Irshad Khokhar ਇਰਸ਼ਾਦ ਖੋਖਰ

ਨਾਂ: ਇਰਸ਼ਾਦ ਖੋਖਰ
ਕਲਮੀ ਨਾਂ: ਇਰਸ਼ਾਦ
ਪਿਤਾ ਦਾ ਨਾਂ: ਪਿਆਰਾ ਮਸੀਹ ਖੋਖਰ
ਜਨਮ ਸਥਾਨ: ਖਾਲਾ ਸ਼ਾਹ ਕਾਕੂ, ਜ਼ਿਲਾ ਸ਼ੇਖ਼ੂਪੁਰਾ
ਵਿਦਿਆ: ਦਸਵੀਂ
ਕਿੱਤਾ: ਸਰਕਾਰੀ ਨੌਕਰੀ
ਛਪੀਆਂ ਕਿਤਾਬਾਂ: ਦਿਲ ਦੀ ਬਿਨਤੀ (ਪੰਜਾਬੀ ਸ਼ਾਇਰੀ), ਹਾਸੇ ਹਾਸੇ ਵਿਚ (ਮਜ਼ਾਹੀਆ ਸ਼ਾਇਰੀ)
ਪਤਾ: ਲਾਹੌਰ ਕਾਲਜ ਯੂਨੀਵਰਸਿਟੀ, ਸ਼ਾਦਮਾਨ, ਲਾਹੌਰ।

ਪੰਜਾਬੀ ਗ਼ਜ਼ਲਾਂ (ਦਿਲ ਦੀ ਬਿਨਤੀ 2008 ਵਿੱਚੋਂ) : ਇਰਸ਼ਾਦ ਖੋਖਰ

1. ਇਕ-ਦੂਜੇ ਤੋਂ ਅਸੀਂ ਉਕਤਾਈ ਜਾਨੇਆਂ

ਇਕ-ਦੂਜੇ ਤੋਂ ਅਸੀਂ ਉਕਤਾਈ ਜਾਨੇਆਂ ।
ਇਕ-ਦੂਜੇ ਨੂੰ ਵਾਅ ਵੀ ਲਾਈ ਜਾਨੇਆਂ ।

ਸਾਡੇ ਵਿੱਚੋਂ ਸ਼ਰਮ ਹਿਆ ਸਭ ਮੁੱਕੀ ਏ,
ਅਪਣਿਆਂ ਉੱਤੇ ਬੰਬ ਚਲਾਈ ਜਾਨੇਆਂ ।

ਗ਼ੈਰ ਜ਼ੁਬਾਨਾਂ ਦੇ ਲਿਸ਼ਕਾਰੇ ਵਿਚ ਰਹਿ ਕੇ,
ਮਾਂ ਬੋਲੀ ਨੂੰ ਆਪ ਭੁਲਾਈ ਜਾਨੇਆਂ ।

ਜਿਹੜਾ ਇੱਕ ਨਜ਼ਰ ਵੀ ਸਾਨੂੰ ਦੇਖੇ ਨਾ,
ਉਹਦੀ ਰਾਹ ਵਿਚ ਨੈਣ ਵਿਛਾਈ ਜਾਨੇਆਂ ।

ਨਫ਼ਰਤ ਜਿੰਨੀ ਬਹੁਤੀ ਹੁਣ ਉਹ ਕਰਦਾ ਏ,
ਅਸੀਂ ਵੀ ਬਹੁਤਾ ਪਿਆਰ ਵਧਾਈ ਜਾਨੇਆਂ ।

ਏਸ ਕਲਹਿਣੀ ਦੌਲਤ ਲਈ 'ਇਰਸ਼ਾਦ' ਅਸੀਂ,
ਲਹੂ ਦੇ ਰਿਸ਼ਤੇ ਸਭ ਮੁਕਾਈ ਜਾਨੇਆਂ ।

2. ਲਾਲ ਤੋਂ ਚਿੱਟੇ ਹੋਏ ਨੇ

ਲਾਲ ਤੋਂ ਚਿੱਟੇ ਹੋਏ ਨੇ ਅਜ-ਕਲ ਲਹੂ ਭਰਾਵਾਂ ਦੇ ।
ਦੁਨੀਆਂ ਦਾਰੀ ਸੀਨੇ ਲਾਉਂਦੇ ਰਹਿ ਗਏ ਰਿਸ਼ਤੇ ਨਾਵਾਂ ਦੇ ।

ਬੀਵੀ ਤੇ ਬੱਚਿਆਂ ਦੀ ਖ਼ਾਤਰ ਇਕ ਦੂਜੇ ਨੂੰ ਮਾਰਣ ਪਏ,
ਗ਼ੈਰਾਂ ਤੋਂ ਵੀ ਗ਼ੈਰ ਹੋਏ ਨੇ ਪੁੱਤਰ ਸਕੀਆਂ ਮਾਵਾਂ ਦੇ ।

ਭੈਂਣ ਭਰਾ ਦਾ ਪਿਆਰ ਮੁਕਾ ਕੇ ਬਣੇ ਨੇ ਦੁਸ਼ਮਣ ਜਾਨਾਂ ਦੇ,
ਗਜ਼ ਗਜ਼ ਥਾਂ ਦੀ ਖ਼ਾਤਰ ਯਾਰੋ ਭੁੱਲਣ ਰਿਸ਼ਤੇ ਸਾਹਵਾਂ ਦੇ ।

ਆਪਸ ਦੇ ਵਿਚ ਲੜ-ਲੜ ਐਵੇਂ ਕੱਖੋਂ ਹੌਲੇ ਹੋ ਗਏ ਆਂ,
ਕੱਲ੍ਹ ਤੱਕ ਜਿਹੜੇ ਥੰਮ ਸਨ ਯਾਰੋ ਇਕ ਦੂਜੇ ਦੀਆਂ ਬਾਹਵਾਂ ਦੇ ।

ਇਕ ਦੂਜੇ ਦੀਆਂ ਖ਼ੈਰਾਂ ਜਿਹੜੇ ਰੱਬ ਸੱਚੇ ਤੋਂ ਮੰਗਦੇ ਸਨ,
ਰੋੜੇ ਬਣ ਗਏ ਨੇ 'ਇਰਸ਼ਾਦ' ਉਹ ਇਕ ਦੂਜੇ ਦੀਆਂ ਰਾਹਵਾਂ ਦੇ ।

3. ਹਾਲ ਕੁਚੱਜੇ ਬੰਦੇ ਨੂੰ ਵੀ

ਹਾਲ ਕੁਚੱਜੇ ਬੰਦੇ ਨੂੰ ਵੀ ਕੰਜਰਾਂ ਵਾਂਗ ਨਚਾਂਦੇ ਨੇ ।
ਕੰਮ ਜਿਹੜਾ ਨਹੀਂ ਕਰਨਾ ਚਾਹੁੰਦਾ ਉਹ ਵੀ ਕੰਮ ਕਰਾਂਦੇ ਨੇ ।

ਵੇਲੇ ਉੱਤੇ ਜ਼ੋਰ ਨਾ ਚੱਲੇ ਵੱਡੇ ਵੱਡੇ ਬੰਦਿਆਂ ਦਾ,
ਸ਼ੇਰਾਂ ਨੂੰ ਵੀ ਵੇਲੇ ਅਜ-ਕੱਲ ਬਕਰੀਆਂ ਨਾਲ ਬਿਠਾਂਦੇ ਨੇ ।

ਸੱਪ ਦਾ ਡੰਗਿਆ ਬਚ ਜਾਵੇ ਹਾਲਾਤ ਦਾ ਡੰਗਿਆ ਮੁਸ਼ਕਿਲ ਏ,
ਦੁਨੀਆਂ ਤੇ ਫਿਰਦੇ ਬੰਦੇ ਨੂੰ ਕਬਰਾਂ ਵਿਚ ਲੈ ਜਾਂਦੇ ਨੇ ।

ਰੱਬ ਕਿਸੇ ਵੈਰੀ ਨੂੰ ਵੀ ਹੁਣ ਭੁੱਖਾਂ ਦੇ ਵਸ ਪਾਵੇ ਨਾ,
ਭੁੱਖੇ ਬੱਚੇ ਰੋਂਦੇ ਦੇਖ ਕੇ ਮਾਪੇ ਜ਼ਹਿਰ ਵੀ ਖਾਂਦੇ ਨੇ ।

ਦੁਨੀਆਂ ਦਾਰੀ ਛੱਡ ਕੇ ਜਿਹੜੇ ਕਰਦੇ ਕੰਮ ਭਲਾਈਆਂ ਦੇ,
ਜੰਨਤ ਵਿਚ 'ਇਰਸ਼ਾਦ' ਉਹ ਲੋਕੀ ਆਪਣਾ ਘਰ ਬਣਾਂਦੇ ਨੇ ।

4. ਜ਼ੁਲਮ ਤੇ ਜ਼ੁਲਮ ਈ ਹੋਈ ਜਾਂਦੈ

ਜ਼ੁਲਮ ਤੇ ਜ਼ੁਲਮ ਈ ਹੋਈ ਜਾਂਦੈ ।
ਹਰ ਬੰਦਾ ਈ ਰੋਈ ਜਾਂਦੈ ।

ਵੇਖ ਲਵੋ ਜੀ ਮਾੜੇ ਕੋਲੋਂ,
ਤਕੜਾ ਖ਼ੁਸ਼ੀਆਂ ਖੋਈ ਜਾਂਦੈ ।

ਬਾਗ਼ਾਂ ਵਿਚ ਉਦਾਸੀ ਛਾਈ,
ਮਾਲੀ ਫੁੱਲ ਮਧੋਈ ਜਾਂਦੈ ।

ਥਾਂ-ਥਾਂ ਡਾਕੇ ਵੱਜਦੇ ਪਏ ਨੇ,
ਸਾਡਾ ਹਾਕਮ ਸੋਈ ਜਾਂਦੈ ।

ਵੇਖ ਕੇ ਮੇਰੀ ਪਤਲੀ ਹਾਲਤ,
ਯਾਰ ਵੀ ਬੂਹਾ ਢੋਈ ਜਾਂਦੈ ।

ਉਹ ਭੋਰਾ ਵੀ ਤਰਸ ਨਹੀਂ ਕਰਦਾ,
ਬੱਕਰੇ ਵਾਂਗੂੰ ਕੋਹੀ ਜਾਂਦੈ ।

ਮੈਂ ਪਿਆਰਾਂ ਦੇ ਬੂਟੇ ਲਾਵਾਂ,
ਉਹ ਨਫ਼ਰਤ ਹੀ ਬੋਈ ਜਾਂਦੈ ।

ਝੂਠ ਇਰਸ਼ਾਦ ਅੱਜ ਸਾਰੇ ਬੋਲਣ,
ਸੱਚ ਦੁਨੀਆ ਤੇ ਮੋਈ ਜਾਂਦੈ ।

5. ਜੀਣ ਦਾ ਹੁਨਰ ਸਿਖਾਦੇ ਯਾਰਾ

ਜੀਣ ਦਾ ਹੁਨਰ ਸਿਖਾਦੇ ਯਾਰਾ ।
ਸੁੱਤੀ ਨਬਜ਼ ਚਲਾਦੇ ਯਾਰਾ ।

ਸੁੱਤੇ ਲੇਖ ਵੀ ਜਾਗਣ ਮੇਰੇ,
ਦਿਲ ਦੀ ਝੋਲੀ ਪਾਦੇ ਯਾਰਾ ।

ਆਪਣੇ ਨਖ਼ਰੇ ਨਾਜ਼ ਦੇ ਪਾਰੋਂ,
ਉਜੜੀ ਸੇਜ ਸਜਾਦੇ ਯਾਰਾ ।

ਦਿਲ ਦੇ ਖ਼ਾਲੀ ਗਮਲੇ ਅੰਦਰ,
ਸੋਹਣੇ ਫੁੱਲ ਉਗਾਦੇ ਯਾਰਾ ।

ਬਹਿ ਕੇ ਨੇੜੇ ਦੋ ਘੜੀਆਂ ਤੱਕ,
ਪੂਰੀ ਗ਼ਜ਼ਲ ਕਰਾਦੇ ਯਾਰਾ ।

ਸੀਨੇ ਨਾਲ 'ਇਰਸ਼ਾਦ' ਨੂੰ ਲਾ ਕੇ,
ਜਿੰਦ ਦੇ ਰੋਗ ਮੁਕਾਦੇ ਯਾਰਾ ।

6. ਜ਼ੁਲਮਾਂ ਨਾਲ ਟਕਰਾਣਾ ਸਿੱਖ

ਜ਼ੁਲਮਾਂ ਨਾਲ ਟਕਰਾਣਾ ਸਿੱਖ ।
ਆਪਣੀ ਜਾਨ ਬਚਾਣਾ ਸਿੱਖ ।

ਯਾਰ ਹਿਆਤੀ ਚਾਰ ਦਿਹਾੜੇ,
ਕੰਮ ਕਿਸੇ ਦੇ ਆਣਾ ਸਿੱਖ ।

ਦਿਲ ਚੋਂ ਨਫ਼ਰਤ ਕੱਢ ਕੇ ਸਾਰੀ,
ਦਿਲ ਵਿਚ ਪਿਆਰ ਵਸਾਣਾ ਸਿੱਖ ।

ਦੁੱਖਾਂ ਕੋਲੋਂ ਬਚਣਾ ਜੇ ਤੂੰ,
ਹੱਕ-ਹਲਾਲੀ ਖਾਣਾ ਸਿੱਖ ।

ਜੰਨਤ ਵਿਚ ਘਰ ਮਿਲ ਜਾਵੇਗਾ,
ਵਿਛੜੇ ਲੋਕ ਮਿਲਾਣਾ ਸਿੱਖ ।

ਜਿੰਦ ਕੱਲਿਆਂ 'ਇਰਸ਼ਾਦ' ਨਾ ਲੰਘੇ,
ਰੁੱਸਿਆ ਯਾਰ ਮਨਾਣਾ ਸਿੱਖ ।