਜਾ ਕੇ ਝੱਲ ਵਿਚ ਓਸ ਹੇਠ ਜੰਡੋਰੇ ਬੈਠਗੇ, ਮਾਹੀ ਪਾਲੀ ਜਿੱਥੇ ਬਹਿ ਖਾਂਦੇ ਪਰਸ਼ਾਦਾ। ਮੁੰਡਿਆਂ ਘਰ ਜਾ ਖ਼ਬਰ ਪੁਚਾਈ ਤੁੱਲੀ ਚੂਚਕ ਨੂੰ, ਹੀਰ ਆ ਗਈ ਨਾਲ ਰਾਂਝਾ ਸਾਹਿਬਜਾਦਾ। ਘਰ ਨੂੰ ਲੈਗੇ ਐ ਕੀ ਜਾਦੇ ਗੱਲ ਵਧਾਉਣੀ ਐ, ਦੇਖੋ ਕੀ ਕਰਦਾ ਹੈ ਚੂਚਕ ਬੇਔਲਾਦਾ। ਜਵਾਬ ਕੁੜੀਆਂ ਹੀਰ ਆ ਗਈ ਸਿਆਲੀਂ ਘਰ ਘਰ ਖਬਰਾਂ ਹੋ ਗੀਆਂ, ਕੁੜੀਆਂ ਆਣ ਝਮੇਲਾ ਕੀਤਾ ਵਿਚ ਲੁਕੋਈ। ਪਾ ਪਾ ਜੱਫੀਆਂ ਗਲ ਨੂੰ ਮਿਲ ਮਿਲ ਰੋ ਰੋ ਪੁੱਛਦੀਆਂ, ਹੀਰੇ ਦੱਸ ਤੂੰ ਸਾਨੂੰ ਨੀ ਜਿਵੇਂ ਜਿਉਂ ਹੋਈ। ਕਿਸ ਬਿਧ ਪੱਲੇ ਪੈਗੀ ਮਿਹਨਤ ਏਸ ਗਰੀਬ ਦੇ, ਜਿਸ ਨੇ ਮੇਂਹੀ ਚਾਰ ਉਮਰ ਤੁਸਾਂ ਘਰ ਖੋਈ। ਤੇਰੇ ਉੱਠਗੀ ਤੇ ਪੜਵਾਲੇ ਕੰਨ ਰੰਝੇਟੇ ਨੇ, ਇਕ ਪਲ ਨੀਂਦ ਨਾ ਚੂਚਕ ਬੱਚੀਏ ਸੁੱਖ ਦੀ ਸੋਈ। ਹਾਲੋਂ ਹੋ ਬੇਹਾਲ ਮੰਜਲ ਪੁਹੰਚਿਆ ਇਸ਼ਕ ਦੀ, ਕਿਕੂੰ ਸਹਿ ਲਈ ਕੰਨ ਜਾਂ ਨਾਥਾਂ ਛੁਰੀ ਚੁਭੋਈ। ਸਿਰ ਪਰ ਚੱਕ ਲੈ ਹੁਣ ਤੂੰ ਬੱਸ ਕਰਜਾ ਦੁੱਖ ਦੇਣ ਤੋਂ, ਜੇ ਹੁਣ ਵਿਗੜੀ ਮਿਲੇ ਨਾ ਦਰਗਾਹ ਦੇ ਵਿਚ ਢੋਈ। ਪਿਆਰ ਦੇ ਲਿਆ ਮਿੱਠੀ ਨੈਣ ਨੇ ਸਿਰ ਪਲੋਸ ਕੇ, ਹੁਣ ਤੂੰ ਜਿੱਤਗੀ ਸਿਰ ਤੇ ਭਾਰ ਰਿਹਾ ਨਾ ਕੋਈ। ਜਵਾਬ ਤੁੱਲੀ ਉੱਠ ਕੇ ਤੁੱਲੀ ਨੇ ਆ ਸੀਸ ਪਲੋਸਿਆ ਰਾਂਝੇ ਦਾ, ਦੇ ਕੇ ਪਿਆਰ ਚਾਕ ਨੂੰ ਆਦਰ ਕੀਤਾ ਭਾਰੀ। ਮੁੰਦਰਾਂ ਲਾਹ ਕੇ ਚਿੱਟੀ ਪਹਿਨ ਪੁਸ਼ਾਕੀ ਰਾਂਝਣਾ, ਬੱਚਾ ਹੀਰ ਤੇਰੇ ਮੈਂ ਸਿਰ ਤੋਂ ਦੀ ਵਾਰੀ। ਖਾਉ ਪਹਿਨੋ ਲੈ ਲਓ ਰੱਜ ਕੇ ਐਸ਼ ਜਹਾਨ ਦੀ, ਤੂੰ ਤੇ ਹੀਰ ਮੇਰੇ ਘਰ ਦੇ ਅੋਂ ਮਖਤਿਆਰੀ। ਵੀਰ ਪਠਾਣ ਬਹੁਤਾ ਔਖਾ ਹੋਊ ਅੱਡ ਕਰੂੰ, ਐਡੀ ਜਾਂਦੀ ਨੀ ਖੁਸ਼ਾਮਦ ਸਾਨੂੰ ਮਾਰੀ। ਡੱਕਾ ਇਕ ਨਾ ਤੋੜੀਂ ਬੈਠਾ ਚੌਧਰ ਕਰੀਂ ਤੂੰ, ਬਾਪ ਨਾ ਹੀਰ ਵਾਲਾ ਕਿਸੇ ਗੱਲੋਂ ਇਨਕਾਰੀ। ਪਾਪਣ ਦਗੇ ਧਰੋਹ ਦੀਆਂ ਪੰਡਾਂ ਦਿਲ ਵਿਚ ਬੰਨ੍ਹ ਕੇ, ਲੈ ਕੇ ਹੀਰ ਨਾ ਵਗਜੇ ਹੋਈ ਮਿੱਠੀ ਪਿਆਰੀ। ਫੇਰ ਪਲੋਸਣ ਲੱਗੀ ਲੈ ਬੁੱਕਲ ਵਿਚ ਹੀਰ ਨੂੰ, ਤੇਰੇ ਰਾਂਝੇ ਉੱਤੋਂ ਦੀ ਜਾਵਾਂ ਬਲਿਹਾਰੀ। ਨੇਕ ਧੀਆਂ ਅੰਦਰ ਵੜ ਕੇ ਇੱਜ਼ਤ ਰੱਖ ਦੀਆਂ, ਅੱਗੇ ਨੂੰ ਪਿਛਲੀ ਵਿਗੜੀ ਜਾਊ ਗੱਲ ਸੰਵਾਰੀ। ਜਵਾਬ ਹੀਰ ਸਿਆਲੀਂ ਆਉਣ ਨੂੰ ਤਾਂ ਚਿੱਤ ਨਾ ਕਰਦਾ ਮਾਏ ਮੇਰੀਏ, ਖਿੱਚ ਕੇ ਲਿਆਇਆ ਮੈਨੂੰ ਮਾਂ ਤੇਰਾ ਹਿਤਕਾਰ ਨੀ। ਸ਼ੀਰ ਚੁੰਘਾਉਣਾ ਚੇਤੇ ਆ ਗਿਆ ਤੇਰਾ ਹੀਰ ਦੇ, ਦੂਜਾ ਜੰਮਣ ਭੋਮ ਦਾ ਉੱਠਿਆ ਮਾਏ ਪਿਆਰ ਨੀ। ਰੱਜ ਕੇ ਮਿਲ ਲੈ ਫੇਰ ਮੇਲਾ ਹੋਣਾ ਮੁਸ਼ਕਲ ਐ, ਕਿਸ ਗੱਲ ਰਾਜੀ ਹੈ ਰੱਬ ਮਾਂ ਕੱਲ੍ਹ ਦਾ ਇਤਬਾਰ ਨੀ। ਮਾਪੇ ਵਸਦੇ ਭਲੇ ਧੀਆਂ ਘਰੋਂ ਤੁਰਦੀਆਂ, ਸੁਹਰੀਂ ਸਦੋਂ ਪੇਕੀਂ ਆਉਣਾ ਦਿਨੀਂ ਤਿਹਾਰ ਨੀ। ਏਸ ਨਜ਼ਿੋਰੇ ਧਨ ਦਾ ਜ਼ੋਰ ਨਾ ਮਾਏ ਮੇਰੀਏ, ਬੰਨ੍ਹ ਕੇ ਤੋਰੀ ਖੇੜਿਆਂ ਨੂੰ ਫੜ ਲਈ ਤਲਵਾਰ ਨੀ । ਹੁਣ ਕੋਈ ਹੋਰ ਫ਼ਤੂਰ ਮਚਾਉਣਾ ਕੈਦੋਂ ਵਰਗਿਆਂ ਨੇ, ਹੀਰ ਰਾਂਝੇ ਦੇ ਤਾਂ ਵੈਰੀ ਲੋਕ ਹਜ਼ਾਰ ਨੀ। ਹੀਰ ਕੱਢੀ ਕਢਾਈ ਤਖ਼ਤ ਹਜਾਰੇ ਜਾਣ ਦੇ, ਹੁਣ ਤੂੰ ਖੇੜਿਆਂ ਵਾਲਾ ਮਾਏ ਸਾਕ ਵਿਸਾਰ ਨੀ। ਜਵਾਬ ਕਾਜੀ ਸਿਆਲੀਂ ਫਿਰਦੇ ਦੇਖ ਰਾਂਝਾ ਹੀਰ ਸਿਆਲਾਂ ਨੇ, ਮੱਚ ਗਏ ਦੇਖ ਦੁਸ਼ਮਣ ਜਿਨਾਂ ਘਰੋਂ ਕਢਾਏ। ਹੁਣ ਕੋਈ ਢੰਗ ਬਣਾਵੋ ਹੀਰ ਸਿਆਲੀਂ ਆ ਗਈ, ਕਾਜੀ ਕੈਦੋਂ ਵੈਰੀਆਂ ਕੁੱਲ ਨੇ ਮਤੇ ਮਤਾਏ। ਜਿਨ੍ਹਾਂ ਗਵਾਹੀਆਂ ਦਿੱਤੀਆਂ ਜਾ ਕੇ ਰਾਜੇ ਅਦਲੀ ਦੇ, ਫਿਕਰ ਉਨ੍ਹਾਂ ਪਿਆ ਜਿਨ੍ਹਾਂ ਨੇ ਹੱਕ ਪੜ੍ਹਾਏ। ਲਾ ਪੰਚਾਇਤ ਕਾਜੀ ਕੱਢ ਹਦੀਸ ਮਸਲਿਆਂ ਦੀ, ਕਰ ਕਰ ਮਸਲੇ ਕਾਜੀ ਸਭ ਨੂੰ ਸੱਚ ਮਨਾਏ। ਕੁੜੀਆਂ ਨਹੀਂ ਦੇਣੀਆਂ, ਸੁਣ ਗੱਲ, ਕਿਨੇਂ ਸਿਆਲਾਂ ਨੂੰ, ਡੋਬੇ ਪੂਰ ਲੈਣੀਆਂ ਸਭ ਨੂੰ ਇਹ ਸਮਝਾਏ। ਕੱਲ੍ਹ ਨੂੰ ਪੁੱਛੋ ਵਿਚ ਬੁਲਾ ਕੇ ਪੰਚਾਇਤ ਦੇ, ਸ਼ਰ੍ਹਾ ਹਦੀਸ ਦੇ ਸਭ ਜਾਣ ਕਨੂੰਨ ਸੁਣਾਏ। ਜਵਾਬ ਕਾਜ਼ੀ ਫੱਤੂ ਕਾਜੀ ਕੈਦੋਂ ਲੰਙਾ ਮੂਲ ਉਪਾਦ ਦੇ, ਕੱਠੀ ਕਰੀ ਸਿਆਲਾਂ ਦੀ ਪੰਚਾਇਤ ਸਾਰੀ। ਸੱਦ ਕੇ ਪੁੱਛਿਆ ਕਾਜੀ ਕੈਦੋਂ ਚੂਚਕ ਮਹਿਰ ਨੂੰ, ਖੇੜੀਂ ਨਿਕਾਹੀ ਹੀਰ ਕੀ ਹੈ ਅਜੇ ਕੰਵਾਰੀ। ਹੁਣ ਤਾਂ ਰਾਂਝੇ ਦੇ ਘਰ ਵਸਦੀ ਜਰ ਲਈ ਚੂਚਕਾ, ਸ਼ਰ੍ਹਾ ਪੈਗੰਬਰੀ ਕਿਹੜੇ ਤੈਂ ਖੂਹ ਦੇ ਵਿਚ ਡਾਰੀ। ਜਿਉਂਦੇ ਖਾਵੰਦ ਦੇ ਦੁਬਾਰਾ ਨਿਕਾਹ ਜਾਇਜ਼ ਨਹੀਂ, ਤੈਨੂੰ ਦੇਣੀ ਆਊ ਸ਼ਰ੍ਹਾ ਦੀ ਦੇਣਦਾਰੀ। ਜਾਂ ਤੇ ਬੰਨ੍ਹ ਕੇ ਹੀਰ ਖੇੜਿਆਂ ਦੇ ਘਰ ਤੋਰ ਦੇ, ਨਹੀਂ ਤਾਂ ਜ਼ਹਿਰ ਦੇ ਕੇ ਮਾਰ ਦਿਓ ਇਕ ਵਾਰੀ। ਕੁੜੀਆਂ ਸਿਆਲਾਂ ਦੀਆਂ ਨਾ ਕਿਨੇਂ ਲੈਣੀਆਂ ਚੂਚਕਾ, ਜਹੀ ਕੁ ਹੀਰ ਤੇਰੀ ਨੇ ਕੀਤੀ ਹੈ ਖੁਆਰੀ। ਸੱਦਕੇ ਰਾਂਝੇ ਨੂੰ ਕੋਈ ਦਿਓ ਜਵਾਬ ਫਰੇਬ ਦਾ, ਮਗਰੋਂ ਹੀਰ ਦੀ ਮੁਕਾ ਦਿਓ ਅਲਕਤ ਸਾਰੀ। ਬਿਨਾਂ ਨਿਕਾਹੀ ਲੈ ਗਿਆ ਲੋਕ ਉਧਾਲ ਕਹਿਣਗੇ, ਜੰਨ ਲੈ ਢੁਕ ਪਓ ਸਾਡੇ ਸਿਆਲਾਂ ਦੇ ਦਰਬਾਰੀਂ। ਜਵਾਬ ਕਾਜੀ ਤੇ ਪੰਚਾਇਤ ਚੂਚਕ ਮੰਨ ਗਿਆ ਰਾਂਝਾ ਸੱਦ ਲਿਆ ਵਿਚ ਪੰਚਾਇਤ ਦੇ, ਸਾਰੀ ਖੋਲ ਕੇ ਹਕੀਕਤ ਵਿੱਥਿਆ ਕਹਿੰਦੇ। ਸਣੇ ਚੂਚਕ ਸਭ ਸਮਝਾਉਂਦੇ ਮਿੱਠਾ ਬੋਲ ਕੇ, ਸ਼ਰ੍ਹਾ ਦੀ ਗੱਲ ਨੂੰ ਬੱਚੂ ਸਿਆਣੇ ਤਾਂ ਮੰਨ ਬਹਿੰਦੇ। ਜੇ ਤੂੰ ਬਿਨਾਂ ਨਿਕਾਹੀ ਲੈ ਜੇਂ ਬੱਚੂ ਹੀਰ ਨੂੰ, ਲੱਗੇ ਦਾਗ ਉਧਾਲ ਦੇ ਕਦੇ ਨੀ ਲਹਿੰਦੇ। ਲੈ ਕੇ ਤਖ਼ਤ ਹਜਾਰਿਓਂ ਜੰਨ ਢੁੱਕ ਪੈ ਦਰ ਚੂਚਕ ਦੇ, ਦੋਵੇਂ ਤਰਫੀਂ ਮੁੱਖੜੇ ਉੱਜਲੇ ਤਾਹੀਂ ਰਹਿੰਦੇ। ਪਿੱਛੇ ਜੋ ਬੀਤੀ ਢਕ ਲੈ ਬੱਚੂ ਰਾਂਝਣਾ, ਧੀਆਂ ਵਾਲੇ ਨੀਵੇਂ ਚੰਗੇ ਨੀ ਲਗਦੇ ਖਹਿੰਦੇ। ਮੰਨ ਲੈ ਬੱਚੂ ਰੰਝੇਟਿਆ ਅਰਜ਼ਾਂ ਕਰਦੇ ਤੇਰੀਆਂ, ਧੱਕਾ ਕੀਤੇ ਹਿੱਕ ਨਾਲ ਕੋਟ ਉਸਰੇ ਨੀ ਢਹਿੰਦੇ। ਦਗੇ ਫਰੇਬ ਦੀਆਂ ਕਰ ਗੱਲਾਂ ਮਨਾ ਲਿਆ ਚਾਕ ਨੂੰ, ਲੱਗ ਗਈ ਹੈ ਪੰਚਾਇਤ, ਸਭ ਸਮਝਾਉਣ ਡਹਿੰਦੇ। ਦੂਜੇ ਭਾਵੀ ਪਰਬਲ ਪੈ ਗਈ ਐਵੇਂ ਹੋਣੀ ਸੀ, ਕਲ ਤੇ ਨਾਰਦ ਫਿਰਦੇ ਘੇਰਾ ਘੱਤੀਂ ਸਹਿੰਦੇ। ਜਵਾਬ ਰਾਂਝਾ ਏਸੇ ਹੀਰ ਕਾਰਨ ਖੋਲੇ ਚਾਰੇ ਚੂਚਕ ਦੇ, ਭਰੀਆਂ ਨੰਗੇ ਪੈਰੀਂ ਬਾਰਾਂ ਵਰ੍ਹੇ ਸਜ਼ਾਈਂ। ਖੱਟੀ ਲੱਸੀ ਬੇਹੇ ਟੁਕੜਿਆਂ ਉੱਤੇ ਚਾਕ ਨੇ, ਵਕਤ ਗੁਜ਼ਾਰੇ ਉਮਰ ਖੋ ਲਈ ਐ ਅਜਾਈਂ। ਜਿਸ ਦਿਨ ਪਾਲੀ ਲਾਇਆ ਏਸੇ ਚੂਚਕ ਮਹਿਰ ਨੇ, ਕਰੀ ਮਜ਼ੂਰੀ ਕਿਉਂ ਨਾ ਮੰਨਦਾ ਸੀ ਰਜਾਈਂ। ਹੀਰ ਤੇਰੀ ਹੈ ਜਦ ਤੁੱਲੀ ਚੂਚਕ ਕਹਿੰਦੇ ਸੀ, ਕਿਤੇ ਰਾਤ ਨੂੰ ਚੁਰਾ ਕੇ ਨਾ ਲੈ ਜਾਈਂ। ਪੰਜਾਂ ਪੀਰਾਂ ਨੇ ਨਿਕਾਹੀ ਨਾਲ ਰੰਝੇਟੇ ਦੇ, ਸ਼ਰ੍ਹਾ ਝੂਠਾ ਕਰਕੇ ਕਾਜੀਆ ਤਜਾਈਂ। ਪੜ੍ਹਿਆ ਪੀਰਾਂ ਦਾ ਤੇ ਤੋੜ ਫੜਾਇਆ ਖੇੜਿਆਂ ਨੂੰ, ਅਜ਼ਮਤ ਦੇਖੀ ਬੈਠਾ ਦਰ ਵਿਚ ਢੋਲ ਵਜਾਈਂ। ਜੇ ਮੈਂ ਝੂਠਾ ਹੁੰਦਾ ਮਿਲ ਕਿਉਂ ਜਾਂਦੀ ਅਦਲੀ ਦਿਉਂ, ਚੋਰਾਂ ਤੇ ਮੋਰ ਪੈ ਗਏ ਮੋਰਾਂ ਨੂੰ ਕਜਾਈਂ। ਆਖੇ ਹੀਰ ਤਾਂ ਮੈਂ ਤੁਰਜਾਂ ਤਖ਼ਤ ਹਜ਼ਾਰੇ ਨੂੰ, ਮੇਰਾ ਕੌਲ ਹੀਰ ਦਾ ਬਿਨਾਂ ਪੁੱਛੇ ਨਾ ਜਾਈਂ। ਜਵਾਬ ਕਵੀ ਕਾਜੀ ਕੈਦੋਂ ਚੂਚਕ ਤੁੱਲੀ ਚੋਰੀ ਹੀਰ ਤੋਂ, ਅੰਦਰ ਬੈਠ ਨਿਆਰੇ ਹੈ ਸਨ ਮਤਾ ਮਤਾਉਂਦੇ। ਹੋਈ ਪੁੱਜ ਬੁਰੀ ਆਬਰੂ ਰਹੀ ਨਾ ਸਿਆਲਾਂ ਦੀ, ਚੂਚਕ ਤੁੱਲੀ ਤਾਈਂ ਕਾਜੀ ਹੀ ਫਰਮਾਉਂਦੇ। ਆਖੇ ਕਿਸੇ ਦੇ ਨਾ ਰਾਂਝਾ ਜਾਏ ਸਿਆਲਾਂ 'ਚੋਂ, ਕਿਉਂ ਨੀਂ ਕਿਸੇ ਵਜ੍ਹਾ ਤੁਸੀਂ ਹੀਰ ਤੋਂ ਕਹਾਉਂਦੇ। ਦਗੇ ਫਰੇਬ ਦੀਆਂ ਸਮਝਾਈਆਂ ਬਾਤਾਂ ਕਾਜੀ ਨੇ, ਤਖ਼ਤ ਹਜਾਰੇ ਨੂੰ ਹਨ ਰਾਂਝੇ ਨੂੰ ਤੁਰਾਉਂਦੇ। ਮਸਲਾ ਗੁੰਦ ਨਿਕਾਹ ਦਾ ਹੀਰ ਬੁਲਾਈ ਸਾਹਮਣੇ, ਮਿੱਠੀਆਂ ਗੱਲਾਂ ਕਰਕੇ ਕਾਜੀ ਹੋਰੀਂ ਧਜਾਉਂਦੇ। ਬਿਨਾਂ ਨਿਕਾਹੀ ਜੇ ਤੂੰ ਤੁਰ ਜਾਏਂ ਤਖ਼ਤ ਹਜ਼ਾਰੇ ਨੂੰ, ਸਾਡੀ ਕੀ ਰਹੂਗੀ ਸਿਆਲ ਕੁਛ ਅਖਵਾਉਂਦੇ। ਨਵੇਂ ਸਿਰੇ ਨਿਕਾਹ ਕੇ ਤੋਰਨ ਤਖ਼ਤ ਹਜ਼ਾਰੇ ਨੂੰ, ਪਿਛਲੀ ਬੀਤੀ ਉਤੇ ਸਿਆਲ ਮਿੱਟੀ ਪਾਉਂਦੇ। ਬੱਚੂ ਹੀਰੇ ਕਿਉਂ ਨੀ ਕਹਿੰਦੀ ਰਾਂਝੇ ਮਾਹੀ ਨੂੰ, ਹੁਣੇ ਤੁਰਜੇ ਹੈ ਜਦ ਸਿਆਲ ਜੰਨ ਮੰਗਾਉਂਦੇ। ਮਿੱਠੀ ਮਿਸ਼ਰੀ ਤੋਂ ਜ਼ੁਬਾਨ ਕਰ ਲਈ ਸਿਆਲਾਂ ਨੇ, ਸਾਦਕ ਸਬੂਰੀ ਬੰਦੇ ਸੱਚ ਮਨ ਪਰਤਿਉਂਦੇ। ਰਾਂਝਾ ਸੱਦ ਲਿਆ ਹੀਰ ਨੇ ਕਸਮਾਂ ਲੈ ਮਾਂ ਬਾਪ ਤੋਂ, ਜੋ ਕੁਛ ਕਹਿਣ ਮੰਨ ਲਓ ਇੱਜ਼ਤ ਸਭ ਰਖਾਉਂਦੇ। ਦੇਣਾ ਰਾਂਝੇ ਨੂੰ ਨਿਕਾਹ ਹੀਰ ਦਾ ਮੰਨ ਲਿਆ, ਜੀਉ ਜੀਅ ਕੁਰਾਨ ਸ਼ਰੀਫ ਨੂੰ ਹੱਥ ਲਾਉਂਦੇ। ਜਾਮਨ ਲੈ ਕੇ ਰੱਬ ਵਿਚ ਹੀਰ ਚਾਕ ਮਨਜ਼ੂਰ ਕਰੀ, ਚੌਥੇ ਵੀਰਵਾਰ ਦੀ ਚਿੱਠੀ ਨਿਕਾਹ ਲਿਖਾਉਂਦੇ। ਜਵਾਬ ਰਾਂਝਾ ਕਾਜੀ ਕੈਦੋਂ ਚੂਚਕ ਤੁੱਲੀ ਬੇਇਤਬਾਰੇ ਨੇ, ਦਮ ਨਾ ਖਾਈਂ ਰਾਂਝੇ ਹੀਰ ਨੂੰ ਸਮਝਾਈਆਂ। ਹੱਥੋਂ ਨਾ ਲੈ ਕੇ ਖਾਈਏ ਨੀ ਦੁਸ਼ਮਣ ਦਿਉਂ ਸ਼ੀਰਨੀ, ਅੱਗੇ ਨਾ ਲੱਗਕੇ ਤੁਰੀਏ ਸਾਰਖੀਆਂ ਬਤਾਈਆਂ। ਇਕ ਪਲ ਆਸ਼ਕ ਨਾ ਵਿਛੋੜਾ ਜਰੇ ਮਸ਼ੂਕ ਦਾ, ਮੇਰੇ ਨਾਲ ਤਰੀਕਾਂ ਕਿਉਂ ਦੂਰ ਦੀਆਂ ਪਾਈਆਂ। ਤੂੰ ਤਾਂ ਛਲ ਲੀ ਹੀਰੇ, ਦੂਰ ਨੇ ਨਜ਼ਰਾਂ ਮੇਰੀਆਂ, ਇਹ ਸਭ ਕਾਜੀ ਕੈਦੋਂ ਹੋਰਾਂ ਦੀਆਂ ਸਫਾਈਆਂ। ਏਸ ਨਿਕਾਹ ਨੇ ਬਹੀਆਂ ਡੋਬਣੀਆਂ ਪਛਤਾਵੇਂਗੀ। ਗੱਲਾਂ ਖੋਲ ਰਾਂਝੇ ਹੀਰ ਨੂੰ ਸੁਣਾਈਆਂ। ਬਾਤਾਂ ਹਨ ਬੇਮੁੱਲੀਆਂ ਸੁਣ ਹੀਰੇ ਕੰਨ ਖੋਲ੍ਹ ਕੇ, ਚੇਤੇ ਰੱਖੀਂ ਹੈ ਜੋ ਰਾਂਝੇ ਨੇ ਫਰਮਾਈਆਂ। ਆਸ਼ਕ ਕਾਹਦਾ ਜੋ ਨਾ ਮੰਨੇ ਹੁਕਮ ਮਸ਼ੂਕ ਦਾ, ਏਸ ਮਸਾਲ ਨੇ ਬਹੀਆਂ ਆਸਾਂ ਦੀਆਂ ਦਵਾਈਆਂ। ਭਰ ਕੇ ਅੱਖੀਆਂ ਪੱਟ ਪੱਟ ਹੰਝੂ ਗਿਰ ਪਏ ਚਾਕ ਦੇ, ਹੱਥੀਂ ਹੀਰ ਪੂੰਝ ਕੇ ਧੀਰਜਾਂ ਬੰਨ੍ਹਾਈਆਂ। ਰੋਂਦਾ ਤੁਰ ਪਿਆ ਉੱਠ ਕੇ ਰਾਂਝਣ ਤਖ਼ਤ ਹਜ਼ਾਰੇ ਨੂੰ, ਕਰਕੇ ਹੀਰ ਸਿਆਲ ਨੂੰ ਲੱਖ ਲੱਖ ਤਕੜਾਈਆਂ। ਜਵਾਬ ਲਾਲੇ ਭਾਬੀ ਰਾਂਝੇ ਨੂੰ ਰਾਂਝਾ ਸਿਆਲਾਂ ਤੋਂ ਉੱਠ ਤੁਰਿਆ ਤਖ਼ਤ ਹਜ਼ਾਰੇ ਨੂੰ, ਇੱਕ ਦੋ ਮੰਜਲਾਂ ਕਰਕੇ ਪਹੁੰਚਿਆ ਭਾਈਚਾਰੇ। ਜੰਡਾਂ ਵਾਲੀ ਢਾਬ ਸੱਥ ਵਿਚ ਜਾ ਕੇ ਬੈਠ ਗਿਆ, ਸਿਆਣ ਲੋਕਾਂ ਨੇ ਘਰ ਦੱਸਿਆ ਜਾ ਪੁਕਾਰੇ। ਸੁਣ ਕੇ ਰਾਂਝੇ ਨੂੰ ਭਰਜਾਈਆਂ ਆਈਆਂ ਲੈਣ ਨੂੰ, ਲਾਲੇ ਭਾਬੀ ਤਾਹਨੇ ਦੇ ਰਹੀ ਕਰਾਰੇ। ਮੂੰਹ ਸਿਰ ਮੁੰਨਿਆ ਕੰਨੀਂ ਮੁਦਰਾਂ ਪਾਈਆਂ ਦੇਖ ਕੇ, ਲਾਲੇ ਕਹਿੰਦੀ ਸੌਦੇ ਕਰਲੇ ਮਨ ਦੇ ਸਾਰੇ। ਜੋਗੀ ਹੋ ਕੇ ਲੀਕ ਲਾਈ ਬਾਪ ਦਾਦੇ ਨੂੰ, ਖੋਲੇ ਚਾਰੇ ਜਾ ਕੇ ਜਿਹੜੀ ਦੇ ਸਹਾਰੇ। ਸੋ ਹੁਣ ਕਿੱਥੇ ਹੈ ਜਾ ਘਰ ਨੂੰ ਲਿਆਵਾਂ ਹੀਰ ਨੂੰ, ਬਾਹਰ ਲੁਕੋਈ ਕਿਉਂ ਸ਼ਰਮਿੰਦਗੀ ਦੇ ਮਾਰੇ। ਅਸੀਂ ਸ਼ੁਕਰ ਮਨਾਇਆ ਹੀਰ ਲੈ ਘਰ ਆ ਗਿਆ ਤੂੰ, ਤੁਰ ਉੱਠ ਘਰ ਨੂੰ ਟੁੱਟੇ ਹੱਥਾਂ ਦੇ ਨਕਾਰੇ। ਹੀਰ ਕਿਹੜਾ ਲਈ ਬੈਠਾ ਤੇਰੇ ਵਰਗੇ ਨੂੰ, ਰੁਲ਼ਦਾ ਫਿਰਦਾ ਕਿਉਂ ਫਕੀਰਾਂ ਦੇ ਦੁਆਰੇ। ਲਾਲੇ ਫੇਰ ਵੀ ਗਲ਼ ਲਾਉਂਦੀ ਮਾਰੀ ਸ਼ਰਮ ਦੀ, ਭਾਈ ਤੇਰਾ ਤੇਰੇ ਉਤੋਂ ਜਾਨ ਵਾਰੇ। ਜਵਾਬ ਰਾਂਝਾ ਰਾਂਝਾ ਬੋਲ ਕੇ ਸੁਣਾਵੇ ਲਾਲੇ ਭਾਬੀ ਨੂੰ, ਜੰਮਣਾ ਕਿਉਂ ਹੈ ਜੇ ਨਾ ਹੀਰ ਲਿਆ ਦਿਖਾਲੀ। ਜੋਗੀ ਹੋ ਕੇ ਮੋੜ ਲਿਆਇਆ ਰੰਗਪੁਰ ਖੇੜਿਆਂ ਤੋਂ, ਨਿਉਂ ਕਰਾਕੇ ਅਦਲੀ ਰਾਜੇ ਦਿਉਂ ਨਿਕਾਲੀ। ਸਤਗਿੁਰ ਗੋਰਖ ਨੇ ਲੈ ਦਿੱਤੀ ਨਾਗਰ ਮੱਛ ਦਿਉਂ, ਹੁਣ ਤਾਂ ਸਿਆਲੀਂਂ ਹੋਈ ਬੈਠੀ ਹੈ ਸੁਖਾਲੀ। ਚੌਥੇ ਵੀਰਵਾਰ ਨੂੰ ਹੀਰ ਨਿਕਾਹ ਲਿਆਉਣੀ ਐਂ, ਜਾਊ ਤੇਰੇ ਕੋਲ ਪੀਹੜਾ ਡਾਹ ਬਿਠਾਲੀ। ਚਿੱਠੀ ਲਿਖੀ ਨਿਕਾਹ ਦੀ ਹੱਥ ਫੜਾਈ ਲਾਲੇ ਦੇ, ਲੈ ਜਾ ਕਿਤੇ ਪੜ੍ਹਾ ਲੈ ਬਹੁਤਿਆਂ ਮੜਕਾਂ ਵਾਲੀ। ਫੜ ਕੇ ਬਾਹੋਂ ਲਾਲੇ ਘਰ ਨੂੰ ਲੈ ਗਈ ਦਿਉਰ ਨੂੰ, ਚਿੱਠੀ ਕਾਜੀ ਸੱਦ ਪੜ੍ਹਾ ਲਈ ਸਿਆਲਾਂ ਵਾਲੀ। ਭਾਈ ਧੀਦੋ ਦੇ ਮਨਾਉਂਦੇ ਸਾਰੇ ਸ਼ਾਦੀਆਂ, ਕਰੋ ਸਮਾਨੇ ਵਿਆਹ ਦੇ ਜਾਊ ਦੇਖੀ ਭਾਲੀ। ਹੋਣਹਾਰ ਨੂੰ ਮਿਟਾਵੇ ਕੌਣ ਵਰਤੂਗੀ, ਭਾਵੀ ਟਲੇ ਹਜ਼ੂਰਾ ਸਿੰਘ ਕਦੇ ਨਾ ਟਾਲੀ। ਜਵਾਬ ਕਵੀ ਖੁਸ਼ੀਆਂ ਸਾਰੇ ਤਖ਼ਤ ਹਜ਼ਾਰੇ ਭਾਈਚਾਰੇ ਨੂੰ, ਜਦੋਂ ਸੁਣਿਆ ਹੀਰ ਨਿਕਾਹ ਕੇ ਹੈ ਲੈ ਆਉਣੀ। ਜੰਨ ਚਾਹੀਦੀ ਲਿਜਾਣੀ ਧੂਮ ਧਾਮ ਸੇ, ਜਦੋਂ ਚੂਚਕ ਮਹਿਰ ਨੇ ਮੱਥ ਲਈ ਢੁਕਾਉਣੀ। ਵਾਜੇ ਆਤਸ਼ਬਾਜ਼ ਘੋੜੇ ਬੱਘੀਆਂ ਨਕਲੀਏ, ਸਾਈਆਂ ਦਿਓ ਐਵੇਂ ਹੀਣਤ ਨੀ ਕਰਵਾਉਣੀ। ਗਹਿਣਾ ਵਰੀ ਹੀਰ ਦਾ ਇਕ ਤੇ ਇਕ ਇਉਂ ਬਣੇ, ਜੀਹਨੂੰ ਸਾਰੀ ਹੀ ਲੋਕਾਈ ਦੇਖਣ ਆਉਣੀ। ਢੁੱਕ ਸਿਆਲਾਂ ਦੇ ਵਿਚ ਛਹਿਬਰ ਲਾ ਦਿਓ ਵੀਰਨੋ, ਇਹ ਗੱਲ ਹੁੰਦੀ ਸਾਰੇ ਸਿਆਣਿਆਂ ਦੀ ਸਮਝਾਉਣੀ। ਚਾਉ ਬਥੇਰਾ ਧੀਦੋ ਦੇ ਵੱਡਿਆਂ ਸੀ ਭਾਈਆਂ ਨੂੰ, ਜਿਨ੍ਹਾਂ ਨੇ ਸਾਰੀ ਉਮਰ ਚੌਧਰ ਹੈ ਕਮਾਉਣੀ। ਚਾਈਂ ਚਾਈਂ ਭੱਜੇ ਫਿਰਦੇ ਖਾਤਰ ਭਾਈ ਦੀ, ਜੀਹਦੀ ਗਈ ਗਵਾਈ ਹੀਰ ਹੈ ਥਿਆਉਣੀ। ਓਧਰ ਦੇਖੋ ਹੈ ਰੱਬ ਕਿਸ ਗੱਲ ਰਾਜ਼ੀ ਹੀਰ ਤੇ, ਭਾਵ ਦੇਖੋ ਕਿਸ ਤਦਬੀਰ ਸੇ ਵਰਤਾਉਣੀ। ਜਿਵੇਂ ਲਿਖੀ ਹਜ਼ੂਰਾ ਸਿੰਘ ਤਿਵੇਂ ਹੀ ਵਰਤੂਗੀ, ਲਿਖੀ ਜੋ ਕਰਮਾਂ ਦੀ ਕਿਨੇਂ ਨਾ ਮਿਟਾਉਣੀ। ਜਵਾਬ ਕਾਜੀ ਸਿਆਲਾਂ ਨਾਲ ਕਾਜੀ ਕੈਦੋਂ ਦੋਹਾਂ ਸਭਾ ਲਗਾਈ ਸਿਆਲਾਂ ਦੀ, ਬੇਈਮਾਨਾਂ ਭਿੱਤੀ ਕਹੀ ਜਿਹੀ ਪੜ੍ਹਾਈ। ਸਭੇ ਸਿਆਣੇ ਬੈਠੇ ਦੱਸੋ ਕਿੱਕਰ ਚਾਹੀਦਾ, ਮੇਰੀ ਰਾਇ ਮੁਤਾਬਕ ਵਿਹੁ ਦੇਣੀ ਫੁਰਮਾਈ। ਖੋਟਾ ਪੁੱਤਰ ਦਾਗ ਲਗਾਉਂਦਾ ਥੋੜ੍ਹਾ ਮਾਪਿਆਂ ਨੂੰ, ਖੋਟੀ ਧੀ ਤਾਂ ਜਾਣੋਂ ਕੁੱਲ ਦੀ ਕਰੇ ਸਫਾਈ। ਏਹਦਾ ਦਰਸ਼ਣ ਕਰਨਾ ਜਾਇਜ਼ ਨਾ ਮਾਈ ਬਾਪ ਨੂੰ, ਜਹੀ ਕੁ ਮਿੱਟੀ ਏਸ ਹੀਰ ਨੇ ਉਡਾਈ। ਖੇੜਿਆਂ ਨਾਲੋਂ ਵੱਡੇ ਸਹੇੜੇ ਕਿੱਥੋਂ ਜਾਣੇ ਐਂ, ਹੀਰ ਉਹਨਾਂ ਦੀ ਵੀ ਤਿਉਣ ਨਾ ਸਮਾਈ। ਜ਼ਹਿਰ ਦੇ ਕੇ ਮਾਰੋ ਪਰਦੇ ਢਕ ਲਓ ਆਪਣੇ, ਸੁਣ ਕੇ ਕਾਜੀ ਦੀ ਪਸੰਦ ਸਭਨਾਂ ਦੇ ਆਈ। ਦੇਖ ਅੰਧੇਰ ਪੈਂਦਾ ਕੀ ਬੇਰਹਿਮ ਬੁੱਚੜਾਂ ਨੂੰ, ਹੀਰ ਸਤਿਆਮਾਨ ਉੱਤੇ ਧਾਈ ਪਾਈ। ਤਖ਼ਤ ਹਜ਼ਾਰੇ ਕੀ ਸਮਾਨ ਬਣਦਾ ਹੀਰ ਲਈ, ਦੇਖੋ ਸਿਆਲ਼ੀ ਅੰਧੇਰ ਗਰਦੀ ਕੀ ਮਚਾਈ। ਹੋਣਹਾਰ ਨੂੰ ਮਿਟਾਵੇ ਕੌਣ ਵਰਤੂਗੀ, ਕਲ ਸਿਰ ਘੁੰਮਦੀ ਫਿਰਦੀ ਲਹੂ ਦੀ ਤਿਹਾਈ। ਜਵਾਬ ਕਵੀ ਸਮੀਂ ਸੰਝੀਂ ਕਾਜੀ ਜ਼ਹਿਰ ਪਾ ਵਿਚ ਦੁੱਧ ਦੇ, ਪੱਜ ਕਰ ਦੁੱਧ ਦਾ ਤੁੱਲੀਓਂ ਹੀਰ ਨੂੰ ਦਿਵਾਈ। ਮਾਂ ਹਿਤਕਾਰਨ ਜਾਣ ਕੇ, ਪੀ ਲਿਆ ਦੁੱਧ ਹੀਰ ਨੇ, ਨਹੀਂ ਸੀ ਖ਼ਬਰ ਜ਼ਹਿਰ ਹੈ ਦੁੱਧ ਦੇ ਵਿਚ ਪਾਈ। ਸੋਹਲ ਸਰੀਰ ਨਾਜ਼ਕ ਹੀਰ ਫੁੱਲਾਂ ਦੇ ਤੋਲ ਦੀ, ਅੰਦਰ ਜਾਣੇ ਸਾਰ ਜ਼ਹਿਰ ਨੇ ਤੜਫ਼ਾਈ। ਧਰਤੀ ਕੰਬ ਗਈ ਸੌ ਸੌ ਗਜ਼ ਚਾਰ ਚੁਫੇਰੇ ਦੀ, ਮਾਂ ਨੇ ਧੀ ਨੂੰ ਜਦੋਂ ਹੱਥੀਂ ਜ਼ਹਿਰ ਪਿਲਾਈ। ਪਿਆ ਥਰਥੋਲਾ ਸੱਤਵੇਂ ਪਿਆਲ 'ਚ ਧੌਲੇ ਬੈਲ ਨੂੰ, ਭਾਰ ਨਾ ਚੱਕਿਆ ਜਾਵੇ ਪਲ ਝੱਟ ਨੂੰ ਗਰਕਾਈ। ਹੀਰ ਮਰਨੇ ਵੇਲੇ ਚੇਤੇ ਕਰ ਲਿਆ ਮਾਹੀ ਨੂੰ, ਜਾਂਦੀ ਵਾਰੀ ਦਰਸ਼ਨ ਦੇ ਜਾ ਵਰਾ ਖੁਦਾਈ। ਬੋਹਲ ਸੋਨੇ ਦਾ ਵੇ ਲੁੱਟਿਆ ਤੇਰਾ ਵੈਰੀਆ, ਹੱਥੀਂ ਖਰੀ ਪਿਆਰੀ ਮਾਂ ਨੇ ਜ਼ਹਿਰ ਖਵਾਈ। ਮਰਗੀ ਦਰਗਾਹ ਦੇ ਵਿਚ ਤੇਰੀ ਤੇਰੀ ਕੂਕੂੰਗੀ, ਦਿਲ ਵਿਚ ਵਸਦੈਂ ਸੁਰਤੀ ਮੈਂ ਤੇਰੇ ਵੱਲ ਲਾਈ। ਤੂੰ ਹੀ ਮੱਕਾ ਮਦੀਨਾ ਤੂੰ ਰੱਬ ਰਾਂਝਾ ਹੀਰ ਦਾ, ਸਾਬਤ ਨਾਲ ਈਮਾਨ ਕਹੂੰ ਆਕਬਤ ਵਿਚ ਜਾਈ। ਰਾਂਝਾ ਰਾਂਝਾ ਕਹਿੰਦੀ ਮਰਗੀ ਅੱਖੀਆਂ ਮੀਚ ਗਈ, ਕਬਰ ਜਨਾਜ਼ਾ ਪੜ੍ਹ ਕੇ ਰਾਤ ਨੂੰ ਦਫਨਾਈ। ਕੈਦੋਂ ਕਾਜੀ ਦੇ ਕੜ੍ਹਾਹੀਆਂ ਚੜ੍ਹੀਆਂ ਘਿਉ ਦੀਆਂ, ਬੁਝ ਗਏ ਦੀਵੇ ਜਿਨਾਂ ਨੂੰ ਮਰੀ ਦੀ ਖ਼ਬਰ ਪੁਚਾਈ। ਹੀਰ ਮਰ ਗਈ ਬੇੜਾ ਰੁੜ੍ਹ ਗਿਆ ਰਾਂਝੇ ਮਾਹੀ ਦਾ, ਚਿੱਠੀ ਲਿਖਾ ਕੇ ਸਿਆਲਾਂ ਕਾਸਦ ਹੱਥ ਫੜਾਈ। ਜਵਾਬ ਸ਼ਾਇਰ ਲਿਆ ਹਿਸਾਬ ਹੀਰ ਤੋਂ ਵਿਚ ਬਿਠਾ ਕੇ ਕਬਰ ਦੇ, ਅਜ਼ਰਾਈਲ ਹੋਰਾਂ ਪਲ ਪਲ ਦਾ ਲੇਖਾ ਕਰਕੇ। ਲੈਣਾ ਨਿੱਕਲਿਆ ਨਾ ਦੇਣੀ ਦਰਮ ਛਿੱਟੀ ਵੀ, ਤੋਲੀ ਹੀਰ ਜਦੋਂ ਨਿਉਂ ਦੇ ਕੰਡੇ ਧਰਕੇ। ਸਾਰਾ ਦਫਤਰ ਫੋਲਿਆ ਚਤਰ ਗੁਪਤ ਲਿਖਾਰੀ ਦਾ, ਕਲਮ ਨਾ ਲੱਗੀ ਨਿਕਲੀ ਕਿਸੇ ਗੁਨਾਹ ਪਰ ਭਰ ਕੇ। ਸੁੱਚੇ ਮੋਤੀ ਵਰਗੀ ਹੀਰ ਸੁੱਚੀ ਸੱਤ ਜਨਮਾਂ ਦੀ, ਫੇਰ ਨੀ ਜੰਮਣਾ ਪੈਣਾਂ ਏਸ ਜਨਮ ਵਿਚ ਮਰਕੇ। ਆਸ਼ਕ ਸਾਦਕ ਸਾਬਰ ਸਦਿਕੋਂ ਲੈਣ ਸ਼ਹੀਦੀਆਂ, ਬਖਸ਼ੇ ਜਾਂਦੇ ਨੇ ਅਜ਼ਾਬੋਂ ਦੁਆਰੇ ਹਰ ਕੇ। ਹੀਰੇ ਮੰਗ ਲੈ ਜੋ ਕੁਛ ਮੰਗਣਾ ਅੱਲਾ ਪਾਕ ਕਹੇ, ਹੀਰ ਦਿਦਾਰ ਮੰਗਿਆ ਰਾਂਝੇ ਦਾ ਡਰ ਡਰ ਕੇ। ਇੱਕੇ ਕਬਰ ਜਨਾਜ਼ਾ ਹੋਵੇ ਹੀਰ ਰਾਂਝੇ ਦਾ, ਸੁਰਗ ਤਿਆਗ ਸਾਨੂੰ ਹੈ ਮਨਜ਼ੂਰ ਨਰਕੇ। ਰੱਬ ਰਹੀਮ ਦੀਨ ਇਮਾਨ ਮੇਰਾ ਰਾਂਝਾ ਹੈ, ਰਾਂਝਾ ਰਾਂਝਾ ਆਖ ਕਈ ਲਿਖਾਏ ਵਰਕੇ। ਹੁਕਮ ਇਲਾਹੀ ਹੋਇਆ ਕਬਰ 'ਚ ਮੇਲੇ ਹੋਣ ਦਾ, ਹਰੀ ਧਰੂੰ ਜਿਉਂ ਪਾਇਆ ਪੈਰ ਪਿੱਛੇ ਨਾ ਸਰਕੇ। ਸਾਬਤ ਰੱਖ ਇਮਾਨ ਮਿਲੂ ਮਜ਼ਦੂਰੀ ਕਰਨੀ ਦੀ, ਡੋਲ ਨਾ ਸਾਬਤ ਰਹਿ ਹਜ਼ੂਰ ਹਰ ਹਰ ਕਰਕੇ। ਜਵਾਬ ਕਵੀ ਚਿੱਠੀ ਮਰੀ ਹੀਰ ਦੀ ਕਾਸਦ ਲੈ ਕੇ ਤੁਰ ਪਿਆ ਹੈ, ਮੰਜਲੋ ਮੰਜਲੀ ਤਖ਼ਤ ਹਜ਼ਾਰੇ ਜਾ ਪੁਚਾਈ। ਜਾ ਕੇ ਸਭਾ 'ਚ ਚਿੱਠੀ ਦੇ ਲਈ ਹੱਥ ਰੰਝੇਟੇ ਦੇ, ਨਾਲੇ ਮਰ ਗਈ ਹੀਰ ਜ਼ਬਾਨੀ ਕਹਿ ਸਮਝਾਈ। ਪਾਟੀ ਚਿੱਠੀ ਦੇਖ ਲਈ ਜਦੋਂ ਹੀਰ ਦੀ ਰਾਂਝੇ ਨੇ, ਭੁੱਬ ਇਕ ਨਿੱਕਲੀ ਨਾਲ ਹੀ ਮੂਰਛਾ ਆਈ। ਹਾਹਾਕਾਰ ਮੱਚ ਗਿਆ ਸਾਰੇ ਤਖ਼ਤ ਹਜ਼ਾਰੇ ਨੂੰ, ਰੋਣ ਖਲੋਤੇ ਰਾਂਝੇ ਦੇ ਭਰਜਾਈਆਂ ਭਾਈ। ਕੀ ਦਾ ਕੀ ਹੋ ਗਿਆ ਪਛਤਾਵਾ ਲੋਕਾਂ ਸਾਰਿਆਂ ਨੂੰ, ਸੱਦ ਹਕੀਮ ਨਬਜ਼ ਦਿਖਾ ਮਾਲਸ਼ ਕਰਵਾਈ। ਖੁੱਲ੍ਹੀ ਮੂਰਛਾ ਪਲ ਝੱਟ ਕੁ ਨੂੰ ਉੱਠ ਬੈਠ ਗਿਆ, ਜੀਹਨੂੰ ਮਰ ਗਿਆ ਮਰ ਗਿਆ ਕਹਿੰਦੀ ਸੀ ਲੋਕਾਈ। ਆਈ ਹੋਸ਼ ਤੇ ਉੱਠ ਰਸਤੇ ਪਿਆ ਸਿਆਲਾਂ ਦੇ, ਚਿੱਠੀ ਦੇਖ ਮਰ ਗਈ ਹੀਰ ਰੂਹ ਨਾ ਪਤਿਆਈ। ਜਾਵੇ ਰਸਤੇ ਦੇ ਵਿਚ ਲੱਖਾਂ ਦਲੀਲਾਂ ਸੋਚਦਾ, ਗੋਰਖ ਪੀਰਾਂ ਅੱਗੇ ਦੇਵਾਂ ਜਾ ਦੁਹਾਈ। ਭੁੱਖ ਪਿਆਸ ਚੈਨ ਕਹੀ ਕੁ ਦੁਖੀਆਂ ਆਸ਼ਕਾਂ, ਰੁੜ੍ਹ ਕੇ ਗੋਡਣੀਆਂ ਸੀ ਜੂਹ ਸਿਆਲਾਂ ਦੀ ਥਿਆਈ। ਜਵਾਬ ਮਾਹੀ ਪਾਲੀ ਰਾਂਝੇ ਸੇ ਰਾਂਝਾ ਸਿਆਲੀਂ ਆਇਆ ਸੁਣਿਆ ਮਾਹੀਆਂ ਪਾਲੀਆਂ, ਚਲੋ ਯਾਰੋ ਹੀਰ ਮਰੀ ਧਰਮ ਧਾਹ ਮਾਰੀਏ। ਬਾਰਾਂ ਵਰ੍ਹੇ ਭਰਾਵਾਂ ਵਾਂਗੂੰ ਕੱਟ ਲਏ ਰਾਂਝੇ ਨੇ, ਰਾਤ ਦਿਨੇਂ ਝੱਲਾਂ ਵਿਚ ਕੱਠੇ ਈ ਮੇਹੀਂ ਚਾਰੀਏ। ਮਾਹੀ ਪਾਲੀ ਰਾਂਝਾ ਭਾਈ ਸਾਂਝੀ ਸੋਟੀ ਦਾ, ਦੁੱਖ ਵੰਡਾਈਏ ਹੀਰ ਦੇ ਯਾਰ ਦੇ ਹਰਖ ਨਿਵਾਰੀਏ। ਆਏ ਰਾਂਝੇ ਕੋਲ ਧਾਹਾਂ ਮਾਰਨ ਬੈਠ ਕੇ, ਖੋਲ ਸੁਣਾਈ ਬੀਤੀ ਹੀਰ ਹਕੀਕਤ ਸਾਰੀਏ। ਕਾਜੀ ਕੈਦੋਂ ਚੂਚਕ ਤੁੱਲੀ ਨੇ ਮਾਰੀ ਜ਼ਹਿਰ ਦੇ, ਸਾਰੇ ਸਿਆਲ ਨਾਲ ਰਲ ਗਏ ਬੇਇਤਬਾਰੀਏ। ਅਯਾਲੀ ਮਹਾਂ ਚਲਿੱਤਰੇ ਹੁੰਦੇ ਰਾਂਝਿਆ ਮੂਰਖਾ, ਵਰਜੀ ਕਿਉਂ ਨਾ ਸਿਆਲੀਂ ਲਵੇਂ ਕੀ, ਜਾਣਕਾਰੀਏ। ਭਾਵੀ ਵਰਤ ਗਈ ਕੀ ਬਣਜੂ ਮਿੱਤਰਾ ਰੋਇਆਂ ਤੋਂ, ਹੀਰ ਨੀ ਮਿਲਣੀ ਭਾਵੇਂ ਲੱਖਾਂ ਈ ਖੂਨ ਗੁਜ਼ਾਰੀਏ। ਬਾਜੀ ਮਾਤ ਹੋ ਗਈ ਜਿੱਤ ਕੇ ਹਾਰਿਆ ਰਾਂਝਣਾ, ਚਾਲੇ ਸੋਚ ਕੇ ਜੇ ਕਰੀਏ ਕਦੇ ਨਾ ਬਾਜੀ ਹਾਰੀਏ। ਸੋਚੇ ਸਮਝੇ ਬਿਨ ਤੈਂ ਲਾਲ ਗਵਾ ਲਿਆ ਮੂਰਖਾ, ਬੇੜੇ ਡੁੱਬੇ ਨੂੰ ਮਲਾਹ ਬਣ ਕਿਸ ਬਿਧ ਤਾਰੀਏ। ਗੱਲਾਂ ਕਰਦੇ ਰੋਂਦੇ ਪਿੱਟਦੇ ਜਾ ਰਹੇ ਕਬਰ ਤੇ, ਰਾਂਝਾ ਆਖੇ ਐਥੇ ਗੋਰਖ ਗੁਰੂ ਚਿਤਾਰੀਏ। ਜਵਾਬ ਰਾਂਝਾ ਰਾਂਝੇ ਕਬਰ ਸਰ੍ਹਾਣੇ ਬੈਠ ਕੂਕਾਂ ਮਾਰੀਆਂ, ਕੇਰਾਂ ਮੂੰਹੋਂ ਬੋਲ ਹੀਰੇ ਖਰੀ ਪਿਆਰੀਏ। ਮੈਂ ਨੀ ਭੁੱਲਿਆ ਭੁੱਲਗੀ ਤੂੰ ਹੀ ਮਾਪਿਆਂ ਪਿੱਟੀਏ ਨੀ, ਦੇਖ ਕਹੇ ਕੁ ਪਿਆਰ ਵੰਡਾਏ ਆਖਰ ਵਾਰੀਏ। ਦੇ ਕੇ ਜਹਿਰ ਮਾਰੀ ਖਰੀ ਪਿਆਰੀ ਮਾਂ ਨੇ ਤੂੰ, ਕੀਹਦੇ ਘਰ ਜੰਨ ਲੈ ਕੇ ਢੁੱਕ ਪੈਣ ਤਖ਼ਤ ਹਜ਼ਾਰੀਏ। ਆਪ ਪੈਗੀ ਕਬਰ ਸੁਖਾਲੀ ਲੱਤਾਂ ਨਿਸਾਲ ਕੇ, ਦੱਸ ਜਾ ਰਸਤਾ ਹੀਰੇ ਮਗਰ ਕਿੱਥੇ ਨੂੰ ਧਾਰੀਏ। ਸਿਰ ਦੇ ਨਾਲ ਨਿਭੂਗੀ ਪੀਰ ਫਕੀਰ ਕੁਰਲਾਉਂਦੇ ਸੀ, ਵਾਕ ਸਭ ਦੇ ਝੂਠੇ ਸੱਚ ਨੂੰ ਕਿੱਥੋਂ ਨਿਤਾਰੀਏ। ਵੇਦ ਸ਼ਾਸ਼ਤਰ ਸੱਤਿਆ ਘਟਗੀ ਪੀਰ ਫਕੀਰਾਂ ਦੀ, ਕਲ਼ਯੁੱਗ ਆ ਗਿਆ ਆਸ਼ਕ ਤਾਹੀਂ ਕੌਲੋਂ ਹਾਰੀਏ। ਰੰਜ 'ਚ ਆ ਕੇ ਕਬਰ ਖੁਲਾਈ ਰਾਂਝੇ ਹੀਰ ਦੀ, ਤੈਂ ਵਿਸਾਰੇ ਹੀਰੇ ਅਸੀਂ ਨਾ ਕਦੇ ਵਿਸਾਰੀਏ। ਕਰਕੇ ਨੰਗਾ ਮੁੱਖੜਾ ਦਰਸ਼ਣ ਕੀਤਾ ਰੱਜ ਕੇ, ਖਬਰਾਂ ਹੋਈਆਂ ਗੋਰਖ ਆਏ ਲਾ ਉਡਾਰੀਏ। ਉੱਠ ਅਦੇਸ਼ ਬੁਲਾਈ ਰੋ ਚਰਨਾਂ ਪਰ ਆਣ ਪਿਆ, ਏਸ ਕਬਰ ਗੁਰੂ ਪਾ ਮੈਨੂੰ ਦੱਬ ਸੰਵਾਰੀਏ। ਕਰਾਮਾਤ ਹਜ਼ੂਰਾ ਸਿੰਘ ਦਿਖਾਉਣੀ ਗੋਰਖ ਨੇ, ਕਬਰ ਦਬਾ ਬੁੱਤਾਂ ਨੂੰ ਰੂਹਾਂ ਸੁਰਗ ਸਿਧਾਰੀਏ। ਜਵਾਬ ਗੋਰਖ ਰਾਂਝੇ ਸੇ ਗੋਰਖ ਜਤੀ ਸਤੀ ਸੰਤੋਖੀ ਪੂਰੇ ਸੰਤ ਨੇ, ਕਰਾਮਾਤ ਨਾਲ ਆਬੇਹਯਾਤ ਮੰਗਾ ਕੇ। ਕਬਰੋਂ ਬਾਹਰ ਨਿਕਲੀ ਮੂਹਰੇ ਪਾ ਲਈ ਰਾਂਝੇ ਦੇ, ਜਿਉਂਦੀ ਕੀਤੀ ਛਿੱਟਾ ਦੇ ਲਿਆ ਮੂੰਹ ਵਿਚ ਪਾ ਕੇ। ਰੱਜ ਕੇ ਗੱਲਾਂ ਕਰ ਲਓ ਛੇਤੀ ਜਾਓ ਸੁਰਗ ਨੂੰ, ਲੋਕ ਅਚੰਭ ਮੰਨਣਗੇ ਦੇਖਣਗੇ ਜਦ ਆ ਕੇ। ਚਾੜ੍ਹ ਵਿਮਾਨੀ ਗੋਰਖ ਦੋਵੇਂ ਭੇਜੇ ਸੁਰਗਾਂ ਨੂੰ, ਕਬਰ ਬਣਾਈ ਜਨਾਜੇ ਕੱਠੇ ਹੀ ਦਫਨਾ ਕੇ। ਤੁਰ ਗਿਆ ਆਪ ਟਿੱਲੇ ਵੱਲ ਜਾਂਦਾ ਕਿਨੇਂ ਨਾ ਦੇਖ ਲਿਆ, ਐਵੇਂ ਸੁਫਨੇ ਮਾਤਰ ਕਰਾਮਾਤ ਦਿਖਾ ਕੇ। ਬਹੁਤੇ ਝੂਠ ਮੰਨਣਗੇ ਸੱਚ ਸਿਆਣੇ ਪੁਰਸ਼ਾਂ ਨੂੰ, ਸ਼ਰਧਾ ਵਾਲੇ ਕਰਦੇ ਕਿਨ ਦੇਖੇ ਅਜ਼ਮਾ ਕੇ। ਨਾਮੇ ਮੋਈ ਗਊ ਨੂੰ ਜਿਉਂਦੀ ਕਰਕੇ ਚੋਅ ਲਿਆ ਹੈ, ਗਏ ਬਾਲਮੀਕ ਜੀ ਲਛਮਣ ਰਾਮ ਜੀਵਾ ਕੇ। ਰਾਂਝਾ ਹੀਰ ਰਹਿੰਦੀ ਦੁਨੀਆਂ ਤਾਈਂ ਨਾਮ ਰਹੂ, ਜੇ ਲੜ ਲੱਗੇ ਗੁਰੂ ਗੋਰਖ ਦੇ ਸਦਿਕ ਲਗਾ ਕੇ। ਸਦਿਕਾਂ ਸਬਰਾਂ ਵਾਲੇ ਮਰੇ ਨਹੀਂ ਜੱਗ ਜਿਉਂਦੇ ਐ, ਦੇਖੋ ਕੋਈ ਦੋਸਤੀ ਸਦਿਕ ਸਬਰ ਨਾਲ ਲਾ ਕੇ। ਹੀਰ ਰਾਂਝੇ ਤਾਈਂ ਗਰਜ਼ ਹਜ਼ੂਰਾ ਸਿੰਘ ਕੀ, ਲੱਗੀ ਅਪਣੇ ਤਨ ਨੂੰ ਦੇਖੀ ਹੈ ਬੁਝਾ ਕੇ। ਜਵਾਬ ਕਵੀ ਬੈਠ ਬਬਾਨੀ ਰਾਂਝਾ ਹੀਰ ਗਏ ਦਰ ਅੱਲਾ ਦੇ, ਜੰਮਣ ਮਰਨ ਮਿਟਾਇਆ ਸਬਰ ਸਦਿਕ ਇਮਾਨ ਨੇ। ਬਖਸ਼ੇ ਗਏ ਅਜ਼ਾਬੋਂ ਦੁਆਰੇ ਅੱਲਾ ਪਾਕ ਦੇ, ਗਏ ਬਹਿਸ਼ਤਾਂ ਨੂੰ ਜੇ ਹੋਏ ਜਾਨ ਕੁਰਬਾਨ ਨੇ। ਸਤਗਿੁਰ ਗੋਰਖ ਦੇ ਪਰਤਾਪ ਪਹੁੰਚੇ ਏਸ ਮੰਜਲ ਨੂੰ, ਜੀਹਦੀ ਸੁਣਲੀ ਹੈ ਫਰਿਆਦ ਸਿਰੀ ਭਗਵਾਨ ਨੇ। ਕਰੀ ਕਮਾਈ ਵਾਲੇ ਕੀ ਨਹੀਂ ਕਰ ਸਕਦੇ ਐ, ਲਿਖੇ ਦੇਖੋ ਵੇਦ ਸ਼ਾਸ਼ਤਰ ਦੇ ਪਰਮਾਣ ਨੇ। ਪੂਰਨ ਸਾਬਤ ਕੀਤਾ ਖੂਹੋਂ ਕੱਢ ਕੇ ਗੋਰਖ ਨੇ, ਕੀ ਚੱਜ ਕਰ ਸਟਵਾਇਆ, ਲੂਣਾਂ ਦੇ ਤੁਫ਼ਾਨ ਨੇ। ਗੁਰੂ ਗੋਰਖ ਸਤਗਿੁਰ ਹੀਰ ਜਿਉਂਦੀ ਜੇ ਕਰੀ, ਸੱਚ ਨਾ ਮੰਨਣ ਬਹੁਤੇ ਹੁੰਦੇ ਕਿਉਂ ਹੈਰਾਨ ਨੇ। ਸ਼ਰਧਾ ਵਾਲਿਆਂ ਲੋਕਾਂ ਕੋਹੋਂ ਦਿਖਾਈਆਂ ਅਜ਼ਮਤਾਂ, ਵਿਰਲੇ ਵਿਰਲੇ ਕਈ ਐਸੇ ਵਿੱਚ ਜਹਾਨ ਨੇ। ਜਿਉਂਦਾ ਕੀਤਾ ਪਤ ਸਰਵਾਲਾ ਬਾਬੇ ਅਟੱਲ ਜੀ ਨੇ, ਲਿਖਿਆ ਦੇਖੋ ਛੇਵੀਂ ਪਾਤਸ਼ਾਹੀ ਦੇ ਬਿਆਨ ਨੇ। ਹਾਤਮ ਜਿਉਂਦਾ ਕੀਤਾ ਆਬੇਹਯਾਤ ਪਿਲਾ ਕੇ, ਕਈ ਮੋੜੇ ਹੁਕਮ ਖੁਦਾਏ ਆਜ਼ਜ ਸ਼ੈਤਾਨ ਨੇ। ਦਾਨੀ ਜੱਟੀ ਮਰਿਆ ਬਾਲਕ ਲੈ ਦਰਬਾਰ ਗਈ, ਜਿਉਂਦਾ ਕੀਤਾ ਸੁਣਿਆ ਸਰਵਰ ਸਖੀ ਸੁਲਤਾਨ ਨੇ। ਹਜ਼ਰਤ ਈਸਾ ਨੇ ਦਿਖਾਈ ਅਜ਼ਮਤ ਹਾਲ੍ਹੀਆ, ਪੜ੍ਹ ਕੇ ਦੇਖੋ ਸੋ ਅੰਜੀਲ ਮੇਂ ਨਿਸ਼ਾਨ ਨੇ। ਕਰਨੀ ਵਾਲਿਆਂ ਦਾ ਖੁਦਾਵੰਦ ਕਹਿਣਾ ਮੰਨਦਾ ਹੈ, ਕਈ ਥਾਈਂ ਸਾਬਤ ਕੀਤਾ ਸ਼ਰੀਫ਼ ਕੁਰਾਨ ਨੇ। ਕਥਾ ਰਾਂਝੇ ਹੀਰ ਦੀ ਪੂਰੀ ਕਰਕੇ ਭੋਗ ਪਾਓੁ, ਖ਼ਬਰੇ ਕੈ ਦਿਨ ਰਹਿਣਾ ਏਸ ਜਗਤ ਵਿੱਚ ਜਾਨ ਨੇ। ਬੋਲ ਹਜ਼ੂਰਾ ਸਿੰਘਾ ਰਹਿਣ ਜੱਗ ਨਿਸਾਨੀਆਂ, ਯਾਦਗੀਰੀ ਦੇ ਹਮੇਸਾਂ ਲਈ ਅਨਮਾਨ ਨੇ। ਕਥਨ ਕਵੀ ਆਸ਼ਕ ਆਸ਼ਕ ਸਾਰੀ ਦੁਨੀਆਂ ਕਹਿੰਦੀ ਐ, ਘਰ ਤਾਂ ਆਸ਼ਕ ਦਾ ਦੁਰੇਡੇ ਹੈ ਨਈਂ ਨੇੜੇ। ਰਾਂਝਾ ਹੀਰ ਸੁਰਗ ਸਿਧਾਰੇ ਲੜ ਫੜ ਇਸ਼ਕ ਦਾ, ਸਾਰੀ ਉਮਰ ਮੁਸੀਬਤ ਕੱਟੀ ਝਗੜੇ ਝੇੜੇ। ਇਸ਼ਕ ਕਮਾਉਣਾ ਹੈ ਘਰ ਫੂਕ ਤਮਾਸ਼ਾ ਦੇਖਣ ਨੂੰ, ਉੰਨੀ ਆਸ਼ਕ ਹਾਲ ਇੱਕੋ ਸਤਰ ਨਿਬੇੜੇ। ਸੋਈ ਜਾਣੇ ਜਿਸ ਤਨ ਠੋਕਰ ਲੱਗਜੇ ਇਸ਼ਕ ਦੀ, ਸੁੱਤਿਆਂ ਨਾਗਾਂ ਨੂੰ ਬਿਨ ਮੰਤਰ ਕਿਹੜਾ ਛੇੜੇ। ਸਿਲਾ ਅਲੂਣੀ ਚੱਟੀ ਲੱਜਤ ਡੰਡੇ ਸਖਿਰਲੇ, ਚੜ੍ਹੇ ਬਹਾਦਰ ਕੋਈ ਡਿਗੇ ਸਰੀਰ ਉਧੇੜੇ। ਕੌਣ ਜੋ ਉੱਪੜੇ ਮੁਸ਼ਕਲ ਘਾਟੀ ਪੈਂਡਾ ਦੂਰ ਦਾ, ਜਾਂਦੇ ਉਰੇ ਉਰੇ ਹੀ ਸਵਾਸ ਸਰੀਰ ਸੰਘੇੜੇ। ਪਹੁੰਚਣ ਦੇਵੇ ਇਸ਼ਕ ਕਿਸੇ ਨੂੰ ਸਿਰੇ ਨਾ, ਮਾਰਦਾ, ਪੈਰ ਵਿਚਾਲੇ ਹੀ ਬਥੇਰਿਆਂ ਦੇ ਉਖੇੜੇ। ਸਾਦਕ ਲੋਕਾਂ ਨੇ ਸਬੂਰੀ ਉੱਤੇ ਨਜ਼ਰ ਧਰੀ, ਹੋ ਗਏ ਪਾਰ ਸਬਰ ਸੋ ਚੜ੍ਹੇ ਇਸ਼ਕ ਦੇ ਬੇੜੇ। ਕਾਮਲ ਮੁਰਸ਼ਦ ਮਿਲੇ ਹਜ਼ੂਰਾ ਸਿੰਘਾ ਜਿਨ੍ਹਾਂ ਨੂੰ, ਜੰਮਣ ਮਰਨ ਮਿਟੇ ਹਨ ਦੁਨੀਆਂ ਚੋਂ ਤਰੇੜੇ। ਜਵਾਬ ਕਵੀ ਰੂਹਾਂ ਦਾਖਲ ਹੋਈਆਂ ਜਦ ਜਾ ਕੇ ਵਿੱਚ ਸੁਰਗ ਦੇ, ਸੁਣਕੇ ਸ਼ੋਰ ਆਸ਼ਕਾਂ ਕੁੱਲ ਦੇਵਤੇ ਆਏ। ਹੂਰਾਂ ਪਰੀਆਂ ਆ ਕੇ ਵਰਖਾ ਕੀਤੀ ਫੁੱਲਾਂ ਦੀ, ਨੂਰੀ ਫਰਿਸ਼ਤਿਆਂ ਗੁੰਦ ਹਾਰ ਗਲੇ ਵਿੱਚ ਪਾਏ। ਸ਼ੋਭਾ ਕਰ ਨਾ ਰਜਦੇ ਜਿੰਨੇ ਦੇਵਤੇ ਸੁਰਗਾਂ ਦੇ, ਖਦਿਮਤਗਾਰ ਸੁਰਗ ਦੇ ਪੱਖੇ ਝੱਲਣ ਲਾਏ। ਚੌਂਂਕੀਦਾਰ ਸੰਤਰੀ ਮੂਹਰੇ ਲੱਗ ਰੰਝੇਟੇ ਹੀਰ ਦੇ, ਜਿੰਨੇ ਥਾਉਂ ਸੁਰਗ ਦੇ ਸਾਰੇ ਫੇਰ ਦਿਖਾਏ। ਨੋਹ ਨਬੀ ਯੋਜਨਾ ਮੂਸਾ ਜਿਹੇ ਪੈਗੰਬਰਾਂ ਦੇ, ਹਜ਼ਰਤ ਈਸਾ ਦੇ ਵੀ ਜਾਇ ਦੀਦਾਰ ਕਰਾਏ। ਰਿਖੀ ਬਾਲਮੀਕ ਧਰੂਹ ਭਗਤ ਰਵਿਦਾਸ ਜੀ, ਨਾਮਾ ਸਧਨਾ ਤੇ ਕਬੀਰ ਜੀ ਗੁਣ ਗਾਏ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਹਜ਼ੂਰਾ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ