Punjabi Ghazals Irfan Sadiq

ਪੰਜਾਬੀ ਗ਼ਜ਼ਲਾਂ ਇਰਫ਼ਾਨ ਸਾਦਿਕ

1. ਸਮਝ ਨਾ ਆਵੇ ਕਿਹੜੀ ਗੱਲੋਂ, ਸ਼ਹਿਰ ਦੇ ਵਿੱਚ ਹਨੇਰਾ ਸੀ

ਸਮਝ ਨਾ ਆਵੇ ਕਿਹੜੀ ਗੱਲੋਂ, ਸ਼ਹਿਰ ਦੇ ਵਿੱਚ ਹਨੇਰਾ ਸੀ ।
ਭਰਿਆ ਹੋਇਆ, ਬਲਦੇ ਹੋਏ, ਦੀਵਿਆਂ ਨਾਲ ਬਨੇਰਾ ਸੀ ।

ਇੱਕ ਦੂਜੇ 'ਤੇ ਸੁੱਟਦੇ ਪਏ ਸਨ, ਲੋਕੀ ਭਾਰ ਗੁਨਾਹਾਂ ਦਾ,
ਖ਼ੌਰੇ ਬਰਛਾ ਕਿਧਰੋਂ ਚੱਲਿਆ, ਰਾਤੀਂ, ਬਹੁਤ ਹਨੇਰਾ ਸੀ ।

ਤਾਰੇ ਡਾਵਾਂ ਡੋਲ ਹੋਏ 'ਤੇ, ਨਿੰਮੀ ਪੈ ਗਈ ਚੰਨ ਦੀ ਲੋਅ,
ਇਹਨਾਂ ਸਾਹਵੇਂ ਚਮਕਣ ਵਾਲਾ, ਖ਼ੌਰੇ ਮੁੱਖੜਾ ਤੇਰਾ ਸੀ ।

ਕੱਲਮ ਕੱਲਾ ਸਮਝ ਰਿਹਾ ਸਾਂ, ਆਪਾ ਵਿੱਚ ਬਜ਼ਾਰਾਂ ਦੇ,
ਆਸੇ ਪਾਸੇ ਰੌਣਕ ਭਰਿਆ, ਭਾਵੇਂ ਚਾਰ-ਚੁਫ਼ੇਰਾ ਸੀ ।

ਅਪਣੇ ਸਾਧੂ ਹੋਣ ਦਾ 'ਸਾਦਿਕ' ਮਾਣ ਨਾ ਕਰੀਏ ਐਨਾਂ ਵੀ,
ਨੇਕੀ ਜੱਗ ਤੇ ਮਿਲੀ ਜ਼ਰਾ ਨਾ, ਬਦੀਆਂ ਦਾ ਹੀ ਡੇਰਾ ਸੀ ।

2. ਉਂਜ ਤੇ ਹਾੜ ਦੀ ਧੁੱਪੇ ਜੁੱਸਾ ਸੜਦਿਆਂ ਰਹਿਣਾ

ਉਂਜ ਤੇ ਹਾੜ ਦੀ ਧੁੱਪੇ ਜੁੱਸਾ ਸੜਦਿਆਂ ਰਹਿਣਾ ।
ਖ਼ਾਬਾਂ ਦੇ ਵਿੱਚ ਜੁਗਨੂੰ ਫੜਦਿਆਂ ਰਹਿਣਾ ।

ਜੱਗ ਦੀਆਂ ਉੱਠੀਆਂ ਰਾਹਵਾਂ ਦਾ ਸਾਹ ਘੁੱਟਣ ਖ਼ਾਤਰ,
ਹੱਥਾਂ ਉੱਤੇ ਦੀਵੇ ਵਾਂਗੂੰ ਬਲ਼ਦਿਆਂ ਰਹਿਣਾ ।

ਅਪਣੇ ਆਪ ਨੂੰ ਚੁੱਪ ਦੀ ਬੁਕਲ ਵਿੱਚ ਲੁਕਾ ਕੇ,
ਲਹੂ ਸੱਧਰਾਂ ਦਾ ਜੁੱਸੇ ਉੱਤੇ ਮਲ਼ਦਿਆਂ ਰਹਿਣਾ ।

ਮੈਂ ਇਹ ਵੱਲ ਸਮੁੰਦਰ ਕੋਲੋਂ ਸਿੱਖ ਲਿਆ ਏ,
ਅੰਦਰੋ-ਅੰਦਰੀ ਰੋਣਾ, ਉੱਤੋਂ ਹਸਦਿਆਂ ਰਹਿਣਾ ।

ਸ਼ਿਅਰ ਕਹਿਣ ਦਾ ਢੰਗ ਨੋਕੀਲਾ ਦੱਸੇ ਉਸਦਾ-
ਫੁੱਲਾਂ ਵਰਗੇ ਬੁੱਲ੍ਹ ਦਾ 'ਸਾਦਿਕ' ਕੰਬਦਿਆਂ ਰਹਿਣਾ ।

3. ਅੱਧੀ ਰਾਤ ਦੇ ਤਾਰਿਆਂ ਦੇ ਨਾਲ ਜ਼ਿਕਰ ਤੇਰੇ ਫਿਰ ਛੇੜੇ ਮੈਂ

ਅੱਧੀ ਰਾਤ ਦੇ ਤਾਰਿਆਂ ਦੇ ਨਾਲ ਜ਼ਿਕਰ ਤੇਰੇ ਫਿਰ ਛੇੜੇ ਮੈਂ ।
ਅਪਣੇ ਆਪ ਨੂੰ ਸਾੜਨ ਦੇ ਲਈ, ਛੇੜ ਲਿਆਂਦੇ ਜਿਹੜੇ ਮੈਂ ।

ਦਿਲ ਦੀ ਬੰਜਰ-ਧਰਤੀ ਉੱਤੇ, ਫੇਰ ਵੀ ਸੋਕੇ ਵਸਦੇ ਰਹੇ,
ਅੱਖੀਆਂ ਦੇ ਇਹ ਖੂਹ ਨੇ ਖ਼ੌਰੇ ਕਿੰਨੀ ਵਾਰੀ ਗੇੜੇ ਮੈਂ ।

ਕਿੰਜ ਬਚਾ ਕੇ ਸੂਲ਼ਾਂ ਕੋਲੋਂ ਰੱਖਾਂ ਕੂਲੜੇ ਪੈਰਾਂ ਨੂੰ ?
ਜੰਡ-ਫਲਾਹੀਆਂ ਲਾ ਲਈਆਂ ਨੇ, ਆਪ ਹੀ ਅਪਣੇ ਵਿਹੜੇ ਮੈਂ ।

ਤੂੰ ਕਿਉਂ ਝੱਲਿਆ ਕੋਲ ਆਵਣ ਤੋਂ ਐਵੇਂ ਡਰਦਾ ਫਿਰਨਾਂ ਏਂ ?
ਝੱਟ ਦਾ ਝੱਟ ਤੇ ਮਿਲਣੈਂ ਤੈਨੂੰ, ਸੱਪ ਕੱਢਣੇ ਨੇ ਕਿਹੜੇ ਮੈਂ ?

ਕਦੀ ਤੇ 'ਸਾਦਿਕ' ਮੰਜ਼ਿਲ ਵਧ ਕੇ ਮੈਨੂੰ ਸੀਨੇ ਲਾਵੇਗੀ,
ਵੇਲੇ ਦੇ ਇਸ ਸ਼ਹੁ-ਦਰਿਆ ਵਿੱਚ ਪਾ ਦਿੱਤੇ ਨੇ ਬੇੜੇ ਮੈਂ ।

4. ਕਦੀ ਤੇ ਗ਼ਾਲਿਬ ਆਵਾਂਗਾ ਮੈਂ ਏਸ ਹਨ੍ਹੇਰੇ ਉੱਤੇ

ਕਦੀ ਤੇ ਗ਼ਾਲਿਬ ਆਵਾਂਗਾ ਮੈਂ ਏਸ ਹਨ੍ਹੇਰੇ ਉੱਤੇ ।
ਦੀਵਾ ਬਾਲ ਕੇ ਰੱਖ ਦਿੰਦਾ ਵਾਂ ਰੋਜ਼ ਬਨੇਰੇ ਉੱਤੇ ।

ਦਿਲ ਕਰਦਾ ਏ ਅੱਖੀਆਂ ਦੇ ਵਿੱਚ, ਬੰਨ੍ਹ ਲਿਆਵਾਂ ਉਸਨੂੰ,
ਜੀਹਦੀਆਂ ਯਾਦਾਂ ਬੱਦਲਾਂ ਵਾਂਗੂੰ ਵੱਸਣ ਮੇਰੇ ਉੱਤੇ ।

ਮੈਂ ਆਸਾਂ ਦੇ ਡੂੰਘੇ ਖੂਹ ਵਿੱਚ ਡੁੱਬਦਾ-ਤਰਦਾ ਰਹਿਨਾਂ,
ਸਧਰਾਂ ਲਟ-ਲਟ ਲਾਟਾਂ ਮਾਰਨ, ਸੱਜਨਾ ! ਤੇਰੇ ਉੱਤੇ ।

ਖ਼ੌਰੇ ਤੇਜ਼ ਹਵਾਵਾਂ ਕਿੱਥੇ ਲੈ ਗਈਆਂ ਨੇ ਉਹਨੂੰ ?
ਜਿਹੜੀ ਠਾਹਰ ਬਣਾਈ ਸੀ ਮੈਂ ਰੱਖ ਬਨੇਰੇ ਉੱਤੇ ।

ਇੱਥੇ 'ਸਾਦਿਕ' ਕੋਈ ਨਹੀਂ ਤੱਕਦਾ ਗਲਮੇਂ ਝਾਤੀ ਪਾ ਕੇ,
ਸਾਰੇ ਝੱਗੇ ਪਾ ਦਿੰਦੇ ਨੇ, ਲੋਕ-ਲੁਟੇਰੇ ਉੱਤੇ ।

5. ਸੋਕੇ ਮਾਰੀਆਂ ਅੱਖਾਂ ਦੇ ਵਿੱਚ ਪਾਣੀ ਭਰਦੇ ਰਹਿੰਦੇ ਨੇ

ਸੋਕੇ ਮਾਰੀਆਂ ਅੱਖਾਂ ਦੇ ਵਿੱਚ ਪਾਣੀ ਭਰਦੇ ਰਹਿੰਦੇ ਨੇ ।
ਲਫ਼ਜ਼ਾਂ ਉਹਲੇ ਐਹਦ ਮਿਰੇ ਦੇ ਨੋਹੇ ਤਰਦੇ ਰਹਿੰਦੇ ਨੇ ।

ਕਮ-ਜ਼ਰਫ਼ੇ ਨੇ, ਜਿਹੜੇ ਸ਼ਿਕਵਾ ਕਰਦੇ ਨੇ, ਇਕ-ਦੂਜੇ ਦਾ,
ਹਿੰਮਤਾਂ ਵਾਲੇ ਆਪਣੀ ਹਿੱਕ 'ਤੇ ਸੱਟਾਂ ਜਰਦੇ ਰਹਿੰਦੇ ਨੇ ।

ਚੁੱਪ-ਚੁਪੀਤੇ ਆਵਾਜ਼ਾਂ ਦੇ ਜੰਗਲਾਂ ਵਿੱਚ ਫੁੱਟ-ਪਾਥਾਂ 'ਤੇ,
ਪੋਹ ਦੀਆਂ ਰਾਤਾਂ ਦੇ ਵਿੱਚ ਨੰਗੇ ਜੁੱਸੇ ਠਰਦੇ ਰਹਿੰਦੇ ਨੇ ।

ਤੂੰ ਕਿਉਂ ਅਪਣੇ ਦਿਲ ਦਾ ਇਹਨੂੰ ਸਾੜ ਬਣਾਈ ਬੈਠਾ ਏਂ ?
ਲੋਕ ਤਾਂ ਐਵੇਂ ਪਾਗਲਾਂ ਵਾਂਗੂੰ ਗੱਲਾਂ ਕਰਦੇ ਰਹਿੰਦੇ ਨੇ ।

ਕੈਸਾ ਖ਼ੌਫ਼ ਹੈ ਛਾਇਆ 'ਸਾਦਿਕ' ਮੇਰੇ ਪਿੰਡ ਦੇ ਲੋਕਾਂ 'ਤੇ,
ਅਪਣੇ ਹੀ ਪਰਛਾਵਿਆਂ ਕੋਲੋਂ ਆਪੇ ਡਰਦੇ ਰਹਿੰਦੇ ਨੇ ।

(ਐਹਦ=ਸਮਾਂ, ਕਮ-ਜ਼ਰਫ਼ੇ=ਤੰਗ ਸੋਚ ਵਾਲੇ)