Ikram Majeed
ਇਕਰਾਮ ਮਜੀਦ

ਨਾਂ-ਇਕਰਾਮ ਮਜੀਦ, ਕਲਮੀ ਨਾਂ-ਇਕਰਾਮ ਮਜੀਦ,
ਪਿਤਾ ਦਾ ਨਾਂ-ਅਬਦੁਲ ਮਜੀਦ,
ਜਨਮ ਤਾਰੀਖ਼-2 ਸਤੰਬਰ 1940,
ਜਨਮ ਸਥਾਨ-ਗੜ੍ਹਾ, ਜਲੰਧਰ ਛਾਉਣੀ,
ਵਿਦਿਆ-ਦਸਵੀਂ,
ਛਪੀਆਂ ਕਿਤਾਬਾਂ-ਤਨੇ ਦਾ ਰੋਗ (ਗ਼ਜ਼ਲ ਸੰਗ੍ਰਹਿ), ਨਵੀਆਂ ਜ਼ਮੀਨਾਂ (ਗ਼ਜ਼ਲ ਸੰਗ੍ਰਹਿ), ਸਿਫ਼ਤ ਸਨਾ (ਨਾਅਤੀਆ ਕਲਾਮ),
ਪਤਾ-288, ਬਲਾਕ ਡੀ, ਪੀਪਲਜ਼ ਕਾਲੋਨੀ, ਫ਼ੈਸਲਾਬਾਦ ਪੰਜਾਬ ।

ਪੰਜਾਬੀ ਗ਼ਜ਼ਲਾਂ (ਤਨੇ ਦਾ ਰੋਗ 1984 ਵਿੱਚੋਂ) : ਇਕਰਾਮ ਮਜੀਦ

Punjabi Ghazlan (Tane Da Rog 1984) : Ikram Majeed



ਰੰਗ ਵੀ ਉਹਦੇ ਕੋਲ ਬੜੇ ਨੇ

ਰੰਗ ਵੀ ਉਹਦੇ ਕੋਲ ਬੜੇ ਨੇ, ਖ਼ੁਸ਼ਬੂਆਂ ਵੀ ਬੜੀਆਂ । ਖ਼ਵਰੇ ਉਹਦੇ ਅੰਦਰ ਕਿੱਥੋਂ, ਆਨ ਬਹਾਰਾਂ ਤੜੀਆਂ । ਮੈਂ ਉਹ ਘਰ ਵਾਂ, ਜੀਹਦੀਆਂ ਛੱਤਾਂ, ਡਿੱਗਣ ਦੀ ਰਾਹ ਲੱਭਣ, ਸਿਉਂਕ ਨੇ ਮਿੱਟੀ ਕਰ ਦਿੱਤੀਆ ਨੇ, ਮੇਰੀਆਂ ਸੱਭੇ ਕੜੀਆਂ । ਸੌ ਚਿੜੀਆਂ ਨੇ ਪਾ ਰੱਖੇ ਨੇ, ਆਲ੍ਹਣੇ ਇੱਕੋ ਰੁੱਖ 'ਤੇ, ਪਰ ਇਹ ਚਿੜੀਆਂ ਆਪਸ ਦੇ ਵਿਚ, ਕਦੇ ਨਹੀਂ ਜੇ ਲੜੀਆਂ । ਦੁਸ਼ਮਨ ਦਾ ਮੈਂ ਵਾਰ ਕਦੇ ਵੀ, ਸਿਰ ਤਕ ਆਉਣ ਨਾ ਦਿੰਦਾ, ਮੇਰੇ ਸੱਜਣਾਂ ਪਿੱਛੋਂ ਆ ਕੇ, ਮੇਰੀਆਂ ਬਾਹਵਾਂ ਫੜੀਆਂ । ਰਾਤੀਂ ਬੜਾ ਹਨ੍ਹੇਰ ਪਿਆ, ਜਿਸ ਵੇਲੇ ਚੋਰਾਂ ਵਾਂਗੂੰ, ਦਿਲ ਦੇ ਵਿਹੜੇ ਭੁੱਲੀਆਂ ਚੁੱਕੀਆਂ, ਕੁੱਝ ਯਾਦਾਂ ਆ ਵੜੀਆਂ । ਸਦੀਆਂ ਦੇ ਇਹ ਪਏ ਪਵਾੜੇ, ਸਦੀਆਂ ਦੇ ਇਹ ਰੋਣੇ, ਤੂੰ ਏਥੇ ਕੀ ਕਰ ਸਕਨਾਂ ਏਂ, ਤੂੰ ਰਹਿਣੈਂ ਦੋ ਘੜੀਆਂ ।

ਹੜ੍ਹ ਦੇ ਮੌਸਮ, ਵਿਚ ਦਰਿਆਵਾਂ

ਹੜ੍ਹ ਦੇ ਮੌਸਮ, ਵਿਚ ਦਰਿਆਵਾਂ, ਵੇਖਿਆਂ ਮੁੱਦਤ ਹੋਈ ਏ । ਪਾਣੀ ਚੁੱਕੀ ਫਿਰਦੀਆਂ 'ਵਾਵਾਂ', ਵੇਖਿਆਂ ਮੁੱਦਤ ਹੋਈ ਏ । ਆਵਣ ਵਾਲਾ ਹਰ ਮੌਸਮ ਈ, ਰੂਪ ਬਦਲ ਕੇ ਆਉਂਦਾ ਏ, ਅਸਲੀ ਧੁੱਪਾਂ, ਅਸਲੀ ਛਾਵਾਂ, ਵੇਖਿਆਂ ਮੁੱਦਤ ਹੋਈ ਏ । ਹਾਸੇ ਅੰਦਰ ਸੁੱਚਲ ਖ਼ੁਸ਼ੀਆਂ, ਦਾ ਰੰਗ ਨਜ਼ਰੀਂ ਆਉਂਦਾ ਨਹੀਂ, ਮੁੱਖੜੇ ਖਿੜਦੇ ਵਾਂਗ ਕਪਾਹਵਾਂ, ਵੇਖਿਆਂ ਮੁੱਦਤ ਹੋਈ ਏ । ਡਿਉੜੀ ਦੇ ਵਿਚ, ਤਾਂਘਾਂ ਵਾਲਾ, ਦੀਵਾ ਬਾਲ ਕੇ ਪੁੱਤਰਾਂ ਲਈ, ਰਾਤਾਂ ਜਾਗਣ ਵਾਲੀਆਂ ਮਾਵਾਂ, ਵੇਖਿਆਂ ਮੁੱਦਤ ਹੋਈ ਏ । ਲਗਦੈ ਉਹਦੇ ਲਹੂ ਦੀ ਗਰਮੀ, ਛੱਡ ਦਿੱਤਾ ਏ ਉਹਦਾ ਸਾਥ, ਉਹਨੂੰ ਫਿਰਦੇ ਨਾਲ ਬਲਾਵਾਂ, ਵੇਖਿਆਂ ਮੁੱਦਤ ਹੋਈ ਏ । ਵਰ੍ਹਿਆਂ ਤੋਂ ਏ, ਸ਼ਹਿਰਾਂ ਉਪਰ, ਰਾਜ ਸੁਲਘਦੇ ਸੂਰਜ ਦਾ, ਭੋਰਾ ਜਿੰਨ੍ਹਾਂ ਵੀ ਪਰਛਾਵਾਂ, ਵੇਖਿਆਂ ਮੁੱਦਤ ਹੋਈ ਏ । ਕੀ ਹੋਇਆ ਜੇ, ਉਹਦਾ ਸਾਲਾਂ, ਪਿੱਛੋਂ ਵੀ ਖ਼ਤ ਆਇਆ ਨਹੀਂ, ਸਾਨੂੰ ਵੀ ਤੇ, ਉਹਦੀਆਂ ਰਾਹਵਾਂ, ਵੇਖਿਆਂ ਮੁੱਦਤ ਹੋਈ ਏ । ਹਾਲੇ ਤੀਕ ਵੀ ਸਾਡੇ ਜੁੱਸੇ, ਓਸ ਤਰ੍ਹਾਂ ਈ ਠਰਦੇ ਨੇ, ਉਂਜ 'ਤੇ ਸਾਨੂੰ ਠੰਢੀਆਂ ਥਾਵਾਂ, ਵੇਖਿਆਂ ਮੁੱਦਤ ਹੋਈ ਏ ।

ਚੰਨ ਦੇ ਚਾਨਣ ਹੱਥੋਂ ਸੜਦੀ

ਚੰਨ ਦੇ ਚਾਨਣ ਹੱਥੋਂ ਸੜਦੀ, ਏਦਾਂ ਜ਼ਿੰਦ ਅਸੀਰਾਂ ਦੀ । ਜੀਵੇਂ ਸੁੱਕੇ ਕੱਖਾਂ ਉਪਰ, ਬਾਰਸ਼ ਬਲਦਿਆਂ ਤੀਰਾਂ ਦੀ । ਰੂਹਾਂ ਉਪਰ ਜਬਰ ਨਹੀਂ ਹੁੰਦਾ, ਸੋਚ ਤੇ ਪਹਿਰਾ ਲੱਗਦਾ ਨਹੀਂ, ਜਿਸਰਾਂ ਤਾਈਂ ਰਹਿਣੀ ਹੈ ਬਸ, ਚੋਭ ਇਨ੍ਹਾਂ ਜ਼ੰਜੀਰਾਂ ਦੀ । ਵੇਲੇ ਕੱਢੇ ਮਿੱਟੀ ਹੇਠੋਂ, ਦਰਦ ਪਰਾਏ ਸ਼ਹਿਰਾਂ ਦੇ, ਕੂਕ ਸੁਣਾਂ ਮੈਂ ਪੱਥਰਾਂ ਵਿੱਚੋਂ, ਝਾਕਦੀਆਂ ਤਹਿਰੀਰਾਂ ਦੀ । ਸਾਦ ਮੁਰਾਦੇ ਚਿਹਰੇ ਚੰਗੇ ਲੱਗਦੇ ਨਹੀਉਂ ਲੋਕਾਂ ਨੂੰ, ਅਜ ਕਲ ਚੜ੍ਹਤ ਏ ਸ਼ਹਿਰਾਂ ਦੇ ਵਿੱਚ, ਰਾਂਗਲੀਆਂ ਤਸਵੀਰਾਂ ਦੀ । ਪੱਥਰ ਵਰਗੇ ਸੂਰਜ ਨਾਲੋਂ, ਦਰਦੀ ਨ੍ਹੇਰਾ ਚੰਗਾ ਏ, ਸਾਡੇ ਚਿੱਟੇ ਦਿਲ ਤੋਂ ਸੋਹਣੀ, ਕਾਲੀ ਰਾਤ ਫ਼ਕੀਰਾਂ ਦੀ । ਕੁੱਝ ਕਹੀਆਂ ਅਣਕਹੀਆਂ ਗੱਲਾਂ, ਵਿਰਸਾ ਵਿਛੜੇ ਵੇਲੇ ਦਾ, ਕੁੱਝ ਯਾਦਾਂ ਦੀ ਸਾਂਝ ਤੇ ਸਾਰੀ, ਪੂੰਜੀ ਏ ਦਲਗੀਰਾਂ ਦੀ ।

ਜੀਹਨੇ ਤਪਦੀਆਂ ਧੁੱਪਾਂ ਦੇ ਵਿਚ

ਜੀਹਨੇ ਤਪਦੀਆਂ ਧੁੱਪਾਂ ਦੇ ਵਿਚ, ਸਾਰੀ ਉਮਰ ਹੰਢਾਈ । ਉਹ ਮੋਇਆ 'ਤੇ ਉਹਦੀ ਲੋਕਾਂ, ਛਾਵੇਂ ਕਬਰ ਬਣਾਈ । ਦੂਰ ਗਿਆਂ ਦੇ ਚਿਹਰੇ ਰੱਖੇ, ਆਪਣੇ ਨਾਲ ਸਜਾਈ, ਸੀਨੇ ਦੇ ਵਿਚ ਛੇਕ ਕਰੇ ਤੇ, ਲੰਘ ਜਾਵੇ ਪੁਰਵਾਈ । ਨਵੀਆਂ ਸੋਚਾਂ ਅੱਗੇ ਵਧ ਕੇ, ਦਿਲ ਨੂੰ ਚਿੰਬੜ ਗਈਆਂ, ਸੂਰਜ ਨੇ ਜਦ ਬਾਰੀ ਵਿੱਚੋਂ, ਪਹਿਲੀ ਝਾਤੀ ਪਾਈ । ਮੈਂ ਜਾਗਾਂ ਤੇ ਮੇਰੇ ਸਾਰੇ, ਦਰਦੀ ਅੱਖਾਂ ਖੋਲ੍ਹਣ, ਕਮਰੇ ਦੀ ਹਰ ਸ਼ੈ ਨੇ ਨੀਂਦਰ, ਮੇਰੇ ਨਾਲ ਮੁਕਾਈ । ਕਰ ਸਕਿਆ ਨਾ ਠੰਢਾ ਜੀਹਨੂੰ, ਸਾਰੇ ਸ਼ਹਿਰ ਦਾ ਪਾਣੀ, ਉਹਨੇ ਆਪਣੇ ਆਪ ਨੂੰ ਦੇਖੋ, ਕੈਸੀ ਅੱਗ ਲਗਾਈ । ਨ੍ਹੇਰਾ ਭਾਵੇਂ ਕਿੱਡਾ ਈ ਮੂੰਹ, ਜ਼ੋਰ ਕਿਉਂ ਨਾ ਹੋਵੇ, ਚਾਰ ਚੁਫ਼ੇਰੇ ਚਾਨਣ ਕਰਦੀ, ਅੰਦਰ ਦੀ ਰੁਸ਼ਨਾਈ । ਇਕਲਾਪੇ ਦੇ ਪਾਣੀ ਅੰਦਰ ਐਡੀ ਲੰਮੀ ਚੁੱਭੀ? ਸਾਰਾ ਦਿਨ ਉਹ ਫਿਰਦਾ ਰਹਿੰਦੈ, ਕੱਲਾ ਨੀਵੀਂ ਪਾਈ । ਖ਼ਾਬਾਂ ਤੇ ਪਾਬੰਦੀ ਕੋਈ ਨਈਂ, ਜਿੰਨੇ ਚਾਹੇ ਦੇਖੋ, ਪਰ ਤਾਬੀਰਾਂ ਬੰਦੇ ਦਾ ਲਹੂ, ਮੰਗਣ ਮੁੱਖ ਵਿਖਾਈ । ਹੋਰ ਤੇ ਸਾਰੇ ਮੌਸਮ ਤੇਰੇ, ਪਿੱਛੋਂ ਐਧਰ ਆਏ, ਰੰਗਾਂ ਤੇ ਖ਼ੁਸ਼ਬੂਆਂ ਵਾਲੀ ਰੁੱਤ ਕਦੇ ਨਾ ਆਈ ।

ਸ਼ੀਸ਼ੇ ਅੱਗੇ ਜਾ ਬਹਿੰਦਾ ਏ

ਸ਼ੀਸ਼ੇ ਅੱਗੇ ਜਾ ਬਹਿੰਦਾ ਏ ਚਿਹਰੇ ਨੂੰ ਚਮਕਾਵਣ ਲਈ । ਉਮਰਾਂ ਦੇ ਕੁਝ ਸਾਲ ਮਹੀਨੇ ਰੰਗਾਂ ਵਿੱਚ ਲੁਕਾਵਣ ਲਈ । ਢੇਰਾਂ ਫੁੱਲ ਖ਼ਰੀਦੇ ਲੋਕਾਂ ਕਬਰਾਂ ਨੂੰ ਮਹਿਕਾਵਣ ਲਈ, ਮੈਂ ਹੰਝੂਆਂ ਦੇ ਹਾਰ ਪਰੋਏ ਯਾਰਾਂ ਦੇ ਗਲ ਪਾਵਣ ਲਈ । ਗ਼ੈਰਾਂ ਦੇ ਹੱਥ ਆਪ ਫੜਾ ਕੇ ਡੋਰੀ ਆਪਣੇ ਲੇਖਾਂ ਦੀ, ਸੋਚਾਂ ਦੇ ਲੜ ਬੰਨ੍ਹੀ ਰੱਖਾਂ ਆਸਾਂ ਜੀ ਪਰਚਾਵਣ ਲਈ । ਜਿਸਮਾਂ ਦੀ ਪਰਵਾਹ ਨਹੀਂ ਰਹਿੰਦੀ ਜੇ ਗੱਲ ਹੋਵੇ ਇੱਜ਼ਤ ਦੀ, ਸਿਰ ਦਾ ਪਿਆਰ ਭੁਲਾਣਾ ਪੈਂਦਾ ਸਿਰ ਦੀ ਪੱਗ ਬਚਾਵਣ ਲਈ । ਰੁੱਖਾਂ ਦੇ ਦਿਲ ਲੀਰਾਂ-ਲੀਰਾਂ ਕਰ ਦਿੰਦੇ ਨੇ ਜ਼ਾਲਮ ਲੋਕ, ਆਪਣੇ ਘਰ ਵਿਚ ਰੱਖੇ ਹੋਏ ਕੁਝ ਗੁਲਦਾਨ ਸਜਾਵਣ ਲਈ । ਪਾਰ ਸਮੁੰਦਰ ਸੌਦੇ ਹੋਵਣ ਸਾਡੀਆਂ ਸੋਹਣੀਆਂ ਜਾਨਾਂ ਦੇ, ਕਿੰਨੇ ਦਰਦੀ ਕੱਠੇ ਹੁੰਦੇ ਸਾਡਾ ਦਰਦ ਵੰਡਾਵਣ ਲਈ । ਉਹਦੇ ਘਰ ਛੱਡਣ ਦੇ ਪਿੱਛੇ ਉਹਦੀਆਂ ਸੌ ਮਜਬੂਰੀਆਂ ਸਨ, ਲੋੜਾਂ ਨੇ ਰਾਹ ਆਪ ਵਿਖਾਏ ਪਰਦੇਸਾਂ ਨੂੰ ਜਾਵਣ ਲਈ ।

ਵੱਢਿਆ ਹਰੇ ਦਰਖ਼ਤਾਂ ਨੂੰ

ਵੱਢਿਆ ਹਰੇ ਦਰਖ਼ਤਾਂ ਨੂੰ ਤੇ ਛਾਵਾਂ ਮਾਰ ਭਜਾਈਆਂ । ਸ਼ਹਿਰਾਂ ਵਿੱਚੋਂ ਠੰਢੀਆਂ ਠਾਹਰਾਂ ਆਪੇ ਅਸਾਂ ਮੁਕਾਈਆਂ । ਧੁੱਪਾਂ ਦਾ ਸਭ ਕਹਿਰ ਤੇ ਨਾਜ਼ਲ ਹੋਇਆ ਰਾਹੀਆਂ ਉੱਤੇ, ਸ਼ਹਿਰ ਦੇ ਲੋਕਾਂ ਸਿਖਰ ਦੁਪਹਿਰਾਂ ਛੱਤਾਂ ਹੇਠ ਲੰਘਾਈਆਂ । ਭਰਾ-ਭਰਾਤਾ ਜੁੱਸਾ ਉਹਦਾ, ਤੀਲੇ ਵਾਂਗੂੰ ਹੋਇਆ, ਖ਼ਬਰੈ ਕਿਹੜੀਆਂ, ਮਾਰੂ ਯਾਦਾਂ, ਉਹਨੇ ਦਿਲ ਨੂੰ ਲਾਈਆਂ । ਰਸਮਾਂ ਵਾਲੀ ਕੈਦ ਨਾ ਮੁੱਕੇ, ਬੰਦਾ ਮੁੱਕਦਾ ਜਾਵੇ, ਇਨਸਾਨਾਂ ਨੇ ਆਪਣੀ ਖ਼ਾਤਰ, ਜੇਲਾਂ ਆਪ ਬਣਾਈਆਂ । ਸਾਡੇ ਘਰ ਦੇ ਬਣੇ ਪਰਾਹੁਣੇ ਹੋਰ ਤੇ ਸਾਰੇ ਮੌਸਮ, ਜਿਹੜੀਆਂ ਉਹਨੂੰ ਨਾਲ ਲਿਆਵਣ, ਉਹ ਰੁੱਤਾਂ ਨਾ ਆਈਆਂ । ਫ਼ੇਰ ਹਵਸ ਦੇ ਚੋਰਾਂ ਲੁੱਟੀ ਪਿਆਰ ਦੀ ਸਾਰੀ ਪੂੰਜੀ, ਹਸਦੇ-ਵਸਦੇ ਵਿਹੜੇ ਸੁੰਜੇ ਕਰ ਦਿੱਤੇ ਹਰਜਾਈਆਂ ।

ਗੱਡੀ ਟੁਰ ਗਈ ਪ੍ਰਦੇਸਾਂ ਨੂੰ

ਗੱਡੀ ਟੁਰ ਗਈ ਪ੍ਰਦੇਸਾਂ ਨੂੰ ਮਾਰ ਕੇ ਲੰਮੀ ਕੂਕ । ਟੇਸ਼ਨ ਉੱਤੇ ਹੌਕੇ ਭਰਦੀ ਰਹਿ ਗਈ ਜਿੰਦ ਮਲੂਕ । ਫ਼ਜਰਾਂ ਤੀਕਰ ਉਨ੍ਹਾਂ ਘਰਾਂ ਦੇ ਪੱਲੇ ਕੁੱਝ ਨਹੀਂ ਰਹਿੰਦਾ, ਜਿਨ੍ਹਾਂ ਘਰਾਂ ਦੇ ਰਾਖੇ ਰਾਤੀਂ ਸੁੱਤੇ ਰਹਿੰਦੇ ਘੂਕ । ਤੂੰ ਮੋਢੇ ਤੇ ਲਾਲ ਹਨ੍ਹੇਰੀ ਐਵੇਂ ਚੁੱਕੀ ਆਵੇਂ, ਦਿਲ ਦੀਵੇ ਲਈ ਬਹੁਤ ਸੀ ਮਿੱਤਰਾ ਤੇਰੀ ਇੱਕੋ ਫੂਕ । ਇਹ ਧਰਤੀ ਵੀ ਜੰਨਤ ਵਾਂਗੂੰ ਸੁੱਖਾਂ ਦਾ ਘਰ ਹੁੰਦੀ, ਜੇ ਕਰ ਤਕੜਾ ਚੰਗਾ ਕਰਦਾ ਮਾੜੇ ਨਾਲ ਸਲੂਕ । ਆਪੋ-ਧਾਪ ਦੇ ਹੱਥੋਂ ਮੁੱਕਦਾ ਜਾਵੇ ਭਾਈ ਚਾਰਾ, ਪਿਆਰ ਹਵੇਲੀ ਨਫ਼ਰਤ ਵਾਲੀ ਅੱਗ ਨੇ ਦਿੱਤੀ ਫੂਕ । ਵਿਛੜਨ ਵੇਲੇ ਇਕ ਦੂਜੇ ਨੂੰ ਬੜੇ ਦਿਲਾਸੇ ਦਿੱਤੇ, ਫੇਰ ਵੀ ਝਾਕੀ ਅੱਖਾਂ ਵਿਚੋਂ, ਦਿਲ ਚੋਂ ਉਠਦੀ ਹੂਕ ।

ਕਿੱਧਰੇ-ਕਿੱਧਰੇ ਚਾਨਣ ਦਾ ਲਿਸ਼ਕਾਰਾ ਸੀ

ਕਿੱਧਰੇ-ਕਿੱਧਰੇ ਚਾਨਣ ਦਾ ਲਿਸ਼ਕਾਰਾ ਸੀ । ਅਸਮਾਨਾਂ ਤੇ ਵਿਰਲਾ-ਵਿਰਲਾ ਤਾਰਾ ਸੀ । ਉਹਦੀ ਲੰਬੀ ਚੁੱਪ ਸੀ ਬਲਦੀ ਲੱਕੜ ਵਾਂਗ, ਉਹਦਾ ਰੋਸਾ ਇਕ ਤਪਦਾ ਅੰਗਿਆਰਾ ਸੀ । ਘਰ ਵਿਚ ਹੋਣੀ ਤਾਂਘ ਕਿਸੇ ਨੂੰ ਸਾਡੀ ਵੀ, ਸਫ਼ਰਾਂ ਅੰਦਰ ਏਹੋ ਸੋਚ ਸਹਾਰਾ ਸੀ । ਢੇਰ ਕਿਤਾਬਾਂ, ਕਾਗ਼ਜ਼, ਪੱਤਰ ਤਸਵੀਰਾਂ, ਸਾਰੇ ਘਰ ਵਿਚ ਉਹਦਾ ਬੜਾ ਖਿਲਾਰਾ ਸੀ । ਉਹਦਾ ਹਾਸਾ ਵੀ ਤੇ ਖੰਡਾਂ ਘੋਲ ਗਿਆ, ਉਹਦਾ ਗੁੱਸਾ ਜੇਕਰ ਬਹੁਤ ਕਰਾਰਾ ਸੀ । ਸੋਹਣਾ ਵੀ ਸੀ, ਪੜ੍ਹਿਆ ਲਿਖਿਆ ਵੀ ਸੀ, ਪਰ- 'ਮਰੀ' ਦੇ ਮੌਸਮ ਵਾਂਗੂੰ ਬੇਇਤਬਾਰਾ ਸੀ ।

ਕੁਝ ਹੋਰ ਰਚਨਾਵਾਂ : ਇਕਰਾਮ ਮਜੀਦ



ਚੰਨ ਦੇ ਚਾਨਣ ਹੱਥੋਂ ਸੜਦੀ, ਏਦਾਂ ਜਿੰਦ ਅਸੀਰਾਂ ਦੀ

ਚੰਨ ਦੇ ਚਾਨਣ ਹੱਥੋਂ ਸੜਦੀ, ਏਦਾਂ ਜਿੰਦ ਅਸੀਰਾਂ ਦੀ । ਜੀਵੇਂ ਸੁੱਕੇ ਕੱਖਾਂ ਉੱਪਰ, ਬਾਰਸ਼ ਬਲਦਿਆਂ ਤੀਰਾਂ ਦੀ । ਰੂਹਾਂ ਉਪਰ ਜਬਰ ਨਹੀਂ ਹੁੰਦਾ, ਸੋਚ ਤੇ ਪਹਿਰਾ ਲੱਗਦਾ ਨਈਂ, ਜਿਸਮਾਂ ਤਾਈਂ ਰਹਿਣੀ ਹੈ ਬੱਸ, ਚੋਭ ਇਨ੍ਹਾਂ ਜ਼ੰਜ਼ੀਰਾਂ ਦੀ । ਵੇਲੇ ਕੱਢੇ ਮਿੱਟੀ ਹੇਠੋਂ, ਦਰਦ, ਪਰਾਏ ਸ਼ਹਿਰਾਂ ਦੇ, ਕੂਕ ਸੁਣਾਂ ਮੈਂ ਪੱਥਰ ਵਿੱਚੋਂ, ਝਾਕਦੀਆਂ ਤਹਿਰੀਰਾਂ ਦੀ । ਸਾਦ-ਮੁਰਾਦੇ ਚਿਹਰੇ ਚੰਗੇ ਲਗਦੇ, ਨਹੀਉਂ ਲੋਕਾਂ ਨੂੰ, ਅੱਜ ਕੱਲ੍ਹ ਚੜ੍ਹਤ ਏ ਸ਼ਹਿਰਾਂ ਦੇ ਵਿੱਚ, ਰਾਂਗਲੀਆਂ ਤਸਵੀਰਾਂ ਦੀ । ਪੱਥਰ ਵਰਗੇ ਸੂਰਜ ਕੋਲੋਂ, ਦਰਦੀ ਨ੍ਹੇਰਾ ਚੰਗਾ ਏ, ਸਾਡੇ ਚਿੱਟੇ ਦਿਲ ਤੋਂ ਸੋਹਣੀ, ਕਾਲੀ ਰਾਤ ਫ਼ਕੀਰਾਂ ਦੀ । ਕੁੱਝ ਕਹੀਆਂ ਅਣਕਹੀਆਂ ਗੱਲਾਂ, ਵਿਰਸਾ ਵਿਛੜੇ ਵੇਲੇ ਦਾ, ਕੁੱਝ ਯਾਦਾਂ ਦੀ ਸਾਂਭ ਤੇ ਸਾਰੀ ਪੂੰਜੀ ਏ ਦਲਗੀਰਾਂ ਦੀ ।

ਫ਼ਨ ਦੀ ਖ਼ਿਦਮਤ ਇੰਜ ਲਿਖਾਰੀ ਕਰਦੇ ਨੇ

ਫ਼ਨ ਦੀ ਖ਼ਿਦਮਤ ਇੰਜ ਲਿਖਾਰੀ ਕਰਦੇ ਨੇ । ਲਿਖਤਾਂ ਅੰਦਰ ਖ਼ੂਨ ਜਿਗਰ ਦਾ ਭਰਦੇ ਨੇ । ਕਾਲੇ ਬੱਦਲ ਲੰਘ ਜਾਂਦੇ ਨੇ ਸ਼ਹਿਰਾਂ ਤੋਂ, ਦਰਿਆਵਾਂ ਦੇ ਉੱਤੇ ਜਾ ਕੇ ਵਰ੍ਹਦੇ ਨੇ । ਹੋ ਜਾਂਦੀ ਏ ਨਵੇਂ ਖ਼ਿਆਲਾਂ ਦੀ ਤਖ਼ਲੀਕ, ਜ਼ਹਿਨ ਜਦੋਂ ਵੀ ਸੋਚ ਸਮੁੰਦਰ ਤਰਦੇ ਨੇ । ਸੜਕਾਂ ਉੱਪਰ ਏਸ ਤਰਾਂ ਦਾ ਰੌਲਾ ਏ, ਲੋਕ ਘਰਾਂ ਦੇ ਅੰਦਰ ਬੈਠੇ ਡਰਦੇ ਨੇ । ਅਣਡਿੱਠਾ ਇਕ ਖ਼ੌਫ਼ ਰਗਾਂ ਵਿੱਚ ਫਿਰਦਾ ਏ, ਕਹਿਰ ਦੀਆਂ ਧੁੱਪਾਂ ਨੇ ਜੁੱਸੇ ਠਰਦੇ ਨੇ ।

ਇਹ ਕਿੱਦਾਂ ਦੇ ਮੌਸਮ ਸਾਡੇ, ਸ਼ਹਿਰਾਂ ਦੇ ਵਿੱਚ ਆਏ ਨੇ

ਇਹ ਕਿੱਦਾਂ ਦੇ ਮੌਸਮ ਸਾਡੇ, ਸ਼ਹਿਰਾਂ ਦੇ ਵਿੱਚ ਆਏ ਨੇ । ਕਿਧਰੇ ਧੁੱਪਾਂ ਅੱਗਾਂ ਲਾਵਣ, ਕਿਧਰੇ ਬੱਦਲ ਛਾਏ ਨੇ । ਸਭਨਾਂ ਦੇ ਦਿਲ ਅੰਦਰ ਲੱਗਿਆ, ਢੇਰ ਹਵਸ ਦੇ ਕੂੜੇ ਦਾ, ਸਭਨੇ ਅਪਣੀ ਬੁੱਕਲ ਦੇ ਵਿੱਚ, ਜ਼ਹਿਰੀ ਸੱਪ ਲੁਕਾਏ ਨੇ । ਮਾਰੇ ਹੋਣਗੇ ਇਹਨੇ ਪੱਥਰ, ਜਦ ਉਹ ਜਿਉਂਦਾ ਹੋਵੇਗਾ, ਜੀਨ੍ਹੇ ਉਹਦੀ ਕਬਰ ਤੇ ਆ ਕੇ, ਯਾਰਾ ਫੁੱਲ ਝੜ੍ਹਾਏ ਨੇ । ਰੜੇ ਮਦਾਨਾਂ ਦੇ ਵਸਨੀਕਾਂ ਤੇ ਲੱਭਣਾਂ ਸੀ ਪਾਣੀ ਨੂੰ, ਨਾਲ ਸਮੁੰਦਰ ਸਾਂਝਾਂ ਰੱਖਣ ਵਾਲੇ ਵੀ ਤ੍ਰਿਹਾਏ ਨੇ । ਫ਼ਜਰਾਂ ਤੀਕਰ ਘੁੱਪ ਹਨੇਰੇ ਦੇ ਵਿੱਚ ਫਿਰਦੇ ਰਹਿਨੇ ਆਂ, ਕਾਲੀਆਂ ਰਾਤਾਂ ਦੇ ਜਗਰਾਤੇ ਸਾਡੇ ਹਿੱਸੇ ਆਏ ਨੇ ।

ਕੁੰਡਲ ਉਹਦੇ ਵਾਲਾਂ ਦੇ

ਕੁੰਡਲ ਉਹਦੇ ਵਾਲਾਂ ਦੇ । ਫਿਰਦੇ ਵਿੱਚ ਖ਼ਿਆਲਾਂ ਦੇ । ਰਸਤੇ ਵਿੱਚ ਖਲੋਤੇ ਆਂ, ਪਿਛਲੇ ਕਈਆਂ ਸਾਲਾਂ ਦੇ । ਗੁੰਝਲ ਦਾਰ ਏ ਤੇਰੀ ਗੱਲ, ਹਾਲੇ ਹੋਰ ਮਸ਼ਾਲਾਂ ਦੇ । ਚਿਹਰੇ ਪੀਲੇ ਪੀਲੇ ਨੇ, ਕਾਹਤੋਂ ਜੰਮਦੇ ਬਾਲਾਂ ਦੇ । ਆਦੀ ਇੰਜ ਨਾ ਹੋ ਜਾਈਏ, ਕਿਧਰੇ ਅਸੀਂ ਭੁਚਾਲਾਂ ਦੇ । ਅੱਗ ਵਰ੍ਹਾਉਂਦੇ ਆਏ ਨੇ, ਸੂਰਜ ਨਵੇਂ ਕਮਾਲਾਂ ਦੇ । ਨ੍ਹੇਰਾ ਵਿਹੜੇ ਆ ਵੜਿਆ, ਹੁਣ ਤੇ ਬਾਲ ਮਸ਼ਾਲਾਂ ਦੇ ।

ਰੁੱਤ ਬਦਲੀ ਤੇ 'ਵਾ ਦੀ ਕੁੱਛੜ, ਚੜ੍ਹ ਗਈਆਂ ਖ਼ੁਸ਼ਬੂਆਂ

ਰੁੱਤ ਬਦਲੀ ਤੇ 'ਵਾ ਦੀ ਕੁੱਛੜ, ਚੜ੍ਹ ਗਈਆਂ ਖ਼ੁਸ਼ਬੂਆਂ । ਨਵੇਂ ਸਫ਼ਰ ਦੇ ਸੁਪਨੇ ਦੇਖਣ, ਲੱਗ ਪਈਆਂ ਖ਼ੁਸ਼ਬੂਆਂ । ਏਸ ਤਰ੍ਹਾਂ ਦਾ ਸੂਰਜ ਚੜ੍ਹਿਆ, ਹਰੇ ਭਰੇ ਰੁੱਖ ਸੁੱਕੇ, ਆ ਗਏ ਮੌਸਮ ਤੱਤ-ਭੜੱਤੇ, ਹੁਣ ਗਈਆਂ ਖ਼ੁਸ਼ਬੂਆਂ । ਓੜਕ ਘਰ ਨੂੰ ਮੁੜਨਾਂ ਪੈਣਾਂ, ਘਰ ਵਰਗਾ ਸੁੱਖ ਕਿੱਥੇ, ਸਫ਼ਰਾਂ ਦੇ ਵਿੱਚ ਕਦੇ ਨਾ ਲੱਭਣ, ਘਰ ਜਿਹੀਆਂ ਖ਼ੁਸ਼ਬੂਆਂ । ਯਾਦਾਂ ਡੇਰੇ ਲਾਈ ਰੱਖੇ, ਦਿਲ ਦੇ ਆਲ ਦੁਆਲੇ, ਰਾਤੀਂ ਸਾਡੇ ਨੇੜੇ ਤੇੜੇ, ਈ ਰਹੀਆਂ ਖ਼ੁਸ਼ਬੂਆਂ । ਬਾਗ਼ ਦਿਲਾਂ ਦੇ ਏਦਾਂ ਉੱਜੜੇ, ਦਰਦ ਵਿਛੋੜੇ ਹੱਥੋਂ, ਜਿਸਮਾਂ ਦੇ ਰੰਗ ਫਿੱਕੇ ਪੈ ਗਏ, ਉੱਡ ਗਈਆਂ ਖ਼ੁਸ਼ਬੂਆਂ ।