Ikk Sansar Ih Vi : Ravinder Bhathal

ਇੱਕ ਸੰਸਾਰ ਇਹ ਵੀ : ਰਵਿੰਦਰ ਭੱਠਲ


ਨਿਵੇਕਲੀ ਪੁਸਤਕ ਹੈ : ਇੱਕ ਸੰਸਾਰ ਇਹ ਵੀ

ਕਾਵਿ-ਸਿਰਜਣਾ ਵਿਅਕਤੀ ਦੀ ਨਹੀਂ; ਸਗੋਂ ਸਮਕਾਲ ਦੀ ਅਭਿਵਿਅਕਤੀ ਹੁੰਦੀ ਹੈ, ਬਿਲਕੁਲ ਅੱਥਰੂ ਵਾਂਗ, ਖ਼ੁਸ਼ੀਆਂ, ਗ਼ਮੀਆਂ, ਹਉਕਿਆਂ, ਹਾਵਿਆਂ, ਉਦਰੇਵਿਆਂ ਦੇ ਨਾਲ ਨਾਲ ਹਿਜਰ ਵਸਲ ਦਾ ਅਰਕ, ਇਕੋ ਤੁਪਕੇ ਵਿੱਚ। ਇਸ ਨੂੰ ਧਰਤੀ ਦੀ ਕੋਈ ਵੀ ਪ੍ਰਯੋਗਸ਼ਾਲਾ ‘ਨਿਖੇੜ ਕੇ ਪਛਾਨਣ' ਤੋਂ ਅਸਮਰੱਥ ਹੈ। ਹਰ ਵਿਅਕਤੀ ਨੂੰ ਸਮਾਕਾਲ ਤਾਂ ‘ਇੱਕੋ’ ਜਿਹਾ ਹੀ ਮਿਲਦਾ ਹੈ, ਪਰ ਨਾਲ ਨਾਲ ਤੁਰਦਿਆਂ ਵੀ ਸਿਰਜਣਾ ਦੇ ਕਰਤਾਰੀ ਪਲ ਅਲੱਗ ਅਲੱਗ ਨਸੀਬ ਹੁੰਦੇ ਹਨ। ਇਸ ਦਾ ਕਾਰਨ ਇਹ ਹੀ ਹੈ ਕਿ ਘਰ ਦੀ ਚਾਰ ਦੀਵਾਰੀ ਤੇ ਮਨ ਸੰਸਾਰ ਅੰਦਰ ਵਿਚਰਦਿਆਂ ਸਾਨੂੰ ਜਿਹੜੀਆਂ ਹਕੀਕਤਾਂ ਦੇ ਰੂਬਰੂ ਹੋਣਾ ਪੈਂਦਾ ਹੈ, ਉਹ ਇੱਕ ਛੱਤ ਥੱਲੇ ਰਹਿੰਦਿਆਂ ਵੀ ਅਲੱਗ ਅਲੱਗ ਹੋ ਸਕਦੀਆਂ ਹਨ। ਇੱਕੋ ਘਟਨਾ ਦਾ ਪ੍ਰਤੀਕਰਮ ਆਪੋ ਆਪਣੀ ਸੰਵੇਦਨਾ ਦਾ ਪ੍ਰਤੀਫ਼ਲ ਹੁੰਦਾ ਹੈ।

ਮੇਰਾ ਸੁਭਾਗ ਹੈ ਕਿ ਜਿਸ ਕਿਤਾਬ ਨੂੰ ਪਾਠਕਾਂ ਦੇ ਰੂਬਰੂ ਕਰਨ ਦਾ ਮੌਕਾ ਮਿਲਿਆ ਹੈ, ਇਸ ਦੀ ਸਿਰਜਣ ਪ੍ਰਕ੍ਰਿਆ ਤੇ ਕਾਵਿ-ਨਾਇਕਾਂ ਨੂੰ ਮੈਂ ਬਚਪਨ ਤੋਂ ਜਾਣਦਾ ਹਾਂ। ਪ੍ਰੋ. ਰਵਿੰਦਰ ਭੱਠਲ ਮੇਰੇ ਤੋਂ ਪੂਰਬਲੇ ਤੇ ਮਹੱਤਵਪੂਰਨ ਕਵੀ ਹਨ, ਜਿਨ੍ਹਾਂ ਦੀ ਸਿਰਜਣਾ ਛਾਵੇਂ ਅਸਾਂ ਲਿਖਣਾ ਆਰੰਭਿਆ ਸੀ। ਬਰਨਾਲਾ ਸਕੂਲ ਆਫ਼ ਪੋਇਟਰੀ ਦੇ ਪ੍ਰਮੁੱਖ ਹਸਤਾਖ਼ਰ ਹਨ ਪ੍ਰੋ. ਭੱਠਲ। ਜੋਗਾ ਸਿੰਘ, ਪ੍ਰੀਤਮ ਸਿੰਘ ਰਾਹੀ ਅਤੇ ਸੰਤ ਰਾਮ ਉਦਾਸੀ ਦੇ ਸਮਕਾਲੀ ਤੇ ਸਹਿ-ਯਾਤਰੀ। ਇਕੱਠੇ ਵਿਚਰਨ ਦੇ ਬਾਵਜੂਦ ਸਭਨਾਂ ਦਾ ਆਪੋ ਆਪਣਾ ਨਿਵੇਕਲਾ ਰੰਗ ਉੱਭਰਿਆ।

ਪ੍ਰੋ. ਰਵਿੰਦਰ ਭੱਠਲ ਬਰਨਾਲਾ ਦੇ ਐੱਸ.ਡੀ. ਕਾਲਜ 'ਚ ਹੀ ਪੜ੍ਹੇ ਤੇ ਪੰਜਾਬੀ ਯੂਨੀਵਰਸਿਟੀ ਤੋਂ ਐੱਮ.ਏ., ਐੱਮ.ਲਿਟ. ਕਰਕੇ ਏਥੇ ਹੀ ਸਾਰੀ ਹਯਾਤੀ ਪੜ੍ਹਾਇਆ। ‘ਨਾਗਮਣੀ’ ਵਿੱਚ ਛਪਦੀਆਂ ਕਵਿਤਾਵਾਂ ਹੀ ਅਜਿਹੀ ਖਿੜਕੀ ਸਨ ਜਿਸ ਰਾਹੀਂ ਅਸੀਂ ਪ੍ਰੋ. ਭੱਠਲ ਦੇ ਅੰਦਰ ਪਹਿਲੀ ਵਾਰ ਝਾਕੇ।

1983 ਵਿਚ ਡਾ. ਸੁਰਿੰਦਰ ਕੌਰ ਗਿੱਲ (ਹੁਣ ਭੱਠਲ) ਨਾਲ ਵਿਆਹ ਕਰ ਕੇ ਉਹ ਲੁਧਿਆਣਾ ਆਣ ਵੱਸੇ। ਇਥੋਂ ਦੀਆਂ ਅਦਬੀ ਤੇ ਪਰਿਵਾਰਕ ਫ਼ਿਜ਼ਾਵਾਂ 'ਚ ਇਕੱਠਿਆਂ ਵਿਚਰਨ ਦਾ ਸੁਭਾਗ ਮਿਲਿਆ। ਸ਼ਹੀਦ ਭਗਤ ਸਿੰਘ ਨਗਰ 'ਚ ਇਕੱਠੇ ਰਹਿੰਦਿਆਂ ਲਗਪਗ ਤਿੰਨ ਦਹਾਕੇ ਲੰਘ ਗਏ ਨੇ। ਘਰਾਂ ਵਿਚਕਾਰ ਕੁਝ ਕਰਮਾਂ ਦਾ ਹੀ ਫ਼ਾਸਲਾ ਹੈ।ਸਾਡੇ ਅੰਬ ਦੀਆਂ ਅੰਬੀਆਂ ਉਨ੍ਹਾਂ ਦੇ ਵਿਹੜੇ ’ਚ ਕਿਰਦੀਆਂ ਹਨ।ਧੁੱਪਾਂ- ਛਾਵਾਂ ਸਾਂਝੀਆਂ ਦਾ ਸੁਭਾਗ ਦੱਸਣ ਦਾ ਮਨੋਰਥ ਇਹ ਹੀ ਹੈ ਕਿ ਇਸ ਪੁਸਤਕ ਦੀ ਨਾਇਕਾ ਪ੍ਰੋ. ਰਵਿੰਦਰ ਭੱਠਲ ਤੇ ਡਾ. ਸੁਰਿੰਦਰ ਕੌਰ ਭੱਠਲ ਦੀ ਇਕਲੌਤੀ ਧੀ ‘ਇਬਨਾ’ ਨਿੱਕੀ ਜਿਹੀ ਛਾਂ ਤੋਂ ਹੁਣ ਬਿਰਖ ਬਣ ਗਈ ਹੈ। ਕਲਪਿਤ ਕਲਾਸ-ਰੂਮ ਤੋਂ ਲੈ ਕੇ ਸੱਚਮੁੱਚ ਦੇ ਕਲਾਸ-ਰੂਮ ਵਿਚ ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ ਤੇ ਸਾਹਿਤ ਪੜ੍ਹਾਉਂਦੀ ਹੈ। ਗੁਰੂ ਨਾਨਕ ਗਰਲਜ਼ ਕਾਲਜ, ਮਾਡਲ ਟਾਊਨ, ਲੁਧਿਆਣਾ ਦੀਆਂ ਸਾਹਿਤਕ ਸਰਗਰਮੀਆਂ ਵਿਚ ਭਾਗ ਲੈਂਦੀ ਹੈ ਆਪਣੇ ਬਾਬਲ ਤੇ ਅੰਮੜੀ ਵਾਂਗ।

ਇਸ ਸੰਗ੍ਰਹਿ ਦੀਆਂ ਕਵਿਤਾਵਾਂ ਦਾ ਸੰਸਾਰ ਇਬਨਾ ਦੇ ਚੌਗਿਰਦੇ ਘੁੰਮਦਾ ਹੈ। ਅਰਬੀ ਮੂਲ ਦਾ ਸ਼ਬਦ ‘ਇਬਨਾ’, ‘ਧੀ’ ਲਈ ਵਰਤਿਆ ਜਾਂਦਾ ਹੈ। ਇਹ ਕਵਿਤਾਵਾਂ ਜਾਂ ਤਾਂ ਇਬਨਾ ਨੂੰ ਸੰਬੋਧਿਤ ਹਨ ਜਾਂ ਉਸਦੇ ਆਚਾਰ-ਵਿਹਾਰ, ਕਿਰਦਾਰ ਤੇ ਨੁਹਾਰ ਬਾਰੇ ਹਨ ਜਾਂ ਉਸਦੀ ਵਿਸ਼ਲੇਸ਼ਣੀ ਬੋਲ-ਬਾਣੀ ਤੋਂ ਇਲਾਵਾ ‘ਰਿਸ਼ਤਿਆਂ ਦੀ ਵਿਆਕਰਣ' ਬਾਰੇ।

ਸਾਡੇ ਕੋਲ ਮੇਰੀ ਸੂਝ ਮੁਤਾਬਕ ਹੁਣ ਤੀਕ ਇੱਕ ਵੀ ਕਾਵਿ-ਪੁਸਤਕ ਨਹੀਂ ਜੋ ਨਿਰੋਲ ਧੀ ਨੂੰ ਕੇਂਦਰ 'ਚ ਰੱਖ ਕੇ ਲਿਖੀ ਗਈ ਹੋਵੇ। ਮੈਨੂੰ ਪਤਾ ਹੈ ਕਿ 1992 'ਚ ਇਬਨਾ ਦੇ ਜਨਮ ਤੋਂ ਕੁਝ ਸਮੇਂ ਬਾਅਦ ਹੀ ਪ੍ਰੋ. ਭੱਠਲ ਨੇ ਇਹ ਕਵਿਤਾਵਾਂ ਲਿਖਣੀਆਂ ਤੇ ਪਰਿਵਾਰਕ ਚੌਗਿਰਦੇ 'ਚ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਲਗਪਗ ਤੇਈ- ਚੌਵੀ ਸਾਲ ਦੇ ਸਮਾਕਾਲ 'ਚ ਫ਼ੈਲੀਆਂ ਇਹ ਕਵਿਤਾਵਾਂ ਸਿਰਫ਼ ਬਾਲੜੀ ਧੀ ਤੋਂ ਮੁਟਿਆਰ ਹੋਣ ਤੀਕ ਪਸਰਿਆ ਮੋਹ-ਮਮਤਾ ਦਾ ਸਫ਼ਰਨਾਮਾ ਹੀ ਨਹੀਂ ਸਗੋਂ ਸਮਾਕਾਲ `ਚ ਮਰਦ-ਪ੍ਰਧਾਨ ਸਮਾਜ ਦੇ ਵਰਤਾਰੇ ਤੇ ਵਰਤੋਂ-ਵਿਹਾਰ ਦੀਆਂ ਬੁਰਸ਼—ਛੋਹਾਂ ਨਾਲ ਭਰਪੂਰ ਹੈ।

‘ਪਿਤਾ ਵਲੋਂ ਧੀ ਨੂੰ ਚਿੱਠੀਆਂ' ਪੁਸਤਕ 'ਚ ਪੰਡਿਤ ਜਵਾਹਰ ਲਾਲ ਨਹਿਰੂ ਨੇ ਆਪਣੀ ਬੇਟੀ ਇੰਦਰਾ ਨੂੰ ਉਪਦੇਸ਼ ਦਿੱਤੇ ਸਨ। ਗਿਆਨ ਦੇ ਕੈਪਸੂਲ ਵਰਗੀਆਂ ਇਹ ਚਿੱਠੀਆਂ ਆਪਣੇ ਆਪ 'ਚ ਖ਼ੂਬਸੂਰਤ ਵਿਧਾ ਸਨ, ਪਰ ਪ੍ਰੋ. ਰਵਿੰਦਰ ਭੱਠਲ ਦੀਆਂ ਇਸ ਸੰਗ੍ਰਹਿ 'ਚ ਸ਼ਾਮਲ ਕਵਿਤਾਵਾਂ ਉਪਦੇਸ਼-ਪੁਸਤਕ ਨਹੀਂ ਸਗੋਂ ਧੀ ਨਾਲ, ਧੀ ਬਾਰੇ ਕਾਵਿ-ਚਿੱਠੀਆਂ ਵਰਗੀ ਗੁਫ਼ਤਗੂ ਹੈ। ਜੋ ਲੋਕ-ਮਨ ਨੂੰ ਕੀਲਣ ਦੇ ਸਮਰੱਥ ਹੈ। ਹਰ ਘਰ 'ਚ ਧੀਆਂ ਦੀ ਪਰਵਰਿਸ਼ ਤਾਂ ਹੋ ਰਹੀ ਹੈ; ਪਰ ਉਸ ਦੇ ਸਿਰਜਨਾਤਮਕ ਕਰਤਾਰੀ ਪਲਾਂ ਬਾਰੇ ਕਾਵਿ-ਉਕਤੀਆਂ ਦਾ ਦਸਤਾਵੇਜ਼ੀ ਪ੍ਰਮਾਣੀਕਰਣ ਨਹੀਂ ਹੈ। ਪ੍ਰੋ. ਭੱਠਲ ਦੀ ਇਹ ਕਾਵਿ-ਪੁਸਤਕ ‘ਇੱਕ ਸੰਸਾਰ ਇਹ ਵੀ’ ਯਕੀਨਨ ਗਿਆਨ ਦੇਣ ਦੀ ਪ੍ਰਕ੍ਰਿਆ ਨਹੀਂ; ਸਗੋਂ ਗਿਆਨ ਲੈਣ ਤੇ ਦੇਣ ਦੀ ਦੁਵੱਲੀ ਪ੍ਰਕ੍ਰਿਆ ਹੈ। ਗਿਆਨ ਲੈਣ ਤੇ ਨਾਲ ਨਾਲ ਸਮਝਣ ਤੇ ਸਮਝਾਉਣ ਦੀ।

ਪਾਪਾ! ਜੋ ਸਮੇਂ ਨਾਲ ਨਹੀਂ ਤੁਰਦੇ
ਉਹ ਪੱਛੜ ਜਾਂਦੇ ਹਨ
ਤੇ ਪੱਛੜਨਾ ਚੰਗਾ ਨਹੀਂ ਹੁੰਦਾ
ਆਪਣੇ ਸਮੇਂ 'ਚ ਤੁਸੀਂ ਪੜ੍ਹੇ ਲਿਖੇ ਸੀ
ਪਰ ਹੁਣ ਕੰਪਿਊਟਰ ਦੇ ਅੱਗੇ
ਬਿਲਕੁਲ ਅਨਪੜ੍ਹ ਹੋ।
ਪਾਪਾ! ਐਵੇਂ
ਟੋਕਿਆ ਨਾ ਕਰੋ
... ... ....
ਚੁੱਪ ਰਹੋ, ਪਾਪਾ!
ਖਿਲਾਰਾ ਬੱਚੇ ਨਹੀਂ ਪਾਉਣਗੇ
ਤਾਂ ਹੋਰ ਕੌਣ ਪਾਊ
ਚੀਜ਼ਾਂ ਖਿੱਲਰੀਆਂ ਹੀ ਨੇ,
ਗੁਆਚੀਆਂ ਤਾਂ ਨਹੀਂ।

ਇਹੋ ਜਿਹੇ ਹੋਰ ਅਨੇਕਾਂ ਬੋਲ ਕੁਝ ਕਵਿਤਾਵਾਂ 'ਚ ਕਹੇ ਮਿਲਦੇ ਨੇ। ਇਹ ਬੋਲ ਸਾਨੂੰ ਬਾਲ ਮਾਨਸਿਕਤਾ ਸਮਝਣ ਦੀ ਸੋਝੀ ਦਿੰਦੇ ਹਨ। ਸਾਡੀ ਸਭ ਦੀ ਸਮੱਸਿਆ ਹੈ ਕਿ ਜਿਸ ਦਹਿਸ਼ਤ ਤੇ ਪਿੱਤਰੀ ਖ਼ੌਫ਼ 'ਚ ਸਾਡਾ ਬਚਪਨ ਬੀਤਿਆ ਸੀ, ਉਹ ਮਾਹੌਲ ਤੇ ਸਮਾਂ ਹੁਣ ਤਬਦੀਲ ਹੋ ਚੁੱਕਾ ਹੈ, ਸ਼ਾਇਦ ਇਸੇ ਕਰਕੇ ਇਬਨਾ ਵਰਗੀ ਧੀ ਸਾਨੂੰ ਪੂਰਨੇ ਪਾ ਕੇ ਨਵੀਂ ਇਬਾਰਤ ਲਿਖਣ ਦੀ ਪ੍ਰੇਰਨਾ ਦੇ ਰਹੀ ਹੈ।

ਪ੍ਰੋ. ਰਵਿੰਦਰ ਭੱਠਲ ਦੀਆਂ ਇਸ ਸੰਗ੍ਰਹਿ 'ਚ ਸ਼ਾਮਿਲ ਕਵਿਤਾਵਾਂ ਸਾਨੂੰ ਰਿਸ਼ਤਾ-ਨਾਤਾ ਪ੍ਰਬੰਧ ਦੀ ਵੀ ਰੌਸ਼ਨੀ ਦੇ ਕੇ ਮਾਰਗ ਦਰਸ਼ਨ ਕਰਦੀਆਂ ਹਨ।

ਮੇਰੀ ਬੱਚੀ !
ਮੇਰੇ ਘਰ ਦੀਆਂ ਕੰਧਾਂ ਵਿਚਕਾਰ
ਇੱਕ ਮੜਕਦਾ ਹਾਸਾ
ਮਹੀਨ ਜਿਹਾ ਛਣਕਦਾ
ਚਾਂਦੀ ਦਾ ਘੁੰਗਰੂ
ਕੰਨਾਂ 'ਚ ਵੱਜਦੀ
ਮਿੱਠੀ ਮਿੱਠੀ ਬੰਸਰੀ ਦੀ ਤਾਨ
ਦੋਧੀਆ ਛੱਲੀਆਂ ਦੀ
ਅਲੂੰਈਂ ਬਿਖਰਦੀ ਮੁਸਕਾਨ !
... ... ....
ਨਿੱਕੇ ਨਿੱਕੇ ਹੱਥਾਂ ਨਾਲ
ਉਤਾਰ ਕੇ ਐਨਕ ਮੇਰੀ
ਮੇਰੀਆਂ ਅੱਖਾਂ 'ਚ ਤੱਕਦੀ
ਜਿਵੇਂ ਆਖਦੀ ਹੋਵੇ
ਪਾਪਾ ! ਮੈਂ ਫੜ ਸਕਦੀ ਹਾਂ
ਤੇਰੀਆਂ ਅੱਖਾਂ ਦੀ ਨਦੀ 'ਚ ਤੈਰਦੇ
ਉਨ੍ਹਾਂ ਤਮਾਮ ਸੁਪਨਿਆਂ ਨੂੰ
ਜੋ ਤੈਂ ਮੇਰੀ ਹੋਂਦ ਸੰਗ ਸਿਰਜੇ ਸਨ।

ਇਸ ਕਾਵਿ-ਸੰਗ੍ਰਹਿ 'ਚ ਬਚਪਨ ਤੋਂ ਲੈ ਕੇ ਜਵਾਨ ਉਮਰ ਤੀਕ ਪੁੱਜੀ ਧੀ ਨਾਲ ਅਣਬੋਲਿਆ ਵਾਰਤਾਲਾਪ ਥਾਂ-ਪੁਰ-ਥਾਂ ਹਾਜ਼ਰ ਹੈ। ਇਹ ਵਾਰਤਾਲਾਪ ਕਈ ਵਾਰ ਸਤਰਾਂ ਵਿਚਕਾਰੋਂ ਖ਼ਾਲੀ ਥਾਂ ਤੋਂ ਹੀ ਪੜ੍ਹਨੀ ਪੈਂਦੀ ਹੈ। ਸਤਰਾਂ ਵਿਚਕਾਰ ਖ਼ਾਲੀ ਸਪੇਸ ਦੀ ਇਬਾਰਤ ਪ੍ਰੋ. ਰਵਿੰਦਰ ਭੱਠਲ ਦੀ ਕਵਿਤਾ ਦਾ ਨਿਵੇਕਲਾ ਤੇ ਮੀਰੀ ਗੁਣ ਹੈ।

ਇਸ ਸੰਗ੍ਰਹਿ ਵਿਚ ਦੋ ਕਵਿਤਾਵਾਂ ਇਬਨਾ ਦੇ ਦਾਦਾ ਜੀ, ਦਾਦੀ ਜੀ ਬਾਰੇ ਹਨ। ਪ੍ਰਸਪਰ ਰਿਸ਼ਤਿਆਂ 'ਚੋਂ ਉੱਸਰਦੀ ਇਬਾਰਤ। ਇਹ ਦੋਵੇਂ ਕਵਿਤਾਵਾਂ ਸਾਨੂੰ ਭਾਵ-ਮੰਡਲ ਤੋਂ ਪ੍ਰਭਾਵ-ਮੰਡਲ 'ਚ ਲੈ ਜਾਂਦੀਆਂ ਹਨ।

ਇਸ ਸੰਗ੍ਰਹਿ ਦੀਆਂ ਕਵਿਤਾਵਾਂ ਮੋਹ-ਮਮਤਾ ਦੇ ਨਾਲ ਨਾਲ ਬੜੀ ਸੁਚੇਤ ਤਰਕ-ਯਾਤਰਾ ਵੀ ਹਨ ਜੋ ਸਾਨੂੰ ਵਿਸ਼ਲੇਸ਼ਣੀ ਅੱਖ ਪ੍ਰਦਾਨ ਕਰਦੀਆਂ ਹਨ। ਬਾਲ ਮਾਨਸਿਕਤਾ ਸਮਝਣ ਤੇ ਸਮਝਾਉਣ ਦੇ ਸਮਰੱਥ ਹਨ ਇਹ ਕਵਿਤਾਵਾਂ।

ਮਰਦ-ਪ੍ਰਧਾਨ ਸਮਾਜ ਦੀ ਸੀਮਾ ਤੇ ਉਸ ਨੂੰ ਉਲੰਘਣ ਦੀ ਸਮਰੱਥਾ ਬਾਰੇ ਸੋਝੀ ਦੇਂਦੀ ਇਸ ਕਵਿਤਾ ਦੇ ਨਾਲ ਨਾਲ ਤੁਰ ਕੇ ਵੇਖੋ ! ਤੁਹਾਨੂੰ ਬਹੁਤ ਕੁਝ ਆਪਣੇ ਅੰਦਰੋਂ ਖ਼ਾਰਜ ਕਰਨ ਨੂੰ ਜੀਅ ਕਰੇਗਾ।

ਪਾਪਾ! ਤੁਸੀਂ ਵੀ ਕਮਾਲ ਕਰਦੇ ਹੋ!
ਕਿਹੋ ਜਿਹੇ ਬੰਦੇ ਹੋ ?
ਤੁਹਾਡੇ ਕੋਲ ਸ਼ਬਦ ਵੀ ਹਨ
ਤੇ ਸ਼ਬਦਾਂ ਦੀ ਇਬਾਰਤ ਵੀ ਹੈ
ਪਰ ਕਈ ਵਾਰ ਤੁਸੀਂ
ਗੱਲ ਕਹਿੰਦੇ ਕਹਿੰਦੇ
ਕੁਝ ਦਾ ਕੁਝ ਕਰ ਦਿੰਦੇ ਹੋ।
... ... ....
ਪਾਪਾ ! ਮੈਂ ਇੱਲਤਾਂ ਕਰੂੰ
ਤੇ ਤੁਸੀਂ ਝੱਟ ਬੋਲ ਪੈਂਦੇ ਹੋ
ਕੁੜੀਆਂ ਇੰਜ ਨਹੀਂ ਕਰਦੀਆਂ
ਕੁੜੀਆਂ ਨਹੀਂ ਕੱਲੀਆਂ ਬਾਹਰ ਜਾਂਦੀਆਂ
ਕੁੜੀਆਂ ਨਹੀਂ ਗਾਉਂਦੀਆਂ ਇਹੋ ਜਿਹੇ ਗੀਤ
ਕੁੜੀਆਂ ਆਹ ਨਹੀਂ ਕਰਦੀਆਂ
ਕੁੜੀਆਂ ਅਹੁ ਨਹੀਂ ਕਰਦੀਆਂ
ਤੇ ਮੈਂ ਪੁੱਛਦੀ ਹਾਂ
ਪਾਪਾ ! ਫਿਰ
ਕੁੜੀਆਂ ਕੀ ਕਰਦੀਆਂ ਨੇ।

ਸਹਿਜ, ਸੁਹਜ, ਸਲੀਕਾ, ਸਿਦਕ, ਸਮਰਪਣ ਤੇ ਸਾਦਗੀ ਦੀ ਸਮੂਰਤ ਧੀ ਦਾ ਜ਼ਿੰਦਗੀਨਾਮਾ ਹੈ ਇਹ ਕਾਵਿ ਸੰਗ੍ਰਹਿ। ਆਪਣੇ ਵਰਗੀ ਇੱਕੋ-ਇੱਕ ਵਿਕੋਲਿਤਰੀ ਰਚਨਾ, ਜਿਸ ਵਿਚ ਨਿੱਕੀਆਂ ਨਿੱਕੀਆਂ ਸ਼ਬਦ-ਛੋਹਾਂ ਨਾਲ ਭਵਿੱਖ ਦੀਆਂ ਚੁਣੌਤੀਆਂ ਦੇ ਹਾਣ ਦੀ ਧੀ ਦਾ ਸਰੂਪ ਉੱਘੜਦਾ ਹੈ।

ਇਹ ਕਾਵਿ ਸੰਗ੍ਰਹਿ ਨਹੀਂ, ਮਨ, ਬਚਨ ਤੇ ਕਰਮ ਦੀ ਮਹਿੰਗੇ ਮੋਤੀਆਂ ਦੀ ਮਾਲਾ ਹੈ ਇਹ ਜਿਸ ਵਿਚ ਮਣਕੇ ਤਾਂ ਗਿਣਤੀ ਦੇ ਹੀ ਹਨ, ਪਰ ਹਨ ਮੁੱਲਵਾਨ ! ਲਕੀਰੋਂ ਹਟਵੇਂ ਇਸ ਕਾਵਿ-ਸੰਗ੍ਰਹਿ ਦਾ ਸੁਆਗਤ ਕਰਦਿਆਂ ਮੈਨੂੰ ਬਹੁਤ ਪ੍ਰਸੰਨਤਾ ਇਸ ਗੱਲ ਦੀ ਹੈ ਕਿ ਇਸ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਨੂੰ ਪ੍ਰੋ. ਰਵਿੰਦਰ ਭੱਠਲ ਦੇ ਮੂੰਹੋਂ ਖ਼ੁਦ ਸੁਣਨ ਦਾ ਸੁਭਾਗ ਵੀ ਮੇਰੇ ਹਿੱਸੇ ਆਇਆ ਹੋਇਆ ਹੈ।

ਇਸ ਕਾਵਿ-ਸੰਗ੍ਰਹਿ ਦੀ ਕਾਵਿ-ਨਾਇਕਾ ਪਿਆਰੀ ਬੇਟੀ ਇਬਨਾ ਲਈ ਇਸ ਤੋਂ ਵਡਮੁੱਲਾ ਤੋਹਫ਼ਾ ਅੱਜ ਤੀਕ ਸ਼ਾਇਦ ਹੀ ਕਿਸੇ ਬਾਬਲ ਨੇ ਸਿਰਜਿਆ ਹੋਵੇ, ਜਿਸ ਦਾ ਮਹੱਤਵ ਵਕਤੀ ਨਹੀਂ, ਸਦੀਵ-ਕਾਲੀ ਹੈ।

ਇਸ ਕਾਵਿ-ਸੰਗ੍ਰਹਿ ਦੇ ਸਿਰਜਣ ਲਈ ਆਏ ਉਸ ਕਰਤਾਰੀ ਪਲ ਦਾ ਸ਼ੁਕਰੀਆ ਜਿਸ ਪਲ ਨੇ ਕਾਵਿ-ਸੰਗ੍ਰਹਿ ਨੂੰ ਵਿਲੱਖਣ ਸਿਰਜਣਾ ਹੋਣ ਦਾ ਮਾਣ ਬਖ਼ਸ਼ਿਆ।

ਮੈਂ ਇਸ ਮਹੱਤਵਪੂਰਨ ਤੇ ਅਸਲੋਂ ਸੱਜਰੇ ਸੁਭਾਅ ਵਾਲੀ ਕਿਰਤ ਦਾ ਸੁਆਗਤ ਕਰਦਾ ਹਾਂ। ਆਸ ਹੈ ਕਿ ਪਾਠਕ ਵੀ ਇਸ ਸੰਗ੍ਰਹਿ ਤੋਂ ਰੌਸ਼ਨੀ ਲੈ ਕੇ ਆਪੋ ਆਪਣੇ ਬੱਚਿਆਂ ਨੂੰ ਨਿਵੇਕਲੀ ਤੀਸਰੀ ਅੱਖ ਨਾਲ ਵੇਖ ਸਕਣਗੇ।

ਗੁਰਭਜਨ ਗਿੱਲ (ਪ੍ਰੋ.)
ਸਾਬਕਾ ਪ੍ਰਧਾਨ,
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ।


ਪਿਆਰੇ ਬੱਚੂ

ਪਿਆਰੇ ਬੱਚੂ ! ਤੇਰੀ ਆਮਦ ਅਪਾਰ ਖ਼ੁਸ਼ੀ ਦਾ ਸੁਨੇਹਾ ਹੀ ਨਹੀਂ ਮਚਲਦੇ ਚਾਵਾਂ ਦੀ ਵੱਜਦੀ ਚੁਟਕੀ ਵੀ ਨਹੀਂ ਨਿਰਾ ਹਾਸਿਆਂ ਦਾ ਜਸ਼ਨ ਵੀ ਨਹੀਂ ਤੇਰੀ ਹੋਂਦ ਕਿੰਨੇ ਹੀ ਸੰਸਕਾਰ, ਕਿੰਨੇ ਹੀ ਸੁਪਨੇ ਕਿੰਨੀਆਂ ਹੀ ਰੀਝਾਂ, ਕਿੰਨੇ ਹੀ ਫ਼ਰਜ਼ਾਂ ਨੂੰ ਸਾਡੇ ਅੰਗ-ਸੰਗ ਜੋੜ ਰਹੀ ਹੈ। ਤੇਰੀ ਹੋਂਦ ਸਾਡੇ ਰਿਸ਼ਤਿਆਂ ਦੀ ਸੁਹਿਰਦ ਜਿਹੀ ਬਾਤ ਦਾ ਇਕ ਮਾਸੂਮ ਹੁੰਗਾਰਾ ਹੈ ਧਰਤੀ ਨਾਲ ਜੋੜਣ ਵਾਲੀ ਇਕ ਮਜ਼ਬੂਤ ਕੜੀ ਹੈ ਅਣਮੁੱਕ ਸਫ਼ਰ ਦਾ ਸਾਹਸ ਹੈ ਤੇ ਸਾਡਾ ਅੱਗੇ ਤੁਰ ਰਿਹਾ ਇਤਿਹਾਸ ਹੈ। ਤੇਰੀ ਨਿਰਛਲ ਮਾਸੂਮ ਤੱਕਣੀ ਅਜੇ ਇਹ ਸਮਝ ਨਹੀਂ ਸਕੇਗੀ ਤੇਰੇ ਮਖ਼ਮਲ ਜਿਹੇ ਪੋਟੇ ਅਜੇ ਫੜਣ ਦੇ ਸਮਰੱਥ ਨਹੀਂ ਪਰ ਤੇਰੇ ਸਾਹਾਂ ਦੀ ਭਿੰਨੀ-ਭਿੰਨੀ ਸੁਗੰਧ ਸਾਡੇ ਵਿਸ਼ਵਾਸ ਵਿਚ ਬਦਲਦੀ ਜਾ ਰਹੀ ਹੈ ਤੇ ਤੇਰੀ ਭੋਲ਼ੀ ਭੁਰ-ਭੁਰ ਜਾਂਦੀ ਮੁਸਕਰਾਹਟ ਸਾਡਾ ਧਰਤੀ ਜਿਹਾ ਧਰਵਾਸ ਬਣਦੀ ਜਾ ਰਹੀ ਹੈ। ਓ ਸਾਡੇ ਪਿਆਰੇ ਬੱਚੇ ! ਸਾਡਾ ਸੰਪੂਰਨ ਨਿੱਘ ਤੇਰੇ ਲਈ ਹੈ ਸਾਡੀਆਂ ਤਮਾਮ ਅਸੀਸਾਂ ਤੇਰੀ ਸਲਾਮਤੀ ਲਈ ਹਨ ਸਾਡੀਆਂ ਸੱਭੋ ਅਰਦਾਸਾਂ ਤੇਰੀ ਬਿਹਤਰੀ, ਪ੍ਰਫੁੱਲਤਾ, ਵਿਕਾਸ ਤੇ ਤੇਰੇ ਉਡਾਰ ਹੋਣ ਹਿਤ ਹਨ। ਰੱਬ ਕਰੇ ! ਤੈਨੂੰ ਕਦੀ ਵੀ ਤੱਤੀ 'ਵਾ ਨਾ ਪੋਹੇ।

ਮੇਰੀ ਬੱਚੀ

ਮੇਰੀ ਬੱਚੀ ! ਮੇਰੇ ਘਰ ਦੀਆਂ ਕੰਧਾਂ ਵਿਚਕਾਰ ਇਕ ਮੁੜਕਦਾ ਹਾਸਾ ਮਹੀਨ ਜਿਹਾ ਛਣਕਦਾ ਚਾਂਦੀ ਦਾ ਘੁੰਗਰੂ ਕੰਨਾਂ 'ਚ ਵੱਜਦੀ ਮਿੱਠੀ-ਮਿੱਠੀ ਬੰਸਰੀ ਦੀ ਤਾਨ ਦੋਧੀਆ ਛੱਲੀਆਂ ਦੀ ਅਲੂੰਈ ਬਿਖਰਦੀ ਮੁਸਕਾਨ ਬਿਸਤਰ 'ਤੇ ਖੇਡਦੀ ਕੋਈ ਲੋਕ-ਕਹਾਣੀ ਬਾਬਲ ਦਾ ਹੌਸਲਾ ਅੰਮੀ ਦਾ ਧਰਵਾਸ ‘ਇਬਨਾ’ ਸਾਡੀ ਧੀ ਹੀ ਨਹੀਂ ਸਾਡੇ ਘਰ ਦਾ ਸਿਰਨਾਵਾਂ ਵੀ ਹੈ ਬੁਨਿਆਦ ਵੀ ਤੇ ਜੱਗ ਵਿਚ ਪਿਆ ਸੀਰ ਵੀ ਸਪਾਟ ਹਥੇਲੀ 'ਤੇ ਉੱਘੜੀ ਲੇਖਾਂ ਦੀ ਲਕੀਰ ਵੀ।

ਇਕ ਸੋਹਣਾ ਸੰਸਾਰ

ਬੱਚੜੀਏ ! ਤੇਰੇ ਲਈ ਮੈਂ ਭਾਂਤ-ਭਾਂਤ ਦੀਆਂ ਕਿਸਮਾਂ ਦੇ ਫੁੱਲ ਉਗਾਏ ਹਨ ਠੰਢੀਆਂ ਛਾਵਾਂ ਵਾਲੇ ਅਨੇਕਾਂ ਬਿਰਖ਼ ਲਾਏ ਹਨ ਤਾਂ ਕਿ ਤੂੰ ਇਹਨਾਂ ਖਿੜੇ ਫੁੱਲਾਂ ਸੰਗ ਖੇਡ ਸਕੇਂ, ਹੱਸ ਸਕੇਂ ਇਹਨਾਂ ਬਿਰਖ਼ਾਂ ਦੀਆਂ ਝੂੰਮਦੀਆਂ ਟਾਹਣੀਆਂ 'ਤੇ ਪੰਛੀਆਂ ਨੂੰ ਤੀਲੇ ਜੋੜ-ਜੋੜ ਆਲ੍ਹਣਾ ਬਣਾਉਂਦਿਆਂ ਵੇਖ ਸਕੇਂ ਰੰਗ-ਬਰੰਗੀਆਂ ਚਿੜੀਆਂ ਉੱਡਦੀਆਂ ਤਿੱਤਲੀਆਂ ਤੇਰਾ ਮਨ ਪਰਚਾਅ ਸਕਣ। ਦੇਖ ਬੱਚੀਏ ! ਕਮਰੇ ਤੋਂ ਬਾਹਰ ਵੀ ਕਿੰਨਾ ਸੋਹਣਾ ਸੰਸਾਰ ਵੱਸਦਾ ਹੈ।

ਬਚਪਨ

ਬੱਚੇ ਦਾ ਆਪਣਾ ਹੀ ਇਕ ਪਰਿਵਾਰ ਹੁੰਦਾ ਹੈ ਬੱਚੇ ਦਾ ਆਪਣਾ ਹੀ ਇਕ ਸੰਸਾਰ ਹੁੰਦਾ ਹੈ ਨਿੱਕੇ-ਨਿੱਕੇ ਪਿਆਰਾਂ ਨਿੱਕੇ-ਨਿੱਕੇ ਲਾਲਚਾਂ ਨਿੱਕੇ-ਨਿੱਕੇ ਰੋਸਿਆਂ ਨਿੱਕੇ-ਨਿੱਕੇ ਵਰਚਾਵਿਆਂ ਨਿੱਕੀਆਂ-ਨਿੱਕੀਆਂ ਜਿਦਾਂ ਦੀਆਂ ਥੰਮੀਆਂ ਤੇ ਖਲੋਤਾ। ਨਿੱਕੇ ਨਿੱਕੇ ਕਦਮ ਪੁੱਟਦਾ ਬੱਚਾ ਡਿੱਗਦਾ ਵੀ ਹੈ ਉੱਠਦਾ ਵੀ ਹੈ ਬਹੁਤ ਕੁਝ ਤੋੜਦਾ ਤੇ ਬਹੁਤ ਕੁਝ ਜੋੜਦਾ ਵੀ ਹੈ। ਵਕਤ ਪੁੱਠਾ ਨਹੀਂ ਮੁੜਦਾ ਨਹੀਂ ਤੇ ਧਰਤ ਦਾ ਹਰ ਵਾਸੀ ਮੁੜ-ਮੁੜ ਉਸ ਉਮਰੇ ਪਰਤਣ ਲਈ ਲੋਚੇ ਜਿਸ ਉਮਰੇ ਹਰ ਬੱਚਾ ਇਕ ਸ਼ਹਿਨਸ਼ਾਹ ਹੁੰਦਾ ਹੈ ਜਿਸ ਉਮਰੇ ਉਹ ਈਰਖਾਵਾਂ, ਨਫ਼ਰਤਾਂ, ਸਾੜਿਆਂ ਤੇ ਦੁਸ਼ਮਣੀਆਂ ਤੋਂ ਨਿਰਲੇਪ ਨਿਰੇ ਮੁਹੱਬਤੀ ਤੇ ਮੋਹ ਭਰੇ ਤੋਤਲੇ ਬੋਲਾਂ ਵਾਲਾ ਨਿੱਕਾ ਜਿਹਾ ਰੱਬ ਹੁੰਦਾ ਹੈ।

ਚੀਸ

ਬੱਚੀ ਨੇ ਹੱਥ ਦਾ ਇਸ਼ਾਰਾ ਕੀਤਾ ਉਹ ਮੰਗ ਰਹੀ ਸੀ ਟਾਹਣੀ 'ਤੇ ਖਿੜਿਆ ਫੁੱਲ ਸੂਹਾ ਰੰਗ ਬਿਖੇਰਦਾ ਮੋਹ ਲੈਣ ਵਾਲੀਆਂ ਮਹਿਕਾਂ ਪਿਆ ਵੰਡਦਾ। ਫੁੱਲ ਤੋੜਣ ਨੂੰ ਮੇਰਾ ਹੌਸਲਾ ਨਾ ਪਿਆ ਬੱਚੀ ਨੇ ਜ਼ਿੱਦ ਕੀਤੀ ਜ਼ਿੱਦ ਸਾਹਮਣੇ ਝੁਕਣਾ ਪਿਆ। ਨਾ ਚਾਹੁੰਦਿਆਂ ਵੀ ਭਰੇ ਹੋਏ ਮਨ ਨਾਲ ਜਦੋਂ ਹੱਥਾਂ 'ਚ ਬੇਕਿਰਕੀ ਭਰ ਮੈਂ ਫੁੱਲ ਤੋੜਿਆ ਡੰਡੀ 'ਚੋਂ ਪਾਣੀ ਸਿੰਮ ਪਿਆ ਵਿਛੋੜੇ ਦੀ ਇਕ ਚੀਸ ਮੱਥੇ ਤੋਂ ਤੁਰਦੀ ਤੁਰਦੀ ਮੇਰੀ ਹਿੱਕ 'ਚ ਫਿਰ ਗਈ। ਮੈਂ ਬਿਟ-ਬਿਟ ਤੱਕਦਾ ਦੂਰ ਤੱਕ ਸੋਚਣ ਲੱਗਾ ਬਹੁਤ ਦੂਰ ਤੱਕ ਤੇ ਫਿਰ ਚਾਣਚੱਕ ਮੇਰੀਆਂ ਅੱਖਾਂ ਦੇ ਸੁੱਕੇ ਕੋਇਆਂ 'ਚ ਹੰਝੂ ਸਿੰਮ ਆਇਆ ਮੈਂ ਘੁੱਟ ਕੇ ਬੱਚੀ ਨੂੰ ਕਲਾਵੇ 'ਚ ਲੈ ਲਿਆ।

ਜਿਉਣ ਦੀ ਜਾਚ

ਦੇਖ ਬੱਚੀਏ! ਇਹਨਾਂ ਰੁੱਖਾਂ ’ਤੇ ਤੂੰ ਵੇਖਦੀ ਏਂ ਨਾ ਕਿੰਜ ਰੰਗ-ਬਰੰਗੀਆਂ ਚਿੜੀਆਂ ਕਾਟੋਆਂ, ਗੁਟਾਰਾਂ ਆਪਣੇ ਘਰ ਬਣਾਉਂਦੀਆਂ ਰਲ-ਮਿਲ ਖੇਡਦੀਆਂ ਕਿੰਜ ਚਿੱਤਰੀਆਂ ਤਿੱਤਲੀਆਂ ਉੱਡਦੀਆਂ ਫਿਰਦੀਆਂ ਫੁੱਲਾਂ ਦੀ ਰੰਗ-ਸੁਗੰਧੀ ਮਾਣਦੀਆਂ ਅੱਖਾਂ ਨੂੰ ਠੰਢਕ ਦਿਲ ਨੂੰ ਹੁਲਾਰੇ ਸਦਾ ਖੇੜੇ 'ਚ ਰਹਿਣ ਦਾ ਸਦੀਵੀ ਸੁਨੇਹਾ ਦਿੰਦੀਆਂ। ਤੀਲਾ-ਤੀਲਾ ਲੱਭ ਕੇ ਲਿਆਉਂਦੀਆਂ ਟਾਹਣੀਆਂ ’ਤੇ ਆਲ੍ਹਣੇ ਪਾਉਂਦੀਆਂ ਘੁੱਗੀਆਂ, ਗੁਟਾਰਾਂ ਨੂੰ ਤੂੰ ਤੱਕ ਸਕੇਂ ਨੀਝ ਨਾਲ ਇਨ੍ਹਾਂ ਦੀ ਮਿਹਨਤ ਨੂੰ ਮਹਿਸੂਸ ਕਰ ਸਕੇਂ ਦਿਲੋਂ ਕਿੰਜ ਬਣਦੇ ਨੇ ਘਰ ਕਿੰਜ ਪਾਲੀਦੇ ਨੇ ਬੋਟ ਙ ਪਿੰਡਾ ਠਾਰਦਾ ਕੱਕਰ ਹੋਵੇ ਅੱਗ ਵਰਸਾਉਂਦੀ ਧੁੱਪ ਹੋਵੇ ਪੈਰ ਹਿਲਾਉਂਦਾ ਝੱਖੜ ਹੋਵੇ ਮੋਹਲੇਧਾਰ ਵਰ੍ਹਦਾ ਮੀਂਹ ਹੋਵੇ ਇਹ ਸਭ ਜੀਅ ਜੰਤ ਬਿਪਤਾਵਾਂ 'ਚ ਵੀ ਹੱਸਦੇ ਹਨ ਖ਼ੁਸ਼ੀ ਖ਼ੁਸ਼ੀ ਵੱਸਦੇ ਹਨ ਤੇ ਸਾਨੂੰ ਨਿਰਮੋਹਿਆਂ ਨੂੰ ਹੁੱਬ ਕੇ ਜਿਉਣ ਦੀ ਜਾਚ ਵੀ ਦੱਸਦੇ ਹਨ।

ਬਜ਼ਾਰ ਹੁਣ

ਅੱਜ ਕੱਲ੍ਹ ਮੇਰੀ ਬੇਟੀ ਦੁੱਧ ਨਹੀਂ ਪੀਂਦੀ ਫ਼ਲਾਂ ਦਾ ਨਾਂ ਸੁਣ ਕਚੀਚੀਆਂ ਵੱਟਦੀ ਹੈ ਕੋਈ ਵੀ ਹਰੀ ਸਬਜ਼ੀ ਉਹਨੂੰ ਚੰਗੀ ਨਹੀਂ ਲੱਗਦੀ ਤਵੇ 'ਤੇ ਰੋਟੀ ਫੁੱਲਦੀ ਵੇਖ ਉਹਦੀ ਭੁੱਖ ਹੀ ਮਰ ਜਾਂਦੀ ਏ ਮੈਂ ਫ਼ਿਕਰਵਾਨ ਉਹਦੀ ਮੰਮੀ ਤਿਲਮਿਲਾਉਂਦੀ ਉਹ ਕੁਝ ਵੀ ਕਿਉਂ ਨਹੀਂ ਖਾਂਦੀ ! ਉਹ ਕੁਝ ਵੀ ਕਿਉਂ ਨਹੀਂ ਖਾਂਦੀ ਇਹ ਸਾਡਾ ਵਹਿਮ ਹੈ ਟੀ.ਵੀ. 'ਤੇ ਆਉਂਦੇ ਰੰਗ-ਬਰੰਗੇ ਆਕਰਸ਼ਿਤ ਇਸ਼ਤਿਹਾਰਾਂ ਨੇ ਉਹਦੀ ਭੁੱਖ ਮਿਟਾ ਦਿੱਤੀ ਏ ਜਾਂ ਫਿਰ ਹੋਰ ਹੀ ਕਿਸਮ ਦੀ ਭੁੱਖ ਵਧਾ ਦਿੱਤੀ ਏ। ਹੁਣ ਸਬਜ਼ੀ ਫੁਲਕੇ ਦੀ ਥਾਂ ਨੂਡਲ, ਬਰਗਰ, ਹਾਟ-ਡਾਗ ਮਨਚੂਰੀਅਨ, ਪੈਟੀਜ਼, ਪੀਜ਼ਾ ਪਤਾ ਨਹੀਂ ਕਿਹੜੇ ਕਿਹੜੇ ਖਾਧ-ਪਦਾਰਥਾਂ ਦੇ ਨਾਮ ਉਹਦੇ ਹੋਠਾਂ 'ਤੇ ਆਉਂਦੇ ਨੇ ਭਾਂਤ-ਭਾਂਤ ਦੀਆਂ ਟੌਫ਼ੀਆਂ ਇਨਾਮੀ ਯੋਜਨਾਵਾਂ ਵਾਲੇ ਕੋਲਡ ਡਰਿੰਕਸ ਦੁੱਧ ਦੀ ਥਾਵੇਂ ਉਹਨੂੰ ਲਲਚਾਉਂਦੇ ਨੇ ਤੇ ਇੰਜ ਭਰਮਾਉਂਦੇ ਨੇ ਕਿ ਬੱਚੀ ਦੀ ਭੁੱਖ ਖੰਭ ਲਾ ਉੱਡ ਜਾਂਦੀ ਏ। ਠੰਢੇ ਡਰਿੰਕਸ ਉਹਦਾ ਗਲਾ ਬਿਠਾ ਦਿੰਦੇ ਫਾਸਟ-ਫੂਡ ਉਹਦਾ ਪੇਟ ਖ਼ਰਾਬ ਕਰ ਦਿੰਦੇ ਦਵਾਈਆਂ ਵੀ ਖ਼ੁਰਾਕ ਵਿਚ ਸ਼ਾਮਲ ਹੋ ਜਾਂਦੀਆਂ ਡਾਕਟਰ ਦੀਆਂ ਨਸੀਹਤਾਂ ਸਾਡੇ ਦਿੱਤੇ ਸਬਕ ਬੇ-ਅਸਰ ਹੀ ਰਹਿ ਜਾਂਦੇ। ਜਦੋਂ ਮੈਂ ਕਿਤੇ ਬਚਪਨ ਵਿਚ ਦਰਖ਼ਤਾਂ 'ਤੇ ਚੜ੍ਹ ਪੱਕੇ ਲੇਸਦਾਰ ਲਸੂੜੇ ਤੇ ਰਸਭਰੀਆਂ ਸ਼ਹਿਤੂਤੀਆਂ ਖਾਣ ਦੀ ਗੱਲ ਕਰਦਾਂ ਬੇਰ ਤੋੜ, ਜਾਮਣਾਂ ਝਾੜਣ ਤੇ ਝੋਲੀਆਂ ਭਰ ਭਰ ਖਾਣ ਜਿਹੇ ਅਵੱਲੇ ਸ਼ੌਕ ਦੀ ਗੱਲ ਕਰਦਾਂ ਤਾਂ ਉਹ ਹੈਰਾਨ ਤਾਂ ਜ਼ਰੂਰ ਹੁੰਦੀ ਪਰ ਆਪਣੇ ਸ਼ੌਕ ਦੀ ਵਕਾਲਤ ਕਰਨ ਬਹਿ ਜਾਂਦੀ। “ਪਾਪਾ ! ਤੁਸੀਂ ਬਿਰਧ ਹੋ ਗਏ ਹੋ ਹੁਣ ਉਹ ਵਕਤ ਨਹੀਂ ਰਹਿ ਗਏ ਜ਼ਮਾਨਾ ਬਦਲ ਗਿਆ ਹੈ ਪਾਪਾ! ਬਜ਼ਾਰ 'ਚ ਨਵੀਆਂ ਤੋਂ ਨਵੀਆਂ ਚੀਜ਼ਾਂ ਆ ਰਹੀਆਂ ਨੇ ਕਾਰਾਂ, ਪਹਿਰਾਵਿਆਂ ਤੋਂ ਲੈ ਕੇ ਪੈੱਨ, ਪੈੱਨਸਿਲਾਂ, ਟੌਫ਼ੀਆਂ ਤੱਕ। “ਪਾਪਾ! ਜੋ ਸਮੇਂ ਨਾਲ ਨਹੀਂ ਤੁਰਦੇ ਉਹ ਪੱਛੜ ਜਾਂਦੇ ਹਨ ਤੇ ਪੱਛੜਣਾ ਚੰਗਾ ਨਹੀਂ ਹੁੰਦਾ ਆਪਣੇ ਸਮੇਂ 'ਚ ਤੁਸੀਂ ਪੜ੍ਹੇ ਲਿਖੇ ਸੀ ਪਰ ਹੁਣ ਕੰਪਿਊਟਰ ਦੇ ਅੱਗੇ ਬਿਲਕੁਲ ਅਨਪੜ੍ਹ ਹੋ ਪਾਪਾ! ਐਵੇਂ ਹੀ ਟੋਕਿਆ ਨਾ ਕਰੋ।” ਬਜ਼ਾਰ ਹੁਣ ਮੇਰੇ ਲਈ ਖਿੱਚ ਦਾ ਕਾਰਨ ਨਹੀਂ ਖਿਝ ਦਾ ਸਬੱਬ ਹੈ ਬਾਜ਼ਾਰ ਦੀ ਨੀਤੀ ਕਿਵੇਂ ਸਾਡੇ ਕੋਲੋਂ ਸਾਡੀ ਸਾਦਗੀ ਸਾਡੀ ਜੀਵਨ-ਜਾਚ ਸਾਡੇ ਸੁਹਜ ਸਵਾਦ ਤੇ ਮੱਠੀ ਜਿਹੀ ਜੀਵਨ ਤੋਰ ਖੋਹ ਕੇ ਲਿਜਾ ਰਹੀ ਹੈ ਬਜ਼ਾਰ ਹੁਣ ਮੈਨੂੰ ਤੇ ਮੇਰੇ ਵਰਗੇ ਆਮ ਆਦਮੀਆਂ ਨੂੰ ਦੁਸ਼ਮਣ ਜਾਪਦਾ ਹੈ।

ਆ ਗੱਲਾਂ ਕਰੀਏ

ਆ ਬੱਚੂ ਬੈਠ ਗੱਲਾਂ ਕਰੀਏ ਗੱਲਾਂ ਜੰਗ ਜਹਾਨ ਦੀਆਂ ਕੁਝ ਇਸ ਧਰਤੀ ਦੀਆਂ ਕੁਝ ਉਤਲੇ ਅਸਮਾਨ ਦੀਆਂ। ਧਰਤੀ ਕੁੱਖੋਂ ਪੁੰਗਰੇ ਪੱਤੇ ਸੁਣ ਕੀ ਕਹਿੰਦੇ ਪਏ ਮਨ ਮਹਿਕਾਂ ਦੀਆਂ ਗੱਲਾਂ ਜਾਂ ਦਿਲ ਦੇ ਅਰਮਾਨ ਦੀਆਂ। ਜੀਕਰ ਸਾਗਰ ਦੀਆਂ ਛੱਲਾਂ ਚੰਨ ਪਿਆਰੇ ਨੂੰ ਲੋਚਣ ਬੁਝ ਭਲਾ ਕੀ ਨੇ ਰੀਝਾਂ ਇਸ ਬਿਫ਼ਰੇ ਤੂਫ਼ਾਨ ਦੀਆਂ। ਚੰਨ, ਤਾਰੇ ਪਏ ਖੇਡਣ ਸੂਰਜ ਦੇ ਸੰਗ ਲੁਕਣ-ਮੀਟੀ ਬੜੀਆਂ ਡੂੰਘੀਆਂ ਗੱਲਾਂ ਨੇ ਇਸ ਆਵਣ ਜਾਣ ਦੀਆਂ। ਸ਼ਬਦਾਂ ਦੇ ਸੰਗ ਸੰਸਾਰ ਤੇ ਸ਼ਬਦ ਹੀ ਬ੍ਰਹਮ ਸਰੂਪ ਜਾਣਨ ਲਈ ਕਰੀਏ ਗੱਲਾਂ ਹੁਣ ਪੜ੍ਹਣ ਪੜ੍ਹਾਉਣ ਦੀਆਂ। ਕਲਮ ਤੇ ਬਸਤਾ ਦੋਵੇਂ ਸਾਡੇ ਬਚਪਨ ਦੇ ਸਾਥੀ ਕਿਉਂ ਨਾ ਆਪਾਂ ਕਰੀਏ ਗੱਲਾਂ ਫੱਟੀ ਲਿਖਣ ਲਿਖਾਉਣ ਦੀਆਂ। ਢੇਰੀ ਢਾਹ ਕੁਝ ਨੀ ਬਣਦਾ ਖੋਰ ਦੇਣਗੇ ਹੰਝੂ ਸਾਨੂੰ ਕਰ ਹਿੰਮਤ ਕਰੀਏ ਗੱਲਾਂ ਯੋਧੇ ਬੀਰ ਬਲਵਾਨ ਦੀਆਂ।

ਮੈਂ ਤੇਰਾ ਸੁਪਨਾ ਹਾਂ

ਪਾਪਾ ! ਮੈਂ ਤੇਰਾ ਸੁਪਨਾ ਹਾਂ ਮੈਨੂੰ ਕਿਉਂ ਘੂਰਦਾ ਏਂ ਬਹਾਨੇ ਜਿਹੇ ਲੱਭ-ਲੱਭ ਕੇ। ਮੈਂ ਬਾਲੜੀ ਕਿੱਥੋਂ ਤੇਰੇ ਕਦਮ ਦੇ ਹਾਣ ਦਾ ਕਦਮ ਪੁੱਟ ਸਕਦੀ ਹਾਂ ਪਾਪਾ! ਤੇਰੀਆਂ ਸੋਚਾਂ ਦੇ ਹਾਣ ਦੀ ਮੈਂ ਅਜੇ ਹੀ ਕਦੋਂ ਹੋ ਸਕਦੀ ਹਾਂ। ਮੇਰਾ ਆਈਸ-ਕ੍ਰੀਮ ਖਾਣ ਨੂੰ ਬੜਾ ਹੀ ਜੀਅ ਕਰਦੈ ਤੂੰ ਆਖਦਾ ਏਂ ਗਲਾ ਖ਼ਰਾਬ ਹੋ ਜਾਊ ਮੇਰਾ ਖੇਡਣ ਨੂੰ ਜੀਅ ਕਰਦਾ ਏ ਤੂੰ ਸੋਚਦਾ ਏਂ ਸੱਟ ਲੱਗ ਜਾਊ ਤੈਨੂੰ ਖ਼ਬਰਾਂ ਚੰਗੀਆਂ ਲੱਗਦੀਆਂ ਨੇ ਤੇ ਮੈਨੂੰ ਚਿੱਤਰਹਾਰ ਤੂੰ ਫਿੱਕੀ ਚਾਹ ਪੀਨੈਂ ਤੇ ਮੇਰਾ ਜੀਅ ਕਰਦਾ ਏ ਸ਼ੱਕਰ-ਘਿਉ ਖਾਣ ਨੂੰ ਤੂੰ ਲੰਮਾ ਸਫ਼ਰ ਕਰਕੇ ਥੱਕ-ਟੁੱਟ ਕੇ ਆਉਂਦਾ ਏਂ ਤੇ ਮੈਂ ਚਾਹੁੰਦੀ ਹਾਂ ਤੇਰੇ ਨਾਲ ਨੱਚਣਾ ਟੱਪਣਾ। ਪਾਪਾ! ਇਕ ਗੱਲ ਮੇਰੀ ਮੰਨ ਲੈ ਤੇ ਇਕ ਵਾਰੀ ਮੇਰੀ ਉਮਰ ਜਿੱਡਾ ਹੋ ਕੇ ਵੇਖ ਮੈਥੋਂ ਮੇਰਾ ਬਚਪਨ ਨਾ ਖੋਹ। ਮੈਂ ਖਿਡੌਣੇ ਭੰਨ ਦਿੰਦੀ ਹਾਂ ਤੂੰ ਖਿੱਝਦਾ ਏਂ ਮੈਂ ਕਾਪੀ ਪਾੜ ਦਿੰਦੀ ਹਾਂ ਤੂੰ ਤਪਦਾ ਏਂ ਮੈਂ ਪਾਣੀ ਵਿਚ ਭਿੱਜ ਜਾਂਦੀ ਹਾਂ ਤੂੰ ਕੰਬਣ ਲੱਗ ਜਾਂਦਾ ਏਂ ਮੈਂ ਖਿਲਾਰਾ ਪਾ ਦਿੰਦੀ ਹਾਂ ਤੇ ਤੂੰ ਬੂ-ਦੁਹਾਈ। ਪਾਪਾ! ਕਦੇ ਤੇ ਖਿੱਲਰੇ ਹੋਣਗੇ ਤੇਰੇ ਵੀ ਵਾਲ ਪਾਪਾ, ਤੂੰ ਵੀ ਸਾਈਕਲ ਤੋਂ ਡਿੱਗ ਕੇ ਕਦੇ ਖਾਧੀ ਹੋਵੇਗੀ ਸੱਟ ਨੂੰ ਲਾਲ ਉਘੀ ਗਰਮ ਕੰਧਾਂ 'ਤੇ ਤੈਂ ਵੀ ਮਾਰੇ ਹੋਣਗੇ ਕਾਟ-ਝਰੀਟੇ, ਘੁੱਗੂ-ਕਾਂਗੜੇ। ਪਾਪਾ! ਇਹ ਤੋਲ-ਤੁਕਾਂਤ ਵਰਗੀ ਕਾਫ਼ੀਏ-ਰਦੀਫ਼ ਵਿਚ ਬੱਝੀ ਤੋਰ ਕਦੇ ਜ਼ਿੰਦਗੀ ਨਹੀਂ ਹੁੰਦੀ ਨਿਰੀ ਕੈਦ ਜਿਹੀ ਹੁੰਦੀ ਹੈ।

ਜਦੋਂ ਕਵਿਤਾ ਲਿਖਦੇ ਹੋ ਪਾਪਾ !

ਬੜਾ ਗੁੰਮ ਸੁੰਮ ਜਿਹਾ ਆਲਮ ਹੁੰਦਾ ਹੈ ਜਦੋਂ ਕਵਿਤਾ ਲਿਖਦੇ ਹੋ ਪਾਪਾ! ਪਰ ਮੈਨੂੰ ਬਾਲੜੀ ਨੂੰ ਇਹ ਤਣਾਅ ਭਰਿਆ ਮਾਹੌਲ ਚੰਗਾ ਨਹੀਂ ਲਗਦਾ ਉੱਚੀ ਬੋਲ, ਕਿਸੇ ਕਿਸਮ ਦਾ ਖੜਾਕ ਟੀ.ਵੀ. ਲਾਉਣਾ ਤੇ ਭਾਂਡੇ ਖੜਕਾਉਣਾ ਸਖ਼ਤ ਮਨਾਹੀ ਹੁੰਦੀ ਹੈ ਖ਼ਬਰੇ ਫਿਰ ਵੀ ਪਾਪਾ! ਇਹ ਸਾਰਾ ਕੁਝ ਮੈਨੂੰ ਚੰਗਾ-ਚੰਗਾ ਕਿਉਂ ਲੱਗਦਾ ਹੈ ਮੈਨੂੰ ਇਹਦੀ ਕੀ ਸਮਝ ਕਿ ਜ਼ਿੰਦਗੀ ਮੁਸਕਰਾਹਟ ਹੀ ਨਹੀਂ ਤਿਉੜੀ ਵੀ ਹੁੰਦੀ ਹੈ ਇਹਨਾਂ ਦੋਹਾਂ ਵਿਚਲੇ ਫ਼ਾਸਲੇ ਨੂੰ ਸ਼ਾਇਦ ਤੇਰੀ ਲਿਖੀ ਕਵਿਤਾ ਹੀ ਮਿਣਦੀ ਹੈ। ਪਾਪਾ ! ਮੈਂ ਜਦੋਂ ਆਪਣਾ ਘਰ ਬਣਾਵਾਂਗੀ ਤਾਂ ਉਦੋਂ ਇੱਕ ਲੰਮੀ ਅਸੀਸ ਦਿੰਦਿਆਂ ਇਹ ਲੱਪ ਕੁ ਕਵਿਤਾਵਾਂ ਮੇਰੀ ਝੋਲੀ ਪਾ ਦੇਵੀਂ ਉਦੋਂ ਤੱਕ ਤਾਂ ਆ ਗਈ ਹੋਵੇਗੀ ਮੈਨੂੰ ਸਮਝ ਕਿ ਜ਼ਿੰਦਗੀ ਜਿਉਣ ਲਈ ਰੰਗੀਨ ਟੀ.ਵੀ. ਫੈਂਸੀ ਫ਼ਰਨੀਚਰ ਨਹੀਂ ਇੱਕ ਜੀਵਨ-ਜਾਚ ਵੀ ਚਾਹੀਦੀ ਹੈ। ਤੇ ਇਹ ਜਾਚ ਇਨ੍ਹਾਂ ਕਵਿਤਾਵਾਂ ਸੰਗ ਤੁਰਨ ਤੋਂ ਬਿਨਾਂ ਨਹੀਂ ਆਉਣੀ ਕਵਿਤਾਵਾਂ ਤਾਂ ਲੰਮੀਆਂ ਵਾਟਾਂ ਦੇ ਹੁੰਗਾਰੇ ਹਨ ਕਵਿਤਾਵਾਂ ਤਾਂ ਦੀਵੇ ਹਨ ਮਨ-ਮਮਟੀਆਂ ’ਤੇ ਜਗਦੇ ਅੱਖੀਆਂ ’ਚ ਟਿਮ-ਟਿਮਾਉਂਦੇ ਤੇ ਪੈਰਾਂ 'ਚ ਚਾਨਣ ਬਿਖ਼ੇਰਦੇ।

ਜਿਵੇਂ ਆਖਦੀ ਹੋਵੇ

ਫ਼ਕੀਰੀ ਗਲੇ 'ਚੋਂ ਨਿਕਲੀ ਇੱਕ ਦੁਆ ਵਰਗੀ ਸ਼ਿਸ਼ਾਂ ਨੂੰ ਦਿਲੋਂ ਦਿੱਤੇ ਇੱਕ ਸੁਹਿਰਦ ਸਬਕ ਜਿਹੀ ਮਮਤਾ ਦੇ ਸੁੱਚੇ ਸਰੋਵਰਾਂ 'ਚੋਂ ਭਰੀ ਇੱਕ ਚੂਲੀ ਜਿਹੀ ਮੇਰੀ ਬੇਟੀ ‘ਇਬਨਾ' ਜਦੋਂ ਘਰ ਪਰਤਦਿਆਂ ਗਲ਼ੇ ਲਿਪਟਦੀ ਹੈ ਦਿਨ ਭਰ ਦੀ ਹੀ ਨਹੀਂ ਲੱਥ ਜਾਂਦੀ ਹੈ ਉਮਰਾਂ ਦੀ ਥਕਾਵਟ। ਨਿੱਕੇ-ਨਿੱਕੇ ਹੱਥਾਂ ਨਾਲ ਉਤਾਰ ਕੇ ਐਨਕ ਮੇਰੀ ਮੇਰੀਆਂ ਅੱਖਾਂ 'ਚ ਤੱਕਦੀ ਜਿਵੇਂ ਆਖਦੀ ਹੋਵੇ: ਪਾਪਾ ! ਮੈਂ ਫੜ ਸਕਦੀ ਹਾਂ ਤੇਰੀਆਂ ਅੱਖਾਂ ਦੀ ਨਦੀ 'ਚ ਤੈਰਦੇ ਉਨ੍ਹਾਂ ਤਮਾਮ ਸੁਪਨਿਆਂ ਨੂੰ ਜੋ ਤੈਂ ਮੇਰੀ ਹੋਂਦ ਸੰਗ ਸਿਰਜੇ ਹਨ। ਬੜੇ ਲੰਮੇ ਹਨ ਇਹ ਸੁਪਨੇ ਲੋਰੀ ਤੋਂ ਲਾਵਾਂ ਤੱਕ ਦੇ ਤੇ ਲਾਵਾਂ ਤੋਂ ਵੀ ਅੱਗੇ ਥਾਵਾਂ ਗਿਰਾਵਾਂ ਤੱਕ ਦੇ ਜਿਵੇਂ ਆਖਦੀ ਹੋਵੇ: ਪਾਪਾ ! ਇਨ੍ਹਾਂ ਸੁਪਨ-ਲੱਦੀਆਂ ਅੱਖਾਂ 'ਚ ਕਦੇ ਅੱਥਰੂ ਨਾ ਲਿਆਵੀਂ ਕਿਉਂਕਿ ਮੈਂ ਅੱਥਰੂ ਬੋਚ ਤਾਂ ਸਕਦੀ ਹਾਂ ਪਾਪਾ ! ਰੋਕ ਨਹੀਂ ਸਕਦੀ।

ਭੋਲ਼ੀ ਜਿਹੀ ਬਣ

ਉਹ ਰੋਜ਼ ਰਾਤ ਨੂੰ ਕਹਾਣੀ ਸੁਣਦੀ-ਸੁਣਦੀ ਬੇਫ਼ਿਕਰ ਹੋ ਸੌਂ ਜਾਂਦੀ ਭੋਲ਼ੀ ਜਿਹੀ ਬਣ ਸਹਿਜ ਮੱਤੀ ਜਿਵੇਂ ਬਦਲੋਟੀਆਂ ਦੀ ਬੁੱਕਲ 'ਚ ਗੋਭਲਾ ਜਿਹਾ ਚੰਨ ਸੁੱਤਾ ਹੁੰਦਾ ਹੈ। ਤੇ ਮੈਨੂੰ ਮੇਰਾ ਕਮਰਾ ਭਰਿਆ-ਭਰਿਆ ਲੱਗਦਾ ਏ ਵਾਲ-ਟੂ-ਵਾਲ ਵਿਛੀ ਚਾਨਣੀ ਪਸਰੀ ਹੋਈ ਠੰਢਕ ਮਿੰਨਾ-ਮਿੰਨਾ ਵੱਜ ਰਿਹਾ ਸੰਗੀਤ ਤੇ ਰਾਤ ਪਰੀਆਂ ਦੀ ਤੋਰੇ ਮਟਕ-ਮਟਕ ਤੁਰਦੀ ਜਾਂਦੀ ਤੇ ਕੋਲ ਅਛੋਪਲੀ ਜਿਹੀ ਸੁੱਤੀ ਬੇਟੀ ਦੀ ਮਾਂ ਇਸ ਪਸਰੇ ਸੁਹੱਪਣ ਵਿਚ ਹੋਰ ਵਾਧਾ ਕਰਦੀ ਕਿੰਨੀ ਭਰਪੂਰਤਾ ਦਾ ਅਹਿਸਾਸ ਮੇਰੇ ਰੋਮ-ਰੋਮ ਸਮਾਅ ਜਾਂਦਾ ਕਿੰਜ ਜ਼ਿੰਦਗੀ ਦੇ ਅਰਥ ਪਲਕਾਂ ’ਤੇ ਆ ਲਟਕਦੇ। ਸੋਚਦਾ ਹਾਂ ਅਜਿਹੇ ਆਲਮ ਵਿਚ ਅਜਿਹੇ ਸ਼ਾਂਤੀ ਦੇ ਪਲਾਂ ਵਿਚ ਅਜਿਹੀ ਅਰਾਧਨਾ ਦੇ ਵਕਤਾਂ ’ਚ ਸਿਧਾਰਥ ਯਸ਼ੋਧਰਾ 'ਤੇ ਰਾਹੁਲ ਨੂੰ ਸੁੱਤਿਆਂ ਛੱਡ ਕੇ ਭਲਾ ਕਿਉਂ ਜੰਗਲਾਂ ਦੇ ਕਾਲੇ ਰਾਹਾਂ 'ਤੇ ਗੁਆਚਣ ਲਈ ਤੁਰਿਆ ਹੋਵੇਗਾ ਮੋਹ ਤੋਂ ਦੂਰ ਤਾਂ ਭਟਕਣਾ ਹੀ ਭਟਕਣਾ ਹੈ ਇਕ ਪਾਸੇ ਜ਼ਿੰਦਗੀ ਦੇ ਅਰਥਾਂ ਨੂੰ ਕੱਪੜਿਆਂ ਵਾਂਗ ਲਾਹ ਖ਼ਿਲਾਅ 'ਚੋਂ ਉਹ ਭਲਾ ਕਿਹੜੇ ਅਰਥ ਲੱਭਣ ਤੁਰਿਆ ਹੋਵੇਗਾ? ਮੇਰੀਏ ਧੀਏ ! ਮੇਰੇ ਮਨ ਦੇ ਕੋਰੇ ਕਾਗ਼ਜ਼ 'ਤੇ ਅਰਥ ਉਲੀਕਣ ਵਾਲੀ ਤੇਰੀ ਹੋਂਦ ਮੈਨੂੰ ਬੜਾ ਕੁਝ ਸਮਝਾਉਂਦੀ ਹੈ ਕਦੇ ਮੇਰੇ ਨਾਲ ਰੁੱਸ ਕੇ (ਕਿਉਂਕਿ ਰੁੱਸੇ ਬਿਨਾਂ ਪਿਆਰ ਦਾ ਅਹਿਸਾਸ ਨਹੀਂ ਜਾਗਦਾ) ਕਦੇ ਵਿੱਟਰ ਕੇ ਫਿਰ ਕਦੇ ਮਨਾ ਕੇ ਕਦੇ ਆਪ ਰੋ ਕੇ ਕਦੇ ਮੈਨੂੰ ਹਸਾ ਕੇ ਮੈਨੂੰ ਬੜਾ ਕੁਝ ਸਮਝਾਉਂਦੀ ਹੈ।

ਮੈਡਮ ਇਬਨਾ

ਮੇਰੀ ਧੀ ਨੂੰ ਬੱਸ ਦੋ ਹੀ ਸ਼ੌਕ ਹਨ ਆਪਣੇ ਗੁੱਡੀਆਂ ਪਟੋਲਿਆਂ ਨੂੰ ਸਕੂਲੀ ਬੱਚੇ ਬਣਾ ਲਾਈਨ 'ਚ ਬਿਠਾ ਆਪ ਟੀਚਰ ਬਣ ਪੜ੍ਹਾਉਣ ਬੈਠ ਜਾਣਾ। ਕੰਧ 'ਤੇ ਸਵਾਲ ਹੱਲ ਕਰੂ ਚੁੱਪ-ਚੁਪੀਤੇ ਬੱਚਿਆਂ ਦੇ ਥੱਪੜ ਜੜੂ ਹਰਖਦੀ ਹੋਈ, ਹਫ਼ਦੀ ਹੋਈ ਕਹੂ : 'ਪੜ੍ਹਦੇ ਨਹੀਂ ਨਲਾਇਕ ਕਿਤੋਂ ਦੇ... ਬੱਸ, ਰੌਲਾ ਪਾਈ ਜਾਂਦੇ ਨੇ।' ਆਪਣੀ ਅੰਮੀ ਦੇ ਉੱਚੀ ਅੱਡੀ ਦੇ ਸੈਂਡਲ ਪਾਈ ਮੋਢੇ 'ਤੇ ਪਰਸ ਲਟਕਾਈ ਟਿਪ-ਟਿਪ ਲਾਈਨਾਂ 'ਚ ਘੁੰਮਦੀ ਕਲਾਸ ਦੀ ਮੈਡਮ ਵਾਲੇ ਹੀ ਫ਼ਿਕਰੇ ਅੰਗਰੇਜ਼ੀ 'ਚ ਦੁਹਰਾਉਂਦੀ ਆਪਣੀ ਸਕੇਲ ਨਾਲ ਬੇਜਾਨ, ਬੇਅਵਾਜ਼ ਖਿਡੌਣਿਆਂ ਦੇ ਬੁਥਾੜ ਭੰਨ ਦਿੰਦੀ ਹੈ। ਇਸ ਕੁਟਾਪੇ ਨੂੰ ਵੇਖ ਜਦੋਂ ਅਸੀਂ ਆਖ ਬੈਠਦੇ ਹਾਂ ‘ਮੈਡਮ ਪਿਆਰ ਨਾਲ ਪੜ੍ਹਾਓ' ਤਾਂ ਇਕ ਦਮ ਭਵਾਂ ਤਾਣ ਆਖੂ: ‘ਪਲੀਜ਼ ! ਪੇਰੈਂਟਸ ਡਾਂਟ ਇੰਟਰਫੀਅਰ' ਤਾਂ ਉਦੋਂ ਉਹ ਰੋਅਬ-ਦਾਬ ਵਾਲੀ ਪੂਰੀ ਡਸਿਪਲਿਨਡ ਅਧਿਆਪਕੀ ਆਦਰਸ਼ਾਂ ਨੂੰ ਪਰਨਾਈ ‘ਮੈਡਮ’ ਲੱਗਦੀ ਹੈ।

ਇਕ ਸੰਸਾਰ ਇਹ ਵੀ

ਬੱਚੜੀਏ! ਤੇਰੇ ਕਮਰੇ 'ਚ ਬਹੁਤ ਖਿਲਾਰਾ ਪਿਐ। ਚੁੱਪ ਰਹੋ, ਪਾਪਾ! ਖਿਲਾਰਾ ਬੱਚੇ ਨਹੀਂ ਪਾਉਣਗੇ ਤਾਂ ਹੋਰ ਕੌਣ ਪਾਊ ਚੀਜ਼ਾਂ ਖਿਲਰੀਆਂ ਹੀ ਨੇ ਗੁਆਚੀਆਂ ਤਾਂ ਨਹੀਂ ਬੱਸ ਕਿਤਾਬ ਮੇਜ਼ ਦੀ ਥਾਂ ਕੁਰਸੀ 'ਤੇ ਪਈ ਐ ਪੈੱਨ ਮੇਜ਼ ਥੱਲੇ ਡਿੱਗਿਆ ਪਿਐ ਡੌਲ ਖੇਡਦੀ-ਖੇਡਦੀ ਡਸਟ-ਬਿਨ 'ਚ ਜਾ ਬੈਠੀ ਦਰਾਜ਼ ਝਾਤੀਆਂ ਮਾਰ ਰਿਹੈ ਤੇ ਅਲਮਾਰੀ ਦਾ ਪੱਲਾ ਉਬਾਸੀ ਲੈ ਰਿਹੈ ਟੁੱਥ-ਬੁਰਸ਼, ਪਾਪਾ ! ਸਟੱਡੀ-ਟੇਬਲ 'ਤੇ ਕਿਵੇਂ ਆ ਗਿਐ? ਇਹ ਸਭ ਮੈਨੂੰ ਪਤਾ ਨਹੀਂ ਲੱਗਦਾ, ਪਾਪਾ! ਇਹ ਬੱਚੇ ਦੇ ਕਮਰੇ ਦਾ ਇਕ ਸੰਸਾਰ ਹੈ ਜ਼ਬਤ ਤੋਂ ਬਾਹਰਾ ਖੁੱਲ੍ਹ ਨੂੰ ਪਿਆਰਾ। ਵਾਰ ਵਾਰ ਕਹਿਣ 'ਤੇ ਨਾਸ਼ਤੇ ਵਾਲੀ ਪਲੇਟ ਬੈੱਡ 'ਤੇ ਹੀ ਰਹੇਗੀ ਦਰਾਜ਼ ਵਿਚ ਕੱਪੜੇ ਬੇਤਰਤੀਬੇ ਹੀ ਰਹਿਣਗੇ ਬੂਟ ਇਕ ਕੋਨੇ ਤੇ ਜ਼ੁਰਾਬਾਂ ਦੂਜੇ ਕੋਨੇ ਹੋਣਗੀਆਂ ਸਕੂਲ ਦੀ ਟਾਈ ਸਵੇਰੇ ਲੱਭਦੀ ਹੀ ਨਹੀਂ। ਵਾਰ ਵਾਰ ਕਹਿਣ 'ਤੇ ਵੀ ਅੱਗੋਂ ਇਹੀ ਜਵਾਬ ਹੁੰਦਾ ਹੈ ਚੁੱਪ ਰਹੋ ਪਾਪਾ ! ਬੱਚੇ ਇਉਂ ਹੀ ਕਰਦੇ ਨੇ। ਤੇ ਮੈਂ ਸੋਚਦਾ ਹਾਂ ਬੇਟੀ ਠੀਕ ਹੀ ਆਖਦੀ ਏ ਜੇ ਇਉਂ ਨਾ ਕਰਨ ਤਾਂ ਇਹਨਾਂ ਨੂੰ ਬੱਚੇ ਕੌਣ ਆਖੂ ! ਇਹ ਬੱਚਿਆਂ ਦਾ ਸੰਸਾਰ ਏ ਆਪਣਾ ਹੀ ਨਿਰਾਲਾ ਜਿਉਣ ਦਾ ਢੰਗ ਫ਼ਿਕਰਾਂ ਤੋਂ ਮੁਕਤ ਭੋਲੇ ਪੰਛੀਆਂ ਜਿਹਾ।

ਸਿਆਣੀ ਹੋ ਰਹੀ ਇਬਨਾ

ਮੇਰੀ ਬੱਚੀ ਹੁਣ ਹੋ ਰਹੀ ਹੈ ਸਿਆਣੀ ਜਾਣ ਲਗ ਪਈ ਹੈ ਸਾਈਕਲ 'ਤੇ ਸਕੂਲ ਹੁਣ ਟੀਚਰ ਨੂੰ ਮਿਲ ਕਰ ਲੈਂਦੀ ਹੈ ਆਪ ਹੀ ਸਮੱਸਿਆ ਹੱਲ। ਹੁਣ ਉਹਦੀ ਸੋਚ ਦੀ ਉਡਾਨ ਹਾਰਡੀ ਵਰਲਡ ਹੀ ਨਹੀਂ ਲਾਲ ਕਿਲ੍ਹੇ ਤੋਂ ਕੰਨਿਆ ਕੁਮਾਰੀ ਤੱਕ ਹੈ। ਹੁਣ ਸਮੁੰਦਰ ਉਹਦੇ ਸੁਪਨਿਆਂ 'ਚ ਆਉਣ ਲੱਗ ਪਿਆ ਹੈ ਆਪਣੇ ਬੂਟ ਪਾਲਿਸ਼ ਹੀ ਨਹੀਂ ਟੁੱਟੇ ਹੋਏ ਬਟਨ ਵੀ ਆਪੇ ਹੀ ਲਾ ਲੈਂਦੀ ਹੈ। ਹੁਣ ਉਦਾਸ ਖ਼ਬਰ ਸੁਣ ਕੇ ਉਹ ਹੱਸਦੀ ਨਹੀਂ ਆਪਣੇ ਹੰਝੂ ਛੁਪਾ ਲੈਂਦੀ ਹੈ ਮਾਂ ਨੂੰ ਦਿਲਾਸਾ ਦਿੰਦੀ ਬੁੱਕਲ 'ਚ ਲੈ ਵੱਡੀ ਸਾਰੀ ਧਿਰ ਬਣ ਜਾਂਦੀ ਜੀਅ ਨਾ ਕਰਨ 'ਤੇ ਵੀ ਮਾਂ ਨੂੰ ਖਾਣ ਲਈ ਮਜਬੂਰ ਕਰਦੀ ਹੈ। ਸਿਆਣੀਆਂ-ਸਿਆਣੀਆਂ ਗੱਲਾਂ ਇਉਂ ਬੋਲਦੀ ਹੈ ਜਿਉਂ ਕੋਈ ਰੱਬੀ ਰੂਹ ਉਹਦੇ 'ਚ ਆ ਗਈ ਹੋਵੇ। ਹੁਣ ਉਹ ਹਾਵਾਂ ਭਾਵਾਂ ਨੂੰ ਸਮਝਣ ਲੱਗ ਪਈ ਏ ਚੰਗੇ ਤੇ ਮੰਦੇ ਦੀ ਪਹਿਚਾਣ ਕਰਨ ਲੱਗ ਪਈ ਏ ਹੁਣ ਉਹ ਸਿੱਖਣ ਲੱਗ ਪਈ ਏ ਅੱਖਾਂ ’ਚ ਸੁਪਨੇ ਸਜਾਉਣੇ ਤੇ ਉਹਨਾਂ ਦੀ ਪੂਰਤੀ ਹਿੱਤ ਨਿੱਤ ਨਵੀਆਂ ਸੋਚਾਂ ਸੋਚਣੀਆਂ।

ਇਕ ਸਵਾਲ

‘ਜੇ ਆਪਾਂ ਨਹੀਂ ਖ਼ਰੀਦਾਂਗੇ ਤਾਂ ਇਹਦੇ ਬੱਚੇ ਕਿੱਥੋਂ ਖਾਣਗੇ?' ਬੱਚੀ ਦੇ ਇਹ ਬੋਲ ਸੁਣ ਅਸੀਂ ਮੀਆਂ-ਬੀਵੀ ਦੋਵੇਂ ਸੋਚੀਂ ਪੈ ਗਏ। ਸੋਚਣ ਲੱਗੇ ਕਿ ਬੱਚੀ ਸੱਚ ਹੀ ਨਹੀਂ ਸਗੋਂ ਬੜੀ ਡੂੰਘੀ ਗੱਲ ਕਹਿ ਸਾਡੇ ਸਾਹਮਣੇ ਇਕ ਸਵਾਲ ਧਰ ਗਈ ਏ। ਬਾਹਰ ਗਲੀ 'ਚ ਰੇਹੜੀ ਵਾਲਾ ਚਿਪਸ, ਮੁਰਮੁਰੇ, ਟਾਫ਼ੀਆਂ ਆਦਿ ਵੇਚਦਾ ਹੋਕਰੇ ਤੇ ਹੋਕਰਾ ਮਾਰ ਰਿਹਾ ਸੀ ਬੱਚੀ ਮੰਗ ਰਹੀ ਸੀ ਚਿਪਸ ਤੇ ਅਸੀਂ ਉਹਨੂੰ ਨਸੀਹਤਾਂ ਦੀ ਮੁਹਾਰਨੀ ਦੁਹਰਾਉਂਦੇ ਨਾ ਲੈਣ ਤੋਂ ਵਰਜ ਰਹੇ ਸੀ। ਬੱਚੀ ਸੱਚ ਹੀ ਕਹਿ ਰਹੀ ਸੀ ਸਾਰਾ ਸਾਰਾ ਦਿਨ ਨਾ ਗਰਮੀ ਦੇਖਦਾ, ਨਾ ਸਰਦੀ ਉਹ ਗਲੀ-ਗਲੀ ਫਿਰਦਾ ਆਪਣੇ ਬੱਚੇ ਪਾਲਣ ਲਈ ਕਿੰਨੀ ਮੁਸ਼ੱਕਤ ਕਰ ਰਿਹਾ ਸੀ ਤੇ ਫਿਰ ਸਾਡੀਆਂ ਅੱਖਾਂ ਸਾਹਮਣੇ ਉਹਦੇ ਵਿਲਕਦੇ ਬੱਚੇ ਆ ਗਏ ਜੋ ਚਾਕਲੇਟ, ਚਿਪਸ ਲਈ ਨਹੀਂ ਰੋਟੀ ਲਈ ਰੋ ਰਹੇ ਸਨ। ਬੱਚੀ ਦੀ ਮੰਮੀ ਨੇ ਪੰਜਾਹ ਦਾ ਨੋਟ ਉਹਦੇ ਹੱਥ ਫੜਾਇਆ ਤੇ ਉਹ ਬਾਹਾਂ ਫ਼ੈਲਾ ਇੰਜ ਦੌੜੀ ਜਿਵੇਂ ਕੋਈ ਜੰਗ ਜਿੱਤੀ ਹੋਵੇ।

ਸਿਆਣੀ-ਸਿਆਣੀ

ਸੁਬਹ ਜਦ ਮੈਂ ਕਾਲਜ ਨੂੰ ਤੁਰਦਾ ਹਾਂ ਤਾਂ ਮੇਰੇ ਮੱਥੇ ਨੂੰ ਚੁੰਮਣਾ ਉਸ ਦੇ ਨਿੱਤਨੇਮ ਵਾਂਗ ਹੈ ਜਿਵੇਂ ਮੇਰੇ ਤੁਰਨ ਤੋਂ ਪਹਿਲਾਂ ਮੇਰੇ ਅੱਗੇ ਹੋ ਮੇਰੇ ਮੋਢੇ 'ਤੇ ਹੱਥ ਰੱਖ ਮੇਰੇ ਸਫ਼ਰ ਦਾ ਸਾਰਾ ਸੰਤਾਪ ਚਾਹੁੰਦੀ ਹੋਵੇ ਚੂਸ ਲੈਣਾ। ਧੀਏ ! ਤੇਰੀ ਏਡੀ ਦਲੇਰੀ ਕੌਣ ਕਹਿੰਦਾ ਹੈ ਕਿ ਧੀ ਤਾਂ ਨਿਮਾਣੀ ਵਿਲਕਦੀ ਕੂੰਜ ਹੁੰਦੀ ਹੈ ਕੌਣ ਕਹਿੰਦਾ ਹੈ ਕਿ ਧੀਆਂ ਤਾਂ ਮਰ ਜਾਣੀਆਂ ਹੁੰਦੀਆਂ ਨੇ ਪਰ ਉਸ ਵਿਚ ਅੰਤਾਂ ਦਾ ਸਵੈ-ਭਰੋਸਾ ਹੈ ਜੱਕੋ-ਤੱਕੀ ਉਸਦੇ ਸੁਭਾਅ ਵਿਚ ਨਹੀਂ ਕੋਈ ਵੀ ਕੰਮ ਕਰਨਾ ਹੋਵੇ ਤਾਂ ਉਸਦੇ ਕਦਮ ਘੌਲ੍ਹ ਨਹੀਂ ਕਰਦੇ ਬਾਜ਼ਾਰ ਵਿਚੋਂ ਕੁਝ ਖ਼ਰੀਦਣਾ ਹੋਵੇ ਤਾਂ ਉਸ ਵਿਚ ਅੰਤਾਂ ਦਾ ਵਿਸ਼ਵਾਸ ਹੁੰਦਾ ਹੈ ਗੱਲ ਕਰਨ ਵਿਚ ਕੁਝ ਪੁੱਛਣ-ਪੁਛਾਉਣ ਵਿਚ ਰੱਤੀ-ਭਰ ਵੀ ਝਿਜਕ ਨਹੀਂ ਹੁੰਦੀ। ਫ਼ੋਨ ਕਰਦੀ ਤੋਲ ਤੋਲ ਬੋਲਦੀ ਸਿਆਣਿਆਂ ਵਾਂਗ ਗੱਲਾਂ ਕਰਦੀ ਹੈ ਮਹਿਮਾਨ-ਨਿਵਾਜ਼ੀ 'ਚ ਅੰਤਾਂ ਦਾ ਸਲੀਕਾ ਹੁੰਦਾ ਹੈ ਇੰਜ ਗੱਲਾਂ ਕਰਦੀ-ਕਰਦੀ ਉਹ ਵੱਡੀ-ਵੱਡੀ ਲੱਗਦੀ ਹੈ ਸਿਆਣੀ-ਸਿਆਣੀ ਆਪਣੀ ਉਮਰੋਂ ਕਿਤੇ ਵੱਡੀ।

ਖ਼ੁਸ਼ਬੂ

ਪਾਪਾ ! ਮੈਂ ਤੇਰੀ ਧੀ ਵੀ ਹਾਂ ਤੇਰਾ ਮੀਤ ਵੀ ਹਾਂ ਮੈਂ ਅੱਖ ਵਿਚਲਾ ਸੁਪਨ ਵੀ ਹਾਂ ਤੇ ਹੋਠਾਂ 'ਤੇ ਧੜਕਦਾ ਗੀਤ ਵੀ ਹਾਂ ਮੈਂ ਸਤਰ ਵਿਚਲੀ ਸੁਰ ਵੀ ਹਾਂ ਤੇ ਸੁਰ ਦੇ ਵਿਚਲਾ ਸੰਗੀਤ ਵੀ ਹਾਂ। ਮੈਂ ਮਾਪਿਆਂ ਦੇ ਨੈਣਾਂ 'ਚ ਆਸ ਦਾ ਸਹਿਕਦਾ ਬੋਟ ਹਾਂ ਮੈਂ ਦਹਿਲੀਜ਼ ਦੀ ਲਾਜ ਹਾਂ ਤੇ ਮਾਸੂਮ ਚਿੜੀ ਦੀ ਪਰਵਾਜ਼ ਹਾਂ ਮੈਂ ਸਿਦਕ ਤੇ ਸਿਰੜ ਦਾ ਧਰੂ ਹਾਂ ਮੈਂ ਕਲਪਨਾ ਦੀ ਉਡਾਨ ਹਾਂ ਤੇ ਫੁੱਲਾਂ ਵਿਚਲੀ ਖ਼ੁਸ਼ਬੂ ਹਾਂ।

ਬਾਲ ਸਿਆਸਤ

ਬੇਟੀ ਦੀ ਬਾਲ-ਸਿਆਸਤ ਵੀ ਕਮਾਲ ਦੀ ਹੈ ਉਹ ਨਾ ਮੈਨੂੰ ਉੱਚੀ ਬੋਲਣ ਦਿੰਦੀ ਹੈ ਨਾ ਆਪਣੀ ਮਾਂ ਨੂੰ। ‘ਤੂੰ ਕੀਹਦਾ ਪੁੱਤ ਏ?” ਪੁੱਛਣ 'ਤੇ ‘ਦੋਹਾਂ ਦਾ ਅਕਸਰ ਉਹਦਾ ਜਵਾਬ ਹੁੰਦਾ ਹੈ। ਤੇ ਮੈਨੂੰ ਲਗਦਾ ਹੈ ਉਹ ਹਵਾ ਦਾ ਐਸਾ ਸੀਤ ਬੁੱਲਾ ਹੈ ਸਾਡੇ ਦੋਹਾਂ ਦੀਆਂ ਹਿੱਕਾਂ ਨੂੰ ਛੋਂਹਦਾ ਅਸੀਸ ਵਾਂਗ ਸਿਰਾਂ ਤੋਂ ਲੰਘ ਜਾਣ ਵਾਲਾ।

ਅਹਿਸਾਸ

ਮੈਨੂੰ ਲੱਗਦਾ ਹੈ ਜਿਵੇਂ ਧੀ ਬਾਪ ਦੀ ਉਮਰ ਦਾ ਉਹ ਹਿੱਸਾ ਹੁੰਦੀ ਏ ਜਿਸ ਉਮਰੇ ਉੱਗਦੇ ਹਨ ਸਿਆਣਪਾਂ ਦੇ ਸੂਰਜ। ਧੀ ਬਾਪ ਵਿਹੜੇ ਦਾ ਨਿਰਾ ਸੁਹਜ ਹੀ ਨਹੀਂ ਸਗੋਂ ਸਲੀਕੇ ਭਰਿਆ ਵਰਤਾਰਾ ਤੇ ਉਸਦੀ ਛੋਹੀ ਲੰਮੀ ਬਾਤ ਦਾ ਹੁੰਗਾਰਾ ਹੁੰਦਾ ਹੈ ਇਕ ਪਿਆਰਾ ਜਿਹਾ। ਧੀ ਜਦੋਂ ਦੂਰ ਬੈਠੀ ਵੀ ਰੱਬੋਂ ਮੰਗਦੀ ਹੈ ਬਾਬਲ ਵਿਹੜੇ ਦੀਆਂ ਖ਼ੈਰਾਂ ਤੇ ਉਸ ਦੀਆਂ ਇਨ੍ਹਾਂ ਅਸੀਸਾਂ ਅਰਜ਼ੋਈਆਂ ਤੇ ਅਰਦਾਸਾਂ ਵਿਚਲਾ ਮੰਦ-ਮੰਦ ਮੁਸਕਰਾਉਂਦਾ ਅਹਿਸਾਸ ਕਿਸੇ ਹਰਫ਼ਾਂ ਦਾ ਮੁਹਤਾਜ ਨਹੀਂ ਹੁੰਦਾ।

ਆਪਣਾ ਸੰਸਾਰ ਸਿਰਜਦੀ

ਇਕ ਦਿਨ ਉਹ 'ਕੱਲੀ ਕਲੋਤਰੀ ਕਮਰੇ 'ਚ ਬੈਠੀ ਪੇਟਿੰਗ ਕਰ ਰਹੀ ਸੀ। ਉਹਦੀ ਕੈਨਵਸ 'ਤੇ ਪਹਾੜਾਂ ਦੀ ਗੋਦ ਵਿਚ ਵਗਦੀ ਨਦੀ ਦੇ ਕਿਨਾਰੇ ਮਹਿਕਦੀ ਬਹਾਰ ਦੇ ਵਿਚਕਾਰ ਇਕ ਛੋਟਾ ਪਰ ਸੋਹਣਾ ਜਿਹਾ ਘਰ ਉਹਦੇ ਸੁਪਨਿਆਂ ਦਾ ਮਹਿਲ ਆਸੇ ਪਾਸੇ ਖਿੜੇ ਹੋਏ ਫੁੱਲ ਉੱਡਦੇ ਪੰਛੀਆਂ ਦੀਆਂ ਚਹਿਚਹਾਟਾਂ ਬਿਖਰਦੇ ਤਿੱਤਲੀਆਂ ਦੇ ਰੰਗ ਲਹਿਰਾਂ 'ਤੇ ਤੈਰਦੀ ਕਿਸ਼ਤੀ ਟਾਹਣੀਆਂ 'ਚੋਂ ਲੰਘਦੀ ਹਵਾ ਦਾ ਸੰਗੀਤ। ਉਸਦੀ ਪੱਕੀ ਆਦਤ ਹੈ ਸੌਣ ਤੋਂ ਪਹਿਲਾਂ ਉਹ ਰੋਜ਼ ਕਹਾਣੀ ਸੁਣਦੀ ਕਿਸੇ ਪਰੀ ਦੀ ਕਿਸੇ ਰਾਜਕੁਮਾਰ ਦੀ ਤੇ ਮੇਰਾ ਕੰਨ ਫੜੀ ਸੁਣਦੀ-ਸੁਣਦੀ ਸੌਂ ਜਾਂਦੀ। ਜਿੰਨੀਆਂ ਵੀ ਕਹਾਣੀਆਂ ਉਸ ਨੇ ਸੁਣੀਆਂ ਉਸਨੂੰ ਸਭ ਯਾਦ ਹਨ ਕਹਾਣੀ ਸੁਣਦੀ ਉਹ ਦੁਹਰਾਓ ਨੂੰ ਅਕਸਰ ਟੋਕ ਦਿੰਦੀ ਤੇ ਕਹਿੰਦੀ: ‘ਇਹ ਤਾਂ ਸੁਣੀ ਹੋਈ ਐ ਪਾਪਾ ! ਨਵੀਂ ਸੁਣਾਓ' ਸ਼ਾਹੀ ਅੰਦਾਜ਼ ਵਾਲਾ ਉਸ ਦਾ ਫੁਰਮਾਨ ਹੁੰਦਾ ਹੈ।

ਪਾਪਾ ! ਤੁਹਾਡੀ ਸੋਚ ਤਾਂ...

ਪਾਪਾ ! ਤੁਸੀਂ ਵੀ ਕਮਾਲ ਕਰਦੇ ਹੋ ਕਿਹੋ ਜਿਹੇ ਬੰਦੇ ਹੋ? ਤੁਹਾਡੇ ਕੋਲ ਸ਼ਬਦ ਵੀ ਹਨ ਤੇ ਸ਼ਬਦਾਂ ਦੀ ਇਬਾਰਤ ਵੀ ਹੈ ਪਰ ਕਈ ਵਾਰ ਤੁਸੀਂ ਗੱਲ ਕਹਿੰਦੇ ਕਹਿੰਦੇ ਕੁਝ ਦਾ ਕੁਝ ਕਰ ਦਿੰਦੇ ਹੋ। ਤੁਸੀਂ ਜਦੋਂ ਵੀ ਮੈਨੂੰ ਬੁਲਾਉਂਦੇ ਹੋ ‘ਮੇਰਾ ਬੱਬਰੀ ਪੁੱਤ’ ‘ਇਹ ਤਾਂ ਬਹਾਦਰ ਬੱਚੂ ਹੈ ਮੇਰਾ' ‘ਸ਼ੇਰ ਹੈ ਇਹ ਤਾਂ ਸ਼ੇਰ’ ਪਰ ਮੈਨੂੰ ਜਾਪਦੈ ਤੁਹਾਡੀ ਸੋਚ ਦੇ ਖੂਹ ਖ਼ਾਲੀ ਨਹੀਂ ਸੰਸਕਾਰਾਂ ਤੋਂ ਤੁਹਾਡੀ ਸੋਚਣੀ ਦੇ ਪਿੱਛੇ ਅਜੇ ਵੀ ਕੋਈ ਮੱਧ-ਕਾਲੀ ਜਾਗੀਰੂ ਸੋਚ ਵਾਲਾ ਮਰਦ ਬੈਠਾ ਹੈ। ਪਾਪਾ ! ਮੈਂ ਇੱਲਤਾਂ ਕਰੂੰ ਤੇ ਤੁਸੀਂ ਝੱਟ ਬੋਲ ਪੈਂਦੇ ਹੋ ਕੁੜੀਆਂ ਨਹੀਂ ਇੰਜ ਕਰਦੀਆਂ ਕੁੜੀਆਂ ਨਹੀਂ 'ਕੱਲੀਆਂ ਬਾਹਰ ਜਾਂਦੀਆਂ ਕੁੜੀਆਂ ਨਹੀਂ ਗਾਉਂਦੀਆਂ ਇਹੋ ਜਿਹੇ ਗੀਤ ਕੁੜੀਆਂ ਆਹ ਨਹੀਂ ਕਰਦੀਆਂ ਕੁੜੀਆਂ ਔਹ ਨਹੀਂ ਕਰਦੀਆਂ ਤੇ ਮੈਂ ਪੁੱਛਦੀ ਹਾਂ ਪਾਪਾ ! ਫਿਰ ਕੁੜੀਆਂ ਕੀ ਕਰਦੀਆਂ ਨੇ?' ਮੈਨੂੰ ਆਪਣੀ ਬੱਚੀ ਦੇ ਇਹ ਬੋਲ ਝੰਜੋੜ ਸੁੱਟਦੇ ਹਨ ਸਿਰ ਤੋਂ ਪੈਰਾਂ ਤੀਕ ਤੇ ਮੈਂ ਸੋਚਦਾ ਹਾਂ: ਸੱਚ ਹੀ ਇਕ ਬੱਚੀ ਜੰਮਦੀ ਹੀ ਔਰਤ ਨਹੀਂ ਹੁੰਦੀ ਇਹ ਤਾਂ ਸਾਡੀਆਂ ਰੋਕਾਂ, ਸੋਚਾਂ ਤੇ ਸਿੱਖਿਆਵਾਂ ਬਾਅਦ ਵਿਚ ਉਸਨੂੰ ਔਰਤ ਬਣਾ ਦਿੰਦੀਆਂ ਹਨ। ਇਹ ਤਾਂ ਮਰਦ ਦੀ ਸੋਚ ਹੀ ਹੈ ਇਹ ਤਾਂ ਬੰਧਨਾਂ ਦੇ ਸੰਸਕਾਰੀ ਧਾਗੇ ਹੀ ਹਨ ਜੋ ਉਸ ਨੂੰ ਹੌਲੀ-ਹੌਲੀ ਸੀਮਾਵਾਂ ਵਿਚ ਰਹਿਣ ਲਈ ਕਰ ਦਿੰਦੇ ਹਨ ਮਜ਼ਬੂਰ ਇਹ ਤਾਂ ਉਹ ਬੰਦਸ਼ਾਂ ਹੀ ਹਨ ਜੋ ਉਸਨੂੰ ਘੁੱਟ-ਘੁੱਟ ਕੇ ਦੱਸਦੀਆਂ ਹਨ ਜਿਉਣ ਦੀ ਜਾਚ ਤੇ ਸਿਖਾ ਦਿੰਦੀਆਂ ਹਨ ਬੰਧਨ 'ਚ ਰਹਿਣਾ ਇਹ ਤਾਂ ਬਾਪ ਭਰਾ ਦੀਆਂ ਝਿੜਕਾਂ ਹੀ ਹਨ ਜੋ ਉਸਨੂੰ ਅਬਲਾ ਬਣਨ ਤੇ ਸਹਾਰਿਆਂ ਨਾਲ ਤੁਰਨ ਲਈ ਤੋਰਦੀਆਂ ਹਨ ਚਿਤਾਵਨੀਆਂ ਦੇ ਰਾਹ। ਪਾਪਾ! ਮੈਨੂੰ ਤੁਹਾਡੀ ਸੋਚ ਤੋਂ ਤਾਂ ਅਜਿਹੀ ਉੱਕਾ ਹੀ ਉਮੀਦ ਨਹੀਂ ਸੀ ਸੋ ਪਾਪਾ ! ਮੈਨੂੰ ਆਪਣਾ ਬਹਾਦਰ ਪੁੱਤ ਹੀ ਰਹਿਣ ਦਿਓ ਜਿਉਣ ਦੀ ਜਾਚ ਤਾਂ ਆਪੇ ਹੀ ਆ ਜਾਵੇਗੀ।

ਨਿੱਕੇ ਜਿਹੇ ਰੱਬ ਵਰਗੀ

ਮੇਰੀ ਬੇਟੀ ਆਰਟ ਸ਼ੀਟ 'ਤੇ ਰੰਗ ਬੁਰਸ਼ ਲੈ ਰੰਗਾਂ ਦਾ ਆਪਣਾ ਇੱਕ ਸੰਸਾਰ ਸਿਰਜ ਰਹੀ ਹੁੰਦੀ ਏ ਚੜ੍ਹਦਾ ਸੂਰਜ ਉੱਡਦੇ ਰੰਗ-ਬਰੰਗੇ ਗ਼ੁਬਾਰੇ ਉਹਦੇ ਸੰਸਾਰ ਦੀਆਂ ਇਬਾਰਤਾਂ ਹਨ ਜ਼ਿੰਦਗੀ ਵਿਚ ਵੀ ਰੰਗਾਂ ਨੂੰ ਮੇਚਣ ਪਰਖਣ ਤੇ ਅਰਥਣ ਦੇ ਆਹਰੇ ਲੱਗੀ ਰਹਿੰਦੀ ਏ ਕਿਹੜੀ ਸਕਰਟ ਨਾਲ ਕਿਹੜੀ ਟਾਪ ਜਚੂ ਉਹਦੇ ਨਖ਼ਰੇ ਥੱਲੇ ਨਹੀਂ ਆਉਂਦੀ ਮੇਰੀ ਬੰਨ੍ਹੀ ਪੱਗ ਵੇਖ ਲਾਹੁਣ ਤੱਕ ਜਾਂਦੀ ਏ ਕਿ ਪਾਪਾ ! ਇਹ ਇਸ ਕਮੀਜ਼ ਨਾਲ ਜਚਦੀ ਨਹੀਂ ਇੰਜ ਰੰਗਾਂ 'ਚ ਵਿਚਰਦੀ ਰੰਗਾਂ 'ਚ ਖੇਡਦੀ ਰੰਗਾਂ ਨੂੰ ਨਿਖਾਰਦੀ, ਪਰਖ਼ਦੀ ਉਹ ਜਾਪਦੀ ਏ ਨਿੱਕੇ ਜਿਹੇ ਰੱਬ ਵਰਗੀ।

ਨਿਰਉੱਤਰ

ਬੱਚੀ ਦੇ ਨਿੱਕੇ-ਨਿੱਕੇ ਸੁਆਲ ਬੜੇ ਪਿਆਰੇ ਵੀ ਹਨ ਤੇ ਬੜੇ ਤਿੱਖੇ ਵੀ। ਇਕ ਦਿਨ ਕਹਿੰਦੀ: ‘ਪਾਪਾ ! ਤੁਸੀਂ ਚੁੱਪ ਕਿਉਂ ਹੋ?? ‘ਪਾਪਾ ! ਥੋਨੂੰ ਇਹ ਕੀ ਹੋਈ ਜਾਂਦੈ? ਰੋਜ਼ ਕਲਰ ਲਿਆਉਣੇ ਭੁੱਲ ਜਾਂਦੇ ਹੋ?' ‘ਪਾਪਾ ! ਅੱਜ ਕਹਾਣੀ ਕਿਉਂ ਨਹੀਂ ਸੁਣਾਉਂਦੇ?' ਸਾਖੀਆਂ ਸੁਣਦੀ-ਸੁਣਦੀ ਅਚਾਨਕ ਇਕ ਦਿਨ ਬੋਲ ਉੱਠੀ “ਪਾਪਾ! ਆਪਣੇ ਘਰ ਬਾਬੇ ਨਾਨਕ ਦੀ ਫੋਟੋ ਤਾਂ ਐ ਪਰ ਕਿਸੇ ਵੀ ਕਮਰੇ 'ਚ ਭਾਈ ਮਰਦਾਨੇ ਦੀ ਫ਼ੋਟੋ ਕਿਉਂ ਨਹੀਂ?? ਤੇ ਮੈਂ ਕੀ ਕਹਾਂ? ਮੇਰੇ ਕੋਲ ਇਹਨਾਂ ਪ੍ਰਸ਼ਨਾਂ ਦਾ ਕੋਈ ਉੱਤਰ ਨਹੀਂ।

ਵੱਡੀ ਹੋ ਰਹੀ ਇਬਨਾ

ਹੁਣ ਇਬਨਾ ਵੱਡੀ ਹੋ ਰਹੀ ਹੈ ਸੰਗ ਤੇ ਸਮਝ ਉਹਦੇ ਵਿਚਰਨ ਦਾ ਹਿੱਸਾ ਬਣਦੀ ਜਾ ਰਹੀ ਹੈ ਅੱਗੇ ਘਰ ਆਏ ਹਰ ਮਹਿਮਾਨ ਨੂੰ ਭੱਜ ਕੇ ਲਿਪਟ ਜਾਂਦੀ ਪਰ ਹੁਣ ਹੱਥ ਜੋੜ ਸ਼ਰਮਾ ਜਿਹਾ ਜਾਂਦੀ ਹੈ ਉਹਨੂੰ ਕੱਪੜੇ ਸਾਂਭਣ ਦੀ ਤਾਂ ਭਾਵੇਂ ਅਜੇ ਜਾਂਚ ਨਹੀਂ ਪਰ ਡਾਈਨਿੰਗ ਟੇਬਲ ਸਜਾਉਣ ਦੀ ਜਾਚ ਆ ਗਈ ਏ ਚਾਹ ਬਣਾਉਣਾ ਸਿੱਖ ਤੇ ਮਹਿਮਾਨਾਂ ਨੂੰ ਵਰਤਾਉਣਾ ਉਹ ਵੱਡਿਆਂ ਤੋਂ ਵੀ ਵੱਧ ਜਾਣਦੀ ਏ ਟਰੇਅ 'ਚ ਪੂਰਾ ਸੈੱਟ ਲੈ ਕੇ ਆਉਂਦੀ ਪਿਆਲੀਆਂ 'ਚ ਪਾਉਂਦੀ ਤੇ ਹੱਥਾਂ 'ਚ ਫੜਾਉਂਦੀ ਉਹਦਾ ਅੰਦਾਜ਼ ਲਾਜਵਾਬ ਹੁੰਦਾ ਹੈ। ਉਸਦਾ ਹਮੇਸ਼ਾ ਇਹੋ ਰੋਸਾ ਜਾਂ ਚਿਤਾਵਨੀ ਹੁੰਦੀ ਕਿ ਪਾਪਾ ਗੇਟ ਤੋਂ ਬਾਹਰ ਸਹੀ ਡਰੈੱਸ 'ਚ ਜਾਓ ਮਹਿਮਾਨ ਨੂੰ ਨੰਗੇ ਸਿਰ ਨਾ ਮਿਲੋ ਕਦੇ ਕਦੇ ਗੁੱਸੇ 'ਚ ਆਖੂ: 'ਮੰਮਾ! ਤੁਸੀਂ ਐਨਕ ਇਕ ਥਾਂ ਕਿਉਂ ਨਹੀਂ ਰੱਖ ਸਕਦੇ? ਹਰ ਤੀਜੇ ਦਿਨ ਪੈੱਨ ਗੁਆ ਆਉਂਦੇ ਹੋ ਤੇ ਕਾਲਜ ਦੀਆਂ ਚਾਬੀਆਂ ਅਕਸਰ ਘਰੇ ਭੁੱਲ ਜਾਂਦੇ ਹੋ।' ਇਕ ਦਿਨ ਰੋਟੀ ਪਕਾਉਣ ਲੱਗ ਪਈ ਵਿੰਗ-ਤੜਿੰਗੇ ਜਿਹੇ ਫੁਲਕੇ ਪਲੇਟ 'ਚ ਰੱਖ ਆਖੇ: ‘ਪਾਪਾ! ਹੈਨ ਤਾਂ ਇੰਡੀਆ ਦੇ ਨਕਸ਼ੇ ਜਿਹੇ ਪਰ ਸੁਆਦ ਬਹੁਤ ਹੋਣਗੇ।' ਕੱਪੜੇ ਧੋਣ ਦਾ ਚਾਅ ਰਾਤ ਨੂੰ ਜਿੰਦੇ-ਕੁੰਡੇ ਲੱਗੇ ਹੋਣ ਦਾ ਫ਼ਿਕਰ ਕੱਪੜੇ ਫਰਸ਼ ਦੀ ਥਾਂ ਕਿੱਲੀ ’ਤੇ ਟੰਗਣ ਦੀ ਸੋਝੀ ਫ਼ਾਲਤੂ ਲਾਈਟਾਂ ਬੁਝਾਉਣੀਆਂ ਫਰਿੱਜ਼ ਚੰਗੀ ਤਰ੍ਹਾਂ ਬੰਦ ਕਰਨਾ ਫ਼ੋਨ ਸੁਨਣਾ ਤੇ ਫਿਰ ਸੁਨੇਹਾ ਯਾਦ ਰੱਖ ਮੰਮੀ-ਪਾਪਾ ਨੂੰ ਦੱਸਣਾ ਇਹ ਕੁਝ ਅਲਾਮਤਾਂ ਨੇ ਜੋ ਉਸਦੇ ਵੱਡੀ-ਵੱਡੀ ਸਿਆਣੀ ਸਿਆਣੀ ਹੋਣ ਦਾ ਸੰਕੇਤ ਦਿੰਦੀਆਂ ਨੇ। ਸੱਚ, ਹੁਣ ਉਹ ਵੱਡੀ ਹੋ ਰਹੀ ਹੈ

ਪਾਪਾ ! ਮੈਂ ਸਮਝ ਗਈ

ਪਾਪਾ ! ਦਾਦੀ ਮਾਂ ਆਪਣੇ ਘਰੇ ਕਿਉਂ ਨਹੀਂ ਆਉਂਦੀ ਕਿਉਂ ਰੁੱਸ ਗਈ ਏ ਮੇਰੇ ਤੋਂ ਜਾਂ ਫਿਰ ਕਿਵੇਂ ਮੰਨੇਗੀ ਉਹ? ਪੁੱਤਰਾ ! ਉਹ ਦੇਖ ਤਸਵੀਰ 'ਚ ਬੈਠੀ ਏ ਦਾਦੀ ਮਾਂ ਤੇਰੇ ਵੱਲ ਹੀ ਤੱਕ ਰਹੀ ਏ। ਪਾਪਾ! ਮੈਂ ਰੋਜ਼ ਸਵੇਰੇ ਉੱਠ ਇਸ ਤਸਵੀਰ ਨੂੰ ਹੱਥ ਜੋੜਦੀ ਹਾਂ ਪਰ ਨਾ ਉਸਦੇ ਬੁੱਲ੍ਹ ਹਿੱਲਦੇ ਨੇ ਤੇ ਨਾ ਹੀ ਕੋਈ ਆਵਾਜ਼ ਮੇਰੇ ਤੱਕ ਪਹੁੰਚਦੀ ਏ ਪਾਪਾ ! ਦਾਦੀ ਮਾਂ ਤਸਵੀਰ 'ਚੋਂ ਨਿਕਲ ਕੇ ਬਾਹਰ ਕਿਉਂ ਨਹੀਂ ਆਉਂਦੀ? ਬੇਟਾ, ਅਜੇ ਤੇਰੇ ਇਸ ਪ੍ਰਸ਼ਨ ਦਾ ਉੱਤਰ ਦੇਣਾ ਸੌਖਾ ਨਹੀਂ ਸ਼ਾਇਦ ਹੁਣ ਉਸ ਕਦੇ ਬੋਲਣਾ ਵੀ ਨਹੀਂ ਬੇਟਾ, ਹੁਣ ਸਿਰਫ਼ ਤੈਨੂੰ ਇਹਨਾਂ ਚੁੱਪ-ਚੁੱਪ ਅੱਖਾਂ 'ਚੋਂ ਹੀ ਕਹਾਣੀਆਂ ਪੜ੍ਹਨੀਆਂ ਪੈਣਗੀਆਂ ਮੱਥੇ ਦੀਆਂ ਝੁਰੜੀਆਂ ਨੂੰ ਹੀ ਝਿੜਕਾਂ ਮੰਨ ਕੇ ਤੁਰਨਾ ਪਵੇਗਾ। ਗਹੁ ਨਾਲ ਦੇਖ ਪੁੱਤਰ ! ਤੇਰੀ ਦਾਦੀ-ਮਾਂ ਕਹਿ ਰਹੀ ਏ: ‘ਮੇਰੀ ਧੀ ਹੁਣ ਤਾਂ ਬਹੁਤ ਸਿਆਣੀ ਹੋ ਗਈ ਏ ਆਪਣੇ ਆਪ ਨੂੰ ਸਾਂਭਣ ਜੋਗੀ ਆਪਣੇ ਹੱਥੀਂ ਕੰਘੀ ਫੇਰਨ ਉਲਝੇ ਵਾਲ਼ਾਂ ਦੀਆਂ ਗੁੰਝਲਾਂ ਸੁਲਝਾਉਣ ਜੋਗੀ ਮੈਂ ਰੋਜ਼ ਤੱਕਦੀ ਹਾਂ ਮੇਰੀ ਪੋਤਰੀ ਹੁਣ ਤਾਂ ਘਰ ਦੇ ਕੰਮਾਂ 'ਚ ਵੀ ਹੱਥ ਵਟਾਉਣ ਲੱਗ ਪਈ ਏ ਆਪਣੀ ਮਾਂ ਦਾ ਸਹਾਰਾ ਪਿਉ ਦਾ ਹੁੰਗਾਰਾ। ਪਾਪਾ ! ਇਹ ਫ਼ਜ਼ੂਲ ਗੱਲਾਂ ਨੇ ਮੇਰੀ ਸਹੇਲੀ ਲੀਜ਼ਾ ਦੀ ਦਾਦੀ-ਮਾਂ ਤਾਂ ਫ਼ੋਟੋ 'ਚੋਂ ਉਤਰਕੇ ਓਡ ਜਉ ਲਗੁ ਬਾਰੀਕ ਵਿਹੜੇ 'ਚ ਵੀ ਤੁਰਦੀ ਫਿਰਦੀ ਏ ਉਹ ਤਾਂ ਗੱਲਾਂ ਵੀ ਕਰਦੀ ਉਹਦੀ ਉਂਗਲ ਵੀ ਫੜਦੀ ਉਹਦੇ ਵਾਲ ਵੀ ਵਾਹੁੰਦੀ ਏ ਇਕ ਦਿਨ ਮੈਂ ਅਚਾਨਕ ਉਹਨਾਂ ਦੇ ਘਰ ਗਈ ਤਾਂ ਉਹ ਲੀਜ਼ਾ ਨੂੰ ਕਹਾਣੀ ਵੀ ਸੁਣਾ ਰਹੀ ਸੀ। ਪਰ ਮੇਰੀ ਦਾਦੀ-ਮਾਂ ਬਿਟ-ਬਿਟ ਤੱਕਦੀ ਰਹਿੰਦੀ ਏ ਬੁਲਾਏ ਤੋਂ ਵੀ ਨਹੀਂ ਬੋਲਦੀ ਉਸ ਕਦੇ ਮੇਰੇ ਵਾਲਾਂ ਵਿਚ ਉਂਗਲਾਂ ਨਹੀਂ ਫੇਰੀਆਂ ਤੇ ਨਾ ਹੀ ਗਲਾਸ ਟੁੱਟਣ 'ਤੇ ਐਨਕ ’ਚੋਂ ਝਾਕਦੀ ਨੇ ਕਦੇ ਝਿੜਕਾਂ ਦਿੱਤੀਆਂ ਨੇ। ਤੇ ਫਿਰ ਮੇਰੀਆਂ ਅੱਖਾਂ 'ਚ ਟਪਕਦਾ ਅੱਥਰੂ ਵੇਖ ਉਹ ਕਹਿਣ ਲੱਗੀ: ‘ਪਾਪਾ! ਮੈਂ ਸਮਝ ਗਈ ਦਾਦੀ-ਮਾਂ ਦੂਰ ਤੁਰ ਗਈ ਏ ਰੱਬ ਦੇ ਘਰ ਤੇ ਹੁਣ ਰੋਜ਼ ਸਵੇਰੇ ਮੈਨੂੰ ਅਸੀਸ ਭੇਜਦੀ ਏ।

ਜ਼ਿੱਦੀ ਬੱਚੀ

ਉਹ ਮੋਹ-ਖੋਰੀ ਤਾਂ ਹੈ ਹੀ ਪਰ ਜ਼ਿੱਦਣ ਵੀ ਬਹੁਤ ਹੈ ਜਿਹੜੀ ਗੱਲ ਮੂੰਹੋਂ ਨਿਕਲਜੇ ਵਾਹ ਲੱਗਦੀ ਪੁਗਾ ਕੇ ਹਟੂ ਪਾਣੀ ਦਾ ਗਿਲਾਸ ਕਿਸ ਤੋਂ ਫੜਣੈ ਸਵੇਰੇ ਸਕੂਲ ਜਾਂਦੀ ਦੇ ਜ਼ੁਰਾਬਾਂ ਜੁੱਤੀ ਕਿਸ ਨੇ ਪਾਉਣੀਆਂ ਨੇ ਹੋਮ-ਵਰਕ ਕਰਵਾਉਣੈ ਤਾਂ ਕਿਸ ਨੇ ਕਰਵਾਉਣਾ ਹੈ ਮੰਮੀ ਜਾਂ ਪਾਪਾ ਨੇ ਉਹਦਾ ਫ਼ੈਸਲਾ ਔਰੰਗਜ਼ੇਬੀ ਹੁੰਦਾ ਹੈ ਮਜ਼ਾਲ ਹੈ ਉਹ ਏਧਰੋਂ ਓਧਰ ਜਾਂ ਓਧਰੋਂ ਏਧਰ ਹੋ ਜਾਏ। ਉਸ ਦੀਆਂ ਜ਼ਿੰਦਾਂ ਵੀ ਅਜੀਬ ਨੇ ਖੇਡਣ ਵੇਲੇ ਅਕਸਰ ਸੌਂ ਜਾਊ ਤੇ ਸੌਣ ਵੇਲੇ ਕਹੂ: ‘ਪਾਪਾ ! ਨੀਂਦ ਨਹੀਂ ਆਉਂਦੀ ਆਓ ਤਾਸ਼ ਖੇਡੀਏ।' ਸੈਰ ਕਰਨ ਜਾਣਾ ਹੋਵੇ ਤਾਂ ਕਹੂ: ‘ਮੈਂ ਪੜ੍ਹਨਾ ਏ’ ਮੈਂ ਅੰਗੂਰ ਲੈ ਆਇਆ ਕਹਿੰਦੀ, ‘ਅੰਬ ਖਾਣੇ ਨੇ।' ਅੰਬ ਹੋਣ ਤਾਂ ਉਹਦਾ ਨੂਡਲ ਖਾਣ ਨੂੰ ਜੀਅ ਕਰਦੈ। ਅਸੀਂ ਬੱਝਵੀਂ ਹੱਕੀ ਕਮਾਈ ਵਾਲੇ ਉਸਦੀਆਂ ਇਹਨਾਂ ਜ਼ਿੱਦਾਂ ਅੱਗੇ ਅੱਕ ਵੀ ਜਾਂਦੇ ਹਾਂ ਤੇ ਚੁੱਪ ਵੱਟ ਲਈਦੀ ਏ ਤਾਂ ਝੱਟ ਤਾੜ ਕੇ ਕਹੂ: ‘ਪਾਪਾ ! ਗੁੱਸੇ ਹੋ?? 'ਨਹੀਂ ਪੁੱਤਰ ! ਗੁੱਸੇ ਕੀਹਦੇ ਨਾਲ ਹੋਣੈ ਤੇਰੇ ਨਾਲ ਸੁਣ ਉਹ ਗਲ ਚਿੰਬੜ ਜਾਂਦੀ ਏ ਉਹਦੇ ਲਈ ਤਾਂ ਬਾਬਲ ਬਾਦਸ਼ਾਹ ਏ, ਮਾਂ ਮਲਕਾ ਜੋ ਉਹਦੇ ਕਹੇ ਬੋਲ ਨੂੰ ਭੁੰਜੇ ਨਹੀਂ ਕਿਰਨ ਦੇਣਗੇ ਫ਼ਰਾਕਾਂ ਦੇ ਢੇਰ ਲਾ ਦੇਣਗੇ ਖਿਡੌਣਿਆਂ ਨਾਲ ਉਹਦੀ ਅਲਮਾਰੀ ਭਰ ਦੇਣਗੇ ਉਹਨੂੰ ਕੀ ਸਮਝ ਕਿ ਅਸੀਂ ਤਾਂ ਸਾਧਾਰਨ ਬੰਦੇ ਹਾਂ ਮਿਣ ਮਿਣ ਕੇ ਜਿਉਣ ਵਾਲੇ ਜੇਬ ਨੂੰ ਘੁੱਟ ਘੁੱਟ ਕੇ ਵਿਚਰਨ ਵਾਲੇ ਖ਼ਾਹਿਸ਼ਾਂ ਦੀ ਪੋਟਲੀ ਮੋਢੇ 'ਤੇ ਚੁੱਕੀ ਫਿਰਦੇ ਸੁਪਨਿਆਂ ਨੂੰ ਉਲੀਕਣ ਦੀਆਂ ਤਰੀਕਾਂ ਅਗਾਂਹ ਅਗਾਂਹ ਪਾਉਂਦੇ ਹੋਏ। ਫਿਰ ਵੀ ਆਪਣੀ ਬੱਚੀ ਲਈ ਕਿਸੇ ਬਾਦਸ਼ਾਹ ਜਾਂ ਮਲਕਾ ਤੋਂ ਘੱਟ ਨਹੀਂ ਸਾਡੇ ਵੀ ਮਨਾਂ ਵਿਚ ਧੀ ਲਈ ਮਹਿਲ ਮਚਲਦੇ ਹਨ ਤੇ ਸੁਪਨਿਆਂ 'ਚ ਸ਼ਹਿਜ਼ਾਦੇ।

ਕਦੇ ਨਹੀਂ ਸੋਚਿਆ ਹੋਣਾ

ਪਾਪਾ! ਤੁਸੀਂ ਹਰ ਵਕਤ ਨਸੀਹਤਾਂ ਦੀ ਮੁਹਾਰਨੀ ਹੀ ਦੁਹਰਾਈ ਜਾਂਦੇ ਹੋ ਪੈਰ-ਪੈਰ 'ਤੇ ਸਬਕ ਯਾਦ ਕਰਾਈ ਜਾਂਦੇ ਹੋ ਸਿਆਣਪਾਂ ਦੇ ਵਾਕ ਮੇਰੀ ਬਾਲ-ਬੁੱਧੀ ਦੇ ਪੱਲੇ 'ਚ ਪਾਈ ਜਾਂਦੇ ਹੋ। ਸਕੂਲੇ ਵੀ ਸਿਖਿਆਵਾਂ ਘਰੇ ਵੀ ਸਿਖਿਆਵਾਂ ਕਿਤਾਬਾਂ 'ਚ ਵੀ ਸਿਖਿਆਵਾਂ ਆਏ ਗਏ ਵਲੋਂ ਵੀ ਸਿਖਿਆਵਾਂ ਹੀ ਸਿਖਿਆਵਾਂ ਕੋਈ ਵਕਤ ਤਾਂ ਮੈਨੂੰ ਵੀ ਸੋਚਣ ਲਈ ਦਿਓ ਕੋਈ ਪਲ ਤਾਂ ਮੈਨੂੰ ਵੀ ਖੇਡਣ ਲਈ ਦਿਓ ਕੋਈ ਸੁਪਨਾ ਤਾਂ ਮੇਰੇ ਜੋਗਾ ਮੈਨੂੰ ਮੌਲਣ ਲਈ ਦਿਓ। ਤੁਸੀਂ ਕਦੇ ਨਹੀਂ ਸੋਚਿਆ ਹੋਣਾ ਕਿ ਜੇ ਇੰਜ ਹੀ ਮਾਪੇ ਸਿਆਣਪਾਂ ਨਾਲ ਬਾਲ-ਬੁੱਧੀਆਂ ਨੂੰ ਭਰ ਦੇਣਗੇ ਤਾਂ ਬਚਪਨ ਕਿੱਥੇ ਜਾਵੇਗਾ ਨਿੱਕੀ ਉਮਰੇ ਹੀ ਬਜ਼ੁਰਗੀ ਜੂਨ ਭੋਗਣੀ ਕਿੰਨੀ ਔਖੀ ਹੁੰਦੀ ਹੋਵੇਗੀ। ਪਾਪਾ ! ਬਿੰਦ ਪਲ ਲਈ ਮੇਰੇ ਨਾਲ ਮੇਰੀ ਉਮਰ 'ਚ ਪਹੁੰਚ ਕੇ ਭੋਲੀਆਂ ਭਾਲੀਆਂ ਗੱਲਾਂ ਤਾਂ ਕਰੋ ਪਤਾਸਿਆਂ ਵਰਗੀਆਂ ਗੱਲਾਂ ਉਹੋ ਜਿਹੀਆਂ ਗੱਲਾਂ ਜਿਨ੍ਹਾਂ ਦੀ ਰੂਹ 'ਚ ਸਿਆਸਤ ਦੀ ਕਮੀਨਗੀ ਨਾ ਹੋਵੇ ਗਰਜ਼ਾਂ ਦੀ ਲਾਲਸਾ ਨਾ ਹੋਵੇ ਕਬਜ਼ਿਆਂ ਦੀ ਭਾਵਨਾ ਨਾ ਹੋਵੇ ਰਿਸ਼ਤਿਆਂ ਵਿਚਲੀ ਕੌੜ-ਕੁੜੱਤਣ ਦੀ ਥਾਵੇਂ ਮੋਹ ਦੀ ਮਿਠਾਸ ਹੋਵੇ। ਪਾਪਾ! ਇਕ ਵਾਰ ਤੇ ਮੇਰੀ ਮੰਨ ਕੇ ਇਹ ਝੱਲ-ਵਲੱਲੀਆਂ ਬੇਥਵ੍ਹੀਆਂ, ਬੇਤੁਕੀਆਂ ਗੱਲਾਂ ਕਰਕੇ ਤੇ ਵੇਖੋ ਇਨ੍ਹਾਂ ਦੇ ਵੀ ਅਰਥ ਹੁੰਦੇ ਨੇ ਲੱਭ ਕੇ ਤੇ ਵੇਖੋ ਪਾਪਾ!

ਮੇਰੀ ਇਹੋ ਦੁਆ

ਚੜ੍ਹਦੇ ਸੂਰਜ, ਲਹਿੰਦੇ ਸੂਰਜ ਮੇਰੀ ਇਹੋ ਦੁਆ ... ਲਾਡਲੀ ਧੀ ਮੇਰੀ ਨੂੰ ਅੱਖਰਾਂ ਦਾ ਵਰਦਾਨ ਮਿਲੇ ਸ਼ਬਦ ਸਵਾਰੀ ਰਾਹੀਂ ਉਸ ਨੂੰ ਨਵੇਂ ਯੁੱਗ ਦਾ ਗਿਆਨ ਮਿਲੇ। ਧਰਤੀ ਵਾਲਾ ਮੋਹ ਨਾ ਟੁੱਟੇ ਅੰਬਰ ਤੀਕ ਉਡਾਨ ਮਿਲੇ ਰਿਸ਼ਤੇ ਤੋੜ ਨਿਭਾਵਣ ਵਾਲੀ ਸੁੱਚੀ ਸੋਹਲ ਜ਼ੁਬਾਨ ਮਿਲੇ। ਵਿਚਰਨ ਦੀ ਸਚਿਆਰੀ ਸੋਝੀ ਮਨ ਮਸਤਕ ਨੂੰ ਧੀਰ ਮਿਲੇ ਹੋਣੀ ਦਾ ਰੁਖ਼ ਮੋੜਨ ਵਾਲੀ ਰੌਸ਼ਨ ਪਾਕ ਜ਼ਮੀਰ ਮਿਲੇ। ਅਣਖੀ ਬੋਲ ਪੁਗਾਵਣ ਵਾਲੀ ਹੱਥ ਦੀ ਕੋਈ ਲਕੀਰ ਮਿਲੇ ਦਰ ਦਰਵੇਸ਼ੀ ਬੋਲਾਂ ਅੰਦਰ ਹਰਦਮ ਇਕ ਫ਼ਕੀਰ ਮਿਲੇ। ਆਪਣੇ ਹੱਥੀਂ ਸਿਰਜੀ ਹੋਈ ਇਕ ਅਨੰਤ ਲਕੀਰ ਮਿਲੇ ਸਿਰ ਤੇ ਝੂੰਮਣ ਠੰਡੀਆਂ ਛਾਵਾਂ ਸਫ਼ਰ ਕਰਦਿਆਂ ਨੀਰ ਮਿਲੇ। ਜਿਉਣ ਜੋਗੜੇ ਸੁਪਨੇ ਆਵਣ ਪੂਰਨ ਦੀ ਵੀ ਰਾਸ ਮਿਲੇ ਦਿਲ ਵਿਚ ਜਗੇ ਤਮੰਨਾ ਸੋਹਣੀ ਜੁਗਨੂੰ ਜਿਹਾ ਅਹਿਸਾਸ ਮਿਲੇ। ਜੇਰਾ ਦੂਰ ਦ੍ਰਿਸ਼ਟੀ ਹੋਵੇ ਮੱਥੇ ਹੋਸ਼ ਹਵਾਸ ਮਿਲੇ ਸਿਖ਼ਰ ਪਰਬਤੀਂ ਪਹੁੰਚਣ ਵਾਲਾ ਧਰਤ ਜਿਹਾ ਧਰਵਾਸ ਮਿਲੇ।

ਤੈਥੋਂ ਜਾਈਏ ਬਲਿਹਾਰ

ਤੈਥੋਂ ਜਾਈਏ ਬਲਿਹਾਰ ਬੱਚਿਆ ! ਤੇਰੇ ਨਾਲ ਜਾਗਿਆ ਪਿਆਰ ਬੱਚਿਆ ! ਤੂੰ ਸਾਡੀ ਜ਼ਿੰਦਗੀ ਦਾ ਨੂਰ ਨੀ ਤੂੰ ਸਾਡੇ ਦਿਲਾਂ ਦਾ ਸਰੂਰ ਨੀ ਤੇਰੇ ਨਾਲ ਆ ਗਿਆ ਕਰਾਰ ਬੱਚਿਆ! ਤੈਥੋਂ ਜਾਈਏ... ਤੇਰੀ ਮਿੰਨੀ-ਮਿੰਨੀ ਜਿਹੀ ਹਾਸੀ ਜਿਉਂ ਛਲਕੇ ਦੁੱਧ ਦੀ ਗਲਾਸੀ ਪਵੇ ਮਿੰਨੀ ਜਿਹੀ ਫੁਹਾਰ ਬੱਚਿਆ ! ਤੈਥੋਂ ਜਾਈਏ... ਤੇਰੀਆਂ ਨਿੱਕੀਆਂ-ਨਿੱਕੀਆਂ ਗੱਲਾਂ ਜੀਕਣ ਸਾਗਰ ਦੀਆਂ ਛੱਲਾਂ ਕਰਨ ਕੋਈ ਇਕਰਾਰ ਬੱਚਿਆ ! ਤੈਥੋਂ ਜਾਈਏ... ਆਖੇਂ ਤੇ ਨਾਲੇ ਜਾਵੇਂ ਸੰਗ ਬੁੱਲ੍ਹੀਆਂ 'ਚ ਜਿਹੜੀ ਤੇਰੀ ਮੰਗ ਅਸੀਂ ਲਈ ਹੈ ਨਿਤਾਰ ਬੱਚਿਆ ! ਤੈਥੋਂ ਜਾਈਏ ...

ਕਰਦੇ ਬੱਚੀਏ ਗੱਲਾਂ

ਟਹਿਣੀ-ਟਹਿਣੀ ਫੁੱਲ ਝੂਮਦੇ ਕਰਦੇ ਬੱਚੀਏ ਗੱਲਾਂ ਅੱਗੇ ਵਧੋ ਨਾ ਪਿੱਛੇ ਝਾਕੋ ਮਾਰਦੇ ਜਾਓ ਮੱਲਾਂ। ਟਹਿਣੀ-ਟਹਿਣੀ ਫੁੱਲ ਝੂਮਦੇ ਕਹਿੰਦੇ ਕੋਈ ਕਹਾਣੀ ਮੱਥੇ ਉੱਤੇ ਖੇੜਾ ਹੋਵੇ ਮਿੱਠੀ ਬੁੱਲਾਂ ਉਤੇ ਬਾਣੀ। ਟਹਿਣੀ-ਟਹਿਣੀ ਫੁੱਲ ਝੂਮਦੇ ਪੜ੍ਹਦੇ ਪਏ ਨੇ ਪਾਠ ਉੱਚੀ ਵਿਦਿਆ ਲੈ ਕੇ ਇਨ੍ਹਾਂ ਬਣ ਜਾਣਾ ਏ ਰਾਠ। ਟਹਿਣੀ-ਟਹਿਣੀ ਫੁੱਲ ਝੂਮਦੇ ਕਰਦੇ ਪਏ ਨੇ ਪਿਆਰ ਨੀਵਾਂ ਬੋਲੋ ਉੱਚਾ ਸੋਚੋ ਜੇ ਪਾਉਣਾ ਹੈ ਸਤਿਕਾਰ। ਟਹਿਣੀ-ਟਹਿਣੀ ਫੁੱਲ ਝੂਮਦੇ ਨੱਚਦੇ ਖ਼ੁਸ਼ੀ ਦਾ ਨਾਚ ਲਗਨ ਸਿਰੜ ਤੇ ਮਿਹਨਤ ਸਫ਼ਲ ਹੋਣ ਦੀ ਜਾਚ। ਟਹਿਣੀ-ਟਹਿਣੀ ਫੁੱਲ ਝੂਮਦੇ ਬੱਚੀਏ ਸੁਣ ਮੇਰੀ ਬਾਤ ਚਿੱਟੇ ਦਿਨ ਨੇ ਆਉਣਾ ਬੀਤ ਜਾਣੀ ਏ ਰਾਤ।

ਲਿਆਕਤ ਬਟੋਰਦੀ

ਉਹ ਪਲ ਪਲ ਬਦਲਦੀ ਰਹਿੰਦੀ ਪਲ ਪਲ ਉਹਦੀ ਸ਼ਬਦਾਵਲੀ ਬਦਲਦੀ ਹੀ ਨਹੀਂ ਸੂਝ ਤੇ ਸਿਆਣਪ ਨੂੰ ਵੀ ਸਮੇਟਦੀ ਪਈ ਹੈ ਉਹ ਹਰ ਦਿਨ ਸਿਆਣੀ ਹੁੰਦੀ ਹੋਰ ਸਿਆਣੀ ਹੁੰਦੀ ਜਾਂਦੀ ਹੈ। ਪੈਰ ਪੈਰ 'ਤੇ ਲਿਆਕਤ ਬਟੋਰਦੀ ਤੇ ਮੈਂ ਉਮਰ ਹੰਢਾਉਣ ਤੋਂ ਬਾਅਦ ਉਥੇ ਹੀ ਖੜ੍ਹਾ ਹਾਂ ਉਹੋ ਸ਼ਬਦਾਵਲੀ ਲੈ ਕੇ ਓਨੀ ਕੁ ਹੀ ਸੂਝ ਤੇ ਸਿਆਣਪ ਲੈ ਕੇ। ਮੈਂ ਖੜ੍ਹਾ ਹਾਂ ਉਹ ਤੁਰੀ ਜਾ ਰਹੀ ਤੁਰੀ ਹੀ ਜਾ ਰਹੀ ਹੈ।

ਬਸ ਮੇਰੀ ਮੰਨ ਲੈ

ਇਕ ਦਿਨ ਮੇਰੇ ਕੋਲ ਬੈਠੀ ਕਹਿਣ ਲੱਗੀ: ਪਾਪਾ ! ਇਕ ਗੱਲ ਪੁੱਛਾਂ ! ਪੁੱਛਣ ਦਾ ਤਾਂ ਮੇਰਾ ਹੱਕ ਏ ਹਾਂ ਕਿਉਂ ਨਹੀਂ? ਪਾਪਾ! ਤੇਰੀਆਂ ਪੱਗਾਂ ਦੋ ਹੀ ਰੰਗਾਂ ਦੀਆਂ ਕਿਉਂ ਨੇ ਇਕ ਭੂਰਾ ਮਿੱਟੀ ਰੰਗਾ ਤੇ ਦੂਜਾ ਸੁਰਮਈ ਬੱਦਲਾਂ ਜਿਹਾ। ਧੀਏ ! ਇਹ ਬੜੇ ਡੂੰਘੇ ਅਰਥਾਂ ਵਾਲੇ ਨੇ ਭੂਰਾ ਰੰਗ ਧਰਤੀ ਦਾ ਤੇ ਸੁਰਮਈ ਅਕਾਸ਼ ਦਾ ਮੇਰੀ ਦੋਹਾਂ ਨਾਲ ਸਾਂਝ ਹੈ। ਇਹ ਤਾਂ ਠੀਕ ਏ ਪਰ ਰੁੱਤਾਂ ਦੇ ਵੀ ਕਈ ਰੰਗ ਨੇ ਰੁੱਖਾਂ ਦੇ ਪੱਤੇ ਵੀ ਸਮੇਂ ਸਮੇਂ ਆਪਣਾ ਰੰਗ ਬਦਲਦੇ ਰਹਿੰਦੇ ਨੇ ਪਾਪਾ ! ਤੂੰ ਵੀ ਇਹ ਪੱਗਾਂ ਦੇ ਰੰਗ ਬਦਲ ਲੈ ਬੱਸ ਮੇਰੀ ਮੰਨ ਲੈ ਕੁਦਰਤ ਨਾਲ ਵੀ ਜੁੜ। ਤੇ ਉਸਨੇ ਸੱਚੀਂ ਮੇਰੀਆਂ ਪੱਗਾਂ ਦੇ ਰੰਗ ਬਦਲ ਦਿੱਤੇ ਗੂੜੇ ਗੂੜ੍ਹੇ, ਹਰੇ, ਪੀਲੇ, ਸੁਰਖ਼ ਕਿਉਂਕਿ ਉਸਨੂੰ ਉਦਾਸੀ ਚੰਗੀ ਨਹੀਂ ਸੀ ਲੱਗਦੀ।

ਵਿਸ਼ਵਾਸ ਦਾ ਦੀਵਾ

ਜਿਵੇਂ ਹਰ ਮਾਂ-ਬਾਪ ਧੀ ਦੁਆਲ਼ੇ ਸੁਰੱਖਿਆ ਦਾ ਇਕ ਘੇਰਾ ਜਿਹਾ ਬਣਾ ਫ਼ਿਕਰ ਜਿਹੇ ਪਾਲਦਾ ਰਹਿੰਦਾ ਹੈ। ਇਹੋ ਜਿਹੀਆਂ ਹਦਾਇਤਾਂ ਸੁਣ ਸੁਣ ਇਕ ਦਿਨ ਆਖਣ ਲੱਗੀ ਪਾਪਾ ! ਤੂੰ ਵਾਰ ਵਾਰ ਹਰ ਹਨ੍ਹੇਰ ਸਵੇਰ ਚਹੁੰ ਪਾਸੀਂ ਵਗਦੀਆਂ ਕੁਪੱਤੀਆਂ ਹਵਾਵਾਂ ਤੋਂ ਜਿਵੇਂ ਟਿਮਟਿਮਾਉਂਦੇ ਜਗਦੇ ਦੀਵੇ ਨੂੰ ਹੱਥਾਂ ਦੀ ਓਟ ਕਰ ਬੁਝਣੋਂ ਬਚਾਉਣ ਦਾ ਯਤਨ ਕਰਦਾ ਏਂ। ਪਰ ਪਾਪਾ ਤੇਰੀ ਸਿੱਖਿਆ ਮਾਂ ਦੀ ਮਮਤਾ ਸਕੂਲੀ ਅੱਖਰਾਂ ਦਾ ਗਿਆਨ ਇਸ ਜਗਦੇ ਦੀਵੇ ਨੂੰ ਸਦੀਵ ਜਗਦਾ ਰੱਖੇਗਾ ਇਹ ਤੇਜ਼ ਹਵਾਵਾਂ ਕੀ ਵਿਗਾੜ ਸਕਦੀਆਂ ਨੇ ਇਹ ਤਾਂ ਝੱਖੜਾਂ 'ਚ ਵੀ ਟਿਮਟਿਮਾਉਂਦਾ ਰਹੇਗਾ ਇਹ ਮੋਹ ਮਮਤਾ ਨਾਲ ਲਬਰੇਜ਼ ਵਿਸ਼ਵਾਸ ਦਾ ਦੀਵਾ ਹੈ

ਮੋਹ ਦੀ ਇਬਾਰਤ

ਵੱਡੇ ਪਾਪਾ ਨਾਲ ਉਸਦਾ ਅੰਤਾਂ ਦਾ ਮੋਹ ਸੀ ਉਹ ਵੀ ਹਰ ਗੱਲ 'ਚ ਪਹਿਲ ਪੋਤੀ ਨੂੰ ਹੀ ਦਿੰਦੇ ਪੈਨਸ਼ਨ ਲਿਆਉਂਦੇ ਤਾਂ ਕਦੇ ਸਾਡੇ ਨਹੀਂ ਉਹਦੇ ਹੀ ਹੱਥ ਫੜਾਉਂਦੇ ਮੋਹ, ਮੇਰ ਦੀ ਇਸ ਤੋਂ ਵੱਡੀ ਭਲਾ ਉਦਾਹਰਣ ਹੋਰ ਕੀ ਹੋ ਸਕਦੀ ਹੈ। ਇਕ ਦਿਨ ਪਾਪਾ ਕਹਿੰਦੇ: ਬੇਟਾ ! ਇਹਨੂੰ ਸਮਝਾਓ ਕਦੇ ਕਦੇ ਬੜਾ ਤੰਗ ਕਰਦੀ ਏ ਉਹ ਕਿਵੇਂ ਪਾਪਾ ਜੀ ! ਉਂਜ ਤਾਂ ਨਹੀਂ ਕਰਦੀ ਬਸ ਐਵੇਂ ਹੀ ਮੈਨੂੰ ਮੱਲੋ ਮੱਲੀ ਖੁਆਈ ਜਾਊ ਉਹ ਤੇ ਜੋਤ ਜਦੋਂ ਮੈਂਗੋ ਸ਼ੇਕ ਬਣਾਉਂਦੇ ਨੇ ਤਾਂ ਗਲਾਸ ਭਰ ਕੇ ਮੈਨੂੰ ਫੜਾ ਜਾਣਗੇ ਉਹ ਕਰਦੇ ਤਾਂ ਭਾਵੇਂ ਸਤਿਕਾਰ ਵਜੋਂ ਹੀ ਪਰ ਮੇਰੀ ਉਮਰ ਹੁਣ ਵਾਧੂ ਖਾਣ ਪੀਣ ਦੀ ਨਹੀਂ ਰਹੀ। ਜਦੋਂ ਅਸੀਂ ਪੁੱਛਿਆ ਬੇਟਾ ਤੁਸੀਂ ਇੰਜ ਕਿਉਂ ਕਰਦੇ ਹੋ ਤਾਂ ਭੋਲਾ ਜਿਹਾ ਮੂੰਹ ਬਣਾ ਕਹਿੰਦੇ: ਮੰਮੀ ! ਇਹ ਕਿਵੇਂ ਹੋ ਸਕਦੈ ਅਸੀਂ ਖਾਈਏ ਪੀਈਏ ਤੇ ਵੱਡੇ ਪਾਪਾ ਕੋਲ ਹੋਣ ਉਹਨਾਂ ਨੂੰ ਨਾ ਦੇਈਏ ! ਸਾਡੇ ਸਮਝਾਉਣ ’ਤੇ ਉਹ ਔਖੀ ਤਾਂ ਹੋਈ ਪਰ ਫਿਰ ਛੇਤੀ ਹੀ ਸਮਝ ਗਈ ਕਹਿੰਦੀ: ਡਾਕਟਰ ਨੇ ਮਨ੍ਹਾਂ ਕੀਤੈ ਤਾਂ ਠੀਕ ਹੈ ਮੰਮੀ ਅੱਜ ਤੋਂ ਬਾਅਦ ਨਹੀਂ। ਉਸ ਦਿਨ ਤੋਂ ਬਾਅਦ ਉਹ ਆਪਣਾ ਗਲਾਸ ਲੈ ਵੱਡੇ ਪਾਪਾ ਦੇ ਗੋਡੇ ਮੁੱਢ ਤਾਂ ਚੁੱਪ-ਚਾਪ ਬੈਠ ਜਾਂਦੀ ਹੈ ਪਰ ਪੀਣ ਲਈ ਨਹੀਂ ਕਹਿੰਦੀ ਤੇ ਬੈਠੀ ਬੈਠੀ ਮੂਕ ਮੋਹ ਦੀ ਇਬਾਰਤ ਉਲੀਕਦੀ ਰਹਿੰਦੀ ਹੈ। ਹੁਣ ਵੱਡੇ ਪਾਪਾ ਵੀ ਖ਼ੁਸ਼ ਉਹ ਵੀ ਖ਼ੁਸ਼ ਤੇ ਅਸੀਂ ਵੀ ਖ਼ੁਸ਼

ਸਾਹਸ ਦੀ ਗਵਾਹ

ਇਕ ਦਿਨ ਬੇਟੀ ਕੁਝ ਢਿੱਲੀ ਜਿਹੀ ਸੀ ਥੋੜ੍ਹੀ ਥੋੜ੍ਹੀ ਜਿਹੀ ਭਖ਼ ਸੀ ਉਹ ਮੇਰੀ ਬਾਂਹ ’ਤੇ ਸਿਰ ਰੱਖ ਪਈ ਸੀ ਮੈਂ ਉਹਦੇ ਸਿਰ 'ਚ ਪੋਲੇ ਪੋਲੇ ਜਿਹੇ ਉਂਗਲਾਂ ਫੇਰ ਰਿਹਾ ਸਾਂ। ਮੇਰਾ ਹੱਥ ਫੜ ਕਹਿੰਦੀ: ਪਾਪਾ ! ਉਹ ਗੱਲ ਸੁਣਾਓ ਜਦੋਂ ਤੁਸੀਂ ਪਹਾੜੀ ਜੰਗਲਾਂ 'ਚ ਰਾਹ ਭੁੱਲ ਗੁਆਚ ਗਏ ਸੀ। ਬੇਟੇ ! ਛੱਡ ਗੁਆਚ ਜਾਣ ਦੀਆਂ ਗੱਲਾਂ ਹੁਣ ਤਾਂ ਮੈਂ ਤੇਰੇ ਕੋਲ ਹਾਂ। ਨਹੀਂ ਪਾਪਾ ! ਉਹ ਗੁਆਚ ਜਾਣ ਦੀ ਨਹੀਂ ਸਾਹਸ ਦੀ ਗੱਲ ਏ ਐਨੀ ਠੰਢ 'ਚ ਸੁੰਨਸਾਨ ਜੰਗਲ 'ਚ ਤੁਹਾਨੂੰ ਜੰਗਲੀ ਜਾਨਵਰਾਂ ਦਾ ਡਰ ਨਹੀਂ ਲੱਗਿਆ। ਨਹੀਂ, ਜਾਨਵਰ ਤਾਂ ਚੇਤੇ ਵੀ ਨਹੀਂ ਆਏ ਡਰ ਤਾਂ ਠੰਢ ਦਾ ਸੀ ਕਿ ਕਿਤੇ ਜੰਮ ਹੀ ਨਾ ਜਾਈਏ ਬੱਸ ਰੱਬ ਰੱਬ ਕਰਦੇ ਰਾਤ ਬੀਤ ਗਈ ਬੇਟੇ ! ਬੰਦਾ ਹੌਸਲਾ ਨਾ ਹਾਰੇ ਤਾਂ ਕੀ ਨਹੀਂ ਕਰ ਸਕਦਾ। ਸੱਚੀਂ ਪਾਪਾ ! ਤੁਸੀਂ ਬਹਾਦਰ ਪਾਪਾ ਹੋ, ਕਹਿੰਦੀ ਉਹ ਹਿੱਕ ਨਾਲ ਚਿੰਬੜ ਗਈ ਸਾਹਸ ਦੀ ਗਵਾਹ ਬਣਕੇ।

ਤੇਰੇ ਵਾਂਗੂੰ ਹੀ ਤਾਂ

ਅੱਜ ਮੇਰਾ ਜਨਮ-ਦਿਨ ਏ ਮੇਰੀ ਰੀਝ ਏ ਕਿ ਕੇਕ ਦੀ ਪਹਿਲੀ ਗਰਾਹੀ ਮਾਂ ਮੇਰੀਏ ! ਤੂੰ ਹੀ ਮੇਰੇ ਹੋਠਾਂ ਨੂੰ ਲਾਵੇਂ। ਰੀਝ ਪੂਰਤੀ ਹਿਤ ਮਾਂ ਮੈਂ ਤੈਨੂੰ ਘਰ ਦੇ ਪਿੱਛਲੇ ਕਮਰੇ ਸੰਦੂਕਾਂ ਦੇ ਉਹਲੇ ਘਰ ਦੀ ਛੱਤ ’ਤੇ ਸੁੱਕਣੇ ਪਾਈ ਹੋਈ ਕਣਕ ਦੇ ਦਾਣਿਆਂ ਨੂੰ ਖਲੇਰਦੇ ਹੱਥਾਂ 'ਚੋਂ ਰਸੋਈ ਦੇ ਬਰਤਨਾਂ ਪਾਸੋਂ ਪਰਾਤ ਦੇ ਭੁੜਕੇ ਆਟੇ 'ਚੋਂ ਬਾਹਰ ਰੋਟੀ ਦਾ ਭੋਰਾ-ਚੂਰਾ ਚੁਗ਼ਦੀਆਂ ਚਿੜੀਆਂ ਕੋਲੋਂ ਕੰਧ 'ਤੇ ਟੰਗੀ ਤੇਰੀ ਤਸਵੀਰ ਵਿਚੋਂ ਕਿੱਥੋਂ ਕਿੱਥੋਂ ਨਹੀਂ ਲੱਭਿਆ ਮਾਂ ਮੈਂ ਤੈਨੂੰ ਪਰ ਤੂੰ ਹੋਵੇਂ ਤਾਂ ਦਿਖਾਈ ਦੇਵੇਂ। ਮੈਨੂੰ ਹੱਕਾ-ਬੱਕਾ ਦੇਖ ਜਾਂ ਭਾਂਪ ਕੇ ਮੇਰੀ ਉਦਾਸੀ ਫਿਰ ਮੇਰੀ ਧੀ ਨੇ ਜਦੋਂ ਮੇਰੇ ਹੋਠਾਂ ਨੂੰ ਛੁਹਾਇਆ ਕੇਕ ਦਾ ਪਹਿਲਾ ਟੁਕੜਾ ਤਾਂ ਮੈਨੂੰ ਫਿਰ ਤੇਰਾ ਚੇਤਾ ਆਇਆ। ਮਾਂ ! ਇਹ ਹੱਥ ਤੇਰੇ ਹੀ ਤਾਂ ਹਨ ਇਹ ਤੇਰੇ ਵਾਂਗੂੰ ਹੀ ਤਾਂ ਮੇਰਾ ਫ਼ਿਕਰ ਕਰਦੇ ਹਨ ਮਿੱਠਾ ਤਲਿਆ ਖਾਣ ਤੋਂ ਵਰਜਦੇ ਵਾਰੇ ਵਾਰੇ ਜਾਂਦੇ ਹਨ।

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਰਵਿੰਦਰ ਭੱਠਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ