Karam Ali Kaifi
ਕਰਮ ਅਲੀ ਕੈਫ਼ੀ

ਨਾਂ-ਚੌਧਰੀ ਕਰਮ ਅਲੀ, ਕਲਮੀ ਨਾਂ-ਕੈਫ਼ੀ ਜੀ,
ਪਿਤਾ ਦਾ ਨਾਂ-ਸ਼ਾਹਿਬਜ਼ਾਦਾ ਹਕੀਮ ਰਹੀਮ ਬਖ਼ਸ਼,
ਜਨਮ ਵਰ੍ਹਾ-1952, ਜਨਮ ਸਥਾਨ-ਪਾਕਪਟਨ ਸ਼ਰੀਫ਼,
ਵਿਦਿਆ-ਐਫ਼. ਏ., ਕਿੱਤਾ-ਵਪਾਰ,
ਛਪੀਆਂ ਕਿਤਾਬਾਂ, ਮਨਠਾਰ (ਪੰਜਾਬੀ ਨਾਅਤੀਆ ਸ਼ਾਇਰੀ), ਸੋਚਾਂ ਦੀ ਖ਼ੁਸ਼ਬੂ (ਪੰਜਾਬੀ ਗ਼ਜ਼ਲਾਂ), ਡੋਡੀਆਂ ਗੁਲਾਬ ਦੀਆਂ (ਪੰਜਾਬੀ ਨਜ਼ਮਾਂ),
ਪਤਾ-ਅਰਾਈਂ ਘਰ, ਚੌਧਰੀ ਮਾਰਕੀਟ, 66/26 ਸਈਦਾਬਾਦ, ਪੀਰ ਗ਼ਨੀ ਰੋਡ, ਪਾਕਪਟਨ ਸ਼ਰੀਫ਼ ।

ਪੰਜਾਬੀ ਗ਼ਜ਼ਲਾਂ (ਸੋਚਾਂ ਦੀ ਖ਼ੁਸ਼ਬੂ 2009 ਵਿੱਚੋਂ) : ਕਰਮ ਅਲੀ ਕੈਫ਼ੀ

Punjabi Ghazlan (Sochan Di Khushbu 2009) : Karam Ali Kaifiਸਾਰਿਆਂ ਰੰਗਾਂ ਵਿੱਚੋਂ ਵੱਖਰਾ ਸਾਡਾ ਰੰਗ

ਸਾਰਿਆਂ ਰੰਗਾਂ ਵਿੱਚੋਂ ਵੱਖਰਾ ਸਾਡਾ ਰੰਗ । ਸ਼ੇਅਰ ਕਹਿਣ ਦਾ ਆਪਣਾ ਲਹਿਜ਼ਾ ਆਪਣਾ ਢੰਗ । ਅਰਬ ਪਤੀ ਨਾਲ ਬਹਿਣਾ ਪਰ ਪਿੱਛੇ ਨਹੀਂ ਭੱਜਣਾ, ਘਰ ਵਿਚ ਪਿਉ ਦਾਦੇ ਦਾ ਵਿਰਸਾ ਆਪਣੇ ਸੰਗ । ਰਿਸ਼ਤਾ ਉਹੋ ਅਸਲੀ ਜੀਹਨੂੰ ਦੁਨੀਆਂ ਮੰਨੇ, ਰਹੇ ਸਲਾਮਤ ਜੋ ਬਾਂਹ ਵਿਚ ਉਹ ਮੇਰੀ ਮੰਗ । ਭੱਠਾ ਬੈਠ ਗਿਆ ਅੰਦਰੋਂ ਕਿਰਦਾਰਾਂ ਦਾ, ਬਾਹਰ ਦੀ ਝੂਠੀ ਸ਼ੋਭਾ ਨਾਲ ਏ ਖੁੱਲ੍ਹੀ ਜੰਗ । ਉਮਰਾਂ ਲੰਮੀਆਂ ਮੰਗਦਾ ਨਹੀਂ ਬਸ ਜੀਣਾ ਚਾਹੁਨਾ, ਇੱਜ਼ਤ ਵਿਚ ਲੰਘ ਜਾਵੇ ਬਸ ਹੁਣ ਇੱਕੋ ਡੰਗ । ਦਿਲ ਨੂੰ ਚੰਗੀ ਲਗਦੀ ਸ਼ਰਮ-ਹਿਆ ਦੀ ਦੇਵੀ, ਆਪਣੇ ਤੋਂ ਜੋ ਸੰਗੇ ਚਾਹਵਾਂ ਉਹਦਾ ਸੰਗ । ਦੂਜੇ ਮੁਲਕ ਵੀ ਜਾ ਕੇ ਮੈਂ ਨੀਵਾਂ ਨਹੀਂ ਹੁੰਦਾ, ਮੇਰੇ ਕੱਪੜੇ ਵਡਿਆਈ ਏ ਮੇਰਾ ਢੰਗ । ਹਰ ਸ਼ੈ ਮਿਲਦੀ 'ਕੈਫ਼ੀ ਜੀ' ਮੈਂ ਜੋ ਨਹੀਂ ਮੰਗਦਾ, ਵੇਲੇ ਤੋਂ ਪਰ ਖੋਹਣੀ ਚਾਹੁਣਾ ਆਪਣੀ ਮੰਗ ।

ਰੁੱਖ ਥੱਲੇ ਜਦ ਯਾਦ ਦੇ ਦੀਵੇ ਖੋਲ੍ਹੇ ਸੀ

ਰੁੱਖ ਥੱਲੇ ਜਦ ਯਾਦ ਦੇ ਦੀਵੇ ਖੋਲ੍ਹੇ ਸੀ । ਪੱਤਰ ਉਹਦੀਆਂ ਗੱਲਾਂ ਵਾਂਗਰ ਬੋਲੇ ਸੀ । ਇੰਜ ਲੱਗਿਆ ਪਈ ਅੰਨ੍ਹਾਂ ਪਿਆਰ ਉਹ ਕਰਦਾ ਏ, ਉਹਦੀਆਂ ਅੱਖਾਂ ਚੋਂ ਜਦ ਹਾਸੇ ਬੋਲੇ ਸੀ । ਸਾਇੰਸੀ ਦੌਰ ਦੇ ਵਿਚ ਵੀ ਇਹ ਗੱਲ ਸੱਚੀ ਏ, ਸ਼ਾਇਰਾਂ ਨੇ ਈ ਭੇਤ ਦਿਲਾਂ ਦੇ ਖੋਲ੍ਹੇ ਸੀ । ਰੋਟੀ ਉਨ੍ਹਾਂ ਵੀ ਨਾ ਦਿੱਤੀ ਮਾਂਗਤ ਨੂੰ, ਘਰ ਵਿਚ ਭਰੇ ਜਿਨ੍ਹਾਂ ਦੇ ਕਣਕ ਭੜੋਲੇ ਸੀ, ਮਿਤਰਾਂ ਯਾਰਾਂ ਨੇ ਖ਼ਵਰੇ ਕਿਉਂ ਮੇਰੇ ਚਾਅ, ਵੈਰੀਆਂ ਵਾਂਗੂੰ ਪੈਰਾਂ ਵਿਚ ਮਧੋਲੇ ਸੀ । ਸਦੀ ਪੁਰਾਣੀ ਸੂਰਤ ਲੱਗੇ ਅੱਜ ਦੀ ਸੀ, ਜਿਸ ਵਿਚ ਸ਼ਾਹਵਾਂ ਦੇ ਨਾਲ ਚਮਚੇ ਗੋਲੇ ਸੀ । ਮੂੰਹ ਮੇਰੇ ਤੇ ਕਾਲਖ ਉਹ ਵੀ ਮਲਦਾ ਏ, ਜਿਸ ਦੇ ਲਹੂ ਵਿਚ ਪਿਆਰ ਦੇ ਜਜ਼ਬੇ ਘੋਲੇ ਸੀ । ਗ਼ੈਰ ਵੀ ਦਿਲ ਵਿਚ ਹਰ ਵੇਲੇ ਪਏ ਪੜ੍ਹਦੇ ਨੇ, 'ਕੈਫ਼ੀ ਜੀ' ਦੇ ਲਿੱਖੇ ਜਿਹੜੇ ਢੋਲੇ ਸੀ ।

ਵੇਹੜੇ ਦੇ ਵਿਚ ਕੰਧ ਬਣਾਈ ਬੈਠੇ ਨੇ

ਵੇਹੜੇ ਦੇ ਵਿਚ ਕੰਧ ਬਣਾਈ ਬੈਠੇ ਨੇ । ਵੇਖੋ ਸੱਜਣ ਵੰਡੀਆਂ ਪਾਈ ਬੈਠੇ ਨੇ । ਉਹੋ ਰੁਸ਼ਵਾ ਹੋ ਗਏ ਵਿੱਚ ਜ਼ਮਾਨੇ ਦੇ, ਜਿਹੜੇ ਆਪਣਾ ਦੀਨ ਭੁਲਾਈ ਬੈਠੇ ਨੇ । ਉਹੋ ਖ਼ੈਰਾਂ ਮੰਗਦੇ ਦੇਖੇ ਰੱਬ ਕੋਲੋਂ, ਲੁੱਟ ਕੇ ਜਿਹੜੇ ਯਾਰ ਖ਼ੁਦਾਈ ਬੈਠੇ ਨੇ । ਰੱਬ ਜਾਣੇ ਕੀ ਦੁੱਖ ਉਨ੍ਹਾਂ ਨੂੰ ਹੋਇਆ ਏ, ਜਿਹੜੇ ਅੱਖ ਚੋਂ ਨੀਰ ਵਗਾਈ ਬੈਠੇ ਨੇ । ਧਰਤੀ ਤੇ ਜੋ ਮੰਗਦੇ ਚਾਨਣ ਖ਼ਲਕਤ ਲਈ, ਦੀਵੇ ਲਹੂ ਦੇ ਨਾਲ ਜਲਾਈ ਬੈਠੇ ਨੇ । ਰੱਬ ਉਨ੍ਹਾਂ ਨੂੰ ਇਕ ਦਿਨ ਸੁੱਖ ਵਿਖਾਵੇਗਾ, ਪੰਡ ਗ਼ਮਾਂ ਦੀ ਜਿਹੜੇ ਚਾਈ ਬੈਠੇ ਨੇ । ਜੀਹਨਾਂ ਏਥੇ ਕੀਤੇ ਕੰਮ ਭਲਾਈ ਦੇ, ਕਰਕੇ ਇੱਜ਼ਤ ਦੂਣ-ਸਵਾਈ ਬੈਠੇ ਨੇ । ਸੋਚਾਂ ਦਾ ਮੁੱਲ ਉਨ੍ਹਾਂ ਕੋਲੋਂ ਪੁੱਛ 'ਕੈਫ਼ੀ' ਅੱਖਰਾਂ ਨਾਲ ਜੋ ਯਾਰੀ ਲਾਈ ਬੈਠੇ ਨੇ ।

ਮਿੱਟੀ ਹੋ ਗਏ ਦੱਬੇ ਬੰਡਲ

ਮਿੱਟੀ ਹੋ ਗਏ ਦੱਬੇ ਬੰਡਲ ਨੋਟਾਂ ਦੇ । ਜਿਸ ਵੇਲੇ ਵੀ ਟੋਟੇ ਖਿਲਰੇ ਵੋਟਾਂ ਦੇ । ਕਿਸਰਾਂ ਲੱਭ ਜਾਂਦੇ ਦਾਣੇ ਮਸਕੀਨਾਂ ਨੂੰ, ਮੂੰਹ ਖੁੱਲ੍ਹੇ ਨੇ ਵੱਡਿਆਂ ਵੱਡਿਆਂ ਪੋਟਾਂ ਦੇ । ਕਦੀ ਉਪਾਅ ਨਾ ਕੀਤਾ ਲੋਕਾਂ ਪੀੜਾਂ ਦਾ, ਨੀਲੇ ਜੁੱਸੇ ਹੋ ਗਏ ਗੁੱਝੀਆਂ ਚੋਟਾਂ ਦੇ । ਮੈਂ ਜੁਸੇ ਦੇ ਬਦਲ ਲਏ ਸਭ ਲੀੜੇ ਵੀ, ਪਰ ਬੱਚੇ ਆਦੀ ਨੇ ਟਾਈਆਂ ਕੋਟਾਂ ਦੇ । ਚਿੜੀਆਂ ਵੀ ਖਾਧਾ ਏ ਦਾਣਾ ਬੱਚਿਆਂ ਦਾ, ਜਦ ਪਰ ਨਿਕਲੇ ਆਲ੍ਹਣਿਆਂ ਵਿਚ ਬੋਟਾਂ ਦੇ । ਖ਼ੁਸ਼ੀਆਂ ਵਾਲੀਆਂ ਰੀਤਾਂ ਉਡ-ਪੁਡ ਗਈਆਂ ਨੇ, ਸੁਫ਼ਨੇ ਹੋ ਗਏ ਪੈਸੇ ਲੁੱਟਣੇ ਸੋਟਾਂ ਦੇ । ਬੱਚੇ ਮੇਰੇ ਕਦੀ ਖਿਡੌਣੇ ਮੰਗਦੇ ਨਈਂ, ਉਹ ਵੀ ਆਸ਼ਿਕ ਨੇ ਹੁਣ ਹਰਿਆਂ ਨੋਟਾਂ ਦੇ । ਸਭ ਸੁਨਿਆਰਿਆਂ ਸਿਰ ਫੜ ਲਏ ਨੇ ਕੈਫ਼ੀ ਜੀ, ਦਰ ਲੱਗੇ ਜਦ ਸੋਨੇ ਲੱਗੀਆਂ ਖੋਟਾਂ ਦੇ ।

ਊਚੀ ਕੁਰਸੀ ਬੈਠੇ ਲੀਡਰ

ਊਚੀ ਕੁਰਸੀ ਬੈਠੇ ਲੀਡਰ ਪਿਆਰ ਜਿਤਾਂਦੇ । ਦੇਸ ਨੂੰ ਛੱਡ ਕੇ ਦੌਲਤ ਬਦਲੇ ਸਾਥ ਨਿਭਾਂਦੇ । ਆਪਣੀ ਧਰਤੀ ਉੱਤੇ ਕਦਮ ਨਾ ਰੱਖਣ ਵਾਲੇ, ਕੌਮ ਨੂੰ ਵਿਚ ਖ਼ਿਆਲਾਂ ਅੰਬਰਾਂ ਤੀਕ ਅਪੜਾਂਦੇ । ਅਮਨ ਸਕੂਨ ਦੇ ਨਾਅਰੇ ਲਾ ਲਾ ਅੱਜ ਦੇ ਆਗੂ, ਸਦੀਆਂ ਦੇ ਵਸਦੇ ਸ਼ਹਿਰਾਂ ਨੂੰ ਅੱਗਾਂ ਲਾਂਦੇ । ਸਰਹੱਦਾਂ ਦੇ ਰਾਖੇ ਸਿਆਸੀ ਚੁਸਕੀਆਂ ਪਾਰੋਂ, ਚੰਗੀ ਭਲੀ ਕੌਮ ਨੂੰ ਪੁੱਠੇ ਰਸਤੇ ਪਾਂਦੇ । ਪਰ੍ਹਿਆ ਦੇ ਵਿਚ ਬਹਿੰਦੇ ਝੂਠੀ ਇੱਜ਼ਤ ਖ਼ਾਤਰ, ਨਾਲ ਦੇ ਦੁਸ਼ਮਣ ਨਾਲ ਵੀ ਆਗੂ ਹੱਥ ਮਿਲਾਂਦੇ । ਹੁਸਨ ਅਖ਼ਲਾਕ ਤੋਂ ਆਰੀ ਕੋਝਾਂ ਵਾਲੇ ਮੁਖੜੇ, ਵੇਖੇ ਆਪਣੇ ਚਿਹਰੇ ਗ਼ਾਜ਼ੀਆਂ ਨਾਲ ਸਜਾਂਦੇ । ਦੀਵਾ ਆਜ਼ਾਦੀ ਦਾ ਫੜ ਕੇ ਆਪੇ ਹਾਕਮ, ਪੱਖੇ ਝੱਲ ਝੱਲ ਫੂਕਾਂ ਮਾਰ ਕੇ ਆਪ ਬੁਝਾਂਦੇ । ਅੱਜ ਇਨਸਾਨ ਬਣੇ 'ਕੈਫ਼ੀ ਜੀ' ਪਸ਼ੂਆਂ ਵਾਂਗੂੰ, ਮਿਤਰਾਂ ਦਾ ਹੱਡਾਂ ਤੋਂ ਖਿੱਚ ਖਿੱਚ ਮਾਸ ਵੀ ਖਾਂਦੇ ।

ਦੀਵੇ ਘੁੱਪ ਹਨੇਰੇ ਕਿਹੜਾ ਬਾਲੇਗਾ

ਦੀਵੇ ਘੁੱਪ ਹਨੇਰੇ ਕਿਹੜਾ ਬਾਲੇਗਾ । ਸਾਡੇ ਆਲ-ਦੁਆਲੇ ਕੌਣ ਉਜਾਲੇਗਾ । ਫ਼ਿਕਰਾਂ ਵਧੀਆਂ ਏਸ ਤਰ੍ਹਾਂ ਜੰਗ ਜਿੱਤ ਕੇ ਵੀ, ਜਿੱਤੇ ਹੋਏ ਇਲਾਕੇ ਕੌਣ ਸੰਭਾਲੇਗਾ । ਜਾਅਲੀ ਸਿੱਕੇ ਕਿਸਰਾਂ ਬੰਦ ਹੋ ਸਕਦੇ ਨੇ, ਸੱਚ ਦੇ ਸਿੱਕੇ ਕਿਹੜਾ ਅੱਗੋਂ ਢਾਲੇਗਾ । ਸਾਡੀ ਸੁਲਾਹ ਤੇ ਅੱਜ ਵੈਰੀ ਨਾਲ ਹੋ ਗਈ ਏ, ਕੱਲ੍ਹ ਸਾਡੇ ਐਬਾਂ ਨੂੰ ਕੌਣ ਉਛਾਲੇਗਾ । ਪਰ੍ਹਿਆ ਦਾ ਕਾਨੂੰਨ ਅਜ ਮਿੱਥਿਆ ਲੋਕਾਂ ਨੇ, ਬੰਦਾ ਹਰ ਕਰਜ਼ੇ ਨੂੰ ਕੱਲ੍ਹ ਤੇ ਟਾਲੇਗਾ । ਕਿੱਥੇ ਹੁਣ ਉਹ ਸ਼ਾਇਰ ਜਿਹੜਾ ਫ਼ਨ ਪਾਰੋਂ, ਆਪਣਾ ਸ਼ਿਅਰ ਆਪਣੀ ਭੱਠੀ ਵਿਚ ਗਾਲੇਗਾ । ਦੱਸੋ ਮੱਕੇ ਜਾ ਕੇ ਕਿਹੜਾ ਤੁਹਾਡੇ ਚੋਂ, ਆਪਣਾ ਅੰਦਰ ਜ਼ਮ ਜ਼ਮ ਨਾਲ ਹੰਘਾਲੇਗਾ । ਉਹ ਪਿਆਰਾ ਤੇ ਤੁਰ ਗਿਆ ਏਥੋਂ 'ਕੈਫ਼ੀ ਜੀ', ਮੁਸਤਕਬਿਲ ਨੂੰ ਜਿਹੜਾ ਦੇਖੇ-ਭਾਲੇਗਾ ।

ਤੱਕਿਆ ਚੌਦਾਂ ਦਿਨ ਦਾ ਚੰਨ

ਤੱਕਿਆ ਚੌਦਾਂ ਦਿਨ ਦਾ ਚੰਨ ਦਿਲ ਫੜਕ ਪਿਆ । ਪਿਆਰਿਆਂ ਦਾ ਦੀਦਾਰ ਅੱਖਾਂ ਵਿਚ ਰੜਕ ਪਿਆ । ਦੋਹਾਂ ਨੇ ਇਕ ਰੁੱਖ ਉੱਤੇ ਨਾ ਲਿਖਿਆ ਸੀ, ਖੁਰਚਿਆ ਨਾਂ ਤੇ ਰੁੱਖ ਦਾ ਪੱਤਾ ਖੜਕ ਪਿਆ । ਚੰਨ ਜਿਹਾ ਸੋਹਣਾ ਮੁਖੜਾ ਦੇਖ ਕੇ ਇਸ਼ਕ ਮਿਰਾ, ਬੁੱਢੇ ਵੇਲੇ ਮੁੰਡਿਆਂ ਵਾਂਗੂੰ ਭੜਕ ਪਿਆ । ਤੜਫ਼ ਤੜਫ਼ ਕੇ ਮਰ ਗਿਆ ਕਿਸੇ ਵੀ ਚੁੱਕਿਆ ਨਾਂ, ਸਾਰੇ ਆ ਗਏ ਵੇਖਣ ਮੁਰਦਾ ਸੜਕ ਪਿਆ । ਜਿਸ ਦਿਨ ਗੋਲੀ ਬੰਬ ਦੀ ਨਾ ਠਾਹ ਠਾਹ ਹੋਈ, ਉਸ ਦਿਨ ਬਿਜਲੀ ਚਮਕੀ ਬੱਦਲ ਕੜਕ ਪਿਆ । ਨਿੱਕੀ ਜਿਹੀ ਇਕ ਗੱਲ ਤੇ ਪੱਕੇ ਸੰਗੀ ਨੇ, ਤੋੜਿਆ ਸੰਗ ਕਦੀਮੀ ਐਵੇਂ ਭੜਕ ਪਿਆ । ਲਿਖਦਾ ਲਿਖਦਾ ਕਦੀ ਨਾ ਥੱਕਿਆ 'ਕੈਫ਼ੀ ਜੀ', ਪਰ ਰੁੱਸੇ ਦੇ ਨਾ ਤੇ ਪੈਨ ਵੀ ਅੜਕ ਪਿਆ ।