ਪ੍ਰਿੰਸੀਪਲ ਤਖ਼ਤ ਸਿੰਘ : ਇਕ ਪ੍ਰਤਿਭਾਸ਼ਾਲੀ ਸਾਹਿੱਤਕਾਰ : ਡਾ: ਸੁਖਦੇਵ ਸਿੰਘ

ਪ੍ਰਿੰਸੀਪਲ ਤਖ਼ਤ ਸਿੰਘ ਇਕ ਪ੍ਰਤਿਭਾਸ਼ਾਲੀ ਸਾਹਿੱਤਕਾਰ ਹਨ ਜਿਨ੍ਹਾਂ ਨੇ ਨਾ ਕੇਵਲ ਪੰਜਾਬੀ ਤੇ ਉਰਦੂ ਅਦਬ ਨੂੰ ਆਪਣੀ ਪਰਪੱਕ ਗ਼ਜ਼ਲਾਂ ਤੇ ਨਜ਼ਮਾਂ ਨਾਲ ਅਮੀਰ ਬਣਾਇਆ ਹੈ ਸਗੋਂ ਵਾਰਤਕ ਤੇ ਆਲੋਚਨਾ ਦੇ ਖੇਤਰ ਵਿਚ ਵੀ ਆਪਣੀ ਪ੍ਰੌੜ੍ਹ ਕਲਾ-ਦ੍ਰਿਸ਼ਟੀ ਦਾ ਪ੍ਰਮਾਣ ਦਿੱਤਾ ਹੈ। ਉਨ੍ਹਾਂ ਦੀ ਸਾਹਿੱਤ ਰਚਨਾ ਨਿਸਚੇ ਹੀ ਇਕ ਲੰਮੇ ਅਦਬੀ ਸਫ਼ਰ ਦੀ ਦਾਸਤਾਨ ਹੈ ਜਿਸ ਦਾ ਮੌਕਾ ਵਿਰਲੇ ਸਾਹਿੱਤਕਾਰਾਂ ਨੂੰ ਮਿਲਿਆ ਹੈ । ਹੁਣ ਤਕ ਉਹ ਪੰਜਾਬੀ ਵਿਚ ਪੰਜ ਕਾਵਿ-ਸੰਗ੍ਰਹਿ, ਤਿੰਨ ਗ਼ਜ਼ਲ-ਸੰਗ੍ਰਹਿ, ਇਕ ਜੀਵਨੀ, ਅਤੇ ਉਰਦੂ ਵਿਚ ਤਿੰਨ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਕਰ ਚੁੱਕੇ ਹਨ । ਉਨ੍ਹਾਂ ਦੀ ਰਚਨਾ ਨੂੰ ਨਾ ਕੇਵਲ ਭਾਰਤ ਤੇ ਪਾਕਿਸਤਾਨ ਵਿਚ ਸਗੋਂ ਇੰਗਲੈਂਡ ਤੇ ਕੈਨੇਡਾ ਵਿਚ ਵੀ ਪੜ੍ਹਿਆ ਤੇ ਸਲਾਹਿਆ ਗਿਆ ਹੈ । ਵੱਖੋ ਵੱਖ ਸਰਕਾਰੀ ਸੰਸਥਾਵਾਂ ਵੱਲੋਂ ਉਨ੍ਹਾਂ ਨੂੰ ਕਈ ਵਾਰੀ ਮਾਨਤਾ ਦਿੱਤੀ ਗਈ ਹੈ । ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਇਸ ਪ੍ਰਤੀਭਾਸ਼ਾਲੀ ਸਾਹਿੱਤਕਾਰ ਦਾ ਸਨਮਾਨ ਕਰ ਕੇ ਆਪਣਾ ਚਿਰੋਕਾ ਫ਼ਰਜ਼ ਅਦਾ ਕਰ ਰਹੀ ਹੈ । ਮੈਂ ਪ੍ਰਿੰਸੀਪਲ ਤਖ਼ਤ ਸਿੰਘ ਨੂੰ ਪੰਜਾਬੀ ਸਾਹਿੱਤ ਤੇ ਸਭਿਆਚਾਰ ਦਾ ਇਕ ਮਹਾਨ ਉਸਰਈਆ ਆਖ ਸਕਦਾ ਹਾਂ; ਸਾਨੂੰ ਸਾਰਿਆਂ ਨੂੰ ਉਨ੍ਹਾਂ ਤੇ ਮਾਣ ਹੈ।

ਇਸ ਪ੍ਰਸੰਗ ਵਿਚ ਮੈਂ ਇਕ ਹੋਰ ਗੱਲ ਕਹਿਣੀ ਉਚਿੱਤ ਸਮਝਦਾ ਹਾਂ । ਪ੍ਰਿੰਸੀਪਲ ਤਖ਼ਤ ਸਿੰਘ ਨੇ ਆਪਣੀ ਜ਼ਿੰਦਗੀ ਦਾ ਬੜਾ ਸਰਗਰਮ ਹਿੱਸਾ ਸਿਖਿਆ ਦੇ ਖੇਤਰ ਵਿਚ ਬਿਤਾਇਆ ਹੈ । ਇਸ ਤਰ੍ਹਾਂ ਉਨ੍ਹਾਂ ਨੇ ਅਨੇਕਾਂ ਵਿਦਿਆਰਥੀਆਂ ਨੂੰ ਵਿਦਿਆ ਦੇ ਚਾਨਣ ਨਾਲ ਲਿਸ਼ਕਾਇਆ ਤੇ ਸੰਵਾਰਿਆ ਹੈ । ਪੰਜਾਬੀ ਗ਼ਜ਼ਲ ਵਿਚ ਵੀ ਉਨ੍ਹਾਂ ਦਾ ਸਥਾਨ ਉਸਤਾਦ ਵਾਲਾ ਹੈ; ਉਨ੍ਹਾਂ ਨੇ ਕਈ ਸੂਝਵਾਨ ਸ਼ਾਗਿਰਦਾਂ ਨੂੰ ਇਸ ਕਾਵਿ-ਰੂਪ ਨੂੰ ਸਫਲਤਾ ਨਾਲ ਅਪਨਾਉਣ ਲਈ ਅਗਵਾਈ ਦਿੱਤੀ ਹੈ । ਇਸ ਤਰ੍ਹਾਂ ਪ੍ਰਿੰਸੀਪਲ ਤਖ਼ਤ ਸਿੰਘ ਦਾ ਸਨਮਾਨ ਕਰਦਿਆਂ ਹੋਇਆਂ ਅਸੀਂ ਇਕ ਸਾਥੀ ਅਧਿਆਪਕ ਦਾ ਸਨਮਾਨ ਕਰ ਰਹੇ ਹਾਂ।

ਪੰਜਾਬੀਆਂ ਨੂੰ ਇਕ ਹੋਰ ਪੱਖੋਂ ਵੀ ਪ੍ਰਿੰਸੀਪਲ ਤਖ਼ਤ ਸਿੰਘ ਤੇ ਮਾਣ ਹੈ । ਉਹ ਸ਼ਹੀਦ ਕਰਨੈਲ ਸਿੰਘ ਦੇ ਵੱਡੇ ਭਰਾ ਹਨ ਜਿਸ ਨੇ ਗੋਆ ਨੂੰ ਪੁਰਤਗੇਜ਼ੀ ਬਸਤੀਵਾਦ ਤੋਂ ਆਜ਼ਾਦ ਕਰਾਉਣ ਲਈ ਆਪਣੀ ਸ਼ਹਾਦਤ ਦਿੱਤੀ ਤੇ ਪੰਜਾਬ ਦੇ ਮਹਾਨ ਸੁਤੰਤਰਤਾ ਸੰਗ੍ਰਾਮੀ ਹੋਣ ਦਾ ਮਾਣ ਪ੍ਰਾਪਤ ਕੀਤਾ। ਪ੍ਰਿੰਸੀਪਲ ਤਖ਼ਤ ਸਿੰਘ ਨੇ ਸ਼ਹੀਦ ਕਰਨੈਲ ਸਿੰਘ ਦੀ ਜੀਵਨੀ ਲਿਖ ਕੇ ਇਕ ਵੱਡੇ ਭਰਾ ਦਾ ਫ਼ਰਜ਼ ਹੀ ਅਦਾ ਨਹੀਂ ਕੀਤਾ ਸਗੋਂ ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਦਾ ਵਾਧਾ ਕੀਤਾ ਹੈ । ਪ੍ਰਿੰਸੀਪਲ ਤਖ਼ਤ ਸਿੰਘ ਦੇ ਸਨਮਾਨ ਵਿਚ ਅਸੀਂ ਸ਼ਹੀਦ ਕਰਨੈਲ ਸਿੰਘ ਨੂੰ ਵੀ ਸ਼ਰਧਾਂਜਲੀ ਅਰਪਿਤ ਕਰ ਰਹੇ ਹਾਂ । ਅੱਜ ਦੇ ਨੌਜਵਾਨ ਇਸ ਜੀਵਨੀ ਨੂੰ ਪੜ੍ਹ ਕੇ ਡੂੰਘੀ ਪ੍ਰੇਰਣਾ ਲੈ ਸਕਦੇ ਹਨ । ਪ੍ਰਿੰਸੀਪਲ ਤਖ਼ਤ ਸਿੰਘ ਦੀ ਸ਼ਾਨ ਵਿਚ ਇਨ੍ਹਾਂ ਸੰਖੇਪ ਸ਼ਬਦਾਂ ਰਾਹੀਂ ਮੈਂ ਆਪਣਾ ਤੇ ਇਸ ਯੂਨੀਵਰਸਿਟੀ ਦੇ ਅਧਿਆਪਕਾਂ, ਕਰਮਚਾਰੀਆਂ, ਤੇ ਵਿਦਿਆਰਥੀਆਂ ਦਾ ਆਭਾਰ ਪ੍ਰਗਟ ਕਰ ਰਿਹਾ ਹਾਂ ਜਿਹੜਾ ਅਸੀਂ ਉਨ੍ਹਾਂ ਦੀ ਸਾਹਿੱਤ ਅਤੇ ਸਭਿਆਚਾਰ ਦੇ ਵਿਕਾਸ ਲਈ ਕੀਤੀ ਘਾਲਣਾ ਪ੍ਰਤੀ ਅਨੁਭਵ ਕਰਦੇ ਹਾਂ ।

ਡਾ: ਸੁਖਦੇਵ ਸਿੰਘ

ਵਾਈਸ-ਚਾਂਸਲਰ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ

  • ਮੁੱਖ ਪੰਨਾ : ਕਾਵਿ ਰਚਨਾਵਾਂ, ਪ੍ਰਿੰਸੀਪਲ ਤਖ਼ਤ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ