Kavita De Ang-Sang : Dr Harbhajan Singh

ਕਵਿਤਾ ਦੇ ਅੰਗ-ਸੰਗ : ਡਾ. ਹਰਿਭਜਨ ਸਿੰਘ

ਆਪਣੀਆਂ ਭੂਮਿਕਾਵਾਂ ਲਿਖਣ ਤੋਂ ਮੈਂ ਆਮ ਤੌਰ ਤੇ ਗੁਰੇਜ਼ ਕੀਤਾ ਹੈ। ਸੱਚ ਤਾਂ ਇਹ ਹੈ ਕਿ ਮੈਂ ਮੂਲ ਸਿਰਜਣਾ ਵਿਚ ਹੀ ਏਨਾ ਰੁੱਝਾ ਰਿਹਾ ਹਾਂ ਕਿ ਭੂਮਿਕਾਵਾਂ ਵਲ ਰੁਚਿਤ ਹੋਣ ਦੀ ਵਿਹਲ ਹੀ ਨਹੀਂ ਮਿਲੀ । ਨਾਲੇ, ਪੰਜਾਬੀ ਸਮੀਖਿਆ ਦਾ ਪ੍ਰਸਾਦ ਮੈਨੂੰ ਲਗਾਤਾਰ ਮਿਲਦਾ ਰਿਹਾ ਹੈ । ਉਸ ਦੇ ਹੁੰਦਿਆਂ ਮੈਨੂੰ ਆਪਣੇ ਵਲੋਂ, ਆਪਣੇ ਬਾਰੇ, ਕੁਝ ਹੋਰ ਲਿਖਣਾ ਵਾਫ਼ਰ ਜਾਪਦਾ ਰਿਹਾ ਹੈ, ਜੇ ਮੈਂ ਲਿਖਦਾ ਤਾਂ ਉਹ ਆਪਣੇ ਬਾਰੇ ਘਟ, ਆਪਣੇ ਬਾਰੇ ਲਿਖਣ ਵਾਲਿਆਂ ਬਾਰੇ ਜ਼ਿਆਦਾ, ਹੁੰਦਾ।

ਮੇਰੇ ਬਾਰੇ ਜੋ ਕੁਝ ਵੀ ਲਿਖਿਆ ਗਿਆ, ਭਰਪੂਰ ਲਿਖਿਆ ਗਿਆ। ਉਸ ਨਾਲ ਮੈਂ ਸਹਿਮਤ ਹੋਵਾਂ ਜਾਂ ਨਾ, ਸ਼ੁਕਰਗੁਜ਼ਾਰੀ ਦਾ ਅਹਿਸਾਸ ਜ਼ਰੂਰ ਜਾਗਦਾ ਰਿਹਾ । ਮੈਨੂੰ ਇਹ ਸ਼ਿਕਾਇਤ ਕਦੇ ਨਹੀਂ ਹੋਈ ਕਿ ਮੈਨੂੰ ਗ਼ਲਤ ਸਮਝਿਆ ਗਿਆ ਹੈ । ਸ਼ਿਅਰ ਕਹਿਣਾ ਮੇਰਾ ਸ਼ੌਕ ਹੈ, ਸ਼ਿਅਰ ਕਹਿ ਕੇ ਮੈਂ ਆਪਣੇ ਆਪ ਨੂੰ ਸਮਝਣ ਦਾ ਜਤਨ ਕਰਦਾ ਹਾਂ । ਮੇਰੇ ਸ਼ਿਅਰ ਨੂੰ ਸਮਝਣ ਦੀ ਜ਼ੁੰਮੇਵਾਰੀ ਉਹਨਾਂ ਦੀ ਹੈ ਜੋ ਉਸ ਵਲ ਰੁਚਿਤ ਹੁੰਦੇ ਹਨ। ਜੇ ਕੋਈ ਰੁਚਿਤ ਨਾ ਹੋਵੇ, ਉਸ ਉਪਰ ਗਿਲਾ ਨਹੀਂ ਕੀਤਾ ਜਾ ਸਕਦਾ । ਗਿਲਾ ਤਾਂ ਕਿਸੇ ਸ਼ਾਇਰ ਉਪਰ ਵੀ ਬਜਾ ਨਹੀਂ ਕਿ ਉਸ ਨੇ ਫਲਾਣੇ ਵਿਸ਼ੇ ਸੰਬੰਧੀ ਕੋਈ ਕਵਿਤਾ ਕਿਉਂ ਲਿਖੀ ਜਾਂ ਕਿਉਂ ਨਹੀਂ ਲਿਖੀ । ਪਾਠਕ ਆਪਣੇ ਰਉਂ ਵਿਚ ਪੜ੍ਹਦਾ ਹੈ। ਉਹਦਾ ਰਉਂ ਲੇਖਕ ਦੇ ਰਉਂ ਤੋਂ ਵਖਰਾ ਹੀ ਨਹੀਂ, ਨਵੇਕਲਾ ਵੀ ਹੁੰਦਾ ਹੈ । ਸੋ ਮੇਰੇ ਲਈ ਕ੍ਰਿਤੱਗ ਹੋਣਾ ਹੀ ਬਣਦਾ ਹੈ ਕਿ ਮੇਰੇ ਸਮਕਾਲ ਦੇ ਸਾਹਿਤ-ਪਾਰਖੂਆਂ ਨੇ ਮੇਰੀ ਕਾਵਿ-ਕਮਾਈ ਨੂੰ ਆਪਣੇ ਗਹੁ ਦੇ ਕਾਬਿਲ ਸਮਝਿਆ ।

ਮੇਰੇ ਆਪਣੇ ਪਾਸ ਸਾਹਿਤ-ਪਰਖ ਦੀ ਜਿੰਨੀ ਕੁ ਸਮਰੱਥਾ ਸੀ ਉਹਨੂੰ ਮੈਂ ਆਪਣੇ ਸਮਕਾਲੀਆਂ ਦੀਆਂ ਲਿਖਤਾਂ ਪੜ੍ਹਣ-ਪਰਖਣ ਦੇ ਲੇਖੇ ਲਾਉਂਦਾ ਰਿਹਾ। ਮੈਂ ਕਿਸ ਰਚਨਾ ਬਾਰੇ ਲਿਖਣਾ ਹੈ, ਇਸ ਸੰਬੰਧੀ ਚੋਣ ਕਰਨ ਵੇਲੇ ਵੀ ਇਕ ਨੇਮ, ਚੇਤ ਜਾਂ ਅਚੇਤ, ਮੇਰੇ ਅੰਦਰ ਕਾਰਜਸ਼ੀਲ ਰਿਹਾ ਹੈ । ਮੈਂ ਉਹਨਾਂ ਸਮਕਾਲੀਆਂ ਬਾਰੇ ਲਿਖਣ ਤੋਂ ਸੰਕੋਚ ਕੀਤਾ ਹੈ ਜਿਨ੍ਹਾਂ ਕਦੇ ਮੇਰੇ ਬਾਰੇ ਲਿਖਿਆ ਜਾਂ ਜਿਨ੍ਹਾਂ ਵਿਚ ਮੇਰੇ ਬਾਰੇ ਲਿਖਣ ਦੀ ਸੰਭਾਵਨਾ ਮੈਨੂੰ ਨਜ਼ਰੀਂ ਆਈ । ਫਾਸਿਲਾਪਸੰਦੀ ਦਾ ਪ੍ਰੇਰਿਆ ਮੈਂ ਆਪਣੇ ਆਪ ਤੋਂ ਹੀ ਨਹੀਂ, ਆਪਣੇ ਦੋਸਤਾਂ-ਮਿੱਤਰਾਂ ਤੋਂ ਵੀ ਬਹੁਤ ਦੂਰ ਚਲਾ ਜਾਂਦਾ ਹਾਂ। ਇਹ ਕੋਈ ਬਹੁਤ ਚੰਗਾ ਗੁਣ ਨਹੀਂ, ਪਰ ਇਹ ਮੇਰੀ ਅਚੇਤ ਆਦਤ ਹੈ ਤੇ ਇਸ ਉਪਰ ਮੇਰਾ ਸਹਿਜ ਵਸ ਨਹੀਂ। ਸੋ, ਅਜ ਵੀ ਮੈਂ ਜੋ ਕੁਝ ਲਿਖਾਂਗਾ, ਉਸ ਵਿਚ ਜਿਥੋਂ ਤਕ ਸੰਭਵ ਹੋਵੇਗਾ, ਆਪਣੇ ਅਤੇ ਆਪਣਿਆਂ ਦੇ ਬਹੁਤ ਨੇੜੇ, ਮੋਹ ਦੀ ਹਦ ਤਕ ਨੇੜੇ, ਹੋਣ ਤੋਂ ਗੁਰੇਜ਼ ਕਰਾਂਗਾ ।

ਮੇਰਾ ਇਰਾਦਾ ਨਾ ਆਪਣੇ ਆਪ ਨੂੰ ਸਚਿਆਉਣ ਦਾ ਹੈ ਅਤੇ ਨਾ ਹੀ ਆਪਣੀ ਕਾਵਿ-ਕਮਾਈ ਨੂੰ ਵਡਿਆਉਣ ਦਾ। ਭਾਵੇਂ ਮੈਂ ਤੇ ਮੇਰੀ ਕਵਿਤਾ ਇਕ ਦੂਜੇ ਦੇ ਅੰਗ-ਸੰਗ ਵਿਚਰਦੇ ਰਹੇ ਹਾਂ, ਮੈਂ ਇਸ ਗਲੋਂ ਅਚੇਤ ਨਹੀਂ ਕਿ ਕਵੀ ਦੀ ਕਿਰਤ ਉਹਦੇ ਆਪੇ ਤੋਂ ਪਰ੍ਹਾਂ ਹੋ ਜਾਂਦੀ ਹੈ । ਕਵਿਤਾ ਦਾ ਸੁਭਾਅ ਪਾਰਗਾਮੀ ਹੈ। ਕਵੀ ਦੀ ਸਮਰੱਥਾ ਵਿਚੋਂ ਰੂਪ ਧਾਰ ਕੇ ਵੀ ਕਵਿਤਾ ਕਵੀ ਦੇ ਆਪੇ ਤੋਂ ਆਜ਼ਾਦ ਹੈ। ਖ਼ੁਦ ਕਵੀ ਦਾ ਆਪਣਾ ਆਪਾ ਵੀ ਪੂਰੀ ਤਰ੍ਹਾਂ ਉਹਦੀ ਮਰਜ਼ੀ ਦੇ ਵਸ ਵਿਚ ਨਹੀਂ ਹੁੰਦਾ । ਕਵੀ ਦਾ ਅਚੇਤਨ ਸਾਰੇ ਦਾ ਸਾਰਾ ਉਸ ਦਾ ਆਪ-ਕਮਾਇਆ ਨਹੀਂ ਹੁੰਦਾ, ਉਹਨੂੰ ਲੰਮੀ ਪਰੰਪਰਕ ਵਿਰਾਸਤ ਪਾਸੋਂ ਬਹੁਤ ਕੁਝ ਅਣਕਮਾਇਆ ਅਣਜਾਣਿਆ ਮਿਲਦਾ ਹੈ। ਖ਼ੁਦ ਕਵੀ ਦਾ ਨਿੱਜੀ ਅਚੇਤਨ ਵੀ ਉਸ ਦੇ ਬੋਲਾਂ ਵਿਚ ਇਉਂ ਦਖ਼ਲਅੰਦਾਜ਼ ਹੋ ਜਾਂਦਾ ਹੈ ਕਿ ਉਹਨੂੰ ਇਸ ਦਾ ਚਿਤਚੇਤਾ ਵੀ ਨਹੀਂ ਹੁੰਦਾ । ਸੋ, ਆਪਣੀ ਕਵਿਤਾ ਦੀ ਗੱਲ ਕਰਦਿਆਂ ਮੈਂ ਸੁਚੇਤ ਹਾਂ ਕਿ ਮੇਰੀ ਕਹੀ ਜਾਣ ਵਾਲੀ ਕਵਿਤਾ ਨਿਰੀ ਪੁਰੀ ਮੇਰੀ ਨਹੀਂ।

ਮੇਰਾ ਤੇ ਮੇਰੀ ਕਵਿਤਾ ਦਾ ਆਪਸ ਵਿਚ ਰਿਸ਼ਤਾ ਪਹਿਲ-ਦੂਜ ਵਾਲਾ ਹੈ । ਦੂਜ ਹੋਂਦ ਵਿਚ ਆ ਕੇ ਪਹਿਲ ਨਕਾਰ ਦੇਂਦੀ ਹੈ। ਕਵਿਤਾ ਕਵੀ ਦਾ ਦੁਹਰਾਉ ਨਹੀਂ, ਨਵਸਿਰਜਣਾ ਹੈ, ਵਿਸਤਾਰ ਹੈ । ਮੈਂ ਤਾਂ ਆਪ-ਸਵੀਕਾਰੇ ਰਿਸ਼ਤਿਆਂ ਦੇ ਜਕੜ ਜਾਲ ਵਿਚ ਬੱਝਾ ਆਪਣੇ ਪਰੰਪਰਕ ਕਰਤੱਵ ਨਿਭਾਈ ਜਾ ਰਿਹਾ ਹਾਂ ਤੇ ਮੇਰੀ ਸਮਝੀ ਜਾਣ ਵਾਲੀ ਕਵਿਤਾ ਦੁਨੀਆਂ ਨਾਲ ਸੰਬਾਦ ਰਚਾਈ ਜਾ ਰਹੀ ਹੈ । ਖ਼ੁਦ ਮੇਰੇ ਆਪੇ ਤੇ ਮੇਰੀ ਸਿਰਜਣਾ ਵਿਚਕਾਰ ਬਹੁਤ ਫਾਸਿਲਾ ਹੈ । ਫਾਸਿਲਾ ਜੋ ਮੈਨੂੰ ਨਕਾਰਦਾ ਹੈ । ਫਾਸਲੇ ਤੋਂ ਪਾਰ ਖਲੋਤੀ ਮੇਰੀ ਕਵਿਤਾ ਮੈਨੂੰ ਅਪ੍ਰਸੰਗਿਕ, ਵਾਫ਼ਰ ਸਿਧ ਕਰੀ ਜਾਂਦੀ ਹੈ । ਉਹਨੇ ਦੁਨੀਆ ਵਲ ਮੂੰਹ ਤੇ ਮੇਰੇ ਵਲ ਪਿਠ ਕੀਤੀ ਹੋਈ ਹੈ । ਉਹ ਕਹਿੰਦੀ ਹੈ : ਮੈਨੂੰ ਹੋਣ ਲਈਂ ਤੇਰੀ ਲੋੜ ਸੀ, ਥੀਣ ਲਈ ਤੇਰੀ ਲੋੜ ਨਹੀਂ । ਮੈਂ ਆਪਣੀ ਕਵਿਤਾ ਨੂੰ ਇਉਂ ਨਿਹਾਰ ਰਿਹਾ ਹਾਂ ਜਿਵੇਂ ਪਿਛਾਂਹ ਖਲੋਤੀ ਪਹਿਲ ਆਪਣੇ ਤੋਂ ਅਗਾਂਹ ਲੰਘ ਜਾਣ ਵਾਲੀ ਦੂਜ ਨੂੰ ਵੇਖ ਰਹੀ ਹੋਵੇ । ਮੇਰੇ ਅਤੀਤ ਵਿਚ ਸਿਰਜੀ ਗਈ ਕਵਿਤਾ ਅੱਜ ਮੇਰਾ ਭਵਿੱਖ ਬਣੀ ਖਲੋਤੀ ਹੈ ।

ਪਰ, ਪਹਿਲਾਂ ਮੈਂ ਆਪਣੇ ਵਰਤਮਾਨ ਦੇ ਉਸ ਛਿਣ ਨੂੰ ਨਿਹਾਰ ਲਵਾਂ ਜਿਸ ਉਪਰ ਖਲੋ ਕੇ ਮੈਂ ਆਪਣੀ ਬੀਤ ਗਈ ਉਮਰ ਦੇ ਪ੍ਰੇਰਣਾਦਾਇਕ ਛਿਣਾਂ ਨੂੰ ਵੇਖਾਂਗਾ । ਮੇਰੀ ਪ੍ਰੇਰਣਾ ਦੇ ਛਿਣ ਮੈਥੋਂ ਵਿਛੜ ਕੇ ਦੂਰ ਅਤੀਤ ਵਿਚ ਲੁਕ ਗਏ ਹਨ ਅਤੇ ਉਹਨਾਂ ਵਿਚ ਰਚੀ ਗਈ ਕਵਿਤਾ ਕਿਸੇ ਅਣਜਾਣੇ ਭਵਿਖ ਵਿਚ ਅਲੋਪ ਹੁੰਦੀ ਜਾਪਦੀ ਹੈ । ਆਪਣੀ ਪ੍ਰੇਰਣਾ ਤੇ ਸਿਰਜਣਾ ਵਿਚਕਾਰ ਖਲੋਤਾ ਮੈਂ ਇਕੋ ਸਾਹੇ ਭੂਤ ਅਤੇ ਭਵਿਖ ਨੂੰ ਵੇਖ ਰਿਹਾ ਹਾਂ ।

***

ਮੇਰਾ ਵਰਤਮਾਨ ਮੇਰੇ ਅੰਤ ਦੇ ਨੇੜੇ-ਤੇੜੇ ਹੈ । ਮੇਰਾ ਅਸਤਕਾਲ ਨੇੜੇ ਆਣ ਢੁੱਕਾ ਹੈ ਤੇ ਜਿਊਣ ਦੀ ਲਾਲਸਾ ਤੇਜ਼ ਤੋਂ ਤੇਜ਼ਤਰ ਹੁੰਦੀ ਜਾਪਦੀ ਹੈ । ਜਿਵੇਂ ਜਿਵੇਂ ਸਮਾਂ ਤੰਗ ਹੁੰਦਾ ਜਾ ਰਿਹਾ ਹੈ ਜਿਵੇਂ ਤਿਵੇਂ ਆਪਣੇ ਜਿੰਦ-ਪ੍ਰਾਣ ਵਧੇਰੇ ਪ੍ਰਬਲ-ਪ੍ਰਚੰਡ ਹੋਣਾ ਲੋਚਦੇ ਹਨ । ਆਪਣਾ ਸੂਰਜ ਮੈਨੂੰ ਅਗੇ ਨਾਲੋਂ ਕਿਤੇ ਵਧੇਰੇ ਰੋਸ਼ਨ ਜਾਪਦਾ ਹੈ । ਜੀ ਚਾਹੁੰਦਾ ਹੈ ਕਿ ਇਕ ਅਧ ਛਿਣ ਲਈ ਪੂਰਮ ਪੂਰਾ ਜੀਵਾਂ । ਪੇਸ਼ਤਰ ਇਸਦੇ ਕਿ ਤਪਦੀ-ਮਘਦੀ ਜਾਨ ਕੰਢਿਆਂ ਤੋਂ ਬਾਹਰ ਛਲਕ ਜਾਵੇ, ਚਾਹੁੰਦਾ ਹਾਂ ਕਿ ਆਪਣੀ ਲਬਾਲਬ ਭਰੀ ਹੋਂਦ ਆਪਣੇ ਹਥੀਂ ਬਾਹਰ ਉਲੱਦ ਦੇਵਾਂ ਤੇ ਦੁਨੀਆਂ ਨੂੰ ਜਗਮਗ ਜਗਮਗ ਰੁਸ਼ਨਾ ਦੇਵਾਂ । ਇਹੋ ਰੰਗ-ਢੰਗ ਹੋਵੇ ਮੇਰਾ ਇਸ ਦੁਨੀਆਂ ਨੂੰ ਅਲਵਿਦਾ ਕਹਿਣ ਦਾ । ਅਜ ਤੋਂ ਅੱਧੀ ਸਦੀ ਪਹਿਲਾਂ ਕਹੇ ਹੋਏ ਬੋਲ ਬੇਵਾਹਰੇ ਹੋ ਕੇ ਮੁੜ ਆਪਣੀ ਹੋਂਦ ਜਤਾਉਣ ਲਗ ਪਏ ਹਨ :

ਤੇਰੀ ਖ਼ਾਤਰ ਮੈਂ ਸਾਲਾਂ ਨੂੰ
ਕਰਨਾ ਚਹਾਂ ਜਵਾਨੀ
ਕਾਸ਼ ਸਮੁੰਦਰ-ਹਸਤੀ ਬਣ ਜਾਏ
ਹੁਸਨ ਦਾ ਤੁਬਕਾ ਪਾਣੀ
ਜਗ-ਜੀਵਨ ਦੀ ਸਾਰੀ ਧੜਕਣ
ਇਕ ਪਲ ਤੜਪ ਵਿਖਾਵੇ
ਉਮਰ-ਸ਼ਮਾਂ ਇਕ ਦਏ ਭਮਾਕਾ
ਫਿਰ ਭਾਵੇਂ ਬੁਝ ਜਾਵੇ

ਇਕ ਵਾਰੀ ਦਿਲ ਵਿਚ ਦਰਦ ਵਸਾ ਕੇ
ਪਾਟ ਪਵੇ ਇਹ ਸੀਨਾ
ਮਹਾਂ-ਉਮਰ ਦਾ ਇਕ ਪਲ ਕਾਫ਼ੀ
ਕੀ ਵਰ੍ਹਿਆਂ ਦਾ ਜੀਣਾ

ਇਹ ਹੈ ਲਾਲਸਾ ਦਾ ਉਹ ਨੁਕਤਾ ਜਿਥੇ ਖਲੋ ਕੇ ਮੈਂ ਆਪਣੇ ਆਪ ਨੂੰ ਵੇਖਣਾ-ਵਿਖਾਉਣਾ ਚਾਹੁੰਦਾ ਹਾਂ ।

ਉਮਰ ਦੇ ਅਸਤਕਾਲ ਵਿਚ ਉਦੈ ਹੋਣ ਦਾ ਭਰਮ ਸਿਰਜਣ ਵਾਲਾ ਇਕ ਹੋਰ ਸ਼ਾਇਰ ਯਾਦ ਆ ਰਿਹਾ ਹੈ : ਸ਼ੇਖ਼ ਫ਼ਰੀਦ । ਉਹਦੀ ਜੋ ਰਚਨਾ ਸਾਨੂੰ ਪੜ੍ਹਣ-ਸੁਣਨ ਨੂੰ ਮਿਲੀ ਹੈ ਉਹ ਵੀ ਹੋਂਦ ਦੇ ਆਖ਼ਰੀ ਪੜਾਅ ਉਪਰ ਰਚੀ ਜਾਪਦੀ ਹੈ । ਨਤਾਕਤੀ ਤੇ ਨਾਤਵਾਨੀ ਦੇ ਨੁਕਤੇ ਤੇ ਖਲੋਤਾ ਸ਼ੇਖ਼ ਆਪਣੀ ਤਾਕਤ ਤੇ ਤਵਾਨਾਈ ਦੇ ਉਹਨਾਂ ਦਿਨਾਂ ਨੂੰ ਯਾਦ ਕਰਦਾ ਹੈ ਜਦੋਂ ਉਹ ਥਲ-ਡੂੰਗਰ ਭਵਿਆਂ ਸੀ, ਜਦੋਂ ਉਹਨੇ ਸਾਰੀ ਦੁਨੀਆਂ ਨੂੰ ਮੋਹਣ ਵਾਲੇ ਨੈਣਾਂ ਦਾ ਨਜ਼ਾਰਾ ਕੀਤਾ ਸੀ ਤੇ ਜਦੋਂ ਉਹਨੇ ਬੇਪਰਵਾਹ ਖੁੱਲ੍ਹਦਿਲੀ ਨਾਲ ਆਪਣੀ ਹੋਂਦ ਦੇ ਤਿਲਾਂ ਨੂੰ ਦੁਨੀਆ ਭਰ ਵਿਚ ਵੰਡਿਆ ਸੀ । ਉਹਦੀ ਸਾਰੀ ਰਚਨਾ ਖ਼ੂਬਸੂਰਤ ਪਿੱਛਲਝਾਤ ਹੈ। ਉਹ ਜਿਵੇਂ ਜਿਵੇਂ ਪਿਛਾਂਹ ਝਾਤ ਮਾਰਦਾ ਹੈ, ਤਿਵੇਂ ਤਿਵੇਂ ਵਧੇਰੇ ਸੋਹਣਾ ਹੁੰਦਾ ਜਾਪਦਾ ਹੈ। ਮੈਂ ਵੀ ਪਿਛਾਂਹ ਝਾਤ ਮਾਰਨੀ ਹੈ, ਪਰ ਮੇਰੀ ਸਥਿਤੀ ਸ਼ੇਖ਼ ਸਾਹਿਬ ਦੇ ਐਨ ਉਲਟ ਹੈ । ਮੈਂ ਤਾਂ ਤੁਰਿਆ ਹੀ ਓਥੋਂ ਸਾਂ ਜਿਥੇ ਅਰਬਦ ਨਰਬਦ ਧੁੰਦੂਕਾਰਾ ਸੀ । ਮੇਰੇ ਲਈ ਖ਼ੂਬਸੂਰਤੀ ਖ਼ੁਦਾਦਾਦ ਵਿਰਸਾ ਨਹੀਂ ਸੀ, ਇਹਨੂੰ ਤਾਂ ਮੈਂ ਆਪ ਸਿਰਜਣਾ ਸੀ । ਮੇਰੇ ਸੂਰਜ ਨੇ ਤਾਂ ਜਿਵੇਂ ਜਿਵੇਂ ਤਪਣਾ-ਮਘਣਾ ਸੀ ਤਿਵੇਂ ਤਿਵੇਂ ਵਧੇਰੇ ਸੁਹਜੀਲਾ ਹੋਣਾ ਸੀ। ਜੇ ਸ਼ੇਖ ਸਾਹਿਬ ਲਈ ਸੁੰਦਰਤਾ ਉਹਦੀ ਪਿੱਠ ਤੇ ਸੀ ਤਾਂ ਮੇਰੇ ਲਈ ਮੇਰੇ ਮੂੰਹ-ਮੱਥੇ ਦੇ ਐਨ ਸਾਹਮਣੇ । ਉਸ ਨੂੰ ਸਭ ਕੁਝ ਜਿਵੇਂ ਬਣਿਆ-ਬਣਾਤਾ ਮਿਲਿਆ ਤੇ ਫੇਰ ਗੁੰਮ-ਗੁਆਚ ਗਿਆ। ਤੇ, ਮੈਥੋਂ ਆਪਣੇ ਆਦਿਕਾਲ ਵਿਚ ਸਭ ਕੁਝ ਖੁਸ ਗਿਆ ਸੀ, ਮੈਂ ਸਭ ਕੁਝ ਨਵੇਂ ਸਿਰਿਓਂ ਆਪ ਸਾਜਣਾ ਸੀ, ਆਪ ਪ੍ਰਾਪਤ ਕਰਨਾ ਸੀ। ਮੈਂ ਆਪਣੀ ਜ਼ਿੰਦਗੀ ਦੇ ਹਰ ਛਿਣ ਚੇਤ-ਅਚੇਤ ਅਰਦਾਸ ਕਰਦਾ ਰਿਹਾ ਹਾਂ : ‘ਪ੍ਰਭੁ ਮਿਲਉ ਪ੍ਰਾਪਤਿ ਹੋਇ' । ਮੇਰਾ ਸਾਰਾ ਉਦਮ ਆਪ-ਸਾਜੀ ਪ੍ਰਾਪਤੀ ਨੂੰ ਮਿਲਣ ਦਾ ਰਿਹਾ ਹੈ। ਮੇਰਾ ਪ੍ਰਭੂ ਮੇਰੀ ਕਾਵਿ-ਸਿਰਜਣਾ ਹੈ ਜਿਸ ਨੂੰ ਮੈਂ ਆਪ ਸਿਰਜ ਕੇ ਮਿਲਣਾ ਸੀ ।

ਮੈਨੂੰ ਆਪਣੇ ਵਿਗੋਚੇ ਦਾ ਬੜਾ ਆਸਰਾ ਰਿਹਾ ਹੈ, ਇਸੇ ਨੇ ਮੈਨੂੰ ਕੁਝ ਹੋਣ-ਥੀਣ ਦੀ ਪ੍ਰੇਰਣਾ ਦਿਤੀ ਹੈ । ਮੈਨੂੰ ਯਾਦ ਆ ਰਿਹਾ ਹੈ ਆਪਣਾ ਬੜਾ ਹੀ ਸਚਿਆਰਾ ਦੋਸਤ ਜਿਸ ਨੇ ਕਮਾਲ ਸੁਹਿਰਦਤਾ ਨਾਲ ਤੇ ਬੇਲਿਹਾਜ਼ ਦ੍ਰਿੜ੍ਹਤਾ ਨਾਲ ਕਿਹਾ : ਤੂੰ ਆਪਣਾ ਮਕਾਨ ਬਦਲ ਲੈ, ਨਹੀਂ ਤਾਂ ਅੱਜ ਤੋਂ ਬਾਦ ਮੈਂ ਤੇਰੇ ਘਰ ਕਦੇ ਨਹੀਂ ਆਉਣਾ। ਮੈਂ ਉਹਨੀਂ ਦਿਨੀ ਕਰੋਲਬਾਗ਼ ਦੇ ਨਾਈਵਾਲਾ ਇਲਾਕੇ ਵਿਚ ਰਹਿੰਦਾ ਸਾਂ। ਉਸ ਦੋਸਤ ਨੂੰ ਮੇਰੀਆਂ ਹਸੀਨ ਸੰਭਾਵਨਾਵਾਂ ਤੇ ਭਰੋਸਾ ਸੀ, ਪਰ ਉਸ ਨੂੰ ਮੇਰੀ ਕੋਝੀ ਤੇ ਗ਼ਲੀਜ਼ ਵਾਸਤਵਿਕਤਾ ਪਰੇਸ਼ਾਨ ਕਰਦੀ ਸੀ। ਉਹ ਮੇਰੇ ਪਾਸ ਘੰਟਿਆਂ ਬੱਧੀ ਬਹਿ ਕੇ ਮੇਰੀਆਂ ਕਵਿਤਾਵਾਂ ਸੁਣ ਸਕਦਾ ਸੀ, ਪਰ ਮੇਰੇ ਮਕਾਨ ਵਿਚ ਘੜੀ-ਛਿਣ ਬੈਠਦਿਆਂ ਉਹਨੂੰ ਆਪਣਾ ਆਪ ਮੈਲਾ ਹੁੰਦਾ ਜਾਪਦਾ ਸੀ । ਮੈਂ ਉਸ ਮਕਾਨ ਨੂੰ ਛਡ ਨਾ ਸਕਿਆ ਤੇ ਉਹਨੇ ਵੀ ਪੂਰੀ ਪਕਿਆਈ ਨਾਲ ਆਪਣੇ ਬੋਲਾਂ ਤੇ ਪਹਿਰਾ ਦਿਤਾ । ਜਿਥੇ ਵੀ ਉਹਦਾ ਵਸ ਚਲਦਾ ਉਹ ਮੇਰਾ ਭਲਾ ਕਰਨੋ ਸਰਫ਼ਾ ਨਾ ਕਰਦਾ, ਪਰ ਉਹ ਮੈਨੂੰ ਮਿਲਣ ਫੇਰ ਕਦੀ ਮੇਰੇ ਉਸ ਘਰ ਨਾ ਆਇਆ ਜਿਸ ਦੀ ਤਾਰੀਕੀ ਖਾਹਮਖਾਹ ਉਸ ਦੇ ਆਪੇ ਨੂੰ ਘਸਮੈਲਦੀ ਜਾਪਦੀ ਸੀ । ਮੇਰੇ ਜੀਵਨ ਅਤੇ ਮੇਰੀ ਕਵਿਤਾ ਵਿਚਕਾਰ ਮੇਰੀ ਵਾਸਤਵਿਕਤਾ ਅਤੇ ਮੇਰੀ ਸੰਭਾਵਨਾ ਜਿੰਨੀ ਹੀ ਵਿਥ ਅਤੇ ਉਹਨਾਂ ਜਿੰਨੀ ਹੀ ਨੇੜ ਹੈ। ਧੁੰਦੂਕਾਰਾ ਅਤੇ ਲਿਸ਼ਕਾਰਾ ਵਿਰੋਧਾਭਾਸੀ ਤੱਤਾਂ ਵਾਂਗ ਇਕ ਦੂਜੇ ਵਿਚ ਰਲੇ-ਮਿਲੇ ਹਨ। ਇਹ ਗੱਲ ਮੇਰੇ ਦਰਸ਼ਕਾਂ ਨੂੰ ਹੈਰਾਨ, ਸਗੋਂ ਪਰੇਸ਼ਾਨ, ਕਰਦੀ ਰਹੀ ਹੈ। ਬਹੁਤ ਸਾਧਾਰਨ ਦਿੱਖ ਅਤੇ ਵਿੱਤ ਵਾਲਾ ਬੰਦਾ, ਅਸਾਧਾਰਨ ਮੁਹਾਂਦਰੇ ਵਾਲੀਆਂ ਸਿਰਜਨਾਵਾਂ ਦਾ ਸਿਰਜਣਹਾਰ ਬਣੇ, ਮੇਰੇ ਆਲੇ-ਦੁਆਲੇ ਨੂੰ ਇਹ ਤਥ ਅਲੋਕਾਰ ਜਾਪਦਾ ਰਿਹਾ ਹੈ, ਤੇ ਇਸ ਦਾ ਗੁੱਸਾ, ਕਦੀ ਪ੍ਰਤੱਖ, ਕਦੀ ਪਰੋਖ, ਮੇਰੇ ਉਪਰ ਨਿਕਲਦਾ ਰਿਹਾ ਹੈ । ਉਹਨਾਂ ਦਾ ਮੇਰੇ ਪ੍ਰਤੀ ਇਹੋ ਜਿਹਾ ਵਤੀਰਾ ਮੈਨੂੰ ਸਿਰਜਣਾ-ਕਾਰਜ ਲਈ ਵਧੇਰੇ ਉਤੇਜਿਤ ਕਰਦਾ ਰਿਹਾ ਹੈ। ਮੈਂ ਆਪਣੀ ਪ੍ਰੇਰਨਾ ਅਤੇ ਉਤੇਜਨਾ ਦੋਹਾਂ ਸੋਮਿਆਂ ਪ੍ਰਤੀ ਸੁਚੇਤ ਰਿਹਾ ਹਾਂ । ਪ੍ਰੇਰਣਾ ਦਾ ਮੂਲ ਸੋਮਾਂ ਤਾਂ ਉਹ ਵਿਗੋਚਾ ਸੀ ਜਿਹਦੇ ਸਦਕਾ ਨੇਸਤੀ ਵਿਚੋਂ ਹਸਤੀ ਉਜਾਗਰ ਕਰਨਾ ਮੇਰਾ ਧਰਮ ਬਣ ਗਿਆ । ਤੇ, ਮੇਰੇ ਆਲੇ-ਦੁਆਲੇ, ਰਤਾ ਕੁ ਵਿਥ ਉਪਰ, ਖਲੋਤੀ ਲੋਕਾਈ ਸਦਾ ਉਤੇਜਨਾ ਦਾ ਕੰਮ ਕਰਦੀ ਰਹੀ । ਇਹੋ ਨੇ ਮੇਰੀ ਸਿਰਜਣਾ ਨੂੰ ਅੰਦਰੋਂ-ਬਾਹਰੋਂ ਸੀਖ਼ ਕੇ ਮੈਨੂੰ ਸਦਾ ਜਾਗਦੀ ਜੋਤ ਰੱਖਣ ਵਾਲੇ ਮੇਰੇ ਮੁਹਸਨ, ਮੇਰੇ ਮਿਹਰਬਾਨ ।

***

ਪਤਾ ਨਹੀਂ ਮੈਂ ਆਪਣੀ ਪਹਿਲੀ ਕਵਿਤਾ ਕਦੋਂ ਲਿਖੀ । ਪਤਾ ਸਿਰਫ਼ ਏਨਾ ਹੀ ਹੈ ਕਿ ਲਿਖੀ ਜਾਣ ਤੋਂ ਪਹਿਲਾਂ ਕਵਿਤਾ ਅਲਿਖੇ ਰੂਪ ਵਿਚ ਮੌਜੂਦ ਸੀ । ਮੇਰੀ ਕਵਿਤਾ ਮੇਰੇ ਕਾਗ਼ਜ਼ਾਂ ਉਪਰ ਉਤਰਨ ਤੋਂ ਪਹਿਲਾਂ ਕਿਸੇ ਵੀਰਾਨੇ ਵਿਚ ਡੁੱਲ੍ਹੀ ਹੋਈ ਚੀਖ਼ ਸੀ । ਇਹ ਵੀਰਾਨਾ ਕਦੀ ਮੈਨੂੰ ਜੰਗਲ ਪ੍ਰਤੀਤ ਹੁੰਦਾ ਹੈ, ਕਦੇ ਰੇਗਿਸਤਾਨ, ਕਦੇ ਕਿਸੇ ਪਿੰਡ ਤੋਂ ਬਾਹਰਵਾਰ ਗੁਆਚਾ ਹੋਇਆ ਥੇਹ ਅਤੇ ਕਦੇ ਸ਼ਹਿਰਾਂ ਦੀ ਬੇਡੌਲ, ਬੇਚਿਹਰਾ ਭੀੜ ਜਿਸ ਵਿਚ ਸਹਿਜੇ ਹੀ ਗੁਆਚਿਆ ਜਾ ਸਕਦਾ ਹੈ। ਮੇਰੀਆਂ ਕਵਿਤਾਵਾਂ ਜੰਗਲ, ਮਾਰੂਥਲ, ਥੇਹ ਅਤੇ ਭੀੜ ਵਿਚ ਭਟਕਦੇ ਕਿਸੇ ਕੱਲੇਕਾਰੇ ਖੋਜਾਰਥੀ ਦੀਆਂ ਲਭਤਾਂ ਹਨ ।

ਪਹਿਲਾਂ ਜੰਗਲ । ਮੇਰਾ ਜਨਮ ਮੇਰੇ ਜੱਦੀ ਪਿੰਡ ਤੋਂ ਬਹੁਤ ਦੂਰ ਇਕ ਜੰਗਲ ਦੀ ਫਿਰਨੀ ਤੇ ਹੋਇਆ। ਜੰਗਲ ਲਾਗੇ ਘਰ ਮੇਰੀ ਕਲਪਨਾ ਦੀ ਧਰਤੀ ਵਿਚ ਗਡਿਆ ਹੋਇਆ ਹੈ ਜਿਸ ਵਿਚੋਂ, ਲੋੜ ਪੈਣ ਤੇ, ਕੋਈ ਲਿਸ਼ਕਦਾ ਸਿੱਕਾ, ਕੋਈ ਅਸ਼ਰਫ਼ੀ, ਕੋਈ ਮੁਹਰ, ਮੈਂ ਕਢ ਕੇ ਵਰਤ ਲੈਂਦਾ ਰਿਹਾ ਹਾਂ । ਇਹ ਖ਼ਜ਼ਾਨਾ ਅਖੁੱਟ ਹੈ । ਇਹ ਸਿਰਫ਼ ਮੇਰੇ ਲਈ ਹੈ । ਇਹ ਮੇਰੇ ਨਾਲ ਹੀ ਨਿਖੁੱਟੇਗਾ । ਮੇਰੇ ਸਮਕਾਲ ' ਤੇ ਪੂਰਬਕਾਲ ਦੇ ਕਵੀਆਂ ਪਾਸ ਵੀ ਇਹੋ ਜਿਹੇ, ਨਵੇਕਲੇ ਮੁਹਾਂਦਰਿਆਂ ਵਾਲੇ, ਖ਼ਜ਼ਾਨੇ ਹੋਣਗੇ ਜਿਨ੍ਹਾਂ ਨੂੰ ਸਿਰਫ਼ ਉਹੋ ਵਰਤ ਸਕਦੇ ਹਨ। ਇਹਨਾਂ ਖ਼ਜਾਨਿਆਂ ਸਦਕਾ ਹੀ ਹਰ ਕਵੀ ਦੀ ਕਿਰਤ ਦਾ ਮੁਹਾਂਦਰਾ ਨਵੇਕਲਾ ਹੈ।

ਖ਼ੁਦ ਇਹ ਜੰਗਲ ਵੀ ਨਵੇਕਲੀ ਕਿਸਮ ਦਾ ਹੈ । ਇਹ ਆਮ ਜੰਗਲਾਂ ਵਰਗਾ ਜੰਗਲ ਨਹੀਂ, ਇਹ ਗੁਆਚਾ ਹੋਇਆ ਜੰਗਲ ਹੈ ਤੇ ਸਿਰਫ਼ ਮੇਰੀ ਕਲਪਨਾ ਵਿਚ ਇਕ ਤਸਵੀਰ ਵਾਂਗ ਲਟਕ ਸਕਦਾ ਹੈ, ਇਕ ਹੇਰਵੇ ਵਾਂਗ ਵਸ ਸਕਦਾ ਹੈ । ਇਸ ਦੀ ਫਿਰਨੀ ਤੇ ਇਕ ਘਰ ਸੀ ਜਿਸ ਵਿਚ ਮੇਰਾ ਜਨਮ ਹੋਇਆ ਸੀ। ਇਹ ਘਰ ਵੀ ਮੈਥੋਂ ਗੁਆਚਾ ਹੋਇਆ ਪਰ ਕਲਪਨਾ ਵਿਚ ਲਟਕਿਆ ਹੋਇਆ ਘਰ ਹੈ। ਮੇਰੇ ਆਲੋਚਕਾਂ ਦਾ ਕਹਿਣਾ ਹੈ ਕਿ ਮੈਂ ਰੋਮਾਨੀ ਸੁਭਾਅ ਵਾਲਾ ਕਵੀ ਹਾਂ । ਮੈਂ ਉਹਨਾਂ ਦੇ ਇਸ ਕਥਨ ਤੇ ਕਦੀ ਸ਼ਕ ਨਹੀਂ ਕੀਤਾ । ਉਹ ਇਹ ਗੱਲ ਵਿਅੰਗ ਵਜੋਂ ਕਹਿੰਦੇ ਰਹੇ ਹਨ, ਮੈਂ ਇਹਨੂੰ ਆਪਣੀ ਜ਼ਿੰਦਗੀ ਦੇ ਸੱਚ ਵਜੋਂ ਸਵੀਕਾਰਦਾ ਰਿਹਾ ਹਾਂ । ਰੋਮਾਨੀ ਸ਼ਾਇਰ ਆਪਣੇ ਤੋਂ ਦੂਰ ਵਸਦੀ ਕਿਸੇ ਦੁਨੀਆਂ ਵਲ ਉਲਰੇ ਹੁੰਦੇ ਹਨ । ਮੇਰਾ ਜੰਗਲ ਤੇ ਮੇਰਾ ਜਨਮ-ਘਰ ਮੈਥੋਂ ਬਹੁਤ ਦੂਰ ਹਨ, ਪਰ ਪੋਟੇ ਵਿਚ ਚੁਭੀ ਛਿਲਤ ਵਾਂਗ ਮੇਰੇ ਬਹੁਤ ਨੇੜੇ, ਸਗੋਂ ਮੇਰੇ ਅੰਦਰ ਹੀ, ਚਸਕਾਂ ਮਾਰਦੇ ਰਹਿੰਦੇ ਹਨ । ਮੈਂ ਜਾਂ ਮੇਰੇ ਪਰਿਵਾਰ ਦੇ ਕਿਸੇ ਜੀ ਨੇ ਉਹ ਘਰ ਵੇਚਿਆ ਨਹੀਂ, ਉਸ ਉਪਰ ਆਪਣਾ ਅਧਿਕਾਰ ਬਾਕਾਇਦਾ ਛਡਿਆ ਵੀ ਨਹੀਂ । ਪਰ, ਇਕ ਵਾਰ ਕਿਸੇ ਕਾਰਨ ਉਸ ਤੋਂ ਵਿਛੜ ਕੇ ਫੇਰ ਉਸ ਵਲ ਮੁੜਣ ਦਾ ਮੌਕਾ ਨਹੀਂ ਮਿਲਿਆ। ਮੇਰੀਆਂ ਬਾਹਲੀਆਂ ਦੌਲਤਾਂ ਉਹ ਹਨ ਜੋ ਮੈਥੋਂ ਵਿਛੜ ਗਈਆਂ ਤੇ ਵਾਸਤਵਿਕਤਾ ਦੀ ਜੂਨੋਂ ਨਿਕਲ ਕੇ ਮਾਨਸਿਕਤਾ ਦੀ ਜੂਨੇ ਆ ਪਈਆਂ । ਮੈਂ ਕੁਝ ਵੀ ਨਵਾਂ ਨਹੀਂ ਸਿਰਜਿਆ, ਸਿਰਫ਼ ਆਪਣੀ ਗੁਆਚੀ ਵਾਸਤਵਿਕਤਾ ਨੂੰ ਆਪਣੀ ਮਾਨਸਿਕਤਾ ਵਿਚ ਪਰਤਾਉਂਦਾ ਤੇ ਫੇਰ ਉਸ ਨੂੰ ਸ਼ਾਬਦਿਕਤਾ ਵਿਚ ਰੂਪਮਾਨ ਕਰਦਾ ਰਿਹਾ ਹਾਂ।

ਜੰਗਲ ਦੀ ਫਿਰਨੀ ਤੇ ਟਿਕਿਆ ਮੇਰਾ ਘਰ ਜੇ ਮੇਰੇ ਸਿਰ ਉਪਰ ਉਹਲੇ ਵਾਂਗ ਟਿਕਿਆ ਰਹਿੰਦਾ ਤਾਂ ਮੇਰੇ ਲਈ ਉਪਯੋਗੀ ਹੁੰਦਾ, ਪਰ ਮੈਥੋਂ ਵਿਛੜ ਕੇ ਉਹ ਮੇਰੇ ਲਈ ਸੁਹਜਮਈ ਹੋ ਗਿਆ । ਆਪਣੇ ਘਰ ਤੋਂ ਵਿਛੜ ਕੇ ਮੈਂ ਦੂਜਿਆਂ ਦੇ ਘਰਾਂ ਵਿਚ ਪਲਦਾ ਰਿਹਾ । ਪ੍ਰਾਪਤ ਦੇ ਕੋਝ ਅਤੇ ਅਪ੍ਰਾਪਤ ਦੇ ਸੁਹਜ ਦੇ ਮਿਲਣ-ਬਿੰਦੂ ਉਪਰ ਮੇਰੀ ਸਿਰਜਣਾ ਦਾ ਨਿਵਾਸ ਹੈ । ਜਦੋਂ ਮੈਂ ਪਹਿਲੀ ਵਾਰ ਸੁਹਜ ਦੀ ਪਰਿਭਾਸ਼ਾ ਪੜ੍ਹੀ ਸੀ ਤਾਂ ਮੇਰਾ ਵਿਛੜਿਆ ਘਰ ਬੜੀ ਸ਼ਿੱਦਤ ਨਾਲ ਮੇਰੇ ਜ਼ਿਹਨ ਵਿਚ ਉਭਰਿਆ ਸੀ, ਜਗਮਗ ਜਗਮਗ ਮੁਨਾਰੇ ਵਾਂਗ । ਵਿਦਵਾਨਾਂ ਨੇ ਮੈਨੂੰ ਦਸਿਆ ਕਿ ਸੁਹਜ ਉਪਯੋਗ ਤੋਂ ਨਿਖੜਿਆ ਹੋਇਆ ਅਨੁਭਵ ਹੈ। ਜੋ ਕੋਈ ਉਪਯੋਗ ਦੇ ਨੁਕਤੇ ਉਪਰ ਟਿਕਿਆ ਰਹਿੰਦਾ ਹੈ, ਉਹ ਸੁਹਜ ਦੀ ਦੌਲਤ ਤੋਂ ਵਿਛੁੰਨਿਆਂ ਰਹਿੰਦਾ ਹੈ । ਸੁਹਜ ਉਪਯੋਗਿਤਾ ਦੀ ਵਿਰੋਧੀ ਜਾਂ ਵਿਪਰੀਤ ਹੋਂਦ ਨਹੀਂ, ਉਸ ਤੋਂ ਵਾਫ਼ਰ ਕੋਈ ਹੋਂਦ ਹੈ। ਬਸ, ਮੈਥੋਂ ਵਿਛੁੰਨਾ ਵਾਸਤਵਿਕ ਘਰ ਮੇਰੇ ਲਈ ਸੁਹਜੀਲਾ ਬਣ ਗਿਆ। ਕਿਤਾਬਾਂ ਵਿਚੋਂ ਸੁਹਜ ਦੀਆਂ ਪਰਿਭਾਸ਼ਾਵਾਂ ਪੜ੍ਹਣ ਤੋਂ ਪਹਿਲਾਂ ਹੀ ਸੁਹਜ ਦਾ ਸਰੂਪ ਮੇਰੀ ਅੰਤਰ-ਆਤਮਾ ਵਿਚ ਸਹਿਜ ਹੋ ਗਿਆ ਸੀ। ਉਪਯੋਗਿਤਾ ਦੀ ਮਜਬੂਰੀ ਤੋਂ ਮੁਕਤ ਹੋ ਕੇ ਹੀ ਸੁਹਜ ਦਾ ਦੀਦਾਰ ਹੁੰਦਾ ਹੈ । ਇਹਨਾਂ ਵਿਚ ਇਕ ਨੂੰ ਛਡ ਕੇ ਹੀ ਦੂਜੇ ਨਾਲ ਧਰਮ ਨਿਭਾਇਆ ਜਾ ਸਕਦਾ ਹੈ। ਇਹ ਫ਼ੈਸਲਾ ਮੈਨੂੰ ਆਪ ਨਹੀਂ ਕਰਨਾ ਪਿਆ, ਆਪਣੇ ਆਪ ਹੋ ਗਿਆ । ਮੇਰੇ ਕਵੀ ਹੋਣ ਦਾ ਫੈਸਲਾ ਤਾਂ ਉਸੇ ਦਿਨ ਹੋ ਗਿਆ ਸੀ ਜਿੱਦਣ ਮੈਂ ਆਸਾਮੀ ਜੰਗਲ ਦੇ ਕੰਢੇ ਵੱਸੇ ਆਪਣੇ ਘਰ ਨੂੰ ਛਡ ਕੇ ਪੰਜਾਬ ਆ ਗਿਆ ਤੇ ਵਾਸਵਿਕਤਾ ਦਾ ਇਹ ਟੋਟਾ ਮੇਰੇ ਮਨ ਵਿਚ ਰੰਗੀਨ ਚਿਤਰ ਵਾਂਗ ਲਟਕ ਗਿਆ।

ਇਹ ਮੇਰੀ ਕਵਿਤਾ ਦਾ ਹੀ ਨਹੀਂ ਮੇਰੀ ਜ਼ਿੰਦਗੀ ਦਾ ਵੀ ਮਾਡਲ ਬਣ ਗਿਆ। ਮੈਥੋਂ ਆਪਣੇ ਉਹਨਾਂ ਦੋਸਤਾਂ ਤੋਂ ਸਹਿਜੇ ਹੀ ਫਾਸਿਲਾ ਥਾਪ ਹੋ ਜਾਂਦਾ ਹੈ ਜੋ ਮੇਰੇ ਲਈ ਉਪਯੋਗੀ ਹੋ ਸਕਣ ਦੇ ਸਮਰੱਥ ਹੋ ਜਾਂਦੇ ਹਨ । ਇਹ ਮੇਰੀ ਮਨੋਬਣਤਰ ਦੀ ਹੀ ਕਾਰਜ-ਸ਼ੈਲੀ ਹੈ ਕਿ ਸਮਰੱਥਾਵਾਨ ਦੋਸਤਾਂ ਨੂੰ ਮੈਂ ਆਪਣੇ ਬਹੁਤ ਨੇੜੇ ਨਹੀਂ ਢੁੱਕਣ ਦੇਂਦਾ ; ਉਹ ਮੇਰੀ ਖ਼ਾਮੋਸ਼ੀ ਵਿਚ ਉਤੇਜਨਾ ਵਾਂਗ ਵਸਦੇ ਰਹੇ ਹਨ । ਇਸੇ ਸਥਿਤੀ ਨੇ ਮੇਰੀ ਕਵਿਤਾ ਨੂੰ ਲੋੜੀਂਦਾ ਵੇਗ ਦਿਤਾ ਹੈ ਅਤੇ ਲੋੜੀਂਦਾ ਸੰਤੁਲਨ ਵੀ । ਮੈਂ ਲਗਭਗ, ਹਮੇਸ਼ਾ ਉਪਕਾਰੀਆਂ ਦੀ ਉਲਾਰ ਪਰਖ ਤੋਂ ਬਚਿਆ ਰਿਹਾ ਹਾਂ। ਮੈਨੂੰ ਬਖ਼ਸ਼ਿੰਦ ਲੋਕਾਂ ਤੋਂ ਐਲਰਜੀ ਹੈ ।

ਮੇਰੇ ਕਾਵਿ-ਪ੍ਰਕਾਸ਼ਨ ਦੇ ਪਹਿਲੇ ਪੜਾਅ ਉਪਰ ਹੀ ਮੈਨੂੰ ਸੁਹਜਵਾਦੀ ਕਵੀ ਕਿਹਾ ਜਾਣ ਲੱਗਾ । ਮੇਰੇ ਲਈ ਇਹ ਵਿਸ਼ੇਸ਼ਣ ਵੀ ਮਿਹਣੇ ਵਾਂਗ ਤਜਵੀਜ਼ ਹੋਇਆ, ਪਰ ਸੀ ਇਹ ਦੁਰੁਸਤ । ਵਾਸਤਵਿਕਤਾ-ਉਪਯੋਗਿਤਾ ਦੇ ਚਾਹਵਾਨ ਸਿਰਜਕਾਂ-ਵਿਚਾਰਕਾਂ ਨੂੰ ਸੁਹਜ ਆਪਣੇ ਵਿਰੁਧ ਬੇਪਰਤੀਤੀ ਦਾ ਮਤਾ ਜਾਪਦਾ ਹੈ। ਇਉਂ ਜਾਪਦਾ ਹੈ ਜਿਵੇਂ ਕੋਈ ਕਿਸੇ ਦੇ ਪੈਰਾਂ ਹੇਠੋਂ ਠੋਸ ਧਰਤੀ ਖਿਚ ਰਿਹਾ ਹੋਵੇ ਤੇ ਉਹਨੂੰ ਨਿਰੋਲ ਹਵਾ ਵਿਚ ਲਟਕਣ ਤੇ ਮਜ਼ਬੂਰ ਕਰ ਰਿਹਾ ਹੋਵੇ ! ਮੈਂ ਸੁਹਜਵਾਦੀ ਵਿਸ਼ੇਸ਼ਣ ਨੂੰ ਖ਼ੁਸ਼ੀ ਖ਼ੁਸ਼ੀ ਸਵੀਕਾਰ ਕੀਤਾ । ਮੈਂ ਸਗੋਂ ਸੁਹਜ ਦੇ ਵਿਸ਼ੇਸ਼ ਅਧਿਐਨ ਵਲ ਰੁਚਿਤ ਹੋਇਆ । ਪਹਿਲਾਂ ਇਹ ਮੇਰਾ ਅਚੇਤ ਅਨੁਭਵ ਸੀ, ਫੇਰ ਇਹ ਮੇਰੇ ਸੁਚੇਤ ਅਧਿਐਨ ਦੀ ਵਸਤ ਬਣ ਗਿਆ । ਕਾਵਿ-ਰਚਨਾ ਉਪਯੋਗਿਤਾ-ਸੁਹਜ ਦੀ ਪਹਿਲ ਦੂਜ ਨੂੰ ਬਦਲਣ ਦਾ ਉੱਦਮ ਹੈ। ਰਚਨਾ ਦੇ ਨਾਲੋ ਨਾਲ ਵਾਪਰਦਾ ਵਿਰਚਨਾ ਦਾ ਕਾਰਜ । ਤਿਆਗਿਆ ਇਹਨਾਂ ਵਿਚੋਂ ਕੋਈ ਵੀ ਨਹੀਂ ਜਾਂਦਾ । ਉਪਯੋਗੀ ਵਾਸਤਵਿਕਤਾ ਆਪਣੀ ਥਾਵੇਂ ਟਿਕੀ ਰਹਿੰਦੀ ਹੈ । ਸਿਰਫ ਕਵੀ ਸੁਹਜ ਨੂੰ ਵਾਸਤਵਿਕਤਾ ਤੋਂ ਪਹਿਲਾਂ ਥਾਂ ਦੇ ਦੇਂਦਾ ਹੈ । ਕਵਿਤਾ ਉਸ ਕੋਝ ਦੇ ਵਿਰੁਧ ਬੇਪਰਤੀਤੀ ਦਾ ਮਤਾ ਹੈ ਜੋ ਵਾਸਤਵਿਕਤਾ ਦਾ ਲਾਜ਼ਮੀ ਅੰਗ ਹੈ। ਸਦਾਚਾਰ, ਪ੍ਰਗਤੀ, ਕ੍ਰਾਂਤੀ, ਇਹ ਸਭ ਆਪੋ ਆਪਣੀ ਥਾਂ ਸੁਹਜ ਦੇ ਹੀ ਵਖੋ ਵਖ ਮੁਹਾਂਦਰੇ ਹਨ । ਜੋ ਆਦਮੀ ਵਾਸਤਵਿਕਤਾ ਤੋਂ ਵਾਫ਼ਰ ਸੁਪਨੇ ਸਾਜਣਾ ਨਹੀਂ ਲੋਚਦਾ, ਉਸ ਨੂੰ ਸੁਹਜ ਦੀ ਕੋਈ ਸਾਰ ਨਹੀਂ।

ਵਾਸਤਵਿਕਤਾ ਅਤੇ ਸੁਹਜ ਵਰਗਾ ਰਿਸ਼ਤਾ ਹੀ ਮੈਂ ਕਵਿਤਾ ਅਤੇ ਕਾਵਿ ਵਿਚ ਮਿਥਿਆ ਹੋਇਆ ਹੈ । ਨਿਰੋਲ ਕਵਿਤਾਵਾਂ ਜੋੜਦੇ ਰਹਿਣ ਵਿਚ ਮੈਨੂੰ ਦਿਲਚਸਪੀ ਨਹੀਂ, ਮੇਰਾ ਸ਼ੌਕ ਤਾਂ ਕਾਵਿ-ਸਿਰਜਣਾ ਹੈ । ਮੇਰੇ ਅੰਗ-ਸੰਗ ਵਸਦਾ ਮੇਰਾ ਆਪਣਾ ਬੇਲਿਹਾਜ਼ ਪਾਰਖੂ ਹੀ ਮੈਨੂੰ ਦਸਦਾ ਰਹਿੰਦਾ ਹੈ ਕਿ ਮੇਰੀ ਕਵਿਤਾ ਨੂੰ ਕਾਵਿ ਦੀ ਛੋਹ ਪ੍ਰਾਪਤ ਹੋਈ ਹੈ ਜਾਂ ਨਹੀਂ । ਮੇਰੀ ਪਹਿਲ ਕਾਵਿ ਲਈ ਹੈ । ਜੋ ਕੁਝ ਕਾਵਿ ਤੋਂ ਉਰ੍ਹਾਂ ਉਰ੍ਹਾਂ ਹੈ ਉਸ ਨੂੰ ਤਿਆਗਦਿਆਂ ਮੈਨੂੰ ਸੰਕੋਚ ਨਹੀਂ ਹੁੰਦਾ । ਮੇਰੀ ਤਿਆਗੀ ਹੋਈ ਹੋਂਦ ਦੇ ਟੁਕੜੇ ਮੇਰੀ ਸਵੀਕਾਰੀ ਹੋਈ ਹੋਂਦ ਦੇ ਮੁਕਾਬਲੇ ਬਹੁਤ ਜ਼ਿਆਦਾ ਹਨ । ਮੇਰੀ ਕਾਵਿ-ਸਿਰਜਣਾ ਨਿਰੰਤਰ ਉੱਦਮ ਹੈ, ਆਪਣੇ ਵਿਚੋਂ ਬਹੁਤ ਕੁਝ ਨੂੰ ਤਿਆਗ ਕੇ ਆਪਣੀ ਨਜ਼ਰ ਵਿਚ ਆਪ ਸਵੀਕਾਰਣ ਜੋਗ ਬਣਨ ਦਾ । ਇਹੋ ਜਿਹਾ ਨਿਖੇੜਾ ਹੀ ਮੈਨੂੰ ਲੇਖਕ ਅਤੇ ਕਰਤੇ ਵਿਚਕਾਰ ਜਾਪਦਾ ਹੈ । ਲੇਖਕ ਨੂੰ ਉਲੰਘ ਕੇ ਕਰਤੇ ਤਕ ਪਹੁੰਚਣਾ, ਬਸ ਇਹੋ ਮੇਰੀ ਕਾਵਿ-ਯਾਤਰਾ ਦੀ ਦਿਸ਼ਾ ਅਤੇ ਲਕਸ਼ ਹੈ।

ਜੰਗਲ ਕੰਢੇ ਵਸਿਆ ਤੇ ਮੈਥੋਂ ਵਿਛੁੰਨਿਆ ਘਰ ਮੇਰੇ ਲਈ ਇਕ ਮਿਥਕੀ, ਲੋਕਵੇਦੀ ਹਕੀਕਤ ਹੈ, ਇਹ ਘਰ ਹੀ ਨਹੀਂ, ਇਸ ਘਰ ਦੇ ਜੀ ਵੀ ਕਿਰਨਮਕਿਰਨੀ ਮੈਥੋਂ ਵਿਛੜਦੇ ਗਏ ਤੇ ਮੇਰੇ ਪਾਸ ਰਹਿ ਗਏ ਉਹਨਾਂ ਦੇ ਚਿਤਰ, ਉਹਨਾਂ ਨਾਲ ਜੁੜੀਆਂ ਮਿਥਾਂ, ਲੋਕ-ਕਹਾਣੀਆਂ ਵਰਗੀਆਂ ਗੱਲਾਂ-ਬਾਤਾਂ । ਇਹ ਵੀ ਵਾਸਤਵਿਕਤਾ ਦੀ ਜੂਨੋਂ ਨਿਕਲ ਕੇ ਮਾਨਸਿਕਤਾ ਦੀ ਜੂਨੇ ਪੈਣ ਵਰਗਾ ਅਨੁਭਵ ਸੀ । ਮੇਰੀ ਰਚਨਾ ਦੇ ਮਿਥਕੀ ਲੋਕਵੇਦੀ ਆਧਾਰਾਂ ਵਲ ਮੇਰੇ ਕਿਸੇ ਆਲੋਚਕ ਦਾ ਧਿਆਨ ਨਹੀਂ ਗਿਆ, ਇਹ ਚੰਗਾ ਹੀ ਹੋਇਆ । ਇਹ ਸ਼ਾਇਦ ਸੁਭਾਵਕ ਵੀ ਸੀ, ਕਿਉਂਕਿ ਇਹ ਨਿਰੋਲ ਮੇਰੀ ਮਨੋਬਣਤਰ ਨਾਲ ਸੰਬੰਧਿਤ ਹੈ। ਮੇਰਾ ਖ਼ਜ਼ਾਨਾ ਜਿਸ ਨੂੰ ਮੈਂ ਵਰਤਦਾ ਹਾਂ । ਜਦੋਂ ਕੋਈ ਕਹਿੰਦਾ ਹੈ ਕਿ ਸਾਡੇ ਲੋਕਵੇਦ ਦੇ ਵੇਰਵੇ ਸਾਥੋਂ ਗੁਆਚਦੇ ਜਾ ਰਹੇ ਹਨ ਤੇ ਸਾਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਸੰਭਾਲ ਲਈਏ ਤਾਂ ਮੈਨੂੰ ਆਪਣੀ ਹੋਂਦ ਸੰਬੰਧੀ ਚੇਤਨਾ ਜਾਗਦੀ ਹੈ। ਬਾਹਰ ਬਹੁਤ ਕੁਝ ਗੁਆਚਿਆ ਮੇਰੇ ਅੰਦਰ ਸੰਭਾਲਿਆ ਪਿਆ ਹੈ, ਮੈਥੋਂ ਵਿਛੜੀਆਂ ‘ਵਸਤਾਂ’ ਮੇਰੇ ‘ਵਿਅਕਤਿਤਵ' ਦੇ ਅੰਗ ਬਣ ਗਏ । ਏਸੇ ਜਾਦੂਈ ਰੂਪਾਂਤਰਣ ਥਾਣੀ ਲੰਘ ਕੇ ਹੀ ਮੈਂ ਤੇ ਮੇਰਾ ਕਾਵਿ ਉਹ ਕੁਝ ਬਣੇ ਹਾਂ ਜੋ ਕੁਝ ਅਸੀਂ ਹਾਂ । ਦੁਨੀਆ ਦਾ ਲੋਕਵੇਦ ਕੋਈ – ਬਾਹਰਮੁਖ ਹੋਂਦ ਹੈ ਜਿਸ ਦਾ ਰੰਗ ਦਿਨੋ ਦਿਨ ਫਿਟਦਾ ਜਾ ਰਿਹਾ ਹੈ ਤੇ ਜਿਸ ਨੂੰ ਲੋਕਵੇਦੀ ਖੋਜੀ ਉਸ ਦੇ ਫਿੱਟੇ ਹੋਏ ਰੂਪ ਵਿਚ ਹੀ ਸੰਭਾਲਣ ਲਈ ਉਦਮਸ਼ੀਲ ਹਨ । ਮੇਰਾ ਲੋਕਵੇਦ ਅੰਦਰਮੁਖ ਹੋਂਦ ਹੈ ਜਿਸਦਾ ਰੰਗ ਦਿਨੋ ਦਿਨ ਸਗੋਂ ਹੋਰ ਗੂੜ੍ਹਾ ਹੁੰਦਾ ਰਹਿੰਦਾ ਹੈ । ਮੈਂ ਇਸ ਨੂੰ ਸੰਭਾਲਦਾ ਨਹੀਂ, ਇਸ ਨੂੰ ਵਰਤਦਾ ਹਾਂ ।

ਮੇਰੇ ਅੰਦਰ ਵੱਸੇ ਮਿਥਕੀ-ਲੋਕਵੇਦੀ ਵੇਰਵਿਆਂ ਵਿਚੋਂ ਬਹੁਤੇ ਮੇਰੀ ਮਾਂ ਨਾਲ ਸੰਬੰਧਿਤ ਹਨ । ‘ਰੱਬ’ ਵੀ ਇਕ ਮਿਥਕੀ ਵੇਰਵਾ ਹੈ, ਇਹਦਾ ਮੁਹਾਂਦਰਾ ਪੁਲਿੰਗ ਹੈ ਅਤੇ ਸਾਡੀ ਲੋਕਵੇਦੀ ਪਿਰਤ ਅਨੁਸਾਰ ਉਹ ਜ਼ਿਆਦਾਤਰ ਸਾਥੋਂ ਬਾਹਰ ਹੀ ਵਸਦਾ ਹੈ । ਸੰਕਟ ਵੇਲੇ ਅਸੀਂ ਉਹਨੂੰ ਵਾਜਾਂ ਮਾਰ ਕੇ ਸਹਾਇਤਾ ਲਈ ਆਪਣੇ ਆਪ ਬੁਲਾਉਂਦੇ ਹਾਂ। ਮੇਰੇ ਮਿਥਕੀ ਰੱਬ ਦਾ ਮੂੰਹ-ਮੱਥਾ ਮੇਰੀ ਮਾਂ ਵਰਗਾ ਹੈ ਅਤੇ ਉਹ ਹਮੇਸ਼ਾ ਮੇਰੇ ਅੰਦਰ ਵਸਦਾ ਹੈ। ਸੰਕਟ ਵੇਲੇ ਉਹਨੂੰ ਵਾਜਾਂ ਮਾਰ ਕੇ ਬੁਲਾਉਣ ਦੀ ਮੈਨੂੰ ਲੋੜ ਨਹੀਂ ਪੈਂਦੀ। ਉਹ ਸਗੋਂ ਆਪ ਹੀ ਹਮੇਸ਼-ਹਾਜ਼ਰ ਆਵਾਜ਼ ਵਾਂਗ ਬੋਲਣ ਲਗ ਪੈਂਦਾ ਹੈ :

ਮਾਂ ਤੇਰੇ ਸਦਕੇ
ਮਾਂ ਤੈਥੋਂ ਵਾਰੀ
ਮਾਂ ਤੇਰੇ ਜੋਗੀ
ਮਾਂ ਤੁਧਵੰਤੀ

ਜਦੋਂ ਜਦੋਂ ਤੈਨੂੰ ਭੁਖ ਵੇ ਸਤਾਏ
ਟੁਕਰ ਬਿਗਾਨਾ ਤੈਥੋਂ ਮੰਗਿਆ ਨ ਜਾਏ
ਚੁੱਪਚਾਪ ਚਾਂਗਰ ਚਿਚਲਾਏ
ਉਦੋਂ ਉਦੋਂ ਹਾਜ਼ਰ
ਮਾਂ ਦੁਧਵੰਤੀ

ਮੁਲਕ ਤੇ ਮੌਸਮ ਜਿਸ ਦਮ ਕਾਲੇ
ਰਾਹ ਨ ਰਸਤੇ ਦੇਣ ਵਿਖਾਲੇ
ਕੋਈ ਨ ਕਿਧਰੇ ਬੱਤੀ ਬਾਲੇ
ਉਦੋਂ ਉਦੋਂ ਬਲਦੀ
ਮਾਂ ਸੁਧਵੰਤੀ

ਇਸ ਅੰਦਰੋਂ ਬੋਲਦੀ ਮਾਂ ਨੇ ਮੇਰੀ ਸਮੁੱਚੀ ਜੀਵਨ-ਜਾਂਚ ਨੂੰ ਨਵੇਕਲੇ ਜਿਹੇ ਰੰਗ ਵਿਚ ਰੰਗਿਆ ਹੋਇਆ ਹੈ। ਮੈਂ ਬੜੀ ਦ੍ਰਿੜ੍ਹਤਾ ਨਾਲ ਵਿਸ਼ਵਾਸ ਕਰਦਾ ਹਾਂ ਕਿ ਸਿਰਫ਼ ਵਿਗੋਚਿਆ ਹੋਇਆ ਬੰਦਾ ਹੀ ਸੋਚ ਸਕਦਾ ਹੈ, ਵਿਗੋਚਿਆ ਹੋਇਆ ਹੀ ਮਹਿਸੂਸ ਸਕਦਾ ਹੈ ਅਤੇ ਵਿਗੋਚਿਆ ਹੋਇਆ ਹੀ ਕਰਮਸ਼ੀਲ ਹੋ ਸਕਦਾ ਹੈ। ਵਿਗੋਚਿਆ ਹੋਇਆ ਬੰਦਾ ਹੀ ਪਿਆਰ ਕਰ ਸਕਦਾ ਹੈ । ਪ੍ਰਾਪਤ ਨਾਲ ਜੁੜੇ ਰਹਿਣਾ ਲੋਭ ਹੈ, ਪਿਆਰ ਨਹੀਂ । ਪ੍ਰਮਾਣਿਕ ਪ੍ਰੇਮੀ ਉਹ ਹੈ ਜੋ ਸਦਾ ਗੁਆਚੇ ਦੀ ਖੋਜ ਵਿਚ ਹੈ । ਕਦੀ ਕਦੀ ਇਸ ਵਿਸ਼ਵਾਸ ਦੀਆਂ ਤਰੁਟੀਆਂ ਨੂੰ ਵੀ ਪਛਾਣਦਾ ਹਾਂ। ਪਰ ਇਹ ਮੇਰੀ ਹੋਂਦ ਦਾ ਲੋਕਵੇਦੀ ਆਧਾਰ ਹੈ ਅਤੇ ਇਹਨੂੰ ਆਸਾਨੀ ਨਾਲ ਤਿਆਗਿਆ ਨਹੀਂ ਜਾ ਸਕਦਾ। ਕਿਉਂਕਿ ਮੇਰੇ ਪਿਆਰੇ ਲੋਕ ਤਾਂ ਮੇਰੇ ਅੰਦਰ ਵਸਦੇ ਹਨ, ਇਸ ਲਈ ਮੈਂ ਬਹੁਤੀ ਵਾਰ ਆਪਣੇ ਅੰਦਰ ਗੁਆਚ ਜਾਂਦਾ ਹਾਂ, ਆਪਣੇ ਆਪ ਨਾਲ ਗੱਲਾਂ ਕਰਦਾ ਹਾਂ । ਤੇ, ਆਪਣੇ ਆਪ ਨਾਲ ਗੱਲਾਂ ਕਰਦਾ ਕਰਦਾ ਹੀ ਕਾਵਿ-ਰਚਨਾ ਕਰਦਾ ਹਾਂ । ਕਦੀ ਕਦੀ ਮੇਰੇ ਨਾਲ ਨਾਲ ਤੁਰਿਆ ਜਾਂਦਾ ਬੰਦਾ ਛਿੱਥਾ ਪੈ ਜਾਂਦਾ ਹੈ ਕਿਉਂਕਿ ਮੈਂ ਉਹਦੀ ਸਾਕਾਰ ਉਕਤੀ ਵਲ ਬੇਧਿਆਨ ਆਪਣੇ ਅੰਦਰਲੀ ਨਿਰੁਕਤੀ ਦੀ ਆਵਾਜ਼ ਸੁਣ ਰਿਹਾ ਹੁੰਦਾ ਹਾਂ। ਮੇਰੇ ਸੁਭਾਅ ਦੇ ਮੁਹਾਂਦਰੇ ਵਾਲੀ ਕਵਿਤਾ ਨਾਲ ਵੀ ਕਦੀ ਕਦੀ ਮੇਰੇ ਆਲੋਚਕ ਛਿੱਥੇ ਪੈ ਜਾਂਦੇ ਹਨ । ਉਹਨਾਂ ਨੂੰ ਜਾਪਦਾ ਹੈ ਕਿ ਮੈਂ ਆਪਣੇ ਆਲੇ-ਦੁਆਲੇ ਰਚੀ ਜਾ ਰਹੀ ਸਿਰਜਣਾ-ਸਮੀਖਿਆ ਵਲੋਂ ਉਦਾਸੀਨ ਆਪਣੇ ਹੀ ਅੰਦਰ ਟੁੱਭੀ ਮਾਰ ਜਾਂਦਾ ਹਾਂ ਅਤੇ ਉਹ ਕੁਝ ਰਚਦਾ-ਵਿਰਚਦਾ ਹਾਂ ਜਿਸ ਦਾ ਕਿਸੇ ਨੂੰ ਚਿਤਚੇਤਾ ਵੀ ਨਹੀਂ ਹੁੰਦਾ ਹੈ। ਮੈਂ ਨਾ ਆਪਣੇ ਨਾਲ ਛਿੱਥੇ ਪੈ ਰਹੇ ਮਿੱਤਰਾਂ ਨਾਲ ਦੁਖੀ ਹੁੰਦਾ ਹਾਂ ਨਾ ਆਪਣੀ ਕਵਿਤਾ ਨੂੰ ਬੁਰਾ-ਭਲਾ ਕਹਿਣ ਵਾਲੇ ਆਲੋਚਕਾਂ ਨਾਲ । ਮੈਨੂੰ ਆਪਣੀ ਜਾਚ ਅਨੁਸਾਰ ਜੀਊਣ ਦੀ, ਰਚਣ ਦੀ, ਕੀਮਤ ਤਾਰਨੀ ਪੈਂਦੀ ਹੈ ਅਤੇ ਮੈਂ ਖ਼ੁਸ਼ੀ ਖ਼ੁਸ਼ੀ ਤਾਰਦਾ ਹਾਂ।

ਅਸਲ ਵਿਚ, ਇਹ ਵੀ ਮੇਰੀ ਵਿਰਚਨਾ-ਬਿਰਤੀ ਦਾ ਹੀ ਨਵੇਕਲਾ ਅੰਦਾਜ਼ ਹੈ। ਰੱਬ ਦੇ ਪਿਤਾ ਅਤੇ ਮਾਤਾ ਦੋਵੇਂ ਰੂਪ ਸਾਡੀ ਪਰੰਪਰਾ ਦੇ ਅੰਗ ਹਨ। ਮੈਂ ਇਹਨਾਂ ਵਿਚੋਂ ਕਿਸੇ ਨੂੰ ਤਿਆਗਿਆ ਨਹੀਂ, ਸਿਰਫ਼ ਇਹਨਾਂ ਦੀ ਦਰਜਾਬੰਦੀ ਵਿਚ ਪਹਿਲ ਦੂਜ ਨੂੰ ਬਦਲਿਆ ਹੈ। ਮੈਂ ਰੱਬ ਦੀ ਪਿਤਾ-ਮਾਤਾ ਦਰਜਾਬੰਦੀ ਨੂੰ ਮਾਤਾ-ਪਿਤਾ ਬਦਲਿਆ ਹੈ :

ਕਿਰਤਘਣਾਂ ਜਦੋਂ ਤੇਗ਼ਾਂ ਫੜੀਆਂ
ਪਿਆਰ ਤੇ ਬਣੀਆਂ ਪੁਠੀਆਂ ਘੜੀਆਂ
ਮੈਂ ਹਾਜ਼ਰ ਤੇਰੇ ਸੰਗ ਮੈਂ ਖੜੀਆਂ
ਜੂਝ ਮਰੋ ਤੇਰੀ
ਮਾਂ ਜੁਧਵੰਤੀ

ਇਸੇ ਤਰ੍ਹਾਂ ਨੇੜੇ–ਦੂਰ ਦੀ ਦਰਜਾਬੰਦੀ ਨੂੰ ਮੈਂ ਦੂਰ-ਨੇੜੇ ਦੀ, ਦਰਜਾਬੰਦੀ ਵਿਚ ਬਦਲਿਆ ਹੈ । ਮੈਂ ਆਪਣੀ ਪਰੰਪਰਾ ਦੇ ਵੇਰਵਿਆਂ ਦੀ ਵਿਰਚਨਾ ਵਿਚੋਂ ਹੀ ਆਪਣੀ ਮਰਜ਼ੀ ਦੀ ਘਾੜਤ ਘੜੀ ਹੈ।

***

ਮੈਂ ਕਿਹਾ ਨਾ ਕਿ ਮੈਨੂੰ ਪਤਾ ਨਹੀਂ ਕਿ ਮੈਂ ਆਪਣੀ ਪਹਿਲੀ ਕਵਿਤਾ ਕਦੋਂ ਅਤੇ ਕਿਹੜੀ ਲਿਖੀ । ਜਿਨ੍ਹਾਂ ਕਵੀਆਂ ਨੇ ਸਭ ਤੋਂ ਪਹਿਲਾਂ ਸਾਲਮ-ਸਬੂਤੀ ਕਵਿਤਾ ਲਿਖੀ, ਉਹਨਾਂ ਦੀ ਕਤਾਰ ਵਿਚ ਸ਼ਾਮਿਲ ਹੋਣ ਦਾ ਸੁਭਾਗ ਮੇਰਾ ਨਹੀਂ । ਮੈਂ ਤਾਂ ਪਹਿਲੋਂ ਨਿੱਕੀਆਂ ਨਿੱਕੀਆਂ, ਸਤਰਾਂ, ਅਧਸਤਰਾਂ ਗੁਣਗੁਣਾਉਂਦਾ ਰਿਹਾ ਤੇ ਉਹ ਵੀ ਆਪਣੀਆਂ ਨਹੀਂ, ਦੂਜਿਆਂ ਦੀਆਂ, ਦੂਜਿਆਂ ਪਾਸੋਂ ਸੁਣੀਆਂ ਸੁਣਾਈਆਂ। ਫੇਰ ਹੌਲੀ ਹੌਲੀ ਉਹਨਾਂ ਸਤਰਾਂ ਦੇ ਨਾਲ ਨਾਲ ਆਪਣੀਆਂ ਤੁਕਾਂ ਜੋੜਣ ਦੀ ਜਾਚ ਆਉਂਦੀ ਰਹੀ । ਮੇਰੀ ਕਵਿਤਾ ਮੈਨੂੰ ਲੋਕ-ਕਵਿਤਾ ਵਿਚੋਂ ਉਪਜਦੀ ਪ੍ਰਤੀਤ ਹੁੰਦੀ ਹੈ । ਅਣਜਾਣੇ ਕਰਤੇ ਦੀ ਕੋਈ ਪੰਗਤੀ ਕਿਸੇ ਦੇ ਮੂੰਹੋਂ ਸੁਣ ਕੇ ਮੈਂ ਲੋਰ ਵਿਚ ਆ ਜਾਂਦਾ ਤੇ ਕਈ ਕਈ ਦਿਨ ਉਸੇ ਨੂੰ ਚੱਬਦਾ-ਚਿੱਥਦਾ ਰਹਿੰਦਾ । ਆਲੇ ਦੁਆਲੇ ਲੋਕਾਂ ਨੂੰ ਹੌਲੇ ਹੌਲੇ ਜਾਪਣ ਲੱਗਾ ਕਿ ਮੈਂ ਤੁਕਾਂ ਜੋੜਦਾ ਹਾਂ । ਇਕ ਮਿਸਾਲ ਯਾਦ ਰਹੀ ਹੈ। ਘਰ ਦੇ ਐਨ ਸਾਹਮਣੇ ਗੁਰਦੁਆਰਾ ਸੀ । ਇਕ ਦਿਨ ਓਥੇ ਇਕ ਢਾਡੀ ਜੱਥਾ ਆਇਆ ਜਿਸ ਨੇ ਸਿੱਖਾਂ ਦੀ ਨਕਲ ਨਾਲ ਸੰਬੰਧਿਤ ਇਕ ਪ੍ਰਸੰਗ ਸੁਣਾਇਆ । ਸਿੱਖ ਪੰਜਾਬ ਵਿਚੋਂ ਉਰ੍ਹਾਂ-ਪਰ੍ਹਾਂ ਹੋਏ ਪਏ ਸਨ ਤੇ ਇਕ ਮੁਗ਼ਲ ਨਵਾਬ ਉਹਨਾਂ ਖੁਣੋਂ ਓਦਰਿਆ ਹੋਇਆ ਸੀ । ਆਪਣੇ ਮਨੋਰੰਜਨ ਲਈ ਉਹਨੇ ਭੰਡਾਂ ਪਾਸੋਂ ਸਿੱਖਾਂ ਦੀ ਨਕਲ ਲੁਆਉਣ ਦਾ ਫੈਸਲਾ ਕੀਤਾ । ਓਸ ਨਕਲ ਦੀ ਪਹਿਲੀ ਸਤਰ ਜੋ ਢਾਡੀਆਂ ਨੇ ਸੁਣਾਈ, ਉਹ ਸੀ :

ਉਹਨਾਂ ਪਾ ਹੰਕਾਰੀਆਂ ਜੀ ਕੱਛਾਂ
ਹਥ ਫੜ ਲਈਆਂ ਤੇਗਾਂ ਨੰਗੀਆਂ ਨੇ

ਇਸ ਤੋਂ ਬਾਅਦ ਢਾਡੀਆਂ ਨੇ ਜੋ ਕਿਹਾ ਉਹ ਮੈਨੂੰ ਨਾ ਅੱਜ ਯਾਦ ਹੈ ਅਤੇ ਨਾ ਹੀ ਮੈਂ ਓਦੋਂ ਸਮਝ ਸਕਿਆ। ਦੁਨੀਆਂ ਨਾਲ ਮੇਰਾ ਰਿਸ਼ਤਾ ਅਜੇ ਵੀ ਅਧਪਚੱਧੀ ਸਮਝ ਵਾਲਾ ਹੈ। ਬਹੁਤੀਆਂ ਗੱਲਾਂ ਮੈਂ ਅਧਪਚੱਧੀਆਂ ਹੀ ਸਮਝਦਾ ਹਾਂ । ਮੈਂ ਉਹਨਾਂ ਸੂਝਵਾਨਾਂ ਦੀ ਅਕਲ ਤੇ ਦੰਗ ਰਹਿ ਜਾਂਦਾ ਹਾਂ ਜੋ ਸਭ ਕੁਝ ਸਾਲਮ ਦਾ ਸਾਲਮ ਸਮਝ ਲੈਂਦੇ ਹਨ । ਮੈਂ ਆਪ ਵੀ ਬਹੁਤੀ ਵਾਰ ਬੇਧਿਆਨਾ ਹੋ ਜਾਂਦਾ ਹਾਂ । ਅਤੇ ਕਈ ਵਾਰ ਵਕਤਿਆਂ, ਗਾਇਕਾਂ ਦੇ ਬੋਲ ਵੀ ਇਕ ਦੂਜੇ ਵਿਚ ਇਉਂ ਰਲਗਡ ਹੁੰਦੇ ਜਾਪਦੇ ਹਨ ਕਿ ਪੂਰਾ ਮਫ਼ਹੂਮ ਮੇਰੇ ਪਿੜ-ਪੱਲੇ ਨਹੀਂ ਪੈਂਦਾ, ਖ਼ੈਰ । ਮੈਂ ਢਾਡੀ ਸਿੰਘਾਂ ਦੀ ਇਕੋ ਪੰਗਤੀ ਤੇ ਉਸ ਦੀ ਧੁਨ ਨਾਲ ਮੋਹਿਆ ਗਿਆ। ਇਸ ਦਾ ਇਕ ਕਾਰਣ ਤਾਂ ‘ਹੰਕਾਰੀਆਂ' ਕੱਛਾਂ ਦੀ ਵਿਆਖਿਆ ਸੀ ਜੋ ਢਾਡੀ ਜਥੇ ਦੇ ਜਥੇਦਾਰ ਨੇ ਕੀਤੀ। ‘ਹੰਕਾਰੀਆਂ' ਸਿੰਘਾਂ ਦਾ ਖ਼ਾਸ ਬੋਲਾ ਹੈ ਜਿਸ ਦਾ ਅਰਥ ਹੈ ‘ਪਾਟੀਆਂ ਹੋਈਆਂ’ । ਇਸ ਵਿਆਖਿਆ ਨੂੰ ਸੁਣ ਕੇ ਸਾਰੀ ਸੰਗਤ ਹੱਸ ਪਈ । ਇਹ ਪੰਗਤੀ ਮੇਰੇ ਲਈ ਕਈ ਅਰਥਾਂ ਵਾਲੀ ਰਚਨਾ ਬਣ ਗਈ । ਪ੍ਰਸੰਗ ਸਿੱਖ ਇਤਿਹਾਸ ਦਾ ਲੋਕਵੇਦੀ ਰੂਪ ਸੀ, ‘ਹੰਕਾਰੀਆਂ’ ਲੋਕਵੇਦੀ ਬੋਲਾ, ਭੰਡ ਲੋਕਨਾਟਕ ਦੇ ਕਰਤਾ ਅਤੇ ਅਭਿਨੇਤਾ, ਪੰਜਾਬੀ ਛੰਦ ਬੈਂਤ ਅਤੇ ਢਾਡੀਆਂ ਵਿਚ ਪ੍ਰਚਲਿਤ ਉਹਦੀ ਧੁਨ—ਇਹ ਸਭ ਕੁਝ ਮੈਨੂੰ ਇਕੋ ਸਾਹੇ ਸੰਜੁਗਤ ਰੂਪ ਵਿਚ ਪ੍ਰਾਪਤ ਹੋਇਆ ਅਤੇ ਮੇਰੇ ਅਵਚੇਤਨ ਵਿਚ ਸਹਿਜੇ ਹੀ ਉਤਰ ਗਿਆ। ਇਸ ਤਰ੍ਹਾਂ ਦੇ ਨਿਖੇੜੇ ਕਰਨ ਜੋਗਾ ਤਾਂ ਮੈਂ ਬਹੁਤ ਬਾਦ ਵਿਚ ਹੋਇਆ । ਕਈ ਦਿਨ, ਸਗੋਂ ਹਫ਼ਤੇ, ਮੈਂ ਇਹੋ ਪੰਗਤੀ ਥਾਂ-ਪਰ-ਥਾਂ ਗੁਣਗੁਣਾਉਂਦਾ ਰਿਹਾ । ਕਦੇ ਲਫ਼ਜ਼ਾਂ ਬਗ਼ੈਰ ਧੁਨ ਹੀ ਗੁਣਗੁਣਾ ਦੇਂਦਾ । ਵਿਚ ਵਿਚ ਢਾਡੀਆਂ ਵਾਂਗ ਬਾਂਹਾਂ ਵੀ ਉਲਾਰਦਾ। ਲੋਕਗੀਤ ਵਾਂਗ ਪ੍ਰਾਪਤ ਹੋਈ ਇਸ ਪੰਗਤੀ ਵਿਚ ਮੇਰੇ ਆਪਣੇ ਵੱਲੋਂ ਦੂਜੀ ਪੰਗਤੀ ਕਿਵੇਂ ਜੁੜੀ ਇਹ ਆਪਣੇ ਆਪ ਵਿਚ ਇਕ ਦਿਲਚਸਪ ਘਟਨਾ ਹੈ । ਇਕ ਵੱਡੀ ਉਮਰ ਦੇ ਬਜ਼ੁਰਗ ਨੇ ਇਕ ਦਿਨ ਪੁਚਕਾਰ ਕੇ ਮੈਨੂੰ ਮਨਾ ਹੀ ਲਿਆ ਕਿ ਮੈਂ ਉਹਨੂੰ ਸਿੰਘਾਂ ਦੀ ਨਕਲ ਵਾਲਾ ਪ੍ਰਸੰਗ ਸੁਣਾਵਾਂ । ਖਾਉ-ਪੀਉ ਦਾ ਵੇਲਾ ਸੀ । ਇਕ ਬੈਠਕ ਦੀ ਬਾਰੀ ਵਲ ਪਿੱਠ ਕਰਕੇ ਮੈਂ ਪ੍ਰਸੰਗ ਸ਼ੁਰੂ ਕਰ ਦਿਤਾ । ਪੰਗਤੀ ਤਾਂ ਮੈਨੂੰ ਇਕੋ ਹੀ ਆਉਂਦੀ ਸੀ । ਆਪ ਹੀ ਮੈਂ ਜੱਥਾ ਤੇ ਆਪੇ ਜਥੇਦਾਰ । ਆਪੇ ਗਾਉਂਦਾ ਤੇ ਆਪੇ ਵਿਆਖਿਆ ਕਰਦਾ । ਆਪਣੇ ਮੂੰਹੋਂ ਨਿਕਲਦੀ ਵਾਰਤਕ ਨੂੰ ਵੀ ਕਵਿਤਾ ਵਾਂਗ ਹੇਕ ਲਾ ਕੇ ਉਚਾਰਦਾ । ਪਤਾ ਨਹੀਂ ਸਿਲਸਿਲਾ ਕਿੰਨੀ ਕੁ ਦੇਰ ਤਕ ਜਾਰੀ ਰਿਹਾ । ਖ਼ਤਮ ਉਦੋਂ ਹੋਇਆ ਜਦੋਂ ਬੈਠਕ ਦੇ ਬਾਹਰਵਾਰ ਚੋਰੀ ਚੋਰੀ ਆਣ ਜੁੜੀਆਂ ਬੀਬੀਆਂ ਵਿਚੋਂ ਇਕ ਦਾ ਉੱਚੀ ਸਾਰੀ ਹਾਸਾ ਨਿਕਲ ਗਿਆ । ਇਹ ਮੇਰੀ ਦੂਰੋਂ ਨੇੜਿਉਂ ਭੂਆ ਬੀਬੀ ਮਣਸਾ ਦੇਈ ਸੀ। ਮੈਂ ਤਾਂ ਤੀਜੀ-ਚੌਥੀ ਜਮਾਤ ਦਾ ਅਜੇ ਨਿੱਕਾ ਜਿਹਾ ਬਾਲ ਹੀ ਸਾਂ । ਹਾਸਾ ਸੁਣ ਕੇ ਮੈਂ ਬੜਾ ‘ਭੈੜਾ ਪਿਆ’ । ਸ਼ਰਮ ਨਾਲ ਚੁਪ ਹੋ ਗਿਆ । ਇਹਨੂੰ ਅੱਜ ਮੈਂ ਆਪਣੀ ਪਹਿਲੀ ਕਵਿਤਾ ਵਰਗੀ ਕੋਈ ਸ਼ੈ ਕਹਿ ਸਕਦਾ ਹਾਂ ਜਿਸ ਵਿਚ ਇਕ ਉਧਾਰੀ ਲਈ ਪੰਗਤੀ ਦੀ ਨੀਂਹ ਉਪਰ ਮੈਂ ਆਪਣਾ ਕਾਵਿ-ਮਹੱਲ ਉਸਾਰ ਲਿਆ ਸੀ ।

ਅੱਜ ਜਦੋਂ ਉਮਰ ਸਮੇਂ ਦੇ ਉਸ ਨੁਕਤੇ ਤੋਂ ਬਹੁਤ ਦੂਰ ਅਗਾਂਹ ਸਰਕ ਆਈ ਹੈ, ਮੈਂ ਸੋਚ ਰਿਹਾ ਹਾਂ ਕਿ ਮੇਰੀ ਕਾਵਿ-ਸਿਰਜਣਾ ਦੇ ਬੀਜ ਤਾਂ ਮੇਰੇ ਬਚਪਨ ਵਿਚ ਹੀ ਸਨ । ਮੈਂ ਲੋਕਾਂ ਦੇ ਮੂੰਹੋਂ ਸੁਣੇ ਬੋਲਾਂ ਨੂੰ ਹੀ ਆਪਣੀ ਸਿਰਜਣਾ ਦੇ ਆਧਾਰ ਵਜੋਂ ਵਰਤਦਾ ਰਿਹਾ ਹਾਂ । ‘ਰਾਮਾ ਨਹੀਂ ਮੁਕਦੀ ਫੁਲਕਾਰੀ', ‘ਮਾਏ ਮੈਨੂੰ ਅੰਬਰਸਰ ਲਗਦਾ ਪਿਆਰਾ’, ‘ਮੋਈਏ ਭੁੰਨ ਦੇ ਫ਼ਕੀਰਾਂ ਦੇ ਦਾਣੇ', ਤੇ ਹੋਰ ਵੀ ਕਈ ਕੁਝ ਇਸੇ ਤਰ੍ਹਾਂ ਦੇ ਸੁਣੇ-ਸੁਣਾਏ ਮੁਖੜੇ ਹਨ ਜੋ ਕਿਸੇ ਪਿਆਰੇ ਵਲੋਂ ਬਖ਼ਸ਼ੇ ਵਰ ਵਾਂਗ ਮੇਰੇ ਅੰਦਰ ਮਨੋਵਾਸ ਕਰਦੇ ਰਹੇ ਤੇ ਕਿਸੇ ਸੁਲੱਖਣੀ ਘੜੀ ਮੇਰੇ ਲਈ ਆਪਣੇ ਆਪ ਕਾਰਜਸ਼ੀਲ ਹੋ ਗਏ । ਕਦੇ ਕਦੇ ਬੋਲ ਬਣੀ-ਬਣਾਤੀ ਕਾਵਿ-ਸਤਰ ਵਾਂਗ ਨਹੀਂ, ਕਿਸੇ ਮੂੰਹੋਂ ਨਿਕਲੇ ਵਾਰਤਕ ਦੇ ਟੋਟੇ ਵਾਂਗ ਪ੍ਰਾਪਤ ਹੁੰਦੇ ਸਨ । ਅੱਜ ਤੋਂ ਕਈ ਦਹਾਕੇ ਪਹਿਲਾਂ ਦੀ ਗੱਲ ਹੈ, ਮੇਰੇ ਦੋਸਤ ਡਾ: ਅਮਰੀਕ ਸਿੰਘ ਨੇ ਕਿਸੇ ਵਿਦਿਆਰਥੀ ਨੂੰ ਆਟੋਗਰਾਫ਼ ਦੇਂਦਿਆਂ ਲਿਖਿਆ ਸੀ : 'ਰਿਮੈਂਬਰ ਮੀ ਇਫ਼ ਇਟ ਡਜ਼ੰਟ ਪੇਨ' । ਮੈਂ ਕੋਲ ਹੀ ਬੈਠਾ ਸਾਂ । ਉਹਨੇ ਲਿਖਦੇ ਲਿਖਦੇ ਇਹ ਟੁਕੜਾ ਮੂੰਹੋਂ ਬੋਲਿਆ ਵੀ ਸੀ । ਪਤਾ ਨਹੀਂ ਕਿੰਨੇ ਸਾਲ ਇਕ ਮਿੱਠੀ ਜਿਹੀ ਛਿਲਤ ਬਣ ਕੇ ਇਹ ਬੋਲ ਮੇਰੇ ਅੰਦਰ ਚੁਭਕਾਂ ਮਾਰਦਾ ਰਿਹਾ ਤੇ ਫੇਰ ਇਕ ਦਿਨ, ਮੇਰੀ ਆਪਣੀ ਲੋੜ ਸਾਰਨ ਲਈ, ਮੇਰੇ ਆਪਣੇ ਗੀਤ ਦਾ ਮੁਖੜਾ ਬਣ ਕੇ, ਬੋਲਣ ਲਗ ਪਿਆ-

ਜੀ ਨਾ ਦੁਖੇ ਤਾਂ ਸਾਨੂੰ ਯਾਦ ਕਰਨਾ
ਸਾਡਾ ਕੀ ਕਸੂਰ ਸਾਨੂੰ ਪਿਆ ਮਰਨਾ

ਮੁਖੜੇ ਹੀ ਨਹੀਂ ਕਈ ਵਾਰ ਕਵਿਤਾਵਾਂ ਦੀਆਂ ਅਦਰਲੀਆਂ ਪੰਗਤੀਆਂ ਵੀ ਮੈਂ ਬਣੀਆਂ-ਬਣਾਤੀਆਂ ਵਰਤ ਲੈਂਦਾ ਹਾਂ । ਮੈਨੂੰ ਲਗਦਾ ਹੈ ਕਿ ਮੇਰਾ ਬਚਪਨ ਅਜੇ ਵੀ ਮੇਰੇ ਅੰਗ-ਸੰਗ ਤੁਰਿਆ ਜਾ ਰਿਹਾ ਹੈ । ਜਿਵੇਂ ਬੱਚੇ ਪਾਸ ਆਲੇ-ਦੁਆਲੇ ਵਿਚੋਂ ਪ੍ਰਵਚਨ ਪਹੁੰਚਦੇ ਹਨ ਤੇ ਉਹਨਾਂ ਨੂੰ ਆਪਣਾ ਬਣਾ ਕੇ ਉਹ ਬੋਲਣ ਲਗ ਪੈਂਦਾ ਹੈ, ਇਸੇ ਤਰ੍ਹਾਂ ਆਲੇ ਦੁਆਲੇ ਵਿਚੋਂ ਪ੍ਰਵਚਨ, ਮੇਰੀ ਵਡੇਰੀ ਉਮਰ ਵਿਚ ਵੀ, ਮੇਰੇ ਤਕ ਪਹੁੰਚਦੇ ਹਨ ਤੇ ਮਨੋਵਾਸ ਹੋ ਕੇ ਕਵਿਤਾ ਬਣ ਜਾਂਦੇ ਹਨ। ਮੈਨੂੰ ਯਾਦ ਆ ਰਿਹਾ ਹੈ ਅੰਗਰੇਜ਼ੀ ਭਾਸ਼ਾ ਦਾ ਇਕ ਅਧਿਆਪਕ ਜਿਸ ਦੇ ਇਕ ਸੈਮੀਨਾਰ-ਪਰਚੇ ਉਪਰ ਟਿੱਪਣੀ ਕਰਨ ਦੀ ਮੂਰਖਤਾ ਮੈਂ ਕਰ ਬੈਠਾ ਸਾਂ। ਉਹਨੇ ਮੇਰੇ ਸੰਬੰਧੀ ਲੰਮਾ ਚੌੜਾ ਲੇਖ ਲਿਖਿਆ ਤੇ ਤੋੜਾ ਇਸੇ ਗਲ ਤੇ ਤੋੜਿਆ ਕਿ ਮੈਂ ਕਵਿਤਾ ਲਈ ਸਤਰਾਂ ਏਧਰੋਂ ਓਧਰੋਂ ਲੈ ਕੇ ਕੰਮ ਸਾਰਦਾ ਹਾਂ । ਉਹਨੇ ਲੇਖ ਭਾਵੇਂ ਮੇਰੀ ਹੀਣਤਾ ਸਿੱਧ ਕਰਨ ਲਈ ਹੀ ਲਿਖਿਆ ਸੀ, ਪਰ ! ਮੈਨੂੰ ਉਹਦੀ ਲਿਖਤ ਵਿਚ ਸਚ ਦਾ ਝਲਕਾਰਾ ਪੈਂਦਾ ਜਾਪਿਆ। ਕਿਸੇ ਵੀ ਸਭਿਆਚਾਰ ਵਿਚ ਕਾਵਿ ਦਾ ਮਹਾਂ ਪ੍ਰਵਚਨ ਦਰਿਆ ਵਾਂਗ ਹਮੇਸ਼ਾ ਵਗਦਾ ਰਹਿੰਦਾ ਹੈ ਤੇ ਕਵੀ ਉਸ ਵਿਚੋਂ ‘ਚਿੜੀ ਚੋਂਚ ਭਰ ਲੇ ਗਈ' ਵਾਂਗ ਰਤਾ ਮਾਸਾ ਪੀਂਦੇ ਪਿਲਾਉਂਦੇ ਹਨ । ਇਸ ਦਰਿਆ ਵਿਚ ਹਮੇਸ਼ਾ ਬਹੁਤ ਕੁਝ ਅਜਿਹਾ ਪਿਆ ਰਹਿੰਦਾ ਹੈ ਜਿਸ ਨੇ ਕਿਸੇ ਹੋਰ ਕਵੀ ਦੀ ਕਵਿਤਾ ਵਿਚ ਸੁਹਜੀਲੀ ਸਤਰ ਬਣ ਕੇ ਟਿਕਣਾ ਹੁੰਦਾ ਹੈ । ਇਹ ਸਭਿਆਚਾਰਕ ਤੱਤ ਹੀ ਕਵਿਤਾ ਨੂੰ ਕਾਵਿ ਬਣਨ ਵਿਚ ਸਹਾਇਤਾ ਦੇਂਦੇ ਹਨ । ਕਾਵਿ ਦੇ ਤੱਤ ਸਭਿਆਚਾਰ ਦੇ ਅੰਦਰ ਹੀ ਮੌਜੂਦ ਹੁੰਦੇ ਹਨ, ਕਿਸੇ ਵੀ ਕਵੀ ਦੇ ਜਨਮ ਲੈਣ ਤੋਂ ਪਹਿਲਾਂ । ਪਾਣੀ ਦੇ ਦਰਿਆ ਤੇ ਪ੍ਰਵਚਨ ਦੇ ਦਰਿਆ 'ਚ ਫ਼ਰਕ ਏਨਾ ਹੀ ਹੈ ਕਿ ਕਾਵਿ-ਪ੍ਰਵਚਨ ਨਿਕੀਆਂ-ਵਡੀਆਂ ਕਈ ਧਾਰਾਂ ਦੇ ਰੂਪ ਵਿਚ ਜਣੇ-ਖਣੇ ਦੇ ਮਨਾਂ ਵਿਚ ਵਗਦੇ ਹਨ ਅਤੇ ਉਹਨਾਂ ਦੀ ਮਿੱਟੀ ਵਿਚ ਰੰਗੀਜ ਕੇ ਹੀ ਬਾਹਰ ਪ੍ਰਗਟ ਹੁੰਦੇ ਹਨ । ਪ੍ਰਵਚਨ ਸਾਂਝੇ ਹਨ, ਭਾਵੇਂ ਉਹਨਾਂ ਦੇ ਪ੍ਰਗਟਾਵੇ ਵਖੋ ਵਖਰੇ ਹਨ । ਇਸ ਲਈ ਤਾਂ ਮੈਂ ਬਾਰ ਬਾਰ ਕਹਿੰਦਾ ਰਿਹਾ ਹਾਂ ਕਿ ਕਵਿਤਾ ਅਸਮਾਨੋਂ ਨਹੀਂ ਉਤਰਦੀ, ਕਵਿਤਾ-ਰਚਦੇ ਸਮਾਜ ਦੇ ਹਰ ਜੀ ਨੂੰ ਸਹਿਜੇ ਹੀ ਪ੍ਰਾਪਤ ਹੁੰਦੀ ਹੈ। ਭਾਵੇਂ ਕਿਸੇ ਕਾਵਿ-ਰਚਨਾ ਦੇ ਮੁਹਾਂਦਰੇ ਵਿਚ ਕਵੀ ਦੇ ਮੁਹਾਂਦਰੇ ਦੀ ਝਲਕ ਪਵੇ, ਪਰ ਹੈ ਉਹ ਸਭਿਆਚਾਰ ਦੇ ਸਾਂਝੇ ਪ੍ਰਵਚਨਾਂ ਦੀ ਉਪਜ । ਇਸੇ ਨੂੰ ਮੈਂ ਲੋਕ-ਕਾਵਿ ਵਿਚੋਂ ਵਿਅਕਤੀ-ਕਵਿਤਾ ਦਾ ਉਦੈ ਕਹਿੰਦਾ ਹਾਂ।

***

ਮੇਰੇ ਆਲੇ-ਦੁਆਲੇ ਮੇਰੀ ਮਾਂ ਮਿਥਾਂ ਦਾ ਤੇ ਮੇਰੀ ਭੈਣ ਲੋਕਗੀਤਾਂ ਦਾ ਅਖੁੱਟ ਖ਼ਜ਼ਾਨਾ ਸੀ । ਇਹ ਵਰਗੀਕਰਨ ਵੀ ਅਖਾਉਤੀ ਜਿਹਾ ਹੈ । ਦੋਵੇਂ ਇਕ ਦੂਜੇ ਵਿਚ ਘੁਲੇ-ਮਿਲੇ ਦੋ ਦਰਿਆ ਸਨ । ਗੰਗਾ-ਜਮਨਾ ਦੇ ਗੋਰੇ-ਕਾਲੇ ਪਾਣੀ ਜਿਹੇ ਇਸ ਸੰਗਮ ਵਿਚ ਮੈਂ ਥੋੜ੍ਹੇ ਕੁ ਚਿਰ ਲਈ ਅਸ਼ਨਾਨ ਕੀਤਾ ਤੇ ਉਹਦਾ ਪ੍ਰਭਾਵ ਮੇਰੇ ਮਨ ਤੇ ਅੱਜ ਦਿਨ ਤਕ ਬਣਿਆ ਹੋਇਆ ਹੈ । ‘ਮਾਏ ਮੈਨੂੰ ਅੰਬਰਸਰ ਲਗਦਾ ਪਿਆਰਾ' ਤਾਂ ਦੋਵੇਂ ਰਲ ਕੇ ਗਾਉਂਦੀਆਂ ਸਨ ਜਿਸ ਵਿਚ ਘਰ ਦੇ ਦੂਜੇ ਜੀ ਵੀ ਕਦੀ ਕਦੀ ਸ਼ਾਮਿਲ ਹੋ ਜਾਂਦੇ ਸਨ । ‘ਉਂਗਲਾਂ ਤੇਰੀਆਂ ਰਵਾਂ ਦੀਆਂ ਫਲੀਆਂ ਛਾਪਾਂ ਕੀਕਣ ਪਾਉਂਨੀ ਏਂ' ਗੀਤ ਦਾ ਇਹ ਮੁਖੜਾ ਮੈਂ ਆਪਣੀ ਭੈਣ ਦੇ ਮੂੰਹੋਂ ਸੁਣਿਆ । ‘ਸਾਧੂ ਰੇ ਆਏ ਸਾਧੂ ਰੇ ਆਏ ਭੋਜਨ ਦਾ ਕਿਆ ਕਰੀਏ' ਕਬੀਰ, ਲੋਈ ਤੇ ਬਾਣੀਏ ਦੀ ਇਹ ਲੋਕ-ਕਵਿਤਾ-ਕਹਾਣੀ ਵੀ ਦਾਦੀ-ਮਾਂ-ਭੈਣ ਸਭਨਾਂ ਨੂੰ ਸਮੂਹਗਾਨ ਵਾਂਗ ਉਚਾਰਦਿਆਂ ਮੈਂ ਕਈ ਵਾਰ ਸੁਣਿਆ। ਮੇਰਾ ਬਚਪਨ ਬਹੁਤ ਸੰਖੇਪ ਹੈ। ਉਸ ਵਿਚਲੇ ਗੀਤਾਂ ਵਿਚੋਂ ਕੁਝ ਥੋੜ੍ਹੇ ਜਿਹੇ ਹੀ ਮੇਰੇ ਚੇਤੇ ਵਿਚ ਟਿਕੇ, ਪਰ ਉਹ ਬਹੁਤ ਦੂਰ ਤਕ ਮੇਰੇ ਨਾਲ ਚਲਦੇ ਰਹੇ, ਆਪਣੀਆਂ ਧੁਨਾਂ ਸਮੇਤ ।

ਮੈਨੂੰ ਜਾਪਦਾ ਹੈ ਕਿ ਉਹਨੀਂ ਦਿਨੀਂ ਸਾਡੇ ਘਰ ਵਿਚ ਹੀ ਨਹੀਂ ਸਾਰੇ ਮੁਆਸ਼ਰੇ ਵਿਚ ਲੋਕਗੀਤਾਂ ਦੀ ਬੜੀ ਚੜ੍ਹਤ ਸੀ । ਉਹਨੀਂ ਦਿਨੀਂ ਰੇਡੀਉ ਨਹੀਂ ਸੀ, ਟੀ.ਵੀ. ਨਹੀਂ ਸੀ, ਘਰਾਂ ਵਿਚ ਗ੍ਰਾਮੋਫੋਨ ਵੀ ਬਹੁਤ ਨਹੀਂ ਸਨ ਹੁੰਦੇ, ਪਰ ਲੋਕਗੀਤਾਂ ਨਾਲ ਫ਼ਜ਼ਾ ਗੂੰਜਦੀ ਰਹਿੰਦੀ । ‘ਲਾਈਆਂ ਮਿੱਠੀਆਂ ਸ਼ਰਤ ਗੰਡੇਰੀਆਂ, ਮੈਂ ਤਾਂ ਕੱਟ ਕੱਟ ਲਾਈਆਂ ਢੇਰੀਆਂ', ਗੀਤ ਦਾ ਇਹ ਮੁਖੜਾ ਮੈਂ ਰਾਹ ਤੁਰਦਿਆਂ ਸੁਣਿਆ ਤੇ ਆਪਣਾ ਬਣਾ ਲਿਆ, ਇਸ ਦੇ ਅੰਤਰੇ ਮੇਰੇ ਸੁਣਨ ਵਿਚ ਫੇਰ ਕਦੇ ਨਹੀਂ ਆਏ। ਪਰ ਇਹਦੀ ਧੁਨ ਮੇਰੇ ਜ਼ਿਹਨ ਵਿਚ ਅੱਜ ਦਿਨ ਤਕ ਵਸੀ ਹੋਈ ਹੈ। ਅੱਜ ਇਹ ਕਹਿ ਸਕਣਾ ਮੁਸ਼ਕਿਲ ਹੈ ਕਿ ਮੈਂ ਇਹਨਾਂ ਗੀਤਾਂ ਵਲ ਇਹਨਾਂ ਦੀਆਂ ਧੁਨਾਂ ਸਦਕਾ ਖਿਚਿਆ ਜਾਂਦਾ ਰਿਹਾ ਜਾਂ ਇਹਨਾਂ ਦੇ ਅਰਥਾਂ ਸਦਕਾ। ਮੈਂ ਕਈ ਵਾਰ ਆਪਣੇ ਮਨ ਨੂੰ ਸਵਾਲ ਕੀਤਾ ਹੈ : ਕਵਿਤਾ ਕੀ ਸੰਚਾਰਦੀ ਹੈ ? ਆਪਣਾ ਅਰਥ ? ਲੈਅ ? ਧੁਨ ? ਜਾਂ, ਇਸ ਤੋਂ ਪਰ੍ਹਾਂ ਕੁਝ ਹੋਰ ? ਸ਼ਾਇਦ, ਸਮੁੱਚਾ ਸਭਿਆਚਾਰ ? ਪਰ ਏਨਾ ਮੈਂ ਜ਼ਰੂਰ ਕਹਾਂਗਾ ਕਿ ਬਹੁਤੀ ਵਾਰ ਕਵਿਤਾ ਦੇ ਸ਼ਬਦ ਮੈਥੋਂ ਪਰੋਖੇ ਹੋ ਜਾਂਦੇ ਹਨ । ਬੋਲ ਕਿਰ ਜਾਂਦੇ ਹਨ ਅਤੇ ਧੁਨ ਮੇਰੇ ਪਾਸ ਮੇਰਾ ਜੀ ਲਾਉਣ ਲਈ ਟਿਕ ਜਾਂਦੀ ਹੈ। ਮੇਰੀ ਜਾਚੇ ਧੁਨ ਕਵਿਤਾ ਗ੍ਰਾਮਰ ਹੈ ਜਿਸ ਦੇ ਪੂਰਨਿਆਂ ਉਪਰ ਕਵਿਤਾ ਦੀ ਰਚਨਾ ਹੁੰਦੀ ਹੈ । ਬਹੁਤ ਵਾਰ ਮੈਂ ਦੂਰੋਂ ਆ ਰਹੇ ਗਾਇਨ ਦੀ ਆਵਾਜ਼ ਸੁਣਦਾ ਸੁਣਦਾ ਇਕਮਨ ਇਕਚਿਤ ਹੋ ਕੇ ਠਹਿਰ ਜਾਂਦਾ ਰਿਹਾ ਹਾਂ । ਬੋਲਾਂ ਦੇ ਮੁਖੜੇ ਪਛਾਣੇ ਨਹੀਂ ਸਨ ਜਾਂਦੇ ਤੇ ਧੁਨ ਮੈਨੂੰ ਕੀਲ ਕੇ ਰਖ ਦੇਂਦੀ ਸੀ।

ਕਵਿਤਾ ਸੰਬੰਧੀ ਮੇਰਾ ਪਹਿਲਾ ਪ੍ਰਭਾਵ ਇਹੋ ਜਿਹਾ ਸੀ । ਢਾਡੀਆਂ ਦੀਆਂ ਵਾਰਾਂ, ਗੁਰਬਾਣੀ ਨਾਲ ਜੁੜੀਆਂ ਲੋਕਾਂ ਦੀਆਂ ਧਾਰਨਾਂ, ਸੂਫ਼ੀ ਦਰਵੇਸ਼ਾਂ ਦੀਆਂ ਕੱਵਾਲੀਆਂ, ਮੰਗਤਿਆਂ-ਫ਼ਕੀਰਾਂ ਦੀਆਂ ਖ਼ੈਰਾਂ, ਵਾਗੀਆਂ ਦੀਆਂ ਹੇਕਾਂ ਸਭ ਮੈਨੂੰ ਹਲੂਣਦੇ ਰਹੇ । ਇਹਨਾਂ ਮੇਰੀ ਮਨੋਧਰਤੀ ਨੂੰ ਵੱਤਰ ਕੀਤਾ । ਬਹੁਤੀ ਵਾਰੀ ਮੈਂ ਇਹਨਾਂ ਦੀਆਂ ਸੁਰ-ਤਾਲ ਵਿਚ ਬੱਝੀਆਂ ਆਵਾਜ਼ਾਂ ਹੀ ਸੁਣਦਾ ਰਿਹਾ । ਬੋਲ ਕੁਝ ਪੱਲੇ ਪੈਂਦੇ, ਕੁਝ ਹਵਾ ਵਿਚ ਬਿਖਰ ਜਾਂਦੇ।ਜੋ ਬੋਲ ਮੇਰੇ ਤਕ ਪਹੁੰਚਦਾ ਉਹ ਵੀ ਅਧੂਰਾ । ਉਸ ਨੂੰ ਪੂਰਿਆਂ ਕਰਨ ਦੀ ਤਾਂਘ ਕਿੰਨਾਂ ਚਿਰ ਮਨ ਵਿਚ ਬਣੀ ਰਹਿੰਦੀ। ਖ਼ੁਦ ਮੇਰੀ ਆਪਣੀ ਰਚਨਾ-ਸ਼ੈਲੀ ਦਾ ਵੀ ਇਹੋ ਹਾਲ ਹੈ। ਰਚਨਾ ਮੈਂ ਇਉਂ ਕਰਦਾ ਹਾਂ, ਜਿਵੇਂ ਦੂਰੋਂ ਆ ਰਹੀ ਆਵਾਜ਼ ਨੂੰ ਸੁਣ ਰਿਹਾ ਹੋਵਾਂ । ਉਹ ਕੁਝ ਮੇਰੇ ਪੱਲੇ ਪੈਂਦੀ ਹੈ ਕੁਝ ਨਹੀਂ ਵੀ ਪੈਂਦੀ। ਮੈਂ ਅੱਧੀ-ਅਧੂਰੀ ਰਚਨਾ ਨੂੰ ਹੀ ਕਈ ਕਈ ਦਿਨ ਗੁਣਗੁਣਾਂਦਾ ਰਹਿੰਦਾ ਹਾਂ । ਉਹ ਕਦੀ ਪੂਰੀ ਹੋ ਵੀ ਜਾਂਦੀ ਹੈ ਤੇ ਕਈ ਵਾਰ ਅੱਧੀ ਅਧੂਰੀ ਹੀ ਗੁੰਮ ਗੁਆਚ ਸਕਦੀ ਹੈ । 'ਮਾਏ ਨੀ ਕਿ ਅੰਬਰਾਂ 'ਚ ਰਹਿਣ ਵਾਲੀਏ, ਸਾਨੂੰ ਚੰਨ ਦੀ ਗਰਾਹੀ ਦੇ ਦੇ', ਚਾਨਣੀ ਰਾਤੀ ਵਿਚ ਦੂਰੋਂ ਤੁਰੀ ਆ ਰਹੀ ਅਦਿੱਸ ਬੋਲ-ਧੁਨ ਦਾ ਹੀ ਵਰਦਾਨ ਹੈ। ਡਾਲੀ ਤੇ ਲੱਗੇ ਕੱਲੇਕਾਰੇ ਪਰ ਖ਼ੂਬਸੂਰਤ ਫੁੱਲ ਵਾਂਗ ਪਤਾ ਨਹੀਂ ਕਿੰਨਾ ਲੰਮਾ ਅਰਸਾ ਇਹ ਮੇਰੇ ਅੰਗ-ਸੰਗ ਰਹੀ । ਇਹਦੀ ਦੂਜੀ-ਤੀਜੀ ਸਤਰ ਬਣਨ ਤਕ ਆਪ ਮੇਰੀ ਸੂਝ-ਪਰਖ ਵਿਚ ਬਹੁਤ ਫ਼ਰਕ ਪੈ ਚੁੱਕਾ ਸੀ । ਪਹਿਲੀ ਪੰਗਤੀ ਵੇਲੇ ਮੈਂ ਆਪ ਬਾਲ ਸਾਂ ਤੇ ਦੂਜੀ-ਤੀਜੀ ਵੇਲੇ, ਮੈਂ ਜਵਾਨੀ ਦੀ ਰੁੱਤੇ, ਮੁੜ ਬਾਲ ਹੋਣਾ ਲੋਚ ਰਿਹਾ ਸਾਂ ।

ਨਿਰੋਲ ਧੁਨ ਕਵਿਤਾ ਲਈ ਪ੍ਰੇਰਣਾ ਬਣ ਜਾਂਦੀ ਹੈ, ਇਹ ਅਨੁਭਵ ਹੁਣ ਤਕ ਮੇਰੇ ਕਾਵਿ-ਕਰਮ ਦਾ ਅੰਗ ਹੈ । ਮੇਰੇ ਪਾਰਖੂਆਂ ਨੇ ਮੇਰੇ ਇਕ ਗੀਤ ‘ਸੌਂ ਜਾ ਮੇਰੇ ਮਾਲਕਾ ਵੀਰਾਨ ਹੋਈ ਰਾਤ' ਨੂੰ ਆਮ ਤੌਰ ਤੇ ਸਲਾਹਿਆ ਹੈ। ਹੋਇਆ ਇਉਂ ਕਿ ਸੰਨ '੪੭ ਜਾਂ '੪੮ ਵਿਚ ਮਿੱਠੀ ਜਿਹੀ ਰੁੱਤੇ ਮੈਂ ਆਪਣੇ ਘਰ ਦੀ ਛਤ ਤੇ ਅਧਨੀਂਦਰੇ ਪਿਆ ਸਾਂ । ਚੰਨ-ਚਾਨਣੀ ਰਾਤ ਸੀ ।ਸਾਮ੍ਹਣੇ ਘਰ ਵਿਚ ਕੁਝ ਦਿੱਲੀਵਾਲ ਔਰਤਾਂ ਢੋਲਕੀ ਵਜਾਉਂਦੀਆਂ ਗਾ ਰਹੀਆਂ ਸਨ । ਢੋਲਕੀ ਤੇ ਬਹੁਤੀਆਂ ਦੀ ਆਵਾਜ਼ ਵਿਚ ਗੀਤ ਦੇ ਬੋਲ ਗੁਆਚੇ ਹੋਏ ਸਨ। ਬਹੁਤ ਧਿਆਨ ਲਾ ਕੇ ਸੁਣਨ ਨਾਲ ਵੀ ਬੋਲ ਪੱਲੇ ਨਾ ਪਏ । ਮੇਰਾ ਆਪਣਾ ਅੰਦਾਜ਼ਾ ਸੀ ਕਿ 'ਬਰਾਨ ਹੋਈ ਰਾਤ' ਇਸ ਮੁਖੜੇ ਦੇ ਆਖ਼ਰੀ ਲਫ਼ਜ਼ ਸਨ। ਭਾਰਤ ਦੀ ਆਜ਼ਾਦੀ ਦਾ ਐਲਾਨ ਵੀ ਅੱਧੀ ਰਾਤ ਵੇਲੇ ਹੀ ਹੋਇਆ । ਕਿਹੜੇ ਗੁੰਝਲਦਾਰ ਰਾਹਾਂ ਥਾਣੀ ਲੰਘਦੇ ‘ਬਰਾਨ ਹੋਈ ਰਾਤ', ‘ਭਾਰਤ ਦੀ ਆਜ਼ਾਦੀ' ਤੇ ਆਜ਼ਾਦੀ ਤੋਂ ਪਹਿਲਾਂ ਦੇ ‘ਫਿਰਕੂ ਦੰਗੇ' ਇਕ ਦੂਜੇ ਵਿਚ ਰਲਮਿਲ ਗਏ ਤੇ ਮੇਰੀ ਕਾਵਿ-ਸਮਰੱਥਾ ਦੇ ਅੰਗ ਬਣ ਗਏ । ਤੇ, ਏਦਾਂ ਇਕ ਗੀਤ ਹੋਂਦ ਵਿਚ ਆ ਗਿਆ । ਆਪਣੀਆਂ ਕਵਿਤਾਵਾਂ ਨੂੰ ਪੜ੍ਹ ਕੇ ਬੜਾ ਅਨੰਦ ਆਉਂਦਾ ਹੈ, ਪਰ ਮੈਂ ਜਾਣਦਾ ਹਾਂ ਕਿ ਇਹ ਰਚਨਾਵਾਂ ਨਿਰੋਲ ਮੇਰੀਆਂ ਨਹੀਂ। ਇਹਨਾਂ ਵਿਚ ਬਹੁਤ ਸਾਰੇ ਯੋਗਦਾਨ ਦੂਜਿਆਂ ਦੇ ਹਨ ਜਿਨ੍ਹਾਂ ਵਿਚੋਂ ਕੁਝ ਨੂੰ ਮੈਂ ਪਛਾਣਦਾ ਹਾਂ ਤੇ ਕੁਝ ਅਜੇ ਤਕ ਅਚੇਤ ਅਤੇ ਬੇਪਛਾਣ ਬਣੇ ਹੋਏ ਹਨ :

ਕਾਇਆ ਮੇਰੀ ਇਕ ਮਿੱਟੀ ਦੀ ਢੇਰੀ
ਮਿੱਤਰ ਬੇਲੀ ਪੌਣਾਂ ਵਾਂਗੂੰ ਆਏ
ਸਭ ਰਾਹਾਂ ਦੀ ਮਿੱਟੀ ਹੂੰਝ ਲਿਆਏ
ਕੁਝ ਪਲ ਬੈਠੇ ਪੈ ਗਏ ਅਪਣੇ ਰਾਹੇ
ਇਹ ਮਿੱਟੀ ਦੀ ਢੇਰੀ ਕੁਝ ਵਧ ਜਾਏ
ਇਹ ਮਿੱਟੀ ਦੀ ਢੇਰੀ ਕੁਝ ਘਟ ਜਾਏ
ਮੇਰੇ ਰੋਮ ਰੋਮ ਵਿਚ ਮੇਰੇ ਹਾਣੀ
ਮੈਥੋਂ ਆਪਣੀ ਕੀਮ ਨ ਜਾਏ ਪਛਾਣੀ

***

ਮੇਰੇ ਅੰਦਰ ਵਸੇ ਹੋਏ ਸਮਕਾਲੀ ਮੇਰੇ ਚੇਤ ਘਟ ਹਨ ਅਚੇਤ ਜ਼ਿਆਦਾ। ਬਹੁਤੇ ਤਾਂ, ਭਾਰਤ ਦੇ ਇਤਿਹਾਸ ਵਾਂਗ, ਮੇਰੇ ਅੰਦਰ ਖੁਰ ਕੇ, ਮੇਰਾ ਹੀ ਆਪਾ ਬਣ ਗਏ । ਮੈਨੂੰ ਆਪਣੇ ਅੰਦਰ ਵੀ ਆਪਣਾ ਬਾਹਰ ਤੋਂ ਬਹੁਤਾ ਵਖਰਾ ਨਹੀਂ ਜਾਪਦਾ । ਦੋਹਾਂ ਵਿਚ ਫਰਕ ਇਹੋ ਹੈ ਕਿ ਮੈਂ ਬਹੁਤ ਕੁਝ ਨੂੰ ਭੁਲ ਭੁਲਾ ਜਾਂਦਾ ਹਾਂ । ਭੁਲਣਾ ਮੈਨੂੰ ਚੰਗਾ ਲਗਦਾ ਹੈ । ਭੁਲਣਾ ਵੀ ਯਾਦ ਰੱਖਣ ਦਾ ਹੀ ਇਕ ਅੰਗ ਹੈ । ਭੁਲਣਾ ਤਿਆਗਣਜੋਗ ਦਾ ਤਿਆਗ ਹੀ ਤਾਂ ਹੈ । ਇਸ ਤਰ੍ਹਾਂ ਯਾਦ ਰਖਣਯੋਗ ਜ਼ਿਆਦਾ ਸਪਸ਼ਟ ਰੂਪ ਵਿਚ ਯਾਦ ਰਹਿੰਦਾ ਹੈ । ਇਹੋ ਸਥਿਤੀ ਮੇਰੀ ਕਵਿਤਾ ਬਾਰੇ ਹੈ । ਮੈਂ ਆਪਣੀਆਂ ਏਨੀਆਂ ਕਵਿਤਾਵਾਂ ਗੁਆਈਆਂ-ਭੁਲਾਈਆਂ ਹਨ ਕਿ ਉਹਨਾਂ ਬਾਰੇ ਸੋਚ ਕੇ ਵੀ ਹੈਰਾਨ ਹੁੰਦਾ ਹਾਂ । ਪਰ ਮੈਨੂੰ ਭੁਲੀਆਂ ਦਾ ਹੇਰਵਾ ਨਹੀਂ । ਕਵਿਤਾਵਾਂ ਏਦਾਂ ਅਣਟੁਟ ਧਾਰ ਵਾਂਗ ਤੁਰੀਆਂ ਆਉਂਦੀਆਂ ਰਹੀਆਂ ਹਨ ਕਿ ਭੁੱਲ-ਡੁਲ੍ਹ ਗਈਆਂ ਦਾ ਕੋਈ ਉਦਰੇਵਾਂ ਨਹੀਂ। ‘ਚਿਤ੍ਰਕਾਰ ਤਾਂ ਆਪ ਬਣਾ ਕੇ ਮੇਟ ਦਵੇ ਆਪੇ ਤਸਵੀਰਾਂ' ਇਹ ਮੇਰੀ ਕਿਸ਼ੋਰ ਉਮਰ ਦੀ ਲਿਖੀ ਤੇ ਭੁੱਲੀ ਹੋਈ ਕਿਸੇ ਕਵਿਤਾ ਦੀ ਸਤਰ ਹੈ। ਸਾਰੀ ਕਵਿਤਾ ਮਿਟ ਗਈ ਤੇ ਸਤਰ ਜ਼ਿਹਨ ਵਿਚ ਰੌਸ਼ਨ ਰਹਿ ਗਈ । ਚੜ੍ਹਦੀ ਜਵਾਨੀ ਤਕ ਲਿਖੀਆਂ ਹੋਈਆਂ ਕਵਿਤਾਵਾਂ ਵਿਚੋਂ ਬਹੁਤ ਕੁਝ ਨਸ਼ਟ ਹੋ ਚੁਕਾ ਹੈ, ਵਡੇਰੀ ਉਮਰ ਦੇ ਮੌਸਮਾਂ ਵਿਚ । ਉਹਨਾਂ ਦੇ ਖੰਡਰ ਹੁਣ ਵੀ ਕਦੇ ਕਦੇ ਜ਼ਿਹਨ ਵਿਚ ਉਭਰਦੇ ਹਨ ।

ਕਿਸ਼ੋਰ ਉਮਰੇ ਮੈਨੂੰ ਨਾ ਆਪਣਾ ਆਪਾ ਸਾਂਭਣ ਦੀ ਚੇਤਨਾ ਸੀ ਤੇ ਨਾ ਹੀ ਆਪਣੀਆਂ ਲਿਖਤਾਂ ਸਾਂਭਣ ਦੀ । ਮੈਂ ਬੜਾ ਵਿਗਠਿਤ ਜਿਹਾ ਬੰਦਾ ਹਾਂ। ਕੁਝ ਲਿਖਤਾਂ ਨੂੰ ਮੈਂ ਬੜਾ ਕੀਮਤੀ ਸਮਝਦਾ ਰਿਹਾ, ਪਰ ਉਹ ਵਰਕਾ ਵਰਕਾ ਇਉਂ ਉਡੀਆਂ ਕਿ ਉਹਨਾਂ ਉਡਦੀਆਂ ਮਗਰ ਦੌੜਣ ਦਾ ਉਦਮ ਹੀ ਨਹੀਂ ਉਪਜਿਆ।ਮੈਂ ਕੁਝ ਬਹੁਤਾ ਹੀ ਆਲਸੀ ਹਾਂ । ਆਪਣੀਆਂ ਲਿਖਤਾਂ ਨੂੰ ਸਾਂਭਣ ਵਾਸਤੇ ਜਿਸ ਤਰ੍ਹਾਂ ਦਾ ਉਦਮ ਦਰਕਾਰ ਹੈ, ਉਸ ਦੇ ਮੁੱਲ-ਮਹੱਤਵ ਨੂੰ ਸਮਝਦਾ ਹੋਇਆ ਵੀ ਉਸ ਪਾਸੇ ਰੁਚਿਤ ਨਹੀਂ ਹੋ ਸਕਿਆ।

ਇਸ ਸਦੀ ਦੇ ਛੇਵੇਂ ਦਹਾਕੇ ਵਿਚ ਮੈਂ ਇਕ ਰਚਨਾ ਲਿਖੀ ਸੀ ਜਿਸ ਦਾ ਕੰਮ ਚਲਾਉ ਜਿਹਾ ਨਾਂ ਰਖਿਆ ਸੀ : ਸੱਪ ਤੇ ਪੱਥਰ । ਇਕ ਬੰਦੇ ਦੇ ਘਰੋਂ ਨਿਕਲਣ ਦੀ ਕਹਾਣੀ ਸੀ ਜਿਸ ਨੂੰ ਰਾਹ ਵਿਚ ਕਿਸੇ ਨਾਇਕ ਦਾ ਬੁੱਤ ਮਿਲਦਾ ਹੈ। ਬੁੱਤ ਦੇ ਗਲ ਵਿਚ ਕਿਸੇ ਨੇ ਸਪਣੀ ਜ਼ਖਮੀ ਕਰਕੇ ਫੁੱਲਮਾਲਾ ਵਾਂਗ ਪਹਿਨਾ ਦਿਤੀ ਹੈ । ਸਪਣੀ ਪੂਰੀ ਮਰੀ ਨਹੀਂ, ਮਰਨ ਤੋਂ ਪਹਿਲਾਂ ਦੀ ਅਵਸਥਾ ਵਿਚ ਉਸਲਵੱਟੇ ਲੈ ਰਹੀ ਹੈ । ਪੱਥਰ ਦਾ ਬੁਤ ਉਹਦੀ ਕੂਲੀ ਕੂਲੀ ਛੋਹ ਮਹਿਸੂਸ ਕਰਦਾ ਹੈ । ਪੱਥਰ ਵਿਚ ਪ੍ਰਾਣਾਂ ਦਾ ਸੰਚਾਰ ਹੁੰਦਾ ਹੈ ਅਤੇ ਉਹਨੂੰ ਆਪਣੇ ਦੇਸ਼ ਦੀ ਖਾਤਰ ਲੜਣ-ਮਰਨ ਦੀ ਆਪਣੀ ਕਹਾਣੀ ਯਾਦ ਆਉਂਦੀ ਹੈ । ਦੂਜਿਆਂ ਦੀ ਖ਼ਾਤਰ ਲੜਣ-ਮਰਨ ਵਿਚ ਉਹਨੇ ਆਪਣੇ ਪਿਆਰ ਨੂੰ ਨਿਰਮੋਹ ਹੋ ਕੇ ਤਿਆਗਿਆ ਸੀ, ਉਸ ਨੂੰ ਹੁਣ ਮੋਹ ਅਧੀਨ ਹੋ ਕੇ ਯਾਦ ਕਰਦਾ ਹੈ ੀ ਉਸ ਦੇ ਕੁਝ ਟੁਕੜੇ ਅਧਪਚੱਧੇ ਯਾਦ ਸਨ, ਜੋ ਮੈਂ ‘ਨਿਕਸੁਕ' ਸੰਗ੍ਰਹਿ ਵਿਚ ਦਿਤੇ ਹਨ । ਇਸ ਲੰਮੀ ਕਵਿਤਾ ਦੀਆਂ ਟੁਕੜੀਆਂ ਮੈਂ ਆਪਣੀਆਂ ਡਲਹੌਜ਼ੀ ਯਾਤ੍ਰਾਵਾਂ ਸਮੇਂ ਸਾਲ ਸਾਲ ਦੀ ਵਿਥ ਤੇ ਲਿਖੀਆਂ ਤੇ ਫੇਰ ਅਧਿਆਪਨ-ਜਗਤ ਵਿਚ ਨਵੇਂ ਨਕਸ਼ ਉਜਾਗਰ ਕਰਨ ਦੇ ਸ਼ੌਕ ਵਿਚ ਭੁਲ-ਭੁਲਾ ਗਿਆ । ਮੇਰੇ ਆਪਣੇ ਹੀ ਘਰ ਵਿਚ ਉਹ ਕਦੀ ਮੇਰੇ ਫਾਲਤੂ ਕਾਗਜ਼ਾਂ ਦੇ ਭਾਰ ਹੇਠ ਦਫ਼ਨ ਹੋਈਆਂ ਰਹੀਆਂ ਤੇ ਫੇਰ ਕਿਵੇਂ ਕਦੋਂ ਪਤਰਾ ਪਤਰਾ ਗੁਆਚੀਆਂ, ਕਹਿ ਸਕਣਾ ਮੁਸ਼ਕਿਲ ਹੈ । ਮੈਨੂੰ ਜਾਪਦਾ ਹੈ ਕਿ ਮੈਂ ਆਪ ਹੀ ਇਹਨਾਂ ਲਿਖਤਾਂ ਦੀ ਖ਼ਬਰ ਸਾਰ ਨਹੀਂ ਲਈ । ਜਿੰਨਾ ਕੁ ਜ਼ਬਾਨੀ ਯਾਦ ਰਿਹਾ, ਓਨਾ ਕੁ ਕਦੀ ਇਕੱਲਾ ਗੁਣਗੁਣਾਉਂਦਾ ਰਿਹਾ ਤੇ ਕਦੀ ਲਾਗ ਪਾਸ ਦੇ ਮਿਤਰਾਂ-ਸਨੇਹੀਆਂ ਨੂੰ ਸੁਣਾਉਂਦਾ ਰਿਹਾ। ਆਪਣੀਆਂ ਹੀ ਰਚਨਾਵਾਂ ਪ੍ਰਤੀ ਆਪਣੇ ਅਵੇਸਲੇਪਨ ਤੇ ਹਾਸਾ ਆਉਂਦਾ ਹੈ। ਆਪਣੀ ਪਹਿਲੀ ਰਚਨਾ ਦੇ ਪ੍ਰਕਾਸ਼ਨ ਸਮੇਂ ਵੀ ਮੇਰਾ ਧਿਆਨ ਇਸ ਲੰਮੀ ਕਾਵਿ-ਰਚਨਾ ਪ੍ਰਤੀ ਨਾ ਗਿਆ । ਉਸ ਵਿਚੋਂ ਇਕ ਅਧ ਟੁਕੜਾ ਪ੍ਰਕਾਸ਼ਿਤ ਕਰਨਾ ਵੀ ਉਚਿਤ ਨਾ ਸਮਝਿਆ । ਅਧਿਆਪਨ, ਰੀਸਰਚ, ਨਵੀਆਂ ਕਾਵਿ-ਰਚਨਾਵਾਂ ਨੇ ਮੇਰਾ ਧਿਆਨ ਏਨਾ ਮੱਲੀ ਰਖਿਆ ਕਿ ਬਹੁਤ ਕੁਝ ਵਿਸਰਦਾ ਰਿਹਾ । ਜ਼ਿਹਨ ਵਿਚ ਪਹਿਲਾਂ ਟਿਕੇ ਕੁਝ ਸ਼ੋਖ਼ ਨਕਸ਼ ਘਸਮੈਲਦੇ ਰਹੇ ਅਤੇ ਕੁਝ ਨਵੇਂ ਸ਼ੋਖ਼ਤਰ ਨਕਸ਼ ਉਭਰਦੇ ਰਹੇ ।

***

ਸ਼ਾਇਰੀ ਦੇ ਅੰਗ-ਸੰਗ ਜਿਊਣਾ ਜਿਉਂਦੇ-ਜਾਗਦੇ ਮਨੁੱਖ ਦੇ ਅੰਗ-ਸੰਗ ਜਿਊਣ ਵਰਗਾ ਤਜਰਬਾ ਹੈ । ਜ਼ਿੰਦਗੀ ਦੇ ਵੱਡੇ ਪਸਾਰੇ ਵਿਚ ਏਨੇ ਵੰਨ-ਸੁਵੰਨੇ ਰੁਝੇਵੇਂ ਹਨ ਕਿ ਕਈ ਵਾਰ ਨਾ ਚਾਹੁੰਦੇ ਹੋਏ ਵੀ ਆਪਣੇ ਪਿਆਰੇ ਮਿੱਤਰ ਅਣਗੌਲੇ ਰਹਿ ਜਾਂਦੇ ਹਨ । ਇਹੋ ਜਿਹਾ ਸੰਬੰਧ ਹੀ ਮੇਰਾ ਕਵਿਤਾ ਨਾਲ ਰਿਹਾ ਹੈ ।ਮੇਰੀ ਜ਼ਿੰਦਗੀ ਦਾ ਵੱਡਾ ਵਕਤ ਅਧਿਆਪਨ ਦੇ ਲੇਖੇ ਲਗ ਗਿਆ । ਜਿੰਨੀ ਦੇਰ ਮੈਂ ਯੂਨੀਵਰਸਿਟੀ ਵਿਚ ਅਧਿਆਪਕ ਰਿਹਾ, ਪਹਿਲ ਅਧਿਆਪਨ ਨੂੰ ਹੀ ਮਿਲੀ । ਉਹਨੀਂ ਦਿਨੀਂ ਅਧਿਆਪਨ ਦਾ ਬੁਰਾ ਹਾਲ ਸੀ, ਅਧਿਆਪਨ ਲਈ ਕਲਾਸਾਂ ਕਟ ਕਰਨੀਆਂ ਮਾਮੂਲੀ ਜਿਹਾ ਅਮਲ ਹੋ ਗਿਆ ਸੀ । ਸਗੋਂ ਬਾਕਾਇਦਗੀ ਨਾਲ ਕਲਾਸਾਂ ਲੈਣ ਵਾਲਾ ਅਧਿਆਪਕ ਖਾਹਮਖਾਹ ਨੱਕੂ ਬਣ ਜਾਂਦਾ ਸੀ । ਜ਼ਿੰਦਗੀ ਵਿਚ ਵਿਗਠਿਤ, ਮੈਂ ਆਪਣੇ ਅਧਿਆਪਨ-ਕਾਰਜ ਵਿਚ ਪਤਾ ਨਹੀਂ ਕਿਵੇਂ ਸੁਗਠਿਤ ਰਿਹਾ । ਪੰਜਾਬੀ ਅਧਿਆਪਕਾਂ ਵਿਚ ਕਾਵਿ-ਸ਼ਾਸਤਰ ਅਤੇ ਸਾਹਿਤ-ਸਮੀਖਿਆ ਦੀ ਚੇਤਨਾ ਨਾ-ਹੋਣ ਬਰਾਬਰ ਸੀ। ਇਸ ਨੇਸਤੀ ਵਿਚੋਂ ਹਸਤੀ ਉਪਜਾਉਣਾ ਮੈਂ ਆਪਣਾ ਧਰਮ ਮਿਥ ਲਿਆ। ਮੈਂ ਆਪਣੇ ਲੈਕਚਰਾਂ ਉਪਰ ਵੀ ਕਾਵਿ-ਰਚਨਾ ਵਰਗੀ ਮਿਹਨਤ ਕੀਤੀ । ਸਗੋਂ ਉਸ ਤੋਂ ਵਧ ਅਧਿਆਪਨ ਨੂੰ ਪੁਸਤਕ-ਪਰੰਪਰਾ ਅਤੇ ਮਨੁੱਖ-ਪਰੰਪਰਾ ਦੋਹਾਂ ਨਾਲ ਜੋੜਣ ਦਾ ਜਤਨ ਕੀਤਾ । ਕਵਿਤਾ ਵਾਂਗ ਆਪਣੇ ਲੈਕਚਰਾਂ ਨੂੰ ਲਿਖਿਤ ਸਭਿਆਚਾਰ ਨਾਲ ਸੰਬੰਧਿਤ ਕੀਤਾ । ਇਕ ਸਮਾਂ ਐਸਾ ਵੀ ਆਇਆ ਕਿ ਮੈਂ ਆਪਣੇ ਹਰ ਲੈਕਚਰ ਨੂੰ ਪਹਿਲਾਂ ਲਿਖ ਲੈਣਾ ਜ਼ਰੂਰੀ ਸਮਝਿਆ। ਮੈਨੂੰ ਕਿਸੇ ਮਹਿਲਾ ਲੇਖਕ ਦਾ ਕਥਨ ਯਾਦ ਆ ਰਿਹਾ ਹੈ। ਉਹਨੇ ਕਿਹਾ ਸੀ ਕਿ ਲੇਖਕ ਤਾਂ ਹਰ ਵੇਲੇ ਕਿਸੇ ਗਰਭਵਤੀ ਇਸਤਰੀ ਸਮਾਨ ਹੁੰਦਾ ਹੈ। ਗਰਭਵਤੀ ਇਸਤਰੀ ਕੁਝ ਘੜੀਆਂ ਪਲਾਂ ਲਈ ਵੀ ਆਪਣੇ ਗਰਭ ਤੋਂ ਛੁੱਟੀ ਨਹੀਂ ਲੈ ਸਕਦੀ । ਉਠਦੇ-ਬਹਿੰਦੇ, ਸੌਂਦੇ-ਜਾਗਦੇ, ਕੰਮ ਕਰਦੇ ਜਾਂ ਆਰਾਮ ਕਰਦੇ, ਉਹ ਗਰਭਵਤੀ ਹੀ ਹੁੰਦੀ ਹੈ । ਬਸ ਇਸੇ ਤਰ੍ਹਾਂ ਦੀ ਹਾਲਤ ਸੀ, ਮੇਰੇ ਅਧਿਆਪਕ ਹੋਣ ਸਮੇਂ। ਘਰ-ਬਾਹਰ ਮੈਂ ਹਰ ਵੇਲੇ ਅਧਿਆਪਨ ਅਤੇ ਖੋਜ- ਨਿਗਰਾਨੀ ਵਿਚ ਰੁਝਿਆ ਰਹਿੰਦਾ। ਭੀੜਾਂ ਵਿਚ ਤੁਰਦਿਆਂ, ਬਸਾਂ ਵਿਚ ਸਫ਼ਰ ਕਰਦਿਆਂ, ਮੈਂ ਖੋਜਾਰਥੀਆਂ ਨੂੰ ਸਾਹਿਤਿਕ ਨੁਕਤੇ ਸਮਝਾਉਂਦਾ, ਇਕੱਲਾ ਹੁੰਦਾ ਤਾਂ ਨਵੇਂ ਵਿਸ਼ਿਆਂ ਬਾਰੇ ਸੋਚਦਾ । ਹਰ ਸਾਲ ਕੋਈ ਨਵੀਂ ਸਾਹਿਤ-ਦ੍ਰਿਸ਼ਟੀ ਪੜ੍ਹਾਉਣ ਲਈ ਚੁਣਦਾ। ਨਵੇਂ ਦਰਿਆਵਾਂ ਵਿਚ ਤਾਰੀਆਂ ਲਾਉਣਾ ਮੇਰਾ ਨਿਰੰਤਰ ਸ਼ੌਕ, ਸਗੋਂ ਖ਼ਬਤ, ਬਣ ਗਿਆ । ਕਵੀ ਨਾਲੋਂ ਵੀ ਕਿਤੇ ਬਹੁਤਾ ਇਕਾਗਰ ਸੀ ਮੇਰਾ ਅਧਿਆਪਕ ਆਪਾ । ਚੌਵੀ ਘੰਟੇ, ਬਾਰਾਂ ਮਹੀਨੇ, ਮੈਂ ਅਟੁਟ ਅਧਿਆਪਨ ਨਾਲ ਜੁੜਿਆ ਹੋਇਆ ਸਾਂ । ਅਧਿਆਪਕ ਨੂੰ ਉਹਦੇ ਵਿਦਿਆਰਥੀ ਜਿਸ ਬਾਕਾਇਦਗੀ ਨਾਲ ਉਡੀਕਦੇ ਹਨ, ਉਸ ਬਾਕਾਇਦਗੀ ਨਾਲ ਸਰੋਤੇ/ਪਾਠਕ ਆਪਣੇ ਕਵੀ ਨੂੰ ਨਹੀਂ ਉਡੀਕਦੇ । ਕਵਿਤਾਵਾਂ ਤਾਂ ਮੈਂ ਕਈ ਵਾਰ ਅਧ ਵਿਚਕਾਰ ਵੀ ਛਡੀਆਂ ਹਨ। ਲੈਕਚਰ-ਰਚਨਾ ਵਿਚ ਇਹ ਮੁਮਕਿਨ ਨਹੀਂ ਸੀ । ਨਿਰੰਤਰ ਤਨਾਤਨੀ ਦਾ ਜੀਵਨ ਜੀਵਿਆ ਮੈਂ ਅਧਿਆਪਕ ਵਜੋਂ। ਜ਼ਾਹਰ ਸੀ, ਅਧਿਆਪਨ-ਕਾਰਜ ਪ੍ਰਤੀ ਮੇਰੀ ਨਿਰੰਤਰ ਅਤੇ ਇਕਾਗਰ ਲਗਨ ਦਾ ਪ੍ਰਭਾਵ ਮੇਰੀ ਕਾਵਿ-ਰਚਨਾ ਉਪਰ ਪਿਆ । ਤੇ, ਕੁਝ ਸਾਲ ਮੈਂ ਕਵਿਤਾ ਵਲ ਪਿਠ ਜਿਹੀ ਮੋੜ ਲਈ। ਕਦੀ ਕਦੀ ਇਸ ਅਣਗਹਿਲੀ ਦੀ ਚੇਤਨਾ ਜਾਗਦੀ ਤਾਂ ਮਨ ਉਦਾਸ ਹੋ ਜਾਂਦਾ । ਪਰ, ਮੈਂ ਵਡੀ ਕੀਮਤ ਤਾਰ ਕੇ ਵੀ ਅਧਿਆਪਨ ਪ੍ਰਤੀ ਆਪਣੇ ਰਿਸ਼ਤੇ ਦੀ ਸਵੱਛਤਾ ਅਤੇ ਪ੍ਰਮਾਣਿਕਤਾ ਨੂੰ ਬਚਾਈ ਰਖਣਾ ਚਾਹੁੰਦਾ ਸਾਂ ।

ਤਾਂ ਵੀ ਮੈਂ ਨਿਰਾ ਨਿਰੋਲ ਅਧਿਆਪਕ ਨਾ ਬਣ ਸਕਿਆ । ਕਵਿਤਾ ਦੀ ਵੀ ਆਪਣੀ ਸੂਖਮ ਕਾਰਜ-ਵਿਧੀ ਹੈ । ਉਹ ਪਰੋਖ ਪਰ ਨਿਰੰਤਰ ਰੂਪ ਵਿਚ ਮੇਰੇ ਅਧਿਆਪਨ ਨੂੰ ਪ੍ਰਭਾਵਿਤ ਕਰਦੀ ਰਹੀ । ਕਵਿਤਾ ਨੇ ਮੇਰੀ ਅਧਿਆਪਨੀ ਲਿਖਤ ਅਤੇ ਪੇਸ਼ਕਾਰੀ ਦੇ ਨੈਣਨਕਸ਼ ਨਿਖਾਰੇ । ਕੁਝ ਲੋਕ ਕਹਿੰਦੇ ਸਨ ਕਿ ਮੈਂ ਕਵੀ ਵਾਂਗ ਪੜ੍ਹਾਉਂਦਾ ਹਾਂ । ਕੁਝ ਲੋਕਾਂ ਦੇ ਕਹਿਣ ਮੁਤਾਬਿਕ ਮੇਰੀ ਸਮੀਖਿਆ ਵਿਚ ਵੀ ਕਵਿਤਾ ਦਾ ਰੰਗ ਹੈ । ਮੈਂ ਇਹ ਨਿਖੇੜਾ ਕਰਨ ਦੀ ਜ਼ਰੂਰਤ ਨਹੀਂ ਸਮਝੀ ਕਿ ਮੇਰੇ ਸਮਕਾਲੀ ਇਹ ਗੱਲ ਵਿਅੰਗ ਵਜੋਂ ਕਹਿ ਰਹੇ ਸਨ ਕਿ ਤਾਰੀਫ਼ ਵਜੋਂ । ਮੈਨੂੰ ਉਹਨਾਂ ਦੀ ਇਸ ਗੱਲ ਵਿਚ ਸਚਾਈ ਦੀ ਝਲਕ ਵਿਖਾਈ ਦੇਂਦੀ ਸੀ, ਤੇ ਮੇਰੇ ਮਨ ਵਿਚ ਕ੍ਰਿਤਗਤਾ ਦਾ ਅਹਿਸਾਸ ਜਾਗਦਾ ਸੀ। ਮੈਂ ਭਾਵੇਂ ਆਪਣੇ ਕੰਮ-ਕਿੱਤੇ ਦੇ ਦਬਾਉ ਹੇਠ ਕਵਿਤਾ ਨੂੰ ਪਿੱਠ ਦੇਂਦਾ ਰਿਹਾ, ਪਰ ਕਵਿਤਾ ਨੇ ਮੇਰਾ ਸਾਥ ਤਾਂ ਵੀ ਨਾ ਛਡਿਆ।

ਪੂਰੀ ਤਰ੍ਹਾਂ ਪਿੱਠ ਤਾਂ ਮੈਂ ਵੀ ਨਾ ਦੇ ਸਕਿਆ । ਅਧਿਆਪਨ ਦੇ ਮਹਾਂਸਾਗਰ ਵਿਚ ਮੇਰੇ ਲਈ ਕਵਿਤਾ ਦੇ ਨਿੱਕੇ-ਮੋਟੇ ਜਜ਼ੀਰੇ ਆਉਂਦੇ ਹੀ ਰਹੇ ਜਿਥੇ ਬੈਠ ਕੇ ਮੈਂ ਕੁਝ ਘੜੀਆਂ ਬੈਠ ਕੇ ਸੁਸਤਾ ਲੈਂਦਾ ਰਿਹਾ। ਬੰਗਲਾਦੇਸ਼ੀ ਜੰਗ, ਐਮਰਜੈਂਸੀ, ਇਹੋ ਜਿਹੇ ਮੌਕੇ ਸਨ ਜਦੋਂ ਮਨ ਅਧਿਆਪਨ ਕਾਰਜ ਵਜੋਂ ਉਦਾਸ ਹੋ ਜਾਂਦਾ ਰਿਹਾ ਤਾਂ ਮੇਰੇ ਉਪਰ ਕਵਿਤਾ ਦਾ ਮਾਹੌਲ ਹਾਵੀ ਹੋ ਜਾਂਦਾ ਰਿਹਾ । ਥੋੜੇ ਜਿਹੇ ਸਮੇਂ ਅਧਿਆਪਕੀ ਸਮੀਖਿਆ ਵਲੋਂ ਛੁਟੀ ਮਿਲ ਜਾਂਦੀ ਤੇ ਅਡੋਲ ਇਕਾਗਰਤਾ ਨਾਲ ਮੇਰੀ ਮਾਨਸਿਕਤਾ ਦਾ ਅਣੂ-ਅਣੂ ਕਾਵਿ-ਸਿਰਜਣਾ ਨੂੰ ਸਮਰਪਿਤ ਹੋ ਜਾਂਦਾ ਰਿਹਾ । ਮੇਰੀ ਕਾਵਿ-ਯਾਤਰਾ ਦੇ ਇਹ ਟੋਟੇ ਸਮੇਂ ਵਿਚ ਸੰਖੇਪ ਪਰ ਭਾਵਨਾ ਵਿਚ ਬੜੇ ਤੀਬਰ ਸਨ। ਮੇਰੇ ਸ਼ਿਕਾਇਅਤੀਆਂ ਨੂੰ ਗਿਲਾ ਸੀ ਮੈਂ ਇਕੋ ਸਾਹੇ ਕਈ ਕਈ ਕਵਿਤਾਵਾਂ ਲਿਖ ਜਾਂਦਾ ਹਾਂ । ਹੋਵੇਗਾ ਇਵੇਂ ਹੀ। ਮੇਰਾ ਅੰਦਰਲਾ ਵੇਗ ਹੀ ਏਡਾ ਪ੍ਰਬਲ ਹੁੰਦਾ ਕਿ ਬਾਹਰਲੀ ਸ਼ਿਕਾਇਤ ਵਲ ਧਿਆਨ ਦੇਣ ਦਾ ਮੌਕਾ ਹੀ ਨਾ ਮਿਲਦਾ । ਕੁਝ ਦਿਨ ਕਾਵਿ-ਸਿਰਜਣਾ ਦੀ ਸੰਗਤ ਵਿਚ ਗੁਜ਼ਾਰ ਕੇ ਫਿਰ ਆਪਣੇ ਉਹਨਾਂ ਵਿਦਿਆਰਥੀਆਂ ਦਾ ਚੇਤਾ ਆਉਂਦਾ ਜਿਨ੍ਹਾਂ ਦੀ ਖ਼ਾਤਰ ਸਮੀਖਿਆ ਵਲ ਪ੍ਰਵਿਰਤ ਹੋਣਾ ਮੈਂ ਆਪਣਾ ਧਰਮ ਮਿਥ ਲਿਆ ਸੀ ।

ਕੁਝ ਕਵਿਤਾਵਾਂ ਲੰਮੇ ਅਰਸੇ ਤਕ ਮੇਰੇ ਧਿਆਨ ਤੋਂ ਵਿਛੁੰਨੀਆਂ ਅੱਧੀਆਂ-ਪਚੱਧੀਆਂ ਪਈਆਂ ਰਹਿੰਦੀਆਂ। ਮਿਸਾਲ ਵਜੋਂ, ੧੯੮੨ ਵਿਚ ਪ੍ਰਕਾਸ਼ਿਤ ‘ਮੱਥਾ ਦੀਵੇ ਵਾਲਾ' ਦਾ ਪਹਿਲਾ ਅੰਕ ਲਗਭਗ ਦਸ ਸਾਲ ਪਹਿਲਾਂ ਹੋਂਦ ਵਿਚ ਆ ਚੁਕਾ ਸੀ । ਮੈਂ ਇਸ ਦਾ ਨਾਂ ਵੀ ਮਨ ਹੀ ਮਨ ਤਜਵੀਜ਼ ਕਰ ਲਿਆ ਸੀ : ਪ੍ਰਸ਼ਨ ਪਿਤਾ । ਤਿਮਾਹੀ- ਛਿਮਾਹੀ ਬਾਦ ਜਦੋਂ ਵੀ ਮੌਕਾ ਮਿਲਦਾ ਮੈਂ ਘੰਟੇ ਕੁ ਭਰ ਦੀ ਵਿਹਲ ਵਿਚ, ਇਸ ਖੰਡਿਤ ਰਚਨਾ ਦਾ ਅਖੰਡ ਪਾਠ ਕਰ ਜਾਂਦਾ । ਬਹੁਤ ਕੁਝ ਅਗਾਂਹ ਲਿਖਣ ਦੀ ਪ੍ਰੇਰਨਾ ਜਾਗਦੀ। ਨਵੇਂ ਨਵੇਂ ਬਿੰਬ ਜ਼ਿਹਨ ਵਿਚ ਉਭਰਦੇ ਤੇ ਨਵੀਆਂ ਸੋਚਾਂ, ਨਵੀਆਂ ਭਾਵਨਾਵਾਂ ਨੂੰ ਸੀਖ ਜਗਾਉਂਦੇ । ਪਰ, ਰਚਨਾ ਦੀ ਪੂਰਤੀ ਲਈ ਕੁਝ ਹਫ਼ਤੇ, ਸਗੋਂ ਮਹੀਨੇ, ਦਰਕਾਰ ਸਨ । ਏਡਾ ਲੰਮਾ ਸਮਾਂ ਮੈਂ ਅਧਿਆਪਨ ਵਿਚੋਂ ਕਦੀ ਵੀ ਨਾ ਟੁਕ ਸਕਦਾ । ਭਲਾ ਹੋਵੇ ਮੇਰੇ ਮਿੱਤਰ ਸਹਿਯੋਗੀਆਂ ਦਾ ਕਿ ੧੯੮੧ ਵਿਚ ਉਹਨਾਂ ਮੇਰੇ ਨਾਲ ਰੂਸ ਜਾਣ ਦਾ ਫ਼ੈਸਲਾ ਕੀਤਾ । ਸਾਡਾ ਰਿਸ਼ਤਾ ਦੁਪਾਸੀ ਖਾਮੋਸ਼ੀ ਦਾ ਸੀ । ਮੈਨੂੰ ਅਧਿਆਪਨ ਲਈ ਨਿਤ ਨਵੀਂ ਸਮਗ੍ਰੀ-ਰਚਨਾ ਤੋਂ ਛੁੱਟੀ ਮਿਲੀ । ਮੈਂ ਇਕਮਨ ਇਕਚਿਤ ਹੋ ਕੇ ਕਵਿਤਾ ਵਲ ਪ੍ਰਵਿਰਤ ਹੋਇਆ ਤੇ ‘ਮੱਥਾ ਦੀਵੇ ਵਾਲਾ' ਲਈ ਮੁਕੰਮਲ ਹੋ ਸਕਣਾ ਸੰਭਵ ਹੋ ਸਕਿਆ।

ਪਰ ਕੀ ਕੁਝ ਹੋਰ ਕਾਵਿ-ਲਿਖਤਾਂ ਜੋ ਅਧਿਆਪਨ ਦੇ ਦਬਾਉ ਹੇਠ ਅਧਪਚੱਧੀ ਜੂਨ ਭੋਗਣ ਤੇ ਮਜਬੂਰ ਸਨ, ਇਸ ਤਰਸਯੋਗ ਸਥਿਤੀ ਵਿਚੋਂ ਉਬਰ ਸਕੀਆਂ ? ਇਕ ਕਾਵਿ-ਨਾਟਕ ਵਰਗੀ ਹੋਰ ਸ਼ੈ ਹੈ ਜਿਸ ਵਿਚ ਜੰਗਲ ਗਿਆ ਰਾਜਕੁਮਾਰ ਵਾਪਸ ਉਸ ਰਾਜਮਹਲ ਨੂੰ ਨਹੀਂ ਆ ਸਕਿਆ ਜਿਸ ਦੇ ਆਲ-ਦੁਆਲੇ ਦੀਵਾਰ ਤਾਂ ਹੈ, ਪਰ ਦਰਵਾਜ਼ਾ ਕੋਈ ਨਹੀਂ । ਇਕ ਰਚਨਾ ਲੂਣਾ-ਸਲਵਾਨ ਦੀ ਤ੍ਰਾਸਦੀ ਨਾਲ ਸੰਬੰਧਿਤ ਹੈ ਜਿਸ ਵਿਚ ਲੂਣਾ ਪੂਰਨ ਨਾਲ ਹੋਈ ਆਪਣੀ ਗਲਬਾਤ ਨੂੰ ਸੱਚੋ-ਸੱਚ ਬਿਆਨ ਕਰ ਦੇਣ ਦਾ ਫ਼ੈਸਲਾ ਕਰ ਲੈਂਦੀ ਹੈ। ਮੈਂ ਉਸ ਨੂੰ ਰਾਜਮੁਨਾਰੇ ਦੀਆਂ ਪੌੜੀਆਂ ਉਪਰ ਨਿਰਬਸਤਰ ਚੜ੍ਹਦਾ ਹੋਇਆ ਪ੍ਰਤੱਖ ਵੇਖ ਰਿਹਾ ਹਾਂ । ਇਹ ਵੀ ਲਗਭਗ ਦਸਾਂ ਸਾਲਾਂ ਉਪਰ ਸਮੇਂ ਤੋਂ ਕੁਝ ਲਿਖੀ ਕੁਝ ਅਣਲਿਖੀ ਅਵਸਥਾ ਵਿਚ ਪਈ ਹੈ ! ਮੈਂ ਆਪਣੇ ਆਪ ਨੂੰ ਇਹ ਪੁੱਛਣ ਤੋਂ ਵੀ ਝਕਦਾ ਹਾਂ ਕਿ ਇਹ ਰਚਨਾਵਾਂ ਕਦੀ ਮੁਕੰਮਲ ਵੀ ਹੋਣਗੀਆਂ ਕਿ ਨਹੀਂ। ਇਹ ਅਪੂਰਣ ਪਈਆਂ ਹਨ ਤੇ ਕੁਝ ਹੋਰ ਇਹਨਾਂ ਤੋਂ ਪਿਛੋਂ ਆ ਕੇ ਅਗਾਂਹ ਲੰਘ ਗਈਆਂ ਹਨ। ਇਹਨਾਂ ਨੂੰ ਵੀ ਮੈਂ ਕਦੀ ਕਦਾਈਂ ਵੇਖ ਲੈਂਦਾ ਹਾਂ । ਕਦੀ ਕਦੀ ਅਣਵੇਖਿਆਂ ਹੀ ਇਹਨਾਂ ਵਿਚੋਂ ਕੁਝ ਪੰਗਤੀਆਂ ਮੇਰੇ ਅੰਦਰ ਗੁਣਗੁਣਾਉਣ ਲਗ ਪੈਂਦੀਆਂ ਹਨ :

ਕੰਧੇ ਨੀ ਕੰਧੇ
ਕਿੱਥੇ ਤੇਰਾ ਦਰਵਾਜਾ
ਅੰਦਰ ਰਾਣੀ ਗੁੰਮਗੁਆਚੀ
ਬਾਹਰ ਢੂੰਡੇ ਰਾਜਾ
ਅੰਨ੍ਹੇ ਨਿਕਲੇ ਲੈ ਹੱਥਾਂ ਵਿਚ
ਚੱਪਣੀ ਸਾਦ ਮੁਰਾਦਾ
ਚੱਪਣੀ ਦੇ ਵਿਚ ਅੱਗ ਕੂਕਦੀ
ਮੇਰੀ ਖ਼ਾਤਰ ਆ ਜਾ
ਕਦੀ ਕਦੀ ਅਗ ਨੂੰ ਲਗ ਜਾਏ
ਠੇਡਾ ਆਦਿ-ਜੁਗਾਦਾ
ਚਪਣੀ 'ਚੋਂ ਡੁੱਲ੍ਹੇ ਚਿੰਗਿਆੜੀ
ਉਠੇ ਘੋਰ ਉਪਾਧਾ
ਇਹੋ ਜਿਹੀ ਚਿੰਗਿਆੜੀ ਤਾਈਂ
ਢੂੰਡ ਰਿਹਾ ਹੈ ਰਾਜਾ
ਮਤ ਚਿਣਗੀ ਰਾਣੀ ਦੀ ਹੋਵੇ
ਇਸ ਚਿੰਤਾ ਦਾ ਖਾਧਾ

ਉਪਰੋਕਤ ਦੋਵੇਂ ਰਚਨਾਵਾਂ ਵਿਚ-ਵਿਚਾਲੇ ਦੀ ਅਵਸਥਾ ਵਿਚ ਹੀ ਸਨ ਕਿ ਇਸਤ੍ਰੀ ਜ਼ਾਤ ਨਾਲ ਸੰਬੰਧਿਤ ਕਲਪਨਾਵਾਂ ਪ੍ਰਗਟ ਹੋਣ ਲਈ ਉਤਾਵਲੀਆਂ ਹੋਣ ਲਗ ਪਈਆਂ । ਉਹ ਲਿਖ ਹੀ ਰਿਹਾ ਸਾਂ ਜਦੋਂ ਹਰਿਮੰਦਰ ਸਾਹਿਬ ਦੀ ਬੇਹੁਰਮਤੀ ਅਤੇ ਨਵੰਬਰ ੮੪ ਦੇ ਦਿੱਲੀ ਦੰਗਿਆਂ ਨੇ ਵਾਸਤਵਿਕਤਾ ਤੋਂ ਸਰਕ ਕੇ ਸ਼ਾਬਦਿਕਤਾ ਵਿਚ ਆਉਣ ਲਈ ਜ਼ਿੱਦ ਕਰਨੀ ਸ਼ੁਰੂ ਕਰ ਦਿਤੀ । ਇਹ ਪੰਜਾਹ ਕੁ ਦੇ ਕਰੀਬ ਲਿਖਤਾਂ ਹਨ । ਇਹਨਾਂ ਰਚਨਾਵਾਂ ਦਾ ਸੁਭਾਅ ਮੇਰੀਆਂ ਦੂਜੀਆਂ ਕਿਰਤਾਂ ਤੋਂ ਵਖਰਾ ਹੈ। ਏਥੇ ਮੈਂ ਇਤਿਹਾਸਕ ਵਰਤਾਰੇ ਅਤੇ ਸੰਪਰਦਾਇਕ ਭੋਗ ਦੇ ਏਨਾ ਨਜ਼ਦੀਕ ਹੋ ਗਿਆ ਹਾਂ ਕਿ ਕਲਾਤਮਕ ਵਿਥ ਦਾ ਨਿਭਾਉ ਮੁਸ਼ਕਿਲ ਹੋ ਗਿਆ ਹੈ। ਕੁਝ ਵੀ ਹੋਵੇ ਇਸ ਸਮੇਂ ਤਕ ਇਹਨਾਂ ਸੰਬੰਧੀ ਮੈਂ ਆਪਣੇ ਸਮੀਖਿਆਤਮਕ ਨਿਰਣੇ ਨੂੰ ਵੀ ਮੁਅੱਤਲ ਕਰੀ ਰਖਿਆ ਹੈ । ਹਾਲ ਦੀ ਘੜੀ ਮੈਂ ਇਹਨਾਂ ਨੂੰ ਪ੍ਰਕਾਸ਼ਿਤ ਨਹੀਂ ਕਰ ਰਿਹਾ । ਨੇੜ ਭਵਿੱਖ ਵਿਚ ਵੀ ਇਹਨਾਂ ਦੇ ਸੰਗ੍ਰਹਿ ਰੂਪ ਵਿਚ ਛਪਣ ਦੀ ਆਸ ਨਜ਼ਰ ਨਹੀਂ ਆਉਂਦੀ । ਫਿਲਹਾਲ ਨਿਰਣਾਂ ਇਹੋ ਹੈ ਕਿ ਸੰਕਟਕਾਲ ਬੀਤ ਜਾਣ ਬਾਦ ਇਹਨਾਂ ਨੂੰ ਛਾਪਣ-ਨਾਛਾਪਣ ਬਾਰੇ ਵਸਤੂਮੁਖ ਹੋ ਕੇ ਵਿਚਾਰ ਕਰਾਂਗਾ । ਨਵੰਬਰ ਦੰਗਿਆਂ ਵਿਚ ਇਕ ਮਿੱਤਰ, ਇਕ ਸ਼ਾਗਿਰਦ ਤੇ ਇਕ ਰਿਸ਼ਤੇਦਾਰ ਨੂੰ ਇਸ ਜਹਾਨ ਤੋਂ ਵਿਦਾ ਹੋਣਾ ਪਿਆ।ਖ਼ੁਦ ਮੈਨੂੰ ਪਤਨੀ ਸਮੇਤ ਅਣਿਆਈ ਮੌਤੇ ਮਰਨ ਜਿਹਾ ਇਹਸਾਸ ਭੋਗਣਾ ਪਿਆ-

ਰਾਤ ਕੁਝ ਭੌਂਕਦੇ ਕੁੱਤੇ ਸੀ
ਤੇ ਖਾਮੋਸ਼ੀ ਸੀ
ਕੋਈ ਤਲਵਾਰ ਸਿਰ ਉਤੇ ਸੀ
ਤੇ ਖਾਮੋਸ਼ੀ ਸੀ

ਬਾਹਰ ਸੁਨਸਾਨ 'ਚ ਲਗਦਾ ਸੀ
ਕੋਈ ਤੁਰਦਾ ਹੈ
ਲੋਕ ਸਭ ਨੀਂਦ ਵਿਗੁੱਤੇ ਸੀ
ਤੇ ਖਾਮੋਸ਼ੀ ਸੀ

ਅਪਣੇ ਲਾਗੇ ਸਾਂ ਪਿਆ ਆਪ ਹੀ ਮੈਂ
ਕਫ਼ਨ ਸਮੇਤ
ਸੋਗ ਦਾ ਭਾਰ ਮੇਰੇ ਉਤੇ ਸੀ
ਤੇ ਖਾਮੋਸ਼ੀ ਸੀ

ਮਰ ਚੁਕੀ ਮਾਂ ਸੀ
ਉਹਦੇ ਵੈਣ 'ਚ ਮੇਰਾ ਨਾਂ ਸੀ
ਸੁਣਦੇ ਸਭ ਲੋਕ ਨਿਪੁੱਤੇ ਸੀ
ਤੇ ਖਾਮੋਸ਼ੀ ਸੀ

ਜੀ 'ਚ ਆਉਂਦਾ ਸੀ ਕਿਸੇ ਬੂਹੇ ਦੀ
ਦਸਤਕ ਬਣ ਜਾਂ
ਬਸ ਇਹੋ ਸ਼ੌਕ ਕੁਰੁੱਤੇ ਸੀ
ਤੇ ਖਾਮੋਸ਼ੀ ਸੀ

ਕੁਝ ਅਧਲਿਖੀਆਂ ਤੇ ਕੁਝ ਅਣਛਪੀਆਂ ਕਵਿਤਾਵਾਂ ਮੇਰੇ ਸਿਰ ਤੇ ਸਵਾਰ ਹਨ ਤੇ ਨਵੀਆਂ, ਕੁਝ ਹੋਰ, ਸਿਰਜਣਾ ਲਈ ਜ਼ਿਦ ਕਰ ਰਹੀਆਂ ਹਨ । ਹੁਣ ਮੈਨੂੰ ਜਾਪਦਾ ਹੈ ਕਿ ਮੇਰੀ ਕਾਵਿ-ਸਿਰਜਣਾ ਨੂੰ ਸ਼ਿਕਾਇਤ ਮੇਰੇ ਅਧਿਆਪਨ ਪਾਸੋਂ ਜਾਂ ਮੇਰੇ ਸਮੀਖਿਆ-ਕਾਰਜ ਪਾਸੋਂ ਨਹੀਂ।ਸ਼ਿਕਾਇਤ ਜੇ ਹੋ ਸਕਦੀ ਹੈ ਤਾਂ ਮੇਰੀਆਂ ਅਧਲਿਖੀਆਂ ਨੂੰ ਨਵਲਿਖੀਆਂ ਨਾਲ ਹੋ ਸਕਦੀ ਹੈ। ਕਦੀ ਕਦੀ ਮੇਰਾ ਕਾਵਿ-ਕਾਰਜ ਮੇਰੇ ਹੀ ਵਾਰਤਕ-ਕਾਰਜ ਨਾਲ ਵਧੀਕੀ ਕਰਦਾ ਜਾਪਦਾ ਹੈ । ਹਥਲੇ ਆਦਿ-ਸ਼ਬਦ ਮੈਂ ਹਫ਼ਤੇ ਭਰ ਵਿਚ ਲਿਖ ਦੇਣ ਦਾ ਵਾਅਦਾ ਕੀਤਾ ਸੀ, ਪਰ ਲਿਖ ਮੈਂ ਦੋ ਮਹੀਨਿਆਂ ਵਿਚ ਹੀ ਸਕਿਆ ਹਾਂ । ਹਰ ਸਮੇਂ ਕੋਈ ਨਾ ਕੋਈ ਕਵਿਤਾ ਸਿਰ ਤੇ ਸਵਾਰ ਰਹੀ । ਜੋ ਸਮਾਂ ਆਦਿ-ਕਥਨ ਲਿਖਣ ਵਿਚ ਲਗਣਾ ਸੀ ਉਹ ਦਸ ਕੁ ਕਵਿਤਾਵਾਂ ਲਿਖਣ ਵਿਚ ਲਗ ਗਿਆ । ਪਤਾ ਨਹੀਂ ਉਹ ਕਦੋਂ ਛਪਣਗੀਆਂ । ਭਾਵੇਂ ਉਹਨਾਂ ਦਾ ਸ਼ੁਮਾਰ ਵੀ ਗੁੰਮੀਆਂ ਗੁਆਚੀਆਂ ਵਿਚ ਹੀ ਹੋ ਜਾਏ !

***

ਆਪਣੇ ਅਸਤਕਾਲ ਦੇ ਨੇੜੇ ਪਹੁੰਚ ਕੇ ਵੀ ਮੈਨੂੰ ਜਾਪ ਰਿਹਾ ਹੈ ਕਿ ਮੈਂ ਆਪਣੇ ਬਚਪਨ ਵਿਚ ਹਾਂ ਤੇ ਅਞਾਣਿਆਂ ਵਾਂਗ ਆਪਣੇ ਆਪ ਨੂੰ ਖ਼ਰਚ ਕਰ ਰਿਹਾ ਹਾਂ । ਹੱਥ ਵਿਚਲੀਆਂ ਨੂੰ ਛਡ ਕੇ ਉਡਦੀਆਂ ਮਗਰ ਦੌੜਦਾ ਰਹਿੰਦਾ ਹਾਂ । ਉਸੇ ਤਰ੍ਹਾਂ ਕਿੰਨਾ ਕਿੰਨਾ ਚਿਰ ਇਕ-ਇਕ ਕਾਵਿ-ਪੰਗਤੀ ਉਪਰ ਬੈਠਾ ਰਹਿੰਦਾ ਹਾਂ ਤੇ ਆਪਣੇ ਵਾਸਤਵਿਕ ਜੀਵਨ ਦੀਆਂ ਜ਼ੁੰਮੇਵਾਰੀਆਂ ਵਲੋਂ ਅਵੇਸਲਾ ਹੋ ਜਾਂਦਾ ਹਾਂ । ਕਵਿਤਾ ਲਿਖਣ ਦਾ ਸ਼ੌਕ ਵੀ ਮੈਨੂੰ ਓਨਾ ਨਹੀਂ, ਜਿੰਨਾ ਕਵਿਤਾ ਦੇ ਅੰਗ-ਸੰਗ ਜਿਊਣ ਦਾ ਜਾਂ ਕਾਵਿ-ਪੜਾਉ ਤਕ ਪਹੁੰਚਣ ਦਾ। ਜੇ ਜੀਵਿਆ ਹੋਇਆ ਕਾਵਿ-ਛਿਣ ਲਿਖਣ ਤੋਂ ਉਰ੍ਹਾਂ-ਪਰ੍ਹਾਂ ਹੋ ਜਾਵੇ, ਤਾਂ ਮੈਨੂੰ ਦੁਖ ਨਹੀਂ ਹੁੰਦਾ । ਕਿਉਂਕਿ ਕਿਸੇ ਨਵੇਂ, ਅਗਿਆਤ ਨਵੇਂ, ਕਾਵਿ-ਛਿਣ ਦੇ ਹਾਜ਼ਰ ਹੋ ਜਾਣ ਦਾ ਭਰੋਸਾ ਮੈਨੂੰ ਹਮੇਸ਼ਾ ਰਹਿੰਦਾ ਹੈ ।

ਮੇਰੇ ਮਨ ਵਿਚ ਅਗਿਆਤ ਲਈ ਬੜੀ ਖਿਚ ਹੈ, ਅਗਿਆਤ ਅਨੁਭਵ ਅਤੇ ਅਗਿਆਤ ਪ੍ਰਗਟਾਵੇ ਲਈ । ਕਦੀ ਕਦੀ ਜਾਪਦਾ ਹੈ ਕਿ ਮੇਰੀ ਵਾਸਤਵਿਕਤਾ ਦਾ ਸੁਭਾਅ ਗਲਪ ਵਰਗਾ ਹੈ । ਸ਼ਾਇਦ, ਗਲਪ ਹੀ ਮੇਰੀ ਵਾਸਤਵਿਕਤਾ ਹੈ । ਗਲਪ, ਜਿਸ ਦੀ ਹੋਂਦਵਿਧੀ ਮਾਨਸਿਕ ਹੈ, ਇੰਦ੍ਰਿਆਤਮਕ ਨਹੀਂ। ਜੋ ਸ਼ਬਦਾਂ ਵਿਚ ਪ੍ਰਗਟਾਈ ਜਾ ਸਕਦੀ ਹੈ, ਪਰ ਕਿਸੇ ਹੀਲੇ ਵਰਤਣ ਵਿਚ ਨਹੀਂ ਆਉਂਦੀ। ਮੈਂ ਕਿਸੇ ਕਿੱਸੇ ਦੇ ਪਾਤਰ ਵਾਂਗ ਜੀਵਿਆ ਹਾਂ । ਤੇ ਇਸ ਤਰ੍ਹਾਂ ਦਾ ਜਿਊਣਾ ਮੈਨੂੰ ਚੰਗਾ ਚੰਗਾ ਲਗਦਾ ਹੈ। ਇਸੇ ਜੀਵਨ-ਭੂਮੀ ਤੇ ਪਹੁੰਚ ਕੇ ਹੀ ਮੈਂ ਤੇ ਮੇਰੀ ਕਵਿਤਾ ਅੰਗ-ਸੰਗ ਹੋ ਜਾਂਦੇ ਹਾਂ । ਇਹੋ ਮੇਰਾ ਗੁਰਪ੍ਰਸਾਦਿ ਹੈ, ਮੇਰੀ ਮਧੂਮਤੀ ਭੂਮਿਕਾ ।

ਹਰਿਭਜਨ ਸਿੰਘ

  • ਮੁੱਖ ਪੰਨਾ : ਪੰਜਾਬੀ ਕਵਿਤਾਵਾਂ - ਹਰਿਭਜਨ ਸਿੰਘ ਡਾ.
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ