Iqbal Zakhmi ਇਕਬਾਲ 'ਜ਼ਖ਼ਮੀ'
ਨਾਂ: ਮੀਆਂ ਮੁਹੰਮਦ ਇਕਬਾਲ
ਕਲਮੀ ਨਾਂ: ਇਕਬਾਲ 'ਜ਼ਖ਼ਮੀ'
ਪਿਤਾ ਦਾ ਨਾਂ: ਮੀਆਂ ਫ਼ਜ਼ਲ ਦੀਨ
ਜਨਮ ਤਾਰੀਖ਼: 10 ਸਤੰਬਰ 1941
ਜਨਮ ਸਥਾਨ: ਮੱਲਾਂ ਵਾਲਾ, ਜ਼ਿਲ੍ਹਾ ਫ਼ੀਰੋਜ਼ਪੁਰ
ਵਿਦਿਆ: ਐਮ. ਏ., ਬੀ. ਐਡ.
ਕਿੱਤਾ: ਸੇਵਾ ਮੁਕਤ ਅਧਿਆਪਕ
ਛਪੀਆਂ ਕਿਤਾਬਾਂ: ਵੰਝਲੀ (ਪੰਜਾਬੀ ਸ਼ਾਇਰੀ), ਲੋਏ ਲੋਏ (ਪੰਜਾਬੀ ਸ਼ਾਇਰੀ), ਧੁੱਪ ਛਾਂ (ਪੰਜਾਬੀ ਸ਼ਾਇਰੀ), ਚੰਨ ਦੇ ਮਹਿਲ ਪਿਛੋਕੜ (ਪੰਜਾਬੀ ਸ਼ਾਇਰੀ)
ਪਤਾ: ਅਦਾਰਾ ਪੰਜਾਬੀ ਲਿਖਾਰੀਆਂ, ਜੀਆ ਮੂਸਾ, ਸ਼ਾਹਦਰਾ, ਲਾਹੌਰ
ਕਲਮੀ ਨਾਂ: ਇਕਬਾਲ 'ਜ਼ਖ਼ਮੀ'
ਪਿਤਾ ਦਾ ਨਾਂ: ਮੀਆਂ ਫ਼ਜ਼ਲ ਦੀਨ
ਜਨਮ ਤਾਰੀਖ਼: 10 ਸਤੰਬਰ 1941
ਜਨਮ ਸਥਾਨ: ਮੱਲਾਂ ਵਾਲਾ, ਜ਼ਿਲ੍ਹਾ ਫ਼ੀਰੋਜ਼ਪੁਰ
ਵਿਦਿਆ: ਐਮ. ਏ., ਬੀ. ਐਡ.
ਕਿੱਤਾ: ਸੇਵਾ ਮੁਕਤ ਅਧਿਆਪਕ
ਛਪੀਆਂ ਕਿਤਾਬਾਂ: ਵੰਝਲੀ (ਪੰਜਾਬੀ ਸ਼ਾਇਰੀ), ਲੋਏ ਲੋਏ (ਪੰਜਾਬੀ ਸ਼ਾਇਰੀ), ਧੁੱਪ ਛਾਂ (ਪੰਜਾਬੀ ਸ਼ਾਇਰੀ), ਚੰਨ ਦੇ ਮਹਿਲ ਪਿਛੋਕੜ (ਪੰਜਾਬੀ ਸ਼ਾਇਰੀ)
ਪਤਾ: ਅਦਾਰਾ ਪੰਜਾਬੀ ਲਿਖਾਰੀਆਂ, ਜੀਆ ਮੂਸਾ, ਸ਼ਾਹਦਰਾ, ਲਾਹੌਰ
ਪੰਜਾਬੀ ਗ਼ਜ਼ਲਾਂ (ਚੰਨ ਦੇ ਮਹਿਲ ਪਿਛੋਕੜ 1991 ਵਿੱਚੋਂ) : ਇਕਬਾਲ 'ਜ਼ਖ਼ਮੀ'
੧. ਹੁਣ ਤੇ ਲੱਜ ਨਹੀਂ ਪਾਲੀ ਜਾਂਦੀ
ਹੁਣ ਤੇ ਲੱਜ ਨਹੀਂ ਪਾਲੀ ਜਾਂਦੀ, ਕੀਤੇ ਕੌਲ ਕਰਾਰਾਂ ਦੀ ।
ਅਫ਼ਰਾ-ਤਫ਼ਰੀ ਦੇ ਇਸ ਦੌਰ 'ਚ, ਨਿਭ ਨਹੀਂ ਸਕਦੀ ਯਾਰਾਂ ਦੀ ।
ਦੱਸੋ ਲੋਕੋ! ਦੁਨੀਆ ਦਾ ਜੇ ਅਮਨ, ਤਬਾਹ ਨਹੀਂ ਹੁੰਦਾ ਪਿਆ,
ਕਿਉਂ ਮੁੜ ਲਹੂ ਨਾਲ ਲਿੱਖੀ ਜਾਪੇ, ਸੁਰਖ਼ੀ ਅੱਜ ਅਖ਼ਬਾਰਾਂ ਦੀ ।
ਏਸ ਸਦੀ ਦੇ ਲੋਕਾਂ ਨੂੰ ਕੁੱਝ, ਇੰਜ ਮਜਬੂਰੀ ਡੰਗਿਆ ਏ
ਰੋਂਦੇ ਹੈਨ ਫ਼ਰਿਸ਼ਤੇ ਦੇਖ ਕੇ, ਹਾਲਤ ਖ਼ੁਦਮੁਖ਼ਤਾਰਾਂ ਦੀ ।
ਅੱਜ ਵੀ ਹੀਰਾਂ ਲੁੱਟੀਆਂ ਜਾਵਣ, ਰਾਂਝੇ ਕੰਨ ਫੜਵਾਂਦੇ ਨੇ,
ਅਦਲੀ ਰਾਜੇ ਕੀਮਤ ਨਹੀਂ ਅੱਜ ਪਾਉਂਦੇ ਕੂਕ-ਪੁਕਾਰਾਂ ਦੀ ।
ਜੋਬਨ ਉੱਤੇ ਰੱਤਾ ਨਹੀਂ ਤੇ, ਦਿਲ ਦੇ ਵਿਚ ਉਦਾਸੀ ਏ,
ਮਰਨਿਉਂ! ਕੋਈ ਗੱਲ ਹੀ ਛੇੜੋ, ਸਾਕੀ ਦੀ ਮੈਖ਼ਾਰਾਂ ਦੀ ।
ਆਵਣ ਵਾਲਾ ਵੇਲਾ ਮੈਨੂੰ, ਹੋਰ ਵੀ ਔਖਾ ਦਿਸਦਾ ਏ,
ਹਾਲੇ ਹੋਰ ਵੀ ਵਧਦੀ ਜਾਪੇ, 'ਜ਼ਖ਼ਮੀ' ਅੱਗ ਬਜ਼ਾਰਾਂ ਦੀ ।
੨. ਪਿਆਰ-ਸ਼ਿਆਰਾਂ ਵਾਲੀ ਗੱਲ ਅੱਜ
ਪਿਆਰ-ਸ਼ਿਆਰਾਂ ਵਾਲੀ ਗੱਲ ਅੱਜ, ਹੋ ਗਈ ਬਹੁਤ ਪੁਰਾਣੀ ।
ਛੱਡ ਪਰੀਆਂ ਦੇ ਕਿੱਸੇ ਬੀਬਾ, ਛੂਹ ਕੋਈ ਨਵੀਂ ਕਹਾਣੀ ।
ਹੁਣ ਤੇ ਕੋਈ ਸੱਯਦਜ਼ਾਦੀ ਵੀ ਨਹੀਂ ਘੁੰਡ ਕਢੇਂਦੀ,
ਹੁਣ ਤੇ ਕੰਮੀਆਂ ਨਾਲ ਪਈ ਨੱਚਦੀ, ਟੀ ਵੀ ਤੇ ਚੁਧਰਾਣੀ ।
ਛੱਡੋ, ਰੋਜ਼ ਈ ਆਉਂਦੇ ਰਹਿੰਦੇ, ਨਵੇਂ ਖ਼ਤੀਬ ਮਸੀਤੇ,
ਦੱਸੋ ਕਿ ਅੱਜ ਵੀ. ਸੀ. ਆਰ ਤੇ, ਕਿਹੜੀ ਫ਼ਿਲਮ ਚਲਾਣੀ ।
ਹਮਦਰਦੀ ਦੇ ਫੋਕੇ ਬੋਲ ਵੀ, ਕੋਈ ਨਹੀਂ ਬੋਲ ਸੁਣਾਂਦਾ,
ਬੰਦਿਆਂ ਵਿੱਚੋਂ ਸ਼ਫ਼ਕਤ ਮੁੱਕੀ, ਮੁਖ਼ਲਸ ਰਹੇ ਨਾ ਹਾਣੀ ।
ਓਸੇ ਬੂਟੇ ਦੇ ਕੰਡਿਆਂ ਨੇ, ਪਿੰਡਾ ਮੇਰਾ ਪੱਛਿਆ,
ਮੈਂ ਜੀਹਨੂੰ ਪਰਵਾਨ ਚੜਾਇਆ, ਹੱਥੀਂ ਦੇ ਦੇ ਪਾਣੀ ।
ਕੰਨਾਂ ਵਿਚ ਹੁਣ ਰਸ ਨਾ ਘੋਲੇ, ਬੇਲੇ ਕੂਕਦੀ ਵੰਝਲੀ,
ਹੁਣ ਤੇ ਦਿਲ ਪਰਚਾਵਣ ਦੇ ਲਈ, ਟੇਪ ਦੁਬਈਉਂ ਆਣੀ ।
ਇਕ ਵਾਰੀ ਤੇ ਵਿਚ ਸ਼ਰੀਕਾਂ, ਤਰਥੱਲੀ ਪਾ ਦੇਸਾਂ,
ਭਾਂਡੇ ਵੇਚ ਕੇ 'ਜ਼ਖ਼ਮੀ' ਭਾਵੇਂ, ਪਵੇ ਕਿਤਾਬ ਛਪਾਣੀ ।
੩. ਦਰ-ਦਰ ਤੋਂ ਠੁਕਰਾਇਆ ਹੋਇਆ
ਦਰ-ਦਰ ਤੋਂ ਠੁਕਰਾਇਆ ਹੋਇਆ, ਜੋ ਮੇਰੇ ਦਰ ਆਇਆ ।
ਉਹੋ ਦਰਦ ਈ ਤੇ ਹੈ ਮੇਰੇ, ਜੀਵਨ ਦਾ ਸਰਮਾਇਆ ।
ਰਮਲਿਆਂ ਵਾਂਗੂੰ ਰਾਤੀਂ ਵੀ ਸਨ, ਆਸਾਂ ਟੇਵੇ ਲਾਏ,
ਕਿਸੇ ਵੀ ਆਕੇ ਮੇਰੇ ਘਰ ਦਾ, ਬੂਹਾ ਨਾ ਖੜਕਾਇਆ ।
ਮੇਰੀ ਬੇਵੱਸੀ ਨੂੰ ਦੇਖ ਫ਼ਰਿਸ਼ਤਿਆਂ ਦੇ 'ਪਰ' ਕੰਬੇ,
ਐਨਾ ਕਿਉਂ ਮਜਬੂਰ ਏ ਜੀਹਨੂੰ, ਖ਼ੁਦਮੁਖ਼ਤਾਰ ਬਣਾਇਆ ।
ਮੈਨੂੰ ਵੀ ਤੇ ਚੜ੍ਹਣਾ ਪੈਣੈ, ਹੁਣ ਰੀਤਾਂ ਦੀ ਸੂਲੀ,
ਪੱਥਰ ਜੱਗ ਦੀਆਂ ਪੱਥਰ ਰਸਮਾਂ, ਉਹਨੂੰ ਜਦ ਪਥਰਾਇਆ ।
ਮੇਰੀ ਆਸ ਦੇ ਸੁੱਤੇ ਬਾਲਕ, ਨੂੰ ਨਾ ਛੇੜੋ ਲੋਕੋ,
ਮੈਂ ਤੇ ਅੱਗੇ ਈ ਮਰ-ਮਿਟ ਕੇ, ਸੱਧਰਾਂ ਨੂੰ ਵਰਚਾਇਆ ।
ਅੱਚਨ-ਚੇਤੀ ਅੱਜ ਸਵੇਰੇ ਉਹ ਮੇਰੇ ਘਰ ਆਏ,
ਖ਼ਬਰੇ ਮੇਰੀਆਂ ਆਹਾਂ ਰਾਤੀਂ, ਰੱਬ ਦਾ ਅਰਸ਼ ਹਿਲਾਇਆ ।
ਮੇਰਾ ਨਾਂ ਵੀ 'ਜ਼ਖ਼ਮੀ' ਹੋਸੀਂ, ਉਦੋਂ ਉਹਨੇ ਦੱਸਿਆ,
ਬਚਪਨ ਵਿਚ ਇਕ ਪਾਂਡੇ ਨੂੰ ਮੈਂ ਜਦ ਸੀ ਹੱਥ ਵਿਖਾਇਆ ।
੪. ਸੋਚਣ ਵੇਲੇ ਕੁੱਝ ਨਾ ਸੋਚਿਆ
ਸੋਚਣ ਵੇਲੇ ਕੁੱਝ ਨਾ ਸੋਚਿਆ, ਹੁਣ ਕੀ ਸਾਈਆਂ ਸੋਚਾਂ ।
ਕੀ ਆਈਆਂ ਜੇ ਬੀਤੇ ਵੇਲੇ ਮੈਨੂੰ ਆਈਆਂ ਸੋਚਾਂ ।
ਕੋਕਾ ਕੋਲਾ ਪੀ ਪੀ ਕੇ ਵੀ ਦਿਲ ਦੀ ਡਾਂਝ ਨਾ ਲੱਥੀ,
ਸਿਖ਼ਰ ਦੁਪਹਿਰ ਦੇ ਰਾਹੀ ਵਾਂਗੂੰ, ਨੇ ਤਿਰਹਾਈਆਂ ਸੋਚਾਂ ।
ਗ਼ਮ ਦੇ ਬੱਦਲ ਗੂਹੜੇ ਹੋ ਕੇ, ਆਏ ਬੰਨ੍ਹ ਘਟਾਵਾਂ,
ਜਦ ਵੀ ਮੈਂ ਵੇਲੇ ਦੀ ਧੁੱਪੇ, ਸੁਕਣੀਆਂ ਪਾਈਆਂ ਸੋਚਾਂ ।
ਚੁਗ਼ਲੀ ਖ਼ੋਰੇ ਕਾਗ਼ਜ਼ ਉੱਤੋਂ, ਅੱਖਰ ਨਾ ਕੋਈ ਪੜ੍ਹ ਲਏ,
ਵਾ-ਵਰੋਲਿਆਂ ਉੱਤੇ ਲਿਖ ਕੇ, ਮੈਂ ਅਪੜਾਈਆਂ ਸੋਚਾਂ ।
ਰਾਤੀਂ ਚਿੱਠੀਆਂ ਲਿਖ-ਲਿਖ ਕੇ ਤੇ, ਕਾਗ਼ਜ਼ ਕਾਲੇ ਕੀਤੇ,
ਫ਼ਜਰੀਂ ਉੱਠ ਕੇ ਤੱਕਿਆ ਤੇ ਸੀ ਮੈਂ ਗ਼ਜ਼ਲਾਈਆਂ ਸੋਚਾਂ ।
ਮੈਂ ਸਾਂ ਕਮਲਾ, ਝੱਲਾ ਪਾਗਲ, ਸੁਰਤ ਵੰਜਾਈ ਫਿਰਦਾ,
ਜੀਵੇ ਮੁਰਸ਼ਦ ਕਾਮਿਲ 'ਜ਼ਖ਼ਮੀ' ਜਿਸ ਰੁਸ਼ਨਾਈਆਂ ਸੋਚਾਂ ।
੫. ਤੇਰੇ ਨੈਣਾਂ ਦੇ ਵਿਚ ਐਵੇਂ ਮੈਂ
ਤੇਰੇ ਨੈਣਾਂ ਦੇ ਵਿਚ ਐਵੇਂ ਮੈਂ ਆਪਣੀ ਜ਼ਿੰਦਗੀ ਡੋਬੀ ।
ਜਿਵੇਂ ਡੋਬੀ ਏ ਬੇੜੀ ਤੂੰ ਕਿਸੇ ਨਈਂ ਇੰਜ ਕਦੀ ਡੋਬੀ ।
ਨਾ ਛੱਡਿਆ ਦੁਨੀਆ ਜੋਗਾ ਨਾ ਛੱਡਿਆ ਦੀਨ ਦੇ ਕਾਬਿਲ,
ਓ ਬੁੱਤਾ! ਕੀ ਕਹਾਂ ਤੈਨੂੰ ਤੂੰ ਮੇਰੀ ਬੰਦਗੀ ਡੋਬੀ ।
ਸਗੋਂ ਕੁਝ ਭਾਰ ਹੌਲਾ ਕਰ ਗਈ ਏ ਰਾਹਜ਼ਨੀ ਤੇਰੀ,
ਮੇਰਾ ਕੀ ਵਿਗੜਿਆ ਜ਼ਾਲਿਮ ਤੂੰ ਆਪਣੀ ਰਾਹਬਰੀ ਡੋਬੀ ।
ਬੜੀ ਬੇਇਜ਼ਤੀ ਸੀ ਜੇ ਉਲਟ ਜਾਂਦੀ ਕਿਨਾਰੇ ਤੇ,
ਮੈਂ ਡੂੰਘੇ ਪਾਣੀਆਂ ਅੰਦਰ ਲਿਜਾ ਕੇ ਬੇਬਸੀ ਡੋਬੀ ।
ਲਉ ਮਨਜ਼ੂਰ ਹੈ ਦੋਹਾਂ ਧਿਰਾਂ ਦਾ ਫ਼ੈਸਲਾ ਮੈਨੂੰ,
ਕਿਸੇ ਦਾ ਹੱਥ ਸੀ ਬਰਸਰ ਮੈਂ ਆਪਣੇ ਆਪ ਈ ਡੋਬੀ ।
ਜੇ ਹੁਣ ਉਹ ਦੋਸਤੀ ਤੋੜੇ ਕੀ ਆਖਾਂ ਦੋਸਤੋ ਉਸ ਨੂੰ,
ਜ੍ਹਿਦੇ ਨੈਣਾਂ ਦੀ ਆਖ਼ਤ ਤੇ ਮੈਂ ਦਿਲ ਦੀ ਦੋਸਤੀ ਡੋਬੀ ।
੮. ਸ਼ਾਲਾ! ਕਦੇ ਨਾ ਵੇਖਾਂ ਉਹਨੂੰ
ਸ਼ਾਲਾ! ਕਦੇ ਨਾ ਵੇਖਾਂ ਉਹਨੂੰ, ਲੱਗਦੀਆਂ ਤੱਤੀਆਂ ਵਾਵਾਂ,
ਜਿਹੜੀ ਸੂਰਤ ਬਣ ਗਈ ਮੇਰੀਆਂ, ਨਜ਼ਮਾਂ ਦਾ ਸਿਰਨਾਵਾਂ ।
ਖ਼ਬਰੈ ਕਿਉਂ ਨੇ ਮੇਰੇ ਦਿਲ ਨੂੰ, ਵਹਿਮਾਂ ਦੇ ਜਿੰਨ ਚਿੰਬੜੇ,
'ਅੱਲ੍ਹਾ' ਜਾਣੇ ਲੰਘ ਆਇਆ ਸਾਂ, ਕਿੱਥੇ ਪੱਕੀਆਂ ਥਾਵਾਂ ।
ਆਪਣੇ ਬਣਦੇ ਸੁਖ ਵਿਚ ਸਾਂਝੀ, ਦਰਦ ਪਰਾਏ ਵੰਡਣ,
ਧੁੱਪਾਂ ਜੁੱਸੇ ਠਾਰਣ ਪਈਆਂ, ਤੱਤੀਆਂ ਲੱਗਣ ਛਾਵਾਂ ।
ਉਹਦੀਆਂ ਯਾਦਾਂ ਜਦ ਵੀ ਆਵਣ, ਇਕਲਾਪਾ ਜਦ ਡੰਗੇ,
ਆਪਣੀਆਂ ਬਾਹਵਾਂ ਨੂੰ ਮੈਂ ਆਪਣੇ ਗ਼ਮ ਦਾ ਹਾਰ ਬਣਾਵਾਂ ।
ਚੂੜੀ ਭੰਨ ਕੇ ਪਿਆਰ ਕਿਸੇ ਦਾ, ਕੋਈ ਨਾ ਅੱਜ ਕਢੇਂਦੀ,
ਨਾ ਕੋਈ ਚੂਰੀ ਪਾਉਂਦੀ ਅੱਜ ਬਨੇਰੇ ਬੈਠਿਆਂ ਕਾਵਾਂ ।
ਮੇਰੀ ਰਾਹ ਵਿਚ ਉਸੇ ਨੇ ਹਨ, ਕੰਡੇ ਅੱਜ ਖਿਲਾਰੇ,
ਜਿਸ ਦੀ ਖ਼ਾਤਰ ਮੈਂ ਆਪਣੇ ਗਲ ਪਾਈਆਂ ਲੱਖ ਬਲਾਵਾਂ ।
ਮੇਰੇ ਘਰ ਵਿਚ ਹਰ ਸ਼ੈ ਵਾਧੂ, 'ਜ਼ਖ਼ਮੀ' ਥੋੜ ਨਾ ਕੋਈ,
ਸੱਕਾਂ, ਸੱਧਰਾਂ, ਆਸਾਂ, ਰੀਝਾਂ, ਹੰਝੂ, ਹੌਕੇ, ਹਾਵਾਂ ।
੭. ਆਪਣੇ ਚਿਹਰੇ ਉੱਤੇ ਮੈਂ ਇਕ
ਆਪਣੇ ਚਿਹਰੇ ਉੱਤੇ ਮੈਂ ਇਕ ਖੌਲ ਚੜ੍ਹਾਈ ਰੱਖਣਾਂ ।
ਹਾਸਿਆਂ ਥੱਲੇ ਨਫ਼ਰਤ ਦੀ ਮੈਂ ਅੱਗ ਲੁਕਾਈ ਰੱਖਣਾਂ ।
ਪਾ ਲੈਨਾਂ ਵਾਂ ਆਪਣੇ ਗਲ ਵਿਚ ਆਪਣੀਆਂ ਹੀ ਬਾਹਵਾਂ,
ਚੇਤੇ ਕਰ ਕਰ ਉਹਦੀਆਂ ਯਾਦਾਂ ਵਕਤ ਟਪਾਈ ਰੱਖਣਾਂ ।
ਇੱਕੋ ਏ ਵਰਤਾਰਾ ਸਭ ਥੀਂ ਕੀ ਸੱਜਣ ਕੀ ਬੇਲੀ,
ਫੁੱਲਾਂ ਨਾਲ ਯਾਰਾਨਾ ਕੰਡਿਆਂ ਨਾਲ ਅਸ਼ਨਾਈ ਰੱਖਣਾਂ ।
ਉੱਚੀ ਨੀਵੀਂ ਗੱਲ ਜੇ ਹੋਵੇ ਚੁੱਪ ਕਰ ਕੇ ਸਹਿ ਜਾਨਾਂ,
ਏਸ ਤਰ੍ਹਾਂ ਵੀ ਯਾਰਾਂ ਦੇ ਨਾਲ ਸਾਂਝ ਨਿਭਾਈ ਰੱਖਣਾਂ ।
ਲੀਰ ਕਤੀਰਾਂ ਕਰ ਕੇ ਸੀਵਾਂ ਸੀਕੇ ਲੀਰਾਂ ਕਰਲਾਂ,
ਹੰਢਿਆ ਹੋਇਆ ਜੀਵਨ ਮੁੜ ਮੁੜ ਫੇਰ ਹੰਢਾਈ ਰੱਖਣਾਂ ।
ਰਚ ਗਿਆ ਏ ਸਾਡੇ ਜ਼ਿਹਨਾਂ ਵਿਚ ਕਰਨਾ ਦਿਖਲਾਵਾ,
ਝੂਠੀ ਸ਼ੋਭਾ ਦੇ ਲਈ ਸਿਰ ਤੇ ਕਰਜ਼ ਚੜ੍ਹਾਈ ਰੱਖਣਾਂ ।
ਜਿੱਥੋਂ ਤੀਕਣ ਝੁਕਿਆ ਜਾਵੇ ਝੁਕਦਾ ਰਹਿਣਾ 'ਜ਼ਖ਼ਮੀ',
ਨੀਵਾਂ ਹੋ ਕੇ ਉੱਚਿਆ ਤੇਰੀ ਸ਼ਾਨ ਵਧਾਈ ਰੱਖਣਾਂ ।