Punjabi Ghazals Iqbal Salahuddin
ਪੰਜਾਬੀ ਗ਼ਜ਼ਲਾਂ ਇਕਬਾਲ ਸਲਾਹੁੱਦੀਨ
1. ਕਲ ਵੀ ਤੇਰੇ ਜ਼ੁਲਮ ਦਾ ਰੌਲਾ ਜਾਂ ਫਿਰ ਮੇਰੇ ਝੱਲ ਦਾ ਸੀ
ਕਲ ਵੀ ਤੇਰੇ ਜ਼ੁਲਮ ਦਾ ਰੌਲਾ ਜਾਂ ਫਿਰ ਮੇਰੇ ਝੱਲ ਦਾ ਸੀ।
ਅੱਜ ਵੀ ਤੇਰੇ ਸ਼ਹਿਰ ਦੇ ਅੰਦਰ ਚਰਚਾ ਏਸੇ ਗੱਲ ਦਾ ਸੀ।
ਜ਼ਾਲਮ ਤੇ ਮਜ਼ਲੂਮ ਦੋਹਾਂ ਵਿੱਚ, ਫ਼ਰਕ ਪਛਾਤਾ ਲੋਕਾਂ ਨੇ,
ਕਹਿਰ ਖ਼ੁਦਾ ਨਾ ਨਿੱਕਾ ਵੱਡਾ, ਫਿਰ ਵੀ ਤੇਰੇ ਵੱਲ ਦਾ ਸੀ।
ਮੁੱਢੋਂ ਲਾ ਈ ਜਾਣ ਗਿਆ ਸਾਂ ਤੇਰੀ ਅਥਰੀ ਆਦਤ ਨੂੰ,
ਉੱਠਦੇ ਬਹਿੰਦੇ ਸ਼ਾਮ ਸਵੇਰੇ, ਧੁੜਕੂ ਏਸੇ ਗੱਲ ਦਾ ਸੀ।
ਮਰਦੀ ਵਾਰ ਵੀ ਸੱਸੀ ਮੰਗੇ, ਖ਼ੈਰਾਂ ਪੁੰਨਣ ਯਾਰ ਦੀਆਂ,
ਉਸਨੂੰ ਜੇ ਕੋਈ ਸ਼ਿਕਵਾ ਹੈਸੀ ਤਪਦੇ ਮਾਰੂਥਲ ਦਾ ਸੀ।
ਓਸ ਝਨਾਂ ਕਦ ਡੋਬੀ ਸੋਹਣੀ ਨਿਤ ਜੋ ਮੇਲ ਕਰੇਂਦਾ ਸੀ,
ਆਪਣੇ ਦਿਲ 'ਚੋਂ ਜਿਹੜੀ ਉੱਠੀ, ਦੋਸ਼ ਤੇ ਓਸੇ ਛੱਲ ਦਾ ਸੀ।
2. ਥਲਾਂ ਵਿਚ ਡੁੱਬ ਡਈਆਂ ਜੋ ਸਦਾਵਾਂ ਕੌਣ ਵੇਖੇਗਾ
ਥਲਾਂ ਵਿਚ ਡੁੱਬ ਡਈਆਂ ਜੋ ਸਦਾਵਾਂ ਕੌਣ ਵੇਖੇਗਾ ।
ਤੇ ਅੱਜ ਮਹੀਂਵਾਲ ਦੀ ਖ਼ਾਤਰ ਝਨਾਵਾਂ ਕੌਣ ਵੇਖੇਗਾ ।
ਬਰੂਹਾਂ ਵਿੱਚ ਡੂੰਘੀ ਸ਼ਾਮ ਤੀਕਰ ਕੌਣ ਬੈਠੇਗਾ,
ਮੁਹੱਬਤ ਦੇ ਲਈ ਲੱਖਾਂ ਬਲਾਵਾਂ ਕੌਣ ਵੇਖੇਗਾ ।
ਜੇ ਹਰਫ਼ਾਂ ਨਾਲ ਬਣਾਈਆਂ ਲੋਕ ਨਾ ਵੇਖਣ,
ਖ਼ਿਆਲਾਂ ਦੇ ਪਰੀ ਖ਼ਾਨੇ ਸਜਾਵਾਂ ਕੌਣ ਵੇਖੇਗਾ ।
ਮੈਂ ਚੁਪ ਕਰਕੇ ਚਲਾ ਜਾਵਾਂ ਜੇ ਤੇਰੇ ਸ਼ਹਿਰ ਦੇ ਵਿੱਚੋਂ,
ਭਲਕ ਨੂੰ ਤੇਰੀਆਂ ਸੱਜਣਾਂ ਅਦਾਵਾਂ ਕੌਣ ਵੇਖੇਗਾ ?
3. ਹੀਰੇ ਮੋਤੀ ਲਾਲ ਗਵਾਚੇ
ਹੀਰੇ ਮੋਤੀ ਲਾਲ ਗਵਾਚੇ ।
ਲੱਭੇ ਨਾਹੀਂ ਬਾਲ ਗਵਾਚੇ ।
ਬਾਗ਼ੀਂ ਉਤਰੇ ਲੋਕ ਬੇਗਾਨੇ,
ਫੁਲ ਕਲੀਆਂ ਤੇ ਡਾਲ ਗਵਾਚੇ ।
ਪਿੰਡਾਂ ਦੇ ਪਿੰਡ ਉੱਜੜ ਜਾਂਦੇ,
ਜੇ ਸੀਰਾਂ ਦੀ ਚਾਲ ਗਵਾਚੇ ।
ਬੁੱਲ੍ਹਾਂ ਨੂੰ ਗੁਰਬਾਣੀ ਭੁੱਲੀ,
ਪੈਰਾਂ ਦੇ ਸੁਰ-ਤਾਲ ਗਵਾਚੇ ।
ਹੀਰ ਪਰਾਏ ਘਰ ਜਾ ਵੱਸੀ,
ਮੇਰੇ ਬਾਰਾਂ ਸਾਲ ਗਵਾਚੇ ।
ਤਾਅਨੇ ਮਿਹਣੇ, ਜਗ ਦੇ ਹਾਸੇ,
ਸਾਰੇ ਤੇਰੇ ਨਾਲ ਗਵਾਚੇ ।
ਜਿੱਤੀ ਬਾਜ਼ੀ ਵੀ ਹਰ ਜਾਂਦੀ,
ਜਿਸ ਵੇਲੇ 'ਇਕਬਾਲ' ਗਵਾਚੇ ।