Watan De Lal Kavi Panchhi

ਵਤਨ ਦੇ ਲਾਲ ਕਵੀ ਪੰਛੀ

ਵਤਨ ਦੇ ਲਾਲ

ਜਿਨ੍ਹਾਂ ਸੀਸ ਮੁਲਕ 'ਤੋਂ ਵਾਰੇ
ਮਰਨੋਂ ਮੂਲ ਨਾ ਡਰਦੇ ਨੇ ।
ਰਾਜਗੁਰੂ, ਭਗਤ, ਸੁਖਦੇਵ
ਖੁਸ਼ੀ ਨਾਲ ਫਾਂਸੀ ਚੜ੍ਹਦੇ ਨੇ ।

ਬਣਕੇ ਦੇਸ਼ ਦੇ ਪਿਆਰੇ
ਸੀਸ ਦੇਸ਼ ਉੱਤੋਂ ਵਾਰੇ
ਸਿਰ 'ਤੇ ਲੱਖਾਂ ਕਸ਼ਟ ਸਹਾਰੇ
ਅੱਗੇ ਹੋ ਮੱਦਦ ਕਰਦੇ ਨੇ ।
ਜਿਨ੍ਹਾਂ ਸੀਸ ਮੁਲਕ 'ਤੋਂ ਵਾਰੇ
ਮਰਨੋਂ ਮੂਲ ਨਾ ਡਰਦੇ ਨੇ ।

ਹਿੰਦ ਵਿਚ ਕਈ ਬਹਾਦਰ ਤੱਕੇ
ਜਿਨ੍ਹਾਂ ਸੀਸ ਤਲੀ 'ਤੇ ਰੱਖੇ
ਅਪਨੇ ਧਰਮ ਉੱਤੇ ਹਨ ਪੱਕੇ
ਖੁਸ਼ੀ ਨਾਲ ਖੁਸ਼ ਹੋ ਮਰਦੇ ਨੇ ।
ਜਿਨ੍ਹਾਂ ਸੀਸ ਮੁਲਕ 'ਤੋਂ ਵਾਰੇ
ਮਰਨੋਂ ਮੂਲ ਨਾ ਡਰਦੇ ਨੇ ।

ਜਿਨ੍ਹਾਂ ਮਰਨਾ ਸੱਚ ਕਰ ਜਾਨਾ
ਉਨ੍ਹਾਂ ਬੱਧਾ ਮੌਤ ਦਾ ਗਾਨਾ
ਗਲ ਵਿਚ ਪਾ ਕੇ ਸ਼ਹੀਦੀ ਬਾਣਾ
ਮੌਤ ਦੀ ਘੋੜੀ ਚੜ੍ਹਦੇ ਨੇ ।
ਜਿਨ੍ਹਾਂ ਸੀਸ ਮੁਲਕ 'ਤੋਂ ਵਾਰੇ
ਮਰਨੋਂ ਮੂਲ ਨਾ ਡਰਦੇ ਨੇ ।

ਸੁਣ ਲੌ ਸਤਵੰਜਾ ਦਾ ਹਾਲ
ਭਾਰਤ ਮਾਤਾ ਦੇ ਜੋ ਲਾਲ
ਵਾਹ ! ਵਾਹ ! ਕਰ ਗਏ ਖੇਲ ਕਮਾਲ
ਉਹ ਸੱਚਾ ਸੌਦਾ ਕਰਦੇ ਨੇ ।
ਜਿਨ੍ਹਾਂ ਸੀਸ ਮੁਲਕ 'ਤੋਂ ਵਾਰੇ
ਮਰਨੋਂ ਮੂਲ ਨਾ ਡਰਦੇ ਨੇ ।

ਜਿਸ ਦਮ ਫਾਂਸੀ ਉੱਤੇ ਚੜ੍ਹਿਆ
ਤਿੰਨਾਂ ਵਿਚੋਂ ਕੋਈ ਨਾ ਡਰਿਆ
ਜਿਨ੍ਹਾਂ ਸਬਕ ਖੁਸ਼ੀ ਦਾ ਪੜ੍ਹਿਆ
ਸੀਸ ਉਹ ਤਲੀ 'ਤੇ ਧਰਦੇ ਨੇ ।
ਜਿਨ੍ਹਾਂ ਸੀਸ ਮੁਲਕ 'ਤੋਂ ਵਾਰੇ
ਮਰਨੋਂ ਮੂਲ ਨਾ ਡਰਦੇ ਨੇ ।

ਪਹਿਲਾ ਆਖੇ, ਮੇਰੀ ਵਾਰ
ਦੂਜਾ ਕਵ੍ਹੇ, ਮੈਂ ਬੜਾ ਤਿਆਰ
ਤੀਜਾ ਲਾ ਕੇ ਨਾਅਰੇ ਚਾਰ
ਫਾਂਸੀ 'ਤੇ ਹੱਸਕੇ ਚੜ੍ਹਦੇ ਨੇ ।
ਜਿਨ੍ਹਾਂ ਸੀਸ ਮੁਲਕ 'ਤੋਂ ਵਾਰੇ
ਮਰਨੋਂ ਮੂਲ ਨਾ ਡਰਦੇ ਨੇ ।

ਜਾਂਦੀ ਵਾਰ ਜ਼ਾਲਮ ਨੂੰ ਦੱਸ ਕੇ
ਫਾਂਸੀ ਉੱਤੇ ਚੜ੍ਹ ਗਏ ਹੱਸ ਕੇ
ਰੱਸਾ ਪਾ ਸਾਡੇ ਗਲ ਕੱਸ ਕੇ
ਲਿਖੇ ਹੋਏ ਲੇਖ ਨਾ ਟਰਦੇ ਨੇ ।
ਜਿਨ੍ਹਾਂ ਸੀਸ ਮੁਲਕ 'ਤੋਂ ਵਾਰੇ
ਮਰਨੋਂ ਮੂਲ ਨਾ ਡਰਦੇ ਨੇ ।

ਜਾਂਦੀ ਵਾਰ ਇਹ ਆਖ ਸੁਣਾ ਗਏ
ਸੁੱਤੀ ਹਿੰਦ ਨੂੰ ਆਪ ਜਗਾ ਗਏ
ਭਾਰਤ ਮਾਤਾ ਦੇ ਗੁਣ ਗਾ ਗਏ
ਲੋਕ ਸਭ ਜੈ ਜੈ ਕਰਦੇ ਨੇ ।
ਜਿਨ੍ਹਾਂ ਸੀਸ ਮੁਲਕ 'ਤੋਂ ਵਾਰੇ
ਮਰਨੋਂ ਮੂਲ ਨਾ ਡਰਦੇ ਨੇ ।

ਇਹ ਕੀ ਕਾਰ ਜ਼ੁਲਮ ਦੀ ਹੋਈ
ਖ਼ਲਕਤ ਹੰਝੂ ਭਰ ਭਰ ਰੋਈ
ਸਾਡੀ ਬੰਦ ਰੌਸ਼ਨੀ ਹੋਈ
ਕਹਿਰ ਦੇ ਬੱਦਲ ਚੜ੍ਹਦੇ ਨੇ ।
ਜਿਨ੍ਹਾਂ ਸੀਸ ਮੁਲਕ 'ਤੋਂ ਵਾਰੇ
ਮਰਨੋਂ ਮੂਲ ਨਾ ਡਰਦੇ ਨੇ ।

ਜ਼ਾਲਮ ਡਾਢਾ ਜ਼ੁਲਮ ਕਮਾ ਕੇ
ਬੇਦੋਸ਼ਾਂ ਨੂੰ ਮਾਰ ਮੁਕਾ ਕੇ
ਦੁੱਖੀਆਂ ਦਿਲਾਂ ਨੂੰ ਹੋਰ ਦੁਖਾ ਕੇ
ਜ਼ਾਲਮ ਧੋਖਾ ਕਰਦੇ ਨੇ ।
ਜਿਨ੍ਹਾਂ ਸੀਸ ਮੁਲਕ 'ਤੋਂ ਵਾਰੇ
ਮਰਨੋਂ ਮੂਲ ਨਾ ਡਰਦੇ ਨੇ ।

ਦੇਖੀ ਨਵੀਂ ਇਹਨਾਂ ਦੀ ਕਾਰ
ਸਤਲੁੱਜ ਜਾ ਕੇ ਦਿਤੇ ਸਾੜ
ਟੋਟੇ ਕਰ ਕੇ ਦਿਤੇ ਮਾਰ
ਇਹ ਨਵੀਆਂ ਰਸਮਾਂ ਕਰਦੇ ਨੇ ।
ਜਿਨ੍ਹਾਂ ਸੀਸ ਮੁਲਕ 'ਤੋਂ ਵਾਰੇ
ਮਰਨੋਂ ਮੂਲ ਨਾ ਡਰਦੇ ਨੇ ।

ਕੀਤੀ ਜ਼ਾਲਮਾਂ ਭੈੜੀ ਕਾਰ
ਧੋਖਾ ਦੇ ਕੇ ਦਿਤੇ ਮਾਰ
ਦਿਤੇ ਫਾਂਸੀ ਉਤੇ ਚਾੜ੍ਹ
ਲਾਸ਼ ਨਾ ਵਾਪਸ ਕਰਦੇ ਨੇ ।
ਜਿਨ੍ਹਾਂ ਸੀਸ ਮੁਲਕ 'ਤੋਂ ਵਾਰੇ
ਮਰਨੋਂ ਮੂਲ ਨਾ ਡਰਦੇ ਨੇ ।

ਮਾਤਾ ਭਗਤ ਸਿੰਘ ਦੀ ਆਖੇ
ਤੇਰੇ ਰੋ ਰੋ ਮਰਦੇ ਮਾਪੇ
ਮਾਰਨ ਵਾਲੇ ਮਰ ਗਏ ਆਪੇ
ਲੋਕ ਸਿਆਪਾ ਕਰਦੇ ਨੇ ।
ਜਿਨ੍ਹਾਂ ਸੀਸ ਮੁਲਕ 'ਤੋਂ ਵਾਰੇ
ਮਰਨੋਂ ਮੂਲ ਨਾ ਡਰਦੇ ਨੇ ।

ਭੈਣ ਰੋ ਰੋ ਕਹਿੰਦੀ, ਵੀਰ
ਤੁਰ ਗਿਉਂ ਮਾਰ ਜੁਦਾਈ ਤੀਰ
ਵੀਰਾ ! ਗਿਉਂ ਜਿਗਰ ਨੂੰ ਚੀਰ
ਕਲੇਜੇ ਫੁਟ ਫੁਟ ਕਰਦੇ ਨੇ ।
ਜਿਨ੍ਹਾਂ ਸੀਸ ਮੁਲਕ 'ਤੋਂ ਵਾਰੇ
ਮਰਨੋਂ ਮੂਲ ਨਾ ਡਰਦੇ ਨੇ ।

ਖ਼ਤ ਜਾਂ ਵੀਰ ਨਿੱਕੇ ਨੇ ਪੜ੍ਹਿਆ
ਦੇਖਦੇ ਸਾਰ ਕਲੇਜਾ ਸੜਿਆ
ਮੈਂ ਤਾਂ ਜਿਉਂਦਾ ਜੱਗ 'ਤੇ ਮਰਿਆ
ਵੀਰ ਦੇ ਝੋਰੇ ਕਰਦੇ ਨੇ ।
ਜਿਨ੍ਹਾਂ ਸੀਸ ਮੁਲਕ 'ਤੋਂ ਵਾਰੇ
ਮਰਨੋਂ ਮੂਲ ਨਾ ਡਰਦੇ ਨੇ ।

ਹੋ ਗਈ ਜ਼ੁਲਮ ਤੇਰੇ ਦੀ ਹੱਦ
ਭਾਰਤ ਗਈ ਤੇਰੇ ਤੋਂ ਰੱਜ
'ਪੰਛੀ' ਵਾਂਗ ਆਲ੍ਹਣਾ ਛੱਡ
ਹਿੰਦੀ ਨਾ ਤੈਥੋਂ ਡਰਦੇ ਨੇ ।
ਜਿਨ੍ਹਾਂ ਸੀਸ ਮੁਲਕ 'ਤੋਂ ਵਾਰੇ
ਮਰਨੋਂ ਮੂਲ ਨਾ ਡਰਦੇ ਨੇ ।

(ਪਾਠਾਂਤਰ, 'ਪੰਛੀ' ਵਾਂਗ ਆਲ੍ਹਣਾ ਛੱਡ=
ਹਿੰਦ ਦਾ ਖਹਿੜਾ ਹੁਣ ਤੂੰ ਛੱਡ)

ਹਿੰਦਵੈਨ ਦੇ ਵੈਣ-ਬੈਂਤ

ਲਓ ਹੁਣ ਅਸਾਂ ਦੀ ਹਿੰਦੀਓ ਬੱਸ ਹੋ ਗਈ
ਅਸੀਂ ਆਪਣੀ ਤੋੜ ਨਿਭਾ ਚੱਲੇ ।
ਖ਼ੂਨ ਆਪਣਾ ਤੁਸਾਂ 'ਤੇ ਵਾਰ ਕੇ ਤੇ
ਸੁੱਤੀ ਹਿੰਦ ਨੂੰ ਅਸੀਂ ਜਗਾ ਚੱਲੇ ।
ਜਾਗੋ ਹਿੰਦੀਓ ! ਹੋਵੋ ਹੁਸ਼ਿਆਰ ਜਲਦੀ
ਅਸੀਂ ਡੰਕਾ ਆਜ਼ਾਦੀ ਦਾ ਲਾ ਚੱਲੇ ।
ਅਸੀਂ ਜਿਉਣੇ ਹਾਂ ਜੱਗ ਤੋਂ ਮਰੇ ਨਾਹੀਂ
'ਪੰਛੀ' ਅੱਖਾਂ ਤੋਂ ਹੋ ਜੁਦਾ ਚੱਲੇ ।

ਸਬਕ ਅਸਾਂ ਦਾ ਰੱਖਣਾ ਯਾਦ ਭਾਈਓ
ਏਹਨਾਂ ਜ਼ਾਲਮਾਂ ਤੋਂ ਡਰ ਜਾਵਣਾ ਨਾ ।
ਜਿੰਨਾ ਚਿਰ ਨਾ ਹਿੰਦ ਆਜ਼ਾਦ ਹੋਵੇ
ਅੰਨ ਤੁਸਾਂ ਨੇ ਰੱਜ ਕੇ ਖਾਵਣਾ ਨਾ ।

ਜ਼ਰਾ ਸੋਚ ਕੇ ਪਾਪੀਆ ਕੰਮ ਕਰਦੋਂ
ਡਾਢਾ ਜ਼ੁਲਮ ਕਮਾਇਆ ਤੂੰ ਨਾਲ ਸਾਡੇ ।
ਖੂਨ ਪੀ ਕੇ ਅਸਾਂ ਦੇ ਜਿਗਰ ਵਾਲਾ
ਹੱਥਾਂ ਵਿਚੋਂ ਤੂੰ ਖੋਹ ਲਏ ਲਾਲ ਸਾਡੇ ।
ਸੁਣ ਕੇ ਉਹਨਾਂ ਦੀ ਮੌਤ ਸਭ ਰੋ ਰਹੇ ਨੇ
ਦੁਖੀ ਹੋਏ ਪਾਪੀ ਵਾਲ ਵਾਲ ਸਾਡੇ ।
ਜ਼ਾਰੋ ਜ਼ਾਰ ਹਿੰਦ ਪਈ ਰੋਂਵਦੀ ਏ
ਦਿਨ ਲੰਘਣੇ ਹੋਏ ਮੁਹਾਲ ਸਾਡੇ ।

ਕਵੀ ਦੀ ਦੁਰ-ਅਸੀਸ

ਲਿਖਣ ਲੱਗਿਆਂ ਰੋ ਪਈ ਕਲਮ ਮੇਰੀ
ਹੰਝੂ ਖੂਨ ਦੇ ਅੱਖੀਓਂ ਕੇਰਦੀ ਏ ।
ਭੁੱਬਾਂ ਮਾਰ ਕੇ ਹੋ ਬੇਹੋਸ਼ ਡਿੱਗੀ
ਮੌਤ ਸੁਣ ਕੇ ਭਗਤ ਸਿੰਘ ਸ਼ੇਰ ਦੀ ਏ ।
ਕਹਿੰਦੀ, ਉੱਠੋ, ਹੁਣ ਹੋਵੋ ਤਿਆਰ ਜਲਦੀ
ਰਹੀ ਲੋੜ ਨਾ ਹਿੰਦੀਓ ਦੇਰ ਦੀ ਏ ।
ਬਾਝ ਬੱਚਿਆਂ ਮਾਂ ਦਾ ਜਿਉਣ ਕੁੱਝ ਨਾ
ਭਾਰਤ ਮਾਤਾ ਪਈ ਸਿਰ ਨੂੰ ਫੇਰਦੀ ਏ ।

ਤੇਰਾ ਜਬਰ ਤੇ ਅਸਾਂ ਦਾ ਸਬਰ ਪਾਪੀ
ਇਕ ਦਿਨ ਮੁਕਾਬਲਾ ਹੋਵਣਾ ਈ ।
ਆਖਰ ਜਿੱਤ ਹੋਸੀ ਸਬਰ ਵਾਲਿਆਂ ਦੀ
ਜਬਰ ਵਾਲਿਆਂ ਪਾਪੀਆਂ ਰੋਵਣਾ ਈ ।
ਮੌਤ ਦੇਖ ਰਹੀ ਏ ਸਾਰੇ ਤਾਲ ਤੇਰੇ
ਤੈਨੂੰ ਬੱਕਰੇ ਵਾਂਗਰਾਂ ਕੋਹਵਣਾ ਈ ।
ਆ ਗਏ ਦਿਨ ਮਾੜੇ ਤੇਰੇ ਜ਼ਾਲਮਾਂ ਉਇ !
ਡੇਰਾ ਪਾਰ ਸਮੁੰਦਰੋਂ ਹੋਵਣਾ ਈ ।

ਤੇਰੇ ਜ਼ੁਲਮ ਦੀ ਤੇਜ਼ ਰਫ਼ਤਾਰ ਤੱਕ ਕੇ
ਬੱਚਾ ਬੱਚਾ ਅੱਜ ਜ਼ਾਲਮਾਂ ਰੋ ਰਿਹਾ ਏ ।
ਭਾਰਤ ਮਾਂ ਦੇ ਲੱਦ ਗਏ ਲਾਲ ਪਿਆਰੇ
ਮਾਤਮ ਜ਼ਿਮੀਂ ਅਸਮਾਨ 'ਤੇ ਹੋ ਰਿਹਾ ਏ ।
ਕੀਤਾ ਜ਼ੁਲਮ ਤੂੰ ਪਾਪੀਆ ਨਾਲ ਸਾਡੇ
ਸਾਡਾ ਅੰਦਰੋਂ ਕਾਲਜਾ ਖੋਰਿਆ ਏ ।
ਘਰ ਘਰ ਵੈਣ ਪੈਂਦੇ ਤੇਰੇ ਜ਼ਾਲਮਾਂ ਓ !
ਹਰ ਕੋਈ ਹੰਝੂਆਂ ਹਾਰ ਪਰੋ ਰਿਹਾ ਏ ।

ਤੇਰਾ ਰਹਿਣਾ ਹੁਣ ਹਿੰਦ ਵਿਚ ਬਹੁਤ ਮੁਸ਼ਕਲ
ਕਿਉਂਕਿ ਹੋ ਗਏ ਬੁਰੇ ਅਮਾਲ ਤੇਰੇ ।
ਘੜਾ ਪਾਪ ਵਾਲਾ ਤੇਰਾ ਭਰ ਗਿਆ ਏ
ਹੋ ਗਏ ਜ਼ੁਲਮ ਵਾਲੇ ਪੂਰੇ ਸਾਲ ਤੇਰੇ ।
ਕਰਨਾ ਚਾਹੇਂ ਬਰਬਾਦ ਤੂੰ ਹਿੰਦ ਤਾਈਂ
ਕਰਦਾ ਰਿਹਾ ਜੋ ਨੇਕੀਆਂ ਨਾਲ ਤੇਰੇ ।
ਉਹਲੇ ਬੈਠ ਕੇ ਝਾਤੀਆਂ ਮਾਰਦੀ ਏ
ਮੌਤ ਵੇਖਦੀ 'ਪੰਛੀਆ' ਹਾਲ ਤੇਰੇ ।

(ਮਾਰਚ (ਆਖਿਰੀ ਹਫ਼ਤਾ) ੧੯੩੧)