Keere Khan Shaukeen

ਕੀੜੇ ਖਾਂ ਸ਼ੌਕੀਨ

ਕੀੜੇ ਖਾਂ ਸ਼ੌਕੀਨ (੧੯੩੫-੧੯੮੬) ਪੰਜਾਬੀ ਦੇ ਹਰਮਨ ਪਿਆਰੇ ਗਾਇਕ ਅਤੇ ਕਵੀ ਸਨ। ਉਨ੍ਹਾਂ ਨੇ ਆਪਣਾ ਗਾਇਕੀ ਦਾ ਸਫ਼ਰ ਪਰੰਪਰਿਕ ਢੱਡ ਸਾਰੰਗੀ ਦੀ ਗਾਇਕੀ ਤੋਂ ਸ਼ੁਰੂ ਕੀਤਾ, ਫਿਰ ਸਟੇਜੀ ਗਾਇਕੀ ਵੱਲ ਮੁੜੇ ਅਤੇ ਅੰਤ ਨ ਧਾਰਮਿਕ ਗਾਇਕੀ ਗਾਉਣਾ ਸ਼ੁਰੂ ਕੀਤੀ।ਉਨ੍ਹਾਂ ਦਾ ਜਨਮ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਤਖ਼ਤ ਮਲਾਣਾ (ਮੌਜੂਦਾ ਮੁਕਤਸਰ ਜ਼ਿਲ੍ਹਾ) ਵਿੱਚ ਪਿਤਾ ਜੰਗ ਬਹਾਦਰ ਤੇ ਮਾਤਾ ਰਜ਼ੀਆ ਬੇਗ਼ਮ ਦੇ ਘਰ ਹੋਇਆ। ਕੀੜੇ ਖਾਂ ਦੇ ਪੰਜ ਭੈਣਾਂ ਤੇ ਇੱਕ ਭਰਾ ਸੀ। ਉਨ੍ਹਾਂ ਦਾ ਨਿਕਾਹ ਪਿੰਡ ਚੱਕ ਸ਼ੇਰੇਵਾਲਾ ਦੇ ਚਿਰਾਗਦੀਨ ਦੀ ਧੀ ਅਤੇ ਪ੍ਰਸਿੱਧ ਲੋਕ ਗਾਇਕ ਸਾਬਰ ਹੁਸੈਨ ਸਾਬਰ ਦੀ ਭੈਣ ਨਜ਼ੀਰ ਬੀਬੀ ਨਾਲ ਹੋਇਆ। ਉਨ੍ਹਾਂ ਦੇ ਪੁੱਤਰ ਦਿਲਸ਼ਾਦ ਅਖ਼ਤਰ ਤੇ ਧੀ ਮਨਪ੍ਰੀਤ ਅਖ਼ਤਰ ਦਾ ਸੰਗੀਤ ਦੇ ਖੇਤਰ ਵਿੱਚ ਆਪਣਾ ਨਾਂ ਹੈ।

ਪੰਜਾਬੀ ਕਵਿਤਾ ਕੀੜੇ ਖਾਂ ਸ਼ੌਕੀਨ

ਗੁਰੂ ਗੋਬਿੰਦ

ਬੈਠ ਜਦੋਂ ਕਲ ਯੋਗਣਾ ਕਰ ਲੈਣ ਉਸਾਰਾ।
ਦੁਨੀਆ ਆਖੇ ਚੱੜ੍ਹ ਪਿਆ ਦੁਮਦਾਰ ਸਿਤਾਰਾ।
ਹਰ ਕੂਟੋਂ ਜਦ ਫੁੱਟ ਪਏ ਪਾਪਾਂ ਦੀ ਧਾਰਾ।
ਜਦੋਂ ਕਿਨਾਰੇ ਨਦੀ ਤੋਂ ਕਰ ਲੈਣ ਕਿਨਾਰਾ।
ਚਾਰ ਚੁਫੇਰੇ ਛਾ ਜਾਏ ਜਦ ਧੁੰਦੂਕਾਰਾ।
ਮਨੁੱਖਤਾ ਜਾਪੇ ਡੋਲਦੀ ਨਾ ਮਿਲੇ ਸਹਾਰਾ।
ਜਦ ਹਰ ਪਾਸਿਓਂ ਇੰਸਾਫ਼ ਦਾ ਹੋ ਜਾਏ ਨਿਕਾਰਾ।
ਪ੍ਰਧਾਨ ਹੋਵੇ ਸੰਸਾਰ ਤੇ ਜਦ ਕੂੜ ਨਿਗਾਰਾ।
ਹਾਨੀ ਹੋਵੇ ਧਰਮ ਦੀ ਨਾ ਚੱਲੇ ਚਾਰਾ।
ਦੁਨੀਆਂ ਤੇ ਗੇੜਾ ਮਾਰਦਾ ਫਿਰ ਪ੍ਰੀਤਮ ਪਿਆਰਾ।

ਸਮਾਂ ਇਹੋ ਜਿਹਾ ਹੂਬਹੂ ਭਾਰਤ ਤੇ ਆਇਆ।
ਦਿਆ ਧਰਮ ਦੇ ਬਾਗ ਦਾ ਹਰ ਫੁੱਲ ਮੁਰਝਾਇਆ।
ਇਹੋ ਜਿਹੀ ਵਰਤ ਗਈ ਮਾਹੀਏ ਦੀ ਮਾਯਾ।
ਡਰਨ ਲਗਾ ਇੰਸਾਨ ਤੋਂ ਇੰਸਾਨ ਦਾ ਸਾਇਆ।
ਤੱਤੀ ਹਵਾ ਨੇ ਆਣਕੇ ਇਹੋ ਜਿਹਾ ਤਾਯਾ।
ਮਗਰ ਮੱਛ ਵੀ ਜਾਪਦਾ ਸਾਗਰ ਵਿਚ ਤਿਹਾਇਆ।
ਗਿਆਨ ਤਾਈਂ ਅਗਿਆਨ ਨੇ ਸੀ ਇੰਜ ਕਲਪਾਇਆ।
ਹਰ ਪੰਡਤ ਹੀ ਕਸ਼ਮੀਰ ਦਾ ਰੋਇਆ ਕੁਰਲਾਇਆ।
ਫਿਰ ਨੌਵਾਂ ਜਾਮਾ ਉਸ ਸਮੇਂ ਗੁਰੂ ਨਾਨਕ ਪਾਇਆ।
ਧਰਮ ਹਿਤ ਦਿੱਲੀ ਵਿਖੇ ਜਿਨ ਸੀਸ ਕਟਾਇਆ।

ਇਹ ਬੁਨਿਆਦੀ ਇੱਟ ਸੀ ਜੋ ਗਈ ਟਿਕਾਈ।
ਚਾਰ ਚੁਫੇਰੇ ਫਿਰ ਗਈ ਸੀ ਰਾਮ ਦੁਹਾਈ।
ਮੂੰਹ ਦੇ ਅੰਦਰ ਉਂਗਲੀਆਂ ਲੈ ਖੜੀ ਖੁਦਾਈ।
ਆਖਣ ਇਹ ਬਦਕਾਰ ਕਿਉਂ ਔਰੰਗ ਕਮਾਈ।
ਇਕ ਗਲ ਗੁਰੂ ਦਸ਼ਮੇਸ਼ ਦੇ ਜਿਹਨ ਸਮਾਈ।
ਵੱਤਰ ਨਾ ਸੁਕ ਜਾਏ ਇੱਟ ਦਾ ਗੋਬਿੰਦ ਮਨ ਆਈ।
ਰੱਤ ਪੁੱਤਾਂ ਦੀ ਨੀਉਂ ਤੇ ਹੱਸ ਹੱਸ ਛਿੜਕਾਈ।
ਦੁਨੀਆਂ ਦੇ ਵਿਚ ਮਿਸਾਲ ਨਹੀਂ ਮਿਲ ਸਕਦੀ ਭਾਈ।
ਮੇਰੇ ਗੁਰੂ ਦਸਮੇਂ ਜਿਹਾ ਨਾ ਦਾਨੀ ਕਾਈ।

ਆ ਜਾਉ ਹੁਣ ਸਰਹੰਦ ਦੀ ਧਰਤੀ ਤੇ ਆਉ।
ਐਥੇ ਜੋ ਕੁਝ ਬੀਤਿਆ ਉਹ ਸੁਨੋ ਭਰਾਉ।
ਜੋ ਗੁਜ਼ਰੀ ਸਰਹੰਦ ਵਿਚ ਗੁਜ਼ਰੀ ਦੁਹਰਾਓ।
ਦੋ ਸ਼ੇਰ ਕਚਹਿਰੀ ਵਿਚ ਨੇ ਉਹ ਖੜੇ ਤਕਾਉ।
ਸੂਬਾ ਕਹੇ ਜੁਝਾਰ ਨੂੰ ਬੁੱਧੀ ਅਪਨਾਓ।
ਅਸਲਾਮ ਕਰੋ ਮੰਜੂਰ ਨਾ ਪਿਆ ਜਾਨ ਗੁਵਾਉ।
ਅਸਲਾਮ ਨੇ ਹੂਰਾਂ ਦੇਣੀਆਂ ਜੱਮਜਮ ਵਿਚ ਨਹਾਉ।
ਉਹ ਕਰੋ ਹਕੂਮਤ ਬੈਠ ਕੇ ਤੇ ਮੌਜ ਉਡਾਓ।
ਮੈਨੂੰ ਤਰਸ ਜਿਹਾ ਪਿਆ ਆਮਦਾ ਨਾ ਦੇਰ ਲਗਾਓ।
ਐਵੇਂ ਭਾਣੇ ਭੰਗ ਦੇ ਨਾ ਮੌਤ ਬੁਲਾਓ।

ਅਗੋਂ ਕਹੇ ਜੁਝਾਰ ਸਿੰਘ ਕਿਉਂ ਮੱਗਜ ਖਪਾਵੇਂ।
ਆਏ ਸੂਬੇ ਯਾਰ ਮਿਲਾਣ ਵਿਚ ਕਿਓਂ ਦੇਰੀ ਲਾਵੇਂ।
ਕਿਉਂ ਗੋਬਿੰਦ ਦੀ ਔਲਾਦ ਤੇ ਪਿਆ ਪਟੂ ਪਾਵੇਂ।
ਹੂਰਾਂ ਦੇ ਲਾਰੇ ਦੇ ਰਿਹਾ ਏਂ ਸਾਨੂੰ ਰਾਜ ਕਰਾਵੇਂ।
ਪਰ ਇਹ ਗਲ ਨਹੀਂ ਤੂੰ ਸਮਝਿਆ ਕਿਸ ਨੂੰ ਸਮਝਾਵੇਂ।
ਇਹ ਸਬਜ਼ ਬਾਗ-ਕਿਉਂ ਭੋਲਿਆ ਸਾਨੂੰ ਦਿਖਲਾਵੇਂ।
ਜੱਮਜ਼ਮ ਵਿਚ ਨਹਾਵਨਾ ਦੱਸਕੇ ਸਾਡਾ ਮਨ ਭਰਮਾਵੇਂ।
ਮੌਤ ਦੇ ਕੋਲੋਂ ਸੂਬਿਆ ਕਿਉਂ ਪਿਆ ਡਰਾਵੇਂ।
ਖੇਡੇ ਨਹੀਂ ਸੂਬੇ ਬਾਂਗਰਾਂ ਬੋਹੜਾਂ ਦੀ ਛਾਵੇਂ।
ਛੇਤੀ ਕਰ ਛੇਤੀ ਹੁਕਮ ਦੇਹ ਕਿਉਂ ਸਮਾਂ ਗੁਆਵੇਂ।

ਇਹ ਮੌਤ ਤੂੰ ਜਿਹੜੀ ਦੱਸਦਾ ਸੂਬੇ ਸ਼ੈਤਾਨਾ।
ਐਸੇ ਦੇ ਤਾਈਂ ਵਰਨ ਲਈ ਮੈਂ ਬੰਨ੍ਹਾਗਾ ਗਾਨਾ।
ਅਹ ਸੂਬੇ ਬਰ ਹੱਕ ਹੈ ਇਸ ਇਕ ਦਿਨ ਆਉਣਾ।
ਫਿਰ ਮੌਤ ਆਹੀ ਨੂੰ ਦਸ ਕੀ ਘਬਰਾਉਣਾ।
ਐਸ ਤੇਰੇ ਵਾਂਗਰ ਹਸ਼ਰ ਨੂੰ ਨਹੀਂ ਪਿਆ ਡਰਾਉਣਾ।
ਸਾਡੇ ਭਾਣੇ ਮੌਤ ਹੈ ਲੀੜੇ ਬਦਲਵਾਉਣਾ।
ਇਹ ਰੂਹ ਸਦਾ ਲਈ ਅਮਰ ਹੈ ਮੂਰਖ ਅੰਜਾਣਾ।
ਅਸੀਂ ਮਿੱਠਾ ਕਰਕੇ ਮੰਨਣਾ ਸਤਿਗਰੂ ਦਾ ਭਾਣਾ।
ਉਹ ਹੁਕਮ ਸੁਣਾਵੇਂ ਸੂਬਿਆ ਜੋ ਅੰਤ ਸੁਨਾਣਾ।
ਸਾਨੂੰ ਦੇਰੀ ਹੁੰਦੀ ਵੈਰੀਆ! ਮਾਹੀਏ ਘਰ ਜਾਣਾ।

ਧਨ ਧਨ ਗੁਰੂ ਗੋਬਿੰਦ ਸਿੰਘ ਤੇਰੀ ਧਨ ਕਮਾਈ।
ਹਰ ਸ਼ੈ ਸੀ ਆਪਣੇ ਯਾਰ ਨੂੰ ਕਿਕੂੰ ਪਰਤਾਈ।
ਲੇਖੇ ਦਾ ਪੱਕਾ ਨਿਕਲਿਉਂ ਲੇਖੇ ਹੀ ਲਾਈ।
ਬੱਲੇ ਬੱਲੇ ਉਹ ਦਾਨੀਆਂ ਮੰਨ ਗਈ ਖੁਦਾਈ।
ਤੇਰੇ ਬੂਹੇ ਮੌਤ ਸੀ ਕਈ ਵਾਰੀ ਆਈ।
ਕਦੋਂ ਕੋਈ ਇਹ ਆਖਕੇ-ਮੁੜੀ-ਮੁੜਾਈ।
ਤੂੰ ਬਖਸ਼ਣ ਤੋਂ ਨਾ ਥੱਕਿਆ-ਹੋਣੀ ਸ਼ਰਮਾਈ।
ਆਖਰ ਨੂੰ ਨੀਲੇ ਆਪਣੇ ਦੀ ਵਾਗ ਹਲਾਈ।
ਨੀਲੇ ਤੇ ਜਾਕੇ ਸੁਵਰਗ ਵਿਚ ਜਾ ਲਈ ਵਧਾਈ।
ਭਲਾ ਦੱਸ-ਤੇਰੀ 'ਸ਼ੌਕੀਨ' ਕੀ ਦੱਸੇ ਵਡਿਆਈ।